Sunday, February 22, 2009

ਕੱਛੂ ਤੇ ਖ਼ਰਗੋਸ਼ : ਰਮੇਸ਼ ਉਪਾਧਿਆਏ

ਹਿੰਦੀ ਵਿਅੰਗਮਈ ਕਹਾਣੀ : ਕੱਛੂ ਤੇ ਖ਼ਰਗੋਸ਼ ::ਲੇਖਕ : ਰਮੇਸ਼ ਉਪਾਧਿਆਏ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਅਨੁਵਾਦ ਅ.ਪੰ.ਮੀਰਜ਼ਾਦਾ : ਅੰਕ : 4.---ਅਕਤੂਬਰ-ਦਸੰਬਰ 2008. ਵਿਚ ਛਪੀ।
ਕੱਛੂਆਂ ਨੂੰ ਉਹ ਕਹਾਣੀ ਬੜੀ ਪਸੰਦ ਸੀ ਜਿਸ ਵਿਚ ਉਹਨਾਂ ਦਾ ਇਕ ਵਡੇਰਾ, ਖ਼ਰਗੋਸ਼ ਨਾਲ ਦੌੜ ਵਿਚ ਜਿੱਤ ਗਿਆ ਸੀ। ਉਸਨੇ ਆਪਣੀ ਧੀਮੀ ਚਾਲ ਦੇ ਬਾਵਜੂਦ ਤੇਜ਼ੀ ਨਾਲ ਦੌੜਨ ਵਾਲੇ ਖ਼ਰਗੋਸ਼ ਨੂੰ ਹਰਾ ਦਿੱਤਾ ਸੀ। ਕੱਛੂ ਬੜੇ ਮਾਣ ਨਾਲ ਇਹ ਕਹਾਣੀ ਆਪਣੇ ਬੱਚਿਆਂ ਨੂੰ ਸੁਣਾਉਂਦੇ ਸਨ---"ਸੁਣੋ ਬੱਚਿਓ, ਕਿਸੇ ਜ਼ਮਾਨੇ ਵਿਚ ਇਕ ਕੱਛੂ ਸੀ। ਸਾਡੇ ਵਰਗਾ ਹੀ ਧੀਰ, ਗੰਭੀਰ, ਧੀਮੀ ਚਾਲ ਨਾਲ ਚੱਲਣ ਵਾਲਾ, ਨਿਯਮ ਅਨੁਸਾਰ ਕੰਮ ਕਰਨ ਵਾਲਾ, ਖ਼ਤਰਾ ਤਾੜਦਿਆਂ ਹੀ ਖੋਪੜੀ ਤੇ ਹੱਥ ਪੈਰ ਸਮੇਟ ਕੇ ਆਪਣੇ ਮਜ਼ਬੂਤ ਖੋਲ ਵਿਚ ਬੰਦ ਹੋ ਜਾਣ ਵਾਲਾ ਪਰ ਕਿਤੇ ਪਹੁੰਚਣ ਦੀ ਠਾਣ ਲਏ ਤਾਂ ਬਿਨਾਂ ਰੁਕੇ, ਬਿਨਾਂ ਥੱਕੇ ਆਪਣੀ ਮੰਜ਼ਿਲ ਵਲ ਵਧਦਾ ਹੋਇਆ ਲਗਾਤਾਰ ਅੱਗੇ ਈ ਅੱਗੇ ਵਧਦਾ ਜਾਣ ਵਾਲਾ।…ਤੇ ਉਸੇ ਜ਼ਮਾਨੇ ਵਿਚ ਇਕ ਖ਼ਰਗੋਸ਼ ਸੀ; ਖ਼ਰਗੋਸ਼ਾਂ ਵਾਂਗੂੰ ਚੰਚਲ ਸੁਭਾਅ, ਤੇਜ਼ ਦੌੜਨ ਵਾਲਾ, ਕਿਸੇ ਨਿਯਮ ਕਾਇਦੇ ਦੀ ਪ੍ਰਵਾਹ ਨਾ ਕਰਨ ਵਾਲਾ। ਥੋੜ੍ਹਾ ਆਲਸੀ, ਥੋੜ੍ਹਾ ਚਤੁਰ ਚਲਾਕ ਪਰ ਹੱਦ ਦਰਜੇ ਦਾ ਘੁਮੰਡੀ। ਉਸਨੂੰ ਆਪਣੀ ਤੇਜ਼ ਦੌੜਨ ਦੀ ਸ਼ਕਤੀ ਉੱਤੇ ਬੜਾ ਘੁਮੰਡ ਸੀ। ਸੋ ਧੀਮੀ ਚਾਲ ਚੱਲਣ ਵਾਲੇ ਕੱਛੂਆਂ ਦਾ ਮਖ਼ੌਲ ਉਡਾਉਂਦਾ ਹੁੰਦਾ ਸੀ ਉਹ।
ਇਕ ਦਿਨ ਉਸਨੇ ਸਾਡੇ ਉਸ ਵਡੇਰੇ ਕੱਛੂ ਦਾ ਮਜ਼ਾਕ ਉਡਾਂਦਿਆਂ ਕਿਹਾ, "ਮੇਰੇ ਨਾਲ ਦੌੜ ਲਾਵੇਂਗਾ?" ਕੱਛੂ ਨੇ ਖ਼ਰਗੋਸ਼ ਦੇ ਮੰਦੇ ਗੁਣਾ ਨੂੰ ਧਿਆਨ ਵਿਚ ਰੱਖਦਿਆਂ ਕਿਹਾ, "ਬੋਲ ਕਿੱਥੋਂ ਤੀਕ ਦੌੜਨਾ ਈ?"
"ਓਇ, ਕੋਈ ਬਹੁਤੀ ਦੂਰ ਤੱਕਰ ਨਹੀਂ, ਔਹ ਸਾਹਮਣੇ ਜਿਹੜਾ ਵੱਡਾ ਬੋਹੜ ਦਾ ਰੁੱਖ ਏ ਨਾ, ਉਹੀ ਸਾਡੀ ਹੱਦ ਹੋਏਗੀ। ਦੇਖਦੇ ਹਾਂ, ਕਿਹੜਾ ਪਹਿਲਾਂ ਪਹੁੰਚਦਾ ਏ?"
ਕੱਛੂ ਨੇ ਕੁਝ ਸੋਚ ਕੇ ਕਿਹਾ, "ਚੱਲ ਠੀਕ ਏ। ਕਿੱਥੋਂ ਸ਼ੁਰੂ ਕਰੀਏ?"
ਖ਼ਰਗੋਸ਼ ਨੇ ਜ਼ਮੀਨ ਉੱਤੇ ਇਕ ਲਕੀਰ ਖਿੱਚੀ ਤੇ ਬੋਲਿਆ, "ਆ, ਏਥੋਂ ਸ਼ੁਰੂ ਕਰਦੇ ਆਂ।" ਦੋਵੇਂ ਉਸ ਲਕੀਰ ਉੱਤੇ ਖੜ੍ਹੇ ਹੋ ਗਏ ਤੇ ਇਕੱਠੇ ਬੋਲੇ, "ਇਕ…ਦੋ…ਤਿੰਨ…।" ਤਿੰਨ ਬੋਲਦਿਆਂ ਹੀ ਖ਼ਰਗੋਸ਼ ਦੌੜ ਪਿਆ ਤੇ ਜਦ ਤਕ ਕੱਛੂ ਦੋ-ਚਾਰ ਕਦਮ ਚੱਲਦਾ, ਉਹ ਲਗਭਗ ਅੱਧੀ ਦੂਰੀ ਪਾਰ ਕਰ ਗਿਆ। ਉਸਨੇ ਮੁੜ ਕੇ ਪਿੱਛੇ ਦੇਖਿਆ ਕਿ ਕੱਛੂ ਕਾਫੀ ਪਿੱਛੇ ਰਹਿ ਗਿਆ ਹੈ। ਉਸਨੇ ਸੋਚਿਆ ਕਿ 'ਏਨੀ ਮੱਠੀ ਚਾਲ ਨਾਲ ਤਾਂ ਕੱਛੂ ਇੱਥੇ ਦੁਪਹਿਰ ਤਕ ਨਹੀਂ ਪਹੁੰਚ ਸਕਦਾ, ਤਦ ਤੀਕ ਕਿਉਂ ਨਾ ਮੈਂ ਕੁਝ ਖਾ-ਪੀ ਕੇ, ਇੱਥੇ ਹਰੀ ਘਾਹ ਉੱਤੇ, ਸੁਨਹਿਰੀ ਧੁੱਪ ਵਿਚ ਲੇਟ ਕੇ ਕੁਝ ਆਰਾਮ ਈ ਕਰ ਲਵਾਂ? ਜਦ ਕੱਛੂ ਇੱਥੇ ਤੀਕ ਪਹੁੰਚੇਗਾ, ਮੈਂ ਫੇਰ ਦੌੜਨਾ ਸ਼ੁਰੂ ਕਰ ਦਿਆਂਗਾ ਤੇ ਇਕੋ ਹੱਲੇ ਵਿਚ ਨਿਸ਼ਾਨੇ 'ਤੇ ਪਹੁੰਚ ਕੇ ਜਿੱਤ ਜਾਵਾਂਗਾ'। ਪਰ ਹੋਇਆ ਇੰਜ ਕਿ ਖ਼ਰਗੋਸ਼ ਉੱਥੇ ਲੇਟਦਿਆਂ ਹੀ ਆਲਸ ਵੱਸ ਸੌਂ ਗਿਆ। ਉਹ ਵੀ ਏਨੀ ਗੂੜ੍ਹੀ ਨੀਂਦ ਤੇ ਏਨੀ ਦੇਰ ਤੀਕ ਕਿ ਸੁਸਤ ਤੋਰ ਤੁਰਨ ਵਾਲਾ ਕੱਛੂ ਉਸਦੇ ਬਰਾਬਰ ਆ ਗਿਆ। ਉਸਨੇ ਦੇਖਿਆ, ਖ਼ਰਗੋਸ਼ ਸੁੱਤਾ ਹੋਇਆ ਹੈ ਤਾਂ ਉਹ ਮੁਸਕਰਾਇਆ ਤੇ ਉੱਥੇ ਰੁਕੇ ਬਿਨਾਂ ਅੱਗੇ ਵਧ ਗਿਆ। ਇੰਜ ਖ਼ਰਗੋਸ਼ ਸੁੱਤਾ ਹੀ ਰਹਿ ਗਿਆ ਤੇ ਕੱਛੂ ਬੜੇ ਆਰਾਮ ਨਾਲ ਬੋਹੜ ਦੇ ਵੱਡੇ ਰੁੱਖ ਤੀਕ ਉਸ ਤੋਂ ਪਹਿਲਾਂ ਪਹੁੰਚ ਕੇ ਦੌੜ ਜਿੱਤ ਗਿਆ।"
ਕੱਛੂ ਇਹ ਕਹਾਣੀ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਆਪਣੇ ਬੱਚਿਆਂ ਨੂੰ ਸੁਣਾਉਂਦੇ ਆ ਰਹੇ ਸਨ ਪਰ ਹੁਣ ਸਮਾਂ ਬਦਲ ਗਿਆ ਸੀ। ਬੱਚੇ ਹੁਣ ਪਹਿਲਾਂ ਵਰਗੇ ਬੱਚੇ ਨਹੀਂ ਸੀ ਰਹੇ ਕਿ ਉਹਨਾਂ ਨੂੰ ਕੁਝ ਵੀ ਸੁਣਾ ਦਿਓ ਤੇ ਉਹ ਉਸ ਉੱਤੇ ਵਿਸ਼ਵਾਸ ਕਰ ਲੈਣਗੇ। ਹੁਣ ਤਾਂ ਬੱਚੇ ਪੈਦਾ ਹੁੰਦੇ ਹੀ ਮਾਂ-ਪਿਓ ਨੂੰ ਪੁੱਛਣ ਲੱਗ ਪੈਂਦੇ ਨੇ, "ਸਾਡੀ ਮਰਜ਼ੀ ਤੋਂ ਬਿਨਾਂ ਤੁਸੀਂ ਸਾਨੂੰ ਦੁਨੀਆਂ ਵਿਚ ਲਿਆਉਣ ਵਾਲੇ ਕੌਣ ਓ?" ਸੋ ਕੱਛੂ ਤੇ ਖ਼ਰਗੋਸ਼ ਵਾਲੀ ਇਹ ਕਹਾਣੀ ਸੁਣ ਕੇ ਉਹ ਸੁਣਾਉਣ ਵਾਲੇ ਨਾਲ ਬਹਿਸ ਕਰਨ ਲਗਦੇ। ਕਹਿੰਦੇ, "ਕੈਸੀ ਊਲ-ਜਲੂਲ ਕਹਾਣੀ ਏ। ਦੌੜ ਦੇ ਕੁਝ ਨਿਯਮ ਹੁੰਦੇ ਨੇ। ਪਹਿਲੀ ਗੱਲ ਇਹ ਕਿ ਦੌੜ ਬਰਾਬਰ ਦੇ ਪ੍ਰਤੀਯੋਗੀਆਂ ਵਿਚਕਾਰ ਹੋਣੀ ਚਾਹੀਦੀ ਏ, ਜਿਵੇਂ ਕੱਛੂਆਂ ਵਿਚਕਾਰ ਜਾਂ ਖ਼ਰਗੋਸ਼ਾਂ ਵਿਚਕਾਰ। ਕੱਛੂ ਤੇ ਖ਼ਰਗੋਸ਼ ਵਿਚਕਾਰ ਦੌੜ ਕਿੰਜ ਹੋ ਸਕਦੀ ਹੈ!...ਤੇ ਉਸ ਵਿਚ ਮਜ਼ਾ ਵੀ ਕੀ ਆਵੇਗਾ? ਉਸ ਵਿਚ ਤਾਂ ਪਹਿਲਾਂ ਹੀ ਸਭ ਨੂੰ ਪਤਾ ਹੋਵੇਗਾ ਕਿ ਕੱਛੂ ਹਾਰੇਗਾ ਤੇ ਖ਼ਰਗੋਸ਼ ਜਿੱਤੇਗਾ…"
"ਬੱਚਿਓ ਇਹੀ ਤਾਂ ਇਸ ਕਹਾਣੀ ਦੀ ਖੂਬੀ ਏ---ਇਸ ਵਿਚ ਕੱਛੂ ਜਿੱਤਾ ਏ ਤੇ ਖ਼ਰਗੋਸ਼ ਹਾਰਦਾ ਏ।"
"ਪਰ ਬਜ਼ੁਰਗੋ ਇਸ ਕਹਾਣੀ ਵਿਚ ਦੌੜ ਹੋਈ ਹੀ ਕਦੋਂ ਸੀ? ਦੌੜ ਦੇ ਨਾਂਅ ਤੇ ਮਜ਼ਾਕ ਹੋਇਆ ਸੀ ਜਿਹੜਾ ਖ਼ਰਗੋਸ਼ ਨੇ ਕੱਛੂ ਨਾਲ ਕੀਤਾ। ਚੱਲੋ, ਗੱਲ ਕਰਨ ਲਈ ਮੰਨ ਵੀ ਲਈਏ ਕਿ ਦੌੜ ਹੋਈ ਤੇ ਕੱਛੂ ਜਿੱਤਿਆ ਤਾਂ ਸਵਾਲ ਉਠਦਾ ਹੈ ਕਿ ਕੀ ਕੱਛੂ ਆਪਣੀ ਕਿਸੇ ਖੂਬੀ ਕਾਰਨ ਜਿੱਤਿਆ? ਨਹੀਂ। ਉਹ ਜਿੱਤ ਖ਼ਰਗੋਸ਼ ਦੇ ਘੁਮੰਡ, ਲਾਪ੍ਰਵਾਹੀ ਤੇ ਆਰਮ ਪਸੰਦੀ ਕਾਰਨ ਹੋਈ। ਸੋਚੋ, ਕੱਛੂ ਨੇ ਜਿੱਤਣ ਲਈ ਕੀ ਕੀਤਾ? ਕੁਝ ਵੀ ਨਹੀਂ। ਉਹ ਤਾਂ ਬਸ ਆਪਣੀ ਚਾਲੇ ਚਲਦਾ ਰਿਹਾ, ਜੇ ਖ਼ਰਗੋਸ਼ ਰਸਤੇ ਵਿਚ ਰੁਕ ਕੇ ਸੌਂ ਨਾ ਗਿਆ ਹੁੰਦਾ ਤਾਂ ਕੀ ਕੱਛੂ ਉਸ ਤੋਂ ਜਿੱਤ ਜਾਂਦਾ?...ਕਦੀ ਨਹੀਂ।"
"ਬੱਚਿਓ, ਸਮਝਣ ਦੀ ਕੋਸ਼ਿਸ਼ ਕਰੋ। ਇਹ ਕਹਾਣੀ ਤੁਹਾਨੂੰ ਇਹੀ ਸਿੱਖਿਆ ਦੇਣ ਲਈ ਸੁਣਾਈ ਜਾਂਦੀ ਏ ਕਿ ਸਾਨੂੰ ਖ਼ਰਗੋਸ਼ ਵਾਂਗ ਘੁਮੰਡੀ, ਲਾਪ੍ਰਵਾਹ ਤੇ ਆਰਾਮ ਪਸੰਦ ਨਹੀਂ ਹੋਣਾ ਚਾਹੀਦਾ। ਖ਼ਰਗੋਸ਼ ਆਪਣੇ ਇਹਨਾਂ ਔਗੁਣਾ ਕਾਰਨ ਉਸ ਦੌੜ ਵਿਚ ਹਾਰਿਆ। ਕੱਛੂ ਵਿਚ ਇਹ ਔਗੁਣ ਨਹੀਂ ਸਨ ਇਸ ਲਈ ਉਹ ਉਸ ਦੌੜ ਵਿਚ ਜਿੱਤਿਆ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਘੁੰਮਡ, ਲਾਪ੍ਰਵਾਹੀ ਤੇ ਆਰਾਮ ਪ੍ਰਸਤੀ ਤੋਂ ਬਚ ਕੇ ਤੁਸੀਂ ਬਿਨਾਂ ਥੱਕੇ, ਬਿਨਾਂ ਰੁਕੇ, ਲਗਾਤਾਰ ਤੁਰਦੇ ਰਹੋਗੇ ਤਾਂ ਆਪਣੀ ਧੀਮੀ ਚਾਲ ਦੇ ਬਾਵਜੂਦ ਤੇਜ਼ ਚਾਲ ਵਾਲਿਆਂ ਤੋਂ ਅੱਗੇ ਨਿਕਲ ਜਾਓਗੇ।"
"ਬਜੂਰਗੋ ਤੁਸੀਂ ਜੇ ਕੋਈ ਸਿੱਖਿਆ ਹੀ ਲੈਣੀ ਏ ਤਾਂ ਇਸ ਕਹਾਣੀ ਤੋਂ ਕਿਉਂ ਲੈਦੇ ਓ ਆਪਣੀ ਜ਼ਿੰਦਗੀ ਤੋਂ ਕਿਉਂ ਨਹੀਂ ਲੈਦੇ! ਆਪਣੀ ਜ਼ਿੰਦਗੀ ਵਿਚ ਤੁਸੀਂ ਕਿਸੇ ਕੱਛੂ ਨੂੰ ਖ਼ਰਗੋਸ਼ ਤੋਂ ਅੱਗੇ ਨਿਕਲਦਿਆਂ ਵੇਖਿਆ ਏ? ਖ਼ਰਗੋਸ਼ ਭਾਵੇਂ ਕਿੰਨੇ ਘੁਮੰਡੀ, ਲਾਪ੍ਰਵਾਹ ਤੇ ਆਰਾਮ ਪ੍ਰਸਤ ਹੋਣ, ਕੱਛੂਆਂ ਨਾਲੋਂ ਹਮੇਸ਼ਾ ਅੱਗੇ ਈ ਰਹਿੰਦੇ ਨੇ। ਦੂਜੇ ਪਾਸੇ ਕੱਛੂ ਭਾਵੇਂ ਕਿੰਨੇ ਹੀ ਨਿਮਰ, ਸਾਵਧਾਨ ਤੇ ਕਸ਼ਟ ਸਹਿਣ ਵਾਲੇ ਹੋਣ, ਖ਼ਰਗੋਸ਼ ਤੋਂ ਹਮੇਸ਼ਾ ਪਿੱਛੇ ਹੀ ਰਹਿੰਦੇ ਨੇ।"
ਬਜੁਰਗ ਲੋਕ ਬੱਚਿਆਂ ਦੀ ਗੱਲ ਕਦ ਸੁਣਦੇ ਨੇ? ਕੱਛੂ ਵੀ ਨਹੀਂ ਸੁਣਦੇ ਸਨ, ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਅਸਲ ਵਿਚ ਜੇ ਕੱਛੂਆਂ ਤੇ ਖ਼ਰਗੋਸ਼ਾਂ ਦੀ ਦੌੜ ਹੋਈ ਤਾਂ ਉਸ ਵਿਚ ਖ਼ਰਗੋਸ਼ ਨਹੀਂ ਕੱਛੂ ਹੀ ਹਾਰਨਗੇ…ਫੇਰ ਵੀ ਖ਼ਰਗੋਸ਼ ਉੱਤੇ ਇਕ ਕੱਛੂ ਦੀ ਜਿੱਤ ਦੀ ਉਹ ਕਹਾਣੀ ਉਹਨਾਂ ਨੂੰ ਏਨੀ ਪਸੰਦ ਸੀ ਕਿ ਉਸਨੂੰ ਉਹ ਆਪਣੇ ਬੱਚਿਆਂ ਨੂੰ ਸੁਣਾਉਂਦੇ ਸਨ, ਸਕੂਲਾਂ ਵਿਚ ਪੜ੍ਹਾਉਂਦੇ ਸਨ, ਸੁੰਦਰ-ਸੁੰਦਰ ਤਸਵੀਰਾਂ ਬਣਾ ਕੇ ਪੁਸਤਕਾਂ, ਰਸਾਲਿਆਂ ਤੇ ਅਖ਼ਬਾਰਾਂ ਵਿਚ ਵਾਰੀ-ਵਾਰੀ ਛਾਪਦੇ ਰਹਿੰਦੇ ਸਨ ਤੇ ਉਸਨੂੰ ਨਾਟਕਾਂ, ਫ਼ਿਲਮਾਂ, ਰੇਡੀਓ, ਟੈਲੀਵਿਜ਼ਨ ਦੇ ਪ੍ਰੋਗ੍ਰਾਮਾਂ ਆਦਿ ਦੇ ਵੱਖਰੇ-ਵੱਖਰੇ ਰੂਪ ਵਿਚ ਦਿਨ-ਰਾਤ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਦੇ ਰਹਿੰਦੇ ਸਨ।
'ਕੱਛੂ-ਕਵੀਆਂ' ਨੇ ਉਸ ਕਹਾਣੀ ਉੱਤੇ ਸੈਂਕੜੇ ਮਹਾਕਾਵਿ, ਹਜ਼ਾਰਾਂ ਕਾਵਿ-ਪੁਸਤਕਾਂ, ਲੱਖਾਂ ਖੁੱਲ੍ਹੀਆਂ ਕਵਿਤਾਵਾਂ ਰਚੀਆਂ। 'ਕੱਛੂ-ਕਥਾ-ਲੇਖਕਾਂ' ਨੇਉਸ ਕਹਾਣੀ ਉੱਤੇ ਸੈਂਕੜੇ ਨਾਵਲ, ਹਜ਼ਾਰਾਂ ਕਹਾਣੀਆਂ ਤੇ ਲੱਖਾਂ ਮਿੰਨੀ-ਕਹਾਣੀਆਂ ਲਿਖੀਆਂ ਸਨ। 'ਕੱਛੂ-ਨਾਟਕਕਾਰਾਂ' ਨੇ ਉਸ ਕਹਾਣੀ ਉੱਤੇ ਸੈਂਕੜੇ ਨਾਟਕ, ਹਜ਼ਾਰਾਂ ਇਕਾਂਗੀ ਤੇ ਲੱਖਾਂ ਅਪੇਰੇ ਲਿਖ ਕੇ ਖਿਡਵਾਏ ਸਨ। ਉਸ ਕਹਾਣੀ ਉੱਤੇ ਅਣਗਿਣਤ ਫ਼ਿਲਮਾਂ ਬਣ ਚੁੱਕੀਆਂ ਸਨ, ਅਣਗਿਣਤ ਟੀ.ਵੀ. ਸੀਰੀਅਲ ਬਣ ਚੁੱਕੇ ਸਨ। ਇੱਥੋਂ ਤਕ ਕਿ ਸਰਕਾਰੀ ਪ੍ਰਚਾਰ ਵਾਲੇ 'ਸਪਾਟਸ' ਤੇ ਪ੍ਰਾਈਵੇਟ ਕੰਪਨੀਆਂ ਦੇ ਵਪਾਰਕ ਪ੍ਰਚਾਰ ਵਾਲੇ ਵਿਗਿਆਪਨਾਂ ਵਿਚ ਵੀ ਉਸ ਕਹਾਣੀ ਨੂੰ ਵਾਰ-ਵਾਰ ਤੇ ਲਗਾਤਾਰ ਇਸਤੇਮਾਲ ਕੀਤਾ ਗਿਆ ਸੀ ਤੇ ਹੁਣ ਹਾਲਤ ਇਹ ਸੀ ਕਿ 'ਸਲੋ', 'ਵਿਨ' ਤੇ 'ਰੇਸ' ਆਦਿ ਨਾਵਾਂ ਵਾਲੇ ਸੈਂਕੜੇ ਚੈਨਲ ਸੈਟੇਲਾਈਟਜ਼ ਦੀ ਮਦਦ ਨਾਲ ਦਿਨ ਰਾਤ ਉਸ ਕਹਾਣੀ ਨੂੰ ਅੱਡਰੇ-ਵੱਖੇਰੇ ਰੂਪਾਂ ਵਿਚ ਦੁਨੀਆਂ ਭਰ ਦੇ ਕੱਛੂਆਂ ਤਕ ਪਹੁੰਚਾ ਰਹੇ ਸਨ।
ਇੱਧਰ ਇੰਟਰਨੈਟ 'ਤੇ ਵੀ ਇਹ ਕਹਾਣੀ ਵੱਖ-ਵੱਖ ਤਰ੍ਹਾਂ ਦੀ ਚਿੱਤਰ ਸ਼ੈਲੀ ਤੇ ਵਚਿੱਤਰ ਰੂਪਾਂ ਵਿਚ ਹਾਜ਼ਰ-ਨਾਜ਼ਰ ਸੀ। ਆਪਣੀ ਜਾਤੀ ਦੀ ਵਿਜੈ-ਗਾਥਾ ਦੇ ਇੰਜ ਸੌਖਿਆਂ ਉਪਲਬਧ ਹੋ ਜਾਣ ਉੱਤੇ ਦੁਨੀਆਂ ਭਰ ਦੇ ਕੱਛੂ ਖੁਸ਼ ਸਨ। ਏਨੇ ਖੁਸ਼ ਕਿ ਅਸਲ ਜੀਵਨ ਵਿਚ ਖ਼ਰਗੋਸ਼ ਤੋਂ ਹਮੇਸ਼ਾ, ਵਾਰ-ਵਾਰ ਤੇ ਲਗਾਤਾਰ ਹਾਰਦੇ ਰਹਿਣ ਦੇ ਬਾਵਜੂਦ, ਉਹ ਖ਼ਰਗੋਸ਼ ਨੂੰ ਘੁਮੰਡੀ, ਲਾਪ੍ਰਵਾਹ ਤੇ ਆਰਾਮ ਪ੍ਰਸਤ ਤੇ ਖ਼ੁਦ ਨੂੰ ਨਿਮਰ, ਸਾਵਧਾਨ ਤੇ ਸਮਝਦਾਰ ਮੰਨ ਕੇ ਚੱਲਦੇ ਸਨ। ਉਹ ਖ਼ਰਗੋਸ਼ਾਂ ਦੇ ਤੇਜ਼ ਚੱਲਣ ਨੂੰ ਇਕ ਭਾਰੀ ਔਗੁਣ ਤੇ ਆਪਣੀ ਸੁਸਤ ਚਾਲ ਨੂੰ ਬੜਾ ਸਦਗੁਣ ਸਮਝਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਕੱਛੂਆਂ ਨੂੰ ਆਪਣੀ ਚਾਲ ਨਾਲ ਹੀ ਚੱਲਣਾ ਚਾਹੀਦਾ ਹੈ, ਉਸ ਉੱਤੇ ਸ਼ਰਮਿੰਦਾ ਹੋਣ ਦੀ ਬਜਾਏ ਮਾਣ ਕਰਨਾ ਚਾਹੀਦਾ ਹੈ ਤੇ ਖ਼ਰਗੋਸ਼ਾਂ ਨੂੰ ਵੀ ਚਾਹੀਦਾ ਹੈ ਕਿ ਉਹ ਤੇਜ਼ ਚਾਲ ਚੱਲਣ ਵਾਲੇ ਔਗੁਣ ਨੂੰ ਤਿਆਗ ਕੇ ਸੁਸਤ ਚਾਲ ਚੱਲਣ ਦਾ ਸਦਗੁਣ ਅਪਨਾਉਣ। ਵਾਹ, ਇੰਜ ਹੋ ਗਿਆ ਤਾਂ ਇਸ ਦੁਨੀਆਂ ਦੇ ਕੱਛੂ-ਖ਼ਰਗੋਸ਼ ਵਾਲੇ ਭੇਦ ਭਾਵ ਮਿਟ ਜਾਣਗੇ ਤੇ ਦੁਨੀਆਂ ਸਵਰਗ ਬਣਾ ਜਾਏਗੀ।…ਪਰ ਕੱਛੂਆਂ ਦੇ ਬੱਚੇ ਜਿਹੜੇ ਨਵੇਂ ਜ਼ਮਾਨੇ ਦੇ ਸੀ ਤੇ ਆਪਣੇ ਬਜ਼ੁਰਗਾਂ ਨਾਲੋਂ ਵੱਧ ਸੂਝ-ਬੂਝ ਵਾਲੇ ਬੱਚੇ ਸੀ, ਉਸ ਕਹਾਣੀ ਤੇ ਵਿਸ਼ਵਾਸ ਹੀ ਨਹੀਂ ਸੀ ਕਰਦੇ। ਜਿਉਂ-ਜਿਉਂ ਉਹ ਵੱਡੇ ਹੋ ਰਹੇ ਸਨ, ਉਹਨਾਂ ਦੀਆਂ ਸ਼ੰਕਾਵਾਂ ਤੇ ਅਵਿਸ਼ਵਾਸ ਵਧ ਰਿਹਾ ਸੀ। ਹੁਣ ਬਜ਼ੁਰਗਾਂ ਨਾਲ ਉਹਨਾਂ ਦੀਆਂ ਬਹਿਸਾਂ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ---"ਬਜ਼ੁਰਗੋ, ਇਕ ਗੱਲ ਦੱਸੋ, ਕਹਾਣੀ ਵਿਚ ਕੱਛੂ ਤੇ ਖ਼ਰਗੋਸ਼ ਦੀ ਜਿਸ ਦੌੜ ਦਾ ਵਰਨਣ ਹੈ, ਕੀ ਉਸ ਪਿੱਛੋਂ ਕੋਈ ਹੋਰ ਦੌੜ ਵੀ ਹੋਈ ?"
"ਪਤਾ ਨਹੀਂ।"
"ਯਾਨੀ ਇਤਿਹਾਸ ਵਿਚ ਅਜਿਹੀ ਕਿਸੇ ਹੋਰ ਦੌੜ ਦਾ ਵਰਨਣ ਨਹੀਂ ਮਿਲਦਾ?"
"ਨਹੀਂ।"
"ਅੱਛਾ, ਜਿਸ ਦੌੜ ਦੀ ਕਹਾਣੀ ਤੁਸੀਂ ਸੁਣਾਉਂਦੇ ਓ,ਉਹ ਕਿਸ ਨਗਰ ਖੇੜੇ ਦੇ ਇਤਿਹਾਸ ਵਿਚ ਲਿਖੀ ਏ?"
"ਪਤਾ ਨਹੀਂ।"
"ਇਸ ਦਾ ਮਤਲਬ ਇਹ ਕਿ ਇਹ ਇਤਿਹਾਸਕ ਘਟਨਾ ਨਹੀਂ। ਸਿਰਫ ਪੌਰਾਣਿਕ ਕਥਾ ਹੈ ਯਾਨੀ ਮਿਥਕ ਭਾਵ ਕਲਪਨਿਕ ਕਹਾਣੀ…?"
"ਪਤਾ ਨਹੀਂ।"
"ਪਤਾ ਨਹੀਂ ! ਪਤਾ ਨਹੀਂ !! ਜਦ ਤੁਹਾਨੂੰ ਕੁਛ ਪਤਾ ਈ ਨਹੀਂ ਤਾਂ ਇਸ ਕਹਾਣੀ ਨੂੰ ਸੁਣਾ ਕੇ ਸਾਡੇ ਮਨਾਂ ਵਿਚ ਇਹ ਕਿਉਂ ਵਾੜਦੇ ਰਹਿੰਦੇ ਓਕਿ ਅਸੀਂ ਆਪਣੀ ਧੀਮੀ ਚਾਲ ਨਾਲ ਹਮੇਸ਼ਾ ਤੁਰਦੇ ਰਹੀਏ ਤਾਂ ਤੇਜ਼ ਦੌੜਨ ਵਾਲੇ ਖ਼ਰਗੋਸ਼ਾਂ ਨਾਲੋਂ ਅੱਗੇ ਨਿਕਲ ਕੇ ਜਿੱਤ ਜਾਵਾਂਗੇ?"
"ਖ਼ਾਮੋਸ਼, ਬਦਤਮੀਜੋ ! ਵੱਡਿਆਂ ਨਾਲ ਇੰਜ ਗੱਲ ਕੀਤੀ ਜਾਂਦੀ ਏ? ਆਪਣੀ ਜਾਤੀ ਦੀ ਵਿਜੈ-ਗਾਥਾ ਉਪਰ ਸ਼ੱਕ-ਸ਼ੰਕੇ ਕਰਨ ਵਾਲੇ ਨਾਸਤਕੋ ! ਤੁਹਾਡਾ ਇਹੀ ਹਾਲ ਰਿਹਾ ਤਾਂ ਤੁਸੀਂ ਕਦੀ ਖ਼ਰਗੋਸ਼ਾਂ ਨਾਲੋਂ ਅੱਗੇ ਨਹੀਂ ਨਿਕਲ ਸਕੋਗੇ।"
ਬਜ਼ੁਰਗਾਂ ਦੀ ਝਾੜ ਖਾ ਕੇ ਬੱਚੇ ਹਮੇਸ਼ਾ ਚੁੱਪ ਹੋ ਜਾਂਦੇ ਸਨ ਪਰ ਸ਼ੰਕੇ ਕਰਨਾ ਬੰਦ ਨਹੀਂ ਸੀ ਕਰਦੇ। ਉਹ ਆਪਸ ਵਿਚ ਇਕ ਦੂਜੇ ਨੂੰ ਕਹਿੰਦੇ, "ਜੇ ਕੱਛੂ ਤੇ ਖ਼ਰਗੋਸ਼ ਵਾਲੀ ਕਹਾਣੀ ਸੱਚੀ ਹੈ ਤਾਂ ਹੁਣ ਕੱਛੂਆਂ ਤੇ ਖ਼ਰਗੋਸ਼ਾਂ ਦੀ ਦੌੜ ਕਿਉਂ ਨਹੀਂ ਹੁੰਦੀ?"
"ਅਜਿਹੀ ਦੌੜ ਕਰਵਾਏਗਾ ਕੌਣ ਜਿਸ ਵਿਚ ਪਹਿਲਾਂ ਹੀ ਪਤਾ ਹੋਵੇ ਕਿ ਕੌਣ ਜਿੱਤੇਗਾ?"
"ਕੱਛੂ ਆਪ ਹੀ ਕਰਵਾ ਲੈਣ !"
"ਤਦ ਤਾਂ ਉਹਨਾਂ ਨੂੰ ਅਜਿਹੇ ਘੁਮੰਡੀ, ਲਾਪ੍ਰਵਾਹ ਤੇ ਆਰਾਮ ਪ੍ਰਸਤ ਖ਼ਰਗੋਸ਼ ਲੱਭ ਕੇ ਲਿਆਉਣੇ ਪੈਣਗੇ ਜਿਹੜੇ ਦੌੜ ਦੌਰਾਨ ਸੌਂ ਜਾਣ!" ਬੱਚੇ ਹੱਸਣ ਲੱਗਦੇ।
"ਕਿਉਂ, ਫਿਕਸਿੰਗ ਵੀ ਤਾਂ ਕੀਤੀ ਜਾ ਸਕਦੀ ਏ !" ਦੂਜੇ ਬੱਚੇ ਹੱਸਦੇ, ਪਹਿਲਾਂ ਹੀ ਪੈਸੇ ਖੁਆ ਕੇ ਖ਼ਰਗੋਸ਼ਾਂ ਨੂੰ ਕਿਹਾ ਜਾ ਸਕਦਾ ਹੈ ਕਿ ਦੌੜ ਦੌਰਾਨ ਸੌਂ ਕੇ ਤੁਸੀਂ ਕੱਛੂਆਂ ਤੋਂ ਹਾਰ ਜਾਣਾ!" ਦਰਅਸਲ ਕੱਛੂਆਂ ਦੇ ਬੱਚਿਆਂ ਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਸੀ ਕਿ ਖ਼ਰਗੋਸ਼ਾਂ ਦੇ ਬੱਚਿਆਂ 'ਤੇ ਹੀ ਨਹੀਂ, ਉਹਨਾਂ ਦੇ ਬਜ਼ੁਰਗਾਂ ਉੱਤੇ ਵੀ ਆਪਣੀ ਇਸ ਇਤਿਹਾਸਕ ਹਾਰ ਦੀ ਕਥਾ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਸੀ ਆਉਂਦਾ। ਉਹ ਸੋਚਦੇ, ਜਿਸ ਤਰ੍ਹਾਂ ਇਹ ਕਹਾਣੀ ਸਾਡੇ ਬਜ਼ੁਰਗਾਂ ਨੂੰ ਜਿੱਤ ਦੇ ਮਾਣ ਨਾਲ ਭਰ ਦਿੰਦੀ ਹੈ, ਓਵੇਂ ਹੀ ਇਹ ਕਹਾਣੀ ਖ਼ਰਗੋਸ਼ਾਂ ਨੂੰ ਹਾਰ ਦੀ ਸ਼ਰਮਿੰਦਗੀ ਨਾਲ ਭਰ ਦਿੰਦੀ ਹੋਏਗੀ। ਜਿਸ ਤਰ੍ਹਾਂ ਅਸੀਂ ਆਪਣੇ ਵਿਜੇਤਾ ਵੱਡੇ-ਵਡੇਰਿਆਂ ਦੇ ਸਦਗੁਣਾ ਦੀ ਪ੍ਰਸੰਸਾ ਕਰਦੇ ਹਾਂ, ਉਸੇ ਤਰ੍ਹਾਂ ਖ਼ਰਗੋਸ਼ ਆਪਣੇ ਉਸ ਹਾਰੇ ਹੋਏ ਵਡੇਰੇ ਦੇ ਔਗੁਣ ਦੀ ਨਿੰਦਾ ਕਰਦੇ ਹੋਣਗੇ ਪਰ ਖ਼ਰਗੋਸ਼ ਅਜਿਹਾ ਕੁਝ ਕਰਦੇ ਦਿਖਾਈ ਨਹੀਂ ਸੀ ਦਿੰਦੇ। ਉਲਟਾ, ਉਹ ਤਾਂ ਇਸ ਕਹਾਣੀ ਨੂੰ ਪੜ੍ਹ ਕੇ, ਸੁਣ ਕੇ ਜਾਂ ਟੀ.ਵੀ. ਵਗ਼ੈਰਾ 'ਤੇ ਵੇਖ ਕੇ ਕੱਛੂਆਂ ਵਾਂਗ ਹੀ ਖੁਸ਼ ਹੁੰਦੇ ਸਨ। ਇੰਜ ਕਿਉਂ ?
ਕੱਛੂ ਬੱਚਿਆਂ ਦੇ ਮਨ ਵਿਚ ਸਵਾਲ ਉਠਦਾ ਸੀ ਪਰ ਉਹਨਾਂ ਨੂੰ ਉਸਦਾ ਕੋਈ ਉਤਰ ਨਹੀਂ ਸੀ ਮਿਲਦਾ।
ਉਧਰ ਖ਼ਰਗੋਸ਼ਾਂ ਦੀ ਦੁਨੀਆਂ ਵਿਚ ਵੀ ਬੱਚਿਆਂ ਦੇ ਮਨ ਵਿਚ ਨਵੇਂ ਜ਼ਮਾਨੇ ਅਨੁਸਾਰ ਨਵੇਂ-ਨਵੇਂ ਸਵਾਲ ਉਠਦੇ ਸਨ।
ਇਕ ਦਿਨ ਇਕ ਖ਼ਰਗੋਸ਼ ਮਾਂ ਨੇ ਆਪਣੇ ਖ਼ਰਗੋਸ਼ ਬੱਚੇ ਨੂੰ ਪਹਿਲੀ ਵਾਰੀ ਕੱਛੂ ਤੇ ਖ਼ਰਗੋਸ਼ ਵਾਲੀ ਕਹਾਣੀ ਸੁਣਾਈ ਤੇ ਬੱਚੇ ਨੇ ਪੁੱਛਿਆ, "ਮਾਂਕੱਛੂ ਤਾਂ ਇਸ ਕਹਾਣੀ ਨੂੰ ਸੁਣ ਕੇ ਬੜੇ ਖੁਸ਼ ਹੁੰਦੇ ਹੋਣਗੇ?"
"ਹਾਂ, ਬੇਟਾ !"
"ਤੇ ਖ਼ਰਗੋਸ਼ਾਂ ਨੁੰ ਸ਼ਰਮ ਆਉਂਦੀ ਹੋਏਗੀ ?"
"ਨਹੀਂ, ਬੇਟਾਂ।"
"ਕਿਉਂ, ਮਾਂ ?"
"ਇਹ ਭੇਦ ਕਿਸੇ ਕੱਛੂ ਨੂੰ ਨਾ ਦੱਸੀਂ ਪੁੱਤਰ, ਪਰ ਤੂੰ ਜਾਣ ਲੈ ਕਿ ਇਹ ਕਹਾਣੀ ਖ਼ਰਗੋਸ਼ਾਂ ਨੇ ਹੀ ਬਣਾ ਕੇ ਕੱਛੂਆਂ ਵਿਚ ਫੈਲਾਈ ਹੈ।"
"ਕਿਉਂ, ਮਾਂ ?"
"ਇਹ ਅਜੇ ਨਾ ਪੁੱਛ, ਵੱਡਾ ਹੋ ਕੇ ਤੂੰ ਖ਼ੁਦ ਹੀ ਸਮਝ ਜਾਏਂਗਾ।"

No comments:

Post a Comment