Tuesday, October 19, 2010

ਅਠਾਨਵੇਂਵਾਂ...:: ਲੇਖਕ : ਭਗਵਤੀ ਚਰਨ ਵਰਮਾ




ਹਿੰਦੀ ਕਹਾਣੀ :
ਅਠਾਨਵੇਂਵਾਂ...
ਲੇਖਕ : ਭਗਵਤੀ ਚਰਨ ਵਰਮਾ
ਅਨੁਵਾਦ : ਮਹਿੰਦਰ ਬੇਦੀ,ਜੈਤੋ



ਉਸ ਦੀ ਸੋਨੇ ਦੀ ਅੰਗੂਠੀ ਉੱਤੇ 'ਸ਼ਾਮ' ਉੱਕਰਿਆ ਹੋਇਆ ਸੀ। ਉਸ ਵੱਲ ਸਾਡਾ ਧਿਆਨ ਖਿੱਚਦਿਆਂ ਦਵਿੰਦਰ ਨੇ ਕਿਹਾ, ''ਇਹ ਅੰਗੂਠੀ ਮੇਰੇ ਇਕ ਦੋਸਤ ਸ਼ਾਮ ਨਾਥ ਨੇ ਮੈਨੂੰ ਸੁਗਾਤ ਵਜੋਂ ਦਿੱਤੀ ਸੀ ਤੇ ਆਖਿਆ ਸੀ ਕਿ ਮੈਂ ਹਰ ਵੇਲੇ ਇਸ ਨੂੰ ਆਪਣੀ ਉਂਗਲ ਵਿਚ ਪਾਈ ਰੱਖਾਂ ਤਾਂ ਕਿ ਉਹ ਹਮੇਸ਼ਾ ਮੈਨੂੰ ਯਾਦ ਰਹੇ।''
ਪ੍ਰਮੇਸ਼ਵਰੀ ਕੁਝ ਚਿਰ ਅੰਗੂਠੀ ਵੱਲ ਵਿੰਹਦਾ ਰਿਹਾ, ਫੇਰ ਮੁਸਕਰਾ ਕੇ ਬੋਲਿਆ...:
ਗੱਲ ਸੁਗਾਤ ਦੀ ਚੱਲ ਪਈ ਏ ਸੋ ਮੈਂ ਏਸ ਵਿਸ਼ੇ ਉੱਤੇ ਤੁਹਾਨੂੰ ਇਕ ਅਨੋਖੀ, ਮਜ਼ੇਦਾਰ ਤੇ ਸੱਚੀ ਕਹਾਣੀ ਸੁਣਾ ਸਕਦਾ ਵਾਂ। ਯਕੀਨ ਕਰਨਾ ਜਾਂ ਨਾ ਕਰਨਾ ਤੁਹਾਡੀ ਆਪਣੀ ਮਰਜ਼ੀ, ਮੈਨੂੰ ਕੋਈ ਫਰਕ ਨਹੀਂ ਪੈਣ ਲੱਗਾ। ਮੈਂ ਤਾਂ ਬਸ ਏਨਾ ਜਾਣਦਾ ਵਾਂ ਕਿ ਇਹ ਗੱਲ ਸੱਚੀ ਏ ਕਿਉਂਕਿ ਇਸ ਦਾ ਸੰਬੰਧ ਮੇਰੇ ਨਾਲ ਵੀ ਏ। ਜੇ ਤੁਹਾਨੂੰ ਕੋਈ ਕਾਹਲ ਨਾ ਹੋਵੇ ਤਾਂ ਸੁਣਾਵਾਂ?''
ਅਸੀਂ ਚਾਹ ਰਖਵਾਈ ਹੋਈ ਸੀ, ਇਸ ਲਈ ਸਾਰੇ ਹੀ ਬੋਲੇ, ''ਨਹੀਂ ਕੋਈ ਕਾਹਲ ਨਹੀਂ ਸੁਣਾਅ...''
ਪ੍ਰਮੇਸ਼ਵਰੀ ਨੇ ਬੋਲਣਾ ਸ਼ੁਰੂ ਕੀਤਾ...:
ਦੋ ਸਾਲ ਪੁਰਾਣੀ ਗੱਲ ਏ। ਮੈਂ ਆਪਣੀ ਕੰਪਨੀ ਦਾ ਬਰਾਂਚ ਮੈਨੇਜ਼ਰ ਬਣ ਕੇ ਦਿੱਲੀ ਗਿਆ। ਮੇਰੇ ਬੰਗਲੇ ਦੇ ਕੋਲ ਈ ਇਕ ਕਾਟੇਜ ਬਣਿਆ ਹੋਇਆ ਸੀ, ਜਿਸ ਵਿਚ ਇਕ ਔਰਤ ਰਹਿੰਦੀ ਸੀ—ਸ਼੍ਰੀਮਤੀ ਸ਼ਸ਼ੀਬਾਲਾ ਦੇਵੀ। ਉਹ ਬੀ.ਏ. ਪਾਸ ਸੀ ਤੇ ਕੁੜੀਆਂ ਦੇ ਕਿਸੇ ਕਾਲਜ ਵਿਚ ਹੈਡ-ਮਾਸਟਰਨੀ ਲੱਗੀ ਹੋਈ ਸੀ। ਸ਼ਾਮ ਨੂੰ ਜਦੋਂ ਵੀ ਮੈਂ ਸੈਰ ਕਰਨ ਲਈ ਨਿਕਲਦਾ ਤਾਂ ਸ਼੍ਰੀਮਤੀ ਸ਼ਸ਼ੀਬਾਲਾ ਦੇਵੀ ਵੀ ਟਹਿਲਦੀ ਹੋਈ ਨਜ਼ਰ ਆਉਂਦੀ। ਅਸੀਂ ਅਕਸਰ ਇਕ ਦੂਜੇ ਵੱਲ ਵੇਖਦੇ ਸਾਂ ਪਰ ਜਾਣ-ਪਛਾਣ ਨਾ ਹੋਣ ਕਰਕੇ ਕੋਈ ਗੱਲਬਾਤ ਨਹੀਂ ਸੀ ਹੁੰਦੀ।
'ਇਕ ਦਿਨ ਮੈਂ ਟਹਿਲਦਾ ਹੋਇਆ ਨੇੜਲੇ ਪਾਰਕ ਵਿਚ ਚਲਾ ਗਿਆ। ਉੱਥੇ ਕੀ ਵੇਖਿਆ ਕਿ ਸ਼੍ਰੀਮਤੀ ਸ਼ਸ਼ੀਬਾਲਾ ਦੇਵੀ ਜੀ ਹੌਲੀ-ਹੌਲੀ ਟਹਿਲਦੇ ਹੋਏ ਅੱਗੇ ਜਾ ਰਹੇ ਸਨ ਤੇ ਮੈਂ ਉਹਨਾਂ ਤੋਂ ਕੋਈ ਦਸ ਗਜ਼ ਪਿੱਛੇ ਸਾਂ। ਉਹਨਾਂ ਨੇ ਕਈ ਵਾਰੀ ਪਿੱਛੇ ਮੁੜ ਕੇ ਵੇਖਿਆ ਤੇ ਫੇਰ ਅਚਾਨਕ ਉਹਨਾਂ ਦਾ ਰੁਮਾਲ ਡਿੱਗ ਪਿਆ, ਜਾਂ ਇੰਜ ਕਹੋ ਕਿ ਉਹਨਾਂ ਨੇ ਆਪਣਾ ਰੁਮਾਲ ਹੇਠਾਂ ਸੁੱਟ ਦਿੱਤਾ। ਇਹ ਗੱਲ ਗ਼ਲਤ ਨਹੀਂ ਕਿਉਂਕਿ ਇਹ ਮੈਂ ਸਾਫ ਵੇਖ ਲਿਆ ਸੀ। ਰੁਮਾਲ ਸੁੱਟ ਕੇ ਉਹ ਅੱਗੇ ਲੰਘ ਗਏ।
''ਤੇ ਜਨਾਬ! ਹੁਣ ਮੇਰਾ ਫਰਜ਼ ਬਣਦਾ ਸੀ ਕਿ ਰੁਮਾਲ ਚੁੱਕ ਕੇ ਉਹਨਾਂ ਨੂੰ ਫੜਾ ਦਿਆਂ।...ਤੇ ਮੈਂ ਇੰਜ ਹੀ ਕੀਤਾ। ਉਹ ਮੁਸਕਰਾ ਪਏ ਤੇ ਬੋਲੇ, 'ਏਸ ਮਿਹਰਬਾਨੀ ਲਈ ਤੁਹਾਡਾ ਧੰਨਵਾਦ!'
''ਮੈਂ ਵੀ ਮੁਸਕਰਾ ਕੇ ਕਿਹਾ, 'ਜੀ ਧੰਨਵਾਦ ਦੀ ਭਲਾ ਕੀ ਲੋੜ ਏ? ਇਹ ਮੇਰਾ ਫਰਜ਼ ਸੀ।'
'ਸ਼ਸ਼ੀਬਾਲਾ ਦੇਵੀ ਨੇ ਮੇਰੇ ਵੱਲ ਰਤਾ ਗਹੁ ਨਾਲ ਵਿੰਹਦਿਆਂ ਕਿਹਾ, 'ਤੁਸੀਂ ਏਥੇ ਕਿਤੇ ਨਜ਼ਦੀਕ ਈ ਰਹਿੰਦੇ ਓ? ਦੇਖਿਆ ਤਾਂ ਮੈਂ ਤੁਹਾਨੂੰ ਕਈ ਵਾਰੀ ਏ।'
'' 'ਹਾਂ ਜੀ। ਤੁਹਾਡੇ ਨਾਲ ਵਾਲੇ ਬੰਗਲੇ ਵਿਚ ਰਹਿ ਰਿਹਾਂ। ਥੋੜੇ ਦਿਨ ਈ ਹੋਏ ਨੇ ਆਇਆਂ।'
'' 'ਅੱਛਾ ਤਾਂ ਤੁਸੀਂ ਮੇਰੇ ਗੁਆਂਢੀ ਓ, ਜਾਂ ਇੰਜ ਆਖਣਾ ਚਾਹੀਦਾ ਏ ਕਿ ਅਤਿ ਨਜ਼ਦੀਕੀ ਗੁਆਂਢੀ ਓ।' ਕੁਝ ਚਿਰ ਚੁੱਪ ਰਹਿ ਕੇ ਉਹ ਫੇਰ ਬੋਲੀ, 'ਬੜੀ ਮਜ਼ੇਦਾਰ ਗੱਲ ਏ ਕਿ ਏਨਾ ਨਜ਼ਦੀਕ ਰਹਿੰਦੇ ਹੋਏ ਵੀ ਅਸੀਂ ਇਕ ਦੂਜੇ ਨੂੰ ਨਹੀਂ ਜਾਣਦੇ।'
'ਮੈਂ ਰਤਾ ਸ਼ਰਮਿੰਦਾ ਹੁੰਦਿਆਂ ਕਿਹਾ, 'ਇਕ ਅੱਧੀ ਵਾਰੀ ਇਰਾਦਾ ਤਾਂ ਜ਼ਰੂਰ ਹੋਇਆ ਸੀ ਕਿ ਆਪਣੇ ਗੁਆਂਢੀਆਂ ਨਾਲ ਜਾਣ-ਪਛਾਣ ਕਰ ਆਵਾਂ, ਕੁਝ ਕੁ ਦੇ ਗਿਆ ਵੀ ਸਾਂ...ਪਰ ਤੁਸੀਂ ਇਕ ਔਰਤ ਹੋ, ਸੋ ਤੁਹਾਡੇ ਵੱਲ ਆਉਣ ਦੀ ਹਿੰਮਤ ਨਹੀਂ ਹੋਈ।'
''ਸ਼ਸ਼ੀਬਾਲਾ ਦੇਵੀ ਜੀ ਖਿੜ-ਖਿੜ ਕਰਕੇ ਹੱਸ ਪਏ ਤੇ ਬੋਲੇ, 'ਹੱਛਾ! ਤਾਂ ਤੁਸੀਂ ਔਰਤਾਂ ਤੋਂ ਡਰਦੇ ਓ, ਪਰ ਔਰਤ ਤੋਂ ਡਰਨ ਦਾ ਕੋਈ ਵੀ ਕਾਰਨ ਮੇਰੀ ਸਮਝ ਵਿਚ ਨਹੀਂ ਆਉਂਦਾ। ਖ਼ੈਰ, ਜੇ ਤੁਸੀਂ ਆਪਣੇ ਡਰ ਦੇ ਭੂਤ ਨੂੰ ਨਸਾਅ ਸਕੋ ਤਾਂ ਕਦੀ ਮੇਰੇ ਘਰ ਆਵੋ। ਤੁਹਾਨੂੰ ਸੱਚ ਦੱਸਾਂ, ਔਰਤ ਬੜੀ ਕਮਜ਼ੋਰ ਤੇ ਬੜੀ ਕੋਮਲ ਹੁੰਦੀ ਏ। ਉਸ ਕੋਲੋਂ ਡਰਨਾ ਬੜੀ ਵੱਡੀ ਗਲਤੀ ਏ।'
''ਸ਼ਸ਼ੀਬਾਲਾ ਦੇ ਗੱਲਾਂ ਕਰਨ ਦੀ ਸਿਆਣਪ ਤੇ ਮਿੱਠੇ ਹਾਸੇ ਨੇ ਮੇਰਾ ਮਨ ਮੋਹ ਲਿਆ ਸੀ। ਭਾਵੇਂ ਉਹ ਬਹੁਤ ਸੁੰਦਰ ਨਹੀਂ ਸੀ ਪਰ ਕਰੂਪ ਵੀ ਨਹੀਂ ਸੀ। ਉਸ ਦੀ ਉਮਰ ਤੀਹ ਸਾਲ ਸੀ। ਗੁੰਦਵਾਂ ਤੇ ਭਰਵਾਂ ਸਰੀਰ, ਮੋਟੀਆਂ ਮੋਟੀਆਂ ਅੱਖਾਂ, ਗੋਲ ਚਿਹਰਾ, ਭਾਰਾ ਮੂੰਹ, ਛੋਟਾ ਮੱਥਾ ਪਰ ਵਾਲ ਸੰਘਣੇ ਕਾਲੇ ਪਿਛਾਂਹ ਵੱਲ ਵਾਹੇ ਹੋਏ, ਜਿਹਨਾਂ ਦੀਆਂ ਦੋ ਚਾਰ ਲਟਾਂ ਅੱਗੇ ਲਟਕ ਆਉਂਦੀਆਂ ਤੇ ਉਹ ਉਹਨਾਂ ਨੂੰ ਠੀਕ ਕਰ ਲੈਂਦੀ ਸੀ। ਉਸ ਦਾ ਰੰਗ ਕਣਕ-ਵੰਨਾਂ ਸੀ ਤੇ ਕੱਦ ਦਰਮਿਆਨਾ। ਉਸ ਨੇ ਮਲਮਲ ਦੀ ਛਾਪੇਦਾਰ ਸਾੜ੍ਹੀ ਬੰਨ੍ਹੀ ਹੋਈ ਸੀ ਤੇ ਪੈਰਾਂ ਵਿਚ ਕਢਾਈ ਵਾਲੇ ਸਲੀਪਰ ਪਾਏ ਸਨ।
''ਇੰਜ ਪਹਿਲੀ ਵਾਰੀ ਮੈਂ ਪੂਰੇ ਧਿਆਨ ਨਾਲ ਸ਼ਸ਼ੀਬਾਲਾ ਨੂੰ ਵੇਖਿਆ ਸੀ ਤੇ ਉਸ ਨੂੰ ਏਸ ਗੱਲ ਦਾ ਪਤਾ ਵੀ ਸੀ। ਉਹ ਰਤਾ ਸ਼ਰਮਾਈ ਪਰ ਮੁਸਕਰਾ ਕੇ ਬੋਲੀ, 'ਬੜੇ ਅਜੀਬ ਮਰਦ ਹੋ ਤੁਸੀਂ! ਫੇਰ ਹੁਣ ਕਦੋਂ ਆ ਰਹੇ ਓ?'
'' 'ਕੱਲ੍ਹ ਸ਼ਾਮ ਨੂੰ ਤੁਸੀਂ ਘਰੇ ਈ ਹੋਵੋਗੇ ਨਾ...?'
'' 'ਜੇ ਤੁਸੀਂ ਆਓਗੇ ਤਾਂ, ਨਹੀਂ ਤਾਂ ਰੋਜ਼ ਵਾਂਗ ਸੈਰ ਕਰਨ ਨਿਕਲ ਪਵਾਂਗੀ।'
'' 'ਤਾਂ ਕੱਲ੍ਹ ਸ਼ਾਮੀਂ ਪੰਜ ਵਜੇ ਮੈਂ ਆਵਾਂਗਾ।' ''

ਫੇਰ ਸ਼ਸ਼ੀਬਾਲਾ ਤੇ ਮੇਰੇ ਵਿਚਕਾਰ ਦੋਸਤੀ ਦਾ ਸਿਲਸਿਲਾ ਕਾਫੀ ਵਧ ਗਿਆ। ਤੁਹਾਨੂੰ ਪਤਾ ਈ ਜੇ ਕਿ ਮੈਂ ਵਿਆਹਿਆ ਹੋਇਆ ਵਾਂ ਤੇ ਮੇਰੀ ਪਤਨੀ ਸੁੰਦਰ ਵੀ ਏ। ਸੋ ਇੰਜ ਕਹਾਂ ਕਿ ਸਾਡੀ ਦੋਸਤੀ ਹੱਦ-ਬੰਨੇ ਟੱਪ ਕੇ ਕਾਫੀ ਅਗਾਂਹ ਲੰਘ ਆਈ ਸੀ। ਸ਼ਸ਼ੀਬਾਲਾ ਵਿਚ ਇਕ ਖਾਸ ਕਿਸਮ ਦੀ ਖਿੱਚ ਸੀ ਜਿਹੜੀ ਘਰਵਾਲੀ ਵਿਚ ਕਤਈ ਨਹੀਂ ਹੁੰਦੀ। ਸ਼ਸ਼ੀਬਾਲਾ ਦੀ ਸੂਝ-ਸਿਆਣਪ ਅਤੇ ਸਭਿਅ ਰੱਖ-ਰਖਾਅ ਸਦਕਾ ਮੈਂ ਨਿੱਤ ਉਸ ਦੇ ਘਰ ਜਾਣ ਲੱਗ ਪਿਆ ਸਾਂ ਤੇ ਕਦੀ-ਕਦੀ ਤਾਂ ਸਾਰੀ-ਸਾਰੀ ਰਾਤ ਆਪਣੇ ਘਰ ਵਾਪਸ ਨਹੀਂ ਸੀ ਮੁੜਦਾ।
ਇਕ ਦਿਨ ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਸਿਰ ਪੀੜ ਹੋ ਰਿਹਾ ਸੀ। ਮੈਂ ਉੱਠ ਕੇ ਪਲੰਘ ਉਪਰ ਬੈਠ ਗਿਆ। ਇਹ ਕਮਰਾ ਸ਼ਸ਼ੀਬਾਲਾ ਦਾ ਸੀ। ਪਰ ਉਹ ਉਸ ਵੇਲੇ ਕਮਰੇ ਵਿਚ ਨਹੀਂ ਸੀ, ਗੁਲਸਖ਼ਾਨੇ ਵਿਚ ਸੀ ਤੇ ਨਹਾ ਰਹੀ ਸੀ। ਮੈਂ ਘੜੀ ਵੇਖੀ, ਅੱਠ ਵੱਜ ਚੁੱਕੇ ਸਨ। ਮੈਂ ਸੁਸਤੀ ਲਾਹੁਣ ਲਈ ਉੱਠ ਕੇ ਖਿੜਕੀ ਖੋਲ੍ਹੀ ਤਾਂ ਸੂਰਜ ਦਾ ਚਾਨਣ ਕਮਰੇ ਵਿਚ ਆਉਣ ਲੱਗ ਪਿਆ। ਰਾਤ ਕਾਫੀ ਦੇਰ ਤਕ ਜਾਗਦਾ ਰਿਹਾ ਸਾਂ...ਸ਼ਾਇਦ ਇਸੇ ਲਈ ਸਿਰ ਦਰਦ ਹੋ ਰਿਹਾ ਸੀ। ਮੈਂ ਡਰੈਸਿੰਗ ਟੇਬਲ ਦੇ ਸ਼ੀਸ਼ੇ ਵਿਚ ਆਪਣਾ ਚਿਹਰਾ ਵੇਖਿਆ—ਅੱਖਾਂ ਲਾਲ ਸਨ ਤੇ ਚਿਹਰਾ ਮੁਰਝਾਇਆ ਹੋਇਆ। ਅਚਾਨਕ ਮੈਨੂੰ ਡਰੈਸਿੰਗ ਟੇਬਲ ਦੇ ਸਿਰੇ ਉੱਤੇ ਲੱਗੀ ਕਾਗਜ਼ ਦੀ ਇਕ ਚੇਪੀ ਦਿਸ ਪਈ। ਉਸ ਉਪਰ ਕੁਝ ਲਿਖਿਆ ਹੋਇਆ ਸੀ। ਮੈਂ ਪੜ੍ਹਿਆ, ਅੰਗਰੇਜ਼ੀ ਵਿਚ ਲਿਖਿਆ ਸੀ 'ਪ੍ਰਕਾਸ਼ ਚੰਦ'। 'ਇਹ ਪ੍ਰਕਾਸ਼ ਚੰਦ ਕੌਣ ਹੋਇਆ?' ਮੈਂ ਇਹ ਸੋਚ ਹੀ ਰਿਹਾ ਸਾਂ ਕਿ ਸ਼ਸ਼ੀਬਾਲਾ ਦਾ ਵੈਨਿਟੀ-ਬਾਕਸ ਦਿਸ ਪਿਆ। ਉਂਜ ਤਾਂ ਇਸ ਨੂੰ ਕਈ ਵਾਰੀ ਵੇਖਿਆ ਸੀ ਪਰ ਅੱਜ ਪਤਾ ਨਹੀਂ ਕਿੰਜ ਖੋਲ੍ਹ ਕੇ ਅੰਦਰ ਵੇਖਣ ਦੀ ਇੱਛਾ ਹੋਈ। ਅੰਦਰ ਪਾਊਡਰ, ਕਰੀਮ, ਲਿਪਸਟਿਕ, ਭਵਾਂ ਸੰਵਾਰਨ ਵਾਲੀ ਪੈਂਸਲ ਆਦਿ ਕਈ ਚੀਜ਼ਾਂ ਸਜਾ ਕੇ ਰੱਖੀਆਂ ਹੋਈਆਂ ਸਨ। ਮੈਂ ਸਾਰੀਆਂ ਚੀਜ਼ਾਂ ਉਲੱਦ-ਪੁਲੱਦ ਕਰ ਛੱਡੀਆਂ। ਅਚਾਨਕ ਵੈਨਿਟੀ-ਬਾਕਸ ਦੀ ਹੇਠਲੀ ਤਹਿ ਉੱਤੇ ਵੀ ਇਕ ਚੇਪੀ ਲੱਗੀ ਦਿਸੀ, ਜਿਸ ਉੱਤੇ ਲਿਖਿਆ ਸੀ 'ਸਤ ਨਾਰਾਇਣ'। ਮੈਂ ਵੈਨਿਟੀ ਬਾਕਸ ਬੰਦ ਕਰ ਦਿੱਤਾ ਸੀ ਪਰ ਪ੍ਰਕਾਸ਼ ਚੰਦ ਤੇ ਸਤ ਨਾਰਾਇਣ ਨੇ ਮੈਨੂੰ ਛਛੋਪੰਜ ਵਿਚ ਪਾਇਆ ਹੋਇਆ ਸੀ। ਅਚਾਨਕ ਮੈਨੂੰ ਕਮਰੇ ਦੇ ਇਕ ਕੋਨੇ ਵਿਚ ਰੱਖਿਆ ਹੋਇਆ ਗਰਾਮੋਫੋਨ ਦਿਸ ਪਿਆ। ਸੋਚਿਆ, ਚਲੋ ਵਕਤ-ਕਟੀ ਲਈ ਇਕ ਅੱਧਾ ਰਿਕਾਰਡ ਹੀ ਸੁਣ ਲਵਾਂ। ਮੈਂ ਗਰਾਮੋਫੋਨ ਦਾ ਢੱਕਣ ਖੋਲ੍ਹਿਆ ਤਾਂ ਤ੍ਰਬਕ ਕੇ ਪਿਛਾਂਹ ਹਟ ਗਿਆ, ਅੰਦਰ, ਉਪਰਲੇ ਢੱਕਣ ਦੇ ਸਿਰੇ ਉੱਤੇ ਵੀ ਕਾਗਜ਼ ਦੀ ਇਕ ਚਿਟ ਲੱਗੀ ਹੋਈ ਸੀ 'ਖ਼ਿਆਲੀ ਰਾਮ'। ਉੱਥੋਂ ਪਿਛਾਂਹ ਮੁੜ ਆਇਆ ਤਾਂ ਹਰਮੋਨੀਅਮ ਵਜਾਉਣ ਦੀ ਇੱਛਾ ਹੋਈ, ਪਰ ਉਸ ਦੇ ਪੱਖੇ ਉੱਤੇ ਵੀ ਇਕ ਚਿਟ ਲੱਗੀ ਹੋਈ ਸੀ 'ਬੂਟਾ ਸਿੰਘ'। ਮੈਂ ਹੁਣ ਚੁੱਪਚਾਪ ਪਲੰਘ ਕੋਲ ਆਣ ਖਲੋਤਾ ਤੇ ਆਪਣੇ ਕੱਪੜੇ ਪਾਏ। ਪਰ ਇਕ ਬੂਟ ਪਲੰਘ ਹੇਠ ਚਲਾ ਗਿਆ ਸੀ। ਉਸ ਨੂੰ ਚੁੱਕਣ ਵਾਸਤੇ ਹੇਠਾਂ ਝੁਕਿਆ...ਉਫ਼! ਅੰਦਰਲੇ ਪਾਸੇ ਵੀ ਇਕ ਕਾਗਜ਼ ਚਿਪਕਿਆ ਹੋਇਆ ਸੀ 'ਮੁਹੰਮਦ ਸਦੀਕ'।
ਹੁਣ ਮੈਂ ਕਮਰੇ ਵਿਚ ਪਈ ਹਰੇਕ ਚੀਜ਼ ਨੂੰ ਬੜੇ ਧਿਆਨ ਨਾਲ ਵੇਖ ਰਿਹਾ ਸਾਂ। ਸਾਰੀਆਂ ਚੀਜ਼ਾਂ ਉੱਤੇ ਇਕ ਇਕ ਚਿਟ ਲੱਗੀ ਹੋਈ ਸੀ ਤੇ ਕਿਸੇ ਨਾ ਕਿਸੇ ਦਾ ਨਾਂਅ ਲਿਖਿਆ ਹੋਇਆ ਸੀ। ਜਿਵੇਂ, 'ਵਿਲੀਅਮ ਡਾਰਬੀ', 'ਪੇਸਟਨਜੀ ਸੌਰਾਬਜੀ ਬਾਟਲੀਵਾਲਾ', 'ਰਾਮੇਂਦਰ ਨਾਥ ਚਕਰਵਰਤੀ', 'ਸ਼੍ਰੀਕ੍ਰਿਸ਼ਨ', 'ਰਾਮ ਕ੍ਰਿਸ਼ਨ ਮਹਿਤਾ', 'ਰਾਮਨਾਥ ਟੰਡਨ', 'ਰਾਮੇਸ਼ਵਰ ਸਿੰਘ' ਆਦਿ ਆਦਿ!
''ਏਸ ਨਰੀਖਣ ਤੋਂ ਥੱਕ-ਹਾਰ ਕੇ ਮੈਂ ਪਲੰਘ ਉੱਤੇ ਆ ਬੈਠਾ। ਉਦੋਂ ਹੀ ਸ਼ਸ਼ੀਬਾਲਾ ਗੁਸਲਖ਼ਾਨੇ ਵਿਚੋਂ ਨਿਕਲ ਆਈ। ਉਸ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ, 'ਪ੍ਰਮੇਸ਼ਵਰੀ ਜੀ! ਅੱਜ ਤਾਂ ਬੜੇ ਲੇਟ ਉੱਠੇ ਓ...'
''ਮੈਂ ਨੀਵੀਂ ਪਾਈ ਹੋਈ ਸੀ ਪਰ ਕਿਹਾ, 'ਨਹੀਂ ਜਾਗ ਤਾਂ ਕਾਫੀ ਪਹਿਲਾਂ ਪਿਆ ਸਾਂ ਪਰ ਏਸ ਦੌਰਾਨ ਇਕ ਕੋਝੀ ਹਰਕਤ ਕਰ ਬੈਠਾਂ। ਕੀ ਤੁਸੀਂ ਮੈਨੂੰ ਮੁਆਫ਼ ਕਰ ਸਕੋਗੇ?'
''ਉਸ ਨੇ ਨੇੜੇ ਆ ਕੇ ਮੇਰਾ ਹੱਥ ਆਪਣੇ ਹੱਥ ਵਿਚ ਲੈ ਲਿਆ ਤੇ ਬੋਲੀ, 'ਮੈਂ ਤੁਹਾਡੀ ਆਂ, ਮੈਥੋਂ ਮੁਆਫੀ ਕਿਸ ਗੱਲ ਲਈ ਮੰਗ ਰਹੇ ਓ?'
'ਫੇਰ ਵੀ ਗੱਲ ਕਰਨ ਤੋਂ ਪਹਿਲਾਂ ਮੈਂ ਮੁਆਫ਼ੀ ਮੰਗ ਲੈਣਾ ਜ਼ਰੂਰੀ ਸਮਝਦਾ ਵਾਂ। ਇਕ ਗੱਲ ਪੁੱਛਾਂ, ਸੱਚ-ਸੱਚ ਦੱਸੋਗੇ?'
'' 'ਤੁਹਾਡੇ ਸਾਹਮਣੇ ਝੂਠ ਬੋਲਾਂ, ਇੰਜ ਮੈਂ ਸੋਚ ਵੀ ਨਹੀਂ ਸਕਦੀ।'
'' 'ਨਹੀਂ ਪਹਿਲਾਂ ਵਚਨ ਦਿਓ ਕਿ ਸੱਚ ਹੀ ਬੋਲੋਗੇ...'
''ਮੈਨੂੰ ਗਲਵਕੜੀ ਜਿਹੀ ਪਾ ਕੇ ਸ਼ਸ਼ੀਬਾਲਾ ਨੇ ਕਿਹਾ, 'ਮੈਂ ਵਚਨ ਦਿੰਦੀ ਆਂ।'
''ਮੈਂ ਕਿਹਾ, 'ਤੁਹਾਡੀ ਗੈਰਹਾਜ਼ਰੀ ਵਿਚ, ਅੱਜ ਮੈਂ ਪਹਿਲੀ ਵਾਰੀ ਤੁਹਾਡੇ ਇਸ ਕਮਰੇ ਤੇ ਇਸ ਵਿਚ ਪਈ ਹਰੇਕ ਚੀਜ਼ ਨੂੰ ਧਿਆਨ ਨਾਲ ਵੇਖਿਆ ਏ। ਮੈਨੂੰ ਪਤਾ ਏ ਕਿ ਮੈਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ, ਪਰ ਮਨ ਦੀ ਬੇਚੈਨੀ ਕਾਰਨ ਇੰਜ ਕਰ ਬੈਠਾ। ਬੜੀ ਅਜੀਬ ਗੱਲ ਏ ਕਿ ਹਰੇਕ ਚੀਜ਼ ਉਪਰ ਕਿਸੇ ਨਾ ਕਿਸੇ ਮਰਦ ਦੇ ਨਾਂਅ ਦੀ ਚਿਟ ਲੱਗੀ ਹੋਈ ਏ। ਵੱਖ-ਵੱਖ ਚੀਜ਼ਾਂ ਉਪਰ ਵੱਖੋ-ਵੱਖਰੇ ਮਰਦਾਂ ਦੇ ਨਾਂਅ!...ਏਸ ਰਹੱਸ ਨੂੰ ਖੋਲ੍ਹਣ ਦੇ ਕਈ ਯਤਨ ਕੀਤੇ ਪਰ ਕੁਝ ਪੱਲੇ ਹੀ ਨਹੀਂ ਪੈ ਰਿਹਾ।'
ਸ਼ਸ਼ੀਬਾਲਾ ਮੁਸਕਰਾ ਰਹੀ ਸੀ, ਉਸ ਨੇ ਆਖਿਆ, 'ਪ੍ਰਮੇਸ਼ਵਰੀ ਜੀ, ਏਸ ਰਹੱਸ ਨੂੰ ਰਹੱਸ ਹੀ ਰਹਿਣ ਦਿਓ...ਮੈਥੋਂ ਨਾ ਪੁੱਛੋ ਤਾਂ ਈ ਚੰਗਾ ਏ। ਇਸ ਗੱਲ ਬਾਰੇ ਜਾਣ ਕੇ ਤੁਹਾਨੂੰ ਦੁੱਖ ਹੋਵੇਗਾ ਤੇ ਹੋ ਸਕਦੈ ਕਿ ਤੁਸੀਂ ਨਾਰਾਜ਼ ਈ ਹੋ ਜਾਵੋ।'
'' 'ਨਹੀਂ ਮੈਂ ਦੁਖੀ ਨਹੀਂ ਹੋਵਾਂਗਾ ਤੇ ਨਾ ਹੀ ਨਾਰਾਜ਼।'
'' 'ਅੱਛਾ ਫੇਰ ਵਚਨ ਦਿਓ...'
' 'ਮੈਂ ਵਚਨ ਦੇਂਦਾ ਵਾਂ...'
''ਸ਼ਸ਼ੀਬਾਲਾ ਕੁਰਸੀ ਉੱਤੇ ਬੈਠ ਗਈ।
' 'ਪ੍ਰਮੇਸ਼ਵਰੀ ਸਾਹਬ! ਏਸ ਰਹੱਸ ਵਿਚ ਮੇਰੀ ਕਮਜ਼ੋਰੀ ਲੁਕੀ ਹੋਈ ਏ ਤੇ ਨਾਲੇ ਮੇਰਾ ਦਿਲ...। ਇਹ ਸਾਰੀਆਂ ਚੀਜ਼ਾਂ ਮੈਨੂੰ ਮੇਰੇ ਪ੍ਰੇਮੀ ਤੋਂ 'ਸੁਗਾਤ' ਵਜੋਂ ਮਿਲੀਆਂ ਨੇ। ਇਹ ਗੱਲ ਚੇਤੇ ਰੱਖਣਾ ਕਿ ਮੈਂ ਆਪਣੇ ਹਰੇਕ ਪ੍ਰੇਮੀ ਤੋਂ ਸਿਰਫ ਇਕ ਚੀਜ਼ ਈ ਲਈ ਏ। ਹੁਣ ਮੇਰੇ ਕੋਲ ਏਨੀਆਂ ਚੀਜ਼ਾਂ ਨੇ ਕਿ ਹਰੇਕ ਦੇ ਮਾਲਕ ਦਾ ਨਾਂ ਚੇਤੇ ਰੱਖਣਾ ਜ਼ਰਾ ਮੁਸ਼ਕਿਲ ਜਾਪਦਾ ਏ। ਇਹ ਸਾਰੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਨੇ। ਹੁਣ ਜਦੋਂ ਮੈਂ ਜਿਸ ਚੀਜ਼ ਦੀ ਵਰਤੋਂ ਕਰਦੀ ਆਂ ਤਾਂ ਉਸ ਨੂੰ ਭੇਟ ਕਰਨ ਵਾਲੇ ਪ੍ਰੇਮੀ ਦੀ ਯਾਦ ਮੇਰੇ ਦਿਲ ਵਿਚ ਤਾਜ਼ਾ ਹੋ ਉੱਠਦੀ ਏ। ਕੀ ਕਰਾਂ ਪ੍ਰਮੇਸ਼ਵਰੀ ਜੀ ਮੇਰਾ ਦਿਲ ਏਨਾਂ ਕਮਜ਼ੋਰ ਏ ਕਿ ਮੈਂ ਆਪਣੇ ਪ੍ਰੇਮੀਆਂ ਨੂੰ ਭੁੱਲ ਈ ਨਹੀਂ ਸਕਦੀ ਤੇ ਨਾ ਹੀ ਭੁੱਲਣਾ ਚਾਹੁੰਦੀ ਆਂ।'
' 'ਤੇਰੇ ਕੋਲ ਕੁਲ ਕਿੰਨੀਆਂ ਕੁ ਚੀਜ਼ਾਂ ਹੋਣੀਆਂ ਨੇ?' ਮੈਂ ਪੁੱਛਿਆ।
'' 'ਸਤਾਨਵੇਂ...।'
'' 'ਏਨੀਆਂ ਜ਼ਿਆਦਾ!' ਮੈਂ ਹੈਰਾਨੀ ਨਾਲ ਪੁੱਛਿਆ ਸੀ ਤੇ ਮੇਰੀ ਆਵਾਜ਼ ਕਾਫੀ ਚੀਕਵੀਂ ਜਿਹੀ ਸੀ।
' 'ਹਾਂ, ਏਨੀਆਂ ਹੀ!' ਸ਼ਸ਼ੀਬਾਲਾ ਦੇਵੀ ਦੀ ਆਵਾਜ਼ ਰਤਾ ਗੰਭੀਰ ਹੋ ਗਈ ਸੀ, 'ਹਾਂ, ਪ੍ਰਮੇਸ਼ਵਰੀ ਬਾਬੂ! ਇਹ ਕੁਝ ਜ਼ਿਆਦਾ ਹੀ ਹੋ ਗਈਆਂ ਨੇ...। ਅਜੇ ਤਕ ਮੇਰੀ ਸ਼ਾਦੀ ਨਹੀਂ ਹੋਈ। ਤੁਸੀਂ ਜਾਣਦੇ ਹੀ ਓ...ਹੈ ਨਾ? ਪਰ ਏਸ ਦਾ ਮਤਲਬ ਇਹ ਨਾ ਸਮਝ ਲੈਣਾ ਕਿ ਮੇਰਾ ਸ਼ਾਦੀ ਕਰਵਾਉਣ ਦਾ ਕਦੇ ਕੋਈ ਇਰਾਦਾ ਹੀ ਨਹੀਂ ਸੀ। ਮੈਂ ਸੱਚ ਕਹਿੰਦੀ ਆਂ ਕਿ ਇਕ ਸਮਾਂ ਸੀ ਜਦੋਂ ਮੇਰੀ ਸ਼ਾਦੀ ਕਰਵਾਉਣ ਦੀ ਬੜੀ ਇੱਛਾ ਸੀ। ਹਰੇਕ ਆਦਮੀ ਭਵਿੱਖ ਦੇ ਸੁਪਨੇ ਲੈ ਕੇ ਮੇਰੇ ਜੀਵਨ ਵਿਚ ਆਉਂਦਾ ਤੇ ਮੈਂ ਹਰੇਕ ਨੂੰ ਆਪਣੇ ਭਾਵੀ ਪਤੀ ਦੇ ਰੂਪ ਵਿਚ ਵੇਖਦੀ। ਪਰ ਹੁੰਦਾ ਕੀ?...ਉਹ ਹਰ ਮਰਦ ਮੈਨੂੰ ਤੋਹਫੇ ਤਾਂ ਦੇ ਸਕਦਾ ਸੀ, ਪਰ ਆਪਣੀ ਨਹੀਂ ਸੀ ਬਣਾ ਸਕਦਾ। ਹੌਲੀ ਹੌਲੀ ਮੈਨੂੰ ਇਸ ਮਾਹੌਲ ਦੀ ਆਦਤ ਜਿਹੀ ਪੈ ਗਈ। ਇਹ ਰਹੱਸਮਈ ਜੀਵਨ ਮੇਰੇ ਲਈ ਇਕ ਖੇਡ ਜਿਹਾ ਬਣ ਗਿਆ। ਸੋਚਦੀ ਆਂ, ਉਹਨਾਂ ਦਿਨਾਂ ਵਿਚ ਮੈਂ ਕਿੰਨੀ ਭੋਲੀ ਸਾਂ। ਉਦੋਂ ਅਖ਼ਬਾਰਾਂ ਵਿਚ ਮੈਂ ਆਪਣੇ ਵਿਆਹ ਲਈ ਆਪ ਵਿਗਿਆਪਨ ਵੀ ਦਿੱਤੇ। ਪਰ ਹਰੇਕ ਆਦਮੀ ਗਲਤੀ ਕਰਦਾ ਏ, ਮੈਂ ਵੀ ਕਰ ਬੈਠੀ। ਹੁਣ ਬੰਧਨ ਦੀ ਕੋਈ ਲੋੜ ਨਹੀਂ। ਜੀਵਨ ਇਕ ਤਮਾਸ਼ਾ ਹੈ, ਇਸ ਦੀ ਸਭ ਤੋਂ ਸੁੰਦਰ ਖੇਡ ਦਿਲ ਦੀ ਬਾਜ਼ੀ ਨਹੀਂ, ਭੋਗ ਵਿਲਾਸ ਏ...ਤੇ ਸਾਨੂੰ ਖੁੱਲ੍ਹ ਕੇ ਇਹ ਖੇਡ ਖੇਡਣੀ ਚਾਹੀਦੀ ਏ। ਪ੍ਰਮੇਸ਼ਵਰੀ ਜੀ, ਇਹ ਮੇਰੀਆਂ ਯਾਦਾਂ ਦੀ ਕਹਾਣੀ ਏਂ ਤੇ ਮੇਰੀਆਂ ਯਾਦਾਂ ਦਾ ਰੂਪ ਤਾਂ ਤੁਸੀਂ ਵੇਖ ਹੀ ਲਿਐ!'
'' 'ਸਧਾਰਨ ਬੰਦਿਆਂ ਲਈ ਤਾਂ ਇਹ ਠੀਕ ਹੋ ਸਕਦਾ ਏ।' ਮੈਂ ਰਤਾ ਝਿਜਕਦਿਆਂ ਹੋਇਆਂ ਕਿਹਾ।
' 'ਸਧਾਰਨ ਬੰਦਿਆਂ ਲਈ ਹੀ ਕਿਉਂ? ਤੁਹਾਡਾ ਨੰਬਰ ਅਠਾਨਵੇਂਵਾਂ ਹੋਏਗਾ।' ਉਸ ਕਿਹਾ ਤੇ ਖਿੜ-ਖਿੜ ਕਰਕੇ ਹੱਸ ਪਈ।
'ਉਦੋਂ ਪਤਾ ਨਹੀਂ ਕਿਉਂ ਮੈਂ ਦਾਰਸ਼ਨਿਕ ਬਣ ਗਿਆ ਸਾਂ। ਜਨਾਬ ਉਂਜ ਤਾਂ ਮੇਰੇ ਜੀਵਨ ਤੇ ਦਰਸ਼ਨ ਸ਼ਾਸਤਰ ਵਿਚ ਜ਼ਮੀਨ ਆਸਮਾਨ ਜਿੰਨਾਂ ਫਾਸਲਾ ਏ, ਪਰ ਸ਼ਸ਼ੀਬਾਲਾ ਦੀ ਕਹਾਣੀ ਸੁਣ ਕੇ ਮੈਂ ਸੱਚਮੁਚ ਹੀ ਦਾਰਸ਼ਨਿਕ ਬਣ ਗਿਆ ਸਾਂ। ਮੈਂ ਕਿਹਾ, 'ਹਾਂ, ਜ਼ਿੰਦਗੀ ਇਕ ਖੇਡ ਏ, ਉਦੋਂ ਤਕ ਜਦੋਂ ਤਕ ਅਸੀਂ ਖੇਡ ਸਕੀਏ...ਬੁਢੇਪਾ ਆਉਣ 'ਤੇ ਉਹੀ ਜੀਵਨ ਸਾਡੇ ਲਈ ਭਿਆਨਕ ਤੇ ਕਰੂਪ ਬਣ ਕੇ ਖੜ੍ਹਾ ਹੋ ਜਾਂਦਾ ਏ। ਤੂੰ ਵਰਤਮਾਨ ਦੀ ਸੋਚ ਰਹੀ ਏਂ, ਮੈਂ ਭਵਿੱਖ ਬਾਰੇ ਸੋਚ ਰਿਹਾ ਵਾਂ। ਅੱਜ ਤੋਂ ਦਸ ਸਾਲ ਬਾਅਦ, ਉਦੋਂ ਤੇਰੇ ਚਿਹਰੇ ਉਪਰ ਝੁਰੜੀਆਂ ਪਈਆਂ ਹੋਣਗੀਆਂ ਤੇ ਲੋਕ ਤੇਰੇ ਨਾਲ ਤੇਰਾ ਇਹੀ ਖੇਡ ਖੇਡਣ ਬਾਰੇ ਸੋਚਣਗੇ ਵੀ ਨਹੀਂ।...ਤੇ ਫੇਰ...ਤੇ ਫੇਰ ਇਹੀ ਯਾਦਾਂ, ਸੁਖਸ਼ਾਂਤੀ ਦੀ ਬਜਾਏ ਮਨ ਦਾ ਕਲੇਸ਼ ਬਣ ਜਾਣਗੀਆਂ।
ਤੇਰੇ ਅੱਗੇ ਪਿੱਛੇ ਕੋਈ ਨਹੀਂ, ਸੋ ਤੂੰ ਆਪਣੀ ਸਜਧਜ ਵਾਸਤੇ ਸਭ ਕੁਝ ਖਰਚ ਕਰ ਦਿੰਦੀ ਏਂ; ਕੁਝ ਬਚਦਾ ਨਹੀਂ ਹੋਣਾ। ਫੇਰ ਏਸ ਖੇਡ ਦੇ ਖਤਮ ਹੋ ਜਾਣ 'ਤੇ ਬੁਢਾਪਾ, ਕਮਜ਼ੋਰੀ, ਭੁੱਖ, ਬਿਮਾਰੀ ਤੇ ਜ਼ਿੰਦਗੀ ਭਰ ਦਾ ਪਛਤਾਵਾ ਰਹਿ ਜਾਏਗਾ। ਏਸ ਲਈ ਮੈਂ ਤੈਨੂੰ ਅਜਿਹੀ ਸ਼ੈ 'ਸੁਗਾਤ' ਵਜ਼ੋ ਦਿਆਂਗਾ, ਜਿਸ ਦੀ ਉਦੋਂ ਤੈਨੂੰ ਲੋੜ ਹੋਵੇਗੀ। ਤੇਰਾ ਇਹ ਸੰਗ੍ਰਹਿ ਮੈਂ ਪੰਜ ਹਜ਼ਾਰ ਰੁਪਏ ਵਿਚ ਖਰੀਦ ਲਵਾਂਗਾ। ਉਦੋਂ ਤੂੰ ਇਹਨਾਂ ਸਰਾਪੀਆਂ ਹੋਈਆਂ ਯਾਦਾਂ ਤੋਂ ਛੁਟਕਾਰਾ ਪਾਉਣ ਲਈ, ਰਾਮ ਨਾਮ ਜਪਦੀ ਹੋਈ ਰੱਬ ਘਰ ਜਾਣ ਦੀ ਤਿਆਰੀ ਕਰ ਰਹੀ ਹੋਵੇਂਗੀ।...ਤੇ ਨਾਲੇ ਪੰਜ ਹਜ਼ਾਰ ਰੁਪਏ ਨਾਲ ਆਪਣੇ ਬੁਢਾਪੇ ਦੇ ਦੁੱਖਾਂ ਨੂੰ ਘੱਟ ਕਰ ਸਕੇਂਗੀ।' ''
ਮੈਂ ਪ੍ਰਮੇਸ਼ਵਰੀ ਨੂੰ ਪੁੱਛਿਆ, ''ਕੀ ਉਸ ਨੇ ਤੈਨੂੰ ਨੌਕਰਾਂ ਤੋਂ ਬਾਹਰ ਕਢਵਾ ਦੇਣ ਦੀ ਧਮਕੀ ਨਹੀਂ ਦਿੱਤੀ?''
ਪ੍ਰਮੇਸ਼ਵਰੀ ਹੱਸ ਪਿਆ, ''ਨਹੀਂ। ਕੁਝ ਚਿਰ ਸੋਚਦੀ ਰਹਿ ਕੇ ਫੇਰ ਬੋਲੀ, 'ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਠੀਕ ਨਹੀਂ ਮੰਨਦੀ। ਪਰ ਏਨਾ ਜ਼ਰੂਰ ਮੰਨਦੀ ਆਂ ਕਿ ਮੈਂ ਆਪਣੇ ਬੁਢਾਪੇ ਦਾ ਕੋਈ ਇੰਤਜ਼ਾਮ ਨਹੀਂ ਕੀਤਾ। ਇਸ ਲਈ ਇਹ ਸਭ ਕੁਝ ਮੈਂ ਤੁਹਾਨੂੰ ਵੇਚ ਦਿਆਂਗੀ। ਆਓ, ਲਿਖਤੀ ਇਕਰਾਰ ਕਰ ਲਈਏ।'''
'ਮੈਂ ਇਕਰਾਰਨਾਮੇ ਉੱਤੇ ਦਸਖ਼ਤ ਕਰ ਦਿੱਤੇ। ਇਸ ਗੱਲ ਨੂੰ ਦੋ ਸਾਲ ਹੋ ਗਏ ਨੇ। ਪਰਸੋਂ ਉਸ ਦਾ ਖ਼ਤ ਆਇਆ ਸੀ। ਉਸ ਨੇ ਲਿਖਿਆ ਏ ਕਿ 'ਹੁਣ ਤਕ ਉਸ ਕੋਲ ਇਕ ਸੌ ਤੇਰਾਂ ਚੀਜ਼ਾਂ ਹੋ ਚੁੱਕੀਆਂ ਨੇ।'''
*** **** ***

No comments:

Post a Comment