Sunday, March 29, 2009

ਪੋਂਗਲ-ਪੋਲੀ :: ਲੇਖਕਾ : ਮਰਿਦੁਲਾ ਗਰਗ ; मृदुला गर्ग

ਹਿੰਦੀ ਕਹਾਣੀ : ਪੋਂਗਲ-ਪੋਲੀ :: ਲੇਖਕਾ : ਮਰਿਦੁਲਾ ਗਰਗ ; मृदुला गर्ग
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

ਆਇਹੋਲੇ ਦੇ ਖੰਡਰ ਹੋਏ ਮੰਦਰਾਂ ਵਿਚਕਾਰ ਬਣੇ ਤਲਾਅ 'ਚੋਂ ਸੋਨੰਮਾ ਪਾਣੀ ਭਰ ਰਹੀ ਸੀ। ਉਸਨੇ ਦੇਖਿਆ, ਉਹੀ, ਕੱਲ੍ਹ ਵਾਲੇ ਲੋਕ, ਅੱਜ ਫੇਰ ਆਏ ਨੇ। ਉਹੀ ਲੰਮੀ ਕਾਲੀ ਗੱਡੀ। ਦੇਖਦਿਆਂ ਈ ਉਸਦਾ ਛੋਟਾ ਭਰਾ ਫਕੀਰੱਪਾ, ਆਪਣੇ ਬੇਲੀ ਬੇਰੂ ਤੇ ਸ਼ਾਂਤੰਮਾ ਨਾਲ, ਗੱਡੀ ਕੋਲ ਜਾ ਖੜ੍ਹਾ ਹੋਇਆ। ਅੱਜ ਫਕੀਰੱਪਾ ਤੇ ਬੇਰੂ, ਦੋਵੇਂ, ਸ਼ਾਇਦ ਇਹਨਾਂ ਲੋਕਾਂ ਦੇ ਆਉਣ ਦੀ ਝਾਕ ਵਿਚ ਈ ਸਕੂਲ ਵੀ ਨਹੀਂ ਸੀ ਗਏ।

ਸੋਨੰਮਾ ਸਾਹ ਰੋਕ ਕੇ ਔਰਤ ਦੇ ਬਾਹਰ ਆਉਣ ਦੀ ਉਡੀਕ ਕਰਨ ਲੱਗੀ। ਚਿੱਟੀ-ਦੁੱਧ ਪੁਸ਼ਾਕ ਪਾਈ ਇਕ ਆਦਮੀ, ਛਾਲ ਮਾਰ ਕੇ, ਗੱਡੀ ਵਿਚੋਂ ਉਤਰਿਆ ਤੇ ਫੁਰਤੀ ਨਾਲ ਪਿੱਛਲਾ ਦਰਵਾਜ਼ਾ ਖੋਹਲ ਕੇ ਖੜ੍ਹਾ ਹੋ ਗਿਆ। ਉਹ ਉਤਰ ਆਈ। ਗਲੇ ਵਿਚ ਉਹੀ ਸੋਨੇ ਦਾ ਭਾਰੀ ਹਾਰ, ਹੱਥਾਂ ਵਿਚ ਸੋਨੇ ਦੀਆਂ ਢੇਰ ਸਾਰੀਆਂ ਚੂੜੀਆਂ, ਸਿਰ ਉੱਤੇ ਕਾਲੇ ਵਾਲਾਂ ਦੀ ਪੰਡ-ਜਿਹੀ।…ਉਸਦੀ ਸਾੜ੍ਹੀ ! ਏਨੀ ਮਹੀਨ ਜਿਵੇਂ ਹਵਾ ਵਿਚ ਉੱਡਦਾ ਪਹਿਲਾ ਬਰਸਾਤੀ ਬੱਦਲ। ਨਾਲ ਈ ਮਰਦ ਵੀ ਉਤਰ ਆਇਆ, ਹੱਥ ਵਿਚ ਉਹੀ ਕੱਲ੍ਹ ਵਾਲਾ ਡੱਬਾ ਫੜ੍ਹੀ। ਕੇਡੇ ਅਜੀਬ ਕੱਪੜੇ ਪਾਉਂਦਾ ਏ !...ਰੰਗ-ਬਰੰਗੀ ਕਮੀਜ਼, ਤੇ ਫਸੀ-ਫਸੀ---ਉਹ ਕੀ ਨਾਂਅ ਲੈਂਦੇ ਨੇ ਉਸਦਾ, ਪਤਲੂਨ। ਹਾਸੀ ਆਉਂਦੀ ਏ।

ਉਹ ਦੋਵੇਂ ਹੱਸ-ਹੱਸ ਕੇ ਆਪਸ ਵਿਚ ਗੱਲਾਂ ਕਰ ਰਹੇ ਸਨ ਤੇ ਸੋਨੰਮਾ ਸੀ ਕਿ ਉਹਨਾਂ ਉਪਰੋਂ ਅੱਖਾਂ ਈ ਨਹੀਂ ਸੀ ਹਟਾਅ ਰਹੀ।

ਕੱਲ੍ਹ ਆਏ ਸਨ ਤਾਂ ਸਾਰੇ ਮੰਦਰਾਂ ਵਿਚ ਘੁੰਮੇ ਸੀ, ਪਰ ਜਿਵੇਂ ਆਮ ਯਾਤਰੀ ਘੁੰਮਦੇ ਨੇ ਓਵੇਂ ਨਹੀਂ। ਇਹ ਤਾਂ ਹਰ ਮੂਰਤੀ ਅੱਗੇ ਸਾਹ ਰੋਕ ਕੇ ਖਲੋ ਜਾਂਦੇ ਸਨ…ਤੇ ਆਦਮੀ ਡੱਬਾ ਅੱਖ ਨਾਲ ਲਾ ਲੈਂਦਾ ਸੀ। ਉਸਦਾ ਜੀਅ ਕੀਤਾ ਕਿ ਉਹ ਵੀ ਇਕ ਵਾਰੀ ਉਸ ਵਿਚ ਝਾਕ ਕੇ ਦੇਖੇ। ਉਸ ਵਿਚ ਸਿਨੇਮਾ ਹੋਏਗਾ ? ਇਕ ਵਾਰੀ ਮੇਲੇ ਵਿਚ ਦੇਖਿਆ ਸੀ, ਕਿੰਜ ਬੋਲਦਾ ਸੀ, ਦਿਖਾਉਣ ਵਾਲਾ---ਆਗਰੇ ਦਾ ਤਾਜ਼ ਮਹਿਲ, ਦੇਖੋ ; ਬਾਰਾਂ ਮਨ ਦੀ ਧੋਬਨ, ਦੇਖੋ। ਆ-ਆਹਾ ! ਕਿੰਨਾ ਮਜ਼ਾ ਆਇਆ ਸੀ।

ਪਰ ਫਕੀਰੱਪਾ ਕਹਿੰਦਾ ਏ---"ਇਹ ਸਨੀਮਾ ਨਹੀਂ, ਕੈਮਰਾ ਏ ਕੈਮਰਾ। ਬਟਨ ਦਬਾਉਂਦਿਆਂ ਈ ਫੋਟੋ ਖਿੱਚੀ ਜਾਂਦੀ ਏ।" ਫਕੀਰੱਪਾ ਸਕੂਲ ਵਿਚ ਕੀ ਪੜ੍ਹਨ ਲੱਗ ਪਿਆ ਏ, ਆਪਣੇ ਆਪ ਨੂੰ ਬਲੇਸ਼ਵਰ ਦਾ ਅਵਤਾਰ ਸਮਝਣ ਲੱਗ ਪਿਆ ਏ। ਸੰਸਾਰ ਵਿਚ ਜਿਵੇਂ ਕੁਝ ਹੈ ਈ ਨਹੀਂ, ਜਿਹੜਾ ਇਹ ਜਾਣਦਾ ਨਾ ਹੋਵੇ।

ਕੱਲ੍ਹ ਸਾਰੀ ਸਵੇਰ ਸੋਨੰਮਾ ਉਹਨਾਂ ਦੇ ਪਿੱਛੇ ਫਿਰਦੀ ਰਹੀ ਸੀ ਤੇ ਜਦੋਂ ਸੂਰਜ ਚੜ੍ਹਨ ਪਿੱਛੋਂ ਉਹਨਾਂ ਦੁਰਗਾ ਮੰਦਰ ਦੇ ਅਹਾਤੇ ਵਿਚ ਬੈਠ ਕੇ ਟੋਕਰੀ ਖੋਲ੍ਹੀ ਤਾਂ, ਹੇ ਸ਼ਿਵਾ, ਉਸਦੇ ਮੂੰਹ ਵਿਚ ਏਨਾ ਪਾਣੀ ਆਇਆ, ਏਨਾ ਪਾਣੀ ਆਇਆ ਕਿ ਥੁੱਕਣਾ ਮੁਸ਼ਕਲ ਹੋ ਗਿਆ, ਕੀ-ਕੀ ਸਾਮਾਨ ਸੀ ਉਸ ਵਿਚ ! ਦਹੀਂ ਚੌਲ, ਇਮਲੀ ਚੌਲ, ਪੋਂਗਲ, ਪੂਰੀ, ਆਲੂ-ਭਾਜੀ ਤੇ ਚਿੱਟੀ-ਚਿੱਟੀ ਉਹ ਜਿਹੜੀ ਹੁੰਦੀ ਏ ਨਾ---ਉਸਨੇ ਬਾਜ਼ਾਰ ਵਿਚ ਦੇਖੀ ਕਈ ਵਾਰੀ ਏ, ਪਰ ਖਾਧੀ ਕਦੀ ਨਹੀਂ---ਕੀ ਨਾਂਅ ਏਂ ਉਸਦਾ, ਬਰੇਡ…ਹਾਂ, ਬਰੇਡ। ਹੋਰ ਵੀ ਪਤਾ ਨਹੀਂ ਕੀ-ਕੀ। ਅੱਛਾ,ਇਕੋ ਦਿਨ, ਇਕੋ ਵੇਲੇ, ਕੋਈ ਏਨਾ ਖਾ ਸਕਦਾ ਏ ਭਲਾ ?...ਪਰ ਉਸਨੂੰ ਮਿਲੇ ਤਾਂ ਸਹੀ…ਹਾਂ, ਉਹ ਖਾ ਸਕਦੀ ਏ, ਜ਼ਰੂਰ ਖਾ ਸਕਦੀ ਏ। ਪਰ ਮਿਲੇ ਕਿੱਦਾਂ ?

ਖਾਂਦਿਆਂ-ਖਾਂਦਿਆਂ ਔਰਤ ਨੇ ਉਸਨੂੰ ਤੱਕਦਿਆਂ ਵੇਖ ਲਿਆ ਸੀ ਤੇ ਸੋਨੰਮਾ ਸ਼ਰਮਾ ਕੇ ਦੌੜ ਗਈ ਸੀ---ਸਿੱਧੀ ਤਲਾਅ ਵੱਲ। ਇਕੱਲੀ ਉਹੀ ਥੋੜ੍ਹਾ ਈ ਦੇਖ ਰਹੀ ਸੀ। ਉਹਨਾਂ ਪਿੱਛੇ ਨਿਆਣਿਆਂ ਦਾ ਪੂਰਾ ਲਾਮ-ਲਸ਼ਕਰ ਹੁੰਦਾ ਸੀ, ਸਾਰਾ ਦਿਨ ਪਿੱਛ-ਲਗੂਆਂ ਵਾਂਗ ਘੁੰਮਦਾ ਰਹਿੰਦਾ ਸੀ। ਉਹ ਸਿਰਫ ਵਧੀਆ-ਵਧੀਆ ਚੀਜ਼ਾਂ ਖਾ ਈ ਨਹੀਂ ਸੀ ਰਹੀ, ਆਪਣੇ ਸਾਮਾਨ ਵਿਚੋਂ ਖਾਸਾ ਕੁਝ ਬੱਚਿਆਂ ਨੂੰ ਵੀ ਵੱਡ ਰਹੀ ਸੀ। ਕੋਈ ਹੱਥ ਖ਼ਾਲੀ ਨਹੀਂ ਸੀ ਦਿਸ ਰਿਹਾ, ਕਿਸੇ ਦੇ ਹੱਥ ਵਿਚ ਬਰੇਡ, ਕਿਸੇ ਦੇ ਹੱਥ ਵਿਚ ਕੇਲਾ, ਨਹੀਂ ਤਾਂ ਪੂਰੀ ਜਾਂ ਪੋਂਗਲ ਜਾਂ ਕੁਝ ਹੋਰ। ਇਸ ਲਈ ਸਾਰੇ ਉਸਨੂੰ ਅੰਮਾਂ-ਅੰਮਾਂ ਕਹਿ ਰਹੇ ਸੀ।

ਅੱਜ ਫੇਰ ਉਹੀ ਹੋ ਰਿਹਾ ਏ। ਉਸਨੂੰ ਦੇਖਦਿਆਂ ਹੀ ਬੱਚੇ ਉਸਨੂੰ ਘੇਰ ਕੇ ਖੜ੍ਹੇ ਹੋ ਗਏ। ਉਦੋਂ ਈ ਸ਼ਾਂਤੰਮਾ ਦੌੜਦੀ ਹੋਈ ਸੋਨੰਮਾ ਕੋਲ ਆਈ ਤੇ ਬੋਲੀ, "ਨੀਂ ਜਾਣਦੀ ਏਂ, ਬੇਰੂ ਨੂੰ ਉਸਨੇ ਇਕ ਫੌਂਟੇਨ ਪੇਨ ਲਿਆ ਕੇ ਦਿਤਾ ਏ। ਬੇਰੂ ਵੀ ਬੜਾ ਚੰਟ ਹੋ ਗਿਐ। ਸਕੂਲ 'ਚ ਪੜ੍ਹਦਾ ਐ ਨਾ…ਰਤਾ ਨਹੀਂ ਸੰਗ ਮੰਨਦਾ। ਝੱਟ ਮੰਗ ਲਿਆ ਤੇ ਅੱਜ ਉਸਨੇ ਲਿਆ ਵੀ ਦਿੱਤਾ।"

ਸੋਨੰਮਾ ਨੇ ਉਤਸਾਹ ਨਹੀਂ ਦਿਖਾਇਆ ਤਾਂ ਵੀ ਸ਼ਾਂਤੰਮਾ ਦਾ ਜੋਸ਼ ਘੱਟ ਨਹੀਂ ਹੋਇਆ। ਓਵੇਂ ਈ ਬੋਲਦੀ ਰਹੀ, "ਸੱਚ ਐ ਨੀਂ, ਜੋ ਮੰਗੋ ਉਹੀ ਦੇ ਦਿੰਦੀ ਏ। ਮੈਂ ਪੁੱਛਿਆ, ਤੇਰੇ ਗਲੇ 'ਚ ਖਰਾ ਸੋਨਾ ਏਂ, ਤਾਂ ਬਿਲਕੁਲ ਕੋਲ ਆ ਕੇ ਦਿਖਾਅ ਦਿੱਤਾ। ਕਿੰਨਾ ਚਮਕਦਾ ਏ ਨੀਂ ! ਤੇ ਉਹ ਹੈ ਵੀ ਕਿੰਨੀ ਸੋਹਣੀ !"

ਸੋਨੰਮਾ ਫੇਰ ਵੀ ਕੁਝ ਨਹੀਂ ਸੀ ਬੋਲੀ।

ਸ਼ਾਂਤੰਮਾ ਦੀ ਸਮਝ ਵਿਚ ਨਹੀਂ ਆ ਰਿਹਾ ਸੀ, ਅੱਜ ਉਹ ਏਨੀ ਉਦਾਸ-ਉਦਾਸ ਕਿਉਂ ਏਂ ? ਉਸਨੂੰ ਝੰਜੋੜ ਕੇ ਉਸਨੇ ਸਿੱਧਾ ਵਾਰ ਕੀਤਾ, "ਤੂੰ ਵੀ ਮੰਗ ਲੈ ਨਾ ਬਰੇਡ ਜਾ ਕੇ। ਰੋਜ਼ ਕਹਿੰਦੀ ਏਂ, ਬਰੇਡ ਨੂੰ ਬੜਾ ਜੀਅ ਕਰਦੈ…।"

"ਮੈਨੂੰ ਨਹੀਂ ਚਾਹੀਦੀ ਬਰੇਡ-ਫਰੇਡ," ਸੋਨੰਮਾ ਅਚਾਨਕ ਝਿੜਕ ਕੇ ਪਈ, "ਤੂੰ ਉੱਡ ਜਾ ਏਥੋਂ।"

ਸ਼ਾਂਤੰਮਾ ਉਸਨੂੰ ਅੰਗੂਠਾ ਦਿਖਾਅ ਕੇ ਨੱਸ ਗਈ ਤੇ ਸੋਨੰਮਾ ਦਾ ਮਨ ਹੋਰ ਭਾਰੀ ਹੋ ਗਿਆ।
***
ਕੱਲ੍ਹ ਤੀਜੇ ਪਹਿਰ ਦੋਵੇਂ ਤਲਾਅ 'ਤੇ ਆਏ ਸਨ, ਉਦੋਂ ਦਾ ਈ ਸੋਨੰਮਾ ਦੇ ਦਿਲ ਨੂੰ ਕੁਛ-ਕੁਛ ਹੋ ਰਿਹਾ ਏ।

ਉਹ ਤਲਾਅ 'ਚੋਂ ਪਾਣੀ ਭਰ ਚੁੱਕੀ ਸੀ ਕਿ ਔਰਤ ਨੇ ਕੋਲ ਆ ਕੇ ਪੁੱਛਿਆ ਸੀ, "ਤੁਸੀਂ ਲੋਕ, ਇਹ ਪਾਣੀ ਪੀਂਦੇ ਓ ?"

"ਹਾਂ, ਅੰਮਾਂ !" ਸੋਨੰਮਾ ਨੇ ਖੁਸ਼ੀ ਭਰੀ ਆਵਾਜ਼ ਵਿਚ ਕਿਹਾ, "ਚਾਹੀਦੈ ਤਾਂ ਤੁਹਾਨੂੰ ਵੀ ਦਿਆਂ ?"

"ਨਹੀਂ, ਨਹੀਂ !" ਕਹਿ ਕੇ ਉਹ ਯਕਦਮ ਪਿੱਛੇ ਹਟ ਗਈ ਸੀ।

ਮੂੰਹੋਂ ਕੁਝ ਨਹੀਂ ਸੀ ਕਿਹਾ, ਪਰ ਉਸਦੇ ਸਾਰੇ ਸਰੀਰ ਵਿਚੋਂ ਘਿਰਣਾ ਛਲਕਣ ਲੱਗ ਪਈ ਸੀ।

ਕੁਝ ਦੇਰ ਉਹ ਤਲਾਅ ਦੇ ਕਿਨਾਰੇ ਖੜ੍ਹੀ ਏਧਰ-ਉਧਰ ਦੇਖਦੀ ਰਹੀ ਸੀ, ਫੇਰ ਹੱਥ ਦੇ ਇਸ਼ਾਰੇ ਨਾਲ ਇਕ ਮੂਰਤੀ ਦਿਖਾਉਂਦੀ ਹੋਈ ਕੂਕੀ ਸੀ---"ਔਹ ਦੇਖੋ, ਓਧਰ ਧਨਕੁਬੇਰ ਦੀ ਮੂਰਤੀ, ਲੱਗਦਾ ਏ ਇਹ ਤਲਾਅ ਵੀ ਆਇਹੋਲੇ ਦੇ ਮੰਦਰਾਂ ਨਾਲ ਈ ਬਣਿਆ ਹੋਵੇਗਾ---ਪੰਜਵੀਂ-ਛੇਵੀ ਸਦੀ ਵਿਚ।"

"ਯਾਨੀ," ਮਰਦ ਨੇ ਹੱਸ ਕੇ ਕਿਹਾ, "ਡੇਢ ਹਜ਼ਾਰ ਸਾਲ ਤੋਂ ਇੱਥੋਂ ਦੇ ਲੋਕ ਇਸੇ ਤਲਾਅ ਦਾ ਪਾਣੀ ਪੀ ਰਹੇ ਨੇ…ਜ਼ਰਾ ਗੱਬ ਤਾਂ ਦੇਖੋ---ਹੈਤ-ਛੀ-ਛੀ !"

ਸੋਨੰਮਾ ਦੀ ਸਮਝ ਵਿਚ ਨਹੀਂ ਸੀ ਆਇਆ, ਇਸ ਵਿਚ 'ਹੈਤ-ਛੀ-ਛੀ' ਕਰਨ ਵਾਲੀ ਕਿਹੜੀ ਗੱਲ ਏ ! ਪੁਰਾਣੇ ਮੰਦਰਾਂ ਦੇ ਖੰਡਰਾਂ ਵਿਚ ਬਸਤੀ ਵਸਾਅ ਕੇ ਜਿਹੜੇ ਲੋਕ ਰਹਿ ਰਹੇ ਨੇ, ਉਹ ਸਾਰੇ ਈ ਇਸ ਤਲਾਅ ਦਾ ਪਾਣੀ ਪੀਂਦੇ ਨੇ। ਆਜੀ ਕਹਿੰਦੀ ਸੀ, ਜਦੋਂ ਉਹ ਛੋਟੀ ਹੁੰਦੀ ਸੀ, ਇੱਥੋਂ ਹੀ ਪਾਣੀ ਭਰਦੀ ਹੁੰਦੀ ਸੀ। ਉਸੇ ਨੇ ਦੱਸਿਆ ਸੀ, 'ਇਹ ਮੋਟੇ ਢਿੱਡ ਵਾਲੀ ਮੂਰਤੀ ਧਨਕੁਬੇਰ ਦੀ ਏ। ਉਹ ਧਨ ਦੀ ਰੱਖਿਆ ਕਰਦੇ ਨੇ।' 'ਧਨ ਕੀ ਹੁੰਦਾ ਏ ?' ਉਸਨੇ ਪੁੱਛਿਆ ਸੀ। 'ਇਹੀ ਸੋਨਾ, ਚਾਂਦੀ,' ਆਜੀ ਨੇ ਕਿਹਾ ਸੀ। 'ਪਰ ਇੱਥੇ ਤਾਂ ਸੋਨਾ, ਚਾਂਦੀ ਹੈ ਈ ਨਹੀਂ ਕਿਤੇ---' ਉਸਨੇ ਕਿਹਾ ਸੀ ਤਾਂ ਆਜੀ ਬੋਲੀ ਸੀ, 'ਓ ਬਈ ਨੀਰ (ਪਾਣੀ) ਕਿਸੇ ਧਨ ਨਾਲੋਂ ਘੱਟ ਐ ਕੋਈ। ਹਾਂ,' ਠੀਕ ਈ ਤਾਂ ਏ, ਇੱਥੇ ਬੈਠ ਕੇ ਧਨਕੁਬੇਰ ਤਲਾਅ ਦੀ ਰਾਖੀ ਕਰ ਰਹੇ ਨੇ। ਜੋ ਹੋਏ, ਉਸਨੂੰ ਚੰਗੇ ਲੱਗਦੇ ਨੇ ਧਨਕੁਬੇਰ। ਗੋਲ-ਮਟੋਲ ਮੂੰਹ, ਗੋਲ-ਮਟੋਲ ਢਿੱਡ ਤੇ ਹਾਏ ਰਾਮ, ਹਾਸੀ ! ਦੇਖ ਕੇ ਢਿੱਡ ਹਿੱਲਨ ਲੱਗ ਪਏ। ਕਿੰਨੀ ਵਾਰੀ ਪਾਣੀ ਭਰਨ ਆਈ ਉਹ ਉਹਨਾਂ ਦੇ ਸਾਹਮਣੇ ਖਲੋ ਕੇ ਹੱਸਦੀ ਰਹੀ ਏ…ਹੱਸਦੇ ਉਹ ਵੀ ਨੇ ਪਰ ਚੁੱਪ-ਗੜੁੱਪ, ਦੇਵਤਾ ਜੋ ਹੋਏ।
***
ਕੱਲ੍ਹ ਦੀ ਗੱਲ ਯਾਦ ਕਰਕੇ ਉਸਨੂੰ ਇਕ ਭਿਆਨਕ ਵਿਚਾਰ ਆਇਆ ਸੀ : ਉਸ ਔਰਤ ਦੇ ਏਨਾ, ਢੇਰ ਸਾਰਾ, ਸੋਨਾ ਪਾਇਆ ਹੁੰਦਾ ਏ---ਕਿਤੇ ਧਨਕੁਬੇਰ ਨੀਲ-ਤਲਾਅ ਨੂੰ ਛੱਡ ਕੇ ਉਸੇ ਦੀ ਰਾਖੀ ਨਾ ਕਰਨ ਤੁਰ ਪੈਣ?...ਉਸਨੇ ਘਬਰਾ ਕੇ ਮੂਰਤੀ ਵੱਲ ਦੇਖਿਆ ਸੀ। ਨਾ, ਉਹ ਤਾਂ ਓਵੇਂ ਦੀ ਜਿਵੇਂ ਹੱਸ ਰਹੇ ਨੇ। ਨਹੀਂ, ਉਹ ਕਿਤੇ ਨਹੀਂ ਜਾਣਗੇ। ਫੇਰ ਵੀ ਉਸਦਾ ਮਨ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ ਹੋਇਆ। ਬੇਚੈਨੀ ਲੱਗੀ ਰਹੀ ਸੀ। ਉਦੋਂ ਈ ਫਕੀਰੱਪਾ ਦੌੜਦਾ ਹੋਇਆ ਆਇਆ ਤੇ ਚੂਲੀਆਂ ਭਰ-ਭਰ ਕੇ ਗਟਾਗਟ, ਪਾਣੀ ਪੀਣ ਲੱਗ ਪਿਆ। ਦੂਜੇ ਹੱਥ ਵਿਚ ਬਰੇਡ ਫੜੀ ਹੋਈ ਸੀ।

"ਲਏਂਗੀ ?" ਗਲਾ ਤਰ ਕਰਕੇ ਉਸਨੇ ਬਰੇਡ ਵਾਲਾ ਹੱਥ ਨਚਾਉਣਾ ਸ਼ੁਰੂ ਕਰ ਦਿੱਤਾ।

"ਤੂੰ ਖਾਹ…ਮੈਨੂੰ ਨਹੀਂ ਚਾਹੀਦੀ।" ਸੋਨੰਮਾ ਨੇ ਕਿਹਾ।

"ਕਿਉਂ ? ਸਾਰੇ ਲਈ ਜਾਂਦੇ ਨੇ। ਤੂੰ ਕਿਉਂ ਨਹੀਂ ਮੰਗ ਲੈਂਦੀ ?"

"ਚੱਲ ਫੁੱਟ ਜਾ ਇੱਥੋਂ ਬਦਮਾਸ਼ਾ ! ਪਾਣੀ ਭਰਨ ਦੇਅ।" ਉਹ ਝਿੜਕ ਕੇ ਪਈ।

ਪਾਣੀ ਸ਼ਬਦ ਕਹਿੰਦਿਆਂ ਈ ਤਲਾਅ ਦੇ ਆਸ-ਪਾਸ 'ਹੈਤ-ਛੀ-ਛੀ' ਦੀ ਕੋਝੀ ਗੂੰਜ ਸੁਣਾਈ ਦਿੱਤੀ।

"ਬਦਮਾਸ਼ ਹੋਏਂਗੀ ਤੂੰ !" ਕਹਿ ਕੇ ਫਕੀਰੱਪਾ ਨੱਸ ਗਿਆ, ਪਰ ਥੋੜ੍ਹੀ ਦੂਰ ਜਾ ਕੇ ਪਲਟਿਆ ; ਕੋਲ ਆ ਕੇ ਬੋਲਿਆ, "ਉਹਨਾਂ ਕੋਲ ਕੈਮਰਾ ਏ, ਬਟਨ ਨੱਪਦਿਆਂ ਈ ਖਟਕ ਕਰਕੇ ਫੋਟੋ ਖਿੱਚੀ ਜਾਂਦੀ ਏ। ਆਖਾਂ ਉਹਨਾਂ ਨੂੰ, ਤੇਰੇ ਪੋਂਗਲ-ਪੋਲੀ ਦੀ ਵੀ ਖਿੱਚ ਦੇਣ।"

"ਜਾਂਨਾਂ ਏਂ ਕਿ ਸਿਰ ਪਾੜਾਂ ?" ਸੋਨੰਮਾ ਜ਼ੋਰ ਨਾਲ ਕੂਕੀ ਤੇ ਝੁਕ ਕੇ ਹੇਠੋਂ ਭੋਇੰ ਤੋਂ ਡਲਾ ਚੁੱਕ ਲਿਆ।

ਫਕੀਰੱਪਾ ਜੀਭਾਂ ਕੱਢਦਾ ਨੱਸ ਗਿਆ ਤੇ ਉਹ ਖਿਝ ਨਾਲ ਭਰੀ-ਪੀਤੀ ਖੜ੍ਹੀ ਰਹੀ। ਪਤਾ ਨਹੀਂ ਇਸ ਮਰ ਜਾਣੇ ਫਕੀਰੱਪੇ ਨੂੰ ਕਿਉਂ ਪੋਂਗਲ, ਪੋਲੀ ਬਾਰੇ ਦੱਸ ਬੈਠੀ ਸੀ ਉਹ। ਜਦੋਂ ਦੇਖੋ, ਚਿੜਾਉਂਦਾ ਰਹਿੰਦਾ ਏ।

ਉਦੋਂ ਈ ਉਸਨੇ ਦੇਖਿਆ, ਔਰਤ-ਮਰਦ ਉਸਦੇ ਸਾਹਮਣਿਓਂ ਲੰਘ ਰਹੇ ਨੇ।

'ਨਹੀਂ ਚਾਹੀਦੀ ਮੈਨੂੰ ਬਰੇਡ-ਫਰੇਡ।' ਮਨ ਹੀ ਮਨ ਉਸਨੇ ਕਿਹਾ ਤੇ ਜੀਭ ਕੱਢ ਕੇ ਦਿਖਾਅ ਦਿੱਤੀ।

ਪਰ ਉਹਨਾਂ ਦਾ ਧਿਆਨ ਉਸ ਵੱਲ ਨਹੀਂ ਸੀ।

ਉਹ ਤਲਾਅ ਦੇ ਦੂਜੇ ਪਾਸੇ ਵਾਲੇ ਮੰਦਰਾਂ ਦੇ ਖੰਡਰਾਂ ਵਲ ਦੇਖ ਰਹੇ ਸਨ।

ਅਚਾਨਕ, "ਦੇਖੋ, ਅਹੂ ਦੇਖੋ !" ਕਹਿੰਦਾ ਹੋਇਆ ਉਹ ਆਦਮੀ ਲਗਭਗ ਚੀਕ ਹੀ ਪਿਆ ਸੀ, "ਉਹ ਘਰ ਤਾਂ ਦੇਖੋ। ਯਕਸ਼-ਯਕਸ਼ਨੀ ਦੇ ਮੋਢਿਆਂ ਉੱਪਰ ਬਣਿਆ ਹੋਇਆ ਏ।"

ਸੋਨੰਮਾ ਥਾਵੇਂ ਗੱਡੀ ਗਈ ; ਸਿਲ-ਪੱਥਰ ਹੀ ਹੋ ਗਈ ਸੀ ਉਹ---ਉਹ ਤਾਂ ਉਹਨਾਂ ਦਾ ਘਰ ਏ, ਤੇ ਉਹੀ ਤਾਂ ਉਸਦੇ ਪੋਂਗਲ-ਪੋਲੀ ਨੇ।

ਔਰਤ ਵੀ ਥਾਵੇਂ ਅਟਕ ਗਈ।

"ਕਿੰਨੇ ਸੁੰਦਰ ਨੇ !" ਉਸਨੇ ਅਤੀ ਭਾਵੁਕ ਆਵਾਜ਼ ਵਿਚ ਕਿਹਾ ਤੇ ਉਧਰ ਦੇਖਦੀ ਰਹੀ, ਫੇਰ ਹੱਸ ਪਈ ਤੇ ਟੁਣਕਵੀਂ ਆਵਾਜ਼ ਵਿਚ ਬੋਲੀ, "ਚਾਲੁਕਿਆਂ ਦੇ ਯਕਸ਼-ਯਕਸ਼ਨੀ ਮੇਰੇ ਰਾਖੇ ਦੁਆਰਪਾਲ (ਦਰਬਾਨ) ਬਣ ਸਕਣ ਤਾਂ ਮੈਂ ਹੋਰ ਕੁਝ ਨਾ ਮੰਗਾਂ।"

"ਸੱਚ ?" ਮਰਦ ਨੇ ਵੀ ਹੱਸ ਕੇ ਕਿਹਾ।

"ਸੱਚ, ਮਜ਼ਾਕ ਨਹੀਂ," ਔਰਤ ਗੰਭੀਰ ਹੋ ਗਈ, "ਇਹ ਮੈਨੂੰ ਮਿਲ ਜਾਣ ਤਾਂ ਮੈਂ ਬਿਲਕੁਲ ਸਾਦਾ ਜਿਹਾ ਘਰ ਬਣਾ ਕੇ ਰਹਿ ਸਕਦੀ ਆਂ।" ਉਸਦੀ ਆਵਾਜ਼ ਵਿਚ ਇਕ ਤਰਲਾ ਸੀ।

ਮਰਦ ਨੇ ਉਸ ਵੱਲ ਵੇਖਿਆ ਤੇ ਕੁਝ ਸੋਚ ਕੇ ਬੋਲਿਆ, "ਸ਼ਾਇਦ ਮਿਲ ਵੀ ਜਾਣ। ਜਿਸਦਾ ਘਰ ਏ ਉਸ ਨਾਲ ਗੱਲ ਕਰਕੇ ਦੇਖਦਾ ਆਂ।"

ਸੋਨੰਮਾ ਨੇ ਸੁਣਿਆ ਤਾਂ ਝੱਟ ਉਹਨਾਂ ਕੋਲ ਜਾ ਪਹੁੰਚੀ।

"ਕਿਉਂ ਕੀ ਗੱਲ ਏ ?" ਉਸ ਕਿਹਾ।

"ਇਹ ਘਰ ਕਿਸਦਾ ਏ ?" ਮਰਦ ਨੇ ਪੁੱਛਿਆ।

"ਸਾਡਾ।"

"ਅਸੀਂ ਦੇਖ ਸਕਦੇ ਆਂ ?"

"ਨਹੀਂ।"

"ਕਿਉਂ ? ਅੰਦਰ ਹੋਰ ਵੀ ਮੂਰਤੀਆਂ ਨੇ ?"

"ਨਹੀਂ।"

ਉਹ ਸਖ਼ਤੀ ਨਾਲ ਉਹਨਾਂ ਨੂੰ ਟਾਲਨ ਦਾ ਯਤਨ ਕਰ ਰਹੀ ਸੀ ਕਿ ਫਕੀਰੱਪਾ ਆ ਗਿਆ।

"ਆਓ, ਆਓ, ਮੈਂ ਦਿਖੌਣਾ।" ਬਾਂਦਰ ਵਾਂਗ ਉਛਲਦਿਆਂ ਉਸਨੇ ਕਿਹਾ ਤੇ ਉਹਨਾਂ ਨੂੰ ਅੰਦਰ ਲੈ ਗਿਆ।

'ਮੂਰਖ ! ਬਦਮਾਸ਼ ! ਗਧਾ !' ਮਨ ਹੀ ਮਨ ਉਸਨੂੰ ਗਾਲ੍ਹਾਂ ਕੱਢਦੀ ਸੋਨੰਮਾ, ਉੱਥੇ ਈ ਖੜ੍ਹੀ ਰਹੀ।

ਉਸਨੇ ਸੁਣਿਆ ਏਂ, ਉਸਦੇ ਘਰ ਦੇ ਹੇਠ ਕਦੀ ਮੰਦਰ ਹੁੰਦਾ ਸੀ। ਹੁਣ ਤਾਂ ਕੁਝ ਟੁੱਟੇ-ਭੱਜੇ ਥੰਮ੍ਹ ਬਚੇ ਨੇ…ਤੇ ਬਾਕੀ ਬਚੇ ਨੇ ਉਹਦੇ ਪੋਂਗਲ-ਪੋਲੀ। ਉਹਨਾਂ ਉੱਪਰ ਮਿੱਟੀ, ਪੱਥਰ ਚਿਣ ਕੇ ਕੱਚਾ-ਪੱਕਾ ਮਕਾਨ ਖੜ੍ਹਾ ਕੀਤਾ ਹੋਇਆ ਏ। ਕਿੰਨੇ ਸੁੰਦਰ ਨੇ ਪੋਂਗਲ-ਪੋਲੀ। ਬਚਪਨ ਵਿਚ ਈ ਉਸਨੂੰ ਇਸ ਯਕਸ਼-ਯਕਸ਼ਨੀ ਨਾਲ ਪਿਆਰ ਹੋ ਗਿਆ ਸੀ। ਉਹ ਚਾਹੁੰਦੀ ਸੀ, ਉਹਨਾਂ ਦਾ ਕੋਈ ਪਿਆਰਾ ਜਿਹਾ ਨਾਂਅ ਰੱਖੇ, ਜਿਸ ਨਾਲ ਉਹ ਸਿਰਫ ਉਸਦੇ ਹੋਣ। ਪਤਾ ਨਹੀਂ ਕਿਉਂ, ਇਕ ਦਿਨ ਇਸ ਮੋਏ ਫਕੀਰੱਪੇ ਨੂੰ ਦੱਸ ਬੈਠੀ ਸੀ। ਫੇਰ ਵੀ ਹੈਨ ਉਹ ਉਸੇ ਦੇ ਈ। ਪੋਂਗਲ-ਪੋਲੀ ਨਾਂਅ ਵੀ ਉਸਨੇ ਰੱਖਿਆ ਸੀ, ਉਹਨਾਂ ਦਾ। ਪੂਰਨਮਾਸ਼ੀ ਵਾਲੇ ਦਿਨ ਅੰਮਾਂ ਖਾਣ ਲਈ ਪੋਲੀ ਬਣਾਉਂਦੀ ਏ ਤੇ ਵਾਰ-ਤਿਹਾਰ ਵਾਲੇ ਦਿਨ, ਪੋਂਗਲ। ਕਿੰਨੇ ਕੂਲੇ, ਕਿੰਨੇ ਮਿੱਠੇ…ਯਾਦ ਕਰਕੇ ਈ ਮੂੰਹ ਵਿਚ ਪਾਣੀ ਆ ਜਾਂਦਾ ਏ। ਤਦੇ ਤਾਂ ਆਪਣੇ ਸਭ ਤੋਂ ਪਿਆਰੇ ਯਕਸ਼-ਯਕਸ਼ਨੀ ਦਾ ਨਾਂਅ ਉਸਨੇ ਇਹੋ ਰੱਖਿਆ ਸੀ।

ਕਿੰਨੀ ਸੁੰਦਰ ਏ ਯਕਸ਼ਨੀ !

ਛਾਤੀਆਂ ਦੇ ਭਾਰ ਨਾਲ ਝੁਕਿਆ-ਝੁਕਿਆ ਪਤਲੂ ਜਿਹਾ ਲੱਕ, ਨਿੱਕੇ ਪੰਛੀ ਵਰਗੀਆਂ ਬੁੱਲ੍ਹੀਆਂ, ਉੱਚੇ ਕਰਕੇ ਬੰਨ੍ਹੇ ਮਣੀ ਵਰਗੇ ਕੇਸ ਤੇ ਇਹ ਢੇਰ ਸਾਰੇ ਜੇਵਰ !

ਕਿੰਨੀ ਵਾਰੀ ਉਸਦੇ ਬਰਾਬਰ ਖਲੋ ਕੇ ਉਸਨੇ ਆਪਣੇ ਆਪ ਨੂੰ ਦੇਖਿਆ ਏ…ਕੀ ਉਹ ਵੀ ਏਨੀ ਸੁੰਦਰ ਦਿਖਦੀ ਏ ?

ਪਰ ਉਸ ਨਾਲੋਂ ਵੀ ਸੁੰਦਰ ਏ ਯਕਸ਼…ਕੇਡੀ ਚੌੜੀ ਛਾਤੀ ਪਰ ਪੋਲੀ ਵਰਗਾ ਲੱਕ। ਕਿੰਨੇ ਪ੍ਰੇਮ ਨਾਲ ਪੋਲੀ ਦੇ ਲੱਕ ਦੁਆਲੇ ਬਾਂਹ ਵਲ ਕੇ ਛਾਤੀ 'ਤੇ ਹੱਥ ਰੱਖਿਆ ਹੋਇਆ ਏ…ਅੰਤਾਂ ਦਾ ਪ੍ਰੇਮ ਭਰਿਆ ਏ, ਉਹਦੀਆਂ ਲੰਮੀਆਂ-ਮੋਟੀਆਂ ਅੱਖਾਂ ਵਿਚ। ਤੇ ਉਸਦੇ ਹੋਂਠ---ਜਿਵੇਂ ਹੁਣੇ ਬੋਲੇ ਕਿ ਬੋਲੇ। ਹੱਥ ਨਾ ਛੂਹ ਕੇ ਦੇਖੋ ਤਾਂ ਬਿੰਦ ਦਾ ਬਿੰਦ ਸਾਹ ਈ ਰੁਕ ਜਾਏ…

ਸੋਚਾਂ ਵਿਚ ਖੁੱਭੀ ਉਹ ਸ਼ਰਮਾ ਗਈ ਤੇ ਉੱਚੀ ਸਾਰੀ ਬੋਲੀ, "ਨਹੀਂ, ਮੈਂ ਨਹੀਂ ਲੈ ਜਾਣ ਦਿਆਂਗੀ, ਕਦੀ ਨਹੀਂ।"

ਉਹ ਲੋਕ ਬਾਹਰ ਆ ਰਹੇ ਸਨ। ਆਦਮੀ ਉੱਚੀ-ਉੱਚੀ ਹੱਸ ਰਿਹਾ ਸੀ, ਔਰਤ ਗੰਭੀਰ ਸੀ।

"ਕਿਉਂ, ਸੋਚਿਆ ਨਹੀਂ ਸੀ ਨਾ," ਆਦਮੀ ਨੇ ਹੱਸਦਿਆਂ ਹੋਇਆਂ ਕਿਹਾ, "ਅੰਦਰ ਦਰਜ਼ੀ ਦੀ ਦੁਕਾਨ ਦੇਖਣ ਲਈ ਮਿਲੇਗੀ ?"

"ਹੂੰ," ਔਰਤ ਨੇ ਗੰਭੀਰ ਆਵਾਜ਼ ਵਿਚ ਕਿਹਾ, "ਇਸ ਲਈ ਕੁਛ ਕਰਨਾ ਪਏਗਾ। ਇਹਨਾਂ ਮੂਰਤੀਆਂ ਨੂੰ ਇਸ ਹਾਲਤ ਵਿਚ ਇੱਥੇ ਨਹੀਂ ਛੱਡਿਆ ਜਾ ਸਕਦਾ।"

ਫੇਰ ਉਹ ਦੋਵੇਂ ਬੜੀ ਦੇਰ ਤਕ ਮੰਦਰਾਂ ਬਾਰੇ ਗੱਲਾਂ ਕਰਦੇ ਰਹੇ, ਸੋਨੰਮਾ ਨੇ ਬਹੁਤਾ ਧਿਆਨ ਨਹੀਂ ਦਿੱਤਾ। ਉਸਦੇ ਕੰਨਾਂ ਵਿਚ ਉਹੀ ਵਾਕ ਵਾਰੀ-ਵਾਰੀ ਗੂੰਜ ਰਿਹਾ ਸੀ।

"ਹਾਲੇ ਕਿੰਨੀ ਕੁ ਰਹਿੰਦੀ ਏ ਤੇਰੀ ਥੀਸਿਸ ?" ਜਾਂ ਅਜਿਹਾ ਹੀ ਕੁਝ ਉਸ ਆਦਮੀ ਨੇ ਪੁੱਛਿਆ ਸੀ ਤੇ ਉਸਨੇ ਜਵਾਬ ਦਿੱਤਾ ਸੀ, "ਬਸ, ਥੋੜ੍ਹੀ ਈ…ਅਜੇ ਪਟਕਡਕਲ ਵੀ ਜਾਣਾ ਏਂ, ਉਹੀ ਤਾਂ ਚਾਲੁਕਿਆਂ ਦੀ ਰਾਜਧਾਨੀ ਸੀ।" ਆਦਮੀ ਨੇ ਉਬਾਸੀ ਲਈ ਤੇ ਉਹ ਬੋਲੀ, "ਥੱਕ ਗਏ, ਪਰ ਸੋਚੋ ਤਾਂ ਸਹੀ, ਇਹ ਕਿੰਨਾ ਪੁਰਾਣਾ ਏਂ, ਕਿੰਨਾ ਸੁੰਦਰ ! ਬਈ ਇਹ ਤਾਂ ਮੰਦਰਾਂ ਦਾ ਜਨਮ ਸਥਾਨ ਏਂ।"

'ਤੇ ਮੇਰਾ ਵੀ।' ਸੋਨੰਮਾ ਨੇ ਯਕਦਮ ਸੋਚਿਆ।

ਉਦੋਂ ਈ ਆਦਮੀ ਨੇ ਨੱਕ ਬੁੱਲ ਸੁਕੇੜਦਿਆਂ ਕਿਹਾ, "ਤੇ ਹੁਣ ਦੇਖੋ ਕੀ ਹਾਲ ਹੋਏ-ਹੋਏ ਨੇ। ਉਫ਼, ਕਿੰਨੀ ਗੰਦਗੀ ਏ ਇੱਥੇ !"

"ਗਰੀਬ ਲੋਕ ਨੇ। ਇਹਨਾਂ ਵਿਚਾਰਿਆਂ ਨੂੰ ਕਲਾ ਦਾ ਕੀ ਗਿਆਨ ! ਮੈਨੂੰ ਤਾਂ ਸੱਚਮੁੱਚ ਬੜਾ ਦੁੱਖ ਹੁੰਦੈ, ਇਹਨਾਂ ਨੂੰ ਦੇਖ ਕੇ।" ਔਰਤ ਨੇ ਹਮਦਰਦੀ ਵੱਸ ਕੰਬਦੀ ਆਵਾਜ਼ ਵਿਚ ਕਿਹਾ, ਪਰ ਸੋਨੰਮਾ ਨੂੰ ਲੱਗਿਆ ਉਸਨੇ, ਉਸਦੀ ਗੱਲ੍ਹ ਉੱਤੇ ਖਿੱਚ ਕੇ ਚਪੇੜ ਮਾਰੀ ਏ।

"ਹਾਂ, ਉਹ ਤਾਂ ਹੈ।" ਆਦਮੀ ਨੇ ਲਾਪ੍ਰਵਾਹੀ ਨਾਲ ਕਿਹਾ, ਫੇਰ ਪੁੱਛਿਆ, "ਚੱਲੀਏ ਹੁਣ ?"

"ਹਾਂ, ਚੱਲੋ।" ਔਰਤ ਨੇ ਕਿਹਾ ਤੇ ਚੂੜੀਆਂ ਭਰੀ ਬਾਂਹ ਉੱਚੀ ਚੁੱਕ ਕੇ ਇਕ ਹੱਥ ਨਾਲ ਆਪਣੇ ਕੇਸ ਸੰਵਾਰੇ।

ਅਚਾਨਕ ਸੋਨੰਮਾ ਨੇ ਦੇਖਿਆ, ਉਹ ਇਨ-ਬਿਨ ਯਕਸ਼ਨੀ ਵਰਗੀ ਏ। ਉਹੀ ਛਾਤੀਆਂ ਦੇ ਭਾਰ ਨਾਲ ਝੁਕਿਆ-ਝੁਕਿਆ ਪਤਲੂ ਜਿਹਾ ਲੱਕ, ਉਹੀ ਨਿੱਕੇ ਪੰਛੀ ਵਰਗੀਆਂ ਬੁੱਲ੍ਹੀਆਂ, ਉੱਚੇ ਕਰਕੇ ਬੰਨ੍ਹੇ ਮਣੀ ਵਰਗੇ ਕੇਸ ਤੇ ਇਹ ਢੇਰ ਸਾਰੇ ਜੇਵਰ ! ਯਕਸ਼ ਦੇ ਬਾਰਬਰ ਖੜ੍ਹੀ ਹੋਵੇ ਤਾਂ ਉਸੇ ਦੀ ਪਿਆਰੀ ਲੱਗੇ। ਉਸਨੂੰ ਲੱਗਿਆ ਪੋਂਗਲ-ਪੋਲੀ ਨੂੰ ਦੇਣ ਖਾਤਰ ਉਸਦਾ ਬਾਪੂ ਨਾ ਵੀ ਮੰਨੇ ਤਾਂ ਵੀ ਕੋਈ ਫ਼ਰਕ ਨਹੀਂ ਪੈਣਾ---ਪੋਂਗਲ ਖ਼ੁਦ ਉੱਠ ਕੇ ਆਪਣੀ ਨਵੀਂ ਪਿਆਰੀ ਦੇ ਪਿੱਛੇ-ਪਿੱਛੇ ਟੁਰ ਜਾਵੇਗਾ।

ਉਹ ਧੜਮ ਕਰਕੇ ਧਰਤੀ ਉੱਤੇ ਬੈਠ ਗਈ ਤੇ ਵਿਛੋੜੇ ਦੇ ਦੁੱਖ ਕਾਰਣ, ਧਾਹਾਂ ਮਾਰ-ਮਾਰ ਕੇ ਰੋਣ ਲੱਗ ਪਈ।

ਇਹ ਕਹਾਣੀ ਅੱਖਰ ਦੇ ਨਵੰਬਰ-ਦਸੰਬਰ-2008.ਅੰਕ ਵਿਚ ਛਪੀ ਹੈ। ਅੱਖਰ ਦਾ ਸੰਪਰਕ ਨੰ : ਹੈ ---0183-2210107 ਹੈ ।

No comments:

Post a Comment