Wednesday, September 16, 2009

ਮਿਥੁਨ :: ਰਾਜਿੰਦਰ ਸਿੰਘ ਬੇਦੀ : राजिंदर सिंह बेदी


ਉਰਦੂ ਕਹਾਣੀ : ਮਿਥੁਨ :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ ਜੈਤੋ...ਮੋਬਾਇਲ : 94177-30600.


ਬਾਜ਼ਾਰ ਹੀ ਲੰਮਾ ਹੋ ਗਿਆ ਸੀ ਜਾਂ ਫੇਰ ਕਾਰੋਬਾਰ ਛੋਟਾ...ਇੰਜ ਜਾਪਦਾ ਸੀ—ਪੱਛਮ ਵਾਲੇ ਪਾਸੇ ਜਿੱਥੇ ਸੜਕ ਥੋੜ੍ਹਾ ਕੁ ਉਤਾਂਹ ਉਠਦੀ ਹੋਈ ਅਸਮਾਨ ਨਾਲ ਜਾ ਲੱਗਦੀ ਹੈ ਤੇ ਫੇਰ ਅਚਾਨਕ ਹੀ ਹੇਠਾਂ ਵੱਲ ਢਲ ਜਾਂਦੀ ਹੈ—ਓਹੀ ਦੁਨੀਆਂ ਦਾ ਸਿਰਾ ਹੈ; ਉੱਥੋਂ ਇਕੇ ਛਲਾਂਗ ਵਿਚ ਇਸ ਜੀਵਨ ਤੋਂ ਮੁਕਤ ਹੋਇਆ ਜਾ ਸਕਦਾ ਹੈ।
ਸਾਰੇ ਦਿਨ ਦੀ ਕੁੱਤੇ-ਭੁਕਾਈ ਪਿੱਛੋਂ ਮਗਨ ਗੰਜੇ ਕਬਾੜੀਏ ਦੇ ਹੱਥ ਕੁੱਲ ਦੋ ਚੀਜ਼ਾਂ ਹੀ ਆਈਆਂ ਸਨ—ਇਕ ਫਲੋਰੇਂਟੀਨ ਤੇ ਦੂਜੀ ਜੈਮਿਨੀ ਰਾਏ। ਫਲੋਰੇਂਟੀਨ ਨੂੰ ਤਾਂ ਸ਼ਾਇਦ ਕੋਈ ਮੂਰਖ਼ ਪ੍ਰੋਡਿਊਸਰ ਕਿਰਾਏ 'ਤੇ ਵੀ ਲੈ ਜਾਵੇ, ਪਰ ਜੈਮਿਨੀ ਰਾਏ? ਖ਼ੈਰ, ਕੋਈ ਗੱਲ ਨਹੀਂ। ਉਹ ਇਸ ਨੂੰ ਸੰਭਾਲ ਕੇ ਰੱਖੇਗਾ—ਭਵਿੱਖ ਵਿਚ ਉਹਦੇ ਪੋਤੇ-ਪੜਪੋਤੇ ਇਸਦੇ ਕਰੋੜਾਂ ਰੁਪੈ ਵੱਟਣਗੇ; ਜਿਵੇਂ ਅੱਜ-ਕੱਲ੍ਹ ਪੱਛਮੀ ਦੇਸ਼ਾਂ ਵਿਚ ਜੇ ਕਿਸੇ ਦੇ ਘਰੋਂ ਸਕੈੱਚ ਲੱਭ ਪੈਣ ਤਾਂ ਆਰਟ ਦੇ ਬਾਜ਼ਾਰ ਵਿਚ ਉਹਨਾਂ ਦੀ ਬੋਲੀ ਲੱਖਾਂ ਤਾਈਂ ਪਹੁੰਚ ਜਾਂਦੀ ਹੈ...ਤੇ ਇਹਨਾਂ ਲੱਖਾਂ-ਕਰੋੜਾਂ ਦੇ ਸੁਪਨਿਆਂ ਨੇ ਹੀ ਇਸ ਕਬਾੜੀਏ ਦੀ ਮੱਤ ਮਾਰੀ ਹੋਈ ਸੀ। ਉਹ ਭੁੱਲ ਹੀ ਗਿਆ ਸੀ ਕਿ ਉਹ ਚਾਲੀ-ਬਿਆਲੀ ਸਾਲ ਦਾ ਕਬਾੜੀਆ, ਗੰਜਾ ਤਾਂ ਹੋ ਗਿਆ ਹੈ, ਪਰ ਅੱਜ ਤਾਈਂ ਉਹਦਾ ਵਿਆਹ ਨਹੀਂ ਹੋਇਆ, ਸੋ ਪੋਤੇ-ਪੜਪੋਤੇ ਕਿੱਥੋਂ ਆਉਣਗੇ?...ਪਰ ਉਹ ਵਿਚਾਰਾ ਹੋਰ ਸੋਚ ਵੀ ਕੀ ਸਕਦਾ ਸੀ! ਉਹ ਜਾਤ ਦਾ ਹਿੰਦੂ ਸੀ ਤੇ ਨੀਤ ਦਾ ਬਾਣੀਆ...ਦੁਨੀਆਂ ਜਹਾਨ ਵਿਚ ਜੇ ਕੋਈ ਪੈਸੇ ਦਾ ਪੁਜਾਰੀ ਹੈ ਤਾਂ ਹਿੰਦੂ। ਏਡੇ ਮਹਾਨ ਫਲਸਫੇ ਦੇ ਵਾਰਸ, ਮੂੰਹੋਂ ਤਾਂ ਪੈਸੇ ਨੂੰ—'ਮਾਇਆ-ਮਿਥਿਆ'—ਕਹਿ ਕੇ 'ਪਰ੍ਹਾਂ-ਪਰ੍ਹਾਂ' ਕਰਦੇ ਨੇ, ਪਰ ਅੰਦਰਖਾਤੇ ਉਸ ਨਾਲ ਪੀਢੀਆਂ ਗੰਢਾਂ ਮਾਰੀ ਬੈਠੇ ਨੇ। ਅੱਜ ਵੀ ਦਿਵਾਲੀ ਵਾਲੇ ਦਿਨ ਉਹਨਾਂ ਦੇ ਘਰੀਂ ਪ੍ਰਾਂਤ ਹੇਠ ਬਾਲੀ ਜੋਤ ਕੋਲ, ਕੱਚੀ ਲੱਸੀ ਨਾਲ ਧੋਤਾ, ਸੰਧੂਰ ਦੇ ਟਿੱਕੇ ਲੱਗਿਆ, ਚਾਂਦੀ ਦਾ ਰੁਪਈਆ ਪਿਆ ਵੇਖਿਆ ਜਾ ਸਕਦਾ ਹੈ। ਦੁਸਹਿਰੇ ਵਾਲੇ ਦਿਨ ਉਹ, ਗੇਂਦੇ ਦੇ ਫੁੱਲਾਂ ਨਾਲ ਸਜਾਈ ਹੋਈ ਕਾਰ ਵਿਚ, ਸਮੇਤ ਪਰਿਵਾਰ ਬੈਠੇ, ਲਕਸ਼ਮੀ-ਮੰਦਰ ਜਾ ਰਹੇ ਹੁੰਦੇ ਨੇ—ਪੂਜਨ ਕਰਨ ਲਈ। ਪੈਸੇ ਖਾਤਰ ਉਹ, ਯੂਸਫ ਵਰਗੇ ਭਰਾ ਅਤੇ ਪਦਮਨੀ ਵਰਗੀ ਪਤਨੀ ਨੂੰ ਵੀ ਵੇਚਣ ਲਈ ਤਿਆਰ ਹੋ ਜਾਂਦੇ ਨੇ।
ਤੇ ਸਾਹਮਣੇ ਈਵਜ਼ ਬੈਟਰੀ ਦੇ ਏਜੈਂਟ ਸਿਰਾਜੇ ਦੀ ਦੁਕਾਨ ਸੀ, ਜਿਸਦਾ ਕੁਝ ਹਿੱਸਾ ਪਿੱਪਲ ਦੇ ਘੇਰੇ ਦੀ ਓਟ ਵਿਚ ਲੁਕਿਆ ਹੋਇਆ ਸੀ। ਤੜਕਸਾਰ ਲਿਚਲਿਚੇ ਹਿੰਦੂ ਆਉਂਦੇ ਤੇ ਪਿੱਪਲ ਦੇ ਮੁੱਢ ਉੱਤੇ ਗੜਵੀਆਂ ਵਿਚਲੀ ਕੱਚੀ ਲੱਸੀ ਢਾਲ ਜਾਂਦੇ—ਜਿਸ ਕਰਕੇ ਦੁਕਾਨ ਦੇ ਸਾਹਮਣੇ, ਸੜਕ ਉੱਤੇ, ਚਿੱਕੜ ਹੀ ਚਿੱਕੜ ਹੋ ਜਾਂਦਾ ਸੀ। ਵੰਡ ਪਿੱਛੋਂ ਹਿੰਦੁਸਤਾਨ ਵਿਚ ਰਹਿ ਗਏ ਸਿਰਾਜੇ ਨੂੰ ਲਿਚਲਿਚੇ ਹਿੰਦੂਆਂ ਦੀ ਇਸ ਰਸਮ ਦਾ ਸਤਿਕਾਰ ਕਰਨਾ ਪੈ ਰਿਹਾ ਸੀ। ਹਾਂ, ਆਕੀ ਸਨ ਤਾਂ ਉਹ ਅਵਾਰਾ ਕੁੱਤੇ ਜਿਹੜੇ ਸਾਰਾ ਦਿਨ, ਇਕ ਲੱਤ ਚੁੱਕ ਕੇ, ਉਸ ਰੁੱਖ ਉੱਤੇ ਪਿਸ਼ਾਬ ਕਰਦੇ ਰਹਿੰਦੇ ਸਨ, ਜਿਸ ਬਾਰੇ ਭਗਵਾਨ ਨੇ ਆਪ ਕਿਹਾ ਸੀ—'...ਤੇ ਰੁੱਖਾਂ ਵਿਚ ਮੈਂ ਪਿੱਪਲ ਹਾਂ'। ਲਾਜ਼ਮੀਂ ਉਹ ਪਿਛਲੇ ਜਨਮ ਵਿਚ ਮੁਸਲਮਾਨ ਹੁੰਦੇ ਹੋਣਗੇ ਤੇ ਸੰਨ ਸੰਤਾਲੀ ਦੇ ਦੰਗਿਆਂ ਵਿਚ ਹਿੰਦੂਆਂ ਹੱਥੋਂ ਮਾਰੇ ਗਏ ਹੋਣਗੇ।
ਸਿਰਾਜਾ ਹਮੇਸ਼ਾ ਪਿੱਪਲ ਦੀਆਂ ਗੁਲ੍ਹਰਾਂ ਖਾਂਦਾ ਰਹਿੰਦਾ ਸੀ। ਮੰਦੇ ਜਾਂ ਭੁੱਖ ਕਰਕੇ ਨਹੀਂ, ਬਲਕਿ ਉਹ ਹਰੇਕ ਉਸ ਚੀਜ਼ ਨੂੰ ਖਾਂਦਾ ਸੀ, ਜਿਹੜੀ ਉਹਦੇ ਵੀਰਜ ਨੂੰ ਗਾੜ੍ਹਾ ਕਰ ਦਵੇ। ਹਾਂ, ਮੁਸਲਮਾਨ ਲਿੰਗ-ਕਟੀ ਕੌਮ ਦਾ ਕੰਮ ਹੀ ਇਹੋ ਹੈ—ਖਾਣਾ, ਪੀਣਾ ਤੇ ਸੰਭੋਗ ਕਰਨਾ। ਬਣੇ ਭਾਵੇਂ ਇਹ ਕੁਝ ਵੀ ਫਿਰਨ, ਪਰ ਹੈ ਤਾਂ ਖਾਨਾਬਦੋਸ਼ ਹੀ—ਜੇ ਹਿੰਦੁਸਤਾਨ ਵਿਚ ਰਹਿਣ ਤਾਂ ਪਾਕਿਸਤਾਨ ਦੀਆਂ ਗੱਲਾਂ ਕਰਨਗੇ ਤੇ ਜਦੋਂ ਪਾਕਿਸਤਾਨ ਵਿਚ ਹੋਣਗੇ ਤਾਂ—'ਮੇਰੇ ਮੌਲਾ ਬੁਲਾਲੇ ਮਦੀਨੇ ਮੁਝੇ' ਦਾ ਰਾਗ ਸ਼ੁਰੂ ਕਰ ਲੈਣਗੇ। ਉਹਨਾਂ ਦੀ ਤਾਂ ਜਿਵੇਂ ਕਿਸੇ ਜਗ੍ਹਾ ਨਾਲ ਕੋਈ ਸਾਂਝ ਹੀ ਨਹੀਂ। ਮਗਨ ਗੰਜੇ ਨੇ ਕਈ ਵਾਰੀ ਇਸ ਬਾਰੇ ਸੋਚਿਆ ਵੀ—ਉਹਨਾਂ ਦਾ ਅੱਲ੍ਹਾ ਬੜੀ ਐਸ਼ ਕਰਦਾ ਹੈ। ਇਕ ਸਾਡੇ ਰੱਬ ਜੀ ਨੇ ਜਿਹੜੇ ਹੇਠਾਂ ਦੀ ਬਜਾਏ ਉੱਤੇ ਤ੍ਰਿਕੁਟੀ ਦੇ ਆਸਪਾਸ ਡੇਰੇ ਲਾ ਕੇ ਬੈਠੇ ਹੋਏ ਨੇ। ਸ਼ਾਇਦ ਸਿਰਾਜਾ ਅਚੇਤ ਤੌਰ 'ਤੇ ਹੀ ਇਕ ਤਾਂਤਕਰੀ ਸੀ, ਜਿਹੜਾ ਵੀਰਜ-ਬਿੰਦੂ ਦੀ ਰਕਸ਼ਾ ਕਰਦਾ ਤੇ ਕੁੰਡਲਨੀ ਜਗਾਉਂਦਾ ਹੈ ਤੇ ਉਪਰਲੇ ਪੰਧ ਉਲੀਕਦਾ ਹੈ। ਤਾਂਤਕਰੀ ਲੋਕ ਔਰਤ ਨਾਲ ਆਕੜੇ ਪਏ ਰਹਿੰਦੇ ਨੇ, ਪਰ ਆਪਣੀ ਜੀਵਨ ਲੌ (ਵੀਰਜ) ਨੂੰ ਖਾਰਜ ਨਹੀਂ ਹੋਣ ਦਿੰਦੇ। ਔਰਤ ਨੂੰ ਸਿਰਫ ਇਕ ਸਾਧਨ ਬਣਾ ਕੇ ਅਜਿਹੇ ਨਿੱਜਵਾਦੀ ਢੰਗ ਨਾਲ ਮੋਕਸ਼ ਪ੍ਰਾਪਤੀ ਦੀ ਆਸ ਲਾਈ ਬੈਠੇ ਬੰਦਿਆਂ ਨੇ ਕੀ ਕਦੀ ਇਹ ਵੀ ਸੋਚਿਆ ਹੈ ਕਿ ਉਸ ਵਿਚਾਰੀ ਦਾ ਕੀ ਹਾਲ ਹੁੰਦਾ ਹੋਵੇਗਾ?...ਔਰਤ ਨੂੰ ਭੁੱਖੀ-ਪਿਆਸੀ, ਰੋਂਦੀ-ਕੁਰਲਾਂਦੀ ਰੱਖ ਕੇ ਕਿੰਜ ਨਿਰਵਾਨ ਤਾਈਂ ਪਹੁੰਚਿਆ ਜਾ ਸਕਦਾ ਹੈ? ਫੇਰ ਉਹ ਕਿਹੜਾ ਮੋਕਸ਼ ਹੈ, ਜਿਸਨੇ ਤੀਵੀਂ ਨੂੰ ਆਦਮੀ ਤੇ ਆਦਮੀ ਨੂੰ ਤੀਵੀਂ ਤੋਂ ਛੁਟਕਾਰਾ ਪਾਉਣ ਪਿੱਛੋਂ ਹੀ ਮਿਲਣਾ ਹੈ? ਇਕ ਇਕੱਲੀ ਬੂੰਦ, ਕਦੇ ਮੋਤੀ ਨਹੀਂ ਬਣ ਸਕਦੀ...ਤੇ ਨਾ ਹੀ ਕਦੀ ਇਕੱਲੇ ਸਿਪ 'ਚੋਂ ਮੋਤੀ ਪੈਦਾ ਹੋਇਆ ਹੈ। ਮੋਤੀ ਤਾਂ ਬੂੰਦ ਦੇ ਡਿੱਗਣ ਤੇ ਸਿਪ ਦਾ ਉਹਨੂੰ ਆਪਣੇ ਅੰਦਰ ਸਮੋ ਕੇ ਮੂੰਹ ਬੰਦ ਕਰ ਲੈਣ ਪਿੱਛੋਂ ਹੀ ਹੋਂਦ ਵਿਚ ਆਉਂਦਾ ਹੈ।
ਰਾਤ ਨੇ ਝਪਟਾ ਮਾਰਿਆ ਤੇ ਦੁਨੀਆਂ ਦਾ 'ਉਹ ਸਿਰਾ' ਹਨੇਰੇ ਦੇ ਨਾਲ ਹੀ ਕੁਝ ਹੋਰ ਨੇੜੇ ਸਰਕ ਆਇਆ। ਰੇਸ਼ਮ ਵਾਲੇ ਵਲੈਤੀ ਰਾਮ ਅਤੇ ਕਸ਼ਮੀਰੀ ਬੜਸ਼ਾਹ ਹੁਰਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਸਨ। ਏਥੋਂ ਤਾਈਂ ਕਿ ਉੜਪੀ ਦੇ ਚੱਕਰ-ਪਾਣੀ ਦੀ ਦੁਕਾਨ ਵੀ ਬੰਦ ਹੋ ਚੁੱਕੀ ਸੀ। ਹੋ ਸਕਦਾ ਹੈ, ਮਹੀਨੇ ਦਾ ਦੂਜਾ ਛਨੀਵਾਰ ਹੋਣ ਕਰਕੇ ਉਹਦੇ ਇਡਲੀ ਦੋਸੇ, ਸਾਂਭਰ, ਰਵਾਕੇਸਰੀ, ਸੱਭੋ ਕੁਝ ਵਿਕ ਗਿਆ ਹੋਵੇ। ਇਕ ਸਿਰਾਜੇ ਦੀ ਦੁਕਾਨ ਖੁੱਲ੍ਹੀ ਸੀ। ਪਤਾ ਨਹੀਂ ਉਹ ਕਿਸ ਝਾਕ ਵਿਚ ਬੈਠਾ ਸੀ! ਸ਼ਾਇਦ ਬੈਟਰੀ ਦੀ ਵੱਧ ਲੋੜ ਰਾਤ ਵੇਲੇ ਹੀ ਹੁੰਦੀ ਹੈ। ਪਰ ਉਹ ਤਾਂ ਸਵੇਰੇ-ਸਵੱਖਤੇ ਹੀ ਦੁਕਾਨ ਖੋਲ੍ਹ ਬਹਿੰਦਾ ਸੀ, ਉਹ ਵੇਲਾ ਵੀ ਤਾਂ ਰਾਤ ਦਾ ਇਕ ਹਿੱਸਾ ਹੀ ਹੁੰਦਾ ਹੈ ਨਾ...ਆਖ਼ਰੀ ਹਿੱਸਾ! ਉਂਜ ਸਵੇਰ ਕਦੋਂ ਕਿਸ ਦੀ ਹੋਈ ਹੈ...ਉਹ ਤਾਂ ਕਾਮਰੇਡਾਂ ਦੀ ਹੋ ਚੁੱਕੀ ਹੈ। ਸ਼ਾਇਦ ਸਿਰਾਜਾ ਟੂਰਿਸਟ ਏਜੈਂਟ ਮਾਈਕਲ ਨੂੰ ਉਡੀਕ ਰਿਹਾ ਸੀ ਤਾਂਕਿ ਦੋਵੇਂ ਜਣੇ ਅਗਲੇ ਦਿਨ ਕਿਤੇ ਆਗਰੇ, ਖਜੁਰਾਹੋ ਵਗੈਰਾ ਜਾਣ ਦਾ ਪ੍ਰੋਗਰਾਮ ਬਣਾ ਲੈਣ ਤੇ ਕੁਝ ਨੋਟਾਂ ਦਾ ਹੇੜ-ਗੇੜ ਹੋ ਜਾਵੇ। ਉਂਜ ਸਿਰਾਜਾ ਪੈਸੇ ਪਿੱਛੇ ਨਹੀਂ ਸੀ ਭੱਜਦਾ—ਉਹ ਤਾਂ ਉਹਨਾਂ ਪੱਛਮੀ ਔਰਤਾਂ ਦੇ ਪਿੱਛੇ ਜਾਂਦਾ ਸੀ, ਜਿਹੜੀਆਂ ਕਈ ਕਈ ਵਿਆਹ, ਤਲਾਕਾਂ ਪਿੱਛੋਂ ਭੁੱਖ ਨੰਗ ਨਾਲ ਘੁਲਦੀਆਂ ਹੋਈਆਂ ਏਧਰ ਆਉਂਦੀਆਂ ਸਨ ਤੇ ਇੱਥੇ ਆ ਕੇ ਮੁਮਤਾਜ ਮਹਿਲ ਦੀ ਮੁਹੱਬਤ ਨੂੰ ਕਿਸੇ ਸ਼ਾਹਜਹਾਂ ਤਬੀਅਤ ਮਰਦ ਉੱਤੇ ਅਜ਼ਮਾਉਂਦੀਆਂ ਸਨ...ਅਤੇ ਖਜੁਰਾਹੋ ਦੇ ਮਿਥੁਨ ਨੂੰ ਮੁੜ ਸਾਕਾਰ ਕਰ ਦੇਂਦੀਆਂ ਸਨ।
ਉਦੋਂ ਹੀ ਸਿਰਾਜੇ ਦੀ ਆਵਾਜ਼ ਸੁਣ ਕੇ ਮਗਨ ਲਾਲ ਦੇ ਕੰਨ ਖੜ੍ਹੇ ਹੋ ਗਏ—''ਹੈਲੋ ਸਵੀਟ ਪਾਈ''...
ਸਿਰਾਜਾ ਅਨਪੜ੍ਹ ਸੀ, ਪਰ ਟੂਰਿਸਟਾਂ ਦੀ ਸੰਗਤ ਵਿਚ ਰਹਿ ਕੇ ਥੋੜ੍ਹੀ-ਬਹੁਤੀ ਅੰਗਰੇਜ਼ੀ ਘੋਟਣ ਲੱਗ ਪਿਆ ਸੀ। ਉਸਦੀ ਆਵਾਜ਼ ਸੁਣ ਕੇ ਮਗਨ ਸਮਝ ਗਿਆ ਕਿ ਕੀਰਤੀ ਆਈ ਹੈ।
ਉਸ ਸੱਚਮੁੱਚ ਕੀਰਤੀ ਹੀ ਸੀ—ਛੋਟੇ ਕੱਦ, ਨਰੋਏ ਸਰੀਰ ਤੇ ਮੋਟੇ ਨੈਣ-ਨਕਸ਼ਿਆਂ ਵਾਲੀ ਇਕ ਉਦਾਸ ਜਿਹੀ ਕੁੜੀ। ਉਹਦਾ ਰੰਗ ਪੱਕਾ ਸੀ ਤੇ ਜਾਮਨੀ ਰੰਗ ਦੀ ਧੋਤੀ ਬੰਨ੍ਹੀ ਹੋਈ ਸੀ। ਇੰਜ ਜਾਪਦਾ ਸੀ ਜਿਵੇਂ ਹਨੇਰੇ ਦਾ ਇਕ ਟੋਟਾ ਸਾਖਿਆਤ ਹੋ ਕੇ ਚਾਣਚੱਕ ਹੀ ਸਾਹਮਣੇ ਆ ਗਿਆ ਹੋਵੇ। ਉਹ ਹਮੇਸ਼ਾ ਰਾਤ ਨੂੰ ਹੀ ਆਉਂਦੀ ਸੀ—ਜਿਵੇਂ ਆਪਣੇ ਆਪ ਨੂੰ ਲਕੋਈ-ਛੁਪਾਈ ਰੱਖਣਾ ਚਾਹੁੰਦੀ ਹੋਵੇ ਤੇ ਸ਼ਇਦ ਇਸੇ ਲਈ ਉਸਦੀ ਦੁਕਾਨ ਖੁੱਲ੍ਹੀ ਸੀ! ਸਿਰਾਜਾ ਆਪਣੀ ਦੁਕਾਨ ਸਾਹਮਣੇ ਖੜ੍ਹਾ ਸੀ ਤੇ ਕੀਰਤੀ ਸਦਾ ਵਾਂਗ ਬਿਨਾਂ ਉਸ ਵੱਲ ਝਾਕਿਆਂ ਅਗਾਂਹ ਲੰਘ ਆਈ ਸੀ, ਪਰ ਉਹ ਅਜੇ ਵੀ ਸੀਟੀ ਵਜਾ ਰਿਹਾ ਸੀ।
ਪਰ ਕੀਰਤੀ ਇਸ ਨਾਲ, ਉਸ ਨਾਲ ਜਾਂ ਕਿਸੇ ਹੋਰ ਨਾਲ ਗੱਲ ਹੀ ਕਦੋਂ ਕਰਦੀ ਸੀ। ਉਸ ਨਾਲ ਗੱਲ ਕਰਨ ਲਈ ਤਾਂ ਅਜਿਹੇ ਸਵਾਲ ਘੜਨੇ ਪੈਂਦੇ ਸਨ ਜਿਹਨਾਂ ਦਾ ਜਵਾਬ ਸਿਰਫ 'ਹਾਂ' ਜਾਂ 'ਨਾਂਹ' ਹੋਵੇ ਤੇ ਉਹ ਸਿਰ ਨੂੰ ਹੇਠ-ਉਤਾਂਹ ਜਾਂ ਸੱਜੇ-ਖੱਬੇ ਹਿਲਾ ਕੇ ਜਵਾਬ ਦੇ ਦੇਵੇ। ਸਿਰਾਜੇ ਦਾ ਉਸ ਨਾਲ ਛੇੜਖਾਨੀ ਕਰਨਾ ਮਗਨ ਨੂੰ ਚੰਗਾ ਨਹੀਂ ਸੀ ਲੱਗਦਾ। ਉਹਨੇ ਕਈ ਵਾਰੀ ਮਗਨ ਨੂੰ ਵੀ ਕਿਹਾ ਸੀ—''ਮੇਰੇ ਯਾਰ, ਤੈਂ ਕਿਤੇ ਇਸ਼ਕ ਵਗੈਰਾ ਦੇ ਚੱਕਰ 'ਚ ਤਾਂ ਨੀਂ ਪੈ ਗਿਆ? ਜਵਾਨ ਕੁੜੀ ਏ, ਖਿੱਚ ਦੇ...। ਬਹੁਤਾ ਲੱਕੇ-ਕਬੂੱਤਰ ਆਂਗੂੰ ਏਧਰ-ਉਧਰ ਗੁਟਕਦਾ ਫਿਰੇਂਗਾ ਤਾਂ ਫੁਰਰ ਹੋ-ਜੂ; ਫੁ-ਰ-ਰ।''
ਪਰ ਮਗਨ ਉਸ 'ਤੇ ਕੌੜ ਜਾਂਦਾ ਸੀ।
ਅਸਲ ਵਿਚ ਮਗਨ ਗੰਜੇ ਦਾ ਧੰਦਾ ਹੀ 'ਟ੍ਰ-ਟ੍ਰ' ਵਾਲਾ ਸੀ। ਜਦੋਂ ਕਦੀ ਕੀਰਤੀ ਉਸ ਕੋਲ ਆਪਣਾ 'ਵੁੱਡ-ਵਰਕ' ਵੇਚਣ ਆਉਂਦੀ, ਉਹ ਉਸ ਵਿਚ ਘੁਣਤਰਾਂ ਕੱਢਣ ਲੱਗ ਜਾਂਦਾ। ਕਦੀ ਆਖਦਾ, ਅਜਿਹੀਆਂ ਚੀਜਾਂ ਦੀ ਅੱਜ ਕੱਲ੍ਹ 'ਡਿਮਾਂਡ' ਨਹੀਂ ਰਹੀ ਤੇ ਕਦੀ ਕਹਿੰਦਾ, 'ਇਹ ਕਲਾ ਦੀ ਕਸੌਟੀ 'ਤੇ ਪੂਰੀ ਓ ਨੀਂ ਉਤਰਦੀ।' ਕੀਰਤੀ ਦੇ ਚਿਹਰੇ ਦੀ ਉਦਾਸੀ ਵਧ ਜਾਂਦੀ। ਏਨੀਆਂ ਗੱਲਾਂ ਕਰਨ ਦਾ ਮਕਸਦ ਇਹ ਹੁੰਦਾ ਸੀ ਕਿ ਕੀਰਤੀ ਉਸ ਨੂੰ ਸੌ ਰੁਪੈ ਦੇ ਮੁੱਲ ਦੀ ਚੀਜ਼ ਦਸਾਂ ਪੰਜਾਂ ਵਿਚ ਹੀ ਫੜਾ ਜਾਵੇ ਤੇ ਉਹ ਉਸਨੂੰ ਮੌਕਾ ਭਿੜਾ ਕੇ ਸੈਂਕੜਿਆਂ ਵਿਚ ਵੇਚ ਦੇਵੇ।
ਕੀਰਤੀ ਨੇ ਇਹ ਕਲਾ ਕਿਸੇ ਕਲਾ-ਮੰਦਰ ਵਿਚ ਨਹੀਂ ਸੀ ਸਿੱਖੀ। ਉਸਦਾ ਪਿਓ ਨਾਰਾਇਣ ਇਕ ਸ਼ਿਲਪਕਾਰ ਸੀ। ਉਹ ਭਾਊਦਾਜੀ ਤੇ ਜੇਮਸ ਬਰਗਸ ਵਰਗੇ ਬੰਦਿਆਂ ਨਾਲ ਨਿਪਾਲ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ, ਹਿੰਦੁਸਤਾਨ ਦੀ ਕਲਾ ਪ੍ਰੰਪਰਾ ਨੂੰ ਲੱਭਦਾ ਫਿਰਿਆ ਸੀ। ਇਸ ਕਲਾ ਦੇ ਨਮੂਨੇ ਲੰਡਨ ਦੇ ਮਿਊਜ਼ੀਅਮ, ਨਿਊਯਾਰਕ ਅਤੇ ਸ਼ਿਕਾਗੋ ਦੀਆਂ ਅਜਾਇਬ ਘਰਾਂ ਵਰਗੀਆਂ ਦੁਕਾਨਾਂ ਵਿਚ ਰੁਲ ਰਹੇ ਸਨ। ਹਰ ਸਾਲ ਸਾਡੇ ਮੰਦਰਾਂ ਅਤੇ ਅਜਾਇਬ-ਖਾਨਿਆਂ ਵਿਚੋਂ ਸੈਂਕੜੇ ਮੂਰਤੀਆਂ ਅਲੋਪ ਹੋ ਜਾਂਦੀਆਂ ਨੇ ਤੇ ਹਜ਼ਾਰਾਂ ਮੀਲ ਦੂਰ ਕਿਉਰੀਓ ਵਗੈਰਾ ਦੀਆਂ ਦੁਕਾਨਾਂ ਵਿਚ ਜਾ ਪ੍ਰਗਟ ਹੁੰਦੀਆਂ ਨੇ। ਨਰਾਇਣ ਇਸ ਨਿੱਤ-ਦਿਹਾੜੇ ਦੇ ਸਫ਼ਰ ਤੋਂ ਤੰਗ ਆ ਕੇ ਵਾਪਸ ਮੁੜ ਆਇਆ ਸੀ...ਤੇ ਫੇਰ ਉਹਨੇ ਘਰੇ ਹੀ ਸ਼ਿਲਪਕਾਰੀ ਸ਼ੁਰੂ ਕਰ ਦਿੱਤੀ ਸੀ। ਕੀਰਤੀ ਬੜੇ ਧਿਆਨ ਨਾਲ ਉਹਨੂੰ ਕੰਮ ਕਰਦਿਆਂ ਵਿੰਹਦੀ, ਔਜਾਰ ਵਗੈਰਾ ਫੜਾਉਂਦੀ ਤੇ 'ਰਫ਼-ਵਰਕ' ਵਿਚ ਉਹਦਾ ਹੱਥ ਵਟਾਉਂਦੀ। ਇੰਜ ਘਰ ਬੈਠਾ ਨਰਾਇਣ ਸ਼ਿਲਪਕਾਰ ਸ਼ਾਇਦ ਇਕ ਗੱਲ ਭੁੱਲ ਗਿਆ ਸੀ ਕਿ ਪੁਰਾਤਨ-ਕਲਾ, ਆਧੁਨਿਕ-ਕਲਾ ਨਾਲੋਂ ਮਹਿੰਗੇ ਭਾਅ ਵਿਕਦੀ ਹੈ...ਦੁੱਗਣੀ ਜਾਂ ਚੌਗੁਣੀ ਮਹਿੰਗੀ ਨਹੀਂ, ਸਗੋਂ ਸੈਂਕੜੇ ਗੁਣਾ ਮਹਿੰਗੀ। ਹੋ ਸਕਦਾ ਹੈ ਉਹ ਇਸ ਗੱਲ ਤੋਂ ਜਾਣੂੰ ਹੀ ਹੋਵੇ, ਪਰ ਉਹ ਉਹਨਾਂ ਥੋੜ੍ਹੇ ਕੁ ਬੰਦਿਆਂ ਵਿਚੋਂ ਇਕ ਸੀ, ਜਿਹੜੇ ਪੈਸੇ ਦੀ ਹਕੀਕਤ ਨੂੰ ਸਮਝ ਚੁੱਕੇ ਹੁੰਦੇ ਨੇ ਤੇ ਉਹ ਜ਼ਿੰਦਗੀ ਵਿਚ ਦੂਰ ਤਾਈਂ ਪੈਰ ਪਸਾਰਨ ਦੇ ਇੱਛੁਕ ਨਹੀਂ ਹੁੰਦੇ। ਉਹ ਮੂਰਤੀਆਂ ਬਣਾਉਂਦਾ ਰਿਹਾ, ਪਰ ਰੋਟੀ ਬੜੀ ਮੁਸ਼ਕਿਲ ਨਾਲ ਬਣਦੀ ਸੀ। ਫੇਰ ਇਕ ਦਿਨ ਕਲਾ ਤੇ ਰੋਟੀ ਵਿਚਕਾਰ ਹੀ ਉਹਦੀ ਮੌਤ ਹੋ ਗਈ ਸੀ। ਉਹ ਜਗਦੰਬਾ ਦੀ ਮੂਰਤੀ ਬਣਾ ਰਿਹਾ ਸੀ, ਜਦੋਂ ਉਹਦਾ ਆਪਣਾ ਸੁੰਬਾ ਉਹਦੇ ਹੱਥ ਵਿਚ ਪੁਰ ਗਿਆ। ਜਿਸ ਕਰਕੇ ਉਹਨੂੰ ਟਿਟਨਸ ਹੋ ਗਈ ਤੇ ਉਹ ਛਾਉਣੀ ਦੇ ਹਸਪਤਾਲ ਵਿਚ ਮਰ ਗਿਆ। ਲੋਕ ਕਹਿੰਦੇ ਨੇ ਉਹ ਕੁੱਤੇ ਦੀ ਮੌਤ ਮਰਿਆ ਸੀ। ਭਲਾ ਉਹ ਕੁੱਤੇ ਦੀ ਮੌਤ ਮਰਦਾ ਵੀ ਕਿਉਂ ਨਾ? ਜਦੋਂ ਉਹ ਦੇਵੀ ਦੀ ਮੂਰਤੀ ਬਣਾਉਂਦਾ ਸੀ ਤਾਂ ਕਈ ਕਈ ਦਿਨ, ਮਹੀਨੇ ਉਹਦੀਆਂ ਛਾਤੀਆਂ, ਕੁਲ੍ਹਿਆਂ ਤੇ ਪੱਟਾਂ 'ਤੇ ਹੀ ਅਟਕਿਆ ਰਹਿੰਦਾ ਸੀ। ਛੋਟੇ ਸ਼ਿਲਪਾਂ ਵਿਚ ਛਾਤੀਆਂ ਅਸਮਾਨ ਵੱਲ ਵਿੰਹਦੀਆਂ ਦਿਸਦੀਆਂ ਸਨ—ਜਾਪਦਾ ਸੀ ਸ਼ੁੰਨ ਵਿਚ ਲਾਟੂ ਘੁੰਮ ਰਹੇ ਨੇ। ਪਰ ਵੱਡੇ ਸ਼ਿਲਪ ਵਿਚ ਲੱਤਾਂ ਤੇ ਪੱਟਾਂ ਉਪਰ ਜੌਹਰ ਵਿਖਾਏ ਹੁੰਦੇ ਸਨ ਤੇ ਅਸਲ ਚੀਜ਼ ਹੁੰਦੇ ਸਨ ਦੁੱਧ ਭਰੇ ਉਹ ਦੋ ਮਟਕੇ ਜਿਹੜੇ ਹਥਨੀ ਦੇ ਮੱਥੇ ਵਰਗੀਆਂ ਢਾਕਾਂ ਉਪਰ ਟਿਕਾਏ ਹੁੰਦੇ ਸਨ—ਜਿਹਨਾਂ ਹੇਠ ਇਕ ਦੀ ਬਜਾਏ ਦੋ ਸੁੰਡ ਨਿਕਲੇ ਦਿਸਦੇ ਸਨ ਉਹਨੇ ਦੁਰਗਾ ਦੀ ਮੂਰਤੀ ਵੀ ਬਣਾਈ ਸੀ। ਉਹ ਬੜੀ ਜਬਰ-ਜੰਗ ਦੇਵੀ ਹੈ। ਅਜਿਹੀਆਂ ਦੇਵੀਆਂ ਦੇ ਸਰੀਰ ਬਣਾਉਣ ਵਾਲਾ ਨਰਾਇਣ ਕੁੱਤੇ ਦੀ ਮੌਤ ਨਾ ਮਰਦਾ ਤਾਂ ਕੀ ਸਾਡੀ ਤੁਹਾਡੀ ਮੌਤ ਮਰਦਾ?
'ਕੀ ਲਿਆਈ ਏਂ ?'' ਮਗਨ ਗੰਜੇ ਨੇ ਕੀਰਤੀ ਨੂੰ ਪੁੱਛਿਆ। ਕੀਰਤੀ ਨੇ ਆਪਣੀ ਧੋਤੀ ਦੇ ਪੱਲੇ ਹੇਠੋਂ ਲੱਕੜ ਉੱਤੇ ਉੱਕਰੀ ਹੋਈ ਕੋਈ ਚੀਜ਼ ਕੱਢੀ ਤੇ ਹੌਲੀ-ਜਿਹੇ ਮਗਨ ਦੇ ਸਾਹਮਣੇ ਪਈ ਰੋਲ-ਟਾਪ ਦੀ ਮੇਜ਼ ਉੱਤੇ ਰੱਖ ਦਿੱਤੀ, ਕਿਉਂਕਿ ਛੱਤ ਨਾਲ ਲਟਕੇ ਹੋਏ ਲੈਂਪ ਦਾ ਚਾਨਣ ਉਸੇ ਮੇਜ਼ ਉੱਤੇ ਪੈ ਰਿਹਾ ਸੀ। ਉਸ ਵੱਲ ਵੇਖਣ ਤੋਂ ਪਹਿਲਾਂ ਹੀ ਮਗਨ ਨੇ ਇਕ ਕੁਰਸੀ ਕੀਰਤੀ ਵੱਲ ਸਰਕਾ ਦਿੱਤੀ ਸੀ, ਪਰ ਉਹ ਓਵੇਂ-ਜਿਵੇਂ ਖੜ੍ਹੀ ਰਹੀ ਸੀ।
''ਤੇਰੀ ਮਾਂ ਦਾ ਕੀ ਹਾਲ ਏ?''
ਕੀਰਤੀ ਨੇ ਕੋਈ ਜਵਾਬ ਨਾ ਦਿੱਤਾ। ਉਹਨੇ ਗਰਦਨ ਭੁਆਂ ਕੇ ਉਧਰ ਵੇਖਿਆ, ਜਿਧਰ ਸੜਕ ਹੇਠਾਂ ਵੱਲ ਢਲਦੀ ਸੀ ਤੇ ਜਦੋਂ ਚਿਹਰਾ ਮਗਨ ਵੱਲ ਕੀਤਾ ਤਾਂ ਉਹਦੀਆਂ ਅੱਖਾਂ ਸਿੱਜਲ ਸਨ।
ਕੀਰਤੀ ਦੀ ਮਾਂ ਛਾਉਣੀ ਦੇ ਹਸਪਤਾਲ ਵਿਚ ਦਾਖਲ ਸੀ। ਉੱਥੇ ਹੀ ਉਹਦੇ ਪਿਓ ਨੇ ਦੇਹ ਛੱਡੀ ਸੀ। ਬੁੱਢੀ ਨੂੰ ਆਂਤੜੀਆਂ ਦਾ ਕੈਂਸਰ ਸੀ। ਇਸ ਲਈ ਉਹਦਾ ਪੇਟ ਚੀਰ ਕੇ ਉਸ ਵਿਚ ਇਕ ਨਾਲੀ ਫਿੱਟ ਕਰ ਦਿੱਤੀ ਗਈ ਸੀ, ਜਿਸਦਾ ਦੂਜਾ ਸਿਰਾ ਇਕ ਬੋਤਲ ਵਿਚ ਫਿੱਟ ਸੀ, ਤਾਂ ਕਿ ਟੱਟੀ ਪਿਸ਼ਾਬ ਹੇਠਾਂ ਖਿੱਲਰਣ ਦੀ ਬਜਾਏ ਉਸ ਬੋਤਲ ਵਿਚ ਪਹੁੰਚ ਜਾਇਆ ਕਰੇ। ਬੋਤਲ ਖਰਾਬ ਹੋ ਗਈ ਸੀ ਤੇ ਨਵੀਂ ਬੋਤਲ ਫਿੱਟ ਕਰਾਉਣ ਲਈ ਪੈਸਿਆਂ ਦੀ ਲੋੜ ਸੀ। ਜੇ ਇਹ ਗੱਲ ਕੀਰਤੀ ਮਗਨ ਨੂੰ ਦੱਸ ਦੇਂਦੀ ਤਾਂ ਉਸਨੇ ਕਿਸੇ ਹੋਰ ਢੰਗ ਨਾਲ ਗੱਲ ਕਰਨੀ ਸੀ, ਪਰ ਉਸ ਵੁੱਡ-ਵਰਕ ਨੂੰ ਵੇਖ ਕੇ ਤਾਂ ਉਹ ਉਂਜ ਹੀ ਹਿਰਖ ਗਿਆ ਸੀ—
''ਫੇਰ ਉਹੀ,'' ਉਹ ਬੋਲਿਆ, ''ਤੈਨੂੰ ਕਿੰਨੀ ਵਰੀ ਕਿਹਾ ਏ, ਅੱਜ ਕੱਲ੍ਹ ਏਨ੍ਹਾਂ ਚੀਜ਼ਾਂ ਨੂੰ ਕੋਈ ਨਹੀਂ ਪੁੱਛਦਾ। ਇਹ ਪੁਰਾਣਾ ਫੈਸ਼ਨ ਹੋ ਗਿਆ ਏ...ਉਹੀ ਵਿਸ਼ਨੂੰ, ਸ਼ੋਸ਼ਨਾਗ ਦੀ ਛਾਂ, ਲੱਤਾਂ ਘੁੱਟ ਰਹੀ ਲਕਸ਼ਮੀ...''
ਕੀਰਤੀ ਨੇ ਆਪਣੀਆਂ ਮੋਟੀਆਂ-ਮੋਟੀਆਂ ਅੱਖਾਂ ਉਤਾਂਹ ਚੁੱਕ ਕੇ ਮਗਨ ਵੱਲ ਵੇਖਿਆ, ਜਿਵੇਂ ਪੁੱਛ ਰਹੀ ਹੋਵੇ-'ਤਾਂ ਹੋਰ ਕੀ ਬਣਾਵਾਂ...?'
''ਕੁਝ ਅਜਿਹਾ ਲਿਆ ਜੋ ਅੱਜ ਕੱਲ੍ਹ ਵਿਕਦਾ ਏ...''
'ਅੱਜ ਕੱਲ੍ਹ ਕੀ ਵਿਕਦਾ ਏ?'' ਅਖ਼ੀਰ ਕੀਰਤੀ ਨੂੰ ਬੋਲਣਾ ਹੀ ਪਿਆ। ਉਹਦੀ ਆਵਾਜ਼ ਬੜੀ ਮੱਧਮ ਸੀ, ਜਿਵੇਂ ਕੇਨਰੀ (Banary) ਦੀ ਚੁੰਝ ਹਿੱਲਦੀ ਤਾਂ ਦਿਸਦੀ ਹੈ, ਪਰ ਆਵਾਜ਼ ਨਹੀਂ ਸੁਣਦੀ।
ਮਗਨ ਕੁਝ ਚਿਰ ਚੁੱਪ ਰਿਹਾ, ਫੇਰ ਜਿਵੇਂ ਅਸਲ ਗੱਲ ਕਹਿਣ ਲਈ ਭੂਮਿਕਾ ਬੰਨ੍ਹਦਾ ਹੋਇਆ ਬੋਲਿਆ, ''ਗਾਂਧੀ ਹੀ ਬਣਾ ਲਿਆ, ਨਹਿਰੂ ਬਣਾਅ''-ਤੇ ਫੇਰ ਜਿਵੇਂ ਉਸਨੂੰ ਕੋਈ ਹੋਰ ਗੱਲ ਚੇਤੇ ਆ ਗਈ, ਉਸਨੇ ਆਪਣੀ ਗਲਤੀ ਨੂੰ ਸੁਧਾਰਿਆ, ''ਕੋਈ ਨਿਊਡ...''
''...ਨਿਊਡ?''
''ਹਾਂ, ਅੱਜ ਕੱਲ੍ਹ ਦੇ ਲੋਕ ਨਿਊਡ ਪਸੰਦ ਕਰਦੇ ਨੇ।''
ਕੀਰਤੀ ਚੁੱਪਚਾਪ ਖਲੋਤੀ ਰਹੀ। ਉਹ ਕੁਆਰੀ ਸੀ। ਸ਼ਰਮਾਅ ਵੀ ਸਕਦੀ ਸੀ, ਪਰ ਇਹਨਾਂ ਗੱਲਾਂ ਦੇ ਤਾਂ ਉਸ ਕੁੜੀ ਦੀ ਜ਼ਿੰਦਗੀ ਵਿਚ ਅਰਥ ਹੀ ਨਹੀਂ ਸਨ ਰਹੇ। ਉਸਨੂੰ ਤਾਂ ਇਸ ਗੱਲ ਦੀ ਫਿਕਰ ਸੀ ਕਿ ਮਗਨ ਏਸ ਵੁੱਡ-ਵਰਕ ਨੂੰ ਖ਼ਰੀਦੇਗਾ ਜਾਂ ਨਹੀਂ! ਉਸਨੂੰ ਪੈਸੇ ਮਿਲਣਗੇ ਜਾਂ ਨਹੀਂ! ਕੁਝ ਚਿਰ ਪਿੱਛੋਂ ਉਹਦੇ ਬੁੱਲ੍ਹ ਹਿੱਲੇ ਸਨ—''ਮੈਨੂੰ ਬਣਾਉਣਾ ਹੀ ਨਹੀਂ ਆਉਂਦਾ।''
''ਕੀ ਗੱਲਾਂ ਪਈ ਕਰਦੀ ਏਂ? ਤੇਰੇ ਪਿਓ ਨੇ ਤਾਂ ਕਈ ਬਣਾਏ ਸਨ।''
''ਉਹ ਤਾਂ ਦੇਵੀ ਮਾਂ ਦੇ...''
''...ਕੀ ਫ਼ਰਕ ਪੈਂਦਾ ਏ?'' ਮਗਨ ਗੰਜੇ ਨੇ ਕਿਹਾ, ''ਦੇਵੀ ਵੀ ਤਾਂ ਔਰਤ ਹੀ ਹੈ ਨਾ...ਤੂੰ ਉਹੀ ਬਣਾ। ਪਰ ਰੱਬ ਦਾ ਵਾਸਤਾ ਈ ਕਿਸੇ ਦੇਵ ਮਾਲਾ ਦੀ ਕੜੀ ਨਾ ਬਣਾ ਲਿਆਵੀਂ। ਇਹਨਾਂ ਹਰਕਤਾਂ ਕਰਕੇ ਹੀ ਤੇਰਾ ਪਿਓ ਅਜਿਹੀ ਮੌਤ ਮਰਿਆ ਸੀ...ਮਤਲਬ ਕਿ...ਛੇਤੀ ਸਵਰਗਵਾਸ ਹੋ ਗਏ ਸਨ।''
ਬੀਤੇ ਜ਼ਮਾਨੇ ਦੀ ਕੁਸੈਲ ਕੀਰਤੀ ਦੀਆਂ ਸੋਚਾਂ ਵਿਚ ਘੁਲ ਗਈ ਤੇ ਵਾਪਰਨ ਵਾਲੀ ਕਿਸੇ ਮਾੜੀ ਘਟਨਾ ਦੇ ਅਹਿਸਾਸ ਨਾਲ ਉਹਦੀਆਂ ਲੱਤਾਂ ਕੰਬਣ ਲੱਗ ਪਈਆਂ। ਲੜਖੜਾ ਕੇ ਉਹਨੇ ਕੁਰਸੀ ਦਾ ਸਹਾਰਾ ਤਾਂ ਲੈ ਲਿਆ ਸੀ, ਪਰ ਉਹ ਉਸ ਉੱਤੇ ਬੈਠੀ ਨਹੀਂ ਸੀ। ਇੰਜ ਖੜ੍ਹੀ ਹੋਣ ਨਾਲ ਉਹਦੇ ਸਰੀਰ ਦੇ ਸੋਹਣੇ ਉਭਾਰ ਕਾਫੀ ਸਪਸ਼ਟ ਦਿਸਣ ਲੱਗ ਪਏ ਸਨ। ਇਹ ਕਿਹੋ ਜਿਹਾ ਹੁਸਨ ਸੀ, ਜਿਹੜਾ ਹੇਠਲੇ ਨਹੀਂ, ਉਪਰਲੇ ਨਰਾਇਣ ਨੇ ਬਣਾਇਆ ਸੀ! ਮਗਨ ਦੇ ਦਿਮਾਗ਼ ਵਿਚ ਪਸੰਦ, ਨਾ ਪਸੰਦ ਦਾ ਦਵੰਧ ਛਿੜ ਪਿਆ ਤੇ ਕੋਲ ਖੜ੍ਹੀ ਕੁੜੀ ਦੇ ਅੰਦਰ ਵੀ ਵਿਤ ਅਤੇ ਵਿਤੋਂ ਬਾਹਰ ਵਰਗੇ ਸ਼ਬਦ ਆਪੋ ਵਿਚ ਭਿੜ ਰਹੇ ਸਨ। ਉਹਦਾ ਹਲਕ ਸੁੱਕ ਗਿਆ ਸੀ ਤੇ ਜਿਵੇਂ ਕਿਸੇ ਚੀਜ਼ ਦਾ ਘੁੱਟ ਜਿਹਾ ਭਰਦੀ ਹੋਈ ਬੋਲੀ ਸੀ—
''ਮ...ਮੇਰੇ ਕੋਲ ਮਾਡਲ ਨਹੀਂ।''
''ਮਾਡਲ...?'' ਮਗਨ ਉਹਦੇ ਨੇੜੇ ਆ ਕੇ ਬੋਲਿਆ, ''ਸੈਂਕੜੇ ਮਿਲ ਜਾਣਗੇ। ਅੱਜ ਕੱਲ੍ਹ ਕਿਸੇ ਵੀ ਜਵਾਨ ਹੁਸੀਨ ਕੁੜੀ ਨੂੰ ਨੋਟ ਵਿਖਾਓ ਤੇ...''
ਕੀਰਤੀ ਮੂੰਹੋਂ ਕੁਝ ਨਹੀਂ ਸੀ ਬੋਲੀ,ਪਰ ਮਗਨ ਸਭ ਕੁਝ ਸਮਝ ਗਿਆ ਸੀ—''ਨੋਟ'' ਤੇ ਉਹ ਆਪ ਮੂਹਾਰਾ ਹੀ ਬੋਲਣ ਲੱਗ ਪਿਆ, ''ਆਦਮੀ ਨੋਟ ਲਾ ਕੇ ਹੀ, ਨੋਟ ਕਮਾਅ ਸਕਦਾ ਏ ਨਾ...''
ਇਸ ਗੱਲ ਨੇ ਕੀਰਤੀ ਨੂੰ ਹੋਰ ਵੀ ਉਦਾਸ ਕਰ ਦਿੱਤਾ ਸੀ। ਉਹਦੀ ਜਿੰਦ, ਜ਼ਿੰਦਗੀ ਦੇ ਏਸੇ ਧੱਕੇ ਹੇਠ ਫੜਫੜਾ ਰਹੀ ਸੀ। ਫੇਰ ਉਹਦਾ ਰੋਣ ਨਿਕਲ ਗਿਆ। ਔਰਤ ਦੀ ਇਹ ਦਸ਼ਾ ਆਦਮੀ ਅੰਦਰਲੇ ਤਾਪ ਤੇ ਹੌਸਲੇ ਨੂੰ ਜਗਾ ਦੇਂਦੀ ਹੈ, ਸੋ ਮਗਨ ਨੇ ਹੱਥ ਅੱਗੇ ਵਧਾਏ ਕਿ ਉਹਨੂੰ ਕਲਾਵੇ ਵਿਚ ਭਰ ਕੇ ਹਿੱਕ ਨਾਲ ਘੁੱਟ ਲਵੇ ਤੇ ਕਹੇ, 'ਮੇਰੀ ਜਾਨ ਤੂੰ ਫਿਕਰ ਨਾ ਕਰ...ਅਜੇ ਅਸੀਂ ਜਿਉਂਦੇ ਹਾਂ।'
ਪਰ ਕੀਰਤੀ ਨੇ ਉਸਨੂੰ ਪਰ੍ਹੇ ਧਰੀਕ ਦਿੱਤਾ। ਉਸਨੇ ਛਿੱਥਾ ਜਿਹਾ ਪੈ ਕੇ ਇੰਜ ਜ਼ਾਹਰ ਕੀਤਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਪਰ ਡੋਰ ਉਸਦੇ ਹੱਥ ਵਿਚ ਸੀ। ਉਸਨੇ ਵੁੱਡ-ਵਰਕ ਰੋਲ-ਟਾਪ ਤੋਂ ਚੁੱਕ ਕੇ ਕੀਰਤੀ ਵੱਲ ਵਧਾਉਂਦਿਆਂ ਕਿਹਾ, ''ਲੈ ਜਾ, ਮੈਨੂੰ ਇਹਦੀ ਲੋੜ ਨਹੀਂ।''
ਉਦੋਂ ਤਾਈਂ ਕੀਰਤੀ ਨੇ ਵੀ ਕੁਝ ਧਾਰ ਲਿਆ ਸੀ। ਉਹਨੇ ਪਹਿਲਾਂ ਹੇਠਾਂ ਵੱਲ ਵੇਖਿਆ ਤੇ ਫੇਰ ਚਾਣਚਕ ਹੀ ਸਿਰ ਉੱਚਾ ਕਰਕੇ ਬੋਲੀ—
''ਅਗਲੀ ਵਾਰ ਨਿਊਡ ਹੀ ਬਣਾ ਕੇ ਲਿਆਵਾਂਗੀ। ਹੁਣ ਤੂੰ ਇਹੀ ਰੱਖ ਲੈ...''
''ਪੱਕੀ ਗੱਲ ਏ?'' ਮਗਨ ਨੇ ਮੁਸਕਰਾ ਕੇ ਕਿਹਾ।
ਕੀਰਤੀ ਨੇ ਸਿਰ ਦੇ ਇਸ਼ਾਰੇ ਨਾਲ 'ਹਾਂ' ਕਹਿ ਦਿੱਤੀ। ਮਗਨ ਗੰਜੇ ਦਾ ਖ਼ਿਆਲ ਸੀ ਕਿ ਕੀਰਤੀ ਹੱਸ ਪਵੇਗੀ, ਪਰ ਉਹ ਤਾਂ ਕੁਝ ਵਧੇਰੀ ਹੀ ਗੰਭੀਰ ਹੋ ਚੁੱਕੀ ਸੀ। ਮਗਨ ਗੰਜੇ ਨੇ ਰੋਲ-ਟਾਪ ਉਤਾਂਹ ਚੁੱਕ ਕੇ ਮੇਜ਼ ਦੇ ਖਾਨੇ ਵਿਚੋਂ ਦਸ ਰੁਪੈ ਦਾ ਇਕ ਮੁੜਿਆ-ਤੁੜਿਆ ਨੋਟ ਕੱਢਿਆ ਤੇ ਕੀਰਤੀ ਵੱਲ ਵਧਾ ਕੇ ਕਿਹਾ—''ਲੈ।''
''ਦਸ ਰੁਪੈ...?'' ਕੀਰਤੀ ਬੋਲੀ।
''ਹਾਂ! ਤੈਨੂੰ ਦੱਸਿਆ ਤਾਂ ਹੈ, ਮੇਰੇ ਲਈ ਇਹ ਬੇਕਾਰ ਚੀਜ਼ ਏ। ਮੈਂ ਏਸ ਤੋਂ ਜ਼ਿਆਦਾ ਨਹੀਂ ਦੇ ਸਕਦਾ...।''
'ਏਸ ਨਾਲ ਤਾਂ...'' ਤੇ ਕੀਰਤੀ ਦੀ ਗੱਲ ਅਧੂਰੀ ਹੀ ਰਹਿ ਗਈ। ਉਹਦੀ ਬੋਲਣ ਦੀ ਹਿੰਮਤ ਤੇ ਸ਼ਬਦ ਟੁੱਟ ਭੱਜ ਗਏ ਜਾਪਦੇ ਸਨ। ਉਸਦੇ ਅਧੂਰੇ ਵਾਕ ਦੇ ਪੂਰੇ ਅਰਥ ਸਾਫ ਸਨ। ਮਗਨ ਸਮਝ ਗਿਆ...'ਇਸ ਨਾਲ ਤਾਂ ਬੋਤਲ ਵੀ ਨਹੀਂ ਖ਼ਰੀਦੀ ਜਾ ਸਕਦੀ...ਦਵਾਈ ਦਾ ਖਰਚ ਵੀ ਪੂਰਾ ਨਹੀਂ ਹੋਣਾ...ਢਿੱਡ ਵੀ ਨਹੀਂ ਝੁਲਸੇ ਜਾਣੇ।' ਅਜਿਹੇ ਹੀ ਕੁਝ ਵਾਕ ਹੁੰਦੇ ਨੇ ਜਿਹਨਾਂ ਨੂੰ ਮਜ਼ਬੂਰ ਤੇ ਗਰੀਬ ਲੋਕ ਹਮੇਸ਼ਾ ਹੀ ਉਗਲੱਛਦੇ ਰਹਿੰਦੇ ਨੇ। ਉਸਨੇ ਕੀਰਤੀ ਵੱਲ ਵਿੰਹਦਿਆਂ ਹੋਇਆਂ ਕਿਹਾ, ''ਇਕ ਵਾਰੀ ਮੈਨੂੰ ਖ਼ੁਸ਼ ਕਰਦੇ, ਚੋਖੇ ਪੈਸੇ ਦੇ ਦਿਆਂਗਾ।''
ਇੰਜ ਕਹਿੰਦਿਆਂ ਹੋਇਆਂ ਮਗਨ ਨੇ ਦੋ ਉਂਗਲਾਂ ਦਾ ਗੋਲ ਚੱਕਰ ਬਣਾਇਆ ਸੀ ਤੇ ਇਕ ਅੱਖ ਪੋਲੀ ਜਿਹੀ ਦੱਬ ਦਿੱਤੀ ਸੀ, ਜਿਵੇਂ ਡੂਮ-ਸਾਜੀ ਨਾਇਕਾ ਨੂੰ ਦਾਦ ਦੇਣ ਲਈ ਅੱਖ ਮਾਰਦੇ ਹੁੰਦੇ ਨੇ।
੦ ੦ ੦
ਕੀਰਤੀ ਦੁਕਾਨ ਵਿਚੋਂ ਬਾਹਰ ਨਿਕਲ ਆਈ ਸੀ। ਉਹਦੇ ਬੁੱਲ੍ਹ ਸਖ਼ਤੀ ਨਾਲ ਮੀਟੇ ਹੋਏ ਸਨ ਤੇ ਸਾਹ ਰਤਾ ਕਾਹਲਾ ਵਗ ਰਿਹਾ ਸੀ। ਵਾਪਸ ਜਾਣ ਵੇਲੇ ਉਹ ਹਮੇਸ਼ਾ ਦੂਸਰੇ ਪਾਸਿਓਂ ਲੰਘਦੀ ਸੀ। ਏਧਰੋਂ ਭਾਵੇਂ ਉਹਨੂੰ ਡੇਢ ਮੀਲ ਵਧ ਤੁਰਨਾ ਪੈਂਦਾ ਸੀ, ਪਰ ਉਹ ਦੂਜੀ ਵਾਰੀ ਸਿਰਾਜੇ ਦੀ ਦੁਕਾਨ ਸਾਹਮਣਿਓਂ ਲੰਘਣਾ ਪਸੰਦ ਨਹੀਂ ਸੀ ਕਰਦੀ। ਪਰ ਅੱਜ ਉਹ ਉਸੇ ਪਾਸਿਓਂ ਲੰਘੀ ਸੀ—ਜਿਵੇਂ ਕਿਸੇ ਬਗ਼ਾਵਤ ਦਾ ਇਰਾਦਾ ਹੋਵੇ। ਮਾਈਕਲ ਆਇਆ ਹੋਇਆ ਸੀ ਤੇ ਸਿਰਾਜੇ ਨਾਲ ਬੈਠਾ ਕੁਝ ਖਾ ਰਿਹਾ ਸੀ। ਜਦੋਂ ਕੀਰਤੀ ਸਿਰ ਉਤਾਂਹ ਚੁੱਕੀ, ਨਾਸਾਂ ਫੁਲਾਈ ਉਹਨਾਂ ਦੇ ਸਾਹਮਣਿਓਂ ਲੰਘੀ ਤਾਂ ਸਿਰਾਜੇ ਨੇ ਕੁਝ ਕਿਹਾ ਸੀ, ਜਿਸਨੂੰ ਮਗਨ ਨਹੀਂ ਸੀ ਸੁਣ ਸਕਿਆ।
ਕੀਰਤੀ ਬਾਗ਼ੀ ਹੋ ਗਈ ਸੀ, ਜਾਂ ਫੇਰ ਉਹਨਾਂ ਲੋਕਾਂ ਦੀ ਸਫ ਵਿਚ ਆ ਖੜ੍ਹੀ ਹੋਈ ਸੀ, ਜਿਹੜੇ ਦੁਸ਼ਮਨ ਨਾਲ ਵੀ ਵਿਗਾੜਨਾ ਨਹੀਂ ਚਾਹੁੰਦੇ—ਹੋ ਸਕਦਾ ਏ ਕਦੀ ਉਸ ਤਾਈਂ ਵੀ ਕੰਮ ਪੈ ਜਾਵੇ। ਜਾਂ ਸ਼ਾਇਦ ਇਹ ਔਰਤ ਦੇ ਸੁਭਾਅ ਦੀ ਉਹ ਖੇਡ ਸੀ, ਜਿਸ ਵਿਚ ਉਹ ਉਸ ਮਰਦ ਨੂੰ ਵੀ ਉਂਗਲਾਂ 'ਤੇ ਨਚਾਉਂਦੀ ਹੈ, ਜਿਸ ਨਾਲ ਉਸਦਾ ਕੋਈ ਵਾਸਤਾ ਨਹੀਂ ਹੁੰਦਾ...ਬਸ ਸਿਰਫ ਇਸ ਲਈ ਕਿ ਕਦੀ ਉਸਨੇ, ਉਸ ਵੱਲ ਵੇਖ ਕੇ ਸੀਟੀ ਮਾਰੀ ਹੁੰਦੀ ਹੈ ਜਾਂ ਹਿੱਕ ਉਤੇ ਹੱਥ ਰੱਖ ਕੇ ਠੰਡਾ ਸਾਹ ਖਿੱਚਿਆ ਹੁੰਦਾ ਹੈ।
ਸਿਰਾਜਾ ਜ਼ਰੂਰ 'ਐਫ੍ਰੋਡੇਜਿਯੋਕ' ਖਾ ਰਿਹਾ ਸੀ। ਹੋ ਸਕਦਾ ਏ 'ਪਾਏ' ਹੀ ਹੋਣ ਤੇ ਮਾਈਕਲ ਲਿਆਇਆ ਹੋਵੇ। ਸ਼ਾਇਦ ਉਹ ਦੋਵੇਂ ਮਗਨ ਗੰਜੇ ਕੋਲ ਵੀ ਜਾਂਦੇ ਤੇ ਉਸਨੂੰ ਕੋਈ ਨਵਾਂ ਪੈਂਤਰਾ ਦੱਸਦੇ, ਪਰ ਮਗਨ ਨੇ ਦੁਕਾਨ ਹੀ 'ਵਧਾ' ਦਿੱਤੀ ਸੀ। ਦਰਵਾਜ਼ੇ ਨੂੰ ਅੰਦਰੋਂ ਬੰਦ ਕਰਕੇ ਉਸਨੇ ਕੀਰਤੀ ਦਾ ਲਿਆਂਦਾ ਹੋਇਆ ਵੁੱਡ-ਵਰਕ ਵੇਖਿਆ, ਜਿਹੜਾ ਕਾਫੀ ਚੰਗਾ ਸੀ। ਸ਼ੇਸ਼ਨਾਗ ਦਾ ਹੇਠਲਾ ਹਿੱਸਾ ਤਾਂ ਸੋਹਣਾ ਸੀ ਹੀ ਤੇ ਉਪਰ ਉਹਨੇ ਗੋਦਨੇ ਨਾਲ ਰੰਗ ਭਰ ਦਿੱਤੇ ਸਨ; ਵਿਸ਼ਨੂੰ ਵਿਚ ਉਹ ਸਾਰੇ ਗੁਣ ਸਨ ਜਿਹਨਾਂ ਨੂੰ ਇਕ ਸ਼ਰਧਾਲੂ ਔਰਤ, ਮਰਦ ਵਿਚ ਵੇਖਣਾ ਚਾਹੁੰਦੀ ਹੈ। ਹਾਂ, ਲਕਸ਼ਮੀ 'ਮਾਤਾ ਦਾ ਮਾਲ' ਹੀ ਦਿਸਦੀ ਸੀ, ਉਹਦੇ ਸਰੀਰ ਦਾ ਕੋਈ ਵੀ ਉਭਾਰ ਠੀਕ ਨਹੀਂ ਸੀ ਬਣਿਆ ਹੋਇਆ। ਸ਼ਾਇਦ ਕੀਰਤੀ ਲਕਸ਼ਮੀ ਜਾਂ ਉਸਦੇ ਕਿਸੇ ਵੀ ਰੂਪ ਨੂੰ ਨਹੀਂ ਸੀ ਪਛਾਣਦੀ! ਉਸਨੂੰ ਰੌਚਕ ਬਣਾਉਣਾ ਤਾਂ ਬੜਾ ਹੀ ਆਸਾਨ ਹੈਂ। ਜਦੋਂ ਕੋਈ ਔਰਤ ਲੱਤਾਂ ਘੁੱਟ ਰਹੀ ਹੁੰਦੀ ਹੈ ਤੇ ਇਹ ਗੱਲ ਕੋਈ ਗੁੱਝੀ ਨਹੀਂ ਕਿ ਉਸਦੇ ਹੱਥ ਤੇ ਬਾਹਾਂ, ਸਰੀਰ ਨਾਲੋਂ ਰਤਾ ਦੂਰ ਹੋ ਜਾਂਦੇ ਨੇ...ਤੇ ਫੇਰ ਔਰਤ ਆਪਣੀਆਂ ਖ਼ੂਬੀਆਂ ਸਦਕਾ ਆਪੂੰ ਹੀ ਪਛਾਣੀ ਜਾਂਦੀ ਹੈ। ਨਾਲੇ ਪਹਿਲੂ ਵਿਚ ਬੈਠੀ ਉਪਰਲੀ ਔਰਤ, ਹੇਠਲੀ ਨਾਲੋਂ ਕਿੰਨੀ ਵੱਖ ਦਿੱਸਦੀ ਹੈ ਤੇ ਮਰਦ ਦੀਆਂ ਨਜ਼ਰਾਂ ਨੂੰ ਕੀ ਕੀ ਵਖਰੇਵੇਂ ਨਹੀਂ ਸਮਝਾਉਂਦੀ! ਇੰਜ ਕਹਿਣਾ ਕਿ ਕੀਰਤੀ ਆਪ ਇਕ ਔਰਤ ਸੀ, ਇਸ ਕਰਕੇ ਉਸਨੂੰ ਔਰਤ ਨਾਲੋਂ ਵੱਧ ਮਰਦ ਵਿਚ ਦਿਲਚਸਪੀ ਸੀ, ਠੀਕ ਨਹੀਂ ਹੋਵੇਗਾ—ਕਿਉਂਕਿ ਔਰਤ ਆਪਣੇ ਸੁਹੱਪਣ ਦੇ ਮਾਮਲੇ ਵਿਚ ਆਦਿ ਤੋਂ ਅੰਤ ਤੋੜੀ ਬ੍ਰਹਮ-ਗਿਆਨੀ ਹੁੰਦੀ ਹੈ ਤੇ ਜਦੋਂ ਆਪਣਾ ਇਹ ਬ੍ਰਹਮ-ਗਿਆਨ ਇੱਕਲੀ ਤੋਂ ਸੰਭਾਲਿਆ ਨਹੀਂ ਜਾਂਦਾ ਤਾਂ ਉਹ ਕਿਸੇ ਮਰਦ ਦੀ ਮਦਦ ਨਾਲ ਇਸਨੂੰ ਨੱਥ ਪਾ ਲੈਂਦੀ ਹੈ।
ਮਗਨ ਦੇ ਇਕ ਹੱਥ ਵਿਚ ਕੀਰਤੀ ਦਾ ਵੁੱਡ-ਵਰਕ ਸੀ, ਦੂਸਰੇ ਨਾਲ ਉਸਨੇ ਮੇਜ਼ ਤੋਂ ਚਾਕੂ ਚੁੱਕਿਆ ਤੇ ਉਸ ਉੱਤੇ 'ਸਿੱਧਮ ਨਮ:' ਉਕੇਰ ਦਿੱਤਾ। ਫੇਰ ਉਹ ਪਿੱਛਲੇ ਕਮਰੇ ਵਿਚ ਚਲਾ ਗਿਆ, ਜਿਸ ਦਾ ਫ਼ਰਸ਼ ਕੱਚਾ ਸੀ। ਉਹ ਇਕ ਥਾਂ ਬੈਠ ਕੇ ਫ਼ਰਸ਼ ਦੀ ਮਿੱਟੀ ਪੁੱਟਣ ਲੱਗਾ ਤੇ ਉਸ ਟੋਏ ਵਿਚ ਉਹ ਵੁੱਡ-ਵਰਕ ਰੱਖ ਦਿੱਤਾ। ਉੱਥੋਂ ਇਕ ਹੋਰ ਮੂਰਤੀ ਕੱਢੀ। ਇਹ ਵੀ ਕੀਰਤੀ ਦੀ ਬਣਾਈ ਹੋਈ ਸੀ।...ਤੇ ਫੇਰ ਉਸ ਨੇ ਉਹ ਟੋਇਆ ਪੂਰ ਕੇ ਉਸ ਉਪਰ ਕੱਥੇ ਦਾ ਪਾਣੀ ਛਿੜਕ ਦਿੱਤਾ। ਹੱਥਲੀ ਮੂਰਤੀ ਤੋਂ ਮਿੱਟੀ ਝਾੜ ਕੇ ਉਸਨੇ ਵੇਖਿਆ-ਲੱਕੜ ਵਿਚ ਤਰੇੜਾਂ ਪਈਆਂ ਹੋਈਆਂ ਸਨ ਤੇ ਉਹ ਸਦੀਆਂ ਪੁਰਾਣੀ ਜਾਪਦੀ ਸੀ। ਦੂਜੇ ਦਿਨ ਉਸਨੇ ਉਹੀ ਮੂਰਤੀ ਟੂਰਿਸਟਾਂ ਨੂੰ ਵਿਖਾਈ ਤੇ ਦੱਸਿਆ ਕਿ 'ਇਸ ਮੂਰਤੀ ਦਾ ਜ਼ਿਕਰ ਕਾਲੀਦਾਸ ਦੀ 'ਰਘੁਵੰਸ਼' ਵਿਚ ਆਉਂਦਾ ਹੈ, ਰਘੁ ਜੀ ਨੇ ਕੋਂਕਣ ਦੇਸ਼ ਵਿਚ, ਇਕ ਤ੍ਰਿਕੂਟ ਨਾਂ ਦਾ ਸ਼ਹਿਰ ਵਸਾਇਆ ਸੀ, ਜਿਸ ਦੇ ਥੇਹਾਂ ਵਿਚੋਂ ਇਹ ਮੂਰਤੀਆਂ ਲੱਭੀਆਂ ਸਨ। ਇਹਨਾਂ ਵਿਚੋਂ ਕੁਝ ਮੈਸੂਰ ਦੇ ਚੰਪਾ ਰਾਜਾ ਵਡਿਆਰ ਕੋਲ ਨੇ ਤੇ ਕੁਝ ਅਸਾਂ ਦੇ ਕੋਲ।'—ਅਖ਼ੀਰ ਉਹ ਮੂਰਤੀ ਉਸਨੇ ਸਾਢੇ ਪੰਜ ਸੌ ਰੁਪੈ ਵਿਚ ਵੇਚ ਦਿੱਤੀ ਸੀ; ਪਰ ਕੀਰਤੀ ਨੂੰ ਇਸਦੇ ਸਿਰਫ ਪੰਜ ਰੁਪੈ ਹੀ ਦਿੱਤੇ ਸਨ, ਉਸਨੇ।
੦ ੦ ੦
ਇਸ ਘਟਨਾ ਤੋਂ ਕੋਈ ਹਫ਼ਤਾ ਕੁ ਪਿੱਛੋਂ ਕੀਰਤੀ ਨਿਊਡ ਬਣਾ ਲਿਆਈ। ਉਹ ਪਹਿਲਾਂ ਜਿੰਨੀ ਪ੍ਰੇਸ਼ਾਨ ਹੀ ਦਿਸ ਰਹੀ ਸੀ। ਉਹਦੀ ਮਾਂ ਤਾਂ ਬਿਮਾਰ ਸੀ ਹੀ, ਉਹ ਵੀ ਬਿਮਾਰ ਹੋ ਗਈ ਜਾਪਦੀ ਸੀ। ਉਹਨੂੰ ਨਿਮੋਨੀਆਂ ਹੋ ਗਿਆ ਲੱਗਦਾ ਸੀ। ਉਹ ਵਾਰੀ ਵਾਰੀ ਖੰਘਦੀ ਤੇ ਗਲੇ ਉੱਤੇ ਬੰਨ੍ਹੀ ਗਿੱਦੀ ਨੂੰ ਠੀਕ ਕਰਨ ਲੱਗ ਪੈਂਦੀ।
ਕੀਰਤੀ ਨੇ ਹਮੇਸ਼ਾ ਵਾਂਗ ਨਿਊਡ ਮਗਨ ਗੰਜੇ ਦੇ ਸਾਹਮਣੇ ਮੇਜ਼ ਉੱਤੇ ਰੱਖ ਦਿੱਤੀ। ਐਤਕੀਂ ਉਹਨੇ ਇਹ ਸ਼ਿਲਪ ਲੱਕੜ 'ਤੇ ਨਹੀਂ, ਪੱਥਰ ਉੱਤੇ ਬਣਾਇਆ ਸੀ। ਉਹਦੀਆਂ ਸਹਿਮੀਆਂ ਹੋਈਆਂ ਅੱਖਾਂ ਕਿਸੇ ਉਮੀਦ ਨਾਲ ਮਗਨ ਗੰਜੇ ਵੱਲ ਵੇਖ ਰਹੀਆਂ ਸਨ। ਜੇ ਮਗਨ ਇਸਨੂੰ ਨਾ-ਪਸੰਦ ਕਰ ਦੇਂਦਾ ਤਾਂ ਇਹ ਉਸ ਨਾਲ ਬਹੁਤ ਵੱਡੀ ਨਾ-ਇਨਸਾਫੀ ਹੁੰਦੀ ਤੇ ਇਕ ਕੋਰਾ-ਝੂਠ ਵੀ। ਸੋ ਉਸਨੇ ਉਸ ਮੂਰਤੀ ਨੂੰ ਪਸੰਦ ਕਰ ਲਿਆ ਤੇ ਸਲਾਹਿਆ ਵੀ। ਪਰ ਏਨਾ ਇਤਰਾਜ਼ ਜ਼ਰੂਰ ਕੀਤਾ ਕਿ ਇਹ ਬੜੀ ਛੋਟੀ ਹੈ। ਜੇ ਕਿਤੇ ਇਹ ਪੂਰੇ ਕੱਦ ਦੀ ਬਣਾਈ ਜਾਂਦੀ ਤਾਂ ਉਹਨੂੰ ਤੇ ਉਸਨੂੰ ਕਾਫੀ ਲਾਭ ਹੋਣਾ ਸੀ।
ਉਸ ਨੇ ਯਕਸ਼ੀ (ਕੁਬੇਰ ਦੇਵਤਾ ਦਾ ਸੇਵਾਦਾਰ : ਅਨੁ.) ਦੀ ਮੂਰਤੀ ਨੂੰ ਹੱਥ ਵਿਚ ਫੜ੍ਹ ਕੇ ਪੂਰੇ ਧਿਆਨ ਨਾਲ ਵੇਖਿਆ—ਕੀਰਤੀ ਅਜੇ ਵੀ ਅਸਲ ਨਿਊਡ ਨਹੀਂ ਸੀ ਬਣਾ ਸਕੀ। ਮੂਰਤੀ ਦੇ ਸਰੀਰ ਉਪਰ ਗਿੱਲਾ ਕੱਪੜਾ ਵਿਖਾਇਆ ਗਿਆ ਸੀ ਤੇ ਕਮਾਲ ਦੀ ਗੱਲ ਇਹ ਸੀ ਕਿ ਉਸ ਵਿਚੋਂ ਹੁਣ ਵੀ ਪਾਣੀ ਤ੍ਰਿਪ ਰਿਹਾ ਜਾਪਦਾ ਸੀ। ਕੱਪੜਾ ਸਰੀਰ ਦੇ ਕਈ ਅੰਗਾਂ ਨਾਲ ਚਿਪਕਿਆ ਦਿਸਦਾ ਸੀ ਤੇ ਕਿਤੇ ਕਿਤੇ ਕਾਫੀ ਦੂਰ ਸੀ। ਉਪਰਲੇ ਹਿੱਸੇ ਨੂੰ ਕੱਜਣ ਦੀਆਂ ਕੋਸ਼ਿਸ਼ਾਂ ਨੇ ਉਸ ਵਿਚ ਔਰਤ ਦੇ ਸਰੀਰ ਦਾ ਭੁਲੇਖਾ ਪੈਣ ਲਾ ਦਿੱਤਾ ਸੀ।
ਮੂਰਤੀ ਵੱਲੋਂ ਨਜ਼ਰਾਂ ਹਟਾ ਕੇ ਮਗਨ ਗੰਜੇ ਨੇ ਕੀਰਤੀ ਵੱਲ ਵੇਖਿਆ ਤਾਂ ਚਾਣਚੱਕ ਹੀ ਉਸਦੇ ਮੂੰਹੋਂ ਨਿਕਲਿਆ—'ਵਾਹ!' ਕੀਰਤੀ ਸੰਗ ਗਈ ਤੇ ਕਾਹਲ ਨਾਲ ਆਪਣੀ ਜਾਮਨੀ ਧੋਤੀ ਨਾਲ ਆਪਣੇ ਸਰੀਰ ਨੂੰ ਅੱਗੋਂ-ਪਿੱਛੋਂ ਕੱਜਣ ਲੱਗ ਪਈ। ਮਗਨ ਸਮਝ ਗਿਆ ਸੀ ਕਿ ਉਹ ਸ਼ੀਸ਼ੇ ਸਾਹਮਣੇ ਨੰਗੀ ਖੜ੍ਹੀ ਹੋ ਕੇ ਆਪਣੇ ਆਪ ਨੂੰ ਵਿੰਹਦੀ ਤੇ ਨਿਊਡ ਬਣਾਉਂਦੀ ਰਹੀ ਹੈ। ਪਤਾ ਨਹੀਂ ਕਿੰਨੀ ਵਾਰੀ ਕੱਪੜਾ ਭਿਉਂ ਕੇ ਉਹਨੂੰ ਸਰੀਰ ਉੱਤੇ ਲਪੇਟਨਾ ਪਿਆ ਸੀ। ਸਿੱਟੇ ਵਜੋਂ ਉਹਨੂੰ ਠੰਡ ਲੱਗ ਗਈ ਸੀ ਤੇ ਹੁਣ ਉਹ ਖੰਘ ਵੀ ਰਹੀ ਹੈ। ਇਹ ਸਿਰਫ ਪੈਸੇ ਦੀ ਖੇਡ ਨਹੀਂ ਬਲਕਿ ਔਰਤ ਵਿਚ ਆਪੇ ਦੀ ਨੁਮਾਇਸ਼ ਕਰਨ ਤੇ ਆਪਾ ਸੌਂਪਣ ਦਾ ਭਾਵ ਹੁੰਦਾ ਹੈ। ਮਗਨ ਸਭ ਕੁਝ ਸਮਝ ਗਿਆ ਸੀ, ਪਰ ਜਾਣ ਬੁੱਝ ਕੇ ਅਣਜਾਣ ਬਣ ਰਿਹਾ ਸੀ। ਉਸ ਨੇ ਪੁੱਛਿਆ— ''ਮਾਂ ਦਾ ਕੀ ਹਾਲ ਏ ?''
ਕੀਰਤੀ ਨੂੰ ਗੁੱਸਾ ਚੜ੍ਹ ਗਿਆ ਤੇ ਫੇਰ ਉਹਨੂੰ ਖੰਘ ਛਿੜ ਪਈ। ਐਤਕੀਂ ਖਾਂਸੀ ਦਾ ਦੌਰਾ ਬੜੀ ਦੇਰ ਨਾਲ ਰੁਕਿਆ ਸੀ। ਮਗਨ ਘਬਰਾ ਗਿਆ ਤੇ ਸ਼ਰਮਿੰਦਾ ਵੀ ਹੋਇਆ। ਪਰ ਹੁਣ ਉਸਨੇ ਜਿਹੜੀ ਗੱਲ ਪੁੱਛੀ, ਉਹ ਵੀ ਫਜੂਲ ਹੀ ਸੀ—
'ਤਾਂ ਮਾਡਲ ਮਿਲ ਗਿਆ ਸੀ ਤੈਨੂੰ।...''
ਕੀਰਤੀ ਨੇ ਨੀਵੀਂ ਪਾ ਲਈ ਤੇ ਫੇਰ ਦੁਕਾਨ ਦੇ ਬੂਹੇ ਵਿਚੋਂ ਬਾਹਰ, ਉਸ ਪਾਸੇ ਵੱਲ ਤੱਕਣ ਲੱਗ ਪਈ, ਜਿਧਰ ਸੜਕ ਉਤਾਂਹ ਉਠ ਦੇ ਅਸਮਾਨ ਨਾਲ ਲੱਗ ਜਾਂਦੀ ਸੀ ਤੇ ਫੇਰ ਚਾਣਚੱਕ ਹੀ ਹੇਠਾਂ ਵੱਲ ਢਲ ਜਾਂਦੀ ਸੀ। ਮਗਨ ਲਾਲ ਦੀ ਇੱਛਾ ਹੋਈ ਕਿ ਏਸ ਕਮਜ਼ੋਰੀ ਦੀ ਹਾਲਤ ਵਿਚ ਉਹਨੂੰ ਕਲਾਵੇ ਵਿਚ ਭਰ ਲਏ ਤੇ ਅਜਿਹੀ ਦਾਦ ਦੇਵੇ, ਜਿਸਦੀ ਉਹ ਹੱਕਦਾਰ ਸੀ। ਪਰ ਉਸਨੇ ਸੋਚਿਆ ਕਿ ਇੰਜ ਕਰਨ ਨਾਲ ਤਾਂ ਰੇਟ ਵਧ ਜਾਵੇਗਾ। ਉਸਨੇ ਮਨ ਹੀ ਮਨ ਕੀਰਤੀ ਨੂੰ ਸੌ ਰੁਪੈ ਦੇ ਦੇਣ ਦਾ ਫੈਸਲਾ ਕਰ ਲਿਆ ਸੀ। ਬੋਤਲ ਤੇ ਹੋਰ ਖਰਚਾ ਭਾਵੇਂ ਘੱਟ ਹੀ ਕਿਉਂ ਨਾ ਹੋਵੇ—ਪਰ ਉਹ ਉਸਨੂੰ ਸੌ ਰੁਪੈ ਹੀ ਦੇ ਦਵੇਗਾ। ਅੰਦਰੋਂ ਉਸਨੂੰ ਡਰ ਲੱਗ ਰਿਹਾ ਸੀ ਕਿ ਕੀਰਤੀ ਕਿਤੇ ਵੱਧ ਪੈਸੇ ਹੀ ਨਾ ਮੰਗ ਲਵੇ...
''ਹੂੰ! ਕਿੰਨੇ ਪੈਸੇ ਦੇ ਦਿਆਂ ਫੇਰ?'' ਉਸਨੇ ਸਰਸਰੀ ਹੀ ਪੁੱਛਿਆ ਸੀ।
ਕੀਰਤੀ ਨੇ ਵੀ ਉਸ ਵੱਲ ਸਰਸਰੀ ਨਜ਼ਰੇ ਤੱਕਦਿਆਂ ਕਿਹਾ—
''ਐਤਕੀਂ ਮੈਂ ਪੂਰੇ ਪੰਜਾਹ ਰੁਪੈ ਲਵਾਂਗੀ...''
''ਪੰਜਾਹ...!''
''ਹਾਂ, ਇਕ ਪੈਸਾ ਵੀ ਘੱਟ ਨਹੀਂ...''
ਮਗਨ ਨੇ ਤੱਸਲੀ ਨਾਲ ਰੋਲ-ਟਾਪ ਉਤਾਂਹ ਚੁੱਕਿਆ ਸੀ ਤੇ ਉਸ ਵਿਚੋਂ ਚਾਲੀ ਰੁਪੈ ਕੱਢ ਕੇ ਕੀਰਤੀ ਦੇ ਸਾਹਮਣੇ ਰੱਖ ਦਿੱਤੇ ਸਨ। ''ਜਿਵੇਂ ਤੇਰੀ ਮਰਜ਼ੀ,'' ਉਸ ਕਿਹਾ, ''ਪਰ ਏਸ ਵੇਲੇ ਤਾਂ ਮੇਰੇ ਕੋਲ ਏਨੇ ਈ ਨੇ। ਦਸ ਰੁਪੈ ਫੇਰ ਲੈ ਜਾਵੀਂ...'' ਕੀਰਤੀ ਨੇ ਨੋਟ ਚੁੱਕ ਲਏ ਤੇ ''ਅੱਛਾ'' ਆਖ ਕੇ ਤੁਰਨ ਲੱਗੀ, ਪਰ ਮਗਨ ਨੇ ਉਸਨੂੰ ਟੋਕਿਆ, ''ਸੁਣੀ...''
ਕੀਰਤੀ ਤੁਰਨ ਲੱਗੀ ਸੀ, ਇਸ ਲਈ ਉਹਦਾ ਸਰੀਰ ਅਗਾਂਹ ਵੱਲ ਝੁਕ ਗਿਆ ਸੀ—ਉਹਨੇ ਉਸੇ ਅੰਦਾਜ਼ ਵਿਚ ਖਲੋ ਕੇ ਮਗਨ ਵੱਲ ਵੇਖਿਆ—'ਮੈਨੂੰ ਸੰਭਾਲੀਂ', ਜਿਵੇਂ ਉਹਦੀਆਂ ਨਜ਼ਰਾਂ ਬੋਲ ਰਹੀਆਂ ਹੋਣ। ਉਹਦੇ ਚਿਹਰੇ ਉੱਤੇ ਉਦਾਸੀ ਘਟਣ ਦੀ ਬਜਾਏ ਪੱਸਰ ਗਈ ਜਾਪਦੀ ਸੀ। ਮਗਨ ਗੰਜੇ ਨੇ ਪੁੱਛਿਆ—
''ਇਹਨਾਂ ਪੈਸਿਆਂ ਨਾਲ ਤੇਰਾ ਕੰਮ ਸਰ-ਜੂ ?''
ਕੀਰਤੀ ਨੇ ਸਿਰ ਹਿਲਾਇਆ ਤੇ ਹਵਾ ਵਿਚ ਹੱਥ ਲਹਿਰਾਏ, ਜਿਸ ਦਾ ਮਤਲਬ ਸੀ—'ਸਾਰਨਾ ਈ ਪਊ। ਹੋਰ ਕੀਤਾ ਵੀ ਕੀ ਜਾ ਸਕਦਾ ਏ।' ਤੇ ਫੇਰ ਉਹਨੇ ਦੱਸਿਆ ਕਿ ਮਾਂ ਦੇ ਅਪ੍ਰੇਸ਼ਨ ਵਾਸਤੇ ਤਾਂ ਕਈ ਸੌ ਰੁਪੈ ਚਾਹੀਦੇ ਹੋਣਗੇ।
''ਮੈਂ ਤਾਂ ਕਹਿੰਦੀ ਹਾਂ...'' ਉਸ ਨੇ ਕਿਹਾ, ਤੇ ਫੇਰ ਕੁਝ ਚਿਰ ਰੁਕ ਕੇ ਬੋਲੀ, ''ਉਹ ਜਿੰਨੀ ਛੇਤੀ ਮਰ ਜਾਏ, ਓਨਾਂ ਈ ਚੰਗਾ ਏ।'' ਫੇਰ ਪੈਰ ਦੇ ਅੰਗੂਠੇ ਨਾਲ ਫ਼ਰਸ਼ ਦੀ ਮਿੱਟੀ ਖੁਰਚਣ ਲੱਗ ਪਈ।
ਅੰਤ ਉਸ ਆਪੇ ਹੀ ਕਿਹਾ, ''ਅੱਡੀਆਂ ਰਗੜਣ ਨਾਲੋਂ ਤਾਂ ਮੌਤ ਹੀ ਚੰਗੀ...''
ਪਰ ਮਗਨ ਨੇ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਾ ਦਿੱਤਾ ਤੇ ਨਾ ਹੀ ਉਸ ਨਾਲ ਅੱਖ ਮਿਲਾਈ। ਹੁਣ ਕੀਰਤੀ ਅਠਾਰਾਂ-ਉੱਨੀਂ ਸਾਲ ਦੀ ਕੁੜੀ ਨਹੀਂ, ਪੈਂਤੀ-ਚਾਲ੍ਹੀ ਸਾਲ ਦੀ ਪੂਰੀ ਔਰਤ ਲੱਗ ਰਹੀ ਸੀ, ਜਿਸ ਨੇ ਜ਼ਿੰਦਗੀ ਦਾ ਹਰੇਕ ਵਾਰ ਆਪਣੇ ਉਪਰ ਸਹਾਰਿਆ ਹੋਵੇ ਤੇ ਉਸਨੂੰ ਨਕਾਰਾ ਕਰਕੇ ਪਰ੍ਹਾਂ ਸੁੱਟ ਦਿੱਤਾ ਹੋਵੇ।
''ਇਕ ਗੱਲ ਆਖਾਂ।'' ਗੰਜੇ ਨੇ ਉਹਦੇ ਕੋਲ ਆ ਕੇ ਕਿਹਾ, ''ਤੂੰ ਮਿਥੁਨ ਬਣਾ...ਅਪ੍ਰੇਸ਼ਨ ਦਾ ਸਾਰਾ ਖਰਚਾ ਮੈਂ ਦੇ ਦਿਆਂਗਾ।''
''ਮਿਥੁਨ...'' ਕੀਰਤੀ ਨੇ ਕਿਹਾ ਤਾਂ ਉਹਨੂੰ ਇਕ ਧੁੜਧੁੜੀ ਜਿਹੀ ਆਈ।
''ਹਾਂ।'' ਮਗਨ ਬੋਲਿਆ, ''ਉਸਦੀ ਬਹੁਤ ਮੰਗ ਏ। ਟੂਰਿਸਟ ਉਸ ਉੱਤੇ ਦੀਵਾਨੇ ਹੋ ਜਾਂਦੇ ਨੇ।''
''ਪਰ...''
''ਮੈਂ ਸਮਝਦਾ ਹਾਂ।'' ਮਗਨ ਨੇ ਸਿਰ ਹਿਲਾ ਕੇ ਕਿਹਾ, ''ਤੈਨੂੰ ਤਜ਼ੁਰਬਾ ਨਹੀਂ...ਇਕ ਵਾਰੀ ਖਜੁਰਾਹੋ ਹੋ ਆ, ਜਾਹ ਵੇਖ ਆ। ਮੈਂ ਏਸ ਕੰਮ ਵਾਸਤੇ ਤੈਨੂੰ ਐਡਵਾਂਸ ਦੇਣ ਲਈ ਤਿਆਰ ਹਾਂ...''
''ਤੂੰ !'' ਕੀਰਤੀ ਨੇ ਨਫ਼ਰਤਮਈ ਨਜ਼ਰਾਂ ਨਾਲ ਉਸ ਵੱਲ ਤੱਕਿਆ ਤੇ ਕੁਝ ਚਿਰ ਪਿੱਛੋਂ ਬੋਲੀ, ''ਤੂੰ ਤੇ ਕਹਿੰਦਾ ਸੈਂ ਤੇਰੇ ਕੋਲ ਹੋਰ ਪੈਸੇ ਈ ਹੈ ਨਹੀਂ...''
ਮਗਨ ਨੇ ਤੁਰਤ ਗੱਲ ਸੰਭਾਲੀ-
''ਸੱਚਮੁੱਚ ਮੇਰੇ ਕੋਲ ਹੋਰ ਪੈਸੇ ਹੈ ਨਹੀਂ,'' ਉਸਨੇ ਕਿਹਾ, ''ਦੁਕਾਨ ਦਾ ਕਿਰਾਇਆ ਦੇਣ ਲਈ ਮੈਂ ਕੁਝ ਰੁਪੈ ਅੱਡ ਰੱਖੇ ਹੋਏ ਸਨ।''
ਫੇਰ ਮਗਨ ਨੇ ਉਹਨੂੰ ਕੁਝ ਰੁਪੈ ਐਡਵਾਂਸ ਵਜੋਂ ਦੇਣੇ ਚਾਹੇ, ਪਰ ਕੀਰਤੀ ਨੇ ਆਪਣੇ ਸਵੈਮਾਨ ਸਦਕਾ ਐਡਵਾਂਸ ਨਾ ਫੜਿਆ ਤੇ ਬਾਹਰ ਨਿਕਲ ਗਈ।
ਮਗਨ ਗੰਜੇ ਨੇ ਯਕਸ਼ੀ ਵੱਲ ਧਿਆਨ ਦਿੱਤਾ ਤੇ ਇਕ ਨਿੱਕੀ ਜਿਹੀ ਹਥੌੜੀ ਚੁੱਕ ਕੇ ਉਸਦੀ ਨੱਕ ਤੋੜ ਦਿੱਤੀ ਤੇ ਫੇਰ ਉਹਦੇ ਸਿਰ ਦੇ ਸ਼ਿੰਗਾਰ ਉੱਤੇ ਪੋਲੀਆਂ ਪੋਲੀਆਂ ਸੱਟਾਂ ਮਾਰ ਕੇ ਕੁਝ ਚਿੱਪੜਾਂ ਲਾਹ ਸੁੱਟੀਆਂ। ਫੇਰ ਅੰਦਰ ਜਾ ਕੇ ਉਸਨੇ, ਉਸਨੂੰ ਇਕ ਰੱਸੀ ਨਾਲ ਬੰਨ੍ਹਿਆਂ ਤੇ ਲੂਣ ਦੇ ਤਿਜਾਬ ਵਿਚ ਡੋਬ ਦਿੱਤਾ—ਧੂੰਏਂ ਦੇ ਬੱਦਲ ਉਠੇ ਤਾਂ ਯਕਸ਼ੀ ਨੂੰ ਬਾਹਰ ਕੱਢ ਲਿਆ ਗਿਆ ਤੇ ਪਾਣੀ ਵਿਚ ਡੋਬ ਦਿੱਤਾ ਗਿਆ। ਜਦੋਂ ਹੁਣ ਉਸਨੂੰ ਬਾਹਰ ਕੱਢਿਆ ਗਿਆ ਤਾਂ ਉਹਦੀ ਬਾਹਰੀ ਦਿੱਖ ਕਾਫੀ ਧੁੰਦਲੀ ਪੈ ਚੁੱਕੀ ਸੀ। ਕਿਤੇ ਕਿਤੇ ਤਾਂ ਬਰੀਕ ਸੁਰਖ਼ ਵੀ ਹੋ ਗਏ ਸਨ—ਤੇ ਹੁਣ ਇਹ ਸ਼ਿਲਪ ਇਕ ਹਜ਼ਾਰ ਰੁਪੈ ਵਿਚ ਵਿਕ ਸਕਦਾ ਸੀ।
੦ ੦ ੦
ਇਸ ਵਾਰੀ ਕੀਰਤੀ ਇਕ ਆਦਮ ਕੱਦ ਮਿਥੁਨ ਹੀ ਲਿਆਈ ਸੀ। ਇਹ ਮੂਰਤੀ ਬੋਰੀ ਵਿਚ ਲਪੇਟ ਕੇ ਇਕ ਰੇਹੜੇ ਉੱਤੇ ਲਿਆਂਦੀ ਗਈ ਸੀ ਤੇ ਕਈ ਮਜ਼ਦੂਰਾਂ ਨੇ ਚੁੱਕ ਕੇ ਉਸਨੂੰ ਮਗਨ ਗੰਜੇ ਦੀ ਦੁਕਾਨ ਵਿਚ ਰੱਖਿਆ ਸੀ।
ਮਜ਼ਦੂਰ ਆਪਣੀ ਮਜ਼ਦੂਰੀ ਲੈ ਕੇ ਜਾ ਚੁੱਕੇ ਸਨ।
ਮਗਨ ਤੇ ਕੀਰਤੀ ਇਕੱਲੇ ਰਹਿ ਗਏ ਤਾਂ ਮਗਨ ਨੇ ਤੇਜ ਸਾਹਾਂ ਵਿਚਕਾਰ ਬੋਰੀ ਦੀਆਂ ਰੱਸੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਡਾਢੇ ਉਤਸਾਹ ਨਾਲ ਮੂਰਤੀ ਉੱਤੋਂ ਟਾਟ ਲਾਹਿਆ। ਮੂਰਤੀ ਨੰਗੀ ਹੋ ਗਈ—''ਪ੍ਰਫੈਕਟ''—ਚਾਣਚੱਕ ਮਗਨ ਗੰਜੇ ਦੇ ਮੂੰਹੋਂ ਨਿਕਲਿਆ ਤੇ ਉਸਦਾ ਥੁੱਕ ਗਲੇ ਵਿਚ ਹੀ ਅਟਕ ਗਿਆ। ਉਸਦਾ ਖ਼ਿਆਲ ਸੀ ਕਿ ਕੀਰਤੀ ਇਸ ਸ਼ਿਲਪ ਨੂੰ ਆਪਣੇ ਸਾਹਮਣੇ ਨਹੀਂ ਵੇਖਣ ਦਵੇਗੀ, ਪਰ ਉਹ ਚੁੱਪਚਾਪ ਖੜ੍ਹੀ ਸੀ। ਮਿਥੁਨ ਦੀ ਔਰਤ ਉਸਦੇ ਸਾਹਮਣੇ ਵਿਚਾਰ-ਸ਼ੁੰਨ, ਸਾਕਾਰ ਖੜ੍ਹੀ ਸੀ ਤੇ ਮਰਦ ਸਭ ਪਾਸਿਓਂ ਬੇਧਿਆਨ, ਬੇਖ਼ੁਦੀ ਜਿਹੀ ਵਿਚ ਉਸਦੇ ਦੋਵੇਂ ਮੋਢੇ ਫੜ੍ਹੀ ਖੜ੍ਹਾ ਸੀ। ਜਿਸ ਨੂੰ ਮਗਨ ਗੰਜੇ ਨੇ ਧਿਆਨ ਨਾਲ ਨਹੀਂ ਸੀ ਵੇਖਿਆ ਸ਼ਾਇਦ ਉਹ ਉਸਨੂੰ ਇਕਾਂਤ ਵਿਚ ਧਿਆਨ ਨਾਲ ਵੇਖਣਾ ਚਾਹੁੰਦਾ ਸੀ।
''ਕਿੰਨੇ ਪੈਸਿਆਂ ਦੀ ਲੋੜ ਪਏਗੀ, ਅਪ੍ਰੇਸ਼ਨ ਵਾਸਤੇ?''
''ਅਪ੍ਰੇਸ਼ਨ ਵਾਸਤੇ ਨਹੀਂ, ਆਪਣੇ ਵਾਸਤੇ...''
''ਆਪਣੇ ਵਾਸਤੇ?...ਮਾਂ...''
''ਮਰ ਗਈ। ਇਕ ਹਫ਼ਤਾ ਹੋ ਗਿਆ...''
ਮਗਨ ਨੇ ਆਪਣੇ ਚਿਹਰੇ ਉੱਤੇ ਦੁੱਖ ਅਤੇ ਅਫ਼ਸੋਸ ਦੇ ਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੀਰਤੀ ਨੂੰ ਤਾਂ ਜਿਵੇਂ ਇਹਨਾਂ ਗੱਲਾਂ ਨਾਲ ਕੋਈ ਸਰੋਕਾਰ ਹੀ ਨਹੀਂ ਸੀ। ਓਵੇਂ ਹੀ ਉਹਦੇ ਬੁੱਲ੍ਹ ਮੀਟੇ ਰਹੇ ਸਨ; ਉਹ ਓਨੀਂ ਹੀ ਉਦਾਸ ਸੀ। ਫੇਰ ਉਹ ਬੋਲੀ—''ਇਹਦਾ ਇਕ ਹਜ਼ਾਰ ਰੁਪਈਆ ਲਵਾਂਗੀ ਮੈਂ...''
ਮਗਨ ਹੈਰਾਨ ਰਹਿ ਗਿਆ। ਉਸਦੀ ਜੁਬਾਨ ਤੁਤਲਾ ਰਹੀ ਸੀ ''ਏਸ ਦੇ ਹਜ਼ਾਰ ਰੁਪੈ ਵੀ ਕੋਈ ਦੇ ਸਕਦੈ...?''
''ਹਾਂ।'' ਕੀਰਤੀ ਨੇ ਜਵਾਬ ਦਿੱਤਾ, ''ਮੈਂ ਗੱਲ ਕਰ ਆਈ ਹਾਂ...ਸ਼ਾਇਦ ਕੁਝ ਜ਼ਿਆਦਾ ਵੀ ਮਿਲ ਜਾਣ... ਪਰ ਮੈਂ ਤੇਰੇ ਨਾਲ ਜ਼ਬਾਨ ਕੀਤੀ ਹੋਈ ਸੀ।''
''ਮੈਂ ਤਾਂ...ਮੈਂ ਤਾਂ ਪੰਜ ਸੌ ਰੁਪੈ ਦੇ ਸਕਦਾਂ...''
''ਨਹੀਂ।'' ਕੀਰਤੀ ਨੇ ਮਜ਼ਦੂਰਾਂ ਦੀ ਭਾਲ ਵਿਚ ਬਾਹਰ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਮਗਨ ਗੰਜੇ ਨੇ ਉਹਨੂੰ ਟੋਕਿਆ, ''ਸੌ, ਦੋ-ਸੌ ਹੋਰ ਲੈ-ਲੈ।''
''ਹਜ਼ਾਰ ਤੋਂ ਘੱਟ ਨਹੀਂ...''
ਮਗਨ ਨੇ ਹੈਰਾਨ ਹੋ ਕੇ ਕੀਰਤੀ ਵੱਲ ਵੇਖਿਆ। ਅੱਜ ਉਹਦੇ ਤੇਵਰ ਹੀ ਕੁਝ ਹੋਰ ਸਨ। ਕੀ ਉਹ ਖਜੁਰਾਹੋ ਗਈ ਸੀ, ਟੂਰਿਸਟਾਂ ਨਾਲ ਮਿਲੀ ਸੀ? ਕਿਸੇ ਵੀ ਕੀਮਤ 'ਤੇ ਕਲਾਕਾਰ ਨੂੰ ਉਸਦੀ ਮਾਰਕੀਟ ਤੋਂ ਵੱਖ ਰੱਖਣਾ ਚਾਹੀਦਾ ਹੈ। ਪਰ ਖ਼ੈਰ...ਉਸਨੇ ਰੋਲ-ਟਾਪ ਚੁੱਕਿਆ ਤੇ ਅੱਠ ਸੌ ਰੁਪੈ ਗਿਣ ਕੇ ਕੀਰਤੀ ਦੇ ਸਾਹਮਣੇ ਰੱਖ ਦਿੱਤੇ। ਕੀਰਤੀ ਨੇ ਛੇਤੀ ਛੇਤੀ ਨੋਟ ਗਿਣੇ ਤੇ ਉਸਦੇ ਮੂੰਹ ਉੱਤੇ ਦੇ ਮਾਰੇ।
'ਮੈਂ ਕਿਹਾ ਨੀ...ਹਜ਼ਾਰ ਤੋਂ ਘੱਟ ਨਹੀਂ।''
''ਅੱਛਾ ਨੌਂ ਸੌ ਲੈ ਲੈ...''
''ਨਹੀਂ...''
'ਸਾਢੇ ਨੌਂ ਸੌ...ਨੌਂ ਸੌ ਪਝੱਤਰ...'' ਤੇ ਫੇਰ ਕੀਰਤੀ ਦੀਆਂ ਨਜ਼ਰਾਂ ਦੀ ਦ੍ਰਿੜਤਾ ਵੇਖ ਕੇ ਉਸਨੇ ਸੌ ਸੌ ਦੇ ਦਸ ਨੋਟ ਉਹਦੇ ਹੱਥ ਵਿਚ ਫੜਾ ਦਿੱਤੇ ਸਨ ਤੇ ਨਸ਼ਈਆਂ ਵਾਂਗ ਮਿਥੁਨ ਵੱਲ ਅਹੁਲਿਆ ਸੀ। ਕੀਰਤੀ ਖੜ੍ਹੀ ਸੀ, ਜਿਵੇਂ ਉਹ ਆਪਣੀ ਕਲਾ ਦੀ ਤਾਰੀਫ਼ ਸੁਣਨ ਲਈ ਰੁਕੀ ਹੋਈ ਹੋਵੇ। ਮਗਨ ਨੇ ਮਿਥੁਨ ਦੀ ਔਰਤ ਵੱਲ ਵੇਖਿਆ, ਜਿਹੜੀ ਕੀਰਤੀ ਹੀ ਸੀ। ਪਰ ਉਸ ਦੀਆਂ ਅੱਖਾਂ ਵਿਚ ਅੱਥਰੂ ਕਿਉਂ ਸਨ? ਕੀ ਉਹ ਕਿਸੇ ਲੱਜਤ ਦਾ ਡੂੰਘਾ ਅਹਿਸਾਸ ਸੀ ਜਾਂ ਕਿਸੇ ਜ਼ੁਲਮ ਦਾ? ਕੀ ਉਹ ਦੁਖ ਅਤੇ ਸੁਖ, ਪੀੜ ਅਤੇ ਆਨੰਦ ਦਾ ਉਹ ਰਿਸ਼ਤਾ ਸੀ, ਜਿਹੜਾ ਪੂਰਣ ਸਰਿਸ਼ਟੀ ਹੈ? ਫੇਰ ਉਸਨੇ ਮਰਦ ਵੱਲ ਤੱਕਿਆ। ਜਿਹੜਾ ਉਪਰੋਂ ਬੜਾ ਸੁੰਦਰ ਜਾਪਦਾ ਸੀ ਤੇ ਹੇਠੋਂ ਬੜਾ ਗੰਧਲਾ। ਕਿਉਂ? ਕੀਰਤੀ ਨੇ ਕਿਉਂ ਮਰਦ...ਆਦਮ...ਦੇ ਗਧੇਪਨ ਉਪਰ ਜੋਰ ਦਿੱਤਾ ਸੀ।...ਇਹ ਮਿਥੁਨ ਹੈ, ਪਰ ਉਹ ਮਿਥੁਨ ਨਹੀਂ, ਜਿਹੜਾ ਪੁਰਸ਼ ਅਤੇ ਪ੍ਰਕ੍ਰਿਤੀ ਵਿਚਕਾਰ ਹੁੰਦਾ ਹੈ?...ਠੀਕ ਹੈ!...ਉਲਟਾ ਪੈਸੇ ਵੱਧ ਮਿਲਣਗੇ।
ਮਗਨ ਗੰਜੇ ਨੇ ਉਪਰਲੇ ਲੈਂਪ ਦਾ ਚਾਨਣ ਮਰਦ ਉੱਤੇ ਫੋਕਸ ਕੀਤਾ ਤੇ ਉਸ ਵੱਲ ਵਿੰਹਦਾ ਹੋਇਆ ਬੜਬੜਾਇਆ—
''ਇਹ...ਮੈਂ ਇਸਨੂੰ ਕਿਤੇ ਵੇਖਿਆ ਹੈ...?''
ਕੀਰਤੀ ਨੇ ਕੋਈ ਉਤਰ ਨਾ ਦਿੱਤਾ।
'ਤੂੰ...,'' ਮਗਨ ਨੇ ਖੋਜੀਆਂ ਵਾਂਗ ਪੁੱਛਿਆ—''ਤੂੰ ਸਿਰਾਜੇ ਦੇ ਨਾਲ ਕਿਤੇ ਗਈ ਸੈਂ...?''
ਕੀਰਤੀ ਨੇ ਅਗਾਂਹ ਵਧ ਕੇ ਮਗਨ ਗੰਜੇ ਦੇ ਮੂੰਹ ਉੱਤੇ ਇਕ ਚਪੇੜ ਜੜ ਦਿੱਤੀ ਤੇ ਨੋਟ ਚੁੱਕ ਕੇ ਦੁਕਾਨ ਵਿਚੋਂ ਬਾਹਰ ਨਿਕਲ ਗਈ।
੦੦੦ ੦੦੦ ੦੦੦

No comments:

Post a Comment