Friday, October 22, 2010

ਮਿਯਾਨੀ ਬੀ...:: ਲੇਖਕ : ਵਿਜੈ




ਹਿੰਦੀ ਕਹਾਣੀ :
ਮਿਯਾਨੀ ਬੀ...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਹੁਸਨਾ ਬੀ ਤਿੰਨ ਸਾਲ ਸ਼ਹਿਰ ਵਿਚ ਰਹਿ ਕੇ ਰਾਤ ਵਾਲੀ ਬੱਸ ਉੱਤੇ ਆਪਣੇ ਉਸੇ ਪੁਰਾਣੇ ਸੰਦੂਕ ਤੇ ਭਾਂਡਿਆਂ ਨਾਲ ਭਰੀ ਬੋਰੀ ਸਮੇਤ ਧਾਂਧੂਪੁਰ ਪਰਤ ਆਈ। ਪਿੰਡ ਸੁੱਤਾ ਹੋਇਆ ਸੀ। ਜਿੰਦਰਾ ਖੋਲ੍ਹ ਕੇ ਅੰਦਰ ਗਈ ਤਾਂ ਹਨੇਰੇ ਵਿਚ ਹੀ ਤਿੰਨ ਸਾਲ ਪਹਿਲਾਂ ਛੱਡੀ ਮੋਮਬੱਤੀ ਮਿਲ ਗਈ। ਮੋਮਬੱਤੀ ਬਾਲ ਕੇ ਟਰੰਕ ਉੱਤੇ ਹੀ ਬੈਠ ਗਈ। ਦੇਹ ਥਕਾਣ ਨਾਲ ਚੂਰ ਸੀ, ਪਰ ਅੱਖ ਵਿਚ ਚਮਕ ਸੀ ਜਿਵੇਂ ਹੱਜ ਕਰਕੇ ਆਈ ਹੋਵੇ।
ਸ਼ਹਿਰ ਵਿਚ ਵੀ ਖਬਰ ਮਿਲਦੀ ਰਹੀ ਸੀ ਫਸਲੀ ਸੌਗਾਤਾਂ ਦੇ ਨਾਲ—'ਬਿਸੇਸਰ ਬਾਬਾਜੀ ਨਹੀਂ ਰਹੇ। ਤੁਹਡਾ ਮਕਾਨ ਜਦੋਂ ਤਕ ਜਿਊਂਦੇ ਰਹੇ, ਦੂਜੀ ਚਾਬੀ ਨਾਲ ਖੁਲਾਅ ਕੇ ਸਾਫ ਕਰਵਾਉਂਦੇ ਰਹੇ। ਹਾਂ, ਬਿਮਲਾ ਦਾਦੀ ਅਜੇ ਹੈ। ਸੋਟੀ ਦੇ ਸਹਾਰੇ ਪੂਰੇ ਪਿੰਡ ਦਾ ਚੱਕਰ ਲਾ ਆਉਂਦੀ ਹੈ।' ਜਾਣਦੀ ਹੈ ਕਿ ਸਵੇਰੇ-ਸਵੇਰੇ ਆ ਕੇ ਮਿਲਦੀ ਹੀ ਕਹੇਗੀ¸'ਆ-ਗੀ ਰੰਡੀ? ਹੋ-ਗੇ ਸ਼ਹਿਰ 'ਚ ਚੁੱਤੜ ਮੋਟੇ? ਰਾਜਪੂਤ ਤਾਂ ਤੈਨੂੰ ਖਾਂਦੇ ਸੀ...'
ਮੂਰਖ ਝਿੜਕੀਆਂ ਵਿਚ ਵੀ ਹੁਸਨਾ ਬੀ ਨੂੰ ਪਿਆਰ ਦਾ ਸਮੁੰਦਰ ਮਿਲ ਜਾਏਗਾ। ਲਿਪਟ ਕੇ ਰੋਏਗੀ ਜਿਵੇਂ ਪਿੰਡ ਆ ਕੇ ਰੋਣ ਲਈ ਹੀ ਅੱਥਰੂ ਸਾਂਭ-ਸਾਂਭ ਰੱਖੇ ਹੋਣ! ਜਾਣਦੀ ਹੈ ਕਿ ਬਿਮਲਾ ਦਾਦੀ ਵੀ ਰੋ ਕੇ ਜਲਦੀ ਸੰਭਲ ਜਾਏਗੀ—'ਬਿਸੇਸਰ ਸਿੰਘ ਨਹੀਂ ਰਹੇ ਤਾਂ ਕੀ ਹੋਇਆ! ਮੈਂ ਹਾਂ ਨਾ, ਸੁਰਈਆ ਦੀ ਅੰਮੀ! ਕਹਿ ਗਏ ਸੀ...ਵੇਖ ਲਵੀਂ ਇਕ ਦਿਨ ਵਾਪਸ ਆਏਗੀ ਕੁੜੀ, ਕੋਈ ਤਕਲੀਫ ਨਾ ਹੋਏ ਉਸਨੂੰ!'
ਲੰਮਾ ਹਊਕਾ ਜਿਹਾ ਨਿਕਲਿਆ ਧੁਰ ਅੰਦਰੋਂ। ਇਸ ਘਰ ਵਿਚ ਬਿਤਾਏ ਸੋਲਾਂ ਸਤਾਰਾਂ ਸਾਲ ਚਾਰੇ ਪਾਸੇ ਘੇਰਾ ਘੱਤ ਕੇ ਬੈਠ ਗਏ।

ਬੜੀ ਘਬਰਾ ਗਈ ਸੀ। ਮੁਸ਼ੱਰਫ਼ ਦੀ ਮੌਤ ਨੇ ਉਸਨੂੰ ਬਿਲਕੁਲ ਇਕੱਲਿਆਂ ਤੇ ਕਮਜ਼ੋਰ ਕਰ ਦਿੱਤਾ ਸੀ। ਧਾਂਧੂਪੁਰ ਵਿਚ ਆਇਆਂ ਪੂਰੇ ਪੰਦਰਾਂ ਸਾਲ ਹੋ ਗਏ ਸਨ। ਸਮੇਂ ਦੀ ਗਵਾਹ ਸੁਰੱਈਆ, ਪੂਰੇ ਚੌਦਾਂ ਸਾਲ ਦੀ ਹੋ ਗਈ ਸੀ। ਖ਼ੁਦ ਉਸਦੀ ਉਮਰ ਤੀਹ ਨੂੰ ਹੱਥ ਪਾਉਣ ਲੱਗੀ ਸੀ। ਸਾਰੀ ਜ਼ਿੰਦਗੀ ਅੱਗੇ ਖੜ੍ਹੀ ਸੀ, ਪਰ ਗਲ਼ੇ ਦਾ ਹਾਰ ਟੁੱਟ ਗਿਆ ਸੀ।
ਪੰਦਰਾਂ ਸਾਲ ਇਕ ਪਿੰਡ ਵਿਚ ਰਹਿ ਕੇ ਆਦਮੀ ਉੱਥੋਂ ਦੇ ਕਈ ਕੁਣਬਿਆਂ ਵਿਚ ਵੰਡਿਆ ਜਾਂਦਾ ਹੈ। ਇਧਰ-ਉਧਰ ਮੇਲੇ-ਮੰਡੀ ਵਿਚ ਮਿਲਦੀਆਂ ਔਰਤਾਂ ਨੂੰ ਉਹ ਇਹੀ ਦੱਸਦੀ ਕਿ ਉਹ ਧਾਂਧੂਪਰ ਦੀ ਹੈ, ਪਰ ਦੂਜੇ ਪਿੰਡ ਦੀਆਂ ਔਰਤਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਦੀ, 'ਇਹ ਕਿਵੇਂ ਹੋ ਸਕਦੈ? ਠੇਠ ਰਾਜਪੂਤੀ ਪਿੰਡ ਐ, ਓਥੇ ਕੋਈ ਮੀਆਂ ਕਿੰਜ ਟਿਕ ਸਕਦਾ ਐ?'
ਵਾਪਸ ਆ ਕੇ ਹੁਸਨਾ ਬੀ ਦੱਸਦੀ ਤਾਂ ਮੁਸ਼ੱਰਫ਼ ਹਾਸੇ ਵਿਚ ਗੱਲ ਪਾ ਲੈਂਦਾ। ਉੱਚੀ-ਉੱਚੀ ਕਹਿਣ ਲੱਗਦਾ, 'ਉਹਨਾਂ ਦੇ ਦਿਮਾਗ਼ ਦੇ ਕਾਜ ਬੰਦ ਐ। ਮਦਰਾਸ ਦਾ ਮੁਸਲਮਾਨ ਇਡਲੀ-ਡੋਸਾ ਖਾ ਕੇ ਵੀ ਮੁਸਲਮਾਨ ਈ ਰਹਿੰਦੈ। ਹਿੰਦੂ ਤੇ ਮੁਸਲਮਾਨਾਂ ਦੀ ਇਬਾਦਤ ਦੇ ਤਰੀਕੇ ਅਲਗ ਐ। ਅਸੀਂ ਅੱਲ੍ਹਾ ਕਹਿ ਕੇ ਬੁਲਾਉਂਦੇ ਆਂ ਤੇ ਉਹ ਈਸ਼ਵਰ ਕਹਿ ਕੇ, ਪਰ ਦੋਵਾਂ ਦਾ ਮਾਲਿਕ ਤਾਂ ਇਕ ਈ ਐ।'
ਹੁਸਨਾ ਬੀ ਭੜਕ ਜਾਂਦੀ—'ਨਾ ਤਾਂ ਇੱਥੇ ਸੁਰੱਈਆ ਦੇ ਨਾਨਕੇ ਐ ਤੇ ਨਾ ਹੀ ਤੁਹਾੜੇ ਵੱਡੇ ਹਰ ਸਾਲ ਨਾਟਕ ਮੰਡਲੀਆਂ ਬੁਲਾਉਂਦੇ ਸੀ। ਕਦੀ ਮਹਾਰਾਣਾ ਪ੍ਰਤਾਪ ਤੇ ਕਦੀ ਸ਼ਿਵਾਜੀ ਮਹਾਰਾਜ। ਅਕਬਰ ਤੇ ਔਰੰਗਜੇਬ ਨੂੰ ਨੀਚਾ ਵਿਖਾਉਂਦੇ ਐ।'
'ਰੋਟੀ ਦੀ ਗਰਾਹੀ 'ਚ ਵੱਸਦੈ ਰਾਮ-ਰਹਿਮਾਨ, ਹੁਸਨਾ! ਅਜਮੇਰ ਸ਼ਰੀਫ਼ ਵਿਚ ਦਰਗਾਹ ਉੱਪਰ ਹਿੰਦੂ-ਮੁਸਲਮਾਨ ਇਕੱਠੇ ਕਤਾਰ ਵਿਚ ਖੜ੍ਹੇ ਹੁੰਦੇ ਐ...ਪਰ ਉਸੇ ਦੇ ਮੁਰੀਦ ਪਿੰਡ ਦੇ ਇਫ਼ਤਾਰ ਅਲੀ ਨੇ ਸਾਨੂੰ ਬੇਘਰ ਕਰ ਦਿੱਤਾ ਤੇ ਸਾਡੀ ਜ਼ਮੀਨ ਵੀ ਬਿਨਾਂ ਡਕਾਰ ਮਾਰੇ ਨਿਗਲ ਗਿਆ। ਬਿਸੇਸਰ ਚਾਚਾ ਸਹੀ ਕਹਿੰਦੇ ਐ ਕਿ ਕਦੀ ਸਾਡੇ ਤੇ ਤੁਹਾਡੇ ਬਜ਼ੁਰਗਾਂ ਵਿਚਕਾਰ ਹਕੂਮਤ ਲਈ ਲੜਾਈਆਂ ਹੁੰਦੀਆਂ ਸੀ। ਹੁਣ ਹਕੂਮਤ ਤਾਂ ਕੀ ਜ਼ਿਮੀਂਦਾਰੀ ਵੀ ਨਹੀਂ ਰਹੀ। ਫੇਰ ਹੁਣ ਕਿਉਂ ਅਸੀਂ ਮਸਿਜਦਾਂ ਤੋੜਦੇ ਫਿਰੀਏ ਤੇ ਤੁਸੀਂ ਮੰਦਰ ਭੰਨਦੇ ਫਿਰੋਂਗੇ?'
ਚੰਗਾ ਨਹੀਂ ਲੱਗਦਾ ਜਦ ਕੋਈ ਮਿਯਾਨੀ ਚਾਚੀ, ਕੋਈ ਮਿਯਾਨੀ ਭਾਬੀ ਤੇ ਕੋਈ ਸੁਣ ਮਿਯਾਨੀਏਂ ਕਹਿੰਦੈ।'
ਛੱਡ ਏਸ ਚੈਂ-ਚੈਂ ਨੂੰ ਹੁਸਨਾ! ਇਹ ਦੱਸ ਬਈ ਤੇਰੇ ਸਿਓਂਤੇ ਲਹਿੰਗੇ, ਫਤੂਹੀ ਤੇ ਬਲਾਉਜਾਂ ਦੀ ਸਾਰੀਆਂ ਰਾਜਪੂਤਨੀਆਂ ਤਾਰੀਫ਼ ਨਹੀਂ ਕਰਦੀਆਂ? ਤੇ ਮੇਰੇ ਸਿਓਂਤੇ ਪਾਜਾਮੇ, ਪਤਲੂਨ, ਕੋਟ, ਕੁਰਤੇ ਕੀ ਪੂਜਾ ਤੇ ਮੇਲੇ ਸਮੇਂ ਫ਼ਖ਼ਰ ਨਾਲ ਨਹੀਂ ਪਾਏ ਜਾਂਦੇ? ਜਵਾਬ ਨਹੀਂ ਬਈ ਮੁਸ਼ੱਰਫ਼ ਮੀਆਂ ਦੀ ਸਿਲਾਈ ਦਾ!'
ਬਿਜਲੀ ਦਾ ਝੱਟਕਾ ਖਾ ਕੇ ਬਿਨਾਂ ਚੀਕੇ-ਕੂਕੇ ਚਲੇ ਗਏ। ਧੁਨ ਚੜ੍ਹੀ ਸੀ—ਈਦ ਤੋਂ ਪਹਿਲਾਂ ਬਿਜਲੀ ਲੱਗਣੀ ਚਾਹੀਦੀ ਹੈ...ਬਿਸੇਸਰ ਚਾਚੇ ਨੇ ਆਪਣੇ ਘਰੋਂ ਕੁਨੈਕਸ਼ਨ ਲੈ ਲੈਣ ਲਈ ਕਹਿ ਦਿੱਤਾ। ਪਤਾ ਕੁਝ ਹੈ ਨਹੀਂ ਸੀ, ਧਾਗੇ ਵਾਂਗ ਮੂੰਹ 'ਚ ਦੱਬ ਲਈ ਤਾਰ—ਸੋ ਫੜ੍ਹ ਲਿਆ ਬਿਗਾਨੀ ਨੇ। ਜਿਸਮ ਆਕੜ ਕੇ ਰਹਿ ਗਿਆ। ਉਹ ਤਾਂ ਦੌੜ ਕੇ ਰਿਛਪਾਲ ਨੇ ਬਟਨ ਉੱਤੇ ਚੁੱਕ ਦਿੱਤਾ, ਨਹੀਂ ਤਾਂ ਅੱਬੂ ਨੂੰ ਚੀਕ ਕੇ ਫੜ੍ਹਨ ਦੌੜੀ ਸੁਰੱਈਆਂ ਕੀ ਬਚ ਜਾਂਦੀ?
ਖ਼ੁਦ ਬਿਸੇਸਰ ਨੇ ਨਹਾਉਣ ਕਰਵਾਇਆ ਸੀ ਮੁਰਦੇ ਦਾ। ਮੁਰਝਈ ਤੋਂ ਮੁੱਲਾ ਟਰੈਕਟਰ ਤੇ ਬਿਠਾਅ ਲਿਆਏ ਸੀ। ਰਲਮਿਲ ਕੇ ਕਬਰ ਪੁੱਟੀ ਸੀ ਸਾਰਿਆਂ ਨੇ। ਪਤਾ ਨਹੀਂ ਕਿੰਨੀਆਂ ਅੱਖਾਂ ਨੇ ਮਿੱਟੀ ਗਿੱਲੀ ਕੀਤੀ ਸੀ। ਮੁੱਲਾ ਜੀ ਤਾਂ ਫਤਿਹਾ ਪੜ੍ਹ ਕੇ ਗ਼ਾਇਬ ਹੋ ਗਏ ਸੀ—ਮੇਰੀ ਤੌਬਾ! ਇਹ ਕੋਈ ਪਿੰਡ ਏ ਮੁਸਲਮਾਨ ਦੇ ਮਰਨ ਲਈ!
ਔਰਤਾਂ ਘੇਰੀ ਰੱਖਦੀਆਂ...ਆਪਣਾ ਘਰ ਸੰਭਾਲ! ਕੁੜੀ ਬਣ ਕੇ ਰਹਿ ਪਿੰਡ ਦੀ—ਸੁਰੱਈਆ ਦੇ ਬਥੇਰੇ ਚਾਚੇ-ਤਾਏ ਐ, ਸ਼ਾਨਦਾਰ ਨਿਕਾਹ ਕਰਨਗੇ ਉਸਦਾ।
ਦੋ ਮਹੀਨੇ ਬਾਅਦ ਖ਼ਬਰ ਸੁਣ ਕੇ ਆਏ ਸਨ, ਮੁਸ਼ੱਰਫ਼ ਦੇ ਮਾਮੇ-ਜਾਏ ਵੱਡੇ ਭਾਈਜਾਨ, ਭਾਬੀ ਤੇ ਉਹਨਾਂ ਦੀ ਵਿਗੜੀ ਉਲਾਦ—'ਹਾਏ ਤਾਂ ਸਾਡੀ ਦੁਨੀਆਂ ਈ ਲੁੱਟੀ ਗਈ! ਅਸੀਂ ਬਰਬਾਦ ਹੋ ਗਏ! ਕਿੰਜ ਉਠੀ ਹੋਏਗੀ ਮਈਅਤ? ਜਿੱਥੇ ਅੱਲ੍ਹਾ ਦੇ ਬੰਦੇ ਨਹੀਂ, ਉੱਥੇ ਆਇਆ ਈ ਕਿਉਂ ਸੀ ਮੁਸ਼ੱਰਫ਼ਾ?'
ਸੁਰੱਈਆਂ ਉਹਨਾਂ ਦਾ ਝੂਠਾ ਰੋਣਾ-ਪਿੱਟਣਾ ਤਾੜ ਗਈ ਸੀ, 'ਅੰਮਾ ਡਰਾਮਾ ਕਰ ਰਹੇ ਐ ਇਹ ਲੋਕ ਤਾਂ।'
ਬਿਸੇਸਰ ਸਿੰਘ ਕੇ ਘਰੋਂ ਖਾਣਾ ਆ ਗਿਆ। ਖਾਂਦੇ ਤੇ ਭੜਕਦੇ ਰਹੇ—'ਇਹ ਦਾਲ-ਰੋਟੀ ਤੇ ਸਬਜ਼ੀ! ਇਹੀ ਮਹਿਮਾਨ ਨਿਵਾਜੀ ਐ ਇਹਨਾਂ ਕਾਫ਼ਿਰਾਂ ਦੀ? ਨਾ ਗੋਸ਼ਤ, ਨਾ ਮੁਰਗਾ। ਕਹਿੰਦੇ ਐ ਖ਼ੁਦ ਨੂੰ ਮਹਾਰਾਣੇ!'
ਰਾਤ ਦੇ ਗੂੜ੍ਹਾ ਹੋਣ ਦੀ ਉਡੀਕ ਕਰਦੇ ਰਹੇ।
ਤੇ ਰਾਤ ਨੂੰ ਮੰਜੇ 'ਤੇ ਲੱਤਾਂ ਪਸਾਰਦਿਆਂ ਹੋਇਆਂ ਬੇਗਮ ਨਰਗਿਸ ਨੇ ਕਿਹਾ, 'ਦੁਲਹਨ, ਕਾਫ਼ਿਰਾਂ ਦਾ ਪਿੰਡ ਐ...ਇਹਨਾਂ ਦਾ ਕੀ ਭਰੋਸਾ!'
'ਇਹਨਾਂ ਦਾ ਤਾਂ ਭਰੋਸਾ ਐ ਆਪਾ! ਯਕੀਨ ਤਾਂ ਆਪਣੇ ਖ਼ੁਦ ਦੇ ਪਿੰਡ ਵਿਚ ਜਿੰਦਰੇ ਵਾਂਗ ਟੁੱਟ ਗਿਆ ਸੀ।' ਹੁਸਨਾ ਬੀ ਨੇ ਕਿਹਾ ਸੀ।
'ਕੁਛ ਕਹਿਣ ਨਾ ਕਹਿਣ ਪਰ ਹੈ ਤਾਂ ਪਰਾਏ ਈ!'
ਹੁਸਨਾ ਨੇ ਕੋਰਾ ਜਿਹਾ ਜਵਾਬ ਦਿੱਤਾ—'ਅੱਲ੍ਹਾ ਦੇ ਸਿਵਾਏ ਆਪਣਾ ਹੁੰਦਾ ਕੀ ਕੌਣ ਐਂ, ਆਪਾ! ਤਵਾ ਜਦੋਂ ਰੋਟੀ ਨੂੰ ਤਰਸਦੈ, ਚੁੱਲ੍ਹਾ ਵੀ ਅੰਗੂਠਾ ਵਿਖਾਅ ਚੁੱਕਿਆ ਹੁੰਦੈ।'
ਦੂਜੇ ਮੰਜੇ ਉੱਤੇ ਪਏ ਸਾਜਿਦ ਮੀਆਂ ਭੜਕੇ ਸਨ, 'ਕਿਉਂ ਹਵਾ 'ਚ ਤੈਰ ਰਹੀ ਏਂ ਬੇਕਾਰ! ਅਸੀਂ ਤਾਂ ਤਰਸ ਖਾ ਕੇ ਇਰਫਾਨ ਨੂੰ ਸੌਂਪਣਾ ਚਾਹੁੰਦੇ ਸੀ ਕਿ ਬੇਵਾ ਨੂੰ ਸਹਾਰਾ ਮਿਲ ਜਾਏ ਤੇ ਰਜ਼ੀਆ ਨੂੰ ਬਾਪ...ਪਰ ਲੱਗਦੈ, ਕਾਫ਼ਿਰਾਂ ਦੀਆਂ ਟੰਗਾਂ ਵਿਚ ਇਹਨੂੰ ਖਾਸਾ ਆਰਾਮ ਐਂ।'
ਸੁਰੱਈਆ ਫੜਫੜਾਈ ਸੀ ਪਰ ਹੁਸਨਾ ਬੀ ਨੇ ਬਾਂਹ ਨੱਪ ਦਿੱਤੀ ਸੀ, ਉਹ ਚੁੱਪ ਰਹੀ। ਇਰਫਾਨ ਦੇ ਖਾਸੇ ਦਾ ਪਤਾ ਸੀ ਉਸਨੂੰ। ਦਰਗਾਹ ਵਿਚ ਆਏ ਮੁਰੀਦਾਂ ਦੀਆਂ ਜੇਬਾਂ ਕੱਟਣ ਦਾ ਮਾਹਿਰ ਇਰਫਾਨ ਮੀਆਂ ਕਈ ਵਾਰੀ ਜੇਲ ਹੋ ਆਇਆ ਹੈ।

ਜਾਂਦੀ-ਜਾਂਦੀ ਨਰਗਿਸ ਹਵਾ ਵਿਚ ਵੀ ਜ਼ਹਿਰ ਫੈਲਾਅ ਗਈ ਸੀ, 'ਘੋੜੀ ਤੇ ਜਵਾਨ ਔਰਤ ਦਾ ਬਿਨਾਂ ਕਿੱਲੇ ਦੇ ਗੁਜਾਰਾ ਨਹੀਂ ਹੋਂਦਾ...ਕੱਜਲ ਦੀ ਕੋਠੀ 'ਚ ਪਾਊਡਰ ਲਿੱਪ ਕੇ ਕਦ ਤੀਕ ਖ਼ੁਦ ਨੂੰ ਪਾਕੀਜ਼ਾ (ਪਵਿੱਤਰ/ਸਾਫ ਸੁਥਰਾ) ਦਿਖਾ ਸਕੇਂਗੀ! ਜਦ ਜਵਾਨੀ ਢਲ ਜਾਏਗੀ ਤਾਂ ਦਾਣੇ-ਦਾਣੇ ਨੂੰ ਤਰਸੇਂਗੀ! ਬੁਰੀ ਨਜ਼ਰ ਅਜੇ ਤਾਂ ਅਨਾਇਤ (ਮਿਹਰ) ਲੱਗਦੀ ਹੋਊ ਨਾ!'

ਦੋ ਚਾਰ ਦਿਨ ਬੁੜਬੁੜ ਹੁੰਦੀ ਰਹੀ ਸੀ, ਪੂਰੇ ਧਾਂਧੂਪਰ ਵਿਚ। 'ਕਿਸਨੇ ਪਾਈ ਐ ਬੁਰੀ ਨਜ਼ਰ? ਇਹ ਮੁਸਲਮਾਨ ਹੁੰਦੀ ਈ ਤੋਤਾ ਚਸ਼ਮ ਐਂ!'
ਬਿਮਲਾ ਦਾਦੀ ਕੌੜੀਆਂ-ਕੁਸੈਲੀਆਂ ਸੁਣਾਉਣ ਆਈ ਸੀ, ਪਰ ਹੰਝੂਆਂ 'ਚ ਡੁੱਬ ਗਈ। ਜਾਂਦੀ-ਜਾਂਦੀ ਪਿੱਠ ਥਾਪੜ ਗਈ, 'ਕੁੱਤੇ ਭੌਂਕ ਕੇ ਚਲੇ ਗਏ। ਨੀਂਦ ਖ਼ਰਾਬ ਹੋਈ ਸੋ ਸਾਡੀ, ਸਾਡੀ ਹੋਈ। ਜੀਅ ਛੋਟਾ ਨਾ ਕਰ ਮਿਯਾਨੀ ਬਹੂ!'
ਕੁਝ ਦਿਨ ਹਿਰਖੇ ਰਹੇ ਨੌਜਵਾਨ, 'ਅਸੀਂ ਨਹੀਂ ਜਾਣਾ ਪੁੱਛਣ। ਤੁਸੀਂ ਲੋਕ ਈ ਪੁੱਛ ਆਓ। ਸੂਈ-ਧਾਗਾ, ਬਟਨ ਜੋ ਕਹੇ ਲਿਆ ਦਿਆਂਗੇ, ਪਰ ਦੇਣ ਤੁਸੀਂ ਕੋਈ ਜ਼ਨਾਨੀ ਈ ਜਾਈਓ।'
ਪਰ ਛੇਤੀ ਸਭ ਕੁਝ ਪਹਿਲਾਂ ਵਰਗਾ ਹੋ ਗਿਆ। ਸੁਰੱਈਆ ਲਛਮਣ ਸਿੰਘ ਦੀ ਬਾਂਹ ਨਾਲ ਝੂਟ ਗਈ, 'ਚਾਚਾ, ਘਰੇ ਕਿਉਂ ਨਹੀਂ ਆਉਂਦਾ?'
'ਓਥੇ ਚੁੜੈਲ ਜੋ ਰਹਿੰਦੀ ਐ ਇਕ।'
'ਕਿਹੜੀ ਚੁੜੈਲ?'
'ਤੂੰ! ਹੋਰ ਕਿਹੜੀ...'
ਸੁਰੱਈਆ ਝਈ ਲੈ ਕੇ ਮਾਰਨ ਲਈ ਅਹੁਲੀ ਤੇ ਲਛਮਣ ਸਿੰਘ ਨੇ ਪਿੱਠ ਦਿਖਾਅ ਦਿੱਤੀ। ਇਸੇ ਲਛਮਣ ਸਿੰਘ ਦੇ ਵਡੇਰਿਆਂ ਨੇ ਕਦੀ ਮੁਸਲਮਾਨ ਫੌਜੀਆਂ ਹੱਥੋਂ ਛਾਤੀ 'ਤੇ ਵਾਰ ਸਹੇ ਸਨ।
ਰੇਡੀਓ ਸਿਰਫ ਬਿਸੇਸਰ ਸਿੰਘ ਕੇ ਘਰ ਸੀ। ਖ਼ਬਰ ਗੂੰਜੀ ਸੀ...'ਮੁੰਬਹੀ ਵਿਚ ਖ਼ੂਨ-ਖਰਾਬਾ!'
ਦਰੇਸੀ ਤੋਂ ਆਏ ਪਾਹੁਲ ਨੇ ਕਿਹਾ ਸੀ, 'ਲਓ ਵੇਖ ਲਓ ਹਿੰਮਤ! ਹੁਣ ਇਕ ਹੋਰ ਪਾਕਿਸਤਾਨ ਬਣ ਕੇ ਰਹੇਗਾ!'
'ਆਪਣਾ ਧਾਂਧੂਪਰ ਕਿੱਧਰ ਜਾਊਗਾ?' ਪੁੱਛਿਆ ਸੀ ਬਿਮਲਾ ਦਾਦੀ ਨੇ ਮਹਿਮਾਨ ਤੋਂ, ਤੇ ਇਹ ਜਾਣ ਕੇ ਕਿ ਭਾਰਤ ਵਿਚ ਰਹੇਗਾ ਬੋਲੀ ਸੀ, 'ਫੇਰ ਠੀਕ ਐ।'
'ਦਾਦੀ, ਤੂੰ ਸਠਿਆ ਗਈ ਐਂ।' ਮਹਿਮਾਨ ਬਿਨਾਂ ਆਵਾਜ਼ ਬੁੱਲ੍ਹਾਂ ਵਿਚ ਬੜਬੜਾਇਆ ਸੀ ਤੇ ਦੂਜੇ ਦਿਨ ਦਰੇਸੀ ਪਰਤ ਗਿਆ ਸੀ।
ਸੁਰੱਈਆ ਵੀ ਖ਼ਬਰ ਸੁਣ ਆਈ ਸੀ, 'ਅੰਮਾਂ ਬੜੀ ਤੋੜ-ਫੋੜ ਹੋਈ ਆ ਬੰਬਈ 'ਚ।'
ਖਾਵਿੰਦ (ਪਤੀ) ਦੀ ਰੂਹ ਬੜਬੜਾਈ ਸੀ...'ਹੁਸਨਾ! ਜਿਹੜੇ ਦੀਨ ਦੇ ਤਿਜਾਰਤੀ ਐ ਨਾ, ਉਹ ਪੈਸਿਆਂ ਤੇ ਤਾਕਤ ਦੇ ਬੂਤੇ ਖ਼ੁਦ ਨੂੰ ਗਾਜੀ ਕਹਾਉਂਦੈ ਐ।
ਤੇ ਅੰਦਰੋਂ ਸਹਿਮ ਗਈ ਸੀ ਹੁਸਨਾ—'ਇਲਾਹੀ, ਰਹਿਮ ਕਰਨਾ।'
ਫੇਰ ਖ਼ਬਰਾਂ ਗ਼ਾਇਬ ਹੋ ਗਈਆਂ ਤੇ ਸਮਾਂ ਦੁਲੂਗਾਮਾ ਤੋਰ ਅੱਗੇ ਵਧਦਾ ਰਿਹਾ।
ਇਕ ਦਿਨ ਰਾਤ ਬੀਤਦਿਆਂ ਹੀ ਸੁਰੱਈਆਂ ਨੂੰ ਜਗਾਇਆ ਸੀ—'ਚੱਲ ਬੋਰੀ ਚੁੱਕ, ਮੈਂ ਟਰੰਕ ਸਿਰ 'ਤੇ ਚੁੱਕ ਲਵਾਂਗੀ।'
'ਕਿੱਥੇ ਜਾ ਰਹੇ ਆਂ?'
'ਸ਼ਹਿਰ! ਮਾਂ ਧੀ ਮਜ਼ਦੂਰੀ ਕਰਕੇ ਢਿੱਡ ਭਰ ਲਵਾਂਗੇ।'
'ਕਿਉਂ?'
'ਦੇਖਿਆ ਨਹੀਂ, ਛੇ ਦਿਨਾਂ ਦੀਆਂ ਸਭ ਦੀਆਂ ਅੱਖਾਂ ਪਾਟੀਆਂ ਹੋਈਐਂ?'

ਪਿੰਡ ਤੋਂ ਕੋਈ ਅੱਧਾ ਕੋਹ ਦੂਰ ਸੜਕ ਉਪਰ ਦੋਵੇਂ ਪਹਿਲੀ ਬੱਸ ਦੀ ਉਡੀਕ ਕਰ ਰਹੀਆਂ ਨੇ। ਅਚਾਨਕ ਹੁਸਨਾ ਬੀ ਉਠਦੀ ਹੈ, 'ਸੁਰੱਈਆ! ਤੂੰ ਬੈਠ, ਮੈਂ ਹੁਣੇ ਆਈ।'
ਹਨੇਰਾ ਐ ਅੰਮਾ! ਨੇੜੇ ਈ ਬੈਠ ਲੀਂ।'
ਸਲਵਾਰ ਹੇਠਾਂ ਕਰਕੇ ਹੁਸਨਾ ਬੀ ਬੈਠੀ ਹੀ ਸੀ ਕਿ ਲੁੜਕ ਗਈ ਪਿੱਠ ਭਾਰ ਚੀਕਦੀ ਹੋਈ।
ਡਰ ਕੇ ਪਿੰਡ ਵੱਲ ਨੱਸੀ ਸੁਰੱਈਆ। ਪਹਿਲਾ ਬੂਹਾ ਗਨੇਸੀ ਦਾ ਸੀ ਖੜਕਾਉਣ ਲੱਗੀ। ਗਨੇਸੀ ਮੁੰਡੇ ਨੂੰ ਬਲ੍ਹਦ ਗੱਡੀ ਲਿਆਉਣ ਲਈ ਕਹਿ ਕੇ ਸੁਰੱਈਆਂ ਨਾਲ ਭੱਜ ਤੁਰਿਆ। ਪੰਦਰਾਂ ਮਿੰਟਾਂ ਵਿਚ ਹੁਸਨਾ ਬੀ ਢੋਕੀ ਦੇ ਮੰਦਰ ਦੇ ਵਿਹੜੇ ਵਿਚ ਸੀ। ਸਵੇਰ ਦੀ ਪੂਜਾ ਸਮਾਪਤ ਕਰਕੇ ਪੁਜਾਰੀ ਖੜ੍ਹਾ ਹੀ ਹੋਇਆ ਸੀ। ਚਾਰ ਪੰਜ ਜਣਿਆਂ ਨੂੰ ਦੇਖਿਆ ਤਾਂ ਵਿਹੜੇ ਵਿਚ ਆ ਗਿਆ। ਸੁਰੱਈਆ ਨੇ ਦੱਸਿਆ ਤਾਂ ਝੱਟ ਸਮਝ ਗਿਆ ਕਿ ਸੱਪ ਨੇ ਡਸਿਆ ਹੈ ਇਸ ਔਰਤ ਨੂੰ।
ਦੌੜ ਕੇ ਅੰਦਰੋਂ ਸਾਫ ਚਾਕੂ ਲੈ ਆਇਆ ਪੁਜਾਰੀ। ਗਨੇਸੀ ਦੇ ਬੇਟੇ ਨੇ ਹੁਸਨਾ ਨੂੰ ਪਲਟਿਆ ਤਾਂ ਪਿੱਠ ਉੱਤੇ ਟੁੱਕਿਆ ਕੱਪੜਾ ਸਾਫ ਦਿਖਾਈ ਦਿੱਤਾ। ਕੁੜਤੀ ਉਪਰ ਖਿੱਚ ਕੇ ਡੂੰਘਾ ਚੀਰਾ ਲਾਇਆ ਤੇ ਦੇਹ ਦਬਾਈ ਤਾਂ ਘਰਲ-ਘਰਲ ਕਰਦਾ ਨੀਲਾ ਖ਼ੂਨ ਵਗਣ ਲੱਗ ਪਿਆ। ਮੰਜੀ ਨਾਲ ਹੁਸਨਾ ਨੂੰ ਬੰਨ੍ਹ ਦਿੱਤਾ ਗਿਆ ਤੇ ਮੰਜੀ ਖੜ੍ਹੀ ਕਰ ਦਿੱਤੀ ਗਈ। ਖ਼ੂਨ ਨੰਗੀ ਪਿੱਠ ਤੋਂ ਹੇਠਾਂ ਤੁਰਨ ਲੱਗਾ। ਉਧਰ ਪੁਜਾਰੀ ਨੇ ਮੰਤਰ ਪੜ੍ਹਦਿਆਂ ਹੋਇਆਂ ਚੌਲ ਮਾਰਨੇ ਸ਼ੁਰੂ ਕਰ ਦਿੱਤੇ। ਹੁਸਨਾ ਦੀ ਅੱਖ ਖੁੱਲ੍ਹੀ ਤੇ ਬੰਦ ਹੋ ਗਈ। ਪੁਜਾਰੀ ਨੇ ਨੇੜੇ ਹੀ ਸਰਕੜਿਆਂ ਦੀ ਧੁੰਈਂ ਬਾਲ ਦਿੱਤੀ ਤਾਂ ਕਿ ਧੁੰਆਂ ਹੁਸਨਾ ਨੂੰ ਸੌਣ ਨਾ ਦਏ। ਮੰਤਰਾਂ ਦਾ ਉਚਾਰਣ ਪੂਰਾ ਕਰਕੇ ਪੁੱਛਿਆ ਪੁਜਾਰੀ ਨੇ, “ਕੌਣ ਹੈ?”
“ਮਿਯਾਨੀ ਚਾਚੀ...ਆਪਣੇ ਪਿੰਡ ਦੀ।” ਗਨੇਸੀ ਦੇ ਬੇਟੇ ਸਤਪਾਲ ਨੇ ਕਿਹਾ।
ਤ੍ਰਬਕਿਆ ਸੀ ਪੁਜਾਰੀ...ਯਾਨੀਕਿ ਮੁਸਲਮਾਨ! ਫੇਰ ਚੁੱਪ ਵੱਟ ਲਈ ਸੀ।...ਹਿੰਦੂ ਹੀ ਨਹੀਂ ਚਾਰ ਪਿੰਡਾਂ ਦੇ ਮੁਸਲਮਾਨ ਵੀ ਜ਼ਹਿਰ ਉਤਰਵਾਉਣ ਆਉਣਗੇ। ਕੁਝ ਚਿਰ ਪਿੱਛੋਂ ਬੋਲਿਆ, “ਗੁਰੂ ਮਹਾਰਾਜ ਨੇ ਕਿਹਾ ਸੀ ਕਿ ਭੇਦਭਾਵ ਨਾ ਕਰੀਂ ਸੱਪ ਦਾ ਜ਼ਹਿਰ ਉਤਾਰਣ ਸਮੇਂ। ਤੁਸਲੀਦਾਸ ਵੀ ਕਹਿ ਗਏ ਨੇ...ਜਾਤਪਾਂਤ ਪੂਛੇ ਨਾ ਕੋਈ, ਹਰਿ ਕੋ ਭਜੇ ਸੋ ਹਰ ਕਾ ਹੋਈ। ਕਬੀਰ ਵੀ ਕਹਿ ਗਏ...ਜਾਤ ਨਾ ਪੂਛੋ ਸਾਧੁ ਕੀ।”
ਮੁਕਦੀ ਗੱਲ ਇਹ ਜਿਹੜੇ ਪਿੰਡ ਵਾਲੇ ਪਹੁੰਚ ਗਏ ਸਨ ਖੁਸ਼ ਹੋ ਗਏ...ਬਣਾ ਗੁਣੀ-ਗਿਆਨੀ ਐਂ ਥੋਡਾ ਪੰਡਿਤ!
ਹੁਸਨਾ ਦੀਆਂ ਅੱਖਾਂ ਫਰਕਣ ਲੱਗੀਆਂ ਤੇ ਉਹ ਕਰਾਹੁਣ ਲੱਗ ਪਈ। ਪੁਜਾਰੀ ਨੇ ਕਿਹਾ...“ਬਚ ਜਾਏਗੀ ਔਰਤ!”
ਹੁਣ ਨੀਲਾ ਖ਼ੂਨ ਧਰਤੀ ਉੱਤੇ ਫ਼ੈਲ ਰਿਹਾ ਸੀ। ਉਦੋਂ ਹੀ ਦੋ ਟਰੈਕਟਰਾਂ ਦੇ ਰੁਕਣ ਦੀ ਆਵਾਜ਼ ਆਈ। ਸੁਰੱਈਆ ਦੇ ਚਿਹਰੇ ਉੱਤੇ ਥਕਾਣ ਦੀ ਧੁੱਪ ਫ਼ੈਲੀ ਗਈ ਹੈ, ਜਿਵੇਂ ਅਨਾਥ ਤੋਂ ਅਚਾਨਕ ਸਨਾਥ ਹੋ ਗਈ ਹੋਵੇ। ਬਿਮਲਾ ਦਾਦੀ ਨਾਲ ਆਏ ਲਛਮਣ ਚਾਚੇ ਨਾਲ ਚੰਬੜ ਕੇ ਉੱਚੀ-ਉੱਚੀ ਰੋਣ ਲੱਗ ਪਈ ਹੈ।
ਨਾਲ ਆਇਆ ਡਾਕਟਰ ਨਬਜ਼ ਦੇਖਦਾ ਹੈ, ਅੱਖਾਂ ਦੇ ਪਪੋਟੇ ਚੁੱਕ ਕੇ ਦੇਖਦਾ ਹੈ ਤੇ ਵਾਣ ਦੀ ਮੰਜੀ ਦੇ ਸੰਘਿਆਂ ਨੂੰ ਸਰਕਾਅ ਕੇ ਚੀਰਾ ਦੇਖਦਾ ਹੈ ਤੇ ਫੇਰ ਕਾਲੇ-ਨੀਲੇ ਖ਼ੂਨ ਉੱਤੇ ਰਿਸਦੇ ਲਾਲ ਖ਼ੂਨ ਨੂੰ ਦੇਖ ਕੇ ਕਹਿੰਦਾ ਹੈ, “ਬਚ ਜਾਏਗੀ ਹੁਣ।” ਇੰਜੈਕਸ਼ਨ ਲਾ ਕੇ ਚਲਾ ਜਾਂਦਾ ਹੈ।
ਧਾਂਧੂਪੁਰ ਤੋਂ ਆਈ ਭੀੜ ਦੇ ਚਿਹਰਿਆਂ ਉੱਤੇ ਖੁਸ਼ੀ ਝੂਮਣ ਲੱਗੀ...ਠੀਕ ਹੋ ਜਾਏਗੀ ਮਿਯਾਨੀ ਚਾਚੀ, ਮਿਯਾਨੀ ਭਾਬੀ, ਮਿਯਾਨੀ ਬਹੂ...।
ਬਿਮਲਾ ਦਾਦੀ ਦਾ ਹੱਥ ਫੜ੍ਹੀ ਬੈਠੀ ਸੁਰੱਈਆ ਵੀ ਮੁਸਕੁਰਾਉਂਦੀ ਹੈ ਤਾਂ ਬੁੱਢੀ ਝਿੜਕਦੀ ਹੈ, “ਜਾਹ ਨਾ ਹੁਣ ਸ਼ਹਿਰ! ਇੱਥੇ ਸੱਪ ਨੇ ਡਸਿਐ, ਓਥੇ ਅਜਗਰ ਚੰਬੜਣਗੇ ਕੁੜੀਏ।”
“ਸੱਤ ਦਿਨਾਂ ਦਾ ਕੰਮ ਨਹੀਂ ਆਇਆ, ਅੰਮਾਂ ਘਬਰਾ ਗਈ ਸੀ।”
“ਤੂੰ ਨਲੈਕ ਐਂ ਕੁੜੀਏ ਤੇ ਤੇਰੀ ਅੰਮਾਂ ਪਾਗਲ! ਸ਼ਰਾਧਾਂ 'ਚ ਕੌਣ ਸਿਵਾਉਂਦੇ ਨਵਾਂ ਕੱਪੜਾ?” ਬੁੱਢੀ ਹਿਰਖ ਵੱਸ ਕਹਿੰਦੀ ਹੈ।
“ਅੰਮਾਂ ਸਮਝੀ ਕਿ ਅਸੀਂ ਮੁਸਲਮਾਨ...!”
ਬੁੱਢੀ ਤੁੜਕ ਕੇ ਉਠੀ, “ਬੜੀ ਦੇਰ ਨਾਲ ਸਮਝੀ ਤੇਰੀ ਅੰਮਾਂ।” ਫੇਰ ਲਛਮਣ ਦੀ ਬਾਂਹ ਫੜ੍ਹ ਕੇ ਬੋਲੀ, “ਚੱਲ ਓਇ! ਇਹ ਤਾਂ ਧਰਮ ਦੇ ਹੋ ਗਏ। ਸਾਡੇ ਖੇਤਾਂ ਦਾ ਅੰਨ ਤੇ ਖ਼ੂਹੀ ਦਾ ਪਾਣੀ ਇਹਨਾਂ ਦਾ ਧਰਮ ਭਰਿਸ਼ਟ ਕਰ ਦੇਊਗਾ।”
ਬੁੱਢੀ ਮੁੜੀ ਹੀ ਸੀ ਕਿ ਲੱਗਿਆ ਕਿਸੇ ਨੇ ਪੱਲਾ ਫੜ੍ਹ ਲਿਆ ਹੈ। ਮੁੜ ਕੇ ਦੇਖਿਆ ਤਾਂ ਹੁਸਨਾ ਬੀ ਦੀਆਂ ਮੁਰਝਾਈਆਂ ਉਂਗਲਾਂ ਹਰਕਤ ਕਰ ਰਹੀਆਂ ਸਨ। ਬੁੱਢੀ ਦਾ ਮਿਜ਼ਾਜ ਯਕਦਮ ਬਦਲ ਗਿਆ। ਚਿਹਰੇ 'ਤੇ ਹਾਸਾ ਆ ਗਿਆ, “ਠੀਕ ਹੋ ਜੇ ਨਿਖਸਮੀ, ਫੇਰ ਦੇਊਂਗੀ ਪਤਾ।”
ਫੇਰ ਭਤੀਜੇ ਨੂੰ ਹੁਕਮ ਹੋਇਆ, “ਐਂ-ਈ ਬੰਨ੍ਹੀ-ਬਣਾਈ ਨੂੰ ਲੈ ਚੱਲ ਰੰਡੀ ਨੂੰ ਟਿਕਟਿਕੀ ਸਣੇ!” ਫੇਰ ਚੁੰਨੀ ਦੇ ਲੜ ਨਾਲੋਂ ਸੌ ਦਾ ਨੋਟ ਖੋਹਲ ਕੇ ਪੁਜਾਰੀ ਨੂੰ ਦੇਂਦੀ ਹੋਈ ਬੋਲੀ, “ਬੜੇ ਗੁਣੀ ਓਂ-ਜੀ ਮਹਾਰਾਜ-ਜੀ ਤੁਸੀਂ। ਜੀਵ 'ਤੇ ਦਯਾ-ਦ੍ਰਿਸ਼ਟੀ ਬਣਾਈ ਰੱਖਣਾ!”
ਪੁਜਾਰੀ ਜਿਹੜਾ ਤੰਤਰ-ਮੰਤਰ ਤੋਂ ਬਾਅਦ ਜਵਾਨ ਹੁੰਦੀ ਸੁਰੱਈਆ 'ਤੇ ਅੱਖਾਂ ਟਿਕਾਈ ਖੜ੍ਹਾ ਸੀ, ਛਿਣ ਵਿਚ ਸਾਧੁ ਬਣ ਗਿਆ, “ਬੜਾ ਪ੍ਰੇਮ ਹੈ ਤੁਹਾਡਾ ਲੋਕਾਂ ਦਾ। ਮੁਰਲੀ ਵਾਲਾ ਤੁਹਾਡੇ ਸਾਰਿਆਂ ਉੱਤੇ ਕਿਰਪਾ ਰੱਖੇ।”
ਮਹੀਨੇ ਭਰ ਵਿਚ ਪੂਰੀ ਤਰ੍ਹਾਂ ਤੰਦਰੂਸਤ ਹੋ ਗਈ ਹੁਸਨਾ ਬੀ। ਅਚਾਨਕ ਸਿਰ ਉੱਤੇ ਦੁੱਪਟਾ ਲੈ ਕੇ ਬਿਸੇਸਰ ਸਿੰਘ ਸਾਹਮਣੇ ਜਾ ਖੜ੍ਹੀ ਹੋਈ, “ਠਾਕੁਰ ਚਾਚਾ, ਸਾਨੂੰ ਸ਼ਹਿਰ ਭੇਜ ਦਿਓ।”
“ਕਿਓਂ, ਹੁਣ ਕੀ ਹੋਇਆ? ਕੀ ਤਕਲੀਫ਼ ਐ ਤੁਹਾਨੂੰ ਲੋਕਾਂ ਨੂੰ? ਮੁਸ਼ੱਰਫ ਨੂੰ ਮੈਂ ਲਿਆਇਆ ਸੀ ਅਜਮੇਰੋਂ, ਆਪਣਾ ਪੁੱਤ ਬਣਾ ਕੇ ਰੱਖਿਆ ਸੀ—ਕੀ ਕਿਸੇ ਨੇ ਕੁਛ ਆਖਿਐ?”
“ਨਾ! ਪਿਆਰ ਏਨਾ ਕਿ ਡੁੱਬ ਜਾਣ ਦਾ ਖਤਰਾ ਹੋ ਗਿਐ। ਤਿਹਾਰ 'ਤੇ ਆਉਂਦੇ ਐ ਸਾਰੇ ਮੁੰਡੇ, ਰੱਖੜੀ ਬਣਵਾਉਣ। ਪਿਆਰ-ਪੈਸਾ ਕੀ ਨਹੀਂ ਦਿੰਦੇ! ਕਿਸੇ ਦੀ ਅੱਖ ਵਿਚ ਮੈਲ ਨਹੀਂ ਹੁੰਦੀ। ਸੁਰੱਈਆ ਸਭ ਪਛਾਣਦੀ ਐ। ਮੇਰਾ ਕੁੰਵਰ ਵੀਰਾ, ਕਿਸਨ ਵੀਰਾ, ਮਾਨ ਵੀਰਾ। ਮੈਂ ਕਹਿੰਦੀ ਆਂ 'ਭਾਈ ਜਾਨ ਕਿਹਾ ਕਰ ਕੁੜੀਏ।' ਤਾਂ ਜਵਾਬ ਮਿਲਦੈ—ਭਾਈ ਜਾਨ ਤੁਹਾਡੇ ਪਿੰਡ 'ਚ ਹੁੰਦੇ ਹੋਣਗੇ, ਮੇਰੇ ਤਾਂ ਸਾਰੇ ਵੀਰੇ ਐ ਏਥੇ। ਪਹਿਲਾਂ ਮੈਨੂੰ ਅੰਮੀ ਕਹਿੰਦੀ ਸੀ, ਫੇਰ ਅੰਮਾਂ ਕਹਿਣ ਲੱਗ ਪਈ ਤੇ ਹੁਣ ਤਾਂ ਅਕਸਰ ਮਾਤਾਰਾਮ ਕਹਿ ਕੇ ਗੱਲ ਕਰਦੀ ਐ। ਰਾਜਪੂਤੀ ਪਿਆਰ ਵਿਚ ਝੱਲੀ ਹੋਈ ਕੁੜੀ ਨੂੰ ਕਿਹੜਾ ਮੁਸਲਮਾਨ ਘਰ ਅਪਣਾਏਗਾ? ਇਸ ਪਿੰਡ ਦੀ ਪਛਾਣ ਛੁਡਾਏ ਬਿਨਾਂ ਕੀ ਸੁਰੱਈਆ ਦਾ ਨਿਕਾਹ ਸੰਭਵ ਐ?”
ਗੰਭੀਰ ਹੋ ਗਏ ਸਨ ਬਿਸੇਸਰ ਸਿੰਘ। ਮਹਿਸੂਸ ਕੀਤਾ ਕਿ ਹੁਸਨਾ ਬੀ ਕਿਧਰੇ ਕਾਫੀ ਸਹੀ ਹੈ। ਉਦੋਂ ਹੀ ਹੁਸਨਾ ਬੀ ਕਹਿੰਦੀ ਹੈ, “ਕੁੜੀ ਨੂੰ ਲੈ ਕੇ ਅਜਨਬੀ ਸ਼ਹਿਰ ਦੀ ਭੀੜ ਵਿਚ ਉਤਰਨਾ ਚਾਹੁੰਦੀ ਆਂ, ਠਾਕੁਰ ਚਾਚਾਜੀ! ਸਮਝ ਲਵਾਂਗੀ ਧਾਂਧੂਪੁਰ ਮੇਰਾ ਪੇਕਾ ਪਿੰਡ ਸੀ, ਛੁੱਡਣਾ ਈ ਸੀ...।”
ਟਰੈਕਟਰ-ਟਰਾਲੀ ਵਿਚ ਬੈਠੀ ਹੁਸਨਾ ਬੀ ਤੇ ਸੁਰੱਈਆ ਨੂੰ ਸਾਰਾ ਪਿੰਡ ਵਿਦਾਈ ਦੇਣ ਆਇਆ, ਜਿਵੇਂ ਬਿੰਦਰਾਬਨ 'ਚੋਂ ਸ਼ਾਮ ਤੇ ਬਲਰਾਮ ਮਥੁਰਾ ਜਾ ਰਹੇ ਹੋਣ।
ਸਟੇਰਿੰਗ 'ਤੇ ਬੈਠੇ ਉਜਾਗਰ ਸਿੰਘ ਨੂੰ ਕਿਹਾ ਸੀ ਬਿਸੇਸਰ ਨੇ, “ਚੱਲ ਬੇਟਾ, ਨਹੀਂ ਤਾਂ ਹੰਝੂਆਂ ਦੀ ਝੜੀ ਵਿਚ ਤੇਰੀ ਭਾਬੀ ਤੋਂ ਜਾ ਨੀਂ ਹੋਣਾ।”
ਸੋਚਦੇ ਰਹੇ ਸੀ ਬਿਸੇਸਰ...ਕਦੀ ਇੰਜ ਹੀ ਮੁਸ਼ੱਰਫ ਤੇ ਹੁਸਨਾ ਬੀ ਨੂੰ ਲੈ ਕੇ ਆਇਆ ਸੀ ਤਾਂ ਪੂਰੇ ਪਿੰਡ ਦੀਆਂ ਅੱਖਾਂ ਵਿਚ ਸ਼ੱਕ ਸੀ...ਮੁਸਲਮਾਨ ਦਰਜੀ! ਕੌਣ ਸਿਵਾਏਗਾ ਕੱਪੜੇ?
ਬਿਸੇਸਰ ਸਿੰਘ ਨੇ ਸਮਝਾਇਆ ਸੀ, “ਸੰਗਮਰਮਰ ਦੀਆਂ ਮੂਰਤੀਆਂ ਮੁਸਲਮਾਨ ਬਣਾਉਂਦੇ ਤੇ ਹਿੰਦੂ ਮੰਦਰ 'ਚ ਪੂਜਦੇ ਐ। ਨਾਲੇ ਕੱਪੜੇ ਵਿਚ ਕੈਸੀ ਛੂਤ-ਛਾਤ? ਕਾਰੀਗਰੀ 'ਚ ਮੁਕਾਬਲਾ ਨਹੀਂ ਮੁਸਲਮਾਨਾਂ ਦਾ! ਰਾਜਪੂਤ ਤਾਂ ਸਿਪਾਹੀ ਜਾਂ ਡਾਕੂ ਈ ਬਣ ਸਕਦੇ ਐ।”
ਸ਼ਹਿਰ 'ਚੋਂ ਚੱਲੀ ਤਾਂ ਸੁਰੱਈਆ ਲਿਪਟ ਕੇ ਰੋਣ ਲੱਗ ਪਈ, “ਅੰਮੀ ਜਾਨ! ਕਹਿ ਦੇਣਾ ਕਿ ਤਿਊਹਾਰ 'ਤੇ ਆਪਣੇ ਸਾਰੇ ਵੀਰਾਂ ਨੂੰ ਰੱਖੜੀ ਬੰਨਣ ਆਵਾਂਗੀ।”

ਦੂਲਹਾ ਮੀਆਂ ਨੇ ਸਮਝਾਇਆ ਸੀ, “ਕਿੱਥੇ ਗ਼ੈਰਾਂ 'ਚ ਵੱਸਣ ਜਾ ਰਹੇ ਓ ਤੁਸੀਂ? ਬੜੇ ਤਾਅਸੁਬੀ (ਕੱਟੜ ਧਾਰਮਿਕ)ਹੋ ਗਏ ਨੇ ਰਾਜਪੂਤ!”
“ਮੈਨੂੰ ਜਾਣਾ ਹੀ ਪਏਗਾ ਬੇਟਾ! ਜਿਹਨਾਂ ਲੋਕਾਂ ਸੁਰੱਈਆਂ ਦੇ ਅੱਬਾ ਨੂੰ ਮਿੱਟੀ ਦਿੱਤੀ ਸੀ, ਉਹੀ ਮੈਨੂੰ ਕਬਰ 'ਚ ਦਫ਼ਨਾਉਣ ਦੇ ਅਸਲੀ ਹੱਕਦਾ ਐ।”
“ਅਜੇ ਤੁਹਾਡੀ ਉਮਰ ਈ ਕੀ ਐ?” ਦੂਹਲੇ ਮੀਆਂ ਕੁਝ ਹੋਰ ਕਹਿੰਦੇ ਕਿ ਸੁਰੱਈਆ ਨੇ ਹੱਥ ਨੱਪ ਦਿੱਤਾ।

ਖਟ! ਖਟ-ਖਟ!!
ਜਾਗ ਪਈ ਹੁਸਨਾ ਬੀ, ਦੇਖਿਆ ਕਿ ਅੱਧੀ ਰਾਤ ਤੋਂ ਹੁਣ ਤਕ ਸੰਦੂਕ ਉੱਪਰ ਹੀ ਬੈਠੀ ਰਹੀ ਹੈ। ਖਟ-ਖਟ ਦੀ ਆਵਾਜ਼ ਨੇ ਸੁਨੇਹਾ ਦਿੱਤਾ ਕਿ ਬੁੱਢੀ ਨੂੰ ਖਬਰ ਮਿਲ ਗਈ ਹੈ। ਝਿੜਕਾਂ ਤੇ ਮਿੱਠੀਆਂ ਗਾਲ੍ਹਾਂ ਸੁਣ ਲਈ ਤਿਆਰ-ਬਰ-ਤਿਆਰ ਹੁਸਨਾ ਬੀ ਮੁਸਕੁਰਾ ਪਈ ਹੈ, ਮੁਸਕਰਾ ਰਹੀ ਹੈ।
ਸੋਟੀ ਦੇ ਧੱਕੇ ਨਾਲ ਖੁੱਲ੍ਹੇ ਦਰਵਾਜ਼ੇ 'ਚੋਂ ਧਮਾਕੇਦਾਰ ਸ਼ਬਦ ਅੰਦਰ ਕੁੱਦ ਪਏ, “ਆ-ਗੀ ਰੰਡੀ ਮਿਯਾਨੀ?”
ਖਿੜ-ਖਿੜ ਕਰਕੇ ਹੱਸੀ ਹੁਸਨਾ ਬੀ। ਪੂਰੇ ਚਾਰ ਸਾਲ ਸ਼ਹਿਰ ਦੇ ਲੋਕਾਂ ਦੀਆਂ ਨਿਗਾਹਾਂ ਤੋਂ ਸਹਿਮੀ ਹੁਸਨਾ ਬੀ ਖੁੱਲ੍ਹ ਕੇ ਮੁਸਕੁਰਾ ਵੀ ਨਹੀਂ ਸੀ ਸਕੀ।

ਰਾਤੀਂ ਸ਼ਹਿਰ ਵਿਚ ਕਮਰ ਮੀਆਂ ਨੇ ਆਪਣੀ ਬੀਵੀ ਨੂੰ ਕਿਹਾ, “ਤੂੰ ਭਾਵੇਂ ਕਿੰਨੀ ਵੀ ਵਕਾਲਤ ਕਰ ਲੈ, ਆਪਣੀ ਹਮਸ਼ੀਰਾ ਦੀ ਸ਼ਰਾਫ਼ਤ ਦੀ ਪਰ ਮੈਨੂੰ ਪੂਰਾ ਸ਼ੱਕ ਐ, ਉੱਥੇ ਪਿੰਡ 'ਚ ਜ਼ਰੂਰ ਉਹਦਾ ਕੋਈ ਯਾਰ ਐ, ਨਹੀਂ ਤਾਂ ਪਿੰਡੋਂ ਭੱਜਿਆ ਕੁੱਤਾ ਵੀ ਸ਼ਹਿਰ ਛੱਡ ਕੇ ਵਾਪਸ ਨਹੀਂ ਜਾਂਦਾ।”

ਹੁਸਨਾ ਬੀ ਦੇ ਸਾਹਮਣੇ ਧਨੁਸ਼ ਬਣੀ ਖੜ੍ਹੀ ਬੁੱਢੀ ਕਹਿ ਰਹੀ ਸੀ, “ਖੁਸ਼ ਕਰ ਆਈ ਆਪਣੇ ਸ਼ਹਿਰੀ ਯਾਰ ਨੂੰ ਮਿਯਾਨੀ ਬੀ?”
ਹੱਸ ਰਹੀ ਹੁਸਨਾ ਬੀ ਵੱਲ ਬੁੱਢੀ ਨੇ ਸੋਟੀ ਸਿੰਨ੍ਹੀ ਹੋਈ ਸੀ ਤੇ ਹੁਸਨਾ ਬੀ ਹੱਸ-ਹੱਸ ਦੋਹਰੀ ਹੋ ਰਹੀ ਸੀ। ਦਰਵਾਜ਼ੇ ਦੇ ਬਾਹਰ ਖੜ੍ਹੀ ਭੀੜ ਅੰਦਰ ਹੋ ਰਹੇ ਨਾਟਕ ਦਾ ਮਜ਼ਾ ਲੈ ਰਹੀ ਸੀ।
    ੦੦੦ ੦੦੦ ੦੦੦

    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

No comments:

Post a Comment