Sunday, August 1, 2010

ਇਕ ਔਰਤ...:: ਲੇਖਕ : ਕਰਾਮਤ ਉੱਲਾ ਗੌਰੀ

ਪਾਕੀ ਉਰਦੂ ਕਹਾਣੀ :
ਇਕ ਔਰਤ
ਲੇਖਕ : ਕਰਾਮਤ ਉੱਲਾ ਗੌਰੀ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਪਹਿਲੀ ਵੇਰ ਮੈਂ ਉਸਨੂੰ ਆਪਣੇ ਦਫ਼ਤਰ ਵਿਚ ਹੀ ਵੇਖਿਆ ਸੀ। ਉਹ ਮੇਰੇ ਕੋਲ ਇਨਸਾਫ ਮੰਗਣ ਆਈ ਸੀ ਤੇ ਆਈ ਸੀ ਉਸ ਵੇਲੇ ਜਦੋਂ ਮੈਂ ਅਣਗਿਣਤ ਫਾਈਲਾਂ ਅਤੇ ਮੁਲਾਕਾਤੀਆਂ ਨਾਲ ਸਿਰ ਖਪਾਈ ਕਰਨ ਪਿੱਛੋਂ ਇਸ ਦੁਨੀਆਂ ਤੋਂ ਅੱਕਿਆ ਬੈਠਾ ਸਾਂ। ਅਜਿਹੇ ਪਲਾਂ ਵਿਚ ਜਦੋਂ ਚਪੜਾਸੀ ਨੇ ਉਸਨੂੰ ਅੰਦਰ ਭੇਜ ਦੇਣ ਦੀ ਇਜਾਜ਼ਤ ਮੰਗੀ, ਮੈਂ ਉਸਨੂੰ ਪੈ ਨਿਕਲਿਆ—
'ਨਹੀਂ ਕੋਈ ਜ਼ਰੂਰਤ ਨਹੀਂ, ਹੁਣ ਕਿਸੇ ਨੂੰ ਵੀ ਅੰਦਰ ਭੇਜਣ ਦੀ। ਜਾਹ ਜਾ ਕੇ ਆਖ ਦੇਅ ਮੁਲਾਕਾਤ ਦਾ ਵਕਤ ਖ਼ਤਮ ਹੋ ਚੁੱਕਿਆ...।'' ਮੈਂ ਉੱਚੀ ਆਵਾਜ਼ ਵਿਚ ਸਾਰੇ ਹੁਕਮ ਝਾੜ ਦਿੱਤੇ ਸਨ...ਪਰ ਮੇਰੇ ਚੁੱਪ ਹੋਣ ਤੋਂ ਪਹਿਲਾਂ ਹੀ ਉਹ ਅੰਦਰ ਵੜ ਆਈ ਸੀ, ਸ਼ਾਇਦ ਦਰਵਾਜ਼ੇ ਕੋਲ ਖੜ੍ਹੀ ਸਭ ਕੁਝ ਸੁਣਦੀ ਰਹੀ ਸੀ। ਉਸਨੇ ਰਤਾ ਕੁਸੈਲੀ ਆਵਾਜ਼ ਵਿਚ ਕਿਹਾ, ''ਸਾਹਬ ਜੀ ! ਪੂਰੇ ਤਿੰਨ ਦਿਨ ਹੋ ਗਏ ਨੇ ਮੈਨੂੰ ਤੁਹਾਡੇ ਬੂਹੇ 'ਤੇ ਹਾਜ਼ਰੀ ਦੇਂਦਿਆਂ। ਆਖ਼ਰ ਮੈਂ ਵੀ ਇਨਸਾਨ ਆਂ, ਕੋਈ ਡੰਗਰ-ਪਸੂ ਨਹੀਂ ਬਈ ਤੁਹਾਡੇ ਕਿੱਲੇ ਨਾਲ ਵੱਝ ਕੇ ਬੈਠੀ ਰਹਾਂ।'' ਉਹ ਪੂਰੇ ਆਤਮ ਵਿਸ਼ਵਾਸ ਨਾਲ ਬੋਲ ਰਹੀ ਸੀ।
ਮੈਂ ਹਿਰਖ ਗਿਆ ਸਾਂ ਕਿਉਂਕਿ ਸਾਰੇ ਜਿਲੇ ਵਿਚ ਮੇਰੇ ਨਾਲ ਅਜਿਹੇ ਤਿੱਖੇ ਲਹਿਜ਼ੇ ਵਿਚ ਗੱਲ ਕਰਨ ਦੀ ਹਿੰਮਤ ਕਿਸੇ ਦੀ ਨਹੀਂ ਸੀ। ਬਿੰਦ ਦਾ ਬਿੰਦ ਦਿਲ ਵਿਚ ਆਇਆ ਕਿ ਚਪੜਾਸੀ ਨੂੰ ਕਹਾਂ ਕਿ 'ਉਸਨੂੰ ਧੱਕੇ ਮਾਰ ਕੇ ਬਾਹਰ ਕੱਢ ਆ।' ਪਰ ਅਚਾਨਕ ਹੀ ਮੇਰੇ ਅੰਦਰਲਾ ਕਲਾਕਾਰ, ਅਫਸਰ ਉੱਤੇ ਭਾਰੂ ਹੋ ਗਿਆ ਸੀ। ਸੋਚਿਆ ਇਹ ਔਰਤ ਬਗ਼ੈਰ ਗੱਲੋਂ ਏਨੀ ਅੱਖੜ ਨਹੀਂ ਹੋ ਸਕਦੀ। ਉਂਜ ਵੀ ਸਾਡੇ ਦੇਸ਼ ਦੀਆਂ ਔਰਤਾਂ ਬੁਨਿਆਦੀ ਤੌਰ 'ਤੇ ਕਿੱਲੇ ਨਾਲ ਬੱਧੀਆਂ ਗਊਆਂ ਹੁੰਦੀਆਂ ਨੇ...ਤੇ ਉਦੋਂ ਤਕ ਕਿੱਲੇ ਨਾਲ ਹੀ ਬੱਧੀਆਂ ਰਹਿੰਦੀਆਂ ਨੇ ਜਦੋਂ ਤਕ ਕਿੱਲਾ ਕੰਮਜ਼ੋਰ ਨਹੀਂ ਹੋ ਜਾਂਦਾ ਜਾਂ ਕੋਈ ਚੋਰ ਉੱਚਕਾ ਉਹਨਾਂ ਨੂੰ ਖੋਲ੍ਹ ਕੇ ਜਾਂ ਵਰਗਲਾ ਕੇ ਨਸਾਅ ਨਹੀਂ ਲੈ ਜਾਂਦਾ। ਅਜਿਹੀਆਂ ਹਾਲਤਾਂ ਵਿਚ ਉਹ ਆਪ ਵੀ ਰੱਸੇ ਤੁੜਵਾ ਜਾਂਦੀਆਂ ਨੇ ਤੇ ਏਨੀਆਂ ਮੂੰਹ-ਜ਼ੋਰ ਹੋ ਜਾਂਦੀਆਂ ਨੇ ਕਿ ਕਹਿੰਦੇ-ਕਹਾਉਂਦਿਆਂ ਦੇ ਕਾਬੂ ਨਹੀਂ ਆਉਂਦੀਆਂ। ਉਹ ਔਰਤ ਵੀ ਮੈਨੂੰ ਓਹੋ ਜਿਹੀ ਮੂੰਹ-ਜ਼ੋਰ ਹੀ ਜਾਪੀ ਸੀ। ਮੈਨੂੰ ਯਕੀਨ ਹੋ ਗਿਆ ਕਿ ਉਸਦੇ ਅੱਖੜਪੁਣੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੈ। ਸੋ ਇਸ ਤੋਂ ਪਹਿਲਾਂ ਕਿ ਮੇਰਾ ਵਫਾਦਾਰ ਚਪੜਾਸੀ ਆਪਣੇ ਸਾਹਬ ਪ੍ਰਤੀ ਵਫਾਦਾਰੀ ਦਾ ਸਬੂਤ ਦੇਣ ਖਾਤਰ ਉਸ ਨਾਲ ਮੱਥਾ ਲਾ ਲੈਂਦਾ, ਮੈਂ ਇਸ਼ਾਰੇ ਨਾਲ ਉਸਨੂੰ ਰੋਕ ਦਿੱਤਾ। ਏਨੇ ਚਿਰ ਵਿਚ ਉਹ ਮੇਰੇ ਮੇਜ਼ ਦੇ ਨੇੜੇ ਆਣ ਖੜ੍ਹੀ ਹੋਈ ਸੀ। ਮੈਂ ਉਸਨੂੰ ਬੈਠ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਸਾਹਮਣੀ ਕੁਰਸੀ ਉੱਤੇ ਇੰਜ ਜਚ ਕੇ ਬੈਠ ਗਈ ਜਿਵੇਂ ਇਹ ਕੁਰਸੀ ਉਸ ਆਪਣੇ ਪੇਕਿਓਂ ਦਾਜ ਵਿਚ ਲਿਆਂਦੀ ਹੋਵੇ।
ਫੇਰ ਮੈਨੂੰ ਪਤਾ ਲੱਗਿਆ ਕਿ ਉਸਦਾ ਨਾਂ ਨੂਰਾਂ ਸੀ। ਉਹ ਨੇੜੇ ਦੇ ਕਿਸੇ ਪਿੰਡ ਦੇ ਇਸ ਸਾਧਾਰਨ ਕਿਸਾਨ ਦੀ ਪਤਨੀ ਸੀ ਤੇ ਮੇਰੇ ਕੋਲ ਆਪਣੇ ਪਿੰਡ ਦੇ ਜ਼ਿਮੀਂਦਾਰ ਦੀ ਸ਼ਿਕਾਇਤ ਕਰਨ ਆਈ ਸੀ, ਜਿਸ ਨੇ ਉਸ ਕਿਸਾਨ ਯਾਨੀ ਕਿ ਉਸਦੇ ਪਤੀ ਦੇ ਬਲ੍ਹਦ ਜਬਰਦਸਤੀ ਖੋਹ ਲਏ ਸਨ ਤੇ ਮੋੜਨ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਮੈਂ ਉਸਨੂੰ ਪੱਛਿਆ ਸੀ ਕਿ ਇਸ ਗੱਲ ਦੀ ਸ਼ਿਕਾਇਤ ਉਹ ਆਪ ਕਿਉਂ ਕਰਨ ਆਈ ਹੈ? ਉਸਦਾ ਪਤੀ ਕਿਉਂ ਨਹੀਂ ਆਇਆ?...ਤੇ ਉਸਨੇ ਝੱਟ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਸੀ, ''ਸਾਹਬ ਜੀ ਮਰਦ ਤਾਂ ਉਹ ਬਸ ਸਿਰਫ ਨਾਂਅ ਦਾ ਈ ਐ...ਉਂਜ ਉਹਨਾਂ ਬਲ੍ਹਦਾਂ ਤੋਂ ਵੀ ਗਿਆ ਬੀਤਿਐ ਜਿਹੜੇ ਜੱਗੂ ਨੇ ਖੋਹ ਲਏ ਐ। ਮਿੱਟੀ ਦਾ ਮਾਧੋ ਐ ਨਿਰਾ। ਜੇ ਮਰਦ ਹੁੰਦਾ ਤਾਂ ਮੈਨੂੰ ਕਿਉਂ ਇੱਥੇ ਆਉਣਾ ਪੈਂਦਾ ਜੀ...।''
ਮੈਨੂੰ ਉਸਦੀ ਦਲੀਲ ਬੜੀ ਠੋਸ ਲੱਗੀ। ਜੇ ਮਰਦ ਚੂੜੀਆਂ ਪਾ ਕੇ ਘਰੇ ਬੈਠੇ ਰਹਿਣ ਤਾਂ ਔਰਤਾਂ ਨੂੰ ਹੀ ਬਿਸਤਰੇ ਦੇ ਵੱਟਾਂ ਵਿਚੋਂ ਨਿਕਲ ਕੇ ਜ਼ਮਾਨੇ ਦੀ ਰੇਤ ਫੱਕਣ ਆਉਣਾ ਪੈਂਦਾ ਹੈ।
ਨੂਰਾਂ ਅਜਿਹੀ ਹੀ ਇਕ ਔਰਤ ਸੀ...ਨਰੋਈ, ਕਦਾਵਰ ਤੇ ਗੰਭੀਰ। ਉਹ ਆਪਣੇ ਮਰਦ ਦੀ ਨਾਮਰਦੀ ਤੋਂ ਖਿਝਕੇ ਆਪਣੇ ਅਤੇ ਉਸਦੇ ਹੱਕਾਂ ਦੀ ਖਾਤਰ ਜ਼ਮਾਨੇ ਦੀ ਤੱਤੀ ਧੁੱਪ ਵਿਚ ਨਿਕਲ ਆਈ ਸੀ...ਪਰ ਸ਼ਾਇਦ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਧੁੱਪ ਇਕ ਪਾਸੇ ਜ਼ਿੰਦਗੀ ਬਖ਼ਸ਼ਦੀ ਹੈ, ਦੂਜੇ ਪਾਸੇ ਉਸਦੇ ਕੁੰਦਣ ਵਰਗੇ ਰੰਗ ਰੂਪ ਨੂੰ ਝੁਲਸਾ ਕੇ ਕੋਇਲਾ ਵੀ ਬਣਾਅ ਸਕਦੀ ਹੈ।
ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਜਿਸ ਜ਼ਿਮੀਂਦਾਰ ਨਾਲ ਉਹ ਟਾਕਰਾ ਕਰਨਾ ਚਾਹੁੰਦੀ ਹੈ ਉਹ ਇਕ ਚਲਦਾ ਪੁਰਜਾ ਬੰਦਾ ਹੈ। ਕਈ ਸਿਆਸੀ ਨੇਤਾਵਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਤੱਕ ਉਸਦੀ ਪਹੁੰਚ ਹੈ। ਪਰ ਨੂਰਾਂ ਆਪਣੀ ਜ਼ਿਦ ਉੱਤੇ ਅੜੀ ਰਹੀ ਕਿ ਕਾਨੂੰਨਨ ਇਨਸਾਫ ਕੀਤਾ ਜਾਵੇ ਤੇ ਜਾਲਮ ਨੂੰ ਸਜ਼ਾ ਦਿੱਤੀ ਜਾਵੇ। ਜਿਸ ਨਿੱਡਰਤਾ ਅਤੇ ਹੌਸਲੇ ਨਾਲ ਉਹ ਆਪਣੇ ਹੱਕਾਂ ਦੀ ਹਮਾਇਤ ਵਿਚ ਤੇ ਜ਼ਿਮੀਂਦਾਰ ਦੇ ਜ਼ੁਲਮ ਦੇ ਖ਼ਿਲਾਫ਼ ਭਾਸ਼ਨ ਦੇ ਰਹੀ ਸੀ, ਉਸਨੂੰ ਸੁਣ ਕੇ ਮੈਨੂੰ ਇੰਜ ਜਾਪਿਆ ਸੀ ਜਿਵੇਂ ਉਸਨੇ ਇਸ ਵਿਸ਼ੇ ਉੱਤੇ ਬਣੀ ਹਰੇਕ ਫਿਲਮ ਵੇਖੀ ਹੀ ਨਹੀਂ ਬਲਕਿ ਉਸਦੇ ਰੋਹਿਲੇ ਡਾਇਲਾਗ ਮੂੰਹ ਜ਼ਬਾਨੀ ਯਾਦ ਵੀ ਕੀਤੇ ਹੋਏ ਨੇ।
ਮੈਂ ਨੂਰਾਂ ਦੀ ਵਕਾਲਤ ਤੋਂ ਪ੍ਰਭਾਵਿਤ ਹੋ ਕੇ ਜ਼ਿਮੀਂਦਾਰ ਦੇ ਖ਼ਿਲਾਫ਼ ਬੜਾ ਸਖ਼ਤ ਐਕਸ਼ਨ ਲਿਆ ਸੀ ਤੇ ਉਸਦੇ ਬਲ੍ਹਦ ਉਹਨਾਂ ਨੂੰ ਵਾਪਸ ਮਿਲ ਗਏ ਸਨ। ਫੇਰ ਉਹ ਬਲ੍ਹਦਾਂ ਦੇ ਨਾਲ ਹੀ ਕਿਤੇ ਅਲੋਪ ਹੋ ਗਈ ਸੀ। ਮੈਂ ਵੀ ਉਸਨੂੰ ਭੁੱਲ-ਭੁਲਾਅ ਗਿਆ ਸਾਂ ਤੇ ਫੇਰ ਉੱਥੋਂ ਮੇਰਾ ਤਬਾਦਲਾ ਹੋ ਗਿਆ ਸੀ।
      ੦੦੦
ਇਸ ਘਟਨਾ ਤੋਂ ਕਈ ਵਰ੍ਹੇ ਪਿੱਛੋਂ ਇਕ ਹੋਰ ਘਟਨਾ ਹੋਈ। ਉਦੋਂ ਮੇਰੀ ਪੋਸਟਿੰਗ ਜਿਸ ਸਰਹੱਦੀ ਇਲਾਕੇ ਵਿਚ ਹੋਈ ਹੋਈ ਸੀ—ਉਹ ਇਲਾਕਾ ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ, ਗੈਰ ਕਾਨੂੰਨੀ ਤੇ ਚੋਰੀ ਛਿਪੇ ਦਾਖਲੇ ਕਰਕੇ ਬਦਨਾਮ ਸੀ। ਇਕ ਦਿਨ ਮੈਨੂੰ ਖ਼ਬਰ ਮਿਲੀ ਕਿ ਇਕ ਨਸ਼ੀਲੀਆਂ ਦਵਾਈਆਂ ਸਮਗਲ ਕਰਨ ਵਾਲਾ ਗਿਰੋਹ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਪਤਾਨ ਖਹਿੜੇ ਹੀ ਪੈ ਗਿਆ ਸੀ ਕਿ ਜ਼ਿਲੇ ਦਾ ਵੱਡਾ ਅਫਸਰ ਹੋਣ ਦੇ ਨਾਤੇ ਮੈਂ ਉਸ ਗਿਰੋਹ ਨੂੰ ਇਕ ਵਾਰ ਜ਼ਰੂਰ ਵੇਖ ਆਵਾਂ। ਉਹ ਆਪਣੀ ਕਾਰਗੁਜ਼ਾਰੀ ਵਿਖਾ ਕੇ ਮੈਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਮੈਂ ਰਤਾ ਉਦਾਰ ਚਿੱਤ ਬੰਦਾ ਵਾਂ ਸੋ ਉਸਦਾ ਦਿਲ ਰੱਖਣ ਵਾਸਤੇ ਉਸ ਜਗ੍ਹਾ ਦਾ ਦੌਰਾ ਕਰਨ ਵਾਸਤੇ ਜਾ ਪਹੁੰਚਿਆ ਜਿੱਥੇ ਸਮਗਲਰਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ।
ਉਹ ਕਈ ਸਨ—ਵੱਡੀਆਂ ਵੱਡੀਆਂ ਮੁੱਛਾਂ ਤੇ ਪੱਗੜਾਂ ਵਾਲੇ। ਉਹਨਾਂ ਦੀਆਂ ਅੱਖਾਂ ਚਰਸ ਤੇ ਗਾਂਜੇ ਦੇ ਨਸ਼ੇ ਸਦਕੇ ਲਾਲ-ਝਰੰਗ ਹੋਈਆਂ ਹੋਈਆਂ ਸਨ। ਉਹਨਾਂ ਨਾਲ ਇਕ ਔਰਤ ਵੀ ਫੜ੍ਹੀ ਗਈ ਸੀ, ਜਿਸਦਾ ਹੁਲੀਆ ਵੀ ਉਹਨਾਂ ਵਰਗਾ ਹੀ ਸੀ ਪਰ ਉਹ ਆਪਣੇ ਸੁਡੌਲ ਔਰਤਪਨ ਸਦਕਾ ਵੱਖਰੀ ਹੀ ਦਿਸ ਰਹੀ ਸੀ। ਉਸਨੂੰ ਵੇਖ ਕੇ ਮੈਂ ਹੈਰਾਨੀ ਨਾਲ ਤ੍ਰਬਕ ਪਿਆ ਸਾਂ...ਉਹ ਕੁਝ ਜਾਣੀ-ਪਛਾਣੀ ਜਿਹੀ ਲੱਗੀ ਸੀ।...ਤੇ ਫੇਰ ਉਸਨੇ ਆਪੇ ਹੀ ਮੇਰੀ ਹੈਰਾਨੀ ਦੂਰ ਕਰ ਦਿੱਤੀ...
'ਸਾਹਬ ਜੀ, ਸਲਾਮ,'' ਉਸ ਢੀਠਾਂ ਵਾਂਗ ਕਿਹਾ, ''ਸ਼ਾਇਦ ਤੁਸੀਂ ਮੈਨੂੰ ਪਛਾਣਿਆਂ ਨਹੀਂ?'' ਉਹ ਇੰਜ ਆਖ ਰਹੀ ਸੀ ਜਿਵੇਂ ਮੇਰੀ ਦੂਰ ਨੇੜੇ ਦੀ ਕੋਈ ਰਿਸ਼ਤੇਦਾਰ ਹੋਵੇ...ਤੇ ਜਿਵੇਂ ਨਾ ਪਛਾਣ ਕੇ ਮੈਂ ਉਸਨੂੰ ਠੇਸ ਪਹੁਚਾਈ ਹੋਵੇ।
ਉਸਦਾ ਗੱਲਬਾਤ ਕਰਨ ਦਾ ਢੰਗ ਤੇ ਵਿਅੰਗਮਈ ਲਹਿਜ਼ਾ ਮੈਨੂੰ ਨੂਰਾਂ ਦੀ ਯਾਦ ਤਾਜ਼ਾ ਕਰਵਾਉਣ ਲਈ ਕਾਫੀ ਸੀ, ਜਿਸਨੂੰ ਕਈ ਵਰ੍ਹੇ ਪਹਿਲਾਂ ਮੈਂ ਖੇਤਾਂ ਤੇ ਮੈਦਾਨਾਂ ਦੀ ਮਿੱਟੀ ਵਿਚ ਛੱਡ ਆਇਆ ਸਾਂ।
'ਹਾਂ, ਹਾਂ ਬਈ। ਯਾਦ ਆਇਆ, ਪਹਿਲਾਂ ਵੀ ਤੇਰੇ ਨਾਲ ਮੁਲਾਕਾਤ ਹੋ ਚੁੱਕੀ ਏ। ਤੇਰਾ ਨਾਂਅ ਕੀ ਏ ਭਲਾ?'' ਮੈਂ ਪੁੱਛਿਆ।
'ਬਸ਼ੀਰਾਂ ਨਾਂਅ ਐਂ ਜੀ ਮੇਰਾ—ਤੇ ਇਹ ਮੇਰਾ ਮਰਦ ਐ—ਇਹਨਾਂ ਸਰਿਆਂ ਦਾ ਸਰਦਾਰ।'' ਉਸਨੇ ਇਕ ਲੰਮੇ-ਝੰਮੇ ਭਰਵੇਂ ਚਿਹਰੇ ਵਾਲੇ ਆਦਮੀ ਵੱਲ ਇਸ਼ਾਰਾ ਕਰਕੇ ਦੱਸਿਆ।
ਇਕ ਵਾਰ ਫੇਰ ਮੈਂ ਤ੍ਰਬਕ ਪਿਆ। ਇਹ ਨਾਂ ਤਾਂ ਨਹੀਂ ਸੀ ਉਸਦਾ ਜਦੋਂ ਉਹ ਪਹਿਲੀ ਵਾਰੀ ਮੈਥੋਂ ਮਦਦ ਮੰਗਣ ਆਈ ਸੀ ਤੇ ਇਹ ਉਸਦਾ ਮਰਦ ਵੀ ਨਹੀਂ ਸੀ ਹੋ ਸਕਦਾ ਜਿਸ ਬਾਰੇ ਉਸ ਨੇ ਕਿਹਾ ਸੀ ਕਿ ਮੇਰਾ ਮਰਦ ਮਰਦਾਨਗੀ ਦੇ ਨਾਂ ਉੱਤੇ ਧੱਬਾ ਹੈ ਤੇ ਇਹ ਕਿਸੇ ਵੀ ਪੱਖੋਂ ਉਹ ਨਹੀਂ ਸੀ ਹੋ ਸਕਦਾ, ਜਿਹੜਾ ਕਿਸੇ ਬੁਲਡਾਗ ਵਾਂਗ ਉਸਦਾ ਰਾਖਾ ਬਣਿਆਂ ਖੜ੍ਹਾ ਸੀ।
'ਪਰ ਉਦੋਂ ਤੂੰ ਸ਼ਾਇਦ ਹੋਰ ਹੀ ਕੋਈ ਨਾਂ ਦੱਸਿਆ ਸੀ ਆਪਣਾ...'' ਮੈਂ ਆਪਣੀ ਹੈਰਾਨੀ ਉੱਤੇ ਕਾਬੂ ਪਾ ਲਿਆ ਸੀ।
'ਹਾਂ ਸਾਹਬ ਜੀ। ਔਰਤ ਦਾ ਆਪਣਾ ਕੋਈ ਨਾਂ ਨਹੀਂ ਹੁੰਦਾ ਤੇ ਨਾ ਹੀ ਕੋਈ ਧੰਦਾ ਹੁੰਦਾ ਐ।'' ਉਹ ਅੱਖਾਂ ਤੇ ਲੱਕ ਮਟਕਾਉਂਦੀ ਬੋਲੀ, ''ਉਸ ਮਰਦ ਨੂੰ ਨੂਰਾਂ ਨਾਂਅ ਪਸੰਦ ਸੀ ਤੇ ਮੈਂ ਨੂਰਾਂ ਬਣ ਕੇ ਤੁਹਾਡੇ ਕੋਲ ਪਹੁੰਚੀ ਸਾਂ। ਹੁਣ ਇਹ ਮੇਰਾ ਮਰਦ ਐ ਜਿਹੜਾ...'' ਉਸ ਨੇ ਬੜੇ ਪਿਆਰ ਨਾ ਉਸ ਲਾਲ ਲਾਲ ਅੱਖਾਂ ਤੇ ਸੰਘਣੀ ਦਾੜ੍ਹੀ ਵਾਲੇ ਵੱਲ ਇਸ਼ਾਰਾ ਕਰਕੇ ਕਿਹਾ, ''ਇਸਨੂੰ ਬਸ਼ੀਰਾਂ ਨਾਂਅ ਪਸੰਦ ਐ ਤਾਂ ਮੈਂ ਬਸ਼ੀਰਾਂ ਆਂ। ਆਪਣਾ ਕੀ ਵਿਗੜਦੈ-ਜੀ...ਨਾਂਅ ਭਾਵੇਂ ਕੋਈ ਵੀ ਹੋਵੇ ਕੰਮ ਤਾਂ ਮਰਦ ਨੂੰ ਖੁਸ਼ ਕਰਨਾ ਈ ਐ ਨਾ-ਜੀ?''
ਮੈਨੂੰ ਉਸਦੀਆਂ ਗੱਲਾਂ ਬੜੀਆਂ ਘਟੀਆ, ਅਜੀਬ-ਓਪਰੀਆਂ ਤੇ ਭੈੜੀਆਂ ਲੱਗੀਆਂ ਸਨ ਜਾਂ ਸ਼ਾਇਦ ਮੈਂ ਅਜਿਹੀਆਂ ਗੱਲਾਂ ਸੁਣਨ ਵਾਸਤੇ ਤਿਆਰ ਹੋ ਕੇ ਨਹੀਂ ਸੀ ਆਇਆ। ਉਸਦੀ ਜ਼ਿੰਦਗੀ ਤੇ ਸੋਚ ਨੇ ਮੇਰੇ ਸੰਸਕਾਰਾਂ ਨੂੰ ਠੇਸ ਪਹੁੰਚਾਈ ਸੀ...ਤੇ ਮੇਰੇ ਸੰਸਕਾਰ ਮੇਰੀ ਜ਼ਿੰਦਗੀ ਦਾ ਅੰਗ ਬਣ ਚੁੱਕੇ ਸਨ। ਸੋ ਮੈਂ ਉਸਨੂੰ ਉਸਦੀ ਆਜ਼ਾਦ ਸੋਚ ਵਿਚਕਾਰ ਉੱਥੇ ਹੀ ਛੱਡ ਕੇ ਤੁਰ ਆਇਆ ਸਾਂ। ਫੇਰ ਕਪਤਾਨ ਦੀ ਰਿਪੋਰਟ ਤੋਂ ਪਤਾ ਲੱਗਿਆ ਸੀ ਕਿ ਪੂਰੇ ਦੇ ਪੂਰੇ ਗਿਰੋਹ ਨੂੰ ਤੇ ਬਸ਼ੀਰਾਂ ਜਾਂ ਨੂਰਾਂ ਨੂੰ ਵੱਖਰੇ-ਵੱਖਰੇ ਸਮੇਂ ਦੀ ਕੈਦ ਹੋ ਗਈ ਸੀ। ਸਾਰੇ ਆਪਣੇ ਕੀਤੇ ਦੀ ਸਜ਼ਾ ਭੁਗਤਨ ਵਾਸਤੇ ਜੇਲ੍ਹ ਭੇਜ ਦਿੱਤੇ ਗਏ ਸਨ। ਮੇਰੇ ਮਨ ਵਿਚ ਬਸ਼ੀਰਾਂ ਜਾਂ ਨੂਰਾਂ ਬਾਰੇ ਜਾਣਨ ਜਾਂ ਪੁੱਛਣ ਦੀ ਇੱਛਾ ਵੀ ਹੋਈ ਪਰ ਫੇਰ ਮੈਂ ਉਸ ਕੋਝੀ ਇੱਛਾ ਨੂੰ ਲਾਹੌਲ ਪੜ੍ਹ ਕੇ ਪਰ੍ਹਾਂ ਧਰੀਕ ਦਿੱਤਾ ਸੀ।
ਅਜਿਹੀ ਵਿਗੜੈਲ, ਖਤਰਨਾਕ ਤੇ ਚੋਰ-ਉਚੱਕੀ ਤੀਵੀਂ ਦਾ ਕੀ ਬਣਿਆਂ, ਮੈਨੂੰ ਇਹ ਜਾਣਨ ਦੀ ਕੀ ਚੱਟੀ ਪਈ ਸੀ ਭਲਾ...।
      ੦੦੦
ਕਈ ਵਰ੍ਹੇ ਹੋਰ ਬੀਤ ਗਏ। ਮੈਨੂੰ ਵਿਦੇਸ਼ੀ ਮਾਮਲਿਆਂ ਸੰਬੰਧੀ ਵਿਭਾਗ ਵਿਚ ਨਿਯੁਕਤ ਕਰਕੇ ਖਲੀਚ ਦੀ ਇਕ ਰਿਆਸਤ ਵਿਚ ਭੇਜ ਦਿੱਤਾ ਗਿਆ। ਉੱਥੇ ਮੈਂ ਆਪਣੇ ਹਮਵਤਨਾਂ ਦੀਆਂ ਹਰ ਰੋਜ਼ ਦੀਆਂ ਮੁਸ਼ਕਿਲਾਂ ਸੁਣਨ ਤੇ ਉਹਨਾਂ ਨੂੰ ਹੱਲ ਕਰਵਾਉਣ ਦੇ ਯਤਨਾਂ ਵਿਚ ਕੁਝ ਅਜਿਹਾ ਉਲਝਿਆ ਕਿ ਕੁਝ ਚਿਰ ਵਾਸਤੇ ਤਾਂ ਇਹ ਵੀ ਭੁੱਲ ਗਿਟਾ ਕਿ ਮੇਰੇ ਦੇਸ਼ ਵਿਚ ਵੀ ਪੈਰ ਪੈਰ ਉੱਤੇ ਅਜਿਹੇ ਹੀ ਬਹੁਤ ਸਾਰੇ ਮਸਲੇ ਸਨ ਜਿਹਨਾਂ ਨਾਲ ਮੈਂ ਵੱਖੋ-ਵੱਖਰੇ ਹਾਲਾਤਾਂ ਵਿਚ ਨਿਬੜਦਾ ਰਿਹਾ ਸਾਂ...ਤੇ ਹੁਣ ਇੰਜ ਜਾਪਦਾ ਹੈ ਜਿਵੇਂ ਦੇਸ਼ ਦੇ ਸਾਰੇ ਮਸਲੇ ਵਤਨ ਦੀ ਮਿੱਟੀ ਵਿਚੋਂ ਆਪਣੀਆਂ ਜੜਾਂ ਕੱਢ ਕੇ ਸੱਤ ਸਮੁੰਦਰ ਪਾਰ ਏਥੇ ਆ ਵੱਸੇ ਨੇ ਤੇ ਰੇਗਿਸਤਾਨ ਦੀ ਇਸ ਰੇਤ ਤੇ ਗਰਮੀ ਨੇ ਉਹਨਾਂ ਜੜਾਂ ਨੂੰ ਸਿਰਫ ਕਬੂਲ ਹੀ ਨਹੀਂ ਕੀਤਾ ਸਗੋਂ ਬੜੀ ਤੇਜ਼ੀ ਨਾਲ ਪ੍ਰਵਾਨ ਵੀ ਚੜ੍ਹਾ ਰਹੀ ਹੈ।
ਇਕ ਦਿਨ ਮੈਂ ਆਪਣੇ ਸਫਾਰਤਖ਼ਾਨੇ ਦੇ ਦਫਤਰ ਵਿਚ ਬੈਠਾ ਅਜਿਹੇ ਉਲਝੇ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਚਪੜਾਸੀ ਨੇ ਅੰਦਰ ਆ ਕੇ ਦੱਸਿਆ ਕਿ ਵਤਨ ਦੀ ਇਕ ਦਾਸੀ ਮੈਨੂੰ ਮਿਲਣਾ ਚਾਹੁੰਦੀ ਹੈ। ਪਹਿਲਾਂ ਤਾਂ ਮੇਰੇ ਮਨ ਵਿਚ ਆਇਆ ਕਿ ਉਸਨੂੰ ਆਪਣੇ ਕਿਸੇ ਨਾਇਬ ਕੋਲ ਭੇਜ ਦਿਆਂ ਕਿਉਂਕਿ ਪਤਾ ਸੀ ਕਿ ਉਸਦੀ ਕਹਾਣੀ ਵੀ ਉਹਨਾਂ ਬੇਜ਼ਬਾਨ ਤੇ ਮਜ਼ਲੂਮ ਔਰਤਾਂ ਨਾਲੋਂ ਵੱਖਰੀ ਨਹੀਂ ਹੋਵੇਗੀ ਜਿਹੜੀਆਂ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਖਾਤਰ ਪਤਾ ਨਹੀਂ ਕੀ ਕੀ ਯਤਨ ਕਰਕੇ, ਕਿਹੜੇ ਕਿਹੜੇ ਪਾਪੜ ਵੇਲ ਕੇ, ਕਿਹੜੇ ਸੁਨਿਹਿਰੇ ਸੁਪਣਿਆਂ ਦੀ ਪੂਰਤੀ ਕਰਨ ਲਈ ਇਹਨਾਂ ਇਲਾਕਿਆਂ ਵੱਲ ਆਉਂਦੀਆਂ ਨੇ। ਦੁੱਖ ਤਕਲੀਫਾਂ ਝੱਲਦੀਆਂ ਨੇ, ਨੌਕਰੀਆਂ ਕਰਦੀਆਂ ਨੇ ਤੇ ਘਰ ਘਰ ਭਾਂਡੇ ਮਾਂਜਦੀਆਂ ਨੇ। ਸਾਰਾ ਸਾਰਾ ਦਿਨ ਕੋਹਲੂ ਦੇ ਬੈਲ ਵਾਂਗ ਮਿਹਨਤ ਦੀ ਚੱਕੀ ਵਿਚ ਪਿਸਦੀਆਂ ਰਹਿੰਦੀਆਂ ਨੇ ਤੇ ਕੁੱਟ-ਮਾਰ ਵੀ ਸਹਿੰਦੀਆਂ ਨੇ। ਫੇਰ ਵੀ ਉਹਨਾਂ ਨੂੰ ਉਹਨਾਂ ਦੀ ਉਸ ਮਿਹਨਤ ਦਾ ਮੁੱਲ ਨਹੀਂ ਦਿੱਤਾ ਜਾਂਦਾ ਜਿਹੜਾ ਪਹਿਲਾਂ ਖੋਹਲਿਆ ਜਾਂਦਾ ਹੈ। ਆਪਣੇ ਆਵਦੇ ਹਮਵਤਨ ਹੀ ਉਹਨਾਂ ਦੀ ਮਿਹਨਤ ਤੇ ਇੱਜ਼ਤ ਨੂੰ ਵਿਦੇਸ਼ੀ ਮਾਲਕਾਂ ਦੇ ਹੱਥ ਕੌਡੀਆਂ ਦੇ ਭਾਅ ਵੇਚ ਦਿੰਦੇ ਨੇ ਤੇ ਆਪਣਾ ਕਮਿਸ਼ਨ ਲੈ ਕੇ ਇੰਜ ਲਾਂਭੇ ਹੋ ਜਾਂਦੇ ਨੇ ਜਿਵੇਂ ਬਕਰੀਦ ਵਾਲੇ ਦਿਨ ਬਲੀ ਦੇ ਬੱਕਰਿਆਂ, ਦੁੰਬਿਆਂ ਦਾ ਵਪਾਰੀ ਕਿਸੇ ਜਾਨਵਰ ਨੂੰ ਖਰੀਦਦਾਰ ਦੇ ਹੱਥ ਵੇਚ ਕੇ ਸੁਰਖਰੂ ਹੋ ਜਾਂਦਾ ਹੈ ਕਿ ਹੁਣ ਉਹ ਕਦੀ ਉਹਨਾਂ ਦੀ ਸ਼ਕਲ ਨਹੀਂ ਵੇਖੇਗੇ।
ਦੁਖ ਤਕਲੀਫਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਮੇਰੇ ਕੰਨ ਸੁੰਨ ਹੋਏ ਹੋਏ ਸਨ ਤੇ ਮੁਸ਼ੀਬਤਾਂ ਮਾਰੇ ਚਿਹਰੇ ਵੇਖ ਵੇਖ ਕੇ ਅੱਖਾਂ ਸਿਲ-ਪੱਥਰ। ਉਸ ਔਰਤ ਨੂੰ ਵੀ ਮੈਂ ਅਜਿਹੀ ਹੀ ਕੋਈ ਦੁਖਾਂਤ ਕਹਾਣੀ ਸਮਝ ਕੇ ਅੱਖੋਂ ਓਹਲੇ ਕਰ ਛੱਡਣਾ ਸੀ ਜਾਂ ਸਰਕਾਰੀ ਬੋਲੀ ਵਿਚ ਟਾਲ ਦੇਣਾ ਸੀ। ਪਰ ਚਪੜਾਸੀ ਦੇ ਕਹਿਣ ਉੱਤੇ ਕਿ ਉਹ ਬੜੀ ਦੁਖੀ ਹੈ ਤੇ ਕਈ ਦਿਨਾਂ ਤੋਂ ਮੈਨੂੰ ਮਿਲਣ ਦੇ ਵਾਸਤੇ ਕਹਿ ਰਹੀ ਹੈ। ਅਖ਼ੀਰ ਚਪੜਾਸੀ ਦੀ ਸਿਫਾਰਸ਼ ਉੱਤੇ ਮੈਂ ਉਸਨੂੰ ਮਿਲਣ ਵਾਸਤੇ ਰਜ਼ਾਮੰਦ ਹੋ ਗਿਆ। ਜਦੋਂ ਉਹ ਉਸਨੂੰ ਅੰਦਰ ਲਿਆਇਆ ਸੀ ਮੈਂ ਹੈਰਾਨ ਹੀ ਰਹਿ ਗਿਆ ਸਾਂ। ਇਹ ਉਹੀ ਔਰਤ ਸੀ—ਨੂਰਾਂ ਜਾਂ ਬਸ਼ੀਰਾਂ! ਪਰ ਸ਼ਕਲ ਸੂਰਤ ਤੋਂ ਉਸ ਔਰਤ ਦਾ ਭੂਤ ਹੀ ਜਾਪਦੀ ਸੀ ਜਿਸਨੂੰ ਪਹਿਲੀ ਵੇਰ ਪਿੰਡ ਦੇ ਜ਼ਿਮੀਂਦਾਰ ਦੇ ਜ਼ੁਲਮਾਂ ਦੇ ਖ਼ਿਲਾਫ਼ ਕਿਸੇ ਨੌਜਵਾਨ ਸਿਪਾਹੀ ਵਾਂਗ ਡਟੀ ਹੋਈ ਵੇਖਿਆ ਸੀ ਤੇ ਦੂਜੀ ਵੇਰ ਕਿਸੇ ਨਵੀਂ ਫੜ੍ਹੀ ਸ਼ੇਰਨੀ ਵਾਂਗ ਆਪਣੀ ਤਾਕਤ ਤੇ ਗਰੂਰ ਦੇ ਨਸ਼ੇ ਵਿਚ ਚੂਰ, ਮਿਲਣ ਵਾਲੀ ਸਜ਼ਾ ਤੇ ਕੈਦੀ ਜੀਵਨ ਦੀਆਂ ਔਕੜਾਂ ਵੱਲੋਂ ਅਤਿ ਲਾਪ੍ਰਵਾਹ ਵੇਖਿਆ ਸੀ। ਪਰ ਇਹ ਔਰਤ ਜਿਹੜੀ ਇਸ ਵੇਲੇ ਮੇਰੇ ਸਾਹਮਣੇ ਖੜ੍ਹੀ ਸੀ...ਸਿਰ ਤੋਂ ਪੈਰਾਂ ਤੱਕ ਦੁੱਖਾਂ ਦੀ ਮੂੰਹੋਂ ਬੋਲਦੀ ਤਸਵੀਰ ਲੱਗ ਰਹੀ ਸੀ। ਨਾ ਉਹ ਕੁੰਦਨ ਵਰਗਾ ਲਿਸ਼ਕਦਾ ਹੋਇਆ ਰੰਗ ਰੂਪ ਸੀ ਤੇ ਨਾ ਹੀ ਸ਼ੇਰਨੀ ਵਰਗਾ ਗਠੀਲਾ ਸਰੀਰ। ਉਸਦਾ ਜਿਸਮ ਢਲ ਚੱਕਿਆ ਸੀ ਤੇ ਅੱਖਾਂ ਦੀ ਚਮਕ ਕਿਸੇ ਬੁਝ ਰਹੇ ਚਿਰਾਗ਼ ਵਾਂਗ ਮੱਧਮ ਪੈ ਚੁੱਕੀ ਸੀ। ਇੰਜ ਜਾਪਦਾ ਸੀ ਜਿਵੇਂ ਸਮੇਂ ਦੀਆਂ ਬੇਰਹਿਮ ਨਹੁੰਦਰਾਂ ਨੇ ਉਸਦੇ ਰੂਪ ਦੀ ਸ਼ੋਈ ਨੂੰ ਖੁਰਚ ਦਿੱਤਾ ਹੋਵੇ।
'ਕੀ ਨਾਂ ਏਂ ਤੇਰਾ ?'' ਮੈਂ ਉਸਨੂੰ ਪੁੱਛਿਆ, ''ਸ਼ਾਇਦ ਮੈਂ ਪਹਿਲਾਂ ਵੀ ਤੈਨੂੰ ਕਿਤੇ ਵੇਖਿਆ ਏ।''
'ਹਾਂ ਸਾਹਬ ਜੀ, ਤੁਸੀਂ ਮੈਨੂੰ ਪਹਿਲਾਂ ਵੀ ਵੇਖ ਚੁੱਕੇ ਓ।'' ਉਸ ਨੇ ਮੁਰਦਲ ਜਿਹੀ ਆਵਾਜ਼ ਵਿਚ ਕਿਹਾ। ਉਸਦੀ ਆਵਾਜ਼ ਵਿਚ ਹੁਣ ਉਹ ਦਮਗਜਾ, ਕੜਕ ਤੇ ਖਣਕ ਨਹੀਂ ਸੀ ਰਹੀ, ''ਮੇਰਾ ਨਾਂਅ ਨਜ਼ੀਰਾਂ ਐ-ਜੀ।''
ਮੈਂ ਫੇਰ ਤ੍ਰਬਕਿਆ।
''ਇਹ ਨਾਂ ਤਾਂ ਨਹੀਂ ਸੀ ਤੇਰਾ !''
'ਇਹ ਨਹੀਂ ਸੀ ਤਾਂ ਕੋਈ ਹੋਰ ਹੋਵੇਗਾ।'' ਉਸਦੀ ਆਵਾਜ਼ ਮੁੜ ਉੱਚੀ, ਕੁਸੈਲੀ ਤੇ ਭਾਰੀ ਹੋ ਗਈ, ''ਔਰਤ ਦੇ ਨਾਂ ਵਿਚ ਰੱਖਿਆ ਈ ਕੀ ਹੁੰਦੈ, ਸਾ'ਬ ਜੀ ! ਜਿਸ ਨੇ ਜੋ ਜਚਿਆ ਨਾਂ ਰੱਖ ਦਿੱਤਾ। ਜਿਸ ਧੰਦੇ ਚਾਹਿਆ ਲਾ ਦਿੱਤਾ। ਔਰਤ ਤਾਂ ਬਚਪਨ ਤੋਂ ਹੀ ਆਪਣੇ ਬਾਪ ਦੀ ਉਂਗਲੀ ਦੇ ਸਹਾਰੇ ਤੁਰਨ ਸਿੱਖਦੀ ਐ ਤੇ ਜਵਾਨੀ ਵਿਚ ਕਿਸੇ ਮੱਝ ਗਾਂ ਵਾਂਗ ਹੀ ਆਪਣੇ ਪਤੀ ਰੂਪੀ ਮਾਲਕ ਦੇ ਮਗਰੇ ਮਗਰ। ਬਿਨਾਂ ਮਰਦ ਦੇ ਮੋਢੇ ਦੇ ਸਹਾਰੇ ਤੋਂ ਤਾਂ ਉਹ ਆਪਣੀ ਕਬਰ ਤੱਕ ਵੀ ਨਹੀਂ ਜਾ ਸਕਦੀ।'' ਉਸਦੀ ਆਵਾਜ਼ ਵਿਚ ਗੂੜ੍ਹੀ ਉਦਾਸੀ ਤੇ ਸੰਘਣੀ ਕੁਸੈਲ ਸੀ।
''ਕਿਸੇ ਮੁਸੀਬਤ ਵਿਚ ਫਸ ਗਈ ਜਾਪਦੀ ਏਂ...'' ਮੈਂ ਉਸਨੂੰ ਤੱਸਲੀ ਦੇਣਾ ਚਾਹੁੰਦਾ ਸਾਂ।
'ਇਹ ਸਭ ਵੀ ਇਕ ਮਰਦ ਦੀ ਹੀ ਦੇਣ ਐ ਸਾ'ਬ ਜੀ ਕਿ ਮੈਂ ਅੱਜ ਇੰਜ ਜੁੱਤੀਆਂ 'ਚ ਰੁਲਦੀ ਪਈ ਆਂ,'' ਉਸਨੇ ਆਪਣੇ ਅੰਦਰਲਾ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ, ''ਔਰਤ ਦਾ ਰੂਪ, ਬਡਰੂਪ ਸਭ ਕੁਝ ਮਰਦ ਦੀ ਦੇਣ ਹੁੰਦੈ। ਉਹ ਵੀ ਇਕ ਮਰਦ ਸੀ ਜਿਸਦੇ ਖੁੱਸੇ ਹੋਏ ਬਲ੍ਹਦਾਂ ਨੂੰ ਵਾਪਸ ਕਰਵਾਉਣ ਵਾਸਤੇ ਮੈਂ ਜ਼ਾਲਮ ਜ਼ਿਮੀਂਦਾਰ ਨਾਲ ਭਿੜ ਗਈ ਸਾਂ। ਫੇਰ ਉਹ ਵੀ ਇਕ ਮਰਦ ਸੀ ਜਿਸਨੇ ਮੈਨੂੰ ਚਰਸ ਤੇ ਗਾਂਜਾ ਪੀਣ ਤੇ ਸਮਗਲਿੰਗ ਕਰਨ ਲਾਇਆ। ਉਸਦੀ ਖਾਤਰ ਮੈਂ ਜੇਲ੍ਹ ਗਈ, ਚੱਕੀ ਪੀਸੀ...ਸਿਰਫ ਏਸ ਆਸ ਉੱਤੇ ਕਿ ਉਹ ਹਮੇਸ਼ਾ ਮੇਰਾ ਆਪਣਾ ਬਣ ਕੇ ਰਹੇਗਾ। ਪਰ ਜੇਲ੍ਹ ਵਿਚੋਂ ਰਿਹਾ ਹੁੰਦਿਆਂ ਹੀ ਉਸਨੇ ਮੈਨੂੰ ਕੁਝ ਹਜ਼ਾਰ ਸਿੱਕਿਆਂ ਬਦਲੇ ਇਹਨਾਂ ਦਲਾਲਾਂ ਦੇ ਹੱਥ ਵੇਚ ਦਿੱਤਾ ਤੇ ਹੁਣ ਮੈਂ ਇਹਨਾਂ ਦੀ ਖਰੀਦੀ ਹੋਈ ਗੁਲਾਮ ਆਂ। ਹੁਣ ਮੇਰੇ ਵਿਚ ਕੁਝ ਵੀ ਬਾਕੀ ਨਹੀਂ ਰਿਹਾ ਸਾਹਬ ਜੀ। ਮੈਂ ਮਿੱਟੀ ਹੋ ਗਈ ਆਂ...ਤੇ ਇਹ ਮਿੱਟੀ ਆਪਣੇ ਵਤਨ ਦੀ ਮਿੱਟੀ ਵਿਚ ਜਾ ਰਲਣਾ ਚਾਹੁੰਦੀ ਐ। ਮੇਰਾ ਕੋਈ ਹੋਰ ਠਿਕਾਣਾ ਨਹੀਂ ਤੇ ਨਾ ਹੀ ਮੇਰਾ ਆਪਣਾ ਕੋਈ ਨਾਂ ਐਂ। ਨੂਰਾਂ, ਬਸ਼ੀਰਾਂ, ਨਜ਼ੀਰਾਂ...ਪਤਾ ਨਹੀਂ ਕਿਹਾੜਾ ਨਾਂ ਕਿਸ ਨੇ ਰੱਖਿਆ ਸੀ। ਅਸਲ ਵਿਚ ਮੇਰਾ ਆਪਣਾ ਕੋਈ ਨਾਂ ਈ ਨਹੀਂ ਸੀ-ਜੀ। ਮੈਂ ਸਿਰਫ ਮਿੱਟੀ ਸਾਂ ਸਾ'ਬ ਜੀ। ਵੱਖੋ-ਵੱਖਰੇ ਹੱਥਾਂ ਵਿਚ, ਅੱਡੋ-ਅੱਡਰੀਆਂ ਸ਼ਕਲਾਂ ਵਿਚ ਢਲਦੀ ਰਹੀ, ਖਿਡੌਣਿਆਂ ਵਾਂਗ। ਹੁਣ ਇਸ ਮਿੱਟੀ ਵਿਚ ਤਰਾਵਟ ਨਹੀਂ ਰਹੀ, ਇਹ ਸੁੱਕ ਕੇ ਭੁਰਭੁਰੀ ਹੋ ਗਈ ਐ। ਇਸ ਮਿੱਟੀ ਨੂੰ ਆਪਣੀ ਮਿੱਟੀ ਵਿਚ ਜਾ ਰਲਣ ਦਾ ਹੁਕਮਨਾਮਾ ਜਾਰੀ ਕਰ ਦਿਓ...ਮੈਨੂੰ ਵਤਨ ਵਾਪਸ ਜਾਣ ਦਾ ਪ੍ਰਵਾਨਾ ਦੇ ਦਿਓ ਸਾ'ਬ ਜੀ।''
ਉਸਦੇ ਵਤਨ ਵਾਪਸ ਜਾਣ ਲਈ ਸਰਕਾਰੀ ਇਜਾਜ਼ਤਨਾਮੇਂ ਦੇ ਕਾਗਜ਼ ਮੇਰੇ ਸਾਹਮਣੇ ਰੱਖ ਦਿੱਤੇ ਸਨ। ਮੈਂ ਉਹਨਾਂ ਕਾਗਜ਼ਾਂ ਨੂੰ ਰਤਾ ਗਹੁ ਨਾਲ ਵੇਖਿਆ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਨਾਂ ਵਾਲੇ ਸਾਰੇ ਖਾਨਿਆਂ ਵਾਲੀ ਥਾਂ ਖਾਲੀ ਹੈ ਤੇ ਉੱਥੇ ਸਿਰਫ ਭੁਰਭੁਰੀ ਮਿੱਟੀ ਦੇ ਕਣ ਖਿੱਲਰੇ ਹੋਏ ਨੇ।
ਫੇਰ ਮੈਂ ਉਸ ਵੱਲ ਵੇਖੇ ਬਿਨਾਂ ਹੀ ਕਾਗਜ਼ਾਂ ਉੱਤੇ ਦਸਤਖਤ ਕਰ ਦਿੱਤੇ ਸਨ।
     ੦੦੦ ੦੦੦ ੦੦੦

No comments:

Post a Comment