Friday, February 20, 2009

ਦੂਜਿਆਂ ਦੇ ਈਮਾਨ ਦੇ ਰਾਖੇ : ਹਰੀਸ਼ੰਕਰ ਪ੍ਰਸਾਈ

ਹਿੰਦੀ ਵਿਅੰਗ : ਦੂਜਿਆਂ ਦੇ ਈਮਾਨ ਦੇ ਰਾਖੇ :: ਲੇਖਕ : ਹਰੀਸ਼ੰਕਰ ਪ੍ਰਸਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ । ਮੁਬਾਇਲ : 94177-30600.

ਪਹਿਲਾਂ ਜਿਹੜੀਆਂ ਗੱਲਾਂ ਨੂੰ ਵੇਖ ਕੇ ਦੁੱਖ ਹੁੰਦਾ ਸੀ, ਹੁਣ ਉਹਨਾਂ ਉੱਤੇ ਹਿਰਖ ਚੜ੍ਹ ਜਾਂਦਾ ਹੈ। ਕਰੋਧ ਨੂੰ ਪਾਪ ਦਾ ਮੂਲ ਕਹਿੰਦੇ ਨੇ…ਯਾਨੀਕਿ ਹੁਣ ਸਾਡੀ ਪਾਪ ਕਰਨ ਦੀ 'ਸਟੇਜ' ਆ ਗਈ ਹੈ। ਪਰ ਹਿਰਖ ਨਾ ਕਰਨਾ ਕੀ ਪਾਪਾ ਨਹੀਂ ? ਹਿਰਖ ਨਾ ਕਰਨ ਕਰਕੇ ਹੀ ਬਲ੍ਹਦ ਕੁਟਾਪਾ ਝੱਲਦਾ ਹੈ ਤੇ ਹਿਰਖੀ ਹੋਣ ਕਰਕੇ ਢੱਠੇ ਦੀ ਪੂਜਾ ਕੀਤੀ ਜਾਂਦੀ ਹੈ। ਆਪਣੀ ਸ਼ਖ਼ਸੀਅਤ ਨੂੰ ਡਾਂਗਾਂ ਖਾਣ ਦਾ 'ਸੱਦਾ-ਪੱਤਰ' ਬਣਾ ਲੈਣਾ ਕੀ ਕਿਸੇ ਪੁੰਨ ਦਾ ਕੰਮ ਹੈ ? ਤੇ ਕੀ ਸਾਰੇ ਬਲ੍ਹਦ ਸਵਰਗਾਂ ਨੂੰ ਹੀ ਜਾਂਦੇ ਨੇ ? ਹਿਰਖ ਨਾ ਕਰਨ ਦੇ ਅਜਿਹੇ ਪੁੰਨ ਨਾਲੋਂ, ਕਰੋਧ ਦਾ ਪਾਪ ਚੰਗਾ ਲੱਗਣ ਲੱਗ ਪਿਆ ਹੈ। ਸੁਣਿਆ ਹੈ, 'ਬਿਹਾਰ ਵਿਚ ਭੁੱਖ ਦੀ ਪੀੜ ਨਾਲ ਲੋਕਾਂ ਦੀਆਂ ਅੱਖਾਂ ਵਿਚ ਲਾਲ ਡੋਰੇ ਦਿੱਸਣ ਲੱਗ ਪਏ ਨੇ।' ਪੁੰਨ-ਪਰਵ ਸ਼ੁਰੂ ਹੋ ਗਿਆ ਜਾਪਦਾ ਹੈ। ਜਿਹੜੀ ਗਤੀ ਨਾਲ ਲੋਕਾਂ ਦਾ ਸਾਂਝਾ ਦੁੱਖ ਕਰੋਧ ਦਾ ਰੂਪ ਧਾਰਨ ਕਰ ਲਵੇਗਾ, ਉਸੇ ਗਤੀ ਨਾਲ ਦੁੱਖ ਘਟਦੇ ਜਾਣਗੇ। 'ਹਾਏ' ਨੂੰ 'ਓਇ'' ਤੇ 'ਆਹ' ਨੂੰ 'ਆ-ਓਇ' ਵਿਚ ਛੇਤੀ ਹੀ ਬਦਲ ਜਾਣਾ ਚਾਹੀਦਾ ਹੈ। ਕਈ ਜੁੱਗਾਂ ਤੋਂ ਪਾਪ ਪੁੰਨ ਦਾ ਫੈਸਲਾ ਕਰਨ ਵਾਲੇ ਵਿਹਲੜ ਲੋਕ ਅੱਜ ਵੀ ਆਪੋ-ਆਪਣੇ 'ਫਲੈਟਸ' ਵਿਚ ਬੈਠੇ 'ਹੋਂਦ ਦੇ ਪ੍ਰਸ਼ਨ' ਦੀ ਅਧਿਆਤਮਕ ਪੀੜ ਦਾ ਮਜ਼ਾ ਲੈ ਰਹੇ ਨੇ।
ਕਿੰਨੀ ਵਧੀਆ ਗੱਲ ਮੈਂ ਕਹਿ ਦਿੱਤੀ ਹੈ ! ਕਿਸੇ ਮਸੀਹੇ ਵਾਂਗ ! ਹੁਣ ਮੇਰੀ ਇੱਛਾ ਹੋਵੇ ਤਾਂ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ਨੂੰ ਆਪੋ ਵਿਚ ਫਸਾ ਕੇ ਠੋਡੀ ਗੋਡਿਆਂ ਉੱਤੇ ਰੱਖ ਕੇ ਚੁੱਪਚਾਪ ਬੈਠ ਜਾਵਾਂ ਤੇ ਪਾਗਲਾਂ ਵਰਗੀ ਸੱਖਣੀ ਤੱਕਣੀ ਨਾਲ ਆਸਮਾਨ ਵੱਲ ਵਿਹੰਦਾ ਰਹਾਂ। ਲੋਕ ਆਖਣਗੇ…'ਹੁਣੇ ਗਿਆਨੀ ਜੀ ਨੇ ਤੱਤ ਗਿਆਨ ਦੀ ਇਕ ਗੱਲ ਆਖੀ ਏ ਤੇ ਦੂਜੀ ਦੀ ਖੋਜ ਵਿਚ ਨੇ; ਲੱਭ ਪਈ ਤਾਂ ਬੋਲਣਗੇ।' ਜੇ ਮੇਰੀ ਇੱਛਾ ਹੋਵੇ ਕਿ ਚੁੱਪ ਹੀ ਰਹਾਂ ਤਾਂ ਲੋਕ ਕਹਿਣਗੇ, 'ਗਿਆਨੀ ਜੀ ਚੁੱਪ ਵਿਚ ਵੀ ਬੋਲ ਰਹੇ ਨੇ। ਸੁਣੋ ਤੱਤ-ਕਥਾ ਚੱਲ ਰਹੀ ਏ।'
ਪਰ ਗਿਆਨੀ ਪਤਾ ਨਹੀਂ ਕਿਉਂ ਰਤਾ ਮਨਹੂਸ ਹੋ ਜਾਂਦਾ ਹੈ…ਜੇ ਉਸਨੂੰ ਫੁੱਲ ਵਿਖਾਓ, ਤਾਂ ਉਸਦੀ ਜੜ ਵਿਚ ਲੱਗੇ ਚਿੱਕੜ ਵੱਲ ਵੇਖਣ ਲੱਗ ਪੈਂਦਾ ਹੈ ਤੇ ਉਦਾਸ ਹੋ ਜਾਂਦਾ ਹੈ…'ਹਾਏ ਇਹ ਸੁੰਦਰਤਾ ਮਿਥਿਆ ਹੈ। ਇਸ ਦਾ ਮੂਲ ਚਿੱਕੜ ਹੈ।' ਤਾਂ ਮੂਰਖ ਬੰਦਾ ਗਿਆਨੀ ਹੁਰਾਂ ਨੂੰ ਪੁੱਛਦਾ ਹੈ…'ਗਿਆਨੀ ਜੀ,ਫੁੱਲ ਹੀ ਮਿਥਿਆ ਕਿਉਂ ਹੈ ? ਚਿੱਕੜ ਮਿਥਿਆ ਕਿਉਂ ਨਹੀਂ ?' ਗਿਆਨੀ ਕਹਿੰਦਾ ਹੈ, 'ਗਿਆਨ ਦਾ ਸਾਰ ਇਹੀ ਹੈ ਕਿ ਜੋ ਸੁੰਦਰ ਹੈ, ਉਹੀ ਮਿਥਿਆ ਹੈ।' ਕਰੂਪਤਾ ਸੱਤ ਹੈ। ਜੋ ਅੱਛਾ ਹੈ, ਉਸਦਾ ਕੋਈ ਮੰਤਵ ਨਹੀਂ। ਜੋ ਮਾੜਾ ਹੈ, ਉਹ ਠੋਸ ਹੈ। ਉਂਜ ਤਾਂ ਸਾਰੇ ਜਗਤ ਦਾ ਪਾਸਾਰ ਹੀ ਮਿਥਿਆ ਹੈ, ਮਾਇਆ ਹੈ।' ਅਗਿਆਨੀ ਬੰਦਾ ਫੇਰ ਪੁੱਛਦਾ ਹੈ, 'ਜੇ ਸਭ ਕੁਝ ਮਾਇਆ ਤੇ ਮਿਥਿਆ ਹੀ ਹੈ ਤਾਂ ਮਠ ਦੀ ਗੱਦੀ ਵਾਸਤੇ ਸ਼ੰਕਰਆਚਾਰੀਆ ਜੀ ਹਾਈ ਕੋਰਟ ਵਿਚ ਮੁਕੱਦਮਾ ਕਿਉਂ ਲੜਦੇ ਨੇ ? ਕੀ ਸਾਨੂੰ ਅਗਿਆਨੀਆਂ ਨੂੰ ਚਿੱਕੜ ਦਾ ਸੱਚ ਹੋਣਾ ਏਸ ਲਈ ਤਾਂ ਨਹੀਂ ਦੱਸਿਆ ਜਾਂਦਾ ਕਿ ਇਹ ਗਿਆਨੀ ਬੰਦੇ ਆਪ ਫੁੱਲ ਸਮੇਟ ਲੈਣ ?'
ਅਗਿਆਨੀਆਂ ਦੇ ਅਜਿਹੇ ਪੁੱਠ-ਸਿੱਧੇ ਸਵਾਲਾਂ ਦੇ ਡਰ ਕਾਰਨ ਹੀ ਮੇਰੀ ਗਿਆਨੀ ਬਣਨ ਦੀ ਹਿੰਮਤ ਨਹੀਂ ਪੈਂਦੀ...ਉਂਜ ਉਮੀਦ ਪੂਰੀ ਹੈ। ਅਜੇ ਤਾਂ ਮੂਰਖਾਂ ਵਾਂਗ ਕਰੋਧ ਕਰ ਰਿਹਾ ਹਾਂ। ਪਿੱਛਲੇ ਦਿਨਾਂ ਵਿਚ ਇਕ ਅਭੁੱਲ ਕਰੋਧ ਕਰ ਬੈਠਾ ਹਾਂ। ਇਕ ਯਾਦਗਾਰੀ ਕਰੋਧ ਪਿਛਲੇ ਦਿਨਾਂ ਵਿਚ ਮੈਨੂੰ ਇਕ ਸਾਹਿਤ-ਸਮਾਰੋਹ ਵਿਚ ਆਇਆ ਸੀ। ਕੁਝ ਸਾਹਿਤਕ ਸਮਾਰੋਹ ਵੀ ਕਿਸੇ ਯੱਗ ਵਾਂਗ ਹੀ ਕੀਤੇ ਜਾਂਦੇ ਨੇ। ਪ੍ਰਬੰਧਕ ਇਹਨਾਂ ਨੂੰ ਬੜਾ ਹੀ ਪਵਿੱਤਰ ਦੇ ਧਾਰਮਿਕ ਕੰਮ ਮੰਨਦੇ ਨੇ ਜਾਂ ਦਸਦੇ ਨੇ ਤੇ ਇਹ ਭਰੋਸਾ ਦਿਵਾਉਂਦੇ ਨੇ ਕਿ ਜਿਵੇਂ ਹੀ ਮੰਤਰਾਂ ਦੀ ਗੂੰਜ ਤੇ ਯੱਗ ਦਾ ਧੂੰਆਂ ਆਕਾਸ਼ ਵਿਚ ਫੈਲੇਗਾ, ਮੀਂਹ ਪਵੇਗਾ ਤੇ ਧਰਤੀ ਅੰਨ ਉਗਲ ਦਵੇਗੀ। ਹਿੰਦੀ ਦੇ ਸਾਰੇ ਲੇਖਕਾਂ ਦਾ ਕਲਿਆਣ ਹੋ ਜਾਵੇਗਾ। ਤੇ ਜੇ ਕਿਤੇ ਇਹ ਸਾਹਿਤਕ ਯੱਗ ਨਾ ਹੋਇਆ ਤਾਂ ਲੋਕਾਈ ਦਾ ਅੰਤ ਹੋ ਜਾਵੇਗਾ। ਪ੍ਰਬੰਧਕਾਂ ਦਾ ਉਣੀਦੀਆਂ ਅੱਖਾਂ, ਮੱਥੇ ਦੀਆਂ ਤਿਊੜੀਆਂ ਤੇ ਧਰਤੀ ਉਪਰ ਨਜ਼ਰ ਟਿਕਾਅ ਕੇ ਟੁਰਨ ਦਾ ਅੰਦਾਜ਼ ਤੇ ਕੱਛੇ ਮਾਰਿਆ ਝੋਲਾ ਵੇਖ ਕੇ ਇੰਜ ਜਾਪਦਾ ਹੈ ਜਿਵੇਂ ਸਾਰੀ ਦੁਨੀਆਂ ਦਾ ਭਾਰ ਉਹਨਾਂ ਦੇ ਮੋਢਿਆਂ ਉੱਤੇ ਹੀ ਹੈ। ਪਰ ਸਿਆਣੇ ਲੇਖਕ ਇਹਨਾਂ ਸਮਾਗਮਾਂ ਤੋਂ ਦੂਰ ਹੀ ਨੱਸਦੇ ਨੇ; ਜਿਵੇਂ ਕੋਈ ਯਤੀਮ ਬੱਚਾ ਯਤੀਮਖ਼ਾਨੇ ਚੋਂ ਬਚ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇੱਥੇ ਵਾਜਾ ਵਜਾ ਕੇ ਚੰਦਾ ਮੰਗਣਾ ਪਵੇਗਾ। ਅਜਿਹੇ ਸਮਾਗਮ ਕਿਉਂਕਿ ਯੱਗ ਹੁੰਦੇ ਨੇ ਸੋ ਇਹਨਾਂ ਲਈ ਅਹੂਤੀ ਦੀ ਲੋੜ ਪੈਂਦੀ ਹੈ। ਜੇ ਇਹ ਅਸ਼ਵਮੇਘ ਵਰਗਾ ਕੋਈ ਮਹਾਨ ਯੱਗ ਹੋਵੇ ਤਾਂ ਅਹੂਤੀ ਦੇ ਰੂਪ ਵਿਚ ਕਿਸੇ ਘੋੜੇ ਵਰਗੇ ਧੱਕੜ ਲੇਖਕ ਨੂੰ ਲੱਭ ਲਿਆ ਜਾਂਦਾ ਹੈ। ਅਜਿਹੇ ਸਮਾਰੋਹ ਕਰਵਾਉਣ ਵਾਲਿਆਂ ਨੂੰ ਪਹਿਲਾਂ ਹੀ ਪੁੱਛ ਲੈਣਾ ਚਾਹੀਦਾ ਹੈ ਕਿ ਤੁਹਾਡਾ ਕੋਈ ਪਵਿੱਤਰ ਉਦੇਸ਼ ਤਾਂ ਨਹੀਂ ? ਕੀ ਤੁਸੀਂ ਸਵਾਰਥ ਮੁਕਤ ਹੋ ਕੇ ਤਾਂ ਇਹ ਸਮਾਰੋਹ ਨਹੀਂ ਕਰ ਰਹੇ ਨਾ ? ਜੇ ਉਦੇਸ਼ ਪਵਿੱਤਰ ਹੋਵੇ ਤੇ ਪ੍ਰਬੰਧਕਾਂ ਨੂੰ ਕੋਈ ਸਵਾਰਥ ਵੀ ਨਾ ਹੋਵੇ ਤਾਂ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜਿਹੜਾ ਆਦਮੀ ਸਵਾਰਥ ਦਾ ਦਮਨ ਕਰ ਦਵੇ, ਉਹ ਬੜਾ ਖ਼ਤਰਨਾਕ ਬਣ ਜਾਂਦਾ ਹੈ। ਉਹ ਕਿਸੇ ਦੀ ਜਾਨ ਲੈਣਾ ਵੀ ਆਪਣਾ ਅਧਿਕਾਰ ਸਮਝਦਾ ਹੈ।
ਪਰ ਕਦੇ-ਕਦਾਈਂ ਚਲਾਕ ਬੰਦੇ ਵੀ ਮਾਰ ਖਾ ਜਾਂਦੇ ਨੇ। ਨਾਗਾਰਜੁਨ ਹੁਰੀਂ ਵੀ ਖਾ ਗਏ। ਸੈਂਕੜੇ ਮੀਲ ਦੂਰ ਪਟਨੇ ਤੋਂ ਬੁਲਾਅ ਕੇ, ਤੇ ਉਹਨਾਂ ਦੇ ਨਾਂ ਉੱਤੇ ਕਵੀ ਸੰਮੇਲਨ ਕਰਵਾ ਕੇ ਵੀ ਪ੍ਰਬੰਧਕਾਂ ਨੇ ਉਹਨਾਂ ਨੂੰ ਤੀਜੇ ਦਰਜੇ ਦਾ ਕਿਰਾਇਆ ਫੜਾ ਦਿੱਤਾ ਤੇ ਕੂਹਣੀਆਂ ਤਕ ਹੱਥ ਜੋੜ ਕੇ ਮੱਥਾ ਟੇਕ ਦਿੱਤਾ ਸੀ। ਇਹ ਮੁਦਰਾ ਲੱਖਾਂ ਰੁਪਏ ਦੀ ਹੈ। ਪਤਾ ਨਹੀਂ ਅਜਿਹੀ ਟਰੇਨਿੰਗ ਕਿੱਥੋਂ ਮਿਲਦੀ ਹੈ ? ਮੈਂ ਬੜੇ ਹੀ ਯਤਨ ਕੀਤੇ ਪਰ ਇਹ ਮੁਦਰਾ ਬਣਾਉਣ ਵਿਚ ਸਫਲ ਨਹੀਂ ਹੋ ਸਕਿਆ। ਅੱਜ ਕੱਲ੍ਹ ਨਵੇਂ ਚੇਲੇ ਇਸ ਮੁਦਰਾ ਨੂੰ ਪੁਰਾਣੇ ਅਚਾਰੀਆਂ ਨਾਲੋਂ ਛੇਤੀ ਸਿਖ ਲੈਂਦੇ ਨੇ।
ਮੈਨੂੰ ਅਜਿਹੀ ਨਿਮਰਤਾ ਵੇਖ ਕੇ ਗੁੱਸਾ ਚੜ੍ਹਨ ਲੱਗ ਪੈਂਦਾ ਹੈ। ਪਤਾ ਨਹੀਂ ਅਜਿਹੀ ਨਿਮਰਤਾ ਵਿਚ ਕੀ ਹੈ ਜੋ ਮੈਨੂੰ ਚੁਭ ਜਾਂਦਾ ਹੈ। ਮਨ ਵਿਚ ਆਇਆ ਕਿ ਏਸ ਸੱਜਣ ਦੇ ਹੱਥ ਤੇ ਸਿਰ ਇੰਜ ਹੀ ਬੰਨ੍ਹ ਦਿਆਂ ਤੇ ਰੱਸੀ ਦਾ ਸਿਰਾ ਨਾਗਾਰਜੁਨ ਨੂੰ ਫੜਾ ਦਿਆਂ ਤੇ ਆਖਾਂ, 'ਲੈ ਬਾਬਾ, ਲੈ ਜਾ ਪਟਨੇ !' ਨਾਗਾਰਜੁਨ ਕਿਸੇ ਜ਼ਮਾਨੇ ਸਾਧੂ ਵੀ ਰਹੇ ਨੇ ਕਰੋਧ ਨੂੰ ਜਿੱਤ ਲੈਣਾ (ਜਾਂ ਇਸਦਾ ਪ੍ਰਗਟਾਵਾ ਨਾ ਕਰਨਾ) ਵੀ ਸਾਧੂ ਦੀ ਟ੍ਰੇਨਿੰਗ ਵਿਚ ਸ਼ਾਮਲ ਹੁੰਦਾ ਹੈ। ਹੁਣ ਕੋਰਸ ਰਤਾ ਵਧ ਗਿਆ ਹੈ। ਜਲੂਸ ਕਢਣੇ, ਸੰਸਦ ਦਾ ਘਿਰਾਓ ਕਰਨਾ ਤੇ ਪੈਟਰੋਲ ਛਿੜਕ ਕੇ ਮਾਇਆ ਰੂਪੀ ਦੇਹ ਨੂੰ ਸਾੜ ਲੈਣਾ ਵੀ ਸਾਧੂ ਨੂੰ ਸਿਖਣਾ ਪੈਂਦਾ ਹੈ। ਸੋ ਨਾਗਾਰਜੁਨ ਨੇ ਆਪਣੀ ਪੁਰਾਣੀ ਆਦਤ ਅਨੁਸਾਰ ਕਹਿ ਦਿੱਤਾ, 'ਭਾਵੇਂ ਇਹ ਵੀ ਰੱਖ ਲਓ।' ਮੈਨੂੰ ਸਾਧਪੁਣੇ ਦਾ ਕੋਈ ਤਜ਼ੁਰਬਾ ਨਹੀਂ ਸੋ ਇਕ ਨੀਚ ਸੰਸਾਰੀ ਵਾਂਗ ਹਿਰਖ ਗਿਆ ਸਾਂ।
ਪ੍ਰਬੰਧਕ ਬੜੇ ਤਿੱਖੇ ਹੁੰਦੇ ਨੇ। ਉਹਨਾਂ ਕਿਹਾ, 'ਇਹ ਤਾਂ ਸਾਹਿਤ ਦਾ ਕੰਮ ਸੀ। ਸਾਰਿਆਂ ਨੇ ਆਪਣੀ ਸਮਰਥਾ ਅਨੁਸਾਰ ਹਿੱਸਾ ਪਾਇਆ ਏ…ਤੇ ਨਾਲੇ ਨਾਗਾਰਜੁਨ ਜੀ ਦੀ ਤਾਂ ਸਾਡੇ ਦਿਲਾਂ ਵਿਚ ਬੜੀ ਇੱਜ਼ਤ ਏ, ਰੁਪਈਏ ਤਾਂ ਇਸਦੇ ਮੁਕਾਬਲੇ ਨਿਗੁਣੀ ਸ਼ੈ ਨੇ।'
ਮੈਂ ਕਿਹਾ, 'ਤਾਂ ਹੁਣ ਤੁਸੀਂ ਲਾਊਡ ਸਪੀਕਰ ਵਾਲੇ ਨੂੰ ਵੀ ਇਹੀ ਕਹੋਗੇ ਕਿ ਇਹ ਤਾਂ ਸਾਹਿਤ ਦਾ ਕੰਮ ਏਂ, ਤੇਰੇ ਪ੍ਰਤੀ ਸਾਡੇ ਦਿਲਾਂ ਵਿਚ ਬੜੀ ਸ਼ਰਧਾ ਏ, ਇਸ ਲਈ ਕਿਰਾਇਆ ਨਾ ਲੈ।'
ਪ੍ਰਬੰਧਕ ਸਮਝੇ ਕਿ ਮੈਂ ਕੋਈ ਹਾਸਰਸ ਵਾਲੀ ਗੱਲ ਕਰ ਰਿਹਾ ਹਾਂ। ਹੱਸ ਕੇ ਗੱਲ ਟਾਲੀ ਜਾ ਸਕਦੀ ਹੈ। ਪਰ ਮੈਂ ਗੱਲ ਟਲਣ ਨਹੀਂ ਦਿੱਤੀ। ਪੁੱਛਿਆ, 'ਬਿਜਲੀ ਦੇ ਸਾਮਾਨ ਤੇ ਟੈੱਟ ਹਾਊਸ ਵਾਲੇ ਪ੍ਰਤੀ ਵੀ ਤੁਹਾਡੇ ਦਿਲ ਵਿਚ ਬੜੀ ਸ਼ਰਧਾ ਹੋਵੇਗੀ ?'
ਉਹਨਾਂ ਨੇ ਉਤਰ ਦਿੱਤਾ, 'ਇਹਨਾਂ ਦੇ ਪ੍ਰਤੀ ਭਲਾ ਕਿਸ ਗੱਲ ਦੀ ਸ਼ਰਧਾ !'
…ਏਸ ਲਈ ਇਹਨਾਂ ਨੂੰ ਪੂਰੇ ਪੈਸੇ ਦਿੱਤੇ ਜਾਣਗੇ, ਨਾਗਾਰਜੁਨ ਪ੍ਰਤੀ ਸ਼ਰਧਾ ਹੈ ਸੋ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਣਗੇ।
ਹੁਣ ਉਹ ਸਮਝ ਗਏ ਸਨ ਕਿ ਇਹ ਕੋਈ ਹਾਸਰਸ ਨਹੀਂ ਸਗੋਂ ਰੋਦ੍ਰ ਤੇ ਵੀਭਤਸ ਰਸ ਬਣ ਗਿਆ ਹੈ। ਉਹਨਾਂ ਸ਼ਾਂਤ ਰਸ ਦੀ ਗੱਲ ਚਲਾਈ। ਕਹਿਣ ਲੱਗੇ, 'ਰੁਪਏ ਖ਼ਤਮ ਹੋ ਗਏ ਨੇ। ਹਜ਼ਾਰ ਰੁਪਏ ਕਿਸੇ ਪਾਸਿਓਂ ਆਉਣ ਵਾਲੇ ਨੇ। ਪਿੱਛੋਂ ਮਨੀਆਡਰ ਕਰਾ ਦਿਆਂਗੇ।'
ਸੁਣਿਆ ਏ, ਰੱਬ ਨੇ ਵੀ ਇਕ ਵਾਰੀ ਸਵਰਗ ਵਿਚ ਕਵੀ-ਸੰਮੇਲਨ ਕਰਵਾਇਆ ਸੀ ਤੇ ਇਕ ਕਵੀ ਨੂੰ ਕਿਹਾ ਸੀ, 'ਤੁਸੀਂ ਜਾਓ, ਪੈਸੇ ਪਿੱਛੋਂ ਭੇਜ ਦਿਆਂਗੇ।' ਉਦੋਂ ਕਵੀ ਨੇ ਕਿਹਾ ਸੀ, 'ਪ੍ਰਭੂ, ਪਿੱਛੋਂ ਕੋਈ ਨਹੀਂ ਭੇਜਦਾ ! ਮੈਂ ਇੱਥੇ ਹੀ ਰਹਿ ਪੈਂਦਾ ਆਂ। ਤੁਸੀਂ ਪੈਸਿਆਂ ਦਾ ਪ੍ਰਬੰਧ ਕਰ ਲਵੋ, ਮੈਂ ਲੈ ਕੇ ਹੀ ਜਾਵਾਂਗਾ।' ਏਸ ਮਾਸਲੇ ਵਿਚ ਰੱਬ ਦਾ ਵੀ ਭਰੋਸਾ ਨਹੀਂ।
ਏਸ ਵਾਰੀ ਪਤਾ ਨਹੀਂ ਕਿਉਂ ਏਨਾ ਖਿਝ ਗਿਆ ਹਾਂ ? ਇਕ ਸਾਧਾਰਣ ਘਟਨਾ ਏ, ਹਮੇਸ਼ਾ ਇੰਜ ਹੀ ਵਾਪਰਦਾ ਏ। ਸ਼ਾਇਦ ਇਸ ਗੱਲ ਵਿਚ ਉਲਝ ਗਿਆ ਹਾਂ ਕਿ ਸਾਡੇ ਦੋਵਾਂ ਵਿਚੋਂ ਠੀਕ ਕੌਣ ਏਂ ?...ਮੈਂ ਜਾਂ ਪ੍ਰਬੰਧਕ ? ਮੈਨੂੰ ਜਚ ਗਿਆ ਹੈ ਕਿ ਉਹ ਆਪਣੇ ਕਰਤੱਵ ਤੋਂ ਡਿੱਗ ਪਏ ਨੇ।…ਤੇ ਉਹ ਸੋਚਦੇ ਹੋਣਗੇ ਕਿ ਕੀ ਅਸੀਂ ਲੋਕ ਸਾਹਿਤ ਦੀ ਏਨੀ ਸੇਵਾ ਵੀ ਨਹੀਂ ਕਰ ਸਕਦੇ ? ਦੋਵਾਂ ਦੀ ਪਰਖ ਕਸੌਟੀ ਬਦਲੀ ਹੋਈ ਜਾਪਦੀ ਹੈ। ਦੂਜੇ ਨੂੰ ਉਸਦੇ ਫ਼ਰਜ਼ ਦੀ ਪਛਾਣ ਕਰਾਉਣਾ ਆਪਣੇ ਫ਼ਰਜ਼ ਦੀ ਪਛਾਣ ਨਾਲੋਂ ਵੱਡਾ ਕੰਮ ਹੈ। ਸੋ ਪ੍ਰਬੰਧਕ ਇਹ 'ਵੱਡਾ-ਕੰਮ' ਕਰ ਰਹੇ ਨੇ ਇਸ ਲਈ ਉਹ ਠੀਕ ਨੇ ਤੇ ਅਸੀਂ ਗਲਤ।
ਇੰਜ ਲੱਗਦਾ ਹੈ ਜਿਵੇਂ ਹਰ ਬੰਦਾ ਦੂਜੇ ਦੇ ਈਮਾਨ ਦੀ ਫ਼ਿਕਰ-ਚਿੰਤਾ ਵਿਚ ਉਲਝਿਆ ਹੋਇਆ ਹੈ ਤੇ ਉਸਦੀ ਰਾਖੀ ਕਰ ਰਿਹਾ ਹੈ। ਜੇ ਕੋਈ ਪੁੱਛੇ, 'ਕੀ ਕਰ ਰਹੇ ਓ ਸਾਹਬ ?' ਤਾਂ ਝੱਟ ਆਖੇਗਾ, 'ਇਹਦੇ ਈਮਾਨ ਦੀ ਰਾਖੀ ਕਰ ਰਿਹਾ ਵਾਂ !' 'ਪਰ ਆਪਣਾ ਬੂਹਾ ਤਾਂ ਖੁੱਲ੍ਹਾ ਛੱਡ ਆਏ ਓ !' 'ਫੇਰ ਕੀ ਹੋਇਆ ਸਾਡੀ ਡਿਊਟੀ ਤਾਂ ਏਧਰ ਜੇ।'
ਇਕ ਦਿਨ ਲੇਖਕ ਹੁਰੀਂ ਦਿੱਲੀ, ਮੁੰਬਈ ਤੇ ਪਰਾਗ ਦਾ ਦੌਰਾ ਕਰਕੇ ਆਏ ਤਾਂ ਬੜੇ ਫਿਕਰਮੰਦ ਜਾਪੇ। ਉਹਨਾਂ ਕਿਹਾ, 'ਸਾਰੇ ਈਮਾਨ ਵੇਚ ਰਹੇ ਨੇ।' ਮੈਨੂੰ ਪਤਾ ਹੈ ਉਧਰ ਜਾ ਕੇ ਕਹਿੰਦੇ ਹੋਣਗੇ, 'ਜੱਬਲਪੁਰ ਵਾਲੇ ਈਮਾਨ ਵੇਚ ਰਹੇ ਨੇ, ਬੜੇ ਮੰਦੇ ਭਾਅ। ਦੂਜਿਆਂ ਦਾ ਈਮਾਨ ਵਿਕਦਾ ਵੇਖ ਕੇ ਵਿਚਾਰਾ ਫਿਕਰਾਂ ਵਿਚ ਸੁੱਕਦਾ ਜਾ ਰਿਹਾ ਹੈ। ਮੈਂ ਪੁੱਛ ਲਿਆ, 'ਕਿਉਂ ਜੀ ਥੋਕ ਵਿਚ ਵਿਕ ਰਿਹਾ ਏ ਜਾਂ ਪਰਚੂਨ ਵਿਚ ? ਲੋੜ ਨਾਲੋਂ ਵੱਧ ਈਮਾਨ ਰੱਖਣਾ ਉਂਜ ਵੀ ਜੁਰਮ ਹੈ। ਜਮ੍ਹਾਂ-ਖੋਰੀ ਦਾ ਕਾਨੂੰਨ ਲਾਗੂ ਹੋ ਜਾਂਦਾ ਹੈ। ਫਾਲਤੂ ਕੱਢਣਾ ਹੀ ਪਵੇਗਾ।' ਇਹ ਵਿਚਾਰਾ ਕਿਸ ਕਿਸ ਦੇ ਈਮਾਨ ਦੀ ਰਾਖੀ ਕਰੇਗਾ ? ਇਸ ਨੂੰ ਕਿਤੇ ਬਾਜ਼ਾਰ ਵਿਚ ਹੋਈ ਖੜਕਾਈ ਦਾ ਦੁੱਖ ਤਾਂ ਨਹੀਂ ? ਇਹ ਸੋਚ ਕੇ ਝੁਰ ਰਿਹਾ ਹੋਵੇਗਾ, ਹਾਏ ਲੋਕਾਂ ਦਾ ਰੱਦੀ ਤੇ ਗਲਿਆ-ਸੜਿਆ ਈਮਾਨ ਤਾਂ ਧੜਾਧੜ ਵਿਕ ਰਿਹਾ ਹੈ…ਪਰ ਸਾਡੇ ਸ਼ੁੱਧ ਤੇ ਤਾਜੇ ਈਮਾਨ ਦਾ ਕੋਈ ਮੁੱਲ ਹੀ ਨਹੀਂ ਪਾ ਰਿਹਾ…!
ਇਕ ਖਾਨਦਾਨੀ ਅਮੀਰ ਸੱਜਣ ਨੇ ; ਮੇਰਾ ਬੜਾ ਹੀ ਫਿਕਰ ਕਰਦੇ ਨੇ। ਉਹਨਾਂ ਨੂੰ ਇੰਜ ਲੱਗਦਾ ਹੈ ਕਿ ਮੈਂ ਨੌਕਰੀ ਨਹੀਂ ਕਰਦਾ ਤਾਂ ਸ਼ਾਇਦ ਕੁਝ ਵੀ ਨਹੀਂ ਕਰਦਾ। ਉਹ ਕਹਿੰਦੇ ਨੇ, 'ਨਿਕੰਮਾਂ ਬੰਦਾ ਏ, ਓਹਨੇ ਕੀ ਕੰਮ ਕਰਨੈਂ।' ਉਹ ਕਾਮੇ ਬੰਦੇ ਨੇ ਬੜਾ ਕੰਮ ਕਰਦੇ ਨੇ। ਸਵੇਰੇ ਉੱਠ ਕੇ ਸੋਚਣ ਲੱਗ ਪੈਂਦੇ ਨੇ, 'ਬਈ ਰਾਤ ਦੇ ਖਾਣੇ ਵਾਸਤੇ ਕੀ ਬਣਾਇਆ ਜਾਵੇ ! ਰਾਤ ਨੂੰ ਸੋਚਦੇ ਨੇ ਕਿ ਸਵੇਰੇ ਨਾਸ਼ਤੇ ਵਿਚ ਕੀ ਖਾਧਾ ਜਾਵੇ !' ਥੱਕ ਹਾਰ ਕੇ ਸੌਂ ਜਾਂਦੇ ਨੇ।
ਮੈਂ ਹੈਰਾਨ ਹਾਂ ਕਿ ਅੱਜ ਦਾ ਮਨੁੱਖ ਦੂਜਿਆਂ ਦਾ ਕਿੰਨਾ ਧਿਆਨ ਰੱਖਣ ਲੱਗ ਪਿਆ ਹੈ !ਚੰਗਾ ਚੰਗਾ ਦੂਜਿਆਂ ਲਈ ਤਿਆਗ ਦਿੱਤਾ ਹੈ ਤੇ ਆਪ ਮੰਦਾ ਭੋਗ ਰਿਹਾ ਹੈ !
---'ਕਿਉਂ ਭਾਅ ਜੀ, ਸਾਡੇ ਵਾਸਤੇ ਕੀ ਛੱਡਿਆ ਏ ਤੁਸੀਂ ?'
---'ਤਿਆਗ, ਕੁਰਬਾਨੀ, ਨਿਰਸਵਾਰਥ !'
---'ਤੇ ਤੁਸੀਂ ਕੀ ਭੋਗ ਰਹੇ ਓ ?'
---'ਘਟੀਆ ਸਵਾਰਥ, ਨੀਚ ਲਾਲਸਾ !'
---'ਕਿਉਂ ਰਾਸ਼ਟਰ ਰਤਨ ਜੀ, ਸਾਡੇ ਲਈ ਤੁਸੀਂ ਕੀ ਛੱਡਿਆ ਏ ?'
---'ਸੇਵਾ, ਅਹੁਦੇ ਦੀ ਲਾਲਸਾ ਦਾ ਤਿਆਗ !'
---'ਤੇ ਆਪ ਕੀ ਲੈ ਰਹੇ ਓ ਤੁਸੀਂ ?'
----'ਨਫ਼ਰਮਈ ਪਦ ਲਾਲਸਾ !'
ਦੂਜਿਆਂ ਵਾਸਤੇ ਇਹਨਾਂ ਚੰਗੇ ਕਰਮਾਂ ਦੇ ਤਿਆਗੀ ਬੰਦਿਆਂ ਉੱਤੇ ਮੈਨੂੰ ਕਰੋਧ ਨਹੀਂ ਕਰਨਾ ਚਾਹੀਦਾ, ਸਗੋਂ ਅਹਿਸਾਨਮੰਦ ਹੋਣਾ ਚਾਹੀਦਾ ਹੈ ਕਿ ਵਿਚਾਰੇ ਕਿੰਜ ਮੰਦੇ ਭੋਗ, ਭੋਗ ਰਹੇ ਨੇ…

No comments:

Post a Comment