Tuesday, February 8, 2011

ਮੇਰਾ ਨਾਂਅ ਕੀ ਹੈ... :: ਰਮੇਸ਼ ਉਪਾਧਿਆਏ




ਹਿੰਦੀ ਕਹਾਣੀ :
ਮੇਰਾ ਨਾਂਅ ਕੀ ਹੈ...
ਲੇਖਕ : ਰਮੇਸ਼ ਉਪਾਧਿਆਏ
ਅਨੁਵਾਦ : ਮਹਿੰਦਰ ਬੇਦੀ, ਜੈਤੋ


'ਦੋਵੇਂ ਪ੍ਰਭਾਵਸ਼ਾਲੀ ਓ। ਦੋਵੇਂ ਆਦਰਸ਼ਵਾਦੀ ਓ। ਦੋਵੇਂ ਆਪਣੇ ਦੇਸ਼ ਤੇ ਦੁਨੀਆਂ ਲਈ ਕੁਛ ਕਰਨਾ ਚਾਹੁੰਦੇ ਓ। ਤੁਹਾਡਾ ਸੁਭਾਅ ਤੇ ਵਿਚਾਰ ਵੀ ਇਕ ਦੂਜੇ ਨਾਲ ਮੇਲ ਖਾਂਦੇ ਨੇ। ਤੁਸੀਂ ਇਕ ਦੂਜੇ ਨੂੰ ਪ੍ਰੇਮ ਵੀ ਕਰਦੇ ਓ। ਫੇਰ ਸਮੱਸਿਆ ਕੀ ਹੈ? ਸ਼ਾਦੀ ਕਰ ਲਓ। ਮੈਨੂੰ ਪੂਰਾ ਵਿਸ਼ਵਾਸ ਏ ਕਿ ਤੁਸੀਂ ਦੋਵੇ ਇਕ ਦੂਜੇ ਦੇ ਵਿਅਕਤੀਤਵ ਦਾ ਵਿਕਾਸ ਕਰਦੇ ਹੋਏ ਜੀਵਨ ਵਿਚ ਕੋਈ ਵੱਡਾ ਕਾਰਜ ਕਰ ਸਕਦੇ ਓ।'
ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਕੇਡੀ ਭੁੱਲਕੜ ਹੋ ਗਈ ਆਂ। ਗੱਲਾਂ ਯਾਦ ਰਹਿੰਦੀਆਂ ਨੇ, ਪਰ ਇਹ ਭੁੱਲ ਜਾਂਦੀ ਆਂ ਕਿ ਕਿਹੜੀ ਗੱਲ ਕਿਸਨੇ ਆਖੀ ਸੀ। ਅਜੀਤ ਨੂੰ ਇਹ ਕਿਸ ਨੇ ਕਿਹਾ ਸੀ ਕਿ 'ਛੋਟੇ ਸ਼ਹਿਰਾਂ 'ਚ ਕੁਛ ਨਹੀਂ ਪਿਆ, ਦਿੱਲੀ ਜਾਂ ਬੰਬਈ ਵਰਗੇ ਕਿਸੇ ਵੱਡੇ ਸ਼ਹਿਰ 'ਚ ਜਾ ਕੇ ਕੁਛ ਕਰੋ।'? ਤੇ ਮੈਨੂੰ ਇਹ ਕਿਸ ਨੇ ਕਿਹਾ ਸੀ ਕਿ 'ਅਜੀਤ ਨੂੰ ਦਿੱਲੀ ਦੀ ਦਲਦਲ 'ਚ ਧਸਣ ਤੋਂ ਰੋਕ'? ਕਿਸ ਨੇ ਕਿਹਾ ਸੀ ਕਿ 'ਉੱਥੇ ਅਜੀਤ ਵਰਗੇ ਸੁਚੇਤ ਤੇ ਚੇਤਨਸ਼ੀਲ ਬੰਦੇ ਦਾ ਕੋਈ ਕੰਮ ਨਹੀਂ'? ਕਿਸ ਨੇ ਕਿਹਾ ਸੀ ਕਿ 'ਉੱਥੇ ਤਾਂ ਉਹੀ ਸਫਲ ਹੋ ਸਕਦਾ ਏ, ਜਿਹੜਾ ਦਲਾਲਾਂ ਵਾਂਗ ਲੋਕਾਂ ਨੂੰ ਪਸਮਾਉਣਾ ਤੇ ਰੰਡੀਆਂ ਵਾਂਗ ਸਾਰਿਆਂ ਨੂੰ ਖੁਸ਼ ਕਰਨਾ ਜਾਣਦਾ ਹੋਵੇ'? ਹੁਣ ਦੇਖ ਲਓ, ਗੱਲਾਂ ਮੈਨੂੰ ਸਾਰੀਆਂ ਯਾਦ ਨੇ, ਪਰ ਇਹ ਯਾਦ ਨਹੀਂ ਕਿ ਇਹ ਕਿਸ-ਕਿਸ ਨੇ ਆਖੀਆਂ ਸੀ!
ਮੈਨੂੰ ਕੋਈ ਬਿਮਾਰੀ ਨਹੀਂ; ਚੰਗੀ ਭਲੀ ਆਂ। ਸਰਦੀ ਜੁਕਾਮ ਹੋ ਜਾਏ ਤਾਂ ਹੋ ਜਾਏ, ਬਾਕੀ ਹੋਰ ਮੈਨੂੰ ਕੁਝ ਨਹੀਂ ਹੁੰਦਾ। ਬਿਮਾਰ ਹੋ ਕੇ ਮੰਜਾ ਮੱਲ ਲੈਣਾ ਮੈਨੂੰ ਪਸੰਦ ਨਹੀਂ। ਸੱਚ ਪੁੱਛੋ ਤਾਂ ਮੈਂ ਬਿਮਾਰ ਪੈਣਾ ਅਫ਼ੋਰਡ ਈ ਨਹੀਂ ਕਰ ਸਕਦੀ। ਨੌਕਰੀ ਏ, ਬੱਚੇ ਨੇ, ਦੁਨੀਆਂਦਾਰੀ ਦੇ ਸਾਰੇ ਝਮੇਲੇ ਨੇ।...ਤੇ ਸਭ ਤੋਂ ਵੱਡਾ ਝਮੇਲਾ ਏ,ਅਜੀਤ।
ਆਦਮੀ ਕਿੰਨੀ ਛੇਤੀ, ਕੀ ਤੋਂ ਕੀ ਬਣ ਜਾਂਦਾ ਏ! ਕਾਲਜ 'ਚ ਪੜ੍ਹਦਾ ਹੋਇਆ, ਕੈਸੇ ਸੁਪਨੇ ਦੇਖਦਾ ਸੀ! ਵੱਡਾ ਵਿਗਿਆਨਕ ਬਣੇਗਾ; ਦੇਸ਼ ਦੇ ਲੋਕਾਂ 'ਚ ਵਿਗਿਆਨਕ ਸੋਚ ਜਗਾਵੇਗਾ; ਉਹਨਾਂ ਨੂੰ ਭੁੱਖ, ਰੋਗ, ਗਰੀਬੀ ਤੇ ਪ੍ਰਦੂਸ਼ਨ ਤੋਂ ਬਚਾਵੇਗਾ। ਕਿੰਨਾ ਸਾਦਾ ਜਿਹਾ ਰਹਿੰਦਾ ਸੀ! ਅਮੀਰ ਲੋਕਾਂ ਨਾਲ ਕਿੰਨੀ ਨਫ਼ਰਤ ਕਰਦਾ ਸੀ। ਖਾਸ ਕਰਕੇ ਉਹਨਾਂ ਲੋਕਾਂ ਨਾਲ, ਜਿਹੜੇ ਵਿਗਿਆਨ ਪੜ੍ਹ ਕੇ ਜਾਂ ਪੜ੍ਹਨ ਲਈ ਵਿਦੇਸ਼ ਚਲੇ ਜਾਂਦੇ ਸੀ ਤੇ ਉੱਥੇ ਈ ਵੱਸ ਜਾਂਦੇ ਸੀ। “ਸਾਲੇ ਪੈਸੇ ਦੇ ਗ਼ੁਲਾਮ! ਪੈਸਾ ਕਮਾਉਣ ਲਈ ਦੂਜਿਆਂ ਦੀ ਗ਼ੁਲਾਮੀ ਕਰਨ ਚਲੇ ਜਾਂਦੇ ਨੇ! ਇਹ ਨਹੀਂ ਦੇਖਦੇ ਬਈ ਇਹਨਾਂ ਦੇ ਆਪਣੇ ਦੇਸ਼ ਨੂੰ ਇਹਨਾਂ ਦੇ ਆਪਣੇ ਕੰਮ ਦੀ ਕਿੰਨੀ ਲੋੜ ਏ!” ਇਹ ਅਜੀਤ ਹੀ ਕਹਿੰਦਾ ਸੀ ਨਾ?
ਤਾਂ ਫੇਰ ਇਹ ਕੌਣ ਕਹਿੰਦਾ ਸੀ ਕਿ 'ਜਲੰਧਰ 'ਚ ਕੁਛ ਨਹੀਂ ਹੋ ਸਕਦਾ, ਦਿੱਲੀ ਈ ਜਾਣਾ ਪਵੇਗਾ'? ਇਹ ਕਿਸ ਨੇ ਕਿਹਾ ਸੀ ਕਿ 'ਦਿੱਲੀ ਵਿਚ ਸਭ ਕੁਛ ਏ। ਵੱਡੇ-ਵੱਡੇ ਵਿਗਿਆਨਕ। ਵੱਡੀਆਂ-ਵੱਡੀਆਂ ਪ੍ਰਯੋਗਸ਼ਾਲਾਵਾਂ। ਵੱਡੇ-ਵੱਡੇ ਸ਼ੋਧ-ਕੇਂਦਰ। ਕੰਮ ਕਰਨ ਦੇ ਵੱਡੇ-ਵੱਡੇ ਮੌਕੇ।' ਕੌਣ ਕਹਿੰਦਾ ਹੁੰਦਾ ਸੀ ਇਹ? ਤੇ ਅਜੀਤ ਨੂੰ ਇਹ ਕਿਸ ਨੇ ਕਿਹਾ ਸੀ ਕਿ 'ਇਹ ਉਹੀ ਮਾਨਸਿਕਤਾ ਐ, ਜਿਹੜੀ ਵਿਗਿਆਨਕਾਂ ਨੂੰ ਵਿਦੇਸ਼ੀਂ ਲੈ ਜਾਂਦੀ ਐ'?
ਤੇ ਇੱਥੇ ਦਿੱਲੀ ਵਿਚ ਕਿਸ ਨੇ ਕਿਸ ਨੂੰ ਕਿਹਾ ਸੀ ਕਿ 'ਇਸ ਦੇਸ਼ ਵਿਚ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਦੀ ਕਦਰ ਨਹੀਂ'? ਕਿਸ ਨੇ ਕਿਸ ਨੂੰ ਕਿਹਾ ਸੀ ਕਿ 'ਬੰਦਾ ਜੂਨੀਅਰ ਸਾਇੰਟਿਸਟ ਦੀ ਨੌਕਰੀ ਤੋਂ ਕਿਤੇ ਵੱਧ ਪੈਸਾ, ਕਿਸੇ ਦਵਾਈਆਂ ਦੀ ਕੰਪਨੀ ਦਾ ਸੇਲਜ਼ ਮੈਨ ਲੱਗ ਕੇ ਕਮਾਅ ਸਕਦਾ ਏ'? ਤੇ ਇਹ ਅਜੀਤ ਨੂੰ ਕਿਸ ਨੇ ਕਿਹਾ ਸੀ ਕਿ 'ਅਜੀਤ ਤੂੰ ਵਿਦੇਸ਼ ਜਾ ਕੇ ਵੱਸ ਜਾਣ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਹੁੰਦਾ ਸੈਂ ਕਿ ਉਹ ਉੱਥੇ ਜਾ ਕੇ ਦੂਜਿਆਂ ਦੀ ਗ਼ੁਲਾਮੀ ਕਰਦੇ ਨੇ, ਪਰ ਤੂੰ ਤਾਂ ਇਸ ਮਲਟੀ ਨੈਸ਼ਨਲ ਕੰਪਨੀ ਵਿਚ ਨੌਕਰੀ ਕਰਕੇ ਦੇਸ਼ 'ਚ ਰਹਿ ਕੇ ਈ ਵਿਦੇਸ਼ੀਆਂ ਦਾ ਗ਼ੁਲਾਮ ਬਣ ਗਿਐਂ'? ਇਹ ਕਿਸ ਨੇ ਕਿਹਾ ਸੀ?
ਸੱਚਮੁੱਚ ਭੁੱਲਕੜ ਹੋ ਗਈ ਆਂ। ਮੇਰੇ 'ਚ ਬਸ ਇਹੋ ਇਕ ਪਰਿਵਤਨ ਆਇਆ ਏ। ਵਰਨਾਂ ਵੈਸੀ ਓ ਆਂ, ਜੈਸੀ ਜਲੰਧਰ 'ਚ ਸਾਂ। ਓਨੀਂ ਹੀ ਤੰਦਰੁਸਤ ਤੇ ਸੁੰਦਰ। ਕੁਛ ਮੋਟੀ ਜ਼ਰੂਰ ਹੋ ਗਈ ਆਂ, ਪਰ ਏਨੀ ਮੋਟੀ ਵੀ ਨਹੀਂ। ਮੈਨੂੰ ਦੇਖ ਕੇ ਕੀ ਕੋਈ ਕਹਿ ਸਕਦਾ ਏ ਕਿ ਮੇਰੀ ਸ਼ਾਦੀ ਹੋਇਆਂ ਅੱਠ ਸਾਲ ਹੋ ਚੁੱਕੇ ਨੇ ਤੇ ਮੈਂ ਦੋ ਬੱਚਿਆਂ ਦੀ ਮਾਂ ਆਂ? ਜਿਸ ਦਿਨ ਸਾੜ੍ਹੀ ਦੀ ਜਗ੍ਹਾ ਸਲਵਾਰ-ਸੂਟ ਪਾ ਜਾਂਦੀ ਆਂ, ਦਫ਼ਤਰ ਦੇ ਹਰੇਕ ਮਰਦ ਦੀ ਨਜ਼ਰ ਇਹ ਕਹਿੰਦੀ ਲੱਗਦੀ ਏ ਕਿ 'ਅੱਜ ਤਾਂ ਕਵਿਤਾ ਕਾਲੇਜ 'ਚ ਪੜ੍ਹਨ ਵਾਲੀ ਕੁੜੀ ਲੱਗ ਰਹੀ ਏ।' ਇਕ ਵਾਰੀ ਦਫ਼ਤਰ ਦੇ ਲੋਕਾਂ ਨਾਲ ਪਿੱਕਨਿਕ 'ਤੇ ਗਈ ਸਾਂ, ਤਾਂ ਜੀਂਸ ਪਾ ਗਈ ਸਾਂ। ਸਾਰਾ ਸਮਾਂ ਇਵੇਂ ਲੱਗਦਾ ਰਿਹਾ, ਜਿਵੇਂ ਸਾਰੇ ਮਰਦ ਮੈਨੂੰ ਹੀ ਦੇਖ ਰਹੇ ਹੋਣ। ਅਜੀਤ ਅਕਸਰ ਦਿੱਲੀ ਦੇ ਪ੍ਰਦੂਸ਼ਨ ਦੀ ਸ਼ਿਕਾਇਤ ਕਰਦਾ ਏ, ਪਰ ਮੇਰੇ ਉੱਤੇ ਪ੍ਰਦੂਸ਼ਨ ਵਗ਼ੈਰਾ ਦਾ ਵੀ ਕੋਈ ਅਸਰ ਨਹੀਂ, ਜਦਕਿ ਮੈਨੂੰ ਦਫ਼ਤਰ ਜਾਣ ਤੇ ਆਉਣ ਲਈ ਸਵੇਰੇ-ਸ਼ਾਮ, ਦੋਹੇਂ-ਵੇਲੇ, ਬਸ 'ਚ ਇਕ-ਇਕ ਘੰਟੇ ਦਾ ਸਫ਼ਰ ਕਰਨਾ ਪੈਂਦਾ ਏ। ਬਿਲਕੁਲ ਪੀਕ ਆਵਰਜ਼ ਵਿਚ, ਜਦੋਂ ਦਿੱਲੀ ਦੀਆਂ ਸੜਕਾਂ 'ਤੇ ਪ੍ਰਦੂਸ਼ਨ ਸਭ ਤੋਂ ਵੱਧ ਹੁੰਦਾ ਏ।
ਪਰ ਇਹ ਕਿਸ ਨੇ ਕਿਹਾ ਸੀ ਕਿ 'ਕਵਿਤਾ ਮਲਹੋਤਰਾ, ਤੂੰ ਕਿੰਨੀ ਬਦਲ ਗਈ ਏਂ! ਪੜ੍ਹਨਾ ਲਿਖਣਾ ਸਭ ਛੱਡ ਦਿੱਤਾ ਈ? ਬੀ.ਏ. ਆਨਰਸ 'ਚ ਇੰਗਲਿਸ਼ ਲਿਟਰੇਚਰ ਪੜ੍ਹਦੀ ਹੋਈ ਤਾਂ ਤੂੰ ਲੇਖਿਕਾ ਬਣਨਾ ਚਾਹੁੰਦੀ ਸੈਂ, ਉਹ ਵੀ 'ਸਿਮੋਨ ਦ ਬੁਵਾ' ਵਾਂਗਰ ਵੱਡੀ ਲੇਖਿਕਾ!' ਇਹ ਕਿਸ ਨੇ ਕਿਹਾ ਸੀ? ਕਿਸਨੇ?
ਕੀ ਹੋਇਆ? ਕੀ ਇਹ ਸੰਭਵ ਏ ਕਿ ਇਨਸਾਨ ਜੋ ਚਾਹੇ, ਬਣ ਜਾਵੇ? ਕੀ ਅਜੀਤ ਵਿਗਿਆਨਕ ਬਣ ਸਕਿਆ? ਆਪਣੇ ਦੇਸ਼ ਤੇ ਦੁਨੀਆਂ ਲਈ ਕੁਛ ਕਰ ਸਕਿਆ? ਆਪਣੇ ਦੇਸ਼ ਵਿਚ ਈ ਵਿਦੇਸ਼ੀਆਂ ਦੀ ਗ਼ੁਲਾਮੀ ਕਰ ਰਿਹੈ। ਹਾਂ, ਗ਼ੁਲਾਮੀ ਨਹੀਂ ਤਾਂ ਹੋਰ ਕੀ ਏ? ਨੌਕਰੀ ਤਾਂ ਮੈਂ ਵੀ ਕਰਦੀ ਆਂ, ਭਲਾਂ-ਦੀ ਪੈਸੇ ਮੈਨੂੰ ਘੱਟ ਮਿਲਦੇ ਨੇ, ਪਰ ਮੈਂ ਉਸ ਵਾਂਗ ਚੌਵੀ ਘੰਟਿਆਂ ਦੀ ਨੌਕਰ ਤਾਂ ਨਹੀਂ ਨਾ। ਉਹ ਤਾਂ ਦਿਨ ਰਾਤ ਚਾਕਰੀ ਵਿਚ ਰੁੱਝਿਆ ਰਹਿੰਦਾ ਏ। ਮਹੀਨੇ ਵਿਚ ਵੀਹ ਦਿਨ ਦਿੱਲੀ ਤੋਂ ਬਾਹਰ ਟੂਰ 'ਤੇ। ਜਿਹਨੀਂ ਦਿਨੀਂ ਦਿੱਲੀ 'ਚ ਹੁੰਦਾ ਏ, ਉਹਨੀਂ ਦਿਨੀ ਵੀ ਸਵੇਰੇ ਨੌ ਵਜੇ ਘਰੋਂ ਨਿਕਲਦਾ ਏ ਤੇ ਰਾਤੀਂ ਨੌ-ਦਸ ਵਜੇ ਪਰਤਦਾ ਏ। ਕੰਪਨੀ ਨੇ ਫ਼ੋਨ, ਫ਼ੈਕਸ ਤੇ ਪਰਸਨਲ ਕੰਪਿਊਟਰ ਦਿੱਤਾ ਹੋਇਆ ਏ। ਕਾਰ ਉਸਨੇ ਖ਼ੁਦ ਖ਼ਰੀਦ ਲਈ ਏ। ਕਹਿਣ ਨੂੰ ਉਸ ਕੋਲ ਕਿੰਨੀਆਂ ਸਹੂਲਤਾਂ ਨੇ, ਪਰ ਘਰ ਆਉਂਦਾ ਏ ਤਾਂ ਇੰਜ ਥੱਕਿਆ-ਟੁੱਟਿਆ ਜਿਵੇਂ ਬੱਸਾਂ ਵਿਚ ਖੜ੍ਹਾ-ਖਲੋਤਾ ਧੱਕੇ ਖਾ-ਖਾ ਕੇ ਆਇਆ ਹੋਵੇ। ਆਉਂਦਿਆਂ ਈ ਆਪਣਾ ਪੈਗ ਬਣਾ ਕੇ ਟੀ.ਵੀ. ਸਾਹਮਣੇ ਬੈਠ ਜਾਂਦਾ ਏ। ਥੋੜ੍ਹੀ ਦੇਰ ਬੱਚਿਆਂ ਨਾਲ ਗੱਲਾਂ ਕਰਦਾ ਏ, ਥੋੜ੍ਹੀ ਦੇਰ ਮੇਰੇ ਨਾਲ। ਪਰ ਮੇਰੇ ਨਾਲ ਉਹ ਕੀ ਗੱਲਾਂ ਕਰਦਾ ਏ? ਆਪਣੇ ਕੰਮ ਦੀਆਂ, ਆਪਣੇ ਕੈਰੀਅਰ ਦੀਆਂ, ਆਪਣੇ ਤਣਾਅ ਦੀਆਂ, ਆਪਣੀਆਂ ਪ੍ਰੇਸ਼ਾਨੀਆਂ ਦੀਆਂ। ਦੋ ਪੈਗ ਪੀ ਕੇ ਖਾਣਾ ਖਾਂਦਾ ਏ ਤੇ ਦੋ ਤਿੰਨ ਪੈਗ ਖਾਣਾ ਖਾਣ ਪਿੱਛੋਂ ਆਪਣੇ ਕਮਰੇ ਵਿਚ ਕੰਮ ਕਰਦਾ ਹੋਇਆ ਪੀਂਦਾ ਏ। ਰਾਤ ਦੇ ਬਾਰਾਂ-ਇਕ ਵਜੇ ਤਕ ਆਪਣੇ ਕੰਮ ਵਿਚ ਜੁਟਿਆ ਰਹਿੰਦਾ ਏ, ਜਿਵੇਂ ਮੇਰੇ ਨਾਲੋਂ ਤੇ ਬੱਚਿਆਂ ਨਾਲੋਂ ਵੱਧ ਉਸਨੂੰ ਫ਼ੋਨ, ਫ਼ੈਕਸ ਤੇ ਕੰਪਿਊਟਰ ਨਾਲ ਪਿਆਰ ਹੋਵੇ...
'ਅਜੀਤ ਇਸ ਨੌਕਰੀ ਵਿਚੋਂ ਪੈਸੇ ਦੇ ਸਿਵਾਏ ਤੈਨੂੰ ਹੋਰ ਕੀ ਮਿਲ ਰਿਹਾ ਏ? ਕਿਹੜੀ ਖੁਸ਼ੀ? ਕਿਹੜਾ ਆਰਾਮ? ਮੰਨਿਆਂ ਤੂੰ ਖ਼ੂਬ ਵੱਡੇ ਮਕਾਨ ਵਿਚ ਰਹਿ ਰਿਹਾ ਏਂ, ਪਰ ਇਹ ਤਾਂ ਸੋਚ ਕਿ ਤੇਰੇ ਜੀਵਨ 'ਚ ਕੋਈ ਸਾਰਥਕਤਾ ਵੀ ਹੈ?' ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਮੇਰੇ ਇਸ ਭੁੱਲਕੜਪਨ ਦਾ ਕਾਰਨ ਕੀ ਏ? ਪਤਾ ਨਹੀਂ। ਪਰ ਮੈਂ ਬਿਮਾਰ ਨਹੀਂ। ਆਪਣਾ ਕੋਈ ਕੰਮ ਮੈਂ ਕਦੀ ਨਹੀਂ ਭੁੱਲਦੀ। ਸਵੇਰੇ ਪੰਜ ਵਜੇ ਉਠਦੀ ਆਂ। ਸਰਿਆਂ ਲਈ ਚਾਹ, ਨਾਸ਼ਤਾ ਤੇ ਖਾਣਾ ਬਣਾਉਂਦੀ ਆਂ। ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਆਂ। ਸਾਰਿਆਂ ਦੇ ਟਿਫ਼ਨ ਭਰਦੀ ਆਂ। ਖ਼ੁਦ ਨਹਾਅ-ਧੋ ਕੇ ਆਪਣੀ ਨੌਕਰੀ 'ਤੇ ਜਾਣ ਲਈ ਤਿਆਰ ਹੁੰਦੀ ਆਂ। ਏਨੀ ਵੀ ਵਿਹਲ ਨਹੀਂ ਮਿਲਦੀ ਕਿ ਅਖ਼ਬਾਰ ਦੀਆਂ ਸੁਰਖੀਆਂ ਈ ਦੇਖ ਲਵਾਂ। ਬਸ-ਸਟੈਂਡ ਤਕ ਨੱਠਦੀ ਹੋਈ ਜਾਂਦੀ ਆਂ। ਸਮੇਂ 'ਤੇ ਨਾ ਪਹੁੰਚੋ, ਤਾਂ ਚਾਰਟਰਡ ਬਸ ਨਿਕਲ ਜਾਂਦੀ ਏ ਤੇ ਕਿਸੇ ਭੀੜ-ਭਰੀ ਬਸ 'ਚ ਧੱਕੇ ਖਾਂਦਿਆਂ ਹੋਇਆਂ ਜਾਣਾ ਪੈਂਦਾ ਏ। ਜਾਂ ਆਟੋ ਲੈਣਾ ਪੈਂਦਾ ਏ। ਪਰ ਆਟੋ 'ਚ ਵੀ ਉਹ ਆਰਾਮ ਕਿੱਥੇ, ਜਿਹੜਾ ਚਾਰਟਰਡ ਬਸ 'ਚ ਏ? ਮੈਂ ਤਾਂ ਉਸ 'ਚ ਬੈਠ ਕੇ ਸਵੇਰੇ-ਸ਼ਾਮ ਦੋਹੇਂ ਵੇਲੇ ਅੱਧੇ ਪੌਣੇ ਘੰਟੇ ਦੀ ਝਪਕੀ ਵੀ ਲੈ ਲੈਂਦੀ ਆਂ।
ਅਜੀਤ ਕਹਿੰਦਾ ਏ ਕਿ ਤੂੰ ਆਪਣੇ ਲਈ ਵੀ ਗੱਡੀ ਲੈ-ਲੈ। ਲੈ ਸਕਦੀ ਆਂ, ਪਰ ਲੈਣਾ ਨਹੀਂ ਚਾਹੁੰਦੀ। ਖ਼ੁਦ ਡਰਾਈਵ ਕਰਨ ਦੀ ਇਕ ਹੋਰ ਟੈਂਸ਼ਨ ਕਿਉਂ ਮੁੱਲ ਲਵਾਂ, ਜਦਕਿ ਚਾਰਟਰਡ ਬਸ 'ਚ ਆਰਾਮ ਨਾਲ ਆ ਜਾ ਸਕਦੀ ਆਂ? ਬਸ 'ਚ ਸੌਣ ਦੀ ਆਦਤ ਪੈ ਗਈ ਏ। ਖ਼ੁਦ ਡਰਾਈਵ ਕਰਦਿਆਂ ਹੋਇਆਂ ਝਪਕੀ ਆ ਜਾਵੇ, ਫੇਰ? ਨਾਲੇ ਦਿੱਲੀ ਦੇ ਟਰੈਫ਼ਿਕ ਦੀ ਅਰਾਜਕਤਾ 'ਚ ਡਰਾਈਵ ਕਰਨਾ? ਨਾ ਬਾਬਾ, ਇਸ ਤੋਂ ਬਸ ਈ ਭਲੀ। ਸਵੇਰੇ-ਸ਼ਾਮ ਦੀ ਝਪਕੀ ਵੀ ਜ਼ਰੂਰੀ ਏ। ਰਾਤ ਨੂੰ ਤਾਂ ਕਦੀ ਨੀਂਦ ਪੂਰੀ ਹੁੰਦੀ ਨਹੀਂ, ਬਸ ਵਿਚ ਸੌਣ ਦਾ ਮੌਕਾ ਨਾ ਮਿਲੇ, ਤਾਂ ਸ਼ਾਇਦ ਮੈਂ ਘਰ ਤੇ ਦਫ਼ਤਰ 'ਚ ਕੰਮ ਹੀ ਨਾ ਕਰ ਸਕਾਂ।
'ਤੂੰ ਏਨਾ ਕੰਮ ਕਿਉਂ ਕਰਦੀ ਏਂ, ਕਵਿਤਾ? ਕੁਝ ਲੋਕ ਅਲਕੋਹਲਿਕ ਹੁੰਦੇ ਨੇ, ਤੂੰ ਵਰਕੋਹਲਿਕ ਏਂ। ਦਫ਼ਤਰ ਦੀਆਂ ਹੋਰ ਔਰਤਾਂ ਵੱਲ ਵੇਖ। ਅਕਸਰ ਲੇਟ ਆਉਂਦੀਆਂ ਨੇ। ਦੋ ਮਿੰਟ ਦਾ ਕੰਮ, ਦੋ ਘੰਟਿਆਂ 'ਚ ਕਰਦੀਆਂ ਨੇ। ਕੰਮ ਨਾਲੋਂ ਵਧੇਰੇ ਆਰਾਮ ਕਰਦੀਆਂ ਨੇ। ਚੁਗ਼ਲੀ ਤੇ ਚਾ-ਪਲੂਸੀ 'ਚ ਲੱਗੀਆਂ ਰਹਿੰਦੀਆਂ ਨੇ। ਪਰ ਤੂੰ ਹਮੇਸ਼ਾ ਸਹੀ ਸਮੇਂ 'ਤੇ ਆਉਂਦੀ ਏਂ। ਆਪਣੇ ਕੰਮ ਨਾਲ ਕੰਮ ਰੱਖਦੀ ਏਂ। ਆਪਣਾ ਕੰਮ ਤਾਂ ਕਰਦੀ ਈ ਏਂ, ਦੂਜਿਆਂ ਦੇ ਕੰਮ 'ਚ ਵੀ ਹੱਥ ਵੰਡਾਅ ਦੇਂਦੀ ਏਂ। ਕਿਉਂ ਕਰਦੀ ਏਂ ਏਨਾ ਕੰਮ'? ਕਿਸ ਨੇ ਕਿਹਾ ਸੀ? ਕਿਸਨੇ?
ਯਾਦ ਨਹੀਂ, ਪਰ ਜਿਸ ਨੇ ਵੀ ਕਿਹਾ ਸੀ, ਸ਼ਾਇਦ ਉਸਨੇ ਇਹ ਵੀ ਕਿਹਾ ਸੀ ਕਿ 'ਹਮੇਸ਼ਾ ਕੰਮ ਵਿਚ ਜੁਟੇ ਰਹਿਣ ਦਾ ਭੁਸ ਵੀ, ਹਮੇਸ਼ਾ ਨਸ਼ੇ ਵਿਚ ਧੁੱਤ ਰਹਿਣ ਵਾਂਗਰ ਖ਼ਰਾਬ ਹੁੰਦਾ ਏ। ਇਸ ਭੁਸ ਦੇ ਵੀ ਕੁਛ ਓਹੋ ਜਿਹੇ ਈ ਕਾਰਨ ਤੇ ਨਤੀਜੇ ਹੁੰਦੇ ਨੇ। ਤੈਨੂੰ ਅਜੀਤ ਨਾਲ ਕੋਈ ਸ਼ਿਕਾਇਤ ਤਾਂ ਨਹੀਂ?'
ਨਹੀਂ ਅਜੀਤ ਨਾਲ ਮੈਨੂੰ ਕੀ ਸ਼ਿਕਾਇਤ ਹੋ ਸਕਦੀ ਹੈ? ਅਜੀਤ ਤਾਂ ਬੜਾ ਚੰਗਾ ਏ। ਮੇਰਾ ਬੜਾ ਖ਼ਿਆਲ ਰੱਖਦਾ ਏ। ਕੱਲ੍ਹ ਹੀ ਕਹਿ ਰਿਹਾ ਸੀ ਕਿ ਤੂੰ ਆਪਣੇ ਲਈ ਵੀ ਗੱਡੀ ਲੈ ਲੈ। ਉਹ ਮੈਨੂੰ ਬਹੁਤਾ ਸਮਾਂ ਨਹੀਂ ਦੇ ਸਕਦਾ, ਇਹ ਉਹਦੀ ਮਜ਼ਬੂਰੀ ਏ। ਉਹਦੀ ਨੌਕਰੀ ਈ ਅਜਿਹੀ ਏ। 'ਹੁਣ ਤਾਂ ਲੱਗਦਾ ਏ ਕਿ ਇਸ ਦੇਸ਼ ਵਿਚ ਵਧੇਰੇ ਲੋਕਾਂ ਦੀ ਜ਼ਿੰਦਗੀ ਅਜਿਹੀ ਈ ਹੋਣ ਵਾਲੀ ਏ। ਹੁਣ ਇਹ ਨਹੀਓਂ ਚੱਲਣਾ ਕਿ ਇਕ ਨੌਕਰੀ ਲੱਭੀ ਤੇ ਜ਼ਿੰਦਗੀ ਭਰ ਲਈ ਉਸੇ ਨਾਲ ਵੱਝ ਗਏ। ਕੰਮ ਕਰਨਾ ਪਏਗਾ, ਕੰਪੀਟੀਸ਼ਨ ਕਰਨਾ ਪਏਗਾ। ਜੀਵਨ ਵਿਚ ਸਥਿਤਰਤਾ ਨਹੀਂ ਹੋਵੇਗੀ। ਅੱਜ ਇੱਥੇ, ਤੇ ਕੱਲ੍ਹ ਕਿਤੇ ਹੋਰ। ਕਦੀ ਇਸ ਦੇਸ਼ ਵਿਚ, ਤੇ ਕਦੀ ਕਿਸੇ ਹੋਰ ਦੇਸ਼ ਵਿਚ।' ਅਜੀਤ ਬੱਚਿਆਂ ਨੂੰ ਹੁਣੇ ਤੋਂ ਅਜਿਹੀ ਜ਼ਿੰਦਗੀ ਲਈ ਤਿਆਰ ਕਰ ਰਿਹਾ ਏ। ਬੱਚੇ ਵੀ ਹੁਣੇ ਤੋਂ ਇਹ ਸੋਚਣ ਲੱਗ ਪਏ ਨੇ ਕਿ 'ਉਹਨਾਂ ਇਸ ਸੜੇ-ਪੱਛੜੇ ਦੇਸ਼ ਵਿਚ ਨਹੀਂ ਰਹਿਣਾ, ਪੜ੍ਹ ਲਿਖ ਕੇ ਅਮਰੀਕਾ ਵਿਚ ਜਾ ਵੱਸਣਾ ਏਂ।'
ਇਹ ਮੈਨੂੰ ਕਿਸ ਨੇ ਕਿਹਾ ਸੀ? ਕਿਸ ਨੇ?
ਯਾਦ ਨਹੀਂ। ਪਰ ਅਜੀਤ ਉੱਤੇ ਕਦੀ-ਕਦੀ ਤਰਸ ਆਉਂਦਾ ਏ। ਵਿਚਾਰਾ ਕਿੰਨੀ ਭੱਜ-ਦੌੜ ਕਰਦਾ ਹੈ ! ਘਰ ਵਿਚ ਹੁੰਦਾ ਵੀ ਹੈ, ਤਾਂ, ਨਾ ਹੋਣ ਤੇ ਬਰਾਬਰ। ਰਾਤ ਦੇ ਬਾਰਾਂ ਵਜੇ ਸੌਂਦਾ ਏ ਤੇ ਸਵੇਰੇ ਮੇਰੇ ਨਾਲ ਹੀ ਪੰਜ ਵਜੇ ਉਠ ਪੈਂਦਾ ਏ। ਕਿੱਥੇ-ਕਿੱਥੇ ਜਾਣਾ ਏਂ, ਕਿਸ ਕਿਸ ਨੂੰ ਮਿਲਣਾ ਏਂ, ਕਿਸ ਨੂੰ ਕੀ ਦੇਣਾ ਏਂ, ਕਿਸ ਤੋਂ ਕੀ ਲੈਣਾ ਏਂ—ਸਾਰੇ ਪ੍ਰੋਗਰਾਮ ਫ਼ੋਨ ਕਰ-ਕਰ ਕੇ ਉਲੀਕ ਲੈਂਦਾ ਹੈ। ਇਸ ਦੇ ਨਾਲ-ਨਾਲ ਚਾਹ ਪੀਂਦੈ, ਅਖ਼ਬਾਰ ਦੇਖਦੈ, ਖ਼ਬਰਾਂ ਸੁਣਦੈ, ਸ਼ੇਵ ਕਰਦੈ, ਨਹਾਉਂਦੈ, ਨਾਸ਼ਤਾ ਕਰਦੈ ਤੇ ਦੌੜ ਜਾਂਦੈ। ਕਦੀ ਕਦੀ ਤਾਂ ਚਾਹ ਵੀ ਪੀਤੇ ਬਿਨਾਂ ਹੀ ਚਲਾ ਜਾਂਦਾ ਏ। ਅਜਿਹੇ ਆਦਮੀ ਪ੍ਰਤੀ ਸ਼ਿਕਾਇਤ ਕਾਹਦੀ?
ਮੈਂ ਸ਼ਾਮੀ ਘਰ ਵਾਪਸ ਆਉਣ ਲਈ ਛੇ ਵਜੇ ਦੀ ਚਾਰਟਰਡ ਬਸ ਫੜਦੀ ਆਂ। ਸਤ ਵਜੇ ਮਾਰਕੀਟ 'ਤੇ ਉਤਰਦੀ ਆਂ। ਸਾਗ ਸਬਜ਼ੀ, ਮਟਨ ਚਿਕਨ, ਬਰੈਡ ਬਟਰ ਵਗ਼ੈਰਾ ਖ਼ਰੀਦਦੀ ਆਂ। ਬੱਚੇ ਦਿਨੇ ਢਾਈ ਤਿੰਨ ਵਜੇ ਤਕ ਸਕੂਲੋਂ ਆ ਜਾਂਦੇ ਨੇ ਤੇ ਫਰਿਜ ਵਿਚ ਜੋ ਕੁਛ ਪਿਆ ਹੁੰਦਾ ਏ, ਖਾ-ਪੀ ਕੇ ਸੌਂ ਜਾਂਦੇ ਨੇ। ਉਠ ਕੇ ਆਪਣਾ ਹੋਮ-ਵਰਕ ਕਰਦੇ ਨੇ। ਥੋੜ੍ਹਾ ਚਿਰ ਖੇਡਦੇ ਜਾਂ ਟੀ.ਵੀ. ਦੇਖਦੇ ਨੇ। ਥੋੜ੍ਹਾ ਚਿਰ ਕੰਪਿਊਟਰ ਸਿੱਖਦੇ ਨੇ। ਸ਼ਾਮ ਨੂੰ ਅੰਕੁਰ ਜਿੰਮ ਵਿਚ ਖੇਡਾਂ ਦੀ ਪ੍ਰੈਕਟਿਸ ਕਰਨ ਚਲਾ ਜਾਂਦਾ ਏ, ਤੇ ਆਸ਼ੀ ਮਿਊਜ਼ਿਕ ਅਕੈਡਮੀ ਵਿਚ ਨਾਚ-ਗਾਣਾ ਸਿੱਖਣ ਲਈ। ਘਰ ਦੀ ਇਕ-ਇਕ ਚਾਬੀ ਸਾਰਿਆਂ ਕੋਲ ਹੁੰਦੀ ਹੈ।
ਮੈਂ ਜਦੋਂ ਘਰ ਪਹੁੰਚਦੀ ਆਂ, ਘਰ ਅਕਸਰ ਬੰਦ ਹੁੰਦਾ ਏ। ਸੁੰਨਾਂ ਤੇ ਖਿੰਡਿਆ-ਪੁੰਡਿਆ ਜਿਹਾ। ਬੜਾ ਬੁਰਾ ਲੱਗਦਾ ਏ। ਪਰ ਭਾਂਡੇ ਮਾਂਜਣ ਤੇ ਬੁਹਾਰੀ ਪੋਚਾ ਕਰਨ ਵਾਲੀ ਮਾਈ ਆ ਕੇ ਦਿਲ ਖੁਸ਼ ਕਰ ਦੇਂਦੀ ਏ। ਉਹ ਪੰਜਾਬੀ ਏ ਤੇ ਖ਼ੂਬ ਗਾਲੜੀ ਵੀ। ਉਸ ਨਾਲ ਪੰਜਾਬੀ ਵਿਚ ਦਿਲ ਖੋਲ ਕੇ ਗੱਲਾਂ ਕਰਦੀ ਆਂ। ਉਦੋਂ ਲੱਗਦਾ ਏ ਕਿ 'ਹਾਂ, ਜਿਊਂਦੀ ਹਾਂ।' ਉਸ ਤੋਂ ਇਹ ਵੀ ਪਤਾ ਲੱਗਦਾ ਕਿ ਗਰੀਬ ਲੋਕ ਕਿੰਜ ਜਿਊਂ ਰਹੇ ਨੇ। ਉਸਦੀਆਂ ਗੱਲਾਂ ਸੁਣ ਕੇ ਸੋਚਣ ਲੱਗਦੀ ਆਂ...'ਇਹਨਾਂ ਲੋਕਾਂ ਦਾ ਕੀ ਬਣੇਗਾ? ਹੁਣ ਤਾਂ ਇਹਨਾਂ ਲਈ ਆਟਾ ਵੀ ਏਨਾ ਮਹਿੰਗਾ ਹੋ ਗਿਆ ਏ। ਇਹ ਕੀ ਖਾਣਗੇ? ਕਿੰਜ ਜਿਊਣਗੇ?' ਪਰ ਮਾਈ ਆਪਣੀਆਂ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਹੱਸ-ਹੱਸ ਕੇ ਗੱਲਾਂ ਕਰਦੀ ਏ ਤੇ ਦੂਜੇ ਘਰਾਂ ਦੇ ਕਿੱਸੇ ਸੁਆਦ ਲੈ-ਲੈ ਕੇ ਸੁਣਾਉਂਦੀ ਏ। ਉਦੋਂ ਮੈਨੂੰ ਹੈਰਾਨੀ ਹੁੰਦੀ ਏ ਕਿ ਮਾਈ ਏਨੀ ਖੁਸ਼ ਕਿੰਜ ਰਹਿ ਲੈਂਦੀ ਏ? ਮਨ ਨੂੰ ਸ਼ਾਂਤੀ ਵੀ ਮਿਲਦੀ ਏ—ਜਦੋਂ ਇਹ ਲੋਕ ਏਸ ਬਦਹਾਲੀ ਵਿਚ ਵੀ ਹੱਸ ਲੈਂਦੇ ਨੇ, ਤਾਂ ਮੈਂ ਕਿਉਂ ਦੁਖੀ ਹੋਵਾਂ?
ਇਕ ਚਾਹ ਮਾਈ ਦੇ ਨਾਲ ਪੀਂਦੀ ਆਂ, ਦੂਜੀ ਉਸਦੇ ਜਾਣ ਪਿੱਛੋਂ ਇਕੱਲੀ ਬੈਠ ਕੇ ਪੀਣਾ ਚਾਹੁੰਦੀ ਆਂ—ਸਰਦੀਆਂ ਵਿਚ ਰਜਾਈ ਵਿਚ ਘੁਸ ਕੇ ਕੋਈ ਧੀਮੀ ਆਵਾਜ਼ ਵਾਲਾ ਸੰਗੀਤ ਸੁਣਦੀ ਹੋਈ; ਗਰਮੀਆਂ ਵਿਚ ਏ.ਸੀ. ਦੀ ਠੰਡਕ ਵਿਚ ਕੋਈ ਕਿਤਾਬ ਜਾਂ ਰਸਾਲਾ ਪੜ੍ਹਦੀ ਹੋਈ; ਬਰਸਾਤ ਵਿਚ ਬਾਲਕੋਨੀ ਵਿਚ ਖਲੋ ਕੇ ਬਾਹਰ ਪੈ ਰਹੇ ਮੀਂਹ ਦੀਆਂ ਫੁਆਰਾਂ ਨੂੰ ਦੇਖਦੀ ਹੋਈ। ਪਰ ਏਨੀ ਫੁਰਸਤ ਕਿੱਥੇ? ਕਦੀ ਫ਼ੋਨ ਦੀ ਘੰਟੀ ਤੇ ਕਦੀ ਦਰਵਾਜ਼ੇ ਦੀ ਘੰਟੀ। ਗੁਆਂਢੀਆਂ ਨਾਲ ਬੋਲਚਾਲ ਵੀ ਜ਼ਰੂਰੀ ਏ। ਕਿਸੇ ਦੇ ਘਰ ਕੁਛ ਹੁੰਦਾ ਏ ਤਾਂ ਜਾਣਾ ਪੈਂਦਾ ਏ। ਬੱਚਿਆਂ ਦੀ ਚਿੰਤਾ ਤਾਂ ਰਹਿੰਦੀ ਈ ਏ ਕਿ ਥੱਕੇ ਹੋਏ ਆਉਣਗੇ ਤੇ ਆਉਂਦੇ ਈ ਖਾਣ ਲਈ ਕੁਛ ਮੰਗਣਗੇ। ਆਪਣੀ ਵੀ ਇੱਛਾ ਹੁੰਦੀ ਏ ਕਿ ਉਹਨਾਂ ਨੂੰ ਕੁਛ ਚੰਗਾ ਜਿਹਾ ਬਣਾ-ਖੁਆ ਕੇ ਮਾਂ ਹੋਣ ਦਾ ਸੁਖ ਮਾਣ ਸਕਾਂ। ਤੇ ਬੱਚਿਆਂ ਦੇ ਆਉਣ ਪਿੱਛੋਂ ਤਾਂ ਕਿਸੇ ਫੁਰਸਤ ਦਾ ਸਵਾਲ ਈ ਨਹੀਂ...ਮੰਮਾਂ, ਇਹ ਕਰ ਦਿਓ; ਮੰਮਾ ਓਹ ਕਰ ਦਿਓ। ਇਕ ਪੈਰ ਉਹਨਾਂ ਦੋਵਾਂ ਦੀ ਸੇਵਾ ਵਿਚ, ਦੂਜਾ ਰਸੋਈ ਵਿਚ ਰਾਤ ਦਾ ਖਾਣਾ ਬਣਾਉਣ ਲਈ।
ਪਰ ਬੱਚੇ ਮੇਰੇ ਨਾਲ ਅੰਗਰੇਜ਼ੀ ਤੇ ਹਿੰਦੀ ਵਿਚ ਈ ਗੱਲਬਾਤ ਕਰਦੇ ਨੇ। ਪੰਜਾਬੀ ਵਿਚ ਗੱਲਾਂ ਨਹੀਂ ਕਰਦੇ। ਕਰ ਨਹੀਂ ਸਕਦੇ ਜਾਂ ਕਰਨਾ ਪਸੰਦ ਨਹੀਂ ਕਰਦੇ। ਜੋ ਵੀ ਹੋਵੇ, ਮੈਨੂੰ ਦੁੱਖ ਹੁੰਦਾ ਏ। ਉਹਨਾਂ ਦੀ ਮਾਂ ਪੰਜਾਬੀ ਏ, ਤਾਂ ਉਹਨਾਂ ਦੀ ਮਾਤਭਾਸ਼ਾ ਪੰਜਾਬੀ ਕਿਉਂ ਨਹੀਂ? ਪਰ ਇਸ ਲਈ ਬੱਚੇ ਜ਼ਿੰਮੇਵਾਰ ਨਹੀਂ, ਅਜੀਤ ਜ਼ਿੰਮੇਵਾਰ ਏ। ਉਹ ਬੱਚਿਆਂ ਨਾਲ ਹਮੇਸ਼ਾ ਅੰਗਰੇਜ਼ੀ ਵਿਚ ਗੱਲਬਾਤ ਕਰਦਾ ਏ। ਕਹਿੰਦਾ ਏ, “ਅੰਗਰੇਜ਼ੀ ਹੀ ਇਹਨਾਂ ਦਾ ਭਵਿੱਖ ਬਣਾਵੇਗੀ। ਇਹੀ ਇਹਨਾਂ ਨੂੰ ਅਮਰੀਕਾ ਲੈ ਜਾਵੇਗੀ।” ਉਹ ਤਾਂ ਹੁਣ ਮੇਰੇ ਨਾਲ ਵੀ ਅੰਗਰੇਜ਼ੀ ਵਿਚ ਹੀ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਏ, ਪਰ ਏਥੇ ਮੈਂ ਉਹਦੀ ਚੱਲਣ ਨਹੀਂ ਦੇਂਦੀ। ਉਸ ਨਾਲ ਮੈਂ ਪੰਜਾਬੀ ਵਿਚ ਹੀ ਗੱਲ ਕਰਦੀ ਆਂ। ਪਰ ਉਸਦਾ ਰਵੱਈਆਂ ਵੇਖ ਕੇ ਦੁੱਖ ਤਾਂ ਹੁੰਦਾ ਈ ਏ। “ਦਿ ਵਰਡ ਇਜ ਟੂ ਮੱਚ ਵਿਦ ਅੱਸ।” ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਵਾਕਈ ਭੁੱਲਕੜ ਹੋ ਗਈ ਆਂ। ਪੜ੍ਹੀਆਂ ਹੋਈਆਂ ਚੀਜ਼ਾਂ ਵੀ ਯਾਦ ਨਹੀਂ ਰਹਿੰਦੀਆਂ। ਕਿਤਾਬ ਦਾ ਨਾਂਅ ਚੇਤੇ ਹੁੰਦਾ ਏ, ਤਾਂ ਲੇਖਕ ਦਾ ਨਾਂਅ ਭੁੱਲ ਜਾਂਦੀ ਆਂ; ਲੇਖਕ ਦਾ ਨਾਂਅ ਯਾਦ ਹੁੰਦਾ ਏ, ਤਾਂ ਕਿਤਾਬ ਦਾ ਚੇਤੇ ਨਹੀਂ ਹੁੰਦਾ। ਕਦੀ ਕਿਤਾਬ ਤੇ ਲੇਖਕ ਦੋਵਾਂ ਦਾ ਨਾਂਅ ਭੁੱਲ ਜਾਂਦੀ ਆਂ, ਪਰ ਉਸ ਵਿਚ ਪੜ੍ਹੀਆਂ ਹੋਈਆਂ ਗੱਲਾਂ ਯਾਦ ਰਹਿੰਦੀਆਂ ਨੇ। ਗੱਲਾਂ ਕਿਉਂ ਯਾਦ ਰਹਿੰਦੀਆਂ ਨੇ?
ਸ਼ਾਇਦ ਇਹ ਥਕਾਣ ਕਰਕੇ ਹੈ। ਖਾਣਾ ਬਣਾਦਿਆਂ, ਖਵਾਂਦਿਆਂ, ਖਾਂਦਿਆਂ ਤੇ ਹੋਰ ਜ਼ਰੂਰੀ ਕੰਮ ਨਿਪਟਾਂਦਿਆਂ ਗਿਆਰਾਂ ਵੱਜ ਜਾਂਦੇ ਨੇ। ਜਦੋਂ ਅਜੀਤ ਆਪਣੇ ਕਮਰੇ ਵਿਚ ਚਲਾ ਜਾਂਦਾ ਏ ਤੇ ਬੱਚੇ ਆਪਣੇ ਕਮਰੇ ਵਿਚ, ਉਦੋਂ ਮੈਂ ਆਪਣੇ ਕਮਰੇ ਵਿਚ ਜਾ ਕੇ ਬਿਸਤਰੇ 'ਤੇ ਡਿੱਗ ਪੈਂਦੀ ਆਂ ਤੇ ਏਨੀ ਥੱਕੀ ਹੋਈ ਹੁੰਦੀ ਆਂ ਕਿ ਡਿੱਗਦਿਆਂ ਹੀ ਸੌਂ ਜਾਂਦੀ ਆਂ। ਸੌਣਾ ਜ਼ਰੂਰੀ ਏ, ਕਿਉਂਕਿ ਅਗਲੇ ਦਿਨ ਸਵੇਰੇ ਪੰਜ ਵਜੇ ਫੇਰ ਉਠਣਾ ਹੁੰਦਾ ਏ, ਤੇ ਫੇਰ ਲਗਾਤਾਰ ਅਠਾਰਾਂ ਘੰਟੇ ਜੁਟਨਾਂ ਹੁੰਦਾ ਏ। ਪਰ ਕਈ ਵਾਰੀ ਇਹਨਾਂ ਛੇ ਘੰਟਿਆਂ ਵਿਚ ਪੂਰੀ ਤਰ੍ਹਾਂ ਸੌਣਾ ਨਸੀਬ ਨਹੀਂ ਹੁੰਦਾ। ਅਜੀਤ ਆਪਣਾ ਕੰਮ ਨਿਪਟਾਅ ਕੇ ਸੌਣ ਆਉਂਦਾ ਏ, ਤਾਂ ਲਾਈਟ ਜਗਾ ਕੇ ਏਨੀ ਖਟਖਟ ਕਰਦਾ ਏ ਕਿ ਮੇਰੀ ਅੱਖ ਖੁੱਲ੍ਹ ਜਾਂਦੀ ਏ। ਉਹ ਅਕਸਰ ਏਨਾ ਥੱਕਿਆ ਹੋਇਆ ਤੇ ਏਨੇ ਨਸ਼ੇ ਵਿਚ ਹੁੰਦਾ ਏ ਕਿ ਲਾਈਟ ਜਗਦੀ ਛੱਡ ਕੇ ਈ ਲੇਟ ਜਾਂਦਾ ਏ ਤੇ ਲੇਟਦਿਆਂ ਈ ਸੌਂ ਜਾਂਦਾ ਏ। ਮੈਂ ਲਾਈਟ ਬੁਝਾਉਣ ਤੋਂ ਪਹਿਲਾਂ ਉਸਨੂੰ ਦੇਖਦੀ ਰਹਿੰਦੀ ਆਂ। ਚਾਹੁੰਦੀ ਹਾਂ ਕਿ ਉਸਨੂੰ ਜਗਾ ਕੇ ਉਸ ਨਾਲ ਗੱਲਾਂ ਕਰਾਂ, ਉਸਨੂੰ ਪਿਆਰ ਕਰਾਂ, ਪਰ ਨੀਂਦ ਮੈਨੂੰ ਵੀ ਆ ਰਹੀ ਹੁੰਦੀ ਏ ਤੇ ਮੈਂ ਲਾਈਟ ਬੁਝਾਅ ਕੇ ਸੌਂ ਜਾਂਦੀ ਆਂ। ਅਜੀਤ ਮਹੀਨੇ ਵਿਚ ਅੱਠ ਦਸ ਦਿਨ ਈ ਘਰ ਰਹਿੰਦਾ ਏ, ਪਰ ਉਹਨਾਂ ਵਿਚ ਵੀ ਅਸੀਂ ਕਈ ਰਾਤਾਂ ਇੰਜ ਬਿਤਾਅ ਦੇਂਦੇ ਆਂ, ਜਿਵੇਂ ਪਲੇਟਫਾਰਮ 'ਤੇ ਸੁੱਤੇ ਹੋਏ ਦੋ ਅਜਨਬੀ ਮੁਸਾਫਿਰ।
ਪਰ ਕਈ ਵਾਰੀ ਮੈਂ ਥਕਾਣ ਦੇ ਬਾਵਜੂਦ ਜਾਗਦੀ ਪਈ ਰਹਿੰਦੀ ਆਂ; ਸੁੱਤੇ ਹੋਏ ਅਜੀਤ ਨੂੰ ਦੇਖਦੀ ਹੋਈ। ਉਹਨਾਂ ਦਿਨਾਂ ਨੂੰ ਯਾਦ ਕਰਦੀ ਰਹਿੰਦੀ ਆਂ; ਜਦੋਂ ਅਜੀਤ ਇਹ ਮਲਟੀਨੈਸ਼ਨਲ ਵਾਲੀ ਨੌਕਰੀ ਨਹੀਂ ਸੀ ਕਰਦਾ ਹੁੰਦਾ। ਓਦੋਂ ਸਾਡੇ ਕੋਲ ਏਨਾ ਪੈਸਾ ਨਹੀਂ ਸੀ ਹੁੰਦਾ, ਪਰ ਜੀਵਨ ਵਿਚ ਕਿੰਨਾ ਸੁਖ ਹੁੰਦਾ ਸੀ! ਸੌਣ ਤੋਂ ਪਹਿਲਾਂ ਅਸੀਂ ਕਿੰਨੀਆਂ ਗੱਲਾਂ ਕਰਦੇ ਹੁੰਦੇ ਸਾਂ! ਤੇ ਕਿੰਨਾ ਹੱਸਦੇ ਹੁੰਦੇ ਸਾਂ! ਤੇ ਕਿੰਨਾਂ ਪਿਆਰ ਕਰਦੇ ਹੁੰਦੇ ਸਾਂ! ਪਰ ਹੁਣ ਤਾਂ ਅਜੀਤ ਦੇ ਪਿਆਰ ਤੋਂ ਵੀ ਡਰ ਲੱਗਦਾ ਏ। ਪਿਆਰ ਕਰਨ ਤੋਂ ਪਹਿਲਾਂ ਉਹ ਮੇਰੀ ਕੁਟਾਈ ਕਰਦਾ ਏ। ਥੱਪੜਾਂ ਨਾਲ ਮੇਰਾ ਮੂੰਹ ਲਾਲ ਕਰ ਦੇਂਦਾ ਏ। ਮੁੱਕੀਆਂ ਤੇ ਲੱਤਾਂ ਵੀ ਮਾਰਦਾ ਏ। ਮੈਂ ਚੀਕਦੀ ਆਂ ਤਾਂ ਮੇਰਾ ਮੂੰਹ ਬੰਦ ਕਰ ਦੇਂਦਾ ਏ ਕਿ 'ਨਾਲ ਵਾਲੇ ਕਮਰੇ ਵਿਚ ਸੁੱਤੇ ਬੱਚੇ ਜਾਗ ਜਾਣਗੇ।' ਤੇ ਜਦੋਂ ਮੈਂ ਨਿਢਾਲ ਹੋ ਜਾਂਦੀ ਆਂ, ਉਹ ਮੇਰੇ ਉੱਤੇ ਵਹਿਸ਼ੀਆਂ ਵਾਂਗ ਟੁੱਟ ਪੈਂਦਾ ਏ। ਕਹਿੰਦਾ ਏ, 'ਅਮਰੀਕਾ ਵਿਚ ਲੋਕ, ਇਵੇਂ ਪਿਆਰ ਕਰਦੇ ਨੇ।' ਦੱਸਦਾ ਏ ਕਿ 'ਉਸਨੇ ਕਈ ਨੀਲੀਆਂ ਫਿਲਮਾਂ ਵਿਚ ਲੋਕਾਂ ਨੂੰ ਇਸ ਨਾਲੋਂ ਵੀ ਵਧ ਹਿੰਸਕ ਤਰੀਕੇ ਨਾਲ ਪਿਆਰ ਕਰਦਿਆਂ ਵੇਖਿਆ ਏ।' ਮੈਂ ਮਜ਼ਬੂਰ ਹੋ ਕੇ ਉਸਦੇ ਇਸ ਅਤਿਆਚਾਰ ਵਰਗੇ ਪਿਆਰ ਨੂੰ ਵੀ ਬਰਦਾਸ਼ਤ ਕਰ ਲੈਂਦੀ ਆਂ, ਪਰ ਜਦੋਂ ਉਹ ਨਸ਼ੇ ਤੇ ਨੀਂਦ ਦੀ ਘੂਕੀ ਵਿਚ ਕਵਿਕ-ਸੈਕਸ ਦੀ ਮੰਗ ਕਰਦਾ ਏ, ਉਦੋਂ ਮੈਨੂੰ ਬੜਾ ਬੁਰਾ ਲੱਗਦਾ ਏ। ਘਿਣ ਆਉਂਦੀ ਹੈ ਤੇ ਏਨਾ ਗੁੱਸਾ ਚੜ੍ਹਦਾ ਏ ਕਿ ਜੀਅ ਵਿਚ ਆਉਂਦਾ ਏ, ਦੰਦਾਂ ਨਾਲ ਉਸਦੀ ਬਾਬਿਇੰਗ ਕਰ ਦਿਆਂ। ਪਰ ਕਰ ਨਹੀ ਸਕਦੀ ਤੇ ਮੈਨੂੰ ਮਹਿਸੂਸ ਹੁੰਦਾ ਏ, ਜਿਵੇਂ ਮੈਂ ਅਜੀਤ ਦੀ ਗ਼ੁਲਾਮ ਆਂ। ਅਜੀਤ ਦੀ ਹੀ ਨਹੀਂ, ਅਮਰੀਕਾ ਦੀ ਵੀ ਗ਼ੁਲਾਮ ਆਂ। 'ਸਲੇਵਰੀ ਕਮਸ ਥਰੂ ਸੈਕਸ।' ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਪਰ ਮੈਂ ਕਿਸੇ ਦੀ ਗ਼ੁਲਾਮ ਨਹੀਂ। ਮੈਂ ਕਿਸੇ ਦੀ ਗ਼ੁਲਾਮ ਨਹੀਂ ਹੋਣਾ ਚਾਹੁੰਦੀ। ਇਸ ਲਈ ਕਈ ਵਾਰੀ ਜਾਗੀ ਹੋਈ ਹੋਣ 'ਤੇ ਵੀ ਸੁੱਤੀ ਹੁੰਦੀ ਆਂ। ਅਜੀਤ ਆਉਂਦਾ ਏ ਤੇ ਮੈਨੂੰ ਬੁਲਾਂਦਾ ਏ—'ਕਵਿਤਾ, ਓ, ਕਵਿਤਾ!' ਤੇ ਮੈਨੂੰ ਲੱਗਦਾ ਏ ਕਿ ਉਹ ਕਿਸੇ ਹੋਰ ਨੂੰ ਬੁਲਾਅ ਰਿਹਾ ਏ; ਤੇ ਜਿਵੇਂ ਮੇਰਾ ਨਾਂਅ ਕਵਿਤਾ ਨਹੀਂ, ਕੁਛ ਹੋਰ ਏ। ਹਾਲਾਂਕਿ ਮੈਨੂੰ ਇਹ ਪਤਾ ਨਹੀਂ ਹੁੰਦਾ ਕਿ ਮੇਰਾ ਉਹ ਨਾਂਅ ਕੁਛ ਹੋਰ ਕੀ ਏ।
ਮੈਂ ਜਾਣਦੀ ਆਂ ਕਿ ਇਹ ਬੜੀ ਅਜੀਬ ਤੇ ਅਸੰਭਵ ਜਿਹੀ ਗੱਲ ਏ ਕਿ ਕੋਈ ਆਪਣਾ ਨਾਂਅ ਈ ਭੁੱਲ ਜਾਵੇ। ਹਿੰਦੀ ਦੀਆਂ ਯਾਦਾਸ਼ਤ ਭੁੱਲ ਜਾਣ ਦੇ ਫਾਰਮੂਲੇ 'ਤੇ ਬਣੀਆਂ ਫਿਲਮਾਂ ਵਿਚ ਵੀ ਏਨਾ ਤਰਕ ਤੇ ਏਨਾ ਵਿਵੇਕ ਹੁੰਦਾ ਏ ਕਿ ਆਦਮੀ ਭੁੱਲੇ, ਤਾਂ ਸਿਰਫ ਆਪਣਾ ਨਾਂਅ ਨਹੀਂ, ਕਿਸੇ ਛਿਣ ਵਿਸ਼ੇਸ਼ ਤੋਂ ਪਹਿਲਾਂ ਵਾਲਾ ਆਪਣੇ ਜੀਵਨ ਦਾ ਸਭੋ ਕੁਛ ਭੁੱਲ ਜਾਵੇ ਤੇ ਜਦੋਂ ਯਾਦ ਆਵੇ, ਤਾਂ ਮੁੜ ਸਭੋ ਕੁਛ ਯਾਦ ਆ ਜਾਵੇ। ਪਰ ਮੇਰੇ ਨਾਲ ਏਧਰ ਕੁਛ ਸਮੇਂ ਤੋਂ ਇਹ ਅਜੀਬ ਤੇ ਅਸੰਭਵ ਜਿਹੀ ਗੱਲ ਹੋਣ ਲੱਗ ਪਈ ਏ ਕਿ ਮੈਨੂੰ ਹੋਰ ਤਾਂ ਸਭ ਕੁਛ ਯਾਦ ਰਹਿੰਦਾ ਏ, ਸਿਰਫ ਆਪਣਾ ਨਾਂਅ ਭੁੱਲ ਜਾਂਦੀ ਆਂ। ਨਾਂਅ ਵੀ ਥੋੜ੍ਹੇ ਸਮੇਂ ਲਈ ਭੁੱਲਦੀ ਆਂ। ਕੁਛ ਚਿਰ ਪਿੱਛੋਂ ਅਚਾਨਕ ਮੈਨੂੰ ਯਾਦ ਆ ਜਾਂਦਾ ਏ ਕਿ ਮੈਂ ਕਵਿਤਾ ਮਲਹੋਤਰਾ ਹਾਂ ਤੇ ਅਜੀਤ ਅਰੋੜਾ ਨਾਲ ਸ਼ਾਦੀ ਕਰਕੇ ਵੀ ਮੈਂ ਆਪਣਾ ਨਾਂਅ ਨਹੀਂ ਬਦਲਿਆ, ਕਵਿਤਾ ਮਲਹੋਤਰਾ ਹੀ ਰਹੀ।
ਜਿਸ ਸਮੇਂ ਮੈਂ ਆਪਣਾ ਨਾਂਅ ਭੁੱਲਦੀ ਆਂ, ਮੈਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੌਣ ਹਾਂ, ਕਿੱਥੋਂ ਦੀ ਹਾਂ। ਮੈਨੂੰ ਬਿਲਕੁਲ ਯਾਦ ਨਹੀਂ ਰਹਿੰਦਾ ਕਿ ਮੈਂ ਭਾਰਤ ਦੀ ਆਂ, ਭਾਰਤ ਵਿਚ ਪੰਜਾਬ ਦੀ ਆਂ, ਪੰਜਾਬ ਵਿਚ ਜਲੰਧਰ ਦੀ ਆਂ, ਜਲੰਧਰ ਵਿਚ ਇਸਲਾਮਗੰਜ ਵਿਚ ਰਹਿੰਦੇ ਮਲਹੌਤਰਾ ਸਾਹਬ ਦੀ ਧੀ ਆਂ। ਇਹ ਵੀ ਯਾਦ ਨਹੀਂ ਆਉਂਦਾ ਕਿ ਸ਼ਾਦੀ ਪਿੱਛੋਂ ਮੈਂ ਦਿੱਲੀ ਦੀ ਆਂ, ਦਿੱਲੀ ਵਿਚ ਮੇਰਾ ਘਰ ਮੁਲਤਾਨ ਨਗਰ ਵਿਚ ਏ, ਮੇਰਾ ਦਫ਼ਤਰ ਸੰਸਦ ਮਾਰਗ 'ਤੇ ਹੈ, ਮੈਂ ਅਜੀਤ ਅਰੋੜਾ ਦੀ ਪਤਨੀ ਆਂ ਤੇ ਅੰਕੁਰ-ਆਸ਼ੀ ਦੀ ਮਾਂ ਹਾਂ। ਉਸ ਸਮੇਂ ਮੈਂ ਆਪਣਾ ਨਾਂਅ ਯਾਦ ਕਰਨ ਦੀ ਜੀਅ ਤੋੜ ਕੋਸ਼ਿਸ਼ ਕਰਦੀ ਆਂ ਤੇ ਆਪਣੇ ਆਪ ਨੂੰ ਪੁੱਛਦੀ ਆਂ—'ਮੈਂ ਕੌਣ ਹਾਂ?...ਇੰਗਲੈਂਡ ਦੀ ਜੇਨ ਆਯਰ? ਜਾਂ ਅਮਰੀਕਾ ਦੀ ਸਕਾਰਲੇਟ ਓ ਹਾਰਾ? ਜਾਂ ਫਰਾਂਸ ਦੀ ਮਾਦਾਮ ਬੋਵਾਰੀ? ਜਾਂ ਰੂਸ ਦੀ ਆਨਾ ਕਾਰਨਿਨਾ? ਜਾਂ ਭਾਰਤ ਦੇ ਕਿਸੇ ਹੋਰੀ ਦੀ ਧਨੀਆ?' ਕੁਛ ਸਮਝ ਵਿਚ ਨਹੀਂ ਆਉਂਦਾ ਤੇ ਮੈਂ ਪੂਰੀ ਤਰ੍ਹਾਂ ਪ੍ਰੇਸ਼ਾਨ ਹੋ ਜਾਂਦੀ ਆਂ।
ਕਈ ਵਾਰੀ ਮੈਨੂੰ ਬੜਾ ਡਰ ਲੱਗਦਾ ਏ—ਮੰਨ ਲਓ, ਮੈਂ ਆਪਣੇ ਦਫ਼ਤਰ ਵਿਚ ਆਪਣਾ ਨਾਂ ਭੁੱਲ ਜਾਵਾਂ, ਫੇਰ? ਜਾਂ ਸੜਕ 'ਤੇ ਮੇਰਾ ਐਕਸੀਡੈਂਟ ਵਗ਼ੈਰਾ ਹੋ ਜਾਵੇ, ਫੇਰ? ਕੋਈ ਮੈਥੋਂ ਮੇਰਾ ਨਾਂ ਪੁੱਛੇ, ਤਾਂ ਮੈਂ ਕੀ ਦੱਸਾਂਗੀ? ਇਸ ਲਈ ਮੈਂ ਕੁਛ ਦਿਨਾਂ ਤੋਂ ਆਪਣੇ ਪਰਸ ਵਿਚ ਇਕ ਛੋਟੀ ਜਿਹੀ ਡਾਇਰੀ ਰੱਖਣ ਲੱਗ ਪਈ ਆਂ, ਜਿਸ ਦੇ ਪਹਿਲੇ ਪੰਨੇ 'ਤੇ ਮੈਂ ਆਪਣਾ ਨਾਂਅ ਵੱਡੇ ਅੱਖਰਾਂ ਵਿਚ ਲਿਖ ਦਿੱਤਾ ਏ, ਤਾਂਕਿ ਲੋੜ ਪਏ ਤਾਂ ਡਾਇਰੀ ਕੱਢ ਕੇ ਆਪਣਾ ਨਾਂਅ ਜਾਣ ਸਕਾਂ।
ਪਰ ਕੱਲ੍ਹ ਤਾਂ ਕਮਾਲ ਹੀ ਹੋ ਗਿਆ। ਸ਼ਾਮ ਨੂੰ ਮੈਂ ਆਪਣੇ ਦਫ਼ਤਰੋਂ ਨਿਕਲੀ ਤੇ ਆਪਣੀ ਚਾਰਟਰਡ ਬੱਸ ਫੜ੍ਹਨ ਲਈ ਸਟੈਂਡ ਵੱਲ ਤੁਰ ਪਈ। ਸੜਕ ਉੱਤੇ ਅਚਾਨਕ ਇਕ ਪੱਕੀ ਉਮਰ ਦੇ ਸਿੱਖ ਨੇ ਮੇਰਾ ਰਾਹ ਰੋਕ ਕੇ ਕਿਹਾ, “ਓ, ਕਵਿਤਾ, ਤੂੰ? ਕੈਸੀ ਏਂ?” ਮੈਂ ਕਿਹਾ, “ਮਾ'ਫ਼ ਕਰਨਾ, ਮੇਰਾ ਨਾਂਅ ਕਵਿਤਾ ਨਹੀਂ।” ਸਰਦਾਰ “ਸੌਰੀ, ਮੇਡਮ, ਆਈ ਮਿਸਟੁਕ ਯੂ ਸਮਵਨ ਐਲਸ।” ਕਹਿ ਕੇ ਤੁਰਨ ਲੱਗਾ, ਪਰ ਫੇਰ ਅਟਕ ਕੇ ਬੋਲਿਆ, “ਪਰ ਮੁਆਫ਼ ਕਰਨਾ, ਜੇ ਤੁਸੀਂ ਕਵਿਤਾ ਮਲਹੌਤਰਾ ਨਹੀਂ ਤਾਂ ਕੀ ਮੈਂ ਜਾਣ ਸਕਦਾਂ ਕਿ ਤੁਹਾਡਾ ਨਾਂਅ ਕੀ ਏ?” ਮੈਂ ਕਿਹਾ, “ਮੇਰਾ ਨਾਂਅ?... ਪਰ ਮੇਰੇ ਨਾਂਅ ਨਾਲ ਤੁਹਾਨੂੰ ਕੀ ਮਤਲਬ?” ਇਹ ਕਹਿੰਦਿਆਂ ਹੋਇਆਂ ਪੂਰੀ ਤਨ ਦੇਹੀ ਨਾਲ ਆਪਣਾ ਨਾਂਅ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸਾਂ। ਮੈਨੂੰ ਆਪਣਾ ਨਾਂਅ ਤਾਂ ਯਾਦ ਨਹੀਂ ਆਇਆ, ਪਰ ਮੈਂ ਸਰਦਾਰ ਜੀ ਨੂੰ ਪਛਾਣ ਗਈ। ਉਹ ਜਲੰਧਰ ਵਿਚ ਮੈਨੂੰ ਇੰਗਲਿਸ਼ ਲਿਟਰੇਚਰ ਪੜ੍ਹਾਉਣ ਵਾਲੇ ਬਲਵਿੰਦਰ ਸਰ ਸਨ—ਸਰਦਾਰ ਬਲਵਿੰਦਰ ਸਿੰਘ।
ਮੈਂ ਖੁਸ਼ ਹੋ ਕੇ ਕਿਹਾ, “ਓਅ, ਸਰ ਤੁਸੀਂ? ਮਾ'ਫ਼ ਕਰਨਾ, ਸਰ, ਏਨੇ ਸਾਲਾਂ ਬਾਅਦ ਯਕਦਮ ਤੁਹਾਨੂੰ ਦੇਖ ਕੇ ਪਹਿਚਾਣ ਨਹੀਂ ਸਕੀ। ਤੁਸੀਂ ਦਿੱਲੀ ਵਿਚ ਕਿੱਥੇ?”
“ਇਕ ਸੈਮੀਨਾਰ ਵਿਚ ਆਇਆ ਸਾਂ। ਸ਼ੁਕਰ ਏ ਤੂੰ ਮੈਨੂੰ ਪਛਾਣ ਲਿਆ, ਕਵਿਤਾ! ਮੈਂ ਤਾਂ ਡਰ ਗਿਆ ਸਾਂ ਕਿ ਕਵਿਤਾ ਦੇ ਭੁਲੇਖੇ, ਕਿਸੇ ਹੋਰ ਨਾਲ ਇੰਜ ਖੁੱਲ੍ਹ ਕੇ ਗੱਲ ਕਰਨ ਲਈ ਕਿਤੇ ਈਵ ਟੀਜਿੰਗ ਦੇ ਦੋਸ਼ ਵਿਚ ਫੜ੍ਹ ਨਾ ਲਿਆ ਜਾਵਾਂ।”
ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਖਿੜਖਿੜ ਕਰਕੇ ਹੱਸੀ ਤੇ ਕਿਹਾ, “ਨਹੀਂ, ਸਰ, ਤੁਹਾਨੂੰ ਮੈਂ ਕਿੰਜ ਭੁੱਲ ਸਕਦੀ ਆਂ? ਤੁਸੀਂ ਮੈਨੂੰ ਪੜ੍ਹਾਇਆ ਈ ਨਹੀਂ, ਮੇਰੀ ਸ਼ਾਦੀ ਵੀ ਕਰਵਾਈ ਸੀ।”
“ਪਰ ਤੂੰ ਇਹ ਕਿਉਂ ਕਿਹਾ ਬਈ ਤੇਰਾ ਨਾਂਅ ਕਵਿਤਾ ਨਹੀਂ?”
“ਕਵਿਤਾ?” ਮੈਂ ਆਪਣਾ ਨਾਂਅ ਨਾ ਯਾਦ ਆਉਣ ਕਰਕੇ ਇਕ ਵਾਰ ਫੇਰ ਉਲਝ ਗਈ।
“ਹਾਂ, ਬਈ, ਕਵਿਤਾ ਮਲਹੌਤਰਾ! ਕੀ ਤੈਨੂੰ ਆਪਣਾ ਨਾਂਅ ਯਾਦ ਨਹੀਂ?...”
“ਨਹੀਂ, ਸਰ। ਸਾਰੀ, ਸਰ...” ਕਹਿੰਦਿਆਂ ਹੋਇਆਂ ਮੈਂ ਆਪਣਾ ਨਾਂਅ ਯਾਦ ਕਰਨ ਦੀ ਕੋਸ਼ਿਸ਼ ਕੀਤੀ, ਬੜੀ ਜ਼ੋਰਦਾਰ ਕੋਸ਼ਿਸ਼, ਪਰ ਮੈਨੂੰ ਯਾਦ ਨਹੀਂ ਆਇਆ ਤੇ ਮੈਂ ਆਪਣੇ ਆਪ ਨੂੰ ਕਹਿੰਦਿਆਂ ਹੋਇਆਂ ਸੁਣਿਆ, “ਤੁਹਾਨੂੰ ਸ਼ਾਇਦ ਕੁਛ ਗਲਤ ਫਹਿਮੀ ਹੋਈ ਏ, ਸਰ! ਮੈਂ ਤਾਂ ਪਾਵੇਲ ਦੀ ਮਾਂ ਆਂ—ਪੇਲਾਗੇਯਾ ਨਿਲੋਵਨਾ, ਸਰ!”
ਬਲਵਿੰਦਰ ਸਰ ਜ਼ੋਰਦਾਰ ਠਹਾਕਾ ਲਾ ਕੇ ਹੱਸੇ ਤੇ ਬੋਲੇ, “ਓ, ਅੱਛਾ! ਤਾਂ ਤੈਨੂੰ ਅਜੇ ਤਕ ਯਾਦ ਏ ਕਿ ਮੈਂ ਤੈਨੂੰ ਗੋਰਕੀ ਦਾ ਨਾਵਲ 'ਮਾਂ' ਪੜ੍ਹਨ ਲਈ ਦਿੱਤਾ ਸੀ! ਬਈ-ਵਾਹ! ਖ਼ੈਰ ਤਾਂ ਪੇਲਾਗੇਯਾ ਨਿਲੋਵਨਾ, ਹੁਣ ਇਹ ਦੱਸ ਬਈ ਪਾਵੇਲ ਕਿੱਦਾਂ ਏ? ਉਹਦੇ ਹੋਰ ਭੈਣ-ਭਰਾ ਕਿੰਨੇ ਨੇ? ਤੇ ਤੇਰੇ ਉਸ ਅਜੀਤ ਅਰੋੜਾ ਦਾ ਰੂਸੀ ਨਾਂਅ ਕੀ ਏ?”
ਮੈਂ ਸ਼ਰਮਿੰਦਾ ਹੋ ਗਈ, ਪਰ ਉਦੋਂ ਹੀ ਮੈਨੂੰ ਆਪਣੀ ਚਾਰਟਰਡ ਬਸ ਆਉਂਦੀ ਦਿਸ ਪਈ ਤੇ ਮੈਂ “ਸੌਰੀ, ਸਰ, ਮੇਰੀ ਬਸ ਆ ਗਈ” ਕਹਿੰਦੀ ਹੋਈ ਬਸ ਵੱਲ ਦੌੜ ਪਈ। ਆਪਣਾ ਨਾਂਅ ਭੁੱਲ ਜਾਣ ਦੀ ਸ਼ਰਮਿੰਦਗੀ ਤੋਂ ਬਚਣ ਦਾ ਉਸ ਸਮੇਂ ਸ਼ਾਇਦ ਇਹੋ ਸਭ ਤੋਂ ਚੰਗਾ ਉਪਾਅ ਸੀ।
ਬਸ ਵਿਚ ਬੈਠ ਜਾਣ ਪਿੱਛੋਂ ਵੀ ਮੈਂ ਕਾਫੀ ਦੇਰ ਤਕ ਸ਼ਰਮਿੰਦਾ ਰਹੀ ਤੇ ਸੋਚਦੀ ਰਹੀ ਕਿ ਮੇਰਾ ਨਾਂਅ ਕੀ ਹੈ। ਕੀ ਸੱਚਮੁੱਚ ਮੈਂ ਪੇਲਾਗੇਯਾ ਨਿਲੋਵਨਾ ਆਂ? ਤੇ ਉਦੋਂ ਹੀ ਅਚਾਨਕ ਮੈਨੂੰ ਆਪਣੇ ਪਰਸ ਵਿਚ ਪਈ ਛੋਟੀ ਡਾਇਰੀ ਯਾਦ ਆ ਗਈ। ਪਰ ਉਸ ਵਿਚ ਆਪਣਾ ਨਾਂਅ ਵੇਖ ਕੇ ਮੈਂ ਹੋਰ ਵੀ ਸ਼ਰਮਿੰਦੀ ਹੋਈ—ਕੀ ਕਵਿਤਾ ਮਲਹੌਤਰਾ ਦਿੱਲੀ ਵਿਚ ਆ ਕੇ ਅਜਿਹੀ ਹੋ ਗਈ ਏ ਕਿ ਆਪਣੇ ਜਲੰਧਰ ਵਾਲੇ ਕਿਸੇ ਆਦਮੀ ਨੂੰ ਨਾ ਪਛਾਣ ਸਕੇ? ਇਕ ਅਜਿਹੇ ਆਦਮੀ ਨੂੰ ਵੀ ਨਹੀਂ, ਜਿਹੜਾ ਕਿਸੇ ਜ਼ਮਾਨੇ ਵਿਚ ਦੁਨੀਆਂ ਦਾ ਸਭ ਤੋਂ ਚੰਗਾ ਤੇ ਸਭ ਤੋਂ ਪਿਆਰਾ ਇਨਸਾਨ ਲੱਗਦਾ ਰਿਹਾ ਹੋਵੇ?  
     ੦੦੦ ੦੦੦ ੦੦੦
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
     ਮੋਬਾਇਲ ਨੰ : 94177-30600.

No comments:

Post a Comment