Wednesday, September 16, 2009

ਗਰਮ ਕੋਟ :: ਰਾਜਿੰਦਰ ਸਿੰਘ ਬੇਦੀ : राजिंदर सिंह बेदी

ਉਰਦੂ ਕਹਾਣੀ : ਗਰਮ ਕੋਟ :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ...ਮੁਬਇਲ : 94177-30600.


ਮੈਂ ਵੇਖਿਆ ਹੈ, ਮਿਰਾਜੂਦੀਨ ਟੇਲਰ ਮਾਸਟਰ ਦੀ ਦੁਕਾਨ ਉੱਤੇ ਬੜੇ ਹੀ ਵਧੀਆ–ਵਧੀਆ ਸੂਟ ਲਟਕ ਰਹੇ ਹੁੰਦੇ ਨੇ। ਉਹਨਾਂ ਨੂੰ ਵੇਖ ਕੇ ਮੇਰੇ ਦਿਲ ਵਿਚ ਅਕਸਰ ਇਹੋ ਖ਼ਿਆਲ ਆਉਂਦਾ ਹੈ ਕਿ ਮੇਰਾ ਆਪਣਾ ਗਰਮ ਕੋਟ ਬਿਲਕੁਲ ਫਟ ਚੁੱਕਿਆ ਹੈ ਤੇ ਇਸ ਸਾਲ ਹੱਥ ਤੰਗ ਹੋਣ ਦੇ ਬਾਵਜੂਦ ਮੈਨੂੰ ਵੀ ਇਕ ਨਵਾਂ ਗਰਮ ਕੋਟ ਜ਼ਰੂਰ ਬਣਵਾ ਲੈਣਾ ਚਾਹੀਦਾ ਹੈ। ਟੇਲਰ ਮਾਸਟਰ ਦੀ ਦੁਕਾਨ ਦੇ ਸਾਹਮਣਿਓ ਲੰਘਣ ਜਾਂ ਆਪਣੇ ਮਹਿਕਮੇ ਦੇ ਮਨੋਰੰਜਨ ਕਲਬ ਵਿਚ ਜਾਣ ਤੋਂ ਪ੍ਰਹੇਜ਼ ਕਰਾਂ ਤਾਂ ਸੰਭਵ ਹੈ ਮੈਨੂੰ ਗਰਮ ਕੋਟ ਦਾ ਚੇਤਾ ਵੀ ਨਾ ਆਵੇ, ਕਿਉਂਕਿ ਕਲਬ ਵਿਚ ਜਦੋਂ ਸੰਤਾ ਸਿੰਘ ਦੇ ਯਜ਼ਦਾਨੀ ਦੇ ਕੋਟਾਂ ਦੇ ਕੀਮਤੀ ਬਰਸਟੇਡ ਮੇਰੀਆਂ ਭਾਵਨਾਵਾਂ ਉਪਰ ਛਾਂਟੇ ਵਰ੍ਹਾਉਣ ਲੱਗ ਪੈਂਦੇ ਨੇ ਤਾਂ ਮੈਂ ਆਪਣੇ ਕੋਟ ਦੀ ਮੰਦੀ ਹਾਲਤ ਨੂੰ ਧੁਰ ਅੰਦਰ ਤੀਕ ਮਹਿਸੂਸ ਕਰਨ ਲੱਗ ਪੈਂਦਾ ਹਾਂ-ਯਾਨੀ ਉਹ ਪਹਿਲਾਂ ਨਾਲੋਂ ਵੱਧ ਖਸਤਾ ਤੇ ਖੁੱਥੜ ਜਿਹਾ ਹੋ ਗਿਆ ਜਾਪਦਾ ਹੈ।
ਪਤਨੀ ਤੇ ਬੱਚਿਆਂ ਨੂੰ ਢਿੱਡ ਭਰ ਕੇ ਰੋਟੀ ਖੁਆਉਣ ਖਾਤਰ ਮੇਰੇ ਵਰਗੇ ਮਾਮੂਲੀ ਕਲਰਕ ਨੂੰ ਆਪਣੀਆਂ ਬਹੁਤ ਸਾਰੀਆਂ ਲੋੜਾਂ ਦਾ ਕਤਲ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਹੱਡੀਆਂ 'ਚ ਵੜਦੀ ਠੰਡ ਤੋਂ ਬਚਾਉਣ ਵਾਸਤੇ ਖ਼ੁਦ ਬੋਦਾ–ਪੁਰਾਣਾ ਹੰਢਾਉਣਾ ਪੈਂਦਾ ਹੈ। ਇਹ ਗਰਮ ਕੋਟ ਮੈਂ ਪਰਾਰ ਦਿੱਲੀ ਦਰਵਾਜ਼ੇ ਦੇ ਬਾਹਰ ਪੁਰਾਣੇ ਕੋਟਾਂ ਵਾਲੀ ਇਕ ਦੁਕਾਨ ਤੋਂ ਮੁੱਲ ਲਿਆ ਸੀ। ਕੋਟਾਂ ਦੇ ਕਿਸੇ ਵਪਾਰੀ ਨੇ ਇਹਨਾਂ ਪੁਰਾਣੇ ਕੋਟਾਂ ਦੀਆਂ ਸੈਂਕੜੇ ਗੱਠਾਂ ਕਿਸੇ ਮਰਾਨਜਾ, ਮਰਾਨਜਾ ਐਂਡ ਕੰਪਨੀ, ਕਰਾਚੀ ਤੋਂ ਮੰਗਵਾਈਆਂ ਸਨ। ਮੇਰੇ ਕੋਟ ਦੇ ਅੰਦਰਸ ਵਿਚ ਬਣੀ ਅੰਦਰਲੀ ਜੇਬ ਦੇ ਹੇਠ ਨਕਲੀ ਸਿਲਵਰ ਦੇ ਅਸਤਰ ਦਾ ਬਣਿਆ ਹੋਇਆ ਮਰਾਨਜਾ, ਮਰਾਨਜਾ ਐਂਡ ਕੋ. ਦਾ ਲੇਬਲ ਲੱਗਿਆ ਹੋਇਆ ਸੀ। ਪਰ ਕੋਟ ਮੈਨੂੰ ਮਿਲਿਆ ਬੜਾ ਸਸਤਾ ਸੀ-ਮਹਿੰਗਾ ਰੋਵੇ ਇਕ ਵਾਰ, ਸਸਤਾ ਰੋਵੇ ਵਾਰ ਵਾਰ-ਤੇ ਮੇਰਾ ਕੋਟ ਹਮੇਸ਼ਾ ਹੀ ਪਾਟਿਆ ਰਹਿੰਦਾ ਸੀ।
ਇਸੇ ਦਸੰਬਰ ਦੀ ਇਕ ਸ਼ਾਮ ਨੂੰ ਮਨੋਰੰਜਨ–ਕਲਬ ਤੋਂ ਵਾਪਸ ਆਉਂਦਾ ਹੋਇਆਂ ਮੈਂ ਆਦਤ ਅਨੁਸਾਰ ਅਨਾਰਕਲੀ ਵਿਚੋਂ ਲੰਘਿਆ। ਉਸ ਸਮੇਂ ਮੇਰੀ ਜੇਬ ਵਿਚ ਦਸ ਰੁਪਏ ਦਾ ਨੋਟ ਸੀ। ਆਟਾ, ਦਾਲ, ਬਾਲਨ, ਬਿਜਲੀ, ਬੀਮਾ ਕੰਪਨੀ ਦੇ ਬਿੱਲ ਭੁਗਤਾਅ ਦੇਣ ਪਿੱਛੋਂ ਮੇਰੇ ਕੋਲ ਓਹੀ ਦਸ ਦਾ ਨੋਟ ਬਚਿਆ ਸੀ। ਜੇਬ ਵਿਚ ਪੈਸੇ ਹੋਣ ਤਾਂ ਅਨਾਰਕਲੀ ਵਿਚੋਂ ਲੰਘਣਾ ਬੁਰਾ ਨਹੀਂ ਲੱਗਦਾ। ਉਸ ਸਮੇਂ ਆਪਣੇ ਆਪ ਉੱਤੇ ਗੁੱਸਾ ਵੀ ਨਹੀਂ ਆਉਂਦਾ। ਬਲਿਕੇ ਆਪਣੀ ਜਾਤ ਕੁਝ ਉੱਤਮ ਲੱਗ ਰਹੀ ਹੁੰਦੀ ਹੈ। ਉਸ ਸਮੇਂ ਅਨਾਰਕਲੀ ਵਿਚ ਚਾਰੇ ਪਾਸੇ ਸੂਟ ਹੀ ਸੂਟ ਨਜ਼ਰ ਆ ਰਹੇ ਸਨ ਤੇ ਸਾੜ੍ਹੀਆਂ ਵੀ...ਕੁਝ ਸਾਲਾਂ ਤੋਂ ਹਰੇਕ ਨੱਥੂ ਖ਼ੈਰਾ ਸੂਟ ਪਾਉਣ ਲੱਗ ਪਿਆ ਹੈ। ਮੈਂ ਸੁਣਿਆ ਹੈ ਪਿੱਛਲੇ ਕੁਝ ਸਾਲਾਂ ਵਿਚ ਕਈ ਟਨ ਸੋਨਾ ਸਾਡੇ ਦੇਸ਼ ਵਿਚੋਂ ਬਾਹਰ ਚਲਾ ਗਿਆ ਹੈ। ਸ਼ਾਇਦ ਇਸੇ ਲਈ ਕਿ ਲੋਕ ਸਰੀਰਕ–ਸ਼ਿੰਗਾਰ ਦਾ ਖ਼ਿਆਲ ਵਧੇਰੇ ਰੱਖਣ ਲੱਗ ਪਏ ਨੇ। ਨਵੇਂ‘–ਨਵੇਂ ਸੂਟ ਪਾਉਣਾ ਤੇ ਖ਼ੂਬ ਠੁੱਕ ਨਾਲ ਰਹਿਣਾ ਸਾਡੀ ਗਰੀਬੀ ਦਾ ਪ੍ਰਤੱਖ ਪ੍ਰਮਾਣ ਹੈ। ਵਰਨਾਂ ਜਿਹੜੇ ਲੋਕ ਸੱਚਮੁੱਚ ਅਮੀਰ ਨੇ, ਏਨੀ ਸਜ–ਧਜ ਤੇ ਇਹਨਾਂ ਬੰਦਾ–ਮਾਰੂ ਮੂੰਹ–ਮੁਲਾਹਜਿਆਂ ਦੀ ਉੱਕਾ ਹੀ ਪ੍ਰਵਾਹ ਨਹੀਂ ਕਰਦੇ।
ਕਪੜੇ ਦੀ ਦੁਕਾਨ ਵਿਚ ਬਰਸਟੇਡ ਦੇ ਥਾਨਾਂ ਦੇ ਥਾਨ ਖਿਲਾਰੇ ਪਏ ਸਨ। ਉਹਨਾਂ ਨੂੰ ਦੇਖ ਕੇ ਮੈਂ ਸੋਚਿਆ ਕਿ 'ਕੀ ਮੈਂ ਇਸ ਮਹੀਨੇ ਦੇ ਬਚੇ–ਖੁਚੇ ਦਸ ਰੁਪਈਆਂ ਦਾ ਕੋਟ ਲਈ ਕੱਪੜਾ ਖ਼ਰੀਦ ਕੇ ਪਤਨੀ ਤੇ ਬੱਚਿਆਂ ਨੂੰ ਭੁੱਖੇ ਮਾਰ ਸਕਦਾ ਹਾਂ?' ਪਰ ਕੁਝ ਚਿਰ ਪਿੱਛੋਂ ਹੀ ਮੇਰੇ ਦਿਲ ਵਿਚ ਇਕ ਨਵੇਂ ਕੋਟ ਦੇ ਨਿੱਜਵਾਦੀ ਖ਼ਿਆਲ ਨੇ ਚਾਂਭੜਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਮੈਂ ਆਪਣੇ ਪੁਰਾਣੇ ਗਰਮ ਕੋਟ ਦਾ ਬਟਨ ਫੜ੍ਹ ਕੇ ਉਸਨੂੰ ਮਰੋੜਨ ਲੱਗ ਪਿਆ। ਕਿਉਂਕਿ ਤੇਜ਼ ਤੁਰਨ ਕਰਕੇ ਮੇਰੇ ਸਰੀਰ ਵਿਚ ਗਰਮੀ ਆ ਗਈ ਸੀ, ਇਸ ਲਈ ਮੌਸਮ ਦੀ ਸਰਦੀ ਤੇ ਇਸ ਕਿਸਮ ਦੇ ਬਾਹਰੀ ਪ੍ਰਭਾਵ ਮੇਰੇ ਕੋਟ ਖ਼ਰੀਦਣ ਦੇ ਇਰਾਦੇ ਨੂੰ ਪੱਕਾ ਕਰਨ ਤੋਂ ਅਸਮਰਥ ਰਹੇ। ਮੈਨੂੰ ਤਾਂ ਉਸ ਸਮੇਂ ਆਪਣਾ ਉਹ ਕੋਟ ਵੀ ਵਾਧੂ ਦਾ ਵਿਖਾਵਾ ਹੀ ਮਹਿਸੂਸ ਹੋਣ ਲੱਗ ਪਿਆ ਸੀ।
ਇੰਜ ਕਿਉਂ ਹੋਇਆ? ਮੈਂ ਕਿਹਾ ਨਾ ਕਿ ਜਿਹੜੇ ਬੰਦੇ ਅਸਲੀ ਅਮੀਰ ਹੁੰਦੇ ਨੇ, ਉਹ ਵਾਧੂ ਦੀ ਫੋਕੀ ਸ਼ਾਨ ਦੀ ਰਤਾ ਵੀ ਪ੍ਰਵਾਹ ਨਹੀਂ ਕਰਦੇ। ਜਿਹੜੇ ਲੋਕ ਸੱਚਮੁੱਚ ਅਮੀਰ ਹੁੰਦੇ ਨੇ ਉਹਨਾਂ ਦਾ ਤਾਂ ਪਾਟਿਆ ਪੁਰਾਣ ਕੋਟ, ਬਲਿਕੇ ਕਮੀਜ਼ ਵੀ ਸ਼ੁਗਲ ਜਾਂ ਚੋਜ ਹੀ ਸਮਝਿਆ ਜਾਂਦਾ ਹੈ। ਤਾਂ ਕੀ ਮੈਂ ਸੱਚਮੁੱਚ ਦਾ ਅਮੀਰ ਸਾਂ...?
ਮੈਂ ਘਬਰਾਅ ਕੇ ਜਾਤੀ ਵਿਸ਼ਲੇਸ਼ਣ ਛੱਡ ਦਿਤਾ ਤੇ ਬੜੀ ਮੁਸ਼ਕਿਲ ਨਾਲ ਦਸ ਦਾ ਨੋਟ ਸਹੀ–ਸਲਾਮਤ ਲੈ ਕੇ ਘਰ ਜਾ ਪਹੁੰਚਿਆ।
ਸ਼ਮੀ, ਮੇਰੀ ਪਤਨੀ, ਮੈਨੂੰ ਉਡੀਕ ਰਹੀ ਸੀ।
ਆਟਾ ਗੁੰਨ੍ਹਦਿਆਂ ਹੋਇਆਂ ਉਸਨੇ, ਅੱਗ ਮਚਾਉਣੀ ਸ਼ੁਰੂ ਕਰ ਦਿਤੀ...ਕੰਬਖ਼ਤ ਮੰਗਲ ਸਿੰਘ ਨੇ, ਇਸ ਵਾਰੀ ਵੀ ਗਿੱਲੀਆਂ ਲੱਕੜਾਂ ਭੇਜ ਦਿਤੀਆਂ ਸਨ-ਅੱਗ ਬਲਣ ਦਾ ਨਾਂ ਹੀ ਨਹੀਂ ਸੀ ਲੈਂਦੀ ਪਈ। ਬਹੁਤੀਆਂ ਫੂਕਾਂ ਮਾਰਨ ਨਾਲ ਗਿੱਲੀਆਂ ਲੱਕੜਾਂ ਵਿਚੋਂ ਬਹੁਤਾ ਧੂੰਆਂ ਨਿਕਲਦਾ ਹੈ। ਸ਼ਮੀ ਦੀਆਂ ਅੱਖਾਂ ਲਾਲ ਅੰਗਿਆਰ ਹੋਈਆਂ ਹੋਈਆਂ ਨੇ ਤੇ ਉਹਨਾਂ ਵਿਚੋਂ ਪਾਣੀ ਵਗਣ ਲੱਗ ਪਿਆ ਹੈ।
“ਕੰਬਖ਼ਤ ਕਿਤੋਂ ਦਾ...ਮੰਗਲ ਸਿੰਘ,” ਮੈਂ ਕਿਹਾ, “ਇਹਨਾਂ ਸਿੱਜਲ ਅੱਖਾਂ ਲਈ ਮੰਗਲ ਸਿੰਘ ਤਾਂ ਕੀ ਮੈਂ ਪੂਰੀ ਦੁਨੀਆਂ ਨਾਲ ਭਿੜ ਸਕਦਾ ਹਾਂ।”
ਬੜੀ ਜੱਦੋ–ਜ਼ਹਿਦ ਪਿੱਛੋਂ ਆਖ਼ਰ ਲੱਕੜਾਂ ਮੱਚ ਪਈਆਂ ਤੇ ਇਹਨਾਂ ਸਿੱਜਲ–ਅੱਖਾਂ ਦੇ ਪਾਣੀ ਨੇ ਮੇਰੇ ਗੁੱਸੇ ਦੀ ਅੱਗ ਨੂੰ ਬੁਝਾ ਦਿਤਾ...ਸ਼ਮੀ ਨੇ ਮੇਰੇ ਮੋਢੇ ਉੱਤੇ ਸਿਰ ਰੱਖਿਆ ਤੇ ਮੇਰੇ ਪਾਟੇ ਹੋਏ ਗਰਮ ਕੋਟ ਵਿਚ ਪਤਲੀਆਂ ਪਤਲੀਆਂ ਉਂਗਲਾਂ ਘੁਸੇੜਦੀ ਹੋਈ ਬੋਲੀ-
“ਹੁਣ ਤਾਂ ਇਹ ਬਿਲਕੁਲ ਕੰਮ ਦਾ ਨਹੀਂ ਰਿਹਾ।”
ਮੈਂ ਧੀਮੀ ਆਵਾਜ਼ ਵਿਚ ਕਿਹਾ, “ਹਾਂ!”
“ਸੀ–ਦਿਆਂ?...ਏਥੋਂ...”
“ਸੀ–ਦੇਅ। ਜੇ ਕੋਈ ਇਕ ਅੱਧਾ ਧਾਗਾ ਕੱਢ ਕੇ ਰਫ਼ੂ ਕਰ ਦੇਵੇਂ ਤਾਂ ਕੀ ਕਹਿਣੇ।”
ਕੋਟ ਨੂੰ ਉਲਟਾਂਦਿਆਂ ਹੋਇਆਂ ਸ਼ਮੀ ਬੋਲੀ, “ਅੰਦਰਸ ਨੂੰ ਤਾਂ ਮੋਈਆਂ ਟਿੱਡੀਆਂ ਟੁੱਕਣ ਡਈਆਂ ਨੇ...ਨਕਲੀ ਰੇਸ਼ਮ ਦਾ ਏ ਨਾ...ਅਹਿ ਵੇਖੋ।”
ਮੈਂ ਸ਼ਮੀ ਤੋਂ ਆਪਣਾ ਕੋਟ ਖੋਹ ਲਿਆ ਤੇ ਕਿਹਾ, “ਮਸ਼ੀਨ ਕੋਲ ਬੈਠਣ ਦੀ ਬਜਾਏ ਤੂੰ ਮੇਰੇ ਕੋਲ ਬੈਠ ਸ਼ਮੀ...ਦੇਖਦੀ ਨਹੀਂ ਦਫ਼ਤਰੋਂ ਆ ਰਿਹਾਂ। ਇਹ ਕੰਮ ਤੂੰ ਉਦੋਂ ਕਰ ਲਵੀਂ ਜਦੋਂ ਮੈਂ ਸੌਂ ਜਾਵਾਂ!”
ਸ਼ਮੀ ਮੁਸਕਰਾਉਣ ਲੱਗ ਪਈ।
ਸ਼ਮੀ ਦੀ ਉਹ ਮੁਸਕਾਨ ਤੇ ਮੇਰਾ ਪਾਟਿਆ ਹੋਇਆ ਕੋਟ!
ਸ਼ਮੀ ਨੇ ਕੋਟ ਨੂੰ ਖ਼ੁਦ ਹੀ ਇਕ ਪਾਸੇ ਰੱਖ ਦਿਤਾ। ਬੋਲੀ, “ਮੈਂ ਖ਼ੁਦ ਵੀ ਇਸ ਕੋਟ ਦੀ ਮੁਰੰਮ ਕਰ ਕਰ ਕੇ ਹੰਭ ਗਈ ਵਾਂ...” ਉਸ ਦੀ ਮੁਰੰਮ ਕਰਨ ਲਈ ਉਹਨੂੰ ਇਸ ਗਿੱਲੇ ਬਾਲਨ ਨੂੰ ਬਾਲਣ ਜਿੰਨੀ ਜਾਨ ਮਾਰਨੀ ਪੈਂਦੀ ਹੈ। ਅੱਖਾਂ ਦੁਖਣ ਲੱਗ ਪੈਂਦੀਆਂ ਹੋਣਗੀਆਂ-
“ਆਖ਼ਰ ਤੁਸੀਂ ਆਪਣੇ ਕੋਟ ਲਈ ਕਪੜਾ ਕਿਉਂ ਨਹੀਂ ਖ਼ਰੀਦ ਲਿਆਉਂਦੇ?”
ਮੈਂ ਬਿੰਦ ਦਾ ਬਿੰਦ ਸੋਚਾਂ ਵਿਚ ਖ਼ੁੱਭ ਗਿਆ।
ਉਂਜ ਤਾਂ ਮੈਂ ਆਪਣੇ ਕੋਟ ਲਈ ਕਪੜਾ ਖ਼ਰੀਦਣ ਨੂੰ ਪਾਪਾ ਸਮਝਦਾ ਸਾਂ, ਪਰ ਸ਼ਮੀ ਦੀਆਂ ਅੱਖਾਂ...ਉਹਨਾਂ ਅੱਖਾਂ ਨੂੰ ਤਕਲੀਫ਼ ਤੋਂ ਬਚਾਉਣ ਖਾਤਰ ਤਾਂ ਮੈਂ ਮੰਗਲ ਸਿੰਘ ਤਾਂ ਕੀ ਸਾਰੀ ਦੁਨੀਆਂ ਨਾਲ ਭਿੜ ਜਾਣ ਲਈ ਤਿਆਰ ਹੋ ਜਾਂਦਾ ਹਾਂ-ਕਿਉਂ ਨਾ ਬਰਸਟੇਡ ਦੇ ਥਾਨਾਂ ਦੇ ਥਾਨ ਖ਼ਰੀਦ ਲਿਆਵਾਂ। ਨਵੇਂ ਕੋਟ ਲਈ ਕਪੜਾ ਖ਼ਰੀਦਣ ਦਾ ਖ਼ਿਆਲ ਮਨ ਵਿਚ ਪੈਦਾ ਹੋਇਆ ਸੀ ਕਿ ਪੁਸ਼ਪਾਮਣੀ ਪਤਾ ਨਹੀਂ ਕਿੱਧਰੋਂ ਦੌੜਦੀ ਹੋਈ ਅੰਦਰ ਆ ਵੜੀ...ਆਉਂਦੀ ਹੀ ਵਰਾਂਡੇ ਵਿਚ ਨੱਚਣ ਤੇ ਗਾਉਣ ਲੱਗ ਪਈ। ਉਸਦੀਆਂ ਹਰਕਤਾਂ, ਹੱਥਾਂ ਪੈਰਾਂ ਦੀਆਂ ਮੁਦਰਾਵਾਂ ਨਾਲੋਂ ਕਿਤੇ ਵਧ ਚਾਂਭੜਾਂ ਭਰੀਆਂ ਸਨ।
ਆਪਣਾ ਨਾਚ ਤੇ ਗਾਣਾ ਬੰਦ ਕਰਕੇ ਮੇਰੇ ਵੱਲ ਦੇਖਦਿਆਂ ਹੋਇਆਂ ਪੁਸ਼ਪਾਮਣੀ ਬੋਲੀ, “ਬਾਊ ਜੀ, ਤੁਸੀਂ ਆ ਗਏ? ਅੱਜ ਵੱਡੀ ਭੈਣਜੀ ਨੇ ਕਿਹਾ ਸੀ-ਮੇਜ ਪੋਸ਼ ਲਈ ਦਸੂਤੀ ਲਿਆਉਣਾ ਤੇ ਗਰਮ ਕਪੜੇ 'ਤੇ ਕਾਟ ਸਿਖਾਈ ਜਾਵੇਗੀ-ਗੁਣੀਆ ਮਾਪ ਦੇ ਲਈ ਤੇ ਗਰਮ ਕਪੜਾ...”
ਕਿਉਂਕਿ ਇਸ ਵੇਲੇ ਮੇਰੇ ਲਈ ਗਰਮ ਕੋਟ ਖ਼ਰੀਦਣ ਦੀ ਗੱਲ ਹੋ ਰਹੀ ਸੀ, ਸ਼ਮੀ ਨੇ ਉਸਦੇ ਮੂੰਹ ਉੱਤੇ ਚਪੇੜ ਕੱਢ ਮਾਰੀ ਤੇ ਬੋਲੀ-
“ਏਸ ਕਰਮਾਂ ਸੜੀ ਨੇ ਹਰ ਵੇਲੇ ਕੁਛ ਨਾ ਕੁਛ ਖ਼ਰੀਦਨਾ ਈ ਹੁੰਦਾ ਏ...ਮੁਸ਼ਕਿਲ ਨਾਲ ਉਹਨਾਂ ਨੂੰ ਕੋਟ ਬਣਵਾਉਣ ਉੱਤੇ ਰਾਜ਼ੀ ਕਰ ਰਹੀ ਵਾਂ...”
ਉਹ ਪੁਸ਼ਪਾਮਣੀ ਦਾ ਰੋਣਾ ਤੇ ਮੇਰਾ ਨਵਾਂ ਕੋਟ!
ਮੈਂ ਆਪਣੀ ਆਦਤ ਦੇ ਵਿਰੁੱਧ ਉੱਚੀ ਆਵਾਜ਼ ਵਿਚ ਗੜ੍ਹਕਿਆ, “ਸ਼ਮੀ!”
ਸ਼ਮੀ ਕੰਬ ਗਈ। ਮੈਂ ਗੁੱਸੇ ਵਿਚ ਲਾਲ ਲਾਲ ਅੱਖਾਂ ਕੱਢਦਿਆਂ ਕਿਹਾ, “ਮੇਰੇ ਇਸ ਕੋਟ ਦੀ ਮੁਰੰਮ ਕਰ ਦੇਅ...ਹੁਣੇ...ਜਿੱਦਾਂ ਮਰਜ਼ੀ ਕਰ...ਓਦਾਂ ਈ ਜਿਵੇਂ ਰੋ ਪਿੱਟ ਕੇ ਮੰਗਲ ਸਿੰਘ ਦੀਆਂ ਗਿੱਲੀਆਂ ਲੱਕੜਾਂ ਬਾਲ ਲੈਂਦੀਆਂ ਨੇ-ਤੇਰੀਆਂ ਅੱਖਾਂ! ਹਾਂ, ਚੇਤਾ ਆਇਆ...ਵੇਖ ਪੁਸ਼ਪਾਮਣੀ ਕਿਵੇਂ ਰੋ ਰਹੀ ਏ। ਪੋਪੀ ਬੇਟਾ, ਏਧਰ ਆ ਨਾ, ਏਧਰ ਆ ਮੇਰੀ ਬੱਚੀ! ਕੀ ਕਿਹਾ ਸੀ ਤੂੰ? ਬੋਲ ਤਾਂ...ਦਸੂਤੀ? ਗੁਣੀਆ ਮਾਪ ਲਈ ਤੇ ਕਾਟ ਸਿੱਖਣ ਲਈ ਗਰਮ ਕਪੜਾ?...ਬੱਚੂ ਨੰਨ੍ਹਾਂ ਵੀ ਤਾਂ ਟਰਾਈਸਿਕਲ ਦਾ ਰਾਗ ਅਲਾਪਦਾ ਤੇ ਗੁਬਾਰੇ ਲਈ ਜ਼ਿਦ ਕਰਦਾ ਸੁੱਤਾ ਹੋਵੇਗਾ। ਉਸਨੂੰ ਗੁਬਾਰਾ ਨਾ ਲੈ ਕੇ ਦਵੇਂਗੀ ਤਾਂ ਕੀ ਮੇਰਾ ਕੋਟ ਆ ਜਾਏਗਾ ਭਲਾਂ? ਕਿੰਨਾ ਰੋਇਆ ਹੋਵੇਗਾ ਵਿਚਾਰਾ...। ਸ਼ਮੀ! ਕਿੱਥੇ ਈ ਬੱਚੂ?” ਬੱਚੂ ਆ ਗਿਆ-ਹਨੇਰੀ ਤੇ ਮੀਂਹ ਵਾਂਗ ਗੱਜਦਾ–ਗੜ੍ਹਕਦਾ ਹੋਇਆ।
ਮੈਂ ਸ਼ਮੀ ਨੂੰ ਖੁਸ਼ ਕਰਨ ਲਈ ਨਹੀਂ ਬਲਿਕੇ ਉਂਜ ਹੀ ਕਾਫ਼ੂਰੀ ਰੰਗ ਦੇ ਮੀਨਾਕਾਰੀ ਵਾਲੇ ਕਾਂਟੇ ਸਭ ਤੋਂ ਪਹਿਲਾਂ ਲਿਖੇ। ਅਚਾਨਕ ਮੇਰੀਆਂ ਨਿਗਾਹ ਰਸੋਈ ਵੱਲ ਚਲੀ ਗਈਆਂ-ਚੁੱਲ੍ਹੇ ਵਿਚ ਲੱਕੜਾਂ ਭੜ–ਭੜ ਮੱਚ ਰਹੀਆਂ ਸਨ ਤੇ ਇਧਰ ਸ਼ਮੀ ਦੀਆਂ ਅੱਖਾਂ ਵਿਚ ਦੋ ਚਮਕਦੇ ਹੋਏ ਸਿਤਾਰਿਆਂ ਵਾਂਗ ਰੌਸ਼ਨ ਸਨ। ਜਾਪਦਾ ਸੀ ਮੰਗਲ ਸਿੰਘ ਗਿੱਲੀਆਂ ਲੱਕੜਾਂ ਵਾਪਸ ਲੈ ਗਿਆ ਹੈ।
“ਉਹ ਤੂਤ ਦੇ ਡੰਡੇ ਬਲ ਰਹੇ ਨੇ ਤੇ ਖੋਖਾ...” ਸ਼ਮੀ ਨੇ ਕਿਹਾ।
“ਤੇ ਪਾਥੀਆਂ?”
“ਹਾਂਜੀ, ਪਾਥੀਆਂ ਵੀ...”
“ਮੰਗਲ ਸਿੰਘ ਦੇਵਤਾ ਏ...ਸ਼ਾਇਦ ਮੈਂ ਵੀ ਗਰਮ ਕੋਟ ਲਈ ਚੰਗਾ ਜਿਹਾ ਬਰਸਟੇਡ ਲੈ ਆਵਾਂ ਤਾਂਕਿ ਤੇਰੀਆਂ ਅੱਖਾਂ ਇਵੇਂ ਈ ਚਮਕਦੀਆਂ ਰਹਿਣ। ਇਹਨਾਂ ਨੂੰ ਤਕਲੀਫ਼ ਨਾ ਹੋਵੇ...ਇਸ ਮਹੀਨੇ ਦੀ ਤਨਖ਼ਾਹ ਵਿਚੋਂ ਤਾਂ ਗੁੰਜਾਇਸ਼ ਨਹੀਂ, ਅਗਲੇ ਮਹੀਨੇ ਜ਼ਰੂਰ...ਬਰ–ਜ਼ਰੂਰ...”
“ਹਾਂਜੀ, ਜਦੋਂ ਸਰਦੀ ਲੰਘ ਗਈ...”
ਪੁਸ਼ਪਾਮਣੀ ਨੇ ਕਈ ਚੀਜ਼ਾਂ ਲਿਖਵਾਈਆਂ-ਦਸੂਤੀ, ਗੁਣੀਆ ਮਾਪ ਲਈ, ਗਰਮ ਬਲੇਜ਼ਰ ਹਰੇ ਰੰਗ ਦਾ, ਇਕ ਡੱਬਾ ਡੀ.ਐੱਮ.ਸੀ. ਦੇ ਗੋਲੇ, ਇਕ ਮੁਰੱਬਾ ਗਜ਼ ਗੋਟੇ ਦੀ ਮਗ਼ਜ਼ੀ...ਤੇ ਇਮਰਤੀਆਂ ਤੇ ਬਹੁਤ ਸਾਰੀਆਂ ਗੁਲਾਬ ਜਾਮੁਨਾਂ...। ਮੋਈ ਨੇ ਸਭ ਕੁਝ ਹੀ ਤਾਂ ਲਿਖਵਾ ਦਿਤਾ ਸੀ। ਮੈਨੂੰ ਪੁਰਾਣੀ ਕਬਜ਼ ਸੀ। ਮੈਂ ਚਾਹੁੰਦਾ ਸਾਂ, ਯੂਨਾਨੀ ਦਵਾਖ਼ਾਨੇ ਵਾਲਿਆਂ ਦਾ ਇਤਰੀਫ਼ਲ ਜ਼ਮਾਨੀ ਦਾ ਇਕ ਡੱਬਾ ਵੀ ਲਿਆ ਰੱਖਾਂ। ਦੁਧ ਨਾਲ ਥੋੜ੍ਹਾ ਕੁ ਲੈ ਕੇ ਸੌਂ ਜਾਇਆ ਕਰਾਂਗਾ। ਪਰ ਮੋਈ ਪੁਸ਼ਪਾ ਨੇ ਆਪਣੇ ਲਈ ਗੁੰਜਾਇਸ਼ ਹੀ ਕਿੱਥੇ ਛੱਡੀ ਸੀ! ਤੇ ਜਦੋਂ ਪੁਸ਼ਪਾਮਣੀ ਨੇ ਕਿਹਾ, 'ਗੁਲਾਬ ਜਾਮਨਾਂ', ਤਾਂ ਉਸਦੇ ਮੂੰਹ ਵਿਚ ਪਾਣੀ ਭਰ ਆਇਆ। ਮੈਂ ਕਿਹਾ, 'ਸਭ ਤੋਂ ਜ਼ਰੂਰੀ ਚੀਜ਼ ਤਾਂ ਇਹੋ ਏ।'...ਸ਼ਹਿਰੋਂ ਵਾਪਸ ਆ ਕੇ ਗੁਲਾਬ ਜਾਮਨਾਂ ਉੱਥੇ ਲੁਕਾਅ ਦਿਆਂਗਾ, ਜਿੱਥੇ ਪੌੜੀਆਂ ਵਿਚ ਬਾਹਰ ਜਮਾਂਦਾਰ ਆਪਣਾ ਦੁੱਧ ਵਾਲਾ ਭਾਂਡਾ ਰੱਖਦਾ ਹੁੰਦਾ ਹੈ ਤੇ ਪੁਸ਼ਪਾ ਨੂੰ ਕਹਾਂਗਾ ਕਿ ' ਓਹੋ...ਮੈਂ ਤਾਂ ਲਿਆਉਣਾ ਈ ਭੁੱਲ ਗਿਆ, ਤੇਰੇ ਲਈ ਗੁਲਾਬ ਜਾਮਨਾਂ!'...ਉਦੋਂ ਉਸਦੇ ਮੂੰਹ ਵਿਚ ਪਾਣੀ ਭਰ ਆਇਆ ਹੋਵੇਗਾ ਤੇ ਗੁਲਾਬ ਜਾਮਨਾਂ ਨਾ ਆਈਆਂ ਵੇਖ ਕੇ ਉਸਦੀ ਅਜੀਬ ਹਾਲਤ ਹੋਈ ਹੋਵੇਗੀ।
ਫੇਰ ਮੈਂ ਸੋਚਿਆ ਬੱਚੂ ਵੀ ਤਾਂ ਸਵੇਰ ਦਾ ਗੁਬਾਰੇ ਤੇ ਟਰਾਈਸਿਕਲ ਲਈ ਜ਼ਿਦ ਕਰ ਰਿਹਾ ਸੀ। ਮੈਂ ਇਕ ਵਾਰੀ ਆਪਣੇ ਆਪ ਨੂੰ ਸਵਾਲ ਕੀਤਾ-'ਇਤਰੀਫ਼ਲ ਜ਼ਮਾਨੀ?' ਸ਼ਮੀ, ਬੱਚੂ ਨੂੰ ਪੁਚਕਾਰਦੀ ਹੋਈ ਕਹਿ ਰਹੀ ਸੀ, “ਬੱਚੂ ਬੱਚੇ, ਦੋ ਟਰਾਈਸਿਕਲ ਲੈ ਦਿਆਂਗੀ ਅਗਲੇ ਮਹੀਨੇ...ਧੀ ਰਾਣੀ ਸਾਰਾ ਦਿਨ ਚਲਾਇਆ ਕਰੇਗੀ...ਪੋਪੀ, ਮੁੰਨਾਂ ਨੂੰ ਨਹੀਂ ਦੇਣਾ ਹਾਂ...”
'ਬੱਚੂ ਚਲਾਇਆ ਕਰੇਗੀ ਤੇ ਪੋਪੀ ਮੁੰਨਾਂ ਨਹੀਂ ਲੈਣਗੇ!'...ਤੇ ਮੈਂ ਸ਼ਮੀ ਦੀਆਂ ਅੱਖਾਂ ਦੀ ਸੌਂਹ ਖਾਧੀ ਕਿ ਜਦੋਂ ਤੀਕ ਟਰਾਈਸਿਕਲ ਲਈ ਛੇ ਸੱਤ ਰੁਪਏ ਜੇਬ ਵਿਚ ਨਾ ਹੋਏ, ਮੈਂ ਨੀਲੇ ਗੁੰਬਦ ਵਾਲੇ ਬਾਜ਼ਾਰ ਵਿਚੋਂ ਨਹੀਂ ਲੰਘਾਂਗਾ। ਇਸ ਲਈ ਕਿ ਪੈਸੇ ਜੇਬ ਵਿਚ ਨਾ ਹੋਣ ਕਰਕੇ ਨੀਲੇ ਗੁੰਬਦ ਵਾਲੇ ਬਾਜ਼ਾਰ ਵਿਚੋਂ ਲੰਘਣਾ ਬੜਾ ਮੁਸ਼ਕਿਲ ਹੈ। ਖਾਹਮਖਾਹ ਆਪਣੇ ਆਪ ਉੱਤੇ ਖਿਝ ਚੜਦੀ ਰਹੇਗੀ-ਆਪਣੀ ਜਾਤ ਨਾਲ ਨਫ਼ਰਤ ਹੋ ਜਾਏਗੀ।
ਇਸ ਸਮੇਂ ਸ਼ਮੀ ਬੈਲਜਿਅਮੀ ਸ਼ੀਸ਼ੇ ਦੀ ਧੁੰਦਲਾਈ ਹੋਈ ਟੁਕੜੀ ਦੇ ਸਾਹਮਣੇ ਆਪਣੇ ਕਾਫ਼ੂਰੀ ਚਿੱਟੇ ਸੂਟ ਵਿਚ ਖੜ੍ਹੀ ਸੀ। ਮੈਂ ਅਛੋਪਲੇ ਹੀ ਉਸਦੇ ਪਿੱਛੇ ਜਾ ਖੜ੍ਹਾ ਹੋਇਆ ਤੇ ਕਹਿਣ ਲੱਗਿਆ, “ਮੈਂ ਦੱਸਾਂ ਇਸ ਵੇਲੇ ਤੂੰ ਕੀ ਸੋਚ ਰਹੀ ਏਂ?”
“ਦੱਸੋ ਤਾਂ ਜਾਣਾ!”
“ਤੂੰ ਸੋਚ ਰਹੀ ਏਂ, ਕਾਫ਼ੂਰੀ ਸਫ਼ੇਦ ਸੂਟ ਦੇ ਨਾਲ ਉਹ ਕਾਫ਼ੂਰੀ ਰੰਗ ਦੇ ਮੀਨਾਕਾਰੀ ਵਾਲੇ ਕਾਂਟੇ ਪਾ ਕੇ ਜਿਲੇਦਾਰਨੀ ਦੇ ਘਰ ਜਾਵਾਂ ਤਾਂ ਦੰਗ ਰਹਿ ਜਾਏਗੀ ਉਹ...”
“ਨਹੀਂ ਤਾਂ,” ਸ਼ਮੀ ਨੇ ਹੱਸਦਿਆਂ ਹੋਇਆਂ ਕਿਹਾ, “ਤੁਹਾਨੂੰ ਮੇਰੀਆਂ ਅੱਖਾਂ ਨਾਲ ਪਿਆਰ ਹੁੰਦਾ ਤਾਂ ਕਦੇ ਦਾ ਗਰਮ...”
ਮੈਂ ਸ਼ਮੀ ਦੇ ਮੂੰਹ ਉੱਤੇ ਹੱਥ ਰੱਖ ਦਿਤਾ। ਮੇਰੀ ਸਾਰੀ ਖੁਸ਼ੀ, ਬੇਵੱਸੀ ਵਿਚ ਬਦਲ ਗਈ। ਮੈਂ ਅਤੀ ਧੀਮੀ ਆਵਾਜ਼ ਵਿਚ ਕਿਹਾ, “...ਬਸ...ਏਧਰ ਵੇਖ...ਅਗਲੇ ਮਹੀਨੇ ਜ਼ਰੂਰ ਖ਼ਰੀਦ ਲਵਾਂਗਾ...”
“ਹਾਂਜੀ, ਜਦੋਂ ਸਰਦੀ...”
ਫੇਰ ਮੈਂ ਆਪਣੀ ਉਸ ਹੁਸੀਨ ਦੁਨੀਆਂ ਨੂੰ ਜਿਸ ਨੂੰ ਸਾਜਣ ਲਈ ਸਿਰਫ ਦਸ ਰੁਪਏ ਖ਼ਰਚ ਹੁੰਦੇ ਸਨ, ਕਲਪਨਾ ਵਿਚ ਵਸਾਈ ਬਾਜ਼ਾਰ ਵੱਲ ਤੁਰ ਗਿਆ।
ਮੇਰੇ ਸਿਵਾਏ ਅਨਾਰਕਲੀ ਵਿਚ ਤੁਰੇ–ਫਿਰਦੇ ਹਰੇਕ ਇੱਜ਼ਤਦਾਰ ਆਦਮੀ ਦੇ ਗਰਮ ਸੂਟ ਪਾਇਆ ਹੋਇਆ ਸੀ। ਲਾਹੌਰ ਦੇ ਇਕ ਲੰਮੇ–ਝੰਮੇ ਜੈਂਟਲਮੈਨ ਦੀ ਗਰਦਨ ਨੇਕਟਾਈ ਤੇ ਘਸੇ ਕਾਲਰ ਦੇ ਸਬੱਬ ਨਾਲ ਮੇਰੇ ਛੋਟੇ ਭਰਾ ਦੇ ਪਾਲਤੂ ਕੁੱਤੇ 'ਟਾਈਗਰ' ਦੀ ਗਰਦਨ ਵਾਂਗ ਆਕੜੀ ਹੋਈ ਸੀ। ਮੈਂ ਉਹਨਾਂ ਸੂਟਾਂ ਵੱਲ ਦੇਖਦਿਆਂ ਬੜਬੜਾਇਆ-
“ਲੋਕ ਸੱਚਮੁੱਚ ਕੰਗਾਲ ਹੋ ਗਏ ਨੇ! ਇਸ ਮਹੀਨੇ ਪਤਾ ਨਹੀਂ ਕਿੰਨਾ ਸੋਨਾ–ਚਾਂਦੀ ਸਾਡੇ ਦੇਸ਼ ਵਿਚੋਂ ਬਾਹਰ ਚਲਾ ਗਿਆ ਏ।” ਕਾਂਟਿਆਂ ਵਾਲੀ ਦੁਕਾਨ 'ਤੇ ਮੈਂ ਕਈ ਜੋੜੇ ਕਾਂਟੇ ਵੇਖੇ। ਆਪਣੀ ਕਲਪਣਾ ਦੀ ਕਲਾਕਾਰੀ ਨਾਲ ਬਣਾਈ, ਕਾਫ਼ੂਰੀ ਸਫ਼ੇਦ ਸੂਟ ਵਿਚ ਸ਼ਮੀ ਦੀ ਤਸਵੀਰ ਨੂੰ ਕਾਂਟੇ ਪੁਆ ਪੁਆ ਕੇ ਪਸੰਦ ਜਾਂ ਨਾ–ਪਸੰਦ ਕੀਤੇ! ਕਾਫ਼ੂਰੀ ਸਫ਼ੇਦ ਸੂਟ...ਕਾਫ਼ੂਰੀ ਮੀਨਾਕਾਰੀ ਵਾਲੇ ਕਾਂਟੇ...ਅਨੇਕਾਂ ਡਿਜ਼ਾਈਨ ਹੋਣ ਦੇ ਬਾਵਜੂਦ ਮੈਂ ਇਕ ਵੀ ਤਾਂ ਨਹੀਂ ਸੀ ਚੁਣ ਸਕਿਆ।
ਉਸ ਸਮੇਂ ਬਾਜ਼ਾਰ ਵਿਚ ਮੈਨੂੰ ਯਜ਼ਦਾਨੀ ਮਿਲ ਗਿਆ। ਉਹ ਮਨੋਰੰਜਨ ਕਲਬ ਵਿਚੋਂ, ਜਿਹੜਾ ਅਸਲ ਵਿਚ ਪਰੇਲ ਕਲਬ ਸੀ, ਪੰਦਰਾਂ ਰੁਪਏ ਜਿੱਤ ਕੇ ਆਇਆ ਸੀ। ਅੱਜ ਉਸਦੇ ਚਿਹਰੇ ਉੱਤੇ ਜੀਵਨ ਦੀ ਰੌਅ ਦਿਖਾਈ ਦੇ ਰਹੀ ਸੀ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਮੈਂ ਇਕ ਹੱਥ ਨਾਲ ਆਪਣੇ ਕੋਟ ਦੀ ਜੇਬ ਦੇ ਵੱਟ ਛਿਪਾਉਣ ਲੱਗ ਪਿਆ। ਹੇਠਲੀ ਖੱਬੀ ਜੇਬ ਉੱਤੇ ਇਕ ਰੁਪਈਏ ਜਿੱਡੀ ਕੋਟ ਦੇ ਰੰਗ ਨਾਲ ਰਲਦੀ–ਮਿਲਦੀ ਬੜੀ ਹੀ ਭੱਦੀ ਟਾਕੀ ਲੱਗੀ ਹੋਈ ਸੀ...ਮੈਂ ਉਸਨੂੰ ਵੀ ਇਕ ਹੱਥ ਨਾਲ ਛਿਪਾਅ ਰਿਹਾ ਸਾਂ। ਫੇਰ ਮੈਂ ਦਿਲ ਵਿਚ ਕਿਹਾ, 'ਕੀ ਪਤਾ, ਯਜ਼ਦਾਨੀ ਨੇ ਮੇਰੇ ਮੋਢੇ ਉੱਤੇ ਹੱਥ ਰੱਖਣ ਤੋਂ ਪਹਿਲਾਂ ਮੇਰੀ ਜੇਬ ਦੇ ਵੱਟ ਤੇ ਉਹ ਰੁਪਈਏ ਜਿੱਡੀ ਕੋਟ ਦੇ ਰੰਗ ਦੀ ਟਾਕੀ ਵੇਖ ਲਏ ਹੋਣ...' ਅੰਦਰ ਇਹ ਦਵੰਦ ਛਿੜ ਪਿਆ ਪਰ ਮੈਂ ਦਿਲੇਰੀ ਨਾਲ ਆਪਣੇ ਆਪ ਨੂੰ ਕਿਹਾ-
'ਮੈਨੂੰ ਕੀ ਪਰਵਾਹ...ਯਜ਼ਦਾਨੀ ਮੈਨੂੰ ਕਿਹੜਾ ਕੋਈ ਥੈਲੀਆਂ ਬਖ਼ਸ਼ ਦਵੇਗਾ...ਤੇ ਇਹ ਗੱਲ ਹੈ ਵੀ ਕਿੱਡੀ ਕੁ? ਯਜ਼ਦਾਨੀ ਤੇ ਸੰਤਾ ਸਿੰਘ ਨੇ ਮੈਨੂੰ ਕਈ ਵਾਰੀ ਕਿਹਾ ਹੈ ਕਿ ਉਹ ਉੱਚੇ–ਵਿਚਾਰਾਂ ਦੀ ਵਧੇਰੇ ਕਦਰ ਕਰਦੇ ਨੇ, ਬਰਸਟੇਡ ਦੀ ਘੱਟ। ਜੇ ਮੈਨੂੰ ਕੋਈ ਪੁੱਛੇ ਤਾਂ ਮੈਂ ਬਰਸਟੇਡ ਦੀ ਕਦਰ ਵੱਧ ਕਰਦਾ ਹਾਂ ਤੇ ਉੱਚੇ–ਵਿਚਾਰਾਂ ਦੀ ਘੱਟ।'
ਯਜ਼ਦਾਨੀ ਚਲਾ ਗਿਆ ਤੇ ਜਦੋਂ ਤੀਕ ਉਹ ਅੱਖਾਂ ਤੋਂ ਓਹਲੇ ਨਹੀਂ ਹੋ ਗਿਆ, ਮੈਂ ਗੌਰ ਨਾਲ ਉਸਦੇ ਕੋਟ ਦੇ ਬਰਸਟੇਡ ਨੂੰ ਪਿੱਛਲੇ ਪਾਸਿਓਂ ਦੇਖਦਾ ਰਿਹਾ।
ਫੇਰ ਮੈਂ ਸੋਚਿਆ ਕਿ 'ਸਭ ਤੋਂ ਪਹਿਲਾਂ ਮੈਨੂੰ ਪੁਸ਼ਪਾਮਣੀ ਲਈ ਗੁਲਾਬ ਜਾਮਨਾਂ ਤੇ ਇਮਰਤੀਆਂ ਖ਼ਰੀਦ ਲੈਣੀਆਂ ਚਾਹੀਦੀਆਂ ਨੇ। ਵਾਪਸੀ ਵੇਲੇ ਕਿਤੇ ਸੱਚਮੁੱਚ ਹੀ ਭੁੱਲ ਨਾ ਜਾਵਾਂ। ਘਰ ਪਹੁੰਚ ਕੇ ਉਹਨਾਂ ਨੂੰ ਲੁਕਾਉਣ ਵਿਚ ਖ਼ੂਬ ਤਮਾਸ਼ਾ ਹੋਵੇਗਾ।' ਮਠਿਆਈ ਵਾਲੀ ਦੁਕਾਨ ਉੱਤੇ ਉਬਲਦੇ ਤੇਲ ਵਿਚ ਕਚੌਰੀਆਂ ਖ਼ੂਬ ਫੁੱਲ ਰਹੀਆਂ ਸਨ। ਮੇਰੇ ਮੂੰਹ ਵਿਚ ਪਾਣੀ ਆ ਗਿਆ। ਐਨ ਓਵੇਂ, ਜਿਵੇਂ ਗੁਲਾਬ ਜਾਮਨਾਂ ਦਾ ਨਾਂਅ ਲੈਂਦਿਆਂ ਹੀ ਪੁਸ਼ਪਾਮਣੀ ਦੇ ਮੂੰਹ ਵਿਚ ਆਇਆ ਸੀ। ਕਬਜ਼ ਤੇ ਇਤਰੀਫ਼ਲ ਜ਼ਮਾਨੀ ਦਾ ਚੇਤਾ ਹੋਣ ਦੇ ਬਾਵਜੂਦ ਮੈਂ ਪੱਥਰ ਦੀ ਮੇਜ਼ ਉੱਤੇ ਕੁਹਣੀਆਂ ਟਿਕਾਅ ਕੇ ਬੜੇ ਸਵਾਦ ਨਾਲ ਕਚੌਰੀਆਂ ਖਾਣ ਲੱਗ ਪਿਆ।
ਹੱਥ ਧੋਣ ਪਿੱਛੋਂ ਜਦੋਂ ਪੈਸਿਆਂ ਲਈ ਜੇਬ ਟਟੋਲੀ ਤਾਂ ਉਸ ਵਿਚ ਕੁਝ ਵੀ ਨਹੀਂ ਸੀ! ਦਸ ਦਾ ਨੋਟ ਕਿਤੇ ਡਿੱਗ ਪਿਆ ਸੀ।
ਕੋਟ ਦੀ ਅੰਦਰਲੀ ਜੇਬ ਵਿਚ ਇਕ ਵੱਡਾ ਸਾਰਾ ਸੁਰਾਖ਼ ਹੋਇਆ ਹੋਇਆ ਸੀ। ਨਕਲੀ ਰੇਸ਼ਮ ਨੂੰ ਟਿੱਡੀਆਂ ਚੱਟਮ ਕਰ ਗਈਆਂ ਸਨ। ਜੇਬ ਵਿਚ ਹੱਥ ਪਾਇਆ ਤਾਂ ਉਸ ਜਗ੍ਹਾ ਤੋਂ, ਜਿੱਥੇ ਮਰਾਨਜਾ, ਮਰਾਨਜਾ ਐਂਡ ਕੰਪਨੀ ਦਾ ਲੇਬਲ ਲੱਗਿਆ ਹੋਇਆ ਸੀ, ਮੇਰਾ ਹੱਥ ਬਾਹਰ ਨਿਕਲ ਆਇਆ। ਨੋਟ ਓਥੋਂ ਹੀ ਕਿਧਰੇ ਡਿੱਗ ਪਿਆ ਹੋਵੇਗਾ।
ਇਕੋ ਪਲ ਵਿਚ ਇੰਜ ਦਿਖਾਈ ਦੇਣ ਲੱਗਾ ਜਿਵੇਂ ਕੋਈ ਭੋਲੀ ਜਿਹੀ ਭੇਡ ਆਪਣੀ ਖ਼ੂਬਸੂਰਤ, ਮੁਲਾਇਮ ਉੱਨ ਲੱਥ ਜਾਣ ਪਿੱਛੋਂ ਦਿਖਾਈ ਦੇਂਦੀ ਹੈ।
ਹਲਵਾਈ ਨੇ ਤਾੜ ਲਿਆ। ਖ਼ੁਦ ਹੀ ਬੋਲਿਆ-
“ਕੋਈ ਗੱਲ ਨਹੀਂ ਬਾਊ ਜੀ,ਪੈਸੇ ਕੱਲ੍ਹ ਆ ਜਾਣਗੇ।”
ਮੈਂ ਕੁਝ ਨਾ ਬੋਲਿਆ...ਕੁਝ ਬੋਲ ਹੀ ਨਹੀਂ ਸੀ ਸਕਦਾ।
ਸਿਰਫ ਧੰਨਵਾਦ ਕਰਦੀਆਂ ਨਜ਼ਰਾਂ ਨਾਲ ਹਲਵਾਈ ਵੱਲ ਤੱਕਿਆ। ਉਸਦੇ ਕੋਲ ਹੀ ਗੁਲਾਬ ਜਾਮਨਾਂ ਚਾਸ਼ਣੀ ਵਿਚ ਤੈਰ ਰਹੀਆਂ ਸਨ। ਤੇਲ ਵਿਚ ਫੁੱਲਦੀਆਂ ਹੋਈਆਂ ਕਚੌਰੀਆਂ ਦੇ ਧੂੰਏਂ ਵਿਚ ਹਲਕੀਆਂ ਲਾਲ ਇਮਰਤੀਆਂ ਦਿਲ ਨੂੰ ਦਾਗ਼ ਰਹੀਆਂ ਸਨ...ਤੇ ਅੱਖਾਂ ਸਾਹਵੇਂ ਪੁਸ਼ਪਾਮਣੀ ਦੀ ਧੁੰਦਲੀ ਉਦਾਸ ਤਸਵੀਰ ਘੁੰਮ ਰਹੀ ਸੀ।
ਮੈਂ ਉੱਥੋਂ ਬਾਦਾਮੀ ਬਾਗ਼ ਵੱਲ ਤੁਰ ਪਿਆ ਤੇ ਅੱਧਾ ਪੌਣਾ ਘੰਟਾ ਬਾਦਾਮੀ ਬਾਗ਼ ਦੀ ਰੇਲਵੇ ਲਾਈਨ ਦੇ ਨਾਲ ਨਾਲ ਤੁਰਦਾ ਰਿਹਾ। ਇਸ ਅਰਸੇ ਵਿਚ ਜੰਕਸ਼ਨ ਵੱਲੋਂ ਇਕ ਮਾਲ ਗੱਡੀ ਆਈ। ਉਸ ਤੋਂ ਪੰਜ ਮਿੰਟ ਬਾਅਦ ਇਕ ਸ਼ੰਟ ਕਰਦਾ ਹੋਇਆ ਇੰਜਨ, ਜਿਸ ਵਿਚੋਂ ਦਗਦੇ ਹੋਏ ਸੁਰਖ਼ ਕੋਇਲੇ ਲਾਈਨਾਂ ਵਿਚਕਾਰ ਕਿਰ ਰਹੇ ਸਨ...ਪਰ ਉਦੋਂ ਹੀ ਨੇੜੇ ਦੀ ਇਕ ਸਾਲਟ ਰਿਫ਼ਾਇਨਰੀ ਦੇ ਕੁਝ ਮਜ਼ਦੂਰ ਓਵਰ ਟਾਈਮ ਲਾ ਕੇ ਵਾਪਸ ਆ ਰਹੇ ਨਜ਼ਰ ਆਏ...ਮੈਂ ਲਾਈਨ ਦੇ ਨਾਲ ਨਾਲ ਦਰਿਆ ਦੇ ਪੁਲ ਤੀਕ ਤੁਰਿਆ ਗਿਆ। ਚਾਨਣੀ ਰਾਤ ਵਿਚ ਠੰਡ ਦੇ ਬਾਵਜੂਦ ਕਾਲੇਜ ਦੇ ਕੁਝ ਮੌਜੀ ਨੌਜਵਾਨ ਕਿਸ਼ਤੀ ਚਲਾ ਰਹੇ ਸਨ।
'ਕੁਦਰਤ ਨੇ ਅਜੀਬ ਸਜ਼ਾ ਦਿਤੀ ਹੈ ਮੈਨੂੰ ,' ਮੈਂ ਸੋਚਿਆ, 'ਪੁਸ਼ਪਾਮਣੀ ਲਈ ਗੋਟੇ ਦੀ ਮਗ਼ਜ਼ੀ, ਦਸੂਤੀ, ਗੁਲਾਬ ਜਾਮਨਾਂ ਤੇ ਸ਼ਮੀ ਲਈ ਕਾਫ਼ੂਰੀ ਮੀਨਾਕਾਰੀ ਵਾਲੇ ਕਾਂਟੇ ਖ਼ਰੀਦਣ ਨਾਲੋਂ ਵੱਡਾ ਕਿਹੜਾ ਪਾਪਾ ਸਿਰ ਚੜ੍ਹਿਆ ਹੋ ਸਕਦਾ ਹੈ? ਕਿੱਡੀ ਬੇਰਹਿਮੀ ਤੇ ਬੇਦਰਦੀ ਨਾਲ ਮੇਰੀ ਇਕ ਹੁਸੀਨ ਪਰ ਬੜੀ ਸਸਤੀ ਦੁਨੀਆਂ ਬਰਬਾਦ ਕਰ ਦਿਤੀ ਗਈ ਹੈ। ਜੀਅ ਤਾਂ ਚਾਹੁੰਦਾ ਹੈ ਕਿ ਮੈਂ ਵੀ ਕੁਦਰਤ ਦਾ ਇਕ ਸ਼ਾਹਕਾਰ ਤੋੜ–ਮਰੋੜ ਕੇ ਰੱਖ ਦਿਆਂ...' ਪਰ ਪਾਣੀ ਵਿਚ ਕਿਸ਼ਤੀ ਚਲਾ ਰਿਹਾ ਮੁੰਡਾ ਕਹਿ ਰਿਹਾ ਸੀ-
“ਇਸ ਮੌਸਮ ਵਿਚ ਤਾਂ ਰਾਵੀ ਦਾ ਪਾਣੀ ਕਿਤੇ ਵੀ ਗੋਡੇ–ਗੋਡੇ ਤੋਂ ਵੱਧ ਨਹੀਂ ਹੁੰਦਾ।”
“ਸਾਰਾ ਪਾਣੀ ਤਾਂ ਉਪਰੇ–ਉਪਰ ਦੁਆਬੇ ਵਿਚ ਖਪ ਜਾਂਦਾ ਏ। ਵੈਸੇ ਉਂਜ ਵੀ ਅੱਜ ਕੱਲ੍ਹ ਪਹਾੜਾਂ ਦੀ ਬਰਫ਼ ਨਹੀਂ ਖੁਰਦੀ।” ਦੂਜੇ ਨੇ ਕਿਹਾ।
ਮੈਂ ਲਾਚਾਰਾਂ ਵਾਂਗ ਘਰ ਪਰਤ ਆਇਆ ਤੇ ਬੜੀ ਬੇਦਿਲੀ ਜਿਹੀ ਨਾਲ ਕੁੰਡਾ ਖੜਕਾਇਆ।
ਮੇਰੀ ਇੱਛਾ ਤੇ ਅੰਦਾਜ਼ੇ ਦੇ ਮੁਤਾਬਿਕ ਪੁਸ਼ਪਾਮਣੀ ਤੇ ਬੱਚੂ, ਨਿੱਕੂ ਬੜਾ ਚਿਰ ਪਹਿਲਾਂ ਦਹਿਲੀਜ਼ ਤੋਂ ਉਠ ਕੇ ਬਿਸਤਰੇ ਵਿਚ ਜਾ ਸੁੱਤੇ ਸਨ। ਸ਼ਮੀ ਚੁੱਲ੍ਹੇ ਕੋਲ ਸ਼ਹਿਤੂਤ ਦੇ ਸਹਿਕ ਰਹੇ ਕੋਲਿਆਂ ਨੂੰ ਸੇਕਦੀ ਹੋਈ, ਕਈ ਵਾਰੀ ਊਂਘੀ ਤੇ ਕਈ ਵਾਰੀ ਜਾਗੀ ਹੋਵੇਗੀ। ਉਹ ਮੈਨੂੰ ਖ਼ਾਲੀ ਹੱਥ ਵੇਖ ਕੇ ਤ੍ਰਬਕੀ। ਮੈਂ ਉਸਦੇ ਸਾਹਮਣੇ ਚੋਰ ਜੇਬ ਵਿਚ ਹੱਥ ਪਾਇਆ ਤੇ ਲੇਬਲ ਹੇਠੋਂ ਕੱਢ ਕੇ ਵਿਖਾਲ ਦਿਤਾ। ਸ਼ਮੀ ਸਭ ਕੁਝ ਸਮਝ ਗਈ। ਉਹ ਕੁਝ ਨਹੀਂ ਬੋਲੀ...ਕੁਝ ਬੋਲ ਹੀ ਨਹੀਂ ਸੀ ਸਕਦੀ।
ਮੈਂ ਕੋਟ ਕਿੱਲੀ ਉੱਤੇ ਟੰਗ ਦਿਤਾ। ਮੇਰੇ ਕੋਲ ਹੀ ਕੰਧ ਨਾਲ ਢੋਅ ਲਾ ਕੇ ਸ਼ਮੀ ਬੈਠ ਗਈ ਤੇ ਅਸੀਂ ਦੋਵੇਂ ਸੁੱਤੇ ਹੋਏ ਬੱਚਿਆਂ ਤੇ ਕਿੱਲੀ ਉੱਤੇ ਟੰਗੇ ਕੋਟ ਵੱਲ ਦੇਖਦੇ ਰਹੇ।
ਜੇ ਸ਼ਮੀ ਨੇ ਮੈਨੂੰ ਉਡੀਕੇ ਬਗ਼ੈਰ ਉਹ ਕਾਫ਼ੂਰੀ ਸੂਟ ਬਦਲ ਲਿਆ ਹੁੰਦਾ ਤਾਂ ਮੇਰੀ ਹਾਲਤ ਸ਼ਾਇਦ ਏਨੀ ਪਤਲੀ ਨਾ ਹੁੰਦੀ।
*** *** ***
ਯਜ਼ਦਾਨੀ ਤੇ ਸੰਤਾ ਸਿੰਘ ਮਨੋਰੰਜਨ ਕਲਬ ਵਿਚ ਪਰੇਲ ਖੇਡ ਰਹੇ ਸਨ। ਉਹਨਾਂ ਦੋ ਦੋ ਘੁੱਟ ਲਾਈ ਵੀ ਹੋਈ ਸੀ। ਮੈਨੂੰ ਵੀ ਪੀਣ ਲਈ ਕਹਿਣ ਲੱਗੇ। ਪਰ ਮੈਂ ਇਨਕਾਰ ਕਰ ਦਿਤਾ। ਇਸ ਲਈ ਕਿ ਮੇਰੀ ਜੇਬ ਵਿਚ ਪੈਸੇ ਨਹੀਂ ਸੀ। ਸੰਤਾ ਸਿੰਘ ਨੇ ਆਪਣੇ ਵਲੋਂ ਇਕ ਅੱਧਾ ਘੁੱਟ ਜਬਰਦਸਤੀ ਲੁਆ ਦਿਤੀ। ਸ਼ਾਇਦ ਇਸ ਲਈ ਕਿ ਉਸ ਤਾੜ ਲਿਆ ਸੀ ਕਿ ਇਸਦੇ ਕੋਲ ਪੈਸੇ ਨਹੀਂ। ਸ਼ਾਇਦ ਇਸ ਲਈ ਕਿ ਉਹ ਉੱਚੇ–ਵਿਚਾਰਾਂ ਦੀ ਕਦਰ, ਬਰਸਟੇਸ ਨਾਲੋਂ ਵੱਧ ਕਰਦਾ ਸੀ।
ਜੇ ਮੈਂ ਘਰੇ ਸ਼ਮੀ ਨੂੰ ਉਸ ਦਿਨ ਉਹੀ ਕਾਫ਼ੂਰੀ ਸਫ਼ੇਦ ਸੂਟ ਪਾਇਆ ਦੇਖ ਕੇ ਨਾ ਆਇਆ ਹੁੰਦਾ ਤਾਂ ਸ਼ਾਇਦ ਪਰੇਲ ਵਿਚ ਕਿਸਤਮ ਅਜ਼ਮਾਈ ਕਰਨ ਨੂੰ ਮੇਰਾ ਜੀਅ ਵੀ ਨਾ ਕਰਦਾ। ਮੈਂ ਸੋਚਿਆ, ਕਾਸ਼! ਮੇਰੀ ਜੇਬ ਵਿਚ ਵੀ ਇਕ ਦੋ ਰੁਪਏ ਹੁੰਦੇ...ਕਿਹੜੀ ਵੱਡੀ ਗੱਲ ਸੀ ਕਿ ਮੈਂ ਵੀ ਵਾਹਵਾ ਸਾਰੇ ਰੁਪਈਏ ਬਣਾਅ ਲੈਂਦਾ...ਪਰ ਮੇਰੀ ਜੇਬ ਵਿਚ ਤਾਂ ਕੁੱਲ ਪੌਣੇ ਚਾਰ ਆਨੇ ਸੀ।
ਯਜ਼ਦਾਨੀ ਤੇ ਸੰਤਾ ਸਿੰਘ ਬੜੇ ਵਧੀਆ ਬਰਸਟੇਡ ਦੇ ਸੂਟ ਪਾਈ ਨੇਕ ਆਲਮ (ਕਲਬ ਦੇ ਸੈਕਰੇਟਰੀ) ਨਾਲ ਝਗੜ ਰਹੇ ਸਨ। ਨੇਕ ਆਲਮ ਕਹਿ ਰਿਹਾ ਸੀ ਕਿ ਉਹ ਮਨੋਰੰਜਨ ਕਲਬ ਨੂੰ ਪਰੇਲ ਕਲਬ ਤੇ 'ਬਾਰ' ਬਣਿਆ ਕਤਈ ਨਹੀਂ ਵੇਖ ਸਕਦਾ। ਉਦੋਂ ਮੈਂ ਇਕ ਨਿਮਾਣੇ ਜਿਹੇ ਬੰਦੇ ਵਾਂਗ ਜੇਬ ਵਿਚ ਹੱਥ ਪਾਇਆ ਸੀ ਤੇ ਕਿਹਾ ਸੀ, “ ਕੀ ਆਪਣੇ ਟੱਬਰ ਤੇ ਬੱਚਿਆਂ ਲਈ ਕੁਝ ਖ਼ਰੀਦਨਾਂ, ਕੁਦਰਤ ਦੀਆਂ ਨਜ਼ਰਾਂ ਵਿਚ ਪਾਪ ਏ?...ਇਸ ਹਿਸਾਬ ਨਾਲ ਤਾਂ ਪਰੇਲ ਖੇਡਣ ਲਈ ਉਸਨੂੰ ਆਪਣੀ ਜੇਬ 'ਚੋਂ ਪੈਸੈ ਦੇਣੇ ਚਾਹੀਦੇ ਨੇ! ਹੀ–ਹੀ...ਖ਼ੀਂ–ਖ਼ੀਂ...”
ਕੋਟ ਦੇ ਅੰਦਰਲੇ ਖੀਸੇ...ਯਾਨੀ ਖੱਬੀ ਹੇਠਲੀ ਜੇਬ ਦੇ ਪਿਛਲੇ ਪਾਸੇ ਮੈਨੂੰ ਇਕ ਕਾਗਜ਼ ਸਰਕਦਾ ਹੋਇਆ ਮਹਿਸੂਸ ਹੋਇਆ। ਉਸਨੂੰ ਸਰਕਾਅ–ਸਰਕਾਅ ਕੇ ਮੈਂ ਸੱਜੀ ਜੇਬ ਦੇ ਸੁਰਾਖ਼ ਵਿਚੋਂ ਬਾਹਰ ਕੱਢ ਲਿਆ।
...ਉਹ ਦਸ ਰੁਪਏ ਦਾ ਉਹੀ ਨੋਟ ਸੀ ਜਿਹੜਾ ਉਸ ਦਿਨ ਅੰਦਰਲੀ ਜੇਬ ਦੇ ਸੁਰਾਖ਼ ਵਿਚੋਂ ਲੰਘ ਕੇ ਕੋਟ ਦੇ ਅੰਦਰੇ ਅੰਦਰ ਗਵਾਚ ਗਿਆ ਸੀ।
ਉਸ ਦਿਨ ਮੈਂ ਕੁਦਰਤ ਤੋਂ ਬਦਲਾ ਲਿਆ। ਮੈਂ ਉਸ ਦੀ ਇੱਛਾ ਦੇ ਬਾਵਜੂਦ ਪਰੇਲ–ਵਰੇਲ ਨਹੀਂ ਖੇਡਿਆ। ਨੋਟ ਨੂੰ ਮੁੱਠੀ ਵਿਚ ਘੁੱਟ ਕੇ ਸਿੱਧਾ ਘਰ ਵੱਲ ਦੌੜ ਪਿਆ। ਜੇ ਉਸ ਦਿਨ ਮੇਰੀ ਉਡੀਕ ਕੀਤੇ ਬਗ਼ੈਰ ਸ਼ਮੀ ਨੇ ਉਹ ਕਾਫ਼ੂਰੀ ਸੂਟ ਬਦਲ ਲਿਆ ਹੁੰਦਾ ਤਾਂ ਮੈਂ ਖੁਸ਼ੀ ਨਾਲ ਏਨਾ ਦੀਵਾਨਾ ਕਦੀ ਨਹੀਂ ਸੀ ਹੁੰਦਾ।
ਹਾਂ, ਫੇਰ ਜਾਗ ਪਿਆ ਸੁਪਨਿਆਂ ਦਾ ਉਹੀ ਸੰਸਾਰ। ਹਾਲਾਂਕਿ ਇਕ ਹੁਸੀਨ ਤੋਂ ਹੁਸੀਨ ਦੁਨੀਆਂ ਸਿਰਜਣ ਲਈ ਦਸ ਤੋਂ ਵਧ ਇਕ ਦਮੜੀ ਖ਼ਰਚ ਨਹੀਂ ਸੀ ਹੋਣੀ। ਜਦੋਂ ਬਹੁਤ ਸਾਰੀਆਂ ਚੀਜ਼ਾਂ ਦੀ ਲਿਸਟ ਬਣਾ ਰਿਹਾ ਸੀ, ਸ਼ਮੀ ਨੇ ਮੇਰੇ ਹੱਥੋਂ ਕਾਗਜ਼ ਖੋਹ ਕੇ ਲੀਰੋ–ਲੀਰ ਕਰ ਦਿਤਾ ਤੇ ਬੋਲੀ-
“ਏਨੇ ਕਿਲੇ ਨਾ ਬਣਾਓ...ਨੋਟ ਨੂੰ ਫੇਰ ਨਜ਼ਰ ਲੱਗ ਜਾਵੇਗੀ।”
'ਸ਼ਮੀ ਠੀਕ ਕਹਿੰਦੀ ਹੈ।' ਮੈਂ ਸੋਚਿਆ, 'ਨਾ ਸੁਪਨੇ ਏਨੇ ਰੰਗੀਨ ਹੋਣ ਤੇ ਨਾ ਉਹਨਾਂ ਦੇ ਟੁੱਟਣ ਦਾ ਦੁੱਖ ਹੋਵੇ।'
ਫੇਰ ਮੈਂ ਕਿਹਾ-“ਇਕ ਗੱਲ ਏ ਸ਼ਮੀ! ਮੈਨੂੰ ਡਰ ਇਹ ਹੈ ਕਿ ਨੋਟ ਕਿਤੇ ਫੇਰ ਨਾ ਗਵਾਚ ਜਾਵੇ ਮੈਥੋਂ...ਤੇਰੀ ਖੇਮੋ ਗੁਆਂਢਣ ਬਾਜ਼ਾਰ ਜਾ ਰਹੀ ਏ, ਉਸਦੇ ਨਾਲ ਜਾ ਕੇ ਤੂੰ ਇਹ ਸਾਰੀਆਂ ਚੀਜ਼ਾਂ ਖ਼ੁਦ ਈ ਖ਼ਰੀਦ ਲਿਆ...ਕਾਫ਼ੂਰੀ ਮੀਨਾਕਾਰੀ ਵਾਲੇ ਕਾਂਟੇ...ਡੀ.ਐੱਮ.ਸੀ. ਦੇ ਗੋਲੇ, ਮਗ਼ਜ਼ੀ...ਤੇ ਦੇਖ, ਪੋਪੀ ਮੁੰਨੇ ਲਈ ਗੁਲਬ ਜਾਮਨਾਂ ਜ਼ਰੂਰ ਲਿਆਵੀਂ, ਜ਼ਰੂਰ...”
ਸ਼ਮੀ ਨੇ ਖੇਮੋ ਦੇ ਨਾਲ ਜਾਣਾ ਮੰਜ਼ੂਰ ਕਰ ਲਿਆ ਤੇ ਉਸ ਸ਼ਾਮ ਸ਼ਮੀ ਨੇ ਕਸ਼ਮੀਰੀ ਕਢਾਈ ਵਾਲਾ ਉਹ ਸੂਟ ਪਾਇਆ ਜਿਹੜਾ ਉਸਨੂੰ ਦਹੇਜ਼ ਵਿਚ ਮਾਪਿਆਂ ਨੇ ਦਿਤਾ ਸੀ।
ਬੱਚਿਆਂ ਦੇ ਚੀਕ–ਚਿਹਾੜੇ 'ਤੇ ਮੈਨੂੰ ਬੜੀ ਛੇਤੀ ਚੇਹ ਚੜ੍ਹ ਜਾਂਦੀ ਹੈ, ਪਰ ਉਸ ਦਿਨ ਮੈਂ ਬੜੀ ਦੇਰ ਤੀਕ ਬੱਚੂ, ਨਿੱਕੂ ਨੂੰ ਉਹਨਾਂ ਦੀ ਮਾਂ ਦੀ ਗੈਰਹਾਜ਼ਰੀ ਵਿਚ ਵੀ ਬੜੀ ਦੇਰ ਤੀਕ ਖਿਡਾਉਂਦਾ ਰਿਹਾ। ਰਸੋਈ ਵਿਚ ਬਾਲਣ ਵਾਲੀ ਚੁਰ, ਗੁਸਲਖ਼ਾਨੇ, ਨੰਗੀਆਂ ਛੱਤਾਂ ਉਪਰ...ਸਭਨੀ ਥਾਈਂ ਲੱਭਦਾ ਫਿਰਿਆ। ਮੈਂ ਉਸਨੂੰ ਪੁਚਕਾਰਦਿਆਂ ਹੋਇਆਂ ਕਿਹਾ-
“ਟਰਾਈਸਿਕਲ ਲੈਣ ਗਈ ਏ...ਨਹੀਂ ਜਾਣ ਦੇਅ, ਟਾਈਸਿਕਲ ਗੰਦੀ ਚੀਜ਼ ਹੁੰਦੀ ਏ, ਹਾ–ਥੂਹ...ਗੁਬਾਰਾ ਲਿਆਵੇਗੀ ਬੀਬੀ ਤੇਰੇ ਲਈ, ਬੜਾ ਸੋਹਣਾ ਗੁਬਾਰਾ...”
ਬੱਚੂ ਧੀ ਰਾਣੀ ਨੇ ਮੇਰੇ ਸਾਹਮਣੇ ਥੁੱਕ ਦਿਤਾ। ਬੋਲੀ, “ਐ...ਈ...ਗੰਡੀ...”
ਪੁਸ਼ਪਾਮਣੀ ਨੂੰ ਵੀ ਮੈਂ ਗੋਦੀ ਵਿਚ ਚੁੱਕ ਲਿਆ ਤੇ ਕਿਹਾ, “ਪੋਪੀ ਮੁੰਨਾਂ ਅੱਜ ਗੁਲਾਬ ਜਾਮਨਾਂ ਢਿੱਡ ਭਰ ਕੇ ਖਾਏਗਾ ਨਾ!”
ਉਸਦਾ ਮੂੰਹ ਪਾਣੀ ਨਾਲ ਭਰ ਗਿਆ। ਉਹ ਗੋਦੀ ਵਿਚੋਂ ਉਤਰ ਗਈ ਤੇ ਬੋਲੀ-“ਇੰਜ ਲਗਦਾ ਏ ਪਾਪਾ, ਜਿਵੇਂ ਵੱਡੀ ਸਾਰੀ ਗੁਲਾਬ ਜਾਮਨ ਖਾ ਰਹੀ ਹੋਵਾਂ...”
ਨਿੱਕੂ ਰੋਂਦਾ ਰਿਹਾ। ਪੁਸ਼ਪਾਮਣੀ ਵਰਾਂਡੇ ਵਿਚ ਕਥਕਲੀ ਮੁਦਰਾ ਨਾਲੋਂ ਸੋਹਣਾ ਨਾਚ ਨੱਚਦੀ ਰਹੀ।
ਮੈਨੂੰ ਮੇਰੇ ਕਲਪਣਾ ਮਹਿਲ ਵਿਚ ਉਡਾਰੀਆਂ ਲਾਉਣ ਤੋਂ ਕੌਣ ਰੋਕ ਸਕਦਾ ਸੀ। ਕਿਤੇ ਮੇਰੀ ਕਲਪਣਾ ਦੇ ਮਹਿਲ ਢੈ–ਢੇਰੀ ਨਾ ਹੋ ਜਾਣ ਇਸੇ ਲਈ ਮੈਂ ਸ਼ਮੀ ਨੂੰ ਬਾਜ਼ਾਰ ਭੇਜ ਦਿਤਾ ਸੀ। ਮੈਂ ਸੋਚ ਰਿਹਾ ਸੀ-ਸ਼ਮੀ ਹੁਣ ਘੋੜੇ ਹਸਪਤਾਲ ਕੋਲ ਪਹੁੰਚ ਗਈ ਹੋਵੇਗੀ...ਹੁਣ ਕਾਲੇਜ ਰੋਡ ਦੀ ਨੁੱਕੜ 'ਤੇ ਹੋਵੇਗੀ...ਹੁਣ ਗੰਦੇ ਇੰਜਨ ਕੋਲ...
ਤੇ ਇਕ ਬੜੀ ਹੀ ਧੀਮੀ ਆਵਾਜ਼ ਵਿਚ ਕੁੰਡੀ ਖੜਕੀ।
ਸ਼ਮੀ ਸੱਚਮੁੱਚ ਆ ਗਈ ਸੀ, ਦਰਵਾਜ਼ੇ ਕੋਲ।
ਸ਼ਮੀ ਅੰਦਰ ਆਉਂਦੀ ਹੋਈ ਬੋਲੀ-“ਮੈਂ ਦੋ ਰੁਪਏ ਖੇਮੋ ਤੋਂ ਉਧਾਰੇ ਲੈ ਕੇ ਵੀ ਖ਼ਰਚ ਕਰ ਆਈ ਵਾਂ।”
“ਕੋਈ ਗੱਲ ਨਹੀਂ,” ਮੈਂ ਕਿਹਾ।
ਫੇਰ ਬੱਚੂ, ਪੋਪੀ, ਮੁੰਨਾਂ ਤੇ ਮੈਂ ਤਿੰਨੇ ਸ਼ਮੀ ਦੇ ਅੱਗੇ ਪਿੱਛੇ ਭੌਣ ਲੱਗੇ।
ਪਰ ਸ਼ਮੀ ਦੇ ਹੱਥ ਵਿਚ ਇਕ ਬੰਡਲ ਦੇ ਸਿਵਾਏ ਕੁਝ ਵੀ ਨਹੀਂ ਸੀ। ਉਸਨੇ ਮੇਜ਼ ਉੱਤੇ ਰੱਖ ਕੇ ਬੰਡਲ ਖੋਲ੍ਹਿਆ-ਉਹ ਮੇਰੇ ਕੋਟ ਲਈ ਬੜਾ ਵਧੀਆ ਬਰਸਟੇਡ ਸੀ।
ਪੁਸ਼ਪਾਮਣੀ ਨੇ ਕਿਹਾ-“ਬੀਬੀ, ਮੇਰੀਆਂ ਗੁਲਾਬ ਜਾਮਨਾਂ...”
ਸ਼ਮੀ ਨੇ ਉਸਦੇ ਮੂੰਹ ਉੱਤੇ ਇਕ ਚਪੇੜ ਕੱਢ ਮਾਰੀ!
--- --- ---

No comments:

Post a Comment