Tuesday, October 19, 2010

ਭੋਗ ਦਖ਼ਲ...:: ਲੇਖਕ : ਚੰਦਰਸ਼ੇਖਰ ਰਥ

ਉੜੀਆ ਕਹਾਣੀ :

ਭੋਗ ਦਖ਼ਲ...
ਲੇਖਕ : ਚੰਦਰਸ਼ੇਖਰ ਰਥ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ
ਮੋਬਾਇਲ : 94177-30600.



ਸੱਤਾ ਪਰੀਵਰਤਨ ਦੇ ਦੌਰ ਵਿਚ ਦੁਨੀਆਂ ਉਲਟ-ਪਲਟ ਹੋ ਗਈ ਸੀ—ਇਕ ਯੁੱਗ ਦਾ ਅੰਤ ਹੋ ਚੁੱਕਿਆ ਸੀ। 'ਆ ਗਏ, ਉਹ ਲੋਕ ਆ ਗਏ' ਦੀ ਇਕ ਸਰਸਰਾਹਟ ਉਸ ਪੂਰੇ ਇਲਾਕੇ ਦੀ ਹਵਾ ਵਿਚ ਤੈਰ ਰਹੀ ਸੀ। ਹਰ ਕੋਈ ਚੌਕਸ ਸੀ, ਚਾਰੇ ਪਾਸਿਓਂ ਅੱਖਾਂ ਵੇਖ ਰਹੀਆਂ ਸਨ—ਇਕਟੱਕ ਖੇਡ ਦੇ ਮੈਦਾਨ ਵਾਂਗ—ਪਰ ਰਾਜ ਪੂਰੀ ਤਰ੍ਹਾਂ ਵੀਰਾਨ ਸੀ। ਨਦੀਆਂ, ਨਾਲਿਆਂ, ਤਲਾਵਾਂ ਦਾ ਪਾਣੀ ਸੁੱਕ ਚੁੱਕਿਆ ਸੀ—ਤੇ ਆਦਮੀ ਦੇ ਚਿਹਰੇ ਦਾ ਪਾਣੀ ਵੀ। ਸਭ ਪਾਸੇ ਧੂੜ ਦੇ ਭੂਤ-ਵਰੋਲਿਆਂ ਵਾਲੀ ਹਨੇਰੀ ਸ਼ੂਕਦੀ ਰਹਿੰਦੀ। ਚੇਤ ਦੇ ਆਸਮਾਨ ਵਿਚ ਸੁੱਕੇ-ਪੱਤੇ ਉੱਡੇ ਫਿਰਦੇ—ਜਾਂ ਫੇਰ ਸੁੰਨੀਆਂ ਰਾਹਾਂ ਉੱਤੇ ਦੀਵੇ ਵਾਂਗ ਬਲਦੀ ਤਿੱਖੜ ਦੁਪਹਿਰ ਖੜ੍ਹੀ ਨਜ਼ਰ ਆਉਂਦੀ। ਪੂਰੀ ਰਾਤ ਤਪਸ਼ ਵਿਚ ਕੱਚੀਆਂ-ਨੀਂਦਰਾਂ ਵਾਲੇ ਬਜ਼ੁਰਗ-ਬੁੱਢੇ ਅਸੰਖ ਓਪਰੇ ਪੈਰਾਂ ਦਾ ਖੜਾਕ ਸੁਣਦੇ ਰਹਿੰਦੇ...ਤੇ ਹਊਕੇ ਤੇ ਆਹਾਂ ਭਰਦੇ ਹੋਏ ਨਵਿਆਂ ਦੇ ਆਉਣ ਦੀ ਉਡੀਕ ਕਰਦੇ ਰਹਿੰਦੇ...ਪਰ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਸਨ ਕਰ ਸਕਦੇ। ਗਊਆਂ ਦੇ ਝੂੰਡ ਵਾਂਗ ਆਉਣ ਦਿਓ ਜਿਹੜੇ ਆਉਂਦੇ ਨੇ। ਕਿਸਮਤ ਦੇ ਲੇਖਾਂ ਉੱਤੇ ਕਿਸੇ ਦਾ ਕੀ ਜ਼ੋਰ? ਸਿਰ ਨਿਵਾ ਕੇ ਭਾਣਾ ਮੰਨ ਲੈਣ ਵਾਲੀਆਂ ਗੱਲਾਂ—ਜਿਵੇਂ ਯੁੱਗਾਂ-ਯੁੱਗਾਂ ਤੋਂ ਪਿਓ, ਦਾਦੇ ਤੇ ਪੜਦਾਦੇ ਮੰਨਦੇ ਆਏ ਸਨ।
ਪਹਾੜੀ ਦੀ ਟੀਸੀ ਉੱਤੇ ਮਹਿਲ। ਮਹਿਲ ਦੇ ਮੱਥੇ—ਝੰਡਾ। ਯੁੱਗਾਂ-ਯੁੱਗਾਂ ਤੋਂ ਇਸ ਇਲਾਕੇ ਦੀ ਜਨਤਾ, ਭਾਰੀ ਭੀੜ ਬਣਕੇ ਉਸ ਝੰਡੇ ਨੂੰ ਵੇਖਦੀ ਰਹੀ ਸੀ, ਹੁਣ ਉਹ ਵਿਖਾਲੀ ਨਹੀਂ ਦੇ ਰਿਹਾ। ਉੱਚੇ ਸਿਰ ਤੋਂ ਮਾਲਕੀ ਦੀ ਪੱਗ ਲੱਥ ਚੁੱਕੀ ਹੈ। ਨਵਾਂ ਝੰਡਾ ਲਹਿਰਾਏਗਾ—ਇੰਜ ਸੁਨਣ ਵਿਚ ਆ ਰਿਹਾ ਹੈ। ਕਦੋਂ ਚੜ੍ਹਾਇਆ ਜਾਏਗਾ; ਕਿਸ ਰੰਗ ਦਾ ਹੋਏਗਾ; ਕੌਣ ਆਏਗਾ—ਅਜਿਹੀਆਂ ਕੁਝ ਚਿੰਤਾਵਾਂ, ਬੋਝ ਬਣ ਕੇ ਹਰੇਕ ਦੇ ਮਨ ਉੱਤੇ ਲੱਦੀਆਂ ਹੋਈਆਂ ਸਨ।
ਮਹਿਲ ਦਾ ਸਭ ਤੋਂ ਪੁਰਾਣਾ ਖਾਨਸਾਮਾ (ਅੰਗਰੇਜ਼ਾਂ, ਮੁਸਲਮਾਨਾਂ ਆਦੀ ਦਾ ਰਸੋਈਆ) ਬੁੱਢਾ ਹੈਦਰ ਹੈ। ਬੜਾ ਹੀ ਭਲਾ ਤੇ ਸਾਊ ਆਦਮੀ। ਬੇਹੱਦ ਇੱਜ਼ਤਦਾਰ, ਇਮਾਨਦਾਰ ਤੇ ਭਰੋਸੇ ਯੋਗ ਇਨਸਾਨ। ਪੁਰਾਣੇ ਮਾਲਕਾਂ ਨਾਲ ਬਚਪਨ ਤੋਂ ਰਹਿ ਰਿਹਾ ਹੈ। ਹਰ ਕਿਸਮ ਦੀ ਰਸੋਈ ਬਣਾਉਣ ਦਾ ਮਾਹਰ; ਝੁੰਡਾਂ ਦੇ ਝੁੰਡ ਬੱਚੇ ਆ ਕੇ ਉਸ ਤੋਂ ਸਿੱਖ ਚੁੱਕੇ ਨੇ। ਆਖ਼ਰ ਜਦ ਮਹਿਲ ਵਿਚ ਉਸਦੇ ਜ਼ਿੰਮੇ ਕੋਈ ਕੰਮ ਨਾ ਰਿਹਾ ਤਾਂ ਉਸਨੂੰ ਉੱਥੇ ਉਂਜ ਹੀ ਰਹਿਣ ਦੀ ਆਗਿਆ ਮਿਲ ਗਈ। ਜਿਸ ਦਿਨ ਸਾਰੇ ਸ਼ਹਿਰ ਵਿਚ ਹੂ-ਹੱਲਾ ਸ਼ੁਰੂ ਹੋਇਆ, ਖਾਸੀ ਧੂੜ ਉੱਡੀ ਤੇ ਕੰਨੋਂ-ਕੰਨ ਖ਼ਬਰ ਮਿਲੀ ਕਿ ਵਰ੍ਹਿਆਂ ਪੁਰਾਣੀ ਮਾਲਕੀ ਹੁਣ ਨਹੀਂ ਰਹੀ ਤਾਂ ਉਹ ਆਪਣੀ ਛੋਟੀ ਜਿਹੀ ਟਰੰਕੀ ਨੂੰ ਠੀਕ-ਠਾਕ ਕਰਕੇ ਹੇਠਾਂ ਉਤਰ ਜਾਣ ਬਾਰੇ ਸੋਚਣ ਲੱਗਾ। ਪਹਾੜੀ ਦੀ ਟੀਸੀ ਉੱਤੇ ਬਣੇ ਇਸ ਮਹਿਲ ਵਿਚ ਭਲਾ ਕਿਵੇਂ, ਕਿੰਜ ਜਾਂ ਕਿਉਂ ਰਹਿ ਸਕਦਾ ਸੀ ਹੁਣ ਉਹ?
ਪਰ ਚਾਚੇ ਹੈਦਰ ਨੂੰ ਨਵੇਂ ਮਾਲਕਾਂ ਦੇ ਆਉਣ ਤਕ ਤੇ ਉਹਨਾਂ ਨੂੰ ਸਭ ਕੁਝ ਸੰਭਲਾ ਕੇ ਮਹਿਲ ਸੌਂਪ ਦੇਣ ਤਕ ਉੱਥੇ ਰਹਿਣ ਦਾ ਹੁਕਮ ਹੋਇਆ ਸੀ—ਸ਼ਾਮ ਨੂੰ ਸੁੰਨਸਾਨ ਮਹਿਲ ਵਿਚ ਰੌਸ਼ਨੀ ਕਰਨ ਪਿੱਛੋਂ ਹੈਦਰ ਚਾਬੀਆਂ ਤੇ ਸੋਟੀ ਚੁੱਕੀ, ਠੰਡੇ ਸੰਗਮਰੀ ਵਰਾਂਡੇ ਵਿਚ, ਪੈਰ ਘਸੀਟਦਾ ਹੋਇਆ, ਕੁਝ ਚਿਰ ਘੁੰਮਦਾ ਰਹਿੰਦਾ। ਉਸਨੂੰ ਕਦੀ-ਕਦੀ ਪਤਾ ਨਹੀਂ ਕੀ ਦਾ ਕੀ ਵਿਖਾਲੀ ਦੇਣ ਲੱਗ ਪੈਂਦਾ ਸੀ। ਸੈਂਕੜੇ ਵਰ੍ਹਿਆਂ ਦੇ ਇਤਿਹਾਸ ਦੇ ਪੰਨਿਆਂ ਦੇ ਪੰਨੇ। ਉੱਚੇ-ਲੰਮੇ ਗੌਰੇ-ਚਿੱਟੇ ਰਾਜਪੁਰਸ਼ਾਂ ਦੇ ਚਿਹਰੇ ਦਿਸਦੇ ਤੇ  ਅਲੋਪ ਹੋ ਜਾਂਦੇ। ਉਹ ਫੇਰ ਪੈਰ ਘਸੀਟਦਾ ਹੋਇਆ ਅੱਗੇ ਵਧ ਜਾਂਦਾ।
ਹੌਲੀ ਹੌਲੀ ਸਰਸਰਾਹਟ ਯਾਦਾਂ ਵਿਚ ਲੱਥ ਗਈ ਕਿ ਮਹਿਲ ਵਿਚ ਦਿਨੇ ਵੀ ਲੰਮੇ-ਲੰਮੇ ਪਰਛਾਵੇਂ ਤੈਰਦੇ-ਘੁੰਮਦੇ ਰਹਿੰਦੇ ਨੇ। ਹੁਣ ਕੋਈ ਵੀ ਉਸ ਵਿਚ ਪ੍ਰਵੇਸ਼ ਨਹੀਂ ਕਰ ਸਕਦਾ। ਜਿਹੜਾ ਵੀ ਸਿੰਘ-ਦਰਵਾਜ਼ੇ ਨੂੰ ਪਾਰ ਕਰਕੇ ਅੰਦਰ ਵੜ ਆਇਆ, ਸਰੀਰ ਦਾ ਉਪਰਾ ਹਿੱਸਾ ਤੁੜਵਾ ਕੇ ਡਿੱਗ ਪਏਗਾ ਤੇ ਥਾਵੇਂ ਖ਼ੂਨ ਦੀ ਕੈਅ ਕਰਦਾ ਹੋਇਆ ਮਰ ਜਾਏਗਾ। ਹੈਦਰ ਬੁੱਢਾ ਵੀ ਇਕ ਕਿਸਮ ਦਾ ਭੂਤ ਹੀ ਬਣ ਚੁੱਕਿਆ ਹੈ। ਇਸ ਲਈ ਉਸਨੂੰ ਕੋਈ ਨਹੀਂ ਛੂੰਹਦਾ-ਛੇੜਦਾ। ਸ਼ਾਇਦ ਉਹਨੂੰ ਸੱਚੇ ਪੀਰ ਦੀ ਸ਼ਰਨ ਮਿਲ ਚੁੱਕੀ ਹੈ।
ਵੇਖਦੇ-ਵੇਖਦੇ ਮਹੀਨਾ ਬੀਤ ਗਿਆ। ਇਕ ਦੋ ਛੋਟੇ-ਆਦਮੀ ਆ ਕੇ ਕਚਹਿਰੀ ਵਾਲੇ ਪਾਸੇ ਦੇ ਛੋਟੇ-ਛੋਟੇ ਕਮਰਿਆਂ ਵਿਚ ਕਾਗਜ਼ ਪੱਤਰ, ਰਜਿਸਟਰ ਖੋਲ੍ਹ ਕੇ ਬੈਠ ਗਏ। ਨਵੇਂ ਅਜਨਬੀ ਆਦਮੀ। ਉਹਨਾਂ ਦੀ ਬੋਲੀ, ਉਹਨਾਂ ਦਾ ਕਾਰ-ਵਿਹਾਰ, ਚਾਲ-ਚਲਨ, ਸਭੋ ਕੁਝ ਵੱਖਰਾ। ਪਰ ਇਹ ਮੈਲੇ ਤੇਜ਼-ਹੀਣ ਮਨੁੱਖ ਤਾਂ ਮਾਲਕ ਨਹੀਂ ਹੋ ਸਕਦੇ? ਇਹ ਤਾਂ ਹਜ਼ਾਰ ਪੌੜੀਆਂ ਉੱਚੇ ਮਹਿਲ ਵਿਚ ਰਹਿਣ ਵਾਲੇ ਮਨੁੱਖਾਂ ਵਰਗੇ ਨਹੀਂ ਲੱਗਦੇ। ਤਾਂ ਇਹਨਾਂ ਦਾ ਮਾਲਕ ਕੌਣ ਹੋਏਗਾ? ਵੇਖਣ ਵਿਚ ਕੈਸਾ ਹੋਏਗਾ?ਕੀ ਉਹ ਓਹਨਾਂ ਵਰਗਾ ਬੰਦੂਕਧਾਰੀ, ਪੰਜ ਹੱਥ ਲੰਮਾਂ, ਗੋਰਾ-ਚਿੱਟਾ ਆਦਮੀ ਹੈ? ਅੱਖਾਂ ਨੀਲੀਆਂ, ਦੰਦ ਪੀਲੇ, ਵਾਲ ਭੂਰੇ ਹੁੰਦੇ ਨੇ ਜਿਹਨਾਂ ਦੇ? ਉਹ ਆਏਗਾ ਤਾਂ ਸ਼ਿਕਾਰ ਲਈ ਜਾਏਗਾ ਜਾਂ ਨਹੀਂ? ਜਾਏਗਾ ਤਾਂ ਘੋੜੇ 'ਤੇ ਜਾਏਗਾ ਜਾਂ ਗੱਡੀ 'ਤੇ?...ਦਰਬਾਰ ਵਿਚ ਜਾਏਗਾ ਤਾਂ ਕੈਸੀ ਪੁਸ਼ਾਕ-ਪਗੜੀ ਬੰਨ੍ਹੇਗਾ? ਕੇਹੀ ਤਲਵਾਰ ਬੰਨ੍ਹੇਗਾ? ਦਰਬਾਰ ਤਾਂ ਲਾਏਗਾ ਨਾ? ਪਤਾ ਨਹੀ।...ਪਤਾ ਨਹੀਂ, ਪਰਵ-ਉਤਸਵ, ਮੇਲੇ-ਯਾਤਰਾਵਾਂ ਸਭੋ ਮਨਾਏ ਜਾਇਆ ਕਰਨਗੇ ਕਿ ਨਹੀਂ? ਸਭ ਉਹਦੀ ਮਰਜ਼ੀ ਤੇ ਨਿਰਭਰ ਰਹਿਣ ਵਾਲੀਆਂ ਗੱਲਾਂ ਨੇ। ਨਵਾਂ ਹਾਕਮ, ਨਵੇਂ ਹੁਕਮ—ਚਲੋ, ਵੇਖਦੇ ਹਾਂ।
ਇਸ ਦੌਰਾਨ ਰੋਜ਼ ਸ਼ਾਮੀਂ ਟੋਲੀਆਂ ਬਣਾ ਕੇ ਲੋਕੀ ਗੱਲਾਂ ਕਰਨ ਲੱਗਦੇ। ਜਿੱਥੇ ਖੜ੍ਹੇ ਹੋਵੋ, ਉੱਥੋਂ ਹੀ ਮਹਿਲ ਵਿਖਾਲੀ ਦੇਂਦਾ। ਮਹਿਲ ਦੇ ਸਿਰ ਉਪਰ ਸੁੰਨਾ ਧਵਜ-ਡੰਡਾ ਵਿਖਾਲੀ ਦੇਂਦਾ। ਲੋਕ ਉਸ ਵੱਲ ਵੇਖਦੇ ਹੋਏ ਬੀਤੇ ਕੱਲ੍ਹ ਤੇ ਬਚਪਨ ਦੀਆਂ ਗੱਲਾਂ ਯਾਦ ਕਰਦੇ। ਓਦੋਂ ਕਿਸ ਤਰ੍ਹਾਂ ਇਕ ਪੈਸੇ ਦੇ ਸੇਰ ਚੌਲ ਮਿਲਦੇ ਸਨ, ਪੰਜ ਰੁਪਏ ਵਿਚ ਇਕ ਤੋਲਾ ਸੋਨਾ, ਗਊ ਦੇ ਸ਼ੁੱਧ ਘੀ ਵਿਚ ਤਿਲ ਦੇ ਤੇਲ ਦੀ ਦੁਆਨੀ ਭਰ ਗੰਧ ਹੁੰਦੀ ਸੀ। ਅਜਿਹੀਆਂ ਕੁਝ ਪਿਆਰੀਆਂ ਗੱਲਾਂ ਬੁੱਢੇ ਲੋਕ ਆਪਣੇ ਦੰਦ-ਹੀਣ ਮੂੰਹਾਂ ਵਿਚ ਪਪੋਲਦੇ ਰਹਿੰਦੇ ਤੇ ਛੋਟੇ ਬਾਲ ਬੜੇ ਧਿਆਨ ਨਾਲ ਸੁਣਦੇ ਰਹਿੰਦੇ।
ਉਸ ਦਿਨ ਦੁਪਹਿਰ ਦੀ ਤਪਸ਼ ਅਜੇ ਗਈ ਨਹੀਂ ਸੀ। ਸ਼ਹਿਰ ਦੇ ਉਤਰ ਵਾਲੇ ਪਾਸਿਓਂ ਪੰਜ-ਛੇ ਮੋਟਰ-ਗੱਡੀਆਂ, ਇਕ ਪਿੱਛੇ ਇਕ, ਆ ਘੁਸੀਆਂ। ਏਨੀ ਧੂੜ ਕਿ ਪੁੱਛੋ ਨਾ। ਆਵਾਜ਼ਾਂ ਆਉਣ ਲੱਗੀਆਂ—ਸ਼ੋਰ-ਸ਼ਰਾਬਾ ਵੱਧ ਗਿਆ। ਬੱਚੇ-ਬੁੱਢੇ ਸਾਰੇ ਚੌਰਾਹੇ ਵੱਲ ਦੌੜ ਪਏ, ਵੇਖਣ ਲਈ। ਸਾਰਿਆਂ ਨੂੰ ਇਹ ਕਿਸੇ ਮਹਾ-ਉਤਸਵ ਵਰਗਾ ਲੱਗ ਰਿਹਾ ਸੀ। ਏਨੀ ਧੂੜ ਵੇਖ ਕੇ ਬੱਚੇ ਕਿਲਕਾਰੀਆਂ ਮਾਰਨ ਲੱਗੇ। ਕੋਈ ਕਿਸੇ ਨੂੰ ਨਾ ਦੱਸੋ ਤਾਂ ਵੀ ਪਤਾ ਲੱਗ ਜਾਏ ਕਿ ਹੁਣ ਸੱਚਮੁੱਚ ਹੀ ਨਵੇਂ ਮਾਲਕ ਗੱਦੀ 'ਤੇ ਬੈਠਣਗੇ। ਵਰਨਾ ਇਕੋ ਵਾਰੀ ਪੰਜ ਗੱਡੀ ਕਿਵੇਂ ਕੋਈ ਲੈ ਕੇ ਆ ਸਕਦਾ ਹੈ?...ਏਨੀ ਧੂੜ ਉਡਦੀ, ਕੀ ਕਦੀ ਕਿਸੇ ਨੇ ਪਹਿਲਾਂ ਵੇਖੀ ਹੈ?...ਏਨੀਆਂ ਆਵਾਜ਼ਾਂ ਇਕੋ ਸਮੇਂ ਸੁਣਾਈ ਦਿੱਤੀਆਂ ਨੇ ਕਦੀ? ਜ਼ਰੂਰ ਮਾਲਕ ਹੀ ਆ ਗਏ ਨੇ।
ਫੇਰ, ਸੱਚਮੁੱਚ ਚਾਰੇ ਗੱਡੀਆਂ, ਇਕ ਦੇ ਪਿੱਛੇ ਇਕ, ਬੱਜਰੀ ਵਿਛੇ ਰਾਜਮਾਰਗ ਉਪਰ ਭੂੰ-ਭੂੰ ਕਰਕੇ ਮਹਿਲ ਵੱਲ ਵਧਣ ਲੱਗੀਆਂ। ਪਹਾੜੀ ਨੂੰ ਚਾਰੇ ਪਾਸਿਓਂ ਦੋ ਵਾਰ ਵਲਦੀ ਸੀ ਉਹ ਸੜਕ। ਚਾਰੇ ਗੱਡੀਆਂ ਹਿਚਕੋਲੇ ਖਾਂਦੀਆਂ ਪਹਾੜੀ ਚੜ੍ਹ ਰਹੀਆਂ ਸਨ। ਨਿੱਕੇ ਬਾਲਾਂ ਨੂੰ ਛੱਡ ਦੇਈਏ ਤਾਂ ਬਾਕੀ ਸਾਰੇ ਉਪਰ ਵੱਲ ਮੂੰਹ ਚੁੱਕੀ ਚਾਰੇ ਪਾਸੇ ਵੇਖ ਰਹੇ ਸਨ। 'ਅਸ਼ਕੇ ਬਈ ਅਸ਼ਕੇ, ਕਿੱਡਾ ਵੱਡਾ ਜਲੂਸ ਐ?ਇਹੀ ਹੋਣੇ ਆਂ ਨਵੇਂ ਮਾਲਕ।' ਅੱਧੇ ਨੌਜਵਾਨ ਹਜ਼ਾਰ ਪੌੜੀਆਂ ਵਾਲੇ ਪਾਸਿਓਂ ਉਪਰ ਜਾਣ ਲੱਗੇ—ਤਾਂ ਹੇਠੋਂ ਬਜ਼ੁਰਗਾਂ ਨੇ ਉਹਨਾਂ ਨੂੰ ਤਾੜਨਾ ਕੀਤੀ—'ਓਇ ਪਹਿਲਾਂ ਇਹ ਵੇਖ ਲੈਣਾ ਬਈ ਕੇਹੇ-ਜੇ ਲੋਕ ਐ। ਸ਼ੁਰੂ 'ਚ ਈ ਸੱਪ ਦੀ ਪੂਛ 'ਤੇ ਪੈਰ ਨਾ ਧਰ ਲੈਣਾ ਜਾ-ਕੇ।'
ਮਹਿਲ ਦੇ ਸਿੰਘ-ਦਰਵਾਜ਼ੇ ਨੂੰ ਲੋਹੇ ਦਾ ਫਾਟਕ ਲੱਗਿਆ ਹੋਇਆ ਸੀ। ਹੈਦਰ ਉਹਨਾਂ ਲੋਕਾਂ ਨੂੰ ਹੇਠੋਂ ਉਪਰ ਆਉਂਦਿਆ ਵੇਖ ਕੇ ਹੀ ਸਮਝ ਗਿਆ ਸੀ। ਦਰਵਾਜ਼ਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ। ਫੇਰ ਤੁਰਤ-ਫੁਰਤ ਆਪਣਾ ਪੁਰਾਣਾ ਚੂੜੀਦਾਰ ਪਾਜਾਮਾਂ ਤੇ ਬਦਰੰਗ ਹੋ ਚੁੱਕਿਆ ਲੰਮਾਂ ਕੋਟ ਪਾ ਕੇ ਸਿਰ ਉੱਤੇ ਦੋ ਰੰਗੀ ਟੋਪੀ ਲੈ ਲਈ। ਨੰਗੇ ਪੈਰਾਂ ਵੱਲ ਉਸਦਾ ਧਿਆਨ ਈ ਨਹੀਂ ਸੀ ਗਿਆ। ਓਵੇਂ ਹੀ ਦੌੜ ਪਿਆ ਸੀ ਉਹ ਮਹਿਲ ਦੀ ਗੱਡੀਆਂ ਰੁਕਣ ਵਾਲੀ ਥਾਂ ਵੱਲ। ਉਸ ਪਿੱਛੋਂ ਉੱਥੋਂ ਉਹ ਹੇਠਾਂ ਵੱਲ ਵੇਖਦਾ ਤੇ ਸੁਣਦਾ ਰਿਹਾ ਉਪਰ ਆ ਰਹੀਆਂ ਆਵਾਜ਼ਾਂ ਨੂੰ।
ਮਹਿਲ ਦੇ ਸਿੰਘ-ਦਰਵਾਜ਼ੇ ਦੇ ਨੇੜੇ ਪਹਿਲੀ ਗੱਡੀ ਦਾ ਬੂਥ ਵਿਖਾਲੀ ਦਿੱਤਾ। ਉਸਦੇ ਪਿੱਛੇ ਬਾਕੀ ਤਿੰਨੇ ਵੀ ਆਣ ਖੜੀਆਂ ਹੋਈਆਂ। ਹੁਣ ਅੰਦਰ ਪ੍ਰਵੇਸ਼ ਕਰਨਾ ਸੀ। ਮਾਲਕ ਦੀ ਹੀ ਗੱਡੀ ਹੈ ਨਾ—ਕਿਸੇ ਹੋਰ ਦੀ ਤਾਂ ਨਹੀਂ। ਤਦੇ ਤਾਂ ਬਾਕੀ ਗੱਡੀਆਂ ਅੱਗੇ ਆਉਣ ਦੀ ਬਜਾਏ ਪਿੱਛੇ ਖੜ੍ਹੀਆਂ ਗਰਗਰਾਅ ਰਹੀਆਂ ਨੇ। ਇੰਜ ਦੂਜਿਆਂ ਦੀਆਂ ਗੱਡੀਆਂ ਦੇ ਪੋਰਚ ਦੇ ਬਾਹਰ ਰੁਕਣ ਦੀ ਰੀਤ ਬਾਰੇ ਹੈਦਰ ਜਾਣਦਾ ਸੀ। ਉਸਨੇ ਨਜ਼ਰਾਂ ਹਟਾਅ ਲਈਆਂ। ਉਸਦੀਆਂ ਪਤਲੀਆਂ ਮੁੱਛਾਂ ਦੇ ਦੋਹੇਂ ਕੋਨੇ ਆਪ-ਮੁਹਾਰੇ ਹੀ ਹੇਠੋਂ ਉਪਰ ਵੱਲ ਨੂੰ ਚੁੱਕੇ ਗਏ। ਅਜਿਹੀ ਬੇਅਦਬ ਹਾਸੀ ਹੈਦਰ ਦੇ ਚਿਹਰੇ ਉਪਰ ਕਦੀ ਕਿਸੇ ਨੇ ਵੇਖ ਹੋਏ ਇੰਜ ਕਿਹਾ ਨਹੀਂ ਜਾ ਸਕਦਾ—ਜਦਕਿ ਇਹ ਹਾਸੀ ਹੀ ਸੀ।
ਹੌਲੀ ਹੌਲੀ ਗੱਡੀਆਂ ਮਹਿਲ ਦੇ ਮੁਰਮਿਲੇ ਰਸਤੇ ਉਪਰ ਚੜ੍ਹ ਗਈਆਂ। ਪਹਿਲੀ ਗੱਡੀ ਪੌੜੀਆਂ ਕੋਲ ਆ ਕੇ ਰੁਕੀ। ਦੂਜੀਆਂ ਵੀ ਨਾਲ ਪਰ ਪਿੱਛੇ ਢੁੱਕ ਕੇ ਖਲੋ ਗਈਆਂ—ਕੀ ਭੈ ਗੀਤ ਗਾਈਏ?
ਹੈਦਰ ਪੌੜੀਆਂ ਉਤਰਿਆ, ਅੱਗੇ ਵਾਲੀ ਗੱਡੀ ਵਿਚ ਇਕੱਲੇ ਬੈਠੇ ਆਦਮੀ ਨੂੰ ਕੋਰਨਿਸ਼ ਬਜਾਇਆ। ਫੇਰ ਵਰ੍ਹਿਆਂ ਪੁਰਾਣੇ ਅਭਿਆਸ ਕਾਰਨ ਬਿਨਾਂ ਕੁਝ ਕਹੇ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਨਜ਼ਰਾਂ ਚੁੱਕ ਕੇ ਕੋਝੀ ਹਰਕਤ ਕਰਨ ਦੀ ਹਰਕਤ ਹੈਦਰ ਨਹੀਂ ਕਰ ਸਕਦਾ ਸੀ—ਉਸਨੂੰ ਅਜਿਹੀ ਸਿੱਖਿਆ ਨਹੀਂ ਸੀ ਮਿਲੀ। ਜ਼ਮੀਨ ਉੱਤੇ ਨਜ਼ਰਾਂ ਗੱਡੀ ਉਡੀਕਦਾ ਰਿਹਾ...
ਪੁਰਾ ਮਹਿਲ ਇਵੇਂ ਹੀ ਉਡੀਕ ਕਰ ਰਿਹਾ ਸੀ।
ਹੈਦਰ ਚਾਚੇ ਦੇ ਖੜ੍ਹੇ ਕੰਨਾਂ ਵਿਚ ਗੁੱਪਚੁੱਪ ਬਾਰੀਕ ਮੁਲਾਇਮ ਸ਼ਬਦ ਨਹੀਂ ਸਨ ਪੈ ਰਹੇ। ਸਾਧਾਰਣ ਪਿਚਕੀਆਂ, ਝੁਕੀਆਂ ਉਸਦੀਆਂ ਮੁਗਲਈ ਨਾਸਾਂ ਵਿਚ ਕਿਸੇ ਵੀ ਜਾਣੇ-ਪਛਾਣੇ ਇਤਰ ਦੀ ਮਹਿਕ ਨਹੀਂ ਸੀ ਆਈ। ਕਿਸੇ ਵੀ ਤਰ੍ਹਾਂ ਦਾ ਕੁਝ ਹੋਇਆ ਹੋਏ, ਥਹੂ ਹੀ ਨਹੀਂ ਸੀ ਲੱਗਿਆ। ਦੋ ਤਿੰਨ ਲੰਮੇ-ਲੰਮੇ ਸਾਹ ਬੜੀ ਮੁਸ਼ਕਿਲ ਨਾਲ ਲੈ ਸਕਿਆ ਸੀ ਉਹ, ਇਸ ਚੁੱਪ ਵਿਚਕਾਰ।
ਇਸ ਪਿੱਛੋਂ ਪਤਲੀ ਧੂੜ ਦੀ ਪਰਤ ਵਾਲਾ ਇਕ ਕਾਲਾ ਬੂਟ ਗੱਡੀ 'ਚੋਂ ਬਾਹਰ ਨਿਕਲਿਆ। ਛੋਟਾ, 6 ਨੰਬਰ ਦਾ, ਨਵਾਂ ਬੂਟ। ਦੁਕਾਨ ਦੇ ਮੂਲ ਰੰਗ ਨਾਲੋਂ ਬਹੁਤੀ ਚਮਕ ਅਜੇ ਉਸ ਵਿਚ ਨਹੀਂ ਸੀ ਆਈ।
ਇਹ ਨੌਜਵਾਨ ਕੌਣ ਹੈ? ਹੈਦਰ ਸੋਚਣ ਲੱਗਾ। ਪਿਛਲੀ ਸੀਟ ਉੱਤੇ ਤਾਂ ਕਿਸੇ ਇਕੱਲੇ ਦੇ ਬੈਠੇ ਹੋਣ ਦਾ ਅੰਦਾਜ਼ਾ ਇਕੋ ਨਜ਼ਰ ਵਿਚ ਲਾ ਲਿਆ ਸੀ ਉਸਨੇ। ਤਾਂ ਫੇਰ...?
ਦੂਜੇ ਬੂਟ ਨੇ ਵੀ ਜ਼ਮੀਨ ਨੂੰ ਜਾ ਛੂਹਿਆ। ਉਸ ਉਪਰ ਵਲਾਇਤੀ ਪਤਲੂਨ। ਰੰਗ ਬਾਦਾਮੀ। ਉਸਦੇ ਉਪਰ ਸਫੇਦ ਬੁਸ਼ਰਟ। ਅੱਧੀਆਂ ਬਾਹਾਂ ਵਾਲੀ—ਅੰਦਰ ਸੰਘਣੇ ਕਾਲੇ ਵਾਲਾਂ ਵਾਲੇ ਦੋ ਹੱਥ। ਖੱਬੇ ਗੁੱਟ ਉਪਰ ਚਾਂਦੀ ਵਰਗੀ ਸਟੀਲ ਦੀ ਚੇਨ—ਸਫੇਦ ਵੱਡੀ ਘੜੀ।
ਫੇਰ ਹੈਦਰ ਨੂੰ ਸੁਣਾਈ ਦਿੱਤਾ ਉਹ ਕਹਿ ਰਹੇ ਨੇ—'ਕੀ ਤੁਸੀਂ ਵਾਚਮੈਨ ਓ?' ਛੇ ਫੁਟ ਉਚਾਈ ਤੋਂ ਵੇਖਿਆ ਸੀ ਉਸਨੇ ਕਣਕ-ਵੰਨੇ ਅੱਧ-ਪੱਕੀ ਉਮਰ ਦੇ ਉਸ ਆਦਮੀ ਨੂੰ ਤੇ ਉਸਦੇ ਕਾਲੇ ਚਮਕਦੇ ਵਾਲਾਂ, ਬੇਹਦ ਚੌੜੇ ਮੱਥੇ, ਤਣੀਆਂ ਭਵਾਂ, ਸੰਘਣੀਆਂ ਮੁੱਛਾਂ ਨੂੰ ਵੀ।
ਉਹ ਹੈਦਰ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਠਪ-ਠਪ ਪੌੜੀਆਂ ਚੜ੍ਹ ਲੱਗਿਆ। ਹੈਦਰ ਨੂੰ ਚੰਗਾ ਲੱਗਿਆ। ਮਾਲਕ ਦਾ ਕਿਸੇ ਵੱਲ ਬਹੁਤਾ ਧਿਆਨ ਦੇਣਾ ਠੀਕ ਨਹੀਂ ਹੁੰਦਾ। ਉਹ ਪਰਛਾਵੇਂ ਵਾਂਗ ਉਹਨਾਂ ਤੋਂ ਦੋ ਪੈਰ ਪਿੱਛੇ ਪਿੱਛੇ ਚੜ੍ਹਨ ਲੱਗਾ।
ਬਾਕੀ ਤਿੰਨ ਗੱਡੀਆਂ ਦੇ ਵੀ ਦਰਵਾਜ਼ੇ ਖੁੱਲ੍ਹੇ। ਬੜੀ ਹੌਲੀ-ਹੌਲੀ ਲਗਭਗ ਵੀਹ ਆਦਮੀ ਉਤਰੇ। ਧੀਮੀ ਆਵਾਜ਼ ਵਿਚ ਗੱਲਾਂ ਕਰਨ ਲੱਗੇ। ਰਤਾ ਡਰੇ-ਸਹਿਮੇ ਕਦਮਾਂ ਨਾਲ ਪੌੜੀਆਂ ਚੜ੍ਹਨ ਲੱਗੇ। ਹੈਦਰ ਨੇ ਮੁੜ ਕੇ ਉਹਨਾਂ ਵੱਲ ਨਹੀਂ ਦੇਖਿਆ। ਮਾਲਕ ਇਕ ਸੀ—ਉਹਨਾਂ ਸਾਰਿਆਂ ਨਾਲੋਂ ਅਲੱਗ-ਥਲੱਗ। ਘੋਖਦੇ ਹੋਏ ਚੱਲ ਰਹੇ ਸਨ। ਹੈਦਰ ਉਹਨਾਂ ਦੇ ਪਿੱਛੇ-ਪਿੱਛੇ ਸਾਵਧਾਨੀ ਨਾਲ ਜਾ ਰਿਹਾ ਸੀ।
ਉਹਨਾਂ ਕਿਹਾ—'ਸਿੰਘ ਬਾਬੂ।'
ਹੈਦਰ ਨੇ ਪਿੱਛੇ ਮੁੜ ਕੇ ਵੇਖਿਆ। ਤਦ ਤਕ ਉਹ ਵੀਹ ਆਦਮੀ ਸੜਕ 'ਤੇ ਆ ਕੇ ਝੁੰਡ ਬਣਾ ਕੇ ਖੜ੍ਹੇ ਹੋ ਗਏ ਸੀ—ਵੇਖ ਰਹੇ ਸੀ ਕੰਧਾਂ ਤੇ ਛੱਤਾਂ ਵੱਲ। ਇਕ ਥੋੜ੍ਹੇ ਬਜ਼ੁਰਗ ਉਹਨਾਂ ਵਿਚੋਂ ਅੱਗੇ ਆਏ।
ਇਸ ਵਿਚ ਦਫ਼ਤਰ ਲਾ ਲਈਏ ਤਾਂ ਠੀਕ ਰਹੇਗਾ ਨਾ, ਕੀ ਕਹਿੰਦੇ ਓ—ਵੈਸੇ ਤਾਂ ਬੜਾ ਵੱਡਾ ਏ, ਪਰ ਚੱਲੇ-ਗਾ।'
'ਸਰ।'
ਹੈਦਰ ਦੀਆਂ ਭਵਾਂ ਸੁੰਗੜ ਗਈਆਂ।
ਉਹ ਉਸ ਵੱਲ ਵੇਖ ਕੇ ਪੁੱਛਣ ਲੱਗੇ—'ਤੁਸੀਂ ਇਸ ਹਵੇਲੀ ਦੇ ਪੁਰਾਣੇ ਮੁਲਾਜ਼ਮ ਓ?'
'ਜੀ ਹਜ਼ੂਰ।'
'ਅੱਛਾ...ਕਿਆ ਨਾਂਅ ਏਂ ਤੁਹਾਡਾ?'
ਜੀ ਹੈਦਰ!' ਆਪਣੀ ਜ਼ੁਬਾਨੋਂ ਖ਼ੁਦ ਆਪਣਾ ਨਾਂਅ ਉਸਨੇ ਕਦੀ ਨਹੀਂ ਸੀ ਲਿਆ—ਇਸਦੀ ਲੋੜ ਈ ਨਹੀਂ ਸੀ ਪਈ।
ਹੈਦਰ ਨੂੰ ਰਸਤਾ ਮਿਲ ਗਿਆ...ਯਾਨੀ ਇਹੀ ਛੋਟਾ ਆਦਮੀ ਇਸ ਮਹਿਲ ਨੂੰ ਅਧਿਕਾਰ ਵਿਚ ਲਏਗਾ। ਇਸਦਾ ਮਤਲਬ ਇਹੋ ਏ ਮਾਲਕ; ਠੀਕ-ਠਾਕ ਏ।
ਖੱਬੇ ਪਾਸੇ ਵਾਲੇ ਹਾਲ ਵਿਚ ਜਿਊਂਦੇ ਝਪਟ ਪੈਣ ਵਾਲੀ ਮੁਦਰਾ ਵਿਚ ਪੰਜ ਕਦਾਵਰ ਬਘਿਆੜ ਸਜਾ ਕੇ ਰੱਖੇ ਹੋਏ ਸਨ। ਅਣਜਾਣ ਆਦਮੀ ਵੜ ਆਏ ਤਾਂ 'ਹਾਏ ਓਇ..' ਵਰਗੀ ਚੀਕ ਉਸਦੇ ਧੁਰ ਅੰਦਰੋਂ ਜ਼ਰੂਰ ਨਿਕਲੇ। ਲਿਸ਼ਕਦੀਆਂ ਅੱਖਾਂ—ਕੱਚਾ ਖਾ ਜਾਣ ਵਾਲੀਆਂ ਤਿੱਖੀਆਂ ਤੇਜ਼ ਨਜ਼ਰਾਂ।
ਉਸਦੇ ਨਾਲ ਇਕ ਕਮਰਾ। ਵੱਡੇ ਸਾਰੇ ਮੇਜ਼ ਉੱਤੇ ਕੱਪੜੇ ਦਾ ਖੋਲ ਮੜ੍ਹਿਆ ਹੋਇਆ ਸੀ।
ਮੇਜ਼ ਦੇ ਉਪਰ ਐਨ ਵਿਚਕਾਰ ਉਪਰ ਝੁਕਿਆ-ਝੂਲਦਾ ਬਿਜਲੀ ਦਾ ਵੱਡਾ ਸਾਰਾ ਸ਼ੇਡ ਲੈਂਪ। ਇਕ ਪਾਸੇ ਉੱਚੇ ਉੱਚੇ ਸੋਫੇ। ਦੂਜੇ ਪਾਸੇ ਬਰਛੇ ਵਰਗੀਆਂ ਲੰਮੀਆਂ-ਲੰਮੀਆਂ ਸਟਿੱਕਾਂ—ਬਿਲੀਅਰਡ ਰੂਮ। ਪਿੱਛੇ ਆ ਰਹੇ ਲੋਕਾਂ ਨੇ ਸੁਣਿਆ ਤੇ ਗੱਲਾਂ ਕਰਨ ਲੱਗੇ—'ਇਹ ਇਕ ਤਰ੍ਹਾਂ ਦੀ ਖੇਡ ਹੁੰਦੀ ਏ।' ਬੜਾ ਹੀ ਮੁਲਾਇਮ ਗੱਦੇਦਾਰ ਸੋਫ਼ਾ। ਕੱਚ ਦੀ ਅਲਮਾਰੀ ਉੱਤੇ ਹਾਥੀ ਦੰਦ ਦੀ ਕਾਰੀਗਰੀ।
ਇਵੇਂ ਹੀ ਮਹਿਲ ਵਿਚ ਕਿਤੇ ਤਾਸ਼ ਖੇਡਣ, ਕਿਤੇ ਨਾਚ-ਗਾਣਾ, ਕਿਤੇ ਗੀਤ-ਸੰਗੀਤ—ਸਭ ਦੇ ਸਾਜ਼ ਨਿਆਰੇ, ਸਾਮਾਨ-ਅਸਬਾਬ ਨਿਰਾਲਾ।
ਇਸ ਪਿੱਛੋਂ ਖਾਣੇ ਵਾਲੇ ਕਈ ਕਮਰੇ। ਵੱਡਾ, ਉਸ ਤੋਂ ਵੱਡਾ, ਹੋਰ ਵੀ ਵੱਡਾ। ਸਾਰੇ ਚਮਚਮ ਕਰਦੇ। ਜਿਸ ਨੂੰ ਵੇਖੋ ਉਹੀ ਵਧੀਆ, ਸੁੰਦਰ।
ਤੁਰਦੇ-ਤੁਰਦੇ ਕਈ ਥੱਕ ਜਾਂਦੇ ਸੀ ਅਕਸਰ। ਦੁਪਹਿਰੇ ਤਾਜ ਮਹਿਲ ਵੇਖਣ, ਘੁੰਮਣ ਆਏ ਸਕੂਲੀ ਬੱਚਿਆਂ ਵਾਂਗ ਥੱਕ ਕੇ ਉਹ ਲੋਕ ਵੀ ਆਪਣੇ ਬੁੱਲ੍ਹਾਂ ਉੱਤੇ ਜੀਭ ਫੇਰ ਰਹੇ ਸਨ—ਪਰ ਹੈਰਾਨੀ ਭਰੀਆਂ ਅੱਖਾਂ ਅੱਡ-ਅੱਡ ਕੇ ਚਾਰੇ ਪਾਸੇ ਵੇਖ ਰਹੇ ਸਨ। ਕਿਸੇ ਦੇ ਮੂੰਹੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਕਦੀ ਕੋਈ ਅਤੀ ਕੂਲੇ ਟੇਬਲ ਨੂੰ ਖੜਕਾਉਣ ਲੱਗਦਾ, ਕੋਈ ਅਲਮਾਰੀ ਦੇ ਕੱਚ ਜਾਂ ਕੰਧ ਉੱਤੇ ਟੰਗੇ ਕਿਸੇ ਤੇਲ-ਚਿੱਤਰ ਨੂੰ ਛੂਹ ਕੇ ਵੇਖਦਾ।
ਨਵਾਂ ਮਾਲਕ ਆਖ਼ਰ ਭੋਜਨ-ਕਮਰੇ ਵਿਚ ਇਕ ਕੁਰਸੀ ਖਿੱਚ ਕੇ ਬੈਠ ਗਿਆ। ਵੇਖੋ-ਵੇਖੀ ਬਾਕੀ ਦੇ ਲੋਕ ਵੀ ਇਕ ਇਕ ਕੁਰਸੀ ਲੈ ਕੇ ਇਕ ਕਤਾਰ ਵਿਚ ਬੈਠ ਗਏ। ਮੇਜ਼ ਦੇ ਪਾਸੀਂ ਕਿਸ ਦੀ ਉਡੀਕ ਵਿਚ ਬੈਠੇ ਸਨ ਉਹ? ਕੀ ਇਹਨਾਂ ਲੋਕਾਂ ਨੂੰ ਉਹ ਇੱਥੇ ਡਿਨਰ ਪਰੋਸੇਗਾ ਖਾਣ ਲਈ? ਚੰਗੀ ਗੱਲ ਏ। ਸਾਰੇ ਉਸ ਵੱਲ ਵੇਖ ਰਹੇ ਨੇ। ਸ਼ਾਮ ਹੋ ਚੁੱਕੀ ਸੀ। ਹਨੇਰਾ ਪਸਰ ਰਿਹਾ ਸੀ। ਪੂਰੀ ਹਵੇਲੀ ਵਿਚ ਹੂੰ-ਚੂੰ ਦੀ ਕੋਈ ਆਵਾਜ਼ ਨਹੀਂ ਸੀ ਹੋ ਰਹੀ। ਮੁਰਦਾਨੀ ਦਾ ਅਹਿਸਾਸ ਹੋ ਰਿਹਾ ਸੀ। ਹਿਸ਼...ਸੱਚ ਉਹ ਕੀ ਦੇ ਸਕੇਗਾ?
ਹੈਦਰ ਹਾਰਨਾ ਨਹੀਂ ਜਾਣਦਾ—ਜੋ ਵੀ ਹੋ ਰਿਹਾ ਹੋਏ—ਉਸ ਤਰ੍ਹਾਂ ਦੇ ਖਾਨਦਾਨ ਦਾ ਪੁਰਾਣਾ ਖਾਨਸਾਮਾ ਸੀ ਉਹ। ਵਿਲਾਇਤ ਵੀ ਹੋ ਆਇਆ ਹੈ ਇਕ ਵਾਰੀ। ਹੋਰ ਕੁਛ ਨਾ ਸਹੀ ਇਹਨਾਂ ਪਿਆਸੇ ਲੋਕਾਂ ਨੂੰ ਪਾਣੀ ਤਾਂ ਪਿਆ ਹੀ ਸਕਦਾ ਏ ਉਹ। ਹੈਦਰ ਨਾਲ ਵਾਲੇ ਕਮਰੇ ਵਿਚ ਚਲਾ ਗਿਆ। ਇਕ ਵੱਡੀ ਟਰੇ ਵਿਚ ਉਸਨੇ ਸਭ ਤੋਂ ਸੁੰਦਰ ਲੰਮੇ ਗ਼ਲਾਸ ਸਜਾਏ। ਮਨ ਹੀ ਮਨ ਹੱਸਿਆ ਵੀ ਕਿ ਕੀ ਇਹਨਾਂ ਵਿਚ ਸਿਰਫ ਪਾਣੀ ਪੀਤਾ ਜਾਏਗਾ? ਪਰ ਹੋਰ ਕੋਈ ਚਾਰਾ ਨਹੀਂ ਸੀ।
ਉਹ ਮੇਜ਼, ਉਹ ਕੱਚ ਦੇ ਗ਼ਲਾਸ, ਉਪਰ ਬੱਤੀ ਦਾ ਸਵਿੱਚ ਆਨ ਕਰ ਦਿੱਤਾ ਗਿਆ ਤਾਂ ਕਈਆਂ ਦੀਆਂ ਅੱਖਾਂ ਚੁੰਧਿਆ ਗਈਆਂ। ਝਿਲਮਿਲ ਕਰਦਾ ਪਾਣੀ ਫੇਰ ਪਾਣੀ ਵਰਗਾ ਨਹੀਂ ਸੀ ਦਿਸ ਰਿਹਾ। ਸਾਰੇ ਬੜੇ ਹੀ ਪਿਆਸੇ ਸਨ। ਕੱਚ ਦੇ ਜੱਗ ਵਿਚ ਹੈਦਰ ਪਾਣੀ ਦੇਂਦਾ ਰਿਹਾ। ਪਾਣੀ ਪੀ ਕੇ ਸਾਰੇ ਨਿਹਾਲ ਹੋ ਗਏ। ਉਠਣ ਦੀ ਕਿਸੇ ਦੀ ਇੱਛਾ ਨਹੀਂ ਸੀ।
ਪਰ ਉਹ ਉਠ ਕੇ ਖੜ੍ਹੇ ਹੋ ਗਏ। ਕਿਹਾ—'ਤੁਸੀਂ ਲੋਕ ਬੈਠੇ ਰਹੋ। ਮੈਂ ਬਾਕੀ ਵੇਖ ਆਉਂਦਾ ਆਂ। ਹੈਦਰ, ਹੇਠਾਂ ਵੀ ਕੁਛ ਹੈ ਕਿ...'
'ਬਥੇਰਾ ਕੁਛ ਏ, ਹਜ਼ੂਰ ਏਧਰੋਂ ਦੀ...'
ਏਧਰ ਤਾਂ ਖੇਡ ਦੇ ਮੈਦਾਨ ਨੇ—ਟੈਨਿਸ, ਸਨੂਕਰ, ਬੇਡਮਿੰਟਨ, ਬੇਸਬਾਲ...'
'ਪਿੱਛੋਂ ਵੱਲ ਦੀ ਹਜ਼ੂਰ।'
ਖਾਸ ਹਮਾਮ, ਕਲੋਜਡ ਸਵੀਮਿੰਗ ਪੁਲ, ਟੇਕਿੰਗ ਸੂਟ ਵੀ। ਉਹ ਸਭ ਤੋਂ ਪਹਿਲੇ ਬੈਠਣ ਕਮਰੇ ਵਿਚ ਪਹੁੰਚ ਕੇ ਖੜ੍ਹੇ ਹੋ ਗਏ ਤੇ ਉਪਰ ਹੇਠਾਂ ਚਾਰੇ ਪਾਸੇ ਵੇਖਣ ਲੱਗੇ। ਸਿੱਧੇ ਪਹਾੜ ਵਾਂਗਰ ਉੱਚੀਆਂ ਕੰਧਾਂ। ਆਕਾਸ਼ ਛੋਂਹਦੀ ਛੱਤ। ਪਤਲੂਨ ਦੀਆਂ ਦੋਹਾਂ ਜੇਬਾਂ ਵਿਚ ਹੱਥ ਪਾਈ ਖੜ੍ਹੇ ਰਹੇ। ਹੈਦਰ ਇੰਤਜ਼ਾਰ ਵਿਚ ਖੜ੍ਹਾ ਰਿਹਾ। ਪਿੱਛੇ ਮੁੜ ਕੇ 'ਅੱਛਾ ਹੈ, ਬੜਾ ਵਧੀਆ...ਉਪਰ ਚੱਲੋ ਹੁਣ।'
ਗ਼ਲੀਚਾ ਵਿਚਛੀਆਂ ਪੌੜੀਆਂ ਰਾਹੀਂ ਉਹ ਦੋਵੇਂ ਉਪਰ ਚੜ੍ਹੇ। ਪੈਰਾਂ ਦਾ ਖੜਾਕ ਵੀ ਨਹੀਂ ਹੋਇਆ। ਧੜਕਨਾਂ ਦੀ ਆਵਾਜ਼ ਵੀ ਸੁਣਾਈ ਨਹੀਂ ਸੀ ਦਿੱਤੀ। ਕੰਧਾਂ ਦੀ ਰੌਸ਼ਨੀ ਵਿਚ ਸਾਰੀ ਹਵੇਲੀ ਚੁੱਪਚਾਪ ਖੜ੍ਹੀ ਸੀ। ਹੈਦਰ ਨੇ ਬਿਜਲੀ ਦੀ ਬੱਤੀ ਦਾ ਸਵਿੱਚ ਦੱਬ ਦਿੱਤਾ। ਕੰਧਾਂ ਉਪਰ ਵੱਡੇ-ਵੱਡੇ ਤੇਲ ਚਿੱਤਰ—ਉਹਨਾਂ ਉਪਰ ਉਲਟੀ ਛਤਰੀ ਵਾਂਗ ਫਿੱਟ ਕੀਤੇ ਬਲਬਾਂ ਵਿਚੋਂ ਛਿੜਕੀ ਜਾ ਰਹੀ ਰੌਸ਼ਨੀ। ਹੇਠਾਂ ਮੁਲਾਇਮ ਗ਼ਲੀਚਾ। ਵਿਸ਼ਾਲ ਲਾਊਜ ਵਿਚ ਕਈ ਗੱਦੀਆਂ। ਉਹਨਾਂ ਉਪਰ ਕੱਪੜਾ ਤੇ ਮਹਿੰਗੇ ਸਿਲਕੀ ਪਰਦੇ।
ਹੱਸ ਕੇ ਹੈਦਰ ਨੇ ਕੱਚ ਦਾ ਦਰਵਾਜ਼ਾ ਖੋਲ੍ਹ ਦਿੱਤਾ। ਖਾਸ ਦਫ਼ਤਰ। ਟੇਬਲ ਦੇ ਪੈਰਾਂ ਉਪਰ ਹਾਥੀ ਦੰਦ ਦੀ ਕਾਰੀਗਰੀ। ਘੁੰਮਣ ਵਾਲੀ ਕੁਰਸੀ, ਲਾਲ ਗੱਦੀ। ਕੰਧ ਵਿਚ ਬਣੀ ਅਲਮਾਰੀ ਨੂੰ ਲੱਗੇ ਕੱਚ ਦੇ ਪਿੱਛੇ ਪਈਆਂ ਫ਼ਾਇਲਾਂ ਤੇ ਹੋਰ ਕਾਗਜ਼ਾਤ। ਲਾਊਜ ਵਿਚ ਵਾਪਸ ਆ ਕੇ ਉਸਨੇ ਇਕ ਹੋਰ ਦਰਵਾਜ਼ਾ ਖੋਲ੍ਹਿਆ। ਉਹ ਸੰਤਰੀ ਦਾ ਕਮਰਾ ਸੀ। ਗਨ ਲੈ ਕੇ ਉਹ ਸਾਰਾ ਦਿਨ ਉੱਥੇ ਪਹਿਰਾ ਦੇਂਦਾ ਹੁੰਦਾ ਸੀ। ਉਸਦੇ ਨਾਲ ਚਾਰ ਵਿਲਾਇਤੀ ਕੁੱਤੇ ਸੁੱਤੇ ਹੁੰਦੇ ਸਨ।
ਹੈਦਰ ਦੇ ਪੈਰ ਪਲ ਦੀ ਪਲ ਰੁਕੇ। ਉਹ ਸਾਹਮਣੇ ਦਿਸ ਰਹੇ ਦਰਵਾਜ਼ੇ ਵੱਲ ਵੇਖ ਰਿਹਾ ਸੀ। ਖੋਲ੍ਹਣ ਦੀ ਹਿੰਮਤ ਨਹੀਂ ਸੀ ਪੈ ਰਹੀ। ਉਹ ਦਰਵਾਜ਼ਾ ਸੀ ਵੀ ਸਭ ਤੋਂ ਵੱਖਰੀ ਕਿਸਮ ਦਾ। ਰੌਸ਼ਨੀ ਹੋ ਜਾਣ ਕਰਕੇ ਝਿਲਮਿਲ-ਝਿਲਮਿਲ ਕਰਦਾ ਹੋਇਆ।
'ਚੱਲੋ ਹੈਦਰ...। ਖੋਲ੍ਹੋ ਇਸ ਦਰਵਾਜ਼ੇ ਨੂੰ।'
ਤ੍ਰਬਕਿਆ ਸੀ ਬੁੱਢਾ ਖਾਨਸਾਮਾ ਹੈਦਰ। ਰਾਣੀ ਦੇ ਕਮਰੇ ਵਿਚ ਜਾਣ ਵਾਲਾ ਉਹ ਕੌਣ ਹੁੰਦਾ ਏ ਭਲਾ? ਉਸ ਕਮਰੇ ਵਿਚ ਕੀ ਹੈ, ਖ਼ੁਦ ਨਹੀਂ ਸੀ ਜਾਣਦਾ ਉਹ। ਇੱਥੋਂ ਤੀਕ ਕੁੱਤਿਆਂ ਦਾ ਖਾਣਾ ਲੈ ਕੇ ਕਦੀ-ਕਦਾਰ ਆਉਂਦਾ ਵੀ ਰਿਹਾ ਏ। ਜਦੋਂ ਜਵਾਨ ਹੁੰਦਾ ਸੀ ਤਾਂ ਕਈ ਗੱਲਾਂ ਉਸ 'ਅੰਦਰ-ਮਹਿਲ' ਬਾਰੇ ਸੋਚਦਾ ਹੁੰਦਾ ਸੀ। ਪਰ ਕਦੀ ਅੰਦਰ ਨਹੀਂ ਸੀ ਜਾ ਸਕਿਆ। ਬਿਨਾਂ ਇਜਾਜ਼ਤ-ਹੁਕਮ ਦੇ ਉਸ ਅੰਦਰ ਪ੍ਰਵੇਸ਼ ਕਰਨਾ ਵੀ ਨਹੀਂ ਸੀ ਚਾਹੁੰਦਾ ਉਹ।
ਡਰਦੇ ਡਰਦੇ ਨੇ ਦਰਵਾਜ਼ਾ ਖੋਲ੍ਹਿਆ। ਅੰਦਰ ਹਨੇਰਾ ਸੀ। ਕਮਰੇ ਦਾ ਸਵਿੱਚ ਬੋਰਡ ਕਿੱਥੇ ਹੈ, ਉਸਨੂੰ ਨਹੀਂ ਸੀ ਪਤਾ। ਰਸਤਾ ਵੀ ਨਹੀਂ ਜਾਣਦਾ।
'ਚੱਲੋ ਅੱਗੇ ਹੈਦਰ।'
ਮਜ਼ਬੂਰੀ ਵੱਸ ਉਸਨੇ ਦਹਿਲੀਜ਼ ਦੇ ਪਾਰ ਅੰਦਰ ਪੈਰ ਧਰਿਆ। ਦੇਹ ਦੇ ਪਿੰਜਰ ਨੂੰ ਤੋੜ ਕੇ ਉਸਦਾ ਕਲੇਜਾ ਬਾਹਰ ਆਉਣ ਲੱਗਾ। ਉਸਦੇ ਪੈਰ ਉੱਥੇ ਹੀ ਗੱਡੇ ਗਏ—ਦੰਦਾਂ ਹੇਠ ਜੀਭ ਨੱਪ ਲਈ ਸੀ ਉਸਨੇ। ਅੱਗੇ ਹਨੇਰਾ ਸੀ।
'ਬੱਤੀ ਜਗਾਓ...ਅੱਗੇ ਵਧੋ...'
'ਹਜ਼ੂਰ...ਜਨਾਬ...ਇੱਥੋਂ ਦਾ ਮੈਨੂੰ ਕੁਝ ਵੀ ਪਤਾ ਨਹੀਂ। ਮੈਨੂੰ ਮੁਆਫ਼ ਕਰਨਾ।' ਉਹਨਾਂ ਖ਼ੁਦ ਘੁੰਮ ਕੇ ਦਰਵਾਜ਼ੇ ਦੇ ਨਾਲ ਲਗਵੇਂ ਸਵਿੱਚ ਬੋਰਡ ਦਾ ਬਟਨ ਨੱਪ ਦਿੱਤਾ। ਰੌਸ਼ਨੀ ਹੋ ਗਈ, ਹੈਦਰ ਸਿਲ-ਪੱਥਰ ਹੋਇਆ ਵੇਖਦਾ ਰਿਹਾ। ਆਪਣੇ ਜੀਵਨ ਵਿਚ ਉਸਨੇ ਇਸ ਕਮਰੇ ਦਾ ਸਿਰਫ ਸੁਪਨਾ ਹੀ ਵੇਖਿਆ ਸੀ। ਤੇ ਹੁਣ ਸਾਕਾਰ ਵੇਖਦਿਆਂ ਹੋਇਆਂ ਵੀ ਯਕੀਨ ਨਹੀਂ ਸੀ ਹੋ ਰਿਹਾ। ਹੈਰਾਨੀ ਵਿਚ ਭਰਿਆ, ਥਾਵੇਂ ਗੱਡਿਆ, ਖੜ੍ਹਾ ਰਹਿ ਗਿਆ।
ਰਤਾ ਕਰੜੀ ਆਵਾਜ਼ ਵਿਚ ਫੇਰ ਉਸਨੂੰ ਹੁਕਮ ਸੁਣਾਈ ਦਿੱਤਾ—'ਬਈ। ਇੰਜ ਬੇਵਕੂਫ਼ਾਂ ਵਾਂਗ ਕਿਓਂ ਖੜ੍ਹਾ ਏਂ ਹੈਦਰ? ਚੱਲ ਛੇਤੀ ਅੱਗੇ ਵਧ। ਮੈਂ ਅੱਜ ਹੀ ਸਭ ਕੁਛ ਵੇਖ ਲੈਣਾ ਚਾਹੁਣਾ।'
ਹੈਦਰ ਨੀਵੀਂ ਪਾ ਕੇ ਹੇਠਾਂ ਫਰਸ਼ ਵੱਲ ਵੇਖਣ ਲੱਗਾ। ਉਸਦੇ ਭਰਵੱਟੇ, ਝਿੰਮਣਾ, ਮੁੱਛਾਂ, ਦਾੜ੍ਹੀ ਸਭੇ ਚਾਂਦੀ ਵਾਂਗ ਚਮਕ ਰਹੇ ਸਨ। ਗਰਦਨ ਦੀਆਂ ਝੁਰੜੀਆਂ ਦਿਸ ਰਹੀਆਂ ਸਨ। ਪੁਰਾਣੀ ਜਰੀ ਵਾਲੀ ਪੁਸ਼ਾਕ ਗੰਦੀ-ਘਸਮੈਲੀ ਵਿਖਾਲੀ ਦੇ ਰਹੀ ਸੀ। ਹੈਦਰ ਨੇ ਨਜ਼ਰਾਂ ਹਟਾਅ ਲਈਆਂ। ਤੇ ਹੌਲੀ ਜਿਹੀ ਦਰਵਾਜ਼ੇ ਅੰਦਰ ਸਰਕ ਗਿਆ।
'ਹੂੰ...ਯਾਨੀ ਇਹ ਸੌਣ-ਕਮਰਾ ਏ।'
ਦਰਵਾਜ਼ਾ ਖੁੱਲ੍ਹਿਆ ਹੋਇਆ ਸੀ। ਰੌਸ਼ਨੀ ਸੀ। ਮੋਹਕ ਸੁਗੰਧ ਚਾਰੇ ਦਿਸ਼ਾਵਾਂ ਵਿਚ ਫ਼ੈਲ ਰਹੀ। ਹੈਦਰ ਨੇ ਛਾਤੀ ਭਰ ਕੇ ਸਾਹ ਖਿੱਚਿਆ। ਬੇਹੱਦ ਜਾਣੀ-ਪਛਾਣੀ ਜਿਹੀ ਖ਼ੁਸ਼ਬੂ। ਗੱਡੀ ਦੀ ਪਿੱਛਲੀ ਪਰਦਾ ਲੱਗੀ ਸੀਟ ਤੋਂ ਜਾਂ ਖਾ ਕੇ ਉਠ ਜਾਣ ਪਿੱਛੋਂ ਕਿਸੇ ਵਿਸ਼ੇਸ਼ ਕੁਰਸੀ ਉਪਰ ਅਕਸਰ ਉਸਨੇ ਇਹੀ ਖ਼ੁਸ਼ਬੂ ਮਹਿਸੂਸ ਕੀਤੀ ਹੈ। ਇਹ ਖ਼ੁਸ਼ਬੂ ਪਿੱਛਲੇ ਸੱਠ ਵਰ੍ਹਿਆਂ ਤੋਂ, ਯਾਨੀ ਉਸਦੇ ਜਵਾਨੀ ਦੇ ਦਿਨਾਂ ਤੋਂ, ਉਸਦੇ ਅੰਦਰ ਜੰਮੀ ਹੋਈ ਹੈ।
ਉਹਨਾਂ ਪੁੱਛਿਆ ਨਹੀਂ ਤਾਂ ਵੀ ਉਸਨੇ ਕਿਹਾ, 'ਇਹ ਰਾਣੀ ਮਹਿਲ ਹੈ।'
ਛੋਟਾ ਜਿਹਾ ਲਾਊਜ। ਸਿਰਫ ਦੋ ਗੱਦਿਆਂ ਵਾਲੇ ਸੋਫੇ। ਛੋਟਾ, ਚੰਦਨ ਦੀ ਲੱਕੜ ਦਾ, ਟੇਬਲ। ਕੰਧ ਵਿਚਲੀ ਕੱਚ ਦੀ ਅਲਮਾਰੀ ਵਿਚ ਕੁਝ ਸ਼ਰਾਬ ਦੀਆਂ ਬੋਤਲਾਂ। ਹੇਠਾਂ ਨਰਮ ਮੋਟੇ ਗੱਦਿਆਂ ਵਾਲਾ ਗ਼ਲੀਚਾ।
ਹੈਦਰ ਨੇ ਇਕ ਸੋਫੇ ਨੂੰ ਹੱਥ ਨਾਲ ਸਾਫ ਕੀਤਾ। ਮੁਲਾਇਮ ਰਾਜਗੱਦੀ—ਸੁੱਤੇ ਪਏ ਆਦਮੀ ਦੀ ਦੇਹ ਵਾਂਗਰ ਕੂਲੀ। ਉਹਨੇ ਹੌਲੀ ਜਿਹੀ ਸੋਫੇ ਤੋਂ ਹੱਥ ਹਟਾਅ ਲਿਆ। ਫੇਰ ਪਤਾ ਨਹੀਂ ਕਿਉਂ ਤੇ ਕਿੰਜ ਉਹ ਛੋਟੇ ਹੱਥ-ਪੈਰਾਂ ਵਾਲਾ ਆਦਮੀ ਯਕਦਮ ਭੁੜਕ ਕੇ ਸੋਫੇ ਉਪਰ ਬੈਠ ਗਿਆ। ਹੈਦਰ ਬੜੀ ਮੁਸ਼ਕਿਲ ਨਾਲ ਮੂੰਹ ਉੱਤੇ ਹੱਥ ਰੱਖ ਕੇ ਆਪਣੀ ਚੀਕ ਰੋਕ ਸਕਿਆ। ਉਸਦੀਆਂ ਦੋਹੇਂ ਅੱਖਾਂ ਜਿਵੇਂ ਕਟੋਰਿਆਂ ਵਿਚੋਂ ਨਿਕਲ ਕੇ ਹੁਣੇ ਬਾਹਰ ਡਿੱਗ ਪੈਣਗੀਆਂ। ਉਹ ਛੋਟੇ ਕੱਦ ਵਾਲਾ ਆਦਮੀ ਉਸ ਵੱਲ ਦੇਖਦਾ ਹੋਇਆ ਉੱਚੀ ਉੱਚੀ ਹੱਸ ਰਿਹਾ ਸੀ।
'ਕੀ ਇਸ ਉਪਰ ਤੇਰੇ ਪੁਰਾਣੇ ਮਾਲਕ ਬੈਠਦੇ ਹੁੰਦੇ ਸਨ?' ਕਹਿੰਦਾ ਹੋਇਆ ਸੋਫੇ ਦੇ ਹੱਥੇ ਉਪਰ ਹੌਲੀ-ਹੌਲੀ ਥੱਪਕੀ ਦੇਣ ਲੱਗ ਪਿਆ ਸੀ ਉਹ।
ਹੈਦਰ ਨੇ ਹੱਥ ਪਿੱਛੇ ਕਰਦਿਆਂ 'ਹਾਂ' ਕਿਹਾ—ਹੋਰ ਕੁਝ ਕਹਿ ਨਹੀਂ ਸੀ ਸਕਿਆ ਉਹ। ਪਤਾ ਨਹੀਂ ਕਿਸ ਪਲ ਹੌਲੀ ਹੌਲੀ ਉਸਦੀ ਸੋਚ ਕੁਰੇਦਨ ਲੱਗੀ ਉਹਨਾਂ ਯਾਦਾਂ; ਉਹਨਾਂ ਸਮਿਆਂ ਨੂੰ। ਉਹ ਸਤਿਕਾਰ ਨਾਲ ਝੁਕ ਗਿਆ। ਤੇ ਹੌਲੀ ਹੌਲੀ ਹੱਥ ਚੁੱਕ ਕੇ ਕਾਰਨਿਸ਼ (ਅਦਬੀ ਸਲਾਮ) ਕੀਤਾ। ਕਿਹਾ—'ਜੀ ਹਜ਼ੂਰ?'
ਸੋਫੇ ਉੱਤੇ ਉਹ ਕੁੱਦਣ ਵਾਂਗ ਭੁੜਕਿਆ ਤੇ ਸਾਹਮਣੇ ਨਜ਼ਰ ਆ ਰਹੇ ਦਰਵਾਜ਼ੇ ਵੱਲ ਉਂਗਲ ਕਰਕੇ ਉਸਨੂੰ ਖੋਲ੍ਹਣ ਦਾ ਇਸ਼ਾਰਾ ਕੀਤਾ। ਇਸ ਵਾਰ ਹੈਦਰ ਨੇ ਪਤਾ ਨਹੀਂ ਕਿੰਜ ਹੌਲੀ-ਹੌਲੀ ਝੁਕ ਕੇ ਤੁਰਦਿਆਂ ਹੋਇਆਂ ਮਾਲਕ ਦਾ ਕਮਰਾ ਜਾ ਖੋਲ੍ਹਿਆ। ਰੌਸ਼ਨੀ ਹੋਈ। ਇਸਦੇ ਨਾਲ ਭੱਕ ਕਰਕੇ ਦਿਸ ਪਏ ਕਈ ਸੁੰਦਰ-ਸੋਹਣੇ ਰੰਗ। ਕੰਧ ਉੱਤੇ ਕਈ ਚਿੱਤਰ ਲੱਗੇ ਹੋਏ ਸਨ, ਪਰ ਵੇਖਣ ਦਾ ਸਮਾਂ ਨਹੀਂ ਸੀ। ਇਕ ਪਾਸੇ ਓਹੋ-ਜਿਹੇ ਹੀ ਛੋਟੇ-ਛੋਟੇ ਦੋ ਸੋਫੇ। ਉਸ ਤੋਂ ਥੋੜ੍ਹੀ ਦੂਰ ਦੋ ਜਣੇ ਢੁੱਕ ਕੇ ਬੈਠ ਸਕਣ ਅਜਿਹਾ ਇਕ ਸੋਫਾ!...ਤੇ ਉਸਦੇ ਨੇੜੇ ਪੂਰੇ ਖਿੜੇ ਕਮਲ ਵਰਗਾ ਵਿਸ਼ਾਲ ਗੋਲ ਬੈੱਡ। ਵਿਆਸ ਕੋਈ ਬਾਰ੍ਹਾਂ ਕੁ ਫੁੱਟ ਹੋਏਗਾ।
ਉਹ ਕਮਰੇ ਦੇ ਚਾਰੇ ਪਾਸੇ ਚੱਕਰ ਲਾ ਆਏ। ਚੌਂਟ ਤਰ੍ਹਾਂ ਦੇ ਨਗਨ ਚਿੱਤਰ। ਬਹੁ ਭਾਂਤੇ ਤੇ ਰੰਗਦਾਰ ਪਾਨ ਦੇ ਪੱਤੇ, ਬਹੁ ਪ੍ਰਕਾਰ ਦੇ ਆਸਨ, ਚਾਰੇ ਪਾਸੇ ਇਕੋ ਤਰ੍ਹਾਂ ਦੀ ਬੇਚੈਨੀ, ਇਕੋ ਜਿਹੇ ਸੰਕੇਤ।
ਉਹ ਬਿਸਤਰੇ ਕੋਲ ਜਾ ਕੇ ਖਲੋ ਗਏ। ਦੋ ਪਾਸਿਆਂ ਦੀ ਕੰਧ ਉੱਤੇ ਪਾਣੀ ਵਰਗੇ ਸਾਫ਼ ਸ਼ੀਸ਼ੇ ਵਿਚ ਉਹਨਾਂ ਨੂੰ ਆਪਣਾ ਪ੍ਰਤੀਬਿੰਬ ਨਜ਼ਰ ਆਇਆ। ਪਤਲੂਨ ਦੀਆਂ ਜੇਬਾਂ ਵਿਚ ਹੱਥ ਪਾਈ ਕੁਝ ਚਿਰ ਤੀਕ ਬਿਸਤਰੇ ਵੱਲ ਤਕਦੇ ਰਹੇ ਫੇਰ ਹੇਠਾਂ ਵੇਖਦੇ ਸਹਿਮੇਂ ਕਦਮਾਂ ਨਾਲ ਆ ਕੇ ਸੋਫੇ ਵਿਚ ਧਸ ਗਏ।
ਬੁੱਲ੍ਹਾਂ ਉੱਤੇ ਜੀਭ ਫੇਰਦਿਆਂ ਕਿਹਾ—'ਹੈਦਰ!'
ਤ੍ਰਬਕ ਕੇ ਕੋਲ ਆਣ ਖੜ੍ਹਾ ਹੋਇਆ, ਉਹ ਸੱਤਰ ਸਾਲ ਦਾ ਬੁੱਢਾ ਖਾਨਸਾਮਾ।
ਮੈਨੂੰ ਪਿਆਸ ਲੱਗੀ ਏ—ਕੁਛ ਪੀਣ ਲਈ ਦੇਅ।'
'ਜੀ ਹਜ਼ੂਰ!' ਕਹਿ ਕੇ ਡੌਰਿਆਂ ਵਾਂਗ ਚਾਰੇ-ਪਾਸੇ ਵੇਖਣ ਲੱਗਾ। ਇਕ ਦੋ ਤਸਵੀਰਾਂ ਵਿਚ ਬਟਨ ਵਾਂਗ ਬਾਹਰ ਨਿਕਲੀਆਂ ਅੱਖਾਂ ਨੂੰ ਖਿੱਚਿਆ-ਨੱਪਿਆ। ਖੁੱਲਣ ਪਿੱਛੋਂ ਵੇਖਿਆ ਝਿਲਮਿਲਾਂਦੇ ਕੱਚ ਦੇ ਸ਼ੈਲਫ਼ ਵਿਚ 'ਮਾਲ' ਰੱਖਿਆ ਹੋਇਆ ਹੈ। ਕਈਆਂ ਦੀ ਤਾਂ ਸੀਲ ਵੀ ਨਹੀਂ ਟੁੱਟੀ। ਤਰਤੀਬ ਨਾਲ ਕਤਾਰ ਵਿਚ ਰੱਖੀਆਂ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ। ਉਹਨਾਂ ਵਿਚੋਂ ਇਕ ਉਹ ਚੁੱਕ ਲਿਆਇਆ। ਉਸੇ ਸ਼ੈਲਫ਼ ਵਿਚ ਰੱਖਿਆ ਇਕ ਲੰਮਾਂ ਗ਼ਲਾਸ ਵੀ ਲੈ ਆਇਆ। ਡੱਟ ਖੋਲ੍ਹਣਾ ਉਸਦਾ ਅਭਿਆਸ, ਉਸਦਾ ਲੰਮਾਂ ਅਨੁਭਵ, ਯੋਗਤਾ।
ਢਾਲ ਦਿੱਤੀ ਗ਼ਲਾਸ ਵਿਚ। ਉਸ 'ਕਲਕਲ' ਦੀ ਮਹੀਨ ਆਵਾਜ਼ ਨਾਲ ਸੌਣ ਕਮਰਾ ਭਰ ਗਿਆ। ਕਈ ਦਿਨਾਂ ਦੇ ਪਿਆਸੇ ਕਮਰੇ ਦੀਆਂ ਕੰਧਾਂ ਦੇ ਨਾਲ ਨਾਲ ਛੱਤ ਵੀ ਖਿੜਪੁੜ ਗਈ।
'ਅੱਛਾ ਹੈਦਰ! ਮੈਂ ਤੈਨੂੰ ਬਖ਼ਸ਼ੀਸ਼ ਦੇਣੀ ਚਾਹੁੰਦਾ ਆਂ।' ਹੱਥ ਵਿਚ ਗ਼ਲਾਸ, ਅੱਖਾਂ ਵਿਚ ਚਮਕ, ਚਿਹਰੇ ਉਪਰ ਹਾਸਾ।
'ਜੀ ਹਜ਼ੂਰ।'
'ਉਸ ਵਾਰਡ ਰੋਬ ਨੂੰ ਖੋਹਲ ਤੇ ਉਸ ਵਿਚ ਟੰਗਿਆ ਲੰਮਾਂ ਕੋਟ ਬਾਹਰ ਕੱਢ ਲਿਆ।'
'ਜੀ, ਹਜ਼ੂਰ।' ਕੋਟ ਬਾਹਰ ਕੱਢ ਕੇ ਹੈਦਰ ਉਸਨੂੰ ਉੱਚਾ ਕਰੀ ਖੜ੍ਹਾ ਰਿਹਾ। ਉਸਨੂੰ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਸੀ ਆ ਰਿਹਾ। ਉਸਦੇ ਹੱਥ ਕੰਬ ਰਹੇ ਸਨ, ਸਾਰੀ ਦੇਹ ਨੂੰ ਹੀ ਕਾਂਬਾ ਛਿੜਿਆ ਹੋਇਆ ਸੀ।
'ਇਹ ਤੇਰਾ ਏ...ਤੂੰ ਹੁਣੇ ਇਸਨੂੰ ਪਾ ਸਕਦਾ ਏਂ।'
ਉਹ ਡੌਰਿਆਂ ਵਾਂਗ, ਬਿਨਾਂ ਕਿਸੇ ਕਾਰਨ, ਖੱਬੀ ਬਾਂਹ ਦੇ ਕਫ਼ ਨਾਲ ਅੱਖਾਂ ਪੂੰਝਦਾ ਰੋ ਪਿਆ—ਫੇਰ ਹੱਸਣ ਲੱਗਾ। ਲੰਮੇ-ਲੰਮੇ ਹਊਕੇ ਲੈਣ ਲੱਗਾ। ਹਾਰੀ ਹਿੰਮਤ ਸਦਕਾ ਕੁਝ ਬੋਲ ਨਹੀਂ ਸਕਿਆ—ਭਾਰੀ ਚੀਨੀ ਮਖ਼ਮਲ ਵਿਚ ਸੋਨੇ ਦੀ ਜਰੀ ਦੀ ਕਸ਼ੀਦਾਕਾਰੀ ਵਾਲੀ ਪੁਸ਼ਾਕ ਉਸਦੇ ਸੱਜੇ, ਉਪਰ ਉਠੇ ਹੋਏ, ਹੱਥ ਨੂੰ ਝੁਕਾਅ ਰਹੀ ਸੀ। ਉਹ ਥਰਥਰ ਕੰਬਦਾ ਹੋਇਆ ਉਸਨੂੰ ਉਪਰ ਚੁੱਕੀ ਖਲੋਤਾ ਸੀ।
'ਜੀ ਹਜ਼ੂਰ...ਜੀ ਹਜ਼ੂਰ...।' ਇਸ ਦੇ ਸਿਵਾਏ ਮੂੰਹੋਂ ਕੁਝ ਵੀ ਤਾਂ ਨਹੀਂ ਸੀ ਨਿਕਲ ਰਿਹਾ।
ਦੂਜੀ ਵਾਰ ਗ਼ਲਾਸ ਵਿਚ ਸ਼ਰਾਬ ਪਾਉਂਦਿਆਂ ਹੋਇਆਂ ਉਹ ਆਦਮੀ ਮਸਤੀ ਭਰੇ ਅੰਦਾਜ਼ ਵਿਚ ਬੋਲਣ ਲੱਗਾ, ਜਾਂ ਸ਼ਾਇਦ ਮਾਲਕ ਉਸੇ ਤਰ੍ਹਾਂ ਖਿੜਖਿੜ ਹੱਸਦੇ ਸਨ, ਪਤਾ ਨਹੀਂ।
'ਓਇ...ਪਾ-ਲੈ...।...ਫ਼ੌਰਨ, ਹੁਣੇ, ਏਸੇ ਵੇਲੇ, ਮੈਂ ਵੇਖਣਾ ਚਾਹੁਣਾ।'
'ਹਜ਼ੂਰ, ਹਜ਼ੂਰ...ਗੁਸਤਾਖ਼ੀ ਮੁਆਫ਼...। ਹਜ਼ੂਰ...ਇਹ ਤਾਂ ਹਜ਼ੂਰ ਦੀ ਖਾਸ ਪੁਸ਼ਾਕ ਐ, ਹਜ਼ੂਰ। ਹਜ਼ੂਰ, ਇਸਨੂੰ ਹਰ ਸਾਲ ਦੋ ਵਾਰ ਦਰਬਾਰ ਸਮੇਂ ਹੀ ਪਾਉਂਦੇ ਹੁੰਦੇ ਐ, ਖਾਸ ਪੁਸ਼ਾਕ ਐ ਇਹ। ਇਸਨੂੰ ਮੈਂ ਬਚਪਨ ਤੋਂ ਵੇਖ ਰਿਹਾਂ। ਇਹ ਦਰਬਾਰੀ ਅਚਕਨ ਐਂ ਹਜ਼ੂਰ...।'
'ਹਾ-ਹਾ...ਅੱਛਾ ਦਰਬਾਰ ਲਈ, ਤੂੰ ਹੁਣ ਇਸਨੂੰ ਪਾ ਕੇ ਜਾਏਂਗਾ...।'
'ਨਹੀਂ ਨਹੀਂ ਹਜ਼ੂਰ...ਮੈਂ ਏਡੀ ਕਿਸਮਤ ਲੈ ਕੇ ਪੈਦਾ ਈ ਨਹੀਂ ਹੋਇਆ। ਇਹ ਤਾਂ ਤੁਸੀਂ ਪਾਓਗੇ ਹਜ਼ੂਰ।' ਕਹਿੰਦਾ ਹੋਇਆ ਉਸਨੂੰ ਸਹਿਜ ਨਾਲ ਇਕ ਸੋਫੇ ਉਪਰ ਰੱਖਣ ਲੱਗਾ।
'ਅੱਛਾ, ਸਾਡੀ ਪਹਿਲੀ ਬਖ਼ਸ਼ੀਸ਼ ਨੂੰ ਮੋੜਨ ਵਾਲਾ ਤੂੰ ਹੈ ਕੌਣ?'
ਉਸਨੂੰ ਫੇਰ ਹੱਥਾਂ ਵਿਚ ਉੱਚਾ ਚੁੱਕੀ ਹੈਦਰ ਖੜ੍ਹਾ ਰਿਹਾ। ਉਸਦਾ ਚਿਹਰਾ ਉਦਾਸ ਹੋ ਚੁੱਕਿਆ ਸੀ।
'ਇਸਨੂੰ ਪਾ ਕੇ ਫ਼ੌਰਨ ਮੇਰੇ ਸਾਹਮਣੇ ਹਾਜ਼ਰ ਹੋ-ਜਾ ਤੂੰ...ਚੱਲ ਪਾ ਹੁਣੇ।'
ਹੈਦਰ ਚਾਰੇ ਪਾਸੇ ਵੇਖਣ ਲੱਗਾ। ਕਿਤੇ ਕੋਈ ਓਹਲਾ-ਓਟਾ ਨਹੀਂ ਸੀ। ਆਖ਼ਰ ਬਿਸਤਰੇ ਕੋਲ ਜਾ ਕੇ ਖੜ੍ਹਾ ਹੋ ਗਿਆ। ਫੇਰ ਉਸ ਜਗਮਗਾਉਂਦੀ ਪੁਸ਼ਾਕ ਨੂੰ ਹੌਲੀ ਜਿਹੇ ਆਪਣੀ ਛਾਤੀ ਨਾਲ ਘੁੱਟ ਲਿਆ। ਅੱਥਰੂਆਂ ਦੀਆਂ ਦੋ ਧਾਰਾਂ ਉਸਦੀਆਂ ਮੁੱਛਾਂ ਭਿਓਣ ਲੱਗੀਆਂ। ਸਿਰ ਉਪਰ ਚੁੱਕ ਕੇ ਬੜਬੜਾਇਆ—'ਯਾ ਅੱਲ੍ਹਾ...!' ਉਸ ਪਿੱਛੋਂ ਗੋਡਿਆਂ ਭਾਰ ਬੈਠ ਕੇ ਉਸ ਪੁਸ਼ਾਕ ਨਾਲ ਆਪਣਾ ਅੱਥੂਆਂ ਭਿੱਜ ਚਿਹਰਾ ਢਕ ਲਿਆ। ਫੇਰ ਮੁਲਾਇਮ ਮਖ਼ਮਲ ਦੀ ਖੁਸ਼ਬੂ ਵਿਚ ਆਪਣਾ ਸਿਰ ਲਕੋਦਿਆਂ ਇਬਾਦਤ ਦਾ ਬੋਸਾ ਲੈ ਕੇ ਆਪਣੇ ਹੱਥ ਝੁਕਾਅ ਲਏ। ਕੀ ਉਹ ਉਸ ਅਚਕਨ ਨੂੰ ਪਾਏ? ਸ਼ੀਸ਼ੇ ਵਿਚ ਦਿਸ ਰਹੇ ਹੈਦਰ ਨੇ ਸਿਰ ਹਿਲਾ ਕੇ ਮਨ੍ਹਾਂ ਕਰ ਦਿੱਤਾ। ਫੇਰ ਉਸੇ ਤਰ੍ਹਾਂ ਅਚਕਨ ਛਾਤੀ ਨਾਲ ਲਾ ਕੇ ਖੜ੍ਹਾ ਹੋ ਗਿਆ ਉਹ। ਅਛੋਪਲੇ ਹੀ ਕੋਈ ਹੱਥ ਵਿਚ ਗ਼ਲਾਸ ਫੜ੍ਹੀ ਉਸਦੇ ਨੇੜੇ ਆਣ ਖੜ੍ਹਾ ਹੋਇਆ। ਓਅ! ਇਹ ਤਾਂ ਮਾਲਕ ਨੇ। ਮੰਨਤ ਪੂਰੀ ਹੋਈ ਵੇਖ ਉਸਦਾ ਮਨ ਪ੍ਰਸੰਨ ਹੋ ਗਿਆ। ਜ਼ੁਬਾਨ ਆਦਤਨ...ਮਚਲਨ ਲੱਗੀ ਸੀ। ਬੋਲੇ, 'ਅੱਛਾ, ਤੂੰ ਇਸਨੂੰ ਫੜ੍ਹ ਕੇ ਇਵੇਂ ਈ ਖੜ੍ਹਾ ਰਹੇਂਗਾ। ਹਾ...ਹਾ। ਬਿਲਕੁਲ ਠੀਕ...ਅੱਛਾ ਤਾਂ ਹੈਦਰ ਇਸ ਸਭ ਕਾਸੇ ਦਾ ਮਾਲਕ ਕੌਣ ਹੈ?'
'ਤੁਸੀਂ ਜਹਾਂਪਨਾਹ। ਤੁਸੀਂ ਹਜ਼ੂਰ। ਤੁਸੀਂ ਮਾਲਕ ਓ।'
'ਹੂੰ...ਅੱਛਾ...ਇਹ ਤਲ-ਮਹਿਲ...ਉਪਰਲਾ-ਮਹਿਲ...ਇਹ ਗੱਦੀ, ਇਹ ਸੋਫਾ, ਕੁਰਸੀ, ਤਸਵੀਰਾਂ, ਮਾਲ-ਅਸਬਾਬ, ਇਹ ਸਭ...ਇਸਦਾ ਮਤਲਬ ਇਹ ਸਾਡੇ ਏ...।'
'ਜੀ ਹਜ਼ੂਰ...।'
'ਇਸ ਬਿਸਤਰੇ ਉਪਰ ਅਸੀਂ ਸੰਵਿਆ ਕਰਾਂਗੇ...ਹੋਰ ਕੋਈ ਨਹੀਂ...ਕਿਓਂ?'
'ਜੀ ਹਜ਼ੂਰ...। ਨਹੀਂ ਹਜ਼ੂਰ...।' ਹੈਦਰ ਦੀਆਂ ਅੱਖਾਂ ਦੀ ਫਰਕਣ ਸਥਿਰ ਹੋ ਗਈ। ਨਸ਼ਾ ਚੜ੍ਹਨ ਲੱਗਿਆ ਏ। ਥੋੜ੍ਹੀ ਬਰਫ਼...ਇਕ ਟੁਕੜਾ ਨਿੰਬੂ...ਉਹ ਸੋਚਣ ਲੱਗਿਆ...ਪਰ ਭਰ ਵਿਚ ਸਾਰੇ ਨੁਸਖੇ। ਪਰ ਚਾਰਾ ਕੀ ਹੈ। ਉਹ ਹਟੇ ਤਦ ਨਾ...।
ਉਹ ਉਸੇ ਤਰ੍ਹਾਂ ਸ਼ਰਾਬ ਦਾ ਗ਼ਲਾਸ ਹੱਥ ਵਿਚ ਫੜੀ ਬਿਸਤਰੇ ਉੱਤੇ ਬੂਟਾਂ ਸਮੇਤ ਚੜ੍ਹ ਗਿਆ। ਹੈਦਰ ਨੇ ਆਪਣੀ ਜੀਭ ਦੰਦਾਂ ਹੇਠ ਕੱਟ ਲਈ ਤੇ ਮਜ਼ਬੂਤੀ ਨਾਲ ਅਚਕਨ ਫੜੀ ਖੜ੍ਹਾ ਸਿਰਫ ਵੇਖਦਾ ਰਿਹਾ। ਉਹਨਾਂ ਦੇ ਪੈਰ ਡੁੱਬਣ ਲੱਗੇ ਸਨ ਝੱਗ ਵਰਗੇ ਪੋਲੇ ਗੱਦੇ ਵਿਚ। ਉਹ ਲੜਾਂਦੇ ਹੋਏ ਤੁਰ ਰਹੇ ਸਨ। ਉਸ ਪਿੱਛੋਂ ਉਹ ਧੱਪਧੱਪ ਕਰਕੇ ਉਛਲਣ ਲੱਗੇ। ਹੱਥ ਉੱਚਾ ਕਰਕੇ ਗਾਣਾ ਗਾਉਣ ਲੱਗੇ। ਚੀਕਾਂ-ਕੂਕਾਂ ਮਾਰਨ ਲੱਗੇ। ਹੱਥਲੀ ਸ਼ਰਾਬ ਬਿਸਤਰੇ ਉਪਰ ਛਲਕਣ ਲੱਗੀ।
'ਇਸ ਦਾ ਮਤਲਬ ਏ ਸਭ ਕੁਛ...ਸਭ...ਸਭ ਮੇਰਾ ਹੈ।...ਮੈਂ ਇਸ ਸਭ ਦਾ ਮਾਲਕ ਆਂ, ਮੈਂ ਹੁਕਮਰਾਨ ਆਂ...। ਓਇ ਹੈਦਰ...ਤੂੰ ਅਸਾਡਾ ਦਰਬਾਰੀ ਅਚਕਨ ਕਿਉਂ ਚੁੱਕੀ ਖਲੋਤੈਂ? ਦੇਅ ਏਧਰ...ਅਸਾਂ ਪਾਈਏ। ਅਸਾਂ ਦਰਬਾਰ 'ਚ ਜਾਣੇ...ਤੂੰ ਨਹੀਂ। ਤੂੰ ਇਕ ਨੌਕਰ। ਬਾਕੀ ਵੀ ਨੌਕਰ। ਸਾਡੇ ਨਾਲ ਜਿੰਨੇ ਸਾਰੇ ਬੇਵਕੂਫ਼ ਆਏ ਨੇ ਨਾ, ਉਹ ਵੀ ਸਾਡੇ ਨੌਕਰ ਨੇ। ਹਾ-ਹਾ-ਹਾ ਮੈਂ ਮਾਲਕ ਹਾਂ, ਹਾਂ, ਮੈਂ ਰਾਜਾ...। ਲਿਆ ਮੇਰੀ ਅਚਕਨ।'
ਹੈਦਰ ਝੱਟ ਉਹਨਾਂ ਵੱਲ ਅਹੂਲਿਆ। ਬਿਸਤਰੇ ਨੂੰ ਛੂਹ ਵੀ ਸਕੇ ਏਨੀ ਉਸ ਵਿਚ ਹਿੰਮਤ ਨਹੀਂ ਸੀ। ਉਹ ਸਿਰਫ ਦੇਖਦਾ ਰਿਹਾ।
ਮਖ਼ਮਲ ਦੀ ਭਾਰੀ ਅਚਕਨ ਬੜੀ ਮੁਸ਼ਕਿਲ ਨਾਲ ਉਹਨਾਂ ਫੜੀ ਸੀ। ਹੱਥਲਾ ਗ਼ਲਾਸ ਛੱਡੇ ਬਗ਼ੈਰ ਉਸਨੂੰ ਖੋਲ੍ਹਿਆ। ਡਗਮਗਾ ਗਏ। ਇਕ ਬਾਂਹ ਪਾਉਣ ਪਿੱਛੋਂ ਦੂਜੀ ਹਵਾ ਵਿਚ ਹਿਲਾਂਉਂਦੇ ਹੋਏ ਉਹ ਦੂਜੀ ਬਾਂਹ ਲੱਭਦੇ ਰਹੇ। ਹੈਦਰ ਆਪਣੇ ਆਪ ਨੂੰ ਰੋਕ ਨਾ ਸਕਿਆ। ਝੁਕ ਕੇ ਦੂਜੀ ਬਾਂਹ, ਬਾਂਹ ਦੇ ਨੇੜੇ ਕਰ ਦਿੱਤੀ।
ਛੇ ਫੁੱਟ ਲੰਮੀ ਅਚਕਨ। ਸੱਤ ਫੁੱਟ ਲੰਮੇ ਆਦਮੀ ਲਈ ਸੌ ਵਰ੍ਹੇ ਪਹਿਲਾਂ ਬਣਾਈ ਗਈ ਸੀ। ਬਾਹਾਂ ਪਾਉਣ ਪਿੱਛੋ ਅਚਕਨ ਗੋਡਿਆਂ ਤੋਂ ਹੇਠਾਂ ਤੀਕ ਝੂਲ ਗਈ। ਬਟਨ ਸਾਰੇ ਪੈਰਾਂ ਤੀਕ ਚਮਕਦੇ ਦਿਸਣ ਲੱਗੇ। ਗੁੱਛਾ-ਮੁੱਛਾ ਅਚਕਨ ਬਿਸਤਰੇ ਉਪਰ ਸ਼ਰਮਾਉਂਦੀ ਹੋਈ ਨਜ਼ਰ ਆਉਣ ਲੱਗੀ। ਉਹਨਾਂ ਤੋਂ ਬਟਨ ਨਹੀਂ ਸੀ ਲਾਏ ਜਾ ਰਹੇ। ਹੱਥ, ਬਾਂਹ ਅੰਦਰ ਹੀ ਅਲੋਪ ਹੋਏ ਹੋਏ ਸਨ। ਗ਼ਲਾਸ ਵੀ ਬਾਹਰ ਨਹੀਂ ਸੀ ਕੱਢ ਸਕੇ। ਉਹ ਵੀ ਉਸੇ ਵਿਚ ਛਿਪਨ ਹੋ ਗਿਆ ਸੀ। ਉਹ ਤੁਰਨ ਲੱਗੇ, ਭਾਰੀ ਪੁਸ਼ਾਕ ਘਿਸੜਨ ਲੱਗੀ; ਬਿਸਤਰੇ ਉਪਰ।
'ਹਾ...ਹਾ...ਹਾ, ਹੈਦਰ, ਕੈਸੀ ਲੱਗ ਰਹੀ ਏ ਇਹ ਅਚਕਨ ਸਾਡੇ ਉਪਰ। ਕੱਲ੍ਹ ਦਰਬਾਰ ਹੋਏਗਾ। ਅਸੀਂ ਇਸ ਨੂੰ ਪਾ ਕੇ ਕੱਲ੍ਹ ਦਰਬਾਰ ਵਿਚ ਫ਼ੈਸਲੇ ਕਰਾਂਗੇ।'
ਅਚਾਨਕ ਸ਼ੀਸ਼ੇ ਉਪਰ ਨਜ਼ਰ ਪੈਂਦਿਆਂ ਹੀ ਚੁੱਪ ਹੋ ਗਏ। ਹੱਥ ਉਪਰ ਚੁੱਕਿਆ। ਟੁੰਡੇ ਹੱਥ ਵਾਂਗ ਲਟਕ ਰਹੀ ਸੀ ਅਚਕਨ ਦੀ ਅੱਧੀ ਬਾਂਹ। ਉਹ ਕਿਸੇ ਵੀ ਤਰ੍ਹਾਂ ਹੱਥ ਬਾਹਰ ਕੱਢਣ ਲਈ ਜ਼ਦੋ-ਜ਼ਹਿਦ ਕਰਨ ਲੱਗੇ। ਜਿੰਨੀਆਂ ਤਰਕੀਬ ਕਰਦੇ, ਓਨਾਂ ਹੀ ਅਚਕਨ ਉਹਨਾਂ ਨੂੰ ਉਝਾਉਂਦੀ ਜਾਂਦੀ। ਟੱਪਣ ਲੱਗੇ ਬਿਸਤਰੇ ਦੇ ਐਨ ਵਿਚਕਾਰ। ਅਚਕਨ ਪੂਰੀ ਤਰ੍ਹਾਂ ਚੁਫ਼ੇਰੇ ਲਿਪਟ ਗਈ। ਉਹ ਹੱਥ ਪੈਰ ਮਾਰਨ ਲੱਗੇ। ਚੀਕਣ-ਕੂਕਣ ਲੱਗੇ, ਜਾਲ ਵਿਚ ਫਸੇ ਹੋਏ ਕਿਸੇ ਜਾਨਵਰ ਵਾਂਗ।
ਹੈਦਰ ਬਿਸਤਰੇ ਕੋਲ ਜਾਂਦਾ, ਪਰਤ ਆਉਂਦਾ। ਚਾਰੇ ਪਾਸੇ ਘੁੰਮਦਾ ਤੇ ਵਿਚਕਾਰ ਵੱਲ ਹੱਥ ਵਧਾਉਂਦਾ। ਪਰ ਉਹਨਾਂ ਤਕ ਹੱਥ ਨਾ ਪਹੁੰਚਦਾ। ਸੋਚ ਰਿਹਾ ਕੀ ਕਰੇ, ਕਿੰਜ ਬਿਸਤਰੇ ਉਪਰ ਪੈਰ ਧਰੇ ਬਗ਼ੈਰ ਉਹਨਾਂ ਤਕ ਪਹੁੰਚੇ!
ਓਦੋਂ ਤਕ ਅਚਕਨ ਸਿਰ ਵਾਲੇ ਪਾਸਿਓਂ ਵੀ ਉਹਨਾਂ ਨੂੰ ਆਪਣੇ ਵਿਚ ਲਪੇਟ ਚੁੱਕੀ ਸੀ। ਜਿਵੇਂ ਮਖ਼ਮਲ ਦੀ ਅਚਕਨ ਚੁਫ਼ੇਰੇ ਮੜ੍ਹ ਦਿੱਤੀ ਗਈ ਹੋਵੇ, ਉਹਨਾਂ ਦੇ ਆਕਾਰ ਉਪਰ। ਉਹ ਉੱਥੇ ਹੈਨ, ਇੰਜ ਕੁਝ ਸਮੇਂ ਤਕ ਉਹਨਾਂ ਦੇ ਬੈਠਣ, ਛਟਪਟਾਉਣ ਦੀ ਹਲਚਲ ਤੋਂ ਲੱਗਦਾ ਰਿਹਾ।
ਇਸ ਪਿੱਛੋਂ ਅਚਕਨ ਦੇ ਖੋਲ ਵਿਚ ਡੁੱਬੇ ਉਸ ਬੌਣੇ ਆਦਮੀ ਦਾ ਹਿਲਣਾ-ਜੁਲਣਾ ਵੀ ਬੰਦ ਹੋ ਗਿਆ। ਸਫ਼ੇਦ ਚਮਚਮ ਕਰਦੇ ਵਿਛੌਣੇ ਉੱਤੇ, ਸੁਰਖ਼ ਬੇਲਵੇਟ ਦੀ ਗਹਿਰਾਈ ਵਿਚ, ਉਹ ਹੈਨ ਜਾਂ ਨਹੀਂ...ਪਤਾ ਨਹੀਂ ਸੀ ਲੱਗਦਾ ਪਿਆ। ਹੈਦਰ ਦੀਆਂ ਅੱਖਾਂ ਦੀ ਸਫੇਦੀ ਫ਼ੈਲੀ ਰਹਿ ਗਈ। ਉਹ ਓਵੇਂ ਹੀ ਵੇਖਦਾ ਰਹਿ ਗਿਆ, ਉਸ ਹਰਕਤ-ਹੀਣ ਆਂਡੇ ਵਰਗੇ ਵੱਡੇ ਲਾਲ ਤੋਦੇ ਨੂੰ।
ਉਸਦੀਆਂ ਪੁੜਪੁੜੀਆਂ ਚੱਲਣ ਲੱਗ ਪਈਆਂ ਸਨ। ਅੱਖਾਂ ਮੂਹਰੇ ਹਨੇਰਾ ਛਾਉਂਦਾ ਜਾ ਰਿਹਾ ਸੀ। ਥੱਪਥੱਪ ਪੈਰਾਂ ਦੀਆਂ ਆਵਾਜ਼ਾਂ ਨੇੜੇ ਆਉਣ ਲੱਗੀਆਂ। ਘੁਸਰ-ਮੁਸਰ ਗੱਲਾਂ। ਗੁਣਗੁਣੀਆਂ ਸੁਰਾਂ। ਹੈਰਾਨ ਤੇ ਪ੍ਰੇਸ਼ਾਨ ਜਿਹੇ ਉਹ ਵੀਹ ਆਦਮੀ ਯਕਲਖ਼ਤ ਅੰਦਰ ਘੁਸ ਆਏ। ਪਾਟੀਆਂ ਅੱਖਾਂ ਨਾਲ ਚਾਰੇ ਪਾਸੇ ਵੇਖਣ ਲੱਗੇ। ਕੰਧਾਂ ਨੂੰ ਉਪਰੋਂ ਹੇਠਾਂ ਤਕ ਵੇਖਦਿਆਂ ਦੇ ਮੂੰਹ ਅੱਡੇ ਰਹਿ ਗਏ ਸਨ। ਉਹ ਲੋਕ ਕਿਸੇ ਨੂੰ ਲੱਭ ਵੀ ਰਹੇ ਸਨ? ਹਾਂ ਸ਼ਾਇਦ।
ਉਹ ਪਿਆਸੇ ਲੱਗ ਰਹੇ ਸਨ। ਕੀ ਹੈਦਰ ਉਹਨਾਂ ਨੂੰ ਪੀਣ ਖਾਤਰ ਕੁਝ ਥੋੜ੍ਹਾ ਬਹੁਤ ਦੇ ਸਕੇਗਾ...। ਪੀਣ ਪਿੱਛੋਂ ਇਹ ਲੋਕ ਵੀ ਬਿਸਤਰੇ ਨੂੰ ਦਰੜਨਾ ਚਾਹੁਣਗੇ। ਸਾਰੇ ਫੇਰ ਉਸੇ ਅਚਕਨ ਨੂੰ ਪਾ ਕੇ ਦਰਬਾਰ ਲਾਉਣਾ ਚਾਹੁਣਗੇ।
ਉਹਨਾਂ ਵਿਚੋਂ ਨਿਕਲ ਕੇ ਇਕ ਬੁੱਢਾ ਆਦਮੀ ਚਾਰੇ ਪਾਸੇ ਦੇਖਣ ਲੱਗਿਆ ਤੇ ਬੁੱਲ੍ਹਾ ਉਪਰ ਜੀਭਾਂ ਫੇਰਦਾ ਹੋਇਆ ਕਹਿਣ ਲੱਗਿਆ—'ਅੱਛਾ ਭਰਾਵੋ, ਇਸ ਸਭ ਕੁਝ ਛੱਡ ਕੇ ਉਹ ਚਲੇ ਗਏ, ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਗਏ—ਵਾਕਈ ਕੋਈ ਸੋਚ ਵੀ ਨਹੀਂ ਸਕਦਾ।'
ਸਾਰੇ ਸਮੂਹਕ ਰੂਪ ਵਿਚ ਆਹ-ਵਾਹ ਕਰਨ ਲੱਗੇ। ਹੈਦਰ ਨੂੰ ਹੱਡੀਆਂ ਤੀਕ ਕੰਬਣੀ ਛਿੜ ਪਈ—ਉਸਨੂੰ ਬਿਸਤਰੇ ਦੇ ਐਨ ਵਿਚਕਾਰੋਂ ਭਿਅੰਕਰ ਨਾਗ-ਫੁਕਾਰਿਆਂ ਦੀਆਂ ਆਵਾਜ਼ਾਂ ਸਾਫ ਸੁਣਾਈ ਦੇ ਰਹੀਆਂ ਸੀ।
   ੦੦੦ ੦੦੦ ੦੦੦
      ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202.
      ਬਲਾਗ : mereanuwad.blogspot.com

No comments:

Post a Comment