Thursday, July 29, 2010

ਹੌਲੀ...:: ਲੇਖਕਾ : ਇਲਾ ਪਰਸਾਦ



ਪ੍ਰਵਾਸੀ ਹਿੰਦੀ ਕਹਾਣੀ :
ਹੌਲੀ
ਲੇਖਕਾ : ਇਲਾ ਪਰਸਾਦ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਵੇਦਿਕਾ ਦੀਆਂ ਅੱਖਾਂ 'ਸਾਇੰਟੀਫ਼ਿਕ ਅਮੇਰਿਕਨ' ਦੇ ਉਸ ਸਫੇ ਉੱਤੇ ਅਟਕ ਗਈਆਂ ਨੇ...“'ਸੀਜ੍ਰੋਫ਼ੇਨੀਆ' ਦਾ ਮੁੱਖ ਕਾਰਣ ਫਲੂ ਦੇ ਕੀਟਾਣੂੰ ਹੁੰਦੇ ਹਨ, ਜਿਹੜੇ ਗਰਭ-ਅਵਸਥਾ ਦੌਰਾਨ ਮਾਂ ਦੇ ਸ਼ਰੀਰ 'ਚੋਂ ਬੱਚੇ ਦੇ ਦਿਮਾਗ਼ ਵਿਚ ਪ੍ਰਵੇਸ਼ ਕਰ ਜਾਂਦੇ ਹਨ ਤੇ ਨਤੀਜੇ ਵਜੋਂ ਬੱਚਾ ਜਨਮ ਤੋਂ ਹੀ ਸੀਜ੍ਰੋਫ਼ੇਨੀਆ ਦਾ ਰੋਗੀ ਹੋ ਜਾਂਦਾ ਹੈ।” ਕਿਸਨੂੰ ਜਾ ਕੇ ਦੱਸੇ? ਉਹ ਤਾਂ ਉਸ ਤੋਂ ਏਨੀ ਦੂਰ ਚਲੀ ਗਈ ਏ ਕਿ ਹੁਣ, ਉਹ ਚਾਹ ਕੇ ਵੀ ਉਸ ਕੋਲ ਨਹੀਂ ਜਾ ਸਕਦੀ।
ਏਡੀ ਹੁਸੀਨ, ਏਨਾ ਜਹੀਨ-ਦਿਮਾਗ਼ ਤੇ ਸੀਜ੍ਰੋਫ਼ੇਨੀਆ! “ਆਮ ਤੌਰ 'ਤੇ ਇਸ ਰੋਗ ਦੇ ਰੋਗੀ ਅਸਾਧਾਰਣ ਪ੍ਰਤਿਭਾ ਵਾਲੇ ਹੁੰਦੇ ਨੇ। ਸਿਮੀ ਵੀ ਹੈ। ਭਾਸ਼ਾ ਉੱਤੇ ਗ਼ਜ਼ਬ ਦਾ ਕੰਟਰੋਲ। ਅੰਗਰੇਜ਼ੀ ਵਿਚ ਇਸਦੇ ਦੋ ਕਵਿਤਾ-ਸੰਗ੍ਰਹਿ ਮੈਕਮਿਲਨ ਵਾਲਿਆਂ ਨੇ ਛਾਪੇ ਨੇ। ਖ਼ੂਬ ਵਿਕ ਰਹੇ ਨੇ।” ਸਮਿਤਾ ਨੇ ਜਾਨਕਾਰੀ ਦਿੱਤੀ ਸੀ।
“ਫੇਰ ਵੀ, ਮੈਨੂੰ ਤਾਂ ਡਰ ਈ ਲੱਗੇਗਾ ਨਾ ਇਸ ਨਾਲ ਹੌਲੀ ਖੇਡਦਿਆਂ ਹੋਇਆਂ।” ਵੇਦਿਕਾ ਨੇ ਯਕਦਿਆਂ ਹੋਇਆਂ ਕਿਹਾ ਸੀ।
“ਕਮਾਲ ਕਰਦੇ ਓ ਤੁਸੀਂ? ਅਸੀਂ ਇਸਨੂੰ ਇਕ ਸਹਿਜ ਵਾਤਾਵਰਣ ਦੇਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਇਹ ਆਪਣੀ ਪ੍ਰੇਸ਼ਾਨੀ ਭੁੱਲ ਜਾਏ ਤੇ ਤੁਸੀਂ ਓ ਕਿ...” ਸਮਿਤਾ ਨੇ ਵਾਕ ਅਧੂਰਾ ਈ ਛੱਡ ਦਿੱਤਾ ਸੀ।
ਵੇਦਿਕਾ ਚੁੱਪ ਹੋ ਗਈ ਸੀ।
ਉਸ ਹੋਸਟਲ ਵਿਚ ਉਸਦੀ ਦੂਜੀ ਹੋਲੀ ਸੀ ਇਹ। ਪਹਿਲੀ ਤਾਂ ਇੰਜ ਲੰਘ ਗਈ ਸੀ ਕਿ ਉਸਨੂੰ ਲੱਗਿਆ ਈ ਨਹੀਂ ਸੀ ਕਿ ਅੱਜ ਹੋਲੀ ਸੀ। ਨਵੀਂ-ਨਵੀਂ ਆਈ ਸੀ ਓਦੋਂ।
ਕੁਝ ਥੋੜ੍ਹੀਆਂ ਜਿਹੀਆਂ ਕੁੜੀਆਂ, ਜਿਹੜੀਆਂ ਹੋਸਟਲ ਵਿਚ ਛੁੱਟੀਆਂ ਦੌਰਾਨ ਰਹਿ ਪਈਆਂ ਸਨ, ਉਹਨਾਂ ਵਿਚੋਂ ਇਕ ਵੀ ਉਸਦੀ ਜਾਣਕਾਰ ਨਹੀਂ ਸੀ। ਉਹ ਸਾਰਾ ਦਿਨ ਆਪਣੇ ਕਮਰੇ ਵਿਚ ਬੰਦ ਰਹੀ ਤੇ ਬਾਹਰਲਾ ਰੌਲਾ-ਰੱਪਾ ਬੰਦ ਹੋਣ ਪਿੱਛੋਂ, ਰੋਟੀ-ਵੇਲੇ, ਨਹਾਅ-ਧੋ ਕੇ ਮੈੱਸ ਵਿਚ ਖਾਣਾ ਖਾ ਆਈ। ਕਿਸੇ ਨੇ ਉਸਨੂੰ ਛੇੜਿਆ ਨਹੀਂ, ਨਾ ਈ ਕੁਝ ਪੁੱਛਿਆ। ਫੇਰ ਸਾਰਾ ਦਿਨ ਕਮਰੇ ਵਿਚ। ਦਿਨ ਬੀਤ ਗਿਆ ਸੀ।
ਪਰ, ਅੱਜ ਇੰਜ ਨਹੀਂ ਹੋ ਸਕਦਾ। ਉਹ ਚਾਹੁੰਦੀ ਵੀ ਨਹੀਂ। ਉਸਦੀ ਪੂਰੀ ਮਿੱਤਰ ਮੰਡਲੀ ਹੋਸਟਲ ਵਿਚ ਏ। ਅੱਜ ਦੇ ਖਾਣੇ ਦਾ ਮੀਨੂੰ ਕੱਲ੍ਹ ਦਿਨੇ ਈ ਸਮਿਤਾ ਦੇ ਕਮਰੇ ਵਿਚ ਬਣ ਗਿਆ ਸੀ। ਉਸਨੇ ਆਪਣੇ ਕਮਰੇ ਵਿਚ ਖੀਰ ਬਣਾਉਣੀ ਸੀ ਜਿਹੜੀ ਉਸ ਬਣਾ ਵੀ ਲਈ ਸੀ, ਪਰ ਸਮਿਤਾ ਦੇ ਕਮਰੇ ਵਿਚ ਵੈਸ਼ਾਲੀ ਦੇ ਨਾਲ-ਨਾਲ, ਜਿਹੜੀ ਲੰਮੀ-ਝੰਮੀ, ਕੱਟੇ ਵਾਲਾਂ ਵਾਲੀ, ਨੀਲੀ ਜੀਂਸ ਤੇ ਨੀਲੀਆਂ-ਗੁਲਾਬੀ ਧਾਰੀਆਂ ਵਾਲੀ ਹਲਕੀ ਨੀਲੀ ਕਮੀਜ਼ ਵਿਚ ਨਵੀਂ ਤੇ ਸੋਹਣੀ ਜਿਹੀ ਕੁੜੀ ਦਿਸ ਰਹੀ ਏ...ਉਹ ਅੱਜ ਸਾਡੀ ਮਹਿਮਾਨ ਏ ਤੇ ਸਾਡੇ ਨਾਲ ਹੋਲੀ ਖੇਡੇਗੀ, ਇਹ ਜਾਣਕਾਰੀ ਵੀ ਉਸਨੂੰ ਹੁਣੇ-ਹੁਣੇ ਸਮਿਤਾ ਤੋਂ ਮਿਲੀ ਏ। ਉਹ ਆਪਣੇ ਘਰੋਂ ਲੜ ਕੇ ਕੱਲ੍ਹ ਰਾਤ ਈ ਵੈਸ਼ਾਲੀ ਦੇ ਕਮਰੇ ਵਿਚ ਆ ਗਈ ਸੀ ਤੇ ਸ਼ਾਇਦ ਅੱਜ ਦੀ ਰਾਤ ਵੀ ਇੱਥੇ ਈ ਰਹੇਗੀ। ਵਾਰਡਨ ਨੂੰ ਕੋਈ ਨਹੀਂ ਦੱਸੇਗਾ। ਉਂਜ ਵੀ ਕਿਸ ਨੂੰ ਫੁਰਸਤ ਏ ਅੱਜ। ਸਭ ਰੰਗ ਖੇਡਣ ਦੇ ਮੂਡ ਵਿਚ ਹੈਨ।

ਵੇਦਿਕਾ ਅਜੀਬ ਜਿਹੀ ਉਲਝਣ ਵਿਚ ਏ।
ਕੁੜੀਆਂ ਦੀ ਟੋਲੀ ਪੂਰੇ ਹੋਸਟਲ ਵਿਚ ਘੁੰਮ ਰਹੀ ਏ। ਹੱਥਾਂ ਵਿਚ ਰੰਗ-ਗੁਲਾਲ਼ ਲਈ, ਭੂਤ ਬਣੇ ਚਿਹਰੇ ਹਰੇਕ ਕਮਰੇ ਦਾ ਦਰਵਾਜ਼ਾ ਖੜਕਾਅ ਰਹੇ ਨੇ, “ਹੌਲੀ ਹੈ!” ਤੇ ਹਰ ਸੱਦੇ ਉੱਤੇ ਕੁੜੀਆਂ ਆਪਣੇ ਕਮਰੇ ਵਿਚੋਂ ਨਿਕਲ ਕੇ ਟੋਲੀ ਵਿਚ ਸ਼ਾਮਿਲ ਹੋ ਰਹੀਆਂ ਨੇ। ਕੁੱਲ ਜੋੜ ਪੱਚੀ ਤੀਹ ਕੁੜੀਆਂ। ਇਸ ਨਾਲੋਂ ਵੱਧ ਹੋਸਟਲ ਵਿਚ ਹੈਨ ਵੀ ਨਹੀਂ। ਸਾਰੀਆਂ ਹਫ਼ਤਾ ਭਰ ਪਹਿਲਾਂ ਘਰੀਂ ਨੱਠ ਗਈਆਂ ਨੇ। ਹੋਲੀ ਵਾਲੇ ਦਿਨੀਂ ਹੋਸਟਲ 'ਚੋਂ ਬਾਹਰ ਸੜਕ ਉੱਤੇ ਨਿਕਲਣਾ ਅਸੰਭਵ ਹੋ ਜਾਂਦਾ ਏ। ਏਨੀਆਂ ਬਦਤਮੀਜ਼ੀਆਂ ਹੁੰਦੀਆਂ ਨੇ। ਰਾਤ ਨੂੰ ਹੋਸਟਲ ਵਿਚ ਚੁੱਪ ਦਾ ਰਾਜ ਹੁੰਦਾ ਏ। ਤਿੰਨ ਸੌ ਕੁੜੀਆਂ ਵਿਚੋਂ ਲਗਭਗ ਏਨੀਆਂ ਈ ਰਹਿ ਜਾਂਦੀਆਂ ਨੇ। ਵੇਦਿਕਾ ਦੂਜੀ ਮੰਜ਼ਿਲ ਉੱਪਰ ਏ। ਪੂਰੇ ਫਲੋਰ ਉੱਤੇ ਸਿਰਫ ਤਿੰਨ ਈ ਕਮਰੇ ਨੇ ਜਿਹਨਾਂ ਵਿਚ ਕੋਈ ਹੈ। ਰਾਤ ਨੂੰ ਬਾਥਰੂਮ ਜਾਣ ਤੋਂ ਵੀ ਡਰ ਲੱਗਦਾ ਏ। ਏਨਾਂ ਸੁੰਨਾਂ-ਸੁੰਨਾਂ ਕਾਰੀਡੋਰ ਤੇ ਇਹ ਸਿਮੀ! ਕੱਲ੍ਹ ਰਾਤੀਂ ਆ ਗਈ! ਕਿਵੇਂ?
“ਕਿਵੇਂ ਕੀ? ਆਟੋ ਰਿਕਸ਼ਾ ਵਿਚ। ਸਿੱਧੀ ਹੋਸਟਲ ਦੇ ਦਰਵਾਜ਼ੇ 'ਤੇ ਰੁਕੀ...ਤੇ ਫੇਰ ਸਿੱਧੀ ਅੰਦਰ ਵੈਸ਼ਾਲੀ ਦੇ ਕਮਰੇ ਵਿਚ।” ਸਮਿਤਾ ਖਿੜ-ਖਿੜ ਕਰਕੇ ਹੱਸੀ। ਫੇਰ ਕੁਝ ਕਹਿਣ ਦਾ ਮੌਕਾ ਦਿੱਤੇ ਬਿਨਾਂ ਉਸ ਅੱਗੇ ਵਧ ਕੇ ਕੂਕੀ...
“ਏ ਸਿਮੀ, ਮੀਟ ਵੇਦਿਕਾ ਦੀ!” (ਸਿਮੀ, ਵੇਦਿਕਾ ਦੀ ਨੂੰ ਮਿਲੋ।)
ਉਸਨੇ ਅੱਗੇ ਵਧ ਕੇ ਉਸਦੀਆਂ ਗੱਲ੍ਹਾਂ ਉੱਤੇ ਗੁਲਾਲ਼ ਮਲ ਦਿੱਤਾ। ਵੇਦਿਕਾ ਦੇ ਹੱਥ ਵੀ ਵਧੇ ਤੇ ਪੋਲਾ ਜਿਹਾ ਉਸਦੀਆਂ ਗੱਲ੍ਹਾਂ ਨੂੰ ਛੋਹ ਕੇ ਪਰਤ ਆਏ। ਬੇਹੱਦ ਕੋਮਲ! ਹਰੇ ਗੁਲਾਲ਼ ਨਾਲ ਰੰਗੀਆਂ ਗੱਲ੍ਹਾਂ ਨੂੰ ਲਾਲ ਗੁਲਾਲ਼ ਦੀ ਛੋਹ ਦੇ ਕੇ। ਫੇਰ ਉਹ ਥੋੜ੍ਹਾ ਖਿਸਕ ਕੇ ਵਿਭਾ ਦੇ ਨਾਲ-ਨਾਲ ਤੁਰਨ ਲੱਗੀ। ਇਹਨਾਂ ਅੱਖਾਂ ਵਿਚ ਇਕ ਭਟਕਣ ਜਿਹੀ ਏ। ਸਹਿਜ ਨਹੀਂ ਲੱਗਦੀਆਂ।
ਰੌਲਾ-ਰੱਪਾ ਵਧਦਾ ਗਿਆ।
ਉਹ ਹੋਸਟਲ ਵਿਚੋਂ ਨਿਕਲ ਕੇ ਨਾਲ ਲੱਗਵੇਂ ਕੁੜੀਆਂ ਦੇ ਕਾਲੇਜ ਦੇ ਹੋਸਟਲ ਵਿਚ ਵੜ ਗਈਆਂ। ਉੱਥੇ ਵੀ ਕੁੱਲ ਏਨੀਆਂ ਕੁ ਕੁੜੀਆਂ ਈ ਸਨ। ਸਾਰਾ ਝੁੰਡ ਵਿਹੜੇ ਵਿਚਕਾਰ ਬਣੇ ਫੁਆਰੇ ਦੁਆਲੇ ਖਿੱਲਰ ਗਿਆ। ਫੁਆਰਾ ਕਈ ਦਿਨਾਂ ਦਾ ਬੰਦ ਪਿਆ ਏ, ਪਰ ਉਸਦੇ ਚਾਰੇ ਪਾਸੇ ਬਣੇ ਹੌਦ ਵਿਚ ਗੰਦਾ ਪਾਣੀ ਅਜੇ ਵੀ ਭਰਿਆ ਹੋਇਆ ਏ। ਰੰਗ ਨਾਲ ਭਰੀਆਂ ਕਈ ਬਾਲ੍ਹਟੀਆਂ ਇਕ ਦੂਜੇ ਉੱਤੇ ਡੁੱਲ੍ਹ ਕੇ ਖਾਲੀ ਹੋ ਗਈਆਂ। ਸਮਿਤਾ ਨੇ ਆਪਣੀ ਖਾਲੀ ਬਾਲ੍ਹਟੀ ਪੁੱਠੀ ਕਰਕੇ ਵਜਾਉਣੀ ਸ਼ੁਰੂ ਕਰ ਦਿੱਤੀ, “ਹੋਲੀ ਖੇਲੇਂ ਰਘੁਵੀਰਾ ਅਵਧ ਮੇਂ, ਹੋਲੀ ਖੇਲੇਂ ਰਘੁਵੀਰਾ।” ਇਕ ਸੁਰ ਉੱਠੀ ਤੇ ਡੁੱਬ ਗਈ। ਫੇਰ ਕੁਝ ਨਵੇਂ ਸੁਰ ਮਿਲੇ। ਸਿਮੀ ਨੇ ਨੱਚਣਾ ਸ਼ੁਰੂ ਕਰ ਦਿੱਤਾ। ਵੇਦਿਕਾ ਮੂਕ ਦਰਸ਼ਕ ਵਾਂਗ ਤਾੜੀ ਵਜਾਉਂਦੀ ਰਹੀ। ਹਾਂ, ਬੁੱਲ੍ਹਾਂ ਉੱਤੇ ਹਲਕੀ ਮੁਸਕਾਨ ਜ਼ਰੂਰ ਆਈ ਹੋਈ ਸੀ।
“ਇਸਦੀ ਪੈਂਟ ਕਿੰਨੀ ਟਾਈਟ ਏ। ਹੇਠੋਂ ਫਟ ਗਈ ਏ, ਫੇਰ ਵੀ ਨੱਚੀ ਜਾ ਰਹੀ ਏ।” ਵਿਭਾ ਫੁਸਫੁਸਾਈ।
“ਹਾਂ।” ਉਹ ਏਨਾ ਈ ਕਹਿ ਸਕੀ ਸੀ।
ਇਕ ਰੌਅ ਸੀ ਸਿਮੀ ਦੇ ਚਿਹਰੇ ਉੱਤੇ। ਝੱਲਿਆਂ ਵਾਂਗ ਨੱਚ ਰਹੀ ਸੀ ਇਕੱਲੀ। ਕੁਝ ਕੁੜੀਆਂ ਨੇ ਸਾਥ ਦਿੱਤਾ ਸੀ ਪਹਿਲਾਂ, ਪਰ ਫੇਰ ਉਹ ਪਾਸੇ ਹਟ ਗਈਆਂ ਸਨ। ਉਸ ਜਿੰਨੀ ਤੇਜ਼ ਗਤੀ ਨਾਲ ਕਿਸੇ ਤੋਂ ਨੱਚਿਆ ਵੀ ਨਹੀਂ ਸੀ ਜਾ ਰਿਹਾ। ਬਸ ਪਾਸੇ ਖਲੋ ਕੇ ਤਾਲ ਦੇ ਰਹੀਆਂ ਸਨ। ਉਤਸਾਹ ਭਰਭੂਰ ਸੁਰ, ਚੀਕਾ-ਰੌਲੀ ਤੇ ਹੰਗਾਮਾਂ। ਖੇਡ ਵਧਦਾ ਗਿਆ। ਫੇਰ ਉਸਨੇ ਮਿੱਟੀ ਚੁੱਕ ਕੇ ਮਿੱਟੀ ਨਾਲ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ। ਕਈ ਕੁੜੀਆਂ ਸਾਥ ਦੇਣ ਲੱਗੀਆਂ।
ਵਿਭਾ ਨੇ ਵੇਦਿਕਾ ਨੂੰ ਇਸ਼ਾਰਾ ਕੀਤਾ ਤੇ ਉਹ ਦੋਵੇਂ ਚੁੱਪਚਾਪ ਖੇਡ ਵਿਚੋਂ ਬਾਹਰ ਹੋ ਗਈਆਂ।
ਬਸ ਏਨਾ ਹੀ ਤਮਾਸ਼ਾ ਉਸ ਦਿਨ ਵੇਦਿਕਾ ਨੇ ਦੇਖਿਆ ਸੀ। ਉਹ ਸੁੰਦਰ ਕਣਕ-ਵੰਨਾਂ ਚਿਹਰਾ, ਤਿੱਖੇ ਨੈਣ-ਨਕਸ਼...ਕਿਸੇ ਵੀ ਫ਼ਿਲਮੀ ਹੀਰੋਇਨ ਨੂੰ ਮਾਤ ਪਾ ਸਕਦੇ ਸਨ। ਪੂਰੇ ਵੇਗ ਨਾਲ ਥਿਰਕਦੇ ਪੈਰ ਤੇ ਸੁਰਾਂ ਵਿਚ ਬੱਝੀ ਆਵਾਜ਼ “ਹੋਲੀ ਹੈ!”
ਉਹ ਵਿਭਾ ਨਾਲ ਕਮਰੇ ਵਿਚ ਪਰਤ ਆਈ। ਉਂਜ ਵੀ ਉਦੋਂ ਦਿਨ ਦਾ ਇਕ ਵੱਜ ਗਿਆ ਸੀ। ਧੁੱਪ ਕਰੜੀ ਲੱਗਣ ਲੱਗ ਪਈ ਸੀ ਤੇ ਉਹ ਦੋਵੇਂ ਹੋਰਨਾਂ ਵਾਂਗ ਕਈ ਵਾਰੀ ਰੰਗ ਭਰੀਆਂ ਬਾਲ੍ਹਟੀਆਂ ਉਲਟ ਕੇ ਭਿੱਜ-ਭਿਓਂ ਚੁੱਕੀਆਂ ਸਨ...ਦੋਸਤਾਂ-ਜਾਣਕਾਰਾਂ ਨੂੰ। ਭੀੜ ਵਿਚ ਕਿਸ ਨੂੰ ਹੋਸ਼ ਹੁੰਦਾ ਏ? ਸਾਰੇ ਆਪਣੇ ਈ ਸੀ। ਉਸ ਸਾਰੀ ਭੀੜ ਵਿਚ ਸਿਮੀ ਬਾਰੇ ਜਾਂ ਤਾਂ ਉਹ ਤੇ ਵਿਭਾ ਜਾਣਦੀਆਂ ਸਨ ਜਾਂ ਫੇਰ ਵੈਸ਼ਾਲੀ ਤੇ ਸਮਿਤਾ। ਬਾਕੀ ਕਿਸੇ ਨੂੰ ਕੁਝ ਸੀ ਪਤਾ ਨਹੀਂ!
ਦੁਪਹਿਰ ਦਾ ਖਾਣਾ ਸਮਿਤਾ ਦੇ ਕਮਰੇ ਵਿਚ ਖਾਧਾ ਗਿਆ। ਦਸਤਰਖਾਨ ਵਿਛ ਗਿਆ ਸੀ ਜਿਵੇਂ : ਚੇਨਈ ਦੀ ਸੰਗੀਤਾ ਬੜੇ-ਸਾਂਭਰ ਬਣਾ ਲਿਆਈ ਸੀ। ਮਹਾਰਾਸ਼ਟਰ ਦੀ ਪੋਂਗਲ ਪੋਲੀ ਲੈ ਕੇ ਸੁਧਾ ਆ ਗਈ ਸੀ। ਪੂਰਣਿਮਾ, ਮਧੂ ਸੌਮਯਾ, ਸਵਿਤਾ, ਪੱਲਵੀ ਸਭ ਸਨ। ਦਾਲ-ਪੁਲਾਅ, ਰਾਜਮਾਂਹ, ਦਮ-ਆਲੂ, ਖੀਰ, ਲੈਮਨ ਰਾਈਸ, ਗੋਭੀ-ਆਲੂ, ਟਮਾਟਰਾਂ ਦੀ ਮਿੱਠੀ ਚਟਨੀ, ਅਚਾਰ, ਪਾਪੜ ਤੇ ਹੋਰ ਪਤਾ ਨਹੀਂ ਕੀ ਕੀ! ਏਨਾ ਕੁਝ ਕਿ ਖਾਧਾ ਨਹੀਂ, ਚੱਖਿਆ ਗਿਆ ਸੀ ਤੇ ਸਾਰਿਆਂ ਦਾ ਢਿੱਡ ਭਰ ਗਿਆ ਸੀ।
ਉਸ ਮਹਿਫ਼ਿਲ ਵਿਚ ਸਿਮੀ ਨਹੀਂ ਸੀ। ਉਸਨੇ ਵੈਸ਼ਾਲੀ ਨਾਲ ਮੈਸ ਵਿਚ ਹੋਲੀ ਦਾ ਸਪੈਸ਼ਲ ਖਾਣਾ ਖਾਧਾ ਸੀ।

ਓਦੋਂ ਏਨਾ ਈ ਵੇਦਿਕਾ ਨੇ ਜਾਣਿਆ ਸੀ। ਸ਼ਾਮ ਢਲੇ ਸਮਿਤਾ ਨਾਲ ਕਮਰੇ ਵਿਚ ਉਸਨੂੰ ਜਾਂਦਿਆਂ ਤੇ ਡੂੰਘੀ ਰਾਤੇ ਨਿਕਲਦਿਆਂ ਦੇਖਿਆ ਸੀ। ਉਹੀ ਵੇਦਿਕਾ ਨਾਲ ਉਸਦੀ ਆਖ਼ਰੀ ਮੁਲਾਕਾਤ ਸੀ। ਸਮਿਤਾ ਤੀਜੀ ਮੰਜ਼ਿਲ ਉੱਤੇ ਸੀ। ਵੇਦਿਕਾ ਨੇ ਆਪਣੇ ਕਮਰੇ ਦੇ ਬਾਹਰ ਵਾਲੀ ਬਾਲਕੋਨੀ ਵਿਚੋਂ ਹੱਥ ਹਿਲਾਇਆ। ਜਵਾਬ ਸਮਿਤਾ ਨੇ ਦਿੱਤਾ। ਉਹਨਾਂ ਦੋਵਾਂ ਨੇ ਉਸ ਵੱਲ ਦੇਖਿਆ ਤਕ ਨਹੀਂ ਸੀ।
ਥੱਕੀ ਹਾਰੀ, ਕਮਰੇ ਵਿਚ ਜੋ ਕੁਝ ਬਚਿਆ-ਖੁਚਿਆ ਸੀ...ਪਾਵਰੋਟੀ ਤੇ ਦੁੱਧ...ਖਾ-ਪੀ ਕੇ ਛੇਤੀ ਹੀ ਸੌਂ ਗਈ ਸੀ। ਮੇਸ ਤਾਂ ਰਾਤ ਨੂੰ ਬੰਦ ਈ ਰਹਿਣਾ ਸੀ। ਰਾਤੀਂ ਦੋ ਵਾਰੀ ਨੀਂਦ ਟੁੱਟੀ। ਬਾਹਰ ਕੁਝ ਰੌਲਾ ਜਿਹਾ ਪੈ ਰਿਹਾ ਸੀ। ਨੀਂਦ ਉਸਦੀ ਰੂਮ-ਮੇਟ ਵਿਭਾ ਦੀ ਵੀ ਟੁੱਟੀ। “ਮੈਸ ਵਾਲੇ ਮਹਾਰਾਜ ਨੇ ਪੀ ਲਈ ਹੋਏਗੀ, ਉਹ ਲੋਕ ਹੀ ਹੋਣਗੇ, ਹੂ-ਹੱਲਾ ਕਰ ਰਹੇ ਨੇ” ਆਪਣੇ ਬਿਸਤਰੇ ਵਿਚੋਂ ਵਿਭਾ ਨੇ ਉਤਰ ਦਿੱਤਾ ਸੀ। “ਮੈਨੂੰ ਵੀ ਇਹੋ ਲੱਗਦੈ।” ਉਸਨੇ ਜਵਾਬ ਦਿੱਤਾ ਸੀ। ਫੇਰ ਦੋਵੇਂ ਸੌਂ ਗਈਆਂ ਸਨ।

ਰਾਤ ਵਾਲੇ ਹੰਗਾਮੇਂ ਦਾ ਭੇਦ ਅਗਲੀ ਸਵੇਰ ਖੁੱਲ੍ਹਿਆ, ਜਦੋਂ ਉਹ ਨਾਸ਼ਤੇ ਪਿੱਛੋਂ ਸਮਿਤਾ ਨੂੰ ਲੱਭਦੀਆਂ ਹੋਈਆਂ ਉਸਦੇ ਕਮਰੇ ਵਿਚ ਗਈਆਂ। ਓਦੋਂ ਸਵੇਰ ਦੇ ਸਾਢੇ ਅੱਠ ਵੱਜ ਚੁੱਕੇ ਸਨ। ਸਮਿਤਾ ਦੇ ਚਿਹਰੇ ਉੱਤੇ ਰਾਤ ਦੇ ਜਗਰਾਤੇ ਦੀ ਥਕਾਣ ਸੀ ਤੇ ਬਹੁਤ ਸਾਰੀ ਉਦਾਸੀ ਵੀ। “ਕੀ ਹੋਇਆ ਸਮਿਤਾ?” ਵੇਦਿਕਾ ਨੇ ਪੁੱਛਿਆ ਸੀ।
“ਘੋੜੇ ਵੇਚ ਕੇ ਸੌਂਦੀਆਂ ਓ ਤੁਸੀਂ? ਕੁਛ ਪਤਾ ਈ ਨਹੀਂ ਲੱਗਿਆ ਤੁਹਾਨੂੰ।”
ਉਹ ਹੈਰਾਨ-ਪ੍ਰੇਸ਼ਾਨ ਜਿਹੀ ਖੜ੍ਹੀ ਉਸ ਵੱਲ ਦੇਖਦੀ ਰਹੀ ਸੀ।
“ਹੁਣੇ ਹੁਣੇ ਸਿਮੀ ਨੂੰ ਉਸਦੇ ਘਰ ਛੱਡ ਕੇ ਵਾਪਸ ਆਈਆਂ। ਅਜੇ ਬੁਰਸ਼ ਵੀ ਨਹੀਂ ਕੀਤਾ।”
“ਨਾ, ਤਸੀਂ ਕਿਉਂ ਗਏ?”
“ਉਸਨੂੰ ਮੇਰੇ ਸਿਵਾਏ ਕਿਸੇ ਹੋਰ ਉੱਤੇ ਵਿਸ਼ਵਾਸ ਹੀ ਨਹੀਂ ਸੀ। ਉਹ ਸਾਰੀ ਰਾਤ ਪੰਜੇਬਾਂ ਛਣਕਾਉਂਦੀ ਘੁੰਮਦੀ ਰਹੀ ਸੀ, ਹੋਸਟਲ ਕਾਰੀਡੋਰ ਵਿਚ। ਗਰਾਊਂਡ ਫਲੋਰ 'ਤੇ।”
ਵੇਦਿਕਾ ਨੂੰ ਯਾਦ ਆਇਆ, ਵੈਸ਼ਾਲੀ ਗਰਾਊਂਡ ਫਲੋਰ 'ਤੇ ਰਹਿੰਦੀ ਏ।
“ਪਰ ਕਿਉਂ?”
“ਕਿਉਂ ਕੀ! ਰਾਤ ਹੋਣ ਦੇ ਨਾਲ ਹੀ ਉਸਦਾ ਪਾਗਲਪਨ ਵਧਣ ਲੱਗ ਪਿਆ ਸੀ। ਸ਼ਾਮ ਨੂੰ ਮੇਰੇ ਕਮਰੇ ਵਿਚ ਆਈ ਤਾਂ ਜਾਣ ਦਾ ਨਾਂ ਹੀ ਨਾ ਲਏ। ਇਕ ਕਿਰਲੀ ਦਿਸ ਪਈ ਕੰਧ ਉੱਤੇ। ਡੰਡਾ ਚੁੱਕ ਕੇ ਪੈ ਗਈ ਉਸਦੇ ਪਿੱਛੇ। ਕੇਨੀਂ ਮੁਸ਼ਕਿਲ ਨਾਲ ਬਾਹੋਂ ਫੜ੍ਹ ਕੇ ਵੈਸਾਲੀ ਲੈ ਗਈ ਸੀ, ਸਮਝਾ ਬੁਝਾਅ ਕੇ।”
“ਹਾਂ ਦੇਖਿਆ ਸੀ। ਤੁਸੀਂ ਹੱਥ ਹਿਲਾਇਆ ਸੀ ਮੈਨੂੰ, ਉਦੋਂ।”
“ਹਾਂ। ਫੇਰ ਰਾਤ ਗਏ ਉਸਨੂੰ ਭਰਮ ਹੋ ਗਿਆ ਕਿ ਕੋਈ ਹੋਸਟਲ ਗੇਟ ਦੇ ਬਾਹਰ ਖੜ੍ਹਾ ਏ। ਪਿਸਤੌਲ ਲਈ। ਉਸਨੂੰ ਮਰਨ ਖਾਤਰ। ਬਸ ਛਮ-ਛਮ ਪੰਜੇਬਾਂ ਵਜਾਉਂਦਿਆਂ ਕਾਰੀਡੋਰ ਵਿਚ ਇਕ ਸਿਰੇ ਤੋਂ ਦੂਜੇ ਸਿਰੇ ਤਕ ਘੁੰਮਣਾ ਸ਼ੁਰੂ। ਪੂਰਾ ਹੋਸਟਲ ਜਾਗ ਪਿਆ ਸੀ। ਮੈੱਸ ਵਾਲੇ ਲੋਕ ਵੀ। ਜਿਸ ਪਾਸੇ ਜਾਂਦੀ ਕੁੜੀਆਂ ਡਰਦੀਆਂ ਮਾਰੀਆਂ ਦਰਵਾਜ਼ਾ ਬੰਦ ਕਰ ਲੈਂਦੀਆਂ। ਫੇਰ ਦਰਵਾਜ਼ੇ ਦੇ ਸੁਰਾਖ਼ ਵਿਚੋਂ ਦੇਖਦੀਆਂ। ਉਸਦਾ ਹੈਲੁਸਿਨੇਸ਼ਨ (ਝੱਲ) ਵਧਦਾ ਗਿਆ। ਹੋਸਟਲ ਦੀ ਛੱਤ 'ਤੇ ਜਾ ਚੜ੍ਹੀ। 'ਅੱਜ ਛਾਲ ਮਾਰ ਕੇ ਮਰ ਈ ਜਾਨੀਂ ਆਂ। ਮੈਨੂੰ ਕੋਈ ਚੰਗਾ ਨਹੀਂ ਸਮਝਦਾ। ਸਾਰਿਆਂ ਲਈ ਬੋਝ ਆਂ ਮੈਂ। ਘਰੇ ਸਭ ਝੱਲਦੇ ਨੇ ਮੈਨੂੰ। ਮੇਰਾ ਰਿਸਰਚ ਗਾਈਡ ਵੀ ਮੈਨੂੰ ਮਰਵਾਉਣਾ ਚਾਹੁੰਦੈ। ਮੈਂ ਖ਼ੁਦ ਹੀ ਮਰ ਜਾਵਾਂਗੀ।'”
“ਓ-ਹੋ! ਫੇਰ ਕਿੰਜ ਉਤਾਰਿਆ ਉਸਨੂੰ?”
“ਉਹ ਕਿਸੇ ਨੂੰ ਨੇੜੇ ਆਉਣ ਹੀ ਨਹੀਂ ਸੀ ਦੇ ਰਹੀ। ਮੈਂ ਹਿੰਮਤ ਕੀਤੀ। ਸਿੱਧਾ ਉਸਦੀਆਂ ਅੱਖਾਂ ਵਿਚ ਦੇਖਦੀ, ਇਕ ਇਕ ਕਦਮ ਅੱਗੇ ਵਧੀ, ਗੱਲਾਂ ਕਰਦੀ, ਉਸਦੇ ਬਿਲਕੁਲ ਨੇੜੇ ਚਲੀ ਗਈ। ਪਤਾ ਈ ਵੇਦਿਕਾ-ਦੀ, ਉਸਦੀਆਂ ਅੱਖਾਂ ਵਿਚ ਬੱਚਿਆਂ ਵਰਗਾ ਭੋਲਾਪਨ ਸੀ। ਉਹ ਚੀਕ ਰਹੀ ਸੀ 'ਡੋਂਟ ਟੱਚ ਮੀ। (ਹੱਥ ਨਾ ਲਵੀਂ ਮੈਨੂੰ।) ਛਾਲ ਮਾਰ ਦਿਆਂਗੀ।' ਉਹ ਹੋਸਟਲ ਦੀ ਉਪਰਲੀ ਛੱਤ ਉੱਤੇ, ਬਾਲਕੋਨੀ ਦੀ ਚਾਰਦੀਵਾਰੀ ਉੱਤੇ ਚੜ੍ਹੀ ਖੜ੍ਹੀ ਸੀ ਓਦੋਂ। ਸਾਰੀਆਂ ਕੁੜੀਆਂ ਹੇਠਾਂ ਸਾਹ ਰੋਕੀ ਖੜ੍ਹੀਆਂ ਦੇਖ ਰਹੀਆਂ ਸਨ। ਫੇਰ ਮੈਂ ਪੁੱਛਿਆ, 'ਯੂ ਲਵ ਮੀ?' ਪਤਾ ਨਹੀਂ ਕਿਉਂ ਉਸਨੇ ਮੇਰੀਆਂ ਅੱਖਾਂ ਵਿਚ ਦੇਖਿਆ, ਫੇਰ ਬੋਲੀ 'ਯੇਸ।' 'ਦੇਨ ਵਹਾਈ ਡੂ ਯੂ ਵਾਂਟ ਮੀ ਟੂ ਗੇਟ ਅਰੇਸਟੇਡ? ਇਫ਼ ਯੂ ਡਾਈ ਦੇਨ ਦੇ ਵਿਲ ਬਲੇਮ ਮੀ'” (ਫੇਰ ਤੂੰ ਮੈਨੂੰ ਜੇਲ ਕਿਉਂ ਪਹੁੰਚਾਣਾ ਚਾਹੁੰਦੀ ਏਂ? ਜੇ ਤੂੰ ਮਰ ਗਈ ਤਾਂ ਉਹ ਮੈਨੂੰ ਈ ਦੋਸ਼ੀ ਮੰਨਣਗੇ)। ਮੈਂ ਅਤੀ ਗੰਭੀਰਤਾ ਨਾਲ ਕਿਹਾ। ਪਤਾ ਨਹੀਂ ਕਿੰਜ ਗੱਲ ਉਸਦੀ ਸਮਝ ਵਿਚ ਆ ਗਈ। ਹੇਠਾਂ ਉਤਰ ਆਈ। ਪਰ ਫੇਰ ਥੋੜ੍ਹੀ ਦੇਰ ਬਾਅਦ ਵਰਲਾਪ ਸ਼ੁਰੂ “ਯੂ ਨੋ, ਟੁਨਾਈਟ ਇਜ਼ ਫ਼ੁਲ ਮੂਨ ਨਾਈਟ (ਤੈਨੂੰ ਪਤਾ ਈ ਅੱਜ ਪੂਰੇ ਚੰਦ ਦੀ ਰਾਤ ਏ)। ਫ਼ੁਲ ਮੂਨ ਡੇ (ਪੂਰਣਮਾਸ਼ੀ ਦੇ ਦਿਨ) ਸਿਜ੍ਰੋਫ਼ੇਨੀਆ ਦਾ ਰੋਗ ਵਧ ਜਾਂਦਾ ਏ। ਮੈਨੂੰ ਸਿਜਸ਼ੋਫ਼ੇਨੀਆ ਏ। ਯੂ ਨੋ?” ਆਪਣੀ ਬਿਮਾਰੀ ਬਾਰੇ ਏਨਾ ਪੜ੍ਹਿਆ ਹੋਣਾ ਵੀ ਉਸਦੀ ਮੁਸੀਬਤ ਏ।”
“ਫੇਰ?”
“ਫੇਰ ਕੀ। ਤੁਸੀਂ ਤਾਂ ਸੁੱਤੇ ਰਹੇ। ਏਨੇ ਤਮਾਸ਼ੇ ਕੀਤੇ ਉਸਨੇ। ਏਨੀ ਚੀਕਾ-ਰੌਲੀ ਪਾਈ। ਫ਼ੋਨ ਕੀਤਾ ਪੁਲਿਸ ਨੂੰ ਕਿ ਬਾਹਰ ਦਰਖ਼ਤ ਹੇਠਾਂ ਉਸਨੂੰ ਮਾਰਨ ਲਈ ਕੋਈ ਖੜ੍ਹਾ ਏ। ਕਈ ਵਾਰੀ। ਪਹਿਲਾਂ ਤਾਂ ਪ੍ਰਾਕਟਰ ਆਫ਼ਿਸ ਵਾਲਿਆਂ ਨੇ ਧਿਆਨ ਨਹੀਂ ਦਿੱਤਾ। ਸੋਚਿਆ ਹੋਏਗਾ, ਹੋਲੀ ਦਾ ਤਮਾਸ਼ਾ ਏ, ਪਰ ਵਾਰੀ ਵਾਰੀ ਫ਼ੋਨ ਕਰਦੀ ਰਹੀ। ਉਸਨੂੰ ਰੋਕਣ ਦੀ ਕੋਸ਼ਿਸ਼ ਕਰਕੇ ਅਸੀਂ ਹਾਰ ਗਏ ਸਾਂ। ਪੁਲਿਸ ਆਈ। ਕੋਈ ਹੁੰਦਾ ਤਾਂ ਦਿਸਦਾ। ਸਾਨੂੰ ਜਵਾਬ ਦੇਣਾ ਪਿਆ। ਵੈਸ਼ਾਲੀ ਨੂੰ ਮੰਨਣਾ ਪਿਆ ਕਿ ਉਹ ਉਸਦੀ ਗੇਸਟ ਏ ਤੇ ਉਹ ਉਸਨੂੰ ਘਰ ਪਹੁੰਚਾਅ ਦਏਗੀ।”
“ਓ ਮਾਈ ਗਾਡ!”
“ਉਹ ਤਾਂ ਘਰ ਜਾਣ ਲਈ ਤਿਆਰ ਹੀ ਨਹੀਂ ਸੀ। ਸਵੇਰ ਹੁੰਦਿਆਂ ਹੀ ਆਟੋਰਿਕਸ਼ਾ ਕਰਕੇ ਪ੍ਰਾਕਟਰ ਆਫ਼ਿਸ ਵਾਲੇ ਪਹੁੰਚ ਗਏ। ਮੈਂ ਉਹਨਾਂ ਨਾਲ ਗਈ। ਉਸਨੂੰ ਘਰ ਛੱਡ ਕੇ ਹੁਣੇ ਆ ਰਹੀ ਆਂ।”
“ਸਮਿਤਾ ਬੜੀ ਉਦਾਸ ਸੀ। ਉਸ ਲਈ ਕੁਝ ਨਾ ਕਰ ਸਕਣ ਦੇ ਅਹਿਸਾਸ ਤੋਂ ਦੁਖੀ। ਫੇਰ ਵੀ ਉਸਨੇ ਇਕ ਦੁਰਘਟਨਾ ਹੋਣ ਤੋਂ ਰੋਕੀ ਸੀ। ਵਰਨਾ ਹੋਸਟਲ ਦੇ ਵਰਾਂਡੇ ਵਿਚ ਸਿਮੀ ਦੀ ਲਾਸ਼ ਪਈ ਮਿਲਦੀ।”
ਵੇਦਿਕਾ ਦਾ ਤ੍ਰਾਹ ਨਿਕਲ ਗਿਆ। ਏਨਾ ਕੁਝ ਹੋ ਗਿਆ ਤੇ ਉਸਨੂੰ ਕੁਝ ਨਹੀਂ ਪਤਾ! ਏਨੀ ਦਲੇਰ ਏ ਸਮਿਤਾ! ਏਨੀ ਭਲੀ। ਪਾਗਲਾਂ ਨਾਲ ਵੀ ਸਹਿਜ ਰਹਿ ਸਕਦੀ ਏ। ਉਹਨਾਂ ਨੂੰ ਰੋਕ, ਮਨਾਅ ਸਕਦੀ ਏ। ਜੇ ਉਹ ਹੋਸਟਲ ਦੀ ਛੱਤ ਤੋਂ ਛਾਲ ਮਾਰ ਜਾਂਦੀ ਫੇਰ!
ਇਕ ਉਹ ਏ, ਮੁਰਦੇ ਵਾਂਗ ਸੁੱਤੀ ਰਹੀ। ਪੂਰਾ ਹੋਸਟਲ ਜਾਗ ਪਿਆ ਸੀ। ਮੈਸ ਵਾਲੇ ਲੋਕ ਵੀ ਨਿਕਲ ਆਏ ਸਨ ਤੇ ਉਹ ਤੇ ਵਿਭਾ ਸੁੱਤੀਆਂ ਰਹੀਆਂ...ਮਹਾਰਾਜ ਪੀ ਕੇ ਗਾ ਰਿਹਾ ਹੋਏਗਾ!
ਪਰ ਉਹ ਕੀ ਕਰ ਲੈਂਦੀ? ਦਰਸ਼ਕਾਂ ਵਿਚ ਈ ਹੁੰਦੀ। ਉਹ ਤਾਂ ਸਮਿਤਾ ਦੇ ਸਿਵਾਏ ਕਿਸੇ ਦੀ ਸੁਣ ਈ ਨਹੀਂ ਸੀ ਰਹੀ। ਵੈਸ਼ਾਲੀ ਦੀ ਵੀ ਨਹੀਂ। ਸਮਿਤਾ ਦੇ ਅੰਦਰਲੀ ਭਲੀ, ਸੁੰਦਰ ਕੁੜੀ ਨੂੰ ਵੀ ਉਸਨੇ ਪਛਾਣ ਲਿਆ ਸੀ, ਵੇਦਿਕਾ ਵਾਂਗ ਈ। ਉਹ ਵਾਕਈ ਇੰਟੈਲੀਜੇਂਟ ਏ! ਫੇਰ ਹੌਲੀ-ਹੌਲੀ ਕਰਕੇ ਉਸਨੇ ਸਿਮੀ ਬਾਰੇ ਬੜਾ ਕੁਝ ਜਾਣ ਲਿਆ। ਉਸਦਾ ਪਰਿਵਾਰਕ ਪਿੱਛੋਕੜ...ਬੜਾ ਈ ਸਰਦਾ-ਵਰਦਾ ਖ਼ਾਨਦਾਨ। ਉਸਦੀਆਂ ਸ਼ਰਾਰਤਾਂ, ਉਸਦੀਆਂ ਕੁਤਾਹੀਆਂ। ਉਸਦੀ ਅਸਾਧਾਰਣ ਬੁੱਧੀ ਦੇ ਕਿੱਸੇ ਸੁਣੇ ਸੀ, ਪਰ ਉਸ ਨਾਲ ਨੇੜਤਾ ਨਹੀਂ ਸੀ ਹੋ ਸਕੀ। ਕਦੀ ਫੇਰ ਉਹ ਹੋਸਟਲ ਆਈ ਵੀ ਨਹੀਂ। ਅੰਗਰੇਜ਼ੀ ਵਿਭਾਗ ਜਾ ਕੇ ਉਸਨੂੰ ਮਿਲਣਾ, ਉਸਦੇ ਮਨ ਵਿਚ ਸ਼ੱਕ ਪੈਦਾ ਕਰਦਾ। ਬਸ, ਵੇਦਿਕਾ ਦੀਆਂ ਯਾਦਾਂ ਦਾ ਵਿਚ ਇਕ ਖਿੱਤਾ ਚੁਰਾ ਕੇ ਵੱਸ ਗਈ ਸੀ ਉਹ! ਉਸ ਪਿੱਛੋਂ ਕਿੰਨੀਆਂ ਹੋਲੀਆਂ ਖੇਡੀਆਂ ਵੇਦਿਕਾ ਨੇ। ਹੋਸਟਲ ਵਿਚ, ਘਰੇ ਤੇ ਫੇਰ ਏਥੇ ਅਮਰੀਕਾ ਵਿਚ ਵੀ। ਹੋਲੀਕਾ ਬਾਲੀ। ਕਦੀ ਉਸਨੂੰ ਭੁੱਲ ਸਕੀ ਕਿ?
ਉਹ ਤਾਂ ਮੁੱਢੋਂ ਈ ਜਾਣਦੀ ਸੀ ਕਿ ਸਿਮੀ ਜਿਸ ਪੀੜ-ਭੱਠੀ ਵਿਚ ਭੁੱਜ ਰਹੀ ਏ, ਉਸ ਵਿਚੋਂ ਬਾਹਰ ਨਿਕਲਣਾ ਉਸਦੇ ਹੱਥ-ਵੱਸ ਨਹੀਂ ਤੇ ਉਸ ਪੀੜ ਦੀ ਮੂਕ-ਗਿਆਤਾ ਉਹ, ਉਸ ਤੋਂ ਦੂਰ ਰਹਿ ਕੇ ਵੀ, ਉਸਦੇ ਦੁੱਖ ਦੀ ਕਿਤੇ ਨਾ ਕਿਤੇ ਸਾਂਝੀਦਾਰ ਬਣ ਚੁੱਕੀ ਏ!
ਸਿਮੀ ਕੌਸ਼ਿਕ ਨੇ ਕਦੀ ਵੇਦਿਕਾ ਨੂੰ ਸਮਝਿਆ ਈ ਨਹੀਂ! ਸਮਝ ਜਾਂਦੀ ਤਾਂ ਵੀ ਕੀ ਫ਼ਰਕ ਪੈਣਾ ਸੀ! ਸਿਜ੍ਰੋਫ਼ੇਨੀਆ ਯਾਨੀ ਉਚਾਟ-ਇਕੱਲੇਪਨ ਤੇ ਉਕਤਾਹਟ ਦਾ ਅੰਤਮ ਸਿਰਾ।
ਇਕ ਦਿਨ ਉਹ ਵੀ ਆਇਆ, ਜਦੋਂ ਸਿਮੀ ਨੇ ਉਤੇਜਨਾ ਵੱਸ ਉਹ ਕਰ ਲਿਆ, ਜਿਸ ਤੋਂ ਉਸ ਰਾਤ ਸਮਿਤਾ ਨੇ ਉਸਨੂੰ ਬਚਾਅ ਲਿਆ ਸੀ।
ਅੱਜ, ਬੜੇ ਚਿਰਾਂ ਬਾਅਦ, ਅਮਰੀਕਾ ਵਿਚ ਆਪਣੇ ਸਾਰੀਆਂ ਸਹੂਲਤਾਂ ਵਾਲੇ ਘਰ ਵਿਚ ਬੈਠੀ ਵੇਦਿਕਾ ਇਕ ਵਾਰੀ ਫੇਰ ਬੇਚੈਨ ਹੋ ਗਈ ਏ। ਕੀ ਉਹ ਸਿਮੀ ਕੌਸ਼ਿਕ ਦੀ ਮਾਂ ਨੂੰ ਮਿਲ ਕੇ ਜਾਣ ਸਕਦੀ ਏ ਕਿ ਉਹਨੂੰ ਗਰਭ-ਅਵਸਥਾ ਦੌਰਾਨ ਫ਼ਲੂ ਹੋਇਆ ਸੀ ਜਾਂ ਨਹੀਂ? ਜੇ ਇਹ ਬਿਮਾਰੀ ਉਸਨੂੰ ਵਿਰਾਸਤ ਵਿਚ ਨਹੀਂ ਵੀ ਮਿਲੀ, ਤਾਂ ਵੀ ਤਾਂ ਉਸਨੂੰ ਘਰ ਵਾਲਿਆਂ ਦੀ ਹਮਦਰਦੀ ਤੇ ਸਨੇਹ ਲੈਣ ਦਾ ਹੱਕ ਤਾਂ ਹੈ ਈ ਸੀ ਨਾ?
ਕਈ ਵਾਰੀ ਹੋਰਨਾਂ ਵੱਲੋਂ ਮਿਲਿਆ ਤ੍ਰਿਸਕਾਰ, ਇਨਸਾਨ ਨੂੰ ਪਹਿਲਾਂ ਈ ਮਾਰ ਦੇਂਦਾ ਏ, ਅਸਲ ਮੌਤ ਤੋਂ ਬੜਾ ਚਿਰ ਪਹਿਲਾਂ।
ਕੀ ਪਤਾ ਸਿਮੀ ਕੌਸ਼ਿਕ ਵੀ, ਚਿਰੋਕਣਾ ਪਹਿਲਾਂ ਈ ਮਰ ਗਈ ਹੋਵੇ! ਬਸ ਵੇਦਿਕਾ ਦੀਆਂ ਯਾਦਾਂ ਨੇ ਉਸਨੂੰ ਅੱਜ ਤੀਕ ਮਰਨ ਨਹੀਂ ਦਿੱਤਾ ਤੇ ਸ਼ਾਇਦ ਉਹ ਸਮਿਤਾ ਲਈ ਵੀ ਜਿਊਂਦੀ ਹੋਵੇ!
ਕੁਝ ਯਾਦਾਂ ਦੀ ਹੋਲੀ ਕਦੀ ਨਹੀਂ ਬਲਦੀ...!
    ੦੦੦ ੦੦੦ ੦੦੦
ਇਹ ਕਹਾਣੀ ਪ੍ਰੀਤਲੜੀ ਦੇ ਫਰਬਰੀ; 2010 ਅੰਕ ਵਿਚ ਛਪੀ ਹੈ।

No comments:

Post a Comment