Thursday, July 22, 2010

ਚੰਦਰ-ਬਿੰਦੂ...:: ਲੇਖਕਾ : ਮਹੁਆ ਮਾਜੀ



ਲੇਖਕਾ : ਮਹੁਆ ਮਾਜੀ




ਹਿੰਦੀ ਕਹਾਣੀ :
ਚੰਦਰ-ਬਿੰਦੂ...
ਲੇਖਕਾ : ਮਹੁਆ ਮਾਜੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਮੇਨਕਾ ਵਿਸ਼ਵਾ ਮਿੱਤਰ ਦੀ ਮਿਥੁਨ-ਰਤ, ਆਦਮ-ਕੱਦ, ਪੱਥਰ ਦੀ ਮੂਰਤੀ। ਮੋਨੋਲਿਥਕ—ਮੇਡ ਇਨ ਸਿੰਗਲ ਸਟੋਨ। ਐਨ ਸਿਰ ਦੇ ਉੱਪਰ...ਆਸਮਾਨ ਦੇ ਹੇਠ! 'ਦ ਲੈਂਗਵੇਜ਼ ਆੱਫ ਮੈਨ ਇਜ਼ ਹੇਯਰ ਡਿਫੀਟੇਡ ਬਾਯ ਦੀ ਲੈਂਗਵੇਜ਼ ਆੱਫ ਸਟੋਨ!' (ਆਦਮੀ ਦੀ ਭਾਸ਼ਾ ਉੱਪਰ ਪੱਥਰ ਦੀ ਜ਼ੁਬਾਨ ਭਾਰੂ ਹੈ ਇੱਥੇ।) ਕਦੀ ਇਸੇ ਗਲਿਆਰੇ ਵਿਚ ਖਲੋ ਕੇ ਰਵਿੰਦਰਨਾਥ ਨੇ ਆਪਣੀ ਪ੍ਰਤੀਕ੍ਰਿਆ ਜ਼ਾਹਰ ਕੀਤੀ ਸੀ। ਸੱਤ ਘੋੜਿਆਂ ਤੇ ਦੋ ਦਰਜਨ ਪਹੀਆਂ ਵਾਲੇ ਸੈਂਡ-ਸਟੋਨ ਰਥ ਉੱਪਰ ਸਵਾਰ ਸੂਰਜ ਦੇਵ ਦੇ ਇਸ ਪੁਰਾਤਨ ਮੰਦਰ ਦੀਆਂ ਕੰਧਾਂ, ਸੈਂਕੜੇ ਛੋਟੀਆਂ-ਵੱਡੀਆਂ ਕਲਾ-ਕ੍ਰਿਤਾਂ ਨਾਲ ਭਰੀਆਂ ਹੋਈਆਂ ਨੇ। ਕੋਣਾਰਕ ਰੈਂਕਸ ਅਨਰਾਇਵੇਲਡ ਇਨ ਦ ਡੋਮੇਨ ਆੱਫ ਰੋਮਾਂਟਿਕ ਆਰਟ! ਵਿਸ਼ਵ ਪ੍ਰਸਿੱਧ ਕਲਾ-ਪਾਰਖੂਆਂ ਦੀ ਰਾਏ ਸੁਣਾ ਰਿਹਾ ਸੀ ਗਾਈਡ, “ਇਹਨੂੰ ਸੰਸਾਰ ਦਾ ਗ੍ਰੇਟ ਵੰਡਰ ਮੰਨਿਆਂ ਜਾਂਦਾ ਏ ਮੈਡਮ! ਕਹਿੰਦੇ ਨੇ...”
“...ਕ੍ਰਿਸ਼ਨ ਦੀ ਪਤਨੀ ਦੇ ਇਸਨਾਨ ਘਰ ਵਿਚ ਪ੍ਰਵੇਸ਼ ਕਰਨ ਦੇ ਜੁਰਮ ਵਿਚ ਰਾਜੇ ਸਾਂਭ ਨੂੰ ਕ੍ਰਿਸ਼ਨ ਦੇ ਦਿੱਤੇ ਸ਼ਰਾਪ ਦਾ ਨਤੀਜਾ ਏ ਇਹ ਵਿਸ਼ਾਲ ਮੰਦਰ, ਹੈ-ਨਾ?”
“ਹਾਂ ਮੈਡਮ! ਕੋੜ੍ਹ ਤੋਂ ਪੀੜਤ ਰਾਜੇ ਸਾਂਭ ਨੇ ਪੁਰੀ ਦੇ ਇਸ ਪੂਰਬੀ-ਉਤਰੀ ਸਮੰਦਰ-ਤਟ ਉੱਪਰ ਸੂਰਜ ਦੇਵ ਦੀ ਆਰਾਧਨਾਂ ਕਰਕੇ ਹੀ ਤਾਂ ਪਾਪ ਮੁਕਤ ਹੋਣਾ ਸੀ। ਤਦੇ ਤਾਂ...”
ਕੀ ਉਸ ਯੁੱਗ ਦੀਆਂ, ਤੇਰ੍ਹਵੀਂ ਸਦੀ ਦੀਆਂ, ਔਰਤਾਂ ਵੀ ਮਾਡਲਿੰਗ ਕਰਦੀਆਂ ਸਨ, ਉਸੇ ਵਾਂਗਰ? ਨਿਊਡ ਮਾਡਲਿੰਗ? ਵੱਖੋ-ਵੱਖ ਮੁਦਰਾਵਾਂ ਵਿਚ ਖੁਦੀਆਂ ਕਲਾ-ਕ੍ਰਿਤਾਂ ਨੇ ਉਸ ਅੰਦਰ ਜੁਗਿਆਸਾ ਤਾਂ ਜਗਾ ਦਿੱਤੀ...ਪਰ ਇਹ ਪੁੱਛਣ ਦੀ ਹਿੰਮਤ ਨਹੀਂ ਸੀ ਕਰ ਸਕੀ ਉਹ। ਪਤੀ ਦੇਵ ਕੋਲ ਖਲੋਤੇ ਨੇ...ਜੇ ਉਹ ਕੁਛ ਹੋਰ ਈ ਸਮਝ ਬੈਠੇ ਫੇਰ?...ਕਿ ਦਫ਼ਤਰ ਜਾਣ ਦੇ ਬਹਾਨੇ ਪੂਰੇ ਤਿੰਨ ਮਹੀਨੇ ਤੀਕ ਆਰਟ ਕਾਲੇਜ ਦੇ ਸਟੂਡੀਓ ਵਿਚ ਨਿਊਡ ਮਾਡਲਿੰਗ ਕਰਦੀ ਰਹੀ ਹੈ ਉਹ...ਕਿ ਕਈ ਕਈ ਜੋੜੀ ਨੌਜਵਾਨ ਅੱਖਾਂ ਸਾਹਮਣੇ ਆਰਟ ਆੱਬਜੈਕਟ ਬਣਦੀ ਰਹੀ ਹੈ, ਨਿਸੰਗ...
ਪਹਿਲੇ ਦਿਨ ਕੱਪੜੇ ਲਾਹ ਕੇ ਚੇਂਜ ਰੂਮ ਵਿਚੋਂ ਸਟੂਡੀਓ ਵਿਚ ਜਾਣ ਲੱਗਿਆਂ ਆਪਣੀ ਦੇਹ ਦੇ ਗੁਪਤ ਅੰਗਾਂ ਨੂੰ ਕੱਪੜੇ ਦੀਆਂ ਟਾਕੀਆਂ ਨਾਲ ਢਕਣ ਦੀ ਕੋਸ਼ਿਸ਼ ਕੀਤੀ ਸੀ ਉਸਨੇ। ਪਰ ਅਧਿਆਪਕ ਦੀ ਕੋਰੀਵਾਣੀ ਦੀ ਫੁਆਰ ਪਈ ਸੀ...“ਕੈਬਰੇ ਡਾਂਸਰ ਨਹੀਂ ਓ ਤੁਸੀਂ ਕਿ ਸਟੇਜ ਉੱਤੇ ਕੱਪੜੇ ਲਾਹ-ਲਾਹ ਕੇ ਦਰਸ਼ਕਾਂ ਨੂੰ ਉਤੇਜਿਤ ਕਰੋ। ਨਿਊਡ ਮਾਡਲਿੰਗ ਵਿਚ ਸਟੂਡੀਓ 'ਚ ਪ੍ਰਵੇਸ਼ ਕਰਦਿਆਂ ਹੋਇਆਂ ਇਕ ਤੰਦ ਵੀ ਨਹੀਂ ਹੋਣੀ ਚਾਹੀਦੀ ਪਿੰਡੇ ਉੱਪਰ। ਵਿਦਿਆਰਥੀਆਂ ਸਾਹਮਣੇ ਇਕ-ਇਕ ਕਰਕੇ ਕੱਪੜੇ ਲਾਹੁਣ ਦੀ ਮਨਾਹੀ ਏ—ਡੋਲ ਸਕਦੇ ਨੇ ਉਹ। ਕਾਮ ਵਾਸਨਾਂ ਜਾਗ੍ਰਿਤ ਹੋ ਸਕਦੀ ਏ ਉਹਨਾਂ ਵਿਚ। ਇਹ ਨਾ ਭੁੱਲੋ ਕਿ ਤੁਸੀਂ ਸਿਰਫ ਇਕ ਆੱਬਜੈਕਟ ਦੇ ਰੂਪ ਵਿਚ ਪੇਸ਼ ਹੋਣਾ ਏਂ। ਉਹਨਾਂ ਦੇ ਮਨ ਵਿਚ ਬਿਨਾਂ ਕੋਈ ਐਸੀ-ਵੈਸੀ ਭਾਵਨਾਂ ਜਗਾਇਆਂ...ਜਿਵੇਂ ਇਕ ਸਰਜਨ ਸਾਹਮਣੇ ਆੱਪ੍ਰੇਸ਼ਨ ਟੇਬਲ ਉੱਪਰ ਪਏ ਮਰੀਜ਼ ਦੀ ਦੇਹ। ਜਿਵੇਂ ਕਿ...”
ਥਰੀ ਡਾਯਮੈਂਸ਼ਨਲ ਕੰਟ੍ਰੋਲਡ ਫ਼ੋਕਸ ਲਾਈਟ ਵਿਚ ਘਿਰੀ ਉਹ, ਉਸ ਪਹਿਲੇ ਦਿਨ ਹੀ ਮਹਾਨ ਫਰਾਂਸੀਸੀ ਕਲਾਕਾਰ ਰਾੱਦਾਂ ਨੂੰ ਦੂਹਰਾਉਂਦੇ ਅਧਿਆਪਕ ਦੀਆਂ ਦਲੀਲਾਂ-ਉਦਾਹਰਣਾ ਪਿਘਲੇ ਹੋਏ ਸ਼ੀਸ਼ੇ ਵਾਂਗ ਆਪਣੀ ਸੁਣਨ-ਇੰਦਰੀ ਰਾਹੀਂ ਗ੍ਰਹਿਣ ਕਰ ਰਹੀ ਸੀ—ਐਨ 'ਆੱਬਜੈਕਟ' ਇਜ਼ ਬਾਥ ਇਨ ਲਾਈਟ ਐਂਡ ਐਨਵੇਲਾਪਡ ਇਨ ਐਟਮੋਸਫੀਅਰ, ਕ੍ਰਿਯੇਟਸ ਅ ਸਕਲਪਚਰ...
ਫੇਰ ਉਹੀ ਆੱਬਜੈਕਟ? ਨਹੀਂ, ਉਹ ਸਿਰਫ ਆੱਬਜੈਕਟ ਬਣਨ ਖਾਤਰ ਨਹੀਂ ਆਈ ਇੱਥੇ...

ਮੰਦਰ ਦੀ ਕੰਧ ਉੱਤੇ ਲੱਗੇ ਛੋਟੇ ਜਿਹੇ ਚੌਕੋਰ ਪੱਥਰ ਉੱਪਰ ਉੱਕਰੇ ਦ੍ਰਿਸ਼ ਵੱਲ ਧਿਆਨ ਦਿਵਾਅ ਰਿਹਾ ਸੀ ਗਾਈਡ। ਨਿੱਘੀ ਗਲਵੱਕੜੀ ਵਿਚ ਮਸਤ ਕਿਸੇ ਜੋੜੇ ਦੇ ਪੈਰੀਂ ਪੈ ਰਹੀ ਇਕ ਔਰਤ। 'ਆਪਣੇ ਪਤੀ ਨੂੰ ਪਰਾਈ ਔਰਤ ਦੇ ਜਾਲ ਵਿਚੋਂ ਮੁਕਤ ਕਰਵਾਉਣ ਦੀ ਇਕ ਕੋਸ਼ਿਸ਼। ਪੈਰ ਫੜ੍ਹ ਕੇ ਪ੍ਰਾਰਥਨਾਂ ਕਰ ਰਹੀ ਹੈ। ਪਰ ਦੋਹੇਂ ਬਿਲਕੁਲ ਨਿਰਵਿਕਾਰ ਨੇ। ਦੇਖੋ ਜ਼ਰਾ, ਕਿ ਉਸਦਾ ਪਤੀ ਆਪਣੀ ਪਤਨੀ ਦੀ ਪ੍ਰਵਾਹ ਕੀਤੇ ਬਗ਼ੈਰ ਕਿੰਜ ਮੰਤਰ-ਮੁਗਧ ਹੋ ਕੇ ਆਪਣੀਆਂ ਬਾਹਾਂ ਵਿਚ ਸਮਾਈ ਪ੍ਰਮਿਕਾ ਵੱਲ ਤੱਕ ਰਿਹਾ ਹੈ...'

ਗਾਈਡ ਦੀਆਂ ਗੱਲਾਂ ਨੇ ਬੇਚੈਨ ਕਰ ਦਿੱਤਾ ਸੀ ਉਸਨੂੰ। ਜ਼ਰਾ ਕੁ ਅੱਖ ਭੁੰਆ ਕੇ ਉਸਨੇ ਆਪਣੇ ਪਤੀ ਦੇਵ ਵੱਲ ਵੇਖਿਆ।  ਉਹ ਉਸ ਨਾਲ ਅੱਖ ਨਹੀਂ ਸੀ ਮਿਲਾ ਸਕੇ। ਤੁਰੰਤ ਕੋਈ ਬੇਮੇਲ ਜਿਹਾ ਸਵਾਲ ਪੁੱਛ ਕੇ ਗਾਈਡ ਨੂੰ ਇਕ ਦੂਜੇ ਦ੍ਰਿਸ਼ ਵਿਚ ਉਲਝਾ ਦਿੱਤਾ। ਪਰ ਉਹ ਨਹੀਂ ਨਿਕਲ ਸਕੀ, ਪਹਿਲੇ ਦ੍ਰਿਸ਼ ਵਿਚੋਂ। ਲੱਭਦੀ ਰਹੀ ਤੇਰ੍ਹਵੀਂ ਸਦੀ ਦੀ ਮਿੰਨਤਾਂ ਕਰਦੀ ਔਰਤ ਦੇ ਪਤੀ ਦੀਆਂ ਅੱਖਾਂ ਵਿਚ ਉਸਦੀ ਪਤਨੀ ਲਈ ਪ੍ਰੇਮ-ਖਿੱਚ। ਉਹੀ ਪ੍ਰੇਮ-ਖਿੱਚ ਜਿਸਦੇ ਮੋਹ-ਵੱਸ ਕਦੀ ਉਸਨੇ—ਇੱਕਵੀਂ ਸਦੀ ਦੀ ਇਕ ਔਰਤ ਨੇ—ਜਬਰਨ ਪੇਕਿਆਂ ਦੀ ਦਹਿਲੀਜ਼ ਲੰਘੀ ਸੀ। ਪਰ ਪ੍ਰੇਮ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਉਸ ਪ੍ਰੇਮ-ਖਿੱਚ ਦਾ ਰੁਖ਼ ਆਪਣੀ ਸਭ ਤੋਂ ਪਿਆਰੀ ਸਹੇਲੀ ਵੱਲ ਹੁੰਦਾ ਦੇਖ ਕੇ ਧੁਰ ਅੰਦਰ ਤੱਕ ਹਿੱਲ ਗਈ ਸੀ ਉਹ। ਸ਼ਾਇਦ ਇਸ ਪੱਥਰ ਉੱਤੇ ਉੱਕਰੀ ਔਰਤ ਵਾਂਗ ਹੀ। ਸ਼ਾਇਦ ਯੁੱਗਾਂ-ਯੁੱਗਾਂ ਤੋਂ ਠੱਗੀ ਜਾ ਰਹੀ ਹਰੇਕ ਪਤੀ-ਵਰਤਾ ਔਤਰ ਵਾਂਗ ਵੀ।
ਕਾਫੀ ਰੌਲਾ-ਰੱਟਾ, ਚੀਕ-ਚਿਹਾੜਾ ਪਾਉਣ ਪਿੱਛੋਂ ਸੁਧਰਣ ਦਾ ਇਕ ਵਿਸ਼ਵਾਸ ਦਿਵਾਇਆ ਸੀ ਉਹਨਾਂ ਨੇ, ਪਰ ਉਸਦੀ ਮਿਆਦ ਬੜੀ ਥੋੜ੍ਹੀ ਨਿਕਲੀ ਸੀ। ਕਦੀ ਕਿਸੇ ਦੋਸਤ ਦੀ ਪਤਨੀ, ਕਦੀ ਦਫ਼ਤਰ ਦੀ ਸਟੈਨੋ, ਕਦੀ ਕਿਸੇ ਗੁਆਂਢੀ ਦੀ ਮੁਟਿਆਰ ਜਾਂ ਨਵੀਂ ਵਿਆਹੀ ਦੇ ਪ੍ਰਤੀ ਆਪਣੇ ਹਿੱਸੇ ਦੀ ਪ੍ਰੇਮ-ਖਿੱਚ ਨੂੰ ਵਾਰੀ-ਵਾਰੀ ਡੋਲਦਿਆਂ ਦੇਖ ਕੇ ਧੁਰ ਅੰਦਰ ਤੱਕ ਜ਼ਖ਼ਮੀ ਹੁੰਦੀ ਰਹੀ ਸੀ ਉਹ, ਅਪਮਾਣ ਵੱਸ ਛਟਪਟਾਉਂਦੀ ਰਹੀ ਸੀ, ਆਪਣੇ ਪ੍ਰਤੀ ਹੀਣ-ਭਾਵਨਾ ਵਿਚ ਗਰਕ ਹੁੰਦੀ ਗਈ ਸੀ...। ਕੀ ਕਮੀ ਹੈ ਉਸ ਵਿਚ? ਕੀ ਉਹ ਸੁੰਦਰ ਨਹੀਂ? ਦਿਲਕਸ਼ ਨਹੀਂ? ਸ਼ੀਸ਼ੇ ਸਾਹਵੇਂ ਖਲੋ ਕੇ ਆਪਣੀ ਦੇਹ ਦੇ ਹਰੇਕ ਕੱਟ, ਹਰ ਉਭਾਰ, ਨੂੰ ਦੇਖਦੀ ਰਹਿੰਦੀ। ਲੰਮੀ-ਝੰਮੀ ਦੇਹ! ਸੁਰਾਹੀਦਾਰ ਗਰਦਨ! ਗਰਦਨ ਦੇ ਐਨ ਹੇਠਾਂ ਦਿਲਕਸ਼ ਕਾਲਰ-ਬੋਨ! ਸੀਨੇ ਉੱਪਰ ਕਿਸੇ ਅੱਲੜ੍ਹ ਮੁਟਿਆਰ ਵਰਗੇ ਮਾਸੂਮ ਉਭਾਰ! ਰੈਂਪ ਉੱਤੇ ਕੈਟ-ਵਾਕ ਕਰਦੀਆਂ ਸੰਸਾਰ ਪ੍ਰਸਿੱਧ ਮਾਡਲਜ਼ ਨੂੰ ਦੇਖ-ਦੇਖ ਅਧੁਨਿਕ ਸੰਦਰਤਾ ਦੇ ਪੈਮਾਨੇ ਤੋਂ ਵਾਕਿਫ਼ ਹੋਈ-ਹੋਈ ਸੀ ਉਹ। ਇਹ ਕਾਲੀ ਦਾਸ ਦੇ ਕੁਮਾਰਸੰਭਵਮ ਦਾ ਜ਼ਮਾਨਾ ਤਾਂ ਹੈ ਨਹੀਂ ਸੀ ਕਿ ਕੋਈ ਪੁੱਛੇ ਬਈ ਉਮਾ ਵਾਂਗਰ ਗਦਰਾਈਆਂ ਛਾਤੀਆਂ ਕਿੱਥੇ ਨੇ ਤੇਰੇ ਕੋਲ, ਜਿਹਨਾਂ ਵਿਚਕਾਰ ਕਮਲ-ਨਾੜ ਟੁੰਗਣ ਦੀ ਜਗ੍ਹਾ ਵੀ ਨਹੀਂ ਹੁੰਦੀ? ਜਾਂ ਫੇਰ ਦਾਦੀ, ਨਾਨੀ ਦੇ ਜ਼ਮਾਨੇ ਦੇ ਉਹ ਘੁੰਘਰਾਲੇ ਵਾਲ ਤੇ ਉੱਪਰੋਂ ਹੇਠ ਤੀਕ ਗੋਲ-ਮਟੋਲ ਜਿਹੀ ਦੇਹ ਦਾ ਫੈਸ਼ਨ, ਜਿਸ ਵਿਚ ਚਿਹਰੇ ਤੋਂ ਲੈ ਕੇ ਕੁਹਣੀਆਂ ਤੱਕ ਛਤੀਆਂ ਤੇ ਹੇਠਾਂ ਕੁਹਲਿਆਂ ਤਕ, ਗੋਲ-ਮਟੋਲ ਮਾਂਸਲ ਸੁੰਦਰਤਾ ਦੀ ਚਾਹਤ!
ਪਤੀ ਨਾਮਧਾਰੀ ਉਸ ਜੀਵ ਦੇ ਨਾਕਾਰ-ਆਤਮਕ ਵਤੀਰੇ ਕਰਕੇ ਉਸ ਨਾਲ ਘਿਰਣਾ ਕਰਨ ਦੀ ਇੱਛਾ ਹੁੰਦੀ ਪਰ ਹੈਰਾਨੀ ਕਿ ਇਹਨਾਂ ਸਾਰੀਆਂ ਬਗ਼ਾਵਤਾਂ ਦੇ ਬਾਵਜੂਦ ਉਹਨਾਂ ਪ੍ਰਤੀ ਪ੍ਰੇਮ ਵਧਦਾ ਹੀ ਰਿਹਾ। ਪਹਿਲਾਂ ਨਾਲੋਂ ਵੱਧ ਹੋਰ ਵਧੇਰੇ ਪਜ਼ੇਸਿਵ ਹੁੰਦੀ ਗਈ ਉਹ। ਹੈਰਾਨੀ ਵਾਲੀ ਗੱਲ ਤਾਂ ਇਹ ਵੀ ਸੀ ਕਿ ਉਹਨਾਂ ਦੇ ਹਰ ਨਵੇਂ ਸੰਬੰਧ ਦੇ ਉਦਘਾਟਨ ਪਿੱਛੋਂ...ਓਸ ਧਮਾਕੇ ਦੇ ਬਾਅਦ ਦੀ ਪ੍ਰਸਥਿਤੀ ਵਿਚੋਂ ਨਿਕਲਣ ਤੋਂ ਪਹਿਲਾਂ ਹੀ, ਆਪਣੇ ਪਤੀ ਤੇ ਉਹਨਾਂ ਦੀ ਪ੍ਰੇਮਿਕਾ ਦੇ ਸ਼ਰੀਰਕ ਸੰਬੰਧਾਂ ਦੀ ਕਲਪਨਾਂ ਕਰ-ਕਰ ਕੇ, ਉਹ ਖ਼ੁਦ ਅਸਹਿ ਕਾਮੁਕ ਪੀੜ ਵਿਚ ਭੁੱਜਣ ਲੱਗਦੀ। ਅਜਿਹੀ ਤੀਬਰ ਸ਼ਰੀਰਕ ਭੁੱਖ ਜਿਹੜੀ ਆਮ ਦਿਨਾਂ ਵਿਚ ਕਦੀ ਨਹੀਂ ਸੀ ਹੁੰਦੀ। ਤੇ ਜਦੋਂ ਅਜਿਹੀ ਸਥਿਤੀ ਵਿਚ ਉਸਨੂੰ ਮਨਾਉਣ ਖਾਤਰ ਪਤੀ ਨੇੜੇ ਆਉਂਦੇ ਤਾਂ ਨਾ ਸਿਰਫ ਉਸਦਾ ਸ਼ਰੀਰ ਸ਼ਾਂਤ ਹੁੰਦਾ, ਆਰਗੇਜ਼ਮ ਦੇ ਉਸ ਚਰਮ-ਸੁਖ ਦਾ ਅਨੁਭਵ ਵੀ ਕਰਦੀ ਉਹ ਜਿਹੜਾ ਆਮ ਦਿਨਾਂ ਵਿਚ ਨਸੀਬ ਨਹੀਂ ਸੀ ਹੁੰਦਾ-ਹੁੰਦਾ। ਉਸ ਘਟਨਾਂ ਦੀ ਤੀਬਰਤਾ ਵੱਸ ਮਨ ਜਦੋਂ ਤਕ ਉੱਖੜਿਆ ਰਹਿੰਦਾ ਉਦੋਂ ਤੀਕ ਉਹ ਉਸ ਸੁਖ ਨੂੰ ਭੋਗਦੀ ਰਹਿੰਦੀ। ਇਸੇ ਦੌਰਾਨ ਉਸਦਾ ਵਿਰੋਧ ਕਮਜ਼ੋਰ ਪੈ ਜਾਂਦਾ। ਆਪਣੇ ਮਨ ਨੂੰ ਸਮਝਾਉਂਦੀ—ਉਹ ਅੱਜ ਵੀ ਮੇਰੇ ਈ ਨੇ। ਸਿਰਫ ਮੇਰੇ।...ਤੇ ਉਹ ਉਹਨਾਂ ਤੋਂ ਫੇਰ ਗਲਤੀ ਨਾ ਕਰਨ ਦਾ ਵਾਅਦਾ ਲੈ ਕੇ ਸੁਲਾਹ ਕਰ ਲੈਂਦੀ।
ਇਸ ਦੌਰਾਨ ਉਹਨਾਂ ਦੇ ਸੰਬੰਧ ਵਿਚ ਇਕ ਨਵਾਂਪਣ ਆਉਂਦਾ। ਪਤੀ ਉਸਨੂੰ ਸਿਰ-ਅੱਖਾਂ 'ਤੇ ਬਿਠਾਈ ਰੱਖੇ। ਹੋਰ ਤਾਂ ਹੋਰ ਉਸ ਕੁੜੀ ਵੱਲ ਅੱਖ ਚੁੱਕੇ ਵੀ ਨਹੀਂ ਸੀ ਦੇਖਦੇ ਜਿਸ ਕਰਕੇ ਏਸ ਝੰਜਟ ਦੀ ਸ਼ੁਰੂਆਤ ਹੋਈ ਹੁੰਦੀ ਸੀ। ਉਹ ਖਿੜ-ਪੁੜ ਜਾਂਦੀ। ਪਰ ਉਹਨਾਂ ਉੱਤੇ ਪੂਰੀ ਅੱਖ ਰੱਖਦੀ। ਫੇਰ ਸੰਤੁਸ਼ਟ ਹੋ ਜਾਂਦੀ ਕਿ ਹੁਣ ਉਹ ਸੁਧਰ ਗਏ ਨੇ। ਸਭ ਕੁਝ ਹੌਲੀ-ਹੌਲੀ ਸ਼ਾਂਤ ਤੇ ਆਮ ਵਾਂਗ ਹੋ ਜਾਂਦਾ। ਅਕਸਰ ਇੰਜ ਬੜੇ ਥੋੜ੍ਹੇ ਸਮੇਂ ਲਈ ਹੀ ਹੁੰਦਾ। ਇਸ ਸਮੇਂ ਦੌਰਾਨ ਸਭ ਕੁਝ ਠੀਕ-ਠਾਕ ਹੋ ਗਿਆ ਹੋ ਜਾਣ ਦੇ ਬਾਵਜੂਦ ਜੀਵਨ ਕਾਫੀ ਅਕਾਊ-ਜਿਹਾ ਹੋ ਜਾਂਦਾ। ਪਤੀ ਉਸਦਾ ਧਿਆਨ ਰੱਖਣਾ ਘੱਟ ਕਰ ਦੇਂਦੇ। ਸ਼ਰੀਕ ਸੰਬੰਧਾਂ ਵਿਚ ਵੀ ਉਹ ਗਰਮੀ ਨਹੀਂ ਰਹਿੰਦੀ। ਆਰਗੇਜ਼ਮ ਦਾ ਚਰਮ-ਸੁਖ ਉਸ ਲਈ ਦੁਰਲਭ ਹੋ ਜਾਂਦਾ। ਫੇਰ ਅਚਾਨਕ ਕਿਸੇ ਦਿਨ ਉਸਨੂੰ ਅਹਿਸਾਸ ਹੁੰਦਾ ਕਿ ਉਹ ਕਿਸੇ ਨਵੀਂ ਬਲਾਅ ਉੱਪਰ ਮੁਗਧ ਹੋਏ-ਹੋਏ ਨੇ। ਉਹ ਫੇਰ ਈਰਖਾ ਵਿਚ ਸੜਨ-ਭੁੱਜਣ ਲੱਗਦੀ। ਬੇਚੈਨੀ ਨਾਲ ਉਹਨਾਂ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦੇਂਦੀ। ਵਕੀਲਾਂ ਵਾਂਗ ਗੱਲ-ਗੱਲ ਉੱਤੇ ਜਿਰਹ ਕਰਦੀ। ਉਹ ਇਨਕਾਰ ਕਰਦੇ। ਜਿਵੇਂ ਜਿਵੇਂ ਉਸਦਾ ਸ਼ੱਕ ਪੱਕਾ ਹੁੰਦਾ ਜਾਂਦਾ, ਨਿਗਰਾਨੀ ਵਧਦੀ ਜਾਂਦੀ ਤੇ ਅੰਤ ਵਿਚ ਇਕ ਦਿਨ ਉਹ ਉਹਨਾਂ ਨੂੰ ਰੰਗੇ-ਹੱਥੀਂ ਫੜ੍ਹ ਲੈਂਦੀ।...ਤੇ ਇਕ ਵਾਰੀ ਫੇਰ ਗੁੱਸਾ, ਮੰਨ-ਮਨੌਤਾਂ, ਪਜ਼ੇਸਿਵਨੈਸ, ਆਰਗੇਜ਼ਮ ਵਗ਼ੈਰਾ-ਵਗ਼ੈਰਾ ਦੀ ਖੇਡ ਸ਼ੁਰੂ ਹੋ ਜਾਂਦੀ।
ਇਸੇ ਘੁੰਮਦੇ-ਚੱਕਰ ਦੇ ਚੱਕਰ ਵਿਚ ਹੀ ਸ਼ਾਇਦ ਉਹ ਉਹਨਾਂ ਨਾਲੋਂ ਵੱਖ ਹੋਣ ਜਾਂ ਬਗ਼ਾਵਤ ਕਰਨ ਦਾ ਫੈਸਲਾ ਨਹੀਂ ਸੀ ਲੈ ਸਕੀ। ਪਰ ਹਾਂ, ਬਗ਼ਾਵਤ ਦੇ ਲਾਗੇ-ਤਾਗੇ ਦੀ ਇਕ ਹਰਕਤ ਕਰ ਬੈਠੀ ਸੀ ਉਹ ਇਕ ਦਿਨ। ਦਰਅਸਲ ਉਸ ਇਕ ਦਿਨ ਤੋਂ ਥੋੜ੍ਹਾ ਅਰਸਾ ਪਹਿਲਾਂ ਹੀ ਉਸਨੂੰ ਫੇਰ ਇਕ ਜਬਰਦਸਤ ਝੱਟਕਾ ਲੱਗਿਆ ਸੀ। ਆਪਣੇ ਵਿਆਹ ਦੀ ਵਰ੍ਹੇ-ਗੰਢ ਵਾਲੇ ਦਿਨ ਉਸਨੇ ਆਪਣੇ ਪਤੀ ਨੂੰ ਉਹਨਾਂ ਦੀ ਇਕ ਦੂਰ ਦੀ ਰਿਸ਼ਤੇਦਾਰ ਨਾਲ ਇਤਰਾਜ਼ ਯੋਗ ਸਥਿਤੀ ਵਿਚ ਦੇਖ ਲਿਆ ਸੀ। ਪਤੀ-ਪਤਨੀ ਦੇ ਜੀਵਨ ਦੇ ਇਸ ਅਤੀ ਵਿਸ਼ੇਸ਼ ਦਿਨ, ਵਿਆਹ ਦੀ ਵਰ੍ਹੇ-ਗੰਢ ਵਾਲੇ ਦਿਨ ਨੂੰ ਵੀ ਨਹੀਂ ਸੀ ਬਖ਼ਸ਼ਿਆ ਉਹਨਾਂ ਨੇ? ਮੌਕਾ ਮਿਲਦਿਆਂ ਹੀ...? ਛੀ...ਏਨਾ ਅਪਮਾਨ?
ਹਮੇਸ਼ਾ ਵਾਂਗ ਇਸ ਵਾਰੀ ਵੀ ਪਤੀ ਨੇ ਉਸਨੂੰ ਮਨਾਉਣ ਤੇ ਇਸ ਹਾਦਸੇ ਨੂੰ ਭੁੱਲ ਜਾਣ ਲਈ ਉਸਦੀ ਮਿੰਨਤ-ਖ਼ੁਸ਼ਾਮਦ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਉਸਦੇ ਕਹਿਣ 'ਤੇ ਉਹਨਾਂ ਉਸ ਕੁੜੀ ਤੋਂ ਦੂਰ, ਉਸ ਸ਼ਹਿਰ ਤੋਂ ਦੂਰ ਇਕ ਮੈਟਰੋ ਸਿਟੀ ਵਿਚ ਬਦਲੀ ਕਰਵਾ ਲਈ ਸੀ ਆਪਣੀ। ਘਰੇ ਰਹਿ ਕੇ ਚੁੱਪਚਾਪ ਘੁਟਦੀ ਨਾ ਰਹੇ ਉਹ, ਇਸ ਲਈ ਇਕ ਪ੍ਰਾਈਵੇਟ ਫਰਮ ਵਿਚ ਨੌਕਰੀ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਸੀ। ਇਕ ਵਾਰੀ ਫੇਰ ਉਹਨਾਂ ਦੀ ਗ੍ਰਹਿਸਤੀ ਦੀ ਗੱਡੀ ਪਟੜੀ 'ਤੇ ਆ ਚੜ੍ਹੀ ਸੀ ਕਿ ਇਸੇ ਦੌਰਾਨ ਇਕ ਅਖ਼ਬਾਰੀ ਸੂਚਨਾਂ ਨੇ ਉਸਦਾ ਪੂਰਾ ਸਮੀਕਰਣ ਵਿਗਾੜ ਕੇ ਰੱਖ ਦਿੱਤਾ। ਸੂਚਨਾਂ ਦਾ ਸਾਰ ਸੀ—ਗਵਰਨਮੈਂਟ ਆਰਟ ਕਾਲੇਜ ਵਿਚ ਲਾਈਵ ਸੱਟਡੀ ਲਈ ਜ਼ਨਾਨਾ ਮਾਡਲਸ ਦੀ ਭਾਰੀ ਕਮੀ! ਖਾਸ ਤੌਰ 'ਤੇ ਨਿਊਡ ਮਾਡਲਸ ਦੀ। ਜੇ ਇਕ ਅੱਧੀ ਹੈ, ਉਹ ਬੁੱਢੀ ਹੋ ਚੱਲੀ ਹੈ। ਕਾਲ ਗਰਲਸ ਵੀ ਜਾਣਾ ਨਹੀਂ ਚਾਹੁੰਦੀਆਂ ਉੱਥੇ...ਨਾ ਪੈਸੇ, ਨਾ ਗਲੈਮਰ। ਕਿਉਂ ਜਾਣ ਉਹ ਸਿਰਫ ਕੁਝ ਰੁਪਈਆਂ ਖਾਤਰ, ਦਿਨ ਭਰ ਬਿਨਾਂ ਹਿੱਲੇ-ਡੋਲੇ ਮਜ਼ਦੂਰੀ ਕਰਨ? ਤੇ ਕੰਮ ਵੀ ਸਾਲ ਵਿਚ ਸਿਰਫ ਕੁਝ ਮਹੀਨਿਆਂ ਲਈ ਹੀ। ਬਾਕੀ ਦੇ ਦਿਨ ਫਾਕੇ। ਵਿਦੇਸ਼ਾਂ ਵਿਚ ਤਾਂ ਕਿੰਨੇ ਹੀ ਰੱਜੇ-ਪੁੱਜੇ ਪਰਿਵਾਰਾਂ ਦੀਆਂ ਜ਼ਨਾਨੀਆਂ ਸ਼ੌਕ ਨਾਲ ਜਾਂਦੀਆਂ ਨੇ ਆਰਟ ਕਾਲਜਾਂ ਵਿਚ ਮਾਡਲ ਬਣਨ। ਆਪਣੀ ਦੇਹ ਦੀ ਸੁੰਦਰਤਾ ਨੂੰ ਕਲਾਕਾਰਾਂ ਦੁਆਰਾ ਪ੍ਰਿਜ਼ਰਵ ਕਰਵਾਉਣ ਖਾਤਰ। ਸਾਡੇ ਦੇਸ਼ ਵਿਚ ਹਾਲੇ ਤਕ ਉਹ ਮਾਨਸਿਕਤਾ ਪੈਦਾ ਨਹੀਂ ਹੋਈ...
ਤੇ ਬਸ, ਇਕ ਅਜੀਬ ਜਿਹੀ ਖਿੱਚ ਮਹਿਸੂਸ ਕਰਨ ਲੱਗੀ ਉਹ ਇਸ ਕੰਮ ਲਈ। ਕਈ ਜੋੜੇ ਜਵਾਨ ਅੱਖਾਂ...ਐਸੀਆਂ-ਵੈਸੀਆਂ ਨਜ਼ਰਾਂ ਨਹੀਂ, ਕਲਾਕਾਰਾਂ ਦੀਆਂ ਸੰਵੇਦਨਸ਼ੀਲ ਪਾਰਖੀ ਨਜ਼ਰਾਂ...ਮੰਤਰ-ਮੁਗਧ ਹੋ ਕੇ ਦੇਖਣਗੀਆਂ ਉਸਨੂੰ! ਉਸਦੀ ਦੇਹ ਨੂੰ! ਉਸਦੀ ਸੁੰਦਰਤਾ ਨੂੰ! ਫੇਰ ਪਿਕਾਸੋ ਦੇ ਬਲੂ ਪੀਰੀਅਡ ਦੀ ਕਿਸੇ ਪੇਂਟਿੰਗ ਵਾਂਗ ਜਾਂ ਮੋਨਾਲਿਸਾ ਵਾਂਗਰ ਕੈਦ ਹੋ ਜਾਏਗੀ ਉਹ, ਉਸਦੀ ਭੇਦ-ਭਰੀ ਮੁਸਕਾਨ ਤੇ ਉਸਦੀ ਸੁੰਦਰ ਦੇਹ, ਸਮੇਂ ਦੇ ਕੈਨਵਾਸ ਵਿਚ...ਸਦੀਆਂ ਤੀਕ ਸੈਂਕੜੇ ਮੰਤਰ-ਮੁਗਧ ਅੱਖਾਂ ਤੱਕਣਗੀਆਂ ਉਸਨੂੰ...ਇਕ ਉਸਦਾ ਪਤੀ ਨਹੀਂ ਤੱਕਦਾ ਤਾਂ ਕੀ ਹੋਇਆ?
...ਸਮਾਜ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗੇਗਾ ਤਾਂ ਕੀ ਕਹਿਣਗੇ?
...ਕੌਣ ਜਾਣਦਾ ਹੈ ਉਸਨੂੰ, ਇਸ ਨਵੇਂ ਸ਼ਹਿਰ ਵਿਚ? ਦਫ਼ਤਰ ਜਾਣ ਦੇ ਬਹਾਨੇ ਚਲੀ ਜਾਇਆ ਕਰੇਗੀ ਉੱਥੇ। ਤਿੰਨ ਮਹੀਨਿਆਂ ਦੀ ਤਾਂ ਗੱਲ ਹੈ ਸਾਰੀ। ਚੁੱਪਚਾਪ ਛੁੱਟੀ ਲੈ ਲਵੇਗੀ ਉਹ।
...ਤੇ ਇਕ ਦਿਨ ਉਸਨੇ ਫੈਸਲਾ ਕਰ ਲਿਆ। ਹੁਣ ਤਕ ਆਪਣੇ ਉੱਪਰ ਲੱਦੇ ਹੋਏ ਸਾਰੇ ਚੋਲਿਆਂ ਨੂੰ ਲਾਹ ਸੁੱਟਿਆ ਉਸਨੇ...ਜਿਹਨਾਂ ਵਿਚ ਸੰਸਕਾਰ ਵੀ ਸਨ, ਸਬਰ ਵੀ ਸੀ, ਸ਼ਰਮੋ-ਹਯਾ ਵੀ ਸੀ ਤੇ ਇਕ ਸੀ ਸਾਢੇ ਪੰਜ ਮੀਟਰ ਕੱਪੜਾ!
ਹੂ-ਬ-ਹੂ ਆਪਣੀ ਮਾਂ ਵਾਂਗ ਦਿਖਦੀ ਅਨੁਕ੍ਰਿਤੀ ਦਾ ਪੂਰਾ ਨਾਂ ਕਦੀ ਨਹੀਂ ਸੀ ਲਿਆ ਉਸਦੇ ਪਤੀ ਨੇ। ਪਤੀ-ਪਿਆਰੀ (?) ਅਨੁ, ਆਰਟ ਕਾਲੇਜ ਵਿਚ ਆ ਕੇ ਸਿਰਫ ਕ੍ਰਿਤੀ ਬਣ ਗਈ ਸੀ। ਆਪਣੇ ਨਾਂ ਦਾ ਪਿੱਛਲਾ ਹਿੱਸਾ, ਸ਼ਾਇਦ ਤੁਲਨਾਤਮਕ ਰੂਪ ਵਿਚ ਘਰੇਲੂ ਹਿੱਸਾ, ਘਰ ਦੀ ਦਹਿਲੀਜ਼ ਅੰਦਰ ਹੀ ਛੱਡ ਆਈ ਸੀ : ਅਨੁਚਰੀ (ਪਿੱਛੇ ਪਿੱਛੇ ਚੱਲਣ ਵਾਲੀ) ਸੀ, ਅਨੁਜੀਵੀ (ਕਿਸੇ ਦੇ ਆਸਰੇ ਜਿਊਣ ਵਾਲੀ) ਸੀ ਤੇ ਸੀ ਅਨੁਪਲਕਸ਼ਿਤ (ਜਿਸਦਾ ਕੋਈ ਵਿਸ਼ੇਸ਼ ਮਹੱਤਵ ਨਾ ਹੋਵੇ)!...ਇਕ ਵਸਤੂ! ਇਕ ਆੱਬਜੈਕਟ!
ਤਦੇ ਤਾਂ ਆਰਟ ਕਾਲਜ ਵਿਚ ਪਹਿਲੇ ਦਿਨ ਆਪਣੇ ਲਈ ਫੇਰ ਉਸੇ ਆੱਬਜੈਕਟ ਸ਼ਬਦ ਦਾ ਸੰਬੋਧਨ ਸੁਣ ਕੇ ਅੰਦਰੇ-ਅੰਦਰ ਡਾਢੀ ਦੁਖੀ ਹੋ ਗਈ ਸੀ ਉਹ!
ਕਦੀ ਆਪਣੀ ਸੁੰਨ ਹੁੰਦੀ ਜਾ ਰਹੀ ਸੰਵੇਦਨਾ ਨੂੰ ਹਲੂਣਦੀ ਤੇ ਕਦੀ ਆਪਣੇ ਫੈਸਲੇ ਨੂੰ ਕਟਹਿਰੇ ਵਿਚ ਖੜ੍ਹਾ ਕਰਦੀ ਹੋਈ ਉਗੜ-ਦੁਗੜੇ ਪਰ ਕਲਾਤਮਕ ਢੰਗ ਨਾਲ ਟੰਗੇ ਹੋਏ ਕੱਪੜਿਆਂ ਦੇ ਸ਼ੇਡ ਵਿਚਕਾਰ ਇਕ ਖਾਸ ਮੁੱਦਰਾ ਵਿਚ ਨਗਨ ਖਲੋਂਦਿਆਂ-ਬੈਠਦਿਆਂ ਪੂਰਾ ਦਿਨ ਗੁਜਾਰ ਦਿੱਤਾ ਸੀ ਉਸਨੇ। ਉਸਦੀ ਮੂਰਤੀ ਬਣਾਉਣ ਵਿਚ ਮਗਨ ਵਿਦਿਆਰਥੀਆਂ ਵੱਲ ਸਿੱਧਾ ਤੱਕਣ ਦੀ ਹਿੰਮਤ ਵੀ ਨਹੀਂ ਸੀ ਹੋਈ ਉਸਦੀ। ਲੰਚ-ਬਰੇਕ ਜਾਂ ਟੀ-ਬਰੇਕ ਵਿਚ ਵੀ ਕਿਸੇ ਨਾਲ ਅੱਖ ਨਹੀਂ ਮਿਲਾ ਸਕੀ ਸੀ। ਪੁਰਾਣੀਆਂ ਬਜ਼ੁਰਗ ਮਾਡਲਸ ਨੂੰ ਕੈਂਟੀਨ ਵਿਚ ਵਿਦਿਆਰਥੀਆਂ ਨਾਲ ਸਾਧਾਰਣ, ਸਹਿਜ ਨਾਲ ਗੱਲਾਂ-ਬਾਤਾਂ ਕਰਦਿਆਂ, ਠਹਾਕੇ ਲਾਉਂਦਿਆਂ ਦੇਖ ਕੇ ਵੀ ਵੱਖ-ਵੱਖ ਹੀ ਰਹੀ ਸੀ ਉਹ। ਆਊਟ ਆਫ਼ ਥਰੀਲ ਆਏ ਓ ਏਥੇ ਜਾਂ ਕੋਈ ਮਜ਼ਬੂਰੀ? ਬਜ਼ੁਰਗ ਮਾਡਲ ਨੇ ਪੁੱਛਿਆ ਸੀ ਤਾਂ ਯਕਦਮ ਕੋਈ ਜਵਾਬ ਨਹੀਂ ਸੀ ਦੇ ਸਕੀ। ਉਹਨਾਂ ਦੀਆਂ ਅੱਖਾਂ ਵਿਚ ਆਪਣੇ ਲਈ ਈਰਖਾ ਦੇ ਭਾਵ ਦੇਖੇ ਸਨ ਉਸਨੇ। ਕੀ ਇਸ ਨਵੇਂ ਤੇ ਠੋਸ-ਦੇਹ ਵਾਲੇ ਜਵਾਨ ਆੱਬਜੈਕਟ ਦੇ ਪ੍ਰਤੀ ਵਿਦਿਆਰਥੀਆਂ ਵਿਚ ਕਿਸੇ ਕਿਸਮ ਦੀ ਸਨਸਨੀ ਵੇਖੀ-ਮਹਿਸੂਸ ਕੀਤੀ ਹੈ ਉਹਨਾਂ ਨੇ?

...ਬੀਤਦੇ ਸਮੇਂ ਨਾਲ ਉਹ ਵੀ ਸਹਿਜ ਹੁੰਦੀ ਗਈ। ਮਾਡੇਲਿੰਗ ਦੌਰਾਨ ਸੋਚਦੀ...ਸਾਰੇ ਵਿਦਿਆਰਥੀ ਅੱਡਰੀ-ਵੱਖਰੀ ਦ੍ਰਿਸ਼ਟੀ ਨਾਲ ਤੱਕਦੇ ਪਏ ਨੇ ਉਸਦੇ ਸੁਹੱਪਣ ਨੂੰ। ਉਸਦੇ ਪ੍ਰਤੀ ਉਹਨਾਂ ਅੰਦਰ ਕੈਸੀਆਂ ਭਾਵਨਾਵਾਂ ਉਠ ਰਹੀਆਂ ਹੋਣਗੀਆਂ? ਕੇਹੀ ਉਥਲ-ਪੁਥਲ ਮੱਚੀ ਹੋਈ ਹੋਵੇਗੀ? ਇਹ ਕਿੰਜ ਹੋ ਸਕਦਾ ਹੈ ਕਿ ਉਹ ਇਕ ਜਵਾਨ ਦਿਲਕਸ਼ ਨੰਗੀ ਦੇਹ ਦੇ ਪ੍ਰਤੀ ਬਿਲਕੁਲ ਨਿਰਲੇਪ ਹੋਣ? ਨਿਰਵਿਕਾਰ ਰਹਿੰਦੇ ਹੋਣ? ਜਾਂ ਫੇਰ ਉਹਨਾਂ ਇਸ ਯਤਨ ਵਿਚ ਆਪਣਾ ਪੂਰਾ ਧਿਆਨ, ਆਪਣੀ ਪੂਰੀ ਊਰਜਾ, ਇਸ ਗੱਲ ਉੱਪਰ ਇਕੱਤਰ ਕੀਤੀ ਹੋਈ ਹੋਵੇ ਕਿ ਕਿਤੇ ਉਹਨਾਂ ਦੀ ਕ੍ਰਿਤ ਕਿਸੇ ਦੂਜੇ ਦੀ ਨਕਲ ਨਾ ਲੱਗਣ ਲੱਗ ਪਏ। ਅਧਿਆਪਕ ਨੇ ਵਾਰੀ-ਵਾਰੀ ਇਹੋ ਕਿਹਾ ਸੀ...ਆਰਟਿਸਟ ਦਾ ਐਕਸਪੀਰੀਐਂਸ, ਐਜੁਕੇਸ਼ਨ ਤੇ ਪਰਸਨਾਲਟੀ ਕਿਸੇ ਆਰਟ ਆੱਬਜੈਕਟ ਨਾਲ ਮਿਲ ਕੇ ਹੀ ਇਕ ਕਲਾ-ਕ੍ਰਿਤੀ ਦਾ ਨਿਰਮਾਣ ਕਰਦੀ ਹੈ। ਕ੍ਰਿਏਟਿਵ ਵ'ਰਡ ਵਿਚ ਇਮੀਟੇਸ਼ਨ ਲਈ ਕੋਈ ਸਥਾਨ ਨਹੀਂ...
ਵਿਦਿਆਰਥੀਆਂ ਦੇ ਕ੍ਰਿਏਟਿਵ ਤੇ ਉਰਿਜਿਨਲ ਵਰਕ ਲਈ ਉਹ ਬੈਠੀ ਰਹਿੰਦੀ...ਖੜ੍ਹੀ ਰਹਿੰਦੀ! ਵਚਿੱਤਰ ਮੁਦਰਾਵਾਂ ਵਿਚ! ਨਾ ਹਿੱਲਣਾ, ਨਾਲ ਡੋਲਣਾ...ਪਲਕਾਂ ਵੀ ਸੋਚ ਸਮਝ ਕੇ ਝਪਕਾਉਣੀਆਂ। ਛਿੱਕ, ਖਾਂਸੀ ਆਉਣ ਜਾਂ ਖੁਰਕ ਹੋਣ 'ਤੇ ਆਪਣੇ-ਆਪ ਨੂੰ ਰੋਕਣਾ। ਸਵੇਰੇ...ਦੁਪਹਿਰੇ...ਸ਼ਾਮੀਂ...! ਦਸ ਤੋਂ ਪੰਜ ਤਕ! ਚੜ੍ਹਦੇ ਦਿਨ ਦੇ ਨਾਲ, ਹੌਲੀ ਹੌਲੀ, ਅਨਰਜੀ ਘੱਟ ਹੁੰਦੀ ਜਾਣਾ! ਐਟਮੌਸਫੀਅਰਰਿਕ ਚੇਂਜ ਆਫ ਹਿਊਮਨ ਬਾਡੀ! ਚੇਂਜ ਆਫ ਐਕਸਪ੍ਰੈਸ਼ਨ! ਫਰੈਸ਼ਨੈੱਸ ਤੋਂ ਡੱਲਨੈੱਸ ਵੱਲ...ਇਹਨਾਂ ਬਾਰੀਕੀਆਂ ਨੂੰ ਸੁਖਮਤਾ ਨਾਲ ਆਪਣੀ ਕਾਲਾਕ੍ਰਿਤੀ ਵਿਚ ਕੈਦ ਕਰਦੇ ਵਿਦਿਆਰਥੀ!
ਕੀ ਪਾਗਲਪਨ ਹੈ? ਕਿਉਂ ਕਰ ਰਹੀ ਹੈ ਉਹ ਇਹ ਸਭ? ਕੀ ਹਾਸਿਲ ਹੋਵੇਗਾ ਉਸਨੂੰ? ਫੇਰ ਸੋਚਦੀ...ਕਿੰਨਾਂ ਰੋਮਾਂਚ ਹੈ ਇਸ ਕੰਮ ਵਿਚ! ਘੱਟੋਘੱਟ ਇਕ ਨਵੀਂ ਦੁਨੀਆਂ ਤਾਂ ਖੁੱਲ੍ਹ ਰਹੀ ਹੈ ਉਸਦੇ ਸਾਹਮਣੇ...ਆਰਟ ਦੀ ਦੁਨੀਆਂ...ਜਿੱਥੇ ਰਿਦਮ ਹੈ, ਬੈਲੇਂਸ ਹੈ, ਐਨਾਟੋਮੀ ਹੈ—ਸਕਲਪਚਰ ਅਤੇ ਪੇਂਟਿੰਗ ਦੇ ਇਲਾਵਾ ਵੀ ਗ੍ਰਾਫਿਕਸ, ਲੈਦਰ ਕ੍ਰਾਫਟਸ, ਸਿਰਮਿਕਸ, ਵੁੱਡ-ਵਰਕਸ, ਟੈਕਸਟਾਈਲ ਡਿਜ਼ਾਇਨਿੰਗ ਵਗ਼ੈਰਾ ਵਗ਼ੈਰਾ। ਇੰਡੀਅਨ ਪੇਂਟਿੰਗਸ ਦੀ ਤੁਲਨਾਂ ਵਿਚ ਵੈਸਟਰਨ ਪੇਂਟਿੰਗਸ ਨੂੰ ਜ਼ਿਆਦਾ ਅਹਿਮੀਅਤ ਦਿੱਤੇ ਜਾਣਾ ਉਸਨੂੰ ਰੜਕਦਾ ਤਾਂ ਹੈ ਪਰ ਕਿੰਨਾ ਕੁਝ ਜਾਣ ਲਿਆ ਹੈ ਉਸਨੇ ਸਟੂਡੀਓ ਤੇ ਕੈਂਟੀਨ ਦਾ ਫਾਸਲਾ ਤੈਅ ਕਰਦੇ-ਕਰਦੇ!
ਇਕ ਲੰਮਾਂ ਫਾਸਲਾ ਤਾਂ ਉਸਦੇ ਪਤੀ ਵੀ ਤੈਅ ਕਰਦੇ ਨੇ ਰੋਜ਼। ਇਸ ਸ਼ਹਿਰ ਦੇ ਸੈਂਕੜੇ ਹਜ਼ਾਰਾਂ ਲੋਕਾਂ ਵਾਂਗ। ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਤਕ ਦਾ! ਡਬਲ ਡੇਕਰ ਬਸ, ਮੈਟਰੋ ਰੇਲ, ਫੇਰ ਪੈਦਲ ਤੁਰ ਕੇ...ਥੱਕ ਕੇ ਚੂਰ ਹੋ ਜਾਂਦੇ ਨੇ ਬਿਸਤਰੇ ਤੀਕ ਆਉਂਦੇ ਆਉਂਦੇ। ਐਟਮੋਸਫੀਅਰਿਕ ਚੇਂਜ ਆਫ ਹਿਉਮਨ ਬਾਡੀ, ਉਹਨਾਂ ਵਿਚ ਵੀ ਦੇਖਦੀ ਹੈ ਅਨੁ। ਪਰ ਪਰਿਜ਼ਰਵ ਨਹੀਂ ਕਰ ਸਕਦੀ ਕਿਸੇ ਕਲਾਕ੍ਰਿਤੀ ਵਿਚ। ਉਹ ਖ਼ੁਦ ਪਰਿਜ਼ਰਵ ਹੋ ਰਹੀ ਹੈ ਡਿਕੇਡ ਹੋ ਜਾਣ ਤੋਂ ਪਹਿਲਾਂ...। ਉਸਦੇ ਪਤੀ ਨਹੀਂ ਜਾਣਦੇ...ਕੁਝ ਵੀ ਨਹੀਂ ਜਾਣਦੇ ਕਿ ਉਹਨਾਂ ਦੀ ਅਨੁ ਉੱਪਰ ਕ੍ਰਿਤੀ ਹਾਵੀ ਹੁੰਦੀ ਜਾ ਰਹੀ ਹੈ, ਦਿਨੋਂ-ਦਿਨ।
ਕ੍ਰਿਤੀ ਨੂੰ ਵੀ ਕਿੱਥੇ ਪਤਾ ਸੀ ਕਿ ਉਸ ਉੱਪਰ ਹਾਵੀ ਹੋਣ ਵਾਲਾ ਵੀ ਆਉਣ ਵਾਲਾ ਹੈ ਛੇਤੀ ਹੀ! ਬਾਟਿਕ ਪ੍ਰਿੰਟ ਦਾ ਕੁੜਤਾ, ਫਰੈਂਚ ਕੱਟ ਦਾੜ੍ਹੀ, ਕਣਕ-ਵੰਨੇ ਚਿਹਰੇ 'ਤੇ ਸਿਗਰਟ ਦੇ ਕਸ਼ਾਂ ਕਾਰਨ ਕਾਲੇ ਪੈ ਗਏ ਬੁੱਲ੍ਹ! ਇਕ ਸੁਰੱਖਿਅਤ ਦੂਰੀ ਰੱਖਦਿਆਂ ਹੋਇਆਂ ਕੈਲੀਪਸ ਨਾਲ ਉਸਦੇ ਸੀਨੇ ਦੇ ਉਭਾਰਾਂ ਦਾ ਨਾਪ ਲੈਂਦਾ ਹੋਇਆ ਹੌਲੀ-ਜਿਹੀ ਫੁਸਫੁਸਾਇਆ ਸੀ ਉਹ—ਬਿਊਟੀਫੁਲ! ਇਟਸ ਲੁਕਿੰਗ ਲਾਈਕ ਅਨਟਚਡ! ਵਰਜ਼ਿਨ! ਵੈਰੀ ਇਨੋਸੈਂਟ!...ਤੇ ਐਨ ਓਸੇ ਵੇਲੇ ਉਸਦੇ ਮੋਟੇ ਫਰੇਮ ਦੀ ਐਨਕ ਪਿੱਛੇ ਦੋ ਬਿਜਲੀਆਂ ਚਮਕੀਆਂ ਸਨ। ਗਜ਼ਬ ਦਾ ਅਕਰਖਣ ਸੀ ਉਹਨਾਂ ਵਿਚ। ਇਕ ਦੁਰਲਭ ਅਹਿਸਾਸ। ਸ਼ਾਇਦ ਇਸੇ ਦੀ ਭਾਲ ਸੀ ਅਨੁ ਨੂੰ! ਵਰਨਾ ਕਿਉਂ ਝੱਲੀ ਹੋਈ ਹੁੰਦੀ ਉਹ!
ਇਸ ਤੋਂ ਪਹਿਲਾਂ ਇਸ ਸਟੂਡੀਓ ਵਿਚ ਆਪਣੇ ਲਈ ਜਾਂ ਤਾਂ ਸਿਰਫ ਲਾਲਚ ਦਿੱਸੀ ਸੀ ਜਾਂ ਓਪਰਾ-ਪਰਾਇਆਪਣ, ਨਿਰਲੇਪਤਾ! ਜਾਂ ਫੇਰ ਕੁਝ ਵੀ ਨਹੀਂ। ਵਿਦੇਸ਼ ਦੇ ਕਿਸੇ ਆਰਟ ਕਾਲਜ ਤੋਂ ਕਈ ਸਾਲ ਪਹਿਲਾਂ ਕੀਤੀ ਹੋਈ ਅਧੂਰੀ ਪੜ੍ਹਾਈ ਨੂੰ ਪੂਰਾ ਕਰਨ ਖਾਤਰ ਸ਼ੈਸ਼ਨ ਵਿਚਕਾਰ ਦੇਰ ਨਾਲ ਆਏ ਇਸ ਕੁਝ ਵੱਡੀ ਉਮਰ ਦੇ ਫਾਈਨਲ ਈਅਰ ਦੇ ਵਿਦਿਆਰਥੀ ਨੇ ਆਉਂਦਿਆਂ ਹੀ ਜਿਵੇਂ ਕ੍ਰਿਤੀ ਦੇ ਤਨ, ਮਨ ਵਿਚ ਅੱਗ ਲਾ ਦਿੱਤੀ ਸੀ। ਉਸਦੇ ਕੁੜਤੇ ਦੇ ਉਪਰਲੇ ਖੁੱਲ੍ਹੇ ਹਿੱਸੇ ਵਿਚੋਂ ਝਾਕਦੇ ਸੀਨੇ ਦੇ ਸੰਘਣੇ ਕਾਲੇ ਵਾਲ...ਮਾਡੇਲਿੰਗ ਕਲੇ ਨੂੰ ਸਕਰੈਪਰ ਨਾਲ ਤਰਾਸ਼ਣ ਦਾ ਉਸਦਾ ਨਿਰਾਲਾ ਅੰਦਾਜ਼...ਆਸ-ਪਾਸ ਰਚਨਾਂ ਕਰ ਰਹੇ ਕਲਾਕਾਰਾਂ ਨੂੰ ਮਾਤ ਦੇਂਦਾ ਉਸਦਾ ਮਰਦਾਵਾਂ ਕੱਦ-ਬੁੱਤ...ਉਹ ਸੱਚਮੁੱਚ ਝੱਲੀ ਹੋ ਗਈ ਸੀ।
ਸਟੂਡੀਓ ਵਿਚ, ਬਾਹਰ ਕੈਂਟੀਨ ਜਾਂ ਕੈਂਪਸ ਵਿਚ—ਹਰ ਜਗ੍ਹਾ ਉਹ ਆਪਣੀਆਂ ਨਜ਼ਰਾਂ ਉਸਦੇ ਪਿੱਛੇ, ਬੇਲਗ਼ਾਮ, ਕਰ ਦੇਂਦੀ। ਉਸਦੇ ਸਿਗਰੇਟ 'ਚੋਂ ਨਿਕਲੇ ਬੇਫਿਕਰੀ ਦੇ ਧੂੰਏਂ ਵਿਚ ਆਪਣੀ ਨਗਨਤਾ ਨੂੰ ਛਿਪਾਉਣ ਦੀ ਕੋਸ਼ਿਸ਼ ਕਰਦੀ...ਦਿਨ ਰਾਤ ਉਸੇ ਦੇ ਖ਼ਿਆਲਾਂ ਨੂੰ ਓਢਦੀ-ਹੰਢਾਉਂਦੀ। ਪੁਚਕਾਰਦੀ-ਪਲੋਸਦੀ!
ਪਤਾ ਨਹੀਂ ਕਿਹੜੀਆਂ ਅਦ੍ਰਿਸ਼ ਤਰੰਗਾਂ ਦੀ ਮਾਰਫ਼ਤ ਇਹ ਅਹਿਸਾਸ, ਇਹ ਭਾਵਨਾਵਾਂ, ਉਸ ਕਾਲੇ ਬੁੱਲ੍ਹਾਂ ਵਾਲੇ ਤਕ ਜਾ ਪਹੁੰਚਦੀਆਂ। ਤਦੇ ਤਾਂ ਸੈਸ਼ਨ ਖ਼ਤਮ ਹੁੰਦਿਆਂ ਹੀ ਆਪਣੇ ਅਧੂਰੇ ਕੰਮ ਨੂੰ ਪੂਰਾ ਕਰਨ ਦਾ ਵਾਸਤਾ ਪਾ ਕੇ ਬੜੇ ਆਪਣੇਪਣ, ਬੜੇ ਅਧਿਕਾਰ, ਦੇ ਨਾਲ ਉਸਨੇ ਉਸਨੂੰ ਆਪਣੇ ਨਿਜੀ ਸਟੂਡੀਓ ਵਿਚ ਆਉਣ ਦਾ ਸੱਦਾ ਦੇ ਦਿੱਤਾ। ਅਣਕਿਹਾ ਕਾਰਨ ਭਾਵੇਂ ਕੁਝ ਵੀ ਹੋਵੇ ਕਿਹਾ ਸੀ...ਕਾਲੇਜ ਵੱਲੋਂ ਲਾਈ ਜਾ ਰਹੀ ਆਰਟ ਐਗਜ਼ੀਵਿਸ਼ਨ ਵਿਚ ਉਸਦਾ ਸਲਕਪਚਰ ਸ਼ਾਮਿਲ ਕਰਨਾ...ਅਧੂਰਾ ਨਹੀਂ ਪੂਰਾ!
ਉਸਨੇ ਵੀ ਪੂਰਾ ਹੋਣਾ ਸੀ, ਉਸ ਦੀਆਂ ਹਸਤਰਤਾਂ ਨੇ ਵੀ—ਅਧੂਰੇ ਸਨ ਹੁਣ ਤਕ ਦੋਵੇਂ। ਉਹ ਮੰਨ ਗਈ। ਉਹ ਮਨਾਅ ਲਈ ਗਈ। ਉਹ ਮਨ੍ਹਾਂ ਕਰਦੀ ਵੀ ਕਿੰਜ? ਉਸਦਾ ਮਨ ਤਾਂ ਇਕ ਖਾਸ ਐਨਕ ਦੇ ਪਿੱਛੇ ਵਾਲੀਆਂ ਦੋ ਚਮਕਦੀਆਂ ਹੋਈਆਂ ਅੱਖਾਂ ਵਿਚ ਰਮ ਗਿਆ ਸੀ।
ਉਹਨਾਂ ਦੋ ਚਮਕਦੀਆਂ ਅੱਖਾਂ ਵਿਚ ਉਸਨੂੰ ਆਪਣੇ ਲਈ ਬੜਾ ਕੁਝ ਨਜ਼ਰ ਆਉਣ ਲੱਗਾ ਸੀ! ਅਣਕਿਹਾ! ਉਹ ਖਿੱਚੀਦੀ ਚਲੀ ਗਈ, ਉਸ ਨਿਜੀ ਸਟੂਡੀਓ ਵਿਚ। ਜਿੱਥੇ ਇਕ ਛੋਟੇ ਜਿਹੇ ਬੰਦ ਕਮਰੇ ਦੇ ਇਕਾਂਤ ਵਿਚ ਉਸਦੀ ਨੰਗੀ ਦੇਹ ਹੁੰਦੀ...ਲਾਈਟ ਐਂਡ ਸ਼ੇਡ ਦਾ ਖੇਡ ਹੁੰਦਾ...ਉਸਦੇ ਮਚਲਦੇ ਅਰਮਾਨ ਹੁੰਦੇ...ਇਕ ਬੜਾ ਚੰਗਾ ਲੱਗਣ ਵਾਲਾ ਅਹਿਸਾਸ ਹੁੰਦਾ! ਖਾਸ ਕਰਕੇ ਉਸ ਸਮੇਂ ਜਦੋਂ ਉਸਦੀਆਂ ਗੱਲ੍ਹਾਂ ਉੱਪਰ ਝੂਲਣ ਆਈਆਂ ਆਵਾਰਾ ਲਿਟਾਂ ਨੂੰ ਉਂਗਲੀਆਂ ਨਾਲ ਸਰਕਾਅ ਕੇ ਸੰਵਾਰਿਆ ਜਾਂਦਾ...ਜਾਂ ਬਲੈਕ ਕਲੇ ਵਿਚ ਸਕ੍ਰੈਪਰ ਨਾਲ ਕੋਈ ਨਵਾਂ ਉਭਾਰ ਦੇਂਦਿਆਂ ਹੋਇਆਂ ਉਸ ਕਾਲੇ ਬੁੱਲ੍ਹਾਂ ਵਾਲੇ ਦੇ ਮੂੰਹੋਂ ਅਚਾਨਕ ਕੋਈ ਵਾਕ ਨਿਕਲਦਾ...ਜਿਵੇਂ—ਗਾਡ ਗਿਫ਼ਟੇਡ ਬਾਡੀ ਲੈਂਗਵੇਜ਼! ਫ਼ੈਂਟਾਸਟਿਕ! ਉਹ ਭਾਵਨਾਵਾਂ ਦੇ ਸਮੁੰਦਰ ਵਿਚ ਲੱਥ ਜਾਂਦੀ। ਉਸ ਤੋਂ ਅੱਗੇ ਕੁਝ ਹੋਰ ਵੀ ਸੁਣਨਾ ਚਾਹੁੰਦੀ। ਕਲਾ ਦੀ ਬਾਹਰਲੀ ਦੁਨੀਆਂ ਦਾ ਕੋਈ ਵਾਕ...ਉਸਦੀ ਆੱਬਜੈਕਟ ਵਾਲੀ ਭੂਮਿਕਾ ਤੋਂ ਬਿਲਕੁਲ ਵੱਖਰੀ ਕਿਸਮ ਦਾ ਕੋਈ ਵਾਕ...ਉਸ ਇਕਾਂਤ ਵਿਚ ਦੋ ਜਿਸਮਾਂ ਦੇ ਨੇੜੇ ਆਉਣ ਦੀ ਸਥਿਤੀ ਤੋਂ ਪਹਿਲੇ ਕੁਝ ਛਿਣਾ ਵਾਲਾ ਕੋਈ ਵਾਕ...ਪਰ ਇੱਥੋਂ ਤੀਕ ਆਉਂਦਾ ਆਉਂਦਾ ਉਹ ਹਮੇਸ਼ਾ ਠਹਿਰ ਜਾਂਦਾ। ਕੋਈ ਪਹਿਲ ਨਾ ਹੁੰਦੀ ਦੇਖ ਕੇ ਉਹ ਮੁਰਝਾ ਜਾਂਦੀ।
ਆਖ਼ਰ ਇਕ ਦਿਨ ਹਿੰਮਤ ਕਰਕੇ ਇਕ ਫਜ਼ੂਲ ਜਿਹਾ ਸਵਾਲ ਪੁੱਛ ਈ ਲਿਆ ਉਸਨੇ—ਕੀ ਤੁਸਾਂ ਆਰਟਿਸਟ ਲੋਕਾਂ ਲਈ ਸਭ ਤੋਂ ਔਖਾਂ ਕੰਮ ਫ਼ੀਮੇਲ ਨਿਊਡ ਸਕਲਪਚਰ ਬਣਾਉਣਾ ਏਂ?
ਨਹੀਂ ਮੇਰੇ ਖ਼ਿਆਲ ਵਿਚ ਸਭ ਤੋਂ ਔਖਾ ਕੰਮ ਹੁੰਦਾ ਏ ਦੌੜਦੇ ਹੋਏ ਘੋੜੇ ਨੂੰ ਸਕਲਪਚਰ ਜਾਂ ਪੇਂਟਿੰਗ ਵਿਚ ਕੈਦ ਕਰਨਾ। ਫ਼ੀਮੇਲ ਫ਼ਲੈਕਸੀਵਿਲਿਟੀ, ਕਮਸਿਨੀ, ਫ਼ਿਜ਼ੀਕਲ ਕੱਟ...ਔਖੇ ਤਾਂ ਹੈਨ ਪਰ ਘੋੜੇ ਜਿੰਨੇ ਨਹੀਂ। ਘੋੜਾ ਹਮੇਸ਼ਾ ਅਸਥਿਰ ਰਹਿੰਦਾ ਏ। ਉਸਦੀ ਉਹ ਸਪੀਡ-ਫੋਰਸ ਜਦੋਂ ਤਕ ਸਕਲਪਚਰ ਜਾਂ ਪੇਂਟਿੰਗ ਵਿਚ ਲੱਥ ਨਹੀਂ ਆਉਂਦੀ, ਉਦੋਂ ਤਕ ਉਹ ਕ੍ਰਿਤ ਡੈਡ ਮੰਨੀ ਜਾਂਦੀ ਏ।
ਮੈਂ ਕੋਈ ਘੋੜਾ ਨਹੀਂ। ਫੇਰ ਵੀ ਮੈਂ ਅਸਥਿਰ ਆਂ। ਮੈਨੂੰ ਤੁਸੀਂ ਹੀ ਅਸਥਿਰ ਕਰ ਦਿੱਤਾ ਏ। ਦਿਨ ਭਰ ਏਨੇ ਗੌਰ ਨਾਲ, ਏਨੀ ਨੇੜਿਓਂ ਦੇਖਦੇ ਰਹਿੰਦੇ ਓ ਮੈਨੂੰ, ਫੇਰ ਵੀ ਤੁਹਾਨੂੰ ਦਿਖਾਈ ਨਹੀਂ ਦੇਂਦੀ ਮੇਰੀ ਅਸਥਿਰਤਾ? ਉਹ ਫਟ ਪਈ ਸੀ ਉਸ ਦਿਨ।
ਦਿਖਾਈ ਦੇਂਦੀ ਏ। ਤਦੇ ਤਾਂ ਤੁਹਾਨੂੰ ਏਥੇ ਆਉਣ ਦਾ ਸੱਦਾ ਦਿੱਤਾ ਏ ਮੈਂ! ਇਹੀ ਅਸਥਿਰਤਾ ਤਾਂ ਉਹ ਦੁਰਲਭ ਭਾਵ ਹੈ ਜਿਸਨੂੰ ਮੈਂ ਆਪਣੀ ਸਮੁੱਚੀ ਸਾਧਣਾ ਰਾਹੀਂ ਆਪਣੀ ਕ੍ਰਿਤ ਵਿਚ ਕੈਦ ਕਰਨਾ ਚਾਹੁੰਦਾ ਆਂ। ਜਿਹੜੀ ਮੇਰੇ ਕਿਸੇ ਵੀ ਜਮਾਤੀ ਦੀ ਕਲਾ-ਕ੍ਰਿਤੀ ਨੂੰ ਨਸੀਬ ਨਹੀਂ ਹੋਵੇਗੀ। ਅਜਿਹੇ ਓਰਿਜਨਲ ਭਾਵ ਬੜੀ ਮੁਸ਼ਕਿਲ ਨਾਲ ਮਿਲਦੇ ਨੇ। ਕੀ ਮੋਨਾਲਿਸਾ ਦੀ ਉਹ ਰਹੱਸਮਈ ਮੁਸਕਾਨ ਇਸ ਦੁਨੀਆਂ ਵਿਚ ਦੁਬਾਰਾ ਕਿਸੇ ਕਲਾਕਾਰ ਦੀ ਕਲਾ-ਕ੍ਰਿਤੀ ਵਿਚ ਉਭਰ ਸਕੀ...?
ਉਫ਼! ਇਸ ਸਮੇਂ ਮੈਂ ਕਿਸੇ ਕਲਾ-ਕ੍ਰਿਤੀ ਦੀ ਗੱਲ ਨਹੀਂ ਕਰ ਰਹੀ, ਆਪਣੀ ਕਰ ਰਹੀ ਆਂ। ਆਪਣੇ ਦਿਲ ਦੀ ਗੱਲ। ਤੁਸੀਂ ਹਮੇਸ਼ਾ ਮੈਨੂੰ ਇਕ ਆੱਬਜੈਕਟ ਹੀ ਕਿਉਂ ਸਮਝਦੇ ਓ? ਇਹ ਕਿਉਂ ਨਹੀਂ ਸੋਚਦੇ ਕਿ ਮੈਂ ਇਕ ਇਨਸਾਨ ਵੀ ਆਂ। ਇਕ ਦਿਲ ਵੀ ਹੈ ਮੇਰੇ ਕੋਲ।
ਆਪਣੇ ਕੱਪੜੇ ਪਾ ਲੈ ਕ੍ਰਿਤੀ। ਅੱਜ ਤੂੰ ਬਹਿਕ ਗਈ ਏਂ। ਅੱਜ ਤੈਥੋਂ ਕੰਮ ਨਹੀਂ ਹੋਣਾ। ਉਸਨੇ ਪਹਿਲੀ ਵੇਰ ਕ੍ਰਿਤੀ ਨੂੰ ਤੂੰ ਕਹਿ ਕੇ ਸੰਬੋਧਤ ਕੀਤਾ ਸੀ।
ਮੈਨੂੰ ਤੁਹਾਡੀ ਛੋਹ ਚਾਹੀਦੀ ਏ! ਤਨ ਮਨ ਦੋਹਾਂ ਦੀ ਛੋਹ! ਅਪਣੱਤ ਤੇ ਦੀਵਾਨਗੀ ਭਰਪੂਰ ਛੋਹ! ਪਾਉਣਾ ਚਾਹੁੰਦੀ ਆਂ ਮੈਂ ਤੁਹਾਨੂੰ ਇਕ ਵੇਰ! ਪੂਰੀ ਤਰ੍ਹਾਂ ਨਾਲ...ਇਸ ਤੋਂ ਪਹਿਲਾਂ ਕਿ ਮੇਰੀ ਦੇਹ ਡਿਕੇਡ ਹੋ ਜਾਏ, ਫ੍ਰੀਜ਼ ਕਰ ਲੈਣਾ ਚਾਹੁੰਦੀ ਆਂ ਮੈਂ ਆਪਣੇ ਅਹਿਸਾਸ ਨੂੰ ਆਪਣੀ ਦੇਹ ਵਿਚ...ਦੇਹ ਦੇ ਰਸਤੇ ਮਨ ਵਿਚ...ਅੰਤਾਂ ਦੀ ਮੁਹੱਬਤ ਕਰਨ ਲੱਗ ਪਈ ਆਂ ਮੈਂ ਤੁਹਾਨੂੰ...ਕ੍ਰਿਤੀ ਨੇ ਬੰਨ੍ਹ ਤੋੜ ਸੁੱਟਿਆ ਸੀ। ਸਟੂਡੀਓ ਦੇ ਪਲੇਟਫਾਰਮ ਤੋਂ ਉਠ ਕੇ ਸਿੱਧੀ ਉਸ ਕਲਾਕਾਰ ਦੇ ਕਾਲੇ ਸੰਘਣੇ ਵਾਲਾਂ ਵਾਲੇ ਚੌੜੇ ਸੀਨੇ ਦੀ ਪਨਾਹ ਵਿਚ ਚਲੀ ਗਈ। ਫੇਰ ਬਦਹਵਾਸੀ ਵਿਚ ਆਪਣੀਆਂ ਬਾਹਾਂ ਨੂੰ ਉਸਦੀਆਂ ਬਾਹਾਂ ਦੇ ਹੇਠੋਂ ਸਰਕਾਅ ਕੇ ਪਿੱਠ ਤਕ ਲੈ ਗਈ ਤੇ ਪੂਰੀ ਤਾਕਤ ਨਾਲ ਉਸਨੂੰ ਘੁੱਟ ਲਿਆ ਆਪਣੀਆਂ ਬਾਹਾਂ ਦੇ ਕਲਾਵੇ ਵਿਚ। ਉਹ ਕੰਬ ਗਿਆ। ਉਸਦੀ ਦੇਹ ਵਿਚ ਹਲਚਲ ਹੋਣ ਲੱਗੀ। ਉਸਦੇ ਤੇਜ਼ ਹੁੰਦੇ ਸਾਹਾਂ ਦੀ ਆਵਾਜ਼ ਸੁਣਾਈ ਦੇਣ ਲੱਗੀ ਕ੍ਰਿਤੀ ਨੂੰ। ਉਹਨਾਂ ਸਾਹਾਂ ਵਿਚ ਇਕ ਸੰਗੀਤ ਸੀ। ਕ੍ਰਿਤੀ ਨੂੰ ਹੋਰ ਬੇਚੈਨ ਕਰ ਦੇਣ ਵਾਲਾ ਸੰਗੀਤ। ਕ੍ਰਿਤੀ ਡੁੱਬਦੀ ਜਾ ਰਹੀ ਸੀ ਉਸ ਸੰਗੀਤ ਵਿਚ...ਫੇਰ ਉਸਨੇ ਹੌਲੀ ਜਿਹੀ ਆਪਣਾ ਚਿਹਰਾ ਉਠਾਇਆ ਸੀ ਸੰਘਣੇ ਵਾਲਾਂ ਦੇ ਉਸ ਜੰਗਲ ਵਿਚੋਂ...ਉਸਦੇ ਹੋਂਠਾਂ ਦੀਆਂ ਗੁਲਾਬੀ ਪੰਖੜੀਆਂ ਕਾਲੇ ਰੰਗ ਦੀ ਛੂਹ ਨੂੰ ਮਚਲਨ ਲੱਗ ਪਈਆਂ ਸਨ ਸ਼ਾਇਦ! ਇਸ ਤੋਂ ਪਹਿਲਾਂ ਕਿ ਉਹ ਆਪਣੀ ਮੰਜ਼ਿਲ ਤਕ ਪਹੁੰਚਦੀ, ਕਾਲੇ ਬੁੱਲ੍ਹਾਂ ਵਾਲੇ ਨੇ ਆਪਣੇ ਚਿਹਰੇ ਦੀ ਦੂਰੀ ਵਧਾ ਲਈ। ਉਸਦੀ ਜਕੜ 'ਚੋਂ ਮੁਕਤ ਹੋਣ ਤੋਂ ਪਹਿਲਾਂ ਕਿਹਾ...ਨਹੀਂ ਕ੍ਰਿਤੀ! ਹੁਣ ਇਸ ਤੋਂ ਅੱਗੇ ਨਹੀਂ। ਹੁਣ ਤੂੰ ਕੱਪੜੇ ਪਾ ਲੈ। ਮੈਂ ਰੇਂਬ੍ਰੈਂਡ ਨਹੀਂ ਬਣ ਸਕਦਾ। ਆਪਣੇ ਮਾਡਲ ਨਾਲ ਕਲਾ ਦੇ ਰਿਸ਼ਤੇ ਤੋਂ ਇਲਾਵਾ ਕੋਈ ਰਿਸ਼ਤਾ ਜੋੜ ਕੇ ਆਪਣਾ ਨੁਕਾਸਨ ਨਹੀਂ ਕਰਨਾ ਚਾਹੁੰਦਾ। ਤੂੰ ਕੱਪੜੇ ਪਾ ਲੈ ਕ੍ਰਿਤੀ!
...ਤੇ ਉਸਨੇ ਪਹਿਲੀ ਵਾਰ ਕੱਪੜੇ ਪਾਉਣ ਵਿਚ ਕ੍ਰਿਤੀ ਦੀ ਮਦਦ ਕੀਤੀ ਸੀ...ਤੇ ਵਾਲਾਂ ਵਿਚ ਫਸ ਗਏ ਬਲਾਊਜ਼ ਦੇ ਹੁੱਕ ਨੂੰ ਸੰਤ-ਸਪਰਸ਼ ਨਾਲ ਛੁਡਾਇਆ ਸੀ ਉਹਨੇ। ਸੋਫੇ ਉੱਤੇ ਬੈਠ ਕੇ ਉਸਦੀ ਹਥੇਲੀ ਨੂੰ ਆਪਣੀ ਕਲਾਤਮਕ ਪਰ ਖੁਰਦਰੀ ਹਥੇਲੀ ਵਿਚ ਲੈ ਕੇ ਬੜੇ ਪਿਆਰ ਨਾਲ ਪਲੋਸਿਆ ਸੀ।...ਹਰ ਯੁੱਗ ਦੇ ਕਲਾਕਾਰਾਂ ਦਾ ਝੁਕਾਅ ਆਪਣੇ ਸਮੇਂ ਦੇ ਉੱਤਮ ਤੇ ਸੁੰਦਰਤਮ ਨੂੰ ਸਿਰਫ ਆਪਣਾ ਤੇ ਨਿੱਜੀ ਬਣਾਅ ਲੈਣ ਵੱਲ ਹੁੰਦਾ ਹੈ। ਮੈਂ ਵੀ ਇਹੀ ਕਰ ਰਿਹਾ ਸਾਂ। ਤੇਰੇ ਇਸ ਅਸਥਿਰ, ਅਤ੍ਰਿਪਤ ਪਰ ਠੋਸ ਰੂਪ ਨੂੰ ਕੈਦ ਕਰ ਰਿਹਾ ਸਾਂ ਆਪਣੀ ਕਲਾ-ਕ੍ਰਿਤੀ ਵਿਚ। ਇਹ ਕ੍ਰਿਤ ਅਜੇ ਅਧੂਰੀ ਹੈ। ਤੇਰੇ ਨਜ਼ਦੀਕ ਆ ਕੇ ਤੈਨੂੰ ਤ੍ਰਿਪਤ ਕਰਕੇ ਤੇਰੇ ਚਿਹਰੇ ਦੇ ਉਹਨਾਂ ਦੁਰਲਭ ਭਾਵਾਂ ਨੂੰ ਗੰਵਾਉਣਾ ਨਹੀਂ ਚਾਹੁੰਦਾ। ਵੈਸੇ ਵੀ ਜਦੋਂ ਤਕ ਕਿਸੇ ਦੇ ਪ੍ਰਤੀ ਪਿਆਰ ਜਾਂ ਖਿੱਚ, ਜਨੂੰਨ ਦੀ ਹੱਦ ਤੱਕ ਨਾ ਅੱਪੜ ਜਾਵੇ, ਕੋਈ ਕਿਉਂ ਕਰੇ ਉਸਨੂੰ ਸਪਰਸ਼? ਕਿਉਂ ਕਰੇ, ਉਸਦੀ ਕਾਮਨਾ? ਤੂੰ ਹੀ ਸੋਚ...
ਕ੍ਰਿਤੀ ਸੋਚ ਰਹੀ ਸੀ...ਆਪਣੀਆਂ ਕਮਜ਼ੋਰੀਆਂ ਬਾਰੇ...ਇਕ ਪਾਸੜ ਪ੍ਰੇਮ ਤੇ ਤੀਬਰ ਅਕਰਖਣ ਬਾਰੇ...ਉਸ ਕਲਾਕਾਰ ਦੇ ਚਰਿੱਤਰ ਦੀ ਦ੍ਰਿੜ੍ਹਤਾ ਬਾਰੇ...ਕਲਾ ਪ੍ਰਤੀ ਉਸਦੀ ਨਿਹਚਾ, ਉਸਦੇ ਸਮਰਪਣ ਬਾਰੇ...ਤੇ ਸਭ ਤੋਂ ਵੱਧ ਆਪਣੇ ਨਾਰੀਤੱਵ ਦੇ ਅਪਮਾਨ ਬਾਰੇ...
ਕ੍ਰਿਤੀ ਸ਼ਰਮਿੰਦਾ ਸੀ। ਨਿੰਮੋਝੂਨੀ ਹੋਈ ਹੋਈ ਸੀ। ਆਪਣੇ ਦਿਲ ਦੀ ਇਜਾਜ਼ਤ ਦੇ ਬਗ਼ੈਰ ਹੀ ਉਸਨੇ ਕਿਹਾ—ਆਈ ਐਮ ਸਾਰੀ...ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ! ਪਤੀ ਦੁਆਰਾ ਵਾਰੀ-ਵਾਰੀ ਠੱਗੀ ਜਾਣ ਪਿੱਛੋਂ ਜਿਸ ਹੀਣਤਾ ਦੀ ਸ਼ਿਕਾਰ ਹੋ ਗਈ ਸਾਂ, ਉਸ ਵਿਚੋਂ ਨਿਕਲਣ ਲਈ ਪਤਾ ਨਹੀਂ ਕਿਸ ਮ੍ਰਿਗਤ੍ਰਿਸ਼ਨਾਂ ਵਿਚ ਭਟਕ ਗਈ। ਖ਼ੁਦ ਨੂੰ ਕਲੰਕਿਤ ਕੀਤਾ। ਆਪਣੀ ਦੇਹ ਨੂੰ ਏਨੇ ਲੋਕਾਂ ਸਾਹਮਣੇ ਨੰਗਿਆਂ ਕੀਤਾ! ਇਹਨਾਂ ਧੱਬਿਆਂ ਨੂੰ ਕਿੰਜ ਮਿਟਾਵਾਂਗੀ ਮੈਂ?
ਦੇਖ ਕ੍ਰਿਤੀ! ਮੇਰੀ ਨਜ਼ਰ ਵਿਚ ਇਹ ਤੇਰੀ ਇਕ ਮਾਸੂਮ ਚਾਹਤ ਸੀ। ਇਸ ਲਈ ਇਸਨੂੰ ਕਲੰਕ ਨਾ ਕਹਿ। ਲੈ ਮੈਂ ਤੇਰੇ ਚਿਹਰੇ ਉੱਪਰ, ਤੇਰੀ ਦੇਹ ਤੇ ਤੇਰੇ ਦਿਲ-ਦਿਮਾਗ਼ ਉੱਤੇ ਲੱਗੇ ਹਰ ਧੱਬੇ ਨੂੰ ਸਮੇਟ ਕੇ ਇਕ ਛੋਟਾ ਜਿਹਾ ਬਿੰਦੂ ਬਣਾਅ ਦੇਂਦਾ ਆਂ। ਤੇਰੇ ਤੇ ਤੇਰੇ ਇਸ ਸਕਲਪਚਰ ਦੇ ਚੰਦਰ-ਮੁਖ ਉੱਤੇ ਇਕ ਛੋਟਾ ਜਿਹਾ ਬਿੰਦੂ—ਚੰਦਰ-ਬਿੰਦੂ! ਦੇਖੀਂ, ਇਹ ਬਿੰਦੂ...ਇਹ ਬਿੰਦੀ...ਇਸ ਬਿੰਦੀ ਦੇ ਆਸ-ਪਾਸ ਪੂਰੇ ਚਿਹਰੇ 'ਤੇ ਖਿੱਲਰੇ ਹੋਏ ਇਹ ਦੁਰਲਭ ਹਾਵ-ਭਾਵ ਇਸ ਕ੍ਰਿਤੀ ਨੂੰ ਅਮਰ ਕਰ ਦੇਣਗੇ।
...ਤੇ ਉਸ ਅਧੂਰੀ ਕ੍ਰਿਤ ਨੂੰ ਉੱਥੇ ਹੀ ਛੱਡ ਕੇ ਕ੍ਰਿਤੀ ਘਰ ਵਾਪਸ ਆ ਗਈ ਸੀ। ਅਨੁ ਤੇ ਕ੍ਰਿਤੀ, ਦੋਵੇਂ ਆੱਬਜੈਕਟਸ ਨਾਲ ਲੈ ਕੇ। ਆੱਬਜੈਕਟ ਬਣਨ ਦੇ ਮੁੱਲ ਉੱਤੇ ਅਮਰ ਨਹੀਂ ਸੀ ਹੋਣਾ ਚਾਹੁੰਦੀ ਉਹ। ਉਸ ਦਿਨ ਪਿੱਛੋਂ ਆਪਣੇ ਮੱਥੇ ਉੱਤੇ ਬਿੰਦੀ ਲਾਉਂਦਿਆਂ ਹੋਇਆਂ ਅਕਸਰ ਕੰਬ ਜਾਂਦਾ ਹੈ ਅਨੁ-ਕ੍ਰਿਤੀ ਦਾ ਹੱਥ। ਖਾਸ ਤੌਰ 'ਤੇ ਓਦੋਂ, ਜਦੋਂ ਚੰਦਰ-ਬਿੰਦੂ ਲਾਉਣ ਲੱਗਦੀ ਹੈ ਉਹ।
ਆੱਬਜੈਕਟ ਦੀ ਭੂਮਿਕਾ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਜਾਰੀ ਸੀ...
    ੦੦੦ ੦੦੦ ੦੦੦

   ਡਾ. ਬੇਦੀ ਵਾਲੀ ਗਲੀ, ਨਵੀਂ ਅਬਾਦੀ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.
    --- --- ---

No comments:

Post a Comment