Sunday, May 3, 2009

ਧੀਰਾ ਪੰਡਤ, ਕੇਕੜੇ ਤੇ ਮਕੜੀਆਂ :: ਲੇਖਕਾ : ਕਮਲਾ ਦੱਤ

ਹਿੰਦੀ ਕਹਾਣੀ : ਧੀਰਾ ਪੰਡਤ, ਕੇਕੜੇ ਤੇ ਮਕੜੀਆਂ :: ਲੇਖਕਾ : ਕਮਲਾ ਦੱਤ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

---------------------------------------------------------------
ਇਹ ਕਹਾਣੀ, ਪ੍ਰਵਚਨ ਦੇ ਅੰਕ : 33 : ਅਕਤੂਬਰ-ਦਸੰਬਰ 2009. ਵਿਚ ਛਪੀ ਹੈ।
---------------------------------------------------------------


ਤੂੰ ਘਰੇ ਰਹਿ।
ਉਹ ਬਾਹਰ ਰਹੇ।
ਤੂੰ ਜੀਵਨ ਜਾਚ ਸਿੱਖ। ਉਸਦਾ ਘਰ ਨਾ ਉਜਾੜ। ਤੇਰਾ ਵੀ ਵੱਸਦਾ ਰਹੇ।
ਤੂੰ ਆਜ਼ਾਦ ਏਂ…!
***
ਤੂੰ ਆਜ਼ਾਦ ਏਂ…!
ਕੋਈ ਹਥੌੜੇ ਮਾਰ ਰਿਹਾ ਸੀ ਧੀਰਾ ਦੇ ਦਿਮਾਗ਼ ਉਪਰ। ਉਸਨੇ ਕੁਰਸੀ ਮੇਜ਼ ਨੇੜੇ ਖਿਸਕਾ ਲਈ ਸੀ ਤੇ ਮੇਜ਼ ਉੱਤੇ ਸਿਰ ਟਿਕਾਅ ਲਿਆ ਸੀ। ਕੁਝ ਚਿਰ ਸਿਸਕਦੀ ਰਹੀ ਸੀ ਤੇ ਫੇਰ ਪੂਰੇ ਜ਼ੋਰ ਨਾਲ ਮੇਜ਼ ਉੱਤੇ ਸਿਰ ਮਾਰਨ ਲੱਗ ਪਈ ਸੀ---ਡਾ. ਜਸਿਕੀ ਡੌਰ-ਭੌਰ ਹੋਏ ਬੈਠੇ ਸਨ, ਉਹਨਾਂ ਨੂੰ ਸੁੱਝ ਹੀ ਨਹੀਂ ਸੀ ਰਿਹਾ ਕਿ ਉਹ ਕੀ ਕਰਨ ? ਤੇ ਫੇਰ ਕਾਹਲ ਨਾਲ ਉਠ ਕੇ ਉਹਨਾਂ ਧੀਰਾ ਨੂੰ ਮੋਢਿਆਂ ਤੋਂ ਜਾ ਫੜ੍ਹਿਆ ਸੀ, 'ਸਟਾਪ ਇੱਟ, ਸਟਾਪ ਇੱਟ।' ਤੇ ਬਿੰਦ ਦਾ ਬਿੰਦ ਧੀਰਾ ਉਹਨਾਂ ਦੀ ਮਜ਼ਬੂਤ ਪਕੜ ਵਿਚ ਸਿੱਥਲ ਜਿਹੀ ਹੋ ਗਈ ਸੀ। ਪਰ ਉਹ ਸਿਸਕ ਰਹੀ ਸੀ ਤੇ ਕਦੀ ਕਦੀ ਤਾਂ ਕਿਸੇ ਜ਼ਖ਼ਮੀ ਜਾਨਵਰ ਵਾਂਗ ਚੀਕਣ-ਕੂਕਣ ਵੀ ਲੱਗ ਪੈਂਦੀ ਸੀ।
ਫੇਰ ਇਕ ਪਿੱਛੋਂ ਇਕ, ਪੇਪਰ-ਨੈਪਕਿਨ ਟੋਕਰੀ ਵਿਚ ਆ ਡਿੱਗੇ ਸਨ।
'ਤੂੰ ਇੰਜ ਹੀ ਨੈਪਕਿਨ ਸੁੱਟਦੀ ਰਹੀ, ਤਾਂ ਮੈਨੂੰ, ਹੋਰ ਕਿੰਨੇ ਡੱਬਿਆਂ ਦਾ ਆਡਰ ਦੇਣਾ ਪਏਗਾ ?'
ਧੀਰਾ ਦੇ ਹੰਝੂ ਭਿੱਜੇ ਚਿਹਰੇ ਉੱਤੇ ਇਕ ਫਿੱਕੀ ਜਿਹੀ ਮੁਸਕਾਨ ਆਈ ਤੇ ਅਲੋਪ ਹੋ ਗਈ।
ਤੇ ਫੇਰ ਉਹ ਜਿਵੇਂ ਆਪਣੇ ਆਪ ਵਿਚ ਹੀ ਗਵਾਚ ਗਈ ਸੀ। ਡਾ. ਜਸਿਕੀ ਤੋਂ ਪਰ੍ਹੇ, ਕੰਧ ਤੋਂ ਵੀ ਅਗਾਂਹ…ਕੁਝ ਲੱਭ ਰਹੀਆਂ ਉਸਦੀਆਂ ਅੱਖਾਂ, ਸਿਲ-ਵੱਟੇ ਹੋ ਗਈਆਂ ਸਨ।
ਡਾ. ਜਸਿਕੀ ਨੇ ਕੁਰੇਦਿਆ---
'ਕੀ ਸੋਚਣ ਲੱਗ ਪਈ ਏਂ ?'
'ਕੁਛ ਵੀ ਨਹੀਂ...'
'ਕੁਛ ਤਾਂ ਸੋਚ ਹੀ ਰਹੀ ਸੈਂ...'
ਉਦੋਂ ਹੀ ਡਾ. ਜਸਿਕੀ ਉਠੇ ਸਨ ਤੇ ਖਿੜਕੀ ਦੇ ਪਰਦੇ ਹਟਾਅ ਆਏ ਸਨ---ਬਾਹਰ ਦਰਖ਼ਤਾਂ ਦਾ ਰੰਗ ਜ਼ਰਾ ਬਦਲਿਆ ਹੋਇਆ ਜਾਪਦਾ ਸੀ।
'ਐਤਕੀਂ ਪਤਝੜ ਕੁਝ ਅਗੇਤੀ ਆ ਗਈ ਏ।'
'ਹੂੰ।' ਧੀਰਾ ਦੀ ਹੂੰਗਰ, ਪਤਝੜ ਦੀ ਹਵਾਂ ਦੇ ਨਾਲ, ਵਾਤਾਵਰਨ ਵਿਚ ਖਿੱਲਰ ਗਈ।
ਸਰਦੀਆਂ ਦੀ ਪਹਿਲੀ ਠੰਡ ਉਤਰ ਆਉਣ ਦਾ ਇਕ ਭੁਲੇਖਾ।
'ਹਾਂ, ਦੱਸਿਆ ਨਹੀਂ ਕੀ ਸੋਚ ਰਹੀ ਸੈਂ ?'
'ਮੇਰੇ ਬਚਪਨ ਦੀ ਗੱਲ ਏ, ਓਦੋਂ ਅਸੀਂ ਸ਼ਿਮਲੇ ਵਿਚ ਰਹਿੰਦੇ ਹੁੰਦੇ ਸਾਂ। ਚਾਰੇ ਪਾਸੇ ਦਰਖ਼ਤਾਂ ਉੱਤੇ ਬਾਂਦਰ ਰਹਿੰਦੇ ਸੀ। ਇਕ ਵਾਰੀ ਇਕ ਬਾਂਦਰੀ ਦਾ ਬੱਚਾ ਮਰ ਗਿਆ। ਉਹ ਆਪਣੇ ਮੋਏ ਹੋਏ ਬੱਚੇ ਨੂੰ ਛਾਤੀ ਨਾਲ ਲਾਈ, ਇਧਰ ਉਧਰ ਭਟਕਦੀ ਰਹਿੰਦੀ। ਫੇਰ ਬੱਚੇ ਦੀ ਲਾਸ਼ ਗਲਣ ਲੱਗੀ---ਸਭ ਪਾਸੇ ਸੜ੍ਹਾਂਦ ਫੈਲ ਗਈ। ਲੋਕ ਡਰ ਗਏ ਕਿ ਕਿਤੇ ਕੋਈ ਬਿਮਾਰੀ ਹੀ ਨਾ ਫੈਲ ਜਾਏ। ਫੇਰ ਕੁਝ ਸਮਝਦਾਰ ਲੋਕਾਂ ਨੇ ਪਾਟੀਆਂ ਲੀਰਾਂ ਦਾ ਇਕ ਗੋਲਾ ਬਣਾਇਆ ਸੀ, ਉਸਨੂੰ ਮਿੱਟੀ ਦੇ ਤੇਲ ਵਿਚ ਭਿਊਂ ਕੇ ਅੱਗ ਲਾ ਦਿੱਤੀ ਸੀ, ਤੇ ਉਤਾਂਹ ਦਰਖ਼ਤ ਵੱਲ ਸੁੱਟ ਦਿੱਤਾ ਸੀ। ਉੱਤੇ ਬਾਂਦਰੀ ਬੈਠੀ ਹੋਈ ਸੀ। ਜਦੋਂ ਉਹ ਡਰ ਕੇ ਭੱਜੀ ਤਾਂ ਬੱਚੇ ਦੀ ਲਾਸ਼ ਹੇਠਾਂ ਡਿੱਗ ਪਈ…ਤੇ ਲੋਕਾਂ ਨੇ ਉਸਨੂੰ ਸਾੜ ਦਿੱਤਾ। ਪਰ ਬਾਂਦਰੀ ਕਈ ਦਿਨਾਂ ਤਕ ਕੂਕਦੀ-ਕੁਰਲਾਂਦੀ ਰਹੀ ਸੀ।'
***
ਧੀਰਾ ਨੂੰ ਫੇਰ ਆਪਣੇ ਆਪ ਵਿਚ ਗਵਾਚਿਆਂ ਦੇਖ, ਡਾ. ਜਸਿਕੀ ਨੇ ਪੁੱਛਿਆ ਸੀ, 'ਹਾਂ, ਦੱਸਿਆ ਨਹੀਂ, ਕੀ ਸੋਚ ਰਹੀ ਸੈਂ ?'
'ਕਦੋਂ ?'
'ਆ-ਹ, ਹੁਣੇ।'
'ਬਸ, ਉਸ ਦਿਨ ਦੀ ਗੱਲ।'
'ਕਿਸ ਦਿਨ ਦੀ ?'
ਉਸ ਦਿਨ ਧੀਰਾ ਨੇ ਹੀ ਬਿਲਡਿੰਗ ਸੁਪਰਡੈਂਟ ਦੀ ਮਿੰਨਤ ਕੀਤੀ ਸੀ, 'ਮੈਂ ਬਸ ਇਕ ਵਾਰੀ ਉਸਨੂੰ ਦੇਖਣਾ ਚਾਹੁੰਦੀ ਹਾਂ। ਕੀ ਤੂਸੀਂ ਆਪਣੀ ਕਾਰ ਵਿਚ ਲੈ ਚਲੋਗੇ ?'
'ਕੀ ਕਰੇਂਗੀ ਦੇਖ ਕੇ, ਤੂੰ ਖ਼ੁਦ ਸਮਝਦਾਰ ਏਂ…'
ਇਹ ਇਕ ਵਾਰੀ ਹੋਈ ਜੰਗ ਹੈ, ਇਕ ਵਾਰੀ ਹੋਈ ਲੜਾਈ।
ਤੇ ਫੇਰ ਕਾਰ ਵਿਚ ਬੈਠਦਿਆਂ ਹੋਇਆਂ ਇਕ ਵਾਰੀ ਫੇਰ ਮਿਸੇਜ ਸਲੇਵਨ ਨੂੰ ਸ਼ੱਕ ਹੋਇਆ ਸੀ, 'ਸਹਿ ਲਏਂਗੀ, ਤੇਰੇ ਅੰਦਰ ਏਨੀ ਸਹਿਣ ਸ਼ਕਤੀ…?'
ਧੀਰਾ ਨੇ ਕਿਹਾ ਸੀ, 'ਕਦੀ ਮਰੀਜ਼ ਵੀ ਸਰਜਰੀ ਲਈ ਤਿਆਰ ਹੋਇਆ ਏ ਮਿਸੇਜ ਸਲੇਵਨ ?...ਇਕ ਵਾਰੀ ਦੇਖ ਲਵਾਂਗੀ ਤਾਂ ਸ਼ਾਇਦ ਮਨ ਸੰਭਲ ਜਾਏ ; ਮੇਰੇ ਅੰਦਰ ਸੱਚ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਆ ਜਾਏ।'
***
ਜੀਤ ਦੀ ਗੱਡੀ ਬਰਕਸ਼ਾਇਰ ਟਾਊਸੇਜ ਦੇ ਸਾਹਮਣੇ ਰੁਕੀ ਸੀ। ਉਹ ਕਾਰ ਵਿਚੋਂ ਉਤਰ ਕੇ ਏਧਰ-ਉਧਰ ਦੇਖ ਰਿਹਾ ਸੀ। ਫੇਰ ਪਤਾ ਨਹੀਂ ਕਿੱਧਰੋਂ ਨਿਕਲ ਕੇ, ਮਧਰੇ-ਕੱਦ ਦੀ ਸੂਨਹਿਰੇ ਵਾਲਾਂ ਵਾਲੀ ਕੁੜੀ ਨੇ ਉਸਨੂੰ ਜੱਫੀ ਪਾ ਲਈ ਸੀ---ਤੇ ਦੋਏ ਵਹਿਸ਼ੀਆਂ ਵਾਂਗ ਇਕ ਦੂਸਰੇ ਨੂੰ ਚੁੰਮਣ-ਚੱਟਣ ਲੱਗ ਪਏ ਸਨ। ਧੀਰਾ ਕਾਰ 'ਚੋਂ ਨਿਕਲ ਕੇ ਪਾਗਲਾਂ ਵਾਂਗ ਉਹਨਾਂ ਵੱਲ ਨੱਸਣ ਲਗੀ ਤਾਂ ਮਿਸੇਜ ਸਲੇਵਨ ਨੇ ਜਬਰਦਸਤੀ ਉਸਨੂੰ ਮੁੜ ਕਾਰ ਵਿਚ ਸੁੱਟ ਲਿਆ ਸੀ।
***
ਦੂਸਰੀ ਮੰਜ਼ਿਲ ਦੀ ਇਕ ਖਿੜਕੀ ਦਾ ਪਰਦਾ ਸਰਕਿਆ ਸੀ। ਇਕ ਮਰਦ-ਚਿਹਰਾ ਵੀ ਉਹਨਾਂ ਦੋਹਾਂ ਵੱਲ ਦੇਖ ਰਿਹਾ ਸੀ। ਧੀਰਾ ਨੇ ਸੋਚਿਆ, ਉਹ ਗੋਲੀ ਕਿਉਂ ਨਹੀਂ ਮਾਰ ਦਿੰਦਾ ? ਕੀ ਉਸ ਕੋਲ ਪਿਸਤੌਲ ਨਹੀਂ ? ਗੁਹਾਯੁਗ ਦਾ ਆਦਮੀ ਕੀ ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ? ਆਦਮੀ ਕੀ ਜਾਨਵਰ ਵੀ ਆਪਣੀ ਸਾਥਣ ਨੂੰ ਕਿਸੇ ਹੋਰ ਨਾਲ ਜਾਂਦਿਆਂ ਦੇਖ ਕੇ ਭੜਕ ਜਾਂਦੇ ਨੇ…ਧੀਰਾ ਨੂੰ ਟੈਲੀਵਿਜ਼ਨ ਦਾ ਉਹ ਪ੍ਰੋਗ੍ਰਾਮ ਯਾਦ ਆ ਗਿਆ ਸੀ, ਜਿਸ ਵਿਚ ਇਕ ਕੈਰਾਬੂ ਦੂਸਰੇ ਨੂੰ ਜ਼ਖ਼ਮੀ ਕਰ ਦੇਂਦਾ ਹੈ, ਤੇ ਫੇਰ ਜੇਤੂ ਕੈਰਾਬੂ ਮਾਦਾ ਨਾਲ ਤੁਰ ਜਾਂਦਾ ਹੈ। ਤਾਂ ਜੀਤ ਤੇ ਉਹ ਜੇਤੂ ਨੇ ? ਤੇ ਉਹ ਤੇ ਖਿੜਕੀ ਵਾਲਾ ਚਿਹਰਾ ਹਾਰੇ ਹੋਏ ? ਕੀ ਉਹਨਾਂ ਨੂੰ ਮੈਦਾਨ ਛੱਡ ਦੇਣਾ ਚਾਹੀਦਾ ਹੈ ? ਫੇਰ ਚਾਣਚੱਕ ਉਸਨੂੰ ਚੱਕਰ ਆ ਗਿਆ ਸੀ। ਮਿਸੇਜ ਸਲੇਵਨ ਨੇ ਕਾਰ ਵਾਪਸ ਮੋੜ ਲਈ ਸੀ। ਇਕ ਰੇਸਤਰਾਂ ਸਾਹਮਣੇ ਰੋਕ ਕੇ ਉਸਨੂੰ ਰਸ ਪਿਆਇਆ ਸੀ ਤੇ ਅਪਾਰਟਮੈਂਟ ਬਿਲਡਿੰਗ ਵਿਚ ਆ ਕੇ ਕਿਹਾ ਸੀ, 'ਤੂੰ ਆਪਣੀ ਕਿਸੇ ਹਿੰਦੁਸਤਾਨੀ ਦੋਸਤ ਨੂੰ ਫ਼ੋਨ ਕਰਕੇ ਬੁਲਾ ਲੈ। ਅੱਜ ਦੇ ਦਿਨ ਤੈਨੂੰ ਇਕੱਲਿਆਂ ਨਹੀਂ ਰਹਿਣਾ ਚਾਹੀਦਾ।'
***
ਜਦੋਂ ਮਿਸੇਜ ਸਲੇਵਨ ਗਰਾਸਰੀ ਸ਼ਾਪਿੰਗ ਤੋਂ ਵਾਪਸ ਆਈ ਸੀ ਤਾਂ ਕਾਰੀਡੋਰ ਵਿਚ ਲੋਕਾਂ ਦੀ ਖੁਸਰ-ਫੁਸਰ ਤੇ ਗੈਸ ਦੀ ਬੂ ਫੈਲੀ ਹੋਈ ਸੀ…ਅੱਧਬਲੀ ਧੀਰਾ ਹਸਪਤਾਲ ਪਹੁੰਚਾ ਦਿੱਤੀ ਗਈ ਸੀ।…ਤੇ ਕੁ ਹਫ਼ਤੇ ਪਿੱਛੋਂ ਜਦੋਂ ਉਹ ਵਾਪਸ ਆਈ ਤਾਂ ਉਸਦੀ ਸਹੇਲੀ ਬਿੰਦੂ ਮੱਲੋਮਲੀ ਹੀ ਉਸਨੂੰ ਡਾ. ਜਸਿਕੀ ਕੋਲ ਲੈ ਆਈ ਸੀ।
***
ਹੁਣ ਇਹ ਗੱਲਾਂ ਕਾਫੀ ਪੁਰਾਣੀਆਂ ਹੋ ਗਈਆਂ ਨੇ। ਗੰਢੇ ਦੇ ਪੱਤਾਂ ਵਾਂਗ ਧੀਰਾ ਨੇ ਬੜਾ ਹੀ ਕੁਝ ਡਾ. ਜਸਿਕੀ ਸਾਹਮਣੇ ਖੋਹਲ ਦਿੱਤਾ ਸੀ---ਇਕ ਪੂਰੀ ਸੰਸਕ੍ਰਿਤੀ, ਇਕ ਪੂਰੀ ਸਭਿਅਤਾ। ਏਸ ਵਾਰੀ ਉਹ ਪੂਰੇ ਇਕ ਸਾਲ ਬਾਅਦ ਆਈ ਹੈ…ਫੇਰ ਰੋਂਦੀ ਵਿਲਕਦੀ ਹੋਈ।
***
ਪਿਛਲੇ ਕਿਸੇ ਸੈਸ਼ਨ ਵਿਚ ਉਹ ਖਾਸੀ ਦੇਰ ਤਕ ਡਾ. ਜਸਿਕੀ ਨੂੰ ਘੂਰ-ਘੁਰ ਵਿਹੰਦੀ ਰਹੀ ਸੀ।
'ਇੰਜ ਕੀ ਦੇਖ ਰਹੀ ਏਂ ?'
'ਤੁਸੀਂ ਮੇਰੇ ਬਾਪ-ਸਮਾਨ ਹੋ। ਮੈਂ ਸੋਲ੍ਹਾਂ ਵਰ੍ਹਿਆਂ ਦੀ ਸਾਂ, ਜਦੋਂ ਉਹ ਗੁਜਰੇ ਸਨ। ਭਾ-ਜੀ ਨੇ ਹੀ ਮੇਰੀ ਤੇ ਮੇਰੇ ਨਿੱਕੇ ਭਰਾ ਦੀ ਦੇਖਭਾਲ ਕੀਤੀ ਏ। ਮਾਂ ਤੇ ਦਾਦੀ ਪਿੰਡ ਰਹਿੰਦੀਆਂ ਸੀ। ਭਾਬੀ ਨੇ ਕਦੀ ਨਵੀਂਆਂ-ਨਵੀਂਆਂ ਸਾੜ੍ਹੀਆਂ ਨਹੀਂ ਖਰੀਦੀਆਂ। ਪ੍ਰੋਫੈਸਰ ਦੀ ਤਨਖ਼ਾਹ ਹੀ ਕਿੰਨੀ ਹੁੰਦੀ ਹੈ ? ਤੇ ਨਾਲੇ ਉੱਥੇ ਤਾਂ ਮਹਿੰਗਾਈ ਹੀ ਬੜੀ ਹੈ।'
'ਪਰ ਧੀਰਾ ਮੈਨੂੰ ਸਮਝ ਨਹੀਂ ਆ ਰਹੀ ਕਿ ਬਿਨਾਂ ਕੁਛ ਜਾਣੇ-ਬੁੱਝੇ ਹੀ ਤੂੰ ਵਿਆਹ ਲਈ ਰਾਜੀ ਕਿੰਜ ਹੋ ਗਈ ? ਤੂੰ ਪੜ੍ਹੀ-ਲਿਖੀ ਸੈਂ।'
ਉਹਨਾਂ ਦੀਆਂ ਗੱਲਾਂ ਨੂੰ ਪੂਰੀ ਸੰਸਕ੍ਰਿਤੀ ਉੱਤੇ ਟਿੱਪਣੀ ਸਮਝ ਕੇ ਧੀਰਾ ਨੂੰ ਗੁੱਸਾ ਆ ਗਿਆ ਸੀ। 'ਓਥੇ ਵੀ ਪਰਿਵਾਰ ਦੇਖੇ ਜਾਂਦੇ ਨੇ। ਗੱਲ ਉਂਜ ਹੀ ਹੈ, ਜਿਵੇਂ ਕੰਮਪਿਊਟਰ ਆਂਕੜੇ ਮਿਲਾ ਦਏ, ਤੇ ਕੰਪਿਊਟਰ ਵੀ ਤਾਂ ਗਲਤ ਹੋ ਜਾਂਦੇ ਨੇ, ਕਿਉਂ ਕਿ ਉਹਨਾਂ ਨੂੰ ਵੀ ਤਾਂ ਆਦਮੀ ਹੀ ਚਲਾਉਂਦੇ ਨੇ ਨਾ ?...ਤੇ ਏਥੋਂ ਦੇ ਸਾਰੇ ਵਿਆਹ ਕਦੋਂ ਸਫਲ ਹੁੰਦੇ ਨੇ ?'
ਡਾ. ਜਸਿਕੀ ਨੇ ਸਮਝਾਇਆ ਸੀ, 'ਤੈਨੂੰ ਇੰਜ ਡਿਫੈਂਸਿਵ ਨਹੀਂ ਹੋਣਾ ਚਾਹੀਦਾ,' ਤੇ ਫੇਰ ਬੋਲੇ ਸਨ, 'ਸਾਰੇ ਹਿੰਦੁਸਤਾਨੀ ਅਲੋਚਨਾ ਨੂੰ ਏਨਾ ਨਿੱਜੀ ਕਿਉਂ ਸਮਝ ਬਹਿੰਦੇ ਨੇ ? ਸ਼ਾਇਦ ਇਹ ਪ੍ਰਵਾਸੀਆਂ ਦੀ ਰੀਤ ਹੈ। ਆਪਣੀ ਧਰਤੀ ਤੋਂ ਵੱਖ ਹੋਣ ਦਾ ਦੁੱਖ ਤੇ ਕੁਸੈਲ। ਤੇ ਇਹ ਅਪਰਾਧੀਆਂ ਵਾਲਾ ਅਹਿਸਾਸ ਕਿ ਮਾਮੂਲੀ ਸੁਖਾਂ ਖਾਤਰ ਉਹਨਾਂ ਆਪਣੀ ਧਰਤੀ ਛੱਡ ਦਿੱਤੀ ਹੈ। ਸੋ ਉੱਥੋਂ ਦੀ ਹਰੇਕ ਸ਼ੈ ਨੂੰ ਰੁਮਾਂਟਿਕ ਢੰਗ ਨਾਲ ਦੇਖਣ ਲੱਗ ਪੈਂਦੇ ਨੇ।'
***
ਧੀਰਾ ਪਿਛਲੇ ਚਹੂੰ ਸਾਲਾਂ ਤੋਂ ਕਾਲੇਜ-ਪ੍ਰੋਫੈਸਰ ਸੀ। ਕੋਈ ਚੰਗਾ ਮੁੰਡਾ ਹੀ ਨਹੀਂ ਸੀ ਮਿਲ ਰਿਹਾ। ਇਕ ਡਾਕਟਰ ਨਾਲ ਮੰਗਣੀ ਹੋਈ, ਪਰ ਉਸਦੀ ਮਾਂ ਬੜੀ ਲਾਲਚਣ ਸੀ। ਮਾਂ ਤੇ ਭਾ-ਜੀ ਤਾਂ ਜ਼ਮੀਨ ਵੇਚਣ ਲਈ ਤਿਆਰ ਹੋ ਗਏ ਸਨ, ਪਰ ਧੀਰਾ ਅੜ ਗਈ ਸੀ, 'ਮੈਂ ਕੋਈ ਵਿਕਾਊ ਮੱਝ-ਗਾਂ ਨਹੀਂ। ਪੜ੍ਹੀ-ਲਿਖੀ ਹਾਂ, ਨੈਣ-ਨਕਸ਼, ਕੱਦ-ਕਾਠ ਕਿਸ ਚੀਜ਼ ਦੀ ਕਮੀ ਹੈ, ਮੇਰੇ ਵਿਚ।'
***
ਤੇ ਉਹਨਾਂ ਦਿਨਾਂ ਵਿਚ ਅਜੀਤ ਵਿਆਹ ਕਰਵਾਉਣ ਭਾਰਤ ਆਇਆ ਹੋਇਆ ਸੀ। ਉਸਦੀ ਮਾਂ ਤੇ ਭੈਣ ਆਈਆਂ ਤੇ ਧੀਰਾ ਨੂੰ ਪਸੰਦ ਕਰ ਗਈਆਂ।
'ਮੈਨੂੰ ਪਹਿਲਾਂ ਹੀ ਸ਼ੱਕ ਹੋ ਜਾਣਾ ਚਾਹੀਦਾ ਸੀ। ਜਦੋਂ ਦੇਖਣ ਆਇਆ ਤੇ ਜਿਵੇਂ ਕਿ ਰਿਵਾਜ਼ ਹੈ, ਚਾਹ ਪਿੱਛੋਂ ਸਾਨੂੰ ਦੋਹਾਂ ਨੂੰ ਕੁਝ ਚਿਰ ਇਕੱਲਿਆਂ ਛੱਡ ਦਿੱਤਾ ਗਿਆ ਕਿ ਗੱਲਾਂ ਬਾਤਾਂ ਕਰ ਲਈਏ, ਆਪਸੀ ਤੱਸਲੀ ਕਰ ਲਈਏ---ਤੱਸਲੀ ਹੁੰਦੀ ਏ ਸਵਾਹ ਤੇ ਖੇਹ, ਪੰਦਰਾਂ ਵੀਹ ਮਿੰਟਾਂ 'ਚ। ਜਾਣਦੇ ਹੋ, ਪਹਿਲਾ ਸਵਾਲ ਕੀ ਪੁੱਛਿਆ ਸੀ ?'
'ਕੀ ਪੁੱਛਿਆ ਸੀ ?'
'ਕਿ ਤੂੰ ਕਿਸੇ ਨੂੰ ਪਿਆਰ ਕਰਦੀ ਏਂ ? ਕਿਸੇ ਨਾਲ ਕਰਦੀ ਸੈਂ ? ਜਾਂ ਏਸ ਤਰ੍ਹਾਂ ਦਾ ਕੋਈ ਹੋਰ ਸਬੰਧ ਹੋਏ ?'
'ਮੈਂ ਖਿਝ ਗਈ ਸਾਂ---ਇਹਨਾਂ ਸਵਾਲਾਂ ਉੱਤੇ। ਮੈਂ ਸਿਰ ਹਿਲਾ ਕੇ ਇਨਕਾਰ ਕਰ ਦਿੱਤਾ ਸੀ---ਨਹੀਂ ਮੈਂ ਕਿਸੇ ਨੂੰ ਪਿਆਰ ਨਹੀਂ ਕਰਦੀ, ਨਾ ਹੀ ਕਿਸੇ ਨਾਲ ਮੇਰੇ ਅਜਿਹੇ ਸਬੰਧ ਨੇ। ਜੇ ਭਲਾ ਕੋਈ ਅਜਿਹਾ ਸਬੰਧ ਹੁੰਦਾ ਜਾਂ ਹੈ, ਤਾਂ ਜਨਾਬ ਨਾਲ ਵਿਆਹ ਕਰਵਾਉਣ ਲਈ 'ਹਾਂ' ਹੀ ਕਿਉਂ ਕਰਦੀ ?
'ਭਾਬੀ ਨੇ ਸਮਝਾਇਆ ਸੀ---'ਕੋਈ ਘਟਨਾ ਵਾਪਰ ਗਈ ਹੋਊ ਵਿਚਾਰੇ ਨਾਲ, ਤੇ ਅਮਰੀਕਾ 'ਚ ਰਹਿ ਕੇ ਲੋਕ ਬੜੇ ਸਪਸ਼ਟਵਾਦੀ ਹੋ ਜਾਂਦੇ ਨੇ। ਇਹ ਵਿਚਾਰਾ ਕੀ ਜਾਣੇ ਕਿ ਸਾਡੀ ਧੀਰਾ ਕੋਈ ਐਸੀ-ਵੈਸੀ ਕੁੜੀ ਨਹੀਂ।'
'ਤੇ ਫੇਰ ਦੋ ਹਫ਼ਤਿਆਂ ਵਿਚ ਹੀ ਵਿਆਹ ਹੋ ਗਿਆ ਸੀ। ਸਾਰੇ ਆਖਦੇ ਸਨ---'ਕਿੰਨਾ ਮਿਲਣਸਾਰ ਏ, ਕਿੱਡਾ ਮਿੱਠ-ਬੋਲੜਾ ਏ। ਤੇਰਾਂ ਸਾਲ ਅਮਰੀਕਾ ਵਿਚ ਰਿਹਾ ਏ, ਪਰ ਜ਼ਰਾ ਵੀ 'ਫੂੰ-ਫਾਂ' ਨਹੀਂ।' '
***
'ਭਾਈ ਸਾਹਬ ਨੇ ਵਿਤੋਂ ਵਧ ਕੇ ਖਰਚ ਕੀਤਾ ਸੀ। ਵਿਆਹ ਪਿੱਛੋਂ ਤਿੰਨ ਹਫ਼ਤੇ ਰਾਤ-ਦਿਨ ਪਿੱਛੇ-ਪਿੱਛੇ ਫਿਰਦਾ ਰਿਹਾ ਸੀ। 'ਧੀਰਾ-ਧੀਰਾ!!' ਕਹਿ ਕੇ ਲੋਕਾਂ ਦੇ ਸਾਹਮਣੇ ਹੀ ਬਾਹਾਂ ਵਿਚ ਲੈ ਲੈਂਦਾ। ਮੈਨੂੰ ਬੜੀ ਸ਼ਰਮ ਆਉਂਦੀ ਸੀ। ਮਨ੍ਹਾਂ ਕਰਦੀ ਤਾਂ ਆਖਦਾ, 'ਬਈ ਵਾਹ ! ਤੂੰ ਅਸਾਡੀ ਪਤਨੀ ਏਂ, ਕੋਈ ਭਜਾ ਕੇ ਤਾਂ ਨਹੀਂ ਲਿਆਏ।' ਘਰਵਾਲਿਆਂ ਨੇ ਵੀ ਮੈਨੂੰ ਹੀ ਮੱਤਾਂ ਦਿੱਤੀਆਂ ਸਨ---'ਤੂੰ ਖਿਝਿਆ ਨਾ ਕਰ, ਤੇਰਾਂ ਸਾਲ ਅਮਰੀਕਾ 'ਚ ਰਿਹਾ ਏ, ਸਭ ਸੱਚ ਏ…' '
ਡਾ. ਜਸਿਕੀ ਨੇ ਇਕ ਵਾਰ ਫੇਰ ਉਸਦੇ ਖਿਆਲਾਂ ਦੀ ਤੰਦ ਨੂੰ ਟੁੱਕ ਦਿੱਤਾ ਸੀ---'ਫੇਰ ਕਿਹੜੇ ਸੋਚ-ਸਾਗਰ 'ਚ ਖੁੱਭ ਗਈ ਏਂ ?'
'ਉਹਨਾਂ ਦਿਨਾਂ ਵਿਚ ਇੰਜ ਲੱਗਦਾ, ਜਿਵੇਂ ਫਿਲਮਾਂ ਵਿਚ ਦੇਖਿਆ ਤੇ ਕਿਤਾਬਾਂ ਵਿਚ ਪੜ੍ਹਿਆ ਪਿਆਰ ਜ਼ਿੰਦਗੀ ਵਿਚ ਵੀ ਹੋ ਸਕਦਾ ਹੈ, ਤੇ ਇਹ ਵੀ ਸੱਚ ਸੀ ਕਿ ਉਹ ਪਹਿਲਾ ਮਰਦ ਸੀ, ਜਿਸਨੇ ਮੈਨੂੰ ਬਾਹਾਂ ਵਿਚ ਲਿਆ, ਪਿਆਰ ਕੀਤਾ ਤੇ ਕਿਹਾ ਸੀ---'ਤੂੰ ਬੜੀ ਸੋਹਣੀ ਏਂ, ਪਿਆਰੀ ਲੱਗਦੀ ਏਂ।' ਲੋਕ ਏਡਾ ਵੱਡਾ ਝੂਠ ਏਨੀ ਆਸਾਨੀ ਨਾਲ ਕਿੰਜ ਬੋਲ ਲੈਂਦੇ ਨੇ ? ਹਨੀਮੂਨ ਲਈ ਅਸੀਂ ਨੈਨੀਤਾਲ ਗਏ ਤਾਂ…ਉੱਥੇ ਝੀਲ ਦੇ ਕਿਨਾਰੇ ਟਹਿਲਦਿਆਂ ਕਦੀ-ਕਦੀ ਇੰਜ ਲੱਗਦਾ ਸੀ, ਉਹ ਬੜਾ ਬੇਚੈਨ ਜਿਹਾ ਹੈ। ਸ਼ਾਇਦ ਮੇਰੇ ਨਾਲ ਨਾਰਾਜ਼। ਮੈਂ ਪੁੱਛਦੀ ਤਾਂ ਬਸ, ਟਾਲ ਦੇਂਦਾ। ਹਰ ਵਾਰੀ ਟਾਲ ਦੇਂਦਾ। ਹਰ ਵਾਰੀ ਇਹੋ ਆਖਦਾ---'ਤੂੰ ਬੜੀ ਚੰਗੀ ਏਂ, ਬੜੀ ਸਮਝਦਾਰ ਏਂ। ਅਮਰੀਕੀ ਕੁੜੀਆਂ ਤਾਂ ਡਾਢੀਆਂ ਚਲਾਕ ਹੁੰਦੀਆਂ ਨੇ। ਬਸ ਕੋਈ ਭਰੋਸਾ ਨਹੀਂ---ਕਹਿਣਗੀਆਂ ਕੁਝ ਹੋਰ ਤੇ ਕਰਨਗੀਆਂ ਕੁਝ ਹੋਰ।' ਮਤਲਬੀ…
'ਬਸ, ਫੇਰ ਮੇਰਾ ਵੀਜਾ ਮਿਲਣ ਵਿਚ ਅੱਠ-ਸੱਤ ਮਹੀਨੇ ਤਾਂ ਲੱਗਣੇ ਹੀ ਸਨ।'
***
'ਆਉਂਦਿਆਂ ਹੀ ਉਸਨੇ ਇਕ ਟੈਲੀਗ੍ਰਾਮ ਭੇਜੀ ਤੇ ਫੇਰ ਇਕ ਬੜਾ ਹੀ ਲੰਮਾ, ਪਿਆਰਾ ਖ਼ਤ…ਤੇ ਫੇਰ ਖ਼ਤ ਆਉਣੇ ਬੰਦ ਹੋ ਗਏ ਸਨ। ਤੇ ਜਦੋਂ ਮੇਰੇ ਪੰਜ ਖ਼ਤਾਂ ਦਾ ਕੋਈ ਜਵਾਬ ਨਾ ਆਇਆ ਤਾਂ ਘਬਰਾ ਕੇ ਮੇਰੀ ਮਾਂ ਤੇ ਦਾਦੀ ਦੋਏ ਉਸਦੀ ਮਾਂ ਨੂੰ ਮਿਲਣ ਗਈਆਂ ਸਨ। ਅੱਗੋਂ ਉਸ ਕਿਹਾ ਸੀ---'ਬਸ , ਐਵੇਂ ਕੰਮੀ-ਧੰਦੀਂ ਰੁੱਝ ਗਿਆ ਹੋਵੇਗਾ। ਬੜਾ ਆਲਸੀ ਮੁੰਡਾ ਏ…ਨਾ ਜੀ, ਅਸਾਂ ਵਿਆਹ ਲਈ ਕੋਈ ਜਬਰਦਸਤੀ ਨਹੀਂ ਕੀਤੀ। ਪਹਿਲਾਂ ਵੀ ਤਿੰਨ ਵਾਰ ਆਇਆ ਸੀ। ਹਰ ਵਾਰੀ 'ਨਾਂਹ-ਨਾਂਹ' ਹੀ ਕਰਦਾ ਰਿਹਾ। ਅਸਾਂ ਤੇ ਏਨਾ ਵੀ ਆਖ ਦਿੱਤਾ ਸੀ ਬਈ, ਉੱਥੇ ਈ ਕੋਈ ਪਸੰਦ ਏ ਤਾਂ ਲੈ ਆ। ਅਸਾਂ ਆਪੇ ਸ਼ਗਨਾ ਦੇ ਚਾਅ ਪੂਰੇ ਕਰ ਲਵਾਂਗੇ। ਹਰ ਵਾਰੀ ਇਹੋ ਆਖਦਾ ਰਿਹਾ---'ਮੈਂ ਨਹੀਓਂ ਕਰਵਾਉਣਾ ਵਿਆਹ, ਮੈਂ ਹੋਇਆ ਸੈਲਾਨੀ ਬੰਦਾ, ਵਿਆਹ ਦੇ ਧੰਦ ਕੌਣ ਪਿੱਟੂ'…ਤੇ ਇਸ ਵਾਰ ਆਉਂਦਾ ਈ ਕਹਿਣ ਲੱਗਾ---'ਮਾਂ ਬੜਾ ਚਾਅ ਏ ਨਾ ਤੈਨੂੰ ਮੇਰੇ ਵਿਆਹ ਦਾ, ਸੋ ਲਾਹ ਲੈ ਰੀਝਾਂ ਹੁਣ'…ਅਸਾਂ ਆਖਿਆ ਵੀ, 'ਬੱਚੜਾ ਤੂੰ ਹੁਣ ਤੀਕ ਟਾਲ-ਮਟੋਲ ਕਰਦਾ ਰਿਹੈਂ, ਹੁਣ ਏਨੀ ਛੇਤੀ ਚੰਗੀ ਕੁੜੀ, ਤੇ ਹੋਰ ਸਾਰੇ ਬੰਦੋਬਸਤ ਕਿਵੇਂ ਕਰਾਂਗੇ ? ਸਾਨੂੰ ਪਹਿਲਾਂ ਲਿਖ ਦੇਣਾ ਸੀ, ਕੁੜੀ ਦੇਖ ਰੱਖਦੇ। ਹੁਣ ਪੰਜਾਂ ਹਫ਼ਤਿਆਂ 'ਚ ਸਾਰੇ ਬੰਦੋਬਸਤ ਕਿਵੇਂ ਹੋਣਗੇ ?'
'…ਕਹਿਣ ਲੱਗਾ, 'ਮਾਂ ਜੇ ਇਸ ਵਾਰੀ ਨਹੀਂ ਨਾ ਹੋਇਆ, ਫੇਰ ਕਦੇ ਨਹੀਂ ਕਰਵਾਣਾ। ਫੇਰ ਨਾ ਆਖੀਂ'…ਬਸ ਜੀ, ਅਸੀਂ ਨੱਸ-ਭੱਜ ਸ਼ੁਰੂ ਕਰ ਦਿੱਤੀ। ਧੀਰਾ ਸਾਨੂੰ ਪਸੰਦ ਆ ਗਈ ਤੇ ਉਸਨੂੰ ਵੀ। ਬਸ ਇਹੋ ਆਖਦਾ ਰਹਿੰਦਾ ਸੀ, 'ਬੜੀ ਸਮਝਦਾਰ ਏ। ਮੈਨੂੰ ਤਿਤਲੀ ਵਰਗੀਆਂ ਕੁੜੀਆਂ ਪਸੰਦ ਨਹੀਂ। ਬਹੁਤਾ ਵਧੀਆ ਤਾਂ ਨਹੀਂ ਪਰ ਚੰਗਾ ਵਿਅਕਤੀਤਵ ਹੈ।' '
***
ਸੋਚਦੀ ਸੋਚਦੀ ਧੀਰਾ ਕੁਸੈਲਾ ਜਿਹਾ ਹਾਸਾ ਹੱਸੀ ਸੀ।
'ਯਾਰੀਆਂ ਲਾਉਣ ਲਈ
ਚੁਲਬੁਲੀਆਂ ਅਮਰੀਕਣਾ
ਤੇ ਵਿਆਹ ਕਰਵਾਉਣ ਲਈ
ਸਮਝਦਾਰ ਹਿੰਦੁਸਤਾਨਣਾ।'
***
'ਉਸਦੀ ਮਾਂ ਬਸ ਇਹੋ ਕਹਿੰਦੀ ਰਹੀ ਸੀ ਵਾਰੀ-ਵਾਰੀ---'ਭਾਈ, ਫਿਕਰ ਨਾ ਕਰੋ। ਸੁਣਿਆਂ ਏ, ਅਮੀਰਕਾ ਵਿਚ ਰਿਵਾਜ਼ ਏ…ਕੁੜੀਆਂ, ਮੁੰਡਿਆਂ ਦੇ ਪਿੱਛੇ ਪਈਆਂ ਰਹਿੰਦੀਆਂ ਨੇ। ਤੇ ਨਾਲੇ ਭਾਈ ਸਾਹਬ ਤੁਹਾਡਾ ਜੀਤ ਤਾਂ ਸੁਖ ਨਾਲ ਸੋਹਣਾ, ਗਭਰੂ ਜਵਾਨ ਏਂ। ਬਸ ਜੀ ਹੁਣੇ ਜ਼ਰਾ ਡਾਂਟ ਕੇ ਖ਼ਤ ਲਿਖਦੀ ਹਾਂ। ਊਂ-ਜੀ ਜ਼ਰਾ ਲਾਪ੍ਰਵਾਹ ਏ। ਭਾਈ ਸਾਹਬ, ਤੁਹਾਡੀ ਵਾਕਫੀਅਤ ਏ ਜ਼ਰਾ ਵੀਜਾ ਆਫਿਸ ਜ਼ੋਰ ਪਾਓ ਨਾ। ਧੀਰਾ ਜਾ ਕੇ ਸਭ ਕੁਝ ਠੀਕ-ਠਾਕ ਕਰ ਲਏਗੀ। ਸਾਡਾ ਤੇ ਜੀ ਇਕੋ ਇਕ ਮੁੰਡਾ ਏ। ਪੋਤੇ-ਪੋਤੀਆਂ ਦੀ ਆਸ ਲਾਈ ਬੈਠੇ ਹਾਂ, ਅਸੀਂ ਵੀ…'
ਤੇ ਜਦੋਂ ਧੀਰਾ ਨੇ ਪੈਰੀਂ ਹੱਥ ਲਾਏ ਸਨ ਤਾਂ 'ਦੁਧੋ ਨਹਾਓ, ਸੌ ਪੁੱਤੋਂ ਫਲੋ' ਦੀ ਅਸੀਸ ਦਿੱਤੀ ਗਈ ਸੀ।…ਤੇ ਧੀਰਾ ਭਾਰਤੀ ਸੰਸਕ੍ਰਿਤੀ ਅਨੁਸਾਰ ਡਾ. ਜਸਿਕੀ ਨੂੰ ਪੁੱਤਰਾਂ ਦਾ ਮਹੱਤਵ ਦੱਸਣ ਲੱਗ ਪਈ ਸੀ।
ਤੇ ਜਵਾਬ ਵਿਚ ਡਾ. ਜਸਿਕੀ ਨੇ ਦੱਸਿਆ, 'ਧੀਰਾ, ਯਹੂਦੀਆਂ ਵਿਚ ਵੀ ਇਵੇਂ ਹੀ ਹੈ।'
***
'ਫੇਰ ਉਸ ਮਹੀਨੇ ਇਕ ਖ਼ਤ ਆਇਆ ਤੇ ਇਕ ਲੰਮੀ ਚੁੱਪ ਸਾਧ ਲਈ ਗਈ। ਆਂਢੀ-ਗੁਆਂਢੀ ਤੇ ਰਿਸ਼ਤੇਦਾਰ ਵੀ ਪੁੱਛਣ ਲੱਗ ਪਏ ਸਨ---'ਧੀਰਾ ਕਦੋਂ ਜਾ ਰਹੀ ਏਂ ਫੇਰ ? ਚਿੱਠੀ-ਚੀਰਾ ਤਾਂ ਆਉਂਦਾ ਈ ਰਹਿੰਦਾ ਹੋਏਗਾ…।'
'ਭਾ-ਜੀ, ਭਾਬੀ, ਮਾਂ, ਦਾਦੀ ਤੇ ਮੈਂ ਸਾਰੇ ਉਹੀ ਇਕ ਰਟਿਆ-ਰਟਾਇਆ ਜਵਾਬ ਦਿੰਦੇ ਸਾਂ---'ਸਭ ਫਸ'ਕਲਾਸ ਏ ਜੀ, ਪਿੱਛਲੇ ਹਫ਼ਤੇ ਈ ਇਕ ਖ਼ਤ ਆਇਆ ਏ। ਬਸ ਜੀ, ਇਕ ਦੋ ਮਹੀਨਿਆਂ ਦੀ ਗੱਲ ਹੋਰ ਏ। ਸਾਡੇ ਕੋਲ ਰਹਿ ਲਏ, ਫੇਰ ਕਦੋਂ ਆਉਣੇ ਹੁੰਦੇ ਨੇ ; ਏਨੀ ਦੂਰੋਂ…ਛੇਤੀ ਕਿੱਥੇ ਆਇਆ ਜਾਂਦਾ ਏ ਜੀ ?'
***
'ਵੀਜਾ ਮਿਲ ਗਿਆ ਸੀ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਸਨ---ਨਵੇਂ-ਕੱਪੜੇ, ਸਾੜ੍ਹੀਆਂ ਦੇ ਫਾਲ, ਨਵੇਂ ਬਲਾਊਜ਼।…ਤੇ ਉਹਨਾਂ ਦਿਨਾਂ ਵਿਚ ਹੀ ਜੀਤ ਦੀ ਮਾਂ ਰੋਂਦੀ ਹੋਈ ਆ ਪਹੁੰਚੀ ਸੀ---'ਭਾਈ ਸਾਹਬ, ਲੱਗਦਾ ਏ ਉਸਦਾ ਦਿਮਾਗ਼ ਖਰਾਬ ਹੋ ਗਿਐ। ਕਹਿੰਦਾ ਏ, ਅਜੇ ਧੀਰਾ ਨੂੰ ਨਾ ਭੇਜੋ। ਮੈਂ ਏਥੇ ਇਕ ਮੁਸੀਬਤ ਵਿਚ ਫਸ ਗਿਆ ਵਾਂ…ਧੀਰਾ ਨਾਲ ਵਿਆਹ ਇਕ ਗਲਤੀ ਈ ਜਾਪਦੀ ਏ। ਮਾਂ ਉਸਨੂੰ ਨਾ ਭੇਜੀਂ ਏਥੇ…'
'ਪਹਿਲਾਂ ਸਾਰਿਆਂ ਨੂੰ ਗੁੱਸਾ ਚੜ੍ਹ ਗਿਆ ਸੀ, ਫੇਰ ਉਹ ਰੋਣ ਲੱਗ ਪਏ, ਤੇ ਫੇਰ ਇਕ ਚੁੱਪ ਵਰਤ ਗਈ ਸੀ।
'ਫੇਰ ਜੀਤ ਦੀ ਮਾਂ, ਮੇਰੀ ਮਾਂ, ਭਾਬੀ ਤੇ ਭਾਈ ਸਾਹਬ ਸਾਰਿਆਂ ਨੇ ਰਲ ਕੇ ਇਕ ਸਾਂਝਾ ਫੈਸਲਾ ਕੀਤਾ ਸੀ---'ਇੱਥੇ ਰੱਖ ਕੇ ਵੀ ਕੀ ਕਰਾਂਗੇ, ਐਵੇਂ ਲੋਕ ਗੱਲਾਂ ਬਣਾਉਣਗੇ। ਬਸ ਜਿਵੇਂ ਤਿਵੇਂ ਉੱਥੇ ਹੀ ਭੇਜ ਦੇਈਏ। ਉੱਥੇ ਪਹੁੰਚ ਕੇ ਆਪੇ ਸਭ ਠੀਕ-ਠਾਕ ਕਰ ਲਏਗੀ। ਇਹ ਕੀ ਫਤੂਰ ਹੋਇਆ ਬਈ ਆਪੇ ਵਿਆਹ ਕਰਵਾ ਗਿਆ ਏ ਤੇ ਹੁਣ ਕਹਿੰਦਾ ਏ, ਨਾ ਭੇਜੋ।'
'ਦਾਦੀ ਸਭ ਤੋਂ ਵਧ ਬੇਚੈਨ ਸੀ। 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ…ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।' ਬੁੜਬੁੜਾਉਂਦੀ ਹੋਈ ਅੰਦਰ ਬਾਹਰ ਤੁਰੀ ਫਿਰਦੀ ਸੀ। ਤੇ ਫੇਰ ਕਈ ਹੋਰ ਕਿੱਸੇ ਕਹਾਣੀਆਂ---'ਜਨੇਜਿਆਂ ਕਾ ਜਵਾਈ ਵੀ ਨਹੀਂ ਸੀ ਬੁਲਾਂਦਾ ਆਪਣੀ ਜ਼ਨਾਨੀ ਨੂੰ…ਕਿਸੇ ਮੇਮ ਦੇ ਚੱਕਰ 'ਚ ਪੈ ਗਿਆ ਸੀ। ਬਸ ਜੀ, ਉੱਥੇ ਗਈ ਤੇ ਸਭ ਠੀਕ-ਠਾਕ ਹੋ ਗਿਆ। ਤੇ ਸ਼ਰਮੇਂ ਕਾ ਜਵਾਈ, ਉਸਦਾ ਵੀ ਇਹੀ ਹਾਲ ਸੀ। ਕੁੜੀ ਉੱਥੇ ਗਈ, ਪਹਿਲਾਂ ਕੋਸ਼ਿਸ਼ ਕੀਤੀ ਗੱਲ ਸੰਭਲ ਜਾਏ। ਜਦੋਂ ਪੱਲਾ ਈ ਨਾ ਫੜਾਇਆ ਤਾਂ ਤਲਾਕ ਲੈ ਲਿਆ। ਮਕਾਨ, ਪੈਸੇ ਆਪਣੇ ਨਾਂ ਕਰਵਾ ਲਏ। ਹੁਣ ਤਾਂ ਸੁਣਿਆਂ ਏ ਦੂਜੀ ਸ਼ਾਦੀ ਵੀ ਕਰਵਾ ਲਈ ਏ। ਬਸ ਜੀ, ਹਿੰਮਤ ਦੀ ਲੋੜ ਏ, ਥੋੜਾ ਸਬਰ ਚਾਹੀਦਾ ਏ…ਸਭ ਠੀਕ-ਠਾਕ ਹੋ ਜਾਊ।'
***
'ਸੋਮਵਾਰ ਦੇ ਵਰਤ ਰੱਖ ਧੀਰਾ। ਸ਼ਿਵ ਲਿੰਗ 'ਤੇ ਜਲ ਚੜ੍ਹਾਇਆ ਕਰ। ਪੂਰਨਮਾਸ਼ੀ ਦਾ ਵਰਤ ਰੱਖਿਆ ਕਰ…ਸਭ ਠੀਕ-ਠਾਕ ਹੋ ਜਾਏਗਾ।'
'ਧੀਰਾ ਮੰਗਲੀਕ ਏ, ਮੂੰਗਾ ਪਵਾਓ-ਜੀ।'
ਤੇ ਧੀਰਾ ਸਾਰੇ ਵਰਤਾਂ, ਤਿਉਹਾਰਾਂ ਤੇ ਮੰਨਤਾਂ ਦਾ ਮਹੱਤਵ ਡਾ. ਜਸਿਕੀ ਨੂੰ ਸਮਝਾਉਂਦੀ ਰਹੀ ਸੀ।
***
ਹਾਲਾਤ ਉੱਤੇ ਕਾਬੂ ਪਾਉਣ ਲਈ ਰੋਂਦੀ-ਸਿਸਕਦੀ ਧੀਰਾ ਨੂੰ ਇੱਥੇ ਭੇਜ ਦਿੱਤਾ ਗਿਆ ਸੀ। ਕਿੰਜ ਉਹ ਡਰੀ-ਸਹਿਮੀ ਜਿਹੀ ਮਠਿਆਈ ਦੇ ਡੱਬੇ ਤੇ ਹਾਰ ਸੰਭਾਲਦੀ ਹੋਈ ਜਹਾਜ਼ ਵਿਚ ਆ ਬੈਠੀ ਸੀ। ਪੇਟੀ ਬੰਨਣ ਲੱਗਿਆਂ ਬੜੀ ਔਖ ਹੋਈ ਸੀ, ਉਸਨੂੰ। ਨਾਲ ਸਫ਼ਰ ਕਰ ਰਹੇ ਗੁਜਰਾਤੀ ਪਰਿਵਾਰ ਨੇ ਖਾਸੀ ਤਸੱਲੀ ਦਿੱਤੀ ਸੀ। ਕਾਲੇਜ ਵਿਚ ਮੁੰਡਿਆਂ ਨੂੰ ਪੜ੍ਹਾਉਣ ਵਾਲੀ ਧੀਰਾ ਯਕਦਮ ਹੀ ਬੜੀ ਲਾਚਾਰ ਜਿਹੀ ਹੋ ਗਈ ਸੀ, ਨਿਊਯਾਰਕ ਏਅਰਪੋਰਟ ਉੱਤੇ ਬਿਨਾਂ ਕਿਸੇ ਕੁਲੀ ਤੋਂ ਵੱਡੇ-ਵੱਡੇ ਬਕਸੇ ਸਾਂਭਣ ਵਿਚ ਬੜੀ ਔਖ ਹੋਈ ਸੀ। ਕਸਟਮ ਤੋਂ ਨਿਪਟ ਕੇ ਗੁਜਰਾਤੀ ਪਰਿਵਾਰ ਨੇ ਵਾਰ-ਵਾਰ ਅਨਾਊਂਸਮੈਂਟ ਕਰਵਾਈ ਸੀ---'ਮਿਸਟਰ ਜੀਤ, ਕਿਰਪਾ ਕਰਕੇ ਆਪਣੇ ਮਹਿਮਾਨ ਨੂੰ ਏਅਰ ਇੰਡੀਆ ਦੇ ਕਾਊਂਟਰ ਉੱਤੇ ਮਿਲ ਲੈਣ…ਮਿਸਟਰ ਜੀਤ ਕਿਰਪਾ…'
ਸ਼ਾਇਦ ਕਾਰ ਵਿਚ ਆ ਰਿਹਾ ਹੋਏ ਤੇ ਰਾਹ ਵਿਚ ਗੱਡੀ ਖਰਾਬ ਹੋ ਗਈ ਹੋਵੇ। ਕਈ ਵਾਰੀ ਸੈਕਰੇਮੈਂਟੋ ਟੈਲੀਫ਼ੋਨ ਕੀਤਾ ਗਿਆ---ਬਸ ਘੰਟੀ ਵੱਜਦੀ ਰਹੀ।
***
ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਨੇ ਉੱਥੇ ਹੀ ਧੀਰਾ ਨੂੰ ਅੱਧਮੋਈ ਕਰ ਦਿੱਤਾ ਸੀ। ਥੱਕੀ-ਹਾਰੀ ਧੀਰਾ ਨੇ ਰਾਤ ਹੋਟਲ ਵਿਚ ਕੱਟੀ…ਤੇ ਸਵੇਰੇ ਮਠਿਆਈ ਦੇ ਡੱਬੇ, ਜਾਣ-ਪਛਾਣ ਵਾਲਿਆਂ ਦੇ ਆਪੋ-ਆਪਣੇ ਰਿਸ਼ਤੇਦਾਰਾਂ ਨੂੰ ਘੱਲੇ ਹੋਏ ਤੋਹਫ਼ੇ ਤੇ ਹੋਰ ਨਿੱਕੜ-ਸੁੱਕੜ ਸੰਭਾਲਦੀ ਹੋਈ ਧੀਰਾ ਸੈਕਰੇਮੈਂਟ ਜਾਣ ਵਾਲੇ ਹਵਾਈ ਜਹਾਜ਼ ਵਿਚ ਜਾ ਬੈਠੀ ਸੀ। ਬੈਗ ਵਿਚ ਤੁੰਨੇ-ਤੂੜੇ ਫੁੱਲਾਂ ਦੇ ਹਾਰਾਂ ਵਿਚੋਂ ਬੋ ਵਰਗੀ ਹਵਾੜ ਆਉਣ ਲੱਗ ਪਈ ਸੀ। ਧੀਰਾ ਨੇ ਕਈ ਵਾਰੀ ਚੂੜੇ ਦੀਆਂ ਚੂੜੀਆਂ ਗਿਣੀਆਂ---ਇਹ ਭਾਬੀ ਨੇ ਆਉਣ ਵੇਲੇ ਮੱਲੋਮੱਲੀ ਉਸਦੀ ਬਾਂਹ ਵਿਚ ਪਾ ਦਿੱਤੀਆਂ ਸਨ।
ਹਾਥੀ ਦੰਦ ਦੀਆਂ ਚੂੜੀਆਂ, ਹਾਥੀ ਵਾਂਗ ਅੜਿੰਗ ਸੁਹਾਗਨ।
***
'ਡਾਕਟਰ ਸਾਹਬ, ਉਹ ਸੈਕਰੇਮੈਂਟ ਏਅਰਪੋਰਟ 'ਤੇ ਵੀ ਨਹੀਂ ਸੀ ਆਇਆ। ਸੱਚ ਦੱਸਾਂ, ਉਸ ਦਿਨ ਮੈਂ ਏਨੀ ਡਰੀ-ਸਹਿਮੀ ਹੋਈ ਸਾਂ ਕਿ ਪਿਆਸ ਨਾਲ ਸੰਘ ਸੁੱਕ ਗਿਆ ਸੀ, ਪਰ ਮੇਰੀ ਹਿੰਮਤ ਨਹੀਂ ਸੀ ਪਈ ਕਿ ਕੋਕ ਮਸ਼ੀਨ ਵਿਚ ਪੈਸੇ ਪਾ ਕੇ ਕੋਕ ਈ ਪੀ ਲਵਾਂ। ਇਕ ਵਾਰ ਜੀਅ ਵਿਚ ਆਇਆ ਕਿ ਕਿਸੇ ਨੂੰ ਕਹਾਂ, 'ਅਹਿ ਲਓ ਪੈਸੇ, ਮੈਨੂੰ ਇਕ ਕੋਕ ਪਿਲਾ ਦਿਓ।' ਉਂਜ ਵਾਟਰ ਫਾਊਂਟੇਨ ਸੀ, ਪਰ ਡਰਦੀ ਸਾਂ ਕਿ ਗਲਤ ਚਲਾ ਕੇ ਆਪਣੇ ਸਾਰੇ ਕੱਪੜੇ ਈ ਨਾ ਭਿਉਂ ਲਵਾਂ। ਦੋ ਘੰਟੇ ਏਅਰਪੋਰਟ 'ਤੇ ਹੀ ਬੈਠੀ ਰਹੀ ਸਾਂ। ਫੇਰ ਏਅਰਪੋਰਟ ਅਥਾਰਟੀ ਦੇ ਲੋਕਾਂ ਨੇ ਰਾਏ ਦਿੱਤੀ ਸੀ---'ਤੁਹਾਡੇ ਕੋਲ ਪਤਾ ਏ, ਕੈਬ ਕਰੋ, ਘਰ ਚਲੇ ਜਾਓ।' ਉਂਜ ਅੰਗਰੇਜ਼ੀ ਸਕੂਲ ਵਿਚ ਪੜ੍ਹੀ ਸਾਂ, ਪਰ ਹੈਰਾਨੀ ਹੋਈ ਕਿ ਕਿਸੇ ਨੂੰ ਵੀ ਮੇਰੀ ਅੰਗਰੇਜ਼ੀ ਸਮਝ ਨਹੀਂ ਸੀ ਆ ਰਹੀ। ਹਰੇਕ ਗੱਲ ਦੋ-ਦੋ, ਤਿੰਨ-ਤਿੰਨ ਵਾਰੀ ਸਮਝਾਉਣੀ ਪੈਂਦੀ ਸੀ। ਕੈਬ ਵਾਲਾ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਹੀ ਉਤਾਰ ਕੇ ਤੁਰਦਾ ਹੋਇਆ। ਬਾਹਰਲਾ ਦਰਵਾਜ਼ਾ ਖੋਲ੍ਹ ਕੇ ਲਾਬੀ ਅੰਦਰ ਆ ਗਈ। ਉਹ ਅਪਾਰਟਮੈਂਟ 'ਚ ਵੀ ਨਹੀਂ ਸੀ। ਨਿਢਾਲ ਜਿਹੀ ਹੋ ਕੇ ਲਾਬੀ ਵਿਚ ਆਪਣੇ ਬਕਸੇ ਉੱਤੇ ਹੀ ਬੈਠ ਗਈ ਸਾਂ---ਬਸ, ਜਾਣ-ਆਉਣ ਵਾਲਿਆਂ ਨੂੰ ਦੇਖ-ਦੇਖ ਕੇ ਮੁਸਕਰਾਂਦੀ ਰਹੀ ਸਾਂ---ਅਣਜਾਣ ਸ਼ਹਿਰ ਦੇ ਅਜਨਬੀ ਲੋਕ…ਅਤਿ ਮੁਸ਼ਕਲ ਨਾਲ ਆਪਣੇ ਹੰਝੂ ਡੱਕੇ ਹੋਏ ਸਨ। ਤੇ ਫੇਰ ਕੋਈ ਮਿਸੇਜ ਸਲੇਵਨ ਨੂੰ ਬੁਲਾਅ ਲਿਆਇਆ ਸੀ।
'ਤਾਂ ਤੁਸੀਂ ਓ ਸ਼੍ਰੀਮਤੀ ਜੀਤ ? ਮੈਨੂੰ ਤਾਂ ਇੰਜ ਲੱਗਿਆ ਸੀ ਕਿ ਉਹ ਉਸ ਸੁਨਹਿਰੇ ਵਾਲਾਂ ਵਾਲੀ ਕੁੜੀ ਨਾਲ ਈ ਵਿਆਹ ਕਰਵਾਏਗਾ…' ਤੇ ਫੇਰੇ ਮੇਰੇ ਚਿਹਰੇ ਦਾ ਹਾਵ ਭਾਵ ਦੇਖ ਕੇ ਬੋਲੀ ਸੀ, 'ਨਾ-ਨਾ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੋਹਣੀਏਂ। ਤੂੰ ਉਸ ਖਾਤਰ ਠੀਕ ਏਂ, ਉਸ ਕੁੜੀ ਨਾਲੋਂ ਵੱਧ ਸੁੰਦਰ ਵੀ ਏਂ।' '
***
ਮਾਂ ਦੀ ਆਖੀ ਹੋਈ ਗੱਲ ਧੀਰਾ ਦੇ ਦਿਮਾਗ਼ ਵਿਚ ਘੁੰਮ ਰਹੀ ਸੀ---'ਤੂੰ ਉਸਦੇ ਪੈਰਾਂ 'ਤੇ ਸਿਰ ਰੱਖ ਕੇ ਕਹੀਂ, ਜਿਹੋ ਜਿਹੀ ਹਾਂ ਤੇਰੀ ਹਾਂ। ਤੁਹੀਓਂ ਰੱਖ ਲੈ ਲਾਜ ਸਾਡੀ ਤੇ ਆਪਣੀ ਵੀ, ਵਿਆਹ ਤਾਂ ਤੂੰ ਮੇਰੇ ਨਾਲ ਹੀ ਕੀਤਾ ਏ ਨਾ। ਕੋਈ ਐਸਾ-ਵੈਸਾ ਹੋ ਗਿਆ ਏ ਤਾਂ ਭੁੱਲ ਜਾ, ਛੱਡ ਉਸਨੂੰ। ਪਿਓ-ਦਾਦਿਆਂ ਦੀ ਇੱਜ਼ਤ ਨਾ ਰੋਲ। ਤੂੰ ਵੀ ਖ਼ਾਨਦਾਨੀ ਏਂ, ਅਸੀਂ ਵੀ ਲੰਡੀ-ਬੁੱਚੀ ਨਹੀਂ।'
ਸੁਨਹਿਰੇ ਵਾਲਾਂ ਵਾਲੀ ਦੀਆਂ ਤਸਵੀਰਾਂ ਚੌਹੀਂ ਪਾਸੀਂ ਖਿਲਰੀਆਂ ਪਈਆਂ ਸਨ। ਚਾਹ ਦੀ ਬੜੀ ਇੱਛਾ ਸੀ, ਪਰ ਉਹ ਕੁਕਿੰਗ ਰੇਂਜ ਨਹੀਂ ਸੀ ਬਾਲ ਸਕੀ। ਸੀਖਾਂ ਦੀ ਡੱਬੀ ਹੀ ਕਿਤੇ ਨਹੀਂ ਸੀ ਲੱਭੀ। ਅਚਾਨਕ ਭੁੱਖ ਦਾ ਅਹਿਸਾਸ ਹੋਇਆ ਸੀ। ਫਰਿਜ਼ ਵਿਚ ਦੇਖਿਆ। ਦੋ ਗਲੇ ਹੋਏ ਟਮਾਟਰ, ਇਕ ਪਿਆਜ ਤੇ ਕੁਝ ਬੀਅਰ ਦੀਆਂ ਬੋਤਲਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਅਖ਼ੀਰ ਨਾਲ ਲਿਆਂਦੀ ਮਠਿਆਈ ਦੇ ਡੱਬੇ ਵਿਚੋਂ ਕਲਾਕੰਦ ਕੱਢ ਕੇ ਖਾਧੀ ਸੀ। ਅੱਜ ਵੀ ਸਾਰੀਆਂ ਗੱਲਾਂ ਓਵੇਂ ਦੀ ਜਿਵੇਂ ਯਾਦ ਨੇ---ਮੋਤੀਚੂਰ ਦੇ ਲੱਡੂਆਂ ਦੇ ਕਈ ਡੱਬੇ ਉਸਦੇ ਘਰ ਵਾਲਿਆਂ ਨੇ ਉਸਨੂੰ ਭੇਜੇ ਸਨ---ਜੀਤ ਨੂੰ ਬੜੇ ਪਸੰਦ ਸੀ।
***
ਉਹ ਹੱਸ ਪਈ ਸੀ, ਲੱਡੂ ਵੀ ਭਲਾ ਕੋਈ ਖਾਣ ਵਾਲੀ ਚੀਜ਼ ਹੁੰਦੀ ਏ !
ਡਾ. ਜਸਿਕੀ ਨੇ ਪੁੱਛਿਆ, 'ਕੀ ਗੱਲ ਏ ਧੀਰਾ, ਬੜਾ ਨਿੰਮ੍ਹਾਂ-ਨਿੰਮ੍ਹਾ ਮੁਰਕਰਾ ਰਹੀ ਏਂ ?'
ਦਸਦਿਆਂ ਵੀ ਸ਼ਰਮ ਆਉਂਦੀ ਸੀ ਕਿ ਦਿਮਾਗ਼ ਵਿਚ ਮਠਿਆਈਆਂ ਘੁੰਮ ਰਹੀਆਂ ਨੇ। ਕੁਝ ਚਿਰ ਪਹਿਲਾਂ ਇਹੀ ਧੀਰਾ ਵਿਲਕ ਰਹੀ ਸੀ…ਤੇ ਹੁਣ ਮਠਿਆਈਆਂ ਨੂੰ ਯਾਦ ਕਰਕੇ ਬੱਚਿਆਂ ਵਾਂਗ ਖੁਸ਼ ਹੋ ਰਹੀ ਸੀ।
***
ਇਕ ਚੁੱਪ ਤੇ ਉਹ ਫੇਰ ਪਹਿਲੀ ਰਾਤ ਵਿਚ ਪਹੁੰਚ ਗਈ ਸੀ…ਉਹ ਸੋਫੇ ਉੱਤੇ ਬੈਠੀ-ਬੈਠੀ ਹੀ ਸੌਂ ਗਈ ਸੀ। ਅੱਧੀ ਰਾਤੇ ਜੀਤ ਆਇਆ ਸੀ, ਤੇ ਉਸਦੇ ਅੰਦਰ ਆਉਣ ਤੋਂ ਪਹਿਲਾਂ ਹੀ ਸ਼ਰਾਬ ਦੀ ਬੋ---'ਤੂੰ ਆ ਗਈ ? ਲਿਖਿਆ ਸੀ, ਤੂੰ ਨਾ ਆਵੀਂ। ਫੇਰ ਕਿਉਂ ਆਈ ਏਂ ? ਕੋਈ ਕਾਰਨ ਸੀ ਤੈਨੂੰ ਇੱਥੇ ਨਾ ਬੁਲਾਉਣ ਦਾ…।'
ਖ਼ੁਦਦਾਰ ਧੀਰਾ ਉਸਦੇ ਪੈਰਾਂ 'ਤੇ ਸਿਰ ਤਾਂ ਨਹੀਂ ਸੀ ਰੱਖ ਸਕੀ, ਪਰ ਬੱਚਿਆਂ ਵਾਂਗ ਵਿਲਕਣ ਲੱਗ ਪਈ ਸੀ। ਫੇਰ ਕਦੋਂ ਜੀਤ ਨੇ ਅਗਾਂਹ ਵਧ ਕੇ ਉਸਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ ਤੇ ਕਦੋਂ ਉਹ ਬਿਸਤਰੇ ਉੱਤੇ ਲੇਟੇ…ਉਹ ਪਲ ਅੱਜ ਵੀ ਉਸਦੇ ਤਨ ਮਨ ਵਿਚ ਸਿੰਙਰੇ ਹੋਏ ਨੇ ਤੇ ਕੁਝ ਪਲਾਂ ਵਿਚ ਹੀ ਦਿਨਾਂ ਮਹੀਨਿਆਂ ਦਾ ਰਿੱਝ ਰਿਹਾ ਲਾਵਾ ਸ਼ਾਂਤ ਹੋ ਗਿਆ ਸੀ।
***
ਫੇਰ ਸਵੇਰੇ ਜੀਤ ਨੇ ਝੰਜੋੜ ਕੇ ਉਸਨੂੰ ਜਗਾਇਆ ਸੀ, 'ਕੋਈ ਜ਼ਰੂਰੀ ਗੱਲ ਕਰਨੀ ਏ ਤੇਰੇ ਨਾਲ, ਉੱਠ।'
ਉਹ ਪਲੰਘ ਦੇ ਇਕ ਪਾਸੇ ਨੀਵੀਂ ਪਾਈ ਬੈਠਾ ਲਗਾਤਾਰ ਬੋਲਦਾ ਰਿਹਾ, 'ਕਿਸੇ ਗੱਲ ਕਰਕੇ ਹੀ ਤੈਨੂੰ ਇੱਥੇ ਆਉਣ ਤੋਂ ਰੋਕਿਆ ਸੀ। ਤੈਨੂੰ ਸੋਚਣਾ ਚਾਹੀਦਾ ਸੀ, ਏਥੇ ਆ ਕੇ ਤੂੰ ਹਾਲਾਤ ਵਧੇਰੇ ਉਲਝਾਅ ਦਿੱਤੇ ਨੇ।…
'ਮੇਰੇ ਇਕ ਅਮਰੀਕਨ ਔਰਤ ਨਾਲ ਕਈ ਸਾਲਾਂ ਦੇ ਸਬੰਧ ਨੇ। ਤੇਰੇ ਨਾਲ ਜ਼ਿਆਦਤੀ ਹੋਈ ਏ। ਮੈਂ ਸੋਚਿਆ ਸੀ, ਹਿੰਦੁਸਤਾਨ ਆਵਾਂਗਾ, ਵਿਆਹ ਕਰਵਾਉਣ ਪਿੱਛੋਂ ਸਭ ਠੀਕ ਹੋ ਜਾਏਗਾ। ਜੀਕਰ ਪਾਗਲਪੁਣੇ ਵਿਚ ਹੀ ਸਭ ਕੁਝ ਵਾਪਰ ਗਿਆ। ਪਾਗਲਪਨ ਵਿਚ ਕੀਤੇ ਗਏ ਕਤਲ ਦੀ ਵੀ ਤਾਂ ਕੋਈ ਸਜ਼ਾ ਨਹੀਂ ਹੁੰਦੀ ਨਾ…'
ਇੱਛਾ ਹੋਣ ਦੇ ਬਾਵਜੂਦ ਵੀ ਉਹ ਕਹਿ ਨਹੀਂ ਸੀ ਸਕੀ ਕਿ ਪਾਗਲਾਂ ਨੂੰ ਪਾਗਲਖਾਨੇ ਵਿਚ ਡੱਕ ਦਿੱਤਾ ਜਾਂਦਾ ਏ, ਸੜਕਾਂ ਉੱਤੇ ਖੁੱਲ੍ਹੇਆਮ ਨਹੀਂ ਛੱਡ ਦਿੱਤਾ ਜਾਂਦਾ ਕਿ ਹਰੇਕ ਆਉਂਦੇ-ਜਾਂਦੇ ਦੇ ਵੱਟੇ ਮਾਰਨ, ਹੋਰਾਂ ਨੂੰ ਦੁਖੀ ਕਰਨ।

'ਉਸ ਔਰਤ ਨਾਲ ਵਿਆਹ ਕਿਉਂ ਨਾ ਰਚਾਅ ਲਿਆ ?'
'ਕੱਟੜ ਕੈਥੋਲਿਕ ਏ ਕੰਬਖ਼ਤ। ਕੈਥੋਲਿਕ ਧਰਮ ਵਿਚ ਤਲਾਕ ਗ਼ੈਰ ਕਾਨੂੰਨੀ ਏਂ।'
' ਤੇ ਕੈਥੋਲਿਕ ਧਰਮ, ਗ਼ੈਰ ਕਾਨੂੰਨੀ ਸਬੰਧਾਂ ਦੀ ਇਜਾਜ਼ਤ ਦੇਂਦਾ ਏ ?'
'ਇਹੀ ਤਾਂ ਮੇਰੀ ਲੜਾਈ ਏ ਉਸ ਨਾਲ।…ਤੇ ਅਜਿਹੀ ਇਕ ਲੜਾਈ ਪਿੱਛੋਂ ਮੈਂ ਭਾਰਤ ਚਲਾ ਗਿਆ ਸਾਂ ਤੇ ਵਿਆਹ ਹੋ ਗਿਆ ਸੀ।'
'ਤੁਸੀਂ ਕੋਈ ਜਾਨਵਰ ਸੌ, ਜਿਹੜੇ ਮੱਲੋਮੱਲੀ ਨੂੜ ਦਿੱਤੇ ਗਏ ? ਮੰਨਿਆਂ ਹਿੰਦੁਸਤਾਨੀ ਕੁੜੀਆਂ ਤਾਂ ਗਊਆਂ ਵਾਂਗ ਨਰੜ ਦਿਤੀਆਂ ਜਾਂਦੀਆਂ ਨੇ, ਤੁਸੀਂ ਤਾਂ ਮਰਦ ਸੌ।'
ਉਹ ਆਪ ਮੁਹਾਰਾ ਹੀ ਬੋਲਦਾ ਰਿਹਾ, 'ਧਰਮ ਦੀ ਅੜਚਣ, ਉਹ ਤਲਾਕ ਨਹੀਂ ਲੈ ਸਕਦੀ, ਤੇ ਅਸੀਂ ਇਕ ਦੂਜੇ ਬਿਨਾਂ ਰਹਿ ਵੀ ਨਹੀਂ ਸਕਦੇ। ਉਸਦੇ ਪਤੀ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ ਏ। ਨਾਲੇ ਤਿੰਨ ਬੱਚੇ ਵੀ ਨੇ ਉਸਦੇ। ਸਾਡੇ ਦੁਖੜੇ ਕੌਣ ਵਿਹੰਦਾ ਏ ?'
'ਤੇ ਮੇਰੇ ਦੁਖੜੇ ਕੌਣ ਵਿਹੰਦਾ ਏ ?'
'ਤੇਰੇ ਨਾਲ ਵਿਆਹ ਕਰਾ ਕੇ ਚਿੱਤ ਨੂੰ ਬੜਾ ਹੌਸਲਾ ਹੋਇਆ ਸੀ। ਇੱਥੇ ਆ ਕੇ ਉਸਨੂੰ ਫ਼ੋਨ ਵੀ ਨਹੀਂ ਕੀਤਾ। ਫੇਰ ਜਦੋਂ ਆਫ਼ਿਸ ਵਿਚ ਮਿਲੀ, ਪੁਰਾਣੀਆਂ ਗੱਲਾਂ ਚਾਣਚੱਕ ਸਾਹਮਣੇ ਆ ਖਲੋਤੀਆਂ। ਮੈਂ ਉਸਨੂੰ ਬਾਰਾਂ ਸਾਲਾਂ ਦਾ ਜਾਣਦਾ ਹਾਂ। ਉਹ ਮੇਰੇ ਲੂੰ-ਲੂੰ ਵਿਚ ਵੱਸੀ ਹੋਈ ਏ। ਅਸੀਂ ਇਕ ਦੂਜੇ ਦੇ ਬਿਨਾਂ ਅਧੂਰੇ ਆਂ। ਸਾਡੇ ਲਈ ਅੱਗੇ ਕਿਹੜਾ ਆਸਾਨ ਸੀ, ਬਗ਼ੈਰ ਸ਼ਾਦੀ ਤੋਂ ਇਹ ਰਿਸ਼ਤਾ ਨਿਭਾਉਣਾ ?...ਤੇ ਹੁਣ ਤੂੰ ਆ ਗਈ ਏਂ।'
'ਮੈਂ ਆ ਗਈ ਆਂ…ਕਿਉਂ ਤੁਸੀਂ ਮੇਰੇ ਨਾਲ ਵਿਆਹ ਨਹੀਂ ਸੀ ਕਰਵਾਇਆ ?...ਆਪੇ ਹੀ ਸਾਡੇ ਘਰ ਆਏ ਸੌ।…ਤੇ ਉਹ ਹਰ ਵੇਲੇ ਦੀ 'ਧੀਰਾ-ਧੀਰਾ'। ਉਹ ਪਿਆਰ…ਕੀ ਸਭ ਦਿਖਾਵਾ ਸੀ ? ਨਾਟਕ ਸੀ ? ਤੇ-ਤੇ ਤੁਹਾਡੇ ਨਾਟਕ ਦੀ ਕੀਮਤ ਮੈਨੂੰ ਤੇ ਮੇਰੇ ਘਰ ਵਾਲਿਆਂ ਨੂੰ ਚੁਕਾਣੀ ਪਏਗੀ ਹੁਣ ?'
'ਤੂੰ ਏਥੇ ਈ ਰਹਿ ਬਈ ਏਸ ਅਪਾਰਟਮੈਂਟ ਵਿਚ। ਅਗਾਂਹ ਪੜ੍ਹ-ਪੁੜ੍ਹ ਲੈ, ਹੋਰ, ਫੀਸਾਂ ਮੈਂ ਦੇ ਦਿਆ ਕਰਾਂਗਾ। ਤੂੰ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਅ।…ਤੇ ਫੇਰ ਸ਼ਾਇਦ ਤੈਨੂੰ ਕੋਈ ਹੋਰ ਮਰਦ ਜਚ ਜਾਏ, ਏਥੇ ਈ।'
ਇੰਜ ਲੱਗਿਆ ਸੀ ਜਿਵੇਂ ਉਬਲਦਾ ਹੋਇਆ ਤੇਲ ਕੰਨਾਂ ਵਿਚ ਪਾ ਦਿੱਤਾ ਹੋਏ, ਕਿਸੇ ਨੇ---ਬਸ, ਸਿਲ-ਪੱਥਰ ਹੋਈ ਬੈਠੀ ਰਹੀ।
***
ਸੁੱਧ ਆਈ ਤਾਂ ਸੋਚਿਆ, 'ਜ਼ਿਆਦਾ ਪਿਆਰ ਕਰਾਂਗੀ ਤਾਂ ਸ਼ਾਇਦ ਸੰਭਲ ਹੀ ਜਾਏਗਾ। ਕੀ ਨਹੀਂ ਮੇਰੇ ਕੋਲ, ਜੋ ਉਸ ਕੋਲ ਹੈ। ਗੰਧਾਰੀ ਧਿਰਤਰਾਸ਼ਟਰ ਖਾਤਰ ਅੰਨ੍ਹੀ ਬਣੀ ਰਹੀ ਸੀ। ਸਾਵਿੱਤਰੀ ਨੇ ਸਤਯਵਾਨ ਨੂੰ ਯਮ ਕੋਲੋਂ ਮੁੜਵਾ ਲਿਆਂਦਾ ਸੀ। ਕੀ ਮੈਂ ਜੀਤ ਨੂੰ ਮਾਰੀਆ ਦੇ ਪੰਜੇ 'ਚੋਂ ਨਹੀਂ ਛੁਡਾਅ ਸਕਦੀ ?'
ਡਾ. ਜਸਿਕੀ ਉਸਦੇ ਮੂੰਹੋਂ ਗੰਧਾਰੀ, ਸਾਵਿੱਤਰੀ ਦੇ ਕਿੱਸੇ ਸੁਣ ਕੇ ਖਿਝ ਗਏ ਸਨ, 'ਧੀਰਾ, ਛੱਡ ਏਨ੍ਹਾਂ ਗੱਲਾਂ ਨੂੰ ਉਸਦੀ ਜ਼ਿੰਦਗੀ ਵਿਚ ਕੋਈ ਹੋਰ ਆ ਗਿਆ ਏ। ਤੁਹਾਡਾ ਸਤਯਵਾਨ ਵਾਪਸ ਆਉਣਾ ਚਾਹੁੰਦਾ ਸੀ---ਪਰ ਜੀਤ ਨਹੀਂ। ਤੇ ਧਿਰਤਰਾਸ਼ਟਰ ਅੰਨ੍ਹਾਂ ਸੀ---ਸਾਰਿਆਂ ਵਾਸਤੇ, ਨਾ ਕਿ ਸਿਰਫ ਗੰਧਾਰੀ ਵਾਸਤੇ।'
ਡਾ. ਜਸਿਕੀ ਉਸਦੀਆਂ ਗੱਲਾਂ ਨੂੰ ਰੂੜੀਵਾਦੀ ਮੰਨ ਕੇ ਸ਼ਾਇਦ ਉਸਨੂੰ ਪਾਗਲ ਹੀ ਸਮਝ ਬੈਠੇ ਸੀ, ਉਹ ਹਿਰਖ ਗਏ ਸਨ, 'ਤੂੰ ਪੜ੍ਹੀ-ਲਿਖੀ ਏਂ, ਸਮਝਦਾਰ ਏਂ, ਪਰ ਤੇਰੀਆਂ ਸਾਵਿੱਤਰੀ-ਸਤਯਵਾਨ ਦੀਆਂ ਕਹਾਣੀਆਂ ਵਿਚ ਸੱਚਾਈ ਕੀ ਏ…ਸਿਰਫ ਬਕਵਾਸ ਏ…ਬਾਸੀ। ਸਮਝਾਦਰ ਬਣ…ਹਕੀਕਤ ਨੂੰ ਮੰਨ ; ਮੰਨ ਲੈ।'
***
ਇਸ ਵਾਰ ਧੀਰਾ ਆਈ ਸੀ ਤਾਂ ਡਾ. ਜਸਿਕੀ ਨੇ ਸੋਚਿਆ ਸੀ ਕਿ ਧੀਰਾ ਹੁਣ ਤਕ ਗੰਧਰੀ ਤੋਂ ਬਹੁਤ ਅਗਾਂਹ ਲੰਘ ਗਈ ਏ।
***
ਧੀਰਾ ਨੇ ਆਪਣੀ ਰਾਏ ਪੇਸ਼ ਕੀਤੀ ਸੀ, 'ਕੁਝ ਦਿਨਾਂ ਵਾਸਤੇ ਆਪਾਂ ਕਿਤੇ ਬਾਹਰ ਈ ਚਲੇ ਚਲੀਏ। ਇਕ ਦੂਜੇ ਨੂੰ ਜਾਣਨ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਸ਼ਾਇਦ ਸਭ ਕੁਝ ਠੀਕ ਹੀ ਹੋ ਜਾਏ।'
'ਧੀਰਾ ਤੇਰਾ ਕਸੂਰ ਨਹੀਂ ਇਸ ਵਿਚ। ਮੈਂ ਉਸ ਔਰਤ ਨੂੰ ਇਕ ਬਿੰਦ ਲਈ ਵੀ ਭੁੱਲ ਨਹੀਂ ਸਕਦਾ। ਸਾਡੇ ਵਿਚਕਾਰ ਜਿਹੜੇ ਸਬੰਧ ਨੇ, ਉਹ ਏਨੇ ਵਿਸ਼ੇਸ਼ ਤੇ ਇਸ ਕਾਬਲ ਨੇ ਕਿ ਉਹਨਾਂ ਖਾਤਰ ਕੋਈ ਵੀ ਤਿਆਗ ਕੀਤਾ ਜਾ ਸਕਦਾ ਹੈ।' ਉਸਨੇ ਵਿਰੋਧ ਕੀਤਾ ਸੀ।
ਬੜੀਆਂ ਮਿੰਨਤਾਂ ਕਰਨ ਪਿੱਛੋਂ ਆਖ਼ਰ ਜੀਤ ਮੰਨ ਗਿਆ ਸੀ ਤੇ ਉਹ ਦੋਏ ਹਵਾਈ ਚਲੇ ਗਏ ਸਨ। ਦੂਜੇ ਦਿਨ ਹੀ ਜਦੋਂ ਉਹ ਬਾਥਰੂਮ ਵਿਚੋਂ ਬਾਹਰ ਨਿਕਲੀ ਸੀ, ਜੀਤ ਮਾਰੀਆ ਨਾਲ ਟੈਲੀਫ਼ੋਨ ਉੱਤੇ ਗੱਲਾਂ ਕਰ ਰਿਹਾ ਸੀ। ਸਾਰੀ ਸ਼ਰਮ-ਲਿਹਾਜ਼ ਛੱਡ ਕੇ ਧੀਰਾ ਬਿੱਫਰ ਹੀ ਗਈ ਸੀ, 'ਕੀ ਉਸਨੂੰ ਕੱਲ੍ਹ ਰਾਤ ਦਾ ਬਿਓਰਾ ਦਿੱਤਾ ਜਾ ਰਿਹਾ ਏ ਕਿ ਤੇਰੀ ਪਤਨੀ ਉਸਦੇ ਬਰਾਬਰ ਨਹੀਂ ? ਤੇ ਕੀ ਉਹ ਵੇਸਵਾ ਵੀ ਆਪਣੇ ਪਤੀ ਨਾਲੋਂ ਉਠ ਕੇ ਇੰਜ ਹੀ ਤੇਰੇ ਨਾਲ ਨੋਟਿਸ ਕੰਪੇਅਰ ਕਰਦੀ ਏ…' ਜੀਤ ਨੇ ਤਾੜ-ਤਾੜ ਕਈ ਚਪੇੜਾਂ ਜੜ ਦਿੱਤੀਆਂ ਸਨ। ਬਚਪਨ ਵਿਚ ਧੀਰਾ ਨੂੰ ਸਿਰਫ ਇਕੋ ਵਾਰੀ ਮਾਰ ਪਈ ਸੀ। ਪਲੀਜ਼-ਪਲੀਜ਼ ਕਹਿਣ ਵਾਲੀ ਧੀਰਾ, ਪਾਗਲ ਜਿਹੀ ਹੋ ਗਈ। ਲੈਂਪ, ਕੱਪੜੇ, ਸੂਟਕੇਸ ਤੇ ਪਤਾ ਨਹੀਂ ਕੀ ਕੀ ਫ਼ਰਸ਼ ਉੱਤੇ ਵਗਾਹ ਮਾਰਿਆ ਸੀ ਉਸਨੇ, ਤੇ ਫੇਰ ਰੋਂਦੀ-ਪਿੱਟਦੀ ਆਪ ਵੀ ਫ਼ਰਸ਼ ਉੱਤੇ ਢੈਅ ਪਈ ਸੀ।
ਉਹ ਦੋ ਦਿਨ ਪਿੱਛੋਂ ਹੀ ਸੈਕਰੇਮੈਂਟ ਵਾਪਸ ਆ ਗਏ ਸਨ।
***
ਕਈ ਵਾਰੀ ਧੀਰਾ ਨੇ ਆਪਣੇ ਆਪ ਨੂੰ ਸਮਝਾਇਆ ਸੀ, 'ਮੈਂ ਇਕਾਗਰ ਚਿੱਤ ਹੋ ਕੇ ਪੂਜਾ-ਪਾਠ ਕਰਾਂਗੀ ਤਾਂ ਸਭ ਠੀਕ-ਠਾਕ ਹੋ ਜਾਏਗਾ। ਸੋਮਵਾਰ ਦੇ ਵਰਤ ਰਖਾਂਗੀ ਤਾਂ ਸਭ ਕੁਝ ਠੀਕ-ਠਾਕ ਹੋ ਜਾਏਗਾ। ਪੰਡਤਾਂ, ਜੋਤਸ਼ੀਆਂ, ਵਗ਼ੈਰਾ-ਵਗ਼ੈਰਾ---ਕਿੱਥੇ-ਕਿੱਥੇ ਨਹੀਂ ਸੀ ਭਟਕਦੀ ਰਹੀ ਉਹ। ਇਕ ਅਮਰੀਕਨ ਔਰਤ ਉਸਨੂੰ ਇਕ ਲੇਡੀ ਮਨੋਚਕਿਤਸਕ ਕੋਲ ਲੈ ਗਈ ਸੀ। ਉਹ ਦਿਨ ਯਾਦ ਕਰਕੇ ਅੱਜ ਵੀ ਡਰ ਲੱਗਦਾ ਏ। ਉਸ ਹਨੇਰੇ, ਗੁਫ਼ਾ ਵਰਗੇ ਕਮਰੇ ਵਿਚ ਚੌਹੀਂ ਪਾਸੀਂ ਬਿੱਲੀਆਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ। ਕਮਰੇ ਵਿਚ ਬੜੀ ਮੱਧਮ ਰੌਸ਼ਨੀ ਸੀ। ਇੰਜ ਮਹਿਸੂਸ ਹੋਇਆ ਸੀ ਕਿ ਉਹ ਬਿੱਲੀਆਂ ਚਾਣਚੱਕ ਹੀ ਉਸਨੂੰ ਚੀਰ-ਪਾੜ ਸੁੱਟਣਗੀਆਂ।…ਤੇ ਫੇਰ ਉਹਨਾਂ ਬਿੱਲੀਆਂ ਦੀਆਂ ਅੱਖਾਂ ਉਸਨੂੰ ਮਾਰੀਆ ਦੀਆਂ ਅੱਖਾਂ ਵਰਗੀਆਂ ਲੱਗੀਆਂ ਸਨ।
ਲੇਡੀ ਮਨੋਚਕਿਤਸਕ ਦੀ ਆਵਾਜ਼ ਸੁਣ ਕੇ ਉਸਦਾ ਤ੍ਰਾਹ ਨਿਕਲ ਗਿਆ ਸੀ---'ਉਸਦਾ ਕੋਈ ਕੱਪੜਾ ਲਿਆਈ ਏਂ ?' ਉਸਨੇ ਡਰ ਨਾਲ ਕੰਬਦੇ ਹੱਥਾਂ ਨਾਲ ਜੀਤ ਦਾ ਸਵੈਟਰ ਉਸਨੂੰ ਫੜਾ ਦਿੱਤਾ ਸੀ। ਕਈ ਪਲ ਉਹ ਜੀਤ ਦੇ ਸਵੈਟਰ ਨੂੰ ਹੱਥਾਂ ਵਿਚ ਫੜ ਕੇ ਅੱਖਾਂ ਬੰਦ ਕਰੀ ਬੈਠੀ ਰਹੀ ਸੀ। ਤੇ ਫੇਰ ਬੋਲੀ ਸੀ---'ਮੈਂ ਕੁਝ ਦੇਖ ਰਹੀ ਹਾਂ। ਅੱਗ ਹੀ ਅੱਗ। ਬਲਦੇ ਹੋਏ ਮਕਾਨ ਤੇ ਢੈਂਦੀਆਂ ਹੋਈਆਂ ਦੀਵਾਰਾਂ ; ਤੇ ਤੂੰ ਉਹਨਾਂ ਹੇਠ ਦਬਦੀ ਪਈ ਏਂ। ਫੇਰ ਨਾ ਆਖੀਂ ਕਿ ਲਾਰਵਨ ਨੇ ਦੱਸਿਆ ਨਹੀਂ, ਤੋੜ ਦੇ ਏਸ ਸਬੰਧ ਨੂੰ ਤੋੜ ਦੇ ! ਪਰ ਡਰ ਨਾ, ਇਕ ਬੜਾ ਪਿਆਰਾ ਮਰਦ ਚਿਹਰਾ ਵੀ ਹੈ---ਅੱਗ ਵਿਚੋਂ ਤੈਨੂੰ ਸਹਾਰਾ ਦੇ ਕੇ ਬਾਹਰ ਕੱਢ ਰਿਹੈ…ਤੈਨੂੰ ਤੱਸਲੀ ਦੇਂਦਾ ਹੋਇਆ।'
ਸ਼ਾਇਦ ਵੱਡੇ ਭਾ-ਜੀ ਹੋਣ।
ਉੱਥੋਂ ਵਾਪਸ ਆਈ ਤਾਂ ਕਾਫੀ ਡਰ ਗਈ ਸਾਂ। ਪਰ ਸਮਝ ਨਹੀਂ ਸੀ ਆ ਰਹੀ ਕਿ ਡਰ ਉਸਦਾ ਸੀ ਜਾਂ ਬਲਦੇ ਹੋਏ ਮਕਾਨ ਦਾ ?
ਉਸ ਪਿੱਛੋਂ ਕਈ ਦਿਨਾਂ ਤਕ ਰਾਤ ਨੂੰ ਬਿੱਲੀਆਂ ਦੇ ਸੁਪਨੇ ਆਉਂਦੇ ਰਹੇ ਸਨ।
***
ਕਈ ਵਾਰੀ ਆਪਣੇ ਆਪ ਨੂੰ ਸਮਝਾਇਆ ਸੀ ਤੇ ਕਈ ਵਾਰੀ ਦਿਲ ਛੱਡ ਬੈਠੀ ਸਾਂ। ਕਈ ਵਾਰ ਨੰਬਰ ਮਿਲਾਉਣ ਪਿੱਛੋਂ ਫ਼ੋਨ ਮਿਲਿਆ ਤਾਂ ਦੂਜੇ ਪਾਸੇ ਕਿਸੇ ਨੇ ਬਿਨਾਂ ਗੱਲ ਕੀਤਿਆਂ ਹੀ ਫ਼ੋਨ ਰੱਖ ਦਿੱਤਾ ਸੀ। ਉਹ ਜੀਤ ਉੱਤੇ ਹਿਰਖ ਗਈ ਸੀ, 'ਆਪਣੀ ਰਖੈਲ ਨੂੰ ਕਹੋ, ਫ਼ੋਨ ਉੱਤੇ ਜਵਾਬ ਦਿੱਤਾ ਕਰੇ, ਕੋਈ ਮੈਨਰ ਸਿੱਖੇ…' ਤੇ ਉਹ ਆਪ ਮੈਨਰ ਭੁੱਲਦੀ ਜਾ ਰਹੀ ਸੀ। ਜੀਤ ਰਾਤੀਂ ਕਾਫੀ ਲੇਟ ਆਇਆ ਤਾਂ ਉਹ ਭੜਕ ਉਠੀ। ਪਾਗਲਪਨ ਵਿਚ ਉਸਨੇ ਚੂੜੀਆਂ, ਪਲੇਟਾਂ ਤੇ ਪਤਾ ਨਹੀਂ ਹੋਰ ਕੀ ਕੁਝ ਤੋੜ ਦਿੱਤਾ ਸੀ। ਜੀਤ ਨੂੰ ਸਜ-ਧਜ ਕੇ ਜਾਂਦਿਆਂ ਦੇਖ ਕੇ ਬੂਹਾ ਰੋਕ ਕੇ ਖੜ੍ਹੀ ਹੋ ਗਈ ਸੀ। ਉਸਨੇ ਖਿਝ ਕੇ ਪਰ੍ਹਾਂ ਕਰ ਦਿੱਤਾ ਸੀ ਤਾਂ ਕੰਧ ਨਾਲ ਟੱਕਰਾਂ ਮਾਰਨ ਲੱਗ ਪਈ ਸੀ ਤੇ ਫੇਰ ਚੂੜੀਆਂ ਤੇ ਪਲੇਟਾਂ ਦੀਆਂ ਕੈਂਕਰਾਂ-ਟੁੱਕੜੇ ਚੁੱਕਦੀ ਹੋਈ ਆਪ ਹੀ ਲਹੂ-ਲੁਹਾਨ ਹੋ ਗਈ ਸੀ। ਪਤਾ ਨਹੀਂ ਕਿੰਨੀਆਂ ਰਾਤਾਂ ਏਸ ਅਜਨਬੀ ਸ਼ਹਿਰ ਵਿਚ ਰੋਂਦਿਆਂ ਲੰਘ ਗਈਆਂ ਸਨ।
***
'ਮੈਂ ਤੈਨੂੰ ਕਦੋਂ ਰੋਕਿਆ ਏ ? ਤੂੰ ਵੀ ਬਾਹਰ ਜਾਹ। ਡੇਟਿੰਗ ਕਰ।'
ਧੀਰਾ ਚਿਣਕ ਕੇ ਬੋਲੀ, 'ਤੂੰ ਤੇ ਸ਼ਰਮ-ਲਿਹਾਜ਼ ਸਭ ਘੋਲ ਕੇ ਪੀਤੀ ਬੈਠੈਂ। ਮੈਂ ਹੁਣ ਪਤੀ ਦੇ ਹੁੰਦਿਆਂ ਬੁਆਏ-ਫਰੈਂਡ ਲੱਭਣ ਜਾਵਾਂ ?'
ਤੇ ਉਸ ਨੇ ਕਿਹਾ ਸੀ, 'ਤਾਂ ਤੇ ਹੋਰ ਵੀ ਜ਼ਰੂਰੀ ਏ, ਆਪਾਂ ਤਲਾਕ ਲੈ ਲਈਏ।'
***
ਭਾ-ਜੀ ਦੇ ਦੋਸਤ ਦਾ ਫ਼ੋਟ ਸ਼ਿਕਾਗੋ ਤੋਂ ਆਇਆ ਸੀ ਤੇ ਉਹ ਸਿਸਕਦੀ ਰਹੀ ਸੀ। 'ਤੂੰ ਸਮਝਦਾਰੀ ਤੋਂ ਕੰਮ ਲੈ ਧੀਰਾ,' ਉਹਨਾਂ ਦੀ ਪਤਨੀ ਨੇ ਕਿਹਾ ਸੀ, 'ਮਾੜੀ-ਮੋਟੀ ਬੇਸ਼ਰਮੀ ਧਾਰ ਲੈ। ਇਹ ਵੀ ਅਮਰੀਕੀ ਔਰਤਾਂ ਦੇ ਤਿਤਲੀਪੁਣੇ ਉੱਤੇ ਮਰਦੇ ਨੇ। ਨਹੀਂ ਤਾਂ ਕੀ ਹੈ ਇਹਨਾਂ ਚਿੱਟੀ-ਚਮੜੀ ਵਾਲੀਆਂ ਕੋਲ ? ਕੁਝ ਨਾਈਟੀਜ਼ ਖਰੀਦ ਲੈ ਤੇ…'
ਤੇ ਇਕ ਰਾਤ ਨਾਈਟੀ ਪਾ ਕੇ ਉਸਦਾ ਇੰਤਜ਼ਾਰ ਕਰਿਦਆਂ ਹੋਇਆਂ, ਉਸਨੇ ਸੱਚਮੁੱਚ ਆਪਣੇ ਆਪ ਨੂੰ ਵੇਸਵਾ ਮਹਿਸੂਸ ਕੀਤਾ ਸੀ।
ਉਹ ਕਾਫੀ ਰਾਤ ਗਏ ਨਸ਼ੇ ਵਿਚ ਗੁੱਟ ਹੋਇਆ ਆਇਆ ਸੀ।
ਤੇ ਉਹ ਕਈ ਹਫ਼ਤਿਆਂ ਤਕ ਬਿਮਾਰ ਪਈ ਰਹੀ ਸੀ।
ਡਾ. ਜਸਿਕੀ ਨੇ ਵਾਰੀ ਵਾਰੀ ਸਮਝਾਇਆ ਸੀ, 'ਧੀਰਾ ਜਾਂ ਤਾਂ ਹਾਲਾਤ ਨਾਲ ਸਮਝੌਤਾ ਕਰ ਲੈ ਤੇ ਉਸ ਅਨੁਸਾਰ ਜੀਣਾ ਸਿੱਖ ਤੇ ਜਾਂ ਫੇਰ ਏਸ ਰਿਸ਼ਤੇ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰ। ਨਵੇਂ ਦੋਤ ਬਣਾ, ਨਵੀਂ ਜ਼ਿੰਦਗੀ ਜਿਊਂ।'
ਭਾ-ਜੀ ਦੇ ਦੋਸਤ ਦੀ ਪਤਨੀ ਨੇ ਸਮਝਾਇਆ ਸੀ, 'ਇਹ ਵੀ ਇਕ ਵਾਰ ਫਸ ਗਏ ਸੀ ਇਕ ਮੇਮ ਦੇ ਚੱਕਰ ਵਿਚ। ਬੇਬੀ ਸਿਸਟਰ ਸੀ ਕੋਈ। ਜਦੋਂ ਪਤਾ ਲੱਗਿਆ, ਜਾ ਝਾਟਿਓਂ ਫੜੀ…ਤੇ ਉਹ ਦੁਰਗਤ ਬਣਾਈ ਕਿ ਮੁੜ ਇਹਨਾਂ ਨੂੰ ਮਿਲਣ ਦੀ ਹਿੰਮਤ ਨਹੀਂ ਪਈ ਉਸਦੀ…'
***
ਅਤੇ ਧੀਰਾ ਨੇ ਵੀ ਇਕ ਦਿਨ ਮਾਰੀਆ ਨੂੰ ਬੜੀ ਹਿੰਮਤ ਨਾਲ ਫ਼ੋਨ ਕੀਤਾ ਸੀ---'ਆਖ਼ਰ ਤੁਸੀਂ ਚਾਹੁੰਦੇ ਕੀ ਓ ? ਕਿਰਪਾ ਕਰਕੇ ਮੇਰੇ ਪਤੀ ਦਾ ਖਹਿੜਾ ਛੱਡ ਦਿਓ।'
'ਅੱਛਾ ! ਤੂੰ ਤਾਂ ਏਸ ਖੇਡ ਵਿਚ ਬੜੀ ਦੇਰ ਬਾਅਦ ਆਈ ਸੈਂ। ਇਸ ਉਲਝਣ ਨੂੰ ਨਾ ਸੁਲਝਾਅ ਸਕੇਂ ਤਾਂ ਤੇਰਾ ਕਸੂਰ ਏ।' ਉਹ 'ਹੈਂ-ਹੈਂ' ਕਰਦੀ ਰਹਿ ਗਈ ਸੀ ਤੇ ਉਸ ਅਮਰੀਕਨ ਨੇ ਫ਼ੋਨ ਰੱਖ ਦਿੱਤਾ ਸੀ। ਧੀਰਾ ਦੇ ਦਿਮਾਗ਼ ਵਿਚ ਵਾਰੀ-ਵਾਰੀ ਉਹੀ ਗੱਲ ਗੂੰਜਦੀ ਰਹੀ ਸੀ---'ਜੇ ਨਾ ਸੁਲਝਾਅ ਸਕੇਂ ਤਾਂ ਤੇਰਾ ਕਸੂਰ ਏ…ਜੇ ਨਾ ਸੁਲਝਾਅ ਸਕੇਂ ਤਾਂ ਤੇਰਾ ਕਸੂਰ ਏ।'
***
ਡਾ. ਜਸਿਕੀ ਨੇ ਰਾਏ ਦਿੱਤੀ ਸੀ, 'ਤੂੰ ਵਾਪਸ ਹਿੰਦੁਸਤਾਨ ਕਿਉਂ ਨਹੀਂ ਚਲੀ ਜਾਂਦੀ ?'
ਭਾ-ਜੀ ਦਾ ਖ਼ਤ ਆਇਆ ਸੀ---'ਉਂਜ ਤਾਂ ਧੀਰਾ ਤੂੰ ਆਪ ਈ ਸਮਝਦਾਰ ਏਂ। ਦੁਬਾਰਾ ਨੌਕਰੀ ਮਿਲਣੀ ਕਿਹੜੀ ਆਸਾਨ ਏਂ ? ਤੇ ਲੋਕ ਸਾਰੇ ਜਹਾਨ ਦੀਆਂ ਗੱਲਾਂ ਬਣਾਉਣਗੇ। ਅਸੀਂ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ। ਦੂਜੇ ਵਿਆਹ ਦੇ ਮੌਕੇ ਵੀ ਇੱਥੇ ਕਿੰਨੇ ਕੁ ਨੇ ਭਲਾ ? ਤੇ ਨਾਲੇ ਹੁਣ ਕੁਝ ਸਾਲਾਂ 'ਚ ਹੀ ਮੀਨਾ ਵਿਆਹੁਣ ਯੋਗ ਹੋ ਜਾਏਗੀ। ਤੂੰ ਖ਼ੁਦ ਸਮਝਦਾਰ ਏਂ, ਬਹੁਤਾ ਕੀ ਲਿਖਾਂ ? ਆਪਣ ਕੈਰੀਅਰ ਉੱਥੇ ਹੀ ਬਣਾ ਲੈ ਤੇ ਕੁਛ ਅਰਸੇ ਵਿਚ ਕੋਈ ਚੰਗਾ ਮੁੰਡਾ ਵੀ ਸ਼ਾਇਦ ਤੈਨੂੰ ਮਿਲ ਹੀ ਜਾਏਗਾ।'
ਜਿਸ ਵਿਆਹ ਵਿਚ ਧੀਰਾ ਦੀ ਆਪਣੀ ਕੋਈ ਮਰਜ਼ੀ ਨਹੀਂ ਸੀ ; ਜਿਸ ਤਲਾਕ ਵਿਚ ਉਸਦੀ ਆਪਣੀ ਕੋਈ ਮਰਜ਼ੀ ਨਹੀਂ ਹੋਏਗੀ---ਉਹੀ ਮੀਨਾ ਦੇ ਵਿਆਹ ਵਿਚ ਰੁਕਾਵਟ ਬਣ ਜਾਏਗਾ ! 'ਕੀ ਕਸੂਰ ਏ ਮੇਰਾ ?'
***
ਮਾਂ ਦਾ ਖ਼ਤ ਵੱਖਰਾ ਆਇਆ ਸੀ ਤੇ ਦਾਦੀ ਦਾ ਵੱਖਰਾ। ਉਹ ਸਾਰਿਆਂ ਨਾਲੋਂ ਵਧੇਰੇ ਹਿੰਮਤ ਵਾਲੀ ਲੱਗੀ---'ਕੁੜੀਏ ਤੂੰ ਆ ਜਾ ਇੱਥੇ, ਦੋਹੇਂ ਮਾਂਵਾਂ ਧੀਆਂ ਰਲ ਕੇ ਰਹਿ ਲਾਂਗੇ। ਰੁੜ੍ਹ ਜਾਣਾ ਏਂ, ਕੋਈ ਵਲੈਤ ਏ ? ਇਕ ਛੱਡੀ, ਦੂਜੀ ਵਿਆਹੀ ; ਦੂਜੀ ਛੱਡੀ, ਤੀਜੀ ਵਿਆਹੀ। ਅਸੀਂ ਕੋਈ ਕੁੜੀ ਸੁੱਟੀ ਨਹੀਂ ਸੀ। ਉਸਦੀ ਮਾਂ ਹੀ ਆਈ ਸੀ ਝੋਲੀ ਅੱਡ ਕੇ। ਮੈਂ ਤਾਂ ਕਹਿੰਦੀ ਸਾਂ, ਜਿਹੜਾ ਵਹੁਟੀ ਦੇ ਅੱਗੇ-ਪਿੱਛੇ ਫਿਰਦਾ ਏ, ਜ਼ਰੂਰ ਕੋਈ ਐਬ ਹੋਏਗਾ। ਤੂੰ ਆ ਜਾ ਕੁੜੀਏ, ਕੀ ਕਰੇਂਗੀ ਪਰਾਏ ਮੁਲਕ ਵਿਚ 'ਕੱਲਮ-'ਕੱਲੀ। ਰੱਬ ਵੀ ਨੇਕਾਂ ਨੂੰ ਤੰਗ ਕਰਦਾ ਏ। ਕੁੜੀਏ ਯਾਦ ਰੱਖ, ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ…'
ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ….?
***
'ਇਕ ਬੱਚਾ ਜੰਮ ਲੈ।'
'ਕੀ ਬਦਲ ਜਾਏਗਾ ਬੱਚੇ ਨਾਲ ? ਜਿਹੜਾ ਵਿਆਹ ਨਾਲ ਨਹੀਂ ਬਦਲਿਆ, ਇੱਥੇ ਆਉਣ ਨਾਲ ਨਹੀਂ ਬਦਲਿਆ…ਬਸ ਮੈਂ ਵੱਝ ਜਾਵਾਂਗੀ, ਇਕ ਹੋਰ ਜਾਨ ਨਾਲ।'
***
ਉਹ ਕੰਪਿਊਟਰ ਦੀ ਪੜ੍ਹਾਈ ਜਾਰੀ ਨਹੀਂ ਸੀ ਰੱਖ ਸਕੀ---ਜੀਤ-ਮਾਰੀਆ ਹੀ ਦਿਲ-ਦਿਮਾਗ਼ ਉੱਤੇ ਛਾਏ ਰਹਿੰਦੇ ਸਨ।
ਡਾ. ਜਸਿਕੀ ਨੇ ਸਲਾਹ ਦਿੱਤੀ, 'ਤੂੰ ਪੜ੍ਹੀ-ਲਿਖੀ ਏਂ, ਦੂਸਰਾ ਸਾਥੀ ਲੱਭ ਲੈ। ਜਿਹਨਾਂ ਦੇ ਪਤੀ ਮਰ ਜਾਂਦੇ ਨੇ, ਉਹ ਵੀ ਤਾਂ ਸਬਰ ਕਰਦੀਆਂ ਨੇ।'
ਮੇਰਾ ਪਤੀ ਮਰਿਆ ਨਹੀ.। ਅਜੇ ਉਹ ਮੋਇਆ ਨਹੀਂ…ਉਸਨੇ ਸੋਚਿਆ ਸੀ।
***
ਇਕ ਆਦਮੀ ਕਿਸੇ ਦੂਜੇ ਦੀ ਜ਼ਿੰਦਗੀ ਨਾਲ ਕਿੰਜ ਖੇਡ ਸਕਦਾ ਹੈ ? ਉਸਨੇ ਵੇਦ-ਮੰਤਰਾਂ ਨੂੰ ਸਾਖੀ ਮੰਨ ਕੇ ਮੇਰੇ ਨਾਲ ਵਿਆਹ ਕੀਤਾ ਹੈ…ਛੱਡ ਖਹਿੜਾ ਹੁਣ ਵੇਦ-ਮੰਤਰਾਂ ਦਾ ਧੀਰਾ…।
ਜਾਂ ਇਕੱਲੀ ਰਹਿ ਜਾਂ ਕੋਈ ਹੋਰ ਸਾਥੀ ਲੱਭ…।
ਹੁਣ ਏਸ ਉਮਰ ਵਿਚ ਮੈਨੂੰ ਕੌਣ ਮਿਲੇਗਾ ? ਕੋਈ ਬੁੱਢਾ-ਪੰਛੀ ?
***
ਡਾ. ਜਸਿਕੀ ਨੇ ਪੱਛਮੀ ਮਨੋਵਿਗਿਆਨ ਦੀ ਕਸੌਟੀ ਉੱਤੇ ਉਸਦੀ ਜਾਂਚ ਕੀਤੀ ਸੀ। ਇੱਥੋਂ ਦੀਆਂ ਪ੍ਰੰਪਰਾਵਾਂ ਅਨੁਸਾਰ ਉਸਦੀ ਮਾਨਸਿਕ ਸਥਿਤੀ ਉੱਤੇ ਸੋਚ-ਵਿਚਾਰ ਕੀਤੀ ਸੀ। ਉਹ ਵਾਰ-ਵਾਰ ਉਹਨਾਂ ਉੱਤੇ ਹਿਰਖ ਜਾਂਦੀ ਸੀ।
'ਤੈਨੂੰ ਏਥੇ ਆਉਣਾ ਈ ਨਹੀਂ ਚਾਹੀਦਾ ਸੀ, ਧੀਰਾ ! ਹੁਣ ਆ ਹੀ ਗਈ ਏਂ ਤਾਂ ਆਪਣ ਹੱਕਾਂ ਖਾਤਰ ਲੜ। ਆਪਣੇ ਆਪ ਨੂੰ ਮਜ਼ਬੂਤ ਬਣਾ। ਅਸੀਂ ਹਰ ਵੇਲੇ ਸਹਿਣ-ਸ਼ੀਲਤਾ ਦਾ ਚੌਲਾ ਪਈ ਰੱਖਦੇ ਹਾਂ ਤੇ ਦਿਖਾਵਾ ਕਰਦੇ ਹਾਂ ਕਿ ਅਸੀਂ ਸਭ ਕੁਝ ਸਹਿ ਲਵਾਂਗੇ। ਜੀਤ ਨੇ ਹੋਰ ਕੁੜੀਆਂ ਵੀ ਦੇਖੀਆਂ ਹੋਣਗੀਆਂ, ਪਰ ਉਸਨੂੰ ਤੂੰ ਹੀ ਕਿਉਂ ਪਸੰਦ ਆਈ ? ਤੂੰ ਹੀ ਕਿਉਂ ਸਮਝਦਾਰ ਲੱਗੀ ? ਸੋਚਿਆ ਹੋਊ, ਤੂੰ ਸਭ ਕੁਝ ਜਰ ਲਏਂਗੀ। ਤੇ ਘਰੇ ਪਤਨੀ ਬਣੀ ਰਹੇਂਗੀ, ਤੇ ਉਹ ਬਾਹਰ ਪ੍ਰੇਮਿਕਾ ਰੱਖ ਸਕੇਗਾ। ਸਭ ਕੁਝ ਸਹਿ ਜਾਣ ਵਾਲੀ ਤੂੰ ਹੋਰ ਔਰਤ ਨਾਲ ਉਸਦੇ ਸਬੰਧਾਂ ਨੂੰ ਵੀ ਸਹਿ ਲਏਂਗੀ। ਤੂੰ ਏਨੀ ਗਰੀਬੜੀ ਜਿਹੀ ਕਿਉਂ ਬਣੀ ਬੈਠੀ ਏਂ ? ਏਨੀ ਸਹਿਣਸ਼ੀਲਤਾ ਤੇ ਨਿਮਰਤਾ ਕਿਸ ਖਾਤਰ ?'
'ਪਿਤਾ ਜੀ ਦੀ ਮੌਤ ਤੋਂ ਪਿੱਛੋਂ ਮਹਿਸੂਸ ਹੋਇਆ, ਜਿਵੇਂ ਆਪਣੀ ਜ਼ਿੰਦਗੀ ਉੱਤੇ ਮੇਰਾ ਆਪਣਾ ਕੋਈ ਹੱਕ ਨਹੀਂ। ਮੈਂ ਜਿਵੇਂ ਮਾਂ, ਭਰਾ, ਭਾਬੀ ਸਾਰਿਆਂ ਉੱਤੇ ਇਕ ਬੋਝ ਵਾਂਗ ਹਾਂ। ਭਾ-ਜੀ ਫੀਸ ਦੇ ਦੇਂਦੇ ਸਨ, ਪਰ ਕਿਤਾਬਾਂ ਕਾਪੀਆਂ ਲਈ ਪੈਸੇ ਮੰਗਦੀ ਨੂੰ ਸ਼ਰਮ ਆਉਂਦੀ ਸੀ। ਝਿਜਕਦੀ ਰਹਿੰਦੀ ਸਾਂ। ਹਮੇਸ਼ਾ ਇੰਜ ਲੱਗਦਾ, ਜੋ ਮੇਰੇ ਉੱਤੇ ਖਰਚ ਹੋ ਰਿਹਾ ਏ, ਭਰਾ-ਭਾਬੀ ਦੇ ਬੱਚਿਆਂ ਦੇ ਮੂੰਹੋਂ ਖੋਹਿਆ ਜਾ ਰਿਹਾ ਹੈ। ਆਪਣੇ ਬੋਝ ਹੋਣ ਦਾ ਅਹਿਸਾਸ ਹਮੇਸ਼ਾ ਰੜਕਦਾ ਰਹਿੰਦਾ ਸੀ। ਉਂਜ ਦੇਖਣ ਨੂੰ ਕੋਈ ਖਾਸ ਗੱਲ ਨਹੀਂ ਸੀ, ਪਰ ਕਈ ਨਿੱਕੀਆਂ ਨਿੱਕੀਆਂ ਗੱਲਾਂ ਹੋ ਹੀ ਜਾਂਦੀਆਂ ਨੇ…ਜਿਹੜੀਆਂ ਬਿਨਾਂ ਚਾਹਿਆਂ ਈ ਆਪਣੇ ਅਸਰ ਛੱਡ ਜਾਂਦੀਆਂ ਨੇ। ਪਹਿਲੀ ਤਨਖ਼ਾਹ ਵਿਚੋਂ ਮੈਂ ਢੇਰ ਸਾਰੀਆਂ ਚੀਜ਼ਾਂ ਖਰੀਦੀਆਂ ਸਨ---ਭਰਾ-ਭਾਬੀ, ਮਾਂ-ਦਾਦੀ, ਬੱਚਿਆਂ…ਸਭਨਾ ਖਾਤਰ। ਬੜੀ ਖੁਸ਼ੀ ਮਹਿਸੂਸ ਹੋਈ ਸੀ ਉਦੋਂ।'
ਡਾ. ਜਸਿਕੀ ਨੇ ਤਰਕ ਦਾ ਪੱਲਾ ਨਾ ਛੱਡਿਆ, 'ਧੀਰਾ, ਚਲੋ ਮੰਨ ਲਿਆ ਬਈ ਉੱਥੋਂ ਦੀ ਸਥਿਤੀ ਤੇਰੇ ਹੱਥ-ਵੱਸ ਨਹੀਂ ਸੀ, ਪਰ ਤੇਰੀ ਹੁਣ ਦੀ ਸਥਿਤੀ ਤੇ ਤੇਰੇ ਹੁਣ ਦੇ ਫੈਸਲਿਆਂ ਉੱਤੇ ਤਾਂ ਤੇਰਾ ਪੂਰਾ ਪੂਰਾ ਅਧਿਕਾਰ ਏ ਨਾ ? ਚਾਹੇਂ ਤਾਂ ਕੁਝ ਵੀ ਕਰ ਸਕਦੀ ਏਂ।'
ਉਹ ਡਾ. ਜਸਿਕੀ ਉੱਤੇ ਹਿਰਖ ਗਈ ਸੀ, 'ਮੇਰੀ ਸਥਿਤੀ ਤੇ ਮੇਰੇ ਫੈਸਲਿਆਂ ਉੱਤੇ ਮੇਰਾ ਏਨਾ ਹੀ ਅਧਿਕਾਰ ਏ ਨਾ, ਜਿੰਨਾ ਉਹਨਾਂ ਫਲਸਤੀਆਂ ਦਾ ਜਿਹੜੇ ਪਹਿਲਾਂ ਆਪਣੇ ਘਰਾਂ 'ਚੋਂ ਉਜਾੜ ਦਿੱਤੇ ਗਏ…ਫੇਰ ਇਕ ਸ਼ਰਨਾਰਥੀ ਕੈਂਪ 'ਚੋਂ ਦੂਜੇ ਸ਼ਰਨਾਰਥੀ ਕੈਂਪ ਵਿਚ ਹਿੱਕੇ ਜਾਂਦੇ ਰਹੇ ਤੇ ਅਖ਼ੀਰ ਕੰਧਾਂ ਨਾਲ ਲਾ ਕੇ ਗੋਲੀਆਂ ਨਾਲ ਉਡਾਅ ਦਿੱਤੇ ਗਏ ! ਕੀ ਉਹਨਾਂ ਦੀ ਮਨੋਬਿਰਤੀ ਵੀ ਅਜਿਹੀ ਹੀ ਹੈ ਕਿ ਲੋਕਾਂ ਨੂੰ ਸੱਦਾ ਦਿਓ, 'ਬਈ ਆਓ ! ਸਾਨੂੰ ਘਰੋਂ ਬੇਘਰ ਕਰ ਦਿਓ : ਤੇ ਸਾਨੂੰ ਤੇ ਸਾਡੇ ਬੱਚਿਆਂ ਨੂੰ ਗੋਲੀ ਮਾਰ ਦਿਓ, ਅਸੀਂ ਤੁਹਾਡੀਆਂ ਗੋਲੀਆਂ ਦਾ ਸ਼ਿਕਾਰ ਹੋਣਾ ਚਾਹੁੰਦੇ ਹਾਂ' ?'
'ਮੰਨਿਆਂ ਕੁਝ ਸਮਾਨਤਾਵਾਂ ਨੇ ਧੀਰਾ, ਪਰ ਘਟਨਾਵਾਂ ਨੂੰ ਨਾਟਕੀ ਬਣਾ ਦੇਣ ਦੀ ਪ੍ਰਵਿਰਤੀ ਵੀ ਤਾਂ ਹੈ ਤੇਰੇ ਵਿਚ। ਉਹਨਾਂ ਨੂੰ ਬਹੁਤ ਵੱਡਿਆਂ ਕਰਕੇ ਦੇਖਣਾ…ਪਤਾ ਨਹੀਂ ਕਿਉਂ ਤੂੰ ਆਪਣੇ ਆਪ ਨੂੰ ਹਾਰਿਆਂ ਹੋਇਆਂ ਦੀ ਕਤਾਰ ਵਿਚ ਖੜ੍ਹਾ ਕਰਕੇ ਦੇਖਦੀ ਏਂ ?'
ਤੂੰ ਜੀਤ ਨੂੰ ਕਰਾਸ ਕਰ ਸਕਦੀ ਏਂ।
ਤੂੰ ਤਲਾਕ ਉਪਰੋਂ ਲੰਘ ਸਕਦੀ ਏਂ।
***
ਤੇ ਫੇਰ ਵਕੀਲ ਨੇ ਜੀਤ ਦੇ ਬਾਸ ਨਾਲ ਗੱਲ ਕੀਤੀ ਸੀ, ਪਰ ਉਸਨੇ ਕਿਹਾ ਸੀ, 'ਉਂਜ ਤਾਂ ਮੈਨੂੰ ਇਸ ਬੇਸਹਾਰਾ ਕੁੜੀ ਉੱਤੇ ਤਰਸ ਆਉਂਦੈ, ਪਰ ਦੇਖੋ ਨਾ…ਉਸਨੇ ਮੌਕੇ-ਬੇਮੌਕੇ ਫ਼ੋਨ ਉੱਤੇ ਮਾਰੀਆ ਨੂੰ ਧਮਕੀਆਂ ਦੇ ਕੇ ਕਿੱਡਾ ਬੇ-ਅਕਲਾ ਕੰਮ ਕੀਤਾ ਏ। ਉਹ ਆਸਾਨੀ ਨਾਲ ਇਸ ਗੱਲ ਨੂੰ ਸਾਬਤ ਕਰ ਸਕਦਾ ਹੈ ਕਿ ਇਹ ਔਰਤ ਪਾਗਲ ਹੈ ਤੇ ਨਾਲ ਰੱਖਣ ਦੇ ਕਾਬਲ ਨਹੀਂ…ਤੇ ਉਸਦੀ ਮਾਰੀਆ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਅਸੀਂ ਸਾਰਿਆਂ ਨੇ ਸੁਣੀ ਏਂ। ਉਹ ਉਸਨੂੰ ਪਾਗਲ ਕਰਾਰ ਦੇ ਸਕਦੈ।
'ਪਾਗਲ ਕਰਾਰ ਦੇ ਸਕਦੈ…' ਤੇ ਧੀਰਾ ਨੂੰ ਆਪਣੇ ਸ਼ਹਿਰ ਦਾ ਪਾਗਲ ਯਾਦ ਆ ਗਿਆ ਸੀ। ਵਿਚਾਰਾ ਨੰਗ-ਧੜੰਗ, ਇਧਰ-ਉਧਰ ਭੌਂਦਾ ਫਿਰਦਾ ਸੀ। ਬੱਚੇ ਛੇੜਦੇ, 'ਪਾਗਲ ; ਪਾਗਲ ਓਇ''। ਘੂਰੀਆਂ ਵੱਟਦਾ ਤੇ ਉਹਨਾਂ ਨੂੰ ਡਰਾਉਂਦਾ ਰਹਿੰਦਾ।
ਤੇ ਫੇਰ ਜੀਤ ਆਪਣੀ ਦਸ ਸਾਲਾ ਨੌਕਰੀ ਛੱਡ ਕੇ ਕਿਧਰੇ ਹੋਰ ਚਲਾ ਗਿਆ ਸੀ। ਚੈਕਿੰਗ ਅਕਾਊਂਟ ਦੋ ਤਿੰਨ ਹਜ਼ਾਰ ਡਾਲਰ, ਇਕ ਪੁਰਾਣੀ ਕਾਰ ਤੇ ਅੱਧੋਰਾਣਾ ਫਰਨੀਚਰ ਧੀਰਾ ਦੇ ਹਿੱਸੇ ਆਇਆ ਸੀ।
***
ਇਸ ਵਾਰੀ ਧੀਰਾ ਪੂਰੇ ਇਕ ਸਾਲ ਪਿੱਛੋਂ ਆਈ ਸੀ। ਉਹ 'ਕੀ-ਪੰਚਿੰਗ' ਦੀ ਨੌਕਰੀ ਤੋਂ ਅਗਾਂਹ ਨਹੀਂ ਸੀ ਵਧ ਸਕੀ। ਜੈਕ ਨਾਲ ਉਸਦੀ ਮੁਲਾਕਾਤ ਦਫ਼ਤਰ ਵਿਚ ਹੀ ਹੋਈ ਸੀ। ਉਸਦੀ ਪਤਨੀ ਉਸਨੂੰ ਛੱਡ ਕੇ ਉਸਦੇ ਕਿਸੇ ਦੋਸਤ ਨਾਲ ਨੱਸ ਗਈ ਸੀ। ਉਹ ਧੀਰਾ ਦੇ ਪਿੱਛੇ ਹੀ ਪੈ ਗਿਆ ਸੀ, 'ਮੈਂ ਤੈਨੂੰ ਤੇਰੇ ਪਤੀ ਵਾਂਗ ਦੁਖੀ ਨਹੀਂ ਕਰਾਂਗਾ। ਮੈਂ ਤੈਨੂੰ ਬੜੇ ਪਿਆਰ ਨਾਲ ਰੱਖਾਂਗਾ। ਤੱਤੀ ਵਾ ਨਹੀਂ ਲੱਗਣ ਦਿਆਂਗਾ। ਤੇਰੇ ਸਭ ਦੁੱਖ ਓਟ ਲਵਾਂਗਾ ਮੈਂ। ਤੇਰੇ ਇੱਛਾ ਹੋਏ ਤਾਂ ਏਥੇ ਹੀ ਵਿਆਹ ਕਰ ਲਈਏ, ਤੂੰ ਚਾਹੇਂ ਤਾਂ ਹਿੰਦੁਸਤਾਨ ਚਲੇ ਚੱਲੀਏ।'
ਪਹਿਲਾਂ ਕੁਝ ਮਹੀਨੇ ਧੀਰਾ ਆਪਣੇ ਆਪ ਨੂੰ ਬਚਾਉਂਦੀ ਰਹੀ ਸੀ। ਫੇਰ ਉਹ ਹਾਰ ਗਈ ਸੀ। ਸੋਚਿਆ ਸੀ, ਕਿੰਨਾ ਪਿਆਰ ਕਰਦਾ ਏ ਮੈਨੂੰ। ਸ਼ੁਰੂ ਤੋਂ ਹੀ ਡਾ. ਜਸਿਕੀ ਸਮਝਾਉਂਦੇ ਰਹੇ ਸਨ, 'ਧੀਰਾ ਕੁਝ ਸਮਾਂ ਪੈ ਲੈਣ ਦੇ…ਤੂੰ ਇਕ ਪਤੀ ਦੇ ਜਾਲ ਵਿਚੋਂ ਨਿਕਲਣ ਸਾਰ ਦੂਜਾ ਪਤੀ ਲੱਭ ਲਿਆ ਏ, ਏਨੀ ਛੇਤੀ ?'
ਤੇ ਫੇਰ ਤਾਂ ਉਸਨੇ ਡਾ. ਜਸਿਕੀ ਕੋਲ ਜਾਣਾ ਵੀ ਛੱਡ ਦਿੱਤਾ ਸੀ। ਸੋਚਿਆ ਸੀ---'ਉਹ ਬੜੀਆਂ ਘੁਣਤਰਾਂ ਕੱਢਦੇ ਨੇ, ਮੱਲੋਮੱਲੀ ਚਿੱਤ ਦੁਖੀ ਹੋ ਜਾਂਦਾ ਏ। ਨਾਲੇ ਉਲਟੇ-ਪੁਲਟੇ ਸਵਾਲ ਪੁੱਛਦੇ ਨੇ, ਤੇ ਨਾਲੇ ਫੀਸ ਵੀ ਤਾਂ ਜ਼ਿਆਦਾ ਲੈਂਦੇ ਨੇ।'
***
ਤੇ ਜਦੋਂ ਡੇਢ ਸਾਲ ਪਿੱਛੋਂ ਧੀਰਾ ਨੇ ਵਿਆਹ ਦੀ ਗੱਲ ਤੋਰੀ ਤਾਂ ਜੈਕ ਮੁੱਕਰ ਗਿਆ ਸੀ---'ਦੇਖ ਧੀਰਾ, ਬੜੇ ਵੱਡੇ ਪਾੜੇ ਨੇ…ਆਪਾਂ ਦੋਹਾਂ ਵਿਚਕਾਰ, ਭਾਸ਼ਾ, ਸੰਸਕ੍ਰਿਤੀ…ਤੇ ਹੁਣ ਤਾਂ ਮੇਰੀ ਪਿੱਛਲੀ ਪਤਨੀ ਵੀ ਮੇਰੇ ਦੋਸਤ ਨਾਲੋਂ ਵੱਖ ਰਹਿਣ ਲੱਗ ਪਈ ਏ, ਤੇ ਨਾਲੇ ਮੇਰੇ ਬੱਚੇ ! ਆਪਣੀ ਉਹ ਗੱਲ ਤਾਂ ਬਣੀ ਨਹੀਂ। ਮੈਂ ਇਕ ਗਲਤੀ ਨੂੰ ਮੁੜ ਦੁਹਰਾਉਣਾ ਨਹੀਂ ਚਾਹੁੰਦਾ। ਆਪਾਂ ਹੋਰਾਂ ਦੇ ਨਾਲ ਕਿਉਂ ਨਾ ਰਲ ਜਾਈਏ…ਮੈਂ ਤੇ ਤੂੰ !'
***
ਤੇ ਐਤਕੀਂ ਧੀਰਾ ਬੜੇ ਗੁੱਸੇ ਵਿਚ ਸੀ ਤੇ ਰੋਂਦੀ-ਕੁਰਾਉਂਦੀ ਹੋਈ ਪਹੁੰਚੀ ਸੀ।
'ਤੇਰਾ ਇਉਂ ਕਹਿਣਾ ਕਿ ਉਸਨੇ ਤੈਨੂੰ ਵਰਤਿਆ ਏ, ਠੀਕ ਨਹੀਂ। ਇਹਨਾਂ ਪਿਛਲੇ ਲਾਵਾਰਸੀ ਦੋ ਸਾਲਾਂ ਵਿਚ ਉਸਨੇ ਤੈਨੂੰ ਸਹਾਰਾ ਦਿੱਤਾ ; ਜੀਤ ਨੂੰ ਭੁੱਲ ਸਕਣ ਵਿਚ ਮਦਦ ਕੀਤੀ। ਪਤੀ ਦੁਆਰਾ ਛੱਡੀ ਧੀਰਾ ਨੂੰ ਸਹਾਰੇ ਦੀ ਲੋੜ ਸੀ ਤੇ ਪਤਨੀ ਦੁਆਰਾ ਛੱਡੇ ਹੋਏ ਜੈਕ ਨੂੰ ਕਿਸੇ ਆਸਰੇ ਦੀ। ਤੂੰ ਉਸਨੂੰ ਸੰਭਾਲਿਆ ਤੇ ਉਸਨੇ ਤੈਨੂੰ। ਤੁਹਾਨੂੰ ਦੋਹਾਂ ਨੂੰ ਇਕ ਦੂਜੇ ਦੀ ਜ਼ਰੂਰਤ ਸੀ। ਇਹ ਜ਼ਰੂਰੀ ਨਹੀਂ ਕਿ ਤੁਸੀਂ ਦੋਏ ਹੁਣ ਇਕ ਦੂਸਰੇ ਨਾਲ ਬੱਝ ਹੀ ਜਾਓ।'
'ਪਰ ਉਹ ਤੇ ਆਖਦਾ ਸੀ, ਆਪਾਂ ਵਿਆਹ ਕਰਾਂਗੇ। ਹਮੇਸ਼ਾ ਵਾਸਤੇ ਇਕ ਹੋ ਜਾਵਾਂਗੇ।'
'ਕਮਜ਼ੋਰ ਵਿਅਕਤੀ ਬੜਾ ਕੁਝ ਆਖਦਾ ਏ ਤੇ ਸ਼ਕਤੀਮਾਨ ਹੋ ਕੇ ਸਭ ਕੁਝ ਭੁੱਲ ਜਾਂਦਾ ਏ।'
'ਤੂੰ ਜੀਤ ਨੂੰ ਕਰਾਸ ਕਰ ਆਈ ਏ।
ਤੂੰ ਜੈਕ ਨੂੰ ਵੀ ਭੁੱਲ ਜਾਏਂਗੀ।'
***
'ਧੀਰਾ ਕਿੱਥੇ ਗਵਾਚੀ ਹੋਈ ਸੈਂ ?'
'ਪਤਾ ਈ ਮੈਂ ਕੀ ਸੋਚ ਰਹੀ ਸਾਂ ? ਉਹ ਟੈਲੀਵਿਜ਼ਨ ਪ੍ਰੋਗ੍ਰਾਮ ਯਾਦ ਆ ਗਿਆ ਸੀ, ਜਿਸ ਵਿਚ ਦਿਖਾਇਆ ਸੀ ਕਿ ਕੇਕੜੇ ਦੀ ਇਕ ਕਿਸਮ ਅਜਿਹੀ ਵੀ ਹੁੰਦੀ ਹੈ, ਜਿਸਦਾ ਨਰ ਹਮੇਸ਼ਾ ਕਿਸੇ ਅਜਿਹੀ ਮਾਦਾ ਦੀ ਭਾਲ ਵਿਚ ਤੁਰਦਾ-ਫਿਰਦਾ ਰਹਿੰਦਾ ਏ, ਜਿਸਦੀ ਕੁੰਜਲ ਲੱਥ ਰਹੀ ਹੋਏ। ਉਹ ਪਹਿਲਾਂ ਉਸਦੀ ਮਦਦ ਕਰਦਾ ਏ, ਉਸਨੂੰ ਹੋਰਨਾਂ ਜਾਨਵਰਾਂ ਤੋਂ ਬਚਾਉਂਦਾ ਏ। ਤੇ ਜਦੋਂ ਉਹ ਕਮਜ਼ੋਰ ਮਾਦਾ ਪੂਰੀ ਤਰ੍ਹਾਂ ਉਹ 'ਤੇ ਨਿਰਭਰ ਹੋ ਜਾਂਦੀ ਏ, ਤੇ ਆਪਣੇ ਆਪ ਨੂੰ ਸਰੱਖਿਅਤ ਮਹਿਸੂਸ ਕਰਨ ਲੱਗ ਪੈਂਦੀ ਏ ਤਾਂ ਚਾਣਚੱਕ ਹਮਾਲਾ ਕਰਕੇ ਉਹ ਉਸ ਨਾਲ ਜਬਰਦਸਤੀ ਕਰਦਾ ਹੈ ਤੇ ਜ਼ਖ਼ਮੀ-ਬੌਂਦਲੀ ਹੋਈ ਮਾਦਾ ਨੂੰ ਉੱਥੇ ਹੀ ਪਈ ਛੱਡ ਕੇ ਕਿਸੇ ਕੁੰਜਲ ਉਤਰੀ ਮਾਦਾ ਦੀ ਭਾਲ ਵਿਚ ਤੁਰ ਜਾਂਦਾ ਏ।'
ਡਾ. ਜਸਿਕੀ ਹੱਸ ਪਏ ਸਨ, 'ਇਕ ਹੋਰ ਟੀ.ਵੀ. ਪ੍ਰੋਗ੍ਰਾਮ ਵੀ ਤਾਂ ਸੀ…ਜਿਸ ਵਿਚ ਮੱਕੜੀ ਦੀ ਇਕ ਕਿਸਮ ਉਸ ਜਬਰਦਸਤੀ ਤੋਂ ਤੁਰੰਤ ਬਾਅਦ ਜਿਊਂਦੇ ਨਰ ਨੂੰ ਹੀ ਨਿਗਲ ਜਾਂਦੀ ਹੈ।'
'ਤੁਸੀਂ ਚਾਹੁੰਦੇ ਓ, ਮੈਂ ਵੀ ਮੱਕੜੀ ਬਣ ਜਾਵਾਂ ?'
'ਨਹੀਂ-ਨਹੀਂ, ਕੇਕੜੇ ਤੇ ਮੱਕੜੀਆਂ ਵਿਚਕਾਰ ਹੋ ਵੀ ਕਈ ਰਸਤੇ ਨੇ।'

No comments:

Post a Comment