Monday, October 25, 2010

ਤੀਜੀ ਦੁਨੀਆਂ...:: ਲੇਖਕ : ਜੋਗਿੰਦਰ ਪਾਲ



ਉਰਦੂ ਕਹਾਣੀ :
ਤੀਜੀ ਦੁਨੀਆਂ...
ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ ਜੈਤੋ


ਅਸਲਾਮ ਆਲੇਕੁਮ!—ਤੁਹਾਡੇ ਕੋਲ ਬੈਠਣ ਵਿਚ ਮੈਨੂੰ ਕੋਈ ਉਜਰ ਨਹੀਂ, ਪਰ ਜੇ ਮੈਂ ਕਿਤੇ ਬੈਠ ਜਾਂਦਾ ਹਾਂ ਤਾਂ ਲੋਕੀ ਮੇਰੀ ਦਾਸਤਾਨ ਸੁਣਦੇ ਹੋਏ ਉੱਠ ਖੜ੍ਹੇ ਹੁੰਦੇ ਨੇ ਤੇ ਮੈਨੂੰ ਬੜੀ ਨਮੋਸ਼ੀ ਹੋਣ ਲੱਗ ਪੈਂਦੀ ਏ। ਮੈਂ ਕਿਹੋ ਜਿਹਾ ਮਹਿਮਾਨ ਹਾਂ ਕਿ ਮੇਰਾ ਮੇਜ਼ਬਾਨ ਮੈਥੋਂ ਛੁਟਕਾਰਾ ਪਾਉਣ ਖਾਤਰ ਆਪਣੇ ਘਰੋਂ ਬਾਹਰ ਨਿਕਲ ਤੁਰਦਾ ਹੈ—ਲਓ, ਬੈਠ ਗਿਆ—ਬੁਢੇਪੇ ਨੇ ਬੁਰੇ ਹਾਲ ਕੀਤੇ ਹੋਏ ਨੇ। ਕਿਤੇ ਬੈਠ ਜਾਣ ਦੀ ਢੋਈ ਮਿਲ ਜਾਏ ਤਾਂ ਖ਼ੁਦਾ ਦਾ ਸ਼ੁਕਰ ਕਰੀ ਦਾ ਹੈ, ਨਹੀਂ ਤਾਂ ਕਦੀ ਉਹ ਦਿਨ ਵੀ ਹੁੰਦੇ ਸੀ ਕਿ ਲੋਕੀਂ ਪਿੱਛੋਂ ਆਵਾਜ਼ਾਂ ਮਾਰ-ਮਾਰ ਕੇ ਰੋਕ ਲੈਣਾ ਚਾਹੁੰਦੇ ਹੁੰਦੇ ਸੀ, ਪਰ ਮੈਂ ਹਮੇਸ਼ਾ ਅਗਲੀਆਂ ਆਵਾਜ਼ਾਂ ਵੱਲ ਮੂੰਹ ਚੁੱਕਿਆ ਹੁੰਦਿਆ ਸੀ, ਜਿਹੜੀਆਂ ਪਤਾ ਨਹੀਂ ਕਿੱਥੇ ਮੈਨੂੰ ਉਡੀਕ ਰਹੀਆਂ ਹੁੰਦੀਆਂ ਸੀ।—ਅਸਲਾਮ ਆਲੇਕੁਮ!—ਆਓ, ਤੁਸੀਂ ਵੀ ਬੈਠ ਜਾਓ! ਮੈਂ ਅਜੇ ਆਪਣੀ ਦਾਸਤਾਨ ਸ਼ੁਰੂ ਨਹੀਂ ਕੀਤੀ। ਅਸਲ ਵਿਚ ਮੇਰੀ ਸਮਝ ਵਿਚ ਨਹੀਂ ਆ ਰਿਹਾ ਕਿ ਆਪਣੀ ਦਾਸਤਾਨ ਦੀ ਸ਼ੁਰੂਆਤ ਕਿੱਥੋਂ ਕਰਾਂ। ਬੁਢੇਪੇ ਦੀ ਇਹੋ ਇਕ ਮੁਸੀਬਤ ਏ ਕਿ ਸਾਰੀ ਦੀ ਸਾਰੀ ਉਮਰ ਸਾਹਮਣੇ ਖਲੋ ਕੇ ਉਸਦਾ ਮੂੰਹ ਚਿੜਾ ਰਹੀ ਹੁੰਦੀ ਹੈ ਤੇ ਉਹ ਸੋਟਾ ਚੁੱਕ ਕੇ ਖੰਘਦਾ ਹੋਇਆ, ਉਸਦੇ ਮਗਰੇ-ਮਗਰ ਦੌੜਿਆ ਫਿਰਦਾ ਹੈ। ਕੀ ਮਜ਼ਾਲ ਜੇ ਵਿਚਾਰੇ ਦੇ ਹੱਥ ਉਸਦੀ ਬਾਂਹ, ਮੋਢਾ, ਸਿਰ ਜਾਂ ਪੈਰ ਹੀ ਆ ਜਾਵੇ। ਜੋ ਬੀਤ ਗਈ, ਉਹ ਬੀਤ ਗਈ। ਮੈਨੂੰ ਤਾਂ ਲੱਗਦਾ ਏ ਕਿ ਜੋ ਵੀ ਮੇਰੇ ਉੱਤੇ ਬੀਤੀ ਹੈ ਉਹ ਮੇਰੇ ਉੱਤੇ ਨਹੀਂ ਬੀਤੀ—ਕਈ ਹੋਰਾਂ ਉੱਤੇ ਵੀ ਬੀਤੀ ਹੈ, ਜਿਹੜੇ ਇਕ ਪਿੱਛੋਂ ਇਕ ਰੂਪੋਸ਼ ਹੁੰਦੇ ਗਏ। ਹੁਣ ਕਿਸ ਮੁਰਦੇ ਨੂੰ ਉਖਾੜ ਕੇ ਖੜ੍ਹਾ ਕਰਾਂ ਕਿ ਆ ਭਾਈ, ਪਹਿਲਾਂ ਗਵਾਹੀ ਦੇਅ—ਹਾਂ, ਮੈਨੂੰ ਪਤਾ ਏ ਤੁਸੀਂ ਅਣਹੋਣੀਆਂ ਗੱਲਾਂ ਦੇ ਆਦੀ ਗਏ ਹੋ ਕਿ ਕਿਸੇ ਗਵਾਹੀ ਦੇ ਬਗ਼ੈਰ ਹੀ ਹਰੇਕ ਘਟਣਾ ਉੱਤੇ ਯਕੀਨ ਕਰ ਲੈਂਦੇ ਹੋ। ਪਰ, ਤੁਸੀਂ ਦਾਸਤਾਨ ਸੁਣਦਿਆਂ ਹੋਇਆਂ ਤਾਂ ਸਿਰਫ ਵਕਤ ਕੱਟਣਾ ਹੁੰਦਾ ਹੈ, ਤੇ ਮੈਂ ਤਾਂ ਵਕਤ ਨੂੰ ਭੋਗਣਾ ਹੁੰਦਾ ਹੈ। ਜਿਸਨੇ ਭੋਗਣਾ ਹੋਏ, ਉਹ ਮੋਈਆਂ-ਹੋਈਆਂ ਗਵਾਹੀਆਂ ਨੂੰ ਵੀ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਦੇ ਯਤਨ ਕਰਦਾ ਹੈ, ਤਾਂਕਿ ਕਿਸੇ ਤਰ੍ਹਾਂ ਭੋਗਣ ਤੋਂ ਬਚ ਸਕੇ—ਪਰ ਝੂਠ ਜਾਂ ਸੱਚ ਦੇ ਸਿਰਫ ਐਲਾਨ ਕਰਨ ਨਾਲ ਕੋਈ ਭੋਗਦਾ ਹੈ ਨਾ ਮਰਦਾ ਹੈ, ਸੱਚ ਦੀ ਗਵਾਹੀ ਦੀ ਸੱਚਾਈ ਤਾਂ ਭੋਗਦੇ ਰਹਿਣ ਵਿਚ ਹੁੰਦੀ ਹੈ। ਬੜੀਆਂ ਮੁਸ਼ਕਿਲਾਂ ਨਾਲ ਵਾਹ ਪੈਂਦਾ ਏ, ਪਰ ਕੀਤਾ ਕੀ ਜਾਏ?—ਅਸਲਾਮ ਆਲੇਕੁਮ—ਬੈਠੋ, ਮੈਂ ਅਜੇ ਆਪਣੀ ਦਾਸਤਾਨ ਸ਼ੁਰੂ ਨਹੀਂ ਕੀਤੀ। ਕਿਸੇ ਨੇ ਕਿਸੇ ਹੋਰ ਦੀ ਦਾਸਤਾਨ ਸੁਣਾਉਣੀ ਹੋਏ ਤਾਂ ਇਕੋ ਬੇ-ਲਗਾਮ ਛਿਣ ਵਿਚ ਇਸਨੂੰ ਪਟਰ-ਪਟਰ ਬਿਆਨ ਕਰ ਦੇਂਦਾ ਹੈ।  ਦਾਸਤਾਨਾਂ ਹੋਰਨਾਂ ਦੀਆਂ ਸੁਣਾਈਆਂ ਜਾਂਦੀਆਂ ਨੇ, ਪਰ ਮੈਂ ਹਮੇਸ਼ਾ ਆਪਣੀ ਹੀ ਦਾਸਤਾਨ ਸੁਣਾਉਣ 'ਤੇ ਅੜ ਜਾਂਦਾ ਹਾਂ ਤੇ ਕਿਤੋਂ ਸ਼ੁਰੂ ਕਰਕੇ ਕਿਤੇ ਹੋਰ ਹੀ ਆ ਨਿਕਲਦਾ ਹਾਂ—ਨਹੀਂ, ਮੇਰੀ ਜਵਾਨੀ ਵਿਚ
ਇੰਜ ਨਹੀਂ ਸੀ ਹੁੰਦਾ ਹੁੰਦਾ! ਓਦੋਂ ਤਾਂ ਮੈਂ ਕੋਈ ਗੱਲ ਸ਼ੁਰੂ ਕਰਨੀ ਚਾਹੁੰਦਾ ਸੀ ਤਾਂ ਮੇਰੇ ਕੁਝ ਕਹੇ ਬਗ਼ੈਰ ਹੀ ਗੱਲ ਖ਼ੁਦ ਆਪੇ, ਆਪਣੇ ਆਪ ਨੂੰ ਬੋਚ ਲੈਂਦੀ ਸੀ ਤੇ ਮੈਂ ਉਸ ਨਾਲ ਨਾਰਾਜ਼ ਹੋ ਜਾਂਦਾ ਹੁੰਦਾ ਸਾਂ ਕਿ ਜੇ ਆਪਣੇ ਆਪ ਨੂੰ ਖ਼ੁਦ ਬਿਆਨ ਕਰਨਾ ਸੀ ਤਾਂ ਮੈਨੂੰ ਕਿਉਂ ਖਾਹਮ-ਖਾਹ ਵਿਚਕਾਰ ਘਸੀਟ ਲਿਆ ਏ?—ਖ਼ੈਰ, ਜਵਾਨੀ ਦੀਆਂ ਗੱਲਾਂ ਛੱਡੋ—ਏਨੀਆਂ ਹੌਲੀਆਂ ਹੁੰਦੀ ਨੇ ਕਿ ਗੱਲਾਂ ਕਰਨ ਵਾਲਾ ਥਾਵੇਂ ਖੜ੍ਹਾ ਰਹਿ ਜਾਂਦਾ ਹੈ ਤੇ ਉਸਦੀਆਂ ਗੱਲਾਂ ਆਪਣੇ ਆਪ ਗੁਬਾਰੇ ਵਾਂਗ ਭਰ-ਭਰ ਕੇ ਉੱਥੇ, ਉਪਰ, ਆਸਮਾਨ ਵਿਚ ਜਾ ਪਹੁੰਚਦੀਆਂ ਨੇ—ਮਸਲਾ ਤਦ ਖੜ੍ਹਾ ਹੁੰਦਾ ਹੈ ਜਦ ਤੁਸੀਂ ਬੁਢੇਪੇ ਵਿਚ ਬਿਆਨ ਦੀ ਜੁੰਮੇਵਾਰੀ ਓਟ ਬਹਿੰਦੇ ਹੋ—ਬੁਢੇਪੇ ਵਿਚ ਤੁਹਾਨੂੰ ਆਪਣੀ ਆਵਾਜ਼ ਏਨੀ ਭਾਰੀ ਮਹਿਸੂਸ ਹੁੰਦੀ ਹੈ ਕਿ ਤੁਸੀਂ ਉਸਨੂੰ ਦਿਲ-ਦਿਮਾਗ਼ ਵਿਚੋਂ ਚੁੱਕ ਕੇ ਮੂੰਹ ਤੀਕ ਵੀ ਨਹੀਂ ਲਿਆ ਸਕਦੇ—ਮੇਰੀ ਉਮਰ?—ਤੁਸੀਂ ਯਕੀਨ ਨਹੀਂ ਕਰੋਗੇ ਕਿ ਜਦ ਮੈਂ ਪੈਦਾ ਹੋਇਆ ਸੀ, ਤਦ ਪੂਰੇ ਇਕ ਸੌ ਦੋ ਸਾਲ ਦਾ ਸੀ। ਫੇਰ ਇੰਜ ਹੋਇਆ ਕਿ ਮੇਰੀ ਉਮਰ ਹਰ ਸਾਲ ਦੇ ਪਿੱਛੋਂ ਇਕ-ਇਕ ਸਾਲ ਕਰਕੇ ਘੱਟ ਹੁੰਦੀ ਗਈ ਤੇ ਇੰਜ ਅੱਜ ਪੂਰੇ ਇਕ ਸੌ ਦੋ ਸਾਲ ਬੀਤ ਚੁੱਕੇ ਨੇ, ਯਾਨੀ ਆਪਣੀ ਉਮਰ ਦੇ ਹਿਸਾਬ ਨਾਲ ਮੈਂ ਜਿੰਨਾਂ ਵੀ ਜਿਊਣਾ ਸੀ, ਜਿਊਂ ਚੁੱਕਿਆਂ...ਤੇ ਹੁਣ ਜੋ ਜਿਊਂ ਰਿਹਾਂ, ਆਪਣੀ ਉਮਰ ਦੇ ਉਪਰ ਦੀ ਹੋ ਕੇ ਜਿਊਂ ਰਿਹਾ ਹਾਂ—ਮੈਂ ਤਾਂ ਕਾਫੀ ਬੁੱਢਾ ਹਾਂ। ਪਰ ਮੇਰਾ ਖ਼ਿਆਲ ਹੈ ਕਿ ਹਰ ਸਖ਼ਸ਼—ਬੱਚਾ ਜਾਂ ਬੁੱਢਾ—ਹਰਦਮ ਆਪਣੀ ਉਮਰ ਖਾ-ਪੀ ਕੇ ਉਸ ਤੋਂ ਉਪਰ ਹੀ ਜਿਊਂ ਰਿਹਾ ਹੁੰਦਾ ਹੈ। ਤੁਸੀਂ ਮੇਰੇ ਲੰਮੀ ਉਮਰ ਤੇ ਸਿਹਤ ਦਾ ਰਾਜ਼ ਜਾਨਣਾ ਚਾਹੁੰਦੇ ਹੋ?—ਰਾਜ਼-ਰੂਜ਼ ਕੀ, ਬਸ ਇਸ ਲਈ ਨਹੀਂ ਮਰਿਆ ਕਿ ਅਜੇ ਮੇਰੀ ਦਾਸਤਾਨ ਅਧੂਰੀ ਹੈ—ਫੇਰ ਵੀ ਕੀ? ਸਿਹਤ ਵੀ ਕੋਈ ਰਾਜ਼ ਵਾਲੀ ਸ਼ੈ ਹੈ? ਮੇਰੀ ਸਾਰੀ ਜ਼ਿੰਦਗੀ ਖੁੱਲ੍ਹਮ-ਖੁੱਲ੍ਹੇ ਬੀਤੀ ਹੈ...ਚੰਗੀ ਖ਼ੁਰਾਕ?—ਚੰਗੀ ਖ਼ੁਰਾਕ ਕੀ ਹੁੰਦੀ ਹੈ! ਜੋ ਵੀ, ਜਦੋਂ ਵੀ ਮਿਲਿਆ...ਅੱਲਾ ਦਾ ਸ਼ੁਕਰ ਕਰਕੇ ਖਾ ਲਿਆ—ਜੇ ਨਾ ਮਿਲਿਆ ਤਾਂ?—ਹਾਂ, ਨਾ ਮਿਲਿਆ ਤਾਂ ਸਮਝ ਲਿਆ ਬਈ ਆਪਣਾ ਅਜ਼ਮ (ਵਿਸ਼ਵਾਸ) ਖਾ ਰਿਹਾ ਹਾਂ...ਹਾਂ, ਅਜ਼ਮ ਨਾਲ ਢਿੱਡ ਤਾਂ ਭਰ ਜਾਂਦਾ ਹੈ ਪਰ ਉਸਨੂੰ ਖਾਂਦਿਆਂ-ਖਾਂਦਿਆਂ ਦੰਦ ਜ਼ਰੂਰ ਝੜ ਜਾਂਦੇ ਨੇ—ਹਾਂ, ਢਿੱਡ ਭਰ ਜਾਣ ਦੇ ਬਾਵਜ਼ੂਦ ਭੁੱਖ ਨਹੀਂ
ਮਿਟਦੀ।—ਅਸਲਾਮ ਆਲੇਕੁਮ! ਕੀ ਤੁਸੀਂ ਵੀ ਮੇਰੀ ਦਾਸਤਾਨ ਸੁਨਣ ਆਏ ਹੋ?—ਆਓ, ਮੈਂ ਅਜੇ ਆਪਣੀ ਦਾਸਤਾਨ ਸ਼ੁਰੂ ਨਹੀਂ ਕੀਤੀ। ਨਹੀਂ, ਮੈਂ ਟਾਲ-ਮਟੋਲ ਤੋਂ ਕੰਮ ਨਹੀਂ ਲੈ ਰਿਹਾ...ਮੈਂ ਆਪਣੀ ਦਾਸਤਾਨ ਤਾਂ ਸੁਨਾਉਣੀ ਹੀ ਹੈ। ਕਿਸੇ ਨਵੀਂ ਥਾਂ ਆਪਣੀ ਸਾਰੀ ਪਿਛਲੀ ਦਾਸਤਾਨ ਖੋਹਲ ਕੇ ਨਾ ਸੁਣਾਅ ਲਵਾਂ ਤਾਂ ਇੰਜ ਹੀ ਲੱਗਦਾ ਰਹਿੰਦਾ ਹੈ ਕਿ ਅਜੇ ਪੁਰਾਣੀਆਂ ਠਾਹਰਾਂ ਵਿਚੋਂ ਨਹੀਂ ਨਿਕਲਿਆ ਸਕਿਆ, ਤੇ ਜਿੱਥੇ ਆਇਆ ਹਾਂ, ਅਜੇ ਤੀਕ ਉੱਥੇ ਵੀ ਅੱਪੜ ਨਹੀਂ ਸਕਿਆ...ਪਰ, ਅਜ਼ੀਬ ਗੱਲ ਹੈ ਕਿ ਜਿਉਂ-ਜਿਉਂ ਅਬਦ (ਅੰਤਕਾਲ) ਵੱਲ ਕਦਮ ਵਧ ਰਹੇ ਨੇ ਤਿਉਂ-ਤਿਉਂ ਆਪਣਾ ਅਜ਼ਲ (ਅਨਾਦੀਕਾਲ) ਦਿਮਾਗ਼ 'ਚੋਂ ਮਿਟਦਾ ਜਾ ਰਿਹਾ ਹੈ। ਬਸ, ਏਨਾ ਚੇਤੇ ਹੈ ਕਿ ਇਕ ਸੁਨੇਹਾਂ ਲੈ ਕੇ ਚੱਲਿਆ ਸੀ। ਹਾਂ, ਇਹ ਵੀ ਯਾਦ ਆਉਂਦਾ ਹੈ ਕਿ ਕੋਈ ਬੜਾ ਹੀ ਜ਼ਰੂਰੀ ਸੁਨੇਹਾਂ ਸੀ—ਸ਼ਾਇਦ ਨਸਰ ਵਿਚ ਸੀ—ਨਹੀਂ, ਨਜ਼ਮ ਵਿਚ ਸੀ। ਹਾਂ, ਨਜ਼ਮ ਵਿਚ ਹੀ ਸੀ, ਕਿਉਂਕਿ ਮੈਂ ਉਸਨੂੰ ਗੁਣਗੁਣਾਉਦਾ ਹੁੰਦਾ ਸਾਂ ਤੇ ਗੁਣਗੁਣਾਉਦਿਆਂ ਹੋਇਆਂ ਏਦਾਂ ਖ਼ਾਲੀ ਹੋ ਜਾਂਦਾ ਸੀ ਕਿਂ ਰੋਣ ਲੱਗ ਪੈਂਦਾ ਸਾਂ। ਮੇਰੀ ਮਾਂ ਭੁੜਕੇ ਉਸੇ ਪਲ ਮੈਨੂੰ ਗੋਦੀ ਵਿਚ ਚੁੱਕ ਲੈਂਦੀ ਸੀ ਤੇ ਆਪਣਾ ਥਣ ਮੇਰੇ ਮੂੰਹ ਵਿਚ ਤੁੰਨ ਦੇਂਦੀ ਸੀ ਤੇ ਉਸਦੇ ਦੁੱਧ ਦੀਆਂ ਬੂੰਦਾਂ ਨੂੰ ਹਲਕ ਵਿਚ ਟਪਕਦਿਆਂ ਮਹਿਸੂਸ ਕਰਕੇ ਮੈਂ ਰੋਂਦਾ-ਰੋਂਦਾ ਮੁਸਕਰਾਉਣਾ ਸ਼ੁਰੂ ਕਰ ਦਿੰਦਾ ਸਾਂ—ਨਹੀਂ, ਬਹੁਤਾ ਵਿਸਥਾਰ ਮੈਨੂੰ ਚੇਤੇ ਨਹੀਂ, ਪਰ ਮੈਨੂੰ ਵਿਸ਼ਵਾਸ ਹੈ ਕਿ ਇੰਜ ਹੀ ਹੁੰਦਾ ਹੋਏਗਾ—ਹਾਂ, ਉਸ ਸੁਨੇਹਾਂ ਬੜਾ ਹੀ ਵਿਸ਼ੇਸ਼ ਸੀ, ਪਤਾ ਨਹੀਂ ਕਿਸ ਨੇ ਦਿੱਤਾ ਸੀ?—ਤੇ ਕਿਸ ਦੇ ਨਾਂਅ ਸੀ?—ਹਾਂ, ਮੈਨੂੰ ਇਹ ਅਹਿਸਾਸ ਜ਼ਰੂਰ ਹੈ ਕਿ ਉਹ ਸੁਨੇਹਾਂ ਬੜਾ ਮਹੱਤਵਪੂਰਨ ਸੀ। ਕਈ ਵਾਰੀ ਸਭ ਕੁਝ ਛੱਡ-ਛਡਾਅ ਕੇ ਮੈਂ ਦਿਮਾਗ਼ ਉੱਤੇ ਜ਼ੋਰ ਦੇਣ ਬੈਠ ਜਾਂਦਾ ਹਾਂ ਕਿ ਘੱਟੋਘਟ ਏਨਾ ਹੀ ਚੇਤੇ ਆ ਜਾਵੇ ਕਿ ਸੁਨੇਹਾਂ ਦੇਣ ਵਾਲਾ ਕੌਣ ਸੀ, ਜਾਂ ਇਹ ਨਹੀਂ ਤਾਂ ਘੱਟੋਘਟ ਇਹ ਕਿ ਮੈਂ ਉਹ ਸੁਨੇਹਾਂ ਦੇਣਾ ਕਿਸ ਨੂੰ ਸੀ?—ਪਰ ਉਹ ਹੈ ਕਿੱਥੇ?—ਸ਼ਾਇਦ ਉਸੇ ਤੋਂ ਪਤਾ ਲੱਗ ਜਾਏ ਕਿ ਉਹ ਕਿਸਨੂੰ ਜਾਂ ਕਿਸਦੇ ਸੁਨੇਹੇਂ ਨੂੰ ਉਡੀਕ ਰਿਹਾ ਹੈ? ਹਰੇਕ ਤੋਂ ਪੁੱਛਦਾ ਫਿਰਦਾ ਹਾਂ, ਪਰ ਸਾਰੇ ਮੇਰੇ ਵੱਲ ਇੰਜ ਦੇਖਣ ਲੱਗਦੇ ਨੇ ਜਿਵੇਂ ਮੈਂ ਕੋਈ ਪਾਗਲ
ਹੋਵਾਂ—ਅਸਲਾਮ ਵਾਲੇਕੁਮ!—ਆਓ, ਅਜੇ ਮੈਂ ਆਪਣੀ ਦਾਸਤਾਨ ਸ਼ੁਰੂ ਨਹੀਂ ਕੀਤੀ—ਜ਼ਰਾ ਰੁਕੋ...ਨਹੀਂ, ਕਿਤੇ ਤੁਸੀਂ ਹੀ ਤਾਂ ਉਹ ਸੱਜਣ ਨਹੀਂ? ਕਿਉਂਕਿ, ਐਨ ਮੌਕੇ ਉੱਤੇ ਸਿਰਫ ਉਹੀ ਪਹੁੰਚਦਾ ਹੁੰਦਾ ਹੈ ਜਿਸਦਾ ਅਸੀਂ ਇੰਤਜ਼ਾਰ ਕਰ ਰਹੇ ਹੁੰਦੇ ਹਾਂ—ਕੀ ਤੁਸੀਂ ਆਉਣ ਵਾਲੇ ਕਿਸੇ ਜ਼ਰੂਰੀ ਸੁਨੇਹੇਂ ਦੀ ਉਡੀਕ ਤਾਂ ਨਹੀਂ ਸੀ ਕਰ ਰਹੇ ਸੀ? ਹਾਂ, ਦੇਖਿਆ ਤੁਸੀਂ ਜਿਸਦੀ ਸਾਨੂੰ ਉਡੀਕ ਹੁੰਦੀ ਹੈ, ਸਮੇਂ ਸਿਰ ਪਹੁੰਚ ਜਾਂਦਾ ਹੈ—ਅਸੀਂ ਖਾਹਮ-ਖਾਹ ਹੌਂਸਲਾ ਛੱਡ ਬੈਠਦੇ ਹਾਂ—ਵਾਹ ਸਾਹਬ, ਵਾਹ! ਤੁਹਾਨੂੰ ਪੂਰੇ ਇਕ ਸੌ ਦੋ ਸਾਲਾਂ ਤੋਂ ਲੱਭ ਰਿਹਾ ਹਾਂ ਮੈਂ—ਨਹੀਂ, ਇੰਜ ਨਹੀਂ ਇੰਜ ਆਖੋ ਕਿ ਜਦੋਂ ਤੁਸੀਂ ਪੈਦਾ ਹੋਏ ਸੀ ਤਾਂ ਇਕਵੰਜਾ ਸਾਲ ਦੇ ਸੀ, ਯਾਨੀ ਮੇਰੇ ਇਕਵੰਜਾ ਸਾਲ ਰਹਿ ਗਏ ਤਾਂ ਤੁਸੀਂ ਪੈਦਾ ਹੋਏ—ਹਾਂ ਸਾਹਬ, ਇਹ ਵੀ ਠੀਕ ਹੈ ਕਿ ਆਪਣੇ ਜਨਮ ਤੋਂ ਪਹਿਲਾਂ ਤਾਂ ਤੁਸੀਂ ਮਿਲਣੋ ਰਹੇ—ਪਰ ਨਹੀਂ, ਇੰਜ ਵੀ ਨਹੀਂ। ਇਕ ਵਾਰੀ ਵਾਕਈ ਮੇਰੀ ਮੁਲਾਕਾਤ ਇਕ ਅਜਿਹੇ ਫਕੀਰ ਨਾਲ ਹੋ ਗਈ ਸੀ, ਜਿਹੜਾ ਅਜੇ ਪੈਦਾ ਨਹੀਂ ਸੀ ਹੋਇਆ। ਮੈਂ ਵੀ ਤੁਹਾਡੇ ਵਾਂਗ ਹੀ ਉਸਦੀ ਦੀ ਗੱਲ ਨੂੰ ਹੱਸ ਕੇ ਟਾਲ ਦੇਣਾ ਚਾਹਿਆ ਸੀ, ਪਰ ਉਸ ਬੜੀ ਸੰਜੀਦਗੀ ਨਾਲ ਬੋਲਿਆ ਸੀ ਕਿ 'ਜ਼ਿੰਦਗੀ-ਭਰ ਵਿਚ ਮੇਰੀ ਇਕ ਇੱਛਾ ਵੀ ਪੂਰੀ ਨਹੀਂ ਹੋਈ ਤਾਂ ਮੈਂ ਹੋਇਆਂ 'ਚ ਕਿੰਜ ਸ਼ਾਮਲ ਹੋਇਆ!' ਮੈਂ ਨਮੋਸ਼ੀ ਨਾਲ ਬੌਂਦਲਿਆ-ਭੰਵਤਰਿਆ ਜਿਹਾ ਉਸ ਵੱਲ ਤੱਕਦਾ ਰਿਹਾ ਸਾਂ ਤੇ ਉਹ ਬੋਲਿਆ ਸੀ—'ਜੇ ਤੂੰ ਤਸੱਲੀ ਕਰਨੀ ਚਾਹੇਂ ਤਾਂ ਇੱਥੇ ਆਪਣੀ ਦੋਜਖ਼ ਦੀ ਭੱਠੀ ਬਾਲ ਕੇ ਇਕ ਪਾਸੇ ਖੜ੍ਹਾ ਹੋ ਜਾ ਤੇ ਦੇਖ ਕਿ ਮੈਂ ਉਸ ਵਿਚੋਂ ਜ਼ਰਾ ਵੀ ਬਲੇ ਬਗ਼ੈਰ ਨਿਕਲ ਜਾਂਦਾ ਹਾਂ! ਆਦਮੀਂ ਇੱਛਾਵਾਂ ਪੂਰੀਆਂ ਹੋਣ ਤੋਂ ਪਿੱਛੋਂ ਹੀ ਵਜ਼ੂਦ ਵਿਚ ਆਉਂਦਾ ਹੈ, ਜਿਸਦਾ ਵਜ਼ੂਦ ਹੀ ਨਾ ਬਣਿਆ ਹੋਏ ਉਸਨੂੰ ਅੱਗ ਕੀ ਸਾੜੇਗੀ?'—ਮੈਂ ਉਸਦੇ ਚਿਹਰੇ ਵੱਲ ਗਹੂ ਨਾਲ ਤੱਕਿਆ ਤਾਂ ਮਹਿਸੂਸ ਕੀਤਾ ਕਿ ਉਹ ਠਹਾਕੇ ਲਾ ਰਿਹਾ ਹੈ, ਪਰ ਠਹਾਕਿਆਂ ਦੀ ਆਵਾਜ਼ ਮੈਨੂੰ ਸੁਣਾਈ ਨਹੀਂ ਸੀ ਦੇ ਰਹੀ ਸੀ।...!...

ਉਸ ਸੁੰਨਸਾਨ ਰਸਤੇ ਤੋਂ ਨੱਠ ਕੇ ਮੈਂ ਇਕ ਭੀੜ ਭਰੇ ਰਸਤੇ 'ਤੇ ਪਹੁੰਚ ਕੇ ਸਾਹ ਲਿਆ ਸੀ—ਖ਼ੈਰ, ਇਹ ਕਿੱਸਾ ਛੱਡੋ, ਗੱਲ ਇਹ ਹੋ ਰਹੀ ਸੀ ਕਿ ਆਪਣੇ ਜਨਮ ਤੋਂ ਪਹਿਲਾਂ ਤੁਸੀਂ ਮੈਨੂੰ ਕਿਸ ਤਰ੍ਹਾਂ ਮਿਲ ਸਕਦੇ ਸੀ...ਠੀਕ ਹੈ, ਮੇਲ ਤਾਂ ਜਨਮ ਤੋਂ ਬਾਅਦ ਹੀ ਹੁੰਦਾ ਹੈ। ਪਰ, ਜਨਮ ਦਾ ਕਾਰਣ ਵੀ ਤਾਂ ਮੇਲ ਹੀ ਬਣਦਾ ਹੈ ਨਾ। ਐਨ ਸੰਭਵ ਹੈ ਤੁਹਾਡੇ ਜਨਮ ਤੋਂ ਪਹਿਲਾਂ ਆਪਣਾ ਮੇਲ ਹੋ ਜਾਂਦਾ ਤਾਂ ਤੁਸੀਂ ਉਸੇ ਛਿਣ ਜੰਮ ਪੈਂਦੇ—ਖ਼ੈਰ ਫੇਰ ਵੀ ਖ਼ੁਦਾ ਦਾ ਸ਼ੁਕਰ ਹੈ ਕਿ ਆਖ਼ਰ ਸਾਡੀ ਮੁਲਾਕਾਤ ਹੋ ਹੀ ਗਈ। ਹੁਣ ਤੁਸੀਂ ਸੋਚ-ਸਮਝ ਕੇ ਦੱਸਿਓ ਬਈ ਤੁਹਾਨੂੰ ਕਿਸ ਸੁਨੇਹੇਂ ਦੀ ਉਡੀਕ ਸੀ? ਮੈਨੂੰ ਤਾਂ ਬਿਲਕੁਲ ਚੇਤੇ ਨਹੀਂ ਰਿਹਾ ਕਿ ਮੈਂ ਤੁਹਾਡੇ ਲਈ ਕੀ ਸੁਨੇਹਾਂ ਲੈ ਕੇ ਤੁਰਿਆ ਸਾਂ—ਝਿਜਕੋ ਨਾ, ਜੋ ਹੈ ਸੋ ਬੋਲ ਦਿਓ। ਸ਼ਾਇਦ ਬਾਕੀ ਦੀ ਸਾਰੀ ਗੱਲ ਮੈਨੂੰ ਆਪੇ ਚੇਤੇ ਆ ਜਾਵੇ...ਕੀ? ਕੋਈ ਐਸੀ ਵੱਡੀ ਗੱਲ ਨਹੀਂ?—ਕੀ ਮਤਲਬ ਹੈ!—ਵੈਸੇ ਤਾਂ ਕੋਈ ਵੀ ਗੱਲ ਵੱਡੀ ਨਹੀਂ ਹੁੰਦੀ। ਗੱਲ ਸਿਰਫ ਗੱਲ ਹੁੰਦੀ ਹੈ ਤੇ ਸਿਰਫ ਕਰਨ ਲਈ ਹੁੰਦੀ ਹੈ। ...ਤੁਹਾਡੀ ਪਤਨੀ ਦਾ ਪੈਰ ਭਾਰੀ ਹੈ?—ਤੇ ਉਹ ਬੱਚਾ ਜੰਮਣ ਲਈ ਆਪਣੇ ਪੇਕੇ ਗਈ ਹੋਈ ਹੈ?...ਅੱਛਾ, ਅੱਛਾ ਤੁਹਾਨੂੰ ਆਪਣੇ ਬੱਚੇ ਦੇ ਜਨਮ ਦੀ ਖ਼ਬਰ ਦੀ ਉਡੀਕ ਹੈ—ਨਹੀਂ, ਫੇਰ ਤਾਂ ਉਹ ਸੁਨੇਹਾਂ ਤੁਹਾਡੇ ਲਈ ਨਹੀਂ, ਸ਼ਾਇਦ ਤੁਹਾਡੇ ਵਾਰਸ ਲਈ ਹੋਵੇ; ਜਿਸਨੇ ਅਜੇ ਪੈਦਾ ਹੋਣਾ ਹੈ—ਹਾਂ, ਕੋਈ ਵਾਰਸ ਹੋਵੇ ਤਾਂ ਚੰਗਾ ਹੀ ਹੁੰਦਾ ਹੈ, ਪਰ ਤੁਸੀਂ ਉਸਨੂੰ ਵਿਰਾਸਤ ਵਿਚ ਕੀ ਦੇ ਕੇ ਮਰੋਗੇ?—ਆਪਣੀ ਭੁੱਖ?—ਨਾਰਾਜ਼ ਨਾ ਹੋਵੋ, ਜਵਾਬ ਦਿਓ—ਪਰ ਨਹੀਂ, ਪਹਿਲਾਂ ਮੇਰੀ ਗੱਲ ਸੁਣ ਲਓ। ਮੈਂ ਅਜੇ ਤੀਕ ਉਸਨੂੰ ਰੋਕੀ ਬੈਠਾ ਸਾਂ ਕਿ ਤੁਹਾਡੇ ਵਿਚੋਂ ਕਿਸੇ ਨੂੰ ਆਪੇ ਸੁੱਝ ਪਏ ਤੇ ਮੇਰੇ ਬੋਲਣ ਦੀ ਨੌਬਤ ਹੀ ਨਾ ਆਏ—ਗੱਲ ਕੀ ਭੁੱਖ ਨਾਲ ਮੇਰੀ ਜਾਨ ਨਿਕਲਦੀ ਪਈ ਹੈ—ਤਾਂ ਸ਼ਾਇਦ ਤੁਹਾਡੀ ਭੁੱਖ ਕਾਰਣ ਹੀ ਮੇਰਾ ਇਹ ਹਾਲ ਹੈ—ਤੋ ਜੋ ਕੁਝ ਵੀ ਹੈ ਲੈ ਆਓ, ਇਕੱਠੇ ਬੈਠ ਕੇ ਬਿਸਮਿਲਾ ਕਰਾਂਗੇ—ਕਿਉਂ?—ਕੀ—ਖਾਣ ਲਈ ਕੁਝ ਵੀ ਨਹੀਂ?—ਹ-ਹ—ਹਾ-ਹਾ!—ਇਸੇ ਲਈ ਤੁਸੀਂ ਸਭ ਆਪਣੇ ਆਪ ਇੱਥੇ ਆ ਕੇ ਜਮ੍ਹਾਂ ਹੋ ਗਏ ਓ। ਭੁੱਖਿਆਂ ਨੂੰ ਬੁਲਾਓ, ਭਾਵੇਂ ਨਾ ਬੁਲਾਓ, ਆਪਣੇ ਆਪ ਹੀ ਦੁਨੀਆਂ ਭਰ ਤੋਂ ਤੁਰੇ ਆਉਣਗੇ ਕਿ ਸ਼ਾਇਦ ਭੁੱਖ ਮਿਟਾਉਣ ਦਾ ਕੋਈ ਸਾਧਨ ਹੋ ਜਾਵੇ, ਤੇ ਜਿੱਥੇ ਸਾਧਨ ਹੋ ਜਾਵੇ, ਉੱਥੇ ਹੀ ਸਬਰ-ਸੰਤੋਖ ਕਰਕੇ ਬੈਠ ਜਾਣਗੇ ਤੇ ਭਾਂਤ-ਭਾਂਤ ਦੀਆਂ ਬੋਲੀਆਂ ਬੋਲਣ ਦੇ ਬਾਵਜ਼ੂਦ ਸੱਚੇ ਹਮਵਤਨ ਨਜ਼ਰ ਆਉਣਗੇ—ਭੁੱਖ ਦਾ ਰਿਸ਼ਤਾ ਬੜਾ ਪੱਕਾ ਤੇ ਪੀਢਾ ਰਿਸ਼ਤਾ ਹੁੰਦਾ ਹੈ ਸਾਹੇਬੀਨ...ਅਣਗਿਣਤ ਲੋਕਾਂ ਵਿਚਕਾਰ ਇਕ ਉਸੇ ਦਰਦ ਤੇ ਤੜਪ ਦਾ ਰਿਸ਼ਤਾ ਕਾਇਮ ਹੈ! ਹਾਂ, ਮਾਂ-ਬਾਪ ਦਾ, ਭਰਾ-ਭੈਣ ਦਾ, ਪਤਨੀ- ਬੱਚਿਆਂ ਦਾ ਰਿਸ਼ਤਾ ਵੀ ਇਸ ਰਿਸ਼ਤੇ ਨਾਲੋਂ ਛੋਟਾ ਹੈ। ਠਹਿਰੋ, ਮੇਰਾ ਖ਼ਿਆਲ ਹੈ, ਮੇਰੇ ਦਿਮਾਗ਼ ਵਿਚ ਉਹ ਸੁਨੇਹਾਂ ਆਪਣੇ ਘੋੜੇ ਨੂੰ ਅੱਡੀ ਲਾ ਕੇ ਬੜੀ ਤੇਜ਼ ਰਿਫ਼ਤਾਰੀ ਨਾਲ ਦੌੜਿਆ ਆ ਰਿਹਾ ਹੈ। ਹਾਂ, ਹਾਂ ਉਹੀ ਹੈ। ਪੂਰੀ ਇਕ ਸਦੀ ਮੇਰੇ ਦਿਮਾਗ਼ ਦੇ ਸੰਘਣੇ ਜੰਗਲ ਵਿਚ ਭਟਕਦਾ ਰਹਿਣ ਪਿੱਛੋਂ ਹੁਣ ਅਚਾਨਕ ਪ੍ਰਗਟ ਹੋ ਗਿਆ ਹੈ—ਠਹਿਰੋ ਸਾਹੇਬੀਨ, ਬੇਸਬਰੇ ਨਾ ਹੋਵੋ। ਹਾਂ, ਹਾਂ ਉਹ ਸੁਨੇਹਾਂ ਤੁਹਾਡੇ ਸਾਰਿਆਂ ਲਈ ਹੀ ਹੈ, ਪਤਾ ਨਹੀਂ ਕਿਹੜੀ ਟੇਢੀ-ਮੇਢੀ ਭਾਸ਼ਾ ਬੋਲ ਰਿਹਾ ਹੈ, ਪਰ ਸਿੱਧਾ-ਸਾਦਾ ਅਰਥ ਇਹ ਹੈ ਕਿ ਦਬਾੱਮ (ਸੱਚ ਖੰਡ ਜਾਂ ਬੈਕੂੰਠ ਜੋ ਨਸ਼ਵਰ ਨਹੀਂ) ਵਿਚ ਰੋਟੀ ਨਹੀਂ ਹੁੰਦੀ।—ਜਿਵੇਂ ਵੀ ਹੋਵੇ, ਏਸੇ ਦੁਨੀਆਂ ਵਿਚ ਆਪਣੀ ਰੋਟੀ-ਰੋਜ਼ੀ ਦਾ ਹੀਲਾ-ਵਸੀਲਾ ਕਰੋ—ਅਸਲਾਮ ਆਲੇਕੁਮ!—ਅਜੇ ਮੈਂ ਆਪਣੀ ਦਾਸਤਾਨ ਸ਼ੁਰੂ ਨਹੀਂ ਕੀਤੀ।
***

No comments:

Post a Comment