Monday, September 21, 2009

ਲਾਜਵੰਤੀ :: ਰਾਜਿੰਦਰ ਸਿੰਘ ਬੇਦੀ, राजिंदर सिंह बेदी

ਉਰਦੂ ਕਹਾਣੀ : ਲਾਜਵੰਤੀ :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.


''ਹੱਥ ਲਾਇਆਂ ਕੁਮਲਾਣ ਨੀਂ ਲਾਜਵੰਤੀ ਦੇ ਬੂਟੇ...''
–ਇਕ ਪੰਜਾਬੀ ਗੀਤ
ਵੰਡ ਹੋਈ ਤੇ ਅਣਗਿਣਤ ਜ਼ਖ਼ਮੀ ਲੋਕਾਂ ਨੇ ਉਠ ਕੇ ਆਪਣੇ ਸਰੀਰ ਤੋਂ ਲਹੂ ਪੂੰਝਿਆ ਤੇ ਫੇਰ ਸਾਰੇ ਰਲ ਕੇ ਉਹਨਾਂ ਵੱਲ ਤੱਕਣ ਲੱਗੇ ਜਿਹਨਾਂ ਦੇ ਤਨ ਸਹੀ ਸਲਾਮਤ ਸਨ, ਪਰ ਮਨ ਜ਼ਖ਼ਮੀ...
ਹਰ–ਗਲੀ, ਹਰ–ਮੁਹੱਲੇ ਵਿਚ 'ਮੁੜ ਵਾਸਓ' ਕਮੇਟੀਆਂ ਬਣ ਗਈਆਂ ਸਨ ਤੇ ਸ਼ੁਰੂ–ਸ਼ੁਰੂ ਵਿਚ ਬੜੀ ਤਨਦੇਹੀ ਨਾਲ 'ਕਾਰੋਬਾਰ ਦੇਓ, ਦੁਆਓ' ਤੇ 'ਘਰਾਂ ਵਿਚ ਵਸਾਓ' ਪ੍ਰੋਗ੍ਰਾਮ ਸ਼ੁਰੂ ਕਰ ਦਿੱਤਾ ਗਿਆ ਸੀ; ਪਰ ਇਕ ਪ੍ਰੋਗ੍ਰਾਮ ਅਜਿਹਾ ਵੀ ਸੀ ਜਿਸ ਵੱਲ ਕਿਸੇ ਨੇ ਧਿਆਨ ਨਹੀਂ ਸੀ ਦਿੱਤਾ। ਉਹ ਪ੍ਰੋਗ੍ਰਾਮ ਅਗਵਾਹ ਕੀਤੀਆਂ ਔਰਤਾਂ ਦੇ ਸੰਬੰਧ ਵਿਚ ਸੀ, ਜਿਸ ਦਾ ਨਾਅਰਾ ਸੀ 'ਦਿਲ ਵਿਚ ਵਸਾਓ' ਤੇ ਉਸ ਪ੍ਰੋਗ੍ਰਾਮ ਦਾ ਨਾਰਾਇਣ ਬਾਬਾ ਦੇ ਮੰਦਰ ਤੇ ਆਸ–ਪਾਸ ਵੱਸੇ ਪੁਰਾਤਨ–ਪੰਥੀਆਂ ਵੱਲੋਂ ਬੜਾ ਵਿਰੋਧ ਕੀਤਾ ਜਾਂਦਾ ਸੀ।
ਉਸ ਪ੍ਰੋਗ੍ਰਾਮ ਨੂੰ ਅਮਲੀ ਜਾਮਾ ਪਵਾਉਣ ਲਈ ਮੰਦਰ ਲਾਗੇ ਵੱਸਦੇ ਮੁਹੱਲੇ 'ਮੁੱਲਾ ਸ਼ਕੂਰ' ਵਿਚ ਇਕ ਕਮੇਟੀ ਬਣਾਈ ਗਈ ਤੇ ਗਿਆਰਾਂ ਵੋਟਾਂ ਦੇ ਬਹੁਮਤ ਨਾਲ ਬਾਬੂ ਸੁੰਦਰਲਾਲ ਨੂੰ ਉਸਦਾ ਸੈਕਰੇਟਰੀ ਚੁਣ ਲਿਆ ਗਿਆ। ਵਕੀਲ ਸਾਹਬ ਨੂੰ ਪ੍ਰਧਾਨ। ਚੌÎਂਕੀ ਕਲਾਂ ਦੇ ਬੁੱਢੇ ਮੁਹਰਰ ਤੇ ਮੁਹੱਲੇ ਦੇ ਹੋਰ ਪਤਵੰਤੇ ਬੰਦਿਆਂ ਦਾ ਖ਼ਿਆਲ ਸੀ ਕਿ ਸੁੰਦਰਲਾਲ ਨਾਲੋਂ ਵਧ ਤਨਦੇਹੀ ਨਾਲ ਇਸ ਕੰਮ ਨੂੰ ਹੋਰ ਕੋਈ ਨਹੀਂ ਕਰ ਸਕਦਾ। ਸ਼ਾਇਦ ਇਸ ਲਈ ਕਿ ਸੁੰਦਰਲਾਲ ਦੀ ਆਪਣੀ ਪਤਨੀ ਅਗਵਾਹ ਹੋ ਚੁੱਕੀ ਸੀ ਤੇ ਉਸਦਾ ਨਾਂਅ ਸੀ-ਲਾਜੋ, ਲਾਜਵੰਤੀ।
ਤੇ ਜਦੋਂ ਪ੍ਰਭਾਤ ਫੇਰੀ ਕੱਢਦੇ ਹੋਏ ਬਾਬੂ ਸੁੰਦਰਲਾਲ, ਉਹਨਾਂ ਦਾ ਸਾਥੀ ਰਸਾਲੂ ਤੇ ਨੇਕੀਰਾਮ ਵਗ਼ੈਰਾ ਰਲ ਕੇ ਗਾਉਂਦੇ-''ਹੱਥ ਲਾਇਆਂ ਕੁਮਲਾਣ ਨੀਂ ਲਾਜਵੰਤੀ ਦੇ ਬੂਟੇ...'' ਤਾਂ ਸੁੰਦਰਲਾਲ ਦਾ ਗੱਚ ਭਰ ਆਉਂਦਾ ਤੇ ਆਵਾਜ਼ ਯਕਦਮ ਬੰਦ ਹੋ ਜਾਂਦੀ ਤੇ ਉਹ ਖ਼ਾਮੋਸ਼ੀ ਨਾਲ ਤੁਰਦਾ ਹੋਇਆ ਲਾਜਵੰਤੀ ਬਾਰੇ ਸੋਚਣ ਲੱਗ ਪੈਂਦਾ-ਪਤਾ ਨਹੀਂ, ਉਹ ਕਿੱਥੇ ਹੋਵੇਗੀ, ਕਿਸ ਹਾਲਤ ਵਿਚ ਹੋਵੇਗੀ, ਉਹ ਕਦੀ ਆਵੇਗੀ ਵੀ ਜਾਂ ਨਹੀਂ !...ਤੇ ਪੱਕੀ–ਪੱਧਰੀ ਸੜਕ ਉੱਤੇ ਤੁਰਦੇ ਦੇ ਪੈਰ ਠੇਡੇ ਖਾਣ ਲੱਗ ਪੈਂਦੇ।
ਹੁਣ ਤਾਂ ਨੌਬਤ ਇਹ ਆ ਗਈ ਸੀ ਕਿ ਉਸਨੇ ਲਾਜਵੰਤੀ ਬਾਰੇ ਸੋਚਣਾ ਹੀ ਛੱਡ ਦਿੱਤਾ ਸੀ। ਉਸਦੀ ਨਿੱਜੀ ਪੀੜ ਹੁਣ ਦੁਨੀਆਂ ਦੀ ਪੀੜ ਬਣ ਚੁੱਕੀ ਸੀ। ਉਸਨੇ ਆਪਣੇ ਦੁੱਖ ਤੋਂ ਬਚਣ ਦੀ ਖਾਤਰ, ਆਪਣੇ ਆਪ ਨੂੰ ਲੋਕ ਸੇਵਾ ਵਿਚ ਲਾ ਦਿੱਤਾ ਸੀ। ਇਸ ਦੇ ਬਾਵਜੂਦ ਹੋਰਨਾਂ ਸਾਥੀਆਂ ਦੀ ਆਵਾਜ਼ ਨਾਲ ਆਵਾਜ਼ ਮਿਲਾਂਦਿਆਂ ਉਸਨੂੰ ਇਹ ਖ਼ਿਆਲ ਜ਼ਰੂਰ ਆਉਂਦਾ ਕਿ ਇਨਸਾਨੀ ਦਿਲ ਕਿੰਨਾਂ ਨਾਜ਼ੁਕ ਹੈ, ਜ਼ਰਾ ਜਿੰਨੀ ਗੱਲ ਨਾਲ ਉਸਨੂੰ ਠੇਸ ਲੱਗ ਜਾਂਦੀ ਹੈ। ਉਹ ਲਾਜਵੰਤੀ ਦੇ ਬੂਟੇ ਵਰਗਾ ਹੁੰਦਾ ਹੈ, ਜਿਸ ਵੱਲ ਸੈਨਤ ਵੀ ਕਰੋ ਤਾਂ ਕੁਮਲਾ ਜਾਂਦਾ ਹੈ...ਪਰ ਉਸਨੇ ਤਾਂ ਆਪਣੀ ਲਾਜਵੰਤੀ ਨਾਲ ਧੱਕਾ–ਮੁੱਕੀ ਕਰਨ ਦੀ ਕੋਈ ਕਸਰ ਹੀ ਨਹੀਂ ਸੀ ਛੱਡੀ। ਉਹ ਉਸਨੂੰ ਗੱਲ–ਗੱਲ 'ਤੇ, ਉਠਦਿਆਂ ਬੈਠਦਿਆਂ, ਦਾਲ–ਰੋਟੀ ਵਿਚ ਨੁਕਸ ਕੱਢ ਕੇ ਤੇ ਕਈ ਹੋਰ ਨਿੱਕੀਆਂ–ਮੋਟੀਆਂ ਗੱਲਾਂ ਉੱਤੇ ਕੁੱਟ ਧਰਦਾ ਸੀ।
ਲਾਜਵੰਤੀ ਇਕ ਪਤਲੀ ਤੂਤ ਦੀ ਟਾਹਣੀ ਵਰਗੀ ਨਾਜ਼ੂਕ-ਮਲੂਕ ਜਿਹੀ ਪਿੰਡ ਦੀ ਕੁੜੀ ਸੀ। ਤਿਖੱੜ–ਧੁੱਪਾਂ ਹੰਢਾਉਣ ਕਰਕੇ ਉਸਦਾ ਰੰਗ ਕਣਕ–ਵੰਨਾਂ ਹੋ ਗਿਆ ਸੀ। ਸੁਭਾਅ ਵਿਚ ਇਕ ਅਜੀਬ ਕਿਸਮ ਦੀ ਬੇਚੈਨੀ ਸੀ। ਉਸਦੀ ਘਬਰਾਹਟ 'ਓਸ' ਦੀ ਓਸ ਬੂੰਦ ਵਰਗੀ ਸੀ ਜਿਹੜੀ ਕਿਸੇ ਵੱਡੇ ਪੱਤੇ ਉੱਤੇ ਹੋਂਦ ਵਿਚ ਆ ਕੇ ਕਦੀ ਇਧਰ ਤੇ ਕਦੀ ਉਧਰ ਥਿਰਕਦੀ ਰਹਿੰਦੀ ਹੈ। ਉਸਦੀ ਪਤਲੀ ਕਾਠੀ ਉਸਦੀ ਖ਼ਰਾਬ ਸਿਹਤ ਦੀ ਪ੍ਰਤੀਕ ਨਹੀਂ ਸੀ, ਬਲਿਕੇ ਇਕ ਤੰਦਰੁਸਤੀ ਦੀ ਨਿਸ਼ਾਨੀ ਸੀ ਜਿਸ ਨੂੰ ਵੇਖ ਕੇ ਮੋਟਾ–ਤਾਜ਼ਾ ਸੁੰਦਰਲਾਲ ਪਹਿਲਾਂ ਤਾਂ ਘਬਰਾ ਗਿਆ ਸੀ ਪਰ ਜਦੋਂ ਉਸਨੇ ਦੇਖਿਆ ਕਿ ਲਾਜਵੰਤੀ ਹਰ ਕਿਸਮ ਦਾ ਬੋਝ, ਹਰ ਕਿਸਮ ਦਾ ਧੱਕਾ, ਇੱਥੋਂ ਤਕ ਕਿ ਕੁੱਟਮਾਰ ਵੀ ਸਹਿ ਜਾਂਦੀ ਹੈ ਤਾਂ ਉਹ ਆਪਣੇ ਮਾੜੇ–ਵਤੀਰੇ ਵਿਚ ਵਾਧਾ ਕਰਦਾ ਰਿਹਾ ਤੇ ਉਸਨੇ ਉਹਨਾਂ ਹੱਦਾਂ ਦਾ ਖ਼ਿਆਲ ਵੀ ਨਹੀਂ ਕੀਤਾ ਜਿਹਨਾਂ ਨੂੰ ਲੰਘ ਜਾਈਏ ਤਾਂ ਕਿਸੇ ਵੀ ਇਨਸਾਨ ਦਾ ਸਬਰ ਮੁੱਕ ਸਕਦਾ ਹੈ। ਉਹਨਾਂ ਹੱਦਾਂ ਨੂੰ ਚੇਤੇ ਵਿਚੋਂ ਧੁੰਦਲਾ ਦੇਣ ਲਈ ਲਾਜਵੰਤੀ ਆਪ ਵੀ ਤਾਂ ਮਦਦਗਾਰ ਸਾਬਤ ਹੁੰਦੀ ਸੀ-ਕਿਉਂਕਿ ਉਹ ਦੇਰ ਤਕ ਉਦਾਸ ਨਹੀਂ ਸੀ ਰਹਿ ਸਕਦੀ। ਇਸ ਲਈ ਵੱਡੇ ਤੋਂ ਵੱਡੇ ਝਗੜੇ ਪਿੱਛੋਂ ਵੀ ਸੁੰਦਰਲਾਲ ਦੇ ਸਿਰਫ ਇਕ ਵਾਰੀ ਮੁਸਕੁਰਾ ਦੇਣ ਉੱਤੇ ਉਹ ਆਪਣਾ ਹਾਸਾ ਨਹੀਂ ਸੀ ਰੋਕ ਸਕਦੀ ਹੁੰਦੀ। ਅਹੁਲ ਦੇ ਉਸ ਦੇ ਕੋਲ ਜਾਂਦੀ ਸੀ ਤੇ ਗ਼ਲੇ ਵਿਚ ਬਾਹਾਂ ਪਾ ਕੇ ਕਹਿੰਦੀ ਸੀ-''ਫੇਰ ਮਾਰੋਗੇ ਤਾਂ ਮੈਂ ਤੁਹਾਡੇ ਨਾਲ ਕਦੀ ਨਹੀਂ ਬੋਲਣਾ...'' ਸਾਫ ਪਤਾ ਲੱਗ ਜਾਂਦਾ ਸੀ ਉਹ ਆਪਣੀ ਸਾਰੀ ਕੁੱਟ–ਮਾਰ ਨੂੰ ਭੁੱਲ ਚੁੱਕੀ ਹੈ। ਪਿੰਡ ਦੀਆਂ ਹੋਰਨਾਂ ਕੁੜੀਆਂ ਵਾਂਗ ਉਹ ਵੀ ਜਾਣਦੀ ਸੀ ਕਿ ਮਰਦ ਅਜਿਹਾ ਸਲੂਕ ਕਰਦੇ ਹੀ ਹੁੰਦੇ ਨੇ...ਬਲਿਕੇ ਔਰਤਾਂ ਵਿਚੋਂ ਕੋਈ ਵੀ ਮੂੰਹ ਜ਼ੋਰ ਬਣਨ ਦੀ ਕੋਸ਼ਿਸ਼ ਕਰਦੀ ਤਾਂ ਕੁੜੀਆਂ ਖ਼ੁਦ ਹੀ ਨੱਕ 'ਤੇ ਉਂਗਲ ਰੱਖ ਕੇ ਕਹਿੰਦੀਆਂ-''ਲੈ ਨੀਂ ਉਹ ਭਲਾ ਕਾਹਦਾ ਮਰਦ ਹੋਇਆ, ਜਿਸ ਤੋਂ ਔਰਤ ਕਾਬੂ ਨੀਂ ਕੀਤੀ ਜਾਂਦੀ...'' ਤੇ ਇਹ ਕੁੱਟ–ਮਾਰ ਉਹਨਾਂ ਦੇ ਗੀਤਾਂ ਵਿਚ ਚਲੀ ਗਈ। ਖ਼ੁਦ ਲਾਜੋ ਗਾਉਂਦੀ ਹੁੰਦੀ ਸੀ, 'ਮੈਂ ਸ਼ਹਿਰੀ ਮੁੰਡੇ ਨਾਲ ਵਿਆਹ ਨਹੀਓਂ ਕਰਨਾ, ਉਹ ਬੂਟ ਪਾਉਂਦਾ ਹੈ ਤੇ ਮੇਰਾ ਲੱਕ ਬੜਾ ਪਤਲਾ ਹੈ...।' ਪਰ ਪਹਿਲੀ ਫੁਰਸਤ ਵਿਚ ਹੀ ਲਾਜੋ ਨੇ ਸ਼ਹਿਰ ਦੇ ਜਿਸ ਮੁੰਡੇ ਨਾਲ ਲਿਵ ਲਾ ਲਈ ਸੀ, ਉਸਦਾ ਨਾਂਅ ਸੀ ਸੁੰਦਰਲਾਲ। ਜਿਹੜਾ ਇਕ ਬਾਰਾਤ ਵਿਚ ਲਾਜੋ ਕੇ ਪਿੰਡ ਗਿਆ ਸੀ ਤੇ ਜਿਸ ਨੇ ਲਾੜੇ ਦੇ ਕੰਨ ਵਿਚ ਸਿਰਫ ਏਨਾ ਹੀ ਕਿਹਾ ਸੀ-''ਤੇਰੀ ਸਾਲੀ ਤਾਂ ਬੜੀ ਨਮਕੀਨ ਏਂ ਯਾਰਾ। ਘਰਵਾਲੀ ਵੀ ਚਟਪਟੀ ਹੋਏਗੀ।'' ਲਾਜਵੰਤੀ ਨੇ ਸੁੰਦਰਲਾਲ ਦੀ ਇਹ ਗੱਲ ਸੁਣ ਲਈ ਸੀ, ਪਰ ਉਹ ਇਹ ਭੁੱਲ ਗਈ ਸੀ ਕਿ ਸੁੰਦਰਲਾਲ ਕਿੰਨੇ ਵੱਢੇ–ਵੱਢੇ ਤੇ ਭਾਰੇ ਬੂਟ ਪਾਉਂਦਾ ਹੈ ਤੇ ਉਸਦਾ ਆਪਣਾ ਲੱਕ ਕਿੰਨਾ ਪਤਲਾ ਹੈ!
ਤੇ ਪ੍ਰਭਾਤਫੇਰੀ ਦੇ ਸਮੇਂ ਅਜਿਹੀਆਂ ਗੱਲਾਂ ਹੀ ਸੁੰਦਰਲਾਲ ਨੂੰ ਚੇਤੇ ਆਉਂਦੀਆਂ-ਉਹ ਇਹੀ ਸੋਚਦਾ ਕਿ 'ਇਕ ਵਾਰੀ, ਸਿਰਫ ਇਕ ਵਾਰੀ, ਲਾਜੋ ਮਿਲ ਜਾਵੇ ਤਾਂ ਮੈਂ ਉਸਨੂੰ ਸੱਚਮੁੱਚ ਹੀ ਦਿਲ ਵਿਚ ਵਸਾਅ ਲਵਾਂ ਤੇ ਲੋਕਾਂ ਨੂੰ ਦੱਸ ਦਿਆਂ ਕਿ ਇਹਨਾਂ ਵਿਚਾਰੀਆਂ ਔਰਤਾਂ ਦੇ ਅਗਵਾਹ ਹੋ ਜਾਣ ਵਿਚ ਉਹਨਾਂ ਦਾ ਕੋਈ ਕਸੂਰ ਨਹੀਂ; ਫਸਾਦੀਆਂ ਦੀ ਹਵਸ ਦਾ ਸ਼ਿਕਾਰ ਹੋ ਜਾਣ ਵਿਚ ਇਹਨਾਂ ਦੀ ਕੋਈ ਗਲਤੀ ਨਹੀਂ। ਉਹ ਸਮਾਜ ਜਿਹੜਾ ਇਹਨਾਂ ਮਾਸੂਮ ਤੇ ਬੇਕਸੂਰ ਔਰਤਾਂ ਨੂੰ ਸਵਿਕਾਰ ਨਹੀਂ ਕਰਦਾ, ਉਹਨਾਂ ਨੂੰ ਅਪਣਾਅ ਨਹੀਂ ਲੈਂਦਾ-ਇਕ ਗਲਿਆ ਸੜਿਆ ਸਮਾਜ ਹੈ ਤੇ ਉਸਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ...ਉਹ ਉਹਨਾਂ ਔਰਤਾਂ ਨੂੰ ਘਰੀਂ ਵਸਾਅ ਲੈਣ ਦੀ ਅਪੀਲ ਕਰਦਾ ਤੇ ਉਹਨਾਂ ਨੂੰ ਉਹੀ ਸਥਾਨ ਦੇਣ ਲਈ ਪ੍ਰੇਰਦਾ, ਜਿਹੜਾ ਘਰ ਵਿਚ ਕਿਸੇ ਵੀ ਔਰਤ, ਕਿਸੇ ਵੀ ਮਾਂ, ਧੀ, ਭੈਣ ਜਾਂ ਪਤਨੀ ਨੂੰ ਦਿੱਤਾ ਜਾਂਦਾ ਹੈ। ਫੇਰ ਉਹ ਕਹਿੰਦਾ-''ਉਹਨਾਂ ਨੂੰ ਸੈਨਤ ਜਾਂ ਇਸ਼ਾਰੇ ਨਾਲ ਵੀ ਅਜਿਹੀਆਂ ਗੱਲਾਂ ਚੇਤੇ ਨਹੀਂ ਕਰਵਾਉਣੀਆਂ ਚਾਹੀਦੀਆਂ ਜਿਹੜੀਆਂ ਉਹਨਾਂ ਨਾਲ ਬੀਤੀਆਂ ਹੋਣ...ਕਿਉਂਕਿ ਉਹਨਾਂ ਦੇ ਦਿਲ ਜ਼ਖ਼ਮੀਂ ਨੇ। ਉਹ ਨਾਜ਼ੁਕ ਨੇ, ਛੂਈ ਮੂਈ ਵਾਂਗ...ਉਂਗਲ ਵੀ ਕਰੋਗੇ ਤਾਂ ਕੁਮਲਾਅ ਜਾਣਗੀਆਂ...''
ਭਾਵੇਂ 'ਦਿਲ ਵਿਚ ਵਸਾਓ' ਪ੍ਰੋਗ੍ਰਾਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੁਹੱਲਾ ਮੁੱਲਾ ਸ਼ਕੂਰ ਦੀ ਇਸ ਕਮੇਟੀ ਨੇ ਕਈ ਪ੍ਰਭਾਤ ਫੇਰੀਆਂ ਕੱਢੀਆਂ। ਸਵੇਰੇ ਚਾਰ ਵਜੇ ਦਾ ਸਮਾਂ ਉਹਨਾਂ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਸੀ-ਨਾ ਲੋਕਾਂ ਦੀ ਕਾਵਾਂ–ਰੌਲੀ, ਨਾ ਟ੍ਰੈਫ਼ਕ ਦਾ ਝੰਜਟ। ਸਾਰੀ ਰਾਤ ਚੌਕੀਦਾਰੀ ਕਰਨ ਵਾਲੇ ਕੁੱਤੇ ਵੀ ਬੁਝੇ ਹੋਏ ਤੰਦੂਰਾਂ ਨਾਲ ਚਿਪਕ ਕੇ ਸੁੱਤੇ ਪਏ ਹੁੰਦੇ ਸਨ। ਆਪੋ ਆਪਣੇ ਬਿਸਤਰਿਆਂ ਵਿਚ ਸੁੰਗੜੇ ਹੋਏ ਲੋਕ ਪ੍ਰਭਾਤਫੇਰੀ ਵਾਲਿਆਂ ਦੀ ਆਵਾਜ਼ ਸੁਣ ਕੇ ਸਿਰਫ ਏਨਾ ਕਹਿੰਦੇ-'ਓਹ! ਉਹੀ ਮੰਡਲੀ ਵਾਲੇ ਐ!' ਤੇ ਕਦੀ ਸਬਰ ਨਾਲ ਤੇ ਕਦੀ ਬੜਾ ਖਿਝ ਕੇ ਬਾਬੂ ਸੁੰਦਰਲਾਲ ਦਾ ਪ੍ਰਾਪੋਗੰਡਾ ਸੁਣਦੇ। ਉਹ ਔਰਤਾਂ ਜਿਹੜੀਆਂ ਸੁੱਖ–ਸਾਂਦ ਨਾਲ ਇਸ ਪਾਸੇ ਪਹੁੰਚ ਗਈਆਂ ਸਨ, ਗੋਭੀ ਦੇ ਫੁੱਲ ਵਾਂਗ ਖਿੜੀਆਂ ਤੇ ਨਿੱਸਰੀਆਂ ਹੋਈਆਂ ਸਨ ਤੇ ਉਹਨਾਂ ਨਾਲ ਡੰਡਲਾਂ ਵਾਂਗ ਜੜੁੱਤ ਹੋਏ ਪਏ ਉਹਨਾਂ ਦੇ ਘਰਵਾਲੇ ਪ੍ਰਭਾਤਫੇਰੀ ਵਾਲਿਆਂ ਦੇ ਰੌਲੇ ਦਾ ਵਿਰੋਧ ਕਰਦੇ ਤੇ ਮੂੰਹ ਵਿਚ ਕੁਝ ਬੁੜਬੁੜ ਕਰੀ ਜਾਂਦੇ। ਜਾਂ ਕਿਤੇ ਕੋਈ ਬੱਚਾ ਥੋੜ੍ਹੀ ਦੇਰ ਲਈ ਅੱਖਾਂ ਖੋਹਲਦਾ ਤੇ 'ਦਿਲ ਵਿਚ ਵਸਾਓ' ਦੇ ਫਰਿਆਦੀ ਤੇ ਦੁਖੀ ਦਿਲਾਂ ਦੀ ਪੁਕਾਰ ਨੂੰ ਸਿਰਫ ਇਕ ਗਾਣਾ ਸਮਝ ਕੇ ਫੇਰ ਸੌÎਂ ਜਾਂਦਾ।
ਪਰ ਸਵੇਰੇ ਵੇਲੇ ਕੰਨ ਪਿਆ ਹੋਇਆ ਸ਼ਬਦ ਬੇਕਾਰ ਨਹੀਂ ਜਾਂਦਾ। ਉਹ ਸਾਰਾ ਦਿਨ ਇਕ ਤਕਰਾਰ ਦੇ ਨਾਲ ਦਿਮਾਗ ਵਿਚ ਚੱਕਰ ਲਾਉਂਦਾ ਰਹਿੰਦਾ ਹੈ ਤੇ ਕਦੀ ਕਦੀ ਤਾਂ ਬੰਦੇ ਨੂੰ ਉਸਦੇ ਅਰਥ ਵੀ ਪਤਾ ਨਹੀਂ ਹੁੰਦਾ, ਪਰ ਗੁਣਗੁਣਾਉਂਦਾ ਰਹਿੰਦਾ ਹੈ। ਇਸ ਆਵਾਜ਼ ਦੇ ਘਰ ਕਰ ਜਾਣ ਦਾ ਹੀ ਇਹ ਅਸਰ ਸੀ ਕਿ ਓਹਨੀਂ ਦਿਨੀਂ ਮਿਸ ਮਰਿਦੁਲਾ ਸਾਰਾ ਭਾਈ, ਹਿੰਦੁਸਤਾਨ ਤੇ ਪਾਕਿਸਤਾਨ ਵਿਚਕਾਰ ਅਗਵਾਹ ਕੀਤੀਆਂ ਔਰਤਾਂ ਤਬਾਦਲੇ ਵਿਚ ਲਿਆਈ ਤਾਂ ਮੁਹੱਲਾ ਮੁੱਲਾ–ਸ਼ਕੂਰ ਦੇ ਕੁਝ ਆਦਮੀ ਉਹਨਾਂ ਨੂੰ ਮੁੜ ਵਸਾਉਣ ਲਈ ਤਿਆਰ ਹੋ ਗਏ। ਉਹਨਾਂ ਦੇ ਵਾਰਿਸ ਸ਼ਹਿਰ ਦੇ ਬਾਹਰ ਚੌਕੀ ਕਲਾਂ ਵਿਚ ਉਹਨਾਂ ਨੂੰ ਮਿਲਣ ਲਈ ਗਏ। ਇਹ ਮਜ਼ਬੂਰ ਔਰਤਾਂ ਤੇ ਉਹਨਾਂ ਨੂੰ ਲਿਆਉਣ ਵਾਲੇ ਕੁਝ ਚਿਰ ਇਕ ਦੂਜੇ ਨੂੰ ਦੇਖਦੇ ਰਹੇ ਤੇ ਫੇਰ ਸਿਰ ਝੁਕਾਅ ਕੇ ਆਪੋ ਆਪਣੇ ਬਰਬਾਦ ਹੋਏ ਘਰ ਨੂੰ ਮੁੜ ਵਸਾਉਣ ਖਾਤਰ ਤੁਰ ਪਏ। ਰਸਾਲੂ, ਨੇਕੀ ਰਾਮ ਤੇ ਸੁੰਦਰਲਾਲ ਬਾਬੂ ਕਦੀ 'ਮਹਿੰਦਰ ਸਿੰਘ, ਜ਼ਿੰਦਾਬਾਦ' ਤੇ ਕਦੀ 'ਸੋਹਨ ਲਾਲ, ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਰਹੇ...ਇੱਥੋਂ ਤਕ ਕਿ ਉਹਨਾਂ ਦੇ ਸੰਘ ਸੁੱਕ ਗਏ...
ਪਰ ਬਰਮਾਦ ਕਰ ਕੇ ਲਿਆਂਦੀਆਂ ਔਰਤਾਂ ਵਿਚ ਕੁਝ ਅਜਿਹੀਆਂ ਵੀ ਸਨ ਜਿਹਨਾਂ ਦੇ ਪਤੀਆਂ, ਜਿਹਨਾਂ ਦੇ ਮਾਂ–ਪਿਓ, ਭੈਣਾ ਤੇ ਭਰਾਵਾਂ ਨੇ ਉਹਨਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ। ਆਖ਼ਿਰ ਉਹ ਮਰ ਕਿਉਂ ਨਹੀਂ ਸੀ ਗਈਆਂ? ਆਪਣੀ ਇੱਜ਼ਤ ਤੇ ਅਸਮਤ ਨੂੰ ਬਚਾਉਣ ਖ਼ਾਤਰ ਉਹਨਾਂ ਨੇ ਜ਼ਹਿਰ ਕਿਉਂ ਨਾ ਖਾ ਲਿਆ? ਖ਼ੂਹ ਵਿਚ ਛਾਲ ਕਿਉਂ ਨਹੀਂ ਸੀ ਮਾਰ ਦਿੱਤੀ? ਉਹ ਬੁਜ਼ਦਿਲ ਸਨ ਜਿਹੜੀਆਂ ਇੰਜ ਜ਼ਿੰਦਗੀ ਨਾਲ ਚੰਬੜੀਆਂ ਰਹੀਆਂ ਸਨ। ਸੈਂਕੜੇ ਹਜ਼ਾਰਾਂ ਔਰਤਾਂ ਨੇ ਆਪਣੀ ਇੱਜ਼ਤ ਲੁੱਟੀ ਜਾਣ ਤੋਂ ਪਹਿਲਾਂ ਆਪਣੀ ਜਾਨ ਦੇ ਦਿੱਤੀ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਜਿਊਂਦੀਆਂ ਰਹਿ ਕੇ ਕਿਸ ਬਹਾਦਰੀ ਤੋਂ ਕੰਮ ਲੈ ਰਹੀਆਂ ਨੇ-ਕੇਹੀਆਂ ਪੱਥਰਾਈਆਂ ਅੱਖਾਂ ਨਾਲ ਮੌਤ ਨੂੰ ਘੂਰ ਰਹੀਆਂ ਨੇ। ਅਜਿਹੀ ਦੁਨੀਆਂ ਵਿਚ ਜਿੱਥੇ ਉਹਨਾਂ ਦੇ ਪਤੀ ਵੀ ਉਹਨਾਂ ਨੂੰ ਨਹੀਂ ਪਛਾਣਦੇ। ਫੇਰ ਉਹਨਾਂ ਵਿਚੋਂ ਕੋਈ ਮਨ ਹੀ ਮਨ ਆਪਣਾ ਨਾਂਅ ਦੁਹਰਾਉਂਦੀ ਹੈ-ਸੁਹਾਗਵੰਤੀ...ਤੇ ਆਪਣੇ ਭਰਾ ਨੂੰ ਉਸ ਭੀੜ ਵਿਚ ਦੇਖ ਕੇ ਆਖ਼ਰੀ ਵਾਰ ਸਿਰਫ ਏਨਾ ਕਹਿੰਦੀ ਹੈ...'ਤੂੰ ਵੀ ਨਹੀਂ ਪਛਾਣਦਾ ਬਿਹਾਰੀ! ਮੈਂ ਤੈਨੂੰ ਗੋਦੀ ਵਿਚ ਖਿਡਾਇਆ ਸੀ ਵੇ'...ਤੇ ਬਿਹਾਰੀ ਬੁੱਤ ਬਣਿਆ ਖੜ੍ਹਾ ਰਹਿੰਦਾ ਹੈ। ਫੇਰ ਉਹ ਮਾਂ ਬਾਪ ਵੱਲ ਦੇਖਦਾ ਤੇ ਮਾਂ ਬਾਪ ਆਪਣੇ ਜਿਗਰ ਉੱਤੇ ਹੱਥ ਰੱਖ ਕੇ ਨਾਰਾਇਣ ਬਾਬਾ ਵੱਲ ਵੇਖਦੇ ਤੇ ਬੜੀ ਬੇਵੱਸੀ ਦੀ ਹਾਲਾਤ ਵਿਚ ਨਾਰਾਇਣ ਬਾਬਾ ਆਸਮਾਨ ਵੇਖਦਾ-ਜਿੱਥੇ ਅਸਲ ਵਿਚ ਕੋਈ ਹਕੀਕਤ ਨਹੀਂ, ਜਿਹੜਾ ਸਿਰਫ ਸਾਡੀ ਨਜ਼ਰ ਦਾ ਧੋਖਾ ਹੈ-ਤੇ ਜੋ ਸਿਰਫ ਇਕ ਹੱਦ ਹੈ, ਜਿਸ ਦੇ ਪਾਰ ਸਾਡੀਆਂ ਨਜ਼ਰਾਂ ਕੰਮ ਨਹੀਂ ਕਰਦੀਆਂ।
ਪਰ ਫੌਜੀ ਟਰੱਕ ਵਿਚ ਮਿਸ ਸਾਰਾਭਾਈ ਤਬਾਦਲੇ ਵਿਚ ਜਿਹੜੀਆਂ ਔਰਤਾਂ ਲਿਆਈ, ਉਹਨਾਂ ਵਿਚ ਲਾਜੋ ਨਹੀਂ ਸੀ। ਸੁੰਦਰਲਾਲ ਨੇ ਉਮੀਦ ਭਰੀਆਂ ਨਜ਼ਰਾਂ ਨਾਲ ਆਖ਼ਰੀ ਕੁੜੀ ਨੂੰ ਟਰੱਕ ਵਿਚੋਂ ਉਤਰਦਿਆਂ ਦੇਖਿਆ ਤੇ ਫੇਰ ਚੁੱਪਚਾਪ, ਪੱਕੇ ਇਰਾਦੇ ਨਾਲ ਆਪਣੀ ਕਮੇਟੀ ਦੀਆਂ ਸਰਗਰਮੀਆਂ ਨੂੰ ਦੁਗਣਾ ਕਰ ਦਿੱਤਾ। ਹੁਣ ਉਹ ਸਿਰਫ ਸਵੇਰ ਵੇਲੇ ਹੀ ਪ੍ਰਭਾਤ ਫੇਰੀ ਨਹੀਂ ਸੀ ਕੱਢਦੇ ਬਲਿਕੇ ਸ਼ਾਮ ਨੂੰ ਵੀ ਜਲੂਸ ਕੱਢਣ ਲੱਗ ਪਏ ਸਨ ਤੇ ਕਦੀ ਕਦੀ ਇਕ ਅੱਧਾ ਛੋਟਾ ਮੋਟਾ ਜਲਸਾ ਵੀ ਕਰ ਲੈਂਦੇ ਸਨ ਜਿਸ ਵਿਚ ਕਮੇਟੀ ਦਾ ਬੁੱਢਾ ਪ੍ਰਧਾਨ ਵਕੀਲ ਕਾਲਕਾ ਪ੍ਰਸ਼ਾਦ ਸੂਫ਼ੀ ਖੰਘ ਤੇ ਖੰਘੂਰਿਆਂ ਭਰੀ ਆਵਾਜ਼ ਵਿਚ ਇਕ ਭਾਸ਼ਣ ਦੇ ਦਿੰਦਾ ਤੇ ਰਸਾਲੂ ਇਕ ਪੀਕਦਾਨ ਚੁੱਕੀ ਡਿਊਟੀ 'ਤੇ ਹਮੇਸ਼ਾ ਹਾਜ਼ਰ ਰਹਿੰਦਾ। ਲਾਊਡ ਸਪੀਕਰ ਵਿਚੋਂ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆ। ਫੇਰ ਕਿਤੇ ਨੇਕੀ ਰਾਮ, ਮੁਹਰਰ ਚੌਕੀ ਕਲਾਂ ਕੁਝ ਕਹਿਣ ਲਈ ਉਠਦੇ। ਪਰ ਉਹ ਜਿੰਨੀਆਂ ਵੀ ਗੱਲਾਂ ਕਹਿੰਦੇ ਤੇ ਜਿੰਨੇ ਸ਼ਾਸਤਰਾਂ ਤੇ ਪੁਰਾਣਾ ਦੀਆਂ ਉਦਹਾਰਣਾ ਦੇਂਦੇ ਓਨਾ ਹੀ ਆਪਣੇ ਮਕਸਦ ਦੇ ਉਲਟੇ ਪਾਸੇ ਤੁਰ ਜਾਂਦੇ ਤੇ ਇੰਜ ਮੈਦਾਨ ਹੱਥੋਂ ਨਿਕਲਦਾ ਦੇਖ ਕੇ ਬਾਬੂ ਸੁੰਦਰਲਾਲ ਉਠਦਾ ਪਰ ਇਕ ਦੋ ਵਾਕਾਂ ਤੋਂ ਅੱਗੇ ਕੁਝ ਵੀ ਨਾ ਕਹਿ ਸਕਦਾ। ਉਸਦਾ ਗਲਾ ਭਰੜਾਅ ਜਾਂਦਾ, ਅੱਖਾਂ ਵਿਚੋ ਅੱਥਰੂ ਵਹਿ ਤੁਰਦੇ ਤੇ ਉਹ ਭਾਸ਼ਣ ਨਾ ਦੇ ਸਕਦਾ। ਆਖ਼ਰ ਬੈਠ ਜਾਂਦਾ। ਪਰ ਭੀੜ ਉੱਤੇ ਇਕ ਅਜੀਬ ਤਰ੍ਹਾਂ ਦੀ ਚੁੱਪ ਛਾ ਜਾਂਦੀ ਤੇ ਸੁੰਦਰਲਾਲ ਬਾਬੂ ਦੀਆਂ ਉਹਨਾਂ ਦੋ ਗੱਲਾਂ ਦਾ ਅਸਰ ਜਿਹੜੀਆਂ ਉਸ ਦੇ ਦਿਲ ਦੀ ਡੁੰਘਾਈ 'ਚੋਂ ਨਿਕਲੀਆਂ ਹੁੰਦੀਆਂ ਸਨ, ਵਕੀਲ ਕਾਲਕਾ ਪ੍ਰਸ਼ਾਦ ਸੂਫ਼ੀ ਦੀਆਂ ਸਾਰੀਆਂ ਦਲੀਲਾਂ–ਅਪੀਲਾਂ ਉੱਤੇ ਪਾਣੀ ਫੇਰ ਜਾਂਦੀਆਂ ਪਰ ਲੋਕ ਉੱਥੇ ਹੀ ਰੋ ਕੇ ਆਪਣੇ ਜਜ਼ਬਾਤ ਨੂੰ ਧੋ ਲੈਂਦੇ ਤੇ ਫੇਰ ਹੌਲੇ ਫੁੱਲ ਮਨਾਂ ਤੇ ਖ਼ਾਲੀ ਦਿਮਾਗਾਂ ਨਾਲ ਘਰੋ–ਘਰੀਂ ਪਰਤ ਜਾਂਦੇ।
ਇਕ ਦਿਨ ਕਮੇਟੀ ਵਾਲੇ ਸੰਧਿਆ ਸਮੇਂ ਵੀ ਪ੍ਰਚਾਰ ਕਰਨ ਨਿਕਲ ਪਏ ਤੇ ਹੁੰਦੇ ਹੁੰਦੇ ਪੁਰਾਤਨ–ਪੰਥੀਆਂ ਦੇ ਗੜ੍ਹ ਵਿਚ ਪਹੁੰਚ ਗਏ। ਮੰਦਰ ਦੇ ਬਾਹਰ ਪਿੱਪਲ ਦੇ ਇਕ ਦਰਖ਼ਤ ਦੇ ਇਰਦ ਗਿਰਦ ਬਣੇ ਸੀਮਿੰਟ ਦੇ ਥੜ੍ਹੇ ਉੱਤੇ ਕਈ ਸ਼ਰਧਾਲੂ ਬੈਠੇ ਸਨ ਤੇ ਰਾਮਾਇਣ ਦੀ ਕਥਾ ਹੋ ਰਹੀ ਸੀ। ਨਾਰਾਇਣ ਬਾਵਾ ਰਾਮਾਇਣ ਦਾ ਉਹ ਹਿੱਸਾ ਸੁਣਾ ਰਹੇ ਸਨ ਜਿੱਥੇ ਇਕ ਧੋਬੀ ਨੇ ਆਪਣੀ ਧੋਬਣ ਨੂੰ ਘਰੋਂ ਕੱਢ ਦਿੱਤਾ ਸੀ ਤੇ ਉਸਨੂੰ ਕਿਹਾ ਸੀ-“ 'ਮੈਂ ਰਾਜਾ ਰਾਮਚੰਦਰ ਨਹੀਂ ਜੋ ਏਨੇ ਦਿਨ ਰਾਵਣ ਨਾਲ ਰਹਿ ਆਉਣ ਪਿੱਛੋਂ ਵੀ ਸੀਤਾ ਨੂੰ ਵਸਾਅ ਲਏਗਾ'-ਤੇ ਰਾਮ ਚੰਦਰ ਜੀ ਨੇ ਮਹਾ ਸਤਵੰਤੀ ਸੀਤਾ ਨੂੰ ਘਰੋਂ ਕੱਢ ਦਿੱਤਾ, ਐਸੀ ਹਾਲਤ ਵਿਚ ਜਦ ਕਿ ਉਹ ਗਰਭਵਤੀ ਸੀ। ਕੀ ਇਸ ਨਾਲੋਂ ਵੱਡਾ ਰਾਮ ਰਾਜ ਦਾ ਕੋਈ ਸਬੂਤ ਮਿਲ ਸਕਦਾ ਹੈ?” ਨਾਰਾਇਣ ਬਾਵਾ ਨੇ ਕਿਹਾ-“ਇਹ ਹੈ ਰਾਮਰਾਜ! ਜਿਸ ਵਿਚ ਇਕ ਧੋਬੀ ਦੀ ਗੱਲ ਨੂੰ ਵੀ ਓਨੀ ਹੀ ਕਦਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ।”
ਕਮੇਟੀ ਦਾ ਜਲੂਸ ਮੰਦਰ ਕੋਲ ਰੁਕ ਚੁੱਕਿਆ ਸੀ ਤੇ ਲੋਕ ਰਾਮਾਇਣ ਦੀ ਕਥਾ ਤੇ ਸ਼ਲੋਕ ਦਾ ਵਰਣਨ ਸੁਣਨ ਲਈ ਖਲੋ ਗਏ ਸਨ। ਸੁੰਦਰਲਾਲ ਆਖ਼ਰੀ ਵਾਕ ਸੁਣ ਕੇ ਕਹਿਣ ਲੱਗਾ-
“ਸਾਨੂੰ ਅਜਿਹਾ ਰਾਮਰਾਜ ਨਹੀਂ ਚਾਹੀਦਾ ਬਾਬਾ!”
“ਚੁੱਪ ਰਹੋ ਜੀ-ਤੁਸੀਂ ਕੌਣ ਹੁੰਦੇ ਓ?”...“ਖ਼ਾਮੋਸ਼!” ਭੀੜ ਵਿਚੋਂ ਆਵਾਜ਼ਾਂ ਆਈਆਂ ਤੇ ਸੁੰਦਰਲਾਲ ਨੇ ਅੱਗੇ ਵਧ ਕੇ ਕਿਹਾ-“ਮੈਨੂੰ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ।”
ਫੇਰ ਰਲੀਆਂ–ਮਿਲੀਆਂ ਆਵਾਜ਼ਾਂ ਆਈਆਂ-“ਚੁੱਪ ਓਇ...ਅਸੀਂ ਨਹੀਂ ਬੋਲਣ ਦਿਆਂਗੇ..” ਤੇ ਇਕ ਕੋਨੇ ਵਿਚੋਂ ਆਵਾਜ਼ ਆਈ-“ਜਾਨੋਂ ਮਾਰ ਦਿਆਂਗੇ...”
ਨਾਰਾਇਣ ਬਾਬਾ ਨੇ ਬੜੀ ਮਿੱਠੀ ਆਵਾਜ਼ ਵਿਚ ਕਿਹਾ-“ਤੂੰ ਸ਼ਾਸ਼ਤਰਾਂ ਦੀ ਮਾਣ–ਮਰਿਆਦਾ ਨੂੰ ਨਹੀਂ ਸਮਝਦਾ ਸੁੰਦਰਲਾਲ!”
ਸੁੰਦਰਲਾਲ ਨੇ ਕਿਹਾ-“ਮੈਂ ਇਕ ਗੱਲ ਤਾਂ ਸਮਝਦਾਂ ਬਾਬਾ-ਰਾਮਰਾਜ ਵਿਚ ਧੋਬੀ ਦੀ ਆਵਾਜ਼ ਤਾਂ ਸੁਣੀ ਜਾਂਦੀ ਏ, ਪਰ ਸੁੰਦਰਲਾਲ ਦੀ ਨਹੀਂ”
ਉਹਨਾਂ ਲੋਕਾਂ ਨੇ ਜਿਹੜੇ ਹੁਣ ਤਕ ਮਰਨ–ਮਾਰਨ 'ਤੇ ਉਤਰ ਆਏ ਸਨ, ਆਪਣੇ ਹੇਠੋਂ ਪਿੱਪਲ ਦੀਆਂ ਬਲਾਟੀਆਂ ਹਟਾਅ ਦਿੱਤੀਆਂ ਤੇ ਬੈਠਣ ਲੱਗੇ ਤੇ ਬੋਲੇ-“ਸੁਣੋ, ਸੁਣੋ, ਸੁਣੋ...”
ਰਸਾਲੂ ਤੇ ਨੇਕੀ ਰਾਮ ਨੇ ਸੁੰਦਰਲਾਲ ਬਾਬੂ ਨੂੰ ਠੁੰਗਾ ਜਿਹਾ ਮਾਰਿਆ ਤੇ ਸੁੰਦਰਲਾਲ ਬੋਲੇ-“ਸ਼੍ਰੀਰਾਮ ਨੇਤਾ ਸਨ ਸਾਡੇ। ਪਰ ਇਹ ਕੀ ਗੱਲ ਬਣੀ ਬਾਬਾ ਜੀ ਬਈ ਉਹਨਾਂ ਨੇ ਧੋਬੀ ਦੀ ਗੱਲ ਨੂੰ ਸੁਣਿਆ ਵੀ ਤੇ ਸਮਝਿਆ ਵੀ, ਪਰ ਆਪਣੀ ਵੱਡੀ ਮਹਾਰਾਣੀ ਦੇ ਸੱਚ ਉੱਤੇ ਵਿਸ਼ਵਾਸ ਨਹੀਂ ਕੀਤਾ?”
ਨਾਰਾਇਣ ਬਾਬਾ ਨੇ ਆਪਣੀ ਦਾੜ੍ਹੀ ਪਲੋਸਕਿਆਂ ਕਿਹਾ-“ਇਸ ਲਈ ਕਿ ਸੀਤਾ ਉਹਨਾਂ ਦੀ ਆਪਣੀ ਪਤਨੀ ਸੀ। ਸੁੰਦਰਲਾਲ! ਤੂੰ ਇਸ ਗੱਲ ਦੀ ਮਹਾਨਤਾ ਨੂੰ ਨਹੀਂ ਸਮਝਦਾ।”
“ਹਾਂ, ਬਾਬਾ,” ਸੁੰਦਰਲਾਲ ਬਾਬੂ ਨੇ ਕਿਹਾ-“ਇਸ ਸੰਸਾਰ ਵਿਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਮੇਰੀ ਸਮਝ ਵਿਚ ਨਹੀਂ ਆਉਂਦੀਆਂ। ਪਰ ਮੈਂ ਸੱਚਾ ਰਾਮਰਾਜ ਉਸਨੂੰ ਸਮਝਦਾਂ ਜਿਸ ਵਿਚ ਇਨਸਾਨ ਆਪਣੇ ਆਪ ਉੱਤੇ ਵੀ ਜ਼ੁਲਮ ਨਹੀਂ ਕਰ ਸਕਦਾ। ਆਪਣੇ ਆਪ ਨਾਲ ਬੇਇਨਸਾਫੀ ਕਰਨਾ ਓਨਾ ਹੀ ਵੱਡਾ ਪਾਪਾ ਸਮਝਦਾਂ ਜਿੰਨਾ ਕਿਸੇ ਦੂਸਰੇ ਨਾਲ ਬੇਇਨਸਾਫੀ ਕਰਨਾ...ਅੱਜ ਵੀ ਭਗਵਾਨ ਰਾਮ ਨੇ ਸੀਤਾ ਨੂੰ ਘਰੋਂ ਕੱਢ ਦਿਤਾ ਐ...ਇਸ ਲਈ ਕਿ ਉਹ ਰਾਵਣ ਕੋਲ ਰਹਿ ਕੇ ਆਈ ਐ...ਇਸ ਵਿਚ ਕੀ ਕਸੂਰ ਸੀ ਸੀਤਾ ਦਾ? ਕੀ ਉਹ ਵੀ ਸਾਡੀਆਂ ਬਹੁਤ ਸਾਰੀਆਂ ਮਾਂਵਾਂ ਤੇ ਭੈਣਾ ਵਾਂਗ ਇਕ ਛਲ ਤੇ ਕਪਟ ਦਾ ਸ਼ਿਕਾਰ ਨਹੀਂ ਸੀ ਹੋਈ? ਇਸ ਕੱਥ ਵਿਚ ਸੀਤਾ ਦੇ ਸਤ ਦੀ ਗੱਲ ਐ ਜਾਂ ਰਾਕਸ਼ਸ਼ ਰਾਵਣ ਦੇ ਵਹਿਸ਼ੀਪਣ ਦੀ ਜਿਸ ਦੇ ਦਸ ਸਿਰ ਇਨਸਾਨ ਦੇ ਸੀ ਪਰ ਇਕ ਹੋਰ ਸਭ ਤੋਂ ਵੱਡਾ ਸਿਰ ਗਧੇ ਦਾ ਸੀ?...
“...ਅੱਜ ਸਾਡੀ ਨਿਰਦੋਸ਼ ਸੀਤਾ ਫੇਰ ਘਰੋਂ ਕੱਢ ਦਿੱਤੀ ਗਈ ਐ...ਸੀਤਾ...ਲਾਜਵੰਤੀ...” ਤੇ ਸੁੰਦਰਲਾਲ ਬਾਬੂ ਨੇ ਰੋਣਾ ਸ਼ੁਰੂ ਕਰ ਦਿੱਤਾ। ਰਸਾਲੂ ਤੇ ਨੇਕੀ ਰਾਮ ਨੇ ਸਾਰੇ ਉਹ ਲਾਲ ਝੰਡੇ ਚੁੱਕ ਲਏ ਜਿਹਨਾਂ ਉੱਤੇ ਅੱਜ ਹੀ ਸਕੂਲ ਦੇ ਮੁੰਡਿਆਂ ਨੇ ਬੜੀ ਮਿਹਨਤ ਨਾਲ ਨਾਅਰੇ ਕੱਟ ਕੇ ਚਿਪਕਾਏ ਸਨ ਤੇ ਫੇਰ ਉਹ ਸਾਰੇ 'ਸੁੰਦਰਲਾਲ ਬਾਬੂ-ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਹੋਏ ਤੁਰ ਗਏ। ਜਲੂਸ ਵਿਚੋਂ ਇਕ ਨੇ ਕਿਹਾ-“ਮਹਾਸਤੀ ਸੀਤਾ-ਜ਼ਿੰਦਾਬਾਦ” ਇਕ ਪਾਸਿਓਂ ਆਵਾਜ਼ ਆਈ-“ਸ਼੍ਰੀ ਰਾਮ ਚੰਦਰ...”
ਤੇ ਬਹੁਤ ਸਾਰੀਆਂ ਆਵਾਜ਼ਾਂ ਆਈਆਂ-“ਚੁੱਪ ਓਇ, ਚੁੱਪ...!” ਤੇ ਨਾਰਾਇਣ ਬਾਵਾ ਦੀ ਕਥਾ ਅਕਾਰਥ ਚਲੀ ਗਈ। ਬਹੁਤ ਸਾਰੇ ਲੋਕ ਜਲੂਸ ਵਿਚ ਸ਼ਾਮਿਲ ਹੋ ਗਏ ਜਿਸ ਦੇ ਅੱਗੇ ਅੱਗੇ ਵਕੀਲ ਕਾਲਕਾ ਪ੍ਰਸ਼ਾਦ ਹੁਕਮ ਸਿੰਘ ਮੁਹਰਰ ਚੌਕੀ ਕਲਾਂ, ਆਪਣੀਆਂ ਬੁੱਢੀਆਂ ਖੂੰਡੀਆਂ ਨਾਲ ਜ਼ਮੀਨ ਨੂੰ ਠੋਕਰਦੇ ਹੋਏ, ਜੇਤੂਆਂ ਵਾਲੀ ਚਮਕ ਚਿਹਰੇ ਉੱਤੇ ਲਈ ਤੁਰੇ ਜਾ ਰਹੇ ਸਨ-ਤੇ ਉਹਨਾਂ ਦੇ ਵਿਚਕਾਰ ਸੁੰਦਰਲਾਲ ਤੁਰਿਆ ਜਾ ਰਿਹਾ ਸੀ; ਉਸਦੀਆਂ ਅੱਖਾਂ ਵਿਚੋਂ ਅਜੇ ਤਕ ਹੰਝੂ ਵਗ ਰਹੇ ਸਨ। ਅੱਜ ਉਸਦੇ ਦਿਲ ਨੂੰ ਬੜੀ ਠੇਸ ਲੱਗੀ ਸੀ ਤੇ ਲੋਕ ਬੜੇ ਜੋਸ਼ ਨਾਲ ਮਿਲ ਕੇ ਗਾ ਰਹੇ ਸਨ-
“ਹੱਥ ਲਾਇਆਂ ਕੁਮਲਾਣ ਨੀਂ ਲਾਜਵੰਤੀ ਦੇ ਬੂਟੇ...!”
੦ ੦ ੦
ਅਜੇ ਗੀਤ ਦੀ ਆਵਾਜ਼ ਲੋਕਾਂ ਦੇ ਕੰਨਾਂ ਵਿਚ ਗੂੰਜ ਰਹੀ ਸੀ। ਅਜੇ ਦਿਨ ਵੀ ਨਹੀਂ ਸੀ ਚੜ੍ਹਿਆ ਤੇ ਮੁੱਲਾ ਸ਼ਕੂਰ ਦੇ ਮਕਾਨ ਨੰਬਰ 414 ਦੀ ਵਿਧਵਾ ਹਾਲੇ ਤਕ ਆਪਣੇ ਬਿਸਤਰੇ ਵਿਚ ਪਈ ਪਾਸੇ ਪਰਤ ਰਹੀ ਸੀ ਕਿ ਸੁੰਦਰਲਾਲ ਦੇ ਪਿੰਡ ਦਾ ਲਾਲ ਚੰਦ, ਜਿਸਨੂੰ ਆਪਣਾ ਅਸਰ ਰਸੂਖ਼ ਵਰਤ ਕੇ ਸੁੰਦਰਲਾਲ ਤੇ ਖ਼ਲੀਫ਼ਾ ਕਾਲਕਾ ਪ੍ਰਸ਼ਾਦ ਨੇ ਰਾਸ਼ਨ ਦਾ ਡੀਪੂ ਲੈ ਦਿੱਤਾ ਸੀ, ਦੌੜਦਾ ਹੋਇਆ ਆਇਆ ਤੇ ਆਪਣੀ ਚਾਦਰ ਦੀ ਬੁੱਕਲ ਵਿਚੋਂ ਬਾਹਾਂ ਪਸਾਰਦਾ ਹੋਇਆ ਬੋਲਿਆ-“ਵਧਾਈ ਹੋਵੇ ਸੁੰਦਰਲਾਲਾ।”
ਸੁੰਦਰਲਾਲ ਨੇ ਮਿੱਠਾ ਗੁੜ ਚਿਲਮ ਵਿਚ ਰੱਖਦਿਆਂ ਕਿਹਾ-“ਕਿਸ ਗੱਲ ਦੀ ਵਧਾਈ ਲਾਲ ਚੰਦਾ?”
“ਮੈਂ ਲਾਜੋ ਭਾਬੀ ਨੂੰ ਦੇਖਿਆ ਐ।”
ਸੁੰਦਰਲਾਲ ਦੇ ਹੱਥੋਂ ਚਿਲਮ ਛੁੱਟ ਗਈ ਤੇ ਮਿੱਠਾ ਤਮਾਕੂ ਭੋਇੰ ਖਿੱਲਰ ਗਿਆ-“ਕਿੱਥੇ ਦੇਖਿਆ ਐ?” ਉਸਨੇ ਲਾਲ ਚੰਦ ਨੂੰ ਮੋਢਿਆਂ ਤੋਂ ਫੜ੍ਹ ਕੇ ਪੁੱਛਿਆ ਦੇ ਛੇਤੀ ਜਵਾਬ ਦੇਣ ਲਈ ਝੰਜੋੜਿਆ।
“ਵਾਘੇ ਦੀ ਸਰਹੱਦ 'ਤੇ...”
ਸੁੰਦਰਲਾਲ ਨੇ ਲਾਲ ਚੰਦ ਨੂੰ ਛੱਡ ਦਿੱਤਾ ਤੇ ਧੀਮਾ ਜਿਹਾ ਬੋਲਿਆ-“ਕੋਈ ਹੋਰ ਹੋਏਗੀ।”
ਲਾਲ ਚੰਦ ਨੇ ਵਿਸ਼ਵਾਸ ਦਿਵਾਉਂਦਿਆਂ ਹੋਇਆਂ ਕਿਹਾ-“ਨਹੀਂ ਭਰਾ ਉਹ ਲਾਜੋ ਈ ਸੀ, ਲਾਜੋ ਭਾਬੀ...”
“ਤੂੰ ਉਹਨੂੰ ਪਛਾਣਦਾ ਵੀ ਐਂ?” ਸੁੰਦਰਲਾਲ ਨੇ ਫਰਸ਼ ਉੱਤੇ ਡਿੱਗੇ ਮਿੱਠੇ ਤਮਾਕੂ ਨੂੰ ਚੁੱਕਦਿਆਂ ਤੇ ਹਥੇਲੀ ਉੱਤੇ ਮਲਦਿਆਂ ਹੋਇਆਂ ਪੁੱਛਿਆ ਸੀ ਤੇ ਰਸਾਲੂ ਦੀ ਚਿਲਮ ਹੁੱਕੇ ਤੋਂ ਲਾਹ ਲਈ ਸੀ ਤੇ ਬੋਲਿਆ ਸੀ-“ਭਲਾਂ ਕੀ ਪਛਾਣ ਐਂ ਉਹਦੀ?”
“ਇਕ ਤੰਦੋਲਾ (ਗੋਦਨੇ ਨਾਲ ਬਣਵਾਏ ਨਕਲੀ ਤਿਲ-ਅਨੁ.) ਠੋੜੀ 'ਤੇ ਹੈ ਦੂਜਾ ਗੱਲ੍ਹ ਉੱਤੇ...”
“ਹਾਂ, ਹਾਂ, ਹਾਂ...” ਤੇ ਸੁੰਦਰਲਾਲ ਨੇ ਖ਼ੁਦ ਹੀ ਕਹਿ ਦਿੱਤਾ-“ਤੀਜਾ ਮੱਥੇ ਉੱਤੇ।” ਉਹ ਨਹੀਂ ਚਾਹੁੰਦਾ ਸੀ ਕਿ ਹੁਣ ਕੋਈ ਭੁਲੇਖਾ ਰਹਿ ਜਾਵੇ ਤੇ ਯਕਦਮ ਉਸਨੂੰ ਲਾਜਵੰਤੀ ਦੇ ਜਾਣੇ–ਪਛਾਣੇ ਜਿਸਮ ਦੇ ਸਾਰੇ ਤੰਦੋਲੇ ਯਾਦ ਆ ਗਏ। ਜਿਹੜੇ ਉਸਨੇ ਬਚਪਨੇ ਵਿਚ ਆਪਣੇ ਜਿਸਮ ਉੱਤੇ ਬਣਾ ਲਏ ਸਨ। ਜਿਹੜੇ ਹਲਕੇ–ਹਲਕੇ ਉਹਨਾਂ ਹਰੇ ਦਾਣਿਆਂ ਵਰਗੇ ਸਨ ਜਿਹੜੇ ਛੁਈ ਮੁਈ ਦੇ ਬੂਟੇ 'ਤੇ ਹੁੰਦੇ ਨੇ ਤੇ ਜਿਹਨਾਂ ਵੱਲ ਇਸ਼ਾਰਾ ਕਰਦਿਆਂ ਹੀ ਉਹ ਕੁਮਲਾਉਣ ਲੱਗਦਾ ਹੈ। ਐਨ ਓਵੇਂ ਈ ਉਹਨਾਂ ਤੰਦੋਲਾਂ ਵੱਲ ਉਂਗਲ ਕਰਦਿਆਂ ਹੀ ਲਾਜੋ ਸ਼ਰਮਾਅ ਜਾਂਦੀ ਸੀ ਤੇ ਗੁੰਮਸੁੰਮ ਜਿਹੀ ਹੋ ਜਾਂਦੀ ਸੀ-ਆਪਣੇ ਆਪ ਵਿਚ ਕਿਤੇ ਸਿਮਟ ਜਾਂਦੀ ਸੀ। ਜਿਵੇਂ ਉਸਦੇ ਸਾਰੇ ਭੇਦ ਕਿਸੇ ਨੂੰ ਪਤਾ ਲੱਗ ਗਏ ਹੋਣ ਤੇ ਕਿਸੇ ਅਣਜਾਣ ਖਜਾਨੇ ਦੇ ਲੁੱਟੇ ਜਾਣ ਨਾਲ ਉਹ ਨੰਗ–ਮਲੰਗ ਹੋ ਗਈ ਹੋਵੇ...ਸੁੰਦਰਲਾਲ ਦਾ ਸਾਰਾ ਜਿਸਮ ਇਕ ਅਣਜਾਣੇ ਭੈ, ਇਕ ਅਣਜਾਣੀ ਮੁਹੱਬਤ ਤੇ ਉਸਦੀ ਮੁਕੱਦਸ (ਪਵਿੱਤਰ) ਅੱਗ ਵਿਚ ਭਖ਼ਣ ਲੱਗਾ। ਉਸਨੇ ਫੇਰ ਲਾਲ ਚੰਦ ਨੂੰ ਫੜ੍ਹ ਲਿਆ ਤੇ ਪੁੱਛਿਆ-
“ਲਾਜੋ ਵਾਘੇ ਕਿਵੇਂ ਪਹੁੰਚ ਗਈ?”
ਲਾਲ ਚੰਦ ਨੇ ਕਿਹਾ-“ਹਿੰਦ ਤੇ ਪਾਕਿਸਤਾਨ ਵਿਚ ਔਰਤਾਂ ਦਾ ਤਬਾਦਲਾ ਹੋ ਰਿਹਾ ਸੀ ਨਾ।”
“ਫੇਰ ਕੀ ਹੋਇਆ-?” ਸੁੰਦਰਲਾਲ ਨੇ ਪੈਰਾਂ ਭਾਰ ਬੈਠਦਿਆਂ ਪੁੱਛਿਆ-“ਕੀ ਹੋਇਆ ਫੇਰ?”
ਰਸਾਲੂ ਵੀ ਮੰਜੀ 'ਤੋਂ ਉਠ ਬੈਠਾ ਤੇ ਤੰਮਾਕੂ ਪੀਣ ਵਾਲਿਆਂ ਦੀ ਖਾਸ ਖੰਘ, ਖੰਘਦਾ ਹੋਇਆ ਬੋਲਿਆ-“ਸੱਚੀਂ ਆ–ਗੀ ਕਿ ਲਾਜਵੰਤੀ ਭਾਬੀ?”
ਲਾਲ ਚੰਦ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ-“ਵਾਘੇ ਹੱਦ ਉੱਤੇ ਸੋਲਾਂ ਔਰਤਾਂ ਪਾਕਿਸਤਾਨ ਨੇ ਦੇ ਦਿੱਤੀਆਂ ਤੇ ਉਸਦੇ ਬਦਲੇ ਸੌਲਾਂ ਔਰਤਾਂ ਲੈ ਲਈਆਂ-ਪਰ ਇਕ ਝਗੜਾ ਖੜ੍ਹਾ ਹੋ ਗਿਆ। ਸਾਡੇ ਵਾਲੰਟੀਅਰ ਇਤਰਾਜ਼ ਕਰ ਰਹੇ ਸੀ ਬਈ ਤੁਸੀਂ ਜਿਹੜੀਆਂ ਔਰਤਾਂ ਦਿੱਤੀਐਂ, ਉਹਨਾਂ ਵਿਚ ਪੱਕੀ ਉਮਰ ਦੀਆਂ, ਬੁੱਢੀਆਂ ਤੇ ਬੇਕਾਰ ਔਰਤਾਂ ਵੱਧ ਆ। ਇਸ ਤਨਾਤਣੀ ਵਿਚ ਭੀੜ ਇਕੱਠੀ ਹੋ ਗਈ-ਉਸ ਵੇਲੇ ਓਧਰ ਦੇ ਵਾਲੰਟੀਅਰਾਂ ਨੇ ਲਾਜੋ ਭਾਬੀ ਨੂੰ ਦੇਖਦਿਆਂ ਹੋਇਆਂ ਕਿਹਾ-'ਤੁਸੀਂ ਇਸਨੂੰ ਬੁੱਢੀ ਕਹਿੰਦੇ ਓ? ਦੇਖੋ...ਦੇਖੋ...ਜਿੰਨੀਆਂ ਔਰਤਾਂ ਤੁਸੀਂ ਦਿੱਤੀਆਂ ਨੀ ਉਹਨਾਂ ਵਿਚੋਂ ਇਕ ਵੀ ਬਰਾਬਰੀ ਕਰਦੀ ਜੇ ਇਹਦੀ?' ਤੇ ਉੱਥੇ ਲਾਜੋ ਭਾਬੀ ਸਾਰਿਆਂ ਦੀਆਂ ਨਜ਼ਰਾਂ ਦੇ ਸਾਹਮਣੇ ਆਪਣੇ ਤੰਦੁਲੇ ਛਿਪਾਅ ਰਹੀ ਸੀ। ਫੇਰ ਝਗੜਾ ਵਧ ਗਿਆ। ਦੋਵਾਂ ਨੇ ਆਪਣਾ ਆਪਣਾ ਮਾਲ ਵਾਪਸ ਲੈ ਲੈਣ ਦੀ ਠਾਣ ਲਈ। ਮੈਂ ਰੌਲਾ ਪਾਇਆ-'ਲਾਜੋ-ਲਾਜੋ ਭਾਬੀ' ਪਰ ਸਾਡੀ ਫੌਜ਼ ਦੇ ਸਿਪਾਹੀਆਂ ਨੇ ਮੈਨੂੰ ਈਂ ਮਾਰਨਾ ਸ਼ੁਰੂ ਕਰ ਦਿਤਾ।”
ਤੇ ਲਾਲ ਚੰਦ ਆਪਣੀ ਕੁਹਣੀ ਦਿਖਾਉਣ ਲੱਗਾ, ਜਿੱਥੇ ਇਕ ਸੋਟੀ ਵੱਜੀ ਸੀ। ਰਸਾਲੂ ਤੇ ਨੇਕੀ ਰਾਮ ਚੁੱਪਚਾਪ ਬੈਠੇ ਰਹੇ ਤੇ ਸੁੰਦਰਲਾਲ ਕਿਧਰੇ ਦੂਰ ਗਵਾਚ ਗਿਆ। ਲਾਜੋ ਆਈ ਵੀ, ਤੇ ਨਹੀਂ ਵੀ ਆਈ...ਤੇ ਸੁੰਦਰਲਾਲ ਦੀ ਸ਼ਕਲ ਤੋਂ ਸਾਫ ਦਿਖਾਈ ਦੇ ਰਿਹਾ ਸੀ ਜਿਵੇਂ ਉਹ ਬੀਕਾਨੇਰ ਦਾ ਰੇਗਸਤਾਨ ਲੰਘ ਕੇ ਆਇਆ ਹੈ ਤੇ ਹੁਣ ਕਿਸੇੇ ਦਰਖ਼ਤ ਦੀ ਛਾਂ ਵਿਚ, ਜੀਭ ਕੱਢੀ ਬੈਠਾ ਹੌਂਕ ਰਿਹਾ ਹੈ। ਮੂੰਹੋਂ ਏਨਾ ਵੀ ਨਹੀਂ ਸੀ ਨਿਕਲ ਰਿਹਾ-'ਪਾਣੀ ਦੇ ਦਿਓ' ਉਸਨੂੰ ਇੰਜ ਲੱਗਿਆ ਜਿਵੇਂ ਵੰਡ ਤੋਂ ਪਹਿਲਾਂ ਤੇ ਵੰਡ ਦੇ ਬਾਅਦ ਵਾਲਾ ਤਸ਼ਦਦ ਅਜੇ ਤਕ ਜਾਰੀ ਹੈ। ਸਿਰਫ ਉਸਦਾ ਰੂਪ ਬਦਲ ਗਿਆ ਹੈ। ਹੁਣ ਲੋਕਾਂ ਵਿਚ ਪਹਿਲਾਂ ਜਿੰਨਾ ਮੋਹ ਪਿਆਰ ਵੀ ਨਹੀਂ ਰਿਹਾ, ਕਿਸੇ ਨੂੰ ਪੁੱਛਦੇ, 'ਸਾਂਬਰਵਾਲ ਵਿਚ ਲਹਿਣਾ ਸਿੰਘ ਰਹਿੰਦਾ ਸੀ ਤੇ ਉਸਦੀ ਭਾਬੀ ਬੰਤੋ'-ਤਾਂ ਉਹ ਝੱਟ ਕਹਿੰਦਾ-“ਮਰ ਗਏ” ਤੇ ਇਸ ਪਿੱਛੋਂ ਮੌਤ ਤੇ ਉਸਦੇ ਸੋਗ ਤੋਂ ਬਿਲਕੁਲ ਸੱਖਣਾ ਅੱਗੇ ਤੁਰ ਜਾਂਦਾ। ਇਸ ਨਾਲੋਂ ਵੀ ਇਕ ਕਦਮ ਅਗਾਂਹ ਬੜੇ ਠੰਡੇ ਦਿਲ ਨਾਲ ਵਪਾਰੀ ਇਨਸਾਨੀ ਮਾਲ, ਇਨਸਾਨੀ ਮਾਸ ਦਾ ਵਪਾਰ ਤੇ ਉਸਦਾ ਵਟਾਂਦਰਾ ਕਰਨ ਲੱਗੇ ਹੋਏ ਸਨ। ਜਿਵੇਂ ਪਸ਼ੂ ਖ਼ਰੀਦਨ ਵਾਲੇ ਕਿਸੇ ਮੱਝ ਜਾਂ ਗਾਂ ਦਾ ਮੂੰਹ ਖੋਲ੍ਹ ਕੇ ਉਸਦੇ ਦੰਦਾਂ ਤੋਂ ਉਸਦੀ ਉਮਰ ਦਾ ਅੰਦਾਜ਼ਾ ਲਾਉਂਦੇ ਨੇ।...ਹੁਣ ਓਵੇਂ ਉਹ ਜਵਾਨ ਔਰਤ ਦੇ ਰੂਪ, ਉਸਦੇ ਨਿਖ਼ਾਰ, ਉਸਦੇ ਸਭ ਤੋਂ ਪਿਆਰੇ ਭੇਦਾਂ, ਉਸਦੇ ਤੰਦੋਲਾਂ ਦੀ ਖੁੱਲ੍ਹੇਆਮ ਨੁਮਾਇਸ਼ ਕਰਨ ਲੱਗ ਪਏ ਨੇ। ਤਸ਼ਦਦ ਹੁਣ ਵਪਾਰੀਆਂ ਦੀ ਨਸ–ਨਸ ਵਿਚ ਵੱਸ ਚੁੱਕਿਆ ਹੈ-ਪਹਿਲਾਂ ਮੰਡੀ ਵਿਚ ਮਾਲ ਵਿਕਦਾ ਸੀ ਤੇ ਦਲਾਲ ਲੋਕ ਹੱਥ ਮਿਲਾ ਕੇ ਉਸ ਉੱਤੇ ਰੁਮਾਲ ਪਾ ਲੈਂਦੇ ਤੇ ਇੰਜ ਗੁਪਤ ਗੱਲਬਾਤ ਕਰ ਲੈਂਦੇ। ਇੰਜ ਰੁਮਾਲ ਹੇਠ ਉਂਗਲਾਂ ਦੇ ਇਸ਼ਾਰੇ ਨਾਲ ਸੌਦਾ ਹੋ ਜਾਂਦਾ ਸੀ। ਹੁਣ ਗੁਪਤੀ (ਓਹਲੇ) ਵਾਲਾ ਰੁਮਾਲ ਵੀ ਨਹੀਂ ਸੀ ਰਿਹਾ ਤੇ ਸ਼ਰੇਆਮ ਸੌਦੇਬਾਜ਼ੀ ਹੋ ਰਹੀ ਸੀ ਜਿਵੇਂ ਲੋਕ ਵਪਾਰ ਦੇ ਅਸੂਲ ਹੀ ਭੁੱਲ ਗਏ ਹੋਣ। ਇਹ ਸਾਰਾ ਲੈਣ–ਦੇਣ, ਇਹ ਸਾਰਾ ਕਾਰੋਬਾਰ ਪੁਰਾਣੇ ਜ਼ਮਾਨੇ ਦੀ ਦਾਸਤਾਨ ਜਾਪਦਾ ਸੀ ਜਿਸ ਵਿਚ ਔਰਤਾਂ ਦੀ ਖੁੱਲ੍ਹੀ ਖ਼ਰੀਦ–ਵੇਚ ਦਾ ਕਿੱਸਾ ਬਿਆਨ ਕੀਤਾ ਜਾਂਦਾ ਹੈ। ਪਾਰਖ਼ੂ ਉਹਨਾਂ ਅਣਗਿਣਤ ਨੰਗੀਆਂ ਔਰਤਾਂ ਦੇ ਸਾਹਮਣੇ ਖੜ੍ਹਾ ਉਹਨਾਂ ਦੇ ਜਿਸਮ ਟੋਹ–ਟਾਹ ਕੇ ਦੇਖ ਰਿਹਾ ਹੈ ਤੇ ਜਦੋਂ ਉਹ ਕਿਸੇ ਔਰਤ ਦੇ ਜਿਸਮ ਵਿਚ ਉਂਗਲੀ ਖੋਭਦਾ ਹੈ ਤਾਂ ਉਸ ਜਗ੍ਹਾ ਇਕ ਗੁਲਾਬੀ ਟੋਇਆ ਪੈ ਜਾਂਦਾ ਹੈ ਤੇ ਉਸਦੇ ਇਰਦ–ਗਿਰਦ ਇਕ ਪੀਲਾ ਚੱਕਰ-ਤੇ ਫੇਰ ਪੀਲਕ ਤੇ ਲਾਲੀ ਇਕ ਦੂਜੇ ਦਾ ਚੱਕਰ ਲਾਉਣ ਲਈ ਦੌੜਦੇ ਨੇ...ਪਰਖ਼ੂ ਅੱਗੇ ਵਧ ਜਾਂਦਾ ਹੈ ਤੇ ਨਾਪਸੰਦ ਕੀਤੀ ਹੋਈ ਔਰਤ ਇਸ ਹਾਰ ਦੇ ਅਹਿਸਾਸ ਨਾਲ ਇਕ ਹੱਥ ਨਾਲ ਨੰਗੇਜ਼ ਢਕਦੀ ਤੇ ਦੂਜੇ ਨਾਲ ਆਪਣਾ ਚਿਹਰਾ ਲੋਕਾਂ ਦੀਆਂ ਨਜ਼ਰਾਂ ਤੋਂ ਛਿਪਾਉਂਦੀ ਹੋਈ ਸਿਸਕਦੀ ਰਹਿੰਦੀ ਹੈ...
*** *** ***
ਸੁੰਦਰਲਾਲ ਅੰਮ੍ਰਿਤਸਰ (ਸਰਹੱਦ) ਜਾਣ ਦੀਆਂ ਤਿਆਰੀਆਂ ਕਰ ਹੀ ਰਿਹਾ ਸੀ ਕਿ ਉਸਨੂੰ ਲਾਜੋ ਦੇ ਆਉਣ ਦੀ ਖ਼ਬਰ ਮਿਲੀ। ਅਚਾਨਕ ਅਜਿਹੀ ਖ਼ਬਰ ਮਿਲ ਜਾਣ ਕਾਰਣ ਸੁੰਦਰਲਾਲ ਬੌਂਦਲ ਗਿਆ। ਉਸਦਾ ਇਕ ਪੈਰ ਫੌਰਨ ਦਰਵਾਜ਼ੇ ਵੱਲ ਵਧਿਆ, ਪਰ ਉਸਨੇ ਪਿਛਾਂਹ ਖਿੱਚ ਲਿਆ। ਉਸਦਾ ਦਿਲ ਕਰ ਰਿਹਾ ਸੀ ਕਿ ਉਹ ਰੁੱਸ ਜਾਵੇ ਤੇ ਕਮੇਟੀ ਦੇ ਸਾਰੇ ਬੈਨਰਾਂ ਤੇ ਝੰਡਿਆਂ ਨੂੰ ਵਿਛਾਅ ਕੇ ਬੈਠ ਜਾਵੇ ਤੇ ਫੇਰ ਰੋਵੇ। ਪਰ ਉੱਥੇ ਜਜ਼ਬਾਤ ਦਾ ਇਹ ਪ੍ਰਗਟਾਵਾ ਸੰਭਵ ਨਹੀਂ ਸੀ। ਉਸਨੇ ਮਰਦਾਂ ਵਾਂਗ ਇਸ ਅੰਦਰੂਨੀ ਕਸ਼ਮਕਸ਼ ਦਾ ਮੁਕਾਬਲਾ ਕੀਤਾ ਤੇ ਆਪਣੇ ਪੈਰਾਂ ਨਾਲ ਕਰਮਾ ਗਿਣਦਾ ਹੋਇਆ ਚੌਕੀ ਕਲਾਂ ਵਲ ਤੁਰ ਪਿਆ। ਕਿਉਂਕਿ ਉਹੀ ਉਹ ਜਗ੍ਹਾ ਸੀ ਜਿੱਥੇ ਅਪਹਰਨ ਕੀਤੀਆਂ ਔਰਤਾਂ ਦੀ ਡਿਲਵਰੀ ਦਿੱਤੀ ਜਾਂਦੀ ਸੀ।
ਹੁਣ ਲਾਜਵੰਤੀ ਸਾਹਮਣੇ ਖੜ੍ਹੀ ਸੀ ਤੇ ਇਕ ਭੈਅ ਵੱਸ ਕੰਬ ਰਹੀ ਸੀ। ਉਹ ਸੁੰਦਰਲਾਲ ਨੂੰ ਜਿੰਨਾ ਜਾਣਦੀ ਸੀ ਉਸਦੇ ਸਿਵਾਏ ਕੋਈ ਨਹੀਂ ਸੀ ਜਾਣਦਾ। ਉਹ ਪਹਿਲਾਂ ਹੀ ਉਸ ਨਾਲ ਅਜਿਹਾ ਸਲੂਕ ਕਰਦਾ ਸੀ ਤੇ ਹੁਣ ਜਦੋਂ ਉਹ ਇਕ ਓਪਰੇ ਮਰਦ ਨਾਲ ਜ਼ਿੰਦਗੀ ਦੇ ਦਿਨ ਬਿਤਾਅ ਕੇ ਆਈ ਹੈ ਤਾਂ ਪਤਾ ਨਹੀਂ ਕੀ ਕਰੇਗਾ? ਸੁੰਦਰਲਾਲ ਨੇ ਲਾਜੋ ਵੱਲ ਦੇਖਿਆ ਉਸ ਖਾਲਸ ਇਸਲਾਮੀ ਤਰਜ਼ ਦਾ ਲਾਲ ਦੁਪੱਟਾ ਲਿਆ ਹੋਇਆ ਸੀ ਤੇ ਖੱਬੀ ਬੁਕਲ ਮਾਰੀ ਹੋਈ ਸੀ...ਆਦਤ ਅਨੁਸਾਰ, ਸਿਰਫ ਆਦਤ ਅਨੁਸਾਰ...ਦੂਜੀਆਂ ਔਰਤਾਂ ਨਾਲ ਘੁਲਮਿਲ ਜਾਣ ਤੇ ਅਖ਼ੀਰ ਆਪਣੇ ਸ਼ਿਕਾਰੀ ਦੇ ਫੰਦੇ ਵਿਚੋਂ ਭੱਜ ਜਾਣ ਦੀ ਆਸਾਨੀ ਕਰਕੇ ਸੀ ਤੇ ਉਹ ਸੁੰਦਰਲਾਲ ਬਾਰੇ ਏਨਾ ਜ਼ਿਆਦਾ ਸੋਚ ਰਹੀ ਸੀ ਕਿ ਉਸਨੂੰ ਕਪੜੇ ਬਦਲਨ ਜਾਂ ਦੁਪੱਟਾ ਠੀਕ ਕਰਕੇ ਲੈਣ ਦਾ ਵੀ ਧਿਆਨ ਨਹੀਂ ਸੀ ਰਿਹਾ। ਉਹ ਹਿੰਦੂ ਤੇ ਮੁਸਲਮਾਨ ਦੀ ਸਭਿਅਤਾ ਦੇ ਬੁਨਿਆਦੀ ਫਰਕ-ਸੱਜੀ ਬੁੱਕਲ ਤੇ ਖੱਬੀ ਬੁੱਕਲ ਵਿਚ ਫਰਕ ਕਰਨਾਂ ਵੀ ਭੁੱਲ ਗਈ ਸੀ। ਹੁਣ ਉਹ ਸੁੰਦਰਲਾਲ ਦੇ ਸਾਹਮਣੇ ਖੜ੍ਹੀ ਸੀ ਤੇ ਇਕ ਉਮੀਦ ਤੇ ਡਰ ਦੇ ਜਜ਼ਬੇ ਦੇ ਨਾਲ ਕੰਬ ਰਹੀ ਸੀ।
ਸੁੰਦਰਲਾਲ ਨੂੰ ਧੱਕਾ ਜਿਹਾ ਲੱਗਿਆ। ਉਸਦੇ ਦੇਖਿਆ ਕਿ ਲਾਜਵੰਤੀ ਦਾ ਰੰਗ ਕੁਝ ਨਿੱਖਰਿਆ ਹੋਇਆ ਸੀ ਤੇ ਉਹ ਪਹਿਲਾਂ ਦੇ ਮੁਕਾਬਲੇ ਕੁਝ ਤੰਦਰੁਸਤ ਵੀ ਲੱਗ ਰਹੀ ਸੀ। ਨਹੀਂ-ਉਹ ਮੋਟੀ ਹੋ ਗਈ ਸੀ। ਸੁੰਦਰਲਾਲ ਨੇ ਜੋ ਕੁਝ ਲਾਜੋ ਬਾਰੇ ਸੋਚਿਆ ਸੀ-ਉਸ ਸਭ ਗਲਤ ਸੀ। ਉਹ ਸਮਝਦਾ ਸੀ ਦੁੱਖਾਂ ਨਾਲ ਘੁਲਦੀ ਰਹਿਣ ਕਰਕੇ ਲਾਜਵੰਤੀ ਬਿਲਕੁਲ ਮਰੀਅਲ ਜਿਹੀ ਹੋ ਗਈ ਹੋਏਗੀ ਤੇ ਆਵਾਜ਼ ਉਸਦੇ ਮੂੰਹੋਂ ਕੱਢਿਆਂ ਨਹੀਂ ਨਿਕਲ ਰਹੀ ਹੋਵੇਗੀ। ਇਸ ਖ਼ਿਆਲ ਨਾਲ ਕਿ ਉਹ ਪਾਕਿਸਤਾਨ ਵਿਚ ਬੜੀ ਖੁਸ਼ ਰਹੀ ਹੈ, ਉਸਨੂੰ ਬੜੀ ਠੇਸ ਲੱਗੀ। ਪਰ ਉਹ ਚੁੱਪ ਰਿਹਾ ਕਿਉਂਕਿ ਉਸਨੇ ਚੁੱਪ ਰਹਿਣ ਦੀ ਸੌਂਹ ਖਾਧੀ ਹੋਈ ਸੀ। ਫੇਰ ਵੀ ਉਹ ਇਹ ਨਹੀਂ ਸਮਝ ਸਕਿਆ ਸੀ ਕਿ ਜੇ ਉਹ ਏਨੀ ਖੁਸ਼ ਸੀ ਤਾਂ ਵਾਪਸ ਕਿਉਂ ਆ ਗਈ? ਉਸਨੇ ਸੋਚਿਆ ਕਿ ਸ਼ਾਇਦ ਹਿੰਦ ਸਰਕਾਰ ਦੇ ਦਬਾਅ ਕਾਰਨ ਉਸਨੂੰ ਆਪਣੀ ਮਰਜ਼ੀ ਦੇ ਖ਼ਿਲਾਫ਼ ਇੱਥੇ ਆਉਣਾ ਪਿਆ ਹੋਵੇ-ਪਰ ਇਕ ਚੀਜ ਉਹ ਨਹੀਂ ਸੀ ਸਮਝ ਸਕਿਆ ਕਿ ਲਾਜਵੰਤੀ ਦੇ ਕਣਕ–ਵੰਨੇ ਚਿਹਰੇ ਉੱਤੇ ਪੀਲਕ ਕਿਉਂ ਫਿਰੀ ਹੋਈ ਸੀ!...ਦੁੱਖ, ਸਿਰਫ ਦੁੱਖਾਂ ਸਦਕਾ ਉਸਦੇ ਸਰੀਰ ਦੇ ਹੱਡਾਂ ਨੇ ਮਾਸ ਨੂੰ ਛੱਡ ਦਿੱਤਾ ਸੀ। ਉਹ ਦੁੱਖਾਂ ਦੀ ਕਸਰਤ ਕਰ ਕਰ ਕੇ ਹੀ ਮੋਟੀ ਹੋ ਗਈ ਸੀ ਤੇ ਸਿਹਤਮੰਦ ਨਜ਼ਰ ਆਉਣ ਲੱਗ ਪਈ ਸੀ-ਪਰ ਇਹ ਇਕ ਅਜਿਹੀ ਤੰਦਰੁਸਤੀ ਸੀ ਜਿਸ ਵਿਚ ਦੋ ਪੈਰ ਤੁਰਨ ਨਾਲ ਹੀ ਆਦਮੀ ਦਾ ਸਾਹ ਉੱਖੜ ਜਾਂਦਾ ਹੈ...
ਮੁੱਕਦੀ ਗੱਲ ਇਹ ਕਿ ਚਿਹਰੇ ਉੱਤੇ ਪਹਿਲੀ ਨਜ਼ਰ ਮਾਰਨ 'ਤੇ ਹੀ ਅਜੀਬ ਜਿਹਾ ਮਹਿਸੂਸ ਹੋਇਆ। ਪਰ ਇਹਨਾਂ ਸਾਰੇ ਖ਼ਿਆਲਾਂ ਦਾ ਉਸਨੇ ਇਕ ਨਰ–ਬੰਦੇ ਵਾਂਗ ਮੁਕਾਬਲਾ ਕੀਤਾ। ਹੋਰ ਵੀ ਬਹੁਤ ਸਾਰੇ ਲੋਕ ਆਏ ਸਨ...ਕਿਸੇ ਨੇ ਕਿਹਾ-“ਅਸੀਂ ਨਹੀਂ ਲਿਜਾਂਦੇ ਇਸ ਮੁਸਲਮਾਨਾਂ ਦੀ ਜੂਠ ਨੂੰ...” ਪਰ ਇਹ ਆਵਾਜ਼ ਰਸਾਲੂ, ਨੇਕੀ ਰਾਮ ਤੇ ਚੌਕੀ ਦੇ ਬੁੱਢੇ ਮੁਹਰੱਰ ਦੇ ਨਾਅਰਿਆਂ ਹੇਠ ਨੱਪੀ ਗਈ ਤੇ ਗਵਾਚ ਗਈ ਸੀ। ਤੇ ਉਹਨਾਂ ਸਾਰੀਆਂ ਆਵਾਜ਼ਾਂ ਵਿਚ ਇਕ ਕਾਲਕਾ ਪ੍ਰਸ਼ਾਦ ਦੀ ਪਾਟੀ ਤੇ ਚੀਕਵੀਂ ਜਿਹੀ ਆਵਾਜ਼ ਵੀ ਸੀ। ਉਹ ਖੰਘ ਵੀ ਰਿਹਾ ਸੀ ਤੇ ਬੋਲੀ ਵੀ ਜਾ ਰਿਹਾ ਸੀ-ਉਹ ਉਸ ਨਵੀਂ ਹਕੀਕਤ, ਉਸ ਨਵੀਂ ਸ਼ੁੱਧੀ ਤੋਂ ਖਾਸਾ ਪ੍ਰਭਾਵਿਤ ਹੋਇਆ ਜਾਪਦਾ ਸੀ, ਇੰਜ ਲੱਗਦਾ ਸੀ ਕਿ ਅੱਜ ਉਸਨੇ ਕੋਈ ਨਵਾਂ ਵੇਦ, ਕੋਈ ਨਵਾਂ ਪੁਰਾਣ ਤੇ ਸ਼ਾਸ਼ਤਰ ਪੜ੍ਹ ਲਿਆ ਹੈ। ਤੇ ਆਪਣੀ ਇਸ ਪ੍ਰਾਪਤੀ ਵਿਚ ਦੂਜਿਆਂ ਨੂੰ ਵੀ ਹਿੱਸੇਦਾਰ ਬਣਾਉਣਾ ਚਾਹੁੰਦਾ ਹੈ...ਤੇ ਉਹਨਾਂ ਸਾਰੇ ਲੋਕਾਂ ਤੇ ਉਹਨਾਂ ਦੀਆਂ ਆਵਾਜ਼ਾਂ ਵਿਚ ਘਿਰੇ ਹੋਏ ਲਾਜੋ ਤੇ ਸੁੰਦਰਲਾਲ ਆਪਣੇ ਠਿਕਾਣੇ ਵੱਲ ਜਾ ਰਹੇ ਸਨ ਤੇ ਲੱਗਦਾ ਸੀ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਵਾਲੇ ਰਾਮ ਚੰਦਰ ਤੇ ਸੀਤਾ ਕਿਸੇ ਬੜੇ ਹੀ ਲੰਮੇਂ ਨੈਤਿਕ ਬਣਵਾਸ ਪਿੱਛੋਂ ਅਯੁਧਿਆ ਪਰਤ ਰਹੇ ਹੋਣ। ਇਕ ਪਾਸੇ ਤਾਂ ਲੋਕ ਖੁਸ਼ੀ ਦੇ ਮਾਰੇ ਦੀਪਮਾਲਾ ਕਰ ਰਹੇ ਸਨ ਤੇ ਦੂਜੇ ਪਾਸੇ ਉਹਨਾਂ ਨੂੰ ਲੰਮੀ ਤਕਲੀਫ ਪਹੁੰਚਾਉਣ ਦਾ ਅਫਸੋਸ ਵੀ...
ਲਾਜਵੰਤੀ ਦੇ ਆ ਜਾਣ ਪਿੱਛੋਂ ਵੀ ਸੁੰਦਰਲਾਲ ਬਾਬੂ ਨੇ ਉਸੇ ਲਗਨ ਨਾਲ 'ਦਿਲ ਵਿਚ ਵਸਾਓ' ਪ੍ਰੋਗ੍ਰਾਮ ਨੂੰ ਜ਼ਾਰੀ ਰੱਖਿਆ। ਉਸਨੇ ਆਪਣੇ ਵਚਨ ਤੇ ਲਗਨ ਦੋਵਾਂ ਪੱਖਾਂ ਤੋਂ ਉਸਨੂੰ ਨਿਭਾਇਆ ਸੀ ਤੇ ਜਿਹਨਾਂ ਨੂੰ ਸੁੰਦਰਲਾਲ ਦੀਆਂ ਗੱਲਾਂ ਵਿਚ ਨਿਰੀ ਪੂਰੀ ਭਾਵੁਕਤਾ ਹੀ ਦਿਖਾਈ ਦਿੰਦੀ ਸੀ, ਉਹ ਵੀ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਸਨ। ਬਹੁਤੇ ਲੋਕਾਂ ਦੇ ਮਨ ਵਿਚ ਖੁਸ਼ੀ ਸੀ ਤੇ ਘੱਟ ਦੇ ਮਨਾਂ ਵਿਚ ਅਫਸੋਸ ਸੀ। ਮਕਾਨ ਨੰਬਰ 414 ਵਾਲੀ ਵਿਧਵਾ ਦੇ ਇਲਾਵਾ ਮੁਹੱਲਾ ਮੁੱਲਾ ਸ਼ਕੂਰ ਦੀਆਂ ਬਹੁਤ ਸਾਰੀਆਂ ਔਰਤਾਂ ਸੋਸ਼ਲਵਰਕਰ, ਸੁੰਦਰਲਾਲ ਬਾਬੂ ਦੇ ਘਰ ਆਉਣ ਤੋਂ ਘਬਰਾਉਂਦੀਆਂ ਸਨ। ਪਰ ਸੁੰਦਰਲਾਲ ਬਾਬੂ ਨੂੰ ਕਿਸੇ ਦੀ ਖੁਸ਼ੀ ਜਾਂ ਨਾਰਾਜ਼ਗੀ ਦੀ ਪ੍ਰਵਾਹ ਨਹੀਂ ਸੀ। ਉਸਦੇ ਦਿਲ ਦੀ ਰਾਣੀ ਆ ਚੁੱਕੀ ਸੀ ਤੇ ਉਸਦੇ ਅੰਦਰਲਾ ਪਾੜਾ ਭਰ ਚੁੱਕਿਆ ਸੀ। ਸੁੰਦਰਲਾਲ ਨੇ ਲਾਜਵੰਤੀ ਦੀ ਸਵਰਨ ਮੂਰਤ ਨੂੰ ਆਪਣੇ ਮਨ ਮੰਦਰ ਵਿਚ ਸਥਾਪਿਤ ਕੀਤਾ ਹੋਇਆ ਸੀ ਤੇ ਖ਼ੁਦ ਦਰਵਾਜ਼ੇ ਉੱਤੇ ਬੈਠ ਕੇ ਉਸਦੀ ਰਾਖੀ ਕਰਦਾ ਰਿਹਾ ਸੀ। ਲਾਜੋ ਜਿਹੜੀ ਪਹਿਲਾਂ ਡਰ ਸਦਕਾ ਸਹਿਮੀ ਰਹਿੰਦੀ ਸੀ, ਸੁੰਦਰਲਾਲ ਦੇ ਆਸ ਤੋਂ ਉਲਟ ਨਰਮ ਵਤੀਰੇ ਨੂੰ ਦੇਖ ਦੇ ਹੌਲੀ ਹੌਲੀ ਖੁੱਲ੍ਹਣ ਲੱਗ ਪਈ।
ਸੁੰਦਰਲਾਲ ਹੁਣ ਲਾਜਵੰਤੀ ਨੂੰ ਲਾਜੋ ਕਹਿ ਕੇ ਨਹੀਂ ਸੀ ਬੁਲਾਂਦਾ ਹੁੰਦਾ, ਉਹ ਉਸਨੂੰ 'ਦੇਵੀ' ਕਹਿਣ ਲੱਗ ਪਿਆ ਸੀ। ਉਹ ਕਿੰਨਾ ਚਾਹੁੰਦੀ ਸੀ ਕਿ ਸੁੰਦਰਲਾਲ ਨੂੰ ਆਪਣੀ ਸਾਰੀ ਕਹਾਣੀ ਸੁਣਾਵੇ ਤੇ ਸੁਣਾਉਂਦੀ ਹੋਈ ਇੰਜ ਰੋਵੇ ਕਿ ਉਸਦੇ ਸਾਰੇ ਪਾਪਾ ਧੋਤੇ ਜਾਣ ਪਰ ਸੁੰਦਰਲਾਲ ਲਾਜੋ ਦੀਆਂ ਉਹ ਗੱਲਾਂ ਸੁਣਨ ਤੋਂ ਪਰਹੇਜ਼ ਕਰਦਾ ਸੀ ਤੇ ਲਾਜੋ ਆਪਣੇ ਖੁੱਲ੍ਹ ਜਾਣ ਵਿਚ ਵੀ ਇਕ ਤਰ੍ਹਾਂ ਨਾਲ ਸੁੰਗੜਦੀ ਜਾ ਰਹੀ ਸੀ। ਜਦੋਂ ਸੁੰਦਰਲਾਲ ਸੌਂ ਜਾਂਦਾ ਤਾਂ ਉਸ ਨੂੰ ਤੱਕਦੀ ਰਹਿੰਦੀ ਤੇ ਆਪਣੀ ਇਸ ਚੋਰੀ ਲਈ ਫੜ੍ਹੀ ਜਾਂਦੀ। ਜਦੋਂ ਸੁੰਦਰਲਾਲ ਉਸਦਾ ਕਾਰਣ ਪੁੱਛਦਾ ਤਾਂ ਉਹ 'ਨਹੀਂ', 'ਉਂਜ ਈ', 'ਉੁੁੁਂਹੂੰ' ਦੇ ਸਿਵਾਏ ਕੁਝ ਨਾ ਕਹਿੰਦੀ ਤੇ ਸਾਰੇ ਦਿਨ ਦਾ ਥੱਕਿਆ ਹੋਇਆ ਸੁੰਦਰਲਾਲ ਫੇਰ ਸੌਂ ਜਾਂਦਾ...ਭਾਵੇਂ ਸ਼ੁਰੂ ਸ਼ੁਰੂ ਵਿਚ ਇਕ ਵਾਰੀ ਸੁੰਦਰਲਾਲ ਨੇ ਲਾਜਵੰਤੀ ਦੇ 'ਕਾਲੇ ਦਿਨਾਂ' ਬਾਰੇ ਸਿਰਫ ਏਨਾ ਪੁੱਛਿਆ ਸੀ-
“ਕੌਣ ਸੀ ਉਹ?” ਲਾਜਵੰਤੀ ਨੇ ਨੀਵੀਂ ਪਾ ਕੇ ਕਿਹਾ-“ਜਮਾਨ”-ਫੇਰ ਉਹ ਆਪਣੀਆਂ ਨਿਗਾਹਾਂ ਸੁੰਦਰਲਾਲ ਦੇ ਚਿਹਰੇ ਉੱਤੇ ਗੱਡ ਕੇ ਕੁਝ ਕਹਿਣਾ ਚਾਹੁੰਦੀ ਸੀ ਪਰ ਸੁੰਦਰਲਾਲ ਇਕ ਅਜੀਬ ਜਿਹੀਆਂ ਨਜ਼ਰਾਂ ਨਾਲ ਲਾਜਵੰਤੀ ਦੇ ਚਿਹਰੇ ਵੱਲ ਦੇਖ ਰਿਹਾ ਸੀ ਤੇ ਉਸਦੇ ਵਾਲਾਂ ਵਿਚ ਹੱਥ ਫੇਰ ਰਿਹਾ ਸੀ। ਲਾਜਵੰਤੀ ਨੇ ਫੇਰ ਅੱਖਾਂ ਨੀਂਵੀਆਂ ਕਰ ਲਈਆਂ ਤੇ ਸੁੰਦਰਲਾਲ ਨੇ ਪੁੱਛਿਆ-
“ਚੰਗਾ ਸਲੂਕ ਕਰਦਾ ਸੀ ਉਹ?”
“ਹਾਂ!”
“ਮਾਰਦਾ ਤਾਂ ਨਹੀਂ ਸੀ?”
ਲਾਜਵੰਤੀ ਨੇ ਆਪਣਾ ਸਿਰ ਸੁੰਦਰਲਾਲ ਦੀ ਛਾਤੀ ਉੱਤੇ ਟਿਕਾਂਦਿਆਂ ਕਿਹਾ-“ਨਹੀਂ...” ਤੇ ਫੇਰ ਬੋਲੀ, “ਉਹ ਮਾਰਦਾ ਨਹੀਂ ਸੀ, ਪਰ ਮੈਨੂੰ ਉਸ ਤੋਂ ਬੜਾ ਡਰ ਲੱਗਦਾ ਸੀ। ਤੁਸੀਂ ਮੈਨੂੰ ਮਾਰਦੇ ਵੀ ਸੌ ਪਰ ਮੈਂ ਤੁਹਾਥੋਂ ਡਰਦੀ ਨਹੀਂ ਸਾਂ...ਹੁਣ ਤਾਂ ਨਹੀਂ ਮਾਰੋਗੇ ਨਾ?”
ਸੁੰਦਰਲਾਲ ਦੀਆਂ ਅੱਖਾਂ ਸਿੱਜਲ ਹੋ ਗਈਆਂ ਤੇ ਉਸਨੇ ਬੜੀ ਸ਼ਰਮਿੰਦਗੀ ਤੇ ਪਛਤਾਵੇ ਨਾਲ ਕਿਹਾ-“ਨਹੀਂ ਦੇਵੀ! ਹੁਣ ਨਹੀਂ...ਕਦੀ ਨਹੀਂ ਮਾਰਾਂਗਾ...”
“ਦੇਵੀ!” ਲਾਜਵੰਤੀ ਸੋਚਾਂ ਵਿਚ ਗਵਾਚ ਗਈ ਤੇ ਉਸਦੇ ਵੀ ਅੱਥਰੂ ਵਹਿ ਤੁਰੇ।
ਇਸ ਪਿੱਛੋਂ ਲਾਜਵੰਤੀ ਸਭ ਕੁਝ ਦੱਸ ਦੇਣਾ ਚਾਹੁੰਦੀ ਸੀ, ਪਰ ਸੁੰਦਰਲਾਲ ਨੇ ਕਿਹਾ-“ਛੱਡ ਬੀਤੀਆਂ ਗੱਲਾਂ ਨੂੰ! ਇਸ ਵਿਚ ਤੇਰਾ ਕੀ ਕਸੂਰ ਐ? ਇਸ ਵਿਚ ਕਸੂਰ ਐ ਸਾਡੇ ਸਮਾਜ ਦਾ ਜਿਹੜਾ ਤੇਰੇ ਵਰਗੀਆਂ ਦੇਵੀਆਂ ਨੂੰ ਇੱਜ਼ਤ ਦੀ ਜਗ੍ਹਾ ਨਹੀਂ ਦੇਂਦਾ-ਉਹ ਤੁਹਾਡੀ ਹਾਨੀ ਨਹੀਂ, ਆਪਣੀ ਕਰਦੈ...।”
ਤੇ ਲਾਜਵੰਤੀ ਦੇ ਮਨ ਦੀਆਂ, ਮਨ ਵਿਚ ਹੀ ਰਹਿ ਗਈਆਂ, ਉਹ ਕਹਿ ਨਾ ਸਕੀ। ਚੁੱਪਚਾਪ ਚਿਪਕੀ ਪਈ ਰਹੀ ਤੇ ਆਪਣੇ ਸਰੀਰ ਵੱਲ ਦੇਖਦੀ ਰਹੀ ਜਿਹੜਾ ਵੰਡ ਤੋਂ ਬਾਅਦ ਹੁਣ 'ਦੇਵੀ' ਦਾ ਸਰੀਰ ਬਣ ਚੁੱਕਿਆ ਸੀ; ਲਾਜਵੰਤੀ ਦਾ ਨਹੀਂ ਸੀ ਰਿਹਾ। ਉਹ ਖੁਸ਼ ਸੀ; ਬੜੀ ਖੁਸ਼-ਪਰ ਇਹ ਇਕ ਅਜਿਹੀ ਖੁਸ਼ੀ ਸੀ ਜਿਸ ਵਿਚ ਸ਼ੱਕ ਸੀ ਤੇ ਭਰਮ–ਭੁਲੇਖੇ ਵੀ। ਉਹ ਪਈ ਪਈ ਅਚਾਨਕ ਉਠ ਕੇ ਬੈਠ ਜਾਂਦੀ ਜਿਵੇਂ ਵਧੇਰੇ ਖੁਸ਼ੀ ਦੇ ਪਲਾਂ ਵਿਚ ਕੋਈ ਹਲਕਾ ਜਿਹਾ ਖੜਾਕ ਸੁਣ ਕੇ ਉਠ ਬੈਠਦਾ ਹੈ...
ਜਦੋਂ ਬਹੁਤ ਸਾਰੇ ਦਿਨ ਬੀਤ ਗਏ ਖੁਸ਼ੀ ਦੀ ਜਗ੍ਹਾ ਪੂਰੇ ਸ਼ੱਕ ਨੇ ਲੈ ਲਈ। ਇਸ ਲਈ ਨਹੀਂ ਕਿ ਸੁੰਦਰਲਾਲ ਬਾਬੂ ਨੇ ਫੇਰ ਉਹੀ ਬਦਸਲੂਕੀ ਸ਼ੁਰੂ ਕਰ ਦਿੱਤੀ ਸੀ ਬਲਿਕੇ ਲਈ ਕਿ ਉਹ ਲਾਜਵੰਤੀ ਨਾਲ ਬੜਾ ਹੀ ਵਧੀਆ ਸਲੂਕ ਕਰਨ ਲੱਗ ਪਿਆ ਸੀ। ਅਜਿਹਾ ਸਲੂਕ ਜਿਸਦੀ ਲਾਜਵੰਤੀ ਨੂੰ ਆਸ ਨਹੀਂ ਸੀ। ਸੁੰਦਰਲਾਲ ਨੇ ਉਸਨੂੰ ਮਹਿਸੂਸ ਕਰਵਾਇਆ ਸੀ ਕਿ-ਲਾਜਵੰਤੀ ਕੱਚ ਦੀ ਕੋਈ ਸ਼ੈ ਹੈ ਜਿਹੜੀ ਛੂੰਹਦਿਆਂ ਹੀ ਟੁੱਟ ਜਾਵੇਗੀ...
...ਤੇ ਲਾਜਵੰਤੀ ਸ਼ੀਸ਼ੇ ਵਿਚ ਆਪਣੇ ਆਪ ਨੂੰ ਸਿਰ ਤੋਂ ਪੈਰਾਂ ਤਕ ਦੇਖਦੀ ਤੇ ਆਖ਼ਰ ਇਸ ਨਤੀਜੇ 'ਤੇ ਪਹੁੰਚਦੀ ਕਿ ਉਹ ਹੋਰ ਤਾਂ ਸਭ ਕੁਝ ਹੋ ਸਕਦੀ ਹੈ ਪਰ ਲਾਜਵੰਤੀ ਨਹੀਂ ਹੋ ਸਕਦੀ। ਉਹ ਵੱਸ ਗਈ, ਪਰ ਉਜੜ ਗਈ।...ਸੁੰਦਰਲਾਲ ਕੋਲ ਉਸਦੇ ਹੰਝੂ ਦੇਖਣ ਲਈ ਅੱਖਾਂ ਨਹੀਂ ਤੇ ਹਊਕੇ ਸੁਣਨ ਲਈ ਕੰਨ ਨਹੀਂ...! ਪ੍ਰਭਾਤ ਫੇਰੀ ਨਿਕਲਦੀ ਰਹੀ ਤੇ ਮੁਹੱਲਾ ਮੁੱਲਾ–ਸ਼ਕੂਰ ਦਾ ਸੁਧਾਰਕ ਰਸਾਲੂ ਤੇ ਨੇਕੀ ਰਾਮ ਨਾਲ ਮਿਲ ਕੇ ਇਕੇ ਆਵਾਜ਼ ਵਿਚ ਗਾਉਂਦਾ ਰਿਹਾ-
“ਹੱਥ ਲਾਇਆਂ ਕੁਮਲਾਣ ਨੀਂ, ਲਾਜਵੰਤੀ ਦੇ ਬੂਟੇ...”
--- --- ---

No comments:

Post a Comment