Friday, February 20, 2009

ਅਗਨੀ ਕੁੰਡ : ਰਾਬਿਨ ਸ਼ਾਹ ਪੁਸ਼ਪ

ਹਿੰਦੀ ਕਹਾਣੀ : ਅਗਨੀ ਕੁੰਡ :: ਲੇਖਕ : ਰਾਬਿਨ ਸ਼ਾਹ ਪੁਸ਼ਪ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਕਹਾਣੀ ਸਰੋਕਾਰ : 34.---ਮਈ-ਜੁਲਾਈ 2008. ਵਿਚ ਛਪੀ ਹੈ। ਸਰੋਕਾਰ ਦਾ ਸੰਪਰਕ ਨੰਬਰ ਹੈ = 01672-250346.

ਹਰ ਰੋਜ਼ ਵਾਂਗ ਹੀ ਸਵੇਰ ਹੋਈ। ਹਰ ਰੋਜ਼ ਵਾਂਗ ਸਾਵਿੱਤਰੀ ਨੇ ਚਾਹ ਦਿੱਤੀ। ਹਰ ਰੋਜ਼ ਵਾਂਗ ਮਿਸੇਜ ਇਵਲਿਨ ਡੇਵਿਸ ਨੇ ਵਾਲ ਵਾਹੁਣੇ ਸ਼ੁਰੂ ਕੀਤੇ…ਪਰ ਸ਼ੀਸ਼ੇ ਵਿਚ ਇਹ ਕੌਣ ਹੈ? ਇਵਲਿਨ ਤਾਂ ਨਹੀਂ ਹੈ! ਫੇਰ ਇਹ ਔਰਤ ਕੌਣ ਹੋਈ? ਮਿਸੇਜ ਡੇਵਿਸ ਨੇ ਪਛਾਨਣ ਦੀ ਕੋਸ਼ਿਸ਼ ਕੀਤੀ। ਨਹੀਂ, ਇਹ ਮਿਸੇਜ ਡੇਵਿਸ ਨਹੀਂ। ਉਹ ਤਾਂ ਬੜੀ ਹਿੰਮਤ ਤੇ ਹੌਸਲੇ ਵਾਲੀ ਔਰਤ ਸੀ---'ਬਰੇਵ ਡਾਟਰ ਆਫ਼ ਏ ਬਰੇਵ ਮਦਰਲੈਂਡ'…ਇਹੀ ਤਾਂ ਕਿਹਾ ਸੀ ਮਿਸਟਰ ਸਾਈਮਨ ਨੇ। ਮਿਸਟਰ ਸਾਈਮਨ ਹਮੇਸ਼ਾ ਲਈ ਇੰਡੀਆ ਛੱਡ ਕੇ ਜਾ ਰਹੇ ਸਨ। ਮਿਸਟਰ ਡੇਵਿਸ ਨੂੰ ਬੜਾ ਮੰਨਦੇ ਸਨ। ਜਾਣ ਵੇਲੇ ਆਪਣੇ ਗੁੱਟ 'ਤੇ ਬੱਧੀ ਘੜੀ ਲਾਹ ਕੇ ਬੜੇ ਪਿਆਰ ਨਾਲ ਉਹਨਾਂ ਦੇ ਬੰਨ੍ਹਦਿਆਂ ਬੋਲੇ ਸਨ---"ਡੇਵਿਸ, ਨੋ ਰਿਲਿਜ਼ਨ ਇਜ਼ ਗਰੇਟਰ ਦੈਨ ਟਾਈਮ। ਟਾਈਮ ਇਜ਼ ਦ ਗਰੇਟੈਸਟ ਧਰਮ। ਬਿਲਿਵ ਦਾ ਟਾਈਮ, ਏਡੋਰ ਦਾ ਟਾਈਮ ਐਂਡ ਡੂ ਐਵਰੀਥਿੰਗ ਅਕਾਰਡਿੰਗ ਟੂ ਟਾਈਮ---ਇਫ ਯੂ ਵਾਂਟ ਟੂ ਲਿਵ…ਇਫ ਯੂ ਵਾਂਟ ਟੂ ਸਰਵਾਈਵ…" (ਸਮੇਂ ਨਾਲੋਂ ਵੱਡਾ ਕੋਈ ਧਰਮ ਨਹੀਂ---ਉਹੀ ਸਭ ਤੋਂ ਵੱਡਾ ਧਰਮ ਹੈ। ਜਿਊਣਾ ਹੈ, ਰਹਿਣਾ ਹੈ, ਤਾਂ ਸਮੇਂ ਤੇ ਵਿਸ਼ਵਾਸ ਕਰੋ, ਸਮੇਂ ਦੀ ਪੂਜਾ ਕਰੋ 'ਤੇ ਹਰ ਕੰਮ ਸਮੇਂ ਅਨੁਸਾਰ ਕਰੋ।) ਫੇਰ ਮੁੜੇ ਸਨ---"ਇਵਲਿਨ, ਬਰੇਵ ਡਾਟਰ ਆਫ ਏ ਬਰੇਵ ਮਦਰਲੈਂਡ…ਆਖ਼ਰੀ ਸਾਹ ਤੀਕ ਫਾਈਟ ਕਾਰਨਾ ( ਬਹਾਦਰ ਮਾਤਭੂਮੀ ਦੀ ਬਹਾਦਰ ਬੱਚੀ---ਆਖ਼ਰੀ ਸਾਹ ਤੱਕ ਲੜੀਂ)।"
ਫਾਈਟ ਦੇ ਸਿਵਾਏ ਉਸਨੇ ਕੀਤਾ ਕੀ ਹੈ !
ਪਹਿਲੀ ਲੜਾਈ ਕਦੋਂ ਹੋਈ ਸੀ---ਸੋਚਦੀ ਹੈ, ਮਿਸੇਜ ਡੇਵਿਸ…ਓਦੋਂ ਜਦੋਂ ਵਿਆਹ ਪਿੱਛੋਂ ਪਹਿਲੀ ਵਾਰ ਉਹ ਸਹੁਰੇ ਘਰ ਆਈ ਸੀ ਤੇ ਪਹਿਲੀ ਰਾਤ ਮਿਸਟਰ ਡੇਵਿਸ ਨੇ ਕਿਹਾ ਸੀ---"ਇਵਾ, ਮੈਨੂੰ ਨਹੀਂ ਪਤਾ, ਤੂੰ ਕਿਸ ਟੈਨਪਰਾਮੈਂਟ (ਸੁਭਾਅ) ਦੀ ਏਂ, ਪਰ ਏਨਾ ਚੇਤੇ ਰੱਖੀਂ, ਇਸ ਦੇਸ਼ ਨੂੰ ਫਰੀਡਮ (ਆਜ਼ਾਦੀ) ਮਿਲ ਗਈ ਏ, ਪਰ ਇਹ ਆਪਣਾ ਛੋਟਾ ਜਿਹਾ ਘਰ---'ਗ੍ਰੇਸ ਵਿਲਾ' ਅੱਜ ਵੀ ਗੁਲਾਮ ਏ। ਕੀ ਅਸੀਂ ਦੋਵੇਂ ਮਿਲ ਕੇ ਇਸ ਘਰ ਨੂੰ ਆਜ਼ਾਦ ਨਹੀਂ ਕਰਵਾ ਸਕਦੇ ?"
ਉਸ ਰਾਤ ਕੁਝ ਵੀ ਸਮਝ ਨਹੀਂ ਸੀ ਆਇਆ।
ਫੇਰ ਹੌਲੀ ਹੌਲੀ ਮਿਸਟਰ ਡੇਵਿਸ ਦੀਆਂ ਗੱਲਾਂ ਦੀ ਸਮਝ ਆਉਣ ਲੱਗ ਪਈ ਸੀ। ਓਦੋਂ ਮਿਸਟਰ ਡੇਵਿਸ ਦੇ ਪਿਤਾ ਅੰਗਰੇਜ਼ਾਂ ਦੀ ਫੌਜ ਵਿਚ ਸਨ। ਛੁੱਟੀਆਂ ਵਿਚ ਘਰੇ ਸਨ। ਬਿਆਲੀ ਦਾ ਅੰਦੋਲਨ ਭਖਿਆ ਹੋਇਆ ਸੀ। ਹਰ ਰੋਜ਼ ਜਲੂਸ, ਹਰ ਰੋਜ਼ ਗ੍ਰਿਫਤਾਰੀਆਂ…ਕੁਝ ਲੋਕ 'ਗ੍ਰੇਸ ਵਿਲਾ' ਸਾਹਮਣੇ ਖਲੋ ਕੇ ਨਾਅਰੇ ਲਾਉਂਦੇ…"ਅੰਗਰੇਜ਼ੋ ਭਾਰਤ ਛੱਡੋ…" ਉਸ ਵੇਲੇ ਉਹ ਆਪਣੇ ਵਾਲ ਪੁੱਟਣ ਲੱਗਦੇ, ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦੇ, ਫੇਰ ਪਾਗਲਾਂ ਵਾਂਗ ਚੀਕਦੇ, "ਹਮ ਅੰਗਰੇਜ਼ ਕਾ ਨਮਕ ਖਾਯਾ…ਤੁਮ ਸਾਲਾ ਲੋਗ ਭੀ ਖਾਤਾ ਹੈ…ਤੁਮ ਸਬ ਅਨਗ੍ਰੇਟਫੁਲ ਹੈ…"
ਫੇਰ ਛੁੱਟੀਆਂ ਖਤਮ ਹੋਈਆਂ।
ਉਹ ਜਿਸ ਗੱਡੀ ਵਿਚ ਜਾ ਰਹੇ ਸਨ, ਉਸਨੂੰ ਅੱਗ ਲਾ ਦਿੱਤੀ ਗਈ। ਜਿਵੇਂ ਤਿਵੇਂ ਇਕ ਅੰਗਰੇਜ਼ ਦੋਸਤ ਨਾਲ ਭੱਜ ਨਿਕਲੇ। ਪਰ ਭੱਜ ਕਿੰਨਾ ਸਕੇ? ਕਰਾਂਤੀਕਾਰੀਆਂ ਦੀਆਂ ਗੋਲੀਆਂ ਲੱਤ ਵਿਚ ਲੱਗੀਆਂ। ਅੰਗਰੇਜ਼ ਤਾਂ ਥਾਵੇਂ ਹੀ ਢੇਰ ਹੋ ਗਿਆ। ਉਹ ਬਚ ਨਿਕਲੇ। ਫੇਰ ਲੱਤ ਕੱਟ ਦਿੱਤੀ ਗਈ। ਉਦੋਂ ਦੇ ਬਿਸਤਰੇ 'ਤੇ ਪਏ ਮੌਤ ਦੀ ਉਡੀਕ ਕਰ ਰਹੇ ਸੀ ਤੇ ਮੂੰਹੋਂ ਗੰਦੀਆਂ-ਗੰਦੀਆਂ ਗਾਲ੍ਹਾਂ ਉਗਲਦੇ ਰਹਿੰਦੇ ਸੀ, "ਇੰਡੀਅਨ ਸਾਲਾ ਬਾਸਟਰਡ…ਹਮ ਅੰਗਰੇਜ਼ ਕਾ ਨਮਕ ਖਾਯ, ਅਨਗ੍ਰੇਟਫੁਲ ਨਹੀਂ ਹੋ ਸਕਤਾ।" ਤੇ ਸੱਜੇ ਹੱਥ ਦੀਆਂ ਦੋ ਉਂਗਲਾਂ ਦੀ 'ਵੀ' ਬਣਾਉਂਦੇ। ਫੇਰ ਕੂਕਦੇ…ਮਿਲ ਗਿਆ…ਵੀ ਫਾਰ, ਵਿਕਟਰੀ…"
ਆਜ਼ਾਦ ਦੇਸ਼ ਦੇ ਇਸ ਅਗਨੀ ਕੁੰਡ ਵਿਚ ਆਈ ਸੀ ਇਵਲਿਨ ਡੈਨੀਅਲ, ਮਿਸੇਜ ਡੇਵਿਸ ਬਣ ਕੇ, ਕਿੰਨਾਂ ਕੁਝ ਝੱਲਿਆ ਸੀ! ਇਕ ਵਾਰੀ ਚਾਹ ਦੇਣ ਗਈ ਸੀ, ਆਪਣੇ ਸਹੁਰਾ ਸਾਹਬ ਨੂੰ---"ਪਾਪਾ ਚਾਹ…"
"ਓਅ ਟੀ…ਗੁੱਡ…" ਤੇ ਉੱਠਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੇ ਹੱਥ ਫੜ੍ਹ ਕੇ ਬੈਠਾਇਆ ਸੀ, ਮੰਜੇ ਉੱਤੇ। ਕਿੰਨੇ ਕਮਜ਼ੋਰ ਹੋਏ-ਹੋਏ ਸਨ, ਨਿਰੀ ਹੱਡੀਆਂ ਦੀ ਮੁੱਠ। ਉਸਨੇ ਸੋਚਿਆ---ਕੀ ਇਹ ਉਹੀ ਆਦਮੀ ਸੀ, ਜਿਹੜਾ ਕਦੇ ਫੌਜ ਵਿਚ ਹੁੰਦਾ ਸੀ?
ਇਕ ਲੱਤ ਮੰਜੇ ਤੋਂ ਲਮਕਾਅ ਕੇ ਬੈਠ ਗਏ ਸਨ---"ਨਾਊ ਗਿਵ ਮੀ…"
ਉਸਨੇ ਚਾਹ ਦੀ ਪਿਆਲੀ ਫੜਾ ਦਿੱਤੀ। ਫੇਰ ਉੱਥੇ ਕੁਰਸੀ ਉੱਤੇ ਬੈਠ ਕੇ ਪਿਆਲੀ ਖਾਲੀ ਹੋਣ ਦੀ ਉਡੀਕ ਕਰਨ ਲੱਗੀ। ਉਦੋਂ ਹੀ ਉਹ ਬੋਲੇ---"ਹੁਣ ਉਹ ਚਾਹ ਦਾ ਮਜ਼ਾ ਕਿੱਥੇਂ, ਅਸਾਨੂੰ ਇਕ ਵੇਰ ਮਿਸਟਰ ਰਾਬਰਟਸਨ ਦੀ ਵਾਈਫ ਨੇ ਚਾਹ ਬਣਾ ਕੇ ਪਿਲਾਈ ਸੀ। ਖਾਲਸ ਅੰਗਰੇਜ਼ੀ ਹੱਥਾਂ ਦੀ ਚਾਹ…ਤੈਨੂੰ ਪਤਾ ਈ ਇਵਲਿਨ, ਇੰਡੀਅਨ ਲੋਕ ਤਾਂ ਸਾਲੇ ਤਾੜੀ ਪੀਂਦੇ ਹੁੰਦੇ ਸੀ। ਉਹ ਤਾਂ ਗ੍ਰੇਟ ਇੰਗਲਿਸ਼ ਲੋਕ ਸਨ---ਫਰੀ ਪੈਕੇਟ ਸੁੱਟਦੇ ਸਨ ਘਰੋ-ਘਰੀਂ। ਤਦ ਕਿਤੇ ਜਾ ਕੇ ਇਹਨਾਂ ਉਜੱਡਾਂ ਨੇ ਚਾਹ ਪੀਣੀ ਸਿੱਖੀ।"
"ਪਾਪਾ!" ਅਚਾਨਕ ਉਹ ਕੂਕੀ ਸੀ।
"ਤੂੰ ਚੀਕੀ ਕਿਉਂ ਏਂ?"
"ਸਾਰੀ ਪਾਪਾ!"
"ਨੌ ਸਾਰੀ, ਤੂੰ ਚੀਕੀ ਕਿਉਂ ਸੈਂ?"
"ਤੁਹਾਡੀ ਗੱਲ ਬੁਰੀ ਲੱਗੀ ਸੀ। ਆਖਿਰ ਅਸੀਂ ਵੀ ਤਾਂ ਇੰਡੀਅਨ ਹਾਂ।"
"ਯੂ ਇੰਡੀਅਨ ਬਿੱਚ, ਤੈਨੂੰ ਮੇਰੀ ਗੱਲ ਬੁਰੀ ਲੱਗੀ…ਮੈਨੂੰ ਤੇਰੀ ਚਾਹ ਬੁਰੀ ਲੱਗੀ।" ਤੇ ਗਰਮ ਗਰਮ ਚਾਹ ਉਹਨਾਂ ਉਸਦੇ ਚਿਹਰੇ 'ਤੇ ਪਾ ਦਿੱਤੀ ਸੀ।
ਮਿਸੇਜ ਡੇਵਿਸ ਸ਼ੀਸ਼ੇ ਵਿਚ ਦੇਖਦੀ ਹੈ, ਹੁਣ ਵੀ ਕਿਤੇ ਕਿਤੇ ਸੜੇ ਦੇ ਨਿੱਕੇ ਨਿੱਕੇ ਨਿਸ਼ਾਨ ਦਿਸਦੇ ਹਨ…ਪਤੀ ਨੂੰ ਜੱਫੀ ਪਾ ਕੇ ਕਿੰਨਾ ਰੋਈ ਸੀ ਉਹ, ਉਸ ਰਾਤ---"ਮੈਨੂੰ ਮੁਕਤੀ ਦਿਓ, ਇਸ ਅਗਨੀ ਕੁੰਡ ਵਿਚੋਂ ਬਾਹਰ ਕੱਢੋ। ਹੁਣ ਹੋਰ ਨਹੀਂ ਝੱਲਿਆ ਜਾਂਦਾ।" ਲੜਾਂਗਾ। ਆਖ਼ਰੀ ਸਾਹਾਂ ਤੀਕ ਲੜਾਂਗਾ। ਇਸ 'ਗ੍ਰੇਸ ਵਿਲਾ' ਨੇ ਵੀ ਤਾਂ ਇਕ ਦਿਨ ਮੁਕਤ ਹੋਣਾ ਏਂ।" ਮਿਸਟਰ ਡੇਵਿਸ ਨੇ ਕਿਹਾ ਸੀ।
"ਇਵਲਿਨ, ਮੈਂ ਤੈਨੂੰ ਬੰਨ੍ਹ ਕੇ ਰੱਖਣਾ ਨਹੀਂ ਚਾਹੁੰਦਾ। ਪਾਪਾ ਨੇ ਜੋ ਕੀਤੈ, ਉਸ ਲਈ ਮੈਂ ਸ਼ਰਮਿੰਦਾ ਆਂ। ਤੂੰ ਜਾਣਾ ਚਾਹੇਂ ਤਾਂ ਚਲੀ ਜਾਹ, ਪਰ ਮੈਂ
ਫੇਰ ਜਾਇਆ ਕਿੱਥੇ ਗਿਆ ਸੀ ਦੋਵੇਂ ਰਲ ਕੇ ਆਜ਼ਾਦੀ ਲਿਆਉਣ ਵਿਚ ਜੁਟ ਗਏ ਸਨ। ਤੇ ਉਸ ਨੇ ਮਹਿਸੂਸ ਕੀਤਾ ਸੀ---ਦੇਸ਼ ਨੂੰ ਮੁਕਤ ਕਰਵਾਉਣਾ ਆਸਾਨ ਹੈ, ਪਰ ਸੰਸਕਾਰਾਂ ਦੀ ਜਕੜ ਚੋਂ ਕਿਸੇ ਘਰ ਨੂੰ…
"ਦੀਦੀ ਜੀ ਖਾਣਾ ਠੰਡਾ ਹੋ ਰਿਹੈ। ਕਿੰਨਾ ਟੈਮ ਹੋ ਗਿਐ, ਕੁਸ਼ ਪਤਾ ਈ?"
ਮਿਸੇਜ ਡੇਵਿਸ ਨੇ ਤ੍ਰੁਬਕ ਕੇ ਵੇਖਿਆ ਸਾਵਿੱਤਰੀ ਸਾਹਮਣੇ ਖੜ੍ਹੀ ਹੈ, "ਅੱਜ ਕਾਲਜ ਨਹੀਂ ਜਾਣਾ ਕਿ…?"
"ਅੱਜ ਤਾਂ ਜਾਣਾ ਹੀ ਹੈ…"
"ਤਬੀਅਤ ਠੀਕ ਨਹੀਂ ਤਾਂ ਜਾਣ ਦਿਓ। ਏਨਾਂ ਖ਼ੂਨ ਸਾੜਨ ਦਾ ਕੀ ਫਾਇਦਾ!" ਸਾਵਿੱਤਰੀ ਚਲੀ ਗਈ।
ਮਿਸੇਜ ਡੇਵਿਸ ਨੇ ਘੜੀ ਦੇਖ---ਨੌਂ…ਪਰ ਇਹ ਘੜੀ ਤਾਂ ਮਿਸਟਰ ਡੇਵਿਸ ਦੇ ਗੁੱਟ ਤੇ ਵੱਝੀ ਹੁੰਦੀ ਸੀ, ਉਸ ਕੋਲ ਕਿੰਜ ਆ ਗਈ?
"ਅੱਜ ਦਾ ਅਖ਼ਬਾਰ ਦੇਖਿਆ ਈ?"
"ਹਾਂ, ਦੇਖਿਆ ਤਾਂ ਹੈ…"
"ਕੁੜੀਆਂ ਨੁੰ ਕਿੰਨੀ ਪ੍ਰੇਸ਼ਾਨੀ ਹੋ ਰਹੀ ਏ। ਇੱਥੇ ਕੁੜੀਆਂ ਦਾ ਸਿਰਫ ਇਕੋ ਕਾਲੇਜ ਏ। ਕਈਆਂ ਨੂੰ ਦਾਖਲਾ ਨਹੀਂ ਮਿਲਦਾ।"
"ਤੁਸੀਂ ਕਹਿਣਾ ਕੀ ਚਾਹੁੰਦੇ ਓ?"
ਅਖ਼ਬਾਰ ਸਮੇਟਦਿਆਂ ਹੋਇਆਂ ਮਿਸਟਰ ਡੇਵਿਸ ਨੇ ਕਿਹਾ ਸੀ, "ਤੂੰ ਐਮ.ਏ. ਐਂ, ਇਸ 'ਗ੍ਰੇਸ ਵਿਲਾ' ਨੂੰ ਕੁੜੀਆਂ ਦਾ ਕਾਲੇਜ ਬਣਾ ਦੇਅ। ਜਦੋਂ ਤੀਕ ਕੁੜੀਆਂ ਪੜ੍ਹਨਗੀਆਂ ਨਹੀਂ, ਦੇਸ਼ ਤਰੱਕੀ ਨਹੀਂ ਕਰੇਗਾ।"
ਉਦੋਂ ਹੀ ਪਾਂਡੇ ਜੀ ਆ ਗਏ ਸਨ---"ਦੇਸ਼ ਤਾਂ ਤਦੇ ਤਰੱਕੀ ਕਰੇਗਾ ਜੀ, ਜਦੇ ਪਾਂਡੇ ਜੀ ਦੇ ਢਿੱਡ 'ਚ ਕੋਈ ਚਾਹ-ਪਾਣੀ ਵੜੇਗਾ।"
"ਪਹਿਲਾਂ ਕਦੋਂ ਅਸੀਂ ਚਾਹ-ਪਾਣੀ ਤੋਂ ਭੱਜੇ ਆਂ ਕਦੀ ਪਾਂਡੇ ਜੀ?"
"ਇਸੇ ਲਈ ਤਾਂ ਦੇਸ਼ ਪ੍ਰਗਤੀ ਕਰ ਰਿਹੈ ਜੀ।"
"ਸਵਾਹ ਪ੍ਰਗਤੀ ਕਰ ਰਿਹੈ! ਕਈ ਸਾਲ ਦਾ ਅਖ਼ਬਾਰ ਵਿੱਚ ਪੜ੍ਹ ਰਿਹਾਂ ਕਿ ਕਈ ਕੁੜੀਆਂ ਨੂੰ ਅਡਮੀਸ਼ਨ ਨਹੀਂ ਮਿਲੀ। ਪਾਂਡੇ ਜੀ, ਮੈਂ ਸੋਚ ਰਿਹਾਂ, ਇਸ ਘਰ ਵਿੱਚ ਕਾਲੇਜ ਖੋਲ੍ਹ ਦਿਆਂ…"
ਜ਼ੋਰਦਾਰ ਠਹਾਕਾ ਲਾਇਆ ਸੀ ਪਾਂਡੇ ਜੀ ਨੇ---"ਦਿਮਾਗ ਤਾਂ ਨਹੀਂ ਖ਼ਰਾਬ ਹੋ ਗਿਆ, ਕੋਈ ਸਕੂਲ-ਵਕੂਲ ਖੋਲ੍ਹ ਲਓ, ਚੱਲ ਜਾਏਗਾ; ਪਰ ਕਾਲੇਜ…"
ਪਾਂਡੇ ਜੀ ਵਾਂਗ ਹੀ ਹੋਰ ਵੀ ਕਈ ਲੋਕ ਹੱਸੇ ਸਨ।
ਮਿਸਟਰ ਡੇਵਿਸ ਨੇ ਕਿਹਾ ਸੀ---"ਹੱਸਣ ਦਿਓ ਲੋਕਾਂ ਨੂੰ ਇਵਲਿਨ। ਉਹ ਇਸ ਗ਼ੁਲਾਮ ਘਰ ਦੀ ਕਹਾਣੀ ਨਹੀਂ ਜਾਣਦੇ। ਮੈਂ ਚਾਹੁੰਦਾ ਆਂ, ਇਹ ਘਰ ਪਸ਼ਚਾਤਾਪ ਕਰੇ। ਜਦੋਂ ਤੀਕ ਪਾਪਾ ਸਨ, ਇਹ 'ਗ੍ਰੇਸ ਵਿਲਾ' ਆਜ਼ਾਦ ਨਹੀਂ ਹੋ ਸਕਿਆ। ਅਸੀਂ ਕਿੰਨਾ ਚਾਹੁੰਦੇ ਸਾਂ, ਪਾਪਾ ਦੇ ਹੁੰਦਿਆਂ ਹੁੰਦਿਆਂ ਇਹ ਘਰ ਮੁਕਤ ਹੋ ਜਾਵੇ…"
ਤੇ ਉਸਨੂੰ ਉਸ ਭਿਆਨਕ ਰਾਤ ਦਾ ਚੇਤਾ ਆ ਗਿਆ ਸੀ। ਦੋਵੇਂ ਪਾਪਾ ਕੋਲ ਖੜ੍ਹੇ ਸਨ। ਪਾਪ ਨੇ ਸੱਜੇ ਹੱਥ ਦੀਆਂ ਦੋ ਉਂਗਲਾਂ ਨਾਲ 'ਵੀ' ਬਣਾ ਕੇ ਪੁੱਛਿਆ ਸੀ---"ਵੀ ਫਾਰ?"
ਦੋਵੇਂ ਚੁੱਪ ਖੜ੍ਹੇ ਰਹੇ ਸਨ।
"ਤੂੰ ਦੱਸ ਇਵਲਿਨ, ਵੀ ਫਾਰ?"
ਕਿਸੇ ਤਰ੍ਹਾਂ ਉਸਨੇ ਕਿਹਾ ਸੀ---"ਪਾਪ, ਵੀ ਫਾਰ, ਵਿਵੇਕਾਨੰਦ।"
"ਨੋ ਨੋ," ਪਾਪਾ ਪੂਰੇ ਜ਼ੋਰ ਨਾਲ ਕੂਕੇ ਸਨ, "ਵੀ ਫਾਰ, ਵਿਕਟਰੀ। ਯੂ ਇੰਡੀਅਨ ਬਿੱਚ…ਅੰਡਰਸਟੈਂਡ…?" ਤੇ ਉਹ ਸ਼ਾਂਤ ਹੋ ਗਏ ਸਨ।
ਪਾਪਾ ਮਰਦੇ ਮਰਦੇ ਵੀ ਗਾਲ੍ਹ ਕੱਢ ਗਏ ਸਨ। ਉਹ ਉੱਚੀ ਉੱਚੀ ਰੋਣ ਲੱਗ ਪਈ ਸੀ। ਮਿਸਟਰ ਡੇਵਿਸ ਨੇ ਮੋਢੇ ਉੱਤੇ ਸਿਰ ਰੱਖ ਕੇ ਕਿਹਾ ਸੀ---"ਰੋ ਨਾ ਇਵਲਿਨ, ਦੇਖ ਮੇਰੇ ਪਾਪਾ ਮਰੇ ਨੇ, ਰੋਣਾ ਮੈਨੂੰ ਚਾਹੀਦਾ ਏ। ਪਰ ਮੈਂ ਇਸ ਕਰਕੇ ਚੁੱਪ ਆਂ ਕਿ ਅੱਜ ਇਹ ਘਰ ਆਜ਼ਾਦ ਹੋਇਆ ਏ। ਇਸ ਘਰ ਦੀ ਆਜ਼ਾਦੀ ਵਾਲੇ ਦਿਨ ਸਾਨੂੰ ਰੋਣਾ ਨਹੀਂ ਚਾਹੀਦਾ।"
"ਕੀ ਸੋਚ ਰਹੀ ਏਂ?" ਮਿਸਟਰ ਡੇਵਿਸ ਨੇ ਪੁੱਛਿਆ ਸੀ।
"ਅੰ…!" ਉਹ ਤ੍ਰਬਕ ਕੇ ਸੋਚਾਂ ਵਿਚੋਂ ਬਾਹਰ ਨਿਕਲ ਆਈ ਸੀ, "ਤੁਸੀਂ ਠੀਕ ਕਹਿ ਰਹੇ ਓ। ਇਸ ਘਰ ਵਿਚ ਅਸੀਂ ਕਾਲੇਜ ਖੋਲ੍ਹਾਂਗੇ…ਪਰ ਸਾਡੀ ਸਰਵਿਸ…?"
ਸੋਚਾਂ ਵਿਚ ਪੈ ਗਏ ਸਨ ਮਿਸਟਰ ਡੇਵਿਸ। ਫੇਰ ਬੋਲੇ ਸੀ, "ਤੂੰ ਕੰਮ ਤੋਂ ਪੰਜ ਵਜੇ ਵਾਪਸ ਆਉਂਦੀ ਏਂ ਨਾ…ਸਾਡਾ ਕਾਲੇਜ ਰਾਤ ਨੂੰ ਚੱਲੇਗਾ; ਨਾਈਟ-ਕਾਲੇਜ।"
ਤੇ ਫੇਰ ਨਾਈਟ-ਕਾਲੇਜ ਖੁੱਲ੍ਹ ਗਿਆ। ਮਿਸਟਰ ਡੇਵਿਸ ਨੇ ਆਪਣੇ ਹੱਥੀਂ ਬੋਰਡ ਬਣਾਇਆ। ਆਪਣੇ ਹੱਥੀਂ ਰੰਗ ਕੀਤਾ। ਉਸਨੂੰ ਤਾਂ ਪਤਾ ਵੀ ਨਹੀਂ ਸੀ ਲੱਗਿਆ। ਜਦੋਂ ਬੋਰਡ ਪੜ੍ਹਿਆ, ਲਿਖਿਆ ਸੀ : 'ਵਿਵੇਕਾਨੰਦ ਗਰਲਜ਼ ਕਾਲੇਜ'…ਮੱਲੋਮੱਲੀ ਰੋਣ ਨਿਕਲ ਗਿਆ ਸੀ…'ਵੀ ਫਾਰ ਵਿਕਟਰੀ…ਯੂ ਇੰਡੀਅਨ ਬਿੱਚ…'
ਸ਼ੁਰੂ ਸ਼ੁਰੂ ਵਿਚ ਕਿੰਨੀਆਂ ਪ੍ਰੇਸ਼ਾਨੀਆਂ ਆਈਆਂ ਸਨ।
ਸਰਕਾਰੀ ਕਾਲੇਜ ਵਿਚ ਜਿਹਨਾਂ ਕੁੜੀਆਂ ਨੂੰ ਦਾਖ਼ਲਾ ਨਹੀਂ ਮਿਲਦਾ ਸੀ, ਮਿਸਟਰ ਡੇਵਿਸ ਉਹਨਾਂ ਦੀ ਲਿਸਟ ਲੈ ਆਉਂਦੇ ਸਨ। ਫੇਰ ਉਹ ਘਰੋ-ਘਰੀ ਜਾਂਦੇ। ਸਭ ਨੂੰ ਸਮਝਾਉਂਦੇ। ਬੜੀ ਮੁਸ਼ਕਿਲ ਨਾਲ ਸੱਤ-ਅੱਠ ਕੁੜੀਆਂ ਨਾਲ ਕਾਲੇਜ ਤੁਰਿਆ ਸੀ।
ਇਕ ਸਾਲ, ਦੋ ਸਾਲ, ਤਿੰਨ ਸਾਲ---ਕੁੜੀਆਂ ਦੀ ਗਿਣਤੀ ਵਧਦੀ ਗਈ। ਹਰ ਰਾਤ ਕਮਰਿਆਂ ਵਿਚ ਡੈਕਸ ਲੱਗ ਜਾਂਦੇ। ਕਮਰੇ ਕਲਾਸ ਰੂਮ ਬਣ ਜਾਂਦੇ…ਤੇ ਮਿਸਟਰ ਡੇਵਿਸ ਬੱਚਿਆਂ ਨੂੰ ਲੈ ਕੇ ਦਰਖ਼ਤ ਹੇਠ ਬਣੀ ਸੀਮਿੰਟ ਦੀ ਬੈਂਚ ਉੱਤੇ ਜਾ ਬੈਠਦੇ ਤੇ ਕਾਲੇਜ ਦੀ ਛੁੱਟੀ ਹੋਣ ਦੀ ਉਡੀਕ ਕਰਦੇ ਰਹਿੰਦੇ।
ਫੇਰ ਘੰਟੀ ਵੱਜਦੀ। ਕਾਲੇਜ ਟਾਈਮ ਖ਼ਤਮ ਹੁੰਦਾ। ਇਕ ਕਮਰੇ ਵਿਚੋਂ ਡੈਕਸ ਬਾਹਰ ਕੱਢੇ ਜਾਂਦੇ। ਬੱਚਿਆਂ ਲਈ ਬਿਸਤਰੇ ਵਿਛਦੇ। ਉਹ ਰੋਟੀ ਪਕਾਉਣ ਲੱਗਦੀ। ਬੱਚੇ ਉਡੀਕਦੇ ਰਹਿੰਦੇ; ਕਦੀ ਕਦੀ ਬੱਚੇ ਵੀ ਹਿਰਖ ਜਾਂਦੇ---"ਮਾਂ, ਅਸੀਂ ਦਰਖ਼ਤ ਹੇਠ ਠੰਡ ਵਿਚ ਨਹੀਂ ਬੈਠਣਾ। ਖਾਣਾ ਜਲਦੀ ਬਣਾਇਆ ਕਰੋ, ਭੁੱਖ ਝੱਲੀ ਨਹੀਂ ਜਾਂਦੀ।"
"ਦੀਦੀ ਜੀ ਖਾਣਾ ਖਾ ਲਓ, ਹੁਣ ਏਨਾ ਸ਼ਿੰਗਾਰ-ਪਟਾਰ ਕਾਹਦੇ ਲਈ…?" ਇਹ ਸਾਵਿੱਤਰੀ ਹੈ।
ਮਿਸੇਜ ਡੇਵਿਸ ਕੁਝ ਨਹੀਂ ਬੋਲਦੀ। ਚੁੱਪਚਾਪ ਖਾਣੇ ਦੀ ਮੇਜ਼ 'ਤੇ ਆ ਜਾਂਦੀ ਹੈ। ਕੁਰਸੀ ਖਿੱਚ ਕੇ ਬੈਠ ਜਾਂਦੀ ਹੈ।
"ਜ਼ਰਾ ਠਹਿਰੋ, ਦਾਲ ਫੇਰ ਗਰਮ ਕਰ ਦਿਆਂ।" ਸਾਵਿੱਤਰੀ ਦਾਲ ਵਾਲਾ ਭਾਂਡਾ ਚੁੱਕ ਕੇ ਚਲੀ ਜਾਂਦੀ ਹੈ। ਉਹ ਸਾਵਿੱਤਰੀ ਵੱਲ ਦੇਖਦੀ ਹੈ…ਇਸ ਸਾਵਿੱਤਰੀ ਦੇ ਮੋਢੇ ਉੱਤੇ ਸਿਰ ਰੱਖ ਕੇ ਕਿੰਨਾ ਰੋਈ ਸੀ ਉਹ, ਉਸ ਦਿਨ---ਪਰ ਇਸ ਤੋਂ ਪਹਿਲਾਂ ਉਹਨਾਂ ਨੌਕਰੀ ਛੱਡ ਦਿੱਤੀ ਸੀ। ਗਾਰਡੀਅਨ ਕਹਿੰਦੇ ਸਨ ਕਿ 'ਰਾਤ ਨੂੰ 'ਕੱਲੀਆਂ ਕੁੜੀਆਂ ਨੂੰ ਪ੍ਰੇਸ਼ਾਨੀ ਹੋਏਗੀ।'…ਤੇ ਫੇਰ 'ਡੇ-ਕਾਲੇਜ' ਹੁੰਦਿਆਂ ਹੀ ਕੁੜੀਆਂ ਦੀ ਭੀੜ ਲੱਗ ਗਈ ਸੀ। ਮਿਸਟਰ ਡੇਵਿਸ ਨੇ ਪ੍ਰਾਵੀਡੈਂਟ ਫੰਡ ਵਿਚੋਂ ਲੋਨ ਲਿਆ ਤੇ ਪਤਾ ਨਹੀਂ ਹੋਰ ਕਿੱਥੋਂ ਕੀ-ਕੀ ਲਿਆ---'ਗ੍ਰੇਸ ਵਿਲਾ' ਦੋ ਮੰਜ਼ਿਲਾ ਬਣਨ ਲੱਗਿਆ। ਕਿੰਨਾ ਪ੍ਰੇਸ਼ਾਨ ਰਹਿੰਦੇ ਸਨ, ਮਿਸਟਰ ਡੇਵਿਸ…ਕਦੀ ਸੀਮਿੰਟ ਲੈਣ ਦੌੜਦੇ, ਕਦੀ ਇੱਟਾਂ ਲਈ, ਕਦੀ ਸਰੀਆ ਤੇ ਕਦੀ ਰੇਤਾ ਕਹਿੰਦੇ ਫਿਰਦੇ। ਤੇ ਜਦੋਂ ਸਭ ਕੁਝ ਹੋ ਗਿਆ ਤਾਂ ਮਿਸਟਰ ਡੇਵਿਸ ਮੰਜੇ 'ਤੇ ਪੈ ਗਏ। ਇਕ ਦਿਨ ਬੜੇ ਪਿਆਰ ਨਾਲ ਘੜੀ ਲਾਹ ਕੇ ਉਸਦੇ ਬੰਨ੍ਹ ਦਿੱਤੀ। ਜੇਬ ਵਿਚੋਂ ਇਕ ਮੁੜਿਆ-ਤੁੜਿਆ ਕਾਗਜ਼ ਕੱਢ ਕੇ ਬੋਲ, "ਮੈਂ ਮਿਸਟਰ ਸਾਈਮਨ ਦੀਆਂ ਆਖੀਆਂ ਲਾਈਨਾ ਨੋਟ ਕੀਤੀਆਂ ਹੋਈਆਂ ਨੇ। ਦੇਖ, 'ਨੋ ਰਿਲਿਜ਼ਨ ਇਜ਼ ਗਰੇਟਰ ਦੈਨ ਟਾਈਮ। ਟਾਈਮ ਇਜ਼ ਦ ਗਰੇਟੈਸਟ ਧਰਮ। ਬਿਲੀਵ ਦਾ ਟਾਈਮ, ਏਡੋਰ ਦਾ ਟਾਈਮ ਐਂਡ ਡੂ ਐਵਰੀਥਿੰਗ ਅਕਾਰਡਿੰਗ ਟੂ ਟਾਈਮ---ਇਫ ਯੂ ਵਾਂਟ ਟੂ ਲਿਵ…ਇਫ ਯੂ ਵਾਂਟ ਟੂ ਸਰਵਾਈਵ…'ਅੱਜ ਤੋਂ ਇਹ ਘੜੀ ਤੂੰ ਸਾਂਭ ਤੇ ਇਹ ਕਾਗਜ਼ ਵੀ।"
ਘੜੀ ਅੱਜ ਵੀ ਉਸ ਕੋਲ ਹੈ। ਪਰ ਉਹ ਕਾਗਜ਼ ਦਾ ਟੁਕੜਾ ਸ਼ੀਸ਼ੇ ਹੇਠ ਪਿਆ ਹੈ। ਕੁਰਸੀ ਤੇ ਬੈਠ ਕੇ ਉਹ ਸਭ ਤੋਂ ਪਹਿਲਾਂ ਇਹਨਾਂ ਸੱਤਰਾਂ ਨੂੰ ਪੜ੍ਹਦੀ ਹੈ। ਕਿੰਨੇ ਸਾਲ ਬੀਤ ਗਏ ਨੇ---ਬੇਟੀ ਦੀ ਸ਼ਾਦੀ ਹੋ ਗਈ ਹੈ, ਬੇਟਾ ਦੂਜੇ ਸ਼ਹਿਰ ਵਿਚ ਨੌਕਰੀ ਕਰਦਾ ਹੈ, ਤੇ ਮਿਸਟਰ ਡੇਵਿਸ! ਸਾਵਿੱਤਰੀ ਠੀਕ ਕਹਿੰਦੀ ਹੈ, ਹੁਣ ਕਿਸ ਦੇ ਲਈ ਏਨਾ ਸ਼ਿੰਗਾਰ-ਪਟਾਰ!
"ਗੱਲ ਕੀ ਏ ਦੀਦੀ ਜੀ? ਰੋਜ਼ ਤਾਂ ਬੜੀ ਕਾਹਲੀ-ਛੇਤੀ ਕਰਦੇ ਓ। ਅੱਜ ਕੀ ਹੋ ਗਿਆ?" ਸਾਵਿੱਤਰੀ ਦਾਲ ਵਾਲਾ ਭਾਂਡਾ ਮੇਜ਼ ਉੱਤੇ ਰੱਖ ਦਿੰਦੀ ਹੈ।
"ਕੁਛ ਨਹੀਂ।"
"ਹਜ਼ਾਰ ਵਾਰੀ ਕਿਹੈ ਬਈ ਏਨਾ ਖ਼ੂਨ ਸਾੜਨ ਦਾ ਕੀ ਫਾਇਦਾ ਏ ? ਸਾਹਬ ਦੇ ਵੇਲੇ ਤੋਂ ਇਹੋ ਹਾਲ ਏ, ਉਹ ਵਿਚਾਰੇ ਤਾਂ ਕਾਲਜ-ਕਾਲਜ ਕਰਦੇ ਚਲੇ ਗਏ, ਤੁਸੀਂ ਵੀ…ਆਹੋ ਜੀ ਸਾਨੂੰ ਤਾਂ ਭਕਾਈ ਮਾਰਨ ਦੀ ਆਦਤ ਐ, ਪਰ ਕੋਈ ਸੁਣੇ ਵੀ…" ਸਾਵਿੱਤਰੀ ਨਾਰਾਜ਼ ਹੋ ਕੇ ਚਲੀ ਗਈ।
ਮਿਸੇਜ ਡੇਵਿਸ ਚੁੱਪਚਾਪ ਬੈਠੀ ਖਾਂਦੀ ਰਹੀ।
ਪਹਿਲਾਂ ਤਾਂ ਸਭ ਠੀਕ-ਠਾਕ ਸੀ---ਗੜਬੜ ਸ਼ੁਰੂ ਕਿੱਥੋਂ ਹੋਈ ? ਉਸਨੂੰ ਚੇਤੇ ਆਇਆ : ਜਦੋਂ ਦਾ ਕਾਲੇਜ ਰਿੜ੍ਹ ਪਿਆ ਸੀ, ਨਿੱਕੀਆਂ-ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਸਨ, ਪਰ ਉਸ ਦਿਨ ਕੋਈ ਕੁੜੀ ਇਮਤਿਹਾਨ ਵਿਚ ਨਕਲ ਮਾਰਦੀ ਫੜ੍ਹੀ ਗਈ ਸੀ। ਰੇਸਟੀਕੇਟ ਕੀਤੀ ਸੀ, ਉਸਨੇ। ਦੂਜੇ ਦਿਨ ਉਸਦੇ ਪਿਤਾ-ਸ਼੍ਰੀ ਆ ਖੜ੍ਹੇ ਹੋਏ---"ਮੈਂ ਐਮ.ਐਲ.ਏ. ਹਾਂ। ਤੁਹਾਡੀ ਹਿੰਮਤ ਕਿੰਜ ਹੋਈ।" ਤੇ ਪਤਾ ਨਹੀਂ ਕਿੰਨੀਆਂ ਗਾਲ੍ਹਾਂ ਕੱਢ ਕੇ ਗਏ ਸਨ, ਸਟਾਫ ਸਾਹਮਣੇ ਹੀ। ਉਹ ਚੁੱਪਚਾਪ ਨੀਵੀਂ ਪਾਈ ਬੈਠੀ ਪੜ੍ਹਦੀ ਰਹੀ ਸੀ---ਡੂ ਅਕਾਰਡਿੰਗ ਟੂੰ ਟਾਈਮ…
ਤੇ ਇਹ ਸਿਲਸਿਲਾ ਵਧਦਾ ਹੀ ਗਿਆ। ਘੱਟ ਨੰਬਰ ਹੋਣ 'ਤੇ ਕਿਸੇ ਕੁੜੀ ਦਾ ਐਡਮੀਸ਼ਨ ਨਹੀਂ ਹੋਇਆ ਤਾਂ ਕਿਸੇ ਮੰਤਰੀ ਦਾ ਫ਼ੋਨ---"ਦੇਖੋ, ਮਿਸੇਜ ਡੇਵਿਸ, ਮੇਰੇ ਦੋਸਤ ਦੀ ਬੇਟੀ ਹੈ।'
"ਪਰ ਉਸਦੇ ਨੰਬਰ ਬੜੇ ਘੱਟ ਨੇ। ਤੁਸੀਂ ਲੋਕ ਕੋਈ ਹੋਰ ਕਾਲੇਜ ਨਹੀਂ ਖੁੱਲ੍ਹਵਾ ਦੇਂਦੇ…"
"ਗੁੱਡ ਆਈਡੀਆਂ ! ਮੈਂ ਮੁੱਖ ਮੰਤਰੀ ਨਾਲ ਇਸ ਸੰਬੰਧ ਵਿਚ ਗੱਲ ਕਰਾਂਗਾ। ਫਿਲਹਾਲ, ਤੁਸੀਂ ਬੱਚੀ ਦਾ ਨਾਂਅ ਲਿਖ ਲਿਓ। ਸੌਰੀ ਨਾ ਕਹਿਣਾ, ਵਰਨਾ ਗਰਾਂਟ ਲਈ ਸਰਕਾਰ ਵੀ ਸੌਰੀ ਕਹਿ ਸਕਦੀ ਹੈ। ਇਹ ਆਈਡੀਆ ਕੈਸਾ ਲੱਗਿਆ ?"
ਉਸ ਰਾਤ ਉਹ ਕਿੰਨੀ ਦੇਰ ਰੋਂਦੀ ਰਹੀ ਸੀ---"ਡੇਵਿਸ ਹੁਣ ਮੈਂ ਕੀ ਕਰਾਂ ? ਦੱਸੋ, ਮੈਂ ਕੀ ਕਰਾਂ ? ਕੋਈ ਮਨਿਸਟਰ ਹੈ, ਕੋਈ ਐਮ.ਐਲ.ਏ. ਹੈ। ਕੋਈ ਸ਼ਹਿਰ ਦਾ ਗੰਡਾ ਹੈ। ਐਡਮੀਸ਼ਨ ਉਹਨਾਂ ਦੀ ਮਰਜ਼ੀ ਨਾਲ ਕਰੋ, ਲੈਕਚਰਾਰ ਉਹਨਾਂ ਦੀਆਂ ਨੂੰਹਾਂ-ਧੀਆਂ ਨੂੰ ਰੱਖੋ, ਚਪੜਾਸੀ ਤੀਕ ਉਹਨਾਂ ਦਾ ਆਦਮੀ ਹੋਣਾ ਚਾਹੀਦਾ ਹੈ। ਮੈਂ ਹੁਣ ਹੋਰ ਕਿੰਨਾਂ ਵਿਰੋਧ ਕਰਾਂ ? ਕਿੰਨਾਂ ਲੜਾਂ ? ਇਹ ਗ੍ਰੇਸ ਵਿਲਾ ਮੁੜ ਗ਼ੁਲਾਮ ਹੋ ਰਿਹਾ ਹੈ। ਫੇਰ ਅਗਨੀ ਕੁੰਡ ਬਣਦਾ ਜਾ ਰਿਹਾ ਹੈ!" ਲੱਗਿਆ ਸੀ, ਮਿਸਟਰ ਸਾਈਮਨ ਕਹਿ ਰਹੇ ਹਨ---"ਬਰੇਵ ਡਾਟਰ ਆਫ ਏ ਬਰੇਵ ਮਦਰਲੈਂਡ। ਆਖਰੀ ਸਾਹਾਂ ਤੀਕ ਫਾਈਟ ਕਰਨਾ…"
ਤੇ ਇਕ ਵਾਰੀ ਫੇਰ ਸ਼ੁਰੂ ਹੋ ਗਈ ਸੀ ਲੜਾਈ। 'ਗ੍ਰੇਸ ਵਿਲਾ' ਨੂੰ ਪਹਿਲਾਂ ਅੰਗਰੇਜ਼ਾਂ ਨੇ ਗ਼ੁਲਾਮ ਬਣਾਇਆ ਹੋਇਆ ਸੀ…ਸਰਾਪਿਆ ਹੋਇਆ ਘਰ, ਕਿੱਡੀ ਮੁਸ਼ਕਿਲ ਨਾਲ ਮੁਕਤ ਹੋਇਆ ਸੀ ! ਇਸਦੇ ਦੁਆਲੇ ਹੁਣ ਫੇਰ ਗ਼ੁਲਾਮੀ ਦੇ ਵਰੋਲੇ ਉੱਡ ਰਹੇ ਹਨ, ਤੇ ਉਹ, ਆਜ਼ਾਦ ਦੇਸ਼ ਦੇ ਆਜ਼ਾਦ ਲੋਕਾਂ ਨਾਲ, 'ਗ੍ਰੇਸ ਵਿਲਾ' ਜਾਂ ਵਿਵੇਕਾਨੰਦ ਗਰਲਜ਼ ਕਾਲੇਜ ਦੀ ਆਜ਼ਾਦੀ ਲਈ ਲੜ ਰਹੀ ਹੈ।
ਫ਼ੋਨ ਦੀ ਘੰਟੀ ਵੱਜੀ।
ਸਾਵਿੱਤਰੀ ਨੇ ਰਸੀਵਰ ਚੁੱਕ ਕੇ ਕਿਹਾ---"ਓ ਬਾਈ ਜੀ ਆਉਂਦੇ ਨੇ, ਜ਼ਰਾ ਚੈਨ ਨਾਲ ਖਾ-ਪੀ ਤਾਂ ਲੈਣ ਦਿਆ ਕਰੋ…ਊਂਅ…।"
ਮਿਸੇਜ ਡੇਵਿਸ ਉਠ ਗਈ। ਹੱਥ ਧੋਣ ਲੱਗੀ। ਵਾਸ਼ ਬੇਸਿਨ ਦੇ ਸ਼ੀਸ਼ੇ ਵਿਚ ਆਪਣਾ ਚਿਹਰਾ ਦੇਖਿਆ। ਇਹੀ ਹੈ ਉਹ ਬਰੇਵ ਡਾਟਰ ਆਫ ਬਰੇਵ ਮਦਰਲੈਂਡ ? ਹਾਂ, ਉਹੀ ਹੈ, ਉਸਨੇ ਮਨ ਹੀ ਮਨ ਕਿਹਾ। ਤਿੰਨ ਮਹੀਨੇ ਪਹਿਲਾਂ ਕਾਲੇਜ ਨੂੰ ਮਾਨਤਾ ਮਿਲੀ ਸੀ ਤੇ ਖੁਸ਼ੀ ਵਿਚ ਜਸ਼ਨ ਮਨਾਇਆ ਗਿਆ ਸੀ। ਕੁੜੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਸਨ।…ਤੇ ਜਦੋਂ ਖਾਣੇ ਵੇਲੇ ਸਿੱਖਿਆ ਮੰਤਰੀ ਨੇ ਕੰਨ ਵਿਚ ਕਿਹਾ ਸੀ ਤਾਂ ਯਕਦਮ ਉਹ ਬੋਲ ਪਈ ਸੀ---"ਸਾਰੀ ਸਰ, ਤੁਹਾਡੀ ਬੇਟੀ ਨੂੰ ਅਸੀਂ ਲੈਕਚਰਰ ਨਹੀਂ ਰੱਖ ਸਕਾਂਗੇ। ਥਰਡ ਡਵੀਜ਼ਲਨ ਮੈਟ੍ਰਿਕ, ਥਰਡ ਕਲਾਸ ਐਮ.ਏ., ਬੈਕ ਡੇਟ ਵਿਚ ਅਪਾਇੰਟਮੈਂਟ ਕਰਨਾ ਮੇਰਾ ਸਿਧਾਂਤ ਨਹੀਂ। ਨਾ ਮੈਂ ਗਲਤ ਕੰਮ ਕਰਦੀ ਹਾਂ…ਤੇ ਨਾ ਹੀ ਚਾਹੁੰਦੀ ਹਾਂ ਕਿ ਕੋਈ ਕੰਮ ਕਾਨੂੰਨ ਦੇ ਖ਼ਿਲਾਫ ਹੋਵੇ।" ਬੜੇ ਖੁਸ਼ ਹੋਏ ਸਨ ਸਿੱਖਿਆ ਮੰਤਰੀ---"ਆਈ ਐਪਰੀਸ਼ਿਏਟ !"
ਕੁਸੈਲਾ ਜਿਹਾ ਮੁਸਕਰਾਈ ਸੀ ਮਿਸੇਜ ਡੇਵਿਸ।
ਪੌੜੀਆਂ ਉਤਰ ਕੇ ਹੇਠਾਂ ਆਈ। ਕਾਰ ਵਿਚ ਬੈਠ ਗਈ। ਹੁਣ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹੈ। ਪੂਰਾ ਘਰ ਕਾਲੇਜ ਬਣ ਗਿਆ ਹੈ। ਮਿਸਟਰ ਡੇਵਿਸ ਨੇ 'ਗ੍ਰੇਸ ਵਿਲਾ' ਕਾਲੇਜ ਨੂੰ ਦਾਨ ਕਰਨਾ ਚਾਹਿਆ ਸੀ, ਨਹੀਂ ਕਰ ਸਕੇ।
ਕਾਰ ਵਿਚੋਂ ਉਤਰ ਕੇ ਆਫ਼ਿਸ ਵਿਚ ਆਈ ਮਿਸੇਜ ਡੇਵਿਸ। ਹਮੇਸ਼ਾ ਵਾਂਗ ਸ਼ੀਸ਼ੇ ਹੇਠ ਦੱਬੇ, ਮੁੜੇ-ਤੁੜੇ ਕਾਗਜ਼ ਨੂੰ ਪੜ੍ਹਿਆ 'ਨੋ ਰਿਲੀਜ਼ਲ ਇਜ ਗਰੇਟਰ ਦੈਨ ਟਾਈਮ। ਟਾਈਮ---ਇਫ ਯੂ ਵਾਂਟ ਟੂ ਲਿਵ…ਇਫ ਯੂ ਵਾਂਟ ਟੂ ਸਟਰਾਈਵ'…।
ਫੇਰ ਸਾਰੇ ਸਟਾਫ਼ ਨੂੰ ਬੁਲਾ ਕੇ ਕਿਹਾ, "ਤੁਸਾਂ ਲੋਕਾਂ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ, ਕਈ ਕਈ ਮਹੀਨੇ ਬਿਨਾਂ ਤਨਖ਼ਾਹ ਦੇ ਕੰਮ ਕਰਦੇ ਰਹੇ ਓ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਇਹ 'ਗ੍ਰੇਸ ਵਿਲਾ' ਅੱਜ ਤੋਂ ਵਿਵੇਕਾਨੰਦ ਗਰਲਜ਼ ਕਾਲੇਜ ਦਾ ਹੋਇਆ।"
ਫ਼ੋਨ ਦੀ ਘੰਟੀ ਵੱਜਣ ਲੱਗੀ।
ਇਕ ਸਟਾਫ਼ ਟੀਚਰ ਨੇ ਚੁੱਕਣਾ ਚਾਹਿਆ ਤਾਂ ਬੋਲੀ, "ਰਹਿਣ ਦਿਓ…"
ਫੇਰ ਸ਼ੀਸ਼ੇ ਹੇਠੋਂ ਮੁੜੇ-ਤੁੜੇ ਕਾਗਜ਼ ਨੂੰ ਕੱਢਿਆ। ਘੰਟੀ ਵੱਜਦੀ ਰਹੀ। ਬਿਨਾਂ ਉਸਦੀ ਪ੍ਰਵਾਹ ਕੀਤਿਆਂ ਆਪਣੇ ਪਤੀ ਦੇ ਅੱਖਰਾਂ ਨੂੰ ਉਂਗਲਾਂ ਨਾਲ ਟੋਹੰਦੀ-ਟਟੋਲਦੀ ਰਹੀ। ਫੇਰ ਬੜੀ ਬੇਦਰਦੀ ਨਾਲ ਉਹਨਾਂ ਸੱਤਰਾਂ ਨੂੰ ਕੱਟ ਕੇ ਲਿਖਣ ਲੱਗੀ---"ਨੋ ਰਿਲਿਜ਼ਨ ਇਜ ਗਰੇਟਰ ਦੈਨ ਪਾਲਟਿਕਸ। ਪਾਲਟਿਕਸ ਇਜ ਦ ਗਰੇਟੈਸਟ ਧਰਮ। ਬਿਲਿਵ ਦਾ ਪਾਲਟਿਕਸ, ਏਡੋਰ ਦਾ ਪਾਲੀਟੀਸ਼ਨਜ਼ ਐਂਡ ਡੂ ਐਵਰੀਥਿੰਗ ਅਕਾਰਡਿੰਗ ਟੂ ਪਾਲੀਟੀਸ਼ਨਜ਼---ਇਫ ਯੂ ਵਾਂਟ ਟੂੰ ਲਿਵ…ਇਫ ਯੂ ਵਾਂਟ ਟੂ ਸਰਵਾਈਵ…।" (ਰਾਨੀਤੀ ਨਾਲੋਂ ਵੱਡਾ ਕੋਈ ਧਰਮ ਨਹੀਂ---ਉਹੀ ਸਭ ਤੋਂ ਵੱਡਾ ਧਰਮ ਹੈ। ਜਿਊਣਾ ਹੈ, ਰਹਿਣਾ ਹੈ, ਤਾਂ ਰਾਜਨੀਤੀ 'ਤੇ ਵਿਸ਼ਵਾਸ ਕਰੋ, ਨੇਤਾਵਾਂ ਦੀ ਪੂਜਾ ਕਰੋ ਤੇ ਹਰ ਕੰਮ ਨੇਤਾਵਾਂ ਦੇ ਅਨੁਸਾਰ ਕਰੋ।)
ਕਾਗਜ਼ ਨੂੰ ਸ਼ੀਸ਼ੇ ਹੇਠ ਨੱਪ ਕੇ ਮਿਸੇਜ ਡੇਵਿਸ ਨੇ ਰਸੀਵਰ ਚੁੱਕਿਆ---"ਮੈਂ ਮਿਸੇਜ ਡੇਵਿਸ…ਐਕਸ ਪ੍ਰਿੰਸੀਪਲ ਆਫ ਵਿਵੇਕਾਨੰਦ ਗਰਲਜ਼ ਕਾਲੇਜ…ਮੈਂ ਰਿਜ਼ਾਈਨ ਕਰ ਦਿੱਤਾ ਹੈ। ਮੈਂ ਪੰਦਰਾਂ ਸਾਲ ਬੜੀ ਖੂਬੀ ਨਾਲ ਕਾਲੇਜ ਚਲਾਇਆ ਏ ਤੇ ਹਰ ਕਾਨੂੰਨ ਜਾਣਦੀ ਹਾਂ, ਸਿੱਖਿਆ ਮੰਤਰੀ ਜੀ, ਕਿ ਪ੍ਰਿੰਸੀਪਲ ਬਣਨ ਲਈ ਐਫਲੀਏਟਡ ਕਾਲੇਜ ਵਿਚ ਪੜ੍ਹਾਉਣ ਦਾ ਦਸ ਸਾਲ ਦਾ ਤਜ਼ੁਰਬਾ ਚਾਹੀਦਾ ਏ…ਜੋ ਮੇਰੇ ਕੋਲ ਹੈ ਨਹੀਂ। ਕੱਲ੍ਹ ਰਾਤੀ ਮੈਂ ਫ਼ੋਨ ਉੱਤੇ ਹੀ ਕਹਿ ਦਿੱਤਾ ਸੀ ਕਿ ਕਿਸੇ ਵੀ ਸਿੰਪੇਥੈਟਿਕ ਗਰਾਉਂਡ ( ਹਮਦਰਦੀ ਦੇ ਆਧਾਰ ਉਪਰ) ਉੱਤੇ ਮੈਂ ਪ੍ਰਿੰਸੀਪਲ ਨਹੀਂ ਰਹਿਣਾ ਤੇ ਨਾ ਹੀ ਕਿਸੇ ਥਰਡ ਕਲਾਸ ਐਮ.ਏ. ਨੂੰ, ਆਪਣੇ ਜਿਊਂਦੇ ਜੀਅ, ਇਸ ਕਾਲੇਜ ਵਿਚ ਬੈਕ ਡੇਟ ਵਿਚ ਰੱਖਣਾ ਹੈ…"
ਰਸੀਵਰ ਰੱਖ ਕੇ ਮਿਸੇਜ ਡੇਵਿਸ ਕਮਰੇ ਵਿਚੋਂ ਬਾਹਰ ਆ ਗਈ। ਕਾਰ ਵਿਚ ਬੈਠ ਕੇ ਹਰ ਰੋਜ਼ ਵਾਂਗ ਇਕ ਵਾਰੀ 'ਗ੍ਰੇਸ ਵਿਲਾ' ਵੱਲ ਦੇਖਿਆ, ਫੇਰ ਮਿਸਟਰ ਡੇਵਿਸ ਦੇ ਹੱਥ ਦਾ ਲਿਖਿਆ ਹੋਇਆ ਬੋਰਡ ਪੜ੍ਹਿਆ---'ਵਿਵੇਕਾਨੰਦ ਗਰਲਜ਼ ਕਾਲੇਜ'…ਅਚਾਨਕ ਲੱਗਿਆ ਸਾਰੇ ਅੱਖਰ ਮਿਟ ਗਏ ਹਨ, ਉੱਥੇ ਸਿਰਫ ਇਕ ਵੱਡਾ ਸਾਰਾ 'ਵੀ' ਹੈ ਤੇ ਸਿੱਖਿਆ ਮੰਤਰੀ ਪਾਪਾ ਵਾਂਗ ਚੀਕ ਰਹੇ ਹਨ---"ਵੀ ਫਾਰ, ਵਿਕਟਰੀ…ਯੂ ਇੰਡੀਅਨ ਬਿੱਚ---ਅੰਡਰਸਟੈਂਡ ?"

No comments:

Post a Comment