Friday, February 20, 2009

ਸੰਸਕਾਰਾਂ ਤੇ ਸ਼ਾਸਤਰਾਂ ਦੀ ਪੜ੍ਹਾਈ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਸੰਸਕਾਰਾਂ ਤੇ ਸ਼ਾਸਤਰਾਂ ਦੀ ਪੜ੍ਹਾਈ :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮਬਾਇਲ : 9417730600.


ਮੇਰਾ ਇਕ ਦੋਸਤ ਹੈ, ਕੱਟੜ ਮਾਰਕਸਵਾਦੀ। ਉਸਦੀ ਸੋਚ ਅਧੁਨਿਕ, ਵਿਗਿਆਨਕ ਤੇ ਬੁੱਧੀਵਾਦੀ ਹੈ। ਉਹ ਕੋਈ ਵੀਹ ਕੁ ਸਾਲ ਤੋਂ ਆਪਣੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਰਾਜਨੀਤਕ ਕੰਮਾਂ ਵਿਚ ਰੁਝਿਆ ਹੋਇਆ ਹੈ। ਉਹਦਾ ਕੋਈ ਆਪਣਾ ਵੀ ਹੈ, ਮੈਨੂੰ ਪਤਾ ਨਹੀਂ। ਪਰ ਉਹਦਾ ਵੀ ਕੋਈ ਹੈ ਜ਼ਰੂਰ ਸੀ। ਪਿਛਲੇ ਹਫ਼ਤੇ ਪ੍ਰਯਾਗ ਜਾ ਰਹੀ ਗੱਡੀ ਵਿਚ ਉਹ ਮੈਨੂੰ ਮਿਲ ਪਿਆ। ਉਸਨੇ ਸਿਰ ਮੁਨਵਾਇਆ ਹੋਇਆ ਸੀ।
ਮੈਂ ਪੁੱਛਿਆ, ''ਕਿੱਥੇ ਜਾ ਰਹੇ ਹੋ?''
ਉਹ ਬੋਲਿਆ, ''ਪ੍ਰਯਾਗਰਾਜ।''
ਲੋਕ ਚੋਰੀ ਕਰਨ ਜਾਂਦੇ ਨੇ ਤਾਂ ਇਸ ਸ਼ਹਿਰ ਨੂੰ ਇਲਾਹਾਬਾਦ ਕਹਿੰਦੇ ਨੇ, ਪਿੰਡ ਭਰਾਉਣ ਜਾਂਦੇ ਨੇ ਤਾਂ ਪ੍ਰਯਾਗਰਾਜ।
ਮੈਂ ਪੁੱਛਿਆ, ''ਆਹ, ਸਿਰ ਕਿਉਂ ਮੁਨਵਾ ਦਿੱਤਾ ਏ?''
ਉਸ ਕਿਹਾ, ''ਫਾਦਰ ਦੀ ਡੈੱਥ ਹੋ ਗਈ ਹੈ।''
ਮੈਂ ਕਿਹਾ, ''ਅੱਛਾ! ਪਹਿਲੀ ਵਾਰ ਪਤਾ ਲੱਗਾ ਜੇ ਕਿ ਤੁਹਾਡੇ ਵੀ ਕੋਈ ਫਾਦਰ ਸਨ!''
ਉਂਜ ਕੋਈ ਮਾੜੀ ਗੱਲ ਨਹੀਂ। ਆਪੋ-ਆਪਣੀ ਹੈਸੀਅਤ ਮੁਤਾਬਕ ਲੋਕਾਂ ਦੇ ਇਕ ਤੋਂ ਵੱਧ ਪਿਓ ਵੀ ਹੁੰਦੇ ਨੇ। ਮੈਂ ਇਕ ਅਜਿਹੇ ਬੰਦੇ ਨੂੰ ਜਾਣਦਾ ਹਾਂ ਜਿਸ ਦੇ ਪਰਸੋਂ ਤਕ ਪੈਂਤੀ ਪਿਓ ਸਨ। ਕੱਲ੍ਹ ਸਾਂਝੀ ਸਰਕਾਰ ਟੁੱਟਣ ਲੱਗੀ ਸੀ ਤਾਂ ਪੰਦਰਾਂ ਹੀ ਰਹਿ ਗਏ ਸਨ...ਤੇ ਅੱਜ ਫੇਰ ਉਹੋ ਸਰਕਾਰ ਹੈ ਤਾਂ ਉਸਦੇ ਪਿਓਆਂ ਦੀ ਗਿਣਤੀ ਅੱਠਤੀ ਹੋ ਗਈ ਹੈ।
ਮੈਨੂੰ ਉਸਦੇ 'ਫਾਦਰ' ਦੀ ਮੌਤ ਦਾ ਜ਼ਰਾ ਵੀ ਦੁੱਖ ਨਹੀਂ ਸੀ, ਕਿਉਂਕਿ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਸਾਂ। ਨਾਲੇ ਉਹ ਅੱਸੀ ਸਾਲ ਦੇ ਸਨ ਤੇ ਉਹਨਾਂ ਦੇ ਮਰ ਜਾਣ ਨਾਲ ਕੋਈ ਯਤੀਮ ਵੀ ਨਹੀਂ ਸੀ ਹੋਇਆ। ਮੇਰੇ ਦੋਸਤ ਨੂੰ ਵੀ ਦੁੱਖ ਨਹੀਂ ਸੀ, ਹਾਂ ਜ਼ਰਾ ਪਛਤਾਵਾ ਸੀ।
ਮੈਨੂੰ ਤਾਂ ਉਸਦੀ ਚਿੰਤਾ ਲੱਗੀ ਹੋਈ ਏ ਜਿਸਨੂੰ ਪਿਛਲੇ ਵੀਹ ਸਾਲ ਤੋਂ ਉਹ ਆਪਣਾ ਪਿਓ ਮੰਨੀ ਬੈਠਾ ਹੈ—ਯਾਨੀਕਿ ਮਾਰਕਸਵਾਦ। ਉਸਨੇ ਆਪਣੇ ਹੱਥੀਂ ਮਾਰਕਸਵਾਦ ਦਾ ਮੁੰਨਣ ਕਰ ਦਿੱਤਾ ਸੀ।
ਉਸਦੇ ਹੱਥ ਵਿਚ ਇਕ ਨਿੱਕੀ ਜਿਹੀ ਥੈਲੀ ਫੜ੍ਹੀ ਹੋਈ ਸੀ। ਮੈਂ ਪੁੱਛਿਆ, ''ਇਸ ਵਿਚ ਕੀ ਏ?''
ਉਸ ਕਿਹਾ, ''ਉਹਨਾਂ ਦੇ ਫੁੱਲ ਨੇ, ਤੈਨੂੰ ਏਨਾ ਵੀ ਨਹੀਂ ਪਤਾ...''
ਮੈਂ ਬੋਲਿਆ, ''ਮੈਂ ਸਮਝਿਆ ਸਾਂ, ਇਸ ਵਿਚ ਦਵੰਦਾਤਮਕ-ਭੌਤਿਕਵਾਦ ਹੈ। ਜਿਹੜਾ ਸੰਗਮ ਵਿਚ ਜਲ-ਪ੍ਰਵਾਹ ਕਰ ਦਿੱਤਾ ਜਾਏਗਾ।''
ਉਹ ਚਿੜ ਗਿਆ ਸੀ। ਬੋਲਿਆ, ''ਯਾਰ, ਇਹ ਬੜਾ ਈ ਟੇਢਾ ਸੰਘਰਸ਼ ਏ। ਇਕ ਪਾਸੇ ਕਰਾਂਤੀ ਦੀ ਤਾਂਘ ਤੇ ਦੂਜੇ ਪਾਸੇ ਸੰਸਕਾਰਾਂ ਦੇ ਨਾਲ-ਨਾਲ ਪਰਿਵਾਰਕ-ਭਾਵਨਾਵਾਂ।''
ਮੈਂ ਇਸ ਸੰਘਰਸ਼ ਬਾਰੇ ਵੀ ਜਾਣਦਾ ਹਾਂ। ਚਾਚਾ ਜੀ ਦੀ ਮੌਤ ਪਿੱਛੋਂ ਮੈਂ ਐਲਾਨ ਕਰ ਦਿੱਤਾ ਸੀ ਕਿ ਸ਼ਰਾਧ ਨਹੀਂ ਕਰਾਂਗਾ। ਮੇਰੀ ਉਹ ਗਤ ਬਣੀ ਸੀ ਕਿ ਮੈਂ ਹੀ ਜਾਣਦਾ ਹਾਂ। ਸ਼ਰਾਧ ਕਰਨ ਵਾਲੇ ਹੋਰ ਵੀ ਕਈ ਸਨ। ਚਾਚਾ ਜੀ ਕੋਈ ਮੇਰੇ ਭਰੋਸੇ 'ਤੇ ਤਾਂ ਪਰਲੋਕ ਗਏ ਨਹੀਂ ਸਨ। ਨਾਲੇ ਮੇਰੇ ਵਰਗੇ ਬੰਦੇ ਦੇ ਭਰੋਸੇ 'ਤੇ ਕੋਈ ਪਰਲੋਕ ਵਿਚ ਜਾ ਵੀ ਕਿੰਜ ਸਕਦਾ ਹੈ? ਮੇਰੇ ਭਰੋਸੇ 'ਤੇ ਤਾਂ ਕੋਈ ਇਸ ਦੁਨੀਆਂ ਵਿਚ ਵੀ ਨਹੀਂ ਰਹਿ ਸਕਦਾ।
ਮੇਰੇ ਮਨ ਵਿਚ ਇਕੋ ਸਵਾਲ ਸੀ—ਜੇ ਕੋਈ ਬੰਦਾ ਆਪਣੇ ਪੂਰੇ ਭੌਤਿਕ ਵਿਸ਼ਵਾਸ ਨਾਲ ਸਮਾਜਿਕ-ਕਰਾਂਤੀ ਲੈ ਆਉਣ ਵਿਚ ਰੁੱਝਿਆ ਹੋਵੇ ਤੇ ਉਸਦੀ ਚਾਚੀ ਕਹੇ ਕਿ ਪੁੱਤਰ ਜੇ ਤੂੰ ਸ਼ਰਾਧ ਨਾ ਕੀਤਾ ਤਾਂ ਤੇਰੇ ਚਾਚੇ ਦੀ ਆਤਮਾ ਨੂੰ ਦੁੱਖ ਹੋਏਗਾ ਤੇ ਪਰਲੋਕ ਵਿਚ ਉਹਨਾਂ ਦੀ ਦੁਰਗਤ ਹੋ ਜਾਏਗੀ, ਤਾਂ ਕਰਾਂਤੀਕਾਰੀ ਕੀ ਕਰੇਗਾ? ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਵੀ ਕਰਨੀ ਪੈਂਦੀ ਹੈ। ਫੇਰ ਕੀ ਉਹ ਇੰਜ ਕਹੇਗਾ, 'ਚਾਚੀ ਜੀ, ਤੁਸਾਂ ਦੀ ਇਹੋ ਮੰਸ਼ਾ ਹੈ ਤਾਂ ਮੈਂ ਕਰਾਂਤੀ ਦੀ ਰਾਹ ਛੱਡ ਦੇਂਦਾ ਹਾਂ?'
ਮੇਰਾ ਇਕ ਹੋਰ ਦੋਸਤ ਏ। ਉਹ ਕਰਨੀ ਤੇ ਕੱਥਨੀ ਦੋਹਾਂ ਵਿਚ ਮੈਥੋਂ ਵੱਧ ਸੁਲਝਿਆ ਹੋਇਆ ਸੀ। ਮੈਂ ਉਸੇ ਤੋਂ ਗਿਆਨ ਤੇ ਪ੍ਰੇਰਨਾ ਪ੍ਰਾਪਤ ਕੀਤੀ ਹੈ। ਇਕ ਦਿਨ ਉਹ ਵੀ ਰੰਗੇ ਹੱਥੀਂ ਫੜ੍ਹਿਆ ਗਿਆ। ਮੈਂ ਵੇਖਿਆ ਕਿ ਉਹ ਧੋਤੀ ਬੰਨ੍ਹ ਕੇ, ਚੌਂਕੜੀ ਮਾਰ ਕੇ ਬੈਠਾ ਹੋਇਆ ਹੈ ਤੇ ਸਤਨਾਰਾਇਣ ਦੀ ਕਥਾ ਕਰ ਰਿਹਾ ਹੈ। ਇੰਜ ਲੱਗਾ ਜਿਵੇਂ ਹਸਪਤਾਲ ਦੀ ਬੱਸ ਨੇ ਹੀ ਮੈਨੂੰ ਕੁਚਲ ਦਿੱਤਾ ਹੋਵੇ।
ਦੂਸਰੇ ਦਿਨ ਮੈਂ ਉਸਨੂੰ ਪੁੱਛਿਆ, 'ਕਿਉਂ ਝੂਠ-ਨਾਰਾਇਣ ਜੀ ਮਾਹਾਰਾਜ, ਕੱਲ੍ਹ ਕੀ ਹੋ ਰਿਹਾ ਸੀ?' ਉਸਨੇ ਉਤਰ ਦਿੱਤਾ, 'ਯਾਰ 'ਮਦਰ ਇਨ ਲਾਅ' (ਸੱਸ) ਖਹਿੜੇ ਪੈ ਗਈ ਸੀ।'
ਮੇਰਾ ਖ਼ਿਆਲ ਹੈ ਕਿ 'ਮਦਰ ਇਨ ਲਾਅ' ਦੀ ਕਿਸਮ ਸੱਸ ਨਾਲੋਂ ਰਤਾ ਵੱਖਰੀ ਹੁੰਦੀ ਹੈ। ਨਹੀਂ ਤਾਂ ਤਜ਼ਰਬੇ ਦਾ ਜ਼ਰੂਰ ਫ਼ਰਕ ਹੈ।
'ਮਦਰ ਇਨ ਲਾਅ' ਅਖਵਾਉਣ ਵਾਲੀਆਂ ਤੀਵੀਆਂ, ਕਰਾਂਤੀਕਾਰੀਆਂ ਦੀਆਂ ਦੁਸ਼ਮਣ ਹੁੰਦੀਆਂ ਨੇ। ਕਰਾਂਤੀਕਾਰੀ ਦਾ ਪਹਿਲਾ ਤੇ ਸਭ ਤੋਂ ਵੱਡਾ ਸੰਘਰਸ਼ 'ਮਦਰ ਇਨ ਲਾਅ' ਨਾਲ ਨਿਬੜਣਾ ਹੀ ਹੈ। ਗੱਲ ਕੁਝ ਇੰਜ ਹੁੰਦੀ ਹੈ ਕਿ ਉਹ ਪਤਨੀ ਦੇ ਦਿੰਦੀ ਹੈ ਤੇ ਪਤਨੀ ਆਪਣੇ ਫਰਜ਼ ਅਨੁਸਾਰ ਬੱਚੇ।...ਫੇਰ 'ਮਦਰ ਇਨ ਲਾਅ' ਆ ਕੇ ਕਹਿੰਦੀ ਹੈ, 'ਕਾਕਾ, ਆਪਣਾ ਨਹੀਂ ਤਾਂ ਬੱਚਿਆਂ ਦਾ ਖ਼ਿਆਲ ਕਰੋ।'
ਤੇ ਕਾਕਾ ਜੀ ਦਾ ਇਨਕਾਲਬੀਪੁਣਾ ਮੋੜ ਕੱਟ ਕੇ ਠੁੱਸ ਹੋ ਜਾਂਦਾ ਹੈ।
ਅਜਿਹੇ 'ਮਦਰ ਇਨ ਲਾਅ' ਦੇ ਸ਼ਿਕਾਰ ਕਰਾਂਤੀਕਾਰੀਆਂ ਦੇ ਵੀਹ-ਪੱਚੀ ਪਿੰਜਰ ਮੇਰੇ ਕੋਲ ਪਏ ਹੈਨ। ਤੁਸੀਂ ਵੀ ਕਈ ਅਜਿਹੇ ਬੰਦਿਆਂ ਨੂੰ ਜਾਣਦੇ ਹੋਵੋਗੇ।
ਸੰਸਕਾਰਾਂ ਤੇ ਸ਼ਾਸਤਰਾਂ ਦੀ ਪੜ੍ਹਾਈ ਬੜੀ ਦਿਲਚਸਪ ਹੁੰਦੀ ਹੈ। ਲੋਕਾਂ ਨੂੰ, ਸੰਸਕਾਰਾਂ ਤੇ ਅਰਥ-ਸ਼ਾਸਤਰ ਦੀ ਅਜਿਹੀ ਪੜ੍ਹਦਿਆਂ ਮੈਂ ਆਪ ਵੇਖਿਆ ਹੈ।
ਕੋਈ ਦੋ ਸਾਲ ਪਹਿਲਾਂ ਮੈਂ ਇਕ ਸ਼ਹਿਰ ਵਿਚ ਕਿਸੇ ਸਭਿਆਚਾਰਕ ਪ੍ਰੋਗਰਾਮ ਵਿਚ ਗਿਆ ਸਾਂ। ਉੱਥੇ ਇਕ ਸਾਹਿਤਕ ਰੂਚੀ ਵਾਲੇ ਸੱਜਣ ਖਹਿੜੇ ਹੀ ਪੈ ਗਏ ਸਨ ਕਿ ਮੇਰੇ ਘਰ ਚੱਲ ਕੇ ਚਾਹ ਜ਼ਰੂਰ ਪੀਓ। ਹਰ ਵਾਰ ਬੇਨਤੀ ਕਰਦੇ ਇਹ ਜ਼ਰੂਰ ਕਹਿੰਦੇ ਸਨ—'ਸਰਿਤਾ ਨੇ ਵੀ ਕਿਹਾ ਹੈ।' ਮੈਂ ਸਮਝ ਗਿਆ ਇਹ ਸਰਿਤਾ ਉਹਨਾਂ ਦੀ ਧਰਮ ਪਤਨੀ ਹੋਵੇਗੀ, ਜਿਸਨੂੰ ਸਾਹਿਤ ਪੜ੍ਹਨ ਤੇ ਕਵਿਤਾ ਵਗ਼ੈਰਾ ਲਿਖਣ ਦਾ ਸ਼ੌਕ ਹੋਏਗਾ। ਮੈਂ ਚਾਹ ਪੀਣ ਪਹੁੰਚਿਆ ਤਾਂ ਉਹਨਾਂ ਨੇ ਬੈਠਕ ਵਿਚੋਂ ਹੀ ਪਰਦੇ ਵੱਲ ਮੂੰਹ ਕਰਕੇ ਮੇਰੇ ਆਉਣ ਦਾ ਐਲਾਨ ਕਰ ਦਿੱਤਾ। ਦਵੰਧ ਵਿਚ ਫਸੇ, ਅੱਧ-ਅਧੁਨਿਕ ਪਰਿਵਾਰਾਂ ਵਿਚ ਇਸ ਤੋਂ ਪਿੱਛੋਂ ਕੀ ਵਾਪਰਦਾ ਹੈ? ਮੈਨੂੰ ਪਤਾ ਹੈ। ਪਤਨੀ ਆਉਂਦੀ ਹੈ, ਨਮਸਤੇ ਕਰਕੇ ਘੜੇ-ਘੜਾਏ ਵਾਕ ਬੋਲਣ ਲੱਗ ਪੈਂਦੀ ਹੈ—'ਅਸੀਂ ਅਕਸਰ ਤੁਹਾਡੀਆਂ ਕਹਾਣੀਆਂ ਪੜ੍ਹਦੇ ਹਾਂ...ਹਾਸੜ ਪੈ ਜਾਂਦੀ ਹੈ। ਬਸ ਕੀ ਦੱਸਾਂ...! ਬੜਾ ਹੀ ਹਾਸਾ ਆਉਂਦਾ ਏ।' ਉਸੇ ਸਮੇ ਉਸਨੂੰ 'ਦੰਪਤੀ-ਸੰਹਿਤਾ' ਦਾ ਨਿਯਮ ਨੰਬਰ 73 ਯਾਦ ਆ ਜਾਂਦਾ ਹੈ...'ਪਤਨੀਆਂ ਨੂੰ ਆਪਣੇ ਨਿੱਜੀ ਵਿਚਾਰ ਨਹੀਂ ਪੇਸ਼ ਕਰਨੇ ਚਾਹੀਦੇ। ਜੇ ਕਦੀ ਇੰਜ ਕਰਨਾ ਜ਼ਰੂਰੀ ਹੋਵੇ ਤਾਂ ਇਸ ਤਰ੍ਹਾਂ ਦੀ ਗੱਲਬਾਤ ਵਿਚ ਪਤੀ ਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ।' ਤੇ ਉਹ ਪਤੀ ਨੂੰ ਵੀ ਸ਼ਾਮਲ ਕਰ ਲੈਂਦੀ ਹੈ...'ਕਿਉਂ ਜੀ, ਉਹ ਕਿਹੜੀ ਕਹਾਣੀ ਪੜ੍ਹੀ ਸੀ ਆਪਾਂ, ਪਿਛਲੇ ਹਫ਼ਤੇ?'
ਜੇ ਘਰ ਵਿਚ ਕੋਈ ਨਿੱਕਾ ਨਿਆਣਾ ਹੋਵੇ ਤਾਂ ਉਸ ਤੋਂ ਮੱਲੋਮੱਲੀ 'ਅੰਕਲ-ਜੀ' ਨੂੰ ਨਮਸਕਾਰ ਕਰਵਾਈ ਜਾਂਦੀ ਹੈ। ਫੇਰ ਆਖਿਆ ਜਾਂਦਾ ਹੈ, 'ਅੰਕਲ ਤੈਨੂੰ ਬੜੀ ਸੋਹਣੀ ਕਹਾਣੀ ਸੁਣਾਉਣਗੇ।' ਤੇ ਕਦੀ-ਕਦੀ ਤਾਂ ਉੱਥੇ ਹੀ ਬੱਚੇ ਨੂੰ ਕੋਈ ਕਹਾਣੀ ਸੁਣਾ ਦੇਣ ਲਈ ਮਜ਼ਬੂਰ ਵੀ ਕੀਤਾ ਜਾਂਦਾ ਹੈ। ਮੇਰੇ ਕੋਲ ਵੀ ਬੜੇ ਨੁਸਖ਼ੇ ਨੇ। ਬਜ਼ੂਰਗਾਂ ਲਈ 'ਡਾਇਬਟੀਜ਼' ਦਾ ਤੇ ਬੱਚਿਆਂ ਲਈ ਕਾਲੀ ਖੰਘ ਦਾ। ਮੈਂ ਝੱਟ ਬੱਚੇ ਨੂੰ ਕਿਸੇ ਦਿਓ ਦੀ ਕਹਾਣੀ ਸੁਣਾ ਦਿੰਦਾ ਹਾਂ ਤੇ ਜੇ ਵਧੇਰੇ ਹੀ ਆਖਿਆ ਜਾਵੇ ਤਾਂ ਸਹੁਰਾ ਸਾਹਬ ਹੁਰਾਂ ਨੂੰ ਕ੍ਰਿਸ਼ਨ ਸੁਦਾਮੇਂ ਦੀ ਕਹਾਣੀ ਸੁਣਾ ਦਿੰਦਾ ਹਾਂ।
ਬੈਠਕ ਵਿਚ ਬੈਠ ਕੇ ਮੈਂ ਇਹੀ ਸੋਚ ਰਿਹਾ ਸਾਂ ਕਿ ਹੁਣੇ ਸਰਿਤਾ ਜੀ ਆਉਣਗੇ ਤੇ ਮਸ਼ੀਨੀ ਚਰਚਾ ਛਿੜ ਪਏਗੀ। ਕਾਫੀ ਦੇਰ ਹੋ ਚੁੱਕੀ ਸੀ ਪਰ ਸਰਿਤਾ ਜੀ ਤਾਂ ਕੀ ਕੋਈ 'ਨਾਲੀ-ਜੀ' ਵੀ ਨਹੀਂ ਸੀ ਆਈ। ਮੈਂ ਸੋਚਿਆ ਚਾਹ ਲੈ ਕੇ ਆਉਣਗੇ।...ਕੁਝ ਚਿਰ ਪਿੱਛੋਂ ਬੂਹੇ ਦੀ ਕੁੰੜੀ ਖੜਕੀ ਤੇ ਸ਼੍ਰੀਮਾਨ ਜੀ ਚਾਹ ਦੀ ਟਰੇ ਚੁੱਕ ਲਿਆਏ।
ਪਰਦੇ ਪਿੱਛੋਂ ਇਕ ਬਿੱਲੀ ਅੰਦਰ ਆ ਵੜੀ, ਏਸ ਘਰ ਦੀ ਇਸਤਰੀ ਜਾਤੀ ਵਿਚ ਇਹੋ ਇਕ ਬਿੱਲੀ ਸੀ ਜਿਹੜੀ ਪਰਦਾ ਨਹੀਂ ਸੀ ਕਰਦੀ।
ਕੁੰਡੀ ਧਾਤੂ ਯੁੱਗ ਤੋਂ ਚੱਲੀ ਆ ਰਹੀ 'ਕਾਲਬੈੱਲ' ਹੈ। ਸਰਿਤਾ ਜੀ ਕੁਝ ਸੰਸਕਾਰ ਆਪਣੇ ਪੇਕਿਓਂ ਲੈ ਕੇ ਆਏ ਹੋਣਗੇ ਤੇ ਬਾਕੀ ਏਥੇ ਮਿਲ ਗਏ ਹੋਣਗੇ। ਜੇ ਉਹਨਾਂ ਦੇ ਪੈਰ ਦਹਿਲੀਜ਼ ਵੱਲ ਵਧਦੇ ਨੇ ਤਾਂ ਹੱਥ ਆਪ-ਮੁਹਰੇ ਹੀ ਕੁੰਡੀ ਵੱਲ ਚਲਾ ਜਾਂਦਾ ਹੈ।
ਜੇ ਹਾਲ ਇਹ ਹੈ ਤਾਂ ਇਸ ਆਦਮੀ ਨੇ ਵਾਰ-ਵਾਰ ਇੰਜ ਕਿਉਂ ਕਿਹਾ ਸੀ—'ਸਰਿਤਾ ਜੀ ਨੇ ਵੀ ਆਉਣ ਲਈ ਕਿਹਾ ਹੈ।' ਏਸ ਨਾਟਕ ਵਿਚ ਸਰਿਤਾ ਦਾ ਬਸ ਏਨਾ ਹੀ 'ਰੋਲ' ਹੈ ਕਿ ਉਹ ਪਰਦੇ ਦੇ ਪਿੱਛੇ ਕੁੰਡੀ ਖੜਕਾਉਂਦੀ ਹੈ। ਜੇ ਇਸ ਆਦਮੀ ਨੇ ਸਰਿਤਾ ਨੂੰ ਰੰਗਮੰਚ 'ਤੇ ਲਿਆਉਣਾ ਹੈ ਤਾਂ ਬੂਹੇ ਦੀ ਕੁੰਡੀ ਨੂੰ ਲਾਹ ਕੇ ਸੁੱਟ ਦੇਣਾ ਚਾਹੀਦਾ ਹੈ। ਪਰ ਫੇਰ ਉਹ ਕੌਲੀਆਂ-ਭਾਂਡੇ ਖੜਕਾਉਣ ਲੱਗ ਪਏਗੀ।
ਮੈਂ ਫੇਰ ਦੋ ਸਾਲ ਪਿੱਛੋਂ ਉਸੇ ਸ਼ਹਿਰ ਵਿਚ ਗਿਆ ਸਾਂ ਤਾਂ ਉਹੀ ਸੱਜਣ ਮੈਨੂੰ ਚਾਹ ਪਿਆਉਣ ਲਈ ਘਰ ਲੈ ਗਏ ਸਨ। ਪਰ ਏਸ ਵਾਰੀ ਉਹਨਾਂ ਇਹ ਨਹੀਂ ਸੀ ਆਖਿਆ—'ਸਰਿਤਾ ਜੀ ਨੇ ਵੀ ਆਉਣ ਲਈ ਕਿਹਾ ਹੈ।' ਉਹਨਾਂ ਨੇ ਪਰਦੇ ਪਿੱਛੋਂ ਕੁੰਡੀ ਖੜਕਾਉਣ ਵਾਲਾ ਨਾਟਕ ਦਾ ਹਿੱਸਾ ਵੀ ਕੱਟ ਦਿੱਤਾ ਹੋਵੇਗਾ। ਮੈਂ ਬੈਠਕ ਵਿਚ ਪਹੁੰਚ ਗਿਆ ਸਾਂ, ਪਰ ਉਹਨਾਂ ਪਰਦੇ ਵੱਲ ਮੂੰਹ ਭੂਆਂ ਕੇ ਮੇਰੇ ਆ ਜਾਣ ਦਾ ਐਲਾਨ ਨਹੀਂ ਸੀ ਕੀਤਾ। ਕੁਝ ਚਿਰ ਪਿੱਛੋਂ ਸਰਿਤਾ ਜੀ ਆਪ ਹੀ ਚਾਹ ਵਾਲੀ ਟਰੇ ਚੁੱਕ ਕੇ ਅੰਦਰ ਆ ਗਏ। ਉਹਨਾਂ ਇਕ ਦੋ ਰਸਮੀ ਜਿਹੇ ਵਾਕ ਬੋਲੇ ਤੇ ਘੜੀ ਵੱਲ ਵਿੰਹਦਿਆਂ ਹੋਇਆਂ ਕਿਹਾ, 'ਤੁਸੀਂ ਚਾਹ ਪੀਓ। ਮੇਰਾ ਤਾਂ ਸਕੂਲ ਜਾਣ ਦਾ ਵੇਲਾ ਹੋ ਗਿਆ ਏ।' ਤੇ ਉਹ ਚੱਪਲਾਂ ਦੀ 'ਚਿੱਟ-ਪਿੱਟ' ਦਾ ਖੜਾਕ ਕਰਦੇ ਹੋਏ ਪੌੜੀਆਂ ਉਤਰ ਗਏ ਸਨ।
ਸ਼ੀਮਾਨ ਸਰਿਤਾ ਪਤੀ ਬੋਲੇ, 'ਸਕੂਲ ਵਿਚ ਨੌਕਰੀ ਕਰ ਲਈ ਏ। ਅੱਜ ਕੱਲ੍ਹ 'ਕੱਲੇ ਬੰਦੇ ਦੀ ਕਮਾਈ ਨਾਲ ਪੂਰਾ ਈ ਨਹੀਂ ਪੈਂਦਾ।'
ਮੈਂ ਸਮਝ ਗਿਆ ਅਰਥ-ਸ਼ਾਸਤਰ ਨੇ ਸੰਸਕਾਰਾਂ ਨੂੰ ਧੋਬੀ ਪਟਕਾ ਮਾਰ ਦਿੱਤਾ ਹੈ।
ਸਾਡੇ ਏਸ ਜ਼ਮਾਨੇ ਵਿਚ ਨਾਰੀ ਨੂੰ ਮੁਕਤੀ ਮਿਲਣ ਦਾ ਅਸਲੀ ਕਾਰਣ ਕੀ ਹੈ? ਕੋਈ ਅੰਦੋਲਨ? ਅਜੋਕਾ ਦ੍ਰਿਸ਼ਟੀਕੋਨ? ਜਾਂ ਆਪਣੇ ਵਿਅਕਤੀਤਵ ਦਾ ਅਹਿਸਾਸ?...ਜੀ ਨਹੀਂ, ਉਸਦੀ ਮੁਕਤੀ ਦਾ ਕਾਰਣ ਹੈ ਮਹਿੰਗਾਈ। ਨਾਰੀ ਮੁਕਤੀ ਦੇ ਇਤਿਹਾਸ ਵਿਚ ਇਹ ਵਾਕ ਸਦਾ ਅਮਰ ਰਹੇਗਾ—'ਕੱਲੇ ਬੰਦੇ ਦੀ ਕਮਾਈ ਨਾਲ ਪੂਰਾ ਈ ਨਹੀਂ ਪੈਂਦਾ।'
ਅਰਥ-ਸ਼ਾਸਤਰ ਸੰਸਕਾਰਾਂ ਦੀ ਹਿੱਕ ਉੱਤੇ ਚੜ੍ਹ ਬੈਠਾ ਹੈ ਤੇ ਉਹਨਾਂ ਦਾ ਗਲ਼ਾ ਘੁੱਟ ਰਿਹਾ ਹੈ। ਇਕ ਮੁੰਡਾ ਕਿਸੇ ਕੁੜੀ ਨੂੰ ਰਜ਼ਾਮੰਦੀ ਨਾਲ ਭਜਾ ਕੇ ਲੈ ਗਿਆ ਤੇ ਉਹਨਾਂ ਨੇ ਸਰਕਾਰੀ ਸ਼ਾਦੀ ਕਰ ਲਈ। ਮੁੰਡਾ ਭਲਾਮਾਣਸ, ਸੁੰਦਰ ਤੇ ਚੰਗੀ ਨੌਕਰੀ 'ਤੇ ਲੱਗਾ ਹੋਇਆ ਸੀ। ਸ਼ੁਰੂ ਵਿਚ ਕੁੜੀ ਦੀ ਮਾਂ ਦੇ ਸੰਸਕਾਰਾਂ ਨੇ ਬੜਾ ਹੀ ਜ਼ੋਰ ਮਾਰਿਆ, ਬੜੀ ਚੀਕਾ-ਰੌਲੀ ਪਾਈ। ਪਰ ਅਰਥ-ਸ਼ਾਸਤਰ ਤੋਂ ਜਰਿਆ ਨਾ ਗਿਆ। ਉਸਨੇ ਸੰਸਕਾਰਾਂ ਨੂੰ ਭੋਇੰ ਪਟਕ ਦਿੱਤਾ। ਮਾਂ ਨੇ ਸੋਚਿਆ, 'ਉਹ ਪੰਦਰਾਂ ਹਜ਼ਾਰ ਰੁਪਏ ਜਿਹੜੇ ਦਾਜ ਵਾਸਤੇ ਜੋੜੇ ਸਨ, ਬਚ ਗਏ ਨੇ। ਤੇ ਨਾਲੇ ਪੰਦਰਾਂ ਹਜ਼ਾਰ ਵਿਚ ਵੀ ਕਿਹੜਾ ਏਡਾ ਚੰਗਾ ਮੁੰਡਾ ਲੱਭ ਪੈਣਾ ਸੀ।' ਉਹਨਾਂ ਕਾਰਡ ਵੰਡ ਦਿੱਤੇ—ਲੋਕਾਂ ਨੂੰ 'ਪ੍ਰੀਤੀ ਭੋਜ' ਕਰ ਦਿੱਤਾ ਗਿਆ।
ਚੰਗੀਆਂ ਮਾਵਾਂ ਇੰਜ ਕਿਉਂ ਨਹੀਂ ਸੋਚਦੀਆਂ ਕਿ ਕੋਈ ਚੰਗਾ ਮੁੰਡਾ, ਉਹਨਾਂ ਦੀ ਕੁੜੀ ਨੂੰ ਭਜਾ ਕੇ ਲੈ ਜਾਵੇ ਤੇ ਵਿਆਹ ਕਰਵਾ ਕੇ ਸਾਨੂੰ ਦਸ ਦੇਵੇ ਤਾਂ ਜੋ ਅਸੀਂ ਪ੍ਰੀਤੀ ਭੋਜ ਦੇ ਦੇਈਏ।
ਆਪਸੀ ਲੜਾਈ ਝਗੜੇ ਸ਼ਾਸਤਰਾਂ ਵਿਚ ਵੀ ਹੁੰਦੇ ਨੇ। ਅਰਥ-ਸ਼ਾਸਤਰ ਜਦੋਂ ਧਰਮ-ਸ਼ਾਸਤਰ ਉੱਤੇ ਚੜ੍ਹ ਬੈਠਦਾ ਹੈ ਤਾਂ ਗਊ-ਰਕਸ਼ਾ ਅੰਦੋਲਨ ਦੇ ਨੇਤਾ, ਪੰਡਤ ਦੁਆਰਕਾ ਨਾਥ, ਬੂਟਾਂ ਦੀ ਦੁਕਾਨ ਖੋਹਲ ਲੈਂਦੇ ਨੇ। 'ਕਾਫ਼-ਲੈਦਰ' (ਵੱਛੇ ਦਾ ਚਮੜਾ) ਦੇ ਬੂਟਾਂ ਨੂੰ ਭਾਗਵਤ ਵਾਂਗ ਹੱਥ ਵਿਚ ਫੜ੍ਹ ਕੇ ਕਹਿੰਦੇ ਨੇ—'ਇਹ ਬੂਟ ਬੜਾ ਹੀ ਮੁਲਾਇਮ ਹੁੰਦਾ ਏ। ਪਹਿਲਾਂ 'ਕਾਫ਼-ਲੈਦਰ' ਵਲਾਇਤ ਤੋਂ ਆਉਂਦਾ ਸੀ ਹੁਣ ਆਪਣੇ ਦੇਸ਼ ਵਿਚ ਉਤਾਰਿਆ ਜਾਣ ਲੱਗ ਪਿਆ ਹੈ। ਆਪਣਾ ਦੇਸ਼ ਵੀ ਕਾਫੀ ਅਗਾਂਹ ਵਧ ਗਿਆ ਏ।'
ਸੜਕਾਂ ਉੱਤੇ ਜਲੂਸ ਕੱਢ ਰਹੇ ਹੁੰਦੇ ਨੇ ਤਾਂ ਕਹਿੰਦੇ ਨੇ—'ਗਊ ਹੱਤਿਆ ਹੋਣ ਕਰਕੇ ਹੀ ਦੇਸ਼ ਪਿੱਛੜ ਰਿਹਾ ਹੈ।' ਦੁਕਾਨ 'ਤੇ ਬੈਠੇ ਹੁੰਦੇ ਨੇ ਤਾਂ ਕਹਿੰਦੇ ਨੇ—'ਵੱਛੇ ਦਾ ਚਮੜਾ ਉਤਾਰਿਆ ਜਾਣ ਲੱਗ ਪਿਆ ਹੈ ਸੋ ਦੇਸ਼ ਤਰੱਕੀ ਕਰ ਰਿਹਾ ਹੈ।' ਗੱਲਾਂ ਦੋਹੇਂ ਹੀ ਠੀਕ ਨੇ। ਦੇਸ਼ ਪਿਛੜਿਆ ਜ਼ਰੂਰ ਹੈ ਪਰ ਫੇਰ ਰੀਂਘਦਾ ਹੋਇਆ ਅਗਾਂਹ ਵੀ ਵਧਿਆ ਹੈ ਤੇ ਉਹਨਾਂ ਦੇ ਕਾਰਖ਼ਾਨੇ ਤਕ ਆ ਗਿਆ ਹੈ। ਓਥੇ ਉਹਨਾਂ ਦੇਸ਼ ਦੀ ਚੰਮ ਲਾਹ ਲਈ ਹੈ ਤੇ ਬੂਟ ਬਣਾ ਕੇ ਵੇਚਣ ਲੱਗ ਪਏ ਨੇ।
  --- --- ---

  ਪੰਜਾਬੀ ਟ੍ਰਿਬਿਊਨ : 10. 10. 2007.

No comments:

Post a Comment