Thursday, October 21, 2010

ਛੱਤ 'ਤੇ ਦਸਤਕ...:: ਲੇਖਕਾ : ਮਰਿਦੁਲਾ ਗਰਗ




ਹਿੰਦੀ ਕਹਾਣੀ :
ਛੱਤ 'ਤੇ ਦਸਤਕ...
ਲੇਖਕਾ : ਮਰਿਦੁਲਾ ਗਰਗ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸੁੱਜੀਆਂ ਅੱਖਾਂ ਵਿਚ ਅਣਸੁੱਤੀ ਰਾਤ ਦੀ ਥਕਾਣ ਲਈ ਨਲਿਨੀ ਕਾਲੀਨ ਵਿਚ ਪੈਰ ਡੁਬੋਂਦੀ ਹੋਈ ਰਸੋਈ ਵਿਚ ਪਹੁੰਚ ਗਈ—ਬੇ-ਆਵਾਜ਼, ਜਿਵੇਂ ਲੰਮੇਂ ਘਾਹ ਵਿਚ ਲੁਕਿਆ ਸ਼ੇਰ ਸ਼ਹਿ ਕੇ ਅੱਗੇ ਵਧ ਰਿਹਾ ਹੋਵੇ। ਉਹੀ ਚੁੱਪ-ਪਰੁੱਚੀ ਪੈੜਚਾਲ। ਵਿਛਿਆ ਕਲੀਨ ਚੁੱਲ੍ਹੇ ਤੀਕ ਲੈ ਗਿਆ ਸੀ! ਚੰਗਾ ਲੱਗਦਾ ਏ—ਸਵੇਰੇ-ਸਵੇਰੇ ਚੱਪਲਾਂ ਦੀ ਚਿਟਪਿਟ ਤੋਂ ਬਿਨਾਂ, ਚਾਹ ਬਨਾਉਣ ਲਈ ਪਹੁੰਚ ਜਾਣਾ।
ਸੱਚ ਪੁੱਛੋ ਤਾਂ ਸਾਰੇ ਘਰ ਵਿਚ ਵਿਛੇ ਹੋਏ ਇਸ ਸਲੇਟੀ ਰੰਗ ਦੇ ਊਨੀ ਵਿਛੌਣੇ ਨੂੰ ਕਾਲੀਨ ਕਹਿੰਦਿਆਂ ਰਤਾ ਝਿੱਜਕ ਜਿਹੀ ਮਹਿਸੂਸ ਹੁੰਦੀ ਏ। ਉਸਦੀ ਕਲਪਣਾ ਵਿਚ ਕਾਲੀਨ ਦਾ ਰੂਪ ਬਿਲਕੁਲ ਵੱਖਰਾ ਸੀ—ਚਿੱਤਰਕਲਾ ਜਾਂ ਨੱਕਾਸ਼ੀ ਵਾਂਗ, ਸੁੰਦਰਤਾ ਦੀ ਬਾਰੀਕ ਸੂਝ-ਬੂਝ ਨਾਲ ਭਰਪੂਰ, ਕਸੀਦਾਕਾਰੀ ਦਾ ਵਿਸ਼ਾਲ ਪ੍ਰਤੀਰੂਪ...ਰੰਗਾਂ ਦਾ ਮੇਲ ਹੋਵੇ ਜਾਂ ਵੇਲ-ਬੂਟਿਆਂ ਦੀ ਪੇਚਕਾਰੀ, ਹਰ ਟਾਂਕੇ ਵਿਚ ਰਾਜਸ਼ੀ ਸ਼ਾਨ-ਸ਼ੌਕਤ ਤੇ ਕਲਾਤਮਕਤਾ ਸਮਾਈ ਹੋਵੇ। ਈਰਾਨੀ, ਕਸ਼ਮੀਰੀ, ਮਿਰਜ਼ਾਪੁਰੀ—ਬਣਦਾ-ਬਣਦਾ ਸੁਪਨਾ ਟੁੱਟ ਕੇ ਖਿੱਲਰ ਗਿਆ। ਕਲਪਣਾ ਵੱਖ ਹੁੰਦੀ ਏ ਤੇ ਯਥਾਰਥ ਬਿਲਕੁਲ ਵੱਖਰੀ ਚੀਜ਼—ਸੰਸਿਆਂ-ਫਿਕਰਾਂ ਨਾਲ ਭਰਪੂਰ। ਉਸਨੂੰ ਯਾਦ ਆ ਗਏ ਸਨ ਉਹ ਨਿੱਕੇ-ਨਿੱਕੇ ਨਿਆਣੇ ਜਿਹੜੇ ਬੁਣਦੇ ਨੇ ਕਸ਼ਮੀਰੀ ਤੇ ਮਿਰਜ਼ਾਪੁਰੀ ਕਾਲੀਨ। ਭੁੱਖੇ-ਨੰਗੇ, ਕੁੱਬੀਆਂ ਢੂਹੀਆਂ ਤੇ ਵੱਢੀਆਂ-ਟੁੱਕੀਆਂ ਉਂਗਲਾਂ ਨਾਲ ਜਵਾਨ ਹੋਣ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਬਚਪਨ। ਸੁਣਿਆ ਏ, ਉਹਨਾਂ ਨਿੱਕੇ-ਨਿੱਕੇ ਹੱਥਾਂ ਦੇ ਬੁਣੇ ਗਲੀਚਿਆਂ ਦੀ ਸਭ ਤੋਂ ਵੱਧ ਵਿਕਰੀ ਅਮਰੀਕਾ ਵਿਚ ਈ ਹੁੰਦੀ ਏ।
ਹੁੰਦੀ ਹੋਏਗੀ। ਉਸਦਾ ਦਿਮਾਗ਼ ਏ ਜਾਂ ਘਣਚੱਕਰ! ਇੱਥੇ ਕਿਹੜਾ ਹੱਥ ਦਾ ਬੁਣਿਆ ਗਲੀਚਾ ਵਿਛਿਆ ਹੋਇਐ। ਇੱਥੋਂ ਤੋਂ ਉੱਥੋਂ ਤੀਕ ਮਸ਼ੀਨ ਦਾ ਬੁਣਿਆ ਸਲੇਟੀ ਕਾਲੀਨ ਏਂ ਪੈਰਾਂ ਹੇਠ—ਹੋਰ ਕੁਝ ਨਹੀਂ। ਨੰਗੇ ਪੈਰ ਤੁਰਨ ਨਾਲ ਆਵਾਜ਼ ਨਹੀਂ ਹੁੰਦੀ। ਚੱਪਲਾਂ ਦੀ ਚਿਟਪਿਟ ਨਾਲ ਪੁੱਤਰ ਦੀ ਨੀਂਦ ਵਿਚ ਵਿਘਣ ਨਹੀਂ ਪੈਂਦਾ। ਉਸਦੇ ਅਮਰੀਕਨ ਪੁੱਤਰ ਨੂੰ ਸ਼ੋਰ ਬਿਲਕੁਲ ਪਸੰਦ ਨਹੀਂ—ਚੱਪਲਾਂ ਦਾ ਸ਼ੋਰ, ਭਾਂਡਿਆਂ ਦਾ ਸ਼ੋਰ, ਹਿੰਦੀ ਗਾਣਿਆ ਦਾ ਸ਼ੋਰ।
ਨਹੀਂ, ਉਸਦੇ ਪਤੀ ਅਮਰੀਕਨ ਨਹੀਂ ਸਨ; ਨਾ ਉਹਨਾਂ ਅੰਦਰ ਰੱਤੀ ਭਰ ਅਮਰੀਕੀ ਖ਼ੂਨ ਸੀ। ਇਹੀ ਤਾਂ ਮਜ਼ੇ ਦੀ ਗੱਲ ਸੀ। ਇਸ ਦੇਸ਼ ਵਿਚ ਚੰਗਾ-ਭਲਾ, ਜਵਾਨ-ਜਹਾਨ, ਆਦਮੀ ਮਿੰਟਾਂ-ਸਕਿੰਟਾਂ ਵਿਚ ਹਿੰਦੁਸਤਾਨੀ ਤੋਂ ਅਮਰੀਕਨ ਬਣ ਜਾਂਦਾ ਸੀ। ਮਾਪਿਆਂ ਦੀ ਨਾਗਰਿਤਕਤਾ, ਸਦੀਆਂ ਦੀ ਵਿਰਾਸਤ, ਖ਼ੂਨ ਤੇ ਨਸਲ, ਸਭ ਧਰੇ ਰਹਿ ਜਾਂਦੇ ਨੇ ਤੇ ਆਦਮੀ ਬਿਨਾਂ ਗਰਭ-ਭੋਗ ਭੋਗਿਆਂ, ਬਿਨਾਂ ਕਿਸੇ ਮਦਦ ਜਾਂ ਪਰਵਰਿਸ਼ ਦੇ, ਨਵਾਂ ਜਨਮ ਲੈ ਲੈਂਦਾ ਏ। ਸਰੀਰ ਰੂਪੀ ਚੋਲਾ ਵੀ ਨਹੀਂ ਬਦਲਦਾ, ਜਿਉਂਦੇ ਦਾ ਜਿਉਂਦਾ...ਨਹੀਂ ਇਹ ਗ਼ਲਤ ਏ; ਮਰਦਾ ਜ਼ਰੂਰ ਏ ਉਹ, ਮੁੜ ਜਨਮ ਲੈਣ ਤੋਂ ਪਹਿਲਾਂ—ਬੜਾ ਕੁਝ ਮਰ ਜਾਂਦਾ ਏ ਅੰਦਰ-ਬਾਹਰ। ਦੇਖਣ ਵਿਚ ਜਵਾਨ-ਜਹਾਨ ਆਦਮੀ ਨਿਰੋਲ ਬੱਚਾ ਬਣ ਕੇ ਈ ਜਨਮ ਲੈਂਦਾ ਏ। ਡਰਿਆ-ਸਹਿਮਿਆਂ, ਪੂਰੇ ਦੇ ਪੂਰੇ ਦੇਸ਼ ਨੂੰ ਪਿਓ ਮੰਨ ਕੇ, ਉਸਦਾ ਹੁਕਮ ਵਜਾਉਂਦਾ ਹੋਇਆ, ਏਨੀ ਹੌਲੀ-ਹੌਲੀ ਵੱਡਾ ਹੁੰਦਾ ਏ ਕਿ ਡਾਲਰ ਦਾ ਮੁੱਲ ਸਮਝਣ ਤੋਂ ਅੱਗੇ, ਸੋਚ ਵਧਦੀ ਈ ਨਹੀਂ ਉਸਦੀ।
ਉਹ ਹੁੰਦੀਆਂ ਹੈਨ ਨਾ, ਛੋਟੀਆਂ ਕਵਿਤਾਵਾਂ, ਜਿਹੜੇ ਨਿੱਕੇ ਬਾਲ ਮਾਂ ਦੀ ਗੋਦੀ ਵਿਚ ਸਿੱਖਦੇ ਹੁੰਦੇ ਸੀ—ਉਹ ਬਾਲ ਤਾਂ ਹੁਣ ਕਦੋਂ ਦੇ 'ਟਵਿੰਕਲ ਟਵਿੰਕਲ ਲਿਟਲ ਸਟਾਰ' ਰਟ ਕੇ ਵੱਡੇ ਹੋ ਚੁੱਕੇ ਨੇ; ਪਰ ਦੁਬਾਰਾ ਜਨਮ ਲੈ ਕੇ ਡਾਲਰ-ਡਾਲਰ ਗਾਉਣ ਲੱਗ ਪਏ ਨੇ...:
'ਡਾਲਰ ਡਾਲਰ ਦੂਰ ਕੇ।
ਪੂੜੇ ਪਕਾਏਂ ਬੂਰ ਕੇ।'
ਹੈਤ, ਇੰਜ ਭਲਾ ਕੋਣ ਗਾਉਂਦਾ ਏ'...ਉਹ ਹੱਸ ਪਈ। ਪਰ ਇਕ ਗੱਲ ਏ—-ਭਾਵੇਂ ਦੁਬਾਰਾ ਜਨਮ ਲੈ ਲਿਆ ਏ ਪਰ ਇਹਨਾਂ ਨਵੇਂ-ਨਕੋਰ ਅਮਰੀਕਨਾ ਦੀ ਜੀਭ ਦਾ ਸਵਾਦ ਨਹੀਂ ਬਦਲਿਆ। ਉਹੀ ਪੂੜੇ-ਪਲਾਅ, ਮਟਰ-ਪਨੀਰ, ਮੁਰਗ-ਮੁੱਸਲਮ, ਦੇਖੇ ਨਹੀਂ ਕਿ ਲਾਲ ਟਪਕਣੀ ਸ਼ੁਰੂ। ਇਹੀ ਇਕ ਰਿਸ਼ਤਾ ਏ ਜਿਹੜਾ ਜੋੜੀ ਰੱਖਦਾ ਏ ਦੇਸ਼ ਨਾਲ, ਮਾਂ ਨਾਲ। ਖਾਣਾ ਜਿੰਨਾ ਚਾਹੋ ਪਕਾਓ ਪਰ ਖ਼ਬਰਦਾਰ ਜੇ ਭਾਂਡਿਆਂ ਦੇ ਖੜਕਣ ਦਾ ਸ਼ੋਰ ਹੋਇਆ। ਉਸਦਾ ਅਮਰੀਕਨ ਬੇਟਾ ਬਿਲਕੁਲ ਪਸੰਦ ਨਹੀਂ ਕਰੇਗਾ।
ਖ਼ੈਰ, ਸ਼ੋਰ ਉਸਨੂੰ ਵੀ ਪਸੰਦ ਨਹੀਂ। ਨਵੀਂ-ਨਵੀਂ ਸ਼ਾਦੀ ਹੋਈ ਸੀ ਤਾਂ ਅਲਸਾਈ ਹੋਈ ਹਰ ਸਵੇਰ ਨੂੰ, ਸਵੇਰੇ ਪੰਜ ਵਜੇ ਈ, ਸੱਸ-ਸਹੁਰੇ ਦਾ ਚੱਪਲਾਂ ਚਟਕਾਉਂਦੇ ਫਿਰਨਾਂ ਬੜਾ ਰੜਕਦਾ ਹੁੰਦਾ ਸੀ। ਸੱਸ-ਸਹੁਰਾ ਈ ਕਿਉਂ, ਘਰ ਦੇ ਸਾਰੇ ਜੀਅ ਈ—ਦਿਓਰ-ਜੇਠ, ਜਠਾਨੀਆਂ-ਦਰਾਨੀਆਂ, ਨਣਾਨਾਂ—ਸਾਰੇ ਈ ਉੱਚੀ ਟਿੱਪਕ-ਟਿੱਪਕ ਨਾਲ ਨੰਗੇ ਫਰਸ਼ ਉੱਤੇ ਪੈਰ ਘਸੀਟਦੇ ਫਿਰਦੇ ਸਨ। ਬਸ, ਉਸਦੇ ਵਿਵੇਕ ਬਿਲਕੁਲ ਅੱਲਗ ਸਨ। ਉਹਨਾਂ ਦੀ ਪੈੜਚਾਪ ਵਿਚ ਇਕ ਖਿੱਚ ਸੀ, ਇਕ ਉਡਾਨ ਤੇ ਤਰਤੀਬ। ਗਰਦਨ ਉਪਰ ਕੋਸੇ ਸਾਹਾਂ ਦੀ ਛੂਹ ਨਾਲ ਈ ਪਤਾ ਲੱਗਦਾ ਸੀ ਬਈ ਉਹ ਕੋਲ ਆ ਗਏ ਨੇ। ਸੁਣਿਆ ਏ, ਉਮਰ ਦੇ ਨਾਲ ਨਾਲ ਹਰੇਕ ਪੁੱਤਰ, ਪਿਓ ਵਰਗਾ ਹੋ ਜਾਂਦਾ ਏ। ਕੀ ਇਕ ਦਿਨ ਵਿਵੇਕ ਵੀ ਓਹਨਾਂ ਵਰਗੇ ਹੋ ਜਾਂਦੇ—ਰਹਿੰਦੇ ਤਾਂ?...ਪਰ ਕਿੱਥੇ, ਜਿਵੇਂ ਦੱਬਵੇਂ ਪੈਰੀਂ ਨੇੜੇ ਆਉਂਦੇ ਸੀ, ਓਵੇਂ ਹੀ ਬਿਨਾਂ ਆਵਾਜ਼, ਕਿਧਰੇ ਦੂਰ ਨਿਕਲ ਗਏ; ਸਦਾ ਸਦਾ ਲਈ।
ਜੋ ਹੋਵੇ, ਚੱਪਲ ਲਾਹ ਕੇ ਨੰਗੇ ਪੈਰੀਂ ਬਿਨਾਂ ਆਵਾਜ਼ ਤੁਰਨਾ ਚੰਗਾ ਲੱਗਦਾ ਏ...ਕਿੰਨੇ ਡਾਲਰ ਦਾ ਆਇਆ ਹੋਵੇਗਾ ਇਹ ਕਾਲੀਨ? ਛੱਡੋ...ਚਾਹ ਬਨਾਓ। ਹੇ ਰਾਮ! ਪਾਣੀ ਤਾਂ ਸਾਰਾ ਸੜ ਗਿਆ। ਪੀਂ-ਈਂ-ਈਂ...ਸਤਿਆਨਾਸ! ਵੱਜ ਗਿਆ ਸਮੋਕ-ਅਲਾਰਮ।
ਉਸਨੇ ਅਖ਼ਬਾਰ ਚੁੱਕਿਆ ਤੇ ਅਲਾਰਮ ਦੇ ਹੇਠ ਹਿਲਾਉਣ ਲੱਗ ਪਈ। ਧੂੰਆਂ ਤਿਤਰ-ਬਿਤਰ ਹੋ ਗਿਆ ਤਾਂ ਅਲਾਰਮ ਬੰਦ ਹੋ ਜਾਵੇਗਾ। ਸ਼ੋਰ...
ਪਰ ਪੁੱਤਰ ਤਾਂ ਸਾਹਮਣੇ ਖੜ੍ਹਾ ਸੀ। ਬਿਲਕੁਲ ਪਿਓ 'ਤੇ ਗਿਆ ਏ। ਇੰਜ ਵੀ ਕੀ ਦੱਬਵੇਂ ਪੈਰੀਂ ਤੁਰਨਾ ਹੋਇਆ!
“ਏਨੀ ਸਵੇਰੇ-ਸਵੇਰ ਪਰੌਂਠੇ ਬਣਾ ਰਹੀ ਸੈਂ?” ਸੁਧੀਰ ਨੇ ਬੇ-ਦਿਲੀ ਜਿਹੀ ਨਾਲ ਪੁੱਛਿਆ।
“ਨਹੀਂ,” ਉਹ ਸ਼ਰਮਿੰਦੀ ਹੋ ਗਈ ਸੀ—“ਚਾਹ ਦਾ ਪਾਣੀ ਸੜ ਗਿਆ।”
“ਚਾਹ ਤਾਂ ਮੈਂ ਪੀਂਦਾ ਨਹੀਂ।”
“ਮੈਂ ਪੀਂਦੀ ਆਂ।”
“ਓ ਹਾਂ, ਪਰੌਂਠੇ ਨਹੀਂ ਬਣਾ ਰਹੀ?”
“ਨਹੀਂ, ਟੋਸਟ ਖਾਓ! ਕੋਲਸਟ੍ਰੋਲ ਵਧ ਜਾਏਗਾ।”
“ਓ ਮਾਂ, ਅਮਰੀਕਨਾਂ ਵਾਂਗ ਨਾ ਬੋਲ।”
“ਕਿਉਂ, ਤੂੰ ਅਮਰੀਕਨ ਬਣ ਸਕਦਾ ਏਂ...ਮੈਂ ਨਹੀਂ?”
“ਤਾਂ ਫੇਰ ਚਾਹ ਪੀਣੀ ਛੱਡ ਦੇਅ, ਹਰਬਲ ਪੀਆ ਕਰ।” ਕਹਿ ਕੇ ਉਹ ਝੱਟ ਆਪਣੇ ਕਮਰੇ ਵਿਚ ਜਾ ਘੁਸਿਆ। ਉੱਥੇ ਉਸਦੀ ਪਹੁੰਚ ਨਹੀਂ ਸੀ। ਪਹਿਲੇ ਦਿਨ ਹੀ ਉਸਨੇ ਕਹਿ ਦਿੱਤਾ ਸੀ ਕਿ 'ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਏ, ਹਿੰਦੁਸਤਾਨ ਵਾਂਗ ਨਹੀਂ ਕਿ ਤਿੰਨ ਪੀੜ੍ਹੀਆਂ ਇਕੋ ਕਮਰੇ ਵਿਚ ਸੁੱਤੀਆਂ ਰਹਿਣ।'
ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਏ।' ਉਸਨੇ ਵੀ ਇਹੀ ਗੱਲ ਬੜੀ ਬੇ-ਦਿਲੀ ਜਿਹੀ ਨਾਲ ਆਖੀ ਸੀ, ਜਦੋਂ ਸ਼ਾਦੀ ਪਿੱਛੋਂ ਵਿਵੇਕ ਦੀ ਪਹਿਲੀ ਚਿੱਠੀ ਆਈ ਸੀ ਤੇ ਦਿਓਰਾਂ-ਨਣਾਨਾਂ ਨੇ ਰਲ ਕੇ ਖੋਲ੍ਹ ਲਈ ਸੀ। ਸੱਸ ਸਹੁਰਾ-ਸਾਹਮਣੇ ਬੈਠੇ ਹੱਸਦੇ ਰਹੇ ਸਨ। ਕਿਉਂ ਨਾ ਹੱਸਦੇ! ਇਹਨਾਂ ਸਹੁਰਾ-ਸ਼੍ਰੀ ਕਰਕੇ ਈ ਤਾਂ ਸੁਹਾਗਰਾਤ ਦੀ ਅਗਲੀ ਸਵੇਰ, ਅਭੁੱਲ ਯਾਦਗਾਰ ਬਣ ਗਈ ਸੀ। ਸਵੇਰੇ ਅੱਠ ਤੋਂ ਉੱਤੇ ਕੀ ਵੱਜੇ, ਸਹੁਰਾ-ਸ਼੍ਰੀ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਫੜ੍ਹਾਕ ਕਰਕੇ ਖੋਲ੍ਹਦੇ ਹੋਏ ਅੰਦਰ ਆ ਗਏ ਸੀ। ਵਿਵੇਕ ਸ਼ਾਇਦ ਰਾਤੀਂ ਇਕ ਵਾਰੀ ਬਾਹਰ ਗਏ ਸਨ...ਕੀ ਕਰਦੇ, ਟੱਟੀ ਜੋ ਬਿਲਕੁਲ ਬਾਹਰ ਵਾਰ ਸੀ...ਤੇ ਆ ਕੇ ਚਿਟਕਨੀ ਲਾਉਣੀ ਭੁੱਲ ਗਏ ਸਨ। ਪਰ ਖੜਕਾਇਆ ਤਕ ਨਹੀਂ ਸੀ ਸਹੁਰਾ-ਸ਼੍ਰੀ ਨੇ—ਦਰਵਾਜ਼ੇ ਉੱਤੇ ਹੱਥ ਮਾਰਿਆ ਤੇ ਯਕਦਮ ਅੰਦਰ। ਉਫ਼! 'ਅੰਦਰ ਆਉਂਦੇ ਹੀ ਫੌਰਨ ਵਾਪਸ ਪਰਤ ਗਏ ਸਨ।' ਵਿਵੇਕ ਨੇ ਦੱਸਿਆ ਸੀ; ਉਹ ਤਾਂ ਸ਼ਰਮ ਨਾਲ ਪਾਣੀ ਪਾਣੀ ਹੋਈ ਚਾਦਰ ਵਿਚ ਦਫ਼ਨ ਹੋ ਗਈ ਸੀ।
ਪਿੱਛੋਂ ਉਹਨਾਂ ਸਾਹਮਣੇ ਜਾਣਾ ਕਿੰਨਾ ਮੁਸ਼ਕਿਲ ਹੋ ਗਿਆ ਸੀ...ਇਕ ਗੰਢ ਜਿਹੀ ਪੈ ਗਈ ਮਨ ਵਿਚ। ਪਰ ਅਚਰਜ, ਉਹਨਾਂ ਨੂੰ ਕੋਈ ਮਲਾਲ ਨਹੀਂ ਸੀ—ਨਾ ਪਛਤਾਵਾ, ਨਾ ਸ਼ਰਮਿੰਦਗੀ। ਦੋ ਰਾਤਾਂ ਬੀਤੀਆਂ ਨਹੀਂ ਸਨ ਕਿ ਸੱਸ-ਸਹੁਰੇ ਨੇ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ—'ਕੀ ਗਰਮੀ 'ਚ ਕਮਰੇ ਵਿਚ ਵੜੇ ਰਹਿੰਦੇ ਓ...ਛੱਤ 'ਤੇ ਸੰਵਿਆਂ ਕਰੋ—ਖੁੱਲ੍ਹੀ ਹਵਾ ਵਿਚ, ਸਵੇਰੇ ਸਵਖ਼ਤੇ ਏਨੀ ਠੰਡ ਹੁੰਦੀ ਐ ਕਿ ਕੰਬਲ ਲੈਣਾ ਪੈਂਦੈ—ਸਿਹਤ ਦਾ ਖ਼ਿਆਲ ਰੱਖੋ, ਬੁਢਾਪੇ ਵਿਚ ਪਛਤਾਓਗੇ—ਸਾਨੂੰ ਦੇਖੋ, ਸੱਠ ਦੇ ਹੋ ਗਏ, ਤੁਹਾਤੋਂ ਜਲਦੀ ਉੱਠਦੇ ਆਂ, ਦੁੱਗਣਾ ਕੰਮ ਕਰਦੇ ਆਂ।' ਵਗ਼ੈਰਾ ਵਗ਼ੈਰਾ। ਸਿੱਖਿਆ ਦੇਣ ਵੇਲੇ ਵਾਂਕਾਂ ਵਿਚ ਡੰਡੀ ਲਾਉਣ ਦੀ ਪਰੰਪਰਾ ਉਹਨਾਂ ਦੇ ਹੈ ਨਹੀਂ ਸੀ। ਉਸੇ ਦਿਨ ਤੋਂ ਉਸਦੇ ਮਨ ਵਿਚ ਸਹੁਰੇ ਪ੍ਰਤੀ ਵੱਟ ਪੈ ਗਿਆ ਸੀ।
ਇਹ ਵੀ ਕੋਈ ਗੱਲ ਹੋਈ ਭਲਾ! ਭਲਾ ਕੋਈ ਪੁੱਛੇ, ਹਿੰਦੁਸਤਾਨ ਵਿਚ ਬਹੂਆਂ ਨੂੰ ਕੀ ਕੁਝ ਨਹੀ ਸਹਿਣਾ ਪੈਂਦਾ। ਇਹ ਕਿੱਡੀ ਕੁ ਗੱਲ ਸੀ—ਨਾ ਤਿਲ, ਨਾ ਤਾੜ। ਐਵੇਂ ਚਾਹੋ ਤਾਂ ਤਿਲ ਦਾ ਤਾੜ ਬਣਾਅ ਲਓ। ਕਿੰਨਾ ਸਮਝਾਇਆ ਸੀ ਮਨ ਨੂੰ ਪਰ ਮੰਨਿਆ ਈ ਨਹੀਂ ਸੀ ਮੋਇਆ। ਗੱਲ ਕੀ ਸੀ ਜੇ ਸਿਰਫ ਇਕ ਵਾਰੀ ਅੱਖ ਮਿਲਾਉਣ ਉੱਤੇ ਸਹੁਰਾ-ਸ਼੍ਰੀ ਨੀਵੀਂ ਪਾ ਲੈਂਦੇ, ਚਿਹਰਾ ਉਹਨਾਂ ਦਾ ਰਤਾ ਕੁ ਢਲ ਜਾਂਦਾ ਤਾਂ ਉਹ ਸਭ ਕੁਝ ਭੁੱਲ ਜਾਂਦੀ। ਪਰ ਉਹ ਤਾਂ ਇੰਜ ਅੜੇ ਰਹੇ ਜਿਵੇਂ ਕੁਝ ਹੋਇਆ ਹੀ ਨਹੀਂ ਸੀ, ਸਿਵਾਏ ਇਸ ਦੇ ਕਿ 'ਅੱਠ ਵਜੇ ਤਕ ਬਿਸਤਰੇ ਵਿਚ ਵੜੇ ਰਹਿਣ ਨਾਲ ਸਿਹਤ ਖ਼ਰਾਬ ਹੋ ਜਾਂਦੀ ਐ'। ਰਾਤੀਂ ਤਿੰਨ ਚਾਰ ਵਾਰੀ ਉਠ ਕੇ ਦਰਵਾਜ਼ੇ ਦੀ ਚਿਟਕਨੀ ਚੈੱਕ ਕਰ ਲੈਣਾ ਉਸਦੀ ਪੱਕੀ ਆਦਤ ਬਣ ਗਈ ਸੀ। ਪਰ ਵਿਵੇਕ ਨੂੰ ਕਿਸੇ ਰਾਤ ਵੀ ਉਸਨੇ ਕੁਝ ਨਹੀਂ ਸੀ ਕਿਹਾ। ਸਹੁਰੇ ਪ੍ਰਤੀ ਮਾੜੀ ਭਾਵਨਾ ਵਾਲੀ ਗੱਲ ਜ਼ੁਬਾਨ ਉੱਤੇ ਨਹੀਂ ਸੀ ਲਿਆਂਦੀ ਜਾ ਸਕਦੀ। ਲੱਖ ਵਿਵੇਕ ਤੇ ਪਰਿਵਾਰ ਵਿਚ ਫਰਕ ਹੋਵੇ ਪਰ ਸੀ ਤਾਂ ਉਹ ਉਸੇ ਪਰਿਵਾਰ ਦਾ ਬੀਜ।
ਵਿਵੇਕ ਦੇ ਚਲੇ ਜਾਣ ਪਿੱਛੋਂ ਉਹਨਾਂ ਦਾ ਕਮਰਾ ਰੇਲਵੇ ਪਲੇਟਫਾਰਮ ਬਣ ਗਿਆ ਸੀ। ਜਿਹੜਾ ਮਹਿਮਾਨ ਆਏ, ਬੋਰੀਏ-ਬਿਸਤਰੇ ਸਮੇਤ ਸਿੱਧਾ ਉਸੇ ਉੱਤੇ ਆਣ ਕਾਬਜ ਹੋਵੇ। ਥੋੜ੍ਹੇ ਦਿਨਾਂ ਬਾਅਦ ਈ ਕਮਰਾ ਛੱਡ ਕੇ ਸਟੋਰ ਵਿਚ ਜਾਣਾ ਪਿਆ ਸੀ। ਉਂਜ ਨਾਂਅ ਉਸਦਾ ਪਿੱਛਲੀ ਕੋਠੜੀ ਸੀ। ਇਕ ਮੰਜੇ ਜਿੰਨੀ ਥਾਂ ਸੀ ਮਸੀਂ। ਇਕ ਦਰਵਾਜ਼ਾ ਤੇ ਇਕ ਖਿੜਕੀ ਵੀ ਹੈ ਸਨ, ਹਵਾ ਦੇ ਆਉਣ-ਜਾਣ ਖਾਤਰ। ਸੁਧੀਰ ਦੀ ਪੜ੍ਹਾਈ ਨਾ ਹੁੰਦੀ ਤਾਂ ਉਹ ਕੋਠੜੀ ਵੀ ਨਹੀਂ ਸੀ ਮਿਲਣੀ। ਫੇਰ ਉਸਨੂੰ ਵਜੀਫ਼ਾ ਮਿਲਣ ਲੱਗ ਪਿਆ ਤੇ ਉਸਦੀ ਪੜ੍ਹਾਈ ਦਾ ਮੁਲ ਹੋਰ ਵਧ ਗਿਆ। ਉਂਜ ਨਲਿਨੀ ਵੀ ਸਕੂਲ ਵਿਚ ਪੜ੍ਹਾਉਂਦੀ ਸੀ, ਆਪਣੇ ਤੇ ਸੁਧੀਰ ਦੇ ਖਾਣ-ਪਾਉਣ ਜੋਗਾ ਕਮਾਅ ਲੈਂਦੀ ਸੀ; ਪਰ ਉਸਦਾ ਕੋਈ ਮੁੱਲ ਨਹੀਂ ਸੀ। ਹੁੰਦਾ ਵੀ ਕਿੰਜ? ਇਕ ਬਰਸਾਤੀ ਤਕ ਕਿਰਾਏ ਉੱਤੇ ਲੈ ਕੇ ਰਹਿਣ ਦੀ ਬਿਸਾਤ ਨਹੀਂ ਸੀ; ਕੋਠੜੀ ਈ ਕੋਠੀ ਸੀ ਉਸਦੇ ਲਈ। ਸੱਸ-ਸਹੁਰਾ ਭਲੇ ਸਨ ਉਸਦੇ, ਲੱਖ ਕਹਿੰਦੇ ਰਹੇ ਹੋਣ ਨਲਿਨੀ ਦਾ ਕੀ ਐ, ਕਿਤੇ ਵੀ ਪੈ ਜਾਵੇਗੀ, ਪਰ ਕਦੀ ਵੀ ਉਸਨੂੰ ਰਸੋਈ ਜਾਂ ਵਰਾਂਡੇ ਵਿਚ ਸੌਣ ਲਈ ਮਜ਼ਬੂਰ ਨਹੀਂ ਸੀ ਕੀਤਾ। ਰਾਤ ਹੁੰਦਿਆਂ ਈ ਉਹ ਕੋਠੜੀ ਦਾ ਦਰਵਾਜ਼ਾ ਬੰਦ ਕਰਕੇ ਚਿਟਕਨੀ ਲਾ ਲੈਂਦੀ। ਹੋਰ ਜੋ ਵੀ ਹੋਵੇ, ਕੋਠੜੀ ਵਿਚ ਪ੍ਰਾਈਵੇਸੀ ਤਾਂ ਸੀ।
ਪ੍ਰਾਈਵੇਸੀ! ਹਿੰਦੀ/ਪੰਜਾਬੀ ਵਿਚ ਕੋਈ ਸ਼ਬਦ ਹੈ ਉਸਦੇ ਲਈ? ਸ਼ਾਇਦ ਨਹੀਂ। ਅਜਿਹੀ ਕੋਈ ਸੋਚ ਈ ਨਹੀਂ ਏ ਸਾਡੇ ਕੋਲ। ਜੋ ਖ਼ੁਦ ਡਿੱਠਾ, ਜਗ ਨੂੰ ਵਿਖਾਲ ਦਿੱਤਾ। ਜੋ ਆਪਣਾ ਹੁੰਦਾ ਏ, ਸਦੀਵੀਂ ਆਪਣਾ, ਢਕਿਆ-ਧਰਿਆ, ਮਨ ਦੀਆਂ ਪਰਤਾਂ ਵਿਚ ਕੈਦ, ਬਸ ਉਹੀ ਆਪਣਾ ਬਣਿਆ ਰਹਿੰਦਾ ਏ ਹੋਰ ਕੁਝ ਨਹੀਂ। ਨਾ ਕੋਈ ਰਿਸ਼ਤਾ, ਨਾ ਭਾਵਨਾ। ਉਹ ਸੁਧੀਰ ਦੇ ਮਨ ਨੂੰ ਸਮਝ ਸਕਦੀ ਏ। ਉਸ ਕੋਠੜੀ ਦੀ ਨਗਣ ਰਹਾਇਸ਼ ਪਿੱਛੋਂ ਪ੍ਰਈਵੇਸੀ ਕਿੰਨੀ ਕੀਮਤੀ ਚੀਜ਼ ਬਣ ਗਈ ਹੋਵੇਗੀ ਉਸ ਲਈ—ਇਹ ਸਮਝਦੀ ਏ ਉਹ। ਇਸੇ ਲਈ ਉਸਦੀ ਗ਼ੈਰ ਮੌਜ਼ੂਦਗੀ ਵਿਚ ਵੀ, ਉਸਦੇ ਕਮਰੇ ਵਿਚ ਨਹੀਂ ਜਾਂਦੀ। ਕਦੀ ਕਦੀ ਮਨ ਕਰਦਾ ਏ, ਅੰਦਰ ਜਾ ਕੇ ਕੁਝ ਪੂੰਝ-ਬੁਹਾਰ ਕਰ ਦੇਵੇ, ਕਿਹੜਾ ਉੱਥੇ ਉਸਦੀ ਘਰਵਾਲੀ ਬੈਠੀ ਏ। ਪਰ ਪੈਰ ਅੰਦਰ ਰੱਖਣ ਤੋਂ ਪਹਿਲਾਂ ਈ, ਆਪਣੇ ਮਨ ਦੇ ਦਰਵਾਜ਼ੇ ਉਪਰ ਟੰਗਿਆ ਸਹੁਰਾ-ਸ਼੍ਰੀ ਦਾ ਬਿਟਰ-ਬਿਟਰ ਤੱਕਦਾ ਚਿਹਰਾ ਯਾਦ ਆ ਜਾਂਦਾ ਏ ਤੇ ਉਹ ਥਾਵੇਂ ਸਿਲ-ਪੱਥਰ ਹੋ ਜਾਂਦੀ ਏ।
ਉਸਨੇ ਕੁਕਿੰਗ ਰੇਂਜ ਦੇ ਚੁੱਲ੍ਹੇ ਉੱਤੇ ਪਾਣੀ ਦੁਬਾਰਾ ਰੱਖਿਆ। ਚਾਹ ਤਾਂ ਪੀਣੀ ਈ ਪੀਣੀ ਏ। ਮਨ ਭਾਰੀ ਹੋਵੇ ਭਾਵੇਂ ਹਲਕਾ। ਬੀਤਿਆ ਹੋਇਆ ਕੱਲ੍ਹ ਦਿਲ ਉੱਤੇ ਕਾਬਜ ਹੋਵੇ ਜਾਂ ਆਉਣ ਵਾਲਾ ਕੱਲ੍ਹ। ਵਿਵੇਕ ਦੇ ਜਾਣ ਪਿੱਛੋਂ ਵੀ ਸਵੇਰ ਦੀ ਚਾਹ ਨਹੀਂ ਛੁੱਟੀ ਸੀ। ਸਕੂਲ ਲਈ ਸਵੇਰੇ ਸਵਖ਼ਤੇ ਘਰ ਛੱਡਣਾ ਪੈਂਦਾ ਸੀ ਇਸ ਲਈ ਨਿਭ ਗਈ ਸੀ। ਚਾਹ ਕਹੋ, ਨਾਸ਼ਤਾ ਕਹੋ, ਸਵੇਰ ਦੀ ਚਾਹ ਫੇਰ ਵੀ ਚਾਹ ਸੀ।
ਇੱਥੇ ਆਉਣ 'ਤੇ ਸੁਧੀਰ ਨੇ ਮਾਈਕਰੋਵੇਵ ਵਿਚ ਪਾਣੀ ਦਾ ਪਿਆਲਾ ਰੱਖ ਕੇ ਚਾਹ ਬਨਾਉਣ ਲਈ ਕਿਹਾ ਤਾਂ ਉਹ ਹਿਰਖ ਗਈ ਸੀ। 'ਲੈ ਭਲਾ, ਮਹਿਕ ਨਾ ਉੱਠੀ ਤਾਂ ਚਾਹ ਦਾ ਕੀ ਫਾਇਦਾ?' ਉਸਨੂੰ ਨਾ ਟੀ ਬੈਗ ਚੰਗਾ ਲੱਗਦਾ ਏ, ਨਾ ਚਾਹ। ਬਸ ਦੁੱਧ ਈ ਦੁੱਧ—ਨਾ ਇਲਾਇਚੀ, ਨਾ ਮਸਾਲਾ। ਪਰ...ਉਬਲਦੇ ਪਾਣੀ ਵਿਚ ਪਾਈ ਗਈ ਲੰਮੀ ਫਲੀ ਵਾਲੀ ਚਾਹ ਦੀ ਮਿੰਨ੍ਹ-ਮਿੰਨ੍ਹੀ ਉੱਠਦੀ ਗੰਧ—ਵਿਵੇਕ ਨਾਲ ਬਿਤਾਏ ਦਿਨਾਂ ਦੀ ਯਾਦਗਾਰ ਦੇ ਤੌਰ 'ਤੇ ਇਹ ਦਿਲਕਸ਼ ਮਹਿਕ ਈ ਤਾਂ ਬਚੀ ਸੀ ਉਸ ਕੋਲ...ਉਹੀ ਉਸਦਾ ਤਾਜ-ਮਹਿਲ ਸੀ, ਉਹੀ ਉਸਦੀ ਸ਼ਾਇਰੋ-ਸ਼ਇਰੀ।
ਪਾਣੀ ਉਬਲ ਗਿਆ। ਉਸਨੇ ਉਸ ਵਿਚ ਚਾਹ ਪੱਤੀ ਪਾ ਦਿੱਤੀ, ਢਕੀ ਤੇ ਝੱਟ ਹੇਠਾਂ ਲਾਹ ਲਈ। ਹੁਣ ਦੋ ਮਿੰਟ ਦਾ ਇੰਤਜ਼ਾਰ। ਪਾਣੀ ਚਾਹ ਦੀ ਗੰਧ ਨਹੀਂ ਸੋਖ਼ ਸਕੇਗਾ। ਪੋਣੀ ਵਿਚੋਂ ਛਣ ਕੇ ਪਿਆਲੇ ਵਿਚ ਢਲਦੀ ਚਾਹ ਦੀ ਗੰਧ ਨਾਲ ਭਰੀ ਹਵਾ ਵਿਵੇਕ ਨੂੰ ਕੋਲ ਲੈ ਆਏਗੀ। ਸਿਰਫ ਦੋ ਮਿੰਟ ਦੇ ਇੰਤਜ਼ਾਰ ਪਿੱਛੋਂ ਚਾਹ ਦੀ ਪਹਿਲੀ ਚੁਸਕੀ ਲੈਣ ਦਾ ਮਜ਼ਾ ਵੀ ਨਹੀਂ ਸੀ ਮਿਲਦਾ ਕਦੀ ਕਦੀ ਤਾਂ—ਸੁਧੀਰ ਸਮੇਤ ਸਾਰੇ ਘਰ ਦਾ ਨਾਸ਼ਤਾ ਤਿਆਰ ਕਰਨ ਦੀ ਕਾਹਲ ਵਿਚ ਕਿੰਨੀ ਵਾਰੀ ਚਾਹ ਪਈ ਪਈ ਕੌੜੀ ਤੇ ਠੰਡੀ ਹੋ ਜਾਂਦੀ ਹੁੰਦੀ ਸੀ। ਫੇਰ ਵੀ ਇਕ ਵਾਰੀ ਉਹ ਮਹਿਕ ਸੁੰਘ ਚੁੱਕੀ ਹੁੰਦੀ ਸੀ, ਉਸਦੀ ਅੰਤਰ-ਆਤਮਾ।
ਅੰਤਰ-ਆਤਮਾ! ਸੁਧੀਰ ਨੂੰ ਇਸ ਸ਼ਬਦ ਨਾਲ ਖਾਸ ਚਿੜ ਏ। ਕਹਿੰਦਾ ਏ ਤੁਹਾਡੇ ਲੋਕਾਂ ਦੇ ਸਿਰਾਂ ਉੱਤੇ, ਹਮੇਸ਼ਾ ਕਿਸੇ ਅਪਰਾਧ ਦਾ ਅਹਿਸਾਸ ਭਾਰੂ ਰਹਿੰਦਾ ਏ, ਇਸੇ ਲਈ ਅੰਤਰ-ਆਤਮਾ, ਅੰਤਰ-ਆਤਮਾ ਕਰਦੇ ਰਹਿੰਦੇ ਓ। ਨਹੀਂ ਸੁਧੀਰ ਗੱਲ ਸਿਰਫ ਅਪਰਾਧ ਦੇ ਅਹਿਸਾਸ ਦੀ ਨਹੀਂ। ਪ੍ਰਾਈਵੇਸੀ ਦੇ ਨਾਂਅ ਉੱਤੇ ਹੋਰ ਕੁਛ ਸਾਡੇ ਕੋਲ ਹੈ ਵੀ ਤਾਂ ਨਹੀਂ, ਸਿਵਾਏ ਏਸ ਇਕ ਅੰਤਰ-ਆਤਮਾ ਦੇ। ਬਾਕੀ ਸਭ ਕੁਛ ਤਾਰ-ਤਾਰ ਕਰਕੇ ਨੰਗਾ ਕਰ ਦਿੱਤਾ ਜਾਂਦਾ ਏ। ਚਾਹ ਦੀ ਮਹਿਕ ਵਿਚ ਵਿਵੇਕ ਦੇ ਆਸਪਾਸ ਹੋਣ ਦੀ ਗੱਲ ਕਰਦੀ ਤਾਂ ਲੋਕ ਪਾਗ਼ਲ ਕਹਿਣ ਲੱਗ ਪੈਂਦੇ ਮੈਨੂੰ, ਦੁਨੀਆਂ ਲਈ ਮੇਰੀ ਖ਼ੁਦੀ ਅਫ਼ਸਾਨਾ ਬਣ ਜਾਂਦੀ। ਪਰ ਮੈਂ ਕਦੀ ਕਿਸੇ ਨਾਲ ਗੱਲ ਸਾਂਝੀ ਨਹੀਂ ਕੀਤੀ। ਚਾਹ ਦੇ ਚਸਕੇ ਪਿੱਛੇ ਕਿੰਨੇ ਤਾਅਨੇ-ਮਿਹਣੇ ਸੁਣੇ ਪਰ ਆਪਣੀ ਪ੍ਰਾਈਵੇਸੀ ਵਿਚ ਕਿਸੇ ਨੂੰ ਸ਼ਰੀਕ ਨਹੀਂ ਕੀਤਾ।
ਉਸਨੇ ਲੰਮੀ ਚੁਸਕੀ ਲਈ, ਲੰਮਾਂ ਸਾਹ ਖਿੱਚ ਕੇ ਗੰਧ ਨੂੰ ਧੁਰ ਅੰਦਰ ਤਕ ਲੈ ਗਈ ਤੇ ਮੁਸਕਰਾਈ। ਹਰਬਲ ਪੀਓ, ਹਰਬਲ! ਇਹ ਨਵੇਂ ਬਣੇ ਅਮਰੀਕਨ ਵੀ ਲਕੀਰ ਦੇ ਫਕੀਰ ਹੁੰਦੇ ਨੇ। ਸ਼ੁਰੂ ਹੋਣਗੇ ਉਸੇ ਊੜੇ ਤੋਂ ਪਰ ਜੋ ਕਹਿਣਗੇ ਅਨੁਵਾਦ ਕਰਕੇ। ਮਨ ਹੋਇਆ ਸਿੱਧੀ ਜਾ ਕੇ ਸੁਧੀਰ ਤੋਂ ਪੁੱਛੇ ਕਿਉਂ ਬਈ ਤੂੰ ਪੀਂਦਾ ਹੁੰਦਾ ਸੈਂ ਬਚਪਨ ਵਿਚ ਬਨਕਸ਼ਾ-ਜੁਸ਼ਾਂਦਾ ਜੋ ਮੈਂ ਹਰਬਲ ਪੀਵਾਂ? ਜੁਕਾਮ ਖਾਂਸੀ ਹੋਣ 'ਤੇ ਦਾਦੀ ਕਾੜ੍ਹਾ ਪਿਆਉਂਦੀ ਸੀ ਤਾਂ ਆਸਮਾਨ ਸਿਰ 'ਤੇ ਚੁੱਕ ਲੈਂਦਾ ਸੈਂ। ਇਹੋ ਹਰਬਲ ਹੀ ਤਾਂ ਸੀ ਉਹ, ਜਿਸ ਦੇ ਅੱਜ ਤੂੰ ਸਿਹਤ ਤੇ ਤੱਰਕੀ ਦੇ ਨਾਂਅ 'ਤੇ ਗੁਣ-ਗਾਉਂਦਾ ਫਿਰਦਾ ਏਂ। ਹਾਂ, ਅਨੁਵਾਦ ਜ਼ਰੂਰ ਕਰ ਲਿਆ ਏ ਤੂੰ, ਨਾਂਅ ਦਾ। ਪਰ ਬਚਪਨ ਦੀ ਕੀ ਦੱਸਾਂ, ਉਦੋਂ ਸੁਧੀਰ ਦੁੱਧ ਪੀਣਾ ਚਾਹੁੰਦਾ ਸੀ...ਮੁਸ਼ਕਿਲ ਨਾਲ ਅੱਧਾ ਗ਼ਲਾਸ ਨਸੀਬ ਹੁੰਦਾ ਸੀ। ਇੰਜ ਨਹੀਂ ਸੀ ਕਿ ਉਸ ਲਈ ਦੋ ਗ਼ਲਾਸ ਦੁੱਧ ਖਰੀਦ ਲੈਣ ਜਿੰਨਾ ਕਮਾਉਂਦੀ ਨਹੀਂ ਸੀ ਉਹ, ਪਰ ਘਰ ਵਿਚ ਹੋਰ ਲੋਕ ਵੀ ਤਾਂ ਸਨ—ਬੁੱਢੇ ਸੱਸ-ਸਹੁਰਾ, ਫੇਰ ਦਿਓਰ-ਦਰਾਣੀਆਂ, ਉਹਨਾਂ ਦੇ ਦੋ ਬੱਚੇ। ਇਕ ਜਣੇ ਦੇ ਹਿੱਸੇ ਮੁਸ਼ਕਿਲ ਨਾਲ ਇਕ ਗ਼ਲਾਸ ਦੁੱਧ ਆਉਂਦਾ ਸੀ, ਸੁਧੀਰ ਲਈ ਅੱਧਾ ਈ ਬਚਦਾ, ਉਹ ਖ਼ੁਦ ਦੋ ਬੂੰਦ ਦੁੱਧ ਦੀ ਚਾਹ ਪੀਂਦੀ, ਵਰਨਾ ਓਨਾ ਵੀ ਨਾ ਹੁੰਦਾ ਸ਼ਾਇਦ...ਹੁਣ ਤਾਂ ਦਿਨ ਵਿਚ ਤਿੰਨ ਵਾਰੀ ਦੁੱਧ ਪੀਂਦਾ ਏ, ਨਲਿਨੀ ਨੂੰ ਵੀ ਕਹਿੰਦਾ ਏ, ਦੁੱਧ ਪੀਆ ਕਰੋ, ਪਰ ਉਸਦੀ ਦੁੱਧ ਦੀ ਆਦਤ ਤਾਂ ਕਦੇ ਦੀ ਛੁੱਟੀ ਚੁੱਕੀ ਏ। ਅੱਛਾ, ਕਿਤੇ ਇਸ ਦੁੱਧ ਮਾਰਾ ਈ ਤਾਂ ਸੁਧੀਰ ਅਮਰੀਕਨ ਨਹੀਂ ਬਣਿਆ?
ਛੱਡੋ...ਹੋਏਗਾ। ਚਾਹ ਪੀਂਦਿਆਂ ਹੋਇਆ ਊਲ-ਜਲੂਲ ਨਹੀਂ ਸੋਚਣਾ ਚਾਹੀਦਾ, ਸਵਾਦ ਮਾਰਿਆ ਜਾਂਦਾ ਏ।
ਚਾਹ ਦੇ ਚਾਰ ਘੁੱਟ ਅੰਦਰ ਗਏ ਤਾਂ ਦਿਮਾਗ਼ ਚੌਕਸ ਹੋ ਗਿਆ। ਪੁਰਾਣੀਆਂ ਯਾਦਾਂ ਵਿਚੋਂ ਨਿਕਲ ਕੇ ਘਰ ਵਾਪਸ ਆਇਆ। ਕੱਲ੍ਹ ਫੇਰ ਸਾਰੀ ਰਾਤ ਉਪਰ ਵਾਲਾ ਫਰਸ਼ 'ਤੇ ਪੈਰ ਮਾਰਦਾ ਰਿਹਾ ਸੀ। ਉਸਦਾ ਫਰਸ਼, ਨਲਿਨੀ ਦੀ ਛੱਤ। ਰਾਤ ਭਰ ਉਸਦੇ ਪੈਰਾਂ ਦੀ ਧਮਕ ਸਿਰ ਉਪਰ ਹਥੌੜੇ ਵਾਂਗ ਵੱਜਦੀ ਰਹੀ ਸੀ। ਕੌਣ ਰਹਿੰਦਾ ਏ ਉਪਰਲੇ ਫਲੈਟ ਵਿਚ...ਸਾਰੀ ਰਾਤ ਤੰਗ-ਕੰਧਾਂ ਵਿਚਕਾਰ, ਇਧਰੋਂ-ਉਧਰ ਕਿਉਂ ਭੌਂਦਾ ਰਹਿੰਦਾ ਏ?
ਨਲਿਨੀ ਸੌਂ ਨਹੀਂ ਸਕਦੀ। ਰਾਤਾਂ ਨੂੰ ਜਾਗ ਕੇ ਉਸਦੀ ਪੈੜਚਾਲ ਸੁਣਦੀ ਰਹਿੰਦੀ ਏ। ਪਹਿਲਾਂ ਪਹਿਲਾਂ ਸੋਚਿਆ ਸੀ, ਜੈਟ ਲੇਗ ਹੋਏਗਾ, ਇਕ ਦੇਸ਼ 'ਚੋਂ ਉੱਡ ਕੇ ਦੂਜੇ ਦੇਸ਼ ਜਾਓ ਤਾਂ ਹਲਕੀ ਤੋਂ ਹਲਕੀ ਆਵਾਜ਼ ਵੀ ਰਾਤ ਨੂੰ ਸ਼ੋਰ ਬਣ ਕੇ ਜਗਾਈ ਰੱਖਦੀ ਏ। ਪਰ ਹੁਣ ਇਕ ਪੰਦਰਵਾੜਾ ਬੀਤ ਚੱਲਿਆ ਏ। ਉਪਰ ਵਾਲੇ ਦੀ ਮਟਰਗਸ਼ਤੀ ਉਸੇ ਤਰ੍ਹਾਂ ਜਾਰੀ ਏ। ਰਾਤ ਨੂੰ ਇਕ ਦੋ ਵਾਰੀ ਉਠ ਕੇ ਰਸੋਈ ਜਾਂ ਗ਼ੁਸਲਖ਼ਾਨੇ ਤਕ ਜਾਣਾ ਹੋਰ ਗੱਲ ਏ, ਇਹ ਤਾਂ ਸਾਰੀ ਰਾਤ ਭੂਤ ਵਾਂਗ ਇਧਰੋਂ-ਉਧਰ ਤੁਰਿਆ ਫਿਰਦਾ ਏ।
ਮਰਦ ਏ, ਏਨਾ ਉਹ ਪਹਿਲੀ ਰਾਤ ਉਸਦੇ ਪੈਰਾਂ ਦੀ ਧਮਕ ਤੇ ਫਾਸਲੇ ਤੋਂ ਪਛਾਣ ਗਈ ਸੀ। ਹੌਲੀ-ਹੌਲੀ ਹੋਰ ਕਈ ਅੰਦਾਜ਼ੇ ਲਾ ਲਏ ਸਨ—ਉਮਰ ਸੱਠ ਕੁ ਹੋਏਗੀ; ਇਕੱਲਾ ਰਹਿੰਦਾ ਏ; ਕਦੀ ਕਿਸੇ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਇਕ ਪੈਰ ਜ਼ਰਾ ਘਸੀਟ ਕੇ ਤੁਰਦਾ ਏ। ਏਨੀ ਆਵਾਜ਼ ਕਿਉਂ ਹੁੰਦੀ ਏ?...ਫਰਸ਼ ਉਪਰ ਕਾਲੀਨ ਨਹੀਂ ਵਿਛਿਆ ਹੋਇਆ। ਉਸ ਫਰਸ਼ ਤੇ ਇਸ ਫਰਸ਼ ਦਾ ਫਾਸਲਾ ਕਿੰਨਾ ਏਂ...ਬਸ ਕੋਈ ਸਤ ਫੁੱਟ। ਬੰਦ ਮਾਚਿਸ ਦੀ ਡੱਬੀ ਵਰਗੀਆਂ ਪਤਲੀਆਂ, ਗੱਤਾ-ਲੱਕੜ ਦੀਆਂ, ਕੰਧਾਂ। ਉਪਰੋਂ ਆਵਾਜ਼ ਬਿਨਾਂ ਰੋਕ ਹੇਠਾਂ ਆ ਟਪਕਦੀ ਏ ਤੇ ਉਸਦੇ ਨਾਲ ਡੱਬੀ ਵਿਚ ਕੈਦ ਹੋ ਜਾਂਦੀ ਏ।
ਮਾਚਿਸ ਦੀ ਡੱਬੀ। ਬਿਲਕੁਲ ਉਹੀ। ਬਚਪਨ ਵਿਚ ਉਹ ਲੋਕ ਮਾਚਿਸ ਦੀਆਂ ਡੱਬੀਆਂ ਦਾ ਘਰ ਬਣਾਉਂਦੇ ਹੁੰਦੇ ਸਨ। ਇਕ ਇਕ ਡੱਬੀ ਰੱਖ ਕੇ ਕਈ ਮੰਜ਼ਿਲਾਂ ਉੱਚਾ ਮਕਾਨ। ਕੈਂਚੀ ਨਾਲ ਚਕੋਰ ਕੱਟ ਕੇ ਡੱਬੀ ਵਿਚ ਖਿੜਕੀਆਂ ਬਣਾ ਲਈਆਂ ਜਾਂਦੀਆਂ ਸਨ। ਮਕਾਨ ਖਾਸਾ ਖੂਬਸੂਰਤ ਲੱਗਦਾ ਹੁੰਦਾ ਸੀ, ਉੱਚਾ, ਸਵਾਲ ਜਵਾਬ ਵਿਚ ਖਰਾ, ਕਿਤੇ ਕੁਝ ਵਾਧੂ ਨਹੀਂ; ਖਿਲਾਰਾ, ਅਸੰਗਤ ਨਹੀਂ। ਪਰ ਕਿੰਨਾ ਤੰਗ ਉਫ਼, ਕਿੰਨਾ ਤੰਗ ਦਮਘੋਟੂ। ਏਨਾ ਦਮਘੋਟੂ ਕਿ ਸਹੇਲੀਆਂ ਦੇ ਕਹਿਣ ਦੇ ਬਾਵਜੂਦ, ਉਹ ਉਸ ਵਿਚ ਬੀਰ-ਬਹੂਟੀਆਂ ਰੱਖਣ ਲਈ ਵੀ ਰਾਜ਼ੀ ਨਹੀਂ ਸੀ ਹੁੰਦੀ ਹੁੰਦੀ—ਫੜਨ ਵਿਚ ਅੱਵਲ ਉਹੀ ਸੀ—ਇਸ ਲਈ ਉਹਨਾਂ ਨੂੰ ਉਸਦਾ ਫੈਸਲਾ ਮੰਨਣਾ ਪੈਂਦਾ ਸੀ, ਪਰ ਖਾਸੀ ਝਿਕ-ਝਿਕ ਤੇ ਤਕਰਾਰ ਪਿੱਛੋਂ।
ਆਪਣੇ ਅਮਰੀਕਨ ਪੁੱਤਰ ਦਾ ਅਪਾਰਟਮੈਂਟ ਉਸਨੂੰ ਮਾਚਿਸ ਦੀਆਂ ਡੱਬੀਆਂ ਦੇ ਬਣੇ ਬਹੁ-ਮੰਜ਼ਿਲੇ ਮਕਾਨ ਵਰਗਾ ਲੱਗਦਾ ਸੀ। ਖ਼ੂਬਸੂਰਤ ਸਵਾਲਾਂ-ਜਵਾਬਾਂ ਜਿੰਨਾ ਖਰਾ—ਬਾਹਰ ਏਨਾਂ ਖੁੱਲ੍ਹਾ ਤੇ ਅੰਦਰ ਯਕਦਮ ਕੈਦਖ਼ਾਨਾ।
ਇਹ ਕੈਲੀਫੋਰਨੀਆਂ ਏ। ਏਨਾਂ ਖੁੱਲ੍ਹਾ, ਫੈਲਿਆ ਤੇ ਲੰਮਾਂ ਚੌੜਾ ਕਿ ਬਿਨਾਂ ਗੱਡੀ ਆਦਮੀ ਕਿਤੇ ਜਾ-ਆ ਈ ਨਹੀਂ ਸਕਦਾ। ਇਸਦੇ ਇਕ ਵੱਡੇ ਹਿੱਸੇ ਦਾ ਨਾਂ ਸਿਲੀਕਾਨ ਵੈਲੀ ਪਿਆ ਹੋਇਆ ਏ। ਇੱਥੇ ਕੰਪਿਊਟਰਸ ਦੀ ਭਰਮਾਰ ਏ, ਲਗਭਗ ਹਰੇਕ ਆਦਮੀ-ਔਰਤ ਕੰਪਿਊਟਰ ਦੇ ਧੰਦੇ ਵਿਚ ਲੱਗਿਆ ਹੋਇਆ ਏ। ਪਰ ਪਤੇ ਵਿਚ ਸਿਲੀਕਾਨ ਵੈਲੀ ਨਹੀਂ ਲਿਖਿਆ ਹੁੰਦਾ। ਇੱਥੇ ਹਰ ਪੰਜ ਮੀਲ 'ਤੇ ਸ਼ਹਿਰ ਬਦਲ ਜਾਂਦਾ ਏ...ਸਨੀਵੇਲ, ਰੈੱਡਫੁੱਡ ਸਿਟੀ, ਸਾਂਟਾ ਕਲਾਰਾ, ਸਾਨਹੋਜੋ, ਮਾਊਂਟ ਵਿਊ, ਨਾਂ ਏਨੀ ਜਲਦੀ ਆਉਂਦੇ ਹੈਨ ਕਿ ਉਸਨੂੰ ਹਿੰਦੁਸਤਾਨ ਦੇ ਪਿੰਡ ਯਾਦ ਆ ਜਾਂਦੇ ਨੇ। ਪਰ ਇਹਨਾਂ ਨਾਂਵਾਂ ਵਿਚ ਪੇਂਡੂ-ਦੇਸੀ ਤਾਜ਼ਗੀ ਤੇ ਖਿੱਚ ਨਹੀਂ। ਇੱਥੇ ਨਾਂ ਵਾਰੀ-ਵਾਰੀ ਦਹੁਰਾਏ ਜਾਂਦੇ ਨੇ। ਕਾਲੀਫੋਰਨੀਆ ਪ੍ਰਦੇਸ ਵਿਚ ਨਿਵਾਡਾ ਸ਼ਹਿਰ ਏ ਤੇ ਨਿਵਾਡਾ ਸ਼ਹਿਰ ਵਿਚ ਕਾਲੀਫੋਰਨੀਆ ਗਲੀ। ਨਿਵਾਡਾ ਪ੍ਰਦੇਸ਼ ਵਿਚ ਕਾਲੀਫੋਰਨੀਆ ਸ਼ਹਿਰ ਤੇ ਉਸ ਵਿਚ ਨਿਵਾਡਾ ਗਲੀ। ਇਹ ਮਾਊਂਟ ਵਿਊ ਨਾਂ ਪਤਾ ਨਹੀਂ ਕਿੰਨੀ ਵਾਰੀ ਅੱਖਾਂ ਸਾਹਮਣਿਓਂ ਲੰਘ ਚੁੱਕਿਆ ਏ। ਕੋਈ ਦੂਰ-ਦੁਰੇਡੇ ਦੇ ਅਣਦੇਖੇ ਇਲਾਕੇ ਵਿਚ ਠਿਠਕ ਕੇ ਖੜ੍ਹਾ ਹੋ ਜਾਏ, ਲਓ ਜੀ ਆ ਗਈ ਆਪਣੀ ਗਲੀ...ਪਰ ਇੱਥੇ, ਇੱਥੇ ਤਾਂ ਜਾਣਿਆ-ਪਛਾਣਿਆ ਨਾਂ ਵੀ ਬਿਗਾਨਾਂ ਲੱਗਣ ਲੱਗ ਪੈਂਦਾ ਏ। ਬਿਗਾਨਾਂਪਨ ਕਹੋ, ਪ੍ਰਾਈਵੇਸੀ ਕਹੋ, ਹਿੰਦੁਸਤਾਨ ਵਾਂਗ ਬਾਹਰ ਨੂੰ ਅੰਦਰ ਲੈ ਜਾਣ ਦਾ ਰਿਵਾਜ਼ ਇੱਥੇ ਨਹੀਂ ਹੈ। ਹੁਣ ਦੇਖੋ, ਬਾਹਰ ਕਿੱਡਾ ਖੁੱਲ੍ਹਾ ਮੈਦਾਨ ਏ, ਚੌੜੀਆਂ ਸੜਕਾਂ, ਰੈੱਡਫੁੱਡ ਤੇ ਡਗਲਸ ਫਰ ਦੇ ਉੱਚੇ-ਲੰਮੇਂ ਦਰਖ਼ਤ...ਤੇ ਫੁੱਲ ਈ ਫੁੱਲ। ਕਿੰਨਿਆਂ ਦੇ ਨਾਂ ਵੀ ਨਹੀਂ ਜਾਣਦੀ, ਉਹ। ਪਿਟੂਰੀਆ, ਡੇਜੀ, ਪਾੱਪੀ, ਹਨੀਸਕਲ, ਹਾਈਡੇਂਰਜੀਆ...ਓਇ ਹੋਏ ਕਿੰਨੇ ਢੇਰ ਸਾਰੇ ਨਾਂ ਜਾਣਦੀ ਏ ਉਹ...ਸਕੂਲ ਵਿਚ ਬਾਟਨੀ ਪੜ੍ਹਾਂਦੀ ਸੀ ਨਾ। ਪਰ ਖਿੜਕੀ ਉੱਤੇ ਲਾਏ ਪਰਦੇ ਇਸ ਖੁੱਲ੍ਹੇਪਨ ਉੱਤੇ ਰੋਕ ਲਾ ਦਿੰਦੇ ਨੇ। ਬਿਨਾਂ ਮਤਲਬ ਦੀਆਂ ਪਤਲੀਆਂ-ਪਤਲੀਆਂ ਕੰਧਾਂ ਤੇ ਹੇਠਾਂ ਛੱਤ ਸਾਰੇ ਸ਼ੋਰ ਨੂੰ ਜਜ਼ਬ ਕਰਦਿਆਂ ਹੋਇਆਂ ਵੀ ਨਿਰਲੇਪ ਬਣੀਆਂ ਰਹਿੰਦੀਆਂ ਨੇ। ਹਰ ਆਦਮੀ ਆਪਣੀ ਪ੍ਰਾਈਵੇਸੀ ਵਿਚ ਦਫ਼ਨ ਹੋ ਜਾਂਦਾ ਏ। ਸਾਹਮਣਾ ਹੋ ਜਾਏ ਤਾਂ ਗੁਆਂਢੀ ਤੁਹਾਡੇ ਵੱਲ ਦੇਖਦਾ ਤਕ ਨਹੀਂ, ਆਵਾਜ਼ ਦਵੋ ਤਾਂ ਸੁਣਦਾ ਈ ਨਹੀਂ।
ਇਕ ਵਾਰੀ ਪਰਦਾ ਹਟਾਇਆ ਸੀ ਤਾਂ ਸੁਧੀਰ ਨੇ ਫੌਰਨ ਵਾਪਸ ਖਿੱਚ ਦਿੱਤਾ ਸੀ। ਕਿਉਂ ਪੁੱਛਣ 'ਤੇ ਖਿਝੀ ਜਿਹੀ ਆਵਾਜ਼ ਵਿਚ ਕਿਹਾ ਸੀ, “ਇੱਥੇ ਇਕ ਦੂਜੇ ਦੇ ਘਰ ਵਿਚ ਕੋਈ ਨਹੀਂ ਝਕਣਾ ਚਾਹੁੰਦਾ।”
ਉਸਨੂੰ ਇਕ ਡਰਵਾਨਾ ਜਿਹਾ ਖ਼ਿਆਲ ਆਇਆ ਸੀ। ਫਰਜ਼ ਕਰੋ, ਕੋਈ ਹਾਦਸ ਹੋ ਜਾਵੇ, ਅੱਗ ਲੱਗ ਜਾਵੇ,ਪਾਣੀ ਵਾਲਾ ਪਾਈਪ ਫਟ ਜਾਵੇ, ਉਸਦਾ ਖ਼ੂਨ ਹੋ ਜਾਵੇ, ਫੇਰ ਵੀ ਕੋਈ ਨਹੀਂ ਸੁਣੇਗਾ! ਉਹ ਚੀਕ-ਚੀਕ ਕੇ ਮਦਦ ਲਈ ਬੁਲਾਵੇਗੀ ਪਰ ਮਾਚਿਸ ਦੀਆਂ ਡੱਬੀਆਂ ਵਿਚ ਬੰਦ ਗੁਆਂਢੀਆਂ ਦਾ ਸੰਨਾਟਾ ਨਹੀਂ ਤਿੜਕੇਗਾ। ਕੋਈ ਕੁਝ ਸੁਣੇਗਾ ਈ ਨਹੀਂ।
ਉਸਨੇ ਦਫ਼ਤਰ ਜਾਂਦੇ ਸੁਧੀਰ ਦਾ ਰਸਤਾ ਰੋਕ ਲਿਆ ਸੀ।
“ਸੁਣ, ਇਕ ਗੱਲ ਦਸ, ਮੰਨ ਲੈ ਘਰ ਵਿਚ ਅੱਗ ਲੱਗ ਜਾਵੇ...”
“ਸਮੋਕ ਅਲਾਰਮ ਐ ਨਾ।” ਉਸਨੇ ਉਕਤਾਅ ਕੇ ਕਿਹਾ।
“ਗੱਲ ਸੁਣ ਪੂਰੀ। ਜੇ ਕੋਈ ਘਰ ਵਿਚ ਘੁਸ ਆਵੇ...”
“ਓਇ ਹਾਂ,” ਉਹ ਪਰਤ ਕੇ ਅੰਦਰ ਆ ਗਿਆ—“ਅਹਿ ਦੇਖੋ, ਇਸ ਅਪਾਰਟਮੈਂਟ ਬਿਲਡਿੰਗ ਦਾ ਬਾਹਰਲਾ ਦਰਵਾਜ਼ਾ ਹਮੇਸ਼ਾ ਬੰਦ ਰਹਿੰਦਾ ਏ। ਜਿਹੜਾ ਆਉਂਦੈ, ਬਾਹਰੋਂ ਘੰਟੀ ਵਜਾਉਂਦੈ। ਇਹ ਵੱਜਦੀ ਏ। ਘੰਟੀ ਸੁਣ ਕੇ ਅਹਿ ਬਟਨ ਦਬਾਓ, ਪੁੱਛੋਂ, ਕੌਣ ਏਂ? ਫੇਰ ਇਹ 'ਸੁਣੋ' ਵਾਲਾ ਬਟਨ ਦਬਾਓ। ਜਵਾਬ ਸੁਣ ਕੇ ਪੂਰਾ ਭਰੋਸਾ ਕਰਨ ਪਿੱਛੋਂ ਇਹ ਤੀਜਾ ਬਟਨ ਦਬਾਓਗੇ—ਤਦੇ ਬਾਹਰਲਾ ਦਰਵਾਜ਼ਾ ਖੁੱਲ੍ਹੇਗਾ, ਵਰਨਾ ਨਹੀਂ। ਤੇ ਇਹਨੂੰ ਅੰਦਰੋਂ ਵੀ ਬੰਦ ਰੱਖਣਾ। ਬਸ ਕੋਈ ਅੰਦਰ ਨਹੀਂ ਆ ਸਕੇਗਾ।”
“ਤੇ ਜੇ ਕੋਈ ਜਬਰਦਸਤੀ ਅੰਦਰ ਘੁਸ ਕੇ ਮੈਨੂੰ ਮਾਰ ਜਾਏ, ਫੇਰ?”
“ਫੇਰ, ਉਸ ਵਿਚ ਕੋਈ ਕੀ ਕਰ ਸਕਦੈ...।” ਉਸਨੇ ਕਿਹਾ ਤੇ ਬਾਹਰ ਚਲਾ ਗਿਆ।
ਯਾਨੀ ਨਹੀਂ ਸੁਣੇਗਾ। ਕੋਈ ਕੁਛ ਨਹੀਂ ਸੁਣੇਗਾ। ਉਹਨਾਂ ਨੂੰ ਨਜ਼ਰ ਆਉਂਦਾ ਏ, ਪਰ ਉਹ ਦੇਖਦੇ ਨਹੀਂ। ਉਹ ਸੁਣ ਸਕਦੇ ਨੇ, ਪਰ ਸੁਣਦੇ ਨਹੀਂ।
ਇਸ ਗੱਲ ਨੂੰ ਪੰਦਰਾਂ ਦਿਨ ਬੀਤ ਚੁੱਕੇ ਸਨ। ਹੁਣ ਵੀ ਰਾਤ ਦੀ ਨੀਂਦ ਮੁਸ਼ਕਿਲ ਨਾਲ ਆਉਂਦੀ ਸੀ। ਤਿੰਨ ਚਾਰ ਰਾਤਾਂ ਬੀਤ ਜਾਣ ਪਿੱਛੋਂ ਇਕ ਰਾਤ ਭਾਵੇਂ ਬੇਹੋਸ਼ੀ ਵਿਚ ਬੀਤ ਜਾਂਦੀ ਹੋਵੇ ਪਰ ਆਪਣੀ ਮਰਜ਼ੀ ਦੀ ਨੀਂਦ ਨਾ ਆਉਣ ਦਾ ਮਸਲਾ ਮਨ ਵਿਚ ਬਣਿਆ ਰਹਿੰਦਾ ਸੀ।
ਉਸਨੇ ਬੈਠਕ ਦੇ ਦਰਵਾਜ਼ੇ ਦਾ ਪਰਦਾ ਹਟਾਅ ਦਿੱਤਾ। ਬਾਹਰਲੀ ਹਰਿਆਲੀ ਨੇ ਮਨ ਮੋਹ ਲਿਆ। ਸਾਬਨ ਦੀ ਝੱਗ ਨਾਲੋਂ ਪਤਲੇ, ਸਫੇਦ ਬੱਦਲ ਆਸਮਾਨ ਦੇ ਹੇਠ ਖਿੱਲਰੇ ਹੋਏ ਸਨ। ਉਸਨੇ ਸ਼ੀਸ਼ੇ ਤੇ ਜਾਲੀ ਦੇ ਦੋਵੇਂ ਦਰਵਾਜ਼ੇ ਖੋਹਲ ਦਿੱਤੇ ਤੇ ਚਾਹ ਦਾ ਪਿਆਲਾ ਫੜੀ ਬਾਹਰ ਬਾਲਕੋਨੀ ਵਿਚ ਨਿਕਲ ਆਈ। ਤਾਜ਼ੀ ਹਵਾ ਵਿਚ ਚਾਹ ਦੀਆਂ ਚੁਸਕੀਆਂ ਲੈਣਾ ਕਿੰਨਾ ਚੰਗਾ ਲੱਗਦਾ ਏ। ਸਰਦੀਆਂ ਦੇ ਮੌਸਮ ਵਿਚ ਉਹ ਥਰਮਸ ਵਿਚ ਚਾਹ ਪਾ ਕੇ ਸਕੂਲ ਲੈ ਜਾਂਦੀ ਹੁੰਦੀ ਸੀ। ਅੱਧੀ ਛੁਟੀ ਵੇਲੇ ਬਾਹਰ ਬਗ਼ੀਚੇ ਵਿਚ ਬੈਠ ਕੇ ਪੀਣ ਦਾ ਆਨੰਦ ਸਾਰੀ ਥਕਾਣ ਸੋਖ਼ ਲੈਂਦਾ ਸੀ।
ਅਚਾਨਕ ਪੂਰਾ ਮਾਹੌਲ ਕੰਨਪਾੜੂ ਸ਼ੋਰ ਨਾਲ ਭਰ ਗਿਆ। ਇਹ ਇਹਨਾਂ ਦਾ ਸਵੇਰ ਦਾ ਸ਼ੋਰ ਏ। ਚਿਹਰੇ ਉੱਤੇ ਪੱਟੀਆਂ ਬੰਨ੍ਹੀ, ਦੋ ਨੌਜਵਾਨ ਵੱਡੀਆਂ-ਵੱਡੀਆਂ ਮਸ਼ੀਨਾਂ ਨਾਲ ਬਾਹਰਲੇ ਦਰਖ਼ਤਾਂ ਤੇ ਝਾੜੀਆਂ ਉੱਤੇ ਕੀੜੇਮਾਰ ਦਵਾਈ ਛਿੜਕ ਰਹੇ ਸਨ। ਇਕ ਹੋਰ ਮਸ਼ੀਨ ਵਾੜ ਦੀ ਛੰਗਾਈ ਕਰ ਰਹੀ ਸੀ। ਇੱਥੇ ਸੜਕ ਉੱਤੇ ਮੋਟਰ ਗੱਡੀਆਂ ਦੇ ਹਾਰਨ ਵਜਾਉਣ ਦੀ ਮਨਾਈ ਏ—ਪਰ ਘਰਾਂ ਦੇ ਐਨ ਸਾਹਮਣੇ ਮਸ਼ੀਨਾਂ ਦਾ ਧੜਾ-ਧੜ ਸ਼ੋਰ ਸਫਾਈ ਤੇ ਸਿਹਤ ਦੀ ਨਿਸ਼ਾਨੀ। ਅਜੇ ਕੰਨ ਇਸ ਸ਼ੋਰ ਦੇ ਆਦੀ ਨਹੀਂ ਸੀ ਹੋਏ ਕਿ ਖੱਬੇ ਘਰ ਦੀ ਕੱਪੜੇ ਧੋਣ ਤੇ ਭਾਂਡੇ ਮਾਂਜਣ ਵਾਲੀ ਮਸ਼ੀਨ ਦੋਵੇਂ ਇਕੱਠੀਆਂ ਚੱਲ ਪਈਆਂ ਤੇ ਸੱਜੇ ਘਰ ਵਾਲਿਆਂ ਦਾ ਟੀ.ਵੀ., ਬਚਾਓ-ਬਚਾਓ ਦਾ ਅੜਾਟ ਪਾਉਣ ਲੱਗ ਪਿਆ।
“ਦਰਵਾਜ਼ਾ ਬੰਦ ਕਰੋ, ਮਾਂ।” ਦੇਖਿਆ ਸੁਧੀਰ ਪਿੱਛੇ ਖੜ੍ਹਾ ਏ।
ਉਸਨੂੰ ਚੰਗਾ ਲੱਗਿਆ। ਬੋਲਾ ਨਹੀਂ ਉਸਦਾ ਪੁੱਤਰ—ਸੁਣਦਾ ਏ।
“ਸਾਰਾ ਕੈਮੀਕਲ ਅੰਦਰ ਆ ਜਾਏਗਾ। ਦੇਖਿਆ ਨਹੀਂ, ਉਹਨਾਂ ਮਾਸਕ ਚੜ੍ਹਾਏ ਹੋਏ ਨੇ।”
“ਅੱਛਾ, ਇਹ ਰੋਜ਼-ਰੋਜ਼ ਕੈਮੀਕਲ ਕਿਉਂ ਛਿੜਕਦੇ ਨੇ? ਮੈਂ ਤਾਂ ਪੜ੍ਹਿਆ ਸੀ, ਅੱਜ ਕੱਲ੍ਹ ਅਮਰੀਕਨ ਸਾਵਧਾਨ ਹੋ ਗਏ ਨੇ।” ਉਸਨੇ ਗੁਸੈਲੀ ਆਵਾਜ਼ ਵਿਚ ਕਿਹਾ।
“ਉਸ ਵਿਚ ਮੈਂ ਕੀ ਕਰ ਸਕਦਾਂ?”
“ਕਿਉਂ, ਤੂੰ ਅਮਰੀਕਨ ਨਹੀਂ...?”
“ਹਾਂ, ਹਾਂ-ਤਾਂ! ਪਰ ਸਰਕਾਰ ਮੈਂ ਨਹੀਂ ਚਲਾਉਂਦਾ।”
“ਕਿਉਂ, ਤੂੰ ਵੋਟ ਨਹੀਂ ਪਾਉਂਦਾ?”
“ਓ-ਮਾਂ, ਵੋਟਾਂ ਤਾਂ ਤੁਸੀਂ ਵੀ ਪਾਉਂਦੇ ਓ, ਹਿੰਦੁਸਤਾਨ ਵਿਚ। ਸਰਕਾਰ ਤੁਹਾਨੂੰ ਪੁੱਛ ਕੇ ਕੰਮ ਕਰਦੀ ਏ ਕੋਈ?”
ਬਿਲਕੁਲ ਨਹੀਂ ਕਰਦੀ। ਠੀਕ ਕਹਿ ਰਿਹਾ ਏ ਸੁਧੀਰ। ਉਸਨੇ ਸਹਿਮਤੀ ਵੱਸ ਸਿਰ ਝੁਕਾਇਆ ਈ ਸੀ ਕਿ ਅੰਦਰਲਾ ਗੁੱਸਾ ਫਟ ਪਿਆ।
“ਇਹ ਜਿਹੜਾ ਸਾਰੀ ਰਾਤ ਸਿਰ ਉੱਤੇ ਤੁਰਿਆ ਫਿਰਦੈ, ਉਸਦਾ ਵੀ ਤੂੰ ਕੁਝ ਨਹੀਂ ਕਰ ਸਕਦਾ?” ਉਸਨੇ ਕਿਹਾ।
“ਨਹੀਂ, ਸਾਡਾ ਉਸ ਨਾਲ ਕੋਈ ਵਾਸਤਾ ਨਹੀਂ...”
ਲੈ, ਇਹ ਕੀ ਗੱਲ ਹੋਈ। ਇੰਜ ਹਥਿਆਰ ਸੁੱਟ ਕੇ ਬੈਠ ਜਾਓ ਤਾਂ ਹੋ ਲਿਆ। ਉਸਦੀ ਸ਼ਾਦੀ ਹੋਈ ਸੀ ਤਾਂ ਸੱਸ-ਸਹੁਰੇ ਨੇ ਨੌਕਰੀ ਛੱਡਣ ਲਈ ਕਿੰਨਾ ਜ਼ੋਰ ਦਿੱਤਾ ਸੀ। ਕਿੰਨੇ ਤਾਅਨੇ-ਮਿਹਣੇ ਸਹੇ ਸਨ, ਪਰ ਨੌਕਰੀ ਨਹੀਂ ਸੀ ਛੱਡੀ। ਬਾਅਦ ਵਿਚ ਸਾਰਿਆਂ ਨੇ ਰਾਹਤ ਮਹਿਸੂਸ ਕੀਤੀ, ਵਿਵੇਕ ਚਲੇ ਗਏ...ਪਰ ਚਲੋ ਨੌਕਰੀ ਤਾਂ ਹੈ। ਸਾਰੀ ਉਮਰ ਉਹ ਗਰਮੀ ਦੀਆਂ ਛੁੱਟੀਆਂ ਵਿਚ ਵੀ ਘਰ ਨਹੀਂ ਬੈਠੀ। ਗਰੀਬ ਬੱਚਿਆਂ ਨੂੰ ਜਾਂ ਵੱਡੇ ਬਜ਼ੁਰਗਾਂ ਨੂੰ ਪੜ੍ਹਾਉਣ ਦਾ ਕੰਮ ਫੜ੍ਹ ਲੈਂਦੀ ਸੀ। ਇਸ ਵਰ੍ਹੇ ਤਾਂ ਖ਼ੈਰ...
“ਤੁਹਾਡੀਆਂ ਛੁੱਟੀਆਂ ਕਦੋਂ ਤੀਕ ਨੇ?” ਉਸਨੇ ਸੁਣਿਆ, ਸੁਧੀਰ ਪੁੱਛ ਰਿਹਾ ਸੀ।
“ਛੁੱਟੀਆਂ?” ਧੁੜਧੁੜੀ ਜਿਹੀ ਲੈ ਕੇ ਉਸਨੇ ਦੁਹਰਾਇਆ।
“ਹਾਂ, ਕਦੋਂ ਦਾ ਟਿਕਟ ਬਣਵਾਉਣਾ ਏਂ?”
“ਟਿਕਟ?”
“ਵਾਪਸੀ ਦਾ ਟਿਕਟ। ਸਕੂਲ ਕਦ ਖੁੱਲ੍ਹ ਰਹੇ ਨੇ? ਅੱਠ ਜੁਲਾਈ ਨੂੰ ਜਾਂ ਪੰਦਰਾਂ ਨੂੰ?”
“ਤਾਰੀਖ਼ਾਂ ਖ਼ੂਬ ਯਾਦ ਨੇ ਤੈਨੂੰ।” ਉਹ ਬੜਬੜਾਈ।
ਸਮਝ ਨਹੀਂ ਆ ਰਿਹਾ ਸੀ, ਯਕਦਮ ਕੀ ਕਹੇ। ਅਜੇ ਤਕ ਉਸਨੂੰ ਦੱਸਿਆ ਨਹੀਂ ਸੀ ਕਿ ਇਸ ਵਰ੍ਹੇ ਉਹ ਰਿਟਾਇਰ ਹੋ ਗਈ ਏ। ਨਹੀਂ ਜਾਣਦੀ ਅੱਗੇ ਕੀ ਕਰੇਗੀ। ਬੇਟਾ ਉੱਥੇ ਹਿੰਦੁਸਤਾਨ ਵਿਚ ਹੁੰਦਾ ਤਾਂ...ਪਰ ਨਹੀਂ ਹੈ। ਵਾਪਸ ਪਰਤ ਕੇ ਆ ਰਿਹਾ ਹੁੰਦਾ ਤਾਂ...ਪਰ ਨਹੀਂ ਆ ਰਿਹਾ। ਅਮਰੀਕਨ ਬਣ ਚੁੱਕਿਆ ਏ।
ਕੀ ਕਹੇ ਆਪਣੇ ਇਸ ਅਮਰੀਕਨ ਬੇਟੇ ਨੂੰ? ਕਿ ਉਸਦਾ ਕੋਈ ਠਿਕਾਣਾ ਨਹੀਂ, ਹੁਣ ਇੱਥੇ ਹੀ ਰਹਿਣਾ ਪਏਗਾ...ਅਸੰਭਵ। ਕਹੇ ਕਿ ਜਦ ਉਹ ਚਾਹੇਗਾ, ਚਲੀ ਜਾਏਗੀ, ਸਕੂਲ ਨਹੀਂ ਜਾਣਾ...ਨਹੀਂ, ਫੇਰ ਵੀ ਭਿਖਾਰੀ ਵਾਂਗ ਮਹਿਸੂਸ ਕਰੇਗੀ ਉਹ।
“ਬੋਲੋ, ਬਈ,” ਸੁਧੀਰ ਨੇ ਕਿਹਾ, “ਮੈਂ ਹਫ਼ਤੇ ਭਰ ਲਈ ਬਾਹਰ ਜਾ ਰਿਹਾਂ, ਟਿਕਟ ਪਹਿਲਾਂ ਬੁੱਕ ਕਰਵਾ ਦੇਂਦਾ ਤਾਂ...”
“ਕਿੱਥੇ ਜਾ ਰਿਹੈਂ?” ਉਸਨੇ ਤ੍ਰਬਕ ਕੇ ਪੁੱਛਿਆ।
“ਇਸ ਨਾਲ ਕੀ ਫਰਕ ਪੈਂਦਾ ਏ?”
“ਕਦੋਂ?”
“ਸ਼ਾਮ ਨੂੰ।”
“ਅੱਜ ਈ?”
“ਹਾਂ।”
“ਪਹਿਲਾਂ ਨਹੀਂ ਦੱਸਿਆ?”
“ਪਹਿਲਾਂ ਦੱਸ ਦੇਂਦਾ ਤਾਂ ਕੀ ਹੋ ਜਾਂਦਾ?”
“ਕੁਛ ਨਹੀਂ।” ਖ਼ੁਦ ਆਪਣਾ ਜਵਾਬ ਚਪੇੜ ਵਾਂਗ ਆਪਣੇ ਮੂੰਹ ਉੱਤੇ ਮਾਰਦਿਆਂ ਉਸਨੇ ਕਿਹਾ, “ਕੱਲ੍ਹ ਦਾ ਈ ਕਰਵਾ ਦੇ, ਮੇਰਾ ਟਿਕਟ...।”
“ਕੱਲ੍ਹ ਦਾ?” ਹੁਣ ਤ੍ਰਬਕਣ ਦੀ ਵਾਰੀ ਸੁਧੀਰ ਦੀ ਸੀ—“ਕੱਲ੍ਹ ਏਅਰ ਪੋਰਟ ਕਿੰਜ ਜਾਓਗੇ? ਮੈਂ ਤਾਂ ਹੋਣਾ ਨਹੀਂ।”
“ਤਾਂ ਹਫ਼ਤਾ ਬਾਅਦ ਦਾ ਕਰਵਾ ਦੇ।”
“ਅੱਜ ਦਸ ਏ, ਪੱਚੀ ਦਾ ਕਰਵਾ ਦੇਨਾਂ।”
“ਨਹੀਂ, ਵੀਹ ਜੂਨ ਦਾ। ਮੈਨੂੰ ਬੜੇ ਕੰਮ ਨੇ ਉੱਥੇ। ਕੋਰਸ ਬਦਲ ਗਿਆ ਏ, ਤਿਆਰੀ ਕਰਨੀ ਏਂ।”
“ਤਾਂ ਪਹਿਲਾਂ ਦੱਸਦੇ। ਹੁਣ ਜਿਸ ਦਿਨ ਦਾ ਮਿਲੇਗਾ, ਉਸੇ ਦਾ ਕਰਵਾ ਆਵਾਂਗਾ।”
“ਮੈਂ ਹਰ ਹੀਲੇ ਬਾਈ ਜੂਨ ਤਕ ਦਿੱਲੀ ਪਹੁੰਚਣਾ ਏਂ।”
“ਟਿਕਟ ਬੁੱਕ ਕਰਨਾਂ ਕੀ ਮੇਰੇ ਹੱਥ 'ਚ ਫੜਿਆ ਏ?” ਸੁਧੀਰ ਕੌੜ ਗਿਆ।
“ਹੁਸ਼! ਹੌਲੀ। ਸ਼ੋਰ ਨਹੀਂ। ਲੋਕ ਸੁਣਗੇ ਤਾਂ ਕੀ ਸੋਚਣਗੇ?”
“ਕੋਈ ਨਹੀਂ ਸੁਣੇਗਾ। ਕੋਈ ਕੁਛ ਨਹੀਂ ਸੁਣਦਾ ਇੱਥੇ,” ਸੁਧੀਰ ਪੂਰੇ ਜ਼ੋਰ ਨਾਲ ਬੋਲਿਆ ਤੇ ਬਾਹਰ ਚਲਾ ਗਿਆ।
ਉਹ ਹੱਸ ਪਈ। ਚਲੋ, ਮੁੰਡਾ ਆਪਣੇ ਖੋਲ ਵਿਚੋਂ ਬਾਹਰ ਤਾਂ ਆਇਆ।
ਪਰ ਜ਼ਿਆਦਾ ਦੇਰ ਹਾਸੀ ਟਿਕੀ ਨਹੀਂ। ਭਵਿੱਖ ਦੇ ਭਿਆਨਕ ਡਿੱਕ-ਡੋਲਿਆਂ ਨੇ ਪੇਟ ਵਿਚ ਘਬਰਾਹਟ ਦਾ ਗੋਲਾ ਜਿਹਾ ਬਣਾ ਦਿੱਤਾ। ਉਹ ਧਮ ਕਰਕੇ ਕੁਰਸੀ ਉੱਤੇ ਬੈਠ ਗਈ। ਹਿੰਦੁਸਤਾਨ ਵਾਪਸ ਜਾ ਕੇ ਕਿੱਥੇ ਜਾਏਗੀ, ਕੀ ਕਰੇਗੀ? ਨੌਕਰੀ ਗਈ। ਪ੍ਰਾਵੀਡੈਂਟ ਫੰਡ ਦੀ ਸਾਰੀ ਜਮ੍ਹਾਂ-ਪੂੰਜੀ ਸੁਧੀਰ ਨੂੰ ਅਮਰੀਕਾ ਭੇਜਣ ਵੇਲੇ ਕਢਵਾ ਲਈ ਸੀ। ਤਦੇ ਤਾਂ ਉਸਦੀ ਟਿਕਟ ਦਾ ਜੁਗਾੜ ਹੋ ਸਕਿਆ ਸੀ। ਦਿੱਲੀ ਵਾਲਾ ਘਰ, ਸੁਹਰੇ ਨੇ ਮਰਨ ਲੱਗਿਆਂ ਦਿਓਰ ਦੇ ਨਾਂ ਕਰ ਦਿੱਤਾ ਸੀ। ਕਿਹਾ ਸੀ, ਸੁਧੀਰ ਅਮਰੀਕਾ ਵਿਚ ਲੱਖਾਂ ਨਾਲ ਖੇਡ ਰਿਹਾ ਏ, ਅਜਿਹੇ ਦਸ ਘਰ ਖਰੀਦ ਸਕਦੈ। ਸੁਧੀਰ ਨੇ ਉਸ ਲਈ ਇੱਥੇ ਆਉਣ ਦਾ ਟਿਕਟ ਭੇਜਿਆ ਸੀ ਤਾਂ ਦਿਓਰ-ਦਰਾਣੀ ਨੇ ਸਾਫ ਕਹਿ ਦਿੱਤਾ ਸੀ—“ਜਾ ਰਹੇ ਓ ਤਾਂ ਹੁਣ ਉੱਥੇ ਮੁੰਡੇ ਕੋਲ ਈ ਰਹਿਣਾ। ਸਾਰੀ ਜਮ੍ਹਾਂ ਪੂੰਜੀ ਖਰਚ ਕਰਕੇ ਉੱਥੇ ਭੇਜਿਆ ਈ, ਚੰਗਾ ਕਮਾਅ ਰਿਹੈ, ਉਸਦਾ ਵੀ ਕੋਈ ਫਰਜ਼ ਬਣਦੈ। ਆਪਣੇ ਕੋਲ ਰੱਖੇ ਜਾਂ ਦਿੱਲੀ ਵਿਚ ਕੋਈ ਘਰ ਖ਼ਰੀਦ ਦਵੇ। ਇਸ ਛੋਟੇ ਜਿਹੇ ਘਰ ਵਿਚ ਕਦ ਤਕ ਏਨੇ ਲੋਕ ਰੁਲਦੇ ਰਹਿਣਗੇ। ਸਾਡਾ ਮੁੰਡਾ ਵੀ ਵਿਆਹੁਣ ਯੋਗ ਹੋਇਆ ਹੋਇਆ ਏ।”
ਖ਼ਾਹਮਖ਼ਾਹ ਉਹ ਸੁਧੀਰ ਸਾਹਮਣੇ ਆਕੜ ਦਿਖਾ ਬੈਠੀ। ਬਾਈ ਜੂਨ ਨੂੰ ਜ਼ਰੂਰ ਦਿੱਲੀ ਵਾਪਸ ਪਹੁੰਚਣਾ ਏਂ, ਸਵਾਹ। ਸਾਫ ਕਹਿ ਦੇਣਾ ਚਾਹੀਦਾ ਸੀ, ਮੇਰੀ ਨੌਕਰੀ ਖ਼ਤਮ, ਹੁਣ ਮਾਂ ਦਾ ਬੋਝ ਤੈਨੂੰ ਈ ਚੁੱਕਣਾ ਪਏਗਾ। ਮਹੀਨੇ ਦੇ ਮਹੀਨੇ ਰੁਪਏ ਭੇਜਿਆ ਕਰ ਮੈਨੂੰ। ਉਸਦੀ ਸੱਸ ਕਿੰਨੇ ਰੋਅਬ ਨਾਲ ਵਿਵੇਕ ਤੇ ਦਿਓਰ ਵਿਨੀਤ ਤੋਂ ਪੈਸੇ ਮੰਗਦੀ ਹੁੰਦੀ ਸੀ। ਪੂਰੇ ਹੱਕ ਨਾਲ। ਠੀਕ ਵੀ ਏ, ਆਖ਼ਰ ਮਾਂ ਸੀ ਉਹਨਾਂ ਦੀ। ਉਹ ਵੀ ਮਾਂ ਏ ਸੁਧੀਰ ਦੀ। ਸਾਰੀ ਉਮਰ ਇਸ ਮੁੰਡੇ ਦੀਆਂ ਜ਼ਰੂਰਤਾਂ ਪੂਰੀਆਂ ਕਰਦਿਆਂ ਬਿਤਾਈ ਏ। ਮਾਂ-ਬਾਪ ਦੇ ਲੱਖ ਜ਼ੋਰ ਪਾਉਣ 'ਤੇ ਵੀ ਦੂਜੀ ਸ਼ਾਦੀ ਨਹੀਂ ਕੀਤੀ। ਪ੍ਰਾਵੀਡੈਂਟ ਫੰਡ ਦਾ ਸਾਰਾ ਰੁਪਿਆ ਇਸਦੀ ਹਥੇਲੀ ਉੱਤੇ ਰੱਖ ਦਿੱਤਾ। ਹੁਣ ਉਸਦਾ ਵੀ ਕੋਈ ਫਰਜ਼ ਏ ਮਾਂ ਦੇ ਪ੍ਰਤੀ। ਠੀਕ ਏ, ਵਾਪਸ ਆਏਗਾ ਤਾਂ ਸਾਫ ਕਹਿ ਦਿਆਂਗੀ, ਦਿੱਲੀ ਵਿਚ ਉਸਦੇ ਨਾਂ ਬੈਂਕ ਵਿਚ ਰੁਪਏ ਜਮ੍ਹਾਂ ਕਰਵਾਏ, ਮਹੀਨੇ ਦੇ ਮਹੀਨੇ ਵਿਆਜ਼ ਮਿਲੇਗਾ ਤਾਂ ਘਰ ਖ਼ਰਚ ਦੇ ਇਲਾਵਾ ਬੱਚਤ ਵੀ ਕਰ ਲਏਗੀ। ਓ-ਜੀ, ਇੱਥੋ ਦੇ ਹਜ਼ਾਰ ਡਾਲਰ, ਉੱਥੋਂ ਦੇ ਤੀਹ ਹਜ਼ਾਰ ਰੁਪਏ ਹੁੰਦੇ ਨੇ, ਤੀਹ ਹਜ਼ਾਰ ਡਾਲਰ ਵਿਚ ਸਾਰੀ ਉਮਰ ਕੱਟੀ ਜਾਵੇਗੀ ਉਸਦੀ। ਏਨਾ ਤਾਂ ਇੱਥੇ ਇਸ ਛੋਟੇ ਜਿਹੇ ਘਰ ਦਾ ਚਾਰ ਮਹੀਨਿਆਂ ਦਾ ਕਿਰਾਇਆ ਦਿੰਦਾ ਏ ਸੁਧੀਰ।
ਆਉਣ ਦਿਓ ਵਾਪਸ, ਸਾਫ ਗੱਲ ਕਰੇਗੀ ਇਸ ਵਾਰੀ। ਜ਼ਰੂਰ। ਪੱਕਾ।
ਰਾਤ ਨੂੰ ਬਿਸਤਰੇ ਉੱਤੇ ਲੇਟੀ ਤਾਂ ਨੀਂਦ ਦਾ ਨਾਂ ਨਿਸ਼ਾਨ ਨਹੀਂ ਸੀ ਅੱਖਾਂ ਵਿਚ। ਸੁਧੀਰ ਤੋਂ ਪੈਸੇ ਮੰਗ ਦੀ ਗੱਲ ਬਾਰੇ ਸੋਚ ਕੇ ਦਿਲ ਡੁੱਬਣ ਲੱਗ ਪਿਆ ਸੀ। ਨਾ ਮੰਗਣ ਦਾ ਫੈਸਲਾ ਕਰਦੀ ਤਾਂ ਜੀਵਨ ਦਾ ਅਗਲਾ ਸਫ਼ਰ ਤੈਅ ਕਰਨ ਦਾ ਖ਼ਿਆਲ, ਪਿਸਤੌਲ ਵਾਂਗ ਸੀਨੇ ਉੱਤੇ ਤਣ ਜਾਂਦਾ। ਨਸਾਂ ਦਾ ਤਣਾਅ ਏਨਾ ਕਿ ਜ਼ਰਾ ਜਿੰਨੇ ਖੜਾਕ ਉੱਤੇ ਸਿਰ ਪਾਟਣ ਲੱਗਦਾ ਤੇ ਨੀਂਦ ਕੋਹਾਂ ਦੂਰ ਉੱਡ-ਪੁੱਡ ਜਾਂਦੀ। ਅਸ਼ਾਂਤ ਮਨ, ਉਹ ਹਠ ਕਰਕੇ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਹਰ ਰਾਤ ਵਾਂਗ, ਛੱਤ ਉੱਤੇ ਆਉਂਦੇ-ਜਾਂਦੇ ਕਦਮਾਂ ਦੀ ਧਮਕ ਸ਼ੁਰੂ ਹੋ ਗਈ। ਤਣਾਅ ਦੀਆਂ ਪਿੰਜੀਆਂ-ਤੁੰਬੀਆਂ ਨਸਾਂ ਤੋਂ ਅੱਜ ਉਹ ਵਾਰ ਬਰਦਾਸ਼ਤ ਨਾ ਹੋਏ। ਗੁੱਸੇ ਵੱਸ ਭੁੜਕ ਕੇ ਉੱਠੀ ਤੇ ਸੁਧੀਰ ਦਾ ਟੈਨਿਸ ਵਾਲਾ ਬੱਲਾ ਚੁੱਕ ਕੇ ਤਿੰਨ ਵਾਰੀ ਛੱਤ ਨਾਲ ਦੇ ਮਾਰਿਆ। ਛਿਣ ਭਰ ਲਈ ਚੁੱਪ ਵਾਪਰ ਗਈ। ਉਸਨੇ ਫੇਰ ਬੱਲਾ ਛੱਤ ਨਾਲ ਖੜਕਾਇਆ, ਇਸ ਵਾਰੀ ਰੁਕ-ਰੁਕ ਕੇ ਤਿੰਨ ਵਾਰ—ਸ਼ੋਰ ਨਾ ਕਰੋ।
ਛਿਣ ਭਰ ਦੇ ਅੰਤਰ ਬਾਅਦ ਉਪਰੋਂ ਜਵਾਬ ਆਇਆ।
ਠਕ-ਠਕ-ਠਕ, ਠਕ...ਠਕ...ਠਕ...। ਬਿਲਕੁਲ ਉਸਦੀ ਨਕਲ ਕਰਦਿਆਂ ਹੋਇਆਂ ਕਿਸੇ ਨੇ ਉਪਰ ਫਰਸ਼ ਉੱਤੇ ਵਾਰ ਕੀਤੇ ਸਨ। ਤਿੰਨ ਵਾਰੀ—ਜਲਦੀ-ਜਲਦੀ; ਫੇਰ ਤਿੰਨ ਵਾਰੀ—ਰੁਕ-ਰੁਕ ਕੇ।
ਹੈਰਾਨ ਜਿਹੀ ਹੋਈ ਉਹ ਬੈਠੀ ਰਹੀ। ਸੱਚਮੁੱਚ ਇਕ ਲੈਅ ਵਿਚ ਕੁਝ ਵੱਜਿਆ ਸੀ ਉਪਰ, ਜਾਂ ਸਿਰਫ ਉਸਦਾ ਭਰਮ ਸੀ ਉਹ?
ਉਸਨੇ ਫੇਰ ਬੱਲਾ ਸੰਭਾਲਿਆ ਤੇ ਇਸ ਵਾਰੀ ਦੋ ਵਾਰੀ ਠਕ-ਠਕ ਕੀਤੀ।
ਉਪਰ ਵੀ ਦੋ ਵਾਰ ਠਕ-ਠਕ ਹੋਈ।
ਉਸਨੇ ਫੇਰ ਤਿੰਨ ਤਾਲ ਵਿਚ ਛੱਤ ਠੋਕੀ। ਤਿੰਨ ਵਾਰੀ ਜਲਦੀ-ਜਲਦੀ ਫੇਰ ਤਿੰਨ ਵਾਰੀ ਰੁਕ-ਰੁਕ ਕੇ।
ਉਪਰ ਬਾਕਾਇਦਾ ਪ੍ਰਤੀਧੁਨੀ ਹੋਈ।
ਉਹ ਸਾਹ ਰੋਕ ਕੇ ਚੁੱਪਚਾਪ ਲੇਟੀ ਗਈ।
ਉਪਰ ਕੁਝ ਚਿਰ ਚੁੱਪ ਰਹੀ ਫੇਰ ਹੌਲੀ ਜਿਹੀ ਟੋਹ ਲੈਣ ਲਈ ਦੋ ਠਕ-ਠਕ ਹੋਈ।
ਉਹ ਉਠ ਕੇ ਬੈਠ ਗਈ, ਬੱਲਾ ਚੁੱਕਿਆ ਤੇ ਛੱਤ ਨਾਲ ਇੰਜ ਵਜਾਉਣ ਲੱਗ ਪਈ ਜਿਵੇਂ ਲੋਰੀ ਗਾ ਰਹੀ ਹੋਵੇ। ਦੋ ਵਾਰੀ ਠਕ-ਠਕ...ਅੰਤਰਾ...ਦੋ ਵਾਰੀ ਠਕ-ਠਕ...ਫੇਰ ਅੰਤਰਾ...ਫੇਰ ਦੋ ਵਾਰੀ ਠਕ-ਠਕ...
ਉਪਰ ਇਕ ਠਕ ਹੋਈ।
ਉਸਨੇ ਬੱਲੇ ਨੂੰ ਹਲਕੇ ਹੱਥ ਨਾਲ ਸਮਾਪਤੀ ਵਾਂਗ ਪੂਰੀ ਛੱਤ ਉਪਰ ਘੁਮਾਅ ਦਿੱਤਾ। ਸੌਂ ਜਾਓ।
ਉਪਰ ਚੁੱਪ ਛਾ ਗਈ।
ਕੋਈ ਬੈਠਾ, ਉੱਠਿਆ, ਲੇਟਿਆ ਤੇ...ਸੌਂ ਗਿਆ? ਸ਼ਾਇਦ! ਹੋ ਸਕਦਾ ਏ ਉਹ ਖ਼ੁਦ ਸੌਂ ਗਈ ਹੋਵੇ ਤੇ ਉਪਰ ਵਾਲਾ ਦੁਬਾਰਾ ਚਹਿਲ-ਕਦਮੀਂ ਕਰਨ ਲੱਗ ਪਿਆ ਹੋਵੇ।
ਅਗਲੀ ਸਵੇਰ ਮਨ ਸ਼ਾਂਤ ਸੀ, ਤਨ ਠੀਕ-ਠਾਕ। ਉਪਰੋਂ ਹੇਠਾਂ ਤੀਕ ਘਰ ਦੀ ਸਫਾਈ ਕਰ ਦਿੱਤੀ, ਜਿਵੇਂ ਕੋਈ ਮਹਿਮਾਨ ਆਉਣ ਵਾਲਾ ਹੋਵੇ। ਵਾਪਸ ਆਉਣ ਉੱਤੇ ਸੁਧੀਰ ਘਰ ਸਾਫ-ਸੁਥਰਾ ਵੇਖੇਗਾ ਤਾਂ ਖੁਸ਼ ਹੋ ਜਾਵੇਗਾ। ਹੋਵੇਗਾ ਵੀ? ਕੀ ਧਿਆਨ ਜਾਏਗਾ ਉਧਰ? ਜ਼ਰੂਰੀ ਨਹੀਂ। ਗੰਦਾ ਹੋਣ 'ਤੇ ਦਿਸਦਾ ਹੋਵੇ ਤਾਂ ਸਾਫ ਹੋਣ 'ਤੇ ਦਿਸੇ। ਉਸਨੇ ਕਰਨਾਂ ਸੀ, ਸੋ ਕਰ ਦਿੱਤਾ।
ਕੰਮ ਖ਼ਤਮ ਕਰਕੇ ਚਾਹ ਪੀਣ ਬੈਠੀ ਤਾਂ ਰਾਤ ਵਾਲੇ ਖ਼ਿਆਲ ਨੇ ਆ ਘੇਰਿਆ। ਦੋਖੋ ਅੱਜ ਰਾਤ ਕੀ ਹੁੰਦਾ ਏ? ਮੰਨ ਲਓ, ਚਹਿਲ-ਕਦਮੀਂ ਸ਼ੁਰੂ ਕਰਨ ਤੋਂ ਪਹਿਲਾਂ ਈ ਨਲਿਨੀ ਛੱਤ 'ਤੇ ਦਸਤਕ ਦੇ ਦਵੇ? ਕੀ ਕਰੇਗਾ ਫੇਰ ਉਪਰ ਵਾਲਾ?
ਹਲਕਾ ਖਾਣਾ ਖਾ ਕੇ ਨੌਂ ਵਜੇ ਆਪਣੇ ਕਮਰੇ ਵਿਚ ਪਹੁੰਚ ਗਈ ਤੇ ਬੱਲਾ ਚੁੱਕ ਲਿਆ। ਅੱਜ ਪਹਿਲ ਉਸਦੀ ਹੋਵੇਗੀ। ਛੱਤ ਉਪਰ ਦਸਤਕ ਦਿਤੀ—ਤਿੰਨ ਵਾਰੀ ਜਲਦੀ-ਜਲਦੀ; ਫੇਰ ਰੁਕ-ਰੁਕ ਕੇ ਤਿੰਨ ਵਾਰੀ। ਫੇਰ ਸਾਹ ਰੋਕ ਕੇ ਜਵਾਬ ਦੀ ਉਡੀਕ ਕਰਨ ਲੱਗ ਪਈ।
ਕੁਝ ਚਿਰ ਚੁੱਪ ਰਹੀ, ਫੇਰ ਜਵਾਬ ਖੜਕਣ ਲੱਗਿਆ।
ਨਲਿਨੀ ਨੇ ਦੋ ਵਾਰੀ ਬੱਲਾ ਖੜਕਾਇਆ।
ਉਪਰੋਂ ਵੀ ਦੋ ਵਾਰੀ ਖੜਾਕ ਆਇਆ।
ਕੈਸੇ ਓ?
ਠੀਕ ਆਂ।
ਨਲਿਨੀ ਨੇ ਅਨੁਵਾਦ ਕੀਤਾ ਤੇ ਕਰਦੀ ਰਹੀ।
ਤਿੰਨ ਵਾਰੀ...ਖਾਣਾ ਖਾ ਲਿਆ?
ਉਪਰੋਂ ਤਿੰਨ ਵਾਰੀ...ਕਦੋਂ ਦਾ। ਤੁਸੀਂ ਖਾ ਲਿਆ?
ਦੋ ਵਾਰੀ...ਇਕੱਲੋ ਓ?
ਉਪਰੋਂ ਦੋ ਵਾਰੀ...ਹਾਂ, ਤੁਸੀਂ?
ਹੁਣ ਨਹੀਂ।
ਮੈਂ, ਵੀ।
ਹਾਂ। ਹੁਣ ਤੁਸੀਂ ਓ।
ਹੋਰ ਫੇਰ? ਕੀ ਕਰਦੇ ਰਹੇ ਅੱਜ?
ਘਰ ਦੀ ਸਫਾਈ ਕਰ ਦਿੱਤੀ।
ਮਿਲੋ ਨਾ, ਕਿਸੇ ਦਿਨ।
ਕਦ?
ਕੱਲ੍ਹ।
ਅੱਛਾ, ਦੇਖਾਂਗੀ।
ਜ਼ਰੂਰ ਮਿਲਣਾ।
ਹੌਲੀ-ਹੌਲੀ ਦੋ ਵਾਰੀ...ਗੁੱਡ-ਨਾਈਟ।
ਦੋ ਵਾਰੀ...ਗੁੱਡ-ਨਾਈਟ।
ਉਸਨੇ ਅੱਖਾਂ ਬੰਦ ਕਰ ਲਈਆਂ। ਦਿਨ ਭਰ ਦੀ ਥਕਾਣ ਨੀਂਦ ਲਿਆਉਣ ਲੱਗੀ।
ਅਚਾਨਕ ਅੱਖ ਖੁੱਲ੍ਹ ਗਈ। ਠਕ-ਠਕ ਕੀ ਆਵਾਜ਼ ਸੁਣਾਈ ਦਿੱਤੀ। ਸ਼ਾਇਦ ਉਪਰ ਵਾਲਾ ਕੁਝ ਕਹਿ ਰਿਹਾ ਸੀ। ਉਹ ਉੱਠ ਕੇ ਬੈਠ ਗਈ। ਧਿਆਨ ਨਾਲ ਸੁਣਨ ਲੱਗੀ। ਉਪਰੋਂ ਆ ਰਹੀ ਆਵਾਜ਼ ਫਟਾਫਟ ਇਕ ਸੁਰ ਵਿਚ ਵੱਜਦੀ ਰਹੀ। ਹਰ ਰਾਤ ਵਾਂਗ ਉਪਰ ਵਾਲਾ ਚਹਿਲ-ਕਦਮੀਂ ਕਰ ਰਿਹਾ ਸੀ।
ਕੁਝ ਚਿਰ ਉਹ ਸੁੰਨਿਆਂ ਵਾਂਗ ਬੈਠੀ ਰਹੀ, ਫੇਰ ਬੱਲਾ ਚੁੱਕ ਕੇ ਪੂਰੇ ਜ਼ੋਰ ਨਾਲ ਛੱਤ ਨਾਲ ਮਾਰਿਆ। ਪੈਰਾਂ ਦਾ ਖੜਾਕ ਰੁਕ ਗਿਆ।
ਹੌਂਕਦੀ ਜਿਹੀ ਲੇਟ ਗਈ।
ਪੈੜਚਾਲ ਫੇਰ ਸ਼ੁਰੂ ਹੋ ਗਈ।
ਉਹ ਝੱਟ ਕੁਰਸੀ ਉੱਤੇ ਚੜ੍ਹੀ ਤੇ ਛੱਤ ਦੇ ਨੇੜੇ ਪਹੁੰਚ ਕੇ ਹਥੇਲੀਆਂ ਵਿਚਕਾਰ ਮੂੰਹ ਕਰਕੇ ਚੀਕੀ, “ਬੰਦ ਕਰੋ।”
ਉਸਨੂੰ ਲੱਗਿਆ ਕਿਸੇ ਨੇ ਕਿਹਾ ਏ, ਸਾੱਰੀ। ਉਸਨੇ ਬੱਲਾ ਚੁੱਕਿਆ ਤੇ ਕੁਰਸੀ ਉੱਤੇ ਖੜ੍ਹੀ-ਖੜ੍ਹੀ ਛੱਤ ਨੂੰ ਥਾਪੜਨ ਲੱਗੀ। ਪੋਲੀਆਂ-ਪੋਲੀਆਂ, ਵਰਾਉਂਦੀਆਂ-ਸੁਆਉਂਦੀਆਂ ਥਪਕੀਆਂ।
ਸਵੇਰੇ ਅੱਖ ਖੁੱਲ੍ਹੀ ਤਾਂ ਆਪਣੇ ਆਪ ਨੂੰ ਕੁਰਸੀ ਉੱਤੇ ਮੁੜਿਆ-ਤੁੜਿਆ, ਪਸਰਿਆ ਵੇਖਿਆ। ਸਰੀਰ ਆਕੜਿਆ ਪਿਆ ਸੀ, ਸਿਰ ਭਾਰੀ ਸੀ ਤੇ ਮਨ ਗੁੱਸੇ ਵਿਚ ਰਿੱਝ ਰਿਹਾ ਸੀ। ਬੜਾ ਸਹਿ ਲਿਆ। ਅੱਜ ਉਪਰ ਜਾ ਕੇ ਦੋ ਟੁੱਕ ਗੱਲ ਕਰਾਂਗੀ। ਮਤਲਬ ਕੀ ਏ?...ਸਾਰੀ-ਸਾਰੀ ਰਾਤ ਸਿਰ ਉੱਤੇ ਮਟਰਗਸ਼ਤੀ ਕਰਨ ਦਾ। ਕੋਈ ਸਿਆਣਾ ਭਲਾ ਮਾਨਸ ਬੰਦਾ ਤਾਂ ਸਾਰੀ ਰਾਤ ਪੈਰ ਘਸੀਟਦਾ ਇੰਜ ਨਹੀਂ ਤੁਰਿਆ-ਫਿਰਦਾ। ਆਦਮੀ ਦੋ ਰਾਤਾਂ ਨਾ ਸੰਵੇਂ ਤਾਂ ਪਾਗ਼ਲ ਹੋ ਜਾਵੇ। ਅੱਧਾ ਪਾਗ਼ਲ ਤਾਂ ਹੋ ਈ ਜਾਵੇਗਾ। ਕੌਣ ਜਾਣੇ ਡਰੱਗ ਖਾਂਦਾ ਹੋਵੇ ਜਾਂ ਪੱਕਾ ਸ਼ਰਾਬੀ ਹੋਵੇ। ਰਾਤ ਭਰ ਗ਼ਲਾਸ ਭਰ-ਭਰ ਅੰਦਰ ਸੁੱਟਣ ਲਈ ਈ ਤੁਰਿਆ-ਫਿਰਦਾ ਹੋਵੇ। ਨਲਿਨੀ ਨੇ ਠਕ-ਠਕ ਕੀਤੀ ਤਾਂ ਉਸਨੇ ਵੀ ਨਕਲ ਲਾਹ ਕੇ ਰੱਖ ਦਿੱਤੀ। ਸ਼ਰਾਬੀ ਦਾ ਕੀ ਭਰੋਸਾ, ਤਰੰਗ ਵਿਚ ਜੋ ਕਰ ਬੈਠੇ, ਥੋੜ੍ਹਾ ਏ। ਸੁਣਿਆ ਨਹੀਂ, ਭੰਗ ਖਾ ਕੇ ਲੋਕ ਹੱਸਣਾ ਸ਼ੁਰੂ ਕਰ ਦੇਂਦੇ ਨੇ ਤਾਂ ਹੱਸੀ ਹੀ ਜਾਂਦੇ ਨੇ, ਰੋਣਾ ਸ਼ੁਰੂ ਕਰ ਦਿੰਦੇ ਨੇ ਤਾਂ ਰੋਈ ਤੁਰੀ ਜਾਂਦੇ ਨੇ। ਇਹ ਮਟਰ-ਗਸ਼ਤੀ ਕਰਦਾ ਹੋਵੇਗਾ। ਸੁੱਝ ਗਈ ਤਾਂ ਬੈਂਤ ਠੋਕਣ ਲੱਗ ਪਿਆ।
ਪਰ...ਉਂਜ ਈ ਨਹੀਂ ਠਕਠਕਾਈ। ਪੂਰੀ ਜੁਗਲਬੰਦੀ ਕਰਦਾ ਰਿਹਾ ਸੀ। ਹੋਵੇਗਾ, ਉਸਨੂੰ ਕੀ? ਮੌਜ ਵਿਚ ਆ ਗਿਆ ਹੋਵੇਗਾ। ਚਿੱਟੇ ਦਿਨ ਜਾਏਗੀ ਤਾਂ ਕਹੇਗੀ, ਮੇਰੀ ਪ੍ਰਾਈਵੇਸੀ ਵਿਚ ਦਖ਼ਲ ਕਿਉਂ ਦੇ ਰਹੇ ਓ? ਰਾਤ ਦੇ ਨਸ਼ੇ ਪਿੱਛੋਂ ਸਿਰ ਓਵੇਂ ਵੀ ਪਾਟ ਰਿਹਾ ਹੋਵੇਗਾ। ਨਹੀਂ ਵੀ, ਤਾਂ ਸਾਰਾ ਦਿਨ ਘਰੇ ਥੋੜ੍ਹਾ ਹੀ ਬੈਠਾ ਰਹਿੰਦਾ ਹੋਵੇਗਾ। ਕਦੀ ਕੋਈ ਆਵਾਜ਼ ਨਹੀਂ ਸੁਣੀ...ਹੋਵੇਗਾ। ਸੁਧੀਰ ਠੀਕ ਕਹਿੰਦਾ ਸੀ, ਉਹ ਇਸ-ਉਸ ਘਰ ਦਾ ਸ਼ੋਰ ਸੁਣਨ ਕਿਉਂ ਜਾਂਦੀ ਏ? ਬਸ, ਅਜ ਰਾਤ ਕੋਈ ਠਕ-ਠਕ ਨਹੀਂ। ਕਰਦਾ ਰਹੇ ਆਪਣੀ ਮਟਰ-ਗਸ਼ਤੀ।
ਘਰ ਬੰਦ ਕਰਕੇ ਉਹ ਪੈਦਲ ਘੁੰਮਣ ਨਿਕਲ ਪਈ। ਖ਼ੂਬ ਲੰਮਾਂ ਚੱਕਰ ਲਾਇਆ। ਇੱਥੋਂ ਦੀਆਂ ਸਾਫ ਚੌੜੀਆਂ ਸੜਕਾਂ ਦੇ ਕਿਨਾਰੇ ਘੁੰਮਣਾ ਚੰਗਾ ਲੱਗਦਾ ਏ। ਫੁਟਪਾਥ ਉਪਰ ਭਾਵੇਂ ਕਿੰਨੀ ਦੂਰ ਨਿਕਲ ਜਾਓ, ਨਾ ਧੂੜ, ਨਾ ਮਿੱਟੀ। ਆਵਾਜਾਵੀ ਦਾ ਖ਼ਿਆਲ ਜ਼ਰੂਰ ਰੱਖਣਾ ਪੈਂਦਾ ਏ ਪਰ ਕੁਝ ਦਿਨਾਂ ਵਿਚ 'ਠਹਿਰੋ' ਦਾ ਸੰਕੇਤ ਦੇਖ ਕੇ ਪੈਰ ਆਪ-ਮੁਹਾਰੇ ਰੁਕਣ ਲੱਗ ਪੈਂਦੇ ਨੇ ਤੇ ਚੱਲੋ ਦਾ ਸੰਕੇਤ ਵੇਖਣ ਸਾਰ ਮਸ਼ੀਨੀ ਢੰਗ ਨਾਲ ਖ਼ੁਦ-ਬ-ਖ਼ੁਦ ਸੜਕ ਪਾਰ ਕਰ ਜਾਂਦੇ ਨੇ। ਦੋ ਤਿੰਨ ਮੀਲ ਘੁੰਮ ਆਈ ਤਾਂ ਰਾਤੀਂ ਨੀਂਦ ਆਪਣੇ ਆਪ ਆ ਜਾਵੇਗੀ। ਫੇਰ ਸਿਰ ਉੱਤੇ ਕੋਈ ਤੁਰੇ ਚਾਹੇ ਫੁੱਟਬਾਲ ਖੇਡੇ, ਉਸਦੀ ਬਲਾਅ ਨਾਲ।
ਇਹੀ ਹੋਇਆ। ਸਿਰਹਾਣੇ ਉੱਤੇ ਸਿਰ ਰੱਖਦਿਆਂ ਹੀ ਅੱਖਾਂ ਮਿਚਣ ਲੱਗੀਆਂ।
ਉਦੋਂ ਛੱਤ ਉੱਤੇ ਦਸਤਕ ਹੋਈ। ਠਕ-ਠਕ-ਠਕ...ਠਕ...ਠਕ...ਠਕ! ਫੇਰ ਸ਼ੁਰੂ ਹੋ ਗਿਆ ਮਰਦੂਦ। ਉਹ ਉੱਠ ਕੇ ਬੈਠ ਗਈ। ਉਪਰ ਚੁੱਪ ਪਸਰੀ ਰਹੀ ਜਿਵੇਂ ਕੋਈ ਜਵਾਬ ਦੀ ਉਡੀਕ ਕਰ ਰਿਹਾ ਹੋਵੇ। ਕੀ ਬਕਵਾਸ ਏ। ਜ਼ਰੂਰ ਸੁਪਨਾਂ ਦੇਖਿਆ ਹੋਵੇਗਾ। ਲੇਟਨ ਲੱਗੀ ਤਾਂ ਫੇਰ ਉਹੀ ਤਿੰਨ ਤਾਲ ਦੀ ਠਕ-ਠਕ ਸੁਣਾਈ ਦਿੱਤੀ। ਤਿੰਨ ਵਾਰੀ ਜਲਦੀ-ਜਲਦੀ, ਫੇਰ ਰੁਕ-ਰੁਕ ਕੇ ਤਿੰਨ ਵਾਰੀ। ਮਾਫੀ ਮੰਗ ਰਹੀਆਂ ਸਨ ਥਾਪਾਂ...ਝਿਜਕ-ਭਰੀ। ਬਿਨਾਂ ਸੋਚ ਵਿਚਾਰ ਕੀਤਿਆਂ, ਉਸਨੇ ਜਵਾਬ ਦੇ ਦਿੱਤਾ...:
ਠਕ-ਠਕ-ਠਕ, ਠਕ...ਠਕ...ਠਕ।
ਉਪਰ ਦੋ ਵਾਰੀ ਠਕ-ਠਕ। ਸਵਾਲ-ਜਵਾਬ ਹੋਣ ਲੱਗੇ ਤੇ ਨਾਲੋ-ਨਾਲ ਨਲਿਨੀ ਦੇ ਅੰਦਰ ਅਨੁਵਾਦ ਵੀ ਹੁੰਦਾ ਰਿਹਾ।
“ਠੀਕ ਓ?”
“ਹਾਂ, ਤੁਸੀਂ?”
“ਕੱਲ੍ਹ ਨੀਂਦ ਚੰਗੀ ਆਈ।”
“ਸੱਚ, ਸੌਂ ਗਏ ਸੌਂ?”
“ਹਾਂ, ਤੁਸੀਂ?”
“ਬਾਅਦ ਵਿਚ।”
“ਵੈਰੀ ਸੌਰੀ।”
“ਠੀਕ ਏ।”
“ਸੌਂ ਗਏ ਸੀ?”
“ਹਾਂ, ਸੌਂ ਗਈ ਸਾਂ।”
“ਤੰਗ ਕੀਤਾ?”
“ਨਹੀਂ, ਕੋਈ ਨਹੀਂ।”
“ਹੋਰ ਕੁਝ ਕਹੋ।”
“ਹੁਣ ਨਾ ਤੁਰਨਾਂ।”
“ਫੇਰ ਕੀ ਕਰਾਂ?”
“ਸੌਂ ਜਾਓ, ਭਟਕੋ ਨਾ।”
“ਨੀਂਦ ਨਾ ਆਵੇ ਫੇਰ?”
“ਥਾਪੜ ਦਿਆਂ, ਕੱਲ੍ਹ ਵਾਂਗ?”
“ਹਾਂ, ਕੱਲ੍ਹ ਵਾਂਗ ਥਾਪੜ ਦਿਓ।”
ਉਹ ਉੱਠੀ। ਅਲਮਾਰੀ ਵਿਚੋਂ ਲੰਮੀ ਸੋਟੀ ਵਾਲਾ ਬੁਰਸ਼ ਕੱਢਿਆ ਤੇ ਬਿਸਤਰੇ ਉੱਤੇ ਪਿਆਂ-ਪਿਆਂ ਛੱਤ ਉਪਰ ਥਪਕੀਆਂ ਦੇਣ ਲੱਗ ਪਈ...ਦੇਂਦੀ ਦੇਂਦੀ ਸੌਂ ਗਈ।
ਅਗਲੀਆਂ ਦੋ ਰਾਤਾਂ ਉਹੀ ਖੇਡ ਚੱਲਦੀ ਰਹੀ। ਦੋਵੇਂ ਵਾਰੀ ਸ਼ੁਰੂਆਤ ਉਪਰੋਂ ਹੋਈ। ਦਿਨ ਚੜ੍ਹਨ 'ਤੇ ਨਲਿਨੀ ਸੋਚਦੀ, ਅੱਜ ਉਪਰ ਜਾ ਕੇ ਜ਼ਰੂਰ ਉਸਨੂੰ ਮਿਲੇਗੀ—ਪਰ ਜਾਂਦੀ-ਜਾਂਦੀ, ਝਿਜਕ ਜਾਂਦੀ। ਆਉਣ ਨੂੰ ਤਾਂ ਉਹ ਵੀ ਆ ਸਕਦਾ ਸੀ, ਉਸਨੂੰ ਮਿਲਣ ਲਈ, ਹੇਠਾਂ। ਪਰ ਉਹ ਜਾਣਦਾ ਨਹੀਂ ਹੋਵੇਗਾ; ਉਹ ਹਫ਼ਤੇ ਭਰ ਦੀ ਮਹਿਮਾਨ ਸੀ। ਪੰਜ ਸਤ ਦਿਨਾਂ ਵਿਚ ਹਿੰਦੁਸਤਾਨ ਵਾਪਸ ਚਲੀ ਜਾਵੇਗੀ। ਹਾਂ, ਹੇਠਾਂ ਲਾਬੀ ਵਿਚ ਜਾ ਕੇ ਕਿਰਾਏਦਾਰਾਂ ਦੀ ਸੂਚੀ ਵਿਚ, ਆਪਣੇ 204 ਨੰਬਰ ਦੇ ਫਲੈਟ ਨਾਲ ਮਿਲਾ ਕੇ 304 ਨੰਬਰ ਵਿਚ ਰਹਿਣ ਵਾਲੇ ਦਾ ਨਾਂ ਜ਼ਰੂਰ ਵੇਖ ਆਈ ਸੀ—ਰਾਬਰਟ ਪੇਨ। ਓਨੇ ਨਾਲ ਹੀ ਸੰਤੁਸ਼ਟ ਹੋਣਾ ਪਿਆ ਸੀ। ਹੁਣ ਉਮਰ, ਕੰਮ ਜਾਂ ਸ਼ਕਲ-ਸੂਰਤ ਦਾ ਵੇਰਵਾ ਤਾਂ ਉੱਥੇ ਲਿਖਿਆ ਨਹੀਂ ਸੀ ਹੋਇਆ। ਕੁਝ ਚਿਰ ਬਜਰ ਸਾਹਮਣੇ ਯਕੋਤਕੀ ਜਿਹੀ ਵਿਚ ਖੜ੍ਹੀ ਵੀ ਰਹੀ ਪਰ ਫੇਰ ਪਰਤ ਆਈ। ਦਰਅਸਲ ਆਪਣੇ ਕਮਰੇ ਦੇ ਉਪਰ ਵਾਲੇ ਕਮਰੇ ਵਿਚ ਜਾਣ ਲਈ ਉਸਨੂੰ ਬਾਹਰਲਾ ਦਰਵਾਜ਼ਾ ਖੁਲਵਾਉਣਾ ਪੈਣਾ ਸੀ। ਸੋ ਪਹਿਲਾਂ ਦਸ ਦੇਣਾ ਜ਼ਰੂਰੀ ਲੱਗਿਆ। ਵਰਨਾ ਪਤਾ ਨਹੀਂ ਕਿੰਨੀ ਦੇਰ ਦਰਵਾਜ਼ਾ ਖੜਕਾਉਣਾ ਪੈ ਜਾਏ, ਖੁਲ੍ਹਵਾਉਣ ਲਈ...
ਜਾਣ ਦਿਓ। ਇਵੇਂ ਈ ਚੱਲਣ ਦਿਓ। ਸਾਹਮਣੇ ਜਾਂਦਿਆਂ ਅਜੀਬ ਜਿਹਾ ਡਰ ਲੱਗਦਾ ਏ।
ਉਸ ਰਾਤ ਕਿਤਾਬ ਲੈ ਕੇ ਬਿਸਤਰੇ ਉੱਤੇ ਲੇਟੀ ਤਾਂ ਲੰਮੀ ਸੋਟੀ ਵਾਲਾ ਬੁਰਸ਼ ਕੋਲ ਰੱਖ ਲਿਆ ਸੀ। ਦੋ ਚਾਰ ਸਫੇ ਪੜ੍ਹੇ ਪਰ ਕੁਝ ਵੀ ਪੱਲੇ ਨਾ ਪਿਆ, ਕੰਨ ਉਪਰ ਲੱਗੇ ਰਹੇ ਸਨ। ਕਿਤਾਬ ਕਿਸੇ ਇਕ ਪੰਨੇ ਉਪਰ ਖੁੱਲ੍ਹੀ ਰਹਿ ਗਈ।
ਸ਼ਾਇਦ ਉਹ ਜਲਦੀ ਲੇਟ ਗਈ ਸੀ। ਘੜੀ ਦੇਖੀ, ਸਾਢੇ ਨੌਂ। ਸਮਾਂ ਤਾਂ ਠੀਕ ਸੀ। ਫੇਰ? ਕਾਫੀ ਦੇਰ ਇੰਤਜ਼ਾਰ ਕੀਤਾ ਪਰ ਉਪਰ ਕੋਈ ਆਹਟ ਨਹੀਂ ਹੋਈ। ਨਾ ਦਸਤਕ, ਨਾ ਪੈੜਚਾਲ।
ਆਖ਼ਰ ਉਸਨੇ ਬੁਰਸ਼ ਚੁੱਕਿਆ ਤੇ ਪਹਿਲ ਕੀਤੀ। ਤਿੰਨ ਵਾਰੀ ਜਲਦੀ-ਜਲਦੀ, ਫੇਰ ਰੁਕ-ਰੁਕ ਕੇ ਤਿੰਨ ਵਾਰੀ।
ਕੋਈ ਜਵਾਬ ਨਹੀਂ।
ਠਹਿਰ ਕੇ, ਦੋ ਵਾਰੀ ਠਕ-ਠਕ।
ਕੁਛ ਨਹੀਂ।
ਜਲਦੀ-ਜਲਦੀ। ਵਾਰੀ-ਵਾਰੀ।
ਚੁੱਪ ਵਾਪਰੀ ਰਹੀ।
ਉਹ ਘਬਰਾ ਕੇ ਉੱਠ ਖੜ੍ਹੀ ਹੋਈ। ਕਿਤੇ ਕੁਝ ਗੜਬੜ ਸੀ। ਸੋਚਣ ਵਿਚਾਰਨ ਵਿਚ ਸਮਾਂ ਬਰਬਾਦ ਕੀਤੇ ਬਗ਼ੈਰ ਉਸਨੇ ਆਪਣੀ ਚਾਬੀ ਚੁੱਕੀ ਤੇ ਲਿਫ਼ਟ ਰਾਹੀਂ, ਉਪਰ 304 ਦੇ ਸਾਹਮਣੇ ਜਾ ਪਹੁੰਚੀ। ਦੇਰ ਤਕ ਬੂਹਾ ਖੜਕਾਉਂਦੀ ਰਹੀ। ਕੋਈ ਜਵਾਬ ਨਹੀਂ ਮਿਲਿਆ। ਦਰਵਾਜ਼ੇ ਨੂੰ ਧੱਕੇ ਮਾਰਦੀ ਰਹੀ। ਕੋਈ ਅਸਰ ਨਹੀਂ ਹੋਇਆ। ਜ਼ਿੰਦਰਾ ਲੱਗਿਆ ਹੋਇਆ ਸੀ। ਅੰਦਰੋਂ ਬੰਦ ਏ ਜਾਂ ਬਾਹਰੋਂ ਬੰਦ ਕਰਕੇ ਆਦਮੀ ਕਿਤੇ ਗਿਆ ਹੋਇਆ ਏ, ਇਹਨਾਂ ਮਕਾਨਾਂ ਤੋਂ ਪਤਾ ਨਹੀਂ ਸੀ ਲੱਗਦਾ। ਹੋ ਸਕਦਾ ਏ ਬਾਹਰ ਗਿਆ ਹੋਵੇ। ਜ਼ਰੂਰੀ ਤਾਂ ਨਹੀਂ ਕਿ ਹਰ ਰਾਤ ਘਰੇ ਵੜਿਆ ਰਹਿੰਦਾ ਹੋਵੇ। ਉਸਨੇ ਆਪਣੇ ਆਪ ਨੂੰ ਫਿਟਕਾਰਿਆ ਪਰ ਹੇਠਾਂ ਜਾਣ ਤੋਂ ਰੋਕ ਨਹੀ ਸਕੀ। ਹੇਠਾਂ ਜਾ ਕੇ ਉਸਨੇ 304 ਦੀ ਘੰਟੀ ਵਜਾਈ। ਕੋਈ ਜਵਾਬ ਨਹੀਂ। ਆਪਣੇ ਖਾਸ ਅੰਦਾਜ਼ ਵਿਚ ਵਜਾਈ—ਤਿੰਨ ਵਾਰੀ ਜਲਦੀ-ਜਲਦੀ, ਫੇਰ ਰੁਕ-ਰੁਕ ਕੇ ਤਿੰਨ ਵਾਰੀ।
ਕੋਈ ਸਿੱਟਾ ਨਹੀਂ।
ਉਹ ਵਾਪਸ ਆਪਣੇ ਘਰ ਪਹੁੰਚੀ, ਸੋਟੀ ਚੁੱਕ ਕੇ ਦੇਰ ਤਕ ਛੱਤ ਉਪਰ ਠਕ-ਠਕ ਕਰਦੀ ਰਹੀ। ਜ਼ੋਰ-ਜ਼ੋਰ ਨਾਲ।
ਕੋਈ ਜਵਾਬ ਨਹੀਂ।
ਬਾਹਰ ਗਿਆ ਹੋਵੇਗਾ...ਪਰ ਪਿੱਛਲੇ ਪੰਦਰਾਂ ਵੀਹ ਦਿਨਾਂ ਵਿਚ ਇਕ ਵਾਰੀ ਵੀ ਬਾਹਰ ਨਹੀਂ ਸੀ ਰਿਹਾ...ਉਸਨੂੰ ਕੀ ਪਤਾ...ਪਤਾ ਏ, ਹਰ ਰਾਤ ਪੈੜਚਾਲ ਸੁਣਾਈ ਦਿੰਦੀ ਸੀ...ਕਿਸੇ ਰਾਤ ਨਾ ਆਈ ਹੋਵੇ ਤਾਂ ਉਸਨੇ ਕਿਹੜਾ ਕਿਸੇ ਖਾਤੇ ਵਿਚ ਦਰਜ ਕੀਤਾ ਹੋਇਆ ਸੀ...ਆਈ ਸੀ, ਹਰ ਰਾਤ ਆਈ ਸੀ, ਅੱਜ ਵਰਗਾ ਸੰਨਾਟਾ ਪਿੱਛਲੀ ਕਿਸੇ ਵੀ ਰਾਤ ਨਹੀਂ ਸੀ ਰਿਹਾ।
ਉਹ ਵਾਪਸ ਹੇਠਾਂ ਆਈ। 306 ਨੰਬਰ ਦੇ ਫਲੈਟ ਦੀ ਘੰਟੀ ਵਜਾਈ। ਆਵਾਜ਼ ਆਈ, “ਹਾਂ?”
“ਤੁਹਾਡੇ ਨਾਲ ਵਾਲੇ ਪਾਸੇ 304 ਵਿਚ ਰਾਬਰਟ ਪੇਨ ਨੇ, ਉਹਨਾਂ ਨੂੰ ਕੁਛ ਹੋ ਗਿਆ ਏ।”
“ਫੇਰ ਮੈਂ ਕੀ ਕਰਾਂ? ਅਪਾਰਟਮੈਂਟ ਐਮਰਜੈਂਸੀ ਨੂੰ ਫ਼ੋਨ ਕਰੋ।”
“ਨੰਬਰ?”
ਪਰ ਉਸਨੇ ਬਟਨ ਛੱਡ ਦਿੱਤਾ ਸੀ।
ਉਸਨੇ ਫੇਰ ਘੰਟੀ ਵਜਾਈ, ਕਿਹਾ, ਐਮਰਜੈਂਸੀ ਦਾ ਨੰਬਰ...?”
“ਉਫ਼! ਤੰਗ ਨਾ ਕਰੋ...”
ਉਸਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ 306 ਨੰਬਰ ਨੇ ਆਪਣੀ ਗੱਲ ਆਖੀ ਤੇ ਬਟਨ ਛੱਡ ਦਿੱਤਾ।
ਉਸਨੇ 302 ਦੀ ਘੰਟੀ ਦਬਾਈ।
“ਹਾਂ?” ਕੋਈ ਔਰਤ ਸੀ।
“ਪਲੀਜ਼, ਅਪਾਰਟਮੈਂਟ ਐਮਰਜੈਂਸੀ ਦਾ ਨੰਬਰ ਦੱਸਣਾ।”
“ਸ਼ਿਟ! ਤੁਸੀਂ ਕੌਣ ਓ?”
“ਤੁਹਾਡੇ ਨਾਲ 304 ਵਿਚ ਗੜਬੜ ਏ।”
“ਸ਼ਿਟ! 768–3804”
“768–38...? ਅੱਗੇ? ਪਲੀਜ਼ ਦੁਬਾਰਾ ਦੱਸਣਾ।”
ਕੋਈ ਜਵਾਬ ਨਹੀਂ ਮਿਲਿਆ।
ਉਹ ਵਾਪਸ ਆਪਣੇ ਫਲੈਟ ਵਿਚ ਆ ਗਈ। ਆਪਰੇਟਰ ਨੂੰ ਪੁੱਛੇਗੀ। ਨਾ ਹੋਇਆ ਤਾਂ 911 ਤੇ ਪੁਲਿਸ ਨੂੰ ਫ਼ੋਨ ਕਰ ਦਏਗੀ। ਜੋ ਹੋਏਗਾ ਦੇਖਿਆ ਜਾਏਗਾ। ਫ਼ੋਨ ਚੁੱਕਿਆ ਤਾਂ ਦੇਖਿਆ ਉਸ ਉਪਰ ਅਪਾਰਟਮੈਂਟ ਐਮਰਜੈਂਸੀ ਦਾ ਨੰਬਰ ਲਿਖਿਆ ਹੋਇਆ ਸੀ। ਸ਼ੁਕਰੀਆ, ਸੁਧੀਰ। ਕੰਬਦੇ ਹੱਥਾਂ ਨਾਲ ਉਸਨੇ ਨੰਬਰ ਮਿਲਾ ਲਿਆ।
“ਹਾਂ?”
“304 ਵਿਚ ਕੁਛ ਹੋ ਗਿਆ ਏ।”
“ਕੀ?”
“ਉਹ ਦਰਵਾਜ਼ਾ ਨਹੀਂ ਖੋਹਲ ਰਹੇ।”
“ਬਾਹਰ ਗਏ ਹੋਣਗੇ।”
“ਨਹੀਂ, ਉਹਨਾਂ ਕਿਹਾ ਸੀ, ਮਿਲਣਗੇ।”
“ਤੁਸੀਂ ਕੌਣ ਓ?”
“ਮੈਂ 204 ਵਿਚ ਰਹਿੰਦੀ ਆਂ।”
“ਰਾਤੀਂ ਮਿਲਣ ਲਈ ਕਿਹਾ ਸੀ?”
“ਜੀ।”
“ਕਦ?”
“ਕੱਲ੍ਹ ਰਾਤੀਂ।”
“ਖ਼ੂਬ।”
“ਤੁਹਾਡੇ ਕੋਲ ਚਾਬੀ ਹੋਏਗੀ। ਦਰਵਾਜ਼ਾ ਖੋਹਲ ਕੇ ਦੇਖੋ।”
“ਠਹਿਰੋ। ਪਹਿਲਾਂ ਫ਼ੋਨ ਕਰਕੇ ਦੇਖ ਲਵਾਂ।”
“ਪਲੀਜ਼...ਜਲਦੀ।”
“ਘੰਟੀ ਜਾ ਰਹੀ ਜੇ...ਆਨਸਰਿੰਗ ਮਸ਼ੀਨ ਵੀ ਨਹੀਂ...ਮੈਂ ਆਉਂਦਾ ਵਾਂ।”
ਉਹ ਦੌੜ ਕੇ 304 ਦੇ ਸਾਹਮਣੇ ਜਾ ਪਹੁੰਚੀ। ਥੋੜ੍ਹੀ ਦੇਰ ਬਾਅਦ ਇਕ ਵੀਹ ਕੁ ਸਾਲ ਦਾ ਮੁੰਡਾ ਟਹਿਲਦਾ ਹੋਇਆ ਆਇਆ। ਚਿਊਗੰਮ ਚਬਾਉਂਦਿਆਂ ਹੋਇਆਂ ਉਸਨੇ ਉਸਨੂੰ ਸਿਰ ਤੋਂ ਪੈਰਾਂ ਤੀਕ ਨਿਰਖਿਆ, ਭਵਾਂ ਉਪਰ ਚੁੱਕੀਆਂ ਤੇ ਪੁੱਛਿਆ, “ਤੁਸੀਂ ਫ਼ੋਨ ਕੀਤਾ ਸੀ?” ਆਵਾਜ਼ ਤੇ ਹਾਵਭਾਵ ਵਿਅੰਗਮਈ ਤੇ ਮਜ਼ਾਕ ਉਡਾਉਣ ਵਾਲਾ ਸੀ—ਇਹ ਬੁੱਢੀਆਂ ਵੀ!
“ਜੀ!” ਉਸਨੇ ਕਿਹਾ।
“ਇਹ ਹਜ਼ਰਤ ਕਿੰਨੇ ਕੁ ਬੁੱਢੇ ਸਨ?” ਮੁੰਡੇ ਨੇ ਪੁੱਛਿਆ। ਨਲਿਨੀ ਨੇ ਜਵਾਬ ਨਹੀਂ ਦਿੱਤਾ। ਜਾਣਦੀ ਨਹੀਂ ਸੀ ਤਾਂ ਦੱਸਦੀ ਕੀ? ਹਾਂ, ਆਪਣੀ ਸਭ ਤੋਂ ਖਣਕਦਾਰ, ਦਬੰਗ, ਟੀਚਰਾਂ ਵਾਲੀ ਆਵਾਜ਼ ਵਿਚ ਸ਼ੁੱਧ ਅੰਗਰੇਜ਼ੀ ਉਚਾਰਣ ਨਾਲ ਏਨਾ ਜ਼ਰੂਰ ਕਿਹਾ, “ਦਰਵਾਜ਼ਾ ਖੋਹਲੋ ਫ਼ੌਰਨ।”
ਮੁੰਡੇ ਦੇ ਚਿਹਰੇ ਤੋਂ ਵਿਅੰਗ ਦੀ ਪਰਤ ਅਲੋਪ ਹੋ ਗਈ। ਉਸਨੇ ਦਰਵਾਜ਼ਾ ਖੋਲ੍ਹ ਦਿੱਤਾ।
ਕਮਰੇ ਦੇ ਐਨ ਵਿਚਕਾਰ, ਕੋਟ-ਪੈਂਟ ਤੇ ਟਾਈ ਵਿਚ ਲੈਸ, ਇਕ ਬੁੱਢਾ ਆਦਮੀ, ਘੱਸੜ-ਜਿਹੇ ਕਾਲੀਨ ਉੱਤੇ ਬੇਹੋਸ਼ ਪਿਆ ਹੋਇਆ ਸੀ।
'ਸ਼ਿਟ,' ਕਹਿਕੇ ਮੁੰਡਾ ਯਕਦਮ ਹਰਕਤ ਵਿਚ ਆ ਗਿਆ। ਉੱਪਰੋ-ਥੱਲੀ ਕਈ ਜਗ੍ਹਾ ਫ਼ੋਨ ਕਰਨ ਲੱਗਾ।
ਨਲਿਨੀ ਰਾਬਰਟ ਦੇ ਕੋਲ ਫਰਸ਼ ਉੱਤੇ ਬੈਠ ਗਈ। ਢਿੱਲੀ ਬਾਂਹ ਚੁੱਕ ਕੇ ਨਬਜ਼ ਦੇਖੀ, ਮੱਧਮ ਗਤੀ ਨਾਲ ਚੱਲ ਰਹੀ ਸੀ। ਉਸਨੇ ਟਾਈ ਦੀ ਗੰਢ ਖੋਹਲ ਕੇ ਲਾਹ ਦਿੱਤੀ, ਕਮੀਜ਼ ਦੇ ਬਟਨ ਖੋਹਲ ਦਿੱਤੇ, ਪੈਂਟ ਢਿੱਲੀ ਕਰ ਦਿੱਤੀ। ਝੁਕ ਕੇ ਆਪਣੇ ਸਾਹ ਉਸਦੇ ਫੇਫੜਿਆਂ ਵਿਚ ਭਰਨ ਲੱਗੀ। ਟੀਚਰ ਹੋਣ ਦੇ ਨਾਤੇ ਮੁੱਢਲੀ ਸਹਾਇਤਾ ਦੇਣਾ ਸਿੱਖੀ ਹੋਈ ਸੀ ਉਹ। ਕੁਝ ਆਪਣਾ ਸ਼ੌਕ ਵੀ ਸੀ।
“ਰਾਬਰਟ ਪੇਨ...ਉਹ ਪਾਗ਼ਲ ਆਦਮੀ...ਮਰ ਗਿਆ।” ਉਸਨੇ ਸੁਣਿਆ, ਮੁੰਡਾ ਫ਼ੋਨ ਉੱਤੇ ਕਹਿ ਰਿਹਾ ਸੀ।
“ਨਹੀਂ।” ਗਰਦਨ ਭੁਆਂ ਕੇ ਉਸਨੇ ਕਿਹਾ।
“ਮਰਿਆ ਨਹੀਂ?”
“ਨਹੀਂ, ਪਾਗ਼ਲ ਵੀ ਨਹੀਂ ਏ।” ਉਸਨੇ ਕਿਹਾ ਤੇ ਫੇਰ ਆਪਣੇ ਕੰਮ ਵਿਚ ਰੁੱਝ ਗਈ।
ਦਸ ਮਿੰਟ ਦੇ ਅੰਦਰ-ਅੰਦਰ ਐਂਬੂਲੈਂਸ, ਸਟਰੇਚਰ, ਪਾਰਾਮੈਡੀਕ, ਪੁਲਿਸ ਵਾਲੇ ਸਾਰੇ ਹਾਜ਼ਰ ਸਨ।
“ਸ਼੍ਰੀਮਤੀ ਜੀ, ਤੁਸੀਂ ਇਹਨਾਂ ਨੂੰ ਬਚਾਅ ਲਿਆ।” ਡਾਕਟਰ ਲੱਗਦਾ ਮੁੰਡਾ ਕਹਿ ਰਿਹਾ ਸੀ।
ਉਹ ਲੋਕ ਉਸਨੂੰ ਹਸਪਤਾਲ ਲੈ ਗਏ। “ਤੂੰ ਉਹਨਾਂ ਨੂੰ ਪਾਗ਼ਲ ਕਿਉਂ ਕਹਿ ਰਿਹਾ ਸੈਂ?” ਨਲਿਨੀ ਨੇ ਅਪਾਰਟਮੈਂਟ ਵਾਲੇ ਮੁੰਡੇ ਨੂੰ ਪੁੱਛਿਆ।
“ਸਾੱਰੀ। ਪਰ ਹੈ ਉਹ ਪਾਗ਼ਲ ਈ। ਸਠਿਆਇਆ ਬੁੱਢਾ। ਓਲਡ ਹੋਮ ਵਿਚ ਜਾਣ ਲਈ ਤਿਆਰ ਨਹੀਂ, ਇਕੱਲਾ ਘਰੇ ਬੰਦ ਰਹਿੰਦਾ ਏ ਤੇ ਰਾਤ-ਰਾਤ ਭਰ ਤੁਰਿਆ-ਫਿਰਦਾ ਏ। ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਸਨ। ਪਹਿਲਾਂ 204 ਵਿਚ ਇਕ ਅਮਰੀਕਨ ਰਹਿੰਦੇ ਸਨ, ਉਹਨਾਂ ਇਸ ਨੂੰ ਕਢਵਾਉਣ ਦਾ ਨੋਟਿਸ ਦਿਵਾਅ ਦਿੱਤਾ ਸੀ। ਫੇਰ ਉਹ ਚਲੇ ਗਏ ਤੇ ਕੋਈ ਹਿੰਦੁਸਤਾਨੀ ਆ ਗਿਆ। ਸ਼ਿਕਾਇਤ ਆਉਣੀ ਬੰਦ ਹੋ ਗਈ। ਪਰ ਤੁਸੀਂ...?”
“ਮੈਂ 204 ਦੀ ਮਾਂ ਆਂ।” ਉਹ ਹੱਸ ਪਈ—“ਬੁੱਢਿਆਂ ਦੇ ਘਰ ਜਾਣ ਲਈ ਮੈਂ ਵੀ ਤਿਆਰ ਨਹੀਂ, ਪਰ ਮੈਂ ਪਾਗ਼ਲ ਨਹੀਂ ਆਂ ਤੇ ਨਾ ਰਾਬਰਟ ਏ।”
“ਸਾੱਰੀ ਲੇਡੀ!”
ਅਗਲੇ ਦੋ ਦਿਨ ਕਾਉਂਟੀ ਹਸਪਤਾਲ ਆਉਂਦੇ-ਜਾਂਦੇ ਬੀਤੇ। ਰਾਬਰਟ ਨੂੰ ਲਕਵੇ ਦਾ ਦੌਰਾ ਪਿਆ ਸੀ। ਦੋ ਦਿਨ ਬਾਅਦ ਹੋਸ਼ ਵਿਚ ਆ ਗਿਆ। ਉਸਨੇ ਅੱਖਾਂ ਖੋਲ੍ਹੀਆਂ ਤਾਂ ਨਲਿਨੀ ਸਾਹਮਣੇ ਬੈਠੀ ਸੀ। ਰਾਬਰਟ ਨੇ ਉਸ ਵੱਲ ਦੇਖਿਆ ਤਕ ਨਹੀਂ, ਪਛਾਨਦਾ ਖ਼ੈਰ ਕਿਵੇਂ।
“ਰਾਬਰਟ!” ਉਸਨੇ ਬੁਲਾਇਆ।
ਉਸ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਹੋਈ। ਚਿਹਰਾ ਓਵੇਂ ਦੀ ਜਿਵੇਂ ਭਾਵਹੀਣ, ਪੱਥਰ ਬਣਿਆ ਰਿਹਾ। ਅੱਖਾਂ ਬਿਲਕੁਲ ਸੱਖਣੀਆਂ, ਦੇਖ ਕੇ ਵੀ ਨਾ ਦੇਖਦੀਆਂ ਹੋਈਆਂ। ਆਵਾਜ਼ ਸੁਣ ਕੇ ਅਣਸੁਣੀ ਕਰ ਦਿੱਤੀ ਗਈ।
ਨਲਿਨੀ ਨੇ ਆਪਣੇ ਪਰਸ ਵਿਚੋਂ ਛੋਟਾ ਕੰਘਾ ਕੱਢਿਆ ਤੇ ਉਸਦੇ ਬੈੱਡ ਕੋਲ ਪਈ ਮੇਜ਼ ਉੱਤੇ ਖੜਕਾਇਆ—ਠਕ-ਠਕ-ਠਕ, ਠਕ...ਠਕ...ਠਕ...। ਤਿੰਨ ਵਾਰੀ ਜਲਦੀ-ਜਲਦੀ, ਫੇਰ ਰੁਕ-ਰੁਕ ਕੇ ਤਿੰਨ ਵਾਰੀ।
ਉਸਦੀਆਂ ਅੱਖਾਂ ਵਿਚ ਪਛਾਣ ਦੀ ਝਲਕ ਝਲਕੀ। ਚਾਦਰ ਉਪਰ ਪਿਆ ਹੋਇਆ ਸਿੱਥਲ ਹੱਥ ਉੱਠਿਆ ਤੇ ਦੂਜੇ ਹੱਥ ਨੂੰ ਥਪਕਣ ਲੱਗਿਆ। ਥਪ-ਥਪ-ਥਪ, ਥਪ...ਥਪ...ਥਪ।
ਨਲਿਨੀ ਨੇ ਮੇਜ਼ ਉਪਰ ਕੰਘੇ ਨਾਲ ਦੋ ਵਾਰੀ ਠਕ-ਠਕ ਕੀਤੀ, ਧੀਮੀ ਸੁਰ ਵਿਚ ਸੰਗਤ ਕਰਦਿਆਂ ਕਿਹਾ, “ਰਾਬਰਟ, ਰਾਬਰਟ!”
ਰਾਬਰਟ ਨੇ ਵੀ ਦੋ ਵਾਰੀ ਥਪ-ਥਪ ਕੀਤੀ।
ਸੰਗਤ ਨਲਿਨੀ ਨੇ ਹੀ ਕੀਤੀ, “ਨ-ਲਿ-ਨੀ...ਨ-ਲਿ-ਨੀ,” ਉਸਨੇ ਇਕ ਇਕ ਅੱਖਰ ਅਲਗ-ਅਲਗ ਉਚਾਰਦਿਆਂ ਹੋਇਆਂ ਕਿਹਾ। ਫੇਰ ਖ਼ੁਦ ਠਕ-ਠਕ ਕਰਕੇ ਅੰਗਰੇਜ਼ੀ ਵਿਚ ਬੋਲੀ, “ਕੈਸੇ ਓ?”
ਰਾਬਰਟ ਨੇ ਸਧੇ ਹੱਥ ਨਾਲ ਥਪਕ ਦਿੱਤੀ।
ਨਲਿਨੀ ਨੇ ਠਕ-ਠਕ ਦੇ ਨਾਲ ਕਿਹਾ, “ਮੈਨੂੰ ਫ਼ਿਕਰ ਏ...”
ਰਾਬਰਟ ਦਾ ਚਿਹਰਾ ਪਸੀਜਦਾ ਮਹਿਸੂਸ ਹੋਇਆ ਹੱਥਾਂ ਦੀ ਥਪਕਨ ਦੇ ਨਾਲ ਬੁੱਲ੍ਹ ਮਾੜੇ-ਮਾੜੇ ਕੰਬੇ। ਨਲਿਨੀ ਨੇ ਦੋ ਵਾਰੀ ਠਕ-ਠਕ ਕੀਤੀ ਤੇ ਕਿਹਾ, “ਮੈਂ ਆਂ।” ਰਾਬਰਟ ਥਪਕੀ ਦੇਣਾ ਭੁੱਲ ਗਿਆ। ਪਛਾਣ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਦਾ ਰਿਹਾ।
ਨਲਿਨੀ ਨੇ ਉਸਦਾ ਸਿਰਹਾਣਾ ਥਪਥਪਾਇਆ, ਮੇਜ਼ ਸਜਾਈ, ਚਾਦਰ ਠੀਕ ਕੀਤੀ ਤੇ...ਮਿਲਣ ਦਾ ਸਮਾਂ ਪੂਰਾ ਹੋ ਗਿਆ। ਉਹ ਉੱਠ ਕੇ ਖੜ੍ਹੀ ਹੋ ਗਈ। ਚੱਲਨ ਲੱਗਿਆਂ ਠਕ-ਠਕ ਕੀਤੀ, ਕਿਹਾ, “ਫੇਰ ਆਵਾਂਗੀ।”
ਰਾਬਰਟ ਨੇ ਹੱਥ ਨਾਲ ਥਪਕੀ ਦਿੱਤੀ ਬੁੱਲ੍ਹ ਕੁਝ ਬੜਬੜਾਏ। ਸ਼ਾਇਦ ਉਸਨੇ ਕਿਹਾ ਸੀ, “ਆਪਣਾ ਖ਼ਿਆਲ ਰੱਖਣਾ।”
ਰੇਲ ਤੇ ਬਸ ਬਦਲ ਕੇ ਰਾਤ ਘਿਰ ਆਉਣ ਤਕ ਉਹ ਘਰ ਪਹੁੰਚੀ ਤਾਂ ਬੈਠਕ ਵਿਚ ਚਹਿਲ-ਕਦਮੀਂ ਕਰਦਾ ਸੁਧੀਰ ਹਿਰਖ ਕੇ ਪਿਆ, “ਕਿੱਥੇ ਚਲੇ ਗਏ ਸੌ? ਮੈਂ ਪੁਲਿਸ ਨੂੰ ਖ਼ਬਰ ਕਰਨ ਲੱਗਾ ਸਾਂ।”
“ਮੈਨੂੰ ਯਾਦ ਈ ਨਹੀਂ ਰਿਹਾ, ਤੂੰ ਅੱਜ ਆਉਣ ਵਾਲਾ ਏਂ।” ਉਸਨੇ ਕਿਹਾ ਤੇ ਸਿੱਧੀ ਆਪਣੇ ਕਮਰੇ ਵਿਚ ਆ ਕੇ ਲੇਟ ਗਈ।
ਸੁਧੀਰ ਨੇ ਉਸਦੀ ਪ੍ਰਾਈਵੇਸੀ ਦੀ ਲੱਜ ਨਹੀਂ ਰੱਖੀ। ਦਬੜ-ਦਬੜ ਕਰਦਾ ਹੋਇਆ ਅੰਦਰ ਘੁਸ ਗਿਆ। ਬੋਲਿਆ, “ਖਾਣਾ ਨਹੀਂ ਖਾਣਾ?”
“ਨਹੀਂ, ਸੈਂਡਵਿਚ ਖਾ ਲਏ ਸੀ।”
“ਕੁਛ ਬਣਾਇਆ ਨਹੀਂ?”
“ਨਹੀਂ।”
ਕੁਝ ਚਿਰ ਸੁਧੀਰ ਯਕੋਤਕੀ ਜਿਹੀ ਵਿਚ ਖੜ੍ਹਾ ਰਿਹਾ, ਫੇਰ ਬੋਲਿਆ, “ਤੁਹਾਡਾ ਟਿਕਟ ਤੇ ਇਹ ਦੋ ਸੌ ਡਾਲਰ।”
ਨਲਿਨੀ ਨੇ ਡਾਲਰ ਲੈ ਲਏ, ਟਿਕਟ ਉੱਤੇ ਤਾਰੀਖ਼ ਦੇਖੀ ਤੇ ਵਾਪਸ ਕਰਦਿਆਂ ਹੋਇਆਂ ਕਿਹਾ, “ਇਸਨੂੰ ਬਦਲਵਾ ਕੇ ਪੰਦਰਾਂ ਦਿਨ ਬਾਅਦ ਕਰਵਾ ਦੇਅ। ਮੈਨੂੰ ਰੁਕਣਾ ਪਏਗਾ।”
“ਕਿਉਂ?”
“ਕੰਮ ਏਂ।”
ਸੁਧੀਰ ਆਪਣੇ ਆਪ ਵਿਚ ਗਵਾਚਿਆ ਹੋਇਆ ਸੀ। ਉਸਦੀ ਗੱਲ ਨਹੀਂ ਸੀ ਸੁਣੀ, ਆਪਣੀ ਗੱਲ ਆਖੀ, “ਮੈਂ ਸ਼ਾਦੀ ਕਰ ਰਿਹਾ ਆਂ।”
ਉਹ ਉੱਠ ਕੇ ਬੈਠ ਗਈ। “ਮੁਬਾਰਕ।” ਉਸਨੇ ਕਿਹਾ।
“ਅਮਰੀਕਨ ਕੁੜੀ ਏ।”
“ਬੜਾ ਚੰਗਾ ਏ।”
“ਉਹ ਚਾਹੁੰਦੀ ਏ ਸ਼ਾਦੀ ਚਰਚ ਵਿਚ ਹੋਵੇ।”
“ਸ਼ਾਦੀ ਤਾਂ ਸ਼ਾਦੀ ਹੁੰਦੀ ਏ, ਕਿਤੇ ਵੀ ਹੋਵੇ।”
“ਉਹ ਰੈੱਡਕਰਾਸ ਵਿਚ ਕੰਮ ਕਰਦੀ ਏ।”
“ਵਾਹ, ਬਹੁਤ ਹੀ ਵਧੀਆ ਏ।”
“ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਨਾ?”
“ਨਹੀਂ, ਕੋਈ ਇਤਰਾਜ਼ ਨਹੀਂ।”
“ਸ਼ਾਦੀ ਵਿਚ ਆਓਗੇ?”
“ਬੁਲਾਵੇਂਗਾ ਤਾਂ ਕਿਉਂ ਨਹੀਂ ਆਵਾਂਗੀ?”
“ਤਾਂ ਅਗਲੇ ਹਫ਼ਤੇ ਕਰ ਲਵਾਂ?”
“ਜ਼ਰੂਰ।”
“ਤੁਹਾਡਾ ਟਿਕਟ...?”
“ਪੰਦਰਾਂ ਦਿਨ ਬਾਅਦ ਦਾ ਕਰਵਾ ਦੇ।”
“ਪਰ ਮਾਂ, ਅਸੀਂ ਤਾਂ ਹਨੀਮੂਨ 'ਤੇ ਚਲੇ ਜਾਵਾਂਗੇ।”
“ਚਲੇ ਜਾਣਾ। ਮੈਂ ਕਿਹਾ ਏ ਨਾ ਮੈਨੂੰ ਇੱਥੇ ਕੰਮ ਏਂ।”
“ਕੀ ਕੰਮ ਏਂ?”
ਨਲਿਨੀ ਮੁਸਕੁਰਾ ਪਈ—“ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਏ ਸੁਧੀਰ!” ਉਸਨੇ ਕਿਹਾ। ਫੇਰ ਕੁਝ ਰੁਕ ਕੇ ਬੋਲੀ, “ਚਾਹ ਪੀਵੇਂਗਾ? ਮੈਂ ਬਣਾ ਰਹੀ ਆਂ ਆਪਣੇ ਲਈ।”
ਸੁਧੀਰ ਉਸਦੇ ਪਿੱਛੇ ਰਸੋਈ ਵਿਚ ਆ ਗਿਆ।
ਚਾਹ ਦੀ ਮਹਿਕ ਨਾਲ ਤਰੋਤਾਜ਼ਾ ਹੋ ਕੇ ਨਲਿਨੀ ਨੇ ਕਿਹਾ, “ਹੋ ਸਕਿਆ ਤਾਂ ਵਾਪਸ ਜਾਣ ਤੋਂ ਪਹਿਲਾਂ ਇਕ ਵਾਰੀ ਤੇਰੀ ਪਤਨੀ ਨੂੰ ਮਿਲਣਾ ਚਾਹਵਾਂਗੀ।”
ਉਸਨੂੰ ਲੱਗਿਆ ਸੀ, ਪੂਰੀ ਗੱਲ ਸਮਝਾ ਕੇ ਕਹੇਗੀ ਤਾਂ ਉਸਦੇ ਚਲੇ ਜਾਣ ਪਿੱਛੋਂ, ਉਹ ਅਮਰੀਕਨ ਕੁੜੀ ਰਾਬਰਟ ਦੀ ਸੁੱਧ ਜ਼ਰੂਰ ਲੈਂਦੀ ਰਹੇਗੀ।
“ਤੁਸੀਂ ਠਹਿਰੋ ਮਾਂ!” ਸੁਧੀਰ ਨੇ ਕਿਹਾ, “ਅਸੀਂ ਵਾਪਸ ਆ ਜਾਵਾਂਗੇ ਤਾਂ ਚਲੇ ਜਾਣਾ। ਪਰ ਤੁਹਾਡਾ ਸਕੂਲ...?”
“ਪੰਦਰਾਂ ਜੁਲਾਈ ਤਕ ਪਹੁੰਚ ਜਾਵਾਂ ਤਾਂ ਸਰ ਜਾਏਗਾ।”
ਹਿੰਦੁਸਤਾਨ ਵਾਪਸ ਜਾ ਕੇ ਕੋਈ ਕੰਮ ਟੋਲ ਲਏਗੀ। ਸੁਧੀਰ ਤੋਂ ਪੈਸੇ ਮੰਗਣਾ ਅਸੰਭਵ ਏ। ਥੋੜ੍ਹੇ ਬਹੁਤ ਜੇਵਰ ਪਏ ਨੇ ਉਸਦੇ ਕੋਲ। ਕੁਝ ਨਾ ਹੋਇਆ ਤਾਂ ਉਹਨਾਂ ਨੂੰ ਵੇਚ ਕੇ ਕੋਈ ਛੋਟਾ ਮੋਟਾ ਧੰਦਾ ਸ਼ੁਰੂ ਕਰ ਲਵੇਗੀ। ਕੱਪੜੇ ਸਿਉਂਣ ਦਾ, ਖਾਣਾ ਬਣਾ ਕੇ ਦਫ਼ਤਰਾਂ ਵਿਚ ਟਿਫ਼ਨ ਭੇਜਣ ਦਾ, ਕੁਛ ਵੀ। ਇਕ ਵਾਰੀ ਹਿੰਮਤ ਕਰ ਲਏ ਤਾਂ ਬੜਾ ਕੁਝ ਕਰ ਸਕਦੀ ਏ, ਔਰਤ।
“ਮਾਂ!” ਉਸਨੇ ਸੁਣਿਆ, ਸੁਧੀਰ ਕਹਿ ਰਿਹਾ ਸੀ—“ਸੋਚਦਾ ਆਂ, ਕੁਛ ਡਾਲਰ ਹਿੰਦੁਸਤਾਨ ਵਿਚ ਇਨਵੈਸਟ ਕਰ ਦਿਆਂ। ਇੰਪੋਰਟ ਐਕਪੋਰਟ ਵਿਚ ਬੜਾ ਪੈਸਾ ਏ। ਉਧਰ ਦਾ ਤੁਸੀਂ ਸੰਭਾਲ ਸਕਦੇ ਓ, ਇਧਰ ਦਾ ਮੈਂ। ਹੁਣ ਇੱਥੇ ਤਾਂ ਪੈਸਾ ਬਚਣਾ ਨਹੀਂਓਂ...ਇਹ ਅਮਰੀਕਨ ਕੁੜੀਆਂ, ਮੇਰਾ ਮਤਲਬ ਏ ਖਰਚ ਹੁੰਦਾ ਈ ਏ ਚੰਗੀ ਤਰ੍ਹਾਂ ਜਿਊਣ 'ਤੇ...ਕਦੀ ਮੈਂ ਹਿੰਦੁਸਤਾਨ ਆਉਣ ਲੱਗਾਂ ਤਾਂ...ਮੇਰਾ ਮਤਲਬ ਏ, ਕੁਛ ਸੁਰੱਖਿਅਤ ਤਾਂ ਹੋਵੇ...”
ਨਲਿਨੀ ਨੇ ਪਿਆਰ ਨਾਲ ਸੁਧੀਰ ਦਾ ਚਿਹਰਾ ਪਰਖਿਆ—ਤਾਂ ਇਕੱਲ ਤੇ ਹਨੇਰੇ ਦਾ ਖ਼ੌਫ਼ ਰਾਬਰਟ ਤੇ ਨਲਿਨੀ ਨੂੰ ਹੀ ਨਹੀਂ ਸੀ, ਹੋਰਾਂ ਨੂੰ ਵੀ ਏ।
“ਫਿਕਰ ਨਾ ਕਰ!” ਉਸਨੇ ਮੇਜ਼ ਉੱਤੇ ਰੱਖੇ ਉਸਦੇ ਹੱਥ ਨੂੰ ਥਪਕਦਿਆਂ ਕਿਹਾ, “ਮੈਂ ਹਾਂ ਨਾ!”

   ੦੦੦ ੦੦੦ ੦੦੦

   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.

No comments:

Post a Comment