Wednesday, May 6, 2009

ਗਿਰਗਟ :: ਲੇਖਕ : ਵਿਜੈ





ਹਿੰਦੀ ਕਹਾਣੀ : ਗਿਰਗਟ :: ਲੇਖਕ : ਵਿਜੈ , ਸੰਪਰਕ : 09313301435. ਮੁਬਾਇਲ : 09313301435

ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

----------------------------------------------
ਇਹ ਕਹਾਣੀ ਸਰੋਕਾਰ : 36.---ਅਪ੍ਰੈਲ-ਜੂਨ 2009. ਵਿਚ ਛਪੀ ਹੈ। ਸਰੋਕਾਰ ਦਾ ਸੰਪਰਕ ਨੰਬਰ ਹੈ = 01672-250346.
----------------------------------------------

ਕਾਰ ਜੀ.ਟੀ. ਰੋਡ ਉੱਤੇ ਦੌੜ ਰਹੀ ਸੀ। ਵਧੇਰੇ ਲੋਕਾਂ ਦੇ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਜੀ.ਟੀ. ਰੋਡ ਸ਼ੇਰਸ਼ਾਹ ਸੂਰੀ ਦੀ ਦੇਣ ਹੈ। ਪੈਦਲ ਜਾਂ ਕਿਸੇ ਵਾਹਣ ਉੱਤੇ ਸਵਾਰ ਲੋਕਾਂ ਨੂੰ ਤਾਂ ਸਿਰਫ਼ ਆਪਣੀ ਮੰਜ਼ਿਲ ਤੀਕ ਪਹੁੰਚਣ ਦਾ ਮਤਲਬ ਹੁੰਦਾ ਹੈ। ਜਿਹਨਾਂ ਜੰਮਦਿਆਂ ਹੀ ਸੜਕ ਨੂੰ ਆਪਣਾ ਘਰ ਮੰਨ ਲਿਆ ਹੈ, ਉਹਨਾਂ ਨੂੰ ਵੀ ਇਤਿਹਾਸ ਨਾਲ ਰਿਸ਼ਤੇ ਜੋੜਨ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ। ਕੀ ਕਾਰ ਵਿਚ ਸਵਾਰ ਸੂਰਜ ਨੂੰ ਪਤਾ ਹੋਵੇਗਾ ਕਿ ਕੋਈ ਇਤਿਹਾਸਕ ਪੁਰਸ਼ ਇਸ ਸੜਕ ਨਾਲ ਜੁੜਿਆ ਹੋਇਆ ਹੈ ? 'ਮੈਨੂੰ ਨਹੀਂ ਪਤਾ'---ਇਹ ਸ਼ਬਦ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਪਛਾਣ ਹੈ ! ਜਾਣਕਾਰੀ ਉਸੇ ਗੱਲ ਦੀ ਰੱਖੀ ਜਾਂਦੀ ਹੈ, ਜਿਸ ਨਾਲ ਕੁਝ ਕਮਾਈ ਹੋਵੇ। ਸੜਕ---ਚੌੜੀ, ਸਾਫ-ਸੁਥਰੀ, ਖੁੱਲ੍ਹੀ-ਡੁੱਲ੍ਹੀ ਤੇ ਸੁਰੱਖਿਅਤ ਹੋਵੇ ਤਾਂਕਿ ਮੰਜ਼ਿਲ ਉੱਤੇ ਛੇਤੀ ਤੋਂ ਛੇਤੀ ਪਹੁੰਚਿਆ ਜਾ ਸਕੇ…ਤੇ ਮੰਜ਼ਿਲ ਉੱਤੇ ਪਹੁੰਚਣ ਦਾ ਅਰਥ ਹੋਵੇ ਕਮਾਈ ; ਸਿਰਫ ਤੇ ਸਿਰਫ ਕਮਾਈ ! ਸ਼ੇਰਸ਼ਾਹ ਸੂਰੀ ਨੂੰ ਯਾਦ ਰੱਖਣ ਦੀ ਕੋਈ ਲੋੜ ਨਹੀਂ ; ਲੋੜ ਹੁੰਦੀ ਤਾਂ ਫਿਲਮਾਂ ਜਾਂ ਟੀ.ਵੀ. ਵਾਲੇ ਉਹਨੂੰ ਭੁੱਲੇ ਰਹਿੰਦੇ !

ਸੂਰਜ ਨੂੰ ਅਚਾਨਕ ਕੁਝ ਯਾਦ ਆ ਗਿਆ ਹੈ। ਉਹ ਜੇਬ ਵਿਚ ਹੱਥ ਪਾ ਕੇ ਮੁਬਾਇਲ ਬਾਹਰ ਕੱਢਦਾ ਹੈ। ਨੰਬਰ ਮਿਲਾਉਣ ਲੱਗਦਾ ਹੈ---ਪਰ ਫੇਰ ਝੱਟ ਹੀ ਫ਼ੋਨ ਬੰਦ ਕਰ ਦੇਂਦਾ ਹੈ। ਟ੍ਰੈਫ਼ਿਕ ਪੁਲਿਸ ਦੀ ਚਿਤਾਵਨੀ ਚੇਤੇ ਆ ਗਈ ਲੱਗਦੀ ਹੈ---'ਵਾਹਣ ਚਾਲਉਂਦੇ ਹੋਏ ਫ਼ੋਨ ਉੱਤੇ ਗੱਲ ਕਰਨੀ ਮਨ੍ਹਾਂ ਹੈ।' ਉਹ ਦੇਖਦੇ ਹੀ ਰੋਕ ਲੈਣਗੇ। ਕੜਕ ਕੇ ਲਾਇਸੈਂਸ ਤੇ ਰਜਿਸਟ੍ਰੇਸ਼ਨ ਬੁੱਕ ਦਿਖਾਉਣ ਦਾ ਹੁਕਮ ਦੇਣਗੇ। ਮਿੰਨਤਾਂ ਕਰਾ ਕੇ ਚਲਾਣ ਭਾਵੇਂ ਨਾ ਹੀ ਕੱਟਣ---ਪਰ ਸੌ, ਦੋ ਸੌ ਰੋਪਈਏ ਜ਼ਰੂਰ ਮਾਂਠ ਲੈਣਗੇ। ਵੀਹ-ਪੱਚੀ ਮਿੰਟ ਬਰਬਾਦ ਹੋਣਗੇ, ਸੋ ਵੱਖਰੇ। ਇਹੋ ਕਾਰਨ ਹੈ ਕਿ ਪੁਲਿਸ ਦਾ ਹਰੇਕ ਸਿਪਾਹੀ ਟ੍ਰੈਫ਼ਿਕ ਪੁਲਿਸ ਵਿਚ ਜਾਣਾ ਚਾਹੁੰਦਾ ਹੈ। ਟ੍ਰੈਫ਼ਿਕ ਪੁਲਿਸ ਵਿਚ ਹੋਣ ਦਾ ਅਰਥ ਹੈ---ਚੋਰਾਂ, ਡਾਕੂਆਂ ਜਾਂ ਉਚੱਕਿਆਂ ਪਿੱਛੇ ਭੱਜਣ ਜਾਂ ਝੂਠੇ ਕੇਸ ਬਣਾਉਣ ਦੀ ਕੋਈ ਲੋੜ ਨਹੀਂ---ਚਾਲਕ, ਆਪੁ ਹੀ, ਰਿਸ਼ਵਤ ਮੁੱਠੀ ਵਿਚ ਫੜਾਅ ਕੇ ਗਾਇਬ ਹੋ ਜਾਣਾ ਚਾਹੁੰਦਾ ਹੈ।

ਸੂਰਜ ਗੱਡੀ ਹੌਲੀ ਕਰਕੇ, ਖੱਬੇ, ਕੱਚੇ ਵਿਚ ਲਾਹ ਕੇ, ਰੋਕ ਲੈਂਦਾ ਹੈ। ਮੁਬਾਇਲ ਉਪਰ ਉਂਗਲਾਂ ਚੱਲਦੀਆਂ ਨੇ ਤੇ ਉਹ ਕੰਨ 'ਤੇ ਪਹੁੰਚ ਜਾਂਦਾ ਹੈ।

ਮੀਨਾ ਦੀ ਸੁਰੀਲੀ ਆਵਾਜ਼ ਸੁਣ ਕੇ ਖਿੜ-ਪੁੜ ਜਾਂਦਾ ਹੈ ਤੇ ਚਹਿਕਦਾ ਹੋਇਆ ਕਹਿੰਦਾ ਹੈ, "ਮੀਨਾ ਦਿੱਲੀ ਤੋਂ ਸੂਰਜ ! ਅੱਜ ਦੁਪਹਿਰੇ ਦੋ ਵਜੇ ਦੀ ਫਲਾਇਟ 'ਤੇ ਕੋਲਕਾਤਾ ਆ ਰਿਹਾਂ। ਫ਼ਰੀ ਏਂ ਨਾ ?"

"ਝੂਠੇ।…ਬਣਾਅ ਰਹੇ ਓ ਨਾ !"

"ਨਹੀਂ…ਸੱਚ ਕਹਿ ਰਿਹਾਂ…।"

"ਪੂਰੇ ਦੋ ਮਹੀਨਿਆਂ ਦੀ, ਵਾਇਦੇ ਸੁਣਦੀ ਆ ਰਹੀ ਆਂ।"

"ਅੱਜ ਵਾਇਦਾ ਨਹੀਂ, ਪੱਕੀ ਗੱਲ ਏ ਇਹ, ਹਾਂ।"

"ਕਿੱਥੇ ਠਹਿਰੋਗੇ ?"

"ਉੱਥੇ ਈ, ਨੰਦਨ 'ਚ। ਹੈ ਤਾਂ ਥਰੀ-ਸਟਾਰ ਈ ਪਰ ਸਰਵਿਸ ਤੇ ਖਾਣਾ ਬੜਾ ਵਧੀਆ ਹੁੰਦਾ ਏ, ਉਹਨਾਂ ਦਾ। ਨਾਲੇ ਐਸਪਲੇਨੇਡ ਨੇੜੇ ਈ ਏ।"

"ਕਿਸੇ ਵੱਡੇ ਕੰਮ ਆ ਰਹੇ ਹੋਵੋਗੇ !"

"ਬਸ ਦੋ ਚਾਰ ਘੰਟਿਆਂ ਦਾ ਕੰਮ ਏਂ, ਤੇ ਰੁਕਾਂਗਾ ਪੂਰੇ ਤਿੰਨ ਦਿਨ।"

ਇਕ ਗੁੰਦਵੀਂ ਬੰਗਾਲੀ ਦੇਹ ਸੂਰਜ ਨੂੰ ਉਤੇਜਿਤ ਕਰ ਰਹੀ ਸੀ। ਮੀਨਾ ਕਹਿ ਰਹੀ ਸੀ, ਦੋ ਢਾਈ ਘੰਟਿਆਂ ਦੀ ਫਲਾਈਟ ਏ। ਚਾਰ ਜਾਂ ਸਾਢੇ ਚਾਰ ਵਜੇ ਤਕ ਪਹੁੰਚ ਜਾਵੇਗੀ। ਮੈਂ ਹੋਟਲ ਦੀ ਟੈਕਸੀ ਵਿਚ ਪਹੁੰਚ ਜਾਵਾਂਗੀ।

ਓ.ਕੇ. ਫ਼ੋਨ ਬੰਦ ਕਰਕੇ ਸੂਰਜ ਗੱਡੀ ਸੜਕ ਉੱਤੇ ਭਜਾਅ ਲੈਂਦਾ ਹੈ।

***
ਮੀਨਾ ਸੋਚਣ ਲੱਗਦੀ ਹੈ---'ਜੇ ਸੂਰਜ ਤਿੰਨ ਦਿਨ ਵੀ ਰਕਿਆ ਤਾਂ ਉਹ ਇਕ ਸੈਕੇਂਡਹੈਂਡ ਗੱਡੀ ਤਾਂ ਖਰੀਦ ਈ ਸਕੇਗੀ। ਪਰ ਘਰ ਵਾਲੇ! ਐਂਜਵਾਏ ਕਰਨ ਦੀ ਬਜਾਏ ਈਸ਼ਵਰ ਚੰਦਰ ਵਿਧਾਸਾਗਰ ਬਣ ਜਾਣਗੇ।…'ਨਾ! ਕੀ ਕਾਰ ਬੜੀ ਜ਼ਰੂਰੀ ਸੀ?' ਕੋਲਕਾਤਾ ਅੱਜ ਵੀ ਔਰਤਾਂ ਦੇ ਮਾਮਲੇ 'ਚ ਪੁਰਾਤਨ-ਪੰਥੀ ਏ। ਫੇਰ, 'ਪੈਸੇ! ਕਿੱਥੋਂ ਆਏ ਤੇਰੇ ਕੋਲ ?'…'ਕੋਈ ਦੋਸਤ ਕਿਉਂ ਤੋਹਫ਼ਾ ਦਵੇਗਾ ?'…'ਅੱਜ ਦੀ ਦੁਨੀਆਂ ਵਿਚ ਲੈਣ ਨੂੰ ਦੇਣ ਹੁੰਦਾ ਏ ਜੀ।…ਤੂੰ ਕਿਤੇ! ਓ-ਮਾਂ, ਅਸੀਂ ਤਾਂ ਸਮਾਜ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਾਂਗੇ।'

'ਨਹੀਂ, ਉਹ ਇਵੇਂ ਨਹੀਂ ਜਿਊਂ ਸਕਦੀ, ਜਿਵੇਂ ਆਮ ਆਦਮੀ ਜਿਊਂ ਰਿਹਾ ਹੈ। ਆਇਸਤਾ! ਆਹਿਸਤਾ! ਕੀ ਇਹ ਉੱਚੀਆਂ ਇਮਾਰਤਾਂ ਦੇ ਮਾਲਿਕ ਈਮਾਨਦਾਰ ਨੇ ? ਸਰਕਾਰੀ ਅਮਲਾ ਐਵੇਂ ਈ ਰਿਸ਼ਵਤਖ਼ੋਰ ਨਹੀਂ ਬਣ ਗਿਆ। ਅਮੀਰ ਉਸਨੂੰ ਹੱਸ ਕੇ ਰਿਸ਼ਵਤ ਦੇਂਦਾ ਏ ਤੇ ਗਰੀਬ ਤੋਂ ਉਹ ਵਸੂਲ ਕਰ ਲੈਂਦੇ ਨੇ! ਪਾਰਲੀਮੈਂਟ ਵਿਚ ਸਵਾਲ ਉਠਾਉਣ ਲਈ ਵੀ ਸਾਂਸਦ ਪੈਸੇ ਦਾ ਲੈਣ-ਦੇਣ ਕਰਨ ਲੱਗ ਪਏ ਨੇ। ਹਵਾਈ ਯਾਤਰਾ ਵਿਚ ਕਿਸੇ ਹੋਰ ਨੂੰ ਪਤਨੀ ਬਣਾ ਕੇ ਲੈ ਜਾਂਦੇ ਨੇ। ਹਰ ਮੰਤਰੀ ਤੇ ਸੰਤਰੀ ਨੂੰ ਕਮਿਸ਼ਨ ਪਹੁੰਚਾਉਂਦੇ ਰਹਿੰਦੇ ਨੇ, ਉਹਨਾਂ ਦੇ ਦਲਾਲ! ਦੇਸ਼ ਦੀ ਸੰਸਕ੍ਰਿਤੀ, ਦਲਾਲ ਸੰਸਕ੍ਰਿਤੀ ਬਣ ਕੇ ਰਹਿ ਗਈ ਏ। ਈਮਾਨਦਾਰੀ ਹੈ ਕਿੱਥੇ ?...ਲੋਅਰ ਮਿਡਲ ਕਲਾਸ ਦਾ ਝੂਠਾ ਨਸ਼ਾ ਏ ਈਮਾਨਦਾਰੀ! ਮੰਦਰ ਬਣਾਉਣ ਵਾਲਾ ਸੇਠ ਬੇਈਮਾਨ ਏ, ਪੁਜਾਰੀ ਚੜ੍ਹਾਵੇ ਦੇ ਹਿਸਾਬ ਨਾਲ ਭਗਵਾਨ ਦਾ ਅਸ਼ੀਰਵਾਦ ਦੇਂਦਾ ਏ ਤੇ ਹਰੇਕ ਸਰਕਾਰ ਦਾ ਖਜਾਨਾ ਸ਼ਰਾਬ ਦੀ ਵਿੱਕਰੀ 'ਤੇ ਨਿਰਭਰ ਰਹਿੰਦਾ ਏ। ਹਰ ਚੀਜ਼ ਪੈਸੇ ਨਾਲ ਖਰੀਦੀ ਜਾ ਸਕਦੀ ਏ। ਰਿਸ਼ਵਤ ਵਿਚ ਚੱਲਦਾ ਏ---ਪੈਸਾ, ਸ਼ਰਾਬ ਤੇ ਔਰਤ! ਪੈਸਾ ਬੇਈਮਾਨ ਦੀ ਜੇਬ ਵਿਚ ਜਾਂਦਾ ਏ, ਸ਼ਰਾਬ ਦੀ ਵਿਕਰੀ ਨਾਲ ਸਰਕਾਰਾਂ ਚੱਲਦੀਆਂ ਨੇ ਤਾਂ ਔਰਤ ਕਿਉਂ ਨਾ ਆਪੁ ਆਪਣੀ ਕੀਮਤ ਵਸੂਲ ਕਰੇ! ਪੈਸਾ ਹੋਵੇ ਤਾਂ ਚੰਗੇ ਤੋਂ ਚੰਗਾ ਪਤੀ ਮਿਲ ਜਾਂਦਾ ਏ। ਪੈਸੇ ਨਾਲ ਕੀ ਨਹੀਂ ਖਰੀਦਿਆ ਜਾ ਸਕਦਾ…'

***
ਸੂਰਜ ਬਾਰਡਰ ਤੋਂ ਸੱਜੇ ਮੁੜ ਕੇ ਵਿਵੇਕ ਵਿਹਾਰ ਦਾ ਰਸਤਾ ਫੜ੍ਹ ਲੈਂਦਾ ਹੈ। ਵਿਵੇਕ ਵਿਹਾਰ ਵਿਚ ਤੇਜੀ ਨਾਲ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀ। ਪਿਤਾ ਚੰਦੂ ਲਾਲ ਉੱਥੋਂ ਦਾ ਕੰਮ ਦੇਖਣ ਆਏ ਹੋਏ ਸਨ। ਸੂਰਜ ਨੂੰ ਦੇਖਦੇ ਹੀ ਬੋਲੇ, "ਦਿੱਲੀ ਦਾ ਕੰਮ ਕਿੰਨਾ ਮਹੱਤਵਪੂਰਨ ਏਂ, ਸਮਝ ਰਿਹਾ ਏਂ ਨਾ ? ਹਜ਼ਾਰਾਂ, ਕਰੋੜਾਂ ਦਾ ਕੰਮ ਏਂ। ਦੋ ਹਜ਼ਾਰ ਦਸ ਵਿਚ ਕਾਮਨਵੈਲਥ ਖੇਡਾਂ ਹੋਣੀਆਂ ਨੇ, ਇਸ ਲਈ ਪਹਿਲਾਂ ਕੰਮ ਈ ਕੰਮ ਏਂ---ਫਲਾਈ ਓਵਰਜ਼, ਮਾਲਜ਼, ਹੋਟਲ ਤੇ ਸੜਕ ਦੋ ਦੋਵੇਂ ਪਾਸੇ ਯੂਰੋਪ ਵਰਗਾ ਮਾਹੌਲ। ਕਮਾਈ ਦਾ ਅਸਲੀ ਵਕਤ ਏ, ਬੇਟਾ ਜੀ।…ਹਾਂ, ਕੰਮ ਹੋਵੇ ਐਸਾ ਕਿ ਤਿੰਨ ਚਾਰ ਸਾਲ ਤਕ ਕੋਈ ਇੱਟ ਨਾ ਖਿਸਕੇ, ਏਸੇ ਲਈ ਪੈਸੇ ਵੀ ਮਨ ਚਾਹੇ ਮਿਲ ਰਹੇ ਨੇ।"

"ਪਰ ਕੀ ਦਿੱਲੀ ਓਨੀ ਸਾਫ-ਸੁਥਰੀ ਰਹਿ ਸਕਦੀ ਏ ? ਜਿੱਥੇ ਹਰ ਸਾਲ ਚਾਰ-ਪੰਜ ਲੱਖ ਬੇਰੁਜ਼ਗਾਰਾਂ ਦੀ ਭੀੜ ਵਧ ਜਾਂਦੀ ਏ; ਹਵਾ 'ਚ ਧੂੰਆਂ ਤੇ ਧੂੜ ਉੱਡਦੀ ਰਹਿੰਦੀ ਏ, ਉੱਥੇ ਯੂਰੋਪੀਅਨ ਵਾਤਾਵਰਨ ਕਿਵੇੱ ਬਣਿਆ ਰਹਿ ਸਕਦਾ ਏ ?"

"ਬਹਿਸ ਨਾ ਕਰ ਸੂਰਜ ! ਸ਼ਾਦੀ-ਵਿਆਹ ਵੇਲੇ ਕੇਡੀ ਸਜਾਵਟ ਹੁੰਦੀ ਏ ਕਿ ਲੋਕੀ ਦੇਖਦੇ ਰਹਿ ਜਾਂਦੇ ਨੇ। ਬਾਅਦ 'ਚ ਕੂੜਾ ਉੱਥੇ ਪਿਆ ਰਹਿ ਜਾਂਦਾ ਏ, ਪਰ ਕੋਈ ਦੇਖਣ ਨਹੀਂ ਆਉਂਦਾ। ਤੂੰ ਸਿਵਲ ਇੰਜੀਨੀਅਰ ਏਂ, ਤੇਰਾ ਕੰਮ ਇਮਾਰਤ ਖੜ੍ਹੀ ਕਰਨਾ ਏ। ਪਰ ਅਸੀਂ ਕੰਸਟ੍ਰਕਸ਼ਨ ਬਿਜਨੇਸ ਵਿਚ ਵੀ ਆਂ। ਸਾਨੂੰ ਅੱਖਾਂ ਖੋਹਲ ਕੇ ਰਹਿਣਾ ਚਾਹੀਦਾ ਏ ਤੇ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਏ। ਇਸ ਲਈ ਮੈਂ ਤੈਨੂੰ ਤਿੰਨ-ਚਾਰ ਦਿਨਾਂ ਲਈ ਕੋਲਕਾਤਾ ਭੇਜ ਰਿਹਾਂ।"

"ਉੱਥੋਂ ਦਾ ਕੰਮ ਤਾਂ ਨੀਲਮਣੀ ਕੰਸਟ੍ਰਕਸ਼ਨਜ਼ ਵਾਲਿਆਂ ਨੇ ਲਿਆ ਹੋਇਆ ਏ। ਅਸੀਂ ਤਾਂ ਸਿਰਫ ਇਕ ਤਿਹਾਈ ਦੇ ਪਾਰਟਨਰ ਆਂ ਨਾ ?"

"ਹਾਂ, ਪਰ ਇਸ ਇਕ ਤਿਹਾਈ ਪਾਰਟਨਰ ਸ਼ਿਪ ਵਿਚ ਲਾਭ ਹੋਣਾ ਚਾਹੀਦਾ ਏ ਜਾਂ ਨੂਕਸਾਨ ?"

"ਲਾਭ ਤਾਂ ਨੀਲਮਣੀ ਦਾ ਵੀ ਉਦੇਸ਼ ਏ।"

"ਪਰ ਨੀਲਮਣੀ ਬੰਗਾਲੀ ਏ। ਬੰਗਾਲੀ ਵਰਕਰ ਉੱਤੇ ਤੁਸੀਂ ਜਾਂ ਕੋਈ ਹੋਰ ਵਿਸ਼ਵਾਸ ਕਰ ਸਕਦਾ ਏ ਭਲਾ ? ਸਿੰਗੂਰ ਨੇ ਮਾਰਕਵਾਦੀ ਸਰਕਾਰ ਨੂੰ ਕਰਾਰੀ ਸੱਟ ਮਾਰੀ ਏ। ਕਿਸਾਨ ਉਸਦੇ ਹੱਥੋਂ ਨਿਕਲ ਰਿਹਾ ਏ; ਇਸ ਲਈ ਉਹ ਮਜ਼ਦੂਰ ਉਪਰ ਅੱਖ ਗੱਡੀ ਰੱਖੇਗੀ। ਹਾਲਾਂਕਿ ਪੂੰਜੀਵਾਦਦੇ ਪ੍ਰਤੀ ਉਦਾਰ ਹੋਈ ਹੋਈ ਏ ਬੰਗਾਲ ਸਰਕਾਰ, ਪਰ ਆਪਣਾ ਵੋਟ ਤਾਂ ਨਹੀਂ ਘਟਾਉਣਾ ਚਾਹੇਗੀ ਨਾ ? ਮੈਂ ਚਾਹੁੰਦਾ ਆਂ ਬਈ, ਤੂੰ ਨੀਲਮਣੀ ਨੂੰ ਸਮਝਾਅ ਆ ਕਿ ਮਜ਼ਦੂਰ-ਮਿਸਤਰੀਆਂ ਤੇ ਕਾਰੀਗਰਾਂ ਵਿਚ ਬੰਗਾਲੀ ਇਕ ਤਿਹਾਈ ਤੋਂ ਵੱਧ ਨਾ ਹੋਣ। ਗ਼ੈਰ-ਬੰਗਾਲੀ ਮਜ਼ਦੂਰ ਜਾਂ ਕਾਰੀਗਰ ਉੱਥੋਂ ਦੀ ਸਰਕਾਰ ਦਾ ਵੋਟ ਬੈਂਕ ਨਹੀਂ…ਬੰਗਾਲੀ ਲੇਬਰ ਘੱਟ ਹੋਵੇਗੀ ਤਾਂ ਕਮਿਊਨਿਸਟ ਪਾਰਟੀ ਉਧਰ ਧਿਆਨ ਨਹੀਂ ਦਵੇਗੀ। ਇਕ ਸਾਲ ਬਾਅਦ ਚੋਣਾ ਵੀ ਤਾਂ ਹੋਣੀਆਂ ਨੇ…"

"ਗ਼ੈਰ-ਬੰਗਾਲੀ !"

"ਦਿੱਲੀ 'ਚ ਯੂ.ਪੀ., ਰਾਜਸਥਾਨ, ਮੱਧ-ਪ੍ਰਦੇਸ਼ ਦੇ ਲੋਕ ਕੰਮ ਲਈ ਭੌਂਦੇ ਫਿਰਦੇ ਨੇ ਤੇ ਬੰਗਾਲ ਵਿਚ ਬਿਹਾਰੀ ਤੇ ਉੜੀਆ ਮਜ਼ਦੂਰ-ਮਿਸਤਰੀਆਂ ਦੀ ਕਮੀ ਨਹੀਂ। ਸਰਕਾਰੀ ਮਸ਼ੀਨਰੀ ਇੱਥੋਂ ਦੀ ਹੋਵੇ ਭਾਵੇਂ ਕਿਤੋਂ ਦੀ, ਹਰ ਜਗ੍ਹਾ ਉਹਨਾਂ ਦੀਆਂ ਜੇਬਾਂ ਖਾਲੀ ਰਹਿੰਦੀਆਂ ਨੇ, ਜਿਹੜੀਆਂ ਅਸੀਂ ਲੋਕ ਭਰਦੇ ਆਂ।"

"ਓ-ਅ…!"

"ਹਾਂ ਸੂਰਜ ! ਮੈਨੇਜ਼ਮੈਂਟ ਪੜ੍ਹ ਕੇ ਆਏ ਮੁੰਡੇ ਜਦੋਂ ਕਾਰਖ਼ਾਨਿਆਂ ਵਿਚ ਕੰਮ ਕਰਦੇ ਨੇ, ਓਦੋਂ ਉਹਨਾਂ ਨੂੰ ਪਤਾ ਲੱਗਦਾ ਏ ਬਈ ਸਾਮ, ਦਾਮ, ਦੰਡ ਤੇ ਭੇਦ…ਇਹਨਾਂ ਚਾਰ ਅਸੂਲਾਂ ਦੇ ਇਲਾਵਾ ਪੰਜਵੇਂ ਦੀ ਉਹਨਾਂ ਨੂੰ ਲੋੜ ਨਹੀਂ। ਅੰਗਰੇਜ਼ ਤਾਂ ਗੋਰੀ ਤੇ ਕਾਲੀ ਚਮੜੀ ਵਿਚ ਫਰਕ ਕਰਦਾ ਸੀ, ਹੁਣ 'ਡਿਵਈਡ' ਯਾਨੀ ਵੰਡਣ ਲਈ ਭਾਸ਼ਾ, ਸੂਬਾ, ਧਰਮ ਤੇ ਜਾਤ ਵਰਗੇ ਕਈ ਅਸਤਰ ਮੌਜ਼ੂਦ ਨੇ। ਬੰਗਾਲੀ ਖ਼ੁਦ ਨੂੰ ਕਰਾਂਤੀਵੀਰ ਤੇ ਸਭਿਅਤਾ ਦਾ ਬਾਦਸ਼ਾਹ ਸਮਝਦਾ ਏ। ਦੂਜਿਆਂ ਨੂੰ ਹਿਕਾਰਤ ਦੀ ਨਿਗਾਹ ਨਾਲ ਵੇਖਦਾ ਏ…ਇਸ ਲਈ ਏਨੇ ਸਾਲਾਂ ਤੋਂ ਮਾਰਕਸਵਾਦੀ ਸਰਕਾਰ ਹੁੰਦਿਆਂ ਹੋਇਆਂ ਵੀ ਸਰਵਹਾਰਾ ਸਮਾਜ ਦੀ ਸਥਾਪਨਾਂ ਨਹੀਂ ਹੋ ਸਕੀ ਉੱਥੇ।"

ਸੂਰਜ ਨੂੰ ਲੱਗਿਆ ਕਿ ਵਪਾਰ ਬਾਰੇ ਉਸਨੂੰ ਪਿਤਾ ਕੋਲੋਂ ਖਾਸਾ ਕੁਝ ਸਿੱਖਣਾ ਪਏਗਾ। ਅੱਜ ਦਾ ਮਨੁੱਖ ਮਨੋਵਿਗਿਆਨ, ਰਾਜਨੀਤੀ ਤੇ ਸਮੇਂ ਨੂੰ ਪਰਖਣ ਲੱਗ ਪਿਆ ਹੈ ਇਸ ਲਈ ਨੁਕਸਾਨ ਦੀ ਗੁੰਜਾਇਸ਼ ਘੱਟ ਹੋ ਗਈ ਹੈ ਤੇ ਦੇਸ਼ ਦੀ ਸਮਰਿਧੀ, ਸਟਾਕ ਐਕਸਚੇਂਜ਼ ਦੇ ਆਂਕੜੇ ਉੱਚੇ ਉਠਣ ਨਾਲ ਮਾਪੀ ਜਾਂਦੀ ਹੈ। ਬੀ.ਜੇ.ਪੀ. ਦਾ ਮੱਧ ਪ੍ਰਦੇਸ਼ ਹੋਵੇ, ਕਾਂਗਰਸ ਦਾ ਹਰਿਆਣਾ ਜਾਂ ਮਾਰਕਸੀਆਂ ਦਾ ਬੰਗਾਲ, ਪ੍ਰਗਤੀ ਦਾ ਬੋਧ, ਉਦਯੋਗ ਬਣਿਆ ਹੋਇਆ ਹੈ। ਕਹਿਣ ਨੂੰ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪਰ ਵਿਧਰਵ ਹੋਵੇ ਜਾਂ ਪੰਜਾਬ ਜਾਂ ਫੇਰ ਮਹਾਰਾਸ਼ਟਰ, ਕਿਸਾਨ ਆਤਮ-ਹੱਤਿਆ ਕਰ ਰਿਹਾ ਹੈ। ਸਰਕਾਰ ਉਹਨਾਂ ਦੀ ਦੁਰਗਤੀ ਰੋਕਣ ਦੀ ਯੋਜਨਾ ਬਣਾਉਂਦੀ ਰਹਿੰਦੀ ਹੈ ਪਰ ਦੁਰਗਤੀ ਕਿੱਥੇ ਰੁਕਦੀ ਹੈ ! ਕੱਲ੍ਹ ਗੰਢਿਆਂ ਦਾ ਆਕਾਲ ਸੀ, ਅੱਜ ਨਾਸਕ ਦੇ ਆਸਪਾਸ ਬੰਪਰ ਫਸਲ ਹੋਈ ਤਾਂ ਗੰਢੇ ਸੜਕਾਂ ਤੇ ਇਕ ਰੁਪਏ ਕਿੱਲੋ ਵਿਕਣ ਲੱਗ ਪਏ। ਕੱਲ੍ਹ ਦਾ ਭੁੱਖਾ ਕਿਸਾਨ ਅੱਜ ਨੰਗਾ ਵੀ ਹੋ ਗਿਆ ਹੈ। ਮੱਥੇ ਉੱਤੇ ਹੱਥ ਰੱਖੀ ਬੈਠਾ ਹੈ ਵਿਚਾਰਾ…ਕਿੱਥੇ ਸੁੱਟੇ ਏਨੇ ਗੰਢਿਆਂ ਨੂੰ ! (ਤੁਹਾਨੂੰ ਚੇਤਾ ਹੋਵੇਗਾ, ਪੰਜਾਬ ਵਿਚ ਵੀ ਇਕ ਵਾਰੀ ਆਲੂਆਂ ਤੇ ਟਮਾਟਰਾਂ ਨਾਲ ਇਵੇਂ ਹੀ ਹੋਇਆ ਸੀ---ਅਨੁ.) ਫਸਲ ਘੱਟ ਹੋਵੇ ਤਾਂ ਕਿਸਾਨ ਮਰਦਾ ਹੈ ਤੇ ਜੇ ਬਹੁਤੀ ਹੋ ਜਾਵੇ ਤਾਂ ਵੀ ਕਿਸਾਨ ਹੀ ਮਰਦਾ ਹੈ। ਇਹ ਸਾਂਸਦ, ਵਿਧਾਨ ਸਭਾ, ਪੱਤਰਕਾਰ ਤੇ ਸਰਕਾਰ ਦਾ ਹਰ ਮਹਿਕਮਾ, ਉਦਯੋਗਪਤੀਆਂ ਦੀ ਕਾਢ ਜੋ ਹੈ।

ਹਵਾਈ ਜਹਾਜ਼ ਵਿਚ ਬੈਠੇ ਸੂਰਜ ਦੇ ਦਿਮਾਗ਼ ਵਿਚ ਇਹੋ ਪ੍ਰਸ਼ਨ ਉਭਰ ਰਹੇ ਸਨ ਕਿ ਜਹਾਜ਼ ਦਮਦਮ ਪਹੁੰਚ ਗਿਆ। ਡਿੱਕੀ ਵਿਚੋਂ ਛੋਟਾ ਸੂਟਕੇਸ ਕੱਢਦਿਆਂ ਹੋਇਆਂ ਉਸਨੂੰ ਪਿਤਾ ਦੇ ਹੋਰ ਉਪਦੇਸ਼ ਚੇਤੇ ਆਉਣ ਲੱਗੇ…'ਇਸ ਮੁਲਕ ਵਿਚ ਬੁੱਧੀਜੀਵੀ ਬਾਜ਼ਾਰਵਾਦ ਦੀ ਲਗਾਤਾਰ ਬੁਰਾਈ ਕਰਦੇ ਰਹਿੰਦੇ ਨੇ ਤੇ ਸ਼ਹਿਰਾਂ ਵਿਚ ਰਹਿ ਕੇ ਬਾਜ਼ਾਰਵਾਦ ਤੋਂ ਸਭ ਤੋਂ ਵੱਧ ਲਾਭ ਉਠਾਉਂਦੇ ਨੇ। ਬਾਜ਼ਾਰਵਾਦ ਨੇ ਹਿੰਦੁਸਤਾਨੀ ਸ਼ਹਿਰਾਂ ਨੂੰ ਆਬਾਦ ਕੀਤਾ ਏ, ਰੌਣਕ ਵਧਾਈ ਏ, ਰੋਜ਼ਗਾਰ ਦਿੱਤਾ ਏ, ਲੋਅਰ ਮਿਡਲ ਕਲਾਸ ਨੂੰ ਅੱਪਰ ਮਿਡਲ ਕਲਾਸ ਤੇ ਉੱਚ ਮੱਧ ਵਰਗ ਨੂੰ ਕਾਰਪੋਰੇਟ ਜਗਤ ਦੀਆਂ ਉਚਾਈਆਂ ਦਿੱਤੀਆਂ ਨੇ। ਅੱਜ ਰਿਕਸ਼ੇਵਾਲੇ ਕੋਲ ਮੁਬਾਇਲ ਹੈ। ਇਸ ਵਿਚ ਬਿਜਨਸ ਕਰਨ ਵਾਲਾ ਵੀ ਖ਼ੂਬ ਕਮਾਅ ਰਿਹੈ। ਦਿੱਲੀ ਤੇ ਹੋਰ ਮੈਟਰੋਜ਼ ਵਿਚ ਕਾਰਾਂ ਵਧੀਆਂ ਨੇ ਤਾਂ ਸੜਕਾਂ, ਜਨਤਕ ਪਰਿਵਾਹਣਾ ਤੇ ਇਨਵਾਇਰਮੈਂਟ ਉੱਤੇ ਵੀ ਸੋਚ ਜਾਗੀ ਏ। ਇਕ ਸਕਾਈਸਕਰੈਪਰ ਬਣਦਾ ਏ ਤਾਂ ਹਜ਼ਾਰਾਂ ਨੂੰ ਕੰਮ ਮਿਲਦਾ ਏ, ਬਾਜ਼ਾਰ ਵਿਚ ਗਤੀ ਆਉਂਦੀ ਏ, ਫਾਇਰ ਫਈਟਿੰਗ ਦੀ ਨਵੀਂ ਤਕਨੀਕ ਆਉਂਦੀ ਏ ਤੇ ਬੇਕਾਰ ਪਈ ਗੰਦੀ ਜਗ੍ਹਾ ਉਪਰ ਪਾਰਕ ਉੱਗ ਆਉਂਦੇ ਨੇ।'

ਅਚਾਨਕ ਮੋਹਕ-ਮੁਸਕਾਨ ਦੇ ਨਾਲ ਨਮਸਕਾਰ ਦੀ ਮੁਦਰਾ ਵਿਚ ਹੱਥ ਜੋੜੀ ਖੜ੍ਹੀ ਏਅਰ ਹੋਸਟੇਸ ਨੂੰ ਦੇਖ ਕੇ ਉਸਨੂੰ ਫੇਰ ਮੀਨਾ ਯਾਦ ਆ ਜਾਂਦੀ ਹੈ। ਇਕ ਗੁਦਾਜ਼ ਦੇਹ, ਮਿੱਠੀ ਹਾਸੀ, ਬਾਂਕੀ ਚਿਤਵਨ ਤੇ ਕੋਈ ਸੰਕੋਚ ਵੀ ਨਹੀਂ। ਖਰਚ ਸਾਰਥਕ ਲੱਗਦਾ ਹੈ।

ਬਾਹਰ ਮੀਨਾ ਉਡੀਕ ਕਰ ਰਹੀ ਸੀ। ਹੋਟਲ ਦੀ ਟੈਕਸੀ ਦਾ ਡਰਾਈਵਰ ਪਛਾਣ-ਫੱਟੀ ਕੱਛ 'ਚ ਮਾਰ ਕੇ ਸੂਰਜ ਦਾ ਅਟੈਚੀ ਫੜ੍ਹ ਲੈਂਦਾ ਹੈ। ਟੈਕਸੀ ਦੇ ਬਾਹਰ ਖੜ੍ਹੀ ਮੀਨਾ ਉਸਨੂੰ ਦੇਖਦਿਆਂ ਹੀ ਲਿਪਟ ਜਾਂਦੀ ਹੈ, "ਮਾਂ-ਨੀਂ ! ਇਹ ਅੱਧੇ ਘੰਟੇ ਦੀ ਉਡੀਕ ਹਿਮਾਲਿਆ ਜਿੱਡੀ ਹੋ ਗਈ ਸੀ। ਪਾਰ ਹੋਣ ਵਿਚ ਈ ਨਹੀਂ ਸੀ ਆ ਰਹੀ।"

ਸੂਰਜ ਅੰਦਰ ਬੈਠਦਾ ਹੈ ਤਾਂ ਮੀਨਾ ਸਿਰ, ਉਸਦੇ ਮੋਢੇ ਨਾਲ ਜੋੜ ਲੈਂਦੀ ਹੈ। ਬਿਨਾਂ ਗਲੈਸਰੀਨ ਦੇ ਵੀ ਪਰਲ-ਪਰਲ ਅੱਥਰੂ ਵਹਾਉਣੇ ਆਉਂਦੇ ਨੇ ਉਸਨੂੰ। ਇਕ, ਡੇਢ ਸਾਲ ਪਹਿਲਾਂ ਜਦੋਂ ਸੂਰਜ ਕੋਲਕਾਤਾ ਆਇਆ ਸੀ ਤਾਂ ਮੀਨਾ ਨਵੀਂ-ਨਵੀਂ ਇਸ ਹੋਟਲ ਦੀ ਐਲਬਮ ਵਿਚ ਵੜੀ ਸੀ। ਮੋਨਾ ਤੋਂ ਮੀਨਾ ਬਣ ਗਈ ਸੀ। ਮੀਨਾ ਸੂਰਜ ਨੂੰ ਬੜੀ ਚੰਗੀ ਲੱਗੀ ਸੀ। ਆਪਣਾ ਸੰਪੂਰਣ ਦੇ ਕੇ ਵੀ ਅਛੂਤੀ ਜਿਹੀ। ਕੁਝ ਪੁੱਛਣ 'ਤੇ ਝੂਠ ਨਹੀਂ ਸੀ ਬੋਲਦੀ…'ਮੈਂ ਸੜਕਾਂ ਉਪਰ ਪੈਦਲ ਨਹੀਂ ਘਿਸਟਨਾ ਚਾਹੁੰਦੀ, ਇਸ ਲਈ ਆਪਣਾਇਆ ਏ ਇਹ ਜੀਵਨ। ਤੁਹਾਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰ ਸਕਾਂਗੀ, ਇਹ ਵਿਸ਼ਵਾਸ ਏ, ਮੈਨੂੰ।"

"ਕੋਲਕਾਤਾ ਪ੍ਰੇਮੀ ਸੱਜਨਾਂ ਨਾਲ ਭਰਿਆ ਹੋਇਆ ਏ, ਕਿਤੇ ਤੂੰ ਵੀ ਤਾਂ ਮੈਨੂੰ…?"

"ਬੰਗਾਲੀ ਅਲੀਗੰਜ ਲੇਕ ਉੱਤੇ ਹਨੇਰਾ ਹੁੰਦਿਆਂ ਈ ਪ੍ਰੇਮਿਕਾ ਨੂੰ ਗੋਦ ਵਿਚ ਬਿਠਾਅ ਲੈਂਦਾ ਏ। ਆਸੇ-ਪਾਸੇ ਸਿਪਾਹੀ ਨਾ ਦਿਸੇ ਤਾਂ ਚੰਮ ਵੀ ਲੈਂਦਾ ਏ---ਜਿਸ ਲਈ ਉਹ ਪਹਿਲਾਂ ਹੀ ਉਸਨੂੰ ਰਿਸ਼ਵਤ ਦੇ ਚੁੱਕਿਆ ਹੁੰਦਾ ਏ। ਥਿਏਟਰ ਦੇ ਬਾਹਰ ਜਾਂ ਕਿਤੇ ਹੋਰ ਚਾਟ ਪਕੌੜੇ ਖੁਆ ਲਿਆਇਆ ਹੁੰਦਾ ਏ। ਜਾਸਤੀ (ਵੱਧ) ਖਰਚ ਉਸਦੀ ਪਾਕੇਟ ਬਰਦਾਸ਼ਤ ਨਹੀਂ ਕਰ ਸਕਦੀ। ਵੇਲਾ ਆਉਂਦਿਆਂ ਈ ਸ਼ਾਦੀ ਹੋ ਜਾਂਦੀ ਏ। ਪਰ ਹਿੰਦੁਸਤਾਨੀ ਸ਼ੁਰੂ ਤੋਂ ਈ ਕਮਾਉਂਦਾ ਤੇ ਖਰਚ ਕਰਦਾ ਏ। ਇਹ ਮਾਰਵਾੜੀ ਛੋਕਰੇ ਕੁੜੀ ਨੂੰ ਘੁਮਾਉਣ ਵਿਚ ਈ ਹਜ਼ਾਰਾ ਖਰਚ ਕਰ ਦੇਂਦੇ ਨੇ। ਬੰਗਲਾ ਵਿਚ ਕਵਿਤਾ ਤੇ ਕਥਾ-ਕਹਾਣੀਆਂ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਨੇ। ਬੰਗਾਲੀ ਉਹਨਾਂ ਨੂੰ ਗੁਣਗੁਣਾਉਂਦਾ ਤੇ ਜਿਊਂਦਾ ਰਹਿੰਦਾ ਏ---ਇਸ ਲਈ ਉਸਦੀ ਉਮਰ ਵਿਚ ਲੋੜਾਂ-ਥੁੜਾਂ ਹਮੇਸ਼ਾ ਰਹਿੰਦੀਆਂ ਨੇ। ਕੋਲਕਾਤਾ ਵਿਚ ਵੱਡੀਆਂ ਕੋਠੀਆਂ ਮਾਰਵਾੜੀਆਂ ਜਾਂ ਨਾਰਥ ਇੰਡੀਅਨਜ਼ ਦੀਆਂ ਈ ਨੇ। ਉਹ ਐਸ਼ ਕਰਨ ਤੇ ਕਰਾਉਣ ਜਾਣਦੇ ਨੇ। ਹਰ ਲੋਕਲ ਸਟੇਸ਼ਨ ਦੇ ਹਿੰਦੀ ਨਾਵਾਂ ਉੱਤੇ ਫਾਈਵਰ-ਬਰਾਂਡ ਬੰਗਾਲੀਆਂ ਨੇ ਕੋਲਤਾਰ ਪੋਚ ਦਿੱਤੀ ਏ, ਪਰ ਕੁੜੀਆਂ ਜਿਹਨਾਂ ਨੂੰ ਬਿਹਤਰ ਜ਼ਿੰਦਗੀ ਚਾਹੀਦੀ ਏ, ਉਹ ਫਰਾਟੇਦਾਰ ਹਿੰਦੀ ਬੋਲਦੀਆਂ ਨੇ। ਓ ਬਾਊਜੀ, ਵਧੇਰੇ ਕਰਕੇ ਟੈਕਸੀ ਵਾਲੇ ਨਾਨ ਬੰਗਾਲੀ ਜਾਂ ਸਰਦਾਰ ਜੀ ਈ ਹੈਨ।"

"ਤਾਂ ਤੂੰ ਪਿਆਰ ਨਹੀਂ ਕਰਦੀ ਕਿਸੇ ਨਾਲ ?" ਸੂਰਜ ਨੇ ਪੱਛਿਆ ਸੀ।

"ਪਿਆਰ ਇਕ ਐਬਸਟ੍ਰੈਕਟ ਸੋਚ ਏ ਡਿਅਰ। ਜਦੋਂ ਤਕ ਦੇਹ ਐ, ਪਿਆਰ ਐ। ਪਰ ਜਿਊਣ ਲਈ, ਸ਼ਾਨ ਨਾਲ ਜਿਊਣ ਲਈ, ਪਹਿਲਾਂ ਰੁਪਈਏ ਚਾਹੀਦੇ ਨੇ। ਰਾਵਿੰਦਰ ਨਾਥ ਸ਼ਾਂਤੀ ਨਿਕੇਤਨ ਬਣਵਾ ਗਏ ਤੇ ਸ਼ਰਤ ਚੰਦਰ ਪ੍ਰੇਮ ਦੀ ਲੁਕਣ-ਮੀਚੀ ਖੇਡਦੇ ਰਹਿ ਗਏ…ਤੇ, ਤਸਲੀਮਾ ਨਸਰੀਨ ਨੂੰ ਕੋਲਕਾਤਾ ਸ਼ਰਣ ਤਾਂ ਦੇਂਦਾ ਏ, ਪਰ ਪੂਰੇ ਹਿੰਦੁਸਤਾਨ ਵਿਚ ਫੈਲਣ ਲਈ ਉਹਨੂੰ ਵੀ ਹਿੰਦੀ ਦੇ ਕਿਸੇ ਵੱਡੇ ਪ੍ਰਕਾਸ਼ਕ ਉੱਤੇ ਨਿਰਭਰ ਹੋਣਾ ਪੈਂਦਾ ਐ।"

ਅਚਾਨਕ ਸੂਰਜ ਦੀ ਸੋਚ ਲੜੀ ਟੁੱਟ ਗਈ ਏ। ਹਿੱਕ ਨਾਲ ਜੁੜੀ ਮੀਨਾ ਨੂੰ ਉਹ ਵੱਖ ਕਰਦਾ ਏ। ਡਰਾਈਵਰ ਕਾਫੀ ਦੇਰ ਦਾ ਨਾਟਕ ਦੇਖ ਰਿਹਾ ਸੀ। ਮੀਨਾ ਕਾਰ ਦੇ ਸ਼ੀਸ਼ੇ ਦੇ ਬਾਹਰ ਦੇਖਦੀ ਏ। ਮੀਂਹ ਪੈ ਕੇ ਰੁਕ ਚੁੱਕਿਆ ਸੀ ਤੇ ਇਸ ਲਈ ਲੋਕਾਂ ਦੇ ਹੱਥਾਂ ਵਿਚ ਛਤਰੀਆਂ ਈ ਨਹੀਂ ਸਨ, ਹੁੰਮਸ ਤੋਂ ਪ੍ਰੇਸ਼ਾਨ ਹੋ ਕੇ ਮੂੰਹ ਪੂੰਝਣ ਲਈ ਰੁਮਾਲ ਵੀ ਸਨ।

ਮੀਨਾ ਕਹਿੰਦੀ ਹੈ, "ਕਾਰ 'ਚੋਂ ਬਾਹਰ, ਬਰਸਾਤ ਦਾ ਦ੍ਰਿਸ਼ ਬੜਾ ਚੰਗਾ ਲੱਗਦਾ ਏ।"

"ਕੀ ਮੀਂਹ 'ਚ ਭਿੱਜਣਾ ਚੰਗਾ ਲਗਦੈ, ਤੈਨੂੰ ?"

"ਨਾ ਬਾਬਾ, ਮੀਂਹ 'ਚ ਭਿੱਜੋ ਤੇ ਫੇਰ ਗਰਮੀ 'ਚ ਭੁੱਜੋ। ਬੀ.ਏ. ਫਾਈਨਲ ਦਾ ਇਮਤਿਹਾਨ ਦਿੱਤਾ ਏ। ਰਾਤੀਂ ਬਿਸਤਰੇ ਵਿਚ ਟੇਬਲ ਲੈਂਪ ਕੋਲ ਵੀ ਪਿਆਜ਼ ਰੱਖ ਕੇ ਪੜ੍ਹਨਾ ਪੈਂਦਾ ਸੀ। ਕੂਲਰ ਸਿਰਫ ਆਵਾਜ਼ਾਂ ਕੱਢਦਾ ਏ ; ਹਾਰੇਬਲ…।"

"ਤੇ ਘਰਵਾਲੇ !"

"ਘੋੜੇ ਵੇਚ ਕੇ ਸੁੱਤੇ ਰਹਿੰਦੇ ਸੀ।"

"ਕਿਵੇਂ ?"

"ਸ਼ਾਇਦ ਉਹਨਾਂ ਦੀਆਂ ਅੱਖਾਂ ਵਿਚ ਗਰਮੀ ਜਾਂ ਸਰਦੀ ਦਾ ਸੁਪਨਾ ਨਹੀਂ ਸਿਰਫ ਨੀਂਦ ਹੁੰਦੀ ਏ। ਮੈਂ ਚਾਹ ਕੇ ਵੀ ਏ.ਸੀ. ਨਹੀਂ ਲਗਵਾ ਸਕਦੀ। ਮੇਰੇ ਕੋਲ ਐਨੇ ਪੈਸੇ ਹੈਨ, ਪਰ, ਘਰ ਪਤਾ ਲੱਗ ਜਾਏ ਤਾਂ ਸਾਰੇ ਐਡਵੋਕੇਟ ਬਣ ਬਹਿਣਗੇ।"

ਹੱਸਿਆ ਸੀ ਸੂਰਜ…ਆਪਣੇ ਨਾਲੋਂ ਚਾਰ-ਪੰਜ ਸਾਲ ਛੋਟੀ ਕੁੜੀ ਦੀਆਂ ਗੱਲਾਂ ਸੁਣ ਕੇ, "ਤੂੰ ਕੀ ਚਾਹੁੰਦੀ ਏਂ ?"

"ਪੈਸਾ, ਸ਼ਾਨਦਾਰ ਘਰ, ਕਾਰ, ਨੌਕਰ-ਚਾਕਰ…ਤੇ ਮੌਜ਼-ਮਸਤੀ।"

"ਮੇਰੀ ਮਾਂ ਅਮੀਰ ਘਰ ਦੀ ਸੀ। ਪਰ ਸ਼ਾਦੀ ਹੋਈ, ਦੋ ਬੱਚਿਆਂ ਤੇ ਘਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਸ ਉੱਤੇ ਆਣ ਪਈ। ਮੈਂ ਬਿਮਾਰ ਹੋ ਜਾਂਦਾ ਤਾਂ ਸਾਰੀ ਸਾਰੀ ਰਾਤ ਜਾਗਦੀ ਰਹਿੰਦੀ।"

"ਹਰੇਕ ਕੁੜੀ ਇਕ ਆਦਮੀ ਦਾ ਸੁਪਨਾ ਦੇਖਦੀ ਏ। ਚਾਹੁੰਦੀ ਏ, ਉਸਦਾ ਵਰਤਮਾਨ ਤੇ ਭਵਿੱਖ ਸੁਖਾਵਾਂ ਤੇ ਸੁਹਾਵਾਂ ਹੋਵੇ। ਸੁਖ ਦੇ ਸਕੇ, ਤਾਂ ਲੈ ਵੀ ਸਕੇ। ਜੋ ਚਾਹੇ, ਖਰੀਦ ਵੀ ਸਕੇ।"

"ਖਰੀਦ ਦੀ ਤਾਕਤ ਨਾਲ ਨਾ ਕਦੇ ਵਰਤਮਾਨ, ਤੇ ਨਾ ਹੀ ਕਦੇ ਭਵਿੱਖ ਸੁਖਾਵਾਂ ਜਾਂ ਸੁਹਾਵਾਂ ਹੋਇਆ ਏ। ਜਿਹੜਾ ਆਦਮੀ ਬਿਜਨੇਸ ਕਰਦਾ ਏ, ਲਾਭ ਖੱਟਦਾ-ਖੱਟਦਾ, ਘਾਟੇ ਵਿਚ ਵੀ ਜਾ ਸਕਦਾ ਏ।"

"ਤੁਸੀਂ ਸ਼ਾਇਦ ਗਰੀਬੀ ਨਹੀਂ ਦੇਖੀ, ਏਸੇ ਲਈ ਯਥਾਰਥ ਨੂੰ ਨਹੀਂ ਸਮਝ ਸਕਦੇ।"

"ਤਾਂ ਫਾਹ ਲੈ ਕਿਸੇ ਅਮੀਰ ਬਾਊ ਨੂੰ।"

ਹੱਸੀ ਮੀਨਾ, "ਏਨਾ ਜਾਣਦੀ ਆਂ ਬਈ ਉਹ ਤੁਸੀਂ ਨਹੀਂ ਹੋ ਸਕਦੇ। ਖ਼ੈਰ, ਭੁੱਲ ਜਾਓ ਸਾਰੀਆਂ ਗੱਲਾਂ। ਅੱਜ ਤੋਂ ਤਿੰਨ ਦਿਨ ਸਿਰਫ ਮੌਜ਼-ਮਸਤੀ ਬਾਰੇ ਈ ਸੋਚਾਂਗੇ।"

ਸੂਰਜ ਵੀ ਮਹਿਸੂਸ ਕਰਦਾ ਹੈ ਕਿ ਹਰੇਕ ਵਿਅਕਤੀ ਆਪਣੇ ਪੈਂਤਰਿਆਂ ਨਾਲ ਵਿਊ ਦੀ ਰਚਨਾਂ ਕਰਦਾ ਹੈ। ਸਿਆਣਾ ਉਹੀ ਅਖਵਾਂਦਾ ਹੈ ਜਿਹੜਾ ਅਭਿਮੰਨਿਊ ਨਹੀਂ ਬਣਦਾ। ਉਸਨੂੰ ਕੀ ? ਤਿੰਨ ਰਾਤਾਂ ਨੇ, ਤਿੰਨਾਂ ਰਾਤਾਂ ਵਿਚ ਜਿੰਨਾ ਵਸੂਲਿਆ ਗਿਆ, ਵਸੂਲ ਲਵੇਗਾ। ਭੁੱਲ ਗਿਆ ਸੂਰਜ ਕਿ ਔਰਤ-ਮਰਦ ਵਿਚਕਾਰ ਵੱਧ ਤੋਂ ਵੱਧ ਦੇਣ ਨਾਲ ਰਿਸ਼ਤਾ ਬਣਦਾ ਹੈ…ਤੇ ਜਿੱਥੇ ਦੇਣ ਤੋਂ ਪਹਿਲਾਂ ਲੈ-ਲੈਣ ਦੇ ਪੜਤੇ ਲਾਏ ਜਾ ਰਹੇ ਹੋਣ, ਉੱਥੇ ਰਿਸ਼ਤੇ ਦਾ ਸਵਾਲ ਹੀ ਨਹੀਂ ਹੁੰਦਾ।

ਮੀਨਾ ਜਾਣਦੀ ਹੈ ਕਿ ਉਸਨੇ ਖ਼ੁਦ ਨੂੰ ਜਿੰਨਾ ਹੋ ਸਕੇ, ਬਚਾਉਣਾ ਹੈ ਕਿਉਂਕਿ ਜਿਹੜਾ ਖਰੀਦਦਾਰ ਹੁੰਦਾ ਹੈ ਉਹ ਵੱਧ ਤੋਂ ਵੱਧ ਵਸੂਲਣਾ ਚਾਹੁੰਦਾ ਹੈ।

ਆਪੋ ਆਪਣੀਆਂ ਸੋਚਾਂ ਵਿਚ ਰਾਤਾਂ ਲੰਘਦੀਆਂ ਰਹੀਆਂ। ਨੀਲਮਣੀ ਖ਼ੁਦ ਏਅਰਪੋਰਟ ਉੱਤੇ ਛੱਡਣ ਆਇਆ ਤੇ ਬੋਲਿਆ, "ਜਿਸ ਤਰ੍ਹਾਂ ਅੰਗਰੇਜ਼ ਗਊ ਤੇ ਸੂਰ ਦੋਵੇਂ ਖਾਂਦੇ ਨੇ ਓਵੇਂ ਈ ਇਹ ਨਵਾਂ ਬਾਜ਼ਾਰ ਏ, ਵਪਾਰ ਦਾ। ਇਸ ਵਿਚ ਨਾ ਕੋਈ ਬੰਗਾਲੀ ਏ, ਨਾ ਪੰਜਾਬੀ ਤੇ ਨਾ ਹੀ ਵਿਦੇਸ਼ੀ। ਤੁਸਾਂ ਜਿਹੜੀ ਸਟ੍ਰੇਟਜੀ ਦੱਸੀ ਏ, ਉਹੀ ਸਾਡੇ ਕੰਮ ਦੇ ਅਨੁਕੂਲ ਏ।"

ਸੂਰਜ ਹੱਥ ਘੁੱਟਦਾ ਹੈ ਨੀਲਮਣੀ ਦਾ…ਤੇ ਲਾਊਜ਼ ਵੱਲ ਤੁਰ ਜਾਂਦਾ ਹੈ---ਜਿੱਥੋਂ ਉਸਨੇ ਹਵਾਈ ਜਹਾਜ਼ ਤਕ ਪਹੁੰਚਣਾ ਹੈ। ਦਮਦਮ ਏਅਰ ਪੋਰਟ ਸੂਰਜ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਨਾਲੋਂ ਵੱਧ ਸਾਫ-ਸੁਥਰਾ ਤੇ ਆਰਾਮਦਾਈ ਲੱਗਿਆ।

***
ਦੋ ਸਾਲ ਕਿਵੇਂ ਬੀਤ ਗਏ ਪਤਾ ਹੀ ਨਹੀਂ ਲੱਗਿਆ। ਸੂਰਜ ਦਾ ਵਿਆਹ ਚਾਂਦਨੀ ਚੌਕ ਦੇ ਮਸ਼ਹੂਰ ਵਪਾਰੀ ਦੀ ਧੀ ਨਾਲ ਹੋ ਗਿਆ। ਕੁੜੀ ਦਿੱਵਯਾ ਪੋਸਟ ਗਰੇਜੂਏਟ ਸੀ। ਪਰ ਸੁਹਾਗਰਾਤ ਨੂੰ ਸੇਜ ਉੱਤੇ ਉਹ ਵੀ ਛੂਈ-ਮੂਈ ਬਣੀ ਬੈਠੀ ਸੀ। ਸੂਰਜ ਮਹਿਸੂਸ ਕਰਦਾ ਹੈ ਕਿ ਆਦਿਮ-ਸੁਪਨਾ ਖ਼ੁਦ ਕਦੀ ਨਹੀਂ ਬਦਲਦਾ, ਸਿਰਫ ਸੁਪਨੇ ਦੇ ਰੰਗ, ਖੁਸ਼ਬੂ ਤੇ ਨੁਹਾਰ ਬਦਲਦੇ ਨੇ। ਪਾਗਲਾਂ ਵਾਂਗ ਕਲਾਵੇ ਵਿਚ ਭਰ ਲੈਂਦਾ ਹੈ। ਜਦੋਂ ਸਾਹ ਸਥਿਰ ਹੋ ਜਾਂਦੇ ਨੇ ਤਾਂ ਪੁੱਛਦਾ ਹੈ, "ਮੈਨੂੰ ਤੇਰੇ ਲਈ ਕਿਉਂ ਚੁਣਿਆ, ਤੇਰੇ ਪਿਤਾਜੀ ਨੇ ?"

"ਹਰ ਪਿਤਾ ਚਾਹੁੰਦਾ ਏ ਕਿ ਉਸਦੀ ਧੀ ਰੱਜੇ-ਪੁੱਜੇ ਘਰ ਜਾਵੇ, ਜਿਸ ਵਿਚ ਭਵਿੱਖ ਸੁਰੱਖਿਅਤ ਹੋਵੇ।"

ਸੂਰਜ ਨੂੰ ਅਚਾਨਕ ਮੀਨਾ ਯਾਦ ਆ ਗਈ ਹੈ। ਉਹ ਵੀ ਤਾਂ ਇਹੀ ਚਾਹੁੰਦੀ ਸੀ। ਪਰ ਇਕ ਦਾ ਸੁਪਨਾ ਪੱਕੇ-ਪੈਰੀਂ ਸੀ; ਦੂਜੀ ਦਾ ਡਾਵਾਂ-ਡੋਲ।

"ਕੀ ਸੋਚ ਰਹੇ ਓ ?" ਦਿੱਵਯਾ ਪੁੱਛਦੀ ਹੋਈ ਬੁੱਲ੍ਹੀਆਂ ਨੇੜੇ ਲੈ ਆਉਂਦੀ ਹੈ। ਪਾਗਲਾਂ ਵਾਂਗ ਚੁੰਮਣ ਲੱਗ ਪੈਂਦਾ ਹੈ ਸੂਰਜ। ਮਹਿਸੂਸ ਕਰਦਾ ਹੈ---ਠੱਗੀ ਹਮੇਸ਼ਾ ਔਰਤ ਹੀ ਜਾਂਦੀ ਹੈ। ਕੀ ਦਿੱਵਯਾ ਨੂੰ ਕੁਆਰਾ ਪਤੀ ਮਿਲਿਆ ? ਕੀ ਮੀਨਾ ਨੂੰ ਆਪਣਾ ਪਤੀ ਮਿਲੇਗਾ ? ਲੱਖਾਂ ਵਿਚੋਂ ਇਕ ਕੁੜੀ ਹੁੰਦੀ ਹੈ, ਜਿਹੜੀ ਆਪਣੇ ਪਤੀ ਨੂੰ ਧੋਖਾ ਦੇਂਦੀ ਹੈ…ਪਰ ਮਰਦਾਂ ਵਿਚ ਇੰਜ ਕਿਉਂ ਨਹੀਂ ? ਬਿਗਾਨੀ ਦੇਹ ਦਾ ਭੋਗ ਉਸਦੀ ਮਰਦਾਨਗੀ ਮੰਨਿਆਂ ਜਾਂਦਾ ਹੈ। ਇਕ ਦਿਨ ਉਹ ਖ਼ੁਦ ਸਭ ਕੁਝ ਦਿੱਵਯਾ ਨੂੰ ਦੱਸ ਦਵੇਗਾ।

***
ਦੋ ਸਾਲ ਬੀਤ ਗਏ ਸਨ। ਦਿੱਲੀ ਤੇ ਐਨ.ਸੀ.ਆਰ. ਵਿਚ ਕਈ ਮਾਲ, ਫਲਾਈ ਓਵਰ ਤੇ ਮੈਟਰੋ ਦਾ ਜਾਲ ਵਿਛ ਗਿਆ ਸੀ…ਪਰ ਗੰਦਗੀ ਮਿਟਾਉਣਾ, ਪਾਣੀ ਤੇ ਆਵਾਜਾਵੀ ਦੇ ਸਾਧਨ ਇਕ ਚੈਲੰਜ ਬਣੇ ਹੋਏ ਸਨ।

ਨੀਲਮਣੀ ਦਾ ਫ਼ੋਨ ਆਇਆ ਕਿ 'ਮਾਲ ਤੇ ਸਕਾਈਸਕ੍ਰੈਪਰ ਸੁਸਾਇਟੀ ਤਿਆਰ ਹੋ ਗਈ ਹੈ। ਉਦਘਾਟਨ ਇਕ ਮੰਤਰੀ ਕਰਨਗੇ।'

ਪਿਤਾ ਨੇ ਫੇਰ ਸੂਰਜ ਨੂੰ ਹੀ ਕੋਲਕਾਤਾ ਜਾਣ ਦਾ ਹੁਕਮ ਦਿੱਤਾ, "ਅੱਛਾ ਮੁਨਾਫ਼ਾ ਕਮਾਇਆ ਏ ਨੀਲਮਣੀ ਦੀ ਕੰਪਨੀ ਨੇ। ਮਾਲ ਦੀ ਹਰੇਕ ਦੁਕਾਨ ਤੇ ਸੁਸਾਇਟੀ ਦੇ ਵਧੇਰੇ ਫਲੈਟ ਨਿਸ਼ਚਿਤ ਰੇਟਾਂ ਨਾਲੋਂ ਤਿੰਨ ਗੁਣਾ ਵਧ ਕੇ ਵਿਕ ਗਏ ਨੇ। ਪ੍ਰਾਪਰਟੀ ਸਭ ਤੋਂ ਵੱਧ ਹਾਲਕੇਕ ਸਿੱਧ ਹੋਈ ਏ। ਤੂੰ ਉਦਘਾਟਨ ਹੀ ਨਹੀਂ ਹਿਸਾਬ-ਕਿਤਾਬ ਵੀ ਪੂਰਾ ਦੇਖ ਕੇ, ਆਪਣਾ ਪੂਰਾ-ਪੂਰਾ ਹਿੱਸਾ ਲਿਆਉਣਾ ਏਂ ਬੇਟਾ।"

ਸੂਰਜ ਨੁੰ ਫੇਰ ਮੀਨਾ ਯਾਦ ਆ ਗਈ। ਪਲੇਨ ਫੜ੍ਹਨ ਤੋਂ ਪਹਿਲਾਂ ਮੀਨਾ ਦਾ ਨੰਬਰ ਮਿਲਾਉਣਾ ਚਾਹਿਆ, ਪਰ ਓਧਰ ਰਿੰਗਟੋਨ ਨਹੀਂ ਗਈ। ਸਮਝ ਗਿਆ ਸੂਰਜ, ਮੀਨਾ ਨੇ ਫ਼ੋਨ ਬਦਲ ਲਿਆ ਹੈ। ਹਵਾਈ ਅੱਡੇ ਉੱਤੇ ਖ਼ੁਦ ਨੀਲਮਣੀ ਆਇਆ ਹੋਇਆ ਸੀ, "ਬੜਾ ਰਿੱਚ ਡਿਵੀਡੈਂਟ (ਨਫ਼ਾ) ਮਿਲਿਆ ਏ ਇਸ ਪ੍ਰੋਜੈਕਟ ਦਾ। ਅੱਗੋਂ ਕੰਪਨੀ ਹੋਰ ਵੀ ਵੱਡੇ ਪ੍ਰੋਜੈਕਟ ਲੈ ਸਕੇਗੀ।"

ਸੂਰਜ ਮੁਸਕੁਰਾ ਰਿਹਾ ਹੈ, "ਇਹ ਵਿਕਾਸ ਦਾ ਯੁੱਗ ਏ ਮਿਸਟਰ ਨੀਲਮਣੀ। ਆਦਮੀ ਆਸਮਾਨ ਨੂੰ ਛੂਹਣਾ ਚਾਹੁੰਦਾ ਏ। ਇਹੋ ਸਮਾਂ ਕਮਾਈ ਦਾ ਏ।"

"ਹਾਂ, ਮੈਂ ਆਦਮੀ ਦੀ ਬੌਧਿਕਤਾ ਦੀ ਸਟੱਡੀ ਕੀਤੀ ਏ, ਨਾਲੋ ਨਾਲ। ਆਦਮੀ ਜਿਊਣਾ ਨਹੀਂ ਚਾਹੁੰਦਾ---ਬਸ ਆਪਣਾ ਵਿਕਾਸ ਜਾਂ ਪ੍ਰਗਤੀ ਚਾਹੁੰਦਾ ਏ। ਜਦਕਿ ਕਦੀ ਸੁਸਾਇਟੀ ਯਾਨੀ ਸਾਮਾਜ ਦੀ ਸਥਾਪਨਾ ਜ਼ਿੰਦਗੀ ਜਿਊਣ ਖਾਤਰ ਹੋਈ ਸੀ। ਸ਼ੇਅਰ, ਯਾਨੀ ਰਲ-ਮਿਲ ਕੇ ਰਹਿਣ, ਜਿਊਣ ਲਈ ਹੋਈ ਸੀ। ਅੱਜ ਸਾਰੇ ਆਪੋ-ਆਪਣੀ ਢੇਰੀ (ਨਿੱਜੀ) ਚਾਹੁੰਦੇ ਨੇ। ਪਜ਼ੈਸ਼ਨ ਦੀ ਚਾਹ ਵਿਚ, ਜ਼ਿੰਦਗੀ ਜਿਊਣ ਦੀ ਸਾਦਗੀ ਲੁਪਤ ਹੋ ਗਈ ਏ।

"ਸਾਨੂੰ ਕੀ ! ਅਸੀਂ ਆਪਣੀ ਜ਼ਿੰਦਗੀ ਉਹਨਾਂ ਦੀ ਚਾਹਤ ਸਦਕਾ ਹੀ ਜਿਊਂ ਰਹੇ ਆਂ---ਮਿਸਟਰ ਨੀਲਮਣੀ।"

"ਕੀ ਅਸੀਂ ਇਸ ਕਮਾਈ ਨਾਲ ਜਿਊਂ ਵੀ ਰਹੇ ਆਂ ?" ਨੀਲਮਣੀ ਦਾ ਸਵਾਲ ਸੀ।

ਸੂਰਜ ਬਾਹਰ ਦੇਖਣ ਲੱਗ ਪਿਆ। ਫੁਟਪਾਥ ਉੱਤੇ ਤੁਰਦੀ ਭੀੜ ਪੈਦਲ ਭੱਜੀ ਜਾ ਰਹੀ ਹੈ, ਜਦੋਂ ਕਿ ਉਹ ਕਾਰ ਵਿਚ ਬੈਠਾ ਤੇਜੀ ਨਾਲ ਮੰਜ਼ਿਲ ਵੱਲ ਵਧ ਰਿਹਾ ਹੈ। ਗਤੀ ਦਾ ਅੰਤਰ ਹੈ ਤੇ ਸ਼ਾਇਦ ਰਹੇਗਾ ਵੀ। ਨੀਲਮਣੀ ਬੰਗਾਲੀ ਹੈ। ਭਾਵੁਕਤਾ ਕਦੀ ਕਦੀ ਉਸ ਵਿਚ ਜਾਗ ਪੈਂਦੀ ਹੈ। ਪੈਸਾ ਕਮਾਉਣ ਦਾ ਮੂਲ-ਮੰਤਰ ਸਿੱਖ ਕੇ ਵੀ ਦਿਮਾਗ਼ ਨਾਲ ਸੋਚਣ ਦੀ ਜਗ੍ਹਾ, ਇਹ ਲੋਕ ਦਿਲ ਨਾਲ ਸੋਚਣ ਲੱਗ ਪੈਂਦੇ ਨੇ। ਦੁਰਗਾ ਪੂਜਾ ਸਮੇਂ ਵਿਸ਼ਾਲ ਮੰਡਲ ਤੇ ਅਧੁਨਿਕ ਟੈਕਨੀਕ ਦੇ ਇਸਤੇਮਾਲ ਦੇ ਬਾਵਜੂਦ, ਮੂਰਤੀ ਮਿੱਟੀ ਦੀ ਬਣਾਉਣਗੇ ਤੇ ਪੂਰੀ ਸ਼ਰਧਾ ਨਾਲ ਪ੍ਰਣਾਮ ਕਰਨਗੇ। ਇਹ ਭਾਵਾਤਮਕਤਾ ਸੰਸਕ੍ਰਿਤੀ ਵਿਚ ਪ੍ਰਾਣ ਤਾਂ ਪੂਰਦੀ ਹੈ, ਪਰ ਵਿਜ਼ਡਮ ਆਫ ਮਾਰਕੀਟ ਨੂੰ ਵੀ ਰੋਕਦੀ ਹੈ।

ਅਚਾਨਕ ਉਸਨੂੰ ਮੀਨਾ ਯਾਦ ਆ ਜਾਂਦੀ ਹੈ। ਮਨ ਹੀ ਮਨ ਮੁਸਕੁਰਾਉਂਦਾ ਹੈ…ਮੀਨਾ ਨਹੀਂ ਤਾਂ ਨੀਨਾ ਸਹੀ। ਪੈਸੇ ਨਾਲ ਕੀ ਨਹੀਂ ਮਿਲ ਸਕਦਾ ! ਉਦਯੋਗ ਕ੍ਰਿਕਟ ਨੂੰ ਸਪਾਂਸਰ ਕਰਦੇ ਨੇ, ਕਿਉਂ ? ਪੈਸੇ ਨਾਲ ਪੈਸਾ ਜੋ ਬਣਾ ਹੈ। ਉਂਜ, ਕੀ ਕੋਈ ਉਦਯੋਗਪਤੀ ਕਮੇਂਟਰੀ ਜਾਂ ਸੇਲ-ਵਿਗਿਆਪਣ ਸੁਣਨ ਜਾਂ ਵੇਖਣ ਲਈ ਰੇਡੀਓ ਜਾਂ ਟੀ.ਵੀ. ਸਾਹਮਣੇ ਬੈਠਾ ਹੈ ਕਦੀ ? ਹਾਂ, ਉਹਨਾਂ ਦਾ ਮੀਡੀਆ ਜ਼ਰੂਰ ਲੋਕਾਂ ਦੇ ਦਿਲ ਉਛਾਲਦਾ ਰਹਿੰਦਾ ਹੈ। ਜੋਸ਼ ਨੂੰ ਭੜਕਾਈ ਰੱਖਦਾ ਹੈ। ਨਹੀਂ ਤਾਂ, ਜਿਸ ਮੁਲਕ ਵਿਚ ਪੁਲਸ ਮੁਜ਼ਰਮਾਂ ਨੂੰ ਸਿਰ ਮੱਥੇ ਬਿਠਾਉਂਦੀ ਹੈ, ਅਦਾਲਤਾਂ ਪੈਸਾ ਚੂਸਣ ਵਾਲੇ ਵਕੀਲਾਂ ਨਾਲ ਚੱਲਦੀਆਂ ਨੇ, ਹਸਪਤਾਲਾਂ ਵਿਚ ਇਲਾਜ਼ ਪੈਸੇ ਦੇ ਹਿਸਾਬ ਨਾਲ ਹੁੰਦਾ ਹੈ ਤੇ ਚੰਗੇ ਸਕੂਲਾਂ ਵਿਚ ਦਾਖ਼ਲਾ ਡੋਨੇਸ਼ਨ ਉੱਤੇ ਨਿਰਭਰ ਹੈ---ਉੱਥੇ ਕਰਾਂਤੀ ਆਉਣ ਵਿਚ ਕੀ ਦੇਰ ਲੱਗਦੀ ਹੈ ! ਇੰਟਰਨੈਟ ਨੂੰ ਲਾਈਫ਼ ਇਸੇ ਲਈ ਸਿੱਧ ਕੀਤਾ ਹੋਇਆ ਹੈ, ਬਾਜ਼ਾਰ ਨੇ---ਕਿ ਸੁਖ ਲੱਭੋ, ਹਰ ਸੁਖ ਪੈਸੇ ਨਾਲ ਮਿਲਦਾ ਹੈ।

***
ਮਾਲ ਤੇ ਸੁਸਾਇਟੀ ਦੇ ਵਿਚਕਾਰ ਪੰਡਾਲ ਵਿਚ ਉਤਸਵ ਦਾ ਮਾਹੌਲ ਸੀ। ਜੋ ਖਾਣਾ ਚਾਹੋ, ਖਾਓ ਤੇ ਜੋ ਪੀਣਾ ਚਾਹੋ, ਪੀਓ। ਨੀਲਮਣੀ ਖਾਸ-ਖਾਸ ਲੋਕਾਂ ਨਾਲ ਸੂਰਜ ਨੂੰ ਮਿਲਵਾ ਰਿਹਾ ਹੈ। ਅਚਾਨਕ ਅਟਕ ਜਾਂਦਾ ਹੈ, ਸੂਰਜ। ਨੀਲਮਣੀ ਮਿਲਵਾਉਂਦਾ ਹੈ, "ਸਤੀਸ਼ ਸੂਰੀ! ਕੋਲਕਾਤਾ ਦੇ ਭੱਦਰ ਸਮਾਜ ਦੇ ਸੂਰਜ…ਤੇ ਇਹ ਮੋਨਾ ਸੂਰੀ।"

ਸੂਰਜ, ਸਤੀਸ਼ ਸੂਰੀ ਨਾਲ ਹੱਥ ਮਿਲਾਉਂਦਾ ਹੋਇਆ ਮੋਨਾ ਨੂੰ ਨਮਸਕਾਰ ਕਰਦਾ ਹੈ। ਨੀਲਮਣੀ ਕਹਿ ਰਿਹਾ ਹੈ, "ਮਾਲ ਦਾ ਪੂਰਾ ਇਕ ਫਲੋਰ ਤੇ ਸੁਸਾਇਟੀ ਵਿਚ ਚਾਰ ਫਲੈਟ ਇਹਨਾਂ ਨੇ ਖ਼ਰੀਦੇ ਨੇ। ਇਹਨਾਂ ਦੇ ਖ਼ਰੀਦਦਿਆਂ ਈ, ਖ਼ਰੀਦਦਾਰਾਂ ਦੀ ਲਾਈਨ ਲੱਗ ਗਈ ਜੀ।"

ਮੋਨਾ ਦੇ ਚਿਹਰੇ ਉੱਤੇ ਮੁਸਕੁਰਾਹਟ ਸੀ।

ਸੂਰਜ ਪੰਡਾਲ ਵਿਚ ਇਕ ਪਾਸੇ ਬੈਠ ਗਿਆ। ਫੇਰ ਮੋਨਾ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਤ੍ਰਭਕ ਪਿਆ। ਮੋਨਾ ਨੇ ਕੋਲ ਆਉਂਦਿਆਂ ਈ ਕਿਹਾ, "ਹੈਰਾਨੀ ਹੋਈ ਨਾ, ਮੈਨੂੰ ਦੇਖ ਕੇ…"

"ਹਾਂ, ਸੁੱਝ ਨਹੀਂ ਰਿਹਾ ਕਿ ਮੀਨਾ ਕਹਾਂ ਜਾਂ ਮੋਨਾ !"

ਅੱਖਾਂ ਵਿਚ ਝਾਕਦੀ ਹੋਈ ਔਰਤ ਦੀ ਆਵਾਜ਼ ਸੁਣਾਈ ਦਿੰਦੀ ਹੈ, "ਗਿਰਗਟ ! ਹਿੰਦੀ ਦਾ ਸ਼ਬਦ ਏ। ਤੁਸੀਂ ਗੁੰਡਿਆਂ ਨੂੰ ਚੋਣ ਜਿਤਾਅ ਕੇ ਆਮ ਆਦਮੀ ਨੂੰ ਹਰਾਉਂਦੇ ਓ। ਮੈਂ ਔਰਤ ਦੁਆਲੇ ਵਗਲੀ ਲਛਮਣ-ਰੇਖਾ 'ਤੇ ਪੈਰ ਰੱਖ ਕੇ, ਪਿਓਰ ਬੰਗਾਲੀ ਕੁੜੀ ਬਣ ਕੇ, ਇਕ ਧਨਾਡ ਪਤੀ ਫਾਹ ਲਿਆ ਏ। ਤੁਸੀਂ ਪੂਰੇ ਭਾਰਤੀ ਸਮਾਜ ਨੂੰ ਠੱਗ ਰਹੇ ਓ; ਮੈਂ ਸਿਰਫ ਇਕ ਵਿਅਕਤੀ ਨੂੰ ਠੱਗਿਆ ਏ।"

"ਦੱਸ ਦਿਆਂ ਸੂਰੀ ਸਾਹਬ ਨੂੰ ਕਿ ਤੂੰ ਕਦੀ ਮੀਨਾ ਵੀ ਰਹੀ ਏਂ..."

"ਉਲਟਾ ਤੁਸੀਂ ਝੂਠੇ ਸਿੱਧ ਹੋ ਜਾਓਗੇ। ਸ਼ਾਇਦ ਇੱਥੋਂ ਦੀ ਕਮਾਈ ਵੀ ਘਰ ਨਾ ਲਿਜਾਅ ਸਕੋਂ, ਕਿਉਂਕਿ ਜਿਹੜਾ ਮੰਤਰੀ ਉਦਘਾਟਨ ਕਰਨ ਆ ਰਿਹਾ ਏ, ਉਹ ਮੇਰੇ ਪਤੀ ਦਾ ਮਿੱਤਰ ਏ।"

"ਤਾਂ ਹਿੰਦੀ ਏਸੇ ਲਈ ਸਿੱਖੀ ਸੀ ?"

"ਹਾਂ, ਤੇ ਅੱਗੋਂ ਨੀਲਮਣੀ ਕੰਸਟ੍ਰਕਸ਼ਨਜ਼ ਨੂੰ ਤੁਹਾਡੀ ਲੋੜ ਵੀ ਨਹੀਂ ਪਵੇਗੀ। ਤੁਹਾਡੀ ਜਗ੍ਹਾ ਹੁਣ ਸੂਰੀ ਇੰਡਸਟ੍ਰੀਜ਼ ਨੀਲਮਣੀ ਦੀ ਪਾਰਟਨਰ ਹੋਵੇਗੀ।"

ਉਦੋਂ ਹੀ ਪੰਡਾਲ ਵਿਚ ਖਲਬਲੀ ਜਿਹੀ ਮੱਚ ਗਈ। ਔਰਤਾਂ ਨੇ ਸਾੜ੍ਹੀਆਂ ਦੇ ਵੱਟ ਠੀਕ ਕਰਨੇ ਸ਼ੁਰੂ ਕਰ ਦਿੱਤੇ ਤੇ ਮਰਦਾਂ ਨੇ ਕਮੀਜ਼ਾਂ ਤੇ ਕੋਟਾਂ ਦੇ ਕਾਲਰ ਠੀਕ-ਠਾਕ ਕੀਤੇ---ਮੰਤਰੀ ਜੀ ਜੋ ਪਧਾਰ ਰਹੇ ਸੀ।

ਸੂਰਜ ਦੇਖਦਾ ਹੈ ਕਿ ਮੰਤਰੀ ਜੀ ਦੇ ਨਾਲ ਨੀਲਮਣੀ ਤੇ ਸਤੀਸ਼ ਸੂਰੀ ਸਨ। ਇਸ਼ਾਰਾ ਮਿਲਦਿਆਂ ਹੀ ਮੋਨਾ ਮੰਤਰੀ ਜੀ ਦੇ ਕੋਲ ਜਾ ਪਹੁੰਚਦੀ ਹੈ। ਉਸਦੇ ਮੋਢੇ ਉੱਤੇ ਹੱਥ ਰੱਖਦੇ ਹੋਏ ਮੰਤਰੀ ਜੀ ਭਾਸ਼ਣ ਵਾਲੇ ਮੰਚ ਉੱਤੇ ਪਹੁੰਚ ਜਾਂਦੇ ਨੇ।

ਮੰਤਰੀ ਜੀ ਬੜਾ ਸੰਖੇਪ ਜਿਹਾ ਭਾਸ਼ਣ ਦੇਂਦੇ ਨੇ, ਜਿਸਦਾ ਅਰਥ ਇਹ ਨਿਕਲਦਾ ਸੀ ਕਿ ਬੰਗਾਲ ਨੂੰ ਦੇਸ਼ ਦੀ ਤਰੱਕੀ ਦੇ ਨਾਲ, ਕਦਮ ਨਾਲ ਕਦਮ ਰਲਾਅ ਕੇ ਚੱਲਣਾ ਚਾਹੀਦਾ ਹੈ, ਪਰ ਉਸ ਵਿਚ ਕਿਰਤੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਨੀਲਮਣੀ ਕੰਸਟ੍ਰਕਸ਼ਨਜ਼ ਦੀ ਖਾਸੀਅਤ ਰਹੀ ਹੈ ਕਿ ਕਿਰਤੀਆਂ ਨੂੰ ਪੂਰਾ-ਪੂਰਾ ਹੱਕ ਮਿਲਿਆ ਹੈ। ਇਕ ਵਾਰੀ ਵੀ ਯੂਨੀਅਨ ਨੂੰ ਹੜਤਾਲ ਦਾ ਨੋਟਿਸ ਨਹੀਂ ਦੇਣਾ ਪਿਆ।

ਸੂਰਜ ਸੋਚਦਾ ਹੈ…ਉਸਦਾ ਦੱਸਿਆ ਬ੍ਰਹਮ-ਅਸਤਰ ਨੀਲਮਣੀ ਨੇ ਅਪਣਾਅ ਲਿਆ, ਪਰ ਹੁਣ ਪਾਰਟਨਰ ਸ਼ਿੱਪ ਸੂਰੀ ਨਾਲ ਕਰੇਗਾ। ਮੀਨਾ ਉਰਫ਼ ਮੋਨਾ ਨੇ ਸਹੀ ਸ਼ਬਦ ਦਾ ਇਸਤੇਮਾਲ ਕੀਤਾ ਸੀ---ਗਿਰਗਟ। ਸ਼ਾਇਦ ਅੱਜ ਦੇ ਆਦਮੀ ਲਈ ਇਹੀ ਉਪਮਾ ਸਹੀ ਹੈ।

ਮਨ ਹੀ ਮਨ ਹੱਸਦਾ ਹੈ ਸੂਰਜ…ਕੁਝ ਵੀ ਕਹੋ---ਸਮਾਂ ਸਾਡਾ ਹੈ। ਵੇਦ-ਸ਼ਾਸਤਰ ਭਾਵੇਂ ਜਿੰਨਾ ਮਰਜ਼ੀ ਆਖੀ ਜਾਣ ਕਿ ਸਮਾਂ ਕਿਸੇ ਦਾ ਨਹੀਂ ਹੁੰਦਾ।

ਯਾਦ ਆਇਆ, ਭਗਵਾਨ ਨੇ ਮੱਛ, ਕੱਛ ਤੇ ਬਰਾਹ ਰੂਪ ਵਿਚ ਅਵਤਾਰ ਧਾਰਿਆ ਸੀ---ਹੁਣ ਗਿਰਗਟ ਹੀ ਸਹੀ।

ਮੁਸਕੁਰਾਉਂਦਾ ਹੈ ਸੂਰਜ ; ਆਪਣੀ ਸੋਚ ਉੱਪਰ।

ਮੋਨਾ ਵੀ ਮੁਸਕੁਰਾ ਰਹੀ ਸੀ ; ਆਪਣੀ ਸੋਚ ਉੱਤੇ।

No comments:

Post a Comment