Friday, February 20, 2009

ਇਕ ਹੋਰ ਆਤਮ-ਹੱਤਿਆ : ਵਿਜੈ





ਹਿੰਦੀ ਕਹਾਣੀ : ਇਕ ਹੋਰ ਆਤਮ-ਹੱਤਿਆ : ਲੇਖਕ : ਵਿਜੈ, ਮੁਬਾਇਲ : 09313301435.
ਅਨੁਵਾਦ : ਮਹਿੰਦਰ ਬੇਦੀ, ਜੈਤੋ। ਮੋਬਾਇਲ : 94177-30600.

ਸ਼ਰਦ ਪ੍ਰਕਾਸ਼ ਕਾਮਲੀ ਵਿਹੜੇ ਵਿਚ ਨੀਵੀਂ ਪਾਈ ਬੈਠਾ ਸੀ। ਪੋਗਰੀ (ਕੁੜੀ) ਹੰਸਾ ਚੀਕ-ਚੀਕ ਕੇ ਕਹਿ ਰਹੀ ਸੀ ਉਸਨੂੰ ਦੱਸ ਰਹੀ ਸੀ…"ਅੰਨਾ (ਬਾਪੂ)। ਟਰੈਕਟਰ, ਥਰੈਸ਼ਰ, ਤੇ ਹੋਰ ਸਾਮਾਨ ਲਈ ਜਾ ਰਹੇ ਐ ਓਹ…ਰੋਕ ਓਹਨਾਂ ਨੂੰ।"
ਪਰ ਕਾਮਲੀ ਸਿਰ ਉੱਤੇ ਨਹੀਂ ਸੀ ਚੁੱਕ ਰਿਹਾ। ਸ਼ਾਂਤਾ ਬਾਈ ਹਨੇਰੀ ਕੋਠੜੀ ਵਿਚ ਬੈਠੀ, ਧੀ ਦਾ ਬੂ-ਕੁਰਲਾਹਟ ਸੁਣ ਕੇ ਵੀ ਚੁੱਪ ਹੈ। ਹੰਸਾ ਹਿਰਖ ਕੇ ਅੰਨਾ ਦਾ ਮੋਢਾ ਝੰਜੋੜਦੀ ਹੋਈ ਪਿੱਠ ਵਿਚ ਮੁੱਕੀਆਂ ਮਾਰਨ ਲੱਗ ਪੈਂਦੀ ਹੈ, "ਕਿਉਂ ਲੈ ਜਾਣ ਦਿੱਤਾ…ਸਾਡਾ ਸੀ, ਸਾਡਾ।"
ਸ਼ਾਂਤਾ ਬਾਈ ਨੂੰ ਉਠਣਾ ਪਿਆ। ਵਿਹੜੇ ਵਿਚ ਜਾ ਕੇ ਹੰਸਾ ਨੂੰ ਫੜ੍ਹਦੀ ਹੈ, ਚੁੱਪ ਹੋ ਜਾ ਹੰਸਾ। "ਸਾਡਾ ਕੁਛ ਵੀ ਨਹੀਂ ਏਥੇ…ਭਗਵਾਨ ਵੀ ਸਾਡਾ ਨਹੀਂ-ਜਿਸਨੂੰ ਅਸੀਂ ਰੋਜ਼ ਮੰਦਰ ਜਾ ਕੇ ਪੂਜਦੇ ਆਂ।"
"ਕਿਉਂ ! ਪਰ ਕਿਉਂ ?" ਲੱਤਾਂ ਬਾਹਾਂ ਮਾਰਦੀ ਹੋਈ, ਭੂੰਜੇ ਲਿਟਣ ਲੱਗ ਪੈਂਦੀ ਹੈ ਹੰਸਾ। ਅੱਠ ਨੌਂ ਸਾਲ ਦੀ ਇਸ ਉਮਰ ਵਿਚ ਉਸਦਾ ਦਿਲ-ਦਿਮਾਗ ਇਹ ਨਹੀਂ ਸਮਝ ਸਕਦਾ ਕਿ ਜਿਸ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਉਸਦੀ ਜ਼ਿੰਦਗੀ, ਅੱਜ ਦੇ ਯੁੱਗ ਵਿਚ ਵੀ, ਆਸਮਾਨੀ ਮਿਹਰ ਉੱਤੇ ਕਿਉਂ ਟਿਕੀ ਹੋਈ ਹੈ ? ਬੱਦਲ ਆ ਕੇ ਵਰ੍ਹ ਜਾਣ ਤੇ ਫੇਰ ਸੂਰਜ ਚਮਕੇ ਤਾਂ ਹਰੀ ਭਰੀ ਫਸਲ ਵਾਂਗ ਕਿਸਾਨ ਵੀ ਟਹਿਕਣ ਲੱਗ ਪੈਂਦਾ ਹੈ…ਤੇ ਜਦੋਂ ਬੱਦਲ ਨਹੀਂ ਵੱਸਦਾ ਤੇ ਸੂਰਜ ਅੱਗ ਵਰ੍ਹਾਉਂਦਾ ਹੈ ਤਾਂ ਉਸਦਾ ਮੂੰਹ ਕੋਰੇ ਕੁੱਜੇ ਵਾਂਗ ਖੁੱਲ੍ਹਾ ਰਹਿ ਜਾਂਦਾ ਹੈ।
ਦੁਪਹਿਰ ਪਿੱਛੋਂ ਨਿਕਮ ਆਇਆ। ਸਭ ਸੁਣ ਲਿਆ ਸੀ ਉਸਨੇ। ਕਾਮਲੀ ਦਾ ਮੋਢਾ ਥਾਪਡ ਕੇ ਬੋਲਿਆ, "ਹਾਰਨਾਂ ਨਹੀਂ ਭਾਊ ! ਅਸੀਂ ਛੋਟੇ ਕਿਸਾਨ ਸੀ, ਪਹਿਲਾਂ ਮਜ਼ਦੂਰ ਬਣੇ ; ਤੂੰ ਦਰਮਿਆਨਾ ਜ਼ਿਮੀਂਦਾਰ ਸੈਂ, ਤੇਰਾ ਨੰਬਰ ਰਤਾ ਦੇਰ ਨਾਲ ਆ ਗਿਆ। ਪਹਿਲਾਂ ਵੀ ਕਿਸਾਨ ਭੱਜਦਾ ਸੀ ; ਹੁਣ ਵੀ ਭੱਜ ਰਿਹੈ। ਸ਼ਹਿਰ ਕਿਸਾਨਾ ਨਾਲ ਈ ਤਾਂ ਬਣਦੇ ਆ। ਝੁੱਗੀਆਂ-ਝੌਂਪੜੀਆਂ ਦੀ ਗੰਦਗੀ ਵਿਚ ਰਹਿ ਕੇ ਉਹੀ ਤਾਂ ਸੇਠਾਂ ਦੇ ਕਾਰਖ਼ਾਨੇ ਚਲਾਉਂਦੇ ਆ। ਆਤਮ-ਹੱਤਿਆ ਬਾਰੇ ਨਾ ਸੋਚੀਂ ਭਾਊ ਹੁਣ ਨਗਰ ਈ ਆਸਰਾ-ਸਹਾਰਾ ਐ ਆਪਣਾ।"
"ਕੀ ਕਰੀਏ ਨਿਕਮ। ਤਿੰਨ ਪਹਿਲਾਂ ਝਾਲੀ ਖ਼ੂਬ ਹੋਈ (ਚੋਖਾ ਮੀਂਹ ਵਰ੍ਹਿਆ) ਸੀ। ਬੈਂਕ ਵਾਲੇ ਏਥੇ ਸੱਥ ਵਿਚ ਮੇਜ਼ ਕੁਰਸੀਆਂ ਲਾ ਕੇ ਆਣ ਬੈਠੇ ਸੀ। ਸਸਤੀ ਵਿਆਜ ਦਰ ਤੇ ਰਕਮਾਂ ਦਿੱਤੀਆਂ…ਟਰੈਕਟਰ ਲਓ, ਚੰਗਾ ਬੀਅ, ਥਰੈਸ਼ਰ ਖ਼ਰੀਦੋ। ਸੋਚਿਆ ਸੀ ਨਵੇਂ ਢੰਗ ਨਾਲ ਖੇਤੀ ਕਰਾਂਗਾ; ਛੋਟੇ ਕਿਸਾਨਾਂ ਦੇ ਖੇਤੀਂ ਬੀਜ-ਬਿਜਾਈ, ਕਟਾਈ ਕਰ ਛੱਡਿਆ ਕਰਾਂਗਾ; ਚਾਰ ਪੈਸੇ ਆਉਣਗੇ। ਪੋਗਰਾ (ਮੁੰਡਾ) ਇੰਜੀਨੀਅਰ ਦੀ ਪੜਾਈ ਪੂਰੀ ਕਰ ਲਊਗਾ।"
"ਮੀਂਹ ਨਾ ਪਿਆ ਤਾਂ ਕਿਸਦਾ ਖੇਤ ਵਾਹੇਂਗਾ, ਕਟੇਂਗਾ ? ਤੈਨੂੰ ਪਤੈ ਸੱਤ ਕੋਹ ਰੋਜ਼ ਕਰਦਾਂ, ਦਿਹਾੜੀ ਜਾਣ ਲਈ। ਮੈਂ ਈ ਕੀ ਦਾਮੂ, ਅੰਤਵਰਾ ਤੇ ਹੋਰ ਕਈ ਜਣੇ ਜਾਂਦੇ ਐ। ਸਾਰਿਆਂ ਦੇ ਛੋਟੇ ਛੋਟੇ ਖੇਤ ਸੂਰਜ ਨੇ ਤਿੜਕਾ ਦਿੱਤੇ। ਦਗੜ (ਪੱਥਰ) ਬਣ ਗਈ ਧਰਤੀ। ਨਗਰ ਕੋਲ ਹੁੰਦੇ ਤਾਂ ਪਲਾਟ ਕੱਟੇ ਜਾਂਦੇ। ਕੀ ਮਿਲਿਆ ਅੰਨਾ ਘੱਟ ਵਿਆਜ ਵਾਲਿਆਂ ਤੋਂ-ਇਕ ਮਹੀਨੇ ਦੀ ਕਬੀਲਦਾਰੀ ਨੀ ਚੱਲੀ।"
"ਤੇਰੇ ਕੋਲੇ ਤਾਂ ਦੋ ਬਲ੍ਹਦ ਤੇ ਇਕ ਗਾਂ ਵੀ ਸੀ ?"
"ਸ਼-ਸ਼ੀ-ਸ਼ੀ ! ਚੁੱਪ ਰਹੁ। ਸਭ ਤੋਂ ਪਹਿਲਾਂ ਸ਼ਹਿਰ ਦੇ ਕਸਾਈ ਹੱਥ ਓਹੀ ਵੇਚੇ। ਪੱਠੇ ਨਹੀਂ ਤਾਂ ਗਾਂ ਕਿੱਥੋਂ ਦੁੱਧ ਦੇਂਦੀ ?...ਬਲ੍ਹਦ ਭੁੱਖੇ ਰਹਿੰਦੇ ਸੀ। ਹੁਣ ਤਾਈਂ ਤਾਂ ਡੱਬਾ-ਬੰਦ ਹੋ ਗਏ ਹੋਣੇ ਆਂ ਤੇ ਬੂਟ ਚੱਪਲਾਂ ਬਣ ਗਈਆਂ ਹੋਣੀਐਂ। ਪਰ ਕਿਸੇ ਕੋਲ ਗੱਲ ਨਾ ਕਰੀਂ। ਪਤਾ ਲੱਗਿਆ ਤਾਂ ਜਾਖੜੀ (ਪੁਜਾਰੀ) ਦੀਕਸ਼ਤ ਕਹੂ…ਗਊ ਹੱਤਿਆ ! ਸ਼ੁੱਧੀ ਕਰਾਅ…। ਸ਼ੁੱਧੀ ਵਾਸਤੇ ਫੇਰ ਪੈਸੇ ਚਾਹੀਦੇ ਹੋਣੇ ਐਂ। ਤੇ ਪੈਸੇ ਹੈ ਕਿੱਥੇ ?"
"ਭਾਬੀ ਕੀ ਕਰਦੀ ਐ ਨਿਕਮ ?"
"ਸਬਰ ਕਰਦੀ ਐ; ਹੱਥੋਂ ਕੰਨੋ ਬੁੱਚੀ।…ਪਰ ਤੁਹਾਡੇ ਕੋਲ ਤਾਂ ਗਹਿਣਾ-ਗੱਟੇ ਵੀ ਵਾਹਵਾ ਸੀ !"
"ਗਹਿਣੇ ਸੀ…ਰੋਜ਼ ਰੋਜ਼ ਦੀ ਬਿਮਾਰੀ; ਸਾਰਾ ਸੋਨਾ ਡਾਕਟਰ ਨਿਗਲ ਗਿਆ।"
"ਤਾਂ ਚੱਲ ਫੇਰ ਸਵੇਰ ਤੋਂ ਮੇਰੇ ਨਾਲ ਦਿਹਾੜੀ ਤੇ ! ਅੱਸੀ ਰੁਪਏ ਰੋਜ਼ ਦੇ ਮਿਲਦੇ ਆ।"
ਲੰਮਾਂ, ਹਊਕੇ ਵਰਗਾ ਸਾਹ ਖਿੱਚਦਾ ਹੈ ਕਾਮਲੀ। ਨਿਕਮ ਨੂੰ ਅਚਾਨਕ ਕੁਝ ਚੇਤੇ ਆ ਜਾਂਦਾ ਹੈ ਤੇ ਪੁੱਛਦਾ ਹੈ, "ਨਿਸ਼ੀਕਾਂਤ ਦੀ ਪੜ੍ਹਾਈ ?"
"ਇਕ ਸਾਲ ਰਹਿੰਦੈ, ਇਜੀਨੀਅਰ ਬਣਨ ਚ। ਵਿਚਾਰਾ ਪੋਗਰਾ !"
ਕੁਝ ਚਿਰ ਸੋਚ ਕੇ ਕਹਿੰਦਾ ਹੈ ਨਿਕਮ, "ਇਕ ਗੱਲ ਆਖਾਂ ਭਾਊ। ਤਾਲੁਕਾ (ਤਹਿਸੀਲਦਾਰ) ਮਦਧੇ ਦਾਮੜੇ ਭਾਊ ਦਾ ਬੜਾ ਵੱਡਾ ਪਰਵੀਜਨ ਸਟੋਰ ਐ…ਪੋਗਰੀ ਲਕਸ਼ਮੀ ਦਸ ਜਮਾਤਾਂ ਕਰ ਗਈ ਆ, ਬਾਰਵੀਂ 'ਚ ਐ।"
"ਫੇਰ ?"
"ਫੇਰ ਕੀ ! ਵਿਆਹ ਲਈ ਦਾਮੜੇ ਕੋਈ ਡਾਕਟਰ ਜਾਂ ਇਜੀਨੀਅਰ ਨੌਹਰਾ (ਮੁੰਡਾ) ਭਾਲਦੈ।"
"ਦਾਜ ਮੰਗਾਂ ਤਾਂ ਹੰਸਾ ਨੂੰ ਵੀ ਦੇਣਾ ਪਊ…"
"ਪਾਗਲ, ਝੱਲਾ ਭਾਊ ! ਓਇ ਮਾੜੇ ਦਿਨ ਲੰਘ ਜਾਣਗੇ। ਮੁੰਡਾ ਇਜੀਨੀਅਰ ਬਣ ਰਿਹੈ, ਤੂੰ ਤਾਂ ਸਿਰਫ ਦਸਵੀਂ ਪਾਸ ਐਂ।"
"ਤੂੰ ਕੋਈ ਹੋਰ ਗੱਲ ਕਰ ਭਾਊ। ਮੈਂ ਕੱਲ੍ਹ ਬੈਂਕ ਜਾਣੈ।"
"ਬੈਂਕ ?" ਨਿਕਮ ਪੁੱਛਦਾ ਹੈ।
"ਬੈਂਕ ਚ ਸੇਠ ਮੋਠਾ ਆਊਗਾ। ਜ਼ਮੀਨ ਲਊਗਾ ਮੇਰੀ। ਪੈਸਾ ਦੇਊਗਾ। ਬੈਂਕ ਤੇ ਸੁਸਾਇਟੀ ਦਾ ਕਰਜਾ ਲੱਥ ਜਾਊ। ਕੁਛ ਪੈਸੇ ਨਿਸ਼ੀਕਾਂਤ ਨੂੰ ਭੇਜਾਂਗਾ, ਨਹੀਂ ਤਾਂ ਉਹਨੂੰ ਕਾਲਜੋਂ ਕੱਢ ਦਿੱਤਾ ਜਾਊਗਾ।"
"ਜ਼ਮੀਨ ਦਾ ਕੀ ਕਰੂਗਾ ਸੇਠ ?"
"ਪਤਾ ਨੀ ਕੀ ਕਰੂਗਾ। ਕਹਿੰਦਾ ਸੀ ਪਿੰਡ ਦੇ ਕਈ ਲੋਕਾਂ ਨੂੰ ਰੋਜ਼ਗਾਰ ਦੇਊਗਾ। ਨੌਕਰੀ ਨਾਲ ਢਿੱਡ ਤਾਂ ਚਲਦਾ ਰਹੂ।"
"ਮੇਰੇ ਲਈ ਵੀ ਕਰੀਂ ਸੇਠ ਨਾਲ ਗੱਲ…"

ਦੂਜੇ ਦਿਨ ਨਿਕਮ ਦਾਮੜੇ ਪ੍ਰਵੀਜ਼ਨ ਸਟੋਰ ਪਹੁੰਚ ਗਿਆ। ਦਾਮੜੇ ਨਿਸ਼ੀਕਾਂਤ ਬਾਰੇ ਸੁਣ ਕੇ ਖੁਸ਼ ਹੋਇਆ ਸੀ ਤੇ ਸਾਰੀਆਂ ਗੱਲਾਂ ਮੰਨ ਗਿਆ ਸੀ। ਨਿਕਮ ਉਸ ਪਿੱਛੋਂ ਕੰਮ ਤੇ ਚਲਾ ਗਿਆ ਸੀ।
ਸ਼ਾਮ ਢਲੇ ਨਿਕਮ ਖੁਸ਼ ਖੁਸ਼ ਵਾਪਸ ਆਇਆ। ਸਭ ਤੋਂ ਪਹਿਲਾਂ ਉਹ ਕਾਮਲੀ ਕੇ ਘਰ ਜਾ ਕੇ ਖੁਸ਼ਖਬਰੀ ਸੁਣਾਉਣਾ ਚਾਹੁੰਦਾ ਸੀ…ਐਸ਼ ਕਰ ਭਾਊ। ਜਦੋਂ ਤਕ ਮੁੰਡਾ ਨੌਕਰੀ ਨਹੀਂ ਲੱਗਦਾ, ਦਾਮੜੇ ਘਰ ਤੋਰਨ ਲਈ ਰਾਸ਼ਨ ਪਾਣੀ ਵੀ ਦੇਊ। ਉਸਦੇ ਨਾਲ ਭਾਊ ਭੈਰਵ ਨੂੰ ਸੇਲਮੈਨ ਵੀ ਰੱਖੂ। ਪਰ ਇਹ ਕੀ ?...ਸ਼ਾਮ ਢਲੇ ਵੀ ਕਾਮਲੀ ਕੇ ਬੂਹੇ 'ਤੇ ਜੰਦਰਾ !...ਗੋਹੇ ਨਾਲ ਲਿੱਪ ਪੋਚ ਕੇ ਵਾਹੀ ਹੋਈ ਰੰਗੋਲੀ ਉੱਤੇ ਇਕ ਕੁੱਤਾ ਮੌਜ਼ ਨਾਲ ਸੁੱਤਾ ਪਿਆ ਸੀ।
ਨਿਕਮ ਨੂੰ ਦੇਖ ਕੇ ਆਪਣੀ ਖੋਲੀ ਦੇ ਬਾਰ ਵਿਚ ਬੈਠੇ ਗੋਡਬੋਲੇ ਨੇ ਉਸਨੂੰ ਹਾਕ ਮਾਰੀ, "ਐਧਰ ਲੰਘ ਆ ਭਾਊ।"
ਨਿਕਮ ਉਸਦੇ ਕੋਲ ਪਹੁੰਚਦਾ ਹੈ ਤਾਂ ਗੋਲਬੋਲੇ ਪੁੱਛਦਾ ਹੈ, "ਕਿਉਂ, ਕਾਮਲੀ ਨੂੰ ਮਿਲਣ ਆਇਆ ਸੀ ਕਿ ? ਘਰੇ ਕੋਈ ਨੀਂ, ਸਾਰੇ ਨਾਗਪੁਰ ਚਲੇ ਗਏ ਆ।"
"ਓਥੇ ਤਾਂ ਉਹਦਾ ਮੁੰਡਾ ਪੜ੍ਹਦਾ ਸੀ…?"
"ਹਾਂ, ਓਥੇ ਈ ਗਏ ਆ। ਪਿਛਲੇ ਤੇ ਏਸ ਮਹੀਨੇ ਦੀ ਫੀਸ ਤੇ ਹੋਸਟਲ ਦਾ ਖਰਚਾ ਨਹੀਂ ਪਹੁੰਚਿਆ ਸੀ…
"...ਕਾਮਲੀ ਦੀ ਹਾਲਤ ਦਾ ਮੁੰਡੇ ਨੂੰ ਪਤਾ ਸੀ।…ਪੱਖੇ ਨਾਲ ਰੱਸੀ ਪਾ ਕੇ ਫਾਹਾ ਲੈ ਲਿਆ, ਸਹੁਰੇ ਨੇ। ਦੁਪਿਹਰੇ ਕਾਮਲੀ ਬੈਂਕ ਚੋਂ ਪੈਸੇ ਲੈ ਕੇ ਆਇਆ ਤੇ ਓਧਰੋਂ ਤਾਰ ਆ ਗਈ। ਲਾਸ਼ ਲੈਣ, ਸਾਰੇ ਈ ਚਲੇ ਗਏ। ਆਪਾਂ ਵੀ ਕੱਲ੍ਹ ਵਰਧਾ ਚਲੇ ਜਾਣੈ, ਓਥੇ ਆਪਣਾ ਸ਼੍ਰੀਚੰਦ ਨੌਕਰੀ ਕਰਦੈ। ਏਥੇ ਰਹਿਣ ਦਾ ਮਤਲਬ ਆ…ਮਰਨਾਂ ; ਆਤਮ ਹੱਤਿਆ ਕਰਨਾਂ।"
ਨਿਕਮ ਦੇ ਕੰਨਾਂ ਵਿਚ 'ਸ਼ਾਂ-ਸ਼ਾਂ' ਹੋਣ ਲੱਗ ਪਈ ਹੈ। ਉਹਦੇ ਭਵਿੱਖ ਬਾਰੇ ਬੁਣੇ ਸੁਪਨੇ ਢੈ-ਢੇਰੀ ਹੋ ਗਏ ਨੇ। ਤੁਰਨ ਲੱਗਿਆਂ ਗਲੀ 'ਚ ਪਏ ਡਲੇ ਨੂੰ ਠੇਡਾ ਮਾਰਦਾ ਹੈ…'ਸਾਲਾ ਕਾਮਲੀ। ਮੁੰਡਾ ਆਤਮ ਹੱਤਿਆ ਕਰ ਗਿਆ ; ਖ਼ੁਦ ਕਰਦਾ, ਪ੍ਰਧਾਨਮੰਤਰੀ ਫੰਡ ਦਾ ਰੁਪਈਆ ਭੱਜਿਆ ਆਉਂਦਾ। ਅਖ਼ਬਾਰ ਟੀ.ਵੀ. ਤੇ ਵਿਰੋਧੀ ਦਲ ਅੱਗ ਉਗਲਦੇ। ਹੁਣ ਕੀ ਹੋਣੈ ? ਕਿਸੇ ਅਖ਼ਬਾਰ ਨੇ ਨਹੀਂ ਲਿਖਣਾ ਬਈ ਇਕ ਕਿਸਾਨ ਦੇ ਪੁੱਤ ਨੇ ਆਤਮ ਹੱਤਿਆ ਕਰ ਲਈ…ਵਿਦਰ 'ਚ ਤੇ ਉਹ ਜਿਊਂਦਾ ਈ ਮਰ ਗਿਆ…'
ਅਚਾਨਕ ਗਲੀ ਵਿਚ ਪਏ ਡਲੇ ਨੂੰ ਮਾਰੇ ਠੇਡੇ ਕਾਰਨ ਟੁੱਟੀ ਚੱਪਲ ਨੂੰ ਹੱਥ ਵਿਚ ਚੁੱਕ ਲੈਂਦਾ ਹੈ ਨਿਕਮ ਤੇ ਨੀਂਵੀਂ ਪਾ ਕੇ ਤੁਰ ਜਾਂਦਾ ਹੈ।…ਸਾਰਾ ਪਿੰਡ ਚੁੱਪ ਦੀ ਚਾਦਰ ਵਿਚ ਲਿਪਟਿਆ ਹੋਇਆ ਹੈ। ਜਾਪਦਾ ਹੈ, ਨਿੱਤ ਦਿਨ ਦੀਆਂ ਆਤਮ ਹੱਤਿਆਵਾਂ ਉੱਤੇ ਇਸ ਨਾਲੋਂ ਵੱਧ ਅਫ਼ਸੋਸ ਮਨਾਉਣ ਦੀ ਤਾਕਤ ਨਹੀਂ ਰਹੀ ਹੁਣ ਉਹਨਾਂ ਵਿਚ…

No comments:

Post a Comment