Tuesday, July 27, 2010

    ਸੜਕ ਦੀ ਲੈਅ...:: ਲੇਖਕਾ : ਸੁਸ਼ਮ ਬੇਦੀ




ਪ੍ਰਵਾਸੀ ਹਿੰਦੀ ਕਹਾਣੀ :
ਸੜਕ ਦੀ ਲੈਅ...
ਲੇਖਕਾ : ਸੁਸ਼ਮ ਬੇਦੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਨੇਹਾ ਨੇ ਸੁਣਿਆ, ਪਾਪਾ ਕਹਿ ਰਹੇ ਸੀ...“ਸੜਕ ਦੀ ਵੀ ਇਕ ਲੈਅ ਹੁੰਦੀ ਏ। ਇਸ ਨੂੰ ਸੁਣੋ, ਪਛਾਣੋ ਤੇ ਓਸੇ ਹਿਸਾਬ ਨਾਲ ਗੱਡੀ ਚਲਾਓ। ਜਦੋਂ ਤੁਸੀਂ ਮੈਨਹੈੱਟੇਨ ਵਿਚ ਜਾ ਰਹੇ ਹੁੰਦੇ ਓ, ਜਿੱਥੇ ਸੈਂਕੜੇ ਗੱਡੀਆਂ ਹੋਰ ਵੀ ਚੱਲ ਰਹੀਆਂ ਹੁੰਦੀਆਂ ਨੇ। ਵਾਰੀ-ਵਾਰੀ ਲਾਲ ਬੱਤੀ ਹੋਣ 'ਤੇ ਰੁਕਣਾ ਪੈਂਦੈ, ਇਸ ਲਈ ਗੱਡੀ ਦੀ ਸਪੀਡ ਜ਼ਰਾ ਹੌਲੀ ਰੱਖਣੀ ਚਾਹੀਦੀ ਏ ਤਾਂਕਿ ਧੱਕੇ ਨਾਲ ਬਰੇਕਾਂ ਲਾਉਣ ਦੀ ਲੋੜ ਨਾ ਪਏ।”
ਪਰਸੋਂ ਨੇਹਾ ਦਾ ਡਰਾਈਵਿੰਗ ਦਾ ਇਮਤਿਹਾਨ ਹੋਣਾ ਹੈ। ਉਂਜ ਤਾਂ ਨੇਹਾ ਡਰਾਈਵਿੰਗ ਸਕੂਲ ਵਿਚ ਕਾਰ ਚਲਾਉਣੀ ਸਿੱਖਦੀ ਰਹੀ ਹੈ ਪਰ ਇਕ ਵਾਰੀ ਟੈਸਟ ਵਿਚ ਫੇਲ੍ਹ ਹੋ ਜਾਣ ਪਿੱਛੋਂ ਉਹ ਕਾਫੀ ਨਰਵਸ ਜਿਹੀ ਹੈ, ਤੇ ਪਾਪਾ ਨੇ ਕਿਹਾ ਹੈ ਕਿ ਉਹ ਉਸਨੂੰ ਕੁਝ ਅਭਿਆਸ ਕਰਵਾ ਦੇਣਗੇ। ਪਾਪਾ ਦੀ ਡਰਾਈਵਿੰਗ ਬੜੀ ਵਧੀਆ ਹੈ। ਕਿੰਨੇ ਸਾਲਾਂ ਦੇ ਗੱਡੀ ਚਲਾ ਰਹੇ ਨੇ ਉਹ।
ਛੋਟੀ ਜਿਹੀ ਸੀ ਤਾਂ ਜ਼ਿਦ ਕਰਦੀ ਹੁੰਦੀ ਸੀ ਗੱਡੀ ਚਲਾਉਣ ਦੀ! ਪਰ ਉਦੋਂ ਪਾਪਾ ਕਹਿ ਦੇਂਦੇ ਸੀ, 'ਵੱਡੀ ਹੋ ਜਾ ਫੇਰ ਸਿਖਾਵਾਂਗਾ ਤੈਨੂੰ ਗੱਡੀ।' ਪਰ ਕਾਲਜ ਜਾਣ ਲੱਗੀ ਤਾਂ ਸਮਾਂ ਹੀ ਨਹੀਂ ਮਿਲਿਆ। ਹੁਣ ਤਾਂ ਨੌਕਰੀ ਵੀ ਲੱਗ ਗਈ ਹੈ...ਤੇ ਉਸਨੂੰ ਹੋਸ਼ ਆਇਆ ਏ ਗੱਡੀ ਸਿੱਖਣ ਦਾ।
ਤੇਈ ਸਾਲਾਂ ਦੀ ਉਮਰ ਵਿਚ ਗੱਡੀ ਚਲਾਉਣਾ ਸਿੱਖ ਰਹੀ ਹੈ। ਸਬਰਬ ਵਿਚ ਰਹਿਣ ਵਾਲੇ ਮੁੰਡੇ ਕੁੜੀਆਂ ਤਾਂ ਸੋਲਾਂ ਸਾਲ ਦੇ ਹੁੰਦੇ ਹੀ ਚਲਾਉਣ ਲੱਗ ਪੈਂਦੇ ਨੇ। ਪਰ ਨੇਹਾ ਤਾਂ ਮੈਨਹੈੱਟੇਨ ਵਿਚ ਰਹਿੰਦੀ ਹੈ। ਇੱਥੇ ਉਂਜ ਵੀ ਗੱਡੀ ਦੀ ਲੋੜ ਨਹੀਂ ਪੈਂਦੀ, ਨਹੀਂ ਤਾਂ ਉਹ ਵੀ ਪਹਿਲਾਂ ਹੀ ਸਿੱਖ ਜਾਂਦੀ। ਵੀਰਾ ਵੀ ਤਾਂ ਲੇਟ ਹੀ ਸਿੱਖਿਆ ਸੀ, ਨੌਕਰੀ ਲੱਗਣ ਪਿੱਛੋਂ। ਮੰਮਾਂ ਤਾਂ ਅੱਜ ਤਕ ਨਹੀਂ ਸਿੱਖੀ। ਤਾਂ ਐਸੀ ਕੋਈ ਗੱਲ ਨਹੀਂ ਦੇਰ ਨਾਲ ਸਿੱਖਣ ਵਿਚ।
ਪਰ ਨੇਹਾ ਹੁਣ ਤਿਆਰ ਹੈ ਹਰੇਕ ਚੀਜ਼ ਲਈ। ਉਂਜ ਨੇਹਾ ਹਰ ਕੰਮ ਸਿੱਖਣ ਲਈ ਸਮੇਂ ਤੋਂ ਪਹਿਲਾਂ ਤਿਆਰ ਰਹਿੰਦੀ ਹੈ। ਉਸਦੇ ਸਕੂਲ ਦੇ ਟੀਚਰ ਵੀ ਇਹੋ ਕਹਿੰਦੇ ਹੁੰਦੇ ਸੀ। ਗੱਲ ਇਹ ਹੈ ਕਿ ਉਸਨੂੰ ਹਰੇਕ ਕੰਮ ਆਸਾਨ ਲੱਗਦਾ ਸੀ। ਕਲਾਸ ਵਿਚ ਉਹ ਹਮੇਸ਼ਾ ਅੱਗੇ ਹੀ ਰਹੀ। ਪਰ ਉਸਦੇ ਏਸੇ ਗੁਣ ਕਰਕੇ ਮੰਮੀ ਦੀ ਸਹੇਲੀ ਨੇ ਨੇਹਾ ਨੂੰ ਪ੍ਰਿਕਾਸ਼ਸ ਬੱਚੀ ਕਿਹਾ ਸੀ ਯਾਨੀ ਸਮੇਂ ਤੋਂ ਪਹਿਲਾਂ ਹੀ 'ਪ੍ਰਿਪੇਯਰਡ'। ਇਹ ਗੁਣ ਵਾਂਗ ਨਹੀਂ ਬਲਕਿ ਇਕ ਦੋਸ਼ ਵਾਂਗ ਕਿਹਾ ਗਿਆ ਸੀ, ਉਂਜ ਗੱਲ ਵੀ ਕੁਝ ਅਜੀਬ ਜਿਹੀ ਹੋਈ ਸੀ। ਓਦੋਂ ਉਹ ਗਿਆਰਾਂ ਸਾਲ ਦੀ ਹੋਏਗੀ। ਕਲਾਸ ਵਿਚ ਜੈਨੀ ਸਭ ਕੁੜੀਆਂ ਤੋਂ ਪੁੱਛਿਆ ਸੀ, 'ਤੁਹਾਡੇ ਵਿਚੋਂ ਕੌਣ ਕੌਣ ਵਰਿਜਨ ਏਂ?'
ਨੇਹਾ ਨੂੰ ਵਰਿਜਨ ਦੇ ਅਰਥ ਨਹੀਂ ਸੀ ਪਤਾ। ਪਰ ਉਸਨੇ ਦੇਖਿਆ ਕਿ ਜਿਸ ਕੁੜੀ ਨੇ ਵੀ ਕਿਹਾ ਕਿ ਉਹ ਵਰਿਜਨ (ਕੁਆਰੀ) ਹੈ, ਉਸਦਾ ਜੈਨੀ ਤੇ ਉਸਦੀਆਂ ਸਹੇਲੀਆਂ ਨੇ ਖ਼ੂਬ ਮਜ਼ਾਕ ਉਡਾਇਆ ਸੀ। ਤੇ ਨੇਹਾ ਦੀ ਵੀ ਹਿੰਮਤ ਨਹੀਂ ਸੀ ਪਈ ਕਿ ਆਪਣੇ ਨਾਲ ਪੜ੍ਹਦੀਆਂ ਕੁੜੀਆਂ ਸਾਹਵੇਂ ਆਪਣਾ ਅਣਜਾਣਪੁਨਾ ਜ਼ਾਹਿਰ ਕਰ ਸਕੇ। ਪਰ ਘਰ ਆ ਕੇ ਉਸਨੇ ਪਹਿਲਾ ਕੰਮ ਇਹੋ ਕੀਤਾ ਕਿ ਮੰਮੀ ਦੇ ਆਪਣੀ ਸਹੇਲ ਨਾਲ ਬੈਠੇ ਹੋਣ ਵੱਲ ਧਿਆਨ ਨਹੀਂ ਦਿੱਤਾ ਤੇ ਝੱਟ ਪੁੱਛ ਲਿਆ, “ਮੰਮੀ ਵਰਿਜਨ ਕੀ ਹੁੰਦਾ ਏ?”
ਮੰਮੀ ਅਜੇ ਸਵਾਲ ਪ੍ਰਤੀ ਸੁਚੇਤ ਵੀ ਨਹੀਂ ਸੀ ਹੋਈ ਕਿ ਨੇਹਾ ਅਗਾਂਹ ਲੰਘ ਗਈ, “ਮੈਂ ਤਾਂ ਵਰਿਜਨ ਨਹੀਂ ਨਾ ਮੰਮੀ?”
ਇਸ ਤੋਂ ਪਹਿਲਾਂ ਕਿ ਮੰਮੀ ਦੇ ਫੱਕ-ਚਿਹਰੇ ਉੱਤੇ ਕੋਈ ਹਰਕਤ ਹੁੰਦੀ ਮੰਮੀ ਦੀ ਸਹੇਲੀ ਬੋਲ ਪਈ ਸੀ, “ਮਾਈ ਗਾਡ, ਕਿੰਨੀ ਪ੍ਰਿਕਾਸ਼ਸ ਬੱਚੀ ਏ! ਮੂੰਹੋਂ ਦੁੱਧ ਨਿਕਲਿਆ ਨਹੀਂ ਕਿ ਵਰਿਜਨਿਟੀ ਦੇ ਸਵਾਲ ਕਰਨ ਲੱਗ ਪਏ ਨੇ। ਬਈ ਹਾਲੇ ਤਾਂ ਤੇਰੇ ਪੜ੍ਹਨ-ਖੇਡਣ ਦੇ ਦਿਨ ਨੇ। ਇਹ ਸਭ ਜਾਣ ਕੇ ਕੀ ਕਰਨੈਂ ਤੈਂ?”
ਮੰਮੀ ਨੇ ਜਿਵੇਂ ਸੰਭਲ ਕੇ ਕਿਹਾ ਸੀ, “ਨੇਹਾ ਤੂੰ ਤੇ ਬੜੀ ਚੰਗੀ ਤੇ ਏਨੀ ਸਿਆਣੀ ਬੱਚੀ ਏਂ, ਤੈਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਇਹੋ ਜਿਹੀਆਂ ਅਮਰੀਕੀ ਕੁੜੀਆਂ ਦੀ ਸੰਗਤ ਤੋਂ ਦੂਰ ਈ ਰਹੂ। ਬਸ ਆਪਣਾ ਫੋਕਸ ਪੜ੍ਹਾਈ 'ਤੇ ਰੱਖ।”
ਆਪਣੀ ਨਜ਼ਰ ਵਿਚ ਨੇਹਾ ਅੱਜ ਵੀ ਓਨੀ ਹੀ ਭੋਲੀ ਜਾਂ ਸਮਝਦਾਰ ਸੀ, ਜਿੰਨੀ ਇਹ ਸਵਾਲ ਪੁੱਛਣ ਤੋਂ ਪਹਿਲਾਂ ਸੀ, ਪਰ ਉਸਨੂੰ ਲੱਗਿਆ ਕਿ ਸਿਰਫ ਪੁੱਛਣ ਕਰਕੇ ਹੀ ਉਹ ਮੰਮੀ-ਪਾਪਾ ਦੀਆਂ ਨਜ਼ਰਾਂ ਵਿਚ ਕੁਝ ਹੋਰ ਹੀ ਹੋ ਗਈ ਸੀ। ਉਸ ਤੋਂ ਪਿੱਛੋਂ ਉਸਨੇ ਮਹਿਸੂਸ ਕੀਤਾ ਕਿ ਮੰਮੀ-ਪਾਪਾ ਨੂੰ ਉਹ ਸਭ ਤੋਂ ਪਿਆਰੀ ਉਦੋਂ ਹੀ ਲੱਗਦੀ ਹੈ, ਜਦੋਂ ਉਹ ਭੋਲੀ, ਨਿੱਕੜੀ ਬਣੀ ਹੁੰਦੀ ਹੈ। ਜਿਸਨੂੰ ਦੀਨ-ਦੁਨੀਆਂ ਦਾ ਕੁਛ ਵੀ ਪਤਾ ਨਹੀਂ ਹੁੰਦਾ। ਪਾਪਾ ਬੜੇ ਖੁਸ਼ ਹੁੰਦੇ ਨੇ ਜਦੋਂ ਤੋਤਲੀ ਜ਼ੁਬਾਨ ਵਿਚ ਹਿੰਦੀ ਵਿਚ ਗੱਲਾਂ ਕਰਦੀ ਹੈ।
ਪਰ ਜਿੱਥੇ ਸਕੂਲ ਦੇ ਕੰਮ ਦਾ ਸਵਾਲ ਆਉਂਦਾ ਸੀ, ਉਹ ਉਸ ਤੋਂ ਪੂਰੇ, ਬਲਕਿ ਉਸ ਤੋਂ ਵੀ ਵੱਧ ਧਿਆਨ ਦੀ ਉਮੀਦ ਕਰਦੇ ਸਨ। ਉਸਨੂੰ ਯਾਦ ਹੈ ਕਿ ਇਕ ਵਾਰੀ ਇਮਤਿਹਾਨ ਵਿਚ ਉਸਦੇ ਨੰਬਰ ਘੱਟ ਆਏ ਸਨ ਤਾਂ ਉਹਨਾਂ ਕਿਹਾ ਸੀ, “ਡੋਂਟ ਐਂਡ ਅਪ ਬੀਇੰਗ ਮੇਚਿਓਰ ਯੂ ਮਸਟ ਐਕਸੇਲ ਇਨ ਯੋਰ ਸਟੱਡੀਜ।” (ਐਵੇਂ ਬਹੁਤੀ ਸਿਆਣੀ ਨਾ ਬਣੀ ਫਿਰਿਆ ਕਰ, ਆਪਣੀ ਪੜ੍ਹਾਈ ਵੱਲ ਧਿਆਨ ਦੇਅ।)
ਅੱਜ ਏਨੇ ਵਰ੍ਹਿਆਂ ਬਾਅਦ ਵੀ ਸਿਆਣੇ ਜਾਂ ਨਿਆਣੇ ਦੀ ਇਹ ਦੁਚਿੱਤੀ, ਮਿਟੀ ਨਹੀਂ ਜਾਪਦੀ। ਕਿਹੜੀਆਂ ਗੱਲਾਂ ਵਿਚ ਸਿਆਣੇ ਹੋਣਾ ਚਾਹੀਦਾ ਹੈ ਤੇ ਕਿਹੜੀਆਂ ਵਿਚ ਨਹੀਂ...ਇਸ ਦਾ ਉਹ ਕੋਈ ਮਾਪ-ਮੀਟਰ ਨਹੀਂ ਬਣਾ ਸਕੀ।
***
ਗੱਡੀ ਚਲਾਉਣਾ ਸਿੱਖਦੇ ਹੋਏ ਉਹ ਲੋਕ ਮੈਨਹੈੱਟੇਨ ਨੂੰ ਸੱਜਿਓਂ-ਖੱਬਿਓਂ ਘੇਰਨ ਵਾਲੀ ਹਾਈਵੇ 'ਤੇ ਆ ਗਏ ਸਨ। ਪਰ ਨੇਹਾ ਅਜੇ ਵੀ ਧੀਮੀ ਗਤੀ ਨਾਲ ਹੀ ਚਲਾ ਰਹੀ ਸੀ। ਪਾਪਾ ਬੋਲ, “ਜਦੋਂ ਤੁਸੀਂ ਹਾਈਵੇ 'ਤੇ ਚੱਲਦੇ ਓ ਤਾਂ ਸਪੀਡ ਤੇਜ਼ ਰੱਖਣੀ ਚਾਹੀਦੀ ਏ। ਸੜਕ ਵੀ ਖ਼ੂਬ ਚੌੜੀ ਹੁੰਦੀ ਏ ਤੇ ਲਾਲ ਬੱਤੀ ਵੀ ਨਹੀਂ ਹੁੰਦੀ। ਨਾਲੇ ਦੂਜੀਆਂ ਕਾਰਾਂ ਵੀ ਏਨੀ ਤੇਜ਼ ਚੱਲ ਰਹੀਆਂ ਹੁੰਦੀਆਂ ਨੇ ਕਿ ਜੇ ਤੁਸੀਂ ਹੌਲੀ ਚੱਲਾਓਗੇ ਤਾਂ ਸਾਰੀ ਆਵਾਜਾਈ ਵਿਚ ਅੜਿੱਕਾ ਲੱਗੇਗਾ। ਇਸੇ ਲਈ ਕਹਿ ਰਿਹਾਂ ਕਿ ਸੜਕ ਦੀ ਲੈਅ ਨੂੰ ਸਭ ਤੋਂ ਪਹਿਲਾਂ ਸਮਝਣਾ ਚਾਹੀਦਾ ਏ। ਤਾਂ ਹੀ ਤੁਸੀਂ ਚੰਗੇ ਤੇ ਸੇਫ ਡਰਾਈਵਰ ਬਣ ਸਕੋਗੇ।”
ਨੇਹਾ ਹੁਣ ਬਹੁਤ ਸਾਰੀਆਂ ਓਹਨਾਂ ਗੱਲਾਂ ਲਈ ਵੀ ਤਿਆਰ ਹੈ, ਜਿਹਨਾਂ ਬਾਰੇ ਜਾਣਦੇ-ਸਮਝਦੇ ਹੋਏ ਵੀ ਪਾਪਾ ਉਹਨਾਂ ਦੀ ਚਰਚਾ ਤੋਂ ਬੱਚਦੇ ਨੇ।
ਨੇਹਾ ਨੂੰ ਮਹਿਸੂਸ ਹੁੰਦਾ ਹੈ ਕਿ ਮੰਮੀ ਪਾਪਾ ਇਸ ਬਾਰੇ ਵੀ ਸਪਸ਼ਟ ਨਹੀਂ ਕਿ ਉਹਨਾਂ ਦੀ ਬੇਟੀ ਨੂੰ ਮੁੰਡਾ ਆਪਣੀ ਮਰਜ਼ੀ ਨਾਲ ਚੁਣਨਾ ਚਾਹੀਦਾ ਏ ਜਾਂ ਉਹ ਇਸ ਦਾ 'ਇੰਤਜ਼ਾਮ' ਕਰਨਗੇ। ਮੰਮੀ ਦੀ ਵੱਡੀ ਭੈਣ ਦੀ ਇਕ ਕੁੜੀ ਦੀ ਸ਼ਾਦੀ ਜੋਧਪਰ ਰਹਿਣ ਵਾਲੇ ਇਕ ਮੁੰਡੇ ਨਾਲ ਪੱਕੀ ਹੋਈ ਸੀ। ਇੱਥੇ ਆਉਣ ਪਿੱਛੋਂ ਉਸਦਾ ਅਜੀਬ ਜਿਹਾ ਹੀ ਸਲੂਕ ਰਿਹਾ ਤੇ ਅਖ਼ੀਰ ਉਹਨਾਂ ਦੀ ਸ਼ਾਦੀ ਦਾ ਹਸ਼ਰ ਤਲਾਕ ਹੋਇਆ। ਉਦੋਂ ਦੀ ਮੰਮੀ ਨੇਹਾ ਦੀ ਸ਼ਾਦੀ ਕਿਸੇ ਹਿੰਦੁਸਤਾਨੀ ਮੁੰਡੇ ਨਾਲ ਕਰਨ ਦੇ ਵਿਰੁੱਧ ਸੀ।
ਪਰ ਹੁਣ ਨੇਹਾ ਦੇ ਵੱਡੀ ਹੋ ਜਾਣ ਪਿੱਛੋਂ ਕਦੀ ਤਾਂ ਉਹ ਕਹਿ ਦੇਂਦੀ ਹੈ ਕਿ ਫਲਾਨੀ ਆਂਟੀ ਤੈਨੂੰ ਇਕ ਮੁੰਡੇ ਨਾਲ ਮਿਲਵਾਉਣਾ ਚਾਹੁੰਦੀ ਹੈ।...ਨਾਲ ਹੀ ਇਹ ਵੀ ਜੋੜ ਦੇਂਦੀ ਹੈ ਕਿ ਤੂੰ ਮਿਲਣਾ ਚਾਹੇਂ ਤਾਂ ਮਿਲ ਲੈ, ਵਰਨਾ ਐਸੀ ਕੋਈ ਜਬਰਦਸਤੀ ਨਹੀਂ। ਮੰਮੀ ਕਹਿੰਦੀ, “ਆਈ ਡੋਂਟ ਵਾਂਟ ਯੂ ਟੂ ਹਯੁਮਿਲਿਯੇਟਡ।”
ਕਦੀ ਉਹ ਕਹਿੰਦੀ, “ਉਂਜ ਤਾਂ ਠੀਕ ਏ, ਪੜ੍ਹਦੀ ਰਹਿ ਤੇ ਨੌਕਰੀ ਵੀ ਕਰ ਪਰ ਦੇਖਿਆ ਜਾਏ ਤਾਂ ਬਾਈ-ਤੇਈ ਸਾਲ ਵਿਚ ਵਿਆਹ ਤਾਂ ਹੋ ਹੀ ਜਾਣਾ ਚਾਹੀਦੈ ਕੁੜੀਆਂ ਦਾ। ਮੈਂ ਤਾਂ ਇੱਕੀ ਵੀ ਪੂਰੇ ਨਹੀਂ ਸੀ ਕੀਤੇ ਜਦੋਂ ਵਿਆਹੀ ਗਈ ਸੀ।”
ਨੇਹਾ ਨੂੰ ਲੱਗਿਆ ਕਿ ਮੰਮੀ ਦੇ ਰਵਈਏ ਵਿਚ ਬਦਲਾਅ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਸੀ ਕਿ ਉਹਨੀਂ ਦਿਨੀ ਉਹ ਕਿਸ ਨਾਲ ਮਿਲ ਰਹੀ ਸੀ। ਆਪਣੀਆਂ ਅਮਰੀਕੀ ਸਹੇਲੀਆਂ ਨਾਲ, ਕੁਛ ਪੁਰਾਣੇ ਖ਼ਿਆਲਾਂ ਦੀਆਂ ਹਿੰਦੁਸਤਾਨੀ ਸਹੇਲੀਆਂ ਨਾਲ, ਜਾਂ ਫੇਰ ਕਿਸੇ ਰਿਸ਼ਤੇਦਾਰ ਨਾਲ। ਮੰਮੀ ਉਹਨਾਂ ਦੇ ਸਵਾਲਾਂ ਤੇ ਟਿੱਪਣੀਆਂ ਨਾਲ ਬੜੀ ਜਲਦੀ ਡੋਲ ਜਾਂਦੀ ਸੀ।
ਇਸੇ ਲਈ ਸ਼ਾਇਦ ਮੰਮੀ ਨੇਹਾ ਨੂੰ ਕਦੀ ਇਹ ਵੀ ਕਹਿ ਦੇਂਦੀ...'ਦੇਖ ਸਾਡਾ ਜ਼ਮਾਨਾ ਤਾਂ ਹੋਰ ਸੀ, ਇੱਥੇ ਕੋਈ ਸ਼ਾਦੀ ਦੀ ਜਲਦੀ ਨਹੀਂ ਮਚਾਉਂਦਾ। ਜਦੋਂ ਕੋਈ ਢੰਗ ਦਾ ਟਕਰਾਅ ਜਾਏ, ਕਰ ਲਓ ਵਰਨਾ ਆਪਣੇ ਕੰਮ ਵਿਚ ਲੱਗੇ ਰਹੋ। ਕੋਈ ਬੰਦਿਸ਼ ਨਹੀਂ। ਹਿੰਦੁਸਤਾਨ ਵਿਚ ਤਾਂ ਹੁਣ ਤਕ ਸਾਰੇ ਰਿਸ਼ਤੇਦਾਰ ਪਿੱਛੇ ਪੈ ਗਏ ਹੁੰਦੇ ਕਿ ਕੁੜੀ ਨੂੰ ਹੁਣ ਤੱਕ ਕਿਉਂ ਕੁਆਰਾ ਬਿਠਾਇਆ ਹੋਇਐ?' ਤੇ ਨਾਲ ਹੀ ਜੋੜ ਦੇਂਦੀ...“ਵੈਸੇ ਕੁੜੀ ਦੀ ਸ਼ਾਦੀ ਠੀਕ ਉਮਰ ਵਿਚ ਹੋ ਈ ਜਾਣੀ ਚਾਹੀਦੀ ਏ, ਵਰਨਾ ਨਾ ਤਾਂ ਚੰਗੇ ਮੁੰਡੇ ਈ ਬਚੇ ਰਹਿੰਦੇ ਨੇ ਤੇ ਕੁੜੀਆਂ ਦੀ ਮੱਤ ਵੀ ਏਨੀ ਪੱਕੀ ਹੋ ਜਾਂਦੀ ਹੈ ਕਿ ਮਨ ਮੁਆਫਕ ਮੁੰਡਾ ਮਿਲਣਾ ਵੀ ਔਖਾ ਹੋ ਜਾਂਦਾ ਏ।”
ਨੇਹਾ ਨੂੰ ਪਤਾ ਸੀ ਮੰਮੀ ਦਾ ਇਸ਼ਾਰਾ ਉਸਦੀ ਸਹੇਲੀ ਅੰਸ਼ੁਲ ਵੱਲ ਸੀ। ਅੰਸ਼ੁਲ ਉੱਨਤੀ ਵਰ੍ਹਿਆਂ ਦੀ ਹੋ ਚੱਲੀ ਸੀ। ਤਿੰਨ ਸਾਲ ਪਹਿਲਾਂ ਇਕ ਭਾਰਤੀ ਮੂਲ ਦੇ ਮੁੰਡੇ ਨਾਲ ਉਸਦਾ ਸੰਬੰਧ ਬਣਿਆ ਸੀ ਤੇ ਦੋਹੇਂ ਇਕੱਠੇ ਰਹਿਣ ਲੱਗ ਪਏ ਸਨ। ਫੇਰ ਸਾਲ ਕੁ ਪਿੱਛੋਂ ਉਸ ਮੁੰਡੇ ਨੇ ਕਿਹਾ ਕਿ ਉਸਦਾ ਅੰਸ਼ੁਲ ਨਾਲ ਸ਼ਾਦੀ ਕਰਨ ਦਾ ਵਿਚਾਰ ਨਹੀਂ। ਉਹ ਚਾਹੇ ਤਾਂ ਇੰਜ ਹੀ ਇਕੱਠੇ ਰਹਿ ਸਕਦੇ ਨੇ ਦੋਵੇਂ। ਕਦੀ ਭਵਿੱਖ ਵਿਚ ਵੀ ਉਸਦਾ ਸ਼ਾਦੀ ਦਾ ਇਰਾਦਾ ਹੋਏਗਾ, ਇਸ ਬਾਰੇ ਵੀ ਪੱਕਾ ਨਹੀਂ ਸੀ ਕਹਿ ਸਕਦਾ ਉਹ।
ਅੰਸ਼ੁਲ ਨੇ ਰਿਸ਼ਤਾ ਤੋੜ ਲਿਆ ਸੀ। ਉਸ ਪਿੱਛੋਂ ਜਿਹੜੇ ਰਿਸ਼ਤੇ ਵੀ ਬਣੇ ਉਹਨਾਂ ਦਾ ਹਸ਼ਰ ਕੁਝ ਅਜਿਹਾ ਹੀ ਹੋਇਆ। ਇਕ ਲੈਟਿਨ ਅਮਰੀਕੀ ਮੁੰਡਾ ਸੀ ਜਿਸ ਨਾਲ ਉਹ ਆਪ ਸ਼ਾਦੀ ਨਹੀਂ ਕਰਨਾ ਚਾਹੁੰਦੀ ਸੀ। ਇਕ ਕਾਲਾ-ਮੁੰਡਾ (ਨਿੱਗਰ) ਸੀ ਜਿਸ ਨਾਲ ਸ਼ਾਦੀ ਕਰਨ 'ਤੇ ਉਸਦੇ ਮਾਂ-ਬਾਪ ਨੇ ਸਖ਼ਤ ਵਿਰੋਧ ਕੀਤਾ ਸੀ। ਉਂਜ ਤਾਂ ਭਾਵੇਂ ਮਾਂ-ਬਾਪ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਉਹ ਸ਼ਾਦੀ ਕਰ ਹੀ ਲੈਂਦੀ, ਪਰ ਉਹ ਰਿਸ਼ਤਾ ਖ਼ੁਦ ਹੀ ਟੁੱਟ ਗਿਆ ਸੀ।
ਹੁਣ ਅਚਾਨਕ ਉਹ ਉੱਨਤੀ ਵਰ੍ਹਿਆਂ ਦੀ ਉਮਰ ਵਿਚ ਸਨਿਆਸਨ ਬਣ ਦੀ, ਠਾਣ ਬੈਠੀ ਸੀ। ਨਾ ਤਾਂ ਹੁਣ ਉਹ ਚਮਕੀਲੇ-ਭੜਕੀਲੇ, ਗਹਿਣੇ-ਕੱਪੜੇ ਹੀ ਪਾਉਂਦੀ, ਨਾ ਹੀ ਮੇਕਅੱਪ ਕਰਦੀ। ਚਿੱਟੀ ਸਾੜ੍ਹੀ ਬੰਨ੍ਹ ਕੇ ਘੰਟਿਆਂ ਬੱਧੀ ਧਿਆਨ ਵਿਚ ਬੈਠੀ ਰਹਿੰਦੀ। ਉਸਨੇ ਆਪਰਮੈਂਟ ਦੇ ਇਕ ਕੋਨੇ ਵਿਚ ਹੀ ਮੂਰਤੀ ਰੱਖ ਕੇ ਮੰਦਰ ਬਣਾ ਲਿਆ ਸੀ।
ਆਏ ਦਿਨ ਕੋਈ ਨਾ ਕੋਈ ਦੱਖਣੀ ਏਸ਼ੀਆਈ ਸੰਸਕ੍ਰਿਤਕ ਪ੍ਰੋਗਰਾਮ ਕਰਵਾਈ ਰੱਖਦੀ ਤੇ ਔਰਤ ਜਾਤ ਦੀ ਅਗਵਾਨੀ ਕਰਦੀ। ਕਿੰਨੀ ਕੁਸੈਲ ਭਰ ਗਈ ਸੀ ਅੰਸ਼ੁਲ ਵਿਚ, ਮਰਦ ਜਾਤ ਪ੍ਰਤੀ! ਇਕ ਰੋਹੀਲੀ ਔਰਤ ਬਣ ਕੇ ਉਸਨੇ ਉਸ ਕੁਸੈਲ ਨੂੰ ਸਾਰੇ ਸਮਾਜ ਵਿਚ ਫੈਲਾਉਣ ਦਾ ਬੀੜਾ ਚੁੱਕ ਲਿਆ ਜਾਪਦਾ ਸੀ।
ਨੇਹਾ ਉਸ ਕੁਸੈਲ ਤੋਂ ਬਚਣਾ ਚਾਹੁੰਦੀ ਹੈ।
ਮੰਮੀ ਨੂੰ ਡਰ ਲੱਗਿਆ ਰਹਿੰਦਾ ਹੈ ਕਿ 'ਜੇ ਠੀਕ ਉਮਰੇ ਨੇਹਾ ਕਿਸੇ ਨਾਲ ਨਾ ਵੱਝੀ ਤਾਂ ਪਤਾ ਨਹੀਂ ਕਿਸ ਦਿਸ਼ਾ ਵੱਲ ਮੁੜ ਜਾਵੇ।' ਅੰਸ਼ੁਲ ਦਾ ਜ਼ਿਕਰ ਕਰਕੇ ਉਹ ਕਹਿ ਦੇਂਦੀ...“ਇਹ ਵੀ ਕੋਈ ਉਮਰ ਹੋਈ ਸਨਿਆਸ ਲੈਣ ਦੀ। ਉੱਨਤੀ ਸਾਲ ਦੀ ਉਮਰ ਵਿਚ ਤਾਂ ਕੁੜੀ ਸਿਰ ਤੋਂ ਪੈਰਾਂ ਤੀਕ ਗ੍ਰਹਿਸਤੀ ਵਿਚ ਰਮੀ ਹੁੰਦੀ ਏ। ਤੁਹਾਡੀ ਪੀੜ੍ਹੀ ਦੀ ਤਾਂ ਬਾਤ ਈ ਨਿਰਾਲੀ ਏ। ਕਦੀ ਤਾਂ ਏਨਾ ਰਾਗ-ਰੰਗ ਤੇ ਕਦੀ ਧੂਈਂ ਰਮਾ ਲਓ।”
ਨੇਹਾ ਹੱਸ ਪੈਂਦੀ ਹੈ...“ਮੰਮੀ ਇਹ ਸਭ ਫਰਾਡ ਏ। ਕੱਲ੍ਹ ਨੂੰ ਅੰਸ਼ੁਲਾ ਨੂੰ ਕੋਈ ਮੰਨਪਸੰਦ ਮੁੰਡਾ ਮਿਲ ਗਿਆ ਤਾਂ ਸਨਿਆਸ-ਵਨਿਆਸ ਭੁੱਲ ਜਾਏਗੀ। ਉਸਨੂੰ ਰੋਜ਼ ਜਿਊਣ ਦਾ ਕੋਈ ਨਵਾਂ ਮਕਸਦ ਲੱਭਣਾ ਪੈਂਦਾ ਏ।”
“ਉਹ ਤਾਂ ਠੀਕ ਏ ਪਰ ਕੁਛ ਠਹਿਰਾਅ ਵੀ ਹੋਣਾ ਚਾਹੀਦਾ ਏ, ਜ਼ਿੰਦਗੀ ਵਿਚ। ਹੁਣ ਇਸ ਉਮਰ ਵਿਚ ਤਾਂ ਕਿਸੇ ਨਾਲ ਵੱਝ ਹੀ ਜਾਣਾ ਚਾਹੀਦੈ।”
ਨੇਹਾ ਨੂੰ ਖ਼ੁਦ ਵੀ ਤਾਂ ਨਹੀਂ ਪਤਾ ਕਿ ਸਹੀ ਦਿਸ਼ਾ ਕਿਹੜੀ ਹੈ!
ਆਪਣੇ ਮਾਂ-ਪਿਓ ਦੇ ਜ਼ਮਾਨੇ ਦੀ ਤੈਅ-ਸ਼ੁਦਾ-ਸ਼ਾਦੀ ਉਸਦੀ ਕਲਪਨਾ ਤੋਂ ਬਾਹਰ ਹੈ। ਬਾਕੀ ਕਿਸੇ ਨਾਲ ਰਿਸ਼ਤਾ ਜੋੜਨ ਤੋਂ ਉਹ ਵੀ ਘਬਰਾਉਂਦੀ ਹੈ। ਜਿਹੜਾ ਵੀ ਰਿਸ਼ਤਾ ਜੋੜਨਾ ਹੈ ਉਸਨੂੰ ਪੂਰੇ ਚਰਮ (ਧੁਰ ਤਕ) ਤਕ ਨਿਭਾਉਣਾ ਹੁੰਦਾ ਹੈ। ਤਾਂਹੀ ਕੋਈ ਗੰਭੀਰਤਾ ਨਾਲ ਵਿਆਹ ਦੀ ਗੱਲ ਸੋਚਦਾ ਹੈ। ਤੇ ਇਸ ਚਰਮ ਤਕ ਆਜ਼ਮਾ ਲੈਣ ਦੌਰਾਨ ਪਤਾ ਨਹੀਂ ਕੀ ਤਿੜਕ ਜਾਏ ਕਿ ਪੂਰਾ ਰਿਸ਼ਤਾ ਹੀ ਚੂਰਚੂਰ ਹੋ ਜਾਂਦਾ ਹੈ। ਉਸਦੀ ਸਹੇਲੀ ਨਾਲ ਇਹੀ ਕੁਛ ਤਾਂ ਹੋ ਰਿਹਾ ਏ। ਇਸ ਡਰ ਸਦਕਾ ਉਹ ਕਿਸੇ ਮੁੰਡੇ ਨਾਲ ਦਿਲੋਂ-ਮਨੋਂ ਡੂੰਘਾ ਰਿਸ਼ਤਾ ਨਹੀ ਜੋੜ ਸਕੀ। ਮਨ ਦੇ ਰਿਸ਼ਤੇ ਤੋਂ ਸਰੀਰ ਦੇ ਰਿਸ਼ਤੇ ਨੂੰ ਵੱਖ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ। ਬਲਕਿ ਇਹ ਵੀ ਇਕ ਸ਼ਰਤ ਹੋ ਜਾਂਦੀ ਹੈ ਕਿ 'ਮਨ ਤਾਂ ਸਮਰਪਿਤ ਕਰ ਦਿੱਤਾ ਤਾਂ ਫੇਰ ਸਰੀਰ ਕੀ ਚੀਜ਼ ਹੈ। ਇਸ ਸਮਰਪਣ ਵਿਚ ਉਲਝਣ ਤੇ ਹਿਚਕ ਕਾਹਦੀ?'
ਇਸੇ ਉਲਝਣ ਤੇ ਹਿਚਕ ਸਦਕਾ ਉਸਦਾ ਸਰੀਰ ਅਜੇ ਤਕ ਕੁਆਰਾ ਹੈ। ਅਤ੍ਰਿਪਤ ਵੀ। ਪਰ ਉਹ ਕਦੋਂ ਤਕ ਖ਼ੁਦ ਨੂੰ ਸੰਭਾਲ ਕੇ ਰੱਖਦੀ ਰਹੇਗੀ? ਮੰਮੀ ਉਸਨੂੰ ਹਮੇਸ਼ਾ ਖ਼ੁਦ ਨੂੰ ਬਚਾਅ ਕੇ ਰੱਖਣ ਤੇ ਸ਼ਾਦੀ ਤਕ ਕੁਆਰਾਪਨ ਕਾਇਮ ਰੱਖਣ ਦਾ ਪਾਠ, ਬਚਪਨ ਤੋਂ ਹੀ ਪੜਾਉਂਦੀ ਰਹੀ ਹੈ।
ਕੀ ਜਦੋਂ ਤਕ ਸਹੀ ਮੁੰਡਾ ਨਹੀਂ ਮਿਲਦਾ ਉਹ ਇੰਜ ਹੀ ਰਹੇ? ਸਿਰਫ ਤਨ ਦੀ ਤ੍ਰਿਪਤੀ ਖਾਤਰ ਸ਼ਾਦੀ ਦੇ ਬੰਧਨ ਵਿਚ ਵੱਝ ਜਾਣਾ ਤਾਂ ਕੋਈ ਅਕਲਮੰਦੀ ਵਾਲੀ ਗੱਲ ਨਾ ਹੋਈ। ਇੰਜ ਨਹੀਂ ਹੋਣ ਦਏਗੀ ਉਹ?
 ਨੇਹਾ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਮੰਮੀ ਅਸਲ ਵਿਚ ਚਾਹੁੰਦੀ ਕੀ ਹੈ! ਕਦੀ ਤਾਂ ਐਨੇ ਖੁੱਲ੍ਹੇ ਦਿਮਾਗ਼ ਵਾਲੀ ਅਮਰੀਕੀ ਔਰਤ ਬਣ ਜਾਂਦੀ ਹੈ ਤੇ ਕਦੀ ਯਕਦਮ ਰੂੜੀਵਾਦੀ।
ਉਸ ਦਿਨ ਉਸਨੇ ਸੁਣਿਆ ਮੰਮੀ ਦੀ ਇਕ ਹਿੰਦੁਸਤਾਨੀ ਸਹੇਲੀ ਕਹਿ ਰਹੀ ਸੀ...“ਅੱਜ ਕੱਲ੍ਹ ਤਾਂ ਜ਼ਮਾਨਾ ਈ ਬਦਲ ਗਿਐ, ਪਤਾ ਨਹੀਂ ਕੱਲ੍ਹ ਨੂੰ ਕੁੜੀ ਆ ਕੇ ਕੀ ਕਹੇ ਕਿ ਮੈਂ ਫਲਾਨੇ ਮੁੰਡੇ ਨਾਲ ਰਹਿਣਾ ਚਾਹੁੰਦੀ ਆਂ, ਸ਼ਾਦੀ ਕੀਤੇ ਬਗ਼ੈਰ। ਸਾਡੇ ਰੋਕਣ ਨਾਲ ਕੋਈ ਰੁਕੇਗਾ ਭਲਾ? ਮੈਨੂੰ ਤਾਂ ਇਹੋ ਖ਼ਿਆਲ ਡਰਾਉਂਦਾ ਰਹਿੰਦਾ ਐ। ਜੇ ਕੁਝ ਐਸਾ ਵੈਸਾ ਹੋ ਗਿਆ ਤਾਂ ਸਮਾਜ ਵਿਚ ਕੇਡੀ ਬਦਨਾਮੀ ਹੋਏਗੀ...”
ਸ਼ਾਇਦ ਉਸੇ ਗੱਲ ਦਾ ਅਸਰ ਹੋਏਗਾ ਕਿ ਅਗਲੇ ਦਿਨ ਮੰਮੀ ਨੇਹਾ ਨੂੰ ਪੁੱਛ ਰਹੀ ਸੀ...“ਤੇਰੇ ਦਿਮਾਗ਼ 'ਚ ਕੋਈ ਮੁੰਡਾ ਹੈ ਤਾਂ ਸਾਨੂੰ ਦਸ ਦੇ। ਜੇ ਤੂੰ ਕਿਸੇ ਦੇ ਨਾਲ-ਨੂਲ ਰਹਿਣ ਦੀ ਸੋਚ ਰਹੀ ਹੋਵੇਂ ਤਾਂ ਅਸੀਂ ਤੇਰੀ ਮੰਗਣੀ ਕਰ ਦੇਂਦੇ ਆਂ। ਉਂਜ ਈ ਨਹੀਂ ਰਹਿਣ ਦਿਆਂਗੇ।”
ਨੇਹਾ ਵੀ ਨਿੱਠ ਕੇ ਸੋਚ ਰਹੀ ਹੈ, ਅੱਜਕੱਲ੍ਹ ਸੋਚਦੀ ਹੀ ਰਹਿੰਦੀ ਹੈ ਕਿ ਕਿੰਜ ਸਹੀ ਰਸਤੇ ਤੇ ਉਤਾਰੇ ਆਪਣੀ ਜ਼ਿੰਦਗੀ।
ਨੇਹਾ ਕੋਲ ਬੜਾ ਕੁਝ ਹੈ ਦੱਸਣ ਲਈ! ਮੰਮੀ ਨੂੰ ਅਜਿਹੀਆਂ ਗੱਲਾਂ ਤਸੱਲੀ ਨਹੀਂ ਦੇਂਦੀਆਂ, ਹੋਰ ਡਰਾ ਦੇਂਦੀਆਂ ਨੇ।
***
ਨੇਹਾ ਅਜੇ ਕਿਸੇ ਨਾਲ ਮੰਗਣੀ ਨਹੀਂ ਕਰਨਾ ਚਾਹੁੰਦੀ, ਉਹ ਸੱਚਮੁੱਚ ਸਿਰਫ ਨਾਲ ਰਹਿ ਕੇ ਦੇਖਣਾ ਚਾਹੁੰਦੀ ਹੈ। ਅਜੇ ਉਸਦਾ ਵਿਆਹ ਦੇ ਬੰਧਨ ਵਿਚ ਵੱਝਣ ਦਾ ਇਰਾਦਾ ਨਹੀਂ। ਫੇਰ ਵੀ ਕਿਸੇ ਪ੍ਰੇਮ ਜਾਂ ਸਾਥ ਤੋਂ ਵਾਂਝਿਆਂ ਨਹੀਂ ਰੱਖਣਾ ਚਾਹੁੰਦੀ ਆਪਣੇ ਆਪ ਨੂੰ। ਮੰਮੀ ਨੇ ਵੀ ਤਾਂ ਇੱਕੀ ਦੀ ਉਮਰ ਵਿਚ ਸ਼ਾਦੀ ਕਰ ਲਈ ਸੀ। ਉਹ ਤਾਂ ਤੇਈ ਪਾਰ ਕਰਕੇ ਲਗਭਗ ਚੌਵੀਆਂ ਦੀ ਹੋ ਗਈ ਹੈ। ਕੀ ਉਹ ਮੰਮੀ ਨੂੰ ਦੱਸ ਸਕਦੀ ਹੈ ਕਿ ਉਹ ਮੁੰਡਾ ਨਾਲ ਹੀ ਪੜ੍ਹਦਾ ਹੋਇਆ ਇਕ ਅਮਰੀਕੀ ਹੈ? ਉਹ ਓਨਾਂ ਸਰਦਾ-ਵਰਦਾ ਨਹੀਂ ਜਿੰਨੇ ਸਰਦੇ-ਵਰਦੇ ਜਵਾਈ ਦੀ ਕਲਪਨਾ ਮੰਮੀ-ਪਾਪਾ ਕਰਦੇ ਨੇ। ਉਹ ਡਾਕਟਰ, ਇੰਜੀਨੀਅਰ ਜਾਂ ਵਕੀਲ ਕੁਝ ਵੀ ਨਹੀਂ ਬਣਨਾ ਚਾਹੁੰਦਾ। ਉਹ ਸਕੂਲ ਟੀਚਰ ਹੈ ਤੇ ਇਸ ਦੇਸ਼ ਦੇ ਬੱਚਿਆਂ ਨੂੰ ਸਕੂਲੀ ਸਿੱਖਿਆ ਦੀ ਚੰਗੀ ਨੀਂਹ ਦੇਣ ਵਿਚ ਵਿਸ਼ਵਾਸ ਕਰਦਾ ਹੈ। ਉਸਨੂੰ ਬੱਚਿਆਂ ਨਾਲ ਕੰਮ ਕਰਨਾ ਪਸੰਦ ਹੈ ਤੇ ਉਹੀ ਕਰ ਰਿਹਾ ਹੈ, ਕਰਨਾ ਚਾਹੁੰਦਾ ਹੈ। ਕਿੰਜ ਦੱਸੇਗੀ ਉਹਨਾਂ ਨੂੰ? ਉਹ ਕੈਸਾ ਮੂੰਹ ਬਣਾਉਣਗੇ। ਮੰਮੀ ਸੋਚੇਗੀ ਕੈਸਾ ਲਿੱਦੜ ਮੁੰਡਾ ਚੁਣਿਆ ਏ...ਸਕੂਲੀ ਟੀਚਰ? ਉਹ ਮੰਮੀ ਦੇ ਚਿਹਰੇ ਉੱਤੇ ਆਉਣ ਵਾਲੇ ਉਤਾਰ-ਚੜ੍ਹਾਅ ਦੀ ਬੜੀ ਸਹੀ ਕਲਪਨਾ ਕਰ ਸਕਦੀ ਹੈ। ਉਸ ਪਿੱਛੋਂ ਮੰਮੀ ਬੜੀ ਦੇਰ ਤਕ ਉਸ ਨਾਲ ਗੱਲ ਨਹੀਂ ਕਰੇਗੀ। ਸੋਚਾਂ ਵਿਚ ਪੈ ਜਾਏਗੀ। ਸ਼ਾਇਦ ਰੋਵੇ-ਚੀਕੇ ਵੀ ਕਿ ਉਸਦੇ ਉਮਰ ਭਰ ਦੇ ਖ਼ਿਆਲੀ ਪੁਲਾਅ ਵਿਚ ਪਾਣੀ ਪੈ ਗਿਆ ਹੈ। ਕਿੱਥੇ ਉਸਦੀ ਧੀ ਆਰਕਿਟੈਕਟ ਹੈ ਤੇ ਜਵਾਈ ਸਕੂਲੀ-ਟੀਚਰ?
ਉਂਜ ਹੈ ਤਾਂ ਨੇਹਾ ਦੇ ਸਕੂਲ ਆਫ ਆਰਕਿਟੇਕਟ ਦਾ ਹੀ ਗ੍ਰੈਜੁਏਟ, ਪਰ ਸਿਰ 'ਤੇ ਹਾਈ ਸਕੂਲ ਦੇ ਬੱਚਿਆਂ ਦਾ ਦਿਮਾਗ਼ ਦਰੁਸਤ ਕਰਨ ਦਾ ਫਤੂਰ ਹੈ! ਮੰਮੀ ਸ਼ਾਇਦ ਉਸਦੇ ਕਿੱਤੇ ਬਾਰੇ ਕਿਸੇ ਨੂੰ ਦੱਸਣਾ ਵੀ ਨਾ ਚਾਹੇ। ਉਹ ਮੰਮੀ ਦੀਆਂ ਪ੍ਰਤੀਕ੍ਰਿਆਵਾਂ ਬੜਾ ਪਹਿਲਾਂ ਹੀ ਜਾਣ ਚੁੱਕੀ ਹੈ। ਉਸਦੀ ਇਕ ਸਹੇਲੀ ਬਾਰੇ ਉਹ ਪਹਿਲਾਂ ਹੀ ਕਹਿ ਚੁੱਕੀ ਹੈ...“ਨਿਯਤੀ ਖ਼ੁਦ ਤਾਂ ਏਨੀ ਬਰਾਈਟ ਤੇ ਖ਼ੂਬਸੂਰਤ ਕੁੜੀ ਏ।...ਇਕ ਸਕੂਲੀ ਟੀਚਰ ਦੇ ਸ਼ਿਕੰਜੇ ਵਿਚ ਕਿੰਜ ਫਸ ਗਈ?” ਨੇਹਾ ਨੂੰ ਮੰਮੀ ਦਾ ਕਹਿਣ ਢੰਗ ਬੜਾ ਬੁਰਾ ਲੱਗਿਆ ਸੀ। ਉਸਨੇ ਨਿਯਤੀ ਦੀ ਪੈਰਵੀ ਕਰਦਿਆਂ ਹੋਇਆਂ ਮੰਮੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ...“ਮੰਮੀ ਉਹ ਤਾਂ ਬੜਾ ਆਇਡਿਲਿਸਟਿਕ ਮੁੰਡਾ ਏ। ਉਸਦਾ ਢੇਰ ਸਾਰੇ ਪੈਸੇ ਕਮਾਉਣ ਵਿਚ ਵਿਸ਼ਵਾਸ ਨਹੀਂ। ਉਹ ਬੱਚਿਆਂ ਦੀ ਜ਼ਿੰਦਗੀ ਬਣਾਉਣਾ ਚਾਹੁੰਦਾ ਏ। ਮੰਮੀ ਜੇ ਸਕੂਲੀ-ਟੀਚਿੰਗ ਵਿਚ ਚੰਗੇ ਤੇ ਬਰਾਈਟ ਲੋਕ ਨਹੀਂ ਜਾਣਗੇ ਤਾਂ ਇਸ ਦੇਸ਼ ਦੇ ਚੰਗੇ ਨਾਗਰਿਕ ਕਿਵੇਂ ਬਣਨਗੇ? ਸਾਰੇ ਈ ਯੂਨੀਵਰਸਟੀ ਵਿਚ ਪੜ੍ਹਾਉਣ ਲੱਗ ਪੈਣ ਤੇ ਸਕੂਲਾਂ ਵਿਚ ਨਾ ਪੜ੍ਹਾਉਣਾ ਚਾਹੁਣ ਤਾਂ ਯੂਨੀਵਰਸਟੀਆਂ ਵਿਚ ਪੜ੍ਹਨ ਕੌਣ ਆਏਗਾ?”
ਮੰਮੀ ਨੇ ਉਸਨੂੰ ਚੁੱਪ ਕਰਾ ਦਿੱਤਾ ਸੀ...“ਫਿਕਰ ਨਾ ਕਰ ਬੜੇ ਨੇ ਸਕੂਲਾਂ ਵਿਚ ਪੜ੍ਹਾਉਣ ਵਾਲੇ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦੀ ਸਾਂ ਕਿ ਨਿਯਤੀ ਉਸ ਨਾਲੋਂ ਕਿਤੇ ਬਿਹਤਰ ਤੇ ਯੋਗ ਏ। ਬਾਕੀ ਸਿਆਣਾ ਕਾਂ ਗੂੰਹ 'ਚ ਈ ਠੁੰਗ ਮਾਰੇ ਤਾਂ ਕੋਈ ਕੀ ਕਰ ਸਕਦੈ।”
ਨੇਹਾ ਫੇਰ ਵੀ ਪੈਰਵੀ ਕਰਦੀ ਰਹੀ ਸੀ...“ਮੰਮੀ ਅੱਜ ਜੇ ਉਹ ਸਕੂਲੀ-ਟੀਚਰ ਏ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਾਰੀ ਉਮਰ ਇਹੀ ਬਣਿਆ ਰਹੇਗਾ। ਏਥੇ ਲੋਕ ਪ੍ਰੋਫ਼ੈਸ਼ਨ ਬਦਲਦੇ ਰਹਿੰਦੇ ਨੇ। ਕੱਲ੍ਹ ਨੂੰ ਯੂਨੀਵਰਸਟੀ ਵਿਚ ਪੀ.ਐਚ.ਡੀ.ਵਿਚ ਦਾਖ਼ਲਾ ਲੈ ਕੇ ਪਿੱਛੋਂ ਯੂਨੀਵਰਸਟੀ ਦਾ ਪ੍ਰੋਫ਼ੈਸਰ ਵੀ ਤਾਂ ਬਣ ਸਕਦਾ ਏ। ਜਾਂ ਜੋ ਕੁਝ ਵੀ ਕਰਨਾ ਚਾਹੇ। ਉਂਜ ਸਕੂਲੀ-ਟੀਚਰ ਦੀ ਤਨਖ਼ਾਹ ਵੀ ਕਾਲਜ ਦੇ ਪ੍ਰੋਫ਼ੈਸਰ ਨਾਲੋਂ ਘੱਟ ਨਹੀਂ ਹੁੰਦੀ। ਬਾਕੀ ਏਥੇ ਹਿੰਦੁਸਤਾਨ ਵਾਲੀ ਗੱਲ ਤਾਂ ਹੈ ਨਹੀਂ ਬਈ ਇਕ ਵਾਰੀ ਜੋ ਬਣ ਗਏ ਉਹੀ ਰਸਤਾ ਸਾਰੀ ਉਮਰ ਲਈ ਪੱਕਾ ਹੋ ਗਿਆ।”
“ਠੀਕ ਏ ਬਹੁਤੀ ਬੜਬੜ ਨਾ ਕਰ। ਹਰ ਵੇਲੇ ਮੈਨੂੰ ਈ ਮੱਤਾਂ ਦੇਂਦੀ ਰਹਿੰਦੀ ਏ।” ਮੰਮੀ ਨੂੰ ਇਸ ਗੱਲ 'ਤੇ ਗੁੱਸਾ ਆਉਂਦਾ ਹੈ ਕਿ ਬਜਾਏ ਉਹ ਆਪਣੀ ਧੀ ਨੂੰ ਮੱਤ ਦਏ, ਉਲਟਾ ਉਹੀ ਉਸਨੂੰ ਭਾਸ਼ਣ ਦੇਂਦੀ ਰਹਿੰਦੀ ਹੈ। ਜਿਵੇਂ ਉਹ ਦਾਦੀ ਅੰਮਾਂ ਹੋਵੇ ਤੇ ਮੰਮੀ ਕੋਈ ਬਾਲੜੀ। ਬੱਚੀ ਨੂੰ ਆਜ਼ਾਦੀ ਦੇਣ ਦਾ ਇਹ ਫਲ ਮਿਲ ਰਿਹਾ ਹੈ ਉਸਨੂੰ। ਪਾਪਾ ਨਾਲ ਉਸਦੀ ਇੰਜ ਪੇਸ਼ ਆਉਣ ਦੀ ਹਿੰਮਤ ਨਹੀਂ ਪੈਂਦੀ। ਪਾਪਾ ਤੋਂ ਡਰਦੀ ਹੈ ਤੇ ਉਹਨਾਂ ਦੀ ਗੱਲ ਧਿਆਨ ਨਾਲ ਸੁਣਦੀ-ਸਮਝਦੀ ਵੀ ਹੈ। ਮਾਂ ਨੂੰ ਕੁਛ ਸਮਝਦੀ ਹੀ ਨਹੀਂ।
ਪਾਪਾ ਜਦੋਂ ਉਸਨੂੰ ਸੜਕ ਦੀ ਲੈਅ ਬਾਰੇ ਸਮਝਾ ਰਹੇ ਸਨ ਤਾਂ ਨੇਹਾ ਨੂੰ ਲੱਗਿਆ ਜਿਵੇਂ ਪਾਪਾ ਬੜਾ ਕੁਝ ਸਮਝਦੇ ਨੇ। ਹੁਣ ਉਹ ਉਸਦੀ ਤੋਤਲੀ ਬੋਲੀ ਸੁਣਨ ਦੀ ਫਰਮਾਇਸ਼ ਵੀ ਨਹੀਂ ਕਰਦੇ। ਬਲਕਿ ਉਸ ਗੱਲ ਦਾ ਆਪਣੇ ਉੱਤੇ ਹੱਸਦੇ ਹੋਏ ਜ਼ਿਕਰ ਕਰਦੇ ਨੇ ਕਿ ਕਿੰਜ ਉਹਨਾਂ ਨੂੰ ਪਹਿਲਾਂ ਇਹ ਬੋਲੀ ਮਿੱਠੀ ਲੱਗਦੀ ਹੁੰਦੀ ਸੀ।
ਪਰ ਹੁਣ ਨੇਹਾ ਵੱਡੀ ਹੋ ਗਈ ਹੈ ਤੇ ਉਸਨੂੰ ਵੱਡਿਆਂ ਵਾਂਗ ਹੀ ਬੋਲਣਾ ਚਾਹੀਦਾ ਹੈ। ਸੋਚਦਿਆਂ ਸੋਚਦਿਆਂ ਅਚਾਨਕ ਉਸਦੀ ਹਿੰਮਤ ਵਧ ਗਈ ...“ਪਾਪਾ ਡਰਾਈਵਿੰਗ ਪ੍ਰੈਕਟਿਸ ਪਿੱਛੋਂ ਮੈਨੂੰ ਪੀਟਰ ਦੇ ਘਰ ਛੱਡ ਦੇਣ...”
“ਪੀਟਰ ਕੌਣ? ਇਹ ਕੋਈ ਨਵਾਂ ਦੋਸਤ ਏ ਤੇਰਾ?”
“ਨਵਾਂ ਨਹੀਂ ਸਕੂਲ ਵਿਚ ਨਾਲ ਪੜ੍ਹਦਾ ਸੀ, ਹੁਣ ਉਹ ਫੇਰ ਨਿਊਯਾਰਕ ਵਿਚ ਆ ਗਿਆ ਏ।”
“ਕਿੱਥੇ ਛੱਡਣਾ ਏਂ?”
“ਫੋਰਟੀ ਫਿਫਥ ਸਟ੍ਰੀਟ ਕੋਲ।”
“ਕਿੱਥੇ ਕੁ? ਕੋਈ ਰੇਸਟਰਾਂ ਏ?”
“ਨਹੀਂ।”
“ਰਹਿੰਦਾ ਏ ਉੱਥੇ?”
“ਹਾਂ।” ਰਤਾ ਝਿਜਕ ਨਾਲ ਨੇਹਾ ਨੇ ਉਗਲਿਆ ਸੀ ਉਹ ਛੋਟਾ ਜਿਹਾ 'ਹਾਂ'।
ਪਾਪਾ ਨੇ ਹੈਰਾਨੀ ਜ਼ਾਹਰ ਨਾ ਕਰਦਿਆਂ ਹੋਇਆ ਪੁੱਛਿਆ ਸੀ,
“ਤੂੰ ਉਸਦੇ ਅਪਾਰਮੈਂਟ 'ਚ ਜਾਏਂਗੀ?”
“ਮੇਰੀ ਉਸ ਨਾਲ ਬੜੀ ਪੁਰਾਣੀ ਦੋਸਤੀ ਏ।”
ਪਾਪਾ ਦਾ ਡਰ, ਉਹਨਾਂ ਦਾ ਫਰਜ਼, ਸਮਝਦਾਰੀ ਸਭੋ ਕੁਝ ਉਹਨਾਂ ਦੇ ਚਿਹਰੇ 'ਤੇ ਰਲਗਡ ਹੋ ਰਹੇ ਸਨ। ਪਰ ਬੜੇ ਠਰ੍ਹਮੇਂ ਨਾਲ ਬੋਲੇ ਉਹ...“ਪਰ ਜਾਣਦੀ ਏਂ ਨਾ ਕਿਸੇ ਮੁੰਡੇ ਦੇ ਅਪਾਰਟਮੈਂਟ ਵਿਚ ਇੰਜ ਜਾਣਾ...ਕੀ ਓਥੇ ਕੁਛ ਹੋਰ ਲੋਕ ਵੀ ਹੋਣਗੇ?”
“ਮੈਨੂੰ ਪਤਾ ਨਹੀਂ...ਪਰ ਸ਼ਾਇਦ ਮੈਨੂੰ ਈ ਬੁਲਾਇਆ ਏ।” ਉਹ ਚਾਹੁੰਦੀ ਸੀ ਪਾਪਾ ਸੱਚ ਜਾਣ ਲੈਣ ਤੇ ਸੱਚ ਬੋਲਣ ਦੀ ਹਿੰਮਤ ਨਹੀਂ ਹੋ ਰਹੀ ਸੀ।
“ਤਾਂ ਤੁਹਾਡੀ ਦੋਸਤੀ ਏਨੀ ਏਂ ਕਿ...?”
“ਹੂੰ...”
“ਕੀ ਤੂੰ ਉਸ ਨੂੰ ਪਿਆਰ ਕਰਦੀ ਏਂ?”
“ਅੰਅ? ਪਤਾ ਨਹੀਂ।”
“ਜੇ ਤੂੰ ਉਸਦੇ ਅਪਾਰਟਮੈਂਟ 'ਚ ਇਕੱਲੀ ਜਾ ਰਹੀ ਏਂ ਤਾਂ ਫੇਰ ਈ ਜਾਵੀਂ ਜੇ ਉਹ ਇਨਸਾਨ ਤੇਰੇ ਲਈ ਖਾਸ ਹੈ, ਨਹੀਂ ਤਾਂ ਕੁਛ ਐਸਾ-ਵੈਸਾ ਹੋ ਗਿਆ ਤਾਂ ਗ਼ਲਤ ਹੋਏਗਾ।”
“ਪਾਪਾ ਉਹ ਖਾਸ ਤਾਂ ਹੈ।”
“ਇਸਦਾ ਮਤਲਬ ਤੂੰ ਉਸ ਨੂੰ ਪਿਆਰ ਕਰਦੀ ਏਂ।”
“ਪਤਾ ਨਹੀਂ। ਅਸੀਂ ਬੜੇ ਪੱਕੇ ਦੋਸਤ ਆਂ।”
“ਕੀ ਹੋਰ ਕੋਈ ਮੁੰਡਾ ਤੇਰਾ ਏਨਾ ਪੱਕਾ ਦੋਸਤ ਨਹੀਂ?”
“ਨਹੀਂ।”
“ਤਾਂ ਫੇਰ ਇਹੀ ਤੇਰਾ ਖਾਸ ਹੈ। ਤੂੰ ਸ਼ਾਇਦ ਉਸ ਨੂੰ ਪਿਆਰ ਵੀ ਕਰਦੀ ਏਂ। ਮੇਰੇ ਸਾਹਮਣੇ ਕਹਿਣ ਤੋਂ ਝਿਜਕਦੀ ਪਈ ਏਂ।”
“ਹਾਲੇ ਪਤਾ ਨਹੀਂ, ਕੁਛ ਨਹੀਂ ਕਹਿ ਸਕਦੀ। ਹੋ ਸਕਦਾ ਏ ਕਰਦੀ ਹੋਵਾਂ।”
ਨੇਹਾ ਹੈਰਾਨ ਸੀ ਕਿ ਇਹ ਕੈਸੀਆਂ ਗੱਲਾਂ ਹੋਣ ਲੱਗ ਪਈਆਂ ਨੇ ਉਸਦੇ ਤੇ ਪਾਪਾ ਦੇ ਵਿਚਕਾਰ ਅੱਜ? ਉਸਨੂੰ ਅਚਾਨਕ ਮਹਿਸੂਸ ਹੋਇਆ ਕਿ ਪਾਪਾ ਦੀ ਨਿਗਾਹ ਵਿਚ ਉਹ ਸੱਚਮੁੱਚ ਵੱਡੀ ਹੋ ਗਈ ਹੈ। ਪਾਪਾ ਸਮਝਦੇ ਨੇ ਸਭ। ਬਸ ਉਹੀ ਘਬਰਾ ਰਹੀ ਹੈ ਇਸ ਵਿਸ਼ੇ 'ਤੇ ਗੱਲ ਕਰਨ ਤੋਂ।
“ਤੂੰ ਚਾਹੇਂ ਤਾਂ ਮੈਂ ਮਿਲ ਲਵਾਂਗਾ ਉਸਨੂੰ।”
“ਪਰ ਪਾਪਾ ਅਜਿਹੀ ਕੋਈ ਸੀਰੀਅਸ ਗੱਲ ਨਹੀਂ। ਮੈਂ ਖ਼ੁਦ ਵੀ ਨਹੀਂ ਜਾਣਦੀ ਕਿ ਇਹ ਰਿਸ਼ਤਾ ਕਿਸ ਤਰ੍ਹਾਂ ਦਾ ਰੂਪ ਲਏਗਾ।”
“ਪਰ ਜੇ ਤੈਨੂੰ ਆਪਣੇ 'ਤੇ ਭਰੋਸਾ ਜਾਂ ਉਸਦੇ ਮਨ ਦਾ ਗਿਆਨ ਨਹੀਂ ਤਾਂ ਉਸਦੇ ਅਪਾਰਟਮੈਂਟ ਵਿਚ ਕਿਉਂ ਜਾ ਰਹੀ ਏਂ?...ਇਕ ਗੱਲ ਆਖਾਂ?”
ਅਚਾਨਕ ਇਕ ਡਰ ਜਿਹਾ ਲੱਗਿਆ...ਕੀ ਕਹਿਣਗੇ ਪਾਪਾ?
“ਦੇਖ ਬੇਟੇ, ਕਿਉਂਕਿ ਮੈਂ ਖ਼ੁਦ ਇਕ ਮਰਦ ਹਾਂ। ਇਸ ਲਈ ਮਰਦ ਦੇ ਨਜ਼ਰੀਏ ਤੋਂ ਸਲਾਹ ਦਿਆਂਗਾ। ਕੋਈ ਵੀ ਕੁੜੀ ਇੰਜ ਜਦੋਂ ਕਿਸੇ ਪੁਰਸ਼ ਕੋਲ ਜਾਂਦੀ ਹੈ ਤਾਂ ਪੁਰਸ਼ ਉਸਦੀ ਕਦਰ ਨਹੀਂ ਕਰਦਾ। ਆਪਣੇ ਆਪ ਨੂੰ ਦੁਰਲਭ ਬਣਾ ਕੇ ਰੱਖੋ ਤਾਂ ਦੇਖੋ ਕਿੰਜ ਮੁੰਡੇ ਪਿੱਛੇ ਦੌੜਦੇ ਨੇ।”
“ਪਾਪਾ!” ਨੇਹਾ ਨੇ ਕਹਿਣਾ ਚਾਹਿਆ ਕਿ ਅੱਜ ਤਕ ਤਾਂ ਉਸਨੇ ਖ਼ੁਦ ਨੂੰ ਦੁਰਲਭ ਬਣਾ ਕੇ ਹੀ ਰੱਖਿਆ ਹੋਇਆ ਹੈ।...ਪਰ ਉਸਨੂੰ ਪਿੱਛੇ ਭੱਜਣ ਵਾਲਾ ਕੋਈ ਨਹੀਂ ਮਿਲਿਆ।
ਜਿਹੜੇ ਆਏ ਉਹ ਉਸ ਨਾਲ ਪਹਿਲਾਂ ਦੋਸਤੀ ਕਰਨਾ ਚਾਹੁੰਦੇ ਸੀ, ਉਸਨੂੰ ਜਾਣਨਾ ਚਾਹੁੰਦੇ ਸੀ...ਪਰ ਉਹ ਖ਼ੁਦ ਸਭ ਤੋਂ ਦੂਰ ਰਹੀ...ਫੇਰ ਨੇੜਤਾ ਕਿੰਜ ਬਣਦੀ, ਦੋਸਤੀ ਕਿਸ ਨਾਲ ਹੁੰਦੀ?
ਨੇਹਾ ਨੇ ਗੌਰ ਕੀਤਾ ਪਾਪਾ ਆਖ਼ਰ ਪਾਪਾ ਹੀ ਨੇ। ਧੀ ਦੀ ਇੱਜ਼ਤ ਨੂੰ ਲੈ ਕੇ ਘਬਰਾਏ ਹੋਏ, ਪਰ ਉਹਨਾਂ ਦਾ ਕਹਿਣ ਢੰਗ ਹਿਰਖੀਲਾ ਨਹੀਂ ਦੋਸਤਾਨਾ ਸੀ।
ਪਾਪਾ ਨੂੰ ਤਸੱਲੀ ਦੇਣ ਨੂੰ ਜੀਅ ਕੀਤਾ ਸੀ ਨੇਹਾ ਦਾ।
“ਅਸੀਂ ਨਾਲ ਨਾਲ ਇਕ ਪ੍ਰੋਜੈਕਟ 'ਤੇ ਵੀ ਕੰਮ ਕਰ ਰਹੇ ਆਂ, ਪਾਪਾ।”
“ਕਾਹਦਾ ਪ੍ਰੋਜੈਕਟ?”
"ਇਕ ਫ਼ਿਲਮ ਦਾ ਪ੍ਰੋਜੈਕਟ।"
ਨੇਹਾ ਨੂੰ ਕਹਿੰਦਿਆਂ ਹੋਇਆਂ ਲੱਗਿਆ ਕਿ ਝੂਠ ਨਹੀਂ ਬੋਲ ਰਹੀ ਉਹ। ਪੀਟਰ ਤੇ ਉਸਨੇ ਇਸ ਬਾਰੇ ਕਾਫੀ ਲੰਮੀ ਗੱਲਬਾਤ ਕੀਤੀ ਸੀ। ਭਾਵੇਂ ਅੱਜ ਉਹ ਸਿਰਫ ਉਸ ਗੱਲਬਾਤ ਦੇ ਸਿਲਸਿਲੇ ਵਿਚ ਨਹੀਂ ਸੀ ਜਾ ਰਹੀ ਹੋਰ ਵੀ ਬਹੁਤ ਸਾਰੇ ਗੱਪ ਮਾਰਨੇ ਸਨ।
ਵੈਸੇ ਉਸਨੂੰ ਵੀ ਅੰਦਾਜ਼ਾ ਸੀ ਕਿ ਆਪਣੇ ਅਪਾਰਟਮੈਂਟ ਦੀ ਇਕਾਂਤ ਵਿਚ ਉਹ ਉਸਨੂੰ ਛੂਹ ਵੀ ਸਕਦਾ ਹੈ ਤੇ ਛੂਹਣ ਤੋਂ ਅੱਗੇ ਵੀ...। ਨੇਹਾ ਸਿਰ ਤੋਂ ਪੈਰਾਂ ਤੀਕ ਕੰਬ ਗਈ...ਡਰ ਨਾਲੋਂ ਵੱਧ ਇਕ ਚੈਲੇਂਜ ਸੀ ਉਸ ਲਈ ਤੇ ਉਸਨੇ ਮਹਿਸੂਸ ਕੀਤਾ ਕਿ ਉਹ ਹਰ ਤਰ੍ਹਾਂ ਦੇ ਚੈਲੇਂਜ ਦਾ ਸਾਹਮਣਾ ਕਰਨ ਲਈ ਤਿਆਰ ਸੀ ਅੱਜ। ਨਾਲ ਹੀ ਉਹ ਇਹ ਵੀ ਜਾਣੀ ਸੀ ਕਿ ਪੂਰੀ ਤਿਆਰੀ ਦੇ ਬਾਵਜੂਦ ਉਹ ਪੀਟਰ ਨਾਲ ਸਿਰਫ ਫਿਲਮ ਬਾਰੇ ਚਰਚਾ ਕਰਨ ਵੀ ਆ ਸਕਦੀ ਸੀ।
ਨੇਹਾ ਨੂੰ ਸਮਝ ਨਹੀਂ ਆ ਰਿਹਾ ਕਿ ਠੀਕ ਕੀ ਹੈ ਤੇ ਕੀ ਗਲਤ!
***
ਉਹ ਹਾਈਵੇ ਤੋਂ ਉੱਤਰ ਕੇ ਪਹਿਲੇ ਐਵੇਨਿਊ 'ਤੇ ਆ ਗਏ ਸਨ। ਸਾਹਮਣੇ ਪੀਲੀ ਬੱਤੀ ਸੀ। ਪਿੱਛੇ ਗੱਡੀਆਂ ਆ ਰਹੀਆਂ ਸਨ। ਪਾਪਾ ਬੋਲੇ, “ਚੱਲਦੀ ਰਹੋ” ਤੇ ਸਮਝਾਉਣ ਲੱਗੇ, “ਪੀਲੀ ਬੱਤੀ 'ਤੇ ਗੱਡੀ ਰੋਕਣੀ ਹੁੰਦੀ ਹੈ ਪਰ ਜੇ ਤੇਜ਼ ਰਫਤਾਰ ਗਤੀ ਨਾਲ ਚੱਲ ਰਹੇ ਹੋਵੋ ਤੇ ਅਚਾਨਕ ਪੀਲੀ ਬੱਤੀ ਹੋ ਜਾਵੇ ਤਾਂ ਗੱਡੀ ਦੀ ਰਫਤਾਰ ਤੇਜ਼ ਕਰਕੇ ਨਿਕਲ ਜਾਣਾ ਚਾਹੀਦਾ ਏ ਵਰਨਾ ਪਿੱਛੋਂ ਉਸੇ ਰਫਤਾਰ ਨਾਲ ਆਉਂਦੀ ਗੱਡੀ ਟੱਕਰ ਮਾਰ ਸਕਦੀ ਹੈ।”
ਫੇਰ ਅਚਾਨਕ ਜਿਵੇਂ ਧਿਆਨ ਆ ਗਿਆ ਹੋਵੇ, ਬੋਲੇ...“ਕੇਹਾ ਫ਼ਿਲਮ ਪ੍ਰੋਜੈਕਟ ਏ?”
“ਅਜੇ ਤਾਂ ਉਸਦੀ ਸਕਰਿਪਟ ਹੀ ਤਿਆਰ ਕਰ ਰਹੇ ਆਂ। ਸਤੀ ਤੇ ਫ਼ਿਲਮ ਬਣਾਵਾਂਗੇ।”
“ਸਤੀ?”
“ਹਾਂ, ਤੁਸੀਂ ਏਨੇ ਹੈਰਾਨ ਕਿਉਂ ਓ?”
“ਤੂੰ ਕੀ ਜਾਣਦੀ ਏਂ ਸਤੀ ਬਾਰੇ? ਕੀ ਥੀਮ ਹੋਏਗਾ?”
“ਅਸੀਂ ਕਹਾਣੀ ਨੂੰ ਉਨੀਵੀਂ ਸਦੀ ਵਿਚ ਜੜ ਰਹੇ ਆਂ। ਉਸ ਵਿਚ ਬ੍ਰਿਟਿਸ਼ ਸੁਧਾਰਕ ਵੀ ਹੋਣਗੇ। ਇਕ ਅੰਗਰੇਜ਼ ਸਤੀ ਹੋਣ ਵਾਲੀ ਹੀਰੋਇਨ ਨੂੰ ਬਚਾ ਲੈਂਦਾ ਏ ਤੇ ਫੇਰ ਦੋਹਾਂ ਵਿਚਕਾਰ ਗੱਲਬਾਤ ਰਾਹੀਂ ਹੀਰੋਇਨ ਦੇ ਦ੍ਰਿਸ਼ਟੀਕੋਣ ਵਿਚ ਬਦਲ ਲਿਆਂਦਾ ਜਾਏਗਾ।”
“ਤੇਰਾ ਮਤਲਬ ਏ ਉਹ ਸਤੀ-ਪ੍ਰਥਾ ਦਾ ਖੰਡਨ ਕਰੇਗੀ।”
“ਪਰ ਉਸਨੂੰ ਆਪਣਾ ਧਰਮ ਬਦਲਨਾਂ ਪਏਗਾ ਕਿਉਂਕਿ ਹਿੰਦੂ ਸਮਾਜ ਵਿਚੋਂ ਉਸਨੂੰ ਛੇਕ ਦਿੱਤਾ ਜਾਂਦਾ ਏ ਕਿ ਉਹ ਪਤੀ ਦੀ ਚਿਤਾ ਤੋਂ ਉਠੀ ਕਿਉਂ?
ਪਰ ਹਿੰਦੂ ਧਰਮ ਹਰੇਕ ਔਰਤ ਨੂੰ ਪਤੀ ਦੇ ਨਾਲ ਸੜ ਕੇ ਮਰਨ ਦੀ ਆਗਿਆ ਤਾਂ ਨਹੀਂ ਦੇਂਦਾ। ਇਹ ਸਭ ਤੇਰੇ ਅੱਧਕੱਚੇ ਗਿਆਨ ਦਾ ਪ੍ਰਤੀਕ ਏ। ਮੈਨੂੰ ਤਾਂ ਇਸ ਕਹਾਣੀ ਵਿਚ ਕੋਈ ਤੁਕ ਨਜ਼ਰ ਨਹੀਂ ਆ ਰਹੀ।”
“ਦਿਸ ਇਜ ਪੋਸਟ ਕੋਲੋਨੀਅਲ ਸਟਫ। ਦੋ ਗੱਲਾਂ ਨੇ ਪਾਪਾ, ਇਕ ਤਾਂ ਮੈਂ ਅੰਤਰ-ਰਾਸ਼ਟਰੀ ਫ਼ਿਲਮ ਬਣਾਉਣਾ ਚਾਹੁੰਦੀ ਹਾਂ ਜਿਹੜੀ ਭਾਰਤ ਤੇ ਇੱਥੇ, ਦੋਹੇਂ ਕਲਚਰ ਦਰਸਾਏ ਤਾਂਕਿ ਦੁਨੀਆਂ ਭਰ ਦੇ ਦਰਸ਼ਕ-ਵਰਗ ਨੂੰ ਦੇਖਣ ਵਿਚ ਦਿਲਚਸਪੀ ਹੋਵੇ। ਦੂਜਾ ਸਤੀ ਵਰਗੀ ਮਾੜੀ ਪ੍ਰਥਾ 'ਤੇ ਫ਼ਿਲਮ ਬਣਨੀ ਚਾਹੀਦੀ ਏ ਤਾਂਕਿ ਹੋਰ ਦੁਨੀਆਂ ਦੇ ਲੋਕਾਂ ਦਾ ਇਸ ਵੱਲ ਧਿਆਨ ਜਾਏ ਤੇ ਉਹ ਇਸ ਦੀ ਨਿਖੇਧੀ ਕਰਨ, ਤੀਜਾ ਇਹ ਕਿ ਵਿਸ਼ਾ ਅਜਿਹਾ ਹੈ ਕਿ ਸਾਨੂੰ ਫ਼ਿਲਮ ਬਣਾਉਣ ਲਈ ਪੈਸਾ ਮਿਲਣ ਵਿਚ ਵੀ ਘੱਟ ਦਿਕੱਤ ਹੋਏਗੀ।”
“ਤੇ ਤੇਰਾ ਆਰਕੀਟਕਚਰ?”
“ਫ਼ਿਲਮ ਦੇ ਨਾਲ ਨਾਲ ਉਹ ਵੀ ਚਲਾਂਦੀ ਰਹਾਂਗੀ। ਪੀਟਰ ਨੇ ਤਾਂ ਇਸ ਲਈ ਹਾਈ ਪ੍ਰੈਸ਼ਰ ਨੌਕਰੀ ਛੱਡ ਕੇ ਸਕੂਲ ਵਿਚ ਪੜ੍ਹਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਏ। ਤਾਂਕਿ ਫ਼ਿਲਮ ਲਈ ਸਮਾਂ ਕੱਢ ਸਕੇ। ਅਜੇ ਤਾਂ ਸ਼ੂਟਿੰਗ ਦੀ ਸਟੇਜ ਆਉਣ ਵਿਚ ਖਾਸਾ ਸਮਾਂ ਪਿਆ ਏ। ਅਜੇ ਸਕ੍ਰਿਪਟ ਈ ਪੂਰੀ ਨਹੀਂ ਹੋਈ।”
ਉਸ ਦਿਨ ਪਾਪਾ ਨੇ ਉਸਨੂੰ ਡਰਾਪ ਕਰ ਦਿੱਤਾ ਸੀ। ਅਜੀਬ ਗੱਲ ਹੈ ਕਿ ਪਾਪਾ ਉਸਨੂੰ ਸਮਝਾਉਂਦੇ ਨੇ ਤਾਂ ਉਸਦੇ ਦੋਸਤਾਂ ਵਰਗੇ ਬਣਦੇ ਜਾ ਰਹੇ ਨੇ।
ਜਦਕਿ ਜਿਉਂ ਜਿਉਂ ਉਹ ਵੱਡੀ ਹੋ ਰਹੀ ਏ ਮੰਮੀ ਦਾ ਨਜ਼ਰੀਆ ਸੁੰਗੜਦਾ ਜਾ ਰਿਹਾ ਏ। ਇਕ ਬੇਚੈਨੀ ਤੇ ਕਾਹਲ ਜਿਹੀ ਰਹਿੰਦੀ ਹੈ ਉਸ ਵਿਚ ਨੇਹਾ ਦੀ ਸ਼ਾਦੀ ਦੇ ਮਾਮਲੇ ਨੂੰ ਲੈ ਕੇ। ਨੇਹਾ ਨੂੰ ਲੱਗਦਾ ਹੈ ਕਿ ਇਹ ਸਭ ਉਸਦੀਆਂ ਅਮਰੀਕਾ ਵਿਚ ਰਹਿੰਦੀਆਂ ਹਿਦੁਸਤਾਨੀ ਸਹੇਲੀਆਂ ਦਾ ਦਬਾਅ ਹੈ। ਵਰਨਾ ਮੰਮੀ ਤਾਂ ਬੜੇ ਖੁੱਲ੍ਹੇ ਸੁਭਾਅ ਵਾਲੀ ਸੀ। ਉਸਨੇ ਇਸ ਵਿਸ਼ੇ 'ਤੇ ਮੰਮੀ ਨਾਲ ਆਹਮਣਾ-ਸਾਹਮਣਾ ਵੀ ਕੀਤਾ ਸੀ। “ਕਿਉਂਕਿ ਅੰਸ਼ੁਲ ਸਨਿਆਸਨ ਬਣ ਗਈ ਏ ਤਾਂ ਤੁਸੀਂ ਸੋਚਦੇ ਓ ਕਿ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਪਾਗਲ ਨੇ? ਜਾਂ ਹੋ ਜਾਣਗੀਆਂ?”
“ਹਾਂ। ਟਾਈਮ ਨਾਲ ਸ਼ਾਦੀ ਹੋਣੀ ਜ਼ਰੂਰੀ ਏ।”
“ਜੇ ਨਾ ਹੋਵੇ ਫੇਰ?”
“ਫੇਰ ਬੜਾ ਬੁਰਾ ਹੁੰਦੈ।”
“ਕੀ ਬੁਰਾ ਹੁੰਦੈ?”
“ਆਖ਼ਰ ਇਹ ਰਵਾਜ਼ ਬਣੇ ਨੇ ਤਾਂ ਇਹਨਾਂ ਦੇ ਕੋਈ ਅਰਥ ਤਾਂ ਹੈਨ ਹੀ ਨਾ?”
“ਅਰਥ ਤਾਂ ਇਹੀ ਨੇ ਕਿ ਬੱਚੇ ਪੈਦਾ ਕਰੋ ਤੇ ਗ੍ਰਹਿਸਤੀ ਦੀ ਗੱਡੀ ਖਿੱਚਦੇ ਰਹੋ। ਪਰ ਮੈਂ ਤਾਂ ਵੈਸੇ ਈ ਜੁਟ ਗਈ ਆਂ ਨੌਕਰੀ 'ਚ। ਫ਼ਿਲਮ ਬਣਾਉਣ ਵਿਚ। ਮੇਰੇ ਕੋਲ ਗ੍ਰਹਿਸਤੀ ਦੀ ਗੱਡੀ ਨੂੰ ਹੱਕਣ ਦੀ ਫੁਰਸਤ ਕਿੱਥੇ ਹੈ ਹੁਣ?...ਜਦੋਂ ਹੋਈ ਤਾਂ ਸੋਚਾਂਗੀ, ਜੇ ਨਾ ਹੋਈ ਤਾਂ ਕਦੀ ਨਹੀਂ ਸੋਚਾਂਗੀ।”
“ਇਹੋ ਤਾਂ ਮੁਸ਼ਕਿਲ ਏ। ਤਾਂ ਤੂੰ ਸੋਚਦੀ ਏਂ ਕਿ ਬਿਨਾਂ ਘਰ ਵਸਾਇਆਂ ਸਾਰੀ ਉਮਰ ਕੱਟੀ ਜਾ ਸਕਦੀ ਏ।...ਤਦੇ ਤਾਂ ਤੂੰ ਮੇਰੇ ਲੱਖ ਕਹਿਣ ਦੇ ਬਾਵਜੂਦ ਖਾਣਾ ਬਣਾਉਣਾ ਨਹੀਂ ਸਿੱਖਿਆ।”
“ਮੰਮੀ ਮੇਰੇ ਨਾਲ ਦੇ ਵਧੇਰੇ ਲੋਕ ਖਾਣਾ ਬਾਹਰ ਹੀ ਖਾਂਦੇ ਨੇ। ਕਿਸੇ ਨੂੰ ਬਣਾਉਣਾ ਨਹੀਂ ਪੈਂਦਾ। ਬਣਾਉਣ ਦਾ ਸ਼ੌਕ ਹੋਏ ਤਾਂ ਇਕ ਅੱਧੀ ਚੀਜ਼ ਸਿਖੀ ਵੀ ਜਾ ਸਕਦੀ ਏ। ਪਰ ਇਹ ਅਜਿਹਾ ਕੋਈ ਮਸਟ ਨਹੀਂ, ਜਿਵੇਂ ਤੁਸੀਂ ਸਮਝਦੇ ਓ।”
“ਜਾਹ ਜਾਹ, ਤੇਰੇ ਨਾਲ ਬਹਿਸ ਕੌਣ ਕਰੇ।”
ਨੇਹਾ ਮੰਮੀ ਦੇ ਵਰਤਾਰੇ ਤੋਂ ਬੇਹੱਦ ਪ੍ਰੇਸ਼ਾਨ ਹੋ ਜਾਂਦੀ ਸੀ। ਕਦੀ ਤਾਂ ਮੰਮੀ ਦੁਨੀਆਂ-ਜਹਾਨ ਵਿਚ ਢੰਡੋਰਾ ਪਿੱਟਦੀ ਸੀ ਕਿ ਉਹ ਆਪਣੀ ਧੀ ਨਾਲ ਸ਼ਾਦੀ ਦੇ ਮਾਮਲੇ ਵਿਚ ਧੱਕਾ ਨਹੀਂ ਕਰੇਗੀ।...ਤੇ ਹੁਣ ਜਿਵੇਂ ਜਿਵੇਂ ਉਮਰ ਦੇ ਸਾਲ ਵਧ ਰਹੇ ਨੇ, ਪੁੱਠੇ ਪਾਸੇ ਵੱਲ ਤੁਰ ਪਈ ਜਾਪਦੀ ਹੈ।
ਨੇਹਾ ਦਾ ਡਰ ਸੱਚ ਨਿਕਲਿਆ। ਮੰਮੀ ਨੇ ਪੀਟਰ ਬਾਰੇ ਪੁੱਛ ਹੀ ਲਿਆ।
ਜਦੋਂ ਪਾਪਾ ਨੇ ਉਸਨੂੰ ਪੀਟਰ ਕੋਲ ਡਰਾਪ ਕੀਤਾ ਸੀ, ਓਹਨੀਂ ਦਿਨੀ ਮੰਮੀ ਨੇ ਵੀ ਪੁੱਛਿਆ ਸੀ ਉਸ ਰਿਸ਼ਤੇ ਵਿਚ ਸ਼ਾਦੀ ਦੀ ਗੰਭੀਰਤਾ ਬਾਰੇ।
ਮੰਮੀ ਨੂੰ ਟਾਲ ਦਿੱਤਾ ਸੀ ਨੇਹਾ ਨੇ। ਪਰ ਆਪਣੇ ਆਪ ਤੋਂ ਵਾਰ-ਵਾਰ ਇਹੋ ਸਵਾਲ ਪੁੱਛਦੀ ਰਹੀ ਸੀ ਉਹ, ਤੇ ਪੀਟਰ ਤੋਂ ਵੀ। ਉਸ ਦਿਨ ਜਦੋਂ ਪਾਪਾ ਨੇ ਉਸਨੂੰ ਪੀਟਰ ਦੀ ਰਹਾਇਸ਼ ਕੋਲ ਡਰਾਪ ਕੀਤਾ ਸੀ ਤਾਂ ਉਹੀ ਸਭ ਕੁਝ ਹੋਇਆ ਸੀ ਜਿਸਦਾ ਪਾਪਾ ਨੂੰ ਡਰ ਸੀ। ਤੇ ਫੇਰ ਵੀ ਉਸਨੇ ਕੁਝ ਵੀ ਨਹੀਂ ਸੀ ਹੋਣ ਦਿੱਤਾ ਕਿਉਂਕਿ ਪਾਪਾ ਦੀ ਗੱਲ ਕਿਤੇ ਧੁਰ ਅੰਦਰ ਬੈਠੀ ਹੋਈ ਸੀ।
ਪੀਟਰ ਨੇ ਉਸਦਾ ਹੱਥ ਫੜਿਆ ਹੀ ਸੀ ਕਿ ਉਹ ਬੋਲ ਪਈ, “ਜੇ ਤੇਰਾ ਸ਼ਾਦੀ ਕਰਨ ਦਾ ਖ਼ਿਆਲ ਨਹੀਂ ਤਾਂ ਮੈਂ ਇਸ ਰਿਸ਼ਤੇ ਨੂੰ ਅੱਗੇ ਨਹੀਂ ਵਧਾਉਣਾ ਚਾਹਾਂਗੀ।”
ਪੀਟਰ ਨੇ ਝੱਟ ਹੱਥ ਪਿੱਛੇ ਖਿੱਚ ਲਿਆ ਸੀ। ਬੜੀ ਦੇਰ ਤਕ ਚੁੱਪਚਾਪ ਸੋਚਦਾ ਰਿਹਾ ਸੀ।
ਫੇਰ ਪੀਟਰ ਨੇ ਉਸਦਾ ਚਿਹਰਾ ਦੋਹਾਂ ਹੱਥਾਂ ਵਿਚ ਲੈ ਕੇ ਚੁੰਮ ਲਿਆ ਸੀ ਤੇ ਉਸਦੇ ਮੋਢਿਆਂ ਨੂੰ ਥਾਪੜਦਿਆਂ ਹੋਇਆਂ ਕਿਹਾ ਸੀ, “ਏਨੀ ਟੈਂਸ ਕਿਉਂ ਏਂ ਤੂੰ ਅੱਜ? ਰਿਲੈਕਸ!”
“ਰਿਲੈਕਸ ਰਹਿਣ ਦਾ ਵਕਤ ਨਹੀਂ ਰਿਹਾ। ਰੋਜ਼ ਕਿਸੇ ਨਾ ਕਿਸੇ ਬਹਾਨੇ ਸ਼ਾਦੀ ਦੀ ਗੱਲ ਛਿੜ ਜਾਂਦੀ ਏ।” ਆਪਣੇ ਆਪ ਨੂੰ ਪੀਟਰ ਦੀ ਪਕੜ 'ਚੋਂ ਮੁਕਤ ਕਰਕੇ ਨੇਹਾ ਨੇ ਕਿਹਾ ਸੀ।
“ਤੂੰ ਸੱਚਮੁੱਚ ਸ਼ਾਦੀ ਕਰਨਾ ਚਾਹੁੰਦੀ ਏਂ, ਮੇਰੇ ਨਾਲ?”
ਪਤਾ ਨਹੀਂ ਨੇਹਾ ਦੇ ਮੂੰਹੋਂ ਕੀ-ਕੀ ਨਿਕਲਿਆ ਸੀ। ਮੰਮੀ-ਪਾਪਾ ਦੀ ਪਸੰਦ-ਨਾਪਸੰਦ, ਖ਼ੁਦ ਦੇ ਮਾਮਾਲੇ ਵਿਚ ਭਵਿੱਖ ਪ੍ਰਤੀ ਸ਼ੰਕੇ...ਕਿੰਨਾ ਕੁਝ ਸੀ ਇਸ ਜਵਾਬ ਦੀ ਭੂਮਿਕਾ ਬੰਨ੍ਹਦਾ ਹੋਇਆ! ਉਹ ਸ਼ਾਇਦ ਹਾਂ ਕਹਿਣਾ ਚਾਹੁੰਦੀ ਸੀ, ਪਰ ਮਨ ਵਿਚ ਖਿਝ ਹੀ ਖਿਝ ਭਰੀ ਹੋਈ ਸੀ। ਉਸਦੀ ਜ਼ਿੰਦਗੀ ਦਾ ਸਭ ਤੋਂ ਅਹਮ ਫੈਸਲਾ ਸੀ ਤੇ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਫੈਸਲਾ ਕਰੇ!
“ਤਾਂ ਮੈਥੋਂ ਕੀ ਚਾਹੁੰਦੀ ਏਂ ਤੂੰ? ਮੈਂ ਤਾਂ ਫਿਲਹਾਲ ਸ਼ਾਦੀ-ਵਾਦੀ ਬਾਰੇ ਸੋਚਿਆ ਈ ਨਹੀਂ। ਫੇਰ ਇਹ ਵੀ ਤਾਂ ਜ਼ਰੂਰੀ ਏ ਕਿ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ-ਜਾਚ ਲਿਆ ਜਾਏ ਪੂਰੀ ਤਰ੍ਹਾਂ...।”
“ਜਿਸ ਜਾਣਨ-ਜਾਚਣ ਦੀ ਤੂੰ ਗੱਲ ਕਰ ਰਿਹੈਂ, ਉਹ ਵਿਆਹ ਤੋਂ ਪਿੱਛੋਂ ਹੀ ਹੋ ਸਕਦਾ ਏ।”
“ਸ਼ਾਦੀ ਦਾ ਫੈਸਲਾ ਮੈਂ ਤਦ ਹੀ ਕਰ ਸਕਦਾ ਆਂ ਜਦ ਸਾਡੀ ਹਰ ਪੱਖੋਂ ਕੰਪੈਬਿਲਿਟੀ ਹੋਏ।”
“ਮੰਨ ਲਓ ਮੈਂ ਤੇਰੀ ਗੱਲ ਮੰਨ ਵੀ ਲਵਾਂ ਤਾਂ ਕੀ ਗਰੰਟੀ ਏ ਤੂੰ ਮੁੱਕਰ ਨਹੀਂ ਜਾਏਂਗਾ?”
“ਗਰੰਟੀ ਤਾਂ ਕਦੀ ਹੋਏਗੀ ਹੀ ਨਹੀਂ, ਸ਼ਾਦੀ ਤੋਂ ਬਾਅਦ ਵੀ ਨਹੀਂ। ਕੀ ਤੂੰ ਮੈਨੂੰ ਗਰੰਟੀ ਦੇ ਸਕਦੀ ਏਂ ਕਿ ਮੈਨੂੰ ਛੱਡ ਕੇ ਨਹੀਂ ਜਾਏਂਗੀ?”
“ਹਾਂ, ਪਰ ਜੇ ਤੂੰ ਕਿਸੇ ਹੋਰ ਵੱਲ ਖਿੱਚਿਆ ਜਾਏਂ ਤਾਂ ਮੈਂ ਤੇਰੇ ਨਾਲ ਚਿਪਕੀ ਨਹੀਂ ਰਹਾਂਗੀ।”
“ਖ਼ੈਰ, ਇਹ ਸਭ ਕਹਿਣ ਦੀਆਂ ਗੱਲਾਂ ਨੇ। ਜੇ ਗਰੰਟੀ ਹੁੰਦੀ ਤਾਂ ਏਨੇ ਤਲਾਕ ਕਿਉਂ ਹੁੰਦੇ? ਸਾਡਾ ਰਿਸ਼ਤਾ ਅੱਜ ਸੁਖਾਵਾਂ ਹੈ ਤਾਂ ਕੱਲ੍ਹ ਵਿਗੜ ਵੀ ਸਕਦਾ ਏ। ਨਾਲ ਰਹਿ ਕੇ ਪਤਾ ਲੱਗਦਾ ਏ, ਤੇ ਨਾਲ ਰਹਿਣ ਤੋਂ ਤੂੰ ਕਤਰਾਉਂਦੀ ਏਂ?”
“ਤੈਨੂੰ ਮੇਰੀ ਮਜ਼ਬੂਰੀ ਦਾ ਪਤਾ ਏ...? ਮੈਨੂੰ ਵੀ ਤੈਨੂੰ ਖ਼ੁਦ ਨੂੰ ਸੌਂਪ ਦੇਣ ਦੀ ਕਾਹਲ ਤੇਰੇ ਨਾਲੋਂ ਘੱਟ ਨਹੀਂ।”
“ਤੇ ਇਸੇ ਲਈ ਤੂੰ ਮੈਨੂੰ ਸ਼ਾਦੀ ਵਰਗੇ ਰਿਸ਼ਤੇ 'ਚ ਧੂ ਲੈਣਾ ਚਾਹੁੰਦੀ ਏਂ? ਸ਼ਾਦੀ ਦਾ ਮਤਲਬ, ਨਾਲ ਰਹਿਣਾ ਓਨਾ ਨਹੀਂ ਜਿੰਨਾਂ ਕਿ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਣਾ ਹੁੰਦਾ ਏ। ਠੀਕ-ਠਾਕ ਘਰ, ਠੀਕ-ਠਾਕ ਸਾਜ-ਸਜਾਵਟ, ਠੀਕ-ਠਾਕ ਬੱਚੇ, ਸਭ ਕੁਝ ਠੀਕ-ਠਾਕ ਹੋਣਾ ਚਾਹੀਦਾ ਏ। ਮੈਂ ਅਜੇ ਏਸ ਸਭ ਲਈ ਤਿਆਰ ਨਹੀਂ। ਜੇ ਤੂੰ ਸੱਚਮੁੱਚ ਮੈਨੂੰ ਪਿਆਰ ਕਰਦੀ ਏਂ ਤਾਂ ਉਸ ਚੱਕਰ ਵਿਚ ਨਾ ਪਵੀਂ...ਨਾ ਮੈਨੂੰ ਪਾਵੀਂ।”
ਤੇ ਫੇਰ ਗੱਲ ਇੱਥੋਂ ਤਕ ਪਹੁੰਚ ਗਈ ਕਿ ਪੀਟਰ ਜਦੋਂ ਵੀ ਉਸਨੂੰ ਛੂਹਣ ਦੀ ਕੋਸ਼ਿਸ਼ ਕਰਦਾ ਉਹ ਖ਼ੁਦ ਨੂੰ ਸਮੇਟ ਲੈਂਦੀ ਤਾਂ ਕਿ ਭਾਵਨਾ ਵਿਚ ਵਹਿ ਕੇ ਕੁਝ ਗ਼ਲਤ ਨਾ ਕਰ ਬੈਠੇ।
ਇਕ ਵਾਰੀ ਉਸਨੇ ਕਹਿ ਹੀ ਦਿੱਤਾ ਸੀ, “ਕੀ ਗੱਲ ਏ, ਮੇਰਾ ਛੂਹਣਾ ਤੇਰੇ ਵਿਚ ਜ਼ਰਾ ਵੀ ਪ੍ਰਤੀਕ੍ਰਿਆ ਨਹੀਂ ਜਗਾਉਂਦਾ?”
ਉਹ ਓਵੇਂ ਹੀ ਸੁੰਗੜੀ-ਸਿਮਟੀ ਖ਼ਾਮੋਸ਼ ਬੈਠੀ ਰਹੀ ਸੀ। ਫੇਰ ਪੀਟਰ ਨੂੰ ਮਿਲਣ ਤੋਂ ਕਤਰਾਉਣ ਲੱਗ ਪਈ। ਸ਼ਾਇਦ ਪਹਿਲਾਂ ਆਪਣੇ ਅੰਦਰਲੇ ਨੂੰ ਸੁਲਝਾਅ ਲੈਣਾ ਚਾਹੁੰਦੀ ਸੀ। ਕਿਸ ਉੱਤੇ ਭਰੋਸਾ ਕਰੇ? ਪੀਟਰ 'ਤੇ ਜਾਂ ਮੰਮੀ-ਪਾਪਾ 'ਤੇ? ਉਹ ਖ਼ੁਦ ਕੀ ਚਾਹੁੰਦੀ ਹੈ? ਹੁਣ ਛੇ ਮਹੀਨੇ ਬਾਅਦ ਮੰਮੀ ਨੇ ਫੇਰ ਉਹੀ ਸਵਾਲ ਦੁਹਰਾਇਆ ਤਾਂ ਨੇਹਾ ਨੇ ਕਿੰਨੇ ਸਾਰੇ ਤਣਾਵਾਂ ਤੋਂ ਯਕਦਮ ਮੁਕਤੀ ਪ੍ਰਾਪਤ ਕਰਨ ਲਈ ਬਕ ਦਿੱਤਾ ਸੀ...“ਮੈਨੂੰ ਨਾ ਪੁੱਛਿਆ ਕਰੋ ਇਹ ਗੱਲ! ਇੱਥੋਂ ਦੇ ਮੁੰਡਿਆਂ ਵਿਚ ਕਮਿਟਮੈਂਟ ਨਹੀਂ...ਮੈਂ ਕੀ ਕਰਾਂ!”  
ਨੇਹਾ ਦੇ ਚਿਹਰੇ ਉੱਤੇ ਪੀਲਕ ਤੇ ਲਾਲੀ ਨਾਲੋ-ਨਾਲ, ਆ-ਜਾ ਰਹੇ ਸਨ। ਮੰਮੀ ਨੇ ਤਾੜ ਲਿਆ ਸੀ ਤੇ ਕਿਸੇ ਪੱਕੇ ਖਤਰੇ ਨੇ ਉਸਨੂੰ ਡਰਾ ਦਿੱਤਾ ਸੀ। ਨੇਹਾ ਉਸਨੂੰ ਖਤਰਾ ਮੰਨਦੀ ਹੋਏ ਜਾਂ ਨਾ ਪਰ ਮਨ ਡਾਵਾਂਡੋਲ ਹੀ ਸੀ। ਉਸਨੇ ਪਾਪਾ ਨੂੰ ਕਿਹਾ ਸੀ...“ਏਥੇ ਮੈਨਹੈੱਟਨ 'ਚ ਗੱਡੀ ਚਲਾਉਣ ਦਾ ਮੌਕਾ ਹੀ ਨਹੀਂ ਮਿਲਦਾ ਪਾਪਾ, ਇਸੇ ਲਈ ਹੀਆ ਨਹੀਂ ਪੈਂਦਾ। ਤੁਹਾਨੂੰ ਫੇਰ ਕੁਛ ਪ੍ਰੈਕਟਿਸ ਕਰਵਾਉਣੀ ਪਏਗੀ।”
ਮੰਮੀ ਨੇ ਉਹਨਾਂ ਦੇ ਨਿਕਲਣ ਤੋਂ ਪਹਿਲਾਂ ਕਹਿ ਦਿੱਤਾ ਸੀ...“ਤੂੰ ਮੇਰੀ ਗੱਲ ਮੰਨੇ ਤਾਂ ਅਜੇ ਵੀ ਦੇਰ ਨਹੀਂ ਹੋਈ। ਗੱਲ ਚਲਾਂਦੀ ਆਂ, ਕਿਤੇ ਨਾ ਕਿਤੇ ਤਾਂ ਕੰਮ ਬਣੇਗਾ ਈ। ਏਡੀ ਵੱਡੀ ਆਰਕੀਟੈਕਟ ਏਂ ਤੂੰ। ਕੱਲ੍ਹ ਉਮਾ ਕਹਿ ਰਹੀ ਸੀ ਕਿ ਉਸਦੀ ਸਹੇਲੀ ਦਾ ਮੁੰਡਾ ਵੀ ਕੁਆਰਾ ਬੈਠਾ ਏ। ਮੀਟਿੰਗ ਤੈਅ ਕਰ ਦਿਆਂ ਤੁਹਾਡੀ ਦੋਹਾਂ ਦੀ? ਆਪਣੇ ਆਪ ਈ ਬਾਹਰ ਕਿਤੇ ਮਿਲ ਲਓ। ਸਾਨੂੰ ਵਿਚ ਪਾਉਣ ਦੀ ਵੀ ਲੋੜ ਨਹੀਂ।” ਪਾਪਾ ਨੇ ਮੰਮੀ ਨੂੰ ਤਾੜ ਦਿੱਤਾ ਸੀ...“ਕਿਉਂ ਵਾਰੀ ਵਾਰੀ ਉਸਨੂੰ ਐਮਬੈਰੇਸ ਕਰਦੀ ਏਂ? ਜਦੋਂ ਸ਼ਾਦੀ ਲਈ ਤਿਆਰ ਹੋਏਗੀ, ਆਪਣੇ ਆਪ ਦੱਸ ਦਏਗੀ। ਵੱਡੀ ਹੋ ਗਈ ਏ। ਆਪਣੇ ਬਾਰੇ ਖ਼ੁਦ ਫ਼ੈਸਲਾ ਲੈ ਸਕਦੀ ਏ। ਤੂੰ ਪਹਿਲਾਂ ਤਾਂ ਉਸਨੂੰ ਏਥੋਂ ਦੇ ਖੁੱਲ੍ਹੇ ਢੰਗ-ਤਰੀਕਿਆਂ ਨਾਲ ਪਾਲਦੀ ਰਹੀ...ਹੁਣ ਫੇਰ ਪਿੱਛੇ ਧਰੀਕਣਾ ਚਾਹੁੰਦੀ ਏਂ ਉਹਨੂੰ?”
ਗੱਡੀ ਚਲਾਉਂਦਿਆਂ ਹੋਇਆਂ ਨੇਹਾ ਨੂੰ ਲੱਗਿਆ ਕਿ ਉਸਦੀ ਡਰਾਈਵਿੰਗ 'ਤੇ ਪਕੜ ਖਾਸੀ ਚੰਗੀ ਹੋ ਗਈ ਏ। ਥੋੜ੍ਹੀ ਜਿਹੀ ਪ੍ਰੈਕਟਿਸ ਪਿੱਛੋਂ ਸ਼ਾਇਦ ਉਹ ਆਪਣੇ ਆਪ ਹੀ ਪੂਰੇ ਆਤਮ-ਵਿਸ਼ਵਾਸ ਨਾਲ ਚਲਾਉਣ ਲੱਗ ਪਏਗੀ।
ਅਚਾਨਕ ਉਸਨੇ ਪਾਪਾ ਨੂੰ ਕਹਿੰਦਿਆਂ ਸੁਣਿਆ...“ਲਾਲ ਬੱਤੀ 'ਤੇ ਹਮੇਸ਼ਾ ਰੁਕਿਆ ਕਰੋ। ਕਈ ਵਾਰੀ ਆਸ ਪਾਸ ਟ੍ਰੈਫਿਕ ਨਹੀਂ ਹੁੰਦਾ ਤਾਂ ਆਦਮੀ ਦਾ ਮਨ ਹੁੰਦਾ ਏ ਕਿ ਤੁਰਿਆ ਜਾਏ। ਪਰ ਜੇ ਲਾਲ ਬੱਤੀ 'ਤੇ ਸੜਕ ਪਾਰ ਕਰਨ ਦੀ ਅਜਿਹੀ ਆਦਤ ਪਾ ਲਓ ਤਾਂ ਅਕਸਰ ਦੁਰਘਨਾ ਹੋਣ ਦਾ ਖਤਰਾ ਰਹਿੰਦਾ ਏ। ਕਿਉਂਕਿ ਇਹ ਸੰਭਵ ਹੈ ਕਿ ਤੁਸੀਂ ਧਿਆਨ ਨਾਲ ਨਾ ਦੇਖ ਸਕੋ ਤੇ ਅਚਾਨਕ ਕੋਈ ਗੱਡੀ ਕਿਸੇ ਪਾਸਿਓਂ ਨਿਕਲ ਕੇ ਤੁਹਾਡੇ ਨਾਲ ਟਕਰਾ ਜਾਏ।” ਤੇ ਪਾਪਾ ਨੇ ਦੁਹਰਾਇਆ...“ਸੋ ਲਾਲ ਬੱਤੀ ਦੇ ਹੁੰਦਿਆਂ ਸੜਕ ਪਾਰ ਕਦੀ ਨਹੀਂ ਕਰਨੀ, ਇਹ ਚਿਤਾਵਨੀ ਤੈਨੂੰ ਵਾਰ ਵਾਰ ਦੇ ਰਿਹਾਂ।”
ਨੇਹਾ ਤ੍ਰਬਕੀ। ਪਾਪਾ ਉਸਨੂੰ ਕਿਉਂ ਦਸ ਰਹੇ ਸਨ ਇਹ ਸਭ...ਕੀ ਉਸਨੇ ਸੱਚਮੁੱਚ ਲਾਲ ਬੱਤੀ ਪਾਰ ਕੀਤੀ ਸੀ? ਜਾਂ ਪਾਪਾ ਦਾ ਉਸਨੂੰ ਚਿਤਾਉਂਦੇ ਰਹਿਣਾ ਪਿਤਾ ਦੇ ਧਰਮ-ਪਾਲਨ ਨਾਲੋਂ ਵੱਧ ਹੋਰ ਕੁਝ ਨਹੀਂ ਸੀ? ਪਾਪਾ ਦੇ ਆਪਣੇ ਮਨ ਦੇ ਡਰ...। ਕਿਤੇ ਇੰਜ ਤਾਂ ਨਹੀਂ ਸੀ ਕਿ ਬੱਤੀਆਂ ਜਗੀ-ਬੁਝੀ ਜਾ ਰਹੀਆਂ ਸਨ, ਗੱਡੀਆਂ ਰੁਕਦੀਆਂ ਤੇ ਤੁਰਦੀਆਂ ਜਾ ਰਹੀਆਂ ਸਨ ਤੇ ਉਹ ਲਾਲ ਬੱਤੀ 'ਤੇ ਹੀ ਖੜ੍ਹੀ ਸੀ?
ਪਾਪਾ ਕਹਿ ਰਹੇ ਸਨ...“ਉਂਜ ਸਿਖ ਤਾਂ ਗਈ ਏਂ ਤੂੰ ਹੁਣ। ਚੰਗਾ ਚਲਾਉਣ ਲੱਗ ਪਈ ਏਂ। ਬਾਕੀ ਜਿੰਨਾਂ ਚਲਾਵੇਂਗੀ ਓਨਾਂ ਹੀ ਆਤਮ-ਵਿਸ਼ਵਾਸ ਵਧੇਗਾ। ਬਸ ਸੜਕ ਦੀ ਲੈਅ ਸੁਣਨਾ ਨਾ ਭੁੱਲੀਂ...ਇਹੀ ਇਕ ਚੰਗੇ ਡਰਾਈਵਰ ਦੀ ਨਿਸ਼ਾਨੀ ਏ। ਵਰਨਾ ਵਾਰ ਵਾਰ ਦੁਰਘਟਨਾਵਾਂ ਹੋਣਗੀਆਂ। ਇਸ ਦੇਸ਼ ਵਿਚ ਆਪਣੇ ਬੂਤੇ ਜਿਊਣ ਲਈ ਗੱਡੀ ਚਲਾਉਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾਂ ਪੜ੍ਹਨਾ-ਲਿਖਣਾ। ਇਸ ਲਈ ਜ਼ਰੂਰੀ ਹੈ ਕਿ ਸੜਕ ਦੀ ਲੈਅ ਨੂੰ ਸੁਣੋ, ਤੇ ਸੁਣੇ ਨੂੰ ਸਮਝੋ ਤੇ ਉਸੇ ਹਿਸਾਬ ਨਾਲ ਚੱਲੋ ਤਾਂਕਿ ਸੇਫ ਡਰਾਈਵਰ ਬਣ ਸਕੋ।”
***
ਅਚਾਨਕ ਨੇਹਾ ਨੂੰ ਲੱਗਿਆ ਜਿਵੇਂ ਪਾਪਾ ਕਹਿ ਰਹੇ ਨੇ ਉਹ ਸੁਣ ਨਹੀਂ ਰਹੀ...ਫੇਰ ਵੀ ਕੁਝ ਸੁਣ ਰਹੀ ਹੈ। ਪਰ ਜੋ ਉਹ ਸੁਣ ਰਹੀ ਹੈ ਉਹ ਸ਼ਾਇਦ ਪਾਪਾ ਨਹੀਂ ਸੁਣ ਰਹੇ...ਜਾਂ ਸ਼ਾਇਦ ਪਾਪਾ ਕਹਿ ਵੀ ਨਹੀਂ ਰਹੇ...ਪਰ ਨੇਹਾ ਸੁਣ ਸਕਦੀ ਹੈ। ਕੁਝ ਅਜਿਹਾ ਜਿਸ ਪੱਖੋਂ ਨਾ ਉਹ ਵਾਕਿਫ ਸੀ ਤੇ ਨਾ ਚੇਤਨ। ਜਿਵੇਂ ਉਹ ਸੁਰ ਕਿਤੋਂ ਦੂਰੋਂ...ਕਿਸੇ ਬਹੁਤ ਡੂੰਘੇ ਸਮੁੰਦਰ ਵਿਚੋਂ ਆ ਰਹੇ ਹੋਣ...ਬੜੇ ਅਸਪਸ਼ਟ, ਭਾਰੇ ਤੇ ਗਿੱਲੇ-ਸਿਲ੍ਹੇ ਜਿਹੇ! ਆਪਣੇ ਹੀ ਬੋਝ ਨਾਲ ਝੁਕੇ ਹੋਏ...ਕਿ ਸਤਹ ਤੇ ਆਉਣ 'ਤੇ ਵੀ ਤਾਂ ਪਾਣੀ ਵਿਚ ਘੁਲੇ-ਘੁਲੇ ਜਿਹੇ ਲੱਗ ਰਹੇ ਸਨ...ਪਛਾਣ ਵੱਖਰੀ ਸੀ...ਜਿਹੜੀ ਸ਼ਬਦਾਂ ਵਿਚ ਨਹੀਂ ਢਾਲੀ ਜਾ ਸਕਦੀ ਸੀ। ਕਿਸੇ ਲਹਿਰ ਵਾਂਗ ਕਿਤੋਂ ਉਠਦੇ ਤੇ ਕਿਤੇ ਸਮਾਅ ਜਾਂਦੇ ਨੇ...।
ਕੀ ਉਹੀ ਸੀ ਸੜਕ ਦੀ ਲੈਅ!
ਪਾਪਾ ਕਹਿ ਰਹੇ ਸਨ...“ਤੂੰ ਮੈਨੂੰ ਪਹਿਲਾਂ ਘਰ ਡਰਾਪ ਕਰ ਦੇਅ, ਫੇਰ ਜਿੱਥੇ ਜਾਣ ਹੋਏ ਚਲੀ ਜਾਈਂ।”
ਪਰ ਇਹ ਤਾਂ ਪਾਪਾ ਦੀ ਆਵਾਜ਼ ਨਹੀਂ ਸੀ। ਕੁਝ ਅਜਿਹੀ ਆਵਾਜ਼ ਸੀ ਕਿ ਲੱਗਦਾ ਸੀ ਉਸਦੀ ਆਪਣੀ ਆਵਾਜ਼ ਨਾਲ ਹੀ ਰਲਦੀ ਮਿਲਦੀ ਹੈ।...ਸਾਹਮਣੇ ਹਰੀ ਬੱਤੀ ਸੀ ਸ਼ਾਇਦ। ਨੇਹਾ ਨੇ ਗੱਡੀ ਭਜਾਅ ਲਈ...।
   ---  ---  ---

No comments:

Post a Comment