Sunday, May 3, 2009

ਡਿੱਗਦੇ ਹੋਏ ਦਰਖ਼ਤ :: ਲੇਖਕ : ਸ਼ਰਵਨ ਕੁਮਾਰ ਵਰਮਾ

ਉਰਦੂ ਕਹਾਣੀ : ਡਿੱਗਦੇ ਹੋਏ ਦਰਖ਼ਤ :: ਲੇਖਕ : ਸ਼ਰਵਨ ਕੁਮਾਰ ਵਰਮਾ। ਸੰਪਰਕ ਨੰਬਰ : 01832555580.
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


---------------------------------------------------------------
ਇਹ ਕਹਾਣੀ, ਧਰਤੀ ਦਾ ਸੂਰਜ ਦੇ ਅੰਕ : 60 : ਅਪ੍ਰੈਲ 2009. ਵਿਚ ਛਪੀ ਹੈ।
---------------------------------------------------------------

ਸਾਰਾ ਝਗੜਾ ਬੁੱਧ ਦੇ ਸਿਰ ਦਾ ਸੀ।

ਬੁੱਧ ਦਾ ਉਹ ਸਿਰ ਭਾਬੀ ਨੁਮਾਇਸ਼ 'ਚੋਂ ਲਿਆਈ ਸੀ। ਉਸਨੇ ਉੱਥੋਂ ਹੋਰ ਵੀ ਕਈ ਚੀਜ਼ਾਂ ਖਰੀਦੀਆਂ ਸਨ---ਕੁਝ ਸਜਾਵਟੀ ਖਿਡੌਣੇ, ਕੁਝ ਅਜਿਹੀਆਂ ਵਸਤਾਂ ਜਿਹੜੀਆਂ ਔਰਤਾਂ ਸਿਰਫ ਪੈਸੇ ਖਰਚ ਕਰਨ ਦੀ ਇੱਛਾ ਨਾਲ ਈ ਖਰੀਦ ਲੈਂਦੀਆਂ ਨੇ। ਭਾਈ ਸਾਹਬ ਨੇ ਬਿੱਲ ਦਿੱਤਾ ਤਾਂ ਦੁਕਾਨਦਾਰ ਕੋਲ ਬਕਾਇਆ ਮੋੜਨ ਲਈ ਰਕਮ ਘਟ ਗਈ। ਉਸਨੇ ਟੁੱਟੇ ਲਿਆਉਣ ਖਾਤਰ ਮੁੰਡੇ ਨੂੰ ਇਧਰ-ਉਧਰ ਦੌੜਾਇਆ। ਭਾਬੀ ਉਡੀਕ ਨਹੀਂ ਸੀ ਸਕਦੀ। ਉਸਨੂੰ ਚਾਟ ਖਾਣ ਦੀ ਕਾਹਲ ਜੋ ਸੀ। ਸੋ ਉਸਨੇ ਦੁਕਾਨਦਾਰ ਨੂੰ ਬੁੱਧ ਦਾ ਉਹ ਸਿਰ ਪੈਕ ਕਰ ਦੇਣ ਲਈ ਕਹਿ ਦਿੱਤਾ, ਜਿਸਨੂੰ ਉਹ ਪਹਿਲਾਂ ਅੱਖੋਂ-ਪਰੋਖੇ ਕਰ ਚੁੱਕੀ ਸੀ। ਹੁਣ ਇਕ ਰੁਪਈਆ ਕੁਝ ਪੈਸੇ ਇਹਨਾਂ ਵੱਲ ਵਧ ਗਏ, ਜਿਹੜੇ ਦੁਕਾਨਦਾਰ ਨੇ ਹੱਸ ਕੇ ਰਿਆਇਤ ਵਜੋਂ ਛੱਡ ਦਿੱਤੇ। ਇਹ ਸਮਝੋ ਕਿ ਉਹ ਸਿਰ ਭਾਬੀ ਨੇ ਮੁਫ਼ਤ ਵਿਚ ਹੀ ਲੈ ਆਂਦਾ।

ਘਰ ਆ ਕੇ ਇਹ ਘਟਨਾ ਭਾਬੀ ਨੇ ਬੜੇ ਮਾਣ ਨਾਲ ਸੁਣਾਈ। ਘਰ ਦੇ ਸਾਰੇ ਜੀਅ ਬੜੇ ਖੁਸ਼ ਹੋਏ। ਸਭ ਦੀ ਮੌਜੂਦਗੀ ਵਿਚ ਸਾਮਾਨ ਖੋਲ੍ਹਿਆ ਗਿਆ। ਹਰ ਚੀਜ਼ ਦੀ ਚੰਗੀ-ਚੋਖੀ ਤਾਰੀਫ਼ ਹੋਈ। ਇਹ ਫੈਸਲਾ ਵੀ ਹੋਇਆ ਕਿ ਕਿਹੜੀ ਚੀਜ਼ ਕਿੱਥੇ ਰੱਖੀ ਜਾਵੇਗੀ। ਪਰ ਬੁੱਧ ਦੇ ਉਸ ਸਿਰ ਵੱਲ ਕਿਸੇ ਨੇ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ। ਭਾਬੀ ਸਿਲ੍ਹੀ ਮਾਚਸ ਵਰਗੀ ਹੋ ਗਈ। ਸਫਾਈਆਂ ਦੇਣ ਲੱਗ ਪਈ :

"ਖੰਨਾ ਸਾਹਬ ਕੇ ਘਰ ਵੇਖਿਆ ਸੀ, ਸੋ ਮੈਂ ਵੀ ਲੈ ਆਈ…ਕਿਤੇ ਪਿਆ ਰਹੇਗਾ…"

"ਉਹ ਪਿੱਤਲ ਦਾ ਏ, ਖੰਨਾ ਸਾਹਬ ਕਾਠਮੰਡੂ ਤੋਂ ਲਿਆਏ ਸੀ।" ਭਾਈ ਸਾਹਬ ਨੇ ਦੱਸਿਆ, ਉਹਨਾਂ ਦੇ ਬੁੱਕ-ਸ਼ੈਲਫ਼ 'ਚ ਬੁੱਧ ਇਜ਼ਮ 'ਤੇ ਮੋਟੀ ਸਾਰੀ ਕਿਤਾਬ ਵੀ ਪਈ ਏ।"

"ਪੁਰੀ ਸਾਹਿਬ ਜਾਪਾਨ ਤੋਂ ਬਰਾਊਂਜ਼ ਦਾ ਲਿਆਏ ਸੀ।" ਮੇਰੀ ਭੈਣ ਦੀ ਸਹੇਲੀ ਸਰਲਾ ਨੇ ਦੱਸਿਆ। "ਅੱਜਕਲ੍ਹ ਉਹਨਾਂ ਦੇ ਬੇਟੇ ਦੇ ਬੈੱਡ-ਰੁਮ 'ਚ ਰੱਖਿਆ ਹੋਇਆ ਏ।"

ਸਾਰਿਆਂ ਨੇ ਉਸ ਵੱਲ ਅਜਿਹੀਆਂ ਨਜ਼ਰਾਂ ਨਾਲ ਵੇਖਿਆ ਕਿ ਵਿਚਾਰੀ ਸ਼ਰਮਾਅ ਗਈ।

ਮੇਰਾ ਧਿਆਨ ਸੜਕ 'ਤੇ ਕੰਮ ਕਰ ਰਹੇ ਮਜ਼ਦੂਰਾਂ ਵੱਲ ਸੀ। ਸੜਕ, ਡਬਲ ਕੀਤੀ ਜਾ ਰਹੀ ਸੀ। ਸਾਹਮਣੇ ਬੋਰਡ ਲੱਗਿਆ ਹੋਇਆ ਸੀ---'ਇਮਪਰੂਵਮੈਂਟ ਟਰੱਸਟ।'

'CITY BEAUTIFYING SCHEME IN PROGRESS' ਇਸ ਦਾ ਫੈਸਲਾ ਆਮ ਆਦਮੀਆਂ ਦੇ ਇਜਲਾਸ ਵਿਚ ਨਹੀਂ ਬਲਕਿ ਲਾਈਨਜ਼ ਕਲੱਬ ਤੇ ਰੋਟਰੀ ਕਲੱਬ ਦੇ ਮੈਂਬਰਾਂ ਨੇ ਕੀਤਾ ਸੀ। ਜਦੋਂ ਦਾ ਸਾਡੀ ਸਰਕਾਰ ਨੇ ਸੋਸ਼ਲਿਜ਼ਮ ਤੇ ਡੈਮੋਕਰੇਸੀ ਦਾ ਚੋਲਾ ਪਾਇਆ ਹੈ---ਸਾਰੇ ਫੈਸਲੇ ਅਜਿਹੀਆਂ ਕਲੱਬਾਂ ਤੇ ਮਜਲਿਸਾਂ ਵਿਚ ਹੀ ਹੁੰਦੇ ਨੇ।

ਸੜਕ ਉੱਤੇ ਕਿਸੇ ਦਰਖ਼ਤ ਦੇ ਡਿੱਗਣ ਦੀ ਆਵਾਜ਼ ਆਈ। ਉਹ ਸ਼ਾਇਦ ਕੋਈ ਬੜਾ ਹੀ ਸੰਘਣਾ ਤੇ ਪੁਰਾਣਾ ਦਰਖ਼ਤ ਸੀ। ਸਾਰੇ ਪੁਰਾਣੇ ਦਰਖ਼ਤ ਇਕ ਇਕ ਕਰਕੇ ਡੇਗੇ ਜਾ ਰਹੇ ਸਨ। ਦੇਰ ਤਕ ਵਾਤਾਵਰਣ ਵਿਚ ਪੱਤਿਆਂ ਦੇ ਖਿੱਲਰਣ, ਟਾਹਣੀਆਂ ਦੇ ਟੁੱਟਣ ਤੇ ਪੰਛੀਆਂ ਦੇ ਚੀਕਣ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ---ਕਮਰੇ ਵਿਚ ਯਕਦਮ ਖ਼ਾਮੋਸ਼ੀ ਛਾ ਗਈ ਸੀ। ਮੈਂ ਭੌਂ ਕੇ ਵੇਖਿਆ---ਬੁੱਧ ਦਾ ਉਹ ਸਿਰ, ਸਭ ਤੋਂ ਅਲਗ-ਥਲਗ ਇਕ ਪਾਸੇ ਲੁੜਕਿਆ ਪਿਆ ਸੀ ਤੇ ਸਾਰੇ ਜਣੇ ਚਾਹ ਪੀ ਰਹੇ ਸਨ।

ਭਾਬੀ ਦੀ ਲਿਆਂਦੀ ਹੋਈ ਹਰ ਚੀਜ਼ ਮੁਨਾਸਿਬ ਜਗ੍ਹਾ ਉੱਤੇ ਸਜਾ ਦਿੱਤੀ ਗਈ---ਰਹਿ ਗਿਆ ਉਹ ਸਿਰ, ਜਿਹੜਾ ਕਈ ਦਿਨ ਤਾਂ ਭਾਬੀ ਦੇ ਕਮਰੇ ਵਿਚ ਹੀ ਪਿਆ ਰਿਹਾ। ਉਸ ਉੱਤੇ ਧੂੜ ਜੰਮਦੀ ਰਹੀ। ਇਕ ਦਿਨ ਖੰਨਾ ਸਾਹਬ ਦੀ ਪਤਨੀ ਨੇ ਉਸਦਾ ਧਿਆਨ ਉਸ ਵੱਲ ਦਿਵਾਇਆ ਤਾਂ ਭਾਬੀ ਨੇ ਅਗਲੇ ਦਿਨ ਉਸਦੀ ਧੂੜ ਝਾੜ ਕੇ, ਲਿਆ ਕੇ, ਮੇਰੀ ਭੈਣ ਦੇ ਕਮਰੇ ਵਿਚ ਰੱਖ ਦਿੱਤਾ। ਉਸਨੇ 'ਡਾਕਟਰ ਨੋ' ਤੋਂ ਨਜ਼ਰਾਂ ਹਟਾਈਆਂ, ਇਕ ਨਜ਼ਰ ਉਸ ਵੱਲ ਦੇਖਿਆ ਤੇ ਜੇਮਜ਼ ਬਾਂਡ ਨਾਲ ਕਿੱਧਰੇ ਦੂਰ ਨਿਕਲ ਗਈ। ਜਦੋਂ ਉਸਦੀ ਸ਼ੈਲਫ਼ ਉੱਤੇ CHASE ਸੀਰੀਜ਼ ਦੀਆਂ ਕਿਤਾਬਾਂ ਵਧ ਗਈਆਂ ਤਾਂ ਉਹ ਸਿਰ ਲਿਆ ਕੇ ਉਸਨੇ ਛੋਟੀ ਭਾਬੀ ਦੇ ਕਮਰੇ ਵਿਚ ਰੱਖ ਦਿੱਤਾ। ਕੁਝ ਦਿਨ ਉਹ ਉੱਥੇ ਵੀ ਸ਼ਰਨਾਰਥੀਆਂ ਵਾਂਗ ਪਿਆ ਰਿਹਾ। ਜਦੋਂ ਛੋਟੀ ਭਾਬੀ ਕੱਚ ਦਾ ਫੁੱਲਦਾਨ ਤੇ ਪਲਾਸਟਿਕ ਦੇ ਫੁੱਲ ਲੈ ਆਈ ਤਾਂ ਉਹ 'ਸਿਰ' ਉਸਨੇ ਮਾਂ ਦੇ ਕਮਰੇ 'ਚ ਪਹੁੰਚਾ ਦਿੱਤਾ। ਮਾਂ ਪਾਠ-ਪੂਜਾ ਵਿਚ ਏਨੀ ਮਗਨ ਰਹਿੰਦੀ ਸੀ ਕਿ ਪਿਤਾ ਜੀ ਨੇ ਉਸਦਾ ਨਾਂਅ 'ਮੀਰਾ ਬਾਈ' ਰੱਖਿਆ ਹੋਇਆ ਸੀ। ਇਕ ਦਿਨ ਉਸ ਬੁੱਤ ਦੀ ਸ਼ਾਮਤ ਆਈ ਸੀ ਸ਼ਾਇਦ ਕਿ ਮਾਂ ਤੇ ਪਿਤਾ ਜੀ ਵਿਚਕਾਰ ਪੂਜਾ-ਪਾਠ ਨੂੰ ਲੈ ਕੇ ਝਗੜਾ ਹੋ ਗਿਆ। ਉਹਨਾਂ ਦਾ ਖ਼ਿਆਲ ਸੀ ਕਿ ਮਾਂ ਨੇ ਮੂਰਤੀਆਂ ਵਿਚ ਇਕ ਹੋਰ ਵਾਧਾ ਕਰ ਲਿਆ ਹੈ। ਮਾਂ ਨੇ ਪਿਤਾ ਜੀ ਨੂੰ ਚਿੜਾਉਣ ਖਾਤਰ ਉਹਨਾਂ ਦੇ ਕਾਰਡ-ਰੂਮ ਵਿਚ ਉਹ ਸਿਰ ਸਜਾ ਦਿੱਤਾ। ਦੋ ਚਾਰ ਦਿਨ ਵਿਚਾਰੇ ਨੇ ਉੱਥੇ ਈ ਇਕ ਕੋਨੇ ਵਿਚ ਬਿਤਾਏ---ਜਦੋਂ ਇਕ ਦਿਨ ਉਹ ਟੈਲੀਫ਼ੋਨ ਦੇ ਰਸੀਵਰ ਨਾਲ ਟਕਰਾਅ ਕੇ ਟੁੱਟਣੋ ਬਚਿਆ ਤਾਂ ਉਹਨਾਂ ਨੌਕਰ ਨੂੰ ਉਸ ਨੂੰ ਚੁੱਕ ਲਿਜਾਣ ਲਈ ਕਿਹਾ। ਤੇ ਉਹ ਲਿਜਾਅ ਕੇ ਉਸਨੂੰ ਡਰਾਇੰਗ-ਰੂਮ ਵਿਚ ਰੱਖ ਆਇਆ।

ਮੈਂ ਉਸ ਸਿਰ ਨੂੰ ਹਰ ਜਗ੍ਹਾ, ਹਰ ਹਾਲਤ ਵਿਚ ਦੇਖਿਆ ਸੀ। ਇਸ ਲਈ ਉਸ ਵਿਚ ਦਿਲਚਸਪੀ ਹੋ ਗਈ ਸੀ। ਹੁਣ ਉਹ ਉਸ ਅਲਮਾਰੀ 'ਤੇ ਰੱਖਿਆ ਹੋਇਆ ਸੀ, ਜਿੱਥੇ ਕਦੀ ਲਖ਼ਨਊ ਤੋਂ ਲਿਆਂਦੇ ਗਏ ਮਿੱਟੀ ਦੇ ਬਾਜੇ ਵਾਲੇ ਰੱਖੇ ਹੁੰਦੇ ਸਨ।

ਸੜਕ ਉੱਤੇ ਕੰਮ ਤੇਜੀ ਨਾਲ ਹੋ ਰਿਹਾ ਸੀ। ਮੈਂ ਖਿੜਕੀ ਵਿਚ ਖੜ੍ਹਾ ਤਮਾਸ਼ਾ ਦੇਖ ਰਿਹਾ ਸਾਂ। ਰੋਡ-ਰੋਲਰ ਦਾ ਸਿੱਖ ਡਰਾਈਵਰ ਚਾਹ ਪੀ ਰਿਹਾ ਸੀ। ਮੈਂ ਉਸਨੂੰ ਜਦੋਂ ਵੀ ਦੇਖਿਆ, ਚਾਹ ਪੀਂਦਿਆਂ ਈ ਦੇਖਿਆ। ਇਕ ਮਜ਼ਦੂਰ ਫੁਆਰੇ ਨਾਲ ਲੁੱਕ ਛਿੜਕ ਰਿਹਾ ਸੀ, ਦੋ ਚਾਰ ਮਜ਼ਦੂਰ ਬਰੀਕ ਬੱਜਰੀ, ਟੋਕਰੀਆਂ ਨਾਲ ਘੁੰਮਾਅ-ਘੁੰਮਾਅ ਕੇ ਸੜਕ ਉੱਤੇ ਸੁੱਟ ਰਹੇ ਸਨ। ਮਜ਼ਦੂਰ ਔਰਤਾਂ ਇਕ ਪਾਸੇ ਬੈਠੀਆਂ, ਇੱਟਾਂ ਦੇ ਚੁੱਲ੍ਹੇ ਉੱਤੇ ਚਾਹ ਬਣਾ ਰਹੀਆਂ ਸਨ।

ਭਾਬੀ ਆ ਗਈ। ਉਹ ਬੜੀ ਖੁਸ਼ ਸੀ। ਬੋਲ :

"ਉਹ ਮਿਲੀ ਸੀ…"

ਉਹ ਤੋਂ ਉਸਦਾ ਇਸ਼ਾਰਾ ਉਸਦੀ ਭੈਣ ਦੀ ਕੁੜੀ ਵੱਲ ਸੀ। ਅਮੀਰ ਮਾਂ-ਪਿਓ ਦੀ ਇਕਲੌਤੀ ਸੰਤਾਨ---ਕਾਰਖ਼ਾਨਿਆਂ, ਕੋਠੀਆਂ, ਕਾਰਾਂ ਦੀ ਇਕੱਲੀ ਵਾਰਸ। ਉਸਦੀ ਇਸ ਖ਼ੂਬੀ ਉੱਤੇ ਭਾਬੀ ਸੈਂਕੜੇ ਵਾਰੀ, ਹਜ਼ਾਰਾਂ ਪੱਖਾਂ ਤੋਂ ਰੌਸ਼ਨੀ ਪਾ ਚੁੱਕੀ ਸੀ। ਉਹ ਲਾਡ-ਪਿਆਰ ਨਾਲ ਮੁੰਡਿਆਂ ਵਾਂਗ ਪਾਲੀ ਗਈ ਸੀ। ਉਸਨੇ ਵਾਲ ਵੀ ਕਟਵਾ ਲਏ ਸਨ। ਪੈਂਟ ਪਾਉਂਦੀ ਸੀ ਤੇ ਕਾਰ ਏਨੀ ਤੇਜ ਚਲਾਉਂਦੀ ਸੀ ਕਿ ਉਸ ਨਾਲ ਬੈਠਣ ਤੋਂ ਪਹਿਲਾਂ ਘਰਵਾਲਿਆਂ ਨਾਲ ਗਲੇ-ਮਿਲ ਕੇ ਭੁੱਲ-ਚੁੱਕ ਮੁਆਫ਼ ਕਰਵਾ ਲੈਣ ਨੂੰ ਜੀਅ ਕਰਦਾ ਸੀ।

"ਉਸਨੇ ਸਾੜ੍ਹੀ ਬੰਨ੍ਹੀ ਹੋਈ ਸੀ…" ਭਾਬੀ ਨੇ ਮਾਣ ਨਾਲ ਦੱਸਿਆ ਤੇ ਮੇਰੀਆਂ ਅੱਖਾਂ ਵਿਚ ਇੰਜ ਦੇਖਿਆ ਜਿਵੇਂ ਕਹਿ ਰਹੀ ਹੋਵੇ, 'ਹੁਣ ਇਹ ਸ਼ੈ ਇਨਕਾਰ ਦੇ ਕਾਬਿਲ ਨਹੀਂ…'

ਮੈਨੂੰ ਮਹਿਸੂਸ ਹੋਇਆ---ਉਹ ਰੋਟੀ ਦੀ ਬੁਰਕੀ ਵਿਖਾਅ ਕੇ, ਚੂਹੇ ਨੂੰ ਪਿੰਜਰੇ ਵਿਚ ਵੜਣ ਦਾ ਸੱਦਾ ਦੇ ਰਹੀ ਹੈ। ਹਾਲਾਂਕਿ ਉਹ ਬੁਰਕੀ ਸੋਨੇ ਦੀ ਸੀ, ਪਰ ਏਸ ਵੇਲੇ ਮੇਰਾ ਢਿੱਡ ਭਰਿਆ ਹੋਇਆ ਸੀ ਤੇ ਮੈਂ ਕਿਤੇ ਬਾਹਰ ਜਾ ਕੇ ਕਾਫੀ ਪੀਣਾ ਚਾਹੁੰਦਾ ਸਾਂ। ਮੈਂ ਕਮਰੇ ਵਿਚੋਂ ਬਾਹਰ ਨਿਕਲ ਆਇਆ।

ਕਾਰ ਲੈ ਕੇ ਨਿਕਲਿਆ ਤਾਂ ਸੜਕ 'ਤੇ ਅਜੀਬ ਦ੍ਰਿਸ਼ ਸੀ। ਏਧਰ-ਉਧਰ ਕਈ ਆਲ੍ਹਣੇ ਖਿੱਲਰੇ ਪਏ ਸਨ, ਆਂਡੇ ਟੁੱਟ ਗਏ ਸਨ। ਸੁੱਕੀਆਂ ਟਾਹਣੀਆਂ, ਮਜ਼ਦੂਰ ਔਰਤਾਂ ਨੇ ਇਕੱਠੀਆਂ ਕਰ ਲਈਆਂ ਸਨ ਤੇ ਮੋਟੇ ਟਾਹਣ, ਰੋਲਰ ਦੇ ਡਰਾਈਵਰ ਨੇ ਇੰਜਣ ਨਾਲ ਬੰਨ੍ਹ ਲਏ ਸਨ।

ਚੌਂਕ ਵਿਚ ਮੈਨੂੰ ਰੱਜੀ ਮਿਲ ਪਈ। ਉਹ ਇਸੇ ਸ਼ਹਿਰ ਵਿਚ ਕੁੜੀਆਂ ਦੇ ਇਕ ਕਾਲੇਜ ਵਿਚ ਅੰਗਰੇਜ਼ੀ ਸਾਹਿਤ ਪੜ੍ਹਾਉਂਦੀ ਹੈ। ਸਾਦੀ ਤੇ ਸੰਜੀਦਾ, ਘੱਟ ਬੋਲਣ ਵਾਲੀ ਬੁੱਧੀਮਾਨ ਕੁੜੀ ਹੈ ਉਹ। ਉਸਦੀ ਹਾਜ਼ਰੀ ਵਿਚ ਆਪਣੇ ਆਪ ਉੱਤੇ ਵਿਦਿਆਰਥੀ ਹੋਣ ਦਾ ਸ਼ੱਕ ਹੋਣ ਲੱਗ ਪੈਂਦਾ ਹੈ। ਉਹ ਰਿਕਸ਼ਾ ਵਾਲੇ ਨਾਲ ਉਲਝੀ ਹੋਈ ਸੀ। ਮੈਂ ਰਿਕਸ਼ੇ ਵਾਲੇ ਨੂੰ ਮੂੰਹ ਮੰਗਿਆ ਕਿਹਾਇਆ ਦੇ ਦਿੱਤਾ ਤੇ ਰੱਜੀ ਨੂੰ ਕਾਰ ਵਿਚ ਬਿਠਾਅ ਲਿਆ---ਉਹ ਬੈਠ ਤਾਂ ਗਈ ਪਰ ਕਈ ਮਿੰਟ ਤਕ ਚੁੱਪ ਰਹੀ।

"ਚੁੱਪ ਕਿਉਂ ਹੋ ਗਈ ਬਈ ?"

"ਤੁਸੀਂ ਅਮੀਰ ਲੋਕ ਈ ਇਹਨਾਂ ਲੋਕਾਂ ਦਾ ਦਿਮਾਗ਼ ਖਰਾਬ ਕਰ ਰਹੇ ਓ।"

"ਤੂੰ ਅਜੇ ਤਕ ਉਸ ਰਿਕਸ਼ੇ ਵਾਲੇ ਬਾਰੇ ਹੀ ਸੋਚ ਰਹੀ ਏਂ, ਅਜੀਬ ਕੁੜੀ ਏਂ ਤੂੰ…ਕੁਝ ਪੈਸਿਆਂ ਖਾਤਰ ਆਪਣੇ ਆਪ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਚੱਲੋ ਕਾਫੀ ਪੀਏ…ਤੇਰੇ ਨਾਲ ਇਕ ਗੱਲ ਵੀ ਕਰਨੀ ਏਂ।" ਮੈਂ ਜਦੋਂ ਵੀ ਉਸਨੂੰ ਮਿਲਦਾ, ਇਹੋ ਕਹਿੰਦਾ ਤੇ ਉਹ ਮੁਸਕਰਾ ਕੇ ਚੁੱਪ ਕਰ ਜਾਂਦੀ।

ਅਸੀਂ ਇਕ ਰੇਸਤੋਰਾਂ ਵਿਚ ਜਾ ਬੈਠੇ। ਮੈਂ ਉਸ ਨੂੰ ਬੁੱਧ ਦੇ ਉਸ ਸਿਰ ਬਾਰੇ ਪੂਰੇ ਵਿਸਥਾਰ ਨਾਲ ਦੱਸਿਆ। ਮੈਂ ਹੱਸਦਾ ਰਿਹਾ, ਪਰ ਉਹ ਮੁਸਕਰਾਈ ਤਕ ਨਹੀਂ। ਉਸਨੇ ਸਿਰ ਸੋਫੇ ਦੀ ਢੋਅ ਨਾਲ ਲਾ ਕੇ ਇੰਜ ਅੱਖਾਂ ਮੀਚ ਲਈਆਂ ਸੀ ਜਿਵੇਂ ਬੜੀ ਥੱਕੀ ਹੋਈ ਹੋਵੇ। ਮੈਂ ਉਸ ਵੱਲ ਦੇਖਦਾ ਰਿਹਾ। ਕਈ ਮਿੰਟ ਬਾਅਦ ਉਸਨੇ ਅੱਖਾਂ ਖੋਲ੍ਹੀਆਂ ਤੇ ਮੇਜ਼ ਉਤੋਂ ਆਪਣੀਆਂ ਚੀਜ਼ਾਂ ਸਮੇਟਨ ਲੱਗੀ।

"ਜਾ ਰਹੀ ਏਂ ?"

"ਹਾਂ।"

"ਬੈਠ।"

"ਮੈਂ ਇਕ ਕਮਰਾ ਵੇਖਣ ਜਾਣਾ ਏਂ…ਜਿਥੇ ਰਹਿੰਦੀ ਆਂ, ਉਹ ਕਮਰਾ ਮਾਲਿਕ ਮਕਾਨ ਨੂੰ ਆਪਣੇ ਲਈ ਚਾਹੀਦਾ ਏ।"

"ਹਾਲੇ ਕੁਛ ਹਫ਼ਤੇ ਪਹਿਲਾਂ ਹੀ ਤਾਂ ਤੂੰ ਕਮਰਾ ਬਦਲਿਆ ਸੀ…"

"ਹਾਂ…"

ਉਹ ਚਲੀ ਗਈ। ਮੈਂ ਬੈਠਾ ਰਹਿ ਗਿਆ। ਰੱਜੀ ਬਾਰੇ ਸੋਚਦਾ ਰਿਹਾ। ਉਹ ਇਸ ਵੱਡੇ ਸ਼ਹਿਰ ਵਿਚ ਇਕੱਲੀ ਰਹਿੰਦੀ ਸੀ। ਉਸਦੇ ਪਿਓ ਦੀ ਨੇੜੇ ਕਿਸੇ ਕਸਬੇ ਵਿਚ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਹੈ। ਉਹ ਨੌਕਰੀ ਨਾ ਕਰੇ ਤਾਂ ਘਰ ਨਹੀਂ ਚੱਲ ਸਕਦਾ। ਮੈਂ ਚਾਹੁੰਦਾ ਸੀ ਉਹ ਕੁਝ ਚਿਰ ਹੋਰ ਬੈਠੇ ਪਰ ਉਹ ਏਨੇ ਪੱਕੇ ਇਰਾਦੇ ਨਾਲ ਫੈਸਲੇ ਕਰਦੀ ਹੈ ਕਿ ਉਸਨੂੰ ਰੋਕਿਆ ਨਹੀਂ ਜਾ ਸਕਦਾ। ਉਸਦੀ ਇਕ ਹੋਰ ਵੀ ਅਜੀਬ ਆਦਤ ਹੈ, ਗੱਲਾਂ ਕਰਦੀ ਕਰਦੀ ਯਕਦਮ ਇੰਜ ਚੁੱਪ ਹੋ ਜਾਂਦੀ ਹੈ ਜਿਵੇਂ ਡੂੰਘੇ ਪਾਣੀ ਵਿਚ ਗੋਤਾ ਮਾਰ ਗਈ ਹੋਵੇ। ਤੁਸੀਂ ਬੈਠੇ ਉਡੀਕਦੇ ਰਹੋ। ਇੰਜ ਵੀ ਹੋ ਸਕਦਾ ਹੈ ਕਿ ਉਹ ਆਪਣੇ ਇਸ ਦੌਰੇ ਵਿਚ ਹੀ ਉਠ ਕੇ ਚਲੀ ਜਾਵੇ। ਇਕ ਵਾਰੀ ਤਾਂ ਉਹ ਆਪਣਾ ਮਨੀ ਬੈਗ ਹੀ ਭੁੱਲ ਗਈ ਸੀ, ਜਿਹੜਾ ਕਈ ਦਿਨ ਤੱਕ ਮੇਰੇ ਕਮਰੇ ਵਿਚ ਪਿਆ ਰਿਹਾ। ਭਾਬੀ ਨੇ ਵੇਖਿਆ ਤਾਂ ਛੇੜਛਾੜ ਦੇ ਮੂਡ ਵਿਚ ਆ ਗਈ, ਬੈਗ ਮਨ੍ਹਾਂ ਕਰਨ ਦੇ ਬਾਵਜੂਦ ਖੋਲ੍ਹ ਲਿਆ। ਚੀਜ਼ਾਂ ਸਾਹਮਣੇ ਉਲਟ ਲਈਆਂ। ਇਕ ਪੈਨ, ਇਕ ਲਾਲ ਪੈਨਸਲ, ਬੱਸ ਦੀਆਂ ਪੁਰਾਣੀਆਂ ਟਿਕਟਾਂ, ਜਿਹਨਾਂ ਪਿੱਛੇ ਹਿਸਾਬ ਕਿਤਾਬ ਲਿਖਆ ਹੋਇਆ ਸੀ। ਇਕ ਛੋਟਾ ਜਿਹਾ ਰੁਮਾਲ, ਦੋ ਚਾਰ ਵੱਖ-ਵੱਖ ਦਵਾਈਆਂ ਦੀਆਂ ਗੋਲੀਆਂ। ਤਿੰਨ ਰੁਪਏ, ਕੁਝ ਭਾਨ ਤੇ ਫਰੀ ਹੋਮਿਓਪੈਥਿਕ ਡਿਸਪੈਂਸਰੀ ਦਾ ਕਾਰਡ। ਭਾਬੀ ਨੇ ਭੈੜਾ ਜਿਹਾ ਮੂੰਹ ਬਣਾ ਕੇ ਸਭ ਕੁਝ ਵਾਪਸ ਪਾ ਦਿੱਤਾ ਸੀ।

"ਕੌਣ ਏ ਇਹ ?" ਉਸਨੂੰ ਆਪਣੀ ਭਾਂਜੀ ਦਾ ਭਵਿੱਖ ਹਨੇਰੇ ਵਿਚ ਨਜ਼ਰ ਆ ਰਿਹਾ ਸੀ।

"ਕੋਈ ਨਹੀਂ।"

"ਤੂੰ ਮੈਨੂੰ ਮੁਰਖ ਸਮਝਦਾ ਏਂ ?"

"ਮੇਰਾ ਮਤਲਬ ਏ, ਮੇਰੀ ਕੋਈ ਨਹੀਂ।"

ਭਾਬੀ ਨੂੰ ਜਿਵੇਂ ਕੁਝ ਤਸੱਲੀ ਹੋਈ। ਮੈਂ ਉਸਨੂੰ ਯਕੀਨ ਦਿਵਾਇਆ ਕਿ ਰੱਜੀ ਨਾਲ ਸਿਵਾਏ ਚਾਹ ਪੀ ਲੈਣ ਦੇ ਮੇਰਾ ਹੋਰ ਕੋਈ ਰਿਸ਼ਤਾ ਨਹੀਂ। ਪਰ ਦਿਲ ਦੀਆਂ ਡੂੰਘਾਈਆਂ ਵਿਚ ਮੈਂ ਮਹਿਸੂਸ ਕੀਤਾ ਕਿ ਮੈਂ ਥੋੜ੍ਹਾ ਜਿਹਾ ਝੂਠ ਬੋਲ ਰਿਹਾ ਹਾਂ। ਇਕ ਰਿਸ਼ਤਾ ਜ਼ਰੂਰ ਸੀ, ਜਿਸਨੂੰ ਮੈਂ ਕੋਈ ਨਾਂਅ ਨਹੀਂ ਸੀ ਦੇ ਰਿਹਾ। ਪਰ ਇਹ ਵੀ ਠੀਕ ਸੀ ਕਿ ਰੱਜੀ ਦੀ ਗੰਭੀਰਤਾ ਤੇ ਘੱਟ ਬੋਲਣ ਦੀ ਆਦਤ ਨੇ ਸਾਡੇ ਵਿਚਕਾਰ ਮੇਜ਼ ਦਾ ਫਾਸਲਾ ਹਮੇਸ਼ਾ ਰੱਖਿਆ ਸੀ। ਉਹ ਮੇਰੇ ਬਾਰੇ ਕੀ ਸੋਚਦੀ ਹੈ, ਇਹ ਉਸਨੇ ਕਦੀ ਨਹੀਂ ਸੀ ਦੱਸਿਆ। ਮੈਂ ਉਸ ਬਾਰੇ ਕੀ ਸੋਚਦਾ ਹਾਂ, ਇਹ ਮੈਨੂੰ ਖ਼ੁਦ ਨੂੰ ਵੀ ਕਦੀ ਸਪਸ਼ਟ ਤੌਰ 'ਤੇ ਸਮਝ ਨਹੀਂ ਸੀ ਆਇਆ। ਪਰ ਭਾਬੀ ਉਸ ਦਿਨ ਖੁਸ਼ ਖੁਸ਼ ਮੇਰੇ ਕਮਰੇ ਵਿਚੋਂ ਗਈ ਤੇ ਜਾਂਦੀ ਹੋਈ ਇਹ ਵੀ ਦੱਸ ਗਈ ਕਿ ਉਹਦੀ ਭਾਂਜੀ ਨੇ ਵਾਲ ਵਧਾਉਣੇ ਸ਼ੁਰੂ ਕਰ ਦਿੱਤੇ ਨੇ।

ਮੈਂ ਉਹ ਬੈਗ ਰੱਜੀ ਨੂੰ ਵਾਪਸ ਕੀਤਾ ਤਾਂ ਉਸਨੇ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਵਿਹੰਦਿਆਂ ਬੈਗ ਵਾਪਸ ਲੈ ਲਿਆ, ਪਰ ਕਿਹਾ ਕੁਝ ਨਹੀ ; ਚੁੱਪ ਰਹੀ।

ਮੈਂ ਰੇਸਤੋਰਾਂ ਵਿਚ ਇਕੱਲਾ ਬੈਠਾ ਇਹੋ ਸੋਚ ਰਿਹਾ ਸਾਂ ਕਿ ਸਰਲਾ ਆ ਗਈ। ਉਹ ਸਿੱਧੀ ਮੇਰੇ ਵੱਲ ਆਈ ਤੇ ਬਿਨਾਂ ਪੁੱਛੇ ਬੈਠ ਗਈ।

"ਤੇਰੀ ਕਾਰ ਦੇਖ ਕੇ ਆ ਗਈ।"

"ਸ਼ੁਕਰੀਆ।"

ਅਜੀਬ ਧਾਕੜ ਕਿਸਮ ਦੀ ਕੁੜੀ ਹੈ। ਬੇਮੁਹਾਰਾ ਬੋਲਦੀ ਹੈ ਤੇ ਖ਼ੂਬ ਖਾਂਦੀ ਹੈ। ਫ਼ਿਲਮਾਂ ਦੇਖਦੀ ਹੈ ਤੇ ਕਈ ਹੀਰੋਇਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੀ ਹੈ। 'ਥਰੀ ਇਨ ਵਨ' ਬਣ ਕੇ ਰਹਿ ਗਈ ਹੈ। ਮੈਂ ਉਸ ਲਈ ਕਾਫੀ ਮੰਗਵਾਈ। ਸੈਂਡਵਿਚਜ਼ ਦਾ ਆਰਡਰ ਉਹਨੇ ਆਪੁ ਦੇ ਦਿੱਤਾ। ਉਹਨੇ ਗੱਲ ਰਿਹਾਨਾ ਸੁਲਤਾਨ ਦੇ ਸੈਕਸੀ ਸੀਨ ਤੋਂ ਸ਼ੁਰੂ ਕੀਤੀ ਤੇ ਸ਼ਹਿਰ ਵਿਚ ਚੱਲ ਰਹੀ ਮੰਦਰ ਦੀ ਕਾਰ ਸੇਵਾ 'ਤੇ ਜਾ ਕੇ ਤਾਣ ਤੋੜੀ। ਫੇਰ ਉਸਨੇ ਪੂਜੂ ਦੇ ਗਾਡਫਾਦਰ ਦੀ ਚਰਚਾ ਛੇੜੀ ਹੀ ਸੀ ਕਿ ਮੈਂ ਉਠ ਕੇ ਖੜ੍ਹਾ ਹੋ ਗਿਆ। ਉਹ ਮੇਰੇ ਨਾਲ ਅਗਲੀ ਸੀਟ ਉੱਤੇ ਆਣ ਬੈਠੀ ਤੇ ਫੇਰ ਕਿਸੇ ਨਾਵਲ ਦਾ ਜ਼ਿਕਰ ਛੇੜ ਲਿਆ…ਸਰਕ ਕੇ ਬਿਲਕੁਲ ਨਾਲ ਚਿਪਕ ਗਈ ਤੇ ਪੂਰੀ ਕਹਾਣੀ ਸੁਣਾਉਣ ਲੱਗ ਪਈ। ਮੈਨੂੰ ਉਸਦੇ ਇੰਜ ਚਿਪਕਣ-ਚੰਬੜਨ ਤੋਂ ਬੜਾ ਡਰ ਲੱਗਦਾ ਸੀ।

"ਤੈਨੂੰ ਘਰ ਛੱਡ ਆਵਾਂ ?"

"ਇੰਜ ਮੇਰੀ ਇੰਸਲਟ ਕਰੋਗੇ ਤਾਂ ਲੜਾਈ ਹੋ ਜਾਏਗੀ ਆਪਣੀ।" ਕੁਝ ਚਿਰ ਚੁੱਪ ਰਹਿ ਕੇ ਬੋਲ, "ਐੱਡ ਨੋ ਸੀਜ਼ ਫਾਇਰ…" ਤੇ ਫੇਰ ਉਹ ਹੱਸ ਪਈ ਤੇ ਬੁੱਲ੍ਹ ਇੰਜ ਮੇਰੇ ਵੱਲ ਵਧਾਅ ਦਿੱਤੇ ਜਿਵੇਂ ਡਿਨਰ ਪਿੱਛੋਂ ਕੋਈ ਸਵੀਟ ਡਿਸ਼ ਪੇਸ਼ ਕਰ ਰਹੀ ਹੋਵੇ।

ਮੈਂ ਸੀਟੀ ਵਜਾਉਣ ਲੱਗ ਪਿਆ। ਉਹ ਅਮਿਤਾਬ ਬਚਨ ਦਾ ਜ਼ਿਕਰ ਛੇੜ ਬੈਠੀ ; ਫੇਰ ਮੌਸਮ ਬਾਰੇ ਆਪਣੀ ਰਾਏ ਦੇਣ ਲੱਗ ਪਈ। ਮੈਂ ਮਹਿਸੂਸ ਕੀਤਾ ਕਿ ਉਹ ਖ਼ੁਦ ਮੌਸਮ ਵਾਂਗ ਸੁਰੀਲੀ ਹੋ ਗਈ ਹੈ। ਇਸ ਸੁਰੀਲੇਪਨ ਵਿਚ ਉਸ ਨੇ ਭਾਬੀ ਦੀ ਭਾਂਜੀ ਦੇ ਵਿਰੁੱਧ ਕਈ ਕੌੜੀਆਂ-ਕਰੜੀਆਂ ਗੱਲਾਂ ਵੀ ਆਖੀਆਂ।

ਜਦੋਂ ਮੈਂ ਕੁਝ ਨਾ ਬੋਲਿਆ, ਬਸ ਚੁੱਪ ਹੀ ਰਿਹਾ ਤਾਂ ਉਸਨੇ ਸ਼ਾਪਿੰਗ ਦਾ ਇਰਾਦਾ ਜ਼ਾਹਿਰ ਕਰ ਦਿੱਤਾ। ਅਸੀਂ ਸ਼ਹਿਰ ਚਲੇ ਗਏ। ਫੁੱਟਪਾਥ 'ਤੇ ਬਹੁਤ ਸਾਰੀਆਂ ਦੁਕਾਨਾਂ ਉੱਤੇ ਵਿਦੇਸ਼ੀ, ਪੁਰਾਣੇ, ਹੰਢਾਏ ਹੋਏ ਕੱਪੜਿਆਂ ਦੇ ਢੇਰ ਲੱਗੇ ਹੋਏ ਸਨ ਤੇ ਲੋਕ ਧੜਾਧੜ ਖਰੀਦ ਰਹੇ ਸਨ। ਉੱਥੇ ਉਸਨੇ ਮੈਨੂੰ ਰੁਕਣ ਲਈ ਕਿਹਾ। ਉਹ ਮੈਨੂੰ ਨਾਲ ਲੈ ਜਾਣਾ ਚਾਹੁੰਦੀ ਸੀ, ਪਰ ਮੈਂ ਨਹੀਂ ਗਿਆ। ਉਹ ਪੈਰ ਪਟਕਦੀ ਹੋਈ ਇਕ ਦੁਕਾਨ ਵਿਚ ਵੜ ਗਈ।

ਦੂਰ ਦੂਰ ਤੱਕ ਗਰਮ ਕੱਪੜਿਆਂ ਦੇ ਢੇਰ ਲੱਗੇ ਹੋਏ ਸੀ। ਵਾਤਾਵਰਨ ਵਿਚ ਇਕ ਬੂ ਰਚੀ ਹੋਈ ਸੀ। ਮੈਂ ਸਿਗਰੇਟ ਸੁਲਗਾ ਲਈ, ਪਰ ਬੂ ਘੱਟ ਨਾ ਹੋਈ। ਪਤਾ ਨਹੀਂ ਕਿਸ-ਕਿਸ ਜਿਸਮ ਦੇ ਲੱਥੜ ਹੁੰਦੇ ਨੇ ਇਹ ; ਕਿਹੋ ਜਿਹੇ ਜਰਾਸੀਮ ਹੋਣਗੇ ਇਹਨਾਂ ਵਿਚ ! ਮੈਂ ਸੋਚਿਆ ਤੇ ਬਹੁਤੀ ਦੇਰ ਉੱਥੇ ਨਹੀਂ ਰੁਕ ਸਿਕਿਆ। ਸਰਲਾ ਦੁਕਾਨਦਾਰ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਮੈਂ ਉਸਨੂੰ ਦੱਸੇ ਬਿਨਾਂ ਆ ਗਿਆ।

ਘਬ ਪਹੁੰਚ ਕੇ ਕਾਰ ਵਿਚੋਂ ਨਿਕਲਿਆ ਤਾਂ ਭਾਬੀ ਸਾਹਮਣੇ ਆ ਗਈ। ਉਹ ਸ਼ਾਇਦ ਕਿਧਰੇ ਜਾਣ ਲਈ ਤਿਆਰ ਸੀ। ਹੋਰ ਦੋਵੇਂ ਕਾਰਾਂ ਘਰ ਦੇ ਦੂਜੇ ਮੈਂਬਰ ਲੈ ਗਏ ਸਨ। ਉਹ ਕਾਰ ਵਿਚ ਬੈਠਣ ਲੱਗੀ ਤਾਂ ਤ੍ਰਬਕ ਪਈ।

"ਇਹ ਕੀ ਚੱਕਰ ਏ ?"

ਮੈਂ ਵੇਖਿਆ। ਸਰਲਾ ਦਾ ਮਨੀ ਬੈਗ ਸੀ। ਅਜੀਬ ਉਲਝਣ ਵਿਚ ਫਸ ਗਿਆ ਸਾਂ---ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਭਾਬੀ ਨੂੰ ਸਾਰਾ ਕਿੱਸਾ ਸੁਣਾ ਦਿੱਤਾ। ਭਾਬੀ ਨਾਰਾਜ਼ ਸੀ। ਬੋਲੀ, "ਇਹ ਕੀ ਚੱਕਰ ਹੋਇਆ ?"

ਸੌਹਾਂ ਖਾ-ਖਾ ਕੇ ਉਸਨੂੰ ਸਮਝਾਇਆ ਕਿ ਕੋਈ ਐਸੀ-ਵੈਸੀ ਗੱਲ ਨਹੀਂ। ਸਿਰਫ ਇਤਫ਼ਾਕ ਏ। ਪਰ ਭਾਬੀ ਦੀਆਂ ਅੱਖਾਂ ਵਿਚੋਂ ਸ਼ੱਕ ਝਲਕ ਰਿਹਾ ਸੀ।

"ਤੇਰੀਆਂ ਗੱਲਾਂ ਮੇਰੀ ਤਾਂ ਸਮਝ 'ਚ ਨਹੀਂ ਆਉਂਦੀਆਂ। ਨਿੱਤ ਨਵੀਂ ਕੁੜੀ ਨੂੰ ਮਿਲਦਾ ਏਂ ਤੇ ਕਹਿੰਦਾ ਏਂ 'ਐਸੀ-ਵੈਸੀ ਗੱਲ ਨਹੀਂ' ਅਜੀਬ ਲੋਕ ਓ ਤੁਸੀਂ…"

"ਦੋਸਤੀ ਭਾਬੀ, ਦੋਸਤੀ।"

"ਅੱਗ ਤੇ ਫੂਸ ਦੀ…" ਕਹਿ ਕੇ ਭਾਬੀ ਚਲੀ ਗਈ। ਸਰਲਾ ਦਾ ਬੈਗ ਵੀ ਨਾਲ ਲੈ ਗਈ। ਮੈਂ ਸੋਚਿਆ, ਚਲੋ ਇਹ ਵੀ ਚੰਗਾ ਹੀ ਹੋਇਆ।

ਸੜਕ ਉੱਤੇ ਕੰਮ ਕਰਨ ਵਾਲੀ ਇਕ ਮਜ਼ਦੂਰ ਕੁੜੀ ਦਾ ਵਿਆਹ, ਉੱਥੇ ਹੀ ਫਟਾਫਟ ਤੇ ਸਿੱਧੇ-ਸਾਦੇ ਢੰਗ ਨਾਲ ਹੋਇਆ ਸੀ। ਉਸ ਦਿਨ ਉਹਨਾਂ ਲੋਕਾਂ ਖ਼ੂਬ ਖੁਸ਼ੀਆਂ ਮਨਾਈਆਂ ਸਨ। ਲੱਡੂ ਵੰਡੇ ਸਨ। ਸਾਡੇ ਨੌਕਰ ਨੂੰ ਵੀ ਮਿਲੇ ਸਨ।

ਉਸ ਸ਼ਾਮ ਜਦੋਂ ਰੱਜੀ ਤੇ ਮੈਂ ਚਾਹ ਪੀਣ ਬੈਠੇ ਤਾਂ ਮੈਂ ਸਰਲਾ ਵਾਲਾ ਕਿੱਸਾ ਉਸਨੂੰ ਸੁਣਾਇਆ। ਉਸਨੇ ਮੇਰੇ ਉੱਤੇ ਸ਼ੱਕ ਕੀਤਾ, ਨਾ ਇਸ ਕਹਾਣੀ ਵਿਚ ਦਿਲਚਸਪੀ ਲਈ। ਚੁੱਪਚਾਪ ਸੁਣਦੀ ਰਹੀ। ਮੈਂ ਸੁਣਾ ਹਟਿਆ ਤਾਂ ਬੋਲੀ :

"ਬੁੱਧ ਦੇ ਉਸ ਸਿਰ ਦਾ ਕੀ ਬਣਿਆ ?"

ਮੈਂ ਲਗਭਗ ਉਸਨੂੰ ਭੁੱਲ ਹੀ ਗਿਆ ਸਾਂ। ਕਹਿ ਦਿੱਤਾ, "ਓਥੇ ਡਰਾਇੰਗ ਰੂਮ 'ਚ ਈ ਪਿਆ ਹੋਏਗਾ…ਕਿਉਂ ?"

"ਉਂਜ ਈ…" ਉਸਨੇ ਕੁਝ ਪਲ ਦੀ ਖ਼ਾਮੋਸ਼ੀ ਪਿੱਛੋਂ ਕਿਹਾ, "ਯਾਦ ਆ ਗਿਆ ਸੀ---ਮੈਂ ਸੋਚਿਆ, ਹੁਣ ਤੇਰੇ ਕਮਰੇ 'ਚ ਪਹੁੰਚ ਗਿਆ ਹੋਏਗਾ।"

"ਸੁਣਿਆ ਏ, ਤੂੰ ਫੇਰ ਕਮਰੇ ਦੀ ਭਾਲ 'ਚ ਏਂ ?"

"ਹਾਂ, ਉਹ ਲੋਕ ਰਾਤ ਨੂੰ ਦੇਰ ਨਾਲ ਆਉਂਦੇ ਨੇ ਤੇ ਚੀਕਾ-ਰੌਲੀ ਪਾਈ ਰੱਖਦੇ ਨੇ। ਏਨਾ ਰੌਲਾ ਕਿ ਤੋਬਾ ! ਕਲਬ, ਸਿਨੇਮਾ, ਟੈਲੀਵਿਜ਼ਨ, ਪਾਰਟੀਆਂ, ਲੋਕਾਂ ਦੇ ਸਕੈਂਡਲ---ਇਸ ਦੇ ਸਿਵਾਏ ਉਹਨਾਂ ਨੂੰ ਹੋਰ ਕੁਝ ਆਉਂਦਾ ਈ ਨਹੀਂ। ਮੇਰਾ ਤਾਂ ਉੱਥੇ ਜੀਅ ਕਾਹਲਾ ਪੈਂਦਾ ਏ।"

"ਮਿਲੀ ਕੋਈ ਜਗ੍ਹਾ ?"

"ਦੇਖੀ ਤਾਂ ਹੈ, ਕਾਲੇਜ ਤੋਂ ਦੂਰ ਏ।" ਉਹ ਕਈ ਮਿੰਟ ਚੁੱਪ ਰਹੀ, ਫੇਰ ਬੋਲੀ, "ਤਾਂ ਬੁੱਧ ਦਾ ਉਹ ਸਿਰ, ਉੱਥੇ ਹੀ ਪਿਆ ਏ ਅਜੇ ?"

"ਹੋਏਗਾ, ਕਦੀ ਬਹੁਤਾ ਧਿਆਨ ਨਹੀਂ ਦਿੱਤਾ---ਪਰ ਤੈਨੂੰ ਅੱਜ ਉਹ ਏਨਾ ਯਾਦ ਕਿਉਂ ਆ ਰਿਹੈ ?"

"ਕੋਈ ਮਾੜੀ ਗੱਲ ਏ ?"

ਮੈਂ ਚੁੱਪ ਹੋ ਗਿਆ। ਉਹ ਅਜਿਹੇ ਮੌਕੇ ਨਾਰਾਜ਼ ਹੋ ਜਾਂਦੀ ਹੈ। ਮੈਂ ਸੋਚਿਆ, ਘਰ ਜਾ ਕੇ ਉਹ ਸਿਰ ਆਪਣੇ ਕਮਰੇ ਵਿਚ ਲੈ ਆਵਾਂਗਾ ਤੇ ਫੇਰ ਰੱਜੀ ਨੂੰ ਦੱਸਾਂਗਾ ; ਉਹ ਖੁਸ਼ ਹੋ ਜਾਏਗੀ। ਉਸ ਵੱਲ ਦੇਖਿਆ ਤਾਂ ਉਹ ਅੱਖਾਂ ਬੰਦ ਕਰੀ ਬੈਠੀ ਸੀ। ਫੇਰ ਦੌਰਾ ਪਿਆ ਲੱਗਦਾ ਸੀ---ਉਠੀ ਤੇ ਚਲੀ ਗਈ ਸੀ।

ਮੈਂ ਘਰ ਪਹੁੰਚ ਕੇ ਸਿੱਧਾ ਡਰਾਇੰਗ-ਰੂਮ ਵਿਚ ਗਿਆ। ਉਹ ਸਿਰ ਉੱਥੇ ਨਹੀਂ ਸੀ---ਕਿਸੇ ਵੀ ਕਮਰੇ ਵਿਚ ਨਹੀਂ ਸੀ। ਮੈਂ ਪ੍ਰੇਸ਼ਾਨ ਜਿਹਾ ਹੋ ਕੇ ਪਿੱਛਲੇ ਪਾਸੇ, ਨੌਕਰਾਂ ਦੇ ਕੁਆਟਰਾਂ ਵੱਲ ਤੁਰ ਗਿਆ। ਬੁੱਢੇ ਬੋਹੜ ਦੀ ਛਾਂ ਵਿਚ, ਸੁੱਕੇ ਪੱਤਿਆਂ ਦੇ ਢੇਰ ਉੱਤੇ 'ਸਿਰ' ਦੇ ਟੁਕੜੇ ਪਏ ਸਨ। ਮੈਂ ਆਪਣੇ ਕਮਰੇ ਵਿਚ ਆ ਗਿਆ ਤੇ ਕਾਰਨਸ ਵੱਲ ਦੇਖਿਆ ; ਜਿੱਥੇ ਮੈਂ ਉਹ ਸਿਰ ਰੱਖਣਾ ਚਾਹੁੰਦਾ ਸਾਂ…ਕਿਸੇ ਨੇ ਉੱਥੇ ਭਾਬੀ ਦੀ ਭਾਂਜੀ ਦੀ ਤਸਵੀਰ ਰੱਖ ਦਿੱਤੀ ਸੀ---ਸਾੜ੍ਹੀ ਬੰਨ੍ਹੀ, ਵਾਲਾਂ ਦਾ ਜੂੜਾ ਕਰੀ, ਸਾਈਡ ਪੋਜ ਵਿਚ। ਮੈਂ ਖਿੜਕੀ ਕੋਲ ਜਾ ਖੜ੍ਹਾ ਹੋਇਆ।

ਰੱਜੀ ਰਿਕਸ਼ਾ ਵਿਚ ਆਪਣਾ ਥੋੜ੍ਹਾ ਜਿਹਾ ਸਾਮਾਨ ਰੱਖੀ ਸੜਕ 'ਤੇ ਜਾ ਰਹੀ ਸੀ।

ਮੇਰੀਆਂ ਅੱਖਾਂ ਤੋਂ ਪਰ੍ਹੇ ਇਕ ਸੰਘਣਾ ਦਰਖ਼ਤ ਹੋ ਡਿੱਗਿਆ, ਜਿਸਦੀ ਆਵਾਜ਼ ਦੇਰ ਤੱਕ ਮੇਰੇ ਕੰਨਾਂ ਵਿਚ ਗੂੰਜਦੀ ਰਹੀ।

No comments:

Post a Comment