Monday, October 26, 2009

ਇਕ ਛਾਪਾਮਾਰ ਦਾ ਪਾਪ-ਸਵੀਕਾਰ :: ਲੇਖਕ : ਹਾਮਾ ਤੁਮਾ

ਅਫ਼ਰੀਕੀ ਕਹਾਣੀ : ਇਕ ਛਾਪਾਮਾਰ ਦਾ ਪਾਪ-ਸਵੀਕਾਰ : ਲੇਖਕ : ਹਾਮਾ ਤੁਮਾ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


(ਹਾਮਾ ਤੁਮਾ ਦਾ ਜਨਮ 1950 ਵਿਚ ਆਦਿਸ ਅਬਾਬਾ ਵਿਚ ਹੋਇਆ। ਉਹਨਾਂ ਨੇ ਹੇਲ ਸਲਾਸੀ ਯੂਨੀਵਰਸਟੀ ਵਿਚ ਅਧਿਅਨ ਕੀਤਾ ਤੇ ਵਰ੍ਹਿਆਂ ਤੀਕ ਇਥਿਯੋਪੀਆ ਦੇ ਮੈਂਗਿਸਤੁ ਸ਼ਾਸਨ ਦਾ ਖੁੱਲ੍ਹ ਕੇ ਵਿਰੋਧ ਕੀਤਾ। ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਵਿਚੋਂ ਇਕ ਹੈ ਉਹਨਾਂ ਦਾ ਅੰਗਰੇਜ਼ੀ ਵਿਚ ਛਪਿਆ ਕਾਵਿ ਸੰਗ੍ਰਹਿ 'ਆਫ ਸਪੇਡਸ ਐਂਡ ਇਥਿਯੋਪਿਯੰਸ' ਤੇ ਇਕ ਕਹਾਣੀ ਸੰਗ੍ਰਹਿ 'ਦਿ ਕੇਸ ਆਫ ਦਿ ਸੋਸ਼ਲਿਸਟ ਵਿਚਡਾਕਟਰ'-ਅਨੁ.।)
ਬੁੱਢਾ ਆਦਮੀ ਮੁਸਕੁਰਾਇਆ। ਉਸ ਦੀਆਂ ਭੂਰੀਆਂ ਅੱਖਾਂ ਉਦਾਸ ਸਨ।
“ਮੈਨੂੰ ਕਹਿ ਦਿਓ ਕਿ ਮਰਨ ਵਾਲਾ ਹਾਂ, ਮੈਂ ਤੁਹਾਨੂੰ ਅਸ਼ੀਰਵਾਦ ਦਿਆਂਗਾ।” ਉਸਨੇ ਕਿਹਾ।
ਮੈਂ ਜਾਣਦਾ ਸਾਂ ਕਿ ਉਹ ਮਰ ਰਿਹਾ ਹੈ। ਹਾਲਾਂਕਿ ਮੈਂ ਕੋਈ ਡਿਗਰੀਧਾਰੀ ਡਾਕਟਰ ਨਹੀਂ ਸਾਂ ਤੇ ਨਾ ਹੀ ਯੂਨੀਵਰਸਟੀ ਵਿਚ ਆਪਣੀ ਡਾਕਟਰੀ ਦੀ ਪੜ੍ਹਾਈ ਹੀ ਪੂਰੀ ਕਰ ਸਕਿਆ ਸਾਂ, ਪਰ ਮੈਂ ਛੇ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਜੰਗਲ ਵਿਚ ਡਾਕਟਰੀ ਕਰ ਰਿਹਾ ਸਾਂ। ਇਸ ਦੌਰਾਨ ਮੈਂ ਹਰ ਕਿਸਮ ਦੇ ਜ਼ਖ਼ਮੀਆਂ ਤੇ ਰੋਗੀਆਂ ਨੂੰ ਵੇਖਿਆ ਸੀ...ਭਿਅੰਕਰ ਰੂਪ ਵਿਚ ਬਿਮਾਰ ਲੋਕ, ਮਰਦੇ ਹੋਏ ਲੋਕ...ਤੇ ਮੈਂ ਕਹਿ ਸਕਦਾ ਸਾਂ ਕਿ ਇਹ ਬੁੱਢਾ ਆਦਮੀ ਵੀ ਮਰਨ ਵਾਲਾ ਹੈ। ਉਹ ਕਮਜ਼ੋਰ ਸੀ, ਉਸ ਵਿਚ ਖ਼ੂਨ ਦੀ ਕਮੀ ਸੀ, ਤੇ ਸ਼ਾਇਦ ਉਸਦਾ ਖ਼ੂਨ, ਪਾਣੀ ਵੀ ਬਣਨ ਲੱਗ ਪਿਆ ਸੀ। ਪਰ ਮੇਰੇ ਕੋਲ ਇਹ ਸਿੱਧ ਕਰਨ ਦਾ ਕੋਈ ਸਾਧਨ ਨਹੀਂ ਸੀ। ਲੇਬਾਰਟਰੀ ਵਿਚ ਉਸਦੀ ਭਰਪੂਰ ਜਾਂਚ ਦੀ ਬੜੀ ਸਖ਼ਤ ਲੋੜ ਸੀ। ਪਰ ਇਕ ਛਾਪਾਮਾਰ ਦਲ ਦਾ ਡਾਕਟਰ ਹੋਣ ਦੇ ਨਾਤੇ ਇਹ ਮੇਰੇ ਬੂਤੇ ਤੋਂ ਬਾਹਰ ਸੀ। ਮੈਨੂੰ ਇਸ ਗੱਲ ਦੀ ਵੀ ਸ਼ੰਕਾ ਸੀ ਕਿ ਜੇ ਮੈਂ ਉਸਦੇ ਰੋਗ ਦਾ ਪਤਾ ਲਾ ਵੀ ਲਵਾਂ, ਤਾਂ ਵੀ ਮੇਰੇ ਕੋਲ ਸ਼ਾਇਦ ਉਸਦੇ ਇਲਾਜ਼ ਲਈ ਜ਼ਰੂਰੀ ਦਵਾਈਆਂ ਦਾ ਪ੍ਰਬੰਧ ਨਹੀਂ ਹੋਣਾ।
“ਤੁਸੀਂ ਠੀਕ ਹੋ ਜਾਓਗੇ।” ਮੈਂ ਝੂਠ ਬੋਲਿਆ।
“ਤੂੰ ਬੜਾ ਦਿਆਲੂ ਏਂ।” ਪੂਰੀ ਤਰ੍ਹਾਂ ਇਹ ਜਾਣਦਿਆਂ ਹੋਇਆਂ ਵੀ ਕਿ ਮੈਂ ਉਸਨੂੰ ਸੱਚ ਨਹੀਂ ਦੱਸ ਰਿਹਾ, ਉਸਨੇ ਹੰਢੇ-ਵਰਤੇ ਆਦਮੀ ਵਾਂਗ ਕਿਹਾ, “ਪਰ ਮੈਨੂੰ ਲੱਗਦਾ ਏ, ਮੇਰਾ ਅੰਤ ਨਜ਼ਦੀਕ ਏ। ਵੈਸੇ ਵੀ ਸਮਾਂ ਆ ਗਿਆ ਏ ਕਿ ਮੈਂ ਖ਼ੁਦ ਨੂੰ ਪੈਦਾ ਕਰਨ ਵਾਲੇ ਨੂੰ ਮਿਲਾਂ, ਤੇ ਉਸਦਾ ਫੈਸਲਾ ਸੁਣਾ। ਤੂੰ ਆਪਣੀਆਂ ਕੀਮਤੀ ਦਵਾਈਆਂ ਮੇਰੇ ਉੱਤੇ ਜ਼ਾਇਆ ਨਾ ਕਰ। ਇਹ ਤੂੰ ਆਪਣੇ ਬਿਮਾਰ ਤੇ ਜ਼ਖ਼ਮੀ ਦੋਸਤਾਂ ਲਈ ਰੱਖ ਛੱਡ। ਉਹਨਾਂ ਵਿਚਾਰਿਆਂ ਨੂੰ ਇਹਨਾਂ ਦੀ ਵਧੇਰੇ ਲੋੜ ਏ।”
ਦੂਰ-ਦਰਾਜ ਦੇ ਪ੍ਰਸਿੱਧ ਵਾਲਦਿਬਾ ਮਠ ਦੇ ਪੁਰੋਹਤ ਸਾਡੇ ਛਾਪਾਮਾਰਾਂ ਬਾਰੇ ਗੱਲ ਕਰਦੇ ਤਾਂ ਹਮੇਸ਼ਾ ਇਕ ਉਦਾਸੀ ਨਾਲ ਬੋਲਦੇ। ਉਹਨਾਂ ਵਿਚੋਂ ਵਧੇਰੇ ਕਹਿੰਦੇ–“ਆਹ, ਕੇਡੇ ਭਰਪੂਰ ਜੀਵਨ ਨਾਲ ਛਲਕਦੇ ਨੌਜਵਾਨ ਨੇ ਇਹ! ਪਰ ਫੇਰ ਵੀ ਛੇਤੀ ਹੀ ਮਰ ਜਾਣੇ ਨੇ!” ਉਹਨਾਂ ਵਿਚੋਂ ਕੁਝ ਰੋਣ ਲੱਗ ਪੈਂਦੇ, ਕੁਝ ਦੁੱਖੀ ਹੋ ਕੇ ਸਿਰ ਹਿਲਾਉਣ ਲੱਗਦੇ ਤੇ ਕੁਝ ਸਿਰਫ ਮੂੰਹ ਭੁੰਆਂ ਲੈਂਦੇ ਤਾਂ ਕਿ ਸਾਨੂੰ ਵੇਖ ਕੇ ਉਹਨਾਂ ਨੂੰ ਦੁੱਖ ਨਾ ਹੋਵੇ।
ਵਾਲਦਿਬਾ ਦਾ ਇਹ ਮਠ ਬੜਾ ਪ੍ਰਸਿੱਧ ਹੈ। ਸਦੀਆਂ ਪੁਰਾਣਾ ਹੈ ਇਹ । ਇਸ ਵਿਚ ਔਰਤਾਂ ਦੇ ਆਉਣ 'ਤੇ ਪਾਬੰਦੀ ਹੈ। ਇਸਦੀ ਆਪਣੀ ਧਰਮਸੱਤਾ ਹੈ; ਜਿਸਦਾ ਆਪਣਾ ਵਿਧਾਨ ਹੈ ਤੇ ਆਪਣੇ ਕਠੋਰ ਨਿਯਮ ਨੇ। ਕੋਈ ਵੀ ਵਿਅਕਤੀ ਜਿਸ ਦਾ ਮਨ ਭੌਤਿਕ ਸੰਸਾਰ ਤੋਂ ਉਚਾਟ ਹੋ ਚੁੱਕਿਆ ਹੋਵੇ, ਇਸ ਮਠ ਵਿਚ ਆ ਸਕਦਾ ਹੈ। ਨਵੇਂ ਆਉਣ ਵਾਲੇ ਲੋਕ ਪਹਿਲੇ ਇਕ ਜਾਂ ਦੋ ਸਾਲ ਸੇਵਾ ਕਰਦੇ ਨੇ, ਜਿਵੇਂ ਪਸ਼ੂਆਂ ਦੀ ਦੇਖਭਾਲ, ਮਠ ਦੀ ਜ਼ਮੀਨ 'ਤੇ ਵਾਹੀ ਬਿਜਾਈ, ਪਾਣੀ ਭਰ ਕੇ ਲਿਆਉਣਾ, ਮਠ ਦੇ ਆਪਣੇ ਸੰਚਾਈ ਤੰਤਰ ਦੀ ਮਦਦ ਨਾਲ ਕੇਲਿਆਂ ਦੇ ਬਾਗ ਦੀ ਦੇਖ-ਭਾਲ ਕਰਨਾ। ਇਸ ਸੇਵਾ ਕਾਲ ਪਿੱਛੋਂ ਉਹਨਾਂ ਦੀ ਪਦ-ਉਂਨਤੀ ਹੋ ਜਾਂਦੀ ਹੈ। ਹਰੇਕ 'ਪੁਰੋਹਿਤ' ਜਾਂ ਇਕਾਂਤ ਵਾਸੀ ਨੂੰ ਉਸਦੀ ਆਪਣੀ ਕੁਟੀਆ ਮਿਲ ਜਾਂਦੀ ਹੈ। ਉਹ ਦਿਨ ਭਰ ਤੇ ਸਾਰੀ ਸਾਰੀ ਰਾਤ ਪ੍ਰਾਥਨਾਵਾਂ ਕਰਦੇ ਹੋਏ ਆਪਣਾ ਸਾਰਾ ਸਮਾਂ ਆਪਣੀ ਕੁਟੀਆ ਵਿਚ ਹੀ ਬਿਤਾਉਂਦੇ ਨੇ। ਇਸੇ ਲਈ ਉਹਨਾਂ ਦਾ ਰੰਗ ਚਿੱਟਾ ਜਾਂ 'ਬੱਗਾ' ਹੋ ਜਾਂਦਾ ਹੈ। ਇੱਥੋਂ ਦਾ ਜੀਵਨ ਸਾਦਾ ਤੇ ਕਠੋਰ ਹੈ–ਨਸ਼ੇ ਵਾਲਾ ਕੋਈ ਪੇਅ ਨਹੀਂ, ਭੋਜਨ ਵਿਚ ਸਿਰਫ ਮਸਲੇ ਹੋਏ ਕੇਲੇ, ਜਿਹਨਾਂ ਵਿਚ ਥੋੜ੍ਹਾ ਸ਼ਹਿਦ ਜਾਂ ਸ਼ੀਰਾ ਮਿਲਾ ਦਿੱਤਾ ਜਾਂਦਾ ਹੈ। ਨਾ ਮਾਸ, ਨਾ ਆਟੇ ਵਿਚ ਖਮੀਰ ਪਾ ਕੇ ਬਣਾਈ ਗਈ ਰੋਟੀ।...ਤੇ ਆਮ ਤੌਰ 'ਤੇ ਬਹੁਤ ਸਾਰੇ ਮਠ ਵਾਸੀ ਲੰਮੇਂ ਇਕਾਂਤਵਾਸ ਵਿਚ ਚਲੇ ਜਾਂਦੇ ਨੇ। ਇਸ ਦੌਰਾਨ ਨਾ ਤਾਂ ਕੋਈ ਉਹਨਾਂ ਨੂੰ ਮਿਲਣ ਆਉਂਦਾ ਹੈ, ਨਾ ਉਹ ਕਿਸੇ ਨੂੰ ਮਿਲਣ ਜਾਂਦੇ ਨੇ। ਉਹ ਆਪਣੀ ਕੁਟੀਆ ਵਿਚ ਸਭਨਾਂ ਨਾਲੋਂ ਟੁੱਟੇ ਰਹਿੰਦੇ ਨੇ ਤੇ ਟੱਟੀ-ਪਾਣੀ ਜਾਣ ਲਈ ਵੀ ਘੁੱਪ ਹਨੇਰੀ ਰਾਤ ਵਿਚ ਹੀ ਬਾਹਰ ਨਿਕਲਦੇ ਨੇ।
“ਮੈਂ ਤੈਨੂੰ ਆਪਣਾ ਇਲਾਜ਼ ਕਰਨ ਲਈ ਨਹੀਂ ਬੁਲਾਇਆ।” ਬੁੱਢੇ ਪੁਰੋਹਿਤ ਨੇ ਕਿਹਾ, “ਮੈਨੂੰ ਤੇਰੇ ਤੀਕ ਇਕ ਹੋਰ ਕੰਮ ਏਂ।”
“ਮੇਰੇ ਵੱਸਦਾ ਹੋਇਆ, ਤਾਂ ਮੈਂ ਜ਼ਰੂਰ ਕਰਾਂਗਾ।” ਮੈਂ ਝੱਟ ਕਿਹਾ।
“ਮੈਂ ਚਾਹੁੰਦਾ ਹਾਂ ਕਿ ਤੂੰ ਮੇਰਾ 'ਕਨਫੈਸ਼ਨ' (ਪਾਪ-ਸਵੀਕਾਰ) ਸੁਣ ਲੈ।” ਬੁੱਢੇ ਆਦਮੀ ਨੇ ਸ਼ਾਂਤ ਭਾਵ ਨਾਲ ਪਰ ਇੰਜ ਕਿਹਾ ਜਿਵੇਂ ਉਹਨੇ ਮੈਨੂੰ ਮੇਰੀ ਬੇਧਿਆਨੀ ਵਿਚ ਅਚਾਨਕ ਫੜ੍ਹ ਲਿਆ ਹੋਵੇ।
'ਮੇਰਾ ਪਾਪ-ਸਵੀਕਾਰ ਸੁਣ ਲੈ।' ਇਕ ਮਠ ਵਾਸੀ ਪੁਰੋਹਿਤ ਦਾ ਪਾਪ-ਸਵੀਕਾਰ! ਮੇਰੇ ਚਿਹਰੇ ਨੇ ਜ਼ਰੂਰ ਮੇਰੀ ਅੰਦਰਲੀ ਹੈਰਾਨੀ ਨੂੰ ਉਸ ਉੱਤੇ ਜ਼ਾਹਿਰ ਕਰ ਦਿੱਤਾ ਹੋਵੇਗਾ, ਕਿਉਂਕਿ ਉਹ ਮੁਸਕੁਰਾਇਆ। ਉਸਦੀਆਂ ਅੱਖਾਂ ਹੁਣ ਵੀ ਉਦਾਸ ਸਨ ਤੇ ਉਸਨੇ ਮੈਨੂੰ ਗਰਦਨ ਹਿਲਾਅ ਕੇ ਨੇੜੇ ਆਉਣ ਦਾ ਇਸ਼ਾਰਾ ਕੀਤਾ। ਮੈਂ ਬਰਚ ਦੀ ਲੱਕੜ ਦੀ ਬਣੀ ਤਿਪਾਈ ਚੁੱਕੀ ਤੇ ਉਸਦੇ ਬਿਸਤਰੇ ਕੋਲ ਜਾ ਕੇ ਬੈਠ ਗਿਆ। ਉਸ ਵਿਚੋਂ ਲੁਬਾਨ ਦੀ ਓਹੀ ਮਹਿਕ ਆ ਰਹੀ ਸੀ, ਜਿਹੜੀ ਉਸ ਛੋਟੀ ਜਿਹੀ ਕੁਟੀਆ ਵਿਚ ਵੱਸੀ ਹੋਈ ਸੀ।
“ਸ਼ਾਇਦ ਤੈਨੂੰ ਹੈਰਾਨੀ ਹੋ ਰਹੀ ਹੋਵੇਗੀ ਕਿ ਆਪਣਾ ਪਾਪ-ਸਵੀਕਾਰ ਪੁਰੋਹਿਤਾਂ ਸਾਹਮਣੇ ਕਰਨ ਦੀ ਬਜਾਏ ਤੇਰੇ ਸਾਹਮਣੇ ਕਿਉਂ ਕਰ ਰਿਹਾ ਆਂ ਮੈਂ?” ਉਸਨੇ ਪ੍ਰਭਾਵਸ਼ਾਲੀ ਢੰਗ ਨਾਲ ਬੋਲਣਾ ਸ਼ੁਰੂ ਕੀਤਾ। ਮੈਂ ਇਨਕਾਰ ਵਿਚ ਸਿਰ ਹਿਲਾਇਆ ਤਾਂ ਉਹਨੇ ਕਿਹਾ, “ਕਾਰਨ ਬੜਾ ਸਿੱਧਾ ਏ। ਤੂੰ ਇਕ ਛਾਪਾਮਾਰ ਏਂ, ਜਿਸਨੇ ਆਪਣੀ ਜ਼ਿੰਦਗੀ ਦੂਜਿਆਂ ਦੀ ਜ਼ਿੰਦਗੀ ਬਚਾਉਣ ਖਾਤਰ ਸਮਰਪਤ ਕੀਤੀ ਹੋਈ ਏ। ਤੂੰ ਡਾਕਟਰ ਏਂ ਤੇ ਗਰੀਬਾਂ ਦੀ ਸੇਵਾ ਕਰਦਾ ਏਂ। ਅਹਿ ਮੇਰਾ, ਤੇ ਦੂਜਿਆਂ ਦਾ ਇਲਾਜ਼ ਕਰਨ ਤੂੰ ਬਥੇਰੀ ਵਾਰ ਆਇਆ ਏਂ। ਮੈਂ ਤੈਨੂੰ ਹਮੇਸ਼ਾ ਈ ਬੜਾ ਨੇਕ ਦਿਲ ਤੇ ਬੜਾ ਹੀ ਨਿਮਰ ਵੇਖਿਆ ਏ। ਮੁੱਖ ਗੱਲ ਇਹ ਆ ਕਿ ਤੂੰ ਦੂਜਿਆਂ ਦੀ ਸੇਵਾ ਕਰਨ ਤੇ ਦੂਜਿਆਂ ਲਈ ਆਪਣੀ ਜਾਨ ਦੇਣ ਦਾ ਫੈਸਲਾ ਕੀਤਾ ਏ। ਮੈਂ ਈਸਾ ਮਸੀਹ ਦਾ ਓਨਾਂ ਅਨੁਯਾਯੀ ਨਹੀਂ, ਜਿੰਨਾ ਕਿ ਤੂੰ ਏਂ। ਨਹੀਂ ਮੇਰੀ ਗੱਲ ਦਾ ਵਿਰੋਧ ਨਾ ਕਰ, ਕਿਉਂਕਿ ਇਹ ਖਰਾ-ਸੱਚ ਏ। ਮੈਂ ਕੀ ਕੀਤਾ ਏ? ਮੈਂ ਖ਼ੁਦ ਨੂੰ ਇਹਨਾਂ ਕੰਧਾਂ ਵਿਚ ਕੈਦ ਕਰ ਲਿਆ ਏ, ਬਾਹਰਲੀ ਦੁਨੀਆਂ ਲਈ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਜਦਕਿ ਉਹ ਅਜੇ ਵੀ ਮੇਰਾ ਪਿੱਛਾ ਕਰਦੀ ਪਈ ਏ...ਤੇ ਮੈਂ ਇੰਜ ਸਿਰਫ ਆਪਣੇ ਆਪ ਨੂੰ ਬਚਾਉਣ ਖਾਤਰ ਕੀਤਾ ਏ। ਬਾਹਰ ਦੁਨੀਆਂ 'ਚ ਜਿਹੜਾ ਅਨਿਆਂ ਹੋ ਰਿਹੈ, ਉਸ ਬਾਰੇ ਮੈਂ ਸਭ ਕੁਛ ਜਾਣਦਾ ਆਂ। ਪਰ ਉਸਦੇ ਵਿਰੁੱਧ ਸੰਘਰਸ਼ ਕਰਨ ਲਈ ਮੈਂ ਜੋ ਕੀਤਾ, ਉਹ ਤਾਂ ਕੁਛ ਵੀ ਨਹੀਂ। ਬਲਿਕੇ ਮੈਂ ਤਾਂ ਭੱਜ ਆਇਆਂ...ਤੇ ਏਥੇ ਇਸ ਮਠ 'ਚ ਆ ਕੇ ਲੁਕ ਗਿਆਂ। ਦੁਖੀਆਂ ਦੀ ਚਿੰਤਾ ਕੌਣ ਕਰਦਾ ਏ ? ਜਦੋਂ ਸ਼ਾਸਕ ਗਰੀਬਾਂ ਨੂੰ ਕੁਚਲ ਰਹੇ ਹੁੰਦੇ ਨੇ, ਤਾਂ ਕਿਹੜਾ ਨਿਆਂ ਲਈ ਆਵਾਜ਼ ਉਠਾਉਂਦਾ ਏ ? ਕੌਣ ਉਹਨਾਂ ਲੋਕਾਂ ਦੇ ਅੱਥਰੂ ਪੂੰਝਦਾ ਏ, ਜਿਹਨਾਂ ਦੇ ਪੁੱਤ-ਧੀਆਂ ਰੋਜ਼ ਮਾਰੇ ਜਾ ਰਹੇ ਹੁੰਦੇ ਨੇ ? ਜਦੋਂ ਤੇਰੀ ਮਾਂ ਤੇਰੇ ਲਈ ਫਿਕਰ ਕਰ ਰਹੀ ਹੁੰਦੀ ਏ ਤਾਂ ਕੌਣ ਉਹਨੂੰ ਦਿਲਾਸਾ ਦੇਂਦਾ ਏ ?ਮੈਂ ਤਾਂ ਨਹੀਂ। ਯਕੀਨਨ, ਮੈਂ ਬਿਹਤਰ ਦਿਨਾਂ ਲਈ ਤੇ ਪੀੜਾਂ ਪਰੁੱਚੇ ਇਹਨਾਂ ਵਰ੍ਹਿਆਂ ਦੀ ਸਮਾਪਤੀ ਲਈ ਪ੍ਰਾਰਥਨਾ ਕਰਦਾ ਹਾਂ। ਪਰ ਸਿਰਫ ਪ੍ਰਾਰਥਨਾਵਾਂ ਕਰਨੀਆਂ ਕਾਫੀ ਨਹੀਂ...ਈਸਾ ਸਾਡੇ ਪਾਪਾ ਦੀ ਸਜ਼ਾ ਭੋਗਣ ਲਈ ਖ਼ੁਦ ਧਰਤੀ 'ਤੇ ਆਇਆ ਸੀ। ਸਾਨੂੰ ਵੀ ਉਸੇ ਵਾਂਗ ਕਰਨਾ ਚਾਹੀਦਾ ਏ। ਪਰ ਮੈਂ ਓਵੇਂ ਨਹੀਂ ਕੀਤਾ।”
ਮੈਂ ਉਸਦੀ ਗੱਲ ਦਾ ਵਿਰੋਧ ਕਰਨਾ ਚਾਹੁੰਦਾ ਸਾਂ। ਉਸਨੂੰ ਦੱਸਣਾ ਚਾਹੁੰਦਾ ਸਾਂ ਕਿ ਉਹ ਸਿਰਫ ਆਪਣੇ ਲਈ ਨਹੀਂ, ਬਲਿਕੇ ਸਾਡੇ ਸਾਰਿਆਂ ਲਈ ਪ੍ਰਾਰਥਨਾ ਕਰਦਾ ਹੈ ਤੇ ਇੰਜ ਆਪਣੇ ਢੰਗ ਨਾਲ ਸਾਡੀ ਮਦਦ ਕਰ ਰਿਹਾ ਹੈ। ਪਰ ਮੈਂ ਕੁਝ ਕਹਿ ਨਹੀਂ ਸੀ ਸਕਿਆ; ਚੁੱਪਚਾਪ ਉਸ ਵੱਲ ਦੇਖਦਾ ਰਿਹਾ ਸਾਂ ਤੇ ਉਸਨੇ ਆਪਣੀ ਕਹਾਣੀ ਸ਼ੁਰੂ ਕਰ ਦਿੱਤੀ ਸੀ–ਕੇਡੀ ਵਚਿੱਤਰ ਕਹਾਣੀ ਸੀ ਉਹ!
“ਇੱਥੇ ਵਾਲਦਿਬਾ ਵਿਚ ਰਹਿਣ ਵਾਲੇ ਸਾਡੇ ਲੋਕਾਂ ਵਿਚੋਂ ਬਹੁਤ ਸਾਰੇ ਲੋਕ ਸ਼ੁਰੂ ਤੋਂ ਹੀ ਪੁਰੋਹਿਤ ਨਹੀਂ ਸਨ।” ਉਸਨੇ ਕਿਹਾ, “ਤੰੂੰ ਜਾਣਦਾ ਏਂ, ਮੇਰੇ ਵਰਗੇ ਏਥੇ ਕਈ ਲੋਕ ਨੇ, ਜਿਹੜੇ ਪੁਰੋਹਿਤ ਨਹੀਂ। ਮੇਰੇ ਵਰਗੇ ਕਈ ਲੋਕ ਸ਼ਹਿਰਾਂ ਤੋਂ ਤੇ ਦੂਜੇ ਲੋਕ ਪਿੰਡਾਂ 'ਚੋਂ ਇੱਥੇ ਆਏ ਨੇ। ਅਸੀਂ ਸਾਰੇ ਏਥੇ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਆਏ ਸਾਂ। ਕਈਆਂ ਨੇ ਹੱਤਿਆਵਾਂ ਕੀਤੀਆਂ ਸੀ, ਤੇ ਬਾਕੀਆਂ ਨੇ ਕੋਈ ਹੋਰ ਪਾਪ। ਇੱਥੇ ਆ ਕੇ ਕੁਛ ਲੋਕ ਤਾਂ ਆਪਣੇ ਪਾਪਾ ਦਾ ਪ੍ਰਾਸ਼ਚਿਤ ਕਰਨ ਵਿਚ ਸਫਲ ਹੋ ਜਾਂਦੇ ਨੇ, ਪਰ ਬਾਕੀ ਸਾਰੇ ਕਮਜ਼ੋਰ ਪੈ ਜਾਂਦੇ ਨੇ ਤੇ ਇੱਥੇ ਇਸ ਮਠ ਵਿਚ ਰਹਿੰਦੇ ਹੋਏ ਵੀ ਪਹਿਲਾਂ ਨਾਲੋਂ ਕਿਤੇ ਵਧ ਪਾਪ ਕਰਨ ਲੱਗ ਪੈਂਦੇ ਨੇ। ਸਾਜਿਸ਼ਾਂ ਕਰਨਾ, ਦੂਜਿਆਂ ਪ੍ਰਤੀ ਦੁਰਭਾਵਨਾ ਰੱਖਣਾ, ਪਿੱਠ ਪਿੱਛੇ ਦੂਜਿਆਂ ਦੀ ਬੁਰਿਆਈ ਕਰਨਾ, ਘਟੀਆ ਤੇ ਸਵਾਰਥਪੂਰਨ ਕੰਮ ਕਰਨਾ–ਇਹ ਸਭ ਵਾਲਦਿਬਾ ਵਿਚ ਵੀ ਹੁੰਦਾ ਏ।”
ਮੈਂ ਜਾਣਦਾ ਸਾਂ ਕਿ ਵਾਲਦਿਬਾ ਵਿਚ ਏਨਾ ਅਤੀਸੰਜਮ ਵਰਤਿਆ ਜਾਂਦਾ ਹੈ ਕਿ ਇੱਥੇ ਗਾਉਣਾ ਵੀ ਮਨ੍ਹਾਂ ਹੈ। ਇਸ ਲਈ ਕਿਤੇ ਕੁਝ ਅਸੰਭਵ ਦੇ ਵਾਪਰ ਜਾਣ 'ਤੇ ਲੋਕ ਕਹਿ ਦਿੰਦੇ ਸਨ ਕਿ 'ਵਾਲਦਿਬਾ ਵਿਚੋਂ ਵੀ ਤਾਂ ਕਦੇ ਕਦਾਈਂ ਗਾਉਣ ਦੀ ਆਵਾਜ਼ ਆ ਈ ਜਾਂਦੀ ਐ।' ਮੈਨੂੰ ਇਹ ਵੀ ਪਤਾ ਲਗਿਆ ਸੀ ਕਿ ਮਠ ਵਾਸੀਆਂ ਵਿਚ ਅੰਦਰੂਨੀ ਝਗੜੇ ਹੁੰਦੇ ਰਹਿੰਦੇ ਨੇ, ਜਿਹਨਾਂ ਦਾ ਕਾਰਨ ਹੈ ਮਠ ਦੀ ਸੰਪਤੀ 'ਤੇ ਕਬਜਾ ਕਰਨ ਤੇ ਉਸਦਾ ਮਨ ਚਾਹਿਆ ਇਸਤੇਮਾਲ ਕਰਨ ਲਈ ਹੋਣ ਵਾਲਾ ਸੱਤਾ ਸੰਘਰਸ਼। ਰਾਜਨੀਤੀ ਵੀ ਮਠ ਵਿਚ ਘੁਸ ਆਈ ਸੀ। ਇੱਥੋਂ ਦੇ ਕੁਝ ਲੋਕ ਸਰਕਾਰ ਦੇ ਸਮਰਥਕ ਸਨ ਤੇ ਕੁਝ ਸਾਡੇ ਛਾਪਾਮਾਰਾਂ ਦੇ।
“ਮੇਰਾ ਪਾਪ ਸਵੀਕਾਰ ਤੈਨੂੰ ਸਪਸ਼ਟ ਕਰ ਦਏਗਾ ਕਿ ਮੈਂ ਸੱਚ ਕਹਿ ਰਿਹਾ ਆਂ।” ਮਠਵਾਸੀ ਅਤੀ ਧੀਮੀ ਘੁਸਰ ਫੁਸਰੀ ਆਵਾਜ਼ ਵਿਚ ਕਹਿ ਰਿਹਾ ਸੀ। ਇਹ ਫੁਸਫੁਸਾਹਟ ਵਰ੍ਹਿਆਂ ਦੇ ਅਭਿਆਸ ਦਾ ਨਤੀਜਾ ਸੀ, ਕਿਉਂਕਿ ਮਠ ਵਿਚ ਉੱਚੀ ਆਵਾਜ਼ ਵਿਚ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ।
“ਮੈਂ ਲਗਭਗ ਛੇ ਸਾਲ ਪਹਿਲਾਂ ਆਦਿਸ ਅਬਾਬਾ ਤੋਂ ਵਾਲਦਿਬਾ ਆਇਆ। ਮੈਂ ਆਪਣੀ ਪਿਛਲੀ ਜ਼ਿੰਦਗੀ ਵਿਚ ਇਕ ਰਿਟਾਇਰਡ ਪੁਲਿਸ ਵਾਲਾ ਸਾਂ। ਮੈਂ ਦੇਖ ਰਿਹਾਂ ਕਿ ਤੈਨੂੰ ਇਹ ਸੁਣ ਕੇ ਹੈਰਾਨੀ ਹੋ ਰਹੀ ਏ। ਪਰ ਵਾਲਦਿਬਾ ਵਚਿੱਤਰ ਲੋਕਾਂ ਨਾਲ ਭਰਿਆ ਪਿਆ ਏ। ਤੀਹ ਸਾਲ ਮੈਂ ਪੁਲਿਸ ਵਿਚ ਨੌਕਰੀ ਕੀਤੀ ਏ ਤੇ ਮੈਂ ਸਾਰਜੈਂਟ ਬਣ ਕੇ ਰਿਟਾਇਰ ਹੋਇਆ ਸਾਂ। ਪਰ ਮੈਂ ਕਦੀ ਕਿਸੇ ਲੜਾਈ ਵਿਚ ਨਹੀਂ ਗਿਆ ਤੇ ਮੈਂ ਕਦੀ ਕਿਸੇ ਮਨੁੱਖ ਦੀ ਜਾਨ ਨਹੀਂ ਲਈ। ਗਾਰਡ ਦੀ ਡਿਊਟੀ ਚੋਰਾਂ ਨੂੰ ਫੜ੍ਹਨਾ, ਰਾਤ ਦੀ ਗਸ਼ਤ–ਇਹੀ ਸਭ ਮੈਂ ਕੀਤਾ।
“1974 ਵਿਚ ਜਦੋਂ ਤਬਾਹੀ ਸ਼ੁਰੂ ਹੋਈ, ਉਦੋਂ ਤਕ ਮੈਂ ਰਿਟਾਇਰ ਹੋ ਚੁੱਕਿਆ ਸਾਂ। ਮੈਂ ਗਰੀਬ ਸਾਂ, ਪਰ ਖੁਸ਼ ਸਾਂ। ਮੇਰੇ ਦੋ ਬੇਟੇ ਸਕੂਲ ਵਿਚ ਪੜ੍ਹ ਰਹੇ ਸੀ ਤੇ ਮੈਨੂੰ ਮਾਣ ਸੀ ਕਿ ਮੈਂ ਉਹਨਾਂ ਨੂੰ ਆਪਣੇ ਬੂਤੇ, ਠੀਕ ਢੰਗ ਨਾਲ ਵੱਡਾ ਕੀਤਾ ਏ। ਉਹਨਾਂ ਦੀ ਮਾਂ, ਜਿਹੜੀ ਇਕ ਭਲੀ ਔਰਤ ਸੀ, ਉਹਨਾਂ ਨੂੰ ਮੇਰੇ ਜ਼ਿੰਮੇਂ ਛੱਡ ਕੇ ਜਵਾਨੀ ਵਿਚ ਹੀ ਚੱਲ ਵੱਸੀ ਸੀ। ਮੈਂ ਦੋਵਾਂ ਨੂੰ ਪਿਆਰ ਦਿੱਤਾ, ਦੁਬਾਰਾ ਸ਼ਾਦੀ ਨਹੀਂ ਕੀਤੀ ਤੇ ਉਹਨਾਂ ਦੋਵਾਂ ਲਈ ਪੂਰੀ ਮਿਹਨਤ ਕੀਤੀ। ਈਸ਼ਵਰ ਦੇ ਅਸ਼ੀਰਵਾਦ ਨਾਲ ਮੇਰੀ ਜ਼ਿੰਦਗੀ ਵਾਕਈ ਬੜੀ ਚੰਗੀ ਸੀ। ਵੱਡੇ ਬੇਟੇ ਨੇ ਹਾਈ ਸਕੂਲ ਪਾਸ ਕਰਨ ਪਿੱਛੋਂ ਆਪਣੇ ਆਪ ਹੀ ਆਪਣੇ ਲਈ ਇਕ ਨੌਕਰੀ ਲੱਭ ਲਈ ਤੇ ਅਸੀਂ ਇਕ ਛੋਟੀ ਜਿਹੀ ਦੁਕਾਨ ਖੋਲ੍ਹਣ ਦਾ ਇੰਤਜ਼ਾਮ ਕਰ ਲਿਆ, ਜਿਸ ਨੂੰ ਪੈਨਸ਼ਨ ਮਿਲਣ ਤੋਂ ਬਾਅਦ ਮੈਂ ਚਲਾਉਣ ਲੱਗਾ ਸਾਂ। ਫੇਰ ਕਿਸਮਤ ਨਾਲ ਉਸਨੂੰ ਇਕ ਵਜੀਫਾ ਲੱਗ ਗਿਆ ਤੇ ਫਰੰਗੀਆਂ ਦੇ ਦੇਸ਼ ਜਾਣ ਦਾ ਇਕ ਮੌਕਾ ਮਿਲਿਆ–ਮੇਰੇ ਖ਼ਿਆਲ ਵਿਚ ਉਹ ਦੇਸ਼ ਅਮਰੀਕਾ ਸੀ। “ਮੇਰਾ ਛੋਟਾ ਲੜਕਾ ਆਦਿਸ ਯੂਨੀਵਰਸਟੀ ਵਿਚ ਦਾਖ਼ਲ ਹੋ ਗਿਆ ਤੇ ਮੇਰੇ ਨਾਲ ਰਿਹਾ। ਜਦੋਂ ਅਫਰਾ ਤਫਰੀ ਸ਼ੁਰੂ ਹੋਈ, ਤਾਂ ਮੇਰਾ ਇਹ ਜਵਾਨ ਮੁੰਡਾ ਵੀ ਦੂਜੇ ਮੁੰਡਿਆਂ ਵਾਂਗ ਵਿਰੋਧ ਪ੍ਰਦਰਸ਼ਨ ਤੇ ਇਸ ਤਰ੍ਹਾਂ ਦੇ ਦੂਜੇ ਪੰਗਿਆਂ ਵਿਚ ਪੈ ਗਿਆ। ਸ਼ੁਰੂ ਵਿਚ ਮੈਂ ਉਸਨੂੰ ਇਹਨਾ ਗਤੀਵਿਧੀਆਂ ਵਿਚ ਪੈਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਵੇਖਿਆ ਕਿ ਉਸਦਾ ਇਰਾਦਾ ਪੱਕਾ ਏ ਤੇ ਜਿੰਨਾ ਮੈਂ ਉਸ ਉੱਤੇ ਰਾਜਨੀਤੀ ਛੱਡਣ ਦਾ ਦਬਾਅ ਪਾਇਆ, ਓਨਾਂ ਹੀ ਉਹ ਮੈਥੋਂ ਦੂਰ ਹੁੰਦਾ ਗਿਆ। ਤੂੰ ਜਾਣਦਾ ਈ ਏਂ, ਉਸ ਸਮੇਂ ਮਾਤਾ ਪਿਤਾ ਤੇ ਬੱਚਿਆਂ ਵਿਚਕਾਰ ਕੈਸੀ ਸਮੱਸਿਆ ਪੈਦਾ ਹੋ ਗਈ ਸੀ। ਕੋਈ ਸਮਝੌਤਾ ਨਹੀਂ। ਮੈਂ ਕਦੀ ਸਮਝ ਈ ਨਹੀਂ ਸਕਿਆ ਕਿ ਆਖ਼ਰ ਜਵਾਨ ਪਨੀਰੀ ਨੂੰ ਓਹਨੀਂ ਦਿਨੀ ਹੋ ਕੀ ਗਿਆ ਸੀ। 'ਓਹਨੀਂ ਦਿਨੀ' ਕੀ ਆਖਾਂ ਮੈਂ ਤਾਂ ਹੁਣ ਵੀ ਨਹੀਂ ਜਾਣਦਾ ਕਿ ਤੁਸੀਂ ਸਾਰੇ ਕਿਸ ਗੱਲ 'ਤੇ ਭੜਕੇ ਹੋਏ ਓ।
“ਖ਼ੈਰ, ਮੈਂ ਉਸਨੂੰ ਉਸਦੇ ਹਾਲ 'ਤੇ ਛੱਡ ਦਿੱਤਾ। ਸੋਚ ਲਿਆ ਕਿ ਹੁਣ ਈਸ਼ਵਰ ਹੀ ਉਸਦੀ ਰੱਖਿਆ ਕਰੇਗਾ। ਆਖ਼ਰ ਉਹੀ ਤਾਂ ਸਾਡਾ ਭਾਗ-ਵਿਧਾਤਾ ਹੈ। ਹੈ ਨਾ ? ਪੂਰਾ ਇਕ ਸਾਲ ਉਹ ਉਥਲ-ਪੁਥਲ ਵਿਚ ਵਿਚਰਦਾ ਰਿਹਾ। ਕਦੀ ਕਦੀ ਉਹ ਕਈ ਕਈ ਦਿਨਾਂ ਤੀਕ ਘਰ ਨਹੀਂ ਸੀ ਆਉਂਦਾ ਤੇ ਮੈਨੂੰ ਉਸਦੀ ਸ਼ਕਲ ਨਾ ਵਿਖਾਲੀ ਦਿੰਦੀ। ਉਸ ਇਲਾਕੇ ਵਿਚ ਸਾਰੇ ਮਾਂ-ਬਾਪ ਇਵੇਂ ਈ ਪ੍ਰੇਸ਼ਾਨ ਸਨ। ਅਸੀਂ ਸਾਰੇ ਚਰਚ ਵਿਚ ਮਿਲਦੇ, ਆਪਣਾ ਦੁੱਖ ਸਾਂਝਾ ਕਰਦੇ ਤੇ ਈਸ਼ਵਰ ਨੂੰ ਪ੍ਰਾਰਥਨਾ ਕਰਦੇ ਕਿ ਸਾਡੇ ਬੱਚਿਆਂ ਦੀ ਰੱਖਿਆ ਕਰੇ।
“ਰਾਜੇ ਦਾ ਤਖ਼ਤਾ ਪਲਟ ਦਿਤਾ ਗਿਆ ਤੇ ਉਸਦੀ ਜਗ੍ਹਾ ਫੌਜੀ ਆ ਗਏ। ਉਹਨਾਂ ਵਾਅਦਾ ਕੀਤਾ ਕਿ ਹੁਣ ਚੰਗੇ ਦਿਨ ਆਉਣਗੇ। ਮੈਂ ਤੈਨੂੰ ਦੱਸ ਚੁੱਕਿਆਂ ਕਿ ਮੈਂ ਪੁਲਿਸ 'ਚ ਹੁੰਦਾ ਸਾਂ ਤੇ ਮੈਂ ਆਪਣੇ ਦਿਨਾਂ 'ਚ ਬੜਾ ਅਨਿਆਂ ਵੇਖਿਆ ਸੀ। ਫੇਰ ਵੀ, ਰਾਜਾ ਏਨਾ ਬੁਰਾ ਆਦਮੀ ਨਹੀਂ ਸੀ, ਜਿੰਨਾ ਮੇਰਾ ਬੇਟਾ ਸਮਝਦਾ ਸੀ। ਮੈਨੂੰ ਇਹ ਵੇਖ ਕੇ ਦੁਖ ਹੁੰਦਾ ਸੀ ਕਿ ਜਿਹੜੀ ਫੌਜੀ ਕੱਲ੍ਹ ਤੀਕ ਰਾਜੇ ਦੀ ਸੇਵਾ ਕਰਦੇ ਸੀ, ਹੁਣ ਅਚਾਨਕ ਉਹੀ ਸੰਘ ਪਾੜ-ਪਾੜ ਕੇ ਨਿੰਦ ਰਹੇ ਨੇ। ਕੁਛ ਲੋਕਾਂ ਤਾੜੀਆਂ ਵਜਾ ਕੇ ਫੌਜੀਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ 'ਇਹ ਬਦਲ ਬਿਹਤਰੀ ਲਈ ਹੋਇਆ ਏ।' ਪਰ ਮੈਂ ਜਾਣਦਾ ਸਾਂ ਕਿ ਉਹ ਗਲਤ ਸੋਚ ਰਹੇ ਨੇ। ਮੈਂ ਖ਼ੁਦ ਫੌਜੀ ਰਿਹਾ ਸਾਂ ਤੇ ਫੌਜੀਆਂ ਨੂੰ ਜਾਣਦਾ ਸਾਂ। ਮੈਂ ਜਾਣਦਾ ਸਾਂ ਕਿ ਨਾ ਤਾਂ ਸਾਡੇ ਵਿਚ ਦੇਸ਼ ਨੂੰ ਚਲਾਉਣ ਦਾ ਬਲ ਏ, ਨਾ ਧੀਰਜ, ਨਾ ਸਾਧਾਰਣ-ਨਿਹੱਥੇ ਲੋਕਾਂ ਪ੍ਰਤੀ ਕੋਈ ਸਨਮਾਨ, ਤੇ ਨਾ ਹੀ ਸਹਿਜ-ਸੁਭਾਅ। ਮੈਨੂੰ ਸ਼ੱਕ ਸੀ ਇਹਨਾਂ ਫੌਜੀਆਂ ਦੀ ਜੈ ਜੈਕਾਰ ਕਰਨ ਵਾਲਿਆਂ ਵਿਚੋਂ ਬਹੁਤ ਸਾਰੇ ਇਹਨਾਂ ਫੌਜੀਆਂ ਦੇ ਹੱਥੋਂ ਹੀ ਮਾਰੇ ਜਾਣਗੇ। ਹੈਰਾਨੀ ਦੀ ਗੱਲ ਏ ਕਿ ਮੇਰੇ ਬੇਟੇ ਦਾ ਵੀ ਇਹੋ ਖ਼ਿਆਲ ਸੀ। ਉਸਨੇ ਮੈਨੂੰ ਦੱਸਿਆ ਕਿ ਫੌਜੀਆਂ ਨੇ ਉਸ ਕਰਾਂਤੀ ਦਾ ਅਪਹਰਨ ਕਰ ਲਿਆ ਏ, ਜਿਸ ਮੁਤਾਬਿਕ ਜਨਤਾ ਨੇ ਆਪਣਾ ਰਾਜ ਖ਼ੁਦ ਚਲਾਉਣਾ ਸੀ। ਹਾਲਾਂਕਿ ਮੈਂ ਬਿਲਕੁਲ ਨਹੀਂ ਸੀ ਜਾਣਦਾ ਕਿ ਆਖ਼ਰ ਜਨਤਾ ਖ਼ੁਦ ਆਪਣਾ ਰਾਜ ਕਿੰਜ ਚਲਾ ਸਕਦੀ ਏ, ਫੇਰ ਵੀ ਮੈਨੂੰ ਆਪਣੇ ਬੇਟੇ ਦੀ ਗੱਲ ਸਹੀ ਲੱਗੀ ਸੀ।...ਤੇ ਜਿਵੇਂ ਕਿ ਤੂੰ ਜਾਣਦਾ ਈ ਏਂ, ਥੋੜ੍ਹੇ ਸਮੇਂ ਵਿਚ ਈ ਲੜਾਈ ਇਕ ਨਵੇਂ ਢੰਗ ਨਾਲ ਸ਼ੁਰੂ ਹੋ ਗਈ–ਇਸ ਵਾਰ ਫੌਜੀਆਂ ਤੇ ਮੇਰੇ ਬੇਟੇ ਵਰਗੇ ਲੋਕਾਂ ਵਿਚਕਾਰ ਸੀ।
“ਮੈਂ ਇਸ ਵਾਰ ਵੀ ਆਪਣੇ ਬੇਟੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਸਨੂੰ ਕਿਹਾ ਕਿ 'ਫੌਜੀਆਂ ਨੂੰ ਥੋੜ੍ਹਾ ਵਕਤ ਦਿਓ', ਭਾਵੇਂ ਮੈਂ ਜਾਣਦਾ ਸਾਂ ਕਿ ਵਕਤ ਇਸ ਸਮੱਸਿਆ ਦਾ ਕੋਈ ਹੱਲ ਨਹੀਂ। ਮੇਰੇ ਬੇਟੇ ਨੇ ਕਿਹਾ–'ਵਕਤ ਸੱਪ ਦੇ ਆਂਡਿਆਂ ਨੂੰ ਕਬੂਤਰ ਦੇ ਆਂਡਿਆਂ 'ਚ ਨਹੀਂ ਬਦਲ ਸਕਦਾ ਪਾਪਾ।' ਉਸ ਸਮੇਂ ਜਿਹੜੀਆਂ ਹੋਰ ਗੱਲਾਂ ਕਹੀਆਂ ਜਾ ਰਹੀਆਂ ਸਨ, ਮੇਰੀ ਸਮਝ ਤੋਂ ਪਰ੍ਹੇ ਸਨ, ਪਰ ਆਪਣੇ ਬੇਟੇ ਦੀ ਇਹ ਗੱਲ ਮੈਂ ਸਮਝ ਗਿਆ ਸਾਂ। ਉਸ ਸਮੇਂ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ, ਉਹਨਾਂ ਵਿਚ ਕੀ ਹੁੰਦਾ ਸੀ? ਬਹੁਤ ਸਾਰੇ ਸ਼ਬਦ, ਨਵੇਂ ਸ਼ਬਦ, ਘਿਰਣਾ ਦੀਆਂ ਪੰਡਾਂ, ਪਰ ਸਬਰ ਬੜਾ ਹੀ ਘੱਟ। ਮੈਂ ਇਹਨਾਂ ਨੂੰ ਨਹੀਂ ਸਮਝ ਸਕਿਆ ਸਾਂ, ਪਰ ਇਕ ਗੱਲ ਚੰਗੀ ਤਰ੍ਹਾਂ ਸਮਝਦਾ ਸਾਂ ਕਿ ਫੌਜੀਆਂ ਕੋਲ ਬੰਦੂਕਾਂ ਨੇ, ਜਦਕਿ ਮੇਰਾ ਬੇਟਾ ਤੇ ਉਸਦੇ ਸਾਥੀ ਨਿਹੱਥੇ ਨੇ। ਮੈਂ ਦੇਖ ਸਕਦਾ ਸਾਂ ਕਿ ਇਹ ਸਥਿਤੀ ਲੋਕ-ਘਾਣ ਵੱਲ ਲੈ ਜਾਣ ਵਾਲੀ ਸਥਿਤੀ ਏ। ਪਰ ਈਸ਼ਵਰ ਦੇ ਚੱਕਰ ਨੂੰ ਕੌਣ ਰੋਕ ਸਕਦਾ ਏ? ਜੋ ਹੋਣਾ ਏ, ਹੋ ਕੇ ਈ ਰਹੇਗਾ। ਕਿਸਮਤ 'ਚ ਜੋ ਲਿਖਿਆ ਏ, ਉਸਨੂੰ ਕੌਣ ਮੇਟ ਸਕਦਾ ਏ ? ਜੋ ਕੁਝ ਹੋ ਰਿਹੈ, ਸਭ ਉਸ ਉਪਰ ਵਾਲੇ ਦੀ ਇੱਛਾ ਨਾਲ ਹੋ ਰਿਹੈ। ਨਵੇਂ ਸ਼ਾਸਕਾਂ ਦੁਆਰਾ ਲੋਕ ਇੱਥੇ ਉੱਥੇ ਮਾਰੇ ਜਾ ਰਹੇ ਸੀ। ਰੇਡੀਓ, ਫਾਂਸੀ ਦੇ ਐਲਾਨ ਕਰਨ ਵਿਚ ਵਿਅਸਤ ਸੀ...ਪੂਰਾਣੇ ਸੱਤਾਧਾਰੀਆਂ ਵਿਚੋਂ ਬਹੁਤ ਸਾਰੇ ਲੋਕ ਮਾਰ ਦਿੱਤੇ ਗਏ ਸੀ, ਪਰ ਉਹਨਾਂ ਦੇ ਨਾਲ ਨਾਲ ਬਹੁਤ ਸਾਰੇ ਅਜਿਹੇ ਨੌਜਵਾਨ ਵੀ ਮਾਰ ਦਿੱਤੇ ਗਏ ਸਨ, ਜਿਹਨਾਂ ਪੁਰਾਣੇ ਸੱਤਾਧਾਰੀਆਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸ ਲਈ ਸਾਡੇ ਵਿਚੋਂ ਬਹੁਤ ਸਾਰੇ ਲੋਕ ਇਹ ਨਹੀਂ ਸਮਝ ਸਕੇ ਕਿ ਜਿਸਨੂੰ ਤੁਸੀਂ ਸਾਰੇ ਕਰਾਂਤੀ ਜਾਂ ਪਰਿਵਰਤਨ ਕਹਿੰਦੇ ਓ, ਉਸਦਾ ਅਰਥ ਕੀ ਏ?
“ਮੇਰਾ ਦੂਜਾ ਬੇਟਾ ਬ੍ਰਿਟਿਸ਼ ਤੋਂ ਵਾਪਸ ਆ ਗਿਆ। ਉਸਦੇ ਆਉਣ 'ਤੇ ਮੈਂ ਬੜਾ ਖੁਸ਼ ਸਾਂ, ਨਾਲ ਈ ਫਿਕਰਮੰਦ ਵੀ। ਪਰ ਉਹ ਆਪਣੇ ਭਰਾ ਨਾਲੋਂ ਬਿਲਕੁਲ ਵੱਖਰੇ ਸੁਭਾਅ ਦਾ ਨਿਕਲਿਆ। ਉਹ ਸ਼ਾਂਤ ਸੀ ਤੇ ਉਸ ਵੇਲੇ ਮੈਨੂੰ ਲੱਗਿਆ ਕਿ ਉਹ ਗ਼ੈਰ ਰਾਜਨੀਤਿਕ ਏ। ਉਸਨੇ ਇਕ ਚੰਗੀ ਜਿਹੀ ਨੌਕਰੀ ਕਰ ਲਈ ਤੇ ਜਿੱਥੋਂ ਤਕ ਮੇਰਾ ਖ਼ਿਆਲ ਸੀ, ਉਹ ਰਾਜਨੀਤੀ ਤੋਂ ਦੂਰ ਰਹਿੰਦਾ ਸੀ। ਰਾਤ ਦੇ ਖਾਣੇ ਵੇਲੇ ਉਹ ਮੇਰੀ ਤਰਫ਼ਦਾਰੀ ਕਰਦਿਆਂ ਹੋਇਆਂ ਆਪਣੇ ਛੋਟੇ ਭਰਾ ਨੂੰ ਰਾਜਨੀਤੀ ਛੱਡ ਕੇ ਪੜ੍ਹਾਈ ਉੱਤੇ ਧਿਆਨ ਦੇਣ ਦੀ ਸਲਾਹ ਦੇਂਦਾ। ਇਹ ਸਲਾਹ ਛੋਟੇ ਨੇ ਕਦੀ ਨਹੀਂ ਮੰਨੀ। ਉਹਨਾਂ ਦੋਵਾਂ ਵਿਚਕਾਰ ਸੰਬੰਧ ਠੀਕ ਨਹੀਂ ਸਨ ਤੇ ਮੈਂ ਉਸਦਾ ਜ਼ਿਮੇਂਵਾਰ ਛੋਟੇ ਨੂੰ ਹੀ ਕਹਿੰਦਾ ਸਾਂ।
“ਫੇਰ ਗੋਲੀਬਾਰੀ ਸ਼ੁਰੂ ਹੋ ਗਈ। ਤੁਸਾਂ ਲੋਕਾਂ ਉਸਨੂੰ ਸ਼ੁਰੂ ਕੀਤਾ। ਜਿੱਥੋਂ ਤੀਕ ਮੈਂ ਜਾਣਦਾ ਆਂ, ਤੂੰ ਵੀ ਉਸ ਵਿਚ ਸ਼ਾਮਿਲ ਹੋਵੇਂਗਾ। ਮੇਰਾ ਬੇਟਾ ਤਾਂ ਉਸ ਵਿਚ ਸ਼ਾਮਿਲ ਹੈ ਹੀ ਸੀ। ਉਸਨੇ ਮੈਨੂੰ ਕਦੀ ਨਹੀਂ ਦੱਸਿਆ, ਪਰ ਜਦੋਂ ਉਹ ਘਰ ਛੱਡ ਕੇ ਗਾਇਬ ਹੋ ਗਿਆ, ਮੈਨੂੰ ਸ਼ੱਕ ਹੋ ਗਿਆ ਕਿ ਉਹ ਕਿੱਥੇ ਗਿਆ ਹੋਵੇਗਾ। ਜਦੋਂ ਉਹ ਕਈ ਕਈ ਦਿਨ ਗਾਇਬ ਰਹਿੰਦਾ, ਮੈਂ ਸੋਚਦਾ ਕਿ ਉਹ ਮਰ ਚੁੱਕਿਆ ਏ। ਪਰ ਕਿਸੇ ਅੱਧੀ ਰਾਤ ਨੂੰ ਉਹ, ਪਹਿਲਾਂ ਕੋਈ ਸੂਚਨਾ ਦਿੱਤੇ ਬਿਨਾਂ, ਅਚਾਨਕ ਆ ਜਾਂਦਾ ਸੀ। ਉਹ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਤੇ ਫੇਰ ਹਫ਼ਤਿਆਂ ਲਈ ਗਾਇਬ ਹੋ ਜਾਂਦਾ। ਤੇ ਫੇਰ ਇਕ ਦਿਨ ਮੈਨੂੰ ਪਤਾ ਲੱਗਿਆ ਕਿ ਰਾਤ ਉਸਨੂੰ ਗ੍ਰਿਫਤਾਰ ਕਰਕੇ ਗੋਲੀ ਮਾਰ ਦਿੱਤੀ ਗਈ। ਉਸਨੂੰ ਦਫਨਾਇਆ ਨਹੀਂ ਗਿਆ। ਬਸ ਕਿਸੇ ਖੱਡ ਵਿਚ ਸੁੱਟ ਦਿੱਤਾ ਗਿਆ, ਪਤਾ ਨਹੀਂ ਕਿੱਥੇ, ਤੇ ਵਿਸਾਰ ਦਿਤਾ ਗਿਆ। ਲੋਕਲ ਜਿਲ੍ਹਾ ਸੰਮਤੀ ਦੇ ਅਫ਼ਸਰਾਂ ਨੇ ਮੈਨੂੰ ਇਹ ਖ਼ਬਰ ਦਿੱਤੀ, ਕਿਉਂਕਿ ਉਹਨਾਂ ਵਿਚੋਂ ਕੁਝ ਮੈਨੂੰ ਚੰਗੀ ਤਰ੍ਹਾਂ ਜਾਣਦੇ ਸਨ। ਮੈਂ ਨਾ ਤਾਂ ਕਿਸੇ ਮੂਹਰੇ ਰੋ ਈ ਸਕਦਾ ਸਾਂ ਤੇ ਨਾ ਹੀ ਮਾਤਮ ਮਨਾਅ ਸਕਦਾ ਸਾਂ, ਕਿਉਂਕਿ ਲੋਕਲ ਸ਼ਾਸਨ ਵੱਲੋਂ ਇਹ ਸਭ ਕਰਨ 'ਤੇ ਰੋਕ ਸੀ।
“ਤਦ ਮੈਂ ਬੋਈਜੇਰੋ ਅਸਕਾਲੁ ਨਾਂਅ ਦੀ ਆਪਣੀ ਇਕ ਪੁਰਾਣੀ ਮਿੱਤਰ ਦੇ ਘਰ ਗਿਆ। ਉਹ ਇਕ ਭਲੀ ਔਰਤ ਸੀ, ਜਿਸਦਾ ਪਤੀ ਬੜਾ ਚਿਰ ਪਹਿਲਾਂ ਮਰ ਚੁੱਕਿਆ ਸੀ। ਉਸਨੇ ਨੌਕਰਾਣੀ ਦਾ ਕੰਮ ਕਰਕੇ ਤੇ ਦੇਸੀ ਸ਼ਰਾਬ ਵੇਚ ਵੇਚ ਕੇ ਆਪਣੇ ਇਕਲੌਤੇ ਬੇਟੇ ਨੂੰ ਪਾਲਪੋਸ ਕੇ ਵੱਡਾ ਕੀਤਾ ਸੀ ਤੇ ਯੂਨੀਵਰਸਟੀ ਭੇਜਿਆ ਸੀ। ਉਸਨੇ ਦੁਬਾਰਾ ਸ਼ਾਦੀ ਨਹੀਂ ਸੀ ਕੀਤੀ, ਪਰ ਉਹ ਸ਼ਰਾਬ ਵੇਚਣ ਵਾਲੀਆਂ ਹੋਰਨਾਂ ਔਰਤਾਂ ਵਾਂਗ ਨਹੀਂ ਸੀ ਤੇ ਵੇਸ਼ੀਆ-ਬਿਰਤੀ ਵਿਚ ਸ਼ਾਮਿਲ ਨਹੀਂ ਸੀ ਹੋਈ। ਕਹਿ ਸਕਦੇ ਓ ਕਿ ਉਹ ਵਰ੍ਹਿਆਂ ਤੋਂ ਮੇਰੀ ਬੜੀ ਚੰਗੀ ਮਿੱਤਰ ਸੀ। ਅਸੀਂ ਆਪਣੀਆਂ ਚਿੰਤਾਵਾਂ, ਆਪਣੇ ਦੁੱਖ ਤੇ ਕਦੇ-ਕਦਾਰ ਨਸੀਬ ਹੋਣ ਵਾਲੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਸਨ। ਸਾਨੂੰ ਇਕ ਦੂਜੇ ਨਾਲ ਪ੍ਰੇਮ ਸੀ, ਪਰ ਅਸੀਂ ਆਪਣੀ ਮਿੱਤਰਤਾ ਨੂੰ ਬਿਸਤਰੇ ਤੀਕ ਲਿਜਾਅ ਕੇ ਬਡਰੂਪ ਨਹੀਂ ਸੀ ਕੀਤਾ। ਉਸਦਾ ਬੇਟਾ ਮੇਰੇ ਬੇਟੇ ਦਾ ਦੋਸਤ ਸੀ। ਉਹ ਇਕ ਚੰਗਾ ਵਿਦਿਆਰਥੀ ਤੇ ਬੜਾ ਈ ਸਾਊ ਮੁੰਡਾ ਸੀ। ਉਹ ਆਪਣੀ ਮਾਂ ਨੂੰ ਬੜਾ ਪਿਆਰ ਕਰਦਾ ਸੀ ਤੇ ਜੂਨ ਸੁਖਾਲੀ ਕਰਨ ਲਈ ਸ਼ਾਮੀ ਕਿੱਧਰੇ ਕੰਮ ਵੀ ਕਰਦਾ ਸੀ। ਤੂੰ ਕਹਿ ਸਕਦਾ ਏਂ ਕਿ ਉਹ ਉਸੇ ਲਈ ਜਿਊਂਦੀ ਸੀ।
“ਜਦ ਮੇਰਾ ਬੇਟਾ ਮਰਿਆ, ਮੈਂ ਉਸਦੇ ਘਰ ਗਿਆ ਤੇ ਹਫ਼ਤਾ ਭਰ ਗੁਪਤ ਰੂਪ ਵਿਚ ਉੱਥੇ ਦੁੱਖ ਮਨਾਉਂਦਾ ਰਿਹਾ। ਉਹ ਮੇਰੇ ਦੁੱਖ ਵਿਚ ਸ਼ਾਮਿਲ ਹੋਈ। ਉਸਦਾ ਬੇਟਾ ਵੀ ਦੁਖੀ ਸੀ, ਜਿਵੇਂ ਉਸਨੂੰ ਇਸ ਗੱਲ ਦੀ ਗਲਾਨੀ ਹੋਵੇ ਕਿ ਉਹ ਜਿਊਂਦਾ ਹੈ, ਜਦਕਿ ਮੇਰਾ ਬੇਟਾ ਮਰ ਗਿਆ ਏ। ਮੇਰੇ ਗੁਆਂਢੀਆਂ ਤੇ ਜਿਲ੍ਹੇ ਦੇ ਹੋਰ ਜਾਣਕਾਰਾਂ ਨੇ ਚੁੱਪਚਾਪ ਮੇਰਾ ਗਮ ਵੰਡਾਇਆ ਤੇ ਚੋਰੀ ਛਿਪੇ ਆਪਣਾ ਅਫ਼ਸੋਸ ਜ਼ਾਹਿਰ ਕੀਤਾ। ਜਲਦੀ ਹੀ ਮੈਨੂੰ ਵੀ ਉਹਨਾਂ ਲਈ ਇਹੀ ਸਭ ਕਰਨਾ ਪਿਆ, ਕਿਉਂਕਿ ਆਏ ਦਿਨ ਵੱਧ ਤੋਂ ਵੱਧ ਲੋਕਾਂ ਦੇ ਬੱਚੇ-ਬੱਚੀਆਂ ਦੀ ਹੱਤਿਆ ਕੀਤੀ ਜਾ ਰਹੀ ਸੀ। ਹਰ ਰਾਤ ਗੋਲੀਆਂ ਦੀ ਆਵਾਜ਼ ਗੂੰਜਦੀ ਤੇ ਹਰ ਰਾਤ ਅਸੀਂ ਮਾਤਾ-ਪਿਤਾ ਤਿਲ ਤਿਲ ਮਰਦੇ। ਬਹੁਤ ਸਾਰੇ ਲੋਕ ਸੈਨਿਕ ਸ਼ਾਸਨ ਨਾਲ ਲੜਨ ਵਿਚ ਆਪਣੇ ਬੱਚਿਆਂ ਦੀ ਮਦਦ ਕਰਦੇ ਹੋਏ ਖ਼ੁਦ ਵੀ ਮਾਰੇ ਗਏ। ਹੋਰ ਬਹੁਤ ਸਾਰੇ ਇਸ ਤੁਫ਼ਾਨ ਵਿਚ, ਜਿਹੜਾ ਉਹਨਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ...'ਕੀ ਕਰਨ, ਕੀ ਨਾ ਕਰਨ' ਦੀ ਸਥਿਤੀ ਵਿਚ ਫਸੇ ਖੜ੍ਹੇ ਸੀ। ਉਸ ਸਮੇਂ ਤਰਕ, ਦਲੀਲ ਕੋਈ ਨਹੀਂ ਸੁਣ ਰਿਹਾ ਸੀ। ਕੋਈ ਕਿਸੇ ਤੋਂ ਸਲਾਹ ਨਹੀਂ ਲੈ ਰਿਹਾ ਸੀ। ਹਰੇਕ ਗੋਲੀ ਚਲਾਉਣ, ਲੜਨ ਤੇ ਬਹਿਸ ਕਰਨ ਵਿਚ ਵਿਅਸਤ ਸੀ। ਮੈਂ ਪ੍ਰਾਰਥਨਾ ਕਰਦਾ ਸਾਂ। ਅਸੀਂ ਸਾਰੇ ਪ੍ਰਾਰਥਨਾ ਕਰਦੇ ਸਾਂ। ਪਰ ਚਰਚ ਵੀ ਸ਼ਾਂਤੀ ਨਹੀਂ ਸੀ। ਕਿਵੇਂ ਹੋ ਸਕਦੀ ਸੀ, ਜਦਕਿ ਹਜ਼ਾਰਾਂ ਲੋਕੀ ਰੋਜ਼ ਮਰ ਰਹੇ ਸੀ? ਕਿਤੇ ਵੀ ਸ਼ਾਂਤੀ ਕਿੰਜ ਹੋ ਸਕਦੀ ਸੀ, ਜਦ ਬੱਚੇ ਬਗਿਆੜਾਂ ਦਾ ਗਰਾਸ ਬਣਾਏ ਜਾ ਰਹੇ ਸੀ? ਕੁਛ ਪੁਰੋਹਿਤਾਂ ਨੇ ਇਹ ਗੱਲ ਆਪਣੇ ਪ੍ਰਵਚਨਾ ਵਿਚ ਆਖੀ, ਕਈਆਂ ਨੇ ਸਿੱਧੇ-ਸਾਦੇ ਢੰਗ ਨਾਲ ਤੇ ਕੁਝ ਨੇ ਉਦਹਾਰਣਾ ਤੇ ਰੂਪਕਾਂ ਰਾਹੀਂ। ਪਰ ਇਹ ਗੱਲ ਅਸੀਂ ਸਾਰੇ ਜਾਣਦੇ ਸੀ। ਚਾਰੇ ਪਾਸੇ ਭੈ ਦਾ ਪਸਾਰ ਸੀ।...ਕਿਤੇ ਮੈਂ ਇਸ ਕਹਾਣੀ ਨਾਲ ਤੈਨੂੰ ਬੋਰ ਤਾਂ ਨਹੀਂ ਕਰ ਰਿਹਾ, ਜਿਸਨੂੰ ਸ਼ਾਇਦ ਤੂੰ ਖ਼ੁਦ ਮੇਰੇ ਨਾਲੋਂ ਬਿਹਤਰ ਜਾਣਦਾ ਏਂ ?”
“ਨਹੀਂ-ਨਹੀਂ।” ਮੈਂ ਜਵਾਬ ਦਿੱਤਾ। ਹਾਲਾਂਕਿ ਬੁੱਢਾ ਜਿਹਨਾਂ ਦਿਨਾਂ ਦੀ ਗੱਲ ਕਰ ਰਿਹਾ ਸੀ, ਉਹਨੀਂ ਦਿਨੀ ਮੈਂ ਉੱਥੇ ਈ ਸਾਂ, ਉਸੇ ਲੜਾਈ ਵਿਚ, ਪਰ ਉਸਦੀ ਕਹਾਣੀ ਨੇ ਮੈਨੂੰ ਕੀਲ ਲਿਆ ਸੀ। ਲੜਾਈ ਲੜਨ ਵਾਲਿਆਂ ਤੇ ਉਸਨੂੰ ਵੇਖਣ ਤੇ ਉਸਦੇ ਨਤੀਜੇ ਭੁਗਤਣ ਵਾਲਿਆਂ ਦੇ ਦ੍ਰਿਸ਼ਟੀਕੋਨ ਵਿਚ ਅੰਤਰ ਹੁੰਦਾ ਹੈ। ਬੁੱਢਾ ਉਸ ਲੜਾਈ ਦਾ ਦਰਸ਼ਕ ਤੇ ਭੁਗਤਾ ਸੀ। ਉਸਦੀਆਂ ਗੱਲਾਂ ਵਿਚ ਮਾਤ-ਪਿਤਾ ਦੀ ਚਿੰਤਾ ਤੇ ਬੇਚੈਨੀ ਸੀ ਤੇ ਮੈਨੂੰ ਇਹਨਾਂ ਗੱਲਾਂ ਦਾ ਕੋਈ ਪਰਤੱਖ ਅਨੁਭਵ ਨਹੀਂ ਸੀ।
“ਮੈਂ ਤੈਨੂੰ ਬਹੁਤਾ ਬੋਰ ਨਹੀਂ ਕਰਾਂਗਾ।” ਬੁੱਢੇ ਨੇ ਕਿਹਾ, “ਮੌਤਾਂ ਤੇ ਹੰਝੂ ਭਰੇ ਉਹਨਾਂ ਦਿਨਾਂ ਦੀ ਹੀ ਗੱਲ ਏ, ਇਕ ਦਿਨ ਮੇਰੀ ਮਿੱਤਰ ਅਸਕਾਲੁ ਮੇਰੇ ਘਰ ਆਈ। ਘਰ ਵਿਚ ਵੜਦੀ ਹੀ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਤੇ ਮਾਤਮੀ ਵਿਰਲਾਪ ਕਰਨ ਲੱਗੀ। ਮੈਨੂੰ ਇਹ ਸਮਝਣ ਵਿਚ ਥੋੜ੍ਹਾ ਸਮਾਂ ਲੱਗਿਆ ਕਿ ਦਰਵਾਜ਼ਾ ਖੋਹਲਦਿਆਂ ਹੋਇਆਂ ਉਹਦੀਆਂ ਹੰਝੂਆਂ ਭਰੀਆਂ ਅੱਖਾਂ ਵੇਖ ਕੇ ਜਿਹੜੀ ਸ਼ੰਕਾ ਮੇਰੇ ਮਨ ਵਿਚ ਪੈਦਾ ਹੋਈ ਸੀ, ਉਹ ਸੱਚ ਸੀ। ਉਸਦਾ ਇਕੋਇਕ ਮੁੰਡਾ ਮਾਰ ਦਿਤਾ ਗਿਆ ਸੀ। ਇਸ ਨਾਲੋਂ ਵੀ ਮਾੜੀ ਗੱਲ ਇਹ ਸੀ ਕਿ ਉਸਦੀ ਮਰਿਤ ਦੇਹ ਉਸਨੂੰ ਦਿਖਾਉਣ ਲਈ ਨਾਲ ਵਾਲੀ ਇਕ ਸੜਕ ਉੱਤੇ ਸੁੱਟ ਦਿੱਤੀ ਗਈ ਸੀ। ਕਿਸੇ ਨੇ ਉਸਦੀ ਲਾਸ਼ ਵੇਖ ਕੇ ਹੀ ਉਸਦੀ ਮਾਂ ਨੂੰ ਖ਼ਬਰ ਦਿੱਤੀ ਸੀ। ਮਾੜਾ ਸਮਾਂ ਮਾੜੇ ਢੰਗ ਤਰੀਕਿਆਂ ਨੂੰ ਜਨਮ ਦਿੰਦਾ ਏ। ਉਸਦੇ ਬੇਟੇ ਦੇ ਮਾਰੇ ਜਾਣ ਦੀ ਖ਼ਬਰ ਪਹਿਲਾਂ ਸਾਨੂੰ ਦਿੱਤੀ ਜਾਣੀ ਚਾਹੀਦੀ ਸੀ, ਤਾਂਕਿ ਇਹ ਖ਼ਬਰ ਅਸੀਂ ਉਸਨੂੰ ਦਿਲਾਸਾ ਦੇਂਦੇ ਹੋਏ ਹੌਲੀ ਹੌਲੀ ਸੁਣਾਦੇ।
“ਮੈਂ ਅਸਕਾਲੁ ਨੂੰ ਸ਼ਾਂਤ ਕੀਤਾ ਤੇ ਇਕ ਗੁਆਂਢੀ ਨੂੰ ਉਸਦਾ ਧਿਆਨ ਰੱਖਣ ਲਈ ਬੁਲਾ ਲਿਆ, ਤਾਂਕਿ ਉਹ ਏਨੀ ਉੱਚੀ ਆਵਾਜ਼ ਵਿਚ ਨਾ ਰੋਏ ਕਿ ਪਹਿਰੇਦਾਰ ਸੁਣ ਲੈਣ ਤੇ ਉਸਨੂੰ ਫੜ੍ਹ ਕੇ ਲੈ ਜਾਣ। ਇਸ ਪਿੱਛੋਂ ਮੈਂ ਬਾਹਰ ਗਿਆ ਤੇ ਅਸਕਾਲੁ ਦੇ ਬੇਟੇ ਦੀ ਲਾਸ਼ ਆਪਣੀ ਅੱਖੀਂ ਵੇਖੀ। ਉਹ ਚੀਥੜੇ-ਚੀਥੜੇ ਹੋ ਗਈ ਸੀ, ਜਿਵੇਂ ਕੋਈ ਬਘਿਆੜ ਉਸ ਨਾਲ ਖੇਡਦਾ ਰਿਹਾ ਹੋਵੇ। ਮੈਂ ਉੱਥੇ ਖਾਸੀ ਦੇਰ ਤੀਕ ਖੜ੍ਹਾ ਰਿਹਾ, ਉਹ ਭਲੇ ਮੁੰਡੇ ਦੇ ਉੱਧੜੇ-ਉੱਖੜੇ ਪਿੰਜਰ ਨੂੰ ਦੇਖਦਾ ਹੋਇਆ, ਜਿਹੜਾ ਉਸ ਪਿਆਰੀ ਔਰਤ ਦੇ ਦੁੱਖ ਤੇ ਤਕਲੀਫ਼ ਦਾ ਕਾਰਨ ਸੀ। ਮੈਂ ਲਾਸ਼ ਕੋਲ ਖੜ੍ਹੇ ਪਹਿਰੇਦਾਰ ਵੱਲ ਦੇਖਿਆ, ਜਿਹੜਾ ਤਮਾਸ਼ਬੀਨਾਂ 'ਤੇ ਨਜ਼ਰ ਰੱਖ ਰਿਹਾ ਸੀ ਕਿ ਕਿਤੇ ਉਹਨਾਂ ਵਿਚ ਕੋਈ ਰੋਣ ਦਾ ਅਪਰਾਧ ਤਾਂ ਨਹੀਂ ਸੀ ਕਰ ਰਿਹਾ।
“ਮੈਂ ਬੜੀ ਮੁਸ਼ਕਿਲ ਨਾਲ ਆਪਣੇ ਹੰਝੂਆਂ ਨੂੰ ਰੋਕਿਆ। ਤੇ ਤੈਨੂੰ ਦੱਸਾਂ, ਉਸੇ ਛਿਣ ਮੈਂ ਮਨ ਮਨ ਹੀ ਮਨ ਇਕ ਬਹੁਤ ਭਿਅੰਕਰ ਅਪਰਾਧ ਕੀਤਾ। ਮੈਂ ਹਿਰਖ ਵੱਸ ਈਸ਼ਵਰ ਨੂੰ ਲਲਕਰਾ-ਜਿਹਾ ਮਾਰਿਆ-'ਓਇ ਕਿੱਥੇ ਐਂ ਤੂੰ ?' ਮੈਂ ਭੰਵਤਰੀ ਜਿਹੀ ਆਵਾਜ਼ ਵਿਚ ਪੁੱਛਿਆ, 'ਏਥੇ ਸਾਡੇ ਬੱਚੇ ਮਾਰੇ ਜਾ ਰਹੇ ਨੇ ਤੇ ਤੂੰ ਕਿੱਥੇ ਐਂ ? ਕੀ ਮੇਰਾ ਮੁੰਡਾ ਤੇ ਹੋਰ ਹਜ਼ਾਰਾਂ ਕਾਫੀ ਨਹੀਂ ਸੀ, ਜੋ ਤੂੰ ਇਸ ਭਲੀ ਔਰਤ ਦਾ ਇਕਲੌਤਾ ਪੁੱਤਰ ਵੀ ਖੋਹ ਲਿਆ?'
“ਮੈਂ ਏਨਾ ਹਿਰਖਿਆ ਹੋਇਆ ਸੀ ਕਿ ਦੱਸ ਨਹੀਂ ਸਕਦਾ। ਤੇ ਹਿਰਖ ਪਾਪਾ ਵੱਲ ਲੈ ਤੁਰਦਾ ਏ। ਸੋ ਮੈਂ ਪਾਪ ਕਰ ਲਿਆ। ਮੈਂ ਘਰ ਪਰਤ ਆਇਆ। ਉਸ ਵਿਚਾਰੀ ਔਰਤ ਦੀ ਖਿੱਲਰੀ-ਪੁਲਰੀ ਜ਼ਿੰਦਗੀ ਕੋਲ, ਜਿਹੜੀ ਵਰ੍ਹਿਆਂ ਤੋਂ ਮੇਰੀ ਮਿੱਤਰ ਸੀ। ਅਜਿਹੀ ਔਰਤ ਨੂੰ ਮੈਂ ਕਹਿ ਕੀ ਸਕਦਾ ਸਾਂ? 'ਹੌਸਲਾ ਰੱਖ?' 'ਈਸ਼ਵਰ 'ਤੇ ਭਰੋਸਾ ਰੱਖ?' ਸਾਰੇ ਸ਼ਬਦ ਖੋਖਲੇ ਤੇ ਨਾਕਾਫੀ ਸਨ। ਮੈਂ ਬਸ ਉਸਦੇ ਨਾਲ ਨਾਲ ਰੋਂਦਾ ਰਿਹਾ। ਉਹ ਉਸੇ ਤਰ੍ਹਾਂ ਹਫ਼ਤਾ ਭਰ ਮੇਰੇ ਘਰ ਰਹੀ, ਜਿਵੇਂ ਮੈਂ ਉਸਦੇ ਘਰ ਰਿਹਾ ਸਾਂ। ਅਸੀਂ ਆਪਣਾ ਦੁੱਖ ਵੰਡਿਆ, ਪਰ ਵੰਡਣ ਨਾਲ ਵੀ ਉਹ ਘੱਟ ਸੀ ਨਹੀਂ ਹੋਇਆ। ਅਸੀਂ ਕੋਲੋ ਕੋਲ ਬੈਠੇ ਰੋਂਦੇ ਰਹੇ।
“ਹਾਂ, ਮੈਂ ਤੈਨੂੰ ਦੱਸਣਾ ਭੁੱਲ ਗਿਆ, ਮੇਰਾ ਵੱਡਾ ਬੇਟਾ, ਹਫ਼ਤਾ ਹਫ਼ਤਾ ਬਾਹਰ ਰਹਿਣ ਲੱਗ ਪਿਆ ਸੀ। ਉਸਨੇ ਮੈਨੂੰ ਦੱਸਿਆ ਕਿ ਉਸਦੀ ਡਿਊਟੀ ਬੜੀ ਸਖ਼ਤ ਏ, ਤੇ ਉਸਨੂੰ ਰਾਤ ਨੂੰ ਵੀ ਕੰਮ ਕਰਨਾ ਪੈਂਦਾ ਏ, ਤੇ ਕਰਫ਼ਿਊ ਤੇ ਗੋਲਾਬਾਰੀ ਕਰਕੇ ਇਹੀ ਬਿਹਤਰ ਏ ਕਿ ਉਹ ਆਪਣੇ ਦਫ਼ਤਰ ਵਿਚ ਈ ਸੰਵੇਂ। ਪਰ ਉਹ ਹਰ ਐਤਵਾਰ ਦੀ ਰਾਤ ਮੈਨੂੰ ਮਿਲਣ ਆਉਂਦਾ ਤੇ ਸਵੇਰੇ ਤੜਕੇ ਈ ਚਲਾ ਜਾਂਦਾ। ਮੈਂ ਇਸ ਉੱਤੇ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ।
“ਬੋਇਜੇਰੋ ਅਸਕਾਲੁ ਆਪਣੇ ਘਰ ਚਲੀ ਗਈ, ਪਰ ਉਹ ਬਦਲ ਗਈ ਸੀ। ਮੈਂ ਹਰ ਰੋਜ਼ ਉਹਦੇ ਘਰ ਜਾਂਦਾ, ਪਰ ਇੰਜ ਲੱਗਦਾ, ਜਿਵੇਂ ਕਿਸੇ ਲਾਸ਼ ਨੂੰ ਮਿਲ ਕੇ ਆਇਆ ਹੋਵਾਂ। ਉਹ ਮੁਸ਼ਕਿਲ ਨਾਲ ਹੀ ਕੋਈ ਗੱਲ ਕਰਦੀ, ਬੜਾ ਘੱਟ ਖਾਂਦੀ ਤੇ ਸਾਰਾ ਦਿਨ ਰੋਂਦੀ ਰਹਿੰਦੀ। ਮੈਨੂੰ ਉਸਦੀ ਫਿਕਰ ਹੋ ਗਈ ਤੇ ਮੈਂ ਕਈ ਕਈ ਘੰਟੇ ਉਸਦੇ ਘਰ ਰੁਕਣ ਲੱਗਾ। ਮੈਂ ਹੋਰ ਲੋਕਾਂ ਨਾਲ ਵੀ ਗੱਲ ਕੀਤੀ ਤੇ ਉਸਦਾ ਧਿਆਨ ਰੱਖਣ ਲਈ ਅਸੀਂ ਵਾਰੀ ਨਾਲ ਬਹਾਨੇ ਸਿਰ ਰਾਤ ਨੂੰ ਉਸਦੇ ਘਰ ਰਹਿਣ ਲੱਗੇ...ਇਸ ਤਰ੍ਹਾਂ ਕਿ ਉਸਨੂੰ ਪਤਾ ਨਾ ਲੱਗੇ। ਮੈਨੂੰ ਡਰ ਸੀ ਕਿ ਉਸਨੂੰ ਇਕੱਲੀ ਛੱਡ ਦਿਤਾ ਗਿਆ, ਤਾਂ ਉਹ ਆਪਣੀ ਜਾਨ ਲੈ ਲਵੇਗੀ। ਕੇਡੀ ਗਲਤ ਫਹਿਮੀਂ ਵਿਚ ਸਾਂ ਮੈਂ! ਜਦੋਂ ਸਾਹ ਲੈਂਦੀ ਹੋਈ ਤੇ ਤੁਰਦੀ ਫਿਰਦੀ ਹੋਈ ਵੀ ਉਹ ਮੁਰਦੇ ਵਾਂਗ ਲੱਗ ਰਹੀ ਸੀ, ਤਾਂ ਆਪਣੀ ਜਾਨ ਕਿੰਜ ਲੈ ਸਕਦੀ ਸੀ? ਮੈਂ ਉਸਨੂੰ ਪਿਆਰ ਕੀਤਾ ਸੀ ਤੇ ਉਸਦੀ ਇਸ ਮੌਤ ਦੇ ਨਾਲ ਮੈਂ ਵੀ ਮਰ ਗਿਆ। ਮੈਨੂੰ ਦੁਨੀਆਂ ਨਾਲ, ਸਰਕਾਰ ਨਾਲ, ਨਫ਼ਰਤ ਹੋ ਗਈ। ਖ਼ੂਨ ਨਾਲ ਰੰਗੇ ਹੱਥਾਂ ਵਾਲੇ ਪਹਿਰੇਦਾਰਾਂ ਨੂੰ ਸ਼ਾਨ ਨਾਲ ਆਕੜ ਕੇ ਤੁਰਦਿਆਂ ਵੇਖ ਕੇ ਮੈਨੂੰ ਘਿਣ ਆਉਣ ਲੱਗ ਪੈਂਦੀ। ਉਹਨਾਂ ਨੂੰ ਆਪਣੇ ਆਪ ਉੱਤੇ ਸ਼ਰਮ ਆਉਣੀ ਚਾਹੀਦੀ ਸੀ, ਪਰ ਉਹ ਆਕੜ ਨਾਲ ਆਪਣਾ ਪ੍ਰਦਰਸ਼ਣ ਕਰਦੇ ਤੁਰਦੇ। ਬੱਚਿਆਂ ਤੇ ਬੁੱਢਿਆਂ, ਔਰਤਾਂ-ਮਰਦਾਂ ਦੇ ਹੱਤਿਆਰੇ ਸਨ ਉਹ! ਸਾਰੇ ਦੇ ਸਾਰੇ ਅਪਰਾਧੀ!
“ਫੇਰ ਇਕ ਦੁਪਹਿਰ ਮੈਂ ਜਾਣਿਆ ਕਿ ਨਰਕ ਕੀ ਹੁੰਦਾ ਹੈ। ਮੈਂ ਆਪਣੇ ਘਰ ਬੈਠਾ ਡੇਵਿਡ ਦੇ ਭਜਨ ਪੜ੍ਹ ਰਿਹਾ ਸਾਂ ਕਿ ਮੇਰਾ ਇਕ ਪੁਰਾਣਾ ਮਿੱਤਰ ਮੈਨੂੰ ਮਿਲਣ ਆ ਗਿਆ। ਉਹ ਮੇਰੇ ਨਾਲ ਪੁਲਿਸ ਵਿਚ ਨੌਕਰੀ ਕਰਦਾ ਸੀ। ਕੁਛ ਦੇਰ ਅਸੀਂ ਪੁਰਾਣੇ ਦਿਨਾਂ ਦੀਆਂ ਤੇ ਫੇਰ ਇਹਨਾਂ ਕਰੂਰ ਨਵੇਂ ਦਿਨਾਂ ਦੀਆਂ ਗੱਲਾਂ ਕੀਤੀਆਂ। ਉਸਨੇ ਮੇਰੇ ਬੇਟੇ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ।
“'ਹੋਰ, ਅਸਕਾਲੁ ਕੈਸੀ ਹੈ?' ਉਸਨੇ ਮੈਨੂੰ ਪੁੱਛਿਆ। ਮੈਂ ਉਸਨੂੰ ਦਸਿਆ ਕਿ ਉਹ ਜਿਊਂ ਤਾਂ ਰਹੀ ਏ, ਪਰ ਮੁਰਦੇ ਵਾਂਗ। 'ਵਿਚਾਰੀ ਔਰਤ' ਉਸਨੇ ਦੁਖ ਪਰੁੱਚੀ ਆਵਾਜ਼ ਵਿਚ ਕਿਹਾ ਤੇ ਨਾਲ ਹੀ ਜੋੜਿਆ, 'ਤੇ ਵਿਚਾਰਾ ਤੂੰ!' ਮੈਂ ਉਸਨੂੰ ਪੁੱਛਿਆ ਕਿ ਉਸਨੇ ਇੰਜ ਕਿਉਂ ਕਿਹਾ ਏ। ਉਹ ਰਤਾ ਪ੍ਰੇਸ਼ਾਨ ਜਿਹਾ ਹੋ ਗਿਆ, ਪਰ ਫੇਰ ਜਦੋਂ ਮੈਂ ਜ਼ੋਰ ਦਿਤਾ ਤਾਂ ਉਸਨੇ ਦੱਸ ਦਿਤਾ। ਤੇ ਮੈਂ ਉਸ ਦਿਨ ਨੂੰ ਫਿਟਕਾਰ ਰਿਹਾ ਹਾਂ, ਜਿਸ ਦਿਨ ਉਹ ਮੈਨੂੰ ਮਿਲਣ ਆਇਆ ਸੀ।”
ਬੁੱਢੇ ਨੇ ਕਹਾਣੀ ਰੋਕ ਦਿਤੀ ਤੇ ਮੈਨੂੰ ਪਾਣੀ ਦੇਣ ਲਈ ਕਿਹਾ। ਪਾਣੀ ਪੀ ਕੇ ਉਸਨੇ ਫੇਰ ਕਹਿਣਾ ਸ਼ੁਰੂ ਕੀਤਾ :
“ਉਸਨੇ ਮੈਨੂੰ ਦੱਸਿਆ ਕਿ ਮੇਰਾ ਵੱਡਾ ਬੇਟਾ ਅਸਕਾਲੁ ਦੇ ਬੇਟੇ ਦੀ ਮੌਤ ਦਾ ਜ਼ਿਮੇਂਵਾਰ ਹੈ। ਕੇਡਾ ਝਟਕਾ ਦਿਤਾ ਸੀ ਉਸਨੇ ਮੈਨੂੰ! ਮੈਂ ਬਿਲਕੁਲ ਸੁੰਨ ਹੋ ਗਿਆ ਸਾਂ। ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਸੀ ਆਇਆ। ਇੱਥੋਂ ਤਕ ਮੈਂ ਆਪਣੇ ਮਿੱਤਰ ਦੀ ਗੱਲ 'ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦਾ ਹੋਇਆ ਹਿਰਖ ਵੱਸ ਉਸ ਉੱਤੇ ਵਰ੍ਹ ਵੀ ਗਿਆ ਸਾਂ। ਪਰ ਆਪਣੇ ਅੰਦਰਲੀ ਡੁੰਘਿਆਈ ਵਿਚ ਕਿਤੇ ਨਾ ਕਿਤੇ ਮੈਨੂੰ ਸ਼ੱਕ ਹੋਣ ਲੱਗ ਪਿਆ ਸੀ। 'ਮੈਨੂੰ ਮੁਆਫ਼ ਕਰੀਂ।' ਮੇਰੇ ਮਿੱਤਰ ਨੇ ਕਿਹਾ, 'ਮੈਂ ਸੋਚਿਆ ਤੂੰ ਜਾਣਦਾ ਹੋਵੇਂਗਾ।' ਪਰ ਮੈਂ ਕੁਝ ਨਹੀਂ ਜਾਣਦਾ ਸੀ। ਮੈਂ ਖ਼ੁਦ ਨੂੰ ਸ਼ਾਂਤ ਕੀਤਾ ਤੇ ਉਸਨੂੰ ਸਭ ਕੁਝ ਸੱਚ-ਸੱਚ ਦੱਸ ਦੇਣ ਦੀ ਪ੍ਰਾਰਥਨਾ ਕੀਤੀ। ਤੇ ਉਸਨੇ ਮੈਨੂੰ ਦਸਿਆ।...ਉਸਨੇ ਮੈਨੂੰ ਦਸਿਆ ਕਿ ਮੇਰਾ ਬੇਟਾ ਸੈਨਿਕ ਸੱਤਾ ਦਾ ਸਮਰਥਨ ਕਰਨ ਵਾਲੇ ਇਕ ਗੁੱਟ ਦਾ ਮੈਂਬਰ ਏ ਤੇ ਹੱਤਿਆਰਿਆਂ ਦੇ ਨਾਲ ਹੁੰਦਾ ਏ। ਉਸਨੇ ਮੈਨੂੰ ਦਸਿਆ ਕਿ ਮੇਰੇ ਬੇਟੇ ਨੇ ਅਸਕਾਲੁ ਦੇ ਬੇਟੇ ਵੱਲ ਉਂਗਲ ਕਰਕੇ ਕਿਹਾ ਕਿ ਉਹ 'ਅਰਾਜਕ ਹੈ'। ਉਸਨੇ ਮੈਨੂੰ ਦਸਿਆ ਕਿ ਇਸੇ ਦੇ ਸਿੱਟੇ ਵਜੋਂ ਅਸਕਾਲੁ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੇਰੇ ਬੇਟੇ ਨੇ, ਦੂਜਿਆਂ ਨਾਲ ਰਲ ਕੇ ਉਸ ਤੋਂ ਪੁੱਛਗਿੱਛ ਕਰਦਿਆਂ ਹੋਇਆਂ ਉਸਨੂੰ ਘੋਰ ਤਸੀਹੇ ਦਿਤੇ। ਉਸਨੇ ਮੈਨੂੰ ਦਸਿਆ ਕਿ ਇਹ ਗੱਲ ਸੋਲਾਂ ਆਨੇ ਸੱਚ ਏ ਕਿ ਮੇਰਾ ਬੇਟਾ ਨਜ਼ਦੀਕ ਦੀ ਇਕ ਖੇਤਰੀ ਜੇਲ੍ਹ ਵਿਚ, ਜਿਸਨੂੰ ਉਸਦੇ ਦੋਸਤ ਚਲਾਉਂਦੇ ਨੇ, ਆਪਣੀਆਂ ਰਾਤਾਂ ਬਿਤਾਉਂਦਾ ਏ ਤੇ ਇਹ ਲੋਕ ਹਰ ਰਾਤ ਕਈ ਨੌਜਵਾਨਾ ਨੂੰ ਤਸੀਹੇ ਦੇ ਦੇ ਕੇ ਮਾਰ ਦੇਂਦੇ ਨੇ। ਉਸਨੇ ਹੈਰਾਨੀ ਵਿਖਾਈ ਕਿ ਜਦੋਂ ਜਿਲ੍ਹੇ ਦੇ ਬਹੁਤ ਸਾਰੇ ਲੋਕ ਮੇਰੇ ਬੇਟੇ ਦੀਆਂ ਗਤੀ-ਵਿਧੀਆਂ ਨੂੰ ਜਾਣਦੇ ਨੇ, ਤਾਂ ਮੈਂ ਇਸ ਤੋਂ ਅਣਜਾਣ ਕਿੰਜ ਹੋ ਸਕਦਾ ਹਾਂ!
“ਮੈਂ ਕੀ ਕਹਿ ਸਕਦਾ ਸੀ? ਮੇਰੇ ਬੇਟੇ ਨੇ ਕਿਹਾ ਸੀ ਕਿ ਉਸਨੂੰ ਰਾਤ ਨੂੰ ਕੰਮ ਕਰਨਾ ਪੈਂਦਾ ਏ। ਐਤਵਾਰ ਦੀ ਰਾਤ ਨੂੰ ਆਉਣਾ, ਸਵੇਰੇ ਜਲਦੀ ਚਲੇ ਜਾਣਾ; ਆਪਣੇ ਕੰਮ ਬਾਰੇ ਕਦੀ ਕੁਛ ਨਾ ਦਸਣਾ...ਕਦੀ ਕੁਛ ਦਸਦਾ ਈ ਨਹੀਂ ਸੀ ਉਹ। ਹੁਣ ਸਾਰੀਆਂ ਕੜੀਆਂ ਜੁੜਨ ਲੱਗੀਆਂ–ਤੇ ਆਪਣੇ ਦੁਖ ਨੇ ਮੈਨੂੰ ਇਹ ਵੀ ਚੇਤਾ ਕਰਾਅ ਦਿਤਾ ਕਿ ਆਪਣੇ ਛੋਟੇ ਭਰਾ ਦੇ ਮਰਨ 'ਤੇ ਉਹ ਖਾਸ ਦੁਖੀ ਨਹੀਂ ਸੀ ਹੋਇਆ। ਆਪਣੇ ਦੁਖ ਸਦਕਾ ਮੈਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਹਰ ਵਾਰੀ ਮੈਨੂੰ ਦੇਖਦਿਆਂ ਹੀ ਅਸਕਾਲੁ ਕਿਉਂ ਫੁਟ ਫੁਟ ਕੇ ਰੋਣ ਲੱਗ ਪੈਂਦੀ ਸੀ। ਮੈਂ ਸੋਚਦਾ ਸੀ ਕਿ ਉਹ ਆਪਣੇ ਪੁੱਤਰ ਦੇ ਮੁੱਕ ਜਾਣ ਕਰਕੇ ਦੁਖੀ ਹੈ, ਜਦਕਿ ਉਹ ਅਸਲ ਵਿਚ ਮੇਰੇ ਲਈ ਰੋ ਰਹੀ ਹੁੰਦੀ ਸੀ।”
ਬੁੱਢੇ ਦੀਆਂ ਗਲ੍ਹਾਂ 'ਤੇ ਅੱਥਰੂ ਢਿਲਕ ਆਏ, “ਕਾਸ਼, ਮੈਂ ਆਪਣੀ ਪਤਨੀ ਜਾਂ ਆਪਣੇ ਛੋਟੇ ਬੇਟੇ ਦੇ ਨਾਲ ਈ ਮਰ ਗਿਆ ਹੁੰਦਾ! ਮੈਂ ਇਕ ਸ਼ਰਮਸਾਰ, ਤਬਾਹ ਤੇ ਇਕ ਅਭਾਗਾ ਬੁੱਢਾ ਆਦਮੀ ਸਾਂ। ਮੇਰਾ ਆਪਣਾ ਖ਼ੂਨ ਉਸ ਔਰਤ ਦੇ ਦੁੱਖਾਂ ਦਾ ਕਾਰਣ ਸੀ, ਜਿਸਨੂੰ ਮੈਂ ਪ੍ਰੇਮ ਕਰਦਾ ਸਾਂ। ਮੇਰਾ ਆਪਣਾ ਬੇਟਾ ਇਕ ਖ਼ੂਨੀ ਸੀ। ਮੈਂ ਖ਼ੁਦ ਨੂੰ ਗੰਦਾ ਦੇ ਘਿਣਾਉਣਾ ਮਹਿਸੂਸ ਕਰਨ ਲੱਗਾ–ਖ਼ੂਨ ਦੀ ਦੁਰਗੰਧ ਨਾਲ ਲਿਬੜਿਆ ਹੋਇਆ, ਧੁਰ ਅੰਦਰ ਤੀਕ ਗਲੀਜ਼। ਮੈਂ ਚਰਚ ਜਾਣਾ ਬੰਦ ਕਰ ਦਿਤਾ। ਅਸਕਾਲੁ ਦੇ ਘਰ ਜਾਂਦੇ ਹੋਏ ਸ਼ਰਮ ਆਉਂਦੀ ਸੀ, ਪਰ ਮੈਂ ਖ਼ੁਦ ਨੂੰ ਉੱਥੇ ਜਾਣ ਲਈ ਮਜ਼ਬੂਰ ਕੀਤਾ। ਉਸਨੇ ਮੈਨੂੰ ਵੇਖਿਆ, ਤਾਂ ਰੋ ਪਈ। ਮੈਂ ਵੀ ਚੁਪਚਾਪ ਰੋਂਦਾ ਰਿਹਾ ਤੇ ਤੁਰਨ ਤੋਂ ਪਹਿਲਾਂ ਮੈਂ ਬਸ ਉਸਨੂੰ ਏਨਾ ਕਿਹਾ ਕਿ 'ਮੈਂ ਜਾਣਦਾ ਆਂ। ਮੈਨੂੰ ਮੁਆਫ਼ ਕਰ ਦੇਅ।' ਉਸ ਸੁਹਿਰਦ ਔਰਤ ਨੇ ਮੇਰੇ ਹੱਥ ਘੁੱਟ ਕੇ ਫੜ੍ਹ ਲਏ ਤੇ ਅੱਖਾਂ ਵਿਚ ਅੱਥਰੂ ਭਰ ਕੇ ਬੋਲੀ–'ਇਸ ਵਿਚ ਤੇਰੀ ਕੋਈ ਗਲਤੀ ਨਹੀਂ। ਈਸ਼ਵਰ ਜਾਣਦਾ ਏ, ਇਹ ਸਮਾਂ ਈ ਗਲਤ ਏ।' ਤੇ ਇਸ ਨਾਲ ਮੇਰਾ ਸੰਤਾਪ ਹੋਰ ਵਧ ਗਿਆ। ਸ਼ਾਇਦ ਮੈਂ ਚਾਹੁੰਦਾ ਸਾਂ ਕਿ ਉਹ ਮੈਨੂੰ ਮਿਹਣੇ ਮਾਰੇ ਤੇ ਇਸ 'ਤੇ ਮੈਨੂੰ ਉਸ ਉਤੇ ਗੁੱਸਾ ਆਵੇ ਤੇ ਮੈਂ ਆਪਣੀ ਨਮੋਸ਼ੀ ਕੁਝ ਘੱਟ ਕਰ ਸਕਾਂ, ਪਰ ਉਹ ਤਾਂ ਮੇਰੇ ਲਈ ਰੋ ਰਹੀ ਸੀ। ਪਰ ਮੈਂ ਉਸਦੇ ਬੇਟੇ ਦੇ ਹੱਤਿਆਰੇ ਦਾ ਪਿਤਾ ਹੋਣ ਦੇ ਨਾਤੇ ਭਲਾ ਆਪਣੇ ਬੇਟੇ ਦੇ ਅਪਰਾਧਾਂ ਦਾ ਜ਼ਿਮੇਂਵਾਰ ਕਿਉਂ ਨਹੀਂ ਸਾਂ?
“ਮੈਂ ਸ਼ਾਂਤ ਮਨ ਨਾਲ ਐਤਵਾਰ ਦੀ ਉਡੀਕ ਕੀਤੀ। ਨਹੀਂ, ਇਹ ਪੂਰੀ ਤਰ੍ਹਾਂ ਸੱਚ ਨਹੀਂ। ਮੇਰੇ ਅੰਦਰ ਖਲਬਲੀ ਮੱਚੀ ਹੋਈ ਸੀ। ਕੀ ਮੈਂ ਘਰ ਛੱਡ ਕੇ ਚਲਾ ਜਾਵਾਂ ਤੇ ਫੇਰ ਕਦੀ ਉਸਦੀ ਸੂਰਤ ਨਾ ਵੇਖਾਂ? ਜਾਂ ਮੈਨੂੰ ਉਸਦਾ ਸਾਹਮਣਾ ਕਰਨਾ ਚਾਹੀਦਾ ਏ? ਜੇ ਉਸਦੀ ਮਾਂ ਜਿਊਂਦੀ ਹੁੰਦੀ, ਤਾਂ ਉਹ ਕੀ ਮਹਿਸੂਸ ਕਰਦੀ? ਮੇਰਾ ਮੋਇਆ ਪੁੱਤਰ ਕੀ ਸਲਾਹ ਦੇਂਦਾ, ਜੇ ਉਹ ਜਿਊਂਦਾ ਹੁੰਦਾ? ਮੈਂ ਅਸਕਾਲੁ ਨੂੰ ਪੁੱਛਦਾ, ਤਾਂ ਉਹ ਕੀ ਜਵਾਬ ਦੇਂਦੀ? ਜੇ ਉਸਦਾ ਮੋਇਆ ਪੁੱਤਰ ਆਪਣੀ ਕਬਰ 'ਚੋਂ ਮੇਰੇ ਨਾਲ ਗੱਲ ਕਰ ਸਕਦਾ, ਤਾਂ ਉਹ ਕੀ ਕਹਿੰਦਾ? ਮੈਂ ਕੋਈ ਆਵਾਜ਼ ਨਹੀਂ ਸੁਣੀ, ਕੋਈ ਸੁਪਨਾ ਨਹੀਂ ਵੇਖਿਆ, ਪਰ ਮੈਂ ਉਡੀਕ ਕੀਤੀ।
“ਐਤਵਾਰ ਦੀ ਰਾਤ ਆਈ ਤੇ ਮੇਰਾ ਪੁੱਤਰ ਘਰ ਆਇਆ। ਉਹ ਹਮੇਸ਼ਾ ਵਾਂਗ ਆਪਣੇ ਆਪ ਵਿਚ ਮਗਨ ਸੀ ਤੇ ਉਸਦਾ ਧਿਆਨ ਹੀ ਨਹੀਂ ਸੀ ਕਿ ਮੈਂ ਉਸਨੂੰ ਇੰਜ ਗੌਰ ਨਾਲ ਵੇਖ ਰਿਹਾ ਆਂ ਜਿਵੇਂ ਉਹ ਵਚਿੱਤਰ ਆਦਤਾਂ ਤੇ ਰੰਗ-ਢੰਗ ਵਾਲਾ ਕੋਈ ਅਜਨਬੀ ਹੋਵੇ। ਆਖ਼ਰ ਮੈਂ ਜੋ ਕਹਿਣਾ ਸੀ, ਮੈਂ ਕਿਹਾ। ਸਮਾਂ ਤੇ ਸ਼ਬਦ ਬਰਬਾਦ ਕਰਨ ਦਾ ਕੋਈ ਮਤਲਬ ਨਹੀਂ ਸੀ, ਇਸ ਲਈ ਮੈਂ ਉਸਨੂੰ ਸਿੱਧਾ ਹੀ ਪੁੱਛਿਆ, 'ਕੀ ਤੂੰ ਜਿਲ੍ਹਾ ਸੰਮਤੀ ਲਈ ਕੰਮ ਕਰਦਾ ਏਂ?'
“ਉਸਨੇ ਮੈਨੂੰ ਸਿੱਧਾ ਸਾਦਾ ਕੋਈ ਜਵਾਬ ਨਹੀਂ ਦਿੱਤਾ, ਪਰ ਉਸਦੀਆਂ ਅੱਖਾਂ ਸਭ ਕੁਝ ਦਸ ਰਹੀਆਂ ਸੀ। ਮੈਂ ਤੈਨੂੰ ਬੋਰ ਨਾ ਕਰਨ ਦਾ ਵਾਅਦਾ ਕੀਤਾ ਸੀ, ਪਰ ਮੈਂ ਏਨਾ ਜ਼ਰੂਰ ਦੱਸਣਾ ਏਂ ਕਿ ਅਖ਼ੀਰ ਉਸਨੇ ਸਵੀਕਾਰ ਕੀਤਾ ਤੇ ਇੱਥੋਂ ਤੀਕ ਕਿ ਮੈਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ 'ਅਸਕਾਲੁ ਦੇ ਪੁੱਤਰ ਵਰਗੇ 'ਲੋਕ-ਦੁਸ਼ਮਣ' ਜੇ ਆਪਣੇ ਵਿਚਾਰ ਨਹੀਂ ਬਦਲਦੇ, ਤਾਂ ਉਹਨਾਂ ਨੂੰ ਮਾਰਨਾ ਈ ਪਏਗਾ।' ਜਿੰਨੀ ਦੇਰ ਉਹ ਬੋਲਦਾ ਰਿਹਾ, ਓਨੀ ਦੇਰ ਮੈਨੂੰ ਉਸਦੀ ਆਵਾਜ਼ ਰੇਡੀਓ ਵਰਗੀ ਲੱਗਦੀ ਰਹੀ। ਤੇ ਓਨਾਂ ਹੀ ਉਹ ਮੈਨੂੰ ਮੇਰੇ ਸਾਹਮਣੇ ਬੈਠਾ ਹੋਇਆ ਓਪਰਾ ਆਦਮੀ ਲੱਗਣ ਲੱਗਾ। ਮੇਰੀਆਂ ਅੱਖਾਂ ਵਿਚ ਅੱਥਰੂ ਨਹੀਂ ਆਏ। ਮੈਂ ਸੁੰਨ-ਮੰਨ ਤੇ ਸਿਲ-ਪੱਥਰ ਜਿਹਾ ਹੋ ਗਿਆ। ਜਿਵੇਂ ਕੋਈ ਔਤਰਾ ਆਦਮੀ ਹੋਵਾਂ।
“ਸਵੇਰੇ ਉਹ ਅਗਲੇ ਐਤਵਾਰ ਆਉਣ ਦਾ ਵਾਅਦਾ ਕਰਕੇ ਚਲਾ ਗਿਆ। ਮੇਰੇ ਲਈ ਇਹ ਹਫ਼ਤਾ ਬੜਾ ਲੰਮਾ ਹੋ ਗਿਆ ਸੀ। ਅਸਕਾਲੁ ਇਕ ਦੋ ਵਾਰ ਆਈ, ਜਿਵੇਂ ਮੈਂ ਉਸ ਤੋਂ ਵੱਧ ਤਰਸਯੋਗ ਹੋਵਾਂ। ਉਸਨੂੰ ਵੇਖ ਕੇ ਮੇਰੀ ਨਮੋਸ਼ੀ ਵਧ ਗਈ ਤੇ ਇੰਜ ਮੇਰਾ ਇਰਾਦਾ ਪੱਕਾ ਹੋ ਗਿਆ। ਮੇਰਾ ਵਿਸ਼ਵਾਸ ਸੀ ਕਿ ਹਰੇਕ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਏ। ਮੇਰਾ ਪੁੱਤਰ ਮੇਰੀ ਜ਼ਿਮੇਂਵਾਰੀ ਸੀ। ਮੈਂ ਉਸਨੂੰ ਇਸ ਦੁਨੀਆਂ ਵਿਚ ਲਿਆਇਆ ਸਾਂ। ਉਹ ਮੇਰਾ ਬੋਝ ਸੀ। ਤੇ ਫੇਰ ਵੀ ਮੈਂ ਉਹ ਕਰਨ ਦਾ ਫੈਸਲਾ ਨਹੀਂ ਲੈ ਸਕਿਆ, ਜੋ ਮੇਰੀ ਸਮਝ 'ਚ ਮੈਨੂੰ ਕਰਨਾ ਚਾਹੀਦਾ ਸੀ। ਮੈਂ ਡਰਪੋਕ ਸਾਂ, ਜਾਂ ਸ਼ਾਇਦ ਇਕ ਪਿਤਾ। ਸਿਰਫ ਇਕ ਪਿਤਾ।
“ਮੈਂ ਆਪਣੇ ਇਲਾਕੇ ਦੇ ਇਕ ਮੁੰਡੇ ਨੂੰ ਜਾਣਦਾ ਸਾਂ, ਜਿਸ ਬਾਰੇ ਮੈਨੂੰ ਸ਼ੱਕ ਸੀ ਕਿ ਉਹ ਗੁਪਤ ਰੂਪ ਵਿਚ ਤੇਰੇ ਦੋਸਤਾਂ ਨਾਲ ਕੰਮ ਕਰਦਾ ਏ। ਮੈਂ ਉਸ ਕੋਲ ਗਿਆ ਤੇ ਅਸੀਂ ਗੱਲਬਾਤ ਕੀਤੀ। ਸਿੱਧੇ ਢੰਗ ਨਾਲ ਨਹੀਂ। ਮੈਂ ਉਸਨੂੰ ਦਸਿਆ ਕਿ ਮੈਂ ਉਸ ਬਾਰੇ ਜਾਣਦਾ ਹਾਂ। ਉਸਨੇ ਨਾ ਤਾਂ ਇਨਕਾਰ ਕੀਤਾ ਤੇ ਨਾ ਹੀ ਇਸ ਗੱਲ ਦੀ ਤਸਦੀਕ ਕੀਤੀ, ਕਿਉਂਕਿ ਮੈਂ ਖੁੱਲ੍ਹ ਕੇ ਕੁਝ ਵੀ ਨਹੀ ਸੀ ਕਿਹਾ। ਮੈਂ ਉਸਨੂੰ ਦਸਿਆ ਕਿ ਮੇਰਾ ਬੇਟਾ ਆਮ ਤੌਰ 'ਤੇ ਹਰ ਐਤਵਾਰ ਦੀ ਰਾਤ ਮੈਨੂੰ ਮਿਲਣ ਆਉਂਦਾ ਏ ਤੇ ਸਵੇਰੇ ਜਲਦੀ ਈ ਚਲਾ ਜਾਂਦਾ ਏ। ਮੈਂ ਬਸ ਏਨਾ ਹੀ ਕਿਹਾ, ਹੋਰ ਕੁਝ ਨਹੀਂ। ਜਦੋਂ ਮੈਂ ਤੁਰਨ ਲੱਗਿਆ, ਮੁੰਡੇ ਨੇ ਪੁੱਛਿਆ, 'ਕਿਸ ਲਈ?' ਮੈਂ ਉਸ ਵੱਲ ਦੇਖਿਆ ਤੇ ਕਿਹਾ, 'ਅਸਕਾਲੁ ਦੇ ਬੇਟੇ ਲਈ। ਤੇਰੇ ਲਈ। ਤੇ ਆਪਣੇ ਉਸ ਜਿਉਂਦੇ ਬੇਟੇ ਦੇ ਲਈ ਵੀ।' ਤੇ ਮੈਂ ਤੁਰ ਆਇਆ। ਮੈਂ 'ਮੇਰੇ ਲਈ' ਨਹੀਂ ਕਿਹਾ, ਹਾਲਾਂਕਿ ਮੈਂ ਸੋਚਦਾ ਰਿਹਾ ਹਾਂ ਕਿ ਮੈਂ ਇਹ ਵੀ ਕਹਿ ਸਕਦਾ ਸਾਂ।
“ਐਤਵਾਰ ਆਇਆ ਤੇ ਮੇਰਾ ਹੱਤਿਆਰਾ ਬੇਟਾ ਮੈਨੂੰ ਮਿਲਣ ਆਇਆ। ਉਹ ਇਕ ਖਾਮੋਸ਼ ਰਾਤ ਸੀ। ਮੈਂ ਦੇਰ ਤੀਕ ਉਸ ਵਲ ਵੇਖਦਾ ਰਿਹਾ ਤੇ ਦਿਲ ਹੀ ਦਿਲ 'ਚ ਉਸਨੂੰ ਅਲਵਿਦਾ ਕਹਿੰਦਾ ਰਿਹਾ। ਮੈਂ ਰੋਇਆ ਨਹੀਂ। ਤੜਕੇ ਠੀਕ ਕਰਫ਼ਿਊ ਦੇ ਸਮੇਂ ਤੋਂ ਪਿੱਛੋਂ ਮੈਂ ਉਸਨੂੰ ਜਾਂਦਿਆਂ ਸੁਣਿਆ। ਕੁਝ ਮਿੰਟ ਬਾਅਦ ਮੈਂ ਕੁਝ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਮੈਂ ਜਾਣਦਾ ਸੀ ਕੀ ਹੋਇਆ ਏ। ਮੈਂ ਉਸਨੂੰ ਵੇਖਣ ਬਾਹਰ ਨਹੀਂ ਗਿਆ। ਪਿਛੋਂ ਸਰਕਾਰੀ ਲੋਕ ਉਸਦੀ ਲਾਸ਼ ਮਕਾਨ ਅੰਦਰ ਲੈ ਆਏ, ਪਰ ਮੈਂ ਉਸਦੀ ਮਰਿਤ ਦੇਹ ਦੇਖਣ ਤੋਂ ਬਚਦਾ ਰਿਹਾ। ਮੈਂ ਨਹੀਂ ਰੋਇਆ ਤੇ ਉਹਨਾਂ ਸੋਚਿਆ ਕਿ ਮੈਂ ਕਰਾਂਤੀ ਲਈ ਆਪਣੇ ਬੇਟੇ ਦੀ ਕੁਰਬਾਨੀ ਦੇਣ ਲਈ ਤਿਆਰ ਇਕ ਸਖ਼ਤ ਜਾਨ ਬੁੱਢਾ ਹਾਂ। ਉਸਦਾ ਨਾਂਅ ਅਖ਼ਬਾਰਾਂ ਵਿਚ ਛਪਿਆ ਤੇ ਸਰਕਾਰੀ ਅਫ਼ਸਰ ਉਸਦੇ ਜਨਾਜੇ ਵਿਚ ਸ਼ਾਮਿਲ ਹੋਏ। ਪਿੱਛੋਂ ਮੈਂ ਸੁਣਿਆ ਕਿ ਉਸਦੀ ਮੌਤ ਦੇ ਬਦਲੇ ਕੁਝ ਕੈਦੀਆਂ ਦੀ ਹੱਤਿਆ ਕਰ ਦਿਤੀ ਗਈ। ਯਾਨੀ ਮਰ ਕੇ ਵੀ ਉਹ ਕੁਛ ਹੋਰ ਮੌਤਾਂ ਦਾ ਕਾਰਨ ਬਣਿਆ। ਇਕ ਸਰਾਪਿਆ ਹੋਇਆ ਪੁੱਤਰ, ਤੇ ਮੈਂ, ਉਸਦਾ ਸਰਾਪਿਆ ਹੋਇਆ ਪਿਓ।
“ਕੁਛ ਸਮੇਂ ਬਾਅਦ ਮੈਨੂੰ ਇਸ ਪਾਸੇ ਆਉਣ ਲਈ ਜਿਲ੍ਹਾ ਸੰਮਤੀ ਵੱਲੋਂ ਆਗਿਆ ਪੱਤਰ ਮਿਲ ਗਿਆ। ਪਰ ਘਰ ਛੱਡਣ ਤੋਂ ਪਹਿਲਾਂ ਮੈਂ ਅਸਕਾਲੁ ਕੋਲ ਗਿਆ ਤੇ ਉਸਨੂੰ ਦਸਿਆ ਕਿ ਮੈਂ ਇਹ ਭੌਤਕ ਸੰਸਾਰ ਛੱਡ ਕੇ ਇਕਾਂਤ ਵਾਸੀ ਬਣ ਜਾਣ ਦਾ ਫੈਸਲਾ ਕੀਤਾ ਏ। ਉਸਨੇ ਮੈਨੂੰ ਅਲਵਿਦਾ ਕਿਹਾ ਤੇ ਦਸਿਆ ਕਿ ਉਹ ਵੀ ਦੇਵ੍ਰੇ ਦੇ ਲਿਬਾਨੋਸ ਮਠ ਵਿਚ ਨਨ ਬਣਨ ਜਾ ਰਹੀ ਏ।
“ਤੇ ਇਹੀ ਮੇਰਾ ਪਾਪ-ਸਵੀਕਾਰ ਏ।” ਬੁੱਢੇ ਨੇ ਕਿਹਾ, “ਮੈਂ ਆਪਣੇ ਪੁੱਤਰ ਦੀ ਮੌਤ ਦਾ ਕਾਰਨ ਬਣਿਆ। ਤੇ ਤੇਰਾ ਇਹ ਸਭ ਕੁਝ ਸੁਣ ਲੈਣਾ ਵੀ ਠੀਕ ਈ ਰਿਹਾ, ਕਿਉਂਕਿ ਇਸ ਵਿਚ ਤੇਰਾ ਸੰਘਰਸ਼ ਵੀ ਸ਼ਾਮਿਲ ਏ। ਤੇਰੇ ਰਾਹੀਂ ਮੇਰਾ ਪਾਪ-ਸਵੀਕਾਰ ਸੁਣਿਆ ਜਾਣਾ ਉਹਨਾਂ ਦੂਸਰੇ ਕਰਨਾ ਤੋਂ ਵੀ ਉਚਿੱਤ ਏ, ਜਿਹੜੇ ਮੈਂ ਤੈਨੂੰ ਪਹਿਲਾਂ ਦਸ ਚੁੱਕਿਆ ਆਂ।”
ਉਸਨੇ ਮੁਸਕਰਾਉਂਦਿਆਂ ਹੋਇਆਂ ਕਹਿਣਾ ਜਾਰੀ ਰੱਖਿਆ, “ਇਹੀ ਕਾਰਨ ਏ ਕਿ ਮੈਂ ਮਰਨਾ ਚਾਹੁੰਦਾ ਆਂ। ਮੇਰੇ ਇਲਾਜ਼ 'ਤੇ ਤੇਰੀਆਂ ਦੁਆਈਆਂ ਬੇਕਾਰ ਜਾਣਗੀਆਂ, ਕਿਉਂਕਿ ਮੈਂ ਮਰਨਾ ਚਾਹੁੰਦਾ ਆਂ ਤੇ ਮਰ ਜਾਵਾਂਗਾ।”
“ਤੁਸੀਂ ਮੇਰੇ 'ਤੇ ਇਕ ਭਾਰੀ ਜ਼ਿਮੇਂਵਾਰੀ ਦਾ ਬੋਝ ਪਾ ਰਹੇ ਓ।” ਮੈਂ ਬੁੱਢੇ ਨੂੰ ਕਿਹਾ।
“ਨਹੀਂ ਮੈਂ ਮਨੁੱਖਾਂ ਦੇ ਪਾਪਾਂ ਬਾਰੇ ਤੇਰੇ ਗਿਆਨ 'ਚ ਵਾਧਾ ਕਰ ਰਿਹਾਂ।” ਉਸਨੇ ਕਿਹਾ, “ਮੈਂ ਆਪਣੇ ਪਾਪ ਲਈ ਤੈਥੋਂ ਕੋਈ ਮੁਆਫ਼ੀ ਨਹੀਂ ਮੰਗ ਰਿਹਾ। ਮੈਂ ਈਸ਼ਵਰ ਦੇ ਫੈਸਲੇ ਦੀ ਉਡੀਕ ਕਰ ਰਿਹਾਂ। ਪਰ ਆਪਣੀ ਕਹਾਣੀ ਦੇ ਜ਼ਰੀਏ ਮੈਂ ਤੈਨੂੰ ਇਹੀ ਸਲਾਹ ਦੇ ਰਿਹਾਂ ਕਿ ਤੂੰੂ ਭਲਾਈ ਕਰਨਾ ਜਾਰੀ ਰੱਖ। ਦੁਨੀਆਂ ਬੁਰਾਈ ਨਾਲ ਭਰੀ ਪਈ ਏ, ਪਰ ਉਹ ਭਲਾਈ ਨਾਲ ਵੀ ਭਰੀ ਹੋਈ ਏ। ਤੂੰ ਦੂਜਿਆਂ ਦੇ ਭਲੇ ਲਈ ਤਕਲੀਫ਼ ਝੱਲਦਾ ਏਂ, ਕੀ ਇਹ ਭਲਾਈ ਨਹੀਂ? ਏਨੀਆਂ ਸਾਰੀਆਂ ਮੌਤਾਂ ਹੁਣ ਵੀ ਜਾਰੀ ਨੇ...ਇਹ ਕਿੰਨੇ ਦੁਖ ਵਾਲੀ ਗੱਲ ਏ। ਹੱਤਿਆ, ਹੱਤਿਆ, ਹੱਤਿਆ...ਇਹ ਸਭ ਕਦੋਂ ਰੁਕੇਗਾ? ਈਸ਼ਵਰ ਕਦੋਂ ਸਾਡੀ ਪੁਕਾਰ ਸੁਣੇਗਾ ਤੇ ਕਦੋਂ ਅਸੀਂ ਇਸ ਤਕਲੀਫ਼ ਤੋਂ ਬਚਾਂਗੇ? ਕਦੋਂ ਉਹ ਉਹਨਾਂ ਜਿਊਂਦੇ ਲੋਕਾਂ 'ਤੇ ਦਯਾ ਕਰੇਗਾ, ਜਿਹਨਾਂ ਨੂੰ ਆਏ ਦਿਨ ਕਸ਼ਟ ਭੋਗਦਿਆਂ ਜਿਊਣਾ ਪੈ ਰਿਹਾ ਏ? ਮੈਂ ਛੇਤੀ ਈ ਉਹਨੂੰ ਮਿਲਾਂਗਾ ਤੇ ਇਹਨਾਂ ਸਵਾਲਾਂ ਦੇ ਜਵਾਬ ਮੰਗਾਂਗਾ।” ਬੱਢੇ ਨੇ ਬਿਨਾਂ ਮੁਸਕਰਾਇਆਂ ਕਿਹਾ।
“ਮੈਨੂੰ ਲੱਗਦਾ ਏ ਉਹ ਤੁਹਾਡੀ ਗੱਲ ਜ਼ਰੂਰ ਸਮਝ ਜਾਏਗਾ।” ਮੈਂ ਆਪਣੇ ਆਪ ਨੂੰ ਲਾਚਾਰ ਜਿਹਾ ਮਹਿਸੂਸ ਕਰਦਿਆਂ ਕਿਹਾ। ਤੇ ਹੋਰ ਮੈਂ ਕਹਿ ਵੀ ਕੀ ਸਕਦਾ ਸਾਂ? ਇਕ ਯੋਧੇ ਦੇ ਰੂਪ ਵਿਚ ਮੈਨੂੰ ਯਕੀਨ ਸੀ ਕਿ ਉਸਨੇ ਜੋ ਕੀਤਾ, ਉਹ ਸਲਾਹੁਣ ਯੋਗ ਸੀ। ਪਰ ਮੈਂ ਉਸ ਪੀੜ ਨੂੰ ਵੀ ਮਹਿਸੂਸ ਕੀਤਾ, ਜਿਹੜੀ ਉਹਦੇ ਦਿਲ ਨੂੰ ਚੀਰ ਰਹੀ ਸੀ। ਕੀ ਕੋਈ ਪਿਤਾ ਆਪਣੇ ਪੁੱਤਰ ਨੂੰ ਮਰਵਾਉਣ ਲਈ ਵਧਾਈ ਦਾ ਪਾਤਰ ਹੁੰਦਾ ਹੈ? ਕੀ ਕੋਈ ਪੁੱਤਰ, ਜਿਹੜਾ ਹੱਤਿਆਵਾਂ ਕਰਨ ਤੇ ਉਤਾਰੂ ਹੁੰਦਾ ਹੈ ਤੇ ਆਪਣੇ ਦਾ ਪਿਤਾ ਦਾ ਹੀ ਦਿਲ ਤੋੜਦਾ ਹੈ, ਹਮਦਰਦੀ ਦਾ ਪਾਤਰ ਹੁੰਦਾ ਹੈ? ਉਹਨਾਂ ਕਿਸਮਤ ਮਾਰੇ ਮਾਪਿਆਂ ਉੱਤੇ ਤਰਸ ਹੀ ਖਾਧਾ ਜਾ ਸਕਦਾ ਹੈ, ਜਿਹਨਾਂ ਦੇ ਬੱਚੇ ਨਿਰਦੋਸ਼ ਲੋਕਾਂ ਦੇ ਹੱਤਿਆਰੇ ਬਣ ਜਾਂਦੇ ਨੇ।
ਮੈਂ ਬੁੱਢੇ ਆਦਮੀ ਨੂੰ ਅਲਵਿਦਾ ਕਿਹਾ। ਮੈਨੂੰ ਪਤਾ ਸੀ ਕਿ ਮੈਂ ਉਸਨੂੰ ਫੇਰ ਕਦੀ ਨਹੀਂ ਵੇਖ ਸਕਾਂਗਾ। ਮੈਂ ਉਸਨੂੰ ਕੋਈ ਦਵਾਈ ਨਹੀਂ ਦਿਤੀ, ਕਿਉਂਕਿ ਕੋਈ ਵੀ ਦਵਾਈ ਉਸਦਾ ਦਰਦ ਘੱਟ ਨਹੀਂ ਸੀ ਕਰ ਸਕਦੀ। ਜੇ ਇਸ ਗੱਲ ਨੂੰ ਛੱਡ ਵੀ ਦਿਤਾ ਜਾਏ ਕਿ ਮੇਰੇ ਵਰਗੇ ਛਾਪਾਮਾਰ ਡਾਕਟਰ ਕੋਲ ਜੀਵਨ ਰੱਖਿਅਕ ਦਵਾਈਆਂ ਘੱਟ ਪਹੁੰਚਦੀਆਂ ਸਨ, ਤਾਂ ਵੀ ਉਸਦੀ ਪੀੜ, ਵਿਗਿਆਨ ਦੀ ਜੀਵਨ ਰੱਖਿਅਕ ਪਹੁੰਚ ਤੋਂ ਪਰ੍ਹੇ ਸੀ।
ਵਾਲਦਿਬਾ ਵਿਚ ਹਮੇਸ਼ਾ ਵਾਂਗ ਭਿਆਨਕ ਖਾਮੋਸ਼ੀ ਛਾਈ ਹੋਈ ਸੀ। ਉਹ ਜਿਊਂਦੇ ਮੁਰਦਿਆਂ ਦਾ ਮਠ ਸੀ। ਮੁਰਦਾ ਆਤਮਾਵਾਂ ਦਾ ਨਿਵਾਸ। ਕੁਟੀਆਂ ਦੇ ਬੰਦ ਦਰਵਾਜ਼ਿਆਂ ਪਿੱਛੇ ਲੁਕੇ ਪੀੜ-ਪਰੁੱਚੇ ਰਹੱਸਾਂ ਦਾ ਰੱਖਵਾਲਾ। ਵਾਲਦਿਬਾ ਵਿਚ ਕੋਈ ਕਦੀ ਉੱਚੀ ਆਵਾਜ਼ ਵਿਚ ਨਹੀਂ ਬੋਲਦਾ, ਫੁਸਫੁਾਉਂਦਾ ਹੈ। ਇਥਿਯੋਪੀਆ ਦੀਆਂ ਭਿਆਨਕ ਗਾਥਾਵਾਂ ਜ਼ੁਬਾਨਾਂ ਨੂੰ ਲਕਵਾ ਤੇ ਕੰਨਾਂ ਨੂੰ ਬੋਲਾ ਕਰ ਦੇਂਦੀਆਂ ਨੇ।
ਮੈਂ ਆਪਣੀ ਜ਼ਿੰਦਗੀ ਜਿਊਣੀ ਸੀ ਤੇ ਅੰਤਹੀਣ ਸੰਘਰਸ਼ ਜਾਰੀ ਰੱਖਣਾ ਸੀ। ਮੈਂ ਬੁੱਢੇ ਆਦਮੀ ਨੂੰ ਉੱਥੇ ਛੱਡ ਕੇ ਆਪਣੇ ਛਾਪਾਮਾਰ ਸਾਥੀਆਂ ਕੋਲ ਪਰਤ ਗਿਆ। ਮੈਂ ਕਈ ਹੋਰ ਲੜਾਈਆਂ ਲੜੀਆਂ, ਕਈ ਹੋਰ ਦਰਦ ਭਰੀਆਂ ਕਹਾਣੀਆਂ ਸੁਣੀਆਂ, ਜਿਹਨਾਂ ਵਿਚੋਂ ਕੁਝ ਫੁਸਫੁਸਾਹਟਾਂ ਵਿਚ ਕਹੀਆਂ ਗਈਆਂ, ਕੁਝ ਉੱਚੀ ਆਵਾਜ਼ ਵਿਚ।
ਮੌਤ ਤੋਂ ਪਹਿਲਾਂ ਪਾਪ-ਸਵੀਕਾਰ ਦਾ ਸਮਾਂ ਮਿਲੇ ਤਾਂ ਇਕ ਛਾਪਾਮਾਰ ਦੂਜੇ ਛਾਪਾਮਾਰ ਸਾਹਮਣੇ ਹੀ ਆਪਣਾ ਪਾਪ-ਸਵੀਕਾਰ ਕਰਦਾ ਹੈ।
ਪੋਸਟ : ਮੁਹਾਂਦਰਾ : 22/07/2009.

੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.
e-mail : mpbedijaitu0yahoo.co.in
2log at. : mbedijaitu.blogspot.com

No comments:

Post a Comment