Friday, October 22, 2010

ਸੌ ਪਾਵਰ ਦਾ ਬਲਬ...:: ਲੇਖਕ : ਸਆਦਤ ਹਸਨ ਮੰਟੋ




ਉਰਦੂ ਕਹਾਣੀ :
ਸੌ ਪਾਵਰ ਦਾ ਬਲਬ...
ਲੇਖਕ : ਸਆਦਤ ਹਸਨ ਮੰਟੋ
ਅਨੁਵਾਦ : ਮਹਿੰਦਰ ਬੇਦੀ ਜੈਤੋ


ਉਹ ਚੌਕ ਵਿਚ ਕੇਸਰ ਪਾਰਕ ਦੇ ਬਾਹਰ, ਜਿੱਥੇ ਕੁਝ ਟਾਂਗੇ ਖੜ੍ਹੇ ਹੁੰਦੇ ਨੇ, ਬਿਜਲੀ ਦੇ ਖੰਭੇ ਹੇਠ ਚੁੱਪਚਾਪ ਖੜ੍ਹਾ ਸੀ ਤੇ ਦਿਲ ਹੀ ਦਿਲ ਵਿਚ ਸੋਚ ਰਿਹਾ ਸੀ ਸਭ ਕੁਝ ਉੱਜੜ-ਪੁੱਜੜ ਗਿਆ ਏ।
ਦੋ ਸਾਲ ਪਹਿਲਾਂ ਇੱਥੇ ਏਨੀ ਰੌਣਕ ਹੁੰਦੀ ਸੀ, ਜਿੰਨਾ ਅੱਜ ਉਜਾੜ ਏ। ਔਰਤਾਂ ਅਤੇ ਮਰਦ ਨਵੇਂ-ਨਵੇਂ ਫੈਸ਼ਨ ਦੀਆਂ ਭੜਕੀਲੀਆਂ ਪੁਸ਼ਾਕਾਂ ਵਿਚ ਸੈਰ ਸਪਾਟਾ ਕਰ ਰਹੇ ਹੁੰਦੇ ਸਨ, ਅੱਜ ਮੈਲੇ-ਕੁਚੈਲੇ ਕੱਪੜਿਆਂ ਵਾਲੇ ਲੋਕ ਬੇਮਤਲਬ ਟੁਰੇ ਫਿਰਦੇ ਨੇ। ਭਾਵੇਂ ਬਾਜ਼ਾਰ ਵਿਚ ਖਾਸੀ ਭੀੜ ਏ ਪਰ ਇਸ ਵਿਚ ਉਹ ਜੋਸ਼ ਨਹੀਂ ਜਿਹੜਾ ਕਿਸੇ ਮੇਲੇ ਦੀ ਭੀੜ ਵਿਚ ਹੁੰਦਾ ਏ। ਚੁਫੇਰੇ ਉੱਚੀਆਂ-ਪੱਕੀਆਂ ਇਮਾਰਤਾਂ ਦਾ ਰੰਗ-ਰੋਗਨ ਵੀ ਉੱਡਿਆ-ਉੱਡਿਆ ਜਿਹਾ ਦਿਸ ਰਿਹਾ ਏ...ਸਰੂ ਤੇ ਝਾੜੀਆਂ ਵਿਧਵਾ ਔਰਤਾਂ ਵਾਂਗ ਇਕ ਦੂਜੇ ਵਲ ਮੂੰਹ ਕਰੀ ਖੜ੍ਹੇ ਨੇ।
ਉਹ ਹੈਰਾਨ ਸੀ ਕਿ ਉਹ ਵਟਨੇ, ਉਹ ਸੰਧੂਰ ਤੇ ਉਹ ਸੁਰੀਲੀਆਂ ਆਵਾਜ਼ਾਂ ਕਿੱਥੇ ਗਵਾਚ ਗਈਆਂ ਨੇ ਜਿਹੜੀਆਂ ਕਦੀ ਉਸਨੇ ਇੱਥੇ ਵੇਖੀਆਂ ਤੇ ਸੁਣੀਆਂ ਸਨ। ਬਹੁਤੇ ਦਿਨ ਵੀ ਨਹੀਂ ਸਨ ਹੋਏ, ਕੱਲ੍ਹ ਦੀਆਂ ਗੱਲਾਂ ਨੇ (ਦੋ ਸਾਲ ਵੀ ਕੋਈ ਲੰਮਾਂ ਅਰਸਾ ਹੁੰਦਾ ਏ)! ਜਦੋਂ ਉਹ ਇੱਥੇ ਆਇਆ ਸੀ। ਇੱਥੋਂ ਦੀ ਇਕ ਫਰਮ ਨੇ ਉਸਨੂੰ ਵਧੇਰੇ ਤਨਖ਼ਾਹ 'ਤੇ ਕਲਕੱਤੇ ਤੋਂ ਬੁਲਾ ਲਿਆ ਸੀ। ਉਦੋਂ ਉਸਨੇ ਕੇਸਰ ਪਾਰਕ ਵਿਚ ਕਮਰਾ ਕਿਰਾਏ 'ਤੇ ਲੈਣ ਖਾਤਰ ਬੜਾ ਹੀ ਜ਼ੋਰ ਮਾਰਿਆ ਸੀ ਪਰ ਕਾਮਯਾਬ ਨਹੀਂ ਸੀ ਹੋਇਆ। ਫਰਮਾਇਸ਼ਾਂ ਵੀ ਪਾਈਆਂ ਸਨ ਪਰ ਸਭ ਵਿਅਰਥ!
ਤੇ ਹੁਣ ਸਬਜ਼ੀ ਵਾਲੇ, ਜੁਲਾਹੇ ਤੇ ਮੋਚੀ ਆਪਣੇ ਮਨਪਸੰਦ ਫਲੈਟਸ ਤੇ ਕਮਰਿਆਂ ਉੱਤੇ ਕਬਜਾ ਕਰੀ ਬੈਠੇ ਸਨ। ਜਿੱਥੇ ਕਦੀ ਇਕ ਵੱਡੀ ਫ਼ਿਲਮ ਕੰਪਨੀ ਦਾ ਦਫ਼ਤਰ ਸੀ, ਉੱਥੇ ਚੁੱਲ੍ਹੇ ਮੱਚ ਰਹੇ ਸਨ, ਜਿੱਥੇ ਸ਼ਹਿਰ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦੀਆਂ ਮਹਿਫਿਲਾਂ ਜੁੜਦੀਆਂ ਹੁੰਦੀਆਂ ਸਨ, ਉੱਥੇ ਧੋਬੀ ਕੱਪੜੇ ਧੋ ਰਹੇ ਸਨ।
ਦੋ ਸਾਲ ਵਿਚ ਹੀ ਸਭ ਕੁਝ ਉਲਟ-ਪਲਟ ਗਿਆ ਸੀ।
ਉਹ ਹੈਰਾਨ ਸੀ ਪਰ ਇਸ ਇਨਕਲਾਬ ਦਾ ਖਾਸਾ ਜਾਣਦਾ ਸੀ...ਕੁਝ ਅਖ਼ਬਾਰਾਂ ਵਿਚ ਤੇ ਕੁਝ ਆਪਣੇ ਦੋਸਤਾਂ ਦੇ ਮੂੰਹੋਂ, ਜਿਹੜੇ ਇਸ ਸ਼ਹਿਰ ਵਿਚ ਰਹਿੰਦੇ ਸਨ, ਉਹਨੇ ਉਸ ਤੂਫ਼ਾਨ ਬਾਰੇ ਪੜ੍ਹਿਆ-ਸੁਣਿਆ ਸੀ ਜਿਹੜਾ ਇਸ ਸ਼ਹਿਰ ਦੀਆਂ ਇਮਾਰਤਾਂ ਦਾ ਰੰਗ ਚੂਸ ਕੇ ਆਪਣੇ ਨਾਲ ਲੈ ਗਿਆ ਸੀ—ਮਨੁੱਖ ਹੱਥੋਂ ਮਨੁੱਖ ਕਤਲ ਹੋਏ ਸਨ, ਔਰਤਾਂ ਦੀ ਬੇਪਤੀ ਹੋਈ ਸੀ ਤੇ ਕਿੰਜ ਇਮਾਰਤਾਂ ਦੀ ਸੁੱਕੀ ਲੱਕੜ ਤੇ ਇੱਟਾਂ ਨੂੰ ਵੀ ਨਹੀਂ ਸੀ ਬਖ਼ਸ਼ਿਆ ਗਿਆ...
...ਉਸ ਸੁਣਿਆ ਸੀ ਔਰਤਾਂ ਨੂੰ ਨੰਗਿਆਂ ਕੀਤਾ ਗਿਆ, ਉਹਨਾਂ ਦੀਆਂ ਛਾਤੀਆਂ ਕੱਟ ਸੁੱਟੀਆਂ ਗਈਆਂ...ਤੇ ਹੁਣ ਸਾਕਾਰ ਸੀ ਚੁਫੇਰੇ ਦਾ ਨੰਗੇਜ ਤੇ ਜਵਾਨੀ ਰਹਿਤ ਮਾਹੌਲ।
ਉਹ ਬਿਜਲੀ ਦੇ ਖੰਭੇ ਕੋਲ ਖੜ੍ਹਾ ਆਪਣੇ ਇਕ ਦੋਸਤ ਨੂੰ ਉਡੀਕ ਰਿਹਾ ਸੀ, ਜਿਸਦੀ ਮਦਦ ਨਾਲ ਉਸਨੇ ਆਪਣੀ ਰਿਹਾਇਸ਼ ਦਾ ਪ੍ਰਬੰਧ ਕਰਨਾ ਸੀ। ਉਹਨੇ ਇਸ ਟਾਂਗਾ ਸਟੈਂਡ ਕੋਲ ਮਿਲਣ ਵਾਸਤੇ ਕਿਹਾ ਸੀ।
ਦੋ ਸਾਲ ਪਹਿਲਾਂ ਜਦੋਂ ਉਹ ਨੌਕਰੀ ਦੇ ਸਿਲਸਿਲੇ ਵਿਚ ਏਥੇ ਆਇਆ ਸੀ, ਇਹ ਟਾਂਗਾ ਸਟੈਂਡ ਬੜੀ ਮਸ਼ਹੂਰ ਜਗ੍ਹਾ ਹੁੰਦੀ ਸੀ। ਇੱਥੇ ਬੜੇ ਹੀ ਵਧੀਆ ਤੇ ਬਾਂਕੇ ਟਾਂਗੇ ਖੜ੍ਹੇ ਰਹਿੰਦੇ ਸਨ ਕਿਉਂਕਿ ਅੱਯਾਸ਼ੀ ਦਾ ਹਰ ਸਾਮਾਨ ਇਸ ਇਲਾਕੇ ਵਿਚ ਸੀ—ਉੱਚੇ ਦਰਜੇ ਦੇ ਹੋਟਲ ਤੇ ਰੇਸਤਰਾਂ, ਵਧੀਆ ਖਾਣਾ-ਪੀਣਾ ਤੇ ਜ਼ਰੂਰਤ ਦੀ ਹਰੇਕ ਚੀਜ਼ ਆਸਾਨੀ ਨਾਲ ਮਿਲ ਸਕਦੀ ਸੀ।
ਸ਼ਹਿਰ ਦੇ ਮਸ਼ਹੂਰ ਦਲਾਲ ਅਕਸ ਇੱਥੇ ਹੀ ਵੇਖੇ ਜਾਂਦੇ ਸਨ ਕਿਉਂਕਿ ਕੇਸਰ ਪਾਰਕ ਵਿਚ ਪੈਸੇ ਤੇ ਸ਼ਰਾਬ ਦੀਆਂ ਨਦੀਆਂ ਵਹਿੰਦੀਆਂ ਸਨ ਤੇ ਵੱਡੀਆਂ ਕੰਪਨੀਆਂ ਦੀ ਭਰਮਾਰ ਸੀ।
ਟਾਂਗੇ ਹੁਣ ਵੀ ਖੜ੍ਹੇ ਸਨ ਪਰ ਉਹ ਕਲਗੀਆਂ, ਉਹ ਫੂੰਦੇ, ਉਹ ਪਿੱਤਲ-ਪਾਲਸ਼ ਵਾਲੇ ਸਾਜ-ਬਾਜ ਤੇ ਚਮਕ-ਦਮਕ ਨਹੀਂ ਸੀ ਰਹੀ—ਸਭ ਕੁਝ ਦੂਜੀ ਜੰਗ ਦੇ ਨਾਲ ਹੀ ਮੁੱਕ ਗਿਆ ਜਾਪਦਾ ਸੀ।
ਉਸਨੇ ਘੜੀ 'ਤੇ ਟਾਈਮ ਵੇਖਿਆ, ਪੰਜ ਵੱਜ ਚੁੱਕੇ ਸਨ। ਫਰਬਰੀ ਦਾ ਮਹੀਨਾ ਸੀ, ਸ਼ਾਮ ਦੇ ਪਰਛਾਵੇਂ ਗੂੜੇ ਹੋਣ ਲੱਗ ਪਏ ਸਨ। ਉਹ ਦਿਲ ਹੀ ਦਿਲ ਵਿਚ ਆਪਣੇ ਦੋਸਤ ਨੂੰ ਬੁਰਾ-ਭਲਾ ਕਹਿਣ ਲੱਗਾ। ਤੇ ਫੇਰ ਜਦੋਂ ਉਸਨੇ ਇਕ ਉਜਾੜ ਜਿਹੇ ਹੋਟਲ ਵਿਚ, 'ਨਾਲੀ ਦੇ ਪਾਣੀ' ਦੀ, ਚਾਹ ਪੀਣ ਬਾਰੇ ਸੋਚਿਆ ਤੇ ਉਧਰ ਨੂੰ ਅਹੁਲਿਆ ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਉਹ ਪਲਟ ਪਿਆ, ਸੋਚਿਆ ਸ਼ਾਇਦ ਦੋਸਤ ਹੀ ਹੋਵੇ ਪਰ ਉਹ ਕੋਈ ਅਜਨਬੀ ਬੰਦਾ ਸੀ। ਉਸਨੇ ਕੋਰੇ ਲੱਠੇ ਦੀ ਸ਼ਲਵਾਰ ਪਾਈ ਹੋਈ ਸੀ ਜਿਸ ਵਿਚ ਹੋਰ ਵੱਟ ਪੈਣ ਦੀ ਗੁੰਜਾਇਸ਼ ਨਹੀਂ ਸੀ ਰਹੀ, ਉਸਦੀ ਨੀਲੀ ਪਪਲੀਨ ਦੀ ਕਮੀਜ਼ ਲਾਂਡਰੀ ਵਿਚ ਜਾਣ ਵਾਸਤੇ ਤਰਸ ਗਈ ਸੀ, ਨੱਕ-ਨਕਸ਼ਾ ਸਾਧਾਰਣ ਹੀ ਸੀ। ਉਸ ਪੁੱਛਿਆ...:
''ਕਿਉਂ ਬਈ, ਮੈਨੂੰ ਬੁਲਾਇਆ ਏ?''
''ਹਾਂ ਜੀ!'' ਉਸ ਖਾਸੀ ਮੱਧਮ ਆਵਾਜ਼ ਵਿਚ ਕਿਹਾ।
ਉਸਨੇ ਸੋਚਿਆ ਕੋਈ ਰਿਫਿਊਜੀ ਏ ਸ਼ਾਇਦ ਤੇ ਕੁਝ ਮੰਗਦਾ ਏ, ''ਕੀ ਚਾਹੀਦਾ ਏ?''
ਉਸਨੇ ਝੱਟ ਕਿਹਾ, ''ਕੁਝ ਨਹੀਂ।'' ਤੇ ਫੇਰ ਹੋਰ ਨੇੜੇ ਆ ਕੇ ਪੁੱਛਿਆ, ''ਸਾਹਬ, ਤੁਹਾਨੂੰ ਕੁਝ ਚਾਹੀਦੈ?''
''ਕੀ?''
''ਕੋਈ ਲੜਕੀ-ਸ਼ੜਕੀ।'' ਕਹਿ ਕੇ ਉਹ ਰਤਾ ਪਿੱਛੇ ਹਟ ਗਿਆ।
ਉਹਦੀ ਹਿੱਕ ਵਿਚ ਜਿਵੇਂ ਕੋਈ ਤੀਰ ਵੱਜਿਆ। ਵੇਖੋ! ਏਸ ਜ਼ਮਾਨੇ ਵਿਚ ਵੀ ਇਹ ਲੋਕ ਜਿਨਸੀ ਜਜ਼ਬਾਤ ਟੋਂਹਦੇ ਫਿਰਦੇ ਨੇ।...ਤੇ ਫੇਰ ਮਨੁੱਖਤਾ ਪ੍ਰਤੀ ਉਸਦੇ ਦਿਲ ਵਿਚ ਕਈ ਹੌਸਲਾ-ਢਾਊ ਖ਼ਿਆਲ ਆਏ ਸਨ। ਉਹਨਾਂ ਖ਼ਿਆਲਾਂ ਦੀ ਰੌਅ ਵਿਚ ਵਹਿੰਦਾ ਹੋਇਆ ਉਹ ਬੋਲਿਆ, ''ਕਿੱਥੇ ਈ?''
ਉਸਦੇ ਠੰਡੇ-ਯਖ ਲਹਿਜੇ ਨੇ ਦਲਾਲ ਦੀ ਉਮੀਦ ਤੋੜ ਦਿੱਤੀ ਸੀ ਸ਼ਾਇਦ। ਉਸ ਇਕ ਪਾਸੇ ਵੱਲ ਜਾਂਦਿਆਂ ਕਿਹਾ, ''ਜੀ ਨਹੀਂ! ਤੁਹਾਨੂੰ ਲੋੜ ਨਹੀਂ ਜਾਪਦੀ।''
ਉਹਨੇ ਉਸਨੂੰ ਟੋਕਿਆ, ''ਇਹ ਤੂੰ ਕਿੰਜ ਸਮਝ ਲਿਆ ਏ ਬਈ! ਮਰਦ ਨੂੰ ਹਰ ਸਮੇਂ ਇਸ ਚੀਜ਼ ਦੀ ਲੋੜ ਹੁੰਦੀ ਏ; ਸੂਲੀ 'ਤੇ ਵੀ ਤੇ ਬਲਦੀ ਹੋਈ ਚਿਤਾ 'ਤੇ ਵੀ—ਤੇ ਤੂੰ ਇਹ ਸਪਲਾਈ ਕਰਦਾ ਏਂ।''
ਉਹ ਫਿਲਾਸਫੀ ਘੋਟਣ ਲੱਗਾ ਸੀ ਪਰ ਚੁੱਪ ਕਰ ਗਿਆ ਤੇ ਫੇਰ ਉਸ ਕਿਹਾ, ''ਜੇ ਕਿਤੇ ਨੇੜੇ ਈ ਏ ਤਾਂ ਮੈਂ ਤੇਰੇ ਨਾਲ ਚੱਲਣ ਲਈ ਤਿਆਰ ਆਂ। ਇੱਥੇ ਇਕ ਦੋਸਤ ਨੂੰ ਟਾਈਮ ਦਿੱਤਾ ਹੋਇਆ ਏ ਮੈਂ...''
ਦਲਾਲ ਮੁੜ ਨੇੜੇ ਆ ਗਿਆ ਤੇ ਬੋਲਿਆ, ''ਨੇੜੇ ਈ ਏ ਜੀ, ਬਿਲਕੁਲ ਲਾਗੇ ਈ।''
''ਕਿੱਥੇ ਜੇ?''
''ਔਹ ਸਾਹਮਣੀ ਬਿਲਡਿੰਗ 'ਚ।''
''ਓਸ ਵਿਚ—ਓਸ ਵੱਡੀ ਬਿਲਡਿੰਗ 'ਚ?''
''ਹਾਂ ਜੀ।''
ਉਸਨੂੰ ਧੁੜਧੁੜੀ ਜਿਹੀ ਆਈ, ''ਹੱਛਾ...ਤਾਂ...,'' ਤੇ ਫੇਰ ਸੰਭਲ ਕੇ ਉਸ ਪੁੱਛਿਆ, ''ਮੈਂ ਵੀ ਨਾਲ ਈ ਚੱਲਾਂ?''
''ਚੱਲੋ—ਮੈਂ ਅੱਗੇ ਅੱਗੇ ਚੱਲਦਾਂ।'' ਤੇ ਦਲਾਲ ਇਮਾਰਤ ਵੱਲ ਟੁਰ ਪਿਆ।
ਸੈਂਕੜੇ ਪੁੱਠੀਆਂ-ਸਿੱਧੀਆਂ ਸੋਚਾਂ-ਸੋਚਦਾ ਹੋਇਆ ਉਹ ਉਸਦੇ ਮਗਰੇ-ਮਗਰ ਟੁਰ ਪਿਆ। ਕੁਝ ਗਜ਼ ਦਾ ਫ਼ਾਸਲਾ ਫ਼ੌਰਨ ਤੈਅ ਹੋ ਗਿਆ। ਜਦੋਂ ਉਹ ਤੇ ਦਲਾਲ ਉਸ ਇਮਾਰਤ ਵਿਚ ਪਹੁੰਚੇ ਜਿਸਦੇ ਬਾਹਰ—'ਡਿੱਗਣ ਵਾਲੀ ਹੈ'—ਦਾ ਫੱਟਾ ਲੱਗਿਆ ਹੋਇਆ ਸੀ ਤੇ ਥਾਂ-ਥਾਂ ਤੋਂ ਇੱਟਾਂ ਉੱਖੜੀਆਂ ਹੋਈਆਂ ਸਨ ਤੇ ਕੂੜੇ ਦੇ ਢੇਰ ਪਏ ਸਨ, ਉਦੋਂ ਹਨੇਰਾ ਗੂੜ੍ਹਾ ਹੋ ਗਿਆ ਸੀ। ਡਿਊਢੀ ਤੇ ਲੰਮਾਂ ਵਰਾਂਡਾ ਪਾਰ ਕਰਕੇ ਉਹ ਇਮਾਰਤ ਦੇ ਜਿਸ ਹਿੱਸੇ ਵਲ ਵਧੇ ਸਨ ਉਸ ਹਿੱਸੇ ਦੀ ਉਸਾਰੀ ਵਿਚਾਲਿਓਂ ਹੀ ਰੋਕ ਦਿੱਤੀ ਗਈ ਜਾਪਦੀ ਸੀ, ਜਗਾਹ-ਜਗਾਹ ਬੱਜਰੀ ਖਿੱਲਰੀ ਪਈ ਸੀ ਤੇ ਸੀਮਿੰਟ ਰਲੀ ਬਰੇਤੀ ਦੇ ਢੇਰ ਲੱਗੇ ਹੋਏ ਸਨ।
ਦਲਾਲ ਨੇ ਅੱਧ-ਬਣੀਆਂ ਪੌੜੀਆਂ ਚੜ੍ਹਨ ਲੱਗਿਆਂ ਕਿਹਾ, ''ਤੁਸੀਂ ਏਥੇ ਈ ਰੁਕੋ, ਮੈਂ ਹੁਣੇ ਆਇਆ।''
ਉਹ ਰੁਕ ਗਿਆ। ਦਲਾਲ ਪੌੜੀਆਂ ਚੜ੍ਹ ਕੇ ਅਲੋਪ ਹੋ ਗਿਆ। ਪੌੜੀਆਂ ਦੇ ਉਪਰਲੇ ਪਾਸੇ ਤੇਜ਼ ਰੌਸ਼ਨੀ ਸੀ।
ਦੋ ਮਿੰਟ ਬੀਤ ਗਏ। ਫੇਰ ਉਹ ਵੀ ਪੋਲੇ ਪੈਰੀਂ ਪੌੜੀਆਂ ਚੜ੍ਹਨ ਲੱਗਾ। ਆਖ਼ਰੀ ਪੌੜੀ 'ਤੇ ਪੈਰ ਧਰਦਿਆਂ ਹੀ ਦਲਾਲ ਦੀ ਕੜਕਵੀਂ ਆਵਾਜ਼ ਸੁਣਾਈ ਦਿੱਤੀ, ''ਉੱਠਦੀ ਏਂ ਕਿ ਨਹੀਂ?''
ਕੋਈ ਔਰਤ ਬੋਲੀ, ''ਕਹਿ ਜੋ ਦਿੱਤਾ, ਮੈਨੂੰ ਸੌਂ ਮਰ ਜਾਣ ਦੇ...,'' ਉਸਦੀ ਆਵਾਜ਼ ਅਲਸਾਈ ਜਿਹੀ ਸੀ।
ਦਲਾਲ ਫੇਰ ਕੜਕਿਆ, ''ਮੈਂ ਕਿਹਾ ਉੱਠ ਬਹਿ, ਆਖਾ ਨਾ ਮੰਨਿਆਂ ਤਾਂ ਯਾਦ ਰੱਖੀਂ।''
ਔਰਤ ਫੇਰ ਬੋਲੀ, ''ਜਾਹ ਨਹੀਂ ਉੱਠਦੀ...ਮਾਰ ਛੱਡ ਮੈਨੂੰ। ਰੱਬ ਦੇ ਵਾਸਤੇ ਮੇਰੀ ਹਾਲਤ 'ਤੇ ਰਹਿਮ ਖਾਹ।''
ਦਲਾਲ ਨੇ ਜਿਵੇਂ ਪੁਚਕਾਰਿਆ ਸੀ, ''ਉੱਠ, ਉੱਠ...ਮੇਰੀ ਜਾਨ, ਜ਼ਿਦ ਨਾ ਕਰ। ਇੰਜ ਗੁਜ਼ਾਰਾ ਕਿਵੇਂ ਹੋਊ ਭਲਾ?''
ਔਰਤ ਕੂਕੀ, ''ਗੁਜ਼ਾਰਾ ਜਾਏ ਜਹੱਨਮ 'ਚ। ਮੈਂ ਭੁੱਖੀ ਮਰ ਜਾਂ-ਗੀ। ਖ਼ੁਦਾ ਦੇ ਵਾਸਤੇ ਮੈਨੂੰ ਤੰਗ ਨਾ ਕਰੋ। ਮੈਨੂੰ ਨੀਂਦ ਆ ਰਹੀ ਏ।''
ਦਲਾਲ ਦੀ ਆਵਾਜ਼ ਫੇਰ ਕੁਰਖ਼ਤ ਹੋ ਗਈ, ''ਤਾਂ ਤੂੰ ਨਹੀਂ ਉੱਠਣਾ ਹਰਾਮਜ਼ਦੀਏ, ਸੂਰ ਦੀਏ ਬੱਚੀਏ...''
ਔਰਤ ਕੜਕੀ, ''ਜਾਹ ਨਹੀਂ ਉੱਠਦੀ...ਨਹੀਂ ਉੱਠਦੀ...ਨਹੀਂ ਉੱਠਦੀ।''
'ਹੌਲੀ ਬੋਲ...ਕੋਈ ਸੁਣ ਲਏਗਾ। ਚੱਲ ਉੱਠ...ਤੀਹ ਚਾਲੀ ਰੁਪਏ ਬਣ ਜਾਣਗੇ।''
ਔਰਤ ਨੇ ਜੀਕਰ ਮਿੰਨਤ ਕੀਤੀ, ''ਆਹ ਵੇਖ ਮੈ ਹੱਥ ਜੋੜਦੀ ਆਂ...ਕਿੰਨੇ ਦਿਨ ਹੋ ਗਏ ਨੇ ਮੈਨੂੰ ਜਾਗਦੀ ਨੂੰ...ਰਹਿਮ ਕਰ...ਖ਼ੁਦਾ ਦਾ ਵਾਸਤਾ ਈ ਮੇਰੇ ਉਪਰ ਰਹਿਮ ਕਰ।''
''ਬਸ ਇਕ ਦੋ ਘੰਟਿਆਂ ਦੀ ਗੱਲ ਏ—ਫੇਰ ਸੌਂ ਜਈਂ—ਨਹੀਂ ਤਾਂ ਫੇਰ ਮੈਨੂੰ ਸਖ਼ਤੀ ਕਰਨੀ ਪਊ।''
ਫੇਰ ਚੁੱਪ ਵਾਪਰ ਗਈ। ਉਹਨੇ ਰਤਾ ਅਗਾਂਹ ਹੋ ਕੇ ਕਮਰੇ ਅੰਦਰ ਝਾਤ ਮਾਰੀ, ਜਿਸ ਵਿਚੋਂ ਤੇਜ਼ ਰੌਸ਼ਨੀ ਆ ਰਹੀ ਸੀ—ਇਹ ਇਕ ਛੋਟਾ ਜਿਹਾ ਕਮਰਾ ਸੀ ਜਿਸਦੇ ਫਰਸ਼ ਉੱਤੇ ਇਕ ਔਰਤ ਲੇਟੀ ਹੋਈ ਸੀ। ਕਮਰੇ ਵਿਚ ਦੋ-ਚਾਰ ਭਾਂਡਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਦਿਸਿਆ। ਦਲਾਲ ਉਸ ਔਰਤ ਦੀਆਂ ਲੱਤਾਂ ਘੁੱਟ ਰਿਹਾ ਸੀ।
ਕੁਝ ਚਿਰ ਬਾਅਦ ਉਹ ਬੋਲਿਆ, ''ਲੈ ਹੁਣ ਉੱਠ। ਸਹੂੰ ਰੱਬ ਦੀ ਇਕ ਦੋ ਘੰਟੇ ਤੋਂ ਵੱਧ ਨਹੀਂ ਲੱਗਣੇ...ਆ ਕੇ ਸੌਂ ਜਾਈਂ।''
ਉਹ ਔਰਤ ਕਿਸੇ ਚੱਕਚੂੰਧਰ ਵਾਂਗ ਹੀ ਭੁੜਕ ਕੇ ਉੱਠੀ ਸੀ ਤੇ ਕੂਕੀ ਸੀ, ''ਹੱਛਾ ਉੱਠਦੀ ਆਂ।''
ਉਹ ਕਾਹਲ ਨਾਲ ਪਿੱਛੇ ਹਟ ਗਿਆ। ਅਸਲ ਵਿਚ ਉਹ ਡਰ ਗਿਆ ਸੀ। ਬਿਨਾਂ ਕੋਈ ਖੜਾਕ ਕੀਤਿਆਂ ਉਹ ਹੇਠਾਂ ਉਤਰ ਆਇਆ। ਬਿੰਦ ਦਾ ਬਿੰਦ ਉਸਨੇ ਸੋਚਿਆ, ਉਹ ਕਿਤੇ ਦੂਰ ਨੱਸ ਜਾਵੇ—ਏਥੋਂ ਦੂਰ, ਇਸ ਸ਼ਹਿਰ ਤੋਂ ਦੂਰ, ਇਸ ਦੁਨੀਆਂ ਤੋਂ ਦੂਰ। ਪਰ ਕਿੱਥੇ?
ਫੇਰ ਉਸ ਸੋਚਿਆ, ਇਹ ਔਰਤ ਕੌਣ ਹੋ ਸਕਦੀ ਏ? ਕਿਉਂ ਇਸ ਉੱਤੇ ਏਨੇ ਜੁਲਮ ਕੀਤੇ ਜਾ ਰਹੇ ਨੇ? ਇਹ ਦਲਾਲ ਕੌਣ ਏਂ? ਉਸਦਾ ਕੀ ਲੱਗਦਾ ਏ?...ਤੇ ਕਮਰੇ ਵਿਚ ਏਨੀ ਤੇਜ਼ ਰੌਸ਼ਨੀ ਵਾਲਾ ਬੱਲਬ ਕਿਉਂ ਜਗਾਇਆ ਹੋਇਆ ਏ? ਉਹ ਇੱਥੇ ਰਹਿੰਦੀ ਹੀ ਕਿਉਂ ਏ? ਕਿੰਨਾਂ ਕੁ ਚਿਰ ਹੋਇਆ, ਉਸਨੂੰ ਇਸ ਹਾਲਤ ਵਿਚ ਰਹਿੰਦਿਆਂ?
ਉਸਦੀਆਂ ਅੱਖਾਂ ਵਿਚ ਉਸ ਬੱਲਬ ਦੇ ਤੇਜ਼ ਰੌਸ਼ਨੀ ਅਜੇ ਤਾਈਂ ਰੜਕ ਰਹੀ ਸੀ; ਕੁਝ ਦਿਸ ਹੀ ਨਹੀਂ ਸੀ ਰਿਹਾ। ਪਰ ਉਹ ਸੋਚ ਰਿਹਾ ਸੀ, ਏਨੀ ਤੇਜ਼ ਰੌਸ਼ਨੀ ਵਿਚ ਕੌਣ ਸੌਂ ਸਕਦਾ ਏ? ਸੌ ਪਾਵਰ ਦਾ ਬੱਲਬ—ਕੀ ਉਹ ਘੱਟ ਪਾਵਰ ਦਾ ਬੱਲਬ ਨਹੀਂ ਲਾ ਸਕਦੇ? ਪੰਦਰਾਂ ਜਾਂ ਪੱਚੀ ਵਾਟ ਦਾ!
ਖੜਾਕ ਸੁਣ ਕੇ ਉਹ ਆਪਣੀਆਂ ਸੋਚਾਂ ਵਿਚੋਂ ਬਾਹਰ ਨਿਕਲ ਆਇਆ। ਨੇੜੇ ਹੀ ਦੋ ਪ੍ਰਛਾਵੇਂ ਖਲੋਤੇ ਸਨ। ਦਲਾਲ ਦੀ ਆਵਾਜ਼ ਗੂੰਜੀ, ''ਵੇਖ ਲਓ।''
''ਵੇਖ ਲਈ।''
''ਠੀਕ ਏ ਨਾ?''
''ਠੀਕ ਏ।''
''ਚਾਲੀ ਰੁਪਏ ਹੋਣਗੇ...''
''ਠੀਕ ਏ।''
''ਦੇ ਦਿਓ।''
ਹੁਣ ਉਸਦੀ ਸੋਚ ਸ਼ਕਤੀ ਸਿੱਥਲ ਹੋ ਗਈ ਸੀ। ਜੇਬ ਵਿਚੋਂ ਕੁਝ ਨੇਟ ਕੱਢੇ ਤੇ ਦਲਾਲ ਨੂੰ ਫੜਾਉਂਦਿਆਂ ਕਿਹਾ—
''ਵੇਖੀਂ ਕਿੰਨੇ ਨੇ?''
''ਪੰਜਾਹ ਨੇ।'' ਦਲਾਲ ਨੇ ਕਿਹਾ।
''ਰੱਖ ਲੈ...''
''ਜੀ ਸਾਹਬ, ਸਲਾਮ।''
ਉਸਦੇ ਦਿਲ ਵਿਚ ਆਇਆ ਕਿ ਵੱਡਾ ਸਾਰਾ ਪੱਥਰ ਚੁੱਕ ਕੇ ਦਲਾਲ ਦੇ ਸਿਰ ਵਿਚ ਦੇ ਮਾਰੇ।
ਦਲਾਲ ਕਹਿ ਰਿਹਾ ਸੀ, ''ਲੈ ਜਾਓ, ਪਰ ਬਹੁਤਾ ਤੰਗ ਨਾ ਕਰਿਓ...ਨਾਲੇ ਘੰਟੇ ਦੋ ਘੰਟੇ ਵਿਚ ਹੀ ਛੱਡ ਜਾਇਓ।''
''ਠੀਕ।''
ਉਹ ਉਸ ਬਿਲਡਿੰਗ ਵਿਚੋਂ ਬਾਹਰ ਆ ਗਏ ਜਿਸ ਦੇ ਬਾਹਰ ਲੱਗਿਆ—'ਬੋਰਡ ਡਿੱਗਣ ਵਾਲੀ ਹੈ'—ਉਸਨੇ ਕਈ ਵਾਰੀ ਪੜ੍ਹਿਆ ਸੀ।
ਬਾਹਰ ਟਾਂਗਾ ਖੜ੍ਹਾ ਸੀ। ਉਹ ਅਗਲੇ ਪਾਸੇ ਬੈਠ ਗਿਆ ਤੇ ਔਰਤ ਪਿੱਛੇ।
ਦਲਾਲ ਨੇ ਇਕ ਵਾਰ ਫੇਰ ਸਲਾਮ ਆਖੀ ਤਾਂ ਇਕ ਵਾਰ ਫੇਰ ਉਸਦੀ ਇੱਛਾ ਹੋਈ ਕਿ ਕੋਈ ਵੱਡਾ ਸਾਰਾ ਪੱਥਰ ਚੁੱਕ ਕੇ ਉਸਦੇ ਸਿਰ ਵਿਚ ਦੇ ਮਾਰੇ।
ਟਾਂਗਾ ਚੱਲ ਪਿਆ। ਉਹ ਉਸਨੂੰ ਨੇੜੇ ਦੇ ਇਕ ਸਸਤੇ ਜਿਹੇ ਤੇ ਸੁੰਨਸਾਨ ਹੋਟਲ ਵਿਚ ਲੈ ਗਿਆ। ਦਿਮਾਗ਼ ਵਿਚੋਂ ਜਬਰਦਸਤੀ ਉਹਨਾਂ ਪ੍ਰੇਸ਼ਾਨੀਆਂ ਨੂੰ ਕੱਢ ਕੇ ਜਿਹੜੀਆਂ ਕੁਝ ਚਿਰ ਪਹਿਲਾਂ ਆਪ-ਮੁਹਾਰੇ ਹੀ ਪੈਦਾ ਹੋ ਗਈਆਂ ਸਨ, ਉਸਨੇ ਔਰਤ ਵੱਲ ਤੱਕਿਆ। ਉਹ ਸਿਰ ਤੋਂ ਪੈਰਾਂ ਤਾਈਂ ਖੁੱਥੜ ਜਿਹੀ ਦਿਸੀ—ਉਹਦੀਆਂ ਪਲਕਾਂ ਬੰਦ ਸਨ ਤੇ ਅੱਖਾਂ ਸੁੱਜੀਆਂ ਹੋਈਆਂ, ਉਪਰਲਾ ਧੜ ਕਿਸੇ ਡਿੱਗਣ ਵਾਲੀ ਇਮਾਰਤ ਵਾਂਗ ਅਗਾਂਹ ਵੱਲ ਝੁਕਿਆ ਹੋਇਆ ਸੀ।
ਉਸਨੇ ਉਸਨੂੰ ਕਿਹਾ, ''ਰਤਾ ਮੂੰਹ ਤਾਂ ਉਪਰ ਕਰੋ।''
ਉਹ ਤ੍ਰਬਕ ਪਈ, ''ਕੀ?''
''ਕੁਝ ਨਹੀਂ...ਮੈਂ ਕਿਹਾ ਕੋਈ ਗੱਲਬਾਤ ਤਾਂ ਕਰੋ।''
ਉਸਨੇ ਅੱਖਾਂ ਖੋਲ੍ਹੀਆਂ। ਅੱਖਾਂ ਲਾਲ-ਸੂਹੀਆਂ ਹੋਈਆਂ-ਹੋਈਆਂ ਸਨ। ਪਰ ਉਹ ਚੁੱਪਚਾਪ ਬੈਠੀ ਰਹੀ।
''ਤੁਹਾਡਾ ਨਾਂ ਕੀ ਏ?''
'ਕੋਈ ਨਹੀਂ।'' ਉਸਦੀ ਆਵਾਜ਼ ਵਿਚ ਤੇਜ਼ਾਬ ਜਿੰਨੀ ਕਾਟ ਸੀ।
'ਕਿੱਥੋਂ ਦੇ ਰਹਿਣ ਵਾਲੇ ਓ?''
'ਜਿੱਥੋਂ ਦੀ ਮਰਜ਼ੀ ਸਮਝ ਲੈ।''
''ਏਨਾ ਰੁੱਖਾ ਕਿਉਂ ਬੋਲਦੇ ਓ ਜੀ?''
ਹੁਣ ਔਰਤ ਲਗਭਗ ਜਾਗ ਪਈ ਸੀ, ਉਸ ਵੱਲ ਲਾਲ-ਲਾਲ ਅੱਖਾਂ ਨਾਲ ਵਿੰਹਦੀ ਹੋਈ ਬੋਲੀ, ''ਤੂੰ ਆਪਣਾ ਕੰਮ ਕਰ ਤੇ ਮੈਨੂੰ ਜਾਣ ਦੇਅ...''
'ਕਿੱਥੇ?''
ਔਰਤ ਨੇ ਬੜੀ ਰੁੱਖੀ ਆਵਾਜ਼ ਵਿਚ ਕਿਹਾ, ''ਜਿੱਥੋਂ ਤੂੰ ਮੈਨੂੰ ਲਿਆਇਆ ਏਂ।''
''ਤੁਸੀਂ ਚਲੇ ਜਾਓ।''
''ਤੂੰ ਆਪਣਾ ਕੰਮ ਕਰ...ਤੰਗ ਕਿਉਂ ਕਰਨ ਡਿਹੈਂ ਮੈਨੂੰ...''
ਆਪਣੀ ਆਵਾਜ਼ ਵਿਚ ਦਿਲ ਦਾ ਸਾਰਾ ਦਰਦ ਸਮੇਟ ਕੇ ਉਹ ਬੋਲਿਆ, ''ਮੈਂ ਤੁਹਾਨੂੰ ਤੰਗ ਨਹੀਂ ਕਰ ਰਿਹਾ, ਮੈਨੂੰ ਤੁਹਾਡੇ ਨਾਲ ਹਮਦਰਦੀ ਏ।''
ਉਹ ਹਿਰਖ ਗਈ, ''ਮੈਨੂੰ ਕਿਸੇ ਹਮਦਰਦ ਦੀ ਲੋੜ ਨਹੀਂ।'' ਫੇਰ ਲਗਭਗ ਚੀਕੀ, ''ਤੂੰ ਆਪਣਾ ਕੰਮ ਕਰ ਤੇ ਮੇਰਾ ਖਹਿੜਾ ਛੱਡ, ਹਾਂ...''
ਉਸਨੇ ਰਤਾ ਨੇੜੇ ਹੋ ਕੇ ਉਸਦੇ ਸਿਰ 'ਤੇ ਹੱਥ ਫੇਰਨਾ ਚਾਹਿਆ, ਪਰ ਉਸਨੇ ਉਸਦਾ ਹੱਥ ਪਰ੍ਹਾਂ ਝਟਕ ਦਿੱਤਾ।
''ਮੈਂ ਕਹਿੰਦੀ ਆਂ, ਮੈਨੂੰ ਤੰਗ ਨਾ ਕਰ। ਮੈਂ ਕਈ ਦਿਨਾਂ ਦੀ ਸੁੱਤੀ ਨਹੀਂ...ਜਿੱਦੇਂ ਦੀ ਆਈ ਆਂ, ਜਾਗ ਰਹੀ ਆਂ।''
ਉਹ ਸਿਰ ਤੋਂ ਪੇਰਾਂ ਤਕ ਹਮਦਰਦੀ ਦਾ ਪਾਤਰ ਬਣੀ ਹੋਈ ਸੀ।
''ਅੱਛਾ! ਸੌਂ ਜਾਓ ਏਥੇ ਹੀ।''
ਔਰਤ ਦੀਆਂ ਅੱਖਾਂ ਮੁੜ ਸੂਹੀਆਂ ਹੋ ਗਈਆਂ। ਉਸ ਕੁਸੈਲ ਜਿਹੀ ਨਾਲ ਕਿਹਾ, ''ਮੈਂ ਇੱਥੇ ਸੋਣ ਨਹੀਂ ਆਈ...ਨਾ ਈ ਇਹ ਮੇਰਾ ਘਰ ਐ।''
''ਹੋਰ ਤੁਹਾਡਾ ਘਰ ਉਹ ਏ, ਜਿੱਥੋਂ ਤੁਸੀਂ ਆਏ ਓ ?''
ਔਰਤ ਕੁਝ ਵਧੇਰੇ ਹੀ ਹਿਰਖ ਕੇ ਬੋਲੀ, ''ਉਫ਼! ਬਕਵਾਸ ਬੰਦ ਕਰ...ਮੇਰਾ ਕੋਈ ਘਰ ਨਹੀਂ—ਤੂੰ ਆਪਣਾ ਕੰਮ ਕਰ ਵਰਨਾ—ਵਰਨਾ ਮੇਰਾ ਖਹਿੜ੍ਹਾ ਛੱਡ ਤੇ ਆਪਣੇ ਰੁਪਏ ਵਾਪਸ ਲੈ-ਲੈ ਉਸ...ਉਸ...'' ਉਹ ਕੋਈ ਗਾਲ੍ਹ ਕੱਢਦੀ-ਕੱਢਦੀ ਚੁੱਪ ਹੋ ਗਈ। ਉਸਨੇ ਸੋਚਿਆ ਕਿ ਏਸ ਹਾਲਤ ਵਿਚ ਉਸ ਤੋਂ ਕੁਝ ਪੁੱਛਣਾ ਜਾਂ ਹਮਦਰਦੀ ਦਰਸਾਉਣਾ ਫਜ਼ੂਲ ਏ।
''ਚੱਲੋ, ਮੈਂ ਤੁਹਾਨੂੰ ਛੱਡ ਆਵਾਂ।''
ਤੇ ਉਹ ਉਸਨੂੰ ਉਸੇ ਇਮਾਰਤ ਵਿਚ ਛੱਡ ਗਿਆ।
     ੦੦੦
ਦੂਜੇ ਦਿਨ ਉਸਨੇ ਕੇਸਰ ਪਾਰਕ ਦੇ ਇਕ ਵੀਰਾਨ ਹੋਟਲ ਵਿਚ ਉਸ ਔਰਤ ਦੀ ਕਹਾਣੀ ਆਪਣੇ ਦੋਸਤ ਨੂੰ ਸੁਣਾਈ ਤਾਂ ਉਸਦਾ ਗੱਚ ਭਰ ਆਇਆ। ਉਸਨੇ ਦੁਖੀ ਜਿਹਾ ਹੋ ਕੇ ਪੁੱਛਿਆ, ''ਕੀ ਉਹ ਜਵਾਨ ਸੀ?''
''ਮੈਨੂੰ ਨਹੀਂ ਪਤਾ...ਉਸ ਵੱਲ ਗਹੁ ਨਾਲ ਵੇਖ ਹੀ ਨਹੀਂ ਸਾਂ ਸਕਿਆ—ਮੇਰੇ ਦਿਮਾਗ਼ ਵਿਚ ਇਕੋ ਖ਼ਿਆਲ ਵੱਸ ਗਿਆ ਸੀ ਕਿ ਮੈਂ ਪੱਥਰ ਮਾਰ ਕੇ ਦਲਾਲ ਦਾ ਸਿਰ ਕਿਉਂ ਨਹੀਂ ਸੀ ਭੰਨ ਦਿੱਤਾ!''
ਦੋਸਤ ਨੇ ਕਿਹਾ, ''ਸੱਚਮੁਚ ਬੜਾ ਪੂੰਨ-ਕਰਮ ਹੋਣਾ ਸੀ ਉਹ।''
ਉਹ ਜ਼ਿਆਦਾ ਦੇਰ ਤਕ ਹੋਟਲ ਵਿਚ ਉਸ ਨਾਲ ਨਹੀਂ ਬੈਠ ਸਕਿਆ। ਉਸਦੇ ਦਿਲ-ਦਿਮਾਗ਼ ਉੱਤੇ ਪਿੱਛਲੇ ਦਿਨ ਵਾਲੀ ਘਟਨਾ ਨੇ ਡੂੰਘਾ ਅਸਰ ਪਾਇਆ ਹੋਇਆ ਸੀ। ਸੋ ਚਾਹ ਖ਼ਤਮ ਹੋਣ ਸਾਰ ਦੋਵੇਂ ਇਕ ਦੂਜੇ ਤੋਂ ਵੱਖ ਹੋ ਗਏ।
ਉਸਦਾ ਦੋਸਤ ਚੁੱਪਚਾਪ ਟਾਂਗਾ ਸਟੈਂਡ ਤੋਂ ਚਲਾ ਗਿਆ।
ਕੁਝ ਚਿਰ ਉਸਦੀਆਂ ਨਜ਼ਰਾਂ ਉਸ ਦਲਾਲ ਨੂੰ ਲੱਭਦੀਆਂ ਰਹੀਆਂ ਪਰ ਉਹ ਕਿਤੇ ਵੀ ਨਜ਼ਰ ਨਾ ਆਇਆ। ਛੇ ਵੱਜ ਚੁੱਕੇ ਸਨ। ਕੁਝ ਗਜ਼ ਦੇ ਫਾਸਲੇ 'ਤੇ ਉਹ ਇਮਾਰਤ ਸੀ। ਉਹ ਉਸ ਵੱਲ ਟੁਰ ਪਿਆ ਤੇ ਅੰਦਰ ਲੰਘ ਗਿਆ।
ਲੋਕ ਅੰਦਰ-ਬਾਹਰ ਆ-ਜਾ ਰਹੇ ਸਨ—ਪਰ ਉਹ ਉਹਨਾਂ ਵੱਲੋਂ ਲਾਪ੍ਰਵਾਹ, ਕੱਲ੍ਹ ਵਾਲੀ ਥਾਂ, ਪੌੜੀਆਂ ਕੋਲ ਪਹੁੰਚ ਗਿਆ। ਹਨੇਰਾ ਫ਼ੈਲ ਚੁੱਕਿਆ ਸੀ ਪਰ ਪੌੜੀਆਂ ਦੇ ਉਪਰਲੇ ਸਿਰੇ 'ਤੇ ਓਵੇਂ ਹੀ ਰੌਸ਼ਨੀ ਨਜ਼ਰ ਆ ਰਹੀ ਸੀ। ਉਹ ਬਗ਼ੈਰ ਪੈਰਾਂ ਦਾ ਖੜਾਕ ਕੀਤੇ ਪੌੜੀਆਂ ਚੜ੍ਹਨ ਲੱਗਾ। ਆਖ਼ਰੀ ਪੌੜੀ ਉੱਤੇ ਬਿੰਦ ਦਾ ਬਿੰਦ ਚੁੱਪ ਖੜ੍ਹਾ ਰਿਹਾ। ਕਮਰੇ ਵਿਚੋਂ ਤੇਜ਼ ਰੌਸ਼ਨੀ ਬਾਹਰ ਆ ਰਹੀ ਸੀ ਪਰ ਕੋਈ ਆਵਾਜ਼ ਜਾਂ ਖੜਾਕ ਸੁਣਾਈ ਨਾ ਦਿੱਤਾ। ਉਹ ਅਗਾਂਹ ਵਧਿਆ। ਕਮਰੇ ਦੇ ਦੋਵੇਂ ਦਰਵਾਜ਼ੇ ਖੁੱਲ੍ਹੇ ਸਨ। ਉਸਨੇ ਰਤਾ ਅਗਾਂਹ ਵੱਲ ਝੁਕ ਕੇ ਅੰਦਰ ਝਾਤ ਮਾਰੀ—ਸਭ ਤੋਂ ਪਹਿਲਾਂ ਉਸਨੂੰ ਬੱਲਬ ਨਜ਼ਰ ਆਇਆ, ਜਿਸ ਦੀ ਤੇਜ਼ ਰੌਸ਼ਨੀ ਸਿੱਧੀ ਉਸਦੀਆਂ ਪੁਤਲੀਆਂ ਵਿਚ ਘੁਸ ਗਈ। ਉਹ ਤ੍ਰਬਕ ਕੇ ਪਿੱਛੇ ਹਟ ਗਿਆ ਤੇ ਕੁਝ ਪਲ ਹਨੇਰੇ ਵਿਚ ਵਿੰਹਦਾ ਰਹਿਣ ਤੋਂ ਬਾਅਦ ਹੀ ਅੱਖਾਂ ਮੂਹਰਿਓਂ ਭੰਬੂ-ਤਾਰੇ ਜਿਹੇ ਸਾਫ ਹੋਏ ਸਨ।
ਉਹ ਫੇਰ ਦਰਵਾਜ਼ੇ ਵੱਲ ਵਧਿਆ ਪਰ ਐਤਕੀਂ ਉਹ ਇਸ ਪੱਖੋਂ ਸੁਚੇਤ ਸੀ ਕਿ ਅੱਖਾਂ ਬੱਲਬ ਦੀ ਰੌਸ਼ਨੀ ਦੀ ਮਾਰ ਵਿਚ ਨਾ ਆਉਣ। ਉਸਨੇ ਵੇਖਿਆ—ਸਾਹਮਣੇ ਫਰਸ਼ ਉੱਤੇ ਇਕ ਔਰਤ ਚਟਾਈ ਉੱਤੇ ਲੇਟੀ ਹੋਈ ਏ। ਰਤਾ ਗੌਰ ਨਾਲ ਵੇਖਿਆ—ਉਹ ਸੁੱਤੀ ਪਈ ਸੀ। ਮੂੰਹ ਦੁੱਪਟੇ ਨਾਲ ਕੱਜਿਆ ਹੋਇਆ ਸੀ, ਚਲਦੇ ਸਾਹਾਂ ਅਨੁਸਾਰ ਹਿੱਕ ਹੇਠ ਉੱਤੇ ਹੋ ਰਹੀ ਸੀ। ਉਹ ਕੁਝ ਹੋਰ ਅਗਾਂਹ ਵਧਿਆ—ਤਾਂ ਉਸਦੀ ਚੀਕ ਨਿਕਲ ਜਾਣੀ ਸੀ, ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਰੋਕ ਸਕਿਆ ਸੀ। ਉਸ ਔਰਤ ਤੋਂ ਕੁਝ ਦੂਰ ਹੀ, ਨੰਗੇ ਫਰਸ਼ ਉੱਤੇ, ਇਕ ਆਦਮੀ ਪਿਆ ਸੀ ਜਿਸਦਾ ਸਿਰ ਫਿਸਿਆ ਹੋਇਆ ਸੀ...ਕੋਲ ਹੀ ਖ਼ੂਨ ਭਿੱਜੀ ਇੱਟ ਪਈ ਸੀ। ਇਹ ਸਭ ਕੁਝ ਉਸਨੂੰ ਇਕੋ ਨਜ਼ਰੇ ਦਿਸ ਪਿਆ ਸੀ। ਉਹ ਪੌੜੀਆਂ ਵੱਲ ਨੱਸਿਆ, ਪੈਰ ਤਿਲ੍ਹਕਿਆ ਤੇ ਧੁਰ ਹੇਠਾਂ ਜਾ ਪਹੁੰਚਿਆ, ਪਰ ਉਸਨੇ ਸੱਟ ਦੀ ਪ੍ਰਵਾਹ ਨਹੀਂ ਕੀਤੀ। ਆਪਣੇ ਹੋਸ਼ ਕਾਇਮ ਰੱਖਦਾ ਹੋਇਆ ਬੜੀ ਮੁਸ਼ਕਿਲ ਨਾਲ ਹੋਟਲ ਪਹੁੰਚਿਆ।
ਤੇ ਉਸ ਰਾਤ ਉਸਨੂੰ ਬੜੇ ਹੀ ਭਿਆਨਕ ਸੁਪਨੇ ਆਉਂਦੇ ਰਹੇ।
  ੦੦੦ ੦੦੦ ੦੦੦  

  ਜੱਗਬਾਣੀ 27 ਅਕਤੂਬਰ 1985.

No comments:

Post a Comment