Friday, October 22, 2010

ਖ਼ਰਗੋਸ਼...:: ਲੇਖਕਾ : ਜ਼ਾਕੀਆ ਮਸ਼ਹੂਰੀ

ਉਰਦੂ ਕਹਾਣੀ :
ਖ਼ਰਗੋਸ਼...
ਲੇਖਕਾ : ਜ਼ਾਕੀਆ ਮਸ਼ਹੂਰੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਨਾਨੀ ਦੀ ਮੌਤ ਦੀ ਖ਼ਬਰ ਆਈ ਤਾਂ ਅੰਮਾਂ ਬੋਸਟਨ ਵਿਚ ਸੀ ਤੇ ਮੇਰੀ ਸ਼ਾਮਤ ਕਿ ਮੈਂ ਹਿੰਦੁਸਤਾਨ ਆਇਆ ਹੋਇਆ ਸਾਂ। ਅੰਮਾਂ ਨੇ ਫ਼ੋਨ ਉੱਤੇ ਹੀ ਹਦਾਇਤ ਕਰ ਦਿੱਤੀ ਕਿ ਮੈਂ ਨਾਨਕੇ ਜ਼ਰੂਰ ਹੋ ਆਵਾਂ...ਉਹ ਹਉਕੀਂ-ਹੁੱਭਕੀਂ ਰੋ ਰਹੀ ਸੀ।
“ਓਥੇ ਹੁਣ ਕੌਣ ਏਂ ਅੰਮਾਂ! ਉਸ ਦੂਰ-ਦੁਰੇਡੇ ਦੇ ਪਿੰਡ 'ਚ?”
“ਨਾਨਾ ਹੈਨ ਨਾ ਤੇਰੇ!” ਉਹਨਾਂ ਰੋਣਾ ਭੁੱਲ ਕੇ ਖਾਸੀ ਕਰੜੀ ਆਵਾਜ਼ ਵਿਚ ਕਿਹਾ ਤੇ ਮੈਂ ਸਹਿਮ ਗਿਆ। ਅੰਮਾਂ ਨਾਲ ਮੈਨੂੰ ਬੇਹੱਦ ਪਿਆਰ ਹੈ। ਮੇਰੀ ਪਿਆਰੀ, ਖ਼ੂਬਸੂਰਤ, ਸਮਝਦਾਰ...ਦੁਨੀਆਂ ਦੀ ਸਭ ਤੋਂ ਵੱਧ ਮੁਹੱਬਤ ਕਰਨ ਵਾਲੀ ਅੰਮਾਂ। ਉਹ ਮੇਰੇ ਨਾਲ ਕਦੇ-ਕਦਾਈਂ ਹੀ ਏਨੇ ਸਖ਼ਤ ਲਹਿਜ਼ੇ ਵਿਚ ਗੱਲ ਕਰਦੀ ਸੀ।
“ਤੂੰ ਓਥੇ ਹੋ ਕੇ ਆਵੀਂ। ਪਾਪਾ ਦੇ ਗਲ਼ ਲੱਗੀਂ, ਮੰਮਾਂ ਦੀ ਕਬਰ 'ਤੇ ਹੱਥ ਫੇਰੀਂ...ਮੈਂ ਸਮਝਾਂਗੀ, ਮੈਂ ਉੱਥੇ ਈ ਆਂ।” ਉਹਦੀ ਆਵਾਜ਼ ਆਮ ਵਾਂਗ ਨਰਮ ਹੋ ਗਈ ਸੀ ਤੇ ਉਹ ਫੇਰ ਰੋਣ ਲੱਗ ਪਈ ਸੀ।
ਮੈਂ ਬੜਾ ਨਾਲਾਇਕ ਮੁੰਡਾ ਹਾਂ...ਖ਼ੁਦ ਅੰਮਾਂ ਨੂੰ ਏਨੀ ਮੁਹੱਬਤ ਕਰਦਾ ਸਾਂ ਤੇ ਉਸਦੀ, ਆਪਣੀ ਅੰਮਾਂ ਨਾਲ, ਮੁਹੱਬਤ ਸ਼ਾਇਦ ਮੇਰੀ ਆਪਣੀ ਸਮਝ ਵਿਚ ਠੀਕ ਤਰ੍ਹਾਂ ਨਹੀਂ ਆਉਂਦੀ। ਰਿਸ਼ਤਿਆਂ ਦੇ ਲਿਹਾਜ਼ ਨਾਲ ਮੇਰੀ ਦੁਨੀਆਂ ਬੜੀ ਸੌੜੀ ਸੀ ਤੇ ਦਾਇਰਾ ਸੀਮਿਤ।
ਖ਼ੈਰ, ਅੰਮਾਂ ਦੀ ਗੱਲ ਤਾਂ ਮੈਂ ਟਾਲ ਨਹੀਂ ਸੀ ਸਕਦਾ। ਅਣ-ਮੰਨੇ ਜਿਹੇ ਮਨ ਨਾਲ, ਟਿਕਟ ਕਟਵਾ ਲਈ। ਫੇਰ ਸ਼ਹਿਰ ਪਹੁੰਚ ਕੇ ਉੱਥੋਂ ਕਸਬੇ ਲਈ ਬਸ ਫੜ੍ਹੀ। ਹਿੰਦੁਸਤਾਨ ਵਿਚ ਹਾਲੇ ਵੀ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਰੇਲਵੇ ਸਟੇਸ਼ਨ ਨਹੀਂ। ਮੈਨੂੰ ਸੋਚ-ਸੋਚ ਕੇ ਈ ਪ੍ਰੇਸ਼ਾਨੀ ਹੁੰਦੀ ਰਹਿੰਦੀ ਏ, ਜਦੋ ਅੰਮਾਂ ਕਹਿੰਦੀ ਏ ਕਿ ਉਹ ਵਾਪਸ ਪਰਤ ਆਏਗੀ ਤੇ ਮੈਨੂੰ ਵੀ ਅਮਰੀਕਾ ਵਿਚ ਨਹੀਂ ਰਹਿਣ ਦਏਗੀ। ਘੱਟੋਘੱਟ ਆਪਣੀ ਜ਼ਿੰਦਗੀ ਵਿਚ ਤਾਂ ਨਹੀਂ। ਪਰ ਇਸ ਧੂੜ, ਮੱਖੀਆਂ ਤੇ ਕੀਟ-ਪਤੰਗਿਆਂ ਭਰੇ ਮੁਲਕ ਵਿਚ ਜਿੱਥੇ ਅਜਿਹੇ ਰੂੜੀਵਾਦੀ ਲੋਕ ਵੱਸਦੇ ਹੈਨ ਜਿਵੇਂ ਕਿ ਮੇਰੇ ਨਾਨਾ...ਮੇਰਾ ਦਿਲ ਨਹੀਂ ਕਰਦਾ ਕਿ ਮੈਂ ਇੱਥੇ ਆ ਕੇ ਰਹਾਂ। ਇਹ ਗੱਲ ਹੋਰ ਏ ਕਿ ਅੰਮਾਂ ਨਾਲ ਮੈਂ ਕਿਤੇ ਵੀ ਰਹਿਣ ਲਈ ਤਿਆਰ ਹਾਂ।
ਅੱਜ ਤੋਂ ਬਾਈ ਸਾਲ ਪਹਿਲਾਂ ਅੰਮਾਂ ਨੇ ਆਪਣੀ ਮਰਜ਼ੀ ਨਾਲ ਸ਼ਾਦੀ ਕੀਤੀ ਸੀ। ਉਹ ਕੰਪਿਊਟਰ ਇੰਜੀਨੀਅਰ ਸੀ। ਮੁਲਕ ਦੇ ਬਿਹਤਰੀਨ ਕਾਲਜ ਵਿਚ ਪੜ੍ਹੀ-ਲਿਖੀ। ਨਾਨਾ ਉਸਨੂੰ ਬੇਹੱਦ ਚਾਹੁੰਦੇ ਸਨ ਪਰ ਆਪਣੀ ਮਰਜ਼ੀ ਨਾਲ ਸ਼ਾਦੀ ਕਰਵਾ ਲੈਣ ਕਰਕੇ  ਛੇ ਸਾਲ ਤਕ ਉਸਦਾ ਮੂੰਹ ਨਹੀਂ ਸੀ ਵੇਖਿਆ ਉਹਨਾਂ...ਤੇ ਸ਼ਾਇਦ ਕਦੀ ਵੇਖਦੇ ਵੀ ਨਾ ਜੇ ਉਹ ਬਹੁਤੇ ਬਿਮਾਰ ਨਾ ਹੋ ਗਏ ਹੁੰਦੇ ਤੇ ਇਕ ਮੈਲੋ-ਡਰਾਮਾ ਨਾ ਹੋਇਆ ਹੁੰਦਾ। ਮੈਂ ਉਦੋਂ ਤਿੰਨ ਸਾਲ ਦਾ ਸਾਂ।
ਨਾਨਾ ਏਨੇ ਬਿਮਾਰ ਹੋਏ ਕਿ ਹੋਰ ਲੋਕਾਂ ਨੂੰ ਤਾਂ ਕੀ ਖ਼ੁਦ ਉਹਨਾਂ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿ ਹੁਣ ਉਹ ਠੀਕ ਨਹੀਂ ਹੋ ਸਕਦੇ। ਉਹਨਾਂ ਅੰਮਾਂ ਨੂੰ ਤਾਂ ਨਹੀਂ ਪਰ ਮੈਨੂੰ ਵੇਖਣ ਦੀ ਇੱਛਾ ਜ਼ਾਹਰ ਕੀਤੀ। ਜਵਾਬ ਵਿਚ ਅੰਮਾਂ ਨੇ ਕਹਿ ਭੇਜਿਆ ਕਿ ਤਿੰਨ ਸਾਲ ਦਾ ਬੱਚਾ ਬਗ਼ੈਰ ਮਾਂ ਦੇ ਨਹੀਂ ਆ ਸਕਦਾ...ਪਿਓ ਨਾਲ ਵੀ ਨਹੀਂ। (ਤੇ ਨਾਨਾ ਕਿਹੜਾ ਪਿਓ ਨੂੰ ਦੇਖਣਾ ਚਾਹੁੰਦੇ ਸੀ, ਜਿਹੜਾ ਕਹਾਣੇ ਉਹਨਾਂ ਦੇ, ਸਾਰੇ ਫਸਾਦ ਦੀ ਜੜ ਸੀ।)। ਬੇਦਿਲੀ ਜਿਹੀ ਨਾਲ ਨਾਨਾ ਨੇ ਕਿਹਾ ਚੰਗਾ ਉਹ ਵੀ ਆ ਜਾਏ...ਬੁਲਾਅ ਲਓ, ਪਰ ਮੇਰੇ ਮੱਥੇ ਨਾ ਲੱਗੇ। ਅੰਮਾਂ ਹਵਾਈ ਜਹਾਜ਼ ਰਾਹੀਂ ਮਾਰੋਮਾਰ ਕਰਦੀ ਨਾਨਾ ਦੇ ਸ਼ਹਿਰ ਪਹੁੰਚ ਗਈ। ਓਦੋਂ ਨਾਨਾ ਕਸਬੇ ਦੇ ਇਸ ਜੱਦੀ ਮਕਾਨ ਵਿਚ ਨਹੀਂ ਸੀ ਰਹਿੰਦੇ ਹੁੰਦੇ। ਉਹਨਾਂ ਦੀ ਸਰਵਿਸ ਦਾ ਇਕ ਸਾਲ ਬਾਕੀ ਸੀ ਤੇ ਉਹ ਕੰਪਨੀ ਦੇ ਇਕ ਖੁੱਲ੍ਹੇ-ਡੁੱਲ੍ਹੇ ਤੇ ਖ਼ੂਬਸੂਰਤ ਫਲੈਟ ਵਿਚ ਰਹਿ ਰਹੇ ਸਨ।
ਅੰਮਾਂ ਡਰ ਰਹੀ ਕਿ ਜਦੋਂ ਤਕ ਪਹੁੰਚੇਗੀ, ਨਾਨਾ ਜਿਊਂਦੇ ਮਿਲਣਗੇ ਵੀ ਜਾਂ ਨਹੀਂ...ਪਰ ਹਸਪਤਾਲ ਦੇ ਪ੍ਰਾਈਵੇਟ ਵਾਰਡ ਵਿਚ ਮੌਤ ਦੇ ਕਦਮਾਂ ਦੀ ਆਹਟ ਦੇ ਬਾਵਜੂਦ ਉਹਨਾਂ ਦੇ ਸਾਹ ਚੱਲ ਰਹੇ ਸਨ ਤੇ ਅੱਖਾਂ ਦਰਵਾਜ਼ੇ ਉੱਤੇ ਟਿਕੀਆਂ ਹੋਈਆਂ ਸਨ। ਅੰਮਾਂ ਬੇ-ਆਵਾਜ਼ ਹੰਝੂ ਵਹਾਉਂਦੀ ਹੋਈ ਦਰਵਾਜ਼ੇ ਨਾਲ ਲੱਗ ਕੇ ਖੜ੍ਹੀ ਹੋ ਗਈ ਤੇ ਨਾਨੀ ਮੈਨੂੰ ਗੋਦੀ ਚੁੱਕ ਕੇ ਅੰਦਰ ਲੈ ਗਈ। ਨਾਨਾ ਨੇ ਆਪਣੀਆਂ ਅੱਖਾਂ ਖੋਲ੍ਹੀਆਂ, ਉਹਨਾਂ ਦਾ ਕਮਜ਼ੋਰ ਹੱਥ ਜ਼ਰਾ ਕੁ ਉਠਿਆ ਫੇਰ ਉਹ ਸਾਰੀ ਸ਼ਕਤੀ ਇਕੱਠੀ ਕਰਕੇ ਬੋਲੇ, “ਓਇ ਇਹ ਤਾਂ ਮੇਰੀ ਮਾਨੁ ਏਂ। ਇਨਬਿਨ ਮੇਰੀ ਨਿੱਕੜੀ ਮਾਨੁ।”
ਅੰਮਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਬੇਤਹਾਸ਼ਾ ਰੋਂਦੀ ਹੋਈ ਕਮਰੇ ਅੰਦਰ ਵੜ ਗਈ ਤੇ ਨਾਨਾ ਦੀ ਕਮਜ਼ੋਰ, ਫੁੱਲਦੀ-ਪਿਚਕਦੀ ਛਾਤੀ ਨਾਲ ਚੰਬੜ ਗਈ।
ਤੇ ਉਸ ਤੋਂ ਪਿੱਛੋਂ ਇਹ ਚਮਤਕਾਰ ਹੋਇਆ ਕਿ ਨਾਨਾ, ਜਿਹਨਾਂ ਦੀ ਜ਼ਿੰਦਗੀ ਦੀ ਰਤਾ ਵੀ ਉਮੀਦ ਨਹੀਂ ਸੀ, ਠੀਕ ਹੋਣ ਲੱਗ ਪਏ। ਅੰਮਾਂ ਨੇ ਛੁੱਟੀ ਵਧਵਾ ਲਈ ਤੇ ਉੱਥੇ ਰਹਿ ਪਈ। ਮੈਂ ਉਦੋਂ 'ਪਲੇ ਸਕੂਲ' ਜਾਂਦਾ ਹੁੰਦਾ ਸਾਂ। ਮੇਰੇ ਲਈ ਵੀ ਪ੍ਰਿੰਸੀਪਲ ਨੂੰ ਫ਼ੋਨ ਕਰ ਦਿੱਤਾ ਗਿਆ।
ਨਾਨਾ ਮੈਨੂੰ ਹਰ ਵੇਲੇ ਆਪਣੇ ਕੋਲ ਬਿਠਾਈ ਰੱਖਦੇ। ਨਾਨੀ ਚੁੱਪਚਾਪ, ਕਿਸੇ ਪ੍ਰਛਾਵੇਂ ਵਾਂਗ ਹੀ, ਇਧਰ-ਉਧਰ ਤੁਰੀ-ਫਿਰਦੀ। ਉਹ, ਉਹ ਸਾਰੇ ਖਾਣੇ ਬਣਾਉਂਦੀ ਜਿਹੜੇ ਮਾਂ ਨੂੰ ਪਸੰਦ ਸਨ। ਮੈਥੋਂ ਪੁੱਛ-ਪੁੱਛ ਕੇ ਚਾਕਲੇਟ, ਟਾਫ਼ੀਆਂ, ਆਈਸ ਕਰੀਮ ਤੇ ਕੇਕ ਮੰਗਵਾਏ ਜਾਂਦੇ। ਹਫ਼ਤੇ ਦਸ ਦਿਨਾਂ ਵਿਚ ਹੀ ਨਾਨਾ ਮੈਨੂੰ ਗੋਦੀ ਚੁੱਕਣ ਜੋਗੇ ਹੋ ਗਏ ਸਨ। ਉਹ ਡਿਸਚਾਰਜ ਹੋ ਕੇ ਘਰ ਵੀ ਆ ਗਏ ਸਨ। ਅਕਸਰ ਅੰਮਾਂ ਦੇ ਸਿਰ ਉੱਤੇ ਪਿਆਰ ਨਾਲ ਹੱਥ ਫੇਰਦੇ ਹੋਏ ਕਹਿੰਦੇ, “ਮੈਂ ਇਹਨਾਂ ਛੇ ਸਾਲਾਂ ਵਿਚ ਜਿਊਂਦਾ ਕਿੰਜ ਰਿਹਾ...” ਤੁਰਨ ਵੇਲੇ ਉਹਨਾਂ ਮੈਨੂੰ ਬਹੁਤ ਸਾਰੇ ਖਿਡੌਣੇ ਦਿੱਤੇ। ਅੰਮਾਂ ਨੂੰ ਇਕ ਵੱਡੀ ਸਾਰੀ ਹੀਰੇ ਦੀ ਅੰਗੂਠੀ ਦਿੱਤੀ ਤੇ ਕਿਹਾ, “ਇਹ ਰੱਖ ਲੈ। ਇਸਨੂੰ ਮੇਰੇ ਮਾਨੁ ਦੀ ਬਹੂ ਨੂੰ ਮੇਰੇ ਵੱਲੋਂ ਦੇ ਦਵੀਂ।”
“ਬਾਬਾ, ਤੁਸੀਂ ਠੀਕ-ਠਾਕ ਰਹੋਗੇ। ਤੁਸੀਂ, ਇਸ ਦੀ ਸ਼ਾਦੀ ਵਿਚ ਆ ਕੇ ਖ਼ੁਦ ਆਪਣੇ ਹੱਥੀਂ ਇਹ ਅੰਗੂਠੀ ਇਸਦੀ ਦੁਲਹਨ ਨੂੰ ਦੇਣਾ।”
ਅੰਮਾਂ ਸਿੱਜਲ ਅੱਖਾਂ ਨਾਲ ਵਿਦਾਅ ਹੋਈ। ਨਾਨੀ ਨੇ ਬਹੁਤ ਸਾਰਾ ਸਾਮਾਨ ਨਾਲ ਬੰਨ੍ਹ ਦਿੱਤਾ...ਆਚਾਰ, ਮਠਿਆਈਆਂ, ਕਈ ਤਰ੍ਹਾਂ ਦੇ ਨਾਸ਼ਤੇ, ਫੁੱਲਾਂ ਦੀ ਟੋਕਰੀ, ਮੇਰੇ ਬਾਬਾ (ਪਾਪਾ) ਲਈ ਸੂਟ।
ਇਹ ਸਾਰੀਆਂ ਗੱਲਾਂ ਅੰਮਾਂ ਨੇ ਏਨੀ ਵਾਰੀ ਦੱਸੀਆਂ ਸਨ ਕਿ ਮੈਨੂੰ ਜ਼ੁਬਾਨੀ ਯਾਦ ਹੋ ਗਈਆਂ ਸਨ...ਯਾਦਾਸ਼ਤ ਵਿਚ ਨਾ ਹੁੰਦਿਆਂ ਵੀ ਉਹ ਸਾਰੇ ਦ੍ਰਿਸ਼ ਅੰਮਾਂ ਦੇ ਸ਼ਬਦ-ਚਿੱਤਰਾਂ ਸਦਕਾ, ਸਾਕਾਰ-ਦ੍ਰਿਸ਼ਾਂ ਦਾ ਰੂਪ ਧਾਰ ਕੇ ਮੇਰੀਆਂ ਅੱਖਾਂ ਸਾਹਵੇਂ ਘੁੰਮਦੇ ਰਹਿੰਦੇ ਸਨ।
ਇਹ ਵੀ ਅੰਮਾਂ ਹੀ, ਕਦੀ ਹੱਸ ਕੇ ਤੇ ਕਦੀ ਭਰੇ-ਗੱਚ ਨਾਲ, ਦੱਸਦੀ ਰਹੀ ਸੀ ਕਿ...“ਓਦੋਂ ਤੇਰੇ ਨਿੱਕੇ ਦਿਮਾਗ਼ ਵਿਚ ਪਤਾ ਨਹੀ ਕੀ ਵੱਸ ਗਿਆ ਸੀ ਕਿ ਤੂੰ ਨਾਨੀ ਨਾਲ ਗੁੱਸੇ-ਗੁੱਸੇ ਰਹਿੰਦਾ ਹੁੰਦਾ ਸੈਂ।”
“ਗੁੱਸੇ? ਇਕ ਨਿੱਕਾ ਬੱਚਾ ਨਾਨੀ ਨਾਲ ਗੁੱਸੇ? ਨਾਨੀ ਪਿਆਰ ਤਾਂ ਕਰਦੀ ਹੋਏਗੀ ਨਾ?” ਮੈਂ ਪੁੱਛਦਾ।
“ਪਿਆਰ? ਜਾਨ ਦੇਂਦੀ ਸੀ। ਬਾਬਾ ਦੀ ਨਾਰਾਜ਼ਗੀ ਦੇ ਦੌਰ ਵਿਚ ਵੀ ਉਹ ਤੇਰੀ ਪੈਦਾਇਸ਼ ਵੇਲੇ ਆਈ ਸੀ ਤੇ ਚਾਰ ਪੰਜ ਦਿਨ ਰਹਿ ਕੇ ਗਈ ਸੀ। ਜਿੰਨੇ ਦਿਨ ਰਹੀ ਤੈਨੂੰ ਗੋਦੀ ਵਿਚ ਲਈ ਬੈਠੀ ਰਹੀ...ਕੁਛ ਦਿਨ ਹੋਰ ਰਹਿ ਜਾਂਦੀ ਤਾਂ ਤੈਨੂੰ ਗੋਦੀ ਦੀ ਆਦਤ ਪਾ ਜਾਂਦੀ ਤੇ ਮੈਨੂੰ ਮੁਸੀਬਤ ਹੋ ਜਾਂਦੀ।” ਉਹ ਹੱਸ-ਹੱਸ ਦੱਸਦੀ।
ਮੈਂ ਆਪਣੇ ਲਈ ਖਾਸ ਤੌਰ 'ਤੇ ਬਣਾਈ ਗਈ ਐਲਬਮ ਵਿਚ, ਆਪਣੀ ਜ਼ਿੰਦਗੀ ਦੀਆਂ ਸ਼ੁਰੂਆਤੀ ਤਸਵੀਰਾਂ ਵਿਚ, ਨਾਨੀ ਨੂੰ ਵੇਖਿਆ ਸੀ। ਇਕ ਜਗ੍ਹਾ ਉਹ ਮੈਨੂੰ ਟੱਬ ਵਿਚ ਬਿਠਾਲ ਕੇ ਨੁਹਾਅ ਰਹੀ ਸੀ।
“ਤੈਨੂੰ ਨਾਨੀ ਨੇ ਪੁੱਛਿਆ, 'ਕਿਉਂ ਭਾਈ ਮੇਰੀ ਗੋਦੀ ਕਿਉਂ ਨਹੀਂ ਆਉਂਦਾ?'
'ਤੁਮ ਛੇ ਦੋਸਤੀ ਨਹੀਂ ਹੈ।' (ਤੇਰੇ ਨਾਲ ਦੋਸਤੀ ਓ ਨਹੀਂ) ਸਾਰੇ ਤੇਰਾ ਜਵਾਬ ਸੁਣ ਕੇ ਖ਼ੂਬ ਹੱਸੇ ਸੀ।
ਬਾਬਾ ਨੇ ਮੰਮਾਂ ਦੀ ਏਨੀ ਖਿਚਾਈ ਕੀਤੀ ਸੀ ਕਿ ਉਹ ਰੋਣ ਹਾਕੀ ਹੋ ਗਈ ਸੀ। 'ਤਾਂ ਭਾਈ ਦੋਸਤੀ ਕਰ ਲਓ ਨਾ ਸਾਡੇ ਨਾਲ ਵੀ।'
'ਤਬੀ ਨਹੀਂ।' ਤਿੰਨ ਸਾਲ ਦੇ ਨਿੱਕੇ ਜਿਹੇ ਬੱਚੇ ਦੇ ਜਵਾਬ ਵਿਚ ਏਨੀ ਕੁਸੈਲ...ਸਾਰੇ ਫੇਰ ਖ਼ੂਬ ਹੱਸੇ ਸਨ ਤੇ ਹੈਰਾਨ ਵੀ ਹੋਏ ਸਨ।
ਅੰਮਾਂ ਨੇ ਮੈਥੋਂ ਪੁੱਛਿਆ, 'ਕਿਓਂ ਬੇਟਾ ਨਾਨੀ ਨਾਲ ਕਿਉਂ ਨਾਰਾਜ਼ ਓ?' 'ਮੈਂ ਕਿਹਾ 'ਨਾਨੀ ਮਾਰਦੀ ਏ।' ਨਾਨੀ ਨੇ ਤਾਂ ਨਹੀਂ ਪਰ ਅੰਮਾਂ ਨੇ ਇਸ ਗੱਲ ਉੱਤੇ ਮੇਰੇ ਪੋਲਾ ਜਿਹਾ ਧੱਫਾ ਜੜਦਿਆਂ ਕਿਹਾ ਸੀ, 'ਕਦੋਂ ਮਾਰਦੀ ਏ ਨਾਨੀ...ਵੱਸ ਚੱਲੇ ਤਾਂ ਆਪਣਾ ਕਾਲਜਾ ਕੱਢ ਵੀ ਕੇ ਖੁਆ ਦਵੇ ਤੈਨੂੰ।'”
ਮੈਨੂੰ ਇਹ ਗੱਲਾਂ ਬਿਲਕੁਲ ਯਾਦ ਨਹੀਂ। ਹਾਂ ਮੈਂ ਆਖ਼ਰੀ ਵੇਰ ਨਾਨੀ ਨੂੰ ਦੇਖਿਆ ਤਾਂ ਮੇਰੀ ਉਮਰ ਛੇ ਸਤ ਸਾਲ ਹੋਏਗੀ। ਓਦੋਂ ਦੀਆਂ ਯਾਦਾਂ ਸੁਰੱਖਿਅਤ ਨੇ। ਉਦੋਂ ਉਹਦੇ ਵਾਲਾਂ ਵਿਚ ਸਫੇਦ ਚਾਂਦੀ ਦੀਆਂ ਤਾਰਾਂ ਜਿਹੀਆਂ ਦਿਸਣ ਲੱਗ ਪਈਆਂ ਸਨ। ਉਹ ਆਪਣੇ ਵਾਲ ਡਾਈ ਨਹੀਂ ਸੀ ਕਰਦੀ ਹੁੰਦੀ। ਉਹਦਾ ਭਾਰ ਵੀ ਬੜੀ ਤੇਜ਼ੀ ਨਾਲ ਵਧ ਰਿਹਾ ਸੀ। ਮੈਂ ਉਹਦੀ ਇਕਲੌਤੀ ਬੇਟੀ ਦਾ ਇਕਲੌਤਾ ਬੱਚਾ ਸਾਂ। ਸ਼ਾਇਦ ਉਹਨਾਂ ਦੇ ਵਧੇਰੇ ਮੋਹ ਸਦਕਾ ਹੀ ਮੈਨੂੰ ਉਹਨਾਂ ਨਾਲ ਚਿੜ ਹੋ ਗਈ ਸੀ। ਮਿੱਠਾ ਤੇਜ਼ ਹੋਵੇ ਤਾਂ ਮਠਿਆਈ ਚੰਗੀ ਨਹੀਂ ਲੱਗਦੀ। ਮੇਰੀ ਇਹ ਚਿੜ ਬਰਕਰਾਰ ਰਹੀ ਯਾਨੀ ਕਿ ਮੈਂ ਉਹਨਾਂ ਕੋਲ ਬਹੁਤੀ ਦੇਰ ਨਹੀਂ ਸੀ ਬੈਠਦਾ ਹੁੰਦਾ; ਖੇਡਣ ਦੌੜ ਜਾਂਦਾ ਸਾਂ। ਉਹਨਾਂ ਦੀਆਂ ਵਧੇਰੇ ਗੱਲਾਂ ਦੇ ਜੁਆਬ ਵਿਚ, ਚੁੱਪ ਹੀ ਰਹਿੰਦਾ ਸਾਂ। ਫ਼ੋਨ ਉੱਤੇ ਨਾਨਾ ਨਾਲ ਤਾਂ ਲੰਮੀ ਗੱਪਸ਼ਪ ਹੁੰਦੀ ਰਹਿੰਦੀ, ਪਰ ਉਹਨਾਂ ਨਾਲ ਗੱਲਬਾਤ ਥੋੜ੍ਹ-ਚਿਰੀ ਹੀ ਹੁੰਦੀ।
ਇਸ ਵਾਰ ਮੇਰੇ ਵੱਲ ਤੱਕਦਿਆਂ ਹੋਇਆਂ ਅਕਸਰ ਉਹਨਾਂ ਦੀਆਂ ਅੱਖਾਂ ਸਿੱਜਲ ਹੋ ਜਾਂਦੀਆਂ, “ਹੁਣ ਮੈਂ ਆਪਣੇ ਭਾਈ ਨੂੰ ਕਦ ਦੇਖਾਂਗੀ!” ਉਹ ਵਾਰੀ-ਵਾਰੀ ਇਹੋ ਫਿਕਰਾ ਬੜਬੜਾਉਂਦੀ ਰਹਿੰਦੀ। ਦਰਅਸਲ ਇਸ ਵਾਰੀ ਅਮਾਂ ਨੇ ਲੰਮੇ ਸਮੇਂ ਲਈ ਵਿਦੇਸ਼ ਜਾਣ ਦਾ ਫ਼ੈਸਲਾ ਕਰ ਲਿਆ ਸੀ। ਉਹ ਉੱਥੇ ਵੱਸਣਾ ਤਾਂ ਨਹੀਂ ਸੀ ਚਾਹੁੰਦੀ...ਹਾਂ, ਕੁਝ ਲੰਮੇ ਅਰਸੇ ਲਈ ਜ਼ਰੂਰ ਜਾ ਰਹੀ ਸੀ। ਇਸ ਅਰਸੇ ਦਾ ਜ਼ਿਕਰ ਉਹ ਅੱਠ-ਦਸ ਸਾਲ ਕਹਿ ਕੇ ਕਰਦੀ ਤੇ ਨਾਨੀ ਕਹਿੰਦੀ ਅੱਠ ਦਸ-ਸਾਲ ਕਿਸ ਨੇ ਦੇਖੇ ਨੇ ਬੱਚਿਆ। ਉਦੋਂ ਮੇਰੀ ਸਮਝ ਵਿਚ ਉਹਨਾਂ ਦੀ ਇਹ ਗੱਲ ਨਹੀਂ ਸੀ ਆਈ, ਹੋਰ ਵੀ ਕਈ ਗੱਲਾਂ ਸਨ ਜਿਹੜੀਆਂ ਸਮਝ ਨਹੀਂ ਸੀ ਆਉਂਦੀਆਂ ਹੁੰਦੀਆਂ ਤੇ ਆਪਣੇ ਉੱਤੇ ਟਿਕੀਆਂ ਉਹਨਾਂ ਦੀਆਂ ਅੱਖਾਂ ਅਕਸਰ ਮੇਰੇ ਅੰਦਰ ਦਬੀ-ਦਬੀ ਝੁੰਜਲਾਹਟ ਪੈਦਾ ਕਰ ਦੇਂਦੀਆਂ ਸਨ...ਖਾਸ ਤੌਰ 'ਤੇ ਓਦੋਂ ਜਦੋਂ ਸਿੱਲ੍ਹੀਆਂ-ਗਿੱਲ੍ਹੀਆਂ ਵੀ ਹੁੰਦੀਆਂ। ਨਾਨੀ ਆਪਣੇ ਸਮੇਂ ਦੀ ਖਾਸੀ ਪੜ੍ਹੀ-ਲਿਖੀ ਔਰਤ ਸੀ। ਉਹਨੇ ਇਲਾਹਾਬਾਦ ਯੂਨੀਵਰਸਟੀ ਤੋਂ ਇਕਨਾਮਿਕਸ ਤੇ ਇੰਗਲਿਸ਼ ਨਾਲ ਗ੍ਰੇਜੁਏਸ਼ਨ ਕੀਤੀ ਹੋਈ ਸੀ—ਪਰ ਮੈਨੂੰ ਉਹ ਹਮੇਸ਼ਾ ਬੇਵਕੂਫ਼ ਲੱਗਦੀ। ਸ਼ਾਇਦ ਮੁਹੱਬਤ ਦੀ ਜ਼ਿਆਦਤੀ ਤੇ ਆਪਣੀਆਂ ਪਿਆਰੀਆਂ ਰੂਹਾਂ ਦੇ ਦੂਰ ਚਲੇ ਜਾਣ ਦੇ ਡਰ ਨੇ ਉਹਨੂੰ ਅਜਿਹਾ ਬਣਾ ਦਿੱਤਾ ਸੀ। ਮੈਨੂੰ ਇਕ ਵਾਰੀ ਜ਼ਰਾ ਜਿੰਨੀ ਸੱਟ ਵੱਜ ਗਈ ਤਾਂ ਕਮਲਿਆਂ ਵਾਂਗ ਇਧਰ-ਉਧਰ ਭੌਂਣ ਲੱਗ ਪਈ। ਅਜਿਹੀਆਂ ਸੱਟਾਂ ਮੈਨੂੰ ਖੇਡ ਦੌਰਾਨ ਅਕਸਰ ਵੱਜ ਜਾਂਦੀਆਂ ਸਨ। ਨਾਨਾ ਨੇ ਹੱਸ ਕੇ ਕਿਹਾ, “ਡਿੱਗਦੇ ਨੇ ਸ਼ਾਹ ਸਵਾਰ ਈ ਮੈਦਾਨੇ ਜੰਗ 'ਚ” ਉਹਨਾਂ ਦੀ ਗੱਲ ਦਾ ਮਤਲਬ ਸਮਝ ਵਿਚ ਨਹੀਂ ਸੀ ਆਇਆ, ਪਰ ਜਿਵੇਂ ਹੱਸ ਕੇ ਦੋਸਤਾਂ ਵਾਂਗ ਮੋਢੇ ਉੱਤੇ ਹੱਥ ਮਾਰ ਕੇ ਉਹਨਾਂ ਇਹ ਗੱਲ ਆਖੀ ਸੀ ਉਹ ਅੰਦਾਜ਼ ਬੜਾ ਚੰਗਾ ਲੱਗਿਆ ਸੀ ਤੇ ਮੇਰੀ ਸਮਝ ਵਿਚ ਇਹ ਆਇਆ ਸੀ ਕਿ ਮਾੜੀਆਂ-ਮੋਟੀਆਂ ਸੱਟਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਆਖ਼ਰ ਮੈਂ ਇਕ ਮਰਦ ਬੱਚਾ ਸਾਂ।
ਰਾਤੀਂ ਨਾਨੀ ਨੇ ਮੇਰੇ ਹੱਥ ਵਿਚ ਦੁੱਧ ਦਾ ਗ਼ਲਾਸ ਫੜਾਇਆ ਤਾਂ ਮੈਂ ਤ੍ਰਬਕ ਹੀ ਤਾਂ ਗਿਆ ਸਾਂ। ਦੁੱਧ ਗਾੜ੍ਹੇ ਪੀਲੇ ਰੰਗ ਦਾ ਸੀ। ਉਹਨਾਂ ਮੇਰੇ ਚਿਹਰੇ ਦੇ ਭਾਵ ਪੜ੍ਹ ਲਏ।
“ਏਸ ਵਿਚ ਹਲਦੀ ਪਾਈ ਹੋਈ ਏ ਮੁਨੂੰ, ਹਲਦੀ ਸੱਟ ਦੀ ਪੀੜ ਚੁਗ ਲੈਂਦੀ ਐ ਜਲਦੀ।”
ਹੁਣ ਨਾਨੀ ਤਾਂ ਨਾਨੀ ਹੀ ਸੀ। ਇਕਨਾਮਿਕਸ ਨਾਲ ਗ੍ਰੇਜੂਏਸ਼ਨ ਕੀਤੀ ਹੋਏ ਜਾਂ ਕੁਝ ਹੋਰ। ਮੈਂ ਹੱਥ ਮਾਰ ਕੇ ਦੁੱਧ ਡੋਲ੍ਹ ਦਿੱਤਾ।
“ਏਨਾ ਗੁੱਸਾ ਕਿਉਂ ਕਰਦਾ ਏ ਬੱਚੂ?” ਉਹਨਾਂ ਬੜੀ ਹੈਰਾਨੀ ਨਾਲ ਅੰਮਾਂ ਨੂੰ ਪੁੱਛਿਆ।
“ਹੁਣ ਤੂੰ ਵੀ ਤਾਂ ਸਿਰ 'ਤੇ ਸਵਾਰ ਹੋ ਜਾਨੀਂ ਏਂ...ਆਇਓਡੈਕਸ ਲਾ ਤਾਂ ਦਿੱਤੀ ਸੀ ਸਵੇਰੇ।” ਨਾਨਾ ਨੇ ਮੇਰੀ ਹਿਮਾਇਤ ਵਿਚ ਕਿਹਾ।
ਅੰਮਾਂ ਹੱਸਣ ਲੱਗ ਪਈ। “ਮੰਮਾਂ ਨੂੰ ਇਹਨਾਂ ਪੁਰਾਣੇ ਨੁਸਖ਼ਿਆਂ ਵਿਚ ਜ਼ਿਆਦਾ ਈ ਯਕੀਨ ਏਂ। ਇਸ ਦੇ ਜੰਮਣ ਤੋਂ ਬਾਅਦ ਮੈਨੂੰ ਵੀ ਦੁੱਧ-ਹਲਦੀ ਪਿਆਉਂਦੀ ਰਹਿੰਦੀ ਸੀ।” ਸਮਝ ਨਾ ਹੋਣ ਦੇ ਬਾਵਜੂਦ ਵੀ ਮੈਨੂੰ ਇਹ ਅਹਿਸਾਸ ਹੋਇਆ ਕਿ ਨਾਨੀ ਨੂੰ ਬਾਕੀ ਦੇ ਲੋਕ ਵੀ ਬੇਵਕੂਫ਼ ਹੀ ਸਮਝਦੇ ਨੇ। ਭਾਵੇਂ ਹੁਣ ਲੱਗਦਾ ਏ ਕਿ ਮੇਰੀ ਉਹ ਸੋਚ ਵਾਜਬ ਨਹੀਂ ਸੀ।
ਮੈਂ ਜਿਸ ਮੁਲਾਕਾਤ ਦੀ ਗੱਲ ਕਰ ਰਿਹਾ ਹਾਂ, ਓਦੋਂ ਮੈਂ ਨਾਨਕੇ ਨਹੀਂ ਗਿਆ ਸਾਂ। ਨਾਨਾ ਨਾਨੀ ਹੀ ਸਾਡੇ ਘਰ ਆਏ ਹੋਏ ਸਨ। ਅੰਮਾਂ ਨੂੰ ਬਿਲਕੁਲ ਫੁਰਸਤ ਨਹੀਂ ਸੀ। ਉਹਨਾਂ ਪੰਦਰਾਂ ਦਿਨਾਂ ਬਾਅਦ ਜਾਣਾ ਸੀ ਤੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਸਾਂਭਨੀਆਂ-ਸਮੇਟਨੀਆਂ ਸਨ, ਕਈ ਕੰਮ ਨਿਬਟਾਉਣੇ ਸਨ, ਇਕ ਜ਼ਮੀਨ ਵੇਚਣੀ ਸੀ...ਉਹਨਾਂ ਦਾ ਪੇਕੇ ਜਾਣਾ ਸੰਭਵ ਨਹੀਂ ਸੀ।
“ਹੁਣ ਮੈਂ ਆਪਣੇ ਭਾਈ ਨੂੰ ਕਦ ਦੇਖਾਂਗੀ!” ਦੇ ਇਲਾਵਾ ਨਾਨੀ ਨੇ ਕਈ ਵਾਰੀ ਇਹ ਵੀ ਕਿਹਾ, “ਮੁਨੂੰ ਤੇਰੇ ਖ਼ਰਗੋਸ਼ ਅਜੇ ਵੀ ਹੈਨ...ਹੁਣ ਤਾਂ ਕਾਫੀ ਸਾਰੇ ਹੋ ਗਏ ਨੇ, ਤੂੰ ਆਉਂਦਾ ਹੀ ਨਹੀਂ। ਪਤਾ ਨਹੀਂ ਹੁਣ ਕਦ ਆਵੇਂਗਾ।”
ਉਹਨਾਂ ਦੇ 'ਭਾਈ' ਬੱਚੂ ਤੇ 'ਮੁਨੂੰ' ਕਹਿਣ 'ਤੇ ਵੀ ਮੈਨੂੰ ਬੜੀ ਖਿਝ ਚੜ੍ਹਦੀ ਸੀ। ਮੈਨੂੰ ਹੁਣ ਏਦਾਂ ਲੱਗਣ ਲੱਗ ਪਿਆ ਸੀ ਕਿ ਮੈਂ ਖਾਸਾ ਵੱਡਾ ਹੋ ਗਿਆ ਹਾਂ। ਮਾਂ ਦੀ ਇਕ ਸਹੇਲੀ ਦੇ ਦੂਜਾ ਬੱਚਾ ਹੋਇਆ ਸੀ। ਉਹ ਕੋਈ ਅੱਠ-ਨੌ ਮਹੀਨਿਆਂ ਦਾ ਸੀ। ਮੈਨੂੰ ਬੜਾ ਚੰਗਾ ਲੱਗਦਾ ਸੀ ਉਹ। ਮੋਟਾ-ਤਾਜਾ, ਗੋਰਾ-ਨਿਛੋਹ, ਪੋਪਲ ਜਿਹੀ ਮੁਸਕੁਰਾਹਟ ਵਾਲਾ। ਉਸਦੇ ਸਾਹਵੇਂ ਮੈਂ ਖ਼ੁਦ ਨੂੰ ਬੜਾ ਵੱਡਾ ਸਮਝਦਾ ਸਾਂ। ਹੁਣ ਮੁਨੂੰ, ਬੱਚੂ ਵਰਗੇ ਸ਼ਬਦ ਤਾਂ ਬਸ ਏਨੇ ਨਿੱਕੇ ਬੱਚਿਆਂ ਨੂੰ ਹੀ ਸੋਹਦੇਂ ਨੇ ਨਾ। ਮੈਨੂੰ ਭਾਈ, ਮੁਨੂੰ ਕਹਿ ਕੇ ਨਾਨੀ ਮੈਨੂੰ ਉਹਨਾਂ ਦੀ ਕਤਾਰ ਵਿਚ ਖੜ੍ਹਾ ਕਰ ਦੇਂਦੀ ਸੀ।
ਨਾਨੀ ਨੇ ਖ਼ਰਗੋਸ਼ਾਂ ਦਾ ਜ਼ਿਕਰ ਵਾਰੀ-ਵਾਰੀ ਕੀਤਾ ਤਾਂ ਅੰਮਾਂ ਵੀ ਚਿੜ ਗਈ।
“ਓ ਮੰਮਾਂ ਓਦੋਂ ਉਹ ਬੜਾ ਛੋਟਾ ਹੁੰਦਾ ਸੀ। ਹੁਣ ਭੌਲਪੁਰ ਜਾਂਦਾ ਵੀ ਤਾਂ ਪਤਾ ਨਹੀਂ ਉਹਨਾਂ ਨਾਲ ਖੇਡਦਾ ਜਾਂ ਨਹੀਂ। ਤੁਸੀਂ ਕਿਉਂ ਫਿਕਰ ਕਰਦੇ ਓ।”
ਤਿੰਨ ਸਾਲ ਦੀ ਉਮਰ ਵਿਚ ਜਦੋਂ ਮੈਂ ਪਹਿਲੀ ਵਾਰੀ ਨਾਨਕੇ ਗਿਆ ਸਾਂ ਤਾਂ ਨਾਨਾ ਦੇ ਕੁਛ ਠੀਕ ਹੋ ਜਾਣ ਪਿੱਛੋਂ ਨਾਨੀ ਨੇ ਮੇਰੇ ਲਈ ਖ਼ਰਗੋਸ਼ਾਂ ਦਾ ਜੋੜਾ ਮੰਗਵਾਇਆ ਸੀ। ਗੱਲਾਂ ਗੱਲਾਂ ਵਿਚ ਅੰਮਾਂ ਨੇ ਕਿਤੇ ਕਹਿ ਦਿੱਤਾ ਸੀ ਕਿ ਮੈਂ ਕਿਧਰੇ ਖ਼ਰਗੋਸ਼ ਦੇਖੇ ਸੀ ਓਦੋਂ ਦਾ ਖ਼ਰਗੋਸ਼ ਲੈ ਆਉਣ ਦੀ ਜ਼ਿਦ ਕਰ ਰਿਹਾ ਸਾਂ। ਨਾਨੀ ਨੇ ਤੁਰੰਤ ਕਿਹਾ, “ਤਾਂ ਮੰਗਵਾ ਕਿਉਂ ਨਹੀਂ ਦਿੱਤੇ, ਖ਼ਰਗੋਸ਼ ਪਾਲਨ ਵਿਚ ਕੀ ਹਰਜ਼ ਏ?” ਅੰਮਾਂ ਨੇ ਦੱਸਿਆ ਕਿ ਘਰੇ ਦੋ ਕੁੱਤੇ ਵੀ ਹੈਨ। ਖ਼ਰਗੋਸ਼ਾਂ ਦੀ ਰਾਖੀ ਕਰਨੀ ਮੁਸ਼ਕਿਲ ਹੋ ਜਾਏਗੀ।
ਨਾਨੀ ਹੋਰ ਕੁਛ ਕਹੇ ਬਗ਼ੈਰ ਮੇਰੇ ਵੱਲ ਮੁੜੀ, “ਕਿਹੜੇ ਰੰਗ ਦੇ ਖ਼ਰਗੋਸ਼ ਲਏਗਾ ਮੁਨੂੰ ਬੇਟਾ!” ਮੈਂ ਫੌਰਨ ਜਵਾਬ ਦਿੱਤਾ 'ਵਾਈਟ'। ਉਸ ਪਲ ਨਾਨੀ ਨਾਲ ਮੇਰੀ ਦੋਸਤੀ ਹੋ ਗਈ ਸੀ। ਉਹ ਨਿਹਾਲ ਹੋ ਗਈ। ਦੂਜੇ ਦਿਨ ਸੁਭਾ ਸਵੇਰੇ ਉਠਿਆ ਤਾਂ ਦੋ ਨੰਨ੍ਹੇ ਸਫੇਦ ਖ਼ਰਗੋਸ਼ਾਂ ਨੂੰ ਆਪਣੀ ਉਡੀਕ ਵਿਚ ਦੇਖਿਆ। ਉਹਨਾਂ ਦੀਆਂ ਅੱਖਾਂ ਲਾਲ-ਲਾਲ ਸਨ ਤੇ ਕੰਨ ਲੰਮੇ-ਲੰਮੇ। ਮੈਂ ਖੁਸ਼ੀ ਵਿਚ ਕਿਲਕਾਰੀਆਂ ਮਾਰੀਆਂ ਤੇ ਉਹਨਾਂ ਨੂੰ ਕੰਨਾਂ ਤੋਂ ਫੜ੍ਹ ਕੇ ਲਟਕਾਇਆ। ਨਿੱਕੇ-ਨਿੱਕੇ ਹੱਥਾਂ ਨਾਲ ਉਹਨਾਂ ਨੂੰ ਹਰੀ-ਹਰੀ ਘਾਹ ਤੇ ਨਾਰੰਗੀ ਗਾਜਰਾਂ ਵੀ ਖੁਆਈਆਂ। ਉਸ ਦਿਨ ਮੈਂ ਨਾਨੀ ਦੀ ਗੋਦੀ ਵਿਚ ਵੀ ਬੈਠਾ ਰਿਹਾ ਸਾਂ।
ਖ਼ਰਗੋਸ਼ ਹੱਥ ਆਉਣ ਪਿੱਛੋਂ ਨਾਨੀ ਨਾਲ ਮੇਰੀ ਦੋਸਤੀ ਫੇਰ ਖ਼ਤਮ ਹੋ ਗਈ ਸੀ। ਮੈਂ ਫੇਰ ਉਹਦੀ ਗੋਦ ਵਿਚ ਜਾਣ ਜਾਂ ਉਹਦੇ ਹੱਥੋਂ ਖਾਣਾ ਖਾਣ ਜਾਂ ਉਹਨਾਂ ਨਾਲ ਗੱਲਾਂ-ਗੱਪਾਂ ਮਾਰਨ ਤੋਂ ਇਨਕਾਰ ਕਰਨ ਲੱਗਾ। ਉਹ ਮੇਰੇ ਨਾਲ ਗੇਂਦ ਜਾਂ ਫੁੱਟਬਾਲ ਖੇਡਦੀ ਤਾਂ ਸ਼ਾਇਦ ਦੋਸਤੀ ਹੋ ਜਾਂਦੀ, ਪਰ ਭਾਰੇ ਸਰੀਰ ਕਰਕੇ ਭੱਜ-ਦੌੜ ਨਹੀਂ ਸੀ ਸਕਦੀ ਉਹ। ਉਹਦੀ ਸਾਰੀ  ਮੁਹੱਬਤ, ਸਾਰਾ ਮੋਹ ਮੈਨੂੰ ਤੁੰਨ-ਤੁੰਨ ਕੇ ਖੁਆਉਣ ਤੇ ਮੇਰੇ ਲਈ ਨਵੇਂ-ਨਵੇਂ ਖਿਡੌਣੇ ਤੇ ਕੱਪੜੇ ਮੰਗਵਾਉਣ ਵਿਚ ਸੀ।
***

ਬਸ ਧੂੜ ਭਰੇ ਮੈਦਾਨਾਂ ਵਿਚੋਂ ਲੰਘ ਰਹੀ ਸੀ। ਅੰਬ ਦੇ ਦਰਖ਼ਤਾਂ ਉੱਤੇ ਨਿੱਕੀਆਂ-ਨਿੱਕੀਆਂ ਅੰਬੀਆਂ ਨਜ਼ਰ ਆ ਰਹੀਆਂ ਸਨ। ਨਾਨੀ ਨੇ ਮਰਨ ਲਈ ਚੰਗਾ ਮੌਸਮ ਨਹੀਂ ਸੀ ਚੁਣਿਆ। ਨਾਨਾ ਦੇ ਬਗ਼ੀਚੇ ਦੇ ਰੁੱਖਾਂ ਦੇ ਅੰਬ ਅਜੇ ਪੱਕੇ ਨਹੀਂ ਹੋਣੇ। ਉੱਥੇ ਵੀ ਇਹੋ ਅੰਬੀਆਂ ਹੋਣਗੀਆਂ। ਮੈਂ ਆਪਣੇ ਆਪ ਨੂੰ ਫਿਟਕਾਰਿਆ। ਮੇਰੀ ਮਾਂ ਨਾਲ ਬੇਹੱਦ ਮੁਹੱਬਤ ਕਰਨ ਵਾਲੀ ਉਹਦੀ ਮਾਂ ਯਾਨੀ ਮੇਰੀ ਨਾਨੀ ਨਹੀਂ ਰਹੀ ਤੇ ਮੈਂ ਅੰਬਾਂ ਬਾਰੇ ਸੋਚ ਰਿਹਾਂ। ਮੈਂ ਨਾਨਾ ਕੋਲ ਅੰਮਾਂ ਵੱਲੋਂ ਉਹਨਾਂ ਦਾ ਦੁੱਖ ਵੰਡਾਉਣ ਜਾ ਰਿਹਾ ਸਾਂ। ਉਸੇ ਵੱਲੋਂ ਨਾਨੀ ਦੀ ਕਬਰ ਉੱਤੇ ਹੱਥ ਫੇਰ ਕੇ ਉਹਦਾ ਮੋਹ ਭਿੱਜਾ-ਨਿੱਘ ਪਹੁੰਚਾਉਣਾ ਸੀ ਮੈਂ, ਉਸਨੂੰ।
ਕਸਬੇ ਵਿਚ ਨਾਨਾ ਦਾ ਜੱਦੀ ਮਕਾਨ ਖਾਸਾ ਵੱਡਾ ਸੀ। ਕੁਝ ਕਮਰਿਆਂ ਉੱਤੇ ਖਪਰੈਲ ਦੀ ਛੱਤ ਸੀ। ਲਾਲ ਖੰਭਿਆਂ ਉੱਤੇ ਲਾਲ ਖਪਰੈਲ ਦੀ ਇਹ ਛੱਤ ਕਦੀ ਬੜੀ ਭਲੀ ਲੱਗਦੀ ਹੋਏਗੀ। ਮਕਾਨ ਦੇ ਪਿਛਲੇ ਪਾਸੇ ਇਕ ਛੋਟਾ ਜਿਹਾ ਬਾਗ਼ ਸੀ ਜਿਸ ਬਾਰੇ ਅੰਮਾਂ ਨੇ ਦੱਸਿਆ ਸੀ ਕਿ ਉਸ ਵਿਚ ਅੰਬ ਤੇ ਲੀਚੀ ਦੇ ਰੁੱਖ ਸਨ। ਬਚਪਨ ਵਿਚ ਅੰਮਾਂ ਉੱਥੇ ਜਾਂਦੀ ਤਾਂ ਉਹਨਾਂ ਰੁੱਖਾਂ ਵਿਚੋਂ ਕਿਸੇ 'ਤੇ ਪੀਂਘ ਪਾ ਦਿੱਤੀ ਜਾਂਦਾ ਤੇ ਉਹ ਖ਼ੂਬ ਝੂਟੇ ਲੈਂਦੀ। ਪਰ ਜਦੋਂ ਮੈਂ ਮੋਢੇ ਉੱਤੇ ਏਅਰ ਬੈਗ ਲਟਕਾਈ ਘਰ ਅੰਦਰ ਦਾਖ਼ਲ ਹੋਇਆ ਤਾਂ ਪੂਰਾ ਘਰ ਸੋਗ ਵਿਚ ਡੁੱਬਿਆ ਹੋਇਆ ਸੀ। ਮੌਤ ਕੁਝ ਦਿਨ ਪਹਿਲਾਂ ਹੀ ਝਪਟਾ ਮਾਰ ਕੇ ਕਿਸੇ ਨੂੰ ਪੰਜਿਆਂ ਵਿਚ ਦਬੋਚ ਕੇ ਲੈ-ਜਾ ਚੁੱਕੀ ਸੀ। ਨਾਨਾ ਆਪਣੀ ਉਮਰ ਨਾਲੋਂ ਵੱਧ ਬੁੱਢੇ ਲੱਗ ਰਹੇ ਸਨ। ਧੁੰਦਲੀਆਂ ਅੱਖਾਂ, ਝੁਕੇ ਹੋਏ ਮੋਢੇ। ਹੁਣ ਉਹ ਮੇਰੇ ਨਾਲ ਕ੍ਰਿਕਟ ਨਹੀਂ ਖੇਡ ਸਕਣਗੇ, ਇਹ ਸਾਫ ਜ਼ਾਹਰ ਸੀ।
ਅਚਾਨਕ ਮੈਨੂੰ ਵਿਹੜੇ ਵਿਚ ਇਕ ਫੁਦਕਦਾ ਹੋਇਆ ਖ਼ਰਗੋਸ਼ ਦਿਖਾਈ ਦਿੱਤਾ। ਫੇਰ ਇਕ ਹੋਰ। ਤੇ ਫੇਰ ਇਹ ਗਿਣਤੀ ਪੰਜ ਛੇ ਤਕ ਪਹੁੰਚ ਗਈ। ਮੇਰੀਆਂ ਨਜ਼ਰਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਵਿਹੜੇ ਦੀ ਪੱਕੀ ਕੰਧ ਦੇ ਨਾਲ-ਨਾਲ ਅੱਗੇ ਤਕ ਗਈਆਂ—ਕੱਚੀ ਖਾਲੀ ਵਿਚ, ਚੰਪਾ ਦੀ ਝਾੜੀ ਹੇਠ, ਉਹਨਾਂ ਦੀ ਖੁੱਡ ਦਿਖਾਈ ਦੇਣ ਲੱਗੀ। ਇਸ ਖੁੱਡ ਵਿਚੋਂ ਬਾਹਰ ਨਿਕਲੇ ਦੋ ਸਫੇਦ ਕੰਨ ਦਿਖਾਈ ਦੇ ਰਹੇ ਸਨ ਤੇ ਬੜੇ ਹੀ ਹਾਸੋਹੀਣੇ ਅੰਦਾਜ਼ ਵਿਚ ਹਿੱਲ ਰਹੇ ਸਨ। ਮੈਂ ਹੱਸ ਪਿਆ।
ਨਾਨਾ ਦੇ ਬੁੱਢੇ ਚਿਹਰੇ ਉੱਤੇ ਫਿੱਕੀ ਜਿਹੀ ਮੁਸਕਾਨ ਖਿੱਲਰ ਗਈ। “ਤੇਰੀ ਨਾਨੀ ਦਾ ਝੱਲ।” ਉਹਨਾਂ ਧੀਮੀ ਅਵਾਜ਼ ਵਿਚ ਕਿਹਾ।
ਨਾਨਾ ਜਿੰਨਾਂ ਬੁੱਢਾ ਇਕ ਮੁਲਾਜ਼ਮ ਨਾਸ਼ਤਾ ਤੇ ਚਾਹ ਵਾਲੀ ਟਰੇ ਸਾਹਮਣੇ ਰੱਖ ਕੇ ਚਲਾ ਗਿਆ।
“ਤੈਨੂੰ ਪਤੈ, ਇਹ ਖ਼ਰਗੋਸ਼ ਓਹਨਾਂ ਖ਼ਰਗੋਸ਼ਾਂ ਦੀ ਔਲਾਦ ਨੇ ਜਿਹੜੇ ਜਦੋਂ ਤੂੰ ਪਹਿਲੀ ਵੇਰ ਆਇਆ ਸੈਂ, ਮੇਰੀ ਕੰਪਨੀ ਵਾਲੇ ਕੁਆਟਰ ਵਿਚ ਮੰਗਵਾਏ ਸਨ ਉਸਨੇ। ਉਦੋਂ ਤੂੰ ਮਸੀਂ ਤਿੰਨ ਕੁ ਸਾਲ ਦਾ ਸੈਂ। ਤੂੰ ਆਪਣੀ ਮਾਂ ਨਾਲ ਖ਼ਰਗੋਸ਼ ਲੈ ਕੇ ਦੇਣ ਦੀ ਜ਼ਿਦ ਫੜੀ ਹੋਈ ਸੀ।”
'ਹਾਂ ਅੰਮਾਂ ਦੱਸਦੀ ਤਾਂ ਹੁੰਦੀ ਏ...' ਮੈਂ ਕਹਿਣਾ ਚਾਹਿਆ। ਪਰ ਮੇਰਾ ਗੱਚ ਭਰ ਆਇਆ। ਨਾਨੀ ਨੂੰ ਯਾਦ ਕਰਕੇ ਨਹੀਂ, ਅੰਮਾਂ ਨੂੰ ਯਾਦ ਕਰਕੇ। ਉਹ ਨਾਨੀ ਦੀ ਖ਼ਬਰ ਸੁਣ ਕੇ ਬੜੀ ਉਦਾਸ ਹੋਏਗੀ ਤੇ ਮੈਂ ਇਸ ਮੌਕੇ ਉਸਦੇ ਕੋਲ ਨਹੀਂ ਸਾਂ।
“ਤੇਰੀ ਨਾਨੀ ਨੇ ਕਿਹਾ ਸੀ ਕਿ ਉਹ ਪਿੰਜਰੇ ਵਿਚ ਪਾ ਕੇ ਸਾਰੇ ਖ਼ਰਗੋਸ਼ ਤੈਨੂੰ ਦੇ ਦਏਗੀ ਪਰ ਤੇਰੀ ਮਾਂ ਨੇ ਸਾਫ ਨਾਂਹ ਕਰ ਦਿੱਤੀ ਸੀ। ਉਸੇ ਸਾਲ ਮੈਂ ਮੁਲਾਜ਼ਮਤ ਤੋਂ ਰਿਟਾਇਰ ਹੋਇਆ। ਚਾਰ ਛੇ ਮਹੀਨਿਆਂ ਬਾਅਦ ਅਸੀਂ ਲੋਕ ਆਪਣੇ ਜੱਦੀ ਪਿੰਡ ਦੇ ਇਸ ਮਕਾਨ ਵਿਚ ਆ ਗਏ। ਤੇਰੀ ਨਾਨੀ ਨੇ ਬੜੇ ਜਤਨਾਂ ਨਾਲ ਉਹਨਾਂ ਖ਼ਰਗੋਸ਼ਾਂ ਨੂੰ ਪਾਲਿਆ। ਉਹਨਾਂ ਉੱਥੇ ਈ ਬੱਚੇ ਦੇ ਦਿੱਤੇ ਸਨ। ਉਹ, ਉਹਨਾਂ ਦਾ ਪੂਰਾ ਖ਼ਾਨਦਾਨ ਇੱਥੇ ਲੈ ਆਈ। ਕਹਿੰਦੀ ਸੀ ਮੇਰਾ ਮੁਨੂੰ ਆਏਗਾ ਤਾਂ ਇਹਨਾਂ ਨਾਲ ਖੇਡਿਆ ਕਰੇਗਾ। ਇਹ ਮੇਰੇ ਮੁਨੂੰ ਦੇ ਖ਼ਰਗੋਸ਼ ਨੇ। ਮੈਂ ਇਹ ਕਿਸੇ ਨੂੰ ਨਹੀਂ ਦਿਆਂਗੀ। ਕਿਲਕਾਰੀਆਂ ਮਾਰ-ਮਾਰ ਇਹਨਾਂ ਨਾਲ ਖੇਡਦਾ ਹੁੰਦਾ ਸੀ ਉਹ।
“ਇੱਥੇ ਉਸਨੇ ਇਹਨਾਂ ਲਈ ਵੱਡਾ ਸਾਰਾ ਪਿੰਜਰਾ ਬਣਵਾਇਆ ਸੀ। ਓਧਰ ਕੱਚੀ ਪਟੜੀ ਉੱਤੇ।” ਉਹਨਾਂ ਉਂਗਲੀ ਨਾਲ ਇਸ਼ਾਰਾ ਕੀਤਾ। “ਹੁਣ ਮੈਂ ਇਹਨਾਂ ਨੂੰ ਪਿੰਜਰੇ ਵਿਚੋਂ ਕੱਢ ਦਿੱਤਾ ਏ। ਉਹ ਵਿਹੜੇ ਵਿਚ ਖੱਡਾਂ ਪੁੱਟਦੇ ਰਹਿੰਦੇ ਨੇ। ਸਾਰੇ ਵੇਲ-ਬੂਟੇ ਉਜਾੜ ਦਿੱਤੇ ਨੇ। ਪਰ ਹੁਣ ਵੇਲ-ਬੂਟਿਆਂ ਦਾ ਕੀ ਕਰਾਂਗਾ...ਕਿਸੇ ਵੀ ਚੀਜ਼ ਦਾ ਕੀ ਕਰਾਂਗਾ! ਸਭ ਤੋਂ ਉੱਪਰ ਉਠ ਗਿਆਂ। ਐਨ ਓਵੇਂ ਜਿਵੇਂ...” ਉਹ ਮੁਸਕੁਰਾਏ, “ਜਿਵੇਂ ਤੂੰ ਖ਼ਰਗੋਸ਼ਾਂ ਤੋਂ ਉੱਪਰ ਉਠ ਗਿਐਂ। ਹੁਣ ਤਾਂ ਅਵਾਮਾ ਦੀ ਵਿਦੇਸ਼ ਨੀਤੀ ਬਾਰੇ ਗੱਲਾਂ ਕਰਦਾ ਹੋਏਂਗਾ। ਮੁਸਲਿਮ ਮੁਲਕਾਂ ਨਾਲ ਉਸਦੇ ਸੰਬੰਧਾਂ ਦਾ ਜ਼ਿਕਰ ਕਰਦਾ ਹੋਏਗਾ।” ਉਹ ਜ਼ਰਾ ਰੁਕੇ ਤੇ ਮੈਂ ਚੁੱਪਚਾਪ ਨੀਵੀਂ ਪਾਈ ਬੈਠਾ ਟੋਸਟ ਕੁਤਰਦਾ ਰਿਹਾ।
“ਪਰ ਕਿੱਥੇ ਉੱਪਰ ਉਠਿਆ ਆਂ ਮੈਂ ਕਿਸੇ ਚੀਜ਼ ਤੋਂ?” ਉਹਨਾਂ ਨੇ ਜਿਵੇਂ ਆਪਣੇ ਆਪ ਨੂੰ ਕਿਹਾ, “ਮੈਂ ਇਹਨਾਂ ਖ਼ਰਗੋਸ਼ਾਂ ਨੂੰ ਨਾ ਕਿਸੇ ਨੂੰ ਦਿੱਤਾ, ਨਾ ਬਾਹਰ ਹੀ ਕੱਢ ਸਕਿਆ। ਜੇ ਤੇਰੀ ਨਾਨੀ ਕਿਤੇ ਹੈ ਤਾਂ ਇਹ ਦੇਖ ਕੇ ਜ਼ਰੂਰ ਖੁਸ਼ ਹੋ ਰਹੀ ਹੋਏਗੀ ਕਿ ਤੂੰ ਇੱਥੇ ਆਇਆ ਏਂ ਤੇ ਤੇਰੇ ਖ਼ਰਗੋਸ਼ ਏਥੇ ਈ ਨੇ...ਬਹੁਤ ਸਾਰੇ ਖ਼ਰਗੋਸ਼।”
ਇਕਨਾਮਿਕਸ ਗਰੇਜੂਏਟ ਹੋ ਕੇ ਵੀ ਨਾਨੀ, ਰਹੀ ਬੇਵਕੂਫ਼ ਦੀ ਬੇਵਕੂਫ਼ ਹੀ। ਸੋਚ ਕੇ ਮੈਂ ਦਿਲ ਹੀ ਦਿਲ ਵਿਚ ਹੱਸਿਆ, ਪਰ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਸਿਜੱਲ ਹੋ ਗਈਆਂ।
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

No comments:

Post a Comment