Saturday, June 25, 2011

ਸ਼ਹਿਰ ਦੇ ਨਾਂਅ... :: ਲੇਖਕਾ : ਮਰਿਦੁਲਾ ਗਰਗ



ਹਿੰਦੀ ਕਹਾਣੀ :

ਲੇਖਕਾ : ਮਰਿਦੁਲਾ ਗਰਗ :
ਸੰਪਰਕ :-01129222140.

ਅਨੁਵਾਦ : ਮਹਿੰਦਰ ਬੇਦੀ, ਜੈਤੋ


ਇਹ ਮੇਰਾ ਆਖ਼ਰੀ ਖ਼ਤ ਹੈ ਤੇ ਮੈਥੋਂ ਫੈਸਲਾ ਨਹੀਂ ਹੋ ਰਿਹਾ ਕਿ ਇਹ ਮੈਂ ਕਿਸ ਦੇ ਨਾਂਅ ਲਿਖਾਂ! ਇੰਜ ਪਹਿਲਾਂ ਕਦੀ ਨਹੀਂ ਹੋਇਆ। ਮੈਨੂੰ ਖ਼ਤ ਲਿਖਣ ਦਾ ਸ਼ੌਕ ਹੈ। ਦਿਮਾਗ਼ ਉਪਰ ਦਸਤਕ ਹੋਈ ਨਹੀਂ ਕਿ ਖ਼ਤ ਲਿਖਣ ਬੈਠ ਗਈ। ਜਿਸ ਦਾ ਵੀ ਖ਼ਿਆਲ ਪਹਿਲਾਂ ਜ਼ਿਹਨ ਵਿਚ ਆਉਂਦਾ—ਉਸੇ ਦੇ ਨਾਂਅ। ਮਾਂ ਦੇ, ਬੱਪਾ ਦੇ, ਨਵੇਂ ਬਣੇ ਦੋਸਤਾਂ ਦੇ, ਵਰ੍ਹਿਆਂ ਤੋਂ ਛੁੱਟੀਆਂ ਸਹੇਲੀਆਂ ਦੇ, ਕਿਸੇ ਦੇ ਵੀ ਨਾਂਅ। ਜਵਾਬ ਆਵੇ, ਭਾਵੇਂ ਨਾ—ਪਰਵਾਹ ਨਹੀਂ।
ਜਵਾਬ ਘੱਟ ਹੀ ਆਉਂਦਾ ਹੈ। ਹਰ ਕਿਸੇ ਨੂੰ ਖ਼ਤ ਲਿਖਣ ਦਾ ਸ਼ੌਕ ਨਹੀਂ ਹੁੰਦਾ ਨਾ। ਪਿੱਛੋਂ ਮੁਲਾਕਾਤ ਹੁੰਦੀ, ਤਾਂ ਲੋਕ ਝਿਜਕ-ਜਿਹੀ ਨਾਲ ਕਹਿੰਦੇ, ਮੁਆਫ਼ ਕਰੀਂ, ਸੋਚਿਆ ਬੜਾ ਪਰ ਤੇਰੇ ਖ਼ਤ ਦਾ ਜਵਾਬ ਨਹੀਂ ਦੇ ਸਕੇ। ਕੀ ਕਰੀਏ, ਇਹ ਸ਼ਹਿਰ ਹੀ ਐਸਾ ਹੈ—ਏਨਾ ਉਲਝਾਈ ਰੱਖਦਾ ਹੈ ਕਿ ਵਿਹਲ ਹੀ ਨਹੀਂ ਮਿਲਦੀ। ਮੈਂ ਹੱਸ ਪੈਂਦੀ। ਲਓ, ਸ਼ਹਿਰ ਨੂੰ ਕਿਉਂ ਬਦਨਾਮ ਕਰ ਰਹੇ ਹੋ। ਜਵਾਬ ਨਹੀਂ ਦਿੱਤਾ, ਨਾ ਸਹੀ। ਮੈਨੂੰ ਚਾਹੀਦਾ ਵੀ ਨਹੀਂ। ਖ਼ਤ ਤਾਂ ਪਿਆਰ ਵਾਂਗ ਹੁੰਦਾ ਹੈ, ਜਵਾਬ ਨਹੀਂ ਮੰਗਦਾ।
ਕਿਵੇਂ ਏਨਾ ਕੱਚਾ-ਜਿਹਾ ਹਾਸਾ-ਹੱਸ ਲੈਂਦੇ ਨੇ ਇਹ ਲੋਕ? ਪਿਆਰ—ਤੇ ਜਵਾਬ ਨਾ ਚਾਹੇ; ਕਿਹੜੀ ਸਦੀ ਦੀ ਗੱਲ ਕਰ ਰਹੀ ਏਂ? ਉਹ ਕਹਿੰਦੇ ਨਹੀਂ—ਪਰ ਕਿਹਾ, ਅਣ-ਕਿਹਾ ਸਭ ਮੈਂ ਸਮਝ ਜਾਂਦੀ ਹਾਂ। ਕਿਹੜੇ ਪਿਆਰ ਦੀ ਗੱਲ ਕਰ ਗਏ ਨੇ ਇਹ ਲੋਕ, ਮੈਂ ਸੋਚਦੀ ਰਹਿ ਜਾਂਦੀ ਹਾਂ। ਸ਼ਾਇਦ ਔਰਤ-ਮਰਦ ਦੇ ਪਿਆਰ ਵਾਲੀ ਗੱਲ। ਪਰ ਮੇਰਾ ਮਤਲਬ ਉਸ ਤੋਂ ਨਹੀਂ ਸੀ। ਮੇਰੇ ਲਈ ਪਿਆਰ ਦਾ ਮਤਲਬ ਸੀ ਦੇਣਾ। ਖ਼ੁਦ ਨੂੰ ਦੇਣਾ। ਨਹੀਂ...ਨਹੀਂ, ਜਿਸਮ ਨਹੀਂ।
ਉਹ ਇਹੀ ਮਤਲਬ ਕੱਢਦੇ ਸੀ, ਮੈਂ ਹੁਣ ਸਮਝ ਗਈ ਹਾਂ, ਪਰ ਇਹ ਗਲਤ ਹੈ। ਕੀ ਮੈਂ ਸਿਰਫ ਇਕ ਜਿਸਮ ਹਾਂ? ਜਿਸਮ ਤਾਂ ਘਰ ਹੈ ਮੇਰਾ। ਮੈਂ ਉਸ ਵਿਚ ਰਹਿੰਦੀ ਹਾਂ। ਹਰ ਘਰ ਦੀ ਇਕ ਆਤਮਾ ਹੁੰਦੀ ਹੈ। ਮੇਰੇ ਘਰ ਦੀ ਵੀ ਹੈ। ਮੈਂ ਉਹ ਆਤਮਾ ਲੋਕਾਂ ਵਿਚ ਵੰਡਣਾ ਚਾਹੁੰਦੀ ਸਾਂ—ਘਰ ਹੀ ਉਹਨਾਂ ਦੇ ਹਵਾਲੇ ਕਰ ਦੇਂਦੀ ਤਾਂ ਆਤਮਾ ਕਿੱਥੇ ਰਹਿੰਦੀ?
ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਸਾਂ, 'ਤੁਸੀਂ ਭਲੇ ਓ, ਮੈਨੂੰ ਅੱਛੇ ਲਗਦੇ ਓ। ਤੁਹਾਡੀ ਜਗਿਆਸਾ, ਤੁਹਾਡੀ ਦ੍ਰਿਸ਼ਟੀ, ਤੁਹਾਡੀ ਤਤਪਰਤਾ, ਤੁਹਾਡੀ ਸਥਿਰਤਾ, ਤੁਹਾਡੀ ਹਾਸੀ, ਤੁਹਾਡੀ ਚੁੱਪ।' ਕੁਛ ਵੀ। ਹਰ ਆਦਮੀ ਵਿਚ ਕੁਛ ਹੁੰਦਾ ਜ਼ਰੂਰ ਹੈ ਜਿਹੜਾ ਦੂਜਿਆਂ ਨੂੰ ਚੰਗਾ ਲਗਦਾ ਹੈ। ਉਹੀ ਮੈਂ ਉਸ ਨਾਲ ਵੰਡ ਲੈਣਾ ਚਾਹੁੰਦੀ ਸਾਂ। ਹਰ ਕਿਸੇ ਵਿਚ ਕੁਛ ਸੀ ਜਿਹੜਾ ਮੈਨੂੰ ਪਸੰਦ ਸੀ। 'ਤੂੰ ਮੈਨੂੰ ਪਸੰਦ ਹੈਂ,' ਮੈਂ ਕਹਿਣਾ ਚਾਹੁੰਦੀ ਸਾਂ, 'ਤੂੰ, ਤੂੰ, ਤੁਸੀਂ ਵੀ।'
ਕਿਸੇ ਇਕ ਨੂੰ ਜੀਵਨ ਸਾਥੀ ਬਣਾਉਣ ਦਾ ਸਵਾਲ, ਦੂਜਾ ਸੀ—ਬਿਲਕੁਲ ਵੱਖਰਾ। ਕੀ ਦੱਸਾਂ ਤੁਹਾਨੂੰ, ਮੈਨੂੰ ਬੱਚੇ ਕਿੰਨੇ ਪਿਆਰੇ ਲਗਦੇ ਸੀ! ਕੋਈ ਮੋਟਾ, ਕੋਈ ਗੰਜਾ, ਕੋਈ ਚੁੱਚੀਆਂ ਅੱਖਾਂ ਵਾਲਾ ਤੇ ਕੋਈ ਸੰਘ ਪਾੜ-ਪਾੜ ਰੋਣ ਵਾਲਾ। ਮੈਂ ਆਪਣੇ ਬੱਚੇ ਵੀ ਚਾਹੁੰਦੀ ਸਾਂ। ਕਮ-ਸੇ-ਕਮ ਚਾਰ। ਮੈਨੂੰ ਪਰਵਾਹ ਨਹੀਂ ਸੀ, ਪਰਿਵਾਰ ਨਿਯੋਜਨ ਦੀ। ਬੱਚਿਆਂ ਲਈ ਕਿਸੇ ਇਕ ਨੂੰ ਜੀਵਨ ਸਾਥੀ ਚੁਣਨਾ ਜ਼ਰੂਰੀ ਸੀ—ਤਾਂ ਚੁਣ ਲਵਾਂਗੀ—ਕਾਹਲੀ ਨਹੀਂ ਸੀ; ਸਮਾਂ ਬੜਾ ਪਿਆ ਸੀ ਮੇਰੇ ਕੋਲ। ਹਾਂ, ਇਕ ਗੱਲ ਵਿਚ ਮੈਂ ਫੇਰ-ਬਦਲ ਕਰਨ ਲਈ ਤਿਆਰ ਨਹੀਂ ਸਾਂ। ਬੱਚੇ ਚਾਹੀਦੇ ਸੀ ਚਾਰ; ਕਮ-ਸੇ-ਕਮ ਚਾਰ—ਵਧ ਹੋਣ ਤਾਂ ਵੀ ਠੀਕ। ਬੱਪਾ ਵਾਂਗ ਨਹੀਂ ਕਿ ਇਕ ਪੈਦਾ ਕੀਤਾ ਤੇ ਕਰ ਦਿੱਤੀ ਛੁੱਟੀ। ਕੀ ਕਹਿੰਦੇ ਸਨ ਮੇਰੇ ਬੱਪਾ, 'ਸਰਕਾਰ ਦੋ ਕਹੇ ਤਾਂ ਸਾਨੂੰ ਇਕ ਜੰਮਣਾ ਚਾਹੀਦਾ ਹੈ। ਸਰਕਾਰੀ ਅਫ਼ਸਰਾਂ ਨੂੰ ਮਿਸਾਲ ਬਣਨਾ ਚਾਹੀਦਾ ਹੈ ਹੋਰਨਾਂ ਦੇ ਸਾਹਮਣੇ,' ਕਿੰਨੇ ਫ਼ਖ਼ਰ ਨਾਲ ਖ਼ੁਦ ਕਿਹਾ ਸੀ, ਬੱਪਾ ਨੇ ਮੈਨੂੰ ਇਕ ਦਿਨ।
ਹਾਏ, ਮੈਂ ਸਭ ਕੁਛ ਲਿਖ ਹੀ ਤਾਂ ਦਿੱਤਾ ਸੀ। ਸਿੱਧਾ ਬੱਪਾ ਦੇ ਨਾਂਅ ਖ਼ਤ ਵਿਚ। ਪੜ੍ਹ ਕੇ ਕਿੰਨਾ ਨਾਰਾਜ਼ ਹੋਏ ਸਨ। ਉਹਨਾਂ ਉਪਰੋਂ ਵਿਅੰਗ ਕੀਤਾ, ਇਸ ਕਰਕੇ ਨਹੀਂ ਜਿੰਨਾ ਇਸ ਗੱਲ 'ਤੇ ਕਿ ਮੈਂ ਢੇਰ ਸਾਰੇ ਬੱਚੇ ਚਾਹੁੰਦੀ ਸਾਂ।
'ਚਾਰ-ਚਾਰ ਬੱਚੇ, ਇਸ ਯੁੱਗ ਵਿਚ—ਦੇਸ਼ ਦੀ ਦਿਨੋਂ-ਦਿਨ ਬਦਤਰ ਹੋ ਰਹੀ ਹਾਲਤ ਨੂੰ ਅੱਖੋਂ ਓਹਲੇ ਕਰਕੇ—ਇਸ ਲਈ ਪੜ੍ਹਾਇਆ-ਲਿਖਾਇਆ ਸੀ ਤੈਨੂੰ। ਇਸ ਲਈ ਅਮਰੀਕਾ ਭੇਜਿਆ ਸੀ।' (ਲਓ, ਅਮਰੀਕਾ ਆਉਣ ਦਾ ਮਤਲਬ ਇਹ ਕਿੰਜ ਹੋ ਗਿਆ ਕਿ ਆਦਮੀ ਬੱਚੇ ਪੈਦਾ ਕਰਨਾ ਨਾ ਚਾਹੇ!)
ਉਫ਼, ਕਿੰਨੀ ਗੁਸੈਲ ਤੇ ਮਜ਼ੇਦਾਰ ਚਿੱਠੀ ਲਿਖੀ ਸੀ ਬੱਪਾ ਨੇ ਜਵਾਬ ਵਿਚ। ਖ਼ੂਬ ਹੱਸੀ ਸਾਂ ਪੜ੍ਹ ਕੇ ਮੈਂ, ਖ਼ੂਬ ਹੱਸੀ ਸਾਂ। ਦੋਸਤਾਂ ਨੂੰ ਵੀ ਪੜ੍ਹ ਕੇ ਸੁਣਾਈ ਸੀ। ਪਰ ਉਹ ਲੋਕ ਹੱਸੇ ਨਹੀਂ ਸਨ, ਬਲਕਿ ਕੁਛ ਵਧੇਰੇ ਹੀ ਸੰਜੀਦਾ ਹੋ ਗਏ ਸੀ। ਛਿੱਥੇ-ਛਿੱਬੇ ਜਿਹੇ, ਜਿਵੇਂ ਲੋਕ ਕਿਸੇ ਦੀ ਗਰੀਬੀ ਦੀ ਗੱਲ ਸੁਣ ਕੇ ਹੋ ਜਾਂਦੇ ਹੁੰਦੇ ਨੇ। ਏਨਾ ਗੁੱਸਾ ਆਇਆ ਸੀ ਕਿ ਕੀ ਦੱਸਾਂ। ਮਨ ਵਿਚ ਆਇਆ ਸਾਰਿਆਂ ਨੂੰ ਫੜ੍ਹ-ਫੜ੍ਹ ਝੰਜੋੜ ਸੁੱਟਾਂ।
ਤਦੇ ਹੈਰੀ ਬੋਲ ਪਿਆ ਸੀ। ਸੀ ਤਾਂ ਬੜਬੋਲਾ। ਕਿਤਾਬਾਂ ਪੜ੍ਹ-ਪੜ੍ਹ ਕੇ ਫ਼ਿਲਾਸਫ਼ੀ ਝਾੜਨਾਂ ਸਿੱਖ ਗਿਆ ਸੀ। ਪਰ ਇਕ ਗੱਲ ਸੀ, ਉਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਸੁਣ ਕੇ ਪਿਆਰ ਆ ਜਾਂਦਾ ਸੀ। ਮੈਂ ਸੋਚਦੀ ਸਾਂ, ਕਾਸ਼, ਹੈਰੀ ਹਵਾਈ ਗੱਲਾਂ ਕਰਨੀਆਂ ਕਦੀ ਨਾ ਛੱਡੇ। ਧਰਤੀ ਤੋਂ ਜ਼ਰਾ ਉਪਰ ਬੁੜ੍ਹਕ-ਬੁੜ੍ਹਕ ਚੱਲਦਾ ਰਿਹਾ ਤਾਂ ਇਕ ਦਿਨ ਜ਼ਰੂਰ ਲੀਕ ਤੋਂ ਹਟ ਕੇ ਕੁਛ ਕਰ ਵਿਖਾਵੇਗਾ। ਹਿੰਦੁਸਤਾਨ ਬਾਰੇ ਏਨੀਆਂ ਕਿਤਾਬਾਂ ਪੜ੍ਹੀਆਂ ਸਨ ਉਸਨੇ ਕਿ ਹਰ ਮੁੱਦੇ ਉੱਤੇ ਮੈਥੋਂ ਵਧ ਜਾਣਕਾਰੀ ਹਾਸਿਲ ਕਰ ਲਈ ਸੀ। ਮੈਨੂੰ ਉਹ ਚੰਗਾ ਲਗਦਾ ਸੀ, ਉਸਦੀ ਅੰਤਹੀਣ ਤੇਜੀ ਤੇ ਜਗਿਆਸਾ ਭਲੀ ਲਗਦੀ ਸੀ, ਇਸੇ ਲਈ ਮੈਂ ਉਸਨੂੰ ਨਹੀਂ ਸੀ ਦਸਿਆ ਕਿ ਜਾਣਕਾਰੀ ਰੱਖਣ ਤੇ ਜਾਣਕਾਰ ਹੋਣ ਵਿਚ ਬੜਾ ਫਰਕ ਹੁੰਦਾ ਹੈ। ਸੋਚਦੀ ਸਾਂ, ਜਦੋਂ ਹਿੰਦੁਸਤਾਨ ਜਾਵੇਗਾ ਤਾਂ ਖ਼ੁਦ ਹੀ ਸਮਝ ਜਾਵੇਗਾ—ਲੋੜ ਹੋਈ ਤਾਂ ਮੈਂ ਮਦਦ ਕਰ ਦਿਆਂਗੀ। ਉਦੋਂ ਤਕ ਉਹ ਆਪਣੀ ਇਸ ਖੁਸ਼ਫਹਿਮੀ ਵਿਚ ਰਹਿ ਸਕਦਾ ਸੀ ਕਿ ਸਭ ਤੋਂ ਵਧ ਜਾਣਕਾਰੀ ਉਸੇ ਕੋਲ ਹੈ।
ਉਸ ਦਿਨ ਬੱਪਾ ਦਾ ਖ਼ਤ ਸੁਣਿਆ, ਤਾਂ ਐਨ ਬੱਪਾ ਵਾਂਗ ਹੀ ਨਾਰਾਜ਼ ਹੋ ਕੇ ਬੋਲਿਆ ਸੀ, 'ਬਿਲਕੁਲ ਠੀਕ ਕਹਿੰਦੇ ਨੇ ਤੇਰੇ ਬੱਪਾ। ਹਿੰਦੁਸਤਾਨ ਵਿਚ ਰਹਿ ਕੇ ਚਾਰ-ਚਾਰ ਬੱਚੇ ਪੈਦਾ ਕਰਨੇ ਸਰਾਸਰ ਬੇਵਕੂਫ਼ੀ ਹੈ। ਬੱਚਿਆਂ ਦਾ ਏਨਾ ਸ਼ੌਕ ਏ ਤਾਂ ਅਮਰੀਕਾ 'ਚ ਈ ਰਹਿ।' ਤੇ 'ਸ਼ਾਦੀ ਕਿਸ ਨਾਲ ਕਰਾਂ, ਤੇਰੇ ਨਾਲ,' ਮੈਂ ਪੁੱਛਿਆ ਤਾਂ ਹੈਰੀ ਤਿਲਮਿਲਾ ਕੇ ਉਠ ਖੜ੍ਹਾ ਹੋਇਆ। 'ਹਾਂ, ਮੇਰੇ ਨਾਲ, ਗੁੱਸੇ ਵਿਚ ਭੜਕ ਕੇ ਉਬਲਿਆ ਸੀ ਉਹ—'ਬਿਲਕੁਲ ਠੀਕ ਆਦਮੀ ਹਾਂ ਤੇਰੇ ਲਈ, ਸੋਚ ਲੈ।'
ਮੈਂ ਸੋਚ ਲਿਆ—ਹੈਰੀ, ਆਪਾਂ ਸ਼ਾਦੀ ਕਰ ਲੈਂਦੇ ਹਾਂ,' ਮੈਂ ਉਸਨੂੰ ਖ਼ਤ ਵਿਚ ਲਿਖਿਆ ਸੀ, 'ਪਰ ਰਹਾਂਗੇ ਹਿੰਦੁਸਤਾਨ ਵਿਚ। ਅਮਰੀਕਾ ਵਿਚ ਰਹਿ ਕੇ ਮੈਂ ਬੱਚੇ ਨਹੀਂ ਪੈਦਾ ਕਰ ਸਕਦੀ। ਤੂੰ ਚੱਲ ਮੇਰੇ ਨਾਲ ਹਿੰਦੁਸਤਾਨ। ਕਿੰਨਾ ਪੜ੍ਹਿਆ ਏ ਤੂੰ ਉਸ ਬਾਰੇ। ਹੁਣ ਅੱਖੀਂ ਵੇਖ ਲਵੀਂ। ਯਕੀਨ ਕਰੀਂ, ਆਪਾਂ ਦੋਵੇਂ ਨੌਕਰੀ ਕਰਾਂਗੇ ਤਾਂ ਚਾਰ ਬੱਚਿਆਂ ਖਾਤਰ ਜ਼ਰੂਰ ਕਮਾਅ ਲਵਾਂਗੇ। ਜੇ ਤੂੰ ਨਾ ਚਾਹੇਂ ਤਾਂ ਚਾਰੇ ਆਪਣੇ ਪੈਦਾ ਕਰਨ ਦੀ ਵੀ ਜ਼ਰੂਰਤ ਨਹੀਂ, ਦੋ ਤਾਂ ਖ਼ੈਰ ਮੈਨੂੰ ਚਾਹੀਦੇ ਹੀ ਨੇ, ਬਾਕੀ ਦੇ ਦੋ ਜਾਂ ਚਾਰ, ਅਸੀਂ ਕਿਸੇ ਅਨਾਥ-ਆਸ਼ਰਮ ਵਿਚੋਂ ਜਾਂ ਤਿਆਗੇ ਹੋਏ ਬੱਚਿਆਂ ਦੀ ਸੰਸਥਾ ਵਿਚੋਂ ਗੋਦ ਲੈ ਲਵਾਂਗੇ। ਫੇਰ ਤਾਂ ਸਾਡੇ ਕਾਰਨ ਦੇਸ਼ ਦੀ ਹਾਲਤ ਬਦਤਰ ਨਹੀਂ ਹੋਵੇਗੀ ਨਾ? ਠੀਕ ਹੈ, ਛੇ ਬੱਚੇ ਪਾਲਾਂਗੀ ਮੈਂ। ਮੇਰੇ ਨਾਨਾਜੀ ਦੇ ਵੀ ਛੇ ਸਨ। ਤਾਂ ਬਸ ਫਟਾਫਟ ਪ੍ਰੋਗ਼੍ਰਾਮ ਬਣ ਲੈ। ਸ਼ਾਦੀ ਕਰਕੇ ਅਸੀਂ ਦੋਵੇਂ ਛੇਤੀ ਤੋਂ ਛੇਤੀ ਹਿੰਦੁਸਤਾਨ ਪਹੁੰਚ ਜਾਵਾਂਗੇ ਤੇ ਆਪਣਾ ਪਰਿਵਾਰ ਸ਼ੁਰੂ ਕਰ ਲਵਾਂਗੇ।'
ਹੈਰੀ ਖ਼ੁਦ ਆ ਕੇ ਮੇਰਾ ਖ਼ਤ ਵਾਪਸ ਕਰ ਗਿਆ ਸੀ। 'ਬੜੀ ਭੋਲੀ ਏਂ ਤੂੰ,' ਉਸਨੇ ਕਿਹਾ ਸੀ, 'ਏਨੀ ਖੁੱਲ੍ਹੀ ਚਿੱਠੀ ਭਲਾ ਕੋਈ ਕੁੜੀ ਲਿਖਦੀ ਹੁੰਦੀ ਏ ਕਦੀ—ਕੋਈ ਦੇਖ ਲੈਂਦਾ ਤਾਂ ਕੀ ਸੋਚਦਾ—ਪ੍ਰਪੋਜ਼ ਮੁੰਡੇ ਕਰਦੇ ਨੇ, ਕੁੜੀਆਂ ਨਹੀਂ।' ਉਹ ਮੇਰੀ ਥਾਂ ਸ਼ਰਮਿੰਦਾ ਨਜ਼ਰ ਆ ਰਿਹਾ ਸੀ। ਨੀਵੀਂ ਪਾਈ ਖੜ੍ਹਾ ਭਾਸ਼ਣ ਦੇ ਰਿਹਾ ਸੀ। 'ਪਰ ਸ਼ਾਦੀ ਦੀ ਗੱਲ ਤਾਂ ਤੂੰ ਹੀ ਕਹੀ ਸੀ, ਮੈਂ ਕਿਹਾ ਤਾਂ ਘਬਰਾ ਗਿਐਂ।' 'ਇੱਥੇ ਰਹਿ ਕੇ ਸ਼ਾਦੀ ਕਰਨ ਲਈ ਕਿਹਾ ਸੀ ਮੈਂ, ਤੂੰ ਤਾਂ...ਤੂੰ ਤਾਂ...ਪਤਾ ਨਹੀ ਕੀ ਸਮਝ ਬੈਠੀ।'
ਮੈਂ ਸਮਝ ਗਈ ਇਕ ਅਮੀਰ ਮੁਲਕ ਦੇ ਆਦਮੀ ਨੂੰ ਸ਼ਾਦੀ ਦਾ ਨਿਓਤਾ ਦੇ ਕੇ ਮੈਂ ਆਪਣਾ ਅਪਮਾਨ ਕਰ ਬੈਠੀ ਸਾਂ। ਇਹ ਸੋਚ ਲੈਣਾ ਕਿ ਉਹ ਹਿੰਦੁਸਤਾਨ ਆ ਸਕਦਾ ਹੈ, ਆਉਣ ਬਾਰੇ ਸੋਚ ਸਕਦਾ ਹੈ, ਗੁਸਤਾਖ਼ੀ ਸੀ ਮੇਰੀ। ਕਿਉਂ? ਉਹ ਹਿੰਦੁਸਤਾਨ ਨਹੀਂ ਆ ਸਕਦਾ ਸੀ ਪਰ ਮੈਂ ਅਮਰੀਕਾ ਵਿਚ ਰਹਿ ਸਕਦੀ ਸੀ। ਖੁਸ਼ੀ ਨਾਲ ਰਹਿ ਸਕਦੀ ਸੀ—ਪਰ ਮੈਂ ਕਿਉਂ ਰਹਾਂ ਅਮਰੀਕਾ ਵਿਚ?
ਨਹੀਂ ਰਹਾਂਗੀ ਹੋਰ ਉੱਥੇ, ਮੈਂ ਤੈਅ ਕਰ ਲਿਆ। ਸਾਰੇ ਦੋਸਤਾਂ ਨੂੰ ਕਹਿ ਦਿੱਤਾ, ਮੈਂ ਵਾਪਸ ਜਾ ਰਹੀ ਹਾਂ ਆਪਣੇ ਦੇਸ਼। ਬੱਪਾ ਨੂੰ ਵੀ ਲਿਖ ਦਿੱਤਾ, 'ਫੌਰਨ ਟਿਕਟ ਦੇ ਪੈਸੇ ਭੇਜ ਦਿਓ; ਮੈਂ ਆ ਰਹੀ ਹਾਂ ਆਪਣੇ ਸ਼ਹਿਰ, ਤੁਹਾਡੇ ਕੋਲ।'
ਬੱਪਾ ਦਾ ਜਵਾਬੀ ਖ਼ਤ ਏਨੀ ਜਲਦੀ ਆਇਆ ਕਿ ਮੈਂ ਘਬਰਾ ਗਈ। ਦੋਵਾਂ ਦੇਸ਼ਾਂ ਦਾ ਡਾਕ ਪ੍ਰਬੰਧ ਯਕਦਮ ਏਨਾ ਕਿੰਜ ਸੁਧਰ ਗਿਆ ਕਿ ਸਵਾਲ, ਜਵਾਬ ਵਿਚ ਥੋੜ੍ਹੀ ਜਿਹੀ ਉਡੀਕ ਲਈ ਵੀ ਸਮਾਂ ਬਾਕੀ ਨਹੀਂ ਰਿਹਾ।
ਮੇਰੀ ਮੁਸਕਰਾਹਟ ਜ਼ਿਆਦਾ ਦੇਰ ਤਕ ਨਹੀਂ ਰਹੀ। ਬੱਪਾ ਦਾ ਖ਼ਤ ਪੜ੍ਹ ਕੇ ਮੈਂ ਸੁੰਨ ਹੋ ਗਈ। 'ਅਹਿਸਾਨ ਫ਼ਰਾਮੋਸ਼,' ਬੱਪਾ ਨੇ ਲਿਖਿਆ ਸੀ, 'ਪੜ੍ਹਾਈ ਵਿੱਚੇ ਛੱਡ ਕੇ ਵਾਪਸ ਆਉਣ ਦਾ ਕਾਰਣ? ਮੇਰੀ ਬੇਇੱਜ਼ਤੀ ਦਾ ਜ਼ਰਾ ਖ਼ਿਆਲ ਨਹੀਂ। ਲੋਕ ਕੀ ਕਹਿਣਗੇ, ਇਹੀ ਨਾ, ਬਹੁਤ ਵੱਡਾ ਸਮਝਦਾ ਸੀ ਆਪਣੇ ਆਪ ਨੂੰ, ਕੁੜੀ ਨੂੰ ਐਮ.ਐਸ. ਦੀ ਪੜ੍ਹਾਈ ਵੀ ਪੂਰੀ ਨਹੀਂ ਕਰਵਾ ਸਕਿਆ। ਜਾਣਦੀ ਹੈਂ, ਸ਼ਹਿਰ ਵਿਚ ਮੇਰਾ ਕਿੱਡਾ ਨਾਂਅ ਹੈ, ਕਿੰਨੇ ਉੱਚੇ ਅਹੁਦੇ ਉਪਰ ਹਾਂ ਅੱਜਕਲ੍ਹ। ਹਰ ਆਦਮੀ ਮੈਥੋਂ ਸੜਦਾ ਹੈ, ਮੇਰੀ ਕਿਸਮਤ ਉੱਤੇ ਰਸ਼ਕ ਕਰਦਾ ਹੈ ਤੇ ਤੂੰ ਹੈਂ, ਸਭ ਕੁਛ ਮਿੱਟੀ ਵਿਚ ਮਿਲਾਅ ਦੇਣ 'ਤੇ ਤੁਲੀ ਹੋਈ ਏਂ। ਏਨਾ ਪੈਸਾ ਖਰਚ ਕਰਕੇ ਤੈਨੂੰ ਪੜ੍ਹਾਈ ਪੂਰੀ ਕਰਨ ਲਈ ਅਮਰੀਕਾ ਭੇਜਿਆ, ਕੀ ਇਸ ਲਈ ਕਿ ਤੂੰ ਖ਼ਤਾਂ ਵਿਚ ਊਲ-ਜਲੂਲ ਗੱਲਾਂ ਲਿਖਦੀ ਰਹੇਂ। ਕਦੀ ਮਾਂ ਤੋਂ ਅਚਾਰ ਮੁਰੱਬੇ ਬਣਾਉਣ ਦੀ ਵਿਧੀ ਮੰਗਦੀ ਹੈਂ, ਕਦੀ ਚਾਰ-ਚਾਰ ਬੱਚੇ ਪੈਦਾ ਕਰਨ ਦਾ ਐਲਾਨ ਕਰ ਦੇਂਦੀ ਏਂ, ਤੇ ਹੁਣ ਇਹ ਵਾਪਸ ਆਉਣ ਦੀ ਧਮਕੀ। ਤੁਰਰਾ ਇਹ ਕਿ ਪੈਸੇ ਮੈਂ ਭੇਜਾਂ, ਕਿਉਂ? ਕਿਸ ਖਾਤਰ? ਕਮਾਅ ਲੈ ਖ਼ੁਦ। ਝਾੜੂ ਲਾ, ਭਾਂਡੇ ਮਾਂਜ, ਤੇਰੀ ਜ਼ਿੰਦਗੀ ਹੈ, ਜਿਊਂ। ਪਰ ਏਨਾ ਯਾਦ ਰੱਖ ਕਿ ਡਿਗਰੀ ਲਏ ਬਗ਼ੈਰ ਵਾਪਸ ਆਈ ਤਾਂ ਸਾਡਾ-ਤੇਰਾ ਕੋਈ ਰਿਸ਼ਤਾ ਨਹੀਂ ਰਹੇਗਾ। ਫਿਲਹਾਲ ਮੈਂ ਫੈਸਲਾ ਕਰ ਲਿਆ ਹੈ ਕਿ ਤੇਰੀ ਫੀਸ ਸਿੱਧੀ ਤੇਰੇ ਕਾਲੇਜ ਵਿਚ ਭੇਜਾਂਗਾ। ਇਸ ਦੇ ਇਲਾਵਾ ਕੋਈ ਜੇਬ ਖਰਚ ਨਹੀਂ ਭੇਜਾਂਗਾ। ਦੇਖਦਾ ਹਾਂ, ਕਮਾਉਣ ਦੀ ਕਿੰਨੀ ਕੁ ਤਾਕਤ ਹੈ ਤੇਰੇ ਵਿਚ। ਜਾਂ ਸ਼ਾਇਦ ਕਮਾਉਣ ਦੀ ਲੋੜ ਹੀ ਨਾ ਪਏ। ਅਣਗਿਣਤ ਦੋਸਤ ਜੋ ਨੇ ਤੇਰੇ ਜਿਹੜੇ ਤੇਰੀ ਮਦਦ ਕਰਨਗੇ। ਮੰਗ ਲਵੀਂ ਉਹਨਾਂ ਕੋਲੋਂ ਪੈਸੇ।'
ਖ਼ਤ ਦੀ ਆਖ਼ਰੀ ਲਾਈਨ ਮੇਰੇ ਦਿਲ ਵਿਚ ਚੁਭ ਗਈ। ਕੁਝ ਦਿਨ ਪਹਿਲਾਂ ਮਾਂ ਨੂੰ ਜਿਹੜਾ ਖ਼ਤ ਲਿਖਿਆ ਸੀ, ਉਸਦੇ ਜਵਾਬ ਵਿਚ ਚੰਡ ਮਾਰੀ ਸੀ ਬੱਪਾ ਨੇ। ਮਾਂ ਨੇ ਬੱਪਾ ਨੂੰ ਖ਼ਤ ਵਿਖਾਇਆ ਹੋਏਗਾ—ਮੈਂ ਕਿਹੜਾ ਮਨ੍ਹਾਂ ਕੀਤਾ ਸੀ। 'ਇੱਥੇ ਮੇਰੇ ਬਹੁਤ ਸਾਰੇ ਦੋਸਤ ਨੇ,' ਮੈਂ ਲਿਖਿਆ ਸੀ, 'ਮੈਂ ਸਾਰਿਆਂ ਨੂੰ ਪਿਆਰ ਕਰਦੀ ਹਾਂ, ਤੈਨੂੰ ਤੇ ਬੱਪਾ ਨੂੰ ਵੀ। ਮਾਂ, ਇੱਥੇ ਰਹਿ ਰਹੀ ਹਾਂ, ਪਰ ਮਨ ਦੁਖਦਾ ਹੈ, ਆਪਣਾ ਦੇਸ਼, ਆਪਣਾ ਸ਼ਹਿਰ ਯਾਦ ਆਉਂਦਾ ਹੈ, ਤੂੰ ਤੇ ਬੱਪਾ ਬਹੁਤ ਹੀ। ਤੇ ਵਾਪਸ ਆਉਣ ਬਾਰੇ ਸੋਚਦੀ ਹਾਂ ਤਾਂ ਵੀ ਦਿਲ ਨੂੰ ਕੁਛ ਹੋਣ ਲੱਗ ਪੈਂਦਾ ਹੈ। ਏਥੇ ਮੇਰੇ ਏਨੇ ਸਾਰੇ ਦੋਸਤ ਨੇ, ਪਿਆਰੇ-ਪਿਆਰੇ ਦੋਸਤ। ਪਰ ਮਾਂ ਇਕ ਗੱਲ ਸਮਝ ਨਹੀਂ ਆਉਂਦੀ-ਇਹ ਲੋਕ ਪਿਆਰ ਦਾ ਮਤਲਬ ਨਹੀਂ ਸਮਝਦੇ ਜਾਂ ਮੇਰੀ ਅੰਗਰੇਜ਼ੀ ਏਨੀ ਕਮਜ਼ੋਰ ਹੈ ਕਿ ਆਪਣੀ ਗੱਲ ਇਹਨਾਂ ਨੂੰ ਸਮਝਾ ਨਹੀਂ ਸਕਦੀ। ਤੂੰ ਮੈਨੂੰ ਅਮਰੀਕਾ ਕਿਉਂ ਭੇਜਿਆ ਪੜ੍ਹਨ ਲਈ? ਏਨੇ, ਕਰੋੜਾਂ ਲੋਕ ਆਪਣੇ ਸ਼ਹਿਰ ਵਿਚ ਰਹਿ ਕੇ ਪੜ੍ਹਦੇ ਨੇ, ਮੈਂ ਉਹਨਾਂ ਵਿਚੋਂ ਕਿਉਂ ਨਹੀਂ ਹਾਂ? ਮੈਂ ਤਾਂ ਆਪਣੇ ਸ਼ਹਿਰ ਨੂੰ ਉਹਨਾਂ ਸਰਿਆਂ ਨਾਲੋਂ ਵਧ ਪਿਆਰ ਕਰਦੀ ਹਾਂ। ਅੱਜਕਲ੍ਹ ਮੈਂ ਹਰ ਪਲ ਇਹੋ ਸੋਚਦੀ ਰਹਿੰਦੀ ਹਾਂ, ਮੈਨੂੰ ਕੀ ਕਰਨਾ ਚਾਹੀਦਾ ਹੈ ਜਿਸ ਜ਼ਰੀਏ ਮੈਂ ਆਪਣਾ ਪਿਆਰ ਜ਼ਾਹਿਰ ਕਰ ਸਕਾਂ। ਤੂੰ ਹੀ ਦੱਸ ਮਾਂ, ਕੀ ਕਰਨਾਂ ਠੀਕ ਰਹੇਗਾ?'
ਉਸ ਗੱਲ ਦਾ ਜਵਾਬ ਵੀ ਮਾਂ ਨੇ ਨਹੀਂ, ਬੱਪਾ ਨੇ ਦਿੱਤਾ ਸੀ। ਉਸ ਉੱਤੇ ਵੀ ਬੜੇ ਗੁੱਸੇ ਹੋਏ ਸਨ ਉਹ। 'ਤੂੰ ਚੰਗੀ ਤਰ੍ਹਾਂ ਜਾਣਦੀ ਹੈਂ, ਤੈਨੂੰ ਇਸ ਸ਼ਹਿਰ ਵਿਚੋਂ ਹਟਾਅ ਕੇ ਬਾਹਰ ਕਿਉਂ ਭੇਜਣਾ ਪਿਆ ਸੀ। ਤੂੰ ਮੇਰੀ ਇੱਜ਼ਤ, ਮੇਰੇ ਅਹੂਦੇ, ਮੇਰੀ ਮਾਣ-ਮਰਿਆਦਾ ਦਾ ਕਦੀ ਖ਼ਿਆਲ ਨਹੀਂ ਰੱਖਿਆ। ਸ਼ਹਿਰ ਦੇ ਸਭ ਤੋਂ ਵੱਡੇ ਕਾਲੇਜ ਵਿਚ ਤੈਨੂੰ ਪੜ੍ਹਨ ਲਾਇਆ ਤੇ ਤੂੰ ਮਨ ਲਾ ਕੇ ਪੜ੍ਹਨ ਦੀ ਬਜਾਏ, ਰਾਜਨੀਤੀ ਦੇ ਗੰਦੇ ਦਲਦਲ ਵਿਚ ਫਸ ਗਈ। ਕਿਉਂ? ਮੈਨੂੰ ਜਲੀਲ ਕਰਨ ਖਾਤਰ ਨਾ! ਪੁਲਿਸ ਫੜ੍ਹ ਲਿਜਾਂਦੀ ਤੈਨੂੰ ਤਾਂ ਜਾਣਦੀ ਹੈਂ ਕੀ ਹੁੰਦਾ? ਮੈਨੂੰ ਨੌਕਰੀ ਤੋਂ ਅਸਤੀਫ਼ਾ ਦੇਣਾ ਪੈਂਦਾ। ਸ਼ਹਿਰ ਭਰ ਵਿਚ ਬੇਆਬਰੂ ਹੋ ਜਾਂਦਾ ਮੈਂ।'
ਮੈਂ ਕੀ ਰਾਜਨੀਤੀ ਕੀਤੀ? ਮਜ਼ਦੂਰਾਂ ਦੀਆਂ ਝੁੱਗੀਆਂ-ਝੋਂਪੜੀਆਂ, ਬਸਤੀਆਂ, ਗਲੀਆਂ ਵਿਚ ਜਾ ਕੇ, ਨਾਟਕ ਹੀ ਤਾਂ ਖੇਡਦੇ ਹੁੰਦੇ ਸਾਂ ਅਸੀਂ ਲੋਕ। ਇਸ ਵਿਚ ਗਲਤ ਕੀ ਸੀ? ਅਸੀਂ ਤਾਂ ਖ਼ੁਦ ਸਿਖਣਾ ਚਾਹੁੰਦੇ ਸਾਂ, ਜਾਣਨਾ ਚਾਹੁੰਦੇ ਸਾਂ, ਅੰਦਰ ਤਕ ਮਹਿਸੂਸ ਕਰਨਾ ਚਾਹੁੰਦੇ ਸਾਂ—ਉਹ ਸਭ ਜਿਹੜਾ ਕਿਤਾਬਾਂ ਵਿਚ ਪੜ੍ਹਿਆ ਸੀ। 'ਲੁੱਟ-ਖਸੁੱਟ', 'ਭਰਿਸ਼ਟਾਚਾਰ', 'ਪ੍ਰਦੂਸ਼ਨ', ਖੋਖਲੇ ਸ਼ਬਦ ਨਾ ਰਹਿ ਜਾਂਦੇ—ਜੇ ਅਸੀਂ ਉਹਨਾਂ ਲੋਕਾਂ ਵਿਚ ਜਾ ਕੇ ਉਹਨਾਂ ਨੂੰ ਮਹਿਸੂਸ ਨਾ ਕਰਦੇ, ਜਿਹੜੇ ਇਹਨਾਂ ਦੇ ਅਸਲੀ ਸ਼ਿਕਾਰ ਸਨ? ਨਾਟਕ ਵਿਚ ਤਾਂ ਅਸੀਂ ਜੋ ਦਿਖਾਉਂਦੇ ਸਾਂ, ਉਹ ਤਾਂ ਉਹਨਾਂ ਦੀ ਅਸਲੀ ਦੁਨੀਆਂ ਹੈ ਹੀ ਸੀ। ਉਸ ਤੋਂ ਅਣਜਾਣ ਥੋੜ੍ਹਾ ਹੀ ਸਨ ਉਹ ਲੋਕ। ਫੇਰ ਵੀ ਆਪਣਾ ਝੱਲਿਆ ਮੰਚ ਉੱਤੇ ਵੇਖ ਕੇ ਉਹਨਾਂ ਅੰਦਰ ਉਸ ਨਾਲ ਲੜਨ ਦੀ ਇੱਛਾ ਜਾਗ ਪੈਂਦੀ ਸੀ ਸ਼ਾਇਦ। ਇਹੀ ਕਸੂਰ ਬਣ ਗਿਆ ਸੀ ਸਾਡਾ। ਕੰਮ ਵੀ ਕਿੰਨਾ ਕੁ ਆ ਸਕੇਂ ਸਾਂ ਅਸੀਂ ਉਹਨਾਂ ਲੋਕਾਂ ਦੇ। ਬਸ, ਉਹਨਾਂ ਵੱਲੋਂ ਕੁਝ ਚਿੱਠੀਆਂ-ਅਰਜੀਆਂ ਲਿਖ ਦੇਂਦੇ ਸਾਂ—ਐਪਲੀਕੇਸ਼ਨ, ਦਰਖ਼ਵਾਸਤ, ਅਪੀਲ ਜੋ ਤੁਸੀਂ ਕਹਿਣਾ ਚਾਹੋ। ਮੈਨੂੰ ਖ਼ਤ ਲਿਖਣ ਦਾ ਕਿੰਨਾ ਸ਼ੌਕ ਸੀ। ਕਾਨੂੰਨੀ ਕਾਰਵਾਈਆਂ ਦੇ ਨੁਕਤੇ ਪੜ੍ਹ ਕੇ ਵੀ ਉਹਨਾਂ ਨੂੰ ਸਮਝਾਉਣ ਵਿਚ ਕਿੰਨਾ ਆਨੰਦ ਆਉਂਦਾ ਹੁੰਦਾ ਸੀ ਮੈਨੂੰ।
'ਬੱਪਾ, ਤੁਸੀਂ ਚਾਹੁੰਦੇ ਸੀ ਨਾ, ਮੈਂ ਮਨ ਲਾ ਕੇ ਪੜ੍ਹਾਂ, ਕਲਾਸ ਵਿਚੋਂ ਅੱਵਲ ਆਵਾਂ—ਤਾਂ ਬਿਨਾਂ ਇਹਨਾਂ ਬਾਰੀਕੀਆਂ ਨੂੰ ਸਮਝੇ, ਪੜ੍ਹਾਈ ਕਿੰਜ ਪੂਰੀ ਹੋ ਸਕਦੀ ਸੀ ਭਲਾ? ਅਲਗ-ਥਲਗ, ਸੁਰੱਖਿਅਤ ਕੋਨੇ ਵਿਚ ਬੈਠੇ ਰਹਿ ਕੇ। ਫੇਰ ਇਹ ਜੁਰਮ ਕਿੰਜ ਹੋ ਗਿਆ? ਪੁਲਿਸ ਸਾਡੇ ਪਿੱਛੇ ਕਿਉਂ ਪੈ ਗਈ? ਤੁਹਾਡੀ ਇੱਜ਼ਤ, ਅਹੁਤਾ ਵਿਚਕਾਰ ਕਿੰਜ ਆ ਘੁਸੇ? ਅੱਛਾ ਬੱਪਾ, ਤੁਸੀਂ ਤਾਂ ਪ੍ਰਸ਼ਾਸਕ ਓ, ਸਰਕਾਰੀ ਅਫ਼ਸਰ ਹੋ। ਤੁਹਾਨੂੰ ਸਰਕਾਰ ਨੇ ਏਡਾ ਪਦ ਤੇ ਮਾਣ-ਸਨਮਾਣ ਦੇ ਕੇ ਲਾਇਆ ਹੋਇਆ ਹੈ? ਇਸੇ ਲਈ ਨਾ ਕਿ ਤੁਸੀਂ ਆਪਣੇ ਸ਼ਹਿਰ ਦੇ ਲੋਕਾਂ ਦੀ ਦੇਖਭਾਲ ਕਰੋ। ਨਾ ਸਹੀ ਸੇਵਾ, ਸੇਵਾ ਨਹੀਂ ਕਹਾਂਗੀ, ਤੁਹਾਡੇ ਕੰਮ ਨੂੰ। ਸ਼ਬਦਾਂ ਦੀ ਤਾਨਾਸ਼ਾਹੀ ਤੋਂ ਵਾਕਿਫ਼ ਹਾਂ ਮੈਂ। ਤੁਸੀਂ ਸੇਵਕ ਨਹੀਂ—ਪ੍ਰਸ਼ਾਸਕ ਹੋ, ਅਫ਼ਸਰ ਹੋ। ਸੇਵਾ ਨਾ ਸਹੀ, ਦੇਖਭਾਲ ਕਰਨ ਦਾ ਕੰਮ ਹੈ ਤੁਹਾਡਾ। ਮੈਂ ਤਾਂ ਤੁਹਾਡਾ ਹੀ ਹੱਥ ਵੰਡਾਅ ਰਹੀ ਸਾਂ, ਫੇਰ ਮੇਰੇ ਕਾਰਣ ਤੁਹਾਡਾ ਨੁਕਸਾਨ-ਅਪਮਾਨ ਕਿੰਜ ਹੋ ਗਿਆ? ਕੀ ਏਨਾ ਵੱਡਾ ਜੁਰਮ ਸੀ ਮੇਰਾ ਕਿ ਝੱਟ ਦੇਸ਼ ਨਿਕਾਲਾ ਦੇ ਦੇਣਾ ਪਿਆ?'
ਮੈਂ ਖ਼ਤ ਲਿਖ ਦਿੱਤਾ ਸੀ ਬੱਪਾ ਨੂੰ।
ਸੋਚ ਕੇ ਦੇਖਦੀ ਹਾਂ ਤਾਂ ਹੁਣ ਤਕ ਸਭ ਤੋਂ ਵਧ ਖ਼ਤ ਬੱਪਾ ਨੂੰ ਹੀ ਲਿਖੇ ਨੇ ਮੈਂ। ਮਾਂ ਨੂੰ ਵੀ ਘੱਟ ਨਹੀਂ ਲਿਖੇ ਪਰ ਉਸਨੂੰ ਇਕੋ ਗੱਲ ਸਮਝਾਉਣ ਲਈ ਵਾਰੀ-ਵਾਰੀ ਲਿਖਣ ਦੀ ਲੋੜ ਨਹੀਂ ਪੈਂਦੀ ਸੀ। ਉਹ ਮੇਰੇ ਨਾਲ ਜ਼ਿਰਹ ਜਾਂ ਬਹਿਸ ਨਹੀਂ ਸੀ ਕਰਦੀ। ਮੇਰੀ ਗੱਲ ਸੁਣ ਕੇ ਹਜ਼ਮ ਕਰ ਲੈਂਦੀ ਸੀ। ਤੇ ਬੱਪਾ ਸਨ ਕਿ ਉਸਦੀ ਜੁਗਾਲੀ ਕਰਨ ਲੱਗ ਪੈਂਦੇ ਸਨ। ਮੈਂ ਜੋ ਵੀ ਲਿਖਦੀ, ਮਾਂ ਦਾ ਜਵਾਬ ਉਹੀ ਹੁੰਦਾ ਸੀ, 'ਤੂੰ ਖੁਸ਼ ਰਹਿ, ਮਨ ਲਾ ਕੇ ਪੜ੍ਹਾਈ ਕਰ, ਖ਼ੁਰਾਫਾਤਾਂ ਵਿਚ ਨਾ ਪੈ, ਤੇਰੇ ਬੱਪਾ ਨੂੰ ਤੇਰੇ 'ਤੇ ਬੜੀਆਂ ਉਮੀਦਾਂ ਨੇ। ਧੀ-ਪੁੱਤਰ ਸਭ ਤੂੰ ਹੀ ਹੈਂ ਨਾ। ਇਕੱਲੀ ਸੰਤਾਨ। ਉਹਨਾਂ ਦੀਆਂ ਆਸਾਂ ਇੱਛਾਵਾਂ ਨੂੰ ਤੂੰ ਨਹੀਂ ਤਾਂ ਹੋਰ ਕੌਣ ਪੂਰਿਆਂ ਕਰੇਗਾ? ਮੈਂ ਇਹੀ ਚਾਹੁੰਦੀ ਹਾਂ ਕਿ ਤੂੰ ਤੇ ਤੇਰੇ ਬੱਪਾ, ਦੋਵੇਂ ਖੁਸ਼ ਰਹੋਂ ਤੇ ਮੇਰੇ ਕੋਲ ਰਹੋਂ। ਤੂੰ ਬੜੀ ਯਾਦ ਆਉਂਦੀ ਏਂ। ਤੇਰੇ ਬਿਨਾਂ ਘਰ ਬਿਲਕੁਲ ਸੁੰਨਾਂ ਲੱਗਦਾ ਏ। ਸਭ ਦੋਸਤ-ਰਿਸ਼ਤੇਦਾਰ ਤੇਰੇ ਬਾਰੇ ਪੁੱਛਦੇ ਰਹਿੰਦੇ ਨੇ। ਤੂੰ ਵਾਪਸ ਆਏਂਗੀ ਤਾਂ ਸਾਰਿਆਂ ਨਾਲ ਮਿਲਵਾਵਾਂਗੀ। ਪੜ੍ਹਾਈ ਪੂਰੀ ਕਰਕੇ, ਜਲਦੀ ਤੋਂ ਜਲਦੀ ਵਾਪਸ ਆ, ਇਸੇ ਇੰਤਜ਼ਾਰ ਵਿਚ, ਤੇਰੀ ਮਾਂ।'
ਉਸਨੂੰ ਬਿਗਾਨੇ ਸ਼ਹਿਰ ਵਿਚ ਕਦੀ ਕਦੀ ਲਗਦਾ, ਮਾਂ ਦੇ ਖ਼ਤਾਂ ਦੀ ਇਸ ਆਖ਼ਰੀ ਲਾਈਨ ਦੇ ਸਹਾਰੇ ਹੀ ਜਿਊਂ ਰਹੀ ਹਾਂ। ਮੇਰਾ ਸ਼ਹਿਰ ਮੇਰੀ ਉਡੀਕ ਕਰ ਰਿਹਾ ਹੈ। ਛੇਤੀ ਤੋਂ ਛੇਤੀ ਮੇਰੇ ਪਰਤ ਆਉਣ ਦੀ। ਪਰ ਸਮਝ ਨਹੀਂ ਆਉਂਦੀ, ਬੱਪਾ ਦੀਆਂ ਆਸਾਂ ਕੀ ਨੇ? ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਮੇਰੀ ਜ਼ਿੰਮੇਵਾਰੀ ਕਿਉਂ ਹੈ? ਜੇ ਬੱਪਾ ਦੇ ਇਕ ਮੁੰਡਾ ਵੀ ਹੁੰਦਾ, ਦੋ ਚਾਰ ਹੋਰ ਧੀਆਂ-ਪੁੱਤਰ ਹੁੰਦੇ ਤਾਂ ਵੀ ਉਹ ਆਪਣੀਆਂ ਆਸਾਵਾਂ-ਉਮੀਦਾਂ ਉਹਨਾਂ ਸਾਰਿਆਂ ਤੋਂ ਪੂਰੀਆਂ ਕਰਵਾਉਂਦੇ? ਫੇਰ ਤਾਂ ਢੇਰ ਸਾਰੀਆਂ ਆਸਾਂ-ਉਮੀਦਾਂ ਢੋਣੀਆਂ ਪੈਂਦੀਆਂ ਉਹਨਾਂ ਨੂੰ। ਜਾਂ ਇਕੋ ਉਮੀਦ ਵੰਡੀ-ਵੰਡੀਚੀ ਜਾਂਦੀ। ਇਕ ਜੋੜੀ ਮੋਢਿਆਂ ਨੂੰ ਸਾਰਾ ਭਾਰ ਤਾਂ ਨਾ ਢੋਣਾ ਪੈਂਦਾ, ਸੋਚ-ਸੋਚ ਹਾਸੀ ਆ ਜਾਂਦੀ ਸੀ ਮੈਨੂੰ।
ਇਕੱਲੀ ਜਾਨ ਮੈਂ ਕਦੋਂ ਤਕ, ਕਿੱਥੋਂ ਤਕ ਤੁਹਾਡੀਆਂ ਆਸਾਂ ਉਮੀਦਾਂ ਢੋਂਦੀ ਫਿਰਾਂਗੀ ਬੱਪਾ? ਮੈਨੂੰ ਆਪਣਾ ਆਪਾ ਵੰਡ ਦੇਣ ਦਿਓ, ਦੇ ਦੇਣ ਦਿਓ। ਮੈਂ ਪਿਆਰ ਵੰਡਣਾ ਚਾਹੁੰਦੀ ਹਾਂ। ਸਾਰਿਆਂ ਨਾਲ—ਬੜਾ ਹੈ ਮੇਰੇ ਕੋਲ, ਤੁਹਾਨੂੰ ਵੀ ਦਿਆਂਗੀ, ਅਥਾਹ ਖਜਾਨਾ, ਕਦੀ ਨਹੀਂ ਮੁੱਕੇਗਾ, ਸੱਚ।' ਤੇ ਲਿਖ ਹੀ ਤਾਂ ਦਿੱਤਾ ਮੈਂ ਖ਼ਤ ਵਿਚ ਬੱਪਾ ਨੂੰ। 'ਬੱਪਾ, ਇੱਥੋਂ ਦੇ ਪਾਦਰੀ ਕਹਿੰਦੇ ਨੇ, ਮੈਂ ਨਨ ਬਣ ਜਾਵਾਂ, ਫੇਰ ਮੈਨੂੰ ਪਿਆਰ ਵੰਡਣ ਤੋਂ ਕੋਈ ਨਹੀਂ ਰੋਕ ਸਕੇਗਾ। ਮੇਰੇ ਪਿਆਰ ਦੇ ਗਲਤ ਅਰਥ ਵੀ ਨਹੀਂ ਕੱਢੇ ਜਾਣਗੇ। ਅੰਗਰੇਜ਼ੀ ਕਿੰਨੀ ਵੀ ਖਰਾਬ ਕਿਉਂ ਨਾ ਹੋਵੇ, ਮੇਰੀ—ਜੀਸਸ ਕਰਾਇਸਟ ਨਾਲ ਸੰਬੰਧ ਜੋੜ ਕੇ ਪੂਰਨ ਮੁਕਤ ਹੋ ਜਾਵਾਂਗੀ। ਬਣ ਜਾਵਾਂ ਫੇਰ?
'ਪਰ ਕਿਵੇਂ ਬਣ ਸਕਦੀ ਹਾਂ? ਮੈਨੂੰ ਬੱਚੇ ਚਾਹੀਦੇ ਨੇ, ਘੱਟ ਤੋਂ ਘੱਟ ਚਾਰ। ਪਾਲਨ ਲਈ ਤਾਂ ਮਿਲ ਜਾਣਗੇ ਪਰ ਆਪਣੇ ਪੈਦਾ ਕਰਨ ਦੀ ਉਹਨਾਂ ਲੋਕਾਂ ਨੂੰ ਮਨਾਹੀ ਹੈ। ਪਰ ਮੈਨੂੰ ਤਾਂ ਚਾਹੀਦੇ ਨੇ। ਆਪਣੇ ਵੀ—ਗੋਦ ਲਏ ਹੋਏ ਵੀ। ਮੈਂ ਸ਼ਾਦੀ ਪਿੱਛੋਂ, ਬੱਚੇ ਪੈਦਾ ਕਰਕੇ, ਗੋਦ ਲੈ ਕੇ, ਪਿਆਰ ਵੰਡਦੀ ਰਹਿਣਾ ਚਾਹੁੰਦੀ ਹਾਂ ਬੱਪਾ। ਸਮਝ ਵਿਚ ਨਹੀਂ ਆਉਂਦਾ ਕੀ ਕਰਾਂ? ਤੁਸੀਂ ਹੀ ਦੱਸੋ ਬੱਪਾ, ਮੇਰੇ ਪਿਆਰੇ, ਚੰਗੇ, ਗਿਆਨੀ ਬੱਪਾ, ਮੈਨੂੰ ਰਾਹੇ ਪਾਓ, ਮੈਂ ਤੁਹਾਨੂੰ ਬੜਾ ਪਿਆਰ ਕਰਦੀ ਹਾਂ ਫੇਰ ਵੀ ਪਿਆਰ ਵੰਡਣਾ ਚਾਹੁੰਦੀ ਹਾਂ ਸਭਨਾਂ ਵਿਚਕਾਰ। ਮੈਨੂੰ ਦੱਸੋ ਇਹ ਕਿੰਜ ਸੰਭਵ ਹੋਵੇਗਾ, ਮੇਰੇ ਬੜੇ ਹੀ ਪਿਆਰੇ-ਪਿਆਰੇ ਬੱਪਾ।'
ਬੱਪਾ ਦਾ ਜਵਾਬ ਆਇਆ ਸੀ...ਨਹੀਂ-ਨਹੀਂ, ਯਾਦ ਕਰਦੀ ਹਾਂ ਤਾਂ ਬਰਦਾਸ਼ਤ ਨਹੀਂ ਹੁੰਦਾ। ਉਸ ਪਿੱਛੋਂ ਆਏ ਇਸ ਖ਼ਤ ਨੂੰ ਪੜ੍ਹ ਕੇ ਤਾਂ ਬਿਲਕੁਲ ਨਹੀਂ। ਉਦੋਂ ਮੈਂ ਸੋਚਿਆ ਸੀ ਅਗਲੇ ਖ਼ਤ ਵਿਚ ਬੱਪਾ ਨੂੰ ਮਨਾਅ ਲਵਾਂਗੀ ਤੇ ਉਹਨਾਂ ਤੋਂ ਇਕ ਪਿਆਰ ਭਰਿਆ ਖ਼ਤ ਵੀ ਵਸੂਲ ਕਰ ਲਵਾਂਗੀ। 'ਕੈਸੇ ਭਰਿਸ਼ਟ ਲੋਕਾਂ ਦੀ ਸੰਗਤ ਵਿਚ ਪੈ ਗਈ ਤੂੰ,' ਬੱਪਾ ਨੇ ਲਿਖਿਆ ਸੀ, 'ਅਜਿਹੇ ਊਲ-ਜਲੂਲ ਸੰਬੋਧਨ ਪਿਤਾ ਲਈ ਪ੍ਰਯੋਗ ਨਹੀਂ ਕੀਤੇ ਜਾਂਦੇ, ਏਨੀ ਵੀ ਅਕਲ ਨਹੀਂ ਰਹੀ। ਨਨ ਬਨੇਂਗੀ ਤੂੰ! ਭੁੱਲ ਜਾ, ਸ਼ਾਦੀ ਬਾਰੇ ਗੱਲ ਸਮਾਂ ਆਉਣ 'ਤੇ ਹੋਏਗੀ। ਹਾਲੇ ਤੂੰ ਸਿਰਫ ਪੜ੍ਹਾਈ ਪੂਰੀ ਕਰਨ ਵਿਚ ਦਿਲ ਲਾ। ਸਮਝੀ? ਮੈਂ ਆਪਣੇ ਇਕ ਦੋਸਤ ਨੂੰ ਲਿਖਿਆ ਹੈ, ਤੇਰੇ 'ਤੇ ਨਜ਼ਰ ਰੱਖੇ। ਪਾਦਰੀ ਨੂੰ ਮਿਲਣ ਕਿਉਂ ਗਈ ਸੈਂ ਤੂੰ? ਅੱਗੋਂ ਧਿਆਨ ਰੱਖੀਂ, ਇਕ ਵਾਰੀ ਬਚਾਅ ਲਿਆ, ਇਸ ਵਾਰੀ ਗਲਤ ਸੋਹਬਤ ਵਿਚ ਪਈ ਤਾਂ ਬਚਾਉਣਾ ਮੇਰੇ ਹੱਥ ਵਿਚ ਨਹੀਂ ਹੋਏਗਾ।'
ਇਕ ਵਾਰੀ ਆਏ ਸਨ ਉਹਨਾਂ ਦੇ ਦੋਸਤ, ਮੈਨੂੰ ਮਿਲਣ, ਫੇਰ ਨਹੀਂ। ਵਿਚਾਰੇ ਮੇਰੇ ਉੱਤੇ ਕੀ ਨਜ਼ਰ ਰੱਖਦੇ। ਉਹ ਤਾਂ ਖ਼ੁਦ ਨਜ਼ਰਾਂ ਬਚਾਉਂਦੇ ਫਿਰ ਰਹੇ ਸਨ। ਆਪਣੇ ਕਾਰਨਾਮਿਆਂ ਦਾ ਕੋਈ ਗਵਾਹ ਨਹੀਂ ਸਨ ਚਾਹੁੰਦੇ। ਵੱਡੀ ਉਮਰ ਵਿਚ ਪਹਿਲੀ ਵੇਰ ਆਪਣਾ ਸ਼ਹਿਰ ਛੱਡ ਕੇ ਬਾਹਰ ਆਏ ਸੀ। ਪਤਾ ਨਹੀਂ ਕਦ-ਕਦ ਦੀ, ਕਿਹੜੀ-ਕਿਹੜੀ, ਕਸਰ ਪੂਰੀ ਕਰ ਰਹੇ ਸਨ। ਉਹਨਾਂ ਦੇ ਸ਼ਹਿਰ ਜਾ ਕੇ ਕੋਈ ਕਹਿ ਦੇਂਦਾ ਫੇਰ? ਮੈਂ ਉਹਨਾਂ ਨੂੰ ਬੰਧਨ-ਮੁਕਤ ਕਰ ਦਿੱਤਾ। ਕਹਿ ਦਿੱਤਾ, 'ਤੁਸੀਂ ਜੋ ਕਰਦੇ ਓ, ਉਸ ਵਿਚ ਰਤਾ ਵੀ ਦਿਲਚਸਪੀ ਨਹੀਂ ਮੇਰੀ।' ਅਹਿਸਾਨਮੰਦ ਹੋ ਗਏ ਵਿਚਾਰੇ। ਮੈਥੋਂ ਨਜ਼ਰਾਂ ਮੋੜ ਲਈਆਂ। 'ਹਾਏ ਬੱਪਾ, ਕਿੰਨਾ ਘੱਟ ਸਮਝਣਾ ਚਾਹੁੰਦੇ ਰਹੇ ਤੁਸੀਂ।
ਇਸ ਵਾਰੀ ਹੱਦ ਕਰ ਗਏ ਤੁਸੀਂ ਬੱਪਾ। ਖ਼ਤ ਦਾ ਜਵਾਬ ਮੈਂ ਨਹੀਂ ਦਿੱਤਾ। ਬਸ ਮਨ ਹੀ ਮਨ ਕਿਹਾ, ਬੱਪਾ, ਹੁਣ ਹੋਰ ਇੱਥੇ ਨਹੀਂ ਰਹਾਂਗੀ। ਤੁਸੀਂ ਜੋ ਕਿਹਾ ਹੈ ਉਹੀ ਕਰਾਂਗੀ, ਝਾੜੂ ਦਿਆਂਗੀ, ਭਾਂਡੇ ਮਾਂਜਾਂਗੀ ਤੇ ਟਿਕਟ ਦੇ ਪੈਸੇ ਬਣਦਿਆਂ ਹੀ ਆਪਣੇ ਸ਼ਹਿਰ ਪਰਤ ਅਵਾਂਗੀ।
ਕੈਂਪਸ ਵਿਚ ਮੈਨੂੰ ਲਾਇਬਰੇਰੀ 'ਚ ਨੌਕਰੀ ਮਿਲ ਰਹੀ ਸੀ, ਕੈਂਟੀਨ ਵਿਚ ਕੈਸ਼ ਕਾਊਂਟਰ ਉੱਤੇ ਵੀ, ਪਰ ਮੈਂ ਨਹੀਂ ਕੀਤੀ। ਮੈਂ ਆਪਣੇ ਆਪ ਨੂੰ ਉਹਨਾਂ ਦੇ ਸ਼ਹਿਰ ਵਿਚ ਖੁੱਲ੍ਹਾ ਛੱਡ ਦੇਣਾ ਚਾਹੁੰਦੀ ਸਾਂ। ਵਿਦੇਸ਼ੀ ਸੀ ਨਾ, ਵਿਦਿਆਰਥੀ ਦੀ ਹੈਸੀਅਤ ਨਾਲ ਸਾਂ। ਮੈਨੂੰ ਬਾਹਰ ਕੰਮ ਕਰਕੇ ਕਮਾਉਣ ਦੀ ਇਜਾਜ਼ਤ ਨਹੀਂ ਸੀ। ਪਰ ਇਜਾਜ਼ਤ ਸੀ ਕਿਸ ਚੀਜ ਦੀ ਸਾਡੇ ਵਰਗੇ ਲੋਕਾਂ ਨੂੰ। ਮੈਂ ਉਹਨਾਂ ਲੋਕਾਂ ਨੂੰ ਮਿਲਣਾ ਚਾਹੁੰਦੀ ਸੀ, ਜਿਹਨਾਂ ਨੂੰ ਸਮਾਜ ਇੱਜ਼ਤ ਨਹੀਂ ਦਿੰਦਾ—ਤੇ ਇਜਾਜ਼ਤ ਨਹੀਂ ਦਿੰਦਾ ਇੱਜ਼ਤ ਬਣਾਉਣ ਦੀ ਕੋਸ਼ਿਸ਼ ਕਰਨ ਦੀ। ਉਸ ਸ਼ਹਿਰ ਵਿਚ ਅਜਿਹੇ ਅਨੇਕਾਂ ਹਨੇਰੇ ਕੋਨੇ ਸਨ ਜਿੱਥੇ ਕਾਨੂੰਨ ਦੀ ਇਜਾਜ਼ਤ ਲੈਣ ਜਾਂ ਆਪਣੇ ਕੰਮਾਂ ਦਾ ਪਹਿਲਾ-ਚਿੱਠਾ ਪੇਸ਼ ਕਰਨ ਦੀ ਲੋੜ ਨਹੀਂ ਸੀ। ਉੱਥੇ ਬਸ ਛੋਟੇ-ਛੋਟੇ ਢਾਬਿਆਂ ਵਿਚ ਸਮਾਜ ਦੀ ਜੂਠ, ਜੂਠੇ ਭਾਂਡੇ ਸਾਫ ਕਰਦੀ ਹੁੰਦੀ ਸੀ। ਉੱਥੇ ਹੀ ਮੈਂ ਬੱਪਾ ਦਾ ਕਹਿਣਾ, ਪੂਰਾ ਕਰਨਾਂ ਸ਼ੁਰੂ ਕੀਤਾ। ਜੂਠ ਦੀ ਜੂਠ ਸਾਫ ਕਰਨ ਦਾ ਕੰਮ ਆਸਾਨੀ ਨਾਲ ਮਿਲ ਗਿਆ ਮੈਨੂੰ।
ਕਿੰਨੀ ਵੀ ਵਧੀਆਂ ਪਲੇਟ ਕਿਉਂ ਨਾ ਧੋਵਾਂ, ਮੇਰਾ ਮਾਲਕ ਇਹੀ ਕਹਿੰਦਾ ਸੀ, 'ਪਲੇਟ ਸਾਫ ਕਰ।' ਇਕ ਦਿਨ ਮੈਨੂੰ ਗੁੱਸਾ ਆ ਗਿਆ। 'ਸਾਫ ਤਾਂ ਹੈ,' ਮੈਂ ਕਿਹਾ। 'ਸਾਫ ਕਰ,' ਉਸਨੇ ਦੁਹਰਾਇਆ। ਮੈਂ ਹਿਰਖ ਗਈ, 'ਜਾਣਦੇ ਓ, ਮੈਂ ਐਮ.ਐਸ. ਕਰ ਰਹੀ ਹਾਂ।' 'ਫੇਰ?' ਉਸਨੇ ਕਿਹਾ ਤੇ ਮੇਰੇ ਮੂੰਹ ਵੱਲ ਦੇਖਣ ਲੱਗਾ...ਦੇਖਦਾ ਰਿਹਾ। ਪਰ ਬੋਲਿਆ ਕੁਝ ਨਹੀਂ। ਉਂਜ ਵੀ ਉਹ ਘੱਟ ਹੀ ਬੋਲਦਾ ਸੀ। ਉੱਥੇ ਸਾਰੇ ਹੀ ਘੱਟ ਬੋਲਦੇ ਸਨ। ਇਹਨਾਂ ਦਿਨਾਂ ਵਿਚ ਇਕ ਵੀ ਹੈਰੀ ਨਹੀਂ ਸੀ ਮਿਲਿਆ ਮੈਨੂੰ। ਉਸਦੇ ਉਸ ਇਕ ਸ਼ਬਦ ਦੇ ਸਵਾਲ ਨੇ ਮੈਨੂੰ ਅੰਦਰ ਤੀਕ ਹਿਲਾਅ ਦਿੱਤਾ। ਇਕ ਛਿਣ ਵਿਚ ਬਹੁਤ ਸਾਰੀਆਂ ਗੱਲਾਂ ਮੇਰੀ ਸਮਝ ਵਿਚ ਆ ਗਈ। ਪਲੇਟ ਸਾਫ ਕਰਨੀ ਹੈ ਤਾਂ ਪਲੇਟ ਸਾਫ ਕਰਨੀ ਹੈ। ਮੈਂ ਕੀ ਹਾਂ, ਮੈਂ ਕੌਣ ਹਾਂ, ਕੀ ਕਰ ਸਕਦੀ ਹਾਂ, ਉਸ ਦਾ ਕੋਈ ਅਰਥ ਨਹੀਂ।
ਸੱਚ ਕਹਿ ਰਹੀ ਹਾਂ ਮਾਂ,' ਮੈਂ ਮਾਂ ਨੂੰ ਖ਼ਤ ਲਿਖਿਆ, 'ਮੇਰੇ ਵਰਗਾ ਪਲੇਟਾਂ ਧੋਣ ਵਾਲਾ ਤੈਨੂੰ ਪੂਰੀ ਦੁਨੀਆਂ ਵਿਚ ਲੱਭਿਆਂ, ਨਹੀਂ ਲੱਭਣਾ। ਜਦੋਂ ਪਲੇਟ ਧੋ ਰਹੀ ਹੁੰਦੀ ਹਾਂ ਤਾਂ ਲੱਗਦਾ ਹੈ, ਮੈਂ, ਮੈਂ ਨਹੀਂ—ਪਲੇਟ ਹਾਂ। ਆਪਣੇ-ਆਪ ਨੂੰ ਸਾਫ ਤੇ ਲਿਸ਼ਕੀਲਾ ਬਣਾ ਲੈਣ ਦੇ ਇਲਾਵਾ ਹੋਰ ਕੋਈ ਟੀਚਾ ਨਹੀਂ ਹੈ ਮੇਰਾ। ਕਿਸੇ ਅੜਚਨ, ਅੜਿੱਕੇ ਦੀ ਪ੍ਰਵਾਹ ਨਹੀਂ ਮੈਨੂੰ। ਮਾਂ, ਦੋਸ਼-ਰਹਿਤ ਕੰਮ ਕਰਨ ਲਈ ਇਕ ਅਜਿਹੀ ਇਕਾਗਰਤਾ ਚਾਹੀਦੀ ਹੈ, ਜਿਹੀ ਕਿ ਪਹਾੜ ਉਪਰ ਚੜ੍ਹਨ ਲਈ, ਚਾਹੇ ਪਲੇਟਾਂ ਧੋਣੀਆਂ ਹੋਣ। ਨਾਰਾਜ਼ ਨਾ ਹੋਵੀਂ, ਮੇਰੀ ਪਿਆਰੀ ਮਾਂ, ਪਰ ਪਲੇਟਾਂ ਧੋਂਦੇ-ਧੋਂਦੇ ਮੈਨੂੰ ਲੱਗਦਾ ਹੈ, ਮੈਂ ਬੱਪਾ ਨਾਲੋਂ ਵਧ ਮਹੱਤਵਪੂਰਨ ਕੰਮ ਕਰ ਰਹੀ ਹਾਂ। ਮੈਂ ਖੁਸ਼ ਹਾਂ, ਮਾਂ, ਅੱਜਕਲ੍ਹ ਬੜੀ ਖੁਸ਼ ਹਾਂ। ਬਿਲਕੁਲ ਨਵੀਂ ਤਰਜ਼ ਦੇ ਸੰਗੀ-ਸਾਥੀ ਮਿਲ ਰਹੇ ਨੇ ਤੇ ਮੈਂ ਸਭਨਾਂ ਨੂੰ ਪਿਆਰ ਵੰਡ ਰਹੀ ਹਾਂ। ਇਹਨਾਂ ਨੂੰ ਵਧੇਰੇ ਲੋੜ ਹੈ ਨਾ, ਮਾਂ।'
ਮਾਂ ਨੇ ਇਹ ਖ਼ਤ ਬੱਪਾ ਨੂੰ ਨਹੀਂ ਦਿਖਾਇਆ ਹੋਣਾ ਕਿਉਂਕਿ ਉਹਨਾਂ ਦੀ ਕੋਈ ਤਿੱਖੀ ਪ੍ਰਤੀਕ੍ਰਿਆ ਮੈਨੂੰ ਨਹੀਂ ਮਿਲੀ। ਬਲਕਿ ਕੁਝ ਦਿਨਾਂ ਦੀ ਚੁੱਪ ਪਿੱਛੋਂ ਉਹਨਾਂ ਲਿਖਿਆ, 'ਪੈਸੇ ਦੀ ਲੋੜ ਹੋਏ ਤਾਂ ਲਿਖ ਦੇਵੀਂ।' ਲਿਖਾਂਗੀ ਬੱਪਾ, ਜ਼ਰੂਰ ਲਿਖਾਂਗੀ। ਲੋੜ ਹੋਈ ਤਾਂ ਲਿਖਾਂਗੀ ਨਹੀਂ? ਪਰ ਮੈਨੂੰ ਲੋੜ ਹੈ ਨਹੀਂ। ਏਨਾਂ ਭਰਪੂਰ ਹੈ ਸਭ ਕੁਝ। ਕਿਸੇ ਚੀਜ ਦੀ ਕਮੀ ਨਹੀਂ ਤਾਂ ਲੋੜ ਕਿੰਜ ਮਹਿਸੂਸ ਹੋਵੇਗੀ? ਪਰ ਖ਼ਤ ਨਹੀਂ ਲਿਖਿਆ ਮੈਂ ਬੱਪਾ ਨੂੰ; ਉਸ ਦਿਨ ਲਈ ਸੁਰੱਖਿਅਤ ਕਰ ਦਿੱਤਾ ਜਦੋਂ ਲੋੜ ਮਹਿਸੂਸ ਕਰਾਂਗੀ।
ਹੋਰ ਨਹੀਂ, ਪਰ ਇਕ ਲੋੜ ਜ਼ਰੂਰ ਹੈ ਮੈਨੂੰ। ਵਾਪਸ ਆਪਣੇ ਸ਼ਹਿਰ ਪਰਤ ਜਾਣਦੀ। ਉਸੇ ਲਈ ਕਮਾਅ ਕੇ ਪੈਸਾ ਜੋੜ ਰਹੀ ਹਾਂ। ਪਰ ਕੰਮ ਵਿਚ ਰੁੱਝੀ, ਏਨਾ ਲੋਕਾਂ ਵਿਚਕਾਰ ਵੰਡੀ, ਮਹਿਸੂਸ ਕਰ ਰਹੀ ਹਾਂ ਕਿ ਲੋੜ ਬਹੁਤੀ ਰੜਕਦੀ ਨਹੀਂ—ਬਲਕਿ ਦੂਰੋਂ ਦਿਖਾਈ ਦੇ ਰਹੇ ਮੰਜ਼ਿਲ ਦੇ ਦੀਵੇ ਵਾਂਗ, ਟਿਮਟਿਮਾਅ ਕੇ ਰੌਸ਼ਨੀ ਦੇ ਰਹੀ ਹੈ।
'ਚੰਗਾ ਹੈ ਨਾ ਮਾਂ, ਏਨੇ ਲੋਕਾਂ ਵਿਚਕਾਰ ਵੰਡੇ ਰਹਿਣਾ। ਮਾਂ,' ਮੈਂ ਲਿਖਆ—'ਅੱਜ ਮੈਂ ਤੇਰੇ ਸਿਖਾਏ ਅਲੀਗੜ੍ਹੀ-ਆਲੂ ਬਣਾ ਕੇ ਖੁਆਏ ਉਹਨਾਂ ਨੂੰ। ਬੜੇ ਪਸੰਦ ਆਏ ਸਾਰਿਆਂ ਨੂੰ। ਬਈ, ਆਲੂ ਪਿੱਛੇ ਤਾਂ ਪਾਗਲ ਹੋਏ-ਹੋਏ ਨੇ ਇਹ ਲੋਕ, ਪਰ ਬਣਾਉਣ ਦੇ ਨਾਂਅ 'ਤੇ ਉਹੀ ਚਿਪਸ ਜਾਂ ਵਧ ਤੋਂ ਵਧ ਬੇਕ ਕਰ ਲਏ ਮੱਖਨ-ਚੀਜ਼ ਪਾ ਕੇ। ਸਾਡੇ ਲੋਕਾਂ ਵਾਂਗ ਹਰ ਸ਼ਹਿਰ ਦੇ ਨਾਂਅ 'ਤੇ ਭਾਂਤ-ਸੁਭਾਂਤੇ ਆਲੂ ਬਣਾਉਣੇ ਕਿੱਥੇ ਜਾਣਦੇ ਨੇ ਇਹ ਲੋਕ? ਸੱਚ ਮਾਂ, ਲੋਕੀਂ, ਮੇਰੇ-ਤੇਰੇ ਵਾਂਗ ਆਲੂ ਦੇ ਨਾਂਅ 'ਤੇ ਪਿਆਰ ਵੰਡਣਾ ਸ਼ੁਰੂ ਕਰ ਦੇਣ ਤਾਂ ਦੁਨੀਆਂ ਵਿਚ ਜੰਗਾਂ ਹੋਣੀਆਂ ਬੰਦ ਹੋ ਜਾਣ। ਓ ਮਾਂ, ਕਿੰਨਾ ਜੀਅ ਕਰਦਾ ਏ, ਉੱਡ ਕੇ ਤੇਰੇ ਕੋਲ ਪਹੁੰਚ ਜਾਵਾਂ ਤੇ ਊਲ-ਜਲੂਲ ਬੇਵਕੂਫ਼ੀਆਂ ਭਰੀਆਂ ਗੱਲਾਂ ਕਰਾਂ। ਤੈਨੂੰ ਬੇਵਕੂਫ਼ੀ ਤੋਂ ਪਰਹੇਜ਼ ਨਹੀਂ ਨਾ, ਬੱਪਾ ਨੂੰ ਕਿਉਂ ਹੈ? ਕਾਸ਼, ਲੋਕੀ ਬੇਵਕੂਫ਼ ਹੁੰਦੇ ਤੇ ਪਿਆਰ ਵੰਡਦੇ ਰਹਿੰਦੇ—ਆਲੂਆਂ ਵਾਂਗ। ਓ ਮਾਂ, ਏਨੇ ਸਵਾਦ ਬਣੇ ਅਲੀਗੜ੍ਹੀ-ਆਲੂ, ਏਨੇ ਸਵਾਦ ਕਿ ਮਜ਼ਾ ਆ ਗਿਆ। ਹੁਣ ਫਟਾਫਟ ਦਮ-ਆਲੂਆਂ ਦੀ ਵਿਧੀ ਲਿਖ ਕੇ ਭੇਜ ਦੇ। ਕਲਕੱਤੇ ਵਿਚ ਖਾਧੇ ਸਨ ਨਾ ਲੂਚੀ ਦੇ ਨਾਲ। ਖ਼ੂਬ ਮਸਾਲੇਦਾਰ। ਕਲਕੱਤੀਆ-ਆਲੂ। ਨਹੀਂ...ਨਹੀਂ, ਦਮ-ਆਲੂ ਨਾਂਅ ਬਿਹਤਰ ਹੈ। ਚੱਲਣ ਦਿਓ ਉਹੀ। ਬਣਾ ਕੇ ਖੁਆਵਾਂਗੀ ਇਹਨਾਂ ਲੋਕਾਂ ਨੂੰ। ਮਾਂ, ਤੂੰ ਸੋਚ ਨਹੀਂ ਸਕਦੀ, ਕਿੰਨੇ ਬੇਵੱਸ, ਲਾਚਾਰ ਕਿਸਮ ਦੇ ਲੋਕ ਆਉਂਦੇ ਨੇ ਇੱਥੇ। ਦੋ ਦਿਨ ਕੰਮ ਕੀਤਾ ਤੇ ਗ਼ਇਬ। ਕੋਈ ਜੇਲ੍ਹ 'ਚੋਂ ਛੁੱਟ ਕੇ ਆ ਰਿਹੈ ਤੇ ਕੋਈ ਜੇਲ੍ਹ ਜਾ ਰਿਹੈ, ਸ਼ਰਾਬੀ, ਆਵਾਰਾ, ਗੰਜੇੜੀ। ਡੱਰਗ-ਐਡਿਕਟਸ ਕਹਿੰਦੇ ਨੇ। ਹਾਸਾ ਆਉਂਦਾ ਹੈ; ਨਹੀਂ, ਰੋਣ ਆਉਂਦਾ ਹੈ। ਤੇ ਮਾਂ, ਕਦੀ-ਕਦੀ ਉਹਨਾਂ ਲੋਕਾਂ ਨਾਲ ਗੱਲਾਂ ਕਰਦਿਆਂ ਮੈਨੂੰ ਬੱਪਾ ਦਾ ਚਿਹਰਾ ਯਾਦ ਆ ਜਾਂਦਾ ਹੈ ਤੇ ਉਦੋਂ ਦਿਲ ਕਰਦਾ ਏ, ਮੈਂ ਵੀ ਸ਼ਰਾਬ ਪੀਵਾਂ, ਡੱਰਗ ਲਵਾਂ, ਆਵਾਰਾਗਰਦੀ ਕਰਾਂ ਤੇ ਇਹਨਾਂ ਲੋਕਾਂ ਦੇ ਦੁਖ ਨੂੰ ਧੁਰ ਅੰਦਰ ਤੀਕ ਸਮਝਾਂ।
'ਨਾ...ਨਾ, ਘਬਰਾਵੀਂ ਨਾ। ਪੈਸੇ ਹੀ ਨਹੀਂ ਹੁੰਦੇ ਮੇਰੇ ਕੋਲ ਏਨਾ ਸਭ ਕਰਨ ਲਈ। ਜੋ ਕਮਾਂਦੀ ਹਾਂ, ਖਰਚ ਕਰ ਦੇਂਦੀ ਹਾਂ ਜਾਂ ਬਚਾਅ ਕੇ ਰੱਖਦੀ ਹਾਂ—ਇਕ ਖਾਸ ਕੰਮ ਲਈ। ਅਜੇ ਨਹੀਂ ਦੱਸਾਂਗੀ ਕਿਸ ਕੰਮ ਲਈ। ਇਕ ਦਿਨ ਹੈਰਾਨੀ ਵਿਚ ਪਾ ਦਿਆਂਗੀ ਤੈਨੂੰ, ਮੇਰੀ ਚੰਗੀ, ਪਿਆਰੀ, ਕੁਛ-ਕੁਛ ਬੇਵਕੂਫ਼ ਮਾਂ।
'ਦਮ–ਆਲੂ ਦੀ ਵਿਧੀ ਭੇਜਣਾ ਨਾ ਭੁੱਲੀਂ। ਇਹਨਾਂ ਲੋਕਾਂ ਨੂੰ ਖੁਆਉਣੇ ਨੇ। ਕੁਛ ਹੈ ਇਹਨਾਂ ਵਿਚ, ਜਿਹੜਾ ਪੁਰਾਣੀਆਂ ਲਤਾਂ ਛੱਡ ਕੇ ਮੁੜ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਭੁੱਖ ਮਿਟਾਉਣ ਖਾਤਰ ਵਿਚਾਰੇ ਕਾਫ਼ੀ-ਡੋਨੇਟ ਦਾ ਸਹਾਰਾ ਲੈਂਦੇ ਨੇ। ਉਹਨਾਂ ਨੂੰ ਹੀ ਬਣਾਅ ਕੇ ਖੁਆ ਦੇਂਦੀ ਹਾਂ ਕਦੀ-ਕਦੀ। ਆਪਣੇ ਢਾਬੇ ਪਿੱਛੇ ਗੈਰੇਜ ਹੈ, ਉਸੇ ਵਿਚ ਮਿਲਦੇ ਹਾਂ ਅਸੀਂ ਲੋਕ। ਹਾਏ, ਮੇਰਾ ਮਾਲਕ ਢਾਬਾ ਨਾਂਅ ਸੁਣਦਿਆਂ ਹੀ ਮੱਚ-ਸੜ ਜਾਏਗਾ। ਈਟਿੰਗ ਜਾਏਂਟ ਹੈ ਇਹ ਮਾਂ, ਫਾਸਟ-ਫੂਡ-ਬੋਨਾਂਜਾ। 'ਕਾਕੇ ਦਾ ਢਾਬਾ' ਯਾਦ ਏ ਤੈਨੂੰ ਤੇ ਉਹ ਈਰਾਨੀ ਹੋਟਲ? ਕਦੋਂ ਦੇਖਾਂਗੀ ਮੈਂ ਉਹਨਾਂ ਨੂੰ?'
ਲਗਦਾ ਹੈ ਹੁਣ ਮਾਂ ਮੇਰੇ ਖ਼ਤ ਬੱਪਾ ਨੂੰ ਨਹੀਂ ਦਿਖਾਉਂਦੀ। ਬੱਪਾ ਮੇਰੀ ਫੀਸ ਤੇ ਕੁਛ ਜੇਬ ਖਰਚ ਸਿੱਧਾ ਕਾਲੇਜ ਭਿਜਵਾ ਦਿੰਦੇ ਨੇ। ਰਸੀਦ ਉਹਨਾਂ ਨੂੰ ਮਿਲ ਜਾਂਦੀ ਹੈ। ਮੈਂ ਅੱਜਕਲ੍ਹ ਉਹਨਾਂ ਨੂੰ ਖ਼ਤ ਨਹੀਂ ਲਿਖਦੀ। ਜਦੋਂ ਪਰਤ ਕੇ ਵਾਪਸ ਜਾਵਾਂਗੀ ਆਪਣੇ ਸ਼ਹਿਰ ਤਾਂ ਖ਼ੂਬ ਸਮਝਾ ਕੇ ਗੱਲਬਾਤ ਕਰਾਂਗੀ ਉਹਨਾਂ ਨਾਲ, ਤੁਹਾਡੇ ਪੈਸਿਆਂ ਨਾਲ ਹੀ ਵਾਪਸ ਪਰਤ ਆਈ ਹਾਂ ਬੱਪਾ—ਤੁਹਾਡੇ ਕਮਾਏ ਪੈਸੇ ਜਾਂ ਤੁਹਾਡੀ ਰਾਏ ਨਾਲ ਕਮਾਏ, ਮੇਰੇ ਪੈਸੇ—ਕੋਈ ਫਰਕ ਨਹੀਂ, ਹੈ ਨਾ? ਮੈਂ ਆਉਣਾ ਸੀ ਮੈਂ ਆ ਗਈ। ਹੁਣ ਮੈਂ ਤੁਹਾਡੇ ਬੂਟ ਪਾਲਿਸ਼ ਕੀਤਾ ਕਰਾਂਗੀ; ਸ਼ੀਸੇ ਵਾਂਗ ਲਿਸ਼ਕਿਆ ਕਰਨਗੇ। ਪਤਾ ਏ ਮੈਂ ਕੌਣ ਹਾਂ, ਦ ਗ੍ਰੇਟੇਸਟ ਪਾਲਿਸ਼ਰ ਆਫ ਦ ਵਰਡ। ਪਲੇਟਾਂ ਲਿਸ਼ਕਾ-ਲਿਸ਼ਕਾ ਕੇ ਐਕਸਪਰਟ ਹੋ ਗਈ ਹਾਂ...ਇੰਤਜ਼ਾਰ ਕਰਨਾ ਹੈ ਅਜੇ। ਅਜੇ ਤਾਂ ਜੂਠ ਸਾਫ ਕਰਨੀ ਹੈ ਮੈਂ। ਪਲੇਟਾਂ ਦੀ ਤੇ ਸਮਾਜ ਦੀ। ਥੋੜ੍ਹੇ ਕੁ ਆਲੂ ਤੇ ਥੋੜ੍ਹਾ ਕੁ ਪਿਆਰ ਵੰਡਣਾ ਏਂ।
'ਮਾਂ, ਇਸ ਵਾਰੀ, ਸਰ੍ਹੋਂ-ਪਿਆਜ ਵਾਲੇ ਆਲੂ-ਬੈਂਗਨਾਂ ਦੀ ਵਿਧੀ ਭੇਜ ਦੇਵੀਂ। ਤੇਰੇ ਹਿਸਾਬ ਨਾਲ ਬਨਾਉਂਦੀ ਹਾਂ ਤਾਂ ਖਾ ਕੇ ਸਾਰੇ ਦੰਗ ਰਹਿ ਜਾਂਦੇ ਨੇ। ਸਾਡੇ ਗੈਰੇਜ ਵਿਚ ਉਹ ਗੁਲਜ਼ਾਰ ਖਿੜਿਆ ਹੁੰਦਾ ਹੈ ਕਿ ਕੀ ਦੱਸਾਂ! ਕਾਕੇ ਦੇ ਢਾਬੇ ਦੀ ਯਾਦ ਤਾਜੀ ਹੋ ਜਾਂਦੀ ਹੈ। ਇਕ ਆਤਮਾ ਕਲੋਲ ਕਰਨ ਲੱਗਦੀ ਹੈ—ਉਸ ਖੁਸ਼ੀਓਂ ਸੱਖਣੀ ਟੋਲੀ ਵਿਚ। ਤੇ ਉਦੋਂ ਮੈਂ ਦੁੱਗਣੇ ਜੋਸ਼ ਨਾਲ ਪਲੇਟਾਂ ਰਗੜਦੀ ਹਾਂ, ਰਗੜ-ਰਗੜ ਕੇ ਇੰਜ ਲਿਸ਼ਕਾਅ ਦੇਂਦੀ ਹਾਂ ਕਿ ਤੇਰਾ ਪਿਆਰਾ-ਪਿਆਰਾ ਸਾਂਵਲਾ ਮੂੰਹ ਵੀ ਹਰੇਕ ਵਿਚ ਗੋਰਾ ਬਣ ਕੇ ਚਮਕੇ। ਬੱਪਾ ਨੂੰ ਆਖੀਂ ਵਾਪਸ ਆਵਾਂਗੀ ਤਾਂ...ਨਹੀਂ ਛੱਡ, ਬੱਪਾ ਨੂੰ ਅਜੇ ਕੁਛ ਨਾ ਆਖੀਂ। ਮੈਂ ਹੀ ਕਹਾਂਗੀ ਇਕ ਦਿਨ...ਅੱਛਾ ਮਾਂ, ਮੇਰਾ ਕੋਈ ਪੁਰਾਣਾ ਸਾਥੀ ਮਿਲਿਆ ਕਦੀ? ਕਦੀ ਨਹੀਂ ਮਿਲਿਆ? ਕੋਈ ਵੀ? ਮਿਲਣ ਆਇਆ ਤਾਂ ਹੋਵੇਗਾ। ਬੱਪਾ ਨੇ ਭਜਾਅ ਦਿੱਤਾ ਹੋਵੇਗਾ। ਮਾਂ ਕੋਈ ਮਿਲੇ ਤਾਂ ਕਹੀਂ...ਨਹੀਂ, ਰਹਿਣ ਦੇਅ—ਉਹ ਵੀ ਮੈਂ ਹੀ ਕਹਾਂਗੀ ਇਕ ਦਿਨ...
'ਤਾਂ ਕੀ ਮਾਂ ਤੂੰ ਮੈਨੂੰ ਸਮਝ ਗਈ ਏਂ? ਕਾਸ਼ ਬੱਪਾ...
'ਸਮਝਣਗੇ ਇਕ ਦਿਨ...
'ਮੈਂ ਆਵਾਂਗੀ ਆਪਣੇ ਸ਼ਹਿਰ...'
---- ---- ----

'ਇਹ ਕੀ ਹੋ ਗਿਆ ਮਾਂ, ਮੈਂ ਮਦਦ ਕਰਨੀ ਚਾਹੀ ਸੀ, ਨਿਰਮਲ ਮਨ ਨਾਲ। ਕਿਉਂ ਹੋਇਆ ਇੰਜ? ਮੈਂ ਬੱਪਾ ਤੋਂ ਹਾਰ ਗਈ। ਉਹ ਦੁਖੀ ਸੀ। ਹੁਣ ਵੀ ਕਹਿੰਦੀ ਹਾਂ, ਦੁਖੀ ਸੀ। ਪੀੜਾਂ ਭੰਨਿਆਂ, ਬੱਚੇ ਵਾਂਗ ਹੀ—ਦਿਸ਼ਾ ਲੱਭ ਰਿਹਾ ਸੀ ਉਹ, ਦਿਸ਼ਾਓਂ ਭਟਕਿਆ ਨਹੀਂ ਸੀ। ਜੀਵਨ ਤੋਂ ਨਿਰਾਸ਼ ਨਹੀਂ ਹੋਇਆ ਸੀ। ਪਰਤ ਆਉਣਾ ਚਾਹੁੰਦਾ ਸੀ, ਮੇਰੇ ਵਾਂਗ। ਪਰਤਨਾਂ ਚਾਹੋਂ ਤੇ ਕੋਈ ਬਾਂਹ ਨਾ ਫੜ੍ਹੇ...ਮਾਂ, ਮੈਂ ਸੋਚਿਆ, ਮੈਂ ਉਸਨੂੰ ਪਰਤਾਅ ਤਾਂ ਨਹੀਂ ਸਕਦੀ ਪਰ ਵਾਪਸੀ ਵਿਚ ਉਸਦੀ ਥੋੜ੍ਹੀ ਬਹੁਤੀ ਮਦਦ ਤਾਂ ਕਰ ਸਕਦੀ ਹਾਂ। ਉਹ ਭੁੱਖਾ ਸੀ, ਮੈਂ ਉਸਨੂੰ ਖਾਣਾ ਖੁਆ ਸਕਦੀ ਸਾਂ। ਕਮਜ਼ੋਰ-ਬਿਮਾਰ ਸੀ। ਸੌਣ ਲਈ ਸਿਰ 'ਤੇ ਛੱਤ ਤੇ ਬਿਸਤਰਾ ਦੇ ਸਕਦੀ ਸਾਂ। ਸੋਚਿਆ ਸੀ, ਇਕ ਦੋ-ਦਿਨ ਆਰਾਮ ਕਰੇਗਾ, ਰੱਜ ਕੇ ਖਾਏਗਾ ਤਾਂ ਨਿਰਾਸ਼ਾ ਉੱਤੇ ਫਤਿਹ ਪਾ ਲਵੇਗਾ। ਜਾਵੇਗਾ ਤਾਂ ਜ਼ਿੰਦਗੀ ਜਿਊਣ ਦੀ ਭਰਪੂਰ ਲਾਲਸਾ ਨਾਲ ਲੈ ਕੇ। ਪਰ...। ਉਹ ਡੱਰਗ ਖਾਂਦਾ ਜ਼ਰੂਰ ਸੀ, ਕੁਝ ਸਮਾਂ ਪਹਿਲਾਂ—ਹਾਂ, ਡੱਰਗ ਐਡਿਕਟ ਸੀ ਉਹ। ਇਸੇ ਲਈ ਮਾਂ-ਪਿਓ ਨੇ ਘਰੋਂ ਕੱਢ ਦਿੱਤਾ ਸੀ। ਕਿਹਾ ਸੀ, ਸਾਡੀ ਆਪਣੀ ਵੀ ਜ਼ਿੰਦਗੀ ਹੈ। ਤੇਰੀ ਮਜ਼ਬੂਰੀ ਉੱਤੇ ਪੂਰਾ ਪਰਿਵਾਰ ਕੁਰਬਾਨ ਨਹੀਂ ਹੋ ਸਕਦਾ। ਉਸਨੇ ਆਤਮ ਹੱਤਿਆ ਨਹੀਂ ਕੀਤੀ, ਹਥਿਆਰ ਨਹੀਂ ਸੁੱਟੇ, ਡੱਰਗ ਛੱਡਣ ਦੀ ਕੋਸ਼ਿਸ਼ ਕੀਤੀ ਤੇ ਅਖ਼ੀਰ ਸਫਲ ਵੀ ਹੋ ਗਿਆ। ਹੁਣ ਤਾਂ ਬਸ ਭੁੱਖਾ ਸੀ, ਨੌਕਰੀ ਦੀ ਭਾਲ ਵਿਚ ਨਿਕਲਿਆ ਬੇਰੁਜ਼ਗਾਰ ਸੀ ਤੇ ਭਵਿੱਖ ਤੋਂ ਡਰਿਆ ਹੋਇਆ ਸੀ। ਮੈਂ ਸੋਚਿਆ, ਮੈਂ ਉਸਦੀ ਮਦਦ ਕਰ ਸਕਦੀ ਹਾਂ, ਕਰਨੀ ਚਾਹੀਦੀ ਹੈ ਮੈਨੂੰ। ਉਹ ਵਾਪਸ ਜੋ ਆਉਣਾ ਚਾਹੁੰਦਾ ਸੀ...
'ਮੈਂ ਉਸਨੂੰ ਕਾਲੇਜ ਦੇ ਆਪਣੇ ਕਮਰੇ ਵਿਚ ਲੈ ਆਈ। ਤੇਰੇ ਸਿਖਾਏ ਕੜ੍ਹੀ-ਚੌਲ ਬਣਾ ਕੇ ਖਾਣ ਲਈ ਦਿੱਤੇ। ਉਸਨੇ ਖਾਧੇ ਮਾਂ, ਰੱਜ ਕੇ ਖਾਧੇ, ਖਿੜ-ਪੁੜ ਗਿਆ। ਖਾ ਕੇ ਸੌਣ ਦੀ ਤਿਆਰੀ ਕਰਨ ਲੱਗਾ। ਫੇਰ...ਮਾਂ, ਕੈਸੇ ਵਹਿਸ਼ੀ ਨੇ ਇੱਥੋਂ ਦੇ ਲੋਕ! ਨਹੀਂ, ਬਿਮਾਰ—ਮਨ ਦੇ; ਆਤਮਾ ਦੇ—ਬਿਮਾਰ। ਉਸਨੇ ਕਿਹਾ, 'ਫੇਰ ਲਿਆਈ ਕਿਸ ਲਈ ਸੈਂ ਤੂੰ ਮੈਨੂੰ ਇਸ ਕਮਰੇ ਵਿਚ?' ਮਾਂ, ਹੁਣ ਹੋਰ ਇੱਥੇ ਨਹੀਂ ਰਿਹਾ ਜਾਣਾ ਮੈਥੋਂ। ਆਪਣੇ ਸ਼ਹਿਰ ਵਾਪਸ ਆ ਰਹੀ ਹਾਂ, ਜਦੋਂ ਸਾਹਮਣੇ ਹੋਵਾਂਗੀ, ਸਮਝ ਲਵੀਂ ਮੈਂ ਆ ਗਈ।'
ਮਾਂ ਨੇ ਆਪਣੇ ਜਵਾਬੀ ਖ਼ਤ ਵਿਚ ਕੀ ਲਿਖਿਆ, ਮੈਂ ਨਹੀਂ ਜਾਣਦੀ। ਉਹ ਖ਼ਤ ਮੈਂ ਉਸਨੂੰ ਪਾਇਆ ਹੀ ਨਹੀਂ ਸੀ। ਵਾਪਸ ਆਪਣੇ ਕਮਰੇ ਵਿਚ ਵੀ ਨਹੀਂ ਸਾਂ ਗਈ। ਕੋਈ ਖ਼ਤ ਆਇਆ ਵੀ ਹੋਵੇਗਾ ਤਾਂ ਪਿਆ ਹੋਵੇਗਾ। ਬੱਪਾ ਦਾ ਭੇਜਿਆ ਜੇਬ ਖਰਚ ਮੇਰੇ ਖਾਤੇ ਵਿਚ ਜਮ੍ਹਾਂ ਹੁੰਦਾ ਰਹਿੰਦਾ ਸੀ। ਕਢਵਾ ਲਿਆ। ਆਪਣਾ ਪੈਸਾ ਵੀ ਕੁਛ ਜਮ੍ਹਾਂ ਕੀਤਾ ਸੀ, ਉਹ ਵੀ। ਮੈਂ ਆਪਣੇ ਸ਼ਹਿਰ ਪਰਤਨ ਲਈ ਟਿਕਟ ਖਰੀਦ ਲਿਆ। ਹੁਣ ਜੋ ਹੋਵੇਗਾ, ਉੱਥੇ ਪਹੁੰਚ ਕੇ ਹੀ...
---- ---- ----

ਮੈਂ ਸ਼ਾਮ ਵੇਲੇ ਆਪਣੇ ਸ਼ਹਿਰ ਵਿਚ ਉਤਰੀ। ਜਾਣ-ਬੁੱਝ ਕੇ ਉਸ ਫਲਾਈਟ ਦਾ ਟਿਕਟ ਲਿਆ ਸੀ ਜਿਸਨੇ ਅਗਲੀ ਸ਼ਾਮ ਤਕ ਮੈਨੂੰ ਆਪਣੇ ਸ਼ਹਿਰ ਪਹੁੰਚਾ ਦਿੱਤਾ ਸੀ।
ਹਰ ਸ਼ਹਿਰ ਦੀ ਇਕ ਆਤਮਾ ਹੁੰਦੀ ਹੈ, ਜਿਹੜੀ ਸ਼ਾਮ ਦੇ ਗੂੜ੍ਹੇ ਹੋ ਰਹੇ ਘੁਸਮੁਸੇ ਵਿਚ ਹੀ ਇਨਸਾਨ ਦੀ ਪਕੜ ਵਿਚ ਆ ਸਕਦੀ ਹੈ। ਦਿਨ ਦੀ ਰੌਸ਼ਨੀ ਬੜੀ ਬੇਦਰਦ ਹੁੰਦੀ ਹੈ। ਹਰੇਕ ਨਕਸ਼ ਨੂੰ ਏਨੀ ਸਫਾਈ ਨਾਲ ਉਘਾੜ ਦਿੰਦੀ ਹੈ ਕਿ ਅਸੀਂ ਉਸਦੇ ਬਾਰੀਕ ਵੱਟਾਂ-ਕੱਟਾਂ ਨੂੰ ਹੀ ਦੇਖਦੇ ਰਹਿ ਜਾਂਦੇ ਹਾਂ। ਸ਼ਹਿਰ ਦੀ ਉਦੋਂ ਆਪਣੀ ਕੋਈ ਵੱਖਰੀ ਪਛਾਣ ਨਹੀਂ ਹੁੰਦੀ। ਉਹ ਦੁਨੀਆਂ ਦਾ ਇਕ ਬੇਨਾਮ ਹਿੱਸਾ ਬਣਿਆ ਹੁੰਦਾ ਹੈ—ਇੱਟਾਂ-ਗਰੇ ਨਾਲ ਚਿਣਿਆ, ਗਲੀਆਂ-ਮੁਹੱਲਿਆਂ ਵਿਚ ਵੰਡਿਆ, ਚੀਕਾ-ਰੌਲੀ ਵਿਚ ਘਿਰਿਆ, ਭੀੜ ਭਰਿਆ ਹਿੱਸਾ। ਸ਼ਾਮ ਪਿੱਛੋਂ ਜਦੋਂ ਹੌਲੀ-ਹੌਲੀ ਰਾਤ ਉਤਰਦੀ ਹੈ ਤਾਂ ਥਕਾਨ ਵਿਚ ਚੂਰ ਜਿਸਮ ਚੁੱਪ ਹੋ ਜਾਂਦੇ ਹਨ। ਉਦੋਂ ਗੂੜੇ ਹੋ ਰਹੇ ਹਨੇਰੇ ਤੇ ਸੰਨਾਟੇ ਵਿਚ ਸ਼ਹਿਰ ਦੀ ਆਤਮਾ ਦੀ ਮਹੀਨ ਆਵਾਜ਼ ਕੰਨਾਂ ਤੀਕ ਪਹੁੰਚ ਸਕਦੀ ਹੈ। ਪਰ ਉਸ ਨਾਲੋਂ ਵੀ ਪਹਿਲਾਂ ਸਮੇਂ ਦਾ ਇਕ ਛੋਟਾ ਜਿਹਾ ਟੋਟਾ ਉਹ ਹੁੰਦਾ ਹੈ, ਜਦੋਂ ਸ਼ਾਮ ਦਾ ਘੁਸਮੁਸਾ ਸ਼ਹਿਰ ਦੇ ਤਿੱਖੇ ਕੰਨਾਂ ਉਪਰ ਕੂਚੀ ਫੇਰ ਦਿੰਦਾ ਹੈ। ਦੋਵਾਂ ਦੇ ਅਕਸ ਧੁੰਦਲੇ ਹੋ ਕੇ ਇਕ ਦੂਜੇ ਵਿਚ ਸਮਾਅ ਜਾਂਦੇ ਨੇ। ਕੁਝ ਚਿਰ ਸ਼ਹਿਰ ਦੀ ਅਖੰਡਿਤ ਤਸਵੀਰ ਸਾਡੀਆਂ ਅੱਖਾਂ ਸਾਹਮਣੇ ਝਿਲਮਿਲਾਉਂਦੀ ਹੈ—ਉਹੀ ਅਸਲ ਸਮਾਂ ਹੁੰਦਾ ਹੈ ਉਸਨੂੰ ਪਛਾਣਨ ਦਾ, ਉਸਦੀ ਆਤਮਾ ਦੀ ਇਕ ਝਲਕ ਵੇਖਣ ਦਾ—ਫੇਰ ਰਾਤ ਘਿਰ ਆਉਂਦੀ ਹੈ ਤੇ ਸ਼ਹਿਰ ਦੀ ਆਵਾਜ਼ ਏਨੀ ਧੀਮੀ ਹੋ ਜਾਂਦੀ ਹੈ ਕਿ ਚਾਹੁਣ 'ਤੇ ਵੀ ਉਸਨੂੰ ਫੜਨ ਦੀ ਕੋਸ਼ਿਸ਼—ਵਧੇਰੇ ਸੰਭਵ ਹੈ, ਨਾਕਾਮ ਹੋ ਜਾਵੇ।
ਹੁਣ ਜਾ ਕੇ ਮੇਰੀ ਸਮਝ ਵਿਚ ਆਇਆ ਸੀ—ਆਪਣੇ ਸ਼ਹਿਰ ਤੋਂ ਏਨੀ ਦਿਨ ਦੂਰ ਰਹਿ ਕੇ—ਕਿ ਬਚਪਨ ਵਿਚ ਮੈਨੂੰ ਧੁੰਦ ਭਰੇ ਦਿਨ ਐਨੇ ਚੰਗੇ ਕਿਉਂ ਲੱਗਦੇ ਹੁੰਦੇ ਸੀ। ਉਦੋਂ ਮੈਂ ਸੋਚਦੀ ਸਾਂ, ਸ਼ਾਇਦ ਇਸ ਲਈ ਕਿ ਜਦੋਂ ਦੂਰ ਤੀਕ ਕੁਛ ਸਾਫ ਦਿਖਾਈ ਨਹੀਂ ਦਿੰਦਾ ਤਾਂ ਇਹ ਸੋਚ ਲੈਣਾ ਆਸਾਨ ਹੁੰਦਾ ਹੈ ਕਿ ਉਸ ਦੂਰੀ ਵਿਚ ਕੁਛ ਬੜਾ ਹੀ ਖੂਬਸੂਰਤ ਛੁਪਿਆ ਹੋਇਆ ਹੈ। ਹਾਲਾਂਕਿ ਇਸ ਡਰ ਤੋਂ ਵੀ ਮੈਂ ਮੁਕਤ ਨਹੀਂ ਸੀ ਹੁੰਦੀ ਕਿ ਸੂਰਜ ਦੀ ਰੌਸ਼ਨੀ ਵਿਚ ਉਹ ਖੂਬਸੂਰਤੀ, ਬਦਸੂਰਤੀ ਬਣ ਕੇ ਉਜਾਗਰ ਹੋ ਜਾਵੇਈ। ਪਰ ਉਹ ਬਚਪਨ ਦੀ ਸੋਚ ਸੀ। ਗੱਲਾਂ ਏਨੀਆਂ ਸਿੱਧੀਆਂ ਸਾਫ ਕਿੱਥੇ ਹੁੰਦੀਆਂ ਹਨ। ਸਵਾਲ ਖੂਬਸੂਰਤੀ-ਬਦਸੂਰਤੀ ਦਾ ਤਾਂ ਹੈ ਹੀ ਨਹੀਂ। ਸੱਚ ਕੌੜਾ ਹੋ ਸਕਦਾ ਹੈ, ਬਡਰੂਪ ਨਹੀਂ। ਪਰ ਸੱਚ, ਠੋਸ-ਸੱਚ ਦੀ ਇਕ ਪਰਤ ਹੇਠ ਛੁਪਿਆ ਰਹਿੰਦਾ ਹੈ। ਸੂਰਜ ਦੀ ਰੌਸ਼ਨੀ ਵਿਚ ਉਪਰਲਾ ਸੱਚ ਏਨਾ ਤਿੱਖਾ ਮਹਿਸੂਸ ਹੁੰਦਾ ਹੈ ਕਿ ਸੱਚ ਦੇ ਦਰਸ਼ਨ ਨਹੀਂ ਹੋ ਸਕਦੇ। ਸ਼ਾਮ ਦਾ ਘੁਸਮੁਸਾ ਜਿਸਮ ਦੇ ਉਹਨਾਂ ਕਟਾਵਾਂ ਨੂੰ ਢਕ ਦਿੰਦਾ ਹੈ ਜਿਹੜੇ ਅੱਖਾਂ ਨੂੰ ਭਰਮਾਅ ਕੇ ਆਤਮਾ ਤੀਕ ਨਹੀਂ ਪਹੁੰਚਣ ਦੇਂਦੇ। ਸ਼ਾਇਦ ਇਸੇ ਲਈ ਬੀਤੇ ਜ਼ਮਾਨੇ ਵਿਚ ਔਰਤਾਂ ਘੁੰਡ ਕੱਢਦੀ ਹੁੰਦੀਆਂ ਸਨ।
ਉਤਰੀ ਤਾਂ ਮੈਂ ਸ਼ਾਮ ਵੇਲੇ ਹੀ ਸਾਂ ਆਪਣੇ ਸ਼ਹਿਰ ਵਿਚ ਪਰ...ਇਹ ਕੀ ਹੋ ਗਿਆ ਮੇਰੇ ਸ਼ਹਿਰ ਨੂੰ! ਨਹੀ, ਇਹ ਮੇਰਾ ਸ਼ਹਿਰ ਨਹੀਂ ਹੈ। ਜਾਂ ਫੇਰ ਇਹ ਸ਼ਾਮ ਦਾ ਵੇਲਾ ਨਹੀਂ। ਮੈਂ ਜਿੱਥੋਂ ਚੱਲੀ ਸਾਂ, ਪਰਸੋਂ ਸਵੇਰੇ ਜਾਂ ਕਲ੍ਹ ਰਾਤੀਂ, ਉੱਥੇ ਹੀ ਹਾਂ ਹੁਣ ਵੀ, ਕਿਤੇ ਹੋਰ ਨਹੀਂ ਪਹੁੰਚੀ। ਵਿਚਕਾਰਲਾ ਕੁਛ ਘੰਟਿਆਂ ਦਾ ਸਮਾਂ ਗਵਾਚ ਗਿਆ ਹੈ ਬਸ, ਉੱਥੋਂ ਤੋਂ ਇੱਥੋਂ ਤੀਕ ਦੇ ਸਫਰ ਵਿਚ। ਦਿਨ ਬਣੀ ਰਾਤ ਨੂੰ ਉੱਥੋਂ ਤੁਰੀ ਸੀ ਤੇ ਦਿਨ ਬਣੀ ਰਾਤ ਨੂੰ ਇੱਥੇ ਹਾਂ। ਸਵੇਰ ਉੱਗੀ ਹੀ ਨਹੀਂ ਵਿਚਕਾਰ ਕਿਤੇ—ਨਾ ਹੀ ਸ਼ਾਮ ਦਾ ਘੁਸਮੁਸਾ ਨਜ਼ਰ ਆਇਆ ਸੀ। ਮਸ਼ੀਨੀ ਚਾਨਣ ਦਾ ਸੰਨਾਟਾ ਛਾਇਆ ਰਿਹਾ ਸੀ ਉੱਥੇ ਵੀ ਤੇ...ਇੱਥੇ ਵੀ। ਥੋੜ੍ਹੇ-ਥੋੜ੍ਹੇ ਫਾਸਲੇ 'ਤੇ ਖੜ੍ਹੇ ਬਿਜਲੀ ਦੇ ਖੰਭਿਆਂ ਦੇ ਬਲਬ ਪੀਲੀ ਰੌਸ਼ਨੀ ਖਿਲਾਰ ਰਹੇ ਨੇ। ਉੱਚੀਆਂ ਉੱਚੀਆਂ ਇਮਾਰਤਾਂ, ਮੋਟਰਾਂ-ਕਾਰਾਂ, ਹੱਥਾਂ-ਪੈਰਾਂ ਵਿਚ ਆਏ ਲੋਕ, ਭੀੜ-ਭੱੜਕਾ—ਸੱਚਮੁੱਚ ਕੀ ਮੈਂ ਆਪਣੇ ਸ਼ਹਿਰ ਵਿਚ ਹਾਂ! ਬੀਂਡਿਆਂ ਦੀ ਬਾਰੀਕ ਆਵਾਜ਼ ਵਿਚ ਵੀ ਤਾਂ ਨਹੀਂ ਬੁਲਾਅ ਰਹੀ ਇਸ ਸ਼ਹਿਰ ਦੀ ਆਤਮਾ ਮੈਨੂੰ।
ਨਹੀਂ, ਇਹ ਮੇਰਾ ਸ਼ਹਿਰ ਨਹੀਂ। ਇਹ ਮੇਰੀ ਆਤਮਾ ਦਾ ਬੇਲੀ ਨਹੀਂ, ਮੇਰੀ ਯਾਦਦਾਸ਼ਤ ਦਾ ਸਹਾਰਾ ਨਹੀਂ। ਰਾਤ ਤੋਂ ਰਾਤ ਤਕ ਦਾ ਸਫਰ ਕਰਕੇ ਮੈਂ ਸਵੇਰ ਕਿਤੇ ਗੁਆ ਬੈਠੀ ਤੇ ਸ਼ਾਮ ਨੂੰ ਦੁਪਹਿਰ ਵਿਚ ਤਬਦੀਲ ਕਰ ਲਿਆ। ਇਹ ਕੀ ਹੋ ਗਿਆ ਮੇਰੇ ਸ਼ਹਿਰ ਨੂੰ?
ਬੌਂਦਲੀ-ਭੰਵਤਰੀ ਜਿਹੀ ਮੈਂ ਹਵਾਈ ਅੱਡੇ ਵਿਚੋਂ ਬਾਹਰ ਆਈ ਤੇ ਟੈਕਸੀ ਵਿਚ ਬੈਠ ਗਈ। ਬੁੱਢੇ ਡਰਾਈਵਰ ਨੂੰ ਕਿਹਾ ਸ਼ਹਿਰ ਤੋਂ ਦੂਰ ਜਾਣ ਵਾਲੀ ਕਿਸੇ ਸੜਕ ਉੱਤੇ ਗੱਡੀ ਮੋੜ ਲਏ। ਉਸਨੇ ਸਵਾਲ ਨਹੀਂ ਕੀਤਾ। ਗੱਡੀ ਹਨੇਰੀ ਸੜਕ ਉੱਤੇ ਦੌੜਾ ਦਿੱਤੀ। ਅਮਰੀਕਾ ਤੋਂ ਆਏ ਗਾਹਕਾਂ ਨੂੰ ਹੁਸ਼ਿਆਰ ਵਪਾਰੀ ਸਵਾਲ ਨਹੀਂ ਕਰਦੇ।
ਪਤਾ ਨਹੀਂ ਕਿੰਨੀ ਦੇਰ ਮੈਂ ਸਫਰ ਕੀਤਾ। ਰਾਤ ਮੇਰੇ ਉੱਤੇ ਹਾਵੀ ਹੋਣ ਲੱਗ ਪਈ ਸੀ। ਪਤਾ ਨਹੀਂ ਕਦੋਂ ਅੱਖ ਲੱਗ ਗਈ। ਤੇ ਤਦ ਨੀਂਮ ਬੇਹੋਸ਼ੀ ਵਿਚ ਮੈਂ ਮਹਿਸੂਸ ਕੀਤਾ ਕੋਈ ਧੀਮੀ ਆਵਾਜ਼ ਵਿਚ ਮੈਨੂੰ ਬੁਲਾਅ ਰਿਹਾ ਹੈ। ਬੀਂਡੇ ਵਰਗੀ ਮਹੀਨ ਆਵਾਜ਼ ਵਿਚ। ਬਿਨਾਂ ਤ੍ਰਬਕਿਆਂ ਮੈਂ ਜਾਗ ਪਈ। ਸਮਝ ਗਈ ਸ਼ਾਮ ਦੇ ਘੁਸਮੁਸੇ ਵਿਚ ਉਸ ਸ਼ਹਿਰ ਦੀ ਆਤਮਾ ਜਿਸਮ ਦੇ ਖੋਲ ਵਿਚੋਂ ਬਾਹਰ ਨਿਕਲ ਆਈ ਹੈ ਤੇ ਮੈਨੂੰ ਕੁਛ ਕਹਿਣਾ ਚਾਹੁੰਦੀ ਹੈ।
ਸੜਕ ਦੇ ਕਿਨਾਰੇ ਇਕ ਵਿਸ਼ਾਲ ਇਕੱਲੀ ਕਹਿਰੀ ਇਮਾਰਤ ਦਿਖਾਈ ਦਿੱਤੀ। ਚਾਰੇ ਪਾਸੇ ਉਜੜਿਆ ਹੋਇਆ ਬਾਗ਼, ਬੰਜਰ ਜ਼ਮੀਨ, ਟੁੰਡਮੁੰਡ ਹੋਏ ਦਰਖ਼ਤ। ਲੁੱਟਿਆ-ਪੱਟਿਆ ਤੇ ਸਰਾਪਿਆ ਜਿਹਾ ਇਕ ਬਗ਼ੀਚਾ। ਨਾ ਖੁੱਲ੍ਹੇ ਜੰਗਲ ਵਰਗਾ ਤੇ ਨਾ ਹੀ ਨਿੱਜੀ ਬਾਗ਼ੀਚੇ ਵਾਂਗ ਸਜਾਇਆ-ਸੰਵਾਰਿਆ। ਮੈਨੂੰ ਲੱਗਿਆ ਇਹ ਖੜਮਸਤੀਆਂ ਕਰਦੀ ਆਵਾਜ਼ ਉਸੇ ਇਮਾਰਤ ਦੇ ਇਰਦ-ਗਿਰਦ ਮੰਡਲਾ ਰਹੀ ਹੈ।
ਮੈਂ ਗੱਡੀ ਰੁਕਵਾ ਲਈ। ਖ਼ੁਦ ਉੱਤਰੀ ਤੇ ਸਾਮਾਨ ਵੀ ਉਤਰਵਾ ਲਿਆ। ਇਮਾਰਤ ਦਾ ਨਾਂਅ ਪੁੱਛਿਆ ਤਾਂ ਸ਼ਹਿਰ ਦਾ ਵੀ ਪਤਾ ਲੱਗ ਗਿਆ। ਰਾਤ ਦੇ ਪਹਿਰੇਦਾਰ ਨੇ ਦੱਸਿਆ ਕਿ ਇਸ ਇਮਾਰਤ ਵਿਚ ਕਦੀ ਬੀਤੇ ਜ਼ਮਾਨੇ ਦੇ ਯੁਵਰਾਜ ਦਾ ਮਹਿਲ ਹੁੰਦਾ ਸੀ, ਹੁਣ ਹੋਟਲ ਹੈ ਨਾਂਅ ਦਾ। ਇੱਕਾ-ਦੁੱਕਾ ਯਾਤਰੀ; ਉਹ ਵੀ ਕਦੇ-ਕਦਾਈਂ—ਜਿਵੇਂ ਅੱਜ ਮੈਂ। “ਤੇ ਬੀਤੇ ਜ਼ਮਾਨੇ ਦੇ ਯੁਵਰਾਜ?” ਪੁੱਛਣ ਦੀ ਦੇਰ ਸੀ ਕਿ ਯਾਦਆਸ਼ਤ ਬੰਨ੍ਹ ਤੋੜ ਕੇ ਵਹਿ ਨਿਕਲੀ। ਬੀਤੇ ਦਿਨਾਂ ਦੀ ਚੀਕਾ-ਰੌਲੀ ਨੇ ਮਹੀਨ ਆਵਾਜ਼ ਨੂੰ ਸ਼ਿਸ਼ਕਰ ਦਿੱਤਾ।
ਜਾਣਦੇ ਨਹੀਂ ਤੁਸੀਂ। ਸਨ 1975 ਵਿਚ ਸਰਕਾਰ ਨੇ ਉਹਨਾਂ ਨੂੰ ਫੜ੍ਹਨ ਲਈ ਮਹਿਲ ਨੂੰ ਘੇਰਾ ਪਾਇਆ ਸੀ। ਸਮਰਪਣ ਕਰ ਤੋਂ ਇਨਕਾਰ ਜੋ ਕਰ ਦਿੱਤਾ ਸੀ ਸਾਡੇ ਯੁਵਰਾਜ ਨੇ। ਸ਼ਹਿਰ ਦਾ ਕੋਈ ਅਫ਼ਸਰ ਉਹਨਾਂ ਨੂੰ ਗ਼੍ਰਿਫਤਾਰ ਕਰਨ ਲਈ ਤਿਆਰ ਨਹੀਂ ਸੀ—ਰਾਜਧਾਨੀ ਤੋਂ ਆਈ ਸੀ ਪੁਲਿਸ ਤੇ ਘੇਰ ਲਿਆ ਸੀ ਮਹਿਲ ਨੂੰ।
ਸਨ 1975 ਵਿਚ? ਹਾਂ, ਕੁਛ ਤਾਰੀਖ਼ਾਂ ਅਜਿਹੀਆਂ ਹੁੰਦੀਆਂ ਨੇ ਬਿਨਾਂ ਕੁਛ ਕਿਹਾਂ ਸਭ ਕੁਛ ਸਮਝਾ ਦੇਂਦੀਆਂ ਨੇ। ਸ਼ਹਿਰਾਂ ਵਾਂਗ ਤਾਰੀਖ਼ਾਂ ਦੀ ਵੀ ਆਤਮਾ ਹੁੰਦੀ ਹੈ। ਉਹੀ ਸਾਲ ਤਾਂ ਸੀ ਜਦੋਂ ਬੱਪਾ ਨੇ ਮੈਨੂੰ ਦੇਸ਼-ਨਿਕਾਲਾ ਦਿੱਤਾ ਸੀ। ਇਸ ਸ਼ਹਿਰ ਦਾ ਬੀਤੇ ਜ਼ਮਾਨੇ ਦਾ ਯੁਵਰਾਜ ਤੇ ਰਾਜਧਾਨੀ ਦੀ ਸਰਕਾਰ—ਇਕੋ ਦੇਸ਼ ਦੇ ਨਾਗਰਿਕਾਂ ਦੇ ਪ੍ਰਤੀਨਿਧ ਸਨ। ਪਰ ਕੌਣ ਨਾਗਰਿਕ ਹੈ, ਕੌਣ ਨਹੀਂ—ਤੈਅ ਕਰਨ ਦਾ ਅਧਿਕਾਰ ਮੇਰੇ ਬੱਪਾ ਵਰਗੇ ਲੋਕਾਂ ਦੇ ਹੱਥਾਂ ਵਿਚ ਸੀ ਉਹਨੀਂ ਦਿਨੀ। ਇਸੇ ਕਰਕੇ ਤਾਂ ਮੈਨੂੰ ਬਾਹਰ ਕੱਢ ਦਿੱਤਾ ਗਿਆ ਸੀ। ਸੰਕਟਕਾਲ (ਐਮਰਜੈਸੀ) ਸੀ ਉਹ ਮੇਰੇ ਲਈ, ਤੇ ਬੀਤੇ ਜ਼ਮਾਨੇ ਦੇ ਯੁਵਰਾਜ ਲਈ ਜਿਹੜਾ ਉਦੋਂ ਸਾਂਸਦ ਸੀ, ਵਿਰੋਧੀ ਪਾਰਟੀ ਦਾ।
ਉਸਨੂੰ ਘੇਰ ਕੇ ਆਪਣੇ ਹੀ ਮਹਿਲ ਵਿਚ ਕੈਦੀ ਬਣਾ ਦਿੱਤਾ ਗਿਆ ਸੀ। ਪਰ ਉਹ ਕੈਦ ਵਿਚ ਰਿਹਾ ਕਦੋਂ? ਬੰਦ ਕਮਰੇ ਵਿਚ ਪਸਤੌਲ ਪੁੜਪੁੜੀ ਉਪਰ ਰੱਖ ਕੇ ਮੁਕਤ ਹੋ ਗਿਆ। ਕੀ ਉਸਦੀ ਆਤਮਾ ਸ਼ਹਿਰ ਦੀ ਆਤਮਾ ਵਿਚ ਮਿਲ ਗਈ ਜਾਂ ਇਸ ਸਰਾਪੇ ਹੋਏ ਮਹਿਲ ਨਾਲ ਟੱਕਰਾਂ ਮਾਰਦੀ ਭਟਕ ਰਹੀ ਹੈ? ਬੁੱਢੇ ਪਹਿਰੇਦਾਰ ਲਈ ਯੁਵਰਾਜ ਹੀ ਸ਼ਹਿਰ ਸੀ ਪਰ ਮੈਂ ਜਾਂਦੀ ਹਾਂ ਇੰਜ ਨਹੀਂ ਹੈ। ਫੇਰ ਵੀ ਸਨ 1975 ਵਿਚ ਸ਼ਹੀਦ ਹੋਏ ਲੋਕਾਂ ਦੀ ਆਵਾਜ਼ ਸੁਣਨ ਤੋਂ ਮੈਂ ਇਨਕਾਰ ਨਹੀਂ ਕਰ ਸਕਦੀ ਸੀ। ਜਿਸਮ ਦੇ ਪਿੰਜਰੇ ਵਿਚ ਕੈਦ ਮੈਂ ਕਿੱਥੇ-ਕਿੱਥੇ ਭਟਕੀ ਹਾਂ—ਉਸ ਸਾਲ ਦੀ ਵੇਦੀ ਉਪਰ ਆਪਣੀ ਆਤਮਾ ਦਾ ਬਲਿਦਾਨ ਦੇਣ ਤੋਂ ਇਨਕਾਰ ਕਰਕੇ। ਕੀ ਮੈਂ ਆਤਮਾ ਇੱਥੇ ਛੱਡ ਗਈ ਸਾਂ? ਨਹੀਂ, ਮੇਰੇ ਜਿਸਮ ਵਿਚ ਤੇ ਮੇਰੇ ਸ਼ਹਿਰ ਵਿਚ, ਦੋਵੀਂ ਥਾਵੀਂ ਵੰਡੀ-ਵੰਡੀ ਭਟਕਦੀ ਰਹੀ ਸੀ ਮੇਰੀ ਆਤਮਾ। ਸੁਣੋ ਖਾਂ, ਇਕ ਵਾਰੀ ਕੰਨ ਲਾ ਕੇ ਸਣੋ—ਬੀਤੇ ਜ਼ਮਾਨੇ ਦੇ ਯੁਵਰਾਜ ਤੇ ਉਸ ਸਮੇਂ ਦੇ ਸਾਂਸਦ ਦੀ ਆਤਮਾ ਦੀ ਆਵਾਜ਼ ਕੀ ਕਹਿਣਾ ਚਾਹ ਰਹੀ ਹੈ...
ਬੁੱਢੇ ਪਹਿਰੇਦਾਰ ਦੀ ਕਹਾਣੀ ਦੇ ਖਤਮ ਹੁੰਦਿਆਂ ਹੀ ਮੈਂ ਉਸ ਕਮਰੇ ਕੋਲ ਜਾ ਪਹੁੰਚੀ, ਜਿੱਥੇ ਉਸਨੇ ਕੈਦ ਤੇ ਮੁਕਤੀ ਦੋਵੇਂ ਪ੍ਰਾਪਤ ਕੀਤੀਆਂ ਸਨ। ਦਰਵਾਜ਼ੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਪਰ ਸ਼ੀਸ਼ੇ ਵਿਚ ਝਾਕ ਕੇ ਅੰਦਰ ਦੇਖਿਆ ਜਾ ਸਕਦਾ ਸੀ। ਉਸ ਸਰਾਪੇ ਮਹਿਲ ਵਿਚ ਹੁਣ ਵੀ ਕੋਈ ਰੋਜ਼ ਆ ਕੇ ਕਮਰਾ ਸਾਫ ਕਰ ਜਾਂਦਾ ਸੀ। ਸਾਫ-ਸੁਥਰੀ ਤੇ ਸੁਚੱਜੇ ਢੰਗ ਦੀ ਤਰਤੀਬ ਸੀ, ਬਿਸਤਰੇ ਉਪਰ ਵਿਛੇ ਤਾਜੇ ਫੁੱਲ, ਕੰਧ ਉੱਤੇ ਯੁਵਰਾਜ ਦੀ ਆਦਮ ਕੱਦ ਤਸਵੀਰ। ਸਭ ਕੁਛ ਸੀ ਪਰ ਯੁਵਰਾਜ ਦੀ ਆਤਮਾ ਉੱਥੇ ਨਹੀਂ ਸੀ। ਸ਼ਾਮ ਦੇ ਘੁਸਮੁਸੇ ਵਿਚ ਵੀ ਉਸਨੇ ਮੈਨੂੰ ਨਹੀਂ ਸੀ ਬੁਲਾਇਆ—ਪਰ ਮੁਕਤ ਵੀ ਨਹੀਂ ਸੀ ਕੀਤਾ ਪੂਰੀ ਤਰ੍ਹਾਂ। ਦੂਰ ਕਿਤੇ, ਹਲਕੇ ਸੁਰਾਂ ਵਿਚ ਮੈਨੂੰ ਕੋਈ ਬੁਲਾਅ ਕੇ ਸਾਥ ਦੇਣ ਦੀ ਮੰਗ ਕਰ ਰਿਹਾ ਸੀ।
ਮੈਂ ਅੱਖਾਂ ਬੰਦ ਕਰਕੇ ਮਹਿਲ ਦੀ ਸੁੱਕੀ ਘਾਹ ਭਰੇ ਅਹਾਤੇ ਵਿਚ ਬੈਠ ਗਈ। ਹਨੇਰਾ ਤੇ ਸੰਨਾਟਾ ਗਾੜ੍ਹਾ ਹੁੰਦਾ ਗਿਆ ਤੇ ਉਸਦੇ ਨਾਲ ਹੀ ਮੈਨੂੰ ਪੂਰੀ ਕਹਾਣੀ ਯਾਦ ਆ ਗਈ—ਜਿਵੇਂ ਓਹਨੀਂ ਦਿਨੀ ਸੁਣੀ ਸੀ। ਬਾਹਰ ਭੇਜੇ ਜਾਣ ਤੋਂ ਪਹਿਲਾਂ, ਪੂਰੀ ਦੀ ਪੂਰੀ।
ਉਸਨੂੰ ਘੋੜੇ ਪਾਲਨ ਦਾ ਖਬਤ ਸੀ। ਰੇਸ ਦੇ ਘੋੜੇ। ਮਹਿਲ ਦੇ ਪਿੱਛਲੇ ਪਾਸੇ ਸਟਡ-ਫਾਰਮ ਸੀ, ਜਿੱਥੇ ਉਹ ਘੋੜ-ਦੌੜ ਦੇ ਵਿਜੇਤਾ ਤਿਆਰ ਕਰਦੇ ਸਨ। ਪੁਲਿਸ ਦੇ ਘੇਰਾ ਪਾਉਣ ਨਾਲ ਉਸਦੇ ਉਹ ਨਾਯਾਬ ਘੋੜੇ ਬਿਨਾਂ ਦਾਣੇ ਪਾਣੀ ਦੇ ਭੁੱਖੇ ਮਰਨ ਲੱਗੇ। ਉਹੀ ਸਮਿਆਂ ਤੋਂ ਚੱਲੀ ਜਾ ਰਹੀ ਚਾਲ ਸੀ ਰਾਜਧਾਨੀ ਦੀ—ਘੋੜਿਆਂ ਦੀ ਜ਼ਿੰਦਗੀ, ਸਮਰਪਨ ਕਰ ਦੇਣ ਦੀ ਸ਼ਰਤ ਬਣ ਗਈ। ਤਦ ਉਸਨੇ ਪੁੜਪੁੜੀ ਨੂੰ ਸਿੰਨ੍ਹ ਕੇ ਪਸਤੌਲ ਦੀ ਗੋਲੀ ਚਲਾ ਦਿੱਤੀ ਸੀ। ਉਸਦੇ ਮਰਦਿਆਂ ਹੀ ਘੇਰਾ ਹਟਾਅ ਲਿਆ ਗਿਆ। ਪਾਣੀ ਦੀ ਸਪਲਾਈ ਖੋਹਲ ਦਿੱਤੀ ਗਈ। ਰਸਦ ਅੰਦਰ ਜਾਣ ਲੱਗ ਪਈ। ਘੋੜੇ ਬਚ ਗਏ—ਆਪਣੀਆਂ ਨਾਲਾਂ ਸਮੇਤ।
ਹਾਂ, ਧਿਆਨ ਨਾਲ ਸੁਣਿਆ ਮੈਂ—ਉਹਨਾਂ ਘੋੜਿਆਂ ਦੇ ਨਾਲ ਜੜੇ ਪੈਰਾਂ ਦੀ ਆਵਾਜ਼ ਹੀ ਸੀ ਉਹ। ਉੱਥੇ ਅਸਤਬਲ ਦੇ ਨੇੜੇ ਤੇੜੇ ਹੀ ਭਟਕ ਰਹੀ ਹੋਵੇਗੀ ਉਸਦੀ ਆਤਮਾ। ਹਨੇਰੇ ਵਿਚ ਬਿਨਾਂ ਰਾਹ ਟੋਲੇ, ਉਸੇ ਦੇ ਸਹਾਰੇ ਵਧਦੀ ਰਹੀ ਮੈਂ। ਮੁਸ਼ਕਿਲ ਨਹੀਂ ਸੀ ਉਸ ਸੁਨਸਾਨ ਸੰਨਾਟੇ ਵਿਚ ਉਸ ਆਵਾਜ਼ ਨੂੰ ਸੁਣ ਸਕਣਾ। ਪੈਰਾਂ ਦੀ ਥਪਥਪ ਧੀਮੀ ਜ਼ਰੂਰ ਸੀ ਪਰ ਰਾਤ ਦੀ ਚੁੱਪ ਵਿਚ ਇਕੱਲੀ ਹੋਣ ਕਰਕੇ, ਧਮਕ ਜ਼ੋਰਦਾਰ ਕਰ ਰਹੀ ਸੀ—ਕੰਨਾਂ ਉੱਤੇ, ਦਿਮਾਗ਼ ਉੱਤੇ ਤੇ ਦਿਲ ਉੱਤੇ।
ਸੁਣ, ਆ, ਏਧਰ ਮੇਰੇ ਕੋਲ ਆ। ਮੇਰੀ ਕਹਾਣੀ ਸੁਣ। ਅਣਕਹੀ ਕਹਾਣੀ ਸਮਝਣ ਦੀ ਤਾਬ ਹੈ ਤਾਂ ਆ। ਇਸੇ ਧਮਕ ਦੇ ਸਹਾਰੇ ਤੁਰੀ ਆ। ਰਸਤਾ ਪੈਰਾਂ ਹੇਠਲੀ ਜ਼ਮੀਨ ਨਹੀਂ, ਪਛਾਣ ਮੰਗਦਾ ਹੈ। ਤੇਰੇ ਲਈ ਰਸਤੇ ਦੀ ਪਛਾਣ ਇਹ ਧਮਕ ਹੈ ਮੇਰੇ ਪੈਰਾਂ ਦੀ ਪੈੜਚਾਲ।
ਸੁਣ...ਥਪ-ਥਪ, ਟਪ-ਟਪ, ਠਪ-ਠਪ, ਠਕ-ਠਕ, ਕਿੱਥੋਂ ਕਿੱਥੇ ਤੀਕ ਪਹੁੰਚਾਅ ਦਿੱਤੀ ਤੁਸਾਂ ਲੋਕਾਂ ਨੇ ਧਮਕ ਮੇਰੀ ਪੈੜਚਾਲ ਦੀ। ਤੂੰ ਸ਼ਾਇਦ ਸਮਝ ਸਕੇਂ...ਸ਼ਾਇਦ ਨਹੀਂ...ਸ਼ਾਇਦ...
ਠਕ-ਠਕ, ਠਪ-ਠਪ, ਟਪ-ਟਪ, ਥਪ-ਥਪ...ਥਪਕ ਗਵਾਚ ਕਿਉਂ ਗਈ ਠਕ-ਠਕ ਵਿਚ? ਪੈੜਚਾਪ ਵੱਝ ਕਿਉਂ ਗਈ ਨਾਲਾਂ ਵਿਚ?
ਮੈਂ ਘੋੜਿਆਂ ਤੀਕ ਪਹੁੰਚਣ ਤੋਂ ਪਹਿਲਾਂ ਹੀ ਬੜਾ ਕੁਛ ਸਮਝ ਚੁੱਕੀ ਸਾਂ। ਸ਼ਾਮ ਦਾ ਘੁਸਮੁਸ ਹੁਣ ਪੂਰੀ ਤਰ੍ਹਾਂ ਰਾਤ ਦੇ ਇਕ ਛਤਰ ਹਨੇਰੇ ਵਿਚ ਬਦਲ ਚੁੱਕਿਆ ਸੀ। ਉੱਥੋਂ ਤੀਕ ਪਹੁੰਚਣ ਤੋਂ ਪਹਿਲੋਂ ਹੀ ਮੈਂ ਉਸ ਧਮਕ ਨੂੰ ਪਛਾਣ ਲਿਆ ਸੀ—ਸਲਾਖਾਂ ਦੇ ਦਰਵਜ਼ਿਆਂ ਵਾਲੇ ਵਾੜੇ ਵਿਚ ਬੰਦ ਧਾਕੜ ਘੋੜਿਆਂ ਦੇ ਪੌੜ ਭੋਇੰ ਮਾਰਨ ਦੀ ਆਵਾਜ਼ ਨੂੰ ਹੀ ਨਹੀਂ, ਉਸ ਵਿਚ ਗੁੱਝੀ ਪੀੜ ਨੂੰ ਵੀ।
ਦੌੜਨ ਦੀ ਸ਼ਕਤੀ ਅਣਥੱਕ ਸੀ। ਪਰ ਦੌੜ ਲਾਉਣ ਲਈ ਖੁੱਲ੍ਹਾ ਜੰਗਲ ਨਹੀਂ ਸੀ। ਗਿਣਿਆ-ਮਿਣਿਆ ਟਰੈਕ ਸੀ ਤੇ ਸੀ—ਮਾਲਕ ਦੀ ਪੁਚਕਾਰ, ਦਾਅ ਲਾਉਣ ਵਾਲਿਆਂ ਦੀ ਆਸ-ਨਿਰਾਸ਼ਾ ਤੇ ਜੁਆਰੀਆਂ ਦਾ ਜੁਆ ਢੋਣ ਵਾਲੇ, ਨਾਲਾਂ ਠੁਕੇ ਪੈਰ—ਖੜ੍ਹੇ-ਖੜ੍ਹੇ ਇਕੋ ਥਾਂ ਦੌੜ ਲਾਉਣ ਦਾ ਮਾਇਆਜਾਲ ਪੈਦਾ ਕਰਦੇ, ਆਪਣੀ ਤ੍ਰਿਸ਼ਣਾ ਸ਼ਾਂਤ ਕਰ ਰਹੇ ਸਨ।
ਪਹਿਲੇ ਵਾੜੇ ਸਾਹਮਣੇ ਮੈਂ ਠਿਠਕ ਕੇ ਖੜ੍ਹੀ ਹੋ ਗਈ। ਆਵਾਜ਼ ਦੇ ਨਾਲ ਉੱਚੇ ਸਫ਼ੈਦ ਅਰਬੀ ਘੋੜੇ ਦੀ ਨਜ਼ਰ ਨੇ ਮੈਨੂੰ ਕੀਲ ਲਿਆ। ਦੌੜ ਲਾਉਣ ਸਮੇਂ ਅੱਖਾਂ ਉਪਰ ਪਰਦੇ ਪਾਏ ਹੁੰਦੇ ਨੇ ਨਾ, ਇਸ ਸਮੇਂ ਦੇਖਣ ਲਈ ਮੁਕਤ ਸਨ। ਜੰਗਲ ਤੇ ਮੈਦਾਨ ਦੇ ਆਖ਼ਰੀ ਸਿਰੇ ਉੱਤੇ ਨਿਗਾਹ ਟਿਕਾਅ ਕੇ ਮਨਚਾਹੀ ਦੌੜ ਲਾਉਣ ਲਈ—ਫੇਰ ਵੀ ਨਹੀਂ—ਮੇਰੇ ਵੱਲ। ਪਿਆਰ ਵੰਡਣ ਵਾਲੇ ਹੱਥਾਂ ਨਾਲ ਮੈਂ ਉਸਦੀ ਬੂਥੀ ਦੋਵਾਂ ਹੱਥ ਵਿਚ ਫੜ੍ਹ ਲਈ। ਸਿਰ ਉੱਤੇ ਹੱਥ ਫੇਰ ਸਕਣ ਜਿੰਨੀ ਉਚਾਈ ਮੇਰੀ ਆਪਣੀ ਨਹੀਂ ਸੀ—ਅੱਖਾਂ ਨਾਲ ਅੱਖਾਂ ਮਿਲ ਗਈਆਂ, ਇਹੀ ਬੜਾ ਸੀ।
ਤੂੰ ਗਲਤ ਸੀ, ਬੀਤੇ ਹੋਏ ਕਲ੍ਹ ਦੇ ਯੁਵਰਾਜ। ਖ਼ੁਦਕਸ਼ੀ ਕਰਕੇ ਤੈਂ ਆਪਣੀ ਹਊਮੇਂ ਨੂੰ ਬਚਾਇਆ, ਘੋੜਿਆਂ ਨੂੰ ਨਹੀਂ। ਤੈਨੂੰ ਆਪਣੇ ਘੋੜਿਆਂ ਨਾਲ ਪਿਆਰ ਨਹੀਂ, ਉਹਨਾਂ ਦਾ ਮਾਲਕ ਹੋਣ ਉੱਤੇ ਨਾਜ਼ ਸੀ। ਇਸੇ ਲਈ ਤੇਰੀ ਆਤਮਾ ਦੀ ਆਵਾਜ਼ ਇਹਨਾਂ ਦੇ ਪੈਰਾਂ ਦੀ ਠਕ-ਠਕ ਵਿਚ ਗਵਾਚ ਗਈ ਹੈ। ਬਿਹਤਰ ਹੁੰਦਾ ਜੇ ਤੂੰ ਇਹਨਾਂ ਦੇ ਵਾੜਿਆਂ ਦੀਆਂ ਸਲਾਖਾਂ ਵਾਲੇ ਗੇਟ ਤੁੜਵਾ ਦਿੰਦਾ, ਇਹਨਾਂ ਨੂੰ ਆਜ਼ਾਦ ਕਰ ਦੇਂਦਾ, ਆਪੋ-ਆਪਣਾ ਜੰਗਲ ਤੇ ਮੈਦਾਨ ਲੱਭਣ ਲਈ।
ਉਸ ਅਰਬੀ ਘੋੜੇ ਦਾ ਚਿਹਰਾ ਆਪਣੇ ਹੱਥ ਵਿਚ ਲੈ ਕੇ, ਉਸਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ, ਮੈਂ ਆਪਣੇ ਪੈਰਾਂ ਨੂੰ ਝਾੜਿਆ, ਐਨ ਕਿਸੇ ਰੇਸ ਦੇ ਘੋੜੇ ਵਾਂਗ। ਰਤਾ ਕੁ ਤ੍ਰਬਕ ਕੇ ਘੋੜਾ ਨੇ ਮੇਰੇ ਵੱਲ ਦੇਖਿਆ। ਮੇਰੀਆਂ ਅੱਖਾਂ ਦੀ ਝਿਲਮਿਲ ਉਸਦੀਆਂ ਅੱਖਾਂ ਦੇ ਕੋਇਆਂ ਵਿਚ ਉਤਰ ਗਈ।
ਨਹੀਂ, ਉਸਨੇ ਮੈਨੂੰ ਕਿਹਾ, ਤੇਰੇ ਪੈਰਾਂ ਵਿਚ ਨਾਲ ਨਹੀਂ ਠੁਕੀ, ਤੂੰ ਅਜੇ ਵੀ ਆਜ਼ਾਦ ਏਂ। ਰੇਸ ਵਿਚ ਨਾ ਦੌੜੀਂ, ਦੌੜ ਜਾਹ—ਰੇਸ ਸ਼ੁਰੂ ਹੋਵੇ ਉਸ ਤੋਂ ਪਹਿਲਾਂ ਦੌੜ ਜਾਹ, ਦੌੜ ਜਾਹ।...ਦੌੜ ਜਾਹ, ਇਕ ਹੋਰ ਆਵਾਜ਼ ਉਸਦੀ ਆਵਾਜ਼ ਵਿਚ ਆ ਮਿਲੀ। ਨਾਲ ਠੁਕੇ ਪੈਰਾਂ ਦੀਆਂ ਠੋਕਰਾਂ ਹੇਠ ਮਿੱਧੀ ਧਰਤੀ 'ਚੋਂ ਨਿਕਲ ਕੇ ਚਾਰੇ ਪਾਸੇ ਫੈਲ ਗਈ। ਸਮਾਂ ਰਹਿੰਦਿਆਂ ਦੌੜ ਜਾਹ, ਰੇਸ 'ਚੋਂ ਬਾਹਰ ਹੋ ਜਾ ਵਰਨਾ ਮੇਰੇ ਵਾਂਗ ਝੂਠੀ ਆਜ਼ਾਦੀ ਦੇ ਮੋਹ-ਜਾਲ ਵਿਚ ਫਸ ਕੇ, ਪੁੜਪੁੜੀ ਉੱਤੇ ਪਸਤੌਲ ਰੱਖ ਕੇ ਗੋਲੀ ਚਲਾਉਣੀ ਪਵੇਗੀ। ਜਾਂ ਪ੍ਰਗਤੀ ਦੇ ਭਰਮ-ਭੁਲੇਖਿਆਂ ਵਿਚ ਫਸੀ ਖੜ੍ਹੀ, ਕਿਸੇ ਅਸਮਾਨ ਛੁੰਹਦੀ ਇਮਾਰਤ ਦੀ ਸਭ ਤੋਂ ਉੱਚੀ ਮੰਜ਼ਿਲ ਤੋਂ ਛਾਲ ਮਾਰ ਕੇ, ਸਰੀਰ ਦਾ ਮਲਬਾ ਬਣਾਉਣਾ ਪਵੇਗਾ।
ਨਹੀਂ, ਉਸੇ ਛਿਣ ਮੈਂ ਫੈਸਲਾ ਕਰ ਲਿਆ, ਇੰਜ ਨਹੀਂ ਹੋਵੇਗਾ। ਤੁਸਾਂ ਮੈਨੂੰ ਚੇਤਾਅ ਦਿੱਤਾ, ਤੁਹਾਡੀ ਸ਼ੁਕਰਗੁਜ਼ਾਰ ਹਾਂ। ਸਿਰਫ ਤੁਹਾਡੀ ਨਹੀਂ, ਉਹਨਾਂ ਦੀ ਵੀ ਜਿਹਨਾਂ ਨੂੰ ਮੈਂ ਆਪਣਾ ਅਪਰਾਧੀ ਮੰਨਦੀ ਰਹੀ ਹਾਂ। ਸਾਰੇ ਮੇਰਾ ਅਹਿਸਾਸ ਜਗਾ ਰਹੇ ਸੀ, ਆਪਣੇ ਸ਼ਹਿਰ ਵਾਪਸ ਜਾਣ ਲਈ ਉਕਸਾਅ ਰਹੇ ਸੀ। ਉਸ ਸ਼ਹਿਰ ਵਿਚ ਨਹੀਂ ਜਿੱਥੋਂ ਮੈਂ ਪਹਿਲਾਂ ਪਹਿਲ ਤੁਰੀ ਸਾਂ। ਪਰ ਉਸ ਸ਼ਹਿਰ ਵਿਚ, ਜਿਹੜਾ ਮੇਰੇ ਸ਼ਹਿਰ ਦੀ ਭਟਕਦੀ ਆਤਮਾ ਸੰਜੋਈ ਬੈਠਾ ਸੀ। ਮੈਂ ਉਸ ਸ਼ਹਿਰ ਵਿਚ ਪਹੁੰਚ ਗਈ। ਹੁਣ ਮੈਂ ਹਾਰਾਂਗੀ ਨਹੀਂ ਤੇ ਨਾ ਹੀ ਦੌੜਾਂਗੀ ਕੋਈ ਅਰਥਹੀਣ ਰੇਸ...।
ਇਕ ਵਾਰੀ ਘੋੜੇ ਦੇ ਮੱਥੇ ਨਾਲ ਆਪਣਾ ਸਿਰ ਘਸਾ ਕੇ ਮੈਂ ਵਾਪਸ ਮੁੜ ਆਈ।
ਹੋਰ ਜੋ ਹੋਵੇ, ਮੈਂ ਯਾਦ ਰੱਖਾਂਗੀ, ਮੇਰੇ ਪੈਰਾਂ ਵਿਚ ਨਾਲ ਨਹੀਂ ਠੁਕੀ ਹੋਈ—ਮੈਂ ਖੁੱਲ੍ਹੇ ਮੈਦਾਨ ਵਿਚ ਦੌੜ ਸਕਦੀ ਹਾਂ। ਆਪਣਾ ਰਾਹ ਚੁਣ ਸਕਦੀ ਹਾਂ। ਰੇਸ ਦੇ ਟਰੈਕ ਉਪਰ ਦੌੜਨਾ ਲਾਜ਼ਮੀ ਨਹੀਂ ਬਣਾ ਸਕਦਾ ਕੋਈ, ਮੇਰੇ ਲਈ। ਮੈਂ ਆਜ਼ਾਦ ਰਖਾਂਗੀ ਖ਼ੁਦ ਨੂੰ ਉਹਨਾਂ ਲੋਕਾਂ ਨਾਲ ਰਹਿਣ ਲਈ, ਜਿਹੜੇ ਰੇਸ ਵਿਚ ਸ਼ਰੀਕ ਹੋਣ ਜੋਗੇ ਨਹੀਂ ਹੁੰਦੇ।
ਬੱਪਾ, ਤੁਸੀਂ ਫਿਕਰ ਨਾ ਕਰਨਾ, ਕਿਸੇ ਨੂੰ ਪਤਾ ਨਹੀਂ ਲੱਗੇਗਾ ਮੈਂ ਤੁਹਾਡੀ ਬੇਟੀ ਹਾਂ। ਆਪਣੀ ਜਵਾਬਦੇਹੀ ਤੋਂ ਮੈਂ ਤੁਹਾਨੂੰ ਮੁਕਤ ਕਰ ਦਿੱਤਾ। ਤੇ ਖ਼ੁਦ ਨੂੰ ਤੁਹਾਡੀ ਸਹਿਮਤੀ ਪ੍ਰਾਪਤ ਕਰਨ ਦੀ ਲਾਲਸਾ ਤੋਂ। ਮਾਂ, ਤੈਨੂੰ ਪ੍ਰਣਾਮ! ਪਰ ਇਹ ਖ਼ਤ ਤੈਨੂੰ ਨਹੀਂ ਭੇਜਾਂਗੀ। ਤੈਨੂੰ ਨਾ ਹੀ ਪਤਾ ਲੱਗੇ ਤਾਂ ਚੰਗਾ ਹੈ ਕਿ ਮੈਂ ਆਪਣੇ ਸ਼ਹਿਰ ਪਰਤ ਆਈ ਹਾਂ। ਹੋਰ ਖ਼ਤ ਵੀ ਨਹੀਂ ਲਿਖਾਂਗੀ। ਖ਼ਤ ਲਿਖਣ ਦੀ ਮੇਰੀ ਤਾਂਘ ਅੱਜ ਮੁੱਕ ਗਈ। ਇਹ ਮੇਰਾ ਆਖ਼ਰੀ ਖ਼ਤ ਹੈ। ਇਸਨੂੰ ਪਾੜਾਂਗੀ ਨਹੀਂ। ਆਖ਼ਰੀ ਸਮਾਂ ਆਉਣ ਉੱਤੇ ਆਪਣੇ ਸ਼ਹਿਰ ਦੇ ਨਾਂਅ ਛੱਡ ਜਾਵਾਂਗੀ। ਉਸ ਸ਼ਹਿਰ ਦੇ ਨਾਂਅ, ਜਿਹੜਾ ਮੇਰਾ ਆਪਣਾ ਨਹੀਂ ਸੀ ਪਰ ਜਿਸ ਵਿਚ ਮੇਰੇ ਸ਼ਹਿਰ ਦੀ ਆਤਮਾ ਜ਼ਰੂਰ ਸੀ।
੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.

No comments:

Post a Comment