Friday, March 20, 2009

ਬਾ-ਨਿਮਰ ਭ੍ਰਿਸ਼ਟਾਚਾਰ :: ਲੇਖਕ : ਰਾਜੇਂਦਰ ਨਿਸ਼ੇਸ਼

ਹਿੰਦੀ ਵਿਅੰਗ : ਬਾ-ਨਿਮਰ ਭ੍ਰਿਸ਼ਟਾਚਾਰ :: ਲੇਖਕ : ਰਾਜੇਂਦਰ ਨਿਸ਼ੇਸ਼
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਵਿਅੰਗ ਨਵਾਂ ਜ਼ਮਾਨਾ : 16 ਜਨਵਰੀ, 2008. ਵਿਚ ਛਪਿਆ ਹੈ।

ਅੱਜ ਕੱਲ੍ਹ ਮਹਿੰਗਾਈ ਵਾਂਗ ਹੀ ਭ੍ਰਿਸ਼ਟਾਚਾਰ ਵੀ ਬਾ-ਨਿਮਰ ਹੋ ਗਿਆ ਹੈ। ਅਸੀਂ ਦੋਵਾਂ ਦੀ ਇਸ ਨਿਮਰਤਾ ਨੂੰ ਭੋਗ ਰਹੇ ਹਾਂ। ਮਹਿੰਗਾਈ ਪਹਿਲਾਂ ਆਪਣੀ ਮਿੱਠੀ ਬਾਣੀ ਵਿੱਚ ਗੀਤ ਗਾਉਣ ਲੱਗ ਪੈਂਦੀ ਹੈ ਤੇ ਜਦੋਂ ਅਸੀਂ ਖਿੜ-ਪੁੜ ਜਾਂਦੇ ਹਾਂ, ਤਦ ਉਹ ਆਪਣੀ ਕੁਰਖ਼ਤ ਆਵਾਜ਼ ਵਿਚ ਦਹਾੜਨ ਲੱਗਦੀ ਹੈ ਤੇ ਅਸੀਂ ਆਪਣੇ ਕੰਨਾਂ 'ਤੇ ਹੱਥ ਧਰ ਲੈਂਦੇ ਹਾਂ। ਮੰਨਣ ਲੱਗਦੇ ਹਾਂ ਕਿ ਅਸੀਂ ਉਸ ਨੂੰ ਸੁਣਿਆ ਹੀ ਨਹੀਂ। ਦੋਸ਼ ਮਹਿੰਗਾਈ 'ਚੋਂ ਟਰਾਂਸਫਰ ਹੋ ਕੇ ਸਾਡੇ ਕੰਨਾਂ ਵਿੱਚ ਆ ਜਾਂਦਾ ਹੈ, ਜਿਹੜਾ ਸਾਨੂੰ ਬਾ-ਨਿਮਰ ਬਣਾਉਣ ਵਿੱਚ ਸਹਾਈ ਹੁੰਦਾ ਹੈ। ਮਹਿੰਗਾਈ ਨਿੰਮ੍ਹਾਂ-ਨ੍ਹਿੰਮਾਂ ਮੁਸਕਰਾਉਂਦੀ ਹੈ ਕਿ ਉਹ ਸਰਕਾਰ ਦੀ ਭਾਸ਼ਾ ਬੋਲਣਾ ਸਿੱਖ ਗਈ ਹੈ। ਮਹਿੰਗਾਈ ਕਦੀ ਕਹਿੰਦੀ ਹੈ ਕਿ ਮੈਂ ਕਿਤੇ ਵੀ ਨਹੀਂ ਹਾਂ। ਸਾਡੀ ਸੋਚ ਵੀ ਉਸਦੇ ਮੁਤਾਬਿਕ ਹੀ ਬਦਲ ਜਾਂਦੀ ਹੈ ਤੇ ਅਸੀਂ ਇਹ ਸੋਚ ਕੇ ਸਬਰ ਕਰ ਲੈਂਦੇ ਹਾਂ ਕਿ ਮਹਿੰਗਾਈ ਦਾ ਕੋਈ ਇਕ ਟਿਕਾਣਾ ਤਾਂ ਹੈ ਨਹੀਂ, ਖਾਹਮਖਾਹ ਢੋਲ ਵਜਾਈ ਜਾ ਰਹੇ ਹਾਂ। ਇਸ ਨਾਲ ਸਰਕਾਰ ਦੇ ਨਾਲ ਨਾਲ ਮਹਿੰਗਾਈ ਰਾਣੀ ਨੂੰ ਵੀ ਆਪਣੇ ਬਾ-ਨਿਮਰ ਹੋਣ ਉੱਤੇ ਮਾਣ ਹੋਣ ਲੱਗ ਪੈਂਦਾ ਹੈ।
ਸਰਕਾਰਾਂ ਸਦਾ ਹੀ ਨਿਮਰਤਾ ਦੀ ਮੂਰਤ ਕਹਾਉਂਦੀਆਂ ਹਨ, ਇਸੇ ਲਈ ਪੂਜੀਆਂ ਜਾਂਦੀਆਂ ਹਨ। ਹਰ ਸਰਕਾਰ ਅਤੀ ਨਿਮਰਤਾ ਨਾਲ ਕਹਿੰਦੀ ਹੈ ਕਿ ਬਿਨਾਂ ਬਿਜਲੀ-ਪਾਣੀ ਦੇ ਜੀਵੋ ਜੀ, ਪਰ ਬਿੱਲ ਭਰਦੇ ਰਹੋ ਜੀ ਤੇ ਅਸੀਂ ਉਸ ਸਹਿਜ-ਨਿਮਰਤਾ ਤੋਂ ਅਪਣੇ ਆਪ ਨੂੰ ਨਿਛਾਵਰ ਕਰਨ ਲੱਗ ਪੈਂਦੇ ਹਾਂ। ਬਿਜਲੀ ਪਾਣੀ ਨਾਲੋਂ ਵੱਧ, ਸਾਡੇ ਲਈ ਸਹਿਜ-ਨਿਮਰਤਾ ਜੂ ਜ਼ਰੂਰੀ ਹੈ। ਉਸਦੀ ਗੱਲ ਸਿਰ-ਮੱਥੇ ਲੈਂਦੇ ਹਾਂ। ਸਰਕਾਰ ਕਹਿੰਦੀ ਹੈ ਕਿ ਟੁੱਟੀਆਂ-ਭੱਜੀਆਂ ਸੜਕਾਂ ਉੱਪਰ ਬਾ-ਨਿਮਰ ਯਾਤਰਾ ਕਰੋ ਜੀ। ਅਸੀਂ ਸਿਰ ਝੁਕਾਅ ਕੇ ਅਪਣੀਆਂ ਹੱਡੀਆਂ-ਪਸਲੀਆਂ ਦੀ ਪ੍ਰਵਾਹ ਕੀਤੇ ਬਗ਼ੈਰ ਆਗਿਆ ਦਾ ਪਾਲਨ ਕਰਦੇ ਹਾਂ। ਕਦੀ ਹੱਡ-ਪਸਲੀ ਟੁੱਟ ਜਾਣ ਕਾਰਨ ਸਾਨੂੰ ਸਰਕਾਰੀ ਹਸਪਤਾਲ ਜਾਣਾ ਪੈ ਜਾਏ ਤਾਂ ਬਾ-ਨਿਮਰ ਭਰਤੀ ਕਰ ਲਿਆ ਜਾਂਦਾ ਹੈ ਤੇ ਬੜੀ ਨਿਮਰਤਾ ਨਾਲ ਪਰਚੀ ਫੜਾ ਦਿੱਤੀ ਜਾਂਦੀ ਹੈ ਕਿ ਜਾਓ ਜੀ ਤੇ ਸ਼ਹਿਰੋਂ ਆਪਣੇ ਲਈ ਦਵਾਈਆਂ ਵਗ਼ੈਰਾ ਲੈ ਆਓ ਜੀ। ਸਰਕਾਰੀ ਫੰਡਾਂ ਨੂੰ ਤਾਂ ਅਤੀ ਨਿਮਰਤਾ ਨਾਲ ਸਿਉਂਕ ਚੱਟਮ ਕਰ ਗਈ ਹੈ ਤੇ ਅਸੀਂ ਉਸ ਦੇ ਖ਼ਾਤਮੇ ਦਾ ਇਲਾਜ਼ ਲੱਭ ਰਹੇ ਹਾਂ।
ਸਰਕਾਰ ਕਹਿੰਦੀ ਹੈ ਅਤੀ ਨਿਮਰਤਾ ਨਾਲ ਭ੍ਰਿਸ਼ਟਾਚਾਰ ਦਾ ਸਵਾਗਤ ਕਰੋ। ਅਸੀੱ ਭ੍ਰਿਸ਼ਟਾਚਾਰ ਦੀ ਜੈ-ਜੈਕਾਰ ਕਰਨ ਵਿਚ ਜੁਟ ਜਾਂਦੇ ਹਾਂ। ਭ੍ਰਿਸ਼ਟਾਚਾਰ ਦਾ ਰੁਤਬਾ ਸਰਕਾਰਾਂ ਨਾਲੋਂ ਵੀ ਵੱਡਾ ਹੈ। ਉਹ ਵੀ ਭ੍ਰਿਰਸ਼ਟਾਚਾਰੀਆਂ ਸਾਹਮਣੇ ਡਾਂਸ ਕਰਦੀਆਂ ਨਜ਼ਰ ਆਉਂਦੀਆਂ ਹਨ। ਭ੍ਰਿਸ਼ਟਾਚਾਰ ਜਦੋਂ ਕਦੀ ਸਹਿਜ-ਨਿਮਰਤਾ ਦਾ ਚੋਲਾ ਪਾ ਕੇ ਬਾ-ਨਿਮਰ ਕਹਿੰਦਾ ਹੈ ਕਿ ਮੈਂ ਕਿਤੇ ਹਾਂ ਹੀ ਨਹੀਂ, ਤਾਂ ਆਸੀਂ ਉਸਨੂੰ ਅਦ੍ਰਿਸ਼ ਮੰਨ ਲੈਂਦੇ ਹਾਂ। ਹੈ ਨਾ ਇਹ ਮਦਾਰੀਆਂ ਵਾਲੀ ਖੇਡ!
ਸਰਕਾਰ ਦੇ ਸਾਰੇ ਵਿਭਾਗ ਇਸ ਲਿਹਾਜ਼ ਨਾਲ ਕਾਫ਼ੀ ਬਾ-ਨਿਮਰ ਹੋ ਚੁੱਕੇ ਹਨ ਤੇ ਜ਼ੋਰ-ਜ਼ਬਰਦਸਤੀ ਨਹੀਂ, ਪਿਆਰ ਦੀ ਭਾਸ਼ਾ ਬੋਲਣ ਲੱਗ ਪਏ ਹਨ। ਅਤੀ ਨਿਮਰਤਾ ਸਹਿਤ ਕਹਿੰਦੇ ਹਨ, 'ਬਾਈ ਜੀ, ਅਸੀਂ ਭੁੱਖੇ ਆਂ, ਅੱਲ੍ਹਾ ਜਾਂ ਈਸ਼ਵਰ ਦੇ ਨਾਂਅ 'ਤੇ ਕੁਝ ਦੇ ਦਿਓ…।' ਤੇ ਅਸੀਂ ਪਿਆਰ ਨਾਲ ਉਹਨਾਂ ਦੀ ਮੁੱਠੀ ਗਰਮ ਕਰ ਦਿੰਦੇ ਹਾਂ।
ਬਾ-ਨਿਮਰ ਭ੍ਰਿਸ਼ਟਾਚਾਰ ਦੀ ਮਿਹਰ ਸਦਕਾ ਹੀ ਤੁਸੀਂ ਘਰ ਬੈਠੇ ਡਰਾਈਵਿੰਗ ਲਾਈਸੈਂਸ ਪ੍ਰਾਪਤ ਕਰ ਸਕਦੇ ਹੋ। ਨਾਲੇ ਆਪਣਾ ਪਾਸਪੋਰਟ ਬਣਵਾ ਸਕਦੇ ਹੋ। ਇੱਥੋਂ ਤੀਕ ਕਿ ਘਰ ਬੈਠੇ-ਬੈਠੇ ਬਿਨਾਂ ਕੋਈ ਇਮਤਿਹਾਨ ਦਿੱਤਿਆਂ ਆਪਣੀ ਮਨ-ਭਾਉਂਦੀ ਡਿਗਰੀ ਵੀ ਹਾਸਲ ਕਰ ਸਕਦੇ ਹੋ। 'ਚੰਪੀ' ਵਾਂਗ ਹੀ ਬਾ-ਨਿਮਰ ਭ੍ਰਿਸ਼ਟਾਚਾਰ ਦੇ ਵੀ 'ਬੜੇ ਬੜੇ ਗੁਣ' ਹਨ…। ਇਹ ਲੱਖਾਂ ਦੁੱਖਾਂ ਦੀ ਇੱਕੋ ਰਾਮ ਬਾਣ ਵਰਗੀ ਦਾਰੂ ਹੈ ਜੀ।
ਪੁਲਸ ਵਾਲੇ ਹੁਣ ਅਤੀ ਨਿਮਰਤਾ ਨਾਲ ਡਾਂਗਾਂ-ਗੋਲੀਆਂ ਵਰ੍ਹਾਉਂਦੇ ਹਨ ਤੇ ਜੇ ਕੋਈ ਆਪਣੀ ਨਾਦਾਨੀ ਕਾਰਨ ਜ਼ਖ਼ਮੀ ਹੋ ਜਾਂਦਾ ਹੈ ਜਾਂ ਮਰ-ਮੁੱਕ ਜਾਂਦਾ ਹੈ ਤਾਂ ਉਸ ਵਿੱਚ ਸਹਿਜ-ਨਿਮਰਤਾ ਦਾ ਕੋਈ ਦੋਸ਼ ਨਹੀਂ ਹੁੰਦਾ, ਉਹ ਤਾਂ ਭੀੜ ਦੀ ਨਾ-ਸਮਝੀ ਦਾ ਫਲ ਹੁੰਦਾ ਹੈ ! ਅੰਦੋਲਨ ਕਰਤਾ ਵੀ ਹੁਣ ਬੜੀ ਨਿਮਰਤਾ ਨਾਲ ਸ਼ਰੇਆਮ ਸਰਕਾਰੀ ਤੇ ਗ਼ੈਰ-ਸਰਕਾਰੀ ਸੰਪਤੀ ਨੂੰ 'ਸਪੁਰਦੇ ਖ਼ਾਕ' ਕਰਦੇ ਹਨ, ਤਦੇ ਤਾਂ ਕਾਨੂੰਨ ਮੂਕ ਬਾ-ਨਿਮਰਤਾ ਨਾਲ ਇਹ ਸਭ ਦੇਖਦਾ ਰਹਿੰਦਾ ਹੈ।
ਇਸ ਦੌਰਾਨ ਲੁੱਟ-ਮਾਰ ਦਾ ਮਾਲ ਖਾਣ ਤੇ ਪਚਾਉਣ ਵਾਲੇ ਤੇ ਦੰਗਾਕਾਰੀ ਟੋਲੇ ਵੀ ਆਪਣੀ ਖੇਡ ਖੇਡ ਜਾਂਦੇ ਹਨ। ਸਰਕਾਰ ਦੀ ਬਾ-ਨਿਮਰਤਾ ਦੇਖਣ ਯੋਗ ਹੁੰਦੀ ਹੈ ਤੇ ਜਨਤਾ ਦੀ ਹਮਦਰਦੀ ਵੀ ਮੰਗ ਰਹੀ ਹੁੰਦੀ ਹੈ। ਤੁਸੀਂ ਬਾ-ਨਿਰਮਤਾ ਦੀ ਭਾਸ਼ਾ ਸਿੱਖ ਚੁੱਕੇ ਹੋ, ਸਭ ਕੁਝ ਝੱਲ ਲੈਂਦੇ ਹੋ। ਤੁਹਾਡੀ ਟਰੇਨ ਅੰਦੋਲਨ ਤੇ ਦੰਗਾ-ਫ਼ਸਾਦ ਕਾਰਨ 'ਮਿਸ' ਹੋ ਗਈ ਹੈ ਤਾਂ ਸ਼ੁਕਰ ਕਰਦੇ ਹੋ ਕਿ ਕੀ ਹੋਇਆ, ਉਡਾਅ ਤਾਂ ਨਹੀਂ ਦਿੱਤੀ ਗਈ, ਕੱਲ੍ਹ ਆ ਜਾਵੇਗੀ, ਹੈ ਨਾ ਜੀ!...ਤੇ ਜੇ ਆਪਣੀ ਇਸ ਬਾ-ਨਿਮਰਤਾ ਸਦਕਾ ਕੱਲ੍ਹ ਨਾ ਆ ਸਕੀ ਤਾਂ ਪਰਸੋਂ ਸਹੀ, ਨਰਸੋਂ ਸਹੀ, ਕਦੀ ਤਾਂ ਉਸਨੂੰ ਆਉਣਾ ਹੀ ਪਏਗਾ। ਆਖ਼ਰ ਬਾ-ਨਿਮਰਤਾ ਦੀ ਆਪਣੀ ਵੀ ਇੱਕ ਹੱਦ ਹੁੰਦੀ ਹੈ। ਉਸਨੂੰ ਵੀ 'ਬੋਰ' ਹੋਣ ਦਾ ਡਰ ਲੱਗਾ ਰਹਿੰਦਾ ਹੈ।
ਇਸ ਲਈ ਆਓ, ਅਸੀਂ ਸਿਰਫ ਇਸ ਸ਼ਬਦ 'ਬਾ-ਨਿਮਰਤਾ' ਨੂੰ ਹੀ ਪਾਈਏ, ਉੱਪਰ ਲਈਏ ਤੇ ਰੱਜ ਕੇ ਹੰਢਾਈਏ, ਚਾਹੇ ਉਹ ਮਹਿੰਗਾਈ ਦੀ ਚੱਕੀ ਦੇ ਰੂਪ ਵਿਚ ਹੋਵੇ ਜਾਂ ਮਾੜੇ ਸ਼ਾਸਨ ਤੇ ਭ੍ਰਿਸ਼ਟਾਚਾਰ ਦੇ ਰੂਪ ਵਿਚ।…ਆਦਮੀ ਨੂੰ ਨੰਗਿਆਂ ਰਹਿਣਾ ਵੀ ਤਾਂ ਫੱਬਦਾ ਨਹੀਂ ਨਾ ਜੀ !
16 ਜਨਵਰੀ, 2008…ਨਵਾਂ ਜ਼ਮਾਨਾ ਵਿਚ।

No comments:

Post a Comment