Tuesday, July 20, 2010

ਇਕ ਸਵੀਕਾਰ...:: ਲੇਖਕ : ਸ਼ਬੀਰ ਅਹਿਮਦ

ਉਰਦੂ ਕਹਾਣੀ :
    ਇਕ ਸਵੀਕਾਰ...
       ਲੇਖਕ : ਸ਼ਬੀਰ ਅਹਿਮਦ
       ਅਨੁਵਾਦ : ਮਹਿੰਦਰ ਬੇਦੀ, ਜੈਤੋ
ਉਹ ਸਵੇਰੇ ਸੱਤ ਵਜੇ ਆਉਂਦੀ ਤੇ ਘਰ ਦਾ ਸਾਰਾ ਕੰਮ-ਧੰਦਾ ਨਬੇੜ ਕੇ ਦਸ ਵਜਦੇ ਤਕ ਵਾਪਸ ਚਲੀ ਜਾਂਦੀ। ਉਸਦੇ ਜਾਂਦਿਆਂ ਹੀ ਸੋਮਾਨ ਤੇ ਕੌਸੀਆ ਬੇਟੇ ਨੂੰ ਲੈ ਕੇ ਨਿਕਲ ਪੈਂਦੇ ਤੇ ਉਸਨੂੰ ਸਕੂਲ ਬੱਸ ਵਿਚ ਚੜ੍ਹਾ ਕੇ ਆਪੋ-ਆਪਣੇ ਦਫ਼ਤਰ ਚਲੇ ਜਾਂਦੇ। ਸ਼ਾਮ ਨੂੰ ਉਹ ਸੜਕ ਉੱਤੇ ਆ ਖੜ੍ਹੀ ਹੁੰਦੀ ਤੇ ਜਦੋਂ ਸਰਹਾਨ ਦੀ ਬੱਸ ਆ ਜਾਂਦੀ ਤਾਂ ਉਸਨੂੰ ਨਾਲ ਲੈ ਕੇ ਘਰ ਆ ਜਾਂਦੀ। ਉਸਦੇ ਹੱਥ-ਮੂੰਹ ਧੁਆਉਂਦੀ, ਕੱਪੜੇ ਬਦਲਦੀ, ਦੁੱਧ ਗਰਮ ਕਰਕੇ ਪਿਆਉਂਦੀ...ਇਸ ਦੌਰਾਨ ਸੋਮਾਨ ਤੇ ਕੋਸੀਆ ਵੀ ਦਫ਼ਤਰੋਂ ਆ ਜਾਂਦੇ। ਉਹ ਉਹਨਾਂ ਲਈ ਚਾਹ-ਸ਼ਾਹ ਬਣਾਉਂਦੀ ਤੇ ਰਾਤ ਦਾ ਖਾਣਾ ਬਣਾ ਕੇ ਫੇਰ ਚਲੀ ਜਾਂਦੀ। ਉਸ ਦਿਨ ਸੋਮਾਨ ਇਕੱਲੇ ਹੀ ਆਏ ਸਨ...ਕੋਸੀਆ ਹਾਲੇ ਤਕ ਦਫ਼ਤਰੋਂ ਨਹੀਂ ਸੀ ਆਈ।
ਓਬੇਦਾ ਨੇ ਪੁੱਛਿਆ, “ਬਾਜੀ (ਦੀਦੀ) ਤਾਂ ਹਾਲੇ ਤਕ ਆਈ ਨਹੀਂ, ਤੁਹਾਡੇ ਲਈ ਚਾਹ ਬਣਾ ਦਿਆਂ?”
ਸੋਮਾਨ ਨੇ ਕਿਹਾ ਸੀ, “ਹਾਂ, ਬਣਾਅ ਦੇਅ, ਉਹ ਅੱਜ ਦੇਰ ਨਾਲ ਆਏਗੀ। ਉਸਦੇ ਦਫ਼ਤਰ ਵਿਚ ਕੋਈ ਮੀਟਿੰਗ ਏ।”
ਉਸ ਦਿਨ ਕੌਸੀਆ ਰਾਤ ਦੇ ਨੌ ਵਜੇ ਆਈ ਸੀ...ਥੱਕੀ-ਥੱਕੀ ਤੇ ਨਿਢਾਲ ਜਿਹੀ!! ਬਾਹਰ ਹਲਕੀ-ਹਲਕੀ ਬਾਰਿਸ਼ ਹੋ ਰਹੀ ਸੀ। ਉਸਨੇ ਖੁੱਲ੍ਹੀ ਛਤਰੀ ਦਰਵਾਜ਼ੇ ਕੋਲ ਹੀ ਰੱਖ ਦਿੱਤੀ। ਸਰਹਾਨ ਅੰਦਰ ਕਮਰੇ ਵਿਚ ਸੁੱਤਾ ਪਿਆ ਸੀ ਤੇ ਸੋਮਾਨ ਉਸਦੇ ਸਿਰਹਾਣੇ ਬੈਠੇ, ਇਕ ਹੱਥ ਉਸਦੇ ਸਿਰ ਉੱਤੇ ਫੇਰ ਰਹੇ ਸਨ ਤੇ ਦੂਜੇ ਵਿਚ ਕੋਈ ਕਿਤਾਬ ਫੜ੍ਹੀ ਹੋਈ ਸੀ। ਓਬੇਦਾ ਡਰਾਇੰਗ ਰੂਮ ਵਿਚ ਸੋਫੇ ਨਾਲ ਢੋਅ ਲਾਈ, ਫਰਸ਼ ਉੱਤੇ, ਬੈਠੀ ਕੋਸੀਆ ਨੂੰ ਉਡੀਕ ਰਹੀ ਸੀ। ਉਸਨੂੰ ਦੇਖਦਿਆਂ ਹੀ ਸੰਭਲ ਕੇ ਬੈਠ ਗਈ। ਕੋਸੀਆ ਨੇ ਇਕ ਨਜ਼ਰ ਉਸ ਵੱਲ ਦੇਖਿਆ ਤੇ ਪੁੱਛਿਆ, “ਤੂੰ ਅਜੇ ਤੀਕ ਗਈ ਨਹੀਂ?”
ਤੇ ਇਸ ਤੋਂ ਪਹਿਲਾਂ ਕਿ ਉਹ ਕੋਈ ਜਵਾਬ ਦੇਂਦੀ, ਕੋਸੀਆ ਅੰਦਰ ਕਮਰੇ ਵਿਚ ਚਲੀ ਗਈ। ਥੋੜ੍ਹੀ ਦੇਰ ਬਾਅਦ ਓਬੇਦਾ ਨੇ ਕਿਹਾ, “ਬਾਜੀ, ਮੈਂ ਜਾ ਰਹੀ ਆਂ, ਦਰਵਾਜ਼ਾ ਬੰਦ ਕਰ ਲਈਓ।”
ਕੋਸੀਆ ਉਸਦੇ ਪਿੱਛੇ-ਪਿੱਛੇ ਦਰਵਾਜ਼ੇ ਤਕ ਗਈ। ਦਰਵਾਜ਼ੇ ਕੋਲ ਹੀ ਚੱਪਲਾਂ ਵਾਲਾ ਰੈਕ ਸੀ। ਓਬੇਦਾ ਚੱਪਲਾਂ ਕੱਢਣ ਲਈ ਝੁਕੀ ਤੇ ਕੁਝ ਚਿਰ ਉਸੇ ਤਰ੍ਹਾਂ ਝੁਕੀ ਰਹੀ।...ਤੇ ਜਦੋਂ ਉਸਨੂੰ ਆਪਣੀਆਂ ਚੱਪਲਾਂ ਮਿਲ ਗਈ ਤਾਂ ਉਹ ਉਹਨਾਂ ਨੂੰ ਹੱਥ ਵਿਚ ਚੁੱਕੀ ਬਾਹਰ ਚਲੀ ਗਈ। ਕੋਸੀਆ ਦਰਵਾਜ਼ਾ ਬੰਦ ਕਰਕੇ ਮੁੜੀ ਹੀ ਸੀ ਕਿ ਦਰਵਾਜ਼ੇ ਉੱਤੇ ਦਸਤਕ ਹੋਈ। ਉਸਨੇ ਮੁੜ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਸਾਹਮਣੇ ਓਬੇਦਾ ਖੜ੍ਹੀ ਹੈ। ਛਤਰੀ ਕੌਸੀਆ ਦੇ ਪੈਰਾਂ ਕੋਲ ਖੁੱਲ੍ਹੀ ਪਈ ਸੀ। ਓਬੇਦਾ ਨੇ ਕਿਹਾ, “ਬਾਜੀ, ਬਾਰਿਸ਼ ਹੋ ਰਹੀ ਏ, ਤੁਹਾਡੀ ਛਤਰੀ ਲੈ ਜਾਵਾਂ? ਕੱਲ੍ਹ ਸਵੇਰੇ ਲੈਂਦੀ ਆਵਾਂਗੀ।”
ਕੌਸੀਆ ਦੇ ਹਾਮੀ ਭਰਦਿਆਂ ਹੀ ਉਸਨੇ ਝੁਕ ਕੇ ਛਤਰੀ ਚੁੱਕੀ ਤੇ ਉਸਨੂੰ ਬੰਦ ਕਰਨ ਲੱਗੀ। ਬੰਦ ਕਰਨ ਲੱਗਿਆਂ ਛਤਰੀ ਉਸਦੇ ਹੱਥੋਂ ਛੁੱਟ ਕੇ ਕੌਸੀਆਂ ਦੇ ਪੈਰਾਂ ਕੋਲ ਜਾ ਡਿੱਗੀ। ਕੌਸੀਆ ਦੇ ਐਨ ਸਾਹਮਣੇ ਝੁਕ ਕੇ ਓਬੇਦਾ ਨੇ ਛਤਰੀ ਚੁੱਕ ਲਈ ਤੇ ਕਿਹਾ, “ਮੁਆਫ਼ ਕਰਨਾ ਬਾਜੀ, ਹੱਥੋਂ ਛੁੱਟ ਗਈ ਸੀ!”
ਕੌਸੀਆ ਨੇ ਕੋਈ ਜਵਾਬ ਨਾ ਦਿੱਤਾ। ਚੁੱਪਚਾਪ ਖੜ੍ਹੀ ਰਹੀ। ਤੇ ਜਦੋਂ ਓਬੇਦਾ ਛਤਰੀ ਲੈ ਕੇ ਚਲੀ ਗਈ, ਤਾਂ ਉਸਨੇ ਗੌਰ ਨਾਲ ਆਪਣੀ ਸਲਵਾਰ ਦੇ ਪਹੁੰਚਿਆਂ ਵੱਲ ਵੇਖਿਆ ਤੇ ਤ੍ਰਬਕ ਗਈ। ਨਮੋਸ਼ੀ ਜਿਹੀ ਨਾਲ ਸੋਚਣ ਲੱਗੀ, 'ਕਿਤੇ ਉਸਨੇ ਦੇਖ ਤਾਂ ਨਹੀਂ ਲਿਆ? ਹਾਂ, ਦੇਖ ਤਾਂ ਲਿਆ ਏ...ਤੇ ਸ਼ਾਇਦ ਉਸਨੂੰ ਮੇਰੇ ਉੱਤੇ ਸ਼ੱਕ ਵੀ ਹੋ ਗਿਆ ਏ!! ਤਦੇ ਤਾਂ ਵਾਰੀ-ਵਾਰੀ ਝੁਕ ਰਹੀ ਸੀ!!' ਉਹ ਅੰਦਰੇ-ਅੰਦਰ ਬੜਬੜਾਈ ਸੀ, 'ਅੱਛਾ ਜੇ ਦੇਖ ਵੀ ਲਿਐ ਤਾਂ ਫੇਰ ਕੀ ਹੋਇਆ? ਉਸਦਾ ਦਿਮਾਗ਼ ਉੱਥੋਂ ਤੀਕ ਨਹੀਂ ਪਹੁੰਚ ਸਕਦਾ। ਨਹੀਂ, ਨਹੀਂ ਉਸ ਸਮਝ ਜਾਏਗੀ। ਏਨੀ ਭੋਲੀ ਵੀ ਨਹੀਂ ਉਹ!! ਘਾਟ-ਘਾਟ ਦਾ ਪਾਣੀ ਪੀਂਦੀ ਏ!! ਸੱਤੀਂ ਘਰੀਂ ਕੰਮ ਕਰਦੀ ਏ...ਸਭ ਜਾਣੀ ਏ। ਦੇਖਿਆ ਨਹੀਂ ਕਿੰਜ ਬਹਾਨੇ ਲੱਭ-ਲੱਭ ਪੈਰਾਂ ਕੋਲ ਮੰਡਲਾ ਰਹੀ ਸੀ! ਵਾਰੀ-ਵਾਰੀ ਝੁਕ ਰਹੀ ਸੀ!!'
ਕੌਸੀਆ ਦੇ ਦਿਮਾਗ਼ ਵਿਚ ਭੈ ਪਸਰਨ ਲੱਗਾ। ਉਹ ਸਲਵਾਰ ਸਿੱਧੀ ਕਰਨ ਲਈ ਕਾਹਲ ਨਾਲ ਬਾਥਰੂਮ ਵਿਚ ਵੜ ਗਈ।
ਕੌਸੀਆ ਇਕ ਸੈਲਫ ਮੇਡ ਔਰਤ ਸੀ। ਉਸਨੇ ਜ਼ਿੰਦਗੀ ਦੇ ਉਤਾਰ-ਝੜਾਅ ਦੇਖੇ ਸਨ। ਬੜੀ ਜੱਦੋਜਹਿਦ ਕਰਕੇ ਉਹ ਇੱਥੋਂ ਤਕ ਪਹੁੰਚੀ ਸੀ। ਸੋਮਾਨ ਤੇ ਉਹ ਇਕੋ ਕਾਲਜ ਵਿਚ ਪੜ੍ਹਦੇ ਸਨ। ਇਕ ਦੂਜੇ ਨੂੰ ਪਸੰਦ ਕਰਦੇ ਸਨ। ਪੜ੍ਹਾਈ ਦੌਰਾਨ ਹੀ ਸੋਮਾਨ ਇਕ ਸੂਬਾਈ ਮਹਿਕਮੇ ਵਿਚ ਕਲਰਕ ਲੱਗ ਗਿਆ ਸੀ। ਸ਼ਾਦੀ ਦੇ ਦੂਜੇ ਵਰ੍ਹੇ ਹੀ ਉਹਨਾਂ ਦੇ ਘਰ ਇਕ ਨੰਨ੍ਹੀ ਪਰੀ ਨੇ ਪੈਰ ਪਾਏ ਸਨ। ਜ਼ਿੰਦਗੀ ਖੁਸ਼ੀ-ਖੁਸ਼ੀ ਬੀਤ ਰਹੀ ਸੀ। ਦੇਖਦਿਆਂ-ਦੇਖਦਿਆਂ ਆਫ਼ੀ ਤਿੰਨ ਸਾਲ ਦੀ ਹੋ ਗਈ। ਉਹਨਾਂ ਬੜੇ ਚਾਵਾਂ ਨਾਲ ਬੇਟੀ ਨੂੰ ਅੰਗਰੇਜ਼ੀ ਮੀਡੀਅਮ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ। ਪਰ ਕੁਝ ਦਿਨਾਂ ਵਿਚ ਹੀ ਉਹਨਾਂ ਦੇ ਇਹ ਚਾਅ ਮੱਠੇ ਪੈਣ ਲੱਗ ਪਏ। ਸ਼ੁਰੂ-ਸ਼ੁਰੂ ਵਿਚ ਉਹ ਛੋਟੀਆਂ-ਮੋਟੀਆਂ ਜ਼ਰੂਰਤਾਂ ਨਾਲ ਸਮਝੌਤਾ ਕਰਦੇ ਰਹੇ, ਪਰ ਜਦੋਂ ਪਾਣੀ ਸਿਰ ਤੋਂ ਉੱਚਾ ਹੋਣ ਲੱਗ ਪਿਆ ਤਾਂ ਕੌਸੀਆ ਨੇ ਵੀ ਨੌਕਰੀ ਕਰਨ ਦਾ ਮਨ ਬਣਾ ਲਿਆ। ਸੋਮਾਨ ਨੂੰ ਭਲਾ ਇਸ ਵਿਚ ਕੀ ਇਤਰਾਜ਼ ਹੋ ਸਕਦਾ ਸੀ? ਘਰ ਤੇ ਬੱਚੀ ਦੀ ਦੇਖਭਾਲ ਲਈ ਇਕ ਆਇਆ (ਖਿਡਾਵੀ-ਖੁਆਵੀ) ਰੱਖ ਕੇ ਉਹ ਇਕ ਕਾਲ ਸੈਂਟਰ ਨਾਲ ਜੁੜ ਗਈ। ਓਦੋਂ ਦੀ ਓਬੇਦਾ ਇਸ ਘਰ ਵਿਚ ਕੰਮ ਕਰ ਰਹੀ ਹੈ। ਹੌਲੀ-ਹੋਲੀ ਉਹਨਾਂ ਦੀ ਮਾਲੀ ਹਾਲਤ ਸੁਧਰਦੀ ਗਈ। ਫੇਰ ਸਰਹਾਨ ਦੇ ਜੰਮਣ ਪਿੱਛੋਂ ਉਹਨਾਂ ਦੀਆਂ ਖ਼ਾਹਿਸ਼ਾਂ-ਇੱਛਾਵਾਂ ਦੂਗਣੀਆਂ ਹੋ ਗਈਆਂ।
ਦੇਖਦੇ-ਦੇਖਦੇ ਪੰਦਰਾਂ ਸਾਲ ਬੀਤ ਗਏ। ਇਸ ਦੌਰਾਨ ਕੌਸੀਆ ਨੂੰ ਨਿੱਕੀਆਂ-ਮੋਟੀਆਂ ਕਈ ਤਰੱਕੀਆਂ ਮਿਲੀਆਂ। ਪਰ ਇਸ ਵਾਰੀ ਡਿਪਟੀ ਸੇਲਜ਼ ਮੈਨੇਜਰ ਦੀ ਪੇਸ਼ਕਸ਼ ਸੀ। ਇਸ ਅਹੂਦੇ ਨੂੰ ਹਾਸਲ ਕਰਨ ਲਈ ਉਸਨੇ ਕੀ ਕੁਝ ਨਹੀਂ ਸੀ ਕੀਤਾ। ਕਈ ਜਣੇ ਦਾਅਵੇਦਾਰ ਸਨ ਪਰ ਕੰਪਨੀ ਦਾ ਐਮ.ਡੀ. ਕੌਸੀਆ ਉੱਤੇ ਕੁਝ ਵਧੇਰੇ ਹੀ ਮਿਹਰਬਾਨ ਸੀ। ਪਰ ਹੁਣ ਉਹ ਛਿਛੋਪੰਜ ਵਿਚ ਪੈ ਗਈ ਸੀ...ਕੰਪਨੀ ਦੀ ਪਾਲਿਸੀ ਦੇ ਮੁਤਾਬਿਕ ਉਸਨੂੰ ਘੱਟੋਘੱਟ ਦੋ ਸਾਲ ਦੱਖਦੀ ਹਿੰਦੁਸਤਾਨ ਵਿਚ ਲਾਉਣੇ ਪੈਣੇ ਸਨ। ਸ਼ੌਹਰ (ਪਤੀ) ਤੇ ਪੁੱਤਰ ਤੋਂ ਵਿਛੋੜੇ ਦਾ ਖ਼ਿਆਲ ਉਸ ਲਈ ਪੈਰਾਂ ਦੀ ਜੰਜ਼ੀਰ ਬਣਿਆ ਹੋਇਆ ਸੀ। ਪਰ ਉਸ ਤੋਂ ਵੱਡੀ ਆਪਣੀ ਮਾਇਕ ਹਾਲਤ ਸੁਧਾਰਣ ਦੀ ਫਿਕਰ ਸੀ।
ਆਫ਼ੀ ਬੰਗਲੌਰ ਦੇ ਇਕ ਇੰਜੀਨੀਅਰ ਕਾਲਜ ਵਿਚ ਪੜ੍ਹ ਰਹੀ ਸੀ, ਤੇ ਸਰਹਾਨ ਕਲਕੱਤੇ ਦੇ ਇਕ ਇੰਗਲਿਸ਼ ਮੀਡੀਅਮ ਸਕੂਲ ਵਿਚ। ਆਫ਼ੀ ਦੀ ਪੜ੍ਹਾਈ ਲਈ ਉਹਨਾਂ ਨੂੰ ਬੈਂਕ ਤੋਂ ਲੋਨ ਲੈਣਾ ਪਿਆ ਸੀ। ਉਸਨੂੰ ਹਰ ਮਹੀਨੇ ਇਕ ਵੱਡੀ ਰਕਮ ਵੀ ਭੇਜਣੀ ਪੈਂਦੀ ਸੀ। ਸਰਹਾਨ ਦੇ ਸਕੂਲ ਦਾ ਖਰਚ ਵੀ ਘੱਟ ਨਹੀਂ ਸੀ। ਟਿਊਸ਼ਨ ਫੀਸ, ਗੱਡੀ ਦਾ ਕਿਰਾਇਆ, ਕਿਤਾਬਾਂ-ਕਾਪੀਆਂ, ਤੇ ਇਸ ਉੱਤੇ ਨਿੱਤ-ਨਿੱਤ ਦੀਆਂ ਜ਼ਿੰਦਗੀ ਦੀਆਂ ਨਵੀਆਂ ਫਰਮਾਇਸ਼ਾਂ! ਪਰ ਆਮਦਨ ਦਾ ਇਕ ਵੱਡਾ ਹਿੱਸਾ ਖ਼ਰੀਦੇ ਹੋਏ ਫਲੈਟ ਦੀ ਮਾਸਿਕ ਕਿਸ਼ਤ ਵਿਚ ਚੱਲਾ ਜਾਂਦਾ ਸੀ। ਭਾਵ ਇਹ ਉਲਦ-ਪੁਲਦ ਕਰਕੇ ਮੁਸ਼ਕਿਲ ਨਾਲ ਘਰ ਚੱਲਦਾ ਸੀ। ਇਸੇ ਕਰਕੇ ਕੌਸੀਆ ਨੇ ਇਹ ਪ੍ਰਮੋਸ਼ਨ ਲੈਣ ਦਾ ਨਿਰਣਾ ਲਿਆ ਸੀ। ਇਸ ਲਈ ਜਾਇਜ਼, ਨਾ-ਜਾਇਜ਼ ਦੇ ਹੱਦ-ਬੰਨੇ ਵੀ ਟੱਪ ਗਈ ਸੀ ਉਹ। ਪਰ ਇਹ ਗੱਲ ਵੀ ਸੱਚ ਸੀ ਕਿ ਉਹ ਆਪਣੇ ਸ਼ੌਹਰ (ਪਤੀ) ਨੂੰ ਬੜਾ ਪਿਆਰ ਕਰਦੀ ਸੀ। ਉਸਨੂੰ ਇਕੱਲਾ ਛੱਡ ਕੇ ਜਾਣਾ ਉਸਨੂੰ ਚੰਗਾ ਨਹੀਂ ਸੀ ਲੱਗ ਰਿਹਾ। ਉਹ ਮਨ-ਮਸੋਸ ਕੇ ਬੋਲੀ, “ਜੇ ਮੈਂ ਚਲੀ ਜਾਵਾਂ ਤਾਂ ਤੁਹਾਨੂੰ ਤਾਂ ਖਾਸਾ ਔਖਾ ਹੋ ਜਾਏਗਾ ਨਾ?”
ਸੋਮਾਨ ਨੇ ਸ਼ਰਾਰਤ ਭਰੀ ਆਵਾਜ਼ ਵਿਚ ਕਿਹਾ, “ਔਖਾ! ਹਾਂ, ਉਹ ਤਾਂ ਹੋ ਈ ਜਾਏਗਾ! ਪਰ ਮੋਹਤਰਮਾ (ਸ਼੍ਰੀਮਤੀ ਜੀ), ਸਬਰ ਨਾਂਅ ਦੀ ਵੀ ਕੋਈ ਚੀਜ਼ ਹੁੰਦੀ ਏ ਇਸ ਦੁਨੀਆਂ ਵਿਚ!! ਮੈਂ ਸਬਰ ਕਰ ਲਵਾਂਗਾ! ਬਸ ਤੁਸੀਂ ਵਿਚ-ਵਿਚਕਾਰ ਆਉਂਦੇ ਰਹੀਓ; ਸਾਡੀਆਂ ਮੁਰਾਦਾਂ ਪੂਰੀਆਂ ਕਰਦੇ ਰਹੀਓ; ਸਾਡੀ ਗੱਡੀ ਚਲਦੀ ਰਹੇਗੀ!!”
ਕੌਸੀਆ ਬੁੱਲ੍ਹਾਂ 'ਚ ਹੱਸੀ, “ਫੇਰ ਉਹੀ ਸ਼ਰਾਰਤ! ਠੀਕ ਏ ਤੁਹਾਨੂੰ ਸਬਰ ਕਰਨ ਦੀ ਲੋੜ ਨਹੀਂ!! ਤੁਸੀਂ ਵੀ ਮੇਰੇ ਨਾਲ ਚੱਲੋ...ਅਸੀਂ ਸਰਹਾਨ ਨੂੰ ਉੱਥੇ ਈ ਕਿਸੇ ਚੰਗੇ ਸਕੂਲ ਵਿਚ ਦਾਖ਼ਲ ਕਰਵਾ ਦਿਆਂਗੇ।”
ਸਰਹਾਨ ਨੇ ਦੋਹੇਂ ਮੋਢੇ ਸਿਕੋੜ ਕੇ ਦੋਹੇਂ ਹੱਥ ਘੁਮਾਏ ਤੇ ਕਿਹਾ, “ਵੈੱਲ, ਆਈਡੀਆ ਬੁਰਾ ਨਹੀਂ!”
ਕੌਸੀਆ ਨੇ ਹੱਸਦਿਆਂ ਹੋਇਆਂ ਕਿਹਾ, “ਤਾਂ ਚੱਲੋ, ਤੁਹਾਡਾ ਵੀ ਸਾਮਾਨ ਪੈਕ ਕਰ ਦੇਨੇਂ ਆਂ!”
ਸੋਮਾਨ ਨੇ ਕਿਹਾ, “ਪਰ ਮੋਹਸ਼ਰਮਾ, ਤੁਸੀਂ ਸ਼ਾਇਦ ਭੁੱਲ ਰਹੇ ਓ ਕਿ ਅਸੀਂ ਸਰਕਾਰੀ ਨੋਕਰ ਆਂ। ਬੀਵੀ ਦੀ ਜੱਚਗੀ (ਜਾਪੇ) ਸਮੇਂ ਸ਼ਾਇਦ ਸਾਨੂੰ ਮੈਟਰਨਟੀ ਲੀਵ ਮਿਲ ਜਾਏ, ਪਰ ਉਸਦੀ ਤਰੱਕੀ 'ਤੇ ਲੀਵ ਮਿਲਣ ਦੀ ਕੋਈ ਉਮੀਦ ਨਹੀਂ। ਜੇ ਇੰਜ ਹੁੰਦਾ ਤਾਂ ਯਕੀਨਨ ਮੈਂ ਤੁਹਾਡਾ ਅਟੈਚੀ ਬਣ ਜਾਂਦਾ...ਹਾਂ, ਇਕ ਰੱਸਤਾ ਹੈ!!”
“ਬਈ ਵਾਹ! ਕਿਆ ਬਾਤ ਐ!!” ਉਸਨੇ ਪਤੀ ਦੇ ਗਲ਼ ਵਿਚ ਬਾਹਾਂ ਪਾ ਕੇ ਝੂਲਦਿਆਂ ਹੋਇਆਂ ਇਕ ਅੱਖ ਦੱਬ ਕੇ ਕਿਹਾ, “ਫੇਰ ਤਾਂ ਤੁਹਾਡੀ ਮੁਰਾਦ ਰੋਜ਼ ਹੀ ਪੂਰੀ ਹੋਇਆ ਕਰੇਗੀ, ਵਾਅਦਾ ਰਿਹਾ! ਪਰ ਦੱਸੋ ਤਾਂ ਸਹੀ ਉਹ ਰੱਸਤਾ ਕਿਹੜਾ ਏ?”
ਸੋਮਾਨ ਨੇ ਉਸਦੇ ਮੋਢਿਆਂ ਉੱਤੇ ਦੋਹੇਂ ਹੱਥ ਰੱਖਦਿਆਂ ਕਿਹਾ, “ਮੇਰੀ ਜਾਨ ਉਹ ਰੱਸਤਾ ਇਹ ਹੈ ਕਿ ਮੈਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿਆਂ!!”
ਇਹ ਸੁਣਦਿਆਂ ਹੀ ਕੌਸੀਆ ਦੇ ਚਿਹਰੇ ਦਾ ਰੰਗ ਉੱਡ ਗਿਆ। ਉਸਨੇ ਬੁਝੀ ਜਿਹੀ ਆਵਾਜ਼ ਵਿਚ ਕਿਹਾ, “ਜੇ ਇੰਜ ਐ ਤਾਂ ਤੁਹਾਨੂੰ ਜਾਣ ਦੀ ਲੋੜ ਨਹੀਂ! ਮੈਂ ਇਕੱਲੀ ਚਲੀ ਜਾਵਾਂਗੀ...ਤੁਸੀਂ ਆਪਣਾ ਤੇ ਸਰਹਾਨ ਦਾ ਖ਼ਿਆਲ ਰੱਖਣਾ ਬਸ!!”
ਦੂਜੇ ਦਿਨ ਕੌਸੀਆ ਚਾਲਾਕ ਸ਼ਿਕਾਰੀ ਵਾਂਗ ਦੂਰ ਬੈਠੀ ਓਬੇਦਾ ਦਾ ਜਾਇਜ਼ਾ ਲੈ ਰਹੀ ਸੀ। ਤੇ ਜਦੋਂ ਉਸਨੂੰ ਇਹ ਯਕੀਨ ਹੋ ਗਿਆ ਕਿ ਉਹ ਬਿਲਕੁਲ ਨਾਰਮਲ ਨਜ਼ਰ ਆ ਰਹੀ ਹੈ ਤਾਂ ਉਸਨੇ ਉਸਨੂੰ ਕੋਲ ਬੁਲਾਅ ਕੇ ਕਿਹਾ ਕਿ ਉਹ ਦੋ ਸਾਲ ਲਈ ਕੋਮਬੇਟੋਰ ਜਾ ਰਹੀ ਹੈ...ਉਹ, ਉਸ ਦੇ ਪਿੱਛੋਂ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਏ, ਕਿਸੇ ਹੋਰ ਘਰ ਵਿਚ ਕੰਮ ਨਾ ਕਰੇ। ਉਹ ਇਸ ਬਦਲੇ ਉਸਨੂੰ ਏਨੇ ਪੈਸੇ ਦੇ ਦਿਆ ਕਰੇਗੀ ਕਿ ਕਿਸੇ ਤਰ੍ਹਾਂ ਉਹ ਘਾਟੇ ਵਿਚ ਨਹੀਂ ਰਹੇਗੀ।...ਤੇ ਇਹ ਤੈਅ ਹੋ ਗਿਆ ਕਿ ਉਹ ਹਰ ਰੋਜ਼ ਸਵੇਰੇ ਦਸ ਵਜੇ ਆਪਣੇ ਘਰ ਚਲੀ ਜਾਇਆ ਕਰੇਗੀ ਤੇ ਸ਼ਾਮੀਂ ਚਾਰ ਵਜੇ ਕੰਮ 'ਤੇ ਆ ਜਾਇਆ ਕਰੇਗੀ।
ਤੇ ਜਦੋਂ ਕੌਸੀਆ ਦੱਖਣੀ-ਹਿੰਦੁਸਤਾਨ ਵੱਲ ਰਵਾਨਾ ਹੋ ਰਹੀ ਸੀ, ਤਾਂ ਓਬੇਦਾ ਵੀ ਉਸਨੂੰ ਵਿਦਾਅ ਕਰਨ ਲਈ ਏਅਰ ਪੋਰਟ ਗਈ ਸੀ। ਕੌਸੀਆ ਵਾਰੀ-ਵਾਰੀ ਉਸ ਵੱਲ ਚੋਰ ਅੱਖ ਨਾਲ ਦੇਖ ਲੈਂਦੀ, ਹਜ਼ਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ, ਉਹ ਗੱਲ ਆਪਣੇ ਦਿਮਾਗ਼ ਵਿਚੋਂ ਨਹੀਂ ਸੀ ਕੱਢ ਸਕੀ...ਜਦੋਂ ਵੀ ਓਬੇਦਾ ਹੇਠਾਂ ਦੇਖਦੀ, ਉਸਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ, 'ਕਿਤੇ ਇਹ ਮੇਰੀ ਸਲਵਾਰ ਦੇ ਪਹੁੰਚੇ ਤਾਂ ਨਹੀਂ ਦੇਖ ਰਹੀ?'
ਤੇ ਜਦੋਂ ਉਸਨੂੰ ਤਸੱਲੀ ਹੋ ਗਈ ਕਿ ਅਜਿਹੀ ਕੋਈ ਗੱਲ ਨਹੀਂ, ਸਿਰਫ ਉਸਦਾ ਦਿਮਾਗ਼ੀ ਭਰਮ ਹੈ, ਤਾਂ ਉਸਨੇ ਓਬੇਦਾ ਨੂੰ ਇਸ਼ਾਰੇ ਨਾਲ ਕੋਲ ਬੁਲਾਇਆ। ਉਸਨੂੰ ਵਾਰੀ-ਵਾਰੀ ਤਾਕੀਦ ਕੀਤੀ ਕਿ 'ਦੇਖ ਓਬੇਦਾ, ਤੇਰੇ ਭਰੋਸੇ ਜਾ ਰਹੀ ਆਂ। ਘਰ ਦੀ ਠੀਕ ਤਰ੍ਹਾਂ ਸਾਂਭ-ਸੰਭਾਲ ਕਰੀਂ। ਸਰਹਾਨ ਤੇ ਉਸਦੇ ਅੱਬੂ ਦਾ ਖ਼ਿਆਲ ਰੱਖੀਂ। ਰਾਤ ਨੂੰ ਸਰਹਾਨ ਕੋਲ ਈ ਸੰਵੀਂ। ਖ਼ਬਰਦਾਰ ਉਸਨੂੰ ਇਕੱਲਾ ਨਹੀਂ ਛੱਡਣਾ, ਉਸਨੂੰ ਨੀਂਦ 'ਚ ਤੁਰਨ ਦੀ ਆਦਤ ਏ...ਤੇ ਹਾਂ, ਉਹਨਾਂ ਦੇ ਕਮਰੇ 'ਚ ਨਾ ਜਾਵੀਂ, ਉਹਨਾਂ ਨੂੰ ਉਕਤਾਹਟ ਹੁੰਦੀ ਏ...'
ਕੌਸੀਆ, ਕੋਮਬੇਟੋਰ ਚਲੀ ਗਈ। ਓਬੇਦਾ ਸਰਹਾਨ ਤੇ ਸੋਹਾਨ ਦਾ ਖ਼ਿਆਲ ਰੱਖਣ ਲੱਗੀ। ਉਹ ਬਾਜ਼ਾਰ ਜਾਂਦੀ, ਉਹਨਾਂ ਦੀਆਂ ਮਨ-ਪਸੰਦ ਚੀਜ਼ਾਂ ਖਰੀਦ ਲਿਆਉਂਦੀ। ਸਰਹਾਨ ਨੂੰ ਉਬਲੇ ਹੋਏ ਆਂਡੇ ਚੰਗੇ ਨਹੀਂ ਸੀ ਲੱਗਦੇ...ਉਹ ਉਸ ਲਈ ਕਦੀ ਚਾਵਮਿੰਨ ਬਣਾਉਂਦੀ, ਕਦੀ ਸੈਂਡਵਿਚ ਤੇ ਕਦੀ ਟਮਾਟਰ ਤੇ ਆਂਡੇ ਦੀ ਭੁਰਜੀ। ਉਸਨੂੰ ਆਪਣੇ ਹੱਥ ਨਾਲ ਖੁਆਉਂਦੀ। ਸਰਹਾਨ ਦੁੱਧ ਨੂੰ ਦੇਖ ਕੇ ਨੱਕ-ਬੁੱਲ੍ਹ ਵਟਦਾ ਤਾਂ ਉਹ ਉਸ ਲਈ ਕਦੀ ਕੈਂਪਲਾਨ, ਕਦੀ ਬੌਰਨਵੀਟਾ ਤੇ ਕਦੀ ਮਾਈਲੋ ਮਿਕਸ ਬਣਾ ਦੇਂਦੀ। ਸੋਮਾਨ ਨੂੰ ਮੋੜ੍ਹੀ (ਚੌਲਾਂ ਦੇ ਚਿੜਬੇ) ਪਸੰਦ ਸੀ। ਇਸ ਲਈ ਉਹ ਸ਼ਾਮ ਦੇ ਨਾਸ਼ਤੇ ਲਈ ਮੋੜ੍ਹੀ ਲੈ ਆਉਂਦੀ ਤੇ ਸਰ੍ਹੋਂ ਦੇ ਤੇਲ ਵਿਚ ਪਿਆਜ ਤੇ ਮਿਰਚ ਲਾਲ ਕਰਕੇ ਉਸ ਵਿਚ ਮੋੜ੍ਹੀ ਤੇ ਮੂੰਗਫਲੀ ਭੁੰਨ ਦੇਂਦੀ। ਸੋਮਾਨ ਦੇ ਟਿਫ਼ਨ ਕੇਰੀਅਰ ਵਿਚ ਇਕ ਅੱਧਾ ਸੁਨੇਹਾ ਰੱਖਣਾ ਨਹੀਂ ਭੁੱਲਦੀ। ਰਾਤ ਦਾ ਖਾਣਾ ਦੇਂਦੀ ਹੋਈ ਗਰਮਾ-ਗਰਮ ਚੌਲਾਂ ਉੱਤੇ ਕਦੀ ਮੱਛੀ ਦਾ ਤਲਿਆ ਹੋਇਆ ਟੁਕੜਾ ਤੇ ਕਦੀ ਮੱਛੀ ਦੇ ਤਲੇ ਹੋਏ ਆਂਡੇ ਰੱਖ ਦੇਂਦੀ।
ਦਿਨ ਬੀਤਦੇ ਰਹੇ। ਸੋਮਾਨ ਤੇ ਓਬੇਦਾ ਵਿਚਕਾਰ ਫਾਸਲਾ ਘਟਦਾ ਰਿਹਾ। ਸ਼ੁਰੂ-ਸ਼ੁਰੂ ਵਿਚ ਓਬੇਦਾ ਦਾ ਸਿਰ ਪੱਲੇ ਨਾਲ ਪੂਰੀ ਤਰ੍ਹਾਂ ਢਕਿਆ ਹੁੰਦਾ; ਪਰ ਹੌਲੀ-ਹੌਲੀ ਉਸਦੇ ਸਿਰ ਤੋਂ ਪੱਲਾ ਸਰਕਦਾ ਗਿਆ...ਹੁਣ ਉਸਦੀ ਸਪਨੀ ਵਾਂਗ ਬਲ ਖਾਂਦੀ ਗੁੱਤ ਦਿਖਾਈ ਦੇਂਦੀ ਰਹਿੰਦੀ। ਬਲਾਊਜ ਦੇ ਹੇਠਾਂ ਪਿੱਠ ਦਾ ਉੱਪਰਲਾ-ਹੇਠਲਾ ਹਿੱਸਾ ਨਜ਼ਰ ਆਉਂਦਾ ਰਹਿੰਦਾ। ਕੱਪੜੇ ਧੋਂਦਿਆਂ, ਸਬਜ਼ੀ ਕੱਟਦਿਆਂ ਤੇ ਭਾਂਡੇ ਮਾਂਜਦਿਆਂ ਹੋਇਆਂ ਉਸਦੀਆਂ ਛਾਤੀਆਂ ਬੁੜਕ-ਬੁੜਕ ਬਾਹਰ ਆਉਣਾ ਲੋਚਦੀਆਂ।
ਫੇਰ ਇਕ ਰਾਤ ਇੰਜ ਹੋਇਆ ਕਿ ਸੋਮਾਨ ਨੇ ਉਸਨੂੰ ਪਿੱਛੋਂ ਦੀ ਜਾ ਦਬੋਚਿਆ। ਓਬੇਦਾ ਨੇ ਖ਼ੁਦ ਨੂੰ ਉਸਦੀ ਜਕੜ ਵਿਚੋਂ ਛੁਡਾਉਂਦਿਆਂ ਹੋਇਆਂ ਕਿਹਾ, “ਮੈਂ ਤੁਹਾਡਾ ਦੁੱਖ ਸਮਝਦੀ ਆਂ ਸਾ'ਬ...ਕਈ ਦਿਨਾਂ ਦੀ ਤੁਹਾਡੀ ਹਾਲਤ ਵੀ ਵੇਖ ਰਹੀ ਆਂ, ਪਰ ਮੈਂ ਮਜ਼ਬੂਰ ਆਂ। ਜੇ ਤੁਸੀਂ ਚਾਹੁੰਦੇ ਓ ਕਿ ਮੈਥੋਂ ਖੁਸ਼ੀ ਹਾਸਿਲ ਕਰੋ, ਤਾਂ ਤੁਹਾਨੂੰ ਕੀਮਤ ਦੇਣੀ ਪਏਗੀ!!”
ਸੋਮਾਨ ਨੇ ਉਸਨੂੰ ਆਪਣੇ ਨੇੜੇ ਖਿੱਚ ਲਿਆ ਤੇ ਬੜਬੜਾਂਦਿਆਂ ਹੋਇਆਂ ਕਿਹਾ, “ਜਦ ਤਕ ਕੌਸੀਆ ਨਹੀਂ ਆ ਜਾਂਦੀ, ਤਦ ਤਕ ਕੀ ਅਸੀਂ ਦੋਸਤਾਂ ਵਾਂਗ ਨਹੀਂ ਰਹਿ ਸਕਦੇ?”
ਓਬੇਦਾ ਨੇ ਫਿੱਕਾ ਜਿਹਾ ਹਾਸਾ ਹੱਸਦਿਆਂ ਕਿਹਾ, “ਸਾ'ਬ, ਮਾਲਕ ਤੇ ਨੌਕਰ ਵਿਚ ਦੋਸਤੀ ਨਹੀਂ ਹੁੰਦੀ, ਸੌਦਾ ਹੁੰਦੈ! ਇਸ ਲਈ ਦੋਸਤੀ-ਦੂਸਤੀ ਦੀਆਂ ਗੱਲਾਂ ਰਹਿਣ ਦਿਓ...ਜੇ ਤੁਹਾਨੂੰ ਮੰਜ਼ੂਰ ਹੋਏ ਤਾਂ ਰੱਖੋ ਕੀਮਤ ਹਥੇਲੀ ਉੱਪਰ!!” ਓਬੇਦਾ ਨੂੰ ਆਪਣੀਆਂ ਹੱਦਾਂ ਦਾ ਅਹਿਸਾਸ ਸੀ। ਉਸਨੇ ਕਦੀ ਸੋਮਾਨ ਨਾਲ ਡਾਈਨਿੰਗ ਟੇਬਲ ਉੱਤੇ ਬੈਠ ਕੇ ਰੋਟੀ ਨਹੀਂ ਸੀ ਖਾਧੀ। ਨਾ ਹੀ ਉਸਦੀ ਕਿੱਲੀ ਉੱਤੇ ਕਦੀ ਆਪਣਾ ਕੱਪੜਾ ਟੰਗਿਆ ਸੀ। ਉਹ ਸੋਮਾਨ ਦੇ ਬੈੱਡ ਉੱਤੇ ਓਦੋਂ ਤਕ ਨਹੀਂ ਸੀ ਬੈਠਦੀ ਜਦੋਂ ਤਕ ਕਿ ਉਹ ਉਸਨੂੰ ਬੈਠਣ ਲਈ ਨਹੀਂ ਸੀ ਕਹਿੰਦਾ ਜਾਂ ਉਸਦਾ ਹੱਥ ਫੜ ਕੇ ਉਸਨੂੰ ਆਪਣੇ ਵੱਲ ਨਹੀਂ ਸੀ ਖਿੱਚ ਲੈਂਦਾ। ਉਸਨੇ ਕਦੀ ਸੋਮਾਨ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਨਹੀਂ ਸੀ ਕੀਤੀ। ਪਰ ਉਸ ਦਿਨ ਉਸਤੋਂ ਇਕ ਗ਼ਲਤੀ ਹੋ ਗਈ...
ਕੌਸੀਆ ਇਕ ਮਹੀਨੇ ਦੀਆਂ ਦੋ ਛੁੱਟੀਆਂ ਧੀ ਨਾਲ ਬੰਗਲੌਰ ਵਿਚ ਬਿਤਾਉਂਦੀ ਤੇ ਦੂਜੇ ਮਹੀਨੇ ਦੀਆਂ ਦੋਹੇਂ ਛੁੱਟੀਆਂ ਘਰਵਾਲੇ ਤੇ ਪੁੱਤਰ ਨਾਲ ਕਲਕੱਤੇ ਵਿਚ। ਉਹ ਜਦ ਵੀ ਕਲਕੱਤੇ ਆਉਂਦੀ ਬੜੀ ਡੂੰਘੀ ਨਜ਼ਰ ਨਾਲ ਓਬੇਦਾ ਦੀ ਜਾਂਚ-ਪਰਖ ਕਰਦੀ। ਉਸ ਉੱਤੇ ਕਰੜੀ ਨਿਗਾਹ ਰੱਖਦੀ। ਉਸਦੇ ਪਰਤਿਆਵੇ ਲੈਂਦੀ ਰਹਿੰਦੀ।...ਪਰ ਕਦੀ ਵੀ ਉਸਦੇ ਹੱਥ ਕੋਈ ਅਜਿਹਾ ਸੁਰਾਗ ਨਹੀਂ ਸੀ ਆਇਆ ਕਿ ਉਸਦੇ ਦਿਲ ਵਿਚ ਧੜਕੂ ਪੈਦਾ ਹੁੰਦਾ।...ਤੇ ਉਹ ਸੁਖ-ਸ਼ਾਂਤੀ ਨਾਲ ਵਾਪਸ ਕੋਮਬੇਟੋਰ ਚਲੀ ਜਾਂਦੀ। ਡੇਢ ਸਾਲ ਤਕ ਇਹੋ ਸਿਲਸਿਲਾ ਚੱਲਦਾ ਰਿਹਾ। ਪਰ ਇਸ ਵਾਰੀ ਕੌਸੀਆ ਕਲਕੱਤੇ ਨਹੀਂ ਸੀ ਆ ਸਕੀ, ਉਸਦੇ ਆਫ਼ਿਸ ਵਿਚ ਆਡਿੱਟ ਦਾ ਕੰਮ ਚੱਲ ਰਿਹਾ ਸੀ। ਕੇਂਦਰੀ ਦਫ਼ਤਰ ਤੋਂ ਐਮ.ਡੀ. ਸਾਹਬ ਵੀ ਆਏ ਹੋਏ ਸਨ—ਉਸਨੂੰ ਦਿਨੇ ਆਡਿੱਟ ਪਾਰਟੀ ਦੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਤੇ ਰਾਤ ਨੂੰ ਐਮ.ਡੀ. ਸਾਹਬ ਦੇ ਆਰਾਮ ਦਾ ਖ਼ਿਆਲ ਰੱਖਣਾ ਪੈਂਦਾ!! ਖ਼ੈਰ, ਕਾਰਨ ਕੁਛ ਵੀ ਹੋਏ, ਅਸਲੀਅਤ ਇਹ ਸੀ ਕਿ ਉਹ ਇਸ ਵਾਰੀ ਘਰ ਨਹੀਂ ਸੀ ਆ ਸਕੀ।
ਹਾਂ, ਤਾਂ ਪੂਰੀ ਸਾਵਧਾਨੀ ਦੇ ਬਾਵਜੂਦ, ਉਸ ਦਿਨ ਓਬੇਦਾ ਤੋਂ ਇਕ ਗ਼ਲਤੀ ਹੋ ਗਈ—ਉਹ ਰਾਤ ਨੂੰ ਸੋਮਾਨ ਦੇ ਕਮਰੇ ਵਿਚ ਇਹ ਕਹਿੰਦੀ ਹੋਈ ਵੜ ਗਈ, “ਉਫ਼, ਅੱਜ ਤਾਂ ਸਰਹਾਨ ਸੌਣ ਦਾ ਨਾਂ ਈ ਨਹੀਂ ਸੀ ਲੈ ਰਿਹਾ! ਬੜੀ ਮੁਸ਼ਕਿਲ ਨਾਲ ਸੰਵਾਇਐ!!”
ਸੋਮਾਨ ਨੇ ਬੁੱਲ੍ਹਾਂ ਉੱਪਰ ਉਂਗਲ ਰੱਖ ਕੇ ਉਸਨੂੰ ਚੁੱਪ ਰਹਿਣ ਲਈ ਕਿਹਾ, ਤੇ ਜਦੋਂ ਉਸਨੇ ਸੋਮਾਨ ਦੇ ਕੰਨ ਨਾਲ ਮੁਬਾਇਲ ਲੱਗਿਆ ਦੇਖਿਆ ਤਾਂ ਆਪ ਵੀ ਬੌਂਦਲ ਗਈ। ਉਸਦੇ ਪੈਰਾਂ ਹੇਠਲੀ ਜ਼ਮੀਨ ਡੋਲ ਗਈ।
ਰਾਤ ਦੇ ਸਾਢੇ ਬਾਰਾਂ ਵੱਜੇ ਸਨ। ਸੋਮਾਨ ਮੁਬਾਇਲ ਉੱਤੇ ਕੌਸੀਆ ਨਾਲ ਗੱਲ ਕਰ ਰਿਹਾ ਸੀ। ਕੌਸੀਆ ਨੇ ਮੁਬਾਇਲ ਉੱਤੇ ਓਬੇਦਾ ਦੀ ਆਵਾਜ਼ ਸੁਣੀ ਤਾਂ ਉਸਦੀ ਛੇਵੀਂ ਹਿਸ ਜਾਗ ਪਈ। ਉਸਨੇ ਹਿਰਖ ਕੇ ਪੁੱਛਿਆ, “ਏਨੀ ਰਾਤ ਨੂੰ, ਇਹ ਓਬੇਦਾ, ਤੁਹਾਡੇ ਕਮਰੇ 'ਚ ਕੀ ਕਰਨ ਆਈ ਏ?”
ਸੋਮਾਨ ਤੋਂ ਕੋਈ ਵਾਜਬ ਜੁਆਬ ਨਾ ਦਿੱਤਾ ਗਿਆ। ਉਸਦੀ 'ਉਹ-ਉਹ, ਇਹ-ਇਹ' ਨਾਲ ਕੌਸੀਆ ਦੀ ਤਸੱਲੀ ਨਾ ਹੋਈ...ਤੇ ਦੂਜੇ ਦਿਨ ਹੀ ਕਲਕੱਤੇ ਆ ਪਹੁੰਚੀ, ਉਹ। ਸਾਮਾਨ ਇਕ ਪਾਸੇ ਸੁੱਟ ਕੇ, ਦੈਂ-ਦੈਂ ਕਰਦੀ ਹੋਈ, ਸਿੱਧੀ ਅੰਦਰ ਕਮਰੇ ਵਿਚ ਆ ਵੜੀ। ਤੇ...
...ਤੇ ਹਥਨੀਂ ਵਾਂਗ ਚਿੰਘਾੜਨ ਲੱਗੀ, “ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਮੇਰੀ ਵਫ਼ਾਦਰੀ ਦਾ ਇਹ ਸਿਲਾ ਦਿੱਤੈ...ਇਕ ਨੌਕਰਾਣੀ ਨਾਲ...ਥੂਹ!!”
ਤੇ ਫੇਰ ਜ਼ਖ਼ਮੀ ਸ਼ੇਰਨੀ ਵਾਂਗ ਇਧਰ-ਉਧਰ ਦੇਖਦੀ ਹੋਈ ਦਹਾੜਨ ਲੱਗੀ, “ਕਿੱਥੇ ਗਈ, ਉਹ ਹਰਾਮਜ਼ਾਦੀ...!!”
ਤੇ ਜਦੋਂ ਉਹ ਦਹਾੜਦੀ ਹੋਈ ਕਮਰੇ ਵਿਚੋਂ ਬਾਹਰ ਆਈ, ਤਾਂ ਦੇਖਿਆ ਓਬੇਦਾ ਡਰਾਇੰਗ ਰੂਮ ਦੇ ਇਕ ਕੋਨੇ ਵਿਚ ਚੁੱਪਚਾਪ ਬੈਠੀ ਹੋਈ ਹੈ। ਕੌਸੀਆ ਨੇ ਕਿੱਲ੍ਹ ਕੇ ਕਿਹਾ, “ਮੇਰੀ ਗ਼ੈਰ ਮੌਜ਼ੂਦਗੀ ਵਿਚ ਤੂੰ ਚੰਗਾ ਗੁਲ ਖਿਲਾਇਆ! ਜਿਸ ਥਾਲੀ ਵਿਚ ਖਾਧਾ, ਉਸੇ ਵਿਚ ਛੇਕ ਕੀਤਾ!! ਤੈਨੂੰ ਜ਼ਰਾ ਲਾਜ ਨਹੀਂ ਆਈ!! ਥੂਹ-ਥੂਹ-ਥੂਹ...ਚੂਲੀ ਭਰ ਪਾਣੀ 'ਚ ਡੁੱਬ ਮਰ।”
ਓਬੇਦਾ ਨੀਵੀਂ ਪਾਈ, ਫਰਸ਼ ਉੱਤੇ ਨਜ਼ਰਾਂ ਗੱਡੀ ਚੁੱਪਚਾਪ ਬੈਠੀ ਰਹੀ...ਟਸ ਤੋਂ ਮਸ ਨਾ ਹੋਈ।
“ਕਿਓਂ ਹੁਣ ਬੋਲਦੀ ਕਿਓਂ ਨ੍ਹੀਂ?” ਕੌਸੀਆ ਸ਼ਬਦ ਵਾਣ ਛੱਡਦੀ ਰਹੀ, “ਕਰਮਾਂ ਮਾਰੀਏ!! ਮੈਂ ਤੇਰੇ 'ਤੇ ਭਰੋਸਾ ਕਰਕੇ ਗਈ ਸੀ ਤੇ ਤੂੰ ਮੇਰੀ ਹੀ ਛਾਤੀ ਉੱਤੇ ਪਲੱਥਾ ਮਾਰ ਕੇ ਬੈਠ ਗਈ...ਮੇਰੀ ਜਗ੍ਹਾ ਲੈਣੀ ਚਾਹੁੰਦੀ ਏਂ!! ਥੂਹ-ਥੂਹ!!”
ਓਬੇਦਾ ਦਾ ਸਬਰ ਡਾਵਾਂਡੋਲ ਹੋਣ ਲੱਗਾ। ਉਸਨੇ ਧੀਮੀ ਆਵਾਜ਼ ਵਿਚ ਕਿਹਾ, “ਨਹੀਂ, ਮੈਂ ਤੁਹਾਡੀ ਜਗ੍ਹਾ ਕਿੰਜ ਲੈ ਸਕਦੀ ਆਂ? ਮੈਨੂੰ ਆਪਣੀ ਔਕਾਤ ਦਾ ਪਤੈ ਬਾਜੀ!!”
“ਚੁੱਪ ਮੁਰਦਾਰ, ਅੱਗੋਂ ਜ਼ੁਬਾਨ ਲੜਾਉਂਦੀ ਐਂ!” ਕੌਸੀਆ ਨੇ ਅੱਖਾਂ ਕੱਢਦਿਆਂ ਹੋਇਆ ਕਿਹਾ, “ਨਮਕ-ਹਰਾਮ ਕਿਤੋਂ ਦੀ!!”
ਸ਼ਬਦ ਨਮਕ-ਹਰਾਮ ਸੁਣ ਕੇ ਓਬੇਦਾ ਭੁੜਕ ਕੇ ਉਠ ਖੜ੍ਹੀ ਹੋਈ, ਸਾੜ੍ਹੀ ਦਾ ਪੱਲਾ ਪਿੱਛੋਂ ਘੁਮਾਅ ਕੇ ਸਾਹਮਣੇ ਪੇਟ ਕੋਲ ਟੁੰਗ ਲਿਆ ਤੇ ਕੌਸੀਆ ਦੇ ਐਨ ਸਾਹਮਣੇ ਆ ਖੜ੍ਹੀ ਹੋਈ।...ਤੇ ਅੱਖਾਂ ਵਿਚ ਅੱਖਾਂ ਗੱਡ ਕੇ ਬੋਲੀ, “ਮੈਂ ਨਮਕ-ਹਰਾਮ ਨਹੀਂ, ਤੇ ਨਾ ਹੀ ਤੁਹਾਡਾ ਭਰੋਸਾ ਤੋੜਿਐ ਮੈਂ। ਹਾਂ, ਇਕ ਗ਼ਲਤੀ ਕੀਤੀ ਐ ਮੈਂ—ਇਕ ਸ਼ਰੀਫ਼ ਮਰਦ ਨੂੰ ਬਾਜ਼ਾਰੀ ਔਰਤਾਂ ਕੋਲ ਜਾਣੋ ਰੋਕੀ ਰੱਖਿਆ!! ਬਸ ਇਹੀ ਮੇਰਾ ਕਸੂਰ ਏ!! ਪਰ ਯਕੀਨ ਕਰਨਾ, ਮੈਂ ਇਹ ਕੰਮ ਮੁਫ਼ਤ ਵਿਚ ਨਹੀਂ ਕੀਤਾ! ਪੈਸੇ ਲਏ ਨੇ!! ਮੈਂ ਵੀ ਮਾਂ ਆਂ...ਮੇਰੇ ਬੱਚਿਆਂ ਦੀਆਂ ਵੀ ਜ਼ਰੂਰਤਾਂ ਨੇ...ਖਾਣਾ, ਕੱਪੜਾ, ਪੜ੍ਹਾਈ-ਲਿਖਾਈ। ਦਿਨ-ਬ-ਦਿਨ ਖਰਚੇ ਵਧਦੇ ਜਾ ਰਹੇ ਐ—ਤੁਸੀਂ ਵੀ ਤਾਂ ਸਮਝਦੇ ਓ ਨਾ!!”
ਅਚਾਨਕ ਕੌਸੀਆ ਦੇ ਕੰਨਾਂ 'ਚੋਂ ਹੁੰਦਾ ਹੋਇਆ ਸ਼ਬਦ 'ਵੀ' ਧੁਰ ਅੰਦਰ ਤਕ ਲੱਥ ਗਿਆ। ਤੇ ਜਦੋਂ ਉਸਨੇ ਓਬੇਦਾ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ ਤਾਂ ਉਸਨੂੰ ਕੰਬਨੀ ਛਿੜ ਪਈ!!

ਉਸਨੂੰ ਓਬੇਦਾ ਦੀਆਂ ਅੱਖਾਂ ਵਿਚ ਆਪਣਾ ਅਕਸ ਨਜ਼ਰ ਆਇਆ ਸੀ!! ਤੇ ਇਹ ਮਹਿਸੂਸ ਹੋਇਆ ਸੀ ਕਿ ਓਬੇਦਾ ਦੀਆਂ ਨਜ਼ਰਾਂ ਉਸਦੇ ਪਹੁੰਚਿਆਂ ਉੱਪਰ ਅਟਕੀਆਂ ਹੋਈਆਂ ਨੇ!!!
    ੦੦੦ ੦੦੦ ੦੦੦
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.

No comments:

Post a Comment