Friday, June 11, 2010

ਕਾਇਆ-ਕਪਟ... :: ਲੇਖਕ : ਜੋਗਿੰਦਰ ਪਾਲ

ਉਰਦੂ ਕਹਾਣੀ : ਕਾਇਆ-ਕਪਟ... :: ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਭੌਂਕ ਨਾ, ਟਾਇਗਰ! ਭੌਂਕ–ਭੌਂਕ ਕੇ ਤਾਂ ਤੂੰ ਇਹ ਸਾਰੀ ਮੁਸੀਬਤ ਖੜ੍ਹੀ ਕੀਤੀ ਐ---ਹਾਂ ਭਰਾਵਾ, ਭੌਂਕਣ ਵਾਲੀ ਗੱਲ ਹੋਵੇ ਤਾਂ ਭੌਂਕਣ ਨੂੰ ਜੀਅ ਤਾਂ ਕਰਦਾ ਈ ਐ, ਪਰ ਪਹਿਲਾਂ ਅੱਗੇ-ਪਿੱਛੇ ਤਾਂ ਵੇਖ ਲੈਣਾ ਚਾਹੀਦੈ-ਮੈਂ?-ਨਹੀਂ, ਮੇਰੀ ਹੁਣ ਕੌਣ ਸੁਣਦੈ ਟਾਇਗਰ ਬੱਚਿਆ---ਤੇਰਾ ਤੇ ਮੇਰਾ-ਸਾਡਾ ਦੋਵਾਂ ਦਾ ਮਾਲਕ ਹੁਣ ਮੇਰਾ ਪੁੱਤ੍ਰ ਐ। ਤੂੰ ਤਾਂ ਭੌਂਕ–ਭੌਂਕ ਕੇ ਚੌਦਾਂ ਵਰ੍ਹਿਆਂ 'ਚ ਈ ਬੁੱਢਾ ਹੋ ਗਿਐਂ; ਪਰ ਮੈਂ ਪਿਛਲੇ ਚਾਲੀ ਸਾਲ ਦਾ ਉਸਦੀ ਖ਼ਿਦਮਤਗੁਜ਼ਾਰੀ ਵਿਚ ਲੱਗਿਆ ਹੋਇਆ ਆਂ...। ਹਾਂ, ਅਗਲੇ ਮਹੀਨੇ ਪੂਰੇ ਸੱਤਰ ਦਾ ਹੋ ਜਾਵਾਂਗਾ।
ਕੀ?...ਤੈਨੂੰ ਆਪਣੀਆਂ ਪੁਰਾਣੀਆਂ ਗੱਲਾਂ ਸੁਣਾਵਾਂ? ਉਹੀ ਤਾਂ ਹਰ ਰੋਜ਼ ਸੁਣਾਉਂਦਾ ਰਹਿਣਾਂ ਟਾਇਗਰ! ਅੱਛਾ, ਅੱਛਾ, ਇਉਂ ਉੱਛਲ ਨਾ ਵਰਨਾ ਇਸ ਉਮਰ ਵਿਚ ਕੋਈ ਹੱਡ-ਪਸਲੀ ਤੁੜਾਅ ਬੈਠਾ ਤਾਂ ਜੁੜਨ 'ਚ ਨਹੀਂ ਆਉਂਣੀ...ਆਰਾਮ ਨਾਲ ਬਹਿ ਜਾ, ਸੁਣਾਉਂਦਾ ਆਂ!...ਅੱਜ ਪਤਾ ਨਹੀਂ ਮੇਰਾ ਪੁਰਾਣਾ ਮੁਹੱਲਾ ਕਿਉਂ ਵਾਰੀ–ਵਾਰੀ ਮੇਰੀਆਂ ਅੱਖਾਂ ਸਾਹਵੇਂ ਜਿਉਂ ਦਾ ਤਿਉਂ ਘੁੰਮ ਰਿਹਾ ਐ; ਜਿਵੇਂ ਅਸੀਂ ਉਸ ਵਿਚ ਘੁੰਮਦੇ ਹੁੰਦੇ ਸੀ। ਠੀਕ ਕਹਿ ਰਿਹੈਂ ਟਾਇਗਰ, ਪਨਾਹਗਾਹਾਂ (ਠਾਹਰਾਂ-ਠਿਕਾਣੇ) ਚੇਤਿਆਂ ਵਿਚ ਵੀ ਬਾਕੀ ਨਾ ਰਹਿਣ ਤਾਂ ਆਦਮੀ ਭੱਜ-ਭਜਾਅ ਕੇ ਜਾਵੇਗਾ ਕਿੱਥੇ?---ਅਸੀਂ ਸਾਰੇ ਮੁਹੱਲੇ ਵਾਲੇ-ਕੁੱਤੇ, ਬਿੱਲੀਆਂ, ਆਦਮੀ---ਸਾਰੇ ਜਣੇ ਈ ਇਕ ਜਾਨ-ਪ੍ਰਾਣ ਹੋ ਕੇ ਆਪਣੇ ਮੁਹੱਲੇ ਦੇ ਸਰੀਰ ਵਿਚ ਖ਼ੂਨ ਵਾਂਗ ਭੌਂਦੇ ਸੀ ਤੇ ਉਸਦੇ ਦਿਲ ਵਿਚੋਂ ਲੰਘ-ਲੰਘ ਕੇ ਹਰ ਪਲ ਪਵਿੱਤਰ ਤੇ ਸ਼ੁੱਧ ਹੋ ਜਾਂਦੇ ਸੀ...ਤੇ---ਨਹੀਂ, ਟੋਕ ਨਾ-ਪਵਿੱਤਰ ਤੇ ਸ਼ੁੱਧ ਹੋ ਕੇ ਸਭਨਾਂ ਦੇ ਚਿਹਰੇ ਦਗ–ਦਗ ਕਰਦੇ ਰਹਿੰਦੇ ਸੀ...
ਐਂ ਕਿਉਂ ਹਊਕਣ ਲੱਗ ਪਿਆ ਐਂ ਟਾਇਗਰ?---ਖ਼ੁਸ਼ੀ ਨਾਲ? ਕਿਸ ਗੱਲ ਦੀ ਖ਼ੁਸ਼ੀ? ਮੈਂ ਸੋਚਿਆ ਸ਼ਾਇਦ ਤੂੰ ਤਾੜ ਗਿਐਂ ਕਿ---ਕਿ ਨਹੀਂ, ਗੱਲ ਕੀ ਹੋਣੀ ਐਂ?---ਤੈਨੂੰ ਇਉਂ ਹੌਂਕਦਿਆਂ ਵੇਖ ਕੇ ਮੈਂ ਐਵੇਂ ਈ ਡਰ ਗਿਆ ਸੀ---ਖ਼ੁਸ਼ੀ ਨਾਲ ਵੀ ਐਨਾਂ ਹੌਂਕਣ ਲੱਗੀਏ ਕਮਲਿਆ ਤਾਂ ਸਾਹ ਅੜ ਜਾਂਦਾ ਐ। ਸਹਿਜੇ-ਸਹਿਜੇ ਖ਼ੁਸ਼ ਹੋਇਆ ਕਰ-ਹਾਂ, ਹਾਂ, ਸਬਰ ਕਰ, ਆਪਣੇ ਮੁਹੱਲੇ ਦੀ ਗੱਲ ਈ ਤਾਂ ਕਰ ਰਿਹਾਂ---ਹਾਂ, ਤਾਂ ਅਸੀਂ ਆਪਣੇ ਮੁਹੱਲੇ ਦੇ ਸਰੀਰ ਵਿਚ ਖ਼ੂਨ ਵਾਂਗ ਦੌੜੇ ਫਿਰਦੇ ਸੀ। ਦੇਹ ਕੇਹੋ ਜਿਹੀ ਵੀ ਬਣੇ ਆਪਣੇ ਖ਼ੂਨ ਤੋਂ ਹੀ ਬਣਦੀ ਐ, ਜਿਵੇਂ ਅਸੀਂ ਆਪ ਈ ਆਪਣਾ ਖ਼ੂਬਸੂਰਤ ਮੁਹੱਲਾ ਹੋਈਏ...
ਉਹ ਕਿਵੇਂ?
ਉਹ ਇਵੇਂ ਕਮਲਿਆ, ਕਿ ਦੇਹ ਨੂੰ ਪ੍ਰਾਣ ਨਾਲੋਂ ਜੁਦਾ ਕਰ ਦਿੱਤਾ ਜਾਵੇ ਤਾਂ ਬਾਕੀ ਰਹਿ ਈ ਕੀ ਜਾਂਦਾ ਐ?---ਤੇਰਾ 'ਵੈਸਟ ਵੇ ਸਟਰੀਟ' ਦਾ ਇਹ 'ਸੀ ਬਲਾਕ'!---ਤੇਰੇ ਇਸ ਬਲਾਕ ਦੀ ਭੀੜ!---ਇਸ ਭੀੜ-ਭੱੜਕੇ ਵਿਚ ਦਮ ਤਾਂ ਘੁਟਦਾ ਐ, ਪਰ ਕਿੰਨਾ ਸੁੰਨਾਂ-ਸੁੰਨਾਂ ਐਂ ਇਹ! ਇੱਥੇ ਇਕ ਵੀ ਬੰਦਾ ਨਹੀਂ ਜਿਸਨੂੰ ਕੋਈ ਬੇਝਿਜਕ ਹੋ ਕੇ ਗ਼ਲੇ ਲਾ ਸਕੇ---ਤੂੰ?---ਮੈਂ ਤੇਰੀ ਗੱਲ ਥੋੜ੍ਹਾ ਈ ਕਰ ਰਿਹਾਂ। ਤੂੰ ਤਾਂ ਆਪਣੇ ਪੰਜਿਆਂ ਨਾਲ ਖੁਰਚ–ਖੁਰਚ ਕੇ ਮੇਰੇ ਦਿਮਾਗ਼ ਦੀ ਸਾਰੀ ਗੰਦਗੀ ਲਾਹ ਦਿੰਦਾ ਐਂ। ਤੂੰ ਵੀ ਨਾ ਹੁੰਦਾ ਤਾਂ ਆਪਣੇ ਅੰਦਰੇ-ਅੰਦਰ ਮੇਰਾ ਰਹਿਣਾ-ਵੱਸਣਾ ਵੀ ਦੁੱਭਰ ਹੋ ਜਾਂਦਾ...ਮੈਂ ਤੇਰੀ ਗੱਲ ਨਹੀਂ ਕਰ ਰਿਹਾ ਟਾਇਗਰ!
ਹੋਰਾਂ ਨੂੰ ਛੱਡ, ਮੇਰੇ ਪੋਤੇ ਨੂੰ ਈ ਵੇਖ ਲੈ, ਕੱਲ੍ਹ ਮੈਨੂੰ ਉਸ ਉੱਤੇ ਜ਼ਰਾ ਕੁ ਪਿਆਰ ਆਉਣ ਲੱਗਿਆ ਤਾਂ ਮੈਂ ਝਿਜਕ-ਝਿਜਕ ਕੇ ਉਸਨੂੰ ਆਪਣੀ ਛਾਤੀ ਨਾਲ ਲਾ ਲਿਆ। ਪਰ ਛੋਹਰ ਮੈਨੂੰ ਪਰ੍ਹਾਂ ਧਰੀਕਦਿਆਂ ਬੋਲਿਆ---'ਛੱਡੋ ਗ੍ਰ੍ਰੈਨ ਪਾ, ਛੱਡ ਦਿਓ ਮੈਨੂੰ...! ਸਾਹ ਘੁਟ ਰਿਹੈ...!'' ਭੜੂਆ ਡੱਬੇ ਦਾ ਦੁਧ ਪੀ-ਪੀ ਕੇ ਲੰਮਾਂ-ਝੰਮਾਂ ਤਾਂ ਹੋ ਰਿਹੈ! ਪਰ ਉਸਨੂੰ ਕੀ ਪਤਾ, ਬੇ-ਮੋਹ ਤੇ ਬਿਨ-ਮਮਤਾ ਦੇ ਸਾਹ ਲਈ ਜਾਣਾ ਈ ਜਿਊਂਣਾ ਨਹੀਂ ਅਖਵਾਉਂਦਾ। ਮੈਂ ਸੋਚਿਆ, ਹਾਲੇ ਨਿਆਣਮੱਤ ਐ, ਤੇ ਕਿਹਾ---'ਆ, ਬਾਹਰ ਪਾਰਕ 'ਚ ਜਾ ਕੇ ਖੁੱਲ੍ਹੀ ਹਵਾ ਵਿਚ ਖੇਡਦੇ ਆਂ।' ਝੱਟ ਜੁਆਬ ਦਿੱਤਾ---'ਮੇਰੇ ਕੋਲ ਖੇਡਣ ਦਾ ਟਾਈਮ ਨਹੀਂ...!' ਪੂਰੀ ਉਮਰ ਪਈ ਐ, ਪਰ ਹੁਣੇ ਤੋਂ ਈ ਟਾਈਮ ਦਾ ਹਿਸਾਬ-ਕਿਤਾਬ ਰੱਖਣਾ ਸ਼ੁਰੂ ਕਰ ਦਿੱਤਾ ਐ। ਆਪਣੇ ਮਾਂ-ਪਿਓ ਦਾ ਹੀ ਸਿਖਾਇਆ-ਪੜ੍ਹਾਇਆ ਹੋਇਆ ਐ ਨਾ...ਉਹ ਇਹੋ ਸਮਝਾਉਂਦੇ ਆ ਟਾਇਗਰ ਬਈ ਸਿਰਫ ਟਾਈਮ ਨੂੰ ਜੋੜ-ਜੋੜ ਕੇ ਈ ਆਦਮੀ ਅਮਰ ਹੋ ਜਾਂਦਾ ਐ, ਯਾਨੀ ਜਿਊਂਵੋ ਨਾ; ਜਿਊਂਣ ਦੀਆਂ ਘੜੀਆਂ-ਪਲ, ਜੋੜਦੇ-ਜੋੜਦੇ ਮਰ ਜਾਓ।---ਹਾਂ, ਹਾਂ, ਦਿਲ ਖੋਹਲ ਕੇ ਭੌਂਕ ਲੈ, ਮੈਨੂੰ ਪਤੈ ਭੌਂਕ–ਭੌਂਕ ਕੇ ਤੂੰ ਹੱਸ ਰਿਹਾ ਐਂ। ਹੱਸ ਲੈ ਪੁੱਤ੍ਰਾ, ਜਿੰਨਾ ਸਮਾਂ ਬਾਕੀ ਐ ਖ਼ੂਬ ਹੱਸ ਲੈ, ਨਹੀਂ ਤਾਂ...ਨਹੀਂ, ਮੇਰਾ ਮਤਲਬ ਸਿਰਫ ਇਹ ਈ ਬਈ ਆਪਣੀ ਉਮਰ ਤਾਂ ਅਸੀਂ ਭੋਗੀ ਓ ਬੈਠੇ ਆਂ, ਬਾਕੀ ਸਮਾਂ ਹੱਸਣ ਵਿਚ ਬੀਤ ਜਾਵੇ ਤਾਂ ਏਹ ਤੋਂ ਚੰਗਾ ਹੋਰ ਕੀ ਐ?
ਸਾਡੇ ਮਹੱਲੇ ਵਿਚ ਹੱਸਣ-ਹਸਾਉਣ ਦਾ ਕੋਈ ਮੌਕਾ ਹੁੰਦਾ ਤਾਂ ਸਾਰੇ ਜਣੇ ਆਪਣੇ ਸਾਰੇ ਕੰਮ-ਧੰਦੇ ਛੱਡ ਕੇ ਬਾਹਰ ਗਲੀ 'ਚ ਨਿਕਲ ਆਉਂਦੇ। ਸੁਣ, ਤੈਨੂੰ ਇਕ ਮਜ਼ੇਦਾਰ ਘਟਨਾ ਸੁਣਾਉਂਣਾ...ਇਕ ਵਾਰੀ ਹੋਲੀ ਵਾਲੇ ਦਿਨ ਆਸਮਾਨ ਉੱਤੇ ਬੱਦਲਾਂ ਦੇ ਬਹੁਤ ਸਾਰੇ ਟੁਕੜੇ ਆਪਸ ਵਿਚ ਖੇਡ ਰਹੇ ਸੀ ਕਿ ਅਚਾਨਕ ਠਹਾਕਿਆਂ ਦੀ ਮੂਹਲਾਧਾਰ ਬਰਖ਼ਾ ਹੋਣ ਲੱਗ ਪਈ। ਮੈਂ ਰੰਗ ਵਾਲੀ ਬਾਲਟੀ ਚੁੱਕ ਕੇ ਦੌੜਦਾ ਹੋਇਆ ਬਾਹਰ ਗਲੀ ਵਿਚ ਆ ਗਿਆ। ਗੋਰੀ-ਚਿੱਟੀ ਲੱਖੀ ਮੂੰਹ ਉੱਤੇ ਤਵੇ ਦੀ ਕਾਲਸ ਮਲੀ ਆਪਣੇ ਕਾਲੇ ਭੁਜੰਗ ਪਤੀ ਰਾਘੂ ਨਾਲ ਠਹਾਕੇ ਲਾਉਂਦੀ ਲੋਕਾਂ ਵਿਚ ਘਿਰੀ ਖੜ੍ਹੀ ਸੀ...''ਚਾਚੀ, ਤੇਰਾ ਲਾਡਲਾ ਰਘੂ ਕਹਿੰਦਾ ਐ, ਮੈਨੂੰ ਇਕੋ ਕਾਲਾ ਰੰਗ ਹੀ ਭਾਉਂਦਾ ਆ।'' ਸੁਣ ਰਿਹਾ ਐਂ ਨਾ ਟਾਇਗਰ?...ਮੱਖਣ ਵਰਗੀ ਤੀਵੀਂ ਨੇ ਆਪਣਾ ਮੂੰਹ ਕਾਲਾ ਕਰ ਲਿਆ---ਜਿਵੇਂ ਹੋਵੇ, ਆਪਣੇ ਪੀਆ ਨੂੰ ਭਾਵੇ-ਹੋਰ ਜਾਣਦਾ ਐਂ ਕੀ ਹੋਇਆ ਸੀ? ਰਾਧੂ ਨੇ ਭੋਲੇ ਸ਼ੰਕਰ ਦੀ ਜੈ ਬੋਲ ਕੇ ਸਭਨਾਂ ਦੇ ਸਾਹਮਣੇ ਆਪਣੀ ਈ ਤੀਵੀਂ ਦੇ ਮੂੰਹ ਦੀ ਕਾਲਸ ਨਾਲ ਆਪਣੇ ਬੁੱਲ੍ਹ-ਗੱਲ੍ਹ ਲਿੱਪ ਲਏ ਸੀ---''ਤੂੰ ਗੋਰੀ ਐਂ ਲੱਖੀਏ ਤਾਂ ਕੀ ਹੋਇਆ? ਤੇਰਾ ਮਨ ਤਾਂ ਮੇਰੀ ਓ ਗਾੜ੍ਹੀ ਸਿਆਹੀ ਨਾਲ ਰੰਗਿਆ ਹੋਇਐ ਨਾ?''---ਤੇ ਫੇਰ ਅਸੀਂ ਸਾਰਿਆਂ ਨੇ ਆਪਣੇ ਰੰਗਾਂ ਦੀਆਂ ਪਿਚਕਾਰੀਆਂ ਭਰ-ਭਰ ਕੇ ਉਹਨਾਂ ਨੂੰ ਆਪਣੇ ਨਿਸ਼ਾਨੇ 'ਤੇ ਲੈ ਲਿਆ ਸੀ---“ਹੌਲੀ ਐ!” ਏਧਰ ਸਾਡੀ ਰੰਗਭਰੀ ਆਵਾਜ਼ ਬੱਦਲੀਆਂ ਭਰੇ ਆਸਮਾਨ ਵਿਚ ਗੂੰਜੀ, ਉਧਰ ਆਸਮਾਨ ਵੀ ਬੇਅਖ਼ਤਿਆਰ ਠਹਾਕੇ ਲਾਉਂਦਾ ਹੋਇਆ ਸਾਡੇ ਉਪਰ ਸੱਤੇ ਰੰਗ ਬਰਸਾਉਣ ਲੱਗ ਪਿਆ।
ਰੁਕ ਨਾ, ਟਾਇਗਰ, ਦਿਲ ਖੋਹਲ ਕੇ ਭੌਂਕ ਲੈ, ਤੇਰਾ ਤਾਂ ਹੱਸਣਾ-ਰੋਣਾ, ਪਿਆਰ ਕਰਨਾ, ਗੁੱਸੇ ਹੋਣਾ---ਸਭ ਕੁਝ ਭੌਂਕ-ਭੌਂਕ ਕੇ ਈ ਹੁੰਦਾ ਐ। ਮੁਸ਼ਕਿਲ ਵਿਚਾਰੇ ਆਦਮੀ ਨੂੰ ਐਂ, ਜਿਹੜਾ ਉਂਜ ਤਾਂ ਰੋ ਰਿਹਾ ਹੁੰਦੈ, ਪਰ ਹੱਸੀ ਜਾ ਰਿਹਾ ਹੁੰਦੈ। ਹੱਸਦਿਆਂ-ਹੱਸਦਿਆਂ ਰੋਣ ਦੀ ਇੱਛਾ ਨੂੰ ਦਬਾਅ-ਦਬਾਅ ਕੇ ਉਸਦੀ ਜਾਨ ਹਲਕ ਵਿਚ ਫਸੀ ਹੁੰਦੀ ਐ। ਠਹਿਰ, ਪਹਿਲਾਂ ਪਾਣੀ ਨਾਲ ਡਾਕਟਰ ਦੀ ਗੋਲੀ ਨਿਗਲ ਲਵਾਂ। ਗੋਲੀ ਨਾ ਲਵਾਂ ਟਾਇਗਰ ਤਾਂ ਜਾਨ ਨੂੰ ਵਾਪਸ ਆਪਣੀ ਥਾਵੇਂ ਕਿਵੇਂ ਧਰੀਕਾਂ? ਕੀ ਤੈਨੂੰ ਵੀ ਮੇਰੇ ਹਾਸੇ ਵਿਚ ਖੋਖਲੇਪਨ ਦਾ ਅਹਿਸਾਸ ਹੁੰਦਾ ਐ? ਸੱਚ ਆਖਾਂ ਟਾਇਗਰ? ਮੇਰਾ ਦਿਲ ਕਰਦੈ ਮੈਂ ਫੁੱਟ-ਫੁੱਟ ਕੇ ਰੋਵਾਂ...ਨਹੀਂ, ਹੋਇਆ ਤਾਂ ਕੁਛ ਨਹੀਂ। ਐਵੇਂ ਈ ਪਰਾਣੀਆਂ ਗੱਲਾਂ ਨੂੰ ਚੇਤੇ ਕਰਕੇ ਮਨ ਭਰ ਆਉਂਦਾ ਐ...ਏਨੀਆਂ ਪੁਰਾਣੀਆਂ ਗੱਲਾਂ ਐਂ ਤੇ ਵਾਰੀ-ਵਾਰੀ ਫਰੋਲਨ ਨਾਲ ਚੀਥੜੇ-ਚੀਥੜੇ ਹੋ ਚੁੱਕੀਐਂ ਤੇ ਹਰ ਵਾਰੀ ਕੋਈ ਨਾ ਕੋਈ ਚੀਥੜਾ ਭੁਰ ਵੀ ਜਾਂਦੈ ਤੇ ਟੁੱਟ ਕੇ ਮੁੜ ਚੇਤੇ ਆਉਣ ਵਿਚ ਈ ਨਹੀਂ ਆਉਂਦਾ।
ਨਹੀਂ, ਟਾਇਗਰ ਮੈਨੂੰ ਇਸ ਪਾਟੇ-ਪੁਰਾਣੇ, ਤਾਣੇ-ਬਾਣੇ ਵਿਚ ਹਰਦਮ ਮੂੰਹ ਲੁਕਾਅ ਕੇ ਰਹਿਣਾ ਪਸੰਦ ਨਹੀਂ। ਮੇਰੇ ਵੱਲ ਕਿਸੇ ਨੂੰ ਦੇਖਣ ਦੀ ਫ਼ੁਰਸਤ ਹੋਵੇ ਤਾਂ ਮੈਂ ਅੱਖ ਕੇ ਫੋਰੇ ਵਿਚ ਅੱਧੀ ਸਦੀ ਏਧਰ ਆ ਜਾਵਾਂ ਤੇ ਸਦਾ ਇੱਥੇ ਈ ਰਹਾਂ। ਖ਼ਿਆਲਾਂ ਜਾਂ ਸੁਪਨਿਆਂ ਵਿਚ ਕਾਲਜੇ ਨੂੰ ਠੰਡ ਥੋੜ੍ਹਾ ਈ ਪੈਂਦੀ ਐ? ਪਰ ਜਿੱਥੇ ਬੁੱਢਿਆਂ ਉੱਤੇ ਇਉਂ ਨਜ਼ਰਾਂ ਮਾਰੀਆਂ ਜਾਣ ਜਿਵੇਂ ਕੋਈ ਕੂੜੇ ਦਾ ਢੇਰ ਪਿਆ ਹੁੰਦੈ...ਕੀ ਉੱਥੇ ਆਪਣੀ ਬੂ ਸੁੰਘਣ ਲਈ ਪਿਆ ਰਹਾਂ?
ਸਾਡੇ ਮੁਹੱਲੇ ਵਿਚ ਸਾਡਾ ਇਕ ਵੱਡਾ ਚਾਚਾ ਹੁੰਦਾ ਹੁੰਦਾ ਸੀ ਟਾਇਗਰ...ਸੌਂ ਨਾ ਓਇ ਟਾਇਗਰਾ ਖੁੱਥੜਾ! ਤੇਰੇ ਅਜਿਹੇ ਲੱਛਣਾ ਨਾਲ ਈ ਤਾਂ ਇਹ ਸਾਰੀਆਂ ਮੁਸੀਬਤਾਂ ਆਈਆਂ ਹੋਈਆਂ ਐਂ। ਅੱਖਾਂ ਖੋਹਲ ਕੇ ਮੇਰੀਆਂ ਗੱਲਾਂ ਸੁਣ, ਨਹੀਂ ਤਾਂ ਤੇਰੇ ਕੰਨ ਮੁੜ ਕੇ ਤੇਰੇ ਅੰਦਰ ਵੱਲ ਜਾ ਖੁੱਲ੍ਹਣਗੇ ਤੇ ਆਪਣੇ ਆਪ ਨੂੰ ਪਤਾ ਨਹੀਂ ਕੀ-ਕੀ ਉਟ-ਪਟਾਂਗ ਸੁਣਾਉਂਦਾ ਰਹੇਂਗਾ...ਹਾਂ, ਭੌਂਕਦਾ–ਭੌਂਕਦਾ ਤੂੰ ਅਚਾਨਕ ਸੌਂ ਗਿਆ ਸੀ। ਸ਼ਾਇਦ ਸੁੱਤਾ-ਸੁੱਤਾ ਵੀ ਇਕ ਦੋ ਵਾਰੀ ਭੌਂਕਿਆ ਸੀ। ਆਪਣੀਆਂ ਗੱਲਾਂ ਵਿਚ ਮੇਰਾ ਤੇਰੇ ਵੱਲ ਧਿਆਨ ਈ ਨਹੀਂ ਗਿਆ...ਹਾਂ, ਮੈਂ ਤੈਨੂੰ ਆਪਣੇ ਮੁਹੱਲੇ ਦੇ ਵੱਡੈ ਚਾਚੇ ਬਾਰੇ ਦੱਸ ਰਿਹਾ ਸੀ। ਆਪਣੇ ਜਨਮ ਤੋਂ ਈ ਮੈਂ ਉਸਨੂੰ ਓਨਾ ਬੁੱਢਾ ਦੇਖ ਰਿਹਾ ਸੀ। ਮੇਰੀ ਮਾਂ ਵੀ ਕਹਿੰਦੀ ਹੁੰਦੀ ਸੀ ਕਿ ਜਦੋਂ ਉਸਨੂੰ ਵਿਆਹ ਕੇ ਲਿਆਂਦਾ ਗਿਆ ਸੀ, ਵੱਡਾ ਚਾਚਾ ਓਦੋਂ ਵੀ ਐਨਾ ਈ ਬੁੱਢਾ ਨਜ਼ਰ ਆਉਂਦਾ ਸੀ...ਨਹੀਂ, ਕਿਸੇ ਨੂੰ ਨਹੀਂ ਸੀ ਪਤਾ, ਉਸਦੀ ਉਮਰ ਕੀ ਸੀ? ਉਮਰਾਂ ਦਾ ਹਿਸਾਬ ਤਾਂ ਉਦੋਂ ਰੱਖਿਆ ਜਾਂਦਾ ਐ, ਜਦੋਂ ਉਮਰ ਦੇ ਅਗਲੇ ਸਿਰੇ ਦੀ ਟੋਹ ਹੋਵੇ। ਇੱਥੇ ਤਾਂ ਇਹ ਸੀ ਕਿ ਜਿਹੜਾ ਪੈਦਾ ਹੋਇਆ, ਉਹ ਜਿਵੇਂ ਪਹਿਲਾਂ ਤੋਂ ਸਾਡੇ ਨਾਲ ਈ ਸੀ ਤੇ ਜਿਹੜਾ ਮਰ ਗਿਆ, ਉਹ ਵੀ ਸਾਨੂੰ ਛੱਡ ਕੇ ਕਿਤੇ ਨਹੀਂ ਸੀ ਗਿਆ! ਮੇਰੀ ਮਾਂ ਜਦੋਂ ਮੇਰੇ ਸਵਰਗੀ ਦਾਦੇ ਦਾ ਸ਼ਰਾਧ ਕਰਦੀ ਤਾਂ ਆਪਣੇ ਸਾਹਮਣੇ ਖਾਣੇ ਦੀ ਚੌਂਕੀ ਉੱਤੇ ਬੈਠਾ ਬ੍ਰਾਹਮਣ ਉਸਨੂੰ ਆਪਣਾ ਸਹੁਰਾ ਈ ਦਿੱਸਣ ਲੱਗ ਪੈਂਦਾ ਤੇ ਉਹ ਲੰਮਾਂ ਸਾਰਾ ਘੁੰਡ ਕੱਢ ਕੇ ਵਾਰੀ-ਵਾਰੀ ਉਸਦੀ ਥਾਲੀ ਵਿਚ ਪੂਰੀਆਂ ਰੱਖੀ ਜਾਂਦੀ ਰਹਿੰਦੀ...'ਬਸ ਭਾਈਆ ਜੀ ਅਹਿ ਆਖ਼ਰੀ ਤਾਂ ਲੈ ਲਓ!'
ਪਰ ਇਕ ਆਪਣੀ ਬਹੂ ਐ ਟਾਇਗਰ ਕਿ ਸਾਡੇ ਜਿਊਂਦੇ ਜੀਅ ਵੀ ਉਸਨੂੰ ਖ਼ਬਰ ਨਹੀਂ, ਕਿ ਅਸੀਂ ਖਾ ਕੇ ਜਿਊਂਦੇ ਆਂ, ਕਿ ਖਾਧੇ ਬਗ਼ੈਰ। ਕਦੀ ਵਿਖਾਲੀ ਈ ਨਹੀਂ ਦਿੰਦੀ, ਬਸ ਉਸ ਵੱਲੋਂ ਸਮਾਚਾਰ ਮਿਲਦੇ ਰਹਿੰਦੇ ਐ ਕਿ 'ਬਾਬਾ ਸਠਿਆ ਗਿਐ...।' ਤੂੰ ਈ ਦੱਸ ਬਈ ਹੁਣ ਸੱਤਰ ਦੀ ਉਮਰ ਵਿਚ ਕੋਈ ਸਠਿਆਵੇ ਵੀ ਨਾ? ਕਹਿੰਦੀ ਐ ਟਾਇਗਰ, ਮੈਂ ਤੈਨੂੰ ਪੂਰੀ ਤਰ੍ਹਾਂ ਵਿਗਾੜ ਰੱਖਿਆ ਐ। ਮੇਰੇ ਵੱਲ ਮੂੰਹ ਫੁਲਾਅ ਕੇ ਭੌਂਕਣਾ ਕਿਉਂ ਸ਼ੁਰੂ ਕਰ ਦਿੱਤੈ ਓਇ? ਮੈਂ ਥੋੜ੍ਹਾ ਕਹਿ ਰਿਹਾਂ, ਤੂੰ ਤਾਂ ਜਮਾਂਦਰੂ ਵਿਗੜਿਆ ਹੋਇਆ ਐਂ। ਆਪਣੀ ਉਸ ਮਾਂ ਨੂੰ ਭੌਂਕਿਆ ਕਰ...ਪਰ ਇਉਂ ਈ ਤਾਂ ਤੂੰ ਕਰਦਾ ਐਂ...ਦੇਖ ਟਾਇਗਰ, ਉਹ ਕਦੀ ਨਜ਼ਰ ਆਵੇ ਤਾਂ ਨੀਵੀਂ ਪਾ ਕੇ ਇਕ ਪਾਸੇ ਹਟ ਜਾਇਆ ਕਰ। ਤੂੰ ਉਸ ਤੋਂ ਕੀ ਲੈਣਾ-ਦੈਣੈ ਭਲਾ?
ਅੱਛਾ, ਇਹ ਦੱਸ, ਉਸ ਦਿਨ ਅੱਖ ਖੁੱਲ੍ਹਦਿਆਂ ਈ ਅਹਿ ਸਾਲੀ ਦੁੰਬ ਹਿਲਾਉਂਦਾ ਹੋਇਆ ਤੂੰ ਉਸਦੇ ਬੈੱਡਰੂਮ ਵਿਚ ਕਿਉਂ ਜਾ ਵੜਿਆ ਸੀ? ਉੱਥੇ ਤਾਂ ਉਹ ਆਪਣੇ ਨਿਆਣਿਆਂ ਨੂੰ ਵੀ ਨਹੀਂ ਵੜਨ ਦਿੰਦੀ। ਤੇਰੀਆਂ ਝੁਰੜੀਆਂ ਵਿਚ ਤਾਂ ਉਸਨੂੰ ਆਪਣੇ ਪਾਪ ਅਟਕੇ ਹੋਏ ਦਿਖਾਈ ਦਿੰਦੇ ਆ। ਕੀ ਕਹਿੰਦੀ ਸੀ...ਤੈਨੂੰ ਸ਼ੂਟ ਕਰਵਾ ਦਵੇਗੀ? ਕੋਈ ਮਜ਼ਾਕ ਐ! ਐਸੀ-ਵੈਸੀ ਗੱਲ ਹੋਈ ਤਾਂ ਮੈਂ ਉਸਨੂੰ ਫਾਹੇ ਲੁਆ ਦਿਆਂਗਾ...ਪਰ ਨਹੀਂ, ਟਾਇਗਰ, ਤੂੰ ਉਸ ਤੋਂ ਬਚ ਕੇ ਈ ਰਿਹਾ ਕਰ। ਆਪਣੇ ਆਰਾਮ ਦੀ ਖਾਤਰ ਜਦੋਂ ਇਹ ਲੋਕ ਕੁੱਤਿਆਂ ਨੂੰ ਮਰਵਾ ਦਿੰਦੇ ਐ ਤਾਂ ਇਸ ਨੂੰ ਮਰਸੀ ਕਿਲਿੰਗ ਦਾ ਨਾਂਅ ਦੇ ਦਿੱਤਾ ਜਾਂਦਾ ਐ ਤੇ ਮਰਵਾਉਣ ਵਾਲੇ ਨੂੰ ਫਾਹੇ ਲਾਉਣ ਦੀ ਬਜਾਏ ਇੱਜ਼ਤ ਨਾਲ ਦੇਖਿਆ ਜਾਂਦਾ ਐ। ਹਾਂ ਬੱਚਿਆ, ਉਸ ਤੋਂ ਬਚ ਕੇ ਈ ਰਿਹਾ ਕਰ। ਸਾਰੀ ਉਮਰ ਇਹਨਾਂ ਦੀ ਚੌਕੀਦਾਰੀ ਵਿਚ ਬਿਤਾਅ ਚੁੱਕਿਆ ਐਂ। ਹੁਣ ਆਪਣੀ ਚੌਕੀਦਾਰੀ ਕੀਤਾ ਕਰ, ਨਹੀਂ ਤਾਂ ਚੋਰ ਤੈਨੂੰ ਈ ਤੈਥੋਂ ਚੁਰਾਅ ਕੇ ਲੈ ਜਾਣਗੇ...ਨਾ, ਭੌਂਕ ਨਾ...ਤੈਨੂੰ ਏਧਰੋਂ, ਓਧਰ ਜਾਣ ਦੀ ਲੋੜ ਈ ਕੀ ਐ? ਮੈਂ ਕਹਿ ਦਿੱਤਾ ਨਾ, ਭੌਂਕ ਨਾ, ਭੌਂਕ–ਭੌਂਕ ਕੇ ਤਾਂ ਤੂੰ ਇਹ ਸਾਰੀ ਮੁਸੀਬਤ ਖੜ੍ਹੀ ਕੀਤੀ ਐ। ਮੈਨੂੰ ਕਦੀ ਓਧਰ, ਉਹਨਾਂ ਕੋਲ ਜਾਂਦਿਆਂ ਵੇਖਿਆ ਐ? ਤੂੰ ਵੀ ਇੱਥੇ ਈ ਪਿਆ ਰਿਹਾ ਕਰ। ਏਥੇ ਤਾਂ ਇਹ ਐ ਟਾਇਗਰ ਕਿ ਮਰਨ ਤੋਂ ਪਹਿਲਾਂ ਆਪਣੇ ਅਲਗ-ਅਲਗ ਕਮਰਿਆਂ ਵਿਚ ਜ਼ਿੰਦਗੀ ਦੀ ਕੈਦ ਭੁਗਤਦੇ ਰਹੋ...ਸਾਡਾ ਮੁਹੱਲਾ? ਸਾਡੇ ਮੁਹੱਲੇ ਦੀ ਕੀ ਪੁੱਛਦੈਂ? ਉਹ ਤਾਂ ਸਭ ਪਸਿਓਂ ਖੁੱਲ੍ਹਾ-ਡੁੱਲ੍ਹ ਸੀ। ਜਿੱਧਰੋਂ ਜਿੱਧਰ ਮਰਜ਼ੀ ਚਲੇ ਜਾਓ, ਜਾਪਦਾ ਸੀ ਆਪਣੇ ਕੋਲ ਈ ਆ ਪਹੁੰਚੇ ਆਂ ਤੇ ਬੇਫ਼ਿਕਰੀ ਨਾਲ ਅੱਖਾਂ ਬੰਦ ਕਰ ਲਓ ਕਿ ਮਾਂ ਦੀ ਗੋਦ ਵਿਚ ਆ ਪਏ ਆਂ...ਹਾਂ, ਮੈਂ ਤੈਨੂੰ ਵੱਡੇ ਚਾਚੇ ਬਾਰੇ ਦੱਸ ਰਿਹਾ ਸੀ। ਹਰੇਕ ਦਾ ਕਹਿਣਾ ਸੀ ਕਿ 'ਵੱਡਾ ਚਾਚਾ ਸਿਰ 'ਤੇ ਐ ਤਾਂ ਆਪਾਂ ਨੂੰ ਕੀ ਚਿੰਤਾ?' ਬੁੱਢਿਆਂ ਨੂੰ ਉਹਨਾਂ ਦੀ ਵੱਡੀ ਉਮਰ ਨਹੀਂ ਮਾਰਦੀ। ਉਮਰ ਨਾਲ ਤਾਂ ਇਕ ਵਿਸ਼ਵਾਸ ਵੱਝਦਾ ਐ। ਸਾਡਾ ਵੱਡਾ ਚਾਚਾ ਕਿਸੇ ਬਿਮਾਰ ਦੇ 'ਫੂਕਾ' ਮਾਰ ਦੇਂਦਾ ਤਾਂ ਉਹ ਆਪਣੇ ਇਸੇ ਵਿਸ਼ਵਾਸ ਸਦਕਾ ਨੌਂ ਬਰ ਨੌਂ ਹੋ ਜਾਂਦਾ ਕਿ ਵੱਡੇ ਚਾਚੇ ਨੇ 'ਫੂਕਾ' ਮਾਰ ਦਿੱਤੈ, ਹੁਣ ਬਿਮਾਰੀ ਦੀ ਕੀ ਔਕਾਤ?
ਸਾਡੇ ਵੱਡੇ ਚਾਚੇ ਨੇ ਮੁਹੱਲੇ ਦੇ ਹਰ ਜੀਅ ਨੂੰ ਮਾਲਾ ਵਿਚ ਪਰੋਅ ਕੇ ਆਪਣੇ ਗ਼ਲ ਵਿਚ ਪਾਇਆ ਹੋਇਆ ਸੀ ਤੇ ਕਹਿੰਦਾ ਹੁੰਦਾ ਸੀ---'ਬਈ ਮੇਰਾ ਦਿਲ ਹੁਣ ਇਸ ਉਮਰ ਵਿਚ ਆਪਣੇ-ਆਪ ਨਹੀਂਓਂ ਧੜਕਦਾ, ਬਲਿਕੇ ਸੋਨੇ ਦੇ ਇਹਨਾਂ ਮਣਕਿਆਂ ਵਿਚੋਂ ਕੋਈ ਨਾ ਕੋਈ ਹਰ ਪਲ ਇਸ ਵਿਚ ਟੁਣਕਦਾ ਰਹਿੰਦੈ...।'
'ਪਰ ਤੇਰੇ ਕੁਝ ਮਣਕਿਆਂ ਵਿਚ ਖੋਟ ਕੁਛ ਬਹੁਤੀ ਈ ਐ ਵੱਡੇ ਚਾਚਾ।'
'ਫੇਰ ਵੀ, ਸੋਨੇ ਦੇ ਈ ਐ ਨਾ...ਨਕਲੀ ਤਾਂ ਨਹੀਂ...'
ਸਿਆਣਿਆਂ ਦੇ ਨਿੱਘੇ-ਨਿੱਘੇ ਪ੍ਰੇਮ ਨਾਲ ਈ ਜੀਵਨ ਦੇ ਸੰਬੰਧ ਪੀਢੇ ਹੁੰਦੇ ਜਾਂਦੇ ਐ, ਟਾਇਗਰ! ਜਿੱਥੇ ਬੁੱਢਿਆਂ ਦਾ ਆਦਰ-ਮਾਣ ਨਹੀਂ, ਉੱਥੇ ਜਿਊਂਣਾ ਤੇ ਜੁੜਨਾ ਕਿਵੇਂ ਹੋਵੇ? ਤੇਰਾ ਮਾਲਿਕ ਤੇ ਮਾਲਕਿਨ ਸਿਰਫ ਤੇਰੇ ਉੱਤੇ ਈ ਚਿੜੇ ਨਹੀਂ ਰਹਿੰਦੇ, ਆਪਸ ਵਿਚ ਵੀ ਸਿਰਫ ਆਪਣੀਆਂ ਮੁਸਕਰਾਹਟਾਂ ਦਾ ਹਿਸਾਬ-ਕਿਤਾਬ ਈ ਕਰਦੇ ਰਹਿੰਦੇ ਆ। ਤੈਨੂੰ ਪਤਾ ਨਹੀਂ, ਬਹੂ ਨੇ ਕਾਨੂੰਨੀ ਕਾਰਵਾਈ ਰਾਹੀਂ ਮੇਰੇ ਮੁੰਡੇ ਤੋਂ ਬਿਜਨੇਸ ਤੇ ਪ੍ਰਾਪਰਟੀ ਵਿਚ ਆਪਣਾ ਅੱਧਾ ਅਧਿਕਾਰ ਮੰਨਵਾ ਲਿਆ ਐ। ਉਹ ਆਪਸ ਵਿਚ ਲੜਦੇ-ਝਗੜਦੇ ਤਾਂ ਨਹੀਂ, ਪਰ ਸਿਰਫ ਅਸੂਲਾਂ ਤੇ ਨਿਯਮਾਂ ਦੀ ਸਿਧਾਂਤੀ ਜ਼ਿੰਦਗੀ ਜਿਉਂਦੇ ਐ। ਤੂੰ ਵਿਅਰਥ ਈ ਆਪਣੀ ਪਿਆਰ ਦੀ ਸਨਕ ਪੂਰੀ ਨਾ ਹੋਣ ਉੱਤੇ ਭੌਂਕਦਾ ਰਹਿੰਣੈ...।
ਪਰਸੋਂ ਉਹ ਪੂਰੇ ਢਾਈ ਮਹੀਨੇ ਬਾਅਦ ਮੈਨੂੰ ਮਿਲਿਆ ਸੀ...ਹਾਂ, ਮੇਰਾ ਮੁੰਡਾ...ਤੇ ਠਾਹ ਸੋਟਾ ਮਾਰਿਆ ਸੀ, ''ਤੇਰਾ ਟਾਇਗਰ ਹੁਣ ਬੁੱਢਾ ਤੇ ਪਾਗ਼ਲ ਹੋ ਗਿਆ ਐ ਬਾਪੂ।'' ਮੈਂ ਕਿਹਾ---''ਬੁੱਢਾ ਤੇ ਪਾਗ਼ਲ ਤਾਂ ਮੈਂ ਵੀ ਹੋ ਗਿਆਂ ਪੁੱਤਰਾ! ਉਹ ਤਾਂ ਅਜੇ ਤੇਰੇ ਬਾਲ ਜਿੰਨੀ ਉਮਰ ਵੀ ਨਹੀਂ ਜਿਊਂਇਆਂ। ਉਸਨੂੰ ਪਿਆਰ ਕਰ, ਜਾਨਵਰ ਦੇ ਸਾਰੇ ਅਹਿਸਾਸ ਆਪਣੇ-ਆਪ ਪਰਤ ਆਉਣਗੇ।'' ਮਸ਼ੀਨ ਕੁਝ ਮਹਿਸੂਸ ਕੀਤੇ ਬਿਨਾਂ ਚੱਲਦੀ ਰਹੀ---''ਮੇਰੇ ਕੋਲ ਪਿਆਰ ਮੁਹੱਬਤ ਦਾ ਟਾਈਮ ਨਹੀਂ ਬਾਪੂ, ਮੈਂ ਤਾਂ ਹੁਣ ਉਸ ਤੋਂ ਛੁਟਕਾਰਾ ਈ ਪਾ ਲੈਣੈ...'' ਤੂੰ ਪ੍ਰੇਸ਼ਾਨ ਕਿਉਂ ਹੁੰਦਾ ਐਂ ਟਾਇਗਰ? ਉਹ ਤਾਂ ਮੈਥੋਂ ਵੀ ਛੁਟਕਾਰਾ ਪਾਉਣ ਦੀਆਂ ਵਿਉਂਤਾਂ ਸੋਚਦਾ ਰਹਿੰਦਾ ਐ---ਹਾਂ, ਮਨ ਭਰ ਆਇਆ ਐ ਤਾਂ ਰੋਕ ਨਾ ਰੋਣ; ਭੌਂਕ ਲੈ-ਖ਼ੂਬ ਭੌਂਕ, ਘਬਰਾਈਂ ਨਾ...ਮੈਂ ਸਭ ਠੀਕ ਕਰ ਲਵਾਂਗਾ।
ਇਕ ਗੱਲ ਦੱਸਾਂ? ਸਾਡੇ ਵੱਡੇ ਚਾਚੇ ਦੇ ਸੋਨੇ ਕੇ ਮਣਕਿਆਂ ਵਿਚ ਪੰਜ...ਨਹੀਂ ਛੇ ਕੁੱਤੇ ਵੀ ਸੀ। ਸਾਡੀ ਸਾਰੀ ਗਲੀ ਉਹਨਾਂ ਨੂੰ ਪਾਲਦੀ ਸੀ। ਵੱਡਾ ਚਾਚਾ ਆਦਮੀਆਂ ਉੱਤੇ ਵੀ ਭਰੋਸਾ ਕਰਦਾ ਸੀ ਪਰ ਆਦਮੀਆਂ ਨਾਲੋਂ ਵੱਧ ਭਰੋਸਾ ਉਸਨੂੰ ਉਹਨਾਂ ਕੁੱਤਿਆਂ ਉੱਤੇ ਸੀ। ਉਹਨਾਂ ਕੁੱਤਿਆਂ ਵਿਚੋਂ ਗੰਗਾਰਾਮ ਖਾਸਾ ਬੁੱਢਾ ਸੀ...ਨਹੀਂ, ਤੂੰ ਅਜੇ ਏਨਾ ਬੁੱਢਾ ਕਿੱਥੇ ਹੋਇਆ ਐਂ? ਆਪਣੇ ਬੁਢੇਪੇ ਦੇ ਜ਼ਿਕਰ ਉੱਤੇ ਚਿੜ ਨਾ ਜਾਇਆ ਕਰ। ਇਸੇ ਲਈ ਤਾਂ ਕੁੱਤਿਆਂ ਦੀ ਕਾਇਆ ਏਨੀ ਜਲਦੀ ਢਿੱਲੀ ਪੈਣ ਲੱਗਦੀ ਐ---ਓ ਭਰਾਵਾ, ਬੁੱਢੇ ਵੀ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹੁੰਦੇ, ਵੱਡਾ ਚਾਚਾ ਜਦੋਂ ਮੇਰੇ ਸਾਹਵੇਂ ਜਿਉਂਦਾ ਤਿਉਂ ਘੁੰਮਣ ਫਿਰਨ ਲੱਗਦਾ ਐ ਤਾਂ ਮੇਰੀ ਜਵਾਨੀ ਪਰਤ ਆਉਂਦੀ ਐ। ਬੁੱਢਿਆਂ ਦੀ ਠੰਡੀ ਛਾਂ ਸਾਨੂੰ ਹਮੇਸ਼ ਹਰਿਆ-ਭਰਿਆ ਰੱਖਦੀ ਐ...ਨਹੀਂ, ਟਾਇਗਰ, ਇਹ ਗਲਤ ਐ ਕਿ ਮਹੀਨੇ ਤੇ ਸਾਲ ਸਾਨੂੰ ਬੁੱਢਾ ਕਰਦੇ ਐ। ਬੁੱਢੇ ਅਸੀਂ ਓਦੋਂ ਹੁੰਦੇ ਆਂ ਜਦੋਂ ਸਾਡੇ ਪਿਓ-ਦਾਦੇ ਨਹੀਂ ਰਹਿੰਦੇ, ਹਾਂ, ਆਪਣੇ ਆਪ ਵਿਚ ਨਾ ਰਹਿਣ ਜਾਂ ਸਾਡੇ ਦਿਲ ਤੇ ਦਿਮਾਗ਼ ਵਿਚ...। ਬੂਟੇ ਆਪਣੀਆਂ ਜੜਾਂ 'ਤੇ ਕੰਨ ਲਾਈ ਰੱਖਦੇ ਐ ਤਦੇ ਤਾਂ ਕੜਕਦੀ ਧੁੱਪ ਵਿਚ ਵੀ ਫੁੱਲਾਂ ਵਿਚ ਮੂੰਹ ਦਿੱਤੀ ਟਹਿਕਦੇ ਰਹਿੰਦੇ ਐ---ਹਾਂ, ਟਾਇਗਰ ਮੇਰਾ ਮੁੰਡਾ ਇਸੇ ਲਈ ਸੁੱਕਦਾ ਜਾ ਰਿਹੈ। ਉਸਦੇ ਧੰਦੇ ਤੇ ਰੋਗਾਂ ਦੇ ਸਿਵਾਏ ਉਸਨੂੰ ਕੋਈ ਚਿੰਤਾ ਈ ਨਹੀਂ। ਸੋ ਰੋਗ ਪਲਦੇ ਤੇ ਧੰਦੇ ਵਧਦੇ ਜਾ ਰਹੇ ਐ...ਤੇ ਉਹ ਆਪ, ਖੁਰਦਾ ਜਾ ਰਿਹਾ ਐ।...ਅਸ਼ੀਰਵਾਦ? ਅਸ਼ੀਰਵਾਦ ਤਾਂ ਮੈਂ ਉਸਨੂੰ ਫੇਰ ਵੀ ਦਿੰਦਾ ਈ ਰਹਿਣਾਂ, ਪਰ ਉਹ ਮੇਰੇ ਅਸ਼ੀਰਵਾਦ ਉੱਤੇ ਕੰਨ ਧਰੇ ਤੇ ਉਸਨੂੰ ਆਪਣੇ ਖ਼ੂਨ ਵਿਚ ਰਚਨ-ਵੜਨ ਵੀ ਦੇਵੇ, ਮੇਰੇ ਅਸ਼ੀਰਵਾਦ ਨੂੰ ਘੋਲ-ਘੋਲ ਕੇ ਪੀਂਦਾ ਰਹੇ ਤਾਂ ਦੇਖਦੇ ਈ ਦੇਖਦੇ ਨਿੱਖਰ ਨਾ ਆਏ---ਕਈ ਵਾਰੀ ਆਪੇ 'ਚੋਂ ਬਾਹਰ ਹੋ ਜਾਂਦਾ ਆਂ...ਪਰ ਟੁੱਟਿਆ–ਫੁੱਟਿਆ ਈ ਸਹੀ, ਆਪਣਾ ਈ ਆਪਾ ਐ, ਸਦਾ ਉਸ ਤੋਂ ਬਾਹਰ ਕਿਵੇਂ ਰਹਾਂ?...ਇਕ ਦਿਨ ਮੈਂ ਉਸਨੂੰ ਉਲਾਂਭਾ ਜਿਹਾ ਦਿੱਤਾ---''ਗੋਪਾਲ ਪੁੱਤਰ ਮੇਰੀ ਉਂਗਲ ਫੜ ਕੇ ਈ ਤੁਰਨ ਦੇ ਕਾਬਿਲ ਹੋਇਆ ਐਂ।'' ਮਜ਼ਾਕ ਉਡਾਉਂਦਾ ਹੋਇਆ ਬੋਲਿਆ---''ਤੂੰ ਤਾਂ ਫੇਰ ਹੁਣ ਤੁਰ-ਫਿਰ ਈ ਨਹੀਂ ਸਕਦਾ ਬਾਪੂ, ਕੀ ਮੈਂ ਤੇਰੀ ਉਂਗਲ ਫੜ੍ਹ ਕੇ ਸਾਰਾ ਦਿਨ ਤੇਰੇ ਕੋਲੇ ਬੈਠਾ ਰਿਹਾ ਕਰਾਂ?...'' ਮੈਂ ਇਹ ਤਾਂ ਨਹੀਂ ਕਹਿੰਦਾ ਟਾਇਗਰ ਕਿ ਉਹ ਹਰ ਵੇਲੇ ਮੇਰੇ ਕੋਲੇ ਬੈਠਾ ਰਹੇ ਪਰ ਇਹ ਵੀ ਕੋਈ ਜਿਉਂਣ ਐਂ ਕਿ ਤੁਹਾਡਾ ਲੈਣਾ-ਦੇਣਾ ਪੂਰਾ ਹੋ ਗਿਆ, ਬਸ ਹੁਣ ਸਿਰਫ ਇਸ ਲਈ ਜਿਉਂਦੇ ਰਹੋ ਕਿ ਇਕ ਮਰਨਾ ਬਾਕੀ ਐ।
ਹਾਂ, ਗੰਗਾਰਾਮ ਨੂੰ ਤਾਂ ਮੈਂ ਭੁੱਲ ਈ ਗਿਆ---ਕੁਦਰਤ ਬੜੀ ਸਖੀ ਐ ਟਾਇਗਰ ਕਿ ਬੁੱਢੇਪੇ ਵਿਚ ਸਭ ਕੁਝ ਝੱਟ ਈ ਭੁੱਲ ਜਾਂਦਾ ਐ...ਯਾਦ ਰਹੇ ਤਾਂ ਦਿਮਾਗ ਦੇ ਕੰਡੇ ਕੱਢ-ਕੱਢ ਕੇ ਬੁੱਢੇ ਪਾਗਲ ਹੋ ਜਾਣ---ਨਹੀਂ, ਗੰਗਾਰਾਮ ਤਾਂ ਮੈਨੂੰ ਭੁੱਲ-ਭੁੱਲ ਕੇ ਯਾਦ ਆਉਂਦਾ ਐ। ਹਾਂ---ਗੰਗਾਰਾਮ ਬੜਾ ਬੁੱਢਾ ਸੀ। ਵੱਡੇ ਚਾਚੇ ਦੇ ਘਰ ਦੇ ਸਾਹਮਣੇ ਬੈਠਾ ਰਹਿੰਦਾ ਸੀ। ਵੱਡਾ ਚਾਚਾ ਸਾਨੂੰ ਸਾਰਿਆਂ ਨੂੰ ਕਹਿੰਦਾ ਹੁੰਦਾ ਸੀ---'ਬਈ ਮੇਰਾ ਇਹ ਬੁੱਢਾ ਕੁੱਤਾ ਮੇਰੇ ਨਾਲ ਈ ਮਰੂਗਾ। ਏਨੇ ਲੰਮੇ ਸਫਰ ਵਿਚ ਗੰਗਾਰਾਮ ਮੇਰੇ ਅੱਗੇ-ਅੱਗੇ ਨਾ ਹੋਇਆ ਤਾਂ ਮੈਂ ਕਿਤੇ ਰੱਸਤੇ ਵਿਚ ਈ ਨਾ ਰੁਲ ਜਾਵਾਂ।' ਤੇ ਤੂੰ ਹੈਰਾਨ ਹੋਏਂਗਾ ਟਾਇਗਰ, ਸਾਡੇ ਵੱਡੇ ਚਾਚੇ ਤੇ ਗੰਗਾਰਾਮ ਨੇ ਇਕੋ ਸਮੇਂ ਪ੍ਰਾਣ ਛੱਡੇ। ਸਾਨੂੰ ਸਾਰੇ ਮੁਹੱਲੇ ਵਾਲਿਆਂ ਨੂੰ ਪੂਰੀ ਤਸੱਲੀ ਸੀ ਕਿ ਚੱਲੋ ਵੱਡੇ ਚਾਚੇ ਦਾ ਗੰਗਾਰਾਮ ਤਾਂ ਵੱਡੇ ਚਾਚੇ ਦੇ ਨਾਲ ਈ ਐ। ਦੋਵੇਂ ਮੌਜਾਂ ਨਾਲ ਹੌਲੀ-ਹੌਲੀ ਜਾ ਪਹੁੰਚਣਗੇ। ਓਇ ਟਾਇਗਰਾ, ਵੇਖੀਂ ਫ਼ੋਨ ਦੀ ਘੰਟੀ ਵੱਜ ਰਹੀ ਐ---ਨਹੀਂ, ਠਹਿਰ, ਮੈਂ ਆਪ ਈ ਵੇਖਦਾਂ। ਸੁਣਨ ਵਾਲਾ ਏਨਾ ਪੜ੍ਹਿਆ-ਲਿਖਿਆ ਕਿੱਥੇ ਹੋਣੈ ਜੋ ਤੇਰੇ ਭੌਂਕਣ ਦਾ ਅਨੁਵਾਦ ਕਰ ਲਏ?---ਠਹਿਰ, ਚੌੜ ਨਾ ਕਰ---ਨਹੀਂ, ਪਰ੍ਹੇ ਹੋ ਜਾ, ਮੈਂ ਕਿਹਾ ਨਾ, ਮੈਂ ਆਪੇ ਗੱਲ ਕਰ ਲੈਣਾ---''ਹੈਲੋ! ਹੈਲੋ!-ਗੋਪਾਲ?''---ਤੇਰਾ ਮਾਲਿਕ ਐ ਟਾਇਗਰ---ਓਇ, ਭੌਂਕ ਕਿਉਂ ਰਿਹੈਂ?-''ਨਹੀਂ, ਗੋਪਾਲ ਮੈਂ ਟਾਇਗਰ ਨੂੰ ਕਹਿ ਰਿਹਾ ਸੀ---ਹਾਂ, ਉਹੀ ਭੌਂਕ ਰਿਹਾ ਐ---ਨਹੀਂ, ਟਾਇਗਰ ਪਾਗਲ ਨਹੀਂ ਗੋਪਾਲ-ਤ-ਤੂੰ-?---ਮੈਂ ਐਂ ਨਹੀਂ ਹੋਣ ਦਿਆਂਗਾ ਗੋਪਾਲ---ਪਾਗਲ ਤੂੰ ਐਂ---ਨਹੀਂ-ਨਹੀਂ ਗੋਪਾਲ। ਉਹਨਾਂ ਨੂੰ ਨਾ ਲਿਆ---ਨਹੀਂ!''
ਟਾਇਗਰ-ਏਧਰ ਆ ਟਾਇਗਰ---ਘਬਰਾਅ ਨਾ---ਆ, ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਕਿਧਰੇ ਦੂਰ ਛੱਡ ਆਉਂਣਾ, ਹਾਂ-ਨਹੀਂ ਜਾਂਦਾ?---ਕਿਉਂ ਨਹੀਂ ਜਾਂਦਾ?---ਓਇ ਮੂਰਖਾ ਮਾਲਿਕ ਦੀ ਨੀਅਤ ਖ਼ਰਾਬ ਹੋਣ ਲੱਗੇ ਤਾਂ ਉਹ ਵੀ ਚੋਰ ਹੁੰਦਾ ਐ। ਤੈਨੂੰ ਕੀ ਪਈ ਐ ਬਈ ਚੋਰਾਂ ਦੀ ਰਾਖੀ ਕਰਦਾ ਫਿਰੇਂ?---ਹਾਂ, ਭੌਂਕ ਖ਼ੂਬ, ਗੁੱਸੇ ਵਿਚ ਆ ਕੇ ਭੌਂਕ-ਲਾ---ਪਰ ਠਹਿਰੀਂ, ਇਸ ਤਰ੍ਹਾਂ ਕੰਮ ਨਹੀਂਓਂ ਚੱਲਣਾ-ਆ, ਮੈਂ ਤੈਨੂੰ ਕਿਤੇ ਛੱਡ ਈ ਆਉਣਾ---ਮੇਰੇ ਵੱਲ ਏਨੀਆਂ ਸ਼ਿਕਾਇਤ ਭਰੀਆਂ ਅੱਖਾਂ ਨਾਲ ਨਾ ਵੇਖ---ਜੀਅ ਕਰਦਾ ਐ ਤਾਂ ਵੱਢ ਲੈ---ਲੈ ਵੱਢ ਲਾ, ਪਰ ਐਂ ਨਾਲ ਵੇਖ।
ਜਦੋਂ ਮੈਂ ਤੈਨੂੰ ਪਹਿਲੀ ਵੇਰ ਘਰ ਲਿਆਇਆ ਸੀ ਤੂੰ ਸ਼ਾਇਦ ਕੁਝ ਘੰਟੇ ਪਹਿਲਾਂ ਈ ਜੰਮਿਆਂ ਹੋਏਂਗਾ। ਤੇਰੀ ਮਾਂ ਤੈਨੂੰ ਸਾਡੇ ਪਿੱਛਲੇ ਪਾਰਕ ਵਿਚ ਛੱਡ ਕੇ ਪਤਾ ਨਹੀਂ ਕਿੱਥੇ ਚਲੀ ਗਈ ਸੀ, ਸ਼ਾਇਦ ਜਾਣ ਤੋਂ ਪਹਿਲਾਂ ਉਹ ਤੇਰੇ ਨੰਨ੍ਹੇ ਮੁੰਨੇ ਭੈਣ-ਭਰਾਵਾਂ ਨੂੰ ਸਮੇਟ ਰਹੀ ਸੀ ਤਾਂ ਤੂੰ ਸ਼ਰਾਰਤ ਵੱਸ ਕਿਸੇ ਝਾੜੀ ਵਿਚ ਲੁਟਕ ਗਿਆ ਸੀ। ਜਦੋਂ ਮੈਂ ਤੈਨੂੰ ਦੇਖਿਆ ਤਾਂ ਏਨੀ ਵੱਡੀ ਦੁਨੀਆਂ ਵਿਚ ਤੂੰ ਨੰਨ੍ਹੀ ਜਿਹੀ ਜਾਨ, ਇਕੱਲਾ ਈ ਖੇਡ ਰਿਹਾ ਸੀ ਤੇ ਤੈਨੂੰ ਕੋਈ ਫਿਕਰ ਨਹੀਂ ਸੀ ਤੇ ਆਪਣੇ ਨਿੱਕੇ-ਨਿੱਕੇ ਪੈਰਾਂ ਉਪਰ ਖੜ੍ਹੇ ਹੋ-ਹੋ ਕੇ ਵਾਰੀ-ਵਾਰੀ ਡਿੱਗਣਾ ਤੈਨੂੰ ਬੜਾ ਚੰਗਾ ਲੱਗ ਰਿਹਾ ਸੀ। ਤੇਰੇ ਮੋਹ ਕਾਰਨ ਮੇਰੇ ਅੰਦਰ ਈ ਅੰਦਰ ਮੇਰੀ ਪੂਛ ਵੀ ਹਿੱਲਣ ਲੱਗ ਪਈ ਤੇ ਮੈਂ ਆਪਣੇ ਆਪ ਨੂੰ ਪੁੱਛਣ ਲੱਗਿਆ ਕਿ ਥੋੜ੍ਹੀ ਦੇਰ ਬਾਅਦ ਜਦੋਂ ਤੈਨੂੰ ਭੁੱਖ ਸਤਾਉਣ ਲੱਗੇਗੀ ਤਾਂ ਤੂੰ ਕੀ ਖਾਏਂਗਾ? ਏਨੀ ਠੰਡ ਵਿਚ ਕਿੱਥੇ ਸੌਵੇਂਗਾ? ਮੈਨੂੰ ਵਿਸ਼ਵਾਸ ਹੋਣ ਲੱਗਾ ਕਿ ਕੁਦਰਤ ਨੇ ਤੈਨੂੰ ਮੇਰੇ ਸਪੁਰਦ ਕਰਨ ਦਾ ਫੈਸਲਾ ਕਰ ਲਿਆ ਐ...
ਮੈਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਐ ਟਾਇਗਰ, ਪਰ ਮੈਂ ਕੀ ਕਰਾਂ? ਮੈਨੂੰ ਤਾਂ ਪਤਾ ਈ ਏ ਕਿ ਮੈਂ ਵੀ ਆਪਣੇ ਪੁੱਤਰ ਦੇ ਦਿਲ ਦੇ ਬਾਹਰ ਈ ਰਹਿ ਰਿਹਾਂ। ਦਿਲ ਤੋਂ ਬਾਹਰ ਹੋਵੇ ਭਾਵੇਂ ਘਰ ਤੋਂ ਬਾਹਰ---ਕੋਈ ਦਿਲ ਵਿਚ ਹੋਵੇ ਭਾਵੇਂ ਕਿਤੇ ਵੀ ਹੋਵੇ---ਦਿਲ ਵਿਚ ਈ ਹੁੰਦਾ ਐ। ਪਿਛਲੇ ਮਹੀਨੇ ਜਦੋਂ ਇਹ ਲੋਕ ਮੇਰੀ ਸਲਾਹ ਦੇ ਬਗ਼ੈਰ ਤੈਨੂੰ ਕਿਤੇ ਬਾਹਰ ਛੱਡ ਆਏ ਸੀ ਤਾਂ ਮੈਨੂੰ ਪਤਾ ਸੀ ਬਈ ਕਿਸੇ ਦਿਨ ਤੂੰ ਮੇਰੇ ਈ ਦਿਲ ਦੇ ਕਿਸੇ ਰਾਸਤੇ 'ਚੋਂ ਅਚਾਨਕ ਅੰਦਰ ਵੜ ਆਵੇਂਗਾ ਤੇ---ਓਵੇਂ ਈ ਹੋਇਆ---ਤੂੰ ਦੋ ਦਿਨਾਂ ਵਿਚ ਈ ਪਰਤ ਆਇਆ ਤੇ ਤੈਨੂੰ ਗ਼ਲੇ ਲਾ ਕੇ ਮੇਰੀ ਜਾਨ ਵਿਚ ਜਾਨ ਆਈ---ਮੈਂ ਕੀ ਕਰਾਂ? ਆਪਣੇ ਹੱਥੀਂ ਤੈਨੂੰ ਬਾਹਰ ਧਰੀਕ ਕੇ ਮੈਂ ਵੀ ਇੱਥੇ ਕਿਵੇਂ ਰਹਾਂਗਾ?---ਤੇ ਤੂੰ ਮੁੜ ਪਰਤ ਆਇਆ ਤਾਂ ਤੂੰ ਕਿਸ ਨੂੰ ਮਿਲੇਂਗਾ?---ਘਬਰਾਅ ਨਾ ਟਾਇਗਰ, ਆਪਾਂ ਦੋਵੇਂ ਬੁੱਢੇ ਇਕੱਠੇ ਈ ਕਿਤੇ ਨਿਕਲ ਜਾਂਦੇ ਆਂ---ਨਹੀਂ ਠਹਿਰ, ਬਾਹਰ ਵੱਲ ਕਿਉਂ ਦੌੜ ਪਿਐਂ? ਇੱਥੇ ਬੈਠੇ-ਬੈਠੇ ਈ ਆਪਣੇ ਰੱਸਤੇ ਪੈ ਲਵਾਂਗੇ...
ਮੈਂ ਕੁਝ ਗੋਲੀਆਂ ਏਸੇ ਪਿੱਛੇ ਈ ਲੈ ਕੇ ਰੱਖੀਆਂ ਹੋਈਆਂ ਐਂ ਟਾਇਗਰ-ਠਹਿਰ, ਇਸ ਅਲਮਾਰੀ ਵਿਚ ਹੈਣਗੀਆਂ। ਅਹਿ ਵੇਖ, ਇਹ ਆ ਸ਼ੀਸ਼ੀ, ਤਿੰਨ ਤੂੰ ਲੈ-ਲੈ ਤੇ ਤਿੰਨ ਮੈਂ---ਠਹਿਰ, ਪਾਣੀ ਨਾਲ ਲਵਾਂਗੇ---ਅੱਛਾ ਹੁਣ ਮੂੰਹ ਖੋਲ੍ਹ! ਦੇਖ ਬੱਚੇ, ਜਲਦੀ ਨਹੀਂ ਕਰਨੀ। ਆਪਾਂ ਦੋਵੇ ਨਾਲੋ-ਨਾਲ ਚੱਲਾਂਗੇ। ਫਿਕਰ ਨਾ ਕਰ, ਮੈਂ ਤੇਰੇ ਅੱਗੇ-ਅੱਗੇ ਤੈਨੂੰ ਸਾਰਾ ਰੱਸਤਾ ਦੱਸਦਾ ਜਾਵਾਂਗਾ। ਸ਼ਾਬਾਸ਼! ਲੈ ਹੁਣ ਦੂਜੀ ਵੀ ਲੰਘਾ ਜਾ।...ਤੇ ਹੁਣ ਇਹ ਤੀਜੀ। ਤੈਨੂੰ ਪਤਾ ਨਹੀਂ, ਗੋਪਾਲ ਤੈਨੂੰ ਮਰਵਾਉਣ ਲਈ ਮਿਉਂਸਪਲ ਕਮੇਟੀ ਦੇ ਬੰਦਿਆਂ ਨੂੰ ਲਿਆ ਰਿਹਾ ਐ। ਉਹ ਲੋਕ ਹੁਣ ਆ ਰਹੀ ਰਹੇ ਹੋਣਗੇ। ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਈ ਆਪਾਂ ਕੂਚ ਕਰ ਚੁੱਕੇ ਹੋਵਾਂਗੇ। ਓਇ!-ਬਾਕੀ ਗੋਲੀਆਂ ਕਿੱਥੇ ਗਈਆਂ?---ਸ਼ੀਸ਼ੀ ਖ਼ਾਲੀ ਐ!---ਟਾਇਗਰ-ਟਾਇਗਰ, ਠਹਿਰੀਂ!---ਟਇ...
ਨਹੀਂ ਟਾਇਗਰ, ਮੈਨੂੰ ਪਤਾ ਸੀ ਕਿ ਸ਼ੀਸ਼ੀ ਖ਼ਾਲੀ ਐ। ਹਾਂ, ਕਹਿ ਤਾਂ ਦਿੱਤਾ ਐ, ਮੈਨੂੰ ਪਤਾ ਸੀ ਕਿ ਸ਼ੀਸ਼ੀ ਖ਼ਾਲੀ ਐ। ਮੈਂ ਤੇਰੇ ਅੱਗੇ-ਅੱਗੇ ਈ ਜਾਣਾ ਚਾਹੁੰਦਾ ਸੀ ਪਰ ਪਿੱਛੇ ਤੈਨੂੰ ਕਿਸ ਦੇ ਸੰਗ ਛੱਡਦਾ?---ਮੇਰੇ ਵੱਲ ਇੰਜ ਘੂਰ-ਘੂਰ ਕੇ ਕਿਉਂ ਦੇਖ ਰਿਹੈਂ?---ਜਾਹ! ਜਾਹ ਹੁਣ, ਨਹੀਂ ਤਾਂ ਉਹ ਲੋਕ ਆ ਰਹੇ ਐ...ਵੋਂ! ਬਊਂ! ਲੈ, ਉਹ ਆ ਗਏ। ਮੈਂ ਕਿਹਾ ਸੀ ਨਾ ਉਹ ਆ ਰਹੇ ਐ ਬਊਂ!---ਹਾਂ, ਉਹ ਈ ਐ! ਆਓ ਗੋਪਾਲ!...ਬਊਂ!...ਬਊਂ!...ਹਾਂ, ਗੋਪਾਲ ਹੁਣ ਇਕੋ ਬੁੱਢਾ ਕੁੱਤਾ ਬਾਕੀ ਰਹਿ ਗਿਐ...! ਇਹਨਾਂ ਲੋਕਾਂ ਨੂੰ ਕਹਿ, ਮੈਨੂੰ ਲੈ ਜਾਣ!...ਬਊਂ!...ਬਊਂ!...
੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.





No comments:

Post a Comment