Tuesday, July 27, 2010

ਸ਼ੇਰ ਖ਼ਾਂ... :: ਲੇਖਕ : ਵਿਜੈ




ਹਿੰਦੀ ਕਹਾਣੀ :
ਸ਼ੇਰ ਖ਼ਾਂ...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਆਸਮਾਨ ਵਿਚ ਕਾਲਾ ਧੂੰਆਂ ਛਾ ਗਿਆ ਸੀ। ਜਿਹੜੇ ਨਿੱਖਰੇ ਆਸਮਾਨ ਹੇਠ ਚੰਦ-ਸੂਰਜ ਦੀ ਰੌਸ਼ਨੀ ਹੇਠ ਜਿਊਂਦੇ ਸਨ—ਫਿਕਰਾਂ ਵਿਚ ਡੁੱਬ ਗਏ। ਤੇਜ਼-ਧਾਰ ਮੀਂਹ ਸ਼ੁਰੂ ਹੋ ਗਿਆ। ਜਿਹੜੇ ਉੱਚੀਆਂ ਇਮਾਰਤਾਂ ਵਿਚ ਰਹਿੰਦੇ ਸਨ, ਉਹਨਾਂ ਟੀ.ਵੀ. 'ਤੇ ਮੌਸਮ ਵਿਭਾਗ ਦੀ ਚਿਤਾਵਨੀ ਸੁਣ ਲਈ ਸੀ। ਸੜਕਾਂ ਉੱਤੇ ਪਾਣੀ ਭਰਨਾ ਸ਼ੁਰੂ ਹੋਇਆ ਨਹੀਂ ਕਿ ਨਕਦੀ, ਜੇਵਰ, ਕ੍ਰੇਡਿਟ ਕਾਰਡ ਤੇ ਜ਼ਰੂਰੀ ਕਪੜੇ ਲੈ ਕੇ ਛੋਟੀਆਂ, ਵੱਡੀਆਂ ਕਾਰਾਂ ਵਿਚ ਨਿਕਲ ਪਏ...'ਚਲੋ ਹੋਰ ਕੁਛ ਨਹੀਂ ਤਾਂ ਪਹਾੜ 'ਤੇ ਪਿਕਨਿਕ ਹੀ ਹੋ ਜਾਵੇਗੀ।' ਮੁੰਬਈ ਤੋਂ ਪਹਾੜ ਹੈ ਵੀ ਕਿੰਨੀ ਕੁ ਦੂਰ—ਪੰਜਾਹ ਕਿਲੋਮੀਟਰ ਨਿਕਲਦਿਆਂ ਹੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਵਿਚ ਵਿਚ ਪੈਂਦੇ ਨੇ ਘਾਟ! ਵਾਦੀਆਂ ਵਿਚ ਭਾਫ ਜਿਹੀ ਭਰ ਜਾਂਦੀ ਹੈ। ਸੜਕਾਂ 'ਤੇ ਪਾਣੀ ਕਿੱਥੇ ਟਿਕਦਾ ਹੈ। ਮਾਥੇਰਾਨ, ਘਾਟ, ਲੋਨਾਵਾਲਾ ਕਿਤੇ ਵੀ ਚਲੇ ਜਾਓ—ਬਸ ਪੈਸਾ ਚਾਹੀਦਾ ਹੈ!
ਉਧਰ ਪੂਨੇ ਵਿਚ ਵੀ ਹਾਲਤ ਚੰਗੀ ਨਹੀਂ ਸੀ। ਚੁਤਾਲੀ ਪੰਤਾਲੀ ਸਾਲ ਪਹਿਲਾਂ ਵੀ ਪੂਨੇ ਪਨਸ਼ੇਟ ਡੈਮ ਟੁੱਟਣ ਕਰਕੇ ਭਰ ਗਿਆ ਸੀ। ਪਰ ਉਦੋਂ ਸਰਕਾਰ ਵਿਚ ਮਾੜ੍ਹੀ-ਮੋਟੀ ਇਮਾਨਦਾਰੀ ਹੁੰਦੀ ਸੀ। ਰਹਿਣ, ਖਾਣ ਤੇ ਬਚਾਉਣ ਦੇ ਪ੍ਰਬੰਧ ਫਟਾਫਟ ਹੋ ਗਿਆ ਸਨ। ਹੁਣ ਬੜਾ ਕੁਛ ਬਦਲ ਗਿਆ ਹੈ। ਉਦਯੋਗਾਂ ਨੇ ਪੂਨੇ ਨੂੰ ਭਰ ਦਿੱਤਾ ਹੈ। ਸਰਕਾਰ ਤੇ ਉਸਦੀ ਮਸ਼ੀਨਰੀ ਨੂੰ ਹਰ ਪਲ ਉਹਨਾਂ ਦੀ ਫਿਕਰ ਰਹਿੰਦੀ ਹੈ। ਆਮ ਆਦਮੀ ਬਾਰੇ ਕੌਣ ਸੋਚੇ!...ਪਰ ਨਾਲੇ ਦੀ ਸ਼ਕਲ ਵਿਚ ਵਗਦੀ ਭੁਲਾਮੁਠਾ ਨਦੀ ਅਚਾਨਕ ਹੀ ਦਰਿਆ ਬਣ ਗਈ ਹੈ। ਸ਼ੰਭਾ ਜੀ ਪਾਰਕ, ਜੰਗਲੀ ਮਹਾਰਾਜਾ ਰੋੜ, ਲਕਸ਼ਮੀ ਬਾਜ਼ਾਰ, ਸ਼ਨੀਵਾੜਾ ਤੇ ਪਤਾ ਨਹੀਂ ਕਿੰਨੇ ਹੋਰ ਪੇਂਠੇ (ਮੁਹੱਲੇ) ਪਾਣੀ ਵਿਚ ਘਿਰੇ ਹੋਏ ਨੇ। ਸਭ ਤੋਂ ਵੱਧ ਉਹ ਲੋਕ ਪ੍ਰੇਸ਼ਾਨ ਨੇ ਜਿਹੜੇ ਰਹਾਇਸ਼ ਦੀ ਤੰਗੀ ਕਾਰਨ, ਕਿਰਾਏ ਦੇ ਲਾਜ ਜਾਂ ਕਮਰੇ ਲੈ ਕੇ ਰਹਿੰਦੇ ਨੇ। ਚਾਹ-ਪਾਣੀ ਤੇ ਰੋਟੀ ਲਈ ਹੋਟਲਾਂ ਤੇ ਰੇਸਤਰਾਵਾਂ ਉੱਤੇ ਨਿਰਭਰ ਹੁੰਦੇ ਨੇ। ਪਾਸ਼ਾਣ ਦਾ ਇਲਾਕਾ ਕਾਫੀ ਉਚਾਈ ਉੱਤੇ ਹੈ ਇਸ ਲਈ ਯੂਨੀਵਰਸਟੀ, ਚਤੁਰਸ਼ਿੰਗੀ, ਐਨ ਸੀ ਐਲ, ਏ ਆਰ ਡੀ ਈ ਤੋਂ ਅੱਗੇ ਖੜਕਬਾਸਲਾ ਦੀ ਚੜ੍ਹਾਈ 'ਤੇ ਪ੍ਰਸ਼ਾਸਨ ਨੇ ਕੈਂਪ ਲਾ ਦਿੱਤਾ ਹੈ। ਪੂਨੇ ਦੇ ਮੱਧਵਰਗ ਦਾ ਉਹੀ ਆਸਾਨ ਸ਼ਰਣ-ਸਥਾਨ ਹੈ। ਝੁੱਗੀਆਂ-ਝੌਂਪੜੀਆਂ ਜਾਂ ਛੋਟੇ ਮਕਾਨਾਂ ਵਿਚ ਰਹਿਣ ਵਾਲੇ ਭਈਏ, ਭੱਜੀ ਜਾ ਰਹੀ ਭੀੜ ਨੂੰ ਵੇਖ ਕੇ ਕਈ ਘੰਟੇ ਹੱਸਦੇ ਰਹੇ...ਪਰ ਛੇਤੀ ਹੀ ਉਹਨਾਂ ਨੂੰ ਤਬੇਲਿਆਂ ਵਿਚ ਵੜਨਾਂ ਪਿਆ। ਜਿੱਥੇ ਪੂਛਾਂ ਹਿਲਾਅ-ਹਿਲਾਅ ਕੇ ਮੱਝਾਂ ਮੱਖੀਆਂ ਉਡਾਅ ਰਹੀਆਂ ਸਨ। ਭਈਏ ਅੰਟੀ ਵਿਚ ਰਕਮ ਤੁੰਨ ਕੇ ਮੱਝਾਂ ਤੇ ਆ ਬੈਠੇ। ਸੋਚ ਰਹੇ ਸਨ ਕਿ ਚੁੱਲ੍ਹਾ ਨਾ ਬਲੂ ਨਾ ਸਹੀ, ਦੁੱਧ ਪੀ ਲਵਾਂਗੇ...ਪਰ ਛੇਤੀ ਹੀ ਆਸ, ਨਿਰਾਸ਼ਾ ਵਿਚ ਬਦਲ ਗਈ। ਮੱਝਾਂ ਦੇ ਥਨਾਂ ਤਕ ਪਾਣੀ ਆ ਗਿਆ। ਫੇਰ ਵੀ ਸਬਰ ਨਾਲ ਬੈਠੇ ਰਹੇ ਕਿ ਡੁੱਬਾਂਗੇ ਨਹੀਂ; ਪਾਣੀ ਉੱਤੇ ਖ਼ੂਬ ਦੂਰ ਤਕ ਤੈਰ ਲੈਂਦੀਆਂ ਨੇ ਮੱਝਾਂ।
ਮੱਧਵਰਗੀ ਬਸਤੀਆਂ ਦੇ ਲੋਕ ਉੱਚੀਆਂ ਥਾਵਾਂ 'ਤੇ ਪਹੁੰਚ ਕੇ ਸਰਕਾਰ ਨੂੰ ਨਿੰਦ ਰਹੇ ਸੀ। ਕੁਛ ਬੁੱਢੇ ਉਹਨਾਂ ਦਿਨਾਂ ਨੂੰ ਚੇਤੇ ਕਰ ਰਹੇ ਸੀ ਜਦੋਂ ਮੁੰਬਈ ਦੀਆਂ ਸੜਕਾਂ 'ਤੇ ਏਨੀ ਭੀੜ ਨਹੀਂ ਸੀ ਹੁੰਦੀ। ਲੋਕਲ ਟਰੇਨ ਤੇ ਬੇਸਟ ਦੀਆਂ ਬਸਾਂ ਹਰ ਜਗ੍ਹਾ ਸਮੇਂ ਸਿਰ ਪਹੁੰਚਦੀਆਂ ਸਨ। ਪੂਨਾ ਉਦੋਂ ਸਾਈਕਲਾਂ ਕਾਰਕੇ 'ਬੇਜਿੰਗ ਆਫ ਇੰਡੀਆ' ਕਹਾਉਂਦਾ ਹੁੰਦਾ ਸੀ। ਸ਼ਾਮ ਹੁੰਦਿਆਂ ਹੀ ਐਮਯੂਨੀਅਨ ਫੈਕਟਰੀ, ਐਚ ਡੀ ਫੈਕਟਰੀ ਜਾਂ ਕਿਰਲੋਸਕਰ ਵਿਚੋਂ ਟਿਮਟਿਮਾਉਂਦੀਆਂ ਬੱਤੀਆਂ ਵਾਲੀਆਂ ਸਾਈਕਲਾਂ ਦੀਆਂ ਘੰਟੀਆਂ ਵਜਾਉਂਦੀ ਹੋਈ ਭੀੜ ਲੰਘਦੀ। ਲੋਕ ਦੇਹੂ ਰੋਜੜ ਜਾ ਕੇ ਤੁਕਾਰਾਮ ਦੀ ਰਚਨਾ ਅਭੰਗ ਸੁਣਨ ਆਉਂਦੇ ਹੁੰਦੇ ਸਨ।
ਸਭ ਨਾਲੋਂ ਵਧੇਰੇ ਮੁਸੀਬਤ ਵਿਚ ਸਨ ਦੋਵਾਂ ਸ਼ਹਿਰਾਂ ਦੀਆਂ ਵੇਸ਼ਵਾਵਾਂ। ਉਹ ਕਿੱਥੇ ਜਾਣ? ਲੱਖਾਂ ਸ਼ਹਿਰ, ਪਿੰਡ ਤੇ ਕਸਬੇ ਨੇ ਹਿੰਦੁਸਤਾਨ ਵਿਚ, ਪਰ ਕਿਤੇ ਵੀ ਤਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ—ਮਜ਼ਬੂਰੀ ਵੱਸ ਅਪਣਾਏ ਹੋਏ ਪੇਸ਼ੇ ਨੇ ਉਹਨਾਂ ਨੂੰ ਰਿਸ਼ਤਿਆਂ ਤੋਂ ਮੁਕਤ ਕਰ ਦਿੱਤਾ ਹੈ...ਜਦਕਿ ਰਿਸ਼ਤਿਆਂ ਵਿਚ ਉਲਝੇ ਹੋਏ, ਉਸੇ ਸਮਾਜ ਤੋਂ ਅੱਕੇ ਲੋਕ ਆਪਣਾ ਇਕੱਲਾਪਨ ਦੂਰ ਕਰਨ ਲਈ ਉਹਨਾਂ ਕੋਲ ਹੀ ਆਉਂਦੇ ਨੇ। ਕੀ ਬਚਾਉਣ ਉਹ? ਧਨ ਦੌਲਤ ਪੱਲੇ ਹੈ ਨਹੀਂ, ਨਕਲੀ ਖੁਸ਼ੀਆਂ ਖਾਤਰ ਖਰੀਦੀਆਂ ਸਸਤੀਆਂ ਵਸਤਾਂ? ਜਾਂ ਫੇਰ ਆਪਣੀ ਦੇਹ, ਜਿਸਨੂੰ ਵਰਤਾਅ ਕੇ ਜਿਉਂਦੇ ਰਹਿਣ ਦਾ ਮਾਣ ਬਣਿਆ ਰਹਿੰਦਾ ਹੈ! ਇਕ ਨਾ ਮੁੱਕਣ ਵਾਲੀ ਹਫੜਾ-ਤਫਰੀ ਉਹਨਾਂ ਵਿਚ ਫੈਲੀ ਹੋਈ ਹੈ। ਉੱਥੇ ਹੀ ਕੀ, ਸੈਂਕੜੇ ਮੰਦਰਾਂ ਵਿਚ ਜੋਤ ਬੱਤੀ ਨਹੀਂ ਹੋਈ ਅੱਜ...ਤੇ ਦਰਜਨਾਂ ਮਸੀਤਾਂ ਵਿਚੋਂ ਅਜਾਨ ਦੀ ਆਵਾਜ਼ ਨਹੀਂ ਆਈ। ਜਾਨ ਬਚਾਉਣੀ ਹੀ ਪਹਿਲਾ ਧਰਮ ਹੋ ਗਿਆ ਹੈ।
ਸੜਕ ਉਪਰ ਦੋ ਦੋ ਫੁੱਟ ਪਾਣੀ ਫਿਰ ਗਿਆ ਸੀ। ਤਿੰਨ ਟੱਰਕ ਸੜਕ ਤੋਂ ਲੰਘਦੇ ਨੇ। ਪੁਲਿਸ ਦਾ ਸਪੀਕਰ ਬੋਲਿਆ ਹੈ...'ਪਾਣੀ ਵਧ ਰਿਹਾ ਹੈ। ਸਾਰੇ ਜਣੇ ਟੱਰਕ ਉਪਰ ਆ ਜਾਣ।' ਹਰ ਟੱਰਕ ਉੱਤੇ ਇਕ ਮੁੰਬਈ ਪੁਲਿਸ ਵਾਲਾ ਬੈਠਾ ਹੋਇਆ ਹੈ।
ਕੋਠਿਆਂ ਵਿਚ ਰਹਿਣ ਵਾਲੀਆਂ ਕੁੜੀਆਂ ਤੇ ਔਰਤਾਂ, ਪੋਟਲੀਆਂ ਬੰਨ੍ਹੀ ਟੱਰਕਾਂ 'ਤੇ ਚੜ੍ਹਨ ਲੱਗ ਦੀਆਂ ਨੇ। ਉਪਰ ਖੜ੍ਹਾ ਸਿਪਾਹੀ ਉਹਨਾਂ ਨੂੰ ਹੱਥ ਫੜ੍ਹ ਕੇ ਖਿੱਚਦਾ ਹੈ। ਹੇਠਾਂ ਵਾਲੇ ਖੀਂ-ਖੀਂ ਕਰਦੇ ਕੱਛਾਂ ਵਿਚ ਹੱਥ ਅੜਾ ਕੇ, ਛਾਤੀਆਂ ਟੋਹੰਦੇ ਹੋਏ ਉਪਰ ਵੱਲ ਧਰੀਕਦੇ ਨੇ। ਇਕ-ਦੋ ਰਬੜ ਦੀਆਂ ਕਿਸ਼ਤੀਆਂ ਵੀ ਆ ਗਈਆਂ ਸਨ। ਇਕ ਉੱਤੇ ਕੈਮਰਾ ਚੁੱਕੀ ਖੜ੍ਹਾ ਇਕ ਆਦਮੀ ਕੂਕਦਾ ਹੈ...'ਹੇਠਾਂ ਕਰੀਂ, ਸ਼ੂਟ ਕਰਨਾਂ ਏਂ..ਇਹ ਸੀਨ ਸਾਡੇ ਚੈਨਲ 'ਤੇ ਪਹਿਲਾਂ ਆਉਣਾ ਚਾਹੀਦਾ ਏ।'
ਚਾਂਦ ਖਿੜਕੀ ਵਿਚੋਂ ਹੇਠਾਂ ਝਾਕਦੀ ਹੈ। ਇਕ ਪੰਡਤ ਟਾਈਪ ਸਿਪਾਹੀ ਕਹਿ ਰਿਹਾ ਹੈ...“ਇੰਦਰ ਬਜਰ ਘੁਮਾਈ ਜਾ ਰਿਹੈ ਜੀ; ਕਿਤੇ ਕ੍ਰਿਸ਼ਨ ਬੈਠੇ ਹੋਣਗੇ। ਲੱਗਦੈ, ਉਹਨਾਂ ਨੂੰ ਗੋਬਰਧਨ ਨਹੀਂ ਥਿਆ ਰਿਹਾ।”
ਪੁਲਿਸ ਦਾ ਸਪੀਕਰ ਫੇਰ ਬੋਲਦਾ ਹੈ। ਚਾਂਦ ਪਾਣੀ ਵਿਚ ਛਰ-ਛਰ ਕਰਦੇ ਜਾਂਦੇ ਟੱਰਕਾਂ ਨੂੰ ਦੇਖਦੀ ਰਹਿੰਦੀ ਹੈ, ਜਿਹੜੇ ਤੁੜੀ ਵਾਂਗ ਭਰੇ ਹੋਏ ਨੇ।
ਆਸੇ-ਪਾਸੇ ਦੇ ਕਮਰਿਆਂ ਵਾਲੀਆਂ ਪੰਜੇ ਕੁੜੀਆਂ ਤੇ ਦੋ ਸਾਜੀ ਜਿਹੜੇ ਮੀਂਹ ਕਰਕੇ ਘਰੀਂ ਨਹੀਂ ਗਏ ਸਨ, ਪੋਟਲੀਆਂ ਚੁੱਕੀ ਟੱਰਕਾਂ ਵਿਚ ਚੜ੍ਹ ਗਏ ਸਨ—ਜਾਨ ਹੈ ਤਾਂ ਜਹਾਨ ਹੈ। ਟਰੱਕ ਚੁਰਾਹੇ ਤੋਂ ਖੱਬੇ ਮੁੜ ਜਾਂਦੇ ਨੇ। ਕੁਝ ਦੂਰ ਜਾਣ ਪਿੱਛੋਂ ਸੜਕਾਂ 'ਤੇ ਪਾਣੀ ਘਟਣ ਲੱਗ ਪਿਆ, ਕਿਉਂਕਿ ਉੱਥੋਂ ਚੜ੍ਹਾਈ ਸ਼ੁਰੂ ਹੋ ਗਈ ਸੀ। ਦਫ਼ਤਰਾਂ ਦੀਆਂ ਇਮਾਰਤਾਂ ਦੀਆਂ ਉਪਰਲੀਆਂ ਮੰਜ਼ਿਲਾਂ ਉੱਤੇ ਚੜ੍ਹੇ ਹੋਏ ਲੋਕ ਜਾਂਦੇ ਹੋਏ ਟੱਰਕਾਂ ਨੂੰ ਦੇਖ ਰਹੇ ਨੇ। ਇਕ ਦਾੜ੍ਹੀ ਵਾਲਾ ਆਸੇ-ਪਾਸੇ ਦੇ ਲੋਕਾਂ ਨੂੰ ਕਹਿੰਦਾ ਹੈ, “ਪਰਲੋ ਸ਼ੁਰੂ ਹੋ ਗਈ ਜਾਪਦੀ ਏ। ਪਰ ਇਸ ਵਾਰੀ ਵਿਧਾਤਾ ਪ੍ਰਜਾਤੀਆਂ ਨੂੰ ਬਚਾਉਣ ਲਈ ਕੋਈ ਕਿਸ਼ਤੀ ਨਹੀਂ ਭੇਜੇਗਾ। ਸਾਰੇ ਈ ਤਾਂ ਬੇਈਮਾਨ ਹੋ ਗਏ ਨੇ। ਸ਼ਾਇਦ ਇਹ ਅੰਤਮ ਪਰੋਲ ਹੋਵੇਗੀ। ਈਸ਼ਵਰ ਫੇਰ ਸਰਿਸ਼ਟੀ ਨਹੀਂ ਰਚੇਗਾ।”
ਇਕ ਟਰੱਕ ਪਹਾੜੀ ਦੇ ਨਾਲ ਬਣੀ ਸਕੂਲ ਦੀ ਇਮਾਰਤ ਸਾਹਮਣੇ ਰੁਕਦਾ ਹੈ। ਖੁੱਲ੍ਹੇ ਟਰੱਕ ਵਿਚੋਂ ਮੀਂਹ ਨਾਲ ਭਿੱਜੇ ਲੋਕ ਹੇਠਾਂ ਉਤਰਦੇ ਨੇ। ਮੁੱਖ ਦਰਵਾਜ਼ੇ ਸਾਹਮਣੇ ਮੇਜ਼ ਕੁਰਸੀ ਡਾਹੀ ਬੈਠਾ ਆਦਮੀ ਕਤਾਰ ਬਣਾਉਣ ਲਈ ਕਹਿੰਦਾ ਹੈ। ਕੋਈ ਕਾਹਲੀ ਨਾ ਹੋਣ ਦੇ ਬਾਵਜੂਦ ਵੀ ਭੀੜ ਧੱਕੋ-ਮੁੱਕੀ ਹੁੰਦੀ ਹੋਈ ਲਾਈਨ ਬਣਾਉਂਦੀ ਹੈ। ਕੁਰਸੀ ਉੱਤੇ ਬੈਠਾ ਆਦਮੀ ਨਾਂਅ ਪਤਾ ਲਿਖ ਕੇ ਦਸਤਖ਼ਤ ਕਰਵਾਉਂਦਾ ਹੈ ਤੇ ਇਕ ਚਿਟ ਫੜਾ ਦੇਂਦਾ ਹੈ। ਇਸ ਚਿਟ ਨੂੰ ਦੇਖ ਕੇ ਹੀ ਹਰੇਕ ਨੂੰ, ਉੱਤੇ ਲੈਣ ਲਈ ਕੰਬਲ ਤੇ ਖਾਣਾ ਮਿਲੇਗਾ।
ਪੰਜ ਕੁੜੀਆਂ ਤੇ ਦੋ ਸਾਜੀ ਸਭ ਤੋਂ ਅਖ਼ੀਰ ਵਿਚ ਆਉਂਦੇ ਨੇ। ਪਹਿਲੀ ਕੁੜੀ ਨਾਂਅ ਲਿਖਾ ਕੇ ਪਤਾ ਦੱਸਦੀ ਹੈ ਤਾਂ ਲਿਖਣ ਵਾਲੇ ਦੀ ਕਲਮ ਰੁਕ ਜਾਂਦੀ ਹੈ। ਕੋਲ ਖੜ੍ਹੇ ਚਾਰ ਪੰਜ ਜਣਿਆਂ ਵੱਲ ਦੇਖ ਕੇ ਕਹਿੰਦਾ ਹੈ—“ਬਾਈ ਏਂ? ਨਹੀਂ, 'ਬਾਈ ਜੀ' ਲੋਕ ਏਧਰ ਨਹੀਂ।”
ਇਕ ਹੋਰ ਆਦਮੀ ਕਹਿੰਦਾ ਹੈ—“ਇਹ ਇੱਥੇ ਨਹੀਂ ਰਹਿ ਸਕਦੀਆਂ, ਸ਼ਰੀਫ ਲੋਕਾਂ ਦੇ ਟਬੱਰ ਰਹਿੰਦੇ ਨੇ ਇੱਥੇ।”
ਸਿਪਾਹੀ ਕਹਿੰਦਾ ਹੈ–“ਜੇ ਕਿਸੇ ਹੋਰ ਦਾ ਝੂਠਾ ਪਤਾ ਲਿਖਾ ਕੇ ਅੰਦਰ ਚਲੀਆਂ ਜਾਂਦੀਆਂ ਫੇਰ?”
“ਚੁੱਪ।” ਇਕ ਨੇਤਾ ਟਾਈਪ ਆਦਮੀ ਤੁੜਕਦਾ ਹੈ—“ਇਕ ਵਾਰੀ ਕਹਿ'ਤਾ ਨਾ, ਬਈ ਇਹ ਇੱਥੇ ਨਹੀਂ ਰਹਿਣਗੀਆਂ। ਓਧਰ ਤੁਹਾਡੇ ਅਫ਼ਸਰ ਐ ਜਿਹੜੇ, ਉਹਨਾਂ ਨੂੰ ਕਹਿ ਦਿਓ—ਏਧਰ ਗੰਦ ਨਹੀਂ ਚਾਹੀਦਾ ਸਾਨੂੰ।”
ਸਿਪਾਹੀ ਕੁੜਕੁੜ ਕਰਦਾ ਹੋਇਆ ਪੈਦਲ ਹੀ ਤੁਰ ਜਾਂਦਾ ਹੈ। ਮਨ ਹੀ ਮਨ ਗੁੱਸਾ ਕੱਢ ਰਿਹਾ ਸੀ—'ਸਾਲਾ ਰੰਡੀਬਾਜ। ਸਭ ਜਾਣਦਾਂ ਕਿ ਔਰਤਾਂ ਦੇ ਆਸ਼ਰਮ ਦਾ ਟਰਸਟੀ ਐ। ਵੱਡਾ ਸੱਚਾ-ਸੁੱਚਾ ਬਣਿਆ ਫਿਰਦੈ, ਕੁਤੀੜ੍ਹ ਕਿਤੋਂ ਦਾ।
ਉਪਰ ਸ਼ੈਡ ਹੇਠ ਖੜ੍ਹੇ ਅਫ਼ਸਰ ਨੂੰ ਸਿਪਾਹੀ ਇਹ ਪ੍ਰੇਸ਼ਾਨੀ ਦਸਦਾ ਹੈ ਤਾਂ ਉਹ ਇਕ ਟੈਂਟ ਬਿਲਡਿੰਗ ਦੇ ਬਾਹਰਵਾਰ ਲਗਵਾਉਣ ਦਾ ਹੁਕਮ ਦੇ ਦੇਂਦਾ ਹੈ। ਬਾਹਰ ਇਕ ਵੱਡਾ ਸਾਰਾ ਸੀਮਿੰਟ ਦਾ ਚਬੂਤਰਾ ਬਣਿਆ ਹੋਇਆ ਸੀ; ਹੇਠੋਂ ਸ਼ਾਇਦ ਸੀਵਰੇਜ ਲੰਘਦਾ ਹੈ। ਚਬੂਤਰੇ ਦੇ ਇਕ ਪਾਸੇ ਅੰਦਰ ਜਾਣ ਲਈ ਦਰਵਾਜ਼ਾ ਸੀ। ਅੱਧੇ ਘੰਟੇ ਬਾਅਦ ਸਿਪਾਹੀ ਪਰਤ ਆਉਂਦਾ ਹੈ। ਉਪਰ ਲਗਾਤਾਰ ਮੀਂਹ ਪੈ ਰਿਹਾ ਸੀ, ਪਾਣੀ ਰੁਕ ਹੀ ਨਹੀਂ ਸੀ ਰਿਹਾ, ਸ਼ਹਿਰ ਵੱਲ ਵਧ ਰਿਹਾ ਸੀ। ਸਿਪਾਹੀ ਪੰਜਾਂ ਕੁੜੀਆਂ ਨੂੰ ਚੂੰਧੀਆਂ ਨਜ਼ਰਾਂ ਨਾਲ ਦੇਖਦਾ ਹੈ। ਸਭ ਤੋਂ ਛੋਟੀ ਉੱਤੇ ਉਸਦੀ ਨਿਗਾਹ ਅਟਕ ਜਾਂਦੀ ਹੈ।
ਸਤੇ ਪ੍ਰਾਣੀ ਮੀਂਹ ਵਿਚ ਭਿੱਜਦੇ ਹੋਏ ਅੰਦਰ ਵੜ ਕੇ ਫਰਸ਼ 'ਤੇ ਬੈਠ ਜਾਂਦੇ ਨੇ। ਇਕ ਕੁੜੀ ਸਾਜੀਆਂ ਵੱਲ ਦੇਖ ਕੇ ਬੇਸ਼ਰਮ ਜਿਹਾ ਹਾਸਾ ਹੱਸਦੀ ਹੈ—“ਇਹਨਾਂ ਤੋਂ ਓਹਲਾ ਕਾਹਦਾ?”
ਪੋਟਲੀ ਖੋਲ੍ਹ ਕੇ ਜਲਦੀ ਜਲਦੀ ਅੱਧੇ-ਗਿੱਲੇ ਕੱਪੜੇ ਪਾਉਣ ਲੱਗ ਪੈਂਦੀ ਹੈ। ਸਾਜੀ ਕੁੜਤੇ ਬਨੈਣਾ ਲਾਹ ਕੇ ਨਿਚੋੜਦੇ ਨੇ ਤੇ ਆਪਣੇ ਕੱਪੜਿਆਂ ਨੂੰ ਵੱਡੇ ਸਾਰੇ ਤੰਬੂ ਦੇ ਇਕ ਬਾਂਸ ਉੱਤੇ ਲਟਕਾ ਦੇਂਦੇ ਨੇ। ਉਹਨਾਂ ਵਿਚੋਂ ਇਕ ਪੁੱਛਦੀ ਹੈ—“ਦੋ ਟਰੱਕ, ਜਿਹਨਾਂ ਵਿਚ ਹੋਰ ਕੋਠਿਆਂ ਦੇ ਲੋਕ ਸੀ, ਇਧਰ ਨਹੀਂ ਆਏ ਲੱਗਦੇ?”
“ਪਤਾ ਨਹੀਂ! ਅਸੀਂ ਦੇਰ ਨਾਲ ਉਤਰੇ ਤੇ ਇਸ ਪਿਛਲੇ ਟਰੱਕ ਵਿਚ ਚੜ੍ਹ ਗਏ, ਜਿਸ ਵਿਚ ਪਹਿਲਾਂ ਈ ਭੀੜ ਸੀ।”
ਸਭ ਤੋਂ ਘੱਟ ਉਮਰ ਦੀ ਨਿਸ਼ਾ ਆਪਣਾ ਅੱਧਾ ਗਿੱਲਾ ਕੁੜਤਾ ਗਲ਼ੇ ਕੋਲੋਂ ਦੂਰ ਹਟਾਉਂਦੀ ਹੋਈ ਦੂਜੀਆਂ ਵੱਲ ਦੇਖਦੀ ਹੈ, “ਕਿੰਨੇ ਜ਼ੋਰ ਦੀ ਵੱਢ ਖਾਧਾ ਸੀ ਪਰਸੋਂ ਕਮੀਨੇ ਨੇ।”
ਦੂਜੀਆਂ ਹੱਸ ਪੈਂਦੀਆਂ ਨੇ। “ਪੂਰੀ ਛਾਤੀ ਭਰੀ ਪਈ ਏ ਸਾਡੀ। ਕਿੱਥੋਂ ਕਿੱਥੋਂ ਦਿਖਾਈਏ।” ਫੇਰ ਠੰਡਾ ਹਊਕਾ ਜਿਹਾ ਖਿੱਚ ਕੇ ਕਹਿੰਦੀ ਹੈ, “ਠਾਠ ਤਾਂ ਚਾਂਦ ਦੇ ਨੇ। ਮੁਸ਼ਕਿਲ ਨਾਲ ਹਫ਼ਤੇ ਦੋ ਹਫ਼ਤੇ ਵਿਚ ਖਾਲਾ (ਮਾਸੀ) ਇਕ ਮਰਦ ਨੂੰ ਉਸ ਕੋਲ ਜਾਣ ਦੇਂਦੀ ਏ।”
ਛੋਟੀ ਕਹਿੰਦੀ ਹੈ, “ਨਸੀਬ ਐ ਆਪੋ ਆਪਣਾ। ਕਾਸ਼ਾ! ਅਸੀਂ ਵੀ ਨਾਚ ਗਾਣਾ ਸਿਖਿਆ ਹੁੰਦਾ। ਇਹ ਕਮਲੀ ਜ਼ਰੂਰ ਥਿਰਕ ਲੈਂਦੀ ਐ।”
ਓਧਰ ਕੋਠੇ 'ਤੇ ਬੁੱਢੀ ਖਾਲਾ ਚੀਕਦੀ ਹੈ, “ਓਇ ਹੁਣ ਤਾਂ ਨਿਕਲ ਆ ਕਮੀਨੀਏਂ। ਸ਼ਾਇਦ ਕੋਈ ਹੋਰ ਟਰੱਕ ਆ ਜਾਏ। ਅੱਠੇ ਚਾਲਾਂ, ਕੋਠੇ ਦੀਆਂ ਖਾਲੀ ਹੋ ਗਈਐਂ। ਭਾਂ-ਭਾਂ ਹੋ ਰਹੀ ਐ ਉਹਨਾਂ 'ਚ।”
ਅੰਦਰੋਂ ਕੋਈ ਜਵਾਬ ਨਹੀਂ ਆਉਂਦਾ। ਹਾਲ ਦੇ ਇਕ ਕੋਨੇ ਵਿਚ ਰੱਖਿਆ ਟੀਵੀ ਬੁਰੀਆਂ ਖ਼ਬਰਾਂ ਸੁਣਾ ਰਿਹਾ ਸੀ...'ਮੁੰਬਈ ਦੀਆਂ ਸੜਕਾਂ ਉਪਰ ਜਿਊਂਦੇ ਲੋਕਾਂ ਦੇ ਨਾਲ ਜਾਨਵਰਾਂ ਤੇ ਇਨਸਾਨਾਂ ਦੀਆਂ ਲਾਸ਼ਾਂ ਤੈਰਦੀਆਂ ਵਿਖਾ ਰਿਹਾ ਹੈ। ਘਾਟਕੋਪਰ, ਮਲਿਆ ਤੋਂ ਕਲਿਆਨ ਤਕ ਪਾਣੀ ਘਰਾਂ ਵਿਚ ਵੜ ਗਿਆ ਹੈ। ਲੋਕ ਉਪਰਲੀਆਂ ਮੰਜ਼ਿਲਾਂ ਉੱਤੇ ਚੜ੍ਹੇ ਬੈਠੇ ਨੇ। ਸਾਕੀਨਾਕਾ ਵਿਚ ਇਕ ਚਟਾਨ ਡਿੱਗ ਪੈਣ ਨਾਲ ਝੁੱਗੀਆਂ ਵਿਚ ਸੁੱਤੇ ਪਏ ਪੰਜਾਹ ਲੋਕ ਦਬ ਗਏ ਨੇ। ਮੀਂਹ ਕਾਰਨ ਮਲਬਾ ਹਟਾਉਣ ਵਿਚ ਬੜਾ ਸਮਾਂ ਲੱਗ ਰਿਹਾ ਹੈ। ਕਲਿਆਨ ਦੀ ਕਾਫੀ ਆਬਾਦੀ ਇਗਤਪੁਰੀ ਵੱਲ ਚਲੀ ਗਈ ਹੈ। ਕੋਲਸਾਵਾੜੀ ਵਿਚ ਪਾਣੀ ਭਰ ਗਿਆ ਹੈ। ਲੋਕ ਉਚਾਈ 'ਤੇ ਬਣੇ ਰੇਲਵੇ ਕੁਆਟਰਾਂ ਕੋਲ ਸ਼ਰਨ ਲੈ ਰਹੇ ਨੇ। ਮੁੰਬਈ ਵਰਗੀ ਵਿਸ਼ਾਲ ਉਦਯੋਗਿਕ ਨਗਰੀ ਵਿਚ ਨਾ ਤਾਂ ਸਰਕਾਰੀ ਮਸ਼ੀਨਰੀ ਗਤੀਸ਼ੀਲ ਹੈ ਨਾ ਹੀ ਉਦਯੋਗ ਪਤੀ ਉਦਾਰ ਹੋਏ ਨੇ। ਮੱਧ ਵਰਗ ਦੀ ਕਰੁਣਾ ਹੀ ਪ੍ਰੇਸ਼ਾਨ ਲੋਕਾਂ ਦਾ ਆਸਰਾ ਬਣੀ ਹੈ। ਧਰਮ ਤੇ ਜਾਤਪਾਤ ਦਾ ਭੇਦਭਾਵ ਭੁੱਲ ਕੇ ਲੋਕ ਮੁਸੀਬਤ ਦੇ ਮਾਰੇ, ਬੇਘਰੇ ਲੋਕਾਂ ਨੂੰ ਸੰਭਾਲ ਰਹੇ ਨੇ।'
ਹਾਲ ਵਿਚ ਖੜ੍ਹੀ ਬੁੱਢੀ ਖਾਲਾ ਫੇਰ ਕੂਕਦੀ ਹੈ, “ਓ ਹੁਣ ਤਾਂ ਨਿਕਲ ਆ ਰੰਡੀਏ! ਸਾਰੇ ਚਲੇ ਗਏ ਐ। ਹੁਣ ਤਾਂ ਟਰੱਕ ਵੀ ਨਹੀਂ ਆ ਰਹੇ। ਤੂੰ ਆਪ ਤਾਂ ਮਰੇਂਗੀ, ਮੈਨੂੰ ਵੀ ਮਰਵਾਏਂਗੀ ਨਾਲ।”
ਚਾਂਦ ਦੇ ਕਮਰੇ ਵਿਚੋਂ ਫੇਰ ਵੀ ਕੋਈ ਆਵਾਜ਼ ਨਾ ਆਈ ਤਾਂ ਖਾਲਾ ਉਸਦੇ ਕਮਰੇ ਵਿਚ ਪਹੁੰਚ ਗਈ। ਚਾਂਦ ਸਜੀ-ਸਜਾਈ ਪਲੰਘ ਉੱਤੇ ਲੇਟੀ ਹੋਈ ਸੀ। ਕਮਰੇ ਵਿਚ ਜਗ ਰਹੀ ਬੱਤੀ ਦੀ ਰੌਸ਼ਨੀ ਸੜਕ ਉੱਤੇ ਪੈ ਰਹੀ ਸੀ। ਖਾਲਾ ਬਾਹਰ ਵੇਖਦੀ ਹੈ, “ਯਾ ਅੱਲਾ, ਹੁਣ ਤਾਂ ਹਾਥੀ ਡੋਬੂ ਪਾਣੀ ਐਂ। ਨੀਂ ਉੱਠ ਨਿਖਸਮੀਂਏ, ਸ਼ਾਇਦ ਕੋਈ ਬੇੜੀ ਈ ਆ ਜਾਏ,” ਉਦੋਂ ਹੀ ਬਿਜਲੀ ਚਲੀ ਜਾਂਦੀ ਹੈ ਪਰ ਚਾਂਦ ਦੇ ਕੰਨ ਦੇ ਬੁੰਦੇ ਦਾ ਹੀਰਾ ਚਮਕਦਾ ਰਹਿੰਦਾ ਹੈ।
ਮੋਹ ਭਰੀਆਂ ਅੱਖਾਂ ਨਾਲ ਖਾਲਾ ਚਾਂਦ ਵੱਲ ਦੇਖ ਰਹੀ ਹੈ। ਉਹਦੇ ਗਲ਼ ਦਾ ਜੜਾਊ ਹਾਰ ਹੈ ਚਾਂਦ। ਕੋਠੇ ਦੀਆਂ ਅੱਠ ਚਾਲਾਂ ਨੇ–ਸੜਕ ਉਪਰ, ਉਪਰ-ਹੇਠਾ ਮਿਲਾ ਲਓ ਤਾਂ ਸੋਲਾਂ ਹੋਈਆਂ। ਪਰ ਮੁਜਰਾ ਸਿਰਫ ਦੋ ਕੋਠਿਆਂ 'ਤ ਹੁੰਦਾ ਹੈ...ਨਾਗੋ ਬਾਈ ਦੇ ਕੋਠੇ 'ਤੇ ਜਾਂ ਉਹਨਾਂ ਦੇ ਕੋਠੇ 'ਤੇ! ਚਾਂਦ ਦਾ ਸਾਥ ਕਦੀ ਕਦੀ ਕਮਲੀ ਹੀ ਦੇਂਦੀ ਹੈ। ਬਾਕੀ ਚਾਰ ਤਾਂ ਮਰਦਾਂ ਨਾਲ ਸੌਣਾ ਜਾਣਦੀਆਂ ਨੇ। ਢੋਕੀ ਤੋਂ ਪੂਰੇ ਪੰਜਾਹ ਹਜ਼ਾਰ 'ਚ ਲਿਆ ਸੀ ਖਾਲਾ ਨੇ ਚਾਂਦ ਨੂੰ–ਦੋ ਸਾਲ ਪਹਿਲਾਂ ਜਦੋਂ ਉਹ ਸੋਲਾਂ ਸਾਲ ਦੀ ਸੀ। ਪੈਰਾਂ ਵਿਚ ਘੁੰਗਰੂ ਬੰਨ੍ਹ ਕੇ ਜਦੋਂ ਗੇੜਾ ਲਾਉਂਦੀ ਹੈ ਤਾਂ ਬਿਜਲੀਆਂ ਲਿਸ਼ਕਣ ਲੱਗ ਪੈਂਦੀਆਂ ਨੇ। ਸਿਰਫ ਛਨੀਵਾਰ ਦੀ ਰਾਤ ਬੋਲੀ ਵਿਚ ਜਿਹੜਾ ਜਿੱਤ ਜਾਵੇ ਉਹੀ ਚਾਂਦ ਨਾਲ ਰਾਤ ਕੱਟ ਸਕਦਾ ਹੈ। 'ਚਾਰ ਛਨੀਵਾਰਾਂ ਦਾ ਮੋਇਆ ਮਦਰਾਸੀ ਛੋਕਰਾ ਸ਼੍ਰੀਨਿਵਾਸਨ ਈ ਪਹੁੰਚ ਰਿਹਾ ਏ। ਪਿਓ ਵੱਡਾ ਸਮਗਲਰ ਜੋ ਏ ਮੁੰਬਈ ਦਾ।'
ਖਾਲਾ ਮਹਿਸੂਸ ਕਰ ਰਹੀ ਹੈ ਕਿ ਜਦੋਂ ਪੰਜੇ ਕੁੜੀਆਂ ਤੇ ਦੋਵੇਂ ਸਾਜੀ ਗਏ ਸਨ ਉਦੋਂ ਵੀ ਨਿਕਲ ਸਕਦੀ ਸੀ ਉਹ, ਪਰ ਇਸ ਅੰਗੂਠੀ ਵਿਚ ਜੜੇ ਨਗੀਨੇ ਨੂੰ ਭਲਾ ਕਿੰਜ ਛੱਡ ਜਾਂਦੀ ਖਾਲਾ! ਹੋ ਸਕਦਾ ਏ ਪੰਜੇ ਦੀਆਂ ਪੰਜੇ ਵਾਪਸ ਨਾ ਆਉਣ! ਪਰ ਕੀ ਫਰਕ ਪੈਂਦਾ ਏ? ਦੱਲੇ ਪੰਜਾਂ ਦੀ ਥਾਂ ਅੱਠ ਹੋਰ ਲੈ ਆਉਣਗੇ। ਕੁੜੀਆਂ ਦਾ ਕਿਹੜਾ ਕਾਲ ਪਿਐ ਅੱਜ ਕੱਲ੍ਹ!
ਬੁੱਢੀ ਖਾਲਾ ਸਟੂਲ ਖਿੱਚ ਕੇ ਖਿੜਕੀ ਕੋਲ ਬੈਠ ਜਾਂਦੀ ਹੈ। ਆਸਮਾਨ ਤੋਂ ਡਿੱਗ ਰਿਹਾ ਪਾਣੀ ਸੜਕ 'ਤੇ ਜਮ੍ਹਾਂ ਹੋਏ ਪਾਣੀ ਉਪਰ ਤਬਲਾ ਵਜਾ ਰਿਹਾ ਸੀ। ਹੁਣ ਤਾਂ ਸੜਕ 'ਤੇ ਹਨੇਰਾ ਵੀ ਖੇਡਣ ਲੱਗ ਪਿਆ ਸੀ। ਖਾਲਾ ਨੂੰ ਯਾਦ ਆਉਣ ਲੱਗਦੇ ਨੇ ਸੜਕ ਦੇ ਦੋ ਤਿੰਨ ਦਿਨ ਪਹਿਲਾਂ ਦੇ ਨਜ਼ਾਰੇ। ਬਹੁਤੀ ਭੀੜ ਨਾ ਹੋਣ 'ਤੇ ਵੀ, ਕੁੜੀਆਂ ਉੱਤੇ ਅੱਖਾਂ ਗੱਡ ਕੇ ਤੁਰਦੇ ਹੋਏ ਲੋਕ ਇਕ ਦੂਜੇ ਨਾਲ ਭਿੜ ਜਾਂਦੇ ਸੀ। ਸਾਹਮਣੇ ਇਲਾਹੀ ਦੇ ਦੋ ਮਜ਼ਿਲਾ ਹੋਟਲ ਵਿਚ ਰੌਣਕ ਲੱਗੀ ਹੁੰਦੀ ਸੀ। ਦੋਵੇਂ ਵੱਡੀਆਂ ਭੱਠੀਆਂ ਥੜ੍ਹੇ ਤੋਂ ਹੇਠ ਆ ਜਾਂਦੀਆਂ ਸਨ। ਵੀਹ ਪੱਚੀ ਸਲਾਖਾਂ ਵਿਚ ਪਰੋਇਆ ਹੋਇਆ ਗੋਸ਼ਤ ਭੁੱਜਦਾ ਰਹਿੰਦਾ ਸੀ। ਲੋਕ ਕਾਗਜ ਦੀਆਂ ਪਲੇਟਾਂ ਵਿਚ ਤੇਜ਼ ਮਿਰਚਾਂ ਵਾਲੀ ਖੱਟੀ ਚਟਨੀ ਪਵਾ ਕੇ ਸੀਖ ਕਬਾਬ ਖਾਂਦੇ ਰਹਿੰਦੇ ਤੇ ਕੁੜੀਆਂ ਉੱਤੇ ਅੱਖਾਂ ਗੱਡੀ, ਰਾਤ ਦੀ ਉਡੀਕ ਕਰਦੇ ਰਹਿੰਦੇ। ਮੋਇਆ, ਸਸਤਾ ਵੀ ਤਾਂ ਕਿੰਨਾਂ ਦੇਂਦਾ ਏ ਕਬਾਬ! ਦਸ ਰੁਪਏ ਦੀ ਪਲੇਟ ਵਿਚ ਅੱਠ ਸੀਖ ਕਬਾਬ!
ਗਾਹਕ ਦੀਆਂ ਬਾਹਾਂ ਵਿਚ ਫਸੀ ਔਰਤ ਉਸਦੀ ਜੇਬ ਦੀ ਦਰਿਆ ਦਿਲੀ ਤਾੜ ਕੇ ਅਕਸਰ ਕਬਾਬ ਦੀ ਫਰਮਾਇਸ਼ ਕਰਦੀ ਤੇ ਗਾਹਕ ਅਮੀਰ-ਜਾਦੇ ਵਾਂਗ ਦਸ ਦਾ ਨੋਟ ਫੜਾ ਦੇਂਦਾ। ਅਚਾਨਕ ਹੀ ਕਮਰੇ ਵਿਚੋਂ ਢਾਈ ਫੁੱਟੇ ਸ਼ੇਰ ਖਾਂ ਨੂੰ ਆਵਾਜ਼ ਮਾਰੀ ਜਾਂਦੀ ਤੇ ਉਹ ਦਗੜ-ਦਗੜ ਕਰਦਾ ਹੋਇਆ ਪੌੜੀਆਂ ਉਤਰ ਕੇ ਸੜਕ ਪਾਰ ਕਰ ਜਾਂਦਾ। ਰਾਤ ਗਿਆਰਾਂ ਵਜੇ ਭੱਠੀਆਂ ਬੰਦ ਹੋ ਜਾਂਦੀਆਂ। ਥੱਕਿਆ-ਹੰਭਿਆ ਸ਼ੇਰ ਖਾਂ ਵੀ ਹਾਲ ਦੇ ਕਾਲੀਨ ਉੱਤੇ ਲੁੜਕ ਜਾਂਦਾ। ਫੇਰ ਕਮਰਿਆਂ ਦੀਆਂ ਪੰਜਾਂ ਕੁੜੀਆਂ ਨਾਲ ਹੁੰਦੇ ਰਾਤ ਭਰ ਦੇ ਗਾਹਕ ਜਾਂ ਕੋਈ ਇਕੱਲੀ ਅੰਗੜਾਈਆਂ ਲੈ ਰਹੀ ਹੁੰਦੀ। ਹਾਲ ਵਿਚ ਜਦੋਂ ਹਨੇਰਾ ਹੋ ਜਾਂਦਾ, ਸ਼ੇਰ ਖਾਂ ਖਾਲਾ ਦੀ ਚਾਦਰ ਵਿਚ ਘੁਸੜ ਜਾਂਦਾ...ਇਕੱਲਾ ਸ਼ੇਰ ਖਾਂ ਹੀ ਹੈ ਜਿਹੜਾ ਉਸਨੂੰ ਖਾਲਾ ਨਾ ਆਖ ਕੇ ਅੰਮਾਂ ਕਹਿੰਦਾ ਹੈ।
ਖਾਲਾ ਦੀ ਨੀਂਦ ਟੁੱਟ ਜਾਂਦੀ ਪਰ ਪਿਆਰ ਨਾਲ ਸ਼ੇਰ ਖਾਂ ਦਾ ਸਿਰ ਪਲੋਸਦੀ ਹੋਈ ਕਹਿੰਦੀ, “ਸੜਿਆ, ਪੂਰੇ ਜਿਸਮ 'ਚੋਂ ਕਬਾਬ ਤੇ ਚਟਨੀ ਦੀ ਬੋ ਮਾਰ ਰਹੀ ਐ। ਜਾਹ ਆਪਣੀ ਚਾਦਰ 'ਚ ਸੌਂ।”
ਖੀਂ ਖੀਂ,' ਹੱਸਦਾ ਸ਼ੇਰ ਖਾਂ, “ਓ ਅੰਮਾਂ! ਪੰਜਾਹ ਵਾਰੀ ਚੜ੍ਹਿਆ ਆਂ ਉਪਰ ਹੇਠ। ਕਾਰਤਿਕਾ ਦੇ ਗਾਹਕ ਨੇ ਤਾਂ ਹੱਦ ਈ ਕਰ ਦਿੱਤੀ। ਸੱਤ ਵਾਰੀ ਦੌੜਾਇਆ। ਆਖ਼ਰੀ ਵਾਰੀ  ਪੁੱਛਿਆ–'ਵੇਸਨ ਤੇ ਡਬਲ ਰੋਟੀ ਦੇ ਚੂਰੇ ਈ ਸੀ ਨਾ! ਗੋਸ਼ਤ ਤਾਂ ਨਹੀਂ ਸੀ?' ਕਾਰਤਿਕਾ ਨੇ ਗਲੇ ਦੀ ਘੰਡੀ ਛੂਹ ਕੇ ਕਿਹਾ–'ਰੱਬ ਦੀ ਸੌਂਹ, ਨਹੀਂ-ਜੀ।' ਮੈਂ ਹਾਸਾ ਨਹੀਂ ਸੀ ਰੋਕ ਸਕਿਆ। ਕਿੰਜ ਦੱਸਦਾ ਬਈ 'ਵੱਡੇ' ਦੇ ਗੋਸ਼ਤ ਦੇ ਹੁੰਦੇ ਨੇ, ਨਹੀਂ ਤਾਂ ਦਸ ਰੁਪਏ ਪਲੇਟ ਵਿਚ ਕੀ ਸਵਾਹ ਕਮਾਈ ਕਰਦਾ ਹੋਊ ਇਲਾਹੀ।”
“ਪੂਰਾ ਹਰਾਮੀ ਏਂ ਤੂੰ ਤੇ ਉਹ ਕਾਰਤਿਕਾ!”
ਹੱਸਦਾ ਹੈ ਸ਼ੇਰ ਖਾਂ ਉਦੋਂ ਹੀ ਮੁੰਨੀ ਦਾ ਬੂਹਾ ਖੁੱਲ੍ਹਦਾ ਹੈ। ਉਦੋਂ ਹੀ ਮੁੱਖ ਦਰਵਾਜ਼ੇ ਵਿਚੋਂ ਕੋਈ ਬਾਹਰ ਨਿਕਲ ਜਾਂਦਾ ਹੈ। ਮੁੰਨੀ ਉਹਨਾਂ ਦੋਵਾਂ ਦੇ ਸਿਰ ਉੱਤੇ ਖੜ੍ਹੀ ਨਾਲਾ ਬੰਨ੍ਹ ਰਹੀ ਸੀ, 'ਉੱਠ ਦਰਵਾਜ਼ਾ ਬੰਦ ਕਰ ਲੈ। ਸਾਲਾ ਪੂਰੀ ਰਾਤ ਦੇ ਪੈਸੇ ਦੇ ਕੇ, ਹੁਣੇ ਭੱਜ ਗਿਆ। ਕਹਿੰਦਾ ਸੀ...ਟਰੇਨ ਫੜ੍ਹਨੀ ਐਂ। ਆਪਣਾ ਇੰਜਨ ਸਟੀਮ ਛੱਡ ਗਿਆ ਤਾਂ ਭੱਜ ਲਿਆ।' ਫੇਰ ਪੁੱਛਦੀ ਹੈ, 'ਕੀ ਵੱਜਿਆ ਹੋਏਗਾ?'
ਚਾਦਰ ਵਿਚੋਂ ਨਿਕਲਦਾ ਹੈ ਸ਼ੇਰ ਖਾਂ ਤਾਂ ਮੁੰਨੀ ਰਹੱਸਮਈ ਮੁਸਕਾਨ ਸੁੱਟਦੀ ਹੈ। ਉਹ ਦਰਵਾਜ਼ਾ ਬੰਦ ਕਰਕੇ ਘੜੀ ਵੱਲ ਇਸ਼ਾਰਾ ਕਰ ਦੇਂਦਾ ਹੈ। ਘੜੀ ਡੇਢ ਵਜਾ ਰਹੀ ਸੀ। ਮੁੰਨੀ ਆਪਣੀ ਕੋਠੜੀ ਵਲ ਚਲੀ ਗਈ। ਸ਼ੇਰ ਖਾਂ ਫੇਰ ਖਾਲਾ ਦੀ ਚਾਦਰ ਵਿਚ ਘੁਸੜਨ ਲੱਗਾ ਤਾਂ ਉਹਨੇ ਝਿੜਕਿਆ, “ਕਿਉਂ ਕੁਰਬਲ-ਕੁਰਬਲ ਲਾਈ ਆ, ਥੱਕ ਗਿਐਂ ਤਾਂ ਜਾ ਕੇ ਸੌਂ ਜਾ ਆਪਣੀ ਚਾਦਰ 'ਚ।”
ਫੇਰ ਖੀਂ-ਖੀਂ ਕਰਦਾ ਹੈ ਸ਼ੇਰ ਖਾਂ ਤਾਂ ਬੁੱਢੀ ਘੁਰਕਦੀ ਹੈ, “ਬੂਥਾ ਭੰਨ ਦੂੰ ਜੇ ਰੋਲਾ ਪਾਇਆ ਤਾਂ।” ਫੇਰ ਉਸਨੂੰ ਆਪਣੇ ਨਾਲ ਭੀਚ ਲੈਂਦੀ ਹੈ। ਸ਼ੇਰ ਖਾਂ ਉਸਦੀ ਮਜ਼ਬੂਰੀ ਹੈ। ਪੰਜਾਹ ਸਾਲ ਦੀ ਉਮਰ ਵਿਚ ਜਦੋਂ ਦੱਲੇ ਵੀ ਨਹੀਂ ਝਾਕਦੇ, ਗਾਹਕ ਦਾ ਤਾਂ ਸਵਾਲ ਹੀ ਨਹੀਂ। ਵੀਹ ਇੱਕੀ ਸਾਲ ਦੇ ਬੌਣੇ ਸ਼ੇਰ ਖਾਂ ਲਈ ਵੀ ਬੁੱਢੀ ਇਕ ਮਜ਼ਬੂਰੀ ਹੈ। ਕੋਈ ਵੀ ਰੰਡੀ ਉਸਨੂੰ ਰਾਤ ਨੂੰ ਨੇੜੇ ਨਹੀਂ ਫੜਕਣ ਦੇਂਦੀ। ਇਕ ਵਾਰੀ ਤਿੰਨ ਦਿਨ ਪੈਸੇ ਜੋੜ ਕੇ ਤਿੰਨ ਨੰਬਰ ਕੋਠੇ ਵਾਲੀ, ਨੱਢੀ ਨੇਪਾਲਨ, ਕੋਲ ਸੌ ਦਾ ਪੱਤਾ ਰੱਖਿਆ ਤਾਂ ਉਸਨੇ ਚੁਟਕੀ ਵਜਾ ਕੇ ਕਿਹਾ, “ਫੁੱਟ ਜਾ ਏਥੋਂ ਮਾਂ ਦਿਆ ਖਸਮਾਂ! ਮੈਂ ਜਵਾਕਾਂ ਹੇਠ ਨਹੀਂ ਪੈਂਦੀ।”
ਉਦਾਸ ਜਿਹਾ ਪਰਤਿਆ ਸੀ ਸ਼ੇਰ ਖਾਂ। ਦਸੰਬਰ ਦੀ ਉਸ ਰਾਤ ਅਚਾਨਕ ਮੀਂਹ ਸ਼ੁਰੂ ਹੋ ਗਿਆ ਸੀ। ਚਾਦਰ ਵਿਚ ਉਸਨੂੰ ਠੰਡ ਲੱਗ ਰਹੀ ਸੀ। ਬੁੱਢੀ ਖਾਲਾ ਕੰਬਲ ਕੱਢਣ ਬਾਰੇ ਸੋਚ ਰਹੀ ਸੀ ਕਿ ਸ਼ੇਰ ਖਾਂ ਦੇ ਗਰਮ ਸਾਹਾਂ ਨੇ ਛੂਹ ਲਿਆ। ਉਸਨੂੰ ਫੌਰਨ ਆਪਣੀ ਚਾਦਰ ਵਿਚ ਖਿੱਚ ਲਿਆ। ਸ਼ੇਰ ਖਾਂ ਨੇ ਹੌਲੀ ਜਿਹੀ ਕਿਹਾ ਸੀ...“ਅੰਮਾ।” ਪਰ ਕੁਝ ਚਿਰ ਪਿੱਛੋਂ ਰਿਸ਼ਤਾ ਬਦਲ ਗਿਆ ਸੀ।
ਉਸ ਰਾਤ ਮੁੰਨੀ ਚਲੀ ਗਈ ਤਾਂ ਸ਼ੇਰ ਖਾਂ ਬੋਲਿਆ, “ਬਿਲਕੀਸ ਕਹਿੰਦੀ ਐ ਤੂੰ ਆਪਣੀ ਉਮਰ ਤਾਂ ਪੰਜਾਹ ਦੀ ਦੱਸਦੀ ਐਂ, ਪਰ ਸੱਠ ਤੋਂ ਘੱਟ ਦੀ ਨਹੀਂ।”
ਸ਼ੇਰ ਖਾਂ ਨੂੰ ਨੇੜੇ ਖਿੱਚਦਿਆਂ ਹੋਇਆਂ ਖਾਲਾ ਨੇ ਧੀਮੀ ਆਵਾਜ਼ ਵਿਚ ਕਿਹਾ, “ਪਾਗਲ ਆ ਬਿਲਕੀਸ! ਜਦ ਘਿਸ-ਘਿਸਾ ਕੇ ਤੀਹ ਦੀ ਉਮਰ 'ਚ ਪੈਂਤੀਆਂ ਦੀ ਲੱਗੂਗੀ, ਫੇਰ ਪਤਾ ਲੱਗੂ। ਖ਼ੂਬਸੂਰਤ ਰੰਡੀ ਉਮਰ ਤੋਂ ਪਹਿਲਾਂ ਬੁੱਢੀ ਹੋ ਜਾਂਦੀ ਐ। ਪਰ ਲੌਂਡੀ ਹੈ ਬੜੀ ਤੇਜ਼। ਗੁਲਕ ਵਿਚ ਮਾਲ ਪਾਉਂਦੀ ਰਹਿੰਦੀ ਐ। ਸੜਕ ਪਾਰ ਬੈਂਕ 'ਚ ਖਾਤਾ ਐ। ਬੁੱਢੇਪਾ ਆਰਾਮ ਨਾਲ ਕੱਟ ਲਊਗੀ ਕਿਤੇ।”
ਕੁਝ ਗਵਾਚੇ ਜਿਹੇ ਅੰਦਾਜ਼ ਵਿਚ ਪੁੱਛਿਆ ਸੀ ਬੁੱਢੀ ਖਾਲਾ ਨੇ, “ਤੈਨੂੰ ਆਪਣੀ ਅੰਮਾ ਯਾਦ ਐ?”
“ਥੋੜ੍ਹੀ ਥੋੜ੍ਹੀ! ਚਾਰ ਜਾਂ ਪੰਜ ਨੰਬਰ ਦੇ ਕੋਠੇ 'ਚ ਕੋਠੜੀ ਸੀ। ਸ਼ਾਮ ਹੁੰਦਿਆਂ ਈ ਮੈਨੂੰ ਦੁੱਧ 'ਚ ਅਫੀਮ ਘੋਲ ਕੇ ਪਿਆ ਦਿੰਦੀ ਤੇ ਕਮਰੇ ਦੇ ਪਿੱਛੇ ਤਖ਼ਤ ਉੱਤੇ ਪਏ ਗਦੈਲੇ 'ਤੇ ਪਾ ਆਉਂਦੀ। ਮੇਰੇ ਵਰਗੇ ਕਈ ਹੋਰ ਨਿਆਣੇ ਵੀ ਸੁੱਤੇ ਹੁੰਦੇ ਸੀ ਉੱਥੇ। ਇਕ ਰਾਤ ਮੈਂ ਤਖ਼ਤ ਤੋਂ ਡਿੱਗ ਪਿਆ। ਰੋਂਦਾ ਹੋਇਆ ਹਰ ਕੋਠੜੀ ਦੇ ਦਰਵਾਜ਼ੇ 'ਤੇ ਗਿਆ ਪਰ ਕੋਈ ਦਰਵਾਜ਼ਾ ਨਹੀਂ ਖੁੱਲਿਆ। ਬਾਹਰ ਬੈਠੇ ਪਠਾਨ ਨੇ ਮੈਨੂੰ ਭਜਾਅ ਦਿੱਤਾ। ਅੱਧੀ ਰਾਤ ਬੀਤਣ ਪਿੱਛੋਂ ਅੰਦਰ ਘੁਸਿਆ ਤੇ ਆਪਣੀ ਕੋਠੜੀ ਵਲ ਗਿਆ। ਹੁਣ ਲਾਈਨ ਸਿਰਫ ਦੋ ਤਿੰਨ ਕੋਠੜੀਆਂ ਅੱਗੇ ਈ ਸੀ ਤੇ ਪਠਾਨ ਸਟੂਲ ਤੋਂ ਹੇਠਾਂ ਬੈਠਾ ਉਂਘ ਰਿਹਾ ਸੀ। ਅੰਦਰ ਜਾ ਕੇ ਬੜਾ ਹਿਲਾਇਆ ਪਰ ਮਾਂ ਨਹੀਂ ਉੱਠੀ। ਉਸਨੇ ਮੇਰਾ ਨਾਂ ਸ਼ੇਰ ਸਿੰਘ ਰੱਖਿਆ ਸੀ। ਉਸ ਰਾਤ ਮੁੰਬਈ ਵਿਚ ਸਾਰੀ ਰਾਤ ਪਟਾਖ਼ੇ ਤੇ ਅਸਤਬਾਜ਼ੀ, ਆਨਾਰ ਚੱਲਦੇ ਰਹੇ ਸੀ। ਮਾਂ ਸ਼ਾਇਦ ਬਿਮਾਰ ਸੀ ਪਰ ਪੈਸਿਆਂ ਦੀ ਲੋੜ ਹੋਣ ਕਰਕੇ ਗਾਹਕਾਂ ਨੂੰ ਰੋਕਿਆ ਨਹੀਂ ਸੀ ਸਕੀ। ਉਹਦੇ ਮਰਨ ਪਿੱਛੋਂ ਸ਼ਾਇਦ ਉਸ ਅੰਦਰ ਨਹੀਂ ਗਿਆ ਕਦੀ...ਤੇ ਜਦੋਂ ਤੁਹਾਡੇ ਕੋਲ ਆਇਆ ਤਾਂ ਸ਼ੇਰ ਸਿੰਘ ਤੋਂ ਸ਼ੇਰ ਖਾਂ ਬਣਾ ਦਿੱਤਾ ਤੁਸੀਂ।”
ਇਕ ਲੰਮੀ ਚੁੱਪ ਪਿੱਛੋਂ ਸ਼ੇਰ ਖਾਂ ਨੇ ਪੁੱਛਿਆ ਸੀ, “ਕੀ ਤੇਰੇ ਤੇ ਕੁੜੀ 'ਚ ਬੜਾ ਫਰਕ ਹੁੰਦੈ ਅੰਮਾਂ?”
ਇਕ ਹੂਕ ਜਿਹੀ ਉਠੀ ਸੀ ਖਾਲਾ ਦੇ ਦਿਲ ਵਿਚ। ਯਾਦ ਆ ਗਈ ਸੀ ਆਪਣੀ ਨੱਥ ਲੁਹਾਈ ਵਾਲੀ ਰਾਤ। ਸ਼ੇਰ ਖਾਂ ਨੂੰ ਘੁੱਟ ਕੇ ਨਾਲ ਭੀਚਦਿਆਂ ਕਿਹਾ ਸੀ, “ਚੁੱਪ ਰਹਿ ਸ਼ੇਰ ਖਾਂ। ਬਿਨਾਂ ਜਾਣੇ ਇਹ ਫਰਕ ਪਤਾ ਨਹੀਂ ਲੱਗ ਸਕਦਾ...ਬੱਦਲ ਤੇ ਧੂੰਏਂ ਜਿੰਨਾ ਫਰਕ ਹੁੰਦੈ ਦੋਵਾਂ 'ਚ।”
ਉਹਨੀਂ ਦਿਨੀ ਚਾਂਦ ਨੂੰ ਲੈ ਆਈ ਸੀ ਖਾਲਾ। ਤੇ ਹੁਣ ਚਲਾਕ ਹੋ ਗਿਆ ਸੀ ਸ਼ੇਰ ਖਾਂ ਵੀ–ਉਹ ਹਰ ਪਲੇਟ ਵਿਚ ਅੱਠ ਦੀ ਜਗ੍ਹਾ ਛੇ ਕਬਾਬ ਲਿਆਉਂਦਾ ਸੀ ਤੇ ਹਰ ਚੌਥੀ ਪਲੇਟ ਪਿਛੋਂ ਦਸ ਰੁਪਏ ਆਪਣੀ ਜੇਬ ਵਿਚ ਪਾ ਲੈਂਦਾ ਸੀ। ਦੂਜੇ ਤੀਜੇ ਦਿਨ ਦੁਪਹਿਰ ਦਾ ਸ਼ੋਅ ਵੇਖਣ ਨਿਕਲ ਜਾਂਦਾ ਸੀ ਜਿਹੜਾ ਦੁਪਹਿਰੇ ਬਾਰਾਂ ਵਜੇ ਸ਼ੁਰੂ ਹੋ ਕੇ ਤਿੰਨ ਵਜੇ ਖ਼ਤਮ ਹੁੰਦਾ ਸੀ। ਕਦੀ ਕਦੀ ਬੁਰਕਾ ਪਾ ਕੇ ਚਾਂਦ ਵੀ ਉਸਦੇ ਨਾਲ ਸ਼ੋਅ ਦੇਖ ਆਉਂਦੀ। ਰਸਤੇ ਵਿਚ ਲੋਕ ਹੱਸਦੇ...ਅੱਧੇ ਦੀ ਪੂਰੀ ਜ਼ਨਾਨੀ! ਚਾਂਦ ਨਾਲ ਆਪਣਾ ਜੋੜਿਆ ਜਾਣਾ ਸ਼ੇਰ ਖਾਂ ਨੂੰ ਚੰਗਾ ਲੱਗਦਾ। ਵਾਪਸ ਆ ਕੇ ਚਾਂਦ ਖ਼ੂਬ ਹੱਸਦੀ।
ਪਰ ਸ਼ਾਮ ਹੁੰਦਿਆਂ ਹੀ ਸ਼ੇਰ ਖਾਂ ਕੁੜੀਆਂ ਦਾ ਜੱਦੀ ਖ਼ਰੀਦਿਆ ਗ਼ੁਲਾਮ ਬਣ ਜਾਂਦਾ ਸੀ। ਮਾੜੇ ਮੋਟੇ ਮੇਕਅੱਪ ਦੇ ਸਾਮਾਨ ਦੀਆਂ ਚੀਜਾਂ ਤੇ ਨੰਬਰ ਦਸ ਕੇ ਬਰੇਜਰੀ ਤਕ ਮੰਗਵਾ ਲੈਂਦੀਆਂ ਸੀ ਉਹ ਉਸ ਤੋਂ। ਦਲਾਲ ਵੀ ਉਸਨੂੰ ਖ਼ੂਬ ਛੇੜਦੇ ਰਹਿੰਦੇ। ਇਕ ਵਾਰੀ ਕਾਮਠੀ ਨੇ ਤਾਂ ਉਸਨੂੰ ਰੁਆ ਹੀ ਦਿੱਤਾ ਸੀ। ਪਾਜਾਮੇ ਦੇ ਨੇਫੇ ਵਿਚ ਹੱਥ ਪਾ ਦਿੱਤਾ ਸੀ, 'ਦੇਖਾਂ ਅੱਧਾ ਕੇਹੋ ਜਿਹਾ ਹੁੰਦੈ ਬਈ...'
ਸ਼ੇਰ ਖਾਂ ਅੰਮਾਂ ਨੂੰ ਬੁਲਾਉਣ ਖਾਤਰ ਚੀਕਿਆ ਸੀ। ਖਾਲਾ ਪੌੜੀਆਂ ਉਤਰ ਆਈ ਸੀ ਤੇ ਖ਼ੂਬ ਫਟਕਾਰਿਆ ਸੀ ਉਸਨੂੰ। ਕਾਮਠੀ ਬੜਬੜਾਇਆ ਸੀ...'ਕਿਹੜਾ ਸ਼ੇਰ, ਚੂਹਾ ਐ ਸਾਲਾ।'
ਕਿਉਂਕਿ ਖਾਲਾ ਪੂਰਬੀ ਉਤਰ ਪ੍ਰਦੇਸ਼ ਦੀ ਸੀ ਇਸ ਲਈ ਉਸਦੇ ਕੋਠੇ ਦੀਆਂ ਵਧੇਰੇ ਕੁੜੀਆਂ ਵੀ ਓਧਰ ਦੀਆਂ ਹੀ ਸਨ। ਸ਼ੁਰੂ ਸ਼ੁਰੂ ਵਿਚ ਤਾਂ ਭਈਆ ਟਾਈਪ ਲੋਕ ਆਉਂਦੇ ਸਨ। ਪਰ ਫੇਰ ਕਮਲੀ ਆਈ ਤਾਂ ਕੋਠੇ ਵਿਚ ਮੁਜਰਾ ਸ਼ੁਰੂ ਹੋ ਗਿਆ। ਚਾਂਦ ਦੇ ਆਉਂਦਿਆਂ ਹੀ ਹਵਾ ਬਿਲਕੁਲ ਬਦਲ ਗਈ। ਅਮੀਰ ਲੋਕ ਆਉਣੇ ਸ਼ੁਰੂ ਹੋ ਗਏ। ਚਾਂਦੀ ਟੀ.ਵੀ. ਉੱਤੇ ਨਵੇਂ ਤੋਂ ਨਵਾਂ ਫਿਲਮੀ ਕੈਸਿਟ ਵੇਖਦੀ ਤੇ ਅੰਦਾਜ਼ ਬਦਲ-ਬਦਲ ਕੇ ਨੱਚਦੀ ਜਾਂ ਗਾਉਂਦੀ। ਕੱਲ੍ਹ ਵੀ ਤਾਂ ਸ਼ੇਰ ਖਾਂ ਨਾਲ ਫਿਲਮ ਵੇਖ ਕੇ, ਉਸਦੀ ਸੀਡੀ ਲਿਆਉਣ ਲਈ ਕਿਹਾ ਸੀ। ਪਰ ਕਹਿਰ ਬਣ ਗਿਆ, ਇਹ ਪਾਣੀ। ਸ਼ੇਰ ਖਾਂ ਹਾਲੇ ਤਕ ਨਹੀਂ ਮੁੜਿਆ। ਬੁੱਢੀ ਖਾਲਾ ਦਾ ਦਿਲ ਇਹ ਸੋਚ ਕੇ ਬੈਠਣ ਲੱਗਾ ਕਿ ਢਾਈ ਫੁੱਟਾ ਆਦਮੀ ਸੀ, ਕਿਤੇ ਰੁੜ੍ਹ ਈ ਨਾ ਗਿਆ ਹੋਵੇ।
ਬੁੱਢੀ ਖਾਲਾ ਚਾਂਦ ਦੇ ਬਿਸਤਰੇ 'ਤੇ ਬਹਿ ਕੇ ਉਹਦਾ ਮੱਥਾ ਛੂੰਹਦੀ ਹੈ, “ਉੱਠ ਲਾਡੋ! ਸ਼ਾਇਦ ਕੋਈ ਕਿਸ਼ਤੀ ਆ-ਜੇ ਤੇ ਅਸੀਂ ਵੀ ਨਿਕਲ ਸਕੀਏ!” ਪਰ ਚਾਂਦ ਦੀਆਂ ਅੱਖਾਂ ਤਾਂ ਅੱਥਰੂਆਂ ਨਾਲ ਭਰੀਆਂ ਸੀ। ਪਾਨਦਾਨ ਵਿਚ ਸਿਰਫ ਆਖ਼ਰੀ ਪਾਨ ਦੇਖ ਕੇ ਵੀ ਸ਼ਾਇਦ ਏਨਾ ਅਫਸੋਸ ਖਾਲਾ ਨੂੰ ਨਹੀਂ ਸੀ ਹੋਇਆ ਜਿੰਨਾ ਚਾਂਦ ਦੀਆਂ ਅੱਖਾਂ ਵਿਚ ਅੱਥਰੂ ਵੇਖ ਕੇ ਹੋਇਆ ਸੀ। ਤ੍ਰਬਕ ਕੇ ਪੁੱਛਦੀ ਹੈ, “ਕੀ ਹੋਇਆ ਕੁੜੀਏ?”
“ਮੈਂ ਕਿਤੇ ਨਹੀਂ ਜਾਣਾ ਖਾਲਾ...”
“ਕਿਉਂ?”
“ਉਸਨੇ ਕੱਲ੍ਹ ਜਾਂ ਅੱਜ ਰਾਤ ਆ ਕੇ ਲੈ ਜਾਣ ਦਾ ਵਾਅਦਾ ਕੀਤਾ ਸੀ। ਤੂੰ ਵੀ ਮੇਰੇ ਨਾਲ ਚੱਲੀਂ। ਉਹ ਮੈਨੂੰ ਪਿਆਰ ਕਰਦਾ ਏ, ਸ਼ਾਦੀ ਕਰੇਗਾ ਮੇਰੇ ਨਾਲ। ਫੇਰ ਤਾਂ ਤੂੰ ਵੀ ਮੈਨੂੰ ਨਹੀਂ ਰੋਕੇਂਗੀ, ਹੈ-ਨਾ?”
“ਤੂੰ ਉਸ ਸ਼੍ਰੀਨਿਵਾਸ ਦੀ ਗੱਲ ਕਰ ਰਹੀ ਐਂ...ਭੁੱਲ ਜਾ ਉਸਨੂੰ। ਮੇਰਾ ਨੁਕਸਾਨ ਤਾਂ ਹੋਏਗਾ ਈ ਤੂੰ ਵੀ ਟੋਏ 'ਚ ਡਿੱਗੇਂਗੀ। ਉਸਦੇ ਪਿਓ ਦਾ ਧੰਦਾ ਜਾਣਦੀ ਐਂ ਤੂੰ? ਤੈਨੂੰ ਵੀ ਕੋਕੀਨ ਫਰੋਸ਼ ਬਣਾ ਦਵੇਗਾ, ਇਕ ਦਿਨ ਫੜ੍ਹੀ ਜਾਏਂਗੀ ਤੇ ਸਾਰੀ ਉਮਰ ਜੇਲ੍ਹ ਦੀ ਚੱਕੀ ਪੀਸੇਂਗੀ। ਤੂੰ ਵੀ ਕਿਸ ਝੂਠੇ ਦੇ ਪਿਆਰ 'ਚ ਫਸ ਗਈ ਐਂ! ਹੋਰ ਸੁਣ ਕੁੜੀਏ, ਰੰਡੀ ਕਿੰਨੀ ਵੀ ਸੋਹਣੀ ਤੇ ਸਲੀਕੇਦਾਰ ਹੋਵੇ, ਕੋਈ ਉਸ ਨਾਲ ਸੱਚਾ ਪਿਆਰ ਨਹੀਂ ਕਰਦਾ। ਸਾਰਿਆਂ ਨੂੰ ਉਹ ਲੁੱਟਦੀ ਐ ਤੇ ਸਾਰੇ ਭਰਮਾ ਕੇ ਉਸਨੂੰ ਲੁੱਟਣਾ ਚਾਹੁੰਦੇ ਨੇ। ਪਿਆਰ ਨਾਂ ਦੀ ਚੀਜ ਕਿਸੇ ਵੀ ਮਜਹਬ ਵਿਚ ਹੁੰਦੀ ਤਾਂ ਕੋਠੇ ਖ਼ਾਲੀ ਹੋ ਗਏ ਹੁੰਦੇ। ਅਕਲ ਨੂੰ ਹੱਥ ਮਾਰ ਕੁੜੀਏ।”
“ਨਹੀਂ ਅੱਜ ਆਖ਼ਰੀ ਰਾਤ ਏ। ਉਹ ਕਿਸ਼ਤੀ ਲੈ ਕੇ ਆਏਗਾ, ਤੂੰ ਦੇਖ ਲਵੀਂ।”
ਬੁੱਢੀ ਖਾਲਾ ਹਾਲ ਵਿਚ ਵਾਪਸ ਆ ਕੇ ਸਿਰ ਫੜ੍ਹ ਕੇ ਬੈਠ ਗਈ। ਫੇਰ ਮੋਮਬੱਤੀ ਬਾਲ ਕੇ ਇਕ ਪਾਸੇ ਰੱਖ ਦਿੱਤੀ। ਘੜੀ ਸੱਤ ਵਜਾ ਰਹੀ ਸੀ, ਪਰ ਪੂਰੀ ਤਰ੍ਹਾਂ ਹਨੇਰਾ ਛਾ ਗਿਆ ਸੀ। ਬੁੱਢੀ ਚਾਦਰ ਲੈ ਕੇ ਕਾਲੀਨ ਉੱਤੇ ਲੇਟ ਜਾਂਦੀ ਹੈ ਤਾਂ ਮਹਿਸੂਸ ਹੁੰਦਾ ਹੈ ਸ਼ੇਰ ਖਾਂ ਦਾ ਜਿਸਮ ਉਸਨੂੰ ਛੂਹ ਰਿਹਾ ਹੈ। ਖਾਲਾ ਦੀਆਂ ਅੱਖਾਂ 'ਚੋਂ ਬੇਵੱਸੀ ਦੇ ਅੱਥਰੂ ਝਿਰਨ ਲੱਗਦੇ ਨੇ ਹਾਲਾਂਕਿ ਦਲਾਲ ਵੀ ਉਸਨੂੰ ਬੇਰਹਿਮ ਕਹਿੰਦੇ ਸਨ, ਉਹ ਕੁੜੀਆਂ ਨੂੰ ਆਰਾਮ ਨਹੀਂ ਸੀ ਕਰਨ ਦੇਂਦੀ ਹੁੰਦੀ। ਖਾਲਾ ਕੁੜੀਆਂ ਨੂੰ ਆਪਣੀ ਸਮਝ ਅਨੁਸਾਰ ਸਮਝਾਉਂਦੀ, 'ਕਮਾਅ ਲਓ ਜਿੰਨਾਂ ਕਮਾਅ ਸਕਦੀਆਂ ਓ, ਇਸ ਜਵਾਨੀ ਤੋਂ। ਜਦੋਂ ਸੋਕਾ ਪਊਗਾ ਤਾਂ ਹੁਣ ਤਾਂ ਕਮਾਇਆ-ਬਚਾਇਆ ਈ ਕੰਮ ਆਊਗਾ।'
ਮਨ ਹੀ ਮਨ ਖਾਲਾ ਦਲਾਲਾਂ ਨੂੰ ਬੁਰਾ ਭਲਾ ਕਹਿੰਦੀ ਹੈ, 'ਮੂੰਹ 'ਤੇ ਕਿੰਨੀ ਖੁਸ਼ਾਮਦ ਕਰਦੇ ਨੇ ਹਰਾਮੀ ਪਰ ਬੁਰਾ ਵੇਲਾ ਆਇਆ ਤਾਂ ਇਕ ਵੀ ਨਹੀਂ ਆਇਆ।'
ਕੋਈ ਦੋ ਘੰਟੇ ਬਾਅਦ ਅਲਮਾਰੀ ਵਿਚ ਰੱਖਿਆ ਬਿਸਕੁਟਾਂ ਦਾ ਪੈਕੇਟ ਕੱਢ ਕੇ ਚਾਂਦ ਕੋਲ ਲੈ ਜਾਂਦੀ ਹੈ ਤੇ ਕਹਿੰਦੀ ਹੈ, “ਰੋਟੀ-ਬੋਟੀ ਦੀ ਤਾਂ ਉਮੀਦ ਨਹੀਂ...ਲੈ ਅਹਿ ਬਿਸਕੁਟ ਖਾ ਲੈ।” ਚਾਂਦ ਇਨਕਾਰ ਕਰ ਦੇਂਦੀ ਹੈ ਤਾਂ ਪੈਕੇਟ ਉੱਥੇ ਮੇਜ਼ ਉੱਤੇ ਰੱਖ ਕੇ ਹਾਲ ਵਿਚ ਆ ਕੇ ਪਾਨਦਾਨ ਕੋਲ ਰੱਖ ਕੇ ਬੈਠ ਜਾਂਦੀ ਹੈ। ਆਖ਼ਰੀ ਪਾਨ ਦਾ ਪੱਤਾ ਫੇਰ ਗਿੱਲੇ ਕੱਪੜੇ ਵਿਚ ਲਪੇਟ ਕੇ ਰੱਖ ਦੇਂਦੀ ਹੈ ਤੇ ਸਰੋਤੇ ਨਾਲ ਸੁਪਾਰੀ ਕੱਟ ਕੇ ਦੋ ਦਾਣੇ ਮੂੰਹ ਵਿਚ ਪਾ ਲੈਂਦੀ ਹੈ।
ਬੜੀ ਦੇਰ ਤਕ ਆਪਣੇ ਬੀਤੇ ਵਿਚ ਗਵਾਚੀ ਰਹਿੰਦੀ ਹੈ। ਖ਼ੁਦ ਨੂੰ ਕਿੰਨਾ ਵੇਚਿਆ ਸੀ ਇਕ ਦਿਨ ਕੋਠੇ ਵਾਲੀ ਬਣਨ ਲਈ। ਇਕ ਔਲਾਦ ਵੀ ਹੋਈ ਜਿਹੜੀ ਜਿਊਂਦੀ ਨਹੀਂ ਰਹੀ। ਸ਼ੇਰ ਖਾਂ ਵੀ ਤਾਂ ਛੇ ਸੱਤ ਸਾਲਾਂ ਲਈ ਅਦ੍ਰਿਸ਼ ਹੋ ਗਿਆ ਸੀ। ਜਦੋਂ ਵਾਪਸ ਆ ਕੇ ਉਸਦੇ ਸਾਹਮਣੇ ਖੜ੍ਹਾ ਹੋਇਆ ਤਾਂ ਗਿਆਰਾਂ ਬਾਰਾਂ ਸਾਲ ਦੇ ਦੋ ਫੁੱਟੇ ਮੁੰਡੇ ਨੂੰ ਦੇਖ ਕੇ ਬੜਾ ਹੱਸੀ ਸੀ ਉਹ। ਉਦੋਂ ਹੀ ਤਾਂ ਸਾਰਾ ਸਰਮਾਇਆ ਲਾ ਕੇ ਕੋਠੇ ਦੀ ਮਾਲਕਿਨ ਬਣੀ ਸੀ। ਸਿਰਫ ਰੋਟੀ 'ਤੇ ਰਹਿਣ ਵਾਲਾ ਨੌਕਰ ਦੇਖ ਕੇ ਮਨ ਹੀ ਮਨ ਖਿੜਪੁੜ ਗਈ ਸੀ। 'ਅੱਜ ਕੋਠੇ ਦੇ ਇਲਾਵਾ ਲੱਖ ਸਵਾ ਲੱਖ ਬੈਂਕ ਵਿਚ ਬੈਲੇਂਸ ਪਿਆ ਹੈ। ਕੀ ਬਣੇਗਾ ਇਸ ਦੌਲਤ ਦਾ? ਚਾਂਦ ਸ਼੍ਰੀਨਿਵਾਸ ਨਾਲ ਜਾ ਰਹੀ ਹੈ। ਸ਼ੇਰ ਖਾਂ ਨੂੰ ਦਿਆਂ ਤਾਂ ਵੀ ਕੌਣ ਉਸਦਾ ਘਰ ਵਸਾਏਗੀ? 'ਪਰ ਇਹ ਕੰਬਖ਼ਤ ਸ਼ੇਰ ਖਾਂ ਹੈ ਕਿੱਥੇ?' ਸੜਕ ਦਾ ਪਾਣੀ ਵੱਖਰਾ ਕੰਧਾਂ ਨਾਲ ਸਿਰ ਮਾਰ-ਮਾਰ ਕੇ ਸਮੁੰਦਰ ਦੀ ਨਕਲ ਕਰ ਰਿਹਾ ਹੈ।
ਕੰਧ ਘੜੀ ਦਸ ਵਜਾ ਰਹੀ ਸੀ। ਕੁਛ ਭੁੱਖ ਵੀ ਲੱਗੀ ਹੋਈ ਸੀ ਪਰ ਖਾਏ ਕੀ? ਚਾਂਦ ਤਾਂ ਪਾਣੀ ਵੀ ਨਹੀਂ ਸੀ ਪੀ ਰਹੀ ਤੇ ਸ਼ੇਰ ਖਾਂ ਪਤਾ ਨਹੀਂ ਸ਼ਹਿਰ ਦੀ ਕਿਸ ਨੁਕਰੇ ਭੁੱਖਾ ਬੈਠਾ ਹੋਵੇਗਾ। ਚੰਗੀਆਂ ਰਹੀਆਂ ਉਹ ਕੁੜੀਆਂ, ਮੌਜ ਨਾਲ ਖਾ-ਪੀ ਕੇ ਸਰਕਾਰੀ ਬਿਸਤਰਿਆਂ 'ਤੇ ਪਈਆਂ ਹੋਣਗੀਆਂ।
ਚੁੱਪਚਾਪ ਜਾ ਕੇ ਚਾਂਦ ਨਾਲ ਲੇਟ ਜਾਂਦੀ ਹੈ। ਚਾਂਦ ਸੁੱਤੀ ਸੀ ਜਾਂ ਅੱਖਾਂ ਬੰਦ ਕਰੀ ਪਈ ਸੀ ਪਤਾ ਹੀ ਨਹੀਂ ਸੀ ਲੱਗ ਰਿਹਾ। ਝੂਟਿਆਂ ਵਿਚ ਨੀਂਦ ਆਉਂਦੀ ਰਹੀ। ਸਵੇਰੇ ਛੇ ਵਜੇ ਅੱਖ ਖੁੱਲ੍ਹ ਗਈ। ਖਿੜਕੀ ਵਿਚੋਂ ਬਾਹਰ ਦੇਖਿਆ ਤਾਂ ਪਤਾ ਲੱਗਿਆ ਮੀਂਹ ਬੜਾ ਹਲਕਾ ਹੋ ਗਿਆ ਹੈ। ਚਾਂਦ ਸੱਚਮੁੱਚ ਉਸ ਵੇਲੇ ਸੁੱਤੀ ਪਈ ਸੀ। ਬੁੱਢੀ ਖਾਲਾ ਬੁੜਬੁੜ ਕਰਦੀ ਹੈ, 'ਸੁਪਨੇ ਲੈ ਰਹੀ ਹੋਵੇਗੀ, ਆਪਣੇ ਆਸ਼ਕ ਦੀਆਂ ਬਾਹਾਂ 'ਚ ਪਈ ਐ।'
ਕਹਿੰਦੇ ਨੇ, ਮੁੰਬਈ ਕਦੀ ਰੁਕਦਾ ਨਹੀਂ। ਪਰਸੋਂ ਸ਼ਾਮ ਨੂੰ ਸੜਕਾਂ 'ਤੇ ਪਾਣੀ ਆ ਗਿਆ ਸੀ ਪਰ ਇਲਾਹੀ ਦਾ ਹੋਟਲ ਤੇ ਸੰਤੋਖ ਭਵਨ ਖੁੱਲ੍ਹਾ ਰਿਹਾ ਸੀ। ਬਿਲਕੀਸ ਦੇ ਢਿੱਡ ਵਿਚ ਦਰਦ ਸੀ ਇਸ ਲਈ ਉਸਦਾ ਖਾਣਾ ਰਕਾਬੀ ਵਿਚ ਪਿਆ ਸੀ। ਕੱਲ੍ਹ ਸਵੇਰੇ ਉਹਨਾਂ ਉਹੀ ਖਾ ਲਿਆ ਸੀ। ਚਾਂਦ ਨੇ ਸਿਰਫ ਆਪਣੇ ਕੋਲ ਰੱਖੇ ਬਿਸਕੁਟ ਖਾਧੇ ਸਨ। ਸ਼ਾਮ ਤਕ ਪਾਨਦਾਨ ਵਿਚ ਵੀ ਆਖ਼ਰੀ ਪਾਨ ਰਹਿ ਗਿਆ ਸੀ।
ਕੁਰਲੀ ਕਰਕੇ ਖਾਲਾ ਨੇ ਪਾਨ ਲਾ ਕੇ ਮੂੰਹ ਵਿਚ ਪਾ ਲਿਆ। ਆਖ਼ਰੀ ਪੱਤੇ ਨੇ ਮੂੰਹ ਖ਼ੁਸ਼ਬੂ ਨਾਲ ਭਰ ਦਿੱਤਾ। ਅੱਠ ਵੱਜ ਚੁੱਕੇ ਸਨ। ਖਿੜਕੀ ਵਿਚੋਂ ਦੇਖਦੀ ਹੈ, ਏਨਾ ਪਾਣੀ ਅਜੇ ਵੀ ਸੀ ਕਿ ਆਦਮੀ ਡੁੱਬ ਜਾਵੇ। ਸ਼ੇਰ ਖਾਂ ਦੀ ਯਾਦ ਸਤਾਉਂਦੀ ਹੈ...ਕਿੰਜ ਆ ਸਕਦਾ ਐ ਵਿਚਾਰਾ? ਚੱਸ ਜ਼ੋਰ ਮਾਰਦੀ ਹੈ, ਪਰ ਮਜ਼ਬੂਰੀ ਸੀ। ਕਿੰਨਾ ਕਿਹਾ ਸੀ ਕੁੜੀਆਂ ਨੇ...ਪੰਜ ਰਹਿਣ ਦਿਓ ਤੁਸੀਂ ਤਾਂ ਹਾਲ 'ਚ ਸੌਂਦੇ ਓ। ਤੁਹਾਡੇ ਕਮਰੇ 'ਚ ਖਾਣਾ ਬਣਾਉਣਾ ਸ਼ੁਰੂ ਕਰ ਦਿਆਂਗੇ। ਸਾਰੇ ਰਲ ਕੇ ਖਰਚਾ ਕਰ ਲਿਆ ਕਰਾਂਗੇ। ਉਦੋਂ ਖਾਲਾ ਪਤਾ ਨਹੀਂ ਕਿਉਂ ਪੈਸੇ ਦੇ ਮੋਹ ਵਿਚ ਡੁੱਬ ਗਈ ਸੀ—'ਨਾ ਨਾ! ਮੈਂ ਕੋਠੇ 'ਤੇ ਧੁੰਆਂ ਨਹੀਂ ਕਰਨ ਦੇਣਾ। ਆਪਣਾ ਆਪਣਾ ਮੰਗਾਓ ਤੇ ਖਾਓ।' ਮਹਿਸੂਸ ਹੁੰਦਾ ਹੈ ਸ਼ਹਿਰ ਵਿਚ ਕਮਾਈ ਕਰਨ ਲਈ ਆਏ ਲੋਕ, ਜਿਹਨਾਂ ਦੇ ਪਰਿਵਾਰ ਪਿੱਛੇ ਪਿੰਡਾਂ ਵਿਚ ਰਹਿੰਦੇ ਨੇ, ਅੱਜ ਬੰਦ ਹੋਟਲ ਉਹਨਾਂ ਨੂੰ ਵੀ ਤਰਸਾ ਰਹੇ ਹੋਣਗੇ, ਜਿਹਨਾਂ ਆਪਣੀ ਜ਼ਿੰਦਗੀ ਇੱਥੇ ਕੱਟਣੀ ਏ...ਉਹਨਾਂ ਨੂੰ ਵੀ ਅੰਗੂਠਾ ਵਿਖਾ ਰਹੇ ਨੇ।
ਉਹਨੂੰ ਯਾਦ ਆਉਂਦਾ ਹੈ ਮੁੰਨੀ ਆਪਣੀ ਕੋਠੜੀ ਵਿਚ ਨਮਕੀਨ ਦੇ ਪੈਕੇਟ ਮੰਗਵਾ ਕੇ ਰੱਖਦੀ ਸੀ ਤੇ ਮੌਕਾ ਮਿਲਦਿਆਂ ਹੀ ਫੱਕਾ ਮਾਰ ਲੈਂਦੀ ਸੀ। ਖਾਲਾ ਹੌਲੀ ਹੌਲੀ ਕਮਰੇ ਦਾ ਦਰਵਾਜ਼ਾ ਖੋਹਲਦੀ ਹੈ। ਹਨੇਰਾ ਬਾਹਰ ਛਾਲ ਮਾਰ ਆਉਂਦਾ ਹੈ ਪਰ ਬੜਾ ਹੀ ਘਟ ਚਾਨਣ ਅੰਦਰ ਪ੍ਰਵੇਸ਼ ਕਰਦਾ ਹੈ। ਉਹ ਪਲੰਘ ਦੀ ਪੱਟੀ ਫੜ੍ਹ ਕੇ ਛੋਟੀ ਜਿਹੀ ਅਲਮਾਰੀ ਵੱਲ ਵਧਣਾ ਚਾਹੁੰਦੀ ਸੀ ਕਿ ਪੈਰ ਹੇਠ 'ਪਿੱਚ' ਕਰਕੇ ਕੁਛ ਆ ਜਾਂਦਾ ਹੈ। ਘਿਣ ਆਉਂਦੀ ਹੈ ਮਨ ਹੀ ਮਨ ਇਹ ਸੋਚ ਕੇ ਕਿ ਰੰਡੀਆਂ ਦੇ ਕਮਰੇ ਵਿਚ ਹੋਰ ਹੋ ਵੀ ਕੀ ਸਕਦੈ...। ਅਲਮਾਰੀ ਖੋਹਲਦੀ ਹੈ ਪਰ ਉੱਥੇ ਨਮਕੀਨ ਦੇ ਪੈਕੇਟ ਦਾ ਖ਼ਾਲੀ ਲਿਫ਼ਾਫ਼ਾ ਵੀ ਨਹੀਂ ਹੁੰਦਾ। ਬੁੜਬੁੜ ਕਰਨ ਲੱਗ ਪੈਂਦੀ ਹੈ...'ਪੋਟਲੀ ਵਿਚ ਬੰਨ੍ਹ ਕੇ ਲੈ ਗਈ ਹੋਊਗੀ। ਰਾਤੀਂ ਬਿਸਤਰੇ ਵਿਚ ਵੜ ਕੇ ਫੱਕੇ ਮਾਰੀ ਗਈ ਹੋਊਗੀ ਕੰਬਖ਼ਤ।'
ਨਿਰਾਸ਼ ਹੋ ਕੇ ਹਾਲ ਵਿਚ ਪਏ ਸੋਫੇ ਉੱਤੇ ਆ ਬੈਠਦੀ ਹੈ। ਇਸੇ ਸੋਫੇ ਉੱਤੇ ਬੈਠ ਕੇ ਨਾਨਕ ਪਰਾਂਜਏ ਚਾਂਦ ਦਾ ਨਾਚ ਵੇਖਦਾ ਹੋਇਆ ਨੋਟ ਲੁਟਾਉਂਦਾ ਹੁੰਦਾ ਸੀ। 'ਸ਼ਹਿਰ ਦਾ ਵੱਡਾ ਸਰਮਾਏਦਾਰ ਹੈ। ਚਾਹੁੰਦਾ ਤਾਂ ਆਪਣੀ ਕਿਸ਼ਤੀ ਕਰਕੇ ਵੀ ਆ ਸਕਦਾ ਸੀ ਕਮੀਨਾ। ਬਾਈਕੋ ਦੀਆਂ ਤਲੀਆਂ ਚੱਟਦਾ ਖੋਲੀ ਵਿਚ ਪਿਆ ਹੋਊਗਾ।'
ਫੇਰ ਹੱਥ ਫੇਰਦੀ ਹੈ ਆਪਣੀ ਗਰਦਨ ਉੱਤੇ ਤੇ ਦੁਪੱਟਾ ਫੜ੍ਹ ਕੇ ਦੁਆ ਲਈ ਹੱਥ ਪਸਾਰ ਲੈਂਦੀ ਹੈ, 'ਕੁੜੀਆਂ ਦੀ ਮੈਨੂੰ ਫਿਕਰ ਨਹੀਂ। ਉਹਨਾਂ ਨਾਲ ਉਹਨਾਂ ਦੇ ਜਵਾਨ ਜਿਸਮ ਐ। ਜਿੱਥੇ ਵੀ ਰਹਿਣਗੀਆਂ ਜਿਸਮ ਨਾਲ ਕਮਾਅ ਲੈਣਗੀਆਂ। ਅੱਲ੍ਹਾ ਸ਼ੇਰ ਖਾਂ ਨੂੰ ਭੇਜ ਦੇਅ।'
ਅੰਦਰੋਂ ਸਵਾਲ ਉਠਦਾ ਹੈ, ਕੌਣ ਹੈ ਉਹ ਢਾਈ ਫੁੱਟਾ ਸ਼ੇਰ ਖਾਂ ਤੇਰਾ? ਮੁੰਡਾ, ਨੌਕਰ ਜਾਂ ਖਸਮ! ਕਿਉਂ ਕਰਦੀ ਏਂ ਉਹਦੀ ਫਿਕਰ। ਕੋਠੇ 'ਤੇ ਆਣ ਕੇ ਰਿਸ਼ਤੇ ਖ਼ਤਮ ਹੋ ਜਾਂਦੇ ਨੇ। ਸਿਰਫ ਜਿਸਮ ਜਿਊਂਦੇ ਨੇ ਨੋਟਾਂ ਦੀ ਖ਼ੁਰਾਕ ਉੱਤੇ।
ਬੁੱਢੀ ਖਾਲਾ ਦੀਆਂ ਅੱਖਾਂ ਸਿੱਜਲ ਹੋ ਜਾਂਦੀਆਂ ਨੇ...ਰਿਸ਼ਤੇ ਦੀ ਨਹੀਂ ਜਾਣਦੀ ਉਹ, ਪਰ ਉਸ ਬਿਨਾਂ ਮੇਰਾ ਤੇ ਮੇਰੇ ਬਿਨਾਂ ਉਸਦਾ ਜਿਊਣਾ ਮੁਸ਼ਕਿਲ ਐ।
ਪਤਾ ਨਹੀਂ ਕਿੰਨੀ ਦੇਰ ਗੁੰਮਸੁੰਮ ਬੈਠੀ ਰਹੀ, ਖ਼ਾਲਾ। ਘੜੀ ਗਿਆਰਾਂ ਵਜਾ ਰਹੀ ਸੀ। ਉਦੋਂ ਹੀ ਚਾਂਦ ਦੀ ਰੁੱਖੜ ਆਵਾਜ਼ ਆਈ, “ਕਿਸ ਦਾ ਮਾਤਮ ਮਨਾ ਰਹੀਂ ਏਂ ਖਾਲਾ! ਇਕ ਦਿਨ ਤਾਂ ਸਾਰਿਆਂ ਜਾਣਾ ਈ ਏ। ਇੱਥੇ ਕੋਈ ਕਿਸੇ ਦਾ ਨਹੀਂ। ਇਸ ਦੁਨੀਆਂ ਵਿਚ ਰਿਸ਼ਤੇ ਕਿੱਥੇ ਵਿਕਦੇ ਨੇ।” ਚਾਂਦ  ਸ਼੍ਰੀਨਿਵਾਸ ਦਾ ਧੋਖਾ ਰੜਕ ਰਿਹਾ ਸੀ।
ਬੁੱਢੀ ਖਾਲਾ ਸਭ ਸਮਝਦੀ ਹੋਈ ਵੀ ਕਹਿੰਦੀ ਹੈ, “ਅੱਲ੍ਹਾ ਤੋਂ ਰਹਿਮਤ ਦੀ ਭੀਖ ਮੰਗ ਰਹੀ ਸੀ।”
ਉਦਾਸ ਹਾਸਾ ਹੱਸਦੀ ਹੈ ਚਾਂਦ, “ਅੱਲ੍ਹਾ ਰੰਡੀਆਂ ਨੂੰ ਭੀਖ ਨਹੀਂ ਦੇਂਦਾ ਖਾਲਾ।”
ਕੋਲ ਆਣ ਬੈਠੀ ਚਾਂਦ ਨੂੰ ਖ਼ਾਲਾ ਹਿੱਕ ਨਾਲ ਘੁੱਟ ਲੈਂਦੀ ਹੈ। ਉਦੋਂ ਹੀ ਕੁਛ ਛਪਛਪ ਦੀਆਂ ਆਵਾਜ਼ਾਂ ਖ਼ਾਲਾ ਦੇ ਕੰਨ ਕਰ ਦੇਂਦੀਆਂ ਨੇ। ਉਹਨੂੰ ਲੱਗਦਾ ਹੈ, ਸ਼ੇਰ ਖ਼ਾਂ ਪਰਤ ਆਇਆ ਹੈ। ਚਾਂਦ ਨੂੰ ਜਰਾ ਪਰ੍ਹਾਂ ਸਰਕਾ ਕੇ ਮੁੱਖ ਦਰਵਾਜ਼ਾ ਖੋਲ੍ਹ ਕੇ ਪੌੜੀਆਂ ਤੋਂ ਸੜਕ 'ਤੇ ਨਿਗਾਹ ਮਾਰਦੀ ਹੈ। ਪਾਣੀ ਮੁਸ਼ਕਿਲ ਨਾਲ ਬੂਟਾਂ ਦੇ ਬੰਨ੍ਹ ਤੀਕ ਰਹਿ ਗਿਆ ਸੀ। ਹੇਠਾਂ ਆ ਕੇ ਇਲਾਹੀ ਦੇ ਹੋਟਲ, ਸੰਤੋਖ ਭਵਨ ਰੇਸਤਰਾਂ ਤੇ ਪਾਰਕ ਵੱਲ ਦੇਖਦੀ ਹੈ ਜਿੱਥੇ ਸੜਕ ਅਜੇ ਵੀ ਪਾਣੀ ਵਿਚ ਡੁੱਬੀ ਹੋਈ ਹੈ।
ਬੁੱਢੀ ਖਾਲਾ ਪਲਟ ਆਉਂਦੀ ਹੈ। ਚਾਂਦ ਯੱਖ ਆਵਾਜ਼ ਵਿਚ ਕਹਿੰਦੀ ਵਿਚ ਕਹਿੰਦੀ ਹੈ, “ਰੰਡੀ ਦੀ ਨਿਜਾਤ (ਮੁਕਤੀ) ਸਿਰਫ ਮੌਤ ਕੋਲ ਹੈ।”
ਬੁੱਢੀ ਖਾਲਾ ਉਹਦੀ ਠੋਡੀ ਛੂਹ ਕੇ ਕਹਿੰਦੀ ਹੈ, “ਮਰਨ ਤੇਰੇ ਦੁਸ਼ਮਣ! ਮੈਂ ਕਿਤੋਂ ਕੁਛ ਖਾਣ ਲਈ ਲਿਆਉਂਦੀ ਆਂ” ਚਾਂਦ ਦਾ ਮੂੰਹ ਉਤਰਿਆ ਹੋਇਆ ਸੀ। ਕੱਲ੍ਹ ਦਾ ਉਸਨੇ ਕੁਝ ਖਾਧਾ ਵੀ ਨਹੀਂ ਸੀ।
ਪੈਰਾਂ ਵਿਚ ਜੁੱਤੀ ਪਾ ਕੇ ਖਾਲਾ ਦਬੜ ਦਬੜ ਹੇਠਾਂ ਉਤਰ ਜਾਂਦੇ ਹੈ। ਸੜਕ ਉੱਤੇ ਹੁਣ ਪਾਣੀ ਨਾਂ ਮਾਤਰ ਦਾ ਸੀ, ਪਰ ਚਿੱਕੜ ਹੀ ਚਿੱਕੜ ਸੀ। ਕੁਛ ਲੋਕ ਸੌ ਕੁ ਗਜ ਦੂਰ ਬਾਪਟ ਚੌਕ ਵੱਲ ਦੌੜੇ ਜਾ ਰਹੇ ਸੀ। ਖਾਲਾ ਦੀ ਜੁੱਤੀ ਚਿੱਕੜ ਵਿਚ ਫਸ ਜਾਂਦੀ ਹੈ ਤਾਂ ਦੂਜੀ ਨੂੰ ਵੀ ਉੱਥੇ ਹੀ ਛੱਡ ਕੇ ਉਹ ਚਿੱਕੜ ਭਰੇ ਪੈਰਾਂ ਨਾਲ ਅੱਗੇ ਤੁਰ ਜਾਂਦੀ ਹੈ। ਬਾਪਟ ਚੌਕ ਵਿਚ ਟਰੱਕ ਖੜ੍ਹਾ ਸੀ। ਪਾਲੀਥੀਨ ਦੇ ਪੈਕੇਟਾਂ ਵਿਚ ਛੇ ਪੂਰੀਆਂ ਤੇ (ਬਟਾਟਾ) ਆਲੂਆਂ ਦੀ ਸਬਜ਼ੀ ਵੰਡੀ ਜਾ ਰਹੀ ਸੀ। ਲੋਕ ਭਿਖਾਰੀਆਂ ਵਾਂਗ ਕਤਾਰ ਬੰਨ੍ਹੀ ਖੜ੍ਹੇ ਸਨ। ਬੁੱਢੀ ਖਾਲਾ ਵੀ ਕਤਾਰ ਵਿਚ ਲੱਗ ਜਾਂਦੀ ਹੈ। ਪੈਕੇਟ ਹੱਥ ਵਿਚ ਆਉਂਦਾ ਹੈ ਤਾਂ ਆਦਤਨ ਝੂਠ, ਜ਼ੁਬਾਨ 'ਤੇ ਆ ਜਾਂਦਾ ਹੈ, “ਘਰੇ ਦੋ ਜਵਾਨ ਕੁੜੀਆਂ ਭੁੱਖੀਆਂ ਬੈਠੀਐਂ, ਬੇਟਾ।”
ਪੈਕੇਟ ਵੰਡਣ ਵਾਲਾ ਝੂਠ ਨੂੰ ਸਮਝ ਕੇ ਦੋ ਹੋਰ ਪੈਕੇਟ ਫੜਾਉਂਦਾ ਹੋਇਆ, ਮਰਾਠੀ ਵਿਚ, ਕੁਝ ਕਹਿੰਦਾ ਹੈ। ਖਾਲਾ ਦੀ ਸਮਝ ਵਿਚ ਕੁਝ ਨਹੀਂ ਆਉਂਦਾ।
ਇਕ ਭਿਖਾਰਣ ਵਾਂਗ ਹੀ ਪੈਕੇਟ ਵਰਤਾਉਣ ਵਾਲੇ ਨੂੰ ਦੁਆਵਾਂ ਦੇਂਦੀ ਹੋਈ ਮੁੜਦੀ ਹੈ। ਚਾਰੇ ਪਾਸੇ ਨਿਗਾਹ ਮਾਰਦੀ ਹੈ ਪਰ ਚਾਹ ਦਾ ਗੇੜ ਨਹੀਂ ਬਣਦਾ ਕਿਉਂਕਿ ਸਾਰੀਆਂ ਦੁਕਾਨਾਂ ਬੰਦ ਨੇ। ਇਕ ਮਰੀਅਲ ਜਿਹਾ ਭਿੱਜਿਆ ਹੋਇਆ ਕਾਲਾ ਕੁੱਤਾ ਉਸਦੇ ਪਿੱਛੇ ਪਿੱਛੇ ਹੋ ਲੈਂਦਾ ਹੈ ਕਿਉਂਕਿ ਉਸਨੂੰ ਤਾਂ ਪੈਕੇਟ ਦਿੱਤਾ ਨਹੀਂ ਸੀ ਗਿਆ। ਜਿੱਥੇ ਜੁੱਤੀਆਂ ਛੁੱਟੀਆਂ ਸਨ ਉੱਥੇ ਗਹੁ ਨਾਲ ਵੇਖਦੀ ਹੈ। ਅਚਾਨਕ ਇਕ ਦੁਕਾਨ ਦੇ ਤਖ਼ਤਪੋਸ਼ ਹੇਠ ਪਈ ਇਕ ਕੁੱਤੇ ਦੀ ਲਾਸ਼ ਦਿਖਾਈ ਦੇਂਦੀ ਹੈ। ਉਸਦੇ ਮਨ ਵਿਚ ਆਉਂਦਾ ਹੈ, ਇਕ ਪੈਕੇਟ ਖੋਲ੍ਹ ਕੇ ਪੂਰੀਆਂ ਪਿੱਛੇ ਆ ਰਹੇ ਕੁੱਤੇ ਨੂੰ ਪਾ ਦਵੇ। ਫੇਰ ਮਨ ਨੂੰ ਹਿੜਕਦੀ ਹੈ, ਸ਼ੇਰ ਖਾਂ ਵੀ ਤਾਂ ਭੁੱਖਾ ਆਵੇਗਾ।
ਖਾਲਾ ਪੌੜੀਆਂ ਚੜ੍ਹ ਜਾਂਦੀ ਹੈ ਤੇ ਕੁੱਤਾ ਹੇਠਾਂ ਹੀ ਖੜ੍ਹਾ ਰਹਿ ਜਾਂਦਾ ਹੈ। ਇਕ ਵਾਰੀ ਆਪਣਾ ਸਰੀਰ ਛੰਡਦਾ ਹੈ ਤੇ ਪਰਤ ਜਾਂਦਾ ਹੈ, ਟਰੱਕ ਵੱਲ।
ਉਪਰ ਪਹੁੰਚ ਕੇ ਕੱਲ੍ਹ ਗਈਆਂ ਪੰਜੇ ਕੁੜੀਆਂ ਨੂੰ ਕਾਲੀਨ 'ਤੇ ਬੈਠਿਆਂ ਦੇਖਦੀ ਹੈ। ਉਹਨਾਂ ਦੇ ਚਿਹਰਿਆਂ ਉੱਤੇ ਮੁਦਾਨੀ ਛਾਈ ਹੋਈ ਸੀ। ਬੁੱਢੀ ਖਾਲਾ ਨੇ ਸੋਚਿਆ ਕਿ ਇਹ ਸਾਰੀਆ ਖਾਣਗੀਆਂ ਤਾਂ ਪੂਰੀਆਂ ਘਟ ਜਾਣਗੀਆਂ ਪਰ ਛੇਤੀ ਹੀ ਪੂਰੀਆਂ ਨੂੰ ਭੁੱਲ ਕਮਲੀ ਨੂੰ ਪਲੋਸ ਰਹੀ ਸੀ ਜਿਹੜੀ ਉਸਨੂੰ ਵਿਹੰਦਿਆਂ ਹੀ ਉੱਚੀ-ਉੱਚੀ ਰੋਣ ਲੱਗ ਪਈ ਸੀ, “ਕਮੀਨੇ ਸ਼ਰੀਫ਼ਜਾਦਿਆਂ ਨੇ ਸਾਨੂੰ ਇਮਾਰਤ ਵਿਚ ਨਹੀਂ ਰਹਿਣ ਦਿੱਤਾ। ਬਾਹਰ ਇਕ ਵੱਖਰੇ ਤੰਬੂ ਵਿਚ ਫਰਸ਼ 'ਤੇ ਪੈਣਾ ਪਿਆ। ਖਾ-ਪੀ ਕੇ ਗਿੱਲੇ ਕਪੜਿਆਂ ਵਿਚ ਹੀ ਲੇਟੇ ਸਾਂ ਕਿ ਪੁਲਿਸ ਦੇ ਸਾਨ੍ਹ ਟੁੱਟ ਪਏ। ਰਾਤ ਭਰ ਇਕ ਜਾਂਦਾ ਦੂਜਾ ਆਉਂਦਾ। ਬੜੀਆਂ ਮਿੰਨਤਾਂ ਕੀਤੀਆਂ...ਹਜੂਰ ਤੁਸੀਂ ਤਾਂ ਸਾਨੂੰ ਹਿਫਾਜ਼ਤ ਵਾਲੀ ਥਾਂ ਲਿਆਏ ਓ। ਅਫ਼ਸਰ ਸੀ ਉਹਨਾਂ ਦਾ। ਮੋਢੇ 'ਤੇ ਕਈ ਬਿੱਲੇ ਲੱਗੇ ਸੀ, ਘੁਰਕ ਕੇ ਪਿਆ...'ਤੁਹਾਨੂੰ ਕੀ ਫਰਕ ਪੈਂਦੇ?' ਅੰਮਾਂ ਕੀ ਅਸੀਂ ਇਨਸਾਨ ਨਹੀਂ?”
ਚਾਂਦ ਕੁਸੈਲੀ ਜਿਹੀ ਆਵਾਜ਼ ਵਿਚ ਕਹਿੰਦੀ ਹੈ, “ਤੇ ਰੰਡੀ ਬਲਾਤਕਾਰ ਦੀ ਰਿਪੋਰਟ ਵੀ ਨਹੀਂ ਲਿਖਵਾ ਸਕਦੀ। ਔਰਤ ਹੋ ਕੇ ਵੀ ਉਹ ਔਰਤ ਨਹੀਂ ਹੁੰਦੀ, ਹੈ-ਨਾ ਖਾਲਾ?”
ਇਕ ਹਊਕਾ ਜਿਹਾ ਖਿੱਚ ਕੇ ਬੁੱਢੀ ਖਾਲਾ ਕਹਿੰਦੀ ਹੈ, “ਦੋ-ਦੋ ਪੂਰੀਆਂ ਖਾ ਲਓ ਸਾਰੇ। ਚੌਰਾਹੇ 'ਤੇ ਟਰੱਕ ਖੜ੍ਹੈ। ਮੈਂ ਹੋਰ ਲਿਆਉਣੀ ਆਂ...”
ਕੁੜੀਆਂ ਖਾਣੇ ਕੇ ਵੱਡੇ-ਵੱਡੇ ਪੈਕੇਟ ਪੋਟਲੀਆਂ ਵਿਚੋਂ ਕੱਢ ਸਾਹਮਣੇ ਰੱਖ ਦੇਂਦੀਆਂ ਨੇ, “ਆਉਣ ਲੱਗਿਆਂ ਸਾਰਿਆਂ ਨੂੰ ਦੋ-ਦੋ ਦਿਨਾਂ ਦਾ ਖਾਣਾ ਮਿਲਿਆ ਏ।”
ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਮੁੰਨੀ ਫਰਿਜ ਵਿਚੋਂ ਪਾਣੀ ਵਾਲੀ ਬੋਤਲ ਕੱਢ ਲਿਆਉਂਦੀ ਹੈ। ਜਿਹੜੀ ਬਿਜਲੀ ਨਾ ਹੋਣ 'ਤੇ ਵੀ ਠੰਡੀ ਸੀ। ਬਿਲਕੀਸ ਕੁਸੈਲਾ ਜਿਹਾ ਹਾਸਾ ਹੱਸ ਕੇ ਕਹਿੰਦੀ ਹੈ, “ਇਹ ਬੋਤਲਾਂ ਵੀ ਰੰਡੀਆਂ ਸਾਡੇ ਵਰਗੀਆਂ ਬੇਸ਼ਰਮ ਨੇ।”
ਚਾਂਦ ਕਹਿੰਦੀ ਹੈ, “ਨਹੀਂ ਅਸੀਂ ਮਰਦਾਂ ਦੀ ਹਵਸ ਦਾ ਚਿੱਕੜ ਭਰਿਆ ਤਲਾਅ ਆਂ। ਉਹ ਗਾਣਾ ਤੇ ਨਾਚ ਵੇਖ ਰਹੇ ਹੁੰਦੇ ਨੇ ਪਰ ਉਹਨਾਂ ਦੀਆਂ ਨਜ਼ਰਾਂ ਸਾਡੇ ਕੱਪੜਿਆਂ ਅੰਦਰ ਕੁਛ ਹੋਰ ਹੀ ਟੋਹ-ਟਟੋਲ ਰਹੀਆਂ ਹੁੰਦੀਆਂ ਨੇ।”
ਹੌਲੀ ਹੌਲੀ ਕੁੜੀਆਂ ਕੁਝ ਸਹਿਜ ਦਿਖਾਈ ਦੇਣ ਲੱਗਦੀਆਂ। ਫੇਰ ਉਹ ਹੱਸਣ ਵੀ ਲੱਗੀਆਂ। ਮੁੰਨੀ ਚਾਂਦ ਨੂੰ ਪੁੱਛਦੀ ਹੈ, “ਤੇਰੇ ਆਸ਼ਿਕ ਦਾ ਕੀ ਬਣਿਆ ਨੀਂ?”
ਚਾਂਦ ਚੁੱਪ ਰਹਿੰਦੀ ਹੈ ਪਰ ਬਿਲਕੀਸ ਕਹਿੰਦੀ ਹੈ, “ਧੋਖਾ ਖਾ ਕੇ ਈ ਕਾਮਯਾਬ ਰੰਡੀ ਬਣਿਆ ਜਾ ਸਕਦਾ ਏ। ਸਾਥੋਂ ਵਧ ਇਹ ਖਾਲਾ ਇਸ ਸੱਚ ਨੂੰ ਜਾਣਦੀ ਹੋਵੇਗੀ। ਪਰ ਉਸਦੀਆਂ ਝਿੜਕਾਂ ਵਿਚਲੇ ਸੱਚ ਨੂੰ ਅਸੀਂ ਸਮਝ ਨਹੀਂ ਸਕਦੀਆਂ।”
ਬੁੱਢੀ ਖਾਲਾ ਨੂੰ ਸੁਣ ਕੇ ਚੰਗਾ ਲੱਗਿਆ। ਇੰਜ ਮਹਿਸੂਸ ਹੋਇਆ ਜਿਵੇਂ ਕੁੜੀਆਂ ਉਸਦੀਆਂ ਗੱਲਾਂ ਦੇ ਸਹੀ ਮੰਤਕ ਤਕ ਪਹੁੰਚ ਰਹੀ ਹੋਣ। “ਇਹ ਸੱਚ ਹੈ ਕਿ ਦੁਨੀਆਂ ਦੀ ਕੋਈ ਤਾਕਤ ਸਾਡੇ ਉੱਤੇ ਮਿਹਰਬਾਨ ਨਹੀਂ। ਔਰਤ ਹੋ ਕੇ ਵੀ ਔਰਤਾਂ ਸਾਡੀ ਮਜ਼ਬੂਰੀ ਨੂੰ ਅੱਖੋਂ ਪਰੋਖੇ ਕਰਕੇ ਸਾਨੂੰ ਨਫ਼ਰਤ ਕਰਦੀਆਂ ਨੇ। ਮਰਦ ਜਿਹੜੇ ਸਾਡੇ ਤਕ ਨਹੀਂ ਪਹੁੰਚ ਸਕਦੇ, ਅੰਦਰੇ ਅੰਦਰ ਸਾਡੇ ਵੱਲ ਦੌੜਦੇ ਰਹਿੰਦੇ ਨੇ। ਜਿਹੜੇ ਪਹੁੰਚਦੇ ਨੇ ਕੁਝ ਸਿਕੇ ਫੜਾ ਕੇ ਸਾਡੇ ਜਿਸਮ ਨੂੰ ਪੂਰੀ ਤਰ੍ਹਾਂ ਟੋਹੰਦੇ ਟਟੋਲਦੇ, ਨਿਚੋੜ ਲੈਣਾ ਚਾਹੁੰਦੇ ਨੇ। ਦੁਨੀਆਂ ਦੀ ਕੋਈ ਸਰਕਾਰ ਨਾ ਤਾਂ ਸਾਡੇ ਪੇਸ਼ੇ ਨੂੰ ਇੱਜ਼ਤ ਨਾਲ ਵੇਖਦੀ ਹੈ ਤੇ ਨਾ ਕੁਝ ਕਰਨਾ ਚਾਹੁੰਦੀ ਹੈ। ਵੈਸੇ ਘਰੇਲੂ ਔਰਤ ਵੀ ਕਿਹੜਾ ਆਪਣੀ ਜ਼ਿੰਦਗੀ ਜਿਊਂ ਰਹੀ ਏ—ਉਸ ਦਾ ਵੀ ਤਾਂ ਹਰ ਪਲ ਦੂਜਿਆਂ ਵਾਸਤੇ ਖਰਚ ਹੋ ਰਿਹੈ। ਕੁਰਬਾਨੀ ਕਹਿ ਕੇ ਉਸਨੂੰ ਸ਼ਾਬਾਸੀ ਦੀ ਸੂਲੀ ਉੱਤੇ ਲਟਕਾ ਦਿੱਤਾ ਜਾਂਦਾ ਐ।”
ਥੋੜ੍ਹਾ ਬਹੁਤਾ ਖਾ ਕੇ ਕੁੜੀਆਂ ਹਾਲ ਦੇ ਗਲੀਚੇ ਉੱਤੇ ਹੀ ਪਸਰ ਜਾਂਦੀਆਂ ਨੇ। ਬਿਲਕੀਸ ਚਾਂਦ ਦੇ ਗਲ਼ੇ ਵਿਚ ਬਾਹਾਂ ਪਾ ਕੇ ਉਸਨੂੰ ਸਮਝਾ ਰਹੀ ਸੀ, “ਔਰਤਾਂ ਆਪਣੇ ਖਸਮ ਤੇ ਔਲਾਦ ਨੂੰ ਇੱਥੇ ਆਉਣੋ ਰੋਕਦੀਆਂ ਨੇ—ਪਰ ਕੀ ਉਹ ਰੁਕਦੇ ਨੇ? ਮਤਲਬ ਇਹ ਕਿ ਮਰਦ ਨਾ ਆਪਣੀ ਬੀਵੀ ਦਾ ਹੁੰਦਾ ਏ ਤੇ ਨਾ ਮਾਂ ਦਾ—ਸਿਰਫ ਬਘਿਆੜ ਹੁੰਦਾ ਏ ਹਵਸ ਦਾ। ਅਸੀਂ ਤਾਂ ਕੋਠੇ ਵਾਲੀਆਂ ਆਂ, ਪਤਾ ਨਹੀਂ ਘਰਾਂ ਵਿਚ ਕਿੰਨੀਆਂ ਕੁੜੀਆਂ, ਔਰਤਾਂ ਚੁੱਪ ਰਹਿ ਕੇ ਇਹਨਾਂ ਦੀ ਹਵਸ ਸਹਿੰਦੀਆਂ ਰਹਿੰਦੀਆਂ ਨੇ”
ਖਾਲਾ ਸੋਫੇ 'ਤੇ ਪਸਰੀ ਹੋਈ ਸੀ। ਹਾਲ ਦੀ ਘੜੀ ਪੰਜ ਵਜਾ ਰਹੀ ਸੀ ਕਿ ਪੌੜੀਆਂ ਵਿਚ ਪੈਰਾਂ ਦਾ ਖੜਾਕ ਸੁਣਾਈ ਦਿੱਤਾ। ਬਾਹਰਲਾ ਦਰਵਾਜ਼ਾ ਖੁੱਲ੍ਹਾ ਹੀ ਸੀ। ਦਰਵਾਜ਼ੇ ਵਿਚ ਨਿਕਮ ਦਾ ਚਿਹਰਾ ਨਜ਼ਰ ਆਉਂਦਾ ਹੈ। ਬੁੱਢੀ ਖਾਲਾ ਸੋਫੇ ਤੋਂ ਉਪਰ ਕੇ ਖੜ੍ਹੀ ਹੋ ਜਾਂਦੀ ਹੈ, “ਬਾਹਰ ਪੈਰ ਸਾਫ ਕਰਕੇ ਅੰਦਰ ਆਵੀਂ ਅੰਦਰ।”
ਨਿਕਮ ਕੋਈ ਮੋੜਵਾਂ ਜਵਾਬ ਦੇਂਦਾ ਦੇਂਦਾ ਰੁਕ ਜਾਂਦਾ ਹੈ। ਅਸਲ ਵਿਚ ਉਸਨੂੰ ਪੈਸਿਆਂ ਦੀ ਬੜੀ ਲੋੜ ਸੀ ਤੇ ਖਾਲਾ ਤੋਂ ਉਧਾਰ ਲੈਣਾ ਅਸੰਭਵ ਸੀ। ਉਹ ਦਰਵਾਜ਼ੇ ਕੋਲੋਂ ਹੀ ਕਹਿੰਦਾ ਹੈ, “ਸਿਰਫ ਦੋ ਕੋਠਿਆਂ ਦੀਆਂ ਕੁੜੀਆਂ ਆਈਆਂ ਨੇ। ਬਿਜਲੀ ਹੈ ਨਹੀਂ, ਬੜੇ ਲੋਕ ਕੈਂਪ ਦੀ ਜਗ੍ਹਾ ਕੁੜੀਆਂ ਨਾਲ ਰਾਤ ਗੁਜਾਰਨਾ ਚਾਹੁਣਗੇ। ਅੱਜ ਰੇਟ ਦੁਗਣਾ ਰੱਖੀਂ, ਮੇਰਾ ਕਮੀਸ਼ਨ ਵੀ ਦੁਗਣਾ ਹੋਵੇਗਾ।”
“ਦੋ ਦਿਨਾਂ ਦਾ ਕਿੱਥੇ ਸੀ? ਕਿੰਨਾਂ ਨੁਕਸਾਨ ਹੋਇਐ, ਕੌਣ ਭਰੂਗਾ?” ਖਾਲਾ ਹਿਰਖੀ ਹੋਈ ਹੈ।
“ਓਹ, ਉਪਰਵਾਲਾ ਪੂਰਾ ਕਰੂ, ਮੇਰਾ ਕੀ ਮਤਲਬ! ਤੂੰ ਨਹੀਂ ਮੰਨਦੀ ਤਾਂ ਦੂਜੇ ਕੋਠਿਆਂ ਤੇ ਲਾਈਨ ਲਗਵਾ ਦਿਆਂਗਾ।”
ਹੁਣ ਖਾਲਾ ਹੱਸ ਰਹੀ ਸੀ, “ਮੈਂ ਤਾਂ ਮਜ਼ਾਕ ਕਰ ਰਹੀ ਸੀ। ਤੂੰ ਸੱਚ ਸਮਝ ਬੈਠਾ।” ਫੇਰ ਕੁੜਤੀ ਦੀ ਜੇਬ ਵਿਚੋਂ ਸੌ ਰੁਪਏ ਕੱਢ ਕੇ ਨਿਕਮ ਨੂੰ ਦੇਂਦੀ ਹੋਈ ਬੋਲੀ, “ਮੋਮਬੱਤੀਆਂ ਦੇ ਪੈਕੇਟ ਲਿਆ ਦੇਅ। ਹਨੇਰੇ 'ਚ ਗਾਹਕ ਜਾਨਵਰ ਬਣ ਜਾਂਦਾ ਐ।” ਖਾਲਾ ਕੁੜੀਆਂ ਉੱਤੇ ਰਾਤ ਹੋਏ ਪੁਲਿਸ ਵਾਲਿਆਂ ਦੇ ਅਤਿਆਚਾਰ ਨੂੰ ਭੁੱਲ ਚੁੱਕੀ ਸੀ।
ਨਿਕਮ ਨੂੰ ਸੱਚਮੁੱਚ ਰੁਪਈਆਂ ਦੀ ਬੜੀ ਲੋੜ ਸੀ। ਦੋ ਵਿਹਲੀਆਂ ਰਾਤਾਂ ਨੇ ਜੇਬ ਖਾਲੀ ਕਰ ਦਿੱਤੀ ਸੀ, ਇਸ ਲਈ ਖਾਲਾ ਨੂੰ ਸਬਜ਼ਬਾਗ ਵਿਖਾਅ ਰਿਹਾ ਸੀ। ਹੁਣ ਉਸਨੂੰ ਦਾਰੂ ਦੀ ਖੁੱਲ੍ਹੀ ਦੁਕਾਨ ਲੱਭਣੀ ਪਏਗੀ।
ਅਚਾਨਕ ਹੇਠਾਂ ਉਤਰਦਾ ਨਿਕਮ ਫੇਰ ਉਪਰ ਮੁੜ ਆਉਂਦਾ ਹੈ, “ਗੁਆਂਢੀਆਂ ਨਾਲ ਹਸਪਤਾਲ ਗਿਆ ਸਾਂ, ਉੱਥੇ ਉਹਨਾਂ ਕੀ ਬੁੜ੍ਹੀ ਦਾਖ਼ਲ ਸੀ। ਜਾ ਕੇ ਪਤਾ ਲੱਗਿਆ ਮਰ ਗਈ ਏ ਤੇ ਲਾਸ਼ ਮੁਰਦਾਘਰ ਵਿਚ ਪਈ ਏ। ਉਸ ਨਾਲ ਮੁਰਦਾਘਰ ਗਿਆ ਤਾਂ ਪਹਿਲੀ ਲਾਸ਼ ਵੇਖ ਕੇ ਹੀ ਹੈਰਾਨ ਰਹਿ ਗਿਆ—ਫੁਲਿਆ ਢਿੱਡ, ਨੱਕ ਵਿਚੋਂ ਨਿਕਲ ਕੇ ਜੰਮਿਆਂ ਖ਼ੂਨ, ਆਪਣਾ ਸ਼ੇਰ ਖਾਂ ਸੀ ਉਹ।”
ਨਿਕਮ ਉਤਰਨ ਲਈ ਫੇਰ ਮੁੜਦਾ ਹੈ ਕਿ ਬੁੱਢੀ ਖਾਲਾ ਕੂਕਦੀ ਹੈ, “ਰੁਕ ਜਾ ਨਿਕਮ! ਮੈਂ ਤੇਰੇ ਨਾਲ ਹਸਪਤਾਲ ਚੱਲਦੀ ਆਂ।” ਹੈਰਾਨੀ ਵੱਸ ਨਿਕਮ ਰੁਕ ਜਾਂਦਾ ਹੈ। ਖਾਲਾ ਅਲਮਾਰੀ ਵਿਚੋਂ ਨੋਟਾਂ ਦੀ ਗੁੱਟੀ ਕੱਢ ਕੇ ਕੁੜਤੇ ਦੀ ਜੇਬ ਵਿਚ ਪਾ ਲੈਂਦੀ ਹੈ।
ਨਿਕਮ ਨਾਲ ਉਤਰਦੀ ਹੋਈ ਪੁੱਛਦੀ ਹੈ, “ਕੀ ਡੁੱਬ ਗਿਆ ਸੀ?”
“ਲੱਗਦਾ ਤਾਂ ਇੰਜ ਈ ਐ।”
ਦੋਵੇਂ ਚਿੱਕੜ ਭਰੀ ਸੜਕ ਉੱਤੇ ਆ ਜਾਂਦੇ ਨੇ। ਨਿਕਮ ਖਾਲਾ ਦੀ ਦਰਿਆ ਦਿਲੀ ਉੱਤੇ ਹੈਰਾਨ ਸੀ—ਇਕ ਮਾਮੂਲੀ ਨੌਕਰ ਹੀ ਤਾਂ ਸੀ, ਅਧੀਆ!
ਖਾਲਾ ਉਸਦੇ ਮਨੋਭਾਵ ਨੂੰ ਸਮਝ ਕੇ ਲੰਮਾਂ ਸਾਹ ਖਿੱਚਦੀ ਹੈ, ਇਹ ਕੀ ਸਮਝੇਗਾ ਸ਼ੇਰ ਖਾਂ ਦਾ ਮਹੱਤਵ। ਕੀ ਦੱਸਾਂ ਕਿ ਮੇਰਾ ਕੀ ਲੱਗਦਾ ਸੀ! ਉਸ ਕਰਕੇ ਹੀ ਤਾਂ ਬੁੱਢੀ ਹੁੰਦੀ ਕਾਇਆ ਨੇ ਕਦੀ ਇਕੱਲ ਨਹੀਂ ਭੋਗੀ। ਪੁੱਤਰ ਵਾਂਗ ਹੱਥ ਰੱਖਦੀ ਸੀ ਤੇ ਮਿੰਟਾਂ ਵਿਚ ਉਹ ਮਰਦ ਬਣ ਜਾਂਦਾ ਸੀ ਮੇਰਾ। ਰਿਸ਼ਤਾ ਬਦਲ ਜਾਂਦਾ ਹੋਊ ਪਰ ਸ਼ੇਰ ਖਾਂ ਆਪਣਾ ਰਹਿੰਦਾ ਸੀ। ਸ਼ੇਰ ਖਾਂ ਦੀ ਜਗ੍ਹਾ ਨਾ ਪਹਿਲਾਂ ਕੋਈ ਗਾਹਕ ਲੈ ਸਕਿਆ ਸੀ ਤੇ ਨਾ ਬਾਅਦ ਵਿਚ ਕੋਈ ਦੂਜਾ।
ਤੁਰਦਾ ਤੁਰਦਾ ਨਿਕਮ ਪੁੱਛਦਾ ਹੈ, “ਵੈਸੇ ਤਾਂ ਪੁਲਿਸ ਇਕ ਦੋ ਦਿਨਾਂ ਵਿਚ ਉਸਨੂੰ ਨਿਪਟਾ ਹੀ ਦੇਂਦੀ ਪਰ ਹੁਣ ਜਦੋਂ ਤੂੰ ਅੱਗੇ ਲੱਗ ਪਈ ਏਂ ਤਾਂ ਦੱਸਣਾ ਪਏਗਾ ਕਿ ਦਫ਼ਨ ਕਰਨਾ ਏਂ ਜਾਂ ਸਾੜਨਾ ਏਂ। ਉਸੇ ਹਿਸਾਬ ਨਾਲ ਇੰਤਜਾਮ ਕਰਨਾ ਪਵੇਗਾ ਤੇ ਨੋਟ-ਸ਼ੋਟ ਲੱਗਣਗੇ।” ਮਨ ਹੀ ਮਨ ਖਰਚੇ ਵਿਚ ਨਿਕਮ ਆਪਣਾ ਕਮੀਸ਼ਨ ਤੈਅ ਕਰ ਰਿਹਾ ਸੀ।
ਇਕ ਲੰਮਾ ਠੰਡਾ ਸਾਹ ਖਿੱਚਦੀ ਹੋਈ ਖਾਲਾ ਕਹਿੰਦੀ ਹੈ, “ਜਦੋਂ ਆਇਆ ਸੀ ਤਾਂ ਆਪਣਾ ਨਾਂਅ ਸ਼ੇਰ ਸਿੰਘ ਦਸਦਾ ਹੁੰਦਾ ਸੀ, ਹੁਣ ਜਿਵੇਂ ਅਸੀਂ ਬੁਲਾਉਂਦੇ ਸਾਂ, ਸ਼ੇਰ ਖਾਂ ਦਸਦਾ ਸੀ! ਸੁੰਨਤ ਤਾਂ ਹੋਈ ਨਹੀਂ ਸੀ ਉਹਦੀ।”
“ਤਾਂ ਦਫ਼ਨ ਕਰਾਅ ਦੇਂਦੇ ਆਂ, ਪੰਡਤ ਸਾਲੇ ਚੀਂ ਚੀਂ ਬੜੀ ਕਰਦੇ ਨੇ।”
ਬੁੱਢੀ ਖਾਲਾ ਦੇ ਚਿਹਰੇ ਉੱਤੇ ਚਮਕ ਆ ਗਈ, “ਨਿਕਮ ਖਰਚੇ ਦਾ ਫਿਕਰ ਨਾ ਕਰੀਂ। ਬਿਨਦਾਸ ਹੋ ਕੇ ਜਨਾਜਾ ਉਠਵਾਈਂ। ਪੰਡਿਤ ਜਿੰਨੇ ਮੰਗੇ ਦੇ ਦੇਵੀਂ।”
ਕਹਿੰਦੀ ਹੋਈ ਬੁੱਢੀ ਖਾਲਾ ਰੋ ਪਈ ਸੀ। ਨਿਕਮ ਮੂੰਹ ਭੁੰਆਂ ਕੇ ਮੁਸਕੁਰਾ ਪਿਆ, ਚੋਖੇ ਕਮੀਸ਼ਨ ਬਾਰੇ ਸੋਚ ਕੇ। ਖਾਲਾ ਦੀ ਕੰਜੂਸੀ ਕਿੱਥੇ ਚਲੀ ਗਈ ਸੀ, ਸਮਝ ਨਹੀਂ ਸੀ ਆ ਰਿਹਾ ਉਹਨੂੰ। ਏਨਾ ਉਸਨੂੰ ਪਤਾ ਕਿ ਰੰਡੀ ਹਿੰਦੂ ਜਾਂ ਮੁਸਲਮਾਨ ਹੁੰਦੀ ਹੈ ਪਰ ਉਸਦੀ ਔਲਾਦ ਦਾ ਪਿਓ ਹਿੰਦੂ ਸੀ ਜਾਂ ਮੁਸਲਮਾਨ ਪੱਕਾ ਨਹੀਂ ਦੱਸ ਸਕਦੀ।
ਨਿਕਮ ਸੋਚਦਾ ਹੈ...ਮਰਨ ਵਾਲਾ ਤਾਂ ਮਰ ਗਿਆ, ਅਸੀਂ ਤਾਂ ਜਿਊਣਾ ਏਂ। ਇਸੇ ਸ਼ਹਿਰ ਵਿਚ ਜਿਊਣਾ ਏਂ ਤੇ ਧੰਦੇ ਦਾ ਖਿਆਲ ਰੱਖਣਾ ਏਂ। ਕਮੀਸ਼ਨ ਕੋਈ ਪਾਪਾ ਨਹੀਂ।
ਹਾਲ ਵਿਚ ਪਈਆਂ ਕੁੜੀਆਂ ਵੀ ਸ਼ੇਰ ਖਾਂ ਬਾਰੇ ਸੋਚ ਸੋਚ ਕੇ ਉਦਾਸ ਹੋ ਗਈਆਂ ਸਨ। ਉਹਨਾਂ ਨੂੰ ਵਿਸ਼ਵਾਸ ਸੀ ਕਿ ਨਿਕਮ ਝੂਠ ਬੋਲ ਰਿਹਾ ਸੀ, ਅੱਜ ਕੋਈ ਗਾਹਕ ਨਹੀਂ ਆਵੇਗਾ। ਪਰ ਕੱਲ੍ਹ ਜਦੋਂ ਫੇਰ ਬਾਜ਼ਾਰ ਵਿਚ ਰੌਣਕਾਂ ਹੋਣਗੀਆਂ ਤਾਂ ਕਿਸ ਨੂੰ ਬੁਲਾਅ ਕੇ ਇਲਾਹੀ ਦਿਓਂ ਕਬਾਬ, ਮਠਿਆਈ ਜਾਂ ਸੰਤੋਖ ਭਵਨ ਕੋਲੋਂ ਪਾਨ ਦੀ ਦੁਕਾਨ ਤੋਂ ਪਾਨ ਦੇ ਬੀੜੇ ਮੰਗਾਉਣਗੀਆਂ।
ਹਸਪਤਾਲ ਦੇ ਫਰਸ਼ ਉੱਤੇ ਪਈ ਲਾਸ਼ ਕੋਲ ਬੈਠੀ ਖਾਲਾ ਰੋ ਰਹੀ ਸੀ। ਨਿਕਮ ਇੰਤਜਾਮ ਕਰਨ ਚਲਾ ਗਿਆ ਸੀ। ਲੰਘਣ-ਟੱਪਣ ਵਾਲੇ ਖਾਲਾ ਤੇ ਸ਼ੇਰ ਖਾਂ ਦੇ ਰਿਸ਼ਤੇ ਬਾਰੇ ਅੰਦਾਜੇ ਲਾ ਰਹੇ ਸਨ—ਕੌਣ ਹੈ ਇਹ ਢਾਈ ਫੁੱਟਾ ਇਸਦਾ!  
      ੦੦੦ ੦੦੦ ੦੦੦

No comments:

Post a Comment