Tuesday, July 20, 2010

ਪਰਲੋ…:: ਲੇਖਕ : ਪੁਨਤਿੱਲ ਕੁੰਜਬਦੁੱਲਾ

ਮਲਿਆਲੀ ਕਹਾਣੀ :
ਪਰਲੋ…:: ਲੇਖਕ : ਪੁਨਤਿੱਲ ਕੁੰਜਬਦੁੱਲਾ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


(ਪੁਨਤਿੱਲ ਕੁੰਜਬਦੁੱਲਾ 1942 ਵਿਚ ਮਾਲਾਬਾਰ ਵਿਚ ਪੈਦਾ ਹੋਏ। ਬੀ.ਐੱਸ.ਸੀ. ਪਾਸ ਕਰ ਲੈਣ ਪਿੱਛੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਦਾਖ਼ਲਾ ਲੈ ਲਿਆ। ਜਦੋਂ ਅਲੀਗੜ੍ਹ ਪੜ੍ਹਦੇ ਹੁੰਦੇ ਸਨ ਤਾਂ ਇਕ ਈਸਾਈ ਕੁੜੀ ਮਰਿਯੱਮਾ ਨਾਲ ਵਿਆਹ ਕਰਵਾ ਲਿਆ। ਪਰਿਵਾਰ ਤੇ ਸਮਾਜ ਨੇ ਵਿਰੋਧ ਕੀਤਾ ਪਰ ਉਹਨਾਂ ਕੋਈ ਪ੍ਰਵਾਹ ਨਾ ਕੀਤੀ। 1971 ਵਿਚ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ। ਐਮ.ਪੀ. ਮੁਹੰਮਦ ਦੀਆਂ ਕਹਾਣੀਆਂ ਵਾਂਗ ਕੁੰਜਬਦੁੱਲਾ ਦੀਆਂ ਕਹਾਣੀਆਂ ਵਿਚ ਵੀ ਮੁਸਲਿਮ ਸਮਾਜ ਦੇ ਹਨੇਰੇ ਪੱਖ ਦਾ ਚਿੱਤਰਣ ਬੜੀ ਬਾਰੀਕੀ ਨਾਲ ਹੁੰਦਾ ਹੈ—ਅਨੁ.)

ਪਰਲੋ ਦਾ ਆਰੰਭ ਹੋਇਆਂ ਅਜੇ ਸ਼ੁਰੂਆਤ ਹੀ ਸੀ ਕਿ ਓਸ ਇਕੋ ਛਿਣ ਵਿਚ ਉਹਦੇ ਦੋ ਜਨਮ ਸਮਾਪਤ ਹੋ ਗਏ ਤੇ ਤੀਜੇ ਜਨਮ ਦਾ ਵੀ ਆਖ਼ਰੀ ਵੇਲਾ ਆਣ ਪਹੁੰਚਿਆ।'
—ਇਕ ਮੰਦਰ ਦੇ ਸਾਹਮਣੇ ਖਲੋਤੇ ਬੋਹੜ ਦੇ ਟਾਹਣ ਉੱਤੇ ਬੈਠੇ ਵਿਚਾਰੇ ਬਾਂਦਰ ਨੇ ਸੋਚਿਆ।
ਜੋ ਕੁਝ ਉਹ ਇਸ ਜਨਮ ਵਿਚ ਪ੍ਰਾਪਤ ਕਰ ਸਕਿਆ ਹੈ, ਉਸ ਬਾਰੇ ਹੀ ਨਹੀਂ, ਸਗੋਂ ਜੋ ਕੁਝ ਉਹਨੇ ਪਿੱਛਲੇ ਜਨਮਾਂ ਵਿਚ ਪ੍ਰਾਪਤ ਕੀਤਾ ਸੀ, ਉਸ ਸਭ ਬਾਰੇ ਵੀ ਸੋਚ ਰਿਹਾ ਸੀ ਉਹ।
ਪੁਲਾੜ ਵਿਮਾਨ ਵਾਂਗ ਅਕਾਸ਼ ਨੂੰ ਚੀਰਦਾ ਜਾ ਰਿਹਾ ਇਕ ਬਹੁਤ ਵੱਡਾ ਗੋਪੁਰ ਤੇ ਉਸਦੀ ਛਾਤੀ ਉੱਤੇ ਥਣ ਵਰਗੀ ਗੋਲ ਗੰਢ ਜਿਹੀ ਉੱਤੇ ਉਹਦੀ ਨਿਗਾਹ ਪਈ। ਪਿਛਲੇ ਜਨਮ ਦੀਆਂ ਯਾਦਾਂ ਜਦੋਂ ਗਰਭ ਵਿਚ ਪਏ ਬੱਚੇ ਵਾਂਗ ਕੁਰਬਲ-ਕੁਰਬਲ ਕਰਨ ਲੱਗੀਆਂ ਤਾਂ ਅੱਖਾਂ ਵਿਚ ਅੱਥਰੂ ਆ ਗਏ। ਅੱਖਾਂ ਸਿੱਜਲ ਹੋ ਗਈਆਂ ਤੇ ਸਾਰੇ ਦ੍ਰਿਸ਼ ਧੁੰਦਲੇ ਪੈ ਗਏ। ਗੋਪੁਰ ਧੁੰਦਲਾ ਜਿਹਾ ਦਿਸਣ ਲੱਗਾ; ਘੜੀ ਅਸਪੱਸ਼ਟ ਹੋ ਗਈ; ਮੰਦਰ ਵੀ ਧੁੰਦਲਾ ਜਿਹਾ ਦਿਸਣ ਲੱਗਿਆ।
ਧੁੰਦਲਾਪਣ ਵਧਦਾ ਗਿਆ ਤੇ ਵਧਦਿਆਂ ਵਧਦਿਆਂ ਸਾਰੇ ਪਾਸੇ ਹਨੇਰਾ ਪਸਰ ਗਿਆ। ਹਨੇਰੇ ਵਿਚ ਮਨ-ਅੰਤਰ ਦੀਆਂ ਅੱਖਾਂ ਚਮਕ ਪਈਆਂ। ਉਹਨੂੰ ਚਮਕ ਵਿਚ ਪਿਛਲੇ ਜਨਮ ਨਜ਼ਰ ਆਏ—
ਪਹਿਲਾ ਜਨਮ ਰੇਗਿਸਤਾਨ ਵਿਚ ਇਕ ਆਦਮੀ ਪੁੱਤਰ ਦੇ ਰੂਪ ਵਿਚ ਪ੍ਰਾਪਤ ਹੋਇਆ ਸੀ। ਇਕ ਰੱਜੀ-ਪੁੱਜੀ ਤੇ ਸ਼੍ਰੇਸ਼ਟ ਕੁਲ ਦੇ ਕੁਲ-ਨਾਇਕ ਦੀ ਚੌਥੀ ਪਤਨੀ ਦੇ ਤੇਰ੍ਹਵੇਂ ਪੁੱਤਰ ਦੇ ਰੂਪ ਵਿਚ ਉਹਦਾ ਜਨਮ ਹੋਇਆ ਸੀ।
ਜਵਾਨ ਹੋ ਕੇ ਊਠ ਦੌੜਾਂਦਿਆਂ, ਖਜੂਰਾਂ ਖਾਂਦਿਆਂ ਤੇ ਕਸਰਤ ਕਰਦਿਆਂ ਉਹਦੇ ਦਿਨ ਬੀਤਦੇ। ਉਹਨੇ ਵਿਆਹ ਵੀ ਕਰਵਾਇਆ। ਸੱਤਾਂ ਬੱਚਿਆਂ ਦਾ ਪਿਓ ਵੀ ਬਣਿਆ।
ਉਸੇ ਵੇਲੇ ਇਕ ਧਰਮ-ਗੁਰੂ ਦਾ ਉਪਦੇਸ਼ ਸੁਣਾਈ ਦਿੱਤਾ। ਇਹ ਉਹ ਜ਼ਮਾਨਾ ਸੀ ਜਦੋਂ ਰੇਗਿਸਤਾਨ ਵਿਚ ਅੰਦੋਲਨ ਛਿੜਿਆ ਹੋਇਆ ਸੀ। ਧਰਮ-ਗੁਰੂ ਦੇ ਪੈਰੋਕਾਰਾਂ ਤੇ ਵੈਰੀਆਂ ਵਿਚਕਾਰ ਭਿਅੰਕਰ ਸੰਘਰਸ਼ ਚੱਲ ਰਿਹਾ ਸੀ।
ਧਰਮ-ਗੁਰੂ ਹਿਰਾ ਪਹਾੜ ਦੀ ਘਾਟੀ ਵਿਚ ਬੈਠਾ ਭਗਵਾਨ ਨਾਲ ਗੱਲਾਂ ਕਰ ਰਿਹਾ ਸੀ। ਪਵਿੱਤਰ ਗ੍ਰੰਥ ਦੇ ਅਧਿਆਏ ਇਕ ਇਕ ਕਰਕੇ ਧਰਤੀ ਉੱਤੇ ਉਤਰ ਰਹੇ ਸਨ। ਸਤਾਈਵੇਂ ਦਿਨ ਭਗਵਾਨ ਨੇ ਧਰਮ-ਗੁਰੂ ਨੂੰ ਆਪਣੇ ਵੱਲੋਂ, ਆਪਣੇ ਨਿਵਾਸ-ਸਥਾਨ ਆਉਣ ਲਈ ਸੱਦਾ ਭੇਜਿਆ। ਹੈਰਾਨ ਹੋਏ ਧਰਮ-ਗੁਰੂ ਨੇ ਪੁੱਛਿਆ—
“ਮੈਂ ਓਥੇ ਆਵਾਂ? ਆਕਾਸ਼, ਇਕ-ਦੋ ਨਹੀਂ ਸੱਤ ਹੈਨ। ਮੈਂ ਇਹਨਾਂ ਸੱਤਾਂ ਆਕਾਸ਼ਾਂ ਤੇ ਇਹਨਾਂ ਵਿਚਕਾਰਲੇ ਧੰਦੂਕਾਰ ਨੂੰ ਉਲਾਂਘਦਿਆਂ ਅਨੇਕਾ ਯੁੱਗ ਬਿਤਾਏ, ਹੇ ਭਗਵਾਨ। ਹੁਣ ਤੂੰ ਮੈਨੂੰ ਆਪਣੇ ਕੋਲ ਆਉਣ ਲਈ ਕਹਿ ਰਿਹਾ ਏਂ! ਕੀ ਮੈਂ ਇਹ ਕਰ ਸਕਦਾ ਵਾਂ? ਹੇ ਭਗਵਾਨ! ਕੀ ਤੂੰ ਮੇਰੀ ਪ੍ਰੀਖਿਆ ਲੈ ਰਿਹਾ ਹੈਂ?”
ਭਗਵਾਨ ਨੇ ਕਿਹਾ—
“ਧਰਮ-ਗੁਰੂ ਤੂੰ ਇਕ ਗੱਲ ਚੇਤੇ ਰੱਖ। ਮੈਂ ਸਹਾਇਤਾ ਕਰਾਂ ਤਾਂ ਏਸ ਬ੍ਰਹਿਮੰਡ ਵਿਚ ਕੁਝ ਵੀ ਔਖਾ ਨਹੀਂ। ਕੀ ਤੈਨੂੰ ਇਹ ਸੱਚਾਈ ਭੁੱਲ ਗਈ ਕਿ ਤੇਰੇ ਮਨ ਤੋਂ ਬਿਨਾਂ ਪੰਜ ਇੰਦਰੀਆਂ ਹੀ ਨਹੀਂ, ਛੇ ਅੰਗ ਹੋਰ ਵੀ ਹੈਨ?”
ਇਹ ਅਜਿਹੀ ਮੁਲਾਕਤਾ ਸੀ, ਜਿਹੜੀ ਕਦੀ ਭੁੱਲ ਨਹੀਂ ਸਕਦੀ।
ਆਸਾਧਾਰਨ ਤੇ ਗੁੱਝੀਆਂ ਗੱਲਾਂ ਹੋਈਆਂ।
ਧਰਮ-ਗੁਰੂ ਮੁੜ ਧਰਤੀ ਉੱਤੇ ਪਰਤ ਆਇਆ। ਓਸੇ ਵੇਲੇ ਆਜਾਨ ਗੂੰਜੀ। ਧਰਮ-ਗੁਰੂ ਗਦ-ਗਦ ਹੋ, ਸ਼ਾਂਤ ਹੋ ਗਿਆ। "ਇਕ ਰਾਤ ਵਿਚ, ਇਕੋ ਰਾਤ ਵਿਚ, ਹੇ ਪ੍ਰਭੂ...ਧੰਨ ਹੈ ਤੇਰੀ ਲੀਲ੍ਹਾ ਤੇ ਧੰਨ ਤੇਰੀ ਮਾਇਆ।”
ਧਰਮ-ਗੁਰੂ ਨੇ ਆਪਣੇ ਚੇਲਿਆਂ ਨੂੰ ਇਹ ਨਹੀਂ ਪੁੱਛਿਆ ਕਿ ਉਹ ਕਦੋਂ ਦੇ ਉਹਨੂੰ ਉਡੀਕ ਰਹੇ ਨੇ।
ਇਹ ਕਥਾ ਸੁਣ ਕੇ ਉਹ ਖਿੜ-ਖਿੜ ਹੱਸਿਆ। ਸ਼ਹਿਰ ਦੇ ਚੁਰਸਤੇ ਵਿਚ ਉਸਨੇ ਇਸ ਕਥਾ ਦੇ ਬੇਅਰਥ ਹੋਣ ਬਾਰੇ ਖੋਲ੍ਹ ਕੇ ਦੱਸ ਦਿੱਤਾ। ਲੋਕਾਂ ਉਸ ਨਾਲ ਮਿਲ ਕੇ ਧਰਮ-ਗੁਰੂ ਦਾ ਮਖ਼ੌਲ ਉਡਾਇਆ। ਉਹ ਵੀ ਹੱਸ ਪਿਆ।
ਹੱਸਦਾ ਹੱਸਦਾ ਉਹ ਘਰ ਪਹੁੰਚਿਆ। ਉਹਦੀ ਪਤਨੀ ਉਦੋਂ ਰਸੋਈ ਵਿਚ ਬੈਠੀ ਰੋਟੀਆਂ ਪਕਾ ਰਹੀ ਸੀ। ਬੱਚੇ ਵਿਹੜੇ ਵਿਚ ਖਜੂਰਾਂ ਦੀਆਂ ਗਿਟਕਾਂ ਨਾਲ ਖੇਡ ਰਹੇ ਸਨ। ਉਹਨੂੰ ਹੱਸਦਾ ਵੇਖ ਕੇ ਪਤਨੀ ਦਾ ਮੱਥਾ ਵਟਿਆ ਗਿਆ। ਉਸਨੇ ਉਹਨੂੰ ਕਿਹਾ, ਐਵੇਂ ਵਕਤ ਖ਼ਰਾਬ ਨਾ ਕਰੇ...ਛੇਤੀ ਦੇਣੇ ਨਹਾਅ ਆਵੇ।
ਡੋਲ ਤੇ ਸਾਬਨ ਚੁੱਕ ਕੇ ਉਹ ਆਪਣੇ ਘਰ ਦੇ ਸਾਹਮਣੇ ਵਾਲੇ ਤਲਾਅ ਵੱਲ ਨਹਾਉਣ ਚਲਾ ਗਿਆ।
ਪਾਣੀ ਵਿਚ ਵੜ ਕੇ ਇਕ ਡੂੰਘੀ ਟੁੱਭੀ ਲਾਈ। ਪਾਣੀ ਵਿਚੋਂ ਨਿਕਲਣ 'ਤੇ ਉਸਨੂੰ ਬੜੀ ਹੈਰਾਨੀ ਹੋਈ! ਉਹ ਇਕ ਨਦੀ ਦੇ ਕਿਨਾਰੇ ਖੜ੍ਹਾ ਸੀ। ਉਸਦੇ ਚਾਰੇ ਪਾਸੇ ਕਈ ਔਰਤਾਂ ਨਹਾਅ ਰਹੀਆਂ ਸਨ। ਬੜੀ ਅਚਰਜ ਗੱਲ ਸੀ। ਉਹ ਏਨੀਆਂ, ਅੱਧ-ਨਗੀਆਂ ਮੁਟਿਆਰਾਂ ਦੇ ਵਿਚਕਾਰ! ਆਪਣੇ ਮੋਢਿਆਂ ਉੱਤੇ ਲਮਕਦੇ ਲੰਮੇ ਵਾਲਾਂ ਤੇ ਭਰਵੀਆਂ ਛਾਤੀਆਂ ਉੱਤੇ ਉਸਦੀ ਨਜ਼ਰ ਪਈ।
ਇਸ ਵਾਰ ਫੇਰ ਉਹ ਮੁੜ੍ਹਕੋ-ਮੁੜ੍ਹਕੀ ਹੋ ਗਿਆ। ਉਹ ਇਕ ਸੁੰਦਰ ਮੁਇਆਰ ਦੇ ਰੂਪ ਵਿਚ ਬਦਲ ਗਿਆ ਸੀ। ਉਹਨੇ ਕੱਪੜੇ ਬਦਲੇ ਤੇ ਪੌੜੀਆਂ ਚੜ੍ਹ ਕੇ ਉੱਪਰ ਆ ਗਿਆ।
ਫੇਰ ਕੀ ਵਾਪਰਿਆ...ਕਿਸੇ ਨੇ ਉਸ ਨਾਲ ਵਿਆਹ ਕਰ ਲਿਆ। ਪਤੀ ਦੇ ਨਾਲ ਜੀਵਨ ਬਿਤਾਇਆ। ਪੰਜ ਬੱਚੇ ਵੀ ਜੰਮੇ। ਵਾਲ ਵੀ ਚਿੱਟੇ ਹੋ ਗਏ।
ਕੋਈ ਖਾਸ ਘਟਨਾ ਨਹੀਂ ਵਾਪਰੀ। ਸਮਾਂ ਬੀਤਦਾ ਰਿਹਾ। ਫੇਰ ਇਕ ਦਿਨ ਆਮ ਵਾਂਗ ਹੀ ਨਦੀ 'ਤੇ ਨਹਾਉਣ ਗਈ…
ਜਦੋਂ ਉਹ ਟੁੱਭੀ ਮਾਰ ਕੇ ਮੁੜ ਸਿੱਧੀ ਹੋਈ ਤਾਂ ਹੈਰਾਨ ਰਹਿ ਗਈ। ਉਹ ਆਪਣੇ ਪੁਰਾਣੇ ਪਿੰਡ ਵਿਚ ਸੀ। ਉਹੀ ਪੁਰਾਣਾ ਤਲਾਅ...ਜਿੱਥੇ ਉਹ ਆਪਣੇ ਮਰਦਾਂ ਵਾਲੇ ਰੂਪ ਵਿਚ ਆਖ਼ਰੀ ਵੇਰ ਨਹਾਤੀ ਸੀ।
ਹੁਣ ਉਹ ਔਰਤ ਦੇ ਰੂਪ ਵਿਚ ਨਹੀਂ ਸੀ।
ਪੌੜੀਆਂ ਉੱਤੇ ਧਰੇ ਕੱਪੜੇ ਓਵੇਂ ਦੀ ਜਿਵੇਂ ਪਏ ਸਨ। ਉਸਨੇ ਕੱਪੜੇ ਪਾਏ। ਓਹੋ ਹੀ ਰਾਹ ਸਨ। ਉਹ ਘਰ ਵੱਲ ਭੱਜ ਤੁਰਿਆ। ਘਰ ਅੱਪੜਿਆ ਤਾਂ ਪਤਨੀ ਅਜੇ ਰੋਟੀਆਂ ਪਕਾਅ ਰਹੀ ਸੀ। ਬੱਚੇ ਹੁਣ ਵੀ ਖਜੂਰਾਂ ਦੀਆਂ ਗਿਟਕਾਂ ਨਾਲ ਖੇਡ ਰਹੇ ਸਨ।
ਉਹ ਡਰ ਨਾਲ ਕੰਬ ਗਿਆ। ਹੈਰਾਨੀ ਨਾਲ ਉਸਦਾ ਸਾਹ ਉੱਖੜਨ ਲੱਗਾ। ਪਤਨੀ ਨੇ ਪੁੱਛਿਆ, “ਏਨੀ ਛੇਤੀ ਨਹਾਅ ਵੀ ਆਏ। ਕਾਵਾਂ ਵਾਂਗ ਖੰਭ ਭਿਓਣੀ ਕਰਕੇ ਮੁੜ ਆਏ ਲੱਗਦੇ ਓ।”
ਉਸਨੂੰ ਸਮੇਂ ਦੇ ਅਲੋਕਾਰ ਚਮਤਕਾਰਾਂ ਦਾ ਅਨੁਭਵ ਹੋਇਆ। ਉੱਥੇ ਕਈ ਸਾਲ ਲੰਘ ਗਏ ਸਨ ਤੇ ਇੱਥੇ ਕੁਝ ਪਲ ਹੀ ਬੀਤੇ ਸੀ। ਉਸਨੂੰ ਇੰਜ ਲੱਗਿਆ ਜਿਵੇਂ ਧਰਮ-ਗੁਰੂ ਦਾ ਆਕਾਸ਼ ਵਿਚ ਬਿਤਾਇਆ ਅੱਧਾ ਦਿਨ, ਧਰਤੀ ਦੇ ਦੋ ਸੌ ਵਰ੍ਹਿਆਂ ਬਰਾਬਰ ਹੋਏਗਾ। ਉਹਨੂੰ ਗਿਆਨ ਪ੍ਰਾਪਤ ਹੋ ਗਿਆ।
ਫੇਰ ਉਹਦੇ ਵਿਸ਼ਵਾਸ ਦੇ ਮਾਪ-ਤੋਲ ਬਦਲ ਗਏ।
ਸਮੇਂ ਦੇ ਅਰਥ ਕੀ ਹਨ?
ਆਕਾਸ਼ ਦਾ ਸਿਰਾ ਕਿੱਥੇ ਹੈ?
ਸਮੇਂ ਬਾਰੇ ਸੋਚਦਿਆਂ ਉਹ ਇਕ ਨਵੇਂ ਸਿੱਟੇ 'ਤੇ ਅੱਪੜਿਆ। ਸਿੱਟਾ ਲਿਖ ਦਿੱਤਾ।
ਸਮਾਂ ਸੀ।
ਸਮਾਂ ਹੋਵੇਗਾ।
ਪਰ ਸਮਾਂ ਹੈ...ਅਜਿਹੀ ਕੋਈ ਸਥਿਤੀ ਸਥਿਰ ਨਹੀਂ। ਪਲ ਬੀਤਦੇ ਨੇ ਤੇ ਅਗਾਂਹ ਲੰਘਦੇ ਜਾਂਦੇ ਨੇ। ਸੂਰਜ ਨਿਕਲਦਾ ਹੈ ਤੇ ਡੁੱਬ ਜਾਂਦਾ ਹੈ। ਲੋਕ ਇਸਨੂੰ ਦਿਨ ਕਹਿੰਦੇ ਨੇ।
ਸਮੇਂ ਦੀ ਗਿਣਤੀ ਹੋਣ ਲੱਗੀ। ਖਜੂਰਾਂ ਦੀਆਂ ਸੱਤਾਂ ਗਿਟਕਾਂ ਨਾਲ ਹਫ਼ਤੇ ਦੇ ਨਿਸ਼ਾਨ ਲਾਏ। ਗੁੰਜੇ ਦੇ ਚਾਰ ਬੀਆਂ ਨਾਲ ਮਹੀਨਾ ਬਣਾ ਲਿਆ। ਧੁੰਧਚੀ ਦੇ ਬੀਅ ਸਾਲ ਦਾ ਪ੍ਰਤੀਕ ਬਣ ਗਏ। ਸੋਨੇ ਦੇ ਦਸ ਸਿੱਕਿਆਂ ਨਾਲ ਦਹਾਕਾ ਮਿਥ ਦਿੱਤਾ।
ਸਮੇਂ ਦਾ ਨਿਰਣਾ ਹੋ ਗਿਆ। ਪਰਛਾਵੇਂ ਮਿਣੇ ਗਏ। ਵਿਸ਼ੇਸ਼ ਕਿਸਮ ਦੀਆਂ ਬੋਤਲਾਂ ਵਿਚ ਰੇਤਾ ਭਰਿਆ ਗਿਆ। ਰੇਤ ਦੇ ਕਣ ਅੱਖ-ਪਲਕਾਰੇ ਦੇ ਹਿਸਾਬ ਨਾਲ ਇਕ ਕਿਨਾਰੇ ਤੋਂ ਹੇਠ ਕਿਰਨ ਲੱਗ ਪਏ।
ਤਾਰਿਆਂ ਨੂੰ ਵੇਖ ਕੇ ਪਹਿਰ ਬਣਾਏ ਗਏ।
ਅੰਕ ਬਣਾਏ ਗਏ।
ਕਲੰਡਰ (ਪਚਾਂਗ) ਦੀ ਕਾਢ ਨਿਕਲੀ।
ਇਸ ਗੇੜ-ਚੱਕਰ ਵਿਚ ਘੜੀ ਆਖ਼ਰੀ ਅਲੋਕਾਰ ਸ਼ੈ ਸੀ।
ਆਕਾਸ਼ ਬਾਰੇ ਅਜੇ ਸੋਚਣ ਹੀ ਲੱਗਿਆ ਸੀ ਕਿ ਉਹ ਮਰ ਗਿਆ।

ਭਾਰਤ ਨਾਂਅ ਦੇ ਦੇਸ਼ ਵਿਚ ਉਹਨੇ ਮਨੁੱਖ ਰੂਪ ਵਿਚ ਦੂਜਾ ਜਨਮ ਲਿਆ। ਜਦੋਂ ਜਨਮ ਹੋਇਆ, ਸਿਰਫ ਕਾਲ ਦੀ ਯਾਦ ਹੀ ਮਨ ਵਿਚ ਸੀ। ਕੁੱਖ ਵਿਚ ਵੀ ਉਹੀ ਯਾਦ ਉਸ ਉੱਤੇ ਹਾਵੀ ਹੋਈ ਰਹੀ ਸੀ।
ਪ੍ਰਮਾਣੂ ਨਾਲ, ਸ਼ੰਕਾ ਨਾਲ, ਜੁਗਿਆਸਾ ਨਾਲ, ਕਾਠ ਨਾਲ, ਤਾਊੜੀ ਨਾਲ, ਘੜੀ ਨਾਲ, ਛਿਣ ਨਾਲ, ਦਿਨ-ਰਾਤ ਨਾਲ, ਮਹੀਨਿਆਂ ਨਾਲ, ਸਾਲਾਂ ਨਾਲ...ਉਹਦਾ ਵਿਕਾਸ ਆਰੰਭ ਹੋਇਆ।
ਦੁਬਾਰਾ ਨਦੀ ਵਿਚ ਇਸ਼ਨਾਨ ਕਰਕੇ ਤੀਰਥ-ਜਲ ਪੀ ਕੇ, ਭਗਵਾਨ ਦੀ ਪ੍ਰੀਤਮਾ ਮੂਹਰੇ ਹੱਥ ਜੋੜ ਕੇ, ਸਿਰਫ ਕੰਦ-ਮੂਲ ਖਾ ਕੇ ਉਹ ਵੱਡਾ ਹੋਇਆ।
ਜਦੋਂ ਉਹ ਵੱਡਾ ਹੋ ਗਿਆ ਤਾਂ ਬੁੱਧੀ ਦਾ ਵਿਕਾਸ ਵੀ ਹੋਇਆ। ਉਹਨੇ ਆਪਣੇ ਆਪ ਤੋਂ ਪੁੱਛਿਆ—
“ਕਾਲ ਕੀ ਹੁੰਦਾ ਹੈ?”
ਕਾਲ ਬਾਰੇ ਗਿਆਨ ਪ੍ਰਾਪਤ ਕਰਨ ਲਈ ਉਹਨੇ ਦਿਨ ਰਾਤ ਜਤਨ ਕੀਤੇ। ਕੋਈ ਸਿੱਟਾ ਨਾ ਨਿਕਲਿਆ। ਪਰ ਇਕ ਗੱਲ ਦੀ ਸੋਝੀ ਜ਼ਰੂਰ ਹੋਈ ਕਿ ਇਸ ਬ੍ਰਹਿਮੰਡ ਵਿਚ ਉਹਨੂੰ ਗਿਆਨੀ ਬਣਾਉਣ ਦੀ ਸਮੱਰਥਾ ਸਿਰਫ ਬ੍ਰਹਮਾ ਵਿਚ ਹੀ ਹੈ।
ਅੱਠੇ-ਪਹਿਰ ਉਹਨੇ ਤਪ ਕੀਤਾ। ਚਾਨਣ ਵਿਚ ਯਾਦ ਬਣ ਕੇ ਰਹਿ ਗਿਆ। ਜਟਾਂ ਸਿਰ ਉੱਤੇ ਲਪੇਟ ਲਈਆਂ, ਦਾੜ੍ਹੀ ਦੇ ਵਾਲ ਵਧਦੇ ਵਧਦੇ ਧਰਤੀ ਨਾਲ ਜਾ ਲੱਗੇ।
ਵਿਸ਼ਨੂੰ ਦੀ ਧੁੱਨੀਂ ਵਿਚੋਂ ਨਿਕਲੇ, ਕਮਲ ਉੱਪਰ ਬਿਰਾਜਮਾਨ ਬ੍ਰਹਮਾ ਦੀ ਇਕੋ ਇਕ ਯਾਦ ਹੀ ਉਹਦੇ ਸਰੀਰ ਦੇ ਰੋਮ-ਰੋਮ ਵਿਚ ਸਮਾਈ ਹੋਈ ਸੀ।
ਵਰ੍ਹੇ ਤਾਂ ਵਰ੍ਹੇ ਯੁੱਗ ਵੀ ਬੀਤ ਗਏ।
ਇਕ ਵਾਰੀ ਦੁਮੇਲ ਵਿਚੋਂ ਕਿਸੇ ਬਿੰਦੂ ਵਰਗਾ ਇਕ ਹੰਸ ਪ੍ਰਗਟ ਹੋਇਆ। ਕੁਝ ਪਲਾਂ ਵਿਚ ਬ੍ਰਹਮਾ ਉਸਦੇ ਸਾਹਮਣੇ ਆਣ ਖਲੋਤੇ।
ਉਸਨੇ ਬ੍ਰਹਮਾ ਦੀ ਵਾਣੀ ਸੁਣੀ।
ਅੱਖਾਂ ਖੋਹਲੀਆਂ।
ਪਰ ਬ੍ਰਹਮਾ ਨੇ ਨੇਤਰ ਨਹੀਂ ਖੋਲ੍ਹੇ।
“ਬੇਟਾ, ਇਹ ਵਿਅਰਥ ਯਤਨ ਕਾਹਦੇ ਲਈ ਕਰ ਰਿਹਾ ਹੈਂ? ਸਮੇਂ ਨਾਲ ਸੰਬੰਧਤ ਹਿਸਾਬ ਸਿਰਫ ਮੇਰੇ ਕੋਲ ਹੀ ਹੈ।”
“ਮਹਾਰਾਜ, ਕ੍ਰਿਪਾ ਕਰਕੇ ਮੈਨੂੰ ਵੀ ਦੱਸ ਦਿਓ।”
“ਫ਼ਜ਼ੂਲ ਗੱਲ, ਤੂੰ ਜਾਣ ਕੇ ਕੀ ਕਰਨੈਂ?”
“ਪ੍ਰਭੂ ਮੇਰੀ ਇਹ ਬੇਨਤੀ ਅਟੱਲ ਹੈ।”
“ਤਾਂ ਫੇਰ ਸੁਣ...” ਬ੍ਰਹਮਾ ਨੇ ਕਿਹਾ, “ਦਿਨ-ਰਾਤ, ਮਹੀਨਿਆਂ-ਰੁੱਤਾਂ, ਜੋਤਸ਼ ਸ਼ਾਸਤਰ, ਮਨੁੱਖਾਂ ਦੇ ਵਰ੍ਹਿਆਂ, ਦੇਵਤਿਆਂ ਦੇ ਵਰ੍ਹਿਆਂ, ਮਹਾਯੁੱਗ ਤੇ ਪਰਲੋ ਵਿਚੋਂ ਲੰਘ ਕੇ ਮੇਰੇ ਇਕ ਦਿਨ ਤੇ ਇਕ ਰਾਤ ਪੂਰੇ ਹੁੰਦੇ ਨੇ। ਉਹ ਇਕ ਦਿਨ ਤੇਰੇ 864,00,00,000 ਸਾਲਾਂ ਦੇ ਬਰਾਬਰ ਹੈ।”
“ਮਹਾਰਾਜ ਮੈਨੂੰ ਖਿਮਾ ਕਰੋ।”
ਬ੍ਰਹਮਾ ਤੇ ਹੰਸ ਅਲੋਪ ਹੋ ਗਏ।
ਉਹਨੇ ਵੀ ਆਸਣ ਛੱਡ ਦਿੱਤਾ।
ਉਦੋਂ ਤੀਕ ਉਹਦੀਆਂ ਪੀੜ੍ਹੀਆਂ ਦੀਆਂ ਨਦੀ ਕਿਨਾਰੇ ਬਣਾਈਆਂ ਸਭਿਅਤਾਵਾਂ ਮਿੱਟੀ ਵਿਚ ਮਿਲ ਚੁੱਕੀਆਂ ਸਨ। ਉਹਨਾਂ ਸੰਸਕ੍ਰਿਤੀਆਂ ਦੀ ਯਾਦ ਨੇ ਪਿੱਛੋਂ ਕਿਸੇ ਨੂੰ ਵੀ ਦੁਖੀ ਨਹੀਂ ਸੀ ਕੀਤਾ। ਇਤਿਹਾਸ ਦੇ ਥੋੜ੍ਹ-ਅਕਲੇ ਵਿਦਿਆਰਥੀ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਆਪਣੀਆਂ ਕਾਪੀਆਂ ਵਿਚ ਉਹਨਾਂ ਦੀ ਵਿਆਖਿਆ ਲਿਖ ਰਹੇ ਸਨ।
ਏਨੇ ਨੂੰ ਹਿਮਵਾਨ ਦੇਵਤਾ ਦੀ ਵਡੱਤਣ ਨੂੰ ਇਕ ਸ਼ਰਾਪ ਵਾਂਗ ਬਰਬਾਦ ਕਰਨ ਲੱਗੇ ਹੋਏ ਦੋ ਫਾਟਕਾਂ ਵਿਚੋਂ ਦੀ ਹੋ ਕੇ ਮੌਨਸੂਨ ਪੌਣਾ ਅੰਦਰ ਲੰਘ ਆਈਆਂ। ਉਹਨਾਂ ਨਾਲ ਹੀ ਕਈ ਵਿਹੁਲੇ ਜੀਆ-ਜੰਤ ਵੀ ਇਸ ਧਰਮ-ਧਰਤੀ ਵਿਚ ਅਛੋਪਲੇ ਹੀ ਆਣ ਵੜੇ।
ਸਿੱਟੇ ਵਜੋਂ ਇੱਥੇ ਵਰਣ ਸ਼ੰਕਰ ਜਾਤੀਆਂ ਹੋਂਦ ਵਿਚ ਆਈਆਂ। ਉਹਨਾਂ ਦੀ ਸੰਸਕ੍ਰਿਤੀ ਵਿਚ ਵੀ ਮਿਲਾਵਟ ਦੇ ਯਤਨ ਕੀਤੇ ਗਏ।
ਬਹੁਤ ਅਸਹਿ ਮਾਨਸਿਕ ਪੀੜ ਪਿੱਛੋਂ ਉਹਨੂੰ ਇਕ ਤੱਥ ਦੀ ਸਮਝ ਪੈ ਗਈ। ਉਸਦੇ ਪਿਆਰੇ ਬ੍ਰਹਮਾ ਦੇ ਸੰਕਲਪ ਨਸ਼ਟ ਹੋ ਰਹੇ ਨੇ। ਉਹਦੀ ਪ੍ਰੰਪਰਾ ਵੀ ਮਲੀਨ ਹੋ ਰਹੀ ਹੈ।
ਫੇਰ ਉਹ ਵੀ ਨੀਚ ਵਿਦੇਸ਼ੀ ਭਾਸ਼ਾ ਪੜ੍ਹਨ ਲਈ ਮਜ਼ਬੂਰ ਹੋ ਗਿਆ। ਉਸ ਭਾਸ਼ਾ ਰਾਹੀਂ ਉਹਨੇ ਸਮੇਂ ਬਾਰੇ, ਖ਼ਲਾਅ ਬਾਰੇ ਵਿਚਾਰ ਕੀਤਾ।
ਰਾਈਟ ਤੇ ਲੈਫ਼ਟ?
ਟਾਈਮ ਸ਼ੇਅਰਸ ਦਾ ਫੇਟ ਆਵ ਸਪੇਸ।
ਆਰ ਆਲ ਪਾਂਇਟਸ ਆਵ ਵਯੂ ਇਕਵੀਵੇਲੇਂਟ?
ਦਾ ਰਿਲੇਟਿਵ ਏਪਿਯਰਸ ਐਬਸੋਲਿਊਟ,
ਦਾ ਐਬਸੋਲਿਊਟ ਟਰਨਸ ਆਊਟ ਟੂ ਬੀ ਰਿਲੇਟਿਵ।
ਵੇਲੋਸਿਟੀ ਹੈਜ਼ ਇਟਸ ਲਿਮਿਟ।
ਏਨੇ ਦੈਵੀ ਵਾਕ ਸਿੱਖ ਲੈਣ ਪਿੱਛੋਂ ਕਿਸੇ ਨੇ ਉਹਨੂੰ ਆਖਿਆ, “ਸ਼ਾਮ ਦੇ ਪੰਜ ਗਏ ਨੇ।”
ਉਸ ਪੁੱਛਿਆ, “ਕਿੱਥੇ? ਭਾਰਤ ਵਿਚ ਜਾਂ ਅਮਰੀਕਾ ਵਿਚ?” ਇੰਜ ਉਹ ਆਇਨਸਟਾਈਨ ਦਾ ਨਿਰਪੇਖਤਾ ਸਿਧਾਂਤ ਅਜੇ ਅੱਧਾ ਹੀ ਪੜ੍ਹ ਸਕਿਆ ਸੀ ਕਿ ਉਹਦੇ ਦੂਜੇ ਜੀਵਨ ਦੀ ਕਥਾ ਵੀ ਸਮਾਪਤ ਹੋ ਗਈ।
ਪੁਨਰ-ਜਨਮ ਦੀ ਖੋਜ ਵਿਚ ਉਹਦੀ ਆਤਮਾ ਭਟਕਦੀ ਰਹੀ।

ਉਸ ਅਭਾਗੇ ਦਾ ਤੀਜਾ ਜਨਮ ਇਕ ਬਾਂਦਰ ਦੇ ਰੂਪ ਵਿਚ ਹੋਇਆ। ਬਾਂਦਰ ਦਾ ਕੋਈ ਸਾਕ-ਸੰਬੰਧੀ ਜਾਂ ਸੱਜਣ-ਮਿੱਤਰ ਨਹੀਂ ਸੀ। ਇਹ ਜਨਮ ਅਜਿਹੇ ਵਰਗ ਵਿਚ ਹੋਇਆ ਜਿੱਥੇ ਤੀਵੀਆਂ ਸਰਬ-ਸਾਂਝੀ ਸੰਪਤੀ ਮੰਨੀਆਂ ਜਾਂਦੀਆਂ ਸਨ। ਇਸੇ ਲਈ ਉਹਨੂੰ ਆਪਣੇ ਪਿਤਾ ਬਾਰੇ ਕੋਈ ਪਤਾ ਨਹੀਂ ਸੀ। ਮਾਂ ਦੇ ਮਗਰ-ਮਗਰ ਤੁਰਿਆ ਫਿਰਦਾ। ਭੁੱਖ ਲੱਗਦੀ। ਉਸਦਾ ਦੁੱਧ ਚੁੰਘ ਲੈਂਦਾ। ਉਸਦੇ ਸਿਰ ਵਿਚੋਂ ਜੂੰਆਂ ਕੱਢ-ਕੱਢ ਮਾਰਦਾ ਰਹਿੰਦਾ। ਇਹ ਸਾਰੀਆਂ ਗੱਲਾਂ ਉਹਨੂੰ ਚੇਤੇ ਨੇ। ਦੂਜੀ ਵੇਰ ਗਰਭ ਹੋਣ ਮਗਰੋਂ ਉਹਦੀ ਮਾਂ ਨੇ ਉਹਨੂੰ ਆਪਣੇ ਨਾਲੋਂ ਵੱਖ ਕਰ ਦਿੱਤਾ।
ਫੇਰ ਉਹ ਸਾਥੀਆਂ ਨਾਲ ਰਹਿਣ ਲੱਗ ਪਿਆ। ਉਹਨਾਂ ਨਾਲ ਉਹ ਰੁੱਖਾਂ ਉੱਤੇ ਉਛਲਦਾ-ਕੁੱਦਦਾ, ਵੱਡੀਆਂ ਵੱਡੀਆਂ ਕੰਧਾਂ ਉੱਤੇ ਚੜ੍ਹਦਾ ਤੇ ਮੰਦਰ ਦੀ ਉਤਲੀ ਛੱਤ ਉੱਤੇ ਨੱਚਦਾ-ਟੱਪਦਾ ਰਹਿੰਦਾ। ਉਹਦੇ ਦਿਨ ਬੜੇ ਚੰਗੇ ਲੰਘ ਰਹੇ ਸੀ। ਇਕ ਦਿਨ ਉਹ ਅਮਰੂਦਾਂ ਦੇ ਬਾਗ਼ ਵਿਚੋਂ ਚੋਰੀਓਂ ਅਮਰੂਦ ਤੋੜ ਕੇ ਖਾਣ ਲੱਗਾ ਹੋਇਆ ਸੀ ਕਿ ਮਾਲੀ ਨੇ ਗਲੇਲ ਸੇਧ ਕੇ ਵੱਟਾ ਮਾਰਿਆ। ਵੱਟਾ ਉਹਦੀ ਪਿੱਠ ਉੱਤੇ ਏਨੀ ਜ਼ੋਰ ਦੀ ਵੱਜਿਆ ਕਿ ਉਹਦਾ ਰੋਣ ਨਿਕਲ ਗਿਆ। ਦੋ ਦਿਨ ਬੜੀ ਹੀ ਪੀੜ ਹੁੰਦੀ ਰਹੀ। ਫੇਰ ਉਹ ਥਾਂ ਲਾਲ ਹੋ ਕੇ ਸੁੱਜ ਗਿਆ। ਇਕ ਹਫ਼ਤੇ ਪਿੱਛੋਂ ਉੱਥੇ ਜ਼ਖ਼ਮ ਹੋ ਗਿਆ। ਜ਼ਖ਼ਮ ਦੁਆਲਿਓਂ ਵਾਲ ਝੜ ਗਏ। ਜ਼ਖ਼ਮ ਵਿਚ ਪਾਕ ਪੈ ਗਈ ਤੇ ਕਚ-ਲਹੂ ਰਿਸਣ ਲੱਗ ਪਿਆ। ਪਾਕ ਨਾਲ ਵਾਲ ਗਿੱਲੇ ਹੋ ਗਏ: ਫੇਰ ਪਾਕ ਸੁੱਕ ਗਈ। ਜ਼ਖ਼ਮ ਉੱਤੇ ਹਮੇਸ਼ਾ ਮੱਖੀਆਂ ਭਿਣਕਦੀਆਂ ਰਹਿੰਦੀਆਂ। ਉਸ ਵਿਚ ਕੀੜੇ ਵੀ ਪੈ ਗਏ। ਬਦਬੂ ਮਾਰਨ ਲੱਗ ਪਈ। ਉਹ ਸਾਰਿਆਂ ਨਾਲੋਂ ਵੱਖਰਾ ਰਹਿਣ ਲਈ ਮਜ਼ਬੂਰ ਹੋ ਗਿਆ।
ਅੱਜ ਉਹ ਬਾਂਦਰ ਬੇ ਸਹਾਰਾ ਹੈ। ਇਕੱਲਾ ਹੈ। ਨਾ ਮਾਂ ਹੈ, ਨਾ ਪਿਓ। ਸਾਂਝਾ, ਪਰਵਾਰ ਵੀ ਨਹੀਂ। ਕੋਈ ਮਿੱਤਰ ਬੇਲੀ ਨਹੀਂ। ਬੁੱਢੀ ਪਿੱਠ ਉਤਲੇ ਨਾਸੂਰ ਨਾਲ ਕਸ਼ਟ ਭੋਗਦਾ ਉਹ ਸੰਢੇ ਦੀ ਉਡੀਕ ਵਿਚ ਦਿਨ ਕੱਟ ਰਿਹਾ ਹੈ।
ਮੰਦਰ ਦੇ ਸਾਹਮਣੇ ਵਾਲਾ ਬੋਹੜ ਦਾ ਰੁੱਖ ਹੀ ਉਸ ਲਈ ਲੋਕ-ਪਰਲੋਕ ਹੈ। ਉਹ ਬੋਹੜ ਦਾ ਰੁੱਖ ਇਕ ਅਜਿਹੇ ਚੁਰਾਹੇ ਵਿਚ ਹੈ ਜਿੱਥੇ ਮੰਦਰ, ਸ਼ਹਿਰ, ਥਾਣੇ ਤੇ ਨਦੀ ਵੱਲ ਜਾਣ ਵਾਲੀਆਂ ਸੜਕਾਂ ਦਾ ਚੁਰਸਤਾ ਹੈ।
ਅਣਗਿਣਤ ਟਾਹਣੀਆਂ ਤੇ ਟਾਹਣਾ ਵਿਚ ਵੰਡਿਆ, ਦੂਰ ਤਕ ਫੈਲਿਆ ਤੇ ਵਿਸ਼ਾਲ ਮੁੱਢ ਤੇ ਨਰੋਈਆਂ ਜੜਾਂ ਵਾਲਾ ਇਹ ਬੁੱਢਾ ਬੋਹੜ ਪੀੜ੍ਹੀਆਂ ਦੀਆਂ ਲਾਚਾਰੀਆਂ ਨੂੰ ਨਿਸੰਗ ਵਿਹੰਦਾ ਹੋਇਆ ਏਥੇ ਸ਼ਥਿਰ ਖੜ੍ਹਾ ਹੈ। ਉਸਦੀਆਂ ਥੋਥੀਆਂ ਖੋਡਾਂ ਵਿਚ ਸੱਪ ਆਣ ਸ਼ਰਨ ਲੈਂਦੇ ਨੇ। ਟਾਹਣੀਆਂ ਉੱਤੇ ਚਿੱੜੀਆਂ ਦੇ ਆਲ੍ਹਣੇ ਨੇ। ਸੰਘਣੀਆਂ ਸ਼ਾਖਾਵਾਂ ਵਿਚ ਹਵਾ ਸ਼ੂਕਦੀ ਹੈ। ਟਾਹਣੀਆਂ ਉੱਤੇ ਕੀੜੀਆਂ ਦੀਆਂ ਕਤਾਰਾਂ ਦੀਆਂ ਕਤਾਰਾਂ ਤੁਰੀਆਂ ਫਿਰਦੀਆਂ ਨੇ। ਤਨ ਉੱਤੇ ਪਸਰੇ ਨਿੱਕੇ ਵੱਡੇ ਪੱਤੇ ਹਵਾ ਨਾਲ ਕੰਬਦੇ ਤੇ ਹਿੱਲਦੇ ਰਹਿੰਦੇ ਨੇ।
ਕਈ ਸਾਲਾਂ ਦਾ ਇਹ ਬਾਂਦਰ ਏਸੇ ਬੋਹੜ ਦੀ ਕਿਸੇ ਟਾਹਣੀ ਉੱਤੇ ਬੈਠ ਕੇ ਹੇਠਾਂ ਵਿਚਰਦੀ ਜ਼ਿੰਦਗੀ ਵੇਖਦਾ ਰਿਹਾ ਹੈ...ਆਉਂਦੇ ਜਾਂਦੇ ਰਹੀਆਂ ਨੂੰ, ਜਾਨਵਰਾਂ ਨੂੰ ਤੇ ਉਡੇ ਫਿਰਦੇ ਪੰਛੀਆਂ ਤੇ ਜਹਾਜ਼ਾਂ ਨੂੰ ਆਪਣੇ ਪਹਿਲੇ ਜਨਮ ਦੀ ਕਹਾਣੀ ਸੁਣਾਉਣ ਲਈ ਤਰਸਦਾ ਰਿਹਾ ਹੈ। ਮੂੰਹੋਂ ਕੁਝ ਨਹੀਂ ਕਹਿ ਸਕਦਾ। ...ਉਹਨੇ ਪਰਛਾਵਾਂ ਨਾਪ ਕੇ ਸਮੇਂ ਦਾ ਫ਼ੈਸਲਾ ਕੀਤਾ ਸੀ। ਰੇਤੇ ਦੀਆਂ ਸ਼ੀਸ਼ੀਆਂ ਦੀ ਮਦਦ ਨਾਲ ਸਮੇਂ ਨੂੰ ਮਿਣਿਆ ਸੀ ਤੇ ਅੰਕਾਂ ਦੀ ਕਾਢ ਕੱਢੀ ਸੀ। ਕਲੰਡਰ (ਪੰਚਾਂਗ) ਵੀ ਉਹਦੀ ਆਪਣੀ ਦੇਣ ਸੀ। ਤਪ ਕਰਕੇ ਬ੍ਰਹਮਾ ਨੂੰ ਬੁਲਾਇਆ ਸੀ ਉਹਨੇ...ਤੇ ਅਜਿਹੇ ਕਿੰਨੇ ਹੀ ਤੱਥਾਂ ਦੀ ਛਾਪ, ਚਿੱਤਰਾਂ ਦੇ ਰੂਪ ਵਿਚ ਉਹਦੇ ਮਨ, ਮਸਤਕ ਵਿਚ ਪਈ ਸੀ।
ਕੋਈ ਵੀ ਰਾਹੀ-ਪਾਂਧੀ ਉਸ ਵੱਲ ਧਿਆਨ ਨਹੀਂ ਸੀ ਦਿੰਦਾ। ਹੁਣ ਤਾਂ ਬੱਚੇ ਵੀ ਉਸਨੂੰ ਵੇਖ ਕੇ ਉਹਦਾ ਮਖ਼ੌਲ ਨਹੀਂ ਸੀ ਉਡਾਉਂਦੇ। ਖਾਣ ਨੂੰ ਵੀ ਨਹੀਂ ਸੀ ਮਿਲਦਾ। ਮੰਦਰ ਨੂੰ ਜਾਣ ਵਾਲੇ ਰਸਤੇ ਉੱਤੇ ਜਾਂਦੇ ਭਗਤਾਂ ਦੀਆਂ ਪ੍ਰਸ਼ਾਦ ਨਾਲ ਭਰੀਆਂ ਹੋਈਆਂ ਥਾਲੀਆਂ ਵੇਖ-ਵੇਖ ਉਹਦੇ ਮੂੰਹ ਵਿਚ ਪਾਣੀ ਭਰ ਆਉਂਦਾ। ਢਿੱਡ ਵਿਚ ਭੁੱਖ ਦੀ ਅੱਗ ਮੱਚ ਉਠਦੀ। ਜਦੋਂ ਮੰਦਰ ਦਾ ਫਾਟਕ ਬੰਦ ਕਰਕੇ ਪੁਜਾਰੀ ਖੀਰ ਪੀਂਦਾ ਤਾਂ ਉਹ ਬਿਨਾਂ ਅੱਖ ਝਪਕਾਇਆਂ ਉਸਨੂੰ ਵਿਹੰਦਾ ਰਹਿੰਦਾ ਤੇ ਆਪਣੀ ਭੁੱਖ ਭੁਲਾਉਂਦਾ।
ਰਾਤ ਨੂੰ ਜਦੋਂ ਸਾਰੇ ਸੌਂ ਜਾਂਦੇ ਤਾਂ ਉਹ ਰੁੱਖ ਤੋਂ ਹੇਠਾਂ ਉਤਰ ਆਉਂਦਾ ਤੇ ਮੰਦਰ ਦੇ ਵਿਹੜੇ ਵਿਚ ਚਲਾ ਜਾਂਦਾ। ਭਗਤਾਂ ਦੇ ਭੰਨੇ ਹੋਏ ਨਾਰੀਅਲ ਦੇ ਟੋਟੇ, ਸੜੇ ਹੋਏ ਫਲ, ਰੇਤੇ ਨਾਲ ਲਿੱਬੜੀ ਮਠਿਆਈ ਦੇ ਭੋਰੇ, ਜਾਂ ਕਦੀ ਅੰਬ ਦੀਆਂ ਗੁਠਲੀਆਂ ਲੱਭ ਜਾਂਦੀਆਂ। ਕੁਝ ਵੀ ਨਾ ਲੱਭਦਾ ਤਾਂ ਉਹ ਮੰਦਰ ਦੇ ਤਲਾਅ ਵਿਚੋਂ ਪਾਣੀ ਪੀ ਲੈਂਦਾ। ਜੇ ਪੁਜਾਰੀ ਉੱਥੇ ਨਾ ਹੁੰਦਾ ਤਾਂ ਮੰਦਰ ਦੀ ਛੱਤ ਉੱਤੇ ਚੜ੍ਹ ਕੇ ਘੰਟੀ ਵਜਾਉਣ ਲੱਗਦਾ। ਫੇਰ ਅੱਖ-ਪਲਕਾਰੇ ਵਿਚ ਨੱਸ ਕੇ ਬੋਹੜ ਉੱਤੇ ਜਾ ਬੈਠਦਾ।
ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਪਿਛਲੇ ਜਨਮ, ਸਮੇਂ, ਆਕਾਸ਼, ਪਿੱਠ ਦਾ ਅੱਲਾ ਜ਼ਖ਼ਮ, ਆਦੀ ਨੂੰ ਚੇਤੇ ਕਰਕੇ ਉਹਦਾ ਦਿਲ ਦੁਖੀ ਹੋ ਜਾਂਦਾ। ਪਹੁ ਫੁਟਾਲੇ ਸਮੇਂ ਉਹਨੂੰ ਨੀਂਦ ਆਉਣ ਲੱਗ ਪੈਂਦੀ।
ਘੁੱਗੂ ਦੀ ਆਵਾਜ਼ ਸੁਣ ਕੇ ਰੋਜ਼ ਉਹਨੂੰ ਜਾਗ ਆਉਂਦੀ। ਨਗਰ ਪਾਲਿਕਾ ਦੇ ਵੱਡੇ ਦਫ਼ਤਰ ਦੇ ਫਾਟਕ ਉੱਤੇ ਘੁੱਗੂ ਵੱਜਦਾ...ਉਦੋਂ ਘੜੀ ਉੱਤੇ ਛੇ ਵੱਜੇ ਹੁੰਦੇ।
ਗੋਪੁਰ ਵਿਚ, ਗੋਪੁਰ ਦੇ ਥਣ ਵਾਂਗ ਦਿਸਦੀ ਘੜੀ ਨੂੰ ਜਦੋਂ ਦਾ ਉਹ ਵੇਖਦਾ ਆਇਆ ਹੈ ਉਦੋਂ ਤੋਂ ਹੀ ਇਕ ਇੱਛਾ ਉਹਨੂੰ ਬੇਚੈਨ ਕਰਦੀ ਰਹੀ ਹੈ।
ਉਹ ਕਿਸੇ ਦਿਨ ਗੋਪੁਰ ਦੇ ਦਰਵਾਜ਼ੇ ਉੱਪਰ ਚੜ੍ਹ ਕੇ ਘੜੀ ਹਾਸਲ ਕਰਨਾ ਚਾਹੁੰਦਾ ਸੀ। ਜੇ ਹੋ ਸਕਿਆ ਤਾਂ ਪਲ ਭਰ ਲਈ ਚੰਦ ਨੂੰ ਛੂਹ ਲੈਣ ਦੀ ਇੱਛਾ ਵੀ ਸੀ। ਇਹ ਇੱਛਾਵਾਂ ਧੁੰਈਂ ਵਾਂਗ ਉਹਦੇ ਉਸੇ ਦਿਲ ਵਿਚ ਧੁਖਦੀਆਂ ਰਹਿੰਦੀਆਂ ਸਨ, ਜਿਸ ਨੇ ਸਮੇਂ ਬਾਰੇ ਏਨੀ ਸੋਚ ਵਿਚਾਰ ਕਰਕੇ ਉਸਦਾ ਨਿਖੇੜਾ ਕੀਤਾ ਸੀ। ਘੜੀ ਦੀ ਕਾਢ ਕੱਢੀ ਸੀ। ਨਿਰਪੇਖਤਾ ਦੇ ਸਿਧਾਂਤ ਦਾ ਅਧਿਅਨ ਸ਼ੁਰੂ ਕੀਤਾ ਸੀ...ਤੇ ਪਹਿਲੇ ਜਨਮ ਵਿਚ ਨੇਕ ਕੰਮ ਕੀਤੇ ਸਨ।
ਕਈ ਰਾਤਾਂ ਨੂੰ ਉਹ ਗੋਪੁਰ ਵੱਲ ਵੀ ਗਿਆ ਸੀ...ਪਰ ਓਦੋਂ ਤਕ ਗੋਰਖਾ ਪਹਿਰੇਦਾਰ ਗੋਪੁਰ ਦਰਵਾਜ਼ੇ ਦੇ ਫਾਟਕ ਨੂੰ ਜ਼ਿੰਦਰਾ ਮਾਰ ਕੇ ਸੌਂ ਚੁੱਕਿਆ ਹੁੰਦਾ ਸੀ।
ਅਖ਼ੀਰ ਮਹੱਤਵਪੂਰਨ ਦਿਨ ਆਇਆ। ਸੋਹਣੀ ਚਾਨਣੀ ਰਾਤ...ਗੋਪੁਰ ਦੀ ਛਾਤੀ ਦੀ ਤ੍ਰਿਸ਼ੂਲ ਸਿੱਧੀ ਆਸਮਾਨ ਵੱਲ ਤਣੀ ਹੋਈ; ਚੌਕੀਦਾਰ ਗੋਪੁਰ ਦੇ ਦਰਵਾਜ਼ੇ ਨੂੰ ਬੰਦ ਕਰਨਾ ਭੁੱਲ ਗਿਆ ਸੀ ਤੇ ਘੁਰਾੜੇ ਮਾਰ ਰਿਹਾ ਸੀ।
ਬੁੱਢੇ ਦੀ ਪਰਵਾਹ ਨਾ ਕਰਦਾ ਹੋਇਆ, ਜ਼ਖ਼ਮ ਦੀ ਪੀੜ ਸਹਿੰਦਾ ਹੋਇਆ, ਭੁੱਖ ਨੂੰ ਭੁੱਲ ਕੇ ਉਹ ਗੋਪੁਰ ਵੱਲ ਜਾਂਦੀਆਂ ਪੌੜੀਆਂ ਚੜ੍ਹਨ ਲੱਗ ਪਿਆ...
ਉਹਨੂੰ ਪਤਾ ਨਹੀਂ ਕਿ ਉਹ ਕਿੰਨੀ ਦੇਰ ਵਿਚ ਉਤਾਂਹ ਚੜ੍ਹਿਆ ਸੀ। ਸੈਂਕੜੇ ਹਜ਼ਾਰਾਂ ਪੌੜੀਆਂ। ਪਿੰਡਾ ਪਸੀਨੇ ਨਾਲ ਭਿੱਜ ਗਿਆ। ਚੱਕਰ ਆਉਂਣ ਲੱਗ ਪਏ ਸਨ। ਪੈਰ ਥਕਾਵਟ ਸਦਕਾ ਨਾਲੋਂ ਲੱਥ ਗਏ ਜਾਪਦੇ ਸੀ। ਦਿਲ ਦੀ ਧੜਕਣ ਵਧ ਗਈ ਸੀ। ਸਾਹ ਹਨੇਰੀ ਵਾਂਗ ਸ਼ੂਕ ਰਹੇ ਸਨ।
ਆਖ਼ਰ ਉਹ ਆਪਣੇ ਨਿਸ਼ਾਨੇ ਉੱਪਰ ਪਹੁੰਚ ਹੀ ਗਿਆ। ਉਹ ਤੀਬਰਤਾ ਨਾਲ ਘੜੀ ਨੂੰ ਵਿਕਾਰਾਂ ਦੇ ਵੇਗ ਵਿਚ ਪਲੋਸਦਾ ਰਿਹਾ, ਉਸਦੀਆਂ ਸੂਈਆਂ ਨੂੰ ਉਹਨੇ ਚੁੰਮ ਲਿਆ। ਫੇਰ ਸਾਰਾ ਜ਼ੋਰ ਲਾ ਕੇ ਉਸਨੂੰ ਗੋਪੁਰ ਨਾਲੋਂ ਤੋੜ ਲਿਆ।
ਗੋਪੁਰ ਦਾ ਥਣ ਨਸ਼ਟ ਹੋ ਗਿਆ। ਸਰੂਪਨਖਾ ਦੀ ਪੀੜ। ਉਹਦੀ ਇੱਛਾ ਪੂਰੀ ਹੋ ਗਈ। ਘੜੀ ਦੇ ਖੋਜੀ ਦੇ ਹੱਥ, ਘੜੀ ਆ ਗਈ ਸੀ।
ਘੜੀ ਨੂੰ ਆਪਣੀ ਜ਼ਖ਼ਮੀ ਪਿੱਠ ਉੱਤੇ ਚੁੱਕ ਕੇ ਉਹ ਗੋਪੁਰ ਦੇ ਸ਼ਿਖਰ ਉੱਤੇ ਖੜ੍ਹਾ ਰਿਹਾ। ਚਾਨਣ ਧੋਤਾ ਆਕਾਸ਼। ਚੰਦ ਉਸ ਨੋਕ ਤੋਂ ਕੁਝ ਦੂਰੀ 'ਤੇ ਹੀ ਸੀ...ਉਹ ਚਾਹਵੇ ਤਾਂ ਉਸਨੂੰ ਛੂਹ ਸਕਦਾ ਹੈ। ਚੰਦ ਨੂੰ ਛੋਹ ਕੇ ਉਹ ਜਿਸ ਰਾਹ ਤੋਂ ਆਇਆ ਸੀ, ਉਸੇ ਰਾਹੇ ਵਾਪਸ ਚਲਾ ਜਾਵੇਗਾ।
ਚੰਨ ਨੂੰ ਛੂਹਣ ਲਈ ਉਹਨੇ ਇਕ ਹੱਥ ਵਿਚ ਘੜੀ ਫੜ੍ਹ ਲਈ ਤੇ ਪੈਰਾਂ ਦੇ ਵੱਡੇ ਅੰਗੂਠਿਆਂ ਉੱਤੇ ਖਲੋ ਕੇ ਦੂਜਾ ਹੱਥ ਚੰਦ ਵੱਲ ਵਧਾਇਆ। ਪੈਰ ਤਿਲ੍ਹਕ ਗਏ...ਬਸ, ਏਨੀ ਕੁ ਗੱਲ ਹੀ ਯਾਦ ਹੈ।
ਦੂਜੇ ਦਿਨ ਮੰਦਰ ਵਲ ਜਾਣ ਵਾਲੇ ਭਗਤਾਂ ਨੇ ਵੇਖਿਆ ਕਿ ਗੋਪੁਰ ਦੇ ਥੱਲੇ ਖ਼ੂਨ ਵਿਚ ਲੱਥਪੱਥ ਇਕ ਬਾਂਦਰ ਦੀ ਲਾਸ਼ ਤੇ ਟੁੱਟੀ ਹੋਈ ਘੜੀ ਦੇ ਪੁਰਜੇ ਖਿੱਲਰੇ ਪਏ ਨੇ।
ਪਰਲੋ ਦਾ ਅਜੇ ਮੁੱਢ ਵੱਝਿਆ ਹੈ।
੦੦੦ ੦੦੦ ੦੦੦
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.
--- --- ---

No comments:

Post a Comment