Tuesday, July 20, 2010

ਅਭਿਮੰਨਿਊ ਦਾ ਪੂਰਕ...::ਲੇਖਕ : ਵਿਜੈ





ਹਿੰਦੀ ਕਹਾਣੀ :
ਅਭਿਮੰਨਿਊ ਦਾ ਪੂਰਕ
ਲੇਖਕ : ਵਿਜੈ
ਸੰਪਰਕ : 09313301435

ਅਨੁਵਾਦ: ਮਹਿੰਦਰ ਬੇਦੀ, ਜੈਤੋ


ਚੈਂਬਰ ਦੇ ਬਾਹਰ ਲੱਗੀ ਬਰਾਸ ਪਲੇਟ 'ਤੇ ਚਮਕ ਰਿਹਾ ਹੈ—'ਕਿਰਨ ਕੁਮਾਰ, ਕਮਿਸ਼ਨਰ ਆਫ਼ ਪੁਲਿਸ'—ਨਾਂਅ।
ਦਰਵਾਜ਼ੇ ਉੱਤੇ ਲਾਲ-ਚਿੱਟੇ ਗਲੋਬ ਲੱਗੇ ਹੋਏ ਨੇ। ਅਚਾਨਕ ਗਲੋਬ ਵਿਚ ਜਗ ਰਹੀ ਬੱਤੀ ਬੁਝ ਜਾਂਦੀ ਹੈ। ਕਿਰਨ ਕੁਮਾਰ ਬਾਹਰ ਆਉਂਦੇ ਨੇ। ਚਪੜਾਸੀ ਬਰੀਫ਼ਕੇਸ ਚੁੱਕੀ ਪਿੱਛੇ-ਪਿੱਛੇ ਨਿਕਲਦਾ ਹੈ। ਬਾਹਰ ਵੱਡੇ ਸਾਰੇ ਹਾਲ ਵਿਚ ਵਿਜ਼ਿਟਰ ਵੇਟਿੰਗ ਰੂਮ ਬਣਿਆ ਹੋਇਆ ਹੈ। ਕਿਰਨ ਕੁਮਾਰ ਵਾਲੇ ਕਮਰੇ ਦੇ ਨਾਲ ਵਾਲਾ ਕਮਰਾ, ਉਹਨਾਂ ਦੇ ਸੈਕਟਰੀਆਂ ਦਾ ਕਮਰਾ ਹੈ, ਜਿਸ ਵਿਚ ਇਕ ਆਦਮੀ ਤੇ ਇਕ ਮੁਟਿਆਰ ਕੁੜੀ ਬੈਠੇ ਨੇ।
ਹਾਲ ਵਿਚ ਆਉਂਦਿਆਂ ਹੀ ਕਿਰਨ ਕੁਮਾਰ ਦੀ ਨਿਗਾਹ ਨੀਵੀਂ ਪਾਈ ਬੈਠੇ ਪ੍ਰੋਫ਼ੈਸਰ ਕੁਨਾਲ 'ਤੇ ਜਾ ਪੈਂਦੀ ਹੈ। ਪਛਾਣਿਆ ਜਾਣ ਪਿੱਛੋਂ ਵੀ ਲੱਗਦਾ ਹੈ, ਇਹ ਆਦਮੀ ਉਹ ਨਹੀਂ। ਕਿਰਨ ਕੁਮਾਰ ਨੇ ਮਹਿਸੂਸ ਕੀਤਾ ਕਿ ਇਹ ਆਦਮੀ ਜਿਊਂਦਾ ਤਾਂ ਹੈ—ਪਰ ਇਸਦੇ ਅੰਦਰਲੀ ਸਾਰੀ ਊਰਜਾ ਮੁੱਕ-ਸੁੱਕ ਚੁੱਕੀ ਹੈ; ਸਿਰਫ ਇਕ ਉਮੀਦ ਨੂੰ ਛੱਡ ਕੇ।...ਤੇ ਉਸੇ ਉਮੀਦ ਤੋਂ ਬਚਣ ਖਾਤਰ ਹੀ ਤਾਂ ਅੰਦਰ ਨਹੀਂ ਸੀ ਬੁਲਾਇਆ ਉਹਨਾਂ ਨੇ, ਉਹਨਾਂ ਨੂੰ। ਸੋਚਿਆ ਸੀ—ਐਕਸਕਿਊਜਜ਼ ਦਾ ਆਪਣਾ, ਇਕ ਵੱਖਰਾ ਯਥਾਰਥ ਹੁੰਦਾ ਹੈ—ਜੇ ਆਦਮੀ ਮੁਖੌਟੇ ਨਾ ਬਦਲੇ ਤਾਂ ਉਸਦਾ ਵਿਅਕਤੀਤਵ ਹੀ ਖਿੰਡ-ਪੁੰਡ ਜਾਵੇ! ਸ਼ਰਮ ਰੂਪੀ ਬਲੇਡ ਚਿਹਰੇ ਦੀ ਬਜਾਏ ਦਿਲ ਨੂੰ ਸਲਾਈਸਾਂ ਵਾਂਗ ਕੱਟ ਸੁੱਟੇ?
ਕਿਰਨ ਕੁਮਾਰ ਤੇਜ਼ੀ ਨਾਲ ਪ੍ਰੋਫ਼ੈਸਰ ਕੁਨਾਲ ਵੱਲ ਵਧੇ। ਪ੍ਰਫ਼ੈਸਰ ਕੁਨਾਲ ਨੇ ਵੀ ਉਹਨਾਂ ਨੂੰ ਦੇਖ ਲਿਆ। ਤੋਰੀਆਂ ਦੀ ਸੁੱਕੀ ਵੱਲ ਵਾਂਗ ਮੁਰਝਾਏ ਚਿਹਰੇ ਵਿਚ ਪ੍ਰਾਣ ਨਜ਼ਰ ਆਉਣ ਲੱਗ ਪਏ। ਪੈਰ ਛੂਹੰਦਿਆਂ ਹੋਇਆਂ ਕਿਰਨ ਕੁਮਾਰ ਨੇ ਕਿਹਾ, “ਓ-ਅ...ਤੁਸੀਂ!”
“ਤੈਨੂੰ ਮਿਲਣ ਆਇਆ ਸਾਂ, ਪਰ ਬੁਲਾਵਾ ਈ ਨਹੀਂ ਆਇਆ,” ਸ਼ਬਦਾਂ ਉੱਤੇ ਨਮੋਸ਼ੀ ਭਾਰੂ ਸੀ।
“ਸ਼ਾਇਦ ਇਹ ਲੋਕ ਸਲਿੱਪ ਭੇਜਣੀ ਭੁੱਲ ਗਏ ਹੋਣਗੇ,” ਕਹਿੰਦਿਆਂ ਹੋਇਆਂ ਕਿਰਨ ਕੁਮਾਰ ਨੇ ਪੀ.ਏ.ਦੇ ਕਮਰੇ ਵੱਲ ਇਸ਼ਾਰਾ ਕੀਤਾ...ਤੇ ਗੱਲ ਦਾ ਸਿਰਾ ਫੇਰ ਜੋੜਦੇ ਹੋਏ ਬੋਲੇ, “ਚਲੋ, ਚੰਗਾ ਈ ਹੋਇਆ। ਏਥੇ ਭੀੜ ਤੇ ਜਲਦਬਾਜੀ ਵਿਚ ਗੱਲ ਵੀ ਕਿਹੜੀ ਹੁੰਦੀ! ਹੁਣ ਘਰੇ ਲੰਚ ਲੈਂਦੇ ਹੋਏ ਗੱਲਾਂ ਕਰਾਂਗੇ।” ਅੰਦਰੇ-ਅੰਦਰ ਪੂਰੇ ਸ਼ਹਿਰ ਦੇ ਸੰਸਿਆਂ ਨੂੰ ਖਪਾਅ ਜਾਣ ਵਾਲੇ ਕਿਰਨ ਕੁਮਾਰ ਨੇ ਸਮੱਸਿਆ ਨੂੰ ਇਕ ਪਾਸੇ ਧਰੀਕਦਿਆਂ ਹੋਇਆਂ ਕਿਹਾ ਸੀ ਤੇ ਸੋਚਿਆ ਸੀ ਕਿ ਏਸ ਬਹਾਨੇ, ਅਨਿਆਂ ਦਾ ਥੋੜ੍ਹਾ-ਬਹੁਤ ਪ੍ਰਾਸ਼ਚਿਤ ਵੀ ਹੋ ਜਾਵੇਗਾ। ਫੇਰ ਉਹਨਾਂ ਨੂੰ ਲੱਗਿਆ ਕਿ ਪ੍ਰੋਫ਼ੈਸਰ ਨਾਲ ਕੋਈ ਵੀ ਮੁਲਾਕਾਤ ਵਿਸ਼ਵਾਸ ਦੇ ਧਰਾਤਲ ਉੱਤੇ ਸੰਭਵ ਨਹੀਂ...ਸਿਰਫ ਇਕ ਔਪਚਾਰਕਤਾ ਹੀ ਹੋਵੇਗੀ; ਜਿਵੇਂ ਸਾਰੇ ਮੱਤਭੇਦਾਂ ਦੇ ਬਾਵਜੂਦ, ਦੋ ਕੂਟਨੀਤਿਕ ਹਸਤੀਆਂ ਸਹਿਜੇ ਹੀ ਗਲ਼ੇ ਮਿਲ ਲੈਂਦੀਆਂ ਨੇ। ਅੱਜ ਦੇ ਯੁੱਗ ਵਿਚ ਬਿਨਾਂ ਰਾਜਨੀਤਕ ਟੋਪੀ ਜਾਂ ਥਾਪੜੇ ਦੇ ਕਿਸੇ ਨੂੰ ਨਿਆਂ ਮਿਲਿਆ ਹੈ ਕਦੀ? ਫੇਰ ਉਹ ਕਿੱਥੋਂ ਪ੍ਰੋਫ਼ੈਸਰ ਕੁਨਾਲ ਨੂੰ ਨਿਆਂ ਦੁਆ ਦੇਣ...?
ਪ੍ਰੋਫ਼ੈਸਰ ਕੁਨਾਲ ਪਿੱਛੇ-ਪਿੱਛੇ ਤੁਰ ਪਏ ਨੇ। ਕਮਰੇ ਵਿਚੋਂ ਦੇਖ ਰਹੀ ਸੈਕਟਰੀ ਜੋੜੀ ਨੂੰ ਖਾਸੀ ਹੈਰਾਨੀ ਹੋਈ ਹੈ ਕਿ ਜਿਸਨੂੰ ਅੰਦਰ ਨਹੀਂ ਸੀ ਬੁਲਾਇਆ; ਉਸਨੂੰ ਨਾਲ ਲਈ ਜਾ ਰਹੇ ਨੇ! ਉਸਦੇ ਪੈਰੀਂ ਹੱਥ ਵੀ ਲਾਏ ਸੀ! ਉਹਨਾਂ ਨੂੰ ਕੀ ਪਤਾ ਕਿ ਕੁਛ ਚਿਹਰੇ ਏਨੇ ਨਾਜ਼ੁਕ ਹੁੰਦੇ ਨੇ, ਜਿਹਨਾਂ ਨੂੰ ਸ਼ੀਸੇ 'ਚੋਂ ਵੇਖਿਆਂ ਵੀ ਠੇਸ ਲੱਗ ਸਕਦੀ ਹੈ। ਉਹਨਾਂ ਦੇ ਮੱਥੇ ਲੱਗਣਾ ਇਕ ਲਾਚਾਰੀ ਹੁੰਦਾ ਹੈ।
ਕਾਰ ਵਿਚ ਪ੍ਰੋਫ਼ੈਸਰ ਨੂੰ ਆਪਣੇ ਨਾਲ ਬਿਠਾ ਲੈਂਦੇ ਨੇ ਕਿਰਨ ਕੁਮਾਰ। ਖ਼ੁਦ ਉਸ ਪਾਸੇ ਬੈਠਦੇ ਨੇ ਜਿਧਰ ਛਾਂ ਹੈ, ਜਿਸ ਨਾਲ ਪ੍ਰੋਫ਼ੈਸਰ ਕੁਨਾਲ ਦੀ ਦੇਹ ਵਿਚ ਗੁਣਗੁਣੀ ਧੁੱਪ ਦੀ ਗਰਮਾਹਟ ਬਣੀ ਰਹੇ। ਸਿਰ ਝੁਕਾਅ ਕੇ ਆਪਣੇ-ਆਪ ਵਿਚ ਗੁਆਚੇ ਹੋਏ ਪ੍ਰੋਫ਼ੈਸਰ ਕੁਨਾਲ ਨੂੰ ਡੂੰਘੀਆਂ ਨਜ਼ਰਾਂ ਨਾਲ ਦੇਖਦੇ ਨੇ...ਕਿੰਨੇ ਬਦਲ ਗਏ ਨੇ ਉਹ! ਛਿਣ-ਭਰ ਲਈ ਵੀ ਨਿਰਾਸ਼ ਨਾ ਹੋਣ ਵਾਲਾ ਆਦਮੀ, ਸਮੇਂ ਦੀ ਗਲੀ ਵਿਚ ਇਕ ਪਾਟੇ ਪੋਸਟਰ ਵਾਂਗ ਲਟਕ ਕੇ ਰਹਿ ਗਿਆ ਹੈ। ਪਛਾਣ ਦਾ ਕਤਰਾ-ਕਤਰਾ ਮੁੱਕ ਗਿਆ ਹੈ। ਉਮੀਦਾਂ-ਉਮੰਗਾਂ ਨੇ ਖਿੜੇ ਗੁਲਸ਼ਨ ਨੂੰ, ਸਮੇਂ ਦੀ ਮਾਰ ਨੇ ਕੈਕਟਸ ਦੇ ਜੰਗਲ ਵਿਚ ਬਦਲ ਦਿੱਤਾ ਹੈ।
ਆਰਾਮ ਨਾਲ ਕਾਰ ਵਿਚ ਬੈਠ ਕੇ ਭੀੜ ਨੂੰ ਧੂੜ ਦੇ ਚੱਕਰਵਿਊ ਵਿਚ ਪਿੱਛੇ ਛੱਡ ਜਾਣਾ ਬੜਾ ਅਜੀਬ ਜਿਹਾ ਲੱਗਦਾ ਹੈ, ਪ੍ਰੋਫ਼ੈਸਰ ਨੂੰ...ਜਿਵੇਂ ਸੁਖ, ਦੁਖ ਨੂੰ ਅੰਗੂਠਾ ਵਿਖਾਅ ਰਿਹਾ ਹੋਵੇ। ਉਹਨਾਂ ਨੂੰ ਲੱਗਦਾ ਹੈ ਕਿ ਪੈਦਲ ਤੁਰਨ ਵਾਲੇ ਤੇ ਕਾਰ ਜਾਂ ਹਵਾਈ ਜਹਾਜ਼ ਵਿਚ ਸਫ਼ਰ ਕਰਨ ਵਾਲੇ ਆਦਮੀ ਦੇ ਅਰਥ-ਸ਼ਾਸਤਰ ਵਿਚ ਬੜਾ ਅੰਤਰ ਹੁੰਦਾ ਹੈ, ਜਦੋਂਕਿ ਉਹ ਇਕੋ ਅਰਥ-ਸ਼ਾਸਤਰ ਸਾਰਿਆਂ ਨੂੰ ਪੜ੍ਹਾਉਂਦੇ ਰਹੇ ਸੀ।
ਕਿਰਨ ਕੁਮਾਰ ਪੁੱਛਦੇ ਨੇ, “ਮਾਤਾ ਜੀ ਠੀਕ ਨੇ?”
ਅਮੀਰ-ਗਰੀਬ ਦੇ ਅਰਥ-ਸ਼ਾਸਤਰ ਵਿਚੋਂ ਬਾਹਰ ਨਿਕਲ ਕੇ ਕਹਿੰਦੇ ਨੇ ਪ੍ਰੋਫ਼ੈਸਰ ਕੁਨਾਲ, “ਹਾਂ, ਠੀਕ ਈ ਐ।” ਅੰਦਰ ਇਕ ਉਥਲ-ਪੁਥਲ ਹੋਣ ਲੱਗ ਪਈ ਹੈ–'ਗੱਲ ਕਿੰਜ ਤੋਰੀ ਜਾਵੇ? ਕਿੱਥੋਂ ਸ਼ੁਰੂ ਕੀਤੀ ਜਾਵੇ? ਕੀ ਕਿਰਨ ਕੁਮਾਰ ਨੂੰ ਕੁਝ ਵੀ ਪਤਾ ਨਹੀਂ...?'
ਪ੍ਰੋਫ਼ੈਸਰ ਕੁਨਾਲ ਕਿਰਨ ਕੁਮਾਰ ਦੀ ਮਜ਼ਬੂਰੀ ਨਹੀਂ ਜਾਣਦੇ। ਉਹਨਾਂ ਨੂੰ ਕੀ ਪਤਾ ਕਿ ਖ਼ਤ ਮਿਲਦਿਆਂ ਹੀ ਉਸ ਨੇ ਇਸ ਸ਼ਹਿਰ ਦੇ ਪੁਲਿਸ ਮਹਿਕਮੇ ਨੂੰ ਫ਼ੋਨ ਕੀਤਾ ਸੀ। ਗੱਲ ਡੀ.ਸੀ.ਪੀ. ਨਾਲ ਹੋਈ ਸੀ, ਪਰ ਤਫ਼ਸੀਲ ਮਿਲਦਿਆਂ ਹੀ ਚੁੱਪ ਹੋ ਗਏ ਸਨ ਕਿਰਨ ਕੁਮਾਰ; ਜਵਾਬ ਨਹੀਂ ਸੀ ਦੇ ਸਕੇ। ਹੁਣ ਮੁਸ਼ਕਿਲ ਇਹ ਹੈ ਕਿ ਤਿੰਨ ਸਾਲ ਬਾਅਦ ਹੋਈ ਤੱਰਕੀ ਕਰਕੇ ਬਦਲ ਕੇ ਆਉਣਾ ਪਿਆ ਸੀ ਇਸ ਸ਼ਹਿਰ ਵਿਚ। ਤੇ ਸਭ ਜਾਣਦਿਆਂ ਹੋਇਆਂ ਵੀ ਅਣਜਾਣ ਹੋਣ ਦੀ ਐਕਟਿੰਗ ਕਰਨੀ ਪੈ ਰਹੀ ਹੈ। ਅੰਦਰੇ-ਅੰਦਰ ਨਮੋਸ਼ੀ ਤੇ ਸ਼ਰਮਿੰਦਗੀ ਚੁਭਣ ਲੱਗ ਪਈਆਂ ਨੇ...ਪਰ ਉਹ ਕਰ ਕੀ ਸਕਦੇ ਨੇ? ਕਮਿਸ਼ਨਰ ਦੀ ਕੁਰਸੀ ਦਾ ਹਰ ਪਾਵਾ ਰਾਜਨੀਤੀ ਦੀ ਰੇਤ ਦਾ ਬਣਿਆ ਹੁੰਦਾ ਹੈ...ਤੇ ਪ੍ਰੋਫ਼ੈਸਰ ਦੀ ਗੁਰੂ-ਦਕਛਣਾ ਦਾ ਅਰਥ ਹੈ—ਅਭਿਮੰਨਿਊ ਬਣਨਾ...ਚੱਕਰਵਿਊ ਤੋੜਦੇ ਹੋਏ ਮਰ ਜਾਣ; ਮਿਟ ਜਾਣਾ।
ਕੋਠੀ ਦੂਰ ਨਹੀਂ ਸੀ। ਸੱਤ ਅੱਠ ਮਿੰਟ ਵਿਚ ਪਹੁੰਚ ਗਏ। ਵੱਡੇ ਗੇਟ ਵਿਚ ਵੜਦਿਆਂ ਹੀ ਠੰਡੀ ਹਵਾ ਨੇ ਸਵਾਗਤ ਕੀਤਾ...ਚਾਰ-ਚੁਫੇਰੇ ਅਸ਼ੋਕ, ਗੁਲਮੋਹਰ, ਅੰਬ ਤੇ ਜਾਮਨਾਂ ਦੇ ਛਾਂ-ਦਾਰ ਰੁੱਖ ਸਨ। ਵਿਚਕਾਰ ਵੱਡਾ ਸਾਰਾ ਬਗ਼ੀਚਾ ਸੀ ਤੇ ਇਕ ਫ਼ੁਆਰਾ ਵੀ। ਪ੍ਰੋਫ਼ੈਸਰ ਕੁਨਾਲ ਨੂੰ ਲੱਗਿਆ: ਕਮਿਸ਼ਨਰ ਦੀ ਕੋਠੀ ਵਿਚ ਸਾਰੇ ਸ਼ਹਿਰ ਦੀ ਹਰਿਆਲੀ, ਗਰਮੀ ਤੇ ਸਰਦੀ ਦੇ ਵਿਰੁੱਧ, ਪਹਿਰਾ ਦੇਂਦੀ ਹੈ ਤੇ ਲੋਕ-ਰਾਜ ਦੀਆਂ 'ਭਾਗਯ ਵਿਧਾਤਾ' ਸੰਘਣੀ ਆਬਾਦੀ ਵਾਲੀਆਂ ਬਸਤੀਆਂ ਦੇ ਨਲਕੇ ਵੀ ਸੋਕਾ ਹੰਢਾਉਂਦੇ ਰਹਿੰਦੇ ਨੇ। ਜਨਤੰਤਰ ਦਾ ਅਰਥ-ਸ਼ਾਸਤਰ ਪਤਾ ਨਹੀਂ ਕਿਵੇਂ ਗਰੀਬ ਦੇ ਹੱਕ 'ਚ ਰੇਤ ਦਾ ਢੇਰ ਤੇ ਅਮੀਰ ਦੇ ਹੱਕ 'ਚ ਸ਼ਰਬਤ ਦੀ ਬੋਤਲ ਬਣ ਜਾਂਦਾ ਹੈ!
ਅੰਦਰ ਬੈਠਕ ਵਿਚ ਬਰਮਾ ਟੀਕ ਦਾ ਨੱਕਾਸ਼ੀਦਾਰ ਫਰਨੀਚਰ ਬਾਲਜਾਕ ਦੀ ਕਲਪਨਾ ਨੂੰ ਸਾਕਾਰ ਕਰ ਰਿਹਾ ਸੀ। ਚਮਚਮ ਕਰਕੇ ਫਰੇਮਾਂ ਵਿਚ ਕੁਝ ਵਿਦੇਸ਼ੀ ਦ੍ਰਿਸ਼ ਟਹਿਕ ਰਹੇ ਸਨ। ਖਿੜਕੀਆਂ ਵਿਚ ਪੈਲਮੇਟ ਰਾਡ ਨਾਲ ਲਟਕੇ ਹੋਏ ਸਨ, ਕੈਕਟਸ। ਪੈਰਾਂ ਹੇਠ ਈਰਾਨੀ ਗਲੀਚਾ ਸੀ...ਪੂਰੇ ਡਰਾਇੰਗ ਰੂਮ ਵਿਚ ਪ੍ਰੋਫ਼ੈਸਰ ਕੁਨਾਲ ਨੂੰ ਹਿੰਦੁਸਤਾਨ ਨਜ਼ਰ ਨਹੀਂ ਸੀ ਆਇਆ।
ਅੰਦਰੋਂ ਵੈਲ ਦੀ ਚਿੱਟੀ ਦੁੱਧ ਸਾੜ੍ਹੀ ਤੇ ਸਲੀਬਲੈੱਸ ਬਲਾਊਜ ਵਿਚ ਸੁਨੈਣਾ ਬਾਹਰ ਆਉਂਦੀ ਹੈ। ਪ੍ਰੋਫ਼ੈਸਰ ਸੀਲਿੰਗ 'ਤੇ ਘੁੰਮ ਰਹੇ ਪੱਖੇ ਵਲ ਦੇਖਦੇ ਹੋਏ ਇਕ ਜ਼ਨਾਨਾ ਆਵਾਜ਼ ਸੁਣਕੇ ਤ੍ਰਬਕ ਜਾਂਦੇ ਨੇ, “ਨਮਸਤੇ ਸਰ।”
“ਤੁਸੀਂ ਨਹੀਂ ਪਛਾਣ ਸਕੋਗੇ; ਵੀਹ ਸਾਲ ਵੀ ਤਾਂ ਹੋ ਗਏ ਨੇ।” ਕਹਿੰਦੀ ਹੋਈ ਉਹ ਖਿੜਖਿੜ ਕਰਕੇ ਹੱਸ ਪੈਂਦੀ ਹੈ। ਨੌਕਰ ਟਰੇ ਵਿਚ ਰੱਖੇ ਗ਼ਲਾਸਾਂ ਵਿਚ ਪਾਣੀ ਲਿਆਉਂਦਾ ਹੈ। ਸੁਨੈਣਾ ਕਹਿੰਦੀ ਹੈ, “ਮੈਂ ਸੁਨੈਣਾ ਆਂ। ਬੀ.ਏ. ਵਿਚ ਤੁਹਾਡੇ ਕੋਲੋਂ ਈ ਇਕਨਾਮਿਕਸ ਪੜ੍ਹਦੀ ਹੁੰਦੀ ਸਾਂ। ਇਕ ਵਾਰੀ ਆਪਣੀਆਂ ਸੋਨੇ ਦੀਆਂ ਚੂੜੀਆਂ ਆਪਣੇ ਨਾਲ ਬੈਠੀ ਕੁੜੀ ਨੂੰ ਦਿਖਾ ਰਹੀ ਸਾਂ। ਤੁਸੀਂ ਫੜ੍ਹ ਲਿਆ ਸੀ। ਚੂੜੀਆਂ ਆਪਣੇ ਕੋਲ ਰੱਖ ਲਈਆਂ ਸਨ। ਪੀਰੀਅਡ ਮੁੱਕਣ 'ਤੇ ਦਿੱਤੀਆਂ ਸਨ। ਮੈਂ ਸਾਰਾ ਪੀਰੀਅਡ ਰੋਂਦੀ ਰਹੀ ਸਾਂ—ਲੱਗਿਆ ਸੀ, ਤੁਸੀਂ ਵਾਪਸ ਨਹੀਂ ਦਵੋਗੇ।”
ਪ੍ਰੋਫ਼ੈਸਰ ਦੇ ਚਿਹਰੇ 'ਤੇ ਫਿੱਕੀ ਜਿਹੀ ਮੁਸਕਰਾਹਟ ਨਜ਼ਰ ਆਉਂਦੀ ਹੈ...ਪਤਾ ਨਹੀਂ ਕਿੰਨੇ ਚਿਹਰੇ ਸਾਹਮਣਿਓਂ ਲੰਘ ਗਏ ਨੇ ਤੇ ਉਹ ਸ਼ੀਸ਼ੇ ਵਾਂਗ ਇਕ ਕੰਧ 'ਤੇ ਟੰਗੇ ਰਹਿ ਗਏ ਸੀ। ਉਹ ਤਾਂ ਕਿਰਨ ਕੁਮਾਰ ਨਾਲ ਖਾਸ ਸੰਬੰਧ ਸੀ, ਸੋ ਯਾਦ ਰਹਿ ਗਿਆ। ਫੇਰ ਵਿਆਹ ਦਾ ਵੀ ਕਿਰਨ ਕੁਮਾਰ ਨੇ ਕਾਰਡ ਭੇਜਿਆ ਸੀ—ਉਦੋਂ ਫੁਰਸਤ ਕਿੱਥੇ ਹੁੰਦੀ ਸੀ। ਥਾਂ-ਥਾਂ ਸੈਮੀਨਾਰ ਤੇ ਗੋਸ਼ਟੀਆਂ ਵਿਚ ਇਕਨਾਮਿਕਸ ਆਫ਼ ਸੋਸ਼ਲਿਸਟ ਕੰਟਰੀਜ਼ 'ਤੇ ਬੋਲਣ ਤੋਂ ਹੀ ਫੁਰਸਤ ਨਹੀਂ ਸੀ ਮਿਲਦੀ। ਲੱਗਦਾ ਸੀ—ਦੇਸ਼ ਦੀ ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਨੌਜਵਾਨਾਂ ਨੂੰ ਆਦਰਸ਼-ਘੁੱਟੀ ਪਿਆ ਰਹੇ ਨੇ। ਅੱਜ ਮਹਿਸੂਸ ਕਰਦੇ ਨੇ ਕਿ ਅਸਲ ਜੀਵਨ ਉਹ ਹੈ, ਜਿਸਨੂੰ ਲਗਾਤਾਰ ਹੰਢਾਇਆ ਜਾ ਰਿਹਾ ਹੈ। ਜਿਵੇਂ ਲੱਖਾਂ-ਕਰੋੜਾਂ ਲੋਕਾਂ ਦੁਆਰਾ ਹੰਢਾਈ ਜਾ ਰਹੀ ਗਰੀਬੀ ਤੇ ਕੁਝ ਲੋਕਾਂ ਦੁਆਰਾ ਭੋਗੀ ਜਾਣ ਵਾਲੀ ਅਮੀਰੀ। ਬਾਕੀ ਸਭ ਕਾਗਜ਼ਾਂ ਉਪਰ ਅਰਥ-ਸ਼ਾਸਤਰ ਦੇ ਰੂਪ ਵਿਚ ਫੈਲਿਆ ਹੋਇਆ, ਇਕ ਭਰਮ ਜਾਲ ਹੈ...।
ਕੋਈ ਜਵਾਬ ਨਾ ਮਿਲਣ ਕਰਕੇ ਸੁਨਈਆ ਅੰਦਰ ਵੱਲ ਤੁਰ ਜਾਂਦੀ ਹੈ। ਵਰਦੀ ਲਾਹ ਕੇ ਅੰਦਰੋਂ ਬਾਹਰ ਆ ਪਤੀ ਨੂੰ ਮਿਲਣ 'ਤੇ ਕਹਿੰਦੀ ਹੈ, “ਕਿੱਥੋਂ ਲੈ ਆਏ ਬੁੱਢੇ ਖੁੰਢ ਨੂੰ? ਬੋਰ ਕਰ ਦਿੱਤਾ।”
ਕਿਰਨ ਕੁਮਾਰ ਕੁਝ ਨਹੀਂ ਕਹਿੰਦੇ—ਆ ਕੇ ਬੈਠ ਜਾਂਦੇ ਨੇ। ਸ਼ਬਦ ਲੱਭਦੇ ਹੋਏ ਪ੍ਰੋਫ਼ੈਸਰ ਕੁਨਾਲ ਪੁੱਛਦੇ ਨੇ, “ਬੱਚੇ?”
“ਇਕ ਏ। ਅਜਮੇਰ ਵਿਚ ਮੇਯੋ ਕਾਲੇਜ 'ਚ। ਇਸ ਸੂਬੇ ਵਿਚ 'ਤਾਂ...” ਕਹਿੰਦੇ ਕਹਿੰਦੇ ਚੁੱਪ ਕਰ ਜਾਂਦੇ ਨੇ। ਕਹਿਣਾ ਚਾਹੁੰਦੇ ਸੀ ਕਿ ਇਸ ਸੂਬੇ ਵਿਚ ਤਾਂ ਢੰਗ ਦਾ ਕੋਈ ਕਾਲੇਜ ਹੈ ਨਹੀਂ, ਪਰ ਆਪਣਾ ਅਤੀਤ ਤੇ ਪ੍ਰੋਫ਼ੈਸਰ ਕੁਨਾਲ ਦੀ ਮੌਜ਼ੂਦਗੀ ਸ਼ਬਦਾਂ ਦੀ ਡੋਰ ਨੂੰ ਕੱਟ ਦੇਂਦੀ ਹੈ। ਸਭ ਕੁਝ ਜਾਣਦੇ ਹੋਏ ਵੀ ਸੁਣਨ ਦੀ ਉਤਸੁਕਤਾ ਵਿਖਾਉਂਦੇ ਨੇ ਕਿਰਨ ਕੁਮਾਰ। ਪ੍ਰੋ. ਕੁਨਾਲ ਦੇ ਅੰਦਰ ਸ਼ੰਕਾ ਫੇਰ ਪਲਸੇਟੇ ਮਾਰਨ ਲੱਗਦੀ ਹੈ—ਕੀ ਕਿਰਨ ਕੁਮਾਰ ਸਭ ਕੁਝ ਜਾਣਦਾ ਹੋਇਆ ਵੀ ਅਣਜਾਣ ਬਣ ਰਿਹਾ ਹੈ ਜਾਂ ਫੇਰ ਵਾਕਈ ਉਸਨੂੰ ਕੁਛ ਪਤਾ ਨਹੀਂ? ਪਰ ਗੱਲ ਤਾਂ ਅਖ਼ਬਾਰਾਂ ਵਿਚ ਵੀ ਛਪੀ ਸੀ।
ਪੁਲਿਸ ਮਹਿਕਮੇ ਨਾਲ ਗੱਲ ਕਰਨ ਪਿੱਛੋਂ ਕਿਰਨ ਕੁਮਾਰ ਨੇ ਆਪਣੇ ਸਹੁਰੇ ਰਿਟਾਇਰਡ ਜੱਜ ਨਿਰਮਲ ਕੁਮਾਰ ਨਾਲ ਵੀ ਮਸ਼ਵਰਾ ਕੀਤਾ ਸੀ। ਸਹੁਰਾ ਸਾਹਬ ਨੇ ਸਮਝਾਇਆ ਸੀ, “ਤੁਸੀਂ ਕੀ ਕਰ ਸਕਦੇ ਓ? ਪੁਲਿਸ, ਅਸੈਂਬਲੀ ਤੇ ਖ਼ੁਦ ਜਨਤਾ ਜਿਸ ਦਾ ਵਿਰੋਧ ਕਰ ਰਹੀ ਹੋਵੇ, ਉਸ ਵਿਚ ਤੁਸੀਂ ਕੀ ਕਰ ਸਕਦੇ ਓ? ਤੁਹਾਡੀ ਕੋਸ਼ਿਸ਼ ਤੁਹਾਡਾ ਕੈਰੀਅਰ ਬਰਬਾਦ ਕਰ ਸਕਦੀ ਏ; ਉਹਨਾਂ ਨੂੰ ਨਿਆਂ ਨਹੀਂ ਦੁਆ ਸਕਦੀ। ਫੇਰ ਇਸ ਵਿਚ ਲਾਭ ਕੀ ਹੋਵੇਗਾ? ਜਿਹੜੇ ਸਮੇਂ 'ਚੋਂ ਅਸੀਂ ਲੰਘ ਰਹੇ ਆਂ ਉਹ ਨਾ ਤਾਂ ਸਤਯੁਗ ਏ ਤੇ ਨਾ ਹੀ ਤਰੇਤਾ ਜਾਂ ਦੁਆਪਰ। ਹਰ ਚੀਜ਼ ਤੇ ਨਿਆਂ ਉੱਤੇ ਵੀ ਹੁਣ ਉਸੇ ਦਾ ਹੱਕ ਏ, ਜਿਸ ਕੋਲ ਤਾਕਤ ਏ। ਮਜਲੂਮ ਦੇ ਅਰਥ ਹੁਣ ਕਿਸੇ ਡਿਕਸ਼ਨਰੀ ਵਿਚ ਨਹੀਂ—ਬਦਲ ਗਏ ਨੇ ਮਜਲੂਮ ਦੇ ਅਰਥ...ਜਿਹੜਾ ਗਵਾਹ ਖ਼ਰੀਦ ਕੇ ਮੁਕੱਦਮਾ ਜਿੱਤ ਸਕੇ, ਉਹੀ ਮਜਲੂਮ ਏ।”
“ਕੁਛ ਰੁਪਿਆ ਪੈਸਾ ਦੇ ਕੇ ਛੁੱਟੀ ਕਰੋ।” ਜੱਜ ਨੇ ਫੈਸਲਾ ਸੁਣਾ ਦਿੱਤਾ ਸੀ।
ਕਿਰਨ ਕੁਮਾਰ ਨੇ ਮਹਿਸੂਸ ਕੀਤਾ ਕਿ ਜਿਸ ਪੁਲਿਸ ਉੱਤੇ ਇਨਸਾਨੀਅਤ ਦੀ ਸੁਰੱਖਿਆ ਦਾ ਦਾਰੋਮਦਾਰ ਹੈ, ਉਹ ਰਾਜਨੀਤੀ ਦੇ ਹੱਥ ਵਿਚ ਮਦਾਰੀ ਦਾ ਬਾਂਦਰ ਬਣ ਕੇ ਰਹਿ ਗਈ ਹੈ। ਗਾਂਧੀ ਦਾ ਰਾਮਰਾਜ ਸਰਾਪੇ ਹੋਏ ਇੰਦਰ ਵਾਂਗ ਮੂੰਹ ਲਕੋ ਕੇ ਛਿਪਣ ਹੋ ਗਿਆ ਹੈ। ਉਸਦੀ ਉਹ ਆਵਾਜ਼ ਗੂੰਗੀ ਹੋ ਗਈ ਹੈ ਕਿ ਭੀੜ ਦੇ ਝੂਠ ਦੇ ਸਾਹਮਣੇ, ਜਿਸ ਦਿਨ ਇਕਲੌਤੇ ਸੱਚ ਦੀ ਜਿੱਤ ਹੋਵੇਗੀ, ਉਸ ਦਿਨ ਰਾਮਰਾਜ ਹੋਵੇਗਾ। ਅੱਜ ਸੱਚ ਦਾ ਯਥਾਰਥ ਗੰਦੀਆਂ ਨਾਲੀਆਂ ਵਿਚ ਸਕੌਚ ਦੀਆਂ ਬੋਤਲਾਂ ਵਾਂਗ ਰੁੜ੍ਹਿਆ ਫਿਰਦਾ ਹੈ। ਇਕ ਖਾਸ ਕੀਮਤ 'ਤੇ ਵਿਕਦਾ ਹੈ। ਵਰਦੀ ਹੇਠ ਕਿਰਨ ਕੁਮਾਰ ਨੇ ਆਪਣੀ ਦੇਹ ਵਿਚ ਛੁਪੀ ਆਤਮਾਂ ਨੂੰ ਬੜਾ ਲਾਚਾਰ ਵੇਖਿਆ ਸੀ—ਸੁਖ ਤੇ ਅਹੁਦੇ ਨੇ ਹੌਸਲੇ ਦੇ ਤੋਤੇ ਦੀ ਗਰਦਨ ਜਕੜ ਲਈ ਸੀ...ਬੋਲਿਆ ਤਾਂ ਹੱਤਿਆ ਕਰ ਦਿਆਂਗੇ, ਰੋਲ ਦਿਆਂਗੇ ਸੜਕਾਂ ਉੱਤੇ...।
ਪ੍ਰੋਫ਼ੈਸਰ ਕੁਨਾਲ ਕਹਿ ਰਹੇ ਸਨ, “ਦੁਖ ਇਹ ਨਹੀਂ ਕਿਰਨ, ਕਿ ਸੁਪ੍ਰੀਤਾ ਦੀ ਜਿਊਂਦੀ ਲਾਸ਼ ਦੀ ਉਮਰ ਹੌਲੀ ਹੌਲੀ ਅੱਗੇ ਵਧ ਰਹੀ ਏ। ਉਹਦੇ ਦੰਦ ਨਿਕਲ ਗਏ ਨੇ ਤੇ ਨਾਲੀ ਨਾਲ ਦੁੱਧ ਪਿਆਉਣਾ ਪੈਂਦਾ ਐ। ਵਾਲ ਝੜ ਚੁੱਕੇ ਨੇ ਗੰਜੀ ਟਿੰਡ ਨੂੰ ਸੁਹੱਪਣ ਨਾਲ ਕੋਈ ਮੋਹ, ਕੋਈ ਸਰੋਕਾਰ ਨਹੀਂ। ਦੋ ਤਿੰਨ ਸਾਲ ਦੀ ਸੀ ਉਦੋਂ, ਜਦੋਂ ਦੇਖੀ ਸੀ ਤੈਂ। ਹੁਣ ਵੀਹ ਦੀ ਸੀ, ਓਦੋਂ ਦੇਖਦੇ...ਰਤਿ ਦਾ ਸੁੰਦਰ ਸਰੂਪ ਸੀ।”
ਪ੍ਰੋ. ਕੁਨਾਲ ਬੋਲ ਰਹੇ ਨੇ ਤੇ ਕਿਰਨ ਕੁਮਾਰ ਡੁੱਬ ਜਾਂਦੇ ਨੇ—ਅਤੀਤ ਵਿਚ। ਪ੍ਰਾਈਵੇਟ ਨੌਕਰੀ ਦੇ ਨਾਲ ਐਮ.ਏ. ਦੀਆਂ ਕਲਾਸਾਂ ਵਿਚ ਪੂਰੀ ਹਾਜ਼ਰੀ ਸੰਭਵ ਨਹੀਂ ਸੀ। ਫਾਰਮ ਭਰਨ ਦਾ ਸਮਾਂ ਆਇਆ ਤਾਂ ਦੋ ਪ੍ਰਤੀਸ਼ਤ ਹਾਜ਼ਰੀ ਘੱਟ ਸੀ। ਪ੍ਰੋ. ਕੁਨਾਲ ਵਾਈਸ ਪਿੰਸੀਪਲ ਕੋਲ ਲੈ ਗਏ ਸਨ। ਕਿਹਾ ਸੀ, “ਮਿਹਨਤੀ ਤੇ ਹੋਣਹਾਰ ਵਿਦਿਆਰਥੀ ਏ।”
“ਕਾਨੂੰਨ, ਕਾਨੂੰਨ ਏਂ ਪ੍ਰੋਫ਼ੈਸਰ।” ਉਹਨਾਂ ਕਿਹਾ ਸੀ।
“ਗਰੰਟੀ ਦੇ ਰਿਹਾਂ ਪੁਜੀਸ਼ਨ ਦੀ, ਸਰ। ਇਸਨੂੰ ਇਮਤਿਹਾਨ ਦੇਣ ਦਿਓ ਸਰ, ਵਰਨਾ ਮੈਂ ਅਸਤੀਫ਼ਾ ਦੇ ਦਿਆਂਗਾ।” ਪ੍ਰੋ. ਕੁਨਾਲ ਨੇ ਦ੍ਰਿੜਤਾ ਨਾਲ ਕਿਹਾ ਸੀ।
ਬੜਾ ਚਾਹੁੰਦੇ ਸਨ ਵਿਦਿਆਰਥੀ ਪ੍ਰੋ. ਕੁਨਾਲ ਨੂੰ ਤੇ ਬੜਾ ਨਾਂ ਸੀ। ਵੀ.ਸੀ. ਨੇ ਵਿਸ਼ੇਸ਼ ਛੋਟ ਦੇ ਦਿੱਤੀ ਸੀ। ਐਮ.ਏ. ਦਾ ਇਮਤਿਹਾਨ ਦੁਆਉਣ ਪਿੱਛੋਂ ਬੜੀ ਜਿੰਦ-ਜਾਨ ਨਾਲ ਪੜ੍ਹਾਉਣ ਲੱਗੇ ਸਨ ਪ੍ਰੋ. ਕੁਨਾਲ। ਘਰੇ ਦੋ ਤਿੰਨ ਵਰ੍ਹਿਆਂ ਦੀ ਸੁਪ੍ਰੀਤਾ ਤੇ ਚਾਰ ਵਰ੍ਹਿਆਂ ਦਾ ਅਚਲ ਸੀ। ਦੇਰ ਨਾਲ ਵਿਆਹ ਕਰਵਾਇਆ ਸੀ ਪ੍ਰੋ. ਕੁਨਾਲ ਨੇ...ਚਾਲ੍ਹੀ ਦੀ ਉਮਰ ਵਿਚ। ਪਤਨੀ ਤਾਪਤੀ ਖਿਝ ਜਾਂਦੀ, “ਕੁਛ ਭਵਿੱਖ ਬਾਰੇ ਵੀ ਸੋਚੋ!”
ਹੱਸ ਕੇ ਕਿਰਨ ਕੁਮਾਰ ਦੇ ਸਾਹਮਣੇ ਹੀ ਕਿਹਾ ਸੀ ਪ੍ਰੋ. ਕੁਨਾਲ ਨੇ, “ਏਨੇ ਖੇਤਾਂ ਵਿਚ ਬੀਜ ਤੇ ਖਾਦ ਪਾ ਰਿਹਾਂ—ਕੀ ਇਕ ਵੀ ਲਹਿਰਾਅ ਕੇ ਸਾਨੂੰ ਫਸਲ ਨਹੀਂ ਦਏਗਾ, ਤਾਪਤੀ?” ਫੇਰ ਕਿਰਨ ਕੁਮਾਰ ਵੱਲ ਦੇਖਦਿਆਂ ਹੋਇਆਂ ਪੁੱਛਿਆ ਸੀ, “ਕੀ ਤੂੰ ਸੁਪ੍ਰੀਤਾ ਦੇ ਅਚਲ ਦੀ ਦੇਖਭਾਲ ਨਹੀਂ ਕਰੇਂਗਾ ਜੇ ਜ਼ਰੂਰਤ ਪਈ ਤਾਂ?”
“ਜਾਨ ਦੇ ਕੇ ਵੀ ਸਰ!” ਦ੍ਰਿੜਤਾ ਨਾਲ ਕਿਹਾ ਸੀ ਕਿਰਨ ਕੁਮਾਰ ਨੇ। ਪਰ ਅੱਜ ਸੁਪ੍ਰੀਤਾ ਇਕ ਜਿਊਂਦੀ ਲਾਸ਼ ਹੈ ਤੇ ਅਚਲ ਹੱਤਿਆਰਿਆਂ ਦੀ ਰੱਸੀ 'ਤੇ ਝੂਲ ਕੇ, ਆਤਮ-ਹੱਤਿਆ ਦੀ ਸਨਦ ਆਪਣੇ ਮੱਥੇ 'ਤੇ ਮੜ੍ਹਾ ਕੇ ਇਹ ਦੁਨੀਆਂ ਹੀ ਛੱਡ ਗਿਆ ਹੈ।...ਤੇ ਉਸ ਪ੍ਰਤੀਗਿਆ ਨੂੰ ਯਾਦ ਕਰਵਾਉਣ ਲਈ ਪ੍ਰੋ. ਕੁਨਾਲ ਸਾਹਮਣੇ ਬੈਠੇ ਹੋਏ ਸਨ।
ਪ੍ਰੋਫ਼ੈਸਰ ਕੁਨਾਲ ਕਹਿ ਰਹੇ ਸਨ, “ਦੁੱਖ ਇਹ ਨਹੀਂ ਕਿ ਅਚਲ ਦੀ ਹੱਤਿਆ ਹੋਈ ਤੇ ਮੈਂ ਟੁੱਟ ਕੇ ਬੁੱਢਾ ਹੋ ਗਿਆ—ਦੁੱਖ ਹੈ ਆਸਥਾਵਾਂ ਦੇ ਟੁੱਟਣ ਦਾ। ਇਕ ਕੁੜੀ ਬੇਇੱਜ਼ਤ ਹੋਈ...ਉਹਦੀ ਇੱਜ਼ਤ ਦਾ ਮੁੱਲ ਕੀ; ਬਲਤਕਾਰੀਆਂ ਨੂੰ ਸੱਤਾ ਨੇ ਤੱਤੀ 'ਵਾ ਨਹੀਂ ਲੱਗਣ ਦਿੱਤੀ। ਅਚਲ ਦੀ ਹੱਤਿਆ ਹੋਈ, ਉਸਨੂੰ ਪੁਲਿਸ ਨੇ ਆਤਮ-ਹੱਤਿਆ ਕਰਾਰ ਦੇ ਦਿੱਤਾ। ਕੀ ਇਹ ਰਾਮ, ਕਿਸ਼ਨ ਤੇ ਬੁੱਧ ਦਾ ਦੇਸ਼ ਐ? ਕੀ ਏਥੇ ਲੋਕਤੰਤਰ ਐ? ਕੀ ਇੱਥੇ ਹੱਤਿਆਰਿਆਂ ਤੇ ਬਲਾਤਕਾਰੀਆਂ ਨੂੰ ਸਜ਼ਾ ਮਿਲਦੀ ਐ? ਭੁੱਖੇ ਦੀਆਂ ਆਂਦਰਾਂ 'ਚੋਂ ਰੋਟੀ ਖਿੱਚ ਕੇ ਉਸ ਤੋਂ ਪਸੂਆਂ ਵਾਂਗ ਕੰਮ ਲਿਆ ਜਾਂਦਾ ਐ। ਕੀ ਇਸੇ ਨੂੰ ਸਵਰਾਜ ਕਹੋਗੇ?” ਹਫ਼ ਗਏ ਸਨ ਪ੍ਰੋ. ਕੁਨਾਲ, “ਮੈਨੂੰ ਸਿਰਫ ਇਨਸਾਫ ਚਾਹੀਦੈ, ਜਿਸ ਨਾਲ ਇਕ ਉਮੀਦ ਦਾ ਚਿਰਾਗ਼ ਜਗਦਾ ਰੱਖ ਕੇ ਮਰ ਸਕਾਂ, ਨਾ ਕਿ ਇਸ ਵਿਸ਼ਵਾਸ ਨੂੰ ਲੈ ਕੇ ਕਿ ਦੇਸ਼ ਵਿਚ ਇਨਸਾਨੀ ਰਾਜ ਨਹੀਂ ਹੁਣ...”
ਖਾਣਾ ਖਾਂਦੇ ਖਾਂਦੇ ਇਕ ਇਕ ਸ਼ਬਦ ਯਾਦ ਆ ਗਿਆ ਪ੍ਰੋ. ਕੁਨਾਲ ਦੇ ਖ਼ਤ ਦਾ ਕਿਰਨ ਕੁਮਾਰ ਨੂੰ—'ਤੂੰ ਨਰਬਦਾ ਸਿੰਘ ਨੂੰ ਜਾਣਦਾ ਹੈਂ, ਉਹੀ ਜਿਸ ਦਾ ਪਿਤਾ ਉਪ ਮੰਤਰੀ ਹੈ। ਮੈਂ ਤਾਂ ਰਿਟਾਇਰਡ ਹੋ ਗਿਆ ਹਾਂ। ਅਚਲ ਨੇ ਭੱਜ ਦੌੜ ਕਰਕੇ ਇਕ ਕਾਲੇਜ ਵਿਚ ਲੈਕਚਰਰਸ਼ਿਪ ਲਈ ਸੀ। ਸੁਪ੍ਰੀਤਾ ਐਮ.ਏ. ਫਾਈਨਲ ਵਿਚ ਸੀ। ਨਾਲ ਹੀ ਪੜ੍ਹਦਾ ਸੀ ਨਰਬਦਾ। ਇਕ ਅੱਧੀ ਵਾਰੀ ਸੁਪ੍ਰੀਤਾ ਨੂੰ ਛੇੜਿਆ। ਅਚਲ ਨੇ ਘਰ ਜਾ ਕੇ ਤਾੜ ਦਿੱਤਾ। ਪਿਛਲੇ ਮਹੀਨੇ ਨੌ ਤਾਰੀਖ਼ ਨੂੰ ਹੈਡਲੇ ਪਾਰਕ ਵਿਚ ਮਿਲੀ ਸੁਪ੍ਰੀਤਾ—ਸੁੱਟ ਦਿੱਤਾ ਗਿਆ ਸੀ। ਸਿਰ ਵਿਚ ਸੱਟ ਸੀ। ਬਲਾਤਕਾਰੀ ਕਿੰਨੇ ਸਨ, ਪਤਾ ਨਹੀਂ। ਡਾਕਟਰ ਵੀ ਅੰਦਾਜ਼ਾ ਨਹੀਂ ਲਾ ਸਕੇ। ਬੇਸੁਰਤ ਹੈ ਅੱਜ ਵੀ। ਡਾਕਟਰ ਕਹਿੰਦੇ ਨੇ ਕਿ ਦਿਮਾਗ਼ ਵਿਚ ਸੱਟ ਹੈ। ਤੰਦਰੁਸਤ ਹੋ ਜਾਏਗੀ ਤਾਂ ਠੀਕ ਹੋ ਜਾਏਗੀ। ਦਸ ਤਾਰੀਖ਼ ਨੂੰ ਅਚਲ ਗਿਆ ਸੀ ਨਰਮਦਾ ਕੀ ਕੋਠੀ—ਵੜਨ ਨਹੀਂ ਸੀ ਦਿੱਤਾ, ਕੁੱਟਮਾਰ ਕਰਕੇ ਭਜਾਅ ਦਿੱਤਾ ਸੀ। ਕਿਹਾ ਸੀ—ਉਹ ਤਾਂ ਚਾਰ ਦਿਨਾਂ ਦਾ ਦਿੱਲੀ ਗਿਆ ਹੋਇਆ ਹੈ। ਵਾਪਸ ਆ ਕੇ ਕੜਕਿਆ ਸੀ ਅਚਲ। ਆਤਮਾਂ ਦਾ ਗੁਬਾਰ ਉਗਲਿਆ ਸੀ ਸ਼ਾਇਦ—'ਕਿਉਂ ਪੜ੍ਹਾਇਆ ਲਿਖਾਇਆ ਸਾਨੂੰ? ਕਿਉਂ ਇਨਸਾਨੀਅਤ ਸਿਖਾਈ, ਜਦਕਿ ਦੁਨੀਆਂ ਵਿਚ ਇਨਸਾਨ ਰਹਿੰਦੇ ਈ ਨਹੀਂ? ਜੇ ਪੁਲਿਸ ਵਿਚ ਸਿਪਾਹੀ ਹੀ ਲੁਆ ਦਿੱਤਾ ਹੁੰਦਾ ਤਾਂ ਹੱਥ ਵਿਚ ਇਕ ਡੰਡਾ ਤਾਂ ਹੁੰਦਾ! ਨਰਬਦਾ ਵਰਗੇ ਗੁੰਡੇ ਦਾ ਸਿਰ ਪਾੜ ਸਕਦਾ ਸਾਂ। ਇਹ ਕਲਮ ਫੜਾ ਕੇ ਕੀ ਕੀਤੈ ਤੁਸੀਂ?' ਤੇ ਉੱਚੀ ਉੱਚੀ ਰੋਇਆ ਸੀ।
ਕਿਰਨ, ਅਚਲ ਨਹੀਂ ਰੋਇਆ ਸੀ, ਇਨਸਾਨੀਅਤ ਰੋਈ ਸੀ।
ਮੈਂ ਵੀ.ਸੀ. ਕੋਲ ਗਿਆ। ਕਹਿ ਦਿੱਤਾ ਗਿਆ—'ਸਾਡਾ ਕੀ ਲੱਲਾ-ਖੱਖਾ? ਕਈ ਵਰ੍ਹੇ ਹੋ ਗਏ ਤੁਹਾਨੂੰ ਰਿਟਾਇਰ ਹੋਇਆਂ। ਨਾਲੇ ਅਚਲ ਨੇ ਤਾਂ ਆਤਮ-ਹੱਤਿਆ ਕੀਤੀ ਏ, ਭੈਣ ਦੇ ਦੁੱਖ ਵਿਚ।'
ਅਖ਼ਬਾਰ ਦੇ ਦਫ਼ਤਰ ਵਿਚ ਗਿਆ। ਉੱਥੇ ਨਰਬਦਾ ਵੱਲੋਂ ਰਿਸ਼ਵਤ ਤੇ ਧਮਕੀ ਪਹਿਲਾਂ ਹੀ ਪਹੁੰਚ ਚੁੱਕੀ ਸੀ। ਰਾਤੀਂ ਹਸਪਤਾਲ ਵਿਚ ਬਿਮਾਰ ਪਈ ਮਾਂ ਨੂੰ ਖਾਣ ਦੇਣ ਗਿਆ ਸੀ ਅਚਲ। ਤਾਪਤੀ ਉਡੀਕਦੀ ਰਹੀ ਤੇ ਪੁੱਤਰ ਪਹੁੰਚਿਆ ਨਹੀਂ। ਜਿਸ ਪਾਰਕ ਵਿਚ ਭੈਣ ਦੀ ਇੱਜ਼ਤ ਨੂੰ ਮਿੱਟੀ ਵਿਚ ਰੋਲਿਆ ਗਿਆ ਸੀ, ਉਸੇ ਵਿਚ ਇਕ ਰੁੱਖ ਨਾਲ ਰੱਸੀ ਬੰਨ੍ਹ ਕੇ ਲਮਕਾਅ ਦਿੱਤਾ ਗਿਆ ਉਸਨੂੰ। ਬਾਰਾਂ ਦੀ ਸਵੇਰ ਲਾਸ਼ ਮਿਲੀ।
ਸੁਪ੍ਰੀਤਾ ਨਾਲ ਬਲਾਤਕਾਰ ਦੀ ਰਿਪੋਰਟ ਦਰਜ ਹੋ ਗਈ, ਪਰ ਪੇਪਰ ਵੇਟ ਹੇਠ ਨੱਪੀ ਗਈ। ਸੁਪ੍ਰੀਤਾ ਬੋਲੇ ਤਾਂ ਹੀ ਕਾਰਵਾਈ ਕਰੇਗੀ ਪੁਲਿਸ। ਅਚਲ ਦੇ ਕਤਲ ਨੂੰ ਆਤਮ-ਹੱਤਿਆ ਦਾ ਰੂਪ ਦੇ ਦਿੱਤਾ ਗਿਆ।'
“ਕੀ ਕਰਾਂ ਕਿਰਨ? ਅੱਜ ਤਕ ਉਮੀਦਾਂ ਵੰਡਦਾ ਰਿਹਾ ਸਾਂ। ਅੱਜ ਤੇਰੇ ਸਾਹਮਣੇ ਨਿਆਂ ਲਈ ਫਰਿਆਦ ਕਰ ਰਿਹਾਂ। ਜੇ ਆਦਮੀ ਨੂੰ ਨਿਆਂ ਨਾ ਮਿਲਿਆ ਤਾਂ ਉਹ ਜਾਨਵਰ ਬਣ ਜਾਏਗਾ...। ਇਸ ਦੇਸ਼ ਦਾ ਕੀ ਬਣੇਗਾ? ਇਹ ਸਕੂਲ...ਇਹ ਕਾਲੇਜ ਫੇਰ ਕਿਸ ਲਈ? ਇਹ ਦੇਵ-ਮੰਦਰ, ਇਹ ਨਿਆਂ-ਮੰਦਰ ਫੇਰ ਕਿਸ ਲਈ...?”
ਖਾਣਾ ਖ਼ਤਮ ਹੋ ਗਿਆ। ਬੁਝੀ ਜਿਹੀ ਆਵਾਜ਼ ਵਿਚ ਕਿਹਾ ਸੀ ਕਿਰਨ ਕੁਮਾਰ ਨੇ, “ਸਰ, ਮੈਂ ਫਾਈਲ ਦੇਖਾਂਗਾ, ਫੇਰ ਕੁਛ ਕਹਿ ਸਕਾਂਗਾ...।”
ਡਰਾਈਵਰ ਗੱਡੀ 'ਤੇ ਛੱਡ ਆਇਆ ਸੀ ਪ੍ਰੋ. ਕੁਨਾਲ ਨੂੰ। ਸੁਨੈਨਾ ਨੇ ਆਫ਼ਿਸ ਜਾਂਦੇ ਪਤੀ ਨੂੰ ਕਿਹਾ ਸੀ, “ਅੱਜ ਦੀ ਸਪਰਿਚੁਅਲ ਕਲਾਸ ਦੀਆਂ ਗੱਲਾਂ ਦੱਸਣਾ ਚਾਹੁੰਦੀ ਸਾਂ। ਕੈਸੀਆਂ ਕੈਸੀਆਂ ਮਹਾਨ ਗੱਲਾਂ ਦੱਸੀਆਂ ਨੇ ਸਵਾਮੀ ਪਰਮਾਨੰਦ ਨੇ, ਪਰ ਇਸ ਬੁੱਢੇ ਨੇ ਮੂਡ ਚੌਪਟ ਕਰ ਦਿੱਤਾ।”
ਨੀਵੀਂ ਪਾ ਕੇ ਦਫ਼ਤਰ ਜਾਣ ਲਈ ਗੱਡੀ ਵਿਚ ਜਾ ਬੈਠੇ ਸਨ। ਲੱਗਿਆ ਸੀ, ਉਹਨਾਂ ਦਾ ਯੁਧਿਸ਼ਠਰ ਅੱਧਾ ਝੂਠ ਬੋਲ ਗਿਆ ਸੀ—“ਅਸ਼ਵਥਾਮਾ ਹਤਾ!”
ਦਫ਼ਤਰ ਵਿਚ ਪਹੁੰਚ ਕੇ ਕਿਰਨ ਕੁਮਾਰ ਸਭ ਕੁਝ ਭੁੱਲ ਗਏ। ਲੋਕਾਂ ਦੀਆਂ ਸ਼ਿਕਾਇਤਾਂ ਨਾਲੋਂ ਵੱਧ ਫ਼ੋਨ ਮੰਤਰੀਆਂ ਤੇ ਅਸੈਂਬਲੀ ਮੈਂਬਰਾਂ ਦੇ ਸਨ।...ਆਦੇਸ਼! ਪੂਰੀ ਪੁਲਿਸ ਫੋਰਸ ਉਹਨਾਂ ਦੇ ਜਲੂਸਾਂ ਤੇ ਸੁਰੱਖਿਆ ਲਈ ਤੈਨਾਤ ਹੁੰਦੀ ਹੈ...ਤੇ ਬਾਕੀ ਸ਼ਹਿਰ ਦਾ, ਅੱਲਾ-ਬੇਲੀ। ਕਿਰਨ ਕੁਮਾਰ ਨੂੰ ਲੱਗਿਆ—ਪੂਰਾ ਸ਼ਹਿਰ ਸੈਂਕੜੇ ਨਹੂਸ਼ਾਂ (ਦਰਿੰਦਿਆਂ) ਨਾਲ ਭਰ ਗਿਆ ਹੈ ਜਿਹੜੇ ਸੱਤਾ ਦੇ ਨਸ਼ੇ ਵਿਚ ਆਦਮੀ ਨੂੰ ਚੀਰ ਕੇ ਉਸਦਾ ਲਹੂ ਸ਼ਰਾਬ ਦੇ ਰੂਪ ਵਿਚ ਪੀ ਰਹੇ ਨੇ। ਇਸ ਹਾਲਤ ਵਿਚ ਪ੍ਰੋ. ਕੁਨਾਲ ਵਰਗੇ 'ਕੱਲੇ-'ਕਹਿਰੇ ਆਦਮੀ ਨੂੰ ਬ੍ਰਿਹਸਪਤੀ ਵਾਂਗ ਪਾਲਕੀ ਦਾ ਕੁਹਾਰ ਤਾਂ ਬਣਨਾ ਹੀ ਪਏਗਾ...ਸ਼ਚੀ ਨੂੰ ਸਹਿਣਾ ਹੀ ਪਏਗਾ—ਬਲਾਤਕਾਰ।
ਰਾਤ ਬੇਚੈਨੀ ਵਿਚ ਬੀਤੀ। ਵਾਰੀ ਵਾਰੀ ਸੁਪ੍ਰੀਤਾ ਦਾ ਖੁੱਥੜ ਸਰੀਰ ਪੀੜ ਵੱਸ ਛਟਪਟਾਉਂਦਾ, ਚੀਕਦਾ ਦਿਖਾਈ ਦਿੱਤਾ। ਦੋ ਹੱਡੀਆਂ ਦੇ ਪਿੰਜਰ ਹੱਥ ਉਤਾਂਹ ਚੁੱਕੀ ਇਨਸਾਨੀ ਆਵਾਜ਼ ਵਿਚ ਰੋਂਦੇ ਦਿਖਾਈ ਦਿੱਤੇ। ਚਾਰੇ ਪਾਸੇ ਇੱਲਾਂ, ਕਾਂ ਤੇ ਗਿਰਝਾਂ ਉੱਡਦੀਆਂ ਦਿਖਾਈ ਦਿੱਤੀਆਂ। ਮਹਿਸੂਸ ਹੁੰਦਾ ਰਿਹਾ ਕਿ ਆਦਮੀ ਸਿਰਫ ਮੌਤ ਹੈ ਜਾਂ ਮੌਤ ਦਾ ਮਸੀਹਾ—ਅਸਲੀ ਆਦਮੀ ਨਹੀਂ। ਸਮਗਲਰ, ਗੁੰਡੇ, ਕਾਲਾ ਬਾਜ਼ਾਰੀਏ ਤੇ ਚੋਰ ਡਾਕੂਆਂ ਦੇ ਠਹਾਕੇ ਕੰਨਾਂ ਵਿਚ ਲੋਹਾਂ ਪਿਘਲਾਂਦੇ ਰਹੇ। ਮਹਿਸੂਸ ਹੁੰਦਾ ਰਿਹਾ ਕਿ ਗੁੰਡਾਗਰਦੀ ਦੇ ਚਕਰਵਿਊਹਾਂ ਨੂੰ ਤੋੜਨ ਲਈ ਅੱਜ ਇਕ ਵੀ ਅਭਿਮੰਨਿਊ ਨਜ਼ਰ ਨਹੀਂ ਆ ਰਿਹਾ।
ਸਵੇਰੇ ਉਠਦਿਆਂ ਹੀ ਇਕ ਦਿੜ੍ਹਤਾ ਕਿਰਨ ਕੁਮਾਰ ਦੇ ਮਨ ਨੇ ਫੜ੍ਹ ਲਈ। ਸਹੂਰਾ ਸਾਹਬ ਦੇ ਆਖੇ ਸ਼ਬਦ ਯਾਦ ਆਏ...ਤੁਸੀਂ ਕੀ ਕਰ ਸਕਦੇ ਓ? ਬਸ, ਪੈਸੇ ਦੀ ਮਦਦ ਕਰ ਦਿਓ। ਇਕ ਹਲਕਾ ਜਿਹਾ ਚੈਨ ਰਗ ਰਗ ਨੂੰ ਪਲੋਸਣ ਲੱਗਾ।
ਬਰੀਫ਼ ਕੇਸ ਵਿਚ ਦਸ ਹਜ਼ਾਰ ਦੇ ਨੋਟ ਪਾ ਕੇ ਕਾਰ ਵਲ ਵਧੇ। ਸੁਨੈਣਾ ਨੇ ਰਸਤਾ ਰੋਕ ਲਿਆ—“ਜਲਦੀ ਆਉਣਾ! ਤੁਹਾਨੂੰ ਨਾਸ਼ਤਾ ਕਰਵਾ ਕੇ ਸਪਰਿਚੂਅਲ ਕਲਾਸ ਵਿਚ ਜਾਣਾ ਏਂ। ਸੰਡੇ ਨੂੰ ਤੁਹਾਨੂੰ ਵੀ ਲੈ ਜਾਵਾਂਗੀ...ਇਕ ਨਹੀਂ ਸੁਣਾਗੀ। ਕਹਿੰਦੇ ਨੇ ਕਿ ਕਈਆਂ ਦਾ ਕਲਿਆਨ ਕਰ ਦਿੱਤਾ ਏ ਸਵਾਮੀ ਜੀ ਨੇ। ਅਨੰਤ ਤੇ ਅਜਰ ਸ਼ਕਤੀ ਪੁੰਜ ਨੇ ਸਵਾਮੀ ਜੀ।”
ਅੰਦਰੋਂ ਬਾਹਰ ਵੱਲ ਆ ਰਹੇ ਲੰਮੇ ਵਰਾਂਡੇ ਵਿਚ ਨਿਗਾਹ ਮਾਰਦੇ ਨੇ ਕਿਰਨ ਕੁਮਾਰ—ਰਾਮ ਕ੍ਰਿਸ਼ਨ, ਗੌਤਮ ਬੁੱਧ, ਸਵਾਮੀ ਦਯਾ ਨੰਦ ਦੀਆਂ ਨਵੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਅਧਿਆਤਮ ਕਾ ਭੁਤ ਸਵਾਰ ਹੋਇਆ ਹੋਇਆ ਏ ਸੁਨੈਣਾ ਉਪਰ; ਸਮਝ ਜਾਂਦੇ ਨੇ। ਪਰ ਇਹ ਅਧਿਆਤਮ ਹੈ ਜਾਂ ਫੈਸ਼ਨ? ਅਧਿਆਤਮ ਤਾਂ ਵੈਰਾਗ ਹੈ, ਕਰੂਣਾ ਸੇਵਾ ਤੇ ਭਗਤੀ ਹੈ। ਕੀ ਕਰਮਯੋਗ, ਧਰਮਯੋਗ, ਗਿਆਨਯੋਗ ਹੁਣ ਏ.ਸੀ. ਕਮਰਿਆਂ ਦੇ ਮੁਥਾਜ ਹੋ ਗਏ ਨੇ? ਇਕ ਵਿਅੰਗਮਈ ਗੁੱਝਾ ਹਾਸਾ ਹਸਦੇ ਨੇ। ਮਹਿਸੂਸ ਹੁੰਦਾ ਹੈ—ਘਰ ਹੋਵੇ ਜਾਂ ਦਫ਼ਤਰ, ਉਹਨਾਂ ਦਾ ਵਿਅਕਤੀਤਵ ਇਕ ਕਠਪੁਤਲੀ-ਵਿਅਕਤੀਤਵ ਹੈ।
ਗੱਡੀ ਅਰਸੇ ਬਾਅਦ ਉਹਨਾਂ ਰਸਤਿਆਂ ਉੱਤੇ ਦੌੜਾ ਦੇਂਦੇ ਨੇ ਜਿਹਨਾਂ ਉਪਰੋਂ ਕਦੀ ਰੋਜ਼ ਪੈਦਲ ਲੰਘਦੇ ਸਨ। ਵਿੰਡ ਸਕਰੀਨ ਨੂੰ ਵਾਰੀ-ਵਾਰੀ ਠੰਡ ਦੀ ਸਵੇਰ ਦਾ ਕੋਹਰਾ ਕਥਈ ਕਰ ਦੇਂਦਾ ਹੈ। ਹਵਾ ਸੀਟੀਆਂ ਮਾਰਦੀ ਲੱਗਦੀ ਹੈ। ਗੇਂਦਾ ਸਿੰਘ ਤ੍ਰਬਕ ਕੇ ਸਪੀਡ ਹੌਲੀ ਕਰਦੇ ਨੇ...ਯਾਦਆਸ਼ਤ 'ਤੇ ਜ਼ੋਰ ਦੇ ਕੇ ਸੱਜੇ ਮੁੜ ਜਾਂਦੇ ਨੇ। ਬਿਨਾਂ ਪਲਸਤਰ ਕੀਤੀ ਕੋਠੀ ਦਾ ਦ੍ਰਿਸ਼ ਉਭਰਦਾ ਹੈ—ਮਕਾਨ ਤਾਂ ਬਣਵਾ ਲਿਆ ਸੀ ਪਰ ਸੀਮਿੰਟ ਦਾ ਜੁਗਾੜ ਨਹੀਂ ਸੀ ਕਰ ਸਕੇ ਪ੍ਰੋਫ਼ੈਸਰ ਕੁਨਾਲ। ਲੱਗਿਆ ਹੁਣ ਤਾਂ ਇੱਟਾਂ ਵੀ ਉਖੜ ਗਈਆਂ ਹੋਣਗੀਆਂ। ਗਲੀ ਦੇ ਮੋੜ ਕੋਲ ਗੱਡੀ ਛੱਡ ਕੇ ਪੈਦਲ ਹੀ ਤੁਰ ਪੈਂਦੇ ਨੇ। ਗਲੀ ਇਕ ਮੈਦਾਨ ਵਿਚ ਜਾ ਖੁੱਲ੍ਹਦੀ ਹੈ...ਅਟਕ ਜਾਂਦੇ ਨੇ ਪੈਰ...ਇਕ ਮੰਜਿਲਾ ਕੋਠੀ ਲਗਭਗ ਪੂਰੀ ਸੜ ਚੁੱਕੀ ਹੈ। ਭੀੜ ਵਿਚੋਂ ਕੋਈ ਦਸਦਾ ਹੈ—“ਕੁਲ ਤਿੰਨ ਜਣੇ ਰਹਿੰਦੇ ਸੀ। ਹੁਣ ਤਾਂ ਸੜ-ਭੁੱਜ ਚੁੱਕੇ ਹੋਣਗੇ। ਛੇ ਵਜੇ ਫ਼ੋਨ ਕੀਤਾ ਸੀ, ਫਾਇਰ ਬ੍ਰਿਗੇਡ ਨੂੰ।” ਕਿਰਨ ਕੁਮਾਰ ਘੜੀ ਦੇਖਦੇ ਨੇ—ਪੌਣੇ ਸਤ ਵੱਜੇ ਨੇ। ਅੱਗੇ ਵਧਦੇ ਨੇ। ਭੀੜ ਨੂੰ ਦੂਰ ਰੱਖਣ ਵਿਚ ਰੁੱਝੇ ਹੋਏ ਨੇ, ਦੋ ਸਿਪਾਹੀ। ਕਿਰਨ ਕੁਮਾਰ ਭੀੜ ਤੋਂ ਰਤਾ ਅੱਗੇ ਹੁੰਦੇ ਨੇ ਤਾਂ ਝਾੜ ਦੇਂਦਾ ਹੈ ਇਕ ਪੁਲਿਸ ਵਾਲਾ—“ਮੁੜ ਪਿੱਛੇ ਓਇ! ਕਿਧਰ ਬੂਥਾ ਚੁੱਕਿਐ...”
ਥਾਵੇਂ ਗੱਡੇ ਜਾਂਦੇ ਨੇ ਕਿਰਨ ਕੁਮਾਰ। ਭੀੜ ਉਹਨਾਂ 'ਤੇ ਹੱਸਦੀ ਹੈ।
ਸਿਪਾਹੀ ਦੀ ਬਾਂਹ ਫੜ੍ਹ ਲੈਂਦੇ ਨੇ—“ਮੈਂ ਕਿਰਨ ਕੁਮਾਰ ਸੀ.ਪੀ. ਆਂ।”
ਬੋਲਤੀ ਬੰਦ ਹੋ ਜਾਂਦੀ ਏ ਸਿਪਾਹੀ ਦੀ। ਸਿੱਧਾ ਪੈਂਰਾਂ 'ਤੇ ਡਿੱਗ ਪੈਂਦਾ ਹੈ। ਦੂਜਾ ਸਿਪਾਹੀ ਦੌੜਿਆ ਆਉਂਦਾ ਹੈ। ਗੁੱਸੇ ਨੂੰ ਪੀ ਕੇ ਆਦੇਸ਼ ਦੇਂਦੇ ਨੇ, ਕਿਰਨ ਕੁਮਾਰ। ਦੂਜਾ ਸਿਪਾਈ ਐਸ.ਐਚ.ਓ. ਤੇ ਫਾਇਰ ਬ੍ਰਿਗੇਡ ਨੂੰ ਫ਼ੋਨ ਕਰਨ ਲਈ ਨੱਸ ਜਾਂਦਾ ਹੈ। ਪੰਜਾਂ ਮਿੰਟਾਂ ਵਿਚ ਪੂਰੀ ਫੋਰਸ ਪਹੁੰਚ ਜਾਂਦੀ ਹੈ। ਕਿਰਨ ਕੁਮਾਰ ਮਹਿਸੂਸ ਕਰਦੇ ਨੇ ਕਿ ਪੁਲਿਸ ਤੇ ਜਨ ਸੇਵਾਵਾਂ ਸਮਾਜ ਲਈ ਨਹੀਂ—ਉਹ ਵਿਅਕਤੀ ਲਈ ਨੇ। ਪੈਸੇ ਤੇ ਅਹੂਦੇ ਲਈ ਨੇ। ਆਪਣੇ ਆਪ ਉੱਤੇ ਸ਼ਰਮ ਮਹਿਸੂਸ ਕਰਦੇ ਨੇ। ਲੱਗਦਾ ਹੈ ਪੂਰਾ ਮੁਲਕ ਵਹਿਸ਼ੀਆਂ ਦੀਆਂ ਇੱਛਾਵਾਂ ਸਾਹਮਣੇ ਮਜ਼ਬੂਰ ਹੈ।
ਬੁਝੀ ਹੋਈ ਅੱਗ ਵਿਚੋਂ ਤਿੰਨ ਸੜੀਆਂ ਹੋਈਆਂ ਲਾਸ਼ਾ ਲੈ ਆਉਂਦੇ ਨੇ ਫਾਇਰ ਬ੍ਰਿਗੇਡ ਵਾਲੇ...ਕਿਰਨ ਕੁਮਾਰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ। ਮਹਿਸੂਸ ਕਰਦੇ ਨੇ ਕਿ ਪਛਾਣ ਦਾ ਹਰੇਕ ਚਿੰਨ੍ਹ ਸੜ ਗਿਆ ਹੈ। ਐਸ.ਐਚ.ਓ. ਉਤੇ ਹਿਰਖ ਜਾਂਦੇ ਨੇ ਕਿਰਨ ਕੁਮਾਰ—“ਇਹੀ ਤੁਹਾਡਾ ਪਹਿਰਾ ਏ? ਮਕਾਨ ਸੜ ਗਿਆ ਤੇ ਪਤਾ ਈ ਨਹੀਂ ਲੱਗਿਆ।”
ਭੀੜ ਵਿਚੋਂ ਕੋਈ ਕਹਿੰਦਾ ਹੈ—“ਝੁੱਗੀਆਂ ਝੌਂਪੜੀਆਂ ਹੁੰਦੀਆਂ ਤਾਂ ਪਤਾ ਲੱਗ ਜਾਂਦਾ। ਏਥੇ ਤਾਂ ਸਾਰੇ ਰਜਾਈਆਂ 'ਚ ਮੂੰਹ ਲਕੋ ਕੇ ਸੁੱਤੇ ਹੁੰਦੇ ਨੇ।”
ਕਿਰਨ ਕੁਮਾਰ ਨੂੰ ਯਾਦ ਆਇਆ—ਬੜੇ ਅਰਮਾਨ ਨਾਲ ਕਾਲੋਨੀ ਵਿਚ ਮਕਾਨ ਬਣਵਾਇਆ ਸੀ ਪ੍ਰੋਫ਼ੈਸਰ ਨੇ। ਮਨ ਵਿਚ ਪ੍ਰਸ਼ਨ ਉਠਿਆ—ਅੱਗ ਲੱਗੀ ਜਾਂ ਲਗਵਾਈ ਗਈ?
ਐਸ.ਐਚ.ਓ. ਨੂੰ ਸਖ਼ਤ ਹਦਾਇਤਾਂ ਦੇਂਦੇ ਨੇ ਕਿਰਨ ਕੁਮਾਰ। ਕਾਰ ਦਾ ਬੂਹਾ ਖੋਲਦੇ ਨੇ ਤਾਂ ਬਰੀਫ਼ਕੇਸ ਸਾਹਮਣੇ ਦਿਖਾਈ ਦੇਂਦਾ ਹੈ। ਮਹਿਸੂਸ ਹੁੰਦਾ ਹੈ ਪ੍ਰੋ. ਕੁਨਾਲ ਦਾ ਕਰਜਾ ਸਿਰ ਹੀ ਰਹਿ ਗਿਆ। ਇਕ ਅੱਥਰੂ ਪਲਕਾਂ 'ਤੇ ਆਉਂਦਾ ਆਉਂਦਾ ਰੁਕ ਜਾਂਦਾ ਹੈ।
ਕਾਰ ਚੁਰਾਹੇ ਤੋਂ ਚੌੜੀ ਸੜਕ ਉੱਤੇ ਦੌੜਨ ਲੱਗਦੀ ਹੈ—ਲੱਗਦਾ ਹੈ, ਸਿਰ ਹੌਲਾ ਹੋ ਗਿਆ; ਹਰ ਸਬੂਤ ਮਿਟ ਗਿਆ। ਸਾਰੀਆਂ ਸ਼ਿਕਾਇਤਾਂ ਮੁੱਕ ਗਈਆਂ। ਹੁਣ ਕੌਣ ਉਹਨਾਂ ਨੂੰ ਦੋਸ਼ੀ ਠਹਿਰਾਏਗਾ? ਜਮੀਰ ਦੀ ਗੱਲ ਕੌਣ ਸੁਣਦਾ ਹੈ? ਵਾਦੀ ਹੀ ਨਹੀਂ ਰਿਹਾ ਤਾਂ ਪ੍ਰਤੀਵਾਦੀ ਨੂੰ ਕਿਉਂ ਲੱਭਣ ਜਾਈਏ? ਉਹ ਜਿਵੇਂ ਫ਼ਰਜ਼ ਦੇ ਭਾਰ ਤੋਂ ਮੁਕਤ ਹੋ ਗਏ।
ਅਚਾਨਕ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਲਾਜ਼ਮੀ ਇਸ ਅੱਗ ਪਿੱਛੇ ਵੀ ਨਰਮਦਾ ਦਾ ਹੱਥ ਹੈ। ਪ੍ਰੋ. ਨੂੰ ਖ਼ਤਮ ਕਰਕੇ ਉਹ ਉਹਨਾਂ 'ਤੇ ਹੱਥ ਪਾਵੇਗਾ। ਸੜਕ ਦੇ ਗੁੰਡੇ ਨਾਲ ਨਿਬੜਿਆ ਜਾ ਸਕਦਾ ਹੈ ਪਰ ਇਹਨਾਂ ਨੇਤਾਵਾਂ ਦੀ ਗੁੰਡਾਗਰਦੀ ਦਾ ਕੋਈ ਇਲਾਜ਼ ਨਹੀਂ। ਹਰ ਗਲੀ ਵਿਚ ਇਹਨਾਂ ਦੇ ਗੁੰਡਿਆਂ ਤੇ ਗੁਰਗਿਆਂ ਦਾ ਰਾਜ ਹੈ। ਛੱਡੇ ਜੀ, ਪੁਲਿਸ ਕਮਿਸ਼ਨਰ ਨੂੰ ਕੌਣ ਹੱਥ ਪਾਵੇਗਾ?...ਹੌਸਲਾ ਵਧਾਉ ਇਹ ਵਿਚਾਰ ਵੀ ਉਹਨਾਂ ਨੂੰ ਤੱਸਲੀ ਨਹੀਂ ਦੇ ਸਕਿਆ।
ਗੱਡੀ 'ਚੋਂ ਉਤਰ ਕੇ ਯੂਨੀਫਾਰਮ ਪਾਉਣ ਲਈ ਅੰਦਰ ਜਾਂਦੇ ਨੇ। ਗ੍ਰਹਿਮੰਤਰੀ, ਸੀ.ਐਮ. ਨੂੰ ਮਿਲਣਾ ਪਏਗਾ; ਹਰ ਗੱਲ ਦੱਸਣੀ ਪਏਗੀ। ਹੋਰ ਨਹੀਂ ਤਾਂ ਤਬਾਦਲਾ ਤਾਂ ਹੋ ਹੀ ਜਾਏਗਾ। ਨਰਮਦਾ ਤੋਂ ਬਚਣਾ ਏਂ...ਸ਼ੀਸ਼ੇ ਸਾਹਮਣੇ ਕੰਘੀ ਕਰਦੇ ਹੋਏ ਮਹਿਸੂਸ ਕਰਦੇ ਨੇ ਕਿ ਇਕ ਨੇਤਾ ਦਾ ਗੁਰੀਲਾ ਰੂਪ ਉਹਨਾਂ ਦੀ ਗਰਦਨ ਫੜ੍ਹਨ ਲਈ ਬਿਲਕੁਲ ਨੇੜੇ ਆ ਗਿਆ ਹੈ। ਫੁਰਤੀ ਨਾਲ ਮੁੜਦੇ ਨੇ। ਪਿੱਛੇ ਸੁਨੈਣਾ ਖੜ੍ਹੀ ਸੀ।
ਸੁਨੈਣਾ ਹੱਸਦੀ ਹੈ—“ਡਰ ਗਏ?”
“ਹਾਂ...” ਕਿਰਨ ਕੁਮਾਰ ਕੰਘੀ ਕਰਦੇ ਹੋਏ ਕਹਿੰਦੇ ਨੇ।
“ਏਨੀ ਜਲਦੀ ਤਿਆਰ ਹੋ ਗਏ...ਅਜੇ ਤਾਂ ਨਾਸ਼ਤਾ ਵੀ ਨਹੀਂ ਬਣਿਆ।”
“ਮੈਂ ਆਫ਼ਿਸ 'ਚ ਮੰਗਾਅ ਲਵਾਂਗਾ।” ਫੇਰ ਕੁਛ ਸੋਚ ਕੇ ਕਹਿੰਦੇ ਨੇ—“ਅੱਜ ਸਵਾਮੀ ਜੀ ਵੱਲ ਨਾ ਜਾਵੀਂ।”
“ਕਿਉਂ?” ਚੈਹਕਦੀ ਹੈ ਸੁਨੈਣਾ।
“ਕੁਛ ਗੜਬੜ ਹੈ...” ਕਹਿੰਦੇ ਹੋਏ ਬਾਹਰ ਨਿਕਲਦੇ ਨੇ।
ਡਰਾਈਵਰ ਨੂੰ ਕਾਰ ਗ੍ਰਹਿਮੰਤਰੀ ਦੇ ਬੰਗਲੇ 'ਤੇ ਲਿਜਾਣ ਲਈ ਕਹਿੰਦੇ ਨੇ। ਸੜਕ ਉੱਤੇ ਖਾਸੀ ਭੀੜ ਹੋ ਗਈ ਹੈ। ਗੱਡੀ ਭੀੜ ਵਾਲੀਆਂ ਸੜਕਾਂ ਨੂੰ ਛੱਡ ਕੇ ਸਾਫ ਸੁਥਰੀ ਖ਼ਾਲੀ ਸੜਕ ਉੱਤੇ ਆ ਜਾਂਦੀ ਹੈ। ਅਚਾਨਕ ਇਕ ਪੱਕੀ ਉਮਰ ਦੇ ਆਦਮੀ ਪਿੱਛੇ ਸੱਤ ਅੱਠ ਆਦਮੀ ਦੌੜਦੇ ਹੋਏ ਦਿਖਾਈ ਦੇਂਦੇ ਨੇ। ਡਰਾਈਵਰ ਕਾਰ ਰੋਕ ਲੈਂਦਾ ਹੈ। ਨੇੜਿਓਂ ਲੱਗਦੇ ਉਸ ਆਦਮੀ ਨੂੰ ਬਾਹਾਂ ਵਿਚ ਜਕੜ ਲੈਂਦਾ ਹੈ। ਪਿੱਛੇ ਦੌੜਦੇ ਲੋਕ ਉਸਨੂੰ ਕੁੱਟ-ਮਾਰ ਕਰਨੀ ਚਾਹੁੰਦੇ ਨੇ ਪਰ ਕਿਰਨ ਕੁਮਾਰ ਰੋਕ ਦੇਂਦੇ ਨੇ। ਉਹਨਾਂ ਲੋਕਾਂ ਵਿਚੋਂ ਇਕ ਆਦਮੀ ਪਛਾਣ ਲੈਂਦਾ ਹੈ, ਉਹਨਾਂ ਨੂੰ। ਪੱਕੀ ਉਮਰ ਦਾ ਆਦਮੀ ਭੱਜਣ ਦੀ ਕੋਸ਼ਿਸ਼ ਨਹੀਂ ਕਰਦਾ।
ਜੋਸ਼ ਵਿਚ ਭਰੇ ਲੋਕ ਕਹਿੰਦੇ ਨੇ—“ਨਰਮਦਾ ਸਿੰਘ ਦਾ ਕਤਲ ਕੀਤਾ ਏ ਇਸ ਨੇ, ਅਸੀਂ ਇਹਨੂੰ ਜਾਨੋਂ ਮਾਰ ਦਿਆਂਗੇ।”
ਠਠੰਬਰ ਜਾਂਦੇ ਨੇ ਕਿਰਨ ਕੁਮਾਰ—ਕੀ ਇਹ ਸੰਭਵ ਹੈ? ਕਿਧਰੋਂ ਆ ਗਿਆ ਇਹ ਅਭਿਮੰਨਿਊ?
ਪੁੱਛਦੇ ਨੇ ਉਸਨੂੰ—“ਤੂੰ ਕਤਲ ਕੀਤਾ ਏ?”
“ਕੀਤਾ ਐ! ਮੈਨੂੰ ਪੁਲਿਸ ਥਾਨੇ ਲੈ ਚੱਲੋ।” ਬਿਨਾਂ ਸਿਰ ਝੁਕਾਇਆਂ ਕਹਿੰਦਾ ਹੈ ਉਹ ਬੁੱਢਾ...ਇਹੀ ਕੋਈ ਪੰਤਾਰੀ-ਪੰਜਾਹ ਸਾਲ ਦਾ ਹੋਵੇਗਾ। ਉਸਦੀਆਂ ਅੱਖਾਂ ਵਿਚ ਨਫ਼ਰਤ ਦੀ ਅੱਗ ਹੈ। ਵੱਡੇ ਸਾਰੇ ਬੰਗਲੇ ਵਿਚ ਘੁਸਦੇ ਨੇ ਉਹ ਸਾਰੇ...ਅਪਰਾਧੀ ਵੀ। ਕਿਰਨ ਕੁਮਾਰ ਕੁਛ ਸੋਚਦੇ ਨੇ—ਜ਼ਰੂਰ ਕੋਈ ਕਰਾਂਤੀਕਾਰੀ ਹੋਵੇਗਾ। ਨਕਸਲਾਈਟ!
ਵਰਾਂਡੇ ਵਿਚ ਰੱਸੀ ਨਾਲ ਬੰਨ੍ਹ ਕੇ ਬਿਠਾਅ ਦਿੱਤਾ ਜਾਂਦਾ ਹੈ ਉਸਨੂੰ। ਕਿਰਨ ਕੁਮਾਰ ਲਾਸ਼ ਦਾ ਮੁਆਇਆਨਾ ਕਰਦੇ ਨੇ—ਬਗ਼ੀਚੇ ਵਿਚ ਬੈਠਾ ਚਾਹ ਪੀ ਰਿਹਾ ਸੀ ਨਰਮਦਾ; ਇਸਨੇ ਪਿੱਛੋਂ ਆ ਕੇ ਗਰਦਨ 'ਤੇ ਗੰਡਾਸੀ ਵਾਹ ਦਿੱਤੀ। ਕਿਰਨ ਕੁਮਾਰ ਦੇਖਦੇ ਨੇ...ਜਿਸਮ ਨਾਲ ਸਿਰਫ ਇਕ ਮਾਸ ਦੇ ਲੋਥੜੇ ਨਾਲ ਲਟਕ ਰਹੇ ਉਸ ਸਿਰ ਨੂੰ; ਹੁਣ ਧੜ ਨਾਲ ਉਸਦਾ ਕੋਈ ਸਰੋਕਾਰ ਨਹੀਂ ਸੀ ਜਾਪ ਰਿਹਾ—ਕਦੀ ਇਹ ਸਿਰ ਇਸ ਧੜ ਦੀਆਂ ਜ਼ਰੂਰਤਾਂ ਲਈ ਡੂੰਘੇ ਪੜਯੰਤਰ ਰਚਦਾ ਹੋਵੇਗਾ...ਤੇ ਅੱਜ?
ਮੰਤਰੀ ਨੂੰ ਹੌਸਲਾ ਦੇਂਦੇ ਨੇ ਕਿਰਨ ਕੁਮਾਰ। ਉੱਚੀ-ਉੱਚੀ ਰੋਣ ਲੱਗਦੇ ਨੇ ਮੰਤਰੀ ਜੀ—“ਕੀ ਵਿਗਾੜਿਆ ਸੀ ਮੇਰੇ ਨਰਮਦਾ ਨੇ ਕਿਸੇ ਦਾ?” ਦੂਜਿਆਂ ਨੂੰ ਕੀੜੇ-ਮਕੌੜੇ ਸਮਝਣ ਵਾਲੇ ਮੰਤਰੀ ਜੀ ਨੇ ਅੱਜ ਆਪਣਾ ਲਹੂ ਪਹਿਲੀ ਵਾਰੀ ਵਹਿੰਦਾ ਜੋ ਵੇਖਿਆ ਸੀ।
ਇਕ ਨਜ਼ਰ ਸ਼ਾਨਦਾਰ ਬੰਗਲੇ 'ਤੇ ਮਾਰਦੇ ਨੇ ਕਿਰਨ ਕੁਮਾਰ। ਯਾਦ ਆਉਂਦਾ ਹੈ—ਪੂਰੀ ਅਸ਼ੋਕ ਨਗਰ ਕਾਲੋਨੀ ਦੇ ਮਾਲਕ ਨੇ। ਕਦੀ ਮਾਮੂਲੀ ਮਾਸਟਰ ਸਨ। ਦਸ ਪੰਦਰਾਂ ਸਾਲ ਵਿਚ ਕਿੱਥੋਂ ਕਿੱਥੇ ਪਹੁੰਚ ਗਏ।
ਧੂੜ ਉਡਾਉਂਦੀਆਂ ਹੋਈਆਂ ਪੁਲਿਸ ਦੀਆਂ ਜੀਪਾਂ ਆ ਜਾਂਦੀਆਂ ਨੇ—ਨਾਲ ਸਿਪਾਹੀਆਂ ਨਾਲ ਭਰਿਆ ਟੱਰਕ ਹੈ।
ਡੀ.ਐਸ.ਪੀ ਪੁੱਛਦੇ ਨੇ—“ਤੇਰਾ ਨਾਂਅ ਕੀ ਏ?”
“ਰਤੋਰੀ।”
“ਤੂੰ ਕਿਉਂ ਮਾਰਿਆ ਏ, ਇਹਨਾਂ ਨੂੰ?”
“ਈਹਨੇ ਕਈਆਂ ਨੂੰ ਮਾਰਿਆ ਸੀ।” ਬਿਨਾਂ ਕਿਸੇ ਘਬਰਾਹਟ ਦੇ ਕਹਿੰਦਾ ਹੈ ਰਜੋਰੀ।
“ਕਿਸ ਨੂੰ ਮਾਰਿਆ ਸੀ ਇਹਨਾਂ ਨੇ?” ਦਰੋਗਾ ਪੁੱਛਦਾ ਹੈ।
“ਸੁਪ੍ਰੀਤਾ ਬੇਟੀ ਦੀ ਇੱਜ਼ਤ ਲੁੱਟੀ, ਅਚਲ ਬਾਬੂ ਨੂੰ ਫਾਹਾ ਲਾ ਦਿੱਤਾ ਤੇ ਕੱਲ੍ਹ ਵੱਡੇ ਬਾਬੂ ਪੁਲਿਸ ਦਫ਼ਤਰ ਗਏ ਸੀ ਤਾਂ ਘਰ ਈ ਸਾੜ ਦਿੱਤਾ!” ਰਤੋਰੀ ਕਹਿੰਦਾ ਹੈ।
ਤ੍ਰਬਕ ਜਾਂਦੇ ਨੇ ਕਿਰਨ ਕੁਮਾਰ। ਅੱਖਾਂ ਸਾਹਵੇਂ ਵੀਹ ਸਾਲ ਪੁਰਾਣਾ ਪ੍ਰੋ. ਕੁਨਾਲ ਦੇ ਨੌਕਰ ਦਾ ਜਵਾਨ ਚਿਹਰਾ ਉਭਰ ਆਉਂਦਾ ਹੈ—“ਓਅ!” ਮੂੰਹੋਂ ਨਿਕਲਦਾ ਹੈ ਕਿ ਉਸਦਾ ਕਰਜਾ ਇਸ ਗਰੀਬ ਆਦਮੀ ਨੇ ਲਾਹਿਆ ਏ। ਰਜੋਰੀ ਨਹੀਂ, ਉਹਨਾਂ ਦਾ ਅਨੁਪੂਰਕ ਹੈ ਇਹ...ਅਭਿਮੰਨਿਊ ਹੈ।
ਡੀ.ਐਸ.ਪੀ. ਫੇਰ ਹੱਥ ਚੁੱਕਦਾ ਹੈ, ਪਰ ਕਿਰਨ ਕੁਮਾਰ ਰੋਕ ਦੇਂਦੇ ਨੇ। ਕਹਿੰਦੇ ਨੇ—“ਜੁਰਮ ਦਾ ਇਕਬਾਲ ਕਰ ਰਿਹੈ, ਹਵਾਲਾਤ ਭੇਜ ਦਿਓ!...”
ਕੋਠੀ ਵਿਚ ਭੀੜ ਵਧਦੀ ਜਾ ਰਹੀ ਹੈ। ਕਿਰਨ ਕੁਮਾਰ ਡੀ.ਐਸ.ਪੀ. ਨੂੰ ਸੁਰੱਖਿਆ ਮਜ਼ਬੂਤ ਕਰਨ ਦੇ ਹੁਕਮ ਦੇਂਦੇ ਨੇ। ਪੁਲਿਸ ਆਪਣੀ ਕਰਵਾਈ ਕਰਦੀ ਰਹਿੰਦੀ ਹੈ...ਫੋਟੋ ਖਿੱਚੇ ਜਾਂਦੇ ਨੇ। ਪ੍ਰੈਸ ਰਿਪੋਰਟਰ ਅਨੇਕਾਂ ਸਵਾਲ ਕਰਦੇ ਨੇ ਰਜੋਰੀ ਨੂੰ; ਮੰਤਰੀ ਨੂੰ। ਇਕ ਅਖ਼ਬਾਰ ਵਾਲਾ ਰਜੋਰੀ ਤੋਂ ਪੁੱਛਦਾ ਹੈ—“ਅੰਦਰ ਕਿੰਜ ਆਏ ਤੁਸੀਂ?”
“ਔਹ, ਉਪਰ ਵਾਲੇ ਦੀ ਮਰਜ਼ੀ ਨਾਲ!” ਰਜੋਰੀ ਉਪਰ ਵੱਲ ਦੇਖਦਾ ਹੈ।
“ਕਤਲ ਕਰਕੇ ਕੀ ਮਿਲਿਆ ਤੁਹਾਨੂੰ?” ਰਿਪੋਰਟਰ ਪੁੱਛਦਾ ਹੈ।
“ਪਾਪੀ ਨੂੰ ਮਾਰਨ ਨਾਲ ਕੀ ਮਿਲਦਾ ਐ?” ਰਜੋਰੀ ਉਸੇ ਨੂੰ ਪੁੱਛਦਾ ਹੈ।
ਮੂੰਹ ਵੱਲ ਦੇਖਦਾ ਰਹਿ ਜਾਂਦਾ ਹੈ ਪ੍ਰੈਸ ਰਿਪੋਰਟਰ। ਸ਼ਾਇਦ ਨਿਸ਼ਕਾਮ ਕਰਮ ਦੇ ਅਰਥ ਪਹਿਲੀ ਵਾਰੀ ਸੰਜੀਵ ਦੇਖ ਰਿਹਾ ਸੀ।
ਕਿਰਨ ਕੁਮਾਰ ਆਪਣੇ ਅੰਦਰ ਬਿਜਲੀ ਦੀ ਲਿਸ਼ਕ ਮਹਿਸੂਸ ਕਰਦੇ ਨੇ। ਉਹਨਾਂ ਨੂੰ ਲੱਗਦਾ ਕਿ ਪੂਰਨ ਧਰਮਰਾਜ ਦਾ ਅਵਤਾਰ ਹੈ ਰਜੋਰੀ, ਜਿਸਨੂੰ ਕਿਸੇ ਛਲ, ਕਪਟ ਜਾਂ ਝੂਠ ਦੀ ਲੋੜ ਨਹੀਂ। ਕਿਸੇ ਵੇਦ ਦੇ ਪਵਿੱਤਰ ਸ਼ਲੋਕ ਵਾਂਗ ਕਿੱਡਾ ਸੱਚ ਫਰੋਲ ਗਿਆ ਹੈ—ਪਾਪੀ ਨੂੰ ਮਾਰਨ ਨਾਲ ਕੀ ਮਿਲਦਾ ਹੈ?
ਮੁੱਖ ਮੰਤਰੀ ਆ ਗਏ ਸਨ। ਸਾਰਿਆਂ ਨੂੰ ਇਕ ਪਾਸੇ ਲੈ ਗਏ—“ਪਾਗਲ ਲੱਗਦਾ ਏ। ਸੋਚ ਕੇ ਖ਼ਬਰ ਵਗ਼ੈਰਾ ਛਾਪਣਾ...ਇਲੈਕਸ਼ਨ ਦੂਰ ਨਹੀਂ।” ਫੇਰ ਪੀ.ਆਰ.ਓ. ਨੂੰ ਕਹਿੰਦੇ ਨੇ—“ਪ੍ਰੈਸ ਨੂੰ ਲਿਖਤੀ ਬਿਆਨ ਜਾਰੀ ਕਰ ਦਿਓ।”
ਰਾਤੀ ਸੰਸਕਾਰ ਕਰਵਾ ਕੇ ਘਰ ਵਾਪਸ ਆਏ ਨੇ ਕਿਰਨ ਕੁਮਾਰ। ਉਦਾਸ ਸੁਨੈਣਾ ਪੁੱਛਦੀ ਹੈ—“ਤਾਂ ਉਸੇ ਪਾਗਲ ਕਰਕੇ ਬਾਹਰ ਜਾਣ ਤੋਂ ਰੋਕਿਆ ਸੀ?”
“ਕਿਹੜਾ ਪਾਗਲ?” ਤ੍ਰਬਕ ਕੇ ਕਿਰਨ ਕੁਮਾਰ ਨੇ ਪੁੱਛਿਆ ਹੈ। ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਵਤਾਰ ਆਪਣਾ ਕੰਮ ਪੂਰਾ ਕਰਕੇ ਚਲੇ ਜਾਂਦੇ ਨੇ, ਪਰ ਲੋਕਾਂ ਨੂੰ ਪਤਾ ਨਹੀਂ ਲੱਗਦਾ—ਕਿਉਂਕਿ ਹੁਣ ਲੋਕ ਭਗਾਵਨ ਦਾ ਸਰੂਪ ਨੇਤਾਵਾਂ ਦੇ ਚਿਹਰਿਆਂ ਵਿਚੋਂ ਲੱਭਦੇ ਨੇ।
         ੦੦੦ ੦੦੦ ੦੦੦
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600

No comments:

Post a Comment