Sunday, August 1, 2010

ਬੈਕ ਲੇਨ (ਪਿਛਲੀ ਗਲੀ)...:: ਲੇਖਕ : ਜੋਗਿੰਦਰ ਪਾਲ

ਉਰਦੂ ਕਹਾਣੀ :
ਬੈਕ ਲੇਨ (ਪਿਛਲੀ ਗਲੀ)
ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਲਾਲ ਪੱਗ ਵਾਲੇ ਨੇ ਮੈਨੂੰ ਰੋਕ ਲਿਆ ਹੈ।
''ਕਿੱਧਰ ਜਾ ਰਿਹੈਂ ਓਇ...?''
ਮੇਰੀ ਸਮਝ ਵਿਚ ਨਹੀਂ ਆ ਰਿਹਾ ਕਿ ਉਸਨੂੰ ਕੀ ਦੱਸਾਂ।
''ਜਾਹ। ਖਬਰਦਾਰ, ਜੇ ਏਧਰ ਉਧਰ ਵੇਖਿਆ...ਨੱਕ ਦੀ ਸੀਧ ਵਿਚ ਤੁਰਿਆ ਜਾਵੀਂ।''
ਚਲੋ, ਛੁੱਟੀ ਹੋਈ। ਇਹ ਲੋਕ ਪਤਾ ਨਹੀਂ ਕਿਉਂ ਮੈਨੂੰ ਰੋਕ-ਰੋਕ ਕੇ ਖਬਰਦਾਰ ਕਰਦੇ ਰਹਿੰਦੇ ਨੇ। ਮੈਂ ਕੋਈ ਐਸਾ-ਵੈਸਾ ਆਦਮੀ ਵੀ ਨਹੀਂ! ਹਮੇਸ਼ਾ ਆਪਣੀ ਨੱਕ ਦੀ ਸੀਧ ਵਿਚ ਤੁਰਦਾ ਹਾਂ। ਕੋਈ ਕਿਸੇ ਪਾਸੇ ਵੀ ਵੇਖੇ, ਤੁਰਨਾ ਤਾਂ ਉਸਨੂੰ ਉਸੇ ਪਾਸੇ ਪੈਂਦਾ ਹੈ ਨਾ, ਜਿੱਧਰ ਉਸਦੇ ਨੱਕ ਨੇ ਮੂੰਹ ਕੀਤਾ ਹੋਇਆ ਹੋਵੇ—ਸਿੱਧੀ ਤੇ ਸਾਦੀ ਜਿਹੀ ਗੱਲ ਹੈ, ਪਰ ਗਰੀਬ ਵਿਚਾਰਾ ਬੋਲੇ ਤਾਂ ਕੀ ਬੋਲੇ?
ਮੈਂ ਸਿਰ ਹਿਲਾ-ਹਿਲਾ ਕੇ ਜਿਵੇਂ ਲਾਲ ਪੱਗ ਵਾਲੇ ਨੂੰ ਵਾਰੀ–ਵਾਰੀ ਸਲਾਮ ਕਰਦਾ ਹੋਇਆ ਨੱਕ ਦੀ ਸੀਧ ਵਿਚ ਤੁਰ ਰਿਹਾ ਹਾਂ ਤੇ ਸ਼ਰਮਿੰਦਾ ਹਾਂ ਕਿ ਕੁਝ ਨਾ ਕਰਨ 'ਤੇ ਵੀ ਫੜ੍ਹਿਆ ਗਿਆ ਹਾਂ।
''ਰੁਕੀਂ ਓਇ...!''
ਉਸਦੀ ਆਵਾਜ਼ ਸੁਣ ਕੇ ਮੇਰੇ ਪੈਰ, ਤੁਰਦੇ-ਤੁਰਦੇ, ਮੇਰੀ ਇੱਛਾ ਜਾਂ ਅਣਇੱਛਾ ਦੇ ਬਿਨਾਂ ਹੀ ਯਕਦਮ ਰੁਕ ਗਏ ਨੇ। ਮੈਂ ਹਾਂ ਕੌਣ, ਜਿਹੜਾ ਆਪਣੀ ਮਰਜ਼ੀ ਨਾਲ ਰੁਕਾਂ ਜਾਂ ਤੁਰਾਂ? ਉਸਨੇ ਕਾਹਲ ਨਾਲ ਮੇਰੇ ਕੋਲ ਆ ਕੇ ਪੁੱਛਿਆ ਹੈ, ''ਇਸ ਝੋਲੇ 'ਚ ਕੀ ਐ?'' ਮੈਂ ਆਪਣੇ ਕੰਮ 'ਤੇ ਨਿਕਲਦਾ ਹਾਂ ਤਾਂ ਚਾਦਰ ਦਾ ਝੋਲਾ ਜਿਹਾ ਬਣਾਅ ਕੇ ਸੱਜੇ ਮੋਢੇ ਉੱਤੇ ਲਮਕਾਅ ਲੈਂਦਾ ਹਾਂ।
''ਬੋਲ...!''
ਮੈਂ ਘਬਰਾ ਕੇ ਝੋਲੇ ਨੂੰ ਪਿੱਠ ਵੱਲ ਸਰਕਾ ਲਿਆ ਹੈ। ਏਨਾ ਓਹਲਾ ਤਾਂ ਹੋਣਾ ਹੀ ਚਾਹੀਦਾ ਹੈ ਕਿ ਦਿਲ ਟੁੱਟੇ ਤਾਂ ਖੱਲ 'ਚੋਂ ਬਾਹਰ ਆ ਕੇ ਨਾ ਖਿੱਲਰੇ!
'ਬੋਲਦਾ ਕਿਉਂ ਨਹੀਂ? ਝੋਲੇ 'ਚ ਕੀ ਲੁਕਾਇਆ ਹੋਇਆ ਐ?''
ਲਾਲ ਪੱਗ ਵਾਲੇ ਨੇ ਝਪਟ ਕੇ ਝੋਲੇ ਨੂੰ ਕਾਹਲ ਨਾਲ ਟਟੋਲਿਆ ਹੈ ਤੇ ਫੇਰ ਮੂੰਹ ਲਟਕਾਅ ਕੇ ਕਿਹਾ ਹੈ, ''ਇਹ ਤਾਂ ਖ਼ਾਲੀ ਆ ਓਇ।''
ਉਸਦਾ ਮੂੰਹ ਗੁੱਸੇ ਵਿਚ ਫੁੱਲ ਕੇ ਪਾਟੇ-ਪੁਰਾਣੇ ਫੁਟਬਾਲ ਵਰਗਾ ਹੋ ਗਿਆ ਹੈ...ਮੁਨੂੰ ਕਬਾੜੀਏ ਕੋਲ ਲੈ ਜਾਵਾਂ ਤਾਂ ਇਸ ਹਾਲਤ ਵਿਚ ਵੀ ਚਵਾਨੀ ਤਾਂ ਦੇ ਹੀ ਦਵੇਗਾ—ਭੈਭੀਤ ਹੋਣ ਦੇ ਬਾਵਜ਼ੂਦ ਮੈਂ ਸ਼ਾਇਦ ਨਿੰਮ੍ਹਾਂ-ਨਿੰਮ੍ਹਾਂ ਮੁਸਕਰਾ ਰਿਹਾ ਹਾਂ।
'ਹੱਸ ਕਿਉਂ ਰਿਹੈਂ ਓਇ? ਮੈਨੂੰ ਮੂਰਖ ਸਮਝਦਾ ਪਿਆ ਐਂ!''
ਮੈਂ 'ਨਹੀਂ' ਕਹਿਣ ਲਈ ਬੜੀ ਸਭਿਅਤਾ ਨਾਲ ਸਿਰ ਹਿਲਾਇਆ ਹੈ, ਪਰ ਕਿਸੇ ਮੂਰਖ ਨੂੰ ਝੂਠ-ਮੂਠ ਇਹ ਵਿਸ਼ਵਾਸ ਦਿਵਾਇਆ ਜਾਵੇ ਕਿ ਉਹ ਮੂਰਖ ਨਹੀਂ ਹੈ ਤਾਂ ਉਸਨੂੰ ਆਪਣੀ ਮੂਰਖਤਾ ਉੱਤੇ ਹੋਰ ਵੀ ਗੁੱਸਾ ਆਉਣ ਲੱਗ ਪੈਂਦਾ ਹੈ।
'ਤੁਹਾਨੂੰ ਬਦਮਾਸ਼ਾਂ ਨੂੰ ਮੈਂ ਖ਼ੂਬ ਜਾਣਦਾਂ। ਖ਼ਾਲੀ ਝੋਲਾ ਲਮਕਾਈ, ਮੌਕੇ ਦੀ ਤਾੜ ਵਿਚ ਘੁੰਮਦੇ ਫਿਰਦੇ ਓ।''
ਇਹ ਗੱਲ ਉਸਦੀ ਝੂਠੀ ਨਹੀਂ ਸੀ, ਪਰ ਸਾਰੇ ਲੋਕ ਹੀ ਇੰਜ ਕਰਦੇ ਨੇ। ਹਰੇਕ ਆਪਣੇ ਦਿਲ ਵਿਚ ਝੋਲਾ ਲਟਕਾਈ ਇਸੇ ਤਾੜ ਵਿਚ ਭੌਂਦਾ–ਭਟਕਦਾ ਫਿਰ ਰਿਹਾ ਹੈ ਕਿ ਕੀ ਪਤਾ, ਕਦੋਂ ਕੀ ਹੱਥ ਲੱਗ ਜਾਵੇ!
''ਦੌੜ ਜਾ, ਵਰਨਾ ਖ਼ੂਨ ਪੀ ਜਾਵਾਂਗਾ।''
ਮੈਂ ਇਹ ਸੋਚਦਾ ਹੋਇਆ ਅੱਗੇ ਤੁਰ ਪਿਆ ਹਾਂ ਕਿ ਹਜ਼ਾਰ ਗੁੱਸੇ ਵਿਚ ਵੀ ਜੰਗਲੀ ਜਾਨਵਰ ਪੀਣ ਤਾਂ ਪਾਣੀ ਹੀ ਪੀਂਦੇ ਨੇ, ਫੇਰ ਆਦਮੀ ਕਿਉਂ ਆਪਣਾ ਪਾਰਾ ਚੜ੍ਹਦਿਆਂ ਹੀ ਆਦਮੀ ਦੇ ਖ਼ੂਨ ਦਾ ਪਿਆਸਾ ਹੋ ਜਾਂਦਾ ਹੈ? ਅੱਜ ਸਵੇਰ ਦੀ ਗੱਲ ਹੈ ਕਿ ਖਾਣ ਲਈ ਰੋਟੀਆਂ ਵਾਲੀ ਪੋਟਲੀ ਖੋਹਲ ਕੇ ਮੈਂ ਜਿਵੇਂ ਹੀ ਜ਼ਰਾ ਪਿੱਠ ਮੋੜੀ ਸੀ, ਫਕੀਰੇ ਨੇ ਝਪਟਾ ਮਾਰ ਕੇ ਰੋਟੀਆਂ ਮੂੰਹ ਵਿਚ ਚੁੱਕੀਆਂ ਸਨ ਤੇ ਦੌੜ ਗਿਆ ਸੀ। ਫਕੀਰਾ ਮੇਰਾ ਕੁੱਤਾ ਹੈ ਜਿਹੜਾ ਮੇਰੀ ਗੈਰਹਾਜ਼ਰੀ ਵਿਚ ਮੇਰੀ ਝੁੱਗੀ ਦੀ ਰਖਵਾਲੀ ਕਰਦਾ ਹੈ...ਮੈਂ ਉਸਦੇ ਪਿੱਛੇ ਗਾਲ੍ਹਾਂ ਦੀ ਪੂਰੀ ਫੌਜ ਦੌੜਾ ਦਿੱਤੀ ਸੀ, ਪਰ ਸਭਨਾਂ ਤੋਂ ਬਚ-ਬਚਾਅ ਕੇ ਨਿਕਲ ਗਿਆ ਸੀ ਉਹ। ਦੱਸਣ, ਮੈਂ ਇਹ ਲੱਗਿਆ ਸਾਂ ਕਿ ਫਕੀਰੇ ਨੂੰ ਗਾਲ੍ਹਾਂ ਬਕਦਿਆਂ ਹੋਇਆਂ ਮੇਰੀ ਜੀਭ ਦੰਦਾਂ ਹੇਠ ਆ ਕੇ ਕੱਟੀ ਗਈ ਸੀ ਤੇ ਖ਼ੂਨੋ-ਖ਼ੂਨ ਹੋ ਗਈ ਸੀ ਤੇ—ਪਤਾ ਨਹੀਂ ਭੁੱਖ ਲੱਗੀ ਹੋਣ ਕਰਕੇ ਜਾਂ ਕੋਈ ਹੋਰ ਕਾਰਣ ਸੀ ਕਿ ਖ਼ੂਨ ਦਾ ਸਵਾਦ ਮੈਨੂੰ ਬੜਾ ਹੀ ਚੰਗਾ ਲੱਗਿਆ ਸੀ ਤੇ ਮੈਂ ਕਾਫੀ ਦੇਰ ਤੀਕ ਆਪਣਾ ਹੀ ਖ਼ੂਨ ਮਜ਼ੇ ਲੈ-ਲੈ ਕੇ ਅੰਦਰ ਲੰਘਾਉਂਦਾ ਰਿਹਾ ਸਾਂ। ਆਪਣੀ ਖੁਰਾਕ ਦਾ ਜੁਗਾੜ, ਜੇ ਆਪਣੇ ਸਰੀਰ ਵਿਚੋਂ ਹੀ ਹੁੰਦਾ ਰਹੇ ਤਾਂ ਬੰਦਾ ਸਾਰੇ ਝੰਜਟਾਂ ਤੋਂ ਮੁੱਕਤੀ ਪਾ ਜਾਏ...
ਆਪਣੇ ਵਿਚਾਰਾਂ ਦੀ ਰੌਅ ਵਿਚ ਮੈਂ ਇੱਥੇ ਕੋਠੀਆਂ ਅੱਗੇ ਸੜਕ ਉੱਤੇ ਆ ਗਿਆ ਹਾਂ। ਮੇਰਾ ਇੱਥੇ ਕੀ ਕੰਮ? ਸੜਕ ਦੇ ਦੋਵੇਂ ਪਾਸੀਂ ਪਾਲਿਸ਼ ਕੀਤੇ ਹੋਏ ਪੱਥਰ ਦੀਆਂ ਸੁੰਦਰ ਇਮਾਰਤਾਂ ਨੇ ਤੇ ਇਹਨਾਂ ਦੇ ਅੱਗੇ ਚਾਰ ਕੁ ਫੁੱਟ ਦੀ ਬਾਹਰਲੀ ਕੰਧ ਤੀਕ ਪਥਰੀਲੇ ਫਰਸ਼ ਉੱਤੇ ਬਗੀਚੇ ਲੱਗੇ ਹੋਏ ਨੇ, ਜਿਹਨਾਂ ਦੇ ਰੰਗ-ਬਿਰੰਗੇ ਫੁੱਲਾਂ ਨੇ ਕੰਧ ਪਿੱਛੋਂ ਸਿਰ ਚੁੱਕ ਕੇ ਮੇਰੇ ਵੱਲ ਵੇਖਿਆ ਹੈ ਤੇ ਫੇਰ ਆਪਸ ਵਿਚ ਘੁਸਰ-ਮੁਸਰ ਕਰਕੇ ਹੱਸਣ ਲੱਗ ਪਏ ਨੇ।
ਮੈਂ ਸ਼ਰਮਿੰਦਾ ਹੋ ਕੇ ਸਿਰ ਝੁਕਾਅ ਲਿਆ ਹੈ।
ਮੇਰੇ ਪੈਰਾਂ ਹੇਠਲੀ ਸੜਕ ਏਨੀ ਸਾਫ ਹੈ ਕਿ ਉਸ ਉੱਤੇ ਤੁਰਦਿਆਂ ਹੋਇਆਂ ਮੈਨੂੰ ਆਪਣਾ ਸਰੀਰ ਕਿਸੇ ਧੱਬੇ ਵਰਗਾ ਲੱਗ ਰਿਹਾ ਹੈ—ਹਾਂ, ਏਨੇ ਸਾਫ-ਸੁਥਰੇ ਆਲੇ-ਦੁਆਲੇ ਵਿਚ ਮੇਰਾ ਕੀ ਕੰਮ? ਇਕ ਮੈਂ ਹੀ ਹਾਂ ਜਿਹੜਾ ਇੱਥੇ ਗੰਦਾ, ਗੰਦ ਲੱਗ ਰਿਹਾ ਹਾਂ, ਜਿਵੇਂ ਕਿਸੇ ਕੋਠੀ ਵਾਲੇ ਨੇ ਆਪਣਾ ਕੂੜਾ-ਕਚਰਾ ਕੋਠੀ ਦੀ ਪਿਛਲੀ ਗਲੀ ਦੇ ਬਜਾਏ ਅੱਗੇ ਸੁੱਟ ਦਿੱਤਾ ਹੋਵੇ। ਮੁਨੂੰ ਕਬਾੜੀਏ ਨੂੰ ਮੈਂ ਕਈ ਵਾਰੀ ਕਿਹਾ ਹੈ, ਕਬਾੜ ਘੱਟ ਹੈ ਤਾਂ ਮੈਨੂੰ ਵੀ ਇਸ ਨਾਲ ਰੱਖ ਲੈ, ਪਰ ਪੈਸੇ ਪੂਰੇ ਦੇਵੀਂ। ਪਰ ਮੁਨੂੰ ਮੈਨੂੰ ਕੋਰਾ ਜਵਾਬ ਦਿੰਦਾ ਹੈ, 'ਪੈਸੇ ਤਾਂ ਕੰਮ ਦੀ ਚੀਜ਼ ਦੇ ਮਿਲਦੇ ਐ, ਤੂੰ ਕਿਸ ਕੰਮ ਦੈਂ ਓਇ?' ਸੋ ਮੈਂ ਇਹਨਾਂ ਕੋਠੀਆਂ ਦੀਆਂ ਪਿਛਲੀਆਂ ਗਲੀਆਂ ਵਿਚ ਸੁੱਟੀ, ਉਹਨਾਂ ਦੀ ਢੇਰ ਸਾਰੀ ਗੰਦਗੀ ਵਿਚੋਂ, ਉਸਦੇ ਕੰਮ ਦੀਆਂ ਚੀਜ਼ਾਂ ਛਾਂਟ-ਛਾਂਟ ਕੇ ਝੋਲੇ ਵਿਚ ਭਰਦਾ ਰਹਿੰਦਾ ਹਾਂ।
ਮੈਂ ਪਿਛਲੀ ਗਲੀ ਵਿਚ ਜਾਣ ਲਈ ਘੁੰਮ ਗਿਆ ਹਾਂ—ਤੇ ਉੱਥੇ ਪਹੁੰਚ ਕੇ ਨਾਸਾਂ ਵਿਚ ਜਾਣੀ-ਪਛਾਣੀ ਬੂ-ਬਾਸ ਘੁਸਦਿਆਂ ਹੀ ਮੇਰੇ ਅੰਦਰ ਚੁਸਤੀ ਪੈਦਾ ਹੋਣ ਲੱਗ ਪਈ ਹੈ। ਇਹਨਾਂ ਜਾਣੀਆਂ-ਪਛਾਣੀਆਂ ਬੂਆਂ ਦੇ ਵਰੋਲਿਆਂ ਵਿਚ ਮੇਰਾ ਦਿਲ ਚਾਹੁੰਦਾ ਹੈ ਕਿ ਬੇ-ਅਖ਼ਤਿਆਰ ਹੱਸਣਾ ਸ਼ੁਰੂ ਕਰ ਦਿਆਂ। ਪਿਛਲੇ ਹਫਤੇ ਏਸੇ ਦਸ਼ਾ ਵਿਚ ਮੇਰਾ ਹਾਸਾ ਰੁਕਣ ਵਿਚ ਹੀ ਨਹੀਂ ਸੀ ਆ ਰਿਹਾ ਕਿ ਇਕ ਮੁਰਗਾ—ਉਹ-ਹਾਂ, ਓਹੀ ਹੈ—ਉਹ ਮੁਰਗਾ ਆਪਣੀ ਮੁਰਗੀ ਪਿੱਛੇ ਨੱਸਦਾ ਹੋਇਆ ਅਚਾਨਕ ਉੱਛਲ ਕੇ ਮੇਰੇ ਮੋਢੇ 'ਤੇ ਆ ਬੈਠਿਆ ਤੇ ਹਿੱਕ ਦਾ ਪੂਰਾ ਜ਼ੋਰ ਲਾ ਕੇ ਬਾਂਗਾਂ ਦੇਣ ਲੱਗ ਪਿਆ, ਤੇ ਉਦੋਂ ਮੈਨੂੰ ਇੰਜ ਲੱਗਿਆ ਸੀ ਜਿਵੇਂ ਇਕ ਕਰਾਰੀ ਬਾਂਗ ਤੇ ਖੰਭਾਂ ਦੀ ਫੜਫੜਾਹਟ ਹੇਠ ਮੈਂ ਆਂਡੇ ਵਾਂਗ ਆਪਣੇ ਆਪ ਫੁੱਟ ਗਿਆ ਹਾਂ ਤੇ ਹਨੇਰੇ 'ਚੋਂ ਬਾਹਰ ਆ ਕੇ ਚਾਨਣ ਦੇ ਜਲ-ਥਲ ਵਿਚ ਨਹਾਅ ਰਿਹਾ ਹਾਂ।
ਬਾਬੂ ਕੁੱਤਾ ਵੀ ਮੇਰੇ ਪਿੱਛੇ-ਪਿੱਛੇ ਹੀ ਗਲੀ ਵਿਚ ਆ ਪਹੁੰਚਿਆ ਹੈ। ਬਾਬੂ ਨੂੰ ਉਸਦਾ ਨਾਂਅ ਮੇਰਾ ਹੀ ਦਿੱਤਾ ਹੋਇਆ ਹੈ, ਹੋਰ ਦੇਣ ਲਈ ਮੇਰੇ ਕੋਲ ਹੈ ਹੀ ਕੀ? ਇੱਥੋਂ ਦੇ ਨੌਕਰਾਂ ਤੇ ਕੁੱਤਿਆਂ ਨੂੰ ਬਾਬੂ ਆਖ ਕੇ ਬੁਲਾਂਦਾ ਹਾਂ ਤਾਂ ਬੜੇ ਖੁਸ਼ ਹੁੰਦੇ ਨੇ। ਇਕ ਵਾਰੀ ਚਾਰ ਨੰਬਰ ਵਾਲਿਆਂ ਦੇ ਨੌਕਰ ਦਾ ਮੂੰਹ ਆਪਣੇ ਘਰਵਾਲਿਆਂ ਦੀਆਂ ਗਾਲ੍ਹਾਂ ਖਾ-ਖਾ ਕੇ ਸੁੱਜਿਆ ਹੋਇਆ ਸੀ ਕਿ ਮੈਂ ਬੜੇ ਪਿਆਰ ਨਾਲ ਉਸਨੂੰ ਕਿਹਾ, 'ਦਵਾਈ ਲਈ ਪੈਸੇ ਨਾ ਹੋਣ ਤਾਂ ਬਾਬੂ, ਬੀਮਾਰੀ ਹੱਸ ਖੇਡ ਕੇ ਝੱਲ ਲੈਣ ਨਾਲ ਵੀ ਠੀਕ ਹੋ ਜਾਂਦੀ ਏ।' ਉਹ ਵਿਚਾਰਾ ਰੋਣ ਲੱਗ ਪਿਆ ਸੀ—'ਰੋ ਨਾ ਬਾਬੂ।' ਬਾਬੂ! ਮੈਨੂੰ ਕੀ ਪਤਾ ਸੀ ਬਾਬੂ ਕੁੱਤਾ ਵੀ ਕੋਲ ਹੀ ਖੜ੍ਹਾ ਹੈ? ਉਸਨੇ ਮੈਨੂੰ ਆਪਣਾ ਨਾਂਅ ਉਸ ਮੁੰਡੂ ਦੇ ਹਵਾਲੇ ਕਰਦਿਆਂ ਦੇਖਿਆ ਤਾਂ ਗੁੱਸੇ ਵਿਚ ਭੜਕ ਕੇ ਉਸ ਵਿਚਾਰੇ ਬੇਦੋਸੇ ਦੀ ਪਿੰਜਨੀ ਨੂੰ ਜਾ ਮੂੰਹ ਪਾਇਆ ਸੀ! ਬਾਬੂ ਕਿਤੇ ਵੀ ਹੋਵੇ, ਮੇਰੇ ਇੱਥੇ ਪਹੁੰਚਦਿਆਂ ਹੀ ਹਵਾ ਵਿਚ ਮੇਰੀ ਬੂ ਸੰਘ ਕੇ ਪੂਛ ਹਿਲਾਉਂਦਾ ਹੋਇਆ ਆ ਜਾਂਦਾ ਹੈ।
ਮੇਰਾ ਧਿਆਨ ਆਪਣੇ ਵੱਲ ਨਾ ਦੇਖ ਕੇ ਬੰਦ ਮੂੰਹ ਵਿਚ ਘੁਰਘੁਰਾਉਂਦਾ ਹੈ—'ਹਾਂ, ਹਾਂ, ਦੇਖ ਲਿਐ ਮੈਂ ਬਾਬੂ...ਦੱਸ ਕੀ ਗੱਲ ਆ?'
ਮੈਂ ਉਸ ਵੱਲ ਮੂੰਹ ਭੁੰਆਂ ਕੇ ਵੇਖਿਆ ਹੈ ਤੇ ਉਸਦੇ ਮੂੰਹ ਵਿਚ ਪੂਰੀ ਡਬਲਰੋਟੀ ਦੇਖ ਕੇ ਮੇਰਾ ਢਿੱਡ ਖ਼ਾਲੀ ਢੋਲਕੀ ਵਾਂਗ ਵੱਜਣ ਲੱਗ ਪਿਆ ਹੈ—'ਉਰੇ ਆ!'
ਮੈਂ ਗਲੀ ਦੇ ਵਿਚਕਾਰ ਹੀ ਬੈਠ ਗਿਆ ਹਾਂ ਤੇ ਉਸਨੇ ਆਪਣਾ ਮੂੰਹ ਖੋਹਲ ਕੇ ਡਬਲਰੋਟੀ ਮੇਰੇ ਅੱਗੇ ਮਿੱਟੀ ਵਿਚ ਹੀ ਸੁੱਟ ਦਿੱਤੀ ਹੈ।
ਓ ਮੂਰਖਾ, ਮਿੱਟੀ 'ਚ ਕਿਉਂ ਸੁੱਟ ਦਿੱਤੀ? ਖਾਣ ਵਾਲੀ ਚੀਜ਼ ਨੂੰ ਤਾਂ ਅਖਾਂ 'ਤੇ ਬਿਠਾਈ ਰੱਖਣਾ ਚਾਹੀਦਾ ਆ, ਕਮਲਿਆ।'
ਮੈਂ ਡਬਲਰੋਟੀ ਤੋਂ ਮਿੱਟੀ ਝਾੜ ਕੇ ਅੱਧੀ ਉਸਨੂੰ ਪਾ ਦਿੱਤੀ ਹੈ ਤੇ ਅੱਧੀ ਉੱਤੇ ਆਪਣਾ ਮੂੰਹ ਮਾਰਦਿਆਂ ਹੋਇਆਂ ਮੈਨੂੰ ਚੇਤੇ ਆਇਆ ਹੈ ਕਿ ਅੱਜ ਮੈਂ ਛੋਟੂ ਦੇ ਹੱਥ ਫਕੀਰੇ ਨੂੰ ਰੋਟੀ ਭੇਜੀ ਸੀ। ਭੁੱਖਾ ਆਦਮੀ ਹੈ। ਉਸਨੇ ਆਪ ਹੀ ਖਾ ਲਈ ਹੋਵੇਗੀ।—ਮੈਂ ਹੱਸਣ ਲੱਗਿਆ ਹਾਂ, ਖਾਲੀ ਢਿੱਡ ਵਿਚ ਡਬਲਰੋਟੀ ਪਹੁੰਚਣ 'ਤੇ ਜਾਂ ਆਪਣੇ ਇਸ ਵਿਚਾਰ ਉੱਤੇ ਕਿ ਜਿਸਨੂੰ ਅਸੀਂ ਕੁੱਤਾ ਕਹਿੰਦੇ ਹਾਂ, ਉਸਦੀ ਤਾਂ ਭੁੱਖ ਨਾਲ ਜਾਨ ਨਿਕਲ ਰਹੀ ਹੁੰਦੀ ਹੈ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਆਦਮੀਆਂ ਵਾਂਗ ਪਿਛਲੀਆਂ ਦੋ ਲੱਤਾਂ 'ਤੇ ਖੜ੍ਹਾ ਹੋ ਜਾਵੇ ਤੇ ਅਗਲੀਆਂ ਨੂੰ ਹੱਥਾਂ ਵਾਂਗ ਜੋੜ ਕੇ ਸਾਥੋਂ ਆਪਣੀ ਮਿਹਨਤ ਦੀ ਭੀਖ ਮੰਗਦਾ ਰਹੇ—ਮੈਂ ਜਿਵੇਂ ਫਕੀਰੇ ਨੂੰ ਪਿਆਰ ਕਰਨ ਖਾਤਰ ਬਾਬੂ ਦੀ ਪਿੱਠ ਉੱਤੇ ਹੱਥ ਫੇਰਿਆ ਹੈ ਤੇ ਉਸ ਬੇਜ਼ੁਬਾਨ ਨੇ ਭੌਂਕ ਕੇ ਮੈਥੋਂ ਪੁੱਛਿਆ ਹੈ—ਹੋਰ ਲਿਆਵਾਂ?
ਮੈਨੂੰ ਪਤਾ ਹੈ ਕਿ ਬਾਹਰਲੀ ਸੜਕ ਵਾਲਾ ਚਿੜਚਿੜਾ, ਬੁੱਢਾ ਹਲਵਾਈ ਜਦੋਂ ਗੱਦੀ 'ਤੇ ਬੈਠਾ ਉਂਘ ਰਿਹਾ ਹੁੰਦਾ ਹੈ, ਬਾਬੂ ਮੌਕਾ ਤਾੜ ਕੇ ਉਸਦੀਆਂ ਥਾਲੀਆਂ ਵਿਚੋਂ ਕੁਝ ਨਾ ਕੁਝ ਉਡਾਅ ਲੈਂਦਾ ਹੈ। ਬੁੱਢਾ ਵਿਚਾਰਾ ਹਰ ਚੀਜ਼ ਗਿਣ ਕੇ ਰੱਖਦਾ ਹੋਵੇਗਾ, ਪਰ ਉਸਦੇ ਘਟ ਜਾਣ ਪਿੱਛੋਂ ਆਪਣੀ ਬੁੱਢੀ ਯਾਦਆਸ਼ਤ ਤੇ ਜਵਾਨ ਮੁੰਡੇ ਉੱਤੇ ਕੁੜ੍ਹਦਾ ਰਹਿੰਦਾ ਹੋਏਗਾ—'ਹਰਾਮ ਦੀ ਔਲਾਦ, ਆਵਾਰਾਗਰਦੀ ਕਰਦਾ ਫਿਰਦੈ। ਸਾਰਾ ਕੰਮ ਸੰਭਾਲ ਲਏ ਤਾਂ ਮੈਂ ਕਿਉਂ ਹੱਡੀਆਂ ਨੂੰ ਕੁੱਟ-ਕੁੱਟ ਲੱਡੂ ਵੱਟਦਾ ਰਹਾਂ?'
ਤਿੰਨ ਚਾਰ ਦਿਨ ਪਹਿਲਾਂ ਮੇਰੀ ਜੇਬ ਪੈਸਿਆਂ ਨਾਲ ਭਰੀ ਹੋਈ ਸੀ। ਮੈਂ ਬਾਬੂ ਨੂੰ ਕਿਹਾ—''ਆ, ਅੱਜ ਬੁੱਢੇ ਨੂੰ ਪੈਸੇ ਵਟਾਅ ਕੇ ਖਾਂਦੇ ਆਂ।'' ਬਾਬੂ ਮੇਰੇ ਅੱਗੇ-ਅੱਗੇ, ਜਿਵੇਂ ਸੂਟ-ਬੂਟ ਪਾ ਕੇ ਤੁਰ ਪਿਆ ਤੇ ਬੁੱਢੇ ਦੀ ਦੁਕਾਨ ਸਾਹਮਣੇ ਜਾ ਕੇ ਬੜੀ ਸ਼ਾਨ ਨਾਲ ਭੌਂਕਿਆ ਜਿਵੇਂ ਕਹਿ ਰਿਹਾ ਹੋਵੇ—'ਦੋ ਡਬਲਰੋਟੀਆਂ ਦੇਅ...ਜਲਦੀ ਕਰ।'
ਬਾਬੂ ਨੇ ਫੇਰ ਮੈਥੋਂ ਪੁੱਛਿਆ ਹੈ—ਬਸ, ਜਾਂ ਹੋਰ...?
''ਨਹੀਂ, ਏਨੀ ਈ ਬੜੀ ਐ। ਆ ਹੁਣ ਆਪਣਾ ਕੰਮ ਕਰੀਏ।''
ਸਭ ਤੋਂ ਪਹਿਲਾਂ ਮੈਂ ਕੂੜੇ ਦੇ ਡਰੱਮ ਨੂੰ ਉਲਟ ਦਿੰਦਾ ਹਾਂ, ਤੇ ਬਾਬੂ ਮੇਰੀ ਸਹੂਲੀਅਤ ਲਈ ਪੰਜੇ ਮਾਰ-ਮਾਰ ਕੇ ਸਾਰਾ ਕੁੜਾ ਖ਼ੂਬ, ਖਿਲਾਰ ਦਿੰਦਾ ਹੈ...ਤੇ ਫੇਰ ਮੈਂ ਆਪਣੇ ਮਤਲਬ ਦੀਆਂ ਚੀਜ਼ਾਂ ਚੁਣ-ਚੁਗ ਕੇ, ਕੂੜਾ ਇਕੱਠਾ ਕਰਕੇ ਉਸਨੂੰ ਓਵੇਂ ਹੀ ਡਰਮ ਵਿਚ ਪਾ ਦਿੰਦਾ ਹਾਂ। ਹਰ ਕੋਠੀ ਦਾ ਡਰੱਮ ਉਲਟਦਿਆਂ ਹੀ ਉਹਨਾਂ ਦੀ ਸਾਰੀ ਗੰਦਗੀ ਮੇਰੀਆਂ ਅੱਖਾਂ ਸਾਹਵੇਂ ਆ ਜਾਂਦੀ ਹੈ। ਰੱਬ ਬਚਾਵੇ, ਮੇਰਾ ਧੰਦਾ ਹੀ ਇਹ ਹੈ। ਮੈਨੂੰ ਪਤਾ ਹੈ, ਹੋਰਨਾਂ ਦੀ ਗੰਦਗੀ ਉਘਾੜਨਾ ਕੋਈ ਚੰਗੀ ਗੱਲ ਨਹੀਂ ਹੁੰਦੀ। ਜੇ ਗੰਦ ਢਕਿਆ, ਕੱਜਿਆ ਨਾ ਰਹੇ ਤਾਂ ਕਈ ਰੋਗ ਫੈਲਦੇ ਨੇ, ਪਰ ਕੀ ਕਰਾਂ? ਉਹਨਾਂ ਦੇ ਕੂੜੇਦਾਨਾਂ ਦੇ ਢੱਕਣ ਨਾਲ ਖੋਲ੍ਹਦਾ ਰਹਾਂ ਤਾਂ ਭੁੱਖਾ ਮਰ ਜਾਵਾਂ।
'ਆ!'' ਮੈਂ ਤਿੰਨ ਨੰਬਰ ਵਾਲੇ ਦਾ ਡਰੱਮ ਉਲਟ ਕੇ ਬਾਬੂ ਨੂੰ ਆਖਿਆ ਹੈ। ਮੈਨੂੰ ਪਹਿਲਾਂ ਹੀ ਪਤਾ ਹੈ ਕਿ ਇਸ ਡਰੱਮ ਵਿਚੋਂ ਰੱਦੀ ਕਾਗਜ਼, ਸ਼ਰਾਬ ਦੇ ਖ਼ਾਲੀ ਅਧੀਏ-ਪਊਏ ਤੇ ਸਿਗਰੇਟਾਂ ਦੇ ਬੇਹਿਸਾਬ ਟੋਟੇ ਨਿਕਲਣਗੇ। ਮੁਨੂੰ ਕਬਾੜੀਆ ਕਹਿੰਦਾ ਹੈ ਕਿ ਅਖ਼ਬਾਰੀ ਕਾਗਜ਼ ਲਿਆਇਆ ਕਰ। ਕਿੱਥੋਂ ਲਿਆਵਾਂ ਅਖ਼ਬਾਰ ਦਾ ਕਾਗਜ਼? ਘਰਵਾਲੇ ਨੂੰ ਖ਼ਬਰਾਂ ਦੀ ਭੁਸ ਵੀ ਹੋਵੇ। ਉਸਨੂੰ ਤਾਂ ਏਨਾ ਵੀ ਪਤਾ ਨਹੀਂ ਕਿ ਉਸਦੇ ਘਰ ਵਿਚ ਕੀ ਵਾਪਰ ਰਿਹਾ ਹੈ! ਪ੍ਰੋਫ਼ੈਸਰ ਸਾਹਬ ਜਦੋਂ ਰਾਤ ਦਿਨ ਆਪਣੀਆਂ ਊਲ-ਜਲੂਲ ਸੋਚਾਂ ਨਾਲ ਕੋਰੇ ਕਾਗਜ਼ ਕਾਲੇ ਕਰ-ਕਰ ਕੇ ਰੱਦੀ ਦੀ ਟੋਕਰੀ ਭਰ ਰਹੇ ਹੁੰਦੇ ਨੇ ਤਾਂ ਨਾਲ ਵਾਲੇ ਕਮਰੇ ਵਿਚ ਉਹਨਾਂ ਦੀ ਪਤਨੀ ਜਵਾਨ ਨੌਕਰ ਨੂੰ ਗਰਮਾਅ ਰਹੀ ਹੁੰਦੀ ਹੈ...ਸਭ ਤੋਂ ਪਹਿਲਾਂ ਮੈਂ ਖ਼ਾਲੀ ਬੋਤਲਾਂ ਚੁੱਕ ਕੇ ਝੋਲੇ ਵਿਚ ਪਾਉਂਦਾ ਹਾਂ—ਕੀ ਮਜ਼ਾਲ ਕਿਸੇ ਵਿਚ ਸ਼ਰਾਬ ਦੀ ਇਕ ਬੂੰਦ ਵੀ ਬਾਕੀ ਬਚੀ ਹੋਵੇ। ਸਾਲਾ ਨੌਕਰ ਹਰ ਬੋਤਲ ਵਿਚੋਂ ਬਚੀ-ਖੁਚੀ ਨੂੰ ਪਾਣੀ ਵਿਚ ਘੋਲ ਕੇ ਗਟਾਗਟ ਚਾੜ੍ਹ ਜਾਂਦਾ ਹੈ, ਨਹੀਂ ਤਾਂ ਏਨੀਆਂ ਬੋਤਲਾਂ ਵਿਚੋਂ ਬੂੰਦ-ਬੂੰਦ ਵੀ ਇਕੱਠੀ ਕਰ ਲਿਆ ਕਰਾਂ ਤਾਂ ਹਫ਼ਤੇ ਵਿਚ ਇਕ ਵਾਰ ਤਾਂ ਮੈਨੂੰ ਵੀ ਮੌਜ਼ਾਂ ਲੱਗ ਜਾਇਆ ਕਰਨ। ਹਾਂ, ਉਸ ਦਿਨ ਮੈਨੂੰ ਇਸ ਡਰੱਮ ਵਿਚੋਂ ਇਕ ਪੂਰਾ ਅੱਧ-ਖੁੱਲ੍ਹਿਆ ਅਧੀਆ ਮਿਲਿਆ ਸੀ। ਗਲਤੀ ਨਾਲ ਸੁੱਟ ਦਿੱਤਾ ਗਿਆ ਹੋਵੇਗਾ, ਵਰਨਾ ਉਸ ਮਾਂ ਦੇ ਯਾਰ ਦੇ ਹੱਥੇ ਚੜ੍ਹ ਜਾਂਦਾ ਤਾਂ ਕੀ ਉਸਨੂੰ ਆਪਣੇ ਪਿਓ ਦੀ ਖਾਤਰ ਇੱਥੇ ਸੁੱਟ ਦੇਂਦਾ? ਮੈਂ ਉਸੇ ਪਲ ਕੰਮ-ਧੰਦਾ ਛੱਡ ਕੇ ਖੁਸ਼ੀ ਵਿਚ ਹੌਂਕਦਾ ਹੋਇਆ ਸਿੱਧਾ ਆਪਣੀ ਝੁੱਗੀ ਵਿਚ ਆ ਗਿਆ ਸਾਂ ਤੇ ਖ਼ਾਲੀ ਪੇਟ ਬੋਤਲ ਖ਼ਾਲੀ ਕਰਕੇ ਸਾਰਾ ਦਿਨ ਤੇ ਸਾਰੀ ਰਾਤ ਫਰਸ਼ ਉੱਤੇ ਮੂਧੇ ਮੂੰਹ ਪਿਆ ਰਿਹਾ ਸਾਂ। ਫਕੀਰਾ ਗੁੱਸੇ ਵਿਚ ਘੁਰਕ-ਘੁਰਾਅ ਕੇ ਮੇਰੇ ਦੰਦੀਆਂ ਵੱਢਦਾ ਰਿਹਾ ਸੀ, ਪਰ ਨਸ਼ੇ ਵਿਚ ਮੈਨੂੰ ਇੰਜ ਹੀ ਲੱਗਦਾ ਰਿਹਾ ਸੀ ਜਿਵੇਂ ਮੇਰੇ ਭਾਗ ਖੁੱਲ੍ਹ ਗਏ ਨੇ ਤੇ ਦੁਧੀਆ-ਚਮੜੀ ਵਿਚ ਲਿਪਟੀ ਹੋਈ ਮੇਰੀ ਘਰਵਾਲੀ ਸੱਚਮੁਚ ਕਿਤੋਂ ਮੇਰੇ ਨਾਲ ਵੱਸਣ ਲਈ ਆ ਗਈ ਹੈ ਤੇ ਮੇਰੇ ਪਿੰਡੇ ਨੂੰ ਚੁੰਮ-ਚੱਟ ਕੇ ਮੇਰੀ ਜਨਮਾਂ-ਜਨਮਾਂ ਦੀ ਥਕਾਣ ਚੂਸੀ ਜਾ ਰਹੀ ਹੈ।...ਦੂਜੇ ਦਿਨ ਮੇਰੀ ਅੱਖ ਖੁੱਲ੍ਹੀ ਤਾਂ ਫਕੀਰੇ ਨੇ ਮੈਨੂੰ ਦਿਲ ਖੋਹਲ ਕੇ ਸੁਣਾਈਆਂ ਤੇ ਮੈਂ ਪਹਿਲਾਂ ਤਾਂ ਨਮੋਸ਼ੀ ਵਿਚ ਪਿਆ ਉਸਦੀਆਂ ਸੁਣਦਾ ਰਿਹਾ, ਪਰ ਫੇਰ ਸਿਰ ਉਪਰ ਚੁੱਕੇ ਬਿਨਾਂ ਉਸਨੂੰ ਕਿਹਾ—'ਹੁਣ ਬਸ ਵੀ ਕਰ ਪਿਓਆ ਮੇਰਿਆ, ਜੋ ਹੋ ਗਿਆ, ਸੋ ਹੋ ਗਿਆ।' ਪ੍ਰੋਫ਼ੈਸਰ ਦੀਆਂ ਰੱਦੀ ਸੋਚਾਂ ਦਾ ਬੰਡਲ ਬੰਨ੍ਹਦਿਆਂ ਹੋਇਆਂ ਤੁਹਾਨੂੰ ਦੱਸਿਆ ਹੈ ਕਿ ਮੈਂ ਆਪ ਕਿੰਨਾਂ ਬੋਝਲ ਹੋ ਗਿਆ ਸਾਂ, ਪਰ ਮੁਨੂੰ ਇਸ ਦੇ ਦਸ ਪੈਸੇ ਦੇਣ ਲਈ ਵੀ ਤਿਆਰ ਨਹੀਂ ਹੋਏਗਾ—ਹੁਣ ਸਿਗਰੇਟਾਂ ਦੇ ਟੋਟਿਆਂ ਵੱਲ ਧਿਆਨ ਦਿੱਤਾ। ਏਨੇ ਛੋਟੇ-ਛੋਟੇ ਟੋਟੇ ਕਿ ਜਦੋਂ ਤੀਕ ਉਂਗਲਾਂ ਨਹੀਂ ਸੜਣ ਲੱਗ ਪੈਂਦੀਆਂ ਹੋਣੀਆਂ, ਆਪਣੇ ਇਰਦ-ਗਿਰਦ ਧੂੰਏਂ ਦੇ ਬੱਦਲ ਇਕੱਠੇ ਕਰਦਾ ਰਹਿੰਦਾ ਹੋਏਗਾ।—ਓ ਭਰਾ, ਕੁਝ ਸੋਚਣਾ ਹੀ ਹੈ ਤਾਂ ਬਾਹਰ ਆ ਕੇ ਖੁੱਲ੍ਹੇ ਸੱਚ ਨੂੰ ਦੇਖ ਕੇ ਸੋਚ, ਜਿਸ ਲਈ ਸੋਚਣਾ ਬਣਦਾ ਹੈ। ਇਹ ਕੀ ਕਿ ਆਪਣੀਆਂ ਸੋਚਾਂ ਵਿਚ ਹੀ ਵੜੀ ਜਾਓ ਤੇ ਸੋਚੀ ਜਾਓ—ਮੈਂ ਦੋ ਚਾਰ ਸਿਗਰੇਟਾਂ ਦੇ ਜ਼ਰਾ ਵੱਡੇ ਟੁਕੜੇ ਚੁੱਕ ਕੇ ਜੇਬ ਵਿਚ ਪਾ ਲਏ ਨੇ। ਇਕ-ਇਕ ਦੋ-ਦੋ ਸੂਟੇ ਤਾਂ ਨਿਕਲ ਹੀ ਆਉਣਗੇ।—ਓਇ ਬਸ!—ਮੈਂ ਬਾਬੂ ਨੂੰ ਕਿਹਾ ਹੈ ਤੇ ਮਲਵੇ ਨੂੰ ਦੁਬਾਰਾ ਡਰੱਮ ਵਿਚ ਪਾਉਣ ਲਈ ਇਕੱਠਾ ਕਰਨ ਲੱਗ ਪਿਆ ਹਾਂ।
ਅਜੇ ਤੀਕ ਮੈਂ ਇਹੀ ਸਮਝ ਰਿਹਾ ਸਾਂ ਕਿ ਆਪ ਹੀ ਆਪਣੇ ਦਿਮਾਗ਼ ਵਿਚ ਬੋਲੀ ਜਾ ਰਿਹਾ ਹਾਂ। ਅਸਲ ਵਿਚ ਹੋ ਇਹ ਰਿਹਾ ਸੀ ਕਿ ਇਕ ਡੱਡੂ ਅਗਲੇ ਘਰ ਦੀ ਢੱਕੀ ਹੋਈ ਨਾਲੀ ਦੀ ਸੜ੍ਹਾਂਦ ਵਿਚ ਫੁਦਕਦਾ ਹੋਇਆ, ਜ਼ੋਰ-ਸ਼ੋਰ ਨਾਲ ਟਰ-ਟਰ ਕਰੀ ਜਾ ਰਿਹਾ ਸੀ। ਏਨੇ ਵਿਚ, ਮੇਰੇ ਦੇਖਦੇ ਹੀ ਦੇਖਦੇ, ਇਕ ਸੱਪ ਕਿਤੋਂ ਫਾਂ-ਫਾਂ ਕਰਦਾ ਨਿਕਲਿਆ ਤੇ ਉਸਦੇ ਪਿੱਛੇ ਨਾਲੀ ਵਿਚ ਜਾ ਘੁਸੜਿਆ।
ਬਾਬੂ ਭੌਂਕਣ ਲੱਗ ਪਿਆ ਹੈ।
ਕਿਉਂ ਭੌਂਕਣ ਡਿਹੈਂ ਓਇ ਬਾਬੂ? ਡੱਡੂ ਨੂੰ ਵੀ ਜਾਨ ਪਿਆਰੀ ਆ ਤਾਂ ਜੋ ਦਿਸਦੈ ਉਸਨੂੰ ਚੁੱਪਚਾਪ ਦੇਖਦਾ ਰਹੇ—ਦੇਖ ਕੇ ਟਰ-ਟਰ ਕਿਉਂ ਕਰਨ ਲੱਗ ਪੈਂਦੈ?—ਇਕ ਗੱਲ ਚੇਤੇ ਰੱਖੀਂ ਬਾਬੂ, ਇਹ ਸਾਰੀਆਂ ਕੰਧਾਂ ਇਸ ਲਈ ਸੁਰੱਖਿਅਤ ਖੜ੍ਹੀਐਂ ਕਿ ਕੁਝ ਵੀ ਹੋ ਜਾਵੇ ਸਦਾ ਚੁੱਪ ਰਹਿੰਦੀਐਂ। ਬੋਲਣ ਲੱਗ ਪੈਣ ਤਾਂ ਉਸੇ ਛਿਣ ਢਹਿ-ਢੇਰੀ ਹੋ ਜਾਣ। ਅੱਛਾ ਇਹ ਦੱਸ, ਇਸ ਘਰ ਦੀ ਔਰਤ ਰਾਤ ਨੂੰ ਏਨੀ ਦੇਰ ਨਾਲ ਕਿੱਥੋਂ ਆਉਂਦੀ ਐ? ਜਿਸਦੇ ਨਾਲ ਆਉਂਦੀ ਐ ਉਸਦੀ ਗੱਡੀ ਥੋੜ੍ਹੀ ਦੂਰ ਰੁਕਵਾ ਲੈਂਦੀ ਐ ਤੇ ਬਿੱਲੀ ਵਾਂਗ ਪੱਬਾਂ ਭਾਰ ਤੁਰਦੀ ਹੋਈ ਪਿਛਲੇ ਗੇਟ ਥਾਈਂ ਆਪਣੇ ਘਰ ਅੰਦਰ ਵੜ ਜਾਂਦੀ ਐ—ਨਹੀਂ ਓਇ ਮੂਰਖਾ, ਇਸਦੇ ਪਤੀ ਨੂੰ ਸਭ ਪਤੈ! ਉਹੀ ਤਾਂ ਇਸਦੀ ਗੈਰਹਾਜ਼ਰੀ ਵਿਚ ਬੱਚਿਆਂ ਨੂੰ ਸੰਭਾਲਦਾ, ਸੰਵਾਂਦਾ ਐ—ਜਦੋਂ ਇਹ ਮੁੜਦੀ ਐ ਤਾਂ ਦਰਵਾਜ਼ਾ ਖੋਹਲਦਾ ਈ ਇਸਦੀ ਉਹ ਬਾਂਹ ਅੰਦਰ ਖਿੱਚ ਲੈਂਦੈ ਜਿਸ ਉਪਰ ਉਸਦਾ ਪਰਸ ਝੂਲ ਰਿਹਾ ਹੁੰਦੈ। ਏਨੀ ਦੇਰ ਉਡੀਕ ਕਰਨ ਪਿੱਛੋਂ ਹੁਣ ਕਿਤੇ ਜਾ ਕੇ ਵਿਚਾਰੇ ਦੀ ਵਾਰੀ ਆਈ ਐ ਕਿ ਪਤਨੀ ਨਾਲ ਸੰਵੇਂ—ਨਹੀਂ, ਚੁੱਪ। ਆਪਾਂ ਕੀ ਲੈਣੈ?...ਕਲਰਕ ਆਦਮੀ ਐ ਤਾਂ ਕੀ ਹੋਇਆ? ਕੇਡੀ ਆਣ-ਬਾਣ ਨਾਲ ਰਹਿੰਦੈ।—ਹਾਂ, ਦਫ਼ਤਰ ਦੀ ਤਨਖ਼ਾਹ ਨਾਲ ਗੁਜਾਰਾ ਵੀ ਮੁਸ਼ਕਿਲ ਨਾਲ ਹੀ ਹੁੰਦਾ ਆ। ਜੋ ਕਰਦੈ ਠੀਕ ਈ ਕਰਦੈ। ਏਨੀ ਸ਼ਾਨਦਾਰ ਕੋਠੀ ਵਿਚ ਰਹਿੰਦੈ ਤੇ ਆਪਣਾ ਸਾਰਾ ਕੂੜਾ ਰੋਜ਼ ਦੀ ਰੋਜ਼ ਸਾਫ ਕਰਕੇ ਬਾਹਰ ਸੁੱਟ ਦਿੰਦੈ—ਓ ਭਰਾ, ਇਸ ਨਾਲੋਂ ਤਾਂ ਚੰਗੈ ਕਿ ਬੰਦਾ ਲਾਲਾਂ ਸੁੱਟ-ਸੁੱਟ ਕੇ ਹੋਰਨਾਂ ਦਾ ਕੂੜਾ ਧੋਂਦਾ ਰਹੇ।
ਇਸ ਕੋਠੀ ਦਾ ਡਰੱਮ ਅਕਸਰ ਖ਼ਾਲੀ ਹੀ ਹੁੰਦਾ ਹੈ, ਕਿਉਂਕਿ ਇਹ ਲੋਕ ਆਪਣੇ ਪਿਛਵਾੜੇ ਦਾ ਵੀ ਅੱਗਾ ਸਾਫ ਦਿਖਾਉਣ ਲਈ ਆਪਣੀ ਗੰਦਗੀ ਆਸੇ-ਪਾਸੇ ਵਾਲਿਆਂ ਦੇ ਡਰੱਮਾਂ ਵਿਚ ਪਾ ਦਿੰਦੇ ਨੇ। ਮੈਂ ਇਸ ਡਰੱਮ ਖੋਲ੍ਹੇ ਬਿਨਾਂ ਹੀ ਅੱਗੇ ਤੁਰ ਜਾਂਦਾ ਹਾਂ, ਪਰ ਫੇਰ ਖ਼ਿਆਲ ਆਉਂਦਾ ਹੈ ਕਿ ਇਕ ਵਾਰੀ ਦੇਖ ਹੀ ਲਵਾਂ। ਡਰੱਮ ਵਿਚ ਪਏ ਵਾਲਾਂ ਦੇ ਇਕ ਸੁਨਹਿਰੀ ਕਲਿੱਪ ਨੇ ਮੈਨੂੰ ਦੇਖ ਕੇ ਅੱਖ ਮਾਰੀ ਹੈ, ਸ਼ਾਇਦ ਸੋਨੇ ਦਾ ਹੈ। ਮੈਂ ਕਾਹਲ ਨਾਲ ਉਸਨੂੰ ਚੁੱਕ ਲਿਆ ਹੈ—ਨਹੀਂ, ਤਾਂਬੇ ਦਾ ਹੋਵੇਗਾ...ਮੈਨੂੰ ਸੋਨੇ ਦੀ ਪਛਾਣ ਹੈ; ਨਾ ਤਾਂਬੇ ਦੀ...ਮੁਨੂੰ ਕਬਾੜੀਆ ਤਾਂ ਖਰਾ ਸੋਨਾ ਵੀ ਲਵੇ ਤਾਂ ਤਾਂਬੇ ਦਾ ਭਾਅ ਹੀ ਦਵੇਗਾ। ਮੈਂ ਕਲਿੱਪ ਨੂੰ ਆਪਣੀ ਜੇਬ ਵਿਚ ਪਾ ਲਿਆ ਹੈ ਤੇ ਸੋਚਣ ਲੱਗਾ ਹਾਂ ਕਿ ਰੁਲਦੂ ਦੀ ਘਰਵਾਲੀ ਦੇ ਵਾਲਾਂ ਵਿਚ ਇਸਦੀ ਫੱਬਤ ਕੈਸੀ ਲੱਗੇਗੀ। ਜੇ ਸੋਨੇ ਦਾ ਹੈ ਤਾਂ ਇਕ ਨਹੀਂ, ਦਸ 'ਤੇ ਸੌਦਾ ਪੱਕਾ ਕਰਕੇ ਦਿਆਂਗਾ...ਮੇਰੇ  ਨੇੜੇ ਹੀ ਇਕ ਝੁੱਗੀ ਵਿਚ ਰੁਲਦੂ ਵੀ ਆਪਣੀ ਘਰਵਾਲੀ ਤੋਂ ਧੰਦਾ ਕਰਵਾਉਂਦਾ ਹੈ। ਪਰ ਉਸਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸ਼ਰੇਆਮ ਸਭ ਕੁਝ ਕਰਦਾ ਹੈ। ਓ ਭਰਾ—ਇਕ ਦਿਨ ਉਹ ਮੈਨੂੰ ਦੱਸ ਰਿਹਾ ਸੀ ਕਿ 'ਜਦ ਮੈਨੂੰ ਸ਼ੱਕ ਹੋਇਆ ਕਿ ਮੇਰੀ ਤੀਵੀਂ ਦੇ ਲੱਛਣ ਠੀਕ ਨਹੀਂ ਤਾਂ ਮੈਂ ਉਸਨੂੰ ਵੇਸ਼ੀਆ ਸਮਝ ਕੇ ਉਸ ਨਾਲ ਪੇਸ਼ ਆਉਣ ਲੱਗ ਪਿਆ। ਕਿਸੇ ਹੋਰ ਕੋਲ ਜਾਵਾਂ ਤਾਂ ਪੂਰਾ ਸੌ ਲੈ ਕੇ ਵੀ ਏਨਾ ਖ਼ਿਆਲ ਨਾ ਰੱਖੇ...ਉਹ ਤਾਂ ਕਈ ਸੌ ਦੇਂਦੀ ਵੀ ਹੈ, ਤੇ ਮੇਰੇ ਪਸੀਨੇ ਉੱਤੇ ਖ਼ੂਨ ਵੀ ਵਹਾਉਂਦੀ ਹੈ, ਸਮਝਿਆ?'...ਮੈਂ ਆਪਣੇ ਆਪ ਨੂੰ ਕਿਹਾ ਹੈ ਕਿ ਮੈਂ ਭਲਾ ਕੀ ਸਮਝਾਂ ਅਜਿਹੀਆਂ ਬਾਤਾਂ ਨੂੰ! ਕੋਈ ਮਿਲ ਜਾਵੇ ਤਾਂ ਇਹ ਸਭ ਮੇਰੀ ਸਮਝ ਵਿਚ ਵੀ ਆ ਜਾਵੇ।
ਇਹ ਦੇਖ ਕੇ ਕਿ ਮੈਂ ਉਸੇ ਨਾਲੀ ਦੇ ਮੂੰਹ ਕੋਲ ਖੜ੍ਹਾ ਹਾਂ ਜਿਸ ਵਿਚ ਸੱਪ ਵੜਿਆ ਸੀ, ਮੈਂ ਡਰ ਕੇ ਏਨੀ ਤੇਜ਼ੀ ਨਾਲ ਅਗੇ ਵੱਲ ਵਧ ਗਿਆ ਹਾਂ ਕਿ ਨੇੜੇ ਤੁਰੀ ਫਿਰਦੀ ਇਕ ਮੁਰਗੀ ਮੇਰੀਆਂ ਲੱਤਾਂ ਵਿਚੋਂ ਫੜਫੜ ਕਰਕੇ ਮੇਰੇ ਅੱਗੇ ਨਿਕਲ ਗਈ ਹੈ ਤੇ ਉਸ ਵੱਲ ਦੇਖਦਿਆਂ ਹੋਇਆਂ ਮੈਨੂੰ ਲੱਗਿਆ ਹੈ ਕਿ ਮੈਂ ਰੁਲਦੂ ਦੀ ਤੀਵੀਂ ਦੇ ਪਿੱਛੇ ਦੌੜ ਰਿਹਾ ਹਾਂ।
ਅਗਲੇ ਡਰੱਮ ਵਿਚਲਾ ਕੂੜਾ ਭਰ-ਭਰ ਕੇ ਹੇਠਾਂ ਜ਼ਮੀਨ ਉੱਤੇ ਡੁਲ੍ਹਿਆ ਹੋਇਆ ਹੈ। ਡਰੱਮ ਨੂੰ ਉਲਟਣ ਤੋਂ ਪਹਿਲਾਂ ਮੈਂ ਬੈਠ ਗਿਆ ਹਾਂ ਤੇ ਅਜੇ ਮੇਰੀਆਂ ਅੱਖਾਂ ਜ਼ਮੀਨ ਉੱਤੇ ਆਪਣੇ ਮਤਲਬ ਦੀ ਚੀਜ਼ ਲੱਭ ਹੀ ਰਹੀਆਂ ਨੇ ਕਿ ਇਸ ਕੋਠੀ ਵਾਲੇ ਦੀ ਨੌਕਰਾਣੀ ਅਚਾਨਕ ਦਰਵਾਜ਼ੇ 'ਚੋਂ ਨਿਕਲੀ ਤੇ ਮੇਰੇ ਸਿਰ ਉੱਤੇ ਘਰ ਦੀ ਗੰਦਗੀ ਇਸ ਤਰ੍ਹਾਂ ਉਲਟ ਗਈ ਹੈ ਜਿਵੇਂ ਕੁੜੇ ਦੇ ਢੇਰ ਉੱਤੇ ਹੀ ਕੂੜਾ ਸੁੱਟ ਗਈ ਹੋਵੇ। ਮੈਂ ਉਦੋ ਤੀਕ ਸਾਹ ਰੋਕ ਕੇ ਢੇਰ ਦਾ ਢੇਰ ਬਣਿਆ ਬੈਠਾ ਰਿਹਾ ਜਦੋਂ ਤੀਕ ਉਸਨੇ ਆਪਣੇ ਦਰਵਾਜ਼ੇ ਅੰਦਰ ਵਾਪਸ ਘੁਸ ਕੇ ਅੰਦਰੋਂ ਚਿਟਕਣੀ ਨਹੀਂ ਲਾ ਲਈ, ਤੇ ਫੇਰ ਸਰੀਰ ਨੂੰ ਛੰਡਦਾ ਹੋਇਆ ਖੜ੍ਹਾ ਹੋ ਗਿਆ ਹਾਂ ਤੇ ਡਰੱਮ ਨੂੰ ਉਲਟਦਿਆਂ ਹੋਇਆ ਬਾਬੂ ਨੂੰ ਇਸ਼ਾਰਾ ਕੀਤਾ ਹੈ ਕਿ ਆਪਣਾ ਕੰਮ ਸ਼ੁਰੂ ਕਰੇ।
ਇਸ ਡਰੱਮ ਦੇ ਘਰਵਾਲੇ ਦੋ ਭਰਾ ਨੇ, ਜਿਹੜੇ ਕੱਪੜੇ ਦਾ ਵਪਾਰ ਕਰਦੇ ਨੇ। ਵੱਡੇ ਦੇ ਦੌਲਤ ਦੇ ਨਸ਼ੇ ਵਿਚ ਹੋਸ਼ ਗਵਾਚੇ ਰਹਿੰਦੇ ਨੇ ਤੇ ਛੋਟਾ ਹੈ ਹੀ ਪਾਗਲ। ਵੱਡਾ ਹੇਠਲੇ ਹਿੱਸੇ ਵਿਚ ਰਹਿੰਦਾ ਹੈ ਤੇ ਛੋਟਾ ਪਹਿਲੇ ਮੰਜ਼ਿਲੇ ਉਪਰ...ਤੇ ਸਭ ਤੋਂ ਉਪਰਲੀ ਛੱਤ ਉੱਤੇ ਇਕ ਕਮਰਾ ਹੈ ਜਿਸ ਵਿਚ ਇਹਨਾਂ ਦੋਵਾਂ ਦੀ ਬੁੱਢੀ ਤੇ ਅਪਾਹਜ ਮਾਂ ਰਹਿੰਦੀ ਹੈ। ਕਈ ਵਾਰੀ ਬੁੱਢੀ ਦੇ ਰੋਣ ਦੀਆਂ ਆਵਾਜ਼ਾਂ ਸੁਣ ਕੇ ਮੈਂ ਆਪਣਾ ਕੰਮ ਰੋਕ ਕੇ, ਮੂੰਹ ਉਤਾਂਹ ਚੁੱਕ ਕੇ ਦੇਖਣ ਲੱਗਦਾ ਹਾਂ ਤੇ ਮੇਰੀ ਨਜ਼ਰ ਅੱਖਾਂ ਵਿਚੋਂ ਨਿਕਲ ਕੇ ਬੁੱਢੜੀ ਕੋਲ ਜਾ ਪਹੁੰਚਦੀ ਹੈ...ਅਹਿ ਦੇਖ, ਤੇਰੇ ਲਈ ਗੁੜ ਵਾਲੇ ਛੋਲੇ ਲਿਆਇਆਂ, ਮਾਂ! ਦੰਦ ਨਹੀਂ ਤਾਂ ਗੁੜ ਹੀ ਚੂਸ ਲੈ...ਖੀਰ! ...ਖੀਰ ਕਿੱਥੋਂ ਲਿਆਵਾਂ ਮੈਂ?...ਇਹਨਾਂ ਭਰਾਵਾਂ ਦੇ ਨੌਕਰ ਨੇ ਇਕ ਵਾਰੀ ਮੈਨੂੰ ਦੱਸਿਆ ਸੀ, ਬੁੱਢੀ ਹਰ ਵੇਲੇ ਖੀਰ ਮੰਗ-ਮੰਗ ਕੇ ਰੋਂਦੀ ਰਹਿੰਦੀ ਹੈ...ਤੇ ਜਦੋਂ ਚੁੱਪ ਹੁੰਦੀ ਹੈ ਆਸਮਾਨ ਵੱਲ ਸਿਰ ਚੁੱਕ ਕੇ, ਮੂੰਹ ਖੋਲ੍ਹ-ਖੋਲ੍ਹ ਕੇ ਹਿਲਾਅ ਰਹੀ ਹੁੰਦੀ ਹੈ ਜਿਵੇਂ ਉਪਰੋਂ ਮੂੰਹ ਵਿਚ ਖੀਰ ਟਪਕ ਰਹੀ ਹੋਵੇ...ਆਪਣੀ ਮਾਂ ਨੂੰ ਤਾਂ ਇਹ ਭਰਾ ਤਰਸਾਅ-ਤਰਸਾਅ ਕੇ ਮਾਰ ਰਹੇ ਨੇ, ਪਰ ਇਹਨਾਂ ਦੇ ਡਰੱਮ ਵਿਚ ਏਨੀ ਜੂਠ ਹੁੰਦੀ ਹੈ ਕਿ ਦਸ ਜਣਿਆਂ ਦਾ ਢਿੱਡ ਆਰਾਮ ਨਾਲ ਭਰ ਜਾਵੇ। ਮੁਨੂੰ ਕਬਾੜੀਆ ਜਿਸ ਦਿਨ ਮੁੱਠੀ ਗਰਮ ਨਹੀਂ ਕਰਦਾ, ਉਸ ਦਿਨ ਇੱਥੋਂ ਹੀ ਮੈਂ ਆਪਣੇ ਪੇਟ ਲਈ ਬਾਲਣ ਚੁਣ ਲੈਂਦਾ ਹਾਂ ਤੇ ਮੂੰਹ ਬਣਾ-ਵਿਗਾੜ ਕੇ ਖਾਣਾ ਸ਼ੁਰੂ ਕਰ ਦਿੰਦਾ ਹਾਂ, ਫੇਰ ਖਾਂਦੇ-ਖਾਂਦੇ ਨੂੰ ਮਜ਼ਾ ਆਉਣ ਲੱਗ ਪੈਂਦਾ ਹੈ ਤੇ ਉਦੋਂ ਤੀਕ ਬਾਬੂ ਨੂੰ ਨੇੜੇ ਨਹੀਂ ਫੜਕਣ ਦਿੰਦਾ ਜਦੋਂ ਤੀਕ ਖ਼ੂਬ ਰੱਜ ਨਾ ਜਾਵਾਂ। ਦੋਵਾਂ ਦੀਆਂ ਪਤਨੀਆਂ ਆਪ ਤਾਂ ਖਟ-ਮਿਠੀਆਂ ਹੈ ਹੀ ਨੇ, ਖਾਣਾ ਉਹ ਆਪਣੇ ਨਾਲੋਂ ਵੀ ਵੱਧ ਖੱਟਾ-ਮਿੱਠਾ ਬਣਾ ਲੈਂਦੀਆਂ ਨੇ, ਸ਼ਾਇਦ ਏਸੇ ਲਈ ਦੋਵਾਂ ਭਰਾਵਾਂ ਦੇ ਢਿੱਡ ਏਨੇ ਫੁੱਲੇ ਹੋਏ ਨੇ। ਆਪਣੇ ਨੌਕਰ ਬਤੀਏ ਨੂੰ ਉਹਨਾਂ ਕੱਢ ਦਿੱਤਾ ਹੈ। ਉਹ ਮੈਨੂੰ ਬੀੜੀ ਵੀ ਪਿਆਉਂਦਾ ਹੁੰਦਾ ਸੀ ਤੇ ਬੀੜੀ ਦੇ ਧੂੰਏ ਵਿਚ ਇਹਨਾਂ ਦੀਆਂ ਧੂੰਆਂਧਾਰ ਗੱਲਾਂ ਵੀ ਸੁਨਾਉਂਦਾ ਹੁੰਦਾ ਸੀ। ਚੰਗਾ ਹੀ ਹੋਇਆ ਜੋ ਉਹ ਚਲਾ ਗਿਆ, ਵਰਨਾ ਮੈਂ ਆਪਣਾ ਕੰਮ-ਧੰਦਾ ਛੱਡ ਕੇ ਉਸਦੇ ਕੋਲ ਵਿਹਲਾ ਬੈਠਾ ਰਹਿੰਦਾ ਸੀ। ਵੱਡਾ ਭਰਾ ਆਪਣੇ ਕਮਲੇ ਭਰਾ ਨੂੰ ਇੰਜ ਤਾੜਦਾ-ਝਾੜਦਾ ਰਹਿੰਦਾ ਹੈ ਜਿਵੇਂ ਆਪਣੇ ਮੁੰਡਿਆਂ ਨੂੰ, ਪਰ ਉਸਦੀ ਪਤਨੀ ਨੂੰ ਇੱਥੇ-ਉੱਥੇ ਇਕੱਲੀ ਵੇਖ ਲੈਂਦਾ ਹੈ ਤਾਂ ਹੱਥ ਪਾਉਣੋਂ ਬਾਅਜ਼ ਨਹੀਂ ਆਉਂਦਾ। ਛੋਟੇ ਦੇ ਪੰਜੇ ਦੇ ਪੰਜੇ ਮੁੰਡੇ ਵੱਡੇ ਭਾਈ ਦੇ ਨੇ—ਬਤੀਏ ਨੇ ਮੈਨੂੰ ਦੱਸਿਆ ਸੀ...ਲੈ, ਹੋਰ ਬੀੜੀ ਪੀ...ਤੇ ਸੁਣ...ਵੱਡੀ ਵੀ ਆਪਣੇ ਆਦਮੀ ਨਾਲੋਂ ਘੱਟ ਨਹੀਂ। ਉਸਨੇ ਆਪਣੇ ਕਮਲੇ ਦਿਓਰ ਨੂੰ ਇੰਜ ਸੈੱਟ ਕੀਤਾ ਹੋਇਐ ਕਿ ਉਸਦੀ ਸਮਝ ਵਿਚ ਹੋਰ ਕੁਝ ਆਵੇ ਭਾਵੇਂ ਨਾ ਆਵੇ, ਉਹ ਆਪਣੀ ਪਿਆਰੀ ਭਾਬੀ ਦੀ ਸੈਨਤ ਨੂੰ ਤੁਰੰਤ ਸਮਝ ਲੈਂਦਾ ਹੈ। ਵੱਡੀ ਦੇ ਦੋਵੇਂ ਛੋਟੇ ਬੱਚਿਆਂ ਦਾ ਮੁਹਾਂਦਰਾ ਹੂ-ਬ-ਹੂ ਆਪਣੇ ਕਮਲੇ ਚਾਚੇ 'ਤੇ ਗਿਆ ਹੈ। ਏਨੀ ਛੋਟੀ ਉਮਰ ਵਿਚ ਵੀ ਉਹ ਏਨੇ ਗੰਭੀਰ ਦੇ ਕਠੋਰ ਨੇ ਕਿ ਇਹਨਾਂ ਨੂੰ ਦੂਰੋਂ ਦੇਖ ਕੇ ਹੀ ਕਮਲੇ ਨੂੰ ਦੋ-ਦੋ ਪਿਓ ਦਿਖਾਈ ਦੇਣ ਲੱਗ ਪੈਂਦੇ ਨੇ ਤੇ ਡਰਦੇ ਮਾਰੇ ਦਾ ਮੂਤ ਵਿਚੇ ਨਿਕਲ ਜਾਂਦਾ ਹੈ।
ਬਤੀਏ ਨੂੰ ਭਰਾਵਾਂ ਨੇ ਇਸ ਲਈ ਕੱਢ ਦਿੱਤਾ ਸੀ ਕਿ ਰੰਗਭੂਮੀ ਦੇ ਤੇਵਰ ਦੇਖ ਕੇ ਇਕ ਦਿਨ ਉਸ ਵਿਚਾਰੇ ਦੀ ਖੋਪੜੀ ਵੀ ਉਲਟ ਗਈ ਸੀ ਤੇ ਵੱਡੀ ਦੇ ਨਾਂਹ-ਨਾਂਹ ਕਹਿਣ ਦੇ ਬਾਵਜ਼ੂਦ ਵੀ ਉਹ ਉਸਨੂੰ ਲੁੱਟ ਦਾ ਮਾਲ ਸਮਝ ਬੈਠਾ ਸੀ, ਤੇ ਆਪਣੇ ਕਮਲੇ ਮਾਲਕ ਵਾਂਗ ਹੀ ਮੂੰਹ ਵਿਚ ਅੰਗੂਠਾ ਪਾ ਕੇ ਉਸ ਵੱਲ ਵਧਦਾ ਚਲਾ ਗਿਆ ਸੀ। ਪਰ ਛੋਟੀ ਹੋਵੇ ਜਾਂ ਵੱਡੀ, ਮਾਲ ਤਾਂ ਭਰਾਵਾਂ ਦਾ ਹੀ ਸੀ। ਬਤੀਏ ਨੂੰ ਮਾਰ-ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਸ਼ਰੀਫ਼ਾਂ ਦੇ ਘਰੀਂ ਗੁੰਡਿਆਂ ਦਾ ਕੀ ਕੰਮ! ਜਾਹ...ਜਾਹ, ਜੋ ਏਥੇ ਕਰਨਾ ਚਾਹੁੰਦਾ ਸੈਂ ਆਪਣੀ ਮਾਂ-ਭੈਣ ਨਾਲ ਜਾ ਕੇ ਕਰ।
ਮੈਂ ਉਹਨਾਂ ਦੀ ਗੰਦਗੀ ਨੂੰ ਫਰੋਲ-ਵਰੋਲ ਕੇ ਵੇਖ ਰਿਹਾ ਹਾਂ। ਮੁਨੂੰ ਕਬਾੜੀਏ ਨੇ ਮੈਨੂੰ ਦੱਸਿਆ ਸੀ ਕਿ ਵੱਡੇ-ਵੱਡੇ ਦੁਕਾਨਦਾਰਾਂ ਦੇ ਡਰੱਮ ਧਿਆਨ ਨਾਲ ਵੇਖਿਆ ਕਰਾਂ। ਇਹ ਲੋਕ ਕਾਲਾ ਧੰਦਾ ਕਰਦੇ ਨੇ ਤੇ ਜਦੋਂ ਪੁਲਿਸ ਦੇ ਛਾਪੇ ਦਾ ਡਰ ਹੋਵੇ, ਜਾਨ ਬਚਾਉਣ ਲਈ ਨੋਟਾਂ ਦੀਆਂ ਗੁੱਟੀਆਂ ਵੀ ਕੂੜੇ ਵਿਚ ਸੁੱਟ ਦਿੰਦੇ ਨੇ। ਪਤਾ ਨਹੀਂ ਕਿਉਂ ਮੈਨੂੰ ਵਿਸ਼ਵਾਸ ਜਿਹਾ ਹੋ ਗਿਆ ਸੀ ਕਿ ਕਦੀ ਨਾ ਕਦੀ ਜ਼ਰੂਰ ਇੱਥੋਂ ਨੋਟ ਹੀ ਨੋਟ ਹੱਥ ਲੱਗਣਗੇ, ਪਰ ਏਨੇ ਸਾਰੇ ਨੋਟਾਂ ਦਾ ਮੈਂ ਕਰਾਂਗਾ ਕੀ?...ਮੁਨੂੰ ਕਬਾੜੀਏ ਕੋਲ ਲੈ ਜਾਵਾਂਗਾ?...ਉਹ ਤਾਂ ਸਾਰੇ ਨੋਟਾਂ ਦੀ ਕੀਮਤ ਵੀ ਰੁਪਈਏ ਦੋ ਰੁਪਈਏ ਤੋਂ ਵੱਧ ਨਹੀਂ ਲਾਵੇਗਾ...ਹੁਣ ਤਾਂ ਖੁਸ਼ ਹੋ ਜਾ ਫੱਜੂ! ਰੇਟ ਨਾਲੋਂ ਪੂਰੇ ਪੱਚੀ ਪੈਸੇ ਵੱਧ ਦੇ ਰਿਹਾਂ...
ਅੱਜ ਮੈਨੂੰ ਭਾਈਆਂ ਦੇ ਡਰੱਮ ਵਿਚੋਂ ਕੁਝ ਵੀ ਨਹੀਂ ਸੀ ਮਿਲ ਰਿਹਾ। ਛੋਟੀ ਤੇ ਵੱਡੀ ਦੀ ਮਹਾਵਾਰੀ ਦੀਆਂ ਸੁੱਕੀਆਂ ਕਾਤਰਾਂ ਉਹਨਾਂ ਦੀ ਜੂਠ ਵਿਚ ਲਿਬੜੀਆਂ ਹੋਈਆਂ ਨੇ, ਜਾਂ ਫੇਰ ਨਿਰੋਧ ਦੇ ਕੁਝ ਬੁਲਬੁਲੇ ਨੇ ਜਿਹਨਾਂ ਨੂੰ ਮੈਂ ਸਾਫ ਕਰਕੇ ਥੈਲੇ ਵਿਚ ਸੁੱਟ ਲਿਆ ਹੈ। ਹਰ ਘਰ ਦੇ ਡਰੱਮ ਵਿਚ ਕੁਝ ਕੁ ਠੀਕ-ਠਾਕ ਬੁਲਬੁਲੇ ਵੀ ਜ਼ਰੂਰ ਮਿਲ ਜਾਂਦੇ ਨੇ ਮੈਨੂੰ। ਕਈ ਵਾਰੀ ਤਾਂ ਕੋੜੀ ਤੋਂ ਵੀ ਉੱਤੇ ਹੋ ਜਾਂਦੇ ਨੇ। ਮੈਂ ਇਹਨਾਂ ਨੂੰ ਵੀ ਮੁਨੂੰ ਨੂੰ ਹੀ ਫੜਾਅ ਆਉਂਦਾ ਹਾਂ...ਇਹਨਾਂ ਨੂੰ ਸਾਬਨ ਨਾਲ ਥੋ ਕੇ ਲਿਆਇਆ ਕਰ ਫੱਜੂ...ਤੇ ਮੈਂ ਉਂਜ ਹੀ ਦੇ ਆਉਂਦਾ ਹਾਂ। ਏਨੇ ਪੈਸੇ ਵੀ ਨਹੀਂ ਦਿੰਦਾ ਕਿ ਦੇਸੀ ਸਾਬਨ ਦਾ ਇਕ ਟੋਟਾ ਹੀ ਆ ਜਾਵੇ। ਛੋਟੀ ਤੇ ਵੱਡੀ ਦੇ ਵਾਲਾਂ ਦੇ ਗੁੱਛੇ ਵੀ ਮੈਂ ਸਾਫ ਕਰਕੇ ਆਪਣੇ ਝੋਲੇ ਵਿਚ ਸੁੱਟ ਲਏ ਨੇ। ਮੁਨੂੰ ਆਖਦਾ ਹੈ—ਸੁਨਹਿਰੀ ਵਾਲ ਲਿਆਇਆ ਕਰ...ਸੁਨਹਿਰੀ ਵਾਲ ਲਿਆਉਣ ਲਈ ਹੁਣ ਵਲੈਤ ਜਾਵਾਂ?...ਜੋ ਮਿਲ ਜਾਂਦਾ ਹੈ ਉਹੀ ਲੈ-ਲੈ ਕੇ ਸ਼ੁਕਰ ਕਰਦਾ ਰਹੁ ਮੁਨੂੰ ਭਰਾ! ਔਰਤਾਂ ਦੀ ਬੁੱਧੀ ਭਰਸ਼ਟ ਹੁੰਦੀ ਜਾ ਰਹੀ ਹੈ। ਇਹੀ ਹਾਲ ਰਹੇ ਤਾਂ ਸਭਨਾਂ ਦੀਆਂ ਖੋਪੜੀਆਂ ਗੰਜੀਆਂ ਹੋ ਜਾਣੀਆਂ ਨੇ। ਫੇਰ ਸੁਨਹਿਰੇ ਤਾਂ ਕੀ ਚਿੱਟੇ ਵਾਲ ਵੀ ਵੇਖਣ ਨੂੰ ਤਰਸਿਆ ਕਰਾਂਗੇ...ਅਚਾਨਕ ਮੈਨੂੰ ਉਪਰੋਂ ਭਾਈਆਂ ਦੀ ਬੁੱਢੜੀ ਦੇ ਰੋਣ ਦੀ ਆਵਾਜ਼ ਸੁਨਾਈ ਦਿੱਤੀ ਹੈ। ਦੋਵੇਂ ਪੁੱਤਰ ਇਕ ਦੂਜੇ ਦੀ ਪਤਨੀ ਨੂੰ ਚੋਰੀ-ਚੋਰੀ ਲਈ ਪਏ ਹੋਣਗੇ...ਬੁੱੜਢੀ ਦੀ ਖ਼ਬਰ ਕੌਣ ਲਏ?
ਮੈਂ ਸੋਚਣ ਲੱਗਾ ਹਾਂ ਕਿ ਬੁੱੜਢੀ ਜੇ ਆਪਣੇ ਘਰ ਵਾਲਿਆਂ ਲਈ ਕੂੜਾ ਬਣ ਕੇ ਰਹਿ ਗਈ ਹੈ ਤਾਂ ਉਹ ਉਸਨੂੰ ਘੜੱਪ ਕਰਕੇ ਬਾਹਰ ਕੂੜੇ ਵਾਲੇ ਡਰੱਮ ਵਿਚ ਕਿਉਂ ਨਹੀਂ ਸੁੱਟ ਦੇਂਦੇ? ਮੈਂ ਖ਼ਿਆਲਾਂ ਵਿਚ ਹੀ ਬੁੱੜਢੀ ਨੂੰ ਝਾੜ-ਪੂੰਝ ਕੇ ਆਪਣੀ ਝੁੱਗੀ ਵਿਚ ਲੈ ਆਇਆ ਹਾਂ...ਲੈ ਭਰਾ ਫਕੀਰਿਆ, ਦੇਖ, ਆਪਣੀ ਦੋਵਾਂ ਦੀ ਮਾਂ ਆ ਗਈ ਆ। ਮੇਰੀ ਝੁੱਗੀ ਵਿਚ ਪਿਆ ਹੀ ਕੀ ਸੀ, ਜਿਸ ਉਪਰ ਪਹਿਰਾ ਦਿੰਦਾ ਰਹਿੰਦਾ ਸੀ...? ਘਰ ਤਾਂ ਹੁਣ ਭਰਿਐ! ਜੀਅ ਭਰ ਕੇ ਹੁਣ ਮਾਂ ਦੀ ਦੇਖ ਭਾਲ ਕਰਿਆ ਕਰੀਂ...ਲੈ ਮਾਂ ਤੇਰੇ ਲਈ ਅਹਿ ਗੁੜ ਵਾਲੇ ਛੋਲੇ ਲਿਆਇਆਂ...ਗੁੜ ਵਾਲੇ ਛੋਲੇ ਮੈਨੂੰ ਬੜੇ ਚੰਗੇ ਲੱਗਦੇ ਨੇ ਤੇ ਫਕੀਰੇ ਉੱਤੇ ਅਕਸਰ ਇਸੇ ਲਈ ਹਿਰਖ ਜਾਂਦਾ ਆਂ ਕਿ ਮੈਨੂੰ ਗੁੜ ਵਾਲੇ ਛੋਲੇ ਖਾਂਦਿਆਂ ਵੇਖ ਲੈਂਦਾ ਐ ਤਾਂ ਉੱਚੀ ਉੱਚੀ ਭੌਂਕਣ ਲੱਗ ਪੈਂਦੈ...ਓ ਭਰਾ, ਤੈਨੂੰ ਚੰਗੇ ਨਹੀਂ ਲਗਦੇ, ਪਰ ਮੈਨੂੰ ਤਾਂ ਖਾਣ ਦੇਅ-ਖਾਹ ਮਾਂ, ਦੰਦ ਨਹੀਂ ਤਾਂ ਗੁੜ ਈ ਚੂਸ ਲੈ...ਹੋਰ ਲੈ...
ਮਾਂ ਗੁੜ ਵਾਲੇ ਛੋਲਿਆਂ ਦਾ ਗੁੜ ਚੂਸ ਰਹੀ ਹੈ ਤੇ ਉਸਦਾ ਸਵਾਦ ਮੇਰੇ ਖ਼ਾਲੀ ਮੂੰਹ ਵਿਚ ਘੁਲ ਰਿਹਾ ਹੈ ਤੇ ਫਕੀਰਾ ਮਜ਼ਾਕ ਉਡਾਉਣ ਲਈ ਭੌਂਕ ਰਿਹਾ ਹੈ...ਓਇ ਚਲ, ਪਰ੍ਹਾਂ ਹਟ!...ਕੁੱਤੇ ਦੀ ਜਾਤ...! ਤੈਨੂੰ ਕੀ ਪਤਾ, ਆਦਮੀਆਂ ਦਾ ਖਾਣਾ ਕੀ ਹੁੰਦੈ?...ਤੂੰ ਖਾਹ, ਮਾਂ...ਹੋਰ ਦਿਆਂ?...ਨਹੀਂ, ਨਹੀਂ ਮੇਰੀ ਮਾਂ ਨਹੀਂ, ਕਦੇ ਨਹੀਂ ਸੀ...ਮੇਰਾ ਪਿਓ? ਮਾਂ ਸੀ, ਤਾਂ ਹੀ ਤਾਂ ਕਿਸਨੇ ਤਾਂ ਉਸਨੂੰ ਗਲੇ ਲਾ ਕੇ ਮੈਨੂੰ ਪੈਦਾ ਕੀਤਾ ਹੋਵੇਗਾ?...ਜਾਂ ਕਿਸੇ ਮਲਵੇ ਵਿਚੋਂ ਆਪਣੇ ਆਪ ਹੀ ਵਿਲ੍ਹਕਦਾ ਹੋਇਆ ਫੁੱਟ ਪਿਆ ਹੋਵਾਂਗਾ...ਲੈ ਮਾਂ, ਹੋਰ ਲੈ...ਮੈਂ ਐਵੇਂ ਹੀ ਕੂੜਾ ਫਰੋਲੀ ਜਾ ਰਿਹਾਂ। ਉੱਥੇ ਕੁਝ ਹੋਵੇ ਤਾਂ ਮਿਲੇ...ਇਕ ਠੰਡਾ ਸਾਹ ਖਿੱਚ ਕੇ ਮੈਂ ਗੋਡਿਆਂ ਦਾ ਸਹਾਰਾ ਲਿਆ ਤੇ ਉੱਠ ਖੜ੍ਹਾ ਹੋਇਆ ਹਾਂ ਤੇ ਅਜੇ ਕੁਝ ਕਦਮਾਂ ਹੀ ਤੁਰਿਆ ਹਾਂ ਕਿ ਕਿਸੇ ਬੱਚੇ ਦੇ ਰੋਣ ਦੀ ਬਰੀਕ ਜਿਹੀ ਆਵਾਜ਼ ਸੁਣ ਕੇ ਮੇਰੇ ਕੰਨ ਖੜ੍ਹੇ ਹੋ ਗਏ ਨੇ। ਮੈਂ ਬੜੇ ਧਿਆਨ ਨਾਲ ਆਪਣੇ ਆਲੇ-ਦੁਆਲੇ ਵੇਖਿਆ ਹੈ...ਕੋਈ ਵੀ ਤਾਂ ਨਹੀਂ...ਆਵਾਜ਼ ਫੇਰ ਆਈ...ਅਸੀਂ ਦੋਵੇਂ ਜਾਨਵਰ...ਬਾਬੂ ਅਤੇ ਮੈਂ...ਇਕਦਮ ਇਕ ਦਿਸ਼ਾ ਵੱਲ ਅਹੁਲੇ ਹਾਂ ਤੇ ਇਕ ਖੁੱਲ੍ਹੇ ਡਰੱਮ ਦੇ ਕੋਲ ਆ ਖੜੇ ਹੋਏ ਹਾਂ, ਜਿਸ ਵਿਚ ਕੂੜੇ ਦੀ ਸੇਜ ਉੱਤੇ ਇਕ ਨਵ-ਜਾਇਆ ਬੱਚਾ ਆਪਣੀ ਪਿੱਠ ਭਾਰ ਲੇਟ ਕੇ ਨਿੱਕੇ-ਨਿੱਕੇ ਹੱਥ ਪੈਰ ਮਾਰ ਰਿਹਾ ਹੈ ਤੇ ਉਸਨੂੰ ਦੇਖ ਕੇ ਮੈਨੂੰ ਇੰਜ ਲੱਗਿਆ ਹੈ ਕਿ ਮੇਰੀ ਛਾਤੀ ਦੁੱਧ ਨਾਲ ਭਰ ਕੇ ਚੂ ਰਹੀ ਹੈ ਤੇ ਮੈਂ ਉਸਨੂੰ ਆਪਣੀਆਂ ਅੱਖਾਂ ਦੇ ਸਾਰੇ ਨਿੱਘ ਨਾਲ ਆਪਣੇ ਹੱਥਾਂ ਵਿਚ ਚੁੱਕ ਲਿਆ ਹੈ ਤੇ ਸੋਚਣ ਲੱਗਾ ਹਾਂ—ਕੀ ਸਮਾਂ ਆ ਗਿਆ ਹੈ! ਪੱਥਰ-ਦਿਲ ਲੋਕ ਆਪਣੀਆਂ ਨਸਲਾਂ ਨੂੰ ਪੈਦਾ ਹੋਣ ਸਾਰ ਕੂੜੇ ਵਿਚ ਸੁੱਟ ਦਿੰਦੇ ਨੇ...
      ੦੦੦ ੦੦੦ ੦੦੦

No comments:

Post a Comment