Monday, September 21, 2009

ਜੋਗੀਆ :: ਰਾਜਿੰਦਰ ਸਿੰਘ ਬੇਦੀ, राजिंदर सिंह बेदी

ਉਰਦੂ ਕਹਾਣੀ : ਜੋਗੀਆ :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 9417730600.


ਨਹਾ–ਧੋ ਕੇ, ਹੇਠਲੇ ਤਿੰਨ ਸਾਢੇ–ਤਿੰਨ ਕਪੜੇ ਪਾਈ, ਜੋਗੀਆ ਰੋਜ਼ ਵਾਂਗ, ਉਸ ਦਿਨ ਵੀ ਅਲਮਾਰੀ ਸਾਹਮਣੇ ਆ ਖੜ੍ਹੀ ਹੋਈ ਤੇ ਮੈਂ ਆਪਣੇ ਇਧਰੋਂ, ਥੋੜ੍ਹਾ ਪਿੱਛੇ ਹਟ ਕੇ, ਦੇਖਣ ਲੱਗਿਆ ਤਾਂ ਦਰਵਾਜ਼ੇ ਵਿਚ ਵੱਜਿਆ ਤੇ 'ਚੂੰ' ਦੀ ਇਕ ਬੇ–ਸੁਰੀ ਜਿਹੀ ਆਵਾਜ਼ ਪੈਦਾ ਹੋਈ। ਵੱਡੇ ਭਾਈ ਸਾਹਬ ਜਿਹੜੇ ਕਿਤੇ ਨੇੜੇ ਹੀ ਬੈਠੇ ਸ਼ੇਵ ਕਰ ਰਹੇ ਸਨ, ਭੌਂ ਕੇ ਬੋਲੇ, “ਕੀ ਹੋਇਆ ਜੁਗਲ?”
“ਕੁਛ ਨਹੀਂ ਮੋਟੂ ਭਾਅਜੀ,” ਮੈਂ ਉਹਨਾਂ ਨੂੰ ਟਾਲਦਿਆਂ ਹੋਇਆਂ ਕਿਹਾ, “ਗਰਮੀ ਬੜੀ ਏ!”
ਤੇ ਮੈਂ ਫੇਰ ਸਾਹਮਣੇ ਦੇਖਣ ਲੱਗ ਪਿਆ-ਸਾੜ੍ਹੀ ਦੇ ਮਾਮਲੇ ਵਿਚ ਜੋਗੀਆ ਅੱਜ ਕਿਹੜਾ ਰੰਗ ਚੁਣਦੀ ਹੈ?
ਮੈਂ ਜੇ.ਜੇ. ਸਕੂਲ ਆਫ ਆਰਟਸ ਵਿਚ ਪੜ੍ਹਦਾ ਸਾਂ। ਰੰਗ ਮੇਰੇ ਦਿਲ ਦਿਮਾਗ ਉੱਤੇ ਛਾਏ ਰਹਿੰਦੇ ਸਨ-ਉਹ ਮੈਨੂੰ ਮਰਦ–ਔਰਤਾਂ ਨਾਲੋਂ ਵੱਧ ਬੜਬੋਲੇ ਲੱਗਦੇ ਸਨ ਤੇ ਅੱਜ ਵੀ ਲੱਗਦੇ ਨੇ। ਫਰਕ ਸਿਰਫ ਏਨਾ ਹੈ ਕਿ ਲੋਕ ਅਕਸਰ ਯੱਕੜਾਂ ਮਾਰ ਜਾਂਦੇ ਨੇ, ਪਰ ਰੰਗ ਕਦੀ ਅਰਥੋਂ–ਹੀਣੀ ਗੱਲ ਨਹੀਂ ਕਰਦੇ।
ਸਾਡਾ ਮਕਾਨ ਕਾਲਬਾਦੇਵੀ ਦੀ ਦਾਦੀ ਸੇਠ ਅਗਿਆਰੀ ਲੇਨ ਵਿਚ ਸੀ। ਪਾਰਸੀਆਂ ਦੀ ਅਗਿਆਰੀ ਤਾਂ ਬੜੀ ਦੂਰ, ਗਲੀ ਦੇ ਮੋੜ 'ਤੇ, ਸੀ। ਇੱਥੇ ਸਿਰਫ ਮਕਾਨ ਸਨ-ਆਹਮਣੇ–ਸਾਹਮਣੇ-ਤੇ ਇਕ ਦੂਜੇ ਦੇ ਮੋਢੇ ਨਾਲ ਮੋਢਾ ਮੇਲੀ ਖਲੋਤੇ ਸਨ...ਇਹਨਾਂ ਦੀ ਸਾਂਝ ਕਦੀ ਤਾਂ ਮਾਂ–ਬੱਚੇ ਦੇ ਪਿਆਰ ਵਰਗੀ ਕੋਸੀ–ਨਿੱਘੀ, ਕੋਮਲ–ਮੁਲਾਇਮ ਤੇ ਸਾਫ ਸੁਥਰੀ ਲੱਗਦੀ ਸੀ ਤੇ ਕਦੀ ਮਰਦ–ਔਰਤ ਦੇ ਪਿਆਰ ਵਰਗੀ ਮਜਨੂੰਆਨਾ-ਉਪਰੋਂ ਹੇਠਾਂ ਤਕ-ਚੋਂਦੀ–ਚੋਂਦੀ ਤੇ ਪਵਿੱਤਰ।
ਸਾਹਮਣੇ ਬਾਪਨੂੰ ਘਰ ਦੀ ਕਿਸਮ ਦੇ ਬਣੇ ਕਮਰਿਆਂ ਵਿਚ ਜੋ ਕੁਝ ਵੀ ਹੁੰਦਾ, ਉਹ ਸਾਡੇ ਇਧਰੋਂ, ਗਿਆਨ–ਭਵਨ ਵਿਚੋਂ, ਸਾਫ ਦਿਖਾਈ ਦੇਂਦਾ-ਏਸ ਵੇਲੇ ਬਿਜੂਰ ਦੀ ਮਾਂ ਸਬਜ਼ੀ ਕੱਟ ਰਹੀ ਹੈ ਤੇ ਚਾਕੂ ਨਾਲ ਆਪਣਾ ਹੀ ਹੱਥ ਕੱਟੀ ਬੈਠੀ ਹੈ। ਦਿਨਕਰ ਭਾਈ ਨੇ ਅਹਿਮਦਾਬਾਦ ਤੋਂ ਤਿਲਾਂ ਦੇ ਤੇਲ ਦੇ ਦੋ ਪੀਪੇ ਮੰਗਵਾਏ ਨੇ ਤੇ ਪੰਜਾਬਣ ਸਾਰਿਆਂ ਦੀਆਂ ਨਜ਼ਰਾਂ ਬਚਾਅ ਕੇ ਆਂਡਿਆਂ ਦੇ ਛਿੱਲੜ ਕੂੜੇ ਦੇ ਢੇਰ ਉੱਤੇ ਸੁੱਟ ਗਈ ਹੈ...ਜਿਵੇਂ ਸਾਡੇ ਗਿਆਨ–ਭਵਨ ਵਿਚੋਂ ਉਹਨਾਂ ਲੋਕਾਂ ਦਾ ਖਾਧਾ–ਪੀਤਾ, ਸਭ ਕੁਛ, ਪਤਾ ਲੱਗ ਜਾਂਦਾ ਸੀ-ਇਵੇਂ ਹੀ ਉਹਨਾਂ ਨੂੰ ਵੀ ਸਾਡਾ ਸਾਰਾ ਅਗਿਆਨ ਨਜ਼ਰ ਆਉਂਦਾ ਹੋਵੇਗਾ।
ਜੋਗੀਆ ਦੇ ਮਕਾਨ ਦਾ ਨਾਂਅ ਤਾਂ 'ਰਣਛੋੜ ਨਿਵਾਸ' ਸੀ, ਪਰ ਮੈਂ ਉਸਨੂੰ ਬਾਪਨੂੰ ਘਰ ਦੀ ਕਿਸਮ ਦਾ ਮਕਾਨ ਇਸ ਲਈ ਕਹਿੰਦਾ ਹਾਂ ਕਿ ਉਸ ਵਿਚ ਵਧੇਰੇ ਵਿਧਵਾਵਾਂ ਤੇ ਛੱਡੀਆਂ ਹੋਈਆਂ ਔਰਤਾਂ ਹੀ ਰਹਿੰਦੀਆਂ ਸਨ, ਜਿਹਨਾਂ ਵਿਚੋਂ ਇਕ ਜੋਗੀਆ ਦੀ ਮਾਂ ਸੀ, ਜਿਹੜੀ ਸਾਰਾ ਦਿਨ ਕਿਸੇ ਦਰਜੀਘਰ ਵਿਚ ਸਿਲਾਈ ਮਸ਼ੀਨ ਚਲਾਉਂਦੀ ਤੇ ਇਸ ਨਾਲ ਏਨੇ ਕੁ ਪੈਸਾ ਕਮਾਅ ਲੈਂਦੀ ਕਿ ਆਪਣਾ ਤੇ ਧੀ ਦਾ ਢਿੱਡ ਪਾਲ ਸਕੇ ਤੇ ਨਾਲ ਹੀ ਉਸਦੀ ਪੜ੍ਹਾਈ ਵੀ ਪੂਰੀ ਕਰਵਾ ਸਕੇ।
ਜੋਗੀਆ ਸਤਾਰਾਂ–ਅਠਾਰਾਂ ਵਰ੍ਹਿਆਂ ਦੀ ਇਕ ਸੁਣੱਖੀ ਕੁੜੀ ਸੀ। ਕੱਦ ਕੋਈ ਏਨਾ ਛੋਟਾ ਵੀ ਨਹੀਂ ਸੀ, ਪਰ ਸਰੀਰ ਦੀ ਭਰਵੀਂ ਤੇ ਗਠੀਲੀ ਹੋਣ ਕਾਰਕੇ ਉਸ ਦੇ ਮਧਰੀ ਹੋਣ ਦਾ ਭੁਲੇਖਾ ਜਿਹਾ ਪੈਂਦਾ ਸੀ। ਕਿਸੇ ਨੂੰ ਯਕੀਨ ਵੀ ਨਹੀਂ ਆ ਸਕਦਾ ਸੀ ਕਿ ਜੋਗੀਆ ਦਾਲ–ਚੌਲ ਖਾ ਕੇ ਤੇ ਹਫ਼ਤੇ ਵਿਚ ਇਕ ਅੱਧੀ ਵਾਰੀ ਮਠਿਆਈ ਖਾ ਕੇ ਏਨੀ ਤੰਦਰੁਸਤ ਹੋ ਗਈ ਸੀ। ਖ਼ੈਰ, ਇਹਨਾਂ ਕੁੜੀਆਂ ਦਾ ਕੁਛ ਨਾ ਪੁੱਛੋ, ਜੋ ਵੀ ਅਲਮ–ਗਲਮ ਖਾਂਦੀਆਂ ਨੇ ਇਹਨਾਂ ਦੇ ਸਰੀਰ ਨੂੰ ਲੱਗਦਾ ਹੈ ਤੇ ਕਈ ਵਾਰੀ ਤਾਂ ਗਲਤ ਹਿੱਸਿਆਂ ਨੂੰ ਵਧ ਲੱਗਦਾ ਹੈ, ਜਿਹਨਾਂ ਨੂੰ ਮੈਂ ਤਾਂ ਸਹੀ ਹਿੱਸੇ ਹੀ ਕਹਿੰਦਾ ਹਾਂ, ਕਿਉਂਕਿ ਔਰਤ ਦੇ ਸਰੀਰ ਦੀਆਂ ਪਤਲੀਆਂ–ਪੀਲੀਆਂ ਰੇਖਾਵਾਂ ਦੀ ਬਨਿਸਬਤ ਮੈਨੂੰ ਉਭਰੀਆਂ ਹੋਈਆਂ ਭਰਪੂਰ ਰੇਖਾਵਾਂ ਹੀ ਚੰਗੀਆਂ ਲੱਗਦੀਆਂ ਨੇ। ਜੋਗੀਆ ਦਾ ਚਿਹਰਾ ਸੋਮਨਾਥ ਦੇ ਮੰਦਰ ਦੇ ਮੁੱਖ ਦਰਵਾਜ਼ੇ ਵਾਂਗ ਚੌੜਾ ਸੀ, ਜਿਸ ਉਪਰ ਕੰਦੀਲਾਂ ਵਰਗੀਆਂ ਅੱਖਾਂ, ਰਾਤ ਦੇ ਹਨੇਰੇ ਵਿਚ ਭਟਕਦੇ ਹੋਏ ਮੁਸਾਫਿਰਾਂ ਨੂੰ ਰੌਸ਼ਨੀ ਦਿਖਾਉਂਦੀਆਂ ਸਨ। ਉਸ ਮੂਰਤ ਦੇ ਮੁਖੜੇ ਉੱਤੇ ਨੱਕ ਤੇ ਬੁੱਲ੍ਹ ਪੰਨੇ ਤੇ ਮਾਣਕ ਵਾਂਗ ਜੜੇ ਹੋਏ ਸਨ। ਸਿਰ ਦੇ ਵਾਲ ਲੱਕ ਤੋਂ ਹੇਠਾਂ ਤਕ ਦੀ ਮਿਣਤੀ ਕਰਦੇ ਸਨ, ਜਿਹਨਾਂ ਨੂੰ ਉਹ ਕਦੀ ਢਿੱਲਾ–ਢਾਲਾ ਤੇ ਕਦੀ ਪੂਰਾ ਚੋਪੜ ਕੇ ਰੱਖਦੀ...ਤੇ ਕਦੀ ਏਨਾ ਖ਼ੁਸ਼ਕ ਰੱਖਦੀ ਕਿ ਉਹਨਾਂ ਦੀਆਂ ਕੁਝ ਲਿਟਾਂ ਬਾਕੀ ਵਾਲਾਂ ਨਾਲੋਂ ਖਾਹਮਖਾਹ ਵੱਖ ਹੋ ਕੇ ਚਿਹਰੇ ਤੇ ਗਰਦਨ ਉੱਤੇ ਮੇਲ੍ਹਦੀਆਂ ਰਹਿੰਦੀਆਂ। ਉਸਦਾ ਚਿਹਰਾ ਕੀ ਸੀ, ਪੂਰਾ ਤਾਰਾ ਮੰਡਲ ਸੀ, ਜਿਸ ਵਿਚ ਚੰਦ ਖ਼ਿਆਲਾਂ ਤੇ ਜਜ਼ਬਿਆਂ ਦੇ ਭਾਵਾਂ ਨਾਲ ਘਟਦਾ ਤੇ ਵਧਦਾ ਰਹਿੰਦਾ ਸੀ। ਜੋਗੀਆਂ ਉਂਜ ਬੜੀ ਭੋਲੀ ਸੀ, ਪਰ ਆਪਣੇ ਆਪ ਨੂੰ ਸ਼ਿੰਗਾਰਣ–ਸੰਵਾਰਣ ਵਿਚ ਬੜੀ ਚੁਸਤ ਸੀ। ਕਦੋਂ ਕਿਸ ਵੇਲੇ ਕੀ ਕਰਨਾ ਹੈ, ਇਹ ਉਹੀ ਜਾਣਦੀ ਸੀ ਤੇ ਉਸਦੇ ਇਸ ਜਾਣਨ ਪਿੱਛੇ ਉਸਦੀ ਤਾਲੀਮ ਦਾ ਬੜਾ ਹੱਥ ਸੀ ਜਿਸਨੇ ਉਸਦੇ ਹੁਸਨ ਨੂੰ ਦੁਗਣਾ ਕਰ ਦਿੱਤਾ ਸੀ। ਗੜਬੜ ਸੀ ਤਾਂ ਸਿਰਫ ਰੰਗ ਦੀ, ਕਿਉਂਕਿ ਜੋਗੀਆ ਦਾ ਰੰਗ ਲੋੜ ਨਾਲੋਂ ਵਧ ਚਿੱਟਾ ਸੀ, ਜਿਸ ਨੂੰ ਦੇਖਦਿਆਂ ਹੀ ਜੁਕਾਮ ਹੋਣ ਦਾ ਅਹਿਸਾਸ ਹੋਣ ਲੱਗ ਪੈਂਦਾ ਸੀ। ਜੇ ਬਾਕੀ ਚੀਜਾਂ ਏਨੀਆਂ ਸਮਾਨ ਅਨੁਪਾਤੀ ਨਾ ਹੁੰਦੀਆਂ ਤਾਂ ਬਸ ਛੁੱਟੀ ਹੋ ਗਈ ਹੁੰਦੀ।
ਮੈਂ ਨਹੀਂ ਜਾਣਦਾ ਮੁਹੱਬਤ ਕਿਸ ਚਿੜੀ ਦਾ ਨਾਂਅ ਹੈ, ਪਰ ਇਹ ਸੱਚ ਹੈ ਕਿ ਜੋਗੀਆ ਨੂੰ ਦੇਖਦਿਆਂ ਹੀ ਮੇਰੇ ਅੰਦਰ ਕਈ ਕੰਧਾਂ ਢੈਣ ਲੱਗ ਪੈਂਦੀਆਂ ਸਨ ਤੇ ਜਿੱਥੋਂ ਤਕ ਮੈਨੂੰ ਯਾਦ ਹੈ, ਜੋਗੀਆ ਵੀ ਮੈਨੂੰ ਵੇਖ ਕੇ ਫਜੂਲ ਜਿਹੀਆਂ ਹਰਕਤਾਂ ਕਰਨ ਲੱਗ ਪੈਂਦੀ ਸੀ। ਜੋਗੀਆ ਮੇਰੀ ਭਤੀਜੀ ਹੇਮਾ ਦੀ ਸਹੇਲੀ ਸੀ। ਅਜੀਬ ਸਹੇਲਪੁਣਾ ਸੀ ਇਹ, ਕਿਉਂਕਿ ਹੇਮਾ ਸਿਰਫ ਸਤ ਸਾਲਾਂ ਦੀ ਸੀ ਤੇ ਜੋਗੀਆ ਅਠਾਰਾਂ–ਵਰ੍ਹਿਆਂ ਦੀ। ਉਹਨਾਂ ਦੀ ਦੋਸਤੀ ਦਾ ਜੋ ਕਾਰਣ ਸੀ, ਉਸਨੂੰ ਸਿਰਫ ਜੋਗੀਆ ਜਾਣਦੀ ਸੀ ਤੇ ਜਾਂ ਫੇਰ ਮੈਂ ਜਾਣਦਾ ਸਾਂ। ਮੋਟੂ ਭਾਅਜੀ ਤੇ ਭਾਬੀ ਸਿਰਫ ਇਹੀ ਸਮਝਦੇ ਸਨ ਕਿ ਉਹ ਹੇਮਾ ਨੂੰ ਪਿਆਰ ਕਰਦੀ ਹੈ, ਇਸ ਲਈ ਉਸਨੂੰ ਪੜ੍ਹਾਉਣ ਆ ਜਾਂਦੀ ਹੈ। ਸਾਡੇ ਘਰੇ ਆ ਕੇ ਜੋਗੀਆ ਸਭ ਨੂੰ ਸਬਕ ਸਿਖਾਅ ਜਾਂਦੀ। ਮੈਂ ਜਿਹੜਾ ਇਕ ਆਰਟਿਸਟ ਬਣਨ ਵਾਲਾ ਸਾਂ, ਅਜਿਹੇ ਸਭਿਅਕ ਮੁਲਾਹਜਿਆਂ ਵਿਚ ਵਿਸ਼ਵਾਸ ਨਹੀਂ ਸੀ ਕਰਦਾ, ਪਰ ਮੇਰੀਆਂ ਮਜ਼ਬੂਰੀਆਂ ਸਨ! ਮੈਂ ਕਮਾਉਣਾ ਸ਼ੁਰੂ ਨਹੀਂ ਸੀ ਕੀਤਾ ਤੇ ਮੇਰੇ ਹਰ ਕਿਸਮ ਦੇ ਖਰਚੇ ਦਾ ਭਾਰ ਮੋਟੂ ਭਾਅਜੀ ਉੱਤੇ ਸੀ। ਭਾਵੇਂ ਕਦੇ–ਕਦਾਰ ਮੈਨੂੰ ਇਸ ਗੱਲ ਦਾ ਵੀ ਖ਼ਿਆਲ ਆਉਂਦਾ ਸੀ ਕਿ ਇਹ ਦਾਅ–ਮਾਰਨ ਵਿਚ ਇਕ ਮਜ਼ਾ ਹੈ। ਪੱਛਮ ਦੇ ਕੁੜੀਆਂ–ਮੁੰਡੇ ਜਿਹੜੇ ਏਨੀ ਆਸਾਨੀ ਨਾਲ ਇਕ ਦੂਜੇ ਦਾ ਹੱਥ ਆਪਣੇ ਹੱਥ ਵਿਚ ਫੜ੍ਹ ਲੈਂਦੇ ਨੇ ਤੇ ਬਿਨਾਂ ਕਿਸੇ ਅੱਗ ਵਿਚ ਭੁੱਜਿਆਂ ਇਕ ਦੂਜੇ ਦੀ ਗੋਦ ਵਿਚ ਆ ਜਾਂਦੇ ਨੇ-ਸਵਾਹ ਮਜ਼ੇ ਲੈਂਦੇ ਹੋਣਗੇ? ਸਬੱਬ ਨਾਲ ਪ੍ਰੇਮਿਕਾ ਦੇ ਸਰੀਰ ਨਾਲ ਛੂਹ ਜਾਣ ਨਾਲ ਤਾਂ ਉਹਨਾਂ ਅੰਦਰ ਕੋਈ ਕਰੰਟ ਨਹੀਂ ਦੌੜਦਾ ਹੋਵੇਗਾ। ਸ਼ਾਇਦ ਉਹਨਾਂ ਨੂੰ ਕੋਈ ਅਜਿਹਾ ਲੁਤਫ਼ ਆਉਂਦਾ ਹੋਵੇ, ਜਿਹੜਾ ਆਪਣੇ ਲੁਤਫ ਨਾਲੋਂ ਵਧਕੇ ਹੋਵੇ, ਪਰ ਸਾਡੇ ਇੱਥੇ ਤਾਂ ਛੋਹ ਦੇ ਉਰ੍ਹਾਂ ਦੀਆਂ ਗੱਲਾਂ ਵਿਚ ਹੀ ਏਨੀ ਲੱਜਤ ਹੁੰਦੀ ਹੈ ਕਿ ਉਹਨਾਂ ਦੇ ਮਿਲਾਪ ਵਿਚ ਵੀ ਕੀ ਹੁੰਦੀ ਹੋਵੇਗੀ?
ਉਂਜ ਹੀ ਦੋ ਚਾਰ ਵਾਰੀ ਮੇਰਾ ਹੱਥ ਜੋਗੀਆ ਦੇ ਸਰੀਰ ਨੂੰ ਲੱਗਿਆ ਹੋਵੇਗਾ। ਇਕ ਵਾਰੀ ਸਿਰਫ ਆਪਣੇ ਇਰਾਦੇ ਨਾਲ ਮੈਂ ਜੋਗੀਆ ਦਾ ਮੂੰਹ ਚੁੰਮਿਆਂ ਸੀ-ਅਸੀਂ ਘਰੋਂ ਥੋੜ੍ਹੇ–ਥੋੜ੍ਹੇ ਅੰਤਰ ਤੇ ਫਾਸਲੇ ਨਾਲ ਨਿਕਲਦੇ ਸਾਂ ਤੇ ਫੇਰ ਪਾਰਸੀਆਂ ਦੀ ਅਗਿਆਰੀ ਦੇ ਕੋਲ ਨਾਲ ਰਲ ਜਾਂਦੇ ਸਾਂ। ਸਾਡੇ ਇਸ ਭੇਤ ਨੂੰ ਸਿਰਫ ਇਕ ਪਾਰਸੀ ਪੁਜਾਰੀ ਹੀ ਜਾਣਦਾ ਸੀ, ਜਿਹੜਾ ਫਰਿਸ਼ਤਿਆਂ ਦੇ ਲਿਬਾਸ ਵਿਚ ਅਗਿਆਰੀ ਦੇ ਬਾਹਰ ਬੈਠਾ, ਮੂੰਹ ਵਿਚ ਜ਼ੰਦਾਵੇਸਤਾ ਪੜ੍ਹਦਾ ਰਹਿੰਦਾ ਸੀ। ਇਕ ਉਹ, ਸਿਰਫ ਉਹੀ ਸਾਡੇ 'ਸਰੋਕਾਰ' ਨੂੰ ਸਮਝਦਾ ਸੀ। ਇਸ ਲਈ ਉਸਦੇ ਲਾਗਿਓਂ ਲੰਘਣ ਲੱਗਿਆਂ ਅਸੀਂ ਉਸਨੂੰ ਜ਼ਰੂਰ 'ਸਾਹਬ ਜੀ' ਕਹਿੰਦੇ, ਫੇਰ ਉਸ ਰਸਤੇ ਉੱਤੇ ਤੁਰ ਜਾਂਦੇ, ਜਿਹੜਾ ਦੁਨੀਆਂ ਲਈ ਮਨੋਰੰਜਨ ਦੇ ਕੇਂਦਰ ਮੈਟਰੋ ਸਿਨੇਮੇ ਵਲ ਜਾਂਦਾ ਸੀ, ਜਿੱਥੇ ਪਹੁੰਚ ਕੇ ਜੋਗੀਆ ਆਪਣੇ ਕਾਲੇਜ ਵਲ ਤੁਰ ਜਾਂਦੀ ਤੇ ਮੈਂ ਆਪਣੇ ਸਕੂਲ ਵੱਲ। ਸਾਰੇ ਰਸਤੇ ਅਸੀਂ ਇਧਰ ਉਧਰ ਦੀਆਂ ਗੱਲਾਂ ਕਰਦੇ ਰਹਿੰਦੇ ਤੇ ਉਹਨਾਂ ਦਾ ਪੂਰਾ ਪੂਰਾ ਆਨੰਦ ਮਾਣਦੇ। ਜੇ ਕੋਈ ਪਿਆਰ ਦੀ ਗੱਲ ਹੁੰਦੀ ਤਾਂ ਕਿਸੇ ਹੋਰ ਦੇ ਪਿਆਰ ਦੀ-ਜਿਸ ਵਿਚ ਉਹ ਮਰਦ ਨੂੰ ਹਮੇਸ਼ਾ ਨਿੰਦਦੀ ਹੁੰਦੀ ਸੀ ਤੇ ਫੇਰ ਏਸ ਗੱਲ ਉੱਤੇ ਵੀ ਕੁੜ੍ਹਦੀ ਰਹਿੰਦੀ ਸੀ ਕਿ ਉਸਦੇ ਬਿਨਾਂ ਗੁਜ਼ਾਰਾ ਵੀ ਨਹੀਂ ਹੁੰਦਾ...ਇਕ ਦਿਨ ਬਿਰਲਾ ਮਾਤੁਸ਼੍ਰੀ ਵਿਚ ਕਿਸੇ ਆਰਟਿਸਟ ਦੀ ਨੁਮਾਇਸ਼ ਲੱਗੀ ਹੋਈ ਸੀ ਤੇ ਏਡੇ ਬੰਬਈ ਸ਼ਹਿਰ ਵਿਚੋਂ ਕੋਈ ਵੀ ਉਸ ਬਦਨਸੀਬ ਦੀਆਂ ਤਸਵੀਰਾਂ ਦੇਖਣ ਜਾਂ ਖ਼ਰੀਦਨ ਨਹੀਂ ਸੀ ਆਇਆ। ਸਿਰਫ ਮੈਂ ਤੇ ਜੋਗੀਆ ਪਹੁੰਚੇ ਸਾਂ ਤੇ ਉਹ ਵੀ ਤਸਵੀਰਾਂ ਦੇਖਣ ਦੀ ਬਜਾਏ, ਇਕ ਦੂਜੇ ਨੂੰ ਦੇਖਣ ਲਈ; ਮਹਿਸੂਸ ਕਰਨ ਲਈ! ਪੂਰੇ ਹਾਲ ਵਿਚ ਸਾਡੇ ਸਿਵਾਏ ਹੋਰ ਕੋਈ ਨਹੀਂ ਸੀ ਤੇ ਤਿੰਨੇ ਤਰ੍ਹਾਂ ਦੇ ਰੰਗ ਸਾਨੂੰ ਘੂਰ ਰਹੇ ਸਨ। 'ਜੂਹੂ ਵਿਚ ਇਕ ਸਵੇਰ' ਨਾਂਅ ਦੀ ਇਕ ਵੱਡੀ ਸਾਰੀ ਤਸਵੀਰ ਸੀ, ਜਿਸ ਦੇ ਉਪਰਲੇ ਹਿੱਸੇ ਉੱਤੇ, ਬੁਰਸ਼ ਨਾਲ ਗੂੜ੍ਹੇ ਸੂਹੇ ਰੰਗ ਨੂੰ ਮੋਟਾ–ਮੋਟਾ ਕਰਕੇ ਬੜੇ ਭੱਦੇ ਤਰੀਕੇ ਨਾਲ ਲਿੱਪਿਆ–ਥੱਪਿਆ ਗਿਆ ਸੀ, ਜਿਸ ਨੇ ਸਾਡੀਆਂ ਰੂਹਾਂ ਤਕ ਅੱਗ ਦੀਆਂ ਲਪਟਾਂ ਬਾਲ ਦਿਤੀਆਂ। ਉਸ ਤਸਵੀਰ ਦੇ ਹੇਠ ਇਕ ਸਟੂਲ ਪਿਆ ਸੀ, ਜਿਸ ਉੱਤੇ ਜੋਗੀਆ ਕਿਸੇ ਅੰਦਰੂਨੀ ਥਕਾਵਟ ਸਦਕਾ ਬੈਠ ਗਈ। ਉਸਦੇ ਸਾਹ ਕੇਡੇ ਤੇਜ਼ ਚੱਲ ਰਹੇ ਸਨ ਤੇ ਮੈਂ ਜਾਣਦਾ ਸਾਂ ਮੁਹੱਬਤ ਦੀ ਇਕ ਪਲਾਂਘ ਕਈ ਵਾਰੀ ਕਈ ਕੋਹਾਂ ਦੇ ਬਰਾਬਰ ਹੁੰਦੀ ਹੈ...ਤੇ ਆਦਮੀ ਪੁੱਟਣ ਤੋਂ ਪਹਿਲਾਂ ਹੀ ਥੱਕ ਜਾਂਦਾ ਹੈ!
ਆਰਇਸਟ ਰੋਣਹਾਕਾ ਹੋ ਕੇ ਉਪਰ ਚਲਾ ਗਿਆ ਸੀ-ਕੋਈ ਆਉਂਦਾ ਮਰਦਾ ਹੀ ਨਹੀਂ। ਆਪਣੀ ਨਫ਼ਰਤ ਕਾਰਣ ਉਹ ਸਾਡੀ ਮੁਹੱਬਤ ਨੂੰ ਵੀ ਨਹੀਂ ਸੀ ਵੇਖ ਸਕਿਆ।
ਉਦੋਂ ਹੀ ਸਾਡੇ ਦੋਵਾਂ ਦੇ ਇਕੱਲੇ ਹੋਣ ਨੇ ਪੂਰੇ ਹਾਲ ਨੂੰ ਭਰ ਦਿੱਤਾ।
ਉਸ ਦਿਨ ਮੈਂ ਜੋਗੀਆ ਨੂੰ ਸਭ ਕੁਝ ਕਹਿ ਦੇਣਾ ਚਾਹਿਆ। ਅਸੀਂ ਦੋਵੇਂ ਹੀ ਪਿਆਰ ਦੀਆਂ ਹੇਰਾ–ਫੇਰੀਆਂ ਤੋਂ ਅੱਕੇ ਪਏ ਸਾਂ। ਸੋ ਮੈਂ ਇਕ ਕਦਮ ਅੱਗੇ ਵਧਾਇਆ, ਠਿਠਕਿਆ ਤੇ ਫੇਰ ਸਟੂਲ ਕੋਲ, ਜੋਗੀਆ ਦੇ ਐਨ ਪਿੱਛੇ, ਜਾ ਖੜ੍ਹਾ ਹੋਇਆ। ਕੁਝ ਕਹਿ ਵੀ ਸਕਿਆ ਤਾਂ ਏਨਾ-“ਜੋਗੀਆ! ਮੈਂ ਤੈਨੂੰ ਇਕ ਚੁਟਕਲਾ ਸੁਣਾਵਾਂ?”
“ਸਾਹਮਣੇ ਆ ਕੇ ਸੁਣਾਅ,” ਉਹ ਬੋਲੀ।
ਮੈਂ ਕਿਹਾ, “ਚੁਟਕਲਾ ਹੀ ਇਹੋ ਜਿਹਾ ਹੈ!”
ਮੇਰੇ ਵੱਲ ਵੇਖੇ ਬਗ਼ੈਰ ਹੀ ਉਸਨੂੰ ਮੇਰੇ ਹੇਜ਼ ਦਾ ਅੰਦਾਜ਼ਾ ਹੋ ਗਿਆ ਸੀ ਤੇ ਮੈਨੂੰ ਪਿੱਛੋਂ ਉਸਦੇ ਕੰਨਾਂ ਦੀ ਲੌਲਾਂ ਤੋਂ ਉਸਦੀ ਮੁਸਕੁਰਾਹਟ ਦਿਖਾਈ ਦੇ ਰਹੀ ਸੀ। ਆਖ਼ਰ ਮੈਂ ਚੁਟਕਲਾ ਸ਼ੁਰੂ ਕੀਤਾ : “ਇਕ ਬੜਾ ਹੀ ਡਰਪੋਕ ਕਿਸਮ ਦਾ ਪ੍ਰੇਮੀ ਸੀ।”
“ਹੂੰ...,” ਜੋਗੀਆ ਦੇ ਸੰਭਲਣ ਤੋਂ ਹੀ ਉਸਦੀ ਦਿਲਚਸਪੀ ਦਾ ਅੰਦਾਜ਼ਾ ਹੋ ਰਿਹਾ ਸੀ।
“ਉਹ ਕਿਸੇ ਤਰ੍ਹਾਂ ਵੀ ਆਪਣੀ ਪ੍ਰਮਿਕਾ ਨੂੰ ਆਪਣਾ ਪਿਆਰ ਨਹੀਂ ਸੀ ਜਤਾਅ ਸਕਦਾ।”
ਇਸ ਉਪਰ ਜੋਗੀਆ ਨੇ ਤਿੰਨ ਚੌਥਾਈ ਭੌਂ ਕੇ ਮੇਰੇ ਵੱਲ ਦੇਖਿਆ : “ਇਹ ਤੂੰ ਚੁਟਕਲਾ ਸੁਣਾ ਰਿਹੈਂ...?”
“ਹਾਂ,” ਮੈਂ ਕੁਝ ਕੱਚਾ ਜਿਹੀ ਹੁੰਦਿਆਂ ਕਿਹਾ।
ਤੇ ਫੇਰ ਸਿੱਧੀ ਹੋ ਕੇ ਬੈਠ ਗਈ-ਉਡੀਕ ਵਿਚ...ਇਕ ਅਜਿਹੀ ਉਡੀਕ, ਜਿਹੜੀ ਅਤੀ ਲੰਮੀ ਹੋ ਗਈ ਸੀ, ਜਿਸ ਵਿਚੋਂ ਛਿਣਾਂ ਦੀਆਂ ਚੰਗਿਆੜੀਆਂ ਕਿਸੇ ਬਾਰੂਦ ਵਾਂਗ ਨਿਕਲ ਰਹੀਆਂ ਸਨ, ਸ਼ੁੰਨ ਵਿਚ ਫਟ ਰਹੀਆਂ ਸਨ ਤੇ ਅਖ਼ੀਰ ਵਿਨਾਸ਼ ਦਾ ਅੰਸ਼ ਬਣਦੀਆਂ ਜਾ ਰਹੀਆਂ ਸਨ। ਉਦੋਂ ਹੀ 'ਜੂਹੂ ਵਿਚ ਇਕ ਸਵੇਰ' ਵਿਚ ਲਾਲ ਰੰਗ ਵਿਚਕਾਰੋਂ ਸੂਰਜ ਦੀਆਂ ਕਿਰਨਾਂ ਹੇਠਾਂ ਸਮੁੰਦਰ ਦੀ ਕਾਲੋਂ ਵਿਚ ਡੋਲਦੀ ਹੋਈ ਕਿਸ਼ਤੀ ਉੱਤੇ ਪਈਆਂ ਤੇ ਮੈਂ ਕਿਹਾ, “ਉਹ ਕੁੜੀ ਆਪਣੇ ਪ੍ਰੇਮੀ ਤੋਂ ਤੰਗ ਆ ਗਈ। ਆਖ਼ਰ ਉਸਨੇ ਸੋਚਿਆ, ਇਸ ਵਿਚਾਰੇ ਵਿਚ ਤਾਂ ਹਿੰਮਤ ਨਹੀਂ...ਕਿਉਂ ਨਾ ਮੈਂ ਹੀ ਇਸਨੂੰ ਕੋਈ ਅਜਿਹਾ ਮੌਕਾ ਦੇਵਾਂ, ਕਿ ਸ਼ਾਇਦ...। ਸੋ ਉਸਨੇ ਆਪਣੇ ਜਨਮ ਦਿਨ ਉੱਤੇ ਮੁੰਡੇ ਨੂੰ ਬੁਲਾਅ ਲਿਆ। ਮੁੰਡਾ ਅਇਆ ਵੀ, ਗੁਲਦਸਤਾ ਵੀ ਲਿਆਇਆ, ਜਿਸਨੂੰ ਹੱਥ ਵਿਚ ਲੈਂਦਿਆਂ ਹੋਇਆਂ ਉਸਦੀ ਪ੍ਰਮਿਕਾ ਨੇ ਕਿਹਾ, 'ਇਹ ਕਿੱਡਾ ਪਿਆਰਾ ਏ-ਅਹਿ ਗੁਲਾਬੀ, ਗੁਲਾਬਾਂ ਵਿਚ ਸਫ਼ੇਦ ਰੰਗ ਦੇ ਫੁੱਲ...ਇਹਨਾਂ ਬਦਲੇ ਤਾਂ ਕੋਈ ਵੀ ਮੇਰਾ ਮੂੰਹ ਚੁੰਮ ਲਵੇ'।”
“ਫੇਰ?” ਜੋਗੀਆ ਦੀ ਬੇਸਬਰੀ ਪਿੱਛੋਂ ਹੀ ਦਿਖਾਈ ਦੇ ਰਹੀ ਸੀ।
“ਫੇਰ...ਕੁੜੀ ਨੇ ਆਪਣਾ ਮੂੰਹ ਥੋੜ੍ਹਾ ਅੱਗੇ ਕਰ ਲਿਆ, ਪਰ...ਉਹ ਮੁੰਡਾ ਬਾਹਰ ਜਾ ਰਿਹਾ ਸੀ, ਦਰਵਾਜ਼ੇ ਵੱਲ...”
“ਹੇ ਭਗਵਾਨ?” ਤੇ ਜੋਗੀਆ ਨੇ ਮੱਥੇ ਉੱਤੇ ਹੱਥ ਮਾਰ ਲਿਆ ਸੀ...
ਮੈਂ ਆਪਣਾ ਬਿਆਨ ਜਾਰੀ ਰੱਖਦਿਆਂ ਕਿਹਾ, “ਕੁੜੀ ਬੋਲੀ : 'ਕਿੱਥੇ ਜਾ ਰਿਹਾ ਏਂ ਲਾਲੀ?'...ਜਿਸ ਉੱਤੇ ਲਾਲੀ ਨੇ ਦਰਵਾਜ਼ੇ ਕੋਲੋਂ ਮੁੜ ਕੇ ਕਿਹਾ, 'ਹੋਰ ਫੁੱਲ ਲੈਣ...'।”
ਇਸ ਤੋਂ ਪਹਿਲਾਂ ਕਿ ਜੋਗੀਆ ਹੱਸਦੀ ਤੇ ਉਸਦੀ ਉਡੀਕ ਸਦੀਵੀਂ ਵਿਚ ਬਦਲ ਜਾਂਦੀ, ਮੈਂ ਪਿੱਛੋਂ ਉਸਨੂੰ ਦੋਵਾਂ ਮੋਢਿਆਂ ਤੋਂ ਫੜ੍ਹ ਕੇ ਉਸਦਾ ਮੂੰਹ ਚੁੰਮ ਲਿਆ ਸੀ। ਹੁਣ ਜੋਗੀਆ ਬਨਾਉਟੀ ਗੁੱਸੇ ਵਿਚ ਮੇਰੇ ਹਲਕੇ–ਹਲਕੇ ਲਪੱੜ ਲਾ ਰਹੀ ਸੀ ਤੇ ਆਪਣੀਆਂ ਬੁੱਲ੍ਹੀਆਂ ਪੂੰਝ ਰਹੀ ਸੀ। ਉਹ ਹੱਸ ਨਹੀਂ ਸੀ ਸਕਦੀ, ਕਿਉਂਕਿ ਉਹ ਨਾਰਾਜ਼ ਸੀ ਤੇ ਖੁਸ਼ ਵੀ। ਮੁਹੱਬਤ ਦੇ ਇਸ ਰਸਹੀਣ ਤੇ ਉਜਾੜ ਸਫ਼ਰ ਵਿਚ ਯਕਦਮ ਜ਼ਮੀਨ ਦਾ ਕੋਈ ਅਜਿਹਾ ਟੋਟਾ ਆ ਗਿਆ ਸੀ, ਜਿਸਨੂੰ ਬਰਸਾਤ ਦੇ ਛਿੱਟਿਆਂ ਨੇ ਹਰਾ–ਭਰਾ ਕਰ ਦਿਤਾ ਸੀ-ਉਸ ਦਿਨ ਜੇ ਅਸੀਂ ਜੋਸ਼ੀਲੇ, ਗੂੜ੍ਹੇ ਲਾਲ ਰੰਗ ਵਾਲੀ ਉਸ ਤਸਵੀਰ ਦੇ ਹੇਠ ਨਾ ਖੜ੍ਹੇ ਹੁੰਦੇ ਤਾਂ ਮੈਂ ਜੋਗੀਆ ਦਾ ਮੂੰਹ ਕਦੀ ਨਹੀਂ ਸੀ ਚੁੰਮ ਸਕਣਾ। ਇਸ ਪਿੱਛੋਂ ਆਰਟ ਦਾ ਇਕ ਰਸੀਆ ਅੰਦਰ ਆਇਆ ਤੇ ਉਸਨੇ ਨਾਲ ਵਾਲੀ ਤਸਵੀਰ ਖ਼ਰੀਦ ਲਈ, ਜਿਸਦਾ ਨਾਂਅ ਸੀ : 'ਕੋਈ ਕਿਸੇ ਦਾ ਨਹੀਂ' ਤੇ ਜਿਸ ਵਿਚ ਇਕ ਔਰਤ ਹੱਥਾਂ ਵਿਚ ਸਿਰ ਫੜ੍ਹੀ ਬੈਠੀ ਰੋ ਰਹੀ ਸੀ। ਸਾਰੇ ਰੰਗਾਂ ਵਿਚ ਉਦਾਸੀ ਸੀ ਤੇ ਉਹ ਅਜਿਹੇ ਮੌਕੇ ਉਦਾਸੀ ਦੇ ਰੰਗ ਖ਼ਰੀਦ ਰਿਹਾ ਸੀ, ਜਦੋਂ ਸਾਰੇ ਖਿੜਵੇਂ ਰੰਗ ਸਾਡੇ ਹੋ ਚੁੱਕੇ ਸਨ ਤੇ ਜੇਬ ਵਿਚ ਇਕ ਧੇਲਾ ਨਾ ਹੋਣ ਦੇ ਬਾਵਜੂਦ ਸਾਰੀਆਂ ਤਸਵੀਰਾਂ ਸਾਡੀਆਂ ਸਨ, ਨੁਮਾਇਸ਼ ਸਾਡੀ ਸੀ। ਜੋਗੀਆ ਇਕ ਮਹਾਂ ਤ੍ਰਿਪਤੀ ਦੇ ਅਹਿਸਾਸ ਨਾਲ ਭਰੀ, ਬਾਹਰਲੇ ਦਰਵਾਜ਼ੇ ਕੋਲ ਪਹੁੰਚ ਚੁੱਕੀ ਸੀ-ਜਿੱਥੋਂ ਭੌਂ ਕੇ ਉਸਨੇ ਇਕ ਵਾਰੀ ਮੇਰੇ ਵੱਲ ਵੇਖਿਆ, ਮੁੱਕਾ ਵਿਖਾਇਆ ਤੇ ਮੁਸਕੁਰਾ ਪਈ ...ਤੇ ਦੌੜ ਗਈ ਸੀ।
ਕੁਝ ਚਿਰ ਉਂਜ ਹੀ ਇਧਰ–ਉਧਰ ਰੰਗ ਉਛਾਲਣ ਪਿੱਛੋਂ ਮੈਂ ਵੀ ਬਾਹਰ ਨਿਕਲ ਆਇਆ। ਦੁਨੀਆਂ ਦੀਆਂ ਸਾਰੀਆਂ ਚੀਜਾਂ ਉਸ ਦਿਨ ਲਿਸ਼–ਲਿਸ਼ ਕਰਦੀਆਂ ਨਜ਼ਰ ਆ ਰਹੀਆਂ ਸਨ। ਲੋਕਾਂ ਨੇ ਐਵੇਂ ਹੀ ਰੰਗਾਂ ਦੇ ਨਾਂਅ ਚਿੱਟਾ, ਪੀਲਾ, ਕਾਲਾ ਤੇ ਨੀਲਾ ਵਗ਼ੈਰਾ ਰੱਖ ਛੱਡੇ ਨੇ। ਕਿਸੇ ਨੂੰ ਇਹ ਖ਼ਿਆਲ ਵੀ ਨਹੀਂ ਆਇਆ ਕਿ ਇਕ ਰੰਗ ਅਜਿਹਾ ਵੀ ਹੁੰਦਾ ਹੈ, ਜਿਹੜਾ ਉਹਨਾਂ ਦੇ ਜੋੜ–ਘਟਾਓ ਵਿਚ ਨਹੀਂ ਆਉਂਦਾ ਤੇ ਜਿਸਨੂੰ ਲਿਕਵਾਂ ਕਹਿੰਦੇ ਨੇ ਤੇ ਜਿਸ ਵਿਚ ਇੰਦਰ ਧਨੁਸ਼ ਦੇ ਸੱਤੇ ਰੰਗੇ ਗੁੰਦੇ ਹੁੰਦੇ ਨੇ...ਮੇਰਾ ਗੱਚ ਕਿਸੇ ਅਹਿਸਾਨ ਦੇ ਬੋਝ ਕਾਰਣ ਭਰ ਆਇਆ ਸੀ...ਤੇ ਮੈਂ ਕਿਸੇ ਦਾ ਧੰਨਵਾਦ ਕਰ ਰਿਹਾ ਸਾਂ?...ਇਸ ਇਕ ਛੂਹ ਸਦਕਾ ਜੋਗੀਆ ਹਮੇਸ਼ਾ ਲਈ ਮੇਰੀ ਹੋ ਗਈ ਸੀ। ਮੈਂ ਉਸ ਵੱਲੋਂ ਬਿਲਕੁਲ ਬੇਫਿਕਰ ਹੋ ਗਿਆ ਸਾਂ-ਹੁਣ ਉਹ ਕਿਸੇ ਨਾਲ ਵੀ ਵਿਆਹ ਕਰਵਾ ਲੈਂਦੀ; ਕਿਸੇ ਨਾਲ ਵੀ ਸੌਂ ਜਾਂਦੀ- ਤਾਂਵੀ ਉਹ ਮੇਰੀ ਸੀ। ਅਜਿਹਾ ਚੁੰਮਾਂ ਜਿਸ ਵਿਚ ਸੱਚਾਈ ਹੋਵੇ, ਵਲਵਲਾ ਹੋਵੇ, ਬਦਨਸੀਬ ਪਤੀ ਨੂੰ ਕਿੱਥੇ ਨਸੀਬ ਹੁੰਦਾ ਹੈ?
ਖ਼ੈਰ, ਉਸ ਦਿਨ ਮੈਂ ਦੇਖ ਰਿਹਾ ਸਾਂ ਕਿ ਕਿਹੜੇ ਰੰਗ ਦੀ ਸਾੜ੍ਹੀ ਜੋਗੀਆ ਆਪਣੀ ਅਲਮਾਰੀ ਵਿਚੋਂ ਕੱਢਦੀ ਹੈ। ਜੇ ਉਹ ਇੱਥੇ ਮੈਨੂੰ ਮੇਰੇ ਘਰ ਦੇ ਦਰਵਾਜ਼ੇ ਪਿੱਛੇ ਵੇਖ ਲੈਂਦੀ ਤਾਂ ਜ਼ਰੂਰ ਇਸ਼ਾਰੇ ਨਾਲ ਪੁੱਛਦੀ : 'ਅੱਜ ਕਿਹੜੀ ਸਾੜ੍ਹੀ ਬੰਨ੍ਹਾਂ?' ਤੇ ਇਸ ਨਾਲ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ। ਮੈਂ ਤਾਂ ਜਾਣਨਾ ਚਾਹੁੰਦਾ ਸਾਂ, ਸਵੇਰੇ ਸਵੇਰੇ, ਨਹਾਅ ਧੋ ਕੇ ਜਦੋਂ ਕੋਈ ਸੁੰਦਰੀ ਆਪਣੀਆਂ ਸਾੜ੍ਹੀਆਂ ਦੇ ਢੇਰ ਸਾਹਮਣੇ ਖੜ੍ਹੀ ਹੁੰਦੀ ਹੈ ਤਾਂ ਉਸ ਵਿਚ ਕਿਹੜੀ ਚੀਜ ਹੈ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ-ਕਿ ਅੱਜ ਫਲਾਨੇ ਰੰਗ ਦੀ ਸਾੜ੍ਹੀ ਬੰਨ੍ਹਣੀ ਚਾਹੀਦੀ ਹੈ। ਇਹਨਾਂ ਔਰਤਾਂ ਦੇ ਸੋਚਣ ਦਾ ਢੰਗ ਬੜਾ ਭੇਦ ਭਰਿਆ ਤੇ ਬੜਾ ਹੀ ਪੇਚਦਾਰ ਹੁੰਦਾ ਹੈ-ਏਨਾਂ ਭੇਦ–ਭਰਪੂਰ ਤੇ ਏਨਾਂ ਰਹੱਸਮਈ ਕਿ ਮਰਦ ਉਹ ਦੀ ਥਾਹ ਨਹੀਂ ਪਾ ਸਕਦਾ। ਸੁਣਿਆ ਹੈ ਚੰਦ ਨਾ ਸਿਰਫ ਔਰਤਾਂ ਦੇ ਖ਼ੂਨ, ਬਲਿਕੇ ਉਹਨਾਂ ਦੇ ਸੋਚ–ਢੰਗ ਉੱਤੇ ਵੀ ਅਸਰ ਪਾਉਂਦਾ ਹੈ, ਪਰ ਚੰਦ ਦਾ ਆਪਣਾ ਤਾਂ ਕੋਈ ਰੰਗ ਹੁੰਦਾ ਹੀ ਨਹੀਂ-ਉਹ ਤਾਂ ਸਭ ਸੂਰਜ ਦੇ ਪ੍ਰਤਾਪ ਦਾ ਅਸਰ ਹੈ...ਤਦੇ ਤਾਂ...ਸਾੜ੍ਹੀ ਚੁਣਨ ਤੋਂ ਪਹਿਲਾਂ ਔਰਤ ਆਪਣੇ ਕਿਸੇ ਸੂਰਜ ਨੂੰ ਪੁੱਛ ਲੈਂਦੀ ਹੈ, 'ਅੱਜ ਕਿਹੜੀ ਸਾੜ੍ਹੀ ਬੰਨ੍ਹਾਂ?'
ਨਹੀਂ–ਨਹੀਂ...ਉਸਦਾ ਆਪਣਾ ਰੰਗ ਹੈ, ਆਪਣਾ ਫੈਸਲਾ। ਸਾਰੀਆਂ ਗੱਲਾਂ ਕਿਸੇ ਨੂੰ ਕੋਈ ਮਰਦ ਥੋੜ੍ਹਾ ਹੀ ਸਿਖਾਉਂਦਾ ਹੈ? ਫੇਰ ਰਾਤ ਦਾ ਵੀ ਤਾਂ ਆਪਣਾ ਇਕ ਰੰਗ ਹੁੰਦਾ ਹੈ, ਉਸਦਾ ਆਪਣਾ ਰੰਗ...
ਉਸ ਦਿਨ ਵਾਕਈ ਬੜੀ ਗਰਮੀ ਸੀ। ਹੇਠਾਂ ਦਾਦੀ ਸੇਠ ਅਗਿਆਰੀ ਲੇਨ ਵਿਚ ਆਉਂਦੇ ਜਾਂਦੇ ਲੋਕ ਰੇਤ ਰੰਗੀ ਸੜਕ ਉਪਰੋਂ ਲੰਘਦੇ ਸਨ ਤਾਂ ਜਾਪਦਾ ਸੀ ਮੌਸਮ ਦੀ ਭੜਭੂੰਜੀ ਦਾਣੇ ਭੁੰਨ ਰਹੀ ਹੈ। ਜਦੋਂ ਕੋਈ ਪੰਜਾਬੀ ਜਾਂ ਮਾੜਵਾੜੀ ਵੱਡਾ ਸਾਰਾ ਪੱਗੜ ਬੰਨ੍ਹੀ ਆਉਂਦਾ ਤਾਂ ਉਪਰੋਂ ਬਿਲਕੁਲ ਮੱਕੀ ਦਾ ਦਾਣਾ ਲੱਗਦਾ, ਜਿਹੜਾ ਭੱਠੀ ਦੇ ਸੇਕ ਵਿਚ ਫੁੱਲ ਕੇ ਫੁੱਲਾ ਬਣ ਗਿਆ ਹੈ...
ਇੱਥੋਂ ਗਿਆਨ–ਭਵਨ ਵਿਚੋਂ ਮੈਨੂੰ ਸਿਰਫ ਰੰਗ ਦੇ ਛਿੱਟੇ ਦਿਖਾਈ ਦਿੱਤੇ। ਉਹ ਸਭ ਸਾੜ੍ਹੀਆਂ ਸਨ, ਜਿਹਨਾਂ ਵਿਚੋਂ ਇਕ ਜੋਗੀਆ ਆਪਣੇ ਲਈ ਚੁਣ ਰਹੀ ਸੀ। ਉਂਜ ਹੀ ਉਸਨੇ ਇਕ ਵਾਰੀ ਮੇਰੇ ਘਰ ਵੱਲ ਦੇਖਿਆ। ਸ਼ਾਇਦ ਉਸਦੀਆਂ ਨਜ਼ਰਾਂ ਮੈਨੂੰ ਲੱਭ ਰਹੀਆਂ ਸਨ, ਪਰ ਮੈਂ ਤਾਂ ਕਿਸੇ ਆਰਟ ਦੀ ਸੁਲੇਮਾਨੀ ਟੋਪੀ ਲਈ ਹੋਈ ਸੀ, ਜਿਸ ਕਰਕੇ ਮੈਂ ਤਾਂ ਸਾਰੀ ਦੁਨੀਆਂ ਨੂੰ ਵੇਖ ਸਕਦਾ ਸਾਂ, ਪਰ ਦੁਨੀਆਂ ਮੈਨੂੰ ਨਹੀਂ ਸੀ ਵੇਖ ਸਕਦੀ। ਉਸ ਦਿਨ ਵਾਕਈ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਰਹੀ, ਜਦੋਂ ਮੈਂ ਦੇਖਿਆ, ਜੋਗੀਆ ਨੇ ਹਲਕਾ ਨੀਲਾ ਰੰਗ ਚੁਣਿਆ ਹੈ! ਅਜਿਹੀ ਗਰਮੀ ਵਿਚ ਇਹੀ ਰੰਗ ਚੰਗਾ ਰਹਿੰਦਾ ਹੈ। ਜੇ ਮੈਂ ਹੁੰਦਾ ਤਾਂ ਜੋਗੀਆ ਨੂੰ ਇਹੋ ਰੰਗ ਪਾਉਣ ਦੀ ਸਲਾਹ ਦਿੰਦਾ। ਉਦੋਂ ਹੀ ਮੈਂ ਸੋਚਿਆ, ਮੈਂ ਤਾਂ ਬੜਾ ਬਚਨ ਦੀ ਕੋਸ਼ਿਸ਼ ਕੀਤੀ ਹੈ, ਪਰ ਜੋਗੀਆ ਨੇ ਆਪਣੇ ਮਨ ਵਿਚ ਬੁਲਾਅ ਕੇ ਮੈਥੋਂ ਪੁੱਛ ਹੀ ਲਿਆ ਹੈ। ਫੇਰ ਉਹੀ ਪਹਿਲੜ ਜੁਦਾਈ ਤੇ ਫਾਡੀ ਮੇਲ; ਜਾਪਦਾ ਸੀ ਅਗਿਆਰੀ ਤਕ ਇਹ ਦੁਨੀਆਂ ਤੇ ਉਸਦੇ ਕਾਨੂੰਨ ਨੇ-ਉਸ ਤੋਂ ਅੱਗੇ ਕੋਈ ਕਾਨੂੰਨ ਸਾਡੇ ਉੱਤੇ ਲਾਗੂ ਨਹੀਂ ਸੀ ਹੁੰਦਾ।
ਮੈਂ ਕਾਹਲ ਨਾਲ ਵਧ ਕੇ ਜੋਗੀਆ ਦੇ ਨਾਲ ਰਲਦਿਆਂ ਹੋਇਆਂ ਕਿਹਾ, “ਅੱਜ ਤੈਂ ਬੜਾ ਪਿਆਰਾ ਰੰਗ ਚੁਣਿਆ ਈ, ਜੋਗੀਆ।”
“ਮੈਨੂੰ ਪਤਾ ਸੀ, ਤੂੰ ਇਸ ਨੂੰ ਪਸੰਦ ਕਰੇਂਗਾ!”
“ਤੂੰ ਕਿੰਜ ਜਾਣਦੀ ਸੈਂ?”
“ਉਂਜ ਈ...ਕਦੀ ਕਦੀ ਤੇਰਾ ਮਨ ਮੇਰੇ ਮਨ ਵਿਚ ਆ ਜਾਂਦਾ ਏ।”
“ਹੂੰ...” ਮੈਂ ਸੋਚਦਿਆਂ ਹੋਇਆਂ ਕਿਹਾ, “ਅੱਜ ਤੈਨੂੰ ਛੂਹਣ, ਹੱਥ ਲਾਉਣ ਨੂੰ ਵੀ ਜੀਅ ਨਹੀਂ ਕਰਦਾ।”
“ਹੋਰ, ਕੀ ਕਰਦੈ ਜੀਅ?”
ਉਸੇ ਵੇਲੇ ਇਕ ਵਿਕਟੋਰੀਆ ਸਾਡੇ ਦੋਵਾਂ ਵਿਚਕਾਰ ਆ ਗਈ, ਜਿਸਨੂੰ ਨਿਕਲਣ ਵਿਚ ਸਦੀਆਂ ਲੱਗ ਗਈਆਂ। ਮੇਰੀਆਂ ਨਿਗਾਹਾਂ ਫੇਰ ਝੀਲ ਵਿਚ ਤੈਰਨ, ਛਿੱਟੇ ਉਡਾਉਣ ਲੱਗੀਆਂ। ਤਦ ਤਕ ਅਸੀਂ ਪ੍ਰਿੰਸੇਸ ਸਟਰੀਟ ਦਾ ਚੁਰਾਹਾ ਪਾਰ ਕਰਕੇ ਮੈਟਰੋ ਨੇੜੇ ਆ ਚੁੱਕੇ ਸਾਂ, ਜਿੱਥੋਂ ਸਾਡੇ ਰਸਤੇ ਵਿਛੱੜਦੇ ਹੁੰਦੇ ਸੀ। ਮੈਂ ਕਿਹਾ, “ਅੱਜ ਜੀਅ ਕਰਦਾ ਹੈ, ਸਿਰ ਤੇਰੇ ਪੈਰਾਂ ਉੱਤੇ ਰੱਖ ਦਿਆਂ ਤੇ ਖ਼ੂਬ ਰੋਵਾਂ।”
“ਰੋਵਾਂ?...ਪਰ ਕਿਉਂ?”
“ਸ਼ਾਸਤਰ ਕਹਿੰਦੇ ਨੇ...ਆਤਮਾ ਦੇ ਪਾਪ ਰੋਣ ਨਾਲ ਹੀ ਧੁਪ ਸਕਦੇ ਨੇ।”
“ਕਿਹੜਾ ਪਾਪ ਕੀਤਾ ਈ ਤੇਰੀ ਆਤਮਾਂ ਨੇ?”
“ਅਜਿਹਾ ਪਾਪਾ, ਜਿਹੜਾ ਮੇਰਾ ਸਰੀਰ ਨਹੀਂ ਕਰ ਸਕਿਆ।”
...ਅਜਿਹੀਆਂ ਗੱਲਾਂ ਨੂੰ ਔਰਤਾਂ ਬਿਲਕੁਲ ਨਹੀਂ ਸਮਝਦੀਆਂ ਜਾਂ ਫੇਰ ਲੋੜ ਨਾਲੋਂ ਵੱਧ ਸਮਝ ਜਾਂਦੀਆਂ ਨੇ। ਜੋਗੀਆ ਨਹੀਂ ਸੀ ਸਮਝ ਸਕੀ...ਆਪਣਾ ਹੀ ਕੋਈ ਵਿਚਾਰ ਉਸਦੇ ਮਨ ਵਿਚ ਆ ਗਿਆ ਸੀ, “ਜਾਣਦਾ ਏਂ ਮੇਰਾ ਜੀਅ ਕੀ ਕਰਦਾ ਏ?”
“ਕੀ, ਕੀ-ਕੀ?” ਮੈਂ ਕੁਝ ਬੇਸਬਰੀ ਜਿਹੀ ਨਾਲ ਪੁੱਛਿਆ।
“ਕਰਦਾ ਏ...” ਤੇ ਉਸਨੇ ਆਪਣੀ ਹਲਕੇ ਨੀਲੇ ਰੰਗ ਦੀ ਸਾੜ੍ਹੀ ਵੱਲ ਇਸ਼ਾਰਾ ਕੀਤਾ, “ਤੈਨੂੰ ਇਸ ਵਿਚ ਲੁਕਾਅ ਕੇ ਉਹਨਾਂ ਅੰਬਰਾਂ ਵਿਚ ਉੱਡ ਜਾਵਾਂ, ਜਿੱਥੋਂ ਨਾ ਆਪ ਹੀ ਵਾਪਸ ਆਵਾਂ, ਨਾ ਤੈਨੂੰ ਹੀ ਆਉਣ ਦਿਆਂ।” ਤੇ ਇਹ ਕਹਿ ਕੇ ਜੋਗੀਆ ਨੇ ਇਕ ਵਾਰੀ ਉਪਰ, ਹਲਕੇ ਨੀਲੇ ਰੰਗ ਦੇ ਆਸਮਾਨ ਵੱਲ ਤੱਕਿਆ, ਜਿੱਥੋਂ ਕਦੀ ਉਹ ਆਈ ਸੀ...
ਮੈਂ ਕੁਝ ਚਿਰ ਲਈ ਰੁਕ ਗਿਆ ਤੇ ਉਹਨਾਂ ਕਰਮਾਂ ਵਾਲਿਆਂ ਬਾਰੇ ਸੋਚਣ ਲੱਗ ਪਿਆ, ਜਿਹਨਾਂ ਨੂੰ ਜੋਗੀਆ ਵਰਗੀਆਂ ਸੁੰਦਰੀਆਂ ਆਪਣੀ ਬੁੱਕਲ ਵਿਚ ਲੁਕਾਅ ਕੇ ਅੰਬਰਾਂ ਵਿਚ ਲੈ ਗਈਆਂ ਸਨ-ਤੇ ਜਿੱਥੋਂ ਉਹ ਆਪ ਵਾਪਸ ਨਹੀਂ ਆਈਆਂ ਤੇ ਨਾ ਹੀ ਉਹਨਾਂ ਨੂੰ ਆਉਣ ਦਿੱਤਾ ਹੈ। ਖ਼ੁਦਾ ਵੀ ਉਹਨਾਂ ਦੇ ਲਾਗਿਓਂ ਲੰਘਦਾ ਹੈ ਤਾਂ ਇਕ ਠੰਡਾ ਹਊਕਾ ਭਰ ਕੇ ਲੰਘ ਜਾਂਦਾ ਹੈ।
*** *** ***
ਮੁੜ ਕੇ ਵੇਖਿਆ, ਜੋਗੀਆ ਜਾ ਚੁੱਕੀ ਸੀ।
ਅੰਬਰ ਤਾਂ ਕੀ, ਜੋਗੀਆ ਮੈਨੂੰ ਤਪਦੀ ਹੋਈ ਜ਼ਮੀਨ ਤੇ ਟੁੱਟੀ–ਭੱਜੀ ਸੜਕ ਦੇ ਇਕ ਪਾਸੇ ਯਤੀਮ ਤੇ ਲਵਾਰਿਸ ਖੜ੍ਹਾ ਛੱਡ ਕੇ ਚਲੀ ਗਈ ਸੀ, ਜਿਸਦਾ ਅਹਿਸਾਸ ਮੈਨੂੰ ਖਾਸੀ ਦੇਰ ਪਿੱਛੋਂ ਹੋਇਆ। ਗਰਮੀ ਨਾਲ ਭੁੱਜਦੀ, ਪਾਟੀ ਸੜਕ ਦੀਆਂ ਦਰਾੜਾਂ ਵਿਚ ਘੋੜਾ–ਗੱਡੀਆਂ ਦੇ ਵੱਡੇ ਵੱਡੇ ਪਹੀਏ ਫਸ ਰਹੇ ਸਨ ਤੇ ਉਹਨਾਂ ਦੇ ਚਾਲਕ ਮੱਥੇ ਤੋਂ ਪਸੀਨਾ ਪੂੰਝਦਿਆਂ, ਇਧਰ ਉਧਰ ਵਾਕ ਉਛਾਲਦੇ ਆ–ਜਾ ਰਹੇ ਸਨ...ਉਦੋਂ ਹੀ ਦੇਖਿਆ ਠੰਡੇ ਪਾਣੀ ਦੀ ਛੱਲ–ਜਿਹੀ ਆ ਰਹੀ ਹੈ। ਉਹ ਕੋਈ ਹੋਰ ਜਵਾਨ ਕੁੜੀ ਸੀ, ਲੰਮੀ–ਝੰਮੀ, ਬਾਬਕੱਟ ਵਾਲ, ਜੀਹਨੇ ਹਲਕੇ ਨੀਲੇ ਰੰਗ ਦੀ ਸਲਵਾਰ–ਕਮੀਜ਼ ਪਾਈ ਹੋਈ ਸੀ।
ਕੁਝ ਕਦਮ ਹੋਰ ਅੱਗੇ ਗਿਆ ਤਾਂ ਇਕ ਨਹੀਂ, ਦੋ, ਤਿੰਨ, ਚਾਰ ਔਰਤਾਂ ਹਲਕੇ ਨੀਲੇ ਰੰਗ ਦੇ ਕਪੜੇ ਪਾਈ ਸ਼ਾਪਿੰਗ ਕਰਦੀਆਂ ਫਿਰ ਰਹੀਆਂ ਸਨ।
ਇਹ ਤਜ਼ੁਰਬਾ ਮੈਨੂੰ ਪਹਿਲੀ ਵੇਰ ਨਹੀਂ ਸੀ ਹੋਇਆ। ਇਸ ਤੋਂ ਪਹਿਲਾਂ ਵੀ ਇਕ ਵਾਰੀ ਕਰਾਫਰਡ ਮਾਰਕੀਟ ਦੇ ਇਲਾਕੇ ਵਿਚ ਆਉਣ–ਜਾਣ ਵਾਲੀਆਂ ਔਰਤਾਂ ਦੇ ਧਾਨੀ (ਹਲਕੇ ਹਰੇ) ਲਿਬਾਸ ਪਾਇਆ ਹੋਇਆ ਸੀ-ਫਰਕ ਸਿਰਫ ਏਨਾ ਸੀ-ਕਿਸੇ ਦੀ ਚੁੰਨੀ ਧਾਨੀ ਸੀ ਤੇ ਕਿਸੇ ਦੀ ਸਾੜ੍ਹੀ; ਕਿਸੇ ਦਾ ਸਕਰਟ...ਤੇ ਮੈਂ ਸੋਚਦਾ ਰਹਿ ਗਿਆ ਸਾਂ ਕਿ ਸਵੇਰੇ ਜਦੋਂ ਇਹ ਔਰਤਾਂ ਨਹਾਅ–ਧੋ ਕੇ ਵਾਲਾਂ ਨੂੰ ਛੰਡਦੀਆਂ, ਸੰਵਾਰਦੀਆਂ ਹੋਈਆਂ ਕਪੜਿਆਂ ਵਾਲੀ ਅਲਮਾਰੀ ਕੋਲ ਪਹੁੰਚਦੀਆਂ ਨੇ ਤਾਂ ਇਹਨਾਂ ਵਿਚ ਕਿਹੜੀ ਗੱਲ ਜਾਂ ਕਿਹੜਾ ਅਜਿਹਾ ਜਜ਼ਬਾ ਹੁੰਦਾ ਹੈ ਜਿਹੜਾ ਇਹਨਾਂ ਨੂੰ ਦੱਸ ਦਿੰਦਾ ਹੈ-ਅੱਜ ਮੌਲਸ਼੍ਰੀ ਪਾਉਣਾ ਚਾਹੀਦਾ ਹੈ? ਇਹ ਤਾਂ ਸਮਝ ਵਿਚ ਆਉਂਦਾ ਹੈ ਕਿ ਇਕ ਦਿਨ ਕੋਈ ਨਾਰੰਗੀ ਰੰਗ ਇਸਤੇਮਾਲ ਕਰਦੀ ਹੈ ਤਾਂ ਫੇਰ ਉਸਤੋਂ ਉਸਦਾ ਜੀਅ ਅੱਕ ਜਾਂਦਾ ਹੈ ਤੇ ਦੂਜੇ ਦਿਨ ਉਸਦਾ ਹੱਥ ਆਪ–ਮੂਹਾਰੇ ਕਿਸੇ ਦੂਜੇ ਰੰਗ ਵੱਲ ਵਧ ਜਾਂਦਾ ਹੈ। ਜਿਵੇਂ ਕਿ ਸਰੋਂ ਫੁੱਲਾ ਪੀਲਾ ਰੰਗ, ਚੰਪਈ ਰੰਗ, ਗੁਲਾਨਾਰੀ, ਫਿਰੋਜ਼ੀ...ਪਰ ਉਹ ਕਿਹੜੀ ਵਾਇਰ–ਲੈੱਸ ਕ੍ਰਿਆ ਹੈ, ਜਿਸ ਨਾਲ ਇਹ ਸਭ ਇਕ ਦੂਜੀ ਨੂੰ ਦੱਸ ਦਿੰਦੀਆਂ ਨੇ ਤੇ ਫੇਰ ਯਕਦਮ ਪੂਰਾ ਬਾਜ਼ਾਰ, ਪੂਰਾ ਸੰਸਾਰ ਇਕੋ ਰੰਗ ਨਾਲ ਭਰ ਜਾਂਦਾ ਹੈ! ਸ਼ਾਇਦ ਇਹ ਮੌਸਮ ਦੀ ਗੱਲ ਹੈ, ਸ਼ੁਕਲ–ਪੱਖ ਦੀ ਰਾਤ ਦੀ ਜਾਂ ਓਹੋ ਜਿਹੀ ਚਾਨਣੀ ਜਾਂ ਬੱਦਲਾਂ ਭਰੀ ਰਾਤ ਦੀ। ਸ਼ਾਇਦ ਕੋਈ ਪ੍ਰਚਲਿਤ ਫੈਸ਼ਨ, ਕਿਸੇ ਐਕਟਰੈਸ ਦਾ ਲਿਬਾਸ ਹੈ ਜਿਹੜਾ ਉਹਨਾਂ ਦੀ ਚੋਣ ਨੂੰ ਪ੍ਰਭਾਵਿਤ ਕਰ ਰਿਹਾ ਹੁੰਦਾ ਹੈ?...ਨਹੀਂ, ਅਜਿਹੀ ਤਾਂ ਕੋਈ ਗੱਲ ਨਹੀਂ। ਕਈ ਵਾਰੀ ਇਹ ਰੰਗ–ਬਿਰੰਗੇ ਕਪੜੇ ਵੀ ਪਾਉਂਦੀਆਂ ਨੇ ਤੇ ਕੀ ਕੁਝ ਮਰਦ ਦੀਆਂ ਅੱਖਾਂ ਸਾਹਵੇਂ ਲਹਿਰਾ ਦੇਂਦੀਆਂ ਨੇ!
ਉਸ ਦਿਨ ਸਭ ਦੀਆਂ ਸਾੜ੍ਹੀਆਂ ਹਲਕੇ ਨੀਲੇ ਰੰਗ ਦੀਆਂ ਦੇਖ ਕੇ ਮੇਰੀਆਂ ਅੱਖਾਂ ਨੂੰ ਯਕੀਨ ਨਹੀਂ ਆ ਰਿਹਾ ਸੀ। ਸਮਝ ਦੀ ਪੂਛ ਵੀ ਦਿਮਾਗ ਵਿਚ ਨਹੀਂ ਸੀ ਵੜ ਰਹੀ। ਜਦੋਂ ਮੈਂ ਸਕੂਲ ਪਹੁੰਚਿਆ, ਇਕ ਘੰਟੀ ਵੱਜ ਚੁੱਕੀ ਸੀ ਤੇ ਮੁੰਡੇ–ਕੁੜੀਆਂ ਬਾਹਰ ਆ ਰਹੇ ਸਨ। ਕੁਝ ਆ ਕੇ ਕੰਪਾਊਂਡ ਵਿਚ ਗੁਲਮੋਹਰਾਂ ਹੇਠ ਖੜ੍ਹੇ ਹੋ ਗਏ।
ਉਹਨਾਂ ਵਿਚ ਸੁਕੇਸ਼ੀ ਵੀ ਸੀ। ਉਸਦੇ ਸਕਰਟ ਦਾ ਰੰਗ ਵੀ ਹਲਕਾ ਨੀਲਾ ਸੀ।
ਜੇ ਹੇਮੰਤ ਮੇਰਾ ਦੋਸਤ ਉੱਥੇ ਨਾ ਮਿਲ ਗਿਆ ਹੁੰਦਾ ਤਾਂ ਮੈਂ ਝੱਲਾ ਹੀ ਹੋ ਜਾਂਦਾ। ਹੇਮੰਤ ਉਂਜ ਤਾਂ ਪਤਝੜ ਨੂੰ ਕਹਿੰਦੇ ਨੇ, ਪਰ ਉਹ ਅਸਲੀ ਬਸੰਤ-ਬਹਾਰ ਸੀ, ਜਿਹੜੀ ਉਸ ਉੱਤੇ ਹਮੇਸ਼ਾ ਛਾਈ ਰਹਿੰਦੀ ਸੀ, ਦੁਨੀਆਂ ਭਰ ਵਿਚ ਕਿਤੇ, ਕਿਸੇ ਜਗ੍ਹਾ ਵੀ ਇਕੋ ਜਿਹਾ ਮੌਸਮ ਨਹੀਂ ਹੁੰਦਾ ਤੇ ਨਾ ਕਿਤੇ ਇਕ ਰੰਗ ਹੁੰਦਾ ਹੈ...ਪਰ ਉਸਦੇ ਚਿਹਰੇ ਉੱਤੇ ਹਮੇਸ਼ਾ ਇਕੋ ਜਿਹਾ ਹਾਸਾ ਤੇ ਵਿਅੰਗ ਹੁੰਦਾ ਸੀ, ਜਿਸ ਕਾਰਕੇ ਅਸੀਂ ਉਸਨੂੰ ਆਖਦੇ ਹੁੰਦੇ ਸਾਂ-'ਸਾਲਿਆ! ਭਾਵੇਂ 'ਓਥੋਂ ਦਾ' ਜ਼ੋਰ ਲਾ ਲੈ, ਤੂੰ ਕਦੀ ਆਰਟਿਸਟ ਨਹੀਂ ਬਣ ਸਕਣਾ-ਕੀ ਕਦੀ ਤੇਰੇ ਉੱਤੇ ਕੁੜਤਾ–ਪਾੜ ਕੇ ਬਾਹਰ ਨੱਸ ਜਾਣ ਦੀ ਨੌਬਤ ਆਈ ਹੈ? ਬੇਵੱਸੀ ਵਿਚ ਆਕੜੇ ਹੱਥਾਂ ਨਾਲ ਕਦੀ ਹਵਾ ਨੂੰ ਜਕੜਿਆ ਹੈ ਜਾਂ ਆਪਣੇ ਵਾਲ ਪੁੱਟੇ ਨੇ ਤੂੰ? ਕੀ ਕਦੀ ਤੈਨੂੰ ਸਰੀਰ ਉੱਤੇ ਇਕੋ ਛਿਣ ਵਿਚ ਲੱਖਾਂ ਕੀੜੀਆਂ ਤੁਰੀਆਂ–ਫਿਰੀਆਂ ਮਹਿਸੂਸ ਹੋਈਆਂ ਨੇ? ਰਾਤ ਦੇ ਹਨੇਰੇ ਵਿਚ ਚਮਗਿੱਦੜ ਤੇਰੇ 'ਤੇ ਝਪਟੇ ਨੇ, ਉਹਨਾਂ ਤੇਰੀ ਸ਼ਾਹ–ਰਗ ਵਿਚ ਦੰਦ ਗਡੋ ਕੇ ਤੇਰਾ ਖ਼ੂਨ ਚੂਸਿਆ ਹੈ? ਕੀ ਤੂੰ ਉਸ ਸਮੇਂ ਬੱਚਿਆਂ ਵਾਂਗ ਰੋਇਆ ਹੈਂ, ਜਦੋਂ ਤੇਰੀ ਤਸਵੀਰ ਇਨਾਮੀ ਮੁਕਾਬਲੇ 'ਚ ਅੱਵਲ ਆਈ ਹੋਵੇ? ਕੀ ਤੈਨੂੰ ਕਦੀ ਇੰਜ ਮਹਿਸੂਸ ਹੋਇਆ ਹੈ ਕਿ ਮਾਂ–ਪਿਓ ਦੇ ਹੁੰਦਿਆਂ ਵੀ ਤੂੰ ਯਤੀਮ ਹੈਂ ਤੇ ਦੋਸਤ–ਮਿੱਤਰ ਇਕ ਇਕ ਕਰਕੇ ਤੈਨੂੰ ਅੰਨ੍ਹੇ ਖ਼ੂਹ ਵਿਚ ਧੱਕਾ ਦੇ ਕੇ ਚਲੋ ਗਏ ਨੇ? ਕੀ ਤੂੰ ਜਾਣਾ ਏਂ ਜਿਸ ਮਨਸੂਰ ਨੂੰ ਸੂਲੀ ਉੱਤੇ ਚੜ੍ਹਾਇਆ ਗਿਆ ਸੀ, ਉਹ ਤੂੰ ਸੀ? ਤੇਰੇ ਚਿਹਰੇ 'ਤੇ ਸਿਆਹੀਆਂ ਪਈਆਂ ਹੋਈਆਂ ਨੇ ਤੇ ਉਸ ਉਤਲੀਆਂ ਝੁਰੜੀਆਂ ਦੇ ਵੱਟ ਏਨੇ ਡੂੰਘੇ, ਕੋਝੇ ਤੇ ਪੱਕੇ ਹੋ ਗਏ ਨੇ ਜਿੰਨੇ ਮੈਕਸੀਕੋ ਦੇ ਮਿਊਰਲਸ ਨੇ?'
ਅੱਜ ਫੇਰ ਮੈਂ ਉਸਨੂੰ ਦੱਸਿਆ-ਸ਼ਹਿਰ ਦੀਆਂ ਸਾਰੀਆਂ ਔਰਤਾਂ ਹਲਕੇ ਨੀਲੇ ਲਿਬਾਸ ਪਾ ਕੇ ਨਿਕਲੀਆਂ ਨੇ। ਹੇਮੰਤ ਨੇ ਆਪਣੇ ਦੰਦ ਕੱਢ ਵਿਖਾਏ ਤੇ ਆਦਤ ਅਨੁਸਾਰ ਮੇਰਾ ਮਖ਼ੌਲ ਉਡਾਉਣ ਲੱਗ ਪਿਆ। ਉਹ ਮੈਨੂੰ 'ਸੌਣ ਦਾ ਅੰਨ੍ਹਾ' ਸਮਝਦਾ ਸੀ, ਜਿਸਨੂੰ ਹਰ ਪਾਸੇ ਹਰਾ ਹੀ ਹਰਾ ਦਿਸਦਾ ਹੁੰਦਾ ਹੈ। ਮੈਂ ਸੁਕੇਸ਼ੀ ਵੱਲ ਇਸ਼ਾਰਾ ਕੀਤਾ, ਜਿਸਨੂੰ ਅਸੀਂ ਮਾਡਲ ਕਹਿੰਦੇ ਹੁੰਦੇ ਸਾਂ। ਉਹ ਅੱਜ ਤਕ ਕਿਸੇ ਦਾ ਮਾਡਲ ਨਹੀਂ ਸੀ ਬਣ ਸਕੀ, ਉਸਦੀ ਦੇਹ ਦੀਆਂ ਰੇਖਾਵਾਂ ਬਿਲਕੁਲ ਓਹਨਾਂ ਕੁੜੀਆਂ ਵਰਗੀਆਂ ਸਨ। ਮੈਂ ਕਿਹਾ-“ਦੇਖ, ਅੱਜ ਇਹ ਵੀ ਹਲਕੇ ਨੀਲੇ ਰੰਗ ਦਾ ਸਕਰਟ ਪਾਈ ਫਿਰਦੀ ਏ।”
ਹੇਮੰਤ ਨੇ ਮੈਨੂੰ ਕੁਝ ਨਹੀਂ ਕਿਹਾ। ਉਹ ਮੇਰਾ ਹੱਥ ਫੜ੍ਹ ਕੇ ਘਸੀਟਦਾ ਹੋਇਆ ਕਾਊਂਟਰ ਤੋਂ ਲਾਨ ਵਿਚ ਲੈ ਆਇਆ, ਜਿਹੜਾ ਪਾਸ ਦੇ ਦਰਖ਼ਤਾਂ ਲਾਲ ਭਰਿਆ ਹੋਇਆ ਸੀ-ਉੱਥੇ ਇਕ ਕੋਨੇ ਵਿਚ ਪਹੁੰਚ ਕੇ ਉਹ ਝਾੜਾਂ ਦੀ ਓਟ ਵਿਚ ਖੜ੍ਹਾ ਹੋ ਗਿਆ, ਜਿੱਥੋਂ ਸਾਹਮਣੇ ਸੜਕ ਦਿਖਾਈ ਦੇਂਦੀ ਸੀ। ਇਕ ਰਸਤਾ ਕਰਾਫ਼ਰਡ ਮਾਰਕੀਟ ਵੱਲ ਜਾਂਦਾ ਸੀ ਤੇ ਦੂਜਾ ਵਿਕਟੋਰੀਆ ਟਰਮਿਨਲ ਤੇ ਹਾਰਨਵੀ ਰੋਡ ਵੱਲ। ਉਹ ਸਾਬਤ ਕਰਨਾ ਚਾਹੁੰਦਾ ਸੀ, ਇਹ ਸਭ ਮੇਰਾ ਭਰਮ ਹੈ। ਉੱਥੇ ਪਹੁੰਚੇ ਤਾਂ ਕੋਈ ਵੀ ਔਰਤ ਨਹੀਂ ਸੀ। ਜੇ ਔਰਤਾਂ ਆਪੋ–ਆਪਣੇ ਮਰਦਾਂ ਨੂੰ ਹਲਕੇ ਨੀਲੇ ਰੰਗ ਦੀਆਂ ਸਾੜ੍ਹੀਆਂ ਵਿਚ ਛਿਪਾਅ ਕੇ ਉਪਰ ਅੰਬਰ ਵਿਚ ਉੱਡ ਗਈਆਂ ਹੁੰਦੀਆਂ ਤਾਂ ਉੱਥੇ ਮਰਦ ਵੀ ਨਜ਼ਰ ਨਾ ਆਉਂਦੇ-ਪਰ ਚਾਰੇ ਪਾਸੇ ਮਰਦ ਹੀ ਮਰਦ ਤੁਰੇ ਫਿਰਦੇ ਸਨ ਤੇ ਉਹ ਇੰਜ ਘੁੰਮ ਰਹੇ ਸਨ, ਜਿਵੇਂ ਕਦੀ ਕਿਸੇ ਔਰਤ ਨਾਲ ਉਹਨਾਂ ਦਾ ਕੋਈ ਸਰੋਕਾਰ ਹੀ ਨਹੀਂ ਸੀ ਰਿਹਾ। ਕੋਈ ਲੰਮਾਂ ਸੀ, ਕੋਈ ਮਧਰਾ; ਕੋਈ ਖ਼ੂਬਸੂਰਤ ਤੇ ਕੋਈ ਬਦਸੂਰਤ ਤੇ ਢਿੱਡਲ...ਤੇ ਉਹ ਸਾਰੇ ਭੱਜੇ ਜਾ ਰਹੇ ਸਨ, ਜਿਵੇਂ ਉਹਨਾਂ ਵਿਚੋ ਕੋਈ ਕਿਸੇ ਔਰਤ ਦਾ ਗੁਲਾਮ ਨਹੀਂ। ਉਦੋਂ ਹੀ ਉਧਰੋਂ, ਜਿਵੇਂ ਲੋਹੇ ਦੀ ਬਣੀ ਹੋਈ ਘਾਟਨ ਲੰਘੀ, ਜਿਸਨੇ ਹਰੇ ਰੰਗ ਦਾ ਕਾਸ਼ਟਾ ਲਾਇਆ ਹੋਇਆ ਸੀ। ਉਸ ਵੱਲ ਇਸ਼ਾਰਾ ਕਰਦਾ ਹੋਇਆ ਹੇਮੰਤ ਬੋਲਿਆ-“ਵੇਖ ਆਪਣੀ ਇਸ ਅੰਮਾਂ ਨੂੰ...”
ਮੈਂ ਖਾਹਮਖਾਹ ਦੀ ਦਲੀਲਬਾਜੀ ਕਰਦਿਆਂ ਕਿਹਾ-“ਮੈਂ ਇਹਨਾਂ ਵਿਚਾਰੀਆਂ, ਮਜ਼ਦੂਰ, ਗਰੀਬਨੀਆਂ ਦੀ ਗੱਲ ਨਹੀਂ ਕਰਦਾ।”
“ਹੋਰ,ਕਿਹਨਾਂ ਦੀ ਕਰਦਾ ਏਂ?”
“ਉਹਨਾਂ ਦੀ, ਜਿਹਨਾਂ ਕੋਲ ਕਪੜੇ ਵੀ ਹੋਣ।”
ਉਦੋਂ ਹੀ ਮੇਰੀ ਬਦਕਿਸਮਤੀ ਕਹਿ ਲਓ, ਇਕ ਸੈਡਾਨ, ਪਾਰਸੀ ਦਾਰੂ ਵਾਲੇ ਦੇ ਸਾਹਮਣੇ ਰੁਕੀ! ਉਸ ਵਿਚ ਪੱਕੀ ਉਮਰ ਦੀ ਇਕ ਔਰਤ ਬੈਠੀ ਹੋਈ ਸੀ। ਉਹ ਉਸ ਵਰਗ ਦੀ ਪ੍ਰਤੀਨਿੱਧ ਸੀ, ਜਿਸ ਕੋਲ ਨਾ ਸਿਰਫ ਕਪੜੇ ਹੁੰਦੇ ਨੇ ਬਲਿਕੇ ਅਣਗਿਣਤ ਹੁੰਦੇ ਨੇ ਤੇ ਏਨੇ ਰੰਗਾਂ ਦੇ ਕਿ ਉਹ ਬੌਂਦਲ ਜਾਂਦੀਆਂ ਨੇ। ਇਸ ਲਈ ਜਦੋਂ ਉਹ ਆਪਣੀ ਵਾਰਡਰੋਵ ਸਾਹਮਣੇ ਖੜ੍ਹੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਸੁੰਦਰੀਆਂ ਵਾਲੋਂ ਉਹ ਵਾਇਰਲੈੱਸ ਸੁਨੇਹਾਂ ਨਹੀਂ ਮਿਲਦਾ। ਉਹਨਾਂ ਦੀ ਹਾਲਤ ਉਸ ਖ਼ਰੀਦਦਾਰ ਵਰਗੀ ਹੁੰਦੀ ਹੈ, ਜਿਸ ਦੇ ਸਾਹਮਣੇ ਕੋਈ ਦੁਕਾਨਦਾਰ ਭਾਂਤ–ਸੁਭਾਂਤੇ ਰੰਗਾ ਦਾ ਢੇਰ ਲਾ ਦਵੇ ਤੇ ਉਹ ਉਸ ਵਿਚੋਂ ਕੋਈ ਵੀ ਨਾ ਚੁਣ ਸਕਣ। ਉਹ ਔਰਤ ਖ਼ੂਬ ਲਿੱਪੀ–ਪੋਚੀ ਹੋਈ ਸੀ ਤੇ ਉਸਨੇ ਇਕ ਲਾਲ ਸੂਹੀ ਸਾੜ੍ਹੀ ਬੰਨ੍ਹੀ ਹੋਈ ਸੀ। ਪੰਜਾਹ ਫੁੱਟ ਚੌੜੀ ਸੜਕ ਦੇ ਇਸ ਪਾਰ ਖੜ੍ਹੇ ਹੋਣ 'ਤੇ ਵੀ ਮੈਨੂੰ ਸੇਕ ਮਾਰਨ ਲੱਗ ਪਿਆ, ਪਰ ਉਸਨੂੰ ਇਸ ਗੱਲ ਦਾ ਮਸਾ ਵੀ ਅਹਿਸਾਸ ਨਹੀਂ ਸੀ ਕਿ ਬਾਹਰ ਅੱਗ ਵਰ੍ਹ ਰਹੀ ਹੈ, ਜਿਸ ਵਿਚ ਅੰਗਿਆਰ ਵਰਗਾ ਲਾਲ ਰੰਗ ਨਹੀਂ ਫੱਬਦਾ- ਕੇਡਾ ਬਾਜ਼ਾਰੂ ਮਿਜਾਜ਼ ਸੀ ਉਸਦਾ!
ਉਸ ਔਰਤ ਦਾ ਨੌਕਰ, ਜਿਹੜਾ ਥੋੜ੍ਹੀ ਦੇਰ ਪਹਿਲਾਂ ਪਰਮਿਟ ਦੇ ਕਾਗਜ਼ ਸੰਭਾਲਦਾ ਹੋਇਆ ਅੰਦਰ ਗਿਆ ਸੀ, ਇਕ ਟੋਕਰੀ ਵਿਚ ਵਿਸਕੀ ਤੇ ਕੁਝ ਬੀਅਰਾਂ ਰੱਖੀ ਬਾਹਰ ਆਇਆ ਤੇ ਡਿੱਕੀ ਖੋਲ੍ਹ ਕੇ ਉਸ ਵਿਚ ਰੱਖਣ ਲੱਗਾ! ਹੁਣ ਤਕ ਮੈਂ ਹੇਮੰਤ ਦੇ ਸਾਹਮਣੇ ਖਾਸਾ ਸ਼ਰਮਿੰਦਾ ਹੋ ਚੁੱਕਿਆ ਸਾਂ। ਆਪਣੀ ਸ਼ਰਮਿੰਦਗੀ ਛਿਪਾਉਣ ਖਾਤਰ ਮੈਂ ਕਿਹਾ-“ਅਹਿ ਬੀਅਰ ਦੀਆਂ ਬੋਤਲਾਂ ਵੇਖ...ਘੱਟੋਘੱਟ ਇਸਦੇ ਮਰਦ ਨੂੰ ਤਾਂ ਗਰਮੀ ਲੱਗਦੀ ਈ ਏ।”
ਇੰਜ ਹੀ ਮੈਂ ਹੇਮੰਤ ਸਾਹਮਣੇ ਕਈ ਵਾਰੀ ਸ਼ਰਮਿੰਦਾ ਹੋਇਆ। ਇਕ ਅੱਧੀ ਵਾਰੀ ਮੈਨੂੰ ਵੀ ਉਸਨੂੰ ਸ਼ਰਮਿੰਦਾ ਕਰਨ ਦਾ ਮੌਕਾ ਮਿਲਿਆ-ਜਦੋਂ ਸਾਰੀਆਂ ਔਰਤਾਂ ਸੁਰਮਈ ਸਾੜ੍ਹੀਆਂ ਬੰਨ੍ਹ ਕੇ ਸੜਕ ਉੱਤੇ ਨਿਕਲ ਆਈਆਂ ਸਨ। ਮੈਨੂੰ ਹਮੇਸ਼ਾ ਉਹਨਾਂ ਦੇ ਰੰਗ ਇਕੋ ਜਿਹੇ ਲੱਗਦੇ ਸਨ, ਪਰ ਜਦੋਂ ਹੇਮੰਤ ਮੇਰਾ ਕੰਨ ਫੜ੍ਹ ਕੇ ਮੈਨੂੰ ਬਾਹਰ ਲਿਆਉਂਦਾ ਤਾਂ ਮੈਨੂੰ ਉਹ ਸਾਰੇ ਵੱਖ–ਵੱਖ ਦਿਖਾਈ ਦੇਣ ਲੱਗ ਪੈਂਦੇ। ਅਖ਼ੀਰ ਮੈਂ ਇਸਨੂੰ ਆਪਣੇ ਦਿਮਾਗ ਦਾ ਭਰਮ ਸਮਝ ਕੇ ਇਸ ਗੱਲ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ।
ਪਰ-ਉਹ ਛੁੱਟਦਾ ਕਿਵੇਂ? ਇਕ ਦਿਨ ਜੋਗੀਆ ਨੇ ਕਾਲੇ ਰੰਗ ਦੇ ਬਲਾਊਜ਼ ਤੇ ਮਿਟਮੈਲੀ ਸਾੜ੍ਹੀ ਦਾ ਬੜਾ ਹੀ ਸੁੰਦਰ ਮੇਲ ਮਿਲਾਇਆ। ਉਸ ਦਿਨ ਸਾਰੀਆਂ ਔਰਤਾਂ ਨੇ ਇਹੋ ਕੰਬੀਨੇਸ਼ਨ ਕੀਤਾ ਸੀ। ਫਰਕ ਸੀ, ਤਾਂ ਸਿਰਫ ਏਨਾ ਕਿ ਉਹਨਾਂ ਵਿਚੋਂ ਕਿਸੇ ਦਾ ਬਲਾਊਜ਼ ਮਿਟਮੈਲਾ ਸੀ ਤੇ ਸਾੜ੍ਹੀ ਕਾਲੇ ਰੰਗ ਦੀ, ਜਿਸ ਵਿਚ ਸੁਨਹਿਰੇ ਦਾ ਇਕ ਅੱਧਾ ਤਾਰ ਝਿਲਮਿਲਾ ਰਿਹਾ ਸੀ।
ਕਈ ਮੌਸਮ ਬਦਲੇ। ਪਤਝੜਾਂ ਗਈਆਂ, ਬਹਾਰਾਂ ਆਈਆਂ-ਯਾਨੀ ਜਿਸ ਕਿਸਮ ਦੀਆਂ ਪਤਝੜਾਂ ਤੇ ਬਹਾਰਾਂ ਬੰਬਈ ਵਿਚ ਆ ਸਕਦੀਆਂ ਨੇ। ਤੇ ਫੇਰ ਉਸ ਬਹਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ; ਤਲਖ਼ੀ ਦੀ ਇਕ ਹਲਕੀ ਜਿਹੀ ਲਹਿਰ ਪੈਦਾ ਹੋ ਗਈ, ਜਿਹੜੀ ਪ੍ਰੇਮ ਤੇ ਤਰਿਪਤੀ ਨੂੰ ਸਿਰੇ ਤਕ ਪਿਘਲਾ ਕੇ ਰੱਖ ਦੇਂਦੀ ਹੈ; ਜਜ਼ਬਿਆਂ ਦੀਆਂ ਅੱਖਾਂ ਵਿਚੋਂ ਅੱਥਰੂ ਵਗਾਅ ਦੇਂਦੀ ਹੈ...ਤੇ ਫੇਰ ਕਿਤੇ ਹਰਾ, ਵਧ ਹਰਾ ਹੋ ਗਿਆ ਤੇ ਉਸ ਉੱਤੇ ਖੇੜੇ ਦੀ ਇਕ ਰੌ ਦੌੜ ਗਈ, ਜਿਵੇਂ ਬਰਸਾਤ ਦੇ ਦੋ ਛਿੱਟਿਆਂ ਵਿਚਕਾਰ ਅਣਭੋਲ ਜਿਹੀ ਹਵਾ ਪਾਣੀ ਉੱਤੇ ਇਕ ਦੁਸ਼ਾਲਾ ਜਿਹਾ ਬੁਣ ਦੇਂਦੀ ਹੈ। ਫੇਰ ਸਮੁੰਦਰ ਵਿਚ ਏਨਾ ਮੰਥਨ ਹੋਇਆ ਕਿ ਉਹ ਨੀਲਾ ਹੋ ਗਿਆ ਤੇ ਉਸ ਵਿਚਲੀਆਂ ਚਾਂਦੀ ਰੰਗੀਆਂ ਮੱਛੀਆਂ ਤੜਫ ਤੜਫ ਕੇ ਆਪਣੇ ਆਪ ਨੂੰ ਮਛੇਰਿਆਂ ਦੇ ਹਵਾਲੇ ਕਰਨ ਲੱਗੀਆਂ। ਫੇਰ ਆਕਾਸ਼ ਵਿਚ ਆਵਾਜ਼ ਤੇ ਬਿਜਲੀ ਦਾ ਟਾਕਰਾ ਹੋਇਆ-ਬੱਦਲ ਗਰਜੇ, ਬਿਜਲੀ ਕੜਕੀ ਤੇ ਯਕਦਮ ਮਨਾਂ ਮੂੰਹੀਂ ਪਾਣੀ ਵਰ੍ਹਿਆ। ਇਸ ਅਰਸੇ ਵਿਚ ਜੋਗੀਆ ਨੇ ਕਈ ਨੀਲੇ, ਪੀਲੇ, ਗੂੜੇ ਕਾਲੇ, ਸਰਦਈ ਤੇ ਸੁਰਮਈ, ਫਿੱਕੇ ਪੀਲੇ ਤੇ ਚੰਪਈ ਰੰਗ ਬਦਲੇ। ਉਹਨੂੰ ਕਿੰਨੀ ਕਾਹਲ ਸੀ ਕੁੜੀ ਤੋਂ ਔਰਤ ਬਣਨ ਦੀ ਤੇ ਫੇਰ ਔਰਤ ਤੋਂ ਮਾਂ ਬਣਨ ਦੀ। ਮੈਨੂੰ ਯਕੀਨ ਸੀ ਜਦੋਂ ਏਡੀ ਸਿਹਤਮੰਦ ਕੁੜੀ ਦੇ ਬੱਚੇ ਪੈਦਾ ਹੋਣਗੇ...ਤਿੰਨ ਚਾਰ ਵੀ ਹੋ ਸਕਦੇ ਨੇ...ਮੈਂ ਉਹਨਾਂ ਨੂੰ ਕਿੰਜ ਸੰਭਾਲਾਂਗਾ; ਤੇ ਇਸ ਖ਼ਿਆਲ ਦੇ ਆਉਂਦਿਆਂ ਹੀ ਮੈਂ ਹੱਸ ਪਿਆ ਸਾਂ।
ਇਹਨੀਂ ਦਿਨੀ ਜੋਗੀਆ ਆਪਣੀ ਬਿਮਾਰ ਮਾਂ ਦੇ ਪੈਰ ਫੜ੍ਹ ਕੇ ਉਸ ਤੋਂ ਲਿਪਸਟਿਕ ਲਾਉਣ ਦੀ ਇਜਾਜ਼ਤ ਲੈ ਚੁੱਕੀ ਸੀ। ਇਕ ਪਾਸੇ ਜ਼ਿੰਦਗੀ ਹੌਲੀ ਹੌਲੀ ਬੁਝ ਰਹੀ ਸੀ ਤੇ ਦੂਜੇ ਪਾਸੇ ਲਪਕ–ਲਪਕ ਕੇ ਲਾਪਰ ਰਹੀ ਸੀ। ਜੋਗੀਆ ਨੇ ਲਿਪਸਟਿਕ ਇਸਤੇਮਾਲ ਕਰਨ ਦੀ ਇਜਾਜ਼ਤ ਤਾਂ ਲੈ ਲਈ ਸੀ ਪਰ ਏਨੀਆਂ ਸਾੜ੍ਹੀਆਂ, ਏਨੇ ਰੰਗਾਂ ਲਈ ਲਿਪਸਟਿਕਾਂ ਕਿੱਥੋਂ ਲਿਆਉਂਦੀ? ਇਕ ਦਿਨ ਮੈਂ ਮੈਕਸ ਫੈਕਟਰੀ ਦੀ ਲਿਪਸਟਿਕ ਖ਼ਰੀਦ ਤੇ ਤੋਹਫ਼ੇ ਵਜੋਂ ਜੋਗੀਆ ਨੂੰ ਦੇ ਦਿੱਤੀ ਤਾਂ ਉਹ ਕਿੰਨੀ ਖੁਸ਼ ਹੋਈ ਸੀ; ਜਿਵੇਂ ਮੈਂ ਕਿਸੇ ਬਹੁਤ ਵੱਡੇ ਭੇਦ ਦੀ ਕੁੰਜੀ ਉਸਦੇ ਹੱਥ ਵਿਚ ਫੜ੍ਹਾ ਦਿੱਤੀ ਹੋਵੇ! ਉਹ ਭੁੱਲ ਹੀ ਗਈ ਕਿ ਉਹ ਮੇਰੇ ਨਾਲ ਗਿਰਗਾਮ ਦੇ ਟਰਾਂਮ ਪੱਟੇ ਉਪਰ ਖੜ੍ਹੀ ਹੈ। ਉਹ ਮੇਰੇ ਨਾਲ ਲਿਪਟ ਗਈ। ਇਸ ਦੇ ਫੌਰਨ ਬਾਅਦ ਉਸਦੀਆਂ ਅੱਖਾਂ ਮੀਲਾਂ ਅੰਦਰ ਧਸ ਗਈਆਂ ਤੇ ਸਿੱਲ੍ਹ ਗਿਲਗਿਲੀ ਹੋ ਕੇ ਬਾਹਰ ਨਿਕਲਣ ਲੱਗ ਪਈ। ਮੈਂ ਸਮਝਿਆ ਜੋਗੀਆ ਬੇਹੱਦ ਜਜ਼ਬਾਤੀ ਕੁੜੀ ਹੈ। ਭਲਾ ਮੇਰੇ ਪ੍ਰਤੀ ਇੰਜ ਅਹਿਸਾਨ ਮੰਦ ਹੋਣ ਵਾਲੀ ਕਿਹੜੀ ਗੱਲ ਸੀ? ਪਰ ਗੱਲ ਕੋਈ ਹੋਰ ਸੀ। ਜਿਸ ਰੰਗ ਦੀ ਮੈਂ ਲਿਪਸਟਿਕ ਲਿਆਇਆ ਸਾਂ, ਉਸ ਨਾਲ ਮੈਚ ਕਰਦੀ ਸਾੜ੍ਹੀ ਜੋਗੀਆ ਕੋਲ ਨਹੀਂ ਸੀ ਤੇ ਨਾ ਹੀ ਖ਼ਰੀਦਨ ਲਈ ਪੈਸੇ ਸਨ। ਮੇਰੇ ਕੋਲ ਵੀ ਏਨੇ ਪੈਸੇ ਨਹੀਂ ਸਨ ਕਿ ਕੋਈ ਸੁੰਦਰ ਜਿਹੀ ਸਾੜ੍ਹੀ ਖ਼ਰੀਦ ਕੇ ਉਸਨੂੰ ਦੇ ਸਕਦਾ। ਮੈਂ ਤਾਂ ਲਿਪਸਟਿਕ ਲਈ ਪੈਸੇ ਵੀ ਮੋਟੂ ਭਾਅਜੀ ਦੀ ਜੇਬ ਵਿਚੋਂ ਚੁਰਾਏ ਸਨ ਤੇ ਜਾਂ ਭਾਬੀ ਤੋਂ ਉਸ ਮੋਹ ਵੱਟੇ ਮਾਂਠੇ ਸਨ, ਜਿਸਦਾ ਹੱਕ ਸਿਰਫ ਦਿਓਰ ਨੂੰ ਹੀ ਹੁੰਦਾ ਹੈ।
ਬਰਸਾਤ ਖ਼ਤਮ ਹੋਈ ਤਾਂ ਇਕ ਤਮਾਸ਼ਾ ਹੋਇਆ। ਜੋਗੀਆ ਨੇ ਵਡੇਰਿਆਂ ਦੇ ਜ਼ਮਾਨੇ ਦੇ ਘਰੇ ਪਏ ਕੁਝ ਜੜਾਊ ਤਾਵੀਜ਼ ਵੇਚ ਦਿੱਤੇ ਤੇ ਮੇਰੀ ਲਿਪਸਟਿਕ ਨਾਲ ਮੈਚ ਕਰਦੀ ਇਕ ਸਾੜ੍ਹੀ ਖ਼ਰੀਦ ਲਈ। ਇਸ ਗੱਲ ਦਾ ਮੈਨੂੰ ਕੀ ਪਤਾ ਲੱਗਦਾ, ਪਰ ਸਾਡੇ ਘਰ ਵਿਚ ਇਕ ਮੁਖਬਰ ਸੀ-ਜੋਗੀਆ ਦੀ ਸਹੇਲੀ ਹੇਮਾ!...ਜੋਗੀਆ ਨੇ ਨਾਰੰਗੀ ਸੁਰਖ਼ ਰੰਗ ਦੀ ਸਾੜ੍ਹੀ ਬੰਨ੍ਹੀ ਤੇ ਜਦੋਂ ਅਸੀਂ ਅਗਿਆਰੀ ਪਾਰ ਕਾਨੂੰਨ–ਮੁਕਤ ਜੰਗਲ ਵਿਚ ਮਿਲੇ ਤਾਂ ਮੈਂ ਜੋਗੀਆ ਨੂੰ ਛੇੜਿਆ-“ਜਾਣਦੀ ਏਂ ਜੋਗੀਆ! ਅੱਜ ਤੂੰ ਕੀ ਲੱਗਦੀ ਪਈ ਏਂ?”
“ਕੀ ਲੱਗਦੀ ਪਈ ਵਾਂ?”
“ਬੀਰ–ਬਹੂਟੀ...ਜਿਹੜੀ ਬਰਸਾਤ ਹੁੰਦਿਆਂ ਹੀ ਨਿਕਲ ਆਉਂਦੀ ਏ।”
ਜੋਗੀਆ ਦੇ ਦਿਲ ਵਿਚ ਕੋਈ ਸ਼ਰਾਰਤ ਸੁੱਝੀ। ਮੇਰੇ ਵੱਲ ਦੇਖਦੀ ਹੋਈ ਬੋਲੀ-“ਜਾਣਦਾ ਏਂ, ਤੂੰ ਕੀ ਲੱਗਦੈਂਂ?”
“?”
“ਬੀਰ-ਤੇ ਮੈਂ ਬੀਰ–ਬਹੂਟੀ!”
ਤੇ ਇਸ ਪਿੱਛੋਂ ਜੋਗੀਆ ਇੰਜ ਲਾਲ ਹੋ ਕੇ ਭੱਜ ਗਈ ਸੀ ਕਿ ਉਸਦੇ ਚਿਹਰੇ ਦੇ ਰੰਗ ਤੇ ਸਾੜ੍ਹੀ ਦੇ ਰੰਗ ਵਿਚ ਰਤਾ ਵੀ ਫਰਕ ਨਹੀਂ ਸੀ ਰਿਹਾ।
ਉਸ ਦਿਨ ਸਾਰੀਆਂ ਔਰਤਾਂ ਨੇ ਨਾਰੰਗੀ ਰੰਗ ਦੇ ਕਪੜੇ ਪਾਏ ਹੋਏ ਸਨ-ਆਪਣੀ ਅੱਖਾਂ ਦੇ ਇਸ ਜਨੂੰਨ ਦੀ ਤਾਬ ਨਾ ਝੱਲਦਿਆਂ ਹੋਇਆਂ ਮੈਂ ਫੇਰ ਹੇਮੰਤ ਨੂੰ ਜਾ ਦੱਸਿਆ-ਤੇ ਇਸ ਵਾਰੀ ਹੇਮੰਤ ਨੇ ਇਕੱਲਿਆਂ ਨਹੀਂ, ਤਿੰਨ ਚਾਰ ਮੁੰਡਿਆਂ ਨੂੰ ਨਾਲ ਲਿਆ ਤੇ ਭਰੀ ਸੜਕ ਉੱਤੇ ਮੇਰੀ ਬੇਇੱਜ਼ਤੀ ਕੀਤੀ। ਸ਼ਾਇਦ ਮੈਨੂੰ ਇਸ ਬੇਇੱਜ਼ਤੀ ਦਾ ਅਹਿਸਾਸ ਨਾ ਹੁੰਦਾ, ਜੇ ਸੁਕੇਸ਼ੀ ਉੱਥੇ ਨਾ ਆ ਗਈ ਹੁੰਦੀ, ਜਿਸਨੇ ਸਫ਼ੇਦ ਨਾਈਲਾਨ ਦੀ ਸਾੜ੍ਹੀ ਬੰਨ੍ਹੀ ਹੋਈ ਸੀ ਤੇ ਉਸ ਵਿਚ ਲਗਭਗ ਨੰਗੀ ਨਜ਼ਰ ਆ ਰਹੀ ਸੀ-ਉਹ ਦਿਨ–ਬ–ਦਿਨ ਮਾਡਲ ਬਣਦੀ ਜਾ ਸੀ।
ਜੋਗੀਆ ਨੂੰ ਬੀਰ–ਬਹੂਟੀ ਬਣਨ ਦੀ ਕਿੰਨੀ ਤੀਬਰ ਤਾਂਘ ਸੀ, ਇਸਦਾ ਮੈਨੂੰ ਰੂਹ ਦੀਆਂ ਡੁੰਘਾਈਆਂ ਤਕ ਅੰਦਾਜ਼ਾ ਸੀ। ਪਰ ਮੈਂ ਕੁਝ ਨਹੀਂ ਸੀ ਕਰ ਸਕਦਾ-ਸਿਵਾਏ ਇਸ ਦੇ ਕਿ ਮੈਂ ਸਕੂਲ ਵਿਚੋਂ ਪਾਸ ਹੋ ਕੇ ਨਿਕਲ ਜਾਵਾਂ ਤੇ ਕੋਈ ਚੰਗੀ ਜਿਹੀ ਨੌਕਰੀ ਕਰ ਲਵਾਂ ਜਾਂ ਤਸਵੀਰਾਂ ਬਣਾ ਕੇ ਮਾਲਾਬਾਰ ਹਿੱਲ ਤੇ ਵਾਰਡਨ ਰੋਡ ਦੇ ਝੂਠੇ ਕਲਾ–ਪਰਖੂਆਂ ਦੇ ਹੱਥ ਔਣੇ–ਪੌਣੇ ਵੇਚ ਦਿਆਂ। ਪਰ ਇਹਨਾਂ ਸਾਰੀਆਂ ਗੱਲਾਂ ਲਈ ਸਮਾਂ ਲੱਗਣਾ ਸੀ, ਜਿਹੜਾ ਮੇਰੇ ਕੋਲ ਤਾਂ ਬਥੇਰਾ ਸੀ, ਥੋੜ੍ਹਾ–ਬਹੁਤਾ ਜੋਗੀਆ ਕੋਲ ਵੀ ਸੀ, ਪਰ ਉਸਦੀ ਮਾਂ ਕੋਲ ਰਤਾ ਵੀ ਨਹੀਂ ਸੀ। ਮਿਹਨਤੀ ਤੇ ਮਸ਼ਕੱਤੀ ਹੋਣ ਕਾਰਣ ਉਸ ਵਿਚ ਕਿਸੇ 'ਕਰਮਯੋਗੀ' ਦੀ ਰੂਹ ਪ੍ਰਵੇਸ਼ ਕਰ ਗਈ ਜਾਪਦੀ ਸੀ।
ਮੈਂ ਇਸ ਉਡੀਕ ਵਿਚ ਸਾਂ ਕਿ ਕਿਸੇ ਦਿਨ ਭਾਬੀ ਤੇ ਮੋਟੂ ਭਾਅਜੀ ਨਾਲ ਗੱਲ ਕਰਾਂ। ਪਰ ਮੈਨੂੰ ਇਸ ਦੀ ਕਦੀ ਲੋੜ ਹੀ ਨਹੀਂ ਪਈ। ਹੇਮਾ ਬਾਪਨੂੰ ਘਰ ਵਿਚੋਂ ਜੋਗੀਆ ਦਾ ਪਿਆਰ ਦੁਲਾਰ ਲੈਂਦੀ ਹੋਈ ਅਚਾਨਕ ਆਪਣੇ ਘਰ ਆ ਵੜਦੀ ਤੇ ਝੱਟ ਕਹਿੰਦੀ-“ਚਾਚੂ! ਤੁਸੀਂ ਜੋਗੀਆ ਨਾਲ ਵਿਆਹ ਕਿਉਂ ਨਹੀਂ ਕਰਵਾ ਲੈਂਦੇ?”
ਤੇ ਮੈਂ ਹਮੇਸ਼ਾ ਕਹਿੰਦਾ-“ਹਟ!”
ਇਹ 'ਹੱਟ' ਜੇ ਮੈਂ ਹੀ ਕਹਿੰਦਾ ਤਾਂ ਕੋਈ ਗੱਲ ਨਹੀਂ ਸੀ। ਕੁਝ ਦਿਨਾਂ ਪਿੱਛੋਂ ਹੇਮਾ ਦੀ ਇਸ 'ਟੈਂ ਟੈਂ' ਉੱਤੇ ਭਾਅਜੀ ਤੇ ਭਾਬੀ ਨੇ ਵੀ ਉਸਨੂੰ ਤਾੜਨਾ ਸ਼ੁਰੂ ਕਰ ਦਿੱਤਾ। ਤੇ ਇਕ ਦਿਨ ਤਾਂ ਭਾਬੀ ਨੇ ਉਸ ਮਾਸੂਮ ਦੇ ਚਪੇੜ ਹੀ ਕੱਢ ਮਾਰੀ ਤੇ ਉਹ ਭੁਆਂਟਣੀ ਖਾ ਕੇ ਦਹਿਲੀਜ਼ ਉੱਤੇ ਜਾ ਡਿੱਗੀ। ਉਸ ਦਿਨ ਮੇਰਾ ਮੱਥਾ ਠਣਕਿਆ। ਮੈਨੂੰ ਇੰਜ ਲੱਗਿਆ ਜਿਵੇਂ ਇਸ ਬਾਰੇ ਦੋਵਾਂ ਘਰਾਂ ਵਿਚ ਕੋਈ ਗੱਲ ਹੋਈ ਹੈ।
ਮੇਰਾ ਅੰਦਾਜ਼ਾ ਠੀਕ ਸੀ। ਜੋਗੀਆ ਤੇ ਬਿਜੂਰ ਦੀ ਮਾਂ ਤੇ ਪੰਜਾਬਨ ਨੇ ਭਾਬੀ ਨਾਲ ਗੱਲ ਤੋਰੀ ਤੇ ਮੂੰਹ ਦੀ ਖਾਧੀ। ਬਾਪਨੂੰ ਘਰ ਦੀਆਂ ਔਰਤਾਂ ਉਂਜ ਠੀਕ ਸਨ-ਉਹਨਾਂ ਨਾਲ ਗੱਲ ਕਰ ਲੈਣਾ, ਚੀਜਾਂ ਦਾ ਦੇਣ–ਲੈਣ ਕਰ ਲੈਣਾ ਵੀ ਦਰੁਸਤ ਸੀ; ਇਕ ਅੱਧੀ ਨੂੰ ਇਸ਼ਾਰੇ ਨਾਲ ਟਿਕਾਅ ਲੈਣਾ ਤੇ ਉਸ ਨਾਲ ਚੋਰੀ–ਛਿਪੇ ਬਿਸਤਰਾ ਗਰਮ ਕਰ ਲੈਣਾ ਵੀ ਠੀਕ ਸੀ-ਪਰ ਉਹਨਾਂ ਨਾਲ ਰਿਸ਼ਤੇ ਨਾਤੇ ਦੀ ਗੱਲ ਤੋਰਨਾ ਕਿਸੇ ਪੱਖ ਤੋਂ ਵੀ ਦਰੁਸਤ ਨਹੀਂ ਸੀ। ਫੇਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਆਈਆਂ ਜਿਹੜੀਆਂ ਸਾਡੇ ਗੁਜਰਾਤੀ ਘਰਾਂ ਦਾ ਟੰਟਾ=ਪੁਆੜਾ ਹੁੰਦੀਆਂ ਨੇ...ਤੇ ਜ਼ਹਿਰ, ਮਿੱਟੀ ਦੇ ਤੇਲ ਤੇ ਖੂਹ ਤਕ ਜਾ ਪਹੁੰਚਦੀਆਂ ਨੇ-ਜੋਗੀਆ ਦੀ ਮਾਂ ਧੀ ਨੂੰ ਬਹੁਤਾ ਕੁਝ ਦੇ–ਦਿਵਾਅ ਨਹੀਂ ਸੀ ਸਕਦੀ। ਇਸ ਲਈ ਸਾਡੇ ਘਰਾਂ ਵਿਚ ਜਦੋਂ ਕੋਈ ਕੁੜੀ ਜਵਾਨ ਹੁੰਦੀ ਹੈ ਤਾਂ ਕੁਝ ਲੋਕ ਉਸ ਵੱਲ ਦੇਖ ਕੇ ਕਹਿੰਦੇ ਨੇ-'ਤਿਆਰੀ ਹੋ ਗਈ ਮਰਨ ਦੀ।'-ਖ਼ੈਰ ਦੇਣ–ਲੈਣ ਵਾਲੀ ਗੱਲ 'ਤੇ ਮੈਂ ਅੜ ਕੇ ਖੜ੍ਹਾ ਹੋ ਗਿਆ। ਪਰ ਉਸ ਪਿੱਛੋਂ ਭਾਬੀ ਤੇ 'ਗਿਆਨ–ਭਵਨ' ਦੀਆਂ ਔਰਤਾਂ ਨੇ ਗੱਲਾਂ ਦੀ ਮੁਹਾਰ ਹੋਰ ਪਾਸੇ ਮੋੜ ਦਿੱਤੀ-ਜੋਗੀਆ ਦਾ ਪਿਓ ਕੌਣ ਸੀ? ਕੋਈ ਕਹਿੰਦਾ, ਉਹ ਮੁਸਲਮਾਨ ਸੀ ਤੇ ਕੋਈ ਬੁੱਢੀ ਗਵਾਹੀ ਦੇਂਦੀ, ਉਹ ਇਕ ਪੁਰਤਗਾਲੀ ਸੀ, ਜਿਹੜਾ ਬੜੋਦੇ ਵਿਚ ਲੰਮੇ ਅਰਸੇ ਤਕ ਰਿਹਾ।...ਜੋ ਵੀ ਹੋਵੇ, ਉਹ ਸਭ ਗੱਲਾਂ ਹੀ ਸਨ। ਇਕ ਗੱਲ, ਜਿਹੜੀ ਖੁਰਾ–ਖੋਜ ਕੱਢਣ 'ਤੇ ਮੈਨੂੰ ਪਤਾ ਲੱਗੀ, ਉਹ ਇਹ ਸੀ ਕਿ ਜੋਗੀਆ ਦੀ ਮਾਂ ਮਨਾਵਦਾਰ ਦੇ ਬ੍ਰਾਹਮਣ ਦੀਵਾਨ ਦੀ ਦੂਜੀ ਪਤਨੀ ਸੀ, ਜਿਸਨੂੰ ਕਾਨੂੰਨ ਨੇ ਨਹੀਂ ਸੀ ਮੰਨਿਆਂ। ਜੋਗੀਆ ਉਸੇ ਦੀਵਾਨ ਦੀ ਧੀ ਸੀ, ਪਰ ਲੋਕ ਜੋਗੀਆ ਦੀ ਮਾਂ-ਇਕ ਵਿਆਹੀ ਵਰੀ ਤੀਵੀਂ-ਨੂੰ ਦੀਵਾਨ ਸਾਹਬ ਦੀ ਰਖ਼ੈਲ ਕਹਿੰਦੇ ਸਨ। ਇਹ ਉਸੇ ਕਿਸਮ ਦੇ ਲੋਕ ਸਨ, ਜਿਹਨਾਂ ਜੋਗੀਆ ਦੀ ਮਾਂ ਦੇ ਕੁਝ ਵੀ ਪੱਲੇ ਨਹੀਂ ਸੀ ਪੈਣ ਦਿੱਤਾ ਤੇ ਉਹ ਬੰਬਈ ਆ ਗਈ ਸੀ। ਕੁਛ ਵੀ ਹੋਵੇ, ਇਸ ਵਿਚ ਜੋਗੀਆ ਦਾ ਕੀ ਕਸੂਰ ਸੀ? ਉਹ ਤਾਂ ਆਪਣੇ ਪਿਓ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ ਪੈਦਾ ਹੋਈ ਸੀ ਤੇ ਉਸਦੇ ਮੋਹ ਦਾ ਮੂੰਹ ਅੱਜ ਤਕ ਨਹੀਂ ਸੀ ਦੇਖ ਸਕੀ। ਮੈਂ ਇਹਨਾਂ ਸਾਰੀਆਂ ਗੱਲਾਂ ਦੇ ਵਿਰੋਧ ਵਿਚ ਬਗ਼ਾਵਤ ਕਰਨ, ਜੋਗੀਆ ਨਾਲ ਫੁੱਟਪਾਥ ਉੱਤੇ ਰਹਿਣ, ਲਈ ਤਿਆਰ ਸਾਂ-ਪਰ ਬਾਕੀ ਸਾਰਿਆਂ ਨੇ ਮਿਲ ਕੇ ਜੋਗੀਆ ਦੀ ਮਾਂ ਨੂੰ ਏਨੀ ਠੇਸ ਪਹੁੰਚਾਈ ਕਿ ਉਹ ਮਰਨ ਵਾਲੀ ਹੋ ਗਈ। ਹੁਣ ਉਹ ਚਾਹੁੰਦੀ ਸੀ ਜਲਦੀ ਤੋਂ ਜਲਦੀ ਜੋਗੀਆ ਦਾ ਹੱਥ ਕਿਸੇ ਗੁਜ਼ਾਰੇ ਲਾਇਕ ਕਮਾਊ ਮਰਦ ਦੇ ਹੱਥ ਵਿਚ ਦੇ ਦੇਵੇ। ਮੇਰੇ ਘਰ ਵਾਲਿਆਂ ਦੀਆਂ ਗੱਲਾਂ ਕਾਰਣ ਉਸਨੂੰ ਮੇਰੀ ਸੂਰਤ ਤੋਂ ਵੀ ਚਿੜ ਹੋ ਗਈ ਸੀ। ਉਸਨੇ ਆਪਣੀ ਧੀ ਨੂੰ ਸਾਫ ਕਹਿ ਦਿੱਤਾ ਸੀ ਕਿ ਜੇ ਉਸਨੇ ਮੇਰੇ ਨਾਲ ਵਿਆਹ ਦੀ ਗੱਲ ਵੀ ਕੀਤੀ ਤਾਂ ਉਹ ਕਪੜਿਆਂ 'ਤੇ ਤੇਲ ਛਿੜਕ ਕੇ ਮੱਚ ਮਰੇਗੀ। ਜੋਗੀਆ ਹੁਣ ਕਾਲੇਜ ਨਹੀਂ ਸੀ ਜਾਂਦੀ ਤੇ ਬਾਪਨੂੰ ਘਰ ਦੇ ਜੋਗੀਆ ਵਾਲੇ ਫਲੈਟ ਦੇ ਦਰਵਾਜ਼ੇ ਅਕਸਰ ਬੰਦ ਰਹਿੰਦੇ ਸਨ...ਤੇ 'ਅਸਾਂ' ਤਾਜ਼ੀ ਹਵਾ ਦੇ ਇਕ ਬੁੱਲ੍ਹੇ ਨੂੰ ਵੀ ਤਰਸ ਗਏ ਸਾਂ।
ਇਕ ਸ਼ਾਮ ਮੇਰੇ ਉੱਤੇ ਬੜੀ ਕਰੜੀ ਆਈ। ਸ਼ਾਮ ਹੁੰਦਿਆਂ ਹੀ ਹਨੇਰੇ ਰੂਪੀ ਚਮਗਿੱਦੜ ਦੇ ਵੱਡੇ ਵੱਡੇ ਖੰਭ ਮੈਂ ਨਿਮਾਣੇ ਉੱਤੇ ਤਣਨ ਲੱਗੇ। ਕੁਝ ਚਿਰ ਬਾਅਦ ਇੰਜ ਲੱਗਿਆ ਜਿਵੇਂ ਕੋਈ ਮੇਰੀ ਸ਼ਾਹ–ਰਗ ਉੱਤੇ ਆਪਣੇ ਦੰਦ ਗੱਡੀ ਮੇਰੇ ਪ੍ਰਾਣ ਚੂਸ ਰਿਹਾ ਹੈ। ਜਿੰਨਾ ਮੈਂ ਹਟਾਉਣ ਦੀ ਕੋਸ਼ਿਸ਼ ਕਰਦਾ ਹਾਂ, ਓਨੇ ਹੀ ਉਸਦੇ ਦੰਦ ਮੇਰੇ ਗਲੇ ਵਿਚ ਧਸਦੇ ਜਾ ਰਹੇ ਨੇ...ਅਜਿਹੀਆਂ ਸ਼ਾਮਾਂ ਕਾਲੀਆਂ ਵੀ ਨਹੀਂ ਹੁੰਦੀਆਂ, ਧੌਲੀਆਂ ਵੀ ਨਹੀਂ ਹੁੰਦੀਆਂ। ਇਹਨਾਂ ਦਾ ਸਿਰਫ ਇਕੋ ਰੰਗ ਹੁੰਦਾ ਹੈ-ਦਮਘੋਟੂ ਤੇ ਜਿੰਦ ਸੋਕੂ। ਤੇ ਜਿਹਨਾਂ ਲੋਕਾਂ ਨੂੰ ਇਹ ਸ਼ਾਮਾਂ ਹੰਢਾਉਣੀਆਂ ਪੈਂਦੀਆਂ ਨੇ ਉਹੀ ਜਾਣਦੇ ਨੇ ਕਿ ਸਿਰਫ ਮਾਂ ਦੀ ਛਾਤੀ ਤੇ ਪ੍ਰੇਮਿਕਾ ਦੀ ਛਾਤੀ ਹੀ ਉਹਨਾਂ ਨੂੰ ਇਸ ਤਣਾਅ ਤੋਂ ਮੁਕਤ ਕਰ ਸਕਦੀ ਹੈ-ਮਾਂ ਮਰ ਚੁੱਕੀ ਸੀ ਤੇ ਜੋਗੀਆ ਮੇਰੀ ਨਹੀਂ ਸੀ ਹੋ ਸਕਦੀ...
ਉਫ਼-ਘੁਟਣ, ਏਨੀ ਉਦਾਸੀ! ਉਦਾਸੀ ਦਾ ਵੀ ਇਕ ਰੰਗ ਹੁੰਦਾ ਹੈ-ਮੈਲਾ ਮੈਲਾ, ਕਿਰਕਿਰਾ ਕਿਰਕਿਰਾ, ਜਿਵੇਂ ਮੂੰਹ ਵਿਚ ਰੇਤੇ ਦੇ ਬੇਸ਼ੁਮਾਰ ਕਣ।...ਨਾਲੇ ਉਸ ਵਿਚ ਇਕ ਸੜਾਂਦ ਹੁੰਦੀ ਹੈ, ਜਿਸ ਨਾਲ ਉਲਟੀ ਆਉਣ ਵਾਲੀ ਹੋ ਜਾਂਦੀ ਹੈ, ਪਰ ਆਉਂਦੀ ਨਹੀਂ। ਆਖ਼ਰ ਬੰਦਾ ਉੱਥੇ ਪਹੁੰਚ ਜਾਂਦਾ ਹੈ, ਜਿੱਥੇ ਅਹਿਸਾਸ ਦੀਆਂ ਹੱਦਾ ਮੁੱਕ ਜਾਂਦੀਆਂ ਨੇ ਤੇ ਰੰਗਾਂ ਦੀ ਪਛਾਣ ਗਵਾਚ ਜਾਂਦੀ ਹੈ।
ਸਵੇਰੇ ਉਠਿਆ ਤਾਂ ਮੇਰਾ ਜੀਅ ਇਸ ਘਰ, ਇਸ ਸ਼ਹਿਰ ਤੇ ਇਸ ਦੁਨੀਆਂ ਤੋਂ ਕਿਤੇ ਦੂਰ ਨੱਠ ਜਾਣ ਨੂੰ ਕਰ ਰਿਹਾ ਸੀ। ਜੇ ਜੋਗੀਆ ਦੀ ਮਾਂ ਨਾ ਹੁੰਦੀ ਤੇ ਉਹ ਮੇਰੇ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਤਾਂ ਮੈਂ ਉਸਨੂੰ ਲੈ ਕੇ ਕਿਧਰੇ ਵੀ ਨਿਕਲ ਜਾਂਦਾ...ਉਦੋਂ ਹੀ ਮੈਨੂੰ ਬੈਰਾਗ਼ੀ ਚੇਤੇ ਆਉਣ ਲੱਗੇ, ਬੋਧ ਭਿਕਸ਼ੂ ਯਾਦ ਆਉਣ ਲੱਗੇ, ਜਿਹੜੇ ਇਸ ਦੁਨੀਆਂ ਨੂੰ ਛੱਡ ਦਿੰਦੇ ਨੇ ਤੇ ਕਿਤੋਂ ਵੀ ਭਿਛਿਆ ਮੰਗ ਕੇ ਆਪਣਾ ਪੇਟ ਪੂਜ ਲੈਂਦੇ ਨੇ ਤੇ ਬੈਠ ਕੇ 'ਓਮ ਨਮੇ ...' ਦਾ ਜਾਪ ਕਰਨ ਲੱਗਦੇ ਨੇ।
ਮੈਂ ਵਾਕਈ ਇਸ ਦੁਨੀਆਂ ਨੂੰ ਛੱਡ ਦੇਣਾ ਚਾਹੁੰਦਾ ਸੀ, ਪਰ ਸਾਹਮਣੇ ਬਾਪਨੂੰ ਘਰ ਵਿਚ ਜੋਗੀਆ ਦੇ ਫਲੈਟ ਦਾ ਦਰਵਾਜ਼ਾ ਖੁੱਲਿਆ ਤੇ ਜੋਗੀਆ ਮੈਨੂੰ ਸਾਹਮਣੇ ਨਜ਼ਰ ਆਈ। ਇੰਜ ਜਾਪਦਾ ਸੀ ਜਿਵੇਂ ਉਹ ਕਈ ਰਾਤਾਂ ਦੀ ਸੁੱਤੀ ਨਹੀਂ। ਉਸਦੇ ਵਾਲੇ ਰੁੱਖੇ ਤੇ ਚਿਹਰੇ ਤੇ ਗਲੇ ਉਪਰ ਇਧਰ ਉਧਰ ਖਿੱਲਰੇ ਹੋਏ ਸਨ। ਉਸਨੇ ਕੰਘੀ ਚੁੱਕੀ ਤੇ ਵਾਲਾਂ ਵਿਚ ਖੁਭੋ ਦਿੱਤੀ। ਕੁਝ ਚਿਰ ਬਾਅਦ ਉਹ ਅਲਮਾਰੀ ਕੋਲ ਜਾ ਪਹੁੰਚੀ...
ਮੈਂ ਸਕੂਲ ਵੱਲ ਜਾ ਰਿਹਾ ਸਾਂ। ਰਸਤੇ ਵਿਚ ਸਾਰੀਆਂ ਔਰਤਾਂ ਨੇ ਜੋਗੀਆ ਕਪੜੇ ਪਾਏ ਹੋਏ ਸਨ। ਉਹਨਾਂ ਨੂੰ ਕਿਸ ਨੇ ਦੱਸਿਆ ਸੀ?-ਉਹ ਉਦਾਸ ਸੀ! ਜਿਵੇਂ ਜ਼ਿੰਦਗੀ ਦੀ ਹਕੀਕਤ ਜਾਣ ਲੈਣ ਪਿੱਛੋਂ ਉਹਨਾਂ ਨੂੰ ਵੀ ਕੋਈ ਬੈਰਾਗ਼ ਹੋ ਗਿਆ ਸੀ। ਉਹਨਾਂ ਦੇ ਮੂੰਹ ਵਿਚ ਭਜਨ ਸਨ ਤੇ ਹੱਥਾਂ ਵਿਚ ਖੜਤਾਲਾਂ-ਜਿਹੜੇ ਨਾ ਤਾਂ ਕਿਸੇ ਨੂੰ ਦਿਖਾਈ ਦੇ ਰਹੇ ਸਨ ਤੇ ਨਾ ਹੀ ਸੁਣਾਈ ਦੇ ਰਹੇ ਸਨ। ਉਹ ਸਾਧਨੀਆਂ ਬਣੀਆ ਇਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤਕ ਜਾ ਰਹੀਆਂ ਸਨ, ਤੇ ਉਸਨੂੰ ਖੜਕਾਅ ਰਹੀਆਂ ਸਨ-ਪਰ ਇਸ ਭਰੇ ਸ਼ਹਿਰ ਵਿਚ ਕੋਈ ਵੀ ਉਹਨਾਂ ਨੂੰ ਭਿਛਿਆ ਦੇਣ ਲਈ ਬਾਹਰ ਨਹੀਂ ਸੀ ਆ ਰਿਹਾ।
*** *** ***
ਸਕੂਲ ਪਹੁੰਚਿਆ ਤਾਂ ਹੇਮੰਤ ਹਮੇਸ਼ਾ ਵਾਂਗ ਹੱਸ ਰਿਹਾ ਸੀ। ਅੱਜ ਉਸਨੇ ਪਹਿਲ ਕੀਤੀ। ਬੋਲਿਆ-“ਸ਼ਹਿਰ ਦੀਆਂ ਔਰਤਾਂ ਨੇ ਅੱਜ ਕਿਹੜਾ ਰੰਗ ਪਾਇਆ ਹੋਇਆ ਏ ਬਈ?”
ਮੈਂ ਉਸ ਰੁੱਖੜ ਆਦਮੀ ਨੂੰ ਜਵਾਬ ਨਹੀਂ ਦੇਣਾ ਚਾਹੁੰਦਾ ਸੀ, ਪਰ ਆਪਣੇ ਆਪ ਹੀ ਮੂੰਹੋਂ ਨਿਕਲ ਗਿਆ-“ਅੱਜ ਉਹ ਸਾਰੀਆਂ ਜੋਗਨਾਂ ਬਣ ਗਈਆਂ ਨੇ, ਸਾਰੀਆਂ ਨੇ ਸਨਿਆਸ ਲੈ ਲਿਆ ਏ ਤੇ ਜੋਗੀਆ ਬਾਣਾ ਪਾ ਲਿਆ ਏ।”
ਉਸ ਦਿਨ ਮੈਂ ਉਸਨੂੰ ਤੇ ਸੁਕੇਸ਼ੀ ਨੂੰ ਗੁਲਮੋਹਰ ਹੇਠੋਂ ਖਿੱਚ ਕੇ ਝਾੜਾਂ ਕੋਲ ਲੈ ਗਿਆ। ਸਾਹਮਣੇ ਸੜਕ ਵਗ ਰਹੀ ਸੀ ਤੇ ਉੱਤੇ ਇਨਸਾਨਾਂ ਦੇ ਪੁਤਲੇ ਨਿਸ਼ਚਲ ਸਨ। ਉਹਨਾਂ ਸਾਰਿਆਂ ਨੇ ਸਨਿਆਸ ਲੈ ਲਿਆ ਸੀ ਜੋਗੀਆ ਕਫ਼ਨੀਆਂ ਪਾਈ ਬਿਨਾਂ ਇਰਾਦੇ, ਬੇਮਕਸਦ, ਪਾਟੀਆਂ ਪਾਟੀਆਂ ਅੱਖਾਂ ਨਾਲ ਘੂਰ ਰਹੇ ਸਨ। ਜਿਵੇਂ ਇਸ ਦੁਨੀਆਂ ਵਿਚ ਕੋਈ ਮਰਦ ਨਹੀਂ, ਕੋਈ ਔਰਤ ਨਹੀਂ, ਜਿਸਨੂੰ ਇਹਨਾਂ ਜਵਾਬ ਦੇਣਾ ਹੈ।
ਮੈਂ ਇਕ ਔਰਤ ਵੱਲ ਇਸ਼ਾਰਾ ਕੀਤਾ। ਉਹ ਜੋਗੀਆ ਕਪੜੇ ਪਾਈ ਹੱਥ ਵਿਚ ਕਮੰਡਲ ਫੜ੍ਹੀ ਜਾ ਰਹੀ ਸੀ। ਹੇਮੰਤ ਖਿੜਖਿੜ ਕਰਕੇ ਹੱਸ ਪਿਆ। ਨਾਲ ਸੁਕੇਸ਼ੀ ਵੀ ਹੱਸੀ, ਜਿਸ ਨੇ ਜੀਨਜ਼ ਪਾਈ ਹੋਈ ਸੀ ਤੇ ਜਿਸ ਕਰਕੇ ਉਸਦੇ ਕੂਹਲੇ ਪੱਟਾਂ ਤਕ ਮਟਕਦੇ ਦਿਖਾਈ ਦੇ ਰਹੇ ਸਨ-ਉਹ ਪੂਰੀ ਮਾਡਲ ਬਣ ਚੁੱਕੀ ਸੀ...
ਜਦੋਂ ਹੇਮੰਤ ਦੀ ਹਾਸੀ ਰੁਕੀ ਤਾਂ ਉਸਨੇ ਕਿਹਾ-“ਤੂੰ ਬਿਲਕੁਲ ਪਾਗਲ ਹੋ ਗਿਐਂ। ਜੁਗਲ...ਕਿੱਥੇ ਨੇ ਜੋਗੀਆ ਕਪੜੇ? ਇਸ ਔਰਤ ਦੇ ਤਾਂ ਕਰੀਮ ਕਲਰ ਸਾੜ੍ਹੀ ਬੰਨ੍ਹੀ ਹੋਈ ਹੈ ਤੇ ਉਹ ਕਮੰਡਲ, ਜਿਹੜਾ ਤੈਨੂੰ ਦਿਖਾਈ ਦੇਂਦਾ ਹੈ, ਖ਼ੂਬਸੂਰਤ ਪਰਸ ਹੈ।” ਸੁਕੇਸ਼ੀ ਨੇ ਵੀ ਹੇਮੰਤ ਦਾ ਸਮਰਥਨ ਕੀਤਾ।
ਮੈਂ ਬੌਂਦਲਿਆ ਜਿਹਾ ਸੜਕ 'ਤੇ ਖੜ੍ਹਾ ਸਾਹਮਣੇ ਦੇਖਦਾ ਰਿਹਾ। ਉਦੋਂ ਹੀ ਇਕ ਬਸ ਆ ਕੇ ਰੁਕੀ ਤੇ ਉਸ ਵਿਚੋਂ ਇਕ ਕੁੜੀ ਉਤਰੀ...। “ਇਹ ਕਿੰਜ ਹੋ ਸਕਦਾ ਏ!” ਮੈਂ ਆਪਣੇ ਆਪ ਨੂੰ ਕਿਹਾ, “ਉਹ ਜੋਗੀਆ ਏ। ਜੋਗੀਆ ਕਪੜਿਆਂ ਵਿਚ-ਕੀ ਅੰਨ੍ਹਾ ਹਾਂ ਮੈਂ?”
ਪਰ ਆਪਣੀਆਂ ਅੱਖਾਂ ਉੱਤੇ ਯਕੀਨ ਕਰਨ ਲਈ ਮੈਂ ਕੁਝ ਚਿਰ ਉੱਥੇ ਖੜ੍ਹਾ ਰਿਹਾ। ਕੁਝ ਚਿਰ ਪਿੱਛੋਂ ਮੈਨੂੰ ਯਕੀਨ ਹੋ ਗਿਆ ਤੇ ਪਿੱਛੇ ਭੌਂ ਕੇ ਆਵਾਜ਼ ਦਿਤੀ-“ਹੇਮੰਤ...”
ਪਰ ਹੇਮੰਤ ਤੇ ਸੁਕੇਸ਼ੀ ਇਕ ਦੂਜੇ ਦੀ ਬਾਂਹ ਵਿਚ ਬਾਂਹ ਪਾਈ ਅੰਦਰ ਜਾ ਚੁੱਕੇ ਸਨ। ਉਹਨਾਂ ਦੇ ਠਹਾਕੇ ਸੁਣਾਈ ਦੇ ਰਹੇ ਸਨ। ਉਹ ਮੈਨੂੰ ਹੈਰਾਨ ਪ੍ਰਸ਼ਾਨ ਇਸ ਰੇਗਸਤਾਨ ਦੇ ਕਿਨਾਰੇ ਛੱਡ ਗਏ ਸਨ, ਜਿਵੇਂ ਲੋਕ ਪਾਗਲ ਆਦਮੀ ਨੂੰ ਛੱਡ ਜਾਂਦੇ ਨੇ...ਇਹ ਵੀ ਉਹਨਾਂ ਦੀ ਕ੍ਰਿਪਾ ਸੀ ਕਿ ਉਹਨਾਂ ਮੈਨੂੰ ਪੱਥਰ ਨਹੀਂ ਸੀ ਮਾਰੇ।
ਤੇ ਉਹ ਕੁੜੀ ਇਸੇ ਪਾਸੇ ਆ ਰਹੀ ਸੀ। ਹੁਣ ਤਾਂ ਪੂਰੇ ਸੰਸਾਰ ਉਪਰ ਛਾਏ ਹੋਏ ਉਸ ਰੰਗ ਉੱਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਸੀ ਰਿਹਾ। ਇਸ ਤੋਂ ਪਹਿਲਾਂ ਕਿ ਮੈਂ ਦ੍ਰਿੜ੍ਹ ਆਤਮ ਵਿਸ਼ਵਾਸ ਭਰੀ ਆਵਾਜ਼ ਵਿਚ ਹੇਮੰਤ ਤੇ ਸੁਕੇਸ਼ੀ ਨੂੰ ਆਵਾਜ਼ ਮਾਰਦਾ, ਉਹ ਕੁੜੀ ਮੇਰੇ ਕੋਲ ਆ ਚੁੱਕੀ ਸੀ। ਮੈਂ ਇਕ ਆਵਾਜ਼ ਸੁਣੀ-“ਬੀਰ!”
ਤੇ ਮੈਂ ਤ੍ਰਬਕ ਕੇ ਵੇਖਿਆ-ਕਿਸੇ ਹੋਰ ਰੰਗ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿਉਂਕਿ ਉਹ ਖ਼ੁਦ ਜੋਗੀਆ ਸੀ। ਜਿਸਨੂੰ ਮੈਂ ਉਸੇ ਸਵੇਰ ਆਪਣੇ ਗਿਆਨ–ਭਵਨ ਵਿਚੋਂ ਤੇ ਬਾਪਨੂੰ ਘਰ ਦੇ ਖੁੱਲ੍ਹੇ ਦਰਵਾਜ਼ਿਆਂ ਵਿਚੋਂ ਜੋਗੀਆ ਰੰਗ ਦੀ ਸਾੜ੍ਹੀ ਦੀ ਚੋਣ ਕਰਦਿਆਂ ਵੇਖਿਆ ਸੀ।
ਬਿਨਾਂ ਸੋਚੇ ਸਮਝੇ ਮੈਂ ਇਕ ਕਦਮ ਅੱਗੇ ਵਧਾਇਆ ਤੇ ਇਕ ਅਜੀਬ ਬੇਵੱਸੀ ਦੀ ਹਾਲਤ ਵਿਚ ਰੁਕ ਗਿਆ। ਜੋਗੀਆ ਬੋਲੀ-“ਮੈਂ ਕੱਲ੍ਹ ਬੜੋਦੇ ਜਾ ਰਹੀ ਵਾਂ।”
“ਕਿਉਂ, ਜੋਗੀਆ, ਬੜੋਦੇ ਕੀ ਐ?”
“ਮੇਰੇ ਨਾਨਕੇ-ਉੱਥੇ ਮੇਰਾ ਵਿਆਹ ਹੋ ਰਿਹਾ ਏ ਪਰਸੋਂ...”
“ਓ...!”
“ਮੈਂ ਤੈਨੂੰ ਮਿਲਨ ਆਈ ਸਾਂ”
“ਤਾਂ ਮਿਲ ਲੈ।” ਮੈਂ ਪਤਾ ਨਹੀਂ ਕੀ ਕਹਿ ਰਿਹਾ ਸਾਂ...
ਉਸ ਸਮੇਂ ਆਰਟਸ ਸਕੂਲ ਦੇ ਕੁਝ ਮੁੰਡੇ–ਕੁੜੀਆਂ, ਪ੍ਰਿੰਸੀਪਲ ਸਾਬਰੀ ਤੇ ਕੁਝ ਹੋਰ ਲੋਕ ਆ–ਜਾ ਰਹੇ ਸਨ, ਜਦੋਂਕਿ ਜੋਗੀਆ ਨੇ ਉਚਕ ਕੇ ਏਨੇ ਜ਼ੋਰ ਨਾਲ ਮੇਰਾ ਮੂੰਹ ਚੁੰਮ ਲਿਆ ਕਿ ਮੈਂ ਬੌਂਦਲ ਤੇ ਲੜਖੜਾ ਗਿਆ। ਉਹ ਅਠਾਰਾਂ–ਉਨੀ ਸਾਲ ਦੀ ਕੁੜੀ ਦੀ ਬਜਾਏ ਪੈਂਤੀ ਚਾਲ੍ਹੀ ਸਾਲ ਦੀ ਇਕ ਭਰਪੂਰ ਔਰਤ ਬਣ ਗਈ ਸੀ। ਉਸਦਾ ਚੁੰਮਾਂ ਕੇਡਾ ਕੰਬਾਅ ਦੇਣ ਵਾਲਾ ਸੀ-ਕਿੰਨਾ ਪਵਿੱਤਰ ਤੇ ਕਿੰਨਾ ਵਹਿਸ਼ਤਨਾਕ!
ਜੇ ਕੁਝ ਲੋਕ ਦੇਖ ਵੀ ਰਹੇ ਸਨ, ਤਾਂ ਸਾਨੂੰ ਉਹ ਦਿਖਾਈ ਨਹੀਂ ਸੀ ਦਿੱਤੇ।
ਉਹ ਦੇਖ ਵੀ ਰਹੇ ਸਨ ਤਾਂ ਕੀ ਕਰ ਸਕਦੇ ਸਨ! ਜਾਂਦਿਆਂ ਹੋਇਆਂ ਜੋਗੀਆ ਨੇ ਕਿਹਾ-“ਮੇਰੇ ਜਾਣ ਪਿੱਛੋਂ ਤੂੰ ਰੋਇਆ ਤਾਂ ਮੈਂ ਤੈਨੂੰ ਮਾਰਾਂਗੀ, ਹਾਂ!” ਤੇ ਨਾਲੇ ਉਸਨੇ ਮੈਨੂੰ ਮੁੱਕਾ ਵਿਖਾਇਆ...
ਸਵੇਰੇ ਗਿਆਨ–ਭਵਨ ਤੇ ਬਾਪਨੂੰ ਘਰ ਦੇ ਸਾਹਮਣੇ ਇਕ ਵਿਕਟੋਰੀਆ ਖੜ੍ਹੀ ਸੀ, ਜਿਸ ਉੱਤੇ ਬਾਜ਼ਾਰ ਵਿਚ ਸਾਮਾਨ ਢੋਣ ਵਾਲੇ ਮਜ਼ਦੂਰ ਸੂਟਕੇਸ ਤੇ ਟਰੰਕ ਤੇ ਕੁਛ ਹੋਰ ਨਿਕੜ ਸੁੱਕੜ ਸਾਮਾਨ ਰੱਖ ਰਹੇ ਸਨ। ਉਹਨਾਂ ਲੋਕਾਂ ਨੂੰ ਵਿਦਾਅ ਕਰਨ ਲਈ ਬਾਪਨੂੰ ਘਰ ਦੇ ਸਾਰੇ ਲੋਕ ਹੇਠਾਂ ਆ ਖਲੋਤੇ ਸਨ। ਪਰ ਸਾਹਮਣੇ ਗਿਆਨ–ਭਵਨ ਵਿਚੋਂ ਮੇਰੇ ਸਿਵਾਏ ਕੋਈ ਨਹੀਂ ਸੀ ਆਇਆ। ਮੋਟੂ ਭਾਅਜੀ ਤੇ ਭਾਬੀ ਤਾਂ ਕੀ ਆਉਂਦੇ, ਮਾਸੂਮ ਹੇਮਾ ਨੂੰ ਵੀ ਉਹਨਾਂ ਨੇ ਗੁਸਲਖ਼ਾਨੇ ਵਿਚ ਡੱਕ ਦਿੱਤਾ ਸੀ, ਜਿੱਥੋਂ ਉਸਦੇ ਰੋਣ ਦੀ ਆਵਾਜ਼ ਗਲੀ ਵਿਚ ਆ ਰਹੀ ਸੀ।
ਪਹਿਲਾਂ ਬਿਜੂਰ ਦੀ ਮਾਂ ਤੇ ਪੰਜਾਬਨ ਦੇ ਸਹਾਰੇ ਜੋਗੀਆ ਦੀ ਮਾਂ ਉਤਰੀ ਤੇ ਡਿੱਕ–ਡੋਲੇੇ ਖਾਂਦੀ ਵਿਕਟੋਰੀਆ ਵਿਚ ਬੈਠ ਗਈ। ਜ਼ਰਾ ਸਾਹ ਦਰੁਸਤ ਹੋਏ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੋਲੀ-“ਅੱਛਾ ਜੀ, ਅਸਾਂ ਚਲਦੇ ਆਂ, ਤੁਸੀਂ ਵੱਸਦੇ ਰਹੋ।”
ਤੇ ਫੇਰ ਆਈ-ਜੋਗੀਆ!
ਜੋਗੀਆ ਨੇ ਹਲਕੇ ਗੁਲਾਬੀ ਰੰਗ ਦੀ ਇਕ ਖ਼ੂਬਸੂਰਤ ਸਾੜ੍ਹੀ ਬੰਨ੍ਹੀ ਹੋਈ ਸੀ ਤੇ ਗੁਲਾਬ ਦਾ ਫੁੱਲ ਵੀ ਮਿਹਨਤ ਤੇ ਖ਼ੂਬਸੂਰਤੀ ਨਾਲ ਬਣਾਏ ਹੋਏ ਜੂੜੇ ਵਿਚ ਟੁੰਗਿਆ ਹੋਇਆ ਸੀ। ਅਜੇ ਉਹ ਵਿਕਟੋਰੀਆ ਵਿਚ ਬੈਠੀ ਵੀ ਨਹੀਂ ਸੀ ਕਿ ਅਗਿਆਰੀ ਦਾ ਪਾਰਸੀ ਪੁਰੋਹਿਤ ਉਧਰ ਆ ਨਿਕਲਿਆ। ਮੈਂ ਆਦਤ ਅਨੁਸਾਰ ਕਿਹਾ-“ਸਾਹਬ ਜੀ!”
“ਸਾਹਬ ਜੀ!” ਪਾਰਸੀ ਪੁਰੋਹਿਤ ਨੇ ਕਿਹਾ ਤੇ ਫੇਰ ਮੈਨੂੰ ਤੇ ਜੋਗੀਆ ਨੂੰ ਤਕਰੀਬਨ ਨੇੜੇ–ਨੇੜੇ ਖੜ੍ਹੇ ਦੇਖ ਕੇ ਮੁਸਕੁਰਾਇਆ ਤੇ ਆਸ਼ੀਰਵਾਦ ਲਈ ਹੱਥ ਚੁੱਕਿਆ ਤੇ ਮੂੰਹ ਵਿਚ ਜੰਦਾਵੇਸਤਾ ਦਾ ਜਾਪ ਕਰਦਾ ਹੋਇਆ ਚਲਾ ਗਿਆ। ਜੋਗੀਆ ਗੱਡੀ ਵਿਚ ਬੈਠੀ ਤਾਂ ਉਸਦੇ ਬੁੱਲ੍ਹਾਂ ਉੱਤੇ ਮੁਸਕਾਨ ਸੀ।
ਮੈਂ ਵੀ ਮੁਸਕਾਨ ਮੋੜ ਦਿੱਤੀ!
੦੦੦ ੦੦੦ ੦੦੦

No comments:

Post a Comment