Tuesday, October 6, 2009

ਟੋਪੀ :: ਮਰਿਦੁਲਾ ਗਰਗ ; मृदुला गर्ग

ਹਿੰਦੀ ਕਹਾਣੀ : ਟੋਪੀ :: ਲੇਖਕਾ : ਮਰਿਦੁਲਾ ਗਰਗ ; मृदुला गर्ग
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਇਲ : 9417730600.


ਮਨ ਕਿਤੇ ਭੌਂ ਰਿਹਾ ਹੋਵੇ, ਅਵਿਜਿਤ ਬਾਂਸਲ ਦੇ ਪੈਰ ਖ਼ੁਦ-ਬ-ਖ਼ੁਦ ਦਫ਼ਤਰ ਪਹੁੰਚ ਜਾਂਦੇ ਨੇ। ਪੈਰ ਨਹੀਂ ਗੱਡੀ-ਵੱਡੇ; ਲੋਕ ਭਟਕਦੇ ਵੀ ਤਾਂ ਮਸ਼ੀਨਰੀ ਉੱਤੇ ਚੜ੍ਹ ਕੇ ਈ ਨੇ ਨਾ-ਕੋਈ ਮੰਜ਼ਿਲ ਦੇ ਰਾਹ ਵਿਚ ਭਟਕ ਰਿਹਾ ਹੁੰਦਾ ਏ, ਕੋਈ ਮੰਜ਼ਿਲ ਉੱਤੇ ਪਹੁੰਚ ਕੇ! ਪਹਿਲੀ ਭਟਕਣ ਤੋਂ ਛੁਟਕਾਰਾ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਏ, ਦੂਜੀ ਤੋਂ ਉੱਕਾ ਨਹੀਂ।
ਅੱਜ ਵੀ ਅਵਿਜਿਤ ਸਮੇਂ ਸਿਰ ਦਫ਼ਤਰ ਪਹੁੰਚ ਗਿਆ ਤੇ ਜਰਨਲ ਮੈਨੇਜ਼ਰ ਦੀ ਲੰਮੀ-ਵੱਡੀ ਮੇਜ਼ ਪਿੱਛੇ ਰਿਵਾਲਵਿੰਗ ਕੁਰਸੀ ਵਿਚ ਫਿੱਟ ਹੋ ਗਿਆ–ਹੱਥ ਸਿੱਧਾ ਘੰਟੀ ਉੱਤੇ ਗਿਆ।
“ਸਰ!” ਉਸਦਾ ਸੈਕਰੇਟਰੀ ਭੰਡਾਰੀ ਸਾਹਮਣੇ ਖੜ੍ਹਾ ਸੀ।
“ਸਟੇਟ ਬੈਂਕ ਦੇ ਲੋਨ ਵਾਲੀ ਫ਼ਾਇਲ ਲੈ ਆਓ। ਫਾਇਨੈਂਸ ਕਮਿਸ਼ਨ ਵਿਚ ਅਪਾਇੰਟਮੈਂਟ ਤੈਅ ਹੋਈ? ਮਹਾਜਨ ਨੂੰ ਰਿਮਾਇੰਡਰ ਭੇਜੋ, ਪੇਮੈਂਟ ਅਜੇ ਤੀਕ ਨਹੀਂ ਆਈ। ਅੱਜ ਰਿਮਾਇੰਡਰ ਭੇਜੋ, ਪਰਸੋਂ ਆਦਮੀ ਭੇਜ ਦੇਣਾ...ਤੁਸੀਂ ਖ਼ੁਦ ਚਲੇ ਜਾਣਾ, ਪੇਮੈਂਟ ਫੌਰਨ ਮਿਲਣੀ ਚਾਹੀਦੀ ਏ। ਪਵਨ ਕੁਮਾਰ ਦਾ ਟਰਾਂਫਰ ਆਰਡਰ ਗਿਆ ਜਾਂ ਨਹੀਂ? ਉਹ ਕਾਨ੍ਹਪੁਰ ਬੈਠਾ ਕੀ ਕਰ ਰਿਹੈ? ਮੈਨੂੰ ਇੱਥੇ ਲੋੜ ਏ ਉਹਦੀ। ਸਤਨਾ ਨੂੰ ਬੁਲਾਓ...ਸੇਲ ਟੈਕਸ ਦੇ ਕੇਸ ਦੀ ਡੇਟ, ਅੱਜ ਏ ਨਾ। ਤੇ ਸੁਣੋ, ਦੋਖੋ, ਸਿੰਘਾਨੀਆਂ ਜੀ, ਕਿੱਥੇ ਠਹਿਰੇ ਨੇ ਦਿੱਲੀ 'ਚ?...ਮੇਰੇ ਨਾਲ ਗੱਲ ਕਰਵਾਓ...”
ਪਤਾ ਨਹੀਂ ਉਦਯੋਗ-ਮੰਤਰੀ ਮੁਕਰਜੀ ਬਾਬੂ ਨਾਲ ਮੁਲਾਕਾਤ ਹੋਈ ਜਾਂ ਨਹੀਂ। ਇਹ ਕੰਮ ਬੜਾ ਤੰਗ ਕਰ ਰਿਹਾ ਏ। ਬਾਂਕੁੜਾ ਵਿਚ ਫਰਟਿਲਾਈਜ਼ਰ ਫੈਕਟਰੀ ਲਾਉਣ ਲਈ ਲਾਇਸੈਂਸ ਲੈਣਾ ਏਂ। ਕਦੇ ਦੇ ਜੋੜ-ਤੋੜ ਕਰ ਰਹੇ ਆਂ। ਹੇਠਲੀ ਪੌੜੀ ਤੈਅ ਹੋ ਚੁੱਕੀ ਏ। ਹੁਣ ਸਿੰਘਾਨੀਆਂ ਜੀ ਨੇ ਖ਼ੁਦ ਮੁਕਰਜੀ ਬਾਬੂ ਨਾਲ ਅਪਾਇੰਟਮੈਂਟ ਲਿਆ ਏ। ਕੰਮ ਤਾਂ ਹੋ ਜਾਣਾ ਚਾਹੀਦਾ ਏ। ਅਵਿਜਿਤ ਨੂੰ ਆਪਣੇ ਸੋਰਸ ਰਾਹੀਂ ਪਤਾ ਲੱਗਿਆ ਏ ਕਿ ਮੰਤਰੀਜੀ ਖ਼ਾਨਦਾਨੀ ਸੱਜਨ ਪੁਰਖ ਨੇ, ਉਹਨਾਂ ਦੇ ਰਕਮ ਚੱਲਦੀ ਜ਼ਰੂਰ ਹੈ; ਪਰ ਜ਼ਰਾ ਮੋਟੀ।
“ਸਰ!” ਭੰਡਾਰੀ ਨੇ ਕਿਹਾ।
“ਸਰ!” ਸਤਨਾ ਨੇ ਕਿਹਾ।
“ਸਰ, ਕੁਮਾਰ ਰਿਪੋਰਇੰਗ!” ਪਵਨ ਕੁਮਾਰ ਨੇ ਕਿਹਾ।
“ਭੰਡਾਰੀ, ਖਿੜਕੀ ਦਾ ਪਰਦਾ ਖਿੱਚ ਦਿਓ। ਧੁੱਪ ਜ਼ਿਆਦਾ ਤੇਜ਼ ਏ। ਬੱਤੀ ਜਗਾਅ ਲਓ।” ਜੇਲ੍ਹ ਦੀ ਖਿੜਕੀ ਵਿਚੋਂ ਹਰਿਆਲੀ ਤੇ ਆਸਮਾਨ ਦੇਖਣ ਲਈ ਇਕ ਭਟਕਿਆ ਮਨ ਚਾਹੀਦਾ ਏ, ਜਿਹੜਾ ਅਵਿਜਿਤ ਕੋਲ ਹੁਣ ਹੈ ਨਹੀਂ। ਪਹਿਲੇ 'ਸਰ' ਨੇ ਈ ਉਸਨੂੰ ਪੁੜਪੁੜੀਆਂ ਦੀਆਂ ਨਸਾਂ ਵਿਚ ਲੁਕ ਜਾਣ ਲਈ ਮਜ਼ਬੂਰ ਕਰ ਦਿੱਤਾ। ਦੂਜੇ ਤੇ ਤੀਜੇ 'ਸਰ' ਨੇ, ਤਣੇ ਸਰੀਰ ਦੀ ਚਰਬੀ ਕਸ ਦਿੱਤੀ। ਅਵਿਜਿਤ ਖ਼ੁਦ ਕੰਧ-ਘੜੀ ਬਣ ਗਿਆ ਏ। ਹੁਣ ਪੰਜ ਵਜੇ ਤਕ ਲਗਾਤਾਰ ਘੰਟਿਆਂ ਤੇ ਮਿੰਟਾਂ ਨਾਲ ਵੱਝਿਆ ਦੌੜਦਾ ਰਹੇਗਾ।
ਭੰਡਾਰੀ ਫ਼ੋਨ ਮਿਲਾਉਂਦਾ, ਇਸ ਤੋਂ ਪਹਿਲਾਂ ਹੀ ਸਿੰਘਾਨੀਆਂ ਜੀ ਦਾ ਫ਼ੋਨ ਆ ਗਿਆ–ਮੰਤਰੀਜੀ ਨੂੰ ਮਿਲ ਚੁੱਕੇ ਸਨ ਉਹ ਤੇ ਕਮਯਾਬੀ ਨਾ ਮਿਲਣ ਕਰਕੇ ਹਿਰਖੇ ਹੋਏ ਸਨ।
“ਅਜੀਬ ਆਦਮੀ ਏਂ,” ਉਹਨਾਂ ਕਿਹਾ, “ਹੱਥ ਈ ਨਹੀਂ ਧਰਨ ਦੇਂਦਾ। ਕਿੰਨੀ ਵਾਰੀ ਮੂੰਹ ਸੁੰਘਣਾ ਚਾਹਿਆ, ਪਰ ਉਸ ਉੱਤੇ ਕੋਈ ਅਸਰ ਹੀ ਨਹੀਂ।”
“ਪਰ ਮੇਰੇ ਕੋਲ ਸੂਚਨਾ ਇਹ ਹੈ ਕਿ ਉੱਥੇ ਰਕਮ ਚੱਲਦੀ ਏ।” ਅਵਿਜਿਤ ਨੇ ਕਿਹਾ।
ਸਿੰਘਾਨੀਆਂ ਜੀ ਗਰਮ ਹੋ ਗਏ, “ਬਿਲਕੁਲ ਗ਼ਲਤ ਬਾਂਸਲ,” ਉਹਨਾਂ ਕਿਹਾ, “ਮੇਰੀਆਂ ਅੱਖਾਂ ਕਦੀ ਧੋਖਾ ਨਹੀਂ ਖਾਂਦੀਆਂ। ਮੈਨੂੰ ਲਗਦਾ ਏ, ਇਸ ਵਾਰੀ ਤੈਂ ਕੋਈ ਬੜਾ ਹੀ ਕਮਜ਼ੋਰ ਸੋਰਸ ਫੜਿਆ ਹੋਇਐ।”
“ਜੀ...” ਅਵਿਜਿਤ ਸੋਚੀਂ ਪੈ ਗਿਆ।
“ਮੈਨੂੰ ਲਗਦਾ ਏ,” ਸਿੰਘਾਨੀਆਂ ਜੀ ਕਹਿ ਰਹੇ ਸਨ, “ਜਾਂ ਤਾਂ ਵਾਕਈ ਉਸ ਆਦਮੀ ਦੇ ਖ਼ਿਆਲਾਤ ਉੱਚੀ ਕਿਸਮ ਦੇ ਨੇ, ਜਾਂ ਉਹ ਖੇਡ ਵੱਡੀ ਖੇਡਦਾ ਪਿਐ।”
“ਜੀ।”
“ਮੇਰਾ ਖ਼ਿਆਲ ਏ, ਲਾਇਸੈਂਸ ਕਿਸੇ ਕਾਂਗਰਸੀ ਨੂੰ ਮਿਲੇਗਾ। ਕੀ ਕੌਤਕ ਏ! ਇਲੈਕਸ਼ਨ ਵੇਲੇ ਪਾਰਟੀ ਨੂੰ ਪੈਸਾ ਅਸੀਂ ਲੋਕ ਦੇਈਏ...ਤੇ ਮਲਾਈ ਲੁੱਟ ਕੇ ਲੈ ਜਾਵੇ ਕੋਈ ਹੋਰ ਖੱਦਾ-ਖੱਦਰਧਾਰੀ।”
“ਜੀ।”
“ਓ ਭਰਾ ਬਾਂਸਲ,” ਅਚਾਨਕ ਉਹਨਾਂ ਦੀ ਆਵਾਜ਼ ਵਿਚ ਜੋਸ਼ ਆ ਗਿਆ–“ਤੈਂ ਵੀ ਤਾਂ ਫਰੀਡਮ ਫਾਈਟਰ ਏਂ। ਜੇਲ੍ਹ ਕੱਟ ਕੇ ਆਇਆ ਸੈਂ ਨਾ ਉਹਨੀਂ ਦਿਨੀਂ। ਬਸ, ਫੇਰ ਕੀ ਏ, ਤੈਂ ਮਿਲ ਖਾਂ ਉਹਨਾਂ ਨੂੰ। ਦੇਖ ਇਹ ਕੰਮ ਜ਼ਰੂਰ ਹੋਣਾ ਚਾਹੀਦਾ ਏ...ਮੈਂ ਕਹਿਣਾ ਭਰਾ, ਲੋੜ ਪੈਣ 'ਤੇ ਗਾਂਧੀ ਟੋਪੀ ਲੈ ਲੈਣ ਦਾ ਕੋਈ ਹਰਜ਼ ਨਹੀਂ...ਕਿਉਂ ਠੀਕ ਏ ਨਾ?”
“ਜੀ!” ਕਹਿ ਕੇ ਅਵਿਜਿਤ ਨੇ ਫ਼ੋਨ ਰੱਖ ਦਿੱਤਾ, ਪਰ ਹਿਰਖ ਵੱਸ ਭੁੱਜਣ ਲੱਗ ਪਿਆ। ਸਮਝਦਾ ਕੀ ਏ ਮਿਸਟਰ ਸਿੰਘਾਨੀਆਂ। ਇਕ ਲਾਇਸੈਂਸ ਲੈਣ ਖਾਤਰ ਅਵਿਜਿਤ ਬਹੁਰੂਪੀਏ ਦਾ ਸਵਾਂਗ ਧਾਰੇਗਾ। ਵਧੀਆ ਸੂਟ ਲਾਹ ਕੇ, ਖੱਦਰ ਦਾ ਧੋਤੀ ਕੁਰਤਾ ਪਾ ਕੇ, ਗਾਂਧੀ ਟੋਪੀ ਲੈ ਕੇ ਮੁਕਰਜੀ ਬਾਬੂ ਕੋਲ ਜਾਏਗਾ ਤੇ ਆਪਣੀ ਜੇਲ੍ਹ ਯਾਤਰਾ ਦਾ ਕਿੱਸਾ ਸੁਣਾਏਗਾ। ਹਿੰਮਤ ਕਿੰਜ ਹੋਈ, ਉਹਦੀ ਇਹ ਸੁਝਾਅ ਦੇਣ ਦੀ?
ਤੇ ਹਿੰਮਤ ਕਿਉਂ ਨਹੀ ਪਈ, ਅਵਿਜਿਤ ਦੀ ਕਿ ਉਸੇ ਸਮੇਂ ਉਹਨਾਂ ਦੇ ਮੂੰਹ 'ਤੇ ਕੁਸੈਲੇ ਸ਼ਬਦ ਮਾਰ ਕੇ ਇਨਕਾਰ ਕਰ ਦੇਵੇ?
ਇਸ ਵਿਚ ਹਿੰਮਤ ਵਾਲੀ ਕਿਹੜੀ ਗੱਲ ਏ? ਉਸ ਸਮੇਂ ਉਹ ਨਰਮੀ ਵਰਤ ਗਿਆ, ਬਸ। ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਉਹ ਆਪਣੇ ਆਪ ਨੂੰ ਜਲੀਲ ਕਰਦਾ ਫਿਰੇਗਾ। ਅਸਤੀਫ਼ੇ ਦਾ ਕੀ ਏ, ਕਿਸੇ ਸਮੇਂ ਵੀ ਦਿੱਤਾ ਜਾ ਸਕਦਾ ਏ।
“ਭੰਡਾਰੀ!” ਉਸਨੇ ਆਵਾਜ਼ ਦਿੱਤੀ–“ਜਿੰਨੀਆਂ ਫਾਇਲਾਂ ਨੇ, ਅਜ ਸਾਰੀਆਂ ਕੱਢ ਲਿਓ। ਇਸ ਹਫਤੇ ਦੇ ਅੰਦਰ-ਅੰਦਰ ਪਿਛਲਾ ਸਾਰਾ ਕੰਮ ਨਿੱਬੜ ਜਾਣਾ ਚਾਹੀਦਾ ਏ, ਸਮਝੇ।”
ਅਵਿਜਿਤ ਕੰਮ ਵਿਚ ਰੁੱਝ ਗਿਆ। ਖਾਣਾ ਖਾਣ ਲਈ ਵੀ ਘਰ ਨਹੀਂ ਗਿਆ। ਨੇੜੇ ਦੇ ਰੇਸਤਰਾਂ ਵਿਚੋਂ ਦਫ਼ਤਰ ਵਿਚ ਹੀ ਮੰਗਵਾ ਲਿਆ।
ਤੀਜੇ ਪਹਿਰ ਸਰਨ ਦਫ਼ਤਰ ਵਿਚ ਆਣ ਵੜਿਆ। ਅਹਿਮਦਾਬਾਦ ਯੂਨੀਵਰਸਟੀ ਦਾ ਸਾਥੀ ਸੀ, ਅੱਜ-ਕੱਲ੍ਹ ਮੇਰਠ ਵਿਚ ਏ। ਸਾਲ ਛਿਮਾਹੀ ਦਿੱਲੀ ਆਉਂਦਾ ਏ। ਖੱਦਰ ਦਾ ਕੁੜਤਾ ਪਾਜਾਮਾ, ਸਿਰ ਉੱਤੇ ਗਾਂਧੀ ਟੋਪੀ, ਚਿਹਰੇ ਉਪਰ ਅਪਾਰ ਸੰਤੋਖ–ਅੱਜ ਉਸਨੂੰ ਦੇਖ ਕੇ ਅਵਿਜਿਤ ਖਿਝ ਗਿਆ ਸੀ।
“ਯਾਰਾ, ਤੂੰ ਢੰਗ ਦੇ ਕਪੜੇ ਕਿਉਂ ਨਹੀਂ ਪਾਉਂਦਾ?” ਉਸਦੇ ਮੂੰਹੋਂ ਨਿਕਲਿਆ।
“ਕੀ ਮਤਲਬ?” ਸਰਨ ਨੇ ਪੁੱਛਿਆ।
“ਅੰਗਰੇਜ਼ ਗਏ, ਆਜ਼ਾਦੀ ਮਿਲ ਗਈ, ਫੇਰ ਗਾਂਧੀ ਟੋਪੀ ਲੈਣ ਦੀ ਕੀ ਤੁਕ ਹੋਈ ਭਲਾ?”
“ਕਿਉਂ? ਸਾਰੇ ਲੈਂਦੇ ਨੇ।”
“ਸਾਰੇ ਨੇਤਾ ਲੈਂਦੇ ਨੇ, ਪਰ ਤੂੰ ਤਾਂ ਨੇਤਾ ਨਹੀਂ।”
“ਨੇਤਾ ਗਾਂਧੀਜੀ ਸਨ, ਅਸੀਂ ਸਿਰਫ ਟੋਪੀ ਲੈਂਦੇ ਆਂ।” ਸਰਨ ਨੇ ਭੌਲੇ ਮੂੰਹ ਨਾਲ ਉਤਰ ਦਿੱਤਾ।
ਅਵਿਜਿਤ ਨੂੰ ਚਾਣਚਕ ਹਾਸਾ ਆ ਗਿਆ।
“ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਐ?” ਸਰਨ ਨੇ ਬੁਰਾ ਮੰਨਦਿਆਂ ਕਿਹਾ, “ਇਕ ਸਮਾਂ ਸੀ, ਜਦੋਂ ਤੂੰ ਵੀ ਖਾਦੀ ਦੇ ਕਪੜੇ ਪਾਉਂਦਾ ਹੁੰਦਾ ਸੀ ਤੇ ਗਾਂਧੀ ਟੋਪੀ ਵੀ ਲੈਂਦਾ ਸੀ, ਯਾਦ ਐ?”
“ਹਾਂ, ਉਦੋਂ ਇਹ ਵਿਰੋਧ ਦੇ ਪ੍ਰਤੀਕ ਹੁੰਦੇ ਸੀ। ਹੁਣ ਨਹੀਂ। ਅੱਜ-ਕੱਲ੍ਹ ਅਸੀਂ ਖ਼ੁਦ ਮਿਲਾਂ ਵਿਚ ਕਪੜਾ ਬਣਾ ਰਹੇ ਆਂ, ਦੁਕਾਨਾ 'ਤੇ ਪੀਕੇਟਿੰਗ ਕਰਕੇ ਵਿਦੇਸ਼ੀ ਮਾਲ ਨੂੰ ਸਾੜ ਨਹੀਂ ਰਹੇ, ਫੇਰ ਇੰਜ ਘੁੰਮਣ ਦਾ ਮਕਸਦ?”
“ਅਸੀਂ ਤਾਂ ਭਰਾ, ਗਾਂਧੀਜੀ ਨੂੰ ਮੰਨਦੇ ਆਂ। ਗਾਂਧੀਜੀ ਨੇ ਕਿਹਾ ਸੀ, ਸਵਦੇਸ਼ੀ ਦੇ ਬਿਨਾਂ ਸੁਤੰਤਰਤਾ ਕਿਸੇ ਕੰਮ ਦੀ ਨਹੀਂ। ਖਾਦੀ ਬੁਣਨਾ ਛੱਡ ਦਿਆਂਗੇ, ਤਾਂ ਇਹ ਸਵਰਾਜ ਵੀ ਨਹੀਂ ਰਹਿਣਾ।”
“ਤੇ ਇਹ ਜਿਹੜੀਆਂ ਐਡੀਆਂ-ਐਡੀਆਂ ਮਿੱਲਾਂ ਲਾਈਆਂ ਜਾ ਰਹੀਆਂ ਨੇ, ਇਹਨਾਂ ਦਾ ਕਪੜਾ ਕੌਣ ਪਾਏਗਾ?”
“ਤੂੰ ਪਾ”
“ਯਾਨੀ ਮੇਰੇ ਪਾਉਣ ਵਿਚ ਹਰਜ਼ ਨਹੀਂ। ਹੈ ਨਾ?” ਅਵਿਜਿਤ ਫੇਰ ਹੱਸਿਆ।
ਸਰਨ ਨਾਰਾਜ਼ ਹੋ ਗਿਆ।
“ਤੁਸੀਂ ਲੋਕ ਹਮੇਸ਼ਾ ਮੇਰੇ 'ਤੇ ਹੱਸਦੇ ਰਹੇ, ਪਰ ਗੱਲ ਮੇਰੀ ਓ ਠੀਕ ਨਿਕਲੀ, ਹਰ ਵਾਰੀ। ਅੱਛਾ ਤੂੰ ਦੱਸ, ਜਿਸਨੇ ਦੇਸ਼ ਦੀ ਸੇਵਾ ਕੀਤੀ ਹੋਏਗੀ, ਉਹ ਚਾਹੇਗਾ ਨਹੀਂ ਬਈ ਲੋਕਾਂ ਨੂੰ ਵੀ ਪਤਾ ਲੱਗੇ ਕਿ ਉਹ ਦੇਸ਼ ਸੇਵਕ ਐ? ਸੂਟ ਪਾਉਣ 'ਤੇ ਕਿਹੜਾ ਵਿਸ਼ਵਾਸ ਕਰੇਗਾ?”
“ਤੇ ਜੇ ਕੋਈ ਦੇਸ਼ ਸੇਵਾ ਕੀਤੇ ਬਿਨਾਂ ਗਾਂਧੀ ਟੋਪੀ ਲੈ ਕੇ ਖੱਦਰ ਪਾ ਲਏ ਫੇਰ?”
“ਕਿਉਂ ਪਾਉਗਾ ਭਲਾ?...ਹਾਂ, ਇਹ ਹੋ ਸਕਦੈ ਬਈ ਕਿਸੇ ਕਾਰਣ ਪਹਿਲੇ ਦਿਨਾਂ ਵਿਚ ਦੇਸ਼ ਲਈ ਕੰਮ ਨਾ ਕਰ ਸਕਿਆ ਹੋਵੇ ਤੇ ਹੁਣ ਕਰਨ ਦਾ ਇਰਾਦਾ ਹੋਵੇ।”
ਅਵਿਜਿਤ ਜਾਣਦਾ ਏ ਸਰਨ ਨਾਲ ਬਹਿਸ ਕਰਨੀ ਬੇਕਾਰ ਏ। ਉਸਦੀ ਇਹ ਸਿਫਤ ਏ ਕਿ ਤੁਸੀਂ ਕੋਈ ਤਰਕ ਦਿੰਦੇ ਰਹੋ, ਉਸਦੇ ਜਵਾਬ ਉਹੀ ਰਹਿੰਦੇ ਨੇ। ਪਰ ਉਸਨੂੰ ਛੇੜਨ ਵਿਚ ਅਵਿਜਿਤ ਨੂੰ ਮਜ਼ਾ ਆ ਰਿਹਾ ਸੀ, ਇਸ ਲਈ ਉਸਨੇ ਕਿਹਾ, “ਇੰਜ ਕਰ, ਇਸ ਵਾਰੀ ਤੂੰ ਇਲੈਕਸ਼ਨ ਵਿਚ ਖੜ੍ਹਾ ਹੋ ਜਾ।”
“ਇਲੈਕਸ਼ਨ ਵਿਚ ਖੜ੍ਹਾ ਹੋਣਾ ਹੁੰਦਾ ਤਾਂ ਬਵੰਜਾ ਵਿਚ ਈ ਨਾ ਹੋ ਜਾਂਦਾ। ਆਪਣੇ ਪੰਤ ਜੀ ਨੇ ਕਿੰਨਾ ਕਿਹਾ ਸੀ, ਵਿਧਾਨ ਸਭਾ ਵਿਚ ਆ-ਜਾ, ਮੰਤਰੀ ਪਦ ਸੰਭਾਲ, ਪਰ ਆਪਾਂ ਨਾਂਹ ਕਰ ਦਿੱਤੀ। ਆਪਾਂ ਹੋਏ ਸਿੱਧੇ-ਸਾਦੇ ਆਦਮੀ, ਸਰਕਾਰ ਚਲਾਉਣੀ ਆਪਣੇ ਵੱਸ ਦੀ ਗੱਲ ਨਹੀਂ।”
“ਫੇਰ ਤਾਂ ਤੇਰਾ ਟੋਪੀ ਲੈਣਾ ਬੇਕਾਰ ਈ ਹੋਇਆ।”
“ਆਪਣਾ ਕੰਮ ਤਾਂ ਸੇਵਾ ਕਰਨਾ ਐਂ ਭਰਾ,” ਸਰਨ ਨੇ ਉਸਦੀ ਗੱਲ ਅਣਸੁਣੀ ਕਰਦਿਆਂ ਕਿਹਾ, “ਆਜ਼ਾਦੀ ਮਿਲਣ 'ਤੇ ਜਿਹੜੀ ਸੀਮਿੰਟ ਏਜੰਸੀ ਸਰਕਾਰ ਨੇ ਆਪਾਂ ਨੂੰ ਦਿੱਤੀ ਸੀ, ਉਹ ਵੀ ਆਪਾਂ ਛੋਟੇ ਭਰਾ ਨੂੰ ਦੇ ਦਿੱਤੀ। ਪੈਟਰੋਲ ਪੰਪ ਦਾ ਲਾਇਸੈਂਸ ਮਿਲਿਆ, ਤਾਂ ਮੁੰਡਾ ਕਹਿਣ ਲੱਗਾ, ਮੈਂ ਚਲਾ ਲਾਂਵਾ। ਮੈਂ ਕਿਹਾ ਠੀਕ ਐ ਬਈ, ਚਲਾ ਲੈ; ਆਪਣੇ ਵੱਸ ਦਾ ਰੋਗ ਤਾਂ ਹੈ ਨਹੀਂ ਇਹ। ਹਾਂ, ਸਰਕਾਰ ਨੇ ਗਾਂਧੀ ਸੰਸਥਾਨ ਚਲਾਉਣ ਦੀ ਡਿਊਟੀ ਲਾ ਦਿੱਤੀ–ਰਾਸ ਆ ਗਈ ਆਪਾਂ ਨੂੰ। ਛੇ ਵਰ੍ਹੇ ਹੋ ਗਏ, ਆਨੰਦ ਈ ਆਨੰਦ ਐ।”
“ਸੀਮਿੰਟ ਦੀ ਏਜੰਸੀ, ਪੈਟਰੋਲ ਪੰਪ ਦਾ ਲਾਇਸੰਸ–ਕੁਝ ਹੋਰ ਵੀ ਦਿੱਤਾ ਸਰਕਾਰ ਨੇ?”
“ਹਾਂ,” ਬੇਝਿਜਕ ਸਰਨ ਬੋਲਿਆ, “ਸਟੀਲ ਦਾ ਕੋਟਾ ਮਿਲਿਆ ਸੀ। ਪਤਨੀ ਨੇ ਕਿਹਾ, 'ਬੱਚੇ, ਵੱਡੇ ਹੋ ਗਏ ਨੇ, ਸਮਾਂ ਬੀਤਨ 'ਚ ਨਹੀਂ ਆਉਂਦਾ, ਕਹੋਂ ਤਾਂ ਸਟੀਲ ਦੇ ਭਾਂਡਿਆਂ ਦੀ ਛੋਟੀ-ਜਿਹੀ ਫੈਕਟਰੀ ਲਾ ਲਵਾਂ।' ਮੈਂ ਕਿਹਾ, 'ਲਾ ਲਓ ਦੇਵੀ ਜੀ, ਅਸੀਂ ਔਰਤ-ਮਰਦ ਨੂੰ ਇੱਕੇ ਅੱਖ ਨਾਲ ਵੇਖਦੇ ਆਂ।' ”
ਅਵਿਜਿਤ ਚੁੱਪ ਹੋ ਗਿਆ।
ਬਸ ਏਨਾ ਪੁੱਛਿਆ, “ਚਾਹ ਪੀਏਂਗਾ?”
“ਪੀ ਲਵਾਂਗਾ,” ਸਰਨ ਨੇ ਨਿਰਲੇਪ ਭਾਵ ਨਾਲ ਕਿਹਾ, “ਇਕ ਅੱਧਾ ਕੱਪ ਲੈ ਲੈਂਦਾ ਆਂ ਕਦੀ ਕਦੀ।”
ਆਰਾਮ ਨਾਲ ਚਾਹ ਪੀ ਕੇ ਸਰਨ ਨੇ ਝੋਲਾ ਚੁੱਕਿਆ ਤੇ ਦਰਵਾਜ਼ੇ ਵਲ ਤੁਰ ਪਿਆ। ਅਵਿਜਿਤ ਨੇ ਸਭ ਤੋਂ ਉਪਰਲੀ ਫਾਇਲ ਸਾਹਮਣੇ ਰੱਖ ਲਈ।
ਦਰਵਾਜ਼ੇ ਕੋਲ ਪਹੁੰਚ ਦੇ ਸਰਨ ਅਚਾਨਕ ਪਰਤਿਆ ਤੇ ਬੋਲਿਆ, “ਆਪਣਾ ਸਾਥੀ ਚੱਡਾ ਹੁੰਦਾ ਸੀ ਨਾ ਇਕ–ਚੇਤਾ ਹੈ ਨਾ?”
“ਹਾਂ,ਹਾਂ!” ਅਵਿਜਿਤ ਨੇ ਤੁਰੰਤ ਕਿਹਾ। ਯੂਨੀਵਰਸਟੀ ਵਿਚ ਚੱਡਾ ਉਸਦਾ ਸਭ ਤੋਂ ਪਿਆਰਾ ਦੋਸਤ ਹੁੰਦਾ ਸੀ।
“ਵਿਚਾਰਾ ਚੱਲ ਵੱਸਿਆ।”
“ਕੀ!” ਅਵਿਜਿਤ ਉਠ ਕੇ ਖੜ੍ਹਾ ਹੋ ਗਿਆ, “ਕਦੋਂ?”
“ਅੱਜ ਸਵੇਰੇ। ਕਿਰਿਆ ਕਰਾ ਕੇ ਈ ਤਾਂ ਤੁਰਿਆ ਸੀ ਦਿੱਲੀ ਲਈ।” ਸਰਨ ਨੇ ਕਿਹਾ।
“ਅੱਜ! ਸਵੇਰੇ! ਪਹਿਲਾਂ ਕਿਉਂ ਨਹੀਂ ਦੱਸਿਆ?”
“ਕਿਉਂ, ਪਹਿਲਾਂ ਦੱਸ ਦੇਂਦਾ ਤਾਂ ਤੂੰ ਕੀ ਕਰ ਲੈਂਦਾ?”
“ਐਨੀ ਦੇਰ ਇੱਥੇ ਬੈਠਾ ਹਾਸਾ-ਠੱਠਾ ਕਰਦਾ ਰਿਹਾ, ਉਸਦਾ ਮਰਨਾ ਯਾਦ ਨਹੀਂ ਰਿਹਾ!”
“ਹਾਸਾ-ਠੱਠਾ ਮੈਂ ਕਤਈ ਨਹੀਂ ਕੀਤਾ।” ਸਰਨ ਨੇ ਕਿਹਾ।
ਹਾਂ, ਹੱਸਿਆ ਤਾਂ ਸਿਰਫ ਅਵਿਜਿਤ ਹੀ ਸੀ।
ਉਹ ਵਾਪਸ ਕੁਰਸੀ ਉੱਤੇ ਬੈਠ ਗਿਆ।
“ਕੀ ਹੋਇਆ ਸੀ ਉਸਨੂੰ?” ਸੁੱਕੇ ਗਲੇ ਨਾਲ ਪੁੱਛਿਆ।
“ਵਿਚਾਰਾ ਬੜੀ ਤੰਗਹਾਲੀ ਵਿਚ ਮਰਿਐ। ਮੈਂ ਕਿਨਾਂ ਕਿਹਾ-'ਚੱਲ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾ ਦਿਆਂ', ਪਰ ਉਹ ਮੰਨਿਆਂ ਈ ਨਹੀਂ।”
“ਹੋਇਆ ਕੀ ਸੀ?” ਅਵਿਜਿਤ ਨੇ ਟੋਕਿਆ।
“ਹੋਣਾ ਕੀ ਸੀ, ਇਕ ਗੁਰਦਾ ਤਾਂ ਉਦੋਂ ਹੀ ਖ਼ਰਾਬ ਹੋ ਗਿਆ ਸੀ, ਜਦੋਂ ਉੱਨੀ ਸੌ ਬਿਆਲੀ ਵਿਚ ਜੇਲ੍ਹ ਗਿਆ ਸੀ, ਇਲਾਜ਼ ਕੋਈ ਹੋ ਨਹੀਂ ਸਕਿਆ। ਬਸ...ਹੁਣ ਦੂਜਾ ਗੁਰਦਾ ਵੀ ਜਵਾਬ ਦੇ ਗਿਆ।”
“ਉਹ ਮੇਰਠ 'ਚ ਈ ਸੀ?”
“ਹਾਂ।”
“ਤੂੰ ਕਦੀ ਉਸ ਬਾਰੇ ਦੱਸਿਆ ਈ ਨਹੀਂ?”
“ਤੂੰ ਪੁੱਛਿਆ ਕਦੋਂ ਸੀ?”
“ਮੈਨੂੰ ਪਤਾ ਨਹੀਂ ਸੀ, ਉਹ ਮੇਰਠ 'ਚ ਏ।”
“ਪਤਾ ਮੈਨੂੰ ਵੀ ਨਹੀਂ ਸੀ। ਕਰਨ ਨਾਲ ਲੱਗ ਗਿਆ। ਪਿੱਛੋਂ ਭਾਵੇਂ ਗ਼ਲਤ ਰਾਹੇ ਪੈ ਗਿਆ ਹੋਏ...ਇਕ ਸਮਾਂ ਸੀ, ਸਾਡਾ ਈ ਸਾਥੀ ਸੀ।”
“ਗ਼ਲਤ ਰਸਤੇ ਉਹ ਕਦ ਪਿਆ?”
“1942 ਵਿਚ ਲੁਕ ਕੇ ਕੰਮ ਕਰਨ ਲੱਗ ਪਿਆ ਸੀ।”
“ਫੇਰ?”
“ਗਾਂਧੀਜੀ ਨੇ ਲੁਕ ਕੇ ਕੰਮ ਕਰਨ ਨੂੰ ਗਲਤ ਦੱਸਿਆ ਸੀ। ਉਹਨਾਂ ਨੇ ਸਾਰੇ ਅੰਡਰਗ੍ਰਾਊਂਡ ਵਿਦਰੋਹੀਆਂ ਨੂੰ ਰਾਏ ਦਿੱਤੀ ਸੀ ਕਿ 'ਉਹ ਸਰਕਾਰ ਅੱਗੇ ਸਮਰਪਨ ਕਰ ਦੇਣ।' ”
“ਹਾਲਾਂਕਿ ਉਹ ਜਾਣਦੇ ਸਨ ਕਿ ਜੇਲ੍ਹਾਂ ਵਿਚ ਉਹਨਾਂ ਲੋਕਾਂ ਨਾਲ ਕੀ ਸਲੂਕ ਕੀਤਾ ਜਾਂਦਾ ਏ? ਉਹਨਾਂ ਉੱਤੇ ਕਦੀ ਕੋਈ ਜੁਲਮ ਨਹੀਂ ਹੋਇਆ, ਇਸੇ ਲਈ...”
“ਨਹੀਂ ਹੋਇਆ, ਕਿਉਂਕਿ ਅਹਿੰਸਾ ਤੋਂ ਪੈਦਾ ਹੋਈ ਉਹਨਾਂ ਦੀ ਨੈਤਿਕ ਸ਼ਕਤੀ ਸਾਹਵੇਂ ਬ੍ਰਿਟਿਸ਼ ਸਰਕਾਰ ਵੀ ਸਿਰ ਝੁਕਾਉਂਦੀ ਸੀ।”
“ਤੂੰ ਜਾਣਦਾ ਏਂ, ਚੱਡੇ ਨਾਲ ਫਤਿਹਗੜ੍ਹ ਜੇਲ੍ਹ 'ਚ ਕੀ ਹੋਇਆ ਸੀ?”
“ਜਾਣਦਾ ਕਿਉਂ ਨਹੀਂ, ਖ਼ੁਦ ਮੈਂ ਈ ਤਾਂ ਤੈਨੂੰ ਦੱਸਿਆ ਸੀ।”
“ਜਾਣਦਿਆਂ ਹੋਇਆਂ ਵੀ ਤੂੰ ਉਸਨੂੰ ਬਿਨਾਂ ਇਲਾਜ਼ ਮਰ ਜਾਣ ਦਿੱਤਾ?”
“ਮੈਂ? ਮੈਂ ਤਾਂ ਭਰਾ ਉਸਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ। ਕਿੰਨੀ ਵਾਰੀ ਕਿਹਾ, ਸਰਕਾਰ ਦੇ ਨਾਂਅ ਅਰਜ਼ੀ ਲਿਖ ਦੇ। ਪਿੱਛੋਂ ਜੋ ਹੋਇਆ ਹੋਵੇ, ਬੱਤੀ ਵਿਚ ਤਾਂ ਗਾਂਧੀਜੀ ਦੇ ਸਵਿਨਯ-ਭੰਗ ਅੰਦੋਲਨ ਵਿਚ ਹਿੱਸਾ ਲਿਆ ਈ ਸੀ ਤੇ ਦੋ ਵਰ੍ਹੇ ਜੇਲ੍ਹ ਵੀ ਕੱਟ ਆਇਆ ਸੈਂ–ਇਲਾਜ਼ ਦਾ ਇੰਤਜ਼ਾਮ ਜ਼ਰੂਰ ਹੋ ਜਾਵੇਗਾ...ਮੈਂ ਖ਼ੁਦ ਸਿਫਾਰਸ਼ ਕਰ ਦਿਆਂਗਾ, ਪਰ ਉਹ ਮੰਨਿਆਂ ਈ ਨਹੀਂ। ਹੁਣ ਮੈਂ...”
“ਸ਼ਟ-ਅੱਪ!” ਅਵਿਜਿਤ ਹਿਰਖ ਗਿਆ, “ਤੇ...ਤੁਰ ਜਾ ਇੱਥੋਂ।”
“ਠੀਕ ਐ,” ਸਰਨ ਨੇ ਕਿਹਾ, “ਪਰ ਇਹ ਸੋਚੀਂ, ਬਈ ਖ਼ੁਦ ਤੂੰ ਉਸ ਲਈ ਕੀ ਕੀਤੈ!”
ਅਵਿਜਿਤ ਕੋਲ ਕੋਈ ਜਵਾਬ ਨਹੀਂ ਸੀ।
ਸਰਨ ਕਮਰੇ 'ਚੋਂ ਬਾਹਰ ਨਿਕਲ ਗਿਆ।
ਚੱਡਾ ਬਿਨਾਂ ਇਲਾਜ਼ ਦੇ ਮਰ ਗਿਆ ਤੇ ਉਸਦੇ ਵੀਹ ਹਜ਼ਾਰ ਰੁਪਈਏ ਅਵਿਜਿਤ ਕੋਲ ਪਏ ਨੇ।
... ... ...
ਬਾਰਾਂ ਸਾਲ ਪਹਿਲਾਂ ਦਾ ਦ੍ਰਿਸ਼ ਅਵਿਜਿਤ ਦੀਆਂ ਅੱਖਾਂ ਸਾਹਮਣੇ ਸਾਕਾਰ ਹੋ ਗਿਆ। 1942 ਦਾ ਅਗਸਤ ਖ਼ਤਮ ਹੋਣ ਵਾਲਾ ਸੀ, ਜਦੋਂ ਸ਼ਾਮ ਦੇ ਘਿਰ ਰਹੇ ਘੁਸਮੁਸੇ ਵਿਚ ਨੁਕੀਲੀ ਦਾੜ੍ਹੀ ਤੇ ਪਾਦਰੀ ਵਰਗੇ ਚੋਲੇ ਪਿੱਛੇ ਛਿਪਿਆ ਚੱਡਾ ਉਸਦੇ ਘਰ ਪਹੁੰਚਿਆ ਸੀ–“ਪੁਲਿਸ ਮੇਰੇ ਪਿੱਛੇ ਲੱਗੀ ਹੋਈ ਏ, ਲਗਦਾ ਏ, ਹੁਣ ਮੈਂ ਛੇਤੀ ਗ੍ਰਿਫ਼ਤਾਰ ਹੋ ਜਾਵਾਂਗਾ।” ਉਸਨੇ ਕਿਹਾ ਸੀ।
“ਮੈਂ ਕੁਛ ਕਰ ਸਕਦਾਂ, ਤੇਰੇ ਲਈ?” ਅਵਿਜਿਤ ਨੇ ਪੁੱਛਿਆ ਸੀ।
“ਇਸੇ ਲਈ ਤਾਂ ਆਇਆਂ। ਤੇਰੇ 'ਤੇ ਕੋਈ ਸ਼ੱਕ ਨਹੀਂ ਕਰੇਗਾ।” ਉਸਨੇ ਕਿਹਾ ਸੀ।
“ਕਿਉਂ ਨਹੀਂ ਕਰੇਗਾ?” ਅਵਿਜਿਤ ਨੂੰ ਉਸਦੀ ਗੱਲ ਚੁਭ ਗਈ ਸੀ–“ਮੇਰਾ ਰਿਕਾਰਡ ਕਾਫੀ ਖ਼ਰਾਬ ਏ।”
ਇਹ ਠੀਕ ਸੀ ਕਿ 1942 ਵਿਚ ਉਹ ਇਕ ਵੱਡੇ ਉਦਯੋਗ ਪਤੀ ਦੇ ਉੱਚੀ ਪੋਸਟ ਉੱਤੇ ਕੰਮ ਰਿਹਾ ਸੀ, ਪਰ ਦਸ ਸਾਲ ਪਹਿਲਾਂ ਵਿਦਿਆਰਥੀ ਜੀਵਨ ਵਿਚ ਦੋ ਸਾਲ ਦੀ ਜੇਲ੍ਹ ਵੀ ਕੱਟ ਆਇਆ ਸੀ।
“ਇਸੇ ਲਈ ਤਾਂ ਆਇਆਂ,” ਚੱਡੇ ਨੇ ਮੁਸਕਰਾ ਕੇ ਦੁਹਰਾਇਆ, “ਮੈਨੂੰ ਅਜਿਹੇ ਆਦਮੀ ਦੀ ਲੋੜ ਏ, ਜਿਸ ਉੱਤੇ ਨਾ ਮੈਨੂੰ ਸ਼ੱਕ ਹੋਏ, ਨਾ ਸਰਕਾਰ ਨੂੰ।”
“ਕਰਨਾਂ ਕੀ ਏ?” ਉਸਨੇ ਪੁੱਛਿਆ ਸੀ।
“ਅਹਿ ਰੁਪਏ ਤੇ ਕਾਗਜ਼ ਰੱਖ ਲੈ, ਬਸ। ਫੜਿਆ ਨਾ ਗਿਆ ਤਾਂ ਖ਼ਤਰਾ ਘੱਟ ਹੋਣ 'ਤੇ ਖ਼ੁਦ ਆ ਕੇ ਲੈ ਜਾਵਾਂਗਾ, ਵਰਨਾਂ ਸਾਡਾ ਕੋਈ ਆਦਮੀ। ਪਾਸ ਵਰਡ ਹੋਏਗਾ–'ਪੀਲਾ ਸਾਫਾ'।” ਚੱਡੇ ਨੇ ਮਤਲਬ ਦੀ ਗੱਲ ਦੇ ਇਲਾਵਾ ਹੋਰ ਕੁਝ ਨਹੀਂ ਸੀ ਦੱਸਿਆ, ਪਰ ਜ਼ਾਹਿਰ ਸੀ ਕਿ ਉਹ ਕਿਸੇ ਅੰਡਰਗ੍ਰਾਊਂਡ ਦਲ ਲਈ ਕੰਮ ਕਰ ਰਿਹਾ ਏ।
ਅਵਿਜਿਤ ਨੇ ਰੁਪਏ ਫੜ੍ਹ ਲਏ ਸਨ।
... ... ...
ਉਸ ਪਿੱਛੋਂ ਜਦੋਂ ਵੀ ਚੱਡਾ ਮਿਲਿਆ, ਰੁਪਏੇ ਉਸਨੇ ਦੇਣੇ ਚਾਹੇ, ਪਰ ਉਸਨੇ ਨਹੀਂ ਲਏ। ਪਹਿਲੀ ਵਾਰੀ ਮਿਲਿਆ ਸੀ 1945 ਵਿਚ, ਫਤਿਹਗੜ੍ਹ ਜੇਲ੍ਹ 'ਚੋਂ ਛੁੱਟਦਾ ਈ–ਹੱਡੀਆਂ ਦਾ ਢਾਂਚਾ ਤੇ ਇਕ ਲੱਤੋਂ ਲੰਗੜਾਉਂਦਾ ਹੋਇਆ।
“ਇਹ ਕੀ ਹਾਲ ਹੋ ਗਿਆ ਏ ਤੇਰਾ?” ਅਭਿਜਿਤ ਦੇ ਮੂੰਹੋਂ ਸਹਿ ਸੁਭਾਅ ਨਿਕਲਿਆ ਸੀ।
“ਯਾਰਾ ਹੁਣ, ਇਨਕਲਾਬੀ ਸ਼ੌਕ ਫੁਰਮਾਂਵਾਂਗੇ, ਤਾਂ ਕੁਛ-ਨਾ-ਕੁਛ ਤਾਂ ਹੋਏਗਾ ਈ।” ਕਹਿ ਕੇ ਚੱਡਾ ਠਹਾਕਾ ਮਾਰ ਕੇ ਹੱਸ ਪਿਆ ਸੀ ਤੇ ਥਕਾਨ-ਵੱਸ ਕਾਫੀ ਦੇਰ ਤਕ ਨਿਢਾਲ ਜਿਹਾ ਹੋਇਆ, ਪਿਆ ਰਿਹਾ ਸੀ। ਅਵਿਜਿਤ ਵੀ ਚੁੱਪ ਈ ਰਿਹਾ ਸੀ।
“ਅੱਛਾ, ਇਹ ਦੱਸ,” ਚੱਡੇ ਨੇ ਕੁਝ ਚਿਰ ਸੁਸਤਾਅ ਲੈਣ ਪਿੱਛੋਂ ਕਿਹਾ ਸੀ, “ਅਸੀਂ ਲੜਾਈ ਬੰਦ ਕਿਉਂ ਕਰ ਦਿੱਤੀ? ਬ੍ਰਿਟਿਸ਼ ਆਪਣੀ ਲੜਾਈ ਜਿੱਤ ਗਿਆ, ਪਰ ਅਸੀਂ?...ਗਾਂਧੀਜੀ ਨੇ ਕਿਹਾ, 'ਕਰੋ ਜਾਂ ਮਰ'ੋ–ਤੇ ਜਦੋਂ ਜਨਤਾ ਕੁਛ ਕਰਨ 'ਤੇ ਆਈ ਤਾਂ ਕਿਹਾ, 'ਇਸ ਅੰਦੋਲਨ ਨਾਲ ਸਾਡਾ ਕੋਈ ਵਾਸਤਾ ਨਹੀਂ।' ਕਿਉਂ?”
ਕਿਉਂ ਦਾ ਜਵਾਬ ਅਵਿਜਿਤ ਕੋਲ ਨਹੀਂ ਸੀ।
ਪਹਿਲਾਂ ਉਹ ਪੁੱਛਦਾ ਹੁੰਦਾ ਸੀ–ਮੈਂ ਕਿਉਂ ਨਹੀਂ?
ਹੁਣ ਉਹ ਪੁੱਛਣ ਲੱਗ ਪਿਆ ਏ–ਮੈਂ ਈ ਕਿਉਂ?
ਜੋ ਠੋਸ ਸੀ, ਉਸੇ ਨੂੰ ਫੜਦਿਆਂ ਉਸਨੇ ਕਿਹਾ ਸੀ, “ਤੇਰੇ ਰੁਪਏ ਮੇਰੇ ਕੋਲ ਨੇ।”
“ਰਹਿਣ ਦੇ,” ਚੱਡੇ ਨੇ ਕਿਹਾ ਸੀ–“ਰੁਪਏ ਮੇਰੇ ਨਹੀਂ, ਪਾਰਟੀ ਦੇ ਸੀ ਤੇ ਪਾਰਟੀ ਹੁਣ ਖਿੱਲਰ-ਪੁਲਰ ਗਈ ਏ।”
“ਫੇਰ ਕੀ ਕਰੀਏ ਇਹਨਾਂ ਦਾ?”
“ਰੱਖ ਅਜੇ। ਦੇਖਾਂਗੇ ਅੱਗੇ ਕੀ ਹੁੰਦੈ।”
... ... ...
ਉਸ ਪਿੱਛੋਂ ਚੱਡਾ ਮਿਲਿਆ 1950 ਵਿਚ ਆਜ਼ਾਦੀ ਮਿਲਣ ਤੋਂ ਤਿੰਨ ਸਾਲ ਬਾਅਦ।
“ਤੇਰੇ ਰੁਪਏ...” ਅਵਿਜਿਤ ਨੇ ਫੇਰ ਕਿਹਾ।
“ਮੇਰੇ ਨਹੀਂ, ਪਾਰਟੀ ਦੇ।” ਉਸਨੇ ਕਿਹਾ ਸੀ।
“ਹਾਂ, ਹੁਣ ਤਾਂ ਪਾਰਟੀ ਦੇ ਲੋਕ ਅੰਡਰਗਰਾਉਂਡ ਨਹੀਂ–ਪੈਸੇ ਲੈ ਕੇ ਆਪਸ ਵਿਚ ਵੰਡ ਲਓ।”
“ਕਿਸ ਹਿਸਾਬ ਨਾਲ?” ਚੱਡੇ ਨੇ ਪੁੱਛਿਆ ਸੀ–“ਰੁਪਏ ਅਸੀਂ ਲੋਕਾਂ ਨੇ ਆਪਣੇ ਲਈ ਨਹੀਂ, ਪਾਰਟੀ ਦੇ ਕੰਮਾਂ ਲਈ 'ਕੱਠੇ ਕੀਤੇ ਸੀ।”
“ਫੇਰ...ਇੰਜ ਤਾਂ ਉਂਜ ਈ ਬੇਕਾਰ ਪਏ ਰਹਿਣਗੇ? ਕੁਛ ਤਾਂ ਕਰਨਾ ਪਏਗਾ।”
“ਆਦਮੀ ਬੇਕਾਰ ਪਿਆ ਰਹਿ ਸਕਦਾ ਏ, ਰੁਪਿਆ ਨਹੀਂ।”
“ਪਰ...ਮੈਨੂੰ ਤਾਂ ਮੁਕਤ ਕਰ ਇਸ ਜ਼ਿੰਮੇਵਾਰੀ ਤੋਂ। ਦਸ ਕੀ ਕਰਾਂ ਉਸਦਾ?”
“ਕਿਸੇ ਸੰਸਥਾ ਨੂੰ ਦਾਨ ਦੇ ਦੇ।”
“ਕਿਸ ਨੂੰ?”
“ਮੈਨੂੰ ਕੀ ਪਤਾ।”
ਦੋ ਪਲ ਚੁੱਪ ਰਹਿ ਕੇ ਚੱਡਾ ਅਚਾਨਕ ਕੁਸੈਲੀ ਜਿਹੀ ਆਵਾਜ਼ ਵਿਚ ਬੋਲਿਆ, “ਕਾਂਗਰਸ ਇਲੈਕਸ਼ਨ ਫੰਡ ਵਿਚ ਦੇ ਦੇਵੀਂ।”
ਉਸ ਦਿਨ ਤੋਂ ਬਾਅਦ ਅੱਜ ਤਕ ਚੱਡੇ ਨਾਲ ਮੁਲਾਕਾਤ ਨਹੀਂ ਸੀ ਹੋਈ।
ਰੁਪਏ ਅਜੇ ਵੀ ਉਸ ਕੋਲ ਪਏ ਨੇ। ਵਿਆਜ ਪਾ ਕੇ ਤੀਹ ਹਜ਼ਾਰ ਹੋ ਗਏ ਨੇ। ਕਿਤੇ ਦਾਨ ਨਹੀਂ ਦਿੱਤੇ। ਸੋਚਿਆ ਸੀ, ਸ਼ਾਇਦ ਕਦੀ ਲੋੜ ਪਏ ਤੇ ਚੱਡਾ ਮੰਗਣ ਆ ਜਾਏ। ਸੱਚ, ਇਹੀ ਗੱਲ ਸੀ, ਹੋਰ ਕੁਛ ਨਹੀਂ...
ਅਵਿਜਿਤ ਲਈ ਕੁਰਸੀ ਉੱਤੇ ਬੈਠੇ ਰਹਿਣਾ ਅਸੰਭਵ ਹੋ ਗਿਆ। ਹਜ਼ਾਰਾਂ ਕਿੱਲਾਂ ਉੱਗ ਪਈਆਂ ਸਨ ਉਸ ਵਿਚ ਤੇ ਸਰੀਰ ਦੇ ਰੋਮ-ਰੋਮ ਵਿਚ ਖੁੱਭਣ ਲੱਗ ਪਈਆਂ ਸਨ। ਉਹ ਉਠਿਆ ਤੇ ਕਮਰੇ ਦੇ ਫਰਸ਼ ਨੂੰ ਲਿਤਾੜਨ ਲੱਗ ਪਿਆ। ਦਸ ਕਦਮ ਅੱਗੇ, ਦਸ ਕਦਮ ਪਿੱਛੇ। ਅੱਗੇ...ਪਿੱਛੇ...ਕੋਈ ਫਾਇਦਾ ਨਹੀਂ...ਕਿੱਲਾਂ ਉਸਦੇ ਸਰੀਰ ਵਿਚ ਉੱਗੀਆਂ ਜਾਪਦੀਆਂ ਨੇ, ਕੁਰਸੀ ਉਪਰ ਨਹੀਂ।
ਕਿੰਨੇ ਦਿਨ ਰੁਪਏ ਬੈਂਕ ਵਿਚ ਪਏ ਰਹੇ...ਫੇਰ...ਅਵਿਜਿਤ ਮਕਾਨ ਬਣਵਾ ਰਿਹਾ ਸੀ, ਰੁਪਈਆਂ ਦੀ ਲੋੜ ਸੀ। ਉਸਨੇ ਉਹ ਰੁਪਏ ਮਕਾਨ ਵਿਚ ਲਾ ਦਿੱਤੇ। ਸਿਰਫ ਉਧਾਰ ਲਏ ਸਨ। ਦੋ ਸਾਲ ਵਿਚ ਬੈਂਕ ਵਿਚ ਪੂਰੇ ਕਰ ਦਿੱਤੇ। ਚੱਡਾ ਲੈਣ ਆਉਂਦਾ ਤਾਂ ਵਿਆਜ ਸਮੇਤ ਉਸਨੂੰ ਵਾਪਸ ਕਰ ਦੇਂਦਾ। ਸੱਚ। ਜਿਸ ਸੰਸਥਾ ਨੂੰ ਉਹ ਕਹਿੰਦਾ ਦਾਨ ਕਰ ਦੇਂਦਾ। ਬਿਲਕੁਲ ਸੱਚ। ਉਸਨੇ ਕੁਛ ਕਿਹਾ ਈ ਨਹੀਂ।
'ਮੈਂ ਨਹੀਂ ਜਾਣਦਾ ਸੀ, ਉਹ ਮੇਰਠ ਵਿਚ ਏ...ਮੈਂ ਬਿਲਕੁਲ ਨਹੀਂ ਜਾਣਦਾ ਸੀ, ਉਹ ਤੰਗੀ ਵਿਚ ਏ, ਬੀਮਾਰ ਏ, ਉਸਨੂੰ ਇਲਾਜ਼ ਦੀ ਲੋੜ ਏ...ਜਾਣਦਾ ਤਾਂ ਜ਼ਰੂਰ ਉਸ ਕੋਲ ਜਾ ਪਹੁੰਚਦਾ, ਉਸਦਾ ਇਲਾਜ਼ ਕਰਵਾਂਦਾ...। ਸੱਚ...ਮੈਂ...ਕੁਛ ਕਰਦਾ...ਜ਼ਰੂਰ...' ਅਵਿਜਿਤ ਦੀ ਆਵਾਜ਼ ਕਮਜ਼ੋਰ ਪੈ ਗਈ ਤੇ ਇਕ ਹੋਰ ਆਵਾਜ਼ ਉਸਦੇ ਅੰਦਰੋਂ ਉਠੀ...
'ਪਿਛਲੀ ਵਾਰੀ ਜਦੋਂ ਚੱਡਾ ਮਿਲਿਆ ਸੀ ਤਾਂ ਤੈਂ ਉਸਨੂੰ ਪੁੱਛਿਆ ਸੀ, ਉਹ ਕਿੱਥੇ ਰਹਿੰਦਾ ਏ?'
'ਹਾਂ, ਪੁੱਛਿਆ ਸੀ। ਚੰਗੀ ਤਰ੍ਹਾਂ ਯਾਦ ਏ ਪੁੱਛਿਆ ਸੀ।' ਕਮਜ਼ੋਰ ਆਵਾਜ਼ ਵਿਚ ਜਵਾਬ ਦਿਤਾ, 'ਉਦੋਂ ਉਹ ਇਲਾਹਾਬਾਦ ਵਿਚ ਇਕ ਪਰਚੇ ਦਾ ਸੰਪਾਦਨ ਕਰ ਰਿਹਾ ਸੀ। ਇਹੀ ਜਾਣਨ ਲਈ ਪੁੱਛਿਆ ਸੀ ਕਿ ਆਮਦਨੀ ਦਾ ਸਾਧਨ ਕੀ ਏ, ਉਸਦਾ?'
'ਪਰਚੇ ਵਾਲਿਆਂ ਨੂੰ ਲਿਖਦਾ ਤਾਂ ਪਤਾ ਲੱਗ ਜਾਂਦਾ, ਉਹ ਕਿੱਥੇ ਗਿਆ!'
'ਹਾਂ, ਪਰ...ਮੈਂ ਦੋ ਤਿੰਨ ਖ਼ਤ ਲਿਖੇ। ਜਵਾਬ ਨਹੀਂ ਆਇਆ, ਤਾਂ ਮੈਂ ਸੋਚਿਆ, ਉਹ ਸੰਬੰਧ ਨਹੀਂ ਰੱਖਣਾ ਚਾਹੁੰਦਾ...ਹੁਣ ਕਿਸੇ ਨਾਲ ਜਬਰਦਸਤੀ ਤਾਂ ਦੋਸਤੀ ਨਹੀਂ ਰੱਖੀ ਜਾ ਸਕਦੀ।'
'ਪਰਚੇ ਵਿਚ ਕਿਸੇ ਦੂਜੇ ਸੰਪਾਦਕ ਦਾ ਨਾਂਅ ਦੇਖ ਕੇ ਕੀ ਸੋਚਿਆ, ਚੱਡਾ ਮਰ ਗਿਆ ਏ?'
'ਨਹੀਂ...ਨਹੀਂ, ਮੈਂ ਪਰਚਾ ਦੇਖਿਆ ਈ ਨਹੀਂ ਸੀ। ਸੱਚ, ਮੈਨੂੰ ਪਤਾ ਈ ਨਹੀਂ ਲੱਗਿਆ–ਚੱਡਾ ਕਦੋਂ ਨੌਕਰੀ ਜਾਂ ਇਲਾਹਾਬਾਦ ਛੱਡ ਗਿਆ ਸੀ।'
'ਤੇ ਤੈਂ ਪਤਾ ਕਰਨ ਦੀ ਲੋੜ ਵੀ ਮਹਿਸੂਸ ਨਹੀਂ ਕੀਤੀ?'
'ਮੈਂ ਏਨਾ ਵਿਆਸਤ ਰਿਹਾ...ਘਰ...ਪਰਿਵਾਰ...ਦਫ਼ਤਰ...ਕਾਰੋਬਾਰ...'
'ਪੈਸਾ ਕਹਿ, ਪੈਸਾ। ਪੈਸਾ ਕਮਾਉਣ ਦਾ ਸਿਰਫ ਇਹੋ ਤਰੀਕਾ ਏ ਕਿ ਆਦਮੀ ਸਿਰਫ ਪੈਸਾ ਕਮਾਉਣ ਵੱਲ ਧਿਆਨ ਦਵੇ।'
'ਮੈਂ ਨਾਜਾਇਜ਼ ਢੰਗ ਨਾਲ ਪੈਸਾ ਨਹੀਂ ਕਮਾਇਆ। ਟੱਬਰ ਪਾਲਣ ਲਈ ਤਾਂ...'
'...ਹਰ ਤਰੀਕਾ ਜਾਇਜ਼ ਹੈ।'
'ਇਹ ਮੈਂ ਨਹੀਂ ਕਿਹਾ।'
'ਨਹੀਂ, ਮੈਂ ਕਹਿ ਰਿਹਾਂ। ਪੂੰਜੀਵਾਦੀ ਸਮਾਜ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹੋ ਏ–ਨਾਜਾਇਜ਼ ਸਿਰਫ ਆਦਮੀ ਹੁੰਦਾ ਏ, ਪੈਸਾ ਨਹੀਂ”
'ਉਫ਼!' ਕਹਿ ਕੇ ਅਵਿਜਿਤ ਨੇ ਦੋਹਾਂ ਹੱਥ ਵਿਚ ਸਿਰ ਫੜ੍ਹ ਲਿਆ।
'ਜਮੀਰ 'ਤੇ ਬੋਝ ਪੈ ਰਿਹੈ?' ਆਵਾਜ਼ ਨੇ ਵਿਅੰਗ ਕੀਤਾ।
'ਨਹੀਂ,' ਅਵਿਜਿਤ ਨੇ ਪੂਰੀ ਤਾਕਤ ਨਾਲ ਵਿਰੋਧ ਕੀਤਾ–'ਦੁਖ ਹੋ ਰਿਹਾ ਏ, ਚੱਡੇ ਦੇ ਮਰਨ ਦਾ। ਸਰਨ ਨੇ ਅੱਜ ਤੋਂ ਪਹਿਲਾਂ ਕਦੀ ਉਸਦਾ ਜ਼ਿਕਰ ਨਹੀਂ ਕੀਤਾ, ਵਰਨਾਂ ਇੰਜ ਕਦੀ ਨਾ ਹੁੰਦਾ। ਅਗਲੀ ਵਾਰੀ ਦਫ਼ਤਰ ਆਇਆ ਤਾਂ ਧੱਕੇ ਮਾਰ ਕੇ ਕੱਢ ਦਿਆਂਗਾ। ਰੰਗਲਾ-ਗਿੱਦੜ। ਵੱਡਾ ਦੇਸ਼-ਸੇਵਕ ਬਣਿਆਂ ਫਿਰਦਾ ਏ।'
ਉਦੋਂ ਹੀ ਫ਼ੋਨ ਦੀ ਘੰਟੀ ਵੱਜ ਪਈ।
ਅਵਿਜਿਤ ਨੇ ਤ੍ਰਬਕ ਕੇ ਰਸੀਵਰ ਚੁੱਕ ਲਿਆ।
ਆਦਤ ਅਨੁਸਾਰ ਉਹ ਫੇਰ ਲੰਮੀ ਚੌੜੀ ਮੇਜ਼ ਪਿੱਛੇ ਪਈ ਘੁੰਮਣ ਵਾਲੀ ਕੁਰਸੀ ਵਿਚ ਕੈਦ ਹੋ ਗਿਆ ਸੀ।
ਫ਼ੋਨ ਪਿੱਛੋਂ ਫ਼ੋਨ ਆਉਂਦੇ ਰਹੇ।
ਅਵਿਜਿਤ ਦੀਆਂ ਪੁੜਪੁੜੀਆਂ ਦੀਆਂ ਨਸਾਂ ਚਸਕਦੀਆਂ ਰਹੀਆਂ।
ਹਰ ਵਿਹਲੇ ਪਲ ਉਹ ਸਰਨ ਉੱਤੇ ਹਿਰਖਦਾ ਰਿਹਾ, ਆਪਣੇ ਆਪ ਉੱਤੇ ਕੁੜ੍ਹਦਾ ਰਿਹਾ।
ਘੜੀ ਨੇ ਪੰਜ ਵਜਾ ਦਿੱਤੇ। ਕੁਰਸੀ ਪਿੱਛੇ ਖਿਸਕਾ ਕੇ ਅਵਿਜਿਤ ਉਠ ਖੜ੍ਹਾ ਹੋਇਆ।
ਉਦੋਂ ਹੀ ਫ਼ੋਨ ਦੀ ਘੰਟੀ ਫੇਰ ਚੀਕ ਪਈ। ਸਿੰਘਾਨੀਆਂ ਜੀ ਬੋਲ ਰਹੇ ਸਨ। ਆਵਾਜ਼ ਵਿਚ ਖੁਸ਼ੀ ਤੇ ਜੋਸ਼ ਸੀ।
“ਓ ਬਾਂਸਲ, ਲੈ ਬਈ, ਇਸ ਵਾਰੀ ਤੇਰਾ ਕੰਮ ਅਸੀਂ ਕਰ ਦਿਤੈ। ਇਕ ਜਬਰਦਸਤ ਸੋਰਸ ਹੱਥ ਆਇਐ। ਮੇਰਠ ਦਾ ਕੋਈ ਸੱਜਣ ਏਂ, ਇਕ ਗਾਂਧੀ ਸੰਸਥਾਨ ਦਾ ਪ੍ਰਬੰਧਕ। ਪਤਾ ਲੱਗਿਆ ਬਈ ਅਜਿਹੇ ਲਾਇਸੈਂਸ ਕੋਟੇ ਉਸ ਨੂੰ ਮਿਲ ਜਾਂਦੇ ਨੇ–ਤੇ ਉਹ ਉਹਨਾਂ ਨੂੰ ਪਰੀਮੀਅਮ ਉੱਤੇ ਵੇਚ ਦੇਂਦੈ। ਅੱਧੀ ਰਕਮ ਉਹਦੀ, ਅੱਧੀ ਮੰਤਰੀ ਜੀ ਦੀ। ਮੈਂ ਨਹੀਂ ਕਹਿੰਦਾ ਸੀ, ਉਹ ਆਦਮੀ ਖੇਡ ਕੋਈ ਵੱਡੀ ਖੇਡਦਾ ਹੋਏਗਾ। ਬਸ, ਤੂੰ ਅੱਜ ਈ ਮਿਲ ਕੇ ਗੱਲ ਪੱਕੀ ਕਰ ਲੈ। ਸੁਣਿਆ ਏ, ਉਹ ਵੀ ਇਲਾਹਾਬਾਦ ਯੂਨੀਵਰਸਟੀ ਦਾ ਪੜ੍ਹਿਆ ਹੋਇਐ। ਨਾਂਅ ਏਂ–ਸਰਨ ਕੁਮਾਰ। ਕੰਮ ਸੌਖਾ ਹੋ ਗਿਆ ਨਾ, ਕਿਉਂ?”
ਅਵਿਜਿਤ ਦਾ ਪੂਰਾ ਸਰੀਰ ਜਿਵੇਂ ਤਿੱਖੀਆਂ ਕਿੱਲਾਂ ਵਾਲੀ ਸਲੀਬ ਉੱਤੇ ਟੰਗਿਆ ਗਿਆ।
ਉਸਨੇ ਸਾਫ ਸੁਣਿਆ, ਉਸਦੇ ਅੰਦਰੋਂ ਆਵਾਜ਼ ਆਈ–'ਮੈਂ ਸਰਨ ਕੋਲ ਕਦੀ ਨਹੀਂ ਜਾਣਾ। ਲੱਤ ਮਾਰਦਾਂ, ਅਜਿਹੀ ਨੌਕਰੀ ਨੂੰ। ਹੁਣੇ, ਫੌਰਨ ਅਸਤੀਫਾ ਲਿਖ ਦੇਨਾਂ ਆਂ।'
ਪਰ ਇਹ ਆਵਾਜ਼ ਏਨੀ ਕਮਜ਼ੋਰ ਸੀ ਕਿ ਉਸਦੇ ਕੰਨਾਂ ਤਕ ਪਹੁੱਚਦਿਆਂ ਈ ਮਰ-ਮੁੱਕ ਗਈ–ਸਿੰਘਾਨੀਆਂ ਤਕ ਨਹੀਂ ਪਹੁੰਚ ਸਕੀ।
ਉਹਨਾਂ ਉਹੀ ਸੁਣਿਆ, ਜਿਹੜਾ ਅਵਿਜਿਤ ਨੇ ਫ਼ੋਨ ਉੱਤੇ ਕਿਹਾ, “ਤੁਸੀਂ ਬੇਫ਼ਿਕਰ ਰਹੋ। ਕੰਮ ਹੋ ਜਾਏਗਾ।”
ਉਸਦੀ ਸਮਝ ਵਿਚ ਆ ਗਿਆ ਸੀ–ਟੋਪੀ ਲੈਣੀ ਨਹੀਂ, ਤਾਂ ਲਾਹੁਣੀ ਜ਼ਰੂਰ ਪਏਗੀ।
੦੦੦ ੦੦੦ ੦੦੦

No comments:

Post a Comment