Thursday, June 30, 2011

ਘਰ ਕਿੱਥੇ ਗਿਆ ਪਾਪਾ...:: ਲੇਖਕ : ਰਾਬਿਨ ਸ਼ਾਹ ਪੁਸ਼ਪ




ਹਿੰਦੀ ਕਹਾਣੀ :

ਘਰ ਕਿੱਥੇ ਗਿਆ ਪਾਪਾ...
ਲੇਖਕ : ਰਾਬਿਨ ਸ਼ਾਹ ਪੁਸ਼ਪ

ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਾਰੇ ਭੱਜ ਰਹੇ ਹਨ...ਭੀੜ ਵਿਚ। ਰਾਤਰੀ ਸ਼੍ਰੀਵਾਸਤਵ ਵੀ ਭੱਜੀ ਜਾ ਰਹੀ ਹੈ। ਸਾਰੇ ਅਣਜਾਣ ਹਨ, ਅਜਨਬੀ ਹਨ...ਇਕ ਦੂਜੇ ਨਾਲੋਂ ਅੱਡਰੇ-ਵੱਖਰੇ। ਇਨਸਾਨਾਂ ਦੀ ਇਹ ਨਦੀ, ਕਿਸੇ ਸਮੁੰਦਰ ਵਿਚ ਨਹੀਂ ਮਿਲੇਗੀ, ਆਪੋ-ਆਪਣੇ ਖੁੱਡਿਆਂ ਵਿਚ ਜਾ ਕੇ ਅਗਲੀ ਸਵੇਰ ਤਕ, ਬਰਫ਼ ਦੇ ਛੋਟੇ-ਛੋਟੇ ਡਲਿਆਂ ਵਾਂਗ ਜੰਮ ਜਾਵੇਗੀ—ਫੇਰ ਅਗਲੀ ਸਵੇਰ ਜਦੋਂ ਬਰਫ਼ ਪਿਘਲੇਗੀ, ਤਾਂ ਭੀੜ ਦੀ ਨਦੀ ਬਣ ਕੇ ਤੇਜੀ ਨਾਲ ਵਹਿ ਤੁਰੇਗੀ...ਬਸਾਂ ਲਈ, ਲੋਕਲ ਟ੍ਰੇਨਾਂ ਲਈ। ਉਦੋਂ ਹੀ ਸਲੋ-ਟ੍ਰੇਨ ਆ ਜਾਂਦੀ ਹੈ। ਭੀੜ ਉਸ ਉੱਤੇ ਟੁੱਟ ਪੈਂਦੀ ਹੈ, ਜਿਵੇਂ ਟ੍ਰੇਨ ਨਹੀਂ, ਜ਼ਿੰਦਗੀ ਆ ਕੇ ਪਲੇਟਫਾਰਮ ਉੱਤੇ ਰੁਕ ਗਈ ਹੋਵੇ...ਤੇ ਜੇ ਆਪਣੇ ਹਿੱਸੇ ਦੀ ਜਗ੍ਹਾ ਨਾ ਮੱਲੀ ਗਈ ਤਾਂ ਫੇਰ ਉਡੀਕ ਕਰਨੀ ਪਵੇਗੀ—ਅਗਲੀ ਟ੍ਰੇਨ ਦੀ ਉਡੀਕ ! ਸ਼ਾਇਦ ਮਹਾਨਗਰ ਵਿਚ ਭੱਜਦੇ ਰਹਿਣਾ ਹੀ ਜੀਵਨ ਅਖਵਾਂਦਾ ਹੈ...।
ਰਾਤਰੀ ਸ਼੍ਰੀਵਾਸਤਵ ਸੋਚਦੀ ਹੈ, ਉਹ ਵੀ ਤਾਂ ਭੱਜ ਹੀ ਰਹੀ ਹੈ; ਵੀਰ ਵਿਨੈ ਵੀ ਭੱਜ ਰਿਹਾ ਹੈ; ਮਾਂ ਵੀ ਭੱਜ ਰਹੀ ਹੈ। ਏਨੀ ਭੱਜ-ਦੌੜ ਵਿਚ ਸਥਿਰ ਰਹਿਣ ਵਾਲਾ ਉਹਨਾਂ ਦਾ ਘਰ ਵੀ ਭੱਜ ਰਿਹਾ ਹੈ...ਕਿੱਧਰ ਜਾ ਰਿਹਾ ਹੈ ਘਰ...?
      --- --- ---
ਉਸਨੂੰ ਅੱਜ ਵੀ ਚੇਤੇ ਹੈ—ਇਕ ਘਰ ਸੀ: ਘਰ ਵਿਚ ਪਾਪਾ ਸਨ; ਮਾਂ ਸੀ; ਵੱਡਾ ਵੀਰ ਸੀ। ਜਦੋਂ ਉਹ ਛੋਟੀ ਹੁੰਦੀ ਸੀ, ਪਾਪਾ ਸਾਈਕਲ ਦੇ ਡੰਡੇ 'ਤੇ ਬਿਠਾਅ ਕੇ ਘੁਮਾਉਣ ਲੈ ਜਾਂਦੇ ਹੁੰਦੇ ਸੀ। ਸ਼ਾਮੀਂ, ਮਾਂ ਬੱਚਿਆਂ ਨੂੰ 'ਹੋਮ-ਵਰਕ' ਕਰਵਾਉਂਦੀ ਸੀ ਤੇ ਪਾਪਾ ਕੁਰਸੀ ਉੱਤੇ ਅੱਧ-ਲੇਟੇ ਜਿਹੇ ਬੈਠੇ ਕੋਈ ਕਿਤਾਬ ਪੜ੍ਹਦੇ ਰਹਿੰਦੇ ਸਨ। ਪੜ੍ਹਾਈ ਖ਼ਤਮ ਹੋ ਜਾਣ ਪਿੱਛੋਂ ਅਸੀਂ ਸਾਰੇ ਇਕੋ ਮੇਜ਼ 'ਤੇ ਬੈਠ ਕੇ, ਇਕੱਠੇ, ਰੋਟੀ ਖਾਂਦੇ ਸਾਂ। ਮਾਂ, ਪਾਪਾ ਦੀ ਮੱਛਰਦਾਨੀ ਬੰਨ੍ਹਦੀ ਸੀ ਤੇ ਲੱਤਾਂ ਘੁੱਟਦੀ ਹੁੰਦੀ ਸੀ...। ਉਸ ਦਿਨ ਐਤਵਾਰ ਸੀ, ਪਾਪਾ ਇਕ ਲੱਕੜੀ ਦਾ ਟੋਟਾ ਕੱਟ ਰਹੇ ਸਨ। ਉਸਨੇ ਪੁੱਛਿਆ, 'ਇਹ ਕੀ ਏ ?'
ਬਸ ਤੂੰ ਦੇਖਦੀ ਜਾਹ।' ਪਾਪਾ ਏਨਾ ਕਹਿ ਕੇ ਫੇਰ ਆਰੀ ਚਲਾਉਣ ਲੱਗ ਪਏ। ਇਕ ਚੌਰਸ ਟੁਕੜਾ ਕੱਟ ਕੇ, ਉਹਨਾਂ ਵਿਨੈ ਵੀਰ ਨੂੰ ਦੇ ਦਿੱਤਾ। ਉਹ, ਉਸ ਉੱਤੇ ਰੇਗਮਾਰ ਘਸਾਉਣ ਲੱਗ ਪਿਆ—ਵਿਚ-ਵਿਚ ਪਾਪਾ ਲੱਕੜੀ ਦੀ ਚਿਕਨਾਹਟ ਦੇਖ ਕੇ ਕਹਿੰਦੇ, 'ਥੋੜ੍ਹਾ ਹੋਰ...'
ਕੁਝ ਚਿਰ ਪਿੱਛੋਂ ਉਹਨਾਂ ਆਵਾਜ਼ ਮਾਰੀ, 'ਇਲਾ, ਓ ਬਈ ਕਿੱਥੇ ਐਂ ? ਆਪਣੇ ਪੁੱਤਰ ਦਾ ਕੰਮ ਤਾਂ ਵੇਖ...ਇਸਨੇ ਇਸ ਫੱਟੀ ਦਾ ਸਾਰਾ ਖੁਰਦਰਾਪਨ ਦੂਰ ਕਰ ਦਿੱਤੈ।'
ਮਾਂ ਆਈ। ਹੱਥ ਵਿਚ ਚਾਹ ਦੀ ਪਿਆਲੀ ਸੀ। ਮਾਂ ਤੋਂ ਚਾਹ ਫੜ੍ਹ ਕੇ ਪਾਪਾ ਨੇ ਕਿਹਾ, 'ਜ਼ਰਾ ਛੂਹ ਕੇ ਤਾਂ ਦੇਖ, ਤੇਰੇ ਵਿਨੈ ਨੇ ਇਸ ਲੱਕੜ ਨੂੰ ਘਿਸਾ-ਘਿਸਾਅ ਕੇ ਸੰਗਮਰਮਰ ਵਾਂਗ ਕੂਲੀ ਕਰ ਦਿੱਤੈ।'
ਮਾਂ ਨੇ ਹਥੇਲੀ ਫੇਰੀ, 'ਵਾਹ ! ਆਪਣਾ ਵਿਨੈ ਐਨਾ ਹੁਸ਼ਿਆਰ ਹੋ ਗਿਐ !'
ਪਾਪਾ ਹੱਸੇ ਸਨ, 'ਆਖ਼ਰ ਪੁੱਤਰ ਕਿਸ ਦਾ ਏ !' ਫੇਰ ਇਕ ਘੁੱਟ ਚਾਹ ਪੀ ਕੇ ਬੋਲੇ, 'ਵਿਨੈ ਪੁੱਤਰ...ਤੇ ਤੂੰ ਵੀ ਸੁਣ ਰਾਤੂ...ਇਹ ਜ਼ਿੰਦਗੀ ਲੱਕੜੀ ਵਰਗੀ ਹੁੰਦੀ ਏ। ਸਾਰੇ ਆਪਣੇ ਆਪਣੇ ਹਿਸਾਬ ਨਾਲ ਕੱਟ ਕੇ ਇਸਨੂੰ ਛੋਟਾ ਜਾਂ ਵੱਡਾ ਬਣਾ ਲੈਂਦੇ ਨੇ...ਫੇਰ ਇਸ ਨੂੰ ਰੇਗਮਾਰ ਨਾਲ ਘਸਾ ਕੇ ਕੂਲਾ ਕਰਨ ਵਿਚ ਜੁਟ ਜਾਂਦੇ ਨੇ...ਰੇਗਮਾਰ ਵੱਖ-ਵੱਖ ਨੰਬਰਾਂ ਦੇ ਹੁੰਦੇ ਨੇ। ਜਿਵੇਂ ਗਲਤ ਨੰਬਰ ਨਾਲ ਘਿਸਾਈ ਹੋਈ ਲੱਕੜੀ ਕੂਲੀ ਹੋਣ ਦੇ ਬਜਾਏ ਖੁਰਦਰੀ ਹੋ ਜਾਂਦੀ ਹੈ। ਜ਼ਿੰਦਗੀ ਵਿਚ ਪੁੱਟਿਆ ਗਿਆ ਇਕ ਗਲਤ ਕਦਮ ਉਸਨੂੰ ਅਤਿ ਬਦਸੂਰਤ ਬਣਾ ਦਿੰਦਾ ਏ...'
ਟ੍ਰੇਨ ਹੌਲੀ ਨਹੀਂ ਹੋਈ...ਤਦ ਰਾਤਰੀ ਸ਼੍ਰੀਵਾਸਤਵ ਨੂੰ ਅਹਿਸਾਸ ਹੋਇਆ ਕਿ ਉਹ ਗਲਤੀ ਨਾਲ ਫਾਸਟ-ਟ੍ਰੇਨ ਵਿਚ ਚੜ੍ਹ ਗਈ ਹੈ...ਉਸਨੂੰ ਫੇਰ ਵਾਪਸ ਆਉਂਦਾ ਪਵੇਗਾ...
ਸ਼ਾਮ ਤਕ ਪਾਪਾ ਦਾ ਬਣਾਇਆ ਹੋਇਆ ਬੋਰਡ ਸੁੱਕ ਗਿਆ। ਇਸ ਨੂੰ ਸਾਹਮਣੇ ਵਾਲੇ ਛੋਟੇ ਵਰਾਂਡੇ ਦੇ ਦਰਵਾਜ਼ੇ ਉਪਰ ਲਾਉਣਾ ਸੀ। ਪਾਪਾ ਸਟੂਲ 'ਤੇ ਖੜ੍ਹੇ ਹੋ ਗਏ। ਉਸਨੇ ਤੇ ਵਿਨੈ ਵੀਰ ਨੇ ਸਟੂਲ ਫੜ੍ਹ ਲਿਆ। ਮਾਂ ਨੇ ਮੇਖ਼ ਤੇ ਹਥੌੜੀ ਫੜਾ ਦਿੱਤੀ। ਪਾਪਾ ਮੇਖ਼ ਠੋਕਣ ਲੱਗੇ ਤਾਂ ਮੇਖ਼ ਮੁੜ ਗਈ ਤੇ ਹਥੌੜੀ ਪਾਪਾ ਦੀ ਉਂਗਲ ਉੱਤੇ ਜਾ ਵੱਜੀ।
'ਅੱਜ ਕੱਲ੍ਹ ਮੇਖ਼ਾਂ ਬੜੀਆਂ ਘਟੀਆ ਬਣਨ ਲੱਗ ਪਈਆਂ ਨੇ। ਉਸ ਦਿਨ ਸੂਪ ਟੰਗਣ ਲਈ ਮੈਂ ਵੀ ਚਾਰ ਪੰਜ ਖਰਾਬ ਕੀਤੀਆਂ ਸੀ...ਤਾਂ ਕਿਤੇ ਜਾ ਕੇ ਇਕ ਠੁਕੀ ਸੀ।' ਮਾਂ ਨੇ ਕਿਹਾ ਸੀ ਤੇ ਦੂਜੀ ਮੇਖ਼ ਫੜਾ ਦਿੱਤੀ ਸੀ।
ਨਹੀਂ ਇਲਾ, ਇਸ ਵਿਚ ਮੇਖ਼ ਦਾ ਕੋਈ ਕਸੂਰ ਨਹੀਂ...ਮੇਰਾ ਦੋਸ਼ ਏ। ਜਿੱਥੇ ਦੋ ਇੱਟਾਂ ਮਿਲਦੀਆਂ ਨੇ, ਉਸ ਜੋੜ ਨੂੰ ਬਿਨਾਂ ਧਿਆਨ ਵਿਚ ਰੱਖਿਆਂ ਮੈਂ ਠੋਕਣ ਲੱਗ ਪਿਆ ਸਾਂ। ਗਲਤੀ ਮੇਰੀ ਹੈ।' ਫੇਰ ਉਹ ਟੋਹ-ਟੋਹ ਕੇ ਜੋੜ ਲੱਭਣ ਲੱਗ ਪਏ ਸਨ।
ਉਦੋਂ ਉਹ ਛੋਟੀ ਹੁੰਦੀ ਸੀ, ਪਰ ਉਸਨੂੰ ਯਾਦ ਹੈ, ਪਾਪਾ ਨੇ ਕਦੀ ਕਿਸੇ ਨੂੰ ਦੋਸ਼ ਨਹੀਂ ਸੀ ਦਿੱਤਾ। ਹਰ ਵਾਰੀ ਸਾਰਾ ਦੋਸ਼ ਆਪਣੇ ਸਿਰ ਲੈ ਕੇ, ਦੋਸ਼ੀਆਂ ਵਾਂਗ ਕਟਹਿਰੇ ਵਿਚ ਖੜ੍ਹੇ ਹੋਏ ਤੇ ਖ਼ੁਦ ਹੀ ਆਪਣੇ ਵਿਰੁੱਧ ਫੈਸਲਾ ਸੁਣਾਅ ਦਿੱਤਾ।
ਬੋਰਡ ਟੰਗਿਆ ਗਿਆ। ਪਾਪਾ ਨੇ ਆਪਣੇ ਹੱਥੀਂ ਲਿਖਿਆ ਸੀ—'ਹੋਮ, ਸਵੀਟ ਹੋਮ'...ਕਿੱਥੇ ਗਿਆ ਉਹ ਘਰ !
ਗੱਡੀ ਰੁਕ ਜਾਂਦੀ ਹੈ। ਰਾਤਰੀ ਕਾਹਲ ਨਾਲ ਹੇਠਾਂ ਉਤਰ ਆਉਂਦੀ ਹੈ। ਉਸਨੂੰ ਵਾਪਸ ਜਾਣਾ ਪਵੇਗਾ...ਸਲੋ-ਟ੍ਰੇਨ ਰਾਹੀਂ। ਇਸ ਵਾਰੀ ਉਹ ਗਲਤੀ ਨਹੀਂ ਕਰੇਗੀ।
ਪਰ ਪਾਪਾ ਨੇ ਵੀ ਕਦ ਗਲਤੀ ਕੀਤੀ ਸੀ ! ਉਹਨਾਂ ਨੇ ਤਾਂ ਬਸ ਇਜਾਜ਼ਤ ਦਿੱਤੀ ਸੀ...
ਮਾਂ ਦੀ ਸਹੇਲੀ ਨੇ ਆ ਕੇ ਕਿਹਾ ਸੀ, 'ਓ ਬਈ ਇਲਾ, ਹੁਣ ਤਾਂ ਬੱਚੇ ਵੱਡੇ ਹੋ ਗਏ ਨੇ। ਤੂੰ ਘਰ ਵਿਚ ਬੋਰ ਫੀਲ ਨਹੀਂ ਕਰਦੀ ! ਬਈ, ਸਮਾਜ ਦੇ ਪ੍ਰਤੀ, ਦੇਸ਼ ਦੇ ਪ੍ਰਤੀ ਵੀ ਤਾਂ ਆਪਣਾ ਕੁਝ ਫਰਜ਼ ਬਣਦੈ। ਔਰਤ ਸਿਰਫ ਇਸ ਲਈ ਤਾਂ ਨਹੀਂ ਹੁੰਦੀ ਕਿ ਕੱਪੜੇ ਧੋਵੇ, ਖਾਣਾ ਬਣਾਵੇ ਤੇ ਰਾਤ ਨੂੰ ਬਿਸਤਰਾ ਬਣ ਜਾਵੇ।' ਤੇ ਉਹ 'ਫਿਸ-ਸ' ਕਰਕੇ ਹੱਸ ਪਈ ਸੀ।
ਉਸਨੂੰ ਯਾਦ ਹੈ, ਉਸ ਔਰਤ ਦਾ ਹਾਸਾ ਪਾਪਾ ਨੂੰ ਬੁਰਾ ਲੱਗਿਆ ਸੀ। ਪਰ ਉਹ ਚੁੱਪ ਰਹੇ ਸਨ। ਉਹ ਔਰਤ ਫੇਰ ਹੱਸੀ ਸੀ, 'ਭਾਈ ਸਾਹਬ ਏਨਾ ਵੀ ਕੀ, ਜ਼ਰਾ ਸਾਡੇ ਲੋਕਾਂ ਲਈ ਵੀ ਇਸਨੂੰ ਫਰੀ ਕਰ ਦਿਓ।'
ਮਾਂ ਨੇ ਪਾਪਾ ਵੱਲ ਦੇਖਿਆ ਸੀ ਤੇ ਪਾਪਾ ਨੇ ਇਜਾਜ਼ਤ ਦੇ ਦਿੱਤੀ ਸੀ। ਉਸੇ ਦਿਨ ਤੋਂ ਮਾਂ 'ਸਮਾਜ-ਸੇਵਾ' ਵਿਚ ਜੁਟ ਗਈ ਸੀ...
ਫੇਰ ਮਾਂ ਖਾਸੀ ਵਿਅਸਤ ਹੋ ਗਈ। ਪਹਿਲਾਂ ਸਾਰੇ ਇਕੱਠੇ ਰੋਟੀ ਖਾਂਦੇ ਸਨ—ਰਾਤ ਨੂੰ। ਹੌਲੀ-ਹੌਲੀ ਸਿਲਸਿਲਾ ਖ਼ਤਮ ਹੋ ਗਿਆ। ਪਹਿਲੀ ਰਾਤ ਜਦੋਂ ਮੇਜ਼ 'ਤੇ ਖਾਣਾ ਲਾਇਆ ਗਿਆ ਸੀ...ਪਾਪਾ ਵਾਰੀ ਵਾਰੀ ਘੜੀ ਦੇਖਦੇ ਰਹੇ, ਫੇਰ ਹੌਲੀ ਜਿਹੀ ਬੋਲੇ ਸਨ, 'ਆਓ, ਸ਼ੁਰੂ ਕਰੀਏ।'...ਤੇ ਦੋ ਬੁਰਕੀਆਂ ਖਾ ਕੇ ਉੱਠ ਗਏ ਸਨ ਉਹ। ਉਸਨੇ ਵਿਜੈ ਵੀਰ ਵੱਲ ਦੇਖਿਆ ਸੀ...ਉਹ ਚੁੱਪਚਾਪ ਸਿਰ ਸੁੱਟੀ ਬੈਠਾ ਖਾ ਰਿਹਾ ਸੀ।...ਉਸ ਰਾਤ ਪਾਪਾ ਨੇ ਮੱਛਰਦਾਨੀ ਆਪੇ ਲਾਈ ਸੀ। ਉਸਨੂੰ ਅੰਦਰੇ-ਅੰਦਰ ਡਰ ਲੱਗ ਰਿਹਾ ਸੀ...ਮਾਂ ਆਵੇਗੀ, ਤਾਂ ਪਾਪਾ ਬੜਾ ਨਾਰਾਜ਼ ਹੋਣਗੇ। ਕਾਫੀ ਰਾਤ ਬੀਤ ਜਾਣ ਪਿੱਛੋਂ ਮਾਂ ਆਈ। ਦਰਵਾਜ਼ੇ ਦਾ ਕੁੰਡਾ ਖੜਕਿਆ। ਉਹ ਜਾਗ ਰਹੀ ਸੀ। ਸ਼ਾਇਦ ਵਿਨੈ ਵੀਰ ਵੀ। ਪਰ ਦਰਵਾਜ਼ਾ ਪਾਪਾ ਨੇ ਖੋਲ੍ਹਿਆ ਸੀ। ਮਾਂ ਨੇ ਆਉਂਦਿਆਂ ਹੀ ਪੁੱਛਿਆ ਸੀ, 'ਬੱÎਚਿਆਂ ਨੇ ਖਾ ਲਿਆ ?'
'ਹਾਂ, ਉਹ ਸੌਂ ਗਏ ਨੇ।'
'ਤੁਸੀਂ ਖਾਇਆ ?'
'ਹਾਂ।'
ਉਸਦਾ ਗੱਚ ਭਰ ਆਇਆ...ਪਾਪਾ ਨੂੰ ਇਹ ਕੀ ਹੋ ਗਿਆ ਹੈ ! ਅੱਜ ਤਕ ਉਸਨੇ ਪਾਪਾ ਨੂੰ ਝੂਠ ਬੋਲਦਿਆਂ ਨਹੀਂ ਸੀ ਸੁਣਿਆਂ...ਅੱਜ ਪਹਿਲੀ ਵਾਰੀ...
ਅੰਦਰੇ-ਅੰਦਰ ਡਰ ਰਹੀ ਸੀ ਉਹ। 'ਮਿਸੇਜ ਸਿਨਹਾਂ ਦੇ ਘਰ ਪਾਰਟੀ ਸੀ...ਸਾਰੇ ਸ਼ਹਿਰ ਦੇ ਵੱਡੇ-ਵੱਡੇ ਲੋਕ ਆਏ ਹੋਏ ਸਨ।' 'ਚਲੋ, ਖਰਾ ਹੋਇਆ...' ਮਾਂ ਆਪਣੇ ਕਮਰੇ ਵਿਚ ਚਲੀ ਗਈ। ਪਾਪਾ ਨੇ ਦਰਵਾਜ਼ਾ ਬੰਦ ਕਰ ਦਿੱਤਾ। ਬੱਤੀ ਬੁਝਾ ਦਿੱਤੀ ਗਈ। ਉਸਨੇ ਸਿਰਫ ਆਹਟ ਤੋਂ ਅੰਦਾਜ਼ਾ ਲਾਇਆ ਸੀ ਕਿ ਪਾਪਾ ਆਪਣੇ ਕਮਰੇ ਵਿਚ ਚਲੇ ਗਏ ਹਨ। ਫੇਰ ਪੂਰਾ ਘਰ ਡੂੰਘੀ ਚੁੱਪ ਵਿਚ ਡੁੱਬ ਗਿਆ ਸੀ।
      --- --- ---
ਪਲੇਟਫਾਰਮ ਉੱਤੇ ਕਾਵਾਂ-ਰੌਲੀ ਪੈਣ ਲੱਗੀ! ਟ੍ਰੇਨ ਦੇ ਆਉਂਦਿਆਂ ਹੀ ਉਹ ਉਸ ਵੱਲ ਅਹੁਲੀ...ਲੋਕਲ ਟ੍ਰੇਨ ਰੁਕਦੀ ਹੀ ਕਿੰਨਾਂ ਹੈ!...ਤੇ ਇੱਥੇ ਕੌਣ ਕਿਸ ਲਈ ਰੁਕਦਾ ਹੈ! ਜ਼ਰਾ ਦੇਰ ਹੋਈ ਕਿ ਗੱਡੀ ਲੰਘ ਗਈ...ਖੜ੍ਹੇ ਹੋਣ ਲਈ ਜਗ੍ਹਾ ਵੀ ਜਬਰਦਸਤੀ ਲੈਣੀ ਪੈਂਦੀ ਹੈ।
ਪਰ ਪਾਪਾ ਨੇ ਕਦੀ ਅਧਿਕਾਰ ਨਹੀਂ ਸੀ ਵਿਖਾਇਆ। ਕਦੀ ਜਬਰਦਸਤੀ ਨਹੀਂ ਸੀ ਕੀਤੀ। ਉਹ ਚੁੱਪਚਾਪ ਭੀੜ ਘਟਣ ਦੀ ਉਡੀਕ ਕਰਦੇ ਰਹੇ ਤੇ ਕਿਸੇ ਇਕੱਲੇ ਯਾਤਰੀ ਵਾਂਗ ਜ਼ਿੰਦਗੀ ਦੇ ਪਲੇਟਫਾਰਮ ਉੱਤੇ ਇਕੱਲੇ ਰਹਿ ਗਏ...ਮਾਂ ਸ਼ਹਿਰ ਦੀ ਮਸ਼ਹੂਰ 'ਸਮਾਜ-ਸੇਵਿਕਾ' ਬਣ ਗਈ। ਹੁਣ ਉਸਨੂੰ ਤੇ ਵਿਨੈ ਵੀਰ ਨੂੰ ਲੋਕ ਮਾਂ ਦੇ ਨਾਂਅ ਨਾਲ ਜਾਣਦੇ ਸਨ। ਪਾਪਾ ਦਾ ਨਾਂਅ ਉਹਨਾਂ ਦੇ ਆਪਣੇ ਕਮਰੇ ਵਿਚ ਕਿਸੇ ਪਾਟੇ ਪੁਰਾਣੇ ਲੱਥੜ ਵਾਂਗ ਉਹਨਾਂ ਦੀ ਖਿੜਕੀ ਵਿਚ ਟੰਗਿਆ ਗਿਆ ਸੀ ਤੇ ਇਕ ਦਿਨ ਉਹ ਵੀ ਇਲਾ ਜੀ ਦੇ ਪਤੀ ਬਣ ਗਏ...'ਮੇਨ-ਗੇਟ' ਦੇ ਦੂਜੇ ਪੱਲੇ ਉੱਤੇ ਮਾਂ ਦੇ ਨਾਂਅ ਦਾ ਵੱਡਾ ਸਾਰਾ ਬੋਰਡ ਲੱਗ ਗਿਆ।
ਇਕ ਦਿਨ ਉਹ ਕਾਲਜੋਂ ਵਾਪਸ ਆ ਰਹੀ ਸੀ। ਉਸਨੇ ਦੂਰੋਂ ਹੀ ਦੇਖਿਆ, ਪਾਪਾ ਬਾਹਰ ਖੜ੍ਹੇ ਹੋ ਕੇ ਆਪਣੀ ਨੇਮ ਪਲੇਟ ਪੜ੍ਹ ਰਹੇ ਹਨ। ਜਦੋਂ ਉਹ ਨੇੜੇ ਆਈ, ਪਾਪਾ ਉਸਨੂੰ ਉਖਾੜ ਰਹੇ ਸਨ।
'ਪਾਪਾ...।' ਉਸਦੀ ਆਵਾਜ਼ ਕੰਬ ਗਈ ਸੀ।
'ਬੇਟਾ, ਇਸ ਦੇ ਰੰਗ ਉੱਡ ਗਏ ਨੇ। ਮੁੜ ਲਿਖਾਂਗਾ...' ਤੇ ਉਹ ਸਿਰ ਸੁੱਟ ਕੇ ਬੋਰਡ ਉਖਾੜਨ ਲੱਗੇ ਰਹੇ ਸਨ। ਉਸ ਦਿਨ ਉਸਨੇ ਪਾਪਾ ਦੀ ਪੀੜ ਨੂੰ ਸਹੀ ਢੰਗ ਨਾਲ ਸਮਝਿਆ ਸੀ ਤੇ ਇਹ ਵੀ ਜਾਣਿਆਂ ਸੀ ਕਿ ਉਹ ਝੁਕ ਕੇ ਕਿੱਦਾਂ ਸਿੱਲ੍ਹੀਆਂ ਅੱਖਾਂ ਛੁਪਾਅ ਲੈਂਦੇ ਹਨ...
ਉਸ ਦਿਨ ਪਿੱਛੋਂ ਨਾ ਨਵੇਂ ਰੰਗ ਆਏ, ਨਾ ਨੇਮ ਪਲੇਟ ਹੀ ਲੱਗੀ। ਪਾਪਾ ਵਰਾਂਡੇ ਵਿਚ ਚੁੱਪਚਾਪ ਬੈਠੇ ਬਹੁਤਾ ਸਮਾਂ ਕੋਈ ਕਿਤਾਬ ਪੜ੍ਹਦੇ ਰਹਿੰਦੇ ਸਨ। ਉਹ ਆਰਾਮ ਕੁਰਸੀ ਜਿਹੜੀ ਕਦੀ ਅੰਦਰ ਰੱਖੀ ਹੁੰਦੀ ਸੀ, ਪਾਪਾ ਸਾਹਮਣੇ ਵਰਾਂਡੇ ਵਿਚ ਲੈ ਆਏ ਸਨ। ਹੁਣ ਅੰਦਰਲੇ ਕਮਰੇ ਵਿਚ ਉਹਦੀ ਲੋੜ ਵੀ ਨਹੀਂ ਸੀ ਰਹੀ...ਇਕ ਅਰਸਾ ਹੋਇਆ, ਮਾਂ 'ਹੋਮ-ਵਰਕ' ਕਰਵਾਉਂਦੀ ਹੁੰਦੀ ਸੀ। ਪਾਪਾ ਇਜ਼ੀ ਚੇਅਰ 'ਤੇ ਲੇਟ ਕੇ ਪੜ੍ਹਦੇ ਰਹਿੰਦੇ ਸਨ...ਫੇਰ ਸਭ ਦੀ ਪੜ੍ਹਾਈ ਇਕੱਠਿਆਂ ਖ਼ਤਮ ਹੁੰਦੀ ਸੀ। ਇਕੱਠੇ ਖਾਣੇ ਦੀ ਮੇਜ਼ 'ਤੇ ਬੈਠਦੇ ਸਨ...ਹੁਣ ਤਾਂ ਸਾਰੇ ਸਿਆਣੇ ਹੋ ਗਏ ਨੇ...ਵਿਨੈ ਵੀਰ ਨੌਕਰੀ ਲੱਗ ਗਿਆ ਹੈ...ਉਹ ਆਪਣੇ ਕਮਰੇ ਵਿਚ ਬੈਠੀ ਕਾਲੇਜ ਦੀਆਂ ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਹੈ...
ਉਹ ਟ੍ਰੇਨ ਵਿਚ ਲੱਗੇ ਇਕ ਵਿਗਿਆਪਨ ਨੂੰ ਪੜ੍ਹਦੀ ਹੈ, ਜਿਸ ਉਪਰ ਲਿਖਿਆ ਹੈ, 'ਵਧੀਆ ਲੱਕੜੀ ਦਾ ਵਧੀਆਂ ਫਰਨੀਚਰ ਸਾਡੇ ਤੋਂ ਖਰੀਦੋ...' ਉਸ ਦੀਆਂ ਪਲਕਾਂ ਆਪ ਮੁਹਾਰੇ ਸਿੱਲ੍ਹੀਆਂ ਹੋ ਗਈਆਂ ਹਨ...ਕਦੀ ਪਾਪਾ ਨੇ ਕਿਹਾ ਸੀ—'ਇਹ ਜ਼ਿੰਦਗੀ ਲੱਕੜੀ ਵਰਗੀ ਹੁੰਦੀ ਹੈ। ਸਾਰੇ ਆਪਣੇ ਆਪਣੇ ਹਿਸਾਬ ਨਾਲ, ਕੱਟ ਕੇ ਇਸਨੂੰ ਛੋਟਾ ਜਾਂ ਵੱਡਾ ਬਣਾ ਲੈਂਦੇ ਨੇ। ਫੇਰ ਇਸ ਨੂੰ ਰੇਗਮਾਰ ਨਾਲ ਘਸਾ ਕੇ ਕੂਲਾ ਕਰਨ ਵਿਚ ਜੁਟ ਜਾਂਦੇ ਨੇ। ਰੇਗਮਾਰ ਵੱਖ-ਵੱਖ ਨੰਬਰਾਂ ਦੇ ਹੁੰਦੇ ਨੇ। ਗਲਤ ਨੰਬਰ ਨਾਲ ਘਿਸਾਈ ਹੋਈ ਲੱਕੜੀ ਜਿਵੇਂ ਕੂਲੀ ਹੋਣ ਦੇ ਬਜਾਏ ਖੁਰਦਰੀ ਹੋ ਜਾਂਦੀ ਹੈ। ਜ਼ਿੰਦਗੀ ਵਿਚ ਪੁੱਟਿਆ ਗਿਆ ਇਕ  ਗਲਤ ਕਦਮ ਉਸਨੂੰ ਅਤਿ ਬਦਸੂਰਤ ਬਣਾ ਦਿੰਦਾ ਏ...'  
ਤੇ ਇਕ ਦਿਨ ਉਸਦੀ ਸਮਝ ਵਿਚ ਆ ਗਿਆ ਸੀ ਕਿ ਪਾਪਾ ਵੱਧ ਸਮਾਂ ਬਾਹਰ ਬੈਠ ਕੇ ਕਿਉਂ ਪੜ੍ਹਦੇ ਹਨ...ਉਹ ਅਚਾਣਕ ਕੁਝ ਪੁੱਛਣ ਬਾਹਰ ਆ ਗਈ ਸੀ। ਪਾਪਾ ਪੜ੍ਹ ਕਿੱਥੇ ਰਹੇ ਸਨ...ਬਸ, ਦਰਵਾਜ਼ੇ ਉੱਤੇ ਲੱਗੇ ਬੋਰਡ ਨੂੰ ਦੇਖ ਰਹੇ ਸਨ—'ਹੋਮ, ਸਵੀਟ ਹੋਮ'...ਉਸਨੂੰ ਦੇਖਦਿਆਂ ਹੀ ਪਾਪਾ ਨੇ ਕਿਤਾਬ ਸਾਹਮਣੇ ਕਰ ਲਈ ਸੀ। ਉਸ ਵਿਚ ਵੀ ਏਨਾ ਹੌਂਸਲਾ ਕਿੱਥੇ ਸੀ ਕਿ ਪਾਪਾ ਦੇ ਅੱਥਰੂ ਦੇਖ ਸਕਦੀ। ਉਹ ਖ਼ੁਦ ਭੁੱਲ ਗਈ ਸੀ ਕਿ ਉਹ ਕਿਉਂ ਆਈ ਹੈ। ਪਾਪਾ ਨੇ ਹੀ ਪੁੱਛਿਆ ਸੀ, 'ਕੀ ਗੱਲ ਏ ਬੇਟਾ?'
ਉਸਨੇ ਕੰਬਦੀ ਹੋਈ ਆਵਾਜ਼ ਵਿਚ ਸਿਰਫ ਏਨਾ ਕਿਹਾ ਸੀ, 'ਪਾਪਾ, ਇਸ ਬੋਰਡ ਨੂੰ ਨਾ ਉਤਾਰਨਾਂ...।' ਤੇ ਉਹ ਵਾਪਸ ਚਲੀ ਗਈ ਸੀ।
ਆਪਣੇ ਕਮਰੇ ਵਿਚ ਆ ਕੇ ਉਸਨੂੰ ਲੱਗਿਆ ਸੀ ਕਿ ਪਾਪਾ ਆਪਣੇ ਕਮਰੇ ਵਿਚ ਜਾ ਕੇ ਖੰਘ ਰਹੇ ਹਨ...ਇਹ ਖਾਂਸੀ ਅਕਸਰ ਰਾਤਾਂ ਨੂੰ ਉਠਦੀ ਹੁੰਦੀ ਸੀ। ਉਹ ਮਾਂ ਦੇ ਉੱਠਣ ਦੀ ਉਡੀਕ ਕਰਦੀ...ਜਦੋਂ ਮਾਂ ਦੇ ਘੁਰਾੜੇ ਬੰਦ ਨਾ ਹੁੰਦੇ, ਤਾਂ ਆਪ ਪਾਣੀ ਦਾ ਗਲਾਸ ਲੈ ਕੇ ਉਹਨਾਂ ਕੋਲ ਜਾਂਦੀ। ਉਹ ਚੁੱਪਚਾਪ ਪਾਣੀ ਪੀ ਲੈਂਦੇ। ਉਹਨਾਂ ਦਾ ਸਾਹ ਉੱਖੜਿਆ ਹੋਇਆ ਹੁੰਦਾ...ਪਰ ਕਹਿੰਦੇ ਉਹ ਕੁਝ ਵੀ ਨਹੀਂ ਸੀ ਹੁੰਦੇ। ਉਹ ਚੁੱਪ ਉਸ ਤੋਂ ਬਰਦਾਸ਼ਤ ਨਾ ਹੁੰਦੀ ਤੇ ਉਹ ਵਾਪਸ ਆਪਣੇ ਕਮਰੇ ਵਿਚ ਆ ਜਾਂਦੀ ਸੀ।
ਉਹ ਵਾਪਸ ਆ ਰਹੀ ਸੀ ਘਰ! ਕਦੋਂ ਟ੍ਰੇਨ ਰੁਕੀ...ਕਦੋਂ ਉਹ ਉਤਰੀ...ਕਦੋਂ ਫੁਟਪਾਥ 'ਤੇ ਆ ਗਈ...ਕੁਝ ਪਤਾ ਹੀ ਨਹੀਂ ਸੀ ਲੱਗਿਆ ; ਬਸ, ਉਹ ਸਿਰਫ ਏਨਾ ਜਾਣਦੀ ਹੈ, ਕਿ ਆਫਿਸ 'ਚੋਂ ਛੁੱਟੀ ਹੋਣ 'ਤੇ ਉਹ ਘਰ ਜਾ ਰਹੀ ਹੈ...ਫੁਟਪਾਥਾਂ ਤੋਂ ਹੁੰਦੀ ਹੋਈ, ਆਪਣੇ ਘਰ...
      --- --- ---
ਐਤਵਾਰ ਦਾ ਦਿਨ ਸੀ। ਪਾਪਾ ਦਾ ਕਮਰਾ ਸਾਫ ਕਰਦੇ ਕਰਦੇ ਉਸਦੇ ਹੱਥ ਪਾਪਾ ਦੀ ਡਾਇਰੀ ਆ ਗਈ। ਪਾਪਾ ਦੀ ਲਿਖਾਵਟ—
 'ਨਾਲੋ ਨਾਲ ਚਲਦੇ ਹੋਏ...
 ਇਸ ਸ਼ਹਿਰ ਦੇ ਫੁਟਪਾਥਾਂ 'ਤੇ,
 ਅਸੀਂ ਸੁਪਨਾ ਦੇਖਿਆ ਸੀ
 ਇਕ ਛੋਟੇ ਜਿਹੇ ਘਰ ਦਾ,
 ਤੇ ਜਦ ਸੁਪਨਾ
 ਘਰ ਬਣ ਗਿਆ,
 ਅਸੀਂ ਵੱਖ-ਵੱਖ ਕਮਰਿਆਂ 'ਚ ਵੰਡੇ ਗਏ!'
ਉਹ ਫਿਸ ਪਈ ਸੀ।
ਅਚਾਣਕ ਪਾਪਾ ਆ ਗਏ ਸਨ ਤੇ ਹੌਲੀ-ਹੌਲੀ ਉਸਦੇ ਸਿਰ ਉਪਰ ਹੱਥ ਫੇਰਨ ਲੱਗ ਪਏ ਸਨ...
'ਪਾਪਾ !'
ਥੋੜ੍ਹੀ ਦੇਰ ਚੁੱਪ ਰਹਿ ਕੇ ਪਾਪਾ ਨੇ ਕਿਹਾ ਸੀ —'ਬੇਟੇ, ਗਲਤੀ ਮੇਰੀ ਹੀ ਹੈ...'
ਉਸਨੇ ਸਿੱਧਾ ਪਾਪਾ ਦੀਆਂ ਅੱਖਾਂ ਵਿਚ ਤੱਕਿਆ...ਇਸ ਵਾਰੀ ਅੱਖਾਂ ਵਿਚ ਅੱਥਰੂ ਨਹੀਂ ਸਨ। ਅੱਖਾਂ ਪੱਥਰ ਵਾਂਗ ਬੇਜਾਨ ਲੱਗ ਰਹੀਆਂ ਸਨ। ਉਸਦਾ ਦਿਲ ਕੀਤਾ, ਚੀਕ ਕੇ ਕਹੇ—'ਆਖ਼ਰ ਕਦ ਤਕ...ਕਦ ਤਕ, ਹਰ ਦੋਸ਼ ਆਪਣੇ ਆਪ ਉੱਤੇ ਲੈ ਕੇ, ਆਪਰਾਧੀ ਵਾਂਗ ਕਟਹਿਰੇ ਵਿਚ ਖੜ੍ਹੇ ਹੋ ਕੇ, ਆਪਣੇ ਖ਼ਿਲਾਫ਼ ਫੈਸਲੇ ਦਿੰਦੇ ਰਹੋਗੇ...ਆਖ਼ਰ ਕਦ ਤਕ ਪਾਪਾ ?'...ਪਰ ਉਹ ਉਹਨਾਂ ਮੁਰਦਾ ਅੱਖਾਂ ਸਾਹਵੇਂ ਟਿਕ ਨਹੀਂ ਸੀ ਸਕੀ ਤੇ ਹੌਲੀ-ਹੌਲੀ, ਪੈਰ ਘਸੀਟਦੀ ਹੋਈ, ਕਮਰੇ ਵਿਚੋਂ ਬਾਹਰ ਵੱਲ ਤੁਰ ਪਈ ਸੀ।
''ਰਾਤੂ ਬੇਟਾ...'
ਉਹ ਰੁਕ ਗਈ।
'ਮੈਂ ਫੁਟਪਾਥ ਤੋਂ ਜ਼ਿੰਦਗੀ ਸ਼ੁਰੂ ਕੀਤੀ ਸੀ, ਫੇਰ ਫੁਟਪਾਥ 'ਤੇ ਆ ਗਿਆਂ...। ਜਿੱਥੇ ਦੋ ਇੱਟਾਂ ਮਿਲਦੀਆਂ ਹਨ, ਬਿਨਾਂ ਉਸ ਜੋੜ ਦਾ ਹਿਸਾਬ ਲਾਏ ਮੇਖ਼ ਠੋਕਦਾ ਰਿਹਾ...ਮੇਖ਼ ਟੇਢੀ ਹੋਣੀ ਹੀ ਸੀ...ਉਂਗਲਾਂ ਜਖ਼ਮੀ ਹੋਣੀਆਂ ਹੀ ਸਨ...ਇਸ ਵਿਚ ਕਿਸੇ ਦਾ ਕੋਈ ਦੋਸ਼ ਨਹੀਂ...ਆਪਣੇ ਪਾਪਾ ਨੂੰ ਮੁਆਫ਼ ਕਰ ਦੇਵੀਂ ਬੇਟਾ...।' ਕਹਿੰਦਿਆਂ-ਕਹਿੰਦਿਆਂ ਪਾਪਾ ਨੂੰ ਖੰਘ ਛਿੜ ਪਈ ਸੀ।  
ਤੇ ਉਹ ਕੁਝ ਹੋਰ ਨਹੀਂ ਸਨ ਕਹਿ ਸਕੇ...ਤੇ ਉਸ ਵਿਚ ਕੁਝ ਹੋਰ ਸੁਣਨ ਦੀ ਹਿੰਮਤ ਵੀ ਸੀ ਰਹੀ!...ਉਸ ਦਿਨ ਵੀ ਕਦੋਂ ਹਿੰਮਤ ਕਰ ਸਕੀ ਸੀ ਉਹ ਜਿਸ ਦਿਨ ਵਿਨੈ ਵੀਰ ਭਾਬੀ ਦੇ ਕਹਿਣ ਉੱਤੇ ਚੀਕੇ-ਕੂਕੇ ਸਨ ਕਿ 'ਤੇਰੇ ਪਿਉ ਦੀ ਖੌਂ-ਖੌਂ ਨੇ ਰਾਤਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਕੋਈ ਹੱਲ ਲੱਭ'...ਤੇ ਵੀਰ ਦੂਜੇ ਸ਼ਹਿਰ ਦੀ ਬਦਲੀ ਕਰਵਾ ਕੇ, ਇਕ ਤਰੀਕੇ ਨਾਲ ਹੱਲ ਲੱਭ ਕੇ, ਭੱਜ ਨਿਕਲਿਆ ਸੀ...
ਹੌਲੀ ਹੌਲੀ ਉਸਨੇ ਮਹਿਸੂਸ ਕੀਤਾ ਕਿ ਮਾਂ ਵੀ ਪਾਪਾ ਤੋਂ ਦੂਰ ਹੁੰਦੀ ਜਾ ਰਹੀ ਹੈ। ਮੀਟਿੰਗਾਂ, ਪਾਰਟੀਆਂ ਦੇ ਨਾਂਅ 'ਤੇ ਦੇਰ ਨਾਲ ਵਾਪਸ ਆਉਣ ਪਿੱਛੋਂ...ਹੁਣ ਉਹ ਕਾਨਫਰੰਸਾਂ ਦੇ ਨਾਂਅ 'ਤੇ ਵਧੇਰੇ ਕਰਕੇ ਸ਼ਹਿਰ 'ਚੋਂ ਬਾਹਰ ਰਹਿਣ ਲੱਗ ਪਈ ਸੀ...ਕੱਲ੍ਹ ਹੀ ਤਾਂ ਦਿੱਲੀ ਗਈ ਹੈ...ਅਚਾਣਕ ਉਸਨੂੰ ਚੇਤਾ ਆਉਂਦਾ ਹੈ, ਕੱਲ੍ਹ 'ਬਰੋਵਾਨ' ਖ਼ਤਮ ਹੋ ਗਿਆ ਸੀ। ਆਉਂਦਿਆਂ ਹੋਇਆਂ ਪਾਪਾ ਨੇ ਲਿਆਉਣ ਲਈ ਕਿਹਾ ਸੀ। ਉਹ ਇਕ ਮੈਡੀਕਲ ਸਟੋਰ ਵਿਚ ਵੜ ਜਾਂਦੀ ਹੈ।...ਫਿਰ ਉਸੇ ਫੁਟਪਾਥ 'ਤੇ ਆ ਜਾਂਦੀ ਹੈ। ਕਾਹਲੀ ਕਾਹਲੀ ਤੁਰਨ ਲੱਗਦੀ ਹੈ। ਹੱਥ ਵਿਚ 'ਬਰੋਵਾਨ' ਦੀ ਸ਼ੀਸ਼ੀ ਹੈ। ਉਸਦੀਆਂ ਅੱਖਾਂ ਸਾਹਵੇਂ ਪਾਪਾ ਦਾ ਖੰਘਦਾ ਹੋਇਆ ਚਿਹਰਾ ਘੁੰਮਣ ਲੱਗਦਾ ਹੈ...ਕਮਰੇ ਵਿਚ ਬੇਚੈਨੀ ਨਾਲ ਟਹਿਲ ਰਹੇ ਪਾਪਾ...ਉਸਨੂੰ ਲੱਗਦਾ ਹੈ, ਪਾਪਾ ਕਮਰੇ ਵਿਚ ਨਹੀਂ ਕਿਸੇ ਫੁਟਪਾਥ ਉੱਤੇ ਟਹਿਲ ਰਹੇ ਹੋਣਗੇ...ਇਕੱਲੇ...ਬੇਸਹਾਰਾ ! ਉਸਦਾ ਦਿਲ ਕਹਿੰਦਾ ਹੈ, ਜਲਦੀ-ਜਲਦੀ ਪਾਪਾ ਕੋਲ ਪਹੁੰਚ ਜਾਵੇ...ਉਹ ਹੋਰ ਤੇਜ਼ ਤੁਰਨ ਲੱਗਦੀ ਹੈ...ਹੋਰ ਤੇਜ਼...ਪਰ ਦੂਰ ਤਕ ਵਿਛੇ ਹੋਏ ਫੁਟਪਾਥ 'ਤੇ ਘਰ ਨਜ਼ਰ ਹੀ ਨਹੀਂ ਆ ਰਿਹਾ...ਅੰਦਰੇ-ਅੰਦਰ ਕੂਕਦੀ ਹੈ ਉਹ : ਘਰ ਆਉਂਦਾ ਕਿਉਂ ਨਹੀਂ ਪਿਆ...ਕਿੱਥੇ ਚਲਾ ਗਿਆ ਹੈ, ਘਰ...। ਘਰ ਕਿੱਥੇ ਗਿਆ ਪਾਪਾ...!
    000

No comments:

Post a Comment