Wednesday, September 16, 2009

ਨਾਗ਼ੁਫ਼ਤਾ/ ਸਦ-ਕੁਮਲਾਏ :: ਰਾਜਿੰਦਰ ਸਿੰਘ ਬੇਦੀ, राजिंदर सिंह बेदी


ਉਰਦੂ ਕਹਾਣੀ : ( ਨਾਗ਼ੁਫ਼ਤਾ ) ਸਦ ਕੁਮਲਾਏ... :: ਲੇਖਕ : ਰਾਜਿੰਦਰ ਸਿੰਘ ਬੇਦੀ : Rajinder Singh Bedi
ਅਨੁਵਾਦ : ਮਹਿੰਦਰ ਬੇਦੀ, ਜੈਤੋ .............. ਮੋਬਇਲ : 94177-30600.


ਡੋਗਰਾ ਹਵਾਲਦਾਰ ਨੇ ਟੂਨਿਕ ਦੇ ਕਾਲਰ ਖੜ੍ਹੇ ਕਰ ਲਏ, ਬੰਦੂਕ ਮੋਢੇ ਉੱਤੇ ਟੰਗੀ ਤੇ ਖ਼ਾਕੀ ਲਿਬਾਦੇ ਦੇ ਬਟਨਾਂ ਨੂੰ ਕਾਜ ਵਿਚ ਫਸਾਂਦਿਆਂ ਹੋਇਆਂ ਪੁੱਛਿਆ—
''ਕਿਉਂ ਬਈ? ਹੁਣ ਤੁਹਾਡੇ ਵਿਚੋਂ ਕਿਹੜਾ-ਕਿਹੜਾ ਬੋਲੇਗਾ?''
ਤੇ ਲਗਭਗ ਅੱਧੀ ਕੁ ਦਰਜਨ ਆਵਾਜ਼ਾਂ ਦਾ ਹੜ੍ਹ ਹੀ ਆ ਗਿਆ ਸੀ—
'ਅਸਾਂ...ਜੀ!''
ਯਾਨੀ ਕਿ ਅਸੀਂ!
ਰੰਗਪੁਰ ਦੇ ਦੱਖਣ ਵਾਲੇ ਪਾਸੇ ਵੀਹ ਕੁ ਅੱਧ ਢੱਠੇ-ਮਚਾਨ ਖੜ੍ਹੇ ਸਨ। ਦੂਰ-ਦੂਰ ਤਾਈਂ ਫਾਰਮ ਦੀ ਕਪਾਹ ਆਪਣੇ ਚਿੱਟੇ ਦੰਦ ਕੱਢੀ, ਇਲਾਕੇ ਦੀਆਂ ਜਵਾਨ ਤੇ ਬੁੱਢੀਆਂ ਤੀਵੀਂਆਂ ਵਾਂਗ, ਉਹਨਾਂ ਦਾ ਮੂੰਹ ਚਿੜਾ ਰਹੀ ਸੀ...ਜਿਵੇਂ ਉਸਨੂੰ ਵੀ ਭਰਤੀ ਵਾਲਿਆਂ ਨਾਲ ਨਫ਼ਰਤ ਹੋਵੇ। ਹਰੇ-ਪੀਲੇ ਪੱਤਿਆਂ ਵਿਚਕਾਰ ਲਮਕਦੇ ਟੀਂਡੇ ਉਸਦੇ ਹੰਝੂਆਂ ਵਾਂਗ ਜਾਪਦੇ ਸਨ।
ਰੰਗਪੁਰ ਜਰਨੈਲੀ ਸੜਕ ਲਾਗੇ ਵੱਸਿਆ ਇਕ ਪਿੰਡ ਸੀ। ਦੂਰੋਂ ਹੀ ਮਸਜਿਦ ਦੇ ਮੀਨਾਰੇ ਤੇ ਸਿੱਖਾਂ ਦੇ ਗੁਰਦਵਾਰੇ ਦਾ ਨਿਸ਼ਾਨ ਸਾਹਿਬ, ਬੱਦਲਾਂ ਦੀ ਭੂਰੀ ਸਫ਼ੇਦੀ ਵਿਰੁੱਧ ਪੀਲਾ-ਪੀਲਾ ਤੇ ਤਣਿਆ ਹੋਇਆ, ਦਿੱਸਣ ਲੱਗ ਪੈਂਦਾ ਸੀ—ਜਿਵੇਂ ਇਹ ਧਾਰਮਿਕ ਸਥਾਨ ਪਿੰਡ ਦੇ ਰਹਾਇਸ਼ੀ ਮਕਾਨਾਂ ਦੇ ਇਤਿਹਾਸ ਤੋਂ ਪਹਿਲਾਂ ਹੀ ਇੱਥੇ ਬਣ ਗਏ ਹੋਣ। ਪਰ ਜੱਥੇ ਵਾਲੇ ਖੁਸ਼ ਸਨ—ਮੁਸਲਮਾਨ ਮਸਜਿਦ ਵਿਚੋਂ ਅਤੇ ਸਿੱਖ-ਹਿੰਦੂ ਗੁਰਦਵਾਰੇ ਵਿਚੋਂ ਮੁਫ਼ਤ ਦਾ ਲੰਗਰ ਛਕ ਕੇ ਆਪਣਾ ਰੋਜ਼ਾਨਾ ਭੱਤਾ ਬਚਾ ਸਕਦੇ ਸਨ। ਨਾਲੇ ਹਮੇਸ਼ਾ ਵਾਂਗ ਹੀ ਆਵਾਰਾ ਮੁਰਗੀਆਂ ਵੀ ਚੁਰਾਈਆਂ ਜਾ ਸਕਦੀਆਂ ਸਨ। ਰਤਾ ਅਗਾਂਹ ਵਧੇ ਤਾਂ ਰੰਗਪੁਰ ਦੇ ਪਾਲੀ ਨਜ਼ਰ ਆਉਣ ਲੱਗ ਪਏ—ਉਹ ਪਸ਼ੂਆਂ ਨੂੰ ਖਾਲੀ ਵਿਚੋਂ ਹਿੱਕ ਕੇ ਜਰਨੈਲੀ ਸੜਕ ਵੱਲ ਲੈ ਜਾਣਾ ਚਾਹੁੰਦੇ ਸਨ। ਪਰ ਡੰਗਰ ਸਨ ਕਿ ਵਿਚਾਲੇ ਹੀ ਅੜੇ-ਖਲੋਤੇ, ਆਪਣੀ ਜੂਨ ਵਿਚ ਮਸਤ, ਜੁਗਾਲੀ ਕਰ ਰਹੇ ਸਨ। ਉਹਨਾਂ ਦੇ ਮੂੰਹਾਂ ਵਿਚੋਂ ਵੱਡੇ-ਵੱਡੇ ਪਤਾਸੇ ਜਿਹੇ ਪਾਣੀ ਵਿਚ ਡਿੱਗਦੇ ਤੇ ਫੈਲ ਜਾਂਦੇ—“ਹੋ-ਹੋ, ਤੇਰੀ ਰੱਖਣ ਵਾਲੇ ਦੀ...'' ਪਾਲ਼ੀ ਦੂਰੋਂ ਹੀ ਲਲਕਰਾ ਜਿਹਾ ਮਾਰਦੇ—'ਹੋ-ਹੋ' ਤੇ ਆਪਣੇ ਮੈਲੇ ਚਾਦਰਿਆਂ ਨੂੰ ਚੁੱਕ ਕੇ ਵੱਡੀ ਕੱਸੀ ਦੇ ਨਾਲ ਨਾਲ ਤੁਰੇ ਜਾਂਦੇ...ਠੰਡੇ ਪਾਣੀ ਵਿਚ ਪੈਰ ਧਰਨ ਦੀ ਕਿਸੇ ਵਿਚ ਹਿੰਮਤ ਨਾ ਹੁੰਦੀ। ਤੇ ਫੇਰ ਅੱਜ ਤਾਂ ਪਹਾੜ ਵੱਲੋਂ, ਕਟਾਰ ਦੀ ਧਾਰ ਵਰਗੀ ਤਿੱਖੀ, ਚੀਰਵੀਂ, ਠੰਡੀ ਹਵਾ ਵੀ ਚੱਲ ਰਹੀ ਸੀ। ਜੱਥੇ ਦੇ ਆਦਮੀ ਗਰਮ ਸਰਕਾਰੀ ਪੁਸ਼ਾਕ ਵਿਚ ਕਿਸੇ ਮਹਿੰਗੀ ਸ਼ਰਾਬ ਦਾ ਆਨੰਦ ਮਾਣ ਰਹੇ ਸਨ।
ਸਿਪਾਹੀ ਪਰਦੁਮਨ ਸਿੰਘ ਨੇ ਇਕ ਉੱਚੀ ਵੱਟ ਉੱਤੇ ਖਲੋ ਕੇ ਪਿਛਾਂਹ ਵੱਲ, ਦੂਰ ਤਾਈਂ, ਨਿਗਾਹ ਮਾਰੀ ਤੇ ਬੋਲਿਆ—''ਅਜੇ ਤਾਂ ਧੂੜ ਵੀ ਨਹੀਂ ਦਿਸਦੀ; ਭਰਤੀ ਅਫ਼ਸਰ ਦੀ ਮੋਟਰ ਆਏ ਤੇ ਪਤਾ ਨਾ ਲੱਗੇ!''
ਤੇ ਮੁੜ ਉਹ ਸਾਰੇ ਇਕ ਅਜੀਬ ਅੰਦਾਜ਼ ਵਿਚ ਕਿਲਕਾਰੀਆਂ ਛੱਡਦੇ, ਚਾਂਬੜਾਂ ਮਾਰਦੇ, ਰੰਗਪੁਰ ਵਲ ਤੁਰ ਪਏ ਸਨ। ਰੰਗਪੁਰ ਦਾ ਨੰਬਰਦਾਰ ਵੀ ਉਹਨਾਂ ਦੇ ਨਾਲ ਹੀ ਸੀ। ਜਿਲ੍ਹੇ ਤੋਂ ਇਕ ਸਿੱਧਾ ਪਰਵਾਨਾ ਉਸਦੇ ਨਾਂ ਆਇਆ ਸੀ। ਪਿਛਲੀ ਜੰਗ ਵਿਚ ਉਹਨਾਂ ਇਕ ਸੌ ਚਾਰ ਆਦਮੀ ਭੇਜੇ ਸਨ, ਜਿਹਨਾਂ ਦੀ ਬਹਾਦਰੀ ਤੇ ਕੁਰਬਾਨੀ ਦਾ ਪੱਥਰ ਕਿਸੇ ਸ਼ਹਿਰ ਦੇ ਅਜਾਇਬ ਘਰ ਵਿਚ ਪਿਆ ਸੀ। ਐਤਕੀਂ ਵੀ ਉਹਨਾਂ ਨੇ ਤੀਹ-ਪੈਂਤੀ ਆਦਮੀ ਭੇਜੇ ਸਨ, ਪਰ ਬਹੁਤ ਸਾਰੇ ਨੌਜਵਾਨ ਅਜੇ ਵੀ ਪਿੰਡ ਵਿਚ ਤੁਰੇ-ਫਿਰਦੇ ਸਨ। ਲੱਛੂ ਸਭ ਦੇ ਘਰੇਲੂ ਹਾਲਾਤ ਜਾਣਦਾ ਸੀ। ਭਾਵ ਇਹ ਕਿ ਲੈਫਟੀਨੈਂਟੀ ਲਈ ਦੋ ਪੜ੍ਹੇ-ਲਿਖੇ, ਪਲੇ-ਪਲਾਏ ਨੌਜਵਾਨਾਂ ਦੀ ਮਾੜੀ ਵਾਲਿਆਂ ਤੋਂ ਆਸ ਸੀ, ਉਸਨੂੰ। ਇਸ ਤੋਂ ਬਿਨਾਂ ਲੱਛੂ ਹੋਰ ਵੀ ਕਈ ਕੰਮ ਕਰਦਾ ਸੀ। ਉਹਨੇ ਬਟੇਰੇ ਪਾਲੇ ਹੋਏ ਸਨ। ਜਦੋਂ ਕਦੀ ਬਟੇਰਿਆਂ ਦੀ ਲੜਾਈ ਕਰਵਾਉਣੀ ਹੁੰਦੀ, ਉਹ ਉਹਨਾਂ ਨੂੰ ਕਈ ਕਈ ਦਿਨ ਭੁੱਖੇ ਰੱਖਦਾ, ਉਹਨਾਂ ਦੀਆਂ ਚੁੰਝਾਂ ਬੰਨ੍ਹ ਦਿੰਦਾ...ਤੇ ਉਹ ਗੁੱਸੇ ਵਿਚ ਭੜਕ ਕੇ ਹਰੇਕ ਆਪਣੇ-ਬਿਗਾਨੇ ਨਾਲ ਲੜ-ਮਰਨ ਲਈ ਤਿਆਰ ਹੋ ਜਾਂਦੇ ਸਨ।
ਮਦਰੱਸੇ ਲਾਗੇ ਪਹੁੰਚ ਕੇ ਹਵਾਲਦਾਰ ਨੇ ਸਿਪਾਹੀ ਪਰਦੁਮਨ ਸਿੰਘ ਨੂੰ ਇਕ ਤੰਬੂ ਲਾਉਣ ਦਾ ਹੁਕਮ ਦਿੱਤਾ। ਰੰਗਪੁਰ ਦੇ ਕੰਮੀ-ਕਮੀਨ, ਨੰਬਰਦਾਰ ਦੇ ਇਸ਼ਾਰੇ ਨਾਲ ਹੀ ਬਹੂਕਰਾਂ-ਝਾੜੂਆਂ ਦੀ ਬਜਾਏ ਆਪਣੇ ਮੂਕਿਆਂ ਨਾਲ ਹੀ ਜ਼ਮੀਨ ਸਾਫ ਕਰਨ ਲੱਗ ਪਏ ਸਨ। ਕੀੜੇ-ਮਕੌੜੇ ਤੇ ਭੱਖੜੇ ਦੇ ਕੰਡੇ ਚਬੁਤਰੇ ਤੋਂ ਹੇਠਾਂ ਸੁੱਟ ਦਿੱਤੇ ਗਏ। ਇਸ ਪਿੱਛੋਂ ਹਵਾਲਦਾਰ ਨੇ ਆਪਣੀ ਬੈਂਡ ਮਾਸਟਰ ਦੀ ਛਾਤੀ ਵਰਗੀ ਪਤਲੀ, ਲੰਮੀ, ਸਖਤ ਉਂਗਲ ਹਵਾ ਵਿਚ ਲਹਿਰਾਈ ਤੇ ਉਹ 'ਅਸਾਂ...ਜੀ' ਗਾਉਣ ਲੱਗ ਪਏ...

'ਬਾਹਰ ਖੜ੍ਹੇ ਰੰਗਰੂਟ ਭਰਤੀ ਹੋ ਜਾ ਓਇ,
ਇੱਥੇ ਤੇ ਪਾਨਾਂ ਏਂ, ਟੁੱਟੀਆਂ ਜੁੱਤੀਆਂ...


ਪਸ਼ੂਆਂ ਨੇ ਰੱਸੇ ਤੁੜਾਉਣੇ ਸ਼ੁਰੂ ਕਰ ਦਿੱਤੇ, ਕਾਂ ਉੱਡ ਗਏ, ਕੁੱਤੇ ਭੌਂਕਣ ਲੱਗ ਪਏ...ਤੇ ਕੁਝ ਚਿਰ ਵਿਚ ਹੀ ਔਰਤਾਂ ਦਿਸਣ ਲੱਗ ਪਈਆਂ। ਕੁਝ ਔਰਤਾਂ ਨੇ ਆਪਣੇ ਨਿੱਕੇ-ਨਿਆਣਿਆਂ ਨੂੰ ਕੁੱਛੜ ਚੁੱਕਿਆ ਹੋਇਆ ਸੀ, ਪਰ ਉਹ ਰਤਾ ਦੂਰ ਹੀ ਖੜ੍ਹੀਆਂ ਸਨ। ਪਿੰਡ ਦੇ ਜੱਟ ਹੱਥਾਂ ਵਿਚ ਦਾਤੀਆਂ ਤੇ ਦੋਸਾਂਗੇ ਫੜ੍ਹੀ ਉੱਥੇ ਆ ਖਲੋਤੇ ਤੇ ਆਪਣੀਆਂ ਸੱਖਣੀਆਂ ਜਿਹੀਆਂ, ਬੇਰੌਣਕ ਅੱਖਾਂ ਨਾਲ ਹਵਾਲਦਾਰ ਤੇ ਉਸਦੇ ਤੰਬੂ ਵੱਲ ਦੇਖਣ ਲੱਗ ਪਏ...ਪਰ ਕਿਸੇ ਸ਼ੱਕੀ ਜਿਹੇ ਜਜ਼ਬੇ ਸਦਕਾ ਉਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋਈ-ਹੋਈ ਸੀ। ਭਰਤੀ ਦੇ ਖ਼ਿਆਲ ਨੇ ਉਹਨਾਂ ਨੂੰ ਓਨਾਂ ਪ੍ਰਭਾਵਿਤ ਨਹੀਂ ਸੀ ਕੀਤਾ, ਜਿਨਾਂ ਗੌਣ-ਪਾਣੀ ਨੇ।
ਜਿੱਥੇ ਚਾਰ ਆਦਮੀ ਜੁੜਦੇ ਉੱਥੇ ਹੀ ਉਹਨਾਂ ਦਾ ਖ਼ੂਨ ਜੋਸ਼ ਮਾਰਨ ਲੱਗ ਪੈਂਦਾ ਤੇ ਵਿਸਾਖੀ ਦੇ ਮੌਸਮੀ ਭੰਗੜੇ, ਝੂੰਮਰ ਜਾਂ ਲੁੱਡੀ, ਉਹਨਾਂ ਨੂੰ ਚੇਤੇ ਆ ਜਾਂਦੇ...ਇਕ ਹੱਥ ਕੰਨ ਉੱਤੇ ਧਰਿਆ ਹੁੰਦਾ ਤੇ ਦੂਜਾ ਆਸਮਾਨ ਵੱਲ ਕਰਕੇ—'ਓ ਆਈ ਵਿਸਾਖੀ...ਤੇ ਗਈ ਵਿਸਾਖੀ' ਦਾ ਬੇਮੌਕੇ ਗੀਤਾ ਗਾ-ਗਾ ਕੇ ਖੜਮਸਤੀਆਂ ਮਚਾਉਂਦੇ।
ਜੱਥੇ ਵਾਲੇ ਗਾ ਰਹੇ ਸਨ...

'ਇੱਥੇ ਤਾਂ ਪਾਨਾਂ ਏਂ, ਟੁੱਟੀਆਂ ਜੁੱਤੀਆਂ,
ਉਥੇ ਮਿਲਣਗੇ ਬੂਟ, ਭਰਤੀ ਹੋ ਜਾ ਓਇ...


ਭੀੜ ਵਿਚੋਂ ਇਕ ਆਦਮੀ ਅਗਾਂਹ ਆਇਆ। ਉਸਦੇ ਅੰਦਰਲਾ ਕੋਈ ਪ੍ਰਸ਼ਨ, ਸੁਭਾਵਿਕ ਹੀ ਬੁੱਲ੍ਹਾਂ ਉੱਤੇ ਆਉਣ ਲਈ ਮਚਲ ਰਿਹਾ ਸੀ। ਉਸਨੇ ਸੰਗਦਿਆਂ-ਸੰਗਦਿਆਂ ਬੂਟਾਂ ਵੱਲ ਦੇਖਿਆ, ਉਸਦਾ ਮੂੰਹ ਲਾਲ ਸੂਹਾ ਹੋ ਗਿਆ। ਫੇਰ ਲਾਲੀ ਪੀਲਕ ਵਿਚ ਬਦਲ ਗਈ ਤੇ ਉਹ ਬਿਨਾਂ ਕੁਝ ਆਖਿਆਂ-ਪੁੱਛਿਆਂ ਹੀ ਵਾਪਸ ਚਲਾ ਗਿਆ...ਸ਼ਾਇਦ ਉਸਨੇ ਨਿੱਕੀ-ਜਿਹੀ ਖੁਦਕਸ਼ੀ ਕਰ ਲਈ ਸੀ...। ਤੇ ਜੱਥੇ ਵਾਲਿਆਂ ਦੇ ਵੱਡੇ-ਵੱਡੇ ਬੂਟਾਂ ਦਾ ਕਾਲਾ ਪਾਲਸ਼ ਚਮਕ ਰਿਹਾ ਸੀ। ਮੇਲਾ ਤੇ ਜਹੂਰਾ ਜਿੱਥੇ ਖੜ੍ਹੇ ਸਨ, ਉੱਥੇ ਸੂਰਜ ਦੀਆਂ ਕਿਰਨਾ, ਬੂਟਾਂ ਦੀ ਪਾਲਸ਼ ਤੋਂ ਤਿਲ੍ਹਕ ਕੇ ਦੋਵਾਂ ਦੀਆਂ ਅੱਖਾਂ ਵਿਚ ਪੈ ਰਹੀਆਂ ਸਨ। ਸੂਰਜ ਨੇ ਭਾਵੇਂ ਕੁਝ ਚਿਰ ਪਿੱਛੋਂ ਹੀ ਬੱਦਲਾਂ ਉਹਲੇ ਹੋ ਜਾਣਾ ਸੀ।
ਜਹੂਰੇ ਨੇ ਆਪਣੇ ਗਾਮਾਸ਼ਾਹੀ ਬੂਟਾਂ ਵਲ ਦੇਖਿਆ, ਉਹ ਕਾਫੀ ਪੁਰਾਣੇ ਹੋ ਚੁੱਕੇ ਸਨ ਤੇ ਲੋਬੀਆ (ਮਾਂਹ) ਦੇ ਕਿਆਰੇ ਵਿਚੋਂ ਲੰਘਣ ਸਦਕਾ ਉਹਨਾਂ ਉਤੇ ਚਿੱਕੜ ਲੱਗਿਆ ਹੋਇਆ ਸੀ। ਗਿੱਲੀ ਮਿੱਟੀ ਦੀ ਭੂਸਲੀ ਜਿਹੀ ਚਮਕ ਜਹੂਰੇ ਦੀਆਂ ਅੱਖਾਂ ਵਿਚ ਰੜਕਨ ਲੱਗ ਪਈ ਤੇ ਉਹ ਚਿੱਕੜ ਉਸਨੂੰ ਕਿਸੇ ਅਸੀਮ ਅਫ਼ਰੀਕੀ ਦਲਦਲ ਵਾਂਗ ਜਾਪਿਆ; ਜਿਸ ਵਿਚ ਇਕ ਵਾਰੀ ਫਸ ਜਾਈਏ ਤਾਂ ਨਿਕਲ ਸਕਣਾ ਮੁਹਾਲ ਹੁੰਦਾ ਹੈ...। ਭੀੜ ਦੇ ਪਿੱਛਲੇ ਪਾਸੇ ਖੂਹੀ ਕੋਲ, ਰੱਖੋ ਅਚਾਰੀਅਨ ਆਪਣਾ ਨਿੱਕਾ ਬਾਲ ਚੁੱਕੀ ਖੜ੍ਹੀ ਸੀ। ਉਸਨੇ, ਮਨ ਹੀ ਮਨ, ਇਹ ਕਾਲੇ ਬੂਟ ਆਪਣੇ ਅਚਾਰਜ ਦੇ ਪਾਏ ਦੇਖੇ...ਭਾਵੇਂ ਉਹ ਇਹਨਾਂ ਦਾ ਇਕ ਠੁੱਡਾ ਵੀ ਨਹੀਂ ਸੀ ਝੱਲਣ ਜੋਗੀ। ਸਭ ਗੱਲਾਂ ਠੀਕ ਸਨ ਪਰ ਬੂਟਾਂ ਦੇ ਸੁਹੱਪਣ ਤੋਂ ਮੁਨਕਰ ਨਹੀਂ ਸੀ ਹੋਇਆ ਜਾ ਸਕਦਾ। ਜੱਥੇ ਵਾਲਿਆਂ ਦਾ ਘਰਾਟ ਰਾਗ ਜਾਰੀ ਸੀ...

'ਇੱਥੇ ਤੇ ਪਾਨਾਂ ਏਂ, ਵਗਦੀਆਂ ਲੀਰਾਂ
ਉਥੇ ਮਿਲਣਗੇ ਸੂਟ, ਭਰਤੀ ਹੋ ਜਾ ਓਇ...
ਇੱਥੇ ਤੇ ਖਾਨਾਂ ਏਂ, ਗਾਜਰ ਮੂਲੀ
ਉਥੇ ਮਿਲਣਗੇ ਫਰੂਟ, ਭਰਤੀ ਹੋ ਜਾ ਓਇ...


ਅਸਮਾਨ ਉੱਤੇ ਬੱਦਲ ਤੈਰ ਰਹੇ ਸਨ ਤੇ ਸੂਰਜ ਹਵਾ ਦੀ ਕਟਾਰ ਨੂੰ ਖੁੰਡਿਆਂ ਕਰਨ ਲਈ ਪੂਰਾ ਟਿੱਲ ਲਾ ਰਿਹਾ ਸੀ। ਪਿੰਡ ਵਾਲੇ ਆਪਣੇ ਅੱਧ-ਨੰਗੇ ਪਿੰਡਿਆਂ ਨੂੰ ਢਕਦੇ ਹੋਏ ਜੱਥੇ ਵਾਲਿਆਂ ਦੇ ਗਰਮ ਕੱਪੜਿਆਂ ਤੇ ਉਹਨਾਂ ਨਾਲ ਖੱਚਰਾਂ-ਖੋਤਿਆਂ ਉੱਤੇ ਲੱਦੀ ਰਸਦ ਨੂੰ ਬੜੀਆਂ ਲਾਲਚੀ ਨਜ਼ਰਾਂ ਨਾਲ ਵਿੰਹਦੇ ਹੋਏ ਆਪਣੇ ਮੂੰਹ ਵਿਚ ਆ ਰਹੇ ਪਾਣੀ ਦੇ ਵੱਡੇ-ਵੱਡੇ ਘੁੱਟ ਅੰਦਰ ਲੰਘਾ ਰਹੇ ਸਨ।
ਪਹਾੜ ਵਾਲੇ ਪਾਸਿਓਂ ਧੂੜ ਦਾ ਇਕ ਬੱਦਲ ਉਠਿਆ ਤੇ ਵਿੰਹਦਿਆਂ-ਵਿੰਹਦਿਆਂ ਸਾਰੇ ਪਿੰਡ ਦੇ ਅਸਮਾਨ ਉੱਤੇ ਛਾ ਗਿਆ। ਭੀੜ ਵਿਚੋਂ ਕਈ ਆਦਮੀਆਂ ਨੇ ਅਸਮਾਨ ਵੱਲ ਦੇਖਿਆ ਪਰ ਉਹਨਾਂ ਦੀ ਸਮਝ ਵਿਚ ਕੁਝ ਨਾ ਆਇਆ। ਉਹ ਫੇਰ ਹਵਾਲਦਾਰ ਦੀ ਟੂਨਿਕ ਤੇ ਸਿਪਾਹੀਆਂ ਦੀਆਂ ਬਰਾਂਡੀਆਂ ਵੱਲ ਦੇਖਣ ਲੱਗ ਪਏ—ਪਿੰਡ ਦਾ ਇਕੋ ਇਕ ਸਫ਼ੇਦਾ ਲਿਫ਼-ਲਿਫ਼ ਕੇ ਨਿੱਕੀਆਂ ਟਾਹਲੀਆਂ ਨਾਲ ਖੁਸਰ-ਮੁਸਰ ਕਰ ਰਿਹਾ ਸੀ। ਸਿਪਾਹੀ ਪਰਦੁਮਨ ਸਿੰਘ ਨੇ ਹਯਾਤੇ ਨੂੰ ਕਿਹਾ—''ਭਰਤੀ ਅਫ਼ਸਰ ਆ ਰਿਹਾ ਏ ਸ਼ਾਇਦ।'' ਹਯਾਤੇ ਨੂੰ ਉਹਦੀ ਗੱਲ ਦੀ ਸਮਝ ਨਹੀਂ ਸੀ ਆਈ ਸ਼ਾਇਦ...ਉਸਨੇ ਉਂਜ ਹੀ ਧੌਣ ਹਿਲਾ ਦਿੱਤੀ ਸੀ ਤੇ ਆਪਣੀ ਹੂਟਵੀਂ ਜਿਹੀ ਭੈੜੀ ਆਵਾਜ਼ ਵਿਚ ਗਾਉਂਦਾ ਰਿਹਾ ਸੀ...

'ਇੱਥੇ ਤੇ ਮਿਲਦਾ ਏ, ਦਾਤਰੀ ਰੰਬਾ
ਉਥੇ ਮਿਲੇਗੀ ਬੰਦੂਕ, ਭਰਤੀ ਹੋ ਜਾ ਓਇ...'


ਹੁਣ ਤੋਂ ਪਹਿਲਾਂ ਪਿੰਡ ਦੇ ਬੰਦਿਆਂ ਦਾ ਧਿਆਨ ਢਿੱਡ ਤੇ ਤਨ ਦੇ ਸੁੱਖਾਂ ਵੱਲ ਸੀ ਪਰ ਸ਼ਬਦ ਬੰਦੂਕ ਨੇ ਉਹਨਾਂ ਦੇ ਦਿਮਾਗ਼ਾਂ ਵਿਚ ਇਕ ਸੰਜੀਦਗੀ ਅਤੇ ਫਤਹਿ ਦਾ ਅਹਿਸਾਸ ਭਰ ਦਿੱਤਾ। ਬੰਤਾ ਸਿੰਘ ਨੇ ਪਿਛਲੀ ਛਿਮਾਹੀ ਵਿਚ ਚਾਰ ਵਾਰੀ ਮੋਘਾ ਬੰਦ ਕੀਤਾ ਸੀ ਤੇ ਮੇਲਾ ਸਿੰਘ ਉਸਨੂੰ ਜਾਨੋਂ ਮਾਰ ਸਕਦਾ ਸੀ...ਜਹੂਰਾ ਆਪਣੀ ਤੀਵੀਂ ਦੇ ਆਸ਼ਕ ਤੋਂ ਬਦਲਾ ਲੈ ਸਕਦਾ ਸੀ। ਬਚਪਣ ਵਿਚ ਕਾਵਾਂ ਦੇ ਆਲ੍ਹਣੇ ਢਾਊਣ, ਬੀਰ ਬਹੂਟੀਆਂ ਦਾ ਤੇਲ ਕੱਢਣ ਤੇ ਮਕੌੜਿਆਂ ਨੂੰ ਜੁੱਤੀ ਹੇਠ ਮਿੱਧਣ ਵਾਲੀਆਂ ਪ੍ਰਵਿਰਤੀਆਂ ਇਸ ਉਮਰ ਵਿਚ ਆਪਣੇ ਹਮ-ਜਿਨਸ ਨੂੰ ਮਾਰ ਮੁਕਾਉਣ ਦੇ ਜਨੂੰਨ ਤਕ ਅੱਪੜ ਗਈਆਂ ਸਨ।
ਉਹ ਕਾਫੀ ਚਿਰ ਸੰਘ ਪਾੜਦੇ ਰਹੇ।...ਤੇ ਫੇਰ ਜਦੋਂ ਉਹ ਠੰਡੇ ਹੋ ਗਏ ਤਾਂ ਹਵਾਲਦਾਰ ਨੇ ਲੱਛੂ ਨੂੰ ਕੁਝ ਬੋਲਣ ਲਈ ਕਿਹਾ। ਲੱਛੂ ਕਿੱਧਰਲਾ ਬੁਲਾਰਾ ਸੀ ਭਲਾ! ਉਸਨੇ ਉਹੋ ਕੁਝ ਊਲ-ਜਲੂਲ ਬੋਲਿਆ ਜਿਹੜਾ ਜੱਥੇ ਵਾਲਿਆਂ ਨੇ ਭਰਤੀ ਗੀਤ ਵਜੋਂ ਸੁਣਾਇਆ ਸੀ।...ਤੇ ਬਹੁਤਾ ਜੋਰ ਇਸੇ ਗੱਲ ਉੱਤੇ ਦਿੱਤਾ ਕਿ ਉੱਥੇ ਦੁਨੀਆਂ ਦੀ ਹਰੇਕ ਸ਼ੈ ਮਿਲਦੀ ਹੈ, ਪਰ ਲੱਛੂ ਏਨਾ ਮੂਰਖ ਵੀ ਨਹੀਂ ਸੀ ਕਿ ਉਹੀ ਗੱਲਾਂ ਦੁਹਰਾ ਕੇ ਚੁੱਪ ਕਰ ਜਾਂਦਾ—ਉਸਨੇ ਮਦਰੱਸੇ ਦੀ ਥੋਹਰ ਦੀ ਵਾੜ ਲਾਗੇ ਖੜ੍ਹੀ ਬੁੱਢੀ ਵੱਲ ਇਸ਼ਾਰਾ ਕਰਕੇ ਇਹ ਗੱਲ ਵੀ ਆਖੀ, ''ਯਕੀਨ ਨਹੀਂ ਤਾਂ ਪੁੱਛੋ ਜਿਓਣੇ ਦੀ ਬੇਬੇ ਨੂੰ, ਬਈ ਇਸਨੂੰ ਚੜ੍ਹੇ ਮਹੀਨੇ ਦਸ ਰੁਪਈਆਂ ਦਾ ਨੀਲਾ ਮਨੀਆਡਰ ਨਹੀਂ ਆਉਂਦਾ?'' ਜਿਓਣੇ ਦੀ ਬੇਬੇ ਦੇ ਅੰਦਰ ਜਿਵੇਂ ਕੁਝ ਰਿੱਝਣ ਲੱਗ ਪਿਆ। ਉਸਨੇ ਕੁਝ ਆਖਣਾ ਚਾਹਿਆ ਪਰ—''ਅਰੀ-ਹੁੰ...ਆ-ਹੰਗ'' ਦੀਆਂ ਆਵਾਜ਼ਾਂ ਪਿੱਛੋਂ ਹੀ ਆਪਣਾ ਗਲਾ ਮਲਣ ਲੱਗ ਪਈ। ਉਸਦੇ ਗਲੇ ਵਿਚ ਬਲਗਮ ਅੱਟਕ ਗਈ ਸੀ।
ਔਰਤਾਂ ਤੇ ਮਰਦਾਂ ਦੇ ਖ਼ਿਆਲਾਂ ਵਿਚ ਰੁਪਈਆਂ ਦੀ ਸਫ਼ੇਦੀ ਤੇ ਮਨੀਆਡਰ ਦੀ ਨੀਲੀ ਭਾਅ 'ਰਲਗੱਡ' ਹੋ ਗਈ। ਉਹਨਾਂ ਦੇ ਕੰਨਾਂ ਵਿਚ ਭਰਤੀ ਗੀਤ ਤੇ ਜਿਓਣੇ ਦੀ ਮਾਂ ਦੀ 'ਅਰੀ-ਹੁੰ...ਆ–ਹੰਗ' ਗੁੱਥਮ-ਗੁੱਥਾ ਹੋ ਰਹੇ ਸਨ। ਅਸਮਾਨ ਦੀ ਹਨੇਰੀ ਕੁਝ ਹੋਰ ਸੰਘਣੀ ਹੋ ਗਈ। ਖੜੱਪ-ਖੜੱਪ ਦੀਆਂ ਆਵਾਜ਼ਾਂ ਆਉਣ ਲੱਗੀਆਂ ਜਿਵੇਂ ਅਣਗਿਣਤ ਪੈਰ ਉਤਾਂਹ ਉਠ ਕੇ ਇਕਸਾਰ ਜ਼ਮੀਨ ਉੱਤੇ ਵੱਜ ਰਹੇ ਹੋਣ। ਸਿਪਾਹੀ ਹਯਾਤੇ ਨੇ ਖੂਹ ਦੇ ਚਬੂਤਰੇ ਉੱਤੇ ਚੜ੍ਹ ਕੇ ਦੱਖਣ ਵੱਲ ਦੇਖਿਆ, ਜਰਨੈਲੀ ਸੜਕ ਉੱਤੇ ਦੂਰ ਦੂਰ ਤਕ ਕੁਝ ਵੀ ਨਹੀਂ ਸੀ ਦਿਸ ਰਿਹਾ। ਭਰਤੀ ਅਫ਼ਸਰ ਦੀ ਮੋਟਰ ਹੁੰਦੀ ਤਾਂ ਬੜਾ ਚਿਰ ਪਹਿਲਾਂ ਹੀ ਰੰਗਪੁਰ ਪਹੁੰਚ ਗਈ ਹੁੰਦੀ। ਦੂਰ ਸੜਕ ਉੱਤੇ ਇਕ ਬਿੰਦੂ ਜਿਹਾ ਦਿਸਦਾ ਸੀ ਜਿਹੜਾ ਹਰ ਪਲ ਫੈਲਦਾ ਜਾ ਰਿਹਾ ਸੀ।
ਡੋਗਰਾ ਹਵਾਲਦਾਰ ਨੇ ਰਜਿਸਟਰ ਖੋਹਲਿਆ ਤੇ ਠੋਡੀ ਉੱਤੇ ਹੱਥ ਰੱਖ ਕੇ ਲਿਖਣ ਲਈ ਤਿਆਰ-ਬਰ-ਤਿਆਰ ਬੈਠ ਗਿਆ।...ਪਰ ਦੂਰੋਂ ਆਉਂਦੀ ਬੈਂਡ ਦੀ ਗੂੰਜ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜਰਨੈਲੀ ਸੜਕ ਉੱਤੇ ਉਹ ਬਿੰਦੂ ਕਾਫੀ ਵੱਡਾ ਹੋ ਗਿਆ ਸੀ। ਕੁਝ ਚਿਰ ਬਾਅਦ ਹੀ ਲੋਕਾਂ ਨੂੰ ਅਗਲੇ ਚਾਰ ਬੰਦੇ ਸਾਫ ਦਿਸਣ ਲੱਗ ਪਏ ਤੇ ਉਹਨਾਂ ਪਿੱਛੇ ਹੋਰ ਵੀ ਬੜੇ ਆਦਮੀ ਸਨ...ਤੇ ਫੇਰ ਸਾਰੀ ਦੀ ਸਾਰੀ ਪਲਟਨ ਹੀ ਦਿਸਣ ਲੱਗ ਪਈ।
ਲੈਫ਼ਟ-ਰਾਈਟ, ਲੈਫ਼ਟ-ਰਾਈਟ...ਲੈਫ਼ਟ-ਰਾਈਟ, ਲੈਫ਼ਟ-ਰਈਟ...' ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਪਤਲੀ ਜਿਹੀ ਧੂੜ ਦੀ ਚਾਦਰ ਸਾਰੇ ਰੰਗਪੁਰ ਉੱਤੇ ਛਾ ਗਈ। ਸਿਪਾਹੀ ਪਿੰਡ ਦੇ ਲੋਕਾਂ ਵੱਲ ਵਿੰਹਦੇ ਹੋਏ ਜਰਨੈਲੀ ਸੜਕ ਉੱਤੇ ਤੁਰੇ ਜਾ ਰਹੇ ਸਨ। ਉਹਨਾਂ ਦੇ ਪਿੱਛੋਂ ਖੱਚਰ ਤੇ ਨਿੱਕੀਆਂ-ਨਿੱਕੀਆਂ ਗੱਡੀਆਂ ਲੰਘੀਆਂ। ਵਿਚਾਲੇ ਇਕ ਵੱਡਾ ਸਾਰਾ ਅਸਤਰ ਇਕ ਭਾਰੇ ਰੇਹੜੇ ਨੂੰ ਖਿੱਚ ਰਿਹਾ ਸੀ। ਉਹਨਾਂ ਗੱਡੀਆਂ ਤੇ ਛਕੜਿਆਂ ਵਿਚ ਸ਼ਾਇਦ ਰਸਦ ਸੀ। ਫੇਰ ਕੋਈ ਡੇਢ ਕੁ ਫਰਲਾਂਗ ਲੰਮੀ ਸਿਪਾਹੀਆਂ ਦੀ ਕਤਾਰ ਸੀ। ਉਹਨਾਂ ਦੀਆ ਹਿੱਕਾਂ ਉੱਤੇ ਤਮਗ਼ੇ ਲੱਗੇ ਹੋਏ ਸਨ ਤੇ ਮੋਢਿਆਂ ਉੱਤੇ ਫੀਤੀਆਂ। ਕਿਸੇ ਕਿਸੇ ਦੇ ਧਾਤ ਦੇ ਬਣੇ ਸਿਤਾਰੇ ਤੇ ਤਾਜ ਵੀ—'ਲੈਫ਼ਟ-ਰਾਈਟ, ਲੈਫ਼ਟ-ਰਾਈਟ'-ਫੌਜ ਲੰਘਦੀ ਰਹੀ। ਪੈਰਾਂ ਦੇ ਨਾਲ ਨਾਲ ਉਹਨਾਂ ਦੀਆਂ ਬਾਹਾਂ ਵੀ ਇਕਸਾਰ ਅਗਾਂਹ-ਪਿਛਾਂਹ ਜਾਂਦੀਆਂ ਸਨ। ਸੂਰਜ ਨਿਕਲਿਆ ਤਾਂ ਹਵਾ ਕੁਝ ਹੋਰ ਤੇਜ਼ ਚੱਲਣ ਲੱਗੀ।...ਪਰ ਆਦਮੀਆਂ ਦੇ ਏਸ ਵਧ ਰਹੇ ਹੜ੍ਹ ਨੂੰ ਕੋਈ ਵਰੋਲਾ ਜਾਂ ਕੋਈ ਝਖੇੜਾ ਨਹੀਂ ਸੀ ਰੋਕ ਸਕਦਾ। ਪਲਟਨ ਦੇ ਆਦਮੀ ਕਿਸੇ ਦੂਰ ਦੇ ਇਲਾਕੇ ਦੇ ਜਾਪਦੇ ਸਨ। ਉਹਨਾਂ ਦਾ ਰੰਗ ਕਾਲਾ ਸੀ ਤੇ ਕੱਦ ਮਧਰੇ ਸਨ—ਦੱਖਣ ਵਿਚ ਕਿਤੇ ਭਰਤੀ ਹੋਏ ਹੋਣਗੇ। ਦੋ ਵਰ੍ਹੇ ਇਰਾਕ ਵਿਚ ਰੱਖ ਕੇ ਉਹਨਾਂ ਨੂੰ ਪੰਜਾਬ ਵਿਚ ਤਬਦੀਲ ਕਰ ਦਿੱਤਾ ਗਿਆ ਹੋਏਗਾ।...ਤੇ ਹੁਣ ਉਹਨਾਂ ਨੂੰ ਕਦੀ ਪਿਸ਼ਾਵਰ, ਕਦੀ ਸਿਆਲਕੋਟ, ਕਦੀ ਲਾਹੌਰ ਤੇ ਕਦੀ ਜਿਹਲਮ ਭੇਜ ਦਿੱਤਾ ਜਾਂਦਾ ਹੈ। ਉਹ ਹਮੇਸ਼ਾ—ਕਦੀ ਗੱਡੀ ਵਿਚ ਤੇ ਕਦੀ ਪੈਦਲ—ਕਿਸੇ ਅਣਜਾਣ ਮੁਹਾਜ ਵੱਲ ਵਧਦੇ ਹੀ ਰਹਿੰਦੇ ਨੇ।
ਪਲਟਨ ਦਾ ਆਖਰੀ ਸਿਰਾ ਰੰਗਪੁਰ ਦੇ ਵਾਸੀਆਂ ਸਾਹਮਣਿਓਂ ਲੰਘ ਰਿਹਾ ਸੀ। ਪਿਛਲੀਆਂ ਕਤਾਰਾਂ ਵਿਚ ਇਕ ਸਿਪਾਹੀ ਨੇ ਆਪਣੇ ਸਾਥੀ ਨਾਲ ਖੁਸਰ-ਫੁਸਰ ਕੀਤੀ ਤੇ ਆਪਣੇ ਜਮਾਂਦਾਰ ਦੀਆਂ ਨਜ਼ਰਾਂ ਤੋਂ ਬਚਦਾ-ਬਚਾਉਂਦਾ ਸੜਕ ਤੋਂ ਹੇਠਾਂ ਉਤਰ ਆਇਆ। ਉਸਦਾ ਜਿਸਮ ਨਿਰਾ ਹੱਡੀਆਂ ਦਾ ਪਿੰਜਰ ਜਾਪਦਾ ਸੀ। ਚਿਹਰੇ ਉੱਤੇ ਮੌਸਮ ਦੇ ਪ੍ਰਤੀਕਰਮ ਸਾਫ ਉੱਕਰੇ ਹੋਏ ਸਨ। ਉਮਰ ਦੇ ਲਿਹਾਜ਼ ਨਾਲ ਨਾ ਉਹ ਜਵਾਨ ਸੀ, ਨਾ ਬੁੱਢਾ। ਕਤਾਰ ਚੋਂ ਬਾਹਰ ਆ ਕੇ ਉਸਨੇ ਆਪਣੀਆਂ ਚੂੰਹਦੀਆਂ ਅੱਖਾਂ ਉੱਤੇ ਹੱਥ ਰੱਖ ਕੇ ਬੜੇ ਗਹੁ ਨਾਲ ਖੂਹੀ ਵੱਲ ਦੇਖਿਆ...ਜਿੱਥੇ ਰੱਖੋ ਅਚਾਰੀਆ-ਬੱਚਾ ਚੁੱਕੀ ਖੜ੍ਹੀ ਸੀ। ਉਹ ਨੱਸ ਕੇ ਰੱਖੋ ਕੋਲ ਪਹੁੰਚਿਆ ਤੇ ਬੋਲਿਆ, ''ਅੰਮਾਂ, ਕੀ ਤੂੰ ਆਪਣਾ ਇਹ ਬਾਲ ਮੈਨੂੰ ਫੜਾ ਸਕਦੀ ਏਂ?''
ਰੱਖੋ ਭਵੰਤਰ ਗਈ; ਉਸਨੇ ਆਪਣੇ ਚੌਹੀਂ ਪਾਸੀਂ ਦੇਖਿਆ।
''ਸਿਰਫ ਬਿੰਦ ਕੁ ਲਈ ਅੰਮਾਂ...।''
ਸਿਪਾਹੀ ਨੇ ਮਿੰਨਤ ਕੀਤੀ ਸੀ—''ਬਿੰਦ ਕੁ ਲਈ...'' ਤੇ ਰੱਖੋ ਨੇ ਕਨੂੰ-ਮੱਛੀ ਵਾਂਗ, ਕੂਲਾ-ਮੁਲੈਮ ਬੱਚਾ ਉਸਦੇ ਕੰਬਦੇ ਹੱਥਾਂ ਉੱਤੇ ਰੱਖ ਦਿੱਤਾ ਸੀ। ਬਿੰਦ ਦਾ ਬਿੰਦ ਜਿਵੇਂ ਉਹ ਸਿਲ-ਪੱਥਰ ਹੀ ਹੋ ਗਿਆ ਸੀ ਤੇ ਬਗ਼ੈਰ ਅੱਖਾਂ ਝਪਕੇ ਬੱਚੇ ਵੱਲ ਦੇਖਦਾ ਰਿਹਾ ਸੀ। ਫੇਰ ਬੱਚੇ ਦੇ ਪਿੰਡੇ ਦੇ ਸਾਧਾਰਨ ਨਿੱਘ ਸਦਕਾ ਹੀ ਉਸਦੇ ਅਹਿਸਾਸ ਜਾਰੀ ਸਨ। ਉਸਨੇ ਬੱਚੇ ਨੂੰ ਚੁੰਮਿਆਂ, ਆਪਣੀ ਹਿੱਕ ਨਾਲ ਲਾਇਆ ਤੇ ਉਸਦਾ ਰੋਣ ਨਿਕਲ ਗਿਆ...ਬੱਚਾ ਮਾਂ ਨੂੰ ਫੜਾ ਕੇ ਉਹ ਮੁੜ ਸਿਪਾਹੀਆਂ ਨਾਲ ਜਾ ਰਲਣ ਲਈ, ਡਿੱਗਦਾ-ਢਹਿੰਦਾ ਹੋਇਆ, ਨੱਸ ਗਿਆ।
੦੦੦ ੦੦੦ ੦੦੦

No comments:

Post a Comment