Friday, February 20, 2009

ਉਹਨਾਂ ਦੇ ਕਮਰੇ : ਨਿਰਮਲ ਵਰਮਾ

ਪ੍ਰਵਾਸੀ ਹਿੰਦੀ ਕਹਾਣੀਆਂ : ਉਹਨਾਂ ਦੇ ਕਮਰੇ :: ਲੇਖਕ : ਨਿਰਮਲ ਵਰਮਾ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਕਹਾਣੀ ਸਰੋਕਾਰ : 32.---ਅਗਸਤ-ਅਕਤੂਬਰ 2007. ਵਿਚ ਛਪੀ ਹੈ। ਸਰੋਕਾਰ ਦਾ ਸੰਪਰਕ ਨੰਬਰ ਹੈ = 01672-250346.

ਕਦੀ ਉਹ ਤੇਜ਼ ਤੇਜ਼ ਤੁਰਨ ਲੱਗ ਪੈਂਦੇ ਸਨ, ਜਿਵੇਂ ਉਹਨਾਂ ਦਾ ਕੋਈ ਪਿੱਛਾ ਕਰ ਰਿਹਾ ਹੋਵੇ ਤੇ ਉਹ ਆਪਣੇ-ਆਪ ਨੂੰ ਬਚਾਅ ਰਹੇ ਹੋਣ। ਕੁੜੀ ਹਫਣ ਲੱਗਦੀ ਤਾਂ ਉਹ ਉਸਦਾ ਹੱਥ ਘੁੱਟ ਲੈਂਦਾ। ਥਕਾਵਟ ਨਾਲ ਲੱਤਾਂ ਭਾਰੀਆਂ ਹੋ ਜਾਂਦੀਆਂ, ਬਿੰਦ ਕੁ ਉਹ ਰੁਕਦੇ, ਇਕ ਦੂਜੇ ਵੱਲ ਤੱਕਦੇ ਤੇ ਫੇਰ ਤੁਰਨ ਲੱਗ ਪੈਂਦੇ।
"ਕਿਤੇ ਬੈਠਣਾ ਈ ?" ਕਚਪੱਕੀ ਜਿਹੀ ਆਵਾਜ਼ ਵਿਚ ਮੁੰਡਾ ਪੁੱਛਦਾ।
"ਕਿੱਥੇ ?" ਉਹ ਰਤਾ ਉਤਸੁਕ ਆਵਾਜ਼ ਵਿਚ ਪੁੱਛਦੀ, ਜਿਸ ਵਿਚ ਉਮੀਦਾ ਘੱਟ ਤੇ ਜੁਗਿਆਸਾ ਵਧੇਰੇ ਹੁੰਦੀ ਸੀ।
"ਮੈਨੂੰ ਇਕ ਥਾਂ ਦਾ ਪਤਾ ਏ…ਇੱਥੋਂ ਜ਼ਿਆਦਾ ਦੂਰ ਵੀ ਨਹੀਂ।"
ਉਹ ਫੇਰ ਉਸਦਾ ਹੱਥ ਫੜ੍ਹ ਲੈਂਦੀ। ਬਿਜਲੀ ਦੇ ਖੰਭਿਆਂ ਹੇਠ ਸੜਕ ਦੇ ਚੌੜੇ ਪੱਥਰ ਚਮਕਣ ਲੱਗਦੇ। ਕਦੀ ਕਦੀ ਉਹ ਉਹਨਾਂ ਨੂੰ ਗਿਣਨ ਵੀ ਲੱਗ ਪੈਂਦੀ ਸੀ…ਇਕ ਨੂੰ ਛੱਡ ਕੇ ਦੂਜਾ। ਜੇ ਪੱਥਰਾਂ ਦੀ ਗਿਣਤੀ, ਗਲੀ ਦੇ ਅੰਤਿਮ ਮੋੜ ਉੱਤੇ ਸਮ ਸੰਖਿਆ ਵਿਚ ਖਤਮ ਹੋ ਜਾਂਦੀ ਤਾਂ ਉਸਨੂੰ ਬੜੀ ਖੁਸ਼ੀ ਹੁੰਦੀ ਸੀ…ਇਹ ਉਸਦਾ ਅੰਧਵਿਸ਼ਵਾਸ ਸੀ। ਕੁੜੀ ਦੇ ਹੋਰ ਵੀ ਕਈ ਅੰਧਵਿਸ਼ਵਾਸ ਸਨ, ਜਿਹਨਾਂ ਬਾਰੇ ਮੁੰਡਾ ਕੁਝ ਨਹੀਂ ਸੀ ਜਾਣਦਾ। ਵੈਸੇ ਉਹ ਉਸਨੂੰ ਹਰ ਗੱਲ ਦਸ ਦੇਂਦੀ ਸੀ, ਸਿਵਾਏ ਉਹਨਾਂ ਗੱਲਾਂ ਦੇ ਜਿਹੜੀਆਂ ਉਹ ਦੱਸਣਾ ਨਹੀਂ ਸੀ ਚਾਹੁੰਦੀ ਹੁੰਦੀ।
ਸ਼ਾਇਦ ਹੀ ਸ਼ਹਿਰ ਦੀ ਅਜਿਹੀ ਕੋਈ ਗਲੀ ਸੀ, ਜਿਸ ਵਿਚ ਉਹਨਾਂ ਦੀਆਂ ਪੈੜਾਂ ਦੇ ਨਿਸ਼ਾਨ ਨਾ ਬਣੇ ਹੋਣ…ਉਹ ਹਰ ਜਗ੍ਹਾ ਤੁਰੇ ਫਿਰਦੇ ਸਨ, ਇਸ ਲਈ ਨਹੀਂ ਕਿ ਘੁੰਮਣਾ-ਫਿਰਨਾ ਉਹਨਾਂ ਨੂੰ ਚੰਗਾ ਲੱਗਦਾ ਸੀ, ਬਲਿਕੇ ਇਕੱਠੇ ਰਹਿਣ ਦਾ ਇਹੋ ਇਕ ਚਾਰਾ ਸੀ। ਉਹਨਾਂ ਦਾ ਆਪਣਾ ਕੋਈ ਵੱਖਰਾ ਕਮਰਾ ਨਹੀਂ ਸੀ। ਮੁੰਡਾ ਵਿਦਿਆਰਥੀ ਭਵਨ ਦੇ ਇਕ ਸੌਣ-ਕਮਰੇ ਵਿਚ ਰਹਿੰਦਾ ਸੀ, ਜਿਸ ਵਿਚ ਪੰਜ ਮੁੰਡੇ ਹੋਰ ਵੀ ਹੁੰਦੇ ਸਨ। ਉਹ ਕਦੇ ਏਨਾ ਹੌਸਲਾ ਨਹੀਂ ਸੀ ਕਰ ਸਕਿਆ ਕਿ ਕੁੜੀ ਨੂੰ ਉਹਨਾਂ ਸਾਰਿਆਂ ਵਿਚਕਾਰ ਲੈ ਜਾ ਸਕੇ। ਕੁੜੀ ਦਾ ਆਪਣਾ ਨਿੱਜੀ ਕਮਰਾ ਤਾਂ ਸੀ, ਪਰ ਉਸਦਾ ਸੰਬੰਧ ਇਕ ਧਾਰਮਿਕ ਸੰਸਥਾ ਨਾਲ ਸੀ…ਜਿੱਥੇ ਮਰਦਾਂ ਦੇ ਆਉਣ 'ਤੇ ਮਨਾਹੀ ਸੀ।
ਪਰ ਉਹ ਇਕ ਵੱਡਾ ਸ਼ਹਿਰ ਸੀ ਤੇ ਉਹ ਦੋਵੇਂ ਉਸਦੀਆਂ ਸੜਕਾਂ 'ਤੇ ਰਹਿਣ ਸਿੱਖ ਗਏ ਸਨ। ਜਦੋਂ ਉਹ ਵਾਹਵਾ ਥੱਕ ਜਾਂਦੇ, ਕਿਸੇ ਅਜਨਬੀ ਘਰ ਦੀਆਂ ਹਨੇਰੀਆਂ ਪੌੜੀਆਂ ਵਿਚ ਜਾ ਬੈਠਦੇ। ਉੱਥੇ ਕੋਈ ਆਉਂਦਾ ਵੀ ਨਹੀਂ ਸੀ। ਇਹੋ ਜਿਹੀਆਂ ਹਨੇਰੀਆਂ ਪੌੜੀਆਂ ਵਿਚ ਹੀ ਮੁੰਡੇ ਨੇ ਪਹਿਲੀ ਵਾਰੀ ਉਸਨੂੰ ਚੰਮਿਆਂ ਸੀ…ਕੰਧ ਦੀ ਚਿੱਟੀ ਕਲੀ ਕੁੜੀ ਦੇ ਕੋਟ ਨੂੰ ਲੱਗ ਗਈ ਸੀ। ਉਹਨਾਂ ਹਨੇਰੀਆਂ ਤੇ ਸੁੰਨਸਾਨ ਪੌੜੀਆਂ ਵਿਚ ਉਹ ਬਾਹਰਲੀ ਠੰਡ ਤੋਂ ਵੀ ਬਚੇ ਰਹਿੰਦੇ ਸਨ।
ਉਸ ਦਿਨ ਠੰਡ ਜ਼ਿਆਦਾ ਨਹੀਂ ਸੀ…ਉੱਪਰ ਬੱਦਲ ਛਾਏ ਹੋਏ ਸਨ, ਹਲਕੇ ਤੇ ਸਾਫ। ਸਰਦੀਆਂ ਦਾ ਮੌਸਮ ਬੀਤ ਚੱਲਿਆ ਸੀ। ਮਕਾਨਾਂ ਦੇ ਛੱਜਿਆਂ ਹੇਠੋਂ ਲੰਘਦਿਆਂ ਬਨੇਰਿਆਂ ਉੱਤੇ ਪਿਘਲ ਰਹੀ ਬਰਫ਼ ਦਾ ਪਾਣੀ, ਕਦੀ ਕਦੀ ਉਹਨਾਂ ਦੇ ਮੋਢਿਆਂ ਤੇ ਵਾਲਾਂ ਉੱਤੇ ਤ੍ਰਿਪ ਪੈਂਦਾ। ਦੁਕਾਨਾਂ ਬੰਦ ਹੋ ਰਹੀਆਂ ਸਨ, ਪਰ ਖਿੜਕੀਆਂ ਦਾ ਚਾਨਣ ਡੂੰਘੀ ਰਾਤ ਤਕ ਸੜਕਾਂ ਉੱਤੇ ਛਿੜਕਾਅ ਕਰ ਰਿਹਾ ਹੁੰਦਾ ਸੀ। ਤੁਰਦੇ-ਤੁਰਦੇ ਉਹ ਅਕਸਰ ਉਹਨਾਂ ਸਾਹਮਣੇ ਖਲੋ ਜਾਂਦੇ ਸਨ। "ਤੈਨੂੰ ਇਹ ਪਸੰਦ ਏ?" ਕੁੜੀ ਮਜ਼ਾਕ ਮਜ਼ਾਕ ਵਿਚ ਪੁੱਛਦੀ, ਕਿਸੇ ਫੁੱਲਦਾਨ ਜਾਂ ਤਰਾਸ਼ੇ ਹੋਏ ਸ਼ੀਸ਼ੇ ਦੇ ਗੁਲਦਸਤੇ ਵੱਲ ਇਸ਼ਾਰਾ ਕਰਕੇ। ਮੁੰਡਾ ਉਸ ਵੱਲ ਵੇਖਦਾ ਤੇ ਉਹ ਅੱਗੇ ਤੁਰ ਜਾਂਦੇ। ਫੇਰ ਕਿਸੇ ਹੋਰ ਪ੍ਰਦਰਸ਼ਨ-ਖਿੜਕੀ ਸਾਹਮਣੇ ਖਲੋ ਕੇ ਇਕ ਦੂਜੇ ਦੀ ਰਾਏ ਪੁੱਛਦੇ।…ਉੱਤੋਂ ਉਹ ਹਾਸੇ-ਮਜ਼ਾਕ ਦਾ ਮੂਡ ਬਣਾਈ ਰੱਖਦੇ, ਪਰ ਅੰਦਰੋਂ ਉਹ ਪ੍ਰਦਰਸ਼ਨ-ਖਿੜਕੀਆਂ ਉਹਨਾਂ ਨੂੰ ਬੜੀਆਂ ਰਹੱਸਮਈ, ਖਾਸੀਆਂ ਠੋਸ, ਕੋਮਲ ਤੇ ਨਿੱਘੀਆਂ ਜਾਪਦੀਆਂ…ਅਜਿਹੀਆਂ ਕਿ ਜਿਹਨਾਂ ਵਿਚ ਸੜਕ ਦੀ ਧੂੜ ਤੇ ਅਜਨਬੀ ਥਾਵਾਂ ਦਾ ਹਨੇਰਾ ਨਹੀਂ ਪਹੁੰਚ ਸਕਦਾ ਸੀ। ਉਂਜ ਵੇਖਿਆ ਜਾਵੇ ਤਾਂ ਹਰ ਦੁਕਾਨ ਅੱਧਾ-ਘਰ ਹੁੰਦੀ ਹੈ। ਉਸ ਸਾਹਮਣੇ ਖਲੋਣਾ ਸਿਰਫ ਵਕਤ ਕਟੀ ਕਰਨਾ ਹੀ ਨਹੀਂ ਹੁੰਦਾ, ਬਲਿਕੇ ਆਪਣੇ ਸੁਪਨਿਆਂ ਨੂੰ ਯਾਦ ਕਰਨਾਂ ਵੀ ਹੁੰਦਾ ਹੈ, ਜਿਹੜੇ ਕਦੀ ਅਸੀਂ ਆਪਣੇ ਪੁਰਾਣੇ ਘਰ ਬਾਰੇ ਸੁਣੇ ਹੁੰਦੇ ਨੇ ਤੇ ਇਕ ਉਮਰ ਤੋਂ ਬਾਅਦ ਵਿਦਿਆਰਥੀ-ਭਵਨ ਜਾਂ ਕਿਰਾਏ ਦੇ ਕਮਰੇ ਵਿਚ ਰਹਿ ਕੇ ਭੁੱਲ-ਵਿਸਰ ਗਏ ਹੁੰਦੇ ਹਾਂ।
"ਤੈਨੂੰ ਇਹ ਪਸੰਦ ਏ?" ਇਕ ਪ੍ਰਦਰਸ਼ਨ-ਖਿੜਕੀ ਵਿਚ ਲਟਕ ਰਹੇ ਪਰਦੇ ਤੱਕਦੀ ਕੁੜੀ ਨੇ ਪੁੱਛਿਆ। ਉਹ ਟੈਪਸਟੀ ਪਰਦਿਆਂ ਤੇ ਕਾਲੀਨਾਂਦੀ ਦੁਕਾਨ ਸਾਹਮਣੇ ਖੜ੍ਹੇ ਸਨ। ਮੁੰਡੇ ਦੀਆਂ ਨਜ਼ਰਾਂ ਇੱਧਰ-ਉੱਧਰ ਭਟਕ ਰਹੀਆਂ ਸਨ।
"ਕਿੰਜ ਲੱਗਦਾ ਏ ਤੈਨੂੰ?" ਕੁੜੀ ਨੇ ਪਰਦਿਆਂ ਵਲ ਇਸ਼ਾਰਾ ਕਰਕੇ ਫੇਰ ਪੁੱਛਿਆ। ਉਹ ਉਸ ਵਲ ਇਕਟੱਕ ਵੇਖ ਰਹੀ ਸੀ।
"ਰੰਗ ਕਾਫੀ ਸਾਫ, ਗੂੜ੍ਹਾ ਏ।" ਮੁੰਡੇ ਨੇ ਝਿਜਕਦਿਆਂ ਹੋਇਆਂ ਕਿਹਾ।
"ਜੇ ਫਰਸ਼ ਉੱਤੇ ਸੂਹੇ ਰੰਗ ਦਾ ਕਾਲੀਨ ਵਿਛਿਆ ਹੋਵੇ ਤਾਂ ਬੁਰਾ ਨਹੀਂ ਲੱਗੇਗਾ।" ਕੁੜੀ ਨੇ ਕਿਹਾ।
ਮੁੰਡਾ ਚੁੱਪਚਾਪ ਖੜ੍ਹਾ ਰਿਹਾ। ਕਾਲੀਨ ਦੀ ਗੱਲ ਸੁਣ ਕੇ ਉਸਨੂੰ ਇਕ ਬੜਾ ਪੁਰਾਣਾ ਘਰ ਯਾਦ ਆ ਗਿਆ ਸੀ। ਖਿੜਕੀਆਂ ਕੋਲ ਪਿਆਨੋ ਰੱਖਿਆ ਹੁੰਦਾ ਸੀ, ਉਸ ਉੱਤੇ ਇਕ ਫੋਟੋ ਐਲਬਮ, ਜਿਸ ਦੇ ਹਾਸ਼ੀਏ ਉਪਰ ਵੇਲ-ਬੂਟੀਆਂ ਛਪੀਆਂ ਹੁੰਦੀਆਂ ਸਨ। ਉਹ ਨਿੰਮ੍ਹਾਂ ਜਿਹਾ ਮੁਸਕਰਾਇਆ।
"ਕੀ ਸੋਚ ਰਿਹਾ ਏਂ?" ਕੁੜੀ ਨੂੰ ਜਿਵੇਂ ਉਸਦੀ ਮੁਸਕਰਾਹਟ ਚੁਭ ਗਈ।
"ਮੈਂ ਅਜਿਹਾ ਹੀ ਇਕ ਪਰਦਾ ਇਕ ਬੜੇ ਵੱਡੇ ਕਮਰੇ ਵਿਚ ਲਟਕਿਆ ਵੇਖਿਆ ਏ…ਪਰ ਉਸਦੀਆਂ ਕੰਧਾਂ ਉੱਤੇ ਪੀਲੇ ਫੁੱਲਾਂ ਵਾਲੇ ਕਾਗਜ਼ ਲੱਗੇ ਹੋਏ ਸਨ।" ਮੁੰਡੇ ਨੇ ਕਿਹਾ।
ਕੁੜੀ ਰਤਾ ਹੈਰਾਨ ਹੋ ਕੇ ਹਵਾ ਵਿਚ ਤੱਕਦੀ ਰਹੀ…ਇੰਜ ਉਸਨੇ ਕਦੀ ਨਹੀਂ ਸੀ ਸੋਚਿਆ। ਮੁੰਡੇ ਦੀਆਂ ਗੱਲ ਨੇ ਸਾਰੀ ਦੁਕਾਨ ਖਾਲੀ ਜਿਹੀ ਕਰ ਦਿੱਤੀ ਸੀ। ਉੱਥੇ ਸਿਰਫ ਪੀਲੇ ਫੁੱਲਾਂ ਦੀ ਸਫੈਦੀ ਤੇ ਗਾੜ੍ਹੇ ਤਰਲ ਦੇ ਚਮਕਾਰੇ ਹੀ ਬਾਕੀ ਰਹਿ ਗਏ ਸਨ। ਇਸੇ ਲਈ ਉਹ ਉਸਨੂੰ ਚਾਹੁੰਦੀ ਸੀ। ਸਿਰਫ ਇਸ ਲਈ ਹੀ ਨਹੀਂ, ਉਸ ਵਿਚ ਹੋਰ ਵੀ ਕਈ ਵਿਸ਼ੇਸ਼ਤਾਵਾਂ ਸਨ…ਪਰ ਇਸ ਇਕ ਚੀਜ਼ ਕਰਕੇ ਸਭ ਤੋਂ ਵੱਧ। ਉਹ ਉਸ ਵਾਂਗ ਕਿਸੇ ਚੀਜ਼ ਉੱਤੇ ਅਟਕਿਆ ਨਹੀਂ ਰਹਿੰਦਾ ਸੀ…ਇਕਦਮ ਜੋੜ ਬਹਿੰਦਾ ਸੀ ਕਿਸੇ ਨਵੀਂ ਚੀਜ਼ ਨੂੰ ਪੁਰਾਣੀ ਨਾਲ ਤੇ ਉਸ ਜੋੜ ਤੋਂ ਜਿਹੜੀ ਨਵੀਂ ਚੀਜ਼ ਬਣਦੀ ਸੀ, ਉਹ ਬੜੀ ਜਾਣੀ-ਪਛਾਣੀ ਜਿਹੀ ਹੁੰਦੀ ਸੀ।
ਦੁਕਾਨਾਂ ਨੂੰ ਪਿੱਛੇ ਛੱਡ ਕੇ ਉਹ ਨਦੀ ਦੇ ਪੁਲ ਕੋਲ ਆ ਗਏ। ਮੁੰਡੇ ਨੇ ਸੁਖ ਦਾ ਸਾਹ ਲਿਆ। ਉਸਨੂੰ ਹਲਕੀ ਜਿਹੀ ਖੁਸ਼ੀ ਵੀ ਹੋਈ ਕਿ ਹੁਣ ਉਸਨੂੰ ਕੁੜੀ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ, ਇੱਧਰ-ਉੱਧਰ, ਤੱਕਣਾ ਨਹੀਂ ਪਏਗਾ। ਮੁੰਡੇ ਨੂੰ ਦੁਕਾਨਾਂ ਸਾਹਮਣੇ ਖਲੋ ਕੇ ਬਹਿਸ ਕਰਨਾ ਬੜਾ ਓਪਰਾ ਜਿਹਾ ਲੱਗਦਾ ਹੁੰਦਾ ਸੀ। ਉਹ ਦੇਖਦਾ ਕਿ ਹਾਸੇ-ਮਜ਼ਾਕ ਵਿਚ ਵੀ ਉਹ ਗੰਭੀਰ ਹੋ ਜਾਂਦੀ, ਜਿਵੇਂ ਪਰਦਿਆਂ ਤੇ ਫੁੱਲਾਂ ਵਾਲੀ ਗੱਲ ਸੁਣ ਕੇ ਹੋ ਗਈ ਸੀ। ਉਹ ਆਪ ਵੀ ਅਜਿਹੀਆਂ ਗੱਲਾਂ ਤੋਂ ਝਿਜਕਦਾ ਸੀ ਕਿਉਂਕਿ ਕੁੜੀ ਦੇ ਅਸੂਲ ਓਨੇ ਹੀ ਸ਼ੱਕੀ ਸਨ ਜਿੰਨੇ ਕਿ ਉਸਦੇ ਅੰਧਵਿਸ਼ਵਾਸ। ਉਹ ਵੀ ਇਹ ਗੱਲ ਸਮਝਦੀ ਹੈ, ਇਹ ਪੱਕੀ ਤਰ੍ਰਾਂ ਨਹੀਂ ਸੀ ਆਖਿਆ ਜਾ ਸਕਦਾ।
ਉਹ ਪੁਲ ਦੀ ਰੇਲਿੰਗ ਨਾਲ ਢੋਅ ਲਾ ਕੇ ਖਲੋ ਗਏ ਸਨ। ਸ਼ਾਮ ਦੇ ਘੁਸਮੁਸੇ ਵਿਚ ਪੰਛੀਆਂ ਦਾ ਇਕ ਝੁੰਡ ਨਦੀ ਉੱਪਰ ਚੱਕਰ ਲਾ ਰਿਹਾ ਸੀ।
"ਕੁਝ ਕਮਰੇ ਹਮੇਸ਼ਾ ਫੁੱਲਾਂ ਨਾਲ ਭਰੇ ਹੁੰਦੇ ਨੇ।" ਕੁੜੀ ਨੇ ਕਿਹਾ। ਉਹ ਅਜੇ ਵੀ ਉਹਨਾਂ ਬਾਰੇ ਸੋਚ ਰਹੀ ਸੀ। ਚਾਹੁੰਦੀ ਸੀ ਕਿ ਗੱਲਾਂ ਦੀ ਇਕ ਪਗਡੰਡੀ ਜਿਹੀ ਬਣ ਜਾਏ, ਜਿਸ ਉੱਤੇ ਇੱਧਰ-ਉੱਧਰ ਭਟਕਦਿਆਂ ਉਹ ਤੁਰ ਸਕਣ।
ਮੁੰਡਾ ਅਕਸਰ ਭਟਕ ਜਾਂਦਾ ਸੀ। "ਆਖਰੀ ਵਾਰੀ ਜਦੋਂ ਮੈਂ ਕਿਸੇ ਕਮਰੇ ਵਿਚ ਬਹੁਤ ਸਾਰੇ ਫੁੱਲ ਵੇਖੇ ਸਨ, ਮੇਰੀ ਦਾਦੀ ਦੀ ਮੌਤ ਹੋਈ ਸੀ।" ਮੁੰਡੇ ਨੇ ਕਿਹਾ।
"ਕੀ ਉਹ ਖਾਸੀ ਬੁੱਢੀ ਸੀ?" ਕੁੜੀ ਨੇ ਪੁੱਛਿਆ।
"ਮੈਨੂੰ ਪਤਾ ਨਹੀਂ…ਉਹ ਕਿਸੇ ਹੋਰ ਸ਼ਹਿਰ ਵਿਚ ਰਹਿੰਦੀ ਸੀ ਤੇ ਮੈਂ ਉਸਨੂੰ ਪਹਿਲੀ ਵਾਰੀ ਵਿਖਆ ਸੀ।"
"ਓ…" ਕੁੜੀ ਨੇ ਕਿਹਾ।
"ਫੁੱਲਾਂ ਵਿਚ ਉਸਦਾ ਚਿਹਰਾ ਸੁੱਤੀ ਹੋਈ ਗੁੱਡੀ ਵਰਗਾ ਲੱਗਦਾ ਸੀ।" ਮੁੰਡੇ ਨੇ ਕਿਹਾ।
ਉਹ ਚੁੱਪਚਾਪ ਉੱਡਦੇ ਹੋਏ ਪੰਛੀਆਂ ਵੱਲ ਵੇਖਦੀ ਰਹੀ…ਹੁਣ ਉਹ ਖਾਸੇ ਨੀਵੇਂ ਆ ਗਏ ਸਨ। 'ਮੈਂ ਕਦੀ ਮਰੇ ਹੋਏ ਬੰਦੇ ਦਾ ਚਿਹਰਾ ਨਹੀਂ ਦੇਖਿਆ', ਉਹ ਸੋਚ ਰਹੀ ਸੀ।
ਕੁਝ ਚਿਰ ਬਾਅਦ ਉਹ ਪੁਲ ਪਾਰ ਕਰਨ ਲੱਗੇ। ਉਸ ਸ਼ਹਿਰ ਵਿਚ ਕਈ ਪੁਲ ਸਨ ਤੇ ਜਗ੍ਹਾ ਜਗ੍ਹਾ ਉਹਨਾਂ ਨੂੰ ਪਾਰ ਕਰਨਾ ਪੈਂਦਾ ਸੀ। ਨਦੀ ਸ਼ਹਿਰ ਦੇ ਐਨ ਵਿਚਕਾਰੋਂ ਲੰਘਦੀ ਸੀ, ਜਿਵੇਂ ਅਸੀਂ ਇਕ ਸ਼ਹਿਰ ਵਿਚੋਂ ਦੂਜੇ ਸ਼ਹਿਰ ਜਾ ਰਹੇ ਹੋਈਏ। ਦੋਵੇਂ ਪਾਸੇ ਈਸਾਈ ਸੰਤਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਸਨ ਤੇ ਉਹ ਵੀ ਓਨੀਆਂ ਹੀ ਪੁਰਾਣੀਆਂ ਸਨ। ਜਦੋਂ ਕੋਈ ਟਰਾਮ ਲੰਘਦੀ, ਮੂਰਤੀਆਂ ਦੇ ਪਰਛਾਵੇਂ ਉਸਦੇ ਨਾਲ ਹੀ ਪਾਣੀ ਉੱਤੇ ਨੱਸਣ ਲੱਗਦੇ।
ਪੁਲ ਉੱਤੇ ਤੁਰਦੀ ਹੋਈ ਉਹ ਹਮੇਸ਼ਾ ਉਸਦਾ ਹੱਥ ਫੜ੍ਹ ਲੈਂਦੀ…ਲੱਗਦਾ ਸੀ ਜਿਵੇਂ ਵਗਦੇ ਪਾਣੀ ਉੱਤੇ ਤੁਰ ਰਹੀ ਹੈ। ਜੇ ਉਸਦਾ ਹੱਥ ਛੱਡ ਦਿਤਾ ਤਾਂ ਕੋਈ ਅਦਿੱਖ ਤੇ ਜ਼ੋਰਾਵਰ ਸ਼ੈਅ ਉਸਨੂੰ ਹੇਠਾਂ ਖਿੱਚ ਲਏਗੀ। ਇਸ ਖ਼ਿਆਲ ਦੇ ਨਾਲ ਹੀ ਉਸਦਾ ਸਿਰ ਚਕਰਾਉਣ ਲੱਗ ਪੈਂਦਾ।
"ਤੂੰ ਇਸ ਤਰ੍ਹਾਂ ਕਿੰਨਾਂ ਚਿਰ ਤੁਰ ਸਕਦਾ ਏਂ?" ਕੁੜੀ ਨੇ ਅਚਾਨਕ ਹੀ ਪੁੱਛਿਆ।
"ਪੁਲ ਉੱਤੇ?"
"ਨਹੀਂ…ਇਸੇ ਤਰ੍ਹਾਂ ਹਰ ਥਾਂ…"
"ਜੇ ਮੈਂ ਆਪਣੇ ਕਮਰੇ ਵਿਚ ਵਾਪਸ ਨਾ ਪਹੁੰਚਣਾ ਹੋਏ, ਤਾਂ ਕਾਫੀ ਦੂਰ ਤਕ ਤੁਰ ਸਕਦਾ ਹਾਂ" , ਮੁੰਡੇ ਨੇ ਤੁਰਦਿਆਂ ਤੁਰਦਿਆਂ ਆਪਣਾ ਸਿਰ ਉਸਦੇ ਮੋਢੇ ਉੱਤੇ ਰੱਖ ਦਿਤਾ। ਉਹ ਉਸਦੇ ਵਾਲਾਂ ਨਾਲ ਖੇਡਣ ਲੱਗੀ। ਪਹਿਲਾਂ ਜਦੋਂ ਸਹਿ-ਸੁਭਾਅ ਵੀ ਇਕ ਦੂਜੇ ਨਾਲ ਲੱਗ ਜਾਂਦੇ, ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਸੀ। ਪਿੱਛਲੇ ਦਿਨਾਂ ਵਿਚ ਜਦੋਂ ਉਹ ਖੁਸ਼ ਹੁੰਦੇ ਸਨ ਤਾਂ ਇਕ ਦੂਜੇ ਨੂੰ ਛੂੰਹਦੇ ਸਨ ਤੇ ਫੇਰ ਉਦਾਸ ਹੋ ਜਿਹੇ ਹੋ ਜਾਂਦੇ ਸਨ।
"ਤੇਰਾ ਕੀ ਖ਼ਿਆਲ ਏ, ਜਦੋਂ ਕਮਰਾ ਮਿਲ ਗਿਆ, ਉਦੋਂ ਵੀ ਆਪਾਂ ਨੂੰ ਇੰਜ ਤੁਰਨਾ-ਫਿਰਨਾ ਚੰਗਾ ਲੱਗਿਆ ਕਰੇਗਾ?" ਕੁੜੀ ਦੀਆਂ ਉਂਗਲਾਂ ਵਾਲਾਂ ਤੋਂ ਤਿਲ੍ਹਕ ਕੇ ਉਸਦੇ ਚਿਹਰੇ 'ਤੇ ਆਣ ਰੁਕੀਆਂ ਸਨ।
ਮੁੰਡਾ ਚੁੱਪ ਰਿਹਾ…ਉਸਨੇ ਕਦੇ ਇਸ ਗੱਲ ਬਾਰੇ ਸੋਚਿਆ ਹੀ ਨਹੀਂ ਸੀ। ਪਰ ਜਦੋਂ ਕਦੀ ਉਹ ਆਪਣੇ ਸੌਣ-ਕਮਰੇ ਵਿਚ ਇਕੱਲਾ ਹੁੰਦਾ ਸੀ ਤਾਂ ਜ਼ਰੂਰ ਸੋਚਦਾ ਸੀ ਕਿ ਕਿਹੜੀਆਂ-ਕਿਹੜੀਆਂ ਥਾਵਾਂ ਉੱਤੇ ਉਹ ਕੁੜੀ ਨੂੰ ਇਕਾਂਤ ਵਿਚ ਮਿਲ ਸਕਦਾ ਹੈ…ਜਾਂ ਕਦੀ ਕਦੀ ਇਹ ਪ੍ਰਾਰਥਨਾ ਵੀ ਕਰਦਾ ਸੀ ਕਿ ਕਿਸੇ ਰਾਤ ਉਹ ਸੌਣ-ਕਮਰੇ ਵਿਚ ਵਾਪਸ ਨਾ ਮੁੜੇ ਤੇ ਉਸ ਕੁੜੀ ਨਾਲ ਪੂਰੀ ਰਾਤ ਇਕੋ ਜਗ੍ਹਾ ਗੁਜਾਰੇ। ਇੰਜ ਹੁੰਦਾ ਨਹੀਂ ਸੀ…ਪਰ ਉਹ ਪ੍ਰਾਰਥਨਾ ਹਰ ਰੋਜ਼ ਕਰਦਾ ਸੀ।
ਪੁਲ ਪਿੱਛੇ ਰਹਿ ਗਿਆ ਸੀ। ਉਹ ਫੇਰ ਮਕਾਨਾਂ ਵਿਚਕਾਰ ਆ ਗਏ ਸਨ। ਇਹ ਸ਼ਹਿਰ ਦਾ ਗਰੀਬ ਇਲਾਕਾ ਸੀ। ਕੰਧਾਂ ਵਿਚਕਾਰ ਲੰਮੀਆਂ-ਲੰਮੀਆਂ ਤਾਰਾਂ ਬੰਨ੍ਹੀਆਂ ਹੋਈਆਂ ਸਨ, ਜਿਹਨਾਂ ਉੱਤੇ ਟੰਗੇ ਗਿੱਲੇ ਕਪਣੇ ਹਵਾ ਵਿਚ ਫੜ-ਫੜਾਉਂਦੇ ਰਹਿੰਦੇ ਸਨ। ਵਿਚਕਾਰ ਇਕ ਛੋਟਾ ਜਿਹਾ ਮੈਦਾਨ ਸੀ, ਜਿੱਥੇ ਬਹੁਤ ਸਾਰੇ ਬੱਚਿਆਂ ਦਾ ਰੌਲਾ ਅਕਸਰ ਗੂੰਜਦਾ ਰਹਿੰਦਾ ਸੀ…ਤੇ ਉਹ ਰੌਲਾ ਆਸਪਾਸ ਦੀਆਂ ਗਲੀਆਂ ਵਿਚ ਹੜ੍ਹ ਦੇ ਪਾਣੀ ਵਾਂਗ ਵਗ ਆਉਂਦਾ ਸੀ। ਡੁੱਬਦੇ ਸੂਰਜ ਦੀ ਰੌਸ਼ਨੀ ਵਿਚ ਕਾਲੀਆਂ ਚਿਮਨੀਆਂ ਕੁਝ ਵਧੇਰੇ ਹੀ ਲਿਸ਼ਕਾਂ ਮਾਰ ਰਹੀਆਂ ਸਨ।
"ਉਂਜ ਜਾਣਾ ਕਿੱਥੇ ਈ?"
"ਨੇੜੇ ਈ ਇਕ ਸਿਨੇਮਾ ਹਾਲ ਏ।"
"ਤਾਂ ਸਿਨੇਮਾ ਵੇਖਣ ਦਾ ਮੂਡ ਏ?"
"ਉੱਥੇ ਸਰਦੀ ਏਨੀ ਨਹੀਂ ਹੋਏਗੀ।" ਮੁੰਡੇ ਨੇ ਕਿਹਾ।
"ਤਾਂ ਤੈਨੂੰ ਸਰਦੀ ਲੱਗ ਰਹੀ ਏ?"
"ਨਹੀਂ…ਨਹੀਂ।" ਮੁੰਡੇ ਨੇ ਕਾਹਲ ਨਾਲ ਆਪਣਾ ਹੱਥ ਉਸਦੇ ਮੋਢੇ ਉੱਤੇ ਰੱਖਦਿਆਂ ਕਿਹਾ, "ਤੈਨੂੰ ਪਤਾ ਏ ਨਾ, ਤੇਰੇ ਨਾਲ ਰਹਿ ਕੇ ਮੈਨੂੰ ਕੁਝ ਵੀ ਨਹੀਂ ਲੱਗਦਾ…।"
"ਕੁਝ ਵੀ ਨਹੀਂ ਲੱਗਦਾ..." ਕੁੜੀ ਦੀ ਆਵਾਜ਼ ਵਿਚ ਬਨਾਉਟੀ ਜਿਹਾ ਗੁੱਸਾ ਸੀ। ਉਹ ਇਕ ਅਜਿਹਾ ਹਾਸਾ ਹੱਸੀ, ਜਿਹੜਾ ਸਿਰਫ ਚਿੜਾਉਣ ਖਾਤਰ ਕੁੜੀਆਂ ਹੱਸਦੀਆਂ ਨੇ। ਜੋ ਆਵਾਰਾ ਹੋਣ ਦੀ ਐਕਟਿੰਗ ਕਰਦੀਆਂ ਨੇ, ਪਰ ਹੁੰਦੀਆਂ ਨਹੀਂ।
ਮੁੰਡੇ ਦੇ ਚਿਹਰੇ ਉੱਤੇ ਹਲਕੀ ਜਿਹੀ ਲਾਲੀ ਛਾ ਗਈ। ਉਹ ਉਹਨਾਂ ਲੋਕਾਂ ਵਿਚੋਂ ਸੀ ਜਿਹੜੇ ਠੀਕ ਮੌਕੇ, ਮੌਕੇ ਦੀ ਗੱਲ ਨਹੀਂ ਆਖ ਸਕਦੇ। ਉਹ ਜਾਂ ਤਾਂ ਬੜੀ ਅੱਗੇ ਦੀਆਂ ਗੱਲਾਂ ਕਰਦੇ ਨੇ ਜਿਸ ਨਾਲ ਕੁੜੀਆਂ ਸਹਿਮ ਜਾਂਦੀਆਂ ਨੇ ਤੇ ਜਾਂ ਫੇਰ ਬੜੀਆਂ ਪੱਛੜੀਆਂ ਹੋਈਆਂ ਗੱਲਾਂ ਜਿਹੜੀਆਂ ਸਿਰਫ ਨਿਰਾਸ਼ਾ ਹੀ ਦੇਂਦੀਆਂ ਹਨ। ਕੁੜੀ ਨੂੰ ਹਮੇਸ਼ਾ ਇਹੀ ਲਾਲਚ ਹੁੰਦਾ ਸੀ ਕਿ ਉਸਦੀ ਇਸ ਮਜ਼ਬੂਰੀ ਦਾ ਫਾਇਦਾ ਉਠਾਇਆ ਜਾਵੇ…ਪਰ ਉਸ ਵਿਚੋਂ ਲੱਭਦਾ ਕੁਝ ਨਹੀਂ ਸੀ, ਕਿਉਂਕਿ ਉਹਨਾਂ ਕੋਲ ਸਮਾਂ ਏਨਾ ਘੱਟ ਹੁੰਦਾ ਸੀ ਕਿ ਦੋਵੇਂ ਸੰਭਲ ਕੇ ਉਸਦੀ ਵਰਤੋਂ ਕਰਦੇ ਸਨ। ਅਕਸਰ ਦੇਖਿਆ ਜਾਂਦਾ ਹੈ ਕਿ ਜੋ ਲੋਕ ਹਰ ਵੇਲੇ ਇਕੱਠੇ ਨਹੀਂ ਰਹਿ ਸਕਦੇ, ਇਕ ਦੂਜੇ ਦੇ ਸੁਖਾਂ ਨਾਲ ਖੇਡਦੇ ਨੇ…ਉਹਨਾਂ ਨੂੰ ਸਾਵਧਾਨੀ ਨਾਲ ਦਬੋਚੀ ਰੱਖਦੇ ਨੇ।
ਸਕਵਾਇਰ ਵਿਚੋਂ ਬਾਹਰ ਆ ਕੇ ਦੋਵੇਂ ਇਕ ਭੀੜੀ ਸੜਕ ਉੱਤੇ ਤੁਰਨ ਲੱਗੇ। ਏਥੇ ਦੁਕਾਨਾਂ ਬਹੁਤੀਆਂ ਨਹੀਂ ਸਨ। ਕਿਸੇ ਲੁੱਟੇ-ਪਿੱਟੇ ਹੋਟਲ ਜਾਂ 'ਬੀਅਰ-ਪੱਬ' ਦੀ ਹਨੇਰੇ ਵਿਚ ਟਿਮਟਿਮਾਉਂਦੀ 'ਨਿਓਨ-ਲਾਈਟ' ਦਿਸ ਪੈਂਦੀ…ਇਹ ਉਪ-ਨਗਰ ਦਾ ਇਲਾਕਾ ਸੀ…ਸ਼ਹਿਰ ਦੀ ਬਾਹਰਲੀ ਹੱਦ ਉੱਤੇ ਇਕ ਸਿਨੇਮਾ, ਇਕ ਪੈਟਰੋਲ ਪੰਪ, ਦੋ ਨਾਚ-ਘਰ ਤੇ ਅਖੀਰ ਵਿਚ ਬੱਸਾਂ ਦਾ ਉਜਾੜ-ਜਿਹਾ ਅੱਡਾ ਸੀ। ਸਭ ਕੁਝ ਇਕੇ ਸੜਕ ਉੱਤੇ ਸੀ ਤੇ ਉਹ ਸੜਕ ਉਹਨਾਂ ਦੇ ਸ਼ਹਿਰ ਦੀਆਂ ਰੌਸ਼ਨੀਆਂ ਦੇ ਆਖਰੀ ਸਿਰੇ ਉੱਤੇ ਸੀ।
ਟਿਕਟ ਘਰ ਵਿਚ ਬੈਠੀ ਟਿਕਟਾਂ ਦੇਣ ਵਾਲੀ ਔਰਤ ਊਂਘ ਰਹੀ ਸੀ। ਉਹਨਾਂ ਨੂੰ ਵੇਖ ਕੇ ਖਿਝ ਗਈ। ਉਸਨੇ ਸ਼ਾਇਦ ਇਹ ਆਸ ਛੱਡ ਦਿਤੀ ਸੀ ਕਿ ਹੁਣ ਕੋਈ ਆਏਗਾ। ਉਹ ਇਕ ਉਪ-ਨਗਰ ਸੀ ਤੇ ਉਸ ਵਿਚ ਸਿਰਫ ਉਹੀ ਫਿਲਮਾਂ ਦਿਖਾਈਆਂ ਜਾਂਦੀਆਂ ਸਨ, ਜਿਹੜੀਆਂ ਸ਼ਹਿਰ ਦੇ ਵੱਡੇ-ਵੱਡੇ ਸਿਨੇਮਿਆਂ ਵਿਚ ਕਈ ਕਈ ਮਹੀਨੇ ਪਹਿਲਾਂ ਚੱਲ ਚੁੱਕੀਆਂ ਹੁੰਦੀਆਂ ਸਨ।
"ਠਹਿਰ ਮੈਂ...ਲੈਂਦਾ ਵਾਂ।" ਮੁੰਡੇ ਨੇ ਪੈਸੇ ਕੱਢਣ ਲਈ ਕੋਟ ਦੀ ਅੰਦਰਲੀ ਜੇਬ ਵਿਚ ਹੱਥ ਪਾਇਆ, ਪਰ ਕੁੜੀ ਨੇ ਉਸਦੀ ਉਡੀਕ ਨਹੀਂ ਕੀਤੀ। ਉਸਨੂੰ ਪਤਾ ਸੀ ਮੁੰਡੇ ਦਾ ਵਿਦਿਆਰਥੀ ਭੱਤਾ ਉਸਦੀ ਤਨਖ਼ਾਹ ਨਾਲੋਂ ਬੜਾ ਘੱਟ ਹੈ। ਉਹ ਅਜਾਇਬ ਘਰਾਂ ਦੀਆਂ ਪੁਰਾਣੀਆਂ ਤਸਵੀਰਾਂ ਦੇ ਉੱਜੜੇ ਰੰਗਾਂ ਨੂੰ ਮੁੜ ਭਰਨ ਦਾ ਕੰਮ ਕਰਦੀ ਸੀ ਤੇ ਮੁੰਡਾ ਕਦੀ ਕਦੀ ਮਜ਼ਾਕ ਨਾਲ ਉਸਨੂੰ 'ਮਿਸ ਰੇਸਟੋਰੇਟ' ਵੀ ਆਖਦਾ ਹੁੰਦਾ ਸੀ।
ਕੁੜੀ ਨੇ ਉਸਦੀ ਉਡੀਕ ਨਾ ਕੀਤੀ ਤੇ ਆਪਣੇ ਬਟੂਏ ਵਿਚੋਂ ਇਕ ਮੁੜਿਆ-ਤੁੜਿਆ ਨੋਟ ਕੱਢ ਕੇ ਖਿੜਕੀ ਉੱਤੇ ਰੱਖ ਦਿਤਾ ਤੇ ਟਿਕਟਾਂ ਚੁੱਕ ਲਈਆਂ। ਉਦੋਂ ਮੁੰਡਾ ਦੂਜੇ ਪਾਸੇ ਵੇਖਣ ਲੱਗ ਪਿਆ ਸੀ ਜਿੱਧਰ ਫਿਲਮ ਦੇ ਪੋਸਟਰ ਲੱਗੇ ਹੋਏ ਸਨ। ਅਜਿਹੇ ਮੌਕੇ ਉੱਤੇ ਉਸਨੂੰ ਆਪਣੀ ਸਥਿਤੀ ਬੇਹੂਦਾ ਜਿਹੀ ਲੱਗਦੀ, ਪਰ ਉਹ ਵਿਰੋਧ ਨਹੀਂ ਸੀ ਕਰਦਾ…ਕਿਉਂਕਿ ਵਿਰੋਧ ਕਰਨ ਨਾਲ ਕੁੜੀ ਦੀਆਂ ਨਜ਼ਰਾਂ ਵਿਚੋਂ ਡਿੱਗ ਪੈਣ ਦਾ ਖ਼ਤਰਾ ਹੁੰਦਾ ਸੀ।
ਅੰਦਰ ਬੜੇ ਹੀ ਘੱਟ ਲੋਕ ਸਨ। ਫਿਲਮ ਸ਼ੁਰੂ ਹੋ ਗਈ ਸੀ ਤੇ ਪਿਛਲੀਆਂ ਸਾਰੀਆਂ ਸੀਟਾਂ ਖਾਲੀ ਪਈਆਂ ਸਨ। ਗੇਟ ਕੀਪਰ ਕੁੜੀ ਨੇ ਟਾਰਚ ਜਗਾਉਣ ਦੀ ਲੋੜ ਵੀ ਨਹੀਂ ਸਮਝੀ…ਉਹ ਜਿੱਥੇ ਦਿਲ ਕਰੇ ਬੈਠ ਸਕਦੇ ਸਨ। ਉਹ ਇਕ ਅਜਿਹੀ ਥਾਂ ਜਾ ਬੈਠੇ ਜਿੱਥੇ ਉਹ ਇਕ ਦੂਜੇ ਲਈ ਸੁਰੱਖਿਅਤ ਰਹਿ ਸਕਦੇ ਸਨ।
ਮੁੰਡੇ ਨੇ ਹੌਲੀ ਜਿਹੀ ਉਸਨੂੰ ਚੁੰਮ ਲਿਆ…ਫੇਰ ਆਪਣਾ ਹੱਥ ਉਸਦੇ ਗੋਡੇ ਉਪਰ ਰੋਕ ਦਿਤਾ, ਜਿੱਥੇ ਉਸਦੀ ਸਕਰਟ ਦਾ ਸਿਰਾ ਸੀ ਤੇ ਉਸ ਤੋਂ ਜ਼ਰਾ ਕੁ ਪਿੱਛੇ ਉਸਦੀਆਂ ਜੁਰਾਬਾਂ ਦੇ ਬਟਨ…ਕੁੜੀ ਨੇ ਹੱਸ ਕੇ ਉਸਦਾ ਹੱਥ ਰੋਕ ਦਿਤਾ ਤੇ ਆਪਣੀ ਸਕਰਟ ਗੋਡਿਆਂ ਤੋਂ ਹੇਠਾਂ ਵੱਲ ਖਿੱਚ ਲਈ। ਉਸਦੀਆਂ ਅੱਖਾਂ ਪਰਦੇ ਵੱਲ ਉਠ ਗਈਆਂ। ਉਹ ਕੋਈ ਇਤਾਲਵੀ ਫਿਲਮ ਸੀ…ਨਾਲ ਨਾਲ ਸੁਰਖੀਆਂ ਵੀ ਆਉਂਦੀਆਂ ਸਨ। ਸ਼ੁਰੂ ਸ਼ੁਰੂ ਵਿਚ ਤਾਂ ਉਹ ਉਹਨਾਂ ਨੂੰ ਪੜ੍ਹਦੇ ਰਹੇ, ਫੇਰ ਕੁੜੀ ਅੱਕ ਗਈ…। ਤੂੰ ਜ਼ਰਾ ਉੱਚੀ ਆਵਾਜ਼ ਵਿਚ ਨਹੀਂ ਪੜ੍ਹ ਸਕਦਾ? ਉਸਨੇ ਕਿਹਾ। ਮੁੰਡਾ ਧੀਮੀ ਆਵਾਜ਼ ਵਿਚ ਸੁਰਖੀਆਂ ਪੜ੍ਹਨ ਲੱਗਾ…ਪਰ ਉਹ ਬੜੀ ਜਲਦੀ ਬਦਲ ਜਾਂਦੀਆਂ ਸਨ ਤੇ ਉਹ ਅੱਧਾ ਕੁ ਵਾਕ ਪੜ੍ਹ ਸਕਦਾ ਸੀ। ਕੁਝ ਚਿਰ ਬਾਅਦ ਉਹ ਨਿਰਾਸ਼ ਹੋ ਕੇ ਚੁੱਪ ਹੋ ਗਿਆ। ਕੁੜੀ ਦੀ ਸ਼ਾਇਦ ਅੱਖ ਲੱਗ ਗਈ ਸੀ ਤੇ ਉਸਨੂੰ ਚੁੱਪ ਵੇਖ ਕੇ ਫੇਰ ਖੁੱਲ੍ਹ ਗਈ ਸੀ। ਉਲਾਂਭੇ ਭਰੀ ਆਵਾਜ਼ ਵਿਚ ਉਸਨੇ ਉਸਨੂੰ ਪੜ੍ਹਦੇ ਰਹਿਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਉਹ ਸੁਣ ਰਹੀ ਹੈ…ਤੇ ਜਦੋਂ ਉਸਨੇ ਪੜ੍ਹਨਾ ਸ਼ੁਰੂ ਕੀਤਾ, ਉਸਨੂੰ ਫੇਰ ਨੀਂਦ ਆ ਗਈ। ਉਸਦਾ ਸਿਰ ਮੁੰਡੇ ਦੇ ਮੋਢੇ ਨਾਲ ਆਣ ਲੱਗਿਆ। ਬੁੱਲ੍ਹ ਅੱਧ ਖੁੱਲ੍ਹੇ ਰਹਿ ਗਏ। ਕਦੀ ਕਦੀ ਉਹ ਕੁਝ ਬਰੜਾਉਣ ਵੀ ਲੱਗ ਪੈਂਦੀ, ਮੁੰਡਾ ਗੌਰ ਨਾਲ ਸੁਣਨ ਦੀ ਕੋਸ਼ਿਸ਼ ਕਰਦਾ…ਪਰ ਇਕ ਅੱਧਾ ਸ਼ਬਦ ਹੀ ਪੱਲੇ ਪੈਂਦਾ। ਅੱਕ ਕੇ ਉਹ 'ਲਸਟਰਾਦਾ' ਦੀ ਪਾਗਲ ਹੀਰੋਇਨ ਨੂੰ ਦੇਖਣ ਲੱਗਦਾ। ਜਦੋਂ ਫਿਲਮ ਖਤਮ ਹੋ ਗਈ, ਉਸਨੇ ਆਪਣੇ ਮੋਢੇ ਤੋਂ ਉਸਦਾ ਸਿਰ ਪਰ੍ਹਾਂ ਕੀਤਾ ਤੇ ਬੜੀ ਕੋਮਲ ਆਵਾਜ਼ ਵਿਚ ਕਿਹਾ, "ਸੁਣ…ਆਪਾਂ ਹੁਣ ਬਾਹਰ ਚੱਲਣਾ ਏਂ।"
ਹਾਲ ਦੀ ਰੌਸ਼ਨੀ ਵਿਚ ਕੁੜੀ ਦੀਆਂ ਅੱਖਾਂ ਚੁੰਧਿਆ ਗਈਆਂ ਸਨ ਤੇ ਬੁੱਲ੍ਹਾਂ ਉੱਤੇ ਇਕ ਖਿਸਿਆਨੀ ਜਿਹੀ ਮੁਸਕਾਨ ਚਿਪਕੀ ਹੋਈ ਸੀ।
ਉਹ ਬਾਹਰ ਆ ਗਏ। ਥੋੜ੍ਹਾ ਚਿਰ ਸੌਂ ਲੈਣ ਕਰਕੇ ਕੁੜੀ ਨੂੰ ਬੜਾ ਹਲਕਾ ਹਲਕਾ ਜਿਹਾ ਲੱਗ ਰਿਹਾ ਸੀ। ਜਾਪਦਾ ਸੀ ਜਿਵੇਂ ਦੇਹ ਦੀਆਂ ਗੰਢਾਂ ਇਕ ਇਕ ਕਰਕੇ ਖੁੱਲ੍ਹ ਗਈਆਂ ਹੋਣ।
"ਮੈਂ ਵਿਚਾਲੇ ਈ ਸੌਂ ਗਈ ਸਾਂ।" ਕੁੜੀ ਨੇ ਆਪਣੇ ਵਾਲ ਸੰਵਾਰਦਿਆਂ ਹੋਇਆਂ ਕਿਹਾ, "ਅਖ਼ੀਰ ਵਿਚ ਉਸ ਪਾਗਲ ਦਾ ਕੀ ਬਣਿਆ?"
"ਉਹ ਪਾਗਲ ਨਹੀਂ ਸੀ…ਬੱਸ ਲੱਗਦੀ ਸੀ।" ਮੁੰਡੇ ਨੇ ਕਿਹਾ।
"ਬੜਾ ਅਜੀਬ ਹਾਸਾ ਹੱਸਦੀ ਸੀ…" ਕੁੜੀ ਨੇ ਕਿਹਾ।
"ਹਾਂ…" ਮੁੰਡਾ ਚੁੱਪ ਹੋ ਗਿਆ। ਇਹੋ ਜਿਹਾ ਹਾਸਾ ਉਸਨੇ ਪਹਿਲੀ ਵੇਰ ਸੁਣਿਆ-ਵੇਖਿਆ ਸੀ। ਉਸਨੂੰ ਵੇਖ ਕੇ ਸਭ ਗੱਲਾਂ ਯਾਦ ਆ ਗਈਆਂ ਸਨ, ਜਿਹਨਾਂ ਨੂੰ ਆਦਮੀ ਉਮਰ ਦੇ ਨਾਲ ਨਾਲ ਭੁੱਲਦਾ ਜਾਂਦਾ ਹੈ। ਪਰ ਉਹ ਕੁੜੀ ਕੁਝ ਵੀ ਭੁੱਲ ਨਹੀਂ ਸੀ ਸਕੀ, ਏਸੇ ਲਈ ਉਸਦਾ ਆਪਾ ਗੁਆਚ ਗਿਆ ਸੀ ਤੇ ਉਹ ਪਾਗਲਾਂ ਵਰਗੀ ਲੱਗਦੀ ਸੀ।
"ਠਹਿਰੀਂ…" ਉਸਨੇ ਮੁੰਡੇ ਦਾ ਹੱਥ ਫੜ੍ਹ ਲਿਆ। ਮੁੰਡੇ ਨੇ ਉਸ ਵੱਲ ਤੱਕਿਆ।
"ਮੇਰੀ ਇੱਛਾ ਇਕ ਆਈਸਕਰੀਮ ਲੈਣ ਦੀ ਏ।" ਕੁੜੀ ਨੇ ਕਿਹਾ।
ਸਿਨੇਮਾ ਹਾਲ ਦੇ ਨਾਲ ਹੀ ਇਕ 'ਬੂਫੇ' ਸੀ। ਮੁੰਡੇ ਨੇ ਆਪਣੀ ਖਾਤਰ ਇਕ ਗਿਲਾਸ ਲਿਮਲੇਟ ਮੰਗਵਾ ਲਿਆ ਤੇ ਉਸਨੂੰ ਇਕ ਆਈਸਕਰੀਮ ਲੈ ਦਿਤੀ। ਇਸ ਵਾਰੀ ਕੁੜੀ ਨੇ ਪੈਸੇ ਦੇਣ ਦੀ ਜ਼ਿੱਦ ਨਹੀਂ ਕੀਤੀ ਸੀ, ਉਹ ਛੋਟੇ-ਛੋਟੇ ਖਰਚੇ ਮੁੰਡੇ ਨੂੰ ਕਰ ਲੈਣ ਦੇਂਦੀ ਸੀ। ਜਦੋਂ ਦੋਵੇਂ 'ਬੂਫੇ' ਵਿਚੋਂ ਬਾਹਰ ਆਏ, ਹਨੇਰੇ ਉੱਤੇ ਇਕ ਫਿੱਕਾ ਜਿਹਾ ਚਾਨਣ ਫੈਲਿਆ ਜਾਪਿਆ…ਇਕ ਭੂਸਲਾ ਜਿਹਾ ਚਾਨਣ, ਜਿਸ ਨੂੰ ਸਰਦੀ ਪਿੱਛੇ ਛੱਡ ਗਈ ਹੁੰਦੀ ਹੈ ਅਤੇ ਗਰਮੀ ਅਜੇ ਉਸਨੂੰ ਨਿਗਲ ਨਹੀਂ ਸਕੀ ਹੁੰਦੀ। ਸ਼ਹਿਰ ਦੀਆਂ ਰੌਸ਼ਨੀਆਂ ਵਿਚ ਉਹ ਦਬ ਜਾਂਦਾ ਹੈ, ਪਰ ਬਾਹਰ ਖੁੱਲ੍ਹੇ ਇਲਾਕੇ ਵਿਚ ਉਸਦੀ ਚਮਕੀਲੀ ਪਰਤ ਸਾਫ ਦੇਖੀ ਜਾ ਸਕਦੀ ਹੈ।
ਸੜਕ ਦੇ ਅੰਤਿਮ ਸਿਰੇ ਉੱਤੇ ਆ ਕੇ ਉਹ ਠਿਠਕ ਗਏ…ਸ਼ਹਿਰ ਦੀ ਸੜਕ ਏਥੇ ਆ ਕੇ ਹੋਰਨਾਂ ਸੜਕਾਂ ਵਿਚ ਵੰਡੀ ਗਈ ਸੀ। ਚੁਰਸਤੇ ਦੇ ਐਨ ਵਿਚਕਾਰ 'ਟ੍ਰੈਫਿਕ ਲਾਈਟਸ' ਲੱਗੀਆਂ ਸਨ। ਜਿਹਨਾਂ ਉੱਤੇ ਤੀਰ ਦੇ ਨਿਸ਼ਾਨ ਬਣੇ ਸਨ…ਜੋ ਵੱਖਰੀਆਂ ਦਿਸ਼ਾਵਾਂ ਵੱਲ ਇਸ਼ਾਰੇ ਕਰ ਰਹੇ ਸਨ। ਬਰਲਿਨ, ਪੈਰਿਸ, ਨਿਊਯਾਰਕ, ਡਰੇਸਡਨ…ਹਰੇਕ ਸ਼ਹਿਰ ਦਾ ਨਾਂ ਟ੍ਰੈਫਿਕ ਲਾਈਟ ਵਿਚ ਚਮਕਦਾ ਪਿਆ ਸੀ। ਚੁਰਸਤੇ ਵਿਚ ਖਲੋ ਕੇ ਇੰਜ ਲੱਗਦਾ ਸੀ ਜਿਵੇਂ ਉਹ ਯੂਰਪ ਦੇ ਐਨ ਵਿਚਕਾਰ ਖਲੋਤੇ ਹੋਣ।
"ਕਿੰਨੇ ਸ਼ਹਿਰ ਨੇ…!" ਕੁੜੀ ਦੀਆਂ ਅੱਖਾਂ ਵਿਚੋਂ ਡੂੰਘੀ ਹੈਰਾਨੀ ਝਲਕਣ ਲੱਗੀ ਤੇ ਥੋੜ੍ਹਾ ਕੁ ਭੈ ਵੀ…ਜਿਹੜਾ ਉਹਨਾਂ ਲੋਕਾਂ ਵਿਚ ਆਮ ਵੇਖਿਆ ਜਾ ਸਕਦਾ ਹੈ, ਜਿਹਨਾਂ ਸਾਹਵੇਂ ਪੂਰੀ ਜ਼ਿੰਦਗੀ ਪਈ ਹੁੰਦੀ ਹੈ। ਉਹ ਭਾਵ ਕੁਝ ਅਜਿਹੇ ਹੁੰਦੇ ਨੇ ਜਿਵੇਂ ਕਿਸੇ ਕੂਲੀ-ਮੁਲਾਇਮ ਚੀਜ਼ ਨੂੰ ਹੱਥਾਂ ਵਿਚ ਫੜਨ ਲੱਗਿਆਂ ਮਹਿਸੂਸ ਹੁੰਦਾ ਹੈ…ਉਸਨੂੰ ਛੂਹ ਲੈਣ ਵਿਚ ਓਨਾਂ ਆਨੰਦ ਨਹੀਂ ਹੁੰਦਾ, ਜਿੰਨਾਂ ਉਸ ਦੇ ਹੱਥੋਂ ਛੁੱਟ ਜਾਣ ਦਾ ਭੈ…।
"ਹੁਣ ਕਿੱਧਰ ਚੱਲਣ ਦਾ ਇਰਾਦਾ ਏ?" ਮੁੰਡੇ ਨੇ ਹੱਸ ਕੇ ਪੁੱਛਿਆ।
"ਡਰੇਸਡਨ-ਲਾਇਪਜਿਗ, ਫੇਰ…"
"ਫੇਰ…" ਮੁੰਡੇ ਨੇ ਪੁੱਛਿਆ।
"ਫੇਰ…ਕੁੜੀ ਸੋਚੀਂ ਪੈ ਗਈ। ਪ੍ਰਦਰਸ਼ਨ ਖਿੜਕੀਆਂ ਤੋਂ ਬਾਅਦ ਇਹੀ ਉਹਨਾਂ ਦਾ ਮਨ-ਭਾਉਂਦਾ ਸ਼ੁਗਲ ਸੀ ਕਿ ਮੌਕੇ-ਬੇਮੌਕੇ ਉਹਨਾਂ ਸ਼ਹਿਰਾਂ ਦੀ ਗੱਲ ਛੇੜ ਬਹਿੰਦੇ ਜਿਹੜੇ ਉਹਨਾਂ ਅੱਜ ਤੀਕ ਦੇਖੇ ਨਹੀਂ ਸਨ। ਉਂਜ ਦੋਵਾਂ ਨੇ ਕਈ ਸ਼ਹਿਰ ਦੇਖੇ ਹਨ…ਕੁੜੀ ਨੇ ਬਚਪਨ ਵਿਚ ਆਪਣੇ ਮਾਪਿਆਂ ਨਾਲ ਤੇ ਮੁੰਡੇ ਨੇ ਕੁਝ ਵਰ੍ਹੇ ਪਹਿਲਾਂ ਜਦੋਂ ਅਜੇ ਉਹਨਾਂ ਦੀ ਜਾਣ-ਪਛਾਣ ਨਹੀਂ ਸੀ ਹੋਈ। ਪਰ ਇਕੱਠੇ ਉਹ ਕਿਤੇ ਵੀ ਨਹੀਂ ਸਨ ਗਏ…ਹਮੇਸ਼ਾ ਉਦੋਂ ਬਾਰੇ ਸੋਚਦੇ ਸੀ ਜਦੋਂ ਉਹ ਇਕੱਠੇ ਰਿਹਾ ਕਰਨਗੇ…ਰੋਮ ਜਾਂ ਪੈਰਿਸ ਦੇ ਕਿਸੇ ਸਸਤੇ ਜਿਹੇ ਹੋਟਲ ਵਿਚ। ਉਹਨਾਂ ਨੂੰ ਰੋਮ ਜਾਂ ਪੈਰਿਸ ਵੇਖਣ ਦਾ ਓਨਾਂ ਸ਼ੌਕ ਨਹੀਂ ਸੀ, ਜਿੰਨਾ ਹੋਟਲ ਵਿਚ ਆਪਣਾ ਕਮਰਾ ਹੋਣ ਦਾ ਸੀ। ਇਕ ਕਮਰਾ ਜਿਸ ਨਾਲ ਬਾਥਰੂਮ ਅਟੈਚ ਹੋਏਗਾ ਤੇ ਸਾਰਾ ਦਿਨ ਘੁੰਮਣ-ਫਿਰਨ ਤੋਂ ਬਾਅਦ ਉਹ ਫੁਆਰੇ ਹੇਠ ਨਹਾਇਆ ਕਰੇਗੀ ਤੇ ਮੁੰਡਾ ਕਮਰੇ ਵਿਚ ਬੈਠ ਕੇ ਉਸਨੂੰ ਉਡੀਕ ਰਿਹਾ ਹੋਏਗਾ…ਨਹਾਅ ਕੇ ਉਹ ਆਪਣਾ ਬਿਸਤਰਾ ਠੀਕ-ਠਾਕ ਕਰਿਆ ਕਰੇਗੀ ਤੇ ਮੁੰਡਾ ਆਪਣਾ। ਹਾਲਾਂਕਿ ਉਹ ਜਾਣਦੇ ਹੋਣਗੇ ਕਿ ਉਹਨਾਂ ਨੂੰ ਇਕੋ ਬਿਸਤਰੇ ਦੀ ਲੋੜ ਹੈ…ਇਹ ਇਕ ਸੁਖ ਸੀ। ਸਭ ਤੋਂ ਮਹਾਨ, ਭਰੋਸੇ ਯੋਗ ਤੇ ਚਮਤਕਾਰੀ ਸੁਖ। ਅਚਾਨਕ ਉਹ ਫੇਰ ਰੁਕ ਗਈ।ਸੁਖ ਬਾਰੇ ਕਦੇ ਵੀ ਪਹਿਲਾਂ ਨਹੀਂ ਸੋਚਣਾ ਚਾਹੀਦਾ…ਇਹ ਇਕ ਪੁਰਾਣਾ ਅੰਧਵਿਸ਼ਵਾਸ ਸੀ, ਉਸਦਾ। ਸੁਖ ਬਾਰੇ ਸੋਚਦਿਆਂ ਹੀ ਉਹ ਮਰ ਜਾਂਦਾ ਹੈ ਤੇ ਫੇਰ ਕਦੀ ਉਸੇ ਤਰ੍ਹਾਂ ਸਾਕਾਰ ਨਹੀਂ ਹੁੰਦਾ ਜਿਵੇਂ ਕਿ ਅਸੀਂ ਉਸਨੂੰ ਭੋਗਣ ਬਾਰੇ ਸੋਚਿਆ ਹੁੰਦਾ ਹੈ।
"ਤੇਰੀ ਆਈਸਕਰੀਮ ਖੁਰ ਰਹੀ ਏ।" ਮੁੰਡੇ ਨੇ ਕਿਹਾ।
ਕੁਝ ਚਿਰ ਤਕ ਉਹ ਦੋਵੇਂ ਹਨੇਰੇ ਵਿਚ ਚੁੱਪਚਾਪ ਖੜ੍ਹੇ ਰਹੇ। ਸਰਦੀ ਵਿਚ ਕੁੜੀ ਨੂੰ ਵਾਰੀ ਵਾਰੀ ਕੰਬਣੀ ਜਿਹੀ ਛਿੜ ਪੈਂਦੀ ਸੀ।
ਮੁੰਡਾ ਅੱਗੇ ਅੱਗੇ ਤੁਰਨ ਲੱਗਾ। ਬਾਰੀ ਪਿੱਛੇ ਰਹਿ ਗਈ। ਉਹ ਦੇਰ ਤਕ ਇਕ ਦੂਜੇ ਦੇ ਪੈਰਾਂ ਦੀ ਆਵਾਜ਼ ਸੁਣਦੇ ਤੁਰਦੇ ਰਹੇ।
"ਇਹ ਬੜਾ ਸਰਲ ਜੇ," ਉਹ ਰੁਕਿਆ। ਅਚਾਨਕ ਹੀ ਬੇਚੈਨ ਅਤੇ ਅਸ਼ਾਂਤ ਜਿਹਾ ਉੱਠ ਖੜ੍ਹਾ ਹੋਇਆ ਤੇ ਆਪਣੇ ਹੱਥ ਪਿੱਠ ਪਿੱਛੇ ਕਰਕੇ ਕਮਰੇ ਵਿਚ ਟਹਿਲਣ ਲੱਗਾ।
ਕੁੜੀ ਨੂੰ ਉਸਦਾ ਜਵਾਬ ਬੜਾ ਉਲਟਾ ਜਿਹਾ ਲੱਗਿਆ। ਪਰ ਉਸਨੂੰ ਉਹ ਕਮਰਾ ਯਾਦ ਸੀ ਜਿਸਨੂੰ ਉਹਨਾਂ ਹਨੇਰੇ ਵਿਚ ਖਲੋ ਕੇ ਵੇਖਿਆ ਸੀ।

No comments:

Post a Comment