Friday, August 20, 2010

ਇਕ ਹੋਰ ਤਥਾਗਤ (ਗੌਤਮ ਬੁੱਧ)...:: ਵਿਜੈ




ਹਿੰਦੀ ਕਹਾਣੀ :
ਇਕ ਹੋਰ ਤਥਾਗਤ (ਗੌਤਮ ਬੁੱਧ)...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਹਰੀਸ਼ਚੰਦਰ ਹੋਸਟਲ ਦੇ ਲਾਨ ਵਿਚ ਰੁੱਖਾਂ ਤੋਂ ਉਤਰਦੀਆਂ-ਚੜ੍ਹਦੀਆਂ ਕਾਟੋਆਂ ਅਚਾਨਕ ਥਾਵੇਂ ਰੁਕ ਗਈਆਂ ਤੇ ਇਕ ਦੂਜੇ ਦਾ ਮੂੰਹ ਤੱਕਣ ਲੱਗ ਪਈਆਂ। ਛੱਜਿਆਂ 'ਤੇ ਗੁਟਰਗੂੰ ਕਰ ਰਹੇ ਕਬੂਤਰਾਂ ਨੇ ਚੂੰਝਾਂ ਭੁਆਂ ਕੇ ਅੱਖਾਂ ਮਟਕਾਉਂਦਿਆਂ ਹੋਇਆਂ ਹੈਰਾਨੀ ਪਰਗਟ ਕੀਤੀ...ਓਇ ! ਇਹ ਤਾਂ ਆ ਗਿਆ!!
ਕਮਰ ਅਹਸਨ ਨੇ ਡਾ. ਕਾਮਤਾਨਾਥ ਦੇ ਖਿੜੇ ਹੋਏ ਮੁਖ 'ਚੋਂ ਸੁਣੀ ਸੀ ਕਹਾਣੀ...“ਕਿਹੜਾ ਜੁਰਮ ਨਹੀਂ ਕਰ ਸਕਦਾ, ਇਹ ਸ਼ੰਕਰ ਸਿਨਹਾ ! ਨਵੇਂ ਮੂੰਡਿਆਂ ਤੋਂ ਪੈਸੇ ਖੋਹ ਲੈਣਾ, ਡਰੱਗ ਖੁਆਉਣਾ-ਪਿਆਉਣਾ, ਨਕਲ ਕਰਨਾ-ਕਰਵਾਉਣਾ ਤੇ ਪੈਸੇ ਵਾਲਿਆਂ ਦੇ ਮੂੰਡਿਆਂ ਨੂੰ ਫਰੇਬੀ ਔਰਤਾਂ ਦੇ ਜਾਲ ਵਿਚ ਫਸਾ ਕੇ ਪੈਸੇ ਮਾਂਠਣਾ ਤੇ ਹੋਰ ਪਤਾ ਨਹੀਂ ਕੀ-ਕੀ। ਪਤਾ ਨਹੀਂ ਕਿਹੜੀ ਅਦਿੱਖ ਸ਼ਕਤੀ ਸੀ, ਜਿਸਨੇ ਥਾਣੇਦਾਰ ਗੁਰੂਪ੍ਰਸਾਦ ਦੀ ਆਤਮਾ ਨੂੰ ਹਲੂਣਿਆ ਤੇ ਪੁਲਿਸ ਨੇ ਮੈਥੋਂ ਚੁੱਪਚਾਪ ਪ੍ਰਮੀਸ਼ਨ ਲੈ ਕੇ 'ਏ' ਵਿੰਗ 'ਤੇ ਛਾਪਾ ਮਾਰਿਆ। ਬਰਾਊਨ ਸ਼ੂਗਰ ਦੇ ਨਾਲ ਇਕ ਆਸਟ੍ਰੇਲੀਅਨ ਕੁੜੀ ਵੀ ਫੜ੍ਹੀ ਗਈ ਸ਼ੰਕਰ ਸਿਨਹਾ ਦੇ ਰੂਮ ਵਿਚੋਂ। ਬਲੂ ਫਿਲਮ ਚੱਲ ਰਹੀ ਸੀ।”
ਸੁਖ ਦਾ ਸਾਹ ਲੈਂਦਿਆਂ ਹੋਇਆਂ ਬੋਲੇ ਸਨ ਡਾ. ਕਾਮਤਾਨਾਥ...“ਡਰੱਗ ਪੀਣਾ-ਪਿਆਉਣਾ ਵੱਡਾ ਜੁਰਮ ਏ ਕਮਰ ਭਾਈ ! ਦਸ ਸਾਲ ਲਈ ਅੰਦਰ ਗਿਆ ਸਮਝੋ।” ਕਿਸੇ ਭਿਆਨਕ ਬਿਮਾਰੀ ਤੋਂ ਖਹਿੜਾ ਛੁੱਟਣ ਤੋਂ ਬਾਅਦ ਵਾਲੀ ਸ਼ਾਂਤੀ ਫੈਲ ਗਈ ਸੀ ਡਾ. ਕਾਮਤਾਨਾਥ ਦੇ ਚਿਹਰੇ ਉੱਤੇ।
ਇਕ ਦਿਨ ਬਾਅਦ ਹੀ ਰਾਤ ਨੂੰ ਹਮਲਾ ਹੋਇਆ ਸੀ 'ਏ' ਵਿੰਗ ਉੱਪਰ। ਪਰ ਦੂਜੇ ਵਿੰਗ ਵਾਲੇ ਚਾਹ ਕੇ ਵੀ ਮਦਦ ਕਰਨ ਨਹੀਂ ਸੀ ਆ ਸਕੇ। ਨੀਂਦ 'ਚੋਂ ਜਾਗ ਕੇ ਡਾ. ਕਾਮਤਾਨਾਥ ਨੇ ਹੀ ਹੌਸਲਾ ਕੀਤਾ ਸੀ। ਹੇਠਾਂ ਬਿਜਲੀ ਦਾ ਫਿਊਜ਼ ਲਾ ਕੇ ਚੌਕੀਦਾਰ ਦੀਆਂ ਰੱਸੀਆਂ ਖੋਲ੍ਹੀਆਂ ਸਨ। 'ਏ' ਵਿੰਗ ਦੇ ਕਮਰੇ ਅਸਤਬਲ ਵਾਂਗ ਅਸਤ-ਵਿਅਸਤ ਹੋਏ ਹੋਏ ਸਨ। ਕਿਸੇ ਦਾ ਪਰਸ ਗਾਇਬ ਸੀ, ਕਿਸੇ ਦੀ ਘੜੀ ਗਾਇਬ ਸੀ ਤੇ ਕਿਸੇ ਦਾ ਟੂ-ਇਨ-ਵਨ ਲਾਪਤਾ ਸੀ। ਹਰ ਮੁੰਡਾ ਖ਼ਾਮੋਸ਼ ਸੀ। ਭੈ ਨੇ ਗਲ਼ੇ 'ਚ ਜੰਜ਼ੀਰ ਕਸੀ ਹੋਈ ਸੀ ਤੇ ਆਵਾਜ਼ ਨੂੰ ਫਾਂਸੀ ਲੱਗੀ ਜਾਪਦੀ ਸੀ।
ਕਮਰ ਅਹਸਨ ਨੇ ਦੋ ਦਿਨ ਬਾਅਦ ਇਕ ਮੁੰਡੇ ਨੂੰ ਵਿਸ਼ਵਾਸ ਵਿਚ ਲੈ ਕੇ ਪਤਾ ਕੀਤਾ। ਦੱਬਵੀਂ ਸੁਰ ਵਿਚ ਕਿਹਾ ਸੀ ਮੁੰਡੇ ਨੇ...'ਸਰ! ਮੇਰਾ ਨਾਂ ਨਾ ਆਏ। ਵੀਹ-ਪੱਚੀ ਸੀ ਉਹ; ਪਸਤੌਲ, ਕੱਟੇ, ਡਾਂਗਾਂ ਤੇ ਲੋਹੇ ਦੀਆਂ ਛੜਾਂ ਸਨ ਉਹਨਾਂ ਕੋਲ। ਹਰ ਵਿੰਗ ਵਿਚ ਇਕ ਪਸਤੌਲ-ਧਾਰੀ ਖੜ੍ਹਾ ਸੀ। ਕਹਿ ਗਏ ਨੇ ਕਿ ਸ਼ੰਕਰ ਸਿਨਹਾ ਦੇ ਖ਼ਿਲਾਫ਼ ਕਿਸੇ ਨੇ ਗਵਾਹੀ ਦਿੱਤੀ ਤਾਂ ਰਾਤ ਦਾ ਚੰਦ ਜਾਂ ਸਵੇਰ ਦਾ ਸੂਰਜ ਨਹੀਂ ਦੇਖੇਗਾ।'
ਫੇਰ ਵੀ ਡਾ. ਕਾਮਤਾਨਾਥ ਨੂੰ ਉਮੀਦ ਸੀ ਕਿ ਗੁੰਡਿਆਂ ਦੇ ਡੰਡਿਆਂ ਤੇ ਪਸਤੌਲਾਂ ਨਾਲੋਂ ਕਮਜ਼ੋਰ ਨਹੀਂ ਹੋ ਸਕਦੀ ਪੁਲਿਸ। ਸਭ ਕੁਝ ਉਗਲਵਾ ਲਏਗੀ ਸ਼ੰਕਰ ਸਿਨਹਾ ਤੋਂ ਤੇ ਫੇਰ ਫਾਂਸੀ ਦੇ ਰੱਸੇ ਤੋਂ ਥੋੜ੍ਹੀ ਦੂਰ ਹੀ ਰਹਿ ਜਾਏਗੀ ਉਸਦੀ ਗਰਦਨ। ਪੁਲਿਸ ਲੋਕ ਰਾਜ ਦੇ ਸਰੋਕਾਰਾਂ ਨੂੰ ਅੱਖਾਂ ਮੀਚ ਕੇ ਨਕਾਰ ਨਹੀਂ ਸਕਦੀ।
ਪਰ ਹੋਇਆ ਕੁਝ ਹੋਰ ਹੀ। ਪੰਜਵੇਂ ਦਿਨ ਬੇਦਾਗ ਛੁੱਟ ਆਇਆ ਸ਼ੰਕਰ ਸਿਨਹਾ। ਪਿਛਲੀ ਸ਼ਾਮ ਨੂੰ ਹੀ ਗੁਰੂ ਪ੍ਰਸਾਦ ਐਸ.ਐਚ.ਓ. ਦਾ ਈਮਾਨਦਾਰੀ ਦੇ ਇਨਾਮ ਵਜੋਂ ਇਕ ਨੇਤਾ ਦੇ 'ਹੁਕਮਾਂ' ਅਨੁਸਾਰ ਇਕੱਤੀਵਾਂ ਤਬਾਦਲਾ ਹੋ ਗਿਆ ਤੇ ਏ.ਐਸ.ਆਈ. ਰਹਿਮਤ ਖ਼ਾਂ ਨੇ ਰਿਹਾਈ ਤੋਂ ਪਹਿਲਾਂ ਸ਼ੰਕਰ ਸਿਨਹਾ ਨੂੰ ਚਾਹ ਹੀ ਨਹੀਂ ਪਿਆਈ ਬਲਕਿ ਸਰਕਾਰੀ ਸੈਲਯੂਟ ਵੀ ਕੀਤਾ ਤੇ ਫੁਸਫੁਸਾਇਆ...'ਹੁਜ਼ੂਰ! ਆਪਣੇ ਖਾਦਿਮ ਦਾ ਵੀ ਖ਼ਿਆਲ ਰੱਖਿਆ ਕਰੋ। ਤੁਸੀਂ ਲੋਕ ਈ ਤਾਂ ਸਾਡੇ ਬਦਸ਼ਾਹ ਓ!'
ਹੋਸਟਲ ਵਿਚ ਪਹੁੰਚਦਿਆਂ ਹੀ ਪਾਂਡੁ ਦੇ ਚੂਕਣੇ 'ਤੇ ਲੱਤ ਮਾਰੀ ਸੀ ਸਿਨਹਾ ਨੇ...'ਹਰਾਮੀ ਸਮਝ ਰਿਹਾ ਹੋਏਗਾ ਕਿ ਸ਼ੰਕਰ ਸਾਹਬ ਤਾਂ ਜਹਨੁਮ ਗਏ, ਹੁਣ ਉਹਨਾਂ ਦਾ ਕਮਰਾ ਕਿਉਂ ਸਾਫ ਕੀਤਾ ਜਾਏ!'
ਪੈਰ ਫੜ੍ਹ ਕੇ ਆਪਣੀ ਔਕਾਤ ਦਿਖਾ ਦਿੱਤੀ ਪਾਂਡੁ ਨੇ...'ਨਾ ਸ਼ੰਕਰ ਭਾਈ! ਮੈਂ ਤਾਂ ਬੜੀ ਪ੍ਰਾਥਣਾ ਕੀਤੀ ਕਿ ਤੁਸੀਂ ਛੇਤੀ ਛੁੱਟ ਜਾਓ। ਦੋਖੋ, ਦੋ ਦਿਨਾਂ ਦਾ ਤਮਾਕੂ ਦੀ ਥਾਂ ਲਿੱਦ-ਗੋਹਾ ਈ ਫੱਕੀ ਜਾ ਰਿਹਾਂ ਮੈਂ ਤਾਂ।'
ਲੱਤ ਪਾਂਡੁ ਦੇ ਚੂਕਣੇ 'ਤੇ ਪਈ ਸੀ ਪਰ ਤ੍ਰੇਲੀਆਂ ਦੂਜੇ ਕਮਰਿਆਂ ਦੇ ਮੁੰਡਿਆਂ ਨੂੰ ਆਉਣ ਲੱਗ ਪਈਆਂ ਸਨ। ਸਿਨਹਾ ਹੱਸਿਆ ਨਹੀਂ, ਬੱਦਲ ਵਾਂਗ ਗੜਕਿਆ ਸੀ; ਕੰਬ ਗਏ ਸਨ ਹੱਥਾਂ 'ਚ ਕਿਤਾਬਾਂ ਫੜ੍ਹੀ ਮੁੰਡੇ। ਫ਼ੋਨ ਕਰਕੇ ਪੁੱਛਿਆ ਸੀ ਕਾਮਤਾਨਾਥ ਨੇ ਤਾਂ ਰਹਿਮਤ ਖ਼ਾਂ ਨੇ ਲਖ਼ਨਵੀ-ਜਵਾਬ ਦਿੱਤਾ ਸੀ...'ਹੁਜ਼ੂਰ, ਪੁਲਿਸ ਤੋਂ ਸ਼ਿਨਾਖ਼ਤ ਵਿਚ ਗ਼ਲਤੀ ਹੋ ਗਈ ਸੀ। ਸਿਨਹਾ ਸਾਹਬ ਤਾਂ ਸੜਕ 'ਤੇ ਲਾਚਾਰ ਪਈ ਇਕ ਫਾਰਨਰ ਦੀ ਇਮਦਾਦ ਕਰਨ ਖਾਦਰ ਉਸਨੂੰ ਆਪਣੇ ਕਮਰੇ ਵਿਚ ਚੁੱਕ ਲਿਆਏ ਸਨ। ਖ਼ਾਨਦਾਨੀ ਘਰਾਣੇ ਦੇ ਨੇ ਸਾਹਬ! ਚਚਾ ਜਾਨ ਮੰਤਰੀ ਨੇ।'
ਹੂੰਗਰ ਮਾਰ ਕੇ ਬੇਵੱਸ-ਜਿਹੇ ਬੈਠੇ ਰਹਿ ਗਏ ਸਨ ਕਾਮਤਾਨਾਥ। ਉਹ ਦੂਜੇ ਮੁੰਡਿਆਂ ਦੇ ਜਮੀਰ ਦੀ ਲਾਚਾਰੀ ਵੀ ਸਮਝਦੇ ਹਨ। ਮੁੰਡੇ ਘਰੀਂ ਖ਼ਤ ਲਿਖਦੇ ਹਨ...'ਏਥੇ ਹੰਗਾਮੇਂ ਹੁੰਦੇ ਰਹਿੰਦੇ ਨੇ ਪਾਪਾ!' ਤਾਂ ਜਵਾਬ ਆਉਂਦਾ ਹੈ...'ਮਨ ਲਾ ਕੇ ਪੜ੍ਹਦੇ ਰਹੋ ਬੇਟਾ! ਇਕ ਦਿਨ ਨੌਕਰੀ ਦੀ ਕੁਰਸੀ ਮਿਲ ਜਾਏਗੀ ਤਾਂ ਸਾਰੇ ਦੁੱਖ ਭੁੱਲ ਜਾਣਗੇ।'
ਕਾਮਤਾਨਾਥ ਦਾ ਦਿਲ ਡੁੱਬਣ ਲੱਗਦਾ ਹੈ...ਕੀ ਕਰੇਗੀ ਇਹ ਨੌਕਰੀ ਲਈ ਤਿਆਰ ਹੋ ਰਹੀ ਗਊ ਵਰਗੀ ਨਸਲ? ਜਦੋਂ ਇਹਨਾ ਦੇ ਹੇਠ ਕੁਰਸੀਆਂ ਹੋਣਗੀਆਂ, ਉਦੋਂ ਇਹ ਸਲੂਟਾਂ ਮਾਰਦੇ ਰਹਿਣਗੇ ਆਪਣੇ ਤੋਂ ਵੱਡੇ ਅਫਸਰਾਂ ਨੂੰ...ਤੇ ਉਹਨਾਂ ਦੇ ਹੁਕਮਾਂ ਨਾਲ ਦੇਸ਼ ਦੇ ਕੁਰੂਕਸ਼ੇਤਰ ਨੂੰ ਫਤਹਿ ਕਰਦੇ ਰਹਿਣਗੇ...ਤੇ ਫੇਰ ਆਪਣੇ ਆਪ ਨੂੰ ਸਾਰੇ ਦਿਨ ਦੇ ਪਾਪਾਂ ਤੋਂ ਹੌਲਾ ਕਰਨ ਲਈ ਵਿਆਖਿਆ-ਸਹਿਤ ਧਰਮ-ਗ੍ਰੰਥ ਪੜ੍ਹਦੇ ਰਿਹਾ ਕਰਣਗੇ। ਆਦਮੀ ਜਿੰਨਾ ਬੁਜਦਿਲ ਹੁੰਦਾ ਜਾਦਾ ਹੈ, ਓਨਾ ਹੀ ਧਾਰਮਿਕ ਵੀ।
ਰਾਤ ਦੇ ਇਕ ਵਜੇ ਪਾਂਡੁ, ਖਲਾਸੀ ਰਾਮ, ਲਖੋਰੀ ਤੇ ਬਿਸਵਾ, ਸ਼ੰਕਰ ਸਿਨਹਾ ਦਾ ਪੈਗ਼ਾਮ ਹਰ ਹੋਸਟਲਰ ਨੂੰ ਪਹੁੰਚਾ ਰਹੇ ਸਨ ਕਿ ਦਸ ਮਿੰਟ ਵਿਚ ਹੇਠਾਂ ਆ ਜਾਓ!
ਸਤ ਸੌ ਦੀ ਭੀੜ ਸਾਹਮਣੇ ਪਸਤੌਲ ਫੜ੍ਹੀ ਖੜ੍ਹਾ ਸੀ ਸਿਨਹਾ। ਆਸੇ ਪਾਸੇ ਦੋ ਮੁਸ਼ਟੰਡੇ ਖੜ੍ਹੇ ਸਨ ਤੇ ਸਿਨਹਾ ਦਹਾੜ ਰਿਹਾ ਸੀ...“ਦੱਸੋ ਹਰਾਮਜ਼ਾਦਿਓ! ਕਿਸ ਨੇ ਰਿਪੋਰਟ ਦਿੱਤੀ ਸੀ?”
ਵਿਦਿਆਰਥੀਆਂ ਦੀ ਉਹ ਭੀੜ ਜਿਹੜੀ ਜਪਾਨ ਵਿਚ ਨਿਜ਼ਾਮ ਬਦਲ ਸਕਦੀ ਹੈ, ਚੀਨ ਦੇ ਟਿਨਾਮੇਨ ਸਕਵੇਅਰ ਵਿਚ ਆਪਣਾ ਖ਼ੂਨ ਬਹਾਅ ਸਕਦੀ ਹੈ, ਪਾਲਤੂ ਕੁੱਤਿਆਂ ਵਾਂਗ ਸਹਿਮੀ, ਹਰੀਸ਼ਚੰਦਰ ਹੋਸਟਲ ਦੇ ਲਾਨ ਵਿਚ, ਖੜ੍ਹੀ ਸੀ। ਇਕ ਇਕ ਕਰਕੇ ਉਹ ਮਿਆਂਕ ਰਹੇ ਸਨ...'ਮੈਂ ਨਹੀਂ ਸ਼ੰਕਰ ਭਾਈ!' ਇਹੋ ਮਿਆਂਕੂ ਬੇ-ਲੋੜੇ ਸੰਘਰਸ਼ਾਂ ਵਿਚ ਬੱਸਾਂ ਸਾੜ ਦੇਂਦੇ ਨੇ ਤੇ ਜਗ੍ਹਾ ਜਗ੍ਹਾ ਪੱਥਰਾਅ ਕਰਕੇ ਆਪਣੇ ਜਮੀਰ ਸ਼ਾਂਤ ਕਰ ਲੈਂਦੇ ਨੇ।
ਸ਼ੀਂਹ ਦੀ ਤੋਰ ਤੁਰਦਾ ਸਿਨਹਾ ਡਾ. ਕਾਮਤਾਨਾਥ ਵਾਰਡਨ ਦਾ ਦਰਵਾਜ਼ਾ ਖੜਕਾਉਂਦਾ ਹੈ। ਜਾਗਦੇ ਹੋਏ ਕਾਮਤਾਨਾਥ ਅੱਖਾਂ ਵਿਚ ਨੀਂਦ ਦੀ ਖੁਮਾਰੀ ਦੇ ਭਾਵ ਲਿਆ ਕੇ ਦਰਵਾਜ਼ਾ ਖੋਲ੍ਹਦੇ ਨੇ...“ਹੈਲੋ ਸ਼ੰਕਰ!”
ਹੈਲੋ ਦੇ ਜਵਾਬ ਵਿਚ ਸ਼ੰਕਰ ਸਿਨਹਾਂ ਮੂੰਹ ਉੱਤੇ ਗਾਲ੍ਹ ਦੇ ਨਾਲ ਸਵਾਲ ਦਾ ਪੱਥਰ ਮਾਰਦਾ ਹੈ...'ਕਿਉਂ ਕਿਵੇਂ ਐਂ ਪ੍ਰੋਫ਼ੈਸਰ!' ਤਕਸ਼ਿਲਾ, ਨਾਲੰਦਾ ਤੇ ਸ਼ਾਂਤੀ ਨਿਕੇਤਨ ਦੀ ਪਤ ਸੀਤਾ ਵਾਂਗ ਧਰਤੀ 'ਚ ਸਮਾਅ ਜਾਣਾ ਚਾਹੁੰਦੀ ਹੈ। ਵਕਤ ਦਾ ਰਾਵਣ ਹੱਸਦਾ ਹੈ...ਸਾਡੀ ਫੀਸ ਦੇ ਟੁਕੜਿਆਂ ਉੱਪਰ ਪਲਦਾ ਏ ਤੇ ਸਾਡਾ ਹੀ ਵਿਰੋਧ ਕਰਦਾ ਏ? ਢੱਠੇ ਖੂਹ 'ਚ ਗਈ ਤੇਰੀ ਪੁਸਤਕ-ਸੰਸਕ੍ਰਿਤੀ! ਤੇਰੇ ਪੜ੍ਹਾਏ ਕੁਰਸੀਆਂ ਉੱਤੇ ਠੁੱਸ ਹੋਏ ਬੈਠੇ ਨੇ...ਜਾਨ ਹੈ ਤਾਂ ਸਿਰਫ ਉਹਨਾਂ ਦੀਆਂ ਹਥੇਲੀਆਂ ਵਿਚ, ਜਿਹੜੀਆਂ ਰਿਸ਼ਵਤ ਲੈਣ ਖਾਤਰ ਫੈਲੀਆਂ ਰਹਿੰਦੀਆਂ ਨੇ।
ਮੌਨ ਦੇ ਪ੍ਰਤੀ-ਉੱਤਰ ਵਿਚ ਦਹਾੜਿਆ ਸੀ ਸ਼ੰਕਰ ਸਿਨਹਾ...“ਬੁੜ੍ਹਿਆ! ਐਤਕੀਂ ਪੁਲਿਸ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਤਾਂ ਡੈਮ ਬਣਾ ਰਹੇ ਤੇਰੇ ਇਕਲੌਤੇ ਇੰਜੀਨੀਅਰ ਪੁੱਤਰ ਦੀ ਲਾਸ਼ ਨਦੀ ਵਿਚ ਤੈਰਦੀ ਮਿਲੇਗੀ! ਅਸਾਂ ਯਾਰਾਂ ਦੇ ਯਾਰ ਆਂ, ਦੁਸ਼ਮਣਾ ਲਈ ਤਲਵਾਰ ਆਂ!”
ਕਮਰ ਅਹਸਨ ਦੀ ਹੱਥੇਲੀ, ਹੱਥਾਂ ਵਿਚ ਘੁੱਟ ਕੇ ਅਤੀਤ ਵਿਚ ਤੈਰ ਗਏ ਸਨ ਡਾ. ਕਾਮਤਾਨਾਥ...'ਇਸੇ ਕਾਲੇਜ ਵਿਚ ਆਜ਼ਾਦੀ ਦੇ ਦੀਵਾਨਿਆਂ ਨਾਲ ਰਿਹਾ ਆਂ ਕਮਰ ਭਰਾ! ਪੁਲਿਸ ਦੀ ਡਾਂਗ ਨਾਲ ਹੱਥ ਦੀ ਹੱਡੀ ਟੁੱਟ ਗਈ ਸੀ। ਬਿਸ਼ਨ ਨੇ ਗੋਲੀ ਖਾਣ ਲਈ ਛਾਤੀ ਤਾਣ ਲਈ ਸੀ। ਉਦੋਂ ਵੀ ਇੱਥੋਂ ਦੇ ਕੁਝ ਮੁੰਡਿਆਂ ਕੋਲ ਪਸਤੌਲ, ਕੱਟੇ ਤੇ ਤਲਵਾਰਾਂ ਹੁੰਦੀਆਂ ਸੀ। ਪਰ ਉਹਨਾਂ ਦੀ ਪ੍ਰਤੀਗਿਆ ਸੀ ਕਿ ਜਦੋਂ ਤੱਕ ਇਹ ਦੇਸ਼ ਆਜ਼ਾਦ ਨਹੀਂ ਹੋ ਜਾਏਗਾ ਉਦੋਂ ਤੱਕ ਅਸੀਂ ਸਾਧੂਆਂ ਵਾਲੀ ਜ਼ਿੰਦਗੀ ਬਿਤਾਵਾਂਗੇ। ਸਾਡੇ ਪਸਤੌਲ ਦੀ ਹਰ ਗੋਲੀ ਗ਼ੁਲਾਮੀ ਦੀ ਜੰਜ਼ੀਰ ਨੂੰ ਤੋੜੇਗੀ। ਅਸੀਂ ਵੀ ਗੱਡੀ ਦੀਆਂ ਪਟੜੀਆਂ ਉਖਾੜੀਆਂ ਨੇ, ਬਿਜਲੀ ਦੇ ਤਾਰ ਕੱਟੇ ਐ, ਪਰ ਅੱਜ ਦੇ ਵਿਦਿਆਰਥੀ ਦੇ ਮੂੰਹੋਂ ਗਾਲ੍ਹਾਂ ਨਿਕਲਦੀਆਂ ਨੇ, ਨਾ ਕਿ ਬੰਦੇ ਮਾਤਰਮ। ਉਹ ਚਿਹਰੇ ਜਿਹਨਾਂ ਵਿਚ ਸੰਸਕਾਰ ਤੇ ਸੱਚ ਦਗਦਾ ਹੁੰਦਾ ਸੀ, ਪਤਾ ਨਹੀਂ ਕਿੱਥੇ ਗਵਾਚ ਗਏ ਨੇ!”
ਕਮਰ ਅਹਸਨ ਹੱਥੇਲੀ ਥਾਪੜ ਕੇ ਕਹਿੰਦੇ ਨੇ...“ਭਾਈ ਜਾਨ! ਵਕਤ ਬਦਲ ਗਿਆ ਏ। ਵੈਲਯੂਜ਼ ਬਦਲ ਰਹੀਆਂ ਨੇ।”
“ਕਿਹਨਾਂ ਵੈਲਯੂਜ਼ ਦੀ ਗੱਲ ਕਰਦੇ ਓ ਤੁਸੀਂ? ਜੇ ਗੁੰਡਾਗਰਦੀ ਅੱਜ ਦੀ ਵੈਲਯੂ ਹੈ ਤਾਂ ਆਪਣੇ ਬੇਟੇ ਨੂੰ ਗੁੰਡਾ ਕਿਉਂ ਨਹੀਂ ਬਣਾਉਂਦੇ? ਮੰਨਿਆਂ ਕਿ ਪਸਤੌਲ ਸਿਰਫ ਸ਼ੰਕਰ ਸਿਨਹਾ ਦੇ ਹੱਥ ਵਿਚ ਸੀ, ਪਰ ਦੋ ਹੱਥ ਤਾਂ ਹਰੇਕ ਮੁੰਡੇ ਕੋਲ ਸਨ। ਇਹਨਾਂ ਦੋ ਹੱਥਾਂ ਵਾਲਿਆਂ ਦੇ ਦਿਲਾਂ ਵਿਚ ਗਿੱਦੜ ਕਿਸ ਬਿਠਾਲ ਦਿੱਤੇ ਨੇ, ਕਿ ਉਹ ਜੁਲਮ ਨੂੰ ਸਮੇਂ ਦਾ ਇਨਸਾਫ ਮੰਨ ਬੈਠੇ ਨੇ? ਕੱਲ੍ਹ ਇਹ ਦੋ ਹੱਥ ਸਰਕਾਰੀ ਬੰਦੂਕਾਂ ਫੜ੍ਹ ਕੇ ਸਰਹੱਦ ਉੱਤੇ ਦੁਸ਼ਮਣ ਨੂੰ ਸੌਂਪ ਕੇ ਨਿਹਾਲ ਹੋ ਸਕਦੇ ਨੇ। ਜਾਲਿਮ ਤਾਂ ਹਰ ਯੁੱਗ ਵਿਚ ਹੋਏ ਨੇ ਪਰ ਜੁਲਮ ਦਾ ਬਦਲਾ ਤੇ ਵਿਰੋਧ ਕਰਨ ਵਾਲੇ ਕਿਤੇ ਵੱਧ ਹੁੰਦੇ ਸੀ ਉਦੋਂ। ਕੌਣ ਚੁਰਾ ਕੇ ਲੈ ਗਿਆ ਇਸ ਉਮਰ ਦਾ ਤਪੱਸਵੀ ਕਿ ਬਚ ਗਈ ਹੈ ਸਿਰਫ ਵਾਸਨਾ?”
ਕਮਰ ਅਹਸਨ ਨੂੰ ਪਤਾ ਹੈ ਕਿ ਡਾ. ਕਾਮਤਾਨਾਥ ਪ੍ਰਿੰਸੀਪਲ ਨੂੰ ਜਾ ਕੇ ਦੱਸਣਗੇ, ਪਰ ਕੀ ਪ੍ਰਿੰਸੀਪਲ ਗਣੇਸ਼ ਸਿੰਘ ਕੁਝ ਕਰੇਗਾ? ਸ਼ੰਕਰ ਸਿਨਹਾ ਵਰਗੇ ਗੁੰਡਿਆਂ ਦੀਆਂ ਪਸਤੌਲਾਂ ਹੀ ਤਾਂ ਨਿਰਵਿਘਨ ਨਕਲ ਕਰਵਾਉਂਦੀਆਂ ਹਨ। ਨਕਲ ਹੀ ਕਿਉਂ, ਜਵਾਬਾਂ ਦੀ ਪ੍ਰਾਂਪਟਿੰਗ ਹੁੰਦੀ ਹੈ ਖੁੱਲ੍ਹੇਆਮ ਕੁਝ ਮੁੰਡਿਆਂ ਲਈ। ਕਾਲੇਜ ਦਾ ਨਤੀਜਾ ਸੌ ਫੀ ਸਦੀ ਆਉਂਦਾ ਹੈ ਅੱਜਕੱਲ੍ਹ। ਮੈਨ ਆਫ ਦੀ ਕਾਲੇਜ ਦਾ ਪੁਰਸਕਾਰ ਦਿੱਤਾ ਹੈ ਪ੍ਰਿੰਸੀਪਲ ਨੇ ਪਿਛਲੇ ਸਾਲ ਸ਼ੰਕਰ ਸਿਨਹਾ ਨੂੰ। ਇਸ ਜਾਦੂਈ ਚਿਰਾਗ਼ ਕਰਕੇ ਹੀ ਤਾਂ ਗਣੇਸ਼ ਸਿੰਘ ਦੀ ਮਹੱਤਵ ਕਾਇਮ ਹੈ।
ਪ੍ਰਿੰਸੀਪਲ ਨੇ ਮੱਥੇ ਵੱਟ ਪਾ ਕੇ ਲਿਤਾੜਿਆ ਸੀ ਡਾ. ਕਾਮਤਾਨਾਥ ਨੂੰ। ਸ਼ਬਦ ਗਰਮ ਤੇਲ ਦੇ ਤੁਬਕਿਆਂ ਵਾਂਗ ਕੰਨਾਂ ਵਿਚ ਜਾ ਰਹੇ ਸਨ ਤੇ ਆਤਮਾ ਛਾਲਿਆਂ ਨਾਲ ਭਰਦੀ ਜਾ ਰਹੀ ਸੀ...“ਖ਼ੂਬ ਤਮਾਸ਼ਾ ਕੀਤਾ ਈ ਤੁਸੀਂ! ਪੰਦਰਾਂ ਦਿਨਾਂ ਲਈ ਬਾਹਰ ਕੀ ਗਿਆ ਕਿ ਆਪਣੇ ਕਾਲੇਜ ਦੀ ਪੈਂਠ ਹੀ ਮਿਟਾਅ ਦਿੱਤੀ। ਤੁਸੀਂ ਆਫ਼ੀਸ਼ਿਏਟ ਕਰ ਰਹੇ ਸੀ। ਸਮਝਾ-ਬੁਝਾਅ ਲੈਂਦੇ ਸ਼ੰਕਰ ਨੂੰ। ਇਨਟੈਲੀਜੈਂਟ ਲੜਕਾ ਏ, ਤੇ ਉੱਪਰ ਤੱਕ ਰਸੂਖ਼ ਵੀ ਏ ਉਸਦਾ। ਪਤਾ ਈ ਕੀ ਕਿਹੈ ਨੇਤਾਜੀ ਨੇ?...'ਕਿਉਂ ਭਾਈ ਗਣੇਸ਼ ਸਿੰਘ! ਬੜੀ ਤਾਰੀਫ ਕਰਦੇ ਸੀ ਨੰਬਰ ਟੂ ਦੀ ਕਿ ਬੜੇ ਕਾਬਿਲ ਨੇ ਡਾ. ਕਾਮਤਾਨਾਥ। ਉਹਨਾਂ ਤੋਂ ਬਿਹਤਰ ਤਾਂ ਮਿੱਟੀ ਦਾ ਬਾਵਾ ਬਿਠਾਅ ਦਿੱਤਾ ਹੁੰਦਾ।' ਕੌਣ ਪੁਲਿਸ ਨੂੰ ਬੁਲਾਅ ਕੇ ਤਲਾਸ਼ੀ ਦੀ ਇਜਾਜ਼ਤ ਦੇ ਸਕਦਾ ਏ?”
“ਪੁਲਿਸ ਪੂਰੀ ਜਾਣਕਾਰੀ ਨਾਲ ਆਈ ਸੀ ਸਿੰਘ ਸਾਹਬ! ਸਾਨੂੰ ਸ਼ੰਕਰ ਕਰਕੇ ਦੂਜੇ ਮੰਡਿਆਂ ਦਾ ਭਵਿੱਖ ਖ਼ਰਾਬ ਨਹੀਂ ਕਰਨਾ ਚਾਹੀਦਾ।” ਜ਼ਖ਼ਮੀ ਆਵਾਜ਼ ਵਿਚ ਕਿਹਾ ਸੀ ਕਾਮਤਾਨਾਥ ਨੇ।
“ਕੀ ਕਰ ਲਿਆ ਤੁਸੀਂ ਜਾਂ ਉਸ ਗੁਰੂ ਪ੍ਰਸਾਦ ਨੇ? ਅੱਜ ਤੱਕ ਸਿੰਗਾਂ ਵਾਲਾ ਭੇਡੂ ਹੁੰਦਾ ਸੀ, ਹੁਣ ਸਾਂਨ੍ਹ ਬਣ ਗਿਆ ਈ ਸ਼ੰਕਰ। ਕਾਲੇਜ ਵੱਖਰਾ ਬਦਨਾਮ ਹੋਇਆ ਏ। ਓ ਬਈ ਨਿਜਾਮ ਦੀ ਹਵਾ ਦੇ ਨਾਲ ਹੀ ਤਾਂ ਚੱਲਦੇ ਨੇ ਲੋਕ। ਜੇ ਸਰਕਾਰ ਚਾਹੇ ਤਾਂ ਇਕ ਗੁੰਡਾ ਸਟੂਡੈਂਟ ਕਾਲੇਜ ਵਿਚ ਦਿਖਾਈ ਨਹੀਂ ਦਏਗਾ। ਪਰ ਕੌਣ ਚਾਹੁੰਦਾ ਏ ਇੰਜ? ਇਹਨਾਂ ਬਾਕੀ ਭੇਡਾਂ-ਰੂਪੀ ਮੁੰਡਿਆਂ ਦਾ ਕੀ ਨੇਤਾ ਲੋਕ ਆਚਾਰ ਪਾਉਣਗੇ? ਗੁੰਡੇ ਹੀ ਤਾਂ ਵੋਟ ਦੁਆਉਂਦੇ ਨੇ। ਗੁੰਡੇ ਜਦੋਂ ਕੰਮ ਆਉਂਦੇ ਨੇ ਤਾਂ ਉਹਨਾਂ ਨੂੰ ਝੱਲਨਾਂ ਵੀ ਤਾਂ ਸਿਖਣਾ ਪਏਗਾ ਸਾਨੂੰ। ਅੱਜ ਦੇ ਨਿਜਾਮ ਦੀ ਪ੍ਰਾਣ-ਸ਼ਕਤੀ ਨੇ ਇਹ ਗੁੰਡੇ!”
ਪ੍ਰਤਿਮਾ ਸ਼ਾਸਤਰੀ ਨੇ ਕਾਫੀ ਦਾ ਕੱਪ ਫੜਾਉਂਦਿਆਂ ਹੋਇਆਂ ਕਿਹਾ ਸੀ...“ਸਰ! ਭੁੱਲ ਜਾਓ ਏਸ ਅਪਮਾਨ ਨੂੰ। ਵਾਰਡਨ ਸ਼ਿਪ ਛੱਡ ਦਿਓ। ਤੁਸੀਂ ਆਂਕੜੇ ਦੇਖੋ ਤਾਂ ਪਤਾ ਲੱਗਦੇ ਕਿ ਪਹਿਲਾਂ ਨਾਲੋਂ ਕਿੰਨੇ ਗੁਣਾ ਵਧ ਗਈ ਹੈ ਪੁਲਿਸ, ਸੀ.ਆਰ.ਪੀ. ਤੇ ਹੋਰ ਪੈਰਾਮਿਲਿਟ੍ਰੀ ਤਾਕਤਾਂ, ਪਰ ਪੀੜੇ ਨੂੰ ਨਪੀੜਿਆ ਹੀ ਜਾ ਰਿਹੈ। ਦੇਸ਼-ਧਰੋਹੀ ਸਮਗਲ ਮਾਣਯੋਗ ਸੱਜਣ ਬਣ ਗਏ ਨੇ। ਸਕੂਲ ਮਾਸਟਰ ਕੁੱਟ ਖਾਂਦਾ ਰਹਿੰਦਾ ਏ ਤੇ ਮੁਸ਼ਕਿਲ ਨਾਲ ਦਸਵੀਂ ਤੱਕ ਪੜ੍ਹਿਆ ਕਾਂਸਟੇਬਲ ਡੰਡਾ ਫੜ੍ਹ ਕੇ ਕਮਜ਼ੋਰ ਭੀੜ ਨੂੰ ਡਰਾਉਂਦਾ ਫਿਰਦਾ ਏ ਤੇ ਕ੍ਰਿਮਿਨਲਸ ਦੇ ਕਮਿਸ਼ਨ 'ਤੇ ਐਸ਼ ਕਰਦਾ ਏ। ਨੈਤਿਕ ਅਤੀਤ, ਅਰਾਜਕ ਹੋ ਰਹੇ ਵਰਤਮਾਨ ਦੀ ਸਹਾਇਤਾ ਕਰਨ ਤੋਂ ਅਸਮਰਥ ਹੈ। ਸਰ, ਤੁਸੀਂ ਹੀ ਤਾਂ ਮੈਨੂੰ ਰਾਜਨੀਤੀ ਤੇ ਸਿਧਾਂਤ ਪੜ੍ਹਾਉਂਦੇ ਹੋਏ ਦੱਸਦੇ ਹੁੰਦੇ ਸੌ...'ਰਾਜਨੀਤੀ ਦਾ ਸਾਧੂ ਵੀ ਸੱਚ ਤੇ ਨਿਆਂ ਦੀ ਮੂਰਤੀ ਨੂੰ ਇਕ ਲੱਤ ਜ਼ਰੂਰ ਮਾਰਦਾ ਏ, ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ।”
ਆਪਣੀ ਕਲਾਸ ਦੇ ਵਿਦਿਆਰਥੀਆਂ ਤੱਕ ਪ੍ਰਤਿਮਾ ਸ਼ਾਸਤਰੀ ਨੇ ਡਾ. ਕਾਮਤਾਨਾਥ ਦਾ ਦੁੱਖ ਪਹੁੰਚਾਉਣਾ ਚਾਹਿਆ...ਨਤੀਜਾ ਬੜੀ ਛੇਤੀ, ਦੂਜੇ ਦਿਨ ਹੀ, ਸਾਹਮਣੇ ਆ ਗਿਆ। ਪੋਸਟਰਸ, ਹੈਂਡਬਿਲਸ ਤੇ ਨਾਅਰੇ...ਕਾਮਤਾਨਾਥ ਤੇ ਪ੍ਰਤਿਮਾ ਸ਼ਾਸਤਰੀ ਦੇ 'ਸੰਬੰਧਾਂ' ਨੂੰ ਲੈ ਕੇ। ਗੌਤਮ, ਗਾਂਧੀ ਦਾ ਦੇਸ਼ ਅਨੈਤਿਕਤਾ ਨਹੀਂ ਸਹੇਗਾ! ਸਮਾਜਵਾਦ ਜ਼ਿੰਦਾਬਾਦ!
ਡਾ. ਕਾਮਤਾਨਾਥ ਨੇ ਜਲੂਸ ਵਿਚ ਉਹਨਾਂ ਵਿਦਿਆਰਥੀਆਂ ਨੂੰ ਉਤੇਜਿਤ ਨਾਅਰੇ ਲਾਉਂਦਿਆਂ ਦੇਖਿਆ, ਜਿਹਨਾਂ ਦੇ ਲਟਕੇ ਹੋਏ ਹੱਥ ਸ਼ੰਕਰ ਸਿਨਹਾ ਦੀ ਇਕਲੌਤੀ ਪਸਤੌਲ ਸਾਹਵੇਂ ਲੂਲ੍ਹੇ ਹੋ ਕੇ ਝੂਲ ਰਹੇ ਸਨ।
ਇਕ ਵਾਰੀ ਫੇਰ ਹਾਰੇ ਹੋਏ ਪਰਤੇ ਸਨ ਡਾ. ਕਾਮਤਾਨਾਥ, ਪ੍ਰਿੰਸੀਪਲ ਦਾ ਪ੍ਰਵਚਨ ਸੁਣ ਕੇ...'ਤੁਸੀਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਥਾਂ ਸਮੱਸਿਆਵਾਂ ਦਾ ਪਟਾਰਾ ਬਣ ਗਏ ਓ ਪ੍ਰੋਫ਼ੈਸਰ ਸਾਹਬ! ਤੁਹਾਡਾ ਕੰਮ ਸੀ ਪੜ੍ਹਾਉਣਾ, ਹੋਸਟਲ ਵਿਚ ਸਫਾਈ, ਖਾਣੇ-ਪੀਣੇ ਦੀ ਦੇਖਭਾਲ ਕਰਨਾ...ਉਹ ਤਾਂ ਤੁਹਾਥੋਂ ਹੋਇਆ ਨਹੀਂ, ਕਾਂਢ 'ਤੇ ਕਾਂਢ ਕਰੀ ਜਾ ਰਹੇ ਓ! ਗਾਂਧੀ ਬਣਨ ਦੀ ਤਮੰਨਾਂ ਹੋਏ ਤਾਂ ਖੜ੍ਹੇ ਹੋ ਜਾਓ, ਸ਼ੰਕਰ ਸਿਨਹਾ ਦੀ ਪਸਤੌਲ ਦੇ ਸਾਹਮਣੇ! ਪੁਲਿਸ ਦੀ ਬਹੀ ਵਿਚ ਤੁਹਾਡੀ ਹੱਤਿਆ, ਆਤਮ-ਹੱਤਿਆ ਬਣ ਕੇ ਰਹਿ ਜਾਏਗੀ। ਤੁਸੀਂ ਆਪੁ ਈ ਅਸਤੀਫਾ ਦੇ ਜਾਓ...ਇਹ ਮੇਰੀ ਨੇਕ ਸਲਾਹ ਏ। ਪਾਣੀ ਹੁਣ ਸਿਰ ਤੋਂ ਉੱਪਰ ਲੰਘ ਚੁੱਕਿਆ ਏ।'
ਪ੍ਰਤਿਮਾ ਸ਼ਾਸਤਰੀ ਡਾ. ਕਾਮਤਾਨਾਥ ਦੀ ਹਾਰ ਨੂੰ ਜਿੱਤ ਵਿਚ ਬਦਲਨ ਲਈ ਦੌੜੀ ਸੀ...'ਤੁਸੀਂ ਜਾਣਦੇ ਓ ਕਿ ਸਫੇਦ ਝੂਠ ਹੈ ਇਹ? ਸਨੇਹ ਦੇ ਮੰਦਰ ਨੂੰ ਕੁੜਾਘਰ ਬਣਾਉਣ ਵਿਚ ਮਦਦ ਕਰ ਰਹੇ ਓ!'
ਮੈਂ ਕੋਈ ਜੱਜ ਨਹੀਂ ਮਿਸ ਪ੍ਰਤਿਮਾ, ਕਿ ਸੱਚ ਤੇ ਝੂਠ ਨੂੰ ਕਸੌਟੀ 'ਤੇ ਘਿਸਦਾ ਰਹਾਂ। ਨਾ ਹੀ ਮੈਂ ਪੁਲਿਸ ਹਾਂ ਕਿ ਕਿਸੇ ਨੂੰ ਰੋਕਾਂ। ਮੇਰਾ ਕੰਮ ਮੁੰਡਿਆਂ ਦੀ ਪੜ੍ਹਾਈ ਤੱਕ ਹੈ, ਨਾ ਕਿ ਪ੍ਰੋਫ਼ੈਸਰ ਤੇ ਲੈਕਚਰਰ ਦੇ ਸੰਬੰਧਾਂ ਦੀ ਛਾਨਬੀਣ ਜਾਂ ਫੈਸਲੇ ਕਰਾਉਣ ਦਾ।'
ਹੈਰਾਨੀ ਨਾਲ ਦੇਖਦੀ ਰਹਿ ਗਈ ਸੀ ਪ੍ਰਤਿਮਾ ਸ਼ਾਸਤਰੀ। ਮਹਿਸੂਸ ਹੋਇਆ ਕਿ ਪ੍ਰਿੰਸੀਪਲ ਨਹੀਂ ਹੈ ਗਣੇਸ਼ ਸਿੰਘ, ਪੱਠੇ ਕੁਤਰਨ ਵਾਲੀ ਮਸ਼ੀਨ ਹੈ ਜਾਂ ਸੌ ਪ੍ਰਤੀਸ਼ਤ ਰਿਜਲਟ ਛਾਪਣ ਵਾਲੀ ਮਸ਼ੀਨ। ਕੋਈ ਮਰੇ ਭਾਵੇਂ ਜਿਊਂਵੇ, ਉਸਨੂੰ ਪ੍ਰਵਾਹ ਨਹੀਂ। ਸ਼ੰਕਰ ਸਿਨਹਾ ਉਸਦਾ ਹਥਿਆਰ ਹੈ ਜਿਸ ਦੇ ਸਹਾਰੇ ਉਹ ਸੌ ਪ੍ਰਤੀਸ਼ਤ ਰਿਜਲਟ ਪ੍ਰਾਪਤ ਕਰ ਸਕਦਾ ਹੈ ਤੇ ਨਾਮਨਾ ਖੱਟ ਸਕਦਾ ਹੈ।
ਰੋਂਦੀ ਪ੍ਰਤਿਮਾ ਨੂੰ ਡਾ. ਕਾਮਤਾਨਾਥ ਨੇ ਭਰੜਾਈ ਆਵਾਜ਼ ਵਿਚ ਸਮਝਾਇਆ...'ਰੋ ਕੇ ਕੁਛ ਹਾਸਲ ਨਹੀਂ ਹੋਏਗਾ ਪ੍ਰਤਿਮਾ! ਸਮਾਜ ਲਈ ਭਾਵਨਾਵਾਂ ਦਾ ਕੋਈ ਮੁੱਲ ਨਹੀਂ। ਸੱਚ ਨਾਲ ਉਸਦਾ ਢਿੱਡ ਨਹੀਂ ਭਰਦਾ। ਵਿਗਿਆਨ ਤੇ ਇਮਾਨ ਨੂੰ ਵੇਚ ਕੇ ਉਹ ਆਸਾਨੀ ਨਾਲ ਆਪਣੇ ਮਹਿਲ ਬਣਾ ਕੇ ਰਹਿ ਸਕਦਾ ਹੈ। ਇਸੇ ਲਈ ਅੱਜ ਹਰੇਕ ਪਿਤਾ ਆਪਣੇ ਪੁੱਤਰ ਨੂੰ ਨੈਤਿਕ ਬਲ ਦੀ ਜਗ੍ਹਾ ਪੈਸੇ ਕਮਾਉਣ ਦੇ ਇੰਜੈਕਸ਼ਨ ਲਗਵਾ ਰਿਹਾ ਏ। ਇਹਨਾਂ ਇਨਜੈਕਸ਼ਨਾਂ ਨਾਲ ਖੜ੍ਹੇ ਕੀਤੇ ਢਾਂਚੇ, ਕੀ ਕਦੀ ਜੁਲਮ ਦਾ ਵਿਰੋਧ ਕਰ ਸਕਦੇ ਨੇ? ਅੱਜ ਇਕ ਵੀ ਅਭਿਮੰਨਿਊ ਮੈਨੂੰ ਨਜ਼ਰ ਨਹੀਂ ਆ ਰਿਹਾ। ਹਰੇਕ ਮੁੰਡੇ ਦੇ ਹੱਥ ਝੂਲ ਰਹੇ ਨੇ ਜਾਂ ਸ਼ੰਕਰ ਸਿਨਹਾ ਵਾਂਗ ਪਸਤੌਲ ਫੜ੍ਹੀ, ਡਰੱਗ ਵੇਚ ਰਹੇ ਨੇ ਜਾਂ ਕੁਰਸੀ ਵਿਚ ਧਸ ਕੇ ਰਿਸ਼ਵਤ ਲੈ ਰਹੇ ਨੇ। ਤੁਸੀਂ ਨੌਕਰੀ ਕਰਨੀ ਹੈ ਤਾਂ ਮੂੰਹ ਉੱਤੇ ਜਿੰਦਰਾ ਮਾਰ ਲਓ...ਜ਼ਿੰਦਗੀ ਨੂੰ ਸਮੇਂ ਦੀ ਨਦੀ ਵਿਚ ਸ਼ਵ-ਆਸਨ ਲਾ ਕੇ ਛੱਡ ਦਿਓ।'
ਅਸਤੀਫਾ ਦੇ ਕੇ ਨਿਕਲੇ ਤਾਂ ਗਾਂਧੀ ਭਵਨ ਦੀ ਛੱਤ ਤੋਂ ਕਿਸੇ ਨੇ ਗੰਜੀ ਟਿੰਡ ਉੱਪਰ ਟਮਾਟਰ ਮਾਰਿਆ ਤੇ ਨਾਅਰਾ ਲਾਇਆ...'ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ! ਜੋ ਹਮ ਸੇ ਟਕਰਾਏਗਾ, ਚੂਰ ਚੂਰ ਹੋ ਜਾਏਗਾ।' ਹੇਠਾਂ ਖੜ੍ਹਾ ਨੌਜਵਾਨ ਲੈਕਚਰਰ ਮਧੁਕਾਂਤ ਆਪਣੀ ਸਹਿਯੋਗੀ ਮਾਲਿਨੀ ਦੀ ਹਾਸੀ 'ਤੇ ਮੁਸਕੁਰਾਹਟ ਦਾ ਇਤਰ ਛਿੜਕਦਾ ਹੋਇਆਂ ਕੁਝ ਫੁਸਫੁਸਾਇਆ।
ਜਵਾਹਰਲਾਲ ਭਵਨ ਦੀ ਖਿੜਕੀ ਵਿਚੋਂ ਝਾਕ ਕੇ ਫਿਲਾਸਫੀ ਦੇ ਪ੍ਰਵਕਤਾ ਮਨਹਰ ਅਵਸਥੀ ਕਹਿੰਦੇ ਨੇ...“ਜੜ ਦਾ ਜੀਵਨ ਜ਼ਮੀਨ ਦੇ ਅੰਦਰ ਹੁੰਦਾ ਹੈ। ਤਣਾ ਕੈਸਾ ਹੈ, ਜਾਂ ਫਲ ਰਸੀਲੇ ਨੇ ਜਾਂ ਨਹੀਂ, ਉਸ ਨਾਲ ਜੜ ਦਾ ਕੋਈ ਸਰੋਕਾਰ ਨਹੀਂ ਹੁੰਦਾ। ਪ੍ਰੋਫ਼ੈਸਰ ਕਾਮਤਾਨਾਥ ਦੀ ਇਹੀ ਤਾਂ ਤਰਾਸਦੀ ਹੈ!”
ਹੱਸਦੀ ਹੈ ਮੀਤਾ ਨਿਗਮ...“ਫਿਲਾਸਫਰ ਤੇ ਆਮ ਆਦਮੀ ਵਿਚ ਇਹੋ ਤਾਂ ਇਕ ਹੱਥ ਦਾ ਅੰਤਰ ਹੁੰਦਾ ਏ। ਆਮ ਆਦਮੀ ਸਿੱਧੀ ਨੱਕ ਫੜਦਾ ਏ ਤੇ ਫਿਲਾਸਫਰ ਗਰਦਨ ਪਿੱਛੋਂ ਘੁਮਾਅ ਕੇ।”
ਮਖਨ ਲਾਉਂਦੇ ਨੇ ਇਤਿਹਾਸ ਦੇ ਵਿਆਖਿਆਕਾਰ ਰੂਪ ਸਿੰਘ...“ਕੀ ਗੱਲ ਆਖੀ ਏ ਮੀਤਾ ਜੀ! ਇਸ ਦੇਸ਼ ਦੀ ਬਦਕਿਸਮਤੀ ਇਹ ਐ ਕਿ ਲੋਕ ਹੱਸਦੇ ਨਹੀਂ। ਖੁੱਲ੍ਹ ਕੇ ਹੱਸਣ ਨਾਲ ਦੇਸ਼ ਮਜਬੂਤ ਹੁੰਦਾ ਏ। ਹਿਊਮਰ ਸੌ ਬਿਮਾਰੀਆਂ ਦਾ ਸ਼ਰਤੀਆ ਇਲਾਜ਼ ਏ। ਸਾਡਾ ਲੋਕਤੰਤਰ ਰੋਂਦਾ ਜ਼ਿਆਦਾ ਏ, ਹੱਸਦਾ ਘੱਟ...ਏਸੇ ਲਈ ਭੁੱਖਾ ਤੇ ਗਰੀਬ ਏ।”
ਠਹਾਕਾ ਡਾ. ਕਾਮਤਾਨਾਥ ਦੇ ਟਮਾਟਰ ਨਾਲ ਭਿੱਜੇ ਗੰਜੇ ਸਿਰ ਉੱਪਰੋਂ ਪਤਝੜ ਦੇ ਪੱਤੇ ਵਾਂਗ ਸਰਸਰਾਉਂਦਾ ਹੋਇਆ ਨਿਕਲ ਜਾਂਦਾ ਹੈ। ਗੇਟ 'ਤੇ ਸ਼ੰਕਰ ਸਿਨਹਾ ਲੱਕ 'ਤੇ ਹੱਥ ਰੱਖੀ ਖੜ੍ਹਾ ਸੀ। ਪ੍ਰੋਫ਼ੈਸਰ ਸਾਹਬ ਕੋਲ ਆਏ ਤਾਂ ਚਿੜਾਉਣ ਲਈ ਝੁਕ ਕੇ ਸਲਾਮ ਕੀਤਾ ਤੇ ਫਿਰ ਤਣ ਕੇ ਖੜ੍ਹਾ ਹੋ ਗਿਆ।
ਸੁੰਨਮੁੰਨ ਜਿਹੇ ਹੋਏ, ਡਾ. ਕਾਮਤਾਨਾਥ ਅੰਦਰ ਅਚਾਨਕ ਊਰਜਾ ਜਾਗ ਪਈ ਹੈ ਤੇ ਉਹ ਤਥਾਗਤ (ਗੌਤਮਬੁੱਧ) ਵਾਂਗ ਅਸ਼ੀਰਵਾਦ ਦੀ ਮੁੱਦਰਾ ਵਿਚ ਹੱਥ ਚੁੱਕ ਲੈਂਦੇ ਨੇ। ਸਾਹਮਣੇ ਅਜਿੱਤ ਉਂਗਲੀਮਾਰ ਖੜ੍ਹਾ ਸੀ। ਝੁਕੇ ਹੋਏ ਮੋਢਿਆਂ ਤੇ ਲਟਕੇ ਹੋਏ ਹੱਥਾਂ ਵਾਲੀ ਵਿਦਿਆਰਥੀਆਂ ਦੀ ਭੀੜ ਆਪਣੇ ਗਿੱਦੜ ਵਾਂਗ ਧੱਕ-ਧੱਕ ਕਰਦੇ ਦਿਲਾਂ ਨਾਲ ਇਹ ਦੇਖਣ ਲਈ ਖੜ੍ਹੀ ਸੀ ਕਿ ਅੱਜ ਕੌਣ ਜਿੱਤਦਾ ਹੈ?

    ੦੦੦  ੦੦੦  ੦੦੦

ਪੰਜਾਬੀ ਟ੍ਰਿਬਿਊਨ…. 01/08/2010

No comments:

Post a Comment