Sunday, February 22, 2009

ਅਨੇਕਤਾ ਵਿਚ ਏਕਤਾ, ਭਾਰਤ ਦੀ ਵਿਸ਼ੇਸ਼ਤਾ : ਲੇਖਕ : ਵਿਜੈ ਕੁਮਾਰ

ਹਿੰਦੀ ਵਿਅੰਗ : ਅਨੇਕਤਾ ਵਿਚ ਏਕਤਾ, ਭਾਰਤ ਦੀ ਵਿਸ਼ੇਸ਼ਤਾ :: ਲੇਖਕ : ਵਿਜੈ ਕੁਮਾਰ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਵਿਅੰਗ ਨਵਾਂ ਜ਼ਮਾਨਾ : 9 ਨਵੰਬਰ 2008. ਵਿਚ ਛਪਿਆ ਹੈ।

ਛੁੱਟੀ ਦਾ ਦਿਨ ਉਂਜ ਤਾਂ ਹੁਣ ਹਰ ਦੂਜੇ ਚੌਥੇ ਦਿਨ ਆ ਜਾਂਦਾ ਹੈ, ਫੇਰ ਵੀ ਐਤਵਾਰ ਦਾ ਆਪਣਾ ਹੀ ਆਨੰਦ ਹੁੰਦਾ ਹੈ। ਸਵੇਰੇ ਆਰਾਮ ਨਾਲ ਉੱਠਣਾ, ਦੋ ਤਿੰਨ ਰਾਊਂਡ ਚਾਹ ਪੀਂਦਿਆਂ ਹੋਇਆਂ ਅਖ਼ਬਾਰ ਪੜ੍ਹਨਾ, ਠੰਡ ਹੋਵੇ ਤਾਂ ਧੁੱਪ ਵਿਚ ਬੈਠ ਕੇ ਤੇਲ ਮਾਲਸ਼ ਤੇ ਫੇਰ ਖੁੱਲ੍ਹੇ ਇਸ਼ਨਾਨ ਦਾ ਵੱਖਰਾ ਹੀ ਮਜ਼ਾ ਹੈ।
ਪਰ ਸਵੇਰੇ ਚਾਹ ਪੀਂਦਿਆਂ ਹੋਇਆਂ ਵਰਮਾ ਜੀ ਆ ਧਮਕੇ। ਰਾਮ-ਰਾਮ ਨਾ ਸ਼ਾਮ-ਸ਼ਾਮ, ਆਉਂਦੇ ਹੀ ਮੇਰੇ ਉੱਪਰ ਵਰ੍ਹ ਗਏ। 'ਤੈਥੋਂ ਅਜਿਹੀ ਉਮੀਦ ਨਹੀਂ ਸੀ ਕੁਮਾਰ। ਤੂੰ ਸਾਰਾ ਦਿਨ ਅਖ਼ਬਾਰਾਂ 'ਚ ਡੁੱਬਿਆ ਰਹਿੰਦਾ ਏਂ, ਇਸ ਲਈ ਮੈਨੂੰ ਲੱਗਿਆ ਸੀ ਬਈ ਤੈਨੂੰ ਸਾਹਿਤ ਦੀ ਮਾੜੀ-ਮੋਟੀ ਸਮਝ ਹੋਵੇਗੀ, ਪਰ ਤੂੰ ਮੇਰੇ ਬੇਟੇ ਨੂੰ ਅਹਿ ਕੀ ਦੱਸਿਆ ਕਿ ਨਿਬੰਧ ਪ੍ਰਤੀਯੋਗਤਾ ਵਿਚ ਉਸ ਦੇ ਸਭ ਨਾਲੋਂ ਘੱਟ ਨੰਬਰ ਆਏ ਨੇ?'
ਹੁਣ ਜਾ ਕੇ ਗੱਲ ਮੇਰੀ ਸਮਝ ਵਿਚ ਆਈ, ਵਰਮਾ ਜੀ ਦਾ ਬੇਟਾ ਚਿੰਟੂ ਅੱਠਵੀਂ ਜਮਾਤ ਵਿਚ ਪੜ੍ਹਦਾ ਹੈ। ਉਸਦੇ ਸਕੂਲ ਵਿਚ ਪਿਛਲੇ ਦਿਨੀਂ ਨਿਬੰਧ ਪ੍ਰਤੀਯੋਗਤਾ ਹੋਈ। ਉਸਦਾ ਵਿਸ਼ਾ ਸੀ 'ਅਨੇਕਤਾ ਵਿਚ ਏਕਤਾ, ਭਾਰਤ ਦੀ ਵਿਸ਼ੇਸ਼ਤਾ।' ਵਰਮਾ ਜੀ ਹੋਏ ਵਪਾਰੀ ਬੰਦੇ, ਉਹਨਾਂ ਨੁੰ ਸਾਰਾ ਦਿਨ ਨੋਟ ਗਿਣਨ ਤੋਂ ਵਿਹਲ ਨਹੀਂ ਸੀ ਮਿਲਦੀ, ਸੋ ਉਹਨਾਂ ਚਿੰਟੂ ਨੂੰ ਮੇਰੇ ਕੋਲ ਭੇਜ ਦਿੱਤਾ ਸੀ।
ਉਂਜ ਤਾਂ ਇਸ ਵਿਸ਼ੇ ਉੱਤੇ ਮੈਂ ਬਚਪਨ ਵਿਚ ਇਕ ਨਿਬੰਧ ਲਿਖਿਆ ਸੀ, ਪਰ ਮੈਂ ਸੋਚਿਆ ਕਿ ਹੁਣ ਸਮਾਂ ਬਦਲ ਗਿਆ ਹੈ। ਸਿਧਾਂਤਕ ਗੱਲਾਂ ਦੀ ਜਗ੍ਹਾ ਜੇ ਕੁਝ ਵਿਹਾਰਕ ਗੱਲਾਂ ਲਿਖੀਆਂ ਜਾਣ ਤਾਂ ਸ਼ਾਇਦ ਅਧਿਆਪਕ ਇਸ ਨੂੰ ਵਧੇਰੇ ਪਸੰਦ ਕਰਨਗੇ। ਪਰ ਫੈਸਲੇ ਤੋਂ ਪਤਾ ਲੱਗਦਾ ਹੈ ਕਿ ਸਿੱਖਿਆ ਭਲਾ ਹੀ ਅੱਗੇ ਵਧ ਗਈ ਹੋਵੇ, ਅਧਿਆਪਕ ਅੱਜ ਵੀ ਉੱਥੇ ਦੇ ਉੱਥੇ ਹੀ ਹਨ।
ਮੈਂ ਜਿਹੜੇ ਨੁਕਤੇ ਚਿੰਟੂ ਨੂੰ ਦੱਸੇ ਸਨ, ਉਹਨਾਂ ਦੇ ਕੁਝ ਅੰਸ਼ ਪੇਸ਼ ਕਰ ਰਿਹਾ ਹਾਂ। ਇਹਨਾਂ ਨੂੰ ਪੜ੍ਹ ਕੇ ਤੁਸੀਂ ਹੀ ਦੱਸੋ ਬਈ ਮੇਰਾ ਗਰੀਬ ਦਾ ਕੀ ਦੋਸ਼ ਹੈ?
ਭਾਰਤ ਇਕ ਪ੍ਰਾਚੀਨ ਦੇਸ਼ ਹੈ। ਇਸ ਵਿਚ ਜਿੰਨੇ ਵੀ ਰਾਜ ਨੇ, ਉਹ ਸਾਰੇ ਆਪਣੇ ਆਪ ਨੂੰ ਅਤਿ ਪ੍ਰਾਚੀਨ ਦੱਸਦੇ ਨੇ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ, ਬੋਲੀਆਂ ਤੇ ਲਿੱਪੀਆਂ ਵੀ ਖ਼ੁਦ ਨੂੰ ਅਤਿਅੰਤ ਪ੍ਰਾਚੀਨ ਕਹਿੰਦੀਆਂ ਨੇ। ਕੁਝ ਤਾਂ ਆਪਣਾ ਜਨਮ ਆਪਣੀ ਮਾਂ ਨਾਲੋਂ ਵੀ ਪਹਿਲਾਂ ਦਾ ਦੱਸਦੀਆਂ ਨੇ। ਇਸ ਨਾਲ ਸਪਸ਼ਟ ਹੈ ਕਿ ਭਾਰਤ ਦੇ ਸਭ ਰਾਜਾਂ ਵਿਚ ਅਨੇਕਤਾ ਹੋਣ 'ਤੇ ਵੀ ਏਕਤਾ ਹੈ।
ਭਾਸ਼ਾਵਾਂ ਪ੍ਰਾਚੀਨ ਹੋਣ ਜਾਂ ਨਵੀਨ, ਪਰ ਉਹਨਾਂ ਵਿਚਕਾਰ ਆਪਸੀ ਝਗੜਾ ਹਰੇਕ ਪ੍ਰਦੇਸ਼ ਵਿਚ ਹੁੰਦਾ ਹੈ---ਅਸਾਮ ਵਿਚ ਹਿੰਦੀ ਭਾਸ਼ੀਆਂ ਨੂੰ ਗੋਲੀ ਮਾਰੀ ਜਾਂਦੀ ਹੈ ਤੇ ਮੁੰਬਈ ਦੇ ਇਕ ਨੇਤਾ ਸਾਰਿਆਂ ਨੂੰ ਸਿਰਫ ਮਰਾਠੀ ਬੋਲਣ ਦਾ ਹੀ ਆਦੇਸ਼ ਦੇਂਦੇ ਨੇ। ਤਾਮਿਲ ਵਿਚ ਹਿੰਦੀ ਬੋਲਣ ਵਾਲੇ ਹੀਣ ਸਮਝੇ ਜਾਂਦੇ ਨੇ ਅਤੇ ਦੂਰਦਰਸ਼ਨ ਉੱਤੇ ਆਉਣ ਵਾਲੇ ਫੂਹੜਤਾ ਭਰੇ ਪ੍ਰਸਾਰਨ ਵਿਚ ਸਿੰਧੀ, ਹਰਿਆਨਵੀ, ਤੇਲਗੂ ਆਦਿ ਦਾ ਮਜ਼ਾਕ ਉਡਾਇਆ ਜਾਂਦਾ ਹੈ, ਪਰ ਆਪਣੀ ਭਾਸ਼ਾ ਉੱਤੇ ਏਨਾ ਵਧੇਰੇ ਮਾਣ ਕਰਨ ਦੇ ਬਾਵਜੂਦ ਸਾਰਿਆਂ ਦਾ ਅੰਗਰੇਜ਼ੀ ਦੇ ਪ੍ਰਤੀ ਬਰਾਬਰ ਦਾ ਮੋਹ ਹੈ। ਉਹ ਉਸਨੂੰ ਆਪਣੀ ਪ੍ਰਗਤੀ ਦਾ ਸਭ ਤੋਂ ਵੱਡਾ ਆਧਾਰ ਮੰਨਦੇ ਨੇ।
ਇਸ ਲਈ ਗੱਲਬਾਤ ਵਿਚ ਅੰਗਰੇਜ਼ੀ ਦੇ ਕੁਝ ਸ਼ਬਦ ਜਾਂ ਵਾਕ ਘੁਸੇੜਨਾ ਲੋਕ ਆਪਣੀ ਸ਼ਾਨ ਸਮਝਦੇ ਨੇ। ਅਖ਼ਬਾਰਾਂ, ਰਸਾਲਿਆਂ ਤੇ ਦੂਰਦਰਸ਼ਨ ਦੀ ਭਾਸ਼ਾ ਵਿਚ ਅੰਗਰੇਜ਼ੀ ਸ਼ਬਦ, ਨਾਂਅ ਤੇ ਮੁਹਾਵਰੇ ਧੜਲੇ ਨਾਲ ਵਰਤੇ ਜਾ ਰਹੇ ਨੇ। ਉਰਦੂ ਤੇ ਅਰਬੀ-ਫਾਰਸੀ ਤਕ ਘੁਸਪੈਠ ਕਰ ਚੁੱਕੀ ਹੈ। ਸਭ ਪਾਸੇ ਖਿਚੜੀ ਭਾਸ਼ਾ ਦੀ ਇਸ ਵੰਨਗੀ ਤੋਂ ਸਾਫ ਹੁੰਦਾ ਹੈ ਕਿ ਭਾਰਤ ਵਿਚ 'ਅਨੇਕਤਾ ਵਿਚ ਏਕਤਾ' ਹੈ।
ਵਿਦਿਅਕ ਅਦਾਰਿਆਂ ਵਿਚ ਅਨੁਸ਼ਾਸਨ ਤੇ ਸਿੱਖਿਆ ਨਾਲੋਂ ਵੱਧ ਟਿਊਸ਼ਨ ਤੇ ਕੋਚਿੰਗ ਦਾ ਜੋਰ ਹੈ। ਵਿਦਿਆਰਥੀ ਆਪਣੀ ਕਲਾਸ ਵਿਚ ਨਹੀਂ, ਆਪਣੇ ਕੱਪੜਿਆਂ ਉੱਪਰ ਵਿਦੇਸ਼ੀ ਕੰਪਨੀਆਂ ਦੇ ਵਿਗਿਆਪਨ ਚਿਪਕਾਈ, ਬਾਜ਼ਾਰਾਂ ਵਿਚ ਫੈਸ਼ਨ ਪ੍ਰੇਡ ਕਰਦੇ ਨਜ਼ਰ ਆਉਂਦੇ ਨੇ। ਕਿਤਾਬਾਂ ਭਾਵੇਂ ਨਾ ਹੋਣ, ਪਰ ਮੋਬਾਇਲ ਹਰੇਕ ਕੋਲ ਜ਼ਰੂਰ ਹੋਵੇਗਾ। ਵਿਦਿਆਰਥੀ ਰਾਜਨੀਤੀ ਵਿਚ ਵੀ ਦੇਸ਼ ਤੇ ਪ੍ਰਦੇਸ਼ ਵਾਂਗ ਹੀ ਜਾਤੀਵਾਦ, ਖੇਤਰਵਾਦ, ਹੱਤਿਆ-ਹਿੰਸਾ ਦੇ ਗੁਣ ਆ ਗਏ ਨੇ। ਇਹ ਮਾਹੌਲ ਪੂਰੇ ਦੇਸ਼ ਵਿਚ ਬਿਰਾਜਮਾਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਦੇਸ਼ 'ਅਨੇਕਤਾ ਵਿਚ ਏਕਤਾ' ਦੀ ਸੁੰਦਰ ਉਦਹਾਰਨ ਹੈ।
ਕੇਰਲ ਹੋਵੇ ਜਾਂ ਕਰਨਾਟਕ, ਪੰਜਾਬ ਹੋਵੇ ਜਾਂ ਜੰਮੂ-ਕਸ਼ਮੀਰ, ਦਿੱਲੀ ਹੋਵੇ ਭਾਵੇਂ ਮੁੰਬਈ, ਆਤੰਕਵਾਦ ਨੇ ਸਾਰੇ ਪਾਸੇ ਜੜਾਂ ਫੈਲਾਅ ਲਈਆਂ ਨੇ। ਹਰ ਸੂਬੇ ਵਿਚ ਧਮਾਕੇ ਹੁੰਦੇ ਰਹਿੰਦੇ ਨੇ। ਹਰ ਦਿਨ ਹਥਿਆਰ ਫੜ੍ਹੇ ਜਾ ਰਹੇ ਨੇ---ਜਿਹੜੇ ਜਲ, ਥਲ ਤੇ ਹਵਾ; ਭਾਵ ਹਰੇਕ ਮਾਰਗ ਰਾਹੀਂ ਆ ਰਹੇ ਹੁੰਦੇ ਨੇ। ਆਤੰਕਵਾਦੀਆਂ ਨੂੰ ਛੁਡਾਉਣ ਤੇ ਉਹਨਾਂ ਦੀ ਫਾਂਸੀ ਮੁਆਫ਼ ਕਰਵਾਉਣ ਦੀ ਮੁਹਿੰਮ ਸਭ ਪਾਸੇ ਚੱਲ ਪੈਂਦੀ ਹੈ। ਇਕ ਨਹੀਂ ਅਨੇਕਾਂ ਦਲ ਇਸ ਵਿਚ ਸ਼ਾਮਲ ਨੇ। ਲੇਖਕ, ਪ੍ਰਾ-ਅਧਿਆਪਕ, ਨੇਤਾ, ਸਰਕਾਰੀ ਅਧਿਕਾਰੀ, ਪੱਤਰਕਾਰ ਸਾਰੇ ਰਾਸ਼ਪਤੀ ਮਹੱਤਵ ਦੇ ਇਸ ਕੰਮ 'ਚ ਲੱਗ ਜਾਂਦੇ ਨੇ। ਇਸ ਨਾਲ ਵੀ 'ਅਨੇਕਤਾ ਵਿਚ ਏਕਤਾ' ਦੀ ਧਾਰਨਾ ਨੂੰ ਬਲ ਮਿਲਦਾ ਹੈ।
ਭ੍ਰਿਸ਼ਟਾਚਾਰ ਹਰ ਨਗਰ, ਜ਼ਿਲ੍ਹੇ, ਦਫ਼ਤਰ ਤੇ ਕੁਰਸੀ ਉੱਤੇ ਬਿਰਾਜਮਾਨ ਹੈ। ਨੇਤਾ ਹੋਵੇ ਜਾਂ ਅਭਿਨੇਤਾ, ਸਾਂਸਦ ਹੋਵੇ ਜਾਂ ਮੰਤਰੀ, ਪੈਸਾ ਸਾਰੇ ਲੈ ਰਹੇ ਨੇ। ਪਹਿਲਾਂ ਹਰ ਸੌਦੇ ਲਈ 'ਸੈਵਨ ਪ੍ਰਸੈਟ' ਦੀ ਲਕੀਰ ਸੀ, ਹੁਣ ਹਰ ਕੰਮ ਦੀ ਵੱਖਰੀ ਫੀਸ ਹੈ। ਨੰਬਰ ਦੋ ਦਾ ਧੰਦਾ ਪੂਰੀ ਇਮਾਨਦਾਰੀ ਨਾਲ ਚੱਲ ਰਿਹਾ ਹੈ। ਸਿਧਾਂਤਹੀਣ ਗਠਬੰਧਨ ਹਰ ਪਾਸੇ ਬਣਨ ਲੱਗ ਪਏ ਨੇ।
ਸਾਰੀਆਂ ਸਰਕਾਰਾਂ ਦੀ ਉਮਰ ਉੱਪਰ ਬੇ-ਪ੍ਰਤੀਤੀ ਦੇ ਬੱਦਲ ਮੰਡਲਾਉਂਦੇ ਰਹਿੰਦੇ ਨੇ। 'ਅਨੇਕਤਾ ਵਿਚ ਏਕਤਾ' ਦੀ ਇਸ ਨਾਲੋਂ ਵੱਡੀ ਉਦਾਹਰਨ ਹੋਰ ਕਿਹੜੀ ਮਿਲ ਸਕਦੀ ਹੈ-ਜੀ?
ਕੀ ਰੇਲਾਂ, ਕੀ ਬੱਸਾਂ---ਪਹਿਲਾਂ ਹੀ ਸਮੇਂ ਸਿਰ ਨਹੀਂ ਸੀ ਚੱਲਦੀਆਂ, ਹੁਣ ਹਵਾਈ ਜਹਾਜ਼ ਵੀ ਇਸੇ ਸ਼੍ਰੇਣੀ ਵਿਚ ਸ਼ਾਮਲ ਹੋ ਗਏ ਨੇ। ਉੱਤਰ ਹੋਵੇ ਜਾਂ ਦੱਖਣ, ਪੂਰਬ ਹੋਵੇ ਜਾਂ ਪੱਛਮ, ਪੂਰੇ ਭਾਰਤ ਵਿਚ ਗੰਦਗੀ, ਜਾਮ, ਸੜਕਾਂ ਉੱਪਰ ਨਾਜਾਇਜ਼ ਕਬਜੇ ਨਜ਼ਰ ਆਉਂਦੇ ਨੇ। ਪੈਦਲ ਬੰਦਾ ਕਿੱਥੇ ਤੁਰੇ, ਇਹ ਦੱਸਣ ਵਾਲਾ ਕੋਈ ਨਹੀਂ। ਸਵੇਰ ਦੇ ਚਾਰ ਵੱਜਦਿਆਂ ਹੀ, ਜਾਇਜ਼ ਨਾਜਾਇਜ਼ ਕਬਜਿਆਂ ਵਾਲੇ ਧਾਰਮਿਕ ਸਥਾਨਾਂ ਉੱਤੇ ਸਪੀਕਰ ਵੱਜਣ ਲੱਗ ਪੈਂਦੇ ਨੇ। ਟ੍ਰੈਫਿਕ ਦਾ ਸ਼ੋਰ ਤੇ ਧੂੰਆਂ ਹਰ ਸ਼ਹਿਰ ਵਿਚ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਬੱਚੇ ਭਾਵੇਂ ਭੁੱਲ ਗਏ ਹੋਣ, ਪਰ ਬਿਜਲੀ ਲੁਕਣ-ਮੀਟੀਆਂ ਖੇਡਦੀ ਰਹਿੰਦੀ ਹੈ। ਇਹ 'ਅਨੇਕਤਾ ਵਿਚ ਏਕਤਾ ਨਹੀਂ' ਤਾਂ ਹੋਰ ਕੀ ਹੈ?
ਸ਼ਰਾਬ, ਸ਼ਬਾਬ ਤੇ ਕਬਾਬ ਦਾ ਰੁਝਾਨ ਦੇਸ਼ ਭਰ ਵਿਚ ਵਧ ਰਿਹਾ ਹੈ। ਰਾਮ, ਕ੍ਰਿਸ਼ਨ ਤੇ ਬੁੱਧ ਤੋਂ ਬਾਅਦ ਹੁਣ ਗਾਂਧੀਗਿਰੀ ਦੀ ਪਾਲਿਸ਼ ਉਤਾਰੀ ਜਾ ਰਹੀ ਹੈ। ਕਿਸਾਨ ਆਤਮ-ਹੱਤਿਆ ਕਰ ਰਹੇ ਨੇ, ਹੁਣ ਵਾਰੀ ਛੋਟੇ ਵਪਾਰੀ ਦੀ ਹੈ। ਭਾਰਤੀ, ਅੰਬਾਨੀ ਤੋਂ ਲੈ ਕੇ ਵਾਲ ਮਾਰਟ ਵਰਗੀਆਂ ਕੰਪਨੀਆਂ ਆਪਣੇ ਰਾਕਸ਼ਸ਼ੀ ਮੂੰਹ ਖੋਲ੍ਹ ਰਹੀਆਂ ਨੇ। ਪੂਰੇ ਦੇਸ਼ ਵਿਚ ਫੈਲੇ ਉਹਨਾਂ ਦੇ ਜਾਲ ਨੂੰ ਵੇਖ ਕੇ ਵੀ 'ਅਨੇਕਤਾ ਵਿਚ ਏਕਤਾ' ਬਾਰੇ ਕੀ ਕੋਈ ਸ਼ੱਕ ਰਹਿ ਜਾਂਦਾ ਹੈ?
ਦਾਦਰੀ, ਸਿੰਗੂਰ ਜਾਂ ਫੇਰ ਨੰਦੀਗ੍ਰਾਮ, ਗਰੀਬ ਦੀ ਲੰਗੋਟੀ ਤੇ ਕਿਸਾਨ ਦੀ ਸੁੱਕੀ ਰੋਟੀ ਉੱਤੇ ਸਾਰਿਆਂ ਦੀ ਨਜ਼ਰ ਹੈ। ਉਹਨਾਂ ਨੂੰ ਲਾਲਚ ਤੇ ਧਮਕੀ ਦੇ ਕੇ ਆਪਣੀ ਜ਼ਮੀਨ ਛੱਡਣ ਲਈ ਕਿਹਾ ਜਾ ਰਿਹਾ ਹੈ। ਉਹ ਸ਼ਹਿਰਾਂ ਵਿਚ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਰਹੇ ਨੇ। ਕੁਝ ਲੋਕ ਵਧੇਰੇ ਖਾ ਕੇ, ਤੇ ਕੁਝ ਭੁੱਖ ਨਾਲ ਮਰ ਰਹੇ ਨੇ। ਦੇਸ਼ ਉੱਤੇ ਮਰਨ ਵਾਲਿਆਂ ਨੂੰ ਕੋਈ ਨਹੀਂ ਜਾਣਦਾ, ਪਰ ਅਭਿਨੇਤਾ ਤੇ ਕ੍ਰਿਕਟ ਖਿਡਾਰੀਆਂ ਨੂੰ ਸਾਰੇ ਹੀ ਪਛਾਣਦੇ ਨੇ।
ਕੁੜੀਆਂ ਦੇ ਤਨ ਦੇ ਕੱਪੜੇ ਪੂਰੇ ਦੇਸ਼ ਵਿਚ ਘੱਟ ਹੋ ਰਹੇ ਨੇ। ਫਿਲਮਾਂ ਵਿਚ ਨੰਗਾਪਨ ਵਧ ਰਿਹਾ ਹੈ। ਦੂਰਦਰਸ਼ਨ ਵਾਲੇ ਐੱਸ ਐੱਮ ਐੱਸ ਰਾਹੀਂ ਵੋਟਾਂ ਲੈਣ ਦੀ ਦੌੜ ਵਧਾ ਕੇ, ਦਰਸ਼ਕਾਂ ਨੂੰ ਉੱਲੂ ਬਣਾ ਰਹੇ ਨੇ। ਬੱਚਿਆਂ ਤੇ ਬੱਚੀਆਂ ਦੇ ਅਪਹਰਣ, ਬਲਾਤਕਾਰ ਤੇ ਹੱਤਿਆਵਾਂ ਜਗ੍ਹਾ-ਜਗ੍ਹਾ ਹੋ ਰਹੀਆਂ ਨੇ। ਨੋਏਡਾ ਹੋਵੇ ਜਾਂ ਦਿੱਲੀ, ਕਵਿਤਾ ਹੋਵੇ ਜਾਂ ਮਧੂਮਿਤਾ, ਜੈਸਿਕਾ ਲਾਲ ਹੋਵੇ ਜਾਂ ਸ਼ਿਵਾਨੀ ਭਟਨਾਗਰ, ਹਰ ਰਾਜ ਇੱਕ ਨਾਲੋਂ ਅੱਗੇ ਜਾ ਰਿਹਾ ਹੈ। ਕੀ ਇਸ ਵਿਚ 'ਅਨੇਕਤਾ ਵਿਚ ਏਕਤਾ' ਨਹੀਂ ਝਲਕਦੀ ?
ਅਜਿਹੀਆਂ ਅਨੇਕਾਂ ਵਿਹਾਰਕ ਗੱਲਾਂ ਮੈਂ ਚਿੰਟੂ ਨੂੰ ਦੱਸੀਆਂ ਸਨ, ਫੇਰ ਵੀ ਉਸਦੇ ਲੇਖ ਨੂੰ ਸਭ ਨਾਲੋਂ ਘੱਟ ਨੰਬਰ ਮਿਲੇ, ਤਾਂ ਇਸ ਵਿਚ ਮੇਰੀ ਕੀ ਗਲਤੀ ਹੈ? ਸੋ ਪਾਠਕ ਵੀਰੋ, ਮੇਰੇ ਪਿਓਵੋ-ਭਰਾਵੋ, ਫੈਸਲਾ ਤੁਹਾਡੇ ਹੱਥ ਵਿਚ ਹੈ, ਆਪਣਾ ਫੈਸਲਾ ਸੰਪਾਦਕ ਜੀ ਨੂੰ ਦੱਸ ਦੇਣ, ਮੈਂ ਉਹਨਾਂ ਤੋਂ ਪੁੱਛ ਲਵਾਂਗਾ।

No comments:

Post a Comment