Wednesday, August 4, 2010

ਆਖ਼ਰੀ ਪੱਥਰ...:: ਲੇਖਕ : ਰਜੀ ਉਲਦੀਨ ਸਦੀਕੀ

ਪਾਕੀ ਉਰਦੂ ਕਹਾਣੀ :
ਆਖ਼ਰੀ ਪੱਥਰ
ਲੇਖਕ : ਰਜੀ ਉਲਦੀਨ ਸਦੀਕੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਰਾਤ ਦੇ ਪਹਿਲੇ ਪਹਿਰ ਦਾ ਜ਼ਿਕਰ ਹੈ...
ਜੇਲ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਿਆ ਤੇ ਉਹ ਕਿਸੇ ਪ੍ਰਛਾਵੇਂ ਵਾਂਗ ਅੰਦਰ ਸਰਕ ਗਿਆ। ਜੇਲ ਦੇ ਵੱਡੇ ਅਫ਼ਸਰ ਤੇ ਕੋਠੜੀ ਦੇ ਪਹਿਰੇਦਾਰ ਨੂੰ ਖੁਸ਼ ਕਰਨ ਵਾਸਤੇ ਉਸ ਨੂੰ ਚੋਖੀ ਰਕਮ ਖਰਚ ਕਰਨੀ ਪਈ ਸੀ।
ਅੰਦਰ ਪਤਲਾ ਹਨੇਰਾ ਪਸਰਿਆ ਹੋਇਆ ਸੀ। ਸਾਹਮਣੇ ਇਕ ਖੂੰਜੇ ਵਿਚ ਨਾਦੀਆ ਲੇਟੀ ਹੋਈ ਸੀ। ਅਜੇ ਉਹ ਸੁੱਤੀ ਨਹੀਂ ਸੀ ਸ਼ਾਇਦ। ਜਿਸ ਦੀ ਜ਼ਿੰਦਗੀ ਦਾ ਫੈਸਲਾ ਹੋ ਚੁੱਕਿਆ ਹੋਏ ਤੇ ਉਸ ਨੇ ਸਿਰਫ ਇਕੋ ਰਾਤ ਜਿਉਣਾ ਹੋਏ...ਉਹ ਭਲਾ ਸੌਂ ਵੀ ਕਿੰਜ ਸਕਦਾ ਹੈ?
ਆਉਣ ਵਾਲਾ ਨਾਦੀਆ ਵੱਲ ਵਧਣ ਲੱਗਾ। ਉਸ ਨੇ ਮੂੰਹ ਸਿਰ ਲਪੇਟਿਆ ਹੋਇਆ ਸੀ। ਨਾਦੀਆ ਉੱਠ ਕੇ ਬੈਠ ਗਈ, ਪਰ ਮੂੰਹੋਂ ਕੁਝ ਨਾ ਬੋਲੀ। ਨੇੜੇ ਪਹੁੰਚ ਕੇ ਉਸਨੇ ਬੜੀ ਧੀਮੀ ਆਵਾਜ਼ ਵਿਚ ਕਿਹਾ, ''ਨਾਦੀਆ...!'' ਆਵਾਜ਼ ਪਛਾਣ ਕੇ ਨਾਦੀਆ ਨੇ ਨੀਵੀਂ ਪਾ ਲਈ ਸੀ।
'ਨਾਦੀਆ,'' ਉਹ ਬੋਲਣ ਲੱਗਾ, ''ਮੈਂ ਸ਼ਾਮੀ ਹੀ ਵਾਪਸ ਆਇਆ ਸਾਂ। ਬੜਾ ਦੁਖ ਹੋਇਆ ਪੰਚਾਇਤ ਦਾ ਫੈਸਲਾ ਸੁਣ ਕੇ। ਜੇ ਮੈਂ ਏਥੇ ਹੁੰਦਾ।...ਪਰ ਕੀਤਾ ਕੀ ਜਾ ਸਕਦਾ ਏ, ਕਾਰੋਬਾਰ ਹੀ ਅਜਿਹਾ ਏ। ਸਾਰਾ ਹਫਤਾ ਵਿਦੇਸ਼ਾਂ ਵਿਚ ਭਟਕਦਾ ਰਿਹਾਂ। ਖ਼ੈਰ, ਇਹ ਗੱਲ ਤੂੰ ਬੜੀ ਚੰਗੀ ਕੀਤੀ ਜੋ ਕਿਸੇ ਦਾ ਨਾਂ ਨਹੀਂ ਦੱਸਿਆ। ਕੱਲ੍ਹ ਫੇਰ ਤੈਥੋਂ ਪੁੱਛਿਆ ਜਾਏਗਾ। ਮੇਰੀ ਬੇਨਤੀ ਏ, ਮੇਰਾ ਨਾਂ ਨਾ ਦੱਸੀ...।''
ਨਾਦੀਆ ਚੁੱਪ ਬੈਠੀ ਰਹੀ। ਉਸ ਫੇਰ ਕਿਹਾ, ''ਤੇਰੀ ਕਿਸਮਤ ਦਾ ਫੈਸਲਾ ਹੋ ਚੁੱਕਾ ਏ। ਆਪਣੇ ਨਾਲ ਦੂਜਿਆਂ ਨੂੰ ਡੋਬ ਦੇਣਾ ਇਨਸਾਨੀਅਤ ਵਾਲੀ ਗੱਲ ਨਹੀਂ ਹੁੰਦੀ ਨਾਦੀਆ। ਤੂੰ ਤੇ ਜਾਣਦੀ ਏਂ, ਮੇਰਾ ਕਿੱਡਾ ਕਾਰੋਬਾਰ ਏ...ਇੰਪੋਰਟ-ਐਕਸਪੋਰਟ ਦਾ ਮੈਂ ਬਾਦਸ਼ਾਹ ਹਾਂ। ਦੇਸ਼ਾਂ ਵਿਦੇਸ਼ਾਂ ਵਿਚ ਮੇਰੀ ਕੰਪਨੀ ਦੀਆਂ ਸ਼ਾਖਾਵਾਂ ਨੇ। ਇੱਜ਼ਤ ਏ, ਮਾਣ ਏ। ਬਸ ਇਕੋ ਬੇਨਤੀ ਏ ਮੇਰੀ, ਮੇਰਾ ਨਾਂ ਨਾ ਦੱਸੀਂ...ਨਹੀਂ ਤਾਂ ਸਭ ਕੁਝ ਮਿੱਟੀ 'ਚ ਮਿਲ ਜਾਏਗਾ। ਜਿੱਥੇ ਏਨੀ ਤਕਲੀਫ ਝੱਲੀ ਏ, ਥੋੜੀ ਹੋਰ ਸਹੀ। ਵੇਖ ਨਾਦੀਆ, ਜ਼ਿੰਦਗੀ ਵਿਚ ਕਿੰਨੀ ਐਸ਼ ਕਰਵਾਈ ਏ ਮੈਂ ਤੈਨੂੰ...। ਯਕੀਨ ਮੰਨੀ ਤੇਰੀ ਮੌਤ ਤੋਂ ਬਾਅਦ ਵੀ ਮੈਂ ਤੈਨੂੰ ਨਹੀਂ ਭੁਲਾਂਗਾ। ਅਹਿ ਰੌਲਾ-ਗੌਲਾ ਮੁੱਕ ਜਾਏ, ਮੈਂ ਤੇਰੀ ਇਕ ਸ਼ਾਨਦਾਰ ਯਾਦਗਾਰ ਬਣਵਾ ਦਿਆਂਗਾ। ਲੋਕ ਤੈਨੂੰ ਰਹਿੰਦੀ ਦੁਨੀਆਂ ਤਕ ਯਾਦ ਕਰਿਆ ਕਰਨਗੇ...ਹਾਂ ਨਾਦੀਆ, ਮੈਂ ਵਚਨ ਦੇਂਦਾ ਹਾਂ, ਵੱਧ ਤੋਂ ਵੱਧ ਖਰਚ ਕਰਕੇ ਮੈਂ ਤੇਰੀ ਯਾਦਗਾਰ ਬਣਵਾਵਾਂਗਾ। ਪਰ ਮੇਰੀ ਬੇਨਤੀ ਨਾ ਭੁੱਲੀਂ, ਕੱਲ੍ਹ ਫੇਰ ਪੁੱਛਿਆ ਜਾਏਗਾ, ਮੇਰਾ ਨਾਂ ਨਾ ਦੱਸੀਂ...।'
      ੦੦੦
ਇਹ ਦੇਸ਼ ਇਕ ਛੋਟੇ ਜਿਹੇ ਟਾਪੂ ਉੱਤੇ ਸਥਿਤ ਸੀ।
ਕੁਦਰਤੀ ਖਜਾਨਿਆਂ ਨਾਲ ਭਰਪੂਰ ਇਸ ਧਰਤੀ ਦੇ ਵਾਸੀ ਬੜੇ ਖੁਸ਼ਹਾਲ ਸਨ। ਦੇਸ਼ ਦਾ ਆਪਣਾ ਸੰਵਿਧਾਨ ਸੀ। ਮੁਕੱਦਮਿਆਂ ਦੇ ਫੈਸਲੇ ਪੰਚਾਇਤਾਂ ਕਰਦੀਆਂ ਸਨ। ਨਾਦੀਆ ਦੇ ਕੇਸ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਛੱਡੀ ਸੀ। ਅਖ਼ਬਾਰਾਂ ਨੂੰ ਵੀ ਜਿਵੇਂ ਨਵਾਂ ਵਿਸ਼ਾ ਲੱਭ ਪਿਆ ਸੀ, ਗੱਲ ਨੂੰ ਖੂਬ ਉਛਾਲਿਆ ਗਿਆ। ਤੇ ਫੇਰ ਉਸ ਕੇਸ ਦਾ ਇਕ ਇਤਿਹਾਸਕ ਫੈਸਲਾ ਹੋਇਆ—
ਟਾਪੂ ਦੀ ਪੰਚਾਇਤ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਸਰਪੰਚ ਚੌਧਰੀ ਸਾਹਬ ਆਪਣੀ ਖਾਸ ਕੁਰਸੀ ਉੱਤੇ ਆਣ ਬੈਠੇ, ਉਹਨਾਂ ਤੋਂ ਜ਼ਰਾ ਨੀਵੀਂ ਥਾਂ ਪੰਚਾਇਤ ਦੇ ਹੋਰ ਮੈਂਬਰ ਬੈਠੇ ਹੋਏ ਸਨ। ਇਕ ਪਾਸੇ ਕਟਿਹਿਰੇ ਵਿਚ ਨਾਦੀਆ ਨੀਵੀਂ ਪਾਈ ਖੜ੍ਹੀ ਸੀ...ਉਸ ਦੇ ਨੇੜੇ ਹੀ ਸਥਾਨਕ ਪੁਲਸ ਦੇ ਕੁਝ ਅਫ਼ਸਰ ਖੜ੍ਹੇ ਸਨ। ਹਾਲ ਕਮਰਾ ਲੋਕਾਂ ਨਾਲ ਭਰਿਆ ਹੋਇਆ ਸੀ। ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ ਸਾਰ ਕਮਰੇ ਵਿਚ ਚੁੱਪ ਵਰਤ ਗਈ। ਸਰਕਾਰੀ ਵਕੀਲ ਨੇ ਨਾਦੀਆ ਉਪਰ ਲਾਏ ਹੋਏ ਇਲਜ਼ਾਮਾਂ ਦੀ ਸੂਚੀ ਪੜ੍ਹ ਕੇ ਸੁਣਾਈ। ਉਸ ਉੱਤੇ ਇਲਜ਼ਾਮ ਸੀ ਕਿ ਉਸ ਨੇ ਦੇਸ਼, ਕੌਮ ਤੇ ਸਮਾਜ ਦੇ ਅਸੂਲਾਂ ਨੂੰ ਤੋੜਿਆ ਹੈ, ਸੰਭੋਗ ਵਰਗਾ ਮਾੜਾ ਜੁਰਮ ਕੀਤਾ ਹੈ ਤੇ ਇਸ ਦੇ ਨਤੀਜੇ ਵਜੋਂ ਆਪਦੇ ਪੇਟ ਵਿਚ ਪਲ ਰਹੀ ਇਕ ਮਾਸੂਮ ਜਿੰਦ ਦੀ ਹੱਤਿਆ ਕੀਤੀ ਹੈ। ਇੰਜ ਉਸ ਨੇ ਦੋ ਮਹਾ-ਅਪਰਾਧ ਕੀਤੇ ਸਨ। ਦੋਹਾਂ ਦੀ ਸਜ਼ਾ ਦੇਸ਼ ਦੇ ਸੰਵਿਧਾਨ ਅਨੁਸਾਰ ਸਿਰਫ ਮੌਤ ਸੀ। ਪਰ ਦੇਸ਼ ਦੇ ਕਾਨੂੰਨ ਵਿਚ ਰਹਿਮ ਦੀ ਗੰਜਾਇਸ਼ ਵੀ ਸੀ। ਜੇ ਨਾਦੀਆ ਨੇ ਇਹ ਜੁਰਮ ਕਿਸੇ ਮਜ਼ਬੂਰੀ ਵਿਚ ਕੀਤੇ ਸਨ ਤਾਂ ਉਸ ਨੂੰ ਆਪਣੇ ਸਾਥੀ ਮੁਜ਼ਰਮ ਦਾ ਨਾਂ ਦੱਸਣਾ ਪੈਣਾ ਸੀ...ਤਾਂਕਿ ਉਸ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਰਿਆਇਤ ਦਿਲੀ ਤੋਂ ਕੰਮ ਲਿਆ ਜਾ ਸਕੇ।
ਸਰਕਾਰੀ ਵਕੀਲ ਨੇ ਪੁੱਛਿਆ, ''ਨਾਦੀਆ, ਕੀ ਤੂੰ ਆਪਣੇ ਜ਼ੁਰਮ ਕੇ ਸਾਂਝੀਵਾਲ ਦਾ ਨਾਂਅ ਦੱਸ ਦੇਣ ਲਈ ਰਜ਼ਾਮੰਦ ਏਂ ?''
ਨਾਦੀਆ ਨੇ ਆਪਣਾ ਝੁਕਿਆ ਹੋਇਆ ਸਿਰ 'ਨਾਂਹ' ਵਿਚ ਹਿਲਾ ਦਿੱਤਾ।
ਸਰਕਾਰੀ ਵਕੀਲ ਨੇ ਸਰਪੰਚ ਚੌਧਰੀ ਸਾਹਬ ਵੱਲ ਮੂੰਹ ਭੂਆਂ ਕੇ ਕਿਹਾ, ''ਆਲੀ ਜਨਾਬ, ਮੁਲਜ਼ਮਾ ਆਪਣੇ ਜ਼ੁਰਮ ਦਾ ਇਕਬਾਲ ਤਾਂ ਕਰ ਰਹੀ ਹੈ ਪਰ ਆਪਣੇ ਸਾਥੀ ਗੁਨਾਹਗਾਰ ਦਾ ਨਾਂਅ ਦੱਸਣ ਲਈ ਤਿਆਰ ਨਹੀਂ। ਦੇਸ਼ ਦੇ ਕਾਨੂੰਨ ਅਨੁਸਾਰ ਮੈਂ ਚਾਹਾਂਗਾ ਕਿ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂਕਿ ਲੋਕਾਂ ਨੂੰ ਅੱਗੇ ਵਾਸਤੇ ਨਸੀਹਤ ਹੋ ਜਾਵੇ।''
ਸਰਪੰਚ ਚੌਧਰੀ ਸਾਹਬ ਬੇਚੈਨੀ ਨਾਲ ਕੁਰਸੀ ਉੱਤੇ ਪਾਸਾ ਪਰਤਦੇ ਹੋਏ ਬੋਲੇ, ''ਮੁਲਜ਼ਮਾ ਨਾਦੀਆ, ਤੈਨੂੰ ਪਤਾ ਈ ਹੋਏਗਾ ਕਿ ਜਿਹੜੇ ਗੁਨਾਹ ਤੂੰ ਕੀਤੇ ਨੇ, ਮੁਲਕ ਦੇ ਕਾਨੂੰਨ ਅਨੁਸਾਰ ਉਹਨਾਂ ਦੀ ਸਜ਼ਾ ਸਿਰਫ ਮੌਤ ਹੈ। ਤੈਨੂੰ ਪਤਾ ਏ ਨਾ? ਤੇ ਤੂੰ ਆਪਣੇ ਗੁਨਾਹਾਂ ਦਾ ਇਕਬਾਲ ਕਰ ਚੁੱਕੀ ਏਂ। ਇਹ ਸੰਭੋਗ ਤੇ ਕਤਲ, ਸਮਾਜ ਵਿਰੋਧੀ ਤੇ ਦੇਸ਼ ਦੁਸ਼ਮਣ ਗੁਨਾਹ ਕਰਨ ਦਾ ਹੌਂਸਲਾ ਕਿੰਜ ਕੀਤਾ ਸੀ ਤੂੰ? ਯਕੀਨਨ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਪਰ ਕਾਨੂੰਨ ਸਿਰਫ ਸਜ਼ਾ ਦੇਣਾ ਹੀ ਨਹੀਂ ਜਾਣਦਾ, ਤੈਨੂੰ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਜੇ ਤੂੰ ਉਸ ਆਦਮੀ ਦਾ ਨਾਂ ਦੱਸ ਦੇਵੇਂ, ਜਿਸ ਨੇ ਤੈਨੂੰ ਇੰਜ ਕਰਨ ਲਈ ਮਜ਼ਬੂਰ ਕੀਤਾ, ਤਾਂ ਤੇਰੀ ਸਜ਼ਾ ਬਦਲੀ ਵੀ ਜਾ ਸਕਦੀ ਏ, ਕੀ ਤੂੰ ਉਸ ਦਾ ਨਾਂ ਦੱਸਣਾ ਚਾਹੇਂਗੀ?''
ਨਾਦੀਆ ਬੁੱਤ ਵਾਂਗ ਖੜ੍ਹੀ ਰਹੀ। ਭੀੜ ਵਿਚ ਖੁਸਰ-ਫੁਸਰ ਹੋਣ ਲੱਗ ਪਈ, ਚੌਧਰੀ ਸਾਹਬ ਬੋਲੇ, ''ਕੀ ਤੂੰ ਉਸ ਆਦਮੀ ਦਾ ਨਾਂ ਦੱਸਣਾ ਏਂ ?''
ਝੁਕੇ ਹੋਏ ਸਿਰ ਨਾਲ ਇਕ ਵਾਰ ਫੇਰ ਨਾਦੀਆ ਨੇ ਇਨਕਾਰ ਕਰ ਦਿੱਤਾ। ਭੀੜ ਵਿਚਲੀ ਭਿਣਭਿਣਾਹਟ ਤੇਜ਼ ਹੋ ਗਈ।
ਤੇ ਫੇਰ ਚੌਧਰੀ ਸਾਹਬ ਨੇ ਫੈਸਲਾ ਸੁਣਾ ਦਿੱਤਾ—
'ਮੁਲਜ਼ਮਾ ਨਾਦੀਆ ਨੇ ਮੁਲਕ ਦੇ ਕਾਨੂੰਨ ਅਨੁਸਾਰ ਇਕ ਨਹੀਂ ਦੋ ਮਹਾ-ਅਪਰਾਧ ਕੀਤੇ ਨੇ ਤੇ ਉਹਨਾਂ ਨੂੰ ਮੰਨ ਵੀ ਲਿਆ ਏ। ਨਾਲੇ ਆਪਣੇ ਸਾਥੀ ਗੁਨਾਹਗਾਰ ਦਾ ਨਾਂ ਵੀ ਨਹੀਂ ਦੱਸਿਆ। ਮੁਲਕ ਦੇ ਕਾਨੂੰਨ ਅਨੁਸਾਰ ਮੈਂ ਇਸ ਨੂੰ ਸੰਗਸਾਰੀ (ਪੱਥਰ ਮਾਰ-ਮਾਰ ਕੇ ਮਾਰ ਦੇਣ) ਦੇ ਜ਼ਰੀਏ, ਸਜ਼ਾਏ ਮੌਤ ਦਾ ਹੁਕਮ ਦੇਂਦਾ ਹਾਂ। ਪਰ ਪੱਥਰਾਅ ਸ਼ੁਰੂ ਕਰਨ ਤੋਂ ਪਹਿਲਾਂ, ਸਵੇਰੇ, ਤੈਨੂੰ ਇਕ ਮੌਕਾ ਹੋਰ ਦਿੱਤਾ ਜਾਏਗਾ। ਜੇ ਤੂੰ ਆਪਣੇ ਸਾਥੀ ਅਪਰਾਧੀ ਦਾ ਨਾਂ ਦੱਸ ਦਏਂਗੀ ਤਾਂ ਹੋ ਸਕਦਾ ਏ ਇਹ ਸਜ਼ਾ ਟਲ ਜਾਏ। ਕੱਲ੍ਹ ਸਵੇਰੇ ਸੂਰਜ ਚੜ੍ਹਣ ਤੋਂ ਪਿੱਛੋਂ, ਸ਼ਹਿਰ ਦੇ ਬਾਹਰਲੇ ਵੱਡੇ ਮੈਦਾਨ ਵਿਚ, ਮੁਲਜ਼ਮਾ ਨਾਦੀਆ ਉੱਤੇ ਸਾਰੀ ਜਨਤਾ ਸਾਹਮਣੇ, ਪਥਰਾਅ ਕੀਤਾ ਜਾਏਗਾ।''
      ੦੦੦
ਅੱਧੀ ਰਾਤ ਤੋਂ ਪਿੱਛੋਂ ਇਕ ਹੋਰ ਪਰਛਾਵਾਂ ਨਾਦੀਆ ਦੀ ਕੋਠੜੀ ਅੰਦਰ ਆਇਆ। ਉਸ ਨੂੰ ਇੱਥੇ ਪਹੁੰਚਣ ਵਾਸਤੇ ਰਿਸ਼ਵਤ ਨਹੀਂ ਦੇਣੀ ਪਈ ਸੀ। ਉਹ ਇਸ ਦੇਸ਼ ਦਾ ਸਿਰ ਕੱਢ ਸਿਆਸੀ ਨੇਤਾ ਸੀ। ਸਾਰੇ ਲੋਕ ਉਸ ਨੂੰ ਜਾਣਦੇ ਸਨ। ਜਦੋਂ ਉਹ ਕੋਠੜੀ ਦੇ ਦਰਵਾਜ਼ੇ ਨੇੜੇ ਪਹੁੰਚਿਆ ਸੀ, ਸੰਤਰੀ ਨੇ ਫੌਜੀਆਂ ਵਾਂਗ ਸਲੂਟ ਮਾਰਿਆ ਸੀ। ਨਾਦੀਆ ਅਜੇ ਜਾਗ ਰਹੀ ਸੀ। ਜਦੋਂ ਉਹ ਉਸ ਦੇ ਨੇੜੇ ਪਹੁੰਚਿਆ, ਉਹ ਉੱਠ ਕੇ ਬੈਠ ਗਈ।
'' ਨਾਦੀਆ,'' ਉਸ ਨੇ ਬੜੀ ਹੌਲੀ ਜਿਹੀ ਕਿਹਾ। ਨਾਦੀਆ ਨੇ ਉਸ ਦੀ ਆਵਾਜ਼ ਵੀ ਪਛਾਣ ਲਈ।
'ਮੈਂ ਬੜੇ ਯਤਨ ਕੀਤੇ ਸਨ ਨਾਦੀਆ ਕਿ ਤੈਨੂੰ ਏਨੀ ਸਖ਼ਤ ਸਜ਼ਾ ਨਾ ਦਿੱਤੀ ਜਾਏ...ਪਰ ਉਹਨਾਂ ਮੇਰੀ ਇਕ ਨਹੀਂ ਸੁਣੀ। ਦੇਸ਼ ਦਾ ਕਾਨੂੰਨ ਬੜਾ ਸਖ਼ਤ ਏ। ਜ਼ਿਆਦਾ ਜ਼ੋਰ ਦੇਂਦਾ ਤਾਂ ਵਿਰੋਧੀ ਪਾਰਟੀ ਨੇ ਗੱਲ ਫੜ੍ਹ ਲੈਣੀ ਸੀ ਤੇ ਏਸੇ ਗੱਲ ਨੂੰ ਉਛਾਲ ਕੇ ਮੈਨੂੰ ਬਦਨਾਮ ਕਰਨ ਲੱਗ ਪੈਣਾ ਸੀ। ਮੈਂ ਏਸ ਦੇਸ਼ ਦਾ ਸਿਰ ਕੱਢ ਸਿਆਸੀ ਨੇਤਾ ਹਾਂ। ਵਿਦੇਸ਼ਾਂ ਵਿਚ ਬੜਾ ਨਾਂ ਏਂ ਮੇਰਾ। ਕਈ ਦੇਸ਼ਾਂ ਦੇ ਨੇਤਾ ਮੈਥੋਂ ਸਲਾਹ-ਮਸ਼ਵਰੇ ਲੈਣ ਆਉਂਦੇ ਨੇ। ਮੇਰੀ ਸਿਆਸੀ ਸੂਝ-ਬੂਝ ਦਾ ਲੋਹਾ ਮੰਨਦੇ ਨੇ। ਪਰ...ਦੇਸ਼ ਦਾ ਕਾਨੂੰਨ ਆਖ਼ਰ ਕਾਨੂੰਨ ਹੁੰਦਾ ਏ ਤੇ ਕਈ ਗੱਲਾਂ ਸਾਹਮਣੇ ਬੰਦਾ ਬੇਵੱਸ ਹੋ ਜਾਂਦਾ ਏ। ਤੂੰ ਆਪ ਸਿਆਣੀ ਏਂ...। ਪਰ ਨਾਦੀਆ, ਤੇਰੇ ਸਾਹਮਣੇ ਮੈਂ ਇਕ ਬੇਨਤੀ ਕਰਨ ਆਇਆ ਹਾਂ, ਰੱਬ ਦਾ ਵਾਸਤਾ ਈ ਮੇਰਾ ਨਾਂ ਨਾ ਦੱਸੀਂ। ਨਹੀਂ ਤੇ ਗ਼ਜ਼ਬ ਹੀ ਹੋ ਜਾਏਗਾ, ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀਆਂ ਤਿੰਨ ਪਤਨੀਆਂ ਤੇ ਬਾਰਾਂ ਬੱਚਿਆ ਦਾ ਕੀ ਬਣੇਗਾ, ਨਾਦੀਆ...।''
ਉਹ ਗਿੜਗਿੜਾਉਂਦਾ ਰਿਹਾ ਤੇ ਨਾਦੀਆ ਨੀਵੀਂ ਪਾ ਕੇ ਚੁੱਪਚਾਪ ਬੈਠੀ ਰਹੀ।
      ੦੦੦
ਅਜੇ ਸ਼ਹਿਰ ਦੀਆਂ ਮਸਜਿਦਾਂ ਵਿਚ ਅਜ਼ਾਨ ਨਹੀਂ ਸੀ ਹੋਈ। ਇਕ ਧਾਰਮਿਕ ਪੇਸ਼ਵਾ ਜੇਲ ਅੰਦਰ ਆਏ ਤੇ ਨਾਦੀਆ ਦੀ ਕੋਠੜੀ ਦੇ ਦਰਵਾਜ਼ੇ ਕੋਲ ਆ ਕੇ ਰੁਕੇ। ਉਹਨਾਂ ਨਾਲ ਜੇਲ ਦਾ ਹਾਕਮ ਵੀ ਆਇਆ ਸੀ। ਕੋਠੜੀ ਦੇ ਸਾਹਮਣੇ ਖਲੋਤੇ ਅਰਦਲੀ ਨੇ ਬੜੇ ਸਤਿਕਾਰ ਨਾਲ ਝੁਕ ਕੇ ਉਹਨਾਂ ਨੂੰ ਸਲਾਮ ਕੀਤੀ ਤੇ ਦਰਵਾਜ਼ਾ ਖੋਲ੍ਹ ਦਿੱਤਾ। ਉਹ ਹੌਲੀ ਹੌਲੀ ਤੁਰਦੇ ਹੋਏ ਅੰਦਰ ਲੰਘ ਗਏ। ਸਜ਼ਾਏ-ਮੌਤ ਦੇ ਕੈਦੀਆਂ ਨੂੰ ਮੌਤ ਤੋਂ ਪਹਿਲਾਂ ਅਗਲੇਰੇ ਜੀਵਨ ਬਾਰੇ ਹਦਾਇਤਾਂ ਕਰਨਾ ਉਹਨਾਂ ਦੇ ਧਾਰਮਿਕ ਫਰਜ਼ ਵਿਚ ਸ਼ਾਮਿਲ ਸੀ।
'ਨਾਦੀਆ,'' ਉਹਨਾਂ ਜ਼ਰਾ ਉੱਚੀ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ, ''ਮੌਤ ਹਰੇਕ ਇਨਸਾਨ ਨੂੰ ਆਉਂਦੀ ਹੈ। ਉਸ ਦੇ ਹੱਥੋਂ ਨਾ ਬਾਦਸ਼ਾਹ ਬਚ ਸਕਿਆ ਏ ਕਦੀ, ਨਾ ਭਿਖਾਰੀ। ਹਰੇਕ ਦੀ ਮੌਤ ਦਾ ਸਮਾਂ ਨਿਸ਼ਚਿਤ ਹੁੰਦਾ ਹੈ। ਸਾਨੂੰ ਹਰ ਵੇਲੇ ਸੱਚੇ ਮਾਲਕ ਸਾਹਮਣੇ ਪੇਸ਼ ਹੋਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਉਹ ਹਰੇਕ ਭੁੱਲ ਨੂੰ ਬਖ਼ਸ਼ਣ ਵਾਲ ਹੈ...'' ਤੇ ਫੇਰ ਅਚਾਨਕ ਉਹਨਾਂ ਦੀ ਆਵਾਜ਼ ਖਾਸੀ ਧੀਮੀ ਹੋ ਗਈ ਸੀ, ''ਨਾਦੀਆ ਮੇਰੇ ਉਪਰ ਰਹਿਮ ਕਰੀਂ! ਤੈਨੂੰ ਪਤਾ ਈ ਏ, ਮੈਂ ਏਸ ਸ਼ਹਿਰ ਦਾ ਵੱਡਾ ਪੇਸ਼ਵਾ ਹਾਂ। ਲੋਕ ਸਤਿਕਾਰ ਵਜੋਂ ਮੇਰੇ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰਦੇ। ਏਥੋਂ ਦੇ ਈ ਨਹੀਂ ਬਾਹਰਲੇ ਮੁਲਕਾਂ ਦੇ ਲੋਕ ਵੀ ਮੇਰੀ ਬੜੀ ਇੱਜ਼ਤ ਕਰਦੇ ਨੇ। ਸਭ ਕੁਝ ਮਿੱਟੀ 'ਚ ਮਿਲ ਜਾਏਗਾ ਨਾਦੀਆ ਜੇ ਤੂੰ ਮੇਰਾ ਨਾਂ ਦੱਸ ਦਿੱਤਾ...ਥੋੜ੍ਹੀ ਜਿਹੀ ਤਕਲੀਫ ਝੱਲ ਲਵੀਂ। ਮੈਂ ਸਵੇਰੇ ਵੀ ਤੇਰੇ ਹੱਕ ਵਿਚ ਦੁਆ ਕਰਾਂਗਾ ਤਾਂਕਿ ਤੇਰੀ ਰੂਹ ਆਸਾਨੀ ਨਾਲ ਜਿਸਮ ਵਿਚੋਂ ਪਰਵਾਜ਼ ਕਰ ਜਾਏ ਤੇ ਬਹੁਤੀ ਤਕਲੀਫ ਨਾ ਝੱਲਣੀ ਪਏ। ਨਾਦੀਆ ਸੋਚ, ਜ਼ਿੰਦਗੀ ਵਿਚ ਮੈਂ ਤੇਰੇ ਉਪਰ ਕਿੰਨੀਆਂ ਮਿਹਰਬਾਨੀਆਂ ਕੀਤੀਆਂ ਨੇ...ਸੱਚ ਜਾਣੀ ਤੇਰੀ ਮੌਤ ਤੋਂ ਬਾਅਦ ਵੀ ਮੈਂ ਤੈਨੂੰ ਨਹੀਂ ਭੁੱਲਾਂਗਾ, ਤੇਰੀ ਖਾਤਰ ਏਨਾ ਈਸਾਲੇ ਸਵਾਬ (ਆਤਮਕ ਸ਼ਾਂਤੀ ਲਈ ਪਾਠ) ਕਰਾਂਗਾ ਕਿ ਤੇਰੇ ਸਾਰੇ ਗੁਨਾਹ ਧੋਤੇ ਜਾਣਗੇ। ਪਰ ਮੇਰੀ ਇਹੀ ਅਰਜ਼ ਏ ਨਾਦੀਆ, ਵੇਖੀਂ ਮੇਰਾ ਨਾਂ ਨਾ ਦੱਸ ਦੇਵੀਂ...ਨਹੀਂ ਤੇ ਮੇਰੀਆਂ ਚਾਰ ਪਤਨੀਆਂ ਤੇ ਏਨੇ ਸਾਰੇ ਬੱਚਿਆਂ ਦਾ ਕੀ ਬਣੇਗਾ?'' ਉਹ ਲਿਲਕਦਾ ਰਿਹਾ ਤੇ ਨਾਦੀਆ ਚੁੱਪਚਾਪ ਨੀਵੀਂ ਪਾ ਕੇ ਬੈਠੀ ਰਹੀ।
       ੦੦੦
ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸ਼ਹਿਰ ਦੇ ਬਾਹਰਲੇ ਮੈਦਾਨ ਵਿਚ ਦਰਸ਼ਕਾਂ ਦੀ ਖਾਸੀ ਭੀੜ ਲੱਗ ਗਈ ਸੀ।
ਮਿਥੇ ਹੋਏ ਸਮੇਂ ਅਨੁਸਾਰ ਸਰਪੰਚ ਚੌਧਰੀ ਸਾਹਬ, ਪੰਚਾਇਤ ਦੇ ਹੋਰ ਮੈਂਬਰ, ਪੁਲਸ ਅਧਿਕਾਰੀ ਤੇ ਅਮਾਮਦੀਨ ਸ਼ਹਿਰ ਵੀ ਆ ਪਹੁੰਚੇ। ਇਕ ਪੁਲਸ ਕਾਰ ਵਿਚ ਨਾਦੀਆ ਨੂੰ ਲਿਆਂਦਾ ਗਿਆ। ਮੈਦਾਨ ਦੇ ਐਨ ਵਿਚਕਾਰ, ਤਿੰਨ ਚਾਰ ਫੁੱਟ ਡੂੰਘਾ, ਇਕ ਟੋਇਆ ਪੁਇਆ ਹੋਇਆ ਸੀ ਤੇ ਪੱਥਰਾਂ ਦਾ ਇਕ ਵੱਡਾ ਸਾਰਾ ਢੇਰ ਲਗਵਾ ਦਿੱਤਾ ਗਿਆ ਸੀ।
ਕਾਨੂੰਨ ਦੇ ਮੁਤਾਬਿਕ ਇਕ ਵਾਰ ਫੇਰ ਚੌਧਰੀ ਸਾਹਬ ਨੇ ਨਾਦੀਆ ਤੋਂ ਪੁੱਛਿਆ, ''ਨਾਦੀਆ ਕਾਨੂੰਨਨ ਤੈਨੂੰ ਇਕ ਮੌਕਾ ਹੋਰ ਦਿੱਤਾ ਜਾ ਰਿਹਾ ਏ...ਜੇ ਤੂੰ ਉਸ ਆਦਮੀ ਦਾ ਨਾਂ ਦੱਸਣਾ ਚਾਹੁੰਦੀ ਏਂ, ਤਾਂ ਦੱਸ ਸਕਦੀ ਏਂ, ਜਿਸ ਨੇ ਤੈਨੂੰ ਇਹ ਗੁਨਾਹ ਕਰਨ ਵਾਸਤੇ ਮਜ਼ਬੂਰ ਕੀਤਾ ਸੀ...ਇਹ ਹੋ ਸਕਦਾ ਏ ਕਿ ਤੇਰੀ ਇਹ ਸਜ਼ਾ ਘਟ ਜਾਏ।''
ਜਦੋਂ ਸਾਰੇ ਇੰਤਜ਼ਾਮ ਪੂਰੇ ਹੋ ਗਏ ਤਾਂ ਨਾਦੀਆਂ ਨੂੰ ਨਾਦੀਆ ਨੂੰ ਟੋਏ ਵਿਚ ਖੜ੍ਹਾ ਕਰਕੇ ਲੱਕ-ਲੱਕ ਮਿੱਟੀ ਵਿਚ ਗੱਡ ਦਿੱਤਾ ਗਿਆ। ਪਥਰਾਅ ਕਰਨ ਵਾਸਤੇ ਲੋਕਾਂ ਨੇ ਪੱਥਰ ਚੁੱਕ ਲਏ।
ਰਿਵਾਜ਼ ਮੁਤਾਬਿਕ ਪਹਿਲਾ ਪੱਥਰ ਸਰਪੰਚ ਚੌਧਰੀ ਸਾਹਬ ਨੇ ਹੀ ਮਾਰਨਾ ਸੀ। ਸਭ ਦੀਆਂ ਨਜ਼ਰਾਂ ਉਹਨਾਂ ਵੱਲ ਭੌਂ ਗਈਆਂ। ਉਹਨਾਂ ਇਕ ਪੱਥਰ ਚੁੱਕਿਆ ਪਰ ਨਾਦੀਆ ਦੇ ਮਾਰਿਆ ਨਹੀਂ। ਕੁਝ ਚਿਰ ਬਾਅਦ ਲੋਕਾਂ ਨੂੰ ਪਥਰਾਅ ਕਰਨ ਦਾ ਇਸ਼ਾਰਾ ਕੀਤਾ...ਇਹ ਗੱਲ ਆਮ ਸੀ ਕਿ ਉਹ ਬੜੇ ਰਹਿਮ ਦਿਲ ਨੇ। ਸ਼ਾਇਦ ਏਸੇ ਕਰਕੇ ਉਹਨਾਂ ਆਪ ਪੱਥਰ ਨਹੀਂ ਸੀ ਮਾਰਿਆ...! ਇਸ਼ਾਰਾ ਮਿਲਣ ਸਾਰ ਲੋਕਾਂ ਨੇ ਜ਼ਮੀਨ ਵਿਚ ਅੱਧ ਗੱਡੀ ਨਾਦੀਆ ਉਪਰ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਦੂਰ ਹੋਣ ਕਰਕੇ ਕਈਆਂ ਦੇ ਨਿਸ਼ਾਨੇ ਠੀਕ ਨਹੀਂ ਸਨ ਲੱਗੇ, ਪਰ ਕਈ ਪੱਥਰ ਨਾਦੀਆਂ ਨੂੰ ਵੱਜੇ ਵੀ ਸਨ। ਉਸ ਨੇ ਆਪਣੇ ਦੋਹਾਂ ਹੱਥਾਂ ਨਾਲ ਸਿਰ ਤੇ ਚਿਹਰਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਕੁਝ ਲੋਕ ਤਾਂ ਇਕ ਇਕ ਪੱਥਰ ਮਾਰ ਕੇ ਪਿਛਾਂਹ ਹਟ ਗਏ ਸਨ ਪਰ ਜਿਹੜੇ ਜ਼ਿਆਦਾ ਸ਼ੌਕੀਨ ਤੇ ਪੱਥਰ ਦਿਲ ਸਨ ਵਾਰੀ ਵਾਰੀ ਪੱਥਰ ਚੁੱਕ ਕੇ ਮਾਰਦੇ ਰਹੇ। ਨਾਦੀਆ ਦੇ ਸਰੀਰ ਦੇ ਕਈ ਹਿੱਸਿਆਂ ਵਿਚੋਂ ਲਹੂ ਵਗਣ ਲੱਗ ਪਿਆ ਸੀ।
ਜਿਵੇਂ ਜਿਵੇਂ ਪੱਥਰ ਵੱਜਦੇ ਰਹੇ, ਉਹ ਨਿਢਾਲ ਹੁੰਦੀ ਗਈ। ਪਰ ਨਾ ਉਹ ਚੀਕੀ, ਨਾ ਰੋਈ—ਖਾਸੀ ਕਰੜਾਈ ਵਿਖਾਈ ਸੀ ਉਸ ਨੇ। ਕਈ ਪੱਥਰ ਉਸ ਦੇ ਸਿਰ ਵਿਚ ਵੱਜੇ ਤੇ ਖ਼ੂਨ ਨਾਲ ਉਸਦਾ ਚਿਹਰਾ ਲਾਲ ਹੋ ਗਿਆ। ਬਰਦਾਸ਼ਤ ਦੀ ਵੀ ਇਕ ਹੱਦ ਹੁੰਦੀ ਹੈ। ਜਦੋਂ ਪੱਥਰਾਂ ਦੀ ਵਾਛੜ ਤੇਜ਼ ਹੋ ਗਈ, ਉਸ ਨੇ ਅਗਾਂਹ ਵੱਲ ਹੱਥ ਹਿਲਾ ਹਿਲਾ ਕੇ ਚੀਕਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਦੇ ਹੱਥ ਰੁਕ ਗਏ। ਪਰ ਸਜ਼ਾ ਤਾਂ ਪੁਰੀ ਕਰਨੀ ਹੀ ਪੈਣੀ ਸੀ। ਸੋ ਮੁੜ ਪਥਰਾਅ ਸ਼ੁਰੂ ਹੋ ਗਿਆ।
ਹੁਣ ਨਾਦੀਆ ਅੱਧਮੋਈ ਜਿਹੀ ਹੋ ਚੁੱਕੀ ਸੀ ਤੇ ਕੁਝ ਬੜਬੜਾ ਵੀ ਰਹੀ ਸੀ। ਭੀੜ ਵਿਚੋਂ ਕੋਈ ਕੂਕਿਆ, ''ਰੂਕ ਜਾਓ, ਉਹ ਕੁਝ ਕਹਿ ਰਹੀ ਏ...''
''ਸ਼ਾਇਦ ਉਸ ਦਾ ਨਾਂ ਦੱਸਣਾ ਚਾਹੁੰਦੀ ਏ...''
ਲੋਕਾਂ ਦੇ ਹੱਥ ਰੁਕ ਗਏ। ਉਹਨਾਂ ਦੀਆਂ ਨਜ਼ਰਾਂ ਤੇ ਕੰਨ ਨਾਦੀਆ ਉੱਤੇ ਟਿਕੇ ਹੋਏ ਸਨ। ਹੁਣ ਕੋਈ ਵੀ ਪੱਥਰ ਨਹੀਂ ਸੀ ਮਾਰ ਰਿਹਾ।
ਉਸ ਦਾ ਚਿਹਰਾ ਖ਼ੂਨ ਨਾਲ ਲੱਥ-ਪੱਥ ਹੋਇਆ-ਹੋਇਆ ਸੀ...ਬੁੱਲ੍ਹ ਫਰਕ ਰਹੇ ਸਨ, ਪਰ ਕੋਈ ਆਵਾਜ਼ ਨਹੀਂ ਸੀ ਸੁਣਾਈ ਦੇਂਦੀ।
'ਕੀ ਤੂੰ ਕਿਸੇ ਦਾ ਨਾਂ ਦੱਸਣਾ ਏਂ ?'' ਭੀੜ ਵਿਚੋਂ ਕਿਸੇ ਨੇ ਉੱਚੀ ਆਵਾਜ਼ ਵਿਚ ਪੁੱਛਿਆ।
ਨਾਦੀਆ ਨੇ ਲਾਲ ਲਾਲ ਅੱਖਾਂ ਨਾਲ ਪਹਿਲਾਂ ਭੀੜ ਵੱਲ ਤੇ ਫੇਰ ਅਸਮਾਨ ਵੱਲ ਤੱਕਿਆ ਤੇ ਫੇਰ ਕੁਝ ਬਰੜਾਈ।
''ਉਹ ਕਿਸੇ ਦਾ ਨਾਂ ਦੱਸ ਰਹੀ ਏ ਸ਼ਾਇਦ...'' ਕਿਸੇ ਨੇ ਕਿਹਾ। ਲੋਕ ਉਸ ਦੇ ਨੇੜੇ ਹੋਣ ਲੱਗ ਪਏ। ਸਭ ਦੇ ਕੰਨ ਉਸੇ ਵੱਲ ਸਨ।
ਜਦੋਂ ਨਾਦੀਆ ਨੇ ਭੀੜ ਵੱਲ ਮੂੰਹ ਕਰਕੇ ਕੁਝ ਬੋਲਣਾ ਚਾਹਿਆ—
'ਧੱਪ...'' ਇਕ ਵੱਡਾ ਸਾਰਾ ਪੱਥਰ ਉਸ ਦੇ ਮੂੰਹ ਉੱਤੇ ਆ ਵੱਜਿਆ। ਉਸ ਦੇ ਨਾਲ ਹੀ ਨਾਦੀਆ ਦੇ ਕੁਝ ਦੰਦ ਵੀ ਹੇਠਾਂ ਆਣ ਡਿੱਗੇ, ਮੂੰਚ ਵਿਚੋਂ ਖ਼ੂਨ ਦੇ ਘਰਾਲੇ ਵਗ ਤੁਰੇ। ਜਿਸਮ ਨੂੰ ਇਕ ਝੱਟਕਾ ਜਿਹਾ ਵੱਜਾ ਤੇ ਉਹ ਮੁੱਕ ਗਈ।
ਲੋਕਾਂ ਨੇ ਪਿਛਾਂਹ ਭੌਂ ਕੇ ਵੇਖਿਆ। ਚੌਧਰੀ ਸਾਹਬ ਖਾਲੀ ਹੱਥ ਖੜ੍ਹੇ ਸਨ।
ਇਹ ਆਖ਼ਰੀ ਪੱਥਰ ਸਰਪੰਚ ਚੌਧਰੀ ਸਾਹਬ ਨੇ ਹੀ ਮਾਰਿਆ ਸੀ।
     ੦੦੦ ੦੦੦ ੦੦੦  

No comments:

Post a Comment