Wednesday, September 16, 2009

ਭੋਲਾ :: ਰਾਜਿੰਦਰ ਸਿੰਘ ਬੇਦੀ : राजिंदर सिंह बेदी



ਉਰਦੂ ਕਹਾਣੀ : ਭੋਲਾ :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ...ਮੋਬਇਲ : 94177-30600

ਮੈਂ ਮਾਇਆ ਨੂੰ ਪੱਥਰ ਦੇ ਕੁੱਜੇ ਵਿਚ ਮੱਖਨ ਰੱਖਦਿਆਂ ਦੇਖਿਆ। ਲੱਸੀ ਦੀ ਖਟਾਸ ਨੂੰ ਦੂਰ ਕਰਨ ਲਈ ਮਾਇਆ ਨੇ ਕੁੱਜੇ ਵਿਚਲੇ ਮੱਖਨ ਨੂੰ ਖੂਹ ਦੇ ਸਾਫ ਪਾਣੀ ਨਾਲ ਕਈ ਵਾਰੀ ਧੋਤਾ ਸੀ। ਇੰਜ ਮੱਖਨ ਜੋੜਨ ਦਾ ਕੋਈ ਖਾਸ ਕਾਰਣ ਜ਼ਰੂਰ ਸੀ। ਇਹ ਗੱਲ ਮਾਇਆ ਦੇ ਕਿਸੇ ਪਿਆਰੇ ਦੇ ਆਉਣ ਦੀ ਸੂਚਕ ਸੀ। ਹਾਂ! ਹੁਣ ਮੈਨੂੰ ਚੇਤਾ ਆਇਆ, ਦੋ ਦਿਨਾਂ ਬਾਅਦ ਮਾਇਆ ਦਾ ਭਰਾ ਆਪਣੀ ਵਿਧਵਾ ਭੈਣ ਤੋਂ ਰੱਖੜੀ ਬੰਨ੍ਹਵਾਉਣ ਆ ਰਿਹਾ ਸੀ। ਉਂਜ ਤਾਂ ਅਕਸਰ ਭੈਣਾ, ਭਰਾਵਾਂ ਦੇ ਘਰ ਜਾ ਕੇ ਉਹਨਾਂ ਨੂੰ ਰੱਖੜੀ ਬੰਨ੍ਹਦੀਆਂ ਨੇ, ਪਰ ਮਾਇਆ ਦਾ ਭਰਾ ਆਪਣੀ ਭੈਣ ਤੇ ਭਾਣਜੇ ਨੂੰ ਮਿਲਣ ਲਈ ਖ਼ੁਦਾ ਹੀ ਆ ਜਾਂਦਾ ਸੀ ਤੇ ਰੱਖੜੀ ਵੀ ਬੰਨ੍ਹਵਾ ਲੈਂਦਾ ਸੀ। ਰੱਖੜੀ ਬੰਨ੍ਹਵਾ ਕੇ ਉਹ ਆਪਣੀ ਵਿਧਵਾ ਭੈਣ ਨੂੰ ਇਹੀ ਵਿਸ਼ਵਾਸ ਦਿਵਾਉਂਦਾ ਕਿ ਭਾਵੇਂ ਉਸਦਾ ਸੁਹਾਗ ਮੁੱਕ ਚੁੱਕਿਆ ਹੈ ਪਰ ਜਦੋਂ ਤਾਈਂ ਉਸਦਾ ਭਰਾ ਜਿਊਂਦਾ ਹੈ, ਉਸਦੀ ਰੱਖਿਆ-ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਲੈਂਦਾ ਹੈ।
ਨਿੱਕੇ ਭੋਲੇ ਨੇ ਮੇਰੀ ਇਸ ਗੱਲ ਦੀ ਤਸਦੀਕ ਕਰ ਦਿੱਤੀ। ਗੰਨਾ ਚੂਪਦਿਆਂ ਹੋਇਆਂ ਉਸਨੇ ਕਿਹਾ—
''ਕਿਉਂ ਬਾਬੀ! ਪਰਸੋਂ ਮਾਮੂ ਜੀ ਆਉਣਗੇ ਨਾ?''
ਮੈਂ ਆਪਣੇ ਪੋਤ੍ਰੇ ਨੂੰ ਪਿਆਰ ਨਾਲ ਗੋਦੀ ਚੁੱਕ ਲਿਆ। ਭੋਲੇ ਦਾ ਸਰੀਰ ਬੜਾ ਨਰਮ ਦੇ ਪੋਲੜ ਜਿਹਾ ਸੀ ਤੇ ਉਸਦੀ ਆਵਾਜ਼ ਬੜੀ ਸੁਰੀਲੀ—ਜਿਵੇਂ ਗੰਨੇ ਦੇ ਪੱਤਿਆਂ ਦੀ ਨਜ਼ਾਕਤ-ਲਚਕ ਤੇ ਗੁਲਾਬ ਦੀ ਲਾਲੀ ਤੇ ਬੁਲਬੁਲ ਦੀ ਟਹਿਕ-ਚਹਿਕ ਨੂੰ ਰਲਾ ਦਿੱਤਾ ਗਿਆ ਹੋਵੇ। ਭਾਵੇਂ ਭੋਲਾ ਮੇਰੀ ਲੰਮੀ ਤੇ ਸੰਘਣੀ ਦਾੜ੍ਹੀ ਤੋਂ ਘਬਰਾ ਕੇ ਮੈਨੂੰ ਆਪਣਾ ਮੂੰਹ ਨਹੀਂ ਸੀ ਚੁੰਮਣ ਦੇਂਦਾ ਹੁੰਦਾ, ਪਰ ਫੇਰ ਵੀ ਮੈਂ ਜਬਰਦਸਤੀ ਉਸਦੀਆਂ ਸੂਹੀਆਂ ਗੱਲ੍ਹਾਂ ਉੱਤੇ ਆਪਣੇ ਮੋਹ ਦੀ ਮੋਹਰ ਲਾ ਦਿੱਤੀ ਸੀ ਤੇ ਮੁਸਕਰਾ ਕੇ ਪੁੱਛਿਆ ਸੀ—
'' ਕਿਉਂ ਬਈ ਭੋਲਿਆ, ਤੇਰਾ ਮਾਮੂ ਜੀ...ਤੇਰੀ ਬੀਬੀ ਦਾ ਕੀ ਲੱਗਦੈ ਭਲਾਂ?''
ਭੋਲੇ ਨੇ ਕੁਝ ਚਿਰ ਸੋਚ ਕੇ ਜਵਾਬ ਦਿੱਤਾ—''ਮਾਮੂ ਜੀ...!''
ਮਾਇਆ ਨੇ ਸਤੋਤਰ ਪੜ੍ਹਨਾ ਛੱਡ ਦਿੱਤਾ ਤੇ ਖਿੜ-ਖਿੜ ਕਰਕੇ ਹੱਸ ਪਈ। ਮੈਂ ਆਪਣੀ ਨੂੰਹ ਦੇ ਇੰਜ ਦਿਲ ਖੋਹਲ ਕੇ ਹੱਸਣ ਉੱਤੇ, ਮਨ ਹੀ ਮਨ, ਬੜਾ ਖੁਸ਼ ਹੋਇਆ। ਮਾਇਆ ਵਿਧਵਾ ਸੀ ਤੇ ਸਮਾਜ ਵਿਚ ਉਸਨੂੰ ਚੰਗੇ ਕੱਪੜੇ ਪਾਉਣ ਤੇ ਖੁਸ਼ੀ ਦੇ ਕਾਰਜਾਂ ਵਿਚ ਹਿੱਸਾ ਲੈਣ ਦੀ ਮਨਾਹੀ ਸੀ। ਪਰ ਮੈਂ ਕਈ ਵਾਰੀ ਮਾਇਆ ਨੂੰ ਚੰਗੇ ਕੱਪੜੇ ਪਾਉਣ, ਹੱਸਣ-ਖੇਡਣ ਤੇ ਖੁਸ਼ ਰਹਿਣ ਦੀ ਤਾਗੀਦ ਕਰਦਾ ਤੇ ਸਮਾਜ ਦੀ ਪ੍ਰਵਾਹ ਨਾ ਕਰਨ ਲਈ ਕਹਿੰਦਾ ਰਹਿੰਦਾ ਸੀ, ਪਰ ਮਾਇਆ ਨੇ ਤਾਂ ਖ਼ੁਦ ਹੀ ਆਪਣੇ ਆਪ ਨੂੰ ਸਮਾਜ ਦੇ ਰੂਹ-ਨਿਚੋੜ ਸੁੱਟਣ ਵਾਲੇ ਨਿਯਮਾਂ ਵਿਚ ਕੈਦ ਕੀਤਾ ਹੋਇਆ ਸੀ। ਉਸਨੇ ਆਪਣੇ ਸਾਰੇ ਚੰਗੇ ਕੱਪੜਿਆਂ ਤੇ ਜੇਵਰਾਂ ਦੀ ਪੰਡ ਬੰਨ੍ਹ ਕੇ ਇਕ ਸੰਦੂਕ ਵਿਚ ਸੁੱਟ ਦਿੱਤੀ ਸੀ ਤੇ ਚਾਬੀ ਛੱਪੜ ਵਿਚ ਸੁੱਟ ਆਈ ਸੀ।
ਮਾਇਆ ਨੇ ਹੱਸਦਿਆਂ ਹੋਇਆਂ ਆਪਣਾ ਪਾਠ ਜਾਰੀ ਰੱਖਿਆ—
'ਹਰੀ-ਹਰ, ਹਰੀ-ਹਰ, ਹਰੀ-ਹਰ, ਹਰੀ
ਮੇਰੀ ਬਾਰ ਕਿਓਂ ਦੇਰ ਇਤਨੀ ਕਰੀ...'
ਫੇਰ ਉਸਨੇ ਆਪਣੇ ਲਾਲ ਨੂੰ ਪਿਆਰ ਨਾਲ ਕੋਲ ਬੁਲਾਉਂਦਿਆਂ ਹੋਇਆਂ ਕਿਹਾ—
“ਭੋਲੇ ਤੂੰ ਨੰਨ੍ਹੀ ਦਾ ਕੀ ਲਗਦੈਂ?”
“ਵੀਰਜੀ...।” ਭੋਲੇ ਨੇ ਜਵਾਬ ਦਿੱਤਾ।
“ਠੀਕ ਐ, ਓਵੇਂ ਈ ਤੇਰੇ ਮਾਮੂ ਜੀ ਮੇਰੇ ਵੀਰਜੀ ਲਗਦੇ ਐ।”
ਭੋਲਾ ਇਹ ਗੱਲ ਨਹੀਂ ਸੀ ਸਮਝ ਸਕਿਆ ਕਿ ਇਕੋ ਜਣਾ, ਇਕੋ ਵੇਲੇ, ਕਿਸੇ ਦਾ ਵੀਰਜੀ ਤੇ ਕਿਸੇ ਦਾ ਮਾਮੂ ਜੀ ਕਿਵੇਂ ਹੋ ਸਕਦਾ ਹੈ! ਉਹ ਤਾਂ ਹਾਲੇ ਤਾਈਂ ਇਹੀ ਸਮਝਦਾ ਸੀ ਕਿ ਉਸਦਾ ਮਾਮੂ ਜੀ, ਉਸਦੇ ਬਾਬੀ ਦਾ ਵੀ ਮਾਮੂ ਜੀ ਹੀ ਲੱਗਦਾ ਹੈ। ਪਰ ਭੋਲੇ ਨੇ ਇਸ ਪੰਗੇ ਵਿਚ ਪੈਣ ਦੀ ਲੋੜ ਨਹੀਂ ਸਮਝੀ ਤੇ ਭੁੜਕ ਕੇ ਮਾਂ ਦੀ ਗੋਦੀ ਵਿਚ ਜਾ ਬੈਠਿਆ ਤੇ ਉਸ ਤੋਂ ਗੀਤਾ ਸੁਣਨ ਦੀ ਜ਼ਿਦ ਕਰਨ ਲੱਗ ਪਿਆ। ਉਹ ਗੀਤਾ ਸਿਰਫ ਇਸ ਲਈ ਸੁਣਦਾ ਸੀ ਕਿ ਉਹਨੂੰ ਕਹਾਣੀਆਂ ਸੁਣਨ ਦਾ ਬੜਾ ਸ਼ੌਕ ਸੀ ਤੇ ਗੀਤਾ ਦੇ ਹਰੇਕ ਅਧਿਆਏ ਦੇ ਆਖ਼ਰ ਵਿਚ 'ਮਹਾਤਮ' ਸੁਣ ਕੇ ਬੜਾ ਖੁਸ਼ ਹੁੰਦਾ ਹੁੰਦਾ ਸੀ ਉਹ...ਤੇ ਫੇਰ ਛੱਪੜ ਦੇ ਕਿਨਾਰੇ ਉੱਗੀ ਘਾਹ ਦੀਆਂ ਮਖ਼ਮਲੀ ਤਲਵਾਰਾਂ ਵਿਚਕਾਰ ਬੈਠ ਕੇ ਘੰਟਿਆਂ ਬੱਧੀ ਉਹਨਾਂ 'ਮਹਾਤਮਾਂ' ਬਾਰੇ ਸੋਚਦਾ ਵੀ ਰਹਿੰਦਾ ਸੀ।
ਮੈਂ ਦੁਪਹਿਰ ਤਾਈਂ ਆਪਣੇ ਘਰੋਂ ਛੇ ਮੀਲ ਦੂਰ ਆਪਣੇ ਸੀਰੀਆਂ ਨੂੰ ਹਲ ਪਹੁੰਚਾਉਣੇ ਸੀ। ਬੁੱਢਾ ਸਰੀਰ ਉੱਤੋਂ ਸੰਸਿਆਂ-ਮੁਸੀਬਤਾਂ ਦਾ ਮਾਰਿਆ ਹੋਇਆ—ਜਵਾਨੀ ਦੇ ਦਿਨਾਂ ਵਿਚ ਮੈਂ ਤਿੰਨ-ਤਿੰਨ ਮਣ ਭਾਰ ਚੁੱਕ ਕੇ ਦੌੜ ਲੈਂਦਾ ਹੁੰਦਾ ਸੀ, ਹੁਣ ਵੀਹ ਸੇਰ ਭਾਰ ਹੇਠ ਧੌਣ ਹਿੱਲਣ ਲੱਗ ਪੈਂਦੀ ਹੈ। ਮੁੰਡੇ ਦੀ ਮੌਤ ਨੇ ਉਮੀਦਾਂ ਨੂੰ ਚਿੰਤਾਵਾਂ ਵਿਚ ਡੋਬ ਕੇ ਲੱਕ ਤੋੜ ਸੁੱਟਿਆ ਸੀ ਮੇਰਾ। ਹੁਣ ਮੈਂ ਭੋਲੇ ਦੇ ਆਸਰੇ ਹੀ ਜਿਊਂ ਰਿਹਾ ਸੀ, ਵਰਨਾ ਅਸਲ ਵਿਚ ਤਾਂ ਮਰ-ਮੁੱਕ ਹੀ ਚੁੱਕਿਆ ਹਾਂ।
ਰਾਤ ਨੂੰ ਥਕਾਣ ਕਾਰਣ ਮੈਂ ਬਿਸਤਰੇ 'ਤੇ ਪੈਂਦਿਆਂ ਹੀ ਉਂਘਣ ਲੱਗ ਪਿਆ। ਕੁਝ ਚਿਰ ਬਾਅਦ ਮਾਇਆ ਨੇ ਮੈਨੂੰ ਦੁੱਧ ਪੀ ਲੈਣ ਲਈ ਜਗਾਇਆ। ਮੈਂ ਆਪਣੀ ਨੂੰਹ ਦਾ ਸੇਵਾ ਭਾਵ ਦੇਖ ਕੇ ਮਨ ਹੀ ਮਨ ਬੜਾ ਖੁਸ਼ ਹੋਇਆ ਤੇ ਉਸਨੂੰ ਸੈਂਕੜੇ ਅਸ਼ੀਰਵਾਦ ਦੇਂਦਿਆਂ ਕਿਹਾ—
''ਮੇਰੀ ਬੁੜ੍ਹੇ ਬੰਦੇ ਦੀ ਏਨੀ ਫਿਕਰ ਨਾ ਕੀਤਾ ਕਰ ਪੁੱਤ।''
—ਭੋਲਾ ਹਾਲੇ ਤਾਈਂ ਨਹੀਂ ਸੀ ਸੁੱਤਾ। ਉਹ ਟਪੂਸੀ ਮਾਰ ਕੇ ਮੇਰੇ ਢਿੱਡ ਉੱਤੇ ਆ ਬੈਠਾ ਤੇ ਬੋਲਿਆ—
''ਬਾਬੀ, ਅੱਜ ਤੁਸੀਂ ਕਹਾਣੀ ਨਹੀਂ ਸੁਣਾਉਣੀ...?''
''ਨਹੀਂ ਪੁੱਤ-'' ਮੈਂ ਆਸਮਾਨ ਵਿਚ ਨਿਕਲੇ ਹੋਏ ਤਾਰਿਆਂ ਵੱਲ ਵਿਹੰਦਿਆਂ ਕਿਹਾ-''ਮੈਂ ਅੱਜ ਬੜਾ ਥੱਕ ਗਿਆਂ...ਕੱਲ੍ਹ ਦੁਪਹਿਰੇ ਸੁਣਾਵਾਂਗਾ।''
ਭੋਲੇ ਨੇ ਰੁੱਸਦਿਆਂ ਹੋਇਆ ਜਵਾਬ ਦਿੱਤਾ—''ਫੇਰ ਮੈਂ ਤੁਹਾਡਾ ਭੋਲਾ ਨਹੀਂ ਬਾਬੀ...ਮੈਂ ਬੀਬੀ ਦਾ ਭੋਲਾ ਆਂ—ਹਾਂ।”
ਭੋਲਾ ਵੀ ਜਾਣਦਾ ਸੀ ਕਿ ਮੈਂ ਉਸਦਾ ਇੰਜ ਰੁੱਸ ਜਾਣਾ ਬਰਦਾਸ਼ਤ ਨਹੀਂ ਕਰ ਸਕਾਂਗਾ। ਮੈਂ ਹਮੇਸ਼ਾ ਉਸ ਤੋਂ ਇੰਜ ਸੁਣਨ ਦਾ ਆਦੀ ਸੀ ਕਿ ਭੋਲਾ ਬਾਬੀ ਦਾ ਹੈ, ਬੀਬੀ ਦਾ ਨਹੀਂ। ਪਰ ਉਸ ਦਿਨ ਹਲਾਂ ਨੂੰ ਮੋਢੇ 'ਤੇ ਚੁੱਕ ਕੇ ਛੇ ਮੀਲ ਲੈ ਜਾਣ ਤੇ ਪੈਦਲ ਹੀ ਵਾਪਸ ਆਉਣ ਕਰਕੇ ਮੈਂ ਬੜਾ ਥੱਕਿਆ ਹੋਇਆ ਸੀ। ਸ਼ਾਇਦ ਮੈਂ ਏਨਾ ਨਾ ਥੱਕਦਾ ਜੇ ਮੇਰੀ ਨਵੀਂ ਜੁੱਤੀ ਨੇ ਮੇਰੀ ਅੱਡੀ ਨਾ ਵੱਢ ਖਾਧੀ ਹੁੰਦੀ ਤੇ ਉਸ ਕਰਕੇ ਮੇਰੇ ਸੰਢਾ ਨਾ ਪੈ ਗਿਆ ਹੁੰਦਾ। ਇਸ ਹੱਦੋਂ ਵੱਧ ਥਕਾਣ ਕਾਰਕੇ ਮੈਂ ਭੋਲੇ ਦੀ ਉਹ ਗੱਲ ਵੀ ਬਰਦਾਸ਼ਤ ਕਰ ਲਈ-ਤੇ ਆਸਮਾਨ ਵਿਚ ਨਿਕਲੇ ਤਾਰਿਆਂ ਵੱਲ ਦੇਖਣ ਲੱਗ ਪਿਆ। ਦੱਖਣ ਵੱਲ ਇਕ ਤਾਰਾ ਮਿਸ਼ਾਲ ਵਾਂਗ ਦਗ ਰਿਹਾ ਸੀ, ਇਕਟੱਕ ਦੇਖਣ ਨਾਲ ਉਹ ਹੌਲੀ-ਹੌਲੀ ਮਧੱਮ ਪੈਣ ਲੱਗਾ—ਮੈਂ ਉਂਘਦਾ-ਉਂਘਦਾ ਸੌਂ ਗਿਆ।
ਸਵੇਰ ਹੁੰਦਿਆਂ ਹੀ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਭੋਲਾ ਸੋਚਦਾ ਹੋਵੇਗਾ ਕਿ ਕੱਲ੍ਹ ਰਾਤੀਂ ਬਾਬੇ ਨੇ ਮੇਰੀ ਗੱਲ ਕਿਵੇਂ ਬਰਦਾਸ਼ਤ ਕਰ ਲਈ? ਮੈਂ ਇਸ ਖ਼ਿਆਲ ਨਾਲ ਹੀ ਕੰਬ ਗਿਆ ਕਿ ਭੋਲੇ ਦੇ ਦਿਲ ਵਿਚ ਕਿਤੇ ਇਹ ਖ਼ਿਆਲ ਨਾ ਆਇਆ ਹੋਵੇ ਕਿ ਹੁਣ ਬਾਬਾ ਮੇਰੀ ਪ੍ਰਵਾਹ ਨਹੀਂ ਕਰਦਾ। ਸ਼ਾਇਦ ਇਹੀ ਕਾਰਣ ਸੀ ਕਿ ਸਵੇਰੇ ਉਸਨੇ ਮੇਰੀ ਗੋਦੀ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ।
''ਮੈਂ ਨਹੀਂ ਆਂਦਾ ਤੁਹਾਡੇ ਕੋਲ ਬਾਬੀ!''
''ਪਰ ਕਿਉਂ ਬਈ ਭੋਲਾ ਸਿਆਂ?''
'ਭੋਲਾ ਬਾਬੀ ਦਾ ਨਹੀਂ...ਭੋਲਾ ਬੀਬੀ ਦਾ-ਐ...ਹਾਂ।''
ਮੈਂ ਭੋਲੇ ਨੂੰ ਮਠਿਆਈ ਦਾ ਲਾਲਚ ਦੇ ਕੇ ਮਨਾਅ ਲਿਆ ਤੇ ਕੁਝ ਪਲਾਂ ਵਿਚ ਭੋਲਾ ਫੇਰ ਬਾਬੀ ਦਾ ਬਣ ਗਿਆ ਤੇ ਮੇਰੀ ਗੋਦੀ ਵਿਚ ਆ ਗਿਆ...ਤੇ ਆਪਣੀਆਂ ਨਿੱਕੀਆਂ-ਨਿੱਕੀਆਂ ਲੱਤਾਂ ਦੁਆਲੇ ਮੇਰੇ ਉੱਤੇ ਲਏ ਹੋਏ ਕੰਬਲ ਨੂੰ ਲਪੇਟਨ ਲੱਗ ਪਿਆ। ਮਾਇਆ ਹਰੀਹਰ ਸਤੋਤਰ ਪੜ੍ਹ ਰਹੀ ਸੀ। ਫੇਰ ਉਸਨੇ ਪਾਈਆ ਕੁ ਮੱਖਣ ਕੱਢ ਕੇ ਉਸੇ ਕੁੱਜੇ ਵਿਚ ਪਾਇਆ ਤੇ ਖ਼ੂਹ ਦੇ ਸਾਫ ਪਾਣੀ ਨਾਲ ਲੱਸੀ ਦੀ ਖਟਾਸ ਧੋ ਸੁੱਟੀ। ਹੁਣ ਮਾਇਆ ਨੇ ਆਪਣੇ ਭਰਾ ਲਈ ਸੇਰ ਕੁ ਮੱਖਣ ਜੋੜ ਲਿਆ ਸੀ। ਮੈਂ ਭੈਣ ਭਰਾ ਦੇ ਇਸ ਪਿਆਰ ਦੇ ਜਜ਼ਬੇ ਉਪਰ ਦਿਲ ਹੀ ਦਿਲ ਵਿਚ ਖੁਸ਼ ਸੀ; ਏਨਾ ਖੁਸ਼ ਕਿ ਮੇਰੀਆਂ ਅੱਖਾਂ ਸਿੱਜਲ ਹੋ ਗਈਆਂ। ਮੈਂ ਮਨ ਵਿਚ ਸੋਚਿਆ...'ਔਰਤ ਦਾ ਦਿਲ ਮੁਹੱਬਤ ਦਾ ਸਮੁੰਦਰ ਹੁੰਦਾ ਹੈ...ਮਾਂ ਪਿਓ, ਭਰਾ-ਭੈਣਾ, ਪਤੀ-ਬੱਚੇ, ਸਾਰਿਆਂ ਨੂੰ ਉਹ ਅੰਤਾਂ ਦਾ ਮੋਹ ਵੰਡਦੀ ਹੈ ਤੇ ਐਨਾ ਵੰਡਣ 'ਤੇ ਵੀ ਉਹ ਖ਼ਤਮ ਨਹੀਂ ਹੁੰਦਾ। ਇਕੋ ਦਿਲ ਹੋਣ 'ਤੇ ਵੀ ਉਹ ਸਾਰਿਆਂ ਨੂੰ ਆਪਣਾ ਦਿਲ ਦੇ ਦਿੰਦੀ ਹੈ। ਭੋਲੇ ਨੇ ਆਪਣੇ ਦੋਵੇਂ ਹੱਥ ਮੇਰੀਆਂ ਗੱਲ੍ਹਾਂ ਦੀਆਂ ਝੁਰੜੀਆਂ ਉੱਤੇ ਰੱਖ ਕੇ ਮਾਇਆ ਵੱਲੋਂ ਮੇਰਾ ਮੂੰਹ ਆਪਣੇ ਵੱਲ ਭੁੰਆਂ ਲਿਆ ਤੇ ਬੋਲਿਆ—
''ਬਾਬੀ, ਤੁਹਾਨੂੰ ਆਪਣੀ ਗੱਲ ਯਾਦ ਐ ਨਾ?''
''ਕਿਹੜੀ ਗੱਲ, ਪੁੱਤ...?''
''ਤੁਸੀਂ ਅੱਜ ਦੁਪਹਿਰੇ ਮੈਨੂੰ ਕਹਾਣੀ ਸੁਣਾਉਣੀ ਐਂ...''
'ਹਾਂ ਬੱਚਿਆ...!'' ਮੈਂ ਉਸਦਾ ਮੂੰਹ ਚੁੰਮਦਿਆਂ ਕਿਹਾ।
ਇਹ ਤਾਂ ਭੋਲਾ ਹੀ ਜਾਣਦਾ ਹੋਵੇਗਾ ਕਿ ਉਸਨੇ ਦੁਪਹਿਰ ਦੇ ਆਉਣ ਦੀ ਕਿੰਨੀ ਕੁ ਉਡੀਕ ਕੀਤੀ ਹੋਵੇਗੀ। ਫੇਰ ਭੋਲੇ ਨੂੰ ਇਹ ਵੀ ਪਤਾ ਸੀ ਕਿ ਉਸਦੇ ਬਾਬੀ ਕੋਲ ਕਹਾਣੀ ਸੁਣਾਉਣ ਦੀ ਵਿਹਲ ਉਦੋਂ ਹੀ ਹੁੰਦਾ ਹੈ ਜਦੋਂ ਉਹ ਰੋਟੀ ਖਾ ਕੇ ਉਸ ਪਲੰਘ ਉੱਤੇ ਜਾ ਲੇਟਦੇ ਨੇ, ਜਿਸ ਉੱਤੇ ਉਹ ਬਾਬੀ ਜਾਂ ਬੀਬੀ ਦੀ ਮਦਦ ਦੇ ਬਿਨਾਂ ਨਹੀਂ ਚੜ੍ਹ ਸਕਦਾ। ਸੋ ਵੇਲੇ ਤੋਂ ਪਹਿਲਾਂ ਹੀ ਉਸਨੇ ਰੋਟੀ ਪਕਾਉਣ ਲਈ ਜ਼ਿਦ ਕਰਨੀ ਸ਼ੁਰੂ ਕਰ ਦਿੱਤੀ...ਮੇਰੇ ਖਾਣ ਲਈ ਨਹੀਂ ਬਲਕਿ ਆਪਣੇ ਕਹਾਣੀ ਸੁਣਨ ਦੇ ਚਾਅ ਕਾਰਨ।
ਮੈਂ ਵੇਲੇ ਨਾਲੋਂ ਅੱਧਾ ਘੰਟਾ ਪਹਿਲਾਂ ਰੋਟੀ ਖਾ ਲਈ। ਅਜੇ ਆਖ਼ਰੀ ਬੁਰਕੀ ਮੂੰਹ ਵਿਚ ਪਾਈ ਹੀ ਸੀ ਕਿ ਪਟਵਾਰੀ ਨੇ ਆ ਕੁੰਡਾ ਖੜਕਾਇਆ। ਉਸਦੇ ਹੱਥ ਵਿਚ ਇਕ ਨਿੱਕੀ ਜਿਹੀ ਜਰੀਬ ਲਟਕ ਰਹੀ ਸੀ। ਉਸਨੇ ਕਿਹਾ ਕਿ 'ਖ਼ਾਨਗਾਹ ਵਾਲੇ ਖ਼ੂਹ ਕੋਲ ਤੁਹਾਡੀ ਜ਼ਮੀਨ ਨੂੰ ਮਿਣਨ ਲਈ ਮੇਰੇ ਕੋਲ ਅੱਜ ਵਿਹਲ ਹੈ, ਫੇਰ ਨਹੀਂ।' ਮੈਂ ਸਬਾਤ ਵੱਲ ਭੌਂ ਕੇ ਦੇਖਿਆ ਤਾਂ ਭੋਲਾ ਪਲੰਘ ਦੁਆਲੇ ਘੁੰਮ-ਘੁੰਮ ਕੇ ਬਿਸਤਰਾ ਵਿਛਾਅ ਰਿਹਾ ਸੀ। ਬਿਸਤਰਾ ਵਿਛਾਉਣ ਪਿੱਛੋਂ ਉਸਨੇ ਇਕ ਵੱਡਾ ਸਿਰਹਾਣਾ ਵੀ ਇਕ ਪਾਸੇ ਰੱਖ ਦਿੱਤਾ ਤੇ ਆਪ ਪੁਆਦਾਂ ਵੱਲੋਂ ਹੱਥ ਪੈਰ ਅੜਾ ਕੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਭੋਲੇ ਦਾ ਮੈਨੂੰ ਕਹਿ-ਕਹਿ ਕੇ ਜਲਦੀ ਰੋਟੀ ਖੁਆ ਦੇਣਾ ਤੇ ਬਿਸਤਰਾ ਵਿਛਾਅ ਦੇ ਮੇਰੀ ਉਡੀਕ ਕਰਨਾ ਆਪਣੇ ਮਤਲਬ ਦੀ ਖਾਤਰ ਸੀ, ਪਰ ਫੇਰ ਵੀ ਮੇਰੇ ਦਿਲ ਵਿਚ ਆਇਆ—'ਹੈ ਤਾਂ ਮਾਇਆ ਦਾ ਸਾਊ ਪੁੱਤਰ ਈ ਨਾ...ਰੱਬ ਇਸਦੀ ਉਮਰ ਲੰਮੀ ਕਰੇ।'
ਮੈਂ ਪਟਵਾਰੀ ਨੂੰ ਕਹਿ ਦਿੱਤਾ ਕਿ 'ਉਹ ਖ਼ਾਨਗਾਹ ਵਾਲੇ ਖ਼ੂਹ ਵੱਲ ਚੱਲੇ, ਮੈਂ ਉਸਦੇ ਮਗਰੇ ਆ ਰਿਹਾ ਹਾਂ।' ਜਦੋਂ ਭੋਲੇ ਨੇ ਦੇਖਿਆ ਕਿ ਮੈਂ ਬਾਹਰ ਜਾਣ ਲਈ ਤਿਆਰ ਹੋ ਰਿਹਾ ਹਾਂ ਤਾਂ ਉਸਦਾ ਚਿਹਰਾ ਲੱਥ ਗਿਆ, ਜਿਵੇਂ ਪਿਛਲੀ ਰਾਤ ਆਸਮਾਨ ਵਿਚ ਮਸ਼ਾਲ ਵਾਂਗ ਦਗਦਾ ਹੋਇਆ ਤਾਰਾ ਦੇਖਦਿਆਂ-ਦੇਖਦਿਆਂ ਹੀ ਮੱਧਮ ਪੈ ਗਿਆ ਸੀ। ਮਾਇਆ ਨੇ ਕਿਹਾ—
'ਬਾਪੂਜੀ, ਏਨੀ ਵੀ ਕੀ ਜਲਦੀ ਐ, ਖ਼ਾਨਗਾਹ ਵਾਲਾ ਖ਼ੂਹ ਕਿੱਧਰੇ ਭੱਜ ਤਾਂ ਨਹੀਂ ਚੱਲਿਆ...ਤੁਸੀਂ ਜ਼ਰਾ ਆਰਾਮ ਤਾਂ ਕਰ ਲਓ।''
''ਉਂਹੂੰ,'' ਮੈਂ ਧੀਮੀ ਆਵਾਜ਼ ਵਿਚ ਕਿਹਾ, ''ਪਟਵਾਰੀ ਹੱਥੋਂ ਨਿਕਲ ਗਿਆ ਤਾਂ ਇਹ ਕੰਮ ਇਕ ਮਹੀਨੇ ਤੋਂ ਪਹਿਲਾਂ ਨਹੀਂ ਹੋ ਸਕਣਾ।''
ਮਾਇਆ ਚੁੱਪ ਕਰ ਗਈ। ਭੋਲੇ ਨੇ ਬੁੱਲ੍ਹ ਸੁੱਟ ਲਏ, ਉਸਦੀਆਂ ਅੱਖਾਂ ਸਿੱਜਲ ਹੋ ਗਈਆਂ ਸਨ। ਉਸ ਕਿਹਾ, ''ਬਾਬੀ, ਮੇਰੀ ਕਹਾਣੀ...ਮੇਰੀ ਕਹਾਣੀ!!''
''ਭੋਲੇ...ਮੇਰੇ ਬੱਚੇ...'' ਮੈਂ ਉਸਨੂੰ ਟਾਲਦਿਆਂ ਹੋਇਆ ਕਿਹਾ, ''ਦਿਨੇ ਕਹਾਣੀ ਸੁਣਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਐ ਪੁੱਤ।''
'ਰਾਹ ਭੁੱਲ ਜਾਂਦੇ ਐ ?'' ਫੇਰ ਉਸਨੇ ਸੋਚਦਿਆਂ ਹੋਇਆਂ ਕਿਹਾ—''ਬਾਬੀ ਤੁਸੀਂ ਝੂਠ ਬੋਲਦੇ ਓ—ਜਾਓ, ਮੈਂ ਬਾਬੀ ਦਾ ਭੋਲਾ ਨਹੀਂ ਬਣਦਾ।''
ਹੁਣ ਜਦੋਂ ਕਿ ਮੈਂ ਥੱਕਿਆ ਹੋਇਆ ਵੀ ਸੀ ਤੇ ਪੰਦਰਾਂ ਵੀਹ ਮਿੰਟ ਆਰਾਮ ਲਈ ਵੀ ਕੱਢ ਸਕਦਾ ਸੀ...ਤਾਂ ਭਲਾ ਭੋਲੇ ਦੀ ਇਸ ਗੱਲ ਨੂੰ ਐਨੀ ਆਸਾਨੀ ਨਾਲ ਕਿਵੇਂ ਬਰਦਾਸ਼ਤ ਕਰ ਸਕਦਾ ਸੀ! ਮੈਂ ਆਪਣੇ ਮੋਢੇ ਤੋਂ ਸਾਫਾ ਲਾਹ ਕੇ ਪਲੰਘ ਦੀ ਪੁਆਂਦਾਂ ਵੱਲ ਰੱਖ ਦਿੱਤਾ ਤੇ ਆਪਣੇ ਛਿੱਲੀ ਗਈ ਅੱਡੀ ਵਾਲੇ ਪੈਰ ਨੂੰ ਆਪਣੀ ਜੁੱਤੀ ਦੀ ਕੈਦ-ਬਾ-ਮੁਸ਼ੱਕਤ ਤੋਂ ਆਜ਼ਾਦ ਕਰਵਾ ਕੇ ਪਲੰਘ ਉੱਤੇ ਲੇਟ ਗਿਆ। ਭੋਲਾ ਵੀ ਆਪਣੇ ਬਾਬੀ ਦਾ ਬਣ ਗਿਆ। ਲੇਟਦਿਆਂ ਹੋਇਆਂ ਮੈਂ ਭੋਲੇ ਨੂੰ ਕਿਹਾ—
'ਜੇ ਹੁਣ ਕੋਈ ਰਾਹੀ ਰਾਹ ਭੁੱਲ ਗਿਆ ਤਾਂ, ਉਸਦਾ ਜ਼ਿੰਮੇਵਾਰ ਤੂੰ ਹੋਵੇਂਗਾ ਬਾਈ ਭੋਲਾ ਸਿਆਂ।'' ਤੇ ਮੈਂ ਭੋਲੇ ਨੂੰ ਦੁਪਹਿਰ ਵੇਲੇ ਸੱਤ ਸ਼ਹਿਜ਼ਾਦੀਆਂ ਤੇ ਸੱਤ ਸ਼ਹਿਜ਼ਾਦਿਆਂ ਦੀ ਇਕ ਲੰਮੀ ਕਹਾਣੀ ਸੁਣਾਈ। ਕਹਾਣੀ ਵਿਚ ਉਹਨਾਂ ਦੇ ਵਿਆਹਾਂ ਵਾਲਾ ਹਿੱਸਾ ਆਮ ਨਾਲੋਂ ਵਧੇਰੇ ਸੁਆਦਲਾ ਬਣਾ ਕੇ ਬਿਆਨ ਕੀਤਾ। ਭੋਲੇ ਨੂੰ ਹਮੇਸ਼ਾ ਉਹ ਕਹਾਣੀ ਚੰਗੀ ਲੱਗਦੀ ਸੀ ਜਿਸ ਦੇ ਅਖ਼ੀਰ ਵਿਚ ਸ਼ਹਿਜ਼ਾਦੇ ਤੇ ਸ਼ਹਿਜ਼ਾਦੀ ਦਾ ਵਿਆਹ ਹੋ ਜਾਵੇ। ਪਰ ਮੈਂ ਉਸ ਦਿਨ ਭੋਲੇ ਦੇ ਮੂੰਹ ਉੱਤੇ ਖੁਸ਼ੀ ਦੀ ਕੋਈ ਝਲਕ ਨਹੀਂ ਦੇਖੀ ਬਲਕਿ ਉਹ ਲਿਸਾ ਜਿਹਾ ਮੂੰਹ ਬਣਾ ਕੇ ਕਿਸੇ ਅਣਜਾਣ ਭੈ ਵੱਸ ਕੰਬਦਾ ਰਿਹਾ।
ਇਹਨਾਂ ਸੋਚਾਂ ਵਿਚ ਕਿ ਪਟਵਾਰੀ ਕਿਤੇ ਖ਼ਾਨਗਾਹ ਵਾਲੇ ਖ਼ੂਹ ਉੱਤੇ ਉਡੀਕਦਾ-ਉਡੀਕਦਾ ਅੱਕ ਕੇ ਆਪਣੀ ਹੌਲੀ-ਹੌਲੀ ਖਣਕਣ ਵਾਲੀ ਜਰੀਬ ਜੇਬ ਵਿਚ ਪਾ ਕੇ ਆਪਣੇ ਪਿੰਡ ਨੂੰ ਹੀ ਨਾ ਤੁਰ ਜਾਵੇ, ਮੈਂ ਕਾਹਲੀ-ਕਾਹਲੀ, ਪਰ ਆਪਣੀ ਨਵੀਂ ਜੁੱਤੀ ਸਦਕਾ ਛਿੱਲੀ-ਦੁਖਦੀ ਹੋਈ ਅੱਡੀ ਨਾਲ ਲੰਗ ਮਾਰਦਾ ਹੋਇਆ, ਦੌੜਿਆ। ਭਾਵੇਂ ਮਾਇਆ ਨੇ ਜੁੱਤੀ ਨੂੰ ਸਰੋਂ ਦਾ ਤੇਲ ਲਾ ਦਿੱਤਾ ਸੀ ਫੇਰ ਵੀ ਨਰਮ ਨਹੀਂ ਸੀ ਪਈ ਉਹ।
ਸ਼ਾਮ ਨੂੰ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਭੋਲੇ ਨੂੰ ਖੁਸ਼ੀ ਵੱਸ ਸਬਾਤ ਤੋਂ ਵਿਹੜੇ ਤਾਈਂ ਤੇ ਵਿਹੜੇ ਤੋਂ ਸਬਾਤ ਤਾਈਂ ਟਪੂਸੀਆਂ ਮਾਰਦਿਆਂ ਦੇਖਿਆ। ਉਹ ਇਕ ਸੋਟੀ ਦਾ ਘੋੜਾ ਬਣਾ ਕੇ ਉਸਨੂੰ ਭਜਾਈ ਫਿਰਦਾ ਸੀ ਤੇ ਗਾ ਰਿਹਾ ਸੀ—
''ਚੱਲ ਮਾਮੂਜੀ ਦੇ ਦੇਸ...ਓ ਘੋੜੇ, ਮਾਮੂਜੀ ਦੇ ਦੇਸ...
ਮਾਮੂਜੀ ਦੇ ਦੇਸ...ਹਾਂ-ਹਾਂ ਮਾਮੂਜੀ ਦੇ ਦੇਸ, ਓ ਘੋੜੇ...''
ਜਿਉਂ ਹੀ ਮੈਂ ਦਹਿਲੀਜ਼ ਉੱਤੇ ਪੈਰ ਧਰਿਆ, ਭੋਲੇ ਨੇ ਆਪਣਾ ਗਾਣਾ ਬੰਦ ਕਰ ਦਿੱਤਾ ਤੇ ਬੋਲਿਆ—
''ਬਾਬੀ, ਅੱਜ ਮਾਮੂਜੀ ਆਉਣਗੇ ਨਾ?''
'ਫੇਰ ਕੀ ਹੋਏਗਾ ਭੋਲੇ ਸ਼ਾਹ?'' ਮੈਂ ਪੁੱਛਿਆ।
'ਮਾਮੂਜੀ ਅਗਨ-ਬੋਟ ਲੈ ਕੇ ਆਉਣਗੇ, ਮਾਮੂਜੀ ਕੱਲੂ (ਕੁੱਤਾ) ਨੂੰ ਵੀ ਨਾਲ ਲਿਆਉਣਗੇ। ਮਾਮੂਜੀ ਦੇ ਸਿਰ ਉੱਤੇ ਛੱਲੀਆਂ ਦੀ ਪੰਡ ਹੋਏਗੀ, ਆਪਣੇ ਏਧਰ ਤਾਂ ਛੱਲੀਆਂ ਹੁੰਦੀਆਂ ਈ ਨੀਂ—ਹੈਨਾ ਬਾਬੀ? ਹੋਰ...ਹੋਰ ਉਹ ਮਠਿਆਈ ਵੀ ਲਿਆਉਗੇ ਜਿਹੜੀ ਤੁਸੀਂ ਸੁਪਨੇ 'ਚ ਵੀ ਨੀਂ ਦੇਖੀ ਹੋਣੀ...''
ਮੈਂ ਹੈਰਾਨ ਸੀ ਤੇ ਸੋਚ ਵੀ ਰਿਹਾ ਸੀ ਕਿ ਕਿੰਨੀ ਖੂਬੀ ਨਾਲ 'ਸੁਪਨੇ 'ਚ ਵੀ ਨੀਂ ਦੇਖੀ ਹੋਣੀ' ਸ਼ਹਿਜ਼ਾਦਿਆਂ ਤੇ ਸੱਤ ਸ਼ਹਿਜ਼ਾਦੀਆਂ ਵਾਲੀ ਕਹਾਣੀ ਦੇ ਇਹ ਸ਼ਬਦ ਉਸਨੇ ਚੇਤੇ ਰੱਖੇ ਹੋਏ ਸਨ। ''ਜਿਉਂਦਾ ਰਹਿ, ਲੰਮੀਆਂ ਉਮਰਾਂ ਹੋਣ,'' ਮੈਂ ਅਸੀਸ ਦੇਂਦਿਆਂ ਹੋਇਆਂ ਕਿਹਾ, ''ਬੜਾ ਸਮਝਦਾਰ ਤੇ ਸਿਆਣਾ ਮੁੰਡਾ ਐ, ਵੱਡਾ ਹੋ ਕੇ ਸਾਡਾ ਨਾਂਅ ਰੌਸ਼ਨ ਕਰੂਗਾ।''
ਸ਼ਾਮ ਹੁੰਦਿਆਂ ਹੀ ਭੋਲਾ ਦਰਵਾਜ਼ੇ ਵਿਚ ਜਾ ਬੈਠਾ ਕਿ ਮਾਮੂ ਜੀ ਦੀ ਸ਼ਕਲ ਦੇਖਦਿਆਂ ਹੀ ਅੰਦਰ ਵੱਲ ਦੌੜੇ ਤੇ ਪਹਿਲਾਂ ਆਪਣੀ ਬੀਬੀ ਤੇ ਫੇਰ ਮੈਨੂੰ ਆਪਣੇ ਮਾਮੂ ਜੀ ਦੇ ਆਉਣ ਦੀ ਖ਼ਬਰ ਸੁਣਾਵੇ।
ਦੀਵਿਆਂ ਨੂੰ ਤੀਲੀ ਵਿਖਾਈ ਗਈ। ਜਿਉਂ-ਜਿਉਂ ਰਾਤ ਦਾ ਹਨੇਰਾ ਗੂੜ੍ਹਾ ਹੁੰਦਾ ਜਾਂਦਾ, ਦੀਵਿਆਂ ਦਾ ਚਾਨਣ ਵੱਧ ਹੁੰਦਾ ਜਾਂਦਾ। ਫਿਕਰਮੰਦ ਆਵਾਜ਼ ਵਿਚ ਮਾਇਆ ਨੇ ਕਿਹਾ—
''ਬਾਪੂ ਜੀ, ਵੀਰ ਅਜੇ ਤਾਈਂ ਨਹੀਂ ਆਇਆ!''
''ਕਿਸੇ ਕੰਮ ਕਰਕੇ ਅੜਿੱਕਾ ਲੱਗ ਗਿਆ ਹੋਊ...। ਹੋ ਸਕਦੈ ਕੋਈ ਜ਼ਰੂਰੀ ਕੰਮ ਆ ਪਿਆ ਹੋਵੇ...ਰੱਖੜੀ ਦਾ ਸ਼ਗਨ ਡਾਕ ਰਾਹੀਂ ਭੇਜ ਦਊਗਾ।''
''ਪਰ ਰੱਖੜੀ?''
''ਹਾਂ ਰੱਖੜੀ ਲਈ ਤਾਂ ਉਸਨੂੰ ਹੁਣ ਤਾਈਂ ਆ ਜਾਣਾ ਚਾਹੀਦਾ ਸੀ!''
ਮੈਂ ਭੋਲੇ ਨੂੰ ਜਬਰਦਸਤੀ ਦਰਵਾਜ਼ੇ ਦੀ ਦਹਿਲੀਜ਼ ਤੋਂ ਉਠਾਇਆ। ਭੋਲੇ ਨੇ ਆਪਣੀ ਮਾਂ ਨਾਲੋਂ ਵੀ ਵੱਧ ਫਿਕਰਾਂ ਪਰੁੱਚੀ ਆਵਾਜ਼ ਵਿਚ ਕਿਹਾ—''ਬੀਬੀ, ਮਾਮੂਜੀ ਕਿਉਂ ਨਹੀਂ ਆਏ?''
ਮਾਂ ਨੇ ਭੋਲੇ ਨੂੰ ਗੋਦੀ ਚੁੱਕ ਲਿਆ ਤੇ ਪਿਆਰ ਕਰਦਿਆਂ ਹੋਇਆਂ ਕਿਹਾ—''ਸ਼ਾਇਦ ਸਵੇਰੇ, ਸਦੇਹਾਂ ਈ ਆ ਜਾਏ...ਤੇਰਾ ਮਾਮੂਜੀ, ਤੇ ਮੇਰਾ ਵੀਰਾ...!''
ਫੇਰ ਭੋਲੇ ਨੇ ਆਪਣੀਆਂ ਨਿੱਕੀਆਂ, ਕੋਮਲ-ਨਾਜ਼ੁਕ ਬਾਹਾਂ ਆਪਣੀ ਮਾਂ ਦੇ ਗਲੇ ਵਿਚ ਪਾਉਂਦਿਆ ਕਿਹਾ— ''ਮੇਰਾ ਮਾਮੂਜੀ...ਤੇਰਾ ਕੀ ਲੱਗਦੈ ਬੀਬੀ?''
''ਜੋ ਤੂੰ ਨਿੱਕੀ ਦਾ ਲੱਗਦੈਂ...।''
''ਵੀਰਜੀ ਨਾ?''
''ਤੈਨੂੰ ਨ੍ਹੀਂ ਪਤਾ...''
''ਤੇ ਬੰਟੀ (ਭੋਲੇ ਦਾ ਦੋਸਤ) ਦਾ ਕੀ ਲੱਗਦੈ?''
''ਕੁਛ ਵੀ ਨਹੀਂ...''
''ਵੀਰ ਜੀ ਵੀ ਨੀਂ?''
''ਨਹੀਂ...''
ਤੇ ਭੋਲਾ ਉਸ ਅਜੀਬ ਗੱਲ ਬਾਰੇ ਸੋਚਦਾ ਹੋਇਆ ਸੌਂ ਗਿਆ। ਜਦੋਂ ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਤਾਂ ਆਸਮਾਨ ਦੀ ਇਕ ਨੁੱਕਰ ਵਿਚ ਉਹੀ ਮਸ਼ਾਲ ਵਾਂਗੂੰ ਦਗਦਾ ਹੋਇਆ ਤਾਰਾ ਦਿਖਾਈ ਦਿੱਤਾ, ਪਰ ਮੇਰੇ ਇਕਟੱਕ ਵਿਹੰਦੇ ਰਹਿਣ ਕਰਕੇ ਮੱਧਮ ਹੁੰਦਾ ਗਿਆ। ਮੈਨੂੰ ਫੇਰ ਭੋਲੇ ਦਾ ਚਿਹਰਾ ਯਾਦ ਆ ਗਿਆ ਜਿਹੜਾ ਮੇਰੇ ਖ਼ਾਨਗਾਹ ਵਾਲੇ ਖ਼ੂਹ ਵੱਲ ਜਾਣ ਲਈ ਤਿਆਰ ਹੋਣ 'ਤੇ ਇੰਜ ਹੀ ਫਿੱਕਾ ਪੈ ਗਿਆ ਸੀ। ਕਿੰਨਾ ਸ਼ੌਕ ਹੈ ਭੋਲੇ ਨੂੰ ਕਹਾਣੀ ਸੁਣਨ ਦਾ। ਉਹ ਆਪਣੀ ਮਾਂ ਨੂੰ ਸਤੋਤਰ ਵੀ ਨਹੀਂ ਪੜ੍ਹਨ ਦੇਂਦਾ। ਏਡੇ ਬੱਚੇ ਨੂੰ ਭਲਾ ਗੀਤਾ ਦੀ ਕੀ ਸਮਝ, ਪਰ ਸਿਰਫ ਇਸ ਕਰਕੇ ਕਿ ਉਸਦੇ ਅਧਿਆਏ ਦੇ ਮਹਾਤਮ ਵਿਚ ਇਕ ਦਿਲਚਸਪ ਕਹਾਣੀ ਹੁੰਦਾ ਹੈ...ਉਹ ਬੜੇ ਹੀ ਸਬਰ ਨਾਲ ਅਧਿਆਏ ਦੇ ਖ਼ਤਮ ਹੋਣ ਤੇ ਮਹਾਤਮ ਦੇ ਸ਼ੁਰੂ ਹੋਣ ਦੀ ਉਡੀਕ ਕਰਦਾ ਰਹਿੰਦਾ ਹੈ।
ਮਾਇਆ ਦਾ ਭਰਾ ਅਜੇ ਤਾਈਂ ਨਹੀਂ ਸੀ ਆਇਆ—ਸ਼ਾਇਦ ਨਾ ਵੀ ਆਵੇ! ਮੈਂ ਦਿਲ ਵਿਚ ਕਿਹਾ—'ਉਸਨੂੰ ਆਪਣੀ ਭੈਣ ਦਾ ਪਿਆਰ ਨਾਲ ਜੋੜਿਆ ਮੱਖਣ ਖਾਣ ਲਈ ਤਾਂ ਆ ਜਾਣਾ ਚਾਹੀਦਾ ਸੀ।' ਤਾਰਿਆਂ ਵੱਲ ਦੇਖਦਿਆਂ-ਦੇਖਦਿਆਂ ਮੇਰੀ ਅੱਖ ਲੱਗ ਗਈ। ਅਚਾਨਕ ਮਾਇਆ ਦੀ ਆਵਾਜ਼ ਸੁਣ ਕੇ ਮੇਰੀ ਅੱਖ ਖੁੱਲ੍ਹੀ, ਉਹ ਦੁੱਧ ਵਾਲਾ ਛੰਨਾ ਲਈ ਖੜ੍ਹੀ ਸੀ।
''ਮੈਂ ਕਈ ਵਾਰੀ ਕਿਹੈ ਪੁੱਤ...ਤੂੰ ਮੇਰੇ ਲਈ ਐਨੀ ਖੇਚਲ ਨਾ ਕਰਿਆ ਕਰ।'' ਮੈਂ ਕਿਹਾ।
ਦੁੱਧ ਪੀਂਦਿਆਂ ਮੋਹ ਵੱਸ ਮੇਰੇ ਅੱਥਰੂ ਨਿਕਲ ਆਏ। ਹੱਦ ਤੋਂ ਵੱਧ ਖੁਸ਼ ਹੋ ਕੇ ਮਾਇਆ ਨੂੰ ਇਹੋ ਅਸੀਸ ਦੇ ਸਕਦਾ ਸੀ ਕਿ ਸੁਹਾਗ ਵਤੀ ਰਹੇ...ਕੁਝ ਅਜਿਹਾ ਹੀ ਮੈਂ ਕਹਿਣਾ ਚਾਹਿਆ, ਪਰ ਇਸ ਖ਼ਿਆਲ ਦੇ ਆਉਂਦਿਆਂ ਹੀ ਕਿ ਉਸਦਾ ਸੁਹਾਗ ਤਾਂ ਵਰ੍ਹਿਆਂ ਪਹਿਲਾਂ ਮੁੱਕ ਗਿਆ ਸੀ, ਮੈਂ ਕੁਝ ਨਾ ਕਹਿ ਕੇ ਆਪਣੇ ਵਲਵਲੇ ਨੂੰ ਦਬਾਉਂਦਿਆਂ ਸਿਰਫ ਏਨਾ ਕਿਹਾ—''ਧੀਏ, ਤੈਨੂੰ ਏਸ ਸੇਵਾ ਦਾ ਫਲ ਜ਼ਰੂਰ ਮਿਲੂ...''
ਫੇਰ ਮੇਰੇ ਨਾਲ ਵਾਲੇ ਮੰਜੇ ਤੋਂ ਭੋਲਾ ਨਿੱਕੀ ਨੂੰ ਪਰ੍ਹਾਂ ਧਰੀਕਦਾ ਹੋਇਆ ਜਿਹੜੀ ਉਸਦੇ ਨਾਲ ਪਈ ਹੋਈ ਸੀ ਤੇ ਅੱਖਾਂ ਮਲਦਾ ਹੋਇਆ ਉੱਠਿਆ। ਉੱਠਦਾ ਹੀ ਬੋਲਿਆ—''ਬਾਬੀ-ਏ, ਮਾਮੂਜੀ ਅਜੇ ਤਾਈਂ ਕਿਉਂ ਨਹੀਂ ਆਏ?''
'ਆ ਜਾਣਗੇ ਪੁੱਤ, ਸੌਂ ਜਾਹ...ਉਹ ਸਵੇਰੇ ਸਵਖ਼ਤੇ ਆ ਜਾਣਗੇ।''
ਆਪਣੇ ਪੁੱਤਰ ਨੂੰ ਆਪਣੇ ਮਾਮੇ ਲਈ ਏਨਾ ਬੇਚੈਨ ਵੇਖ ਕੇ ਮਾਇਆ ਵੀ ਬੇਚੈਨ ਹੋ ਗਈ—ਐਨ ਓਵੇਂ ਜਿਵੇਂ ਇਕ ਤੋਂ ਦੂਜਾ ਦੀਵਾ ਬਲ ਪੈਂਦਾ ਹੈ। ਕੁਝ ਚਿਰ ਪਿੱਛੋਂ ਉਹ ਭੋਲੇ ਨੂੰ ਨਾਲ ਪਾ ਕੇ ਥਾਪੜਨ ਲੱਗ ਪਈ।
ਮਾਇਆ ਦੀਆਂ ਅੱਖਾਂ ਵਿਚ ਵੀ ਨੀਂਦ ਰੜਕਨ ਲੱਗੀ। ਉਂਜ ਵੀ ਜਵਾਨੀ ਵਿਚ ਨੀਂਦ ਦਾ ਜੱਫਾ, ਜੈਂਡ-ਜੱਫਾ ਹੀ ਹੁੰਦਾ ਹੈ ਤੇ ਨਾਲੇ ਸਾਰੇ ਦਿਨ ਦੇ ਕੰਮ-ਧੰਦੇ ਥਕਾਅ ਮਾਰਦੇ ਨੇ, ਸੋ ਮਾਇਆ ਦੀ ਨੀਂਦ ਬੜੀ ਗੂੜ੍ਹੀ ਹੁੰਦੀ ਸੀ। ਮੇਰੀ ਨੀਂਦ ਤਾਂ ਆਮ ਬੁੱਢਿਆਂ ਵਾਲੀ ਨੀਂਦ ਸੀ...ਕਦੀ ਇਕ-ਅੱਧਾ ਘੰਟਾ ਸੌਂ ਲਿਆ, ਫੇਰ ਦੋ ਘੰਟੇ ਜਾਗਦਾ ਰਿਹਾ। ਫੇਰ ਕੁਝ ਚਿਰ ਉਂਘ ਲਿਆ ਤੇ ਬਾਕੀ ਰਾਤ ਤਾਰੇ ਗਿਣ-ਗਿਣ ਲੰਘਾਅ ਦਿੱਤੀ। ਮੈਂ ਭੋਲੇ ਨੂੰ ਆਪਣੇ ਨਾਲ ਪਾਉਣ ਲਈ ਕਹਿ ਕੇ ਮਾਇਆ ਨੂੰ ਸੌਂ ਜਾਣ ਲਈ ਕਿਹਾ।
'ਲਾਲਟੈਨ ਬਲਦੀ ਰਹਿਣ ਦੇਈਂ, ਸਿਰਫ ਬੱਤੀ ਨੀਵੀਂ ਕਰ ਦੇਈਂ...ਮੇਲੇ ਕਰਕੇ ਬੜੇ ਚੋਰ-ਉਚੱਕੇ ਭੌਂਦੇ ਫਿਰਦੇ ਆ।'' ਮੈਂ ਮਾਇਆ ਨੂੰ ਕਿਹਾ।
ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਵਾਰੀ ਮੇਲੇ ਵਿਚ ਜਿਹੜੇ ਲੋਕ ਆਏ ਸਨ, ਉਹਨਾਂ ਵਿਚ ਅਜਿਹੇ ਬੰਦੇ ਵੀ ਸੁਣੀਦੇ ਸਨ ਜਿਹੜੇ ਨਿੱਕੇ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਸਨ। ਗੁਆਂਢੀ ਪਿੰਡ ਵਿਚ ਇਕ ਦੋ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਸਨ ਤੇ ਇਸੇ ਕਰਕੇ ਮੈਂ ਭੋਲੇ ਨੂੰ ਆਪਣੇ ਨਾਲ ਪਾਉਣ ਲਈ ਕਿਹਾ ਸੀ। ਮੈਂ ਦੇਖਿਆ ਭੋਲਾ ਜਾਗ ਰਿਹਾ ਸੀ, ਉਸ ਪਿੱਛੋਂ ਮੇਰੀ ਅੱਖ ਲੱਗ ਗਈ।
ਕੁਝ ਚਿਰ ਪਿੱਛੋਂ ਜਦੋਂ ਮੇਰੀ ਅੱਖ ਖੁੱਲ੍ਹੀ, ਲਾਲਟੈਨ ਨੂੰ ਕੰਧ ਉੱਤੇ ਨਾ ਦੇਖ ਕੇ ਘਬਰਾ ਕੇ ਹੱਥ ਫੇਰਿਆ ਤਾਂ ਦੇਖਿਆ ਕਿ ਭੋਲਾ ਵੀ ਬਿਸਤਰੇ 'ਤੇ ਨਹੀਂ ਸੀ। ਮੈਂ ਹਨੇਰੇ ਵਿਚ ਕੰਧਾਂ ਨਾਲ ਟਕਰਾਉਂਦਿਆਂ ਤੇ ਮੰਜਿਆਂ ਦੀਆਂ ਠੋਕਰਾਂ ਖਾਂਦਿਆਂ ਹੋਇਆਂ ਸਾਰੇ ਮੰਜਿਆਂ ਉੱਤੇ ਦੇਖਿਆ। ਮਾਇਆ ਨੂੰ ਵੀ ਜਗਾਇਆ। ਘਰ ਦੇ ਸਾਰੇ ਅੰਦਰ-ਬਾਹਰ ਵੇਖ ਲਏ...ਭੋਲਾ ਕਿਤੇ ਨਹੀਂ ਸੀ।
'ਮਾਇਆ, ਅਸੀਂ ਲੁੱਟੇ ਗਏ।'' ਮੈਂ ਆਪਣਾ ਸਿਰ ਪਿੱਟ ਲਿਆ। ਮਾਇਆ ਮਾਂ ਸੀ, ਉਸਦੇ ਦਿਲ ਉੱਤੇ ਕੀ ਬੀਤ ਰਹੀ ਸੀ ਕੌਣ ਪੁੱਛੇ? ਆਪਣਾ ਸੁਹਾਗ ਉੱਜੜ ਜਾਣ 'ਤੇ ਉਸਨੇ ਏਨੇ ਵਾਲ ਨਹੀਂ ਸੀ ਪੁੱਟੇ; ਜਿੰਨੇ ਹੁਣ ਪੁੱਟ ਲਏ ਸਨ। ਉਸਦੇ ਦਿਲ ਨੂੰ ਡੋਬ ਪੈ ਰਹੇ ਸਨ ਤੇ ਉਹ ਝੱਲਿਆਂ ਵਾਂਗ ਚੀਕੀ-ਕੂਕੀ ਜਾ ਰਹੀ ਸੀ। ਚੀਕਾ-ਰੌਲੀ ਸੁਣ ਕੇ ਆਂਢਣਾ-ਗੁਆਂਢਣਾ ਆ ਗਈਆਂ ਤੇ ਭੋਲੇ ਦੇ ਲਾਪਤਾ ਹੋਣ ਦੀ ਖ਼ਬਰ ਸੁਣ ਕੇ ਰੋਣ ਬੈਠ ਗਈਆਂ।
ਅੱਜ ਮੈਂ ਇਕ ਬਾਜ਼ੀਗਰ ਨੂੰ ਆਪਣੇ ਘਰ ਦੇ ਅੰਦਰ ਤਾਈਂ ਝਾਕਦਿਆਂ ਵੀ ਵੇਖਿਆ ਸੀ, ਪਰ ਪ੍ਰਵਾਹ ਨਹੀਂ ਸੀ ਕੀਤੀ। ਹਾਏ, ਉਹ ਵੇਲਾ ਕਿੱਥੋਂ ਹੱਥ ਆਵੇ। ਮੈਂ ਮੰਨਤਾਂ ਮੰਗੀਆਂ ਕਿ ਭੋਲਾ ਲੱਭ ਜਾਵੇ। ਅਰਦਾਸਾਂ ਕਰਨ ਲੱਗਾ ਕਿ ਕਿਸੇ ਵੇਲੇ ਦੀ ਤਾਂ ਸੁਣੀ ਵੀ ਜਾਂਦੀ ਹੈ। ਉਹੀ ਸਾਰੇ ਘਰ ਦਾ ਚਾਨਣ ਸੀ, ਉਸੇ ਦਾ ਮੂੰਹ ਵੇਖ ਕੇ ਮੈਂ ਤੇ ਮਾਇਆ ਜਿਊਂਦੇ ਸੀ, ਉਸੇ ਦੀ ਆਸ ਉੱਤੇ ਅਸੀਂ ਉੱਡੇ ਫਿਰਦੇ ਸੀ। ਉਹ ਸਾਡੀਆਂ ਅੱਖਾਂ ਦਾ ਨੂਰ ਸੀ ਤੇ ਦੇਹਾਂ ਵਿਚ ਪ੍ਰਾਣ...ਉਸਦੇ ਬਗ਼ੈਰ ਅਸੀਂ ਕੁਝ ਵੀ ਨਹੀਂ....
ਮੈਂ ਭੌਂ ਕੇ ਦੇਖਿਆ। ਮਾਇਆ ਬੇਹੋਸ਼ ਹੋ ਗਈ ਸੀ। ਉਸਦੇ ਹੱਥ ਅੰਦਰ ਵੱਲ ਮੁੜੇ ਹੋਏ ਸਨ, ਦੇਹ ਆਕੜੀ ਹੋਈ ਸੀ ਤੇ ਅੱਖਾਂ ਖੜ੍ਹੀਆਂ ਸਨ ਤੇ ਕੋਈ ਜਣੀ ਉਸਦਾ ਨੱਕ ਘੁੱਟ ਕੇ ਚਮਚੇ ਨਾਲ ਉਸਦੀ ਦੰਦਲ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਸੀ।
ਮੈਂ ਸੱਚ ਕਹਿ ਰਿਹਾ ਹਾਂ, ਉਸ ਪਲ ਤਾਂ ਮੈਂ ਭੋਲੇ ਨੂੰ ਵੀ ਭੁੱਲ ਗਿਆ ਸੀ। ਮੇਰੇ ਪੈਰਾਂ ਹੇਠਲੀ ਧਰਤੀ ਡੋਲ ਰਹੀ ਸੀ...ਇਕੋ ਸਮੇਂ ਜਦੋਂ ਘਰ ਦੇ ਦੋ ਜੀਅ ਵਿੰਹਦਿਆਂ ਵਿੰਹਦਿਆ ਹੱਥੋਂ ਨਿਕਲ ਜਾਣ ਤਾਂ ਦਿਲ ਦੀ ਕੀ ਹਾਲਤ ਹੁੰਦੀ ਹੈ। ਮੈਂ ਕੰਬਦਾ ਹੋਇਆ ਰੱਬ ਨੂੰ ਮਾੜਾ-ਚੰਗਾ ਕਹਿਣ ਲੱਗਾ ਕਿ ਇਹ ਦੁੱਖ ਦਿਖਾਉਣ ਤੋਂ ਪਹਿਲਾਂ ਉਸਨੇ ਮੇਰੀ ਜਾਨ ਕਿਉਂ ਨਹੀਂ ਲੈ ਲਈ...ਹਾਏ! ਪਰ ਜਿਸ ਦੀ ਆਈ ਹੁੰਦੀ ਹੈ ਉਸਦੇ ਬਿਨਾਂ ਕਿਸੇ ਹੋਰ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ।
ਇਸ ਤੋਂ ਪਹਿਲਾਂ ਕਿ ਮੈਂ ਵੀ ਮਾਇਆ ਵਾਂਗ ਹੀ ਦਿਲ ਛੱਡ ਬਹਿੰਦਾ ਤੇ ਅਚੇਤ ਹੋ ਜਾਂਦਾ, ਮਾਇਆ ਹੋਸ਼ ਵਿਚ ਆ ਗਈ। ਮੈਂ ਪਹਿਲਾਂ ਨਾਲੋਂ ਕੁਝ ਹੌਸਲੇ ਵਿਚ ਹੋਇਆ। ਮਨ ਵਿਚ ਸੋਚਿਆ ਕਿ ਮੈਂ ਹੀ ਮਾਇਆ ਨੂੰ ਕੁਝ ਹੌਸਲਾ ਦੇ ਸਕਦਾ ਹਾਂ, ਤੇ ਜੇ ਮੈਂ ਖ਼ੁਦ ਹੀ ਇਉਂ ਹੌਸਲਾ ਛੱਡ ਦਿਆਂਗਾ ਤਾਂ ਮਾਇਆ ਕਿਸੇ ਤਰ੍ਹਾਂ ਨਹੀਂ ਬਚ ਸਕੇਗੀ। ਮੈਂ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਬੋਲਿਆ—''ਮਾਇਆ ਧੀਏ...ਦੇਖ! ਮੇਰਾ ਇੰਜ ਖਾਨਾਖ਼ਰਾਬ ਨਾ ਕਰ—ਹੌਸਲਾ ਕਰ। ਬੱਚੇ ਅਗਵਾਹ ਹੁੰਦੇ ਐ ਪਰ ਆਖ਼ਰ ਮਿਲ ਵੀ ਜਾਂਦੇ ਐ। ਬਾਜ਼ੀਗਰ ਬੱਚਿਆਂ ਨੂੰ ਮਾਰਨ ਖ਼ਾਤਰ ਨਹੀਂ ਲੈ ਜਾਂਦੇ, ਪਾਲ ਕੇ ਵੱਡਾ ਕਰਕੇ ਕਿਸੇ ਕੰਮ ਤੇ ਲਾਉਣ ਲਈ ਲੈ ਜਾਂਦੇ ਐ...ਭੋਲਾ ਆ ਜਾਊਗਾ!''
ਮਾਂ ਲਈ ਇਸ ਤਸੱਲੀ ਦੇ ਕੋਈ ਅਰਥ ਨਹੀਂ ਸਨ ਤੇ ਮੈਨੂੰ ਵੀ ਆਪਣੇ ਇਉਂ ਸਬਰ ਕਰ ਲੈਣ ਉੱਤੇ ਨਮੋਸ਼ੀ ਜਿਹੀ ਹੋਈ ਸੀ...ਭਾਵੇਂ ਇਹ ਸੋਚ ਕੇ ਚੁੱਪ ਹੋ ਗਿਆ ਹਾਂ ਕਿ ਮਾਇਆ ਦੇ ਮੁਕਾਬਲੇ ਮੈਨੂੰ ਭੋਲਾ ਘੱਟ ਪਿਆਰਾ ਨਹੀਂ।...ਪਰ ਨਹੀਂ—ਮੈਂ ਸੋਚਿਆ, 'ਮਰਦ ਨੂੰ ਜ਼ਰੂਰ ਕੁਛ ਹੌਸਲਾ ਦਿਖਾਉਣਾ ਚਾਹੀਦਾ ਐ।'
ਉਸ ਸਮੇਂ ਅੱਧੀ ਰਾਤ ਇਧਰ, ਅੱਧੀ ਉਧਰ ਸੀ ਜਦੋਂ ਸਾਡਾ ਗੁਆਂਢੀ ਇਸ ਘਟਨਾ ਦੀ ਖ਼ਬਰ ਕਰਨ ਲਈ ਥਾਨੇ ਵਲ ਰਵਾਨਾ ਹੋਇਆ, ਜਿਹੜਾ ਪਿੰਡੋਂ ਕੋਈ ਦਸ ਕੋਹ ਦੂਰ ਸ਼ਹਿਰ ਵਿਚ ਸੀ।
ਬਾਕੀ ਅਸੀਂ ਸਾਰੇ ਹੱਥ ਮਲਦੇ ਹੋਏ ਸਵੇਰ ਦੀ ਉਡੀਕ ਕਰਨ ਲੱਗ ਪਏ ਤਾਂਕਿ ਦਿਨ ਨਿਕਲਣ 'ਤੇ ਕਿਤੇ ਹੋਰ ਭੱਜ-ਨੱਠ ਕੀਤੀ ਜਾ ਸਕੇ।
ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਅਸੀਂ ਭੋਲੇ ਦੇ ਮਾਮੂਜੀ ਨੂੰ ਅੰਦਰ ਆਉਂਦਿਆਂ ਦੇਖਿਆ—ਉਸਦੀ ਗੋਦੀ ਭੋਲਾ ਸੀ...ਸਿਰ ਉੱਤੇ ਮਠਿਆਈ ਵਾਲੀ ਟੋਕਰੀ ਤੇ ਹੱਥ ਵਿਚ ਲਾਲਟੈਨ ਲਟਕ ਰਹੀ ਸੀ। ਸਾਨੂੰ ਤਾਂ ਜਿਵੇਂ ਸਾਰੀ ਦੁਨੀਆਂ ਦਾ ਖ਼ਜਾਨਾ ਲੱਭ ਪਿਆ ਹੋਵੇ। ਮਾਇਆ ਨੇ ਭਰਾ ਨੂੰ ਪਾਣੀ ਪੁੱਛਿਆ, ਨਾ ਟੱਬਰ ਦਾ ਹਾਲ-ਚਾਲ, ਬਸ, ਉਸਦੀ ਗੋਦੀਓਂ ਭੋਲੇ ਨੂੰ ਖਿੱਚ ਕੇ ਚੁੰਮਣ-ਚੱਟਨ ਲੱਗ ਪਈ। ਸਾਰੇ ਗੁਆਂਢੀਆਂ ਨੇ ਮੁਬਾਰਕਾਂ ਦਿੱਤੀਆਂ। ਭੋਲੇ ਦੇ ਮਾਮੂ ਨੇ ਕਿਹਾ—''ਮੈਨੂੰ ਕਿਸੇ ਕੰਮ ਕਾਰਕੇ ਦੇਰ ਹੋ ਗਈ ਸੀ, ਆਖ਼ਰੀ ਬੱਸ ਨੇ ਖਾਸਾ ਕੁਵੇਲਾ ਕਰ ਦਿੱਤਾ, ਦੇਰ ਹੋਣ ਕਾਰਕੇ ਮੈਂ ਹਨੇਰੇ ਵਿਚ ਰਸਤਾ ਭਟਕ ਗਿਆ ਸੀ...ਅਚਾਨਕ ਮੈਨੂੰ ਇਕ ਪਾਸਿਓਂ ਚਾਨਣ ਦਿਖਾਈ ਦਿੱਤਾ, ਮੈਂ ਉਸ ਵੱਲ ਤੁਰ ਪਿਆ। ਇਸ ਸੰਘਣੇ ਹਨੇਰੇ ਵਿਚ ਪਰਸਪੁਰ ਤੋਂ ਆਉਣ ਵਾਲੀ ਸੜਕ ਉਪਰ ਭੋਲੇ ਨੂੰ ਲਾਲਟੈਨ ਫੜ੍ਹੀ, ਕੰਡਿਆਲੀਆਂ ਝਾੜੀਆਂ ਵਿਚ ਫਸਿਆ ਖੜ੍ਹਾ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਇਸ ਵੇਲੇ ਇਹਨੂੰ ਉੱਥੇ ਹੋਣ ਦਾ ਸੱਬਬ ਪੁੱਛਿਆ ਤਾਂ ਇਹਨੇ ਜਵਾਬ ਦਿੱਤਾ ਬਈ 'ਬਾਬੀ ਨੇ ਅੱਜ ਦੁਪਹਿਰੇ ਮੈਨੂੰ ਕਹਾਣੀ ਸੁਣਾਈ ਸੀ। ਤੇ ਕਿਹਾ ਸੀ ਕਿ ਦਿਨੇ ਕਹਾਣੀ ਸੁਣਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਆ। ਤੁਸੀਂ ਦੇਰ ਤਾਈਂ ਨਹੀਂ ਆਏ ਤਾਂ ਮੈਨੂੰ ਇਹੀ ਲੱਗਿਆ ਕਿ ਤੁਸੀਂ ਰਾਹ ਭੁੱਲ ਗਏ ਹੋਵੋਗੇ...ਤੇ ਬਾਬੀ ਨੇ ਕਿਹਾ ਸੀ ਕਿ ਜੇ ਕੋਈ ਰਾਹੀ ਰਾਹ ਭੁੱਲ ਗਿਆ ਤਾਂ ਤੂੰ ਜ਼ਿੰਮੇਵਾਰ ਹੋਵੇਂਗਾ...!!' ''
--- --- ---

No comments:

Post a Comment