Wednesday, June 16, 2010

ਹਰ ਯੁੱਗ ਦੀ ਗੱਲ... :: ਲੇਖਕ : ਮਿਰਜ਼ਾ ਉਮੈਰ ਬੇਗ਼

ਉਰਦੂ ਕਹਾਣੀ : ਹਰ ਯੁੱਗ ਦੀ ਗੱਲ... ਲੇਖਕ : ਮਿਰਜ਼ਾ ਉਮੈਰ ਬੇਗ਼
ਅਨੁਵਾਦ : ਮਹਿੰਦਰ ਬੇਦੀ, ਜੈਤੋ


ਦੇਰ ਤਾਂ ਹੋ ਗਈ ਸੀ ਪਰ ਮਨ ਵਿਚ ਇਕ ਖ਼ਿਆਲ ਸੀ...ਸ਼ਾਇਦ ਅਜੇ ਬਹੁਤੀ ਦੇਰ ਨਹੀਂ ਹੋਈ। ਸੋ ਕਾਹਲੀ-ਕਾਹਲੀ ਤੁਰਦਾ ਹੋਇਆ ਘਾਟ ਉੱਤੇ ਪਹੁੰਚਿਆ ਤਾਂ ਸੂਰਜ ਚੜ੍ਹ ਚੁੱਕਿਆ ਸੀ ਤੇ ਸਾਰੇ ਘਾਟ ਉੱਤੇ, ਦੂਰ ਪੁਲ ਤਾਈਂ, ਇਕ ਧੰਦਲਾ ਜਿਹਾ ਚਾਨਣ ਪਸਰ ਗਿਆ ਸੀ। ਵਾਤਾਵਰਨ ਕੁਝ ਵਧੇਰੇ ਹੀ ਹੁਸੀਨ ਹੋ ਗਿਆ ਜਾਪਦਾ ਸੀ। ਬਨਾਰਸ ਕੋਲ ਗੰਗਾ ਨੇ ਇਕ ਅਜਿਹੀ ਅੰਗੜਾਈ ਲਈ ਹੈ ਕਿ ਸਾਰਾ ਸ਼ਹਿਰ ਉਸ ਦੀ ਵੱਖੀ ਦੇ ਮੋੜ ਵਿਚ ਸਮਾਅ ਗਿਆ ਹੈ। ਘਾਟ ਉੱਤੇ ਅਣਗਿਣਤ ਲੋਕਾਂ ਦਾ ਹੜ੍ਹ ਜਿਹਾ ਆਇਆ ਹੋਇਆ ਸੀ। ਆਪਣੀ ਪਵਿੱਤਰਤਾ ਦੇ ਗਰੂਰ ਵਿਚ ਗੰਗਾ ਝੂੰਮਦੀ ਤੇ ਮਸਤੀਆਂ ਮਾਣਦੀ ਵਹਿ ਰਹੀ ਸੀ...ਜਿਵੇਂ ਉਸ ਦੇ ਪੈਰ ਕਿਤੇ ਟਿਕਦੇ ਹੀ ਨਾ ਹੋਣ।
ਫਿੱਕੇ ਪੈ ਰਹੇ ਹਨੇਰੇ ਦੀ ਓਟ ਵਿਚੋਂ ਪੁਲ ਦਿਸਣ ਲੱਗ ਪਿਆ ਸੀ। ਇਸ ਪੁਲ ਤੋਂ ਲੰਘ ਕੇ ਲੋਕ ਸਾਰਨਾਥ ਜਾਂਦੇ ਨੇ। ਸਾਰਨਾਥ ਜਿੱਥੇ ਕਈ ਵਰ੍ਹਿਆਂ ਦੀ ਤਪਸਿਆ ਤੋਂ ਬਾਅਦ ਮਹਾਤਮਾ ਬੁੱਧ ਨੇ ਆਪਣਾ ਗਿਆਨ ਲੋਕਾਂ ਵਿਚ ਵਰਤਾਇਆ ਸੀ। ਦੂਜੇ ਪਾਸੇ ਰਾਮਪੁਰ ਦੇ ਕਿਲੇ ਦਾ ਧੰਦਲਾ ਜਿਹਾ ਅਕਸ ਦਿਸ ਰਿਹਾ ਸੀ।
ਸ਼ਾਇਦ ਦੇਰ ਹੋ ਗਈ ਸੀ। ਕਿਲੇ ਤੋਂ ਤਿਲਕ ਕੇ ਨਜ਼ਰਾਂ, ਗੰਗਾ ਦੀਆਂ ਮਦ-ਮਸਤ ਲਹਿਰਾਂ ਉੱਤੇ ਆ ਟਿਕੀਆਂ। ਸਵੇਰ ਦੀ ਨਰਮ, ਮੁਲਾਇਮ ਹਵਾ ਵਿਚ ਉਹ ਲੰਮੇ ਸਾਹ ਲੈ ਰਹੀ ਜਾਪਦੀ ਸੀ। ਸੂਰਜ 'ਚੋਂ ਨਿਕਲੀ ਚਾਨਣ ਦੀ ਇਕ ਮੋਟੀ ਧਾਰ ਨੇ ਉਸ ਨੂੰ ਆਪਣੀ ਬੁਕਲ ਵਿਚ ਲੈ ਲਿਆ ਸੀ। ਜਦੋਂ ਇਹ ਚਾਨਣ ਧਾਰ ਕੁਝ ਹੋਰ ਸੰਘਣੀ ਹੋਈ, ਹਰੇਕ ਸ਼ੈ ਨੇ ਆਪਣੀ ਹੋਂਦ ਨੂੰ ਪ੍ਰਤੱਖ ਕਰ ਦਿੱਤਾ।
ਸੂਰਜ ਤੋਂ ਧਰਤੀ ਤਕ ਆ ਰਿਹਾ ਚਾਨਣ ਦਾ ਇਹ ਰਾਹ ਮਲਾਹਾਂ ਦੀ ਭੀੜ ਕੋਲ ਮੁਕਦਾ ਹੈ। ਮੈਂ ਕਿਨਾਰੇ 'ਤੇ ਆ ਗਿਆ ਹਾਂ...ਸੂਰਜ ਦੀਆਂ ਸਾਰੀਆਂ ਕਿਰਨਾ ਨੂੰ ਕਿਸੇ ਨੇ ਸਮੇਟ ਕੇ ਇਕ ਬਿੰਦੂ ਉਪਰ ਇਕੱਠਾ ਕਰ ਦਿੱਤਾ ਹੈ। ਉਹ ਬਿੰਦੂ ਸੁਲਗ ਰਿਹਾ ਹੈ :
''ਮਲਕਾ ਤੂੰ ਕਿਧਰ ?'' ਮੈਂ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਿਆ ਤੇ ਮਲਕਾ ਦਾ ਚਿਹਰਾ ਵੀ ਹਸੂੰ-ਹਸੂੰ ਕਰਨ ਲਗ ਪਿਆ, ਗੱਲ੍ਹਾਂ ਸ਼ੀਸ਼ੇ ਵਾਗੂੰ ਲਿਸ਼ਕਣ ਲਗ ਪਈਆਂ ਤੇ ਉਸ ਦੀਆਂ ਬੇਚੈਨ ਅੱਖਾਂ ਅੱਡੀਆਂ ਹੀ ਰਹਿ ਗਈਆਂ। ਉਹ ਆਪਣੇ ਸਾਹਾਂ 'ਤੇ ਕਾਬੂ ਪਾਉਂਦੀ ਹੋਈ ਬੋਲੀ, ''ਉਜੈਨ ਤੋਂ ਭਟਕ ਕੇ ਕਾਸ਼ੀ ਕਿੰਜ ਆ ਪਹੁੰਚੇ ਕਾਲੀਦਾਸ ?''
''ਤੈਨੂੰ ਪਤਾ ਈ ਏ, ਜਦੋਂ ਕੋਈ 'ਪਿੰਡ' ਆਪਣੇ ਕੇਂਦਰ ਤੋਂ ਭਟਕ ਜਾਏ, ਇੰਜ ਹੀ ਬ੍ਰਾਹਮੰਡ ਵਿਚ ਭਟਕਦਾ ਰਹਿੰਦਾ ਏ।''
''ਅੱਛਾ, ਅੱਛਾ !'' ਉਹ ਮੁਸਕਰਾ ਪਈ। ਫੇਰ ਕਹਿਣ ਲੱਗੀ, ''ਕਿਸ਼ਤੀ ਦੀ ਸੈਰ ਕੀਤੀ ਜਾਵੇ ?'' ਤੇ ਕਾਹਲ ਨਾਲ ਅਸੀਂ ਦੋਏ ਇਕ ਕਿਸ਼ਤੀ ਵਿਚ ਜਾ ਬੈਠੇ ਸਾਂ। ਮੈਂ ਮਲਾਹ ਨੂੰ ਕਹਿ ਦਿੱਤਾ ਸੀ ਕਿ ਗੰਗਾ ਦੇ ਐਨ ਵਿਚਕਾਰ ਜਾ ਕੇ, ਉਹ ਚੱਪੂ ਚਲਾਉਣੇ ਬੰਦ ਕਰ ਦਵੇ ਤੇ ਕਿਸ਼ਤੀ ਨੂੰ ਲਹਿਰਾਂ ਦੇ ਆਸਰੇ ਛੱਡ ਦਵੇ। ਅਸੀਂ ਸ਼ਾਮ ਤਕ ਉੱਥੇ ਹੀ ਰਹਾਂਗੇ। ਉਸ ਨੇ ਬਿੰਦ ਦਾ ਬਿੰਦ ਮੇਰੇ ਮੂੰਹ ਵੱਲ ਤੱਕਿਆ ਤੇ ਫੇਰ ਕਿਸ਼ਤੀ ਨੂੰ ਧਾਰ ਦੇ ਹਵਾਲੇ ਕਰ ਦਿੱਤਾ ਸੀ।
ਚੁੱਪ ਦੀ ਚਾਦਰ ਫੈਲੀ ਹੋਈ ਸੀ ਪਰ ਕਦੇ ਕਦੇ ਹਵਾ ਦੀ ਹਿੱਕ ਉੱਤੇ ਤੈਰ ਕੇ ਆਏ ਕਿਨਾਰੇ ਉਪਰ ਹੋ ਰਹੇ ਭਜਨ-ਕੀਰਤਨ ਦੇ ਬੋਲ ਇਸ ਚੁੱਪ ਦੀ ਚਾਦਰ ਨੂੰ ਪਾੜ ਕੇ ਸਾਡੇ ਕੰਨਾਂ ਵਿਚ ਆ ਪੈਂਦੇ ਸਨ। ਮਲਕਾ ਮੇਰੇ ਕੋਲ, ਮੇਰੇ ਨਾਲ ਲੱਗ ਕੇ ਬੈਠੀ ਹੋਈ ਹੈ...ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ। ਕਿਤੇ ਇਹ ਮੇਰਾ ਭਰਮ ਤਾਂ ਨਹੀਂ? ਮਲਕਾ ਦੀ ਥਾਂ ਇਹ ਕੋਈ ਹੋਰ ਹੀ ਹੋਏ ਜਾਂ ਕੋਈ ਵੀ ਨਾ ਹੋਏ...ਜੇ ਹੋਏ ਤਾਂ ਇਹ ਮੇਰਾ ਪ੍ਰਛਾਵਾਂ, ਜਿਹੜਾ ਹਰ ਰੋਜ਼ ਮੇਰੀ ਹਸਤੀ ਵਿਚੋਂ ਨਿਕਲ ਕੇ ਫੈਲ ਜਾਂਦਾ ਹੈ ਤੇ ਜਿਸ ਨੂੰ ਪਕੜਣ ਲਈ ਮੈਂ ਸਾਰਾ ਸਾਰਾ ਦਿਨ ਨੱਠਿਆ ਫਿਰਦਾ ਹਾਂ ਤੇ ਉਹ ਰਾਤ ਹੁੰਦਿਆਂ ਹੀ ਕਿਤੇ ਅਲੋਪ ਹੋ ਜਾਂਦਾ ਹੈ।...ਤੇ ਫੇਰ ਨਵੀਂ ਸਵੇਰ ਦੇ ਨਾਲ ਹੀ ਮੇਰੇ ਸਾਹਮਣੇ ਆ ਖਲੋਂਦਾ ਹੈ ਤੇ ਮੇਰੀ ਦੌੜ ਸ਼ੁਰੂ ਹੋ ਜਾਂਦੀ ਹੈ। ਇਸੇ ਡਰ ਕਰਕੇ ਮੈਂ ਉਸ ਵੱਲ ਨਹੀਂ ਸਾਂ ਦੇਖ ਰਿਹਾ। ਨਹੀਂ! ਇਹ ਮਲਕਾ ਨਹੀਂ ਹੋ ਸਕਦੀ। ਉਸ ਨੇ ਤਾਂ ਦਸ ਸਾਲ ਪਹਿਲਾਂ ਮੈਨੂੰ ਹਵਾ ਵਿਚ ਉਛਾਲ ਦਿੱਤਾ ਸੀ।

...ਤਿੱਖੀ ਧੁੱਪ ਵਿਚ ਮਲਕਾ ਮੇਰੇ ਨਾਲ ਨਾਲ ਟੁਰੀ ਜਾ ਰਹੀ ਸੀ। ਉਸ ਦਿਨ ਸੀ ਵੀ ਬੜੀ ਗਰਮੀ। ਕੋਟ ਤਾਂ ਕੋਟ ਤਨ ਦੇ ਹੋਰ ਕਪੜੇ ਵੀ 'ਵਗਾਰੀ ਬੋਝ' ਜਾਪਦੇ ਸਨ। ਮੈਂ ਆਪਣਾ ਕੋਟ ਲਾਹੁੰਦਿਆਂ ਕਿਹਾ, ''ਜੀਅ ਕਰਦੈ ਸਾਲੇ ਨੂੰ ਗੰਗਾ ਵਿਚ ਸੁੱਟ ਦਿਆਂ। ਬੇਲੋੜਾ ਭਾਰ ਈ ਤਾਂ ਹੈ।'' ਮਲਕਾ ਨੇ ਝੱਟ ਮੈਥੋਂ ਕੋਟ ਖੋਹ ਲਿਆ ਤੇ ਆਖਿਆ, ''ਨਾ ਬਈ, ਇੰਜ ਨਹੀਂਓਂ ਕਰਨਾਂ। ਇਹ ਤਾਂ ਮੇਰੇ ਇਕਲੌਤੇ ਸੂਟ ਨਾਲ ਦਾ ਕੋਟ ਏ।'' ਤੇ ਉਸ ਨੇ ਆਪਣਾ ਸਵੈਟਰ ਗੰਗਾ ਵਿਚ ਸੁੱਟ ਦਿੱਤਾ ਸੀ।
'ਓ-ਇ-ਏ,' ਮੈਂ ਉਸ ਦਿਨ ਵਾਂਗ ਹੀ ਤ੍ਰਬਕ ਪਿਆ ਸਾਂ।
''ਕਿਉਂ? ਕੀ ਹੋਇਆ?'' ਮਲਕਾ ਨੇ ਚੁੱਪ ਤੋੜੀ।
''ਕੁਝ ਨਹੀਂ। ਮੈਨੂੰ ਤੇਰਾ ਸਵੈਟਰ ਤਰਦਾ ਜਾਂਦਾ ਦਿਸਿਆ ਸੀ।''
''ਅੱਛਾ, ਤਾਂ ਤੈਨੂੰ ਯਾਦ ਏ ?''
''ਹਾਂ।''
ਇਕ ਦਿਨ ਅਸੀਂ ਰਾਮਗੜ੍ਹ ਦੇ ਮਿਊਜ਼ੀਅਮ ਵਿਚੋਂ ਹੁੰਦੇ ਹੋਏ, ਮੰਦਰ ਤਕ ਪਹੁੰਚ ਗਏ ਸਾਂ। ਪੁਜਾਰੀ ਮੱਲੋਮੱਲੀ ਮਲਕਾ ਨੂੰ ਦਰਸ਼ਨ ਕਰਵਾਉਣ ਲੈ ਗਿਆ ਸੀ। ਉਹ ਪਿੱਛੇ ਮੁੜ-ਮੁੜ, ਮੇਰੇ ਵੱਲ ਵਿੰਹਦੀ ਹੋਈ ਬੋਲੀ ਸੀ, ''ਏਥੇ ਈ ਰੁਕੀਂ। ਮੈਂ ਤੇਰੇ ਲਈ ਵੀ ਭਗਵਾਨ ਤੋਂ ਕੁਝ ਮੰਗਾਂਗੀ।'' ਪੁਜਾਰੀ ਬੜਾ ਸਿਆਣਾ ਸੀ, ਉਹ ਆਪ ਬਾਹਰ ਆ ਕੇ ਮੇਰੇ ਟਿੱਕਾ ਲਾ ਗਿਆ ਸੀ। ਸ਼ਾਇਦ ਉਸ ਨੂੰ ਆਸ ਸੀ ਕਿ ਮੈਂ ਅਜੇ ਪੂਰਾ ਨਹੀਂ ਭਟਕਿਆ ਤੇ ਇਕ ਦਿਨ ਜ਼ਰੂਰ ਸੁਧਰ ਜਾਵਾਂਗਾ। ਉੱਥੋਂ ਅਸੀਂ ਹੇਠਾਂ, ਰਾਜਾ ਸਾਹਬ ਦੇ ਬਣਾਏ ਹੋਏ ਘਾਟ ਉੱਤੇ ਆ ਗਏ ਸਾਂ ਤੇ ਕਾਫੀ ਦੇਰ ਤਕ ਗੰਗਾ ਵਿਚ ਪੈਰ ਡਬੋ ਕੇ ਬੈਠੇ ਰਹੇ ਸਾਂ।
''ਠਹਿਰੀਂ ਤੂੰ ਅਜੇ ਮੂੰਹ ਨਾ ਧੋਈਂ।'' ਮੈਂ ਮਲਕਾ ਦੇ ਬੁੱਕ ਵਿਚ ਪਾਣੀ ਭਰਿਆ ਵੇਖ ਕੇ ਕੂਕਿਆ।
''ਕਿਉਂ?'' ਮਲਕਾ ਨੇ ਆਪਣੀਆਂ ਸੰਘਣੀਆਂ ਪਲਕਾਂ ਰਤਾ ਉਤਾਂਹ ਚੁੱਕ ਕੇ ਪੁੱਛਿਆ।
''ਤੇਰੀਆਂ ਗੱਲ੍ਹਾਂ ਦੇ ਭਖਦੇ ਹੋਏ ਅੰਗਿਆਰ ਮੈਂ ਹੁਣੇ ਠੰਡੇ ਕਰ ਦੇਂਦਾ ਵਾਂ।'' ਤੇ ਮੈਂ ਪਾਣੀ ਦੀ ਇਕ ਚੂਲੀ ਉਸ ਦੇ ਮੂੰਹ ਉਂਤੇ ਮਲ ਦਿੱਤੀ ਸੀ।
ਮਲਕਾ ਦਾ ਚਿਹਰਾ ਦਗ਼ ਰਿਹਾ ਸੀ...ਕਿਸੇ ਭੜ-ਭੜ ਮੱਚਦੀ ਲਾਟ ਦੀ ਸੁਨਹਿਰੀ ਭਾਖ਼ ਦਾ ਭੁਲੇਖਾ।
ਸ਼ੀਸ਼ੇ ਵਰਗੀਆਂ ਮੁਲਾਇਮ ਗਲ੍ਹਾਂ ਤੋਂ ਪਾਣੀ ਕਾਹਲ ਨਾਲ ਤ੍ਰਿਪ ਗਿਆ ਸੀ। ਉਹ ਖਿੜ-ਖਿੜ ਕਰਕੇ ਹੱਸ ਪਈ ਸੀ ਤੇ ਮੇਰੀਆਂ ਉਂਗਲਾਂ ਉਸ ਦੇ ਸੰਘਣੇ ਵਾਲਾਂ ਵਿਚ ਸਿੱਥਲ ਹੋ ਗਈਆਂ ਸਨ।
''ਬਈ ਤੇਰੇ ਵਾਲ ਤਾਂ ਭਿੱਜੇ ਹੋਏ ਨੇ।'' ਉਹ ਫੇਰ ਹੱਸ ਪਈ, ''ਹਾਂ, ਮੈਂ ਹੁਣੇ ਇਸ਼ਨਾਨ ਕੀਤਾ ਏ। ਘਾਟ ਦੇ ਨੇੜੇ ਰਹਿਣ ਦਾ ਇਹੀ ਤਾਂ ਇਕੋ ਇਕ ਸੁਖ ਏ।''
ਤੇ ਮੈਨੂੰ ਅਚਾਨਕ ਯਾਦ ਆਇਆ ਸੀ ਕਿ ਉਸ ਦੀ ਏਸੇ ਆਦਤ ਦਾ ਪਤਾ ਹੋਣ ਕਰਕੇ ਤਾਂ ਮੈਂ ਸਿੱਧਾ ਘਾਟ ਵੱਲ ਦੌੜਿਆ ਆਇਆ ਸਾਂ। ਮੇਰਾ ਖ਼ਿਆਲ ਸੀ ਕਿ ਉਸ ਦੀ ਸ਼ਰਧਾ ਵਿਚ ਕਮੀ ਨਹੀਂ ਆਈ ਹੋਣੀ। ਮੈਂ ਕਈ ਵਾਰੀ ਉਸ ਤੋਂ ਪੁੱਛਿਆ ਸੀ ਕਿ 'ਤੂੰ ਏਨੀ ਭਗਤੀ ਕਿਸ ਕਰਕੇ ਕਰਦੀ ਏਂ? ਲੋਕ ਤਾਂ ਗੰਗਾ ਵਿਚ ਆਪਣੇ ਪਾਪ ਧੋਣ ਆਉਂਦੇ ਨੇ ਤੇ ਤੂੰ ਅਜਿਹੇ ਕਿਹੜੇ ਪਾਪ ਕੀਤੇ ਨੇ ਕਿ ਨਿੱਤ ਗੰਗਾ ਇਸ਼ਨਾਨ ਕਰਦੀ ਏਂ?'
ਉਸ ਦੇ ਕੋਲ ਵੀ ਇਕੋ ਜਵਾਬ ਸੀ, ''ਹਰ ਰੋਜ਼ ਇਸ਼ਨਾਨ ਪਿੱਛੋਂ ਮੈਨੂੰ ਇੰਜ ਲੱਗਦਾ ਏ ਜਿਵੇਂ ਮੇਰੀ ਆਤਮਾ ਪਹਿਲਾਂ ਨਾਲੋਂ ਪਵਿੱਤਰ ਹੋ ਗਈ...ਪਵਿੱਤਰਤਾ ਦਾ ਇਕ ਅਜੀਬ ਜਿਹਾ ਅਹਿਸਾਸ ਜਾਗ ਪੈਂਦਾ ਏ।''
''ਆ ਮੈਂ ਤੇਰੇ ਵਾਲ ਗੁੰਦ ਦਿਆਂ।''
ਕਟੋਰੀਆਂ ਵਰਗੀਆਂ ਅੱਖਾਂ ਨਾਲ ਮੇਰੇ ਵੱਲ ਵਿੰਹਦੀ ਹੋਈ ਉਹ 'ਧੜੱਮ' ਕਰਕੇ ਕਿਸ਼ਤੀ ਵਿਚ ਬੈਠ ਗਈ। ਉਸ ਦੇ ਸੰਘਣੇ ਵਾਲ ਮੇਰੀ ਗੋਦ ਵਿਚ ਖਿੱਲਰ ਗਏ। ਉਹ ਅੱਜ ਵੀ ਓਨੀ ਅਲ੍ਹੜ ਤੇ ਬੇਪ੍ਰਵਾਹ ਹੈ...ਪਰ ਉਹ ਅਲ੍ਹੜ ਜਾਂ ਬੇਪ੍ਰਵਾਹ ਸੀ ਕਦੋਂ?
''ਤੂੰ ਇਕ ਮਹਾਨ ਨਾਟਕਕਾਰ ਬਣੇਗਾ। ਕਾਲੀਦਾਸ ਵਾਂਗ ਹੀ ਸਾਰੇ ਭਾਰਤ ਵਿਚ ਤੇਰੇ ਚਰਚੇ ਹੋਣਗੇ। ਤੂੰ ਅਜੋਕੀ ਸੰਸਕ੍ਰਿਤੀ ਨੂੰ, ਇਤਿਹਾਸ ਨੂੰ ਅਤੇ ਪਾਤਰਾਂ ਨੂੰ ਹਜ਼ਾਰਾਂ ਸਾਲਾਂ ਲਈ ਅਮਰ ਕਰ ਦਵੇਂਗਾ। ਮੈਂ ਸਿਰਫ ਤੈਨੂੰ ਆਪਣੇ ਤਕ ਸੀਮਿਤ ਕਰਕੇ, ਤੇਰਾ ਰਾਹ ਨਹੀਂ ਰੋਕਣਾ ਚਾਹੁੰਦੀ।''
''ਤੂੰ ਤੇ ਪਾਗਲ ਏਂ। ਜੇ ਤੇਰੀ ਸੋਚ ਸਹੀ ਹੈ ਤਾਂ ਇਹ ਸਭ ਕੁਝ ਮੈਂ ਤੇਰੇ ਨਾਲ ਰਹਿ ਕੇ ਵੀ ਕਰ ਸਕਦਾਂ।''
''ਨਹੀਂ, ਫੇਰ ਤੇਰੀ ਪ੍ਰਤਿਭਾ ਖ਼ਤਮ ਹੋ ਜਾਏਗੀ। ਮੇਰੀਆਂ ਗੱਲਾਂ ਜ਼ਰੂਰ ਸੱਚੀਆਂ ਹੋਣੀਆਂ ਨੇ। ਤੂੰ ਆਪ ਵੇਖ ਲਵੀਂ...ਨਾਲੇ ਤੈਨੂੰ ਨੌਕਰੀ ਵੀ ਉਜੈਨ ਯੂਨੀਵਰਸਟੀ ਵਿਚ ਮਿਲੀ ਏ। ਤੂੰ ਵੱਡ-ਭਾਗੀ ਐਂ, ਕਾਲੀਦਾਸ ਦੇ ਉਜੈਨ ਜਾ ਰਿਹੈਂ। ਮੈਨੂੰ ਯਕੀਨ ਏ...ਇਤਿਹਾਸ ਮੁੜ ਆਪਣੇ ਆਪ ਨੂੰ ਦਹੁਰਾਏਗਾ। ਸ਼ਾਹਿਤ ਨੂੰ ਫੇਰ ਇਕ ਮਹਾਨ ਨਾਟਕਕਾਰ ਮਿਲੇਗਾ।''
...ਤੇ ਮੈਂ ਚਿੜ ਕੇ ਉਜੈਨ ਚਲਾ ਗਿਆ ਸਾਂ।...ਆਪਣੇ ਆਪ ਵਿਚ ਗੁਆਚ ਗਿਆ ਸਾਂ। ਪਤਾ ਨਹੀਂ ਕੀ ਕੁਝ ਲਿਖ ਮਾਰਿਆ ਸੀ ਮੈਂ।...ਸਾਰੇ ਦੇਸ਼ ਵਿਚ ਮੇਰਾ ਨਾਂ ਹੋ ਗਿਆ ਸੀ। ਜਿੱਥੇ ਵੀ ਜਾਂਦਾ ਸਾਂ ਮੈਥੋਂ ਪਹਿਲਾਂ ਮੇਰੇ ਆਉਣ ਦੀਆਂ ਖ਼ਬਰਾਂ ਫੈਲੀਆਂ ਹੁੰਦੀਆਂ ਸਨ। ਮਲਕਾ ਦਾ ਸੁਪਨਾ ਸੱਚ ਹੋ ਗਿਆ ਸੀ। ਪਰ ਮੇਰੇ ਸਾਰੇ ਸੁਪਨੇ ਅਧੂਰੇ ਸਨ।...ਇਕ ਬੇਚੈਨੀ ਸੀ ਜਿਹੜੀ ਰੂਹ ਨੂੰ ਕਲਪਾਂਦੀ ਰਹਿੰਦੀ ਸੀ।
ਮੈਂ ਉਸ ਦਾ ਚਿਹਰਾ ਆਪਣੀਆਂ ਹਥੇਲੀਆਂ ਵਿਚ ਬੋਚ ਕੇ ਰਤਾ ਉਤਾਂਹ ਚੁੱਕਿਆ ਤੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ, ''ਕਦੀ ਤੂੰ ਮੇਰਾ ਕੋਈ ਨਾਟਕ ਪੜ੍ਹਿਆ ਏ?''
ਉਸ ਦੀਆਂ ਅੱਖਾਂ ਵਿਚ ਤਾਰਿਆਂ ਵਰਗੀ ਚਮਕ ਆ ਗਈ। ਜਿਵੇਂ ਕਹਿ ਰਹੀਆਂ ਹੋਣ...'ਤੇਰੀਆਂ ਨਾਇਕਾ ਨੂੰ ਅਸਾਂ ਜਾਣਦੇ ਆਂ। ਤੂੰ ਭਾਵੇਂ ਉਸ ਨੂੰ ਮਾਲਤੀ ਕਹੂ, ਭਾਵੇਂ ਮੰਜ਼ਰੀ, ਭਾਵੇਂ ਮਧੂਮਤੀ ਤੇ ਭਾਵੇਂ ਮਾਲਾ...ਉਸ ਦਾ ਰੰਗ ਸੁਨਹਿਰਾ, ਵਾਲ ਕਾਲੀਆਂ ਘਟਾਵਾਂ ਵਰਗੇ ਜਾਂ ਪੈਰ ਮੋਰਨੀ ਵਰਗੇ...''
''ਉਂਹ, ਤੇਰੇ ਪੈਰ ਕਿੰਨੇ ਗੰਦੇ ਨੇ ਮੋਰਨੀ ਵਰਗੇ...''
''ਵੇਖਦਾ ਜਾਈਂ...ਹੁਣੇ ਰੇਤ ਉਪਰ ਤੁਰਾਂਗੀ ਨਾ ਤਾਂ ਨਿੱਖਰ ਆਉਣਗੇ।'' ਕਹਿੰਦਿਆਂ ਹੀ ਉਹ ਕੱਕੇ ਰੇਤੇ ਉੱਤੇ ਦੂਰ ਤਾਈਂ ਨੱਸ ਗਈ। ਸੱਚਮੁੱਚ ਹੀ ਨਰਮ ਰੇਤ ਨੇ ਪਲਾਂ ਵਿਚ ਮੈਲ ਲਾਹ ਦਿੱਤੀ ਸੀ। ਗੋਰੇ ਨਿਛੋਹ ਪੈਰ ਦੇ ਅੰਗੂਠੇ ਦੀ ਨਾਲ ਵਾਲੀ ਉਂਗਲ, ਮੱਖੀ ਕਬੂਤਰ ਵਾਂਗ ਧੌਣ ਚੁੱਕੀ ਖੜ੍ਹੀ ਸੀ।
''ਓਇ...ਹੋਏ। ਬਈ ਤੂੰ ਆਪਣੇ ਪਤੀ ਨੂੰ ਮੁੱਠ ਵਿਚ ਰੱਖੇਂਗੀ।''
ਉਸ ਨੇ ਆਪਣੇ ਅੰਗੂਠੇ ਨਾਲ ਲੰਮੀ ਉਂਗਲ ਨੂੰ ਛੂਹਦਿਆਂ, ਮੁੱਠੀ ਖੋਲ੍ਹ ਕੇ ਹਥੇਲੀ ਉਪਰ ਫੂਕ ਮਾਰੀ, ''ਆਹ ਲੈ ਮੈਂ ਉਸ ਨੂੰ ਆਜ਼ਾਦ ਕਰ ਦਿੱਤਾ ਏ। ਮੌਜ-ਬਹਾਰਾਂ ਲੁੱਟੇ।''
''ਤਾਂ ਮੈਂ ਚਲਾ ਜਾਵਾਂ?'' ਉਜੈਨ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਪੁੱਛਿਆ ਸੀ।
''ਹਾਂ, ਜ਼ਰੂਰ। ਤੈਨੂੰ ਜਾਣਾ ਹੀ ਚਾਹੀਦਾ ਏ।'' ਉਸ ਨੇ ਜੀਅ ਕਰੜਾ ਕਰਕੇ ਮੈਨੂੰ ਕਹਿ ਦਿੱਤਾ ਸੀ।
''ਇਹ ਤੇਰੇ ਘਟਾਵਾਂ ਤੋਂ ਸੰਘਣੇ ਵਾਲ, ਮੈਥੋਂ ਦੂਰ, ਕਿਤੇ ਹੋਰ ਕਿਉਂ ਵਰ੍ਹਣਾ ਚਾਹੁੰਦੇ ਨੇ ?''
''ਇਸ ਲਈ ਕਿ ਇਹ ਤੈਨੂੰ ਭਿਊਂਣਾ ਨਹੀਂ ਚਾਹੁਦੇ।'' ਭਾਰੇ ਗਲੇ ਨਾਲ ਉਸ ਜਵਾਬ ਦਿੱਤਾ ਸੀ।
''ਤੂੰ ਨਿਰੀ ਉੱਲੂ ਏਂ, ਖ਼ੁਦ ਆਪਣੇ ਲਈ ਹੀ ਇਕ ਅਜਿਹਾ ਫੈਸਲਾ ਕਰ ਰਹੀ ਏਂ, ਜਿਸ 'ਤੇ ਅਮਲ ਕਰਨਾ ਬੜਾ ਮੁਸ਼ਕਿਲ ਹੈ।''
''ਇਹ ਫੈਸਲਾ ਮੈਂ ਤੇਰੇ ਲਈ ਕਰ ਰਹੀ ਆਂ। ਸੋ ਇਸ ਉੱਤੇ ਅਮਲ ਕਰਨਾ ਮੇਰੇ ਲਈ ਪੂਜਾ ਦੇ ਸਮਾਨ ਏ।''
''ਮੈਂ ਤੇਰੇ ਸਾਰੇ ਨਾਟਕ ਪੜ੍ਹ ਚੁੱਕੀ ਹਾਂ।'' ਮਲਕਾ ਕਹਿ ਰਹੀ ਸੀ, ''ਹੁਣ ਉਹ ਦਿਨ ਤਾਂ ਰਹੇ ਨਹੀਂ ਜਦੋਂ ਮੈਨੂੰ ਆਉਣ-ਜਾਣ ਵਾਲਿਆਂ ਦੀ ਮੁਥਾਜ਼ ਰਹਿਣਾ ਪੈਂਦਾ ਸੀ। ਹਰ ਮਹੀਨੇ ਮੈਂ ਸਾਰੇ ਮੈਗਜ਼ੀਨ ਖ਼ਰੀਦ ਲਿਆਉਂਦੀ ਆਂ ਤੇ ਤੇਰੀਆਂ ਰਚਨਾਵਾਂ ਪੜ੍ਹਨ ਲਈ ਮਿਲ ਜਾਂਦੀਆਂ ਨੇ।''
''ਪਰ ਮੈਂ ਹਰੇਕ ਮੈਗਜ਼ੀਨ ਵਿਚ ਤਾਂ ਨਹੀਂ ਛਪਦਾ...ਤੂੰ ਸਾਰੇ ਈ ਕਿਉਂ ਖ਼ਰੀਦ ਲੈਂਦੀ ਏਂ?''
''ਦਰਅਸਲ ਬੁੱਕਸ਼ਾਪ ਉੱਤੇ ਖੋਲ੍ਹ ਕੇ ਮੈਗਜ਼ੀਨ ਫਰੋਲਣੇ ਮੈਨੂੰ ਚੰਗੇ ਨਹੀਂ ਲੱਗਦੇ...ਸੋ ਸਾਰੇ ਖ਼ਰੀਦ ਕੇ ਘਰ ਲੈ ਆਉਂਦੀ ਹਾਂ ਤੇ ਹਰੇਕ ਸਫੇ ਉੱਤੇ ਤੈਨੂੰ ਟੋਲਦੀ ਰਹਿੰਦੀ ਆਂ।''
''ਬੜੀ ਮੂਰਖ ਏਂ ਤੂੰ। ਮੈਨੂੰ ਸਫਿਆਂ ਵਿਚ ਟੋਲਦੀ ਰਹਿੰਦੀ ਏਂ, ਤੇ ਜਦੋਂ ਮੈਂ ਕੋਲ ਹੁੰਦਾ ਵਾਂ ਤੂੰ ਮੈਨੂੰ ਗੰਵਾਅ ਦੇਂਦੀ ਏਂ।''
''ਮਲਕਾ ਹੁਣ ਮੈਂ ਥੱਕ ਗਿਆ ਵਾਂ। ਉਸ ਸੂਰਜ ਵਾਂਗ ਜਿਹੜਾ ਤੜਕਸਾਰ ਕਿਸੇ ਨੂੰ ਲੱਭਣ ਨਿਕਲ ਪੈਂਦਾ ਏ, ਸਾਰਾ ਦਿਨ ਤਪਦਾ ਰਹਿੰਦਾ ਏ ਤੇ ਵੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਦੇਂਦਾ ਏ...ਪਰ ਖ਼ੁਦ ਵਿਚਾਰਾ ਸਫਰ ਦੀ ਥਕਾਵਟ ਪਿੱਛੋਂ ਹਨੇਰਿਆਂ ਵਿਚ ਮੂੰਹ ਲਕੋ ਲੈਂਦੈ। ਅਣਗਿਣਤ ਲੋਕਾਂ ਦੀ ਭੀੜ ਵਿਚ ਘਿਰਿਆ ਮੈਂ ਇਕ ਇਕੱਲਾ ਆਦਮੀ। ਇਕ ਇਕੱਲਾ ਆਦਮੀ। ਸਮੇਂ ਦੇ ਪਾੜੇ ਦੀ ਕੋਈ ਯਾਦ ਬਾਕੀ ਨਹੀਂ...ਸ਼ਾਇਦ ਅਜੇ ਦੇਰ ਨਹੀਂ ਹੋਈ।''
''ਮਲਕਾ ਕੀ ਤੇਰਾ ਕੋਈ ਵਰਤਮਾਨ ਵੀ ਹੈ?''
''ਹਾਏ...ਕਾਲੀਦਾਸ ਤੂੰ ਮਲਕਾ ਨੂੰ ਸਿਰਫ ਏਨਾ ਹੀ ਸਮਝ ਸਕਿਆ ਏਂ?''
ਸ਼ਾਇਦ ਹਰ ਯੁੱਗ ਦਾ ਕਾਲੀਦਾਸ ਮਲਕਾ ਨੂੰ ਸਿਰਫ ਇਹੀ ਸਵਾਲ ਪੁੱਛੇਗਾ :
''ਮਲਕਾ ਕੀ ਤੇਰਾ ਕੋਈ ਵਰਤਮਾਨ ਵੀ ਹੈ ?''
੦੦੦ ੦੦੦ ੦੦੦

No comments:

Post a Comment