Sunday, May 3, 2009

ਉਹ ਮੈਂ ਹੀ ਸੀ :: ਲੇਖਕਾ : ਮਰਿਦੁਲਾ ਗਰਗ ; मृदुला गर्ग

ਹਿੰਦੀ ਕਹਾਣੀ : ਉਹ ਮੈਂ ਹੀ ਸੀ :: ਲੇਖਕਾ : ਮਰਿਦੁਲਾ ਗਰਗ ; मृदुला गर्ग ; Maridula Garg
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

----------------------------------------
ਇਹ ਕਹਾਣੀ, ਲਕੀਰ ਦੇ ਅੰਕ : 105 ; ਅਪ੍ਰੈਲ-ਜੁਲਾਈ 2008. ਵਿਚ ਛਪੀ।
----------------------------------------

ਜਦ ਵੀ ਉਮਾ ਨੂੰ ਉਹ ਔਰਤ ਯਾਦ ਆਉਂਦੀ, ਭੈਅ ਦੀ ਚਾਦਰ ਜਿਹੀ ਉਸਦੇ ਸਾਰੇ ਵਜੂਦ ਉੱਤੇ ਲਿਪਟ ਜਾਂਦੀ। ਉਹ ਔਰਤ ਜਿਹੜੀ ਕਮਰੇ ਵਿਚ ਉਸੇ ਪਲੰਘ ਉੱਤੇ ਬੱਚਾ ਜੰਮਦੀ ਮਰੀ ਸੀ, ਜਿਸ ਉੱਤੇ ਅੱਜ ਕੱਲ੍ਹ ਉਸਨੂੰ ਪੈਣਾ ਪੈਂਦਾ ਸੀ। ਕਈ ਵਾਰੀ ਸੋਚਦੀ ਸੀ ਆਪਣਾ ਬਿਸਤਰਾ ਚੁੱਕ ਕੇ ਦੂਜੇ ਕਮਰੇ ਵਿਚ ਲੈ ਜਾਵੇ ਤੇ ਫਰਸ਼ ਉੱਤੇ ਵਿਛਾਅ ਕੇ ਸੌਂ ਜਾਵੇ। ਪਰ ਆਪਣੇ ਡਰ ਨੂੰ ਦੂਜਿਆਂ ਨੁੰ ਸਮਝਾਉਣਾ ਏਨਾ ਆਸਾਨ ਨਹੀਂ ਸੀ। ਮਨੀਸ਼ ਨੂੰ ਤਾਂ ਬਿਲਕੁਲ ਵੀ ਨਹੀਂ। ਉਸਨੂੰ ਕਿਹਾ ਤਾਂ ਉਹ ਖ਼ਾਲੀ-ਸੁੰਨੀਆਂ ਅੱਖਾਂ ਨਾਲ ਉਸ ਵੱਲ ਦੇਖਦਾ ਰਹੇਗਾ ਤੇ ਆਪਣੀ ਗੱਲ ਸਮਝਾਅ ਨਾ ਸਕਣ ਦਾ ਡਰ ਉਸਦੀ ਦਹਿਸ਼ਤ ਨੂੰ ਹੋਰ ਵਧਾਅ ਦਵੇਗਾ। ਮਾਂ ਜੀ ਨੂੰ ਕਿਹਾ ਤਾਂ ਉਹ ਉਹੀ ਕਿੱਸਾ ਸੁਣਾਉਣਾ ਸ਼ੁਰੂ ਕਰ ਦੇਣਗੇ, ਜਿਸ ਤੋਂ ਉਸਨੂੰ ਭੈ ਆਉਂਦਾ ਹੈ।

ਜਦ ਉਹ ਇਸ ਘਰ ਵਿਚ ਆਈ, ਤੇਰੇ ਵਾਂਗ ਗਰਭਵਤੀ ਸੀ। ਇੱਥੇ ਕਾਰਖ਼ਾਨੇ ਦੀ ਨਵੀਂ ਸ਼ਾਖ ਸ਼ੁਰੂ ਹੋਈ ਤਾਂ ਉਸਦੇ ਪਤੀ ਦੀ ਬਦਲੀ ਅਚਾਨਕ ਵੱਡੇ ਸ਼ਹਿਰ ਤੋਂ ਇਸ ਕਸਬੇ ਦੀ ਹੋ ਗਈ। ਆਖ਼ਰੀ ਮਹੀਨਾ ਬੜਾ ਮਾੜਾ ਲੰਘਿਆ ਉਸਦਾ। ਰਾਤ ਨੂੰ ਬਿਸਤਰੇ ਵਿਚ ਪੈਂਦੀ ਤਾਂ ਅੱਧੇ-ਅੱਧੇ ਘੰਟੇ ਤੋਂ ਉਠ ਬਹਿੰਦੀ। ਛਾਤੀ ਮਲ ਕੇ ਕਹਿੰਦੀ, ਸਾਹ ਨਹੀਂ ਆ ਰਿਹਾ। ਵਾਰੀ ਵਾਰੀ ਇਹੋ ਕਹਿੰਦੀ, ਸਾਹ ਨਹੀਂ ਆਉਂਦਾ ਪਿਆ। ਲੋਕ ਕਹਿੰਦੇ, ਸਬਰ ਕਰ, ਆਦਤ ਪੈ ਜਾਵੇਗੀ। ਇਹ ਜਿਹੜਾ ਕਾਰਖ਼ਾਨੇ ਦਾ ਸੀਮਿੰਟ ਉੱਡਦਾ ਏ ਨਾ, ਉਹੀ ਹਵਾ ਨੂੰ ਭਾਰੀ ਕਰ ਦੇਂਦਾ ਹੈ, ਉਸੇ ਕਰਕੇ ਸਾਹ ਨਹੀਂ ਆਉਂਦਾ। ਕਿਸੇ ਨੂੰ ਨਹੀਂ ਆਉਂਦਾ, ਸ਼ੁਰੂ-ਸ਼ੁਰੂ ਵਿਚ, ਫੇਰ ਆਦਤ ਪੈ ਜਾਂਦੀ ਹੈ। ਸਾਰਿਆਂ ਨੂੰ ਪੈ ਗਈ ਤਾਂ ਉਸਨੂੰ ਕਿਉਂ ਨਹੀਂ ਪਵੇਗੀ। ਉਹ ਸਾਰੀ-ਸਾਰੀ ਰਾਤ ਬੈਠ ਕੇ ਲੰਘਾਅ ਦੇਂਦੀ। ਕੋਸ਼ਿਸ਼ ਕਰਦੀ ਬਹੁਤੀ ਤੁਰੇ ਫਿਰੇ ਨਾ, ਪਤੀ ਨੇ ਨੀਂਦ ਪੂਰੀ ਕਰਨੀ ਹੈ। ਕਾਰਖ਼ਾਨੇ ਵਿਚ ਨਵੀਂ ਨਵੀਂ ਬਦਲੀ ਹੋਈ ਹੈ, ਕੰਮ ਦਾ ਬੋਝ ਏਨਾਂ ਹੈ ਕਿ ਬਿਸਤਰੇ 'ਤੇ ਪੈਂਦਿਆਂ ਹੀ ਨੱਕ ਬੋਲਣ ਲੱਗ ਪੈਂਦੀ ਹੈ।

ਫੇਰ ਵੀ, ਦਿਨੇਂ ਮੌਕਾ ਮਿਲਦਿਆਂ ਹੀ ਕਹਿਣ ਲੱਗਦੀ। ਉਹ ਜਾਣਦੀ ਹੈ, ਉਹ ਬੱਚਾ ਜੰਮਦੀ ਹੋਈ ਬਚੇਗੀ ਨਹੀਂ। ਸ਼ੁਰੂ-ਸ਼ੁਰੂ ਵਿਚ ਪਤੀ ਸੁਣਦਾ ਤੇ ਸੁਸਤ ਹੋ ਜਾਂਦਾ। ਕਿਹੜੇ ਮਾੜੇ ਵੇਲੇ, ਇਸ ਕਸਬੇ ਵਿਚ ਸੁੱਟਿਆ ਗਿਆ ਹੈ। ਨਾ ਹਸਪਤਾਲ, ਨਾ ਡਾਕਟਰ, ਪਰ ਕਰਦਾ ਕੀ ਵਿਚਾਰਾ। ਨਾ ਖ਼ੁਦ ਦੀ ਮਾਂ ਜਿਊਂਦੀ ਨਾ ਪਤਨੀ ਦੀ, ਛੱਡਦਾ ਵੀ ਤਾਂ ਕਿੱਥੇ ਉਸਨੂੰ ? ਉਸਦੇ ਸਾਹਮਣੇ ਉਹ ਇਹੀ ਕਹਿੰਦਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ। ਉਸਦੀ ਗੱਲ ਹਾਸੇ ਵਿਚ ਟਾਲਦਿਆਂ-ਟਾਲਦਿਆਂ ਆਦਤ ਪੈ ਗਈ ਤੇ ਹੌਲੀ-ਹੌਲੀ ਉਸਨੇ ਧਿਆਨ ਦੇਣਾ ਬੰਦ ਕਰ ਦਿੱਤਾ। ਰੋਜ਼-ਰੋਜ਼ ਇੱਕੋ ਗੱਲ ਕੋਈ ਕਦੋਂ ਤਕ ਸੁਣੇ।

ਉਮਾ ਸੁਣਦੀ ਤੇ ਸੋਚਦੀ, ਪਰ ਇਹ ਤਾਂ ਮੇਰੀ ਕਹਾਣੀ ਹੈ। ਬਿਲਕੁਲ ਮੇਰੀ ਕਹਾਣੀ। ਪਰ ਕਹਿੰਦੀ ਨਹੀਂ। ਕਿਸ ਨੂੰ ਕਹੇ ? ਮਨੀਸ਼ ਦੀ ਮਾਂ ਜਿਊਂਦੀ ਸੀ ਤੇ ਉਸਦੀ ਆਪਣੀ ਵੀ।

ਫੇਰ ਉਸ ਔਰਤ ਉੱਤੇ ਸਫਾਈ ਦਾ ਫਤੂਰ ਸਵਾਰ ਹੋ ਗਿਆ। ਸਾਰੀ-ਸਾਰੀ ਰਾਤ ਨਾ ਸੰਵੇਂ, ਨਾ ਸਾਹ ਲਵੇ, ਬਸ ਘਰ ਨੂੰ ਸਜਾਉਂਦੀ ਤੁਰੀ ਫਿਰੇ। ਕਲਾਤਮਿਕ ਰੁਚੀ ਦੀ ਸੀ, ਤਸਵੀਰਾਂ ਬਣਾਉਂਦੀ ਸੀ। ਹੁਣ ਕੀ ਹੋਇਆ ਕਿ ਦਿਨ ਰਾਤ ਕੈਨਵਾਸ ਉੱਤੇ ਰੰਗ ਪੋਚਣ ਵਿਚ ਆਪਣੇ ਆਪ ਨੂੰ ਖਪਾਅ ਦਿੱਤਾ। ਘਰ ਦੀਆਂ ਸਾਰੀਆਂ ਕੰਧਾਂ, ਆਪਣੀਆਂ ਬਣਾਈਆਂ, ਤਸਵੀਰਾਂ ਨਾਲ ਭਰ ਦਿੱਤੀਆਂ। ਫਰਸ਼ ਦੀ ਉਹ ਰਗੜਾਈ-ਧਵਾਈ ਕੀਤੀ ਕਿ ਪੁੱਛੋ ਨਾ। ਕੰਪਨੀ ਦੀਆਂ ਮੇਜ਼ ਕੁਰਸੀਆਂ ਚੁੱਕ ਕੇ ਸਟੋਰ ਵਿਚ ਬੰਦ ਕਰ ਦਿੱਤੀਆਂ। ਇਹ ਪਲੰਘ ਉਸਨੇ ਖ਼ੁਦ ਕੋਲ ਖਲੋ ਕੇ ਮਿਸਤਰੀ ਕੋਲੋਂ ਬਣਵਾਇਆ ਸੀ। ਪਲੰਘ ਕੀ ਸੀ ਤਖ਼ਤਪੋਸ਼ ਸਮਝੋ। ਹਾਂ, ਲੱਕੜ ਵਧੀਆ ਲਵਾਈ ਤੇ ਬਣਵਾਇਆ ਵੀ ਖ਼ੂਬ ਲੰਮਾਂ-ਚੌੜਾ। ਪਰ ਥੱਲੇ ਤਾਂ ਕਿੰਨਾ ਏਂ, ਫਰਸ਼ ਤੋਂ ਕੁਲ ਛੇ ਇੰਚ ਉੱਚਾ। ਗੱਦਾ ਵੀ ਪਤਲਾ ਜਿਹਾ। ਪਤਾ ਈ ਕਿਉਂ ? ਦਿਮਾਗ਼ ਵਿਚ ਇਹ ਖ਼ਿਆਲ ਜਚ ਗਿਆ ਸੀ ਕਿ ਕਮਰੇ ਦਾ ਸਾਰਾ ਸਾਮਾਨ ਬਾਹਰ ਕੱਢ ਕੇ ਨੀਵਾਂ ਪਲੰਘ ਡਾਹ ਲਵੇਗੀ ਤਾਂ ਕਮਰਾ ਵੱਡਾ ਤੇ ਖ਼ਾਲੀ ਲੱਗੇਗਾ। ਖ਼ਾਲੀ ਜਗ੍ਹਾ ਵਿਚ ਹਵਾ ਕਾਬੂ ਆ ਜਾਵੇਗੀ ਤੇ ਉਹ ਸਾਹ ਲੈ ਸਕੇਗੀ। ਸਾਹ ਆਉਣ ਲੱਗ ਪਏ ਤਾਂ ਹੋ ਸਕਦਾ ਏ ਬਈ ਕਿਸੇ ਰਾਤ ਨੀਂਦ ਵੀ ਆ ਜਾਵੇ। ਪਰ ਉਮੀਦ ਕਦ ਪੂਰੀ ਹੋਈ। ਸੀਮਿੰਟ ਦੇ ਕਣ ਓਵੇਂ ਦੀ ਜਿਵੇਂ ਹਵਾ ਨੂੰ ਭਰੀ-ਭਾਰੀ ਰੱਖਦੇ, ਉਸਦੇ ਫੇਫੜਿਆਂ ਨੂੰ ਚੈਲੰਜ ਦਿੰਦੇ ਰਹਿੰਦੇ ਤੇ ਉਹ ਛਾਤੀ ਮਲਦੀ ਰਾਤ ਭਰ ਇਧਰ ਉਧਰ ਤੁਰੀ ਫਿਰਦੀ। ਉਸਨੂੰ ਲੱਗਦਾ ਉਸਦਾ ਅਣਜੰਮਿਆਂ ਬੱਚਾ ਛਾਤੀ ਵਿਚ ਆ ਕੇ ਅਟਕ ਗਿਆ ਹੈ। ਕਦੀ ਕਦੀ ਮਹਿਸੂਸ ਹੁੰਦਾ, ਉਹ ਜਿਊਂਦਾ ਨਹੀ, ਮਰ ਚੁੱਕਿਆ ਹੈ। ਅੰਦਰ ਪਿਆ ਫੋੜੇ ਵਾਂਗ ਗਲ-ਸੜ ਰਿਹਾ ਹੈ। ਇਸੇ ਕਰਕੇ ਸਾਹ ਨਹੀਂ ਆਉਂਦਾ, ਨੀਂਦ ਗਾਇਬ ਹੋ ਗਈ ਹੈ, ਖੁੱਲ੍ਹੀਆਂ ਅੱਖਾਂ ਵਿਚ ਬੁਰੇ-ਬੁਰੇ ਸੁਪਨੇ ਆਉਂਦੇ---ਪਰ ਪੱਕਾ ਪਤਾ ਕਰਨ ਦਾ ਕੋਈ ਤਰੀਕਾ ਨਹੀਂ ਸੀ। ਕਸਬੇ ਵਿਚ ਨਾ ਹਸਪਤਾਲ ਸੀ, ਨਾ ਐਕਸਰੇ ਮਸ਼ੀਨ, ਨਾ ਡਾਕਟਰ। ਇੰਤਜ਼ਾਰ ਦੇ ਸਿਵਾਏ ਕੋਈ ਚਾਰਾ ਨਹੀਂ ਸੀ---ਉਸ ਛਿਣ ਦਾ, ਜਦੋਂ ਪੇਟ ਵਿਚ ਦਰਦ ਸ਼ੁਰੂ ਹੋਵੇ ਤੇ ਬੱਚਾ ਖ਼ੁਦ-ਬ-ਖ਼ੁਦ ਜਨਮ ਲੈ ਲਵੇ। ਦਾਈ ਦਾ ਕੰਮ ਤਾਂ ਨਾੜੂ ਕੱਟਣਾ ਤੇ ਬੱਚੇ ਨੂੰ ਨੁਹਾਉਣਾ ਹੀ ਸੀ ਸਿਰਫ। ਕੁਦਰਤ ਸਾਥ ਨਾ ਦੇਵੇ ਤਾਂ ਮੌਤ ਨਾਲ ਕੌਣ ਲੜ ਸਕਦਾ ਹੈ। ਦਾਈ ਜੋ ਕਰ ਸਕਦੀ ਸੀ, ਕੀਤਾ। ਉਸ ਔਰਤ ਦੀ ਕਿਸਮਤ ਖ਼ਰਾਬ ਸੀ। ਬੱਚੇ ਦਾ ਸਿਰ ਮਾਂ ਦੇ ਜਿਸਮ ਵਿਚ ਫਸਿਆ ਰਹਿ ਗਿਆ। ਬਾਹਰ ਆ ਹੀ ਨਹੀਂ ਸਕਿਆ। ਪਿੱਛੋਂ ਸੁਣਿਆ, ਵੱਡੇ ਸ਼ਹਿਰ ਵਾਲੇ ਉਸਦੇ ਸਿਆਣੂ ਕਹਿ ਰਹੇ ਸਨ, ਫਾਰਸੈਪਸ ਨਾਲ ਬੱਚੇ ਨੂੰ ਬਾਹਰ ਖਿੱਚ ਲੈਂਦੇ ਤਾਂ ਦੋਵਾਂ ਦੀ ਜਾਨ ਬਚ ਜਾਂਦੀ। ਪਰ ਇੱਥੇ ਕੌਣ ਵਰਤਨਾ ਜਾਣਦਾ ਏ ਫਾਰਸੈਪਸ ? ਮਰ ਗਈ ਬੱਚੇ ਸਮੇਤ ਇਸੇ ਕਮਰੇ ਵਿਚ, ਇਸੇ ਵੱਡੇ ਤਖ਼ਤ ਉੱਤੇ, ਜਿਸ ਉੱਤੇ ਤੂੰ ਲੇਟੀ ਹੋਈ ਏਂ। ਬਦਕਿਸਮਤ ਸੀ ਵਿਚਾਰੀ।

ਬਦਕਿਸਤਮ ਜਾਂ ਸਿਰਫ ਔਰਤ---ਉਮਾ ਸੋਚਦੀ। ਇਹ ਉਸਦੀ ਕਹਾਣੀ ਹੈ ਜਾਂ ਮੇਰੀ ਜਾਂ ਹਰੇਕ ਔਰਤ ਦੀ, ਜਿਹੜੀ ਆਪਣੇ ਵਰਗ ਤੇ ਸਥਾਨ ਨਾਲੋਂ ਤੋੜ ਕੇ ਦੂਜੀ ਜਗ੍ਹਾ ਸੁੱਟ ਦਿੱਤੀ ਜਾਂਦੀ ਹੈ ? ਜਦ ਉਹ ਵਿਆਹ ਤੋਂ ਪਹਿਲਾਂ ਕਾਲੇਜ ਵਿਚ ਅਰਥਸ਼ਾਸਤਰ ਪੜ੍ਹਾਉਂਦੀ ਸੀ ਤਾਂ ਉਸਦੀ ਹੈਡ ਨੇ ਇਕ ਵਾਰੀ ਕਿਹਾ ਸੀ, ਵਿਆਹ ਕਰਦਿਆਂ ਹੋਇਆਂ ਜਿਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਉਹ ਹੈ ਸਥਾਨਮੂਲਕ-ਤੁਸ਼ਟੀਗੁਣ, ਯਾਨੀ ਪਲੇਸ ਯੁਟਿਲਿਟੀ। ਉਮਾ ਸਮੇਤ ਸਾਰੇ ਹੱਸ ਪਏ ਸਨ। ਭਾਰਤ ਵਰਗੇ ਅਨੰਤ ਅਸਮਾਨਤਾਵਾਂ ਵਾਲੇ ਦੇਸ਼ ਵਿਚ ਵਰਗ ਤੇ ਸਥਾਨ ਦੀ ਭੂਮਿਕਾ ਇਕੋ ਜਿਹੀ ਹੀ ਹੈ। ਸਿਰਫ ਔਰਤ ਇਕ ਅਜਿਹੀ ਚੀਜ਼ ਹੈ ਜਿਸਨੂੰ ਕਿਤੋਂ ਉਖਾੜ ਕੇ ਕਿਤੇ ਸੁੱਟਿਆ ਜਾ ਸਕਦਾ ਹੈ, ਇਸ ਧਾਰਨਾਂ ਨਾਲ ਕਿ ਉਹ ਜੜ੍ਹਾਂ ਜਮਾਅ ਹੀ ਲਵੇਗੀ। ਇੰਜ ਤਾਂ ਕੋਈ ਕਿਕਰ, ਕਰੀਰ, ਨਾਲ ਵੀ ਨਹੀਂ ਕਰਦਾ। ਪਰ ਕਸੂਰ ਕਿਸ ਦਾ ਹੈ ? ਖ਼ੁਦ ਔਰਤ ਦਾ ਨਾ। ਪਰਜੀਵੀ ਵਾਂਗ ਉਡੀਕ ਕਿਉਂ ਕਰਦੀ ਹੈ ਕਿ ਕੋਈ ਸੁਦ੍ਰਿੜ੍ਹ ਜੜਾਂ ਵਾਲਾ ਬਿਰਖ ਮਿਲੇ ਤਾਂ ਉਸਦੇ ਮੋਢਿਆਂ ਉੱਤੇ ਚੜ੍ਹ ਕੇ ਜਿਊਣਾ ਸ਼ੁਰੂ ਕਰ ਦੇਵੇ। ਜੜਹੀਣ ਕਿਉਂ ਸਮਝਦੀ ਰਹਿੰਦੀ ਹੈ ਖ਼ੁਦ ਨੂੰ।

ਨਹੀਂ, ਇਸ ਸਭ ਮਾਂ ਜੀ ਨੂੰ ਨਹੀਂ ਕਹਿੰਦੀ। ਉਹਨਾਂ ਦਾ ਇਕੋ ਜਵਾਬ ਹੁੰਦਾ, ਤੇਰੇ ਮਾਂ-ਪਿਓ ਨੂੰ ਸ਼ਾਦੀ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਮਾਂ-ਪਿਓ ਨੂੰ ; ਉਮਾ ਨੂੰ ਨਹੀਂ। ਮਨੀਸ਼ ਨੂੰ ਕਹਿਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ। ਅਣਬੁੱਝ, ਉਕਤਾਈਆਂ, ਸੱਖਣੀਆਂ ਅੱਖਾਂ ਨਾਲ ਉਸ ਵੱਲ ਦੇਖਦੇ ਰਹਿਣ ਪਿੱਛੋਂ ਜਿਹੜੀ ਸਮਝ ਉਸਦੀਆਂ ਅੱਖਾਂ ਵਿਚ ਉਪਜਦੀ, ਉਹ ਸਿਰਫ ਇਹ ਕਹਿੰਦੀ ਕਿ ਉਸਦੀਆਂ ਗੱਲਾਂ ਦਾ ਬੁਰਾ ਕੀ ਮੰਨਣਾ, ਗਰਭਵਤੀ ਜ਼ਨਾਨੀਆਂ ਤਾਂ ਊਲ-ਜਲੂਲ ਸੋਚਦੀਆਂ ਹੀ ਰਹਿੰਦੀਆਂ ਨੇ। ਕਹਿੰਦੀ ਕੀ, ਇਸ ਬਾਰੇ ਲੰਮਾਂ ਸੋਚਦੀ ਵੀ ਨਹੀਂ ਸੀ ਉਹ। ਉਂਜ ਹੀ ਟੋਟਾ-ਟੋਟਾ ਤਰਕ ਦਿਮਾਗ਼ ਵਿਚ ਉਠਦੇ ਰਹਿੰਦੇ ਤੇ ਕੈਂਕਰਾਂ ਵਾਂਗ ਦਹਿਸ਼ਤ ਮਨ ਵਿਚ ਰੜਕਦੀ ਰਹਿੰਦੀ। ਫੇਰ ਰਾਤ ਦੇ ਹਨੇਰੇ ਵਿਚ ਇਕ ਛਿਣ ਅਜਿਹਾ ਆਉਂਦਾ, ਜਦ ਇਕ ਅਸੀਮ ਆਂਤੰਕ ਉਸਦੇ ਪੂਰੇ ਵਜੂਦ ਉੱਤੇ ਭਾਰੂ ਹੋ ਜਾਂਦਾ।

ਅਣਚਾਹਿਆਂ ਵੀ ਉਸਨੂੰ ਉਹੀ ਕਹਾਣੀ ਵਾਰ ਵਾਰ ਸੁਣਨੀ ਪੈਂਦੀ। ਮਾਂ ਜੀ ਨਾ ਸੁਣਾਉਂਦੇ ਤਾਂ ਕੋਈ ਹੋਰ ਔਰਤ ਆ ਕੇ ਸੁਣਾ ਜਾਂਦੀ। ਉਹਨਾਂ ਨੇ ਵੀ ਤਾਂ ਉਹਨਾਂ ਸਾਰੀਆਂ ਤੋਂ ਸੁਣ-ਸੁਣ ਕੇ ਰਟੀ ਹੋਈ ਸੀ। ਮੁਨੀਸ਼ ਦੀ ਨਵੀਂ-ਨਵੀਂ ਬਦਲੀ ਇਸ ਕਸਬੇ ਵਿਚ ਹੋਈ ਸੀ, ਇਸ ਲਈ ਕਾਰਖ਼ਾਨੇ ਵਿਚ ਕੰਮ ਕਰਨ ਵਾਲੇ ਸਾਰੇ ਅਫ਼ਸਰਾਂ ਤੇ ਬਾਊਆਂ ਦੀਆਂ ਪਤਨੀਆਂ, ਇਕ ਇਕ ਕਰਕੇ ਉਹਨਾਂ ਨੂੰ ਮਿਲਣ ਆ ਚੁੱਕੀਆਂ ਸਨ। ਸਭ ਦੀ ਜ਼ੁਬਾਨ ਉੱਤੇ ਛੇ ਮਹੀਨੇ ਪਹਿਲਾਂ ਮੋਈ ਔਰਤ ਦੀ ਕਹਾਣੀ ਸੀ, ਜਿਸਨੂੰ ਆਪੋ-ਆਪਣੀ ਸ਼ੈਲੀ ਵਿਚ ਸੁਣਾਅ ਜਾਂਦੀਆਂ ਸਨ ਉਹ।
***

ਔਰਤ ਮਰ ਗਈ ਤਾਂ ਪਤੀ ਦਾ ਦਿਲ ਟੁੱਟ ਗਿਆ। ਇਸ ਘਰ ਵਿਚ ਰਹਿ ਨਾ ਸਕਿਆ। ਅਗਲੇ ਦਿਨ ਗੁਆਂਢੀਆਂ ਦੇ ਘਰ ਜਾ ਟਿਕਿਆ ਤੇ ਮੈਨੇਜ਼ਰ ਨੂੰ ਦਰਖ਼ਵਾਸਤ ਦੇ ਦਿਤੀ ਕਿ ਉਸਦਾ ਘਰ ਬਦਲ ਦਿਤਾ ਜਾਵੇ। ਇਸ ਘਰ ਦੇ ਪਿੱਛੇ, ਜ਼ਰਾ ਸੱਜੇ ਪਾਸੇ ਜਿਹੜਾ ਘਰ ਹੈ, ਉਹ ਅਲਾਟ ਹੋਇਆ ਸੀ ਉਸਨੂੰ। ਅੱਜਕੱਲ੍ਹ ਇੱਥੇ ਹੈ ਨਹੀਂ। ਵਿਆਹ ਕਰਵਾਉਣ ਦਿੱਲੀ ਗਿਆ ਹੋਇਆ ਹੈ। ਆਦਮੀ ਇਕੱਲਾ ਕਦ ਤੀਕ ਰਹੇ। ਛੇ ਮਹੀਨੇ ਬੀਤ ਚੱਲੇ। ਚੰਗਾ ਹੋਇਆ ਬੱਚਾ ਮਾਂ ਦੇ ਨਾਲ ਹੀ ਨਿੱਬੜ ਗਿਆ, ਵਰਨਾ ਕੌਣ ਪਾਲਦਾ ਵਿਚਾਰੇ ਨੂੰ। ਆਦਮੀ ਦਾ ਤਾਂ ਦਿਲ ਅਜਿਹਾ ਟੁੱਟਿਆ ਕਿ ਘਰ ਛੱਡ ਕੇ ਜਾਣ ਵੇਲੇ ਇਹ ਪਲੰਘ ਇੱਥੇ ਹੀ ਛੱਡ ਗਿਆ। ਕਹਿਣ ਲੱਗਿਆ, ਮੈਥੋਂ ਦੇਖਿਆ ਨਹੀਂ ਜਾਂਦਾ। ਉਸਦੀਆਂ ਦਹਿਸ਼ਤਨਾਕ ਚੀਖ਼ਾਂ ਤੇ ਬੱਚੇ ਦੀ ਬੇਆਵਾਜ਼ ਮੌਤ ਦਾ ਸਾਕਸ਼ੀ ਹੈ ਇਹ। ਹਰ ਵੇਲੇ ਉਸਦੀ ਯਾਦ ਕਰਵਾਏਗਾ। ਬੜੀਆਂ ਸੱਧਰਾਂ ਨਾਲ ਬਣਵਾਇਆ ਸੀ ਬਦਕਿਸਮਤ ਨੇ।

ਦਾਈ ਦੇ ਬਾਹਰ ਆ ਕੇ ਕਹਿਣ 'ਤੇ ਕਿ ਦੋਵੇਂ ਮੁੱਕ ਗਏ, ਉਹ ਰੋਂਦਾ ਹੋਇਆ ਕਮਰੇ ਵਿਚ ਵੜਿਆ ਤਾਂ ਸਭ ਤੋਂ ਪਹਿਲਾਂ ਖ਼ੂਨ ਨਾਲ ਤਰ ਹੋਇਆ ਪਲੰਘ ਦਿਸਿਆ। ਫੇਰ ਪਲੰਘ ਉੱਤੇ ਪਈ ਉਸਦੀ ਲਾਸ਼। ਉਹ ਚੀਕ ਮਾਰ ਕੇ ਬੇਹੋਸ਼ ਹੋ ਗਿਆ ਸੀ ਤੇ ਬਾਕੀ ਲੋਕ ਵੀ ਡਰ ਕੇ ਥਾਵੇਂ ਗੱਡੇ ਗਏ ਸਨ। ਔਰਤ ਦੀ ਲਾਸ਼ ਦੀਆਂ ਅੱਖਾਂ ਪੂਰੀਆਂ ਖੁੱਲ੍ਹੀਆਂ ਹੋਈਆਂ ਸਨ। ਅਜਿਹਾ ਖ਼ੌਫ਼ ਤੇ ਦਰਦ ਭਰਿਆ ਹੋਇਆ ਸੀ ਉਹਨਾਂ ਵਿਚ ਕਿ ਕਿਸੇ ਦੀ ਨੇੜੇ ਜਾਣ ਦੀ ਹਿੰਮਤ ਹੀ ਨਹੀਂ ਸੀ ਪਈ। ਸੁਣਿਆਂ, ਸ਼ਮਸ਼ਾਨ ਵਿਚ ਡੂੰਮ ਨੇ ਹੀ ਅੱਖਾਂ ਬੰਦ ਕੀਤੀਆਂ ਸਨ ਉਸਦੀਆਂ। ਬੱਚਾ ਉਸਦੇ ਨਾਲ ਸੜਿਆ। ਅਟਕਿਆ ਜੋ ਹੋਇਆ ਸੀ ਵਿਚਕਾਰ। ਨਾ ਪੂਰਾ ਬਾਹਰ, ਨਾ ਪੂਰਾ ਅੰਦਰ। ਕੋਈ ਲੇਡੀ ਡਾਕਟਰ ਹੁੰਦੀ ਤਾਂ ਬਾਹਰ ਖਿੱਚ ਕੇ ਦੇਖ ਲੈਂਦੀ, ਮਰਿਆ ਹੈ ਜਾਂ ਜਿਊਂਦਾ। ਪਰ…ਦੇਖ ਕੇ ਹੁੰਦਾ ਕੀ ? ਜਿਊਂਦਾ ਵੀ ਹੁੰਦਾ ਤਾਂ ਪਾਲਦਾ ਕੌਣ ? ਤੂੰ ਦੇਖਿਆ ਨਹੀਂ ਬੱਚਿਆਂ ਦੇ ਕਿੰਨੇ ਕਿੰਨੇ ਸੁੰਦਰ ਚਿੱਤਰ ਬਣਾਏ ਸੀ ਉਸਨੇ। ਉਸ ਘਰ ਵਿਚ ਲੱਗੇ ਨੇ, ਦੇਖ ਆਵੀਂ ਕਿਸੇ ਦਿਨ। ਸਾਰੇ ਦੇ ਸਾਰੇ ਲਾਹ ਕੇ ਲੈ ਗਿਆ ਸੀ ਉਸਦਾ ਪਤੀ। ਬਸ, ਇਕ ਇਹ ਪਲੰਘ ਛੱਡ ਗਿਆ ਸੀ। ਉਂਜ ਧੋ-ਪੂੰਝ ਕੇ ਸਾਫ ਕਰ ਦਿੱਤਾ ਸੀ ਇਕ ਗੁਆਂਢੀ ਨੇ, ਪਟਨੇ ਸ਼ਹਿਰ ਤੋਂ ਡੱਬਾ ਲਿਆ ਕੇ ਪਾਲਿਸ਼ ਵੀ ਫੇਰ ਦਿੱਤੀ ਸੀ, ਬਿਸਤਰਾ ਸੁੱਟਿਆ ਜਾ ਚੁੱਕਿਆ ਸੀ, ਪਰ ਉਹ ਲੈ ਜਾਣ ਲਈ ਤਿਆਰ ਨਹੀਂ ਹੋਇਆ। ਮੈਨੇਜ਼ਰ ਕਹਿਣ ਲੱਗਾ ਕਾਰਖ਼ਾਨੇ ਦੇ ਸਟੋਰ ਵਿਚ ਪਲੰਘ ਵੈਸੇ ਹੀ ਘੱਟ ਨੇ, ਕੁਝ ਟੁੱਟ-ਫੁੱਟ ਗਏ, ਕੁਝ ਅਫ਼ਸਰਾਂ ਦੀ ਬਹਾਲੀ ਵਧ ਗਈ। ਜਿਹੜਾ ਅਗਲਾ ਅਫ਼ਸਰ ਇਸ ਮਕਾਨ ਵਿਚ ਆਇਆ ਇਸਤੇਮਾਲ ਕਰ ਲਵੇਗਾ। ਪਲੰਘ ਹੈ ਵਧੀਆਂ, ਕਿਉਂ ?

ਕਹਾਣੀ ਸੁਣਦੇ ਸੁਣਦੇ ਉਸਦਾ ਚਿਹਰਾ ਪੀਲਾ ਪੈ ਜਾਂਦਾ, ਸਾਹ ਘੁਟਣ ਲੱਗਦਾ, ਢਿੱਡ 'ਚ ਹੌਲ ਦਾ ਗੋਲਾ ਉੱਠ ਪੈਂਦਾ, ਸਿਰ ਘੁੰਮਣ ਲੱਗਦਾ ਤੇ ਵੱਤ ਲੈਂਦੀ ਹੋਈ ਉਹ ਉਸੇ ਪਲੰਘ ਉੱਤੇ ਨਿਢਾਲ ਜਿਹੀ ਹੋ ਕੇ ਲੇਟ ਜਾਂਦੀ। ਆਉਣ ਵਾਲੀ ਅਫ਼ਸਰ ਦੀ ਤੀਵੀਂ ਹੁੰਦੀ ਤਾਂ ਕੰਨ ਕੋਲ ਮੂੰਹ ਕਰਕੇ ਘੁਸਰ-ਮੁਸਰ ਕਰਦੀ---"ਬੱਚਾ ਏਥੇ ਨਾ ਹੋਣ ਦੇਵੀਂ। ਇੱਥੋਂ ਦੀ ਦਾਈ ਦਸ ਬੱਚੇ ਜਮਾਉਂਦੀ ਏ ਤਾਂ ਸੱਤ ਮਾਵਾਂ ਮਰ ਜਾਂਦੀਆਂ ਨੇ। ਮੇਰੇ ਦੋਵੇਂ ਬੱਚੇ ਸ਼ਹਿਰ ਈ ਹੋਏ, ਮਾਂ ਦੇ ਘਰ। ਤੂੰ ਆਪਣੀ ਮਾਂ ਕੋਲ ਦਿੱਲੀ ਕਿਉਂ ਨਹੀਂ ਚਲੀ ਜਾਂਦੀ ?" ਕਲਰਕ ਦੀ ਪਤਨੀ ਹੁੰਦੀ ਤਾਂ ਕਹਿੰਦੀ---"ਤੁਸੀਂ ਇਹ ਘਰ ਕਿਵੇਂ ਲੈ ਲਿਆ ਜੀ, ਛੇ ਮਹੀਨਿਆਂ ਦਾ ਖਾਲੀ ਪਿਆ ਸੀ, ਕੋਈ ਇਸ ਵਿਚ ਆਉਣ ਲਈ ਤਿਆਰ ਈ ਨਹੀਂ ਸੀ ਹੁੰਦਾ। ਉਸ ਔਰਤ ਦਾ ਭੂਤ…ਤੁਸੀਂ ਤਾਂ ਗਰਭਵਤੀ ਵੀ ਓ। ਬੱਚਾ ਜੰਮਣ ਆਪਣੀ ਮਾਂ ਕੋਲ ਕਿਉਂ ਨਹੀਂ ਚਲੇ ਜਾਂਦੇ ? ਤੁਹਾਡੀ ਸੱਸ ਨਹੀਂ ਮੰਨਦੀ ਕਿ ?" ਕੋਈ ਕੋਈ ਔਰਤ ਤਾਂ ਮਾਂ ਨੂੰ ਆਖ ਵੀ ਦਿੰਦੀ। ਤੇ ਉਹ ਲੰਮਾਂ ਸਾਹ ਖਿੱਚ ਕੇ ਕਹਿੰਦੇ---"ਇਸ ਦੇ ਮਾਂ-ਪਿਓ ! ਉਹਨਾਂ ਨੂੰ ਆਪਣੇ ਸੈਰ-ਸਪਾਟਿਆਂ ਤੋਂ ਵਿਹਲ ਮਿਲੇ ਫੇਰ ਈ ਨਾ !"

ਉਹ ਗੱਲ ਨਹੀਂ ਹੈ। ਉਸਦੇ ਮਾਂ-ਪਿਓ ਤੇ ਛੋਟੀਆਂ ਭੈਣਾ ਸੰਵੇਦਨਹੀਣ ਨਹੀਂ ਹਨ। ਉਹ ਤਾਂ ਉਹਨਾਂ ਦੀ ਮਹਾਨਗਰੀ-ਦ੍ਰਿਸ਼ਟੀ ਹੈ, ਜਿਹੜੀ ਉਹਨਾਂ ਨੂੰ ਬਿਹਾਰ ਦੇ ਇਸ ਧੁਰ ਕਸਬੇ ਦੀ ਅਸਲੀਅਤ ਦਿਖਾਈ ਨਹੀਂ ਦਿੰਦੀ। ਉਹ ਜਾਣਦੇ ਹੀ ਨਹੀਂ ਕਿ ਉਹਨਾਂ ਦੇ ਦੇਸ਼ ਵਿਚ ਅਜਿਹੇ ਪਿੰਡ-ਕਸਬੇ ਵੀ ਹਨ, ਜਿੱਥੇ ਡਾਕਟਰ ਨਹੀਂ, ਇਲਾਜ਼ ਦੀਆਂ ਸਹੂਲਤਾਂ ਨਹੀਂ, ਜਿੱਥੇ ਹਰ ਬਿਮਾਰੀ ਦਾ ਇਲਾਜ਼ ਐਸਪਰੀਨ ਦੀ ਗੋਲੀ ਜਾਂ ਤੁਲਸੀ ਦਾ ਕਾੜ੍ਹਾ ਹੈ। ਦਿੱਲੀ ਸ਼ਹਿਰ ਵਿਚ ਵੀ ਲੱਖਾਂ ਲੋਕ ਹਨ, ਜਿਹੜੇ ਇਹਨਾਂ ਕਸਬਈ ਤਰੀਕਿਆਂ ਨਾਲ ਜਿਊਂਦੇ-ਮਰਦੇ ਹਨ, ਉਹਨਾਂ ਬਾਰੇ ਵੀ ਉਹ ਕੀ ਜਾਣਦੇ ਹਨ ? ਉਹਨਾਂ ਲਈ ਬੱਚੇ ਦੇ ਜਨਮ ਸਮੇਂ ਔਰਤ ਦਾ ਮਰਨਾ ਬਾਜ਼ਾਰੂ ਫਿਲਮਾਂ ਦਾ ਸਟੰਟ ਹੈ ਜਾਂ ਸਸਤੇ ਨਾਵਲ ਦੀ ਗੱਪ। ਉਹ ਜਾਣਦੇ ਹੀ ਨਹੀਂ ਕਸਬਾ ਹੁੰਦਾ ਕੀ ਹੈ ? ਉਹਨਾਂ ਲਈ ਛੋਟੇ ਤੋਂ ਛੋਟਾ ਸ਼ਹਿਰ ਹੈ, ਜੈਪੁਰ ਜਾਂ ਕਾਨ੍ਹਪੁਰ, ਜਿੱਥੇ ਹਸਪਤਾਲ ਘੱਟ ਅਧੁਨਿਕ ਹੁੰਦੇ ਹਨ, ਡਾਕਟਰ ਘੱਟ ਜਾਂ ਵੱਧ ਕਾਬਿਲ ਹੁੰਦੇ ਹਨ, ਪਰ ਹੁੰਦੇ ਜ਼ਰੂਰ ਹਨ। ਘਰ ਦੇ ਬਿਸਤਰੇ ਉੱਤੇ ਦਾਈ ਦੀ ਮਦਦ ਨਾਲ ਇਕ ਪਤੀਲਾ ਉੱਬਲੇ ਪਾਣੀ ਦੇ ਭਰੋਸੇ, ਬੱਚੇ ਨਾਨੀ-ਦਾਦੀ ਨੇ ਜੰਮੇ ਸਨ, ਜਿਹਨਾਂ ਨੂੰ ਉਸਦੀਆਂ ਅਧੁਨਿਕ ਭੈਣਾ ਮਨੁੱਖ ਦਾ ਦਰਜਾ ਦੇਣ ਲਈ ਵੀ ਤਿਆਰ ਨਹੀਂ ਸਨ। ਉਹ ਸੰਵੇਦਨਹੀਣ ਨਹੀਂ, ਸੰਵੇਦਨਸ਼ੀਲ ਸਨ---ਆਪਣੇ ਵਾਤਾਵਰਨ ਦੇ ਪ੍ਰਤੀ। ਉਹੀ ਅਰਥ-ਸ਼ਾਸਤਰ ਦਾ ਸਥਾਨਮੂਲਕ ਤੁਸ਼ਟੀਗੁਣ ! ਵਰਗ ਤੇ ਸਥਾਨ ਦਾ ਨਾ ਪੂਰਿਆ ਜਾ ਸਕਣ ਵਾਲਾ ਪਾੜਾ ਉਹਨਾਂ ਨੂੰ ਬਿਹਾਰ ਦੇ ਇਸ ਉਦਯੋਗਿਕ ਕਸਬੇ ਦੀ ਸੱਚਾਈ ਜਾਣਨ ਨਹੀਂ ਦੇ ਸਕਦਾ ਸੀ।

ਜਦ ਉਸਦੇ ਗਰਭਵਤੀ ਹੋ ਜਾਣ ਪਿੱਛੋਂ ਅਚਾਨਕ ਮਨੀਸ਼ ਦਾ ਤਬਾਦਲਾ ਇੱਥੇ ਹੋ ਜਾਣ ਦੇ ਆਦੇਸ਼ ਆਏ, ਤਾਂ ਉਸਨੇ ਸੁਝਾਅ ਵੀ ਦਿੱਤਾ ਸੀ ਕਿ ਉਮਾ ਮਾਂ-ਬਾਪ ਕੋਲ ਜਾ ਕੇ ਬੱਚੇ ਨੂੰ ਜਨਮ ਦੇ ਲਵੇ। ਸੁਣ ਕੇ ਹੈਰਾਨ ਰਹਿ ਗਏ ਸਨ ਉਹ ਲੋਕ। ਦੋਵਾਂ ਛੋਟੀਆਂ ਭੈਣਾ ਨੂੰ ਲੱਗਿਆ ਸੀ, ਸ਼ਹਿਰ ਵਿਚ ਦੰਗਾ ਹੋ ਗਿਆ ਹੈ। ਉਹਨਾਂ ਦੀ ਵਿਅਸਤ ਸਾਮਾਜਿਕ ਜ਼ਿੰਦਗੀ ਦੀ ਰਫ਼ਤਾਰ ਵਿਚ ਅੜਚਨ ਉਦੋਂ ਹੀ ਆਉਂਦੀ ਸੀ,ਜਦੋਂ ਸ਼ਹਿਰ ਵਿਚ ਫਸਾਦ ਹੋ ਜਾਂਦਾ। ਕਾਲੇਜ ਪਿੱਛੋਂ ਪਿਕਚਰ, ਪਾਰਟੀ, ਨਾਟਕ, ਸੈਰ ਸਪਾਟਾ ਉਹਨਾਂ ਦੀ ਦਿਨ ਕ੍ਰਿਆ ਦੇ ਅਭਿੰਨ ਅੰਗ ਸਨ। ਹਸਪਤਾਲ ਦੀ ਭੱਜ-ਦੌੜ ਤੇ ਬੱਚੇ ਦੀ ਚੈਂ-ਚੈਂ ਲਈ ਉਸ ਵਿਚ ਗੁੰਜਾਇਸ਼ ਨਹੀਂ ਸੀ। ਇੰਜ ਨਹੀਂ ਸੀ ਕਿ ਉਸਦੇ ਬੱਚਾ ਜੰਮਣ ਜਾਂ ਪਾਲਨ ਵਿਚ ਉਹਨਾਂ ਨੂੰ ਕੋਈ ਹੱਥ ਵੰਡਾਉਣਾ ਪੈਂਦਾ, ਬੱਚਾ ਹਸਪਤਾਲ ਵਿਚ ਡਾਕਟਰ ਨਰਸਾਂ ਦੇ ਭਰੋਸੇ ਹੁੰਦਾ, ਪਰ ਬੇਫਿਕਰੀ ਤੇ ਸੈਰ ਤਫਰੀਹ ਵਿਚ ਕੁਝ ਮਨੋਵਿਗਿਆਨਕ ਵਿਘਨ ਤਾਂ ਪੈ ਜੀ ਜਾਂਦਾ ਨਾ। ਮਾਹੌਲ ਵੀ ਕੋਈ ਚੀਜ਼ ਹੁੰਦੀ ਹੈ। ਰਾਤ ਨੂੰ ਬੱਚਾ ਟਾਂ-ਟਾਂ ਕਰਕੇ ਨੀਂਦ ਖਰਾਬ ਕਰਦਾ ਤੇ ਦਿਨੇ ਮੌਜ-ਮਸਤੀ ਕਰਦਿਆਂ ਇਹ ਅਹਿਸਾਸ ਮਨ ਵਿਚ ਚੁਭਦਾ ਰਹਿੰਦਾ ਕਿ ਉਮਾ ਘਰੇ ਇਕੱਲੀ ਹੈ। ਵਧੇ ਢਿੱਡ ਵਾਲੀ ਔਰਤ ਨੂੰ ਆਪਣੇ ਨਾਲ ਲੈ ਕੇ ਬਾਹਰ ਜਾਣਾ ਭੈਣਾ ਦੀ ਸੋਫਿਸਟਿਕੇਟੇਡ ਪ੍ਰਕ੍ਰਿਤੀ ਨੂੰ ਰਾਸ ਨਾ ਆਉਂਦਾ ਤੇ ਉਸਦਾ ਇਕੱਲੇ ਘਰ ਪਏ ਰਹਿਣਾ ਇਨਸਾਫ ਵਾਲੀ ਗੱਲ ਨਾ ਲੱਗਦੀ। ਵਾਧੂ ਦੇ ਧਰਮ ਸੰਕਟ ਵਿਚ ਕੋਈ ਪਵੇ ਹੀ ਕਿਉਂ, ਜਦ ਉਹਨਾਂ ਦੇ ਮਹਾਨਗਰੀ-ਧਰਮ ਅਨੁਸਾਰ, ਬੱਚੇ ਦਾ ਜਨਮ ਉਸਦੀ ਤੇ ਉਸਦੇ ਪਤੀ ਦੀ ਨਿੱਜੀ ਸਮੱਸਿਆ ਸੀ। ਮਾਂ-ਬਾਪ ਦੀ ਹਮਦਰਦੀ ਵੀ ਆਪਣੇ ਮਾਹੌਲ ਨਾਲ ਸੀ। ਉਮਾ ਉਹਨਾਂ ਨੂੰ ਕੀ ਦੋਸ਼ ਦਿੰਦੀ ! ਸ਼ਾਦੀ ਤੋਂ ਪਹਿਲਾਂ ਉਹ ਵੀ ਕਦ ਜਾਣਦੀ ਸੀ ਕਿ ਹਿੰਦੁਸਤਾਨ ਵਿਚ ਅਜਿਹੇ ਪਿੰਡ ਕਸਬੇ ਵੀ ਹਨ, ਜਿੱਥੇ ਡਾਕਟਰ, ਹਸਪਤਾਲ, ਇਲਾਜ਼ ਦੀਆਂ ਮਸ਼ੀਨਾਂ, ਆਕਸੀਜਨ ਤਾਂ ਦੂਰ, ਮਾਮੂਲੀ ਦਵਾਈਆਂ ਤੇ ਇੰਜਕਸ਼ਨ ਵੀ ਨਹੀਂ ਹੁੰਦੇ। ਹੁੰਦਾ ਹੈ ਇਕ ਪ੍ਰਾਥਮਿਕ ਚਕਿਤਸਾ ਕੇਂਦਰ, ਇਕ ਕੰਪਾਊਂਡਰ, ਇਕ ਦਾਈ, ਐਸਪਰੀਨ ਦੀਆਂ ਗੋਲੀਆਂ ਤੇ ਉਬਲਿਆ ਗਰਮ ਪਾਣੀ। ਜਾਣਦੀ ਤਾਂ ਅਣਜਾਣ ਅੰਨ੍ਹੇ ਵਾਂਗ, ਗਰਭ ਧਾਰ, ਇਸ ਕਸਬੇ ਵੱਲ ਤੁਰ ਪੈਂਦੀ ? ਪਰ…ਜਾਂਦੀ ਕਿੱਥੇ ?

ਸ਼ੁਰੂ ਸ਼ੁਰੂ ਵਿਚ ਉਸਨੇ ਮਿਲਣ ਆਉਣ ਵਾਲੀਆਂ ਔਰਤਾਂ ਤੋਂ ਪੁੱਛਿਆ ਵੀ ਸੀ---"ਇਹ ਕੈਸੀ ਜਗ੍ਹਾ ਹੈ ਕਿ ਇੱਥੇ ਕਾਰਖ਼ਾਨਾ ਹੈ, ਘਰ ਨੇ, ਫਰਨੀਚਰ ਹੈ ਪਰ ਹਸਪਤਾਲ ਜਾਂ ਡਾਕਟਰ ਨਹੀਂ ?"

ਜਵਾਬ ਮਿਲਿਆ ਸੀ---"ਹੈ ਕਿਉਂ ਨਹੀਂ। ਮੁੱਢਲੀ ਚਕਿਸਤਸਾ ਲਈ ਛੋਟਾ ਦਵਾਖ਼ਾਨਾ ਹੈ। ਇਕ ਪ੍ਰਾਈਵੇਟ ਫਿਜਿਸ਼ੀਅਨ ਵੀ ਹੈ। ਗੰਭੀਰ ਬਿਮਾਰੀ ਹੋਵੇ ਤਾਂ ਕੰਪਨੀ ਆਪਣੇ ਮੁਲਾਜ਼ਮਾਂ ਨੂੰ ਇਲਾਜ ਲਈ ਪਟਨੇ ਭੇਜ ਦੇਂਦੀ ਹੈ। ਬਸ ਲੇਡੀ ਡਾਕਟਰ ਨਹੀਂ। ਤੋ ਭਾਈ, ਪਿੰਡਾਂ ਵਿਚ ਤਾਂ ਬੱਚੇ ਦਾਈਆਂ ਈ ਜਮਾਉਂਦੀਆਂ ਨੇ। ਹਾਂ, ਜੱਚਾ-ਬੱਚਾ ਦੀ ਮੌਤ ਦਰ ਕਾਫੀ ਵੱਧ ਹੈ। ਪਰ ਕੀ ਕੀਤਾ ਜਾਵੇ, ਪਿੰਡਾਂ ਦੇ ਤਾਂ ਇਹੋ ਹਾਲ ਨੇ ਆਪਣੇ ਦੇਸ਼ ਵਿਚ। ਜਿਹਨਾਂ ਦਾ ਮਨ ਇੱਥੇ ਨਹੀਂ ਟਿਕਦਾ, ਪੇਕੇ ਜਾਂ ਸਹੁਰੇ ਚਲੀਆਂ ਜਾਂਦੀਆਂ ਨੇ। ਤੇਰੀ ਤੂੰ ਜਾਣੇ, ਸਾਡੀਆਂ ਕੁੜੀਆਂ ਤਾਂ ਪੇਕੇ ਜਾਣਾ ਹੀ ਪਸੰਦ ਕਰਦੀਆਂ ਨੇ। ਇਕ ਅੱਧੀ ਕੋਈ ਸਹੁਰੇ ਵੀ ਚਲੀ ਜਾਂਦੀ ਹੈ। ਇਸ ਲਈ ਲੇਡੀ ਡਾਕਟਰ ਦੀ ਲੋੜ ਕਦੀ ਮਹਿਸੂਸ ਹੀ ਨਹੀਂ ਹੋਈ। ਪਰ ਹੁਣ ਕੰਪਨੀ ਦੇ ਮਾਲਕ ਬੁੱਢੇ ਹੋ ਚੱਲੇ ਨੇ। ਨਵੀਂ ਹਵਾ ਦੇ ਉਹਨਾਂ ਦੇ ਮੁੰਡੇ-ਬਹੂਆਂ ਚਾਹੁੰਦੇ ਨੇ, ਇੱਥੇ ਹਸਪਤਾਲ ਖੁੱਲ੍ਹੇ, ਇਲਾਜ਼ ਦਾ ਵਾਜਿਬ ਇੰਤਜ਼ਾਮ ਹੋਵੇ, ਲੇਡੀ ਡਾਕਟਰ ਤਕ ਬਹਾਲ ਕੀਤੀ ਜਾਵੇ। ਯੋਜਨਾ ਬਣ ਗਈ ਹੈ, ਦੋ ਤਿੰਨ ਸਾਲ ਤਕ ਵੱਡਾ ਹਸਪਤਾਲ ਬਣ ਜਾਵੇਗਾ ਇੱਥੇ ਵੀ।

ਪਰ ਉਮਾ ਦਾ ਬੱਚਾ ਤਾਂ ਅਗਲੇ ਮਹੀਨੇ ਪੈਦਾ ਹੋਣਾ ਸੀ। ਉਸਨੂੰ ਰੋਕ ਕੇ ਨਹੀਂ ਸੀ ਰੱਖਿਆ ਜਾ ਸਕਦਾ। ਦੋ ਤਿੰਨ ਸਾਲ ਕੀ, ਕੁਦਰਤ ਇਕ ਵਾਰੀ ਫੈਸਲਾ ਕਰ ਲਵੇ ਤਾਂ ਘੰਟਾ, ਅੱਧਾ ਘੰਟਾ ਵੀ ਰੋਕਿਆ ਨਹੀਂ ਜਾ ਸਕਦਾ। ਤਦੇ ਨਾ, ਏਨਾ ਆਸਾਨ ਹੈ ਬੱਚੇ ਦਾ ਜਨਮ ਤੇ ਏਨਾ ਹੀ ਔਖਾ। ਆਪਣੇ ਹੱਥ ਵਿਚ ਕੁਝ ਹੈ ਹੀ ਨਹੀਂ---ਉਸਦਾ ਜੀਅ ਕਰਦਾ ਸੀ ਪਟਨੇ ਚਲੀ ਜਾਵੇ, ਦਸ ਪੰਦਰਾਂ ਦਿਨ ਕਿਸੇ ਹੋਟਲ ਵਿਚ ਰਹੇ ਤੇ ਦਰਦ ਸ਼ੁਰੂ ਹੋਣ 'ਤੇ ਹਸਪਤਾਲ ਵਿਚ ਭਰਤੀ ਹੋ ਜਾਵੇ। ਉੱਥੇ ਉਹ ਇਕੱਲੀ ਹੋਵੇਗੀ। ਉਹ ਔਰਤ ਨਹੀਂ ਜਾਵੇਗੀ ਉਸਦੇ ਨਾਲ। ਪਰ ਕਿੰਜ ? ਪੈਸੇ ਕਿੱਥੇ ਸਨ ਉਸ ਕੋਲ ? ਜੋ ਕਮਾਇਆ, ਨਾਲੋ-ਨਾਲ ਖਰਚ ਕਰਦੀ ਰਹੀ, ਉਦੋਂ ਆਰਥਕ ਸੁਤੰਤਰਤਾ---ਖਾਓ, ਪੀਓ, ਐਸ਼ ਕਰੋ ਵਰਗੀ ਕੋਈ ਸ਼ੈ ਸੀ। ਜੋ ਬਚਾਇਆ ਆਪਣੀ ਸ਼ਾਦੀ ਵਿਚ ਲਾ ਦਿੱਤਾ। ਥੋੜ੍ਹਾ ਬਹੁਤ ਫੇਰ ਵੀ ਬਚਿਆ, ਸ਼ਾਦੀ ਦੇ ਬਾਅਦ ਮੌਜ ਮਸਤੀਆਂ ਦੀ ਭੇਂਟ ਕਰ ਦਿੱਤਾ। ਹੁਣ ਉਹ ਪੂਰੀ ਤਰ੍ਹਾਂ ਮਨੀਸ਼ ਉੱਤੇ ਨਿਰਭਰ ਸੀ। ਮਨੀਸ਼ ਕੋਲ ਏਨਾ ਪੈਸਾ ਨਹੀਂ ਸੀ ਕਿ ਉਸਨੂੰ ਹਫਤੇ ਦੋ ਹਫਤੇ ਲਈ ਕਿਸੇ ਸਸਤੇ ਹੋਟਲ ਵਿਚ ਠਹਿਰਾਅ ਸਕੇ। ਫੇਰ ਜ਼ਰੂਰਤ ਕੀ ਸੀ ? ਬੱਚਾ ਕਿਸ ਦੇ ਨਹੀਂ ਹੁੰਦਾ ! ਪਿੰਡਾਂ ਕਸਬਿਆਂ ਵਿਚ, ਸ਼ਹਿਰਾਂ ਨਾਲੋਂ ਵੱਧ ਹੁੰਦੇ ਨੇ। ਸਾਰੀਆਂ ਔਰਤਾਂ ਬੱਚਾ ਪੈਦਾ ਕਰਨ ਲੱਗੀਆਂ ਮਰ ਜਾਂਦੀਆਂ ਤਾਂ ਪਿੰਡਾਂ ਦੀ ਆਬਾਦੀ ਇੰਜ ਸਰਾਪ ਨਾ ਬਣੀ ਹੁੰਦੀ। ਰਹਿਣ ਦੇ। ਮੈਂ ਜੱਚਾ-ਬੱਚਾ ਦੀ ਮਿਰਤੂ ਦਰ ਨਹੀਂ ਜਾਣਨਾ ਚਾਹੁੰਦਾ। ਮੈਂ ਤੇਰੇ ਵਾਂਗ ਅਰਥ-ਸ਼ਾਸਤਰ ਨਹੀਂ ਪੜ੍ਹਿਆ। ਅੰਕੜਿਆਂ ਵਿਚ ਮੈਨੂੰ ਯਕੀਨ ਨਹੀਂ, ਆਪਣੀਆਂ ਅੱਖਾਂ ਉੱਤੇ ਹੈ। ਕੋਈ ਇਕ ਔਰਤ ਇਸ ਘਰ ਵਿਚ ਬੱਚਾ ਜੰਮਦੀ ਮਰ ਗਈ ਤਾਂ ਇਸਦਾ ਇਹ ਮਤਲਬ ਤਾਂ ਨਹੀਂ ਕਿ ਸਾਰੀਆਂ ਮਰਨਗੀਆਂ। ਔਰਤਾਂ ਨੂੰ ਗੱਲ 'ਚੋਂ ਗੱਲ ਕੱਢਣ ਦਾ ਚਸਕਾ ਹੁੰਦਾ ਹੈ। ਮੇਰੇ ਕੋਲ ਏਨੀ ਵਿਹਲ ਕਿੱਥੇ ? ਹੁਣੇ ਬਦਲੀ ਹੋਈ ਹੈ। ਨਵਾਂ ਕੰਮ ਸਮਝਣ, ਨਿਬੇੜਨ ਪਿੱਛੋਂ ਬਿਸਤਰੇ 'ਤੇ ਲੇਟਦਾ ਹਾਂ, ਤਾਂ ਬਦਨ ਚਸ ਚਸ ਕਰ ਰਿਹਾ ਹੁੰਦਾ ਹੈ। ਮੈਨੂੰ ਤਾਂ ਸਾਹ ਲੈਣ ਵਿਚ ਕੋਈ ਤਕਲੀਫ ਨਹੀਂ ਹੁੰਦੀ, ਨਾ ਕਿਸੇ ਔਰਤ ਦਾ ਭੂਤ ਸਤਾਉਂਦਾ ਹੈ। ਵਧੀਆ, ਚੌੜਾ, ਆਰਾਮਦਾਈ ਪਲੰਘ ਹੈ। ਚਸਕਦੇ ਬਦਨ ਨੂੰ ਸੁਖ ਮਿਲਦਾ ਹੈ। ਸੰਵਾਂ ਨਾ ਤਾਂ ਅਗਲੇ ਦਿਨ ਕੰਮ ਕਿੰਜ ਕਰਾਂ ?
***

ਹਰ ਆਦਮੀ---ਆਪੋ-ਆਪਣੇ ਵਰਗ-ਸਥਾਨ ਪ੍ਰਤੀ ਸੰਵੇਦਨਸ਼ੀਲ ਸੀ। ਬੱਚਾ ਉਮਾ ਨੇ ਜੰਮਣਾ ਸੀ। ਇਸ ਕਸਬੇ ਦੇ ਇਸ ਘਰ ਦੇ ਉਸੇ ਪਲੰਘ ਉਪਰ, ਜਿਸ ਉੱਤੇ ਉਹ ਔਰਤ ਮਰੀ ਸੀ, ਮਨੀਸ਼ ਨੇ ਨਹੀਂ। ਨਾ ਉਮਾ ਦੇ ਮਾਂ-ਪਿਓ ਤੇ ਭੈਣਾ ਨੇ। ਉਹ ਸਭ ਆਪਣੇ ਦਾਇਰਿਆਂ ਵਿਚ ਸੁਰੱਖਿਅਤ ਸਨ। ਉਹ ਔਰਤ ਤਾਂ ਸਿਰਫ ਉਮਾ ਨਾਲ ਰਹਿੰਦੀ ਸੀ।

ਉਸਨੂੰ ਹਲਕਾ ਹਲਕਾ ਬੁਖ਼ਾਰ ਰਹਿਣ ਲੱਗ ਪਿਆ। ਰਹਿ ਰਹਿ ਢਿੱਡ ਤੇ ਪਿੱਠ ਵਿਚ ਦਰਦ ਦੇ ਗੋਲੇ ਉਠਦੇ ਰਹਿੰਦੇ। ਦਿਨ ਤਾਂ ਫੇਰ ਵੀ ਲੰਘ ਜਾਂਦਾ, ਪਰ ਰਾਤ ਨੂੰ ਬਿਸਤਰੇ 'ਤੇ ਪੈਂਦੀ ਤਾਂ ਘੰਟੇ ਕੁ ਬਾਅਦ ਉਠ ਬੈਠਦੀ। ਨੱਕ ਮੂੰਹ ਦੋਹਾਂ ਰਾਹੀਂ ਸਾਹ ਲੈਣ ਦੀ ਕੋਸ਼ਿਸ਼ ਕਰਦੀ, ਪਰ ਸਾਹ ਨਾ ਆਉਂਦਾ। ਕਦੀ ਕਦੀ ਏਨਾ ਘਬਰਾ ਜਾਂਦੀ ਕਿ ਮਨੀਸ਼ ਨੂੰ ਝੰਜੋੜ ਕੇ ਜਗਾਅ ਦੇਂਦੀ। ਕਹਿੰਦੀ---"ਦਮ ਘੁਟ ਰਿਹੈ, ਸਾਹ ਨਹੀਂ ਆ ਰਿਹਾ।"

"ਬੇਵਕੂਫ਼ਾਂ ਵਾਲੀਆਂ ਗੱਲਾਂ ਨਾ ਕਰ," ਉਹ ਕਹਿੰਦਾ, "ਹਵਾ ਵਿਚ ਸੀਮਿੰਟ ਦੇ ਕਣ ਨੇ ਇਸ ਲਈ ਸਾਹ ਲੈਣ ਵਿਚ ਤਕਲੀਫ਼ ਹੁੰਦੀ ਏ। ਸ਼ੁਰੂ ਸ਼ੁਰੂ ਵਿਚ ਸਾਰਿਆਂ ਨੂੰ ਹੁੰਦੀ ਹੈ, ਫੇਰ ਆਦਤ ਪੈ ਜਾਂਦੀ ਏ। ਸਾਰਿਆਂ ਨੂੰ ਪੈ ਗਈ, ਤੈਨੂੰ ਕਿਉਂ ਨਾ ਪਏਗੀ ? ਸਾਹ ਘੁਟ ਕੇ ਕੋਈ ਨਹੀਂ ਮਰਿਆ ਅੱਜ ਤੀਕ। ਕੋਸ਼ਿਸ਼ ਕਰ ਨੀਂਦ ਆ ਜਾਏਗੀ। ਆਦਮੀ ਚਾਹੇ ਤਾਂ ਬੈਠਾ ਬੈਠਾ ਵੀ ਸੌਂ ਸਕਦਾ ਏ। ਹੋਰ ਚਾਰਾ ਵੀ ਕੀ ਹੈ, ਤੂੰ ਹੀ ਦੱਸ, ਮੈਂ ਤਾਂ ਕਿਹਾ ਸੀ ਕਿ ਦਿੱਲੀ ਚਲੀ ਜਾ ਪਰ ਤੂੰ…"

ਉਹ ਨਿਰਉਤਰ ਹੋ ਜਾਂਦੀ ਤੇ ਪਾਸਾ ਪਰਤ ਕੇ ਪਲੰਘ ਦੇ ਦੂਜੇ ਕੋਨੇ 'ਤੇ ਸਰਕ ਜਾਂਦੀ। ਖ਼ੂਬ ਚੌੜਾ ਪਲੰਘ ਸੀ, ਚਾਰ ਤਾਬੂਤਾਂ ਜਿੱਡਾ। ਮਨੀਸ਼ ਤੇ ਉਸਦੇ ਵਿਚਕਾਰ ਉਹ ਔਰਤ ਆਰਾਮ ਨਾਲ ਆ ਲੇਟਦੀ। ਉਸੇ ਦਾ ਸੀ ਨਾ ਪਲੰਘ, ਰੀਝ ਨਾਲ ਬਣਵਾਇਆ ਹੋਇਆ। ਹੋਣੀ ਨੂੰ ਟਾਲ ਕੇ ਸਾਹ ਲੈਣ ਦੀ ਜ਼ਿੱਦੀ ਆਸ ਵਿਚ ਉਹ ਉਮਾ ਦੇ ਬਰਾਬਰ ਲੇਟੀ ਰਹਿੰਦੀ। ਸਾਹ ਨਾ ਉਸਨੂੰ ਆਉਂਦਾ, ਨਾ ਉਮਾ ਨੂੰ। ਉਮਾ ਪੂਰੀਆਂ ਅੱਖਾਂ ਖੋਹਲ, ਹੇਠਾਂ ਚਿਹਰੇ 'ਤੇ ਜੜੀਆਂ, ਭੈਅ ਵੱਸ ਅੱਡੀਆਂ ਉਹਨਾਂ ਅੱਖਾਂ ਨੂੰ ਦੇਖਦੀ, ਜਿਹਨਾਂ ਦੀ ਮੌਤ ਨੇ ਰੌਸ਼ਨੀ ਤਾਂ ਖੋਹ ਲਈ ਸੀ, ਪਰ ਪੀੜਾਂ ਵਿਨ੍ਹਿਆਂ ਖ਼ੌਫ਼ ਨਹੀਂ ਸੀ ਖੋਹ ਸਕੀ। ਖ਼ੌਫ਼ ਤੇ ਪੀੜ ਦਾ ਇਹ ਕੈਸਾ ਆਲਮ ਸੀ, ਜਿਸ ਨੇ ਮਰ ਕੇ ਉਸਦੀਆਂ ਅੱਖਾਂ ਬੰਦ ਨਹੀਂ ਸੀ ਹੋਣ ਦਿੱਤੀਆਂ। ਉਮਾ ਹੋਰ ਗਹੁ ਨਾਲ ਉਹਨਾਂ ਵਿਚ ਤੱਕਦੀ। ਉਹ ਔਰਤ ਮਿੰਨ੍ਹਾਂ-ਮਿੰਨ੍ਹਾਂ ਮੁਸਕਰਾਉਣ ਲੱਗਦੀ ਪਰ ਅੱਖ ਦਾ ਆਂਤੰਕ ਜਿਵੇਂ ਦਾ ਤਿਵੇਂ ਰਹਿੰਦਾ। ਉਮਾ ਨੂੰ ਲੱਗਦਾ ਉਹ ਉਸਦਾ ਅਣਜੰਮਿਆਂ ਬੱਚਾ ਹੀ ਸੀ, ਜਿਹੜਾ ਹੁਣ ਉਸਦੀ ਕੁੱਖ ਵਿਚੋਂ ਜਨਮ ਲਵੇਗਾ। ਉਸੇ ਘਰ ਵਿਚ, ਉਸੇ ਪਲੰਘ ਉਪਰ। ਉਸਦਾ ਗੱਚ ਭਰ ਆਉਂਦਾ। ਉਹ ਉਸਨੂੰ ਤਸੱਲੀ ਦੇਣ ਲੱਗਦੀ ਕਿ ਇਸ ਵਾਰ ਉਸਦਾ ਬੱਚਾ ਜਿਊਂਦਾ ਜਨਮ ਲਵੇਗਾ, ਉਹ ਉਸਨੂੰ ਸਾਂਭ ਸਾਂਭ ਰੱਖੇਗੀ, ਉਸਦੀ ਇਮਾਨਤ ਵਾਂਗ। ਔਰਤ ਮੁਸਕਰਾਉਣਾ ਬੰਦ ਕਰ ਦੇਂਦੀ। ਉਸਦੀਆਂ ਪੁਤਲੀਆਂ ਹੋਰ ਫੈਲ ਜਾਂਦੀਆਂ, ਤਰਾਸ ਹੋਰ ਗਾੜਾ ਹੋ ਜਾਂਦਾ ਤੇ ਉਸਦੇ ਨਾਲ ਉਮਾ ਨੂੰ ਵੀ ਭਿਆਨਕ ਦ੍ਰਿਸ਼ ਦਿਸਣ ਲੱਗ ਪੈਂਦਾ, ਜਿਸਨੇ ਕਦੀ ਨਾ ਖ਼ਤਮ ਹੋਣ ਵਾਲਾ ਖ਼ੌਫ਼ ਉਸਦੀ ਰੂਹ ਵਿਚ ਭਰ ਦਿੱਤਾ ਸੀ। ਹੌਲ ਦਾ ਬੀਲਾ ਜਿਹਾ ਉਠਦਾ ਤੇ ਉਸਦੇ ਪੂਰੇ ਵਜੂਦ ਉਪਰ ਤਾਰੀ ਹੋ ਜਾਂਦਾ।

ਪਤਾ ਨਹੀਂ ਕਿੰਨੀਆਂ ਰਾਤਾਂ ਉਸਨੇ ਉਸ ਔਰਤ ਨਾਲ ਇਕੋ ਬਿਸਤਰੇ ਉੱਤੇ ਬਿਤਾਈਆਂ। ਫੇਰ ਸਹਿਣਾ ਅਸੰਭਵ ਹੋ ਗਿਆ। ਉਹ ਉਸਨੂੰ ਮਨੀਸ਼ ਕੋਲ ਛੱਡ, ਭਟਕਦੀ ਰੂਹ ਵਾਂਗ ਘਰ ਵਿਚ ਭੌਂਦੀ ਰਹਿੰਦੀ। ਮਨੀਸ਼ ਉਸ ਔਰਤ ਨਾਲ ਆਰਾਮ ਨਾਲ ਸੁੱਤਾ ਰਹਿੰਦਾ। ਉਮਾ ਇਸ ਕਮਰੇ ਵਿਚੋਂ ਉਸ ਕਮਰੇ ਵਿਚ ਭਟਕਦੀ ਰਹਿੰਦੀ, ਸਮਾਂ ਬਿਤਾਉਣ ਲਈ ਖੱਡਾਂ-ਖੂੰਜਿਆਂ ਦੀ ਸਫਾਈ ਕਰਦੀ ਫਿਰਦੀ।

ਇਕ ਸਮਾਂ ਆਇਆ ਕਿ ਸਫਾਈ ਸਜਾਵਟ ਦਾ ਫਤੂਰ ਉਸ ਦੇ ਸਿਰ ਉੱਤੇ ਵੀ ਸਵਾਰ ਹੋ ਗਿਆ। ਛੋਟੇ ਕਸਬੇ ਵਿਚ ਹੋਰ ਕੁਝ ਭਾਵੇਂ ਨਾ ਹੋਵੇ, ਕੁਦਰਤੀ ਖਜਾਨਾ ਕਾਫੀ ਸੀ। ਉਸਨੇ ਸਾਰਾ ਦਿਨ ਆਸਪਾਸ ਦੇ ਮੈਦਾਨਾਂ ਜੰਗਲਾਂ ਵਿਚ ਬਿਤਾਉਣਾ ਸ਼ੁਰੂ ਕਰ ਦਿੱਤਾ। ਭਾਂਤ ਭਾਂਤ ਦੀਆਂ ਸ਼ਕਲਾਂ ਤੇ ਆਕਾਰ ਵਾਲੀਆਂ ਟਾਹਣੀਆਂ, ਫਲੀਆਂ, ਵੇਲਾਂ, ਬਾਂਸ, ਜੜਾਂ ਤੇ ਜੰਗਲੀ ਫੁੱਲ-ਪੱਤੀਆਂ ਲੱਭ ਲੱਭ ਇਕੱਠੀਆਂ ਕਰਦੀ ਤੇ ਘਰ ਲੈ ਜਾਂਦੀ। ਫੇਰ ਉਹਨਾਂ ਵਿਚੋਂ ਕੁਝ ਗੁਲਦਸਤਿਆਂ ਵਿਚ ਸਜਾਉਂਦੀ, ਕੁਝ ਦੇ ਕੋਲਾਜ ਬਣਾ ਦੇਂਦੀ। ਫਰਸ਼ ਤੇ ਕੰਧਾਂ ਤੋਂ ਸੀਮਿੰਟ ਦੀ ਪਰਤ ਵਾਰੀ ਵਾਰੀ ਸਾਫ ਕਰਦੀ, ਉਹਨਾਂ ਨੂੰ ਝਾੜਦੀ, ਪੂੰਝਦੀ, ਚਮਕਾਉਂਦੀ ਤੇ ਆਪਣੀਆਂ ਬਣਾਈਆਂ ਕ੍ਰਿਤਾਂ ਉਹਨਾਂ ਵਿਚ ਸਜਾਉਂਦੀ। ਫਰਸ਼ ਉੱਤੇ ਛੋਟੀਆਂ ਮੁੱਚਰਾਂ ਉਪਰ ਰੱਖੇ ਗੁਲਦਸਤਿਆਂ, ਕੰਧਾਂ ਉੱਤੇ ਰੰਗ-ਬਿਰੰਗੇ, ਜੀਵਨ ਦੇ ਖੇੜੇ ਖੁਸ਼ੀਆਂ ਨੂੰ ਪੇਸ਼ ਕਰਦੇ ਕੋਲਾਜ। ਆਪਣੇ ਸਭ ਤੋਂ ਪਿਆਰੇ ਕੋਲਾਜਾਂ ਨਾਲ ਉਸਨੇ ਆਪਣੇ ਸੌਣ ਕਮਰੇ ਦੀਆਂ ਕੰਧਾਂ ਕੱਜ ਦਿੱਤੀਆਂ ਸਨ। ਰਸਾਲਿਆਂ ਵਿਚੋਂ ਹੱਸਦੇ-ਕਿਲਕਾਰੀਆਂ ਮਾਰਦੇ ਬੱਚਿਆਂ ਦੀਆਂ ਤਸਵੀਰਾਂ ਕੱਟ ਕੇ ਉਹਨਾਂ ਵਿਚ ਉਗਦੇ ਸੂਰਜ ਤੇ ਅਣਗਿਣਤ ਝਿਲਮਲਾਉਂਦੇ ਸੂਰਜਮੁਖੀ ਦੇ ਫੁੱਲਾਂ ਦੇ ਬਿੰਬ ਰੰਗ ਕੇ, ਕੋਲਾਜ ਤਿਆਰ ਕੀਤਾ ਸੀ। ਉਸਦੀ ਕੋਸ਼ਿਸ਼ ਸੀ ਘਰ ਨੂੰ ਏਨੀ ਸੁੰਦਰਤਾ ਤੇ ਜੀਵੰਤ ਹਾਸੀ ਨਾਲ ਭਰ ਦੇਵੇ ਕਿ ਮੌਤ ਆਪਣਾ ਦੇਖਿਆ ਹੋਇਆ ਰਸਤਾ ਭੁੱਲ ਜਾਵੇ।

ਇਸ ਕੋਸ਼ਿਸ਼ ਵਿਚ ਕਿਸੇ ਕਿਸੇ ਰਾਤ ਤਨ ਦਾ ਤਾਪ ਵਧ ਜਾਂਦਾ। ਥਰਥਰ ਕੰਬਦਾ ਹੋਇਆ ਸਰੀਰ ਤੇਜ਼ ਬੁਖ਼ਾਰ ਦੀ ਲਪੇਟ ਵਿਚ ਆ ਜਾਂਦਾ। ਉਹ ਫੈਸਲਾ ਨਾ ਕਰ ਸਕਦੀ ਕਿ ਐਸਪਰੀਨ ਦੀ ਗੋਲ ਖਾਵੇ ਜਾਂ ਨਾ ਖਾਵੇ। ਕਦੀ ਮਿਹਨਤ ਨਾਲ ਥੱਕੀ ਦੇਹ ਨੂੰ ਤਾਪ ਦੇ ਹਵਾਲੇ ਕਰ ਦਿੰਦੀ ਤੇ ਉੱਥੇ ਉਸੇ ਕਮਰੇ ਦੇ ਧੋਤੇ-ਪੋਚੇ ਫਰਸ਼ ਉੱਤੇ ਢੈਅ ਢੇਰੀ ਹੋ ਜਾਂਦੀ। ਨੀਂਮ ਬੇਹੋਸ਼ੀ, ਨੀਂਦ ਦਾ ਕੰਮ ਦੇਂਦੀ। ਮਾਂ ਜੀ ਦਾ ਧਿਆਨ ਉਸ ਵੱਲ ਜਾਂਦਾ ਤਾਂ ਉਠ ਕੇ ਫਰਸ਼ ਉੱਤੇ ਵਿਛਾਏ ਆਪਣੇ ਬਿਸਤਰੇ ਉੱਤੇ ਲਿਟਾਅ ਦੇਂਦੀ। ਉਮਾ ਨੂੰ ਕੁਝ ਰਾਹਤ ਮਿਲਦੀ। ਜਦ ਦਾ ਉਸਨੇ ਦੇਖਿਆ ਹੈ, ਮਾਂ ਜੀ ਫਰਸ਼ ਉੱਤੇ ਹੀ ਸੌਂਦੇ ਨੇ---ਆਪਣਾ ਬਿਸਤਰਾ ਵਿਛਾ ਕੇ। ਮਨੀਸ਼ ਨੂੰ ਜ਼ਮੀਨ ਉੱਤੇ ਪਸਰਣ ਤੋਂ ਚਿੜ ਹੈ, ਉਹ ਜਾਣਦੀ ਹੈ। ਪਰ ਮਾਂ ਜੀ ਨਾਲ ਉਸਨੇ ਸਮਝੌਤਾ ਕੀਤਾ ਹੋਇਆ ਹੈ। ਇਕ ਵਾਰੀ ਦੱਸਿਆ ਸੀ ਉਹਨਾਂ ਨੇ, ਕਿੰਜ ਪਤੀ ਦੇ ਮਰਨ 'ਤੇ ਜਦ ਉਹਨਾਂ ਨੂੰ ਭੁੰਜੇ ਲਾਹਿਆ ਗਿਆ ਸੀ ਤਾਂ ਉਹ ਵੀ ਉਤਰ ਆਈ। ਦੁਬਾਰਾ ਪਲੰਘ 'ਤੇ ਨਹੀਂ ਸੀ ਚੜ੍ਹੀ। ਮਨੀਸ਼ ਦੇ ਕਹਿਣ ਦੇ ਬਾਵਜੂਦ ਫਰਸ਼ ਉੱਤੇ ਸੌਣ ਦਾ ਨਿਯਮ ਬਣਾ ਲਿਆ ਸੀ।

ਉਮਾ ਨੂੰ ਉੱਥੇ ਪਾ ਕੇ ਉਹ ਉਸਦੇ ਸਿਰ ਵਿਚ ਤੇਲ ਦੀ ਮਾਲਿਸ਼ ਕਰਦਿਆਂ ਹੋਇਆਂ ਉਸਨੂੰ ਹੌਸਲਾ ਦੇਂਦੇ---"ਐਂ ਘਬਰਾਅ ਨਾ, ਭਗਵਾਨ 'ਤੇ ਭਰੋਸਾ ਰੱਖ। ਮੈਂ ਦਸ ਬੱਚੇ ਜੰਮੇ ਐਂ, ਜਿਊਂਦੇ ਰਹੇ ਕੁਲ ਚਾਰ। ਤਿੰਨ ਕੁੜੀਆਂ ਤੇ ਇਹ ਮੁੰਡਾ। ਭਗਵਾਨ ਦੀ ਮਰਜ਼ੀ। ਹਿੰਮਤ ਰੱਖ। ਭਗਵਾਨ ਜੋ ਕਰੇਗਾ ਚੰਗਾ ਹੀ ਕਰੇਗਾ।"

ਉਮਾ ਦੀ ਹਿੰਮਤ ਜਵਾਬ ਦੇ ਜਾਂਦੀ। ਉਹ ਇਹ ਪੁੱਛਣ ਜੋਗੀ ਵੀ ਨਾ ਰਹਿੰਦੀ ਕਿ ਦਸ ਬੱਚਿਆਂ ਵਿਚੋਂ ਕੁੱਲ ਚਾਰਾਂ ਨੂੰ ਜਿਊਂਦਿਆਂ ਰੱਖ ਕੇ ਭਗਵਾਨ ਨੇ ਕੀ ਚੰਗਾ ਕੀਤਾ ? ਉਹ ਔਰਤ ਆ ਕੇ ਉਸਦੀ ਪੁਆਂਦੀ ਬੈਠ ਜਾਂਦੀ ਤੇ ਆਪਣੀਆਂ ਦਹਿਸ਼ਤ ਭਰੀਆਂ ਅੱਖਾਂ ਨਾਲ ਉਸ ਵੱਲ ਤੱਕਦੀ ਰਹਿੰਦੀ। ਉਹ ਡਰਦੀ ਤੇ ਕੰਬਦੀ ਰਹਿੰਦੀ। ਮਾਂ ਜੀ ਤੇ ਮਨੀਸ਼ ਉਸਨੂੰ ਆਮ ਬਿਮਰੀਆਂ ਦਾ ਇਲਾਜ਼ ਕਰਨ ਵਾਲੇ ਪ੍ਰਾਈਵੇਟ ਫਿਜਿਸ਼ੀਅਨ ਨੂੰ ਦਿਖਾਉਣ ਬਾਰੇ ਇਸ, ਉਸ ਨਾਲ ਸਲਾਹ ਕਰਦੇ---ਏਹਨਾਂ ਦਿਨਾਂ ਵਿਚ ਦਿਖਾਉਣਾ ਠੀਕ ਰਹੇਗਾ ਜਾਂ ਨਹੀਂ ? ਕਿਸੇ ਫੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਬੁਖ਼ਾਰ ਉਤਰ ਜਾਂਦਾ ਤੇ ਇੰਤਜ਼ਾਰ ਦਾ ਪੁਰਾਣਾ ਸਿਲਸਿਲਾ ਸ਼ੁਰੂ ਹੋ ਜਾਂਦਾ। ਉਸ ਦਿਨ ਦਾ, ਜਦ ਸਮਾਂ ਪੂਰਾ ਹੋਣ 'ਤੇ ਕੁਦਰਤ ਉਸਨੂੰ ਉਸ ਗੁਰੂਭਾਰ ਤੋਂ ਮੁਕਤ ਕਰ ਦਵੇਗੀ।

ਪੂਰਾ ਮਹੀਨਾ ਉਸਨੇ ਘਰ ਨੂੰ ਇਸੇ ਤਰ੍ਹਾਂ ਸਜਾਇਆ, ਸੰਵਾਰਿਆ, ਸੁੰਦਰ ਸਿਹਤਵਰਧਕ ਬਣਾਇਆ। ਫੇਰ ਬਰਸਾਤ ਦੇ ਮੌਸਮ ਦੇ ਪਹਿਲੇ ਹਫ਼ਤੇ ਵਿਚ, ਰਾਤ ਦੇ ਤੀਜੇ ਪਹਿਰ, ਜਦੋਂ ਘਰੇ ਘੁਸ ਆਏ ਕੀੜੇ-ਮਕੌੜਿਆਂ ਨੂੰ ਬੁਹਾਰ ਕੇ ਬਾਹਰ ਕੱਢਣ ਦੀ ਅਸਫਲ ਕੋਸ਼ਿਸ਼ ਕਰ ਰਹੀ ਸੀ ਉਹ ; ਉਹ ਨੂੰ ਲੱਗਿਆ ਉਸਦੇ ਅੰਦਰ ਕੁਝ ਫੁੱਟ ਗਿਆ ਹੈ। ਢੇਰ ਸਾਰਾ ਪਾਣੀ ਲੱਤਾਂ ਵਿਚਕਾਰੋਂ ਹੁੰਦਾ ਹੋਇਆ ਫਰਸ਼ ਉੱਤੇ ਫੈਲਣ ਲੱਗਾ। ਕੋਈ ਜ਼ੋਰ ਨਾਲ ਚੀਕਿਆ। ਸ਼ਾਇਦ ਉਹ ਔਰਤ ਸੀ।

ਮਾਂ ਜੀ ਦੌੜੇ ਆਏ ਤੇ ਚੀਕਣ-ਕੂਕਣ ਲੱਗੇ ਕਿ ਬਰਸਾਤੀ ਰਾਤ ਦੇ ਉਸ ਹਨੇਰੇ ਪਹਿਰ ਵਿਚ ਮਨੀਸ਼ ਦੌੜ ਕੇ ਜਾਵੇ ਤੇ ਦਾਈ ਨੂੰ ਬੁਲਾਅ ਲਿਆਵੇ। ਉਮਾ ਨੂੰ ਲੈ ਜਾ ਕੇ ਪਲੰਘ ਉੱਤੇ ਲਿਟਾਉਣ ਲੱਗੇ ਤਾਂ ਉਸਨੇ ਕੁਰਲਾਹਟ ਪਾ ਦਿੱਤਾ---"ਦੂਜਾ ਪਲੰਘ ਲਿਆਓ। ਕਿਤੋਂ ਵੀ ਲਿਆਓ, ਦੂਜਾ ਲਿਆਓ। ਇਹ ਨਹੀਂ। ਇਸ 'ਤੇ ਨਹੀਂ।"

ਉਹ ਸਾਫ ਦੇਖ ਰਹੀ ਸੀ ਉਸ ਪਲੰਘ ਉੱਤੇ ਉਹ ਔਰਤ ਲੇਟੀ ਹੋਈ ਸੀ।

"ਪਾਗਲ ਹੋਈ ਏਂ," ਮਨੀਸ਼ ਨੇ ਕਿਹਾ, "ਇਸ ਵੇਲੇ ਦੂਜਾ ਪਲੰਘ ਕਿੱਥੋਂ ਆਊ ?"

ਮਾਂ ਜੀ ਏਨੇ ਘਬਰਾ ਗਏ ਕਿ ਜ਼ਿੰਦਗੀ ਵਿਚ ਪਹਿਲੀ ਵਾਰੀ ਆਪਣੇ ਇਕਲੌਤੇ ਬੇਟੇ ਨੂੰ ਗਾਲ੍ਹ ਕੱਢ ਬੈਠੇ---"ਨਾਮੁਰਾਦਾ, ਬੱਚਾ ਜੰਮਦੀ ਔਰਤ ਦੀ ਗੱਲ ਸੁਣੀਦੀ ਐ। ਕਿਤੋਂ ਇਕ ਮੰਜਾ ਲੈ ਆ, ਮੰਗ ਕੇ, ਚੁਰਾਅ ਕੇ, ਕਿਸੇ ਵੀ ਤਰ੍ਹਾਂ ਲਿਆ।"

ਕੀ ਉਹਨਾਂ ਵੀ ਉਸ ਔਰਤ ਨੂੰ ਦੇਖ ਲਿਆ ਸੀ।

ਮਨੀਸ਼ ਨੂੰ ਯਾਦ ਆਇਆ, ਘਰ ਦੇ ਸਾਹਮਣੇ ਜਿਹੜਾ ਅੰਬਾਂ ਦਾ ਬਗ਼ੀਚਾ ਸੀ, ਉਸਦੇ ਬਾਹਰ ਇਕ ਤਖ਼ਤਪੋਸ਼ ਪਿਆ ਹੁੰਦਾ ਸੀ। ਚੌਕੀਦਾਰ ਤੇ ਉਸਦੇ ਸਾਥੀ ਉਸ ਉੱਤੇ ਬੈਠ ਕੇ ਖ਼ੈਨੀ ਫੱਕਦੇ ਤੇ ਤਾਸ਼ ਕੁੱਟਦੇ ਰਹਿੰਦੇ ਸਨ। ਇਸ ਮੀਂਹ ਵਿਚ ਉਹ ਖਾਲੀ ਪਿਆ ਹੋਵੇਗਾ। ਉਹ ਜਾ ਕੇ ਉਹੀ ਚੁੱਕ ਲਿਆਇਆ।

ਤਖ਼ਤਪੋਸ਼ ਮੀਂਹ ਦੇ ਪਾਣੀ ਨਾਲ ਭਿੱਜਿਆ ਹੋਇਆ ਸੀ। ਅੰਬ ਦਾ ਬੂਰ ਗਲ-ਸੜ ਕੇ ਉਸ ਉੱਤੇ ਚਿਪਕਿਆ ਹੋਇਆ ਸੀ। ਉਮਾ ਉਸ ਉੱਤੇ ਲੇਟੀ ਤਾਂ ਇਕ ਵਾਰੀ ਲਿਜਲਿਜਾਹਟ ਜ਼ਰੂਰ ਮਹਿਸੂਸ ਹੋਈ, ਫੇਰ ਪਿੰਡੇ 'ਚੋਂ ਪਰਲ ਪਰਲ ਵਗ ਰਹੇ ਪਸੀਨੇ ਨੇ ਉਸ ਅਹਿਸਾਸ ਨੂੰ ਇਕ ਸਾਰ ਕਰ ਦਿੱਤਾ। ਬਾਕੀ ਬਚਿਆ ਦਰਦਾਂ ਦੀਆਂ ਉਠਦੀਆਂ-ਬੈਠਦੀਆਂ ਲਹਿਰਾਂ ਦੇ ਹਰ ਜਵਾਰ ਪਿੱਛੋਂ ਸਰੀਰ ਉੱਤੇ ਤੁਰਨ, ਕੱਟਣ ਦਾ ਅਹਿਸਾਸ। ਰਹਿ-ਰਹਿ ਕੇ ਦਰਦ ਦੀ ਲਹਿਰ ਉਤਰ ਕੇ ਦੁਬਾਰਾ ਚੜ੍ਹਨ ਵਿਚਕਾਰ ਪੰਦਰਾਂ ਮਿੰਟ ਦਾ ਵਕਫ਼ਾ ਦਿੰਦੀ ਰਹੀ, ਦੇਹ ਉੱਤੇ ਕੀੜੀਆਂ ਦੇ ਤੁਰਨ ਦਾ ਅਹਿਸਾਸ ਵਧਦਾ ਗਿਆ। ਉਸਨੂੰ ਲੱਗਿਆ, ਉਹ ਔਰਤ ਦੂਜੇ ਕਮਰੇ ਵਿਚ ਖਿਸਕਾਅ ਦਿੱਤੇ ਗਏ ਪਲੰਗ ਤੋਂ ਉਠ ਕੇ, ਉਸਦੇ ਨਾਲ ਆ ਪਈ ਸੀ। ਇਹ ਉਸਦੀਆਂ ਠੰਡੀਆਂ ਨੀਲੀਆਂ ਉਂਗਲਾਂ ਦੀ ਛੂਹ ਸੀ, ਜਿਹੜੀ ਪਲੋਸਨ ਦੀ ਬਜਾਏ ਪਿੰਡੇ ਉੱਤੇ ਰੀਂਘਦੀ ਤੇ ਡੰਗ ਮਾਰਦੀ ਪਈ ਸੀ। ਡਰ ਨਾਲ ਉਸਦੀ ਚੀਕ ਨਿਕਲ ਗਈ। ਦਰਦ ਨੇ ਚੀਕ ਨੂੰ ਘੁੱਟ ਲਿਆ ਤੇ ਲਿਜਲਿਜੇ ਚੁੱਭਦੇ ਅਹਿਸਾਸ ਤੋਂ ਛੁਟਕਾਰਾ ਦਿਵਾਉਣ ਲਈ ਪੰਜ ਪੰਜ ਮਿੰਟਾਂ ਬਾਅਦ ਉਠਣ ਲੱਗ ਪਿਆ। ਪਰ ਛੁਟਕਾਰਾ ਨਹੀਂ ਮਿਲਿਆ। ਜਿਵੇਂ ਜਿਵੇਂ ਦਰਦ ਵਧਦਾ ਗਿਆ, ਉਹ ਅਹਿਸਾਸ ਵੀ ਵਧਦਾ ਗਿਆ। ਜਦ ਤਕ ਦਾਈ ਉੱਥੇ ਪਹੁੰਚੀ, ਦਰਦ ਤੋਂ ਪਿੰਡ ਛੁਡਾਉਣ ਦਾ ਅਹਿਸਾਸ ਨਿਰਅਰਥ ਹੋ ਗਿਆ ਸੀ, ਫੇਰ ਵੀ ਉਮਾ ਨੇ ਉਸਦੇ ਦੋਵੇਂ ਹੱਥ ਫੜ੍ਹ ਕੇ ਕਿਹਾ, "ਮੇਰੇ ਸਾਰੇ ਪਿੰਡੇ ਉੱਤੇ ਕੁਝ ਰੀਂਘ ਰਿਹੈ, ਲੜੀ ਜਾ ਰਿਹਾ ਏ।"

ਦਾਈ ਹੱਸ ਪਈ। ਬੋਲੀ, "ਇਹ ਸੜਿਆ ਤਖ਼ਤਪੋਸ਼ ਕਿੱਥੋ ਚੁੱਕ ਲਿਆਏ, ਕੀੜੀਆਂ ਈ ਕੀੜੀਆਂ ਭਰੀਆਂ ਪਈਐਂ ਸੜੀ ਲੱਕੜ 'ਚ। ਉਹ ਵਧੀਆ ਪਲੰਘ ਕਿੱਥੇ ਗਿਆ, ਜਿਸ 'ਤੇ ਮੈਂ ਪਹਿਲੀ ਦੀ ਜੱਚਗੀ ਕਰਵਾਈ ਸੀ ?"

"ਨਹੀਂ, ਉਹ ਨਹੀਂ," ਉਮਾ ਚੀਕ ਪਈ---"ਉਸ ਉੱਤੇ ਮੈਂ ਆਪਣਾ ਬੱਚਾ ਜਿਊਂਦਾ ਨਹੀਂ ਜੰਮ ਸਕਾਂਗੀ।"

ਦਾਈ ਨੇ ਮੋਢੇ ਛੰਡੇ ਤੇ ਆਪਣੇ ਕੰਮ ਵਿਚ ਲੱਗ ਗਈ। ਉਸਦੇ ਦੋਵੇਂ ਹੱਥ ਆਪਣੇ ਤਾਕਤਵਰ ਹੱਥਾਂ ਵਿਚ ਜਕੜ ਕੇ, ਬੱਚਾ ਜੰਮਣ ਲਈ, ਪੂਰਾ ਜ਼ੋਰ ਲਾ ਦੇਣ ਲਈ ਉਕਸਾਉਣ ਲੱਗੀ। ਦਰਦ ਪੂਰੀ ਉਠਾਣ 'ਤੇ ਸਨ। ਉਮਾ ਉਸ ਔਰਤ ਦੀਆਂ ਮਿੰਨਤਾਂ ਕਰ ਰਹੀ ਸੀ ਕਿ ਉਹ ਉਸਦੇ ਕੋਲੋਂ ਉਠ ਜਾਵੇ, ਜਿਸ ਨਾਲ ਉਹ ਉਸ ਭੀੜੇ ਤਖ਼ਤਪੋਸ਼ ਉਪਰ ਫੈਲ ਕੇ ਲੇਟ ਸਕੇ ਤੇ ਜਿਊਂਦੇ ਬੱਚੇ ਨੂੰ ਜਨਮ ਦੇ ਸਕੇ। ਬੁੱਲ੍ਹਾਂ ਵਿਚ ਉਹ ਬੜਬੜਾ ਰਹੀ ਸੀ---"ਇਸ ਵਾਰੀ ਤੇਰਾ ਬੱਚਾ ਜ਼ਰੂਰ ਜਿਊਂਦਾ ਰਹੇਗਾ, ਤੂੰ ਦੇਖ ਲਵੀ, ਜ਼ਰੂਰ ਰਹੇਗਾ। ਇਸ ਖ਼ੌਫ਼ ਨੂੰ ਆਪਣੀਆਂ ਅੱਖਾਂ ਵਿਚੋਂ ਕੱਢ ਦੇਅ, ਮੇਰੇ ਮਾੜੇ ਪਲੰਘ ਤੋਂ ਉਠ ਜਾਅ। ਮੈਨੂੰ ਇਕੱਲੀ ਛੱਡ ਦੇ। ਮੈਂ ਵਾਅਦਾ ਕਰਦੀ ਹਾਂ, ਕਿੰਨੀ ਵੀ ਤਾਕਤ ਲੱਗੇ, ਮੈਂ ਤੇਰੇ ਬੱਚੇ ਨੂੰ ਜਿਉਂਦਾ ਜਨਮ ਦਿਆਂਗੀ।"
***

ਉਮਾ ਨੇ ਅੱਖਾਂ ਬੰਦ ਕੀਤੀਆਂ, ਦੰਦ ਕੱਸੇ, ਦਾਈ ਦੇ ਹੱਥਾਂ ਉਪਰ ਨਹੂੰ ਗੱਡੇ ਤੇ ਸਰੀਰ ਦੇ ਹੇਠਲੇ ਹਿੱਸੇ ਨੂੰ ਸ਼ਕਤੀ ਦਾ ਕੇਂਦਰ ਬਣਾ ਲਿਆ। ਪਲ ਭਰ ਲਈ ਉਸ ਔਰਤ ਨੇ ਵੀ ਅੱਖਾਂ ਬੰਦ ਕਰ ਲਈਆਂ। ਏਨੀ ਛੂਟ ਕਾਫੀ ਸੀ। ਖ਼ੌਫ਼ ਤੋਂ ਆਜ਼ਾਦ ਹੁੰਦਿਆਂ ਹੀ, ਉਸਦੀ ਦੇਹ ਵਿਚ ਇਕ ਨਵੀਂ ਇੱਛਾ ਸ਼ਕਤੀ ਨੇ ਜਨਮ ਲਿਆ। ਸਰੀਰ ਦੀ ਤਾਕਤ ਤੋਂ ਪਰ੍ਹੇ ਦੀ ਚੀਜ਼ ਸੀ ਉਹ ਇੱਛਾ ਸ਼ਕਤੀ, ਜਿਸਦੇ ਬਲ ਨਾਲ ਬਦਨ ਵਿਚੋਂ ਨਿਕਲਿਆ ਹੋਇਆ ਲਹੂ ਦਾ ਫੁਆਰਾ ਬੱਚੇ ਨੂੰ ਵੀ ਬਾਹਰ ਖਿੱਚ ਲਿਆਇਆ।

"ਕੁੜੀ ਐ।" ਦਾਈ ਨੇ ਕਿਹਾ।

ਮਾਣ ਨਾਲ ਉਮਾ ਦਾ ਚਿਹਰਾ ਦਗਦਗ ਕਰਨ ਲੱਗ ਪਿਆ। ਡਰ, ਦਰਦ, ਦੇਹ ਉੱਤੇ ਤੁਰੀਆਂ ਫਿਰਦੀਆਂ ਕੀੜੀਆਂ ਸਭ ਕੁਝ ਭੁੱਲ ਕੇ ਉਹ ਬੜਬੜਾਈ---"ਮੈਂ ਜਿੱਤ ਗਈ। ਆਪਣੀ ਬੱਚੀ ਨੂੰ ਰੋਂਦਿਆਂ ਸੁਣਿਆ ਏਂ ਮੈਂ।" ਉਸਨੇ ਅੱਖਾਂ ਖੋਹਲੀਆਂ ਤੇ ਬੱਚੀ ਦੇ ਬਜਾਏ ਔਰਤ ਨੂੰ ਦੇਖਿਆ। ਉਸਦੀਆਂ ਅੱਖਾਂ ਵੀ ਖੁੱਲ੍ਹੀਆਂ ਸਨ ਤੇ ਉਹਨਾਂ ਵਿਚਲਾ ਖ਼ੌਫ਼ ਜਿਵੇਂ ਦਾ ਤਿਵੇਂ ਸੀ। ਉਮਾ ਨੇ ਆਪਣੀ ਗਲਤੀ ਮਹਿਸੂਸ ਕੀਤੀ। ਹਾਰ ਜਿੱਤ ਦਾ ਸਵਾਲ ਕਿੱਥੇ ਸੀ ? ਉਹ ਜਨਮ ਉਹਨਾਂ ਦੋਵਾਂ ਦਾ ਸਾਂਝਾ ਸੀ। "ਮੇਰੀ ਨਹੀਂ ਤੇਰੀ ਬੱਚੀ !" ਉਸਨੇ ਮਿੰਨਤ ਜਿਹੀ ਕੀਤੀ, "ਇਕ ਵਾਰੀ ਦੇਖ ਤਾਂ ਉਸਨੂੰ, ਕਿੰਨੀ ਸੋਹਣੀ ਏਂ। ਸੁਣ ਆਪਣੇ ਜੀਵਨ ਦੁਖਾਂਤ ਤੇ ਭੈਅ ਨੁੰ ਆਪਣੀਆਂ ਅੱਖਾਂ ਵਿਚੋਂ ਮਿਟਾਅ ਦੇ। ਪਿਆਰ ਕਰ ਉਸਨੂੰ ਤੇ ਵਿਦਾਅ ਹੋ।"

ਖ਼ੌਫ਼ਨਾਕ ਚਿਹਰੇ ਤੇ ਅੱਡੀਆਂ ਅੱਖਾਂ ਸਮੇਤ ਉਹ ਔਰਤ ਹੱਸ ਪਈ। ਜੇ ਫੁਆਰੇ ਵਾਂਗ ਉਮਾ ਦਾ ਖ਼ੂਨ ਬਾਹਰ ਨਾ ਵਹਿ ਰਿਹਾ ਹੁੰਦਾ ਤਾਂ ਉਸ ਭਿਆਨਕ ਹਾਸੇ ਨੂੰ ਸੁਣ ਕੇ ਜੰਮ ਜਾਂਦਾ। ਕੰਬਣੀ ਤਾਂ ਛੁੱਟ ਹੀ ਪਈ ਸੀ। ਫੇਰ ਥਰ-ਥਰ ਉਸਦਾ ਸਰੀਰ ਕੰਬਦਾ ਹੀ ਰਿਹਾ।

"ਮੇਰਾ ਕੰਮ ਖਤਮ ਹੋਇਆ। ਮੈਨੂੰ ਇਨਾਮ ਦਿਓ, ਮੈਂ ਜਾਵਾਂ।" ਦਾਈ ਨੇ ਕਿਹਾ, "ਹੁਣ ਕਿਸੇ ਡਾਕਟਰ ਨੂੰ ਬੁਲਾਓ। ਖ਼ੂਨ ਬੰਦ ਨਹੀਂ ਹੋ ਰਿਹਾ, ਬੁਖਾਰ ਵੀ ਚੜ੍ਹ ਰਿਹੈ।"

ਮਾਂ ਜੀ ਨੇ ਫੇਰ ਹੱਥੀਂ-ਥੜ੍ਹੇ ਪਾ ਦਿੱਤੇ---"ਲੇਡੀ ਡਾਕਟਰ ਨੂੰ ਮਾਰ ਗੋਲੀ। ਜਾਹ ਮਨੀਸ਼, ਕਿਸੇ ਮਰਦ ਡਾਕਟਰ ਨੂੰ ਹੀ ਬੁਲਾਅ ਲਿਆ। ਕੁਛ ਤਾਂ ਕਰੇਗਾ। ਇੰਜ ਮਰ ਜਾਏਗੀ ਬਹੂ।"

ਇਕ ਵਾਰੀ ਫੇਰ ਬਰਸਾਤੀ ਰਾਤ ਦੇ ਹਨੇਰੇ ਤੇ ਪਾਣੀ ਨੂੰ ਸਿਲਵਤਾਂ ਸੁਣਾਉਂਦਾ ਹੋਇਆ ਮਨੀਸ਼ ਘਰੋਂ ਬਾਹਰ ਨਿਕਲਿਆ।

"ਕੁਛ ਨਹੀਂ ਬਦਲਿਆ," ਥਰਥਰ ਕੰਬਦੇ ਪਿੰਡੇ, ਵੱਜਦੇ ਦੰਦਾਂ ਤੇ ਵਗ ਰਹੇ ਲਹੂ ਨੂੰ ਨਜ਼ਰਅੰਦਾਜ਼ ਕਰਦਿਆਂ ਉਮਾ ਨੇ ਕਿਹਾ, "ਇਹ ਤੇਰੀ ਬੱਚੀ ਹੈ, ਜਿਸਨੇ ਮੇਰੀ ਕੁੱਖੋਂ ਜਨਮ ਲਿਐ। ਇਹ ਜਿਊਂਦੀ ਰਹੇਗੀ। ਜ਼ਰੂਰ ਜਿਉਂਦੀ ਰਹੇਗੀ। ਤੂੰ ਦੇਖ ਤਾਂ ਸਹੀ ਇਕ ਵਾਰੀ।"

ਮਨੀਸ਼ ਜਵਾਨ ਨਵਸਿਖੀਏ ਡਾਕਟਰ ਨੂੰ ਨਾਲ ਲਈ ਕਮਰੇ ਵਿਚ ਦਾਖ਼ਲ ਹੋਇਆ। ਡਾਕਟਰ ਨੇ ਦੇਖਿਆ ਤੇ ਸਿਰ ਮਾਰ ਦਿੱਤਾ---"ਬੜੀ ਦੇਰ ਕਰ ਦਿੱਤੀ। ਗੁਰਦੇ ਫੇਲ੍ਹ ਹੋ ਗਏ ਨੇ। ਖ਼ੂਨ ਰੋਕਣ ਦਾ ਮੇਰੇ ਕੋਲ ਕੋਈ ਪ੍ਰਬੰਧ ਨਹੀਂ…ਇਹ ਕੇਸ ਹਸਪਤਾਲ ਦਾ ਸੀ।"

ਉਸਨੇ ਸੁਣਿਆ ਤੇ ਨਹੀਂ ਵੀ ਸੁਣਿਆ। ਉਸਦਾ ਪੂਰਾ ਧਿਆਨ ਉਸ ਔਰਤ ਵਿਚ ਸੀ। "ਬੱਚੀ ?" ਉਸਨੇ ਅੰਦਰੇ ਅੰਦਰ ਘੋਟਦਿਆਂ ਕਿਹਾ।

ਫੇਰ ਉਹ ਔਰਤ ਆਪਣੇ ਖ਼ੌਫ਼ਨਾਕ ਚਿਹਰੇ ਸਮੇਤ ਬੱਚੀ ਉੱਤੇ ਝੁਕ ਗਈ। ਉਮਾ ਉਸ ਵੱਲ ਇਕਟੱਕ ਵਿਹੰਦੀ ਰਹੀ। ਉਸ ਔਰਤ ਦੀਆਂ ਅੱਖਾਂ ਦਾ ਫੈਲਾਅ ਕੁਝ ਘਟਿਆ, ਪਲਕਾਂ ਝਪਕੀਆਂ, ਪੁਤਲੀਆਂ ਸੁੰਗੜੀਆਂ ਤੇ ਉਹਨਾਂ ਵਿਚ ਅੱਥਰੂ ਤੈਰਨ ਲੱਗੇ। ਫੇਰ ਦੁਨੀਆਂ ਭਰ ਦੀ ਮਮਤਾ ਤੇ ਕਰੂਣਾ ਭਰ ਗਈ। ਹੁਣ ਜਦ ਉਸਨੇ ਉਮਾ ਵੱਲ ਦੇਖਿਆ ਤਾਂ ਉਸਦੀਆਂ ਅੱਖਾਂ ਵਿਚ ਦਹਿਸ਼ਤ ਦੇ ਬਜਾਏ ਕਰੂਣਾਮਈ ਦਰਦ ਝਲਕ ਰਿਹਾ ਸੀ। ਉਮਾ ਦਾ ਭੈਅ ਜਾਂਦਾ ਰਿਹਾ। ਉਸਨੇ ਆਪਣੀਆਂ ਬਾਹਾਂ ਫੈਲਾਅ ਦਿੱਤੀਆਂ। ਉਹ ਕੋਲ ਆ ਗਈ। ਉਸਨੂੰ ਆਪਣੀਆਂ ਬਾਹਾਂ ਵਿਚ ਘੁੱਟ ਕੇ ਉਸਦੇ ਨਾਲ ਲੇਟ ਗਈ।

ਉਮਾ ਨੇ ਉਸਦੀ ਛਾਤੀ ਉੱਤੇ ਸਿਰ ਰੱਖ ਕੇ ਕਿਹਾ,"ਮੈਂ ਮਰਨਾ ਨਹੀ, ਜਿਊਣਾ ਚਾਹੁੰਦੀ ਹਾਂ।"

"ਮੈਂ ਵੀ ਜਿਊਣਾ ਚਾਹੁੰਦੀ ਸਾਂ। ਬੜੀ ਕੋਸ਼ਿਸ਼ ਕੀਤੀ ਸੀ ਮੈਂ।"

"ਜਾਣਦੀ ਹਾਂ ਤੇਰੀ ਕਹਾਣੀ। ਬੜੀ ਵਾਰੀ ਸੁਣ ਚੁੱਕੀ ਹਾਂ।"

"ਭੁਲ ਜਾਅ ਉਸਨੂੰ, ਹੁਣ ਇਹ ਤੇਰੀ ਕਹਾਣੀ ਹੈ---ਖਤਮ ਹੋ ਕੇ ਫੇਰ ਸ਼ੁਰੂ ਹੋਣ ਵਾਲੀ। ਓਹ ਵੇਖ।" ਉਸਨੇ ਉਸਦਾ ਚਿਹਰਾ ਬੱਚੀ ਵੱਲ ਭੁੰਆਂ ਦਿੱਤਾ। "ਹਾਂ, ਇਕ ਔਰਤ ਅਜੇ ਜਿਊਂਦੀ ਹੈ, ਉਹ ਜਿਹੜੀ ਹੁਣੇ ਪੈਦਾ ਹੋਈ ਏ।" ਆਖ਼ਰੀ ਹਿੱਚਕੀ ਦੇ ਨਾਲ ਉਮਾ ਨੇ ਕਿਹਾ। ਬੱਚੀ ਉੱਤੇ ਟਿਕੀਆਂ ਉਸਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।

"ਇਸ ਦੇ ਪ੍ਰਾਣ ਵੀ ਅੱਖਾਂ ਥਾਈਂ ਨਿਕਲੇ ਐ।" ਮਾਂ ਜੀ ਨੇ ਧੁੜਧੁੜੀ ਲੈਂਦਿਆਂ ਕਿਹਾ।

ਚੁੱਪ ਵਾਪਰ ਗਈ। ਕੋਈ ਅੱਗੇ ਵਧ ਕੇ ਉਸਦੀਆਂ ਖੁੱਲ੍ਹੀਆਂ ਅੱਖਾਂ ਵਿਚ ਵੱਸਿਆ ਖ਼ੌਫ਼ ਤੇ ਪੀੜ ਦੇਖਣ ਦੀ ਹਿੰਮਤ ਨਾ ਕਰ ਸਕਿਆ। ਉਦੋਂ ਹੀ ਬੱਚੀ ਧੀਮੀ ਆਵਾਜ਼ ਵਿਚ ਰੋ ਪਈ। ਇਕ ਹੋਰ ਔਰਤ ਦੁਨੀਆਂ ਵਿਚ ਆ ਗਈ ਸੀ। ਮਾਂ ਜੀ ਦਾ ਮਨ ਮਮਤਾ ਨਾਲ ਭਰ ਗਿਆ। ਉਹ ਬੱਚੀ ਚੁੱਕਣ ਲਈ ਅੱਗੇ ਵਧੇ। ਹਿੰਮਤ ਕਰਕੇ ਹੱਥ ਉਮਾ ਦੀਆਂ ਅੱਖਾਂ ਬੰਦ ਕਰਨ ਲਈ ਵਧਾਇਆ। ਦੇਖਿਆ ਕੀੜੀਆਂ ਨੇ ਉਸਦੇ ਸਾਰੇ ਪਿੰਡੇ ਨੂੰ ਢਕ ਲਿਆ ਸੀ ਪਰ ਉਸਦੀਆਂ ਅੱਖਾਂ ਵਿਚ ਖ਼ੌਫ਼ ਨਹੀਂ, ਅਪਾਰ ਕਰੂਣਾ ਭਰੀ ਹੋਈ ਸੀ। ਉਹਨਾਂ ਮਰ ਚੁੱਕੀ ਔਰਤ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਤੇ ਨਵ ਜੰਮੀ ਔਰਤ ਨੂੰ ਕੀੜੀਆਂ ਵਿਚਕਾਰੋਂ ਚੁੱਕਿਆ ਤੇ ਉਸ ਕਮਰੇ ਵੱਲ ਦੌੜ ਗਏ, ਜਿਸ ਵਿਚ ਰੀਝ ਨਾਲ ਬਣਵਾਇਆ ਹੋਇਆ ਪਲੰਘ ਪਿਆ ਸੀ।

No comments:

Post a Comment