Saturday, June 4, 2011

ਗਰਦਿਸ਼... :: ਲੇਖਕ : ਐੱਮ. ਮੁਬੀਨ



ਉਰਦੂ ਕਹਾਣੀ :

ਗਰਦਿਸ਼...

ਲੇਖਕ : ਐੱਮ. ਮੁਬੀਨ

ਅਨੁਵਾਦ : ਮਹਿੰਦਰ ਬੇਦੀ ਜੈਤੋ


ਬੈੱਲ ਵਜਾਉਣ 'ਤੇ ਰੋਜ਼ ਵਾਂਗ ਘਰਵਾਲੀ ਨੇ ਹੀ ਬੂਹਾ ਖੋਲ੍ਹਿਆ ਸੀ। ਉਸਨੇ ਆਪਣੀਆਂ ਤਿੱਖੀਆਂ ਨਜ਼ਰਾਂ ਉਹਦੇ ਚਿਹਰੇ ਉੱਪਰ ਗੱਡ ਲਈਆਂ...ਜਿਵੇਂ ਉਸ ਚਿਹਰੇ ਤੋਂ ਅੱਜ ਵਾਪਰੀ ਕਿਸੇ ਆਸਾਧਾਰਣ ਘਟਨਾ ਦੀ ਇਬਾਰਤ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਘਰਵਾਲੀ ਦਾ ਚਿਹਰਾ ਸਪਾਟ ਸੀ। ਉਸਨੇ ਸੁਖ ਦਾ ਸਾਹ ਲਿਆ, ਮਹਿਸੂਸ ਹੋਇਆ ਜਿਵੇਂ ਦਿਲ ਤੋਂ ਕੋਈ ਭਾਰੀ ਬੋਝ ਲੱਥ ਗਿਆ ਹੋਵੇ।
ਘਰਵਾਲੀ ਦੇ ਚਿਹਰੇ ਦੀ ਸ਼ਾਂਤੀ ਇਸ ਗੱਲ ਦੀ ਗਵਾਹੀ ਦੇ ਰਹੀ ਸੀ ਕਿ ਅੱਜ ਅਜਿਹੀ ਕੋਈ ਘਟਨਾਂ ਨਹੀਂ ਵਾਪਰੀ ਜਿਹੜੀ ਚਿੰਤਾ ਭਰਪੂਰ ਹੋਵੇ ਜਾਂ ਜਿਹੜੀ ਉਸਦੇ ਦਿਲ ਦੇ ਉਹਨਾਂ ਸ਼ੰਕਿਆਂ ਨੂੰ ਸਹੀ ਸਿੱਧ ਕਰ ਦਏ ਜਿਹਨਾਂ ਬਾਰੇ ਉਹ ਸਾਰੇ ਰਸਤੇ ਸੋਚਦਾ ਰਿਹਾ ਸੀ। ਏਨੇ ਦਿਨਾਂ ਵਿਚ ਉਹ ਚੰਗੀ ਤਰ੍ਹਾਂ ਘਰਵਾਲੀ ਦੇ ਚਿਹਰੇ ਦੀ ਕਿਤਾਬ ਪੜ੍ਹਨੀ ਸਿੱਖ ਗਿਆ ਸੀ, ਘਰਵਾਲੀ ਦੇ ਚਿਹਰੇ ਦੇ ਹਾਵਭਾਵ ਤੋਂ ਉਹ ਇਹ ਅੰਦਾਜ਼ਾ ਲਾ ਲੈਂਦਾ ਸੀ ਕਿ ਅੱਜ ਕਿਸ ਕਿਸਮ ਦੀ ਘਟਨਾਂ ਵਾਪਰੀ ਹੋਏਗੀ...ਇਸ ਤੋਂ ਪਹਿਲਾਂ ਕਿ ਘਰਵਾਲੀ ਉਸ ਘਟਨਾਂ ਬਾਰੇ ਦੱਸੇ—ਉਹ ਉਸ ਘਟਨਾਂ ਨੂੰ ਸੁਣਨ ਤੋਂ ਪਹਿਲਾਂ ਹੀ, ਉਸ ਘਟਨਾਂ ਨੂੰ ਸੁਣ ਕੇ ਆਪਣੇ ਉੱਤੇ ਹੋਣ ਵਾਲੇ ਅਸਰ ਦਾ ਸਾਹਮਣਾ ਕਰਨ ਦੀ ਤਿਆਰ ਕਰ ਲੈਂਦਾ ਸੀ।
ਸਿਰ ਨੂੰ ਹਲਕਾ ਜਿਹਾ ਝਟਕਾ ਦੇ ਕੇ ਉਸਨੇ ਆਪਣੀ ਕਮੀਜ਼ ਲਾਹ ਕੇ ਘਰਵਾਲੀ ਨੂੰ ਫੜਾ ਦਿੱਤੀ ਤੇ ਉਸਦੇ ਹੱਥੋਂ ਲੁੰਗੀ ਫੜ੍ਹ ਕੇ ਲੱਕ ਦੁਆਲੇ ਲਪੇਟੀ ਤੇ ਪਤਲੂਨ ਲਾਹੁਣ ਲੱਗ ਪਿਆ। ਫੇਰ ਵਾਸ਼ ਬੇਸਨ ਕੋਲ ਜਾ ਕੇ ਉਸਨੇ ਠੰਡੇ-ਠੰਡੇ ਪਾਣੀ ਦੇ ਛਿੱਟੇ ਆਪਣੇ ਮੂੰਹ ਉੱਪਰ ਮਾਰੇ¸ਉਹਨਾਂ ਛਿੱਟਿਆਂ ਦੇ ਮੂੰਹ ਨਾਲ ਟਕਰਾਉਂਦਿਆਂ ਹੀ ਉਸਦੇ ਸਾਰੇ ਸਰੀਰ ਨੂੰ ਇਕ ਹਲਕੀ ਜਿਹੀ ਧੁੜਧੁੜੀ ਜਿਹੀ ਆਈ ਤੇ ਮਨ ਸ਼ਾਂਤ ਹੋ ਗਿਆ। ਫੇਰ ਉਹ ਆਰਾਮ ਨਾਲ ਮੂੰਹ ਹੱਥ ਧੋਣ ਲੱਗ ਪਿਆ।
ਤੌਲੀਏ ਨਾਲ ਮੂੰਹ ਹੱਥ ਪੂੰਝਦਾ ਹੋਇਆ ਉਹ ਆਪਣੀ ਕੁਰਸੀ ਉੱਤੇ ਆ ਬੈਠਾ ਤੇ ਘਰਵਾਲੀ ਨੂੰ ਪੁੱਛਣ ਲੱਗਾ, “ਗੁੱਡੂ ਕਿੱਥੇ ਈ?”
“ਸ਼ਾਇਦ ਟਿਊਸ਼ਨ 'ਤੇ ਕਹਿ ਕੇ ਗਿਆ ਸੀ।” ਘਰਵਾਲੀ ਨੇ ਜਵਾਬ ਦਿੱਤਾ।
“ਝੂਠ ਬੋਲਦਾ ਏ ਉਹ।” ਘਰਵਾਲੀ ਦੀ ਗੱਲ ਸੁਣਦਿਆਂ ਹੀ ਉਹ ਭੜਕਿਆ, “ਉਹ ਟਿਊਸ਼ਨ ਦਾ ਬਹਾਨਾ ਕਰਕੇ ਏਧਰ-ਉਧਰ ਆਵਾਰਾਗਰਦੀ ਕਰਦਾ ਫਿਰਦੈ। ਅਹਿ ਰਾਸਤੇ 'ਚ ਮੈਂ ਉਸਨੂੰ ਕੈਪੀਟਲ ਦੇ ਕੋਲ ਉਸਦੇ ਦੋ ਚਾਰ ਆਵਾਰਾ ਦੋਸਤਾਂ ਨਾਲ ਫਿਰਦਾ ਦੇਖਿਆ ਏ। ਉਸਦੀ ਟਿਊਸ਼ਨ ਤਾਂ ਕੈਲਾਸ਼ ਨਾਜ਼ ਦੇ ਕੋਲ ਐ, ਉਹ ਕੈਪੀਟਲ ਕੋਲ ਕਿੰਜ ਪਹੁੰਚ ਗਿਆ?”
“ਹੋ ਸਕਦਾ ਏ ਟਿਊਸ਼ਨ ਤੋਂ ਜਲਦੀ ਛੁੱਟੀ ਹੋ ਗਈ ਹੋਏ ਤੇ ਉਹ ਦੋਸਤਾਂ ਨਾਲ ਘੁੰਮਣ ਨਿਕਲ ਗਿਆ ਹੋਏ।” ਘਰਵਾਲੀ ਨੇ ਪੁੱਤਰ ਦਾ ਪੱਖ ਕੀਤਾ।
“ਜੇ ਟਿਊਸ਼ਨ ਕਲਾਸ 'ਤੋਂ ਜਲਦੀ ਛੁੱਟੀ ਹੋ ਗਈ ਸੀ ਤਾਂ ਉਸਨੂੰ ਸਿੱਧੇ ਘਰ ਆਉਣਾ ਚਾਹੀਦਾ ਸੀ, ਦੋਸਤਾਂ ਨਾਲ ਆਵਾਰਾਗਰਦੀ ਕਰਨ ਲਈ ਨਹੀਂ ਸੀ ਟੁਰ ਜਾਣਾ ਚਾਹੀਦਾ। ਮੈਂ ਤਾਂ ਕਹਿ ਰਿਹਾਂ ਇਸਦੀ ਟਿਊਸ਼ਨ ਸਰਾਸਰ ਫਰਾਡ ਏ—ਟਿਊਸ਼ਨ ਦੇ ਬਹਾਨੇ ਉਹ ਆਵਾਰਾਗਰਦੀ ਕਰਦਾ ਹੋਏਗਾ ਤੇ ਟਿਊਸ਼ਨ ਦੀ ਫੀਸ ਦੋਸਤਾਂ ਨਾਲ ਰਲ ਕੇ ਉਡਾਅ ਜਾਂਦਾ ਹੋਏਗਾ।”
“ਜੇ ਬੇਟੇ 'ਤੇ ਭਰੋਸਾ ਨਹੀਂ ਤਾਂ ਖ਼ੁਦ ਕਿਸੇ ਦਿਨ ਟਿਊਸ਼ਨ ਕਲਾਸ ਵਿਚ ਜਾ ਕੇ ਪਤਾ ਕਿਉਂ ਨਹੀਂ ਕਰ ਲੈਂਦੇ?” ਪਤਨੀ ਨੇ ਤਿੱਖੀ ਆਵਾਜ਼ ਵਿਚ ਕਿਹਾ ਤਾਂ ਉਸਨੇ ਵਿਸ਼ਾ ਬਦਲ ਦਿੱਤਾ...:
“ਮੁੰਨੀ ਕਿੱਥੇ ਈ?”
“ਆਪਣੀ ਇਕ ਸਹੇਲੀ ਨਾਲ ਸ਼ਾਪਿੰਗ ਲਈ ਗਈ ਏ।”
“ਏਸ ਕੁੜੀ ਦਾ ਬਾਹਰ ਜਾਣਾ ਹੁਣ ਘੱਟ ਕਰ ਦਿਓ। ਹੁਣ ਉਹ ਛੋਟੀ ਬੱਚੀ ਨਹੀਂ ਰਹੀ—ਵੱਡੀ ਹੋ ਗਈ ਏ। ਸਵੇਰੇ ਜਦ ਮੈਂ ਡਿਊਟੀ 'ਤੇ ਜਾ ਰਿਹਾ ਸੀ ਤਾਂ ਉਹ ਖਿੜਕੀ 'ਚ ਖੜ੍ਹੀ ਬੁਰਸ਼ ਕਰ ਰਹੀ ਸੀ ਤੇ ਹੇਠਾਂ ਦੋ ਤਿੰਨ ਮੁੰਡੇ ਉਸ ਵਲ ਦੇਖ-ਦੇਖ ਮੁਸਕੁਰਾ ਰਹੇ ਸੀ। ਭੱਦੇ ਰਿਮਾਰਕਸ ਕਸ ਰਹੇ ਸੀ। ਇਹ ਮਹੱਲਾ ਸ਼ਰੀਫ਼ਾਂ ਦੇ ਰਹਿਣ ਦੇ ਲਾਇਕ ਈ ਨਹੀਂ...” ਉਹ ਬੁੜ-ਬੁੜ ਕਰਨ ਲੱਗਾ।
“ਚਲੋ ਖਾਣਾ ਖਾ ਲਓ।” ਪਤਨੀ ਨੇ ਉਸਦਾ ਮੂਡ ਬਦਲਣ ਲਈ ਵਿਸ਼ਾ ਬਦਲਣ ਦੀ ਕੋਸ਼ਿਸ਼ ਕੀਤੀ।
“ਤੇ ਹਾਂ, ਛੋਟਾ ਕਿੱਥੇ ਈ ਦਿਖਾਈ ਈ ਨਹੀਂ ਦੇ ਰਿਹਾ...”
“ਆਪਣੇ ਦੋਸਤਾਂ ਨਾਲ ਖੇਡਣ ਗਿਆ ਏ।”
“ਕਿੱਥੇ ਖੇਡਣ ਗਿਐ?” ਉਸਨੇ ਹਿਰਖ ਕੇ ਪੁੱਛਿਆ।
“ਤੁਹਾਨੂੰ ਪਤਾ ਏ ਕਿ ਉਹ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡਣ ਆਜ਼ਾਦ ਮੈਦਾਨ ਜਾਂਦਾ ਏ?...ਬੱਚਿਆਂ ਦੇ ਖੇਡਣ ਲਾਇਕ ਕੋਈ ਜਗ੍ਹਾ ਵੀ ਤਾਂ ਨਹੀਂ ਬਚੀ। ਚਾਰੇ ਪਾਸੇ ਪੱਥਰਾਂ ਦਾ ਜੰਗਲ ਆਬਾਦ ਹੋ ਗਿਐ।”
“ਰਾਤ ਦੇ ਅੱਠ ਵੱਜ ਗਏ ਨੇ। ਆਜ਼ਾਦ ਮੈਦਾਨ ਵਿਚ ਸੱਤ ਵਜੇ ਹਨੇਰਾ ਹੋ ਜਾਂਦਾ ਏ। ਕੀ ਉਹ ਹੁਣ ਤਕ ਫੱਲਡ ਲਾਈਟ ਵਿਚ ਕ੍ਰਿਕਟ ਖੇਡ ਰਿਹਾ ਹੋਏਗਾ?”
“ਦੇਖੋ, ਤੁਸੀਂ ਬੱਚਿਆਂ ਨੂੰ ਆਉਣ ਜਾਣ ਲਈ ਬਸ ਜਾਂ ਟੈਕਸੀ ਦਾ ਕਿਰਾਇਆ ਤਾਂ ਦੇਂਦੇ ਨਹੀਂ...ਤਾਂ ਸਾਫ ਜਿਹੀ ਗੱਲ ਏ ਕਿ ਆਜ਼ਾਦ ਮੈਦਾਨ ਤੋਂ ਉਹ ਪੈਦਲ ਹੀ ਆ ਰਿਹਾ ਹੋਏਗਾ ਤੇ ਆਜ਼ਾਦ ਮੈਦਾਨ ਕੋਈ ਏਨਾ ਨੇੜੇ ਨਹੀਂ ਕਿ ਪੰਜ ਦਸ ਮਿੰਟ ਵਿਚ ਕੋਈ ਘਰ ਆ ਜਾਏ।”
“ਸੁਲਤਾਨਾ! ਮੈਂ ਤੈਨੂੰ ਵਾਰ ਵਾਰ ਕਹਿਣਾ ਬਈ ਜਦੋਂ ਮੈਂ ਘਰ ਆਵਾਂ, ਬੱਚੇ ਮੈਨੂੰ ਘਰ ਈ ਨਜ਼ਰ ਆਉਣੇ ਚਾਹੀਦੇ ਨੇ ਪਰ ਤੂੰ ਮੇਰੀ ਏਸ ਗੱਲ ਨੂੰ ਸੰਜੀਦਗੀ ਨਾਲ ਲੈਂਦੀ ਈ ਨਹੀਂ। ਆਖ਼ਰ ਤੇਰੇ ਦਿਲ ਵਿਚ ਕੀ ਏ? ਕੀ ਚਾਹੁੰਦੀ ਏਂ ਤੂੰ?”
“ਦੇਖੋ ਜੀ! ਜੇ ਤੁਸੀਂ ਬੱਚਿਆਂ ਦੇ ਬਾਪ ਓ ਤਾਂ ਮੈਂ ਵੀ ਬੱਚਿਆਂ ਦੀ ਮਾਂ ਵਾਂ, ਤੁਹਾਡੇ ਨਾਲੋਂ ਵੱਧ ਮੈਨੂੰ ਬੱਚਿਆਂ ਦੀ ਫਿਕਰ ਰਹਿੰਦੀ ਏ। ਮੈਨੂੰ ਪਤਾ ਏ ਇਸ ਸ਼ਹਿਰ ਤੇ ਸਾਰੇ ਮੁਲਕ ਦਾ ਮਾਹੌਲ ਇਸ ਕਾਬਿਲ ਨਹੀਂ ਕਿ ਬੱਚੇ ਬਹੁਤੀ ਦੇਰ ਘਰੋਂ ਬਾਹਰ ਰਹਿ ਕੇ ਸੁਰੱਖਿਅਤਾ ਰਹਿਣ। ਪਰ ਕੀ ਕਰਾਂ ਬੱਚੇ ਕੋਈ ਨਾ ਕੋਈ ਅਜਿਹਾ ਕੰਮ ਦੱਸ ਦੇਂਦੇ ਨੇ ਕਿ ਮਜ਼ਬੂਰਨ ਮੈਨੂੰ ਉਹਨਾਂ ਬਾਹਰ ਜਾਣ ਦੀ ਇਜਾਜ਼ਤ ਦੇਣੀ ਪੈਂਦੀ ਏ।” ਪਤਨੀ ਨੇ ਜਵਾਬ ਦਿੱਤਾ। “ਹੁਣ ਇਹ ਬੇਕਾਰ ਜਿਹੀਆਂ ਗੱਲਾਂ ਛੱਡੋ ਤੇ ਖਾਣਾ ਖਾ ਲਓ; ਪਤਾ ਨਹੀਂ ਦੁਪਹਿਰੇ ਕਦੋਂ ਖਾਣਾ ਖਾਧਾ ਹੋਏਗਾ?”
“ਠੀਕ ਏ, ਲੈ ਆ।” ਉਸਨੇ ਵੀ ਹਥਿਆਰ ਸੁੱਟ ਦਿੱਤੇ।
ਉਹ ਦੇਖਣ ਨੂੰ ਤਾਂ ਬੜੇ ਆਰਾਮ ਨਾਲ ਖਾਣਾ ਖਾ ਰਿਹਾ ਸੀ ਪਰ ਉਸਦਾ ਸਾਰਾ ਧਿਆਨ ਬੱਚਿਆਂ ਵਿਚ ਸੀ। ਇਹ ਗੁੱਡੂ ਆਪਣੇ ਦੋਸਤਾਂ ਨਾਲ ਏਨੀ ਦੂਰ ਤਕ ਪਤਾ ਨਹੀਂ ਕੀ ਕੀ ਕਰਦਾ ਫਿਰਦਾ ਏ...ਮੁੰਨੀ ਆਪਣੀਆਂ ਸਹੇਲੀਆਂ ਨਾਲ ਸ਼ਾਪਿੰਗ ਕਰਨ ਗਈ ਏ, ਅਜੇ ਤਕ ਵਾਪਸ ਕਿਉਂ ਨਹੀਂ ਆਈ? ਉਸਨੂੰ ਏਡੀ ਰਾਤ ਤਕ ਘਰੋਂ ਬਾਹਰ ਨਹੀਂ ਰਹਿਣਾ ਚਾਹੀਦਾ। ਤੇ ਏਸ ਛੋਟੇ ਉੱਤੇ ਕ੍ਰਿਕਟ ਦਾ ਭੂਤ ਸਵਾਰ ਹੋਇਐ; ਹੁਣ ਕ੍ਰਿਕਟ ਖੇਡਣ ਲਈ ਇਹ ਤਿੰਨ ਕਿਲੋਮੀਟਰ ਦੂਰ ਆਜ਼ਾਦ ਮੈਦਾਨ ਤੇ ਉਹ ਵੀ ਪੈਦਲ ਜਾਣ ਦੀ ਕੋਈ ਤੁਕ ਏ?
ਜਦੋਂ ਉਹ ਘਰੋਂ ਬਾਹਰ ਡਿਊਟੀ 'ਤੇ ਹੁੰਦਾ ਸੀ ਉਦੋਂ ਵੀ ਛਿਣ-ਪਲ ਲਈ ਵੀ ਘਰ ਤੇ ਬੱਚਿਆਂ ਦਾ ਖ਼ਿਆਲ ਉਸਦੇ ਦਿਮਾਗ਼ 'ਚੋਂ ਨਹੀਂ ਸੀ ਨਿਕਲਦਾ ਹੁੰਦਾ। ਘਰ ਆਉਣ ਪਿੱਛੋਂ ਵੀ ਇਹ ਸੋਚ ਉਸਦਾ ਪਿੱਛਾ ਨਹੀਂ ਸੀ ਛੱਡਦੀ। ਜੇ ਬੱਚੇ ਘਰ ਵਿਚ ਉਸਦੀਆਂ ਨਜ਼ਰਾਂ ਦੇ ਸਾਹਮਣੇ ਹੁੰਦੇ ਤਾਂ ਵੀ ਉਹ ਉਹਨਾਂ ਬਾਰੇ ਹੀ ਸੋਚਦਾ ਰਹਿੰਦਾ।
ਗੁੱਡੂ ਪੜ੍ਹਨ ਲਿਖਣ ਵਿਚ ਕਾਫੀ ਚੰਗਾ ਹੈ, ਹੁਸ਼ਿਆਰ ਹੈ। ਬਾਰ੍ਹਵੀਂ ਪਾਸ ਕਰ ਲਏ ਤਾਂ ਕਿਸੇ ਚੰਗੀ ਲਾਈਨ ਵਿਚ ਪਾਇਆ ਜਾ ਸਕਦਾ ਏ। ਡਾਕਟਰ ਬਣਾਉਣ ਦੀ ਪਹੁੰਚ ਤਾਂ ਉਸ ਵਿਚ ਨਹੀਂ, ਹਾਂ ਕਿਸੇ ਪਾਲੀਟੈਕਨੀਕਲ ਵਿਚ ਦਾਖ਼ਲਾ ਮਿਲ ਜਾਏ ਤਾਂ ਉਹ ਉਸਨੂੰ ਪੜ੍ਹਾ ਸਕਦਾ ਹੈ। ਮੁੰਨੀ ਦੀ ਪੜ੍ਹਾਈ ਦਾ ਸਿਲਸਿਲਾ ਬੰਦ ਕਰ ਦੇਣਾ ਉਸਦੀ ਮਰਜ਼ੀ ਦੇ ਖ਼ਿਲਾਫ਼ ਸੀ, ਪਰ ਇਸ ਦੇ ਇਲਾਵਾ ਕੋਈ ਰਾਸਤਾ ਵੀ ਨਹੀਂ ਸੀ, ਤੀਜੀ ਵਾਰ ਉਹ ਦਸਵੀਂ ਵਿਚੋਂ ਫੇਲ੍ਹ ਹੋਈ ਸੀ, ਪੜ੍ਹਨ ਲਿਖਣ ਵਿਚ ਬਸ ਇੰਜ ਹੀ ਹੈ। ਹਾਂ ਸੁੰਦਰਤਾ ਵਿਚ ਮਾਂ ਨਾਲੋਂ ਵਧ ਕੇ ਹੈ। ਉਸਦੀ ਸ਼ਾਦੀ ਦੀ ਉਮਰ ਵੀ ਹੈ। ਉਹ ਜਲਦੀ ਤੋਂ ਜਲਦੀ ਉਸਦੀ ਸ਼ਾਦੀ ਕਰਕੇ ਇਕ ਵੱਡੇ ਫਰਜ਼ ਤੋਂ ਮੁਕਤ ਹੋਣਾ ਚਾਹੁੰਦਾ ਹੈ। ਪਰ ਕੀ ਕਰੇ ਮੁੰਨੀ ਲਈ ਕੋਈ ਚੰਗਾ ਮੁੰਡਾ ਲੱਭਦਾ ਹੀ ਨਹੀਂ ਪਿਆ। ਇਕ ਦੋ ਰਿਸ਼ਤੇ ਆਏ ਵੀ ਨੇ ਪਰ ਨਾ ਤਾਂ ਉਹ ਮੁੰਨੀ ਦੇ ਮਿਆਰ ਦੇ ਸੀ ਨਾ ਬਰਾਬਰੀ ਦੇ ਇਸ ਲਈ ਉਸਨੇ ਇਨਕਾਰ ਕਰ ਦਿੱਤਾ।
ਛੋਟਾ ਪੜ੍ਹਨ ਵਿਚ ਤੇਜ਼ ਸੀ ਪਰ ਕ੍ਰਿਕਟ...ਉਫ਼! ਇਹ ਕ੍ਰਿਕਟ ਉਸਨੂੰ ਬਰਬਾਦ ਕਰਕੇ ਰੱਖ ਦਏਗੀ। ਜਿੱਥੋਂ ਤਕ ਸੁਲਤਾਨਾ ਦਾ ਸਵਾਲ ਸੀ ਸਾਰਾ ਦਿਨ ਘਰ ਦੇ ਕੰਮਕਾਜ ਵਿਚ ਉਲਝੀ ਰਹਿੰਦੀ ਸੀ। ਘਰ ਦੇ ਸਾਰੇ ਕੰਮ, ਬੱਚਿਆਂ ਦੇ ਕੰਮ, ਇਸ ਪਿੱਛੋਂ ਮਸ਼ੀਨ ਉੱਤੇ ਬੈਠ ਜਾਂਦੀ ਸੀ, ਤਾਂ ਕਦੀ ਕਦੀ ਰਾਤ ਦੇ ਦੋ ਵੱਜ ਜਾਂਦੇ ਸਨ।
ਉਹ ਉਸਨੂੰ ਸਮਝਾਉਂਦਾ ਸੀ—ਉਸਨੂੰ ਦੋ ਵਜੇ ਰਾਤ ਤਕ ਅੱਖਾਂ ਗਾਲਣ ਦੀ ਕੋਈ ਲੋੜ ਨਹੀਂ, ਉਹ ਏਨਾ ਕਮਾਅ ਲੈਂਦਾ ਏ ਕਿ ਉਹਨਾਂ ਦਾ ਗੁਜਾਰਾ ਹੋ ਜਾਂਦਾ ਏ...ਪਰ ਉਹ ਭੜਕ ਕੇ ਜਵਾਬ ਦੇਂਦੀ—
“ਤੁਹਾਡੀ ਅਕਲ 'ਤੇ ਤਾਂ ਪਰਦਾ ਪਿਆ ਹੋਇਆ ਏ। ਜੇ ਮੈਂ ਥੋੜ੍ਹੀ ਮਿਹਨਤ ਕਰਕੇ ਦੋ ਪੈਸੇ ਕਮਾਅ ਲੈਨੀਂ ਆਂ ਤਾਂ ਇਸ ਵਿਚ ਬੁਰਾਈ ਕੀ ਏ? ਘਰੇ ਜਵਾਨ ਬੇਟੀ ਹੈ ਮੈਂ ਉਸ ਲਈ ਪੈਸੇ ਜਮ੍ਹਾਂ ਕਰ ਰਹੀ ਆਂ। ਬੇਟੀ ਦੀ ਸ਼ਾਦੀ ਕੋਈ ਮਾਮੂਲੀ ਕੰਮ ਨਾ ਸਮਝਣਾ, ਸ਼ਾਦੀ ਤਾਂ ਇਕ ਐਸਾ ਕਾਰਜ ਹੁੰਦਾ ਏ ਜਿਸ ਲਈ ਸਮੁੰਦਰ ਦੇ ਪਾਣੀ ਜਿੰਨੀ ਦੇਣਦਾਰੀ ਵੀ ਘੱਟ ਹੁੰਦੀ ਏ।”
ਆਫ਼ਿਸ ਵਿਚ ਕੰਮ ਕਰਦਿਆਂ ਹੋਇਆਂ ਉਹ ਉਸ ਸਭ ਤੋਂ ਵੱਧ ਸੁਲਤਾਨਾ ਬਾਰੇ ਸੋਚਦਾ ਸੀ—ਘਰੇ ਇਕੱਲੀ ਹੋਏਗੀ, ਉਸਨੇ ਦਰਵਾਜ਼ਾ ਬੰਦ ਕਰ ਲਿਆ ਹੋਏਗਾ—ਜਾਂ ਫੇਰ ਕਿਸੇ ਓਪਰੇ ਆਦਮੀ ਦੇ ਖੜਕਾਉਣ 'ਤੇ ਦਰਵਾਜ਼ਾ ਖੋਲ੍ਹ ਕੇ ਕਿਸੇ ਮੁਸੀਬਤ ਵਿਚ ਨਾ ਫਸ ਗਈ ਹੋਵੇ।
ਇਕ ਦਿਨ ਪੁਲਿਸ ਇਕ ਮੁਜਰਿਮ ਦਾ ਪਿੱਛਾ ਕਰਦੀ ਹੋਈ ਉਹਨਾਂ ਦੇ ਮੁਹੱਲੇ ਤਕ ਆ ਗਈ ਸੀ। ਮੁਜਰਿਮ ਲੁਕਣ ਲਈ ਉਹਨਾਂ ਦੀ ਬਿਲਡਿੰਗ ਵਿਚ ਵੜ ਗਿਆ ਸੀ। ਉਸਨੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਸੀ ਤੇ ਬੇਧਿਆਨੀ ਵਿਚ ਸੁਲਤਾਨਾ ਨੇ ਦਰਵਾਜ਼ਾ ਖੋਹਲ ਦਿੱਤਾ ਸੀ। ਉਸ ਮੁਜਰਿਮ ਨੇ ਚਾਕੂ ਕੱਢ ਕੇ ਫੌਰਨ ਉਸਦੀ ਘੰਡੀ ਉਪਰ ਰੱਖ ਦਿੱਤਾ ਸੀ ਤੇ ਉਸਨੂੰ ਧਰੀਕਦਾ ਹੋਇਆ ਘਰ ਵਿਚ ਘੁਸ ਗਿਆ ਸੀ।
“ਚੁੱਪ! ਜੇ ਮੂੰਹੋਂ ਆਵਾਜ਼ ਨਿਕਲੀ ਤਾਂ ਗਲ਼ਾ ਕੱਟ ਦਿਆਂਗਾ।”
ਉਹ ਬੜੀ ਦੇਰ ਤਕ ਸੁਲਤਾਨਾਂ ਦਾ ਮੂੰਹ ਘੁੱਟੀ ਤੇ ਗਰਦਨ ਨਾਲ ਚਾਕੂ ਲਾਈ ਘਰ ਵਿਚ ਲੁਕਿਆ ਰਿਹਾ ਸੀ। ਪੁਲਿਸ ਸਾਰੀ ਬਿਲਡਿੰਗ ਵਿਚ ਉਸਨੂੰ ਲੱਭਦੀ ਰਹੀ ਸੀ। ਸੁਲਤਾਨਾ ਇਕ ਦੋ ਵਾਰੀ ਕਸਮਸਾਈ ਤਾਂ ਚਾਕੂ ਦੀ ਤੇਜ਼ ਨੋਕ ਉਸਦੀ ਗਰਦਨ ਵਿਚ ਚੁੱਭ ਗਈ ਤੇ ਇਕ ਦੋ ਜਗ੍ਹਾ ਝਰੀਟਾਂ ਜਿਹੀਆਂ ਪੈ ਗਈਆਂ, ਜਿਹਨਾਂ ਵਿਚੋਂ ਖ਼ੂਨ ਸਿੰਮਣ ਲੱਗਾ। ਪਿੱਛੋਂ ਜਦੋਂ ਉਸ ਬਦਮਾਸ਼ ਨੂੰ ਲੱਗਿਆ ਕਿ ਪੁਲਿਸ ਜਾ ਚੁੱਕੀ ਹੈ ਤਾਂ ਉਹ ਸੁਲਤਾਨਾ ਨੂੰ ਛੱਡ ਕੇ ਨੱਠ ਗਿਆ। ਉਦੋਂ ਸੁਲਤਾਨਾ ਨੇ ਚੀਕਣਾ-ਕੂਕਣਾ ਸ਼ੁਰੂ ਕਰ ਦਿੱਤਾ—ਸੁਲਤਾਨਾ ਦੀਆਂ ਚੀਕਾਂ ਸੁਣ ਕੇ ਹੇਠਾਂ ਜਾ ਚੁੱਕੇ ਪੁਲਿਸ ਵਾਲੇ ਫੇਰ ਸਾਵਧਾਨ ਹੋ ਗਏ ਤੇ ਉਹਨਾਂ ਨੇ ਉਸ ਬਦਮਾਸ਼ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ।
ਪਿੱਛੋਂ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਬਦਮਾਸ਼ ਉਹਨਾਂ ਦੇ ਘਰ ਲੁਕਿਆ ਹੋਇਆ ਸੀ ਤਾਂ ਉਹਨਾਂ ਨੇ ਪੰਚਨਾਮੇ ਵਿਚ ਸੁਲਤਾਨਾ ਦਾ ਨਾਂ ਵੀ ਦਰਜ ਕਰ ਲਿਆ। ਸੁਲਤਾਨਾ ਨਾਲ ਉਸਨੂੰ ਕਈ ਵਾਰੀ ਪੁਲਿਸ ਸਟੇਸ਼ਨ ਦੇ ਚੱਕਰ ਕੱਟਣੇ ਪਏ। ਪੁਲਿਸ ਉਲਟੇ ਸਿੱਧੇ ਸਵਾਲ ਕਰਦੀ ਰਹੀ।
“ਜਦੋਂ ਉਹ ਬਦਮਾਸ਼ ਤੁਹਾਡੇ ਘਰ ਵੜਿਆ ਸੀ ਓਦੋਂ ਈ ਤੁਸੀਂ ਚੀਕੇ ਕਿਉਂ ਨਹੀਂ? ਉਹ ਬਦਮਾਸ਼ ਤੁਹਾਡੇ ਘਰ ਹੀ ਕਿਉਂ ਵੜਿਆ? ਕੀ ਤੁਸੀਂ ਲੋਕ ਉਸਨੂੰ ਪਹਿਲਾਂ ਤੋਂ ਜਾਣੇ ਸੌ? ਉਸ ਬਦਮਾਸ਼ ਨੇ ਤੁਹਾਡੇ ਨਾਲ ਕੀ ਕੀ ਕੀਤਾ? ਇਹ ਜ਼ਖ਼ਮ ਝਰੀਟਾਂ ਕਿੰਜ ਲੱਗੀਆਂ? ਤੁਸੀਂ ਵਿਰੋਧ ਕਿਉਂ ਨਹੀਂ ਕੀਤਾ?” ਉਸ ਦਿਨ ਤੋਂ ਹਰ ਰੋਜ਼ ਇਹੋ ਧੜਕਾ ਲੱਗਿਆ ਰਹਿੰਦਾ ਸੀ ਕਿ ਅੱਜ ਫੇਰ ਉਸ ਤਰ੍ਹਾਂ ਦੀ ਕੋਈ ਘਟਨਾ ਨਾ ਹੋ ਜਾਏ।
ਇਕ ਵਾਰੀ ਦਿਨ ਦਿਹਾੜੇ ਮੁਹੱਲੇ ਵਿਚ ਹੀ ਪੁਲਿਸ ਦਾ ਕਿਸੇ ਗੈਂਗ ਨਾਲ ਐਨਕਾਊਂਟਰ ਹੋ ਗਿਆ। ਦੋਵੇਂ ਪਾਸਿਓਂ ਗੋਲੀਆਂ ਚੱਲ ਰਹੀਆਂ ਸਨ। ਲੋਕ ਡਰ ਕੇ ਇੱਧਰ ਉਧਰ ਭੱਜ ਰਹੇ ਸਨ। ਉਸੇ ਵੇਲੇ ਛੋਟਾ ਸਕੂਲੋਂ ਆਇਆ, ਬੇਧਿਆਨੀ ਵਿਚ ਉਹ ਉਸ ਇਲਾਕੇ ਵਿਚ ਦਾਖ਼ਲ ਹੋ ਗਿਆ ਜਿੱਥੇ ਲੜਾਈ ਚੱਲ ਰਹੀ ਸੀ। ਇਸ ਤੋਂ ਪਹਿਲਾਂ ਕਿ ਉਸਨੂੰ ਸਥਿਤੀ ਦਾ ਪਤਾ ਲੱਗਦਾ ਤੇ ਉਹ ਉੱਥੋਂ ਕਿਸੇ ਸੁਰੱਖਿਅਤ ਜਗ੍ਹਾ ਵੱਲ ਨੱਸ ਜਾਂਦਾ ਇਕ ਗੋਲੀ ਉਸਦੀ ਬਾਂਹ ਨੂੰ ਛਿਲਦੀ ਹੋਈ ਲੰਘ ਗਈ।
ਲਹੂ ਦੇ ਘਰਾਲੇ ਵਗਣ ਲੱਗੇ। ਡਰ ਕਾਰਨ ਬੇਹੋਸ਼ ਹੋ ਕੇ ਉਹ ਥਾਂਵੇਂ ਡਿੱਗ ਪਿਆ। ਲੜਾਈ ਖਤਮ ਹੋਈ ਤਾਂ ਕਿਸੇ ਦੀ ਨਜ਼ਰ ਉਸ ਉੱਤੇ ਪਈ ਤੇ ਉਸਨੇ ਉਹਨਾਂ ਨੂੰ ਖ਼ਬਰ ਕੀਤੀ ਤੇ ਉਸਨੂੰ ਹਸਪਤਾਲ ਲੈ ਜਾਇਆ ਗਿਆ।
ਗੋਲੀ ਮਾਸ ਨੂੰ ਚੀਰਦੀ ਹੋਈ ਲੰਘ ਗਈ ਸੀ, ਸ਼ੁਕਰ ਸੀ ਹੱਡੀ ਨੂੰ ਕੋਈ ਨੁਕਸਾਨ ਨਹੀਂ ਸੀ ਹੋਇਆ, ਫੇਰ ਉਹ ਦਸ ਦਿਨ ਤਕ ਹਸਪਤਾਲ ਵਿਚ ਰਿਹਾ ਸੀ ਤੇ ਬਾਂਹ ਦਾ ਜ਼ਖ਼ਮ ਭਰਨ ਵਿਚ ਪੂਰਾ ਇਕ ਮਹੀਨਾ ਲੱਗ ਗਿਆ ਸੀ।
ਛੋਟਾ ਠੀਕ ਹੋ ਗਿਆ ਸੀ ਪਰ ਏਨਾ ਕਮਜ਼ੋਰ ਤੇ ਪਤਲਾ ਹੋ ਗਿਆ ਸੀ ਕਿ ਪੂਰੇ ਇਸ ਸਾਲ ਤਕ ਉਸਦੀ ਪੁਰਾਣੀ ਸਿਹਤ ਵਾਪਸ ਨਹੀਂ ਸੀ ਆ ਸਕੀ।
ਇਕ ਦਿਨ ਸਬਜ਼ੀ ਖਰੀਦ ਕੇ ਵਾਪਸ ਆ ਰਹੀ ਮੁੰਨੀ ਨੂੰ ਕਿਸੇ ਗੁੰਡੇ ਨੇ ਛੇੜ ਦਿੱਤਾ—ਉਦੋਂ ਗੁੱਡੂ ਸਕੂਲੋਂ ਵਾਪਸ ਆ ਰਿਹਾ ਸੀ, ਉਸ ਤੋਂ ਬਰਦਾਸ਼ਤ ਨਾ ਹੋਇਆ; ਰੁਕਿਆ ਤੇ ਗੁੰਡੇ ਨਾਲ ਭਿੜ ਗਿਆ।
ਗੁੱਡੂ ਭਲਾ ਉਸ ਗੁੰਡੇ ਦਾ ਮੁਕਾਬਲਾ ਕਿੰਜ ਕਰਦਾ ਉਸਨੇ ਜ਼ਖ਼ਮੀ ਕਰ ਦਿੱਤਾ, ਜਦੋਂ ਕੁਝ ਲੋਕ ਉਸਦੀ ਮਦਦ ਲਈ ਅੱਗੇ ਵਧੇ ਤਾਂ ਉਹ ਗੁੰਡਾ ਦੌੜ ਗਿਆ, ਪਰ ਗੁੱਡੂ ਜ਼ਖ਼ਮੀ ਹੋ ਗਿਆ ਸੀ।
ਉਸ ਪਿੱਛੋਂ ਪਤਾ ਨਹੀਂ ਕਿਹੜੀ ਗੱਲ ਉਸਦੇ ਦਿਮਾਗ਼ ਵਿਚ ਵੱਸ ਗਈ ਕਿ ਉਸਨੇ ਮੁਹੱਲੇ ਦੇ ਆਵਾਰਾ ਬਦਮਾਸ਼ ਮੁੰਡਿਆਂ ਨਾਲ ਦੋਸਤੀ ਕਰ ਲਈ ਤੇ ਸਕੂਲੋਂ ਆਉਣ ਪਿੱਛੋਂ ਵਧੇਰੇ ਸਮਾਂ ਉਹਨਾਂ ਨਾਲ ਰਹਿਣ ਲੱਗਾ। ਇਕ ਦੋ ਵਾਰੀ ਉਸਦੇ ਸਮਝਾਉਣ ਤਾਂ ਉਹ ਉਸ ਨਾਲ ਵੀ ਉਲਝ ਗਿਆ...:
“ਅੱਬਾ! ਅੱਜ ਦੇ ਜ਼ਮਾਨੇ ਵਿਚ ਆਪਣੀ ਤੇ ਆਪਣੇ ਘਰ ਵਾਲਿਆਂ ਦੀ ਹਿਫ਼ਾਜ਼ਤ ਦੇ ਲਈ ਅਜਿਹੇ ਲੋਕਾਂ ਨਾਲ ਰਹਿ ਕੇ ਉਹਨਾਂ ਦੀ ਮਦਦ ਲੈਣਾ ਬੜਾ ਜ਼ਰੂਰੀ ਏ। ਸ਼ਰਾਫ਼ਤ, ਗੁੰਡੇ ਤੇ ਬਦਮਾਸ਼ ਲੋਕਾਂ ਤੋਂ ਸਾਡੀ ਹਿਫ਼ਾਜ਼ਤ ਨਹੀਂ ਕਰ ਸਕਦੀ।”
ਪਿਛਲੇ ਕੁਝ ਸਾਲਾਂ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ ਕਿ ਇਕ ਤਰ੍ਹਾਂ ਨਾਲ ਟੁੱਟ ਜਿਹਾ ਗਿਆ ਸੀ ਉਹ। ਗੁੱਡੂ ਰਾਤ ਨੂੰ ਦੇਰ ਨਾਲ ਘਰ ਆਉਂਦਾ ਸੀ। ਦੇਰ ਰਾਤ ਤਕ ਆਵਾਰਾ ਬਦਮਾਸ਼ ਕਿਸਮ ਦੇ ਮੁੰਡਿਆਂ ਨਾਲ ਰਹਿੰਦਾ ਸੀ...ਉਹ ਉਸਨੂੰ ਰੋਕਦਾ ਤਾਂ ਉਹ ਸਿੱਧਾ ਹੋ ਲੈਂਦਾ ਸੀ। ਸਿਰਫ ਤਸੱਲੀ ਵਾਲੀ ਗੱਲ ਇਹ ਸੀ ਕਿ ਉਹ ਸਕੂਲ ਬਾਕਾਇਦਗੀ ਨਾਲ ਜਾਂਦਾ ਸੀ ਤੇ ਪੜ੍ਹਨ ਵਿਚ ਵੀ ਪਹਿਲਾਂ ਵਾਂਗ ਹੀ ਦਿਲਚਸਪੀ ਲੈਂਦਾ ਸੀ।
ਮੁੰਨੀ ਨੂੰ ਆਵਾਰਾ ਬਦਮਾਸ਼ ਮੁੰਡੇ ਉਸਦੇ ਸਾਹਮਣੇ ਛੇੜਦੇ, ਫਿਕਰੇ ਕਸਦੇ ਸਨ। ਸੁਲਤਾਨਾ ਵੀ ਇਸ ਸਿਲਸਿਲੇ ਵਿਚ ਉਸਨੂੰ ਕਈ ਵਾਰੀ ਕਹਿ ਚੁੱਕੀ। ਪਰ ਜਦੋਂ ਉਹ ਆਪਣੇ ਗੁਆਂਢੀਆਂ ਨਾਲ ਆਪਣੇ ਬੱਚਿਆਂ ਦਾ ਮੁਕਾਬਲਾ ਕਰਦਾ ਤਾਂ ਉਸਨੂੰ ਕੁਝ ਤਸੱਲੀ ਹੁੰਦੀ ਸੀ ਕਿ ਉਸਦੇ ਬੱਚੇ ਗੁਆਂਢੀਆਂ ਦੇ ਬੱਚਿਆਂ ਦੇ ਮੁਕਾਬਲੇ ਕਿਤੇ ਵੱਧ ਸਿੱਧੇ ਰਾਹ 'ਤੇ ਹੈਨ।
ਗੁਆਂਢੀਆਂ ਦੇ ਬੱਚਿਆਂ ਦਾ ਬੁਰਾ ਹਾਲ ਸੀ। ਕਈ ਚੰਗੇ ਮੁੰਡੇ ਪੜ੍ਹਾਈ ਛੱਡ ਕੇ ਮਾੜੀ ਸੋਹਬਤ ਵਿਚ ਪੈ ਜਾਣ ਕਰਕੇ ਗਲਤ ਰਸਤਿਆਂ 'ਤੇ ਪੈ ਗਏ। ਗਲੀ ਵਿਚ ਕਈ ਕਿਸਮ ਦੇ ਨਸ਼ੇ-ਪੱਤੇ ਵਿਕਦੇ ਸਨ ਤੇ ਕਈ ਬੱਚੇ ਉਹਨਾਂ ਨਸ਼ਿਆਂ ਦੇ ਆਦੀ ਹੋ ਚੁੱਕੇ ਸਨ। ਘੱਟ ਉਮਰ ਵਿਚ ਹੀ ਕਈ ਮੁੰਡੇ ਰੰਡੀਬਾਜੀ ਵਿਚ ਪੈ ਕੇ ਆਪਣੀ ਜ਼ਿੰਦਗੀ ਤੇ ਜਵਾਨੀ ਗਾਲ ਰਹੇ ਸਨ। ਗੁੰਡਾਗਰਦੀ ਦੇ ਗਲੈਮਰ ਨੇ ਕਈ ਮੁੰਡਿਆਂ ਨੂੰ ਫਾਹ ਲਿਆ ਸੀ ਤੇ ਉਹ ਅਦਬ ਲਿਹਾਜ਼ ਦੇ ਸਾਰੇ ਤੌਰ ਤਰੀਕੇ ਭੁੱਲ ਕੇ ਮਾਦਾ ਪ੍ਰਸਤੀ ਦਾ ਸ਼ਿਕਾਰ ਹੋ ਗਏ ਸਨ।
ਕੁੜੀਆਂ ਦੀ ਇਕ ਅਜੀਬ ਹੀ ਦੁਨੀਆਂ ਸੀ। ਵਧੇਰੇ ਕੁੜੀਆਂ ਗਲੈਮਰ ਦਾ ਸ਼ਿਕਾਰ ਸਨ ਤੇ ਇਸ ਗਲੈਮਰ ਨੂੰ ਹਾਸਲ ਕਰਨ ਲਈ ਭਟਕ ਚੁੱਕੀਆਂ ਸਨ। ਇਸ ਭਟਕਣ ਵਿਚ ਵੀ ਉਹਨਾਂ ਨੂੰ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਸੀ ਹੁੰਦੀ। ਜਿਵੇਂ ਅਦਬ ਲਿਹਾਜ਼ ਤੇ ਚਰਿੱਤਰ ਹੁਣ ਕਿਸੇ ਹੋਰ ਦੁਨੀਆਂ ਦੀਆਂ ਗੱਲਾਂ ਹੋ ਗਈਆਂ ਹੋਣ।
ਜਦੋਂ ਉਹ ਆਪਣੇ ਮਾਹੌਲ 'ਤੇ ਨਜ਼ਰ ਮਾਰਦਾ ਤਾਂ ਕਦੀ ਕਦੀ ਇਹ ਸੋਚ ਕੇ ਕੰਬ ਜਾਂਦਾ ਕਿ ਉਹ ਤੇ ਉਸਦੇ ਬੱਚੇ ਵੀ ਇਸ ਮਾਹੌਲ ਵਿਚ ਰਹਿ ਰਹੇ ਨੇ। ਉਸਦੇ ਬੱਚੇ ਵੀ ਇਸ ਮਾਹੌਲ ਦੇ ਅਸਰ ਸਦਕਾ ਇਹਨਾ ਬੁਰਾਈਆਂ ਦੇ ਸ਼ਿਕਾਰ ਹੋ ਸਕਦੇ ਨੇ। ਜਦੋਂ ਵੀ ਕਲਪਨਾ ਵਿਚ ਉਹ ਇਸ ਬਾਰੇ ਸੋਚਦਾ ਤਾਂ ਉਸਨੂੰ ਆਪਣੇ ਸਾਰੇ ਸੁਪਨੇ ਟੁੱਟ ਕੇ ਖਿੱਲਦੇ ਮਹਿਸੂਸ ਹੁੰਦੇ ਸਨ। ਇਸ ਸਿਲਸਿਲੇ ਵਿਚ ਸੁਲਤਾਨਾ ਵੀ ਉਸੇ ਵਾਂਗ ਫਿਕਰਮੰਦ ਸੀ ਤੇ ਉਹ ਅਕਸਰ ਉਸਨੂੰ ਦੱਬਵੀਂ ਜ਼ੁਬਾਨ ਵਿਚ ਕਹਿੰਦੀ ਵੀ ਰਹਿੰਦੀ ਸੀ।
“ਸਲੀਮ! ਖ਼ੁਦਾ ਦਾ ਸ਼ੁਕਰ ਏ ਸਾਡੇ ਬੱਚੇ ਅੱਜ ਤਕ ਇਸ ਗੰਦੇ ਮਾਹੌਲ ਤੋਂ ਬਚੇ ਹੋਏ ਨੇ, ਪਰ ਡਰਦੀ ਆਂ ਜੇ ਇਸ ਮਾਹੌਲ ਨੇ ਉਹਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਫੇਰ? ਇਸਦਾ ਕੀ ਇਲਾਜ ਹੋ ਸਕਦਾ ਏ?”
“ਇਕੋ ਇਲਾਜ ਏ, ਅਸੀਂ ਇਹ ਜਗ੍ਹਾ ਛੱਡ ਦੇਈਏ।”
“ਕਿੱਥੇ ਜਾਵਾਂਗੇ। ਸਾਨੂੰ ਇਸ ਸ਼ਹਿਰ ਵਿਚ ਸਿਰ ਲੁਕਾਣ ਵਾਸਤੇ ਤਾਂ ਜਗ੍ਹਾ ਮਿਲਣ ਤੋਂ ਰਹੀ। ਸਾਡੇ ਕੋਲ ਏਨੇ ਪੈਸੇ ਵੀ ਨਹੀਂ ਕਿ ਅਸੀਂ ਕਿਤੇ ਦੂਰ ਕੋਈ ਜਗ੍ਹਾ ਲੈ ਸਕੀਏ।”
“ਕਿਤੇ ਵੀ ਚੱਲੋ। ਚਾਹੇ ਉਹ ਜਗ੍ਹਾ, ਜਿੱਥੇ ਅਜਿਹਾ ਮਾਹੌਲ ਨਾ ਹੋਵੇ, ਸ਼ਹਿਰ ਤੋਂ ਪੰਜਾਹ ਕਿਲੋਮੀਟਰ ਦੂਰ ਹੋਵੇ। ਮੈਨੂੰ ਕੋਈ ਸ਼ਿਕਾਇਤ ਨਹੀਂ ਹੋਏਗੀ। ਪਰ ਆਪਣੀ ਔਲਾਦ ਦੀ ਭਲਾਈ ਖਾਤਰ ਹੁਣ ਇਹ ਹਿਜਰਤ (ਪਾਲਾਇਨ) ਜ਼ਰੂਰੀ ਹੋ ਗਈ ਏ। ਮਸਲਾ ਤੁਹਾਡੀ ਨੌਕਰੀ ਦਾ ਏ, ਤੁਹਾਨੂੰ ਆਉਣ ਜਾਣ ਵਿਚ ਥੋੜ੍ਹੀ ਤਕਲੀਫ਼ ਤਾਂ ਹੋਏਗੀ ਪਰ ਕੀ ਆਪਣੀ ਔਲਾਦ ਦੀ ਭਲਾਈ ਲਈ ਤੁਸੀਂ ਏਨੀ ਤਕਲੀਫ਼ ਨਹੀਂ ਉਠਾ ਸਕਦੇ?”
“ਮੈਂ ਆਪਣੀ ਔਲਾਦ ਦੀ ਭਲਾਈ ਲਈ ਹਰ ਤਕਲੀਫ਼ ਉਠਾਅ ਸਕਦਾ ਆਂ।”
“ਫੇਰ ਕੁਝ ਸੋਚੋ ਇਸ ਮਾਹੌਲ 'ਚੋਂ ਨਿਕਲਣ ਲਈ ਕੋਈ ਕਦਮ ਉਠਾਓ।” ਬੀਵੀ ਨੇ ਕਿਹਾ।
“ਹਾਂ ਮੈਂ ਜ਼ਰੂਰ ਕੋਈ ਕਦਮ ਉਠਾਵਾਂਗਾ।” ਉਸਨੇ ਜਵਾਬ ਵਿਚ ਕਿਹਾ ਤੇ ਸੋਚ ਵਿਚ ਡੁੱਬ ਗਿਆ।
ਇਕ ਦਿਨ ਉਹ ਘਰ ਆਇਆ ਤਾਂ ਬੜਾ ਖੁਸ਼ ਸੀ। ਆਉਂਦਿਆਂ ਹੀ ਸੁਲਤਾਨਾ ਨੂੰ ਕਹਿਣ ਲੱਗਾ, “ਸੁਲਤਾਨਾ! ਆਪਣੀ ਔਲਾਦ ਦੀ ਭਲਾਈ ਲਈ ਸਾਨੂੰ ਜੋ ਕਦਮ ਉਠਾਉਣਾ ਚਾਹੀਦਾ ਸੀ ਉਸ ਰਾਹ ਉਪਰ ਮੈਂ ਪਹਿਲਾ ਕਦਮ ਰੱਖ ਦਿੱਤਾ ਏ। ਮੈਂ ਇਕ ਜਗ੍ਹਾ ਫਲੈਟ ਬੁੱਕ ਕਰ ਲਿਆ ਏ। ਉਹ ਜਗ੍ਹਾ ਇੱਥੋਂ ਪੰਜਾਹ ਕਿਲੋਮੀਟਰ ਦੂਰ ਏ, ਪਰ ਉੱਥੇ ਯਕੀਨਨ ਇੱਥੋਂ ਵਰਗੀ ਗੰਦਗੀ ਨਹੀਂ ਹੋਏਗੀ।” ਇਹ ਕਹਿੰਦਾ ਹੋਇਆ ਉਹ ਸੁਲਤਾਨਾ ਨੂੰ ਸਾਰੀ ਗੱਲ ਸਮਝਾਉਣ ਲੱਗਾ।
“ਬੜੀ ਵੱਡੀ ਕਾਲੋਨੀ ਬਣ ਰਹੀ ਏ। ਮਾਮੂਲੀ ਰਕਮ ਵਿਚ ਉੱਥੇ ਫਲੈਟ ਬੁੱਕ ਹੋ ਗਿਆ ਏ। ਪੈਸੇ ਕਿਸ਼ਤਾਂ ਵਿਚ ਦੇਣੇ ਨੇ। ਅਜੇ ਪੂਰੀ ਕਾਲੋਨੀ ਤਿਆਰ ਹੋਣ ਵਿਚ ਇਕ ਸਾਲ ਲੱਗੇਗਾ। ਉਦੋਂ ਤਕ ਅਸੀਂ ਕਿਸ਼ਤਾਂ ਭਰਦੇ ਰਹਾਂਗੇ ਤੇ ਜਿਹੜੇ ਬਾਕੀ ਪੈਸੇ ਹੋਣਗੇ ਇਸ ਕਮਰੇ ਨੂੰ ਵੇਖ ਕੇ ਨੱਕੀ ਕਰ ਦਿਆਂਗੇ।”
ਦੋਵਾਂ ਦੀਆਂ ਅੱਖਾਂ ਵਿਚ ਇਕ ਖ਼ੂਬਸੂਰਤ ਬਸਤੀ ਦਾ ਸੁਪਨਾ ਸੀ। ਖ਼ੂਬਸੂਰਤ ਇਮਾਰਤਾਂ, ਚਾਰੇ ਪਾਸੇ ਫੈਲੀ ਹਰਿਆਲੀ, ਮਸਜਿਦ, ਮਦਰੱਸਾ, ਬਾਗ, ਸਕੂਲ। ਖੁੱਲ੍ਹੀਆਂ ਸਾਫ ਸੜਕਾਂ ਤੇ ਖੁੱਲ੍ਹੀ ਡੁੱਲ੍ਹੀ ਹਵਾ ਜਿਸ ਵਿਚ ਘੁਟਨ ਦਾ ਨਾਂ ਨਿਸ਼ਾਨ ਤਕ ਨਹੀਂ ਹੋਵੇਗਾ।
ਉਹਨਾਂ ਬੱਚਿਆਂ ਨੂੰ ਵੀ ਇਸ ਬਸਤੀ ਬਾਰੇ ਦੱਸਿਆ ਸੀ। ਬੱਚਿਆਂ ਨੇ ਉਹਨਾਂ ਦੇ ਇਸ ਸੁਪਨੇ ਬਾਰੇ ਆਪਣੀ ਕੋਈ ਰਾਏ ਜ਼ਾਹਰ ਨਹੀਂ ਸੀ ਕੀਤੀ।
ਇਕ ਦੋ ਵਾਰੀ ਸੁਲਤਾਨਾ ਨੇ ਦੱਬਵੀਂ ਸੁਰ ਵਿਚ ਕਿਹਾ ਵੀ ਸੀ।
“ਬੱਚੇ ਇੱਥੇ ਪੈਦਾ ਹੋਏ ਪਲੇ, ਵੱਡੇ ਹੋਏ ਨੇ—ਉਹਨਾਂ ਨੂੰ ਇਹ ਜਗ੍ਹਾ ਨਾਲ ਮੋਹ ਹੋ ਗਿਆ ਏ, ਹੋ ਸਕਦਾ ਏ ਇੱਥੋਂ ਜਾਣ ਤੋਂ ਇਨਕਾਰ ਕਰ ਦੇਣ। ਆਖ਼ਰ ਉਹਨਾਂ ਦੇ ਦੋਸਤ ਮਿੱਤਰ ਇੱਥੇ ਰਹਿੰਦੇ ਨੇ।”
“ਬੱਚਿਆਂ ਨੂੰ ਹਰ ਹਾਲ ਵਿਚ ਇੱਥੋਂ ਜਾਣਾ ਪਏਗਾ। ਅਸੀਂ ਇਹ ਸਭ ਕੋਈ ਆਪਣੀ ਖੁਸ਼ੀ ਲਈ ਨਹੀਂ ਉਹਨਾਂ ਦੀ ਭਲਾਈ ਲਈ ਕਰ ਰਹੇ ਆਂ।”
ਉਹਨੀਂ ਦਿਨੀ ਉਹ ਜਿਸ ਮੁਸੀਬਤ ਦਾ ਸ਼ਿਕਾਰ ਸੀ—ਉਸਦੇ ਦਫ਼ਤਰ ਵਿਚ ਕੰਮ ਕਰਨ ਵਾਲਾ ਅਕਬਰ ਵੀ ਦੋ ਸਾਲ ਪਹਿਲਾਂ ਇਸੇ ਮੁਸੀਬਤ ਨੂੰ ਭੋਗ ਚੁੱਕਿਆ ਸੀ। ਅਕਬਰ ਦਾ ਵੀ ਉਹੀ ਮਸਲਾ ਸੀ। ਅਕਬਰ ਨੇ ਵੀ ਉਹੀ ਹੱਲ ਤੇ ਰਸਤਾ ਕੱਢਿਆ ਸੀ ਜਿਹੜਾ ਉਸਨੇ ਕੱਢਿਆ ਹੈ।
ਕੁਝ ਦਿਨ ਪਹਿਲਾਂ ਉਹ ਵੀ ਸ਼ਹਿਰ ਤੋਂ ਦੂਰ ਨਵੀਂ ਆਬਾਦ ਹੋਣ ਵਾਲੀ ਬਸਤੀ ਵਿਚ ਜਾ ਵੱਸਿਆ ਸੀ। ਜਿਸ ਜਗ੍ਹਾ ਜਾ ਵੱਸਣ ਪਿੱਛੋਂ ਉਹ ਕਾਫੀ ਖੁਸ਼ ਸੀ।
“ਸਲੀਮ ਭਰਾ ਸਾਰੇ ਫਿਕਰਾਂ-ਚਿੰਤਾਵਾਂ ਤੋਂ ਖਹਿੜਾ ਛੁੱਟ ਗਿਆ ਏ। ਸਮਝ ਲਓ ਹੁਣ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਗਿਆ ਏ।”
ਉਸਦੇ ਦਿਮਾਗ਼ ਵਿਚ ਵਾਰੀ ਵਾਰੀ ਅਕਬਰ ਦੀ ਉਹ ਗੱਲ ਗੂੰਜਦੀ ਸੀ। ਜਦੋਂ ਵੀ ਉਹ ਅਕਬਰ ਦੀ ਇਸ ਗੱਲ ਬਾਰੇ ਸੋਚਦਾ ਸੀ। ਤੇ ਇਹੀ ਸੋਚ ਕੇ ਉਹ ਆਪਣੇ ਦਿਲ ਨੂੰ ਤਸੱਲੀ ਦੇਂਦਾ ਰਹਿੰਦਾ ਸੀ ਕਿ ਚਲੋ, ਇਕ ਸਾਲ ਬਾਅਦ ਤਾਂ ਉਸਨੇ ਵੀ ਅਕਬਰ ਵਾਂਗ ਇਕ ਨਵੀਂ ਆਬਾਦ ਹੋ ਰਹੀ ਬਸਤੀ ਵਿਚ ਵੱਸਣਾ ਹੈ। ਇਕ ਸਾਲ ਬਾਅਦ ਉਸਦੇ ਬੁੱਲ੍ਹਾਂ ਉਪਰ ਵੀ ਇਹੀ ਬੋਲ ਹੋਣਗੇ। ਬਸ ਇਕ ਸਾਲ ਹੋਰ ਇਸ ਜੱਹਨੁਮ (ਨਰਕ) ਵਿਚ ਬਿਤਾਅ ਕੇ ਖ਼ੁਦ ਨੂੰ ਇਸ ਜੱਹਨੁਮ ਤੋਂ ਬਚਾਈ ਰੱਖਣਾ ਹੈ।
ਦਿਨ ਗੁਜਰ ਰਹੇ ਸਨ ਤੇ ਚੰਗੇ ਦਿਨ ਨਜ਼ਦੀਕ ਆ ਰਹੇ ਸਨ। ਇਸ ਜਗ੍ਹਾ ਤੋਂ ਪਿੱਛਾ ਛੁਡਾਉਣ ਦੇ ਦਿਨ ਜਿਵੇਂ ਜਿਵੇਂ ਨੇੜੇ ਆ ਰਹੇ ਸਨ। ਤਿਵੇਂ ਤਿਵੇਂ ਬੱਚਿਆਂ, ਘਰ ਤੇ ਘਰਵਾਲੀ ਦੇ ਪ੍ਰਤੀ ਉਸਦੀ ਚਿੰਤਾ ਹੋਰ ਵੀ ਵਧਦੀ ਜਾ ਰਹੀ ਸੀ। ਉਹ ਉਹਨਾਂ ਬਾਰੇ ਕੁਝ ਜ਼ਿਆਦਾ ਹੀ ਸੋਚਣ ਲੱਗ ਪਿਆ ਸੀ।
ਉਸ ਦਿਨ ਆਫ਼ਿਸ ਕੈਂਟੀਨ ਵਿਚ ਅਕਬਰ ਦੇ ਨਾਲ ਲੰਚ ਲੈਂਦਿਆਂ ਹੋਇਆਂ ਉਸਨੇ ਅਕਬਰ ਨੂੰ ਸੋਚਾਂ ਵਿਚ ਡੁੱਬਿਆ ਦੇਖਿਆ ਤਾਂ ਪੁੱਛਿਆ—
“ਕੀ ਗੱਲ ਏ ਅਕਬਰ ਬੜੇ ਪ੍ਰੇਸ਼ਾਨ ਲੱਗ ਰਹੇ ਓ?”
“ਕੀ ਦੱਸਾਂ ਸਲੀਮ ਭਾਈ! ਸਾਰੀਆਂ ਤਦਬੀਰਾਂ ਤੇ ਮਨਸੂਬੇ ਗਲਤ ਸਾਬਤ ਹੋ ਗਏ ਨੇ।”
“ਕੀ ਗੱਲ ਏ, ਤੈਨੂੰ ਕਿਸ ਗੱਲ ਦੀ ਫ਼ਿਕਰ ਏ?”
“ਜਿਹਨਾਂ ਬੱਚਿਆਂ ਦੇ ਮਸੁਤਕਬਿਲ (ਭਵਿੱਖ) ਨੂੰ ਬਚਾਉਣ ਖਾਤਰ ਸ਼ਹਿਰ ਤੋਂ ਦੂਰ ਸ਼ਾਂਤ ਮਾਹੌਲ ਵਿਚ ਜਾ ਵੱਸਿਆ ਸਾਂ—ਉੱਥੇ ਜਾ ਕੇ ਬੱਚਿਆਂ ਦਾ ਭਵਿੱਖ ਸੰਵਰ ਨਹੀਂ ਸਕਿਆ। ਇੱਥੋਂ ਦੇ ਮਾਹੌਲ ਤੋਂ ਤਾਂ ਉਹ ਬਚ ਗਏ ਪਰ ਉੱਥੇ ਇਕ ਨਵੇਂ ਤੇ ਅਜੀਬ ਮਾਹੌਲ ਵਿਚ ਫਸ ਗਏ ਨੇ, ਵੱਡੇ ਸੁਪਨੇ, ਉੱਚੀ ਸੁਸਾਇਟੀ ਦੀ ਸੋਹਬਤ ਤੇ ਆਦਤਾਂ ਉਸੇ ਸੁਸਾਇਟੀ ਵਿਚ ਢਲਣ ਦੀ ਕੋਸ਼ਿਸ਼—ਬਿਨਾਂ ਜਾਣੇ ਕਿ ਸਾਡੀ ਉਸ ਸੁਸਾਇਟੀ ਦੇ ਤੌਰ ਤਰੀਕਿਆਂ ਵਿਚ ਢਲ ਕੇ ਰਹਿਣ ਦੀ ਪਹੁੰਚ ਨਹੀਂ ਏ। ਕੰਜਿਊਮਰ ਕਲਚਰ ਉਹਨਾਂ ਉੱਤੇ ਹਾਵੀ ਹੋ ਰਿਹਾ ਏ। ਨਵੀਂ ਸਭਿਅਤਾ ਨਵੀਂ ਰੌਸ਼ਨੀ ਤੇ ਉਸ ਦੁਆਰਾ ਫੈਲਾਏ ਜਾਣ ਵਾਲੇ ਹਨੇਰੇ ਦੇ ਮੁਰੀਦ ਬਣ ਰਹੇ ਨੇ ਉਹ, ਮਾਦਾ ਪ੍ਰਸਤੀ ਉਹਨਾਂ ਵਿਚ ਵਧਦੀ ਜਾ ਰਹੀ ਹੈ, ਨੈਤਿਕਤਾ ਤੇ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਏ—ਪਹਿਲਾਂ ਉਹ ਜਿਸ ਸਾਂਚੇ 'ਚ ਢਲਣ ਵਾਲੇ ਸਨ ਉਹ ਮੈਨੂੰ ਪਸੰਦ ਨਹੀਂ ਸੀ ਇਸ ਲਈ ਮੈਂ ਉਹਨਾਂ ਨੂੰ ਉਸ ਜਗ੍ਹਾ ਤੋਂ ਦੂਰ ਲੈ ਗਿਆ ਪਰ ਉੱਥੇ ਉਹ ਜਿਸ ਰੂਪ ਵਿਚ ਢਲ ਰਹੇ ਨੇ ਮੈਨੂੰ ਉਹ ਵੀ ਪਸੰਦ ਨਹੀਂ।”
ਉਹ ਅਕਬਰ ਦੀ ਗੱਲ ਸੁਣ ਕੇ ਸਿਲ ਪੱਥਰ ਹੋ ਗਿਆ।
ਇਕ ਸਾਲ ਬਾਅਦ ਉਸਨੇ ਵੀ ਤਾਂ ਉੱਥੇ ਜਾਣ ਏਂ। ਜੇ ਉੱਥੇ ਉਸਦੇ ਨਾਲ ਵੀ ਇੰਜ ਈ ਹੋਇਆ ਤਾਂ ਉਸਦੀ ਇਸ ਹਿਜਰਤ ਦਾ ਕੀ ਫਾਇਦਾ?
ਉਸਨੂੰ ਮਹਿਸੂਸ ਹੋਇਆ ਜਿਵੇਂ ਉਹ ਇਕ ਅਜਿਹੀ ਧੁਰੀ ਉਪਰ ਘੁੰਮ ਰਿਹਾ ਹੈ, ਕਿਸੇ ਨਾ ਪਸੰਦ ਜਗ੍ਹਾ ਤੋਂ ਭਾਵੇਂ ਕਿੰਨਾ ਹੀ ਦੂਰ ਚਲਾ ਜਾਏ ਪਰ ਵਾਪਸ ਪਰਤ ਕੇ ਉੱਥੇ ਹੀ ਪਹੁੰਚ ਜਾਏਗਾ।
੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 9417730600

No comments:

Post a Comment