Saturday, February 21, 2009

ਆਤੰਕਵਾਦ ਬੜੇ ਕਾਮ ਕੀ ਚੀਜ਼ : ਅਭਿਰੰਜਨ ਕੁਮਾਰ

ਹਿੰਦੀ ਵਿਅੰਗ : ਆਤੰਕਵਾਦ ਬੜੇ ਕਾਮ ਕੀ ਚੀਜ਼… ਲੇਖਕ :: ਅਭਿਰੰਜਨ ਕੁਮਾਰ
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮੁਬਾਇਲ : 94177-30600.

ਬਲਾਸਟ ਦੀ ਖ਼ਬਰ ਆਈ ਹੈ। ਨਿਊਜ਼ ਰੂਮ ਵਿਚ ਅਚਾਨਕ ਗਹਿਮਾ-ਗਹਿਮੀ ਵਧ ਗਈ ਹੈ। ਹੱਤਿਆ ਤੇ ਬਲਾਤਕਾਰ ਦੀਆਂ ਖ਼ਬਰਾਂ ਦੀ ਕਮੀ ਕਰਕੇ ਅੱਜ ਉਂਜ ਹੀ ਖ਼ਬਰਾਂ ਦਾ ਅਕਾਲ ਪਿਆ ਜਾਪਦਾ ਸੀ। ਸੰਪਾਦਕ ਜੂਝ ਰਹੇ ਸਨ ਕਿ ਹੈਡ-ਲਾਈਨਜ਼ ਕੀ ਦੇਈਏ! ਮਾਹੌਲ ਠੁੱਸ ਜਿਹਾ ਹੋਇਆ ਹੋਇਆ ਸੀ ਤੇ ਹਰ ਪਾਸੇ ਸਿਲ੍ਹੀ-ਜਿਹੀ ਸ਼ਾਂਤੀ ਸੀ। ਕੋਈ ਉਬਾਸੀਆਂ ਲੈ ਰਿਹਾ ਸੀ, ਕੋਈ ਆਪਣੇ ਫੇਫੜੇ ਫੂਕਣ ਲਈ ਹੇਠਾਂ ਸਮੋਕਿੰਗ ਜੋਨ ਵਿਚ ਚਲਾ ਗਿਆ ਸੀ। ਕੁਝ ਲੋਕਾਂ ਨੂੰ ਇਹਨੀਂ ਦਿਨੀ ਬਲਾਗਜ਼ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ, ਉਹ ਬਲਾਗ ਚਰਚਾ ਵਿਚ ਰੁੱਝੇ ਹੋਏ ਸਨ। ਪਰ ਇਸ ਹਮਲੇ ਦਾ ਸ਼ੁਕਰੀਆ---ਯਕਦਮ ਸਾਰੇ ਹਰਕਤ ਵਿਚ ਆ ਗਏ ਨੇ। ਨਿਊਜ਼ ਰੂਮ ਵਿਚ ਸ਼ੋਰ ਵਧ ਗਿਆ ਹੈ। ਕੀ ਆਊਟ-ਪੁੱਟ ਵਾਲੇ ਤੇ ਕੀ ਇਨ-ਪੁੱਟ ਵਾਲੇ---ਸਾਰੇ ਹੀ ਚੀਕ-ਕੂਕ ਰਹੇ ਨੇ ਤੇ ਨਾਲ ਹੀ ਪ੍ਰੋਡਕਸ਼ਨ ਵਾਲੇ ਵੀ ਨੇ। ਚੈਨਲ ਦੀ ਸਕਰੀਨ ਉੱਤੇ ਬਰੇਕਿੰਗ ਨਿਊਜ ਵਾਲੀ ਪੱਟੀ ਨੇ ਇਕ ਚੌਥਾਈ ਜਗ੍ਹਾ ਘੇਰ ਲਈ ਹੈ। ਰਿਪੀਟ ਪ੍ਰੋਗ੍ਰਾਮ ਨੂੰ ਕਰੈਸ਼ ਕਰਕੇ, ਐਂਕਰ ਨੇ ਮੋਰਚਾ ਸੰਭਾਲ ਲਿਆ ਹੈ। ਗਲੇ ਵਿਚ ਕਿੰਨੀ ਜਾਨ ਹੈ---ਇਸਦੇ ਇਮਤਿਹਾਨ ਦਾ ਸਮਾਂ ਆ ਗਿਆ ਹੈ। ਹੈਡ-ਲਾਈਨਜ਼ ਦਾ ਸੰਕਟ ਖ਼ਤਮ ਹੋ ਚੁੱਕਿਆ ਹੈ। ਚਾਰ ਹੈਡ-ਲਾਈਨਜ਼ ਤਾਂ ਇਸ ਧਮਾਕੇ ਦੇ ਪ੍ਰਤਾਪ ਨਾਲ ਹੀ ਬਣ ਗਈਆਂ ਨੇ : 'ਪ੍ਰਧਾਨ ਮੰਤਰੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।'...'ਸੁਪਰ ਪ੍ਰਧਾਨ-ਮੰਤਰੀ ਨੇ ਇਸ ਨੂੰ ਆਤੰਕਵਾਦੀਆਂ ਦੀ ਕਾਇਰਾਨਾ ਹਰਕਤ ਕਿਹਾ ਹੈ। ਤੇ ਕਿਹਾ ਹੈ ਕਿ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ।' ਗ੍ਰਹਿ ਮੰਤਰੀ ਦਾ ਦੂਰ-ਅੰਦੇਸ਼ੀ ਬਿਆਨ ਵੀ ਆ ਗਿਆ ਹੈ। ਉਹਨਾਂ ਕਿਹਾ ਹੈ, 'ਮੁੱਢਲੇ ਸੰਕੇਤਾਂ ਮੁਤਾਬਿਕ ਇਸ ਦੇ ਤਾਰ ਸੀਮਾ ਪਾਰ ਨਾਲ ਜੁੜੇ ਹੋਏ ਹਨ।' ਹੁਣੇ ਥੋੜ੍ਹੀ ਦੇਰ ਵਿਚ ਮੰਤਰੀ, ਅਫ਼ਸਰ ਸਾਰੇ ਘਟਨਾਂ ਵਾਲੀ ਜਗ੍ਹਾ ਵੱਲ ਕੂਚ ਕਰ ਜਾਣਗੇ। ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਵੀ ਥੋੜ੍ਹੇ ਚਿਰ ਵਿਚ ਹੀ ਹੋ ਜਾਵੇਗਾ। ਫੱਟੜਾਂ ਨੂੰ ਪੱਚੀ-ਪੰਜਾਹ ਹਜ਼ਾਰ ਰੁਪਏ ਮਿਲ ਜਾਣਗੇ। ਅਸੀਂ ਲੋਕ ਆਤੰਕਵਾਦ ਨੂੰ ਐਵੇਂ ਹੀ ਨਿੰਦਦੇ-ਨੇਹਣਦੇ ਰਹਿੰਦੇ ਹਾਂ। ਇਸ ਨੂੰ ਸਮੱਸਿਆ ਵਾਂਗ ਨਹੀਂ ਬਲਿਕੇ ਇਕ ਵਰਦਾਨ ਵਾਂਗ ਦੇਖਣਾ ਚਾਹੀਦਾ ਹੈ। ਕਿਤੇ ਕੋਈ ਧਮਾਕਾ ਹੁੰਦਾ ਹੈ ਤਾਂ ਲੱਗਦਾ ਹੈ ਕਿ ਦੇਸ਼ ਵਿਚ ਸਾਰੇ ਮੁਸ਼ਤੈਦ ਨੇ। ਕੋਈ ਕੰਮ ਹੋ ਰਿਹਾ ਹੈ---ਦੇਸ਼ ਦੀ ਚਿੰਤਾ ਕਰਨ ਵਾਲੇ ਲੋਕ ਅਜੇ ਜਿਊਂਦੇ ਨੇ।
ਆਤੰਕਵਾਦ ਦਾ ਸਾਰਿਆਂ ਨੂੰ ਲਾਭ ਹੈ। ਨਿਊਜ਼ ਚੈਨਲਾਂ ਨੂੰ ਲਾਭ ਹੈ; ਅਖ਼ਬਾਰਾਂ ਨੂੰ ਲਾਭ ਹੈ---ਅੱਜ ਦੀ ਤਾਰੀਖ਼ ਵਿਚ ਮੀਡੀਏ ਲਈ ਇਕ ਵੱਡੇ ਧਮਾਕੇ ਨਾਲੋਂ ਵੱਡੀ ਖ਼ਬਰ, ਕੋਈ ਹੋਰ ਨਹੀਂ ਹੋ ਸਕਦੀ। ਤੁਸੀਂ ਉਸ ਨਾਲ ਕਈ ਘੰਟੇ ਨਹੀਂ, ਕਈ ਦਿਨਾਂ ਤਕ ਖੇਡ ਸਕਦੇ ਹੋ। ਘਟਨਾਂ ਵਾਲੀ ਜਗ੍ਹਾ ਦੀਆਂ ਤਸਵੀਰਾਂ, ਹਸਪਤਾਲ ਦੀਆਂ ਤਸਵੀਰਾਂ, ਰੋਂਦੇ-ਪਿਟਦੇ ਯਾਰਾਂ-ਰਿਸ਼ਤੇਦਾਰਾਂ ਦੀਆਂ ਤਸਵੀਰਾਂ, ਫੱਟੜਾਂ ਦੀ ਮਦਦ ਲਈ ਅੱਗੇ ਆਏ ਲੋਕਾਂ ਦੀਆਂ ਤਸਵੀਰਾਂ, ਨੇਤਾਵਾਂ ਤੇ ਅਫ਼ਸਰਾਂ ਦੇ ਦੌਰੇ ਦੀਆਂ ਤਸਵੀਰਾਂ, ਸਾਰੇ ਨੇਤਾਵਾਂ ਦੇ ਬਿਆਨ, ਮੁਆਵਜ਼ੇ ਦਾ ਐਲਾਨ---ਇਹ ਸਾਰਾ ਤੁਹਾਡੇ ਪੂਰੇ ਦਿਨ ਦਾ ਭਰਪੂਰ ਮਸਾਲਾ ਹੁੰਦੇ ਨੇ। ਦੂਜੇ ਦਿਨ ਤੁਸੀਂ ਪੀੜਤ ਪਰਿਵਾਰਾਂ ਦੀ ਤਰਾਸਦੀ ਵਿਖਾਅ ਕੇ ਉਹਨਾਂ ਦੇ ਮਨੂੱਖੀ ਪੱਖਾਂ ਉੱਤੇ ਉਂਗਲ ਰੱਖ ਸਕਦੇ ਹੋ। ਬਲਾਸਟ ਵਿਚ ਕੋਈ ਅਜਿਹਾ ਜ਼ਰੂਰ ਮਰਿਆ ਹੋਵੇਗਾ, ਜਿਸਦਾ ਅਜੇ ਨਵਾਂ-ਨਵਾਂ ਵਿਆਹ ਹੋਇਆ ਹੋਵੇਗਾ ਜਾਂ ਵਿਆਹ ਹੋਣ ਵਾਲਾ ਹੋਵੇਗਾ। ਕਿਸੇ ਦੀ ਮਾਂ, ਕਿਸੇ ਦਾ ਪਿਓ, ਕਿਸੇ ਦੀ ਪਤਨੀ, ਕਿਸੇ ਦੇ ਬੱਚੇ ਇਸ ਬਲਾਸਟ ਵਿਚ ਜ਼ਰੂਰ ਕੁਰਬਾਨ ਹੋਏ ਹੋਣਗੇ। ਕਈ ਅਜਿਹੇ ਲੋਕ ਵੀ ਹੋਣਗੇ ਜਿਹੜੇ ਇਸ ਧਮਾਕੇ ਪਿੱਛੋਂ ਲਾਪਤਾ ਹੋ ਗਏ ਹੋਣਗੇ। ਤੁਸੀਂ ਦਿਖਾਅ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਲੋਕ ਉਹਨਾਂ ਦੀ ਤਸਵੀਰ ਲੈ ਕੇ ਹਸਪਤਾਲਾਂ ਵਿਚ, ਪੁਲਿਸ ਠਾਣਿਆ ਵਿਚ ਉਹਨਾਂ ਨੂੰ ਲੱਭਣ ਲਈ ਜੱਦੋ-ਜਹਿਦ ਕਰ ਰਹੇ ਨੇ। ਜਾਂਚ ਨਾਲ ਜੁੜੇ ਪੱਖ, ਇੰਟੈਲੀਜੇਂਸੀ ਦੀ ਨਾਕਾਮੀ, ਪੁਲਿਸ ਦੀ ਨਾਕਾਮੀ ਇਹ ਸਾਰੇ ਮਸਲੇ ਨੇ, ਜਿਹਨਾਂ ਉਪਰ ਕਹਾਣੀਆਂ ਬਣ ਸਕਦੀਆਂ ਨੇ। ਇਸ ਦੇ ਇਲਾਵਾ ਇਹ ਵਿਖਾਉਣਾ ਵੀ ਦਿਲਚਸਪ ਹੁੰਦਾ ਹੈ ਕਿ ਕਿਸ ਤਰ੍ਹਾਂ ਐਨੇ ਵੱਡੇ ਧਮਾਕੇ ਪਿੱਛੋਂ ਅਗਲੀ ਸਵੇਰ ਸਾਰਾ ਸ਼ਹਿਰ ਆਪਣੇ ਕੰਮਾਂ-ਧੰਦਿਆਂ ਵਿਚ ਜੁਟ ਜਾਂਦਾ ਹੈ। ਇਸ ਜਜ਼ਬੇ ਨੂੰ ਸਲਾਮ। ਦੋ ਸੌ ਲੋਕ ਮਰੇ ਨੇ, ਬਾਕੀ ਲੋਕ ਆਪੁ-ਆਪਣੇ ਕੰਮ-ਧੰਦੇ ਵਿਚ ਰੁੱਝ ਗਏ ਨੇ। ਮੁੰਬਈ ਤੈਨੂੰ ਸਲਾਮ; ਦਿੱਲੀ ਤੈਨੂੰ ਸਲਾਮ; ਬਨਾਰਸ ਤੈਨੂੰ ਸਲਾਮ। ਇਸ ਪਿੱਛੋਂ ਮੁਆਵਜ਼ਾ ਮਿਲਣ ਵਿਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੀਆਂ ਖ਼ਬਰਾਂ; ਦੇਸ਼ ਭਰ ਵਿਚ ਆਤੰਕਵਾਦ ਦੇ ਵਿਰੋਧ ਵਿਚ ਪ੍ਰਦਰਸ਼ਣ ਦੀਆਂ ਖ਼ਬਰਾਂ। ਜਿਵੇਂ-ਜਿਵੇਂ ਦਿਨ ਮਹੀਨੇ ਬੀਤਣਗੇ---ਜਾਂਚ ਵਿਚ ਢਿੱਲ, ਸ਼ੱਕੀ ਵਿਅਕਤੀਆਂ ਤੋਂ ਪੁੱਛ-ਗਿੱਛ ਤੇ ਅਦਾਲਤੀ ਕਾਰਵਾਈ ਦੀਆਂ ਖ਼ਬਰਾਂ ਬਣਨਗੀਆਂ। ਸਾਲ ਬੀਤ ਜਾਏਗਾ ਤਾਂ ਬਰਸੀ ਦੀ ਖ਼ਬਰ ਬਣੇਗੀ। ਇਕ ਧਮਾਕੇ ਵਿਚ ਕਿੰਨਾ ਕੁਛ ਹੈ!
…ਤੇ ਸਿਰਫ ਮੀਡੀਏ ਦਾ ਹੀ ਕਿਉਂ, ਇਸ ਨਾਲ ਨੇਤਾਵਾਂ ਦਾ ਵੀ ਲਾਭ ਹੈ। ਸੱਤਾਧਾਰੀਆਂ ਨੂੰ ਫਾਇਦਾ ਹੈ। ਵਿਰੋਧੀ ਦਲ ਨੂੰ ਫਾਇਦਾ ਹੈ। ਆਤੰਕਵਾਦ ਦਾ ਚੁੱਲ੍ਹਾ ਗਰਮ ਹੋਵੇ ਤਾਂ ਰਾਜਨੀਤੀ ਦੀਆਂ ਰੋਟੀਆਂ ਸੇਕਣ ਲਈ ਇਸ ਨਾਲੋਂ ਚੰਗੀ-ਚੋਖੀ ਅੱਗ ਨਹੀਂ ਮਿਲ ਸਕਦੀ। ਇਸ ਨਾਲ ਹਿੰਦੂ ਵੋਟਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਫਾਇਦਾ ਹੈ। ਮੁਸਲਮਾਨ ਵੋਟਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਫਾਇਦਾ ਹੈ। ਹਿੰਦੂ ਵੋਟਾਂ ਦੀ ਰਾਜਨੀਤੀ ਕਰਨ ਵਾਲੇ ਮੁਸਲਮਾਨਾਂ ਦੇ ਵਿਰੁੱਧ ਬੋਲ ਕੇ ਹਿੰਦੂ ਵੋਟਰਾਂ ਨੂੰ ਲਾਮਬੰਦ ਕਰ ਸਕਦੇ ਨੇ ਤੇ ਮੁਸਲਿਮ ਵੋਟਾਂ ਦੀ ਰਾਜਨੀਤੀ ਕਰਨ ਵਾਲੇ ਮੁਸਲਮਾਨਾਂ ਦੇ ਮਨ ਵਿਚ ਅਸੁਰੱਖਿਆ ਦੀ ਭਾਵਨਾ ਜਗਾ ਕੇ ਲਾਭ ਲੈ ਸਕਦੇ ਨੇ। ਕੋਈ ਆਤੰਕਵਾਦੀ ਫੜ੍ਹਿਆ ਜਾਂਦਾ ਹੈ ਤਾ ਹਾਏ-ਤੋਬਾ ਮਚਾਉਣ ਲਈ ਬੜਾ ਹੀ ਵਧੀਆ ਮੌਕਾ ਹੁੰਦਾ ਹੈ ਕਿ ਦੇਖੋ-ਦੇਖੋ, ਕਿਵੇਂ ਚੁਣ-ਚੁਣ ਕੇ ਮੁਸਲਮਾਨਾਂ ਨੂੰ ਫੜ੍ਹਿਆ ਜਾ ਰਿਹਾ ਹੈ ਤੇ ਕਿੰਜ ਇਸ ਦੇਸ਼ ਦੇ ਹਿੰਦੂ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਨੇ।
ਆਤੰਕਵਾਦ ਦਾ ਭਾਰਤ ਦੀ ਸਰਕਾਰ ਨੂੰ ਵੀ ਫਾਇਦਾ ਹੈ ਤੇ ਪਾਕਿਸਤਾਨ ਦੀ ਸਰਕਾਰ ਨੂੰ ਵੀ। ਆਤੰਕਵਾਦ ਹੈ ਤਾਂ ਬਾਕੀ ਸਾਰੇ ਮੁੱਦੇ ਫਿੱਕੇ ਨੇ। ਆਤੰਕਵਾਦ ਹੈ ਤਾਂ ਨਾ ਭੁੱਖ ਹੈ, ਨਾ ਗਰੀਬੀ, ਨਾ ਬੇਰੋਜ਼ਗਾਰੀ। ਆਤੰਕਵਾਦ ਹੈ ਤਾਂ ਨਾ ਕੋਈ ਬਿਮਾਰ ਹੈ, ਨਾ ਕੋਈ ਅਨਪੜ੍ਹ। ਨਾ ਬਿਜਲੀ ਪਾਣੀ ਦਾ ਸੰਕਟ ਹੈ, ਨਾ ਸੜਕਾਂ ਦੀ ਹਾਲਤ ਖਸਤਾ ਹੈ। ਦੋਵੇਂ ਦੇਸ਼ ਇਕ ਦੂਜੇ ਦੇ ਖ਼ਿਲਾਫ ਬਿਆਨ ਦੇਂਦੇ ਰਹਿਣ। ਹਿੰਦੂ ਮੁਸਲਮਾਨਾਂ ਦੇ ਵਿਰੁੱਧ ਬੋਲਦੇ ਰਹਿਣ; ਮੁਸਲਮਾਨ ਹਿੰਦੂਆਂ ਦੇ ਖ਼ਿਲਾਫ ਬੋਲਦੇ ਰਹਿਣ---ਦੇਸ਼ ਚੱਲਦਾ ਰਹੇਗਾ; ਸਰਕਾਰਾਂ ਚੱਲਦੀਆਂ ਰਹਿਣਗੀਆਂ। ਨਾ ਬਗ਼ਾਵਤ ਹੋਵੇਗੀ, ਨਾ ਅੰਦੋਲਨ ਹੋਣਗੇ।
ਆਤੰਕਵਾਦ ਹੈ ਤਾਂ ਅਮਰੀਕਾ ਨੂੰ ਫ਼ਾਇਦਾ ਹੈ। ਬ੍ਰਿਟੇਨ ਨੂੰ ਫ਼ਾਇਦਾ ਹੈ। ਉਹਨਾਂ ਨੂੰ ਲੜਨ ਤੇ ਲੜਾਉਣ ਦੇ ਕਾਰਨ ਮਿਲ ਜਾਂਦੇ ਨੇ। ਇਰਾਕ ਤੇ ਅਫ਼ਗਾਨਿਸਤਾਨ ਉੱਤੇ ਹਮਾਲਾ ਕਰਨ ਦਾ ਕਾਰਨ ਮਿਲ ਜਾਂਦਾ ਹੈ। ਹਥਿਆਰ ਵੇਚਣ ਦੇ ਚਾਂਸ ਮਿਲ ਜਾਂਦੇ ਨੇ। ਉਹ ਤੇਲ ਮਿਲ ਜਾਂਦਾ ਹੈ ਜਿਸ ਨਾਲ ਅਰਥ-ਢਾਂਚੇ ਦੇ ਜਰ-ਖਾਧੇ ਪੁਰਜਿਆਂ ਨੂੰ ਚਿਕਨਾਹਟ ਮਿਲ ਜਾਂਦੀ ਹੈ। ਪੂਰੀ ਦੁਨੀਆਂ ਉੱਤੇ ਆਪਣੀ ਦਾਦਾਗਿਰੀ ਕਾਇਮ ਹੁੰਦੀ ਹੈ। ਆਤੰਕਵਾਦ ਹੈ ਤਾ ਓਸਾਮਾ ਬਿਨ ਲਾਦੇਨ, ਸੱਦਾਮ ਹੁਸੈਨ---ਸਾਰੇ ਹੀਰੋ ਨੇ: ਕੋਈ ਜਿਉਂਦੇ-ਜੀਆ, ਕੋਈ ਮਰ ਕੇ। ਆਤੰਕਵਾਦ ਹੈ ਤਾਂ ਦੁਨੀਆਂ ਵਿਚ ਮਨੁੱਖੀ ਅਧਿਕਾਰ ਵਾਦੀਆਂ ਦੇ ਵੀ ਪੌਂ ਬਾਰਾਂ ਨੇ। ਆਤੰਕਵਾਦੀਆਂ ਉੱਤੇ ਪੁਲਿਸ ਤੇ ਕਾਨੂੰਨ ਦੀਆਂ ਵਧੀਕੀਆਂ ਤੇ ਉਹਨਾਂ ਨਾਲ ਹੋਈ ਮੁੱਠ-ਭੇੜ ਉੱਤੇ ਸਵਾਲ ਖੜ੍ਹੇ ਕਰਨ ਨਾਲ ਉਹਨਾਂ ਦੀ ਦੁਕਾਨਦਾਰੀ ਧੜਾਧੜ ਚੱਲਦੀ ਰਹਿੰਦੀ ਹੈ। ਬੁੱਧੀਜੀਵੀਆਂ ਦੀ ਹਿਮਾਇਤ ਮਿਲਦੀ ਹੈ। ਉਹਨਾਂ ਉੱਤੇ ਵੱਡੇ-ਵੱਡੇ ਲੋਖ ਲਿਖੇ ਜਾਂਦੇ ਨੇ। ਅੰਤਰ-ਰਾਸ਼ਟਰੀ ਇਨਾਮਾਂ ਦੀ ਝੜੀ ਲੱਗ ਜਾਂਦੀ ਹੈ।
ਆਤੰਕਵਾਦ ਹੈ ਤਾਂ ਆਤੰਕਵਾਦੀਆਂ ਨੂੰ ਵੀ ਲਾਭ ਹੈ। ਕਿੰਨੇ ਬੇਰੁਜ਼ਗਾਰ ਨੌਜਵਾਨਾਂ ਦੇ ਪਰਿਵਾਰ ਪਲਦੇ ਨੇ। ਬੇਰੁਜ਼ਗਾਰੀ ਦੇ ਆਲਮ ਵਿਚ ਨੌਕਰੀਆਂ ਮੰਗ ਰਹੇ ਆਮ ਨੌਜਵਾਨਾਂ ਉੱਤੇ ਜਾਂ ਆਪਣੀ ਕੋਈ ਸਮੱਸਿਆ ਲੈ ਕੇ ਅੰਦੋਲਨ ਕਰ ਰਹੇ ਆਮ ਲੋਕਾਂ ਲਈ ਸਰਕਾਰਾਂ ਕੋਲ ਡਾਂਗਾਂ-ਗੋਲੀਆਂ ਨੇ, ਪਰ ਆਤੰਕਵਾਦੀਆਂ ਨੂੰ ਗੱਲਬਾਤ ਦੀ ਮੇਜ਼ ਉੱਤੇ ਲਿਆਉਣ ਲਈ ਵੱਡੇ-ਵੱਡੇ ਦੇਸ਼ਾਂ ਦੀਆਂ ਸਰਕਾਰਾਂ ਤਰਸਦੀਆਂ ਰਹਿੰਦੀਆਂ ਨੇ। ਅੰਦਰ ਖਾਤੇ ਗੱਲਬਾਤ ਹੁੰਦੀ ਹੈ। ਉਹਨਾਂ ਨਾਲ ਇਸ ਗੱਲ ਦੀ ਮੰਨ-ਮਨੌਤ ਹੁੰਦੀ ਹੈ ਕਿ ਹਥਿਆਰ ਛੱਡ ਕੇ ਮੁੱਖ-ਧਾਰਾ ਵਿਚ ਆ ਜਾਓ---ਲੋਕ ਤੰਤਰ ਦੀ ਪੁਕਾਰ ਹੈ; ਚੋਣ ਲੜੋ, ਜਿੱਤੋ ਤੇ ਰਾਜ ਕਰੋ।
ਜਿਹਨਾਂ ਨੂੰ ਆਤੰਕਵਾਦ ਦਾ ਸ਼ਿਕਾਰ ਕਹਿੰਦੇ ਨੇ, ਉਹਨਾਂ ਦਾ ਵੀ ਫਾਇਦਾ ਹੁੰਦਾ ਹੈ। ਉਹਨਾਂ ਵਿਚ ਵਧੇਰੇ ਅਜਿਹੇ ਲੋਕ ਹੁੰਦੇ ਨੇ, ਜਿਹੜੇ ਆਪਣੇ ਪਰਿਵਾਰ ਲਈ ਸਾਰੀ ਜ਼ਿੰਦਗੀ ਵਿਚ ਪੰਜ ਲੱਖ ਰੁਪਏ ਨਹੀਂ ਕਮਾਅ ਸਕਦੇ। ਉਹ ਮੁਆਵਜ਼ੇ ਦੇ ਤੌਰ 'ਤੇ ਉਹਨਾਂ ਨੂੰ ਇਕੋ ਵਾਰੀ ਮਿਲ ਜਾਂਦਾ ਹੈ। ਪੰਜ ਜਣੇ ਮਰੇ, ਪੱਚੀ ਲੱਖ---ਯਾਨੀ ਬਚਿਆ ਹੋਇਆ ਛੇਵਾਂ ਆਦਮੀ ਮਾਲਾਮਾਲ। ਲੋਕਾਂ ਦੀ ਹਮਦਰਦੀ ਵੱਖਰੀ ਮਿਲਦੀ ਹੈ। ਵੱਡੇ ਨੇਤਾਵਾ, ਅਫ਼ਸਰਾਂ ਦੇ ਚਰਨਾਂ ਨਾਲ ਘਰ ਦੀ ਮਿੱਟੀ ਪਵਿੱਤਰ ਹੁੰਦੀ ਹੈ ਸੋ ਵੱਖਰੀ। ਅਖ਼ਬਾਰਾਂ ਵਿਚ ਨਾਂਅ ਛਪਦਾ ਹੈ। ਟੀ.ਵੀ. ਤੇ ਚਿਹਰਾ ਨਜ਼ਰ ਆਉਂਦਾ ਹੈ। ਉਹਨਾਂ ਦੀਆਂ ਰੋਂਦੀਆਂ, ਛਾਤੀ-ਪਿੱਟਦੀਆਂ ਤਸਵੀਰਾਂ ਵੇਖ-ਵੇਖ ਦੁਨੀਆਂ ਵਿਚ ਮਨੂੱਖਤਾ ਜਿਊਂਦੀ ਰਹਿੰਦੀ ਹੈ।
…ਸੋ ਜਿਸ ਆਤੰਕਵਾਦ ਨਾਲ ਮਨੁੱਖਤਾ ਦੇ ਫੁੱਲ ਖਿੜਦੇ ਨੇ ਤੇ ਚਮਨ ਵਿਚ ਹਰ ਪਾਸੇ ਫਾਇਦਿਆਂ ਦੀ ਝੜੀ ਲੱਗ ਜਾਂਦੀ ਹੈ---ਉਸ ਉਪਰ ਏਨੇ ਸਵਾਲ ਕਿਉਂ? ਉਸ ਨਾਲ ਏਨੀ ਨਫ਼ਰਤ ਕਿਉਂ? ਇਸ ਨੂੰ ਸੈਲੀਬਰੇਟ ਕਰ ਕੇ ਦੁਨੀਆਂ ਵਿਚ ਇਸ ਨੂੰ ਸਦੀਵੀਂ ਰੱਖਣ ਵਿਚ, ਵੱਡੇ-ਵੱਡੇ ਮੁਲਕਾਂ ਦੀਆਂ ਸਰਕਾਰਾਂ ਦਾ ਸਾਥ ਦਿਓ।

No comments:

Post a Comment