Sunday, May 3, 2009

ਕਸਾਈਵਾੜੇ ਹੋਰ ਵੀ ਹੈਨ :: ਲੇਖਕ : ਓਮ ਪ੍ਰਕਾਸ਼ ਅਵਸਥੀ

ਹਿੰਦੀ ਕਹਾਣੀ : ਕਸਾਈਵਾੜੇ ਹੋਰ ਵੀ ਹੈਨ... :: ਲੇਖਕ : ਓਮ ਪ੍ਰਕਾਸ਼ ਅਵਸਥੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

---------------------------------------------------------------
ਇਹ ਕਹਾਣੀ, ਮੁਹਾਂਦਰਾ ਦੇ ਅੰਕ : 25 : ਅਪ੍ਰੈਲ-ਜੂਨ 2009. ਵਿਚ ਛਪੀ ਹੈ।
---------------------------------------------------------------

ਅਯੋਧਿਆ ਤੋਂ ਤਿੰਨ ਕੁ ਮੀਲ ਦੀ ਦੂਰੀ 'ਤੇ ਵੱਸਿਆ ਉਹ ਪਿੰਡ, ਰਾਤ ਹੁੰਦਿਆਂ ਹੀ ਚੁੱਪ ਦੇ ਸਮੂੰਦਰ ਵਿਚ ਡੁੱਬ ਗਿਆ ਸੀ। ਘਰਾਂ ਵਿਚ ਧੂਈਂਆਂ ਬਲ ਪਈਆਂ ਸਨ। ਉਹਨਾਂ 'ਚੋਂ ਨਿਕਲਦਾ ਧੂੰਆਂ ਬਾਹਰ ਆਉਂਦਾ ਹੀ, ਠੰਡੀ-ਯਖ਼-ਪੱਛੋਂ ਦੇ ਬਰਫ਼ੀਲੇ ਤੂਫ਼ਾਨ ਵਿਚ ਅਟਕ ਕੇ, ਰੂੰ ਦੇ ਤੂੰਬਿਆਂ ਵਾਂਗ ਖਿੱਲਰ-ਪੁੱਲਰ ਜਾਂਦਾ ਸੀ। ਇਨਸਾਨ ਖ਼ਾਮੋਸ਼ ਸਨ, ਪਰ ਕੁਦਰਤ ਖਰਮਸਤੀਆਂ 'ਤੇ ਉਤਰ ਆਈ ਸੀ। ਰੁੱਖਾਂ-ਬੂਟਿਆਂ ਦੀ ਦੁਨੀਆਂ ਝੂਮ ਰਹੀ ਸੀ, ਜਿਸਦਾ ਪੈਦਾ ਕੀਤਾ ਖੜਾਕ, ਘਰਾਂ ਵਿਚ ਰਜਾਈਆਂ ਨੱਪੀ ਪਏ, ਲੋਕਾਂ ਦੇ ਕੰਨਾਂ ਦੇ ਪਰਦਿਆਂ ਨਾਲ ਜਾ ਖਹਿੰਦਾ ਸੀ। ਸਰਦ ਰੁੱਤ ਦੇ ਅਗਮਨ ਪਿੱਛੋਂ, ਪੱਛੋਂ ਦਾ ਸ਼ੀਤ-ਲਹਿਰ ਦੇ ਤੀਰਾਂ ਨਾਲ ਕੀਤਾ, ਇਹ ਪਹਿਲਾ ਪ੍ਰਕ੍ਰਿਤਕ ਹੱਲਾ ਸੀ ਜਿਸ ਸਾਹਵੇਂ ਹਥਿਆਰ ਸੁੱਟ ਕੇ ਲੋਕੀ ਆਪੋ-ਆਪਣੇ ਘਰੀਂ ਜਾ ਲੁਕੇ ਸਨ…ਕਿ ਅਚਾਨਕ ਕਿਸੇ ਜ਼ਨਾਨੀ ਦੇ ਰੋਣ-ਪਿੱਟਣ ਦੇ ਚੀਕਾਟ ਨੇ ਸਾਰੇ ਪਿੰਡ ਵਿਚ ਮੁੜ ਜਾਗ ਕਰ ਦਿੱਤੀ। ਲੋਕ ਆਪੋ-ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ ਤੇ ਉਸ ਪਾਸੇ ਵੱਲ ਤੁਰ ਪਏ ਜਿਧਰ ਚੀਕਾ-ਰੌਲੀ ਪਈ ਹੋਈ ਸੀ। ਫੇਰ ਕੁਝ ਚਿਰ ਵਿਚ ਹੀ ਪਿੰਡ ਦੇ ਇਕ ਗਰੀਬ ਦੀ ਝੁੱਗੀ, ਲੋਕਾਂ ਦੀ ਭੀੜ ਨਾਲ ਤੂੜੀ ਵਾਂਗ ਭਰ ਗਈ ਤਾਂ ਲੋਕ ਉਸਦੇ ਬਾਹਰ ਤੇ ਆਸੇ-ਪਾਸੇ ਜੁੜਨ ਲੱਗੇ।
ਉਸ ਘਰ ਅੰਦਰ ਚੀਕਾਟ ਲਗਾਤਾਰ ਵਧ ਰਿਹਾ ਸੀ। ਉੱਥੋਂ ਦਾ ਦ੍ਰਿਸ਼ ਜਿੰਨਾ ਭਿਆਨਕ ਸੀ, ਓਨਾ ਹੀ ਕਰੁਣਾਮਈ ਵੀ। ਦੋ ਜਵਾਨ ਮੁੰਡੇ ਆਪਣੀ ਬੁੱਢੀ ਹੋ ਚੱਲੀ ਮਾਂ ਨੂੰ ਸੰਭਾਲਣ ਵਿਚ ਲੱਗੇ ਹੋਏ ਸਨ ਜਦਕਿ ਮਾਂ ਮੇਹਲਦੀ ਤੇ ਪਛਾੜਾਂ ਖਾਂਦੀ ਹੋਈ ਉਹਨਾਂ ਤੋਂ ਛੁੱਟਣ ਦਾ ਯਤਨ ਕਰ ਰਹੀ ਸੀ। ਉਹ ਆਪਣੇ ਦੁੱਖ ਨੂੰ ਚੂਰ-ਚੂਰ ਕਰ ਦੇਣ ਲਈ ਕਿਸੇ ਠੋਸ ਸ਼ੈ ਨਾਲ ਟਕਰਾਅ ਕੇ ਖ਼ੁਦ ਨੂੰ ਚੂਰ-ਚੂਰ ਕਰ ਸੁੱਟਣ ਲਈ ਛਟਪਟਾ ਰਹੀ ਸੀ। ਬਸ ਏਸੇ ਕੋਸ਼ਿਸ਼ ਵਿਚ ਉਹ ਬੁੱਢੀ ਕਾਇਆ ਆਪਣੇ ਆਪ ਨੂੰ ਛੁਡਾਉਣ ਲਈ ਏਨਾ ਟਿੱਲ ਲਾ ਰਹੀ ਸੀ ਕਿ ਦੋਵਾਂ ਨੌਜੁਆਨ ਮੁੰਡਿਆਂ ਨੂੰ ਕੜਾਕੇ ਦੀ ਠੰਡ ਵਿਚ ਵੀ ਪਸੀਨਾ ਆ ਗਿਆ ਸੀ।
ਉਧਰ ਘਰ ਦੇ ਬਾਹਰ ਇਕੱਠੇ ਹੋਏ ਲੋਕ, ਲਗਾਤਾਰ ਉੱਗਰ ਹੁੰਦੀ ਜਾ ਰਹੀ ਪ੍ਰਕ੍ਰਿਤੀ ਨੂੰ ਹਰਾਉਣ ਵਿਚ ਜੁਟ ਗਏ। ਜਿਸਨੂੰ ਬਾਲਣ ਵਜੋਂ ਜੋ ਵੀ ਮਿਲਿਆ, ਦੌੜ ਕੇ ਚੁੱਕ ਲਿਆਇਆ ਤੇ ਕੁਝ ਚਿਰ ਵਿਚ ਹੀ ਉਸ ਘਰ ਦੇ ਸਾਹਮਣੇ ਲੱਗੀ ਵਿਸ਼ਾਲ ਨਿੰਮ ਹੇਠ ਬਾਲਣ ਦਾ ਇਕ ਵੱਡਾ ਸਾਰਾ ਢੇਰ ਲੱਗ ਗਿਆ। ਫੇਰ ਦੇਖਦਿਆਂ ਦੇਖਦਿਆਂ ਹੀ ਉਸ ਵਿਚੋਂ ਲਾਟਾਂ ਨਿਕਲਣ ਲੱਗੀਆਂ। ਹਵਾ ਦੇ ਤੇਜ਼ ਬੁੱਲ੍ਹਿਆਂ ਨਾਲ ਭੜ-ਭੜ ਮੱਚਦੀ ਅੱਗ ਦੇ ਲਾਂਬੂ ਬੇਕਾਬੂ ਹੋਣ ਲੱਗੇ ਤਾਂ ਆਦਮ ਜਾਇਆਂ ਦੀ ਉਹ ਭੀੜ, ਉਸਨੂੰ ਘੇਰ ਕੇ ਖਲੋ ਗਈ। ਕੁਦਰਤ ਨੂੰ ਨੱਥ ਪਾਉਣ ਦਾ ਉਹ ਇਕ ਸਾਂਝਾ ਯਤਨ ਸੀ, ਜਿਹੜਾ ਪ੍ਰਤੱਖ ਰੂਪ ਵਿਚ ਸਫਲ ਵੀ ਹੋਇਆ, ਕਿਉਂਕਿ ਥੋੜ੍ਹੀ ਦੇਰ ਵਿਚ ਹੀ ਅੱਗ ਕਾਬੂ ਆ ਗਈ ਸੀ।
ਰਾਤ ਹੌਲੀ-ਹੌਲੀ ਆਪਣੇ ਅੱਧ ਤੀਕ ਪਹੁੰਚ ਗਈ ਪਰ ਉਹ ਕਰਮਾਂ ਮਾਰੀ ਮਾਂ ਆਪਣੇ ਮੁੰਡਿਆਂ ਤੋਂ ਬਸ ਇਕੋ ਸਵਾਲ ਪੁੱਛਦੀ ਰਹੀ, "ਤੁਸੀਂ ਆਪਣੇ ਬਾਪੂ ਨੂੰ ਘਰ ਕਿਉਂ ਨਹੀਂ ਲਿਆਏ ਵੇ ?"
"ਬੇਬੇ, ਉਹਨੂੰ ਅਸੀਂ ਜਮਨਾ ਦੇ ਹਵਾਲੇ ਕਰ ਆਏ ਆਂ..."
"ਪਰ ਉਹ ਤਾਂ ਕਹਿੰਦਾ ਹੁੰਦਾ ਸੀ, ਮੈਨੂੰ ਸਰਜੂ 'ਚ ਤਾਰਿਓ ! ਤੁਸੀਂ ਕੌਣ ਹੁੰਦੇ ਸੀ ਉਸਨੂੰ ਜਮਨਾ ਦੇ ਹਵਾਲੇ ਕਰ ਆਉਣ ਵਾਲੇ ? ਮੈਨੂੰ ਲੈ ਚੱਲੋ, ਜਿੱਥੇ ਉਸਨੇ ਪ੍ਰਾਣ ਛੱਡੇ ਸੀ…ਲੈ ਚੱਲੋ ਜਿੱਥੇ ਉਸਦਾ ਅੰਗੀਠਾ ਸਜਾਇਆ ਸੀ…ਵੇ ਮੁੰਡਿਓ, ਤੁਹਾਡੇ ਹੱਥ ਜੋੜਦੀ ਆਂ, ਬਸ ਇਕ ਵਾਰੀ ਮੈਨੂੰ ਦਿਖਾਅ ਦਿਓ ਆਪਣਾ ਬਾਪੂ। ਉਹਨੂੰ ਦੇਖੇ ਬਿਨਾਂ ਨਾ ਮੇਰੇ ਜਿਊਣ ਦਾ ਕੋਈ ਹੇਜ ਐ, ਨਾ ਮਰਨ ਦਾ ਕੋਈ ਹੱਜ…"
"ਬੇਬੇ, ਇੱਥੇ ਲਿਆਉਂਦੇ ਤਾਂ ਬਾਪੂ ਦੀ ਮਿੱਟੀ ਖਰਾਬ ਹੋ ਜਾਣੀ ਸੀ। ਤੂੰ ਸੁਮਿਰਨ ਤਾਏ ਤੋਂ ਪੁੱਛ ਲਾਅ ਭਲਾਂ ਦੀ, ਦਿੱਲੀ ਕਿੰਨੀ ਦੂਰ ਐ ਐਥੋਂ…"
"ਕੋਈ ਦੂਰ ਨੀਂ…ਜਿਵੇਂ ਲੈ ਕੇ ਗਏ ਸੀ, ਓਵੇਂ ਲੈ ਆਉਂਦੇ। ਪਰ ਤੁਸੀਂ ਤਾਂ ਓਹਨੂੰ ਓਥੇ ਈ ਛੱਡ ਆਏ ਵੇ…ਤੁਹਾਨੂੰ ਮੇਰੀ ਸੌਂਹ ਲੱਗੇ ਪੁੱਤ, ਸੱਚ-ਸੱਚ ਦੱਸੋ, ਉਹਨੂੰ ਹੋਇਆ ਕੀ ਸੀ ?"
"ਬਾਪੂ ਪਰਸੋਂ ਸ਼ਾਮ ਨੂੰ ਈ ਚਲਾਣੇ ਕਰ ਗਿਆ ਸੀ। ਬੇਬੇ ਉਸ ਪ੍ਰਦੇਸ 'ਚ ਨਾ ਕੋਈ ਸਾਨੂੰ ਜਾਣਨ ਵਾਲਾ, ਨਾ ਪਛਾਣ ਵਾਲਾ। ਅਸੀਂ ਦੋਵੇਂ ਭਰਾ ਉਸ ਔਖੀ ਘੜੀ ਬਿਲਕੁਲ 'ਕੱਲੇ ਪੈ ਗਏ ਸੀ, ਬੇਬੇ…ਕੁਛ ਸੁੱਝਿਆ ਈ ਨੀਂ ਸੀ, ਬਈ ਕੀ ਕਰੀਏ ? ਪਰ ਉੱਥੋਂ ਦੇ ਲੋਕਾਂ ਵਿਚ ਬੜੀ ਹਾਏ-ਦਯਾ ਐ। ਰਾਤ ਨੂੰ ਈ ਲੱਗ ਪਏ ਉਹਦੀ ਮਿੱਟੀ ਦੇ ਬੰਦੋਬਸਤ ਦੀਆਂ ਤਿਆਰੀਆਂ 'ਚ। ਫੇਰ ਸਵੇਰੇ ਆਪਣੇ ਮੋਢਿਆਂ 'ਤੇ ਚੁੱਕ ਕੇ ਜਮਨਾ ਕਿਨਾਰੇ ਜਾ ਪਹੁੰਚੇ। ਐਡਾ ਸੁੰਦਰ ਬਵਾਨ ਸਜਾਇਆ ਸੀ, ਉਹਦਾ…" ਕਹਿੰਦਿਆਂ ਹੋਇਆਂ ਛੋਟੇ ਭਰਾ ਦਾ ਗੱਚ ਭਰ ਆਇਆ ਸੀ ਤੇ ਉਹ ਅੱਗੇ ਬੋਲ ਨਹੀਂ ਸੀ ਸਕਿਆ ਤੇ ਵੱਡੇ ਨੇ ਗੱਲ ਬੋਚ ਲਈ ਸੀ :
"ਹਾਂ, ਬੇਬੇ, ਖਰਾ ਸੱਚ ਕਹਿੰਦੈ ਸੋਹਨਾ। ਬਾਪੂ ਪਿਆ ਸੀ ਉਸ ਬਵਾਨ 'ਤੇ ਰਾਜਿਆਂ ਵਾਂਗ। ਉਹਦੇ ਚਿਹਰੇ ਤੋਂ ਲੱਗਦਾ ਈ ਨੀਂ ਸੀ ਬਈ ਮਰ ਗਿਐ।"
"ਓਥੇ ਸਾਰੇ ਲੋਕ ਕਹਿਣ ਲੱਗੇ, 'ਮਰਨ ਪਿੱਛੋਂ ਏਨਾਂ ਦਮਕਦਾ ਚਿਹਰਾ ਉਹਨਾਂ ਪਹਿਲਾਂ ਕਦੀ ਨਹੀਂ ਵੇਖਿਆ', ਸੱਚੀਂ, ਲੱਗਦਾ ਸੀ ਜਿਵੇਂ ਜਿਊਂਦਾ ਈ ਸੁੱਤਾ ਪਿਆ ਹੋਵੇ, ਮੇਰਾ ਬਾਪੂ…"
ਕਹਿੰਦਿਆਂ ਹੋਇਆਂ ਉਹਦਾ ਗੱਚ ਵੀ ਭਰ ਆਇਆ, ਪਰ ਜਿਵੇਂ-ਤਿਵੇਂ ਉਹ ਆਪਣੇ ਅੱਥਰੂ ਪੀ ਗਿਆ।
ਇਹ ਸਭ ਸੁਣ ਕੇ ਮਾਂ ਚੁੱਪ ਹੋ ਗਈ, ਫੇਰ ਪਥਰਾ ਗਈ, ਜਿਵੇਂ ਮਰ ਗਈ ਹੋਵੇ। ਉਸਦੇ ਨਾਲ ਹੀ ਪੂਰਾ ਮਾਹੌਲ ਪਥਰਾਅ ਗਿਆ ਲੱਗਿਆ। ਪਰ ਉਸੇ ਦੌਰਾਨ ਲੋਕਾਂ ਦੋਵਾਂ ਮੁੰਡਿਆਂ ਨੂੰ ਘੇਰ ਲਿਆ। ਫੇਰ ਸਵਾਲਾਂ ਦੀ ਝੜੀ ਲੱਗ ਗਈ :
"ਕਿੰਨੇ ਵਜੇ ਮੁੱਕਿਆ ਸੀ ਜੋਧਾ ਚਾਚਾ ?"
"ਮਰਨ ਵੇਲੇ ਕੌਣ-ਕੌਣ ਸੀ ਜੋਧੇ ਭਰਾ ਕੋਲ ?"
"ਸਰਦੀ ਸੀ, ਏਨੀ ਛੇਤੀ ਮਿੱਟੀ ਖਰਾਬ ਨੀਂ ਸੀ ਹੋਣੀ…ਤੁਸੀਂ ਉਸਨੂੰ ਪਿੰਡ ਈ ਕਿਉਂ ਨਹੀਂ ਲੈ ਆਏ ?"
"ਮਰਨ ਤੋਂ ਪਹਿਲਾਂ ਉਹਨੇ ਕੁਛ ਕਿਹਾ ਸੀ ?"
"ਹੁਣ ਪਿੰਡ ਕਿਵੇਂ ਦੇਖੇਗਾ, ਥੋਡੇ ਬਾਪੂ ਦਾ ਮੂੰਹ…?"
ਸਵਾਲ ਹੋਰ ਵੀ ਉਠਦੇ, ਪਰ ਉਦੋਂ ਤਕ ਮਾਂ ਨੇ ਪਟਕ ਕਰਕੇ ਅੱਖਾਂ ਖੋਹਲ ਲਈਆਂ। ਫੇਰ ਇਕ ਝੱਟਕੇ ਨਾਲ ਉੱਠੀ ਤੇ ਅਹੁਲੀ ਉਸ ਪੱਥਰ ਦੀ ਸਿਲ ਨਾਲ ਆਪਣਾ ਸਿਰ ਭੰਨਣ ਲਈ, ਜਿਸ 'ਤੇ ਰੋਟੀ ਖਾਣ ਲਈ ਲੂਣ ਦੀਆਂ ਡਲੀਆਂ ਪੀਸੀਆਂ ਜਾਂਦੀਆਂ ਸਨ। ਪਰ ਮੁੰਡੇ ਉਸ ਨਾਲੋਂ ਵੀ ਤੇਜ਼ ਨਿਕਲੇ ਤੇ ਮਾਂ ਨੂੰ ਉਸਦੇ ਇਰਾਦੇ ਵਿਚ ਕਾਮਯਾਬ ਹੋਣ ਤੋਂ ਪਹਿਲਾਂ ਹੀ ਦਬੋਚ ਲਿਆ, ਦੋਵਾਂ ਨੇ।
ਪਿੰਡ ਦੀਆਂ ਸਾਰੀਆਂ ਬੁੜ੍ਹੀਆਂ ਆ ਗਈਆਂ ਸਨ। ਕੁਝ ਰਿਸ਼ਤੇ ਦੀਆਂ, ਕੁਝ ਆਂਢਣਾਂ-ਗੁਆਂਢਣਾਂ, ਇਕ ਅੱਧੀ ਦੂਰੋਂ-ਪਾਰੋਂ ਵੀ। ਉਹਨਾਂ ਵਿਚੋਂ ਕੁਝ ਤਾਂ ਰਾਤ ਕੱਟਾਉਣ ਦੇ ਇਰਾਦੇ ਨਾਲ ਹੀ ਆਈਆਂ ਸਨ। ਜ਼ਰੂਰੀ ਵੀ ਸੀ। ਮੁੰਡਿਆਂ ਨੂੰ ਵੀ ਥੋੜ੍ਹੇ ਆਰਾਮ ਦੀ ਲੋੜ ਸੀ। ਉਹ ਪੂਰੀ ਤਰ੍ਹਾਂ ਥੱਕੇ ਹੋਏ ਸਨ। ਦਿੱਲੀ ਤੋਂ ਲਖ਼ਨਊ ਤੱਕ ਟ੍ਰੇਨ ਦਾ ਸਫ਼ਰ, ਫੇਰ ਲਖ਼ਨਊ ਤੋਂ ਫੈਜ਼ਾਬਾਦ, ਫੇਰ ਅਯੋਧਿਆ, ਤੇ ਅੱਗੇ ਤਿੰਨ ਮੀਲ ਪੈਦਲ ਆਉਣ ਦੀ ਥਕਾਣ, ਕਿਉਂਕਿ ਅਯੋਧਿਆ ਤੋਂ ਸ਼ਿਵਦਹਾ, ਯਾਨੀ ਉਹਨਾਂ ਦੇ ਪਿੰਡ ਤੱਕ ਕੋਈ ਸਵਾਰੀ ਵੀ ਨਹੀਂ ਸੀ ਆਉਂਦੀ। ਪਿੰਡ ਦਾ ਕੋਈ ਸਾਈਕਲੀਆ ਮਿਲ ਜਾਂਦਾ ਤਾਂ ਗੱਲ ਵੱਖਰੀ ਸੀ, ਪਰ ਮੁਸੀਬਤ ਆਪਣੇ ਨਾਲ ਕਿਸੇ ਨੂੰ ਜੁੜਨ ਈ ਕਿੱਥੇ ਦੇਂਦੀ ਹੈ। ਹਾਂ, ਉਸਦੇ ਨਾਲ ਕੋਈ ਨਵੀਂ ਮੁਸੀਬਤ ਆ ਜੁੜੇ ਤਾਂ ਉਸਨੂੰ ਮੰਜ਼ੁਰ ਹੁੰਦਾ ਹੈ...।
ਮੁੰਡੇ ਜਵਾਨ ਸੀ। ਇਕੋ ਕੁੱਲੀ ਵਿਚ, ਇਕੋ ਗਦੈਲੀ 'ਤੇ, ਇਕੋ ਮਾਂ ਦੇ ਪੇਟੋਂ ਬਸ ਘੰਟਾ ਕੁ ਅੱਗੇ-ਪਿੱਛੇ ਜੰਮੇ ਸੀ। ਬਾਪੂ ਦੱਸਦਾ ਹੁੰਦਾ ਸੀ, 'ਜਦੋਂ ਮੋਹਨਾ ਪੈਦਾ ਹੋ ਗਿਆ ਤਾਂ ਲੱਗਿਆ ਆਫ਼ਤ ਟਲ ਗਈ ਆ। ਪਰ ਕੁਛ ਚਿਰ ਬਾਅਦ ਫੇਰ ਉਹੀ ਜਾਨ-ਲੈਣੀਆਂ ਪੀੜਾਂ…ਤੇ ਪੂਰਾ ਘੰਟਾ ਵੀ ਨੀਂ ਸੀ ਬੀਤਿਆ ਕਿ ਦਰਦ ਦੀਆਂ ਇਹਨਾਂ ਅਸਿਹ ਲਹਿਰਾਂ ਵਿਚੋਂ ਭੁੜਕ ਕੇ ਸੋਹਨਾ ਬਾਹਰ ਆ ਡਿੱਗਿਆ ਸੀ।'…ਇਹ ਗੱਲਾਂ ਮੋਹਨ ਤੇ ਸੋਹਨ ਨੂੰ ਉਹਨਾਂ ਦੇ ਉਸ ਮਲਾਹ ਬਾਪੂ ਨੇ ਦੱਸੀਆਂ ਸੀ, ਜਿਸਦੀ ਲਾਸ਼ ਨੂੰ ਘਰ ਤੱਕ ਨਹੀਂ ਸੀ ਲਿਆ ਸਕੇ ਇਹ ਜੁੜਵਾਂ ਮੁੰਡੇ।
ਗਦੈਲੀ ਦੀ ਸ਼ਾਨ ਵਿਚ ਕਸੀਦੇ ਪੜ੍ਹਦਾ ਬਾਪੂ, ਆਪਣੇ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ :
"ਬਾਰ੍ਹੀਏ ਪਿੱਛੋਂ ਮੈਂ ਉਸ ਜੱਚਾ ਵਾਲੀ ਗਦੈਲੀ ਨੂੰ ਖ਼ੁਦ ਆਪਣੀ ਬੇੜੀ ਵਿਚ ਲੱਦ ਕੇ ਸਰਜੂ ਮਈਆ ਵਿਚ ਪ੍ਰਵਾਹ ਕੀਤਾ ਸੀ। ਉਹ ਧੰਨ ਸੀ ਜਿਸਨੇ ਥੋਡੀ ਦੋਵਾਂ ਦੀ ਛਠੀ, ਬਾਰ੍ਹਵੀਂ ਵੇਖੀ ਤੇ ਥੋਡਾ ਗੂੰਹ-ਮੂਤ…ਬਸ ਸਮਝੋ ਉਸੇ ਨੇ ਈ ਸਮੇਟਿਆ ਸੀ, ਖ਼ੁਦ ਭਿੱਦ-ਭਿੱਜ ਕੇ, ਪਰ ਫੇਰ ਵੀ ਕਦੀ ਹੌਂਕ ਨਹੀਂ ਸੀ ਆਈ। ਗੇਂਦੇ ਚਮੇਲੀ ਵਾਂਗ ਮਹਿਕਦੀ ਰਹੀ ਸੀ, ਉਹ ਗਦੈਲੀ…"
ਬਾਪੂ ਦੀਆਂ ਕਹੀਆਂ ਹੋਰ ਵੀ ਕਈ ਭੁੱਲੀਆਂ-ਵਿਸਰੀਆਂ ਗੱਲਾਂ ਚੇਤੇ ਆ ਰਹੀਆਂ ਸੀ, ਮੁੰਡਿਆਂ ਨੂੰ।
ਰਾਤ ਦਾ ਅੰਤਮ ਪਹਿਰ ਸੀ। ਵਿਧਵਾ ਹੋ ਚੁੱਕੀ ਮਾਂ ਨੂੰ ਘੇਰੀ ਬੈਠੀਆਂ ਜ਼ਨਾਨੀਆਂ ਵਿਚੋਂ ਵਧੇਰੇ ਊਂਘ ਰਹੀਆਂ ਸਨ। ਉਹਨਾਂ ਵਿਚ ਇਕ ਪ੍ਰਧਾਨਨ ਦਾਦੀ ਵੀ ਸੀ, ਜਿਹੜੀ ਉਮਰ ਵਿਚ ਮਾਂ ਦੀ ਮਾਂ ਜਿੱਡੀ ਸੀ ਪਰ ਉਸਦੀਆਂ ਬੁੱਢੀਆਂ ਹੱਡੀਆਂ ਦੇ ਢਾਂਚੇ ਵਿਚ ਹੁਣ ਵੀ ਕਾਫੀ ਜਾਨ ਬਾਕੀ ਸੀ। ਉਹ ਪ੍ਰਧਾਨਨ ਤੇ ਦਾਦੀ ਦੋਵਾਂ ਦਾ ਰੋਲ ਨਾਲੋ-ਨਾਲ ਨਿਭਾਉਂਦੀ ਹੋਈ ਬੋਲੀ :
"ਜੋਧਾ ਬੜਾ ਕਿਸਮਤ ਵਾਲਾ ਸੀ ਬਹੂ। ਜਮਨਾ ਨੇ ਉਸਨੂੰ ਗੋਦ ਲੈ ਲਿਆ। ਗੰਗਾ ਦੀ ਛੋਟੀ ਭੈਣ ਐ ਉਹ। ਦੋਵੇਂ ਭੈਣਾ ਜਿਸਨੂੰ ਗੋਦ ਲੈ ਲੈਣ ਉਹ ਸਿੱਧਾ ਸੁਰਗਾਂ ਨੂੰ ਜਾਂਦੈ। ਕਹਿੰਦੈ ਐ, ਜਦੋਂ ਅਯੁਧਿਆ 'ਚ ਰਾਜਾ ਦਸ਼ਰਥ ਮਰੇ ਸੀ ਤਾਂ ਸਰਜੂ ਮਈਆ ਨੇ ਉਹਨਾਂ ਨੂੰ ਸੁਰਗ ਭਿਜਵਾਉਣ ਲਈ ਇਸੇ ਗੰਗਾ-ਜਮਨਾ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਸੀ, ਤਾਂ ਕਿਤੇ ਜਾ ਕੇ ਸੁਰਗ ਜਾ ਸਕੇ ਸੀ ਦਸ਼ਰਥ ਮਹਾਰਾਜ…"
ਤਰੇਤਾ ਯੁੱਗ ਦੀਆਂ ਇਹ ਗੱਲਾਂ, ਕਿਸੇ ਸਾਖੀਕਾਰ ਨਾਲੋਂ ਵੀ ਵੱਧ ਆਤਮ ਵਿਸ਼ਵਾਸ ਨਾਲ ਬਿਆਨ ਕਰਨ ਵਾਲੀ ਪ੍ਰਧਾਨਨ ਦਾਦੀ, ਜਾਤ ਦੀ ਚਮਿਆਰੀ ਸੀ ਪਰ ਰਿਸ਼ਤੇ ਵਜੋਂ ਉਹ ਪੂਰੇ ਪਿੰਡ ਦੀ ਦਾਦੀ ਲੱਗਦੀ ਸੀ। ਪਿੰਡ ਦੇ ਦਸ-ਪੰਜ ਅਜਿਹੇ ਸੀਨੀਅਰ, ਜਿਹੜੇ ਸੱਠ ਜਾਂ ਸੱਠ ਪਲੱਸ ਸਨ, ਉਹ ਉਸਨੂੰ ਮੋਹ ਨਾਲ ਪ੍ਰਧਾਨਨ ਭਾਬੀ ਵੀ ਕਹਿੰਦੇ ਹੁੰਦੇ ਸੀ। ਕੋਈ ਉਸਨੂੰ ਅੱਸੀ ਦਾ ਦੱਸਦਾ ਸੀ, ਕੋਈ ਪਚਾਸੀ ਦਾ ਤੇ ਕੋਈ ਨੱਬੇ ਦਾ, ਪਰ ਉਹਦੀ ਉਮਰ ਦੀ ਸਹੀ-ਸਹੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਸੀ।
ਸਿੱਧੇ ਸਾਦੇ ਉਮਰ ਨਾਲ ਜੁੜੇ ਹੋਏ ਰਿਸ਼ਤਿਆਂ ਦਾ ਕਲਚਰ, ਅੱਜ ਵੀ ਪਿੱਛੜੇ ਕਹੇ ਜਾਣ ਵਾਲੇ ਪਿੰਡਾਂ ਵਿ ਜਿਊਂਦਾ ਹੈ। ਇਹਨਾਂ ਦੀ ਬਣਤਰ ਵਿਚ ਨਾ ਖ਼ੂਨ ਦਾ ਹੱਥ ਹੁੰਦਾ ਹੈ, ਨਾ ਜਾਤ ਦਾ, ਤੇ ਨਾ ਹੀ ਧਰਮ ਜਾਂ ਹੈਸੀਅਤ ਦਾ। ਧਰਤੀ ਉੱਤੇ ਕੌਣ, ਕਿਸ ਤੋਂ ਕਿੰਨਾਂ ਪਹਿਲਾਂ ਆਇਆ, ਬਸ ਏਨੀ ਕੁ ਗੱਲ ਹੀ ਤੈਅ ਕਰ ਦੇਂਦੀ ਹੈ ਅਜਿਹੇ ਰਿਸ਼ਤਿਆਂ ਦੇ ਨਾਂਅ…।
ਖ਼ੈਰ ਜੀ, ਪ੍ਰਧਾਨਨ ਦਾਦੀ ਦੀ ਆਖੀ, ਮੁੱਕ ਚੁੱਕੇ ਪਤੀ ਦੇ ਸਿੱਧੇ ਸੁਰਗਾਂ ਵਿਚ ਜਾ ਪਹੁੰਚਣ ਵਾਲੀ ਗੰਗਾ-ਜਮਨੀ ਗੱਲ ਨਾਲ ਬੜੀ ਤਸੱਲੀ ਮਿਲੀ ਸੀ ਮੋਹਨ ਦੀ ਮਾਂ ਨੂੰ। ਪਰ ਉਸ ਸਵਰਗ ਫ਼ਿਲਾਸਫ਼ੀ ਦੀ ਗੱਲ ਕਰਦੀ ਹੋਈ ਦਾਦੀ ਵੀ ਲਗਭਗ ਸੌਣ ਕਿਨਾਰੇ ਆ ਚੁੱਕੀ ਸੀ। ਬਸ ਉਦੋਂ ਹੀ ਮੋਹਨ ਦੀ ਮਾਂ ਨੇ ਵੀ ਵੱਡੀ ਸਾਰੀ ਉਬਾਸੀ ਲਈ ਤੇ ਦੇਖਦੇ-ਦੇਖਦੇ ਹੀ ਨੀਂਦ ਦੀ ਬੁੱਕਲ ਵਿਚ ਜਾ ਸਮਾਈ।
ਮੋਹਨ ਨੇ ਸੋਹਨ ਵੱਲ ਦੇਖਿਆ, ਸੋਹਨ ਨੇ ਮੋਹਨ ਵੱਲ, ਫੇਰ ਦੋਵਾਂ ਨੇ ਮਾਂ ਦੇ ਨਾਲ-ਨਾਲ ਹੋਰਨਾਂ ਜ਼ਨਾਨੀਆਂ ਨੂੰ ਸੁੱਤੀਆਂ ਦੇਖਿਆ ਤਾਂ ਅਛੋਪਲੇ ਹੀ ਉੱਠ ਕੇ ਝੁੱਗੀ ਵਿਚੋਂ ਬਾਹਰ ਆ ਗਏ। ਉੱਥੇ ਵੀ ਚੁੱਪ ਵਾਪਰੀ ਹੋਈ ਸੀ। ਦੇਰ ਤੱਕ ਬਲਦੀ ਰਹੀ ਧੂਈਂ ਵੀ ਲਗਭਗ ਸੌਣ ਵਾਲੀ ਹੋਈ ਹੋਈ ਸੀ। ਮੋਹਨ ਨੇ ਕੋਲ ਪਈ ਇਕ ਅੱਧੀ ਬਲ ਕੇ ਬੁਝੀ ਲੱਕੜੀ ਚੁੱਕੀ, ਉਸ ਨਾਲ ਸਵਾਹ ਦੇ ਢੇਰ ਨੂੰ ਫਰੋਲਿਆ ਤਾਂ ਹੇਠਾਂ ਹਲਕੀ ਜਿਹੀ ਲਾਲੀ ਚਮਕਣ ਲੱਗ ਪਈ। ਥੋੜ੍ਹੇ ਡੱਕੇ-ਡੋਲੇ ਪਾਉਣ ਨਾਲ ਅੱਗ ਫੇਰ ਲਪਕ ਪਈ ਤਾਂ ਦੋਵਾਂ ਭਰਾਵਾਂ ਨੇ ਉਸਦੀ ਰੌਸ਼ਨੀ ਵਿਚ ਇਕ ਵਾਰੀ ਫੇਰ ਇਕ ਦੂਜੇ ਵੱਲ ਤੱਕਿਆ ਤੇ ਪਤਾ ਨਹੀਂ ਕਿੱਧਰ ਗਵਾਚ ਗਏ। ਕੁਝ ਚਿਰ ਦੀ ਚੁੱਪ ਪਿੱਛੋਂ ਸੋਹਨ ਬੜਬੜਾਇਆ :
"ਕਿੰਜ ਫੁਰਰ ਹੋ ਗਏ ਆਪਣੇ ਪੱਚੀ ਹਜ਼ਾਰ ਰੁਪਏ ! ਜਿਹੜੇ ਪੰਦਰਾਂ ਸੌ ਬਚੇ, ਉਹ ਵੀ ਸਵਾਹਾ ਹੋ ਗਏ ਹੁੰਦੇ, ਜੇ ਦਿੱਲੀਓਂ ਨੱਸ ਨਾ ਆਏ ਹੁੰਦੇ ਅਸੀਂ…" ਮੋਹਨ ਦੁੱਖਾਂ ਵਿੰਨ੍ਹੀ ਆਵਾਜ਼ ਵਿਚ ਬੋਲਿਆ, "ਤਾਂ ਵੀ ਬਾਪੂ ਨੂੰ ਬਚਾਅ ਨੀਂ ਸਕੇ ਅਸੀਂ…"
ਸੋਹਨ ਝੱਟ ਬੋਲਿਆ, "ਉਸਦਾ ਆਖਾ ਮੰਨ ਕੇ ਜੇ ਤੂੰ ਵਿਆਹ ਕਰਾਅ ਲਿਆ ਹੁੰਦਾ ਤਾਂ ਘਰੇ ਫੁੱਟੀ ਕੌਡੀ (ਕੋੜੀ) ਵੀ ਨੀਂ ਸੀ ਹੋਣੀ। ਫੇਰ ਉਸਨੂੰ ਕਿੰਜ ਲੈ ਜਾਂਦੇ ਲਖ਼ਨਊ ਤੇ ਫੇਰ ਦਿੱਲੀ ?"
ਮੋਹਨ ਨੇ ਅੱਖਾਂ ਚੁੱਕ ਕੇ ਕਾਲੇ ਅਸਮਾਨ ਵੱਲ ਦੇਖਿਆ, ਫੇਰ ਲੰਮਾ ਸਾਹ ਖਿੱਚ ਕੇ ਫੁਸਫੁਸਾਇਆ :
ਬਾਪੂ ਬਚ ਗਿਆ ਹੁੰਦਾ ਤਾਂ ਦੋ ਚੌਂਹ ਸਾਲਾਂ 'ਚ ਅਸੀਂ ਫੇਰ ਜੋੜ ਲੈਂਦੇ ਪੱਚੀ ਹਜ਼ਾਰ। ਕਿਹੜਾ ਔਖਾ ਸੀ ! ਉਹ ਘਰ ਸੰਭਾਲਦਾ ! ਅਸੀਂ ਦੋਵੇਂ ਬਾਹਰ ਨਿੱਕਲ ਜਾਂਦੇ, ਕਮਾਈ ਕਰਨ। ਖੇਤੀ ਵੀ ਤਾਂ ਪਹਿਲਾਂ ਕੁਝ ਭਾਲਦੀ ਐ। ਪਰ ਮੌਤ ਤਾਂ ਮਰਨ ਤੋਂ ਪਹਿਲਾਂ ਵੀ ਬੜਾ ਕੁਝ ਭਾਲਦੀ ਐ, ਤੇ ਮਰਨ ਤੋਂ ਬਾਅਦ ਵੀ। ਹੁਣ ਬਾਪੂ ਦਾ ਪਹਿਲਾਂ ਦਸਵਾਂ, ਫੇਰ ਤੇਰਵਾਂ…ਬਚੇ ਕੁੱਲ ਪੰਦਰਾਂ ਸੌ, ਸਾਰੇ ਇਸੇ 'ਚ ਸਵਾਹਾ ਹੋ ਜਾਣਗੇ। ਫੇਰ ਅਸੀਂ ਦੋਵੇਂ ਸੜਕ 'ਤੇ।"
ਸੋਹਨ ਉਸਨੂੰ ਤਸੱਲੀ ਦੇਂਦਾ ਬੋਲਿਆ :
"ਕੋਈ ਫਿਕਰ ਨਹੀਂ। ਸਾਡੇ ਹੱਥ ਪੈਰ ਸਲਾਮਤ ਆ। ਡਟ ਕੇ ਮਜੂਰੀ ਕਰਾਂਗੇ। ਚਾਰ ਪੈਸੇ ਬਚਾਅ ਕੇ ਖੇਤੀ ਵੀ ਖੜ੍ਹੀ ਕਰ ਲਵਾਂਗੇ। ਪਰ ਭਰਾ, ਇਕ ਗੱਲ ਦੱਸ, ਸਵੇਰੇ ਲੋਕ ਪੁੱਛਣਗੇ, ਬਾਪੂ ਦਾ ਸੰਸਕਾਰ ਕਿਸ ਘਾਟ 'ਤੇ ਕੀਤਾ ਸੀ ਤਾਂ ਕੀ ਦੱਸਾਂਗੇ ਅਸੀਂ ?" ਮੋਹਨ ਸੋਚਾਂ ਵਿਚ ਪੈ ਗਿਆ, ਫੇਰ ਅਚਾਨਕ ਬੋਲਿਆ, "ਕਹਿ ਦੇਵੀਂ ਰਾਜਘਾਟ…ਰੇਡੀਓ 'ਤੇ ਇਸਦਾ ਨਾਂਅ ਵੀ ਕਈ ਵੇਰ ਸੁਣਿਆ ਐ ਮੈਂ। ਏਥੇ ਪੇਂਡੂ ਇਲਾਕੇ ਵਿਚ ਕੋਈ ਕੀ ਜਾਣੇ ਕਿੱਥੇ ਐ ਦਿੱਲੀ ਤੇ ਕਿੱਥੇ ਐ ਉਸਦੇ ਘਾਟ ?"
ਸੋਹਨ ਸਿਰ ਖੁਰਕਦਾ ਹੋਇਆ ਬੋਲਿਆ :
"ਏਥੇ ਨ੍ਹੀਂ ਪਰ ਆਸੇ-ਪਾਸੇ ਦੇ ਪਿੰਡਾਂ 'ਚ ਦਿੱਲੀ ਜਾਣ ਵਾਲੇ ਮੁੰਡੇ ਹੈਨ ਭਰਾ। ਸੇਮਰੀਏ ਕਾ ਪਦਾਰਥ ਵੀ ਅੱਜਕੱਲ੍ਹ ਦਿੱਲੀ 'ਚ ਐ। ਅੱਜ ਨਹੀਂ ਤਾਂ ਕੱਲ੍ਹ ਬਾਪੂ ਦੇ ਮਰਨ ਦੀ ਖ਼ਬਰ ਪੂਰੇ ਇਲਾਕੇ 'ਚ ਫੈਲ ਜਾਊਗੀ। ਫੇਰ ਹੋ ਸਕਦੈ ਕੋਈ ਆ ਕੇ ਪੁੱਛੇ-ਪੜਤਾਲੇ। ਇਹ ਵੀ ਹੋ ਸਕਦਾ ਐ, ਕੋਈ ਬਿਰਾਦਰੀ ਵਾਲਾ ਈ ਨਿਕਲ ਆਵੇ। ਸੋ ਕਾਫੀ ਸੋਚ-ਵਿਚਾਰ ਕੇ ਕਹਿਣਾ ਪਵੇਗਾ ਸਾਨੂੰ ਕੁਛ ਵੀ…"
ਸੋਹਨ ਦੇ ਤਰਕ ਨੇ ਵੱਡੇ ਭਰਾ ਨੂੰ ਡੂੰਘੀ ਚਿੰਤਾ ਵਿਚ ਡੋਬ ਦਿੱਤਾ। ਉਹ ਇਕਟੱਕ ਧੂਈਂ 'ਚੋਂ ਉਠਦਾ ਧੂੰਆਂ ਵੇਖਦਾ ਰਿਹਾ ਜਿਹੜਾ ਮੁੜ-ਮੁੜ ਕੇ ਉਸਦੇ ਨੱਕ ਤੇ ਅੱਖਾਂ ਵਿਚ ਆ ਵੜਦਾ ਸੀ। ਪਰ ਮੋਹਨ ਉਸ ਵੱਲੋਂ ਧਿਆਨ ਹਟਾਅ ਕੇ ਬੜੀ ਹਿੰਮਤ ਨਾਲ ਬੋਲਿਆ :
"ਕੋਈ ਪੁੱਛੇ ਤਾਂ ਪੁੱਛਦਾ ਰਹੇ। ਕਿਸੇ ਸਾਲੇ ਦੇ ਪਿਓ ਦੀ ਨੀਂ ਦਿੱਲੀ। ਦੱਸਦੇ ਐ, ਪੱਚੀਆਂ ਕੋਹਾਂ 'ਚ ਫੈਲੀ ਹੋਈ ਐ ਉਹ। ਤੂੰ ਹੀ ਸੋਚ ਪਰਸੋਂ ਸ਼ਾਮੀਂ ਜਦੋਂ ਅਸੀਂ ਭੱਜੇ ਸੀ ਹਸਪਤਾਲ 'ਚੋਂ, ਰੇਲਵੇ ਸਟੇਸ਼ਨ ਤੱਕ ਪਹੁੰਚਣ 'ਚ ਪੂਰੇ ਦੋ ਘੰਟੇ ਲੱਗ-ਗੇ ਸੀ। ਹਾਲਾਂਕਿ ਟੰਪੂ ਸ਼ੂਟ ਵੱਟੀ ਜਾ ਰਿਹਾ ਸੀ, ਸੋ ਤੂੰ ਇਸ ਗੱਲ ਨੂੰ ਲੈ ਕੇ ਝੋਰਾ ਨਾ ਕਰ। ਕੋਈ ਪੁੱਛੇ ਤਾਂ ਇਕੋ ਗੱਲ ਕਹਿਣੀ ਐ, ਬਈ ਅਸੀਂ ਰਾਜਘਾਟ 'ਤੇ ਕੀਤਾ ਸੀ ਆਪਣੇ ਬਾਪੂ ਦਾ ਸੰਸਕਾਰ।"
ਅਚਾਨਕ ਦੋਵੇਂ ਭਰਾ ਤ੍ਰਬਕ ਗਏ, ਪਿੱਛੇ ਕੋਈ ਸਰਸਰਾਹਟ ਹੋਈ ਸੀ। ਮੁੜ ਕੇ ਦੇਖਿਆ ਤਾਂ ਪਿੱਛੇ ਮਾਂ ਖੜ੍ਹੀ ਸੀ। ਮੁੰਡੇ ਉੱਠ ਖੜ੍ਹੇ ਹੋਏ। ਫੇਰ ਇਕੋ ਸਮੇਂ ਬੋਲੇ, "ਜ਼ਰਾ ਹੱਥ ਸੇਕਣ ਆ ਗਏ ਸੀ ਬੇਬੇ। ਚਲੋ, ਅੰਦਰ ਚਲਦੇ ਆਂ।"
ਪਰ ਮਾਂ ਉਹਨਾਂ ਨੂੰ ਚੁੱਪਚਾਪ ਘੂਰਦੀ ਰਹੀ। ਕੁਝ ਪਲਾਂ ਬਾਅਦ ਬੜੀ ਬੇਚੈਨੀ ਨਾਲ ਬੋਲੀ :
"ਤੁਹਾਨੂੰ ਮੇਰੀ ਸੌਂਹ, ਸੱਚ-ਸੱਚ ਦੱਸੋ, ਆਪਣੇ ਬਾਪੂ ਨੂੰ ਕਿਉਂ ਨਹੀਂ ਲਿਆਏ ਘਰ ? ਕੀ ਸੱਚਮੁੱਚ ਉਹਦਾ ਸੰਸਕਾਰ ਕਰ ਆਏ ਤੁਸੀਂ ?"
ਮਾਂ ਦੇ ਇਸ ਸਵਾਲ ਨਾਲ ਮੁੰਡਿਆਂ ਦੀ ਜ਼ਬਾਨ ਠਾਕੀ ਗਈ। ਉਹਨਾਂ ਦੀਆਂ ਤਣੀਆਂ ਧੌਣਾਂ ਛੂਈ ਮੂਈ ਦੀ ਟਾਹਣੀ ਵਾਂਗ ਲਟਕ ਗਈਆਂ। ਕੁਝ ਚਿਰ ਪਿੱਛੋਂ ਮੋਹਨ ਨੇ ਜ਼ਰਾ ਕੁ ਸਿਰ ਚੁੱਕ ਕੇ ਬੜੀ ਹਿੰਮਤ ਨਾਲ ਕਿਹਾ :
"ਸੱਚੀ ਗੱਲ 'ਤੇ ਵੀ ਮੈਂ ਤੇਰੀ ਸੌਂਹ ਨਾ ਖਾਵਾਂ ਬੇਬੇ। ਹੁਣ ਤੂੰ ਬੇਬੇ ਈ ਨੀਂ ਸਾਡਾ ਬਾਪੂ ਵੀ ਐਂ। ਤੂੰ ਚਿੰਤਾ ਨਾ ਕਰ ਉਹਦਾ ਦਸਵਾਂ, ਤੇਰ੍ਹਵਾਂ ਪੂਰੇ ਢੰਗ ਸਿਰ ਕਰਾਂਗੇ ਅਸੀਂ…"
ਪਰ ਮਾਂ ਨੇ ਅਗਲਾ ਸਵਾਲ ਜੜ ਦਿੱਤਾ, "ਉਹ ਤਾਂ ਕਰੋਗੇ, ਪਰ ਮਿੱਟੀ ?...ਲੋਕ ਕਿੱਥੋਂ-ਕਿੱਥੋਂ ਲਿਆਉਂਦੇ ਐ ਆਪਣੇ ਘਰ ਵਾਲਿਆਂ ਨੂੰਅਯੁੱਧਿਆ 'ਚ ਮਿੱਟੀ ਦੇਣ ਲਈ…ਤੇ ਤੁਸੀਂ ਓ ਕਿ ਆਪਣੇ ਬਾਪੂ ਨੂੰ ਪਰਦੇਸ 'ਚ ਰੋਲ ਆਏ ਵੇ !"
"ਰੋਲ ਨਹੀਂ ਆਏ ਬੇਬੇ, ਉਸਦੀ ਮਿੱਟੀ ਸਮੇਟ ਕੇ ਆਏ ਆਂ।"
"ਤੇ ਫੂੱਲ ?"
"ਫੁੱਲ ਵੀ ਲਿਆਂਦੇ ਐ। ਉਹਨਾਂ ਦੀ ਰਾਖ ਪ੍ਰਵਾਹ ਕਰਾਂਗੇ ਆਪਣੀ ਸਰਜੂ 'ਚ।"
"ਪਰ ਉਹ ਸਭ ਹੈਨ ਕਿੱਥੇ ?" ਮਾਂ ਨੇ ਝੱਟ ਪੁੱਛਿਆ ਤੇ ਸੋਹਨ ਨੇ ਫੱਟ ਜਵਾਬ ਦਿੱਤਾ :
"ਫੁੱਲਾਂ ਨੂੰ ਘਰੇ ਕਿਵੇਂ ਲਿਆਉਂਦੇ ਬੇਬੇ ? ਅਸਗੁਨ ਨਾ ਹੁੰਦਾ ?"
ਪੁੱਤ ਦੀ ਇਹ ਗੱਲ ਸੁਣ ਕੇ ਮਾਂ ਨੂੰ ਕੁਝ ਤਸੱਲੀ ਹੋਈ, ਪਰ ਉਹ ਫੇਰ ਸਿਸਕਨ ਲੱਗ ਪਈ। ਅਖ਼ੀਰ ਸਿਸਕਦੀ ਹੋਈ ਬੋਲੀ :
"ਇਕ ਵਾਰੀ ਉਹਦੀ ਰਾਖ ਦੇ ਈ ਦਰਸ਼ਨ ਕਰਵਾ ਦਿੰਦੇ ਪੁੱਤ…" ਕਹਿੰਦੀ ਹੋਈ ਦੀਆਂ ਭੁੱਬਾਂ ਨਿੱਕਲ ਗਈਆਂ। ਦੋਵਾਂ ਮੁੰਡਿਆਂ ਨੇ ਉਹਨੂੰ ਗਲਵੱਕੜੀ 'ਚ ਕਸ ਲਿਆ, ਫੇਰ ਘਰ ਦੇ ਅੰਦਰ ਲੈ ਆਏ।

ਅਗਲੇ ਦਿਨ ਦੀ ਸਵੇਰ ਉਹ ਪਿੰਡ ਕੁਝ ਜਲਦੀ ਹੀ ਜਾਗ ਪਿਆ ਤੇ ਧੁੱਪ ਦੇ ਖਿੜਨ ਤੋਂ ਪਹਿਲਾਂ ਹੀ ਲੋਕ ਮੋਹਨ ਕੇ ਵਿਹੜੇ ਵਿਚ ਇਕੱਠੇ ਹੋਣ ਲੱਗ ਪਏ। ਪੂਰੇ ਪਿੰਡ ਕੋਲ ਸਵਾਲਾਂ ਦੀਆਂ ਪੰਡਾਂ ਸਨ। ਪਰ ਸਭ ਨਾਲੋਂ ਕਾਮਨ ਤੇ ਔਖਾ ਸਵਾਲਾ ਸਿਰਫ ਇਕੋ ਸੀ :
"ਬਾਪੂ ਦੀ ਮਿੱਟੀ ਨੂੰ ਪਿੰਡ ਕਿਉਂ ਨਹੀਂ ਲਿਆਏ ?"
ਜਿਸਦਾ ਘੁੰਮ-ਫਿਰ ਕੇ ਬਸ ਇਕੋ ਜਵਾਬ ਸੀ :
"ਕੋਈ ਲਾਸ਼ ਗੱਡੀ ਤਿਆਰ ਈ ਨਹੀਂ ਸੀ ਹੋਈ, ਇੱਥੋਂ ਤੱਕ ਆਉਣ ਲਈ। ਨਾਲੇ ਕੁਝ ਲੋਕਾਂ ਕਿਹਾ, ਜੇ ਕੋਈ ਗੱਡੀ ਮਿਲ ਵੀ ਗਈ ਤਾਂ ਵੀ ਏਨੇ ਲੰਮੇ ਸਫ਼ਰ 'ਚ ਮਿੱਟੀ ਖ਼ਰਾਬ ਹੋ ਜਾਵੇਗੀ। ਘੱਟੋਘੱਟ ਤਿੰਨ ਦਿਨ ਲੱਗ ਜਾਣਗੇ। ਕਿਉਂਕਿ ਲਾਸ਼ ਗੱਡੀ ਦੀ ਰਫਤਾਰ ਖਾਸੀ ਘੱਟ ਹੁੰਦੀ ਐ…ਫੇਰ ਅਸੀਂ ਮਜ਼ਬੂਰ ਹੋ ਕੇ ਉੱਥੇ ਈ ਸੰਸਕਾਰ ਕਰ ਦਿੱਤਾ।"
ਇਸ ਮਹਾਂ ਸਵਾਲ ਦੇ ਪਿੱਛੇ, ਸਵਾਲਾਂ ਦੀ ਕਤਾਰ ਲੱਗੀ ਹੋਈ ਸੀ…ਪਰ ਹਰੇਕ ਸਵਾਲ ਦਾ ਜਵਾਬ, ਦਿੱਲੀ ਦੇ ਇਕ ਸ਼ਾਨਦਾਰ ਪ੍ਰਾਈਵੇਟ ਹਸਪਤਾਲ ਤੋਂ ਸ਼ੁਰੂ ਹੋ ਕੇ ਰਾਜਘਾਟ 'ਤੇ ਆ ਮੁੱਕਦਾ ਸੀ।
ਹਸਪਤਾਲ ਸੱਚਮੁੱਚ ਬੜਾ ਸ਼ਾਨਦਾਰ ਸੀ, ਤੇ ਪਿੰਡ ਦਾ 'ਜੋਧਾ' ਨਾਂਅ ਦਾ ਮਲਾਹ ਉੱਥੇ ਭਰਤੀ ਵੀ ਹੋਇਆ ਸੀ। ਇਹਨਾਂ ਗੱਲਾਂ ਵਿਚ ਕੋਈ ਮਿਲਾਵਟ ਨਹੀਂ ਸੀ ਪਰ ਮੁੰਡੇ ਹਸਪਤਾਲ ਦਾ ਨਾਂਅ ਸਾਫ਼ ਛੁਪਾਅ ਗਏ ਸਨ। ਕੀ ਪਤਾ, ਦਿੱਲੀ ਦੇ ਉਸ ਇਲਾਕੇ ਵਿਚ ਕਿਸੇ ਨੂੰ ਜਾਣਾ ਪੈ ਜਾਵੇ ਤੇ ਕੋਈ ਖੁਰਾ ਕੱਢ ਲਿਆਵੇ ਉੱਥੇ ਜਾ ਕੇ…।
ਤੇ ਜਦੋਂ ਪਿੰਡ ਦੇ ਪੰਡਤ ਜੀ ਨੇ ਮ੍ਰਿਤਕ ਦੇ ਫੁੱਲਾਂ ਦੀ ਗੱਲ ਚਲਾਈ ਤਾਂ ਮੁੰਡਿਆਂ ਉਹੀ ਕਿਹਾ, ਜੋ ਮਾਂ ਨੂੰ ਕਿਹਾ ਸੀ। ਫੇਰ ਪੰਡਤ ਜੀ ਨੇ ਮੌਤ ਦੀ ਤਾਰੀਖ਼ ਅਨੁਸਾਰ ਹਿਸਾਬ ਲਾ ਕੇ ਜੋੜ-ਘਟਾਅ ਕੀਤਾ ਤੇ ਫੁੱਲ-ਪ੍ਰਵਾਹੁਣ ਦੀ ਤਾਰੀਖ਼ ਵੀ ਕੱਢ ਦਿੱਤੀ। ਬੋਲੇ :
"ਅੱਜ ਤੋਂ ਤੀਜੇ ਦਿਨ ਯਾਨੀ ਪਰਸੋਂ ਦਾ ਮਹੂਰਤ ਬਣਦਾ ਏ। ਪਰ ਸਿਰਫ਼ ਦੁਪਹਿਰ ਤੱਕ, ਕਿਉਂਕਿ ਦੁਪਹਿਰ ਪਿੱਛੋਂ ਛਨੀ ਬਕਰੀ ਰੂਪ ਹੋ ਕੇ ਸੂਰਜ 'ਤੇ ਦ੍ਰਿਸ਼ਟੀ ਪਾ ਬਹੇਗਾ। ਓਸ ਲਗਨ ਵਿਚ ਮ੍ਰਿਤ-ਆਤਮਾ ਨੂੰ ਮੋਕਸ਼ ਮਿਲਣ ਵਿਚ ਦਿੱਕਤਾਂ ਆ ਸਕਦੀਆਂ ਨੇ।"
ਇਸੇ ਸਭ ਕਾਸੇ ਵਿਚ ਦਿਨ ਬੀਤਣ 'ਤੇ ਆ ਗਿਆ। ਸ਼ਾਮ ਹੁੰਦਿਆਂ ਹੀ ਲੋਕਾਂ ਦੀ ਆਵਾਜਾਈ ਵੀ ਲਗਭਗ ਬੰਦ ਹੋ ਗਈ। ਫੇਰ ਰਾਤ ਹੋਈ ਤਾਂ ਉਸਦੇ ਸੰਨਾਟੇ ਵਿਚ ਮੋਹਨ ਦੀ ਮਾਂ ਕਾਫੀ ਦੇਰ ਤੱਕ ਸਿਲ-ਪੱਥਰ ਹੋਈ ਪਈ ਰਹੀ। ਮੁੰਡੇ ਵੀ ਉਸਨੂੰ ਛੇੜਨ ਤੋਂ ਡਰ ਰਹੇ ਸੀ। ਪਰ ਅਖ਼ੀਰ ਉਹ ਅਚਾਨਕ ਉੱਠ ਬੈਠੀ ਤੇ ਮੁੰਡਿਆਂ ਵੱਲ ਕੁਝ ਇੰਜ ਤੱਕਣ ਲੱਗੀ ਕਿ ਉਹ ਸਹਿਮ ਗਏ। ਅਚਾਨਕ ਬੋਲੀ :
"ਤੁਸੀਂ ਦੋਵਾਂ ਨੇ ਬੜਾ ਅਨਰਥ ਕੀਤੈ ਪੁੱਤ, ਆਪਣੇ ਬਾਪੂ ਤੋਂ ਉਸਦੀ ਡਿਓਢੀ ਖੋਹ ਲਈ। ਹਾਅ ਨਾਲ ਈ ਅਯੋਧਿਆ ਸੀ…ਪਿੰਡ ਢਾਣੀ ਵਿਚ ਕਦੀ ਕਿਸੇ ਨਾਲ ਐਂ ਨੀਂ ਹੋਇਆ ਹੋਣਾ ਬਈ ਉਸਦੀ ਮਿੱਟੀ ਕਿਤੇ ਹੋਰ ਸਮੇਟੀ ਗਈ ਹੋਵੇ। ਬੜੇ ਦੁੱਖ ਦੀ ਗੱਲ ਐ ਇਹ…"
"ਸੋ ਤਾਂ ਐ ਬੇਬੇ ਪਰ…"ਸੋਹਨ ਬੜਬੜਾ ਕੇ ਰਹਿ ਗਿਆ ਤੇ ਮੋਹਨ ਬੋਲ ਪਿਆ :
"ਉਪਰ 'ਲੇ ਦਾ ਲਿਖਿਆ ਲੇਖ ਕੋਈ ਮੇਟ ਨੀਂ ਸਕਦਾ। ਬੇਬੇ ! ਸ਼੍ਰੀਰਾਮ ਜੀ ਨੇ ਬਾਪੂ ਲਈ ਜਮਨਾ ਤੈਅ ਕੀਤੀ ਹੋਈ ਸੀ..."
"ਪਰ ਉਸ ਮੇਰੇ ਨਾਲ ਕਿੱਡਾ ਵੱਡਾ ਧੱਕਾ ਕੀਤੈ ਕਿ ਆਖਰੀ ਵੇਲੇ ਆਪਣੇ ਆਦਮੀ ਦਾ ਮੂੰਹ ਵੀ ਨਹੀਂ ਵੇਖ ਸਕੀ ਮੈਂ। ਇਕ ਵਾਰੀ ਉਹਨੂੰ ਵੇਖ ਲਿਆ ਹੁੰਦਾ ਤਾਂ ਕਲੇਸ਼ ਨਾ ਹੁੰਦਾ ਮਨ ਨੂੰ…"
ਕਹਿੰਦੀ ਹੋਈ ਧਾਹਾਂ ਮਾਰ-ਮਾਰ ਰੋਣ ਲੱਗ ਪਈ ਸੀ ਮਾਂ।
ਜਿਵੇਂ-ਤਿਵੇਂ ਕਰਕੇ ਰਾਤ ਬੀਤੀ। ਅਗਲੇ ਦਿਨ ਵੀ ਪਿੰਡ ਤੇ ਢਾਣੀਆਂ ਤੋਂ ਲੋਕ ਆਉਂਦੇ ਰਹੇ। ਸਾਰਿਆਂ ਦੀ ਹਮਦਰਦੀ ਵਿਧਵਾ ਮਾਂ ਨਾਲ ਸੀ। ਅੰਤ ਵਿਚ ਤਸੱਲੀ ਭਰੇ ਕੁਝ ਸ਼ਬਦ, 'ਚਲੋ, ਰਾਮ ਜੀ ਨੂੰ ਇਹੋ ਮੰਜ਼ੂਰ ਸੀ। ਉਹ ਸ਼ਰਤੀਆ ਮੁਕਤੀ ਦੇਣਗੇ, ਜੋਧੇ ਭਰਾ ਨੂੰ…।'
ਆਉਣ ਵਾਲਾ ਹਰ ਆਦਮੀ ਬਸ ਇਹੀ ਕਹਿ ਕੇ ਵਿਧਵਾ ਨੂੰ ਤਸੱਲੀ ਦੇ ਜਾਂਦਾ। ਸ਼੍ਰੀ ਰਾਮ ਸੱਚਮੁੱਚ ਬੜਾ ਮਾਨਸਿਕ ਸਹਾਰਾ ਦੇਂਦੇ ਸੀ, ਕਹਿਣ ਵਾਲੇ ਨੂੰ ਵੀ ਤੇ ਸੁਣਨ ਵਾਲੇ ਨੂੰ ਵੀ। ਕੇਹੀ ਵੀ ਸਮੱਸਿਆ ਹੋਵੇ, ਉਹੀ ਸਾਰੀਆਂ ਦਾ ਸਮਾਧਾਨ ਨੇ। ਵੱਡੇ ਤੋਂ ਵੱਡਾ ਸੁਖ ਦੇਣ ਵਾਲੇ, ਵੱਡੇ ਤੋਂ ਵੱਡਾ ਦੁੱਖ ਹਰਨ ਵਾਲੇ। ਹਰਦੇ ਨਾ ਸਹੀ, ਪਰ ਕੁਝ ਨਾ ਕੁਝ ਹਲਕਾ ਤਾਂ ਕਰ ਹੀ ਦਿੰਦੇ ਸੀ।
'ਰੋਂਦੇ ਵੀ ਰਾਮ, ਹੱਸਦੇ ਵੀ ਰਾਮ। ਸੌਂਦੇ ਵੀ ਰਾਮ, ਉਠਦੇ ਵੀ ਰਾਮ। ਸੁਖ ਵਿਚ ਵੀ ਰਾਮ, ਦੁਖ ਵਿਚ ਵੀ ਰਾਮ।' ਅਜਿਹੇ ਰਾਮ ਦੀ ਅਯੋਧਿਆ ਦੇ ਨਾਲ ਲੱਗਦਾ ਸੀ ਸ਼ਿਵਦਹਾ ਪਿੰਡ…ਜਿੱਥੋਂ ਦਾ ਜੋਧਾ ਮਲਾਹ, ਦਿੱਲੀ ਵਿਚ ਮਰਿਆ ਸੀ ਤੇ ਸ਼੍ਰੀ ਰਾਮ ਉੱਥੇ ਜਾ ਕੇ ਹੀ ਉਸਨੂੰ ਮੁਕਤੀ ਦੇ ਆਏ ਸਨ…ਸਾਰੇ ਇਹੀ ਮੰਨਦੇ ਸੀ।
ਦੁਨੀਆਂ ਕੀ ਜਾਣੇ ਧਰਤੀ ਦੇ ਇਕ ਤਿਕੋਣੇ ਟੁਕੜੇ 'ਤੇ ਕੀ ਨੇ ਸ਼੍ਰੀਰਾਮ ? ਉਹਨਾਂ ਨੂੰ ਜਾਣਨ ਲਈ ਉੱਥੋਂ ਦੇ ਲੋਕਾਂ ਦੀ ਆਤਮਾ ਵਿਚ ਝਾਕਣਾ ਪਵੇਗਾ। ਭਗਵਾਨ ਵਰਗਾ ਵੱਡਾ ਸ਼ਬਦ ਵੀ ਛੋਟਾ ਲੱਗਣ ਲੱਗਦਾ ਹੈ ਓਸ 'ਸ਼੍ਰੀਰਾਮ' ਪ੍ਰਤੀ।
ਅਚਾਨਕ ਕੁਝ ਯਾਦ ਆਉਂਦਿਆਂ ਹੀ ਮੋਹਨ ਨੂੰ ਇਕ ਝਟਕਾ ਜਿਹਾ ਲੱਗਿਆ ਤੇ ਉਸਦੇ ਚਿਹਰੇ ਦਾ ਰੰਗ ਸੂਤਿਆ ਗਿਆ। ਸ਼ਾਮ ਹੋਣ ਵਾਲੀ ਸੀ। ਉਸਨੇ ਭਰਾ ਨੂੰ ਇਸ਼ਾਰਾ ਕੀਤਾ, ਫੇਰ ਦੋਵੇਂ ਝੁੱਗੀ 'ਚੋਂ ਬਾਹਰ ਆ ਕੇ ਨਿੰਮ ਹੇਠਲੀ ਚੁੱਪ ਵਿਚ ਜਾ ਖਲੋਤੇ।
ਵੱਡੇ ਨੇ ਛੋਟੇ ਨੂੰ ਕਿਹਾ,
"ਇਕ ਗੱਲ ਤਾਂ ਅਸੀਂ ਭੁੱਲ ਈ ਗਏ !"
"ਕੀ ?" ਸੋਹਨ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਮੋਹਨ ਨੇ ਘੁਸਰ ਮੁਸਰ ਕੀਤੀ।
"ਫੁੱਲ…ਕੱਲ੍ਹ ਈ ਪ੍ਰਵਾਹ ਕਰਨੇ ਐਂ ਨਾ..."
ਸੋਹਨ ਯਕਦਮ ਤ੍ਰਬਕ ਪਿਆ, "ਹਾਂ, ਪਰ ਫੁੱਲ ਹੈਨ ਕਿੱਥੇ ?"
ਵੱਡਾ ਬੋਲਿਆ, "ਉਹੀ ਤਾਂ ਮੈਂ ਕਹਿ ਰਿਹਾਂ..."
ਏਨਾ ਸੁਣਦਿਆਂ ਹੀ ਛੋਟੇ ਨੇ ਸਿਰ ਫੜ੍ਹ ਲਿਆ ਤੇ ਕੁਝ ਪਲ ਲਈ ਬੁੱਤ ਬਣਿਆ ਰਿਹਾ---ਫੇਰ ਧੀਮੀ ਆਵਾਜ਼ ਵਿਚ ਘੁਸਰ-ਮੁਸਰ ਕੀਤੀ :
"ਜੇ ਤੈਨੂੰ ਯਾਦ ਨਾ ਆਈ ਹੁੰਦੀ ਇਹ ਗੱਲ ਤਾਂ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੁੰਦੀ।"
ਮੋਹਨ ਨੇ ਝੱਟ ਕਿਹਾ, "ਅਜੇ ਵੀ ਦੇਰੀ ਨਹੀਂ ਹੋਈ, ਹੁਣ ਤੂੰ ਨਿਕਲ ਪੈ---ਮਲੀਆ (ਮਿੱਟੀ ਦਾ ਇਕ ਭੀੜੇ ਮੂੰਹ ਵਾਲਾ ਕੁੱਜਾ) ਏਧਰੋਂ ਹੀ ਖਰੀਦ ਲਵੀਂ। ਅਜੇ ਘੰਟੇ ਕੁ ਦਾ ਦਿਨ ਬਾਕੀ ਐ। ਰਾਤ ਹੁੰਦਿਆਂ-ਹੁੰਦਿਆਂ ਪਰਤ ਆਵੇਂਗਾ।"
ਫੇਰ ਸੋਹਨ ਪਲ ਭਰ ਰੁਕੇ ਬਿਨਾਂ ਕਾਹਲੇ ਪੈਰੀਂ ਉੱਥੋਂ ਤੁਰ ਗਿਆ ਸੀ।
ਖਾਸੀ ਦੇਰ ਪਿੱਛੋਂ ਮਾਂ ਨੇ ਪੁੱਛਿਆ :
"ਸੋਹਨ ਨਹੀਂ ਦਿਸ ਰਿਹਾ, ਕਿਤੇ ਭੇਜਿਆ ਐ ਕਿ…"
ਮੋਹਨ ਅਚਾਨਕ ਭਵੰਤਰ ਗਿਆ, ਫੇਰ ਸੰਭਲ ਕੇ ਬੋਲਿਆ :
"ਬਸ ਅਯੋਧਿਆ ਤੱਕ ਗਿਐ ਬੇਬੇ। ਓਥੇ ਇਕ ਸਾਥੀ ਐ ਮੇਰਾ। ਸਿਰ 'ਤੇ ਆ ਪਿਐ ਬਾਪੂ ਦਾ ਕਾਰਜ…ਮੈਂ ਕੋਈ ਮਰਨਾ-ਪਰਨਾ ਨੀਂ ਕੀਤਾ। ਸੋਚਿਆ ਉਸਨੂੰ ਬੁਲਾਅ ਲਵਾਂ। ਉਹ ਜਾਣਕਾਰ ਐ।"
ਜਵਾਬ ਬੜੀ ਸਹਿਜਤਾ ਤੇ ਵਿਸ਼ਵਾਸ ਨਾਲ ਦਿੱਤਾ ਗਿਆ ਸੀ, ਤੇ ਮਾਂ ਸੰਤੁਸ਼ਟ ਹੋ ਗਈ ਸੀ---ਪਰ ਉਹ ਸਿਸਕਣ ਲੱਗ ਪਈ। ਅੰਤ ਵਿਚ ਚੁੰਨੀ ਦਾ ਇਕ ਸਿਰਾ ਮੂੰਹ ਵਿਚ ਤੁੰਨੀ ਝੁੱਗੀ ਵਿਚ ਚਲੀ ਗਈ।
ਕੁਝ ਚਿਰ ਪਿੱਛੋਂ ਸੋਹਨ ਪਰ ਆਇਆ। ਭਰਾ ਨੇ ਸੈਂਤ ਨਾਲ ਪੁੱਛਿਆ, 'ਕੰਮ ਹੋ ਗਿਆ ?'
'ਹਾਂ', ਉਸਨੇ ਜਵਾਬ ਵੀ ਇਸ਼ਾਰੇ ਵਿਚ ਹੀ ਦਿੱਤਾ।
ਮੋਹਨ ਨੇ ਅਤੀ ਧੀਮੀ ਆਵਾਜ਼ ਵਿਚ ਕਿਹਾ, "ਜਗ੍ਹਾ ਯਾਦ ਐ ਨਾ…।"
"ਯਾਦ ਐ। ਪੂਰਬ ਵਾਲੇ ਟੱਕ ਦੇ ਦੱਖਣੀ ਸਿਰੇ 'ਤੇ। ਵੱਟ ਦੇ ਐਨ ਨਾਲ ਕਰਕੇ…"
ਸੋਹਨ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੋਹਨ ਨੇ ਸ਼ੰਕੇ ਗਰਸੀ ਆਵਾਜ਼ ਵਿਚ ਪੁੱਛਿਆ :
"ਓਦੋਂ ਤੈਨੂੰ ਕਿਸੇ ਨੇ ਵੇਖਿਆ ਤਾਂ ਨੀਂ ਨਾ ?"
"ਨਹੀਂ-ਨਹੀਂ। ਮੈਂ ਟੋਇਆ ਪੁੱਟਣ ਤੋਂ ਪਹਿਲੋਂ ਸਾਰੇ ਪਾਸੇ ਨਿਗਾਹ ਮਾਰ ਲਈ ਸੀ।"
"ਕਿੰਨਾ ਕੁ ਡੂੰਘਾ ਨੱਪਿਆ ਐ ਮਲੀਆ ?"
"ਡੇਢ ਹੱਥ। ਧਰਤੀ ਸਿੱਲ੍ਹੀ ਸੀ, ਸੋ ਪੁੱਟਣ ਵਿਚ ਕੋਈ ਦਿੱਕਤ ਨਹੀਂ ਆਈ।"
ਵੱਡੇ ਭਰਾ ਨੇ ਇਕ ਵਾਰੀ ਫੇਰ ਲੰਮਾ ਸਾਹ ਖਿੱਚਿਆ, ਫੇਰ ਧੀਮੀ ਆਵਾਜ਼ ਵਿਚ ਫੁਸਫੁਸਾਇਆ :
"ਚੱਲੋ, ਇਕ ਵੱਡਾ ਕਾਰਜ ਨਿਬੜਿਆ। ਬੇਬੇ ਪੁੱਛੇ ਤਾਂ ਕਹਿ ਦੇਵੀਂ, ਭਰਾ ਦੇ ਕਹਿਣ 'ਤੇ ਅਯੋਧਿਆ ਗਿਆ ਸੀ, ਉਸਦੇ ਕਿਸੇ ਸਾਥੀ ਨੂੰ ਕਹਿਣ। ਮੈਂ ਉਸਨੂੰ ਇਹੀ ਕਿਹੈ…"
ਫੇਰ ਦੋਵੇਂ ਭਰਾ ਪੂਰੀ ਤਰ੍ਹਾਂ ਬੇਫਿਕਰ ਹੋ ਗਏ ਸੀ।
ਅਗਲੇ ਦਿਨ ਦੋਵਾਂ ਭਰਾਵਾਂ ਨੇ ਸਵੱਖਤੇ ਹੀ ਬਿਸਤਰਾ ਛੱਡ ਦਿੱਤਾ ਤੇ ਛੇਤੀ-ਛੇਤੀ ਨਹਾਅ ਧੋ ਕੇ ਤਿਆਰ ਹੋ ਗਏ। ਫੇਰ ਸੋਹਨ ਚਲਾ ਗਿਆ, ਪੰਡਤ ਜੀ ਨੁੰ ਬੁਲਾਉਣ। ਪਰ ਮਾਂ ਕਦੋਂ ਉਠ ਪਈ ਸੀ, ਮੁੰਡਿਆਂ ਨੂੰ ਪਤਾ ਈ ਨਹੀਂ ਸੀ ਲੱਗਿਆ, ਕਿਉਂਕਿ ਉਹਨਾਂ ਦੇ ਉਠਣ ਤੋਂ ਪਹਿਲਾਂ ਦੀ ਜਾਗੀ ਹੋਈ ਸੀ ਉਹ।
ਉਹ ਜਾਣਦੀ ਸੀ ਸੋਹਨ ਕਿੱਥੇ ਤੇ ਕਿਉਂ ਗਿਆ ਹੈ, ਫੇਰ ਵੀ ਪੁੱਛਣ ਲੱਗੀ :
"ਕੀ ਸੋਹਨ ਨੂੰ ਪੰਡਤ ਜੀ ਵੱਲ ਭੇਜਿਆ ਐ ਬੱਚਿਆ ?"
"ਹਾਂ, ਬੇਬੇ।"
"ਫੁੱਲ ਅੱਜ ਈ ਪ੍ਰਵਾਹ ਕਰਨੇ ਐਂ ਨਾ ?"
ਮਾਂ ਨੂੰ ਚੰਗਾ ਭਲਾ ਪਤਾ ਸੀ, ਫੇਰ ਵੀ ਪੁੱਛ ਰਹੀ ਸੀ।
ਮੋਹਨ ਵੀ ਜਾਣਦਾ ਸੀ ਕਿ ਮਾਂ ਨੂੰ ਪਤਾ ਹੈ ਇਸ ਗੱਲ ਦਾ, ਤਾਂ ਵੀ ਓਨੀ ਹੀ ਸਹਿਜਤਾ ਨਾਲ ਬੋਲਿਆ :
"ਹਾਂ, ਅੱਜ ਈ ਪ੍ਰਵਾਹ ਕਰਨੇ ਐਂ। ਤਾਂਹੀਏਂ ਤਾਂ ਪੰਡਤ ਜੀ ਨੂੰ ਕਹਿ ਭੇਜਿਆ ਐ। ਤੂੰ ਤਾਂ ਜਾਣਦੀ ਈ ਐਂ ਉਹਨਾਂ ਦੀ ਲੇਟ-ਲਤੀਫ਼ਾਂ ਵਾਲੀ ਆਦਤ ਨੂੰ। ਇਸ ਲਈ ਛੇਤੀ ਈ ਦੌੜਾ ਦਿੱਤਾ ਸੋਹਨੇ ਨੂੰ…"
ਕਦੀ-ਕਦੀ ਗੱਲਾਂ ਦਾ ਕੋਈ ਮੰਤਵ ਨਹੀਂ ਹੁੰਦਾ। ਉਹ ਸਿਰਫ ਮਨ ਦਾ ਖਲਾਅ ਪੂਰਨ ਦੇ ਕੰਮ ਆਉਂਦੀਆਂ ਨੇ। ਜਿਹੜੀ ਚੀਜ਼ ਨਾ ਰਹਿ ਗਈ ਹੋਵੇ, ਉਸਨੂੰ ਵੀ ਇਕ ਰੂਪ ਦੇ ਦੇਂਦੀਆਂ ਨੇ, ਉਸ ਨਾਲ ਜੁੜੀਆਂ ਹੋਈਆਂ ਗੱਲਾਂ। ਪਤੀ ਨਹੀਂ ਰਿਹਾ, ਤਾਂ ਉਸਦੀਆਂ ਗੱਲਾਂ ਹੀ ਸਹੀ…ਪਰ ਗੱਲਾਂ ਦੇ ਮਹੱਤਵ ਦੀ ਵੀ ਇਕ ਹੱਦ ਹੁੰਦੀ ਏ। ਮਾਂ ਕੁਝ ਪਲ ਤੱਕ ਪਤਾ ਨਹੀਂ ਕਿੱਥੇ ਗਵਾਚੀ ਰਹੀ, ਫੇਰ ਅਚਾਨਕ ਬੜਬੜਾਉਣ ਲੱਗੀ :
"ਉਹਦੀ ਸਵਾਹ ਦੀ ਵੀ ਬੜੀ ਤਸੱਲੀ ਸੀ ਪੁੱਤ, ਤੁਸੀਂ ਉਸਨੂੰ ਵੀ ਤਾਰ ਆਓਗੇ ਤਾਂ ਕਿਸ ਆਸਰੇ ਸੰਤੋਖ ਕਰਾਂਗੀ ਮੈਂ ? ਪਰ ਦੁਨੀਆਂ ਦੀ ਰੀਤ ਐ, ਤਾਰ ਆਓ। ਪਰ…"
"ਪਰ ਕੀ ਬੇਬੇ ? ਦੱਸ ਕੀ ਕਹਿਣ ਲੱਗੀ ਸੀ ਤੂੰ ?"
"ਮਲੀਆ, ਇਕ ਵਾਰੀ ਘਰ ਲੈ ਆਉਂਦੇ…ਉਹਦਾ ਤਨ ਨਾ ਦੇਖ ਸਕੀ, ਹੱਡੀਆਂ ਈ ਸਹੀ…ਉਹਦੀ ਰਾਖ ਈ ਮਲ ਲੈਂਦੀ ਛਾਤੀ 'ਤੇ, ਤਾਂ ਕਾਲਜਾ ਠਰ ਜਾਂਦਾ…ਤੁਸੀਂ ਕੀ ਜਾਣੋ ਬੱਚਾ, ਕਿੰਨੀ ਪੀੜ ਭਰੀ ਐ ਅੰਦਰ ! ਆਦਮੀ ਚਲਾ ਜਾਵੇ, ਤੇ ਤੀਵੀਂ ਉਹਦਾ ਮੂੰਹ ਵੀ ਨਾ ਵੇਖ ਸਕੇ ! ਇਸ ਨਾਲੋਂ ਵੱਡੀ ਤਕਲੀਫ਼ ਵਾਲੀ ਗੱਲ ਹੋਰ ਕਿਹੜੀ ਹੋਵੇਗੀ, ਕਿਸੇ ਤੀਵੀਂ ਲਈ…"
ਕਹਿੰਦੀ ਹੋਈ ਉਹ ਫੇਰ ਫਿਸ ਪਈ।
ਮੋਹਨ ਸੋਚਾਂ ਵਿਚ ਡੁੱਬ ਗਿਆ। ਕੁਝ ਚਿਰ ਦੀ ਚੁੱਪ ਪਿੱਛੋਂ ਅਚਾਨਕ ਬੋਲਿਆ :
"ਆਖੇਂ ਤਾਂ ਮਲੀਆ ਲੈ ਆਵਾਂ ਬੇਬੇ। ਬਸ ਅਸੁਗਨ ਵਾਲੀ ਗੱਲ ਸੀ ਜਰਾ ਜੇਨੀ…ਲੋਕ ਕਹਿੰਦੇ ਐ, ਫੁੱਲ ਘਰ ਨੀਂ ਲਿਆਉਂਦੇ ਹੁੰਦੇ।"
ਉਸਦੀ ਗੱਲ ਸੁਣ ਕੇ ਮਾਂ ਅਚਾਨਕ ਚੀਕ ਪਈ :
"ਨਾ ਨਾ…ਬੱਚਾ, ਬਿਲਕੁਲ ਨਹੀਂ। ਘਰੇ ਕੋਈ ਹੋਰ ਅਸੁਗਨ, ਹੁਣ ਮੈਥੋਂ ਝੱਲ ਨੀਂ ਹੋਣਾ। ਸ਼੍ਰੀਰਾਮ ਜੀ ਥੋਨੂੰ ਦੋਵਾਂ ਨੂੰ ਸਲਾਮਤ ਰੱਖਣ, ਹੁਣ ਤਾਂ ਬਸ ਏਨੀ ਈ ਬੇਨਤੀ ਐ ਉਹਨਾਂ ਅੱਗੇ। ਵੈਸੇ ਇਕ ਗੱਲ ਪੁੱਛਾਂ…"
"ਪੁੱਛ ਬੇਬੇ।"
"ਤੇਰੇ ਬਾਪੂ ਦਾ ਸੰਸਕਾਰ ਕਿਵੇਂ ਹੋਇਆ ਸੀ ਫੇਰ…ਚਾਰ ਬੰਦੀ ਸੀ ਨਾਲ ?"
"ਚਾਰ ਕੀ ਸੈਂਕੜੇ ਸੀ ਬੇਬੇ। ਐਨੇ ਬੰਦੇ ਤਾਂ ਏਥੇ ਵੀ ਨਾ ਹੁੰਦੇ। ਜਿਸਨੇ ਸੁਣਿਆ, ਉਹੀ ਨਾਲ ਹੋ ਲਿਆ। ਦਿੱਲੀ ਦੇ ਲੋਕ ਬੜੇ ਭਲੇ ਬੰਦੇ ਐ ਬੇਬੇ।"
"ਪਹਿਲੇ ਕਾਹਣੀ ਤਾਂ ਤੁਸੀਂ ਦੋਵੇਂ ਭਰਾ ਈ..."
ਮਾਂ ਦੀ ਗੱਲ ਅਜੇ ਪੂਰੀ ਵੀ ਨਹੀਂ ਹੋਈ ਸੀ ਕਿ ਮੋਹਨ ਝੱਟ ਬੋਲਿਆ, "ਇਹ ਵੀ ਕੋਈ ਪੁੱਛਣ ਆਲੀ ਗੱਲ ਆ ਬੇਬੇ ?"
"ਜਿੱਥੇ ਪੂਰਾ ਹੋਇਆ ਸੀ ਓਥੋਂ ਘਾਟ ਕਿੱਡੀ ਦੂਰ ਸੀ ਬੱਚਾ ?"
"ਘ-ਘ-ਘਾਟ !" ਮੁੰਡਾ ਕੇਰਾਂ ਹਕਲਾਇਆ ਫੇਰ ਸੰਭਲ ਗਿਆ, "ਬਹੁਤਾ ਨਹੀਂ, ਪਰ ਏਨਾ ਤਾਂ ਸੀ ਈ ਜਿੰਨੀ ਅਯੋਧਿਆ ਐ ਏਥੋਂ। ਉਹੀ ਕੋਈ ਸਵਾ ਕੋਹ..."
"ਤੇ ਅਗਨੀ ਕਿਸ ਨੇ ਦਿੱਤੀ ?"
"ਮੇਰੇ ਹੁੰਦਿਆਂ ਭਲਾ ਹੋਰ ਕੌਣ ਦਿੰਦਾ ?"
"ਚੰਗਾ ਕੀਤਾ। ਇਵੇਂ ਹੋਣ ਵੀ ਚਾਹੀਦਾ ਸੀ। ਭਾਵੇਂ ਘੰਟਾ ਈ ਸਹੀ, ਪਰ ਵੱਡਾ ਪੁੱਤ ਤਾਂ ਤੂੰਹੀਓਂ ਐਂ ਆਪਣੇ ਬਾਪੂ ਦਾ। ਫੇਰ ਤਾਂ ਕਰਮੀ-ਧਰਮੀ ਵੀ ਤੂੰ ਈ ਬੈਠਾ ਹੋਵੇਂਗਾ ? ਓਇ ! ਕ੍ਰਿਆ ਕਰਮ ਆਲੀ ਗੱਲ ਤਾਂ ਭੁੱਲ ਈ ਗਈ ਸੀ ਮੈਂ..."
ਕਹਿੰਦੀ ਹੋਈ ਮਾਂ ਝੱਟ ਉੱਠੀ ਤੇ ਅਹੁਲ ਕੇ ਝੁੱਗੀ ਦੇ ਉਸ ਕੋਨੇ ਤੱਕ ਜਾ ਪਹੁੰਚੀ ਜਿੱਥੇ ਧੂੰਏਂ ਨਾਲ ਪੂਰੀ ਤਰ੍ਹਾਂ ਕਾਲੀ ਹੋ ਚੱਕੀ ਇਕ ਟਰੰਕੀ ਰੱਖੀ ਹੋਈ ਸੀ। ਉਹ ਉਸਨੂੰ ਖੋਲ੍ਹ ਕੇ ਕੁਝ ਚਿਰ ਫਰੋਲਦੀ ਰਹੀ ਫੇਰ ਇਕ ਕਾਲਾ ਧਾਗਾ ਕੱਢ ਦੇ ਆਪਣੇ ਪੁੱਤਰ ਕੋਲ ਲੈ ਆਈ ਤੇ ਉਸਨੂੰ ਦਿੰਦੀ ਹੋਈ ਬੋਲੀ :
"ਇਸਨੂੰ ਪਾ ਲੈ ਗਲੇ 'ਚ। ਕ੍ਰਿਆ ਆਲੇ 'ਤੇ ਮ੍ਰਿਤਕ ਦੀ ਆਤਮ ਔਖੀ ਰਹਿੰਦੀ ਆ। ਉਹ ਇਸ ਲਈ, ਕਿਉਂ ਸਾੜਿਆ ਸੀ ਮੈਨੂੰ ? ਏਨਾ ਕੁ ਹੋਸ਼ ਉਸਨੂੰ ਰਹਿੰਦੇ ਦਸਵੇਂ ਤਾਈਂ। ਫੇਰ ਆਤਮਾ ਮੁਕਤ ਹੋ ਕੇ ਭਗਵਾਨ ਦੇ ਲੋਕ ਚਲੀ ਜਾਂਦੀ ਐ।"
ਮੋਹਨ ਨੇ ਵੇਖਿਆ, ਉਸ ਕਾਲੇ ਧਾਗੇ ਨਾਲ ਇਕ ਨਿੱਕਾ ਜਿਹਾ ਚਾਕੂ ਬੰਨ੍ਹਿਆ ਹੋਇਆ ਸੀ। ਉਸਨੂੰ ਗਲੇ ਵਿਚ ਪਾ ਕੇ ਉਹ ਝੁੱਗੀ ਵਿਚੋਂ ਬਾਹਰ ਨਿਕਲ ਆਇਆ। ਉਸਦੇ ਪਿੱਛੇ ਮਾਂ ਵੀ ਆ ਗਈ। ਉਦੋਂ ਹੀ ਕੁਝ ਦੂਰ ਸਾਹਮਣੀ ਪਗਡੰਡੀ ਉੱਤੇ ਪੰਡਤ ਜੀ ਦੇ ਨਾਲ ਸੋਹਨ ਤੁਰਿਆ ਆਉਂਦਾ ਦਿਖਾਈ ਦਿੱਤਾ। ਮਾਂ ਅਚਾਨਕ ਡਿੱਕ-ਡੋਲੇ ਖਾਣ ਲੱਗ ਪਈ। ਮੋਹਨ ਕੁਝ ਸਮਝ ਸਕਦਾ ਇਸ ਤੋਂ ਪਹਿਲਾਂ ਹੀ ਉਹ ਸੁੱਕੇ ਟਾਹਣ ਵਾਂਗ ਘੜੰਮ ਕਰਕੇ ਚੁਫਾਲ ਜਾ ਡਿੱਗੀ। ਮੋਹਨ ਘਬਰਾ ਕੇ ਕੂਕਿਆ, "ਦੌੜ ਕੇ ਆ ਭਰਾ। ਦੇਖ, ਬੇਬੇ ਡਿੱਗ ਪਈ…।"
ਸੋਹਨ ਦੌੜ ਕੇ ਆਇਆ। ਮਾਂ ਨੂੰ ਹਿਲਾਇਆ-ਝੰਜੋੜਿਆ। ਉਹ ਬੇਹੋਸ਼ ਪਈ ਸੀ। ਉਸਦੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰੇ ਗਏ। ਕੁਝ ਚਿਰ ਪਿੱਛੋਂ ਉਹ ਕਸਮਸਾਈ, ਅੱਖਾਂ ਖੋਹਲੀਆਂ ਤੇ ਫੇਰ ਪੂਰੀ ਤਰ੍ਹਾਂ ਹੋਸ਼ ਵਿਚ ਆ ਗਈ। ਵੱਡੇ ਨੇ ਪੁੱਛਿਆ, "ਕੀ ਹੋਇਆ ਸੀ ਬੇਬੇ ?"
ਉਹ ਬੜਬੜਾਈ, "ਸਾਹਮਣੇ ਛੋਟੇ ਨੂੰ ਆਉਂਦਾ ਦੇਖਿਆ, ਤਾਂ ਲੱਗਿਆ ਤੁਹਾਡਾ ਬਾਪੂ ਆ ਰਿਹੈ। ਕੀ ਦੱਸਾਂ ਪੁੱਤ ਹੁਣ ਤਾਂ ਬਸ ਸੁਪਨੇ ਈ ਦੇਖਣੇ ਐਂ। ਜਾਓ ਪ੍ਰਵਾਹ ਕਰ ਆਓ, ਉਹਨੂੰ ਸਰਜੂ ਮਈਆ ਦੀ ਗੋਦ 'ਚ। ਉਹਨੂੰ ਬੇਨਤੀ ਕਰ ਆਉਣਾ,ਤੇਰੇ ਕੰਢੇ ਬਾਪੂ ਦੀ ਮਿੱਟੀ ਨਹੀਂ ਲਿਆ ਸਕੇ ਤਾਂ ਉਹਦੀ ਰਾਖ ਲੈ ਆਏ ਆਂ। ਸਵੀਕਾਰ ਕਰੋ ਮਾਂ ਤੇ ਸਵਰਗ 'ਚ ਵਾਸਾ ਕਰੋ ਉਹਦਾ…" ਫੇਰ ਉਹ ਪੰਡਤ ਜੀ ਵੱਲ ਭੌਂ ਕੇ ਬੋਲੀ, "ਹੁਣ ਜਾਓ ਪੰਡਤ ਜੀ ਮੇਰੇ ਮੁੰਡਿਆਂ ਨੂੰ ਲੈ ਕੇ। ਇਹਨਾਂ ਦੇ ਬਾਪੂ ਨੂੰ ਮੁਕਤੀ ਦਿਵਾਅ ਆਓ ਮਹਾਰਾਜ…" ਕਹਿੰਦੀ ਹੋਈ ਪੰਡਤ ਜੀ ਦੇ ਚਰਨਾਂ 'ਤੇ ਡਿੱਗ ਪਈ।
ਫੇਰ ਦੋਵੇਂ ਭਰਾ ਪੰਡਤ ਜੀ ਦੇ ਨਾਲ ਹੋ ਲਏ ਸੀ। ਰਸਤੇ ਵਿਚੋਂ ਸੋਹਨ ਨੇ ਆਪਣੇ ਖੇਤ ਵਿਚ ਰੁਕ ਕੇ ਫੁੱਲਾਂ ਵਾਲਾ ਮਲੀਆ ਕੱਢਿਆ, ਫੇਰ ਲਗਭਗ ਇਕ ਘੰਟੇ ਦੀ ਪਦ-ਯਾਤਰਾ ਪਿੱਛੋਂ ਅਯੋਧਿਆ ਦੇ ਉਸ ਘਾਟ 'ਤੇ ਜਾ ਪਹੁੰਚੇ ਜਿੱਥੇ ਕਦੀ ਜੋਧਾ ਖ਼ੁਦ ਬੇੜੀ ਲਾਉਂਦਾ ਹੁੰਦਾ ਸੀ।
ਸੂਰਜ ਕਾਫੀ ਉੱਚਾ ਚੜ੍ਹ ਆਇਆ ਸੀ। ਘਾਟ 'ਤੇ ਬੇੜੀਆਂ ਕਤਾਰ 'ਚ ਲੱਗੀਆਂ ਹੋਈਆਂ ਸਨ। ਕੁਝ ਤੁਰਨ ਲਈ ਤਿਆਰ ਸਨ, ਕੁਝ ਧਾਰ ਵਿਚੋਂ ਵਾਪਸ ਪਰਤ ਰਹੀਆਂ ਸਨ। ਮੋਹਨ ਆਪਣੇ ਪਿਓ ਦਾ ਅਸਥੀਕਲਸ਼ ਚੁੱਕੀ ਇਕ ਬੇੜੀ ਵਿਚ ਜਾ ਬੈਠਾ। ਉਹ ਖ਼ੁਦ ਮਲਾਹ ਸਨ, ਇਸ ਲਈ ਕਿਰਾਏ ਦੀ ਕੋਈ ਗੱਲ ਨਹੀਂ ਹੋਈ। ਫੇਰ ਸੋਹਨ ਤੇ ਪੰਡਤ ਜੀ ਵੀ ਜਾ ਚੜ੍ਹੇ ਸਨ, ਉਸੇ ਬੇੜੀ ਉੱਤੇ। ਪਰ ਜਦੋਂ ਬੇੜੀ ਤੁਰਨ ਲੱਗੀ ਤਾਂ ਕੋਈ ਦੂਰੋਂ ਹੀ ਕੂਕਿਆ :
"ਚਾਚਾ, ਓ ਚਾਚਾ ਜੀ…"
ਪੰਡਤ ਜੀ ਨੇ ਮੁੜ ਕੇ ਦੇਖਿਆ ਤਾਂ ਖਿੜ ਕੇ ਬੋਲੇ :
"ਓਇ, ਇਹ ਤਾਂ ਮੇਰਾ ਦੇਵਵਰਤ ਐ…"
ਉਦੋਂ ਤਕ ਮੋਹਨ ਨੇ ਵੀ ਪਿੱਛੇ ਭੌਂ ਕੇ ਦੇਖ ਲਿਆ ਸੀ ਤੇ ਪੰਡਤ ਜੀ ਮੁਸਕਰਾ ਕੇ ਬੋਲੇ ਸੀ :
"ਤੂੰ ਉਹਨੂੰ ਪਛਾਣਿਆ ਨਹੀਂ ਮੋਹਣਿਆ ? ਮੇਰਾ ਭਤੀਜਾ ਏ ਦੇਵਵਰਤ…ਪਰ ਸਾਲ ਦਾ ਦਿੱਲੀ 'ਚ ਰਹਿਣ ਲੱਗਾ ਏ। ਅੱਜਕੱਲ੍ਹ ਈ ਆਇਆ ਹੋਵੇਗਾ, ਵਰਨਾ ਪਿੰਡ ਆਉਂਦਾ ਜ਼ਰੂਰ ਮੈਨੂੰ ਮਿਲਣ…ਇਸਦਾ ਮਕਾਨ ਫੈਜ਼ਾਬਾਦ 'ਚ ਈ ਤਾਂ ਐ।"
ਮੋਹਨ ਬੋਲ ਪਿਆ, "ਜਾਣਦਾ ਆਂ ਪੰਡਤ ਜੀ ਹਜ਼ਾਰ ਵਾਰੀ ਤਾਂ ਆਇਆ ਐ ਪਿੰਡ। ਕਈ ਵਾਰੀ ਗੱਲਬਾਤ ਵੀ ਹੋਈ ਆ..."
ਓਦੋਂ ਤੱਕ ਦੇਵਵਰਤ ਬੇੜੀ ਕੋਲ ਆਣ ਪਹੁੰਚਿਆ ਸੀ।
"ਤੂੰ ਕਦ ਆਇਆ ਬਈ ਦਿੱਲੀਓਂ ?"
ਪੰਡਤ ਜੀ ਨੇ ਪੁੱਛਿਆ ਤਾਂ ਉਸਨੇ ਆਪਣੇ ਚਾਚੇ ਦੇ ਗੋਡੀਂ ਹੱਥ ਲਾਉਂਦਿਆਂ ਕਿਹਾ, "ਕੱਲ੍ਹ ਈ ਆਇਆਂ, ਚਾਚਾ ਜੀ। ਰਾਤ ਗੁਆਂਢ ਚ ਇਕ ਮਰਗ ਹੋ ਗਈ ਤਾਂ ਏਥੇ ਆਉਣਾ ਪਿਆ। ਵਰਨਾ ਏਸ ਵੇਲੇ ਮੈਂ ਸ਼ਿਵਦਹਾ 'ਚ ਹੁੰਦਾ।" ਪੰਡਤ ਜੀ ਨੇ ਧੌਣ ਅਕੜਾ ਕੇ ਮੋਹਨ ਵੱਲ ਦੇਖਿਆ ਤੇ ਬੋਲੇ :
"ਕਿਹਾ ਸੀ ਨਾ ਮੋਹਣਿਆ, ਇਹ ਅੱਜਕੱਲ੍ਹ 'ਚ ਈ ਆਇਆ ਹੋਣੈ, ਵਰਨਾ ਮੈਨੂੰ ਮਿਲੇ ਬਿਨਾਂ ਇਹਨੂੰ ਚੈਨ ਕਿੱਥੇ…"
ਓਦੋਂ ਹੀ ਦੇਵਵਰਤ ਬੋਲਿਆ :
"ਇਹ ਤਾਂ ਜੋਧੇ ਚਾਚੇ ਦੇ ਮੁੰਡੇ ਐ ਨਾ ਚਾਚਾ ਜੀ ! ਮੈਨੂੰ ਭੁਲੇਖਾ ਤਾਂ ਨਹੀਂ ਪੈਂਦਾ ਨਾ ?"
ਪਰ ਉਸਦੇ ਚਾਚਾ ਜੀ, ਯਾਨੀ ਪੰਡਤ ਜੀ ਦੇ ਬੋਲਣ ਤੋਂ ਪਹਿਲਾਂ ਹੀ ਮੋਹਨ ਬੋਲ ਪਿਆ :
"ਤੂੰ ਠੀਕ ਪਛਾਣਿਆ ਐਂ ਭਰਾ। ਮੈਂ ਤਾਂ ਤੇਰਾ ਘਰ ਵੀ ਜਾਣਦਾ ਆਂ। ਕਈ ਵਰ੍ਹੇ ਪਹਿਲਾਂ ਜਦੋਂ ਸਾਡੀ ਬੇਬੇ ਲੰਮੀ ਬੀਮਾਰੀ ਨਾਲ ਮਰਦੀ-ਮਰਦੀ ਬਚੀ ਸੀ ਉਦੋਂ ਬੇੜੀ ਵਿਕ ਗਈ ਸੀ ਤੇ ਅੱਧਾ ਖੇਤ ਵੀ…ਅਸੀਂ ਦੋਵੇਂ ਭਰਾ ਦਿਹਾੜੀ ਕਰਨ ਫੈਜ਼ਾਬਾਦ ਈ ਤਾਂ ਜਾਂਦੇ ਹੁੰਦੇ ਸੀ…"
ਦੇਵਵਰਤ ਹੈਰਾਨੀ ਨਾਲ ਬੋਲਿਆ, "ਤਾਂ ਕੀ ਤੁਹਾਡੀ ਬੇਬੇ ਗੁਜ਼ਰ ਗਈ ?"
"ਐਂ ਨਾ ਕਹਿ ਭਰਾ !" ਮੋਹਨ ਨੇ ਧੁੜਧੁੜੀ ਜਿਹੀ ਲੈਂਦਿਆਂ ਕਿਹਾ, "ਹੁਣ ਤਾਂ ਬੇਬੇ ਦਾ ਈ ਆਸਰਾ ਐ, ਇਹ ਫੁੱਲ ਤਾਂ ਬਾਪੂ ਦੇ ਐ।"
"ਪਰ ਮੈਂ ਤਾਂ ਉਹਨੂੰ ਹਫ਼ਤਾ ਕੁ ਪਹਿਲਾਂ ਦਿੱਲੀ 'ਚ ਵੇਖਿਆ ਸੀ..."
ਮੋਹਨ ਦਾ ਦਿਲ ਧੱਕ-ਧੱਕ ਕਰਨ ਲੱਗ ਪਿਆ। ਇਸ ਤੋਂ ਪਹਿਲਾਂ ਕਿ ਦੇਵਵਰਤ ਕੁਝ ਹੋਰ ਕਹਿੰਦਾ ਉਹ ਅਸਥੀਕਲਸ਼ ਆਪਣੇ ਭਰਾ ਨੂੰ ਫੜਾ ਕੇ ਬੇੜੀ ਵਿਚੋਂ ਛਾਲ ਮਾਰ ਕੇ ਉਤਰਿਆ ਤੇ ਕਿਨਾਰੇ ਖੜ੍ਹੇ ਦੇਵਵਰਤ ਕੋਲ ਜਾ ਪਹੁੰਚਿਆ। ਉੱਥੋਂ ਹੀ ਪੰਡਤ ਜੀ ਨੂੰ ਕਿਹਾ :
"ਬਸ ਪੰਜ ਮਿੰਟ ਦੀ ਮੋਹਲਤ ਦਿਓ ਪੰਡਤ ਜੀ, ਮੈਂ ਹੁਣ ਆਇਆ…" ਫੇਰ ਮਰੀਅਲ ਜਿਹੀ ਆਵਾਜ਼ ਵਿਚ ਬੜਬੜਾਇਆ, "ਭਰਾ ਦੇਵਵਰਤ, ਤੂੰ ਕਿੱਥੇ ਵੇਖਿਆ ਸੀ ਸਾਡੇ ਬਾਪੂ ਨੂੰ…" ਉਹਦਾ ਚਿਹਰਾ ਪੀਲਾ ਭੂਕ ਹੋ ਗਿਆ ਸੀ।
ਕੁਝ ਚਿਰ ਚੁੱਪ ਰਹਿਣ ਪਿੱਛੋਂ ਦੇਵਵਰਤ ਨੇ ਹੌਲੀ ਜਿਹੀ ਪੁੱਛਿਆ, "ਤੁਹਾਡਾ ਬਾਪੂ ਪੂਰਾ ਕਿਸ ਦਿਨ ਹੋਇਆ ਸੀ ਭਲਾ ?"
"ਪਿੱਛਲੇ ਸ਼ੁਕਰਵਾਰ ਨੂੰ।"
"ਤੇ ਤੁਸੀਂ ਉਸਨੂੰ ਲਿਆਏ ਕਿਸ ਦਿਨ ਸੀ ਓਥੋਂ ?"
"ਛਨੀਵਾਰ ਨੂੰ। ਲਿਆਏ ਕੀ…ਲਾਸ਼ ਨੂੰ ਏਨੀ ਦੂਰ ਲਿਆਉਂਦੇ ਵੀ ਕਿਵੇਂ ? ਤਾਂ ਅਸੀਂ ਓਥੇ ਈ ਸੰਸਕਾਰ ਕਰ 'ਤਾ ਸੀ ਉਹਦਾ।"
ਏਨਾ ਸੁਣਦਿਆਂ ਹੀ ਦੇਵਵਰਤ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਕੁਝ ਚਿਰ ਚੁੱਪ ਰਹਿਣ ਪਿੱਛੋ ਹੌਲੀ ਜਿਹੀ ਬੜਬੜਾਇਆ, "ਤਾਂ ਫੇਰ ਮੈਂ ਜਮਨਾਂ ਚ ਵਹਿੰਦਿਆਂ ਕਿਸ ਨੂੰ ਵੇਖਿਆ ਸੀ ?"
"ਵਹਿੰਦਾ ਵੇਖਿਆ ਸੀ ! ਪਰ ਕਿਸ ਨੂੰ ਵੇਖਿਆ ਸੀ ਤੂੰ ?"
ਕਹਿੰਦੇ ਹੋਏ ਮੋਹਨ ਦੀ ਆਵਾਜ਼ ਕੰਬਣ ਲੱਗ ਪਈ, ਪਰ ਦੇਵਵਰਤ ਓਨੀ ਦ੍ਰਿੜ੍ਹਤਾ ਨਾਲ ਹੀ ਬੋਲਿਆ, "ਮੈਂ ਤਾਂ ਜੋਧੇ ਚਾਚੇ ਨੂੰ ਈ ਵੇਖਿਆ ਸੀ…" ਉਦੋਂ ਹੀ ਨਦੀ ਵੱਲੋਂ ਆਈ ਆਵਾਜ਼ ਨੂੰ ਸੁਣ ਕੇ ਦੋਵੇਂ ਤ੍ਰਬਕ ਪਏ। ਪੰਡਤ ਜੀ ਨੇ ਖਾਸੀ ਉੱਚੀ ਆਵਾਜ਼ ਵਿਚ ਹਾਕ ਮਾਰੀ ਸੀ, "ਜਲਦੀ ਕਰ ਮੋਹਣੇ, ਵਰਨਾ ਫੁੱਲ ਪ੍ਰਵਾਹੁਣ ਦਾ ਮਹੂਰਤ ਨਿਕਲ ਜਾਊਗਾ…"
ਪਰ ਮੋਹਨ ਉਹਨਾਂ ਦੀ ਅਣਸੁਣੀ ਕਰਦਾ ਬੋਲਿਆ :
"ਤੂੰ ਕਿਸੇ ਹੋਰ ਨੂੰ ਵੇਖਿਆ ਹੋਵੇਗਾ। ਕਦੀ ਕਦੀ ਲੋਕਾਂ ਦੀਆਂ ਸ਼ਕਲਾਂ ਵੀ ਤਾਂ ਮਿਲ ਜਾਂਦੀਆਂ ਐਂ। ਪਰ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਐਂ, ਇਸ ਲਈ ਰੁਕੀਂ। ਫੁੱਲ ਪ੍ਰਵਾਹ ਕਰਕੇ ਮੈ ਆਉਣੈ ਤੇਰੇ ਕੋਲ। ਮੇਰੀ ਉਡੀਕ ਕਰੀਂ ਭਰਾ…"
ਕਹਿੰਦਾ ਹੋਇਆ ਉਹ ਮੁੜਿਆ ਤੇ ਬੇੜੀ 'ਤੇ ਜਾ ਚੜ੍ਹਿਆ। ਫੇਰ ਬੇੜੀ ਧਾਰ ਵੱਲ ਰੁੜ੍ਹ ਪਈ।
ਪੰਡਤ ਜੀ ਮੁਸਕਰਾਉਂਦੇ ਹੋਏ ਬੋਲੇ, "ਮੇਰੇ ਭਤੀਜੇ ਨਾਲ ਤਾਂ ਤੇਰਾ ਖਾਸਾ ਯਾਰਾਨਾ ਲੱਗਦੈ ਬਈ ਮੋਹਣਿਆਂ।"
"ਯਾਰਾਨਾ ਕੀ ਪੰਡਤ ਜੀ…" ਉਹ ਬੁਝੀ ਜਿਹੀ ਆਵਾਜ਼ ਵਿਚ ਬੋਲਿਆ, "ਡੇਢ ਵਿਘੇ ਜ਼ਮੀਨ ਨਾਲ ਕਿੰਜ ਢਿੱਡ ਭਰ ਸਕਾਂਗੇ ਅਸੀਂ ਤਿੰਨ ਜੀਅ। ਬੇੜੀ ਵੀ ਤਾਂ ਨਹੀਂ ਰਹੀ। ਮਲਾਹੀ ਤੋਂ ਵੀ ਗਏ, ਤੇ ਕਿਸਾਨੀ ਤੋਂ ਵੀ। ਤਾਂ ਸੋਚਿਆ ਕਿ ਦਿੱਲੀ 'ਚ ਕਿਤੇ ਨੌਕਰੀ-ਚਾਕਰੀ ਦੀ ਗੱਲ ਕਰ ਲਵਾਂ ਦੇਵ ਨਾਲ।"
ਪੰਡਤ ਜੀ ਬੋਲੇ, "ਦਿੱਲੀ ਤੇਰੇ ਲਈ ਸ਼ੁਭ ਨਹੀਂ ਮੋਹਣਿਆਂ। ਕੰਮ ਈ ਕਰਨਾ ਹੋਇਆ ਤਾਂ ਕਿਸੇ ਹੋਰ ਸ਼ਹਿਰ 'ਚ ਜਾਂਦਾ ਰਹੀਂ। ਦੂਰ ਕਿਉਂ, ਫੈਜ਼ਾਬਾਦ 'ਚ ਈ ਭਰਾ ਨੂੰ ਕਹਿ ਕੇ ਕੋਈ ਕੰਮ ਲੁਆ ਦਿਆਂਗਾ। ਦੇਵਵਰਤ ਦਾ ਪਿਓ, ਸਕਾ ਨਹੀਂ, ਪਰ ਸਕਿਆਂ ਨਾਲੋਂ ਵੱਧ ਏ ਉਹ। ਛੋਟਾ ਭਰਾ ਸਮਝ ਮੇਰਾ…"
ਏਨੇ ਵਿਚ ਬੇੜੀ ਨਦੀ ਦੇ ਐਨ ਵਿਚਕਾਰ ਪਹੁੰਚ ਕੇ ਰੁਕ ਗਈ। ਫੇਰ ਪੰਡਤ ਜੀ ਨੇ ਮੰਤਰ ਉਚਾਰਣੇ ਸ਼ੁਰੂ ਕਰ ਦਿੱਤੇ, ਜਿਹਨਾਂ ਦੇ ਪੂਰੇ ਹੁੰਦਿਆਂ ਹੀ ਮੋਹਨ ਨੇ ਮਲੀਆ ਪਾਣੀ ਵਿਚ ਉਲਟ ਦਿੱਤਾ…ਮਲੀਆ ਤੇ ਸਵਾਹ ਪਾਣੀ ਦੀਆਂ ਲਹਿਰਾਂ ਉੱਤੇ ਉਛਲਣ ਲੱਗੇ। ਕੁਝ ਚਿਰ ਤੱਕ ਉਹਨਾਂ ਨੂੰ ਇਕਟੱਕ ਵਿਹੰਦੇ ਰਹੇ ਦੋਵੇਂ ਭਰਾ, ਕਿ ਅਚਾਨਕ ਉਹਨਾਂ ਦੇ ਮਨ ਵਿਚ ਇ ਕ ਗੱਲ ਉੱਠੀ।
ਬੇਬੇ ਨੇ ਬਾਪੂ ਦੀ ਮੁਕਤੀ ਲਈ ਸਰਜੂ ਮਈਆ ਨੂੰ ਅਰਦਾਸ ਕਰਨ ਲਈ ਕਿਹਾ ਸੀ। ਪਰ ਅਸੀਂ ਕੀ ਕਰੀਏ ਅਰਦਾਸ, ਇਹ ਰਾਖੀ ਤਾਂ…
ਪਰ ਬੇੜੀ ਦੇ ਕੰਢੇ 'ਤੇ ਲੱਗਦਿਆਂ ਹੀ ਇਹ ਸਾਰੀਆਂ ਗੱਲਾਂ ਦਿਮਾਗ਼ ਵਿਚੋਂ ਲੱਥ ਗਈਆਂ ਤੇ ਬੇੜੀ ਦੇ ਸਥਿਰ ਹੁੰਦਿਆਂ ਹੀ ਮੋਹਨ ਛਾਲ ਮਾਰ ਕੇ ਹੇਠਾਂ ਉਤਰ ਆਇਆ। ਉਸਨੇ ਆਪਣੇ ਭਰਾ ਨੂੰ ਕਿਹਾ, "ਪੰਡਤ ਜੀ ਨਾਲ ਤੂੰ ਪਿੰਡ ਜਾਹ ਸੋਹਨ, ਮੈਂ ਥੋੜ੍ਹੀ ਦੇਰ 'ਚ ਆਉਣਾ।"
ਪੰਡਤ ਜੀ ਮੁਸਕੁਰਾ ਕੇ ਬੋਲੇ, "ਮੈਂ ਸਮਝ ਗਿਆ। ਮੇਰੇ ਭਤੀਜੇ ਨਾਲ ਤੂੰ ਆਪਣੀ ਨੌਕਰੀ ਦੀ ਗੱਲ ਪੱਕੀ ਕਰਕੇ ਈ ਆਏਂਗਾ। ਪਰ ਏਥੇ ਬਹੁਤੀ ਦੇਰ ਤੱਕ ਨਾ ਰੁਕੀਂ, ਤੇ ਨਾ ਹੀ ਕਿਧਰੇ ਹੋਰ ਜਾਵੀਂ…ਫੁੱਲ ਪ੍ਰਵਾਹ ਕਰਨ ਪਿੱਛੋਂ ਸਿੱਧੇ ਘਰੇ ਜਾਣਾ ਹੁੰਦੈ।"
ਏਨੀ ਹਦਾਇਤ ਕਰਕੇ ਪੰਡਤ ਜੀ ਸੋਹਨ ਨਾਲ ਤੁਰ ਗਏ।
ਮੋਹਨ ਖੜ੍ਹਾ ਦੋਵਾਂ ਨੂੰ ਜਾਂਦਿਆਂ ਦੇਖਦਾ ਰਿਹਾ। ਜਦੋਂ ਉਹ ਖਾਸੀ ਦੂਰ ਚਲੇ ਗਏ, ਉਹ ਓਧਰ ਤੁਰ ਪਿਆ ਜਿਧਰ ਲੋਕਾਂ ਦੀ ਭੀੜ ਖੜ੍ਹੀ ਸੀ ਤੇ ਕਈ ਜਣੇ ਲੱਕੜਾਂ ਦੀ ਚਿਤਾ ਬਣਾ ਰਹੇ ਸਨ।
ਉੱਥੇ ਹੀ ਦੇਵਵਰਤ ਦਿਖਾਈ ਦਿੱਤਾ ਤਾਂ ਮੋਹਨ ਨੇ ਇਸ਼ਾਰੇ ਨਾਲ ਉਸਨੂੰ ਆਪਣੇ ਕੋਲ ਬੁਲਾਇਆ। ਫੇਰ ਥੋੜ੍ਹੀ ਦੂਰ ਜਾ ਕੇ ਉਹ ਦੋਵੇਂ ਇਕ ਦਰਖ਼ਤ ਹੇਠ ਜਾ ਖਲੋਤੇ। ਉੱਥੇ ਆਸੇ-ਪਾਸੇ ਕੋਈ ਨਹੀਂ ਸੀ। ਇਸ ਦੌਰਾਨ ਮੋਹਨ ਨੇ ਗੱਲ ਨੂੰ ਸੰਭਾਲਣ ਲਈ ਪੂਰਾ ਮਨ ਹੀ ਮਨ ਪੂਰਾ ਪਲਾਨ ਘੜ ਲਿਆ ਸੀ। ਪਹਿਲਾਂ ਦੇਵਵਰਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਸਨੇ ਸਹਿਜ ਹੋਣ ਦੀ ਕੋਸ਼ਿਸ਼ ਕੀਤੀ, ਫੇਰ ਸਿੱਧਾ ਸਵਾਲ ਕਰ ਦਿੱਤਾ :
"ਤਾਂ ਸੱਚਮੁੱਚ ਉਹ ਲਾਸ਼, ਮੇਰੇ ਬਾਪੂ ਨਾਲ ਮਿਲਦੀ-ਜੁਲਦੀ ਸੀ ?"
ਪਰ ਦੇਵਵਰਤ ਉਸ ਨਾਲੋਂ ਵੱਧ ਦ੍ਰਿੜ੍ਹਤਾ ਨਾਲ ਬੋਲਿਆ :
"ਮਿਲਦੀ-ਜੁਲਦੀ ! ਮੈਂ ਕਹਿਨਾ ਕਿ ਉਹ ਤੇਰਾ ਬਾਪੂ ਹੀ ਸੀ…ਪਰ ਕੈਪੀਟਲ ਨਰਸਿੰਗ ਹੋਮ ਵਰਗੇ ਹਸਪਤਾਲ ਵਿਚ ਤੁਸੀਂ ਉਹਨੂੰ ਲੈ ਕੇ ਹੀ ਕਿਉਂ ਗਏ ?"
ਏਨਾ ਸੁਣਦੇ ਹੀ ਮੋਹਨ ਦੇ ਦਿਲ ਨੂੰ ਡੋਬ ਪੈਣ ਵਾਲਾ ਹੋ ਗਿਆ ; ਚੱਕਰ ਜਿਹਾ ਆ ਗਿਆ ਤੇ ਉਹ ਥਾਵੇਂ ਹੀ ਬੈਠ ਗਿਆ। ਥੋੜ੍ਹੀ ਦੇਰ ਦੀ ਚੁੱਪ ਪਿੱਛੋਂ ਉਸ ਧੀਮੀ ਆਵਾਜ਼ ਵਿਚ ਪੁੱਛਿਆ, "ਪਹਿਲਾਂ ਇਹ ਦੱਸ ਬਈ ਤੈਨੂੰ ਇਹ ਕਿਵੇਂ ਪਤਾ ਲੱਗਿਆ ਕਿ ਬਾਪੂ ਉਸ ਹਸਪਤਾਲ 'ਚ ਭਰਤੀ ਸੀ ?"
ਦੇਵਵਰਤ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬੋਲਿਆ, "ਤੂੰ ਇਸ ਸਮਝ ਬਈ ਮੈਨੂੰ ਸਭ ਕੁਝ ਪਤਾ ਏ…"
ਤੇ ਫੇਰ ਮੋਹਨ ਲਈ ਆਤਮ ਸਮਰਪਣ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਉਸਨੇ ਹਥਿਆਰ ਸੁੱਟਦਿਆਂ ਕਿਹਾ, "ਤਾਂ ਆ ਭਰਾ, ਤੂੰ ਵੀ ਬੈਠ ਜਾ ਏਥੇ ਈ। ਮੈਨੂੰ ਤੇਰੀ ਮਦਦ ਦੀ ਲੋੜ ਆ। ਪਹਿਲਾਂ ਸੋਚਿਆ ਸੀ ਤੈਥੋਂ ਛਿਪਾਅ ਸਕਾਂਗਾ ਪਰ ਜਦ ਤੂੰ ਐਨਾ ਕੁਝ ਜਾਣਦਾ ਐਂ ਤਾਂ ਬਾਕੀ ਗੱਲਾਂ ਵੀ ਜਾਣ ਲੈ। ਦੇਖ, ਮੈਂ ਮਲਾਹ ਆਂ ਤੇ ਤੂੰ ਪੰਡੇ। ਨਾਈ-ਪੰਡਤ ਵਰਗੀ ਆਪਣੀ ਜੋੜੀ ਐ। ਪਰ ਸਾਡੀ ਬਦਕਿਸਮਤੀ ਕਿ ਅਸੀਂ ਦੋਵੇਂ ਆਪਣੇ ਪਿਤਾ ਪੁਰਖੀ ਧੰਦੇ ਤੋਂ ਦੂਰ ਹੋ ਗਏ। ਚੰਗਾ ਈ ਹੋਇਆ ਜੋ ਬਚ ਗਏ ਇਸ ਕਫ਼ਨ ਚੋਰੀ ਤੋਂ…"
ਤੇ ਫੇਰ ਦੇਵਵਰਤ ਵੀ ਉਸਦੇ ਕੋਲ ਹੀ ਬੈਠ ਗਿਆ ਸੀ। ਕੁਝ ਪਲਾਂ ਪਿੱਛੋਂ ਮੋਹਨ ਨੇ ਆਪਣੀ ਰਾਮ ਕਹਾਣੀ ਸੁਣਾਉਣੀ ਸ਼ੁਰੂ ਕੀਤੀ :
"ਦੱਸਿਆ ਸੀ ਨਾ, ਪੰਜ ਸਾਲ ਪਹਿਲਾਂ ਜਦੋਂ ਬੇਬੇ ਬੀਮਾਰ ਹੋਈ ਸੀ ਤੇ ਪੂਰੇ ਦੋ ਸਾਲ ਤੱਕ ਇਲਾਜ ਚਲਦਾ ਰਿਹਾ ਸੀ ਉਹਦਾ…ਓਦੋਂ ਬੇੜੀ ਵਿਕ ਗਈ ਸੀ ਤੇ ਅੱਧੀ ਜ਼ਮੀਨ ਵੀ। ਬਚਿਆ ਡੇਢ ਵਿਘਾ, ਤਾਂ ਉਸ ਨਾਲ ਚਾਰ ਜੀਆਂ ਦਾ ਢਿੱਡ ਭਰਨਾ ਅਸੰਭਵ ਸੀ ਭਰਾ। ਪਰ ਤਦ ਤੱਕ ਅਸੀਂ ਦੋਵੇਂ ਭਰਾ ਜਵਾਨ ਹੋ ਚੱਲੇ ਸੀ। ਫੇਰ ਲੱਗ ਪਏ ਮਿਹਨਤ-ਮਜੂਰੀ ਕਰਨ। ਚਾਰ ਪੈਸੇ ਹੱਥ ਆਏ ਤਾਂ ਖੇਤੀ ਵੀ ਕੁਝ ਨਾਲ ਕੁਝ ਦੇਣ ਲੱਗੀ।
"ਵੈਸੇ ਸੱਚ ਆਖਾਂ, ਢਿੱਡ ਪੇਟ ਬੰਨ੍ਹ ਕੇ ਪੈਬੇ ਜੋੜਨ ਵਿਚ ਸਾਡਾ ਜੋੜ ਨਹੀਂ ਸੀ। ਤਿੰਨ ਸਾਲਾਂ ਵਿਚ ਪੂਰੇ ਪੱਚੀ ਹਜ਼ਾਰ ਜੋੜ ਲਏ ਸੀ ਅਸੀਂ। ਬਾਪੂ ਕਹਿੰਦਾ, 'ਤੇਰਾ ਵਿਆਹ ਕਰਾਂਗਾ।' ਮੈਂ ਕਿਹਾ, 'ਪਹਿਲਾਂ ਬੇੜੀ ਬਣਾਵਾਂਗੇ।'
"ਬਾਪੂ ਜ਼ਿਦ 'ਤੇ ਅੜ ਗਿਆ, 'ਨੂੰਹ ਦੇ ਹੱਥ ਦੀ ਰੋਟੀ ਖਾਣ ਦਾ ਬੜਾ ਮਨ ਐ। ਇਸ ਲਈ ਵਿਆਹ ਤਾਂ ਤੈਨੂੰ ਪਹਿਲਾਂ ਈ ਕਰਾਉਣਾ ਪਊਗਾ।'
"ਪਰ ਮੈਂ ਵੀ ਅੜਿਆ ਰਿਹਾ, 'ਬਸ ਇਕ ਸਾਲ ਹੋਰ ਠਹਿਰ ਜਾ ਬਾਪੂ। ਤੂੰ ਇਕ ਕਹਿਣੈ, ਤੇਰੀਆਂ ਦੋ ਨੂੰਹਾਂ 'ਕੱਠੀਆਂ ਲੈ ਆਵਾਂਗੇ। ਫੇਰ ਜਿੰਨੇ ਮਰਜ਼ੀ ਪਰੌਂਠੇ ਖਾਈਂ ਉਹਨਾਂ ਦੇ ਹੱਥਾਂ ਦੇ…'
"ਕੀ ਦੱਸਾਂ ਭਰਾ, ਸਿਰਫ ਛੇ ਮਹੀਨੇ ਪਹਿਲਾਂ ਦੀ ਗੱਲ ਐ ਇਹ। ਫੇਰ ਤਾਂ ਬਾਪੂ ਨੂੰ ਮੇਰੀ ਗੱਲ ਮੰਨਣੀ ਈ ਪਈ ਸੀ। ਜਿਸ ਦਿਨ ਉਹ ਬੇੜੀ ਦੀ ਗੱਲ ਕਰਨ ਫੈਜ਼ਾਬਾਦ ਗਿਆ ਸੀ, ਉਸੇ ਦਿਨ ਉਹਦੇ ਢਿੱਡ 'ਚ ਬੜੀ ਭਿਆਨਕ ਪੀੜ ਉੱਠੀ। ਅਸੀਂ ਉਸਨੂੰ ਫੈਜ਼ਾਬਾਦ ਹਸਪਤਾਲ ਲੱਦ ਲਗਏ, ਭਰਤੀ ਕਰਵਾ ਦਿੱਤਾ। ਦੋ ਦਿਨਾਂ ਬਾਅਦ ਜਵਾਬ ਮਿਲ ਗਿਆ, 'ਲਖ਼ਨਊ ਲੈ ਜਾਓ।'
"ਪਰ ਪਤਾ ਨੀਂ ਕੀ ਚਮਤਕਾਰ ਹੋਇਆ ਕਿ ਉਹਦਾ ਦਰਦ ਮੱਠਾ ਪੈਂਦਾ ਗਿਆ ਤੇ ਆਪਣੇ ਆਪ ਬਿਲਕੁਲ ਠੀਕ ਵੀ ਹੋ ਗਿਆ।…ਪਰ ਫੇਰ ਉਹੀ ਦਰਦ ਕੋਈ ਦੋ ਹਫ਼ਤੇ ਪਿੱਛੋਂ ਫੇਰ ਉੱਠਿਆ, ਫੇਰ ਹਟਿਆ ਈ ਨੀਂ। ਉਹਦੀ ਜਾਨ ਲੈ ਕੇ ਛੱਡੀ ਉਸ ਰਾਕਸ਼ ਨੇ।
"ਫੇਰ ਪਹਿਲਾਂ ਫੈਜ਼ਾਬਾਦ ਤੋਂ ਜਵਾਬ ਮਿਲਿਆ, ਫੇਰ ਲਖ਼ਨਊ ਤੋਂ। ਉਹਨਾਂ ਕਿਹਾ, 'ਇ'ਹਨੂੰ ਦਿੱਲੀ ਲੈ ਜਾਓ।'
"ਅਸੀਂ ਅਨਪੜ੍ਹ ਕੀ ਜਾਣੀਏਂ ਦਿੱਲੀ-ਬੰਬਈ। ਕਦੀ ਸੁਪਨੇ 'ਚ ਵੀ ਨੀਂ ਸੀ ਸੋਚਿਆ ਉੱਥੇ ਜਾਣ ਬਾਰੇ। ਜਦੋਂ ਇਹ ਗੱਲ ਸੁਣੀ ਤਾਂ ਸਾਨੂੰ ਦਿਨੇਂ ਤਾਰੇ ਨਜ਼ਰ ਆਉਣ ਲੱਗ ਪਏ। ਰੋਏ-ਕੁਰਲਾਏ। ਕਈ ਜਣਿਆਂ ਤੋਂ ਪੁੱਛ-ਪੜਤਾਲ ਕੀਤੀ। ਇਕ ਅਜਨਬੀ ਟੱਕਰ ਗਿਆ। ਬੋਲਿਆ, 'ਦਿੱਲੀ ਦੇ ਇਕ ਨਾਮੀਂ ਹਸਪਤਾਲ ਦਾ ਪਤਾ ਦੇਂਦਾ ਆਂ,' ਉਹੀ, 'ਕੈਪਟਲ ਨਰਸਿੰਗ'…ਜਿਹੜਾ ਨਾਂਅ ਹੁਣੇ ਤੂੰ ਲਿਆ ਸੀ। ਉਸਨੇ ਵੱਡੇ ਦਾਅਵੇ ਨਾਲ ਕਿਹਾ ਸੀ ਕਿ 'ਉਥੇ ਸ਼ਰਤੀਆ ਠੀਕ ਹੋ ਜਾਏਗਾ ਤੁਹਾਡਾ ਬਾਪੂ। ਤੁਸੀਂ ਉਹਨੂੰ ਲੈ ਜਾਓ ਬਸ, ਉਸ ਹਸਪਤਾਲ ਤੱਕ।'
"ਸਾਡੇ ਪੱਲੇ ਓਦੋਂ ਸਾਢੇ ਬਾਈ ਹਜ਼ਾਰ ਰੁਪਈਏ ਸਨ। ਓਨੇ ਘੱਟ ਨੀਂ ਹੁੰਦੇ ਸਾਡੇ ਵਰਗੇ ਗਰੀਬ ਬੰਦਿਆਂ ਲਈ। ਸੋਚਿਆ, ਰੁਪਈਏ ਤਾਂ ਫੇਰ ਆ ਜਾਣਗੇ, ਪਹਿਲਾਂ ਬਾਪੂ ਨੂੰ ਬਚਾਅ ਲਈਏ। ਫੇਰ ਅਸੀਂ ਲਖ਼ਨਊ ਤੋਂ ਪੂਰੀ ਤਿਆਰੀ ਵੱਟ ਕੇ ਦਿੱਲੀ ਦੇ ਉਸ ਕਸਾਈਵਾੜੇ 'ਚ ਜਾ ਪਹੁੰਚੇ ਸੀ ; ਜਿਸਨੂੰ ਓਸ ਆਦਮੀ ਨੇ ਬੜਾ ਨਾਮੀ ਹਸਪਤਾਲ ਦੱਸਿਆ ਸੀ। ਉਹ ਨਾਮੀ ਹਸਪਤਾਲ ਨਾ ਹੁੰਦਾ ਤਾਂ ਓਥੋਂ ਦਾ ਮੈਂਜਰ ਸਾਥੋਂ ਕਿਵੇਂ ਡੁੱਕ ਲੈਂਦਾ ਚਾਰ-ਪੰਜ ਹਜ਼ਾਰ ਰੁਪਈਏ ਰੋਜ਼ ਦੇ ? ਉਹ ਕਿੰਨਾ ਖਰਚ ਕਰਦਾ ਸੀ ਇਲਾਜ਼ ਉੱਪਰ, ਸਾਨੂੰ ਮੂਰਖਾਂ ਨੁੰ ਕੀ ਪਤਾ ਸੀ। ਉਹ ਮੰਗਦਾ ਤਾਂ ਅਸੀਂ ਉਂਗਲਾਂ ਨੂੰ ਥੁੱਕ ਲਾ ਕੇ ਖੁਸ਼ੀ-ਖੁਸ਼ੀ ਗਿਣ ਦਿੰਦੇ ਨੋਟ ਕਿ ਸਾਡਾ ਬਾਪੂ ਚੰਗਾ ਹੋ ਕੇ ਚੱਲੇਗਾ ਸ਼ਿਵਦਹਾ।
"ਸਾਡੇ ਇਸ ਲਾਲਚ ਨੂੰ ਤੂੰ ਮਜ਼ਬੂਰੀ ਕਹਿ ਜਾਂ ਸਵਾਰਥ, ਪਰ ਉਸਨੇ ਇਹੀ ਤਾੜ ਕੇ ਸਾਡੀ ਤਿੰਨਾਂ ਸਾਲਾਂ ਦੀ ਹੱਡ-ਭੰਨਵੀਂ ਮਿਹਨਤ ਦੀ ਕਮਾਈ ਸਿਰਫ਼ ਚਾਰ ਦਿਨਾਂ 'ਚ ਡੁੱਕ ਲਈ ਸੀ।
"ਜਿਵੇਂ-ਤਿਵੇਂ ਉੱਥੇ ਤਿੰਨ ਰਾਤਾਂ ਲੰਘਾਈਆਂ। ਚੌਥੇ ਦਿਨ ਸਵੇਰੇ ਈ ਉਸਨੇ ਸਾਨੂੰ ਪੁੱਛਿਆ : 'ਕਿੰਨੇ ਰੁਪਏ ਨੇ ਬਈ ਤੁਹਾਡੇ ਕੋਲ ?'
"ਤਾਂ ਮੈਂ ਵੀ ਪੁੱਛ ਲਿਆ, 'ਲੋੜ ਕਿੰਨਿਆਂ ਦੀ ਐ ?'
"ਉਸ ਕਿਹਾ, 'ਘੱਟੋ-ਘੱਟ ਪੰਜਾਹ ਹਜ਼ਾਰ ਦੀ।'
"ਐਨਾ ਸੁਣਦਿਆਂ ਈ ਮੈਨੂੰ ਸੱਪ ਸੁੰਘ ਗਿਆ। ਪਰ ਮੈਂ ਕੁਝ ਜ਼ਾਹਰ ਨਾ ਹੋਣ ਦਿੱਤਾ, ਕਿਹਾ, 'ਰੁਪਈਏ ਕੁਛ ਘੱਟ ਆ।'
"ਉਹ ਬੋਲਿਆ, 'ਤਾਂ ਝੱਟ ਮੰਗਵਾ ਲਓ। ਅੱਜ ਤੋਂ ਬੜਾ ਤਕੜਾ ਇਲਾਜ਼ ਸ਼ੁਰੂ ਹੋਣੈ…।'
"ਮੈਂ ਸੋਚਿਆ ਸੀ ਬਾਪੂ ਠੀਕ ਹੋ ਜਾਵੇ, ਫੇਰ ਦੇਖਿਆ ਜਾਊਗਾ। ਜੇ ਉਹ ਮੰਨ ਗਿਆ ਤਾਂ ਕਿਸ਼ਤਾਂ ਵਿਚ ਲਾਹ ਦਿਆਂਗੇ, ਨਹੀਂ ਤਾਂ ਡੇਢ ਵਿੱਘਾ ਜ਼ਮੀਨ ਤਾਂ ਵੇਚੀ ਈ ਜਾ ਸਕਦੀ ਐ। ਬਾਕੀ ਹਿਸਾਬ ਮਜੂਰੀ ਕਰਕੇ ਪੂਰਾ ਕਰ ਦਿਆਂਗੇ ਅਸੀਂ ਦੋਵੇਂ ਭਰਾ। ਪਰ ਭਰਾਵਾ ਕੀ ਦੱਸਾਂ ਇਸਦੀ ਨੌਬਤ ਈ ਨੀਂ ਆਈ…"
ਕਹਿੰਦੇ ਦਾ ਗੱਚ ਭਰ ਆਇਆ ਸੀ ਮੋਹਨ ਦਾ।
ਕੁਝ ਪਲ ਬਾਅਦ ਦੇਵਵਰਤ ਨੇ ਪੁੱਛਿਆ : "ਫੇਰ ਕੀ ਹੋਇਆ ?"
ਮੋਹਨ ਭਰੜਾਈ ਆਵਾਜ਼ ਵਿਚ ਬੋਲਿਆ :
"ਹੋਇਆ ਇਹ, ਕਿ ਜਿਸ ਬਿਸਤਰੇ 'ਤੇ ਬਾਪੂ ਸੀ, ਸਵੇਰੇ ਅਸੀਂ ਖਾਲੀ ਪਿਆ ਵੇਖਿਆ। ਮੈਂ ਸੋਚਿਆ, ਸ਼ਾਇਦ ਉਸਨੂੰ ਕਿਤੇ ਲੈ ਗਏ ਹੋਣੇ ਐਂ, ਐਕਸਰੇ-ਫੈਕਸਰੇ ਲਈ…ਇਹ ਗੱਲ ਐ ਪੰਜਵੇਂ ਦਿਨ ਦੀ। ਫੇਰ ਆਸਿਓਂ-ਪਾਸਿਓਂ ਪੁੱਛ-ਪੜਤਾਲ ਕਰਨੀ ਚਾਹੀ, ਪਰ ਕਿਸੇ ਨੇ ਕੁਝ ਦੱਸਿਆ ਈ ਨਹੀਂ। ਦੇਵਵਰਤ ਭਰਾ, ਬੁਰਾ ਨਾ ਮੰਨੀਂ। ਤੇਰੀ ਦਿੱਲੀ ਦਾ ਪਤਾ ਨਹੀਂ ਇਹ ਕੈਸਾ ਰਿਵਾਜ਼ ਐ ਕਿ ਕੋਈ ਕਿਸੇ ਨਾਲ ਬੋਲਦਾ ਈ ਨੀਂ, ਬੁਲਾਓ ਤਾਂ ਵੀ ਨਹੀਂ ਬੋਲਦਾ। ਪਤਾ ਨੀਂ ਕਿਸ ਗਰੂਰ 'ਚ ਰਹਿੰਦੇ ਐ ਸਾਰੇ। ਮੈਂਨਰ ਵੀ ਸਾਡੇ ਨਾਲ ਉਦੋਂ ਈ ਬੋਲਦਾ ਸੀ, ਜਦੋਂ ਸਾਥੋਂ ਰੁਪਈਏ ਲੈਣੇ ਹੁੰਦੇ ਸੀ ਉਸਨੇ।…ਪਰ ਆਪਣੇ ਏਥੇ ਤਾਂ ਐਂ ਨੀਂ। ਜਦੋਂ ਬਾਪੂ ਨੂੰ ਪਹਿਲੀ ਵਾਰੀ ਦਾਖ਼ਲ ਕਰਵਾਇਆ ਸੀ ਫੈਜ਼ਾਬਾਦ ਜਿਲ੍ਹਾ ਹਸਪਤਾਲ 'ਚ, ਤਾਂ ਦੋ ਚਾਰ ਦਿਨਾਂ 'ਚ ਈ ਪੂਰੇ ਵਾ'ਡ ਨਾਲ ਸੂੰਹ-ਸਿਆਣ ਹੋ ਗਈ ਸੀ। ਸਾਰੇ ਇਕ ਦੂਜੇ ਦਾ ਹਾਲ-ਚਾਲ ਪੁੱਛ ਲੈਂਦੇ ਸੀ ਤੇ ਜਦੋਂ ਕੋਈ ਮਰੀਜ਼ ਮਰਦਾ ਤਾਂ ਉਹਦੇ ਘਰ ਵਾਲਿਆਂ ਨਾਲ ਪੂਰਾ ਵਾ'ਡ ਰੋਣ ਲੱਗ ਪੈਂਦਾ ਸੀ। ਪਰ ਦਿੱਲੀ 'ਚ ਤਾਂ ਕੋਈ ਝੂਠ-ਮੂਠ ਦਾ ਹਾਅ ਦਾ ਨਾਅਰਾ ਮਾਰਨ ਵਾਲਾ ਵੀ ਨੀਂ ਸੀ ਟਕਰਿਆ…"
ਕਹਿ ਕੇ ਮੋਹਨ ਪਤਾ ਨਹੀਂ ਕਿੱਥੇ ਗਵਾਚ ਗਿਆ ਸੀ। ਦੇਵਵਰਤ ਨੇ ਫੇਰ ਪੁੱਛਿਆ :
"ਸਵੇਰੇ ਬਿਸਤਰਾ ਖ਼ਾਲੀ ਵੇਖਿਆ, ਫੇਰ ?"
"ਫੇਰ ਕੀ ! ਕਿਸੇ ਨੇ ਕੁਝ ਨਾ ਦੱਸਿਆ ਤਾਂ ਅਸੀਂ ਭੱਜੇ-ਭੱਜੇ ਮੈਂਜਰ ਕੋਲ ਗਏ। ਉਸ ਤੋਂ ਪੁੱਛਿਆ, 'ਸਾਡਾ ਬਾਪੂ ਕਿੱਥੇ ਐ ?'
"ਉਹ ਬੋਲਿਆ, 'ਆਈ. ਸੀ. ਯੂ. 'ਚ।'
"ਮੈਂ ਕਿਹਾ, 'ਉਹ ਕੀ ਹੁੰਦੈ ?'
" 'ਜਿੱਥੇ ਮੁਰਦੇ ਵੀ ਜਿਊਂਦੇ ਹੋ ਜਾਂਦੇ ਨੇ…ਰੁਪਏ ਲਿਆਏ ?'
"ਮੈਂ ਕਿਹਾ, 'ਪਹਿਲਾਂ ਸਾਨੂੰ ਸਾਡੇ ਬਾਪੂ ਕੋਲ ਲੈ ਚੱਲ।'
"ਪਰ ਉਹ ਅੜ ਗਿਆ, 'ਪਹਿਲਾਂ ਰੁਪਏ ਲਿਆਓ।'
"ਇਸ ਗੱਲ 'ਤੇ ਅਸੀਂ ਦੋਵੇਂ ਚੁੱਪ ਹੋ ਗਏ। ਫੇਰ ਚੁੱਪ-ਚਾਪ ਨਿਕਲ ਆਏ ਕਮਰੇ ਵਿਚੋਂ। ਉਸ ਪਿੱਛੋਂ ਅਸੀ ਆਪਣੇ ਬਾਪੂ ਨੂੰ ਸਾਰੇ ਕਮਰਿਆਂ ਵਿਚ ਝਾਕ-ਝਾਕ ਕੇ ਲੱਭਦੇ ਰਹੇ, ਪਰ ਤਰਸ ਗਏ ਉਸਦੀ ਇਕ ਝਲਕ ਵੇਖਣ ਨੂੰ। ਸਾਨੂੰ ਵਾਰੀ-ਵਾਰੀ ਰੋਣਾ ਆ ਰਿਹਾ ਸੀ, ਪਰ ਅਸੀਂ ਜਿਵੇ-ਤਿਵੇਂ ਕਰਕੇ ਹਿੰਮਤ ਰੱਖੀ।
"ਥੱਕ-ਹਾਰ ਕੇ ਜਦੋਂ ਅਸੀਂ ਪੰਜਵੀਂ ਮੰਜ਼ਲ ਤੋਂ ਹੇਠਾਂ ਉਤਰ ਰਹੇ ਸੀ ਤਾਂ ਸਾਨੂੰ ਪੌੜੀਆਂ ਚੜ੍ਹਦੀ ਉਹ ਟਿਪਟਾਪ ਜਮਾਂਦਰਨੀ ਦਿਸ ਪਈ, ਜਿਹੜੀ ਲਿਸ਼ਲਿਸ਼ ਕਰਦੀ ਨੀਲੀ ਵਰਦੀ ਪਾ ਕੇ ਆਉਂਦੀ ਹੁੰਦੀ ਸੀ ਬਾਪੂ ਦੇ ਕੱਪੜੇ ਬਦਲਣ ਤੇ ਸਾਫ਼-ਸਫ਼ਾਈ ਕਰਨ। ਅਸੀਂ ਉਹਨੂੰ ਦੇਖਦੇ ਈ ਫਿਸ ਪਏ, 'ਭੈਣ ਜੀ, ਇਕ ਸੌ ਸੋਲਾਂ ਨੰਬਰ, ਸਾਡਾ ਬਾਪੂ…
" 'ਐਕਸਪਾਯਰਡ।'
" 'ਅਸੀਂ ਸਮਝੇ ਨਹੀਂ ਭੈਣ ਜੀ, ਕੀ ਕਿਹੈ ਤੁਸੀਂ ?'
" 'ਜਾ ਕੇ ਬਾਡੀ ਡਿਸਚਾਰਜ ਕਰਵਾ ਲਓ।'
" 'ਬਾਡੀ ! ਕਿਸ ਦੀ ਬਾਡੀ ? ਸਾਨੂੰ ਸਾਡੇ ਬਾਪੂ ਨੂੰ ਮਿਲਾ ਦਿਓ। ਕਿੱਥੇ ਐ ਉਹ…'
" 'ਮੋਰਚਰੀ ਵਿਚ। ਸ਼ਾਮੀਂ ਛੇ ਵਜੇ ਤੱਕ ਬਾਡੀ ਲੈ ਜਾਓ, ਵਰਨਾ ਇਕ ਦਿਨ ਦਾ ਪੰਜ ਹਜ਼ਾਰ ਹੋਰ ਚੜ੍ਹ ਜਾਏਗਾ ਤੁਹਾਡੇ ਸਿਰ…'
"ਹਾਂ ਭਰਾ, ਇਹ ਤਾਂ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਕੀ ਹੁੰਦੀ ਐ ਮੋਰਚਰੀ, ਤੇ ਕਿਉਂ ਹੁੰਦੀ ਐ ਉਸਦੀ ਐਨੀ ਫੀਸ…"
ਏਨਾ ਕਹਿ ਕੇ ਮੋਹਨ ਨੇ ਧੌਣ ਚੁੱਕੀ ਤੇ ਉੱਪਰ ਦਰਖ਼ਤ ਦੀਆਂ ਫੈਲੀਆਂ, ਛਤਰੀ ਵਰਗੀਆਂ ਟਾਹਣੀਆਂ ਵਿਚ ਕੁਝ ਲੱਭਦਾ ਜਿਹਾ ਝਾਕਦਾ ਰਿਹਾ।
"ਉਸ ਪਿੱਛੋਂ ਕੀ ਹੋਇਆ ?" ਦੇਵਵਰਤ ਨੇ ਪੁੱਛਿਆ ਤਾਂ ਮੋਹਨ ਨੇ ਗੱਲ ਅੱਗੇ ਤੋਰੀ।
"ਹੋਣਾ ਕੀ ਸੀ, ਫੇਰ ਅਸੀਂ ਦੋਵਾਂ ਭਰਾਵਾਂ ਨੇ ਜਾ ਘੇਰਿਆ ਮੈਂਜਰ ਨੂੰ। ਅਸੀਂ ਉਸ ਉੱਤੇ ਹਿਰਖਣ ਲੱਗੇ ਤਾਂ ਉਹ ਕੜਕ ਕੇ ਬੋਲਿਆ, 'ਪਹਿਲਾਂ ਫੀਸ ਭਰੋ।'
"ਮੈਂ ਪੁੱਛਿਆ, 'ਕਿੰਨੀ ?'
"ਤਾਂ ਉਹਨੇ ਸਾਫ ਕਹਿ ਦਿੱਤਾ, 'ਸੱਤਰ ਹਜ਼ਾਰ ਰੁਪਏ ਲਿਆਓ ਤੇ ਬਾਡੀ ਲੈ ਜਾਓ।'
"ਪਰ ਅਸੀਂ ਦੋਵੇਂ ਭਰਾ ਅੜ ਗਏ, 'ਪਹਿਲਾਂ ਸਾਡਾ ਬਾਪੂ ਤਾਂ ਵਿਖਾਅ।' ਉਸਨੇ ਸਾਫ ਇਨਕਾਰ ਕਰ ਦਿੱਤਾ ਤਾਂ ਅਸੀਂ ਮਿੰਨਤ ਕੀਤੀ। ਸਾਡੀਆਂ ਲੱਖ ਮਿੰਨਤਾਂ 'ਤੇ ਵੀ ਉਹ ਨਾ ਪਸੀਜਿਆ ਤਾਂ ਸਾਡਾ ਦੋਵਾਂ ਭਰਾਵਾਂ ਦਾ ਰੋਣ ਨਿਕਲ ਗਿਆ।
"ਮੈਂਨਰ ਨੇ ਕੁਝ ਸੋਚਿਆ। ਫੇਰ ਦੋ ਵਰਦੀ ਵਾਲਿਆਂ ਨੂੰ ਪਤਾ ਨਹੀਂ ਕੀ ਇਸ਼ਾਰਾ ਕੀਤਾ। ਤੈਨੂੰ ਇਕ ਗੱਲ ਹੋਰ ਦੱਸਾਂ ਭਰਾ, ਹਸਪਤਾਲ ਵਾਲਿਆਂ ਨੇ ਆਪਣੇ ਓਥੇ ਕੁਝ ਸਿਪਾਈ ਵੀ ਤੈਨਾਤ ਕੀਤੇ ਹੋਏ ਆ। ਉਹ ਸਾਨੂੰ ਨਾਲ ਲੈ ਕੇ ਇਕ ਕੋਠੜੀ ਵਿਚ ਜਾ ਵੜੇ, ਜਿੱਥੇ ਐਨੀ ਠੰਡ ਸੀ ਕਿ ਕਾਂਬਾ ਛਿੜ ਪਿਆ। ਉਸ ਵਿਚ ਕੱਚ ਦੀਆਂ ਕਈ ਸੰਦੂਕੜੀਆਂ ਸਨ, ਜਿਹਨਾਂ ਵਿਚ ਮੁਰਦੇ ਪਏ ਹੋਏ ਸਨ। ਅਸੀਂ ਦੇਖਿਆ, ਇਕ ਸੰਦੂਕੜੀ 'ਚ ਸਾਡਾ ਬਾਪੂ ਵੀ ਸੀ। ਉਹਨੂੰ ਦੇਖਦਿਆਂ ਹੀ ਸਾਡੀਆਂ ਅੱਖਾਂ ਟੱਡੀਆਂ ਰਹਿ ਗਈਆਂ। ਮੈਂ ਬੜੀ ਬੇਤਾਬੀ ਨਾਲ ਬੋਲਿਆ, 'ਝੱਟ ਢੱਕਣ ਖੋਹਲ ਦੇ ਦੀਵਾਨ ਜੀ, ਮੈਂ ਆਪਣੇ ਬਾਪੂ ਨੂੰ ਮਿਲਣੈ, ਰੋਣੈ ਤੇ ਉਸਨੂੰ ਪੁੱਛਣੈ ਬਈ ਤੂੰ ਸਾਨੂੰ ਛੱਡ ਕੇ ਕਿਉਂ ਚਲਿਆ ਗਿਆ…'
"ਮੇਰੇ ਸੋਹਨੇ ਨੇ, ਮੇਰੇ ਮੋਢੇ ਤੇ ਸਿਰ ਧਰ ਕੇ ਧਾਹ ਮਾਰੀ, 'ਹਾਏ ਓ ਮੇਰਾ ਬਾਪੂ…'
"ਸਿਪਾਹੀ ਕੜਕ ਕੇ ਬੋਲਿਆ, 'ਖਾਮੋਸ਼ ! ਸ਼ੋਰ ਨਹੀਂ। ਏਥੇ ਮਰੀਜ਼ ਪਏ ਆ।'
"ਮੈਂ ਮਨ ਹੀ ਮਨ ਬੜਬੜਾਇਆ, 'ਝੂਠਾ ਕਿਤੋਂ ਦਾ ! ਕਹਿੰਦੈ ਮਰੀਜ਼ ਪਏ ਆ…ਪਰ ਏਸ ਕੋਠੜੀ 'ਚ ਤਾਂ ਮੁਰਦੇ ਐ।'
"ਪਰ ਉਹਨਾਂ ਅਸਲਾਧਾਰੀ ਸਿਪਾਹੀਆਂ ਦਾ ਗੜ੍ਹਕਾ ਸੁਣ ਕੇ ਅਸੀਂ ਦੋਵੇਂ ਭਰਾ ਸਹਿਮ ਗਏ ਸੀ। ਉਹ ਸੀ ਵੀ ਬੜੇ ਰੋਅਬ-ਦਾਅਬ ਵਾਲੇ। ਦੂਜੀ ਇਹ ਗੱਲ ਕਿ ਅਸੀਂ ਫਸੇ ਪਏ ਸੀ, ਪ੍ਰਦੇਸ਼ 'ਚ, ਜਿੱਥੇ ਸਾਡੀ ਜਾਣ-ਪਛਾਣ ਦਾ ਕੋਈ ਬੰਦਾ-ਪਰਿੰਦਾ ਵੀ ਨੀਂ ਸੀ।…
"ਮੈਂ ਸਿਪਾਹੀ ਨੂੰ ਸੰਦੂਕੜੀ ਖੋਲ੍ਹਣ ਲਈ ਫੇਰ ਮਿੰਨਤ ਕੀਤੀ, ਪਰ ਉਸ ਸਾਫ ਇਨਕਾਰ ਕਰ ਦਿੱਤਾ ਤੇ ਅਸੀਂ ਮਨ ਮਸੋਸ ਕੇ ਰਹਿ ਗਏ। ਸਾਡਾ ਬੜਾ ਦਿਲ ਕੀਤਾ ਕਿ ਬਾਪੂ ਕੋਲ ਕੁਛ ਚਿਰ ਹੋਰ ਬਿਤਾ ਲਈਏ। ਛੁਹਣਾ ਨਾ ਸਹੀ, ਦੇਖਣਾ ਹੀ ਸਹੀ…ਸੱਚ ਮੰਨੀ ਭਰਾ, ਆਪਣਾ ਬਾਪੂ ਈ ਸਾਡੇ ਲਈ ਓਦੋਂ ਕਿੰਨਾ ਦੁਰਲੱਭ ਹੋ ਗਿਆ ਸੀ…
"ਪਰ ਉਹਨਾਂ ਹਰਾਮਜ਼ਾਦਿਆਂ ਨੇ ਸਾਨੂੰ ਉੱਥੇ ਬਹੁਤੀ ਦੇਰ ਰੁਕਣ ਈ ਨੀਂ ਦਿੱਤਾ। ਜਦੋਂ ਉੱਥੋਂ ਨਿਕਲਣ ਲੱਗੇ ਤਾਂ ਸੋਹਨ ਨੇ ਇਕ ਸਿਪਾਹੀ ਨੂੰ ਪੁੱਛਿਆ, 'ਜੇ ਰੁਪਈਆਂ ਦਾ ਬੰਦੋਬਸਤ ਨਾ ਹੋ ਸਕਿਆ ਫੇਰ ?'
" 'ਇੰਚਾਰਜ ਨੇ ਨਾ ਤੁਹਾਨੂੰ ਛੱਡਣੈ, ਨਾ ਤੁਹਾਡੇ ਪਿਓ ਨੂੰ। ਏਥੇ ਭੋਰਿਆਂ 'ਚ ਬਥੇਰੀਆਂ ਕੋਠੜੀਆਂ ਐਂ। ਕਿਸੇ ਇਕ 'ਚ ਤੁਹਾਨੂੰ, ਉਦੋਂ ਤੱਕ ਡੱਕੀ ਰੱਖੂਗਾ ਜਦੋਂ ਤੱਕ ਪੈਸੇ ਨਹੀਂ ਮੰਗਵਾ ਲਓਗੇ। ਸੜ ਜਾਓਗੇ ਏਥੇ ਪਏ-ਪਏ।'
"ਉਸਦੀ ਇਸ ਧਮਕੀ ਨੇ ਸਾਨੂੰ ਹੋਰ ਵੀ ਡਰਾ ਦਿੱਤਾ। ਅਸੀਂ ਸੋਚਿਆ, ਜਿਵੇਂ ਵੀ ਹੋਵੇ, ਇਸ ਕਸਾਈਵਾੜੇ ਚੋਂ ਭੱਜ ਲਈਏ। ਘਰੇ ਇਕੱਲੀ ਮਾਂ ਉਡੀਕ ਰਹੀ ਹੋਵੇਗੀ। ਉਸਨੂੰ ਇਕ-ਇਕ ਮਿੰਟ ਕੱਟਣਾ ਭਾਰੀ ਹੋਇਆ ਪਿਆ ਹੋਊ…ਜੇ ਕਿਤੇ ਅਸੀਂ ਵੀ ਫਸੇ ਰਹਿ ਗਏ ਤਾਂ ਉਹਦਾ ਕੀ ਬਣੂੰ ? ਸੱਚ ਮੰਨੀ ਭਰਾ, ਇਹਨਾਂ ਸਾਰੀਆਂ ਸੋਚਾਂ ਨੇ ਸਾਡੀ ਸੁਰਤ ਈ ਮਾਰ ਦਿੱਤੀ ਤੇ ਅਸੀਂ ਇਹ ਵੀ ਭੁੱਲ ਗਏ ਕਿ ਉਸ ਕੋਠੜੀ 'ਚ ਸਾਡਾ ਪਿਓ ਮਰਿਆ ਪਿਆ ਐ…
"ਫੇਰ ਉਹਨਾਂ ਸਿਪਾਹੀਆਂ ਨੇ ਸਾਨੂੰ ਗ੍ਰਿਫਤਾਰ ਕੈਦੀਆਂ ਵਾਂਗ ਹੇਠਾਂ ਲਿਆ ਕੇ ਮੈਂਜਰ ਦੇ ਹਵਾਲੇ ਕਰ ਦਿੱਤਾ ਸੀ।
"ਕੁਛ ਚਿਰ ਬਾਅਦ ਮੈਂਜਰ ਸਾਡੇ ਵੱਲ ਭੌਂ ਕੇ ਬੋਲਿਆ : 'ਕਿੰਨੀ ਦੇਰ ਚ ਆ ਜਾਣਗੇ ਰੁਪਈਏ ?'
"ਮੈਂ ਝੱਟ ਕਿਹਾ ਸੀ, 'ਰੁਪਈਏ ਤਾਂ ਆ ਗਏ ਐ। ਸਾਡਾ ਚਾਚਾ ਟੇਸ਼ਨ ਤੇ ਆਇਆ ਬੈਠੈ। ਪਰ ਉਹਨੂੰ ਲੈਣ ਕੌਣ ਜਾਊ…'
" 'ਆਪਣੇ ਭਰਾ ਨੂੰ ਭੇਜ ਦੇ।' ਮੈਂਜਰ ਦੇ ਮੂੰਹੋ ਨਿਕਲਿਆ ਸੀ ਕਿ ਫੌਰਨ ਤੁਰ ਪਿਆ ਸੀ ਸੋਹਨਾ।
"ਮੈਂਜਰ ਨੇ ਕੜਕ ਕੇ ਕਿਹਾ, 'ਛੇਤੀ ਆਵੀਂ।'
"ਪਰ ਉਸਨੇ ਪਿੱਛਾ ਭੌਂ ਕੇ ਨੀਂ ਸੀ ਵੇਖਿਆ, ਝੱਟ ਦਰਵਾਜ਼ਾ ਪਾਰ ਕਰ ਗਿਆ ਸੀ। ਫੇਰ ਰਾਮ ਜੀ ਦੀ ਕ੍ਰਿਪਾ, ਕਿ ਕੁਝ ਚਿਰ ਬਾਅਦ ਈ ਕਈ ਲੋਕ ਆ ਵੜੇ ਉਸਦੇ ਕਮਰੇ 'ਚ। ਮੈਂਜਰ ਉਹਨਾਂ ਨਾਲ ਗੱਲਾਂ 'ਚ ਰੁੱਝ ਗਿਆ। ਫੇਰ ਕੁਝ ਚੁੱਕਣ ਜਾਂ ਧਰਨ ਲਈ ਉਹਨੂੰ ਅਲਮਾਰੀ ਕੋਲ ਜਾਣਾ ਪਿਆ। ਮੈਂ ਤਾਂ ਇਸੇ ਤਾੜ 'ਚ ਸੀ। ਉਸਨੇ ਅਲਮਾਰੀ ਦੇ ਬੂਹੇ ਖੋਲ੍ਹੇ ਮੈਂ ਦਰਵਾਜ਼ੇ ਤੱਕ ਖਿਸਕ ਆਇਆ, ਫੇਰ ਅੱਗਾ ਵੇਖਿਆ ਨਾ ਪਿੱਛਾ, ਅੱਖ ਦੇ ਫੋਰੇ 'ਚ ਸ਼ੂਟ ਵੱਟ ਲਈ। ਉਸ ਪਿੱਛੋਂ ਕੋਈ ਹੋਸ਼ ਈ ਨੀਂ ਰਿਹਾ। ਪਿੰਜਰੇ 'ਚੋਂ ਛੁੱਟੇ ਪੰਛੀ ਵਾਂਗ ਮੈਂ ਉੱਥੋਂ ਫੁੱਰਰ ਹੋ ਗਿਆ।
"ਫੇਰ ਕੁਝ ਚਿਰ ਬਾਅਦ ਮੈਂ ਉਸ ਢਾਬੇ 'ਤੇ ਜਾ ਪਹੰਚਿਆ, ਜਿੱਥੇ ਅਸੀਂ ਦੋਵੇਂ ਭਰਾ ਰੋਟੀ ਖਾਂਦੇ ਹੁੰਦੇ ਸੀ। ਪਲਾਨ ਮੁਤਾਬਿਕ ਸੋਹਨ ਉੱਥੇ ਈ ਸੀ। ਉਸਨੂੰ ਦੇਖ ਕੇ ਮੇਰੀ ਜਾਨ 'ਚ ਜਾਨ ਆਈ ਤੇ ਅਸੀਂ ਉੱਥੋਂ ਵੀ ਸ਼ੂਟ ਵੱਟ ਲਈ। ਪਿੱਛੋਂ ਆਉਂਦਾ ਇਕ ਟੰਪੂ ਵਾਲਾ ਸਾਨੂੰ ਦੇਖ ਕੇ ਕੂਕਿਆ, 'ਕਿੱਥੇ ਜਾਣੈ ?'
"ਮੈਂ ਕਿਹਾ, 'ਸਿਨਟਰਲ ਇਸਟੇਸ਼ਨ।'
"ਉਸਨੇ ਕਿਹਾ, 'ਫੇਰ ਪੁੱਛਦੇ ਕੀ ਓ, ਚੱਲੋ।'
"ਸੱਚ ਮੰਨੀ ਭਰਾ, ਟੰਪੂ ਵਿਚ ਸਵਾਰ ਹੋਣ ਪਿੱਛੋਂ ਹੀ ਸਾਨੂੰ ਸੁਖ ਦਾ ਸਾਹ ਆਇਆ ਸੀ ਪਰ ਪੂਰੀ ਤਰ੍ਹਾਂ ਬੇਫ਼ਿਕਰੇ ਓਦੋਂ ਵੀ ਨਹੀਂ ਸੀ ਹੋਏ। ਸਾਨੂੰ ਵਾਰੀ-ਵਾਰੀ ਲੱਗ ਰਿਹਾ ਸੀ, ਉਹਨਾਂ ਦੇ ਕਰਿੰਦੇ ਸਾਡਾ ਪਿੱਛਾ ਕਰ ਰਹੇ ਐ। ਸਟੇਸ਼ਨ ਤੇ ਤਾਂ ਇਕ ਵਾਰੀ ਲੱਗਿਆ, ਜਿਵੇਂ ਮੈਂਜਰ ਸਾਕਾਰ ਪ੍ਰਗਟ ਹੋ ਗਿਆ ਹੋਵੇ, ਪਰ ਕਿਸਮਤ ਵਾਲੇ ਸੀ ਉਹ ਕੋਈ ਹੋਰ ਨਿਕਲਿਆ। ਅਸੀਂ ਅੱਧੀ ਰਾਤ ਤੱਕ ਚੌਕੰਨੇ ਹੋ ਕੇ ਇਧਰ-ਉਧਰ ਲੁਕਦੇ ਫਿਰੇ, ਫੇਰ ਜਿਵੇਂ ਈ ਲਖ਼ਨਊ ਵਾਲੀ ਗੱਡੀ ਆਈ, ਅਸੀਂ ਉਸ ਵਿਚ ਜਾ ਚੜ੍ਹੇ।
"ਅਗਲੇ ਦਿਨ ਅਸੀਂ ਲਖ਼ਨਊ ਪਹੁੰਚੇ। ਫੇਰ ਉੱਥੋਂ ਫੈਜ਼ਾਬਾਦ, ਤੇ ਘਰ ਤੱਕ ਆਉਂਦਿਆਂ ਨੂੰ ਰਾਤ ਪੈ ਗਈ। ਮਾਂ ਨੂੰ ਦੱਸਿਆ, ਬਾਪੂ ਨੀਂ ਰਿਹਾ। ਮੈਂ ਦਿੱਲੀ 'ਚ ਉਹਦਾ ਸੰਸਕਾਰ ਕਰ ਦਿੱਤਾ। ਉਹ ਰੋ-ਰੋ ਕੇ ਹਲਕਾਣ ਹੋਣ ਲੱਗੀ…ਬਾਪੂ ਦਾ ਮੂੰਹ ਕਿਵੇਂ ਦੇਖੇ, ਉਹਨੂੰ ਬਸ ਇਹੀ ਗਮ ਸੀ।
"ਤੇ ਭਰਾ ਇਸ ਸਾਰੀਆਂ ਗੱਲਾਂ ਮੇਰੀ ਛਾਤੀ ਤੇ ਪਹਾੜ ਬਣੀਆਂ ਹੋਈਆਂ ਸੀ। ਇਹ ਮੈਂ ਕਿਸਨੂੰ ਦੱਸਦਾ ? ਤੈਨੂੰ ਦੱਸ ਕੇ ਕੁਝ ਹਲਕਾ ਹੋ ਗਿਆਂ। ਵੈਸੇ ਇਕ ਗੱਲ ਪੁੱਛਾਂ ?"
"ਪੁੱਛ।" ਦੇਵਵਰਤ ਨੇ ਭਾਰੇ ਮਨ ਨਾਲ ਕਿਹਾ ਤੇ ਮੋਹਨ ਨੇ ਪੁੱਛਿਆ, "ਆਪਣੇ ਨਗਰ ਖੇੜੇ 'ਚ ਐਨੀ ਹੈਸੀਅਤ ਵਾਲੇ ਕਿੰਨੇ ਕੁ ਲੋਕ ਹੋਣਗੇ ਜਿਹੜੇ ਨਕਦ ਸੱਤਰ ਹਜ਼ਾਰ ਦੇ ਕੇ ਆਪਣੇ ਬਾਪੂ ਦੀ ਲਾਸ਼ ਛੁਡਵਾਅ ਕੇ ਲਿਆ ਸਕਦੇ ਹੋਣਗੇ ?"
ਦੇਵਵਰਤ ਕੁਝ ਨਾ ਬੋਲਿਆ ਤਾਂ ਮੋਹਨ ਨੇ ਫੇਰ ਕਿਹਾ, "ਡੇਢ ਵਿਘਾ ਜ਼ਮੀਨ ਤੇ ਇਕ ਝੁੱਗੀ ਵਰਗਾ ਘਰ ਵੇਚ ਕੇ ਵੀ ਪੂਰੇ ਨੀਂ ਸੀ ਹੋਣ' ਸੱਤਰ ਹਜ਼ਾਰ। ਮੈਂ ਤਾਂ ਕਹਿਣਾ, ਬਿਮਾਰੀ, ਦੂਸ਼ਮਣ ਨੂੰ ਵੀ ਨਾ ਲਾਵੇ ਭਗਵਾਨ…ਸਿੱਧੀ ਮੌਤ ਦੇ ਦਵੇ ; ਤਾਂਕਿ ਸਾਡੇ ਵਰਗੇ ਗਰੀਬਾਂ ਨੂੰ ਇਹਨਾਂ ਕਸਾਈਵਾੜਿਆਂ ਤੱਕ ਜਾਣ ਦੀ ਲੋੜ ਈ ਨਾ ਪਵੇ।
"ਭਰਾ ਅਸੀਂ ਹੋਏ ਪਿੰਡਾਂ ਵਾਲੇ। ਸਾਨੂੰ ਕੀ ਪਤਾ ਸੀ ਕਿ ਸਾਡੇ ਗਰੀਬ ਦੇਸ਼ ਵਿਚ ਐਨੀਆਂ ਅਮੀਰ ਥਾਵਾਂ ਵੀ ਹੈਨ, ਜਿੱਥੇ ਆਦਮੀ ਦੀ ਜਾਨ ਕੱਢ ਕੇ, ਉਸਨੂੰ ਐਲਾਨੀਆਂ ਸੰਦੂਕੜੀ ਵਿਚ ਧਰ ਦਿੱਤਾ ਜਾਂਦੈ। ਫੇਰ ਬੋਲੀ ਲਾਈ ਜਾਂਦੀ ਐ ਸੱਤਰ ਹਜ਼ਾਰ ਦੀ। ਤਾਂ ਤੂੰ ਈ ਦੱਸ, ਜਿੱਥੇ ਮੁਰਦਿਆਂ ਦੀ ਕੀਮਤ ਲੱਗਦੀ ਹੋਵੇ, ਉਸਨੂੰ ਅਸੀਂ ਕਸਾਈਵਾੜਾ ਨਾ ਕਹੀਏ ਤਾਂ ਹੋਰ ਕੀ ਕਹੀਏ ?
"ਸਾਨੂੰ ਭੱਜਣਾ ਪਿਆ, ਆਪਣੇ ਬਾਪੂ ਦੀ ਲਾਸ਼ ਛੱਡ ਕੇ, ਕਿ ਉਹ ਕਸਾਈ ਕਿਤੇ ਸਾਨੂੰ ਵੀ ਲਾਸ਼ ਨਾ ਬਣਾ ਦੇਣ। ਅਸੀਂ ਭੱਜੇ ਤਾਂ ਬਚਾਅ ਲਿਆਏ ਘਰ ਤੱਕ ਪੰਦਰਾਂ ਸੌ ਰੁਪਈਏ। ਮਿੱਟੀ ਨਾ ਸਹੀ, ਬਾਪੂ ਦਾ ਦਸਵਾਂ-ਤੇਰ੍ਹਵਾਂ ਈ ਸਹੀ। ਉਹ ਵੀ ਨਾ ਕਰ ਸਕਦੇ ਤਾਂ ਪੂਰੇ ਇਲਾਕੇ 'ਚ ਥੂਹ-ਥੂਹ ਹੋ ਜਾਂਦੀ ਕਿ ਬਾਪੂ ਦੇ ਸੰਸਕਾਰ ਵਿਚ ਵੀ ਕੰਜੂਸੀ ਕਰ ਗਏ ਮੁੰਡੇ। ਪਰ ਇਹਨਾਂ ਕਸਾਈਆਂ ਤੇ ਥੁੱਕਣ ਵਾਲਾ ਕੋਈ ਨੀਂ। ਜਿਸਨੂੰ ਜਿੰਨਾ ਚਾਹੁਣ, ਹਲਾਲ ਕਰ ਲੈਣ…"
ਦੇਵਵਰਤ ਭਾਰੀ ਮਨ ਨਾਲ ਬੜਬੜਾਇਆ :
"ਇਸ ਮੁਲਕ 'ਚ ਕਸਾਈਵਾੜੇ ਹੋਰ ਵੀ ਹੈਨ ਭਰਾ ! ਤੂੰ ਹਸਪਤਾਲ ਦੀ ਚਿੱਟੀ ਵਰਦੀ ਤਾਂ ਵੇਖ ਲਈ ਪਰ ਹੋਰ ਵਰਦੀਆਂ ਨਾਲ ਤੇਰਾ ਵਾਹ ਨਹੀਂ ਪਿਆ। ਨਾ ਖਾਕੀ ਵਰਦੀ ਨਾਲ, ਨਾ ਕਾਲੀ ਵਰਦੀ ਨਾਲ। ਨਾ ਹੁਣ ਤੱਕ ਕਿਸੇ ਪੁਲਿਸ ਵਾਲੇ ਦੇ ਹੱਥੀਂ ਚੜ੍ਹਿਆ ਏਂ, ਨਾ ਕਿਸੇ ਵਕੀਲ ਦੀ ਬੈਂਚ ਤੇ ਮੱਥਾ ਰਗੜਿਆ ਏ। ਕਿਸਮਤ ਨਾਲ ਤੂੰ ਅਛੂਤਾ ਈ ਰਹਿ ਗਿਓਂ ਥਾਣੇ ਤੇ ਕਚਿਹਰੀ ਤੋਂ…
"ਤੂੰ ਸੋਚਦਾ ਹੋਵੇਂਗਾ, ਮੈਂ ਖੁਸ਼ੀ ਨਾਲ ਦਿੱਲੀ ਗਿਆ ਸਾਂ !...ਤਾਂ ਸੁਣ, ਚਾਰ ਵਰ੍ਹੇ ਪਹਿਲਾਂ ਸਾਡੇ ਗੁਆਂਢ 'ਚ ਇਕ ਕਤਲ ਹੋ ਗਿਆ ਸੀ। ਪੁਲਿਸ ਵਾਲਿਆਂ ਕਿਹਾ, ਤੂੰ ਗਵਾਹ ਬਣ ਜਾ। ਮੇਰੇ ਪਿਤਾ ਜੀ ਨੇ ਸਾਫ ਇਨਕਾਰ ਕਰ ਦਿੱਤਾ ਤਾਂ ਸਾਲਿਆਂ ਨੇ ਮੈਨੂੰ ਈ ਫਸਾਅ ਦਿੱਤਾ, ਉਸ ਕੇਸ 'ਚ। ਪਹਿਲਾਂ ਜੇਲ੍ਹ, ਫੇਰ ਬੜੀ ਮੁਸ਼ਕਲ ਨਾਲ ਜਮਾਨਤ ਹੋਈ। ਫੇਰ ਤਿੰਨ ਸਾਲ ਤੱਕ ਕੱਢਦੇ ਰਹੇ ਅਸੀਂ ਕਚਹਿਰੀ ਦੇ ਚੱਕਰ। ਜਿਸ ਵਿਚ ਘਰ ਤੱਕ ਵਿਕਦਾ-ਵਿਕਦਾ ਬਚਿਆ। ਪਿਤਾ ਜੀ ਨੇ ਕਿਹਾ, 'ਹੁਣ ਫੈਜ਼ਾਬਾਦ ਛੱਡ ਦੇ। ਇਹ ਕੁੱਤੇ ਦੀ ਜਾਤ ਤੈਨੂੰ ਫੇਰ ਫਸਾਅ ਦੇਣਗੇ…'
"ਉਹਨਾਂ ਦਾ ਇਕ ਜਾਣਕਾਰ ਰਹਿੰਦਾ ਸੀ ਦਿੱਲੀ 'ਚ। ਉਹਨਾਂ ਉਸਨੂੰ ਕਿਹਾ, ਤੇ ਉਸਨੇ ਮੈਨੂੰ ਲਗਵਾ ਦਿੱਤਾ ਇਕ ਫੈਕਟਰੀ 'ਚ। ਅੱਛਾ ਛੱਡ ਏਹਨਾਂ ਗੱਲਾਂ ਨੂੰ, ਹੁਣ ਮੈਂ ਯਾਦ ਵੀ ਨਹੀਂ ਕਰਨਾ ਚਾਹੁੰਦਾ ; ਮਨ ਖੱਟਾ ਹੋ ਜਾਂਦਾ ਏ…"
ਕਹਿ ਕੇ ਦੇਵਵਰਤ ਚੁੱਪ ਹੋ ਗਿਆ।
ਕੁਝ ਚਿਰ ਬਾਅਦ ਮੋਹਨ ਬੋਲਿਆ, "ਪਰ ਮੈਂ ਹਾਲੇ ਵੀ ਬੜਾ ਹੈਰਾਨ ਆਂ ਕਿ ਤੈਨੂੰ ਕਿਵੇਂ ਪਤਾ ਲੱਗਾ, ਬਾਪੂ ਦੇ ਉਸ ਹਸਪਤਾਲ 'ਚ ਭਰਤੀ ਹੋਣ ਵਾਲੀ ਗੱਲ ਦਾ ?"
ਤੇ ਦੇਵਵਰਤ ਨੇ ਗੱਲ ਅੱਗੇ ਤੋਰੀ, "ਹੁਣੇ ਤੂੰ ਈ ਦੱਸਿਆ ਸੀ ਕਿ ਸ਼ੁਕਰਵਾਰ ਨੂੰ ਮਰੇ ਸੀ ਤੇਰੇ ਬਾਪੂ। ਤਾਂ ਉਸਦੇ ਅਗਲੇ ਦਿਨ ਯਾਨੀ ਛਨੀਵਾਰ ਦੀ ਸਵੇਰ, ਮੇਰੇ ਫੈਕਟਰੀ ਦੇ ਮਾਲਕ ਦਾ ਫ਼ੋਨ ਆਇਆ :
' 'ਫੈਕਟਰੀ ਦੇ ਕਾਮਿਆਂ ਵਿਚ ਫੈਜ਼ਾਬਾਦ-ਅਯੋਧਿਆ ਦਾ ਕੌਣ ਏਂ ?'
"ਮੈਨੇਜਰ ਨੇ ਮੈਨੂੰ ਬੋਲਾਇਆ ਤੇ ਸਿੱਧਾ ਮਾਲਕ ਨਾਲ ਗੱਲ ਕਰਵਾ ਦਿੱਤੀ। ਮਾਲਕ ਨੇ ਪੁੱਛਿਆ , 'ਕੀ ਫੈਜ਼ਾਬਾਦ ਦੇ ਆਸ-ਪਾਸ ਕੋਈ ਸ਼ਿਵਦਹਾ ਨਾਂਅ ਦਾ ਪਿੰਡ ਵੀ ਏ ?'
" 'ਜੀ ਹਾਂ, ਹੈ। ਅਯੋਧਿਆ ਤੋਂ ਤਿੰਨ ਕੁ ਮੀਲ ਦੂਰ।'
" 'ਓਥੇ ਕੋਈ ਜੋਧਾ ਨਾਂਅ ਦਾ ਆਦਮੀ ਰਹਿੰਦਾ ਏ ?'
"ਮੈਂ ਹੈਰਾਨੀ ਵੱਸ ਤ੍ਰੁਬਕਿਆ ਕਿ ਏਡੇ ਵੱਡੇ ਆਦਮੀ ਨੂੰ, ਏਡੇ ਛੋਟੇ ਬੰਦੇ ਦਾ ਨਾਂਅ ਕਿੰਜ ਪਤਾ ਲੱਗਾ ?
"ਮੈ ਕਿਹਾ, 'ਜੀ ਸਰ।'
" 'ਮੋਹਨ ਕੀ ਲੱਗਦਾ ਏ ਉਸਦਾ ?' ਉਸਨੇ ਫੇਰ ਪੁੱਛਿਆ ਤਾਂ ਮੈਂ ਕਿਹਾ : 'ਉਹਨਾਂ ਦਾ ਵੱਡਾ ਲੜਕਾ ਏ ਜੀ। ਉਹ ਦੋ ਭਰਾ ਨੇ ਮੋਹਨ ਤੇ ਸੋਹਨ।'
" 'ਹੈਸੀਅਤ ਕੀ ਏ ?'
" 'ਬੜੇ ਗਰੀਬ। ਇਕ, ਡੇਢ ਵਿਘਾ ਜ਼ਮੀਨ ਦੇ ਸਿਵਾਏ, ਹੋਰ ਕਝ ਪੱਲੇ ਨਹੀਂ।'
" 'ਤੈਨੂੰ ਪੱਕਾ ਪਤਾ ਏ ਉਹਨਾਂ ਬਾਰੇ ?'
" 'ਜੀ, ਸਰ।'
"ਫੇਰ ਮਾਲਕ ਨੇ ਫ਼ੋਨ ਰੱਖ ਦਿੱਤਾ ਸੀ।
"ਫੇਰ ਸ਼ਾਮ ਹੋਈ ਤਾਂ ਫੈਕਟਰੀ ਵਿਚੋਂ ਨਿਕਲ ਕੇ ਆਪਣੇ ਘਰ ਆ ਰਿਹਾ ਸਾਂ। ਫੈਕਟਰੀ ਦੇ ਪਿਛਲੇ ਪਾਸੇ ਈ ਸਾਡੇ ਮੁਲਾਜ਼ਮਾਂ ਦੇ ਕੁਆਟਰ ਨੇ। ਦਰਅਸਲ ਉਹ ਦਿੱਲੀ ਦਾ ਬਾਹਰੀ ਇਲਾਕਾ ਏ, ਜਿੱਥੇ ਸਾਡੀ ਫੈਕਟਰੀ ਬਣੀ ਹੋਈ ਏ। ਉੱਥੇ ਹੋਰ ਵੀ ਕਈ ਨਿੱਕੀਆਂ-ਵੱਡੀਆਂ ਫੈਕਟਰੀਆਂ ਨੇ। ਜਮਨਾਜੀ ਬਿਲਕੁਲ ਕੋਲੋਂ ਦੀ ਲੰਘਦੀ ਏ। ਕਾਰਖਾਨਿਆਂ ਦੇ ਨਾਲੇ, ਨਦੀ 'ਚ ਪੈਂਦੇ ਨੇ ਤੇ ਉਹਨਾਂ ਦੇ ਕੂੜੇ-ਕੁਬਾੜੇ ਨਾਲ ਨਦੀ ਦਾ ਪਾਟ ਭਰਿਆ ਰਹਿੰਦਾ ਏ। ਪਾਣੀ ਦੇ ਵਿਚਕਾਰ ਕੂੜ-ਕਬਾੜ ਦੇ ਛੋਟੇ-ਛੋਟੇ ਟਾਪੂ ਬਣ ਹੋਏ ਨੇ। ਦੂਰੋਂ ਘਾਟ ਵੱਲੋਂ ਵਹਿ ਆਏ ਬਾਂਸ, ਸਰਕੜੇ, ਕਫਨ, ਲੱਥੜ ਲੀਰਾਂ, ਨਾਰੀਅਲ ਦੇ ਗੋਲੇ ਤੇ ਹੋਰ ਵੀ ਪਤਾ ਨਹੀਂ ਕੀ-ਕੀ ਤੈਰ ਆਉਂਦਾ ਏ, ਉਸ ਕੰਢੇ ਤੀਕ। ਹੋਰ ਤਾਂ ਹੋਰ ਨਦੀ ਵਿਚ ਰੋੜ੍ਹ ਦਿੱਤੀਆਂ ਗਈਆਂ ਲਾਵਾਰਸ ਲਾਸ਼ਾਂ ਵੀ ਉੱਥੇ ਆ ਕੇ ਫਸ ਜਾਂਦੀਆਂ ਨੇ ਅਕਸਰ, ਤੇ ਓਥੋਂ ਦੇ ਕੁੱਤੇ ਤਾਂ ਏਨੇ ਜ਼ਾਲਮ ਨੇ ਕਿ ਤੈਰ ਕੇ ਐਨ ਵਿਚਕਾਰ ਤੱਕ ਜਾਂਦੇ ਨੇ ਤੇ ਲੱਤੋਂ ਫੜ੍ਹ ਕੇ ਘੜੀਸ ਲਿਆਉਂਦੇ ਨੇ ਮੁਰਦੇ ਨੂੰ ਕਿਨਾਰੇ ਤੀਕ। ਆਦਮੀ ਦਾ ਮਾਸ ਜੋ ਮੂੰਹ ਲੱਗ ਗਿਐ ਸਾਲਿਆਂ ਦੇ…
"ਤੇ ਭਰਾ, ਉਸ ਰਾਤ ਮੈਂ ਸੌਂ ਨਹੀਂ ਸੀ ਸਕਿਆ ਚੱਜ ਨਾਲ---ਵਾਰੀ -ਵਾਰੀ ਅੱਖ ਖੁੱਲ੍ਹ ਜਾਂਦੀ ਤੇ ਮੈਂ ਸੋਚਣ ਲੱਗਦਾ ਬਈ ਕਿੱਥੇ ਦਿੱਲੀ ਤੇ ਕਿੱਥੇ ਸ਼ਿਵਦਹਾ ! ਕਿੱਥੇ ਮੇਰਾ ਅਰਬਪਤੀ ਮਾਲਕ ਤੇ ਕਿੱਥੇ ਅਸੀਂ ਗਰੀਬ ਲੋਕ ! ਮੈਂ ਮੱਥਾ-ਪੱਚੀ ਤਾਂ ਬੜੀ ਕੀਤੀ, ਪਰ ਕੋਈ ਤਾਰ ਨਾ ਜੋੜ ਸਕਿਆ ਆਪੋ ਵਿਚ।
"ਸਵੇਰ ਹੋਈ ਤਾਂ ਮੈਂ ਨਿਕਲ ਪਿਆ ਰੋਜ਼ ਵਾਂਗ ਟਹਿਲਣ। ਥੋੜ੍ਹਾ ਜਿਹਾ ਅੱਗੇ ਜਾਣ ਤੇ ਨਦੀ ਉਸ ਰਸਤੇ ਦੇ ਕਾਫੀ ਨੇੜਿਓਂ ਹੋ ਕੇ ਲੰਘਦੀ ਸੀ। ਮੈਂ ਬਸ ਮੀਲ ਕੁ ਗਿਆ ਸਾਂ ਕਿ ਨਿਗਾਹ ਘੁੰਮਦੀ-ਘੁੰਮਦੀ ਜਾ ਪਈ ਇਕ ਮੁਰਦੇ ਉੱਤੇ। ਜ਼ਰਾ ਉਸਦੇ ਨੇੜੇ ਪਹੁੰਚਿਆ ਤਾਂ ਹੱਕਾ-ਬੱਕਾ ਰਹਿ ਗਿਆ। ਮੈਂ ਅਹੁਲ ਕੇ ਕੁੱਤਿਆਂ ਨੂੰ ਸ਼ਿਸ਼ਕਰਿਆ ਤੇ ਇਕਟੱਕ ਦੇਖਣ ਲੱਗਾ ਲਾਸ਼ ਦਾ ਚਿਹਰਾ। ਹੂਬਹੂ ਜੋਧਾ ਚਾਚਾ। ਲਾਸ਼ ਫੁੱਲ ਗਈ ਸੀ, ਪਰ ਪਛਾਣਨ 'ਚ ਕੋਈ ਦਿੱਕਤ ਨਹੀਂ ਸੀ ਹੋ ਰਹੀ। ਗਨੀਮਤ ਇਹ ਸੀ ਕਿ ਮੈਂ ਸਹੀ ਸਮੇਂ ਸਿਰ ਪਹੁੰਚ ਗਿਆ ਸਾਂ। ਕੁੱਤੇ ਲਾਸ਼ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾ ਸਕੇ।
"ਉਸ ਸੁੰਨਸਾਨ ਜਗ੍ਹਾ, ਆਪ-ਮੁਹਾਰੇ ਹੀ ਮੇਰੇ ਮੂੰਹੋਂ ਨਿਕਲਿਆ ਸੀ, 'ਹੇ ਭਗਵਾਨ, ਇਹ ਕੀ ਦੇਖ ਰਿਹਾ ਆਂ ਮੈਂ ?'
"ਮੈਂ ਆਪਣੀਆਂ ਅੱਖਾਂ ਮਲੀਆਂ, ਦੇਖਿਆ ਤੇ ਫੇਰ ਦੇਖਿਆ। ਇਕ ਵਾਰੀ ਮਨ 'ਚ ਸ਼ੰਕਾ ਵੀ ਹੋਈ ਕਿ ਸ਼ਾਇਦ ਰਲਦੀ-ਮਿਲਦੀ ਸ਼ਕਲ ਵਾਲਾ ਕੋਈ ਹੋਰ ਹੋਵੇ ਪਰ ਮਾਲਕ ਦਾ ਫ਼ੋਨ ਯਾਦ ਆਉਂਦਿਆਂ ਹੀ ਗੱਲ ਸਾਫ ਹੋ ਗਈ ਸੀ।
"ਤੂੰ ਯਕੀਨ ਮੰਨੀ ਮੋਹਨ, ਮੈਨੂੰ ਬੜਾ ਮੋਹ ਆਇਆ ਸੀ ਤੇਰੇ ਬਾਪੂ ਦਾ। ਕਿੰਨੀ ਮਾੜੀ ਗੱਲ ਸੀ ਕਿ ਮੇਰੇ ਪਿੰਡਾਂ ਵੱਲ ਦਾ ਇਕ ਆਦਮੀ, ਉਸ ਸੁੰਨ-ਮਸਾਨ ਜਗ੍ਹਾ ਲਾਵਾਰਿਸ ਲਾਸ਼ ਬਣਿਆਂ ਪਿਆ ਸੀ। ਉਹ ਜਿਊਂਦਾ ਹੁੰਦਾ ਤਾਂ ਫਤੇਹ-ਫਤੂਹੀ ਹੁੰਦੀ। ਪਿੰਡ, ਘਰ ਦਾ ਹਾਲ-ਚਾਲ ਪਤਾ ਲਗਦਾ। ਨਾਲ ਖਾਣਾ-ਪੀਣਾ ਹੁੰਦਾ। ਉਦੋਂ ਨਾ ਜਾਤ ਵੇਖੀ ਜਾਂਦੀ ਨਾ, ਬਿਰਾਦਰੀ। ਤੇ ਜਾਣ ਵੇਲੇ ਉਹ ਮੇਰਾ ਸੁਨੇਹਾ ਵੀ ਲੈ ਜਾਂਦੇ, ਕਿ 'ਮੇਰੇ ਸ਼ਿਵਦਹਾ ਵਾਲੇ ਚਾਚਾਜੀ ਨੂੰ ਕਹਿਣਾ, ਦੇਵਵਰਤ ਮਿਲਿਆ ਸੀ, ਦਿੱਲੀ 'ਚ। ਉਹ ਮੌਜ 'ਚ ਏ। ਉਸਨੇ ਪੈਰੀਂ-ਪੈਣਾ ਕਿਹੈ…'
"ਤੇ ਤੂੰ ਹੀ ਸੋਚ ਭਰਾ, ਮੰਨ ਲੈ ਤੂੰ ਕਿਸੇ ਦੂਰ ਦੇਸ਼ 'ਚ ਹੋਵੇਂ, ਤੇ ਤੈਨੂੰ ਉੱਥੇ ਕੋਈ ਆਪਣੇ ਇਲਾਕੇ ਦਾ ਮਿਲ ਪਵੇ…ਨਾ ਇਲਾਕਾ ਤਾਂ ਤਹਿਸੀਲ ਈ ਸਹੀ ਜਾਂ ਨੇੜੇ-ਤੇੜੇ ਜਿਲ੍ਹੇ ਦਾ ਈ ਹੋਵੇ ਤਾਂ ਲੱਗੇਗਾ, ਜਿਵੇਂ ਆਪਣਾ ਸਕਾ ਭਰਾ ਮਿਲ ਗਿਆ ਹੋਵੇ। ਘਰ ਦਾ ਬੰਦਾ ਮਿਲ ਗਿਆ ਹੋਵੇ…
"ਓਵੇਂ ਈ ਮੈਨੂੰ ਵੀ ਲੱਗਿਆ ਸੀ ਉਦੋਂ, ਫੇਰ ਮੈਂ ਕਿਵੇਂ ਛੱਡ ਕੇ ਚਲਾ ਜਾਂਦਾ ਆਪਣੇ ਜੋਧੇ ਚਾਚੇ ਨੂੰ ? ਮੇਰਾ ਮਨ ਸੀ, ਢੰਗ ਨਾਲ ਉਹਦੀ ਮਿੱਟੀ ਸਮੇਟ ਦਿਆਂ। ਪਰ ਸਮੱਸਿਆ ਇਹ ਸੀ ਉੱਥੋਂ ਹਟਾਂ ਕਿੱਦਾਂ ? ਆਦਮਖੋਰ ਕੁੱਤਿਆਂ ਦਾ ਝੁੰਡ, ਦਸ ਪੰਦਰਾਂ ਕਰਮਾਂ ਤੇ ਖੜ੍ਹਾ ਉਦੋਂ ਵੀ ਸਾਨੂੰ ਘੂਰ ਰਿਹਾ ਸੀ, ਕਿ ਮੈਂ ਹਟਾਂ ਤੇ ਉਹ ਟੁੱਟ ਪੈਣ।
"ਅਖ਼ੀਰ ਮੈਂ ਮਨ ਹੀ ਮਨ ਉਹਨਾਂ ਤੋਂ ਮੁਆਫ਼ੀ ਮੰਗ ਲਈ, ਕਿ ਇਸ ਹਾਲਤ 'ਚ ਤੁਹਾਡੇ ਲਈ ਕੁਝ ਕਰ ਸਕਣ ਤੋਂ ਆਹਰੀ ਆਂ ਮੈਂ। ਤਾਂ ਵੀ ਜਿੰਨਾ ਕੁ ਵੱਸ ਏ ਕਰ ਦੇਂਦਾ ਆਂ…
"ਫੇਰ ਬਿਨਾਂ ਇਕ ਪਲ ਗਵਾਇਆਂ ਮੈਂ ਆਪਣੇ ਕੰਮ ਵਿਚ ਲੱਗ ਗਿਆ। ਝੱਟ ਨਦੀ ਕਿਨਾਰੇ ਪਏ ਦੋ ਬਾਂਸ ਚੁੱਕ ਲਿਆਇਆ, ਨਾਲ ਈ ਕੁਝ ਸਰਕੜੇ ਤੇ ਕਫਨ ਦੇ ਟੋਟੇ ਵੀ। ਬਸ ਉਹਨਾਂ ਨਾਲ ਈ ਇਕ ਕੰਮ ਚਲਾਊ ਅਰਥੀ ਜਿਹੀ ਬਣਾ ਲਈ ਤੇ ਉਸ ਉੱਤੇ ਹੌਲੀ ਜਿਹੀ ਲਿਟਾਅ ਦਿੱਤਾ ਤੇਰੇ ਬਾਪੂ ਨੂੰ। ਫੇਰ ਦੋਵਾਂ ਬਾਂਸ ਦੇ ਸਹਾਰੇ ਹੌਲੀ-ਹੌਲੀ ਅਰਥੀ ਨੂੰ ਸਰਕਾਉਂਦਾ ਹੋਇਆ ਪਾਣੀ ਤੱਕ ਲੈ ਆਇਆ। ਉਸ ਪਿੱਛੋਂ ਪੂਰਾ ਜ਼ੋਰ ਲਾ ਕੇ ਬਾਡੀ ਸਮੇਤ ਉਸਨੂੰ ਧਾਰ ਵੱਲ ਧਰੀਕ ਦਿੱਤਾ ਸੀ ਮੈਂ…"
ਮੋਹਨ ਨੇ ਕਾਹਲ ਨਾਲ ਪੁੱਛਿਆ ਸੀ :
"ਧਾਰ ਨਾਲ ਬਾਪੂ ਦੀ ਲਾਸ਼ ਤੁਰ ਪਈ ਸੀ ਨਾ ? ਕਿਤੇ ਐਂ ਤਾਂ ਨੀਂ ਕਿ ਬਾਅਦ 'ਚ ਫੇਰ…"
"ਨਹੀਂ, ਨਹੀਂ…" ਦੇਵਵਰਤ ਨੇ ਪੂਰੇ ਵਿਸ਼ਵਾਸ ਨਾਲ ਕਿਹਾ, "ਫੇਰ ਬਾਡੀ ਰੁਕੀ ਨਹੀਂ ਸੀ। ਮੈਂ ਖੜ੍ਹਾ-ਖੜ੍ਹਾ ਉਸਨੂੰ ਵੇਖਦਾ ਰਿਹਾ ਸਾਂ, ਪੁਲ ਤੱਕ। ਉਹ ਵਹਿੰਦੀ ਜਾ ਰਹੀ ਸੀ। ਉਸ ਪਿੱਛੋਂ ਮੈਂ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਿਆ।, ਕਿਉਂਕਿ ਪੁਲ ਦੇ ਉਸ ਪਾਸੇ ਉਸਦੇ ਰੁਕਣ ਦਾ ਸਵਾਲ ਹੀ ਨਹੀਂ ਸੀ। ਉੱਥੇ ਵਹਾਅ ਬੜਾ ਤੇਜ਼ ਹੋ ਜਾਂਦਾ ਏ…"
ਏਨਾ ਦੱਸ ਕੇ ਦੇਵਵਰਤ ਚੁੱਪ ਹੋ ਗਿਆ। ਕੁਝ ਚਿਰ ਤੱਕ ਮੋਹਨ ਵੀ ਚੁੱਪ ਬੈਠਾ ਕੁਝ ਸੋਚਦਾ ਰਿਹਾ। ਫੇਰ ਅਚਾਨਕ ਉਸਨੇ ਪੁੱਛਿਆ :
"ਅੱਛਾ ਏਨਾ ਦੱਸ ਦੇ ਭਰਾ, ਕਿ ਤੂੰ ਬਾਪੂ ਨੂੰ ਦੇਖਿਆ ਵੀ ਸੀ ਤੇ ਛੂਹਿਆ ਵੀ ਸੀ, ਕਿਤੇ ਗਰਮ ਤਾਂ ਨਹੀਂ ਸੀ ਉਹਦੀ ਦੇਹ ? ਮੇਰਾ ਮਤਲਬ, ਸੁਣਦੇ ਆਂ ਕਿ ਕਦੀ-ਕਦੀ ਦਿਲ ਡੁੱਬ ਜਾਣ ਪਿੱਛੋਂ ਵੀ ਪ੍ਰਾਣ ਮੁੜ ਆਊਂਦੇ ਐ। ਮੈਂ ਤਾਂ ਉਸਨੂੰ ਉਸ ਕੱਚ ਦੀ ਬੰਦ ਸੰਦੂਕੜੀ 'ਚ ਈ ਦੇਖਿਆ ਸੀ। ਜੇ ਛੁਹਣ ਦਿੱਤਾ ਹੁੰਦਾ ਤਾਂ ਉਸਦੀ ਨਬਜ਼ ਵੇਖ ਲੈਂਦਾ ਤੇ ਦਿਲ ਦੀ ਧੜਕਣ ਵੀ…ਪਰ ਕਿਹਾ ਨਾ ਉਸ ਹਸਪਤਾਲ ਵਾਲੇ ਸਭ ਕਸਾਈ ਸੀ ਕਸਾਈ…"
ਦੇਵਵਰਤ ਉਸਨੂੰ ਤਸੱਲੀ ਦੇਂਦਾ ਹੋਇਆ ਬੋਲਿਆ, "ਨਹੀਂ ਭਰਾ, ਉਸ ਵਿਚ ਬਿਲਕੁਲ ਜਾਨ ਨਹੀਂ ਸੀ। ਮਿੱਟੀ ਤੋਂ ਸਾਫ ਪਤਾ ਲੱਗਦਾ ਸੀ, ਮੌਤ ਇਕ ਅੱਧਾ ਦਿਨ ਪਹਿਲਾਂ ਹੋਈ ਹੋਈ ਏ।"
ਤੇ ਵਿਚਕਾਰਲੇ ਉਹਨਾਂ ਪਲਾਂ ਵਿਚ ਮੋਹਨ ਦਾ ਦਿਮਾਗ਼ ਵੀ ਆਪਣੀ ਤਸੱਲੀ ਲਈ ਪਤਾ ਨਹੀਂ ਕੀ-ਕੀ ਊਲ-ਜਲੂਲ ਸੋਚਣ ਲੱਗ ਪਿਆ ਸੀ…
ਕਿ ਸ਼ਾਇਦ ਉਸਦਾ ਬਾਪੂ ਵਹਿੰਦਾ-ਵਹਿੰਦਾ ਕਿਸੇ ਅਜਿਹੇ ਪਿੰਡ ਦੇ ਕਿਨਾਰੇ ਜਾ ਲੱਗੇ ਜਿੱਥੋਂ ਜਮਨਾ ਜੀ ਬਿਲਕੁਲ ਨਾਲ ਦੀ ਵਹਿੰਦੀ ਹੋਵੇ। ਫੇਰ ਪਿੰਡ ਵਾਲਿਆਂ ਦੀ ਮਦਦ ਨਾਲ ਉਹ ਚੰਗਾ ਭਲਾ ਵੀ ਹੋ ਜਾਵੇ…ਕਿਤੇ ਇੰਜ ਹੋ ਜਾਵੇ ਤੇ ਉਹ ਕਦੀ ਮੁੜ ਆਵੇ ਪਿੰਡ ਨੂੰ ; ਤਾਂ ਕਿੰਨੀ ਖੁਸ਼ ਹੋਵੇਗੀ ਮਾਂ, ਤੇ ਕਿੰਨੇ ਹੈਰਾਨ ਹੋ ਜਾਣਗੇ ਪਿੰਡ ਵਾਲੇ…
ਪਰ ਦਿਨ ਦਿਹਾੜੇ ਵੇਖੇ ਗਏ ਕੁਝ ਪਲਾਂ ਦੇ ਸੁਪਨੇ ਸਨ ਜਿਹੜੇ ਦੇਵਵਰਤ ਦੇ ਸਾਫ ਜਵਾਬ ਨਾਲ ਟੁੱਟੇ ਕੱਚ ਦੀਆਂ ਕੈਂਕਰਾਂ ਵਾਂਗ ਖਿੰਡ-ਪੁੰਡ ਗਏ ਸਨ।
ਮੋਹਨ ਫੇਰ ਡੂੰਘੀ ਸੋਚ ਵਿਚ ਲੱਥ ਗਿਆ। ਫੇਰ ਕੁਝ ਚਿਰ ਪਿੱਛੋਂ ਉਸਨੇ ਚੁੱਪ ਤੋੜੀ :
"ਪਰ ਤੂੰ ਦੱਸਿਆ ਨਹੀਂ, ਕਿ ਤੈਨੂੰ ਕਿਵੇਂ ਪਤਾ ਲੱਗਿਆ ਸੀ ਉਸ ਹਸਪਤਾਲ ਦਾ ਨਾਂਅ ਤੇ ਉਸ ਵਿਚ ਭਰਤੀ ਹੋਣ ਆਲੀ ਬਾਪੂ ਦੀ ਗੱਲ ਦਾ ?"
ਦੇਵਵਰਤ ਨੇ ਸਾਫ ਕਰ ਦਿੱਤਾ :
"ਫੈਕਟਰੀ ਦਾ ਮਾਲਕ ਈ ਉਸ ਹਸਪਤਾਲ ਦਾ ਵੀ ਮਾਲਕ ਏ। ਉਸਨੇ ਫ਼ੋਨ ਵੀ ਆਪਣੇ ਉਸੇ ਨਰਸਿੰਗ ਹੋਮ ਵਿਚੋਂ ਕੀਤਾ ਸੀ। ਜਦੋਂ ਉਸਨੂੰ ਯਕੀਨ ਹੋ ਗਿਆ ਕਿ ਰੁਪਏ ਨਹੀਂ ਮਿਲਣੇ ਤਾਂ ਉਸਨੇ ਲਾਸ਼ ਨਦੀ 'ਚ ਸੁਟਵਾ ਦਿੱਤੀ। ਪਰ ਏਨਾ ਕੁਝ ਜਾਣਨ ਪਿੱਛੋਂ ਵੀ ਮੈਂ ਬੜੀ ਦੁਚਿੱਤੀ ਵਿਚ ਸਾਂ ਕਿ ਜੋਧੇ ਚਾਚੇ ਨੂੰ ਆਖ਼ਰ ਦਿੱਲੀ ਤੱਕ ਲਿਆਇਆ ਕੌਣ ਹੋਇਆ ! ਤੇ ਛੱਡ ਕੇ ਕਿਉਂ ਭੱਜ ਗਿਆ ਉਸਨੂੰ ਇਸ ਹਾਲਤ ਵਿਚ ? ਇਸ ਗੁੱਥੀ ਨੂੰ ਸੁਲਝਾਉਣ ਖਾਤਰ ਮੈਂ ਅੱਜ ਸਵੇਰੇ ਹੀ ਪਹੁੰਚ ਗਿਆ ਹੁੰਦਾ ਸ਼ਿਵਦਹੇ, ਜੇ ਕੱਲ੍ਹ ਰਾਤੀਂ ਸਾਡੇ ਗੁਆਂਢ 'ਚ ਮਰਗ ਨਾ ਹੋ ਗਈ ਹੁੰਦੀ। ਪਰ ਭਰਾ ਤੂੰ ਦੱਸ ਜਿਹੜੀ ਰਾਖ ਤੇ ਹੱਡੀਆਂ ਨੂੰ ਤੁਸੀਂ ਹੁਣੇ ਪ੍ਰਵਾਹ ਕੀਤਾ ਸੀ, ਉਹ ਕਿਸਦੀ ਸੀ ?"
ਮੋਹਨ ਨੇ ਤਰਲਾ ਜਿਹਾ ਕੀਤਾ :
"ਸ਼ਮਸ਼ਾਨ 'ਚ ਰਾਖ ਤੇ ਹੱਡੀਆਂ ਦੀ ਕਮੀ ਨੀਂ ਹੁੰਦੀ…ਪਰ ਭਰਾ ਕਹੇਂ ਤਾਂ ਤੇਰੇ ਪੈਰੀਂ ਪੈ ਜਾਵਾਂ, ਇਸ ਗੱਲ ਨੂੰ ਹਮੇਸ਼ਾ ਲਈ ਹਜ਼ਮ ਕਰ ਜਾਵੀਂ। ਜੇ ਗੱਲ ਖੁੱਲ੍ਹ ਗਈ ਤਾਂ ਸਾਡਾ ਵੰਸ਼ ਮਿਟਿਆ ਜਾਣੀ…ਕਿਉਂਕਿ ਪਹਿਲਾਂ ਮਾਂ ਮਰ ਜਾਊਗੀ ਸਦਮੇ ਨਾਲ ; ਫੇਰ ਅਸੀਂ ਦੋਵੇਂ ਭਰਾ ਆਦਮ-ਹੱਤਿਆ ਕਰ ਲਵਾਂਗੇ…"
ਕਹਿੰਦਾ ਹੋਇਆ ਮੋਹਨ ਸੱਚ ਮੁੱਚ ਦੇਵਵਰਤ ਦੇ ਪੈਰੀਂ ਜਾ ਪਿਆ ਸੀ।

No comments:

Post a Comment