Tuesday, February 8, 2011

ਉਹ ਤਿੰਨ ਦਿਨ...:: ਲੇਖਕ : ਐਮ.ਐਫ. ਫਾਰੂਕੀ



ਹਿੰਦੀ ਕਹਾਣੀ :

ਉਹ ਤਿੰਨ ਦਿਨ...
ਲੇਖਕ : ਐਮ.ਐਫ. ਫਾਰੂਕੀ

ਅਨੁਵਾਦ ਮਹਿੰਦਰ ਬੇਦੀ ਜੈਤੋ




-------------------------------------------
ਇਸ ਰਚਨਾ ਨੂੰ ਸ਼ਬਦ ਦੇ ਇਸ ਅੰਕ-53 (ਜਨਵਰੀ-ਮਾਰਚ : 11) ਵਿਚ ਵੀ ਪੜ੍ਹਿਆ ਜਾ ਸਕਦਾ ਹੈ।
-------------------------------------------



ਦਸੰਬਰ ਦੀ ਕੜਾਕੇ ਦੀ ਸਰਦੀ ਦੇ ਦਿਨ ਸਨ। ਰਾਤ ਦੇ ਲਗਭਗ ਦਸ ਵੱਜੇ ਸਨ। ਸਦਰ ਪੁਲਸ ਸਟੇਸ਼ਨ ਫਿਰੋਜਪੁਰ ਦੇ ਐਸ.ਐਚ.ਓ. ਦੇ ਕਮਰੇ ਦੀ ਲਾਈਟ ਹਾਲੇ ਤੀਕ ਜਗ ਰਹੀ ਸੀ। ਕਮਰੇ ਦੇ ਬਾਹਰ ਹਾਜ਼ਰ ਸੰਤਰੀ ਕਦੀ ਟਹਿਲਣ ਲੱਗ ਪੈਂਦਾ, ਕਦੀ ਥੱਕ ਕੇ ਬੈਠ ਜਾਂਦਾ। ਅੰਦਰ ਕਮਰੇ ਵਿਚ ਡੀ.ਐਸ.ਪੀ. ਇਕਬਾਲ ਸਿੰਘ ਤੇ ਨੌਜਵਾਨ ਆਈ.ਪੀ.ਐਸ. ਟਰੇਨੀ ਕਬੀਰ ਅਹਿਮਦ ਬੈਠੇ ਚਾਹ ਪੀ ਰਹੇ ਸਨ। ਕਬੀਰ ਅਹਿਮਦ ਕੋਲ ਅੱਜ ਕਲ੍ਹ ਸਦਰ ਦੇ ਐਸ.ਐਚ.ਓ. ਦਾ ਚਾਰਜ ਸੀ—ਹਰੇਕ ਆਈ.ਪੀ.ਐਸ. ਟਰੇਨੀ ਨੂੰ ਲਗਭਗ ਤਿੰਨ ਮਹੀਨੇ ਲਈ ਥਾਣਾ ਕਾਰਜ-ਪ੍ਰਣਾਲੀ ਦੀ ਜਾਣਕਾਰੀ ਪ੍ਰਾਪਤ ਕਰਨ ਤੇ ਤਫ਼ਤੀਸ਼ ਵਿਚ ਮੁਹਾਰਤ ਹਾਸਲ ਕਰਨ ਲਈ ਥਾਣੇ ਵਿਚ ਐਸ.ਐਚ.ਓ. ਲਾਇਆ ਜਾਂਦਾ ਹੈ ਤਾਂਕਿ ਜ਼ਿਲੇ ਦੀ ਕਮਾਨ ਸੰਭਾਲਣ ਸਮੇਂ ਉਸਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ। ਇਸ ਦੇ ਨਾਲ ਹੀ ਉਸਦਾ ਲੋਕਾਂ ਨਾਲ ਸੰਪਰਕ ਵਧਦਾ ਹੈ ਤੇ ਥਾਣੇ ਦੇ ਸਤਰ ਤੀਕ ਆਉਣ ਵਾਲੀਆਂ ਸਮੱਸਿਆਵਾਂ ਨਾਲ ਸਿੱਧਾ ਵਾਸਤਾ ਜ਼ਿਲੇ ਦੇ ਸਫ਼ਲ ਪ੍ਰਸ਼ਾਸਨ ਪ੍ਰਬੰਧ ਵਿਚ ਸਹਾਈ ਸਿੱਧ ਹੁੰਦਾ ਹੈ।
“ਬੜੀ ਜ਼ਿਆਦਾ ਸਰਦੀ ਏ।” ਕਬੀਰ ਅਹਿਮਦ ਨੇ ਓਵਰ ਕੋਟ ਕਸਦਿਆਂ ਹੋਇਆਂ ਕਿਹਾ।
“ਪੰਜਾਬ ਦੀ ਸਰਦੀ ਮਸ਼ਹੂਰ ਏ ਸਰ।” ਇਕਬਾਲ ਬੋਲਿਆ।
“ਸਾਡੇ ਯੂ.ਪੀ. ਵਿਚ ਵੀ ਕਾਫੀ ਠੰਡ ਪੈਂਦੀ ਏ ਪਰ ਏਥੇ ਤਾਂ ਕੁਛ ਜ਼ਿਆਦਾ ਈ ਠੰਡ ਪੈ ਰਹੀ ਏ।” ਕਬੀਰ ਨੇ ਚਾਹ ਦੀ ਪਿਆਲੀ ਨਾਲ ਹੱਥ ਗਰਮਾਉਂਦਿਆਂ ਹੋਇਆਂ ਕਿਹਾ।
“ਤਿੰਨ ਦਿਨਾਂ ਬਾਅਦ ਤੁਹਾਡੀ ਥਾਣੇ ਦੀ ਟਰੇਨਿੰਗ ਪੂਰੀ ਹੋ ਜਾਏਗੀ, ਉਸ ਪਿੱਛੋਂ ਤੁਹਾਡਾ ਕੀ ਟਰੇਨਿੰਗ ਸ਼ਡਿਊਲ ਏ?” ਡੀ.ਐਸ.ਪੀ. ਨੇ ਕਬੀਰ ਨੂੰ ਪੁੱਛਿਆ।
“ਥਾਣੇ ਦੀ ਟਰੇਨਿੰਗ ਦੇ ਨਾਲ ਹੀ ਮੇਰੀ ਜ਼ਿਲੇ ਦੀ ਟਰੇਨਿੰਗ ਮੁਕੰਮਲ ਹੋ ਜਾਏਗੀ—ਇਸ ਤੋਂ ਇਕ ਹਫ਼ਤੇ ਪਿੱਛੋਂ ਸਾਰੇ ਆਫ਼ਿਸਰਸ ਨੇ ਨੈਸ਼ਨਲ ਪੁਲਿਸ ਅਕਾਦਮੀ ਹੈਦਰਾਬਾਦ ਵਿਚ ਰਿਪੋਰਟ ਕਰਨੀ ਏਂ; ਉੱਥੇ ਦੂਜੇ ਗੇੜ ਦੀ ਟਰੇਨਿੰਗ ਪਿੱਛੋਂ ਪਾਸਿੰਗ ਆਡਰ ਪਰੇਡ ਤੇ ਫੇਰ ਸਾਰੇ ਆਫ਼ਿਸਰਸ ਆਪੋ ਆਪਣੇ ਕੇਡਰ ਵਿਚ ਪੱਕੀ ਪੋਸਟਿੰਗ ਲਈ ਚਲੇ ਜਾਣਗੇ।” ਕਬੀਰ ਨੇ ਚਾਹ ਦੀ ਚੁਸਕੀ ਲੈਂਦਿਆਂ ਹੋਇਆਂ ਕਿਹਾ।
“ਤੁਹਾਡਾ ਰਿਜਰਵੇਸ਼ਨ ਹੋ ਗਿਆ ਏ?” ਡੀ.ਐਸ.ਪੀ. ਨੇ ਪੁੱਛਿਆ।
“ਜੀ ਹਾਂ—” ਕਬੀਰ ਨੇ ਪਾਸਾ ਪਰਤਦਿਆਂ ਹੋਇਆਂ ਕਿਹਾ। “ਰਿਜਰਵੇਸ਼ਨ ਮੈਂ ਕਰਵਾ ਲਈ ਏ, ਬਸ ਪੈਕਿੰਗ ਕਰਨੀ ਬਾਕੀ ਏ।”
“ਸ਼ਾਦੀ ਕਦੋਂ ਕਰ ਰਹੇ ਓ?” ਡੀ.ਐਸ.ਪੀ. ਨੇ ਸ਼ਰਾਰਤ ਵੱਸ ਮੁਸਕਰਾਉਂਦਿਆਂ ਹੋਇਆਂ ਪੁੱਛਿਆ।
“ਦੇਖੋ! ਅਜੇ ਤਾਂ ਟਰੇਨਿੰਗ ਈ ਚੱਲ ਰਹੀ ਏ।” ਅਚਾਨਕ ਇਸ ਸਵਾਲ 'ਤੇ ਕਬੀਰ ਰਤਾ ਸੰਗ ਗਿਆ ਸੀ।
“ਅਰੇਂਜ ਮੈਰਿਜ ਵਿਚ ਯਕੀਨ ਕਰਦੇ ਓ ਜਾਂ...” ਡੀ.ਐਸ.ਪੀ. ਨੇ ਫੇਰ ਛੇੜਦਿਆਂ ਹੋਇਆਂ, ਸ਼ਰਾਰਤ ਭਰੇ ਅੰਦਾਜ਼ ਵਿਚ, ਵਾਕ ਅਧੂਰਾ ਹੀ ਛੱਡ ਦਿੱਤਾ ਸੀ।
“ਨਹੀਂ! ਨਹੀਂ! ਘਰ ਵਾਲੇ ਹੀ ਫ਼ੈਸਲਾ ਕਰਨਗੇ।” ਕਹਿੰਦਿਆਂ ਹੋਇਆਂ ਕਬੀਰ ਦੇ ਚਿਹਰੇ ਉੱਤੇ ਇਕ ਸ਼ਰਮੀਲੀ ਰੌਅ ਫਿਰ ਗਈ ਸੀ।
ਤਿੰਨ ਮਹੀਨਿਆਂ ਦੀ ਇਸ ਟਰੇਨਿੰਗ ਦੌਰਾਨ ਕਬੀਰ ਅਹਿਮਦ ਇਕਬਾਲ ਸਿੰਘ ਨਾਲ ਖਾਸਾ ਖੁੱਲ੍ਹ ਗਿਆ ਸੀ। ਇਕਬਾਲ ਸਿੰਘ ਇਕ ਤਜ਼ੁਰਬੇਕਾਰ ਪੁਲਸ ਅਫ਼ਸਰ ਸੀ—ਆਤੰਕਵਾਦ ਦੌਰਾਨ ਉਸਨੇ ਕਾਫੀ ਕੰਮ ਕੀਤਾ ਸੀ। ਆਪਣੇ ਕੰਮ ਦੇ ਮਾਹਰ ਇਕਬਾਲ ਸਿੰਘ ਦੀ ਪੋਸਟਿੰਗ ਵੀ ਪਿੱਛੇ ਜਿਹੇ ਹੀ ਇੱਥੇ ਹੋਈ ਸੀ। ਇਹ ਕਬੀਰ ਨਾਲੋਂ ਤਕਰੀਬਨ ਪੰਦਰਾਂ-ਵੀਹ ਸਾਲ ਵੱਡਾ ਸੀ ਪਰ ਕਬੀਰ ਨਾਲ ਕਾਫੀ ਘੁਲਮਿਲ ਗਿਆ ਸੀ। ਕਬੀਰ ਵੀ ਉਸ ਨਾਲ ਘੁਲਮਿਲ ਗਿਆ ਸੀ। ਇਹ ਸਮਾਂ ਉਸਦੇ ਸਿੱਖਣ ਦਾ ਸੀ। ਦੂਜੇ ਪਾਸੇ ਇਕਬਾਲ ਵੀ ਕਬੀਰ ਦੇ ਨਿਆਂ-ਪਸੰਦ ਤੇ ਸਪਸ਼ਟ-ਭਾਸ਼ੀ ਹੋਣ ਕਰਕੇ ਉਸਦੀ ਖਾਸੀ ਇੱਜ਼ਤ ਕਰਦਾ ਸੀ।
“ਕੀ ਇਰਾਦਾ ਏ ਤੁਹਾਡਾ? ਚੱਲੋਗੇ ਜਾਂ ਬੈਠੋਗੇ?” ਇਕਬਾਲ ਨੇ ਕਬੀਰ ਨੂੰ ਪੁੱਛਿਆ।
“ਤੁਸੀਂ ਚੱਲੋ, ਮੈਂ ਥੋੜ੍ਹੀ ਦੇਰ ਹੋਰ ਰੁਕਾਂਗਾ। ਥੋੜ੍ਹਾ ਜਿਹਾ ਥਾਣੇ ਦਾ ਕੰਮ ਵੀ ਏ ਤੇ ਆਪਣੇ ਕੁਛ ਹੋਰ ਕੰਮ ਵੀ ਪੂਰੇ ਕਰ ਲਵਾਂਗਾ।”
“ਠੀਕ ਏ ਸਰ! ਤੁਸੀਂ ਬੈਠੋ। ਮੈਂ ਤਾਂ ਅਜੇ ਘਰੇ ਵੀ ਚਾਕਰੀ ਕਰਨੀ ਏਂ।” ਇਕਬਾਲ ਨੇ ਉਠਦਿਆਂ ਹੋਇਆਂ ਸ਼ਰਾਰਤ ਭਰੇ ਲਹਿਜ਼ੇ ਵਿਚ ਕਿਹਾ, “ਤੁਸੀਂ ਬੜੇ ਖੁਸ਼ਨਸੀਬ ਓ ਕਿ ਹਾਲੇ ਸ਼ਾਦੀ ਦੇ ਚੱਕਰ ਵਿਚ ਨਹੀਂ ਫਸੇ।”
ਕਬੀਰ ਵੀ ਹੱਸਦਾ ਹੋਇਆ ਉਠ ਖੜ੍ਹਾ ਹੋਇਆ। ਡੀ.ਐਸ.ਪੀ. ਇਕਬਾਲ ਸਿੰਘ ਨੂੰ ਬਾਹਰ ਦਰਵਾਜ਼ੇ ਤਕ ਛੱਡ ਕੇ ਉਹ ਫੇਰ ਆਪਣੀ ਸੀਟ ਉੱਤੇ ਆਣ ਬੈਠਾ।
ਉਸਨੇ ਮੇਜ਼ ਉੱਤੇ ਪਈ ਘੰਟੀ ਵਜਾਈ ਤਾਂ ਅਰਦਲੀ ਨੇ ਫੌਰਨ ਅੰਦਰ ਆ ਕੇ ਸਲੂਟ ਮਾਰਿਆ।
“ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਏ ਤਾਂ ਮੈਨੂੰ ਚਾਹ ਦਾ ਇਕ ਕੱਪ ਹੋਰ ਪਿਆ ਦਿਓ।” ਕਬੀਰ ਨੇ ਆਪਣੇ ਖਾਸ ਲਖ਼ਨਵੀਂ ਅੰਦਾਜ਼ ਵਿਚ ਕਿਹਾ।
“ਜ਼ਰੂਰ ਜਨਾਬ, ਹੁਣੇ ਲਓ।” ਕਹਿ ਕੇ ਉਹ ਕਮਰੇ ਵਿਚੋਂ ਬਾਹਰ ਨਿਕਲ ਗਿਆ ਤੇ ਥੋੜ੍ਹੀ ਦੇਰ ਬਾਅਦ ਹੀ ਕਿਸੇ ਜਿੰਨ ਵਾਂਗ ਟਰੇ ਵਿਚ ਇਕ ਕੱਪ ਚਾਹ ਤੇ ਇਕ ਪਲੇਟ ਵਿਚ ਕੁਝ ਬਿਸਕੁਟ ਲੈ ਕੇ ਆਣ ਹਾਜ਼ਰ ਹੋਇਆ।
“ਬੜੀ ਜਲਦੀ ਆ ਗਏ!” ਕਬੀਰ ਨੇ ਕਿਹਾ।
ਚਾਹ ਵਾਲੀ ਟਰੇ ਰੱਖਦਾ ਹੋਇਆ ਅਰਦਲੀ ਮਿੰਨ੍ਹਾ-ਮਿੰਨ੍ਹਾ ਮੁਸਕੁਰਾ ਰਿਹਾ ਸੀ।
“ਕੀ ਗੱਲ ਏ ਬੜੇ ਖੁਸ਼ ਨਜ਼ਰ ਆ ਰਹੇ ਓ?” ਕਬੀਰ ਨੇ ਉਸਨੂੰ ਮੁਸਕਰਉਂਦਿਆਂ ਦੇਖ ਕੇ ਪੁੱਛਿਆ।
“ਕੁਛ ਨਹੀਂ—ਜਨਾਬ।”
“ਫੇਰ ਵੀ?” ਕਬੀਰ ਨੇ ਫੇਰ ਪੁੱਛਿਆ।
“ਹਜ਼ੂਰ, ਇਹ ਜਿਹੜਾ ਤੁਹਾਡਾ ਏਦਾਂ ਸਲੀਕੇ ਨਾਲ ਬੁਲਾਉਣਾ ਏ ਨਾ—ਅਜੀਬ ਜਿਹਾ ਲੱਗਦਾ ਏ, ਪਰ ਬੜਾ ਚੰਗਾ ਲੱਗਦਾ ਏ। ਉਹ ਕੀ ਏ ਕਿ ਕਿਸੇ ਅਫ਼ਸਰ ਨੇ ਕਦੀ ਸਾਡੇ ਨਾਲ ਏਨੇ ਪਿਆਰ ਨਾਲ ਗੱਲ ਨਹੀਂ ਕੀਤੀ ਨਾ, ਇਸ ਲਈ।” ਕਹਿੰਦਿਆਂ ਕਹਿੰਦਿਆਂ ਉਸਦੇ ਚਿਹਰੇ ਉਪਰੋਂ ਦੁੱਖ ਦਾ ਇਕ ਪ੍ਰਛਾਵਾਂ ਜਿਹਾ ਲੰਘ ਗਿਆ।
ਕਬੀਰ ਹੈਰਾਨੀ ਨਾਲ ਤ੍ਰਬਕ ਕੇ ਅਰਦਲੀ ਦੇ ਚਿਹਰੇ ਵਲ ਗਹੁ ਨਾਲ ਤੱਕਣ ਲੱਗਾ—ਅਰਦਲੀ ਘਬਰਾ ਗਿਆ ਕਿ ਸ਼ਾਇਦ ਉਸ ਤੋਂ ਕੋਈ ਗ਼ਲਤੀ ਹੋ ਗਈ ਹੈ ਤੇ ਕਾਹਲ ਨਾਲ ਕਮਰੇ ਵਿਚੋਂ ਬਾਹਰ ਨਿਕਲ ਗਿਆ। ਕਬੀਰ ਉਸਦੇ ਪਿੱਛੇ ਹਿੱਲਦੇ ਹੋਏ ਪਰਦੇ ਨੂੰ ਗੌਰ ਨਾਲ ਦੇਖਦਾ ਰਿਹਾ। ਗੱਲ ਤਾਂ ਛੋਟੀ ਜਿਹੀ ਸੀ ਪਰ ਉਸ ਵਿਚ ਲੁਕੀ ਪੀੜ ਉਸਨੇ ਆਪਣੇ ਧੁਰ ਅੰਦਰ ਤਕ ਮਹਿਸੂਸ ਕੀਤੀ। ਪੁਲਸ ਦੀ ਨੌਕਰੀ ਵਿਚ ਆਉਣ ਪਿੱਛੋਂ ਉਸਦਾ ਨਜ਼ਰੀਆ ਪੁਲਸ ਪ੍ਰਤੀ ਕਾਫੀ ਹੱਦ ਤਕ ਬਦਲ ਗਿਆ ਸੀ। ਸੜਕ ਉਪਰ ਟੱਰਕਾਂ ਨੂੰ ਰੋਕ ਕੇ ਪੈਸੇ ਲੈਂਦੇ, ਭੀੜ ਉੱਤੇ ਬੇਕਿਰਕ ਡਾਂਗਾਂ ਵਰ੍ਹਾਉਂਦੇ, ਗੱਲ ਗੱਲ 'ਤੇ ਗਾਲ੍ਹਾਂ ਕੱਢਦੇ ਪੁਲਸ ਵਾਲਿਆਂ ਨੂੰ ਦੇਖ ਕੇ ਅਕਸਰ ਉਸਦਾ ਮਨ ਘਿਰਣਾ ਤੇ ਗੁੱਸੇ-ਰੋਸੇ ਨਾਲ ਭਰ ਜਾਂਦਾ ਹੁੰਦਾ ਸੀ। ਸਿਵਲ ਸਰਵਿਸਿਸ ਦਾ ਇਮਤਿਹਾਨ ਪਾਸ ਕਰਕੇ ਜਦੋਂ ਉਸਨੂੰ ਆਈ.ਪੀ.ਐਸ. ਮਿਲਿਆ ਤਾਂ ਉਸਨੇ ਮਨ ਹੀ ਮਨ ਪ੍ਰਤਿਗਿਆ ਕੀਤੀ ਕਿ ਉਹ ਉਹਨਾਂ ਪੁਲਸ ਵਾਲਿਆਂ ਨੂੰ ਜ਼ਰੂਰ ਸਜ਼ਾ ਦਏਗਾ ਜਿਹੜੇ ਆਪਣੇ ਫਰਜ਼ ਤੋਂ ਮੂੰਹ ਮੋੜ ਕੇ ਮਾਸੂਮ ਜਨਤਾ ਉਪਰ ਜ਼ੁਲਮ ਢਾਉਂਦੇ ਨੇ। ਪਰ ਇਸ ਵਿਭਾਗ ਵਿਚ ਆ ਕੇ ਉਸਨੇ ਦੇਖਿਆ ਕਿ ਬਾਹਰੋਂ ਕਠੋਰ ਤੇ ਖ਼ੌਫ਼ਨਾਕ ਵਿਅਕਤੀਤਵ ਵਾਲੇ ਇਹੋ ਪੁਲਸ ਵਾਲੇ ਆਪਣੇ ਬੱਚਿਆਂ ਨੂੰ ਮਿਲਣ ਖਾਤਰ ਇਕ-ਦੋ ਦਿਨ ਦੀ ਛੁੱਟੀ ਲੈਣ ਖਾਤਰ ਕਿੰਜ ਗਿੜਗਿੜਾਉਂਦੇ ਨੇ। ਜਦੋਂ ਹੋਰ ਸਾਰੇ ਸਰਕਾਰੀ ਕਰਮਚਾਰੀ ਤਿਉਹਾਰਾਂ 'ਤੇ ਆਪਣੇ ਬੱਚਿਆਂ ਨਾਲ ਖੁਸ਼ੀਆਂ ਮਨਾਅ ਰਹੇ ਹੁੰਦੇ ਨੇ ਉਦੋਂ ਜਗਮਗਾਉਂਦੀਆਂ ਸੜਕਾਂ ਤੇ ਰੌਸ਼ਨ ਬਾਜ਼ਾਰਾਂ ਵਿਚ ਡਿਊਟੀ ਉੱਤੇ ਤਾਇਨਾਤ ਕਾਂਸਟੇਬਲਸ ਦੀਆਂ ਅੱਖਾਂ ਦੀ ਵੀਰਾਨੀ ਉਪਰ ਸ਼ਾਇਦ ਹੀ ਕਿਸੇ ਦੀ ਨਜ਼ਰ ਪੈਂਦੀ ਹੋਏ। ਉਹਨਾਂ ਦੇ ਬੱਚੇ ਕਿਸੇ ਵੀ ਤੀਜ-ਤਿਉਹਾਰ ਉਪਰ ਆਪਣੇ ਪਿਤਾ ਨਾਲ ਖੁਸ਼ੀਆਂ ਮਨਾਉਂਣ ਦੀ ਸੱਧਰ ਮਨ ਵਿਚ ਲਈ ਹੀ ਵੱਡੇ ਹੋ ਜਾਂਦੇ ਨੇ।
ਥਾਣੇ ਵਿਚ ਲੱਗਣ ਪਿੱਛੋਂ ਉਸਨੂੰ ਪੁਲਸ ਦੀ ਕਾਰਜ-ਪ੍ਰਣਾਲੀ ਨੂੰ ਬੜੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਤਾਂ ਉਸਦੇ ਤਲਖ਼ ਤਜ਼ੁਰਬਿਆਂ 'ਚੋਂ ਉਪਜੇ ਉਸਦੇ ਗੁੱਸੇ ਵਿਚ ਥੋੜ੍ਹੀ ਨਰਮੀ ਆ ਗਈ। ਉਸਨੂੰ ਸਮਝ ਆਉਣ ਲੱਗ ਪਿਆ ਕਿ ਪੁਲਸ ਦੇ ਅਤਿਆਚਾਰੀ ਸਰੂਪ ਦੇ ਪਿੱਛੇ ਕਿਤੇ ਨਾ ਕਿਤੇ ਉਹ ਦੋਖੀ ਵਿਵਸਥਾ ਹੈ ਜਿਸਦੀ ਔਪਨਿਵੇਸ਼ਿਕ ਮਾਨਸਿਕਤਾ ਪੁਲਸ-ਸੁਧਾਰ ਦੇ ਹਰੇਕ ਪ੍ਰਯਤਨ ਨੂੰ ਤਬਾਹ ਕਰ ਦੇਣ ਵਿਚ ਆਪਣਾ ਭਲਾ ਸਮਝਦੀ ਹੈ।
ਕਬੀਰ ਦਾ ਦਿਲ ਕੀਤਾ ਕਿ ਉਹ ਅਰਦਲੀ ਨੂੰ ਬੁਲਾਅ ਕੇ, ਆਪਣੇ ਕੋਲ ਬਿਠਾਅ ਕੇ, ਉਸ ਨਾਲ ਗੱਲਾਂ ਕਰੇ ਤੇ ਇਹ ਦੱਸੇ ਕਿ ਜਿਵੇਂ ਆਪਣੇ ਨਾਲ ਕੀਤੀਆਂ ਜਾਣ ਵਾਲੀਆਂ ਕੌੜੀਆਂ ਗੱਲਾਂ ਦੀ ਮਾਨਸਿਕ ਪੀੜ ਉਸਨੂੰ ਅੰਦਰੇ-ਅੰਦਰ ਖਾ ਰਹੀ ਹੈ, ਉਸੇ ਤਰ੍ਹਾਂ ਉਸਦੀਆਂ ਕੌੜੀਆਂ ਗੱਲਾਂ ਵੀ ਦੂਜਿਆਂ ਨੂੰ ਉਸੇ ਜਿੰਨੀ ਤਕਲੀਫ਼ ਪਹੁੰਚਾਉਂਦੀਆਂ ਹੋਣਗੀਆਂ।
ਉਸਨੇ ਘੰਟੀ ਵਜਾਉਣ ਦਾ ਇਰਾਦਾ ਕੀਤਾ ਹੀ ਸੀ ਕਿ ਅਚਾਨਕ ਫ਼ੋਨ ਦੀ ਘੰਟੀ ਵੱਜਣ ਲੱਗ ਪਈ। ਕਬੀਰ ਨੇ ਤ੍ਰਬਕ ਕੇ ਫ਼ੋਨ ਵਲ ਦੇਖਿਆ ਤੇ ਫੇਰ ਘੜੀ ਵੱਲ, ਪੌਣੇ ਬਾਰਾਂ ਵੱਜ ਚੱਲੇ ਸਨ। ਖ਼ੁਦਾ ਖ਼ੈਰ ਕਰੇ! ਰਾਤ ਦੇ ਇਸ ਪਹਿਰ ਥਾਣੇ ਵਿਚ ਫ਼ੋਨ ਦੀ ਘੰਟੀ ਦਾ ਵੱਜਣਾ, ਕਦੀ ਸ਼ੁਭ ਸੰਕੇਤ ਨਹੀਂ ਹੋ ਸਕਦਾ। ਉਸਨੇ ਡਰਦਿਆਂ-ਡਰਦਿਆਂ ਫ਼ੋਨ ਚੁੱਕਿਆ।
“ਹੈਲੋ!” ਦੂਜੇ ਪਾਸੇ ਰੇਸਟ-ਹਾਊਸ ਤੋਂ ਉਸਦਾ ਲਾਂਗਰੀ ਬਹਾਦੁਰ ਬੋਲ ਰਿਹਾ ਸੀ। ਕਬੀਰ ਦੇ ਸਾਹ ਥਾਵੇਂ ਆਏ।
“ਹਾਂ! ਬੋਲੋ ਬਹਾਦੁਰ।”
“ਸਾਹਬ ਮੇਰੇ ਪਿੰਡੋਂ ਫ਼ੋਨ ਆਇਆ ਸੀ। ਮੇਰੀ ਘਰਵਾਲੀ ਬਿਮਾਰ ਏ। ਮੈਂ ਖਾਣਾ ਬਣਾ ਦਿੱਤਾ ਏ ਲਾਈਨ 'ਚੋਂ ਦੂਜਾ ਅਰਦਲੀ ਵੀ ਬੁਲਾ ਲਿਆ ਏ ਜੇ ਤੁਸੀਂ ਕਿਰਪਾ ਕਰਕੇ ਮੈਨੂੰ ਛੁੱਟੀ ਦੇ ਦਿਓ ਤਾਂ ਬੜੀ ਮਿਹਰਬਾਨੀ ਹੋਏਗੀ।” ਬਹਾਦੁਰ ਨੇ ਮਿੰਨਤ ਜਿਹੀ ਕੀਤੀ।
ਕਬੀਰ ਇਕ ਵਾਰ ਫੇਰ ਮੁਲਾਜ਼ਿਮਾਂ ਦੀਆਂ ਮੁਸ਼ਕਿਲਾਂ ਉਪਰ ਗੌਰ ਕਰਨ ਲੱਗਾ ਕਿ ਏਨੀ ਰਾਤ ਨੂੰ ਉਹ ਕਿੰਜ ਪਿੰਡ ਜਾਏਗਾ—ਪਤਾ ਨਹੀਂ ਉਸ ਕੋਲ ਪੈਸੇ ਵੀ ਹੈ ਸਨ ਜਾਂ ਨਹੀਂ?
ਕਬੀਰ ਦੀ ਇਸ ਚੁੱਪ ਸਦਕਾ ਬਹਾਦੁਰ ਫੇਰ ਮਿੰਨਤਾਂ-ਤਰਲੇ ਕਰਨ ਲੱਗਾ, “ਸਾਹਬ ਮੈਂ ਜਲਦੀ ਵਾਪਸ ਆ ਜਾਵਾਂਗਾ, ਮੇਰੇ ਉਪਰ ਇਹ ਮਿਹਰਬਾਨੀ ਕਰ ਦਿਓ ਸਾਹਬ, ਮੇਰੀ ਘਰਵਾਲੀ ਮਰ ਜਾਏਗੀ।” ਬਹਾਦੁਰ ਰੋਣ ਹਾਕਾ ਹੋਇਆ-ਹੋਇਆ ਲੱਗ ਰਿਹਾ ਸੀ।
ਕਬੀਰ ਨੇ ਯਕਦਮ ਆਪਣੀਆਂ ਸੋਚਾਂ ਵਿਚੋਂ ਬਾਹਰ ਆਉਂਦਿਆਂ ਹੋਇਆਂ ਕਿਹਾ...:
“ਘਬਰਾ ਨਾ ਤੂੰ ਹੁਣੇ ਚਲਾ ਜਾਹ ਮੈਂ ਲਾਈਨ ਅਫ਼ਸਰ ਨੂੰ ਕਹਿ ਕੇ ਗੱਡੀ ਭੇਜ ਦੇਂਦਾ ਆਂ। ਜੇ ਇੱਥੇ ਕੋਈ ਬਸ ਜਾਂ ਟਰੇਨ ਨਾ ਮਿਲੀ ਤਾਂ ਉਹ ਤੈਨੂੰ ਲੁਧਿਆਣਿਓਂ ਬਸ ਚੜ੍ਹਾ ਆਏਗਾ।”
ਕਹਿ ਕੇ ਉਸਨੇ ਫ਼ੋਨ ਰੱਖ ਦਿੱਤਾ। ਉਧਰੋਂ ਬਹਾਦੁਰ ਦੁਆਰਾ ਦਿੱਤੀਆਂ ਜਾ ਰਹੀਆਂ ਅਸੀਸਾਂ ਵੀ ਉਸਨੇ ਨਹੀਂ ਸਨ ਸੁਣੀਆਂ। ਘੰਟੀ ਵਜਾ ਕੇ ਉਸਨੇ ਅਰਦਲੀ ਨੂੰ ਕਿਹਾ ਕਿ 'ਮੁਨਸ਼ੀ ਨੂੰ ਕਹੋ ਮੇਰੀ ਲਾਈਨ ਅਫ਼ਸਰ ਨਾਲ ਗੱਲ ਕਰਾਏ।' ਮੁਨਸ਼ੀ ਨੇ ਥੋੜ੍ਹੀ ਦੇਰ ਵਿਚ ਹੀ ਅੰਦਰ ਆ ਕੇ ਕਿਹਾ, “ਜਨਾਬ ਫ਼ੋਨ ਚੁੱਕ ਲਓ।” ਦੂਜੇ ਪਾਸੇ ਲਾਈਨ ਅਫ਼ਸਰ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕਬੀਰ ਨੇ ਲਾਈਨ ਅਫ਼ਸਰ ਨੂੰ ਜ਼ਰੂਰੀ ਹਦਾਇਤਾਂ ਦੇਣ ਪਿੱਛੋਂ ਕਿਹਾ ਕਿ ਉਹ ਕੈਸ਼ੀਅਰ ਤੋਂ 500/- ਰੁਪਏ ਲੈ ਕੇ ਉਸ ਵਲੋਂ ਬਹਾਦੁਰ ਨੂੰ ਦੇ ਦਏ ਤਾਂ ਕਿ ਉਹ ਆਪਣੀ ਪਤਨੀ ਦੇ ਇਲਾਜ਼ ਉੱਤੇ ਖਰਚ ਕਰ ਸਕੇ।
ਇਹ ਕਹਿ ਕੇ ਇਕ ਲੰਮਾਂ ਸਾਹ ਖਿੱਚਦਿਆਂ ਹੋਇਆਂ ਉਸਨੇ ਆਪਣਾ ਸਿਰ ਕੁਰਸੀ ਦੀ ਢੋਅ ਨਾਲ ਟਿਕਾਅ ਦਿੱਤਾ। ਅਜ ਦਾ ਦਿਨ ਖਾਸਾ ਥਕਾ ਦੇਣ ਵਾਲਾ ਸੀ। ਅਜੇ ਉਸਨੇ ਆਪਣੇ ਡਿਸਟ੍ਰਿਕਟ ਅਸਾਈਨਮੈਂਟ ਦੇ ਪੇਪਰ ਵੀ ਪੂਰੇ ਕਰਨੇ ਸਨ। ਉਸਨੂੰ ਬਹਾਦੁਰ ਉੱਤੇ ਤੇ ਅਰਦਲੀ ਉੱਤੇ ਤਰਸ ਆਉਣ ਲੱਗ ਪਿਆ ਤੇ ਆਪਣੇ ਆਪ ਉੱਤੇ ਗੁੱਸਾ ਕਿ ਜੇ ਉਹ ਸਮੇਂ ਸਿਰ ਉਠ ਜਾਂਦਾ ਤੇ ਸਮੇਂ 'ਤੇ ਖਾਣਾ ਖਾ ਲੈਂਦਾ ਤਾਂ ਉਹਨਾਂ ਨੂੰ ਵੀ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ। ਇਹ ਸੋਚ ਕੇ ਉਹ ਉਠਣ ਦਾ ਇਰਾਦਾ ਕਰ ਹੀ ਰਿਹਾ ਸੀ ਕਿ ਅਰਦਲੀ ਨੇ ਅੰਦਰ ਆ ਕੇ ਕਿਹਾ...:
“ਸਾਹਬ ਅੱਜ ਤੁਸੀਂ ਖਾਣਾ ਵੀ ਨਹੀਂ ਖਾਧਾ, ਕਹੋ ਤਾਂ ਖਾਣਾ ਏਥੇ ਮੰਗਵਾ ਦਿਆਂ?”
“ਨਹੀਂ-ਨਹੀਂ ਬਸ ਮੈਂ ਜਾ ਰਿਹਾਂ, ਖਾਣਾ ਮੈਂ ਰੈਸਟਹਾਊਸ ਜਾ ਕੇ ਖਾਵਾਂਗਾ। ਤੂੰ ਇੰਜ ਕਰ... ਇਹ ਸਾਰੇ ਪੇਪਰ ਚੁੱਕੇ ਕੇ ਗੱਡੀ ਵਿਚ ਰੱਖ ਦੇ। ਬਾਕੀ ਕੰਮ ਮੈਂ ਕਲ੍ਹ ਕਰਾਂਗਾ।”
ਅਰਦਲੀ ਪੇਪਰ ਸਮੇਟ ਹੀ ਰਿਹਾ ਸੀ ਕਿ ਉਦੋਂ ਹੀ ਰਾਤ ਦਾ ਮੁਨਸ਼ੀ ਦੌੜਦਾ ਹੋਇਆ ਆਇਆ—
“ਸਾਹਬ, ਸਾਹਬ ਡੀ.ਐਸ.ਪੀ. ਸਾਹਬ ਦਾ ਵਾਇਰਲੈਸ ਮੈਸੇਜ ਆਇਆ ਏ। ਤੁਹਾਨੂੰ ਸਿਵਲ ਹਸਪਤਾਲ ਬੁਲਾਇਆ ਏ।” ਮੁਨਸ਼ੀ ਦੇ ਲਹਿਜੇ ਵਿਚੋਂ ਘਬਰਾਹਟ ਛਲਕ ਰਹੀ ਸੀ।
“ਪਰ ਹੋਇਆ ਕੀ ਦੱਸੋ ਤਾਂ ਸਹੀ।” ਕਬੀਰ ਨੇ ਘਬਰਾ ਕੇ ਕੁਰਸੀ ਤੋਂ ਉਠਦਿਆਂ ਕਿਹਾ।
“ਕੁਝ ਲੁਟੇਰਿਆਂ ਨੇ ਸ਼ਹਿਰ ਦੇ ਬਾਹਰਵਾਰ ਪੈਟਰੋਲ ਪੰਪ ਲੁੱਟ ਲਿਐ ਤੇ ਇਕ ਕਰਿੰਦੇ ਨੂੰ ਗੋਲੀ ਮਾਰ ਦਿੱਤੀ ਐ।”
ਕਬੀਰ ਸਿਲ-ਪੱਥਰ ਹੋ ਗਿਆ। ਆਤੰਕਵਾਦ ਖਤਮ ਹੋਣ ਪਿੱਛੋਂ ਪੰਜਾਬ ਵਿਚ ਇਹ ਪਹਿਲੀ ਵੱਡੀ ਵਾਰਦਾਤ ਹੋਈ ਸੀ। ਉਸਨੇ ਫੌਰਨ ਮੇਜ਼ ਉਪਰੋਂ ਆਪਣੀ ਟੋਪੀ ਚੁੱਕੀ ਤੇ ਕਾਹਲੇ ਕਦਮਾਂ ਨਾਲ ਲਗਭਗ ਦੌੜਦਾ ਹੋਇਆ ਆਪਣੀ ਜਿਪਸੀ ਤਕ ਪਹੁੰਚਿਆ। ਉਸਦੇ ਬੈਠਦਿਆਂ ਹੀ ਸਾਰੇ ਗਨਮੈਨ ਵੀ ਫੁਰਤੀ ਨਾਲ ਜਿਪਸੀ ਵਿਚ ਸਵਾਰ ਹੋ ਗਏ। ਤੇ ਉਸਦੀ ਜਿਪਸੀ ਹੂਟਰ ਵਜਾਉਂਦੀ ਹੋਈ ਤੇਜ਼ ਰਿਫ਼ਤਾਰ ਨਾਲ ਥਾਣੇ 'ਚੋਂ ਨਿਕਲ ਕੇ ਸਿਵਲ ਹਸਪਤਾਲ ਵਲ ਦੌੜ ਪਈ।
ਉਸਦੀ ਐਸ.ਐਚ.ਓ. ਸ਼ਿਪ ਖਤਮ ਹੋਣ ਵਿਚ ਹਾਲੇ ਤਿੰਨ ਦਿਨ ਰਹਿੰਦੇ ਸਨ। ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਉਸਦਾ ਕਾਰਜਕਾਲ ਸੁਖ-ਸ਼ਾਂਤੀ ਨਾਲ ਹੀ ਬੀਤਿਆ ਸੀ।
ਸਿਵਲ ਹਸਪਤਾਲ ਪਹੁੰਚਦਿਆਂ ਹੀ ਡੀ.ਐਸ.ਪੀ. ਇਕਬਾਲ ਸਿੰਘ ਉਸਨੂੰ ਗੇਟ ਉੱਤੇ ਹੀ ਦਿਸ ਪਿਆ। ਕਬੀਰ ਨੇ ਜਿਪਸੀ ਵਿਚੋਂ ਉਤਰ ਕੇ ਉਸ ਨਾਲ ਹੱਥ ਮਿਲਾਇਆ ਤੇ ਬੇਚੈਨੀ ਜਿਹੀ ਨਾਲ ਪੁੱਛਿਆ, “ਕੀ ਹੋਇਆ?”
ਇਕਬਾਲ ਦੇ ਚਿਹਰੇ ਉੱਤੇ ਗੂੜ੍ਹੀ ਸੰਜੀਦਗੀ ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਸ ਰਹੀਆਂ ਸਨ।
“ਅਜ ਤਕਰੀਬਨ ਗਿਆਰਾਂ ਵਜੇ ਪੰਜ ਨੌਜਵਾਨ ਮੋਟਰ ਸਾਈਕਲ ਉੱਤੇ ਸਵਾਰ ਹੋ ਕੇ ਖਾਲਸਾ ਪੈਟਰੋਲ ਪੰਪ ਉੱਤੇ ਪਹੁੰਚੇ। ਪੰਪ ਉੱਤੇ ਉਦੋਂ ਦੋ ਕਰਿੰਦੇ ਮੌਜ਼ੂਦ ਸਨ। ਉਹਨਾਂ ਨੇ ਇਕ ਮੁੰਡੇ ਨੂੰ ਮੋਟਰ ਸਾਈਕਲ ਵਿਚ ਪੈਟਰੋਲ ਪਾਉਣ ਲਈ ਕਿਹਾ। ਦੋ ਨੌਜਵਾਨ ਮੋਟਰ ਸਾਈਕਲ ਕੋਲ ਖਲੋ ਕੇ ਪੈਟਰੋਲ ਪੁਆਉਣ ਲੱਗ ਪਏ ਤੇ ਤਿੰਨ ਜਣੇ ਪੈਟਰੋਲ ਪੰਪ ਦੇ ਕੈਬਿਨ ਵਿਚ ਜਾ ਘੁਸੇ। ਉਹਨਾਂ ਵਿਚੋਂ ਦੋ ਜਣਿਆ ਨੇ ਅਚਾਨਕ ਪਸਤੌਲ ਕੱਢ ਕੇ ਕੈਬਿਨ ਵਿਚ ਮੌਜ਼ੂਦ ਕਰਿੰਦੇ ਨੂੰ ਕਾਬੂ ਵਿਚ ਕਰ ਲਿਆ ਤੇ ਕੈਸ਼ ਬਕਸ ਵਿਚ ਪਿਆ ਸਾਰਾ ਕੈਸ਼ ਲੁੱਟ ਲਿਆ।” ਨਰੇਂਦਰ ਨੇ ਇਕੋ ਸਾਹ ਵਿਚ ਸਾਰੀ ਗੱਲ ਦੱਸ ਦਿੱਤੀ।
“ਕੈਸ਼ ਕਿੰਨਾ ਗਿਐ?” ਕਬੀਰ ਨੇ ਪੁੱਛਿਆ।
“ਤਕਰੀਬਨ ਪੰਜ ਹਜ਼ਾਰ ਰੁਪਏ, ਉਦੋਂ ਪੰਪ ਵਿਚ ਏਨੇ ਕੁ ਈ ਸਨ।” ਇਕਬਾਲ ਨੇ ਜਵਾਬ ਦਿੱਤਾ।
“ਬਸ ਏਨੇ ਈ...!” ਕਬੀਰ ਨੇ ਹੈਰਾਨੀ ਨਾਲ ਪੁੱਛਿਆ।
“ਹਾਂ, ਕਿਸਮਤ ਚੰਗੀ ਸੀ ਕਿ ਪੈਟਰੋਲ ਪੰਪ ਦੇ ਮਾਲਕ ਸ਼ਾਮੀਂ ਅੱਠ ਵਜੇ ਹੀ ਸਾਰਾ ਕੈਸ਼ ਲੈ ਗਏ ਸਨ।”
“ਫੇਰ ਕੀ ਹੋਇਆਂ?” ਕਬੀਰ ਨੇ ਉਤਸੁਕਤਾ ਨਾਲ ਪੁੱਛਿਆ।
“ਕੈਸ਼ ਲੁੱਟ ਕੇ ਜਾਂਦਿਆਂ ਹੋਇਆਂ ਉਹਨਾਂ ਇਕ ਕਰਿੰਦੇ ਨੂੰ ਗੋਲੀ ਮਾਰ ਦਿੱਤੀ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ।”
ਇਕਬਾਲ ਦੇ ਲਹਿਜੇ ਵਿਚ ਦੁੱਖ ਤੇ ਗੁੱਸੇ ਦੀ ਰਲੀ-ਮਿਲੀ ਰੌਅ ਸੀ।
“ਲਾਸ਼ ਕਿੱਥੇ ਐ?” ਕਬੀਰ ਨੇ ਫੇਰ ਪੁੱਛਿਆ।
“ਲਾਸ਼ ਨੂੰ ਹਸਪਤਾਲ ਲੈ ਆਏ ਆਂ।”
“ਕੀ ਨਾਂ ਸੀ ਜਿਸਦਾ ਕਤਲ ਹੋਇਆ ਏ?” ਕਬੀਰ ਨੇ ਪੁੱਛਿਆ।
“ਮਨੋਜ ਤੇ ਦੂਜੇ ਮੁੰਡੇ ਦਾ ਨਾਂ ਸੁਰੇਸ਼ ਏ। ਦੋਵੇ ਚਚਰੇ ਭਰਾ ਸਨ।”
ਉਹ ਦੋਵੇਂ ਤੇਜ਼-ਤੇਜ਼ ਤੁਰਦੇ ਹੋਏ ਮੁਰਦਾ-ਘਰ ਦੇ ਸਾਹਮਣੇ ਪਹੁੰਚ ਗਏ। ਉੱਥੇ ਦੋ ਪੁਲਸ ਮੁਲਾਜ਼ਮ ਮੌਜ਼ੂਦ ਸਨ ਜਿਹਨਾਂ ਨਾਲ ਇਕ ਪੰਦਰਾਂ-ਸੋਲਾਂ ਸਾਲ ਦਾ ਮੁੰਡਾ ਵੀ ਖੜ੍ਹਾ ਸੀ ਜਿਹੜਾ ਲਗਭਗ ਲੰਮੇ-ਸਮੇਂ ਤੋਂ ਰੋ ਰਿਹਾ ਜਾਪਦਾ ਸੀ। ਕਬੀਰ ਨੇ ਮੁਰਦਾ-ਘਰ ਦੇ ਅੰਦਰ ਜਾ ਕੇ ਲਾਸ਼ ਦਾ ਮੁਆਇਨਾ ਕੀਤਾ। ਲਗਭਗ ਵੀਹ-ਬਾਈ ਵਰ੍ਹਿਆਂ ਦਾ ਦਰਮਿਆਨੇ ਸਰੀਰ ਤੇ ਕੱਦ ਦਾ ਨੌਜਵਾਨ ਸੀ ਉਹ। ਗੋਲੀ ਛਾਤੀ ਵਿਚ ਐਨ ਦਿਲ ਉੱਤੇ ਵੱਜੀ ਸੀ।
“ਮੈਂ ਮੌਕੇ ਦਾ ਮੁਆਇਨਾ ਕਰਨ ਜਾ ਰਿਹਾਂ। ਇੱਥੇ ਮੈਂ ਇਕ ਐਸ.ਐਚ.ਓ. ਛੱਡ ਦਿੱਤਾ ਏ ਜਿਹੜਾ ਕਾਰਵਾਈ ਪੂਰੀ ਕਰ ਲਏਗਾ। ਅਜੇ ਬਹੁਤੀ ਦੇਰ ਨਹੀਂ ਹੋਈ ਜੇ ਵਧ ਤੋਂ ਵਧ ਪੁਲਸ ਪਾਰਟੀਆਂ ਬਣਾ ਕੇ ਸਰਚ ਆਪ੍ਰੇਸ਼ਨ ਕੀਤਾ ਜਾਏ ਤਾਂ ਮੁਲਜ਼ਿਮ ਛੇਤੀ ਹੀ ਕਾਬੂ ਕੀਤੇ ਜਾ ਸਕਦੇ ਨੇ।” ਮੁਰਦਾ-ਘਰ 'ਚੋਂ ਬਾਹਰ ਆ ਕੇ ਇਕਬਾਲ ਬੋਲਿਆ।
“ਮੈਂ ਵੀ ਤੁਹਾਡੇ ਨਾਲ ਚੱਲ ਰਿਹਾਂ।” ਕਬੀਰ ਨੇ ਕਿਹਾ।
ਇਕਬਾਲ, ਕਬੀਰ ਦੀ ਜਿਪਸੀ ਵਿਚ ਹੀ ਆ ਗਿਆ। ਉਸਨੇ ਜਿਪਸੀ ਡਰਾਈਵ ਕਰ ਲਈ। ਕਬੀਰ ਉਸਦੇ ਨਾਲ ਬੈਠ ਗਿਆ। ਸੁਰੇਸ਼ ਨੂੰ ਦੂਜੀ ਜਿਪਸੀ ਵਿਚ ਬਿਠਾ ਕੇ ਉਹ ਖਾਲਸਾ ਪੈਟਰੋਲ ਪੰਪ ਵਲ ਚੱਲ ਪਏ। ਖਾਲਸਾ ਪੈਟਰੋਲ ਪੰਪ ਸ਼ਹਿਰ ਦੇ ਬਾਹਰਵਾਰ ਤਕਰੀਬਨ ਚਾਰ ਪੰਜ ਕਿਲੋਮੀਟਰ ਦੂਰ ਮੱਲਾਂ ਵਾਲਾ ਰੋਡ ਉੱਤੇ ਸਥਿਤ ਹੈ। ਉੱਥੇ ਕੁਝ ਮੁਲਾਜ਼ਿਮ ਮੌਜ਼ੂਦ ਸਨ ਜਿਹਨਾਂ ਨੇ ਮੌਕਾ-ਏ-ਵਾਰਦਾਤ ਜਿਵੇਂ ਦੀ ਤਿਵੇਂ ਰੱਖਿਆ ਹੋਇਆ ਸੀ। ਮੌਕੇ ਉਪਰ ਪਹੁੰਚ ਕੇ ਦੋਵਾਂ ਨੇ ਮੌਕੇ ਦਾ ਮੁਆਇਨਾ ਸ਼ੁਰੂ ਕਰ ਦਿੱਤਾ। ਕੈਬਿਨ ਵਿਚ ਕਾਫੀ ਸਾਰਾ ਖ਼ੂਨ ਪਿਆ ਸੀ। ਸੁਰੇਸ਼ ਨੇ ਘਟਨਾ ਬਾਰੇ ਖਾਸੇ ਵਿਸਥਾਰ ਨਾਲ ਦੱਸਿਆ। ਸੁਰੇਸ਼ ਬੜਾ ਸਮਝਦਾਰ ਮੁੰਡਾ ਸੀ। ਉਸਦੇ ਦੱਸੇ ਹੋਏ ਹੁਲੀਏ ਮੁਤਾਬਿਕ ਪੂਰੇ ਜ਼ਿਲੇ ਵਿਚ ਨਾਕੇ ਲਾ ਕੇ ਚੈਕਿੰਗ ਦੇ ਹੁਕਮ ਪਹਿਲਾਂ ਹੀ ਭੇਜ ਦਿੱਤੇ ਗਏ ਸਨ। ਕਬੀਰ ਤੇ ਇਕਬਾਲ ਨੇ ਆਪਸ ਵਿਚ ਸਲਾਹ ਕਰਕੇ ਦੂਜੇ ਥਾਣਿਆਂ ਤੋਂ ਵੀ ਫੋਰਸ ਮੰਗਵਾ ਲਈ ਤੇ ਉਹਨਾਂ ਦੀਆਂ ਕਈ ਟੀਮਾਂ ਬਣਾ ਕੇ ਤੁਰੰਤ ਇਲਾਕੇ ਵਿਚ ਸਰਚ ਕਰਨ ਲਈ ਭੇਜ ਦਿੱਤੀਆਂ ਗਈਆਂ। ਸੁਰੇਸ਼ ਦੇ ਦੱਸਣ ਅਨੁਸਾਰ ਮੋਟਰ ਸਾਈਕਲ ਉਪਰ ਪੰਜ ਬੰਦਿਆਂ ਦਾ ਬੈਠਣਾ ਬੜਾ ਅਜੀਬ ਲੱਗ ਰਿਹਾ ਸੀ। ਪਰ ਸੁਰੇਸ਼ ਬੜਾ ਸਮਝਦਾਰ ਮੁੰਡਾ ਸੀ। ਸ਼ੁਰੂਆਤੀ ਸਦਮੇਂ ਤੋਂ ਸੰਭਲਣ ਪਿੱਛੋਂ ਉਸਨੇ ਹਰੇਕ ਗੱਲ ਦਾ ਜਵਾਬ ਬੜੇ ਠੋਸ ਅੰਦਾਜ਼ ਵਿਚ ਦਿੱਤਾ ਸੀ। ਉਸਨੇ ਕਾਤਲਾਂ ਦੇ ਹੁਲੀਏ ਤੇ ਮੋਟਰ ਸਾਈਕਲ ਦਾ ਵੇਰਵਾ ਬੜੇ ਵਿਸਥਾਰ ਨਾਲ ਦਿੱਤਾ ਸੀ।
“ਸਮਝ ਵਿਚ ਨਹੀਂ ਆਉਂਦਾ ਕਿ ਜਦੋਂ ਲੁਟੇਰਿਆਂ ਨੂੰ ਪੈਸੇ ਮਿਲ ਗਏ ਸਨ ਤਾਂ ਉਹਨਾਂ ਗੋਲੀ ਕਿਉਂ ਚਲਾਈ?” ਕਬੀਰ ਨੇ ਗੁੱਸੇ ਤੇ ਹੈਰਨੀ ਭਰੀ ਆਵਾਜ਼ ਵਿਚ ਕਿਹਾ।
“ਕਈ ਵਾਰੀ ਇਸ ਤਰ੍ਹਾਂ ਦੇ ਨੌਜਵਾਨ ਨਸ਼ੇ ਦੇ ਆਦੀ ਹੁੰਦੇ ਨੇ ਤੇ ਨਸ਼ੇ ਦੀਆਂ ਗੋਲੀਆਂ ਖਾਣ ਪਿੱਛੋਂ ਹੀ ਵਾਰਦਾਤ ਕਰਦੇ ਨੇ। ਨਸ਼ੇ ਦੇ ਝੱਲ ਵਿਚ ਇਹ ਬਿਨਾਂ ਗੱਲੋਂ ਗੋਲੀ ਚਲਾ ਦੇਂਦੇ ਨੇ।” ਇਕਬਾਲ ਨੇ ਜਵਾਬ ਦਿੱਤਾ।
ਸੁਰੇਸ਼ ਆਪਣੇ ਭਰਾ ਨੂੰ ਯਾਦ ਕਰਕੇ ਇਕ ਵਾਰ ਫੇਰ ਰੋਣ ਲੱਗ ਪਿਆ ਸੀ।
ਕਬੀਰ ਨੇ ਉਸਨੂੰ ਆਪਣੇ ਕੋਲ ਬੁਲਾ ਕੇ ਤੱਸਲੀ ਦਿੱਤੀ। ਉਸਨੇ ਇਕ ਕਾਂਸਟੇਬਲ ਨੂੰ ਇਸ਼ਾਰਾ ਕੀਤਾ ਕਿ ਇਸ ਨੂੰ ਪਾਣੀ ਪਿਆਓ ਤੇ ਜ਼ਰਾ ਪਾਸੇ ਰੱਖੋ ਤਾਂਕਿ ਖ਼ੂਨ ਦੇਖ ਕੇ ਉਸਦਾ ਮਨ ਬਹੁਤਾ ਨਾ ਡੋਲ ਜਾਏ।
ਉਦੋਂ ਹੀ ਬੜੀ ਤੇਜ਼ੀ ਨਾਲ ਇਕ ਗੱਡੀ ਆ ਕੇ ਰੁਕੀ ਉਸ ਵਿਚੋਂ ਇਕ ਸਰਚ ਪਾਰਟੀ ਦਾ ਇੰਚਾਰਜ ਬੜੀ ਫੁਰਤੀ ਨਾਲ ਉਤਰ ਕੇ ਉਹਨਾਂ ਕੋਲ ਆਇਆ। ਨੇੜੇ ਆ ਕੇ ਉਸਨੇ ਬੜੇ ਜੋਸ਼ੀਲੇ ਢੰਗ ਨਾਲ ਸਲੂਟ ਮਾਰਦਿਆਂ ਹੋਇਆਂ ਕਿਹਾ, “ਸਰ, ਇੱਥੋਂ ਚਾਰ ਕਿਲੋਮੀਟਰ ਦੂਰ ਮੱਲਾਂ ਵਾਲਾ ਦੇ ਨੇੜੇ ਇਕ ਰੇਲਵੇ ਕਰਾਸਿੰਗ ਦੇ ਗੇਟਮੈਨ ਨੇ ਵਾਰਦਾਤ ਤੋਂ ਕੁਝ ਸਮਾਂ ਪਿੱਛੋਂ ਇਕ ਮੋਟਰ ਸਾਈਕਲ ਉਪਰ ਪੰਜ ਸਵਾਰਾਂ ਨੂੰ ਰੇਲਵੇ ਕਰਾਸਿੰਗ ਪਾਰ ਕਰਦਿਆਂ ਦੇਖਿਆ ਏ।”
ਕਬੀਰ ਤੇ ਇਕਬਾਲ ਦੋਵੇਂ ਫੁਰਤੀ ਨਾਲ ਉਠ ਖੜ੍ਹੇ ਹੋਏ। ਇਕਬਾਲ ਨੇ ਡਰਾਈਵਰ ਦੀ ਸੀਟ ਸੰਭਾਲੀ, ਕਬੀਰ ਉਸਦੇ ਨਾਲ ਬੈਠ ਗਿਆ। ਇਕਬਾਲ ਨੇ ਗੱਡੀ ਸਟਾਰਟ ਕਰਦਿਆਂ ਹੋਇਆਂ ਏ.ਐਸ.ਆਈ. ਨੂੰ ਹਿਦਾਇਤ ਕੀਤੀ ਕਿ 'ਇਕ ਸਰਚ ਪਾਰਟੀ ਨੂੰ ਜਲਦੀ ਹੀ ਉਸ ਪਾਸੇ ਭੇਜੋ' ਤੇ ਜਿਪਸੀ ਨੂੰ ਗੇਅਰ ਵਿਚ ਪਾ ਦਿੱਤਾ। ਥੋੜ੍ਹੀ ਦੇਰ ਵਿਚ ਉਹ ਰੇਲਵੇ ਕਰਾਸਿੰਗ ਉਪਰ ਤੈਨਾਤ ਗੇਟਮੈਨ ਕੋਲ ਪਹੁੰਚ ਗਏ ਜਿਹੜਾ ਇਕ ਪੱਕੀ ਉਮਰ ਦਾ ਆਦਮੀ ਸੀ। ਇਕਬਾਲ ਨੇ ਪਹੁੰਚਦਿਆਂ ਹੀ ਉਸ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਗੇਟਮੈਨ ਦੇ ਦੱਸਣ ਅਨੁਸਾਰ ਘਟਨਾ ਤੋਂ ਲਗਭਗ ਅੱਧਾ ਘੰਟਾ ਪਿੱਛੋਂ ਇਕ ਮੋਟਰ ਸਾਈਕਲ ਉਪਰ ਪੰਜ ਨੌਜਵਾਨ ਰੁਕੇ ਸਨ ਉੱਥੇ, ਉਦੋਂ ਇਕ ਟਰੇਨ ਲੰਘਣ ਕਰਕੇ ਫਾਟਕ ਬੰਦ ਸੀ।
“ਮੋਟਰ ਸਾਈਕਲ ਦਾ ਰੰਗ ਕਿਹੜਾ ਸੀ?” ਕਬੀਰ ਨੇ ਪੁੱਛਿਆ।
“ਮੋਟਰ ਸਾਈਕਲ ਦਾ ਰੰਗ ਸ਼ਾਇਦ ਕਾਲਾ ਸੀ।” ਗੇਟਮੈਨ ਨੇ ਜਵਾਬ ਦਿੱਤਾ।
ਗੇਟਮੈਨ ਦੇ ਜਵਾਬ ਨੇ ਥੋੜ੍ਹੀ ਉਲਝਣ ਪੈਦਾ ਕਰ ਦਿੱਤੀ ਕਿਉਂਕਿ ਚਸ਼ਮਦੀਦ ਗਵਾਹ ਸੁਰੇਸ਼ ਦੇ ਮੁਤਾਬਿਕ ਮੋਟਰ ਸਾਈਕਲ ਦਾ ਰੰਗ ਲਾਲ ਸੀ।
“ਉਹ ਲੋਕ ਕਿਸ ਪਾਸੇ ਗਏ ਨੇ?” ਇਕਬਾਲ ਨੇ ਪੁੱਛਿਆ।
“ਮੈਂ ਧਿਆਨ ਨਹੀਂ ਦਿੱਤਾ ਸਾ'ਬ, ਫਾਟਕ ਖੋਲ੍ਹਣ ਪਿੱਛੋਂ ਮੈਂ ਆਪਣੇ ਕੈਬਿਨ ਵਿਚ ਚਲਾ ਗਿਆ ਸੀ।” ਗੇਟਮੈਨ ਨੇ ਜਵਾਬ ਦਿੱਤਾ।
ਇਹਨਾਂ ਸਵਾਲਾਂ-ਜਵਾਬਾਂ ਦੌਰਾਨ ਇਕ ਸਰਚ ਪਾਰਟੀ ਵੀ ਉੱਥੇ ਪਹੁੰਚ ਗਈ। ਫਾਟਕ ਨੂੰ ਕਰਾਸ ਕਰਨ ਪਿੱਛੋਂ ਇਕ ਕੱਚਾ ਰਸਤਾ ਰੇਲਵੇ ਲਾਈਨ ਦੇ ਨਾਲ-ਨਾਲ ਵੀ ਸੀ, ਜਿਹੜਾ ਮੱਲਾਂ ਵਾਲਾ ਰੇਲਵੇ ਸਟੇਸ਼ਨ ਤਕ ਜਾਂਦਾ ਸੀ।
ਫ਼ੈਸਲਾ ਕੀਤਾ ਗਿਆ ਕਿ ਜਿਹੜੀ ਸਰਚ ਪਾਰਟੀ ਆਈ ਸੀ ਉਹ ਪੱਕੀ ਸੜਕ ਉਪਰ ਸਰਚ ਕਰਦੀ ਹੋਈ ਅੱਗੇ ਜਾਏਗੀ ਤੇ ਕਬੀਰ ਤੇ ਇਕਬਾਲ ਉਸ ਕੱਚੇ ਰਸਤੇ ਜਾਣਗੇ। ਜਿਪਸੀ ਦੇ ਪਿੱਛੇ ਖੜ੍ਹੇ ਜਵਾਨ ਜਗ੍ਹਾ ਬਦਲ-ਬਦਲ ਕੇ ਸਰਚ ਲਾਈਟ ਦੀ ਰੌਸ਼ਨੀ ਪਾ ਰਹੇ ਸਨ। ਲਗਭਗ 8-10 ਕਿਲੋਮੀਟਰ ਅੱਗੇ ਜਾ ਕੇ ਉਹ ਲੋਕ ਮੱਲਾਂ ਪੁਰ ਰੇਲਵੇ ਸਟੇਸ਼ਟ 'ਤੇ ਪਹੁੰਚ ਗਏ।
ਆਮ ਤੌਰ 'ਤੇ ਖ਼ੂਬ ਬੋਲਣ ਵਾਲਾ ਇਕਬਾਲ ਚੁੱਪ ਸੀ। ਕਬੀਰ ਵੀ ਕੁਝ ਨਹੀਂ ਸੀ ਬੋਲ ਰਿਹਾ। ਲੁਟੇਰਿਆਂ ਨੇ ਜਿਸ ਬੇਰਹਿਮੀ ਨਾਲ ਪੈਸਾ ਲੁੱਟਣ ਪਿੱਛੋਂ ਬਿਨਾਂ ਕਾਰਨ ਹੱਤਿਆ ਕਰ ਦਿੱਤੀ ਸੀ, ਉਸਨੇ ਕਬੀਰ ਦੇ ਮਨ ਉਪਰ ਖਾਸਾ ਅਸਰ ਪਾਇਆ ਸੀ ਤੇ ਇਕਬਾਲ ਵੀ ਖਾਸੇ ਗੁੱਸੇ ਵਿਚ ਸੀ।
“ਇਹੋ ਜਿਹੇ ਹੱਤਿਆਰਿਆਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਏ।” ਇਕਬਾਲ ਨੇ ਲੰਮੀ ਚੁੱਪ ਤੋੜੀ। “ਇਹ ਸਮਾਜ ਦੇ ਜਿਸਮ ਉੱਤੇ ਨਾਸੂਰ ਵਾਂਗ ਫ਼ੈਲ ਰਹੇ ਨੇ। ਆਪ੍ਰੇਸ਼ਨ ਹੀ ਇਹਨਾਂ ਦਾ ਇਲਾਜ਼ ਏ।” ਇਕਬਾਲ ਦੇ ਲਹਿਜ਼ੇ ਵਿਚ ਅੰਤਾਂ ਦੀ ਕੁਸੈਲ ਘੁਲੀ ਹੋਈ ਸੀ।
“ਗੱਲ ਤਾਂ ਤੁਹਾਡੀ ਠੀਕ ਏ ਪਰ ਸਮਾਜ ਸੁਧਾਰ ਦਾ ਅਸੀਂ ਠੇਕਾ ਥੋੜ੍ਹਾ ਈ ਲਿਆ ਹੋਇਆ ਏ। ਜੇ ਕਾਨੂੰਨ ਇਹ ਚਾਹੁੰਦਾ ਏ ਕਿ ਮੁਜਰਿਮਾਂ ਨਾਲ ਆਦਰ-ਸਤਿਕਾਰ ਨਾਲ ਪੇਸ਼ ਆਓ ਤਾਂ ਅਸੀਂ ਖ਼ੁਦ ਨੂੰ ਮੁਸੀਬਤ ਵਿਚ ਕਿਉਂ ਫਸਾਈਏ?” ਕਬੀਰ ਨੇ ਸੰਜੀਦਗੀ ਨਾਲ ਕਿਹਾ, “ਚੋਰਾਂ ਨਾਲ ਆਦਰ-ਸਤਿਕਾਰ ਨਾਲ ਪੇਸ਼ ਆਓ ਤੇ ਆਦਰ ਨਾਲ ਹੀ ਪੁੱਛੋ—ਕਿਉਂ ਭਾਈ ਸਾਹਬ ਤੁਸੀਂ ਚੋਰੀ ਤਾਂ ਨਹੀਂ ਕੀਤੀ ਨਾ? ਤੇ ਅੱਗੋਂ ਉਹ ਕਹਿ ਦੇਣ— ਕਿ 'ਨਹੀਂ ਜਨਾਬ।' ਤਾਂ ਇੱਜ਼ਤ-ਮਾਨ ਨਾਲ ਉਹਨਾਂ ਨੂੰ ਘਰ ਛੱਡ ਆਓ।”
“ਇਹੀ ਤਾਂ ਮਸਲਾ ਏ ਜਦੋਂ ਕਿਸੇ ਅਸਰ-ਰਸੂਖ਼ ਵਾਲੇ ਵਿਅਕਤੀ ਨਾਲ ਕੋਈ ਘਟਨਾ ਵਾਪਰਦੀ ਏ ਤਾਂ ਪੁਲਿਸ ਨੂੰ ਥਰਡ ਡਿਗਰੀ ਇਸਤੇਮਾਲ ਕਰਨ 'ਤੇ ਮਜ਼ਬੂਰ ਕੀਤਾ ਜਾਂਦਾ ਏ। ਕਿਸੇ ਵੀ ਕੀਮਤ 'ਤੇ ਰਿਕਵਰੀ ਹੋਣੀ ਚਾਹੀਦੀ ਏ। ਮਾਮਲਾ ਮੰਤਰੀ ਜੀ ਦਾ ਏ। ਤੇ ਜਦੋਂ ਕੋਈ ਥਾਣੇ ਵਿਚ ਮਰ ਜਾਏ ਤਾਂ ਫੇਰ ਪੁਲਿਸ ਉੱਤੇ ਪਰਚਾ ਦਰਜ ਕਰਨ ਲਈ ਵੀ ਅੱਗੇ-ਅੱਗੇ—ਦੋਗਲੇ ਨੇ ਸਾਲੇ।” ਡੀ.ਐਸ.ਪੀ. ਨੇ ਤਕੜੀ ਜਿਹੀ ਗਾਲ੍ਹ ਕੱਢਦਿਆਂ ਕਿਹਾ।
ਮੱਲਾਂ ਵਾਲਾ ਸਟੇਸ਼ਨ ਉੱਤੇ ਪਹੁੰਚ ਕੇ ਉਹ ਕੱਚਾ ਰਸਤਾ ਇਕ ਪੱਕੀ ਸੜਕ ਨਾਲ ਜਾ ਮਿਲਿਆ ਸੀ। ਜਿੱਥੋਂ ਦੋ ਰਸਤੇ ਹੋ ਗਏ ਸਨ। ਕੱਚਾ ਰਸਤਾ ਅੱਗੇ ਵੀ ਚਲਾ ਜਾਂਦਾ ਸੀ। ਉਸ ਉਪਰ ਜਾਇਆ ਜਾਏ ਜਾਂ ਪੱਕੀ ਰੋਡ 'ਤੇ ਚੱਲਿਆ ਜਾਏ, ਜੇ ਇੱਥੋਂ ਲੁਟੇਰੇ ਪੱਕੀ ਸੜਕ 'ਤੇ ਚੜ੍ਹ ਗਏ ਹੋਏ ਫੇਰ? ਰਸਤੇ ਵਿਚ ਰੁਕ-ਰੁਕ ਕੇ ਉਹ ਕੱਚੇ ਰਸਤੇ 'ਤੇ ਮੋਟਰ ਸਾਈਕਲ ਦੇ ਟਾਇਰਾਂ ਦੇ ਨਿਸ਼ਾਨ ਦੇਖਦੇ ਆਏ ਸਨ। ਕੱਚੇ ਰਸਤੇ ਤੋਂ ਇਕ ਮੋਟਰ ਸਾਈਕਲ ਦੇ ਟਾਇਰਾਂ ਦੇ ਨਿਸ਼ਾਨ ਪੱਕੀ ਸੜਕ ਵਲ ਵੀ ਮੁੜੇ ਸਨ। ਕਿਸੇ ਨਤੀਜੇ 'ਤੇ ਨਾ ਪਹੁੰਚ ਸਕਣ ਕਰਕੇ ਇਕਬਾਲ ਨੇ ਸਾਰੀਆਂ ਸਰਚ-ਪਾਰਟੀਆਂ ਨੂੰ ਮੱਲਾਂ ਵਾਲਾ ਪੁਲਿਸ ਸਟੇਸ਼ਨ ਵਿਚ ਇਕੱਤਰ ਹੋਣ ਦਾ ਹੁਕਮ ਦਿੱਤਾ ਤੇ ਉਹ ਖ਼ੁਦ ਵੀ ਮੱਲਾਂ ਵਾਲਾ ਪੁਲਿਸ ਸਟੇਸ਼ਨ ਵਲ ਚੱਲ ਪਏ।
ਲਗਭਗ ਇਕ ਘੰਟੇ ਦੇ ਅੰਦਰ-ਅੰਦਰ ਸਾਰੀਆਂ ਸਰਚ-ਪਾਰਟੀਆਂ ਥਾਣੇ ਵਿਚ ਇਕੱਤਰ ਹੋ ਗਈਆਂ। ਕਿਸੇ ਨੂੰ ਕੋਈ ਸੁਰਾਗ ਨਹੀਂ ਸੀ ਮਿਲਿਆ। ਕਬੀਰ ਨੇ ਸਾਰੀਆਂ ਟੋਲੀਆਂ ਨੂੰ ਹੁਣ ਤਕ ਮਿਲੀ ਜਾਣਕਾਰੀ ਤੋਂ ਜਾਣੂੰ ਕਰਵਾਇਆ। ਦੁਬਾਰਾ ਉਹਨਾਂ ਦੀ ਬਰੀਫ਼ਿੰਗ ਕੀਤੀ ਤੇ ਮੁੜ ਅਭਿਆਨ ਸ਼ੁਰੂ ਹੋ ਗਿਆ। ਪੂਰੀ ਰਾਤ ਇਲਾਕੇ ਨੂੰ ਛਾਣ ਮਾਰਿਆ ਗਿਆ ਪਰ ਕਿਤੇ ਕੋਈ ਥਹੁ ਨਹੀਂ ਲੱਗਾ। ਸਵੇਰ ਹੋ ਚੱਲੀ ਸੀ ਸਰਚ ਪਾਰਟੀਆਂ ਨੂੰ ਮੁੜ ਇਕੱਠਾ ਕਰਨ ਪਿੱਛੋਂ ਉਹਨਾਂ ਨੂੰ ਫੇਰ ਗਿਆਰਾਂ ਵਜੇ ਇਕੱਠੇ ਹੋਣ ਦਾ ਸਮਾਂ ਦੇ ਕੇ ਇਕਬਾਲ ਤੇ ਕਬੀਰ ਵਾਪਸ ਪਰਤ ਆਏ।
ਦਿਨੇ ਵੀ ਲਗਭਗ ਸਰਚ ਜਾਰੀ ਰਹੀ। ਮੁਖਬਰਾਂ ਨੂੰ ਅਲਰਟ ਕਰ ਦਿੱਤਾ ਗਿਆ। ਕਬੀਰ ਇਕ ਵਾਰੀ ਫੇਰ ਗਈ ਰਾਤ ਤਕ ਉਸ ਇਲਾਕੇ ਵਿਚ ਪੈਟਰੋਲਿੰਗ ਕਰਦਾ ਰਿਹਾ। ਨਾਕਿਆਂ ਉੱਤੇ ਤਲਾਸ਼ੀ ਚੱਲ ਰਹੀ ਸੀ। ਪਰ ਕੁਝ ਹਾਸਲ ਲਈ ਸੀ ਹੋਇਆ।
ਵਾਰਦਾਤ ਨੂੰ ਹੋਇਆਂ ਅੱਜ ਦੂਜਾ ਦਿਨ ਸੀ। ਲੁਟੇਰਿਆਂ ਦਾ ਕੋਈ ਥਹੁ ਨਹੀਂ ਸੀ ਮਿਲ ਰਿਹਾ। ਜਿਵੇਂ ਉਹਨਾਂ ਨੂੰ ਜ਼ਮੀਨ ਜਾਂ ਆਸਮਾਨ ਨੇ ਨਿਗਲ ਲਿਆ ਹੋਵੇ!
ਕਬੀਰ ਤੇ ਇਕਬਾਲ ਦੋਵੇਂ ਕਮਰੇ ਵਿਚ ਬੈਠੇ ਹੋਏ ਨਵੀਂ ਰਣਨੀਤੀ ਬਣਾ ਰਹੇ ਸਨ। ਸ਼ਹਿਰ ਦੇ ਸਾਰੇ ਨਾਕਿਆਂ ਉਪਰ ਲਾਲ ਰੰਗ ਦੇ ਮੋਟਰ ਸਾਈਕਲਾਂ ਦੀ ਲਗਾਤਾਰ ਚੈਕਿੰਗ ਚੱਲ ਰਹੀ ਸੀ। ਆਸੇ-ਪਾਸੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਜ਼ਿਲਾ ਅਫ਼ਸਰਾਂ ਵੱਲੋਂ ਕਿਸੇ ਲਾਲ ਰੰਗ ਦੇ ਮੋਟਰ ਸਾਈਕਲ 'ਤੇ ਸਵਾਰ ਤਿੰਨ ਜਾਂ ਚਾਰ ਨੌਜਵਾਨਾਂ ਦੀਆਂ ਸ਼ੱਕੀ ਗਤੀਵਿਧੀਆਂ ਦੀ ਸੂਚਨਾਂ ਦੇਣ ਲਈ ਕਿਹਾ ਜਾ ਚੁੱਕਿਆ ਸੀ। ਕਬੀਰ ਚਾਰਜ ਛੱਡਣ ਤੋਂ ਪਹਿਲਾਂ ਇਹ ਕੇਸ ਹੱਲ ਕਰ ਲੈਣਾ ਚਾਹੁੰਦਾ ਸੀ। ਇਸ ਲਈ ਉਸਨੇ ਦਿਨ ਰਾਤ ਇਕ ਕਰ ਦਿੱਤੇ।
ਉਸੇ ਸਮੇਂ ਕਮਰੇ ਦੇ ਬਾਹਰ ਕੁਝ ਸ਼ੋਰ ਸੁਣਾਈ ਦਿੱਤਾ। ਕਬੀਰ ਨੇ ਘੰਟੀ ਵਜਾ ਕੇ ਅਰਦਲੀ ਨੂੰ ਅੰਦਰ ਬੁਲਾਇਆ ਤੇ ਪੁੱਛਿਆ...:
“ਬਾਹਰ ਏਨਾ ਸ਼ੋਰ ਕਿਉਂ ਹੋ ਰਿਹੈ?”
“ਜਨਾਬ ਇਕ ਬੁੱਢਾ ਆਦਮੀ ਤੁਹਾਡੇ ਨਾਲ ਮਿਲਣ ਦੀ ਜ਼ਿਦ ਕਰ ਰਿਹੈ। ਮੈਂ ਉਸਨੂੰ ਕਿਹਾ ਕਿ ਸਾਹਬ ਮੀਟਿੰਗ ਵਿਚ ਨੇ ਪਰ ਉਹ ਮੰਨਦਾ ਈ ਨਹੀਂ ਪਿਆ, ਮੇਰੇ ਨਾਲ ਝਗੜ ਰਿਹੈ।”
“ਕੋਈ ਗੱਲ ਨਹੀਂ, ਇੰਜ ਕਰੋ ਉਸਨੂੰ ਕਹੋ ਕਿ ਥੋੜ੍ਹੀ ਦੇਰ ਇੰਤਜ਼ਾਰ ਕਰੇ ਮੈਂ ਉਸਨੂੰ ਫੌਰਨ ਬੁਲਾਂਦਾ ਆਂ।”
ਕਬੀਰ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਇਕ ਬੁੱਢਾ ਆਦਮੀ ਕਾਹਲ ਨਾਲ ਕਮਰੇ ਵਿਚ ਵੜ ਆਇਆ। ਅਰਦਲੀ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਦੋਵੇਂ ਹੱਥ ਜੋੜਦਾ ਹੋਇਆ ਅਹੁਲ ਕੇ ਕਬੀਰ ਦੇ ਪੈਰਾਂ ਵਿਚ ਡਿੱਗ ਪਿਆ।
“ਬਚਾ ਲਓ ਸਰਕਾਰ, ਬਚਾ ਲਓ।”
“ਓਇ-ਓ—ਕੀ ਕਰ ਰਹੇ ਓ।” ਕਬੀਰ ਨੇ ਝਟਕੇ ਨਾਲ ਕੁਰਸੀ ਪਿੱਛੇ ਖਿਸਕਾ ਲਈ।
ਅਰਦਲੀ ਨੇ ਫੇਰ ਅਹੁਲ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕਬੀਰ ਨੇ ਉਸਨੂੰ ਹੱਥ ਦੇ ਇਸ਼ਾਰੇ ਨਾਲ ਮਨ੍ਹਾਂ ਕਰ ਦਿੱਤਾ। ਅਰਦਲੀ ਦੇ ਚਿਹਰੇ ਉੱਤੇ ਬੇਬਸੀ ਦੇ ਆਸਾਰ ਸਾਫ ਦੇਖੇ ਜਾ ਸਕਦੇ ਸਨ।
“ਉਠ ਬਾਬਾ ਉਠ, ਦੱਸ ਕੀ ਗੱਲ ਏ?” ਕਬੀਰ ਨੇ ਉਸਨੂੰ ਮੋਢਿਓਂ ਫੜ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਬੁੱਢਾ ਟਸ ਤੋਂ ਮਸ ਨਹੀਂ ਹੋਇਆ।
“ਨਹੀਂ ਨਹੀਂ, ਜਦੋਂ ਤਕ ਜਨਾਬ ਮੇਰੀ ਸਮੱਸਿਆ ਦਾ ਹੱਲ ਨਹੀਂ ਕਰ ਦੇਂਦੇ, ਮੈਂ ਜਨਾਬ ਦੇ ਪੈਰ ਨਹੀਂ ਛੱਡਾਂਗਾ।”
“ਜਦ ਤਕ ਤੁਸੀਂ ਮੈਨੂੰ ਆਪਣੀ ਮੁਸ਼ਕਿਲ ਦੱਸੇਂਗਾ ਨਹੀਂ ਮੈਂ ਉਸਨੂੰ ਹੱਲ ਕਿੰਜ ਕਰ ਸਕਾਂਗਾ?” ਕਬੀਰ ਨੇ ਅਤਿ ਮੁਲਾਇਮ ਲਹਿਜੇ ਵਿਚ ਕਿਹਾ।
ਕਬੀਰ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਉਠਾਇਆ। ਅਰਦਲੀ ਨੂੰ ਕਿਹਾ ਕਿ ਪਾਣੀ ਲਿਆ ਕੇ ਬੁੱਢੇ ਨੂੰ ਪਿਆਏ। ਅਰਦਲੀ ਨੇ ਉਸਨੂੰ ਪਾਣੀ ਪਿਆਇਆ ਤੇ ਕਬੀਰ ਨੇ ਉਸਨੂੰ ਕੁਰਸੀ 'ਤੇ ਬੈਠਣ ਲਈ ਕਿਹਾ ਪਰ ਉਸਨੇ ਇਨਕਾਰ ਕਰ ਦਿੱਤਾ।
“ਨਹੀਂ ਜਨਾਬ ਮੈਂ ਏਥੇ ਈ ਠੀਕ ਆਂ।”
ਇਸ ਦੌਰਾਨ ਇਕਬਾਲ ਚੁੱਪਚਾਪ ਬੈਠਾ ਇਹ ਸਾਰਾ ਵਾਰਤਲਾਪ ਸੁਣਦਾ ਰਿਹਾ ਸੀ।
“ਹਾਂ, ਹੁਣ ਦੱਸੋ ਕੀ ਗੱਲ ਏ?”
ਕਬੀਰ ਨੇ ਬੁੱਢੇ ਵਲ ਗੌਰ ਨਾਲ ਦੇਖਿਆ। ਜਿੰਨਾ ਬੁੱਢਾ ਉਹ ਲੱਗ ਰਿਹਾ ਸੀ, ਓਨਾ ਸੀ ਨਹੀਂ।
“ਕੀ ਨਾਂਅ ਏਂ ਤੁਹਾਡਾ?” ਕਬੀਰ ਨੇ ਪੁੱਛਿਆ।
“ਹਰਮਿੰਦਰ ਸਿੰਘ, ਉਮਰ ਤਕਰੀਬਨ ਪੰਜਾਹ ਸਾਲ।”
“ਕੀ ਕਰਦੇ ਓ?”
“ਜਨਾਬ ਖੇਤੀ ਕਰਦਾ ਆਂ।”
“ਕਿੰਨੀ ਜ਼ਮੀਨ ਏਂ?”
“ਪਹਿਲਾਂ ਤਾਂ ਪੂਰੀ ਬਾਦਸ਼ਾਹੀ ਸੀ ਪਰ ਹੁਣ ਤਾਂ ਸਿਰਫ ਇੱਜ਼ਤ ਈ ਰਹਿ ਰਈ ਏ।”
ਬੁੱਢੇ ਦੀ ਆਵਾਜ਼ ਵਿਚ ਇਕ ਅਜੀਬ ਜਿਹੀ ਹਸਰਤ ਸੀ। ਕਬੀਰ ਨੂੰ ਉਸਦੀ ਆਵਾਜ਼ ਵਿਚ ਇਕ ਸੁਚੱਜਾਪਨ ਮਹਿਸੂਸ ਹੋਇਆ।
“ਕਿੱਥੇ ਰਹਿੰਦੇ ਓ?”
“ਅਲੀਪੁਰ ਵਿਚ ਜੀ।”
“ਤੁਹਾਡਾ ਪੂਰਾ ਨਾਂ ਕੀ ਏ?” ਇਕਬਾਲ ਨੇ ਗੌਰ ਨਾਲ ਬੁੱਢੇ ਵਲ ਦੇਖਦਿਆਂ ਹੋਇਆਂ ਪਹਿਲੀ ਵਾਰ ਇਸ ਮਾਮਲੇ ਵਿਚ ਦਿਲਚਸਪੀ ਲਈ।
“ਹਰਮਿੰਦਰ ਸਿੰਘ ਸੋਢੀ ਜੀ।”
“ਜ਼ਿਮੀਂਦਾਰ ਕੁਲਵਿੰਦਰ ਸਿੰਘ ਸੋਢੀ ਦਾ ਬੇਟਾ, ਹੀਰਾ!”
ਬੁੱਢੇ ਨੇ ਤ੍ਰਬਕ ਕੇ ਇਕਬਾਲ ਵਲ ਦੇਖਿਆ।
“ਹਰਮਿੰਦਰ ਸਿਆਂ, ਪਛਾਣਿਆ ਨਹੀਂ ਮੈਨੂੰ?” ਇਕਬਾਲ ਨੇ ਕਿਹਾ।
ਬੁੱਢੇ ਦੇ ਚਿਹਰੇ ਉੱਤੇ ਪਛਾਣ ਦੀ ਇਕ ਝਲਕ ਉਭਰੀ।
“ਥਾਣੇਦਾਰ ਇਕਬਾਲ ਸਿੰਘ, ਓਇ ਥਾਣੇਦਾਰਾ, ਮੈਂ ਸੁਣਿਆ ਸੀ ਬਈ ਤੂੰ ਵੱਡਾ ਅਫ਼ਸਰ ਬਣ ਗਿਆ ਏਂ! ਡੀ.ਐਸ.ਪੀ. ਬਣ ਗਿਆ ਏਂ?”
ਬੁੱਢਾ ਜੋਸ਼ ਵਿਚ ਉਠ ਕੇ ਖੜ੍ਹਾ ਹੋ ਗਿਆ। ਇਕਬਾਲ ਉਸ ਵਲ ਵਧਿਆ ਤੇ ਉਸਨੂੰ ਗਲ਼ੇ ਲਾਉਣ ਲਈ ਆਪਣੀਆਂ ਬਾਹਾਂ ਫ਼ੈਲਾਅ ਦਿੱਤੀਆਂ। ਬੁੱਢੇ ਨੇ ਬਿੰਦ ਦਾ ਬਿੰਦ ਆਪਣੇ ਮੈਲੇ ਕੱਪੜਿਆਂ ਵਲ ਦੇਖਿਆ ਤੇ ਝਿਜਕ ਗਿਆ।
ਦੂਜੇ ਪਲ ਦੋਵੇਂ ਇਕ ਦੂਜੇ ਦੀਆਂ ਬਾਹਾਂ ਵਿਚ ਸਮਾਅ ਗਏ।
ਬੁੱਢੇ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਇਕਬਾਲ ਦੀਆਂ ਅੱਖਾਂ ਵੀ ਸਿੱਜਲ ਹੋ ਗਈਆਂ।
ਥੋੜ੍ਹੀ ਦੇਰ ਬਾਅਦ ਇਕਬਾਲ ਨੇ ਹੀਰੇ ਨੂੰ ਚੁੱਪ ਕਰਾਇਆ। ਉਸਦੇ ਅੱਥਰੂ ਪੂੰਝੇ। ਅਰਦਲੀ ਤੋਂ ਮੰਗਵਾ ਕੇ ਪਾਣੀ ਪਿਆਇਆ ਤੇ ਚਾਹ ਲਿਆਉਣ ਲਈ ਕਿਹਾ।
ਕਬੀਰ ਇਸ ਦੌਰਾਨ ਹੈਰਾਨ-ਹੈਰਾਨ ਜਿਹਾ ਉਹਨਾਂ ਵੱਲ ਤੱਕਦਾ ਰਿਹਾ।
“ਹੀਰਿਆ ਤੈਨੂੰ ਇਸ ਹਾਲਤ ਵਿਚ ਦੇਖ ਕੇ ਦੁੱਖ ਹੀ ਨਹੀਂ ਹੈਰਾਨੀ ਵੀ ਹੋ ਰਹੀ ਏ। ਅਚਾਨਕ ਇਹ ਕੀ ਹੋ ਗਿਆ? ਜ਼ਿਮੀਂਦਾਰ ਕੁਲਵਿੰਦਰ ਸਿੰਘ ਸੋਢੀ ਜਿਸਦੇ ਦਰਵਾਜ਼ੇ 'ਤੇ ਸੈਂਕੜੇ ਲੋਕ ਖਾਣਾ ਖਾਦੇਂ ਹੋਣ; ਪਤਾ ਨਹੀਂ ਕਿੰਨੀਆਂ ਕੁ ਵਿਧਵਾਵਾਂ ਤੇ ਗਰੀਬਾਂ ਦੇ ਚੁੱਲ੍ਹੇ ਬਲਦੇ ਹੋਣ—ਉਹ ਅੱਜ ਖ਼ੁਦ ਏਸ ਹਾਲਤ ਵਿਚ!” ਜਵਾਬ ਵਿਚ ਬੁੱਢੇ ਨੇ ਜਿਹੜੀ ਕਹਾਣੀ ਸੁਣਾਈ ਉਸਦਾ ਖੁਲਾਸਾ ਇੰਜ ਹੈ—
ਇਕਲੌਤੀ ਔਲਾਦ ਹੋਣ ਕਰਕੇ ਹਰਵਿੰਦਰ ਸਿੰਘ ਆਪਣੇ ਪਿਤਾ ਦਾ ਲਾਡਲਾ ਸੀ। ਖ਼ੁਦ ਸਰਦਾਰ ਕੁਲਵਿੰਦਰ ਸਿੰਘ, ਜਿਹਨਾਂ ਨੂੰ ਲੋਕ ਜ਼ਿਮੀਂਦਾਰ ਸਾਹਬ ਆਖਦੇ ਹੁੰਦੇ ਸਨ, ਨੇ ਤਾਂ ਇਕ ਸੰਤ ਦੀ ਜ਼ਿੰਦਗੀ ਬਿਤਾਈ ਸੀ। ਕਦੀ ਆਪਣੇ ਐਸ਼-ਆਰਾਮ 'ਤੇ ਵਾਧੂ ਖਰਚ ਨਹੀਂ ਸੀ ਕੀਤਾ। ਬਚਪਨ ਵਿਚ ਹੀ ਮਾਂ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਹੀਰੇ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਏ ਇਸ ਲਈ ਪੁੱਤਰ ਦੀ ਹਰ ਖਾਹਿਸ਼ ਨੂੰ ਆਪਣਾ ਧਰਮ ਸਮਝ ਕੇ ਪੂਰਾ ਕੀਤਾ ਸੀ। ਬਹੁਤੇ ਲਾਡ-ਪਿਆਰ ਨੇ ਹੀਰੇ ਨੂੰ ਮਨਮਤੀਆ ਬਣਾ ਦਿੱਤਾ। ਪੜ੍ਹਾਈ ਲਿਖਾਈ ਵਿਚ ਤਾਂ ਉਸਦਾ ਮਨ ਪਹਿਲਾਂ ਹੀ ਨਹੀਂ ਸੀ ਲੱਗਦਾ। ਪਿਓ ਦੇ ਕਹਿਣ 'ਤੇ ਸਕੂਲ ਤਾਂ ਚਲਾ ਜਾਂਦਾ ਪਰ ਸਾਰਾ ਦਿਨ ਸ਼ਰਾਰਤੀ ਤੇ ਆਵਾਰਾ ਮੁੰਡਿਆਂ ਨਾਲ ਬਿਤਾਉਂਦਾ। ਜ਼ਿਮੀਂਦਾਰ ਸਾਹਬ ਨੇ ਕਿਸੇ ਦੇ ਸਮਝਾਉਣ 'ਤੇ ਉਸਨੂੰ ਸ਼ਹਿਰ ਭੇਜਣ ਦਾ ਫ਼ੈਸਲਾ ਕੀਤਾ। ਸ਼ਾਇਦ ਹੋਸਟਲ ਦੇ ਮਾਹੌਲ ਵਿਚ ਰਹਿ ਕੇ ਉਸਦੀਆਂ ਆਦਤਾਂ ਵਿਚ ਕੁਝ ਸੁਧਾਰ ਆ ਜਾਏ, ਪਰ ਹਾਲਾਤ ਹੋਰ ਵਿਗੜ ਗਏ। ਜ਼ਿਮੀਂਦਾਰ ਸਾਹਬ ਨੇ ਉਸ ਉੱਤੇ ਕਾਬੂ ਪਾਉਣ ਲਈ ਥੋੜ੍ਹੀ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਤੇ ਉਸਦੇ ਖਰਚਿਆਂ ਵਿਚ ਕਟੌਤੀ ਕਰ ਦਿੱਤੀ। ਹੀਰੇ ਨੂੰ ਆਵਾਰਾ ਦੋਸਤਾਂ ਦੀ ਸੋਹਬਤ ਵਿਚ ਨਸ਼ੇ ਦੀ ਲਤ ਵੀ ਲੱਗ ਗਈ ਸੀ। ਵਧੇ ਖਰਚੇ ਨੂੰ ਪੂਰਾ ਕਰਨ ਲਈ ਆਪਣੇ ਆਵਾਰਾ ਦੋਸਤਾਂ ਨਾਲ ਰਲ ਕੇ ਉਹ ਇਕ-ਦੋ ਛੋਟੀਆਂ ਮੋਟੀਆਂ ਵਾਰਦਾਤਾਂ ਵਿਚ ਵੀ ਸ਼ਾਮਲ ਹੋਇਆ। ਇਕ ਦਿਨ ਉਸਦੇ ਪਿਤਾ ਜੀ ਹੋਸਟਲ ਵਿਚ ਆਏ। ਹੀਰੇ ਦੀ ਤਬੀਅਤ ਠੀਕ ਨਹੀਂ ਸੀ। ਪੁੱਤਰ ਦੀ ਹਾਲਤ ਦੇਖ ਕੇ ਉਹਨਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਪੁੱਤਰ ਦੇ ਗ਼ਮ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੱਤਾ ਸੀ। ਕਹਿਣ ਲੱਗੇ, “ਕੀ ਇੰਜ ਨਹੀਂ ਹੋ ਸਕਦਾ ਕਿ ਤੂੰ ਪਰਤ ਆਵੇਂ ਤੇ ਮੇਰਾ ਪੁੱਤਰ ਬਣ ਕੇ ਖ਼ਾਨਦਾਨ ਦੀ ਇੱਜ਼ਤ ਵਧਾਵੇਂ? ਕੀ ਇੰਜ ਨਹੀਂ ਹੋ ਸਕਦਾ ਕਿ ਮੇਰੇ ਮਰਨ ਪਿੱਛੋਂ ਲੋਕ ਮੈਨੂੰ ਇੱਜ਼ਤ ਨਾਲ ਯਾਦ ਕਰਨ?” ਕਹਿੰਦਿਆਂ-ਕਹਿੰਦਿਆਂ ਉਹਨਾਂ ਦੀ ਆਵਾਜ਼ ਭਰੜਾਅ ਗਈ। ਪਿਓ ਦੇ ਲਹਿਜੇ ਵਿਚ ਏਨੀ ਹਸਰਤ ਸੀ ਕਿ ਹੀਰੇ ਦਾ ਵੀ ਰੋਣ ਨਿਕਲ ਗਿਆ। ਦੋਵੇਂ ਪਿਓ-ਪੁੱਤਰ ਬੜੀ ਦੇਰ ਤਕ ਗਲ਼ ਲੱਗ ਕੇ ਰੋਂਦੇ ਰਹੇ। ਹੀਰੇ ਨੇ ਵਾਅਦਾ ਕੀਤਾ ਕਿ ਉਹ ਸਾਰੀਆਂ ਮਾੜੀਆਂ ਆਦਤਾਂ ਛੱਡ ਦਏਗਾ ਤੇ ਆਪਣੇ ਪਿਓ ਦੀ ਆਗਿਆ ਵਿਚ ਰਹੇਗਾ। ਜ਼ਿਮੀਂਦਾਰ ਸਾਹਬ ਨੇ ਉਸਨੂੰ ਉਸੇ ਵੇਲੇ ਪਿੰਡ ਚੱਲਣ ਲਈ ਕਿਹਾ।
“ਤੁਸੀਂ ਚੱਲੋ ਮੈਂ ਸਵੇਰੇ ਆਪਣੇ ਸਾਰੇ ਬਿਲ ਵਗ਼ੈਰਾ ਭੁਗਤਾ ਕੇ ਪਿੰਡ ਆ ਜਾਵਾਂਗਾ।” ਹੀਰੇ ਨੇ ਤੱਸਲੀ ਦੇਂਦਿਆਂ ਹੋਇਆਂ ਕਿਹਾ।
ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਰਾਤ ਨੂੰ ਉਸਦੇ ਆਵਾਰਾ ਦੋਸਤ ਸ਼ਹਿਰ ਵਿਚ ਘੁੰਮਣ ਗਏ ਸਨ। ਉੱਥੇ ਇਕ ਰੇਸਟੋਰੈਂਟ ਵਿਚ ਉਹਨਾਂ ਦਾ ਕਿਸੇ ਨਾਲ ਝਗੜਾ ਹੋ ਗਿਆ। ਝਗੜੇ ਵਿਚ ਉਹਨਾਂ ਨੇ ਚਾਕੂ ਮਾਰ ਕੇ ਇਕ ਮੁੰਡੇ ਦਾ ਕਤਲ ਕਰ ਦਿੱਤਾ। ਭੀੜ ਨੇ ਮੌਕੇ 'ਤੇ ਹੀ ਕੁਝ ਮੁੰਡਿਆਂ ਨੂੰ ਫੜ ਲਿਆ। ਉਹਨਾਂ ਮੁੰਡਿਆਂ ਨੇ ਇਹ ਸੋਚ ਕੇ ਹੀਰੇ ਦਾ ਨਾਂ ਵੀ ਲੈ ਦਿੱਤਾ ਕਿ ਜਦੋਂ ਹੀਰੇ ਦੇ ਪਿਤਾ ਜੀ ਹੀਰੇ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦੀ ਪੈਰਵੀ ਵੀ ਹੋ ਜਾਏਗੀ। ਪੁਲਸ ਨੇ ਹੀਰੇ ਨੂੰ ਹੋਸਟਲ ਵਿਚੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਪਿੰਡ ਜਾਣ ਲਈ ਸਾਮਾਨ ਬੰਨ੍ਹ ਰਿਹਾ ਸੀ। ਹੀਰੇ ਦੀ ਗ੍ਰਿਫਤਾਰੀ ਨੇ ਹੀਰੇ ਦੇ ਪਿਤਾ ਦਾ ਲੱਕ ਤੋੜ ਦਿੱਤਾ। ਉਹਨਾਂ ਉਸਨੂੰ ਛੁਡਾਉਣ ਖਾਤਰ ਪੈਸਾ ਪਾਣੀ ਵਾਂਗ ਵਹਾ ਦਿੱਤਾ। ਸੇਸ਼ਨ ਕੋਰਟ ਨੇ ਹੀਰੇ ਤੇ ਉਸਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਹੀਰੇ ਦੇ ਪਿਤਾ ਦੀ ਪੈਰਵੀ ਤੇ ਅਸਰ-ਰਸੂਖ਼ ਨਾਲ ਹੀਰੇ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਗਈ ਪਰ ਇਕਲੌਤੇ ਪੁੱਤਰ ਦੀ ਉਮਰ ਕੈਦ ਦੀ ਸਜ਼ਾ ਨੇ ਜ਼ਿਮੀਂਦਾਰ ਸਾਹਬ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਮੁਕੱਦਮੇ ਦੀ ਪੈਰਵੀ ਵਿਚ ਅੱਧੀਓਂ ਵੱਧ ਜ਼ਮੀਨ ਵਿਕ ਚੁੱਕੀ ਸੀ। ਬਦਲਦੇ ਵਕਤ ਵਿਚ ਸ਼ਰਾਰਤੀ ਤੇ ਮਤਲਬ ਪਰਸਤ ਰਿਸ਼ਤੇਦਾਰਾਂ ਨੇ ਕਾਫੀ ਜ਼ਮੀਨ ਉੱਤੇ ਕਬਜਾ ਕਰ ਲਿਆ ਸੀ। ਸਮੇਂ ਦੀਆਂ ਠੋਕਰਾਂ ਨਾਲ ਕਮਜ਼ੋਰ ਹੋ ਚੁੱਕੀ ਇਹ ਕੰਧ ਇਹਨਾਂ ਲਗਾਤਾਰ ਸਦਮਿਆਂ ਦੀ ਮਾਰ ਨੂੰ ਨਾ ਸਹਾਰ ਸਕੀ ਤੇ ਇਕ ਦਿਨ ਢੈਅ ਗਈ।
ਦਸ ਸਾਲ ਦੀ ਸਜ਼ਾ ਪਿੱਛੋਂ ਹੀਰੇ ਦੀ ਬਾਕੀ ਦੀ ਸਜ਼ਾ ਸਰਕਾਰ ਨੇ ਉਸਦੇ ਚੰਗੇ ਚਾਲ-ਚਲਨ ਕਰਕੇ ਮੁਆਫ਼ ਕਰ ਦਿੱਤਾ। ਜੇਲ 'ਚੋਂ ਬਾਹਰ ਆਉਣ ਪਿੱਛੋਂ ਹੀ ਉਸਨੂੰ ਪਿਓ ਦੇ ਮਰਨ ਦੀ ਖ਼ਬਰ ਮਿਲੀ। ਕੁਝ ਵਫ਼ਾਦਾਰ ਕਰਿੰਦਿਆਂ ਨੇ ਜਿੰਨੀ ਕੁ ਜਾਇਦਾਦ ਬਚਾ ਕੇ ਰੱਖੀ ਸੀ, ਉਸ ਵਿਚ ਗੁਜ਼ਾਰਾ ਹੋਣ ਲੱਗਾ। ਇਕ ਨੇਕ ਨਾਮ ਖ਼ਾਨਦਾਨ ਨੂੰ ਸਮੇਂ ਦੇ ਗੇੜ ਨੇ ਆਸਮਾਨ ਤੋਂ ਜ਼ਮੀਨ 'ਤੇ ਲਿਆ ਸੁੱਟਿਆ ਸੀ।
ਹੀਰੇ ਦੀ ਦੁੱਖ ਭਰੀ ਦਾਸਤਾਨ ਸੁਣ ਕੇ ਇਕਬਾਲ ਤੇ ਕਬੀਰ ਦੋਵਾਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਸਨ।
ਕਬੀਰ ਨੇ ਇਕ ਡੂੰਘਾ ਸਾਹ ਭਰਦਿਆਂ ਇਕਬਾਲ ਨੂੰ ਸਵਾਲ ਕੀਤਾ—
“ਪਰ ਤੁਸੀਂ ਹੀਰੇ ਨੂੰ ਕਿੰਜ ਜਾਣਦੇ ਓ?”
ਇਕਬਾਲ ਨੇ ਵੀ ਇਕ ਹਊਕਾ ਜਿਹਾ ਭਰਦਿਆਂ ਹੋਇਆ ਕਿਹਾ, “ਮੈਂ ਵੀ ਅਲੀਪੁਰ ਦਾ ਰਹਿਣ ਵਾਲਾ ਈ ਆਂ। ਮੇਰੇ ਪਿਤਾ ਜ਼ਿਮੀਂਦਾਰ ਸਾਹਬ ਦੇ ਕੰਮ ਕਰਦੇ ਹੁੰਦੇ ਸਨ। ਹੀਰੇ ਦੇ ਪਿਤਾ ਨੇ ਮੇਰੇ ਉਪਰ ਰਹਿਮ ਕਰਕੇ ਮੈਨੂੰ ਪੜ੍ਹਨ-ਲਿਖਣ ਲਈ ਸ਼ਹਿਰ ਭੇਜਿਆ। ਉਹ ਮੇਰਾ ਪੜ੍ਹਾਈ ਦਾ ਸਾਰਾ ਖਰਚ ਦੇਂਦੇ ਸਨ। ਕੁਝ ਸਮੇਂ ਬਾਅਦ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਤਾਂ ਅਸੀਂ ਲੋਕ ਲੁਧਿਆਣੇ ਆਪਣੇ ਮਾਮਾ ਜੀ ਕੋਲ ਚਲੇ ਗਏ ਤੇ ਉੱਥੇ ਹੀ ਵੱਸ ਗਏ। ਹੀਰੇ ਨਾਲ ਮੇਰੀ ਦੋਸਤੀ ਪਿੰਡ ਵਿਚ ਵੀ ਸੀ ਜਦੋਂ ਹੀਰੇ ਦਾ ਐਡਮੀਸ਼ਨ ਸ਼ਹਿਰ ਵਿਚ ਹੋ ਗਿਆ ਉਦੋਂ ਇਹ ਦੋਸਤੀ ਹੋਰ ਵਧ ਗਈ।
“ਮੈਂ ਹੀਰੇ ਨੂੰ ਬੁਰੇ ਦੋਸਤਾਂ ਦੀ ਸੰਗਤ ਤੋਂ ਰੋਕਦਾ ਸੀ ਪਰ ਹੀਰਾ ਇਸ ਉੱਤੇ ਧਿਆਨ ਨਹੀਂ ਸੀ ਦੇਂਦਾ। ਹੌਲੀ ਹੌਲੀ ਮੈਂ ਹੀਰੇ ਤੋਂ ਦੂਰੀ ਬਣਾ ਲਈ। ਹਾਲਾਂਕਿ ਹੀਰੇ ਦੇ ਪਿਤਾ ਜਦੋਂ ਵੀ ਸ਼ਹਿਰ ਆਉਂਦੇ ਮੈਨੂੰ ਵੀ ਖਰਚ ਲਈ ਪੈਸੇ ਦੇ ਜਾਂਦੇ ਸੀ। ਲੁਧਿਆਣੇ ਜਾਣ ਪਿੱਛੋਂ ਇਹ ਸਿਲਸਿਲਾ ਟੁੱਟ ਗਿਆ। ਪਰ ਮੇਰਾ ਰੋਮ ਰੋਮ ਹੀਰੇ ਦੇ ਪਿਤਾ ਜੀ ਦਾ ਕਰਜ਼ਦਾਰ ਏ। ਜੇ ਉਹ ਮੇਰੀ ਮਦਦ ਨਾ ਕਰਦੇ ਤਾਂ ਸ਼ਾਇਦ ਮੈਂ ਅੱਜ ਇਸ ਜਗ੍ਹਾ 'ਤੇ ਨਾ ਹੁੰਦਾ।” ਇਕਬਾਲ ਨੇ ਜਜ਼ਬਾਤੀ ਰੌਅ ਵਿਚ ਕਿਹਾ, “ਹੀਰਿਆ ਮੈਂ ਤੈਥੋਂ ਮੁਆਫ਼ੀ ਮੰਗਦਾ ਆਂ ਕਿਉਂਕਿ ਮੈਂ ਤੁਹਾਡੀ ਲੋਕਾਂ ਦੀ ਸਾਰ ਨਹੀਂ ਲਈ ਤੇ ਤੁਸੀਂ ਏਨੀਆਂ ਮੁਸੀਬਤਾਂ ਝੱਲੀਆਂ।”
“ਨਹੀਂ ਨਹੀਂ ਇਕਬਾਲ, ਕੁਦਰਤ ਨੇ ਮੈਨੂੰ ਮੇਰੇ ਕਰਮਾਂ ਦੀ ਸਜ਼ਾ ਦਿੱਤੀ ਏ।”
“ਅੱਛਾ ਤਾਂ ਦੱਸ ਕੀ ਮੁਸੀਬਤ ਆਣ ਪਈ ਏ?” ਇਕਬਾਲ ਨੇ ਫੇਰ ਮੁੱਦੇ ਉਪਰ ਆਉਂਦਿਆਂ ਹੋਇਆਂ ਕਿਹਾ।
“ਕੀ ਦੱਸਾਂ, ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨੇ ਸ਼ਾਦੀ ਲਈ ਦਬਾਅ ਪਾਇਆ। ਮੈਂ ਤਾਂ ਇਵੇਂ ਈ ਜ਼ਿੰਦਗੀ ਗੁਜਾਰ ਦੇਣਾ ਚਾਹੁੰਦਾ ਸਾਂ ਪਰ ਘਰ ਦੀ ਤਨਹਾਈ ਦਾ ਖ਼ਿਆਲ ਕਰਦਿਆਂ ਹੋਇਆਂ ਇਹ ਸੋਚਿਆ ਕਿ ਚਲੋ ਇੰਜ ਇਕ ਤੋਂ ਦੋ ਹੋ ਜਾਵਾਂਗੇ ਤੇ ਜ਼ਿੰਦਗੀ ਕੁਝ ਸ਼ਾਂਤੀ ਨਾਲ ਬੀਤ ਜਾਏਗੀ। ਏਡੇ ਵੱਡੇ ਘਰ ਵਿਚ ਇਕੱਲੇ ਰਹਿਣਾ ਵੀ ਤਾਂ ਇਕ ਸਰਾਪ ਸੀ।” ਹੀਰੇ ਨੇ ਇਕ ਲੰਮਾ ਸਾਹ ਖਿੱਚਦਿਆਂ ਹੋਇਆਂ ਕਿਹਾ, “ਦੋਸਤਾਂ ਨੇ ਦੋ ਪਿੰਡ ਛੱਡ ਕੇ ਸੈਦਪੁਰ ਦੀ ਇਕ ਬੇਵਾ ਰਾਜਬੀਰ ਕੌਰ ਨਾਲ ਮੇਰਾ ਵਿਆਹ ਕਰ ਦਿੱਤਾ। ਰਾਜਬੀਰ ਦਾ ਪਤੀ ਫੌਜ ਵਿਚ ਸੀ ਜਿਹੜਾ ਬਾਰਡਰ 'ਤੇ ਇਕ ਆਤੰਕਵਾਦੀ ਹਮਲੇ ਵਿਚ ਮਾਰਿਆ ਗਿਆ ਸੀ। ਰਾਜਬੀਰ ਦੀ ਇਕ ਬਾਰਾਂ ਕੁ ਸਾਲ ਦੀ ਧੀ ਸੀ ਜਿਸਦਾ ਨਾਂ ਰੱਜੋ ਏ। ਮੈਂ ਸੋਚ ਕੇ ਕਿ ਚਲੋ ਘਰੇ ਚਹਿਲ-ਪਹਿਲ ਰਹੇਗੀ—ਮੇਰੀ ਔਲਾਦ ਨਾ ਸਹੀ, ਬੱਚਾ ਤਾਂ ਬੱਚਾ ਈ ਹੁੰਦੈ। ਰੱਜੋ ਹੌਲੀ ਹੌਲੀ ਵੱਡੀ ਹੁੰਦੀ ਗਈ। ਉਸਦੇ ਲੱਛਣ ਵੀ ਖਰਾਬ ਹੁੰਦੇ ਗਏ। ਮੈਂ ਉਸਨੂੰ ਸਕੂਲ ਵਿਚ ਪੜ੍ਹ ਪਾ ਦਿੱਤਾ ਪਰ ਉੱਥੋਂ ਉਸਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਕਿ ਉਹ ਸਕੂਲ, ਕਲਾਸ ਵਿਚ ਜਾਣ ਦੀ ਬਜਾਏ ਕੁਝ ਆਵਾਰਾ ਮੁੰਡਿਆਂ ਨਾਲ ਮੋਟਰ ਸਾਈਕਲ 'ਤੇ ਘੁੰਮਣ ਚਲੀ ਜਾਂਦੀ ਏ। ਮੈਂ ਉਸਨੂੰ ਸਕੂਲੋਂ ਹਟਾ ਲਿਆ ਤਾਂ ਉਹ ਮੁੰਡੇ ਘਰੇ ਆਉਣ ਲੱਗ ਪਏ।” ਹੀਰਾ ਕੁਝ ਚਿਰ ਸਾਹ ਲੈਣ ਲਈ ਰੁਕਿਆ।
“ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਨੇ?” ਕਬੀਰ ਨੇ ਪੁੱਛਿਆ।
“ਮੈਂ ਜਾਣਦਾ ਨਹੀਂ ਪਰ ਉਹ ਮੁੰਡੇ ਠੀਕ ਨਹੀਂ ਲੱਗਦੇ। ਮੈਂ ਇਕ ਵਾਰੀ ਉਹਨਾਂ ਮੁੰਡਿਆਂ ਨੂੰ ਸਖ਼ਤੀ ਨਾਲ ਰੋਕਣਾ ਚਾਹਿਆ ਤਾਂ ਉਹਨਾਂ ਮੈਨੂੰ ਕੁੱਟ ਧਰਿਆ। ਤਕਰੀਬਨ ਚਾਰ ਪੰਜ ਮੁੰਡਿਆਂ ਦਾ ਗਰੁੱਪ ਏ। ਪਰਸੋਂ ਰਾਤੀਂ ਤਕਰੀਬਨ ਢਾਈ ਵਜੇ ਪੰਜ ਮੁੰਡੇ ਇਕ ਮੋਟਰ ਸਾਈਕਲ ਉਪਰ ਸਵਾਰ ਹੋ ਕੇ ਆਏ। ਉਹਨਾਂ ਵਿਚੋਂ ਦੋ ਮੁੰਡੇ ਤਾਂ ਕਿਧਰੇ ਚਲੇ ਗਏ ਪਰ ਤਿੰਨ ਜਬਰਦਸਤੀ ਮੇਰੇ ਘਰ ਰੁਕ ਗਏ। ਮੈਂ ਵਿਰੋਧ ਕੀਤਾ ਤਾਂ ਇਕ ਨੇ ਮੇਰੀ ਛਾਤੀ ਉਪਰ ਪਿਸਤੌਲ ਰੱਖ ਲਿਆ। ਕਲ੍ਹ ਰਾਤ ਮੈਂ ਇਕ ਮੁੰਡੇ ਨੂੰ ਮੇਰੀ ਕੁੜੀ ਦੇ ਕਮਰੇ ਦੇ ਆਸ-ਪਾਸ ਭੌਂਦਿਆਂ ਦੇਖਿਆ। ਮੇਰੇ ਕੋਲ ਹੁਣ ਜ਼ਮੀਨ ਜੈਦਾਦ ਤਾਂ ਹੈ ਨਹੀਂ ਬਸ ਇਕ ਇੱਜ਼ਤ ਈ ਰਹਿ ਗਈ ਏ। ਮੇਰੇ 'ਤੇ ਮਿਹਰਬਾਨੀ ਕਰੋ।” ਹੀਰਾ ਆਪਣੀ ਧੁਨ ਵਿਚ ਆਪਣੀ ਗੱਲ ਕਹੀ ਜਾ ਰਿਹਾ ਸੀ।
“ਉਹਨਾਂ ਕੋਲ ਕਿਹੜਾ ਮੋਟਰ ਸਾਈਕਲ ਏ?” ਕਬੀਰ ਨੇ ਬੇਚੈਨੀ ਨਾਲ ਪੁੱਛਿਆ।
“ਲਾਲ ਰੰਗ ਦਾ ਹਾਂਡਾ ਮੋਟਰ ਸਾਈਕਲ ਏ ਜੀ।” ਹੀਰੇ ਨੇ ਜਵਾਬ ਦਿੱਤਾ।
ਇਕਬਾਲ ਦੇ ਕਬੀਰ ਨੇ ਇਕ ਦੂਜੇ ਵਲ ਅਰਥ-ਭਰੀਆਂ ਨਿਗਾਹਾਂ ਨਾਲ ਦੇਖਿਆ।
ਕਬੀਰ ਦਾ ਚਿਹਰਾ ਜੋਸ਼ ਵਿਚ ਦਗਣ ਲੱਗਾ। ਉਸਨੂੰ ਲੱਗਿਆ ਸ਼ਾਇਦ ਕੁਦਰਤ ਉਸਦੀ ਮਦਦ ਕਰ ਰਹੀ ਹੈ।
“ਹੁਣ ਉਹ ਮੁੰਡੇ ਕਿੱਥੇ ਨੇ?” ਕਬੀਰ ਦੀ ਬੇਚੈਨੀ ਦੇਖਣ ਵਾਲੀ ਸੀ।
“ਘਰੇ ਈ ਨੇ, ਜਦੋਂ ਦੇ ਆਏ ਨੇ ਬਾਹਰ ਈ ਨਹੀਂ ਨਿਕਲੇ।”
ਹੀਰੇ ਨੇ ਉਤਰ ਦਿੱਤਾ—“ਵੈਸੇ ਮੈਂ ਇਕ ਮੁੰਡੇ ਨੂੰ ਕਹਿੰਦਿਆਂ ਸੁਣਿਆ ਏ ਕਿ ਅੱਜ ਰਾਤ ਉਹ ਉੱਥੋਂ ਚਲੇ ਜਾਣਗੇ। ਉਹਨਾਂ ਮੈਨੂੰ ਧਮਕੀ ਦਿੱਤੀ ਏ ਕਿ ਜੇ ਮੈਂ ਉਹਨਾਂ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਨੂੰ ਜਾਨੋਂ ਮਾਰ ਦੇਣਗੇ ਤੇ ਮੇਰੀ ਕੁੜੀ ਨੂੰ ਚੁੱਕ ਕੇ ਲੈ ਜਾਣਗੇ। ਮੈਂ ਅੱਜ ਘਰੇਲੂ ਸਮਾਨ ਖਰੀਦਨ ਦੇ ਬਹਾਨੇ ਨਿਕਲਿਆ ਆਂ।”
ਹੀਰੇ ਨੇ ਬੇਚੈਨੀ ਨਾਲ ਪਾਸਾ ਬਦਲਦਿਆਂ ਹੋਇਆਂ ਕਿਹਾ, “ਸਾਹਬ ਮੇਰੀ ਇੱਜ਼ਤ ਬਚਾ ਲਓ ਹੁਣ ਮੇਰੇ ਕੋਲ ਇਸ ਦੇ ਸਿਵਾਏ ਕੁਝ ਨਹੀਂ।” ਹੀਰੇ ਨੇ ਕਬੀਰ ਵਲ ਹੱਥ ਜੋੜਦਿਆਂ ਹੋਇਆਂ ਤਰਲਾ ਜਿਹਾ ਮਾਰਿਆ।
“ਹੀਰਾ ਸਿੰਘ ਤੁਸੀਂ ਘਬਰਾਓ ਨਾ, ਘਰ ਵਾਪਸ ਜਾਓ ਤੇ ਇੰਜ ਜਾਹਰ ਕਰੋ ਜਿਵੇਂ ਕੁਝ ਹੋਇਆ ਹੀ ਨਹੀਂ।” ਕਬੀਰ ਨੇ ਤਸੱਲੀ ਦੇਂਦਿਆਂ ਕਿਹਾ। “ਇਹ ਲੋਕ ਖਤਰਨਾਕ ਲੱਗਦੇ ਨੇ ਇਸ ਲਈ ਸਾਵਧਾਨੀ ਜ਼ਰੂਰੀ ਏ। ਅੱਜ ਰਾਤ ਨੂੰ ਅਸੀਂ ਤੁਹਾਡੇ ਘਰ ਕੋਲ ਨਾਕਾ ਲਾ ਕੇ ਉਹਨਾਂ ਨੂੰ ਫੜ੍ਹ ਲਵਾਂਗੇ। ਜੇ ਅਸੀਂ ਹੁਣੇ ਕੋਈ ਕਾਰਵਾਈ ਕਰਾਂਗੇ ਤਾਂ ਤੁਹਾਡੀ ਪਤਨੀ ਤੇ ਬੱਚੀ ਨੂੰ ਖਤਰਾ ਹੋ ਸਕਦਾ ਏ।”
ਹੀਰੇ ਦੇ ਚਿਹਰੇ ਉੱਤੇ ਧੰਨਵਾਦ ਦੇ ਭਾਵ ਨਜ਼ਰ ਆਏ।
“ਇਕਬਾਲ ਮੈਂ ਤੁਹਾਡਾ ਜ਼ਿੰਦਗੀ ਭਰ ਅਹਿਸਾਨਮੰਦ ਰਹਾਂਗਾ, ਇਸ ਮੁਸੀਬਤ ਤੋਂ ਮੇਰਾ ਖਹਿੜਾ ਛੁਡਾਅ ਦੇਓ ਮੇਰੇ ਭਰਾ!” ਹੀਰੇ ਦੀਆਂ ਅੱਖਾਂ ਵਿਚ ਫੇਰ ਅੱਥਰੂ ਆ ਗਏ।
ਇਕਬਾਲ ਨੇ ਉਸਨੂੰ ਮੁੜ ਗਲ਼ੇ ਲਾਇਆ, “ਤੂੰ ਘਬਰਾ ਨਾ ਤੇਰੀ ਪੂਰੀ ਮਦਦ ਕੀਤੀ ਜਾਏਗੀ। ਹੁਣ ਤੂੰ ਜਾਹ ਵਰਨਾ ਉਹਨਾਂ ਨੂੰ ਸ਼ੱਕ ਹੋ ਜਾਏਗਾ। ਤੂੰ ਬਿਲਕੁਲ ਤੱਸਲੀ ਰੱਖ।”
“ਮੇਰੇ ਵਿਚਾਰ ਵਿਚ ਇਹ ਉਹੀ ਗਿਰੋਹ ਏ। ਰੇਲਵੇ ਕਰਾਸਿੰਗ ਤੋਂ ਅੱਗੇ ਇਕ ਰਸਤਾ ਵਾਪਸ ਅਲੀਪੁਰ ਨੂੰ ਜਾਂਦਾ ਏ ਜਿਹੜਾ ਘਟਨਾ ਵਾਲੀ ਥਾਂ ਦੇ ਬਿਲਕੁਲ ਵਿਪਰੀਤ ਦਿਸ਼ਾ ਵਿਚ ਏ।” ਇਕਬਾਲ ਨੇ ਜੋਸ਼ ਭਰੀ ਆਵਾਜ਼ ਵਿਚ ਕਿਹਾ।
“ਲੁਟੇਰਿਆਂ ਨੇ ਚਾਲਾਕੀ ਨਾਲ ਪੁਲਿਸ ਨੂੰ ਗੁਮਰਾਹ ਕਰ ਦਿੱਤਾ। ਅਸੀਂ ਕਿਤੇ ਹੋਰ ਲੱਭਦੇ ਰਹੇ ਤੇ ਉਹ ਕਿਤੇ ਹੋਰ ਲੁਕੇ ਰਹੇ। ਕਿਉਂਕਿ ਇਸ ਦੌਰਾਨ ਉਹਨਾਂ ਦੀ ਕੋਈ ਵੀ ਮੂਵਮੈਂਟ ਨਹੀਂ ਹੋਈ ਇਸ ਲਈ ਕਿਤੋਂ ਕੋਈ ਇਤਲਾਹ ਵੀ ਨਹੀਂ ਮਿਲੀ।” ਇਕਬਾਲ ਨੇ ਗੱਲ ਮੁਕੰਮਲ ਕੀਤੀ।
“ਇੰਜ ਕਰਦੇ ਆਂ ਕੁਛ ਪੁਲਿਸ ਵਾਲੇ ਸਾਦੀ ਵਰਦੀ ਵਿਚ ਉੱਥੇ ਲਾ ਦਿੰਦੇ ਆਂ ਜਿਹੜੇ ਲੁਟੇਰਿਆਂ ਦੀ ਗਤੀਵਿਧੀ ਉਪਰ ਨਜ਼ਰ ਰੱਖਣਗੇ।” ਕਬੀਰ ਨੇ ਕਿਹਾ।
“ਲੁਟੇਰੇ ਚਾਲਾਕ ਨੇ ਤੇ ਉਹਨਾਂ ਕੋਲ ਹਥਿਆਰ ਵੀ ਨੇ ਜੇ ਉਹਨਾਂ ਨੇ ਕੋਈ ਓਪਰੀ ਗਤੀਵਿਧੀ ਦੇਖੀ ਤਾਂ ਉਹ ਫਰਾਰ ਹੋ ਜਾਣਗੇ ਜਾਂ ਘਰ ਵਾਲਿਆਂ ਨੂੰ ਬੰਧਕ ਬਣਾ ਕੇ ਵੀ ਨਿਕਲ ਸਕਦੇ ਨੇ।” ਇਕਬਾਲ ਨੇ ਕਿਹਾ।
“ਫੇਰ ਕੀ ਕੀਤਾ ਜਾਏ?” ਕਬੀਰ ਨੇ ਪੁੱਛਿਆ।
“ਮੈਨੂੰ ਪਤਾ ਏ ਪਿੰਡੋਂ ਆਉਣ-ਜਾਣ ਲਈ ਸਿਰਫ ਇਕੋ ਰਸਤਾ ਏ। ਪਿੰਡ ਦੇ ਐਨ ਬਾਹਰਵਾਰ ਇਕ ਨਹਿਰ ਲੰਘਦੀ ਏ। ਇਹ ਰਸਤਾ ਉਸ ਨਹਿਰ ਉੱਤੇ ਬਣੀ ਪੁਲੀ ਉਪਰੋਂ ਹੋ ਕੇ ਲੰਘਦਾ ਏ। ਲੁਟੇਰੇ ਦਿਨੇ ਨਿਕਲਣ ਦੀ ਹਿੰਮਤ ਨਹੀਂ ਕਰਨਗੇ। ਉਹਨਾਂ ਨੂੰ ਪਤਾ ਏ ਕਿ ਪੁਲਿਸ ਉਹਨਾਂ ਨੂੰ ਚੱਪੇ-ਚੱਪੇ ਉਪਰ ਲੱਭ ਰਹੀ ਏ। ਉਹ ਰਾਤ ਨੂੰ ਹੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨਗੇ। ਨਹਿਰ ਦੇ ਨਾਲ ਨਾਲ ਜਾ ਕੇ ਇਕ ਘੰਟੇ ਵਿਚ ਉਹ ਬਾਹਰ ਨਿਕਲ ਸਕਦੇ ਨੇ। ਮੇਰਾ ਇਕ ਗੰਨਮੈਨ ਬਲਬੀਰ ਅਲੀਪੁਰ ਦਾ ਈ ਏ। ਮੈਂ ਉਸਨੂੰ ਬਰੀਫ਼ ਕਰਕੇ ਪਿੰਡ ਭੇਜ ਦੇਂਦਾ ਆਂ। ਉਸਦੀ ਆਮਦ ਨੂੰ ਪਿੰਡ ਵਿਚ ਸਰਸਰੀ ਤੌਰ 'ਤੇ ਲਿਆ ਜਾਏਗਾ। ਰਾਤ ਨੂੰ ਉਹ ਹੀਰੇ ਦੇ ਘਰ ਉਪਰ ਨਜ਼ਰ ਰੱਖੇਗਾ। ਅਸੀਂ ਪੁਲੀ ਉੱਤੇ ਸੂਰਜ ਛਿਪਣ ਤੋਂ ਬਾਅਦ ਨਾਕਾ ਲਾਵਾਂਗੇ ਜਦੋਂ ਉਹ ਲੋਕ ਰਾਤ ਨੂੰ ਬਾਹਰ ਨਿਕਲਣਗੇ ਤਾਂ ਮੇਰਾ ਗੰਨਮੈਨ ਵਾਕੀ ਟਾਕੀ ਉਪਰ ਸਾਨੂੰ ਇਤਲਾਹ ਕਰ ਦਏਗਾ। ਤੇ ਅਸੀਂ ਉਹਨਾਂ ਨੂੰ ਆਸਾਨੀ ਨਾਲ ਪੁਲੀ ਉਪਰ ਗ੍ਰਿਫ਼ਤਾਰ ਕਰ ਲਵਾਂਗੇ।”

ਰਾਤ ਦੇ ਤਿੰਨ ਵੱਜੇ ਸਨ। ਪਿੰਡ ਵਿਚ ਕੋਈ ਹਲਚਲ ਨਹੀਂ। ਠੰਡ ਦੇ ਮਾਰੇ ਕੁਲਫ਼ੀ ਜੰਮਦੀ ਜਾ ਰਹੀ ਸੀ। ਇਕਬਾਲ ਨੇ ਸ਼ਾਮ ਨੂੰ ਹੀ ਸਾਦੀ ਵਰਦੀ ਵਿਚ ਕੁਝ ਲੋਕ ਪੁਲੀ ਉਪਰ ਲਾ ਦਿੱਤੇ ਸਨ। ਲੋਕ ਸ਼ਾਮ ਹੁੰਦਿਆਂ ਹੀ ਆਪਣੇ ਘਰੋ-ਘਰੀ ਵੜ ਗਏ ਸਨ। ਥੋੜ੍ਹੀ ਰਾਤ ਹੋ ਜਾਣ 'ਤੇ ਕਬੀਰ ਤੇ ਇਕਬਾਲ ਵੀ ਪੁਲੀ ਉਪਰ ਆ ਗਏ ਤਾਂ ਕਿ ਨਾਕੇ ਉਪਰ ਹਾਜ਼ਰ ਲੋਕਾਂ ਨੂੰ ਅਲਰਟ ਰੱਖਿਆ ਜਾਏ। ਇਕਬਾਲ ਨੇ ਆਪਣੇ ਗੰਨਮੈਨ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ।
“ਜਨਾਬ ਅਜੇ ਕੋਈ ਹਿਲਜੁਲ ਨਜ਼ਰ ਨਹੀਂ ਆ ਰਹੀ, ਮੈਂ ਹੀਰੇ ਕੇ ਘਰ ਦੇ ਸਾਹਮਣੇ ਈ ਆਂ। ਇਕ ਦੋ ਵਾਰੀ ਚੱਕਰ ਲਾ ਕੇ ਘਰ ਦੇ ਪਿੱਛੇ ਪਾਸੇ ਵੀ ਦੇਖ ਆਇਆਂ। ਇਕ ਵਾਰੀ ਫੇਰ ਮੈਂ ਘਰ ਦੇ ਪਿਛਲੇ ਪਾਸੇ ਵਲ ਜਾ ਰਿਹਾਂ, ਕਿਤੇ ਇੰਜ ਨਾ ਹੋਵੇ ਕਿ ਲੁਟੇਰੇ ਪਿਛਲੇ ਪਾਸੇ ਦੀ ਨਿਕਲ ਜਾਣ।”
ਬਲਬੀਰ ਤੋਂ ਆਖ਼ਰੀ ਵਾਰ ਇਹੀ ਰਿਪੋਰਟ ਮਿਲੀ ਸੀ। ਪਰ ਪਿਛਲੇ ਇਕ ਘੰਟੇ ਦਾ ਉਸ ਵਲੋਂ ਕੋਈ ਮੈਸੇਜ਼ ਨਹੀਂ ਸੀ ਆਇਆ। ਇਕਬਾਲ ਨੇ ਇਕ ਵਾਰੀ ਫੇਰ ਵਾਇਰਲੇਸ ਉਪਰ ਉਸਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਇਕਬਾਲ ਦੀ ਬੇਚੈਨੀ ਵਧਣ ਲੱਗੀ।
“ਲੱਗਦਾ ਏ ਕੋਈ ਗੜਬੜ ਏ।” ਇਕਬਾਲ ਨੇ ਕਬੀਰ ਨੂੰ ਕਿਹਾ।
“ਹੋ ਸਕਦਾ ਏ ਲੁਟੇਰਿਆਂ ਨੇ ਅੱਜ ਨਿਕਲਣ ਦਾ ਇਰਾਦਾ ਬਦਲ ਦਿੱਤਾ ਹੋਏ।” ਕਬੀਰ ਨੇ ਕਿਹਾ।
“ਹਾਂ ਪਰ ਬਲਬੀਰ ਨੂੰ ਤਾਂ ਜਵਾਬ ਦੇਣਾ ਚਾਹੀਦਾ ਏ।” ਇਕਬਾਲ ਦੀ ਬੇਚੈਨੀ ਦੇਖਣ ਵਾਲੀ ਸੀ।
“ਹੋ ਸਕਦਾ ਏ ਉਸਦੀ ਵਾਕੀ ਟਾਕੀ ਦੀ ਬੈਟਰੀ ਖਤਮ ਹੋ ਗਈ ਹੋਏ।” ਕਬੀਰ ਨੇ ਕਿਹਾ।
“ਫੇਰ ਵੀ, ਬਲਬੀਰ ਏਨਾ ਲਾਪ੍ਰਵਾਹ ਮੁੰਡਾ ਨਹੀਂ, ਸਾਨੂੰ ਇਕ ਵਾਰੀ ਦੇਖਣਾ ਚਾਹੀਦਾ ਏ।” ਇਕਬਾਲ ਨੇ ਬੇਚੈਨੀ ਜ਼ਾਹਰ ਕੀਤੀ।
“ਠੀਕ ਏ ਚੱਲੋ।” ਕਬੀਰ ਨੇ ਗੱਡੀ 'ਚੋਂ ਬਾਹਰ ਨਿਕਲਦਿਆਂ ਹੋਇਆਂ ਕਿਹਾ।
ਗੱਡੀ 'ਚੋਂ ਬਾਹਰ ਨਿਕਲਦਿਆਂ ਹੀ ਠੰਡੀ ਹਵਾ ਦੇ ਥਪੇੜਿਆਂ ਨੇ ਉਸਨੂੰ ਕੰਬਾਅ ਕੇ ਰੱਖ ਦਿੱਤਾ।
ਕਬੀਰ ਤੇ ਇਕਬਾਲ ਨੇ ਕੁਝ ਲੋਕਾਂ ਨੂੰ ਨਾਕੇ 'ਤੇ ਛੱਡਿਆ ਤੇ ਦੋ ਤਿੰਨ ਮੁਲਾਜ਼ਮ ਨਾਲ ਲੈ ਕੇ ਪਿੰਡ ਜਾਣ ਵਾਲੀ ਸੜਕ 'ਤੇ ਤੁਰ ਪਏ। ਕਬੀਰ ਨੇ ਸਾਰਿਆਂ ਨੂੰ ਟਾਰਚ ਜਗਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਕਬਾਲ ਉਸੇ ਪਿੰਡ ਦਾ ਸੀ ਇਸ ਲਈ ਚੱਪੇ-ਚੱਪੇ ਦਾ ਵਾਕਿਫ਼ ਸੀ। ਉਹਨਾਂ ਦੇ ਪਿੰਡ ਵਿਚ ਵੜਦਿਆਂ ਹੀ ਆਵਾਰਾ ਕੁੱਤਿਆਂ ਨੇ ਆਸਮਾਨ ਸਿਰ 'ਤੇ ਚੁੱਕ ਲਿਆ। ਹੀਰੇ ਦੇ ਘਰ ਕੋਲ ਪਹੁੰਚ ਕੇ ਉਸਨੇ ਬਲਬੀਰ ਨੂੰ ਹੌਲੀ ਹੌਲੀ ਕਈ ਆਵਾਜ਼ਾਂ ਮਾਰੀਆਂ—ਪਰ ਕੋਈ ਜਵਾਬ ਨਾ ਮਿਲਿਆ। ਜਦੋਂ ਬਲਬੀਰ ਦੀ ਪਿਛਲੀ ਕਾਲ ਆਈ ਸੀ, ਉਸਨੇ ਘਰ ਦੇ ਪਿਛਲੇ ਪਾਸੇ ਜਾਣ ਦੀ ਗੱਲ ਆਖੀ ਸੀ। ਹੀਰੇ ਕੇ ਘਰ ਅੰਦਰ ਵੀ ਕਿਸੇ ਤਰ੍ਹਾਂ ਦੀ ਕੋਈ ਹਲਚਲ ਨਜ਼ਰ ਨਹੀਂ ਸੀ ਆ ਰਹੀ। ਉਹਨਾਂ ਘਰ ਦੇ ਪਿਛਲੇ ਪਾਸੇ ਦੇਖਣ ਦਾ ਫ਼ੈਸਲਾ ਕੀਤਾ। ਘਰ ਦੇ ਪਿਛਲੇ ਪਾਸੇ ਪਹੁੰਚ ਕੇ ਉਹਨਾਂ ਬਲਬੀਰ ਨੂੰ ਫੇਰ ਹੌਲੀ ਹੌਲੀ ਆਵਾਜ਼ਾਂ ਦਿੱਤੀਆਂ ਪਰ ਬਲਬੀਰ ਦਾ ਕਿਧਰੇ ਪਤਾ ਨਹੀਂ ਸੀ। ਕਬੀਰ ਨੇ ਥੋੜ੍ਹਾ ਅੱਗੇ ਵਧ ਕੇ ਚਾਰਦੀਵਾਰੀ ਉਪਰੋਂ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਉਸਨੂੰ ਇਕ ਠੇਡਾ ਲੱਗਿਆ। ਉਸਨੇ ਟਾਰਚ ਜਗਾ ਕੇ ਦੇਖਿਆ ਤਾਂ ਉਸਦੇ ਮੂੰਹੋਂ ਇਕ ਹਲਕੀ ਜਿਹੀ ਚੀਕ ਨਿਕਲ ਗਈ। ਇਕਬਾਲ ਦਾ ਗੰਨਮੈਨ ਬਲਬੀਰ ਉੱਥੇ ਬੇਹੋਸ਼ ਪਿਆ ਸੀ। ਉਸਦੇ ਸਿਰ ਵਿਚੋਂ ਖ਼ੂਨ ਵਗ ਰਿਹਾ ਸੀ। ਪੂਰਾ ਚਿਹਰਾ ਖ਼ੂਨ ਨਾਲ ਨਹਾਤਾ ਹੋਇਆ ਸੀ। ਇਕਬਾਲ ਤੇ ਬਾਕੀ ਸਿਪਾਹੀ ਵੀ ਦੌੜ ਕੇ ਉੱਥੇ ਪਹੁੰਚ ਗਏ। ਬਲਬੀਰ ਦੀ ਹਾਲਤ ਦੇਖ ਕੇ ਇਕ ਵਾਰੀ ਤਾਂ ਇਕਬਾਲ ਵੀ ਸਿਲ-ਪੱਥਰ ਹੋ ਗਿਆ ਫੇਰ ਬੋਲਿਆ, “ਮੈਨੂੰ ਲੱਗ ਰਿਹਾ ਸੀ ਕੋਈ ਨਾ ਕੋਈ ਗੜਬੜ ਏ। ਲੁਟੇਰੇ ਹੱਦ ਤੋਂ ਜ਼ਿਆਦਾ ਚਾਲਾਕ ਨੇ।” ਇਕਬਾਲ ਨੇ ਫੌਰਨ ਵਾਇਰਲੇਸ ਉਪਰ ਪੂਰੀ ਪੁਲਿਸ ਪਾਰਟੀ ਨੂੰ ਪਿੰਡ ਵਿਚ ਦਾਖ਼ਲ ਹੋਣ ਦਾ ਹੁਕਮ ਦਿੱਤਾ। ਕਬੀਰ ਨੇ ਆਪਣਾ ਰੁਮਾਲ ਕੱਢ ਕੇ ਉਸਦੇ ਸਿਰ ਉੱਤੇ ਬੰਨ੍ਹ ਦਿੱਤਾ ਤਾਂਕਿ ਖ਼ੂਨ ਵਗਣਾ ਰੁਕ ਜਾਏ। ਥੋੜ੍ਹੀ ਦੇਰ ਵਿਚ ਹੀ ਸਾਰੀਆਂ ਗੱਡੀਆਂ ਉੱਥੇ ਆ ਗਈਆਂ। ਇਕ ਗੱਡੀ ਵਿਚ ਉਸਨੇ ਤੁਰੰਤ ਬਲੀਬਰ ਨੂੰ ਹਸਪਤਾਲ ਲੈ ਜਾਣ ਦਾ ਹੁਕਮ ਦਿੱਤਾ।
“ਲੱਗਦਾ ਏ ਲੁਟੇਰਿਆਂ ਨੂੰ ਸ਼ੱਕ ਹੋ ਗਿਆ ਸੀ, ਜੇ ਇੰਜ ਹੈ ਤਾਂ ਹੀਰੇ ਦੀ ਜਾਨ ਨੂੰ ਖਤਰਾ ਏ।” ਕਬੀਰ ਨੇ ਬੇਚੈਨੀ ਨਾਲ ਕਿਹਾ। ਉਸਨੇ ਟਾਰਚ ਦੀ ਰੌਸ਼ਨੀ ਘਰ ਦੀ ਪਿਛਲੀ ਚਾਰ ਦੀਵਾਰੀ ਉੱਤੇ ਪਾਈ। ਹੀਰੇ ਕੇ ਘਰ ਦੇ ਪਿੱਛੇ ਵੀ ਇਕ ਛੋਟਾ ਜਿਹਾ ਗੇਟ ਲੱਗਾ ਹੋਇਆ ਸੀ ਜਿਹੜਾ ਹੱਥ ਦੇ ਪੋਲੇ ਜਿਹੇ ਧੱਕੇ ਨਾਲ ਖੁੱਲ੍ਹ ਗਿਆ। ਕਬੀਰ ਨੇ ਆਪਣਾ ਪਸਤੌਲ ਹੱਥ ਵਿਚ ਲੈ ਲਿਆ ਤੇ ਉਹ ਲੋਕ ਬੜੀ ਸਾਵਧਾਨੀ ਨਾਲ ਘਰ ਅੰਦਰ ਦਾਖ਼ਲ ਹੋ ਗਏ। ਉਹਨਾਂ ਪੂਰੇ ਘਰ ਦੀ ਤਲਾਸ਼ੀ ਲਈ। ਇਕ ਕਮਰੇ ਵਿਚ ਉਹਨਾਂ ਨੂੰ ਹੀਰਾ ਤੇ ਉਸਦੀ ਪਤਨੀ ਮਿਲ ਗਏ, ਲੁਟੇਰੇ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ, ਮੂੰਹ ਵਿਚ ਕੱਪੜਾ ਤੁੰਨ ਕੇ ਸੁੱਟ ਗਏ ਸਨ। ਇਕ ਸਿਪਾਹੀ ਨੇ ਜਲਦੀ ਜਲਦੀ ਹੀਰੇ ਤੇ ਉਸਦੀ ਪਤਨੀ ਦੀਆਂ ਮੁਸ਼ਕਾਂ ਖੋਲ੍ਹ ਦਿੱਤੀਆਂ। ਹੀਰੇ ਤੇ ਉਸਦੀ ਪਤਨੀ ਦੀ ਹਾਲਤ ਖਾਸੀ ਮਾੜੀ ਸੀ।
“ਕੀ ਹੋਇਆ ਸੀ?” ਇਕਬਾਲ ਨੇ ਬੇਚੈਨੀ ਨਾਲ ਹੀਰੇ ਨੂੰ ਪੁੱਛਿਆ।
“ਲੁਟੇਰਿਆਂ ਨੂੰ ਸ਼ੱਕ ਹੋ ਗਿਆ ਸੀ ਮੈਂ ਜਦੋਂ ਵਾਪਸ ਆਇਆ ਤਾਂ ਮੇਰੇ ਨਾਲ ਬੜੀ ਸਖ਼ਤੀ ਨਾਲ ਪੇਸ਼ ਆਏ।” ਹੀਰੇ ਨੇ ਆਪਣੇ ਉੱਖੜੇ ਹਵਾਸ ਉੱਤੇ ਕਾਬੂ ਰੱਖਦਿਆਂ ਹੋਇਆਂ ਕਿਹਾ, “ਉਹਨਾਂ ਘਰ ਦੇ ਆਸ ਪਾਸ ਸ਼ਾਇਦ ਨਜ਼ਰ ਰੱਖੀ ਹੋਈ ਸੀ। ਸ਼ਾਇਦ ਉਹਨਾਂ ਘਰ ਦੇ ਬਾਹਰ ਤੁਹਾਡੇ ਕਿਸੇ ਬੰਦੇ ਨੂੰ ਵੀ ਦੇਖ ਲਿਆ ਸੀ। ਉਹ ਮੇਰੀ ਕੁੜੀ ਨੂੰ ਜਬਰਦਸਤੀ ਲੈ ਗਏ ਨੇ ਤੇ ਸਾਨੂੰ ਦੋਵਾਂ ਨੂੰ ਇੱਥੇ ਬੰਨ੍ਹ ਕੇ ਸੁੱਟ ਗਏ ਨੇ।”
ਹੀਰੇ ਨੇ ਹੱਥ ਮਲਦਿਆਂ ਹੋਇਆ ਕਿਹਾ। ਉਧਰ ਉਸਦੀ ਪਤਨੀ ਆਪਣੀ ਧੀ ਨੂੰ ਯਾਦ ਕਰਕੇ ਰੌਣ ਲੱਗ ਪਈ ਸੀ।
“ਕੋਈ ਹੋਰ ਗੱਲ ਜਿਹੜੀ ਉਹਨਾਂ ਕੀਤੀ ਹੋਏ? ਜ਼ਰਾ ਧਿਆਨ ਨਾਲ ਸੋਚ ਕੇ ਵੇਖ।”
“ਮੇਰੇ ਕੰਨਾਂ ਵਿਚ ਦੋ ਤਿੰਨ ਸ਼ਬਦ ਪਏ ਸਨ ਜਦੋਂ ਉਹ ਆਪਸ ਵਿਚ ਗੱਲਾਂ ਕਰ ਰਹੇ ਸਨ—ਚਾਰ ਵਜੇ...ਰੇਲਵੇ ਸਟੇਸ਼ਨ...ਜਲੰਧਰ...”
“ਉਹ ਲੋਕ ਕਿੰਨਾ ਕੁ ਚਿਰ ਪਹਿਲਾਂ ਨਿਕਲੇ ਨੇ?”
“ਲਗਭਗ ਪੌਣਾ ਘੰਟਾ ਹੋ ਗਿਆ ਹੋਊਗਾ।”
“ਏਥੋਂ ਫ਼ਿਰੋਜਪੁਰ ਸਟੇਸ਼ਨ ਕਾਫੀ ਦੂਰ ਏ। ਉੱਥੋਂ ਇਕ ਟਰੇਨ 4.10 'ਤੇ ਜਲੰਧਰ ਲਈ ਚੱਲਦੀ ਏ। ਜਿਹੜੀ ਮੱਲਾਂ ਵਾਲਾ ਸਟੇਸ਼ਨ 'ਤੇ 4.25 'ਤੇ ਆਉਂਦੀ ਏ।” ਇਕਬਾਲ ਨੇ ਕਿਹਾ।
“ਜਲਦੀ ਕਰੋ, ਹੀਰਿਆ ਤੂੰ ਸਾਡੇ ਨਾਲ ਚੱਲ—ਤੂੰ ਲੁਟੇਰਿਆਂ ਨੂੰ ਵੀ ਪਛਾਣਦਾ ਏਂ ਤੇ ਆਪਣੀ ਬੱਚੀ ਨੂੰ ਵੀ।”
“ਠੀਕ ਏ।” ਹੀਰਾ ਫੁਰਤੀ ਨਾਲ ਉਠਦਾ ਹੋਇਆ ਬੋਲਿਆ।
ਇਕ ਆਦਮੀ ਨੂੰ ਉਹ ਹੀਰੇ ਦੀ ਪਤਨੀ ਕੋਲ ਛੱਡ ਕੇ ਲਗਭਗ ਦੌੜਦੇ ਹੋਏ ਘਰੋਂ ਬਾਹਰ ਨਿਕਲੇ। ਡਾਈਵਰ ਤਦ ਤਕ ਕਬੀਰ ਤੇ ਇਕਬਾਲ ਦੀ ਗੱਡੀ ਲੈ ਕੇ ਆ ਗਏ ਸਨ।
“ਜੇ ਅਸੀਂ ਸ਼ਾਰਟ ਕੱਟ ਤੋਂ ਚੱਲੀਏ ਤਾਂ ਲਗਭਗ 15 ਮਿੰਟ ਵਿਚ ਮੱਲਾਂ ਵਾਲਾ ਸਟੇਸ਼ਨ 'ਤੇ ਪਹੁੰਚ ਸਕਦੇ ਆਂ। ਮੈਨੂੰ ਪੂਰਾ ਯਕੀਨ ਏ ਕਿ ਲੁਟੇਰੀ ਉਹੀ ਟਰੇਨ ਫੜ੍ਹ ਕੇ ਜ਼ਿਲੇ 'ਚੋਂ ਬਾਹਰ ਜਾਣ ਦੀ ਕੋਸ਼ਿਸ਼ ਕਰਨਗੇ।” ਇਕਬਾਲ ਨੇ ਦ੍ਰਿੜ ਆਵਾਜ਼ ਵਿਚ ਕਿਹਾ।
“ਪਰ ਲੁਟੇਰੇ ਨਿਕਲ ਕਿਧਰੋਂ ਦੀ ਗਏ? ਅਸੀਂ ਲੋਕ ਤਾਂ ਪੁਲੀ ਉੱਤੇ ਮੌਜ਼ੂਦ ਸਾਂ!” ਕਬੀਰ ਨੇ ਹੈਰਾਨੀ ਨਾਲ ਕਿਹਾ।
“ਲੁਟੇਰੇ ਮੇਰੀ ਉਮੀਦ ਨਾਲੋਂ ਵਧ ਚਾਲਾਕ ਨੇ। ਬਲਬੀਰ ਨੂੰ ਨੋਟਿਸ ਕਰ ਲੈਣ ਪਿੱਛੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਪੁਲਿਸ ਨੇ ਉਹਨਾਂ ਲਈ ਜਾਲ ਬਿਛਾਇਆ ਹੋਇਆ ਏ। ਇਸ ਲਈ ਉਹ ਸਿੱਧੇ ਰਸਤੇ ਨੂੰ ਛੱਡ ਕੇ ਖੇਤਾਂ ਵਿਚੋਂ ਨਿਕਲ ਗਏ। ਹਾਲੇ ਕਣਕ ਛੋਟੀ ਛੋਟੀ ਏ।” ਇਕਬਾਲ ਇਕੇ ਸਾਹ ਬੋਲਦਾ ਤੇ ਤੇਜ਼ ਰਿਫ਼ਤਾਰ ਨਾਲ ਗੱਡੀ ਚਲਾਉਂਦਾ ਰਿਹਾ।
“ਪਰ ਅਸੀਂ ਮੱਲਾਂ ਵਾਲਾ ਸਟੇਸ਼ਨ ਕਿਉਂ ਜਾ ਰਹੇ ਆਂ? ਏਨੇ ਸਮੇਂ 'ਚ ਅਸੀਂ ਫ਼ਿਰੋਜਪੁਰ ਰੇਲਵੇ ਸਟੇਸ਼ਨ ਪਹੁੰਚ ਸਕਦੇ ਆਂ।” ਕਬੀਰ ਨੇ ਇਕਬਾਲ ਵਲ ਗੌਰ ਨਾਲ ਦੇਖਦਿਆਂ ਹੋਇਆਂ ਕਿਹਾ।
“ਇਕ ਤਾਂ ਸਾਡੇ ਕੋਲ ਸਮਾਂ ਘੱਟ ਏ, ਦੂਜਾ ਜੇ ਅਸੀਂ ਫ਼ਿਰੋਜਪੁਰ ਰੇਲਵੇ ਸਟੇਸ਼ਨ ਪਹੁੰਚੇ ਤਾਂ ਪੁਲਿਸ ਦੀਆਂ ਗੱਡੀਆਂ ਦੇਖ ਕੇ ਉਹ ਚੁਕੰਨੇ ਹੋ ਜਾਣਗੇ ਤੇ ਹੀਰੇ ਦੀ ਬੱਚੀ ਨੂੰ ਨੁਕਾਸਨ ਪਹੁੰਚਾ ਸਕਦੇ ਨੇ।” ਇਕਬਾਲ ਨੇ ਸੰਜੀਦਗੀ ਨਾਲ ਜਵਾਬ ਦਿੱਤਾ।  
ਜ਼ੋਰਦਾਰ ਬਰੇਕਾਂ ਦੀ ਆਵਾਜ਼ ਦੇ ਨਾਲ ਇਕਬਾਲ ਨੇ ਗੱਡੀ ਰੇਲਵੇ ਸਟੇਸ਼ਨ ਦੇ ਬਾਹਰ ਰੋਕ ਦਿੱਤੀ। ਉਸਨੇ ਜਲਦੀ ਜਲਦੀ ਡਰਾਈਵਰ ਨੂੰ ਗੱਡੀਆਂ ਦੂਰ ਲਿਜਾ ਕੇ ਛਿਪਾ ਦੇਣ ਲਈ ਕਿਹਾ। ਇਸ ਸਮੇਂ ਉਹਨਾਂ ਨਾਲ ਤਿੰਨ ਸਿਪਾਹੀ ਸਾਦੇ ਕੱਪੜਿਆਂ ਵਿਚ ਤੇ ਇਕ ਵਰਦੀ ਵਿਚ ਸੀ।
ਕਬੀਰ ਤੇ ਇਕਬਾਲ ਨੇ ਆਪਣੇ ਜੈਕੇਟ ਲਾਹ ਕੇ ਦੋਵਾਂ ਡਰਾਈਵਰਾਂ ਤੋਂ ਉਹਨਾਂ ਦੀ ਲੋਈ ਲੈ ਲਈ। ਤਿੰਨਾਂ ਸਿਪਾਹੀਆਂ ਤੇ ਹੀਰੇ ਨੇ ਪਹਿਲਾਂ ਹੀ ਲੋਈ ਲਈ ਹੋਈ ਸੀ।
ਰੇਲਵੇ ਸਟੇਸ਼ਨ ਉਪਰ 20-25 ਸਵਾਰੀਆਂ ਗੱਡੀ ਨੂੰ ਉਡੀਕ ਰਹੀਆਂ ਸਨ। ਰੋਜ਼ਾਨਾ ਕੰਮੀਂ ਧੰਦੀਂ ਜਾਣ ਵਾਲੇ ਲੋਕ ਇਸੇ ਗੱਡੀ ਉੱਤੇ ਜਲੰਧਰ ਜਾਂਦੇ ਸਨ।
“ਸਾਰਿਆਂ ਕੋਲ ਹਥਿਆਰ ਹੈਨ ਨਾ?” ਇਕਬਾਲ ਨੇ ਸਿਪਾਹੀਆਂ ਨੂੰ ਪੁੱਛਿਆ।
ਸਾਰਿਆਂ ਨੇ ਹਾਂ ਵਿਚ ਉਤਰ ਦਿੱਤਾ।
“ਅਸੀਂ ਸਾਰੇ ਵੱਖ ਵੱਖ ਡੱਬਿਆਂ ਵਿਚ ਚੜ੍ਹਾਂਗੇ। ਹੀਰਾ ਮੇਰੇ ਨਾਲ ਹੋਏਗਾ। ਅਸੀਂ ਤਿੰਨ ਨੌਜਵਾਨਾਂ ਨੂੰ ਲੱਭਣਾ ਏ ਜਿਹਨਾਂ ਨਾਲ ਇਕ ਕੁੜੀ ਵੀ ਹੈ। ਹਰ ਸਟੇਸ਼ਨ ਉੱਤੇ ਉਤਰਣ ਪਿੱਛੋਂ ਇਕ ਦੂਜੇ ਨਾਲ ਇਸ਼ਾਰੇ ਨਾਲ ਗੱਲ ਕਰਾਂਗੇ। ਜੇ ਕਿਸੇ ਨੂੰ ਵੀ ਉਹ ਦਿਸ ਜਾਂਦੇ ਨੇ, ਉਹ ਆਪਣੇ ਸਿਰ ਉੱਤੇ ਹੱਥ ਰੱਖ ਕੇ ਇਸ਼ਾਰਾ ਕਰੇਗਾ। ਹਰ ਸਟੇਸ਼ਨ 'ਤੇ ਉਤਰਣ ਵਾਲੀਆਂ ਸਵਾਰੀਆਂ ਉਪਰ ਨਿਗਾਹ ਰੱਖੀ ਜਾਏਗੀ। ਲੁਟੇਰਿਆਂ ਦੇ ਖ਼ਿਲਾਫ਼ ਟਰੇਨ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਕਿਉਂਕਿ ਇੰਜ ਸਵਾਰੀਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਏ।”
ਇਕਬਾਲ ਨੇ ਵਿਸਥਾਰ ਨਾਲ ਸਮਝਾਇਆ ਉਦੋਂ ਹੀ ਇਕਬਾਲ ਦਾ ਡਰਾਈਵਰ ਗੇਟ ਕੋਲ ਦਿਖਾਈ ਦਿੱਤਾ। ਇਕਬਾਲ ਅਛੋਪਲੇ ਹੀ ਟਹਿਲਦਾ ਹੋਇਆ ਉਸ ਕੋਲ ਚਲਾ ਗਿਆ।
“ਸਾਹਬ ਵਾਇਰਲੈਸ ਮੈਸੇਜ ਆਇਆ ਏ—ਤਿੰਨ ਸ਼ੱਕੀ ਨੌਜਵਾਨਾਂ ਨੂੰ ਤੇ ਇਕ ਕੁੜੀ ਜਿਸ ਨੇ ਲਾਲ ਰੰਗ ਦੀ ਸਲਵਾਰ ਕਮੀਜ਼ ਪਾਈ ਹੋਈ ਏ ਇਸ ਗੱਡੀ ਵਿਚ ਸਵਾਰ ਹੁੰਦਿਆਂ ਦੇਖਿਆ ਗਿਆ ਏ।” ਡਰਾਈਵਰ ਨੇ ਧੀਮੀ ਆਵਾਜ਼ ਵਿਚ ਉਸ ਵਲ ਦੇਖੇ ਬਗ਼ੈਰ ਕਿਹਾ।
ਇਕਬਾਲ ਦਾ ਚਿਹਰਾ ਜੋਸ਼ ਵੱਸ ਸੂਹਾ ਹੋਣ ਲੱਗਾ। ਉਹ ਹੌਲੀ ਹੌਲੀ ਟਹਿਲਦਾ ਹੋਇਆ ਫੇਰ ਉਹਨਾਂ ਕੋਲ ਆ ਗਿਆ।
“ਗੁੱਡੀ ਦੇ ਕਿਹੜੇ ਰੰਗ ਦੇ ਕੱਪੜੇ ਪਾਏ ਹੋਏ ਨੇ?” ਇਕਬਾਲ ਨੇ ਹੀਰੇ ਤੋਂ ਪੁੱਛਿਆ।
“ਲਾਲ ਰੰਗ ਦੀ ਸਲਵਾਰ ਕਮੀਜ਼।” ਹੀਰੇ ਨੇ ਜਵਾਬ ਦਿੱਤਾ।
“ਯੈਸ!” ਇਕਬਾਲ ਨੇ ਜੋਸ਼ ਵਿਚ ਕਿਹਾ, “ਉਹ ਲੋਕ ਇਸੇ ਟਰੇਨ ਵਿਚ ਸਵਾਰ ਹੋਏ ਨੇ, ਮੇਰਾ ਅੰਦਾਜ਼ਾ ਸਹੀ ਨਿਕਲਿਆ। ਸਾਨੂੰ ਬੜੀ ਸਵਾਧਾਨੀ ਤੋਂ ਕੰਮ ਲੈਣਾ ਪਏਗਾ।”
ਉਦੋਂ ਹੀ ਸਟੇਸ਼ਟ ਮਾਸਟਰ ਨੇ ਘੰਟੀ ਵਜਾਈ ਜਿਹੜੀ ਟਰੇਨ ਦੇ ਆਉਣ ਦਾ ਐਲਾਨ ਸੀ। ਪਲੇਟਫ਼ਾਰਮ ਉੱਤੇ ਹਲਚਲ ਸ਼ੁਰੂ ਹੋ ਗਈ।
“ਚਲੋ ਸਕੀਮ ਮੁਤਾਬਿਕ ਖਿੱਲਰ ਜਾਓ।”
“ਅਸੀਂ ਸਾਰੇ ਟਰੇਨ ਤੋਂ ਉਤਰਣ ਵਾਲੀਆਂ ਸਵਾਰੀਆਂ ਉੱਤੇ ਨਿਗਾਹ ਰੱਖਾਂਗੇ ਤੇ ਜਦੋਂ ਟਰੇਨ ਚੱਲਣ ਵਾਲੀ ਹੋਏਗੀ ਉਦੋਂ ਹੀ ਉਸ ਵਿਚ ਚੜ੍ਹਾਂਗੇ।” ਕਬੀਰ ਨੇ ਕਿਹਾ।
“ਆਪਣੇ ਆਪਣੇ ਚਿਹਰੇ ਚੰਗੀ ਤਰ੍ਹਾਂ ਢਕ ਲਓ।” ਇਕਬਾਲ ਨੇ ਕਿਹਾ।
ਧੜਧੜ ਕਰਦੀ ਗੱਡੀ ਸਟੇਸ਼ਨ ਵਿਚ ਆਣ ਵੜੀ। ਲੋਕ ਜਲਦੀ ਜਲਦੀ ਆਪਣਾ ਸਾਮਾਨ ਚੁੱਕੇ ਗੱਡੀ ਵਿਚ ਸਵਾਰ ਹੋਣ ਲੱਗੇ।
ਗੱਡੀ ਨੇ ਵਿਸਲ ਦਿੱਤੀ ਤੇ ਸਾਰੇ ਜਣੇ ਅਲਗ ਅਲਗ ਡੱਬਿਆਂ ਵਿਚ ਸਵਾਰ ਹੋ ਗਏ।
ਕਬੀਰ ਵੀ ਫੁਰਤੀ ਨਾਲ ਇਕ ਡੱਬੇ ਵਿਚ ਚੜ੍ਹ ਗਿਆ। ਉਸਦੇ ਨਾਲ ਹੀ ਇਕ ਦੋ ਹੋਰ ਸਵਾਰੀਆਂ ਵੀ ਉਸ ਡੱਬੇ ਵਿਚ ਸਵਾਰ ਹੋਈਆਂ ਸਨ। ਡੱਬੇ ਵਿਚ ਖਾਸਾ ਹਨੇਰਾ ਸੀ। ਉਸ ਹਨੇਰੇ ਦੇ ਖ਼ਿਲਾਫ਼ ਸਿਰਫ ਇਕ ਨਿੱਕੇ ਜਿਹੇ ਟਿਮਟਿਮਾਉਂਦੇ ਹੋਏ ਬਲਬ ਦੀ ਜੰਗ ਜਾਰੀ ਸੀ।
ਕਬੀਰ ਦਰਵਾਜ਼ੇ ਕੋਲ ਹੀ ਖੜ੍ਹਾ ਰਿਹਾ। ਜਦੋਂ ਟਰੇਨ ਨੇ ਰਿਫ਼ਤਾਰ ਫੜ੍ਹ ਲਈ ਹਨੇਰੇ ਵਿਚੋਂ ਕਿਸੇ ਨੇ ਕਿਹਾ—
“ਭਾਅ ਜੀ, ਦਰਵਾਜ਼ਾ ਬੰਦ ਕਰ ਦਿਓ ਬੜੀ ਠੰਡੀ ਹਵਾ ਆ ਰਹੀ ਜੇ।”
ਕਬੀਰ ਨੇ ਦਰਵਾਜ਼ਾ ਬੰਦ ਕਰ ਦਿੱਤਾ। ਥੋੜ੍ਹੀ ਦੇਰ ਟਾਇਲਟ ਕੋਲ ਖੜ੍ਹਾ ਰਹਿ ਕੇ ਹਨੇਰੇ ਡੱਬੇ ਵਿਚ ਨਜ਼ਰਾਂ ਜਮਾਈ ਰੱਖੀਆਂ ਤਾਂਕਿ ਅੱਖਾਂ ਹਨੇਰੇ ਵਿਚ ਦੇਖਣ ਦੇ ਕਾਬਿਲ ਹੋ ਜਾਣ। ਡੱਬੇ ਵਿਚ ਅੱਗੇ ਵਧਣ ਤੋਂ ਪਹਿਲਾਂ ਉਸਨੇ ਲੋਈ ਦੇ ਅੰਦਰੇ ਅੰਦਰ ਆਪਣੇ ਰਿਵਾਲਵਰ ਨੂੰ ਚੈਕ ਕੀਤਾ। ਲੁਟੇਰੇ ਖਤਰਨਾਕ ਸਨ। ਜ਼ਰਾ ਜਿੰਨਾਂ ਸ਼ੱਕ ਹੋਣ 'ਤੇ ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ। ਆਪਣੇ ਕੈਰੀਅਰ ਦੇ ਪਹਿਲੇ ਪੜਾਅ ਵਿਚ ਹੀ ਏਨੇ ਸੰਨਸਨੀ ਭਰੇ ਆਪ੍ਰੇਸ਼ਨ ਵਿਚ ਆਪਣਾ ਸ਼ਾਮਿਲ ਹੋਣਾ ਉਸਦੇ ਜਿਸਮ ਵਿਚ ਅਜੀਬ ਜਿਹਾ ਰੋਮਾਂਚ ਭਰ ਰਿਹਾ ਸੀ। ਉਸਨੇ ਚੁਕੰਨੇ ਅੰਦਾਜ਼ ਵਿਚ ਡੱਬੇ ਅੰਦਰ ਪੈਰ ਵਧਾਏ। ਇਕ ਵਾਰੀ ਉਹ ਸਰਸਰੀ ਨਜ਼ਰ ਮਾਰਦਾ ਹੋਇਆ ਦੂਜੇ ਸਿਰੇ ਤਕ ਪਹੁੰਚ ਗਿਆ। ਸਾਰੇ ਡੱਬੇ ਵਿਚ ਕੁਲ ਮਿਲਾ ਕੇ ਪੰਦਰਾਂ ਵੀਹ ਸਵਾਰੀ ਹੋਣਗੀਆਂ। ਹਨੇਰੇ ਵਿਚ ਉਹਨਾਂ ਬਾਰੇ ਪੂਰਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੀ। ਜਿਹਨਾਂ ਸਵਾਰੀਆਂ ਨੇ ਦੂਰ ਜਾਣਾ ਸੀ, ਉਹਨਾਂ ਉਂਘਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਹੀ ਟਰੇਨ ਦੀ ਰਿਫ਼ਤਾਰ ਘੱਟ ਹੋਣ ਲੱਗੀ, ਸ਼ਾਇਦ ਅਗਲਾ ਸਟੇਸ਼ਨ ਆਉਣ ਵਾਲਾ ਸੀ। ਕਬੀਰ ਇਕ ਵਾਰੀ ਫੇਰ ਦਰਵਾਜ਼ੇ ਕੋਲ ਆਣ ਖੜ੍ਹਾ ਹੋਇਆ। ਟਰੇਨ ਦੀ ਖਟਖਟ ਦੀ ਆਵਾਜ਼ ਤੋਂ ਲੱਗ ਰਿਹਾ ਸੀ ਟਰੇਨ ਪਟੜੀ ਬਦਲ ਰਹੀ ਸੀ। ਡੱਬੇ ਦੀਆਂ ਸਵਾਰੀਆਂ ਵਿਚ ਕੋਈ ਹਿੱਲਜੁੱਲ ਨਹੀਂ ਸੀ ਜਿਸ ਤੋਂ ਲੱਗ ਰਿਹਾ ਸੀ ਉਹਨਾਂ ਦੀ ਮੰਜ਼ਿਲ ਅਜੇ ਦੂਰ ਹੈ। ਟਰੇਨ ਦੇ ਸਟੇਸ਼ਨ ਉੱਤੇ ਰੁਕਣ ਪਿੱਛੋਂ ਉਸਨੇ ਹੇਠਾਂ ਉਤਰ ਕੇ ਏਧਰ ਉਧਰ ਨਿਗਾਹ ਮਾਰੀ। ਇਕਬਾਲ ਉਸਦੇ ਨਾਲ ਵਾਲੇ ਡੱਬੇ ਵਿਚ ਹੀ ਚੜ੍ਹਿਆ ਸੀ। ਇਸ ਸਟੇਸ਼ਨ ਉੱਤੇ ਟਰੇਨ ਵਿਚੋਂ ਕੋਈ ਵੀ ਸਵਾਰੀ ਨਹੀਂ ਸੀ ਉਤਰੀ। ਹਾਂ, 8-10 ਸਵਾਰੀਆਂ ਚੜ੍ਹੀਆਂ ਜ਼ਰੂਰ ਸਨ। ਟਰੇਨ ਫੇਰ ਚੱਲ ਪਈ। ਕਬੀਰ ਨੇ ਡੱਬੇ ਦੇ ਅੰਦਰ ਆ ਕੇ ਕਿਸੇ ਅਜਿਹੀ ਜਗ੍ਹਾ ਬੈਠਣ ਦਾ ਫ਼ੈਸਲਾ ਕੀਤਾ ਜਿੱਥੋਂ ਪੂਰੇ ਡੱਬੇ ਉਪਰ ਨਿਗਾਹ ਰੱਖੀ ਜਾ ਸਕੇ। ਸੀਟ ਉੱਤੇ ਬੈਠਦਿਆਂ ਹੀ ਸਰੀਰ ਵਿਚ ਸਰਦੀ ਦੀ ਇਕ ਤੇਜ਼ ਲਹਿਰ ਜਿਹੀ ਦੌੜ ਗਈ। ਲੱਕੜ ਦੀ ਸੀਟ ਪੱਥਰ ਵਾਂਗ ਸਖ਼ਤ ਤੇ ਬਰਫ਼ ਵਾਂਗ ਠੰਡੀ ਸੀ। ਉਸਨੇ ਕੈਬਿਨ ਵਿਚ ਨਿਗਾਹ ਮਾਰੀ ਦੋਵੇਂ ਬਰਥ ਖਾਲੀ ਸਨ। ਉਸਨੇ ਲੋਈ ਨੂੰ ਆਪਣੇ ਚਾਰੇ ਪਾਸੇ ਕਸਦਿਆਂ ਹੋਇਆਂ ਸਿਰ ਬਰਥ ਦੀ ਢੋਅ ਨਾਲ ਟਿਕਾਅ ਲਿਆ। ਦਸੰਬਰ ਦੀ ਹੱਡੀਆਂ ਵਿਚ ਪੁਰ ਜਾਣ ਵਾਲੀ ਸਰਦੀ ਵਿਚ ਸਾਰੀ ਰਾਤ ਦੀ ਭੱਜ ਨੱਠ ਨੇ ਉਸਨੂੰ ਬੇਹੱਦ ਥਕਾਅ ਦਿੱਤਾ ਸੀ। ਉਸਨੇ ਨਰਮ-ਗਰਮ ਬਿਸਤਰੇ ਨੂੰ ਯਾਦ ਕਰਦਿਆਂ ਹੋਇਆਂ ਅੱਖਾਂ ਮੀਚ ਲਈਆਂ। ਉਦੋਂ ਹੀ ਕਿਸੇ ਕੁੜੀ ਦੀਆਂ ਸਿਸਕੀਆਂ ਦੀ ਆਵਾਜ਼ ਸੁਣ ਕੇ ਉਹ ਤ੍ਰਬਕਿਆ। ਉਸਨੇ ਚਾਰੇ ਪਾਸੇ ਨਿਗਾਹ ਮਾਰੀ ਪਰ ਉੱਥੇ ਕੋਈ ਨਹੀਂ ਸੀ। ਸਿਸਕੀਆਂ ਦੀ ਆਵਾਜ਼ ਉਪਰਲੀ ਬਰਥ ਤੋਂ ਆ ਰਹੀ ਸੀ। ਕੋਈ ਉਸਨੂੰ ਧੀਮੀ ਆਵਾਜ਼ ਵਿਚ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਬੀਰ ਨੇ ਪੂਰਾ ਧਿਆਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ।
“ਤੂੰ ਮੈਨੂੰ ਜਬਰਦਸਤੀ ਨਾਲ ਲਿਆ ਕੇ ਚੰਗਾ ਨਹੀਂ ਕੀਤਾ। ਮੈਂ ਤੈਨੂੰ ਚੰਗਾ ਆਦਮੀ ਸਮਝਦੀ ਸੀ।” ਕੁੜੀ ਨੇ ਸਿਸਕੀਆਂ ਦੌਰਾਨ ਕਿਹਾ।
“ਬਸ ਹੁਣ ਚੁੱਪ ਹੋ ਜਾ।” ਕਿਸੇ ਨੇ ਧੀਮੀ ਪਰ ਬੜੀ ਰੁੱਖੀ ਆਵਾਜ਼ ਵਿਚ ਕਿਹਾ, “ਜੇ ਆਵਾਜ਼ ਕੱਢੀ ਤਾਂ ਇਕ ਗੋਲੀ ਤੇਰੇ ਹਲਕ 'ਚ ਵਾੜ ਦਿਆਂਗਾ।”
ਕੁੜੀ ਸਹਿਮ ਕੇ ਚੁੱਪ ਹੋ ਗਈ।
ਕਬੀਰ ਦੀ ਰੀੜ੍ਹ ਦੀ ਹੱਡੀ ਵਿਚ ਸੀਤ ਲਹਿਰ ਦੌੜ ਗਈ। ਲੁਟੇਰੇ ਏਸੇ ਡੱਬੇ ਵਿਚ, ਐਨ ਉਸਦੀ ਉਪਰਲੀ ਬਰਥ ਉੱਤੇ, ਬੈਠੇ ਸਨ।
ਉਸਨੇ ਉਸੇ ਤਰ੍ਹਾਂ ਬੈਠੇ ਬੈਠੇ ਅੱਖਾਂ ਖੋਹਲ ਕੇ ਸਾਹਮਣੇ ਵਾਲੀ ਉਪਰਲੀ ਬਰਥ ਉੱਤੇ ਨਿਗਾਹ ਮਾਰੀ। ਬਲਬ ਦੀ ਹਲਕੀ ਜਿਹੀ ਰੌਸ਼ਨੀ ਵਿਚ ਦੋ ਪ੍ਰਛਾਵੇਂ ਅਲਗ ਅਲਗ ਬੈਠੇ ਦਿਸ ਰਹੇ ਸਨ ਜਿਹਨਾਂ ਨੇ ਬੁੱਕਲ ਮਾਰੀ ਹੋਈ ਸੀ।
ਸਿਸਕੀਆਂ ਦੀ ਆਵਾਜ਼ ਉਸਦੇ ਐਨ ਉਪਰ ਵਾਲੀ ਬਰਥ ਤੋਂ ਆ ਰਹੀ ਸੀ।
ਟਰੇਨ ਦੀ ਰਿਫ਼ਤਾਰ ਫੇਰ ਧੀਮੀ ਹੋਣ ਲੱਗ ਪਈ। ਕਬੀਰ ਚੁੱਪਚਾਪ ਉਠ ਕੇ ਗੇਟ ਕੋਲ ਆ ਗਿਆ। ਟਰੇਨ ਦੇ ਰੁਕਦਿਆਂ ਹੀ ਕਬੀਰ ਪਲੇਟਫ਼ਾਰਮ ਉੱਤੇ ਉਤਰ ਕੇ ਟਹਿਲਦਾ ਹੋਇਆ ਇਕਬਾਲ ਕੋਲ ਪਹੁੰਚਿਆ।
“ਲੁਟੇਰੇ ਮੇਰੇ ਡੱਬੇ ਵਿਚ ਹੀ ਨੇ।” ਉਸਨੇ ਅਤਿ ਧੀਮੀ ਆਵਾਜ਼ ਵਿਚ ਘੁਸਰ-ਮੁਸਰ ਜਿਹੀ ਕੀਤੀ।
“ਓ.ਕੇ.,” ਇਕਬਾਲ ਦੀਆਂ ਅੱਖਾਂ ਚਮਕਣ ਲੱਗੀਆਂ, “ਮੈਂ ਇੰਜ ਕਰਦਾਂ, ਹੀਰੇ ਨੂੰ ਦੂਜੇ ਡੱਬੇ ਵਿਚ ਹੀ ਛੱਡ ਕੇ ਤੁਹਾਡੇ ਕੋਲ ਆ ਜਾਂਦਾ ਆਂ।” ਇਕਬਾਲ ਬੋਲਿਆ।
“ਠੀਕ ਏ।” ਕਬੀਰ ਨੇ ਡੱਬੇ ਉੱਤੇ ਨਿਗਾਹ ਰੱਖਦਿਆਂ ਹੋਇਆਂ ਕਿਹਾ।
ਇਸ ਸਟੇਸ਼ਨ ਉੱਤੇ ਵੀ ਇਸ ਡੱਬੇ ਵਿਚੋਂ ਕੋਈ ਨਹੀਂ ਸੀ ਉਤਰਿਆ। ਟਰੇਨ ਨੇ ਫੇਰ ਵਿਸਲ ਮਾਰ ਕੇ ਚੱਲਣ ਦਾ ਸੰਕੇਤ ਦਿੱਤਾ।
ਇਕਬਾਲ ਕਾਹਲ ਨਾਲ ਹੀਰੇ ਨੂੰ ਨਾਲ ਲੈ ਕੇ ਦੂਜੇ ਡੱਬੇ ਵੱਲ ਤੁਰ ਪਿਆ। ਕਬੀਰ ਵੀ ਆਪਣੇ ਡੱਬੇ ਵਿਚ ਫੇਰ ਉਸੇ ਸੀਟ ਉੱਤੇ ਆ ਕੇ ਬੈਠ ਗਿਆ। ਆਉਣ ਵੇਲੇ ਉਸਨੇ ਆਪਣੀ ਸੀਟ ਦੀ ਉਪਰ ਵਾਲੀ ਬਰਥ ਉੱਤੇ ਨਿਗਾਹ ਮਾਰੀ, ਦੋ ਜਣੇ ਬੈਠੇ ਹੋਏ ਸਨ ਜਿਹਨਾਂ ਵਿਚ ਲਾਜ਼ਮੀ ਇਕ ਕੁੜੀ ਸੀ। ਟਰੇਨ ਤੁਰ ਪਈ। ਥੋੜ੍ਹੀ ਦੇਰ ਵਿਚ ਇਕਬਾਲ ਵੀ ਉਸੇ ਡੱਬੇ ਵਿਚ ਚੜ੍ਹ ਗਿਆ ਤੇ ਉਸ ਨਾਲੋਂ ਇਕ ਬਰਥ ਛੱਡ ਕੇ ਬੈਠ ਗਿਆ। ਉਸਨੇ ਇੰਜ ਜਾਹਰ ਕੀਤਾ ਜਿਵੇਂ ਉਹ ਉਸਨੂੰ ਜਾਣਦਾ ਹੀ ਨਾ ਹੋਵੇ।
ਉਸੇ ਸਮੇਂ ਇਕ ਮੁੰਡਾ ਕਬੀਰ ਦੇ ਸਾਹਮਣੇ ਵਾਲੀ ਬਰਥ ਤੋਂ ਉਤਰਿਆ। ਕਬੀਰ ਚੁਕੰਨਾ ਹੋ ਗਿਆ। ਉਸ ਮੁੰਡੇ ਨੇ ਬੁੱਕਲ ਮਾਰੀ ਹੋਈ ਸੀ। ਉਹ ਦਰਵਾਜ਼ੇ ਵਲ ਵਧਿਆ। ਫੇਰ ਉਸਨੇ ਟਾਇਲਟ ਵਿਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਇਕਬਾਲ ਵੀ ਟਹਿਲਣ ਦੇ ਅੰਦਾਜ਼ ਵਿਚ ਉਸਦੇ ਪਿੱਛੇ ਉਠ ਖੜ੍ਹਾ ਹੋਇਆ। ਟਾਇਲਟ ਵਿਚੋਂ ਬਾਹਰ ਨਿਕਲ ਕੇ ਉਹ ਵਾਪਸ ਆਪਣੀ ਬਰਥ ਕੋਲ ਆ ਗਿਆ ਇਸ ਵਾਰੀ ਉਪਰ ਬੈਠਣ ਦੇ ਬਜਾਏ ਉਹ ਕਬੀਰ ਦੇ ਸਾਹਮਣੇ ਹੇਠਾਂ ਹੀ ਬੈਠ ਗਿਆ।
ਸਵੇਰ ਹੋਣ ਲੱਗ ਪਈ ਸੀ। ਚਾਨਣ ਵਧ ਰਿਹਾ ਸੀ। ਅਗਲੇ ਦੋ ਤਿੰਨ ਸਟੇਸ਼ਨਾਂ ਤਕ ਕੋਈ ਹਲਚਲ ਨਹੀਂ ਸੀ ਹੋਈ। ਟਰੇਨ ਦੀ ਰਿਫ਼ਤਾਰ ਇਕ ਵਾਰੀ ਫੇਰ ਧੀਮੀ ਹੋਣ ਲੱਗੀ ਸੀ। ਟਰੇਨ ਤੇਜ਼ੀ ਨਾਲ ਪਟਰੀਆਂ ਬਦਲ ਰਹੀ ਸੀ, ਲੱਗਦਾ ਸੀ ਕੋਈ ਵੱਡਾ ਸਟੇਸ਼ਨ ਆ ਰਿਹਾ ਹੈ। ਅਚਾਨਕ ਉਪਰਲੀ ਬਰਥ ਉਪਰੋਂ ਕਿਸੇ ਨੇ ਉਨੀਂਦੀ ਆਵਾਜ਼ ਵਿਚ ਪੁੱਛਿਆ, “ਕਿਹੜਾ ਸਟੇਸ਼ਨ ਆ ਰਿਹੈ?”
“ਸ਼ਾਇਦ ਨਕੋਦਰ।” ਉਸਦੇ ਸਾਥੀ ਨੇ ਬਾਹਰ ਦੇਖਦਿਆਂ ਹੋਇਆਂ ਕਿਹਾ।
“ਚੱਲੋ ਛੇਤੀ ਕਰੋ, ਅਸੀਂ ਏਥੇ ਉਤਰਣਾ ਏਂ।”
“ਪਰ ਅਸੀਂ ਤਾਂ ਜਲੰਧਰ ਜਾਣਾ ਸੀ?”
“ਨਹੀਂ! ਪਲਾਨ ਬਦਲ ਗਿਆ ਏ ਹੁਣ ਇੱਥੇ ਈ ਉਤਰਣਾ ਏਂ।”
ਉਹਨਾਂ ਦੇ ਉਤਰਣ ਦੀ ਤਿਆਰੀ ਦੇਖ ਕੇ ਇਕਬਾਲ ਦਰਵਾਜ਼ੇ ਕੋਲ ਪਹੁੰਚ ਗਿਆ। ਡੱਬੇ ਵਿਚ ਮੌਜ਼ੂਦ ਕੁਝ ਦੂਜੀਆਂ ਸਵਾਰੀਆਂ ਵੀ ਉਤਰਣ ਦੀ ਤਿਆਰੀ ਕਰ ਰਹੀਆਂ ਸੀ। ਕਬੀਰ ਉੱਥੇ ਹੀ ਬੈਠਾ ਰਿਹਾ। ਸਾਹਮਣੀ ਬਰਥ ਤੋਂ ਇਕ ਮੁੰਡਾ ਹੋਰ ਉਤਰਿਆ ਜਿਸਦਾ ਰੰਗ ਕਣਕ-ਵੰਨਾਂ ਤੇ ਉਮਰ ਵੀਹ-ਬਾਈ ਸਾਲ ਦੇ ਲਗਭਗ ਹੋਏਗੀ। ਉਸਨੇ ਕਬੀਰ ਦੇ ਸਾਹਮਣੇ ਵਾਲੀ ਸੀਟ ਉੱਤੇ ਉਂਘ ਰਹੇ ਮੁੰਡੇ ਨੂੰ ਜਗਾਇਆ। ਕਬੀਰ ਦੇ ਉਪਰ ਵਾਲੀ ਬਰਥ ਤੋਂ ਵੀ ਇਕ ਮੁੰਡਾ ਉਤਰਿਆ ਉਸਨੇ ਹੱਥ ਵਧਾਅ ਕੇ ਉਪਰੋਂ ਇਕ ਸੋਹਣੀ ਜਿਹੀ ਕੁੜੀ ਨੂੰ ਉਤਾਰਿਆ ਜਿਸਨੇ ਲਾਲ ਰੰਗ ਦੀ ਸਲਵਾਰ ਕਮੀਜ਼ ਪਾਈ ਹੋਈ ਸੀ। ਮੁੰਡੇ ਦਾ ਕੱਦ ਲਗਭਗ ਕਬੀਰ ਦੇ ਬਾਰਬਰ ਹੀ ਹੋਏਗਾ। ਪਰ ਜਿਸਮ ਨਰੋਆ ਸੀ। ਜਦੋਂ ਉਸਨੇ ਹੱਥ ਉਪਰ ਚੁੱਕਿਆ ਤਾਂ ਕਬੀਰ ਦੀ ਨਜ਼ਰ ਉਸਦੀ ਬੈਲਟ ਵਿਚ ਟੁੰਗੇ ਰਿਵਾਲਵਰ ਉਪਰ ਪਈ। ਸਟੇਸ਼ਨ ਨੇੜੇ ਆ ਰਿਹਾ ਸੀ। ਰੇਲਵੇ ਲਾਈਨ ਦੇ ਕਿਨਾਰੇ ਬਣੇ ਘਰਾਂ ਦਾ ਸਿਲਸਿਲਾ ਸੰਘਣਾ ਹੁੰਦਾ ਜਾ ਰਿਹਾ ਸੀ। ਕੁੜੀ ਨੇ ਇਕ ਵਾਰੀ ਬੜੀ ਬੇਚੈਨੀ ਨਾਲ ਕਬੀਰ ਵਲ ਦੇਖਿਆ ਪਰ ਕਬੀਰ ਨੇ ਇੰਜ ਜਾਹਰ ਕੀਤਾ ਜਿਵੇਂ ਉਸਦਾ ਧਿਆਨ ਕਿਧਰੇ ਹੋਰ ਹੋਵੇ। ਉਹ ਉਠ ਕੇ ਹੌਲੀ ਹੌਲੀ ਤੁਰਦਾ ਹੋਇਆ ਦਰਵਾਜ਼ੇ ਕੋਲ ਖੜ੍ਹੇ ਇਕਬਾਲ ਕੋਲ ਆ ਗਿਆ।
“ਸਾਨੂੰ ਭੀੜ ਵਿਚ ਸ਼ਾਮਿਲ ਹੋ ਕੇ ਹੀ ਇਹਨਾਂ ਨੂੰ ਵੱਖ-ਵੱਖ ਕਰਨਾ ਪਏਗਾ।” ਕਬੀਰ ਬਾਹਰ ਵਲ ਦੇਖਦਾ ਹੋਇਆ ਬੋਲਿਆ।
“ਇੰਜ ਕਰਨਾ ਖਤਰਨਾਕ ਹੋ ਸਕਦਾ ਏ।” ਇਕਬਾਲ ਬੋਲਿਆ।
“ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ।” ਕਬੀਰ ਨੇ ਡੱਬੇ ਅੰਦਰ ਟੁੱਟਵੀਂ ਜਿਹੀ ਨਿਗਾਹ ਮਾਰਦਿਆਂ ਹੋਇਆਂ ਕਿਹਾ।
“ਠੀਕ ਏ। ਮੈਂ ਸਾਰੇ ਸਿਪਾਹੀਆਂ ਨੂੰ ਨਾਲ ਵਾਲੇ ਡੱਬੇ ਵਿਚ ਇਕੱਠੇ ਕਰ ਲਿਆ ਏ। ਮੈਂ ਉਹਨਾਂ ਨੂੰ ਸਮਝਾਉਂਦਾ ਆਂ। ਪਰ ਤੁਸੀਂ ਕੁਛ ਨਹੀਂ ਕਰੋਗੇ।” ਇਕਬਾਲ ਨੇ ਤਾਕੀਦ ਕਰਨ ਵਾਲੇ ਅੰਦਾਜ਼ ਵਿਚ ਕਿਹਾ।
“ਠੀਕ ਏ।” ਕਬੀਰ ਨੇ ਅਜੀਬ ਜਿਹੇ ਲਹਿਜ਼ੇ ਵਿਚ ਕਿਹਾ।
ਕੁਝ ਹੋਰ ਸਵਾਰੀਆਂ ਨੂੰ ਨੇੜੇ ਆਉਂਦਿਆਂ ਦੇਖ ਕੇ ਉਹ ਦੋਵੇਂ ਚੁੱਪ ਹੋ ਗਏ। ਲੁਟੇਰਿਆਂ ਵਿਚੋਂ ਦੋ ਮੁੰਡੇ ਅੱਗੇ ਸਨ ਤੇ ਇਕ ਮੁੰਡਾ ਕੁੜੀ ਦੇ ਐਨ ਨਾਲ ਢੁੱਕੇ ਕੇ ਪਿੱਛੇ ਤੁਰ ਰਿਹਾ ਸੀ। ਕਬੀਰ ਨੇ ਅੰਦਾਜ਼ਾ ਲਾਇਆ ਸ਼ਾਇਦ ਉਸਨੇ ਕੁੜੀ ਨੂੰ ਪਿਸਟਲ ਪੁਆਂਇੰਟ ਉੱਤੇ ਕਵਰ ਕੀਤਾ ਹੋਇਆ ਸੀ। ਸਟੇਸ਼ਨ ਉਪਰ ਗੱਡੀ ਜਿਵੇਂ ਹੀ ਧੀਮੀ ਹੋਈ ਇਕਬਾਲ ਕਾਹਲ ਨਾਲ ਉਤਰ ਗਿਆ। ਗੱਡੀ ਦੇ ਪੂਰੀ ਤਰ੍ਹਾਂ ਰੁਕ ਜਾਣ ਪਿੱਛੋਂ ਕਬੀਰ ਵੀ ਉਤਰ ਗਿਆ। ਗੱਡੀ ਵਿਚ ਚੜ੍ਹਨ ਵਾਲੀਆਂ ਸਵਾਰੀਆਂ ਵੀ ਦਰਵਾਜ਼ੇ ਅੱਗੇ ਇਕੱਠੀਆਂ ਹੋ ਗਈਆਂ ਸਨ। ਸਟੇਸ਼ਨ ਉਪਰ ਹਾਕਰਸ ਤੇ ਚੜ੍ਹਦੀਆਂ-ਉਤਰਦੀਆਂ ਸਵਾਰੀਆਂ ਦੀ ਕਾਵਾਂ-ਰੌਲੀ ਨੇ ਇਕ ਅਜੀਬ ਜਿਹੀ ਹਫ਼ੜਾ-ਦਫ਼ੜੀ ਦਾ ਮਾਹੌਲ ਬਣਾ ਦਿੱਤਾ ਸੀ। ਲੁਟੇਰਿਆਂ ਨੇ ਗੱਡੀ ਵਿਚੋਂ ਉਤਰ ਕੇ ਸਟੇਸ਼ਨ 'ਚੋਂ ਬਾਹਰ ਨਿਕਲਣ ਵਾਲੇ ਰਸਤੇ ਵਲ ਤੁਰਨਾ ਸ਼ੁਰੂ ਕਰ ਦਿੱਤਾ। ਕਬੀਰ ਉਹਨਾਂ ਦੇ ਬਿਲਕੁਲ ਨਾਲ ਨਾਲ ਸੀ। ਅਚਾਨਕ ਉਸਨੇ ਦੇਖਿਆ ਕਿ ਇਕਬਾਲ ਆਪਣੇ ਸਿਪਾਹੀਆਂ ਨਾਲ ਲੁਟੇਰਿਆਂ ਦੇ ਅੱਗੇ ਅੱਗੇ ਚੱਲ ਰਿਹਾ ਸੀ ਫੇਰ ਉਹ ਹੌਲੀ ਹੌਲੀ ਦੂਜੀਆਂ ਸਵਾਰੀਆਂ ਦੇ ਨਾਲ ਲੁਟੇਰਿਆਂ ਦੇ ਵਿਚਕਾਰ ਆ ਗਿਆ। ਕਬੀਰ ਸਮਝ ਗਿਆ ਕਿ ਉਹ ਭੀੜ ਦਾ ਲਾਭ ਲੈ ਕੇ ਲੁਟੇਰਿਆਂ ਨੂੰ ਵੱਖ-ਵੱਖ ਕਰਨਾ ਚਾਹੁੰਦਾ ਹੈ। ਸਟੇਸ਼ਨ ਉੱਤੇ ਖਾਸੀਆਂ ਸਵਾਰੀਆਂ ਉਤਰੀਆਂ ਸਨ। ਉਸ ਧੱਕਾ ਮੁੱਕੀ ਵਿਚ ਇਕਬਾਲ ਤੇ ਉਸਦੇ ਸਿਪਾਹੀਆਂ ਨੇ ਦੋ ਲੁਟੇਰਿਆਂ ਨੂੰ ਆਪਣੇ ਘੇਰੇ ਵਿਚ ਲੈਂਦਿਆਂ ਹੋਇਆ ਬੜੀ ਚਲਾਕੀ ਨਾਲ ਇਕ ਕਿਨਾਰੇ ਕਰ ਲਿਆ। ਕਬੀਰ ਉਸ ਮੁੰਡੇ ਦੇ ਹੋਰ ਨੇੜੇ ਹੋ ਗਿਆ ਜਿਸਨੇ ਕੁੜੀ ਨੂੰ ਕਵਰ ਕੀਤਾ ਹੋਇਆ ਸੀ। ਉਹ ਕੁੜੀ ਨਾਲ ਬਿਲਕੁਲ ਢੁੱਕ ਕੇ ਤੁਰ ਰਿਹਾ ਸੀ। ਉਸਨੇ ਆਪਣੇ ਹੱਥ ਸ਼ਾਲ ਵਿਚ ਲਕੋਏ ਹੋਏ ਸਨ ਸ਼ਾਇਦ ਉਹਨਾਂ ਵਿਚ ਹੀ ਉਸਨੇ ਪਿਸਤੌਲ ਲਕੋਇਆ ਹੋਇਆ ਸੀ। ਕਬੀਰ ਦੇ ਮੋਢੇ ਨਾਲ ਉਸਦਾ ਮੋਢਾ ਟਕਰਾਇਆ ਤਾਂ ਉਸਨੇ ਇਕ ਵਾਰੀ ਘੂਰ ਕੇ ਕਬੀਰ ਵਲ ਦੇਖਿਆ। ਕਬੀਰ ਦੇ ਹੱਥ ਦੇ ਇਸ਼ਾਰੇ ਨਾ ਮੁਆਫ਼ੀ ਮੰਗੀ ਪਰ ਉਸੇ ਤਰ੍ਹਾਂ ਤੁਰਨਾ ਜਾਰੀ ਰੱਖਿਆ। ਉਸਦਾ ਇਰਾਦਾ ਸੀ ਉਹ ਭੀੜ ਦਾ ਫਾਇਦਾ ਉਠ ਕੇ ਉਸ ਮੁੰਡੇ ਨੂੰ ਕੁੜੀ ਨਾਲੋਂ ਵੱਖ ਕਰ ਦਏਗਾ। ਉਦੋਂ ਹੀ ਅਚਾਨਕ ਉਸਦੀ ਨਜ਼ਰ ਹੀਰੇ ਉੱਤੇ ਪਈ ਜਿਹੜਾ ਸਟੇਸ਼ਨ ਦੇ ਬਾਹਰ ਨਿਕਲਣ ਵਾਲੇ ਗੇਟ ਕੋਲ ਖੜ੍ਹਾ ਉਧਰ ਹੀ ਦੇਖ ਰਿਹਾ ਸੀ। ਕਬੀਰ ਘਬਰਾ ਗਿਆ—ਜੇ ਲੁਟੇਰੇ ਦੀ ਨਜ਼ਰ ਹੀਰੇ ਉੱਤੇ ਪੈ ਗਈ ਤਾਂ ਕੰਮ ਖਰਾਬ ਹੋ ਜਾਏਗਾ। ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਸਕਦਾ ਹੀਰੇ ਦੀ ਨਜ਼ਰ ਉਸ ਕੁੜੀ ਉੱਤੇ ਪੈ ਗਈ।
“ਰੱਜੋ!” ਕਹਿੰਦਾ ਹੋਇਆ ਹੀਰਾ ਉਸ ਵਲ ਅਹੁਲਿਆ। ਲੁਟੇਰੇ ਨੇ ਤ੍ਰਬਕ ਕੇ ਉਸ ਵਲ ਦੇਖਿਆ। ਹੀਰੇ ਨੂੰ ਉੱਥੇ ਦੇਖ ਕੇ ਉਹ ਹੈਰਾਨ ਹੋ ਗਿਆ। ਉਸਨੂੰ ਲੱਗਿਆ ਕਿ ਦਾਲ ਵਿਚ ਕੁਝ ਕਾਲਾ ਹੈ। ਉਸਨੇ ਆਪਣੇ ਸਾਥੀਆਂ ਦੀ ਭਾਲ ਵਿਚ ਨਜ਼ਰਾਂ ਇਧਰ ਉਧਰ ਦੌੜਾਈਆਂ। ਪਿਛਲੇ ਪਾਸਿਓਂ ਰੌਲੇ ਦੀ ਆਵਾਜ਼ ਆਉਣ 'ਤੇ ਪਰਤ ਕੇ ਦੇਖਿਆ ਤਾਂ ਇਕਬਾਲ ਤੇ ਉਸਦੇ ਸਿਪਾਹੀ ਦੋਵਾਂ ਮੁੰਡਿਆਂ ਨੂੰ ਭੂੰਜੇ ਢਾਅ ਕੇ ਉਹਨਾਂ ਉੱਤੇ ਕਾਬੂ ਪਾ ਰਹੇ ਸਨ। ਖਤਰਾ ਤਾੜ ਕੇ ਉਸਨੇ ਕੁੜੀ ਨੂੰ ਕਾਬੂ ਵਿਚ ਕਰਨਾ ਚਾਹਿਆ ਉਦੋਂ ਹੀ ਕਬੀਰ ਨੇ ਕੁੜੀ ਨੂੰ ਇਕ ਜ਼ੋਰਦਾਰ ਧੱਕਾ ਮਾਰਿਆ ਜਿਸ ਨਾਲ ਉਹ ਦੂਰ ਜਾ ਡਿੱਗੀ। ਲੁਟੇਰਾ ਇਕ ਗੰਦੀ ਗਾਲ੍ਹ ਕੱਢਦਾ ਹੋਇਆ ਕਬੀਰ ਵਲ ਪਰਤਿਆ, ਉਸਦੇ ਹੱਥ ਵਿਚ ਰਿਵਾਲਵਰ ਸੀ। ਕਬੀਰ ਚੀਤੇ ਵਾਂਗ ਉਸ ਉੱਤੇ ਝਪਟਿਆ। ਦੋਵੇਂ ਗੁੱਥਮ-ਗੁੱਥਾ ਹੋ ਗਏ। ਕਬੀਰ ਪੂਰੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਲੁਟੇਰੇ ਦੇ ਰਿਵਾਲਵਰ ਵਾਲੇ ਹੱਥ ਉਪਰ ਕਾਬੂ ਕਰ ਲਏ। ਲੁਟੇਰਾ ਹਾਲਾਂਕਿ ਸਰੀਰ ਪੱਖੋਂ ਕਬੀਰ ਨਾਲੋਂ ਤਕੜਾ ਸੀ ਪਰ ਕਬੀਰ ਵੀ ਪੁਲਿਸ ਅਕੇਡਮੀ ਦੀ ਟਰੇਨਿੰਗ ਵਿਚੋਂ ਹੋ ਕੇ ਨਿਕਲਿਆ ਸੀ। ਕਬੀਰ ਨੇ ਉਸਨੂੰ ਜ਼ਮੀਨ 'ਤੇ ਸੁੱਟ ਲਿਆ। ਲੁਟੇਰਾ ਪੂਰਾ ਜ਼ੋਰ ਲਾ ਕੇ ਉਸਦੇ ਹੇਠੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਅਚਾਨਕ ਮੱਚੀ ਹਫ਼ੜਾ-ਦਫ਼ੜੀ ਕਾਰਨ ਮੁਸਾਫ਼ਰਾਂ ਵਿਚ ਭਗਦੜ ਮੱਚ ਗਈ। ਹੀਰਾ ਆਪਣੀ ਕੁੜੀ ਨੂੰ ਉਠਾਲ ਕੇ ਇਕ ਪਾਸੇ ਹੋ ਗਿਆ। ਇਕਬਾਲ ਵੀ ਇਸ ਦੌਰਾਨ ਦੂਜੇ ਲੁਟੇਰਿਆਂ ਨੂੰ ਕਾਬੂ ਕਰਕੇ ਦੌੜਦਾ ਹੋਇਆ ਇਧਰ ਆਇਆ। ਦੂਜੇ ਮੁਸਾਫ਼ਰ ਲੁਟੇਰੇ ਦੇ ਹੱਥ ਵਿਚ ਰਿਵਾਲਵਰ ਦੇਖ ਕੇ ਚੀਕਾਂ-ਕੂਕਾਂ ਮਾਰਦੇ ਹੋਏ ਇਧਰ ਉਧਰ ਖਿੱਲਰ ਗਏ। ਕਬੀਰ ਤੇ ਉਹ ਲੁਟੇਰਾ ਅਜੇ ਵੀ ਜ਼ਮੀਨ 'ਤੇ ਪਏ ਗੁੱਥਮ-ਗੁੱਥਾ ਹੋ ਰਹੇ ਸਨ। ਇਕਬਾਲ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਉਹ ਕਿੰਜ ਕਬੀਰ ਦੀ ਮਦਦ ਕਰੇ। ਇਸ ਤੋਂ ਪਹਿਲਾਂ ਕਿ ਉਹ ਅੱਗੇ ਵਧਦਾ ਅਚਾਨਕ 'ਠਾਹ' ਦੀ ਆਵਾਜ਼ ਨਾਲ ਸਵੇਰ ਦਾ ਸੰਨਾਟਾ ਗੂੰਜ ਉਠਿਆ। ਦਿਲ ਭੁੜਕ ਕੇ ਇਕਬਾਲ ਦੇ ਹਲਕ ਵਿਚ ਆ ਗਿਆ। 'ਵਾਹਿਗੁਰੂ ਸੁੱਖ ਰੱਖੀਂ।'
ਰਿਵਾਲਵਰ ਵਿਚੋਂ ਨਿਕਲੀ ਗੋਲੀ ਪਲੇਟਫ਼ਾਰਮ ਦੇ ਲੋਹੇ ਦੇ ਸ਼ੈੱਡ ਵਿਚ ਜਾ ਧਸੀ। ਕਬੀਰ ਅਚਾਨਕ ਹੀ ਲੁਟੇਰੇ ਉੱਤੇ ਕਾਬੂ ਪਾਉਂਦਾ ਹੋਇਆ ਉਸਦੀ ਛਾਤੀ ਉੱਤੇ ਸਵਾਰ ਹੋ ਗਿਆ। ਉਸਨੇ ਉਸਦੀ ਛਾਤੀ ਉੱਤੇ ਬੈਠਿਆਂ-ਬੈਠਿਆਂ ਉਸਦੀਆਂ ਦੋਵਾਂ ਬਾਹਾਂ ਨੂੰ ਆਪਣੇ ਗੋਡਿਆਂ ਹੇਠ ਨੱਪ ਕੇ ਉਸਦੇ ਮੂੰਹ ਉੱਤੇ ਦੋ ਤਿੰਨ ਤਕੜੇ ਘਸੁੰਨ ਜੜ ਦਿੱਤੇ। ਲੁਟੇਰੇ ਦੀ ਚੀਕ ਨਿਕਲ ਗਈ। ਫੇਰ ਕਬੀਰ ਜਿਵੇਂ ਝੱਲਾ ਹੀ ਹੋ ਗਿਆ, ਉਸਨੇ ਲੁਟੇਰੇ ਦੇ ਮੂੰਹ ਉੱਤੇ ਘਸੁੰਨਾ ਦੀ ਝੜੀ ਲਾ ਦਿੱਤੀ। ਉਹ ਬੇਸੁੱਧ ਹੋ ਗਿਆ। ਇਕਬਾਲ ਨੇ ਕਬੀਰ ਨੂੰ ਜਬਰਦਸਤੀ ਉਸਦੀ ਛਾਤੀ ਤੋਂ ਲਾਹਿਆ। ਲੁਟੇਰੇ ਦਾ ਚਿਹਰਾ ਲਹੂ-ਲੁਹਾਣ ਹੋਇਆ ਹੋਇਆ ਸੀ। ਪਿੱਛੋਂ ਸਿਪਾਹੀ ਵੀ ਦੋਵਾਂ ਲੁਟੇਰਿਆਂ ਦੀਆਂ ਮੁਸ਼ਕਾਂ ਕਸ ਕੇ ਉੱਥੇ ਹੀ ਲੈ ਆਏ ਸਨ। ਉਹਨਾਂ ਵਿਚੋਂ ਇਕ ਨੇ ਝੁਕ ਕੇ ਲੁਟੇਰੇ ਦਾ ਰਿਵਾਲਵਰ ਚੁੱਕ ਲਿਆ। ਕਬੀਰ ਦੀ ਇਸ ਲੜਾਈ ਦੌਰਾਨ ਲੋਕਾਂ ਦੀ ਖਾਸੀ ਭੀੜ ਉਹਨਾਂ ਦੁਆਲੇ ਇਕੱਠੀ ਹੋ ਗਈ ਸੀ। ਕਿਸੇ ਮੁਸਾਫ਼ਰ ਨੇ ਦੌੜ ਕੇ ਸਟੇਸ਼ਨ ਉੱਤੇ ਬਣੀ ਜੀ.ਆਰ.ਪੀ. ਚੌਂਕੀ ਵਿਚ ਇਸ ਘਟਨਾ ਦੀ ਸੂਚਨਾਂ ਦੇ ਦਿੱਤੀ, ਜਿਸਦਾ ਇੰਚਾਰਜ ਇਕ ਏ.ਐਸ.ਆਈ ਆਪਣੀ ਮੋਟੀ ਥੁਲਥੁਲ ਦੇਹ ਨੂੰ ਸੰਭਾਲਦਾ ਹੋਇਆ ਜਦ ਤਕ ਉੱਥੇ ਪਹੁੰਚਿਆ ਕਬੀਰ ਲੁਟੇਰੇ ਉੱਤੇ ਕਾਬੂ ਪਾ ਚੁੱਕਿਆ ਸੀ। ਭੀੜ ਵਿਚੋਂ ਰਾਹ ਬਣਾਉਦਾ ਜਦੋਂ ਉਹ ਉੱਥੇ ਪਹੁੰਚਿਆ ਤਾਂ ਲੁਟੇਰੇ ਨੂੰ ਖ਼ੂਨ ਵਿਚ ਲਥਪਥ ਦੇਖ ਕੇ ਕੂਕਿਆ, “ਕਿਸਨੇ ਕੀਤਾ ਏ ਇਹ ਸਭ?”
“ਮੈਂ...” ਕਬੀਰ ਨੇ ਬੜੇ ਸਹਿਜ ਨਾਲ ਜਵਾਬ ਦਿੱਤਾ।
ਇਸ ਤੋਂ ਪਹਿਲਾਂ ਕਿ ਚੌਂਕੀ ਇੰਚਾਰਜ ਕੁਝ ਹੋਰ ਕਹਿੰਦਾ, ਉਸਨੇ ਆਪਣਾ ਆਈ ਕਾਰਡ ਚੌਂਕੀ ਇੰਨਚਾਰ ਦੀਆਂ ਅੱਖਾਂ ਸਾਹਮਣੇ ਕਰ ਦਿੱਤਾ।
ਆਈ ਕਾਰਡ ਉੱਤੇ ਨਜ਼ਰ ਪੈਂਦਿਆਂ ਹੀ ਅਚਾਨਕ ਚੌਂਕੀ ਇੰਚਾਰਜ ਢਿੱਲਾ ਪੈ ਗਿਆ।
“ਜਨਾਬ!” ਫੌਰਨ ਹੀ ਅਟੈਂਸ਼ਨ ਹੋ ਕੇ ਉਸਨੇ ਕਬੀਰ ਨੂੰ ਇਕ ਕਰਾਰਾ ਸਲੂਟ ਮਾਰਿਆ ਤੇ ਫੌਰਨ ਹੀ ਭੀੜ ਨੂੰ ਹਟਾਉਣ ਲੱਗਾ।
“ਚਲੋ ਚਲੋ, ਕੀ ਤਮਾਸ਼ਾ ਲਾ ਰੱਖਿਐ ਏਥੇ।”
ਸਿਪਾਹੀਆਂ ਨੇ ਲੁਟੇਰੇ ਨੂੰ ਚੁੱਕ ਕੇ ਇਕ ਪਾਸੇ ਕਰ ਦਿੱਤਾ। ਟਰੇਨ ਪਹਿਲਾਂ ਹੀ ਆਪਣੀ ਮੰਜ਼ਿਲ ਵਲ ਰਵਾਨਾ ਹੋ ਚੁੱਕੀ ਸੀ।
“ਤੁਹਾਨੂੰ ਲੁਟੇਰੇ ਨਾਲ ਭਿੜਨ ਦੀ ਕੀ ਜ਼ਰੂਰਤ ਸੀ?” ਇਕਬਾਲ ਨੇ ਥੋੜ੍ਹੀ ਨਾਰਾਜ਼ਗੀ ਤੇ ਡਾਢੇ ਮੋਹ ਭਿੱਜੀ ਆਵਾਜ਼ ਵਿਚ ਕਿਹਾ, “ਅਸੀਂ ਲੋਕ ਜੋ ਸਾਂ, ਸਿਪਾਹੀ ਵੀ ਸਨ—ਜੇ ਤੁਹਾਨੂੰ ਕੁਝ ਹੋ ਜਾਂਦਾ ਫੇਰ!”
“ਕੀ ਸਿਪਾਹੀ ਦੇ ਲਹੂ ਦਾ ਰੰਗ, ਕਪਤਾਨ ਦੇ ਲਹੂ ਦੇ ਰੰਗ ਨਾਲੋਂ ਵੱਖਰਾ ਹੁੰਦਾ ਏ?” ਕਬੀਰ ਨੇ ਬੜੀ ਸੰਜੀਦਗੀ ਨਾਲ ਕਿਹਾ।
ਇਕਬਾਲ ਨੇ ਕਬੀਰ ਵਲ ਅਜੀਬ ਜਿਹੀਆਂ ਨਜ਼ਰਾਂ ਨਾਲ ਤੱਕਿਆ ਤੇ ਅਤਿ ਭਾਵੁਕ ਹੋ ਕੇ ਆਪਣੀ ਹਿੱਕ ਨਾਲ ਲਾ ਲਿਆ। ਹੀਰਾ ਆਪਣੀ ਧੀ ਕੋਲ ਖੜਾ ਹੈਰਾਨੀ ਵਿਚ ਡੁੱਬਿਆ ਇਹਨਾਂ ਦੋਵਾਂ ਵਲ ਦੇਖ ਰਿਹਾ। ਉਸਦੀ ਧੀ ਸਹਿਮੀ ਹੋਈ ਉਸਦੇ ਨਾਲ ਚਿਪਕੀ ਖੜ੍ਹੀ ਸੀ।
ਦੂਰ ਪੂਰਬ ਵਿਚ ਸੂਰਜ ਨੇ ਹਨੇਰੇ ਦੀ ਨਕਾਬ ਨੂੰ ਚੀਰਦਿਆਂ ਹੋਇਆਂ, ਇੰਜ ਆਪਣਾ ਚਿਹਰਾ ਬਾਹਰ ਕੱਢਿਆ ਜਿਵੇਂ ਬੁਰਾਈ ਉੱਤੇ ਸੱਚਾਈ ਦੀ ਫਤਿਹ ਉਪਰ ਜ਼ਮਾਨੇ ਨੂੰ ਮੁਬਾਰਕਬਾਦ ਦੇ ਰਿਹਾ ਹੋਵੇ।  
    ੦੦੦ ੦੦੦ ੦੦੦

ਇਹ ਕਹਾਣੀ ਸ਼ਬਦ ਦੇ ਜਨਵਰੀ-ਮਾਰਚ : 2011 ਅੰਕ ਵਿਚ ਪ੍ਰਕਾਸ਼ਿਤ ਹੋਈ

    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
    ਮੋਬਾਇਲ ਨੰ : 94177-30600.

No comments:

Post a Comment