Monday, October 25, 2010

ਹਰੀਆਂ ਬੱਤੀਆਂ ਵਾਲੇ ਦਰਖ਼ਤ...:: ਲੇਖਕ : ਰਾਬਿਨ ਸ਼ਾਹ ਪੁਸ਼ਪ

ਹਿੰਦੀ ਕਹਾਣੀ :
ਹਰੀਆਂ ਬੱਤੀਆਂ ਵਾਲੇ ਦਰਖ਼ਤ...
ਲੇਖਕ : ਰਾਬਿਨ ਸ਼ਾਹ ਪੁਸ਼ਪ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਵਿਭਾ ਨੂੰ ਲੱਗਿਆ ਛਾਤੀ ਵਿਚ ਜਲਨ ਹੋ ਰਹੀ ਹੈ। ਉਠ ਕੇ ਉਸਨੇ ਫਰਿਜ਼ ਖੋਲ੍ਹਿਆ। ਉਦੋਂ ਹੀ ਫ਼ੋਨ ਦੀ ਘੰਟੀ ਵੱਜ ਪਈ, ਪਰ ਉਹ ਵੱਲ ਧਿਆਨ ਦਿੱਤੇ ਬਿਨਾਂ ਉਹ ਠੰਡਾ ਪਾਣੀ ਪੀਂਦੀ ਰਹੀ। ਘੰਟੀ ਲਗਾਤਾਰ ਵੱਜੀ ਜਾ ਰਹੀ ਹੈ। ਉਸਦਾ ਧਿਆਨ ਫਰਿਜ਼ ਉੱਤੇ ਰੱਖੇ ਬੂਸਟਰ ਉੱਤੇ ਜਾ ਪਿਆ ਹੈ—ਛੋਟੀ ਜਿਹੀ ਲਾਲ ਬੱਤੀ ਝਿਲਮਿਲ ਝਿਲਮਿਲ ਕਰ ਰਹੀ ਹੈ। ਉਹ ਗਹੁ ਨਾਲ ਉਸ ਵੱਲ ਦੇਖਣ ਲੱਗ ਪਈ। ਅਚਾਨਕ ਉਸਨੂੰ ਲੱਗਿਆ, ਉਹ ਕਿਸੇ ਚੌਰਾਹੇ 'ਤੇ ਖੜ੍ਹੀ ਹੈ ਤੇ ਟ੍ਰੈਫ਼ਿਕ ਦੀ ਲਾਲ ਬੱਤੀ ਜਗ ਪਈ ਹੈ...ਉਹ ਰੁਕ ਗਈ ਹੈ...ਜਦੋਂ ਲਾਲ ਬੱਤੀ ਸਾਹਮਣੇ ਹੋਏ, ਕੋਈ ਅੱਗੇ ਕਿੰਜ ਜਾ ਸਕਦਾ ਹੈ! ਹਰ ਪਾਸੇ ਸ਼ੋਰ ਹੈ—ਪਾਂ-ਪੈਂ...ਪੀਂ-ਪੀਂ...'ਟ੍ਰਿਨ -ਟ੍ਰਿਨ'...ਤੇ ਉਹ ਚੌਰਾਹੇ ਵਿਚੋਂ ਅਚਾਨਕ ਆਪਣੇ ਕਮਰੇ ਵਿਚ ਪਰਤ ਆਈ ਹੈ—'ਟ੍ਰਿਨ-ਟ੍ਰਿਨ'। ਫ਼ੋਨ ਦੀ ਘੰਟੀ ਹਾਲੇ ਵੀ ਵੱਜ ਰਹੀ ਹੈ।
ਉਸਨੇ ਰਸੀਵਰ ਚੁੱਕਿਆ, ''ਹੈਲੋ, ਡਾ. ਵਿਭਾ ਹਿਯਰ...।''
''ਮੈਂ ਕੌਸ਼ਲ...ਤੁਹਾਨੂੰ ਜ਼ਰਾ ਤਕਲੀਫ਼ ਦੇਣੀ ਏਂ...ਮੇਰਾ ਇਕ ਪਰਸਨਲ ਕੇਸ ਹੈ, ਮੈਡਮ !'' ਦੂਸਰੇ ਪਾਸਿਓਂ ਆਵਾਜ਼ ਆਈ।
''ਕਿੱਥੇ ਚੱਲਣਾ ਪਏਗਾ?''
''ਬਸ, ਮੇਰੇ ਘਰ ਦੇ ਨਜ਼ਦੀਕ ਈ ਏ...''
''ਤੁਹਾਡਾ ਘਰ...?''
''ਸਾਰੀ ਮੈਡਮ, ਤੁਸੀਂ ਤਾਂ ਮੇਰਾ ਘਰ ਵੇਖਿਆ ਹੀ ਨਹੀਂ...ਮੈਂ ਟੈਕਸੀ ਲੈ ਕੇ ਆਇਆ ਹੁਣੇ...!''
''ਤੁਸੀਂ ਆ ਜਾਓ...ਮੈਂ ਆਪਣੀ ਕਾਰ ਲੈ ਚੱਲਾਂਗੀ।'' ਤੇ ਉਸਨੇ ਰਸੀਵਰ ਰੱਖ ਦਿੱਤਾ।
ਵਿਭਾ ਸਾਰੇ ਕਮਰੇ ਵਿਚ ਨਜ਼ਰਾਂ ਦੌੜਾਂਦੀ ਹੈ। ਇੰਸਟੀਚਿਯੂਟ ਆਫ਼ ਕਾਡ੍ਰਿਯੋਲਾਜ਼ੀ ਦੀ ਜਿਸ ਕੁਰਸੀ ਉੱਤੇ ਉਹ ਬੈਠੀ ਹੈ, ਇੱਥੇ ਹੀ ਕਦੀ ਡਾ. ਨਿਵਾਸ ਬੈਠਦੇ ਹੁੰਦੇ ਸਨ। ਉਹ ਤੇ ਹੋਰ ਡਾਕਟਰ ਆਸੇ-ਪਾਸੇ ਦੀਆਂ ਕੁਰਸੀਆਂ 'ਤੇ ਬੈਠਦੇ ਸਨ। ਸਾਹਮਣੇ ਵਾਲੀ ਕੁਰਸੀ ਖ਼ਾਲੀ ਪਈ ਹੁੰਦੀ ਸੀ। ਜਦੋਂ ਵੀ ਕੋਈ ਹਾਰਟ ਪੇਸ਼ੈਂਟ ਤੇ ਉਸਦੇ ਲੋਕ ਆਉਂਦੇ, ਡਾ. ਨਿਵਾਸ ਖੜ੍ਹੇ ਹੋ ਜਾਂਦੇ। ਜਦ ਉਹ ਬੈਠਦੇ, ਤਦ ਖ਼ੁਦ ਬੈਠਦੇ। ਜਦ ਉਹ ਲੋਕ ਜਾਣ ਲਈ ਉਠਦੇ, ਡਾ. ਨਿਵਾਸ ਫੇਰ ਖੜ੍ਹੇ ਹੋ ਜਾਂਦੇ। ਹੱਥ ਜੋੜਦੇ। ਸਾਰਾ ਦਿਨ ਇਹੀ ਸਿਲਸਿਲਾ ਚੱਲਦਾ ਰਹਿੰਦਾ ਤੇ ਉਹਨਾਂ ਲੋਕਾਂ ਨੂੰ ਵੀ ਇਹੀ ਕਸਰਤ ਕਰਨੀ ਪੈਂਦੀ। ਸਾਰੇ ਬੋਰ ਹੋ ਜਾਂਦੇ ਸਨ। ਜਦ ਡਾ. ਨਿਵਾਸ ਚਲੇ ਜਾਂਦੇ, ਸਾਰੇ ਰਾਹਤ ਮਹਿਸੂਸ ਕਰਦੇ, 'ਇਹ ਉਠਕ-ਬੈਠਕ ਕਰਦਿਆਂ ਤਾਂ ਹਫ ਜਾਈਦਾ ਏ। ਇਕ ਦਿਨ ਅਜਿਹਾ ਆਏਗਾ, ਜਦ ਇੱਥੇ ਦੇ ਸਾਰੇ ਬੈਡਾਂ ਉੱਤੇ ਅਸੀਂ ਲੋਕ ਹਾਰਟ ਪੇਸ਼ੈਟ ਬਣ ਕੇ ਪਏ ਨਜ਼ਰ ਆਵਾਂਗੇ...।' ਫੇਰ ਸਾਰੇ ਹੱਸ ਪੈਂਦੇ।
ਇਕ ਦਿਨ ਉਸਨੇ ਹਿੰਮਤ ਕਰਕੇ ਪੁੱਛਿਆ ਸੀ, 'ਸਰ ਤੁਸੀਂ ਵਾਰ-ਵਾਰ ਕਿਉਂ ਉੱਠਦੇ ਓ?'
ਡਾ. ਨਿਵਾਸ ਨੇ ਉਸ ਵੱਲ ਡੂੰਘੀਆਂ ਨਜ਼ਰਾਂ ਨਾਲ ਤੱਕਿਆ ਸੀ। ਉਹ ਚੁੱਪਚਾਪ ਅੱਖਾਂ ਝੁਕਾਈ ਖੜ੍ਹੀ ਉਤਰ ਦੀ ਉਡੀਕ ਕਰਦੀ ਰਹੀ ਸੀ। ਉਸਨੂੰ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਗਲਤੀ ਹੋ ਗਈ ਹੋਵੇ...ਉਦੋਂ ਹੀ ਡਾ. ਨਿਵਾਸ ਨੇ ਕਿਹਾ ਸੀ, 'ਵਿਭਾ ਮੈਂ ਦਿਲ ਨੂੰ ਮੰਦਰ ਮੰਨਦਾ ਹਾਂ, ਜਿਸ ਵਿਚ ਭਗਵਾਨ ਵੱਸਦੇ ਨੇ...ਜਦੋਂ ਕੋਈ ਹਾਰਟ ਪੇਸ਼ੈਟ ਮੇਰੇ ਸਾਹਮਣੇ ਆਉਂਦਾ ਹੈ, ਉਦੋਂ ਮੈਨੂੰ ਲੱਗਦਾ ਹੈ, ਕੋਈ ਟੁੱਟ ਕੇ ਡਿੱਗਣ ਵਾਲਾ ਮੰਦਰ ਮੇਰੇ ਸਾਹਮਣੇ ਆ ਗਿਆ ਹੈ। ਉਸ ਸਮੇਂ ਮੈਂ ਕਿਸੇ ਆਦਮੀ ਦੇ ਸਾਹਮਣੇ ਖੜ੍ਹਾ ਨਹੀਂ ਹੁੰਦਾ, ਮੰਦਰ ਸਾਹਮਣੇ ਖੜ੍ਹਾ ਹੁੰਦਾ ਹਾਂ। ਫੇਰ ਮੈਂ ਕਿਸੇ ਡਾ. ਵਾਂਗ ਨਹੀਂ ਬਲਕਿ ਇਕ ਸਾਧਾਰਨ ਰਾਜ ਮਿਸਤਰੀ ਵਾਂਗ ਮੰਦਰ ਦੀ ਮੁਰੰਮਤ ਵਿਚ ਜੁਟ ਜਾਂਦਾ ਹਾਂ। ਕਿਉਂਕਿ ਮੈਂ ਜਾਣਦਾ ਹਾਂ, ਜੇ ਮੰਦਰ ਢੈ ਗਿਆ ਤਾਂ ਉੱਥੇ ਭਗਵਾਨ ਵੀ ਨਹੀਓਂ ਰਹਿਣੇ...ਬੀਲੀਵ ਮੀ, ਆਈ ਐਮ ਨਾਟ ਏ ਡਾਕਟਰ, ਆਏ ਐਮ ਏ ਸਰਵੈਂਟ ਆਫ਼ ਗਾਡ...!'
ਉਹ ਤੇ ਸਾਰੇ ਡਾ. ਸੁੰਨਮੁੰਨ ਹੋਏ ਖੜ੍ਹੇ ਰਹਿ ਗਏ ਸਨ। ਉਦੋਂ ਹੀ ਕੁਰਸੀ ਤੋਂ ਉਠਦਿਆਂ ਹੋਇਆਂ ਡਾ. ਨਿਵਾਸ ਨੇ ਕਿਹਾ ਸੀ, 'ਮੇਰੇ ਬੱਚਿਓ! ਅੱਜ ਮੈਂ ਇੱਥੇ ਹਾਂ, ਇਕ ਦਿਨ ਰਿਟਾਇਰ ਹੋ ਜਾਵਾਂਗਾ। ਹੋ ਸਕਦਾ ਹੈ, ਤੁਹਾਡੇ ਵਿਚੋਂ ਹੀ ਕੋਈ ਕਿਸੇ ਦਿਨ ਇਸ ਕੁਰਸੀ 'ਤੇ ਆਏ...ਮੈਂ ਚਾਹਾਂਗਾ, ਇਸ ਪ੍ਰੰਪਰਾ ਨੂੰ ਜਿਊਂਦੇ ਰੱਖਣਾ ਤੇ ਆਪਣੇ ਆਪ ਨੂੰ ਹਮੇਸ਼ਾ ਭਗਵਾਨ ਦਾ ਸੇਵਕ ਸਮਝਣਾ...'
ਵਿਭਾ ਕੁਰਸੀ ਦੀ ਬਾਂਹ ਨੂੰ ਛੂਹ ਕੇ ਦੇਖਦੀ ਹੈ। ਉਸਨੂੰ ਲੱਗਦਾ ਹੈ, ਡਾ. ਨਿਵਾਸ ਦੀਆਂ ਹਥੇਲੀਆਂ ਦੀ ਗਰਮਾਹਟ ਹੁਣ ਵੀ ਇੱਥੇ ਬਾਕੀ ਹੈ। ਉਦੋਂ ਹੀ ਕੌਸ਼ਲ ਆ ਜਾਂਦਾ ਹੈ। ਉਹ ਆਪਣੇ ਆਪ ਖੜ੍ਹੀ ਹੋ ਜਾਂਦੀ ਹੈ।
''ਇਹ ਕੀ, ਤੁਸੀਂ ਬੈਠੋ ਮੈਡਮ...ਮੈਂ ਤਾਂ ਤੁਹਾਥੋਂ ਬੜਾ ਜੂਨੀਅਰ ਹਾਂ।''
''ਬੈਠੋ।''
ਕੌਸ਼ਲ ਦੇ ਬੈਠ ਜਾਣ ਪਿੱਛੋਂ ਹੀ ਉਹ ਬੈਠੀ ਸੀ, ''ਈ.ਸੀ.ਜੀ. ਕਰਨੀ ਪਏਗੀ?''
''ਨਹੀਂ, ਵਿਭਾ ਦੀ, ਆਈ ਹੈਵ ਡਨ...ਤੁਸੀਂ ਬਸ ਇਕ ਵਾਰੀ ਚੱਲ ਕੇ ਦੇਖ ਲਓ।''
ਉਹ ਉਠ ਖੜ੍ਹੀ ਹੁੰਦੀ ਹੈ।
ਕਾਰ ਤੁਰੀ ਜਾ ਰਹੀ ਹੈ।
ਕੌਸ਼ਲ ਰੱਸਤਾ ਦੱਸਦਾ ਜਾ ਰਿਹਾ ਹੈ। ਉਦੋਂ ਹੀ ਗਾਂਧੀ ਮੈਦਾਨ ਕੋਲ ਲਾਲ ਬੱਤੀ ਹੋ ਜਾਂਦੀ ਹੈ...ਉਹ ਕਾਰ ਰੋਕ ਲੈਂਦੀ ਹੈ...ਜਦੋਂ ਰੈੱਡ ਲਾਈਟ ਸਾਹਮਣੇ ਹੋਏ ਉਦੋਂ ਕੋਈ ਕਿਵੇਂ ਅੱਗੇ ਜਾ ਸਕਦਾ ਹੈ! ਉਹ ਸਮੁੰਦਰ ਤਕ ਫ਼ੈਲੇ ਹੋਏ ਗਾਂਧੀ ਮੈਦਾਨ ਨੂੰ ਦੇਖਦੀ ਹੈ। ਵਿਜੈ ਜਦ ਵੀ ਸਮਾਂ ਮਿਲਦਾ ਉਸਨੂੰ ਹੋਸਟਲ ਤੋਂ ਇੱਥੇ ਲੈ ਆਉਂਦਾ ਹੁੰਦਾ ਸੀ। ਇਕ ਦਿਨ ਉਸਨੇ ਕਿਹਾ ਸੀ, 'ਮੇਰਾ ਖ਼ਿਆਲ ਏ ਵਿਭਾ, ਆਪਾਂ ਘਾਹ ਦੇ ਸਮੁੰਦਰ ਵਿਚ ਡੁੱਬ ਜਾਈਏ...ਓ.ਕੇ?'
'ਨਾ ਬਾਬਾ, ਮੈਨੂੰ ਤੈਰਨਾ ਨਹੀਂ ਆਉਂਦਾ...'
'ਤੇ ਮੈਨੂੰ ਕਿਹੜਾ ਆਉਂਦਾ ਏ...ਮੈਂ ਨਾਲ ਨਾਲ ਮਰਨ ਦੀ ਗੱਲ ਕਰ ਰਿਹਾਂ...'
'ਮੈਨੂੰ ਕਿਉਂ ਮਾਰਨ 'ਤੇ ਤੁਲੇ ਓ। ਇਕੱਲੇ ਮਰੋ।' ਉਹ ਹੱਸਣ ਲੱਗੀ ਸੀ।
'ਠੀਕ ਏ, ਮੈਂ ਸਮਝ ਗਿਆ, ਤੂੰ ਸਾਥ ਨਹੀਓਂ ਦੇਣਾ...ਤਾਂ ਮੈਂ ਇਕੱਲਾ ਈ ਮਰਨ ਚੱਲਿਆਂ...ਡਾਗਡਰ ਸਾਹਿਬਾ, ਤੁਸੀਂ ਦੂਰੋਂ ਖੜ੍ਹੇ-ਖੜ੍ਹੇ ਮੇਰੇ ਮਰਨ ਦਾ ਤਮਾਸ਼ਾਂ ਦੇਖੋ।...'
''ਮੈਡਮ, ਹਰੀ ਬੱਤੀ!'' ਡਾ. ਕੌਸ਼ਲ ਕਹਿੰਦਾ ਹੈ।
ਵਿਭਾ ਆਪਣੇ ਆਪੇ ਵਿਚ ਪਰਤ ਆਉਂਦੀ ਹੈ। ਗੱਡੀ ਫੇਰ ਦੌੜ ਪਈ ਹੈ।
''ਤੁਸੀਂ ਕਾਫੀ ਦਿਨ ਵਿਦੇਸ਼ ਵਿਚ ਰਹੇ?''
''ਹਾਂ।'' ਬਸ, ਇਕ ਛੋਟਾ ਜਿਹਾ ਉਤਰ ਦੇ ਕੇ ਵਿਭਾ ਸੋਚਣ ਲੱਗਦੀ ਹੈ—ਇਹਨਾਂ ਰਸਤਿਆਂ ਤੋਂ ਹੀ ਵਿਜੈ ਦੀ ਮਾਂ ਇਕ ਦਿਨ ਉਸਨੂੰ ਹੋਸਟਲ ਤੋਂ ਲੈ ਕੇ ਆਈ ਸੀ। ਨਵਾਂ-ਨਵਾਂ ਘਰ ਖਰੀਦਿਆ ਸੀ। ਤਦ ਤਕ ਬਿਜਲੀ ਦਾ ਕਨੇਕਸ਼ਨ ਵੀ ਨਹੀਂ ਸੀ ਮਿਲਿਆ, ਉਹ ਲਾਲਟੈਨ ਨਾਲ ਇਕ ਇਕ ਕਮਰਾ ਦਿਖਾਉਂਦੀ ਰਹੀ ਸੀ...ਕਿੰਨਾਂ ਪਿਆਰ ਕਰਦੀ ਸੀ! ਪਿਆਰ ਵੀ ਕਦੀ ਕਦੀ ਕਿੰਨਾਂ ਅਚਾਨਕ ਮਿਲ ਜਾਂਦਾ ਹੈ! ਉਹ ਹਾਰਟ ਪੇਸੈਂਟ ਦੀ ਹੈਸੀਅਤ ਨਾਲ ਭਰਤੀ ਹੋਈ ਸੀ। ਵਿਜੈ ਭੱਜ-ਦੌੜ ਕਰਦਾ ਰਹਿੰਦਾ। ਥੱਕ ਕੇ ਬਿਲਕੁਲ ਚੂਰ ਹੋ ਜਾਂਦਾ। ਇਕ ਦਿਨ ਉਸਨੇ ਕਿਹਾ ਸੀ, 'ਮਾਂ ਦੀ ਦੇਖਭਾਲ ਕਰਨ ਲਈ ਹੋਰ ਕਿਸੇ ਨੂੰ ਕਿਉਂ ਨਹੀਂ ਬੁਲਾਅ ਲੈਂਦੇ?'
'ਕਿਸ ਨੂੰ ਬੁਲਾਵਾਂ? ਬਸ, ਮੈਂ ਹਾਂ ਤੇ ਮਾਂ!' ਵਿਜੈ ਨੇ ਤਿੜਕੀ ਜਿਹੀ ਆਵਾਜ਼ ਵਿਚ ਉਤਰ ਦਿੱਤਾ ਸੀ।
ਫੇਰ ਉਹ ਆਪ ਹੀ, ਵੇਲੇ-ਕੁਵੇਲੇ ਮਾਂ ਦੇ ਬੈੱਡ ਕੋਲ ਆਉਣ ਲੱਗ ਪਈ ਸੀ। ਜਦ ਵਿਜੈ ਬੈਂਚ 'ਤੇ ਬੈਠਾ ਉਂਘ ਰਿਹਾ ਹੁੰਦਾ, ਉਹ ਮਾਂ ਨੂੰ ਪਾਣੀ ਪਿਲਾਂਦੀ; ਦਵਾਈ ਦੇਂਦੀ।...ਤੇ ਇਕ ਦਿਨ ਉਸਨੂੰ ਲੱਗਿਆ ਸੀ, ਸੜਕ ਉੱਤੇ ਡਿੱਗੇ ਸਿੱਕੇ ਵਾਂਗ ਪਿਆਰ ਉਸਨੂੰ ਅਚਾਨਕ ਹੀ ਲੱਭ ਪਿਆ ਹੈ...
ਫੇਰ ਇਕ ਮੋੜ !
ਫੇਰ ਲਾਲ ਬੱਤੀ !
ਉਸ ਗੱਡੀ ਰੋਕ ਦਿੱਤੀ !
ਮਾਂ ਨੇ ਘਰ ਦਿਖਾਉਣ ਪਿੱਛੋਂ ਕਿਹਾ ਸੀ, 'ਹੁਣ ਰੋਟੀ ਖਾ ਕੇ ਹੀ ਜਾਣਾ ਬੇਟਾ।...'
'ਨਹੀਂ ਮਾਂ ਜੀ, ਫੇਰ ਕਿਸੇ ਦਿਨ।' ਤੇ ਉਹ ਵਿਜੈ ਦੇ ਕਮਰੇ ਵਿਚ ਆ ਗਈ ਸੀ, 'ਚੱਲੋ, ਹੁਣ ਛੱਡ ਆਓ !'
ਵਿਜੈ ਅਚਾਨਕ ਕੁਰਸੀ ਤੋਂ ਉਠ ਖੜ੍ਹਾ ਹੋਇਆ ਸੀ, 'ਦੇਖੋ ਮੈਂ, ਕੀ ਲੱਗ ਰਿਹਾਂ...'
'ਹੋਰ ਕੀ, ਓਹੀ ਵਿਜੈ।'
ਨਹੀਂ। ਮੈਂ ਰਸਤੇ ਵਿਚਕਾਰ ਗੱਡਿਆ ਹੋਇਆ ਪੋਲ ਆਂ, ਜਿਸ ਉੱਤੇ ਰੈੱਡ ਲਾਈਟ ਜਗ ਰਹੀ ਹੈ...ਜਦੋਂ ਲਾਲ ਬੱਤੀ ਜਗ ਰਹੀ ਹੋਏ, ਤਦ ਕੋਈ ਕਿਵੇਂ ਜਾ ਸਕਦਾ ਹੈ? ਇਟਸ ਅਗੈਂਸਟ ਦੀ ਟਰੈਫ਼ਿਕ ਰੂਲ...ਆਈ ਮੀਨ ਬਿਨਾਂ ਕੁਝ ਖਾਧੇ।'
ਦੋਹੇਂ ਇਕੱਠੇ ਹੱਸ ਪਏ ਸਨ।
ਉਦੋਂ ਹੀ ਹਰੀ ਬੱਤੀ ਜਗ ਪੈਂਦੀ ਹੈ। ਉਹ ਗੱਡੀ ਸਟਾਰਟ ਕਰਦੀ ਹੈ—'ਘ-ਰ-ਰਰ'!
''ਬਸ, ਮੈਡਮ ਖੱਬੇ ਕਰਕੇ ਰੋਕ ਲਓ।'' ਕੌਸ਼ਲ ਕਹਿੰਦਾ ਹੈ।
ਗੱਡੀ ਦੇ ਰੁਕਦਿਆਂ ਹੀ ਉਹ ਦਰਵਾਜ਼ਾ ਖੋਲ੍ਹਦਾ ਹੈ। ਹੇਠਾਂ ਉਤਰਦਿਆਂ ਹੀ ਵਿਭਾ ਹੈਰਾਨੀ ਨਾਲ ਤ੍ਰਬਕ ਜਾਂਦੀ ਹੈ।
''ਜ਼ਰਾ ਧਿਆਨ ਨਾਲ ਪੌੜੀਆਂ ਚੜ੍ਹਨਾ ਮੈਡਮ...।''
ਪਹਿਲੀ ਵੇਰ ਜਦੋਂ ਮਾਂ ਜੀ ਲੈ ਕੇ ਆਏ ਸਨ, ਉਦੋਂ ਉਹਨਾਂ ਵੀ ਕਿਹਾ ਸੀ, 'ਸੰਭਲ ਕੇ ਬੇਟਾ, ਪੌੜੀਆਂ ਜ਼ਰਾ ਐਸੀਆਂ-ਵੈਸੀਆਂ ਈ ਨੇ...'
ਉਸਦਾ ਜੀਅ ਕੀਤਾ ਦੌੜ ਕੇ ਪੌੜੀਆਂ ਚੜ੍ਹ ਜਾਏ...ਇਸ ਮਕਾਨ ਦੇ ਚੱਪੇ-ਚੱਪੇ ਨਾਲ ਉਸਦਾ ਰਿਸ਼ਤਾ ਹੈ। ਪਰ ਉਹ ਇੰਜ ਨਹੀਂ ਕਰ ਸਕੀ। ਚੁੱਪਚਾਪ, ਇਕ ਇਕ ਪੌੜੀ ਚੜ੍ਹਦੀ ਰਹੀ—ਕੌਸ਼ਲ ਦੇ ਪਿੱਛੇ-ਪਿੱਛੇ।
ਵਿਜੈ ਸ਼ਾਂਤ ਪਿਆ ਹੈ। ਇਕ ਔਰਤ ਉਸ ਲਈ ਕੁਰਸੀ ਲਿਆ ਦਿੰਦੀ ਹੈ। ਸ਼ਾਇਦ ਵਿਜੈ ਦੀ ਪਤਨੀ ਹੈ।
''ਮੈਂ ਪੈਥੇਡਿਨ ਦੇ ਦਿੱਤਾ ਏ।'' ਕੌਸ਼ਲ ਕਹਿੰਦਾ ਹੈ, ''ਮੈਡਮ, ਇਹਨਾਂ ਦਾ ਬੀ.ਪੀ. ਬੜਾ ਲੋ ਆ ਗਿਆ  ਸੀ...ਇਹਨਾਂ ਨੂੰ ਡੇਲੀ ਸਲੀਪਿੰਗ ਪਿਲ ਲੈਣ ਦੀ ਆਦਤ ਸੀ...ਕਿਤੇ...?''
ਉਹ ਨਬਜ਼ ਦੇਖਣ ਲਈ ਵੀਣੀ ਫੜਦੀ ਹੈ।
'ਤੂੰ ਵੀ ਕਮਾਲ ਦੀ ਡਾਗਡਰ ਏਂ, ਦਰਦ ਦਿਲ ਵਿਚ ਹੈ ਤੇ ਦੇਖਦੀ ਪਈ ਏਂ ਨਬਜ਼।' ਫੇਰ ਵਿਜੈ ਏਨੀ ਬਕ-ਬਕ ਕਰਦਾ ਕਿ ਨਬਜ਼ ਦੀ ਗਿਣਤੀ ਕਰਨੀ ਦੁੱਭਰ ਹੋ ਜਾਂਦੀ। ਤੰਗ ਆ ਕੇ ਉਹ ਸਥੈਟਸਕੋਪ ਕੰਨਾਂ ਨੂੰ ਲਾ ਲੈਂਦੀ।
ਵਿਜੈ ਚੁੱਪ ਪਿਆ ਹੈ, ਪਰ ਉਸਦਾ ਮਨ ਕਹਿੰਦਾ ਹੈ ਕਿ ਫੇਰ ਪਹਿਲਾਂ ਵਾਂਗ ਬਕ-ਬਕ ਕਰੇ ਤੇ ਉਹ ਕੰਨਾਂ ਨੂੰ ਸਥੈਟਸਕੋਪ ਲਾ ਕੇ ਕਹੇ, ਬਸ, ਹੁਣ ਬਿਮਾਰੀ ਦਾ ਨਾਟਕ ਕਰਨਾ ਬੰਦ ਕਰੋ...।'
'ਨਾਟਕ, ਇਹ ਨਾਟਕ ਤਾਂ ਉਦੋਂ ਹੀ ਬੰਦ ਹੋਏਗਾ, ਜਦੋਂ ਤੂੰ ਇਸ ਘਰ ਵਿਚ ਆ ਜਾਏਂਗੀ।'
'ਸਮਝਦੇ ਕਿਉਂ ਨਹੀਂ! ਮੈਨੂੰ ਕਾਡ੍ਰਿਆਲੋਜ਼ੀ ਵਿਚ ਸਪੈਸ਼ਲਾਈਜੇਸ਼ਨ ਕਰ ਲੈਣ ਦਿਓ। ਫੇਰ ਜੋ ਕਹੋਗੇ, ਮੰਨ ਲਵਾਂਗੀ।'
'ਓ ਡਾਗਡਰ ਸਾਹਿਬਾ, ਐਵੇਂ ਦੇਸ਼ਾਂ-ਪ੍ਰਦੇਸ਼ਾਂ ਵਿਚ ਭੌਂਦੀ ਫਿਰੇਂਗੀ! ਮੇਰੇ ਨਾਲੋਂ ਵੱਡਾ ਹਾਰਟ ਪੇਸ਼ੈਂਟ ਤੈਨੂੰ ਕਿੱਥੇ ਮਿਲੇਗਾ?'
'ਨਾ ਬਾਬਾ, ਏਨੇ ਸੀਰੀਅਸ ਕੇਸ ਦਾ ਇਲਾਜ਼ ਤਾਂ ਫਾਰੇਨ ਤੋਂ ਆ ਕੇ ਹੀ ਕਰਾਂਗੀ...'
ਉਦੋਂ ਹੀ ਕੌਸ਼ਲ ਈ.ਸੀ.ਜੀ. ਸਾਹਮਣੇ ਰੱਖ ਦਿੰਦਾ ਹੈ। ਉਹ ਉਠਦੀਆਂ-ਡਿੱਗਦੀਆਂ ਰੇਖਾਵਾਂ ਨੂੰ ਦੇਖਦੀ ਰਹਿੰਦੀ ਹੈ।
'ਵਿਸ਼ਵਾਸ ਕਰੀਂ, ਤੇਰੇ ਕੈਰੀਅਰ ਸਾਹਮਣੇ ਮੈਂ ਰੈੱਡ ਲਾਈਟ ਨਹੀਂ ਬਣਾਗਾ। ਜਦੋਂ ਤੂੰ ਵਿਦੇਸ਼ ਤੋਂ ਵਾਪਸ ਆਏਂਗੀ, ਤਦ ਪਤਾ ਨਹੀਂ ਹੋਰ ਕਿੰਨੀ ਸਮਾਰਟ ਹੋਈ ਹੋਏਂਗੀ! ਤੈਨੂੰ ਦੇਖਦਿਆਂ ਹੀ ਕਿਤੇ ਮੈਨੂੰ ਹਾਰਟ ਅਟੈਕ ਨਾ ਹੋ ਜਾਏ।'
'ਹਟੋ, ਕਿੰਨਾਂ ਅਸ਼ੁਭ ਬੋਲਦੇ ਓ!'
'ਅਸ਼ੁਭ ਕੀ! ਜ਼ਰਾ ਸੋਚ, ਹਵਾਈ ਜਹਾਜ਼ ਰੁਕੇਗਾ; ਤੂੰ ਪੌੜੀਆਂ ਤੋਂ ਹੱਥ ਹਿਲਾਵੀਂ, ਮੈਂ ਵਿਜ਼ਿਟਰਸ ਗੈਲਰੀ ਵਿਚ ਡਿੱਗ ਪਵਾਂਗਾ, ਤੂੰ ਦੌੜਦੀ ਹੋਈ ਆਵੀਂ ਤੇ ਇਕ ਪਿੱਛੋਂ ਇਕ ਚਾਰ-ਛੇ ਟੀਕੇ ਲਾ ਦੇਵੀਂ...ਆਈ ਵਿਲ ਬੀ ਯੋਰ ਫਸਟ ਪੇਸ਼ੈਂਟ...ਡਾਗਡਰ, ਫੀਸ ਲੈਣ ਤੋਂ ਇਨਕਾਰ ਨਾ ਕਰੀਂ, ਫਸਟ ਕਲਾਸ ਬੋਹਣੀ ਹੋਏਗੀ...।'
ਪਰ ਇੰਜ ਹੋਇਆ ਕਦੋਂ ਸੀ! ਜਦੋਂ ਉਹ ਪਲੇਨ ਵਿਚੋਂ ਉਤਰੀ ਸੀ, ਗੈਲਰੀ ਵਿਚ ਇਕ ਵੀ ਜਾਣਿਆਂ-ਪਛਾਣਿਆਂ ਚਿਹਰਾ ਨਜ਼ਰ ਨਹੀਂ ਸੀ ਆਇਆ। ਉਸਨੇ ਇਤਲਾਹ ਵੀ ਤਾਂ ਨਹੀਂ ਦਿੱਤੀ ਸੀ। ਦਿੰਦੀ ਵੀ ਤਾਂ ਕਿਸ ਨੂੰ! ਉਸਦੇ ਜਾਣ ਤੋਂ ਚਾਰ-ਛੇ ਮਹੀਨਿਆਂ ਬਾਅਦ ਹੀ ਮਾਂ ਦੀ ਤਬੀਅਤ ਖ਼ਰਾਬ ਰਹਿਣ ਲੱਗ ਪਈ ਸੀ। ਵਾਰੀ-ਵਾਰੀ ਵਿਜੈ ਦੇ ਖ਼ਤ ਆਉਂਦੇ ਰਹੇ—'ਵਿਭਾ, ਮਾਂ ਤੇ ਨੌਕਰੀ ਇਕੱਠੀਆਂ ਨਹੀਂ ਸੰਭਦੀਆਂ...ਤੂੰ ਵਾਪਸ ਆ ਜਾ ਵਿਭਾ!'...ਪਰ ਉਸਦੇ ਸਾਹਮਣੇ ਭਵਿੱਖ ਸੀ...ਕੈਰੀਅਰ ਸੀ...ਕਿੰਜ ਵਾਪਸ ਆ ਜਾਂਦੀ? ਫੇਰ ਵਿਜੈ ਦੇ ਸਿਰਫ ਦੋ ਖ਼ਤ ਹੋਰ ਆਏ—ਇਕ ਵਿਚ ਲਿਖਿਆ ਸੀ, ਮਾਂ ਲਈ ਸ਼ਾਦੀ ਕਰ ਰਿਹਾਂ, ਦੂਜਾ ਲਗਭਗ ਸੱਤ ਮਹੀਨੇ ਬਾਅਦ ਆਇਆ ਸੀ—ਮਾਂ ਚਲੀ ਗਈ!
''ਬੀ.ਪੀ. ਚੈੱਕ ਕਰੋਗੇ ਮੈਡਮ?'' ਕੌਸ਼ਲ ਸਟ੍ਰੈਪ ਲਾਉਣ ਲਈ ਅੱਗੇ ਵਧਦਾ ਹੈ, ਉਹ ਉਸਦੇ ਹੱਥੋਂ ਫੜ੍ਹ ਲੈਂਦੀ ਹੈ। ਵਿਜੈ ਦੀ ਬਾਂਹ ਸਰਕਾਂਦੀ ਹੈ, ਤਾਂ ਤਿਲ ਦਿਖ ਜਾਂਦਾ ਹੈ...ਇਸੇ ਤਿਲ ਵਾਲੀ ਬਾਂਹ ਉੱਤੇ ਸਿਰ ਰੱਖ ਕੇ ਉਹ ਕਈ ਘੰਟੇ ਲੇਟੀ ਰਹਿੰਦੀ ਸੀ। ਉਸਦਾ ਦਿਲ ਕਰਦਾ ਹੈ, ਅੱਜ ਫੇਰ...ਪਰ ਉਹ ਕੁਝ ਨਹੀਂ ਕਰ ਸਕੀ। ਬੀ.ਪੀ. ਦੇਖ ਕੇ ਪੈਡ ਉੱਤੇ ਕੁਝ ਲਿਖਦੀ ਹੈ। ਕੌਸ਼ਲ ਨੂੰ ਸਲਿੱਪ ਫੜਾ ਕੇ ਕਹਿੰਦੀ ਹੈ, ''ਬੀ.ਪੀ. ਕਾਫੀ ਲੋ ਹੈ।...ਡੈਕਾਬੋਲਿਨ ਦਾ ਇੰਜੈਕਸ਼ਨ ਦੇਣਾ। ਮੇਫੇਂਟਿਨ ਦੇ ਨਾਲ-ਨਾਲ ਇਹ ਦਵਾਈ ਵੀ ਦਿੰਦੇ ਰਹਿਣਾ...ਤੇ ਹਾਂ, ਕੱਲ੍ਹ ਫੇਰ ਈ.ਸੀ.ਜੀ. ਕਰਕੇ ਰਿਪੋਰਟ ਦਿਖਾਣਾ...ਅਜੇ ਕੇਅਰ ਦੀ ਬੜੀ ਸਖ਼ਤ ਲੋੜ ਏ...ਤੁਸੀਂ ਖ਼ਿਆਲ ਰੱਖਣਾ ਕੌਸ਼ਲ।''
—ਮੇਰਾ ਖ਼ਿਆਲ ਏ ਵਿਭਾ ਕਿ ਆਪਾਂ ਘਾਹ ਦੇ ਸਮੁੰਦਰ ਵਿਚ ਡੁੱਬ ਜਾਈਏ।
—ਨਾ ਬਾਬਾ, ਮੈਨੂੰ ਤੈਰਨਾ ਨਹੀਂ ਆਉਂਦਾ...
—ਮੈਨੂੰ ਵੀ ਕਿਹੜਾ ਆਉਂਦਾ ਏ! ਮੈਂ ਨਾਲ-ਨਾਲ ਮਰਨ ਦੀ ਗੱਲ ਕਰ ਰਿਹਾਂ...
—ਮੈਨੂੰ ਕਿਉਂ ਮਾਰਨ 'ਤੇ ਤੁਲੇ ਓ, ਇਕੱਲੇ ਮਰੋ! ਉਹ ਹੱਸਣ ਲੱਗੀ ਸੀ।
—ਠੀਕ ਹੈ, ਮੈਂ ਸਮਝ ਗਿਆ, ਤੂੰ ਸਾਥ ਨਹੀਂ ਦਏਂਗੀ। ਲੈ ਮੈਂ ਇਕੱਲਾ ਹੀ ਮਰਨ ਚੱਲਿਆਂ...ਡਾਗਡਰ ਸਾਹਿਬਾ, ਤੂੰ ਦੂਰ ਖੜ੍ਹੀ-ਖੜ੍ਹੀ ਮੇਰੇ ਮਰਨ ਦਾ ਤਮਾਸ਼ਾ ਦੇਖੀਂ!...
ਅੰਦਰ ਕਿਤੇ ਕੁਝ ਟੁੱਟ ਰਿਹਾ ਲੱਗਦਾ ਹੈ! ਉਦੋਂ ਹੀ ਵਿਜੈ ਦੀ ਪਤਨੀ ਕਹਿੰਦੀ ਹੈ, ''ਪਿੱਛਲੇ ਕੁਝ ਦਿਨਾਂ ਤੋਂ ਬੜੇ ਪ੍ਰੇਸ਼ਾਨ ਸਨ...ਦੇਰ ਤਕ ਨੀਂਦ ਲਈ ਛਟਪਟਾਉਂਦੇ ਰਹਿੰਦੇ, ਫੇਰ ਹਾਰ ਕੇ ਨੀਂਦ ਦੀਆਂ ਗੋਲੀਆਂ ਖਾ ਲੈਂਦੇ...।''
ਉਹ ਚੁੱਪਚਾਪ ਪਏ ਵਿਜੈ ਵੱਲ ਦੇਖਦੀ ਹੈ। ਉਠਾਂਣ ਨੂੰ ਮਨ ਨਹੀਂ ਕਰ ਰਿਹਾ।
''ਚੱਲੀਏ ਮੈਡਮ, ਤੁਹਾਨੂੰ ਦੇਰ ਹੋ ਰਹੀ ਹੋਏਗੀ।'' ਕੌਸ਼ਲ ਕਹਿੰਦਾ ਹੈ।
''ਆਂ!...'' ਉਹ ਸੋਚਾਂ 'ਚੋਂ ਪਰਤ ਆਉਂਦੀ ਹੈ, ''ਹਾਂ...ਚੱਲੋ...''
ਉਹ ਫੇਰ ਕੌਸ਼ਲ ਦੇ ਪਿੱਛੇ-ਪਿੱਛੇ ਤੁਰਨ ਲੱਗਦੀ ਹੈ। ਉਦੋਂ ਹੀ ਵਿਜੈ ਦੀ ਪਤਨੀ ਕਾਹਲ ਨਾਲ ਪੌੜੀਆਂ ਉਤਰ ਕੇ ਆ ਜਾਂਦੀ ਹੈ, ''ਮੈਮ ਸਾਹਿਬਾ, ਤੁਹਾਡੀ ਫੀਸ...''
ਉਹ ਉਸਦੇ ਹੱਥ ਵਿਚ ਦਸ-ਦਸ ਦੇ ਤਿੰਨ ਨੋਟ ਦੇਖਦੀ ਹੈ।
—ਆਈ ਵਿਲ ਬੀ ਯੋਰ ਫਸਟ ਪੇਸ਼ੈਂਟ। ਡਾਗਡਰ, ਫੀਸ ਤੋਂ ਇਨਕਾਰ ਨਾ ਕਰਨਾ...ਫਸਟ ਕਲਾਸ ਬੋਹਣੀ ਹੋਏਗੀ...ਵਿਜੈ ਦੀ ਆਵਾਜ਼ ਅੰਦਰ ਹੀ ਅੰਦਰ ਗੂੰਜਦੀ ਹੈ।
ਦਿਲ ਧਾਹਾਂ ਮਾਰ-ਮਾਰ ਕੇ ਰੋਣ ਨੂੰ ਕਰ ਰਿਹਾ ਹੈ। ਜਿਵੇਂ-ਤਿਵੇਂ ਭਰੇ ਗਲ਼ੇ ਨਾਲ ਕਹਿੰਦੀ ਹੈ, ''ਨਹੀਂ, ਇਸ ਸ਼ਹਿਰ ਵਿਚ ਇਹ ਮੇਰਾ ਪਹਿਲਾਂ ਕੇਸ ਏ।''...ਤੇ ਕਾਹਲੇ ਕਦਮੀਂ, ਕਾਰ ਵਿਚ ਆ ਬੈਠਦੀ ਹੈ...ਤੇ ਬਿਨਾਂ ਕੌਸ਼ਲ ਵੱਲ ਦੇਖਿਆਂ, ਗੱਡੀ ਸਟਾਰਟ ਕਰ ਦਿੰਦੀ ਹੈ...ਚਾਲੀ...ਪੰਜਾਹ...ਸੱਠ...ਗੱਡੀ ਭੱਜੀ ਜਾ ਰਹੀ ਹੈ...ਉਸਨੂੰ ਲੱਗਦਾ ਹੈ, ਹੁਣ ਕਿਤੇ ਕੋਈ ਰੈੱਡ ਲਾਈਟ ਨਹੀਂ...ਹਰ ਪਾਸੇ ਹਰੀਆਂ ਬੱਤੀਆਂ ਵਾਲੇ ਦਰਖ਼ਤ ਉੱਗ ਆਏ ਨੇ...ਬਸ, ਦੌੜਨਾ ਹੈ, ਆਖ਼ਰੀ ਸਾਹ ਤਕ ਦੌੜਦੇ ਰਹਿਣਾ ਹੈ...ਆਪਣੇ ਆਪ ਤੋਂ...।...ਤੇ ਜਿਸ ਰਿਸ਼ਤੇ ਨੂੰ ਆਪਣੇ ਕੈਰੀਅਰ ਲਈ ਕਈ ਵਰ੍ਹੇ ਪਹਿਲਾਂ ਤੋੜ ਦਿੱਤਾ ਸੀ, ਅੱਜ ਫੀਸ ਨਾ ਲੈ ਕੇ, ਫੇਰ ਦਿਲ ਦੇ ਕਿਸੇ ਕੋਨੇ ਵਿਚ ਉਸਨੂੰ ਜਿਊਂਦਾ ਕਰ ਲਿਆ ਹੈ।

    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

No comments:

Post a Comment