Wednesday, February 9, 2011

ਸੰਸਦ ਮਾਰਗ 'ਤੇ...:: ਲੇਖਕ : ਬੀਰ ਰਾਜਾ

ਉਰਦੂ ਕਹਾਣੀ :
ਸੰਸਦ ਮਾਰਗ 'ਤੇ...
ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਮਨ ਵਿਚ ਇਕ ਗੱਲ ਉੱਠੀ ਕਿ ਸਾਰੇ ਜਲੂਸ ਇਕੋ-ਜਿਹੇ ਹੁੰਦੇ ਨੇ, ਉਹਨਾਂ ਵਿਚ ਇਕੋ-ਜਿਹੇ ਚਿਹਰੇ ਹੀ ਦਿਖਾਈ ਦਿੰਦੇ ਨੇ, ਫੇਰ ਹਰ ਵਾਰੀ ਅਸੀਂ ਏਨੀ ਉੱਛਲ-ਕੁੱਦ ਕਰਦੇ ਹੋਏ ਤਸਵੀਰਾਂ ਕਿਉਂ ਖਿੱਚਦੇ ਹਾਂ? ਏਨਾ ਸੋਚ ਲੈਣ ਪਿੱਛੋਂ ਵੀ ਸਾਡੀ ਉੱਛਲ-ਕੁੱਦ ਜਾਰੀ ਰਹੀ। ਇਸ ਉਮਰ ਵਿਚ ਵੀ ਅਸੀਂ ਕੰਧਾਂ ਤੇ ਰੁੱਖਾਂ ਉੱਤੇ ਚੜ੍ਹਦੇ ਹੋਏ ਤਸਵੀਰਾਂ ਖਿੱਚਣ ਲੱਗੇ।
ਜਲੂਸ ਬੜਾ ਵੱਡਾ ਸੀ। ਸੜਕਾਂ 'ਤੇ ਆਵਾਜਾਵੀ ਰੁਕ ਚੁੱਕੀ ਸੀ। ਚੌਰਾਹਿਆਂ ਉੱਤੇ ਲੋਕਾਂ ਦੇ ਝੁੰਡ ਜੁੜੇ ਹੋਏ ਸਨ। ਜਿੱਥੇ ਵੱਧ ਭੀੜ ਹੁੰਦੀ, ਪ੍ਰਦਰਸ਼ਨਕਾਰੀ ਰੁਕ ਕੇ ਉੱਚੀਆਂ ਤੇ ਜੋਸ਼ੀਲੀਆਂ ਆਵਾਜ਼ਾਂ ਵਿਚ ਨਾਅਰੇ ਲਾਉਣ ਲੱਗ ਪੈਂਦੇ। ਉਹਨਾਂ ਦੀਆਂ ਨਸਾਂ ਤਣ ਜਾਂਦੀਆਂ। ਹੱਥਾਂ ਵਿਚ ਫੜ੍ਹੀਆਂ ਝੰਡੀਆਂ ਤੇ ਮਾਟੋ, ਵਾਰ-ਵਾਰ ਉੱਛਲਦੇ; ਸਭਨਾਂ ਉੱਤੇ ਇਕ ਜਨੂੰਨ ਸਵਾਰ ਹੋ ਜਾਂਦਾ। ਸਾਰੀਆਂ ਟੋਲੀਆਂ ਵਿਚ ਇੰਜ ਨਹੀਂ ਸੀ—ਕੁਝ ਬੜੇ ਚੁੱਪ-ਚੁੱਪ, ਸੜਕ ਦੇ ਦੋਵੇਂ ਪਾਸੇ ਦੀ ਦੁਨੀਆਂ ਨੂੰ ਹੈਰਾਨੀ ਨਾਲ ਵੇਖਦੇ ਹੋਏ, ਤੁਰ ਰਹੇ ਸਨ।
ਤਮਾਸ਼ਾਈਆਂ ਵਿਚ ਸਭ ਤਰ੍ਹਾਂ ਦੀ ਭੀੜ ਸੀ—ਕੁਝ ਰੋਜ਼-ਰੋਜ਼ ਦੇ ਜਲੂਸਾਂ ਤੋਂ ਤੰਗ ਆਏ ਹੋਏ ਸਨ, ਕੁਝ ਰਸਤੇ ਬੰਦ ਹੋਣ ਤੋਂ ਪ੍ਰੇਸ਼ਾਨ ਸਨ ਤੇ ਬਕ ਰਹੇ ਸਨ। ਕੁਝ ਪ੍ਰਦਰਸ਼ਨਕਾਰੀਆਂ ਨੂੰ ਬੁਰਾ-ਭਲਾ ਕਹਿਣ ਲੱਗੇ ਕਿ 'ਇਹਨਾਂ ਨੂੰ ਪੁੱਛੋ ਬਈ ਏਨੇ ਵਰ੍ਹਿਆਂ ਦਾ ਇਸ ਭੀੜ-ਭੜਕੇ ਨਾਲ ਕੀ ਹੋਇਆ ਹੈ?' ਕੋਈ ਚੀਕ ਰਿਹਾ ਸੀ ਕਿ 'ਸਾਰੀਆਂ ਪਾਰਟੀਆਂ ਆਪਣਾ ਉੱਲੂ ਸਿੱਧਾ ਕਰਨ ਲਈ ਲੋਕਾਂ ਨੂੰ ਭੜਕਾ ਕੇ ਲੈ ਆਉਂਦੀਆਂ ਹਨ। ਇਹਨਾਂ ਜਲੂਸਾਂ ਦਾ ਜ਼ਮਾਨਾ ਗਿਆ; ਹੁਣ ਤਾਂ ਸਰਕਾਰ ਆਪਣੇ ਸਮਰਥਣ ਵਿਚ ਹੀ ਇਸ ਨਾਲੋਂ ਵੱਧ ਭੀੜ ਇਕੱਠੀ ਕਰ ਲਿਆਉਂਦੀ ਹੈ।'
ਇਕ ਮੋੜ ਉੱਤੇ ਰੁਕੀ ਹੋਈ ਭੀੜ ਵਿਚ ਇਕ ਬੜਾ ਭਾਵੁਕ ਨੌਜਵਾਨ ਮੁੱਠੀਆਂ ਉਲਾਰ ਕੇ ਕਹਿ ਰਿਹਾ ਸੀ ਕਿ 'ਹੁਣ ਸੰਘਰਸ਼ ਦੇ ਨਾਂਅ ਉਪਰ ਇਹੋ ਨਾਟਕ ਰਹਿ ਗਿਆ ਹੈ...ਜਲੂਸ ਤੇ ਚੋਣਾਂ, ਦੋ ਅਜਿਹੇ ਧੋਖੇ ਨੇ, ਜਦ ਅਸੀਂ ਮੂਰਖ ਬਣ ਜਾਂਦੇ ਹਾਂ।'
ਅਜਿਹੇ ਦਿਨ, ਲੋਕੀ ਪੜ੍ਹੇ ਹੋਏ ਅਖ਼ਬਾਰ, ਰਸਾਲਿਆਂ ਦੇ ਆਧਾਰ 'ਤੇ ਖ਼ੂਬ ਬਹਿਸਾਂ ਕਰਦੇ ਹਨ। ਜਦੋਂ ਰਸਤੇ ਖੁੱਲ੍ਹ ਜਾਂਦੇ ਹਨ ਤਾਂ ਉਹਨਾਂ ਨੂੰ ਇਹ ਵੀ ਚੇਤਾ ਨਹੀਂ ਰਹਿੰਦਾ ਕਿ ਥੋੜ੍ਹੀ ਦੇਰ ਪਹਿਲਾਂ ਉਹ ਕੀ ਗੱਲਾਂ ਕਰ ਰਹੇ ਸਨ। ਭੀੜ ਤੇ ਜਲੂਸ ਵਿਚ ਲੋਕਾਂ ਦੇ ਤੇਵਰ, ਉਹਨਾਂ ਦੇ ਚਿਹਰੇ, ਉਹਨਾਂ ਦਾ ਗੁੱਸਾ, ਹਮੇਸ਼ਾ ਇਕੋ ਜਿਹਾ ਹੁੰਦਾ ਹੈ। ਸਿਰਫ ਕੁਝ ਵਾਕ ਤੇ ਨਾਅਰੇ ਬਦਲ ਜਾਂਦੇ ਹਨ।
ਜਲੂਸ ਲਾਲ ਕਿਲੇ ਦੇ ਪਿੱਛਲੇ ਪਾਸਿਓਂ ਸ਼ੁਰੂ ਹੋ ਕੇ ਸੰਸਦ ਮਾਰਗ ਤਕ ਪਹੁੰਚ ਚੁੱਕਿਆ ਸੀ। ਉਸਦਾ ਪਿਛਲਾ ਸਿਰਾ ਅਜੇ ਰਾਜ ਘਾਟ ਤਕ ਹੀ ਪਹੁੰਚਿਆ ਸੀ। ਜਲੂਸ ਵਿਚ ਸਾਰੇ ਸੂਬਿਆਂ ਦੇ ਮਰਦ, ਤੀਵੀਂਆਂ, ਨੌਜਵਾਨ, ਮਜ਼ਦੂਰ, ਕਿਸਾਨ ਤੇ ਅਨੇਕਾਂ ਸੰਗਠਨਾਂ ਦੇ ਲੋਕ ਸਨ। ਉਹਨਾਂ ਦੇ ਪਹਿਰਾਵੇ, ਬੋਲੀਆਂ, ਸ਼ਕਲਾਂ ਜ਼ਰੂਰ ਵੱਖੋ-ਵੱਖ ਸਨ, ਪਰ ਉਹਨਾਂ ਦੇ ਨਾਅਰੇ ਤੇ ਝੰਡੇ ਇਕੋ-ਜਿਹੇ ਸਨ—ਲਾਲ ਝੰਡੇ, ਲਾਲ ਬੈਨਰ, ਲਾਲ ਤਖ਼ਤੀਆਂ, ਤੇ ਲਾਲ ਨਾਅਰੇ।
ਜਲੂਸ ਦੀ ਲੰਬਾਈ, ਅਨੁਸ਼ਾਸਨ ਤੇ ਜੋਸ਼ ਨੂੰ ਵੇਖਦੇ ਹੀ ਅੰਦਾਜ਼ਾ ਹੋ ਜਾਂਦਾ ਸੀ ਕਿ ਇਸ ਦੀ ਤਿਆਰੀ ਵਿਚ ਕਈ ਮਹੀਨੇ ਦਾ ਸਮਾਂ ਲੱਗਾ ਹੈ। ਜਲੂਸ ਵਿਚਲੇ ਚਿਹਰੇ ਓਹੋ-ਜਿਹੇ ਦਿਖਾਈ ਨਹੀਂ ਸੀ ਦੇ ਰਹੇ, ਜਿਹੋ-ਜਿਹੇ ਸਹਿਜ ਜ਼ਿੰਦਗੀ ਵਿਚ ਦਿਖਾਈ ਦਿੰਦੇ ਨੇ। ਜਲੂਸ ਵਿਚ ਲੋਕ ਖ਼ੂੰਖਾਰ ਤੇ ਲੜਾਕੂ ਬਣ ਜਾਂਦੇ ਨੇ। ਇਹੀ ਉਹ ਸਮਾਂ ਹੁੰਦਾ ਹੈ, ਜਦੋਂ ਉਹਨਾਂ ਦੇ ਅੰਦਰ ਦਬੀ ਅੱਗ ਭੜਕ ਉੱਠਦੀ ਹੈ।
ਜਲੂਸ ਵਾਰ-ਵਾਰ ਰੁਕ ਜਾਂਦਾ। ਲੋਕ ਟੋਲੀਆਂ ਵਿਚ ਜੁੜ ਕੇ ਗੱਲਾਂ ਕਰਨ ਲੱਗਦੇ। ਜਿਵੇਂ ਹੀ ਸਰਕਦੇ, ਫੇਰ ਨਾਅਰੇ ਗੂੰਜਣ ਲੱਗ ਪੈਂਦੇ। ਪਿਛਲੀ ਟੋਲੀ ਨੂੰ ਅਗਾਂਹ ਸਰਕਣ ਦਾ ਮੌਕਾ ਹੀ ਨਹੀਂ ਸੀ ਮਿਲ ਰਿਹਾ। ਉਹ ਉੱਚੀਆਂ ਆਵਾਜ਼ਾਂ ਵਿਚ ਗੱਲਾਂ ਕਰ ਰਹੇ ਸਨ। ਉਹਨਾਂ ਦੀਆਂ ਗੱਲਾਂ ਵਿਚ ਉਹਨਾਂ ਦੇ ਘਰ-ਪਰਿਵਾਰ, ਪਿੰਡ, ਸਮੱਸਿਆਵਾਂ ਤੇ ਜ਼ੁਲਮਾਂ ਦੀ ਪੂਰੀ ਕਹਾਣੀ ਝਲਕ ਉਠਦੀ। ਅਸੀਂ ਉਹਨਾਂ ਦੀਆਂ ਆਵਾਜ਼ਾਂ ਟੇਪ ਕਰਨ ਲੱਗ ਪਏ। ਇਕ ਟੋਲੀ ਏਨੀ ਗਰੀਬ ਸੀ ਕਿ ਉਹਨਾਂ ਨੂੰ ਵੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ ਕਿ ਉਹ ਇਸੇ ਪ੍ਰਜਾਤੰਤਰ ਦੇ ਨਾਗਰਿਕ ਹਨ। ਉਹਨਾਂ ਦੇ ਸਰੀਰ ਉੱਤੇ ਕੱਪੜੇ ਨਾਂਹ ਦੇ ਬਰਾਬਰ ਸਨ। ਉਹਨਾਂ ਦੇ ਹੱਥਾਂ ਵਿਚ ਖਾਣੇ ਦੀਆਂ ਪੋਟਲੀਆਂ ਸਨ, ਸਿਰਾਂ 'ਤੇ ਗੰਢੜੀਆਂ ਤੇ ਧੁੱਪ ਵਿਚ ਕਾਲੇ ਹੋਏ ਸਰੀਰ। ਉਹਨਾਂ ਨੂੰ ਦੇਖਦੇ ਹੀ ਤਮਾਸ਼ਾਈ ਹੱਸ ਪੈਂਦੇ।
ਉਹਨਾਂ ਟੋਲੀਆਂ ਦੀਆਂ ਗੱਲਾਂ, ਦਿੱਲੀ ਦੇ ਗੁਲਮੋਹਰ ਦੇ ਰੁੱਖਾਂ ਵਾਲੀਆਂ ਸੜਕਾਂ ਉਪਰ ਖੜ੍ਹੇ ਲੋਕਾਂ ਦੀ ਸਮਝ ਤੋਂ ਬੜੀ ਦੂਰ ਸਨ। ਜਲੂਸ ਤੋਂ ਵੀ ਦੂਰ। ਪਿੰਡ ਵਿਚ ਹੋਏ ਝਗੜੇ, ਸੋਕੇ, ਹੜ੍ਹ, ਹਿੰਸਾ ਦੀ ਦੁਨੀਆਂ ਵਿਚ ਡੁੱਬੀਆਂ ਗੱਲਾਂ। ਕਿਸੇ ਨੇ ਬੜੀ ਉਕਤਾਹਟ ਤੇ ਠੰਡੇਪਣ ਨਾਲ ਕਿਹਾ ਕਿ 'ਹੁਣ ਤਾਂ ਆ-ਆ ਕੇ ਥੱਕ ਗਏ ਆਂ।' ਕਿਸੇ ਨੇ ਕਿਹਾ ਕਿ 'ਇੱਥੇ ਇਕੱਠ ਵਿਖਾਉਣਾ ਹੁੰਦਾ ਹੈ ਤਾਂ ਸਾਰੇ ਦਿਖਾਈ ਦਿੰਦੇ ਨੇ। ਪਰ ਜਦੋਂ ਪਿੰਡ 'ਚ ਗੋਲੀਆਂ-ਡੰਡੇ ਵਰ੍ਹਦੇ ਨੇ, ਓਦੋਂ ਕੋਈ ਦਿਖਾਈ ਨਹੀਂ ਦਿੰਦਾ...ਹੁਣ ਕਦੀ ਨਹੀਂ ਆਵਾਂਗਾ।'
ਸਾਡੇ ਕੋਲ ਖੜ੍ਹਾ ਕਾਮਰੇਡ ਦਾਤਾ ਉਹਨਾਂ ਦੀਆਂ ਆਵਾਜ਼ਾਂ ਟੇਪ ਵਿਚ ਕੈਦ ਹੁੰਦਿਆਂ ਦੇਖ ਰਿਹਾ ਸੀ। ਜ਼ਖ਼ਮੀਆਂ ਵਾਂਗ ਸਾਡੇ ਵੱਲ ਦੇਖਦਾ ਹੋਇਆ ਉਹ ਉਦਾਸ ਹੋ ਗਿਆ। ਅਸੀਂ ਉਸਨੂੰ ਇਕ ਅਰਸੇ ਤੋਂ ਜਾਣਦੇ ਹਾਂ। ਉਹ ਉਦਾਸੀ ਉਸਦੀ ਆਪਣੀ ਨਹੀਂ ਸੀ, ਉਦਾਸੀ ਨੂੰ ਸਮਝ ਲੈਣ ਵਾਲੀ ਉਦਾਸੀ ਸੀ—ਜਿਹੜੀ ਕਿਸੇ ਦੂਸਰੀ ਦੁਨੀਆਂ ਵਿਚ ਦਾਖ਼ਲ ਨਹੀਂ ਹੁੰਦੀ ਕਦੀ। ਹਮੇਸ਼ਾ ਇਕ ਉਮੀਦ ਨਾਲ ਭਰੀ ਰਹਿੰਦੀ ਹੈ। ਖੁੱਲ੍ਹੀਆਂ ਅੱਖਾਂ ਵਾਲੀ ਉਦਾਸੀ। ਉਹ ਉਹਨਾਂ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ, ਜਿਹੜੇ ਇਕ ਹੱਦ ਤੋਂ ਕਦੀ ਉੱਚੇ ਨਹੀਂ ਉੱਠ ਸਕਦੇ। ਬੜਾ ਚਿਰ ਪਹਿਲਾਂ ਇਹੀ ਉਸਨੇ ਸਿੱਖਿਆ ਵੀ ਸੀ। ਅੱਜ ਉਸਨੂੰ ਦੁੱਖ ਹੋਇਆ। ਉਹ ਵਰ੍ਹਿਆਂ ਦੀ ਮਿਹਨਤ ਨਾਲ ਲੋਕਾਂ ਨੂੰ ਤਿਆਰ ਕਰਦਾ ਹੈ ਤੇ ਉਹਨਾਂ ਦੇ ਹੱਥ ਸਿਰਫ  ਨਿਰਾਸ਼ਾ ਹੀ ਆਉਂਦੀ ਹੈ...
“ਥੱਕ ਗਏ ਓ। ਮੈਂ ਵੀ ਥੱਕ ਗਿਆ ਆਂ। ਘਿਸ ਗਿਆ ਆਂ। ਅਸੀਂ ਘਿਸਦੇ ਰਹੀਏ, ਥੱਕਦੇ ਰਹੀਏ, ਕੋਈ ਗੱਲ ਨਹੀਂ, ਕੀ ਫਰਕ ਪੈਦਾ ਏ...ਰੱਸਤਾ ਨਹੀਂ, ਤਦ ਵੀ ਕੀ ਹੋਇਆ...ਭੁੱਖੇ ਆਂ, ਉਹ ਤਾਂ ਰਹਿਣਾ ਈ ਏ...ਕੋਈ ਨਹੀਂ ਆਉਂਦਾ, ਨਾ ਆਏ...ਇਹਨਾਂ ਜਲੂਸਾਂ ਲਈ ਆਉਂਦੇ ਨੇ, ਤਦ ਵੀ ਕੋਈ ਫ਼ਰਕ ਨਹੀਂ ਪੈਂਦਾ...ਅਸੀਂ ਆਪਣੀ ਨਫ਼ਰਤ ਨੂੰ ਜਿਊਂਦਾ ਰੱਖੀਏ। ਜਿਹੜੀ ਅੱਗ ਅੰਦਰ ਹੈ, ਉਸਨੂੰ ਬੁਝਣ ਨਾ ਦੇਈਏ। ਰਸਤਾ ਵੀ ਲੱਭ ਪਵੇਗਾ...”
ਉਹ ਸਾਰੇ ਕਾਮਰੇਡ ਦਾਤਾ ਨੂੰ ਹੈਰਾਨੀ ਨਾਲ ਦੇਖ ਰਹੇ ਸਨ। ਉਹ ਉਸਦੀ ਬੋਲੀ ਤੋਂ ਵੀ ਦੂਰ ਸਨ। ਉਹਨਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿ ਰਿਹਾ ਹੈ।
“ਓਇ ਕੰਬਖ਼ਤੋ, ਏਨੀ ਧੂੜ ਉਡਾਂਦੇ ਪਏ ਓ, ਕਿਤੇ ਇਸ ਗੁਬਾਰ ਵਿਚ ਦਿਸਣੋ ਹੀ ਨਾ ਹਟ ਜਾਇਓ। ਇਸ ਧੂੜ ਹੇਠ ਜੋ-ਜੋ ਢਕਿਆ ਗਿਆ ਏ ਉਸਨੂੰ ਤਾਂ ਇਕ ਵਾਰੀ ਸਾਫ ਕਰਕੇ ਦੇਖ ਲਓ। ਤੁਰਦੇ ਰਹੋ, ਸੰਘ ਪਾੜਦੇ ਰਹੋ, ਇਹੀ ਤਾਂ ਕਰਦੇ ਰਹੇ ਹਾਂ, ਤੇ ਅਜੇ ਵੀ ਕਰ ਰਹੇ ਹਾਂ...ਕਿਸਾਨਾਂ ਦੇ ਜਲੂਸ ਵਿਚ ਆਏ, ਮਜ਼ਦੂਰਾਂ ਦੇ ਮਾਰਚ ਵਿਚ ਆਏ। ਕਿੱਥੇ ਨੇ ਉਹ ਸੰਗਠਨ?”
“ਸਾਡੇ ਹੱਥ ਵਿਚ ਨਹੀਂ ਰਹੇ।”
“ਕਿਉਂ ਨਹੀਂ ਰਹੇ?”
“ਸਾਡੇ ਪੁਰਾਣੇ ਸਾਥੀ ਕਿੱਥੇ ਨੇ? ਅਸੀਂ ਖ਼ੁਦ ਇਸ ਵੇਲੇ ਕਿੱਥੇ ਖੜ੍ਹੇ ਆਂ? ਬੋਲੋ...”
ਉਦੋਂ ਹੀ ਇਕ ਜ਼ੋਰਦਾਰ ਨਾਅਰਾ ਗੂੰਜ ਉੱਠਿਆ ਤੇ ਕਾਮਰੇਡ ਪ੍ਰਧਾਨ ਦੀ ਕੜਕਦਾਰ ਆਵਾਜ਼ ਵਿਚਕਾਰ ਹੀ ਟੁੱਟ ਗਈ। ਉਹ ਤੇ ਕਾਮਰੇਡ ਦਾਤਾ ਦੋਵੇਂ ਨਾਅਰੇ ਲਾਉਂਦੇ ਹੋਏ ਆਪਣੀ ਬੁੱਢੀ ਕਾਇਆ ਨੂੰ ਜਲੂਸ ਦੇ ਨਾਲ ਨਾਲ ਘਸੀਟਣ ਲੱਗੇ। ਕੋਈ ਅੰਦਾਜ਼ਾ ਨਹੀਂ ਲਾ ਸਕਦਾ ਸੀ ਕਿ ਉਹ ਉਹੀ ਦੋਵੇਂ ਨੇ, ਜਿਹਨਾਂ ਦੀਆਂ ਆਵਾਜ਼ਾਂ ਅਸੀਂ ਹੁਣੇ ਟੇਪ ਕੀਤੀਆਂ ਸਨ।
ਇਹ ਉਹੀ ਆਵਾਜ਼ਾਂ ਹਨ ਜਿਹਨਾਂ ਨੂੰ ਅਸੀਂ ਰੋਜ਼ ਕਿਤੇ ਨਾ ਕਿਤੇ ਸੁਣਦੇ ਹਾਂ। ਇਕ ਗੱਲ ਅਸੀਂ ਨਵੇਂ ਸਿਰੇ ਤੋਂ ਮਹਿਸੂਸ ਕੀਤੀ ਕਿ ਜਲੂਸ ਵਿਚ ਹੁੰਦੇ ਹੋਏ ਵੀ ਲੋਕ ਜਲੂਸ ਵਿਚ ਨਹੀਂ ਹਨ...
“ਇਨਕਲਾਬ।”
“ਜ਼ਿੰਦਾਬਾਦ।”
ਕਦੀ ਇਹਨਾਂ ਨਾਅਰਿਆਂ ਨਾਲ ਸਾਡਾ ਖ਼ੂਨ ਵੀ ਉਬਾਲੇ ਖਾਣ ਲੱਗ ਪੈਂਦਾ ਸੀ। ਹੁਣ ਇੰਜ ਕਿਉਂ ਨਹੀਂ ਹੁੰਦਾ? ਕਦੀ ਅਸੀਂ ਵੀ ਜੋਸ਼ੀਲੇ ਲੋਕਾਂ ਦੀ ਕਤਾਰ ਵਿਚ ਸਭ ਤੋਂ ਮੂਹਰੇ ਹੁੰਦੇ ਸਾਂ। ਸੱਚ, ਮੇਰੇ ਸਾਥੀ ਦੀ ਗੱਲ ਬਿਲਕੁਲ ਸੱਚੀ ਸੀ। ਕਦੀ ਘਰਾਂ, ਗਲੀਆਂ, ਮੁਹੱਲਿਆਂ 'ਚੋਂ ਹਫ਼ਤਿਆਂ ਦੀ ਮਿਹਨਤ ਦੇ ਬਾਅਦ ਅਸੀਂ ਲੋਕਾਂ ਨੂੰ ਜਲੂਸ ਵਿਚ ਲਿਆਉਂਦੇ ਹੁੰਦੇ ਸਾਂ। ਜਦੋਂ ਅਸੀਂ ਨਾਅਰਾ ਲਾਉਂਦੇ ਤਾਂ ਜਵਾਬ ਵਿਚ ਸੈਂਕੜੇ ਆਵਾਜ਼ਾਂ ਦੀ ਤੇਜ਼ ਗੂੰਜ ਸੁਣਾਈ ਦਿੰਦੀ, ਉਦੋਂ ਸਾਡੇ ਲਈ ਨਾਅਰਿਆਂ ਦੇ ਅਰਥ ਬੜੇ ਡੂੰਘੇ ਹੋ ਜਾਂਦੇ ਸੀ। ਹੁਣ ਇਹਨਾਂ ਦੇ ਅਰਥ ਉਹ ਨਹੀਂ ਰਹੇ। ਹਰ ਦਲ, ਹਰ ਵਿਰੋਧ ਪ੍ਰਦਰਸ਼ਨ ਵਿਚ, ਇੱਥੋਂ ਤੀਕ ਕਿ ਸਰਕਾਰੀ ਜਲੂਸਾਂ ਵਿਚ ਵੀ ਕਈ ਵਾਰੀ ਸਾਡੇ ਨਾਅਰੇ ਤੇ ਗੀਤ ਹੀ ਸੁਣਾਈ ਦਿੰਦੇ ਨੇ...
ਇਸ ਲੰਮੇ ਸਮੇ ਵਿਚ ਕਿੰਨਾ ਫ਼ਰਕ ਆ ਗਿਆ ਹੈ। ਸ਼ੁਰੂ ਵਿਚ ਸਾਡੇ ਜਲੂਸ ਬੜੇ ਛੋਟੇ ਹੁੰਦੇ ਸਨ। ਗਲੀਆਂ ਮੁਹੱਲਿਆਂ 'ਚੋਂ ਹੁੰਦੇ ਹੋਏ ਗਾਂਧੀ ਮੈਦਾਨ ਦੇ ਜਲੂਸ ਵਿਚ ਬਦਲ ਜਾਂਦੇ। ਮਜ਼ਦੂਰ ਬਸਤੀਆਂ, ਬਿਰਲਾ ਮਿੱਲ, ਜਖੀਰਾ ਆਦਿ ਥਾਵਾਂ 'ਤੇ ਕੰਮ ਕਰਦੇ। ਫੇਰ ਵੱਡੇ ਜਲੂਸ ਸ਼ੁਰੂ ਹੋਏ, ਜਿਹੜੇ ਰਾਮਲੀਲ੍ਹਾ ਮੈਦਾਨ ਤਕ ਜਾਣ ਲੱਗੇ। ਪਹਿਲੀਆਂ ਚੋਣਾ ਪਿੱਛੋਂ ਵਿਰਾਟ ਜਲੂਸਾਂ ਦਾ ਦੌਰ ਸ਼ੁਰੂ ਹੋਇਆ। ਜਲੂਸ ਨੱਕ ਦਾ ਸਵਾਲ ਬਣਨ ਗਏ, ਵਧੇਰੇ ਇਕੱਠ ਦਿਖਾਉਣ ਲਈ। ਜਦੋਂ ਜਲੂਸ ਨਵੀਂ ਦਿੱਲੀ ਰਸਤੇ ਆਉਂਦੇ ਸਨ, ਉਦੋਂ ਸਾਰੇ ਰਸਤੇ ਵਿਚ ਇਕ ਵੀ ਬਹੁ ਮੰਜ਼ਿਲਾ ਇਮਾਰਤ ਨਹੀਂ ਸੀ ਹੁੰਦੀ। ਨਾ ਹੀ ਸੜਕਾਂ ਉਪਰ ਏਨੀ ਭੀੜ ਹੁੰਦੀ ਸੀ। ਨਾ ਹੀ ਲੋਕਾਂ ਦਾ ਪਹਿਰਾਵਾ ਅਜਿਹਾ ਸੀ, ਜਿਵੇਂ ਹੁਣ ਦਿਖਾਈ ਦਿੰਦਾ ਹੈ। ਸੜਕਾਂ ਦੇ ਦੋਵੇਂ ਪਾਸੇ ਬਹੁ ਮੰਜ਼ਿਲਾ ਭਵਨਾ ਦੇ ਚਰਣਾ ਵਿਚ ਜਿਹੜੇ ਚਿਹਰੇ ਦਿਖਾਈ ਦਿੰਦੇ ਨੇ, ਇਵੇਂ ਜਾਪਦਾ ਹੈ ਜਿਵੇਂ ਉਹ ਇੱਥੋਂ ਦੇ ਵਾਸੀ ਨਾ ਹੋਣ ਕਿਸੇ ਹੋਰ ਦੁਨੀਆਂ ਤੋਂ ਆਏ ਹੋਣ...ਇਹੀ ਉਹ ਦੁਨੀਆਂ ਹੈ ਜਿਹੜੀ ਪਿੱਛਲੇ ਸਾਲਾਂ ਵਿਚ ਪਰਗਟ ਹੋ ਕੇ ਪੂਰੇ ਦੇਸ਼ ਉੱਤੇ ਹਾਵੀ ਹੋ ਚੁੱਕੀ ਹੈ। ਗਰੀਬੀ ਤੇ ਦਲਿੱਦਰਤਾ ਇਹਨਾਂ ਲਈ ਹੱਸਣ ਦੀ ਚੀਜ਼ ਨੇ। ਜਲੂਸ ਦੇ ਅੱਗੇ-ਅੱਗੇ ਤੁਰ ਰਹੇ ਨੇਤਾਵਾਂ ਦੀਆਂ ਅੱਖਾਂ ਤੋਂ ਪਤਾ ਨਹੀਂ ਇਹ ਦੁਨੀਆਂ ਓਹਲੇ ਕਿੰਜ ਰਹਿ ਜਾਂਦੀ ਹੈ?
ਅਚਾਨਕ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਸੰਸਦ ਮਾਰਗ ਉਪਰ ਜਲੂਸ ਦੇ ਜਾਣ ਉੱਤੇ ਪਾਬੰਦੀ ਲੱਗ ਗਈ। ਦੇਖਦੇ-ਦੇਖਦੇ ਹਜ਼ਾਰਾਂ ਕਤਾਰ ਬੱਧ ਲੋਕ ਇਕ ਭੀੜ ਦੇ ਰੂਪ ਵਿਚ ਵਟ ਗਏ। ਅਜਿਹੀ ਭੀੜ ਜਿਸਨੂੰ ਕਾਬੂ ਕਰਨ ਵਾਲਾ ਕੋਈ ਵੀ ਨਹੀਂ ਸੀ, ਨਾ ਹੀ ਜਿਸ ਨੂੰ ਪਤਾ ਸੀ ਕਿ ਹੁਣ ਕੀ ਹੋਵੇਗਾ...
ਪੁਲਿਸ ਭੀੜ ਨੂੰ ਪਿੱਛੇ ਵੱਲ ਧਰੀਕਦੀ ਹੋਈ ਤਿੱਤਰ-ਬਿੱਤਰ ਹੋ ਜਾਣ ਦੀ ਚੇਤਾਵਨੀ ਦੇਣ ਲੱਗੀ। ਪੁਲਿਸ ਨੂੰ ਹਮੇਸ਼ਾ ਪਤਾ ਹੁੰਦਾ ਹੈ ਕਿ ਉਸਨੇ ਕੀ ਕਰਨਾ ਹੈ। ਉਂਜ ਵੀ ਪੁਲਿਸ ਜੋ ਕਰਦੀ ਹੈ, ਸਰਕਾਰ ਹਮੇਸ਼ਾ ਉਸੇ ਨੂੰ ਸਹੀ ਕਹਿੰਦੀ ਹੈ। ਧੱਕੀ ਜਾ ਰਹੀ ਭੀੜ ਨੂੰ ਆਪਣੇ ਪਿਛਲੇ ਪਾਸਿਓਂ ਏਨੇ ਜ਼ੋਰਦਾਰ ਧੱਕੇ ਵੱਜ ਰਹੇ ਸਨ ਕਿ ਉਹ ਫੇਰ ਉਸੇ ਜਗ੍ਹਾ ਪਹੁੰਚ ਜਾਂਦੀ ਸੀ, ਜਿੱਥੋਂ ਧਰੀਕੀ ਜਾਂਦੀ ਸੀ...ਪੁਲਿਸ ਦੀ ਖਿਝ ਲਈ ਏਨਾ ਹੀ ਕਾਫੀ ਸੀ। ਜਿੰਨਾਂ ਉਹ ਲੋਕਾਂ ਨੂੰ ਖਿਲਾਰਨ ਲਈ ਜ਼ੋਰ ਮਾਰਦੇ, ਓਨਾਂ ਵੱਡਾ ਝੰਡੇ-ਝੰਡੀਆਂ ਦਾ ਹੜ੍ਹ ਉਹਨਾਂ ਵੱਲ ਵਧ ਆਉਂਦਾ।
ਨਾਅਰੇ ਉੱਚੇ ਹੋ ਗਏ। ਅਨੁਸ਼ਾਸਨ ਵਿਚ ਆ ਰਹੇ ਲੋਕ ਭੜਕ ਉੱਠੇ। ਪੁਲਿਸ ਦੀ ਡੰਡੇ-ਬਾਜੀ ਤੋਂ ਉਤੇਜਕ ਹੋ ਕੇ ਇਕ ਸਮੂਹ ਉਹਨਾਂ ਵੱਲ ਉਲਰਿਆ ਤੇ ਨਾਕਾਬੰਦੀ ਟੁੱਟ ਗਈ। ਪੁਲਿਸ ਇੰਜ ਬੇਕਾਬੂ ਹੋ ਗਈ ਜਿਵੇਂ ਭੀੜ ਨੇ ਉਹਨਾਂ ਨੂੰ ਮਾਂ-ਭੈਣ ਦੀ ਗਾਲ੍ਹ ਕੱਢੀ ਹੋਵੇ...
ਜਿਹੜੀ ਗੱਲ ਨਾਅਰਿਆਂ ਦੇ ਉਬਾਲ ਨਾਲ ਅੱਗੇ ਨਹੀਂ ਵਧਣੀ ਸੀ, ਉਹ ਇੱਟਾਂ-ਵੱਟਿਆਂ ਤਕ ਪਹੁੰਚਾ ਦਿੱਤੀ ਗਈ। ਹੁਣ ਬੇਲਗ਼ਾਮ ਭੀੜ ਦੀ ਰਹਿਬਰੀ ਕੌਣ ਕਰਦਾ। ਉਹਨਾਂ ਵਿਚੋਂ ਬਹੁਤ ਸਾਰੇ, ਕਈ ਵਾਰੀ, ਅਜਿਹੇ ਜਲੂਸਾਂ ਵਿਚ ਆ ਚੁੱਕੇ ਸਨ। ਉਹਨਾਂ ਨੂੰ ਏਨਾ ਹੀ ਪਤਾ ਸੀ ਕਿ ਹਰ ਵਾਰੀ ਸਦਨ ਕੋਲ ਪਹੁੰਚਦੇ ਹੀ ਉਹ ਜੋਸ਼ ਵੱਸ ਚੀਕ-ਚੀਕ ਕੇ ਦੀਵਾਨੇ ਹੋ ਜਾਂਦੇ ਨੇ...ਅੰਦਰੋਂ ਉਹਨਾਂ ਦੇ ਸਾਂਸਦ ਬਾਹਰ ਨਿਕਲ ਕੇ ਭਾਸ਼ਣ ਦਿੰਦੇ ਨੇ, ਨਾਅਰੇ ਫੇਰ ਗੂੰਜਦੇ ਨੇ...ਤੇ ਬਾਅਦ ਵਿਚ ਝੰਡੇ-ਝੰਡੀਆਂ ਸਮੇਟ ਕੇ ਸਾਰੇ ਖਿੰਡ-ਪੁੰਡ ਜਾਂਦੇ ਨੇ।
“ਮੈਮੋਰੈਂਡਮ ਤਾਂ ਦਿੱਤਾ ਹੀ ਜਾਵੇਗਾ।”
“ਵੇਖਦੇ ਹਾਂ, ਕਿਹੜਾ ਰੋਕਦਾ ਹੈ।”
ਇਕ ਜ਼ਨਾਨੀ ਝੰਡਾ ਚੁੱਕੀ ਕਾਹਲ ਨਾਲ ਅੱਗੇ ਵਧੀ। ਉਸਦੇ ਸਿਰ ਉੱਤੇ ਇਕ ਡਾਂਗ ਆਣ ਪਈ। ਉਹ ਇਕ ਟੁੱਟੀ ਹੋਈ ਟਾਹਣੀ ਵਾਂਗ ਭੂੰਜੇ ਡਿੱਗ ਪਈ। ਇਕ ਸਿਪਾਹੀ ਉਸਨੂੰ ਘਸੀਟ ਕੇ ਕੋਲ ਖੜ੍ਹੀ ਪੁਲਿਸ ਲਾਰੀ ਵੱਲ ਲਿਜਾਣ ਲੱਗਾ। ਇਹੀ ਉਹ ਪਲ ਸੀ, ਜਦੋਂ ਭੀੜ ਕੁਝ ਹੋਰ ਬਣ ਜਾਂਦੀ ਹੈ। ਆਦਮੀ ਦੇ ਅੰਦਰਲੀ ਨਫ਼ਰਤ, ਨਮੋਸ਼ੀ, ਤਣਾਅ, ਬੁਜ਼ਦਿਲੀ, ਕੁਝ ਨਾ ਕਰ ਸਕਣ ਦਾ ਅਹਿਸਾਸ, ਸਭੋ ਕੁਝ ਇਕ ਲੜਾਕੂ ਵਿਚ ਬਦਲ ਕੇ ਸਭ ਕਾਸੇ ਨੂੰ ਤਹਿਸ-ਨਹਿਸ ਕਰ ਦੇਣ ਉੱਤੇ ਉਤਾਰੂ ਹੋ ਜਾਂਦਾ ਹੈ। ਉਸ ਵੇਲੇ ਅਸੀਂ ਵੀ ਆਪਣੇ ਕਾਬੂ ਵਿਚ ਨਹੀਂ ਸਾਂ, ਅਸੀਂ ਵੀ ਉਸ ਸਿਪਾਹੀ ਨੂੰ ਢਾਹ ਲੈਣਾ ਚਾਹੁੰਦੇ ਸਾਂ।
ਪੁਲਿਸ ਦੀਆਂ ਗੱਡੀਆਂ ਉੱਤੇ ਇੱਟਾਂ-ਵੱਟਿਆਂ ਦੀ ਵਾਛੜ ਸ਼ੁਰੂ ਹੋ ਗਈ। ਦੋ ਗੱਡੀਆਂ ਵਿਚੋਂ ਅੱਗ ਦੀਆਂ ਲਾਟਾਂ ਉਠਣ ਲੱਗੀਆਂ। ਰੋਹਿਲੀ ਭੀੜ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਸਭ ਅੱਜ ਤੇ ਇਸੇ ਵੇਲੇ ਖ਼ਤਮ ਹੋ ਜਾਵੇਗਾ, ਜਿਸਨੂੰ ਖ਼ਤਮ ਕਰਨ ਲਈ ਉਹਨਾਂ ਸੰਕਲਪ ਲਿਆ ਹੋਇਆ ਸੀ।
“ਜੋ ਹਮ ਸੇ ਟਕਰਾਏਗਾ...”
“ਚੂਰ ਚੂਰ ਹੋ ਜਾਏਗਾ...”
ਕੁਝ ਲੋਕ ਸੰਸਦ ਮਾਰਗ ਵੱਲ ਅਹੁਲੇ। ਉਹਨਾਂ ਦੇ ਪਿੱਛੇ ਇਕ ਚੀਕਦੀ-ਦਹਾੜਦੀ ਹੋਈ ਭੀੜ ਵੀ ਵਧੀ। ਉਹਨਾਂ ਨੂੰ ਲਾਠੀ ਚਾਰਜ ਤੇ ਅੱਥਰੂ ਗੈਸ ਦੀ ਕਤਈ ਪ੍ਰਵਾਹ ਨਹੀਂ ਸੀ, ਜਦੋਂ ਕਿ ਸਾਰਿਆਂ ਦੀਆਂ ਅੱਖਾਂ ਵਿਚ ਗੈਸ ਦੇ ਪ੍ਰਕੋਪ ਨਾਲ ਜਲਨ ਹੋ ਰਹੀ ਸੀ। ਕੁਝ ਪ੍ਰਦਰਸ਼ਨਕਾਰੀ ਕਿਤੋਂ ਪਾਣੀ ਲਿਆ ਕੇ ਲੋਕਾਂ ਨੂੰ ਰੁਮਾਲ ਗਿੱਲੇ ਕਰ-ਕਰ ਕੇ ਦੇ ਰਹੇ ਸਨ।
ਗੋਲੀ ਚੱਲਣੀ ਸ਼ੁਰੂ ਹੋ ਗਈ।
ਚਾਰੇ ਦਿਸ਼ਾਵਾਂ ਵਿਚ ਭਗਦੜ ਮੱਚ ਗਈ। ਭਗਦੜ ਵਿਚ ਲੋਕ ਇਕ ਦੂਜੇ ਦੇ ਉੱਤੇ ਡਿੱਗਣ ਲੱਗੇ। ਭੀੜ ਦੀ ਇਕ ਵੱਡੀ ਛੱਲ ਸਾਨੂੰ ਤਿੰਨਾਂ ਨੂੰ ਧਰੀਕਦੀ ਹੋਈ ਕੰਧ ਵੱਲ ਲੈ ਗਈ। ਅਸੀਂ ਕੰਧ ਦੀ ਓਟ ਵਿਚ ਖਲੋ ਕੇ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਲੱਗੇ। ਗੋਲੀਆਂ ਦੀ ਆਵਾਜ਼, ਚੀਕਾ-ਰੌਲੀ, ਨਾਅਰੇ, ਤੇ ਜ਼ਖ਼ਮੀਆਂ ਦੀ ਕੁਰਲਾਹਟ ਨੇ ਇਕ ਦਰਦੀਲਾ ਮਾਹੌਲ ਬਣਾ ਦਿੱਤਾ।
ਹੁਣ ਲੱਗਿਆ ਸਾਰੇ ਜਲੂਸ ਇਕੋ-ਜਿਹੇ ਨਹੀਂ ਹੁੰਦੇ। ਅੱਜ ਦੇ ਜਲੂਸ ਵਿਚ ਬੜਾ ਵੱਡਾ ਫ਼ਰਕ ਹੈ। ਸਰਕਾਰ ਨੇ ਰੋਕ ਕਿਉਂ ਲਾਈ? ਪਹਿਲਾਂ ਕਿਉਂ ਨਹੀਂ ਲਾਈ? ਗੋਲੀ ਦੇ ਹੁਕਮ ਪਿੱਛੇ ਕੀ ਰਹੱਸ ਹੋ ਸਕਦਾ ਹੈ? ਜਲੂਸ ਕਿਉਂ ਕੱਢਿਆ ਗਿਆ? ਕੀ ਸੰਗਠਨ ਵਿਚ ਖੜੋਤ ਆ ਗਈ ਹੈ? ਅਜਿਹੀਆਂ ਕਈ ਗੱਲਾਂ ਜ਼ਿਹਨ ਵਿਚ ਖ਼ਰੂਦ ਪਾਉਣ ਲੱਗੀਆਂ।
“ਲਾਠੀ, ਗੋਲੀ ਦੀ ਸਰਕਾਰ...”
“ਨਹੀਂ ਚਲੇਗੀ, ਨਹੀਂ ਚਲੇਗੀ।”
ਸਾਨੂੰ ਨਾਅਰਿਆਂ ਤੇ ਗੋਲੀਆਂ ਦੀ ਆਵਾਜ਼ ਵਿਚਕਾਰ ਗਾਲ੍ਹਾਂ ਸੁਣਾਈ ਦੇਣ ਲੱਗੀਆਂ—ਨੰਗੀਆਂ-ਚਿੱਟੀਆਂ, ਅਸ਼ਲੀਲ ਗਾਲ੍ਹਾਂ। ਇਸ ਪੂਰੇ ਸ਼ੋਰ ਵਿਚ ਗਾਲ੍ਹਾਂ ਨੂੰ ਬਿਲਕੁਲ ਸਾਫ ਸੁਣਿਆਂ ਜਾ ਸਕਦਾ ਸੀ। ਅਸੀਂ ਸਮਝੇ ਕਿ ਕੋਈ ਫੱਟੜ ਗਾਲ੍ਹਾਂ ਕੱਢ ਰਿਹਾ ਹੈ। ਪਰ ਗਾਲ੍ਹਾਂ ਪਿੱਛੋਂ, ਪਾਰਕ ਵਾਲੇ ਪਾਸਿਓਂ ਆ ਰਹੀਆਂ ਸਨ। ਉੱਥੇ ਉਹਨਾਂ ਲੋਕਾਂ ਦੀ ਭੀੜ ਸੀ ਜਿਹੜੇ ਪੁਲਿਸ ਦੀ ਮਾਰ ਤੋਂ ਬਚਣ ਖਾਤਰ ਉੱਥੇ ਚਲੇ ਗਏ ਸਨ। ਪਿੱਛੇ ਜੰਤਰ-ਮੰਤਰ ਦੀ ਮੀਨਾਰ ਉੱਤੇ ਚੜ੍ਹੇ ਕੁਝ ਲੋਕ ਤਮਾਸ਼ਾ ਦੇਖਦੇ ਨਜ਼ਰ ਆਏ।
ਅਸੀਂ ਜ਼ਰਾ ਓਹਲੇ ਰਹਿ ਕੇ ਮਾਰਗ ਉੱਤੇ ਹੋ ਰਹੀ ਲੜਾਈ ਦੀਆਂ ਤਸਵੀਰਾਂ ਖਿੱਚਣ ਲੱਗੇ। ਪੁਲਿਸ ਦੀਆਂ ਨਜ਼ਰਾਂ ਸਾਡੇ ਲਈ ਬੜਾ ਵੱਡਾ ਖਤਰਾ ਬਣ ਸਕਦੀਆਂ ਸਨ। ਆਪਣੇ ਕੈਮਰਿਆਂ ਤੋਂ ਹੱਥ ਧੋਣਾ ਪੈਂਦਾ ਜਾਂ ਫੇਰ ਕੈਮਰਿਆਂ ਦੇ ਰੋਲ ਤੇ ਟੇਪ-ਰਿਕਾਡਰਾਂ ਦੇ ਕੈਸਿਟ ਕੱਢ ਲਏ ਜਾਂਦੇ। ਅਸੀਂ ਕਿਸੇ ਚੀਜ਼ ਨੂੰ ਹੱਥੋਂ ਨਹੀਂ ਸਾਂ ਨਿਕਲਣ ਦੇਣਾ ਚਾਹੁੰਦੇ। ਇਸ ਲਈ ਉਸ ਸਮੇਂ ਸਾਡੇ ਵਿਚੋਂ ਕੋਈ ਵੀ ਗਾਲ੍ਹਾਂ ਸੁਣਨਾ ਨਹੀਂ ਚਾਹੁੰਦਾ ਸੀ। ਪਰ ਉਹਨਾਂ ਗਾਲ੍ਹਾਂ ਵਿਚ ਕੁਝ ਅਜਿਹਾ ਸੀ, ਜਿਹੜਾ ਸਾਨੂੰ ਆਪਣੇ ਵੱਲ ਖਿੱਚ ਰਿਹਾ ਸੀ। ਗਾਲ੍ਹਾਂ ਵੀ ਹਰ ਆਦਮੀ ਇਕੋ ਜਿਹੀਆਂ ਨਹੀਂ ਕੱਢ ਸਕਦਾ। ਨਾ ਹੀ ਸਾਰੀਆਂ ਗਾਲ੍ਹਾਂ ਇਕੋ ਜਿਹੀਆਂ ਹੁੰਦੀਆਂ ਹਨ। ਅਸ਼ਲੀਲ ਹੁੰਦਿਆਂ ਹੋਇਆਂ ਵੀ ਉਹ ਗਾਲ੍ਹਾਂ ਅਸ਼ਲੀਲ ਨਹੀਂ ਸਨ।
“ਭੌਂਕੋ ਭੈਣ...। ਸ਼ੋਰ ਮਚਾਓ, ਧੁੰਮਾਂ ਪਾਓ...ਜਾਓ ਇਹੋ ਕਰੋ, ਇਸੇ ਦੀ ਆਜ਼ਾਦੀ ਐ।” ਹੁਣ ਸਾਡੇ ਲਈ ਤਸਵੀਰਾਂ ਖਿੱਚਣਾ ਔਖਾ ਹੋ ਗਿਆ। ਅਸੀਂ ਕੈਮਰੇ ਸੰਭਾਲ ਦਿੱਤੇ।
“ਆ ਗਏ। ਹੁਣ ਕੀ ਕਰੋਗੇ...ਭੌਂਕੋ...ਬਊ...ਬਊ...”
ਇਹ ਅਸੀਂ ਸਮਝ ਚੁੱਕੇ ਸਾਂ ਕਿ ਗਾਲ੍ਹਾਂ ਕਿਸੇ ਪਾਗਲ ਆਦਮੀ ਦੀਆਂ ਨੇ। ਉਸ ਪਾਗਲਪਨ ਵਿਚ ਇਕ ਸਿੱਧਾ ਤੇ ਜ਼ਹਿਰ ਬੁਝਿਆ ਵਿਅੰਗ ਸੀ, ਜਿਹੜਾ ਕਿਸੇ ਹਾਰ ਤੇ ਡਾਢੀ ਠੇਸ ਤੋਂ ਬਾਅਦ ਪੈਦਾ ਹੁੰਦਾ ਹੈ। ਜਿਸ ਸਤਹਿ ਤੋਂ ਗਾਲ੍ਹਾਂ ਆ ਰਹੀਆਂ ਸਨ, ਉਹ ਸਾਨੂੰ ਛਲਣੀ ਕਰਨ ਲਈ ਕਾਫੀ ਸੀ।
“ਹੁਣ ਕੰਬਖ਼ਤੋ ਬੋਲਾ ਵੀ ਕਰ ਦਿਓ...ਅੰਨ੍ਹਾਂ ਤਾਂ ਕਰ ਈ ਦਿਤੈ।” ਸਾਨੂੰ ਵਿਸ਼ਵਾਸ ਹੋ ਗਿਆ ਕਿ ਉਹ ਸਿਰਫ ਜੋਸ਼ ਵਿਚ ਭਖਿਆ ਹੋਇਆ ਨਹੀਂ; ਨਾ ਹੀ ਉਹ ਕੋਈ ਖਿਝ ਸੀ। ਉਸ ਆਵਾਜ਼ ਨੂੰ ਮਾਰਗ ਉੱਤੇ ਹੋ ਰਹੇ ਸ਼ੋਰ ਤੋਂ ਮੁੱਕਤੀ ਚਾਹੀਦੀ ਸੀ। ਇੰਜ ਵੀ ਲੱਗਿਆ ਕਿ ਉਹ ਪਾਗਲ ਅੱਖਾਂ ਦੀ ਜੋਤੀ ਦੇ ਨਾਲ ਨਾਲ ਬੜਾ ਕੁਝ ਹੋਰ ਵੀ ਗਵਾਅ ਚੁੱਕਿਆ ਹੈ।
ਇੱਟਾਂ-ਵੱਟਿਆਂ ਦੀ ਵਾਛੜ ਫੇਰ ਸ਼ੁਰੂ ਹੋ ਗਈ। ਅਸੀਂ ਪਾਰਕ ਵਿਚ ਪਹੁੰਚ ਗਏ। ਇਕ ਰੁੱਖ ਕੋਲ ਇਕ ਮਰੀਅਲ ਜਿਹਾ ਬੁੱਢਾ ਆਦਮੀ ਪਿਆ ਚੀਕ ਰਿਹਾ ਸੀ। ਰੁੱਖ ਹੇਠ ਕਈ ਝੋਲੇ ਤੇ ਬੰਡਲ ਪਏ ਸਨ। ਸ਼ੋਰ 'ਚੋਂ ਨਿੱਖੜੀ ਹੋਈ ਆਵਾਜ਼ ਜਦੋਂ ਉਸਨੂੰ ਛੂਹ ਜਾਂਦੀ ਤਾਂ ਉਹ ਤਿਲਮਿਲਾ ਕੇ ਚੀਕਣ ਲੱਗਦਾ ਤੇ ਉਸਦੀ ਪੂਰੀ ਕਾਇਆ ਗੁੱਸੇ ਨਾਲ ਕੰਬਣ ਲੱਗਦੀ।
“ਮਾਰੋ...ਮਾਰੋ...ਦੇਖਦੇ ਕੀ ਓ, ਮਾਰੋ...”
ਭੀੜ ਦੀਆਂ ਆਵਾਜ਼ਾਂ ਉੱਚੀਆਂ ਤੇ ਖ਼ੂੰਖਾਰ ਹੋਣ ਲੱਗੀਆਂ। ਉਹ ਸਾਰੇ ਪੁਲਿਸ ਉੱਤੇ ਤੇ ਪੁਲਿਸ ਵਾਲੇ ਭੀੜ ਉੱਤੇ ਵੱਟਾ-ਬਾਰੀ ਕਰਨ ਲੱਗੇ। ਅਚਾਨਕ ਇਕ ਵੱਟਾ ਉਸਦੇ ਪੈਰ ਉੱਤੇ ਆ ਕੇ ਵੱਜਿਆ। ਉਹ ਵਿਲਕ ਉੱਠਿਆ। ਅਜੇ ਉਹ ਉਸ ਦਰਦ ਤੋਂ ਮੁਕਤ ਵੀ ਨਹੀਂ ਸੀ ਹੋਇਆ ਕਿ ਫੇਰ ਉਹੀ 'ਮਾਰੋ...ਮਾਰੋ...' ਦੀਆਂ ਆਵਾਜ਼ਾਂ ਤੇ ਨਾਅਰੇ ਉਸਦੇ ਕੰਨਾਂ ਨਾਲ ਖਹਿਣ ਲੱਗੇ। ਉਸਨੇ ਆਪਣੇ ਦੋਵਾਂ ਹੱਥਾਂ ਨਾਲ ਟੋਹ-ਟਾਹ ਕੇ ਕੁਝ ਟੋਲਣਾ ਸ਼ੁਰੂ ਕਰ ਦਿੱਤਾ। ਉਹ ਕੁਝ ਬੁੜਬੜਾਉਂਦਾ ਹੋਇਆ ਅੱਗੇ ਵੱਲ ਸਰਕਣ ਲੱਗਿਆ। ਭਿਣ-ਭਿਣਾਉਂਦੀਆਂ ਹੋਈਆਂ ਮੱਖੀਆਂ ਉੱਡਦੀਆਂ ਤੇ ਫੇਰ ਉਸਦੇ ਮੈਲੇ ਚਿੱਕੜ ਜਿਸਮ ਉੱਤੇ ਚਿਪਕ ਜਾਂਦੀਆਂ। ਉਹ ਸ਼ਾਇਦ ਮੱਖੀਆਂ ਦੀ ਹੋਂਦ ਦੇ ਅਹਿਸਾਸ ਨੂੰ ਵੀ ਗਵਾਅ ਚੁੱਕਿਆ ਸੀ, ਜਾਂ ਹੋ ਸਕਦਾ ਹੈ ਉਸ ਸਮੇਂ ਉਸਨੂੰ ਉਹਨਾਂ ਮੱਖੀਆਂ ਦੀ ਕੋਈ ਪ੍ਰਵਾਹ ਨਾ ਹੋਵੇ।
ਰੁੱਖ ਦੇ ਤਣੇ ਲਾਗੇ ਪਹੁੰਚ ਕੇ ਉਹ ਚੀਜ਼ ਉਸਦੇ ਹੱਥ ਲੱਗੀ, ਜਿਸਨੂੰ ਉਹ ਟੋਲ ਰਿਹਾ ਸੀ। ਉਹ ਇਕ ਡੰਡਾ ਸੀ, ਜਿਸ ਉੱਤੇ ਟੀਨ ਦੀ ਇਕ ਤਖ਼ਤੀ ਲੱਗੀ ਹੋਈ ਸੀ। ਉਸ ਉੱਤੇ ਲਿਖੀ ਇਬਾਰਤ ਕਦੋਂ ਦੀ ਮਿਟ ਚੁੱਕੀ ਸੀ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕਦੀ ਉਸ ਉਪਰ ਵੀ ਕੁਝ ਲਿਖਿਆ ਹੋਇਆ ਹੋਵੇਗਾ। ਵਕਤ ਦੀ ਮਾਰ ਬੁੱਢੇ ਨੂੰ ਗਾਲ ਕੇ ਖ਼ਤਮ ਕਰ ਚੁੱਕੀ ਸੀ ਤੇ ਇਬਾਰਤ ਨੂੰ ਧੋ ਚੁੱਕੀ ਸੀ। ਪਰ ਬੁੱਢੇ ਦੇ ਅੰਦਰਲੀ ਕੁਸੈਲ ਭਾਂਬੜ ਵਾਂਗ ਹੱਡੀਆਂ ਦੇ ਢਾਂਚੇ ਵਿਚੋਂ ਬਾਹਰ ਆਉਣ ਲਈ ਬੇਤਾਬ ਸੀ...ਉਸਦੇ ਗਲ਼ੇ ਵਿਚ ਬੱਧੇ ਮੈਲੇ ਤਵੀਤ ਨੂੰ ਦੇਖ ਕੇ ਲੱਗਿਆ ਕਿ ਮੈਂ ਉਸਨੂੰ ਕਿਤੇ ਦੇਖਿਆ ਹੈ। ਉਸਨੂੰ ਸਾਡੀ ਮੌਜ਼ੂਦਗੀ ਦਾ ਅਹਿਸਾਸ ਹੋ ਚੁੱਕਿਆ ਸੀ।
“ਆਓ...ਆਓ...ਹੁਣ ਮਾਰੋ...”
ਉਹ ਇਕ ਬੁੱਢੇ ਮਦਾਰੀ ਵਾਂਗ ਉੱਠਿਆ ਤੇ ਡੰਡਾ ਘੁਮਾਉਣ ਲੱਗ ਪਿਆ। ਉਸਦੀ ਅੱਧ-ਨੰਗੀ ਕਾਇਆ ਨੂੰ ਇਸ ਅਵਸਥਾ ਵਿਚ ਦੇਖਦਿਆਂ ਹੀ ਦਯਾ ਭਾਵ ਨਾਲ ਗੱਚ ਭਰ ਆਇਆ। ਉਸਨੇ ਦੋਵੇਂ ਹੱਥ ਉਪਰ ਚੁੱਕ ਕੇ ਡੰਡੇ ਨੂੰ ਇਸ ਤਰ੍ਹਾਂ ਘੁਮਾਇਆ ਜਿਵੇਂ ਕਿਸੇ ਉੱਤੇ ਵਾਰ ਕਰ ਰਿਹਾ ਹੋਵੇ।
“ਮਾਰੋਗੇ...” ਉਸਨੇ ਤਨ ਦੇ ਚੀਥੜਿਆਂ ਨੂੰ ਉਪਰ ਚੁੱਕ ਦਿੱਤਾ।
“ਲਓ, ਹੁਣ ਮਾਰੋ।”
ਚੱਕਰ ਖਾ ਕੇ ਉਹ ਹੇਠਾਂ ਡਿੱਗ ਪਿਆ। ਡੰਡੇ ਨਾਲੋਂ ਤਖ਼ਤੀ ਉੱਖੜ ਕੇ ਮੇਰੇ ਪੈਰ ਉੱਤੇ ਆ ਵੱਜੀ। ਮੈਂ ਪੀੜ ਵੱਸ ਭੁੜਕ ਕੇ ਪਿੱਛੇ ਹਟ ਗਿਆ। ਬੜੀ ਕੋਸ਼ਿਸ਼ ਪਿੱਛੋਂ ਏਨਾ ਸਮਝ ਆਇਆ ਕਿ ਕਦੀ ਤਖ਼ਤੀ ਉੱਤੇ ਮੋਟੇ ਅੱਖਰਾਂ ਵਿਚ ਸਭ ਤੋਂ ਉਪਰ 'ਇਨਸਾਫ਼' ਲਿੱਖਿਆ ਗਿਆ ਸੀ। ਦੋ ਤਿੰਨ ਵੱਟੇ ਹੋਰ ਆ ਕੇ ਬੁੱਢੇ ਦੇ ਵੱਜੇ—ਉਸਦੇ ਸਿਰ ਵਿਚੋਂ ਲਹੂ ਵਗਣ ਲੱਗ ਪਿਆ। ਅਸਾਂ ਤਿੰਨਾਂ ਨੇ ਉਸਨੂੰ ਆਪਣੀ ਓਟ ਵਿਚ ਕਰ ਲਿਆ। ਕਈ ਵੱਟੇ ਸਾਡੇ ਉਪਰ ਆ ਕੇ ਡਿੱਗੇ। ਇਕ ਵੱਟਾ ਹੋਰ, ਬੁੱਢੇ ਦੇ ਵੀ ਆਣ ਵੱਜਿਆ। ਅਸੀਂ ਸਾਰੇ ਜ਼ਖ਼ਮੀ ਹੋ ਗਏ ਸਾਂ। ਦਰਅਸਲ ਅਸੀਂ ਅਜਿਹੀ ਥਾਂ ਉੱਤੇ ਸਾਂ ਜਿੱਥੇ ਦੋਵਾਂ ਪਾਸਿਆਂ ਤੋਂ ਵੱਟੇ ਆ ਕੇ ਡਿੱਗ ਰਹੇ ਸਨ।
“ਮਾਰੋ...ਮਾਰੋ। ਕਹਿ ਦੇਣਾ, 'ਇਕ ਮਰਿਆ ਏ...ਉਹ ਵੀ ਸੀ ਬਿਮਾਰ ਪਿਆ...'”
ਇਹ ਸੁਣਦਿਆਂ ਹੀ ਮੈਂ ਤੜਫ ਉੱਠਿਆ। ਮੈਂ ਬਾਹਰੋਂ ਵੱਜਣ ਵਾਲੇ ਵੱਟਿਆਂ ਦੀ ਮਾਰ ਨਾਲੋਂ ਵੀ ਵੱਧ ਜ਼ਖ਼ਮੀ ਹੋ ਗਿਆ ਸਾਂ। ਸ਼ਾਇਦ ਮੈਨੂੰ ਬੜੀ ਪਹਿਲਾਂ ਇਹ ਮਹਿਸੂਸ ਕਰਨਾ ਚਾਹੀਦਾ ਸੀ, ਫੇਰ ਸ਼ਾਇਦ ਅਸੀਂ ਕਿਸੇ ਸਹੀ ਰਸਤੇ ਉੱਤੇ ਹੁੰਦੇ, ਅੱਜ ਇਸ ਸੰਸਦ ਮਾਰਗ ਉੱਤੇ ਨਾ ਹੁੰਦੇ। ਹੁਣ ਮੈਨੂੰ ਆਪਣੇ ਉਹ ਸਾਰੇ ਪ੍ਰਦਰਸ਼ਨ ਛੋਟੇ ਲੱਗੇ ਜਿਹੜੇ ਇਕ ਲੰਮੇਂ ਸਮੇਂ ਤੋਂ ਇਸ ਸੰਸਦ ਮਾਰਗ ਉੱਤੇ ਹੁੰਦੇ ਰਹੇ ਸਨ।
ਅਸੀਂ ਉਸਨੂੰ ਚੁੱਕ ਕੇ ਰੁੱਖ ਹੇਠਾਂ ਲੈ ਗਏ। ਉਹ ਤੜਫਦਾ ਹੋਇਆ ਹਕਲਾਉਣ ਲੱਗਿਆ। ਉਸਦੀ ਛਟਪਟਾਹਟ ਵਧਦੀ ਲੱਗੀ। ਉੱਥੇ ਪਈ ਇਕ ਬੋਤਲ ਵਿਚੋਂ ਪਾਣੀ ਕੱਢ ਕੇ ਉਸਦੇ ਮੂੰਹ ਵਿਚ ਪਾਇਆ, ਪਰ ਕੋਈ ਫ਼ਰਕ ਨਾ ਪਿਆ।
“ਤੂੰ ਪਛਾਣਿਆਂ ਨਹੀਂ ਇਸਨੂੰ ?”
ਮੇਰੀਆਂ ਸਿੱਲ੍ਹੀਆਂ ਅੱਖਾਂ ਦੇਖ ਕੇ ਹੀ ਮੇਰਾ ਸਾਥੀ ਸੇਠੀ ਸਭ ਕੁਝ ਸਮਝ ਗਿਆ ਸੀ। ਬੁੱਢੇ ਦੇ ਜ਼ਖ਼ਮਾਂ ਉੱਤੇ ਉਸੇ ਦੇ ਚੀਥੜਿਆਂ ਦੀਆਂ ਪੱਟੀਆਂ ਬੰਨ੍ਹਣ ਦੇ ਸਿਵਾਏ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਸਾਂ। ਵਗ ਰਹੇ ਲਹੂ ਨੂੰ ਰੋਕਣ ਦਾ ਸਾਡੇ ਕੋਲ ਹੋਰ ਕੋਈ ਉਪਾਅ ਵੀ ਤਾਂ ਨਹੀਂ ਸੀ।
“ਕੌਣ...”
ਉਸਦੇ ਬੁੱਲ੍ਹ ਫਰਕੇ ਤੇ ਇਕ ਕਸ਼ਟ ਮਈ ਯਾਤਰਾ ਪਿੱਛੋਂ ਬੜੀ ਔਖ ਨਾਲ ਮੂੰਹੋਂ ਇਹ ਸ਼ਬਦ ਨਿਕਲਿਆ...:
“ਪ੍ਰੈੱਸ ਰਿਪੋਰਟਰ...”
ਉਸ ਵਿਚ ਇਕ ਸਰਸਰਾਹਟ ਜਿਹੀ ਹੋਈ ਤੇ ਉਹ ਉੱਠ ਕੇ ਬੈਠ ਗਿਆ। ਸਾਡੀ ਮੌਜ਼ੂਦਗੀ ਨੇ ਉਸ ਵਿਚ ਪਤਾ ਨਹੀਂ ਕਿੱਦਾਂ ਪ੍ਰਾਣ ਭਰ ਦਿੱਤੇ ਸਨ। ਕੰਬਦੇ ਹੱਥਾਂ ਨਾਲ ਉਸਨੇ ਇਕ ਬੰਡਲ ਚੁੱਕਿਆ...ਉਸਦੀ ਤਣੀ ਖੋਲ੍ਹੀ, ਤੇ ਸਭ ਪੁਰਾਣੀਆਂ ਕਾਤਰਾਂ ਖਿਲਾਰ ਦਿੱਤੀਆਂ। ਦੂਜਾ ਬੰਡਲ ਚੁੱਕਣ ਦੀ ਸ਼ਕਤੀ ਉਸ ਵਿਚ ਨਹੀਂ ਸੀ।
“ਰੱਦੀ ਵਾਲੇ...”
ਕਿਸੇ ਹੋਰ ਨੇ ਇਹ ਗੱਲ ਆਖੀ ਹੁੰਦੀ ਤਾਂ ਅਸੀਂ ਭੜਕ ਉੱਠਦੇ। ਕੁੱਟਮਾਰ ਵੀ ਸ਼ੁਰੂ ਕਰ ਦਿੰਦੇ ਸ਼ਾਇਦ। ਪਰ ਸਾਨੂੰ ਲੱਗਿਆ ਕਿ ਜੇ ਉਸਨੂੰ ਇਹ ਪਤਾ ਲੱਗ ਜਾਂਦਾ ਕਿ ਕਦੀ ਅਸੀਂ ਹੀ ਉਸਦੀ ਕਹਾਣੀ ਪ੍ਰਕਾਸ਼ਤ ਕੀਤੀ ਸੀ ਤਾਂ ਉਹ ਡੰਡਾ ਚੁੱਕ ਕੇ ਸਾਨੂੰ ਮਾਰਨਾ ਸ਼ੁਰੂ ਕਰ ਦੇਂਦਾ ਤੇ ਗਾਲ੍ਹਾਂ ਵੀ ਜ਼ਰੂਰ ਕੱਢਦਾ।
ਉਸਦੇ ਬੰਡਲ ਵਿਚੋਂ ਖਿੱਲਰੀਆਂ ਪੁਰਾਣੇ ਅਖ਼ਬਾਰਾਂ ਦੀਆਂ ਕਾਤਰਾਂ ਸਾਡੇ ਪੈਰਾਂ ਕੋਲ ਪਈਆਂ ਸਨ, ਜਿਹਨਾਂ ਵਿਚ ਕਦੀ ਉਸਦੀ ਕਹਾਣੀ ਛਪੀ ਸੀ। ਇਕ ਕਾਤਰ ਵਿਚ ਉਸਦੀ ਜਵਾਨੀ ਵੇਲੇ ਦੀ ਤਸਵੀਰ ਵੀ ਸੀ, ਜਿਸ ਵਿਚ ਉਸਨੇ ਮੁੱਠੀ ਤਾਣੀ ਹੋਈ ਸੀ। ਅੱਜ ਉਸਦਾ ਇਕ ਬੰਡਲ ਉਸ ਨਾਲੋਂ ਜੁਦਾ ਹੋ ਗਿਆ ਸੀ। ਉਸਦੇ ਝੋਲਿਆਂ ਤੇ ਬੰਡਲਾਂ ਨੂੰ ਉਸ ਨਾਲੋਂ ਵੱਖ ਨਹੀਂ ਸੀ ਕੀਤਾ ਜਾ ਸਕਦਾ; ਉਹ ਉਸਦੀ ਜਾਨ ਤੇ ਲੜਾਈ ਦੇ ਅਟੁੱਟ ਅੰਗ ਸਨ। ਉਹਨਾਂ ਦਾ ਬੋਝ ਪਤਾ ਨਹੀਂ ਉਸਨੂੰ ਕਿੱਥੋਂ-ਕਿੱਥੋਂ ਦੱਬ ਕੇ ਤੋੜ ਚੁੱਕਿਆ ਸੀ। ਫੇਰ ਵੀ ਉਸਦੀ ਢੂਈ ਕੁੱਬੀ ਨਹੀਂ ਸੀ ਹੋਈ। ਅੱਜ ਉਸਨੇ ਉਸ ਬੋਝ ਨੂੰ ਆਪ ਹੀ ਘੱਟਾਅ ਦਿੱਤਾ ਸੀ। ਹੋ ਸਕਦਾ ਹੈ, ਉਸਨੇ ਉਸ ਰੱਦੀ ਨੂੰ ਸਾਨੂੰ ਮੋੜਨ ਦਾ ਪ੍ਰਣ ਕੀਤਾ ਹੋਇਆ ਹੋਵੇ। ਉਸਨੇ ਦੂਜਾ, ਤੀਜਾ, ਫੇਰ ਇਕ-ਇਕ ਕਰਕੇ ਸਾਰੇ ਝੋਲੇ ਝਾੜ ਦਿੱਤੇ। ਉਸਦੀਆਂ ਅਪੀਲਾਂ ਦੇ ਪੰਨੇ, ਉਸਦੇ ਸੰਘਰਸ਼ ਦੀ ਕਹਾਣੀ, ਉਸਦੀ ਭੁੱਖ-ਹੜਤਾਲ, ਗਿਰਫ਼ਤਾਰੀ ਦੀਆਂ ਖ਼ਬਰਾਂ ਦੀਆਂ ਕਾਤਰਾਂ ਪਾਰਕ ਦੀ ਹਵਾ ਦੇ ਨਾਲ-ਨਾਲ ਉੱਡਣ ਲੱਗੀਆਂ। ਇਕ ਪੰਨਾ ਉੱਡਦਾ ਹੋਇਆ ਕਾਫੀ ਉਪਰ ਚਲਾ ਗਿਆ। ਹੌਲੀ-ਹੌਲੀ ਉਹ ਪੰਨਾਂ ਦਰਖ਼ਤਾਂ ਦੇ ਝੁੰਡ ਵੱਲ ਵਧਣ ਲੱਗਾ। ਜਿਵੇਂ ਉਹ ਸਮਝ ਚੁੱਕਿਆ ਸੀ ਕਿ ਹੇਠਾਂ ਸਾਰੇ ਮਾਰਗ ਉਸ ਲਈ ਬੰਦ ਨੇ, ਹੁਣ ਉਸਨੂੰ ਉੱਡ ਕੇ ਹੀ ਕਿਤੇ ਜਾਣਾ ਪਵੇਗਾ। ਉਸ ਕਾਗਜ਼ ਵਿਚ ਕੁਝ ਅਜਿਹਾ ਜ਼ਰੂਰ ਹੋਵੇਗਾ, ਜਿਸਨੂੰ ਹਵਾ ਝੱਭਟ ਲੈਣ ਵਾਲੀਆਂ ਹਿੰਸਕ ਇੱਲ੍ਹਾਂ ਤੋਂ ਬਚਾਅ ਕੇ ਸੰਸਦ ਤਕ ਲੈ ਜਾਣਾ ਚਾਹੁੰਦੀ ਸੀ।
“ਇਸਦੀ ਨਫ਼ਰਤ ਕਿਸ ਦੇ ਖ਼ਿਲਾਫ਼ ਹੈ ?”
“ਨਫ਼ਰਤ ਨਹੀਂ, ਇਸਦੀ ਪੂਰੀ ਸਮਝ ਕਿਸੇ ਚੀਜ਼ ਦੇ ਖ਼ਿਲਾਫ਼ ਹੈ।”
“ਜਿਸਦਾ ਅਰਥ ਏਨਾ ਹੀ ਹੈ, ਜਦ ਇਸ ਕਿਸਮ ਦੇ ਵਿਰੋਧ ਨਾਲ ਕੁਝ ਪ੍ਰਾਪਤ ਨਹੀਂ ਹੋ ਰਿਹਾ, ਤਦ ਇਹਨਾਂ ਜਲੂਸਾਂ ਦੀ ਲਾਭ?”
“ਇਹ ਨੂੰ ਵਿਰੋਧ ਵੀ ਨਹੀਂ ਕਿਹਾ ਜਾ ਸਕਦਾ।”
ਕੁਝ ਚਿਰ ਪਹਿਲਾਂ ਕੁਝ ਤਮਾਸ਼ਾਈ ਬਾਰਾਂ ਖੰਭਾ ਰੋਡ ਉੱਤੇ ਭੀੜ ਹੱਥੋਂ ਮਾਰ ਖਾਂਦੇ-ਖਾਂਦੇ ਬਚੇ ਸਨ। ਉਹਨਾਂ ਵਿਚੋਂ ਕਿਸੇ ਨੇ ਜੋਸ਼ ਵਿਚ ਕਹਿ ਦਿੱਤਾ ਸੀ, 'ਕਿਰਾਏ ਦੇ ਟੱਟੂ।' ਇਹ ਸੁਣਦਿਆਂ ਹੀ ਬਹੁਤ ਸਾਰੇ ਪ੍ਰਦਰਸ਼ਨਕਾਰੀ ਉਹ ਉਪਰ ਭੜਕ ਗਏ ਸਨ। ਅਸੀਂ ਵਿਚ ਪੈ ਕੇ ਸਥਿਤੀ ਸੰਭਾਲ ਲਈ ਸੀ। ਕਹਿਣ ਵਾਲੇ ਨੇ ਝੂਠ ਨਹੀਂ ਸੀ ਕਿਹਾ; ਸੁਣਨ ਵਾਲਿਆਂ ਨੇ ਸੱਚ ਨਹੀਂ ਸੀ ਸੁਣਿਆ। ਜਦੋਂ ਰੈਲੀਆਂ-ਮੁਜਾਹਰਿਆਂ ਵਿਚ ਭੀੜ ਦਿਖਾਉਣ ਲਈ ਇਹੋ ਢੰਗ-ਤਰੀਕੇ ਅਪਣਾਏ ਜਾਣ ਲੱਗ ਪਏ ਹੋਣ ਤਾਂ ਰਾਜਧਾਨੀ ਤੇ ਹੋਰ ਮਹਾਨਗਰਾਂ ਦੇ ਜਲੂਸ ਵਿਚ ਸ਼ਾਮਲ ਹੋਣ ਵਾਲਾ ਹਰ ਵਿਅਕਤੀ ਕਿਰਾਏ ਦਾ ਆਦਮੀ ਬਣ ਜਾਂਦਾ ਹੈ। ਉਦੋਂ ਵੀ ਅਸੀਂ ਲੋਕਾਂ ਨੂੰ ਇਹੀ ਕਿਹਾ ਸੀ ਕਿ ਉਹਨਾਂ ਇੰਜ ਕਹਿ ਕੇ ਵਿਰੋਧ ਹੀ ਕੀਤਾ ਸੀ। ਸੇਠੀ ਨੇ ਕਿਹਾ ਸੀ ਕਿ ਲੋਕ ਜਲੂਸਾਂ ਤੋਂ ਉਤਸਾਹਿਤ ਹੋਣ ਦੇ ਬਜਾਏ ਨਿਰਾਸ਼ ਹੋ ਰਹੇ ਨੇ।
ਅਸੀਂ ਉਸ ਬੁੱਢੇ ਦੀ ਕਹਾਣੀ ਕੀ ਭੁੱਲੇ ਕਿ ਇਸ ਅਰਸੇ ਵਿਚ ਉਹ ਇਕ ਲੜਾਕੂ ਤੋਂ ਬੁੱਢਾ ਹੋ ਗਿਆ। ਅੱਜ ਉਸਦੀ ਹਾਲਤ ਸਾਡੇ ਸਾਹਮਣੇ ਸੀ, ਜਿਵੇਂ ਸਾਡੇ ਕਾਰਨ ਹੋਈ ਹੋਵੇ, ਉਸਦੀ ਇਹ ਦਸ਼ਾ।
ਇਸ ਗੱਲ ਦਾ ਦੁੱਖ ਵੀ ਹੋਇਆ ਕਿ ਜਦੋਂ ਉਹ ਬਾਂਕਾ ਜਵਾਨ ਹੁੰਦਾ ਸੀ, ਆਪਣੇ ਪਿੰਡ ਤੋਂ ਦੂਰ ਇਸ ਅਜਨਬੀ ਮਹਾਨਗਰ ਵਿਚ ਆਪਣੀ ਲੜਾਈ ਲੜ ਰਿਹਾ ਸੀ। ਤਦ ਅਸੀਂ ਇਕ ਵਾਰੀ ਵੀ ਇਹ ਕਿਉਂ ਨਹੀਂ ਸੋਚਿਆ ਕਿ ਤਿਆਗ ਰੂਪੀ ਕਸ਼ਟਾਂ ਭਰਿਆ ਜੀਵਨ ਕਿਸ ਹੌਸਲੇ ਉੱਤੇ ਜਿਊਂ ਰਿਹਾ ਹੈ ਉਹ! ਕਿੱਥੋਂ ਖਾਂਦਾ ਹੋਵੇਗਾ, ਕਿੰਜ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੋਵੇਗਾ? ਕਿੱਥੇ ਸੌਂਦਾ ਹੋਵੇਗਾ? ਬਿਮਾਰ ਹੋਣ 'ਤੇ ਕੌਣ ਉਸਦੀ ਦੇਖਭਾਲ ਕਰਦਾ ਹੋਵੇਗਾ?
ਵੱਟਾ-ਬਾਜੀ ਬੰਦ ਹੋ ਚੁੱਕੀ ਸੀ। ਨਾਅਰੇ ਰੁਕ ਗਏ ਸਨ। ਸ਼ੋਰ ਦਬ ਗਿਆ ਸੀ। ਪਾਰਕ ਵਿਚ ਜਮ੍ਹਾਂ ਭੀੜ ਉਸਦੇ ਝੋਲੇ 'ਚੋਂ ਉੱਡੇ ਕਾਗਜ਼ਾਂ ਨੂੰ ਚੁੱਕ-ਚੁੱਕ ਕੇ ਪੜ੍ਹਨ ਲੱਗੀ। ਉਹਨਾਂ ਲਈ ਇਹ ਇਕ ਖੇਡ ਸੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਵੀ ਇਕ ਵਿਰੋਧ ਸੀ ਤੇ ਉਹਨਾਂ ਦੀ ਲੜਾਈ ਦਾ ਹੀ ਇਕ ਅੰਗ ਵੀ। ਬਹੁਤ ਸਾਰੇ ਤਮਾਸ਼ਬੀਨ ਸਾਡੇ ਦੁਆਲੇ ਇਕੱਠੇ ਹੋ ਗਏ। ਸਾਨੂੰ ਪਤਾ ਸੀ ਕਿ ਬੁੱਢੇ ਨੂੰ ਕਿਸੇ ਹਸਪਤਾਲ ਤਕ ਲੈ ਜਾਣ ਲਈ ਕੋਈ ਗੱਡੀ ਨਹੀਂ ਮਿਲੇਗੀ। ਨਾ ਹੀ ਪੁਲਿਸ ਇਸ ਦੀ ਇਜਾਜ਼ਤ ਦਵੇਗੀ। ਜਦੋਂ ਤਕ ਸਭ ਸਹਿਜ ਹੋਵੇਗਾ ਬੁੱਢਾ ਇਸ ਦੁਨੀਆਂ ਵਿਚ ਨਹੀਂ ਰਹੇਗਾ। ਇਹੀ ਫੈਸਲਾ ਹੋਇਆ ਕਿਸੇ ਤਰ੍ਹਾਂ ਪੁਲਿਸ ਤੋਂ ਹੀ ਸਹਾਇਤਾ ਦੀ ਕੋਸ਼ਿਸ਼ ਕੀਤੀ ਜਾਵੇ।
ਸੰਸਦ ਮਾਰਗ ਉੱਥੇ ਥਾਂ-ਥਾਂ ਜ਼ਖ਼ਮੀਂ ਪਏ ਸਨ। ਮੁਰਦਿਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ। ਦੂਰ ਤਕ ਇੱਟਾਂ, ਵੱਟੇ, ਚੱਪਲਾਂ, ਜੁੱਤੀਆਂ, ਮਾਟੋ, ਬੈਨਰ ਤੇ ਝੰਡੀਆਂ ਬੇਜਾਨ ਪਏ ਸਨ। ਦੁਕਾਨਾਂ ਦੇ ਸਾਹਮਣੇ ਇਕ ਨਿੱਕੀ ਜਿਹੀ ਬੱਚੀ ਹੱਥ ਵਿਚ ਝੰਡੀ ਫੜ੍ਹੀ ਚਿੱਤ ਪਈ ਹੋਈ ਸੀ।
ਲੋਕ ਐਨੇ ਛੋਟੇ ਬੱਚੇ ਨੂੰ ਕਿਉਂ ਨਾਲ ਲੈ ਆਉਂਦੇ ਹਨ? ਜ਼ਰੂਰ ਕੋਈ ਮਜ਼ਬੂਰੀ ਹੁੰਦੀ ਹੋਵੇਗੀ। ਲੋਕ ਤਾਂ ਇਕ ਵਿਸ਼ਵਾਸ ਤੇ ਪਵਿੱਤਰ ਮਨ ਨਾਲ ਆਉਂਦੇ ਹਨ, ਸੰਘਰਸ਼ ਦੀ ਭਾਵਨਾ ਵਿਚ ਡੁੱਬ ਕੇ ਹੀ ਸਹੀ।
ਪੁਲਿਸ ਦੀ ਘੇਰਾਬੰਦੀ, ਜ਼ਖ਼ਮੀਆਂ ਦੀਆਂ ਕਰਾਹਾਂ, ਕਿਤੋਂ-ਕਿਤੋਂ ਆਉਂਦੀ ਹੋਈ ਰੋਣ ਦੀ ਆਵਾਜ਼—ਗੱਚ ਭਰ ਆਇਆ ਸੀ, ਭਾਵੁਕਤਾ ਵੱਸ।
ਇਕ ਪੁਲਿਸ ਅਫ਼ਸਰ ਮੇਰੇ ਵੱਲ ਅਹੁਲਿਆ। ਪ੍ਰੈੱਸ ਦੀ ਫੱਟੀ ਦੇਖ ਕੇ ਥਾਵੇਂ ਅਟਕ ਗਿਆ। ਨਹੀਂ ਤਾਂ ਉਹ ਮੈਨੂੰ ਕਦੋਂ ਦਾ ਦਬੋਚ ਚੁੱਕਿਆ ਹੁੰਦਾ।
“ਓ ਭਾਜੀ, ਤੁਸੀਂ ਤਾਂ ਜ਼ਖ਼ਮੀ ਹੋ। ਇਹ ਹੁੱਲੜ ਬਾਜ ਕਾਨੂੰਨ ਤੋੜਨ ਤੋਂ ਬਾਅਜ਼ ਨਹੀਂ ਆਉਂਦੇ। ਇਹਨਾਂ ਤੋਂ ਕੋਈ ਪੁੱਛੇ, ਕੀ ਥੋੜ੍ਹੀ ਦੂਰ ਤਕ ਚੀਕ ਲੈਣ ਨਾਲ ਕੁਝ ਬਦਲ ਜਾਵੇਗਾ! ਚੀਕਣ-ਕੂਕਣ ਨਾਲ ਕੁਝ ਹੋਣ ਵਾਲਾ ਨਹੀਂ। ਹਾਂ, ਸਾਡੀ ਤੇ ਤੁਹਾਡੀ ਪ੍ਰੈੱਸ ਵਾਲਿਆਂ ਦੀ ਨੀਂਦ ਜ਼ਰੂਰ ਹਰਾਮ ਹੋ ਜਾਂਦੀ ਏ, ਸਰਕਾਰ ਦੀ ਨਹੀਂ।” ਉਸਨੇ ਇਕ ਜ਼ੋਰਦਾਰ ਠਹਾਕਾ ਲਾਇਆ। ਉਸਨੂੰ ਇਹ ਵੀ ਅਹਿਸਾਸ ਨਹੀਂ ਸੀ ਕਿ ਕੁਝ ਦੂਰੀ ਉਪਰ ਜ਼ਖ਼ਮੀਂ ਪਏ ਹਨ, ਜਿਹੜੇ ਦਮ ਵੀ ਤੋੜ ਰਹੇ ਹਨ।
ਮੈਨੂੰ ਖ਼ਾਮੋਸ਼ ਦੇਖ ਕੇ ਉਸਦੇ ਠਹਾਕੇ ਨੂੰ ਬਰੇਕ ਲੱਗ ਗਏ। ਉਸਨੂੰ ਕਿਸੇ ਕਿਸਮ ਦਾ ਪਛਤਾਵਾ ਜਾਂ ਨਮੋਸ਼ੀ ਨਹੀਂ ਸੀ। ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਮੈਂ ਉਸਦੇ ਮਜ਼ਾਕ ਵਿਚ ਕਿਉਂ ਸ਼ਾਮਲ ਨਹੀਂ ਸੀ ਹੋਇਆ। ਉਸਦਾ ਸੰਸਾਰ ਹੀ ਇਕ ਵੱਖਰਾ ਸੰਸਾਰ ਸੀ। ਸਾਡੀ ਦੁਨੀਆਂ ਨਾਲੋਂ ਬਿਲਕੁਲ ਅਲੱਗ-ਥਲੱਗ।
“ਚੱਲੋ ਤੁਹਾਨੂੰ ਮੈਡੀਕਲ ਏਡ ਦੁਆ ਦਿਆਂ।”
“ਪਾਰਕ ਵਿਚ ਇਕ ਬੁੱਢਾ ਆਦਮੀ ਮਰ ਰਿਹੈ। ਅੰਨ੍ਹਾਂ ਏਂ। ਜੇ ਉਸਦੀ ਕਿਸੇ ਤਰ੍ਹਾਂ ਮਦਦ ਹੋ ਜਾਏ। ਪ੍ਰਦਰਸ਼ਨਕਾਰੀ ਨਹੀਂ।” ਮੈਨੂੰ ਲੱਗਿਆ ਕਿ ਮੈਂ ਬੁੱਢੇ ਨੂੰ ਬੜਾ ਛੋਟਾ ਕਰ ਦਿੱਤਾ ਹੈ, ਪਰ ਇਸ ਦੇ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
“ਤੁਸੀਂ ਉਸ ਭੁੱਖ-ਹੜਤਾਲੀਏ ਦੀ ਗੱਲ ਤਾਂ ਨਹੀਂ ਕਰ ਰਹੇ, ਜਿਹੜਾ ਹਰ ਵੇਲੇ ਗਾਲ੍ਹਾਂ ਕੱਢਦਾ ਰਹਿੰਦਾ ਏ। ਉਹ ਤਾਂ ਕਦੇ ਦਾ ਮਰ ਚੁੱਕਿਐ। ਲੱਗਦਾ ਏ ਉਸਦੀ ਲਾਸ਼ ਕਮੇਟੀ ਵਾਲਿਆਂ ਨੂੰ ਨਹੀਂ, ਸਾਨੂੰ ਈ ਚੁੱਕਣੀ ਪਵੇਗੀ। ਉਸਦੀ ਮਦਦ ਤਾਂ ਹੁਣ ਉਪਰ ਵਾਲਾ ਵੀ ਨਹੀਂ ਕਰ ਸਕਦਾ।”
ਮੇਰੇ ਮੂੰਹੋਂ ਇਕ ਗਾਲ੍ਹ ਨਿਕਲਦੀ-ਨਿਕਲਦੀ ਰਹਿ ਗਈ। ਕਿਸੇ ਅਜਿਹੀ ਲਾਚਾਰੀ ਵਿਚ ਹੀ ਗਾਲ੍ਹ ਦਾ ਜਨਮ ਹੋਇਆ ਹੋਵੇਗਾ।
“ਸ਼ਾਇਦ ਵਿਚਾਰਾ ਬਚ ਜਾਏ।”
ਉਹ ਨਾਕੇਬੰਦੀ ਵੱਲ ਤੁਰ ਗਿਆ। ਬੁੱਢੇ ਦੇ ਨਾਂਅ ਨਾਲ ਹੀ ਉਸਦੇ ਮੂੰਹ ਦਾ ਸਵਾਦ ਕੁਸੈਲਾ ਹੋ ਗਿਆ ਜਾਪਦਾ ਸੀ। ਬੁੱਢੇ ਨੂੰ ਭੁੱਲ ਜਾਣਾ ਪੁਲਿਸ ਲਈ ਆਸਾਨ ਕੰਮ ਵੀ ਨਹੀਂ ਸੀ। ਪਾਗਲ ਹੋਣ ਤਕ ਉਹ ਪੁਲਿਸ ਲਈ ਹਮੇਸ਼ਾ ਸਿਰ ਦਰਦ ਬਣਿਆਂ ਰਿਹਾ। ਸ਼ੁਰੂ ਦੇ ਦਿਨਾਂ ਤੋਂ ਹੀ ਉਹ ਕਿਸੇ ਨਾ ਕਿਸੇ ਮੰਤਰੀ ਦੀ ਕੋਠੀ ਤੇ ਬਾਹਰ ਭੁੱਖ-ਹੜਤਾਲ 'ਤੇ ਜਾ ਬੈਠਦਾ। ਭੁੱਖ-ਹੜਤਾਲ ਕਰਨ ਦਾ ਢੰਗ ਵੀ ਉਸਦਾ ਆਪਣਾ ਹੀ ਸੀ। ਇਕ ਕਤਾਰ ਵਿਚ ਹੱਥ ਨਾਲ ਲਿਖੀਆਂ ਤੀਹ ਚਾਲੀ ਤਖ਼ਤੀਆਂ ਗੱਡ ਕੇ ਵਿਚਕਾਰ ਖ਼ੁਦ ਬੈਠ ਜਾਂਦਾ। ਲੋਕਾਂ ਦੀ ਭੀੜ ਲੱਗ ਜਾਂਦੀ ਤੇ ਉਹਨਾਂ ਤਖ਼ਤੀਆਂ ਉਪਰ ਲਿਖੀ ਕਹਾਣੀ ਪੜ੍ਹਨ ਲੱਗਦੀ। ਇਕ ਦਿਨ ਪੁਲਿਸ ਆਉਂਦੀ, ਉਸਨੂੰ ਚੁੱਕ ਕੇ ਲੈ ਜਾਂਦੀ। ਕੁਝ ਦਿਨਾਂ ਬਾਅਦ ਉਸਦਾ ਧਰਨਾ ਫੇਰ ਕਿਸੇ ਨਵੀਂ ਜਗ੍ਹਾ ਸ਼ੁਰੂ ਹੋ ਜਾਂਦਾ।
ਉਸਦਾ ਉਹ ਚਿਹਰਾ ਮੇਰੇ ਜ਼ਿਹਨ ਵਿਚ ਘੁੰਮ ਗਿਆ, ਜਦੋਂ ਪਹਿਲੀ ਵਾਰੀ ਉਹ ਸਾਡੇ ਦਲ ਦੇ ਦਫ਼ਤਰ ਵਿਚ ਮੇਰੇ ਕੋਲ ਆਇਆ ਸੀ। ਨਿਆਂ ਤੇ ਲੋਕਾਂ ਦੇ ਅਧਿਕਾਰਾਂ ਲਈ ਲੜਨ ਵਾਲਾ ਭੋਲਾ-ਭਾਲਾ, ਨਿੱਡਰ ਚਿਹਰਾ। ਉਹ ਅਜਿਹੇ ਦਿਨ ਸਨ ਜਦੋਂ ਯਕੀਨ ਸੀ ਕਿ ਸਭ ਕੁਝ ਜਲਦੀ ਬਦਲ ਜਾਵੇਗਾ। ਉਸ ਨਸ਼ੇ ਵਿਚ ਇਹ ਵੀ ਨਹੀਂ ਦੇਖ ਸਕੇ ਸਾਂ ਕਿ ਸਾਡੇ ਇਰਦ-ਗਿਰਦ ਕੀ ਹੋ ਰਿਹਾ ਹੈ? ਲੋਕ ਸਾਡੇ ਨਾਲ ਹਨ ਵੀ ਜਾਂ ਨਹੀਂ...ਅਸੀਂ ਇਹ ਮੰਨ ਕੇ ਚੱਲਦੇ ਕਿ ਲੋਕ ਸਿਰਫ ਸਾਡੇ ਨਾਲ ਹੀ ਨੇ। ਸੱਤਾ-ਵਿਰੋਧੀ ਲੋਕ ਬੜੇ ਚੰਗੇ ਲੱਗਦੇ ਸਨ। ਉਸ ਦੀ ਇਕੋ ਗੱਲ ਮੇਰੇ  ਜੋਸ਼ੀਲੇ ਸੁਭਾਅ ਨੂੰ ਪਸੰਦ ਨਹੀਂ ਸੀ ਆਈ ਕਿ ਉਹ ਸਰਕਾਰ ਤੇ ਸੱਤਾਰੂੜ ਦਲ ਦੇ ਨੇਤਾਵਾਂ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ। ਉਹਨੀਂ ਦਿਨੀਂ ਸਾਡੀ ਪੱਤਰਕਾਰਤਾ, ਸਾਡਾ ਜੀਵਨ ਸਭੋ ਦਲ ਨੂੰ ਅਰਪਿੱਤ ਸੀ। ਉਸਦੀ ਲੜਾਈ ਵੀ ਇਕ ਤਰ੍ਹਾਂ ਨਾਲ ਸਾਡੀ ਲੜਾਈ ਸੀ।
ਇਕ ਵੱਡੇ ਨੇਤਾ ਨੇ ਬੜੀ ਚਾਲਾਕੀ ਤੇ ਜਾਲਸਾਜੀ ਨਾਲ ਗਰੀਬ ਲੋਕਾਂ ਦੀਆਂ ਜ਼ਮੀਨਾਂ ਹੜਪ ਕੇ ਇਕ ਵੱਡਾ ਫਾਰਮ ਬਣਾ ਲਿਆ ਸੀ। ਉਹ ਸਾਰੇ ਦਸਤਾਵੇਜ਼ ਤੇ ਸਬੂਤ ਨਾਲ ਲੈ ਕੇ ਆਇਆ ਸੀ। ਸਾਡੇ ਇਕ ਕਿਸਾਨ ਨੇਤਾ ਨੇ ਇਕ ਚਿੱਠੀ ਦੇ ਕੇ ਉਸਨੂੰ ਸਾਡੇ ਕੋਲ ਭੇਜਿਆ ਸੀ ਕਿ ਉਸਦੀ ਪੂਰੀ ਮਦਦ ਕੀਤੀ ਜਾਵੇ। ਅਸੀਂ ਦਸਤਾਵੇਜ਼ਾਂ ਦੇ ਆਧਾਰ 'ਤੇ ਇਕ ਸਾਚਿੱਤਰ ਲੇਖ ਤਿਆਰ ਕਰਨ ਦੀ ਯੋਜਨਾ ਬਣਾਈ। ਉਸਨੇ ਸਾਡੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ, ਕਿਹਾ ਕਿ ਇੰਜ ਕਰਨ ਨਾਲ ਉਸਦੇ ਦਲ ਉੱਤੇ ਕਲੰਕ ਲੱਗ ਜਾਏਗਾ। ਉਹ ਨੇਤਾ ਇਕ ਉੱਚੇ ਅਹੁਦੇ ਉਪਰ ਬਿਰਾਜਮਾਨ ਸੀ। ਉਹ ਉਸਨੂੰ ਬਦਨਾਮ ਕੀਤੇ ਬਿਨਾਂ ਸਭ ਕੁਝ ਪ੍ਰਾਪਤ ਕਰਨਾ ਚਾਹੁੰਦਾ ਸੀ। ਉਹ ਸਾਡੇ ਤਰੀਕੇ ਨਾਲ ਸਹਿਮਤ ਨਹੀਂ ਸੀ ਹੋਇਆ। ਕੁਝ ਦਿਨ ਸਾਡੇ ਨਾਲ ਰਹਿਣ ਪਿੱਛੋਂ ਉਹ ਆਪਣਾ ਸਾਮਾਨ ਚੁੱਕ ਕੇ ਆਪਣੇ ਦਲ ਦੇ ਵੱਡੇ ਦਫ਼ਤਰ ਵਿਚ ਚਲਾ ਗਿਆ ਸੀ।
ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਉਸਦਾ ਬਕਸਾ ਚੋਰੀ ਹੋ ਗਿਆ ਹੈ। ਫੇਰ ਕਿਸੇ ਨੇ ਦੱਸਿਆ ਕਿ ਉਸਦਾ ਸਾਮਾਨ ਚੁੱਕ ਕੇ ਮਹਿਮਾਨਖਾਨੇ ਵਿਚੋਂ ਬਾਹਰ ਸੁੱਟ ਦਿੱਤਾ ਗਿਆ ਹੈ।
ਉਸ ਪਿੱਛੋਂ ਉਸਦਾ ਸੱਤਿਆ-ਗ੍ਰਹਿ ਸ਼ੁਰੂ ਹੋ ਗਿਆ। ਹਰ ਦਰਵਾਜ਼ੇ ਤੋਂ ਉਸਨੂੰ ਉਠਾਲ ਦਿੱਤਾ ਜਾਂਦਾ। ਅੰਤ ਵਿਚ ਤੰਗ ਆ ਕੇ ਕਨਾਟ ਪਲੇਸ ਦੇ ਪਾਰਕ ਦੇ ਬਾਹਰ ਉਸਨੇ ਆਪਣੇ ਵਿਰੋਧ ਦੀਆਂ ਤਖ਼ਤੀਆਂ ਗੱਡ ਦਿੱਤੀਆਂ। ਉੱਥੇ ਸਾਰਾ ਦਿਨ ਭੀੜ ਲੱਗੀ ਰਹਿੰਦੀ। ਲੋਕ ਉਸਦਾ ਮਜ਼ਾਕ ਉਡਾਉਂਦੇ, ਮਿਹਣੇ-ਤਾਹਣੇ ਮਾਰਦੇ ਤੇ ਮਨ ਪ੍ਰਚਾਵਾ ਕਰਕੇ ਆਪੋ ਆਪਣੇ ਘਰੀਂ ਚਲੇ ਜਾਂਦੇ। ਉਹ ਇਕ ਅਜਿਹੀ ਦੁਨੀਆਂ ਵਿਚ ਘਿਰ ਗਿਆ ਸੀ, ਜਿੱਥੇ ਨਿਆਂ ਲਈ ਲੜਨ ਵਾਲੇ ਲੋਕਾਂ ਨੂੰ ਕਿਸੇ ਪਾਗਲਾਂ ਦੀ ਦੁਨੀਆਂ ਦਾ ਜੀਵ ਸਮਝਿਆ ਜਾਂਦਾ ਹੈ। ਉਹ ਚੁੱਪਚਾਪ ਸਾਰਾ ਦਿਨ ਤਖ਼ਤੀਆਂ ਉਪਰ ਲਿਖਦਾ ਰਹਿੰਦਾ। ਜਦੋਂ ਲੋਕ ਪੁੱਛਦੇ ਕਿ ਉਸ ਨੇਤਾ ਦਾ ਨਾਂਅ ਕੀ ਹੈ ਤਾਂ ਸਿਰਫ ਮੁਸਕਰਾ ਪੈਂਦਾ ਤੇ ਉਸ ਤਖ਼ਤੀ ਵੱਲ ਇਸ਼ਾਰਾ ਕਰ ਦਿੰਦਾ, ਜਿਸ ਉੱਤੇ ਨੇਤਾ ਦਾ ਨਾਂਅ, ਨਾ ਦੱਸਣ ਦਾ ਕਾਰਣ ਲਿਖਿਆ ਹੁੰਦਾ ਸੀ।
ਅਕਸਰ ਅਸੀਂ ਲੋਕਾਂ ਦੇ ਮਜ਼ਾਕ ਨੂੰ ਮਜ਼ਾਕ ਵਜੋਂ ਹੀ ਉਡਾਅ ਦਿੰਦੇ ਹਾਂ। ਕੀ ਲੋਕਾਂ ਦੇ ਉਸ ਮਜ਼ਾਕ ਪਿੱਛੇ ਪੂਰੇ ਢਾਂਚੇ ਦਾ ਅਕਸ ਨਹੀਂ ਹੁੰਦਾ ਕਿ ਅਜਿਹੀਆਂ ਗੱਲਾਂ ਨਾਲ ਕੀ ਹੋ ਸਕਦਾ ਹੈ...ਸ਼ਾਇਦ ਅਸੀਂ ਹੀ ਇਸ ਸੱਚ ਨੂੰ ਨਹੀਂ ਸਮਝ ਸਕੇ ਹਾਂ।
ਅਸੀਂ ਉਸ ਨਾਲ ਇਕ ਲੰਮੀ ਗੱਲਬਾਤ ਕੀਤੀ। ਉਸ ਨਾਲ ਸਾਚਿੱਤਰ ਸਾਕਸ਼ਾਤਕਾਰ ਕਈ ਅਖ਼ਬਾਰਾਂ ਰਸਾਲਿਆਂ ਵਿਚ ਪ੍ਰਕਾਸ਼ਤ ਹੋਏ। ਕੁਝ ਦਿਨ ਉਸਦੀ ਚਰਚਾ ਰਹੀ। ਅਖ਼ਬਾਰਾਂ ਨੇ ਉਸਦੇ ਇਹਨਾਂ ਸ਼ਬਦਾਂ ਨੂੰ ਕਿ 'ਸੱਚ ਦੀ ਜਿੱਤ ਹੋਏਗੀ...ਪਾਪ ਦਾ ਘੜਾ ਫੁੱਟੇਗਾ।' ਖ਼ੂਬ ਮਖ਼ੌਲੀਆ ਅੰਦਾਜ਼ ਵਿਚ ਪ੍ਰਕਾਸ਼ਤ ਕੀਤਾ ਸੀ।
ਉਸ ਪਿੱਛੋਂ ਉਹ ਨਵੀਂ ਦਿੱਲੀ ਦੀ ਦੁਨੀਆਂ ਵਿਚੋਂ ਅਜਿਹਾ ਗਾਇਬ ਹੋਇਆ ਕਿ ਤਿੰਨ ਚਾਰ ਵਰ੍ਹੇ ਤਕ ਉਸਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ ਕਿ ਕਿੱਥੇ ਚਲਾ ਗਿਆ ਹੈ।
ਇਕ ਵਾਰੀ ਸਾਡਾ ਇਕ ਜਲੂਸ ਸੰਸਦ ਭਵਨ ਤਕ ਜਾ ਰਿਹਾ ਸੀ। ਉਹ ਆਪਣੀ ਤਖ਼ਤੀ ਚੁੱਕੀ ਸਭ ਤੋਂ ਅੱਗੇ ਤੁਰਦਾ ਹੋਇਆ ਦਿਖਾਈ ਦਿੱਤਾ। ਸੰਸਦ ਭਵਨ ਦੇ ਬਾਹਰ ਸਾਡੇ ਸਾਂਸਦ ਭਾਸ਼ਣ ਦੇਣ ਲਈ ਜਲੂਸ ਦੀ ਉਡੀਕ ਕਰ ਰਹੇ ਸਨ। ਜਲੂਸ ਦੇ ਉੱਥੇ ਪਹੁੰਚਦਿਆਂ ਹੀ ਉਹ ਬੁੜ੍ਹਕ ਕੇ ਉੱਥੇ ਬਣੇ ਇਕ ਬੁੱਤ ਦੇ ਚਬੂਤਰੇ ਉੱਤੇ ਚੜ੍ਹ ਗਿਆ ਤੇ ਉੱਚੀ ਆਵਾਜ਼ ਵਿਚ ਨਾਅਰੇ ਲਾਉਣ ਲੱਗਾ। ਉਸ ਪਿੱਛੋਂ ਉੱਚੀ ਆਵਾਜ਼ ਵਿਚ ਕਵਿਤਾ ਪੜ੍ਹਨੀ ਸ਼ੁਰੂ ਕੀਤੀ...:
'ਸੌ ਮਰੇ ਤਾਂ ਕਿਹਾ ਇਕ ਮਰਿਆ...
ਉਹ ਵੀ ਸੀ ਬਿਮਾਰ ਪਿਆ...'
ਜੋਸ਼ ਵੱਸ ਝੱਲੀ ਹੋਈ ਭੀੜ ਵਾਰ-ਵਾਰ ਉਸ ਤੋਂ ਉਹੀ ਕਵਿਤਾ ਸੁਣਦੀ ਰਹੀ। ਉਸ ਪਿੱਛੋਂ ਉਹ ਸਾਡੇ ਹਰੇਕ ਜਲੂਸ ਵਿਚ ਦਿਖਾਈ ਦੇਣ ਲੱਗਾ। ਪਿੱਛੋਂ ਉਸਦੀ ਦਸ਼ਾ ਵਿਗੜਨ ਲੱਗੀ। ਉਹ ਹਰ ਜਲੂਸ ਵਿਚ ਕਲੰਦਰਾਂ ਵਾਂਗ ਉੱਛਲਦਾ-ਕੁੱਦਦਾ ਦਿਖਾਈ ਦੇਂਦਾ।
ਪੁਲਿਸ ਅਫ਼ਸਰ ਵਾਪਸ ਨਹੀਂ ਆਇਆ।
ਕੋਲ ਖੜ੍ਹੇ ਸਿਪਾਈ ਨੇ ਕਿਹਾ ਕਿ 'ਹੁਣ ਉਹ ਨਹੀਂ ਆਉਂਣਗੇ। ਉੱਥੇ ਪਹੁੰਚ ਕੇ ਉਹ ਇਹ ਵੀ ਭੁੱਲ ਗਏ ਹੋਣਗੇ ਕਿ ਕੋਈ ਇੱਥੇ ਉਹਨਾਂ ਦੀ ਉਡੀਕ ਕਰ ਰਿਹਾ ਹੈ।'
ਹਰ ਪਾਸੇ ਪੁਲਿਸ ਦੇ ਸਿਪਾਹੀ ਸਨ। ਮਾਰਗ ਉੱਤੇ ਪਏ ਲੋਕ ਜ਼ਖ਼ਮਾਂ ਦੀ ਝਾਲ ਨਾ ਝੱਲਦੇ ਹੋਏ ਕਰਾਹ-ਕੁਰਲਾ ਰਹੇ ਸਨ। ਉਹਨਾਂ ਦੇ ਲਹੂ ਨਾਲ ਲੱਥ-ਪੱਥ ਕੱਪੜੇ, ਉਹਨਾਂ ਦੇ ਜ਼ਖ਼ਮ, ਉਹਨਾਂ ਦੀ ਚੀਕ-ਪੁਕਾਰ ਵਾਰੀ ਵਾਰੀ ਅੰਦਰ ਇਕ ਅੱਗ ਭਰ ਦੇਂਦੀ।
ਅਜੇ ਥੋੜ੍ਹੀ ਦੇਰ ਪਹਿਲਾਂ ਉਸ ਪੁਲਿਸ ਅਫ਼ਸਰ ਨੇ ਪੁੱਛਿਆ ਸੀ ਕਿ 'ਜਦ ਲੀਡਰਾਂ ਨੂੰ ਪਤਾ ਲੱਗ ਗਿਆ ਸੀ ਬਈ ਉਹਨਾਂ ਨੂੰ ਅਸੀਂ ਗਿਰਫ਼ਤਾਰ ਕਰ ਰਹੇ ਹਾਂ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਨਿਰਦੇਸ਼ ਦੇਣਾ ਚਾਹੀਦਾ ਸੀ ਕਿ ਹੁਣ ਉਹਨਾਂ ਨੇ ਕੀ ਕਰਨਾ ਹੈ। ਤੁਹਾਨੂੰ ਇੰਜ ਨਹੀਂ ਲੱਗਦਾ ਕਿ ਇਸ ਭੀੜ ਨੂੰ ਲੀਡਰ ਵੀ ਸਿਰਫ ਆਪਣੇ ਸਵਾਰਥ ਲਈ ਹੀ ਇਸਤੇਮਾਲ ਕਰਦੇ ਰਹਿੰਦੇ ਨੇ...'
ਮੈਂ ਉਸਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਇਸੇ ਗੱਲ ਉੱਤੇ ਉਸਨੇ ਖਿਝ ਕੇ ਕਿਹਾ ਸੀ ਕਿ 'ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਉਹ ਇਸ ਜਲੂਸ ਵਿਚ ਕਿਉਂ ਆਏ ਨੇ...?'
ਮੈਨੂੰ ਕਾਮਰੇਡ ਫਿਤਰਤ ਦੀ ਗੱਲ ਚੇਤੇ ਆ ਗਈ ਜਿਹੜਾ ਕੁਝ ਚਿਰ ਪਹਿਲਾਂ ਜਲੂਸ ਵਿਚ ਮੂੰਹ ਲਟਕਾਈ ਤੁਰਿਆ ਜਾ ਰਿਹਾ ਸੀ। ਉਹਨੂੰ ਹਮੇਸ਼ਾ ਤਰੋਤਾਜ਼ਾ ਤੇ ਸੁਚੇਤ ਹੀ ਦੇਖਿਆ ਸੀ। ਪਹਿਲੀ ਵਾਰੀ ਉਸਨੂੰ ਚੁੱਪ ਦੇਖ ਕੇ ਬੜਾ ਓਪਰਾ ਲੱਗਿਆ ਸੀ। ਉਹ ਜਲੂਸ ਦੇ ਨਾਲ ਹੌਲੀ-ਹੌਲੀ ਤੁਰ ਰਿਹਾ ਸੀ। ਕਿਸੇ ਨਾਅਰੇ ਨਾਲ ਉਸ ਵਿਚ ਕੋਈ ਹਰਕਤ ਨਹੀਂ ਸੀ ਹੋ ਰਹੀ।
“ਕੀ ਗੱਲ ਐ, ਤਬੀਅਤ ਤਾਂ ਠੀਕ ਐ ਨਾ?”
“ਤਬੀਅਤ...”
ਉਸਦੇ ਚਿਹਰੇ ਉੱਤੇ ਗੁੱਸੇ ਦੀਆਂ ਲਕੀਰਾਂ ਉਭਰ ਆਈਆਂ, ਜਿਵੇਂ ਮੈਂ ਉਸਨੂੰ ਗਾਲ੍ਹ ਕੱਢ ਬੈਠਾ ਹੋਵਾਂ।
ਏਨਾ ਕਹਿਣ ਪਿੱਛੋਂ ਉਸਨੇ ਉਸ ਟੋਲੀ ਵੱਲ ਇਸ਼ਾਰਾ ਕੀਤਾ, ਜਿਸ ਦੀ ਦੇਖ-ਭਾਲ ਲਈ ਉਸਨੂੰ ਲਾਇਆ ਗਿਆ ਸੀ।
“ਜਦੋਂ ਤਕ ਅਸੀਂ ਲੋਕਾਂ ਦੇ ਦਿਲਾਂ ਵਿਚ ਨਹੀਂ ਉਤਰਦੇ ਉਦੋਂ ਤਕ ਅਸੀਂ ਲੋਕਾਂ ਨੂੰ ਵਰਗਲਾ ਕੇ ਬਹਿਕਾਅ ਕੇ ਇਸ ਦਿਖਾਵੇ ਲਈ ਲਿਆਉਂਦੇ ਰਹਾਂਗੇ! ਇਹ ਕੋਈ ਜੱਦੋ-ਜਹਿਦ  ਨਹੀਂ ਹੈ...”
ਦੋਵਾਂ ਨੇ ਇਕੋ ਜਿਹੀ ਗੱਲ ਆਖੀ ਸੀ। ਇਕ ਦੀ ਗੱਲ 'ਤੇ ਗੁੱਸਾ ਆਇਆ ਸੀ ਤੇ ਦੂਜੇ ਦੀ ਗੱਲ ਨੇ ਕੁਝ ਸੋਚਣ ਲਈ ਮਜ਼ਬੂਰ ਕੀਤਾ ਸੀ। ਸੱਚ, ਕੀ ਇੰਜ ਨਹੀਂ ਹੋ ਸਕਦਾ ਕਿ ਲੋਕ ਸਿਰਫ ਜੋਸ਼ ਵਿਚ ਵਹਿ ਕੇ ਇੱਥੇ ਨਾ ਆਉਣ...
ਮਾਰਗ ਉਪਰ ਦੋਵੇਂ ਪਾਸੇ ਖਲੋਤੀਆਂ ਉੱਚੀਆਂ ਇਮਾਰਤਾਂ ਤੇ ਮਾਰਗ ਦੇ ਐਨ ਵਿਚਕਾਰ ਬਣੇ ਗੋਲ ਚੌਕ ਨੇ ਸੰਸਦ ਭਵਨ ਨੂੰ ਆਪਣੀ ਓਟ ਵਿਚ ਕੀਤਾ ਹੋਇਆ ਹੈ। ਸੰਸਦ ਵਿਚ ਸਾਰੇ ਚੁਣ ਕੇ ਜਾਂਦੇ ਹਨ। ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਦੇਖ ਕੇ ਲੋਕਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਉਹੀ ਨੇ, ਜਿਹਨਾਂ ਨੂੰ ਉਹਨਾਂ ਨੇ ਚੁਣ ਕੇ ਭੇਜਿਆ ਸੀ। ਸੰਸਦ ਵਿਚ ਇਕ ਨੇਤਾ ਨਾਮ ਜੱਦ ਹੁੰਦਾ ਹੈ...ਉਹ ਆਪਣੀ ਟੋਲੀ ਚੁਣਦਾ ਹੈ...ਮੰਤਰੀ ਬਣਾਉਂਦਾ ਹੈ...ਕਾਨੂੰਨ ਬਣਾਉਂਦਾ ਹੈ...ਸਾਰੇ ਕੰਮ ਬਹੁਮੱਤ ਨਾਲ ਹੁੰਦੇ ਹਨ...ਵਿਰੋਧੀ ਧਿਰ ਵੀ ਆਪਣਾ ਪੱਖ ਖੁੱਲ੍ਹ ਕੇ ਰੱਖਦੀ ਹੈ...ਫੇਰ ਵੀ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਦੇਸ਼ ਨੂੰ ਕੋਈ ਹੋਰ ਹੀ ਚਲਾ ਰਿਹਾ ਹੈ।
ਸੇਠੀ ਮੈਨੂੰ ਬੁਲਾਅ ਰਿਹਾ ਸੀ। ਥੋੜ੍ਹੀ ਦੂਰੀ ਉੱਤੇ ਤੜਫ ਰਿਹਾ ਇਕ ਜ਼ਖ਼ਮੀ ਵੀ ਮੈਨੂੰ ਵਾਰ-ਵਾਰ ਬੁਲਾ ਰਿਹਾ ਸੀ, ਪਰ ਉਸ ਕੋਲ ਜਾਣ ਦੀ ਮੈਨੂੰ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਮੈਂ ਬੜੀ ਕੋਸ਼ਿਸ਼ ਕੀਤੀ। ਸਿਪਾਹੀਆਂ ਦੀ ਮਿੰਨਤ ਕੀਤੀ ਕਿ ਕਿਸੇ ਤਰ੍ਹਾਂ ਉਹ ਹੀ ਉਸ ਫੱਟੜ ਦੀ ਗੱਲ ਸੁਣ ਲੈਣ। ਉਹ ਕਈ ਵਾਰੀ ਬਹਾਨੇ ਨਾਲ ਉਸ ਪਾਸੇ ਗਏ ਵੀ, ਪਰ ਉਸਨੇ ਉਹਨਾਂ ਨੂੰ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ। ਉਸਦੇ ਮਨ ਵਿਚ ਪਤਾ ਨਹੀਂ ਕਿਹੜੀ ਗੱਲ ਸੀ ਜਿਸਨੂੰ ਉਹ ਸਿਰਫ ਮੈਨੂੰ ਹੀ ਦੱਸਣਾ ਚਾਹੁੰਦਾ ਸੀ। ਜੇ ਉਹ ਚੱਲ ਵੱਸਿਆ ਫੇਰ...
ਸੇਠੀ ਦੀ ਚੀਕ ਸੁਣਾਈ ਦਿੱਤੀ। ਉਸਦੀ ਚੀਕ ਤੇ ਸੜਕ ਉੱਤੇ ਤੜਫ ਰਹੇ ਆਦਮੀ ਦੀ ਪ੍ਰਾਰਥਨਾਂ ਵਿਚ ਕੋਈ ਅੰਤਰ ਨਹੀਂ ਸੀ। ਇਕੋ ਅੰਦਾਜ਼...ਇਕੋ ਹੀ ਭਾਵਨਾ।
ਲੰਮੇ-ਲੰਮੇ ਜਲੂਸ ਲੋਕਾਂ ਦੀਆਂ ਮੰਗਾਂ ਤੇ ਅਧਿਕਾਰਾਂ ਲਈ ਨਿਕਲਦੇ ਨੇ। ਉਹਨਾਂ ਵਿਚ ਹਜ਼ਾਰਾਂ ਤੇ ਕਦੀ-ਕਦੀ ਲੱਖਾਂ ਲੋਕ ਸ਼ਾਮਲ ਹੁੰਦੇ ਨੇ। ਜਲੂਸ ਸਾਰਿਆਂ ਲੋਕਾਂ ਲਈ ਹੁੰਦਾ ਹੈ। ਉਸ ਵੇਲੇ ਲੱਗ ਰਿਹਾ ਸੀ ਸਭ ਕੁਝ ਓਵੇਂ ਹੁੰਦਾ ਹੋਇਆ ਵੀ ਲੋਕਾਂ ਲਈ ਨਹੀਂ ਹੈ।
ਬੁੱਢੇ ਦੀ ਲਾਸ਼ ਖ਼ੂਨ ਵਿਚ ਲੱਥ-ਪੱਥ ਪਈ ਸੀ...ਮੂੰਹ ਖੁੱਲ੍ਹਾ ਸੀ, ਅੱਖਾਂ ਬਾਹਰ ਵੱਲ ਝਾਕ ਰਹੀਆਂ ਸਨ...ਉੱਠਿਆ ਹੋਇਆ ਹੱਥ, ਜਿਵੇਂ ਹੁਣੇ ਕਿਸੇ ਉੱਤੇ ਵਰ੍ਹਣ ਲਈ ਤਿਆਰ-ਬਰ-ਤਿਆਰ ਸੀ। ਰੁੱਖਾਂ ਦੀਆਂ ਫੜਫੜਾਉਂਦੀਆਂ ਹੋਈਆਂ ਟਾਹਣੀਆਂ, ਬਿਲਕੁਲ ਸ਼ਾਂਤ ਹੋ ਚੁੱਕੀਆਂ ਸਨ।
ਬੁੱਢਾ ਸਾਨੂੰ ਤਿੰਨਾਂ ਨੂੰ ਪਛਾਣ ਚੁੱਕਿਆ ਸੀ। ਸਾਡੀਆਂ ਆਵਾਜ਼ਾਂ ਉਸਦੀਆਂ ਯਾਦਾਂ ਵਿਚ ਸੁਰੱਖਿਅਤ ਸਨ। ਉਸਨੇ ਆਪਣੀ ਡਾਇਰੀ ਤੇ ਕੁਝ ਕਾਗਜ਼ ਮੇਰੇ ਸਾਥੀ ਦੇ ਹਵਾਲੇ ਕਰ ਦਿੱਤੇ ਸਨ, ਜਿਹਨਾਂ ਵਿਚ ਉਸ ਨੇਤਾ ਦਾ ਨਾਂਅ ਤੇ ਜ਼ਮੀਨ ਦਾ ਪੂਰਾ ਬਿਓਰਾ ਸੀ। ਨੇਤਾ ਜੀ ਕਦੋਂ ਦੇ ਚਲਾਨਾ ਕਰ ਗਏ ਸਨ। ਹੁਣ ਤਾਂ ਉਹਨਾਂ ਦੇ ਬੁੱਤ ਹੀ ਬਾਕੀ ਰਹਿ ਗਏ ਸਨ। ਉਸਦੀ ਡਾਇਰੀ ਵਿਚ ਉਸਦੇ ਆਪਣੇ ਪਰਿਵਾਰ, ਕਿਸੇ ਰਿਸ਼ਤੇਦਾਰ ਜਾਂ ਘਰਬਾਰ ਦਾ ਜ਼ਿਕਰ ਤਕ ਨਹੀਂ ਸੀ।
ਢਲਦੀ ਧੁੱਪ ਨੇ ਉਸ ਰੁੱਖ ਨੂੰ ਬਿਲਕੁਲ ਬਦਲ ਦਿੱਤਾ ਸੀ...ਜਿਵੇਂ ਕੋਈ ਹੋਰ ਰੁੱਖ ਹੋਵੇ ਤੇ ਉੱਥੇ ਆ ਕੇ ਬੁੱਢੇ ਦੀ ਲਾਸ਼ ਉਪਰ ਛਾਂ ਕਰਨ ਲਈ ਰੁਕ ਗਿਆ ਹੋਵੇ। ਉਸਦੀ ਫੜਫੜਾਹਟ ਵਿਚ ਬੁੱਢੇ ਦੀ ਸਾਰੀ ਨਫ਼ਰਤ ਸ਼ਾਮਲ ਹੋ ਗਈ ਜਾਪਦੀ ਹੈ।
ਪੁਲਿਸ ਨੇ ਲਾਸ਼ ਆਪਣੇ ਕਬਜੇ ਵਿਚ ਕਰ ਲਈ।
ਪੁਲਿਸ ਦਾ ਕਹਿਣਾ ਸੀ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਪਥਰਾਅ ਕਾਰਨ ਮਰਿਆ ਹੈ। ਭੀੜ ਦਾ ਕਹਿਣਾ ਸੀ ਕਿ ਉਹ ਪੁਲਿਸ ਦੇ ਵੱਟਿਆਂ ਨਾਲ ਚੱਲ ਵੱਸਿਆ ਹੈ। ਇਸੇ ਗੱਲ ਨਾਲ ਉੱਥੇ ਉਤੇਜਨਾ ਵਧ ਗਈ।
ਇਹ ਸਿਰਫ ਅਸੀਂ ਜਾਣਦੇ ਸਾਂ ਕਿ ਉਸ ਯੋਧੇ ਨੂੰ ਕਿਸ ਨੇ ਮਾਰਿਆ ਹੈ। ਇਹ ਸੱਚ ਸੀ ਕਿ ਭਾਵੇਂ ਉਸਦੇ ਪ੍ਰਾਣ  ਪੱਥਰਾਂ-ਵੱਟਿਆਂ ਨਾਲ ਹੀ ਨਿਕਲੇ ਸਨ, ਪਰ ਇਹ ਵੀ ਸੱਚ ਸੀ ਕਿ ਉਸਦੀ ਲੀਲ੍ਹਾ ਪੱਥਰਾਅ ਕਾਰਨ ਸਮਾਪਤ ਨਹੀਂ ਸੀ ਹੋਈ। ਭੀੜ ਨੇ ਕੁਝ ਸ਼ੋਰ ਜ਼ਰੂਰ ਕੀਤਾ, ਪਰ ਲਾਸ਼ ਨੂੰ ਸਿਪਾਹੀਆਂ ਨੇ ਫਾਟਕ ਤਕ ਘਸੀਟਿਆ ਤੇ ਚੁੱਕ ਕੇ ਗੱਡੀ ਵਿਚ ਸੁੱਟ ਦਿੱਤਾ, ਜਿਵੇਂ ਕਿਸੇ ਜਾਨਵਰ ਨੂੰ ਸੁੱਟਿਆ ਜਾਂਦਾ ਹੈ।
ਪਾਰਕ ਵਿਚ ਅਜੇ ਤਕ ਉਸਦੇ ਕਾਗਜ਼ ਉੱਡ ਰਹੇ ਸਨ। ਰੁੱਖ ਹੇਠ ਉਸਦੇ ਚੀਥੜੇ, ਤਖ਼ਤੀਆਂ, ਡੰਡਾ ਤੇ ਪਾਣੀ ਦੀ ਬੋਤਲ ਪਈ ਸੀ। ਅਸੀਂ ਪਰਕ ਵਿਚੋਂ ਉਸਦੀਆਂ ਕਾਤਰਾਂ ਇਕੱਤਰ ਕਰਨ ਲੱਗੇ। ਇਕ ਮਨਹੂਸ ਜਿਹੀ ਖ਼ਾਮੋਸ਼ੀ ਪਾਰਕ ਉੱਤੇ ਛਾ ਗਈ ਸੀ।
ਕੱਲ੍ਹ, ਅੱਜ ਦੇ ਪ੍ਰਦਰਸ਼ਨ, ਗੋਲੀਬਾਰੀ ਤੇ ਬੁੱਢੇ ਦੀ ਮੌਤ 'ਤੇ ਸਾਡੀਆਂ ਰਿਪੋਰਟਾਂ ਪ੍ਰਕਾਸ਼ਤ ਹੋਣਗੀਆਂ। ਗੋਲੀ ਚੱਲਣ ਦਾ ਕਾਰਨ, ਜਲੂਸ ਉੱਤੇ ਪਾਬੰਦੀ, ਮਰਨ ਵਾਲਿਆਂ ਦੀ ਗਿਣਤੀ, ਸਰਕਾਰੀ ਅੰਕੜਿਆਂ ਦੇ ਅਨੁਸਾਰ ਪ੍ਰਕਾਸ਼ਤ ਹੋਵੇਗੀ। ਸੰਸਦ ਵਿਚ ਵਿਰੋਧੀ ਧਿਰ ਵਾਕ ਆਊਟ ਕਰ ਜਾਵੇਗੀ। ਤਿੱਖੀਆਂ ਬਹਿਸਾਂ ਹੋਣਗੀਆਂ। ਸਰਕਾਰ ਦੇ ਖ਼ਿਲਾਫ਼ ਸਾਡੇ ਸਾਂਸਦ ਸੰਸਦ ਵਿਚ ਬਿਆਨ ਦੇਣਗੇ।
ਮੁੱਖ ਸਫੇ ਉਪਰ ਸਾਰੀਆਂ ਖ਼ਬਰਾਂ ਵਿਚ ਉਹਨਾਂ ਦੇ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਹੋਵੇਗੀ, ਜਿਹਨਾਂ ਦੇ ਵਿਰੋਧ ਵਿਚ ਹਮੇਸ਼ਾ ਜਲੂਸ ਨਿਕਲਦੇ ਹਨ। ਉਹਨਾਂ ਵਿਚ ਹੀ ਕਿਤੇ ਸਾਡੀ ਬਿਮਾਰ ਜਿਹੀ ਰਿਪੋਰਟ ਨਜ਼ਰ ਆਵੇਗੀ ਤੇ ਦੋ ਦਿਨਾਂ ਬਾਅਦ ਉਸਦੀ ਮੌਤ ਹੋ ਜਾਵੇਗੀ। ਸ਼ਹਿਰਾਂ ਦੇ ਲੋਕ ਹਰ ਦੋ-ਤਿੰਨ ਦਿਨ ਬਾਅਦ ਕੁਝ ਨਵਾਂ ਚਾਹੁੰਦੇ ਨੇ...
ਮਾਰਗ ਉਪਰ ਜਨ-ਜੀਵਨ ਸਹਿਜੇ ਹੀ ਹਰ ਰੋਜ਼ ਵਰਗਾ ਹੋ ਚੁੱਕਿਆ ਸੀ। ਖ਼ੂਨ ਦੇ ਨਿਸ਼ਾਨ ਗੱਡੀਆਂ ਦੇ ਪਹੀਆਂ ਹੇਠ ਲਿਤੜੇ ਜਾ ਰਹੇ ਸਨ ਤੇ ਮਿਟਦੇ ਜਾ ਰਹੇ ਸਨ। ਲੋਕਾਂ ਕੋਲ ਏਨੀ ਵਿਹਲ ਵੀ ਨਹੀਂ ਸੀ ਕਿ ਦੇਖ ਲੈਂਦੇ ਕਿ ਉਹਨਾਂ ਦੇ ਪੈਰਾਂ ਤੇ ਪਹੀਆਂ ਹੇਠ ਮਰਨ ਵਾਲਿਆਂ ਦਾ ਖ਼ੂਨ ਹੈ। ਸ਼ਾਮ ਦੀ ਭੀੜ ਹਰ ਦਿਸ਼ਾ ਵੱਲੋਂ ਭੱਜੀ ਆ ਰਹੀ ਸੀ। ਦੁਕਾਨਾਂ ਹਮੇਸ਼ਾ ਵਾਂਗ ਸਨ। ਚਾਹਖ਼ਾਨਿਆਂ ਵਿਚ ਹਮੇਸ਼ਾ ਵਾਂਗ ਬਹਿਸਾਂ ਹੋ ਰਹੀਆਂ ਸਨ। ਸਿਨੇਮਾਂ ਘਰਾਂ ਦੇ ਬਾਹਰ ਟਿਕਟਾਂ ਦਾ ਵਪਾਰ ਬੇਧੜਕ ਹੋ ਰਿਹਾ ਸੀ। ਕੋਈ ਅੰਦਾਜ਼ਾ ਨਹੀਂ ਸੀ ਲਾ ਸਕਦਾ ਕਿ ਕੁਝ ਘੰਟੇ ਪਹਿਲਾਂ ਉੱਥੇ ਕੀ ਹੋਇਆ ਸੀ।
ਚਾਹਖ਼ਾਨੇ ਵਿਚ ਕਈ ਲੋਕ ਸਾਨੂੰ ਬੁਲਾਉਣ ਲੱਗੇ। ਅਸੀਂ ਕਿਸੇ ਵੱਲ ਭੌਂ ਕੇ ਨਹੀਂ ਦੇਖਿਆ। ਉਹਨਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਸਾਡੇ ਕੋਲ। ਇਸ ਵੇਲੇ ਅਸੀਂ ਉਹਨਾਂ ਦੀ ਦੁਨੀਆਂ ਤੋਂ ਬੜੀ ਦੂਰ ਸਾਂ।
ਮੈਂ ਸੋਚ ਰਿਹਾ ਸਾਂ ਕਿ ਦਲਾਂ ਨੂੰ ਤਾਂ ਇਕ ਸਵਾਰਥ ਇਸ ਮਾਰਗ ਉੱਤੇ ਲੈ ਆਉਂਦਾ ਹੈ, ਪਰ ਬੁੱਢਾ ਕਿਉਂ ਸਾਰੀ ਉਮਰ ਇਸੇ ਮਾਰਗ ਉੱਤੇ ਦੌੜਦਾ ਰਿਹਾ? ਉਹ ਇੱਥੋਂ ਨੱਸ ਕਿਉਂ ਨਹੀਂ ਗਿਆ? ਉਸਨੇ ਆਪਣੀ ਲੜਾਈ ਆਪਣੇ ਲੋਕਾਂ ਨਾਲ ਉਹਨਾਂ ਵਿਚਕਾਰ ਰਹਿ ਕੇ ਕਿਉਂ ਨਹੀਂ ਲੜੀ?
“ਜੇ ਇਹ ਸਹੀ ਮਾਰਗ ਉੱਤੇ ਤੁਰੇ ਹੁੰਦੇ ਤਾਂ ਵਾਰੀ-ਵਾਰੀ ਏਸ ਸੰਸਦ ਮਾਰਗ ਉੱਤੇ ਆਉਣ ਦੀ ਲੋੜ ਤਾਂ ਨਾ ਪੈਂਦੀ। ਕਦੀ ਵਰ੍ਹਿਆਂ ਬਾਅਦ ਇਕ ਅੱਧੀ ਵਾਰੀ ਆ ਜਾਂਦੇ। ਫੇਰ ਸਾਡੇ ਲੱਖਾਂ-ਕਰੋੜਾ ਲੋਕਾਂ ਦੇ ਦਿਲਾਂ ਵਿਚ ਵੀ ਹੁੰਦੇ। ਉਹ ਸਾਰੇ ਇਕੋ ਆਵਾਜ਼ ਉਪਰ ਕੁਰਬਾਨ ਹੋ ਜਾਣ ਲਈ ਤਿਆਰ ਹੁੰਦੇ।”
ਸੇਠੀ ਦੀ ਗੱਲ ਨੇ ਸਾਨੂੰ ਦੋਵਾਂ ਨੂੰ ਝੰਜੋੜ ਦਿੱਤਾ। ਇਹ ਉਹੀ ਗੱਲਾਂ ਸੀ ਜਿਹੜੀਆਂ ਅਸੀਂ ਹਰ ਰੋਜ਼ ਮਹਿਸੂਸ ਕਰਦੇ ਹਾਂ। ਉਹਨਾਂ ਉਸ ਪੀੜ ਨੂੰ ਮੁੜ ਜਗਾ ਦਿੱਤਾ ਸੀ। ਉਸਨੇ ਗੁਸੈਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ। ਉਸਦੇ ਹੱਥ ਵਿਚ ਝੰਡੇ ਦੇ ਉਹ ਟੁਕੜੇ ਸਨ ਜਿਹੜੇ ਉਸਨੇ ਸੜਕ ਤੋਂ ਇਕੱਠੇ ਕੀਤੇ ਸਨ।
“ਕੀ ਇਹ ਸੱਚ ਨਹੀਂ ਕਿ ਸਾਡੀ ਲੜਾਈ ਗਲੀਆਂ, ਮੁਹੱਲਿਆਂ, ਮਿੱਲਾਂ, ਖੇਤਾਂ 'ਚੋਂ ਹੁੰਦੀ ਹੋਈ ਆਦਮੀ ਦੇ ਦਿਲ ਵਿਚ ਲੱਥ ਜਾਣੀ ਚਾਹੀਦੀ ਸੀ... ਪਰ ਇੰਜ ਹੋਇਆ ਨਹੀਂ।”
ਉਸਨੇ ਹੇਠੋਂ ਇਕ ਟੁੱਟਿਆ ਹੋਇਆ ਮਾਟੋ ਚੁੱਕਿਆ। ਉਸਦੀ ਡੰਡੀ ਜ਼ੋਰ ਨਾਲ ਮੇਰੀ ਪਿੱਠ ਉੱਤੇ ਮਾਰੀ—“ਜਵਾਬ  ਕਿਉਂ ਨਹੀਂ ਦੇਂਦਾ?”
ਇਸ ਸਵਾਲ ਦਾ ਜਵਾਬ ਉਸਨੂੰ ਪਤਾ ਸੀ, ਪਰ ਫੇਰ ਵੀ ਪਤਾ ਨਹੀਂ ਕਿਉਂ ਉਹ ਮੇਰੇ ਮੂੰਹੋਂ ਹੀ ਕਿਉਂ ਸੁਣਨਾ ਚਾਹੁੰਦਾ ਸੀ! ਜਵਾਬ ਤਾਂ ਕਾਮਰੇਡ ਫਿਤਰਤ ਦੇ ਹੀ ਚੁੱਕਿਆ ਸੀ। ਮੈਂ ਚੁੱਪ ਰਿਹਾ...
   --- --- ---

No comments:

Post a Comment